ਅਮਰੀਕੀ ਅਗਵਾਈ ਵਾਲੇ ਆਈ.ਪੀ.ਈ.ਐਫ. ਨਾਲ ਜੁੜਿਆ ਭਾਰਤ
ਟੋਕੀਓ, 23 ਮਈ (ਏਜੰਸੀ)- ਸਾਂਝੇ ਉਦੇਸ਼ਾਂ ਦੀ ਪ੍ਰਾਪਤੀ ਲਈ ਹੋਰ ਭਾਈਵਾਲ ਦੇਸ਼ਾਂ ਨੂੰ ਜੋੜਨ ਲਈ ਭਾਰਤ ਅਮਰੀਕਾ ਦੀ ਪਹਿਲਕਦਮੀ ਨਾਲ ਬਣਨ ਵਾਲੇ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈ.ਪੀ.ਈ.ਐਫ.) ਨਾਲ ਜੁੜ ਗਿਆ ਹੈ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਵੀਂ ਦਿੱਲੀ ਇਸ ਖੇਤਰ 'ਚ ਸ਼ਾਂਤੀ ਤੇ ਖੁਸ਼ਹਾਲੀ ਦਾ ਰਾਹ ਪੱਧਰਾ ਕਰਨ ਲਈ ਇਸ ਨੂੰ ਸਮੂਹਿਕ ਤੇ ਲਚੀਲਾ ਢਾਂਚਾ ਬਣਾਉਣ ਲਈ ਕੰਮ ਕਰੇਗੀ | ਕੁਆਡ ਸੰਮੇਲਨ ਤੋਂ ਇਕ ਦਿਨ ਪਹਿਲਾਂ ਆਈ.ਪੀ.ਈ.ਐਫ. ਦੀ ਸ਼ੁਰੂਆਤ ਕਰਨ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 12 ਦੇਸ਼ ਇਸ ਨਵੀਂ ਪਹਿਲਕਦਮੀ ਨਾਲ ਜੁੜ ਗਏ ਹਨ | ਉਨ੍ਹਾਂ ਕਿਹਾ ਕਿ ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਵੱਡਾ ਨਿਵੇਸ਼ ਇਸ ਕਰਕੇ ਕੀਤਾ ਹੈ, ਕਿਉਂਕਿ ਉਹ ਇਸ ਖੇਤਰ ਦੇ ਸਕਾਰਾਤਮਕ ਭਵਿੱਖ ਲਈ ਆਪਣੇ ਦਿ੍ਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਲੰਬੇ ਸਮੇਂ ਤੋਂ ਵਚਨਬੱਧ ਹੈ | ਆਈ.ਪੀ.ਈ.ਐਫ. ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਈ.ਪੀ.ਈ.ਐਫ. ਦਾ ਐਲਾਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਇੰਜਣ ਬਣਾਉਣ ਦੀ ਸਮੂਹਿਕ ਇੱਛਾ ਦਾ ਐਲਾਨ ਹੈ | ਉਨ੍ਹਾਂ ਕਿਹਾ ਕਿ ਭਾਰਤ ਨੇ ਆਜ਼ਾਦ, ਖੁੱਲ੍ਹੇ ਤੇ ਸਮੂਹਿਕ ਹਿੰਦ-ਪ੍ਰਸ਼ਾਂਤ ਖੇਤਰ ਲਈ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਹੈ | ਇਕ ਅਧਿਕਾਰਕ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨਿਰੰਤਰ ਵਿਕਾਸ, ਸ਼ਾਂਤੀ ਤੇ ਖੁਸ਼ਹਾਲੀ ਦੇ ਟੀਚਿਆਂ ਦੀ ਪਾ੍ਰਪਤੀ ਲਈ ਭਾਈਵਾਲਾਂ ਦਰਮਿਆਨ ਆਰਥਿਕ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਤਿਆਰ ਹੈ | ਖੁਸ਼ਹਾਲੀ ਲਈ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈ. ਪੀ. ਈ. ਐਫ.) ਦੀ ਸ਼ੁਰੂਆਤ ਸੰਬੰਧੀ ਕਰਵਾਏ ਸਮਾਗਮ 'ਚ ਚਰਚਾ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਇਤਿਹਾਸਕ ਤੌਰ 'ਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਵਪਾਰਕ ਪ੍ਰਵਾਹ ਦੇ ਕੇਂਦਰ ਵਜੋਂ ਵਿਚਰਦਾ ਰਿਹਾ ਹੈ, ਜਿਸ ਕਾਰਨ ਲੋਥਲ (ਗੁਜਰਾਤ) 'ਚ ਦੁਨੀਆ ਦੀ ਸਭ ਤੋਂ ਪੁਰਾਣੀ ਵਪਾਰਕ ਬੰਦਰਗਾਹ ਹੈ | ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸਾਂਝੇ ਤੇ ਰਚਨਾਤਮਕ ਹੱਲ ਲੱਭਣ ਦੀ ਲੋੜ 'ਤੇ ਜ਼ੋਰ ਦਿੱਤਾ | ਮੋਦੀ ਨੇ ਆਈ.ਪੀ.ਈ.ਐਫ. ਲਈ ਖੇਤਰ ਦੇ ਸਾਰੇ ਦੇਸ਼ਾਂ ਨਾਲ ਕੰਮ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਵੀ ਪ੍ਰਗਟਾਈ, ਜੋ ਕਿ ਸਮਾਵੇਸ਼ੀ ਤੇ ਲਚੀਲੀ ਦੋਵੇਂ ਤਰ੍ਹਾਂ ਦੀ ਹੋਵੇ |
ਅਮਰੀਕਾ, ਭਾਰਤ ਤੇ 11 ਹੋਰ ਦੇਸ਼ ਇੰਡੋ-ਪੈਸੀਫਿਕ ਵਪਾਰ ਸਮਝੌਤੇ 'ਚ ਸ਼ਾਮਿਲ
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਐਲਾਨ ਕੀਤਾ ਕਿ 12 ਦੇਸ਼ ਨਵੇਂ ਵਪਾਰ ਸਮਝੌਤੇ 'ਚ ਸ਼ਾਮਲ ਹੋਏ ਹਨ | ਵਾਈਟ ਹਾਊਸ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਅਮਰੀਕਾ ਸਪਲਾਈ ਚੇਨ, ਡਿਜੀਟਲ ਵਪਾਰ, ਸਾਫ਼ ਊਰਜਾ ਅਤੇ ਭਿ੍ਸ਼ਟਾਚਾਰ ਵਿਰੋਧੀ ਯਤਨਾਂ ਸਮੇਤ ਹੋਰ ਮੁੱਦਿਆਂ 'ਤੇ ਏਸ਼ੀਆਈ ਅਰਥਚਾਰਿਆਂ ਨਾਲ ਵਧੇਰੇ ਨੇੜਿਉਂ ਕੰਮ ਕਰਨ 'ਚ ਮਦਦ ਕਰੇਗਾ | ਇਨ੍ਹਾਂ ਦੇਸ਼ਾਂ 'ਚ ਆਸਟਰੇਲੀਆ, ਬਰੂਨੀ, ਭਾਰਤ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਸ਼ਾਮਿਲ ਹਨ | ਇਨ੍ਹਾਂ ਦੇਸ਼ਾਂ ਦੀ ਸੰਯੁਕਤ ਰਾਜ ਅਮਰੀਕਾ ਨਾਲ ਵਿਸ਼ਵ ਦੀ ਵਿਕਾਸ ਦਰ ਵਿਚ 40 ਫ਼ੀਸਦੀ ਹਿੱਸੇਦਾਰੀ ਹੈ |
ਟੋਕੀਓ, 23 ਮਈ (ਏਜੰਸੀ)-ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਚੀਨ ਨੇ ਤਾਈਵਾਨ 'ਤੇ ਹਮਲਾ ਕੀਤਾ ਤਾਂ ਅਮਰੀਕਾ ਫੌਜੀ ਕਾਰਵਾਈ ਕਰੇਗਾ | ਉਨ੍ਹਾਂ ਕਿਹਾ ਕਿ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਹੁਣ ਤਾਈਵਾਨ ਦੀ ਸੁਰੱਖਿਆ ਦਾ ਬੋਝ ਜ਼ਿਆਦਾ ਹੈ | ਟੋਕੀਓ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਚੀਨ ਤਾਈਵਾਨ 'ਤੇ ਹਮਲਾ ਕਰਦਾ ਹੈ ਤਾਂ ਕੀ ਉਹ ਫੌਜੀ ਕਾਰਵਾਈ ਕਰਨਗੇ ਤਾਂ ਉਨ੍ਹਾਂ ਕਿਹਾ ਕਿ 'ਹਾਂ' ਅਸੀਂ ਇਸ ਵਾਸਤੇ ਵਚਨਬੱਧ ਹਾਂ | ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਬਾਈਡਨ ਨੇ ਕਿਹਾ ਕਿ ਚੀਨ ਵਲੋਂ ਤਾਈਵਾਨ ਖ਼ਿਲਾਫ਼ ਤਾਕਤ ਦਾ ਵਰਤੋਂ ਦਾ ਕੋਈ ਵੀ ਯਤਨ ਉਚਿਤ ਨਹੀਂ ਹੋਵੇਗਾ | ਉਨ੍ਹਾਂ ਨਾਲ ਹੀ ਕਿਹਾ ਕਿ
ਇਹ ਪੂਰੇ ਖੇਤਰ ਨੂੰ ਉਜਾੜ ਦੇਵੇਗਾ ਤੇ ਇਸ ਤਰ੍ਹਾਂ ਦੀ ਕਾਰਵਾਈ ਯੂਕਰੇਨ 'ਚ ਹੋਈ ਤਬਾਹੀ ਵਾਂਗ ਹੋਵੇਗੀ | ਜ਼ਿਕਰਯੋਗ ਹੈ ਕਿ ਚੀਨ ਨੇ ਹਾਲ ਹੀ ਦੇ ਕੁਝ ਸਾਲਾਂ 'ਚ ਲੋਕਤੰਤਰਿਕ ਤਾਈਵਾਨ ਖ਼ਿਲਾਫ਼ ਆਪਣੀ ਫੌਜੀ ਕਾਰਵਾਈਆਂ ਨੂੰ ਤੇਜ਼ ਕੀਤਾ ਹੈ, ਜਿਸ ਦਾ ਉਦੇਸ਼ ਉਸ ਨੂੰ ਕਮਿਊਨਿਸਟ ਮੁੱਖ ਭੂਮੀ ਨਾਲ ਏਕਤਾ ਕਰਨ ਲਈ ਬੀਜਿੰਗ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਲਈ ਡਰਾਉਣਾ ਹੈ | ਬਾਈਡਨ ਨੇ ਚੀਨ ਬਾਰੇ ਕਿਹਾ ਕਿ ਉਹ ਪਹਿਲਾਂ ਹੀ ਇੰਨੇ ਨੇੜਿਓਾ ਉਡਾਣ ਭਰ ਕੇ ਤੇ ਫੌਜੀ ਅਭਿਆਸਾਂ ਨਾਲ ਖ਼ਤਰਾ ਵਧਾ ਰਿਹਾ ਹੈ |
• ਪਤਨੀ, ਪੁੱਤਰ ਅਤੇ ਇਕ ਹੋਰ ਨੂੰ ਵੀ ਸਜ਼ਾ • ਮੌਕੇ 'ਤੇ ਮਿਲੀ ਜ਼ਮਾਨਤ • ਜ਼ਮੀਨੀ ਵਿਵਾਦ ਕਾਰਨ 2011 'ਚ ਹੋਇਆ ਸੀ ਝਗੜਾ
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਸਿਵਲ ਜੱਜ ਸੀਨੀਅਰ ਡਵੀਜ਼ਨ ਦੀ ਅਦਾਲਤ ਨੇ ਅੱਜ 11 ਸਾਲ ਪੁਰਾਣੇ ਇਕ ਜ਼ਮੀਨੀ ਵਿਵਾਦ ਉਪਰੰਤ ਦਰਜ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਉਨ੍ਹਾਂ ਦੀ ਜ਼ਮੀਨ ਦੇ ਬਟਾਵੇ ਪਰਵਿੰਦਰ ਸਿੰਘ ਨੂੰ 3-3 ਸਾਲ ਦੀ ਸਜ਼ਾ ਅਤੇ 16-16 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ | ਅਦਾਲਤ ਨੇ ਡਾ. ਬਲਬੀਰ ਸਿੰਘ ਸਮੇਤ ਚਾਰਾਂ ਜਣਿਆਂ ਨੂੰ ਮੌਕੇ 'ਤੇ ਹੀ 50-50 ਹਜ਼ਾਰ ਦੇ ਨਿੱਜੀ ਮੁਚੱਲਕੇ ਭਰਨ ਉਪਰੰਤ ਜ਼ਮਾਨਤ ਵੀ ਦੇ ਦਿੱਤੀ, ਜੋ ਇਕ ਮਹੀਨੇ 'ਚ ਉੱਪਰਲੀ ਅਦਾਲਤ 'ਚ ਅਪੀਲ ਕਰ ਸਕਦੇ ਹਨ | ਜਾਣਕਾਰੀ ਅਨੁਸਾਰ 13 ਜੁਲਾਈ, 2011 ਨੂੰ ਥਾਣਾ ਸ੍ਰੀ ਚਮਕੌਰ ਸਾਹਿਬ 'ਚ ਉਕਤ 4 ਜਣਿਆਂ 'ਤੇ ਡਾ. ਬਲਬੀਰ ਸਿੰਘ ਦੀ ਸਾਲੀ ਪਰਮਜੀਤ ਕੌਰ ਅਤੇ ਸਾਂਢੂ ਮੇਵਾ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਐਫ.ਆਈ.ਆਰ. ਨੰਬਰ 85 ਦਰਜ ਹੋਈ ਸੀ, ਜਿਸ ਤਹਿਤ ਸ਼ਿਕਾਇਤਕਰਤਾ ਨੇ ਡਾ. ਬਲਬੀਰ ਸਿੰਘ ਅਤੇ ਹੋਰਨਾਂ 'ਤੇ ਪਿੰਡ ਟੱਪਰੀਆਂ ਦਿਆਲ ਸਿੰਘ (ਥਾਣਾ ਸ੍ਰੀ ਚਮਕੌਰ ਸਾਹਿਬ) 'ਚ ਸਥਿਤ ਜ਼ਮੀਨ 'ਚ ਟਿਊਬਵੈੱਲ ਤੋਂ ਪਾਣੀ ਲਾਉਣ ਮੌਕੇ ਉਨ੍ਹਾਂ 'ਤੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਸਨ, ਜਿਸ ਤਹਿਤ ਉਹ ਗੰਭੀਰ ਜ਼ਖ਼ਮੀ ਹੋ ਗਏ ਸਨ | ਪੁਲਿਸ ਨੇ ਇਸ ਸ਼ਿਕਾਇਤ ਮਗਰੋਂ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਜ਼ਮੀਨ ਦਾ ਬਟਾਵਾ (ਮਜਾਰਾ) ਪਰਮਿੰਦਰ ਸਿੰਘ ਤੇ ਆਈ.ਪੀ.ਸੀ. ਦੀਆਂ ਧਾਰਾਵਾਂ 323, 324, 325, 506, 34 ਤਹਿਤ ਮਾਮਲਾ ਦਰਜ ਕੀਤਾ ਸੀ | ਹਾਲਾਂਕਿ ਪੁਲਿਸ ਨੇ ਡਾ. ਬਲਬੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਸ਼ਿਕਾਇਤ 'ਤੇ ਸ਼ਿਕਾਇਤਕਰਤਾ ਪਰਮਜੀਤ ਕੌਰ ਤੇ ਮੇਵਾ ਸਿੰਘ 'ਤੇ ਵੀ ਕਰਾਸ ਮਾਮਲਾ ਦਰਜ ਕੀਤਾ ਸੀ | ਅਦਾਲਤ ਨੇ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਡਾ. ਬਲਬੀਰ ਸਿੰਘ, ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ ਸੈਣੀ, ਪੁੱਤਰ ਰਾਹੁਲ ਸੈਣੀ ਅਤੇ ਬਟਾਵੇ ਪਰਵਿੰਦਰ ਸਿੰਘ ਨੂੰ ਧਾਰਾ 323 ਤਹਿਤ 1 ਸਾਲ ਸਜ਼ਾ ਤੇ 1000 ਰੁਪਏ ਜੁਰਮਾਨਾ, ਧਾਰਾਵਾਂ 324, 325 ਅਤੇ 506 ਤਹਿਤ 3-3 ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾ ਦਿੱਤਾ, ਜਦੋਂ ਕਿ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਮੇਵਾ ਸਿੰਘ ਰਿਟਾ: ਵਿੰਗ ਕਮਾਂਡਰ ਨੂੰ ਕਰਾਸ ਪਰਚੇ 'ਚੋਂ ਬਰੀ ਕਰ ਦਿੱਤਾ | ਜ਼ਮਾਨਤ ਉਪਰੰਤ ਬਾਹਰ ਆਏ ਵਿਧਾਇਕ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਰਿਵਾਰਕ ਮਸਲਾ ਹੈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਨਾਂਅ ਇਕ ਰਜਿਸਟਰਡ ਵਸੀਅਤ ਹੈ | ਜਿਸ ਤਹਿਤ ਦੋ ਅਦਾਲਤੀ ਫ਼ੈਸਲੇ ਹੋਣ ਕਰਕੇ ਹਾਈਕੋਰਟ ਨੇ ਸਟੇਅ ਵੀ ਦਿੱਤੀ ਹੋਈ ਹੈ | ਉਨ੍ਹਾਂ ਉਲਟਾ ਦੂਜੀ ਧਿਰ 'ਤੇ ਦੋਸ਼ ਵੀ ਲਾਏ ਪਰ ਇਸ ਮਾਮਲੇ 'ਚ ਉੱਪਰਲੀ ਅਦਾਲਤ 'ਚ ਇਨਸਾਫ਼ ਦੀ ਉਮੀਦ ਵੀ ਜ਼ਾਹਿਰ ਕੀਤੀ ਹੈ |
ਪਟਿਆਲਾ, 23 ਮਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਹਾਲੇ ਸਿਰਫ਼ 2 ਮਹੀਨੇ ਹੀ ਬੀਤੇ ਹਨ, ਅਜਿਹੇ 'ਚ ਰੋਪੜ ਦੀ ਅਦਾਲਤ ਵਲੋਂ ਪਟਿਆਲਾ ਦਿਹਾਤੀ ਹਲਕੇ ਤੋਂ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਫ਼ੌਜਦਾਰੀ ਕੇਸ 'ਚ ਦੋਸ਼ੀ ਠਹਿਰਾਉਣਾ, 'ਆਪ' ਦੀ ਸਰਕਾਰ ਤੇ ਪਾਰਟੀ ਲਈ ਪਹਿਲਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਅਦਾਲਤ ਦਾ ਇਹ ਫ਼ੈਸਲਾ ਸਰਕਾਰ ਦੇ ਅਕਸ ਨੂੰ ਵੱਡੀ ਢਾਹ ਲਾਉਣ ਵਾਲਾ ਕਿਹਾ ਜਾ ਸਕਦਾ ਹੈ | ਹਾਲਾਂਕਿ ਆਮ ਤੌਰ 'ਤੇ ਡਾ. ਬਲਬੀਰ ਸਿੰਘ ਨੂੰ ਸਾਫ਼-ਸੁਥਰੇ ਅਕਸ ਵਾਲਾ ਮੰਨਿਆ ਜਾਂਦਾ ਹੈ ਪਰ ਅਦਾਲਤ ਵਲੋਂ ਫ਼ੌਜਦਾਰੀ ਕੇਸ 'ਚ ਦੋਸ਼ੀ ਠਹਿਰਾਉਣਾ, ਪਾਰਟੀ ਤੇ ਸਰਕਾਰ ਦੋਵਾਂ ਲਈ ਸੱਟ ਮਾਰੂ ਸਾਬਤ ਹੋ ਰਿਹਾ ਹੈ | ਸਜ਼ਾ ਸੁਣਾਉਣ ਤੋਂ ਬਾਅਦ ਪਟਿਆਲਾ ਅਤੇ ਪੰਜਾਬ ਦੀ ਗਰਮਾਈ ਸਿਆਸਤ 'ਚ ਆਮ ਆਦਮੀ ਪਾਰਟੀ ਦੇ ਅਕਸ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ ਹੈ | ਡਾ. ਬਲਬੀਰ ਸਿੰਘ ਜੋ ਕਿ ਅੱਖਾਂ ਦੇ ਮਾਹਿਰ ਡਾਕਟਰ ਹਨ, ਪਿਛਲੇ ਲੰਮੇ ਸਮੇਂ ਤੋਂ ਪਟਿਆਲਾ ਵਿਖੇ ਕੰਮ ਕਰ ਰਹੇ ਹਨ | ਇਸ ਦੌਰਾਨ ਉਨ੍ਹਾਂ ਨਾਲ-ਨਾਲ ਸਮਾਜ ਸੇਵਾ ਕਰਦਿਆਂ ਕਈ ਡਾਕਟਰੀ ਕੈਂਪ ਵੀ ਲਗਾਏ | ਉਪਰੰਤ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਡਾ. ਧਰਮਵੀਰ ਗਾਂਧੀ ਨਾਲ ਚੋਣਾਂ 'ਚ ਸਰਗਰਮ ਭੂਮਿਕਾ ਨਿਭਾਉਂਦਿਆਂ ਰਾਜਨੀਤੀ ਵਿਚ ਪੈਰ ਰੱਖਿਆ | ਇਸ ਤੋਂ ਬਾਅਦ 2017 ਵਿਧਾਨ ਸਭਾ ਚੋਣਾਂ 'ਚ ਡਾ. ਬਲਬੀਰ ਸਿੰਘ ਨੂੰ ਪਟਿਆਲਾ ਦੇ ਸ਼ਹਿਰੀ ਹਲਕੇ ਤੋਂ ਟਿਕਟ ਮਿਲੀ ਪਰ ਉਹ ਕੈਪਟਨ ਅਮਰਿੰਦਰ ਸਿੰਘ ਕੋਲੋਂ 20 ਹਜ਼ਾਰ ਦੇ ਕਰੀਬ ਵੋਟਾਂ ਨਾਲ ਹਾਰ ਗਏ | ਇਸ ਵਾਰ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਫਿਰ ਪਟਿਆਲਾ ਦੇ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ ਅਤੇ 58 ਹਜ਼ਾਰ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ | ਫ਼ੋਨ 'ਤੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਦੇ ਮਾਤਾ-ਪਿਤਾ ਨੇ ਦੋਵਾਂ ਪਰਿਵਾਰਾਂ 'ਚ ਜਾਇਦਾਦ ਵੰਡ ਦਿੱਤੀ ਸੀ ਅਤੇ ਮੈਂ ਤੇ ਮੇਰੀ ਪਤਨੀ ਆਪਣੇ ਹਿੱਸੇ ਵਾਲੀ ਜ਼ਮੀਨ 'ਤੇ ਪਹੁੰਚੇ ਸੀ, ਜਿੱਥੇ ਦੂਜੇ ਪਰਿਵਾਰ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਸੀ ਪਰ ਇਸ ਮੌਕੇ ਮੇਰਾ ਬੇਟਾ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਵਿਚ ਪੁਲਿਸ ਪ੍ਰਸ਼ਾਸਨ ਨੇ ਕਈ ਰਿਕਾਰਡ ਖ਼ਤਮ ਕੀਤੇ ਹਨ | ਇਸ ਫ਼ੈਸਲੇ ਵਿਰੁੱਧ ਹੁਣ ਅਸੀਂ ਉੱਪਰਲੀ ਅਦਾਲਤ 'ਚ ਜਾ ਕੇ ਇਨਸਾਫ਼ ਦੀ ਮੰਗ ਕਰਾਂਗੇ |
ਐੱਸ. ਏ. ਐੱਸ. ਨਗਰ, 23 ਮਈ (ਜਸਬੀਰ ਸਿੰਘ ਜੱਸੀ)-ਡਰੱਗਜ਼ ਮਾਮਲੇ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ 'ਤੇ ਹਾਈਕੋਰਟ 'ਚ ਅੱਜ ਸੁਣਵਾਈ ਹੋਈ | ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਆਰ. ਐਸ. ਚੀਮਾ ਅਤੇ ਅਰਸ਼ਦੀਪ ਸਿੰਘ ਚੀਮਾ ਵਲੋਂ ਦਾਇਰ ਜ਼ਮਾਨਤ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਵਲੋਂ ਆਪਣਾ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗੇ ਜਾਣ 'ਤੇ ਹਾਈਕੋਰਟ ਦੇ ਡਬਲ ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 30 ਮਈ ਦੀ ਤਰੀਕ ਨਿਸ਼ਚਿਤ ਕੀਤੀ ਹੈ | ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਡਰੱਗਜ਼ ਮਾਮਲੇ ਨੂੰ ਖ਼ਾਰਜ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ, ਹਾਲਾਂਕਿ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਬਾਰੇ ਡਬਲ ਬੈਂਚ ਕੋਲ ਪਹੁੰਚ ਕਰਨ ਲਈ ਕਿਹਾ ਸੀ | ਇਸ ਤੋਂ ਪਹਿਲਾਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ | ਮੁਹਾਲੀ ਅਦਾਲਤ ਵਲੋਂ ਆਪਣੇ ਹੁਕਮਾਂ 'ਚ ਕਿਹਾ ਗਿਆ ਸੀ ਕਿ ਧਾਰਾ-37 ਕਹਿੰਦੀ ਹੈ ਕਿ 27 ਏ ਐਨ. ਡੀ. ਪੀ. ਐਸ. ਐਕਟ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਨੂੰ ਤਫ਼ਤੀਸ਼ ਦੌਰਾਨ ਛੱਡਣਾ ਨਹੀਂ ਚਾਹੀਦਾ | ਬਿਕਰਮ ਸਿੰਘ ਮਜੀਠੀਆ ਇਕ ਤਾਕਤਵਰ ਸਿਆਸਤਦਾਨ ਹੈ, ਜੇਕਰ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ | ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਡਰੱਗਜ਼ ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੇਠਲੀ ਅਦਾਲਤ 'ਚ ਆਤਮ ਸਮਰਪਣ ਕੀਤਾ ਗਿਆ ਸੀ ਅਤੇ ਮਜੀਠੀਆ ਉਸ ਸਮੇਂ ਤੋਂ ਹੀ ਪਟਿਆਲਾ ਜੇਲ੍ਹ ਵਿਚ ਬੰਦ ਹਨ |
ਪਟਿਆਲਾ, 23 ਮਈ (ਮਨਦੀਪ ਸਿੰਘ ਖਰੌੜ)-ਸਾਬਕਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕੁਝ ਖਾਣ ਵਾਲੇ ਪਦਾਰਥਾਂ ਤੋਂ ਐਲਰਜੀ ਹੋਣ ਕਾਰਨ ਪਟਿਆਲਾ ਜੇਲ੍ਹ 'ਚ ਉਨ੍ਹਾਂ ਨੂੰ ਖਾਸ ਭੋਜਨ ਮੁਹੱਈਆ ਕਰਵਾਉਣ ਲਈ ਸ. ਸਿੱਧੂ ਦੇ ਵਕੀਲ ਵਲੋਂ ਦਾਇਰ ਅਰਜ਼ੀ 'ਤੇ ਸੀ. ਜੇ. ਐਮ. ਅਮਿਤ ਮਲਹਾਨ ਦੀ ਅਦਾਲਤ 24 ਮਈ ਨੂੰ ਫ਼ੈਸਲਾ ਸੁਣਾਏਗੀ | ਇਸ ਤੋਂ ਪਹਿਲਾ ਅੱਜ ਸ. ਸਿੱਧੂ ਨੂੰ ਭਾਰੀ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਸਿਹਤ ਜਾਂਚ ਲਈ ਲਿਆਂਦਾ ਗਿਆ, ਜਿੱਥੇ ਤਿੰਨ ਮੈਂਬਰੀ ਡਾਕਟਰਾਂ ਦੇ ਬੋਰਡ ਵਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਦੇ ਨਾਲ ਜਿਗਰ, ਦਿਲ, ਫਾਈਬਰ, ਖੂਨ ਅਤੇ ਹੋਰ ਅਹਿਮ ਟੈਸਟ ਕਰਵਾਏ | ਸ. ਸਿੱਧੂ ਨੂੰ ਸਵੇਰੇ 10 ਵਜੇ ਦੇ ਕਰੀਬ ਰਾਜਿੰਦਰਾ ਹਸਪਤਾਲ 'ਚ ਲਿਆਇਆ ਗਿਆ ਅਤੇ ਜਿੱਥੇ ਦੁਪਹਿਰ 1 ਵਜੇ ਦੇ ਕਰੀਬ ਤੱਕ ਉਨ੍ਹਾਂ ਦੇ ਟੈਸਟ ਕੀਤੇ ਗਏ | ਉਪਰੰਤ ਸ. ਸਿੱਧੂ ਨੂੰ ਸਖ਼ਤ ਸੁਰੱਖਿਆ ਹੇਠ ਦੁਬਾਰਾ ਪਟਿਆਲਾ ਜੇਲ੍ਹ ਲਿਜਾਇਆ ਗਿਆ | ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਸ. ਸਿੱਧੂ ਦੇ ਟੈਸਟਾਂ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਡਾਕਟਰਾਂ ਦੇ ਬੋਰਡ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹੜਾ ਭੋਜਨ ਖਾਣਾ ਚਾਹੀਦਾ ਹੈ, ਉਸ ਸੰਬੰਧੀ ਆਪਣੀ ਸੀਲਬੰਦ ਲਿਫ਼ਾਫ਼ੇ 'ਚ ਰਿਪੋਰਟ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨੂੰ ਸੌਂਪ ਦਿੱਤੀ ਹੈ | ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਵਕੀਲ ਐੱਚ.ਪੀ.ਐੱਸ. ਵਰਮਾ ਦਾ ਕਹਿਣਾ ਸੀ ਕਿ ਜੇਲ੍ਹ ਵਿਭਾਗ ਵਲੋਂ ਡਾਕਟਰਾਂ ਦੇ ਬੋਰਡ ਦੀ ਰਿਪੋਰਟ ਅਦਾਲਤ 'ਚ 5 ਵਜੇ ਤੋਂ ਬਾਅਦ ਭੇਜੀ ਗਈ ਹੈ, ਜਿਸ ਕਰਕੇ ਉਨ੍ਹਾਂ ਵਲੋਂ ਅਦਾਲਤ 'ਚ ਦਾਇਰ ਅਰਜ਼ੀ 'ਤੇ ਸੁਣਵਾਈ 24 ਮਈ ਨੂੰ ਹੋਣ ਤੋਂ ਬਾਅਦ ਅਦਾਲਤ ਆਪਣਾ ਫ਼ੈਸਲਾ ਸੁਣਾਏਗੀ |
ਭਗਵੰਤ ਮਾਨ ਵਲੋਂ ਕੇਂਦਰੀ ਮੰਤਰਾਲੇ ਤੇ ਏ.ਏ.ਆਈ. ਨਾਲ ਤਾਲਮੇਲ ਦੇ ਨਿਰਦੇਸ਼
ਚੰਡੀਗੜ੍ਹ, 23 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਸਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ (ਏ.ਏ.ਆਈ.) ਨਾਲ ਤੁਰੰਤ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ | ਜ਼ਿਕਰਯੋਗ ਹੈ ਕਿ ਇਸ ਸਮੇਂ ਮੁਹਾਲੀ ਹਵਾਈ ਅੱਡੇ ਤੋਂ ਦੁਬਈ ਅਤੇ ਸ਼ਾਰਜਾਹ ਲਈ ਸਿਰਫ਼ ਦੋ ਅੰਤਰਰਾਸ਼ਟਰੀ ਉਡਾਣਾਂ ਹੀ ਚੱਲ ਰਹੀਆਂ ਹਨ | ਅੱਜ ਇਥੇ ਆਪਣੇ ਸਰਕਾਰੀ ਨਿਵਾਸ ਸਥਾਨ 'ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ, ਅਮਰੀਕਾ, ਯੂ.ਕੇ., ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੇ ਜੱਦੀ ਸਥਾਨਾਂ 'ਤੇ ਬਿਨਾਂ ਕਿਸੇ ਦਿੱਕਤ ਤੋਂ ਆਉਣ-ਜਾਣ ਲਈ ਇਹ ਉਪਰਾਲਾ ਹੋਰ ਵੀ ਸੁਵਿਧਾਜਨਕ ਸਾਬਤ ਹੋਵੇਗਾ | ਸੂਬੇ 'ਚ ਖੇਤੀ ਤੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਵਿਭਾਗ ਨੂੰ ਮੁਹਾਲੀ ਹਵਾਈ ਅੱਡੇ ਤੋਂ ਕਾਰਗੋ ਉਡਾਣਾਂ ਤੁਰੰਤ ਸ਼ੁਰੂ ਕਰਨ ਲਈ ਵੀ ਆਖਿਆ ਤਾਂ ਜੋ ਪੰਜਾਬ ਨੂੰ ਖੁੱਲ੍ਹੀ ਮੰਡੀ ਬਣਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਹ ਕਦਮ ਸੂਬੇ ਦੇ ਕਿਸਾਨਾਂ ਦੀ ਆਮਦਨ ਕਈ ਗੁਣਾ ਵਧਾਉਣ 'ਚ ਮਦਦਗਾਰ ਸਾਬਤ ਹੋਵੇਗਾ | ਮੁੱਖ ਮੰਤਰੀ ਨੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਰੱਖਣ ਵਾਸਤੇ ਵਿਆਪਕ ਰੂਪ 'ਚ ਸਹਿਮਤੀ ਬਣਾਉਣ ਲਈ ਵਿਭਾਗ ਨੂੰ ਤੁਰੰਤ ਹਰਿਆਣਾ ਸ਼ਹਿਰੀ ਹਵਾਬਾਜ਼ੀ ਵਿਭਾਗ ਨਾਲ ਮੀਟਿੰਗ ਕਰਨ ਲਈ ਕਿਹਾ | ਇਸ ਦੌਰਾਨ ਉਨ੍ਹਾਂ ਹਲਵਾਰਾ 'ਚ ਅੰਤਰਰਾਸ਼ਟਰੀ ਸਿਵਲ ਇਨਕਲੇਵ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਲਈ ਆਖਿਆ | ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ (ਪੀ.ਐਸ.ਸੀ.ਏ.ਸੀ.) ਦੇ ਕੰਮਕਾਜ ਨੂੰ ਸੁਚਾਰੂ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਨੂੰ ਪੇਸ਼ੇਵਰ ਸਿਖਲਾਈ ਪ੍ਰਾਪਤ ਪਾਇਲਟਾਂ ਵਜੋਂ ਪੂਰੀ ਤਰ੍ਹਾਂ ਲੈਸ ਹੋਣ ਲਈ ਉਡਾਣਾਂ ਦੀ ਸਿਖਲਾਈ ਦੇਣ ਵਿਚ ਸੂਬੇ ਦੇ ਨੌਜਵਾਨਾਂ ਨੂੰ ਤਰਜੀਹ ਦੇਣ ਵਾਸਤੇ ਰੂਪ-ਰੇਖਾ ਤਿਆਰ ਕਰਨ ਲਈ ਵੀ ਕਿਹਾ | ਮੁੱਖ ਮੰਤਰੀ ਨੇ ਵਿਭਾਗ ਨੂੰ ਸੀ.ਏ.ਟੀ.-2 ਨੂੰ ਅਗਾਂਹਵਧੂ ਪ੍ਰਣਾਲੀ ਕੇ.ਏ.ਟੀ.-3 ਵਿਚ ਅਪਗ੍ਰੇਡ ਕਰਨ ਲਈ ਆਪਣੇ ਯਤਨਾਂ ਨੂੰ ਤੇਜ਼ ਕਰਨ ਲਈ ਕਿਹਾ ਹੈ ਤਾਂ ਜੋ ਖ਼ਾਸ ਕਰਕੇ ਸਰਦੀਆਂ ਵਿਚ ਸੰਘਣੀ ਧੁੰਦ ਦੌਰਾਨ ਦੂਰ ਤੱਕ ਦੇਖਣ ਦੀ ਸਮਰੱਥਾ ਘਟ ਜਾਣ ਕਰਕੇ ਉਡਾਣ ਦੇ ਸੰਚਾਲਨ ਦੀ ਸਹੂਲਤ ਦਿੱਤੀ ਜਾ ਸਕੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਏ.ਵੇਨੂੰ ਪ੍ਰਸਾਦ, ਸਕੱਤਰ ਸ਼ਹਿਰੀ ਹਵਾਬਾਜ਼ੀ ਐਮ.ਐਸ ਜੱਗੀ, ਡਾਇਰੈਕਟਰ ਸ਼ਹਿਰੀ ਹਵਾਬਾਜ਼ੀ ਸੁਮੀਤ ਜਾਰੰਗਲ ਅਤੇ ਸਲਾਹਕਾਰ ਸ਼ਹਿਰੀ ਹਵਾਬਾਜ਼ੀ ਕੈਪਟਨ ਅਭੈ ਚੰਦਰਾ ਹਾਜ਼ਰ ਸਨ |
ਸ਼ਿਵ ਸ਼ਰਮਾ ਜਲੰਧਰ, 23 ਮਈ-ਬੀਤੀ ਰਾਤ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਰਾਹਤ ਮਿਲੀ ਹੈ ਉਥੇ ਕਈ ਦਿਨਾਂ ਤੋਂ ਕਹਿਰ ਦੀ ਗਰਮੀ 'ਚ ਬਿਜਲੀ ਦੀ ਭਾਰੀ ਮੰਗ ਤੋਂ ਸਾਹੋ ਸਾਹੀ ਹੋ ਚੁੱਕੇ ਪਾਵਰਕਾਮ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਅੱਜ ਦਿਨ ਵੇਲੇ 3000 ਮੈਗਾਵਾਟ ...
ਹਰਕਵਲਜੀਤ ਸਿੰਘ
ਚੰਡੀਗੜ੍ਹ, 23 ਮਈ-ਵਿਧਾਨ ਸਭਾ ਵਿਚ ਵੱਡੀ ਹਾਰ ਤੋਂ ਬਾਅਦ ਕਾਂਗਰਸ ਅੰਦਰ ਚੱਲ ਰਹੇ ਕਾਟੋ ਕਲੇਸ਼ ਅਤੇ ਮਾਯੂਸੀ ਦੇ ਦੌਰ ਦੌਰਾਨ ਪੰਜਾਬ ਦੇ ਕਾਂਗਰਸੀਆਂ ਨੇ ਹੁਣ ਭਾਜਪਾ ਵੱਲ ਵੇਖਣਾ ਸ਼ੁਰੂ ਕਰ ਦਿੱਤਾ ਹੈ | ਸਿਆਸੀ ਹਲਕਿਆਂ ਵਿਚਲੇ ਇਨ੍ਹਾਂ ਚਰਚਿਆਂ ...
ਹੋਰਨਾਂ ਮੁਲਜ਼ਮਾਂ ਦੀ ਗਿ੍ਫ਼ਤਾਰੀ 'ਤੇ ਲਗਾਈ ਰੋਕ
ਐੱਸ. ਏ. ਐੱਸ. ਨਗ਼ਰ, 23 ਮਈ (ਜਸਬੀਰ ਸਿੰਘ ਜੱਸੀ)-ਮਿਸ ਪੰਜਾਬਣ ਮਾਮਲੇ ਵਿਚ ਐਮ. ਡੀ. ਰਵਿੰਦਰ ਨਰਾਇਣ ਵਲੋਂ ਆਪਣੇ ਵਕੀਲਾਂ ਰਾਹੀਂ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ | ਜਸਟਿਸ ਵਿਵੇਕ ਪੁਰੀ ਦੇ ...
ਨਵੀਂ ਦਿੱਲੀ, 23 ਮਈ (ਏਜੰਸੀ)-ਰਾਸ਼ਟਰਪਤੀ ਭਵਨ ਵਲੋਂ ਸੋਮਵਾਰ ਨੂੰ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਵਿਨੈ ਕੁਮਾਰ ਸਕਸੈਨਾ ਨੂੰ ਦਿੱਲੀ ਦਾ ਨਵਾਂ ਉਪ-ਰਾਜਪਾਲ ਨਿਯੁਕਤ ਕੀਤਾ ਗਿਆ ਹੈ | ਰਾਸ਼ਟਰਪਤੀ ਭਵਨ ਵਲੋਂ ਜਾਰੀ
ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ...
ਸ੍ਰੀਨਗਰ, 23 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ 2 ਵੱਖ-ਵੱਖ ਥਾਵਾਂ ਤੋਂ 5 ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਪਟਨ ਖੇਤਰ 'ਚ ਪੁਲਿਸ ਨੇ ਪਿਛਲੇ ਮਹੀਨੇ ਇਕ ਸਰਪੰਚ ਦੇ ਹੋਏ ਕਤਲ ਦਾ ਮਾਮਲਾ ਸੁਲਝਾਉਂਦਿਆ ਲਸ਼ਕਰ ...
ਨਵੀਂ ਦਿੱਲੀ, 23 ਮਈ (ਏਜੰਸੀ)-ਬੀਤੇ ਕਈ ਦਿਨਾਂ ਤੋਂ ਭੱਠੀ ਵਾਂਗ ਤਪਦੇ ਉੱਤਰੀ ਭਾਰਤ ਵਿਚ ਕਈ ਥਾਵਾਂ 'ਤੇ ਪਏ ਭਾਰੀ ਮੀਂਹ ਅਤੇ ਠੰਢੀਆਂ ਹਵਾਵਾਂ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ | ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਪੱਛਮੀ ਰਾਜਸਥਾਨ ਨੂੰ ਛੱਡ ਕੇ ...
ਕੀਵ, 23 ਮਈ (ਏਜੰਸੀ)-ਰੂਸ ਨੇ ਪੂਰਬੀ ਯੂਕਰੇਨ 'ਚ ਹਮਲੇ ਤੇਜ਼ ਕਰ ਦਿੱਤੇ ਹਨ | ਰੂਸੀ ਸੈਨਿਕਾਂ ਨੇ ਇਕ ਤੱਟੀ ਇਸਪਾਤ ਕਾਰਖ਼ਾਨੇ 'ਤੇ ਆਪਣਾ ਕਬਜ਼ਾ ਕਰਨ ਦੇ ਐਲਾਨ ਤੋਂ ਬਾਅਦ ਡੋਨਬਾਸ ਖੇਤਰ 'ਚ ਗੋਲਾਬਾਰੀ ਤੇ ਮਿਜ਼ਾਈਲ ਹਮਲੇ ਸ਼ੁਰੂ ਕਰ ਦਿੱਤੇ | ਰੂਸ ਹਾਲ ਹੀ ਦੇ ਦਿਨਾਂ ...
ਯੂਕਰੇਨ ਦੀ ਇਕ ਅਦਾਲਤ ਨੇ ਦੇਸ਼ ਦੇ ਇਕ ਨਾਗਰਿਕ ਦੀ ਹੱਤਿਆ ਦੇ ਮਾਮਲੇ 'ਚ 21 ਸਾਲ ਦੇ ਰੂਸੀ ਸੈਨਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਯੁੱਧ ਅਪਰਾਧਾਂ ਨੂੰ ਲੈ ਕੇ ਪਹਿਲੇ ਮੁਕੱਦਮੇ 'ਚ ਇਹ ਸਜ਼ਾ ਸੁਣਾਈ ਗਈ ਹੈ | ਸਾਰਜੈਟ ਵਾਦਿਮ ...
ਵਿਸ਼ਵ ਆਰਥਿਕ ਮੰਚ ਦੇ ਨੇਤਾਵਾਂ ਵਲੋਂ ਭਾਰਤ ਦੀ ਸ਼ਲਾਘਾ ਦਾਵੋਸ, 23 ਮਈ (ਏਜੰਸੀ)-ਵਿਸ਼ਵ ਆਰਥਿਕ ਮੰਚ (ਡਬਲਿਊ. ਈ. ਐਫ) ਦੇ ਨੇਤਾਵਾਂ ਨੇ ਸਹੀ ਸਮੇਂ 'ਤੇ ਕੋਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਅਤੇ ਬਾਕੀ ਦੁਨੀਆ ਨੂੰ ਇਸ ਦੀ ਪੂਰਤੀ ਯਕੀਨੀ ਬਣਾਉਣ ਲਈ ਭਾਰਤ ਦੀ ਜੰਮ ਕੇ ...
ਨਵੀਂ ਦਿੱਲੀ, 23 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਾਸਤਰੀ ਭਵਨ ਦੀ ਸਤਵੀਂ ਮੰਜ਼ਿਲ ਤੋਂ ਇਕ ਸਾਇੰਸਦਾਨ ਨੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਹੈ | ਇਹ ਸਾਇੰਸਦਾਨ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵਿਚ ਤਾਇਨਾਤ ਸਨ | ਇਸ ਘਟਨਾ ਤੋਂ ਬਾਅਦ ਪੁਲਿਸ ਨੇ ਆ ਕੇ ...
ਵਾਰਾਨਸੀ, 23 ਮਈ (ਏਜੰਸੀ)-ਵਾਰਾਨਸੀ ਦੇ ਗਿਆਨਵਾਪੀ-ਸ਼ਿੰਗਾਰ ਗੌਰੀ ਮੰਦਰ ਮਾਮਲੇ ਵਿਚ ਜ਼ਿਲ੍ਹਾ ਜੱਜ ਏ.ਕੇ. ਵਿਸ਼ਵੇਸ਼ ਦੀ ਅਦਾਲਤ ਨੇ ਸੋਮਵਾਰ ਨੂੰ ਇਸ ਗੱਲ ਨੂੰ ਲੈ ਕੇ ਆਪਣਾ ਫ਼ੈਸਲਾ ਮੰਗਲਵਾਰ ਲਈ ਸੁਰੱਖਿਅਤ ਕਰ ਲਿਆ ਹੈ ਕਿ ਕਿਸ ਮਾਮਲੇ 'ਤੇ ਪਹਿਲਾਂ ਸੁਣਵਾਈ ...
ਨਵੀਂ ਦਿੱਲੀ, 23 ਮਈ (ਏਜੰਸੀ)-ਘੱਟ ਗਿਣਤੀਆਂ ਬਾਰੇ ਕੌਮੀ ਕਮਿਸ਼ਨ ਨੇ ਕਾਮੇਡੀਅਨ ਭਾਰਤੀ ਸਿੰਘ ਵਲੋਂ ਮੁੱਛਾਂ ਤੇ ਦਾੜ੍ਹੀ ਨੂੰ ਲੈ ਕੇ ਕੀਤੇ ਮਜ਼ਾਕ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੁੱਜੀ ਠੇਸ 'ਤੇ ਪੰਜਾਬ ਤੇ ਮਹਾਰਾਸ਼ਟਰ ਦੇ ਮੁੱਖ ਸਕੱਤਰਾਂ ਤੋਂ ...
ਪੁਣੇ, 23 ਮਈ (ਏਜੰਸੀ)-ਗਿਆਨਵਾਪੀ ਮਸਜਿਦ ਵਿਵਾਦ ਵਿਚਕਾਰ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਨੇ ਦਾਅਵਾ ਕੀਤਾ ਹੈ ਕਿ ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਪੁਣੇਸ਼ਵਰ ਮੰਦਰ ਦੀ ਜ਼ਮੀਨ 'ਤੇ ਦੋ ਦਰਗਾਹਾਂ ਬਣਾਈਆਂ ਗਈਆਂ ਹਨ | ਐਮ.ਐਨ.ਐਸ. ਦੇ ਜਨਰਲ ਸਕੱਤਰ ਅਜੇ ...
ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜੱਜਾਂ ਨੂੰ ਨਿਸ਼ਾਨਾ ਬਣਾਉਣ ਦੇ ਵਧਦੇ ਮਾਮਲਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੱਜਾਂ ਖ਼ਿਲਾਫ਼ ਇਲਜ਼ਾਮ ਲਾਉਣਾ ਹੁਣ ਫੈਸ਼ਨ ਬਣ ਗਿਆ ਹੈ | ਇਹ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ 'ਚ ਸਭ ਤੋਂ ...
ਨਵੀਂ ਦਿੱਲੀ, 23 ਮਈ (ਏੇਜੰਸੀ)-ਹਨੂੰਮਾਨ ਚਾਲੀਸਾ ਨੂੰ ਲੈ ਕੇ ਹੋਏ ਵਿਵਾਦ 'ਚ ਗੈਰ-ਕਾਨੂੰਨੀ ਤੌਰ ਗਿ੍ਫ਼ਤਾਰ ਕਰਨ ਤੇ ਮੁੰਬਈ ਦੇ ਇਕ ਪੁਲਿਸ ਥਾਣੇ 'ਚ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਲਗਾਉਣ ਵਾਲੀ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਸੋਮਵਾਰ ਨੂੰ ਆਪਣਾ ਪੱਖ ਰੱਖਣ ...
ਟੋਕੀਓ, 23 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਜਾਪਾਨ ਕੁਦਰਤੀ ਭਾਈਵਾਲ ਹਨ ਤੇ ਜਾਪਾਨੀ ਨਿਵੇਸ਼ਾਂ ਨੇ ਭਾਰਤ ਦੇ ਵਿਕਾਸ ਦੀ ਯਾਤਰਾ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਜਾਪਾਨ ਦੇ ਦੋ ਦਿਨਾ ਦੌਰੇ 'ਤੇ ਪੁੱਜੇ ਪ੍ਰਧਾਨ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX