ਅੱਤਵਾਦ-ਗੈਂਗਸਟਰ ਗੱਠਜੋੜ ਮਾਮਲਾ
ਨਵੀਂ ਦਿੱਲੀ, 29 ਨਵੰਬਰ (ਉਪਮਾ ਡਾਗਾ ਪਾਰਥ)-ਕੌਮੀ ਜਾਂਚ ਏਜੰਸੀ ਨੇ ਮੰਗਲਵਾਰ ਨੂੰ ਅੱਤਵਾਦੀਆਂ ਅਤੇ ਗੈਂਗਸਟਰਾਂ ਦਰਮਿਆਨ ਉਭਰਦੇ ਗੱਠਜੋੜ 'ਤੇ ਆਪਣੀ ਕਾਰਵਾਈ ਦੇ ਹਿੱਸੇ ਵਜੋਂ 3 ਰਾਜਾਂ ਅਤੇ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ 'ਚ 13 ਥਾਵਾਂ 'ਤੇ ਛਾਪੇਮਾਰੀ ਕੀਤੀ। ਐਨ. ਆਈ. ਏ. ਦੇ ਬੁਲਾਰੇ ਨੇ ਦੱਸਿਆ ਕਿ ਤੀਜੇ ਗੇੜ ਦੀ ਇਹ ਛਾਪੇਮਾਰੀ ਅਤੇ ਤਲਾਸ਼ੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਚੰਡੀਗੜ੍ਹ ਅਤੇ ਦਿੱਲੀ 'ਚ ਕੀਤੀ ਗਈ। ਬੁਲਾਰੇ ਨੇ ਕਿਹਾ ਕਿ ਇਹ ਛਾਪੇਮਾਰੀ ਪੰਜਾਬ ਦੇ ਫਾਜ਼ਿਲਕਾ, ਤਰਨ ਤਾਰਨ, ਲੁਧਿਆਣਾ, ਸੰਗਰੂਰ ਤੇ ਮੋਹਾਲੀ ਜ਼ਿਲ੍ਹਿਆਂ 'ਚ, ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ 'ਚ, ਰਾਜਸਥਾਨ ਦੇ ਸਿਕਾਰ ਜ਼ਿਲ੍ਹੇ 'ਚ ਅਤੇ ਦਿੱਲੀ/ਐਨ ਸੀ ਆਰ ਦੇ ਬਾਹਰੀ ਉਤਰੀ ਜ਼ਿਲ੍ਹੇ 'ਚ ਅਗਸਤ 'ਚ ਦਰਜ ਕੀਤੇ ਦੋ ਕੇਸਾਂ ਦੇ ਮਾਮਲੇ 'ਚ ਭਾਰਤ ਅਤੇ ਵਿਦੇਸ਼ਾਂ ਦੇ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਉਭਰ ਰਹੇ ਗੱਠਜੋੜ ਨੂੰ ਤੋੜਨ ਲਈ ਕੀਤੀ ਗਈ। ਐਨ. ਆਈ. ਏ. ਨੇ ਕਿਹਾ ਕਿ ਛਾਪੇ ਅਤੇ ਤਲਾਸ਼ੀ ਪੰਜਾਬ, ਹਰਿਆਣਾ ਅਤੇ ਰਾਜਸਥਾਨ 'ਚ ਸੰਗਠਿਤ ਅਪਰਾਧਿਕ ਸਿੰਡੀਕੇਟ ਅਤੇ ਨੈੱਟਵਰਕ, ਚੋਟੀ ਦੇ ਗੈਂਗਸਟਰਾਂ ਅਤੇ ਉਨ੍ਹਾਂ ਦੇ ਅਪਰਾਧਿਕ ਅਤੇ ਵਪਾਰਕ ਸਹਿਯੋਗੀਆਂ ਅਤੇ ਰਾਜਸਥਾਨ ਅਤੇ ਦਿੱਲੀ 'ਚ ਸਥਿਤ ਹਥਿਆਰ ਸਪਲਾਈਕਰਤਾ ਦੇ ਖਿਲਾਫ਼ ਕਾਰਵਾਈ ਦਾ ਹਿੱਸਾ ਹੈ। ਬੁਲਾਰੇ ਨੇ ਕਿਹਾ ਕਿ ਛਾਪੇ ਗੁਰੂਗ੍ਰਾਮ/ਰਾਜਸਥਾਨ ਦੇ ਕੌਸ਼ਲ ਚੌਧਰੀ, ਪ੍ਰਹਲਾਦਪੁਰ-ਦਿੱਲੀ ਦੇ ਵਿਸ਼ਾਲ ਮਾਨ, ਸੰਗਰੂਰ ਦੇ ਬਿੰਨੀ ਗੁੱਜਰ, ਲੁਧਿਆਣਾ ਦੇ ਰਵੀ ਰਾਜਗੜ੍ਹ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਘਰਾਂ ਅਤੇ ਹੋਰ ਟਿਕਾਣਿਆਂ 'ਤੇ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਛਾਪੇ ਦੌਰਾਨ ਵੱਖ-ਵੱਖ ਕਿਸਮਾਂ ਦੀ ਪਾਬੰਦੀਸ਼ੁਦਾ ਸਮਗਰੀ ਅਤੇ ਗੋਲੀ-ਸਿੱਕਾ ਸਮੇਤ ਇਤਰਾਜ਼ਯੋਗ ਸਮਗਰੀ ਜ਼ਬਤ ਕੀਤੀ ਗਈ। ਬੁਲਾਰੇ ਨੇ ਕਿਹਾ ਕਿ ਇਸ ਤਰਾਂ ਦੇ ਅੱਤਵਾਦੀ ਨੈਟਵਰਕ ਦੇ ਨਾਲ-ਨਾਲ ਉਨ੍ਹਾਂ ਦੀ ਫੰਡਿੰਗ ਅਤੇ ਸਮਰਥਕ ਢਾਂਚੇ ਨੂੰ ਖਤਮ ਕਰਨ ਲਈ ਜਾਂਚ ਜਾਰੀ ਰਹੇਗੀ। ਮੁਢਲੀ ਜਾਂਚ ਦਾ ਹਵਾਲਾ ਦਿੰਦਿਆਂ ਐਨ. ਆਈ. ਏ. ਨੇ ਕਿਹਾ ਕਿ ਇਹ ਗੈਂਗ ਮਿੱਥ ਕੇ ਹੱਤਿਆਵਾਂ ਨੂੰ ਅੰਜਾਮ ਦੇ ਰਹੇ ਹਨ ਤੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਅਜਿਹੀਆਂ ਅਪਰਾਧਿਕ ਸਰਗਰਮੀਆਂ ਲਈ ਫੰਡ ਇਕੱਠਾ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਹਾਲ ਹੀ 'ਚ ਅਪਰਾਧਿਕ ਸਿੰਡੀਕੇਟ ਅਤੇ ਗੈਂਗਸਟਰਾਂ ਵਲੋਂ ਕੀਤੇ ਸਨਸਨੀਖੇਜ਼ ਅਪਰਾਧਾਂ ਅਤੇ ਕਾਰੋਬਾਰੀਆਂ ਅਤੇ ਡਾਕਟਰਾਂ ਸਮੇਤ ਪੇਸ਼ੇਵਰਾਂ ਨੂੰ ਫਿਰੌਤੀ ਲਈ ਕੀਤੀਆਂ ਕਾਲਾਂ ਨੇ ਲੋਕਾਂ ਦਰਮਿਆਨ ਵੱਡੇ ਪੱਧਰ 'ਤੇ ਡਰ ਪੈਦਾ ਕਰ ਦਿੱਤਾ ਸੀ। ਇਹ ਗੈਂਗ ਲੋਕਾਂ 'ਚ ਵੱਡੇ ਪੱਧਰ 'ਤੇ ਡਰ ਪੈਦਾ ਕਰਨ ਲਈ ਇਨ੍ਹਾਂ ਅਪਾਰਾਧਾਂ ਨੂੰ ਪ੍ਰਚਾਰਨ ਲਈ ਸਾਈਬਰ ਸਪੇਸ ਦੀ ਵਰਤੋਂ ਕਰ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਇਸ ਤਰਾਂ ਦੀਆਂ ਅਪਰਾਧਿਕ ਕਾਰਵਾਈਆਂ ਇਕੱਲੀਆਂ ਸਥਾਨਿਕ ਘਟਨਾਵਾਂ ਨਹੀਂ ਸਨ ਬਲਕਿ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰੀ ਕਰਨ ਵਾਲੇ ਕਾਰਟੈਲਾਂ ਅਤੇ ਨੈਟਵਰਕਾਂ ਵਿਚਕਾਰ ਡੂੰਘੀਆਂ ਜੜ੍ਹਾਂ ਵਾਲੀਆਂ ਸਾਜਿਸ਼ਾਂ ਸਨ।
ਤਰਨ ਤਾਰਨ ਦੇ ਪਿੰਡ ਮਰਹਾਣਾ ਵਿਖੇ ਵਕੀਲ ਦੇ ਘਰ ਛਾਪੇਮਾਰੀ
ਤਰਨ ਤਾਰਨ, 29 ਨਵੰਬਰ (ਹਰਿੰਦਰ ਸਿੰਘ)-ਐੱਨ. ਆਈ. ਏ. ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਰਹਾਣਾ ਵਿਖੇ ਐਡਵੋਕੇਟ ਹੀਰਾ ਸਿੰਘ ਸੰਧੂ ਤੇ ਗੁਰਦਿਆਲ ਸਿੰਘ ਸੰਧੂ ਦੇ ਘਰ ਤੜਕੇ 6 ਵਜੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਐੱਨ.ਆਈ.ਏ. ਦੇ ਅਧਿਕਾਰੀਆਂ ਦੇ ਨਾਲ-ਨਾਲ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵੀ ਮੌਜੂਦ ਸੀ। ਛਾਪੇਮਾਰੀ ਦੌਰਾਨ ਐੱਨ. ਆਈ. ਏ. ਦੇ ਅਧਿਕਾਰੀਆਂ ਵਲੋਂ ਗੁਰਦਿਆਲ ਸਿੰਘ ਸੰਧੂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਜਾਂਦੇ ਸਮੇਂ ਉਨ੍ਹਾਂ ਦਾ ਮੋਬਾਈਲ ਨਾਲ ਲੈ ਗਏ। ਇਸ ਗੱਲ ਦਾ ਪਤਾ ਲੱਗਣ 'ਤੇ ਬਾਰ ਐਸੋ. ਤਰਨ ਤਾਰਨ ਦੇ ਪ੍ਰਧਾਨ ਬਲਦੇਵ ਸਿੰਘ ਗਿੱਲ ਤੇ 50 ਦੇ ਕਰੀਬ ਵਕੀਲ ਪਿੰਡ ਮਰਹਾਣਾ ਪੁੱਜ ਗਏ ਅਤੇ ਉਨ੍ਹਾਂ ਨੇ ਐੱਨ. ਆਈ. ਏ. ਦੀ ਛਾਪੇਮਾਰੀ ਦਾ ਵਿਰੋਧ ਜਤਾਉਂਦਿਆਂ ਕਿਹਾ ਕਿ ਬਿਨਾਂ ਕਿਸੇ ਸੂਚਨਾ ਦੇ ਐੱਨ. ਆਈ. ਏ. ਵਲੋਂ ਇਹ ਛਾਪੇਮਾਰੀ ਕੀਤੀ ਗਈ ਹੈ। ਬਲਦੇਵ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵਲੋਂ ਐੱਨ. ਆਈ. ਏ. ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੋੜੀਂਦੇ ਇਕ ਵਿਅਕਤੀ ਦੇ ਸੰਬੰਧ 'ਚ ਇਹ ਛਾਪੇਮਾਰੀ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੋਰ ਕੋਈ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਐੱਨ. ਆਈ. ਏ. ਦੇ ਅਧਿਕਾਰੀਆਂ ਕੋਲ ਘਰ ਦੀ ਤਲਾਸ਼ੀ ਲੈਣ ਦੇ 'ਸਰਚ ਵਾਰੰਟ' ਵੀ ਮੌਜੂਦ ਸਨ। ਐੱਨ.ਆਈ ਏ. ਦੀ ਇਹ ਕਾਰਵਾਈ ਸਵੇਰੇ 6 ਵਜੇ ਤੋਂ ਲੈ ਕੇ ਲਗਪਗ 2 ਵਜੇ ਤੱਕ ਜਾਰੀ ਰਹੀ। ਭਾਵੇਂ ਘਰ ਦੇ ਮਾਲਕ ਐਡ. ਹੀਰਾ ਸਿੰਘ ਸੰਧੂ ਤੇ ਗੁਰਦਿਆਲ ਸਿੰਘ ਸੰਧੂ 'ਚੋਂ ਐੱਨ.ਆਈ. ਏ. ਵਲੋਂ ਕਿਸੇ ਨੂੰ ਵੀ ਹਿਰਾਸਤ 'ਚ ਨਹੀਂ ਲਿਆ ਗਿਆ ਪਰ ਬੁੱਧਵਾਰ ਨੂੰ ਗੁਰਦਿਆਲ ਸਿੰਘ ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਬਾਰ ਐਸੋ. ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਮੰਗਲਵਾਰ ਨੂੰ ਵਕੀਲਾਂ ਨੇ ਆਪਣਾ ਕੰਮਕਾਜ ਠੱਪ ਰੱਖਿਆ ਅਤੇ ਕਿਹਾ ਕਿ ਬੁੱਧਵਾਰ ਨੂੰ ਵੀ ਵਕੀਲ ਆਪਣਾ ਕੰਮ ਨਹੀਂ ਕਰਨਗੇ।
ਦੋਰਾਹਾ ਨੇੜੇ ਰਾਜਗੜ੍ਹ 'ਚ ਛਾਪਾ
ਦੋਰਾਹਾ, 29 ਨਵੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਐਨ. ਆਈ. ਏ. ਨੇ ਅੱਜ ਸਵੇਰੇ, ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਦੇ ਲਿੰਕ ਖੰਨਾ ਪੁਲਿਸ ਜ਼ਿਲ੍ਹਾ ਅਧੀਨ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਰਾਜਵੀਰ ਸਿੰਘ ਰਵੀ ਪੁੱਤਰ ਜਗਤਾਰ ਸਿੰਘ ਦੇ ਘਰ ਬੀਤੀ ਦੇਰ ਰਾਤ ਐਨ.ਆਈ.ਏ. ਦੀ ਟੀਮ ਵਲੋਂ ਛਾਪਾ ਮਾਰਿਆ।
ਅੰਮ੍ਰਿਤਸਰ, 29 ਨਵੰਬਰ (ਰੇਸ਼ਮ ਸਿੰਘ)-ਸਾਬਕਾ ਉੱਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਵਿਜੀਲੈਂਸ ਵਲੋਂ ਅੱਜ ਇਥੇ ਦੋ ਘੰਟੇ ਤੋਂ ਵੀ ਵੱਧ ਸਮਾਂ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਵਲੋਂ ਸੋਨੀ ਦੀ ਸਮੁੱਚੀ ਚਲ ਤੇ ਅਚੱਲ ਜਾਇਦਾਦ ਦੇ ਵੇਰਵੇ 7 ਦਿਨਾਂ ਦੇ ਅੰਦਰ-ਅੰਦਰ ਮੰਗੇ ਗਏ ਹਨ। ਸੋਨੀ ਸਵੇਰੇ 9 ਵਜੇ ਇਥੇ ਜ਼ਿਲ੍ਹਾ ਪ੍ਰਬੰਧਕੀ ਸਮੂਹ ਵਿਖੇ ਸਥਿਤ ਵਿਜੀਲੈਂਸ ਦਫਤਰ ਵਿਖੇ ਪੁੱਜੇ। ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਦੋ ਘੰਟਿਆਂ ਤੋਂ ਵੱਧ ਸਮਾਂ ਸੋਨੀ ਪਾਸੋਂ ਪੁੱਛਗਿੱਛ ਕੀਤੀ ਗਈ। ਸੋਨੀ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਈ ਵੀ ਜਾਇਦਾਦ ਭ੍ਰਿਸ਼ਟ ਤਰੀਕਿਆਂ ਨਾਲ ਨਹੀਂ ਬਣਾਈ ਹੈ ਅਤੇ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਉਹ ਹਰ ਵਾਰ ਚੋਣਾਂ ਲੜਨ ਵੇਲੇ ਵੀ ਚੋਣ ਕਮਿਸ਼ਨ ਨੂੰ ਭਰ ਕੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਜਾਇਦਾਦ ਦੇ ਵੇਰਵੇ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸੱਚੇ ਹਨ ਅਤੇ ਘਬਰਾਉਂਦੇ ਨਹੀਂ ਹਨ ਅਤੇ ਜੇਕਰ ਉਨ੍ਹਾਂ ਨਾਲ ਫਿਰ ਵੀ ਕੋਈ ਵਧੀਕੀ ਹੋਈ ਤਾਂ ਉਹ ਅਦਾਲਤ 'ਚ ਜਾਣਗੇ। ਦੱਸਣਯੋਗ ਹੈ ਕਿ ਓ.ਪੀ. ਸੋਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਸਨ ਜਦੋਂ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਕਾਂਗਰਸ ਵਲੋਂ ਉਨ੍ਹਾਂ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ ਸੀ । ਜਿਨ੍ਹਾਂ ਖ਼ਿਲਾਫ਼ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਹੈ ਕਿ ਸੋਨੀ ਨੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟ ਤਰੀਕਿਆਂ ਨਾਲ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਸੋਨੀ ਤੋਂ ਵਿਜੀਲੈਂਸ ਵਲੋਂ ਇਥੇ ਕੀਤੀ ਪਲੇਠੀ ਪੁੱਛਗਿੱਛ ਸੰਬੰਧੀ ਐੱਸ.ਐੱਸ.ਪੀ. ਵਿਜੀਲੈਂਸ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਸੰਬੰਧੀ ਮਿਲੀ ਸ਼ਿਕਾਇਤ ਸੰਬੰਧੀ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦੀ ਸਮੁੱਚੀ ਜਾਇਦਾਦ ਦੇ ਵੇਰਵੇ ਲੈਣ ਲਈ ਪ੍ਰੋਫਾਰਮੇ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ 7 ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਇਹ ਜਾਇਦਾਦੀ ਪ੍ਰੋਫਾਰਮੇ ਭਰ ਕੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਇਸ ਉਪਰੰਤ ਵਿਜੀਲੈਂਸ ਜਾਇਦਾਦ ਦੇ ਅੰਕੜਿਆਂ ਤੇ ਸਾਧਨਾਂ ਦੀ ਜਾਂਚ ਕਰੇਗੀ।
ਸੁਰਿੰਦਰ ਕੋਛੜ
ਅੰਮ੍ਰਿਤਸਰ, 29 ਨਵੰਬਰ-ਪਾਕਿਸਤਾਨ 'ਚ ਨਵੇਂ ਫ਼ੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਅਹੁਦਾ ਸੰਭਾਲ ਲਿਆ ਹੈ। ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਆਪਣੇ ਉੱਤਰਾਧਿਕਾਰੀ ਅਸੀਮ ਮੁਨੀਰ ਨੂੰ 'ਬੈਟਨ ਆਫ਼ ਕਮਾਂਡ' ਸੌਂਪੀ। ਕਮਾਂਡ ਬਦਲਣ ਨਾਲ ਮੁਨੀਰ ਪਾਕਿਸਤਾਨ ਦੇ 17ਵੇਂ ਫ਼ੌਜ ਮੁਖੀ ਬਣ ਗਏ ਹਨ। ਰਾਵਲਪਿੰਡੀ 'ਚ ਜਨਰਲ ਹੈੱਡਕੁਆਰਟਰ 'ਚ ਕਰਵਾਏ ਗਏ ਸਮਾਰੋਹ 'ਚ ਨਵੇਂ ਫ਼ੌਜ ਮੁਖੀ ਨੂੰ ਕਮਾਂਡ ਸੌਂਪਣ ਮੌਕੇ ਰੱਖੇ ਸਮਾਗਮ 'ਚ ਮੁੱਖ ਮਹਿਮਾਨ ਜਨਰਲ ਬਾਜਵਾ ਨੂੰ ਆਖ਼ਰੀ ਵਾਰ ਫ਼ੌਜ ਮੁਖੀ ਵਜੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਨਵੇਂ ਫ਼ੌਜ ਮੁਖੀ ਦੀ ਅਗਵਾਈ 'ਚ ਫ਼ੌਜ ਨਵੀਆਂ ਉਚਾਈਆਂ 'ਤੇ ਪਹੁੰਚੇਗੀ ਅਤੇ ਉਨ੍ਹਾਂ ਦੀ ਨਿਯੁਕਤੀ ਦੇਸ਼ ਲਈ ਸਕਾਰਾਤਮਕ ਸਾਬਤ ਹੋਵੇਗੀ। ਸਮਾਗਮ 'ਚ ਸਾਬਕਾ ਫ਼ੌਜੀ ਲੀਡਰਸ਼ਿਪ ਵੀ ਮੌਜੂਦ ਸੀ। ਇਸ ਤੋਂ ਪਹਿਲਾਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਰਾਸ਼ਟਰਪਤੀ ਆਰਿਫ਼ ਅਲਵੀ ਅਸੀਮ ਮੁਨੀਰ ਦੀ ਨਿਯੁਕਤੀ ਨੂੰ ਰੋਕ ਸਕਦੇ ਹਨ। ਅਲਵੀ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਹਨ ਅਤੇ ਅਸੀਮ ਮੁਨੀਰ ਦੀ ਨਿਯੁਕਤੀ ਬਾਰੇ ਉਨ੍ਹਾਂ ਖ਼ਾਨ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਮੁਨੀਰ ਦੇ ਨਾਂਅ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ। ਉੱਧਰ ਦੂਜੇ ਪਾਸੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਬਾਜਵਾ ਦੇ ਫ਼ੌਜ ਮੁਖੀ ਦਾ ਅਹੁਦਾ ਛੱਡਦੇ ਹੀ ਉਨ੍ਹਾਂ ਦੇ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਗਈ ਹੈ।
ਕੌਣ ਹਨ ਜਨਰਲ ਅਸੀਮ ਮੁਨੀਰ
ਲੈਫ਼ਟੀਨੈਂਟ ਜਨਰਲ ਅਸੀਮ ਮੁਨੀਰ ਮੰਗਲਾ 'ਚ ਆਫ਼ੀਸਰਜ਼ ਟਰੇਨਿੰਗ ਸਕੂਲ ਪ੍ਰੋਗਰਾਮ ਰਾਹੀਂ ਫ਼ਰੰਟੀਅਰ ਫੋਰਸ ਰੇਜੀਮੈਂਟ 'ਚ ਸ਼ਾਮਲ ਹੋਏ। ਜਨਰਲ ਕਮਰ ਜਾਵੇਦ ਬਾਜਵਾ ਦੇ ਨਜ਼ਦੀਕੀ ਸਹਿਯੋਗੀ ਰਹੇ ਲੈਫ਼ਟੀਨੈਂਟ ਜਨਰਲ ਮੁਨੀਰ ਨੂੰ ਬਾਅਦ 'ਚ ਸਾਲ 2017 ਦੇ ਸ਼ੁਰੂ 'ਚ ਮਿਲਟਰੀ ਇੰਟੈਲੀਜੈਂਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਅਤੇ ਅਗਲੇ ਸਾਲ ਅਕਤੂਬਰ 'ਚ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦਾ ਮੁਖੀ ਬਣਾਇਆ ਗਿਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਜ਼ੋਰ 'ਤੇ 8 ਮਹੀਨਿਆਂ ਦੇ ਅੰਦਰ ਹੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਾਮਿਦ ਨੇ ਜਨਰਲ ਮੁਨੀਰ ਦੀ ਥਾਂ ਲੈ ਲਈ।
ਅਹਿਮਦਾਬਾਦ, 29 ਅਪ੍ਰੈਲ (ਏਜੰਸੀ)-1 ਦਸੰਬਰ ਨੂੰ ਹੋਣ ਜਾ ਰਹੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਮੰਗਲਵਾਰ 5 ਵਜੇ ਸਮਾਪਤ ਹੋ ਗਿਆ। ਦੱਖਣੀ ਗੁਜਰਾਤ ਅਤੇ ਕੱਛ ਸੌਰਾਸ਼ਟਰ ਖੇਤਰਾਂ ਦੇ 19 ਜ਼ਿਲ੍ਹਿਆਂ ਦੀਆਂ 89 ਸੀਟਾਂ ਲਈ 788 ਉਮੀਦਵਾਰ ਚੋਣ ਮੈਦਾਨ 'ਚ ਹਨ। ਸੂਬਾ, ਜਿਸ ਨੇ ਰਵਾਇਤੀ ਤੌਰ 'ਤੇ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦਰਮਿਆਨ ਟੱਕਰ ਦੇਖੀ ਹੈ, ਵਿਚ ਇਸ ਵਾਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਰੂਪ 'ਚ ਤੀਜੀ ਧਿਰ ਵੀ ਚੋਣ ਮੈਦਾਨ ਵਿਚ ਹੈ, ਜਿਸ ਨੇ ਵਿਧਾਨ ਸਭਾ ਦੀਆਂ 182 'ਚੋਂ 181 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਪਹਿਲੇ ਪੜਾਅ 'ਚ ਪ੍ਰਮੁੱਖ ਉਮੀਦਵਾਰਾਂ 'ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਇਸੂਦਨ ਗਢਵੀ, ਜੋ ਕਿ ਦੇਵਭੂਮੀ ਦੁਆਰਕਾ ਜ਼ਿਲ੍ਹੇ ਦੀ ਖੰਬਾਲੀਆ ਸੀਟ ਤੋਂ ਚੋਣ ਲੜ ਰਹੇ ਹਨ, ਸ਼ਾਮਿਲ ਹਨ। ਸਾਬਕਾ ਮੁੱਖ ਮੰਤਰੀ ਪ੍ਰਸ਼ੋਤਮ ਸੋਲੰਕੀ, ਛੇ ਵਾਰ ਵਿਧਾਇਕ ਬਣੇ ਕੁੰਵਰਜੀ ਬਵਾਲੀਆ, ਮੋਰਬੀ ਹਾਦਸੇ ਦੇ ਨਾਇਕ ਕਾਂਤੀਲਾਲ ਅਮਰੂਤੀਆ, ਕ੍ਰਿਕਟਰ ਰਵੇਂਦਰ ਜਡੇਜਾ ਦੀ ਪਤਨੀ ਰੀਵਾਬਾ ਅਤੇ ਗੁਜਰਾਤ 'ਆਪ' ਦੇ ਪ੍ਰਧਾਨ ਗੋਪਾਲ ਇਟਾਲੀਆ ਚੋਣ ਮੈਦਾਨ 'ਚ ਹਨ। ਪਹਿਲੇ ਪੜਾਅ 'ਚ ਭਾਜਪਾ ਅਤੇ ਕਾਂਗਰਸ ਵਲੋਂ 89-89 ਉਮੀਦਵਾਰ ਅਤੇ 'ਆਪ' ਵਲੋਂ 88 ਉਮੀਦਵਾਰ ਮੈਦਾਨ 'ਚ ਹਨ। ਸੂਰਤ (ਪੂਰਬੀ) ਤੋਂ 'ਆਪ' ਦੇ ਉਮੀਦਵਾਰ ਨੇ ਆਖਰੀ ਦਿਨ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਸੀ। ਪਹਿਲੇ ਪੜਾਅ 'ਚ ਭਾਜਪਾ ਨੇ 9, ਕਾਂਗਰਸ ਨੇ 6 ਅਤੇ 'ਆਪ' ਨੇ 5 ਔਰਤ ਉਮੀਦਵਾਰ ਮੈਦਾਨ 'ਚ ਉਤਾਰੇ ਹਨ। ਪਹਿਲੇ ਪੜਾਅ 'ਚ ਕੁਲ 788 ਉਮੀਦਵਾਰਾਂ 'ਚ ਸਿਰਫ 70 ਔਰਤਾਂ ਚੋਣ ਲੜ ਰਹੀਆਂ ਹਨ। ਪਹਿਲੇ ਪੜਾਅ 'ਚ ਬਸਪਾ ਦੇ 57, ਭਾਰਤੀ ਟ੍ਰਾਈਬਲ ਪਾਰਟੀ ਦੇ 14, ਸਮਾਜਵਾਦੀ ਪਾਰਟੀ ਦੇ 12, ਸੀ. ਪੀ. ਆਈ. (ਐਮ) ਦੇ 4, ਸੀ. ਪੀ. ਆਈ. ਦੇ ਦੋ ਉਮੀਦਵਾਰ ਚੋਣ ਮੈਦਾਨ 'ਚ ਹਨ। 339 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ।
ਹਰਕਵਲਜੀਤ ਸਿੰਘ
ਚੰਡੀਗੜ੍ਹ, 29 ਨਵੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਪੰਜਾਬ ਸਿਵਲ ਸਕੱਤਰੇਤ ਵਿਚ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ ਹੈ ਅਤੇ ਮੁੱਖ ਮੰਤਰੀ ਤੇ ਮੰਤਰੀਆਂ ਦੀ ਗ਼ੈਰਹਾਜ਼ਰੀ ਕਾਰਨ ਬਹੁਤੇ ਸੀਨੀਅਰ ਅਧਿਕਾਰੀ ਵੀ ਦਫ਼ਤਰਾਂ ਵਿਚ ਨਹੀਂ ਬੈਠ ਰਹੇ। ਹਾਲਾਂਕਿ ਗੁਜਰਾਤ ਚੋਣਾਂ ਲਈ ਪਹਿਲੇ ਪੜਾਅ ਦਾ ਚੋਣ ਪ੍ਰਚਾਰ ਅੱਜ ਸ਼ਾਮ ਖ਼ਤਮ ਹੋ ਗਿਆ ਲੇਕਿਨ ਬਹੁਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਚੋਣ ਪ੍ਰਚਾਰ ਲਈ ਦੂਜੇ ਪੜਾਅ ਵਾਲੇ ਖੇਤਰਾਂ ਵਿਚ ਰੁਕਣਾ ਪਵੇਗਾ ਜਦੋਂ ਕਿ 4 ਦਸੰਬਰ ਨੂੰ ਹੋ ਰਹੀ ਦਿੱਲੀ ਨਗਰ ਨਿਗਮ ਦੀ ਅਹਿਮ ਚੋਣ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਤੇ ਕੁਝ ਮੰਤਰੀਆਂ ਨੂੰ 3 ਦਸੰਬਰ ਤੱਕ ਦਿੱਲੀ 'ਚ ਵੀ ਚੋਣ ਪ੍ਰਚਾਰ ਵਿਚ ਸ਼ਾਮਿਲ ਹੋਣਾ ਪਵੇਗਾ ਕਿਉਂਕਿ ਦਿੱਲੀ ਵਿਖੇ ਪੰਜਾਬੀ ਵਸੋਂ ਕਾਫ਼ੀ ਗਿਣਤੀ ਵਿਚ ਹੈ ਅਤੇ ਪੰਜਾਬ ਦੇ ਆਗੂਆਂ ਦਾ ਚੋਣ ਪ੍ਰਚਾਰ ਅਸਰਦਾਰ ਸਾਬਤ ਹੋ ਸਕਦਾ ਹੈ। ਲੇਕਿਨ ਮਗਰਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਮੁੱਖ ਮੰਤਰੀ ਤੇ ਪੰਜਾਬ ਦੇ ਮੰਤਰੀਆਂ ਦੀਆਂ ਗੁਜਰਾਤ ਵਿਚ ਚੋਣ ਫੇਰੀਆਂ ਕਾਰਨ ਰਾਜ ਸਰਕਾਰ ਦਾ ਕੰਮਕਾਜ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਸਿਵਲ ਸਕੱਤਰੇਤ ਤੋਂ ਮੁੱਖ ਮੰਤਰੀ ਤੇ ਮੰਤਰੀਆਂ ਦੀ ਲਗਾਤਾਰ ਗੈਰ ਹਾਜ਼ਰੀ ਕਾਰਨ ਸਕੱਤਰੇਤ ਕੰਮਾਂ-ਕਾਜਾਂ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ ਵੀ ਹੁਣ ਕਾਫ਼ੀ ਘੱਟ ਗਈ ਹੈ ਅਤੇ ਜੋ ਲੋਕ ਅੱਜ ਕੱਲ੍ਹ ਸੂਬਾ ਸਕੱਤਰੇਤ ਆਪਣੀਆਂ ਫ਼ਰਿਆਦਾਂ ਲੈ ਕੇ ਆ ਵੀ ਰਹੇ ਹਨ ਉਹ ਵੀ ਖੱਜਲ ਖ਼ੁਆਰ ਹੋ ਕੇ ਵਾਪਸ ਪਰਤਦੇ ਹਨ ਕਿਉਂਕਿ ਸਿਆਸੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਕਾਰਨ ਅਫ਼ਸਰਸ਼ਾਹੀ ਵੀ ਮੌਜਾਂ ਕਰ ਰਹੀ ਹੈ। ਸਰਕਾਰ ਵਲੋਂ ਬਿਨ੍ਹਾਂ ਕਿਸੇ ਵਜ੍ਹਾ ਜਾਂ ਕਾਰਨ ਲਗਾਤਾਰ ਅਫ਼ਸਰਸ਼ਾਹੀ ਦੀਆਂ ਨਿੱਤ ਦਿਹਾੜੇ ਹੋ ਰਹੀਆਂ ਬਦਲੀਆਂ ਵੀ ਅਫ਼ਸਰਸ਼ਾਹੀ ਦੀ ਮੁਸ਼ਕਲਾਂ ਤੇ ਨਿਰਾਸ਼ਤਾ ਵਿਚ ਵਾਧਾ ਕਰ ਰਹੀਆਂ ਹਨ ਅਤੇ ਇਸੇ ਕਾਰਨ ਅਫ਼ਸਰਸ਼ਾਹੀ ਨਾ ਤਾਂ ਸਰਕਾਰ ਨੂੰ ਲੋੜੀਂਦਾ ਸਮਰਥਨ ਤੇ ਜ਼ਰੂਰੀ ਮਾਮਲਿਆਂ 'ਤੇ ਰਾਏ ਹੀ ਦੇ ਰਹੀ ਹੈ ਅਤੇ ਨਾ ਹੀ ਬਹੁਤਾ ਕੰਮਕਾਜ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੇਲੇ ਤਾਂ ਵਿਜੀਲੈਂਸ ਬਿਊਰੋ ਤੇ ਪੁਲਿਸ ਵਿਭਾਗ ਹੀ ਕੰਮ ਕਰਦੇ ਨਜ਼ਰ ਆ ਰਹੇ ਹਨ ਜਦੋਂ ਕਿ ਬਾਕੀ ਵਿਭਾਗਾਂ ਕੋਲ ਕੁਝ ਨਵਾਂ ਕਰਨ ਨੂੰ ਹੈ ਹੀ ਨਹੀਂ ਕਿਉਂਕਿ ਵਿੱਤੀ ਔਕੜਾਂ ਕਾਰਨ ਮੌਜੂਦਾ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਾ ਕਰ ਸਕਣਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਐੱਸ. ਏ. ਐੱਸ. ਨਗਰ, 29 ਨਵੰਬਰ (ਜਸਬੀਰ ਸਿੰਘ ਜੱਸੀ)-ਸਿੰਜਾਈ ਘੁਟਾਲੇ ਦੇ ਮਾਮਲੇ 'ਚ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਜਿਨ੍ਹਾਂ ਨੇ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਾ ਸੀ, ਵਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੇਸ਼ੀ ਤੋਂ ਛੋਟ ਮੰਗੀ ਗਈ, ਜਦਕਿ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੇ ਰਿਸ਼ਤੇਦਾਰਾਂ ਦਾ ਵਿਜੀਲੈਂਸ ਨੂੰ ਕਹਿਣਾ ਹੈ ਕਿ ਕੌਸ਼ਲ ਅਮਰੀਕਾ 'ਚ ਹਨ, ਇਸ ਲਈ ਉਹ ਹੁਣ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਇਸ ਸੰਬੰਧੀ ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਜਲਦ ਮੁੜ ਪੇਸ਼ ਹੋਣ ਲਈ ਦੋਵਾਂ ਨੂੰ ਨੋਟਿਸ ਭੇਜਣਗੇ। ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ 'ਚ ਹੋਏ 1200 ਕਰੋੜ ਦੇ ਸਿੰਜਾਈ ਘੁਟਾਲੇ ਦੇ ਮਾਮਲੇ 'ਚ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਇਹ ਪਹਿਲੀ ਵਾਰ ਹੈ ਕਿ ਇਸ ਘੁਟਾਲੇ 'ਚ ਵਿਜੀਲੈਂਸ ਬਿਊਰੋ ਵਲੋਂ ਕਈ ਸੀਨੀਅਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ, ਹਾਲਾਂਕਿ ਇਸ ਮਾਮਲੇ 'ਚ ਸਾਬਕਾ ਸਿੰਜਾਈ ਸਕੱਤਰ ਕੇ.ਬੀ.ਐੱਸ. ਸਿੱਧੂ ਤੇ ਕਾਹਨ ਸਿੰਘ ਪਨੂੰ ਦਾ ਨਾਂਅ ਵੀ ਸਾਹਮਣੇ ਆਇਆ ਸੀ, ਪਰ ਹਾਈਕੋਰਟ ਨੇ ਕੇ.ਬੀ.ਐੱਸ ਸਿੱਧੂ ਦੀ ਗ੍ਰਿਫ਼ਤਾਰੀ 'ਤੇ ਕੁਝ ਦਿਨ ਪਹਿਲਾਂ ਹੀ ਰੋਕ ਲਗਾ ਦਿੱਤੀ ਸੀ। 1200 ਕਰੋੜ ਦੇ ਇਸ ਘੁਟਾਲੇ ਤੋਂ ਸਾਲ 2017 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪਰਦਾ ਉੱਠਿਆ ਸੀ। ਇਸ ਮਾਮਲੇ 'ਚ ਠੇਕੇਦਾਰ ਗੁਰਿੰਦਰ ਸਿੰਘ ਸਮੇਤ ਤਿੰਨ ਇੰਜੀਨੀਅਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਵੱਡੇ ਅਧਿਕਾਰੀਆਂ ਤੋਂ ਪੁੱਛਗਿੱਛ ਨਹੀਂ ਸੀ ਹੋਈ। ਇਥੇ ਹੀ ਬਸ ਨਹੀਂ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਇਸ ਘੁਟਾਲੇ ਦੀ ਜਾਂਚ ਵੀ ਠੱਪ ਪਈ ਰਹੀ ਅਤੇ ਸਾਲ 2022 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਕ ਵਾਰ ਫਿਰ ਵਿਜੀਲੈਂਸ ਨੇ ਇਸ ਘੁਟਾਲੇ ਦੀ ਜਾਂਚ ਤੇਜ਼ ਕਰ ਦਿੱਤੀ ਸੀ। ਸਾਬਕਾ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਤੋਂ ਜਾਂਚ ਦੌਰਾਨ ਸਿੰਜਾਈ ਵਿਭਾਗ ਦੇ ਵਿਕਾਸ ਕਾਰਜਾਂ ਦੀ ਟੈਂਡਰਿੰਗ ਪ੍ਰਕਿਰਿਆ ਬਾਰੇ ਸਿੱਧੇ ਸਵਾਲ ਕੀਤੇ ਗਏ ਸਨ। ਉਨ੍ਹਾਂ ਨੂੰ ਵਿਜੀਲੈਂਸ ਨੇ ਪ੍ਰੋਫਾਰਮਾ ਦਿੱਤਾ ਸੀ, ਜਿਸ 'ਚ ਲਿਖਤੀ ਤੌਰ 'ਤੇ ਸਵਾਲਾਂ ਦੇ ਜਵਾਬ ਲਏ ਗਏ ਸਨ। ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਤੋਂ ਪੁੱਛਗਿੱਛ ਲਈ ਵੀ ਸਵਾਲਾਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਠੇਕੇਦਾਰ ਗੁਰਿੰਦਰ ਸਿੰਘ ਦੇ ਬਿਆਨ ਨੂੰ ਆਧਾਰ ਬਣਾ ਕੇ ਵਿਜੀਲੈਂਸ ਨੇ ਇਸ ਕੇਸ ਦੀ ਮੁੜ ਤੋਂ ਜਾਂਚ ਸ਼ੁਰੂ ਕੀਤੀ ਹੈ। ਸਾਲ 2017 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਘੁਟਾਲਾ ਸਾਹਮਣੇ ਆਇਆ ਸੀ ਅਤੇ ਪੁੱਛਗਿੱਛ ਦੌਰਾਨ ਗੁਰਿੰਦਰ ਸਿੰਘ ਦਾ ਇਕ ਬਿਆਨ ਲੀਕ ਹੋ ਗਿਆ ਸੀ, ਜਿਸ 'ਚ ਉਸ ਨੇ ਦੋ ਸਾਬਕਾ ਮੰਤਰੀਆਂ ਤੇ ਤਿੰਨ ਆਈ. ਏ. ਐੱਸ. ਅਧਿਕਾਰੀਆਂ ਦੇ ਨਾਂਅ ਲਏ ਸਨ।
ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 29 ਨਵੰਬਰ-ਇੰਗਲੈਂਡ ਅਤੇ ਵੇਲਜ਼ 2021 ਮਰਦਮਸ਼ੁਮਾਰੀ ਦੇ ਧਰਮ ਆਧਾਰ ਅਤੇ ਬੋਲੀ ਦੇ ਆਧਾਰ ਤੇ ਅੰਕੜੇ ਅੱਜ ਜਾਰੀ ਹੋਏ ਹਨ। ਅੰਕੜਾ ਵਿਭਾਗ ਓ.ਐਨ.ਐਸ. ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇੰਗਲੈਂਡ ਅਤੇ ਵੇਲਜ਼ ਵਿਚ ਪੰਜਾਬੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਬਣੀ ਹੈ। 2011 ਮਰਦਮਸ਼ੁਮਾਰੀ ਮੌਕੇ 273231 ਲੋਕਾਂ ਵਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਸੀ ਤੇ ਹੁਣ 21 ਮਾਰਚ 2021 ਨੂੰ ਹੋਈ ਮਰਦਮਸ਼ੁਮਾਰੀ ਮੌਕੇ 290645 ਲੋਕਾਂ ਵਲੋਂ ਆਪਣੀ ਬੋਲੀ ਪੰਜਾਬੀ ਲਿਖਵਾਈ ਗਈ ਹੈ। ਜਿਸ ਮੁਤਾਬਿਕ ਸਿਰਫ਼ ਆਪਣੀ ਪਹਿਲੀ ਬੋਲੀ ਆਮ ਘਰਾਂ ਵਿਚ ਬੋਲੀ ਜਾਣ ਵਾਲੀ ਜਾਂ ਇਹ ਕਹਿ ਲਵੋ ਕਿ ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲਿਆਂ ਦੀ ਗਿਣਤੀ ਵਿਚ ਸਿਰਫ਼ 17514 ਦਾ ਹੀ ਵਾਧਾ ਹੋਇਆ ਹੈ ਪਰ ਯੂ ਕੇ ਵਿਚ ਪਹਿਲੇ ਨੰਬਰ ਤੇ ਅੰਗਰੇਜ਼ੀ, ਦੂਸਰੇ ਨੰਬਰ ਤੇ ਪੋਲਿਸ਼ , ਤੀਸਰੇ ਨੰਬਰ ਤੇ ਰੋਮੀਨੀਅਨ ਤੇ ਚੌਥੇ ਨੰਬਰ ਤੇ ਪੰਜਾਬੀ ਹੈ। ਜਦੋਂਕਿ 2011 ਵਿਚ ਹੋਈ ਮਰਦਮਸ਼ੁਮਾਰੀ ਵੇਲੇ ਪੰਜਾਬੀ ਤੀਸਰੇ ਸਥਾਨ 'ਤੇ ਸੀ। ਇਸ ਤੋਂ ਪਹਿਲਾਂ 2001 ਵਿਚ ਪੰਜਾਬੀ ਯੂ ਕੇ ਦੀ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਸੀ। ਧਰਮ ਦੇ ਆਧਾਰ ਤੇ ਵੇਖਿਆ ਜਾਵੇ ਤਾਂ ਸਿੱਖਾਂ ਦੀ ਵਸੋਂ ਵਿਚ 101000 ਦਾ ਵਾਧਾ ਹੋਇਆ ਹੈ, 2011 ਵਿਚ ਸਿੱਖਾਂ ਦੀ ਆਬਾਦੀ 423000 ਸੀ ਜੋ ਹੁਣ ਵੱਧ ਕੇ524000 ਤੱਕ ਪਹੁੰਚ ਗਈ ਹੈ। ਇਸਾਈ ਭਾਈਚਾਰੇ ਦੀ ਵਸੋਂ 14 ਫ਼ੀਸਦੀ ਘਟੀ ਹੈ, ਜਾਣੀ 2011 ਵਿਚ ਇਸਾਈ ਮੱਤ ਦੇ ਲੋਕਾਂ ਦੀ ਆਬਾਦੀ 3 ਕਰੋੜ 33 ਲੱਖ ਜਾਣੀ ਕੁੱਲ ਆਬਾਦੀ ਦਾ 59.3 ਫ਼ੀਸਦੀ ਸੀ, ਜੋ ਹੁਣ 2021 ਵਿਚ ਘੱਟ ਕੇ 2 ਕਰੋੜ 75 ਲੱਖ ਜਾਣੀ 46.2 ਫ਼ੀਸਦੀ ਰਹਿ ਗਈ ਹੈ। ਜਦ ਕਿ ਜਿਹੜੇ ਲੋਕਾਂ ਨੇ ਖ਼ੁਦ ਨੂੰ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਉਹਨਾ ਦੀ ਗਿਣਤੀ ਵਿਚ 12 ਫ਼ੀਸਦੀ ਵਾਧਾ ਹੋਇਆ ਹੈ, ਜਾਣੀ ਅਜਿਹੇ ਲੋਕਾਂ ਦੀ ਵਸੋਂ 1 ਕਰੋੜ 41 ਲੱਖ ਤੋਂ ਵੱਧ ਕੇ 2 ਕਰੋੜ 22 ਲੱਖ ਤੱਕ ਪਹੁੰਚ ਗਈ ਹੈ। ਹਿੰਦੂ ਭਾਈਚਾਰੇ ਦੀ ਗਿਣਤੀ ਵਿਚ ਵੀ 1.5 ਫ਼ੀਸਦੀ ਵਾਧਾ ਹੋਇਆ ਹੈ, ਜੋ 818000 ਤੋਂ ਵੱਧ ਕੇ 10 ਲੱਖ ਤੱਕ ਪਹੁੰਚ ਗਈ ਹੈ। ਮੁਸਲਿਮ ਆਬਾਦੀ 27 ਲੱਖ ਤੋਂ ਵੱਧ ਕੇ 39 ਲੱਖ ਤੱਕ ਅੱਪੜ ਗਈ ਹੈ। ਇਸੇ ਤਰ੍ਹਾਂ ਬੋਧੀਆਂ ਦੀ ਆਬਾਦੀ 249000 ਤੋਂ ਵੱਧ ਕੇ 273000 ਅਤੇ ਯਹੂਦੀਆਂ ਦੀ ਆਬਾਦੀ 265000 ਤੋਂ ਵੱਧ ਕੇ 271000 ਹੋਈ ਹੈ। ਜਦਕਿ ਰਵੀਦਾਸੀਆ ਭਾਈਚਾਰੇ ਦੀ ਵਸੋਂ 10,000 ਹੈ। ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂ.ਕੇ. ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਇੰਗਲੈਂਡ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲਗਭਗ 10 ਲੱਖ ਪੰਜਾਬੀ ਵਸਦੇ ਹਨ ਪਰ ਦੁੱਖ ਹੈ ਕਿ ਇਸ ਵਾਰ ਵੱਖ-ਵੱਖ ਸ਼ਹਿਰਾਂ ਵਿਚ ਮਾਂ ਬੋਲੀ ਪੰਜਾਬੀ ਲਿਖਵਾਉਣ ਲਈ ਕੀਤੀਆਂ ਪ੍ਰਚਾਰ ਮੀਟਿੰਗਾਂ, ਕਨਵੈਨਸ਼ਨਾਂ ਅਤੇ ਹੋਰ ਵੱਖ-ਵੱਖ ਜ਼ਰੀਏ ਕੀਤੇ ਪ੍ਰਚਾਰ ਦੇ ਬਾਵਜੂਦ ਅਸੀਂ ਆਪਣਾ ਟੀਚਾ ਸਰ ਨਹੀਂ ਕਰ ਸਕੇ। ਉਨ੍ਹਾ ਕਿਹਾ ਕਿ ਇਕੱਲੇ ਸਿੱਖ ਭਾਈਚਾਰੇ ਦੀ ਹੀ ਵਸੋਂ 5 ਲੱਖ ਤੋਂ ਵੱਧ ਹੈ, ਜਦਕਿ ਹਿੰਦੂ ਪੰਜਾਬੀ ਅਤੇ ਲਹਿੰਦੇ ਪੰਜਾਬ ਤੋਂ ਆਏ ਪੰਜਾਬੀਆਂ ਵਿਚੋਂ ਸਿਰਫ਼ 290645 ਨੇ ਹੀ ਆਪਣੀ ਪੰਜਾਬੀ ਨੂੰ ਮਾਣ ਦਿੱਤਾ ਹੈ।
ਨਵੀਂ ਦਿੱਲੀ, 29 ਨਵੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਕੋਵਿਡ ਟੀਕੇ ਦੇ ਉਲਟ ਪ੍ਰਭਾਵਾਂ ਲਈ ਮੁਆਵਜ਼ਾ ਮੰਗਣ ਵਾਲੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ 'ਤੇ ਟੀਕੇ ਦੇ ਬੁਰੇ ਅਸਰ ਲਈ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰ ...
ਚੰਡੀਗੜ੍ਹ, 29 ਨਵੰਬਰ (ਤਰੁਣ ਭਜਨੀ)-ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਮੰਗਲਵਾਰ ਨੂੰ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਏ. ਡੀ. ਜੀ. ਪੀ. ਐਲ. ਕੇ. ਯਾਦਵ ਦੀ ਅਗਵਾਈ ਵਾਲੀ ਸਿਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਹਾਲਾਂਕਿ ਉਨ੍ਹਾਂ ਦੇ ਸਿਟ ਅੱਗੇ ਪੇਸ਼ ਨਾ ਹੋਣ ਦੇ ਕਾਰਨਾਂ ਬਾਰੇ ...
ਪਟਿਆਲਾ, 29 ਨਵੰਬਰ (ਮਨਦੀਪ ਸਿੰਘ ਖਰੌੜ)-ਘਨੌਰ 'ਚ ਯੂਕੋ ਬੈਂਕ 'ਚੋਂ 17 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋਏ ਚਾਰ ਮੁਲਜ਼ਮਾਂ ਨੂੰ ਪਟਿਆਲਾ ਦੇ ਐਸ. ਐਸ. ਪੀ. ਵਰੁਣ ਸ਼ਰਮਾ ਦੀ ਅਗਵਾਈ 'ਚ ਸੀ.ਆਈ.ਏ. ਦੇ ਮੁਖੀ ਇੰਸ. ਸ਼ਮਿੰਦਰ ਦੀ ਟੀਮ ਸਮੇਤ ਪੁਲਿਸ ਟੀਮਾਂ ਨੇ ਚਮਕੌਰ ਸਾਹਿਬ ਦੇ ਪਿੰਡ ...
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 29 ਨਵੰਬਰ-ਕਸ਼ਮੀਰੀ ਪੰਡਿਤਾਂ 'ਤੇ ਬਣੀ ਫ਼ਿਲਮ 'ਦ ਕਸ਼ਮੀਰ ਫਾਈਲਜ਼' ਨੂੰ ਅੰਤਰਰਾਸ਼ਟਰੀ ਫ਼ਿਲਮ ਮੇਲੇ ਦੇ ਜਿਊਰੀ ਮੁਖੀ ਵਲੋਂ ਅਸ਼ਲੀਲ ਅਤੇ ਪ੍ਰਚਾਰ ਫ਼ਿਲਮ ਦੱਸਣ ਤੋਂ ਬਾਅਦ ਸ਼ਬਦੀ ਜੰਗ ਤਿੱਖੀ ਹੋ ਗਈ ਹੈ। ਇਜ਼ਰਾਈਲ ਦੇ ਫ਼ਿਲਮ ਨਿਰਮਾਤਾ ਨਦਾਵ ...
ਨਵੀਂ ਦਿੱਲੀ, 29 ਨਵੰਬਰ (ਉਪਮਾ ਡਾਗਾ ਪਾਰਥ)-ਸਰਹੱਦ ਪਾਰ ਅਤੇ ਆਈ. ਐਸ. ਆਈ. ਐਸ. ਤੋਂ ਪ੍ਰੇਰਿਤ ਅੱਤਵਾਦ ਨੂੰ ਮਨੁੱਖਤਾ ਖ਼ਿਲਾਫ਼ ਲਗਾਤਾਰ ਖ਼ਤਰਾ ਦੱਸਦਿਆਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਅਗਾਂਹਵਧੂ ਪ੍ਰਚਾਰ ਕਰਕੇ ਕੱਟੜਤਾ ਤੇ ਕੱਟੜਪੰਥੀ ਦੇ ...
ਗੁਰੂਗ੍ਰਾਮ, 29 ਨਵੰਬਰ (ਏਜੰਸੀ)-ਅਧਿਕਾਰੀਆਂ ਨੇ ਮੰਗਲਵਾਰ ਨੂੰ ਸੋਹਾਣਾ ਵਿਖੇ ਦਮਦਮਾ ਝੀਲ ਨੇੜੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਡੇਢ ਏਕੜ 'ਚ ਫੈਲੇ ਫਾਰਮ ਹਾਊਸ ਸਮੇਤ ਗੈਰ-ਕਾਨੂੰਨੀ ਢੰਗ ਨਾਲ ਬਣਾਏ 3 ਫਾਰਮ ਹਾਊਸ ਸੀਲ ਕਰ ਦਿੱਤੇ ਹਨ। ਜ਼ਿਲ੍ਹਾ ਟਾਊਨ ਪਲੈਨਰ ...
ਨਵੀਂ ਦਿੱਲੀ, 29 ਨਵੰਬਰ (ਏਜੰਸੀਆਂ)-ਟਾਟਾ ਗਰੁੱਪ ਨੇ ਮਾਰਚ 2024 ਤੱਕ ਆਪਣੀ ਏਅਰ ਲਾਈਨਜ਼ ਵਿਸਤਾਰਾ ਅਤੇ ਏਅਰ ਇੰਡੀਆ ਦੇ ਰਲੇਵੇਂ ਦਾ ਐਲਾਨ ਕਰ ਦਿੱਤਾ ਹੈ। ਕਾਫ਼ੀ ਸਮੇਂ ਤੋਂ ਇਸ ਗੱਲ ਦੀ ਚਰਚਾ ਸੀ ਕਿ ਟਾਟਾ ਗਰੁੱਪ ਆਪਣੇ ਸਾਰੇ ਏਅਰਲਾਈਨ ਕਾਰੋਬਾਰ ਨੂੰ ਇਕੱਠਾ ਕਰ ਸਕਦਾ ...
ਨਵੀਂ ਦਿੱਲੀ, 29 ਨਵੰਬਰ (ਜਗਤਾਰ ਸਿੰਘ)-ਸ਼ਰਧਾ ਕਤਲ ਕਾਂਡ ਦੇ ਮੁਲਜ਼ਮ ਆਫ਼ਤਾਬ ਦਾ ਨਾਰਕੋ ਟੈਸਟ 1 ਦਸੰਬਰ ਵੀਰਵਾਰ ਨੂੰ ਹੋਏਗਾ। ਦਿੱਲੀ ਦੀ ਸਾਕੇਤ ਕੋਰਟ ਨੇ ਨਾਰਕੋ ਟੈਸਟ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਪੁਲਿਸ ਨੂੰ ਉਮੀਦ ਬੱਝੀ ਹੈ ਕਿ ਨਾਰਕੋ ਟੈਸਟ ਦੌਰਾਨ ...
ਪ੍ਰਾਦੀਪ, 29 ਨਵੰਬਰ (ਏਜੰਸੀ)-ਓਡੀਸ਼ਾ ਦੇ ਜਗਤਸਿੰਘਪੁਰ ਦੀ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ 2014 'ਚ ਇਕ ਬੱਚੀ (8) ਨਾਲ ਸਮੂਹਿਕ ਜਬਰ ਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦਿੱਤੀ ਸੀ। ਪੋਕਸੋ ਅਦਾਲਤ ਨੇ 27 ਗਵਾਹਾਂ ...
ਅਹਿਮਦਾਬਾਦ, 29 ਨਵੰਬਰ (ਏਜੰਸੀ)-ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਰਾਵਣ ਸ਼ਬਦ ਵਰਤ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਦਾਅਵਾ ਕੀਤਾ ਕਿ ਟਿੱਪਣੀ ...
ਅਹਿਮਦਾਬਾਦ ਤੋਂ ਅਨਿਲ ਜੈਨ
ਗੁਜਰਾਤ 'ਚ ਚੋਣ ਪ੍ਰਚਾਰ ਦੌਰਾਨ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪੂਰੀ ਤਾਕਤ ਝੋਕ ਦਿੱਤੀ। ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੌਮੀ ਪ੍ਰਧਾਨ ਜੇ. ਪੀ. ਨੱਢਾ, ਯੂ. ਪੀ. ...
ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਪੰਜਾਬ 'ਚ ਆਤਮ-ਹੱਤਿਆ ਲਈ ਉਕਸਾਉਣ ਦੇ 2008 ਦੇ ਇਕ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਦੋਸ਼ ਮੁਕਤ ਕਰਦਿਆਂ ਕਿਹਾ ਕਿ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਖ਼ੁਦ ਇਕ ਸਜ਼ਾ ਹੋ ਸਕਦੀ ਹੈ। ਅਦਾਲਤ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX