• ਐਫ਼.ਆਈ.ਆਰ. 'ਚ 9 ਕਾਰੋਬਾਰੀ, 3 ਅਧਿਕਾਰੀਆਂ ਅਤੇ ਦੋ ਕੰਪਨੀਆਂ ਦੇ ਨਾਂਅ ਸ਼ਾਮਿਲ
• ਸਿਸੋਦੀਆ ਦੀ ਰਿਹਾਇਸ਼ ਸਮੇਤ ਦੇਸ਼ ਭਰ 'ਚ 31 ਟਿਕਾਣਿਆਂ 'ਤੇ ਛਾਪੇ
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਦਿੱਲੀ ਦੀ ਆਬਕਾਰੀ ਨੀਤੀ ਦੇ ਸੰਬੰਧ 'ਚ ਐਕਸ਼ਨ 'ਚ ਆਈ ਸੀ. ਬੀ. ਆਈ. ਨੇ ਸ਼ੁੱਕਰਵਾਰ ਨੂੰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 'ਆਪ' ਕਾਰਕੁੰਨਾਂ ਦੇ 7 ਰਾਜਾਂ 'ਚ 31 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ | ਸੀ. ਬੀ. ਆਈ. ਵਲੋਂ ਦਾਇਰ ਐਫ਼. ਆਈ. ਆਰ 'ਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲਾ ਮੁਲਜ਼ਮ ਬਣਾਇਆ ਗਿਆ ਹੈ, ਜਦਕਿ 15 ਹੋਰਾਂ ਦੇ ਨਾਂਅ ਦਰਜ ਕੀਤੇ ਗਏ ਹਨ | ਸੀ. ਬੀ. ਆਈ. ਨੇ ਪੀ. ਸੀ. ਐਕਟ 1988, 120 ਬੀ, 477 ਏ. ਦੇ ਤਹਿਤ ਕੇਸ ਦਰਜ ਕੀਤਾ, ਜੋ ਕਿ 17 ਅਗਸਤ ਨੂੰ ਦਰਜ ਕੀਤਾ ਗਿਆ ਸੀ | ਐਫ਼. ਆਈ. ਆਰ. ਦੀ ਕਾਪੀ 'ਚ 16ਵੇਂ ਨੰਬਰ 'ਤੇ ਕੁਝ ਅਣਪਛਾਤੇ ਸਰਕਾਰੀ ਅਧਿਕਾਰੀਆਂ ਦੇ ਨਾਂਅ ਸ਼ਾਮਿਲ ਹਨ, ਜਿਸ ਤੋਂ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਸੀ. ਬੀ. ਆਈ. ਕੁਝ ਹੋਰਨਾਂ ਲੋਕਾਂ ਦੇ ਨਾਂਅ ਵੀ ਇਸ 'ਚ ਜੋੜ ਸਕਦੀ ਹੈ | ਇਸ ਮਾਮਲੇ 'ਚ ਸਿਸੋਦੀਆ ਤੋਂ ਇਲਾਵਾ 3 ਅਧਿਕਾਰੀਆਂ, 9 ਕਾਰੋਬਾਰੀਆਂ ਅਤੇ ਦੋ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ |
ਸੀ. ਬੀ. ਆਈ. ਵਲੋਂ ਉਪ ਆਬਕਾਰੀ ਕਮਿਸ਼ਨਰ ਰਹੇ ਆਨੰਦ ਕੁਮਾਰ ਤਿਵਾਰੀ, ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਕੁਲਜੀਤ ਸਿੰਘ ਅਤੇ ਸੁਭਾਸ਼ ਰੰਜਨ ਦੇ ਘਰਾਂ 'ਚ ਵੀ ਛਾਪੇਮਾਰੀ ਕੀਤੀ ਗਈ | ਸਵੇਰੇ ਸਾਢੇ 8 ਵਜੇ ਸ਼ੁਰੂ ਹੋਈ ਇਹ ਛਾਪੇਮਾਰੀ ਦੇਰ ਸ਼ਾਮ ਤੱਕ ਚਲਦੀ ਰਹੀ | ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਸਿਸੋਦੀਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਫ਼ੋਨ ਅਤੇ ਲੈਪਟਾਪ ਜ਼ਬਤ ਕਰ ਲਏ | ਹਲਕਿਆਂ ਮੁਤਾਬਿਕ ਏਜੰਸੀ ਅਧਿਕਾਰੀਆਂ ਨੇ ਕੁਝ ਅਹਿਮ ਅਧਿਕਾਰਕ ਫਾਈਲਾਂ ਜ਼ਬਤ ਕੀਤੀਆਂ ਹਨ | ਹਾਲਾਂਕਿ ਬਰਾਮਦਗੀ ਦੀ ਥਾਂਅ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ | ਸੀ. ਬੀ. ਆਈ. ਦੀ ਛਾਪੇਮਾਰੀ ਨੂੰ ਕੇਂਦਰ ਬਨਾਮ ਸੂਬਾ ਸਰਕਾਰ ਦਾ ਰੰਗ ਦਿੰਦਿਆਂ 'ਆਪ' ਅਤੇ ਭਾਜਪਾ ਨੇ ਦਿਨ ਭਰ ਪ੍ਰੈੱਸ ਕਾਨਫ਼ਰੰਸਾਂ ਦਾ ਸਿਲਸਿਲਾ ਚਲਾਈ ਰੱਖਿਆ | ਛਾਪੇਮਾਰੀ ਦੀ ਜਾਣਕਾਰੀ ਖ਼ੁਦ ਮਨੀਸ਼ ਸਿਸੋਦੀਆ ਨੇ ਟਵੀਟ ਰਾਹੀਂ ਦਿੱਤੀ, ਜਿਸ ਤੋਂ ਬਾਅਦ ਪ੍ਰਤੀਕਰਮਾਂ ਦੀ ਕਮਾਨ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਭਾਲੀ | ਕੇਜਰੀਵਾਲ ਨੇ ਛਾਪੇਮਾਰੀ ਦੇ ਜਾਰੀ ਅਮਲ ਦੌਰਾਨ ਹੀ ਇਕ ਨੰਬਰ ਵੀ ਜਾਰੀ ਕੀਤਾ ਅਤੇ ਕਿਹਾ ਕਿ ਜੋ ਦੇਸ਼ ਨੂੰ ਸਰਬ ਸੇ੍ਰਸ਼ਠ ਭਾਵ ਸਭ ਤੋਂ ਵਧੀਆ ਰਾਸ਼ਟਰ ਵਜੋਂ ਵੇਖਣਾ ਚਾਹੁੰਦੇ ਹਨ, ਉਹ ਇਸ ਨੰਬਰ ਰਾਹੀਂ ਨਾਲ ਜੁੜਨ | ਕੇਜਰੀਵਾਲ ਤੋਂ ਇਲਾਵਾ 'ਆਪ' ਦੇ ਸੰਸਦ ਮੈਂਬਰ ਸੰਜੈ ਸਿੰਘ ਅਤੇ ਰਾਘਵ ਚੱਢਾ ਨੇ ਵੀ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ | ਦੂਜੇ ਪਾਸੇ ਹਮਲਾਵਰ ਹੋਈ ਭਾਜਪਾ ਵਲੋਂ ਵੀ ਇਕ ਤੋਂ ਬਾਅਦ ਇਕ ਚਾਰ ਪ੍ਰੈੱਸ ਕਾਨਫ਼ਰੰਸਾਂ ਕੀਤੀਆਂ ਗਈਆਂ, ਜਿਨ੍ਹਾਂ ਤੋਂ ਤਿੰਨ ਭਾਜਪਾ ਦੇ ਦਿੱਲੀ ਦੇ ਸੰਸਦ ਮੈਂਬਰਾਂ ਵਲੋਂ ਅਤੇ ਇਕ ਦਿੱਲੀ ਪ੍ਰਦੇਸ਼ ਭਾਜਪਾ ਪ੍ਰਧਾਨ ਵਲੋਂ ਕੀਤੀ ਗਈ | ਭਾਜਪਾ ਆਗੂਆਂ ਨੇ ਦਿੱਲੀ ਦੀ ਸ਼ਰਾਬ ਨੀਤੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਨਾਲ ਕੀਤਾ ਸਮਝੌਤਾ ਕਰਾਰ ਦਿੱਤਾ ਗਿਆ | ਛਾਪੇਮਾਰੀ ਦੌਰਾਨ ਦਿੱਲੀ ਪੁਲਿਸ ਵਲੋਂ ਸਿਸੋਦੀਆ ਦੀ ਰਿਹਾਇਸ਼ ਦੇ ਨਜ਼ਦੀਕ ਧਾਰਾ 144 ਲਗਾ ਦਿੱਤੀ ਗਈ, ਜਿਸ ਕਾਰਨ ਉਪ ਮੁੱਖ ਮੰਤਰੀ ਦੀ ਹਮਾਇਤ 'ਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ 'ਆਪ' ਕਾਰਕੁੰਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ |
ਸਵੇਰੇ ਸਾਢੇ ਅੱਠ ਵਜੇ ਸ਼ੁਰੂ ਹੋਈ ਛਾਪੇਮਾਰੀ
ਸੀ. ਬੀ. ਆਈ. ਵਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਸਰਕਾਰੀ ਰਿਹਾਇਸ਼ 'ਤੇ ਸ਼ੁੱਕਰਵਾਰ ਸਵੇਰੇ ਸਾਢੇ ਅੱਠ ਵਜੇ ਛਾਪੇਮਾਰੀ ਸ਼ੁਰੂ ਕੀਤੀ ਗਈ | ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਪਾਏ ਲੜੀਵਾਰ ਸੰਦੇਸ਼ਾਂ ਰਾਹੀਂ ਇਸ ਦੀ ਜਾਣਕਾਰੀ ਦਿੱਤੀ | ਸਿਸੋਦੀਆ ਨੇ ਜਾਂਚ 'ਚ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਹੋਏ ਅਤੇ ਅਸਿੱਧੇ ਤੌਰ 'ਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਇਹ ਲੋਕ (ਭਾਜਪਾ) ਦਿੱਲੀ ਦੀ ਸਿੱਖਿਆ ਅਤੇ ਸਿਹਤ ਦੇ ਸ਼ਾਨਦਾਰ ਕੰਮ ਤੋਂ ਪ੍ਰੇਸ਼ਾਨ ਹਨ | ਸਿਸੋਦੀਆ ਨੇ ਕਿਹਾ ਕਿ ਇਸ ਲਈ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਫੜਿਆ ਹੈ, ਤਾਂ ਜੋ ਸਿੱਖਿਆ ਅਤੇ ਸਿਹਤ ਦੇ ਚੰਗੇ ਕੰਮਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੋਵਾਂ 'ਤੇ ਝੂਠੇ ਦੋਸ਼ ਲਗਾਏ ਗਏ ਹਨ | ਅਦਾਲਤ 'ਚ ਸੱਚ ਸਾਹਮਣੇ ਆ ਜਾਵੇਗਾ | ਉਪ ਮੁੱਖ ਮੰਤਰੀ ਨੇ ਇਹ ਵੀ ਲਿਖਿਆ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਡੇ ਦੇਸ਼ 'ਚ, ਜੋ ਵੀ ਚੰਗਾ ਕੰਮ ਕਰਦਾ ਹੈ, ਉਸ ਨੂੰ ਇਸੇ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ | ਇਸ ਲਈ ਸਾਡਾ ਦੇਸ਼ ਹੁਣ ਤੱਕ ਨੰਬਰ ਇਕ ਨਹੀਂ ਬਣ ਸਕਿਆ |
ਕੇਜਰੀਵਾਲ ਨੇ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਕੀਤੀ ਅਪੀਲ
ਛਾਪੇਮਾਰੀ ਦੇ ਅਮਲ ਦੌਰਾਨ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਕੇਂਦਰ ਸਰਕਾਰ ਦੀ ਖੁੱਲ੍ਹ ਕੇ ਨੁਕਤਾਚੀਨੀ ਕੀਤੀ ਅਤੇ ਇਕ ਫ਼ੋਨ ਨੰਬਰ ਜਾਰੀ ਕਰਕੇ ਲੋਕਾਂ ਨੂੰ ਨਾਲ ਜੁੜਨ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਇਹ (ਛਾਪੇਮਾਰੀ) ਪਹਿਲੀ ਵਾਰ ਨਹੀਂ ਹੈ | ਪਿਛਲੇ 7 ਸਾਲਾਂ 'ਚ ਮਨੀਸ਼ 'ਤੇ ਕਈ ਵਾਰ ਕਾਰਵਾਈ ਕੀਤੀ ਗਈ ਹੈ, ਪਰ ਪਹਿਲਾਂ ਵੀ ਉਨ੍ਹਾਂ ਦੇ ਹੱਥ ਕੁਝ ਨਹੀਂ ਸੀ ਲੱਗਾ ਅਤੇ ਹੁਣ ਵੀ ਕੁਝ ਨਹੀਂ ਲੱਗੇਗਾ | ਕੇਜਰੀਵਾਲ ਨੇ ਅਸਿੱਧੇ ਢੰਗ ਨਾਲ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਇਨ੍ਹਾਂ (ਭਾਜਪਾ) ਦੇ ਆਸਰੇ ਦੇਸ਼ ਛੱਡ ਦਿੱਤਾ ਤਾਂ ਇਹ ਦੇਸ਼ ਨੂੰ ਬਰਬਾਦ ਕਰ ਦੇਣਗੇ | ਕੇਜਰੀਵਾਲ ਨੇ 95100-01000 ਨੰਬਰ ਜਾਰੀ ਕਰਦਿਆਂ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਦੀ ਚਾਹ ਰੱਖਣ ਵਾਲੇ ਨਾਗਰਿਕ ਇਸ ਨੰਬਰ 'ਤੇ ਮਿਸ ਕਾਲ ਕਰਕੇ ਇਸ ਮਿਸ਼ਨ ਨਾਲ ਜੁੜਨ |
ਕੇਜਰੀਵਾਲ ਦੀ ਮਕਬੂਲੀਅਤ ਨੂੰ ਰੋਕਣਾ ਮਕਸਦ ਹੈ-ਸੰਜੈ ਸਿੰਘ
ਸੰਜੈ ਸਿੰਘ ਨੇ ਸਵੇਰੇ 11 ਵਜੇ ਪ੍ਰੈੱਸ ਕਾਨਫ਼ਰੰਸ ਕਰਕੇ ਭਾਜਪਾ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿਸੋਦੀਆ ਦੇ ਘਰ ਸੀ. ਬੀ. ਆਈ. ਭੇਜਣ ਦਾ ਮਕਸਦ ਸ਼ਰਾਬ ਨੀਤੀ ਦੀ ਜਾਂਚ ਨਹੀਂ, ਸਗੋਂ ਕੇਜਰੀਵਾਲ ਦੀ ਵਧਦੀ ਮਕਬੂਲੀਅਤ ਨੂੰ ਰੋਕਣਾ ਹੈ | ਸੰਜੈ ਸਿੰਘ ਨੇ ਕਿਹਾ ਕਿ ਦਿੱਲੀ ਦੇ ਸਿਹਤ ਅਤੇ ਸਿੱਖਿਆ ਮਾਡਲ ਦੀਆਂ ਦੁਨੀਆ ਭਰ 'ਚ ਚਰਚਾ ਹੋਣ ਕਾਰਨ ਮੋਦੀ ਜੀ ਨੂੰ ਸਿਰਫ਼ ਕੇਜਰੀਵਾਲ ਨੂੰ ਰੋਕਣ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ |
ਨਵੀਂ ਦਿੱਲੀ, 19 ਅਗਸਤ (ਏਜੰਸੀ)-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਇਕ ਸਹਿਯੋਗੀ ਵਲੋਂ ਚਲਾਈ ਜਾ ਰਹੀ ਕੰਪਨੀ ਨੂੰ ਇਕ ਸ਼ਰਾਬ ਕਾਰੋਬਾਰੀ ਨੇ ਕਥਿਤ ਤੌਰ 'ਤੇ ਇਕ ਕਰੋੜ ਰੁਪਏ ਦਾ ਭੁਗਤਾਨ ਕੀਤਾ | ਸੀ.ਬੀ.ਆਈ. ਨੇ ਆਬਕਾਰੀ ਨੀਤੀ 2021-22 ਨੂੰ ਤਿਆਰ ਕਰਨ ਅਤੇ ਇਸ ਨੂੰ ਲਾਗੂ ਕਰਨ 'ਚ ਹੋਏ ਕਥਿਤ ਭਿ੍ਸ਼ਟਾਚਾਰ ਸੰਬੰਧੀ ਆਪਣੀ ਐਫ.ਆਈ.ਆਰ. 'ਚ ਇਹ ਦਾਅਵਾ ਕੀਤਾ ਹੈ | ਕੇਂਦਰੀ ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਸਿਸੋਦੀਆ ਅਤੇ ਹੋਰ ਦੋਸ਼ੀ ਅਧਿਕਾਰੀਆਂ ਨੇ ਟੈਂਡਰਾਂ ਦੇ ਬਾਅਦ ਲਾਇਸੰਸ ਧਾਰਕਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਸਮਰੱਥ ਅਧਿਕਾਰੀਆਂ ਦੀ ਮਨਜ਼ੂਰੀ ਬਿਨ੍ਹਾਂ ਆਬਕਾਰੀ ਨੀਤੀ 2021-22 ਨਾਲ ਸੰਬੰਧਿਤ ਸਿਫ਼ਾਰਸ਼ ਕੀਤੀ ਅਤੇ ਫ਼ੈਸਲਾ ਲਿਆ | ਏਜੰਸੀ ਨੇ ਦੋਸ਼ ਲਗਾਇਆ ਕਿ ਗੁੜਗਾਂਓ 'ਚ ਵੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਅਮਿਤ ਅਰੋੜਾ, ਦਿਨੇਸ਼ ਅਰੋੜਾ ਅਤੇ ਅਰਜੁਨ ਪਾਂਡੇ ਸਿਸੋਦੀਆ ਦੇ 'ਨਜ਼ਦੀਕੀ ਸਹਿਯੋਗੀ' ਹਨ ਅਤੇ ਦੋਸ਼ੀ ਅਧਿਕਾਰੀਆਂ ਲਈ ਸ਼ਰਾਬ ਲਾਇਸੰਸ ਧਾਰਕਾਂ ਤੋਂ ਇਕੱਠੇ ਕੀਤੇ ਪੈਸੇ ਦਾ ਪ੍ਰਬੰਧ ਕਰਨ ਅਤੇ ਟਰਾਂਸਫ਼ਰ ਕਰਨ 'ਚ ਸਰਗਰਮ ਰੂਪ ਨਾਲ ਸ਼ਾਮਿਲ ਸਨ | ਸੀ. ਬੀ. ਆਈ. ਨੇ ਦੋਸ਼ ਲਗਾਇਆ ਕਿ ਦਿਨੇਸ਼ ਅਰੋੜਾ ਵਲੋਂ ਪ੍ਰਬੰਧਿਤ ਰਾਧਾ ਇੰਡਸਟਰੀਜ਼ ਨੂੰ ਇੰਡੋਸਪਿਰਟਸ ਦੇ ਸਮੀਰ ਮਹੇਂਦਰੂ ਤੋਂ ਇਕ ਕਰੋੜ ਰੁਪਏ ਮਿਲੇ ਸਨ | ਐਫ.ਆਈ.ਆਰ. 'ਚ ਕਿਹਾ ਗਿਆ ਹੈ ਕਿ ਸੂਤਰ ਨੇ ਅੱਗੇ ਖ਼ੁਲਾਸਾ ਕੀਤਾ ਹੈ ਕਿ ਅਰੁਣ ਰਾਮਚੰਦਰ ਪਿਲਈ, ਵਿਜੇ ਨਾਇਰ ਦੇ ਰਾਹੀਂ ਸਮੀਰ ਮਹੇਂਦਰੂ ਤੋਂ ਦੋਸ਼ੀ ਸਰਕਾਰੀ ਅਧਿਕਾਰੀਆਂ ਨੂੰ ਪੈਸੇ ਪਹੁੰਚਾਉਣ ਲਈ ਗ਼ੈਰਕਾਨੂੰਨੀ ਢੰਗ ਨਾਲ ਧਨ ਇਕੱਠਾ ਕਰਦਾ ਸੀ | ਅਰਜੁਨ ਪਾਂਡੇ ਨਾਂਅ ਦੇ ਇਕ ਵਿਅਕਤੀ ਨੇ ਵਿਜੇ ਨਾਇਰ ਵਲੋਂ ਸਮੀਰ ਮਹੇਂਦਰੂ ਤੋਂ ਕਰੀਬ 2-4 ਕਰੋੜ ਰੁਪਏ ਦੀ ਵੱਡੀ ਰਾਸ਼ੀ ਇਕੱਠੀ ਕੀਤੀ ਸੀ |
ਕੰਪਨੀ ਦੀ ਸਮੁੱਚੀ ਜਾਇਦਾਦ ਤੇ ਰਿਕਾਰਡ ਸੁਪਰੀਮ ਕੋਰਟ ਕੇਸ 'ਚ ਅਟੈਚ
ਹਰਕਵਲਜੀਤ ਸਿੰਘ
ਚੰਡੀਗੜ੍ਹ, 19 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਵਿਚਲੇ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਰਾਹਤ ਦੇਣ ਲਈ ਜੋ ਵਿਸ਼ੇਸ਼ ਜਾਂਚ ਦਾ ਹੁਕਮ ਦਿੱਤਾ ਗਿਆ ਹੈ, ਉਸ ਦਾ ਕੀ ਮੰਤਵ ਤੇ ਕਾਨੂੰਨੀ ਆਧਾਰ ਹੋ ਸਕਦਾ ਹੈ ਜਦੋਂ ਕਿ ਸੁਪਰੀਮ ਕੋਰਟ ਪਹਿਲਾਂ ਕੰਪਨੀ ਵਿਰੁੱਧ ਇਨਕਮ ਟੈਕਸ, ਈ.ਡੀ., ਸੇਬੀ ਤੇ ਸੀ.ਬੀ.ਆਈ. ਸਮੇਤ ਦੂਜੇ ਸਾਰੇ ਕੇਸਾਂ ਨੂੰ ਇਕ ਥਾਂ ਇਕੱਠਾ ਕਰ ਕੇ ਸੇਵਾ-ਮੁਕਤ ਚੀਫ਼ ਜਸਟਿਸ ਲੋਧਾ ਦੀ ਅਗਵਾਈ ਵਿਚ ਇਕ ਕਮੇਟੀ ਗਠਿਤ ਕਰ ਚੁੱਕੀ ਹੈ, ਜਿਸ ਨੂੰ ਕੰਪਨੀ ਦੀ ਦੇਣਦਾਰੀ ਪੂਰੀ ਕਰਨ ਅਤੇ ਜਾਇਦਾਦ ਦੀ ਵਿਕਰੀ ਦਾ ਕੰਮ ਦਿੱਤਾ ਗਿਆ ਹੈ | ਪੰਜਾਬ ਸਰਕਾਰ ਜਸਟਿਸ ਲੋਧਾ ਕਮੇਟੀ ਤੱਕ ਪਹੁੰਚ ਕਰੇਗੀ ਜਾਂ ਸੁਪਰੀਮ ਕੋਰਟ ਤੱਕ, ਇਹ ਸਪਸ਼ਟ ਨਹੀਂ ਜਾਂ ਕਿਸੇ ਹੋਰ ਢੰਗ ਨਾਲ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਦਿਵਾਏਗੀ, ਇਹ ਵੀ ਸਪਸ਼ਟ ਨਹੀਂ ਹੈ | ਕੰਪਨੀ ਦੇ ਮੁਖੀ ਨਿਰਮਲ ਸਿੰਘ ਭੰਗੂ ਸਮੇਤ ਚੀਫ਼ ਵਿੱਤੀ ਕੰਟਰੋਲਰ ਗੁਰਮੀਤ ਸਿੰਘ, ਐਮ.ਡੀ. ਸੁਖਦੇਵ ਸਿੰਘ ਅਤੇ ਡਾਇਰੈਕਟਰ ਭੱਟਾਚਾਰੀਆ ਮਗਰਲੇ 6 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਹਨ, ਜਦੋਂ ਕਿ ਇਕ ਡਾਇਰੈਕਟਰ ਦੀ ਜੇਲ੍ਹ ਵਿਚ ਮੌਤ ਹੋ ਗਈ ਹੈ ਅਤੇ ਇਕ ਦੀ ਜ਼ਮਾਨਤ ਵੀ ਹੋ ਚੁੱਕੀ ਹੈ | ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਕੰਪਨੀ ਦੀ ਕਿਸੇ ਜਾਇਦਾਦ ਦੀ ਗੈਰ-ਕਾਨੂੰਨੀ ਵਿਕਰੀ ਦਾ ਕੇਸ ਵੀ ਸ਼ਿਕਾਇਤ 'ਤੇ ਦਰਜ ਕੀਤਾ ਸੀ, ਜਿਸ 'ਚ ਸ. ਭੰਗੂ ਦੇ ਇਕ ਜਵਾਈ ਤੇ ਬੇਟੀ ਵੀ ਨਜ਼ਰਬੰਦ ਹਨ | ਇਹ ਕੇਸ ਵੀ ਸੀ.ਬੀ.ਆਈ. ਨੇ ਹੀ ਆਪਣੇ ਹੱਥਾਂ ਵਿਚ ਲੈ ਲਿਆ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਜੋ ਨਿਵੇਸ਼ਕਾਰਾਂ ਨੂੰ ਪੈਸੇ ਵਾਪਸ ਲੈ ਕੇ ਦੇਣ ਦਾ ਭਰੋਸਾ ਦਿੱਤਾ ਹੈ, ਉਹ ਪੈਸੇ ਕਿਸ ਤੋਂ ਲਏ ਜਾਣਗੇ? ਜਦੋਂਕਿ ਕੰਪਨੀ ਦੇ ਸਾਰੇ ਅਧਿਕਾਰੀ ਤਿਹਾੜ ਜੇਲ੍ਹ ਵਿਚ ਹਨ ਅਤੇ ਜਾਇਦਾਦ ਤੇ ਰਿਕਾਰਡ ਸੀ.ਬੀ.ਆਈ. ਕੋਲ ਅਤੇ ਕੇਸ ਸੁਪਰੀਮ ਕੋਰਟ 'ਚ ਹੈ | ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼ ਅਨੁਸਾਰ ਕੰਪਨੀ ਦੀ ਜਾਇਦਾਦ ਦਾ ਕੋਈ ਵੀ ਖ਼ਰੀਦਦਾਰ ਘੱਟੋ-ਘੱਟ 1000 ਕਰੋੜ ਦੀ ਜਾਇਦਾਦ ਲਈ ਟੈਂਡਰ ਦੇ ਸਕਦਾ ਹੈ | ਗੂਗਲ ਅਨੁਸਾਰ ਪਰਲ ਕੰਪਨੀ ਦਾ 2021-22 ਵਿਚ ਕੁਲ ਮੁੱਲ 1 ਲੱਖ 82000 ਕਰੋੜ ਦਿਖਾਇਆ ਜਾ ਰਿਹਾ ਹੈ | ਜਦੋਂਕਿ ਸਰਕਾਰ ਵਲੋਂ ਕੁਝ ਸਾਲ ਪਹਿਲਾਂ ਕੰਪਨੀ ਦੀਆਂ ਦੇਣਦਾਰੀਆਂ 48000 ਕਰੋੜ ਦੀਆਂ ਦੱਸੀਆਂ ਗਈਆਂ ਸਨ, ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਉਕਤ ਰਾਸ਼ੀ 'ਚੋਂ ਕਾਫ਼ੀ ਰਕਮ ਨਿਵੇਸ਼ਕਾਰਾਂ ਨੂੰ ਵਾਪਸ ਵੀ ਕਰ ਚੁੱਕੇ ਹਨ ਪਰ ਜੇਕਰ ਕੰਪਨੀ ਦੀ ਸਮਰੱਥਾ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਕਰਨ ਦੀ ਹੈ ਤਾਂ ਨਿਵੇਸ਼ਕਾਰਾਂ ਦੀ ਜਮ੍ਹਾਂ ਰਾਸ਼ੀ ਵਾਪਸ ਕਰਵਾਉਣ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਇਹ ਵੀ ਸਭ ਦੀ ਸਮਝ ਤੋਂ ਬਾਹਰ ਹੈ | ਦਿਲਚਸਪ ਗੱਲ ਇਹ ਹੈ ਕਿ ਇਸ ਕੰਪਨੀ ਦੇ ਪ੍ਰਮੋਟਰ ਭਾਵੇਂ ਪੰਜਾਬੀ ਹਨ ਪਰ ਨਿਵੇਸ਼ਕਾਰ ਪੂਰੇ ਦੇਸ਼ ਤੋਂ ਹਨ ਅਤੇ ਬਾਕੀ ਸੂਬਿਆਂ ਦੇ ਨਿਵੇਸ਼ਕਾਰਾਂ ਮੁਕਾਬਲੇ ਪੰਜਾਬ ਵਿਚਲਾ ਨਿਵੇਸ਼ ਕਾਫੀ ਥੋੜ੍ਹਾ ਹੈ | ਪੰਜਾਬ ਸਰਕਾਰ ਸੂਬੇ ਦੇ ਗ਼ਰੀਬ ਨਿਵੇਸ਼ਕਾਰਾਂ ਨੂੰ ਰਾਹਤ ਕਿਵੇਂ ਦਿਵਾਏਗੀ ਇਹ ਵੇਖਣ ਵਾਲੀ ਗੱਲ ਹੋਵੇਗੀ ਜਾਂ ਸਰਕਾਰ ਦਾ ਇਹ ਵੱਡਾ ਐਲਾਨ ਵੀ ਇਕ ਸਿਆਸੀ ਜੁਮਲਾ ਹੀ ਸਾਬਤ ਹੋਵੇਗਾ |
ਅੱਜ ਸੰਭਾਲਣਗੇ ਅਹੁਦਾ-ਮੁੱਖ ਮੰਤਰੀ ਨੇ ਦਿੱਤੀ ਵਧਾਈ
ਲੁਧਿਆਣਾ, 19 ਅਗਸਤ (ਪੁਨੀਤ ਬਾਵਾ)-ਦੇਸ਼ 'ਚ ਹਰੀ ਕ੍ਰਾਂਤੀ ਲਿਆਉਣ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ 13 ਮਹੀਨੇ ਬਾਅਦ ਪ੍ਰਸਿੱਧ ਖੇਤੀ ਮਾਹਿਰ ਡਾ. ਸਤਬੀਰ ਸਿੰਘ ਗੋਸਲ ਦੇ ਰੂਪ 'ਚ ਉਪ ਕੁਲਪਤੀ ਮਿਲ ਗਿਆ ਹੈ | ਡਾ.ਗੋਸਲ 20 ਅਗਸਤ ਨੂੰ ਪੀ.ਏ.ਯੂ. ਦੇ ਉਪ ਕੁਲਪਤੀ ਵਜੋਂ ਰਸਮੀ ਆਹੁਦਾ ਸੰਭਾਲਣਗੇ | ਪੰਜਾਬ ਸਰਕਾਰ ਵਲੋਂ ਡਾ. ਗੋਸਲ ਨੂੰ ਪੀ.ਏ.ਯੂ. ਦਾ ਉਪ ਕੁਲਪਤੀ ਨਿਯੁਕਤ ਕਰਨ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਰਾਹੀਂ ਦਿੱਤੀ | ਮੁੱਖ ਮੰਤਰੀ ਮਾਨ ਨੇ ਡਾ.ਗੋਸਲ ਨੂੰ ਉਪ ਕੁਲਪਤੀ ਨਿਯੁਕਤ ਹੋਣ 'ਤੇ ਵਧਾਈ ਵੀ ਦਿੱਤੀ | ਡਾ.ਗੋਸਲ ਦਾ ਜਨਮ 1 ਅਕਤੂਬਰ 1954 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡ ਰਤਵਾੜਾ ਵਿਖੇ ਹੋਇਆ | ਅੱਜ ਕੱਲ੍ਹ ਉਹ ਲੁਧਿਆਣਾ ਵਿਖੇ ਰਹਿ ਰਹੇ ਹਨ | ਡਾ.ਗੋਸਲ ਨੇ ਬੀ. ਐਸ. ਸੀ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਸ.ਐਸ.ਸੀ. ਤੇ ਪੀ. ਐਚ. ਡੀ. ਪਲਾਂਟ ਬਰੀਡਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੋਸਟਡਾਕਟਰੇਟ ਖੋਜ ਨੋਟਿੰਘਮ ਯੂਨੀਵਰਸਿਟੀ ਅਤੇ ਜੌਹਲ ਇੰਨਸ ਸੈਂਟਰ ਨੌਰਵਿੱਚ ਇੰਗਲੈਂਡ ਤੋਂ 2 ਸਾਲ ਤੇ 6 ਮਹੀਨੇ 'ਚ ਕੀਤੀ | ਉਨ੍ਹਾਂ ਨੇ ਜੀ.ਐਮ. ਕਰੌਪ 'ਚ ਬਾਇਓਸੇਫ਼ਟੀ ਐਡਵਾਂਸ ਸਿਖ਼ਲਾਈ ਪਲਾਟ ਵਿਗਿਆਨ ਖੋਜ ਸੈਂਟ ਲੁਇਸ ਐਪਿਸ, ਈ.ਪੀ.ਏ. ਯੂ.ਐਸ.ਡੀ.ਏ., ਯੂ.ਐਸ.ਟੀ.ਡੀ.ਏ., ਵਸ਼ਿੰਗਟਨ ਡੀ.ਸੀ. ਯੂ.ਐਸ.ਏ. ਤੋਂ ਕੀਤੀ |
ਡਾ.ਗੋਸਲ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ, ਪੀ.ਏ.ਯੂ. ਦੇ ਨਿਰਦੇਸ਼ਕ ਖੋਜ, ਅਡੀਸ਼ਨਲ ਨਿਰਦੇਸ਼ਕ ਖੋਜ ਪੀ. ਏ. ਯੂ., ਨਿਰਦੇਸ਼ਕ ਸਕੂਲ ਆਫ਼ ਐਗਰੀਕਲਚਰਲ ਬਾਇਓਤਕਨਾਲੋਜੀ ਪੀ. ਏ. ਯੂ., ਮੁਖੀ ਬਾਇਓਤਕਨਾਲੋਜੀ ਪੀ.ਏ.ਯੂ. ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਉਹ 2012 ਤੋਂ 2015 ਤੱਕ ਪੰਜਾਬ ਸਾਇੰਸ ਅਕੈਡਮੀ ਦੇ ਪ੍ਰਧਾਨ ਰਹੇ | ਉਨ੍ਹਾਂ ਨੂੰ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਇਰਾਕ ਤੋਂ ਇਲਾਵਾ ਦੇਸ਼ ਭਰ 'ਚ ਕਈ ਪੁਰਸਕਾਰ ਮਿਲ ਚੁੱਕੇ ਹਨ |
ਅਗਰਤਲਾ, 19 ਅਗਸਤ (ਏਜੰਸੀ)-ਮਿਜ਼ੋਰਮ ਤੇ ਬੰਗਲਾਦੇਸ਼ ਨਾਲ ਲੱਗਦੀ ਤਿ੍ਪੁਰਾ ਦੀ ਪੂਰਬੀ ਸਰਹੱਦ 'ਤੇ ਸ਼ੁੱਕਰਵਾਰ ਸਵੇਰੇ ਐਨ.ਐਫ.ਟੀ.ਐਲ. ਅੱਤਵਾਦੀਆਂ ਵਲੋਂ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੇ ਗਸ਼ਤੀ ਦਲ 'ਤੇ ਸਰਹੱਦੀ ਵਾੜ ਦੇ ਦੂਜੇ ਪਾਸਿਉਂ ਕੀਤੀ ਗੋਲੀਬਾਰੀ 'ਚ ਬੀ.ਐਸ.ਐਫ. ਦਾ ਇਕ ਹੈਡ ਕਾਂਸਟੇਬਲ ਮਾਰਿਆ ਗਿਆ ਹੈ | ਬੀ.ਐਸ.ਐਫ. ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਪਰ ਅੱਤਵਾਦੀ ਬੰਗਲਾਦੇਸ਼ ਦੇ ਜੰਗਲ ਵੱਲ ਭੱਜ ਗਏ | ਬੀ.ਐਸ.ਐਫ. ਵਲੋਂ ਜ਼ਖ਼ਮੀ ਜਵਾਨ ਨੂੰ ਹੈਲੀਕਾਪਟਰ ਦੁਆਰਾ ਅਗਰਤਲਾ ਪਹੁੰਚਾਇਆ ਗਿਆ, ਜਿਥੇ ਇਲਾਜ਼ ਦੌਰਾਨ ਉਹ ਜਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਿਆ | ਸ਼ਹੀਦ ਹੋਇਆ ਹੈਡ ਕਾਂਸਟੇਬਲ ਗਿਰੀਸ਼ ਕੁਮਾਰ ਉਦੈ (53) ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ |
ਨਵੀਂ ਦਿੱਲੀ, 19 ਅਗਸਤ (ਜਗਤਾਰ ਸਿੰਘ)- ਭਾਰਤ 'ਚ ਸਥਿਤ ਕੈਨੇਡਾ ਹਾਈ ਕਮਿਸ਼ਨ ਨੇ, ਕੈਨੇਡਾ ਦੇ ਵੀਜ਼ਾ ਲਈ ਵੱਡੀ ਗਿਣਤੀ 'ਚ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਹਾਈ ਕਮਿਸ਼ਨ ਵਲੋਂ ਇਸ ਸਥਿਤੀ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਉਹ ਭਾਰਤੀਆਂ ਦੀ ਨਿਰਾਸ਼ਾ ਤੇ ਗੁੱਸੇ ਨੂੰ ਸਮਝਦੇ ਹਨ | ਹਾਈ ਕਮਿਸ਼ਨ ਦੇ ਇਸ ਭਰੋਸੇ ਨਾਲ ਅਜਿਹੇ ਵਿਦਿਆਰਥੀਆਂ ਤੇ ਹੋਰਨਾ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ, ਜਿਹੜੇ ਲੰਮੇ ਸਮੇਂ ਤੋਂ ਵੀਜ਼ੇ ਦੀ ਉਡੀਕ ਕਰ ਰਹੇ ਹਨ | ਕੈਨੇਡਾ ਹਾਈ ਕਮਿਸ਼ਨ ਨੇ ਟਵੀਟ ਰਾਹੀਂ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਹਫ਼ਤੇ ਵੀਜ਼ਾ ਪ੍ਰਾਪਤ ਕਰ ਰਹੇ ਹਨ ਅਤੇ ਹਾਈ ਕਮਿਸ਼ਨ ਵੀਜ਼ਾ ਪ੍ਰਾਪਤੀ ਲਈ ਉਡੀਕ ਦੇ ਸਮੇਂ ਨੂੰ ਘੱਟ ਕਰਨ ਲਈ ਹਰ ਸੰਭਵ ਯਤਨ ਜਾਰੀ ਰੱਖੇਗਾ | ਹਾਈ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਨੂੰ ਵੀਜ਼ੇ ਲਈ ਲੰਮੇ ਸਮੇਂ ਤੋਂ ਉਡੀਕ ਕਰਨੀ ਪੈ ਰਹੀ ਹੈ, ਅਸੀਂ ਉਨ੍ਹਾਂ ਲੋਕਾਂ ਦੀ ਨਿਰਾਸ਼ਾ ਤੇ ਗੁੱਸੇ ਨੂੰ ਸਮਝਦੇ ਹਾਂ ਅਤੇ ਹਾਈ ਕਮਿਸ਼ਨ ਵਲੋਂ ਲੋਕਾਂ ਦੀਆਂ ਅਜਿਹੀਆਂ ਦਿੱਕਤਾਂ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਅਸਲ 'ਚ ਅਸੀਂ ਸਤੰਬਰ 2022 ਦੇ ਦਾਖਲੇ ਲਈ ਪੜ੍ਹਾਈ ਪਰਮਿਟ ਸਮੇਤ ਪੂਰੇ ਸਾਲ ਦੀਆਂ ਅਰਜ਼ੀਆਂ 'ਤੇ ਕਰਵਾਈ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਕੌਮਾਂਤਰੀ ਪੜ੍ਹਾਈ ਪਰਮਿਟ ਅਰਜ਼ੀਆਂ ਲਈ ਮੌਜੂਦਾ ਪ੍ਰਕਿਰਿਆ ਦਾ ਸਮਾਂ 12 ਹਫ਼ਤੇ ਹੈ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ, ਜਿਹੜੇ ਹਾਲੇ ਆਪਣੀਆਂ ਵੀਜ਼ਾ ਅਰਜ਼ੀਆਂ ਦੇ ਨਤੀਜੇ ਦੀ ਉਡੀਕ ਕਰ ਹਨ, ਕਿ ਉਨ੍ਹਾਂ ਨੂੰ ਇਸ ਪੱਧਰ 'ਤੇ ਕੈਨੇਡਾ ਸਥਿਤ ਆਪਣੀਆਂ ਸਿੱਖਿਆ ਸੰਸਥਾਵਾਂ ਨਾਲ ਵਿਕਲਪਾਂ 'ਤੇ ਚਰਚਾ ਕਰਨੀ ਚਾਹੀਦੀ ਹੈ ਕਿ ਉਹ ਕਲਾਸਾਂ ਸ਼ੁਰੂ ਹੋਣ ਦੇ ਸਹੀ ਸਮੇਂ ਇੱਥੇ ਪਹੁੰਚਣ ਤੋਂ ਅਸਮਰੱਥ ਹਨ |
ਨਵੀਂ ਦਿੱਲੀ, 19 ਅਗਸਤ (ਏਜੰਸੀ)-ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੇ ਰੂਪ ਵਿਚ ਨਿਯੁਕਤੀ ਲਈ ਸੁਪਰੀਮ ਕੋਰਟ ਕੋਲਜੀਅਮ ਵਲੋਂ ਸੁਝਾਏ ਦੋ ਐਡਵੋਕੇਟਾਂ ਦੇ ਨਾਂਵਾਂ ਨੂੰ ਰੋਕ ਦਿੱਤਾ ਹੈ | ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ | ਸੁਪਰੀਮ ...
ਕਿਹਾ, ਇਸ ਤਰ੍ਹਾਂ ਦੀ ਛਾਪੇਮਾਰੀ ਤੋਂ ਨਹੀਂ ਡਰਦੇ
ਇਸ ਦੌਰਾਨ ਸਿਸੋਦੀਆ ਨੇ ਦੱਸਿਆ ਕਿ ਸੀ.ਬੀ.ਆਈ. ਦੇ ਅਧਿਕਾਰੀਆਂ ਵਲੋਂ ਕਈ ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਜਿੱਥੇ ਉਨਾਂ ਦਾ ਕੰਪਿਊਟਰ ਅਤੇ ਮੋਬਾਈਲ ਫੋਨ ਆਪਣੇ ਕਬਜ਼ੇ ਵਿਚ ਲਿਆ ਗਿਆ, ਉੱਥੇ ਕੁਝ ਫਾਈਲਾਂ ਵੀ ...
'ਆਪ' ਆਗੂਆਂ ਵਲੋਂ ਨਿਊਯਾਰਕ ਟਾਈਮਜ਼ 'ਚ ਛਪੀ ਖ਼ਬਰ ਦਾ ਵਾਰ-ਵਾਰ ਹਵਾਲਾ ਦੇਣ ਤੋਂ ਭਾਜਪਾ ਨੇਤਾ ਨੇ ਇਸ ਨੂੰ 'ਪੇਡ ਨਿਊਜ਼' ਭਾਵ ਪੈਸੇ ਦੇ ਕੇ ਲਗਵਾਈ ਖ਼ਬਰ ਕਰਾਰ ਦਿੱਤਾ | ਭਾਜਪਾ ਆਗੂ ਕਪਿਲ ਮਿਸ਼ਰਾ ਨੇ ਲੇਖ 'ਚ ਲੱਗੀ ਤਸਵੀਰ ਨੂੰ ਫ਼ਰਜ਼ੀ ਦੱਸਦਿਆਂ ਕਿਹਾ ਕਿ ਇਹ ...
ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਨੀਸ਼ ਸਿਸੋਦੀਆ 'ਤੇ ਸੀ. ਬੀ. ਆਈ. ਦੇ ਛਾਪੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ...
ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ. ਬੀ. ਆਈ. ਦੀ ਛਾਪੇਮਾਰੀ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ | ਇਸ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ...
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਭਾਜਪਾ ਨੇ ਛਾਪੇਮਾਰੀ ਦੌਰਾਨ 'ਆਪ' ਸਰਕਾਰ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਸ਼ਰਾਬ ਮਾਫ਼ੀਆ ਅਤੇ ਕੇਜਰੀਵਾਲ 'ਚ ਸਮਝੌਤਾ ਹੋਇਆ ਸੀ ਕਿ ਜੇਕਰ ਉਨ੍ਹਾਂ ਨੂੰ ਫਾਇਦਾ ਪਹੁੰਚਾਇਆ ਜਾਵੇਗਾ ਤਾਂ ...
ਗਾਜ਼ੀਆਬਾਦ (ਯੂ.ਪੀ.), 19 ਅਗਸਤ (ਏਜੰਸੀ)-ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਨੌਜਵਾਨ ਵਲੋਂ ਇੱਥੇ 9 ਅਤੇ 6 ਸਾਲ ਉਮਰ ਦੀਆਂ ਦੋ ਲੜਕੀਆਂ ਨੂੰ ਕਥਿਤ ਅਗਵਾ ਕਰਨ ਉਪਰੰਤ ਜਬਰ ਜਨਾਹ ਤੋਂ ਬਾਅਦ ਉਨ੍ਹਾਂ 'ਚੋਂ ਇਕ ਦੀ ਹੱਤਿਆ ਕਰ ਦਿੱਤੀ | ਉਨ੍ਹਾਂ ਕਿਹਾ ਕਿ 9 ਸਾਲਾ ਲੜਕੀ ...
ਇਸਲਾਮਾਬਾਦ, 19 ਅਗਸਤ (ਏਜੰਸੀ)-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੀ ਹਥਿਆਰਾਂ ਦੀ ਬੇਲਗਾਮ ਪ੍ਰਾਪਤੀ ਖੇਤਰ 'ਚ ਅਸੰਤੁਲਨ ਪੈਦਾ ਕਰ ਰਹੀ ਹੈ, ਜਿਸ ਨਾਲ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਹੈ | ਵਿਦੇਸ਼ ਦਫ਼ਤਰ ਦੇ ਬੁਲਾਰੇ ਅਸੀਮ ਇਫਤਿਖਾਰ ਅਹਿਮਦ ਨੇ ...
ਨਵੀਂ ਦਿੱਲੀ, 19 ਅਗਸਤ (ਉਪਮਾ ਡਾਗਾ ਪਾਰਥ)-ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਉਸ ਖ਼ਬਰ ਦਾ ਜ਼ਿਕਰ ਵੀ ਕੀਤਾ, ਜਿਸ 'ਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੇ ਕੰਮਾਂ ਨੂੰ ਸਲਾਹਿਆ ਗਿਆ ਹੈ | ਉਨ੍ਹਾਂ ਕਿਹਾ ਕਿ ...
ਦਿੱਲੀ ਵਾਂਗ ਪੰਜਾਬ ਵਿਚਲੀ ਆਬਕਾਰੀ ਨੀਤੀ ਦੀ ਵੀ ਹੋਵੇ ਜਾਂਚ-ਕਾਂਗਰਸ ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ ਦੇ ਛਾਪੇ ਦਾ ਸੇਕ ਪੰਜਾਬ 'ਚ ਪੁੱਜ ਗਿਆ ਹੈ | ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ 'ਚ ...
ਨਵੀਂ ਦਿੱਲੀ, 19 ਅਗਸਤ (ਪੀ. ਟੀ. ਆਈ.)-ਅਮਰੀਕੀ ਅਖ਼ਬਾਰ ਨੇ 'ਪੇਡ ਨਿਊਜ਼' ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸਿੱਖਿਆ ਪ੍ਰਣਾਲੀ 'ਤੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨਿਰਪੱਖ ਅਤੇ ਜ਼ਮੀਨੀ ਪੱਧਰ ਦੀ ਪੱਤਰਕਾਰੀ 'ਤੇ ਆਧਾਰਿਤ ਸੀ | ਸੀ. ਬੀ. ਆਈ. ਵਲੋਂ ...
ਇੰਫਾਲ, 19 ਅਗਸਤ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਫ਼ੌਜ 'ਚ ਭਰਤੀ ਹੋਣਾ ਚਾਹੁੰਦੇ ਸਨ ਪਰ ਪਰਿਵਾਰ ਦੀਆਂ ਸਮੱਸਿਆਵਾਂ ਕਾਰਨ ਨਹੀਂ ਹੋ ਸਕੇ | ਉਨ੍ਹਾਂ ਅਸਮ ਰਾਈਫ਼ਲਜ਼ ਅਤੇ ਭਾਰਤੀ ਸੈਨਾ ਦੀ 57ਵੀਂ ਮਾਊਾਟਨ ਡਵੀਜ਼ਨ ਦੇ ਜਵਾਨਾਂ ਨੂੰ ਸੰਬੋਧਨ ...
ਆਬਕਾਰੀ ਨੀਤੀ ਨੂੰ ਲੈ ਕੇ ਸੀ. ਬੀ. ਆਈ. ਤੋਂ ਬਾਅਦ ਈ. ਡੀ. ਵਲੋਂ ਵੀ ਜਾਂਚ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਹਨ | ਸਰਕਾਰੀ ਹਲਕਿਆਂ ਮੁਤਾਬਿਕ ਇਸ ਮਾਮਲੇ 'ਚ ਕਈ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਕਾਰੋਬਾਰੀਆਂ ਦੀ ਸ਼ਮੂਲੀਅਤ ਨੂੰ ਵੇਖਦਿਆਂ ਈ. ਡੀ. ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX