ਚੰਡੀਗੜ੍ਹ, 3 ਅਕਤੂਬਰ (ਹਰਕਵਲਜੀਤ ਸਿੰਘ)-ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਵਿਧਾਨ ਸਭਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਸ਼ ਮੰਤਰੀ ਮੰਡਲ ਵਿਚ ਵਿਸ਼ਵਾਸ ਮਤੇ ਨੂੰ ਪਾਸ ਕਰ ਦਿੱਤਾ ਗਿਆ। ਸਪੀਕਰ ਵਲੋਂ ਸਦਨ ਵਿਚ ਹਾਲਾਂਕਿ ਮਤੇ ਦੇ ਸਮਰਥਨ ਵਿਚ 93 ਵੋਟਾਂ ਦਾ ਐਲਾਨ ਕੀਤਾ ਗਿਆ, ਪਰ ਆਮ ਆਦਮੀ ਪਾਰਟੀ ਦੇ 91 ਵਿਧਾਇਕਾਂ ਤੋਂ ਇਲਾਵਾ ਉਸ ਸਮੇਂ ਸਦਨ ਵਿਚ ਹਾਜ਼ਰ ਅਕਾਲੀ ਮੈਂਬਰ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਡਾ: ਨਛੱਤਰਪਾਲ ਨੇ ਇਸ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਮਤੇ ਨੂੰ ਸਮਰਥਨ ਨਹੀਂ ਦਿੱਤਾ। ਮੁੱਖ ਮੰਤਰੀ ਨੇ ਅੱਜ ਵਿਸ਼ਵਾਸ ਮਤੇ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਮੁੱਦਿਆਂ 'ਤੇ ਅਸੀਂ ਜਵਾਬਦੇਹ ਹਾਂ, ਪ੍ਰੰਤੂ ਫੌਜਾ ਸਿੰਘ ਸਰਾਰੀ, ਜਿਸ ਸੰਬੰਧੀ ਵਿਰੋਧੀ ਧਿਰ ਲਗਾਤਾਰ ਮੁੱਖ ਮੰਤਰੀ ਤੋਂ ਜਵਾਬ ਮੰਗਦੀ ਰਹੀ, ਦੇ ਸੰਬੰਧ 'ਚ ਮੁੱਖ ਮੰਤਰੀ ਦੀ ਚੁੱਪੀ ਅੱਜ ਵੀ ਬਰਕਰਾਰ ਰਹੀ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਦੇਸ਼ ਵਿਚ ਲੋਕਤੰਤਰ ਨੂੰ ਪੈਸਾਤੰਤਰ ਤੇ ਲੁੱਟਤੰਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕਤੰਤਰ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ, ਜੋ ਖ਼ੁਦ ਭਾਜਪਾ ਦੇ ਆਪ੍ਰੇਸ਼ਨ ਲੋਟਸ ਤੋਂ ਪੀੜਤ ਹੈ, ਫਿਰ ਵੀ ਅਜਿਹੀਆਂ ਸਾਜਿਸ਼ਾਂ ਦਾ ਸਮਰਥਨ ਕਰ ਰਹੀ ਹੈ। ਮੁੱਖ ਮੰਤਰੀ ਨੇ ਆਪਣੇ ਭਾਸ਼ਨ 'ਚ ਪ੍ਰਤਾਪ ਸਿੰਘ ਬਾਜਵਾ ਨੂੰ ਬਾਜਵਾ ਦੀ ਥਾਂ ਪਹਿਲਾਂ ਭਾਜਪਾ ਕਿਹਾ ਤੇ ਫਿਰ ਨੌਟੰਕੀ ਵਾਲੇ ਅੰਦਾਜ਼ ਵਿਚ ਆਪਣੇ ਮੈਂਬਰ ਵੱਲ ਵੇਖ ਕੇ ਕਿਹਾ ਕਿ ਮੁਆਫ਼ ਕਰਨਾ, ਮੈਂ ਬਾਜਵਾ ਕਹਿਣਾ ਸੀ। ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁਖੀ ਨਾ ਮੰਤਰੀ ਤੇ ਨਾ ਪ੍ਰਧਾਨ ਬਣਨ ਲਈ ਤਿਆਰ ਹੋਇਆ ਤੇ ਸਿੱਧਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ, ਜੋ ਉਸ ਨੂੰ ਲੋਕ ਬਣਾ ਨਹੀਂ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਦੀ ਗਾਰੰਟੀ ਲੈਂਦੇ ਹਨ ਕਿ ਕਿਸੇ 'ਤੇ ਕੋਈ ਦਾਗ਼ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਤਾਂ ਨਾ ਪੈਸੇ ਵੰਡੇ ਤੇ ਨਾ ਹੀ ਗੁੰਡਾਗਰਦੀ ਕੀਤੀ ਪਰ ਲੋਕਾਂ ਨੇ ਫਿਰ ਵੀ ਸਾਡੇ 'ਤੇ ਵਿਸ਼ਵਾਸ ਪ੍ਰਗਟਾਇਆ। ਮਤੇ 'ਤੇ ਬੋਲਦਿਆਂ ਮੁੱਖ ਮੰਤਰੀ ਕਿਹਾ ਕਿ ਪੰਜਾਬ 'ਚ ਜ਼ੀਰੋ ਬਿੱਲ ਵਾਲੇ ਬਿਜਲੀ ਖਪਤਕਾਰਾਂ ਦੀ ਗਿਣਤੀ 50 ਲੱਖ 'ਤੇ ਪੁੱਜ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਨੇ ਗੰਨੇ ਦੇ ਖ਼ਰੀਦ ਭਾਅ 'ਚ 20 ਰੁਪਏ ਦਾ ਵਾਧਾ ਕਰਦਿਆਂ ਖ਼ਰੀਦ ਮੁੱਲ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ 'ਤੇ 200 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਜੋ ਗੰਨਾ ਮਿੱਲ ਮਾਲਕ ਗੰਨੇ ਦੀ ਕੀਮਤ ਦੀ ਅਦਾਇਗੀ ਕੀਤੇ ਬਿਨਾਂ ਵਿਦੇਸ਼ ਭੱਜੇ ਹੋਏ ਹਨ, ਉਨ੍ਹਾਂ ਦੀਆਂ ਮਿੱਲਾਂ ਦੀ ਕੁਰਕੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਸਾ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਸੰਬੰਧੀ ਦਾਅਵਾ ਕੀਤਾ ਕਿ ਉਸ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰਵਾਦ ਇਕ ਦਿਨ ਵਿਚ ਪੈਦਾ ਨਹੀਂ ਹੋਇਆ ਅਤੇ ਇਸ ਲਈ ਮਗਰਲੀਆਂ ਸਰਕਾਰਾਂ ਜ਼ਿੰਮੇਵਾਰ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਗੌੜੇ ਗੈਂਗਸਟਰ ਸੰਬੰਧੀ ਦੇਸ਼ ਭਰ ਤੇ ਨਿਪਾਲ ਵਿਚ ਵੀ ਲੁੱਕ-ਆਊਟ ਨੋਟਿਸ ਜਾਰੀ ਹੋ ਗਿਆ ਹੈ ਅਤੇ ਦੋਸ਼ੀ ਇੰਸਪੈਕਟਰ ਨੂੰ ਨੌਕਰੀ ਤੋਂ ਬਰਤਰਫ਼ ਕਰਕੇ ਪੁਲਿਸ ਵਲੋਂ 7 ਦਿਨਾ ਰਿਮਾਂਡ 'ਤੇ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਨਾਲ ਸੰਬੰਧਿਤ 36 'ਚੋਂ 28 ਦੋਸ਼ੀ ਗ੍ਰਿਫ਼ਤਾਰ ਹੋ ਚੁੱਕੇ ਹਨ ਤੇ 24 ਦੋਸ਼ੀਆਂ ਵਿਰੁੱਧ ਚਲਾਨ ਵੀ ਪੇਸ਼ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਮਤੇ 'ਤੇ ਬੋਲਦਿਆਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਭਰੋਸੇ ਦਾ ਮਤਾ ਲਿਆਉਣ ਦੀ ਤਾਂ ਕਿਸੇ ਵਲੋਂ ਮੰਗ ਹੀ ਨਹੀਂ ਸੀ ਤੇ ਨਾ ਹੀ ਇਸ ਦਾ ਕੋਈ ਜ਼ਿਕਰ ਕਾਰਜ ਸਲਾਹਕਾਰ ਕਮੇਟੀ ਦੀ ਬੈਠਕ ਦੌਰਾਨ ਹੋਇਆ। ਉਨ੍ਹਾਂ ਕਿਹਾ ਕਿ ਜੇ ਕਿਸੇ ਵਲੋਂ ਪੈਸੇ ਦੇਣ ਦੀ ਪੇਸ਼ਕਸ਼ ਹੋਈ ਹੈ ਤਾਂ ਉਸ ਦਾ ਸਬੂਤ ਲੋਕਾਂ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਵਿਜੀਲੈਂਸ ਕੋਲ 20-22 ਪਹਿਲਾਂ ਕੇਸ ਦਰਜ ਕਰਵਾਇਆ ਗਿਆ ਸੀ ਪਰ ਅੱਜ ਤੱਕ ਉਸ 'ਤੇ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਲਈ ਇਸ ਨੂੰ ਮੁੱਦਾ ਬਣਾਉਣ ਦਾ ਡਰਾਮਾ ਹੋ ਰਿਹਾ ਹੈ। ਉਨ੍ਹਾਂ ਸਦਨ 'ਚ ਸਪੱਸ਼ਟ ਕਿਹਾ ਕਿ ਉਹ ਮਤੇ ਦੇ ਵਿਰੋਧ ਵਿਚ ਹਨ ਅਤੇ ਇਸ ਦੀ ਕੋਈ ਲੋੜ ਨਹੀਂ ਸੀ। ਮਤੇ 'ਤੇ ਮੰਤਰੀ ਅਨਮੋਲ ਗਗਨ ਮਾਨ, ਬਲਜਿੰਦਰ ਕੌਰ, ਜਸਵੰਤ ਸਿੰਘ ਗੱਜਣਮਾਜਰਾ, ਦਿਨੇਸ਼ ਚੱਢਾ, ਸ਼ੀਤਲ ਅੰਗੁਰਾਲ, ਅਜੀਤਪਾਲ ਸਿੰਘ ਕੋਹਲੀ, ਅੰਮ੍ਰਿਤਪਾਲ ਸਿੰਘ, ਬੁੱਧ ਰਾਮ, ਅਮੋਲਕ ਸਿੰਘ, ਗੁਰਦੇਵ ਸਿੰਘ ਅਤੇ ਬਸਪਾ ਦੇ ਡਾ: ਨਛੱਤਰਪਾਲ ਨੇ ਵੀ ਵਿਚਾਰ ਰੱਖੇ।
ਸਿਫ਼ਰ ਕਾਲ
ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ 'ਚ ਅਜਿਹੇ ਹਾਲਾਤ ਬਣੇ ਹੋਏ ਹਨ ਕਿ ਆਮ ਲੋਕ ਵੱਡੇ ਡਰ ਤੇ ਸਹਿਮ ਵਿਚ ਹਨ। ਸੂਬੇ ਨੂੰ ਇਕ ਤਰ੍ਹਾਂ ਨਾਲ ਗੈਂਗਸਟਰਾਂ ਵਲੋਂ ਚਲਾਇਆ ਜਾ ਰਿਹਾ ਹੈ। ਉਹ ਕਿਸੇ ਨੂੰ ਵੀ ਮਾਰ ਰਹੇ ਹਨ, ਕਿਸੇ ਤੋਂ ਵੀ ਫਿਰੌਤੀ ਲੈ ਸਕਦੇ ਹਨ ਤੇ ਦੀਪਕ ਟੀਨੂੰ ਜਿਸ ਵਿਰੁੱਧ 34 ਕੇਸ ਹਨ, ਉਸ ਨੂੰ ਪੁਲਿਸ ਵਲੋਂ ਭਜਾ ਦਿੱਤਾ ਗਿਆ, ਜੋ ਕਿ ਮੂਸੇਵਾਲਾ ਕੇਸ ਵਿਚ ਅਹਿਮ ਕੜੀ ਸੀ। ਉਨ੍ਹਾਂ ਕਿਹਾ ਕਿ ਮਾਨਸਾ ਸੀ.ਆਈ.ਏ. ਸਟਾਫ਼ ਦਾ ਮੁਖੀ ਇਕ ਏ.ਐਸ.ਆਈ. ਓ.ਆਰ. ਰੈਂਕ ਦੇ ਇੰਸਪੈਕਟਰ ਬਣਾ ਕੇ ਲਗਾਇਆ ਹੋਇਆ ਸੀ, ਜਿਸ ਵਲੋਂ 'ਏ' ਸ਼੍ਰੇਣੀ ਦੇ ਗੈਂਗਸਟਰ ਨੂੰ ਭਜਾਇਆ ਗਿਆ। ਉਨ੍ਹਾਂ ਕਿਹਾ ਕਿ ਇਕ ਹੋਰ ਗੈਂਗਸਟਰ ਅਮਰੀਕ ਸਿੰਘ ਨੂੰ ਜੇਲ੍ਹ ਸੁਪਰਡੈਂਟ ਪਟਿਆਲਾ ਦੀ ਸੂਚਨਾ ਤੋਂ ਬਿਨਾਂ ਜੇਲ੍ਹ ਤੋਂ ਕੱਢ ਕੇ ਭਜਾਇਆ ਗਿਆ ਹੈ। ਉਨ੍ਹਾਂ ਕਿਹਾ ਗੁਰਦਾਸਪੁਰ ਥਾਣੇ 'ਚੋਂ ਪੁਲਿਸ ਤੋਂ ਇਕ ਐਸ.ਐਲ.ਆਰ. ਖੋਹ ਕੇ ਦੌੜ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹਾਲਾਤ ਦੇ ਮੁੱਖ ਮੰਤਰੀ ਤੇ ਡੀ.ਜੀ.ਪੀ. ਖ਼ੁਦ ਜ਼ਿੰਮੇਵਾਰ ਹਨ, ਪਰ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਸਮੇਤ ਦੂਜੇ ਮੈਂਬਰਾਂ ਨੂੰ ਸਿਫ਼ਰ ਕਾਲ 'ਚ ਸਪੀਕਰ ਵਲੋਂ ਮੁੱਦਾ ਉਠਾਉਣ ਲਈ ਸਮਾਂ ਨਾ ਮਿਲਣ ਕਾਰਨ ਕਾਂਗਰਸ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਨ ਲੱਗੇ ਤੇ ਕੁਝ ਸਮੇਂ ਬਾਅਦ ਸਦਨ ਤੋਂ ਵਾਕਆਊਟ ਕਰ ਗਏ। ਦਿਲਚਸਪ ਗੱਲ ਇਹ ਸੀ ਕਿ ਇਸ ਤੋਂ ਪਹਿਲਾਂ ਵੀ ਬਾਜਵਾ ਨੇ ਸਿਫ਼ਰ ਕਾਲ ਸਮਾਗਮ ਦੇ ਅਖ਼ੀਰ 'ਚ ਰੱਖਣ ਦੀ ਥਾਂ ਵਿਸ਼ਵਾਸ ਮਤੇ ਤੋਂ ਪਹਿਲਾਂ ਰੱਖਣ ਦੀ ਮੰਗ ਉਠਾਈ ਤਾਂ ਸਪੀਕਰ ਸਦਨ 15 ਮਿੰਟਾਂ ਲਈ ਮੁਅੱਤਲ ਕਰਕੇ ਚਲੇ ਗਏ।
ਹਲਵਾਰਾ ਹਵਾਈ ਅੱਡੇ ਦਾ ਨਾਂਅ ਸਰਾਭਾ ਦੇ ਨਾਂਅ 'ਤੇ ਰੱਖਣ ਦੀ ਕਰਾਂਗੇ ਮੰਗ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 16 ਨਵੰਬਰ ਨੂੰ ਬਰਸੀ ਤੋਂ ਪਹਿਲਾਂ ਉਨ੍ਹਾਂ ਦੇ ਇਲਾਕੇ ਲਈ ਮੁੱਖ ਮਾਰਗ ਦੀ ਮੁਰੰਮਤ ਦੀ ਮੰਗ ਉਠਾਉਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੜਕ ਠੀਕ ਹੋ ਜਾਵੇਗੀ ਤੇ ਅਸੀਂ ਭਾਰਤ ਸਰਕਾਰ ਵਲੋਂ ਹਲਵਾਰਾ ਹਵਾਈ ਅੱਡੇ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਲਈ ਵੀ ਲਿਖ ਰਹੇ ਹਾਂ। ਸਦਨ ਦੀ ਬੈਠਕ ਉੱਠਣ ਤੋਂ ਪਹਿਲਾਂ ਇਸ ਮੌਕੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦਾ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਧੰਨਵਾਦ ਕੀਤਾ। ਉਨ੍ਹਾਂ ਬੇਅਦਬੀ ਕਾਂਡ ਅਤੇ ਬਰਗਾੜੀ ਤੇ ਬਹਿਬਲ ਕਲਾਂ ਘਟਨਾਵਾਂ ਦੀ ਜਾਂਚ ਛੇਤੀ ਪੂਰੀ ਕਰਨ ਅਤੇ ਇਨਸਾਫ਼ ਦੇਣ ਦਾ ਵਾਅਦਾ ਵੀ ਦੁਹਰਾਇਆ।
ਕਾਰਵਾਈ ਵਾਹਿਗੁਰੂ ਜੀ ਕੀ ਫ਼ਤਹਿ ਨਾਲ ਖ਼ਤਮ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸਦਨ ਦੀ ਆਖ਼ਰੀ ਬੈਠਕ ਅਣਮਿੱਥੇ ਸਮੇਂ ਲਈ ਉਠਾ ਦਿੱਤੇ ਜਾਣ ਦਾ ਐਲਾਨ ਕਰਨ ਤੋਂ ਬਾਅਦ ਕਾਰਵਾਈ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਨਾਲ ਖ਼ਤਮ ਕੀਤੀ।
ਸਦਨ ਦੀ ਸਾਰੀ ਕਾਰਵਾਈ ਲਾਈਵ ਚੱਲੀ ਹੈ, ਕੋਈ ਵੀ ਦੇਖ ਸਕਦਾ ਹੈ-ਸਪੀਕਰ
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਉਨ੍ਹਾਂ ਦੀ ਵੋਟ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ ਮਗਰੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਸਾਰੀ ਕਾਰਵਾਈ ਲਾਈਵ ਹੈ, ਦੁਬਾਰਾ ਦੇਖਿਆ ਜਾ ਸਕਦਾ ਹੈ, ਕਿਸੇ ਕਿਸਮ ਦੇ ਕਿੰਤੂ-ਪ੍ਰੰਤੂ ਦੀ ਕੋਈ ਗੱਲ ਹੀ ਨਹੀਂ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਜੋ ਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ ਅਤੇ ਉਹ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਪੂਰਾ ਅਧਿਕਾਰ ਹੈ ਕਿ ਕੋਈ ਵੀ ਮੁੱਦਾ ਰੱਖਿਆ ਜਾ ਸਕਦਾ ਹੈ ਜਾਂ ਰੱਦ ਕੀਤਾ ਜਾ ਸਕਦਾ ਹੈ। ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਿਉਂ ਸਦਨ 'ਚੋਂ ਬਾਹਰ ਚਲੀ ਗਈ ਉਹੀ ਜਾਣਕਾਰੀ ਦੇ ਸਕਦੇ ਹਨ। ਅੱਜ ਹਾਲਾਂਕਿ ਉਸ ਵੇਲੇ ਸਿਫ਼ਰ ਕਾਲ ਵੀ ਨਹੀਂ ਸੀ, ਪਰ ਵਿਰੋਧੀ ਧਿਰ ਦੇ ਨੇਤਾ ਦੇ ਕਹਿਣ 'ਤੇ ਬੋਲਣ ਦਾ ਸਮਾਂ ਵੀ ਦਿੱਤਾ ਗਿਆ, ਪਰ ਫਿਰ ਵੀ ਉਹ ਸਦਨ ਛੱਡ ਕੇ ਚਲੇ ਗਏ। ਸਪੀਕਰ ਨੇ ਕਿਹਾ ਕਿ ਸਦਨ ਲੋਕਾਂ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਹੀ ਹੁੰਦਾ ਹੈ। ਸਪੀਕਰ ਨੇ ਕਿਹਾ ਕਿ ਉਹ ਚਾਹੁੰਦੇ ਸੀ ਕਿ ਉਹ ਸਦਨ 'ਚ ਬੈਠਦੇ ਅਤੇ ਚਰਚਾ ਕਰਦੇ ਪਰ ਨਹੀਂ ਬੈਠੇ।
ਸਪੀਕਰ ਨੂੰ ਮਿਲੇ ਅਕਾਲੀ ਤੇ ਬਸਪਾ ਵਿਧਾਇਕ
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਅੰਦਰ ਸਰਕਾਰ ਵਲੋਂ ਭਰੋਸਗੀ ਮਤਾ ਪੇਸ਼ ਕਰਨ ਮਗਰੋਂ ਅਕਾਲੀ ਦਲ ਤੇ ਬਸਪਾ ਦੀ ਵੋਟ 'ਤੇ ਵਿਵਾਦ ਛਿੜਨ ਮਗਰੋਂ, ਦੇਰ ਸ਼ਾਮ ਦੋਵੇਂ ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਗਈ। ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਵਿਧਾਇਕ ਡਾ: ਨਛੱਤਰਪਾਲ ਵਲੋਂ ਸਪੀਕਰ ਨੂੰ ਮਿਲ ਕੇ ਆਪਣਾ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਲਿਖਤੀ ਤੌਰ 'ਤੇ ਸਪੀਕਰ ਕੋਲ ਆਪਣਾ ਇਤਰਾਜ਼ ਦਰਜ ਕਰਾਇਆ। ਬਾਹਰ ਆ ਕੇ ਦੋਵੇਂ ਵਿਧਾਇਕਾਂ ਨੇ ਕਿਹਾ ਕਿ ਅਸੀਂ ਸਪੀਕਰ ਕੋਲ ਆਪਣਾ ਇਤਰਾਜ਼ ਦਰਜ ਕਰਵਾ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਨੂੰ ਰਿਕਾਰਡ ਵਿਚ ਦਰੁਸਤ ਕੀਤਾ ਜਾਵੇ। ਦੋਵਾਂ ਵਿਧਾਇਕਾਂ ਨੇ ਸਪੀਕਰ ਨੂੰ ਕਿਹਾ ਕਿ ਕਿਸੇ ਗ਼ਲਤਫ਼ਹਿਮੀ ਦੇ ਚਲਦਿਆਂ ਉਨ੍ਹਾਂ ਦੀ ਵੋਟ ਨੂੰ ਸਰਕਾਰ ਦੇ ਮਤੇ ਦੇ ਹੱਕ 'ਚ ਗਿਣ ਲਿਆ ਗਿਆ, ਜਿਸ ਨੂੰ ਤੁਰੰਤ ਰਿਕਾਰਡ ਵਿਚ ਦਰੁਸਤ ਕਰ ਲਿਆ ਜਾਵੇ। ਇਯਾਲੀ ਅਤੇ ਨਛੱਤਰਪਾਲ ਨੇ ਕਿਹਾ ਕਿ ਸਪੀਕਰ ਨੇ ਕਿਹਾ ਕਿ ਕਈ ਵਾਰ ਹੋ ਜਾਂਦਾ ਹੈ, ਭੁਲੇਖਾ ਲੱਗ ਜਾਂਦਾ ਹੈ। ਡਾ: ਨਛੱਤਰਪਾਲ ਨੇ ਕਿਹਾ ਕਿ ਸਦਨ ਦੇ ਅੰਦਰ ਸਾਰੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਰਚਾ ਕੀਤੀ ਜਾਣੀ ਚਾਹੀਦੀ ਸੀ। ਇਨ੍ਹਾਂ ਵਿਧਾਇਕਾਂ ਨੇ ਪੁੱਛੇ ਜਾਣ 'ਤੇ ਕਿਹਾ ਕਿ ਇਸ ਵਿਚ ਸ਼ਰਾਰਤ ਵੀ ਲਗਦੀ ਹੈ ਤੇ ਭੁਲੇਖਾ ਵੀ ਹੋ ਸਕਦਾ ਹੈ। ਦੋਵਾਂ ਵਿਧਾਇਕਾਂ ਨੇ ਕਿਹਾ ਕਿ 'ਆਪ' ਕੋਲ 92 ਵਿਧਾਇਕ ਹਨ, ਛੇ ਮਹੀਨੇ ਹੋਏ ਹਨ ਕਿਸੇ ਨੇ ਚੈਲੰਜ ਨਹੀਂ ਕੀਤਾ, ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਉਨ੍ਹਾਂ ਸਪੀਕਰ ਨੂੰ ਕਿਹਾ ਕਿ ਸਾਡੇ ਦੋਵਾਂ ਵਿਧਾਇਕਾਂ ਦੀ ਵੋਟ ਇਸ ਮਤੇ ਦੇ ਖ਼ਿਲਾਫ਼ ਗਿਣੀ ਜਾਵੇ ਤੇ ਮੀਡੀਆ 'ਚ ਵੀ ਇਸ ਦਰੁਸਤੀ ਨੂੰ ਜਾਰੀ ਕੀਤਾ ਜਾਵੇ।
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪ੍ਰੇਸ਼ਨ ਲੋਟਸ ਨਾਕਾਮ ਹੋ ਗਿਆ ਤੇ ਜੇਕਰ ਕਾਮਯਾਬ ਹੋ ਜਾਂਦਾ ਤਾਂ ਕਾਂਗਰਸ ਦਾ ਮੁੱਲ ਪੈ ਜਾਣਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸ ਨਾਲ ਪੂਰੀ ਹਮਦਰਦੀ ਹੈ ਕਿ ਉਨ੍ਹਾਂ ਦੀ ਕੀਮਤ ਨਹੀਂ ਪੈ ਸਕੀ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਨੂੰ ਲਾਲਚ ਦੇ ਕੇ ਖ਼ਤਮ ਕਰਨ ਵਾਲੀਆਂ ਤਾਕਤਾਂ ਨੂੰ ਜਵਾਬ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਛੱਡ ਕੇ ਸਾਡੀ ਸਰਕਾਰ ਨੂੰ 93 ਵੋਟਾਂ ਪਈਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਅਤੇ ਬਸਪਾ ਦੇ ਡਾ: ਨਛੱਤਰਪਾਲ ਨੇ ਵੀ ਸਰਕਾਰ ਦੇ ਹੱਕ 'ਚ ਆਪਣੀ ਵੋਟ ਪਾਈ ਅਤੇ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ।
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਵਿਧਾਨ ਸਭਾ ਸਦਨ ਤੋਂ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਭਰੋਸਗੀ ਮਤੇ ਦੌਰਾਨ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੋਟ ਉਨ੍ਹਾਂ ਨੂੰ ਪਈ ਹੈ ਪਰ ਉਨ੍ਹਾਂ ਦਾ ਇਹ ਦਾਅਵਾ ਉਸ ਵੇਲੇ ਵਿਵਾਦਾਂ 'ਚ ਘਿਰ ਗਿਆ ਜਦੋਂ ਮਨਪ੍ਰੀਤ ਸਿੰਘ ਇਯਾਲੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਇਸ ਮਤੇ ਨੂੰ ਲੈ ਕੇ ਸਰਕਾਰ ਦੇ ਹੱਕ 'ਚ ਵੋਟ ਨਹੀਂ ਪਾਈ। ਵਿਧਾਨ ਸਭਾ ਤੋਂ ਬਾਹਰ ਆ ਕੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਆਪਣੀ ਮਰਜ਼ੀ ਨਾਲ ਇਹ ਦਾਅਵਾ ਕਰ ਦਿੱਤਾ ਕਿ ਮੈਂ ਭਰੋਸਗੀ ਮਤੇ ਦੌਰਾਨ ਸਰਕਾਰ ਦੇ ਹੱਕ 'ਚ ਵੋਟ ਭੁਗਤਾਈ ਹੈ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਚਾਹੀਦਾ ਸੀ ਕਿ ਅਜਿਹਾ ਨਾ ਕੀਤਾ ਜਾਵੇ ਤੇ ਇਸ ਨਾਲ ਕੋਈ ਫ਼ਰਕ ਵੀ ਨਹੀਂ ਸੀ ਪੈਣਾ, ਜਦਕਿ ਮੈਂ ਵਿਧਾਨ ਸਭਾ ਦੇ ਅੰਦਰ ਕਿਹਾ ਸੀ ਕਿ ਇਹ ਮਤਾ ਲਿਆਉਣਾ ਹੀ ਨਹੀਂ ਚਾਹੀਦਾ ਸੀ। ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਸੀਂ ਸਦਨ 'ਚ ਹਾਜ਼ਰ ਸੀ ਅਤੇ ਮੈਂ ਹਰ ਗੱਲ ਸੁਣੀ, ਸਰਕਾਰ ਭਰੋਸਗੀ ਮਤੇ ਨੂੰ ਲੈ ਕੇ ਸਿਰਫ਼ ਡਰਾਮੇਬਾਜ਼ੀ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਨਾਂਹ ਕਰਨ ਦੇ ਬਾਵਜੂਦ ਮੇਰੀ ਵੋਟ ਗਿਣ ਲਈ ਗਈ। ਉਨ੍ਹਾਂ ਕਿਹਾ ਕਿ ਮੈਂ ਸਪੀਕਰ ਦੀ ਹਾਜ਼ਰੀ 'ਚ ਆਪਣੇ ਸੰਬੋਧਨ ਦੌਰਾਨ ਮਤੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਉਨ੍ਹਾਂ ਮਤੇ ਦਾ ਸਮਰਥਨ ਨਹੀਂ ਕੀਤਾ। ਸਪੀਕਰ ਦਾ ਦਾਅਵਾ ਖ਼ਾਰਜ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਹੱਥ ਹਿਲਾ ਕੇ ਮਤੇ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਇਯਾਲੀ ਨੇ ਸਪੀਕਰ ਨੂੰ ਪੱਤਰ ਲਿਖ ਕੇ ਵੀ ਰੋਸ ਜਤਾਇਆ ਹੈ।
ਜੋਧਪੁਰ, 3 ਅਕਤੂਬਰ (ਏਜੰਸੀਆਂ)-ਦੇਸ਼ 'ਚ ਬਣੇ ਹਲਕੇ ਲੜਾਕੂ ਹੈਲੀਕਾਪਟਰ (ਐਲ.ਸੀ.ਐਚ.) 'ਪ੍ਰਚੰਡ' ਦੇ ਪਹਿਲੇ ਬੇੜੇ ਨੂੰ ਸੋਮਵਾਰ ਨੂੰ ਭਾਰਤੀ ਹਵਾਈ ਸੈਨਾ (ਆਈ.ਏ.ਐਫ.) 'ਚ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਨੂੰ 1999 'ਚ ਕਾਰਗਿਲ ਜੰਗ ਦੌਰਾਨ ਜ਼ਰੂਰਤ ਮਹਿਸੂਸ ਹੋਣ ਤੋਂ ਬਾਅਦ ਮੁੱਖ ਤੌਰ 'ਤੇ ਪਹਾੜੀ ਖ਼ੇਤਰਾਂ 'ਚ ਯੁੱਧ ਲਈ ਤਿਆਰ ਕੀਤਾ ਗਿਆ ਹੈ। ਸਰਕਾਰ ਦੁਆਰਾ ਸੰਚਾਲਿਤ ਏਰੋਸਪੇਸ ਪ੍ਰਮੁੱਖ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (ਐਚ.ਏ.ਐਲ.) ਵਲੋਂ ਤਿਆਰ ਕੀਤਾ ਗਿਆ 5.8 ਟਨ ਦਾ ਦੋ-ਇੰਜਣ ਵਾਲਾ ਗਨਸ਼ਿਪ ਹੈਲੀਕਾਪਟਰ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, 20 ਐਮ.ਐਮ. ਬੁਰਜ ਗਨ, ਰਾਕੇਟ ਪ੍ਰਣਾਲੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੈ। ਜੋਧਪੁਰ ਵਿਖੇ ਭਾਰਤੀ ਹਵਾਈ ਫ਼ੌਜ ਦੇ ਅੱਡੇ ਵਿਖੇ ਇਕ ਸਮਾਗਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਹਵਾਈ ਫ਼ੌਜ ਦੇ ਮੁਖੀ ਵੀ.ਆਰ. ਚੌਧਰੀ ਅਤੇ ਹੋਰ ਸੀਨੀਅਰ ਫ਼ੌਜੀ ਅਧਿਕਾਰੀਆਂ ਦੀ ਮੌਜੂਦਗੀ 'ਚ ਚਾਰ ਹੈਲੀਕਾਪਟਰਾਂ ਵਾਲੇ ਬੇੜੇ ਨੂੰ ਭਾਰਤੀ ਹਵਾਈ ਸੈਨਾ 'ਚ ਸ਼ਾਮਿਲ ਕੀਤਾ ਗਿਆ। ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹੈਲੀਕਾਪਟਰ ਉੱਚਾਈ ਵਾਲੇ ਖ਼ੇਤਰਾਂ 'ਚ ਦੁਸ਼ਮਣ ਦੇ ਟਿਕਾਣਿਆਂ, ਟੈਂਕਾਂ, ਬੰਕਰਾਂ, ਡਰੋਨਾਂ ਅਤੇ ਹੋਰ ਸੰਪਤੀਆਂ 'ਤੇ ਨਿਸ਼ਾਨਾ ਸਾਧਣ ਲਈ ਅਸਰਦਾਰ ਹੋਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਹਵਾਈ ਫ਼ੌਜ 'ਚ ਸਵਦੇਸ਼ੀ ਤੌਰ 'ਤੇ ਤਿਆਰ ਕੀਤੇ ਗਏ ਹਲਕੇ ਲੜਾਕੂ ਹੈਲੀਕਾਪਟਰ ਦੀ ਸ਼ਮੂਲੀਅਤ ਨੂੰ ਦੇਸ਼ ਦੇ ਰੱਖਿਆ ਉਤਪਾਦਨ ਲਈ ਇਕ ਅਹਿਮ ਮੌਕਾ ਦੱਸਦਿਆਂ ਕਿਹਾ ਕਿ ਭਾਰਤੀ ਹਵਾਈ ਫ਼ੌਜ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਉਕਤ ਹੈਲੀਕਾਪਟਰ ਦੇ ਸ਼ਾਮਿਲ ਹੋਣ ਤੋਂ ਬਾਅਦ ਇਸ ਦੀ ਸਮੁੱਚੀ ਸਮਰੱਥਾ ਹੋਰ ਵਧੇਗੀ। ਰਾਜਨਾਥ ਨੇ ਭਰੋਸਾ ਜਤਾਇਆ ਕਿ ਭਾਰਤ ਜਲਦ ਹੀ ਮਹਾਸ਼ਕਤੀਆਂ 'ਚ ਗਿਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਰਾਜਨਾਥ ਨੇ ਕਿਹਾ ਕਿ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੀ ਫ਼ੌਜੀ ਸ਼ਕਤੀਆਂ ਸਮੇਤ ਮਹਾਸ਼ਕਤੀਆਂ ਦੀ ਗੱਲ ਹੋਵੇਗੀ ਤਾਂ ਭਾਰਤ ਦੀ ਗਿਣਤੀ ਸਭ ਤੋਂ ਪਹਿਲਾਂ ਹੋਵੇਗੀ। ਇਸ ਮੌਕੇ ਬਹੁ-ਧਾਰਮਿਕ ਪ੍ਰਾਰਥਨਾ ਸਭਾ ਕਰਨ ਤੋਂ ਬਾਅਦ ਹੈਲੀਕਾਪਟਰਾਂ ਨੂੰ ਰਵਾਇਤੀ ਜਲ-ਤੋਪਾਂ ਨਾਲ ਸਲਾਮੀ ਵੀ ਦਿੱਤੀ ਗਈ। ਇਨ੍ਹਾਂ ਨਵੇਂ ਹਲਕੇ ਲੜਾਕੂ ਹੈਲੀਕਾਪਟਰਾਂ (ਐਲ.ਸੀ.ਐਚ.) ਨੂੰ ਪ੍ਰਚੰਡ ਨਾਂਅ ਦਿੱਤਾ ਗਿਆ ਹੈ।
ਜੰਮੂ, 3 ਅਕਤੂਬਰ (ਏਜੰਸੀ)- ਜੇਲ੍ਹ ਵਿਭਾਗ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਐਚ.ਕੇ. ਲੋਹੀਆ ਦੀ ਇੱਥੇ ਸ਼ੱਕੀ ਹਾਲਾਤ 'ਚ ਹੱਤਿਆ ਹੋਣ ਦੀ ਸੂਚਨਾ ਹੈ ਅਤੇ ਪੁਲਿਸ ਨੂੰ ਦੋਸ਼ੀ ਵਜੋਂ ਉਸ ਦੇ ਘਰੇਲੂ ਨੌਕਰ 'ਤੇ ਸ਼ੱਕ ਹੈ। ਜੰਮੂ ਜ਼ੋਨ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਘਰੇਲੂ ਨੌਕਰ ਜਾਸੀਰ ਫ਼ਰਾਰ ਹੈ ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਲੋਹੀਆ (57), ਜੋ ਕਿ 1992 ਬੈਚ ਦਾ ਆਈ.ਪੀ.ਐਸ. ਅਧਿਕਾਰੀ ਸੀ, ਦੀ ਜੰਮੂ ਦੇ ਬਾਹਰਵਾਰ ਉਦੇਵਾਲਾ ਸਥਿਤ ਰਿਹਾਇਸ਼ 'ਤੇ ਗਲਾ ਵੱਢੀ ਹੋਈ ਲਾਸ਼ ਮਿਲੀ। ਉਹ ਅਗਸਤ ਤੋਂ ਡੀ.ਜੀ.ਪੀ. ਜੇਲ੍ਹਾਂ 'ਚ ਤਾਇਨਾਤ ਸਨ। ਏ.ਡੀ.ਜੀ.ਪੀ. ਨੇ ਕਿਹਾ ਕਿ ਅਪਰਾਧ ਦੇ ਸਥਾਨ ਦੀ ਮੁੱਢਲੀ ਜਾਂਚ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਇਕ ਸ਼ੱਕੀ ਹੱਤਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਡੀ.ਜੀ.ਪੀ. ਦਿਲਬਾਗ ਸਿੰਘ ਨੇ ਇਸ ਨੂੰ 'ਬਹੁਤ ਹੀ ਮੰਦਭਾਗੀ' ਘਟਨਾ ਦੱਸਦਿਆਂ ਕਿਹਾ ਕਿ ਸ਼ੱਕੀ ਨੇ ਲੋਹੀਆ ਦੀ ਲਾਸ਼ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਸੀ।
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਕੇਂਦਰ ਨੇ ਪੰਜਾਬ ਸਰਕਾਰ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਵਿਆਪਕ ਕਾਰਜ ਯੋਜਨਾ ਉਲੀਕਣ ਲਈ ਕਿਹਾ ਹੈ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਵਧੀਕ ਸਕੱਤਰ ਅਭਿਲਕਸ਼ ਲਿਖੀ ਨੇ ਪੰਜਾਬ ਦੇ ਐਸ.ਏ.ਐਸ. ਨਗਰ ਜ਼ਿਲ੍ਹੇ ਦੀ ਖਰੜ ਤਹਿਸੀਲ ਦੇ ਪਿੰਡ ਰੰਗੀਆਂ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਇਕ ਖੇਤ ਪ੍ਰਦਰਸ਼ਨ 'ਚ ਸ਼ਾਮਿਲ ਹੋਣ ਦੌਰਾਨ ਰਾਜ ਦੇ ਅਧਿਕਾਰੀਆਂ ਨੂੰ ਇਕ ਵਿਸਥਾਰਤ ਯੋਜਨਾ ਤਿਆਰ ਕਰਨ ਲਈ ਕਿਹਾ ਹੈ। ਰਾਜਾਂ ਨੂੰ ਮਸ਼ੀਨਾਂ ਦੀ ਪ੍ਰਭਾਵੀ ਵਰਤੋਂ ਯਕੀਨੀ ਬਣਾਉਣ, ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ (ਸੀ. ਆਰ. ਐਮ.) ਮਸ਼ੀਨਾਂ ਦੇ ਨਾਲ ਇਕ ਪੂਰਕ ਢੰਗ ਨਾਲ ਜੈਵਿਕ ਘਟਕਾਂ ਦਾ ਇਸਤੇਮਾਲ ਵਧਾਉਣ ਤੇ ਬਾਇਓਮਾਸ ਆਧਰਿਤ ਬਿਜਲੀ ਪਲਾਂਟਾਂ ਵਰਗੇ ਉਦਯੋਗਾਂ ਤੋਂ ਆਉਣ ਵਾਲੀ ਮੰਗ ਨੂੰ ਪੂਰਾ ਕਰਨ ਲਈ ਫਸਲੀ ਰਹਿੰਦ-ਖੂੰਹਦ ਦੀ ਵਰਤੋਂ ਵਧਾਉਣ ਲਈ ਕਿਹਾ ਗਿਆ ਹੈ। ਲਿਖੀ ਨੇ ਕਿਹਾ ਜੇਕਰ ਸਾਰੀਆਂ ਕਾਰਵਾਈਆਂ ਰਾਜ ਪੱਧਰ 'ਤੇ ਸੰਪੂਰਨ ਤਰੀਕੇ ਨਾਲ ਕੀਤੀਆਂ ਜਾਣ ਤਾਂ ਆਉਣ ਵਾਲੇ ਸੀਜ਼ਨ ਦੌਰਾਨ ਪਰਾਲੀ ਸਾੜਨ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਇਆ ਜਾ ਸਕਦਾ ਹੈ।
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਤਰਸ ਦੇ ਆਧਾਰ 'ਤੇ ਨਿਯੁਕਤੀ ਰਿਆਇਤ ਹੈ, ਨਾ ਕਿ ਅਧਿਕਾਰ ਤੇ ਇਸ ਤਰਾਂ ਦਾ ਰੁਜ਼ਗਾਰ ਦੇਣ ਦਾ ਉਦੇਸ਼ ਪੀੜਤ ਪਰਿਵਾਰ ਨੂੰ ਅਚਾਨਕ ਆਏ ਸੰਕਟ 'ਚੋਂ ਉੱਭਰਨ ਦੇ ਯੋਗ ਬਣਾਉਣਾ ਹੈ। ਸੁਪਰੀਮ ਕੋਰਟ ਨੇ ਪਿਛਲੇ ਹਫ਼ਤੇ ਕੇਰਲਾ ਹਾਈਕੋਰਟ ਦੇ ਡਵੀਜ਼ਨ ਬੈਂਚ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਹਾਈਕੋਰਟ ਨੇ ਫਰਟੀਲਾਈਜ਼ਰਸ ਐਂਡ ਕੈਮੀਕਲ ਟਰਾਵਨਕੋਰ ਲਿ. ਅਤੇ ਹੋਰਾਂ ਨੂੰ ਤਰਸ ਦੇ ਆਧਾਰ 'ਤੇ ਨਿਯੁਕਤੀ ਦੇ ਇਕ ਔਰਤ ਦੇ ਕੇਸ 'ਤੇ ਵਿਚਾਰ ਕਰਨ ਦਾ ਨਿਰਦੇਸ਼ ਦੇਣ ਵਾਲੇ ਸਿੰਗਲ ਜੱਜ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਸੀ। ਜਸਟਿਸ ਐਮ. ਆਰ. ਸ਼ਾਹ ਅਤੇ ਕ੍ਰਿਸ਼ਨਾ ਮੁਰਾਰੀ ਦੇ ਬੈਂਚ ਨੇ ਨੋਟ ਕੀਤਾ ਕਿ ਔਰਤ ਦਾ ਪਿਤਾ ਫਰਟੀਲਾਈਜ਼ਰਸ ਐਂਡ ਕੈਮੀਕਲਸ ਟਰਾਵਨਕੋਰ ਲਿ. 'ਚ ਨੌਕਰੀ ਕਰਦਾ ਸੀ ਅਤੇ ਅਪ੍ਰੈਲ 1995 'ਚ ਕੰਮ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸਮੇਂ ਉਸ ਦੀ ਪਤਨੀ ਨੌਕਰੀ ਕਰ ਰਹੀ ਸੀ ਅਤੇ ਤਰਸ ਦੇ ਆਧਾਰ 'ਤੇ ਨੌਕਰੀ ਲਈ ਪਾਤਰ ਨਹੀਂ ਸੀ। ਬੈਂਚ ਨੇ ਕਿਹਾ ਕਿ ਮ੍ਰਿਤਕ ਕਰਮਚਾਰੀ ਦੀ ਮੌਤ ਦੇ 24 ਸਾਲ ਬਾਅਦ ਜਵਾਬਦਾਤਾ ਤਰਸ ਦੇ ਆਧਾਰ 'ਤੇ ਨਿਯੁਕਤੀ ਦਾ ਹੱਕਦਾਰ ਨਹੀਂ ਹੋਵੇਗਾ।
ਸਟਾਕਹੋਮ, 3 ਅਕਤੂਬਰ (ਏਜੰਸੀ)-ਸਵੀਡਨ ਦੇ ਵਿਗਿਆਨੀ ਸਵੰਤੋ ਪਾਬੋ ਨੂੰ ਦਵਾਈਆਂ ਦੇ ਖੇਤਰ 'ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮਨੁੱਖੀ ਵਿਕਾਸ ਦੇ ਜੀਨੋਮ ਨਾਲ ਸੰਬੰਧਿਤ ਉਨ੍ਹਾਂ ਦੀਆਂ ਖੋਜਾਂ ਲਈ ਪਾਬੋ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ...
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਭਾਰਤੀ ਹਵਾਈ ਖ਼ੇਤਰ 'ਚੋਂ ਲੰਘੇ ਈਰਾਨੀ ਜਹਾਜ਼ 'ਚ ਬੰਬ ਹੋਣ ਦੀ ਸੂਚਨਾ ਨਾਲ ਸਰਕਾਰ, ਏਜੰਸੀਆਂ ਅਤੇ ਭਾਰਤੀ ਹਵਾਈ ਫ਼ੌਜ ਅਲਰਟ ਰਹੀਆਂ। ਜਹਾਜ਼ ਕਰੀਬ ਦੋ ਘੰਟੇ ਭਾਰਤੀ ਹਵਾਈ ਖ਼ੇਤਰ 'ਚ ਰਿਹਾ। ਈਰਾਨ ਤੋਂ ਉਡਾਨ ਭਰਨ ਵਾਲਾ ਇਹ ਜਹਾਜ਼ ...
ਪਟਨਾ, 3 ਅਕਤੂਬਰ (ਇੰਟ.)-ਇਸ ਸਮੇਂ ਅਹਿਮ ਸਵਾਲ ਹੈ ਕਿ ਤੇਜਸਵੀ ਯਾਦਵ ਮੁੱਖ ਮੰਤਰੀ ਕਦੋਂ ਬਣਨਗੇ। ਸੂਤਰਾਂ ਅਨੁਸਾਰ 2024 ਤੱਕ ਤਾਂ ਇਹ ਤੈਅ ਹੈ ਕਿ ਮੁੱਖ ਮੰਤਰੀ ਅਹੁਦੇ 'ਤੇ ਤੇਜਸਵੀ ਲਈ 'ਨੋ ਵਕੈਂਸੀ' ਹੈ। ਸੂਤਰਾਂ ਅਨੁਸਾਰ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਨਿਤਿਸ਼ ...
ਲਖੀਮਪੁਰ ਖੀਰੀ, 3 ਅਕਤੂਬਰ (ਏਜੰਸੀ)-ਲਖੀਮਪੁਰ ਖੀਰੀ ਘਟਨਾ ਦਾ ਇਕ ਸਾਲ ਹੋਣ ਮੌਕੇ ਕਰਵਾਏ ਸਮਾਗਮ ਦੌਰਾਨ ਕਿਸਾਨ ਨੇਤਾਵਾਂ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਦੁਹਰਾਇਆ, ਕਿਉਂਕਿ ਇਸ ਘਟਨਾ ਵਿਚ ਉਸ ਦਾ ਬੇਟਾ ਅਸ਼ੀਸ਼ ...
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)- ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐਸ.ਐਸ.) ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਬੋਲੇ ਨੇ ਦੇਸ਼ 'ਚ ਵਧ ਰਹੀ ਬੇਰੁਜ਼ਗਾਰੀ ਤੇ ਆਮਦਨ 'ਚ ਅਸਮਾਨਤਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗਰੀਬੀ ਇਕ 'ਦੈਂਤ' ਵਾਂਗ ਦੇਸ਼ ਦੇ ਸਾਹਮਣੇ ਚੁਣੌਤੀ ਬਣ ਕੇ ...
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)- ਸੀ.ਬੀ.ਆਈ. ਨੇ ਪਿਛਲੇ ਸਾਲ ਜੇ.ਈ.ਈ. (ਮੇਨ) ਦੀ ਪ੍ਰੀਖਿਆ 'ਚ ਕਥਿਤ ਹੇਰਾਫੇਰੀ ਦੀ ਜਾਂਚ ਦੇ ਸੰਬੰਧ 'ਚ ਇਕ ਰੂਸੀ ਨਾਗਰਿਕ ਨੂੰ ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ...
ਨਵੀਂ ਦਿੱਲੀ, 3 ਅਕਤੂਬਰ (ਜਗਤਾਰ ਸਿੰਘ)-ਭਾਰਤੀ ਚੋਣ ਕਮਿਸ਼ਨ ਨੇ 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਤਰੀਕ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਮੁਤਾਬਿਕ ਇਨ੍ਹਾਂ ਸਾਰੀਆਂ ਸੀਟਾਂ 'ਤੇ 3 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 6 ਨਵੰਬਰ ...
ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਕੇਂਦਰ ਨੇ ਸੋਮਵਾਰ ਨੂੰ ਖ਼ਬਰਾਂ ਦੀਆਂ ਵੈੱਬਸਾਈਟਾਂ, ਓ.ਟੀ.ਟੀ. ਪਲੇਟਫਾਰਮਾਂ ਤੇ ਨਿੱਜੀ ਸੈਟੇਲਾਈਟ ਚੈਨਲਾਂ ਨੂੰ ਸਲਾਹ ਜਾਰੀ ਕਰਦਿਆਂ ਉਨ੍ਹਾਂ ਨੂੰ ਫਰਜ਼ੀ ਸੱਟੇਬਾਜ਼ੀ ਵਾਲੀਆਂ ਸਾਈਟਾਂ ਦੇ ਇਸ਼ਤਿਹਾਰ ਦੇਣ ਤੋਂ ਬਚਣ ਲਈ ਕਿਹਾ ...
ਨਵੀਂ ਦਿੱਲੀ, 3 ਅਕਤੂਬਰ (ਪੀ.ਟੀ.ਆਈ.)-ਕਾਂਗਰਸ ਪਾਰਟੀ ਨੇ ਪ੍ਰਧਾਨ ਦੀਆਂ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ, ਜਿਸ ਤਹਿਤ ਪਾਰਟੀ ਦੇ ਅਹੁਦੇਦਾਰਾਂ ਨੂੰ ਉਮੀਦਵਾਰਾਂ ਲਈ ਪ੍ਰਚਾਰ ਕਰਨ ਤੋਂ ਰੋਕਿਆ ਗਿਆ ਹੈ। ਕਾਂਗਰਸ ਦੀ ਕੇਂਦਰੀ ਚੋਣ ...
ਨਵੀਂ ਦਿੱਲੀ, 3 ਅਕਤੂਬਰ (ਏਜੰਸੀ)-ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਲਾਇਬੇਰੀਆ ਤੋਂ ਆਏ ਇਕ ਵਿਅਕਤੀ ਨੂੰ ਦੇਸ਼ 'ਚ ਤਸਕਰੀ ਲਈ ਲਿਆਂਦੀ 9 ਕਰੋੜ ਰੁਪਏ ਦੀ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਅਧਿਕਾਰਕ ਬਿਆਨ 'ਚ ਦੱਸਿਆ ਗਿਆ ਹੈ ਕਿ ਯਾਤਰੀ ਨੂੰ 28 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX