ਨਾਗਾਲੈਂਡ ਵਿਚ ਸੁਰੱਖਿਆ ਬਲਾਂ ਵਲੋਂ ਨਕਸਲਵਾਦੀਆਂ ਦੇ ਭੁਲੇਖੇ ਵਿਚ 6 ਬੰਦਿਆਂ ਨੂੰ ਮਾਰ ਦੇਣ ਨਾਲ ਉੱਤਰ-ਪੂਰਬੀ ਰਾਜਾਂ ਵਿਚ ਇਕ ਤੂਫ਼ਾਨ ਖੜ੍ਹਾ ਹੋ ਗਿਆ ਹੈ। ਇਸ ਘਟਨਾ ਤੋਂ ਭੜਕੀਆਂ ਭੀੜਾਂ ਵਲੋਂ ਸਾੜ-ਫੂਕ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਦੌਰਾਨ 7 ਹੋਰ ਵਿਅਕਤੀ ਮਾਰੇ ਗਏ। ਇਕ ਜ਼ਖ਼ਮੀ ਵਿਅਕਤੀ ਹਸਪਤਾਲ 'ਚ ਦਮ ਤੋੜ ਗਿਆ। ਇਕ ਜਵਾਨ ਵੀ ਸ਼ਹੀਦ ਹੋ ਗਿਆ। ਇਸ ਦੁਖਦਾਈ ਘਟਨਾ ਨੇ ਪਹਿਲਾਂ ਹੀ ਇਨ੍ਹਾਂ ਗੜਬੜ-ਗ੍ਰਸਤ ਰਾਜਾਂ ਵਿਚ ਹੋਰ ਵੀ ਉਥਲ-ਪੁਥਲ ਮਚਾ ਦਿੱਤੀ ਹੈ। ਚਾਹੇ ਇਸ ਸੰਬੰਧੀ ਨਾਗਾਲੈਂਡ ਅਤੇ ਮਨੀਪੁਰ ਦੇ ਦੋਵਾਂ ਰਾਜਾਂ ਨੇ ਮਾਰੇ ਗਏ ਵਿਅਕਤੀਆਂ ਲਈ ਵੱਡੀ ਆਰਥਿਕ ਰਾਹਤ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਬੇਹੱਦ ਮੰਦਭਾਗੀ ਘਟਨਾ ਦੱਸਦੇ ਹੋਏ ਤੁਰੰਤ ਇਸ ਦੀ ਵੱਡੇ ਪੱਧਰ 'ਤੇ ਪੜਤਾਲ ਕਰਵਾਉਣ ਦੀ ਗੱਲ ਕਹੀ ਹੈ। ਆਸਾਮ ਰਾਈਫਲਜ਼ ਦੇ ਅਧਿਕਾਰੀਆਂ ਨੇ ਵੀ ਇਸ ਦੀ ਪੂਰੀ ਪੜਤਾਲ ਕਰਵਾ ਕੇ ਇਸ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਭਰੋਸਾ ਦਿੱਤਾ ਹੈ, ਪਰ ਛੇਤੀ ਕੀਤਿਆਂ ਇਹ ਬੇਹੱਦ ਗੰਭੀਰ ਹੋ ਚੁੱਕਾ ਮਸਲਾ ਹੱਲ ਹੋਣ ਵਾਲਾ ਨਹੀਂ ਹੈ।
ਪਿਛਲੇ 7 ਦਹਾਕਿਆਂ ਤੋਂ ਨਾਗਾਲੈਂਡ ਵਿਚ ਵੱਡੀ ਗੜਬੜ ਫੈਲੀ ਦੇਖੀ ਜਾਂਦੀ ਰਹੀ ਹੈ। ਸਰਕਾਰ ਨੇ ਹਾਲਾਤ ਨੂੰ ਸੁਧਾਰਨ ਲਈ ਲੱਖ ਯਤਨ ਕੀਤੇ। ਸਾਲ 2017 ਵਿਚ ਇਸ ਸੰਬੰਧੀ ਸਮਝੌਤੇ ਵੀ ਕੀਤੇ ਗਏ, ਜਿਨ੍ਹਾਂ ਨਾਲ ਹਾਲਾਤ ਦੇ ਸੁਧਰਨ ਦੀ ਆਸ ਕੀਤੀ ਜਾਂਦੀ ਸੀ, ਪਰ ਇਸ ਘਟਨਾ ਨੇ ਇਕ ਤਰ੍ਹਾਂ ਨਾਲ ਬਲਦੀ 'ਤੇ ਤੇਲ ਪਾਇਆ ਹੈ। ਇਨ੍ਹਾਂ ਸੂਬਿਆਂ ਦੀਆਂ ਸਰਹੱਦਾਂ ਮਿਆਂਮਾਰ ਨਾਲ ਲੱਗਦੀਆਂ ਹਨ। ਇਥੋਂ ਦੇ ਬਹੁਤ ਸਾਰੇ ਬਾਗ਼ੀ ਪਹਿਲਾਂ ਵੀ ਉਧਰੋਂ ਆਪਣੀਆਂ ਕਾਰਵਾਈਆਂ ਚਲਾਉਂਦੇ ਰਹੇ ਹਨ। ਅੱਜ ਵੀ ਉਨ੍ਹਾਂ ਦੇ ਉਥੇ ਕੈਂਪ ਸਥਾਪਤ ਹਨ, ਜਿਸ ਕਰਕੇ ਬਹੁਤ ਸਾਰੇ ਵੱਖਵਾਦੀ ਗਰੁੱਪ ਵੀ ਉਥੋਂ ਆਪਣੀ ਕਾਰਵਾਈ ਚਲਾ ਰਹੇ ਹਨ। ਇਸ ਦੇ ਨਾਲ-ਨਾਲ ਇਹ ਇਲਾਕਾ ਨਕਸਲਵਾਦੀਆਂ ਦਾ ਵੀ ਮਜ਼ਬੂਤ ਅੱਡਾ ਬਣਿਆ ਨਜ਼ਰ ਆਉਂਦਾ ਹੈ। ਹਾਲਤ ਨੂੰ ਸੁਧਾਰਨ ਲਈ ਇਨ੍ਹਾਂ ਰਾਜਾਂ ਦੀਆਂ ਸਰਕਾਰਾਂ ਨੂੰ ਵੱਡੇ ਯਤਨ ਕਰਨੇ ਪੈਣਗੇ। ਕੇਂਦਰ ਸਰਕਾਰ ਨੂੰ ਵੀ ਇਸ ਸੰਬੰਧੀ ਵਧੇਰੇ ਸਰਗਰਮ ਹੋਣਾ ਪਵੇਗਾ।
ਭਾਰਤ ਲਈ ਇਹ ਰਾਜ ਬਹੁਤ ਹੀ ਨਾਜ਼ੁਕ ਬਣ ਚੁੱਕੇ ਹਨ। ਪਰ ਚੀਨ ਅਤੇ ਮਿਆਂਮਾਰ ਦੀਆਂ ਸਰਹੱਦਾਂ 'ਤੇ ਸਥਿਤ ਹੋਣ ਕਾਰਨ ਇਨ੍ਹਾਂ ਵੱਲ ਹੋਰ ਵੀ ਵਧੇਰੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਚੀਨ ਵੀ ਇਨ੍ਹਾਂ ਬਾਗ਼ੀਆਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਿਹਾ ਹੈ। ਇਸ ਲਈ ਇਨ੍ਹਾਂ ਬਾਗ਼ੀਆਂ ਨੂੰ ਕਦੇ ਵੀ ਪੈਸੇ ਤੇ ਹਥਿਆਰਾਂ ਦੀ ਘਾਟ ਨਹੀਂ ਆਈ। ਮਿਆਂਮਾਰ ਵਿਚ ਵੀ ਹੁਣ ਸਥਾਪਤ ਹੋਈ ਫ਼ੌਜੀ ਹਕੂਮਤ ਜ਼ਿਆਦਾਤਰ ਚੀਨ ਦੇ ਇਸ਼ਾਰੇ 'ਤੇ ਹੀ ਚਲਦੀ ਨਜ਼ਰ ਆ ਰਹੀ ਹੈ। ਉਸ ਦੇ ਭਾਰਤ ਨਾਲ ਸੰਬੰਧ ਸੁਖਾਵੇਂ ਨਹੀਂ ਹਨ। ਸਿਆਸੀ ਪਾਰਟੀਆਂ ਨੂੰ ਵੀ ਇਸ ਗੰਭੀਰ ਮਸਲੇ 'ਤੇ ਆਪਣੀ ਸਿਆਸਤ ਖੇਡਣ ਲਈ ਅਜਿਹੇ ਬਿਆਨ ਦੇਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਜੋ ਹਾਲਤ ਨੂੰ ਹੋਰ ਵਿਗਾੜਨ 'ਚ ਸਹਾਈ ਹੋਣ। ਇਸ ਦੀ ਬਜਾਏ ਇਸ ਨੂੰ ਗੰਭੀਰ ਕੌਮੀ ਮਸਲਾ ਸਮਝ ਕੇ ਇਸ ਦੇ ਹਰ ਪੱਖੋਂ ਹੱਲ ਲਈ ਯਤਨਸ਼ੀਲ ਹੋਣ ਦੀ ਵੱਡੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਬਾਗ਼ੀਆਂ ਵਿਰੁੱਧ ਕੰਮ ਕਰ ਰਹੀਆਂ ਜਥੇਬੰਦੀਆਂ ਨੂੰ ਵੀ ਵਧੇਰੇ ਸੁਚੇਤ ਹੋ ਕੇ ਵਿਚਰਨਾ ਪਵੇਗਾ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਰਭਾਗਪੂਰਨ ਘਟਨਾਵਾਂ ਤੋਂ ਬਚਿਆ ਜਾ ਸਕੇ।
-ਬਰਜਿੰਦਰ ਸਿੰਘ ਹਮਦਰਦ
ਨਵੰਬਰ ਦੀ ਸ਼ੁਰੂਆਤ 'ਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਬਾਲੀਮੋਰ 'ਚ ਬੋਲਦਿਆਂ ਜੋ ਬਿਆਨ ਦਿੱਤਾ, ਉਹ ਸਾਡੇ ਦੇਸ਼ ਲਈ ਇਕ ਤਰ੍ਹਾਂ ਨਾਲ ਸਬਕ ਦਾ ਕੰਮ ਕਰ ਸਕਦਾ ਹੈ। ਬਾਈਡਨ ਨੇ ਕਿਹਾ ਕਿ ਮੈਂ ਇੱਥੇ ਅਮਰੀਕੀ ਜਨਤਾ ਦੇ ਸਭ ਤੋਂ ਜ਼ਿਆਦਾ ਅਹਿਮ ਆਰਥਿਕ ਸਰੋਕਾਰਾਂ 'ਚੋਂ ...
ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਕਾਫ਼ੀ ਚਿਰਾਂ ਤੋਂ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੇਂ ਆਵਾਜ਼ ਪ੍ਰਦੂਸ਼ਣ ਦਾ ਪੱਧਰ ਸਿਖਰ 'ਤੇ ਹੈ। ਆਵਾਜ਼ ਪ੍ਰਦੂਸ਼ਣ ਕਈ ਉਪਕਰਨ ਪੈਦਾ ਕਰਦੇ ਹਨ ਪਰ ਸਭ ਤੋਂ ਵੱਧ ਆਵਾਜ਼ ਪ੍ਰਦੂਸ਼ਣ ਪਟਾਕਿਆਂ, ਪ੍ਰੈਸ਼ਰ ਹਾਰਨਾਂ, ਡੀ.ਜੇ. ਤੇ ਸਪੀਕਰਾਂ ਦਾ ...
ਅਗਲੇ ਸਾਲ ਪੰਜਾਬ ਸਮੇਤ ਪੰਜ ਸੂਬਿਆਂ ਜਿਨ੍ਹਾਂ ਵਿਚ ਗੋਆ, ਮਨੀਪੁਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵੀ ਸ਼ਾਮਿਲ ਹਨ, 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਸੂਬਿਆਂ 'ਚੋਂ ਸਭ ਤੋਂ ਵੱਡਾ ਸੂਬਾ ਉੱਤਰ ਪ੍ਰਦੇਸ਼ ਹੈ, ਜਿਸ ਦੀਆਂ ਸਭ ਤੋਂ ਵੱਧ ਕੁੱਲ 403 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX