ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ੍ਹ 'ਚ ਬੇਮੌਸਮੀ ਬਾਰਿਸ਼ ਨੇ ਹੜ੍ਹਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ | ਤੜਕੇ ਤੋਂ ਦੇਰ ਸ਼ਾਮ ਖ਼ਬਰ ਲਿਖਣ ਤੱਕ ਮੀਂਹ ਪੈਣਾ ਜਾਰੀ ਸੀ | ਮੀਂਹ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ ਉੱਥੇ ਸ਼ਹਿਰਾਂ ਤੇ ਪਿੰਡਾਂ 'ਚ ਨੀਵੀਂਆਂ ਥਾਵਾਂ 'ਚ ਤਾਂ ਪਾਣੀ ਭਰਿਆ ਹੀ ਹੈ ਬਲਕਿ ਮੁੱਖ ਬਾਜ਼ਾਰਾਂ ਤੋਂ ਇਲਾਵਾ ਪਿੰਡਾਂ ਦੀਆਂ ਗਲੀਆਂ 'ਚ ਵੱਡੀ ਮਾਤਰਾ 'ਚ ਪਾਣੀ ਭਰ ਗਿਆ ਹੈ | ਮਾਨਸਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਗਲੀ-ਮੁਹੱਲਾ ਅਜਿਹਾ ਨਹੀਂ ਜਿੱਥੇ ਮੀਂਹ ਦਾ ਪਾਣੀ ਨਾ ਭਰਿਆ ਹੋਵੇ | ਤੇਜ਼ ਬਾਰਿਸ਼ ਅਤੇ ਬਾਜ਼ਾਰਾਂ 'ਚ ਪਾਣੀ ਖੜ੍ਹਨ ਕਰ ਕੇ ਦੁਕਾਨਾਂ ਲਗਪਗ ਬੰਦ ਹੀ ਰਹੀਆਂ ਅਤੇ ਆਵਾਜਾਈ ਵੀ ਨਾ ਮਾਤਰ ਹੀ ਰਹੀ | ਬੱਸ ਸਟੈਂਡ ਚੌਂਕ, ਮੁੱਖ ਬਾਜ਼ਾਰ 'ਚ ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਦੋਪਹੀਆ ਵਾਹਨਾਂ ਦੇ ਨਾਲ ਛੋਟੀਆਂ ਕਾਰਾਂ ਵੀ ਬੰਦ ਹੁੰਦੀਆਂ ਵੇਖੀਆਂ ਗਈਆਂ | ਬੱਸਾਂ ਦੀ ਆਵਾਜਾਈ ਵੀ ਘੱਟ ਰਹੀ | ਅੰਡਰ ਬਿ੍ਜ ਨੱਕੋਂ ਨੱਕ ਪਾਣੀ ਨਾਲ ਭਰ ਗਿਆ | ਜਾਣਕਾਰੀ ਅਨੁਸਾਰ ਸ਼ਹਿਰ ਦੇ ਸੈਂਕੜੇ ਘਰਾਂ ਤੇ ਦੁਕਾਨਾਂ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ, ਜਿਸ ਕਰ ਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਦੇ ਸਭ ਤੋਂ ਪੁਰਾਣੇ ਖ਼ਾਲਸਾ ਹਾਈ ਸਕੂਲ ਦੇ ਕਮਰਿਆਂ 'ਚ ਵੀ ਪਾਣੀ ਵੜ ਗਿਆ | ਭਾਰੀ ਮੀਂਹ ਨੇ ਸੀਵਰੇਜ ਪ੍ਰਬੰਧ ਫ਼ੇਲ੍ਹ ਕਰ ਦਿੱਤੇ ਹਨ | ਮੌਸਮ ਵਿਭਾਗ ਦੀ ਚਿਤਾਵਨੀ ਕਾਰਨ ਜ਼ਿਲ੍ਹਾ ਵਾਸੀਆਂ 'ਚ ਸਹਿਮ ਫੈਲਿਆ ਹੋਇਆ ਹੈ | ਮੀਂਹ ਨਾਲ ਬਾਲ ਭਵਨ ਮਾਨਸਾ ਦੀ ਕੰਧ ਵੀ ਡਿੱਗ ਪਈ ਹੈ, ਤੋਂ ਇਲਾਵਾ ਵੱਡੀ ਗਿਣਤੀ 'ਚ ਮਕਾਨਾਂ 'ਚ ਤਰੇੜਾਂ ਆਉਣ ਦੀ ਵੀ ਸੂਚਨਾ ਹੈ | ਸਲੱਮ ਬਸਤੀਆਂ ਦਾ ਬੁਰਾ ਹਾਲ ਹੋਇਆ ਪਿਆ ਹੈ | ਬਹੁਤੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਥਿਤੀ 1988 ਦੇ ਹੜ੍ਹਾਂ ਵਰਗੀ ਹੁੰਦੀ ਜਾਪ ਰਹੀ ਹੈ | ਜ਼ਿਕਰਯੋਗ ਗੱਲ ਇਹ ਹੈ ਕਿ ਮੀਂਹ ਦੇ ਪਾਣੀ ਨਾਲ ਸ਼ਹਿਰ ਦੀ ਸਥਿਤੀ ਬਦਤਰ ਹੋਈ ਪਈ ਹੈ ਪਰ ਨਗਰ ਕੌਂਸਲ ਦੇ ਨਾਲ ਹੀ ਕਿਸੇ ਵੀ ਵਿਭਾਗ ਦੇ ਅਧਿਕਾਰੀ ਦੀ ਕੋਈ ਸਰਗਰਮੀ ਸਾਹਮਣੇ ਨਹੀਂ ਆਈ, ਜਿਸ ਕਰ ਕੇ ਲੋਕਾਂ 'ਚ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ |
ਨਰਮੇ ਦੀ ਫ਼ਸਲ ਮਧੋਲੀ, ਝੋਨਾ ਪਾਣੀ 'ਚ ਡੁੱਬਿਆ
ਜ਼ਿਲੇ੍ਹ ਦੇ ਵੱਖ ਵੱਖ ਪਿੰਡਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਨਰਮੇ ਦੀ ਫ਼ਸਲ ਮੀਂਹ ਨੇ ਮਧੋਲ਼ ਦਿੱਤੀ ਹੈ ਜਦਕਿ ਬਹੁਤੇ ਪਿੰਡਾਂ 'ਚ ਝੋਨਾ ਪਾਣੀ 'ਚ ਡੁੱਬ ਗਿਆ ਹੈ | ਸਬਜ਼ੀਆਂ ਤਾਂ ਬਿਲਕੁਲ ਤਬਾਹ ਹੋ ਗਈਆਂ ਹਨ ਅਤੇ ਹਰਾ-ਚਾਰਾ ਵੀ ਨੁਕਸਾਨਿਆ ਗਿਆ ਹੈ | ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਪੰਜਾਬ ਨੰਬਰਦਾਰ ਐਸੋਸੀਏਸ਼ਨ (ਗ਼ਾਲਿਬ) ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨ੍ਹਾਂ ਘਰਾਂ ਦਾ ਮੀਂਹ ਨਾਲ ਨੁਕਸਾਨ ਹੋਇਆ ਹੈ, ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ | ਮਾਨਸਾ ਸ਼ਹਿਰ ਦੇ ਸਿਰਸਾ ਰੋਡ 'ਤੇ ਕੈਂਬਰਿਜ ਸਕੂਲ ਕੋਲ ਮੂਸਾ ਰਜਬਾਹੇ 'ਚ ਪਾੜ ਪੈਣ ਕਾਰਨ 4 ਪਿੰਡਾਂ ਦੀ 500 ਏਕੜ ਫ਼ਸਲ ਪਾਣੀ 'ਚ ਡੁੱਬ ਗਈ ਹੈ | ਜਾਣਕਾਰੀ ਅਨੁਸਾਰ ਇਸੇ ਰਜਬਾਹੇ 'ਚ ਪਹਿਲਾਂ ਵੀ ਇਸੇ ਥਾਂ 'ਤੇ ਪਾੜ ਪੈਂਦਾ ਰਿਹਾ ਹੈ | ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ ਨੇ ਦੋਸ਼ ਲਗਾਇਆ ਕਿ ਸੂਆ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਟੁੱਟਿਆ ਹੈ | ਉਨ੍ਹਾਂ ਦੱਸਿਆ ਕਿ ਜਵਾਹਰਕੇ, ਗੇਹਲੇ, ਘਰਾਂਗਣਾ ਤੇ ਮਾਨਸਾ ਦੇ ਕਿਸਾਨਾਂ ਦੀ ਪੰਜ ਸੌ ਏਕੜ ਤੋਂ ਵਧੇਰੇ ਨਰਮੇ, ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ ਅਤੇ ਸਬਜ਼ੀਆਂ ਆਦਿ ਤਾਂ ਤਬਾਹ ਹੋ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਰਜਬਾਹੇ 'ਚ 2 ਵਾਰ ਪਹਿਲਾਂ ਵੀ ਪਾੜ ਪੈ ਚੁੱਕਿਆ ਹੈ ਪਰ ਵਿਭਾਗ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਕੋਈ ਜ਼ਿਕਰਯੋਗ ਕਾਰਵਾਈ ਨਹੀਂ ਹੋਈ | ਪਿੰਡ ਫਫੜੇ ਭਾਈਕੇ ਕੋਲ ਵੀ ਰਜਬਾਹੇ 'ਚ ਪਾੜ ਪੈਣ ਦੀ ਖ਼ਬਰ ਹੈ | ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਮੀਂਹ ਦੇ ਨਾਲ ਹੀ ਸੂਏ ਦੇ ਪਾਣੀ ਨੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਮੰਗ ਕੀਤੀ ਕਿ ਨੁਕਸਾਨੀਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ |
ਮੀਂਹ ਨਾਲ ਸਬਜ਼ੀਆਂ ਤੇ ਤਾਜ਼ਾ ਬੀਜਿਆ ਹਰਾ ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ ਅਨੁਸਾਰ- ੲਸ ਖੇਤਰ 'ਚ ਸਵਖਤੇ ਤੋਂ ਰੁਕ-ਰੁਕ ਕੇ ਲਗਾਤਾਰ ਹੋ ਰਹੀ ਬਰਸਾਤ ਨਾਲ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਰਿਹਾ | ਇਸ ਮੀਂਹ ਦੇ ਚੱਲਦਿਆਂ ਬਹੁਤ ਘੱਟ ਲੋਕਾਂ ਦੇ ਘਰੋਂ ਬਾਹਰ ਨਿਕਲਣ ਕਾਰਨ ਜਿੱਥੇ ਬੱਸਾਂ ਆਦਿ ਚ ਵੀ ਸਵਾਰੀ ਨਾ ਮਾਤਰ ਰਹੀ ਉੱਥੇ ਸ਼ਹਿਰ ਦੇ ਬਾਜ਼ਾਰਾਂ 'ਚ ਪਾਣੀ ਭਰਨ ਕਾਰਨ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ 'ਚ ਹੱਥ 'ਤੇ ਹੱਥ ਰੱਖ ਕੇ ਬੈਠੇ ਰਹੇ | ਮੀਂਹ ਦੇ ਪਾਣੀ ਨਾਲ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਨੱਕੋ-ਨੱਕ ਭਰੇ ਰਹੇ ਅਤੇ ਕਈ ਨੀਵੇਂ ਘਰਾਂ 'ਚ ਪਾਣੀ ਵੜ ਗਿਆ | ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਸ ਖੇਤਰ 'ਚ ਸਵੇਰੇ 4 ਵਜੇ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਝੋਨੇ ਦੇ ਖੇਤ ਨੱਕੋ-ਨੱਕ ਭਰ ਗਏ ਜਦਕਿ ਕਈ ਨੀਵੀਂਆਂ ਜ਼ਮੀਨਾਂ 'ਚ ਬੀਜੇ ਨਰਮੇ ਦੀ ਫ਼ਸਲ ਇਕ ਵਾਰ ਤਾਂ ਪ੍ਰਭਾਵਿਤ ਹੋਈ ਖੜ੍ਹੀ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਹਰੇ-ਚਾਰੇ ਲਈ ਬੀਜੀ ਚਰੀ ਦੇ ਨਾਲ-ਨਾਲ ਮੂਲੀ, ਸ਼ਲਗਮ, ਮੇਥੀ ਆਦਿ ਦੇ ਮਾਰ 'ਚ ਆ ਗਈ ਹੈ ਅਤੇ ਮੀਂਹ ਕਾਰਨ ਸਬਜ਼ੀ ਕਾਸ਼ਤਕਾਰ ਦੀਆਂ ਪਹਿਲਾਂ ਬੀਜੀਆਂ ਤੇ ਫਲ ਦੇਣ ਯੋਗ ਹੋਈਆਂ ਸਬਜ਼ੀਆਂ ਦੇ ਇਸ ਮਰਨ ਦਾ ਖ਼ਤਰਾ ਵਧ ਗਿਆ ਹੈ | ਖੇਤੀਬਾੜੀ ਅਧਿਕਾਰੀ ਅਨੁਸਾਰ ਜੇਕਰ ਮੌਸਮ ਵਿਭਾਗ ਅਨੁਸਾਰ ਜਾਰੀ ਚੇਤਾਵਨੀ ਦੇ ਚੱਲਦਿਆਂ ਇਹ ਬਰਸਾਤ ਜਾਰੀ ਰਹਿੰਦੀ ਹੈ ਤਾਂ ਫ਼ਸਲਾਂ ਦਾ ਮਾਰ ਹੇਠ ਆਉਣਾ ਸੁਭਾਵਿਕ ਹੈ, ਜਿਸ ਨਾਲ ਪਹਿਲਾਂ ਤੋਂ ਘਾਟੇ 'ਚ ਚੱਲ ਰਹੀ ਕਿਸਾਨੀ ਨੂੰ ਵੱਡੀ ਮਾਰ ਪਵੇਗੀ |
ਸਰਦੂਲਗੜ੍ਹ ਇਲਾਕੇ 'ਚ ਭਾਰੀ ਬਰਸਾਤ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ ਅਨੁਸਾਰ-ਸਵੇਰ ਵੇਲੇ ਤੋਂ ਹੋ ਰਹੀ ਬਰਸਾਤ ਦੇ ਨਾਲ ਸਥਾਨਕ ਸ਼ਹਿਰ ਤੇ ਇਲਾਕੇ ਅੰਦਰ ਨੀਵੀਂਆਂ ਥਾਵਾਂ 'ਤੇ ਬੇਤਹਾਸ਼ਾ ਪਾਣੀ ਭਰ ਜਾਣ ਦੀ ਖ਼ਬਰਾਂ ਹਨ | ਢੁਕਵਾਂ ਨਿਕਾਸ ਨਾ ਹੋਣ ਕਰ ਕੇ ਸ਼ਹਿਰ ਦੀ ਅਨਾਜ ਮੰਡੀ ਝੀਲ ਦਾ ਰੂਪ ਧਾਰਨ ਕਰ ਗਈ | ਦੁਕਾਨਾਂ ਅੱਗੇ ਪਾਣੀ ਦੇ ਤੱਲ੍ਹੇ ਬੱਝ ਗਏ, ਦੇ ਕਾਰਨ ਦਾਣਾ ਮੰਡੀ ਖੇਤਰ ਦੇ ਲੋਕਾਂ ਨੂੰ ਦੁਕਾਨਾਂ ਤੇ ਘਰਾਂ 'ਚੋ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ | ਸਰਦੂਲਗੜ੍ਹ ਦੇ ਸਾਰੇ ਪਿੰਡਾਂ 'ਚ ਨਰਮੇ ਤੇ ਝੋਨੇ ਦੀਆਂ ਫ਼ਸਲਾਂ ਨੁਕਸਾਨੇ ਜਾਣ ਖ਼ਤਰਾ ਹੈ | ਸਿਰਸਾ-ਮਾਨਸਾ ਸੜਕ 'ਤੇ ਭਾਰੀ ਮੀਂਹ ਦੇ ਕਾਰਨ ਦਰਖ਼ਤ ਵੀ ਡਿੱਗੇ ਨਜ਼ਰ ਆਏ | ਫੱਤਾ ਮਾਲੋਕਾ ਬੱਸ ਅੱਡੇ ਨਜ਼ਦੀਕ ਰਾਸ਼ਟਰੀ ਮਾਰਗ ਤੇ ਖੜ੍ਹੇ ਪਾਣੀ ਦੀ ਵਜ੍ਹਾ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਖ਼ਬਰ ਲਿਖੇ ਜਾਣ ਤੱਕ ਲਗਾਤਾਰ ਬਰਸਾਤ ਹੋ ਰਹੀ ਸੀ, ਜਿਸ ਕਾਰਨ ਕਿਸਾਨ ਚਿੰਤਾ ਦੇ ਆਲਮ 'ਚ ਹਨ |
ਲਗਾਤਾਰ ਪੈ ਰਹੇ ਮੀਂਹ ਨਾਲ ਭੀਖੀ ਹੋਇਆ ਜਲ ਥਲ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ-ਬੀਤੀ ਦੇਰ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕਸਬਾ ਭੀਖੀ ਨੂੰ ਜਲ ਥਲ ਕਰ ਦਿੱਤਾ | ਪਿੰਡ ਤੋਂ ਬਾਜ਼ਾਰ ਨੂੰ ਜਾਣ ਵਾਲੇ ਸਾਰੇ ਰਸਤੇ ਮੀਂਹ ਦੇ ਪਾਣੀ ਨਾਲ ਭਰ ਗਏ | ਗੁਰਦੁਆਰਾ ਰੋਡ, ਥਾਣਾ ਰੋਡ, ਪਾਰਕ ਰੋਡ ਤੇ ਹੋਰ ਰਸਤਿਆਂ ਨਾਲ ਇੱਕ ਵਾਰ ਤਾਂ ਕਸਬੇ ਦੇ ਲੋਕਾਂ ਦਾ ਲਿੰਕ ਟੁੱਟ ਗਿਆ | ਲਗਾਤਾਰ ਮੀਂਹ ਪੈਣ ਨਾਲ ਲੋਕ ਘਰਾਂ 'ਚ ਹੀ ਰਹੇ, ਜਿਨ੍ਹਾਂ ਨੂੰ ਕੰਮ ਕਾਰ ਲਈ ਨਿਕਲਣਾ ਪਿਆ | ਉਨ੍ਹਾਂ ਨੂੰ ਹਰ ਰਸਤੇ ਗੋਡੇ- ਗੋਡੇ ਪਾਣੀ ਚੋਂ ਲੰਘਣਾ ਪਿਆ | ਕਈ ਘਰਾਂ ਦੀ ਛੱਤਾਂ ਚਿਊਣ ਦੀਆਂ ਜਾਣਕਾਰੀ ਵੀ ਸਾਹਮਣੇ ਆਈ | ਜਾਣਕਾਰਾਂ ਮੁਤਾਬਿਕ ਇਹ ਬੇਮੌਸਮੀ ਮੀਂਹ ਫ਼ਸਲਾਂ ਲਈ ਬੇਹੱਦ ਮਾੜਾ ਸਾਬਤ ਹੋਵੇਗਾ | ਜੇਕਰ ਇਸੇ ਤਰਾਂ ਮੀਂਹ ਪੈਂਦਾ ਰਿਹਾ ਤਾਂ ਨਰਮੇਂ ਦੀ ਫ਼ਸਲ ਤਾਂ ਤਬਾਹ ਹੋਵੇਗੀ ਹੀ ਹੋਵੇਗੀ, ਝੋਨੇ ਨੂੰ ਵੀ ਬੇਹੱਦ ਨੁਕਸਾਨ ਪਹੁੰਚੇਗਾ | ਪਹਿਲਾਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ | ਅਜਿਹੇ 'ਚ ਸਬਜ਼ੀਆਂ ਦਾ ਨੁਕਸਾਨ ਹੋ ਜਾਣ ਨਾਲ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ |
ਬੇਮੌਸਮੀ ਬਾਰਸ਼ ਨਾਲ ਫ਼ਸਲਾਂ ਦਾ ਹੋਇਆ ਨੁਕਸਾਨ
ਬਰੇਟਾ ਤੋਂ ਪਾਲ ਸਿੰਘ ਮੰਡੇਰ ਅਨੁਸਾਰ - ਪਿਛਲੇ 3 ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਬੇਮੌਸਮੀ ਬਾਰਸ਼ ਨਾਲ ਝੋਨਾ, ਨਰਮਾ, ਸਬਜ਼ੀਆਂ ਅਤੇ ਹੀ ਚਾਰੇ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਚਿੰਤਾ ਵਧ ਗਈ ਹੈ | ਸਾਉਣੀ ਦੀਆਂ ਸਾਰੀਆਂ ਫ਼ਸਲਾਂ ਇਸ ਸਮੇਂ ਪੂਰੇ ਪਕਾਊ ਤੇ ਹੁੰਦੀਆਂ ਹੁੰਦੀਆਂ ਹਨ, ਜਿਸ ਨਾਲ ਝੋਨੇ ਦੇ ਦਾਣਿਆਂ ਦਾ ਬਦਰੰਗ ਹਨ ਦਾ ਖ਼ਦਸ਼ਾ ਪੈਦਾ ਹੋ ਗਿਆ | ਇਸੇ ਤਰ੍ਹਾਂ ਹੀ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਬਚਿਆ ਨਰਮਾ ਕਿਸਾਨਾਂ ਨੂੰ ਕਰਜ਼ੇ ਦਾ ਬੋਝ ਹਲਕਾ ਕਰਨ ਦਾ ਧਰਵਾਸ ਦੇ ਰਿਹਾ ਸੀ ਪਰ ਅੱਸੂ ਦੀ ਝੜੀ ਨੇ ਕਿਸਾਨਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ | ਤਾਜ਼ੀਆਂ ਬੀਜੀਆਂ ਸਬਜ਼ੀਆਂ ਵੀ ਪਾਣੀ ਦੇ ਲਪੇਟ ਵਿਚ ਆ ਗਈਆਂ ਅਤੇ ਹਰਾ ਚਾਰਾ ਵੀ ਜ਼ਮੀਨ ਤੇ ਵਿਛ ਗਿਆ | ਸਭ ਤੋਂ ਵੱਧ ਮਾਰ ਅਗੇਤੇ ਝੋਨੇ ਅਤੇ ਬਾਸਮਤੀ ਨੂੰ ਪੈ ਰਹੀ ਹੈ | ਝੋਨੇ ਦੀਆਂ 1692 ਅਤੇ 1509 ਕਿਸਮਾਂ ਤਾਂ ਵਾਢੀ ਲਈ ਤਿਆਰ ਸਨ ਅਤੇ ਹੁਣ ਉਨ੍ਹਾਂ ਵਿਚ ਪਾਣੀ ਭਰ ਗਿਆ | ਜੇਕਰ ਮੌਸਮ ਦੀ ਮਾਰ ਕੁਝ ਦਿਨ ਹੋਰ ਇਸੇ ਤਰ੍ਹਾਂ ਬਣੀ ਰਹੀ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ | ਮੌਸਮ ਦੀ ਮਾਰ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਕਿਸਾਨਾਂ ਨੇ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
ਬੋਹਾ 'ਚ ਹੜ੍ਹ ਵਾਲੀ ਸਥਿਤੀ ਬਣੀ
ਬੋਹਾ ਤੋਂ ਰਮੇਸ਼ ਤਾਂਗੜੀ ਅਨੁਸਾਰ- ਸਥਾਨਕ ਕਸਬੇ ਅਤੇ ਇਸ ਦੇ ਨਾਲ ਲੱਗਦੇ 50 ਪਿੰਡਾਂ 'ਚ ਸਵੇਰ ਤੋਂ ਲਗਾਤਾਰ ਪੈ ਰਹੀ ਵਰਖਾ ਨਾਲ ਸਾਰੇ ਪਾਸੇ ਪਾਣੀ ਭਰ ਗਿਆ | ਇਸ ਵਰੇ੍ਹ ਦੀ ਸਭ ਤੋਂ ਵੱਡੀ ਬਾਰਿਸ਼ ਹੋਣ ਨਾਲ ਬੋਹਾ ਦੇ ਮਾਡਲ ਟਾਊਨ, ਕੰਨਿਆ ਸਕੂਲ ਥਾਣਾ ਰੋਡ, ਬਿਜਲੀ ਦਫ਼ਤਰ, ਗਾਦੜ ਪੱਤੀ, ਬਾਗ ਵਾਲਾ ਵਿਹੜਾ, ਉੱਡਤ ਸੜਕ ਅਤੇ ਬੱਸ ਅੱਡਾ ਮਾਰਕਿਟ ਸਮੇਤ ਕਈ ਥਾਵਾਂ 'ਤੇ 4-5 ਫੁੱਟ ਪਾਣੀ ਜਮਾਂ ਹੋ ਗਿਆ, ਜਿਸ ਕਾਰਨ ਸਕੂਲੀ ਬੱਚਿਆਂ ਨੂੰ ਸਕੂਲ ਜਾਣ-ਆਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | 6-7 ਸਾਲਾਂ ਤੋਂ ਪੈ ਰਿਹਾ ਸੀਵਰੇਜ ਪ੍ਰਬੰਧ ਹਾਲੇ ਚਾਲੂ ਨਹੀਂ ਕੀਤਾ ਗਿਆ | ਨਗਰ ਪੰਚਾਇਤ ਪ੍ਰਧਾਨ ਸੁਖਜੀਤ ਕੌਰ ਬਾਵਾ ਅਤੇ ਕਮਲਦੀਪ ਸਿੰਘ ਬਾਵਾ ਆਪਣੀ ਟੀਮ ਨਾਲ ਪੈਂਦੇ ਮੀਂਹ 'ਚ ਹੀ ਪਾਣੀ ਕੱਢਣ ਦੇ ਯਤਨ ਕਰਦੇ ਵੇਖੇ ਗਏ | ਕਸਬੇ ਦਾ ਸਾਰੇ ਪਾਣੀ ਦਾ ਵਹਾਅ ਬਿਜਲੀ ਦਫ਼ਤਰ ਤੋਂ ਥਾਣਾ ਸੜਕ ਹੋ ਕੇ ਕੰਨਿਆ ਸਕੂਲ 'ਚ ਦਾਖਲ ਹੁੰਦਾ ਰਿਹਾ | ਇਸੇ ਤਰ੍ਹਾਂ ਬਾਗ ਵਾਲੇ ਵਿਹੜੇ ਤੋਂ ਅਤੇ ਗਾਦੜਾਂ ਵਲੋਂ ਪਾਣੀ ਦਾ ਨਿਕਾਸ ਮਾਡਲ ਟਾਊਨ ਅਤੇ ਸਕੂਲ ਕੋਲੋਂ ਹੋ ਕੇ ਰਾਮ-ਲੀਲ੍ਹਾ ਮੈਦਾਨ ਤੱਕ ਭਰ ਗਿਆ | ਸਾਰਾ ਦਿਨ ਆਵਾਜਾਈ ਬੰਦ ਰਹੀ ਅਤੇ ਜਿਹੜੇ ਵਹੀਕਲ ਬਾਹਰੋਂ ਸੜਕਾਂ 'ਤੇ ਸ਼ਹਿਰ 'ਚ ਦਾਖਲ ਹੋਏ ਉਹ ਰਾਹ 'ਚ ਹੀ ਰੁਕਦੇ ਰਹੇ | ਮੈਨੇਜਰ ਵਾਲੀ ਨਰਸਰੀ ਕੋਲੋਂ ਨਹਿਰ ਟੁੱਟਣ ਦੇ ਖ਼ਦਸ਼ੇ ਨੂੰ ਲੈ ਕੇ ਲੋਕ ਉੱਥੇ ਪਹੁੰਚਦੇ ਰਹੇ | ਸੀਵਰੇਜ ਵਿਭਾਗ ਵਲੋਂ ਸ਼ਹਿਰ 'ਚ ਕਿਧਰੇ ਵੀ ਦਿਸ਼ਾ ਸੂਚਕ ਜਾਂ ਆਰਜ਼ੀ ਠੱਲ੍ਹਾਂ ਨਹੀਂ ਲਗਾਈਆਂ ਗਈਆਂ | ਲੋਕਾਂ ਨੇ ਸਬੰਧਿਤ ਐਸ.ਡੀ.ਓ. ਨੂੰ ਵਾਰ ਵਾਰ ਫ਼ੋਨ ਕੀਤੇ ਪਰ ਅੱਗੋਂ ਕੋਈ ਜਵਾਬ ਨਾ ਮਿਲਿਆ | ਖ਼ਬਰ ਲਿਖੇ ਜਾਣ ਤੱਕ ਮੀਂਹ ਪੈ ਰਿਹਾ ਸੀ |
ਪਾਲ ਸਿੰਘ ਮੰਡੇਰ
ਬਰੇਟਾ, 24 ਸਤੰਬਰ- ਪਸ਼ੂ ਪਾਲਣ ਦਾ ਕਿੱਤਾ ਪਿੰਡਾਂ ਦੇ ਲੋਕਾਂ ਲਈ ਰੋਜ਼ਗਾਰ ਦਾ ਚੰਗਾ ਸਾਧਨ ਮੰਨਿਆਂ ਜਾਂਦਾ ਹੈ | ਕਿਸਾਨਾਂ, ਮਜ਼ਦੂਰਾਂ ਸਮੇਤ ਇਸ ਕਿੱਤੇ ਨਾਲ ਬਹੁਤ ਵਰਗ ਜੁੜੇ ਹੋਏ ਹਨ, ਜਿਸ ਨਾਲ ਮਿਹਨਤ ਕਰ ਕੇ ਲੱਖਾਂ ਪਰਿਵਾਰ ਆਪਣਾ ਗੁਜ਼ਾਰਾ ...
ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਹੈ ਕਿ ਮਾਨਸਾ ਜ਼ਿਲੇ੍ਹ 'ਚ ਮੀਂਹ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਦੀ ਵਿਸ਼ੇਸ਼ ...
ਬੁਢਲਾਡਾ, 24 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਨਗਰ ਕੌਂਸਲ ਇਕ ਪਾਸੇ ਜਿੱਥੇ ਪ੍ਰਾਪਰਟੀ ਟੈਕਸ ਦੇ ਸ਼ਹਿਰ ਵਾਸੀਆਂ ਨੂੰ ਨੋਟਿਸ ਭੇਜ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਘਰ-ਘਰ ਜਾਣ ਦਾ ਫ਼ੈਸਲਾ ਕੀਤਾ ਹੈ | ਇਸ ਲਈ ਸਾਰੇ ਸ਼ਹਿਰ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX