ਵਿਧਾਨ ਸਭਾ 'ਚ ਵਿਜੀਲੈਂਸ ਕਮਿਸ਼ਨ ਖ਼ਤਮ ਕਰਨ ਸਮੇਤ ਤਿੰਨ ਬਿੱਲਾਂ ਨੂੰ ਪ੍ਰਵਾਨਗੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 30 ਸਤੰਬਰ - ਪੰਜਾਬ ਵਿਧਾਨ ਸਭਾ 'ਚ ਅੱਜ ਵਿਧਾਨਕ ਕੰਮਕਾਜ ਵਾਲੇ ਦਿਨ ਵਿਜੀਲੈਂਸ ਕਮਿਸ਼ਨ ਨੂੰ ਖ਼ਤਮ ਕਰਨ ਸਮੇਤ ਤਿੰਨ ਬਿੱਲ ਪਾਸ ਕੀਤੇ ਗਏ, ਜਦੋਂ ਕਿ ਕਾਂਗਰਸ ਮੈਂਬਰਾਂ ਵਲੋਂ ਸਦਨ 'ਚ ਮੁੱਖ ਮੰਤਰੀ ਦੀ ਕੋਈ 25 ਮਿੰਟਾਂ ਦੀ ਹਾਜ਼ਰੀ ਦੌਰਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਮੁੱਦੇ 'ਤੇ ਮੁੱਖ ਮੰਤਰੀ ਤੋਂ ਜਵਾਬ ਲੈਣ ਸੰਬੰਧੀ ਆਪਣੇ ਬੈਂਚਾਂ ਨੂੰ ਛੱਡ ਕੇ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਜਾਰੀ ਰਹੀ | ਸਦਨ ਦੀ ਕਾਰਵਾਈ ਜੋ ਅੱਜ ਕੇਵਲ ਇਕ ਘੰਟਾ ਤੇ 15 ਮਿੰਟ ਹੀ ਚੱਲੀ, ਦੌਰਾਨ ਤਿੰਨ ਬਿੱਲ 15 ਮਿੰਟਾਂ 'ਚ ਹੀ ਬਿਨਾਂ ਕਿਸੇ ਬਹਿਸ ਤੋਂ ਪਾਸ ਕਰ ਦਿੱਤੇ ਗਏ |
ਵਿਜੀਲੈਂਸ ਕਮਿਸ਼ਨ
ਸਦਨ 'ਚ ਵਿਜੀਲੈਂਸ ਕਮਿਸ਼ਨ, ਜੋ ਕਿ ਮਗਰਲੀ ਕਾਂਗਰਸ ਸਰਕਾਰ ਵਲੋਂ ਨਵੰਬਰ 2020 ਵਿਚ ਗਠਤ ਕੀਤਾ ਗਿਆ ਸੀ, ਨੂੰ ਖ਼ਤਮ ਕਰਨ ਲਈ ਪੇਸ਼ ਕੀਤੇ ਬਿੱਲ ਸੰਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਮਿਸ਼ਨ ਜੋ ਕੌਮੀ ਵਿਜੀਲੈਂਸ ਕਮਿਸ਼ਨ ਦੀ ਤਰਜ਼ 'ਤੇ ਸਰਕਾਰੀ ਅਧਿਕਾਰੀਆਂ ਸੰਬੰਧੀ ਭਿ੍ਸ਼ਟਾਚਾਰ ਦੇ ਕੇਸਾਂ ਤੇ ਕਮਿਸ਼ਨ ਲਈ ਨਿਗਰਾਨ ਸੰਸਥਾ ਵਜੋਂ ਬਣਾਇਆ ਗਿਆ ਸੀ, ਅਜਿਹਾ ਕੋਈ ਕੰਮ ਨਹੀਂ ਕਰ ਸਕਿਆ ਤੇ ਸਰਕਾਰੀ ਖ਼ਜ਼ਾਨੇ 'ਤੇ ਵਾਧੂ ਭਾਰ ਸੀ |
ਗੁਡਜ਼ ਐਂਡ ਸਰਵਿਸਿਜ਼ ਐਕਟ
ਵਿੱਤ ਮੰਤਰੀ ਜਿਨ੍ਹਾਂ ਗੁਡਜ਼ ਐਂਡ ਸਰਵਿਸਿਜ਼ ਸੋਧ ਐਕਟ ਪੇਸ਼ ਕੀਤਾ, ਨੇ ਦੱਸਿਆ ਕਿ ਇਸ ਐਕਟ ਨਾਲ ਸੂਬੇ ਦਾ ਮਾਲੀਆ ਵੀ ਵਧੇਗਾ ਅਤੇ ਵਪਾਰੀਆਂ ਨੂੰ ਵੀ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕਿ ਐਕਟ ਵਿਚ ਸੋਧਾਂ ਨਾਲ ਟੈਕਸ ਚੋਰੀ ਨੰੂ ਰੋਕਣ ਲਈ ਸਰਕਾਰ ਨੂੰ ਹੋਰ ਅਧਿਕਾਰ ਮਿਲ ਜਾਣਗੇ ਅਤੇ ਵਪਾਰੀ ਖ਼ਰਚਿਆਂ ਦਾ ਕਰੈਡਿਟ ਹੁਣ 30 ਨਵੰਬਰ ਤੱਕ ਲੈ ਸਕਣਗੇ |
ਪੇਂਡੂ ਸਾਂਝੀਆਂ ਜ਼ਮੀਨਾਂ ਸੋਧ ਬਿੱਲ
ਮਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੇਸ਼ ਕੀਤੇ ਪੰਜਾਬ ਪੇਂਡੂ ਸਾਂਝੀਆਂ ਜ਼ਮੀਨਾਂ (ਰੈਗੂਲੇਸ਼ਨ) ਸੋਧ ਬਿੱਲ 2022 ਰਾਹੀਂ ਪਿੰਡਾਂ ਦੇ ਸਾਂਝੇ ਕਾਰਜਾਂ ਲਈ ਰੱਖੀਆਂ ਜ਼ਮੀਨਾਂ ਹੁਣ ਪਿੰਡਾਂ ਦੀ ਮਾਲਕੀ ਹੇਠ ਆ ਜਾਣਗੀਆਂ ਅਤੇ ਇਨ੍ਹਾਂ ਦੀ ਵਿਕਰੀ ਨਹੀਂ ਹੋ ਸਕੇਗੀ |
ਵਿਸ਼ੇਸ਼ ਗਿਰਦਾਵਰੀਆਂ ਦੇ ਹੁਕਮ ਹੁਣ ਜ਼ਬਾਨੀ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਵਿਕਰਮਜੀਤ ਸਿੰਘ ਚੌਧਰੀ ਵਲੋਂ ਦਿੱਤੇ ਧਿਆਨ ਦਿਵਾਊ ਨੋਟਿਸ ਦੇ ਜਵਾਬ ਵਿਚ ਮਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬੇ ਵਿਚ ਬਾਰਿਸ਼ਾਂ, ਹੜ੍ਹਾਂ ਤੇ ਹੋਰ ਕਾਰਨਾਂ ਕਰ ਕੇ ਝੋਨੇ ਤੇ ਆਲੂਆਂ ਦੀ ਫ਼ਸਲ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀਆਂ ਜਾਰੀ ਹਨ, ਪਰ ਜਦੋਂ ਬਾਜਵਾ ਨੇ ਪੁੱਛਿਆ ਕਿ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਕਿਸ ਤਰੀਕ ਨੂੰ ਜਾਰੀ ਹੋਏ ਹਨ ਤਾਂ ਧਾਲੀਵਾਲ ਨੇ ਕਿਹਾ ਕਿ ਇਹ ਹੁਕਮ ਮੇਰੇ ਤੇ ਮੁੱਖ ਮੰਤਰੀ ਵਲੋਂ ਜ਼ੁਬਾਨੀ ਕੀਤੇ ਹੋਏ ਹਨ |
ਸ਼ੋ੍ਰਮਣੀ ਕਮੇਟੀ ਚੋਣਾਂ ਲਈ ਮਤਾ ਲਿਆਉਣ ਦੀ ਮੰਗ
'ਆਪ' ਮੈਂਬਰ ਕੁਲਵੰਤ ਸਿੰਘ ਪੰਡੋਰੀ ਨੇ ਸ਼ੋ੍ਰਮਣੀ ਕਮੇਟੀ ਦੀਆਂ ਚੋਣਾਂ 11 ਸਾਲ ਤੋਂ ਨਾ ਹੋਣ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਇਹ ਚੋਣਾਂ ਟਾਲ ਰਹੀ ਹੈ | ਉਨ੍ਹਾਂ ਹੁਕਮਰਾਨ ਧਿਰ ਨੂੰ ਚੋਣਾਂ ਤੁਰੰਤ ਕਰਵਾਉਣ ਲਈ ਇਜਲਾਸ 'ਚ ਮਤਾ ਲਿਆਉਣ ਲਈ ਵੀ ਕਿਹਾ |
ਸਿਫ਼ਰ ਕਾਲ
ਸਦਨ 'ਚ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਕਿਹਾ ਗਿਆ ਕਿ ਅਮਨ ਕਾਨੂੰਨ ਦੀ ਸਥਿਤੀ, ਕੁਦਰਤੀ ਆਫ਼ਤਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ, ਰੇਤ ਬਜਰੀ ਦੀ ਕਾਲਾ ਬਾਜ਼ਾਰੀ 'ਤੇ ਉਨ੍ਹਾਂ ਦੀ ਪਾਰਟੀ ਬਹਿਸ ਲਈ ਸਮਾਂ ਮੰਗ ਰਹੀ ਹੈ, ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ | ਕਾਂਗਰਸ ਦੇ ਸੰਦੀਪ ਜਾਖੜ ਨੇ ਕਿਹਾ ਕਿ ਫ਼ਾਜ਼ਿਲਕਾ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਮੁੱਖ ਮੰਤਰੀ ਨੇ 32 ਕਰੋੜ ਦਾ ਮੁਆਵਜ਼ਾ ਐਲਾਨਿਆ ਸੀ ਪਰ ਅੱਜ ਤੱਕ ਇਕ ਪੈਸਾ ਨਹੀਂ ਪੁੱਜਾ | 'ਆਪ' ਦੇ ਡਾ. ਬਲਬੀਰ ਸਿੰਘ ਨੇ ਸ਼ਹਿਰ 'ਚ ਪਾਣੀ ਰੀਚਾਰਜ ਕਰਨ ਦਾ ਪ੍ਰਾਜੈਕਟ ਅਪਨਾਉਣ, ਗੁਰਪ੍ਰੀਤ ਸਿੰਘ ਬਣਾਂਵਲੀ ਨੇ ਸਰਕਾਰੀ ਸੁਰੱਖਿਆ ਮੁਲਾਜ਼ਮਾਂ ਲਈ ਪੰਜਾਬ ਸਕੱਤਰੇਤ ਬਾਹਰ ਬੈਠਣ ਦੇ ਪ੍ਰਬੰਧ ਕਰਨ, ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਬਿਆਸ 'ਚ ਸਫ਼ਾਈ ਤੇ ਬੂਟੀ ਨਾ ਨਿਕਲਣ ਕਾਰਨ ਹੜ੍ਹ ਆਉਣ ਦੇ ਮੁੱਦੇ ਉਠਾਏ | ਕਾਂਗਰਸ ਦੇ ਡਾ. ਰਾਜ ਕੁਮਾਰ ਵਲੋਂ ਪੀ.ਸੀ.ਐਸ. (ਐਗਜ਼ੈਕਟਿਵ) ਵਿਚ ਰਾਖਵਾਂਕਰਨ ਨਾ ਹੋਣ ਦਾ ਮੁੱਦਾ ਤੇ 'ਆਪ' ਵਿਧਾਇਕਾ ਇੰਦਰਜੀਤ ਕੌਰ ਨੇ ਗੁਦਾਮਾਂ ਵਿਚਲੇ ਘੱਟ ਅਨਾਜ ਦਾ ਪਤਾ ਲਗਾਉਣ ਲਈ ਸਰਵੇ ਕਰਵਾ ਕੇ ਜਾਣਕਾਰੀ ਜਨਤਕ ਕੀਤੇ ਜਾਣ ਦੀ ਮੰਗ ਉਠਾਈ |
ਸਦਨ 'ਚ ਰਿਹਾ ਤਲਖ਼ੀ ਭਰਿਆ ਮਾਹੌਲ
ਮੁੱਖ ਮੰਤਰੀ ਜੋ ਕੱਲ੍ਹ ਵੀ ਤੇ ਅੱਜ ਵੀ ਸਦਨ ਤੋਂ ਗੈਰ ਹਾਜ਼ਰ ਸਨ, ਜਦੋਂ ਸਦਨ ਦੀ ਬੈਠਕ ਉੱਠਣ ਤੋਂ ਕੋਈ 25 ਮਿੰਟ ਪਹਿਲਾਂ ਸਦਨ ਅੰਦਰ ਆਏ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਤੁਰੰਤ ਉਨ੍ਹਾਂ ਤੋਂ ਫ਼ੌਜਾ ਸਿੰਘ ਸਰਾਰੀ ਸੰਬੰਧੀ ਜਵਾਬ ਮੰਗਿਆ ਅਤੇ ਕਿਹਾ ਕਿ ਉਨ੍ਹਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋ ਰਹੀ | ਮੁੱਖ ਮੰਤਰੀ ਵਲੋਂ ਕੋਈ ਟਿੱਪਣੀ ਨਾ ਆਉਣ 'ਤੇ ਬਾਜਵਾ ਦੀ ਅਗਵਾਈ ਵਾਲੇ ਕਾਂਗਰਸ ਮੈਂਬਰਾਂ ਨੇ ਅੱਜ ਫਿਰ ਸਪੀਕਰ ਦੀ ਕੁਰਸੀ ਸਾਹਮਣੇ ਖੜੇ੍ਹ ਹੋ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਪਰ ਜਿਵੇਂ ਹੀ ਕਾਂਗਰਸੀ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਪਹੁੰਚੇ ਤਾਂ 3 ਅਕਾਲੀ ਅਤੇ ਇਕ ਬਸਪਾ ਮੈਂਬਰ ਚੁੱਪਚਾਪ ਸਦਨ ਤੋਂ ਚਲੇ ਗਏ | ਮੁੱਖ ਮੰਤਰੀ ਨੇ ਵੀ ਇਸ ਰੌਲੇ-ਰੱਪੇ ਵਿਚ ਕਾਂਗਰਸੀ ਮੈਂਬਰਾਂ ਨੂੰ ਕਿਹਾ ਕਿ ਨਕਲੀ ਸਪੀਕਰ ਨਹੀਂ ਹੈ, ਬਲਕਿ ਤੁਹਾਡਾ ਮੁੱਖ ਮੰਤਰੀ ਨਕਲੀ ਸੀ, ਜੋ ਭਾਜਪਾ ਦਾ ਏਜੰਟ ਬਣ ਕੇ ਕੰਮ ਕਰਦਾ ਰਿਹਾ | ਇਕ ਵਾਰ ਤਾਂ ਸਦਨ 'ਚ ਹੁਕਮਰਾਨ ਧਿਰ ਦੇ ਸਾਰੇ ਵਿਧਾਇਕ ਵੀ ਆਪਣੇ ਬੈਂਚ ਛੱਡ ਕੇ ਕਾਂਗਰਸ ਮੈਂਬਰਾਂ ਸਾਹਮਣੇ ਨਾਅਰੇਬਾਜ਼ੀ ਕਰਨ ਲੱਗੇ | ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਕਾਫ਼ੀ ਤਲਖ਼ੀ ਵਿਚ ਨਜ਼ਰ ਆਏ ਅਤੇ ਕਿਹਾ ਕਿ ਉਹ ਹੁਣ ਸਖ਼ਤ ਫ਼ੈਸਲੇ ਦੇਣਗੇ | ਸਦਨ 'ਚ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਨੂੰ ਮੁੱਦਾ ਉਠਾਉਣ ਲਈ ਸਮਾਂ ਨਹੀਂ ਮਿਲਿਆ |
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 30 ਸਤੰਬਰ-ਅੱਜ ਵਿਧਾਨ ਸਭਾ ਦਾ ਇਜਲਾਸ ਹੰਗਾਮੇ ਦੀ ਭੇਟ ਚੜ੍ਹਨ ਮਗਰੋਂ ਸੱਤਾਧਾਰੀ ਪਾਰਟੀ ਵਲੋਂ ਕਾਂਗਰਸ ਵਿਧਾਇਕਾਂ ਖ਼ਿਲਾਫ਼ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵਿਰੋਧੀ ਧਿਰ ਨੂੰ ਘੇਰਿਆ ਗਿਆ ਹੈ | ਵਿਧਾਨ ਸਭਾ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦੀ ਭਲਾਈ ਤੇ ਲੋਕਾਂ ਦੇ ਮੁੱਦੇ ਚੁੱਕਣ ਲਈ ਇਜਲਾਸ ਸੱਦਿਆ ਗਿਆ ਸੀ, ਪਰ ਜਿਹੜੇ ਇਜਲਾਸ ਦਾ ਸਮਾਂ ਵਧਾਉਣ ਦੀ ਨੌਟੰਕੀ ਕਰਦੇ ਰਹੇ ਹਨ, ਉਨ੍ਹਾਂ ਅੱਜ ਵੀ ਸਦਨ 'ਚ ਹੰਗਾਮਾ ਕਰਕੇ ਲੋਕ ਮੁੱਦਿਆਂ 'ਤੇ ਚਰਚਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਅਜਿਹਾ ਕਰਕੇ ਕਾਂਗਰਸ ਵਿਧਾਇਕਾਂ ਨੇ ਲੋਕਤੰਤਰ ਦਾ ਕਤਲ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ ਅਤੇ ਕਿਉਂਕਿ ਵਿਰੋਧੀ ਧਿਰ ਹੁੰਦੇ ਹੋਏ ਵੀ ਉਨ੍ਹਾਂ ਕੋਲ ਸੱਤਾਧਾਰੀ ਪਾਰਟੀ ਵਿਰੁੱਧ ਕੋਈ ਮੁੱਦਾ ਨਹੀਂ | 'ਆਪ' ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸਦਨ 'ਚ ਕਾਂਗਰਸੀਆਂ ਨੇ ਗਰੀਬ ਤੇ ਐਸ.ਸੀ. ਲੋਕਾਂ ਦੇ ਹੱਕ 'ਚ ਗੱਲ ਕਰਨ ਦੀ ਬਜਾਏ ਉਨ੍ਹਾਂ ਦਾ ਮਜ਼ਾਕ ਉਡਾਇਆ ਅਤੇ ਰੌਲਾ ਪਾ ਕੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦਾ ਅਪਮਾਨ ਕੀਤਾ ਹੈ, ਜਿਸ ਨਾਲ ਕਾਂਗਰਸੀਆਂ ਦਾ ਗ਼ਰੀਬ ਵਿਰੋਧੀ ਚਿਹਰਾ ਕੱਲ੍ਹ ਹੀ ਨੰਗਾ ਹੋ ਗਿਆ ਸੀ |
• 7 ਨੂੰ ਰੋਸ ਮਾਰਚ ਕੱਢਣ ਦਾ ਫ਼ੈਸਲਾ • ਮੁੱਖ ਮੰਤਰੀ ਖੱਟਰ ਦਾ ਘਿਰਾਓ ਕਰਨ ਤੇ ਦਿੱਲੀ 'ਚ ਵੀ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ
ਜਸਵੰਤ ਸਿੰਘ ਜੱਸ
ਅੰਮਿ੍ਤਸਰ, 30 ਸਤੰਬਰ -ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਫ਼ੈਸਲੇ ਦੇ ਵਿਰੋਧ 'ਚ ਅੱਜ ਸ਼ੋ੍ਰਮਣੀ ਕਮੇਟੀ ਵਲੋਂ ਬੁਲਾਈ ਗਈ ਵਿਸ਼ੇਸ਼ ਜਨਰਲ ਹਾਊਸ ਦੀ ਇਕੱਤਰਤਾ 'ਚ 23 ਸਤੰਬਰ ਨੂੰ ਅੰਤਿੰ੍ਰਗ ਕਮੇਟੀ ਵਲੋਂ ਅਦਾਲਤ ਦੇ ਇਸ ਫ਼ੈਸਲੇ ਨੂੰ ਰੱਦ ਕਰਨ ਵਾਲੇ ਮਤੇ ਦੀ ਪ੍ਰੋੜਤਾ ਕਰਦਿਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਸ ਮਾਮਲੇ 'ਚ ਸਿੱਖ ਕੌਮ ਦੀ ਅਗਵਾਈ ਕਰਨ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਪਰਦਾਵਾਂ ਦਾ ਵੱਡਾ ਪੰਥਕ ਇਕੱਠ ਸੱਦਣ ਦੀ ਅਪੀਲ ਕਰਨ ਅਤੇ ਭਾਰਤ ਦੇ ਚੀਫ਼ ਜਸਟਿਸ ਤੋਂ ਹਰਿਆਣਾ ਕਮੇਟੀ ਮਾਮਲੇ ਵਿਚ ਸ਼ੋ੍ਰਮਣੀ ਕਮੇਟੀ ਦਾ ਪੱਖ ਸੁਣਨ ਲਈ 5 ਮੈਂਬਰੀ ਸੰਵਿਧਾਨਕ ਬੈਂਚ ਕਾਇਮ ਕਰਨ ਦੀ ਮੰਗ ਕਰਨ ਤੋਂ ਇਲਾਵਾ 4 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਡੀ. ਸੀ. ਅੰਮਿ੍ਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਮੰਗ ਪੱਤਰ ਦੇਣ ਅਤੇ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਰੋਸ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਗਿਆ | ਇਹ ਇਕੱਤਰਤਾ ਅੱਜ ਤੇਜਾ ਸਿੰਘ ਸਮੁੰਦਰੀ ਹਾਲ 'ਚ ਕਰੀਬ 4 ਘੰਟੇ ਚੱਲੀ ਤੇ ਇਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ 82 ਦੇ ਕਰੀਬ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਮੈਂਬਰ ਹਾਜ਼ਰ ਸਨ | ਪ੍ਰਧਾਨ ਹਰਜਿੰਦਰ ਸਿੰੰਘ ਧਾਮੀ, ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਵੱਖ-ਵੱਖ ਮੈਂਬਰ ਸਾਹਿਬਾਨਾਂ ਵਲੋਂ ਵਿਚਾਰ ਕੀਤੇ ਜਾਣ ਤੋਂ ਇਲਾਵਾ ਉਕਤ ਮੰਗਾਂ ਤੇ ਫ਼ੈਸਲਿਆਂ ਸੰਬੰਧੀ 6 ਅਹਿਮ ਮਤੇ ਵੀ ਪੇਸ਼ ਅਤੇ ਪਾਸ ਕੀਤੇ ਗਏ |
ਹਰਿਆਣਾ ਕਮੇਟੀ ਕਾਨੂੰਨ ਨੂੰ ਮਾਨਤਾ ਸ਼ੋ੍ਰਮਣੀ ਕਮੇਟੀ ਦੇ 102 ਸਾਲਾ ਇਤਿਹਾਸ ਅਤੇ ਸਾਡੀ ਰੂਹ 'ਤੇ ਹਮਲਾ : ਐਡਵੋਕੇਟ ਧਾਮੀ
ਐਡਵੋਕੇਟ ਧਾਮੀ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਾਂਗਰਸ, ਭਾਜਪਾ ਤੇ 'ਆਪ' ਸਰਕਾਰਾਂ ਅਤੇ ਆਰ. ਐਸ. ਐਸ. ਵਿਰੁੱਧ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਸਿੱਖਾਂ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਲਾਮਤੀ ਲਈ ਸਮੁੱਚੇ ਖ਼ਾਲਸਾ ਪੰਥ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਇਕਜੁਟ ਹੋ ਕੇ ਸੰਘਰਸ਼ ਲੜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਵੱਖਰੀ ਹਰਿਆਣਾ ਕਮੇਟੀ ਕਾਨੂੰਨ ਨੂੰ ਮਾਨਤਾ ਸ਼ੋ੍ਰਮਣੀ ਕਮੇਟੀ ਦੇ 102 ਸਾਲਾ ਇਤਿਹਾਸ ਅਤੇ ਸਾਡੀ ਰੂਹ 'ਤੇ ਕੀਤਾ ਗਿਆ ਵਾਰ ਹੈ ਪਰ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਵਾਲੀਆਂ ਧਿਰਾਂ ਕਾਂਗਰਸ, ਆਰ. ਐਸ. ਐਸ. ਦੀ ਅਗਵਾਈ ਵਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਸਫ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ | ਉਨ੍ਹਾਂ ਇਜਲਾਸ ਦੌਰਾਨ ਆਪਣੇ ਵਲੋਂ ਵਿਸ਼ੇਸ਼ ਮਤਾ ਲਿਆਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਅਹਿਮ ਮਾਮਲੇ 'ਤੇ ਸਮੁੱਚੀਆਂ ਸਿੱਖ ਸੰਪ੍ਰਦਾਵਾਂ, ਸਭਾ ਸੁਸਾਇਟੀਆਂ, ਕਾਰ ਸੇਵਾ ਸੰਪਰਦਾਵਾਂ, ਗੁਰਮਤਿ ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸੇਵਾ ਪੰਥੀਆਂ, ਨਿਰਮਲਿਆਂ ਸਮੇਤ ਦੇਸ਼-ਵਿਦੇਸ਼ ਦੇ ਪ੍ਰਮੁੱਖ ਸਿੱਖਾਂ ਦੀ ਇਕ ਵਿਸ਼ੇਸ਼ ਇਕੱਤਰਤਾ ਬੁਲਾਉਣ ਅਤੇ ਇਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਠੋਸ ਫ਼ੈਸਲਾ ਲੈਣ |
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਦੀ ਇਕੱਤਰਤਾ 'ਚ ਜੋ ਵੀ ਮਤਾ ਪਾਸ ਹੋਵੇਗਾ, ਉਸ ਸੰਬੰਧੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਦੇਸ਼ ਤੋਂ ਪਰਤਣ ਬਾਅਦ ਦੀਵਾਲੀ ਤੋਂ ਪਹਿਲਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾ ਕੇ ਵਿਚਾਰ ਕੀਤਾ ਜਾਵੇਗਾ |
ਮੈਂਬਰਾਂ ਦਾ ਇਜਲਾਸ 'ਚ ਘੱਟ ਆਉਣਾ ਚਿੰਤਾ ਦਾ ਵਿਸ਼ਾ-ਬੀਬੀ ਜਗੀਰ ਕੌਰ
ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਦੇ ਇਜਲਾਸ 'ਚ ਮੈਂਬਰਾਂ ਦਾ ਘੱਟ ਗਿਣਤੀ ਵਿਚ ਸ਼ਾਮਿਲ ਹੋਣਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕੇਂਦਰ ਦੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ ਦਲ ਤੇ ਹੁਣ ਸ਼ੋ੍ਰਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ |
ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ ਦਿੱਲੀ ਦੇ ਤਖ਼ਤ 'ਤੇ ਬੈਠਣ ਵਾਲੀਆਂ ਸਰਕਾਰਾਂ ਤੋੜਨਾ ਚਾਹੁੰਦੀਆਂ ਹਨ | ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਵੱਖਰੀ ਹਰਿਆਣਾ ਕਮੇਟੀ ਦੇ ਮਾਮਲੇ 'ਚ ਸਾਨੂੰ ਮੋਰਚਾ ਲਾਉਣਾ ਚਾਹੀਦਾ ਹੈ | ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਮੌਜੂਦਾ ਸਥਿਤੀ ਲਈ ਗਲਤੀਆਂ ਸਾਡੀਆਂ ਆਪਣੀਆਂ ਵੀ ਹਨ | ਅਕਾਲੀ ਦਲ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਅਸੀਂ ਰਾਜ ਭਾਗ ਮਾਨਣ ਵੱਲ ਚੱਲ ਪਏ ਤੇ ਸਿੱਖੀ ਸਿਧਾਂਤਾਂ 'ਤੇ ਪਹਿਰਾ ਨਹੀਂ ਦਿੱਤਾ | ਹਰਿਆਣਾ ਤੋਂ ਮੈਂਬਰ ਬਲਦੇਵ ਸਿੰਘ ਕਾਇਮਪੁਰ ਨੇ ਕਿਹਾ ਕਿ ਹਰਿਆਣਾ ਦੇ ਸਿੱਖ ਵੱਖਰੀ ਕਮੇਟੀ ਦੇ ਹੱਕ 'ਚ ਨਹੀਂ ਹਨ | ਭਾਈ ਮਨਜੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ | ਜਨ: ਸਕੱਤਰ ਜਥੇ: ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਸਰਕਾਰਾਂ ਦੀਆਂ ਵਧੀਕੀਆਂ ਖ਼ਿਲਾਫ਼ ਮੰਜੀ ਸਾਹਿਬ ਦੀਵਾਨ ਹਾਲ ਵਿਚ ਪੰਥਕ ਕਨਵੈਨਸ਼ਨ ਸੱਦੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਜੇਕਰ ਸਿੱਖਾਂ ਨਾਲ ਵਿਤਕਰਾ ਜਾਰੀ ਰਿਹਾ ਤਾਂ ਸਿੱਖ ਇਹ ਸੋਚਣ ਲਈ ਮਜਬੂਰ ਹੋਣਗੇ ਕਿ ਇਸ ਮੁਲਕ ਨਾਲ ਰਹਿਣਾ ਹੈ ਕਿ ਨਹੀਂ | ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਹਰਪਾਲ ਸਿੰਘ ਜੱਲਾ, ਗੁਰਬਚਨ ਸਿੰਘ ਕਰਮੂਵਾਲਾ, ਭਾਈ ਅਜਾਇਬ ਸਿੰਘ ਅਭਿਆਸੀ, ਗੁਰਪ੍ਰੀਤ ਸਿੰਘ ਝੱਬਰ ਤੇ ਸਰਵਨ ਸਿੰਘ ਕੁਲਾਰ ਆਦਿ ਨੇ ਵੀ ਸੰਬੋਧਨ ਕੀਤਾ | ਐਡੋਵਕੇਟ ਧਾਮੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਰਨੈਲ ਸਿੰਘ ਡੋਗਰਾਂਵਾਲਾ, ਗੁਰਮੀਤ ਸਿੰਘ ਬੂਹ, ਸਤਵਿੰਦਰ ਸਿੰਘ ਟੌਹੜਾ, ਭੁਪਿੰਦਰ ਸਿੰਘ ਭਲਵਾਨ, ਬਲਜੀਤ ਸਿੰਘ ਜਲਾਲਉਸਮਾਂ ਨੇ 6 ਅਹਿਮ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਦਿੱਤੀ |
ਅਕਾਲੀ ਦਲ (ਬ) ਨਾਲ ਸੰਬੰਧਿਤ ਵੱਡੀ ਗਿਣਤੀ ਮੈਂਬਰ ਰਹੇ ਗ਼ੈਰ-ਹਾਜ਼ਰ-6 ਅਹਿਮ ਮਤੇ ਪਾਸ
ਇਕੱਤਰਤਾ 'ਚ ਜਿਥੇ ਵਿਰੋਧੀ ਧੜੇ ਨਾਲ ਸੰਬੰਧਿਤ 24 ਦੇ ਕਰੀਬ ਮੈਂਬਰ ਗ਼ੈਰ-ਹਾਜ਼ਰ ਸਨ, ਉਥੇ ਸ਼ੋ੍ਰਮਣੀ ਅਕਾਲੀ ਦਲ ਨਾਲ ਸੰਬੰਧਿਤ ਕੇਵਲ 82 ਮੈਂਬਰ ਹੀ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ 6 ਸਿੰਘ ਸਾਹਿਬਾਨ ਸਮੇਤ ਸ਼ੋ੍ਰਮਣੀ ਕਮੇਟੀ ਹਾਉੂਸ 'ਚ ਇਸ ਵੇਲੇ ਕੁੱਲ 191 ਮੈਂਬਰ ਹਨ, ਜਿਨ੍ਹਾਂ 'ਚੋਂ ਵਿਰੋਧੀ ਧਿਰਾਂ ਨਾਲ ਸੰਬੰਧਿਤ ਗ਼ੈਰ-ਹਾਜ਼ਰ ਰਹੇ 24 ਮੈਂਬਰਾਂ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ 51 ਮੈਂਬਰ ਗ਼ੈਰ-ਹਾਜ਼ਰ ਰਹੇ | ਦੱਸਣਯੋਗ ਹੈ ਕਿ 25 ਮੈਂਬਰ ਪਿਛਲੇ ਇਕ ਦਹਾਕੇ ਦੌਰਾਨ ਅਕਾਲ ਚਲਾਣਾ ਕਰ ਗਏ ਹਨ ਤੇ 2 ਮੈਂਬਰ ਅਸਤੀਫ਼ਾ ਦੇ ਚੱੁਕੇ ਹਨ | ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਨ੍ਹੀਂ ਦਿਨੀਂ ਵਿਦੇਸ਼ 'ਚ ਹੋਣ ਕਾਰਨ ਇਕੱਤਰਤਾ 'ਚ ਸ਼ਾਮਿਲ ਨਹੀਂ ਹੋ ਸਕੇ | ਜ਼ਿਕਰਯੋਗ ਹੈ ਕਿ ਪੰਜਾਬ ਤੋਂ ਬਾਹਰਲੇ ਦੋ ਤਖ਼ਤ ਸਾਹਿਬਾਨ ਦੇ ਵੀ ਜਥੇਦਾਰ ਸਾਹਿਬਾਨ ਜਾਂ ਕਾਰਜਕਾਰੀ ਜਥੇਦਾਰ ਸਾਹਿਬਾਨ ਨੇ ਵੀ ਸ਼ਮੂਲੀਅਤ ਨਹੀਂ ਕੀਤੀ | ਹਰਿਆਣਾ ਤੋਂ 11 ਹਲਕਿਆਂ ਤੋਂ ਸ਼ੋ੍ਰਮਣੀ ਕਮੇਟੀ ਦੇ 11 ਮੈਂਬਰ ਹਨ, ਜਿਨ੍ਹਾਂ 'ਚੋਂ ਅਕਾਲੀ ਦਲ ਨਾਲ ਸੰਬੰਧਿਤ ਸੀਨੀਅਰ ਮੀਤ ਪ੍ਰਧਾਨ ਸ: ਵਿਰਕ ਸਮੇਤ ਕੁੱਲ 4 ਮੈਂਬਰ ਹੀ ਸ਼ਾਮਿਲ ਹੋਏ | ਇਕੱਤਰਤਾ ਮੌਕੇ 6 ਵੱਖ-ਵੱਖ ਅਹਿਮ ਮਤੇ ਪੇਸ਼ ਤੇ ਪਾਸ ਕੀਤੇ ਗਏ |
ਚੰਡੀਗੜ੍ਹ, 30 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਨੇ ਅੱਜ ਸ਼ੋ੍ਰਮਣੀ ਕਮੇਟੀ ਵਲੋਂ 7 ਅਕਤੂਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਖ਼ਾਲਸਾ ਮਾਰਚ ਕੱਢਣ ਦੇ ਫ਼ੈਸਲੇ ਦੀ ਪੁਰਜ਼ੋਰ ਹਮਾਇਤ ਕੀਤੀ ਹੈ | ਅੱਜ ਇਥੇ ਹੋਈ ਪਾਰਟੀ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ | ਮੀਟਿੰਗ ਉਪਰੰਤ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਖ਼ਾਲਸਾ ਮਾਰਚ ਸਿੱਖ ਕੌਮ ਦੇ ਮਾਮਲਿਆਂ 'ਚ ਕੀਤੀ ਜਾ ਰਹੀ ਦਖ਼ਲ ਅੰਦਾਜ਼ੀ ਦੇ ਖ਼ਿਲਾਫ਼ ਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਰਚੀ ਜਾ ਰਹੀ ਡੂੰਘੀ ਸਾਜਿਸ਼ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅਕਾਲੀ ਦਲ ਨੇ ਸ਼ੋ੍ਰਮਣੀ ਕਮੇਟੀ ਦੀ ਪਹਿਲਕਦਮੀ ਦਾ ਫ਼ੈਸਲਾ ਇਸ ਕਰਕੇ ਲਿਆ ਤਾਂ ਜੋ ਕੌਮ ਨਾਲ ਹੋ ਰਹੇ ਵਿਤਕਰੇ ਨੂੰ ਉਜਾਗਰ ਕੀਤਾ ਜਾ ਸਕੇ ਤੇ ਇਸ ਲਈ ਨਿਆਂ ਹਾਸਲ ਕੀਤਾ ਜਾ ਸਕੇ | ਉਨ੍ਹਾਂ ਹਰਿਆਣਾ ਦੀ ਪਿਛਲੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ 2014 ਦੇ ਐਕਟ ਨੂੰ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦਿੱਤਾ | ਡਾ. ਚੀਮਾ ਨੇ ਦੱਸਿਆ ਕਿ ਮੀਟਿੰਗ ਨੇ ਕੇਂਦਰ ਸਰਕਾਰ ਵਲੋਂ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਫ਼ੈਸਲਾ ਲੈਣ ਵਿਚ ਦੇਰੀ ਦਾ ਵੀ ਗੰਭੀਰ ਨੋਟਿਸ ਲਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਭਾਈ ਰਾਜੋਆਣਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ | ਅੱਜ ਦੀ ਮੀਟਿੰਗ 'ਚ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਬਲਦੇਵ ਸਿੰਘ ਮਾਨ, ਐਨ.ਕੇ. ਸ਼ਰਮਾ, ਮਨਤਾਰ ਸਿੰਘ ਬਰਾੜ, ਸੋਹਣ ਸਿੰਘ ਠੰਡਲ, ਇਕਬਾਲ ਸਿੰਘ ਝੂੰਦਾਂ, ਗੁਰਿੰਦਰ ਸਿੰਘ ਗੋਗੀ, ਗੁਰਪ੍ਰੀਤ ਸਿੰਘ ਰਾਜੂ ਖੰਨਾ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਅਕਾਲੀ ਆਗੂ ਸ਼ਾਮਿਲ ਸਨ |
ਸੁਰਿੰਦਰ ਕੋਛੜ
ਅੰਮਿ੍ਤਸਰ, 30 ਸਤੰਬਰ- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਸਿੱਖਿਆ ਸੰਸਥਾਨ ਕਾਜ਼ ਹਾਇਰ ਐਜੂਕੇਸ਼ਨ ਸੈਂਟਰ 'ਚ ਅੱਜ ਹੋਏ ਫਿਦਾਇਨ ਹਮਲੇ 'ਚ 100 ਤੋਂ ਵਧੇਰੇ ਵਿਦਿਆਰਥੀਆਂ ਤੇ ਲੋਕਾਂ ਦੇ ਮਾਰੇ ਜਾਣ ਅਤੇ 50 ਤੋਂ ਵਧੇਰੇ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਹਾਲਾਂਕਿ, ਤਾਲਿਬਾਨ ਪ੍ਰਸ਼ਾਸਨ ਵਲੋਂ ਮਿ੍ਤਕਾਂ ਤੇ ਜ਼ਖ਼ਮੀਆਂ ਦੀ ਗਿਣਤੀ ਅਸਲ ਨਾਲੋਂ ਘੱਟ ਦੱਸੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪੀੜਤਾਂ 'ਚ ਹਾਈ ਸਕੂਲ ਤੋਂ ਗ੍ਰੈਜੂਏਟ ਦੇ ਵਿਦਿਆਰਥੀ ਲੜਕੀਆਂ ਤੇ ਲੜਕੇ ਦੋਵੇਂ ਸ਼ਾਮਿਲ ਹਨ | ਜਦੋਂ ਧਮਾਕਾ ਹੋਇਆ ਤਾਂ ਵਿਦਿਆਰਥੀ ਯੂਨੀਵਰਸਿਟੀ 'ਚ ਦਾਖ਼ਲੇ ਲਈ ਪ੍ਰੀਖਿਆ ਦੇ ਰਹੇ ਸਨ | ਵਿਦਿਆਰਥੀਆਂ ਵਿਚਕਾਰ ਪਹੁੰਚੇ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ | ਇਹ ਵੀ ਜਾਣਕਾਰੀ ਮਿਲੀ ਹੈ ਕਿ ਤਾਲਿਬਾਨ ਵਲੋਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਇਸ ਧਮਾਕੇ ਨਾਲ ਜੁੜੀ ਕੋਈ ਵੀ ਖ਼ਬਰ ਜਨਤਕ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ | ਉਨ੍ਹਾਂ ਵਲੋਂ ਸਾਫ਼ ਕਿਹਾ ਗਿਆ ਕਿ ਸੁਰੱਖਿਆ ਪ੍ਰਬੰਧਾਂ ਜਾਂ ਹਮਲਿਆਂ ਬਾਰੇ ਮੀਡੀਆ ਨੂੰ ਬਿਲਕੁਲ ਜਾਣਕਾਰੀ ਨਾ ਦਿੱਤੀ ਜਾਵੇ ਅਤੇ ਕੋਈ ਵੀ ਮੀਡੀਆ ਨਾਲ ਸੰਬੰਧਿਤ ਵਿਅਕਤੀ ਹਸਪਤਾਲ ਅੰਦਰ ਨਾ ਜਾਣ ਦਿੱਤਾ ਜਾਵੇ | ਤਾਲਿਬਾਨ ਦੇ ਬੁਲਾਰੇ ਖ਼ਾਲਿਦ ਜ਼ਦਰਾਨ ਨੇ ਦੱਸਿਆ ਕਿ ਧਮਾਕਾ ਅੱਜ ਸਵੇਰੇ ਦਸ਼ਤੀ ਬਾਰਚੀ ਇਲਾਕੇ 'ਚ ਹੋਇਆ, ਜਿੱਥੇ ਜ਼ਿਆਦਾਤਰ ਅਫ਼ਗਾਨਿਸਤਾਨ ਦੇ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਹਨ | ਅਜੇ ਤੱਕ ਕਿਸੇ ਨੇ ਵੀ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ | ਇਸ ਤੋਂ ਪਹਿਲਾਂ ਅਫ਼ਗਾਨਿਸਤਾਨ 'ਚ ਹੋਏ ਵਧੇਰੇਤਰ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ (ਆਈ.ਐਸ.ਕੇ.ਪੀ.) ਸਮੂਹ ਵਲੋਂ ਲਈ ਜਾਂਦੀ ਰਹੀ ਹੈ | ਇਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਧਮਾਕੇ ਬਾਅਦ ਕਾਜ਼ ਹਾਇਰ ਐਜੂਕੇਸ਼ਨ ਸੈਂਟਰ 'ਚੋਂ 100 ਤੋਂ ਵਧੇਰੇ ਵਿਦਿਆਰਥੀਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ | ਅੱਜ ਉਥੇ ਯੂਨੀਵਰਸਿਟੀ 'ਚ ਦਾਖ਼ਲੇ ਲਈ ਮੌਕ ਟੈਸਟ ਹੋਣ ਵਾਲਾ ਸੀ | ਇਸ ਲਈ ਤਕਰੀਬਨ 600 ਵਿਦਿਆਰਥੀ ਉੱਥੇ ਮੌਜੂਦ ਸਨ | ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਨੇ ਇੰਸਟੀਚਿਊਟ ਅੰਦਰ ਧਮਾਕਾ ਕੀਤਾ |
ਸ੍ਰੀਨਗਰ, 30 ਸਤੰਬਰ (ਏਜੰਸੀ)-ਫ਼ੌਜ ਦੀ ਅਗਨੀ ਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਬਣਾ ਰਹੇ ਜੈਸ਼-ਏ-ਮੁਹੰਮਦ ਦੇ ਦੋ ਸਥਾਨਕ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿਚ ਹੋਏ ਮੁਕਾਬਲੇ ਵਿਚ ਮਾਰ ਮੁਕਾਇਆ | ਇਸ ਦੀ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ | ਐਸ. ਐਸ. ਪੀ. ਨੇ ਦੱਸਿਆ ਕਿ ਅੱਤਵਾਦੀ ਸੈਨਾ ਦੀ ਅਗਨੀ ਵੀਰ ਭਰਤੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚ ਰਹੇ ਸਨ, ਜਿਸ ਦੀ ਵੀਰਵਾਰ ਨੂੰ ਪਟਨ ਦੇ ਹੈਦਰਬੇਗ ਵਿਚ ਸਮਾਪਤੀ ਹੋਈ ਸੀ | ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੁਕਾਬਲੇ ਵਾਲੇ ਸਥਾਨ ਤੋਂ ਇਕ ਏ.ਕੇ.ਐਸ.-74-ਯੂ ਰਾਈਫਲ, ਤਿੰਨ ਮੈਗਜ਼ੀਨ, ਇਕ ਪਿਸਤੌਲ, ਪਿਸਤੌਲ ਦੀ ਇਕ ਮੈਗਜ਼ੀਨ ਅਤੇ ਦੋ ਗੋਲੀਆਂ ਬਰਾਮਦ ਕੀਤੀਆਂ |
ਦਿਗਵਿਜੇ ਸਿੰਘ ਨੇ ਵਾਪਸ ਲਿਆ ਨਾਂਅ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 30 ਸਤੰਬਰ -ਤਕਰੀਬਨ ਢਾਈ ਦਹਾਕੇ ਬਾਅਦ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਗ਼ੈਰ ਗਾਂਧੀ ਪਰਿਵਾਰ ਤੋਂ ਪ੍ਰਧਾਨ ਚੁਣਨ ਲਈ ਸ਼ੁੱਕਰਵਾਰ ਨੂੰ ਨਾਮਜ਼ਦਗੀ ਭਰਨ ਦੇ ਆਖ਼ਰੀ ਦਿਨ, ਤਿੰਨ ਉਮੀਦਵਾਰਾਂ ਮਲਿਕਅਰਜੁਨ ਖੜਗੇ, ਸ਼ਸ਼ੀ ਥਰੂਰ ਅਤੇ ਕੇ. ਐਨ. ਤਿ੍ਪਾਠੀ ਨੇ ਆਪਣੇ ਕਾਗਜ਼ ਭਰੇ | ਹਾਲਾਂਕਿ ਇਨ੍ਹਾਂ ਤਿੰਨੋਂ ਉਮੀਦਵਾਰਾਂ 'ਚੋਂ ਇਕਜੁੱਟ ਪਾਰਟੀ ਵਜੋਂ ਸ਼ਕਤੀ ਪ੍ਰਦਰਸ਼ਨ ਦੀ ਝਲਕ ਸ਼ੁੱਕਰਵਾਰ ਸਵੇਰੇ ਉਮੀਦਵਾਰ ਵਜੋਂ ਉੱਭਰੇ ਅਤੇ ਪਾਰਟੀ ਹਾਈਕਮਾਨ ਦੀ ਅਣਐਲਾਨੀ ਪਸੰਦ ਵਜੋਂ ਅੱਗੇ ਆਏ ਮਲਿਕਅਰਜੁਨ ਖੜਗੇ ਦੀ ਨਾਮਜ਼ਦਗੀ ਭਰਨ ਵੇਲੇ ਨਜ਼ਰ ਆਈ | ਖੜਗੇ ਦੀ ਨਾਮਜ਼ਦਗੀ ਦੇ ਸਮੇਂ ਪਾਰਟੀ ਦੀ ਤਕਰੀਬਨ ਸਾਰੀ ਸੀਨੀਅਰ ਲੀਡਰਸ਼ਿਪ, ਜਿਸ 'ਚ ਪਾਰਟੀ 'ਚ ਸੁਧਾਰਾਂ ਦੀ ਮੰਗ ਕਰਨ ਵਾਲਾ ਕਥਿਤ ਬਾਗ਼ੀ ਜੀ-23 ਧੜਾ ਵੀ ਸ਼ਾਮਿਲ ਸੀ, ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਨਜ਼ਰ ਆਈ | ਗਾਂਧੀ ਪਰਿਵਾਰ, ਜੋ ਕਿ ਪਹਿਲਾਂ ਹੀ ਨਿਰਪੱਖ ਰਹਿਣ ਦਾ ਐਲਾਨ ਕਰ ਚੁੱਕਾ ਸੀ, ਨਾਮਜ਼ਦਗੀ ਦੇ ਇਸ ਅਮਲ ਸਮੇਂ ਗੈਰਹਾਜ਼ਰ ਰਿਹਾ | ਖੜਗੇ ਦੀ ਉਮੀਦਵਾਰੀ ਲਈ ਪਾਰਟੀ ਦੇ 30 ਸੀਨੀਅਰ ਆਗੂ ਉਨ੍ਹਾਂ ਦੇ ਪ੍ਰਸਤਾਵਕ ਬਣੇ | ਇਨ੍ਹਾਂ ਪ੍ਰਸਤਾਵਕਾਂ 'ਚ ਪਾਰਟੀ ਦੀ ਪਹਿਲੀ ਪਸੰਦ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ (ਜਿਨ੍ਹਾਂ ਨੇ ਸੂਬਾਈ ਵਿਵਾਦ ਤੋਂ ਬਾਅਦ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਆਪਣਾ ਨਾਂਅ ਵਾਪਸ ਲੈ ਲਿਆ) ਅਤੇ ਵੀਰਵਾਰ ਨੂੰ ਉਮੀਦਵਾਰ ਬਣ ਕੇ ਅੱਗੇ ਆਏ ਦਿਗਵਿਜੇ ਸਿੰਘ ਵੀ ਸ਼ਾਮਿਲ ਸਨ | ਇਸ ਤੋਂ ਇਲਾਵਾ ਜੀ-23 ਦੇ ਵੀ ਕਈ ਸੀਨੀਅਰ ਨੇਤਾ ਭੁਪਿਦਰ ਸਿੰਘ ਹੁੱਡਾ, ਪਿ੍ਥਵੀਰਾਜ ਚਵਾਨ, ਮਨੀਸ਼ ਤਿਵਾੜੀ, ਅਨੰਦ ਸ਼ਰਮਾ ਅਤੇ ਮੁਕੁਲ ਵਾਸਨਿਕ ਆਦਿ ਨੇਤਾ ਵੀ ਪਾਰਟੀ ਦੀ ਇਕਜੁੱਟਤਾ ਦਾ ਸੰਦੇਸ਼ ਦਿੰਦੇ ਉਥੇ ਮੌਜੂਦ ਸਨ | ਇਨ੍ਹਾਂ ਤੋਂ ਇਲਾਵਾ ਏ. ਕੇ. ਐਂਟਨੀ, ਅੰਬਿਕਾ ਸੋਨੀ, ਅਭਿਸ਼ੇਕ ਮਨੂ ਸਿੰਘਵੀ, ਅਜੈ ਮਾਕਨ, ਸਲਮਾਨ ਖੁਰਸ਼ੀਦ, ਅਖਿਲੇਸ਼ ਪ੍ਰਸਾਦ ਸਿੰਘ, ਦੀਪੇਂਦਰ ਹੁੱਡਾ, ਨਰਾਇਣ ਸਾਮੀ, ਪ੍ਰਮੋਦ ਤਿਵਾੜੀ, ਪੀ. ਐਲ. ਪੂਨੀਆ, ਰਾਜੀਵ ਸ਼ੁਕਲਾ, ਅਵਿਨਾਸ਼ ਪਾਂਡੇ, ਨਾਸਿਰ ਹੁਸੈਨ, ਰਘੁਵੀਰ ਸਿੰਘ ਮੀਨਾ, ਧੀਰਜ ਪ੍ਰਸਾਦ ਸਾਹੂ, ਤਾਰਾਚੰਦ ਕਮਲੇਸ਼ਵਰ ਪਟੇਲ, ਮੂਲਚੰਦ ਮੀਣਾ, ਡਾ. ਗੁੰਜਨ, ਸੰਜੈ ਕਪੂਰ ਅਤੇ ਵਿਨੀਤ ਪੂਨੀਆ ਖੜਗੇ ਦੇ ਪ੍ਰਸਤਾਵਕਾਂ 'ਚ ਸ਼ਾਮਿਲ ਸਨ |
ਵੀਰਵਾਰ ਰਾਤ ਨੂੰ ਲੱਗੀ ਖੜਗੇ ਦੇ ਨਾਂਅ 'ਤੇ ਮੋਹਰ
ਨਾਮਜ਼ਦਗੀ ਦੇ ਆਖ਼ਰੀ ਦਿਨ ਸਵੇਰੇ 10 ਵਜੇ ਤੋਂ ਬਾਅਦ ਭਾਵੇਂ ਖੜਗੇ ਦਾ ਨਾਂਅ ਅੱਗੇ ਆਇਆ, ਪਰ ਹਲਕਿਆਂ ਮੁਤਾਬਿਕ ਖੜਗੇ ਦੇ ਨਾਂਅ 'ਤੇ ਵੀਰਵਾਰ ਰਾਤ ਨੂੰ ਮੋਹਰ ਲੱਗੀ ਸੀ | ਵੀਰਵਾਰ ਨੂੰ ਦਿਗਵਿਜੇ ਸਿੰਘ ਵਲੋਂ ਉਮੀਦਵਾਰੀ ਦੇ ਲਈ ਨਾਮਜ਼ਦਗੀ ਕਾਗਜ਼ ਲੈਣ ਤੋਂ ਬਾਅਦ ਹੀ ਪਾਰਟੀ ਅੰਦਰ ਮੁਲਾਕਾਤਾਂ ਦਾ ਸਿਲਸਿਲਾ ਚੱਲ ਰਿਹਾ ਸੀ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਵੇਂ 'ਭਾਰਤ ਜੋੜੋ ਯਾਤਰਾ' ਕਾਰਨ ਦਿੱਲੀ 'ਚ ਮੌਜੂਦ ਨਹੀਂ ਹਨ, ਪਰ ਉਹ ਲਗਾਤਾਰ ਸਾਰੇ ਹਾਲਾਤ 'ਤੇ ਨਜ਼ਰ ਰੱਖ ਰਹੇ ਸਨ | ਦਿੱਲੀ 'ਚ ਸੋਨੀਆ ਗਾਂਧੀ ਅਤੇ ਪਿ੍ਅੰਕਾ ਗਾਂਧੀ ਵਾਡਰਾ ਨੇ ਵੀ ਦੇਰ ਰਾਤ ਮੁਲਾਕਾਤ ਕਰਕੇ ਪ੍ਰਧਾਨਗੀ ਦੇ ਉਮੀਦਵਾਰ 'ਤੇ ਤਫਸੀਲੀ ਚਰਚਾ ਕੀਤੀ | ਹਲਕਿਆਂ ਮੁਤਾਬਿਕ ਅਸ਼ੋਕ ਗਹਿਲੋਤ, ਜਿਨ੍ਹਾਂ ਨੇ ਵੀਰਵਾਰ ਨੂੰ ਸਵੇਰੇ ਸੋਨੀਆ ਗਾਂਧੀ ਨਾਲ ਡੇਢ ਘੰਟਾ ਮੁਲਾਕਾਤ ਕੀਤੀ ਸੀ, ਨੇ ਵੀਰਵਾਰ ਰਾਤ ਨੂੰ ਹੀ ਜੀ-23 ਧੜੇ ਨਾਲ ਵੀ ਮੁਲਾਕਾਤ ਕੀਤੀ | ਕਾਂਗਰਸ ਨੇਤਾ ਅਨੰਦ ਸ਼ਰਮਾ ਦੇ ਘਰ ਹੋਈ ਇਸ ਮੀਟਿੰਗ 'ਚ ਮਨੀਸ਼ ਤਿਵਾੜੀ, ਭੁਪਿੰਦਰ ਸਿੰਘ ਹੁੱਡਾ ਅਤੇ ਪਿ੍ਥਵੀਰਾਜ ਚਵਾਨ ਆਦਿ ਨੇਤਾ ਮੌਜੂਦ ਸਨ | ਗਹਿਲੋਤ ਦੇ ਜ਼ਿੰਮੇ ਇਨ੍ਹਾਂ ਜੀ-23 ਧੜੇ ਦੇ ਨੇਤਾਵਾਂ ਨੂੰ ਖੜਗੇ ਦੀ ਉਮੀਦਵਾਰੀ ਲਈ ਸਮਰਥਨ 'ਚ ਲਿਆਉਣਾ ਸੀ | ਇਸ ਪਿੱਛੋਂ ਇਕ ਕਾਰਨ ਇਹ ਵੀ ਸੀ ਕਿ ਦਿਗਵਿਜੇ ਸਿੰਘ, ਜਿਸ ਨੂੰ ਕਾਂਗਰਸ ਹਾਈਕਮਾਨ ਵਲੋਂ ਬੁੱਧਵਾਰ ਰਾਤ ਨੂੰ ਦਿੱਲੀ ਸੱਦ ਕੇ ਪਾਰਟੀ ਪ੍ਰਧਾਨ ਦੇ ਉਮੀਦਵਾਰ ਵਜੋਂ ਅੱਗੇ ਕੀਤਾ ਗਿਆ ਸੀ, ਸਾਰੇ (ਜੀ-23) ਆਗੂ ਉਸ 'ਤੇ ਰਾਜ਼ੀ ਨਹੀਂ ਸਨ | ਰਾਜਸਥਾਨ ਵਿਵਾਦ ਤੋਂ ਬਾਅਦ ਪਾਰਟੀ ਦੀ ਖਾਨਾਜੰਗੀ ਵਾਲੀ ਸਥਿਤੀ ਨੂੰ ਲੈ ਕੇ ਹੋਈ ਨਮੋਸ਼ੀ ਦੇ ਕਾਰਨ ਪਾਰਟੀ ਰਾਸ਼ਟਰੀ ਪੱਧਰ 'ਤੇ ਇਕ ਮਜ਼ਬੂਤ ਅਤੇ ਇਕਜੁੱਟ ਪਾਰਟੀ ਹੋਣ ਦਾ ਸੰਦੇਸ਼ ਦੇਣਾ ਚਾਹੁੰਦੀ ਸੀ | ਸ਼ਰਮਾ ਦੀ ਰਿਹਾਇਸ਼ 'ਤੇ ਮੌਜੂਦ ਨੇਤਾਵਾਂ ਵਲੋਂ ਜਦੋਂ ਪ੍ਰਸਤਾਵਕ ਬਣਨ ਦੀ ਸਹਿਮਤੀ ਮਿਲੀ ਤਾਂ ਹੀ ਖੜਗੇ ਦੇ ਨਾਂਅ 'ਤੇ ਮੁਹਰ ਲਾਈ ਗਈ |
ਦਿਗਵਿਜੇ ਸਿੰਘ ਨੇ ਪ੍ਰਧਾਨਗੀ ਦੀ ਦੌੜ ਤੋਂ ਖੁਦ ਨੂੰ ਕੀਤਾ ਵੱਖ
ਸ਼ੁੱਕਰਵਾਰ ਸਵੇਰੇ ਮਲਿਕਅਰਜੁਨ ਖੜਗੇ ਦਾ ਨਾਂਅ ਉਮੀਦਵਾਰ ਵਜੋਂ ਅੱਗੇ ਆਉਣ ਤੋਂ ਬਾਅਦ ਦਿਗਵਿਜੇ ਸਿੰਘ ਖੁਦ ਖੜਗੇ ਦੀ ਰਿਹਾਇਸ਼ 'ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਏ | ਇਸੇ ਮੁਲਾਕਾਤ ਦਰਮਿਆਨ ਕਾਂਗਰਸੀ ਨੇਤਾ ਪ੍ਰਮੋਦ ਤਿਵਾੜੀ ਨੇ ਦਿਗਵਿਜੇ ਸਿੰਘ ਦੇ ਦੌੜ 'ਚੋਂ ਬਾਹਰ ਹੋਣ ਬਾਰੇ ਐਲਾਨ ਕੀਤਾ | ਤਕਰੀਬਨ ਅੱਧੇ ਘੰਟੇ ਤੱਕ ਸਿੰਘ ਦੇ ਚੋਣ ਲੜਨ ਨੂੰ ਲੈ ਕੇ ਕਿਆਸ ਅਰਾਈਆਂ ਚੱਲਣ ਤੋਂ ਬਾਅਦ ਉਨ੍ਹਾਂ ਖੁਦ ਬਾਹਰ ਆ ਕੇ ਚੋਣ ਤੋਂ ਬਾਹਰ ਹੋਣ ਦਾ ਐਲਾਨ ਕੀਤਾ |
ਸ਼ਸ਼ੀ ਥਰੂਰ ਦੇ ਪ੍ਰਸਤਾਵਕ ਬਣੇ ਕਾਰਤੀ ਚਿਦੰਬਰਮ
ਨਾਮਜ਼ਦਗੀ ਦੇ ਆਖ਼ਰੀ ਦਿਨ ਸ਼ਸ਼ੀ ਥਰੂਰ ਨੇ ਆਪਣੇ ਕਾਗਜ਼ ਭਰੇ | ਥਰੂਰ ਦੇ ਪ੍ਰਸਤਾਵਕਾਂ 'ਚ ਕਾਰਤੀ ਚਿਦੰਬਰਮ ਅਤੇ ਪ੍ਰਦੁਤ ਬਰਦਲੋਈ ਸ਼ਾਮਿਲ ਸਨ |
ਪਾਰਟੀ ਵਲੋਂ ਕੋਈ ਵੀ ਅਧਿਕਾਰਕ ਉਮੀਦਵਾਰ ਨਹੀਂ
ਕਾਂਗਰਸ ਵਲੋਂ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਨਾਮਜ਼ਦਗੀ ਅਮਲ ਖ਼ਤਮ ਹੋਣ ਤੋਂ ਬਾਅਦ ਮੁੜ ਦੁਹਰਾਉਂਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ 'ਚ ਪਾਰਟੀ ਵਲੋਂ ਕੋਈ ਵੀ ਅਧਿਕਾਰਕ ਉਮੀਦਵਾਰ ਨਹੀਂ ਹੈ | ਪਾਰਟੀ ਦਾ ਚੋਣ ਪ੍ਰਬੰਧ ਵੇਖ ਰਹੇ ਮਧੂਸੂਦਨ ਮਿਸਤਰੀ ਨੇ ਨਾਮਜ਼ਦਗੀ ਅਮਲ ਤੋਂ ਬਾਅਦ ਪੱਤਰਕਾਰ ਸੰਮੇਲਨ 'ਚ ਨਾਮਜ਼ਦਗੀ ਦਿੰਦਿਆਂ ਕਿਹਾ ਕਿ ਖੜਗੇ ਨੇ 14, ਥਰੂਰ ਨੇ 5 ਅਤੇ ਕੇ. ਐਨ. ਤਿ੍ਪਾਠੀ ਨੇ ਇਕ ਫਾਰਮ ਜਮ੍ਹਾਂ ਕਰਵਾਇਆ ਹੈ | ਸਨਿਚਰਵਾਰ ਨੂੰ ਫਾਰਮਾਂ ਦੀ ਜਾਂਚ ਤੋਂ ਬਾਅਦ ਸ਼ਾਮ ਨੂੰ ਵੈਧ ਫਾਰਮਾਂ ਅਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਜਾਏਗਾ |
ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਜਨਰਲ ਅਨਿਲ ਚੌਹਾਨ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਦੂਸਰੇ ਪ੍ਰਮੁੱਖ ਰੱਖਿਆ ਮੁਖੀ (ਸੀ.ਡੀ.ਐਸ.) ਦੇ ਤੌਰ 'ਤੇ ਅਹੁਦਾ ਸੰਭਾਲ ਲਿਆ | ਜਨਰਲ ਚੌਹਾਨ ਨੇ ਗਲਵਾਨ ਘਾਟੀ ਵਿਚ ਹੋਈ ਝੜਪ ਤੋਂ ਬਾਅਦ ਪੂਰਬੀ ਲੱਦਾਖ ਵਿਚ ਜਾਰੀ ਵਿਵਾਦ ਵਿਚਕਾਰ ਇਕ ...
ਨਵੀਂ ਦਿੱਲੀ, 30 ਸਤੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਅਕਤੂਬਰ ਨੂੰ ਭਾਰਤ ਵਿਚ 5ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ | ਇਕ ਅਧਿਕਾਰਤ ਬਿਆਨ ਵਿਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ | ਬਿਆਨ ਅਨੁਸਾਰ ਪ੍ਰਧਾਨ ਮੰਤਰੀ ਚੋਣਵੇਂ ਸ਼ਹਿਰਾਂ ਵਿਚ ...
ਕਾਂਗਰਸ ਪ੍ਰਧਾਨ ਦੇ ਤੀਜੇ ਅਤੇ ਸਭ ਤੋਂ ਘੱਟ ਚਰਚਿਤ ਉਮੀਦਵਾਰ ਕੇ. ਐਨ. ਤਿ੍ਪਾਠੀ ਝਾਰਖੰਡ ਦੇ ਸਾਬਕਾ ਮੰਤਰੀ ਰਹਿ ਚੁੱਕੇ ਹਨ | ਉਹ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ (ਤਿ੍ਪਾਠੀ ਧੜੇ) ਦੇ ਪ੍ਰਧਾਨ ਰਹਿ ਚੁੱਕੇ ਹਨ |
...
ਚੰਡੀਗੜ੍ਹ, 30 ਸਤੰਬਰ (ਬਿਊਰੋ ਚੀਫ਼)- ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਦਨ ਦਾ ਸਿੱਧਾ ਪ੍ਰਸਾਰਨ (ਲਾਈਵ ਕਾਰਵਾਈ) ਇਕਪਾਸੜ ਹੋਣ ਦੇ ਦੋਸ਼ ਲਗਾਉਂਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਿਹਾ ਕਿ ਟੀ.ਵੀ. 'ਤੇ ਲਾਈਵ ਕਾਰਵਾਈ ਵਿਚ ...
ਚੰਡੀਗੜ੍ਹ, 30 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਵਿਚ ਹੰਗਾਮਾ ਕਰਨ 'ਤੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਵਿਧਾਨ ਸਭਾ 'ਚ ਬੇਲੋੜਾ ਹੰਗਾਮਾ ਕਰ ਰਹੀ ਹੈ ...
ਅੱਜ ਵਿਧਾਨ ਸਭਾ ਦਾ ਇਜਲਾਸ ਹੋਣ ਕਰਕੇ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਮਨਪ੍ਰੀਤ ਸਿੰਘ ਇਯਾਲੀ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਚੰਡੀਗੜ੍ਹ 'ਚ ਸਨ ਤੇ ਇਜਲਾਸ ਵੀ 12:30 ਵਜੇ ਖ਼ਤਮ ਹੋ ਗਿਆ ਸੀ, ਪੰ੍ਰਤੂ ਇਸ ਦੇ ਬਾਵਜੂਦ ਮੁੱਖ ਦਫ਼ਤਰ 'ਚ ਮੀਟਿੰਗ 3 ਵਜੇ ਸੀ, ਜਿਸ ਵਿਚ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX