ਮਲਾਂਗ (ਇੰਡੋਨੇਸ਼ੀਆ), 2 ਅਕਤੂਬਰ (ਏਜੰਸੀ)-ਇੰਡੋਨੇਸ਼ੀਆ ਵਿਚ ਸਨਿਚਰਵਾਰ ਰਾਤ ਨੂੰ ਇਕ ਫੁੱਟਬਾਲ ਮੈਚ ਤੋਂ ਬਾਅਦ ਮਚੀ ਭਗਦੜ ਵਿਚ 125 ਲੋਕਾਂ ਦੀ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਹਾਦਸਾ ਹੈ | ਲੋਕਾਂ ਨੇ ਦੱਸਿਆ ਕਿ ਪੁਲਿਸ ਵਲੋਂ ਗੈਸ ਦੇ ਗੋਲੇ ਦਾਗਣ ਤੋਂ ਪਹਿਲਾਂ ਪ੍ਰਸੰਸਕਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਇਸ ਬਾਰੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਫੀਫਾ ਦੇ ਪ੍ਰਧਾਨ ਨੇ ਫੁੱਟਬਾਲ ਖੇਡ ਵਿਚ ਇਸ ਨੂੰ ਕਾਲਾ ਦਿਨ ਦੱਸਦੇ ਹੋਏ ਸਮਝ ਤੋਂ ਪਰ੍ਹੇ ਤ੍ਰਾਸਦੀ ਦੱਸਿਆ | ਦੱਸਣਯੋਗ ਹੈ ਕਿ ਫੀਫਾ ਨੇ ਫੁੱਟਬਾਲ ਸਟੇਡੀਅਮ ਵਿਚ ਹੰਝੂ ਗੈਸ ਦੇ ਗੋਲੇ ਛੱਡਣ 'ਤੇ ਪਾਬੰਦੀ ਲਗਾ ਰੱਖੀ ਹੈ ਪਰ ਫਿਰ ਵੀ ਇਨ੍ਹਾਂ ਦੀ ਵਰਤੋਂ ਕੀਤੀ ਗਈ | ਜਾਣਕਾਰੀ ਅਨੁਸਾਰ ਹਿੰਸਾ ਉਸ ਸਮੇਂ ਫੈਲੀ ਜਦੋਂ ਪੂਰਵੀ ਜਾਵਾ ਸੂਬੇ ਦੇ ਮਲਾਂਗ ਸ਼ਹਿਰ ਵਿਚ ਸਨਿਚਰਵਾਰ ਸ਼ਾਮ ਨੂੰ ਹੋਏ ਫੁੱਟਬਾਲ ਮੈਚ ਵਿਚ ਮੇਜ਼ਬਾਨ ਅਰੇਮਾ ਐਫ.ਸੀ. ਸੁਰਬਾਇਆ ਟੀਮ ਪਰਸੇਬਾਇਆ ਟੀਮ ਕੋਲੋਂ 3-2 ਨਾਲ ਹਾਰ ਗਈ | ਮੈਚ ਤੋਂ ਬਾਅਦ ਹੋਏ ਵਿਵਾਦ ਨੂੰ ਸ਼ਾਂਤ ਕਰਨ ਲਈ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗੇ ਸਨ, ਜਿਸ ਤੋਂ ਬਚਣ ਲਈ ਪ੍ਰਸੰਸਕਾਂ ਵਿਚ ਭਗਦੜ ਮਚ ਗਈ ਅਤੇ ਜ਼ਿਆਦਾਤਰ ਲੋਕਾਂ ਦੀ ਮੌਤ ਦਬਣ ਕਾਰਨ ਹੋਈ | ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਆਪਣੀ ਟੀਮ ਦੀ ਹਾਰ ਤੋਂ ਨਿਰਾਸ਼ ਅਰੇਮਾ ਦੇ ਹਜ਼ਾਰਾਂ ਪ੍ਰਸੰਸਕਾਂ ਨੇ ਖਿਡਾਰੀਆਂ ਅਤੇ ਫੁੱਟਬਾਲ ਅਧਿਕਾਰੀਆਂ 'ਤੇ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ | ਇਸ ਤੋਂ ਬਾਅਦ ਪ੍ਰਸੰਸਕ ਮੈਦਾਨ 'ਤੇ ਆ ਗਏ ਅਤੇ ਅਰੇਮਾ ਪ੍ਰਬੰਧਕਾਂ ਕੋਲੋਂ ਪੁੱਛਿਆ ਕਿ ਘਰੇਲੂ ਮੈਚਾਂ ਵਿਚ 23 ਸਾਲਾਂ ਤੱਕ ਅਜੇਤੂ ਰਹਿਣ ਤੋਂ ਬਾਅਦ ਟੀਮ ਇਹ ਮੈਚ ਕਿਵੇਂ ਹਾਰ ਗਈ | ਸਟੇਡੀਅਮ ਤੋਂ ਬਾਹਰ ਵੀ ਹਿੰਸਾ ਸ਼ੁਰੂ ਹੋ ਗਈ ਅਤੇ ਪੁਲਿਸ ਦੀਆਂ ਲਗਭਗ 5 ਗੱਡੀਆਂ ਨੂੰ ਸਾੜ ਦਿੱਤਾ ਗਿਆ | ਪੁਲਿਸ ਨੇ ਪਹਿਲਾਂ ਪ੍ਰਸੰਸਕਾਂ ਨੂੰ ਡੰਡਿਆਂ ਅਤੇ ਸ਼ੀਲਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਜਵਾਬ ਵਿਚ ਪ੍ਰਸੰਸਕਾਂ ਨੇ ਵੀ ਪੁਲਿਸ ਨਾਲ ਲੜਣਾ ਸ਼ੁਰੂ ਕਰ ਦਿੱਤਾ | ਦੰਗਾ ਵਿਰੋਧੀ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ, ਜਿਸ ਕਾਰਨ ਭਗਦੜ ਮਚ ਗਈ | ਲੋਕਾਂ ਨੇ ਹੰਝੂ ਗੈਸ ਤੋਂ ਬਚਣ ਲਈ ਬਾਹਰ ਵੱਲ ਭੱਜਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੱਚਿਆਂ ਸਮੇਤ ਕਈ ਲੋਕ ਕੁਚਲਣ ਅਤੇ ਦਮ ਘੁਟਣ ਕਾਰਨ ਮਾਰੇ ਗਏ | ਜਾਣਕਾਰੀ ਅਨੁਸਾਰ ਘਟਨਾ ਵਿਚ ਜ਼ਖ਼ਮੀ ਹੋਏ 300 ਤੋਂ ਵੱਧ ਲੋਕਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਇਸ ਦੌਰਾਨ ਕਈ ਲੋਕਾਂ ਨੇ ਰਸਤੇ ਵਿਚ ਤੇ ਕਈ ਲੋਕਾਂ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ | ਅਧਿਕਾਰੀਆਂ ਨੇ ਦੱਸਿਆ ਕਿ ਕਰਮੀਆਂ ਨੇ ਕਈ ਲਾਸ਼ਾਂ ਨੂੰ ਦੋ ਵਾਰ ਗਿਣ ਲਿਆ ਸੀ, ਜਿਸ ਕਾਰਨ ਪਹਿਲਾਂ ਮਰਨ ਵਾਲਿਆਂ ਦੀ ਗਿਣਤੀ 174 ਦੱਸੀ ਗਈ ਸੀ |
ਸੀ.ਆਈ.ਏ. ਸਟਾਫ਼ ਦਾ ਇੰਚਾਰਜ ਗਿ੍ਫ਼ਤਾਰ, ਨੌਕਰੀ ਤੋਂ ਬਰਖ਼ਾਸਤ
ਬਲਵਿੰਦਰ ਸਿੰਘ ਧਾਲੀਵਾਲ / ਰਾਵਿੰਦਰ ਸਿੰਘ ਰਵੀ
ਮਾਨਸਾ, 2 ਅਕਤੂਬਰ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਅੱਜ ਪੁਲਿਸ ਹਿਰਾਸਤ 'ਚੋਂ ਫ਼ਰਾਰ ਹੋ ਗਿਆ | ਅਣਗਹਿਲੀ ਵਰਤਣ ਦੇ ਦੋਸ਼ਾਂ 'ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ-ਇੰਸਪੈਕਟਰ ਪਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਸ ਖ਼ਿਲਾਫ਼ ਥਾਣਾ ਸ਼ਹਿਰੀ-1 ਮਾਨਸਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਨ ਦੇ ਨਾਲ ਹੀ ਦੇਰ ਸ਼ਾਮ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਹੁਕਮਾਂ 'ਤੇ ਧਾਰਾ 311 ਤਹਿਤ ਉਕਤ ਨੂੰ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਹੈ | ਦੱਸਣਾ ਬਣਦਾ ਹੈ ਕਿ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ ਦਾ ਸਾਥੀ ਤੇ ਖ਼ਤਰਨਾਕ ਅਪਰਾਧੀ ਦੀਪਕ ਟੀਨੂੰ ਬੀਤੀ ਦੇਰ ਰਾਤ ਉਸ ਵਕਤ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ, ਜਦੋਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਉਸ ਨੂੰ ਆਪਣੀ ਕਾਰ 'ਚ ਇਕੱਲੇ ਹੀ ਬਿਨਾਂ ਕਿਸੇ ਇਜਾਜ਼ਤ, ਹੱਥਕੜੀ ਤੇ ਬਗੈਰ ਸੁਰੱਖਿਆ ਤੋਂ ਕਿਸੇ ਥਾਂ 'ਤੇ ਲਿਜਾ ਰਹੇ ਸਨ | ਗੈਂਗਸਟਰ ਦੇ ਭੱਜਣ ਸੰਬੰਧੀ ਤਰ੍ਹਾਂ-ਤਰ੍ਹਾਂ ਦੇ ਚੱਲ ਰਹੇ ਚਰਚੇ ਪੁਲਿਸ ਅਧਿਕਾਰੀਆਂ ਅੱਗੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ | ਭਾਵੇਂ ਇਹ ਗੱਲ ਤਾਂ ਗਿ੍ਫ਼ਤਾਰ ਕੀਤੇ ਸਬ-ਇੰਸਪੈਕਟਰ ਤੋਂ ਪੁੱਛ ਪੜਤਾਲ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਉਹ ਟੀਨੂੰ ਨੂੰ ਕਿੱਥੇ ਤੇ ਕਿਉਂ ਲਿਜਾ ਰਹੇ ਸਨ | ਕਾਬਲੇ ਗ਼ੌਰ ਰਹੇ ਕਿ ਇਹ ਅਪਰਾਧੀ ਜੋ ਪਹਿਲਾਂ ਵੀ 2017 'ਚ ਹਰਿਆਣਾ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ, ਨੂੰ ਪਿਛਲੇ ਦਿਨਾਂ 'ਚ ਮਾਨਸਾ ਪੁਲਿਸ ਨੇ ਮੂਸੇਵਾਲਾ ਹੱਤਿਆ ਮਾਮਲੇ 'ਚ ਗਿ੍ਫ਼ਤਾਰ ਕੀਤਾ ਸੀ ਅਤੇ ਲੰਘੀ 27 ਸਤੰਬਰ ਨੂੰ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਥਾਣਾ ਸਰਦੂਲਗੜ੍ਹ ਵਿਖੇ 2019 'ਚ ਹੋਏ ਕਤਲ ਦੇ ਮੁਕੱਦਮੇ 'ਚ ਨਾਮਜ਼ਦ ਕਰ ਕੇ ਗੋਬਿੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟਾਂ 'ਤੇ ਲਿਆਂਦਾ ਸੀ | ਅਦਾਲਤ 'ਚ ਪੇਸ਼ ਕਰਨ ਉਪਰੰਤ ਟੀਨੂੰ ਨੂੰ ਸੀ.ਆਈ.ਏ. ਸਟਾਫ਼ ਵਿਖੇ ਪੁੱਛਗਿੱਛ ਲਈ ਰੱਖਿਆ ਗਿਆ ਸੀ | ਦੱਸ ਦੇਈਏ ਕਿ 4 ਜੁਲਾਈ 2022 ਨੂੰ ਪੰਜਾਬ ਪੁਲਿਸ ਟੀਨੂੰ ਨੂੰ ਮੂਸੇਵਾਲਾ ਕਤਲ ਕੇਸ 'ਚ ਗਿ੍ਫ਼ਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟਾਂ 'ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ | ਪੁਲਿਸ ਵਲੋਂ ਦਾਇਰ ਚਾਰਜਸ਼ੀਟ ਅਨੁਸਾਰ ਟੀਨੂੰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਹੈ ਅਤੇ ਉਹ ਵੱਖ-ਵੱਖ ਜੇਲ੍ਹਾਂ 'ਚ ਉਨ੍ਹਾਂ ਨਾਲ ਬੰਦ ਸੀ | ਪਿਛਲੇ ਮਹੀਨੇ ਜੇਲ੍ਹ ਵਿਚ ਉਸ ਕੋਲੋਂ ਮੋਬਾਈਲ ਫ਼ੋਨ ਬਰਾਮਦ ਹੋਇਆ ਸੀ | ਉਸ ਦੇ ਫ਼ਰਾਰ ਹੋਣ ਉਪਰੰਤ ਮਾਨਸਾ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ ਹੈ ਉੱਥੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਪ੍ਰਤੀ ਵੀ ਸੋਸ਼ਲ ਮੀਡੀਆ 'ਤੇ ਤਿੱਖੀਆਂ ਟਿੱਪਣੀਆਂ ਹੋ ਰਹੀਆਂ ਹਨ | ਉਧਰ ਦੇਰ ਸ਼ਾਮ ਡਿਪਟੀ ਕਮਿਸ਼ਨਰ ਕਾਨਫ਼ਰੰਸ ਹਾਲ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਅਧਿਕਾਰੀ ਬਹੁਤੇ ਸਵਾਲਾਂ ਨੂੰ ਇਹ ਕਹਿ ਕੇ ਟਾਲ ਗਏ ਕਿ ਮਾਮਲਾ ਜਾਂਚ ਦਾ ਹੈ | ਗੁਰਮੀਤ ਸਿੰਘ ਚੌਹਾਨ ਏ.ਆਈ.ਜੀ. (ਏ.ਜੀ.ਟੀ.ਐਫ.) ਨੇ ਦੱਸਿਆ ਕਿ ਡੀ.ਜੀ.ਪੀ. ਪੰਜਾਬ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪਹਿਲ ਕਦਮੀ ਨਾਲ ਹਰਿਆਣਾ ਤੇ ਦਿੱਲੀ ਸਪੈਸ਼ਲ ਸੈੱਲ ਦੀਆਂ ਪੁਲਿਸ ਟੀਮਾਂ ਵਲੋਂ ਉੱਤਰੀ ਭਾਰਤ ਦੇ ਕਈ ਰਾਜਾਂ 'ਚ ਦੋਸ਼ੀ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੰਜਾਬ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਾਮਲਾ ਮਿਲੀਭੁਗਤ ਦਾ ਜਾਪਦਾ ਹੈ, ਜਿਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਨੂੰ ਗਿ੍ਫ਼ਤਾਰ ਕਰਨ ਉਪਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਮੂਸੇਵਾਲਾ ਹੱਤਿਆ ਮਾਮਲੇ ਦੀ ਜਾਂਚ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਜਾਂਚ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ | ਇਸ ਮੌਕੇ ਹਾਜ਼ਰ ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮੁਕੱਦਮੇ ਦੀ ਪੜਤਾਲ ਦੌਰਾਨ ਟੀਨੂੰ ਭਜਾਉਣ ਦੀ ਸਾਜਿਸ਼ 'ਚ ਸ਼ਾਮਿਲ ਹੋਰ ਵਿਅਕਤੀਆਂ ਸੰਬੰਧੀ ਤਸਦੀਕ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪ੍ਰੈੱਸ ਕਾਨਫ਼ਰੰਸ ਮੌਕੇ ਡਾ. ਬਾਲ ਕਿ੍ਸ਼ਨ ਸਿੰਗਲਾ ਐਸ.ਪੀ.(ਡੀ), ਇੰਸਪੈਕਟਰ ਬਿਕਰਮਜੀਤ ਸਿੰਘ ਵੀ ਹਾਜ਼ਰ ਸਨ |
ਬਿਸ਼ਨੋਈ ਗੈਂਗ ਵਲੋਂ ਪੁਲਿਸ ਨੂੰ ਧਮਕੀ
ਉਧਰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਫੇਸਬੁੱਕ 'ਤੇ ਪੋਸਟ ਪਾ ਕੇ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਧਮਕੀ ਦਿੱਤੀ ਗਈ ਹੈ | ਪੋਸਟ 'ਚ ਲਿਖਿਆ ਗਿਆ ਹੈ ਕਿ ਜੇਕਰ ਸਾਡੇ ਭਰਾ ਦੀਪਕ ਟੀਨੂੰ ਨੂੰ ਕੁਝ ਵੀ ਹੋਇਆ ਤਾਂ ਇਸ ਦਾ ਹਰਜਾਨਾ ਭੁਗਤਣਾ ਪਵੇਗਾ | ਇਹ ਵੀ ਕਿਹਾ ਗਿਆ ਹੈ ਕਿ ਸਾਡੇ ਨਾਲ ਪਹਿਲਾਂ ਹੀ ਬਹੁਤ ਧੱਕਾ ਹੋ ਚੁੱਕਿਆ ਹੈ | ਪੁਲਿਸ ਨੂੰ ਨਸੀਹਤ ਦਿੱਤੀ ਗਈ ਹੈ ਕਿ ਉਹ ਬਣਦੀ ਕਾਰਵਾਈ ਕਰੇ ਨਾ ਕਿ ਝੂਠਾ ਪੁਲਿਸ ਮੁਕਾਬਲਾ ਬਣਾਵੇ |
ਪ੍ਰਧਾਨ ਮੰਤਰੀ ਵਲੋਂ ਮੰਤਰੀ ਪ੍ਰੀਸ਼ਦ ਨਾਲ 5 ਘੰਟੇ ਲੰਬੀ ਬੈਠਕ
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਅਤੇ ਸਕੱਤਰਾਂ ਨੂੰ ਕਿਹਾ ਕਿ ਉਹ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਲੋਂ ਸਾਂਝੀਆਂ ਕੀਤੀਆਂ ਸੂਚਨਾਵਾਂ ਅਤੇ ਜਾਣਕਾਰੀਆਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ | ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਕੋਈ ਵੀ ਨੀਤੀ ਬਣਾਉਂਦੇ ਸਮੇਂ, ਉਸ ਨੂੰ ਭਾਰਤ ਦੇ ਰਣਨੀਤਕ ਦਿ੍ਸ਼ਟੀਕੋਣ ਨਾਲ ਦੇਖਣ ਦੀ ਜ਼ਰੂਰਤ ਹੈ, ਮੋਦੀ ਨੇ ਕਿਹਾ ਕਿ ਅਜਿਹੇ ਉਦਾਹਰਨ ਸਨ ਜਦੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਨੋਟਾਂ ਨੂੰ ਉਚਿਤ ਮਹੱਤਵ ਨਹੀਂ ਦਿੱਤਾ ਗਿਆ ਸੀ | ਸ਼ੁੱਕਰਵਾਰ ਨੂੰ ਹੋਈ ਮੰਤਰੀ ਪ੍ਰੀਸ਼ਦ ਦੀ ਪੰਜ ਘੰਟੇ ਚੱਲੀ ਬੈਠਕ, ਜਿਸ ਵਿਚ ਕੇਂਦਰ ਸਰਕਾਰ ਦੇ ਸਾਰੇ ਸਕੱਤਰਾਂ ਨੇ ਵੀ ਹਿੱਸਾ ਲਿਆ, ਦੌਰਾਨ ਮੋਦੀ ਨੇ ਦਵਾਈਆਂ ਬਣਾਉਣ ਲਈ ਵਰਤੀ ਜਾਣ ਵਾਲੀ ਦਰਾਮਦ ਕੀਤੀ ਸਰਗਰਮ ਫਾਰਮਾਸਿਊਟੀਕਲ ਸਮੱਗਰੀ, ਜਿਸ ਨੂੰ ਕਈ ਸਾਲ ਪਹਿਲਾਂ ਐਨ. ਐਸ. ਸੀ. ਐਸ. ਨੇ ਉਜਾਗਰ ਕੀਤਾ ਸੀ, 'ਤੇ ਨਿਰਭਰਤਾ ਦੇ ਮਾਮਲੇ ਦਾ ਹਵਾਲਾ ਦਿੱਤਾ | ਸੂਤਰਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ 'ਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨੇ ਸਕੱਤਰੇਤ ਬਾਰੇ ਮੰਤਰੀਆਂ ਨੂੰ ਜਾਣਕਾਰੀ ਦੇਣ ਲਈ ਐਨ. ਐਸ. ਸੀ. ਐਸ. 'ਤੇ ਪੇਸ਼ਕਾਰੀ ਦਿੱਤੀ | ਜਿਸ ਵਿਚ ਮਿਸਰੀ ਨੇ ਦੁਨੀਆ ਭਰ ਵਿਚ, ਖ਼ਾਸ ਤੌਰ 'ਤੇ ਯੂਰਪ, ਰੂਸ ਅਤੇ ਅਮਰੀਕਾ ਵਿਚ ਹੋ ਰਹੀਆਂ ਤਬਦੀਲੀਆਂ ਅਤੇ ਭਾਰਤ 'ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੇਰਵੇ ਸਾਂਝੇ ਕੀਤੇ | ਸੂਤਰਾਂ ਅਨੁਸਾਰ ਮਿਸਰੀ ਦੀ ਪੇਸ਼ਕਾਰੀ ਅਸਲ 'ਚ ਪਹਿਲਾਂ ਤੋਂ ਨਿਰਧਾਰਤ ਨਹੀਂ ਸੀ, ਪ੍ਰਧਾਨ ਮੰਤਰੀ ਵਲੋਂ ਕਹੇ ਜਾਣ ਦੇ ਬਾਅਦ ਇਸ ਨੂੰ ਸ਼ਾਮਿਲ ਕੀਤਾ ਗਿਆ | ਮਿਸਰੀ ਤੋਂ ਪਹਿਲਾਂ ਵਿੱਤ ਸਕੱਤਰ ਟੀ. ਵੀ. ਸੋਮਾਨਾਥਨ ਅਤੇ ਵਣਜ ਸਕੱਤਰ ਬੀ. ਵੀ. ਆਰ. ਸੁਬਰਾਮਣੀਅਮ ਨੇ ਵੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ | ਬੈਠਕ ਦੌਰਾਨ ਮੋਦੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨੀਤੀ ਬਣਾਉਣ ਦੀ ਪ੍ਰਕਿਰਿਆ ਗਤੀਸ਼ੀਲ ਹੈ ਅਤੇ ਇਸ ਨੂੰ ਬਦਲਦੇ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ | ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੀ ਉਦਾਹਰਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਮੰਤਰਾਲੇ ਨਾਲ ਸੰਬੰਧਿਤ ਕੁਝ ਨਿਯਮ ਸਨ, ਜਿਨ੍ਹਾਂ ਦਾ ਨਾਂਅ ਕਿਸੇ ਹੋਰ ਰਾਜ ਦੇ ਨਾਂਅ 'ਤੇ ਰੱਖਿਆ ਗਿਆ ਸੀ ਅਤੇ ਇਸ ਦੇ ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਹੀ ਉਸ ਨੂੰ ਬਦਲਿਆ ਗਿਆ | ਉਨ੍ਹਾਂ ਬੈਠਕ 'ਚ ਦੱਸਿਆ ਕਿ ਨੀਤੀਆਂ ਬਣਾਉਣ ਅਤੇ ਲਾਗੂ ਕਰਨ 'ਚ ਲਾਪ੍ਰਵਾਹੀ ਦਾ ਰੁਝਾਨ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ | ਸੂਤਰਾਂ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਦੱਸਿਆ ਕਿ ਨੀਤੀਆਂ ਨੂੰ ਬਦਲਦੇ ਸਮੇਂ ਦੇ ਨਾਲ ਅਨੁਕੂਲਿਤ ਕੀਤਾ ਜਾਣਾ ਚਾਹੀਦਾ ਹੈ |
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਦੱਖਣੀ ਦਿੱਲੀ ਦੀ ਲੋਧੀ ਕਾਲੋਨੀ ਵਿਚ ਇਕ 6 ਸਾਲਾ ਬੱਚੇ ਦੀ ਬਲੀ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ | ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਵਿਜੇ ਕੁਮਾਰ ਅਤੇ ਅਮਰ ਕੁਮਾਰ ਵਜੋਂ ਹੋਈ ਹੈ ਜੋ ਕਿ ਬਿਹਾਰ ਦੇ ਰਹਿਣ ਵਾਲੇ ਹਨ | ਜਦੋਂ ਉਕਤ ਦੋਸ਼ੀਆਂ ਨੇ 6 ਸਾਲਾ ਲੜਕੇ ਦੀ ਬਲੀ ਦਿੱਤੀ ਤਾਂ ਉਹ ਨਸ਼ੇ ਵਿਚ ਸਨ | ਜਾਣਕਾਰੀ ਅਨੁਸਾਰ ਦੋਸ਼ੀ ਅਤੇ ਪੀੜਤ ਬੱਚੇ ਦੇ ਮਾਪੇ ਮਜ਼ਦੂਰੀ ਕਰਦੇ ਹਨ ਅਤੇ ਦੋਸ਼ੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ 'ਖੁਸ਼ਹਾਲੀ' ਪ੍ਰਾਪਤ ਕਰਨ ਲਈ ਬੱਚੇ ਨੂੰ ਮਾਰ ਦਿੱਤਾ | ਜਾਣਕਾਰੀ ਅਨੁਸਾਰ ਉਨ੍ਹਾਂ ਬੱਚੇ ਨੂੰ ਆਪਣੀ ਜਗ੍ਹਾ 'ਤੇ ਲਿਜਾ ਕੇ ਪਹਿਲਾਂ ਸਿਰ 'ਤੇ ਹਮਲਾ ਕੀਤਾ ਅਤੇ ਫਿਰ ਉਸ ਦਾ ਗਲ ਵੱਢ ਦਿੱਤਾ |
ਸ੍ਰੀਨਗਰ, 2 ਅਕਤੂਬਰ (ਏਜੰਸੀ)-ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਦੀ ਟੀਮ 'ਤੇ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ 'ਚ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ ਜਦਕਿ ਸੀ.ਆਰ.ਪੀ.ਐਫ਼. ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਕਸ਼ਮੀਰ ਜ਼ੋਨ ਦੀ ਪੁਲਿਸ ਨੇ ਇਕ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਅਤੇ ਪੁਲਿਸ ਦੀ ਸਾਂਝੀ ਨਾਕਾ ਟੀਮ 'ਤੇ ਪੁਲਵਾਮਾ ਦੇ ਪਿੰਗਲਾਨਾ ਵਿਖੇ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ | ਇਸ ਅੱਤਵਾਦੀ ਹਮਲੇ 'ਚ ਇਕ ਪੁਲਿਸ ਕਰਮੀ ਸ਼ਹੀਦ ਹੋ ਗਿਆ ਜਦਕਿ ਸੀ. ਆਰ. ਪੀ. ਐਫ. ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੀ ਪਛਾਣ ਜਾਵੀਦ ਅਹਿਮਦ ਡਾਰ ਵਜੋਂ ਹੋਈ ਹੈ | ਜ਼ਖ਼ਮੀ ਹੋਏ ਜਵਾਨ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ | ਬੁਲਾਰੇ ਨੇ ਅੱਗੇ ਦੱਸਿਆ ਕਿ ਸੁਰੱਖਿਆ ਬਲਾਂ ਦੇ ਨਾਲ ਸੀਨੀਅਰ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ | ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਇਕ ਹਮਲੇ ਦੀ ਨਿੰਦਾ ਕਰਦਿਆਂ ਮਿ੍ਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਪੀਪਲਜ਼ ਕਾਨਫ਼ਰੰਸ ਨੇ ਵੀ ਹਮਲੇ ਦੀ ਨਿੰਦਾ ਕਰਦਿਆਂ ਮਿ੍ਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ |
ਲਸ਼ਕਰ ਅੱਤਵਾਦੀ ਹਲਾਕ
ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦਾ ਇਕ ਅੱਤਵਾਦੀ ਮਾਰਿਆ ਗਿਆ | ਪੁਲਿਸ ਸੂਤਰਾਂ ਅਨੁਸਾਰ ਮਾਰੇ ਗਏ ਅੱਤਵਾਦੀ ਦੀ ਪਛਾਣ ਸ਼ੋਪੀਆਂ ਦੇ ਨੌਪੋਰਾ ਇਲਾਕੇ ਦੇ ਨਸੀਰ ਅਹਿਮਦ ਭੱਟ ਵਜੋਂ ਹੋਈ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਬਾਸਕੁਚਨ ਖੇਤਰ ਵਿਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ, ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਲਸ਼ਕਰ ਦਾ ਇਕ ਅੱਤਵਾਦੀ ਮਾਰਿਆ ਗਿਆ |
ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਰੂਪਨਗਰ ਪੁਲਿਸ ਨੇ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੀ ਹਮਾਇਤ ਪ੍ਰਾਪਤ ਡਰੋਨ ਆਧਾਰਿਤ ਖ਼ਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐੱਫ.) ਦੇ ਦੋ ਕਾਰਕੁਨਾਂ ਨੂੰ ਚਮਕੌਰ ਸਾਹਿਬ ਖੇਤਰ ਤੋਂ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਦਹਿਸ਼ਤੀ ਮਾਡਿਊਲ ਕੈਨੇਡਾ-ਆਧਾਰਿਤ ਅੱਤਵਾਦੀ/ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਦੁਆਰਾ ਚਲਾਇਆ ਜਾ ਰਿਹਾ ਹੈ, ਜੋ ਕੇ.ਟੀ.ਐਫ. ਦੇ ਕੈਨੇਡਾ ਸਥਿਤ ਮੁਖੀ ਹਰਦੀਪ ਸਿੰਘ ਨਿੱਝਰ ਦਾ ਨਜ਼ਦੀਕੀ ਸਾਥੀ ਹੈ | ਫੜੇ ਵਿਅਕਤੀਆਂ ਦੀ ਪਛਾਣ ਵੀਜਾ ਸਿੰਘ ਉਰਫ਼ ਗਗਨ ਉਰਫ ਗੱਗੂ ਵਾਸੀ ਪਿੰਡ ਚੰਦ ਨਵਾਂ ਮੋਗਾ ਅਤੇ ਰਣਜੋਧ ਸਿੰਘ ਉਰਫ਼ ਜੋਤੀ ਵਾਸੀ ਪਿੰਡ ਗੰਜੀ ਗੁਲਾਬ ਸਿੰਘ ਵਾਲਾ ਮੋਗਾ ਵਜੋਂ ਹੋਈ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਦੋ ਨਾਜਾਇਜ਼ ਹਥਿਆਰ ਇਕ .22 ਬੋਰ ਦਾ ਰਿਵਾਲਵਰ ਅਤੇ .32 ਬੋਰ ਦਾ ਪਿਸਤੌਲ ਸਮੇਤ 21 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ | ਇਹ ਕਾਰਵਾਈ ਫ਼ਿਰੋਜ਼ਪੁਰ ਪੁਲਿਸ ਵਲੋਂ ਫ਼ਿਰੋਜਪੁਰ ਦੇ ਪਿੰਡ ਆਰਿਫਕੇ ਦੇ ਝੋਨੇ ਦੇ ਖੇਤਾਂ ਤੋਂ ਇਕ ਆਧੁਨਿਕ ਏ.ਕੇ.-47 ਅਸਾਲਟ ਰਾਈਫ਼ਲ ਸਮੇਤ ਦੋ ਮੈਗਜ਼ੀਨਾਂ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਜਾਣ ਤੋਂ 4 ਦਿਨ ਬਾਅਦ ਅਮਲ ਵਿਚ ਲਿਆਂਦੀ ਗਈ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਅੱਤਵਾਦੀ/ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ 'ਤੇ ਡਰੋਨ ਦੁਆਰਾ ਸੁੱਟੀ ਗਈ ਸੀ ਅਤੇ ਇਸ ਨੂੰ ਪਿੰਡ ਆਰਿਫਕੇ ਤੋਂ ਵੀਜਾ ਸਿੰਘ ਅਤੇ ਰਣਜੋਧ ਸਿੰਘ ਨੇ ਪ੍ਰਾਪਤ ਕਰਨਾ ਸੀ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਸੂਬੇ ਭਰ ਵਿਚ ਖ਼ੁਫ਼ੀਆ ਏਜੰਸੀ ਦੀ ਅਗਵਾਈ ਵਿਚ ਮੁਹਿੰਮ ਚਲਾਈ ਗਈ ਸੀ ਅਤੇ ਪੁਖ਼ਤਾ ਸੂਚਨਾ ਦੇ ਆਧਾਰ 'ਤੇ ਰੂਪਨਗਰ ਪੁਲਿਸ ਨੇ ਸਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਚਮਕੌਰ ਸਾਹਿਬ ਖੇਤਰ ਤੋਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ | ਮੁਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਕਬੂਲ ਕੀਤਾ ਹੈ ਕਿ ਉਹ ਗੈਂਗਸਟਰ ਅਰਸ਼ ਡਾਲਾ ਦੇ ਨਿਰਦੇਸ਼ਾਂ 'ਤੇ ਇਹ ਖੇਪ ਬਰਾਮਦ ਕਰਨ ਲਈ ਪਿੰਡ ਆਰਿਫਕੇ ਗਏ ਸਨ, ਪਰ ਅਸਫਲ ਰਹੇ ਅਤੇ ਬਾਅਦ ਵਿਚ ਖੇਤ ਦੇ ਮਾਲਕ ਦੀ ਇਤਲਾਹ 'ਤੇ ਫ਼ਿਰੋਜ਼ਪੁਰ ਪੁਲਿਸ ਵਲੋਂ ਇਸ ਖੇਪ ਨੂੰ ਬਰਾਮਦ ਕਰ ਲਿਆ ਗਿਆ | ਡੀ.ਜੀ.ਪੀ. ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੇ ਇਹ ਕਬੂਲਿਆ ਹੈ ਕਿ ਅਰਸ਼ ਡਾਲਾ ਵਲੋਂ ਦੱਸੇ ਖ਼ਾਸ ਟਿਕਾਣਿਆਂ 'ਤੇ ਅੱਗੇ ਪਹੁੰਚਾਉਣ ਲਈ ਕੁਝ ਡਰੋਨ-ਆਧਾਰਿਤ ਹਥਿਆਰਾਂ ਦੀਆਂ ਖੇਪਾਂ, ਜਿਨ੍ਹਾਂ ਦੀ ਵਰਤੋਂ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੈਟ ਕਤਲਾਂ ਲਈ ਕੀਤੀ ਜਾਣੀ ਸੀ | ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਰੂਪਨਗਰ ਸੰਦੀਪ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਗਿ੍ਫ਼ਤਾਰੀਆਂ ਦੀ ਉਮੀਦ ਹੈ | ਇਸੇ ਦੌਰਾਨ ਥਾਣਾ ਚਮਕੌਰ ਸਾਹਿਬ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 153ਏ ਅਤੇ ਅਸਲ੍ਹਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ ਨੰਬਰ 74 ਦਰਜ ਕੀਤੀ ਗਈ |
ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ ਲਈ ਕਾਰਵਾਈ ਜਾਰੀ
ਕੈਨੇਡਾ ਸਥਿਤ ਅਰਸ਼ ਡਾਲਾ, ਮੋਗਾ ਦੇ ਪਿੰਡ ਡਾਲਾ ਦਾ ਮੂਲ ਨਿਵਾਸੀ, ਪੰਜਾਬ ਅਤੇ ਵਿਦੇਸ਼ਾਂ ਵਿਚ ਵੱਖ-ਵੱਖ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਿਲ ਹੈ ਅਤੇ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਹੈ | ਉਸ ਦੀ ਸ਼ਮੂਲੀਅਤ ਪੰਜਾਬ ਦੇ ਸਰਹੱਦੀ ਰਾਜ ਵਿਚ ਵਾਪਰੀਆਂ ਵੱਖ-ਵੱਖ ਟਾਰਗੈਟ ਕਿਿਲੰਗਜ਼ (ਮਿੱਥ ਕੇ ਕੀਤੇ ਕਤਲ) ਵਿਚ ਵੀ ਸਾਹਮਣੇ ਆਈ ਸੀ | ਇਸ ਤੋਂ ਇਲਾਵਾ ਪਾਕਿਸਤਾਨ ਤੋਂ ਆਯਾਤ ਕੀਤੇ ਆਰ.ਡੀ.ਐਕਸ, ਆਈ.ਈ.ਡੀਜ਼, ਏ.ਕੇ.-47 ਅਤੇ ਹੋਰ ਹਥਿਆਰਾਂ ਅਤੇ ਗੋਲੀ ਸਿੱਕੇ ਨੂੰ ਰਾਜ ਵਿਚ ਅੱਤਵਾਦੀ ਸੰਗਠਨਾਂ ਨੂੰ ਸਪਲਾਈ ਕਰਨ ਦੇ ਮਾਮਲਿਆਂ ਵਿਚ ਵੀ ਸ਼ਾਮਿਲ ਸੀ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅਰਸ਼ ਡਾਲਾ ਦੀ ਕੈਨੇਡਾ ਤੋਂ ਹਵਾਲਗੀ ਲਈ ਪ੍ਰਕਿਰਿਆ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਭਾਰਤ ਲਿਆਂਦਾ ਜਾਵੇਗਾ | ਜ਼ਿਕਰਯੋਗ ਹੈ ਕਿ ਅਰਸ਼ ਡਾਲਾ ਵਿਰੁੱਧ ਰੈੱਡ ਕਾਰਨਰ ਨੋਟਿਸ ਮਈ 2022 ਨੂੰ ਜਾਰੀ ਕੀਤਾ ਜਾ ਚੁੱਕਾ ਹੈ |
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਮਲਿਕਅਰਜੁਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਚੋਣ ਵਿਚ ਕਿਸੇ ਦੇ ਵਿਰੋਧ ਲਈ ਨਹੀਂ ਹਨ ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਤਰੇ ਹਨ | ਖੜਗੇ ਨੇ ਦੱਸਿਆ ਕਿ ਉਨ੍ਹਾਂ ਨੇ ਥਰੂਰ ਨੂੰ ਕਿਹਾ ਸੀ ਕਿ ਸਰਬਸੰਮਤੀ ਨਾਲ ਉਮੀਦਵਾਰ ਹੋਣਾ ਬਿਹਤਰ ਹੋਵੇਗਾ ਪਰ ਉਹ 'ਲੋਕਤੰਤਰ ਖਾਤਰ' ਚੋਣ ਲੜਨ ਦੇ ਇਛੁੱਕ ਸਨ | ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਧਾਰਨਾ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਸਮਰਥਨ ਹਾਸਲ ਹੈ | ਖੜਗੇ ਨੇ ਕਿਹਾ ਕਿ ਕਾਂਗਰਸ ਦੇ ਕਈ ਸੀਨੀਅਰ ਅਤੇ ਨੌਜਵਾਨ ਨੇਤਾਵਾਂ ਦੇ ਕਹਿਣ 'ਤੇ ਉਹ ਚੋਣ ਮੈਦਾਨ ਵਿਚ ਆਏ ਹਨ | ਦਿਪੇਂਦਰ ਹੁੱਡਾ, ਸਯੀਦ ਨਾਸਿਰ ਅਤੇ ਗੌਰਵ ਵਲੱਭ ਦੀ ਮੌਜੂਦਗੀ ਵਿਚ ਖੜਗੇ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ ਵਧ ਰਹੀ ਹੈ, ਅਮੀਰ-ਗਰੀਬ ਵਿਚ ਫਰਕ ਵਧ ਰਿਹਾ ਹੈ, ਭਾਜਪਾ ਵਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਹੋਣੇ ਅਜੇ ਬਾਕੀ ਹਨ | ਇਸ ਦੌਰਾਨ ਪਾਰਟੀ ਦੇ ਬੁਲਾਰੇ ਗੌਰਵ ਵਲੱਭ ਨੇ ਦੱਸਿਆ ਕਿ ਕਾਂਗਰਸ ਮੁਖੀ ਦੇ ਅਹੁਦੇ ਦੀ ਚੋਣ ਲਈ ਦਿਪੇਂਦਰ ਹੁੱਡਾ, ਸਯੀਦ ਨਾਸਿਰ ਅਤੇ ਮੈਂ ਕਾਂਗਰਸ ਦੇ ਬੁਲਾਰੇ ਵਜੋਂ ਅਸਤੀਫਾ ਦੇ ਦਿੱਤਾ ਹੈ, ਹੁਣ ਅਸੀਂ ਖੜਗੇ ਲਈ ਚੋਣ ਪ੍ਰਚਾਰ ਕਰਾਂਗੇ | ਸ਼ਸ਼ੀ ਥਰੂਰ ਦੀ ਇਸ ਟਿੱਪਣੀ ਬਾਰੇ ਪੁੱਛੇ ਜਾਣ 'ਤੇ ਕਿ ਉਹ (ਥਰੂਰ) ਬਦਲਾਅ ਦੇ ਉਮੀਦਵਾਰ ਹਨ, ਜਦੋਂ ਕਿ ਖੜਗੇ ਨਿਰੰਤਰਤਾ ਅਤੇ ਜਿਉਂ ਦੀ ਤਿਉਂ ਸਥਿਤੀ ਦੇ ਉਮੀਦਵਾਰ ਹਨ, ਖੜਗੇ ਨੇ ਕਿਹਾ ਕਿ ਚੋਣ ਤੋਂ ਬਾਅਦ ਸੁਧਾਰ ਲਈ ਕੋਈ ਵੀ ਫੈਸਲਾ ਸੰਯੁਕਤ ਰੂਪ ਵਿਚ ਲਿਆ ਜਾਵੇਗਾ ਨਾ ਕਿ ਇਕ ਵਿਅਕਤੀ ਵਲੋਂ | ਦੱਸਣਯੋਗ ਹੈ ਕਿ ਖੜਗੇ ਖ਼ਿਲਾਫ਼ ਪਾਰਟੀ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਚੋਣ ਮੈਦਾਨ ਵਿਚ ਹਨ |
ਅੰਬਾਲਾ, 2 ਅਕਤੂਬਰ (ਏਜੰਸੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਅੰਬਾਲੇ ਦੇ ਦੋ ਇਤਿਹਾਸਕ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਲਖਨੌਰ ਸਾਹਿਬ ਅਤੇ ਗੁਰਦੁਆਰਾ ਮਰਦੋਂ ਸਾਹਿਬ ਦਾ ਚਾਰਜ ਸੰਭਾਲ ਲਿਆ ਹੈ | ਕਮੇਟੀ ਨੇ ...
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਕੇਂਦਰ ਵਲੋਂ ਐਤਵਾਰ ਨੂੰ ਕੀਤੇ ਗਏ ਸੀਨੀਅਰ ਪੱਧਰ ਦੇ ਨੌਕਰਸ਼ਾਹੀ ਫੇਰਬਦਲ ਦੇ ਹਿੱਸੇ ਵਜੋਂ ਸੀਨੀਅਰ ਨੌਕਰਸ਼ਾਹ ਅਜੇ ਭਾਦੂ ਨੂੰ ਉਪ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ | ਕਿਰਤ ਮੰਤਰਾਲੇ ਦੇ ਹੁਕਮ ਅਨੁਸਾਰ ਗੁਜਰਾਤ ਕੇਡਰ ਦੇ ...
ਅੰਮਿ੍ਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ ਖ਼ਾਨ ਦੇ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ | ਇਹ ਵਾਰੰਟ ਇਸਲਾਮਾਬਾਦ ਦੇ ਸੀਨੀਅਰ ਸੈਸ਼ਨ ਜੱਜ-2 ...
• ਦੋ ਮਹਿਲਾ ਵਲੰਟੀਅਰਾਂ ਜ਼ਖ਼ਮੀ • ਫਾਜ਼ਿਲਕਾ ਦੇ 'ਆਪ' ਵਿਧਾਇਕ ਦੀ ਚਚੇਰੀ ਭੈਣ ਵੀ ਫੱਟੜ
ਸੰਗਰੂਰ, 2 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨਵੀਂ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਬਾਹਰ ਜ਼ੋਰਦਾਰ ਪ੍ਰਦਰਸ਼ਨ ...
ਹੈਦਰਾਬਾਦ, 2 ਅਕਤੂਬਰ (ਏਜੰਸੀ)-ਹੈਦਰਾਬਾਦ ਪੁਲਿਸ ਨੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਇਨ੍ਹਾਂ ਕੋਲੋਂ ਚਾਰ ਹੈਂਡ ਗ੍ਰਨੇਡ, 5,41,800 ਰੁਪਏ ਦੀ ਨਕਦੀ, ਪੰਜ ਮੋਬਾਈਲ ਤੇ ਇਕ ਮੋਟਰਸਾਈਕਲ ਬਰਾਮਦ ...
ਲਖਨਊ, 2 ਅਕਤੂਬਰ (ਏਜੰਸੀ)-ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਦੇ ਆਈ. ਸੀ. ਯੂ. ਵਿਚ ਭਰਤੀ ਕਰਵਾਇਆ ਗਿਆ ਹੈ | ਸ੍ਰੀ ਯਾਦਵ ...
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇਸ਼ 'ਚ ਵਿਕਸਿਤ ਕੀਤੇ ਗਏ ਹਲਕੇ ਲੜਾਕੂ ਹੈਲੀਕਾਪਟਰ (ਐਲ.ਸੀ.ਐਚ) ਨੂੰ ਰਸਮੀ ਤੌਰ 'ਤੇ ਸੋਮਵਾਰ ਨੂੰ ਸ਼ਾਮਿਲ ਕਰੇਗੀ, ਜੋ ਜੰਗ ਦੀ ਸਥਿਤੀ 'ਚ ਆਪਣੀ ਬਹੁਪੱਖੀ ਭੂਮਿਕਾ ਦੇ ਚਲਦੇ ...
ਨਵੀਂ ਦਿੱਲੀ, 2 ਅਕਤੂਬਰ (ਏਜੰਸੀ)-ਗਾਂਧੀ ਜੈਅੰਤੀ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਉੱਪ-ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਹੋਰਾਂ ਆਗੂਆਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ...
ਗੁਜਰਾਤ ਦੌਰੇ 'ਤੇ ਗਏ ਮੁੱਖ ਮੰਤਰੀ ਨੇ ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਚੰਡੀਗੜ੍ਹ, 2 ਅਕਤੂਬਰ (ਅਜੀਤ ਬਿਊਰੋ)-ਗੁਜਰਾਤ ਦੇ ਦੌਰੇ 'ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਤੇ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰੀ ...
ਸ੍ਰੀਨਗਰ, 2 ਅਕਤੂਬਰ (ਏਜੰਸੀ)- ਕਸ਼ਮੀਰ ਵਾਦੀ ਦੇ ਉੱਚ ਪਹਾੜੀ ਖੇਤਰਾਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਣ ਤੇ ਮੈਦਾਨੀ ਇਲਾਕਿਆਂ 'ਚ ਬਾਰਿਸ਼ ਹੋਣ ਨਾਲ ਰਾਤ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ | ਮੌਸਮ ਵਿਭਾਗ ਦੇ ਡਾਇਰੈਕਟਰ ਸੋਨਮ ਲੋਟਸ ਨੇ ਦੱਸਿਆ ਕਿ ...
ਰਾਜਕੋਟ, 2 ਅਕਤੂਬਰ (ਏਜੰਸੀ)-ਗੁਜਰਾਤ ਦੇ ਰਾਜਕੋਟ ਸ਼ਹਿਰ ਵਿਚ ਇਕ ਨਵਰਾਤਰੇ ਸਮਾਗਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਪਲਾਸਟਿਕ ਦੀ ਪਾਣੀ ਦੀ ਬੋਤਲ ਸੁੱਟੀ ਗਈ, ਜੋ ਉਨ੍ਹਾਂ ਦੇ ਸਿਰ ਤੋਂ ਲੰਘ ਗਈ | ਇਹ ਘਟਨਾ ਸਨਿਚਰਵਾਰ ਰਾਤ ਦੀ ਇਕ ਵੀਡੀਓ 'ਚ ...
ਕਿਹਾ, ਸਿੱਖਾਂ ਖ਼ਿਲਾਫ਼ ਅੱਤਿਆਚਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ
ਵਾਸ਼ਿੰਗਟਨ, 2 ਅਕਤੂਬਰ (ਏਜੰਸੀ)-ਅਮਰੀਕਾ ਦੇ ਇਕ ਸੈਨੇਟਰ ਨੇ 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਸਾਲਾਂ ਵਿਚੋਂ ਇਕ ਦੱਸਦੇ ਹੋਏ ਸਿੱਖਾਂ 'ਤੇ ...
ਲੁਧਿਆਣਾ, 2 ਅਕਤੂਬਰ (ਪੁਨੀਤ ਬਾਵਾ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਕਾਲੇ ਦੌਰ ਵੱਲ ਲੈ ਕੇ ਜਾਣ ਵਾਲੀਆਂ ਤਾਕਤਾਂ ਵਲੋਂ ਪੰਜਾਬ ਦਾ ਮਹੌਲ ਖਰਾਬ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਰੋਕਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ...
ਮਰਹੂਮ ਗਾਇਕ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਕਹਿਣਾ ਹੈ ਕਿ ਪੰਜਾਬ 'ਚ ਸੁਰੱਖਿਆ ਨਾਂਅ ਦੀ ਕੋਈ ਚੀਜ਼ ਨਹੀਂ | ਆਪਣੇ ਗ੍ਰਹਿ ਵਿਖੇ ਆਪਣੇ ਪੁੱਤਰ ਦੇ ਪ੍ਰਸੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਹਿਰਾਸਤ 'ਚੋਂ ਦੀਪਕ ਟੀਨੂੰ ਦਾ ਭੱਜਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX