ਭਾਜਪਾ ਦੀ ਵਿਚਾਰਧਾਰਾ ਅਤੇ ਉਸ ਦੀਆਂ ਨੀਤੀਆਂ ਸੰਬੰਧੀ ਕਿਸੇ ਦੇ ਕੋਈ ਵੀ ਵਿਚਾਰ ਹੋ ਸਕਦੇ ਹਨ ਪਰ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਦੇਸ਼ ਦੀਆਂ ਸਾਰੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਦੇ ਮੁਕਾਬਲੇ ਵਿਚ ਉਹ ਇਸ ਸਮੇਂ ਇਕ ਬੇਹੱਦ ਸ਼ਕਤੀਸ਼ਾਲੀ ਪਾਰਟੀ ਹੈ। ਉਸ ਕੋਲ ਕੌਮੀ ਪੱਧਰ 'ਤੇ ਅਤੇ ਰਾਜਾਂ ਦੇ ਪੱਧਰ 'ਤੇ ਪ੍ਰਭਾਵੀ ਲੀਡਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਕੇਂਦਰ ਸਮੇਤ ਬਹੁਤੇ ਰਾਜਾਂ ਵਿਚ ਉਸ ਦੀ ਹਕੂਮਤ ਹੋਣ ਕਰਕੇ ਉਸ ਨੂੰ ਵਿੱਤੀ ਵਸੀਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਉਸ ਵਿਚ ਸੱਤਾ ਹਾਸਲ ਕਰਨ ਤੇ ਸੱਤਾ ਬਣਾਈ ਰੱਖਣ ਦੀ ਤੱਤਪਰਤਾ ਹੈ।
ਇਨ੍ਹਾਂ ਕਾਰਨਾਂ ਕਰਕੇ ਦਿਨੋ-ਦਿਨ ਉਹ ਆਪਣੇ ਸੰਗਠਨ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਜਾ ਰਹੀ ਹੈ। ਕੌਮੀ ਪੱਧਰ 'ਤੇ ਆਪਣੀ ਸੱਤਾ ਬਣਾਈ ਰੱਖਣ ਅਤੇ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਜਿਥੇ ਅਜੇ ਤੱਕ ਉਸ ਦੀਆਂ ਸਰਕਾਰਾਂ ਨਹੀਂ ਬਣੀਆਂ ਜਾਂ ਜਿਨ੍ਹਾਂ ਰਾਜਾਂ ਵਿਚ ਉਸ ਦੀ ਸਥਿਤੀ ਕਮਜ਼ੋਰ ਹੈ, ਉਨ੍ਹਾਂ ਵੱਲ ਉਹ ਵਿਸ਼ੇਸ਼ ਧਿਆਨ ਦੇ ਰਹੀ ਹੈ। ਹਾਲ ਹੀ ਵਿਚ ਪਾਰਟੀ ਵਲੋਂ ਕੌਮੀ ਕਾਰਜਕਾਰਨੀ ਅਤੇ ਪੰਜਾਬ ਭਾਜਪਾ ਵਿਚ ਪਾਰਟੀ ਦੇ ਪੁਨਰਗਠਨ ਸਮੇਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਨੂੰ ਵੀ ਇਸ ਸੰਦਰਭ ਵਿਚ ਹੀ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ। ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪਾਰਟੀ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਇਸੇ ਲਈ ਭਾਜਪਾ ਦੀ ਕੌਮੀ ਕਾਰਜਕਾਰਨੀ ਅਤੇ ਪੰਜਾਬ ਇਕਾਈ ਵਿਚ ਨਵੀਆਂ ਨਿਯੁਕਤੀਆਂ ਦੇ ਮਾਮਲੇ ਵਿਚ ਦੂਜੀਆਂ ਪਾਰਟੀਆਂ, ਖ਼ਾਸ ਕਰਕੇ ਕਾਂਗਰਸ ਤੋਂ ਆਏ ਸੀਨੀਅਰ ਲੀਡਰਾਂ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਕੌਮੀ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੌਮੀ ਕਾਰਜਕਾਰਨੀ ਵਿਚ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਮਨਜੋਤ ਕੌਰ ਰਾਮੂਵਾਲੀਆ ਨੂੰ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਹੀ ਇਕ ਹੋਰ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਨੂੰ ਵੀ ਕੌਮੀ ਕਾਰਜਕਾਰਨੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ। ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਨੌਜਵਾਨ ਆਗੂ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦਾ ਕੌਮੀ ਤਰਜਮਾਨ ਨਿਯੁਕਤ ਗਿਆ ਹੈ। ਪੰਜਾਬ ਭਾਜਪਾ ਦੀ ਐਲਾਨੀ ਗਈ ਨਵੀਂ ਟੀਮ ਵਿਚ ਭਾਵੇਂ ਅਸ਼ਵਨੀ ਸ਼ਰਮਾ ਨੂੰ ਮੁੜ ਪ੍ਰਧਾਨ ਬਣਾ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਕਾਂਗਰਸ ਵਿਚੋਂ ਆਏ ਸੀਨੀਅਰ ਲੀਡਰਾਂ ਸ੍ਰੀ ਕੇਵਲ ਸਿੰਘ ਢਿੱਲੋਂ; ਫਤਹਿਜੰਗ ਬਾਜਵਾ, ਅਰਵਿੰਦ ਖੰਨਾ, ਜਗਦੀਪ ਸਿੰਘ ਨਕਈ ਤੇ ਰਾਜ ਕੁਮਾਰ ਵੇਰਕਾ ਨੂੰ ਐਲਾਨੇ ਗਏ 11 ਮੀਤ ਪ੍ਰਧਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸਕੱਤਰਾਂ ਦੀ ਸੂਚੀ ਵਿਚ ਵੀ ਕਈ ਸਾਬਕਾ ਕਾਂਗਰਸੀ ਚਿਹਰੇ ਸ਼ਾਮਿਲ ਕੀਤੇ ਗਏ ਹਨ।
ਇਹ ਸਾਰੀਆਂ ਨਿਯੁਕਤੀਆਂ ਇਹ ਦਰਸਾਉਂਦੀਆਂ ਹਨ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਪੰਜਾਬ ਵਿਚ ਆਪਣਾ ਪ੍ਰਭਾਵ ਤੇ ਘੇਰਾ ਵਧਾਉਣਾ ਚਾਹੁੰਦੀ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਇਹ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਨੇ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਹੇਠਲੀ ਪੱਧਰ 'ਤੇ ਜ਼ੋਰ-ਸ਼ੋਰ ਨਾਲ ਤਿਆਰੀਆਂ ਵਿੱਢੀਆਂ ਹੋਈਆਂ ਹਨ। ਵੱਖ-ਵੱਖ ਲੋਕ ਸਭਾ ਹਲਕਿਆਂ ਵਿਚ ਤਿੰਨ-ਤਿੰਨ ਕੇਂਦਰੀ ਮੰਤਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹਰ ਮਹੀਨੇ ਘੱਟੋ-ਘੱਟ 72 ਘੰਟੇ ਉਸ ਹਲਕੇ ਵਿਚ ਬਿਤਾਉਣ ਲਈ ਕਿਹਾ ਗਿਆ ਹੈ। ਇਹ ਮੰਤਰੀ ਹਰ ਹਲਕੇ ਵਿਚ ਕੇਂਦਰ ਵਲੋਂ ਬਣਾਈਆਂ ਗਈਆਂ ਨੀਤੀਆਂ ਅਤੇ ਵੱਖ-ਵੱਖ ਵਰਗਾਂ ਲਈ ਬਣਾਈਆਂ ਗਈਆਂ ਸਮਾਜ ਭਲਾਈ ਦੀਆਂ ਯੋਜਨਾਵਾਂ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਤਾਲਮੇਲ ਰੱਖ ਰਹੇ ਹਨ ਅਤੇ ਉਨ੍ਹਾਂ ਦੀ ਜਵਾਬਦੇਹੀ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਮੰਤਰੀਆਂ ਅਤੇ ਭਾਜਪਾ ਦੇ ਹੋਰ ਸੀਨੀਅਰ ਲੀਡਰਾਂ ਵਲੋਂ ਪੰਜਾਬ ਵਿਚ ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਬਣਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 'ਪੰਜਾਬ ਲੋਕ ਕਾਂਗਰਸ' ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ 'ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ' ਨਾਲ ਰਲ ਕੇ ਲੜੀਆਂ ਸਨ ਪਰ ਇਨ੍ਹਾਂ ਚੋਣਾਂ ਵਿਚ ਭਾਜਪਾ ਸਿਰਫ ਦੋ ਹੀ ਸੀਟਾਂ ਜਿੱਤ ਸਕੀ ਸੀ ਪਰ ਇਸ ਦੇ ਬਾਵਜੂਦ ਪੰਜਾਬ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਲਈ ਪੂਰੀ ਦ੍ਰਿੜ੍ਹਤਾ ਨਾਲ ਤਿਆਰੀਆਂ ਵਿਚ ਰੁਝ ਗਈ ਹੈ, ਜਦੋਂ ਕਿ ਪੰਜਾਬ ਦੀਆਂ ਦੂਜੀਆਂ ਰਾਜਨੀਤਕ ਪਾਰਟੀਆਂ ਦੀ ਰਾਜਨੀਤਕ ਸਰਗਰਮੀ ਭਾਜਪਾ ਨਾਲੋਂ ਕਿਤੇ ਘੱਟ ਨਜ਼ਰ ਆ ਰਹੀ ਹੈ। ਕਈ ਚੋਣਾਂ ਹਾਰ ਚੁੱਕਾ ਸ਼੍ਰੋਮਣੀ ਅਕਾਲੀ ਦਲ ਅਜੇ ਵੀ ਲੋਕਾਂ ਦਾ ਮੁੜ ਕੇ ਵਿਸ਼ਵਾਸ ਜਿੱਤਦਾ ਦਿਖਾਈ ਨਹੀਂ ਦੇ ਰਿਹਾ।
ਪੰਜਾਬ ਕਾਂਗਰਸ ਵਿਚ ਅਜੇ ਵੀ ਭਾਵੇਂ ਪ੍ਰਤਾਪ ਸਿੰਘ ਬਾਜਵਾ ਅਤੇ ਅਨੇਕਾਂ ਹੋਰ ਸੀਨੀਅਰ ਲੀਡਰ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਪਾਰਟੀ ਨੂੰ ਸਰਗਰਮ ਰੱਖਣ ਦਾ ਯਤਨ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕ ਸਭਾ ਦੀਆਂ ਚੋਣਾਂ ਦੇ ਪੱਖ ਤੋਂ ਪਾਰਟੀ ਬਹੁਤੀ ਤਿਆਰੀ ਕਰਦੀ ਨਜ਼ਰ ਨਹੀਂ ਆ ਰਹੀ। ਕੌਮੀ ਪੱਧਰ 'ਤੇ ਭਾਵੇਂ 'ਭਾਰਤ ਜੋੜੋ ਯਾਤਰਾ' ਨਾਲ ਕਾਂਗਰਸ ਨੂੰ ਕੁਝ ਉਭਾਰ ਮਿਲਿਆ ਹੈ, ਪਰ ਲੋਕ ਸਭਾ ਦੀਆਂ ਚੋਣਾਂ ਅਤੇ ਵੱਖ-ਵੱਖ ਰਾਜਾਂ ਦੀਆਂ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀਆਂ ਤਿਆਰੀਆਂ ਭਾਜਪਾ ਤੋਂ ਕਿਤੇ ਘੱਟ ਜਾਪਦੀਆਂ ਹਨ। ਬਿਨਾਂ ਸ਼ੱਕ ਜੇਕਰ ਕੌਮੀ ਪੱਧਰ 'ਤੇ ਅਤੇ ਰਾਜਾਂ ਦੇ ਪੱਧਰ 'ਤੇ ਵਿਰੋਧੀ ਸਿਆਸੀ ਦਲਾਂ ਨੇ ਭਾਜਪਾ ਦਾ ਮੁਕਾਬਲਾ ਕਰਨਾ ਹੈ ਤਾਂ ਉਨ੍ਹਾਂ ਨੂੰ ਭਾਜਪਾ ਤੋਂ ਵੀ ਵਧ ਸਰਗਰਮੀ ਨਾਲ ਕੰਮ ਕਰਨਾ ਪਵੇਗਾ।
ਅੱਜ ਪਰਾਲੀ ਸਾਂਭੀ ਗਈ, ਕਣਕ ਬੀਜੀ ਗਈ ਵਾਤਾਵਰਨ ਸਾਫ਼ ਹੋ ਗਿਆ ਅਤੇ ਨਾਲ ਹੀ ਇਸ ਵਿਸ਼ੇ 'ਤੇ ਸਾਰੀ ਚਰਚਾ ਜੋ ਪਿਛਲਾ ਤਕਰੀਬਨ ਇੱਕ ਮਹੀਨਾ ਚਲਦੀ ਰਹੀ ਉਹ ਵੀ ਬੰਦ ਹੋ ਗਈ। ਸਾਰੇ ਬੁੱਧੀਜੀਵੀ ਵਾਤਾਵਰਨ ਪ੍ਰੇਮੀ ਅਤੇ ਆਮ ਲੋਕਾਂ ਨੇ ਕਿਸਾਨਾਂ ਨੂੰ ਰੱਜ ਕੇ ਨਿਸ਼ਾਨਾ ਬਣਾਇਆ ...
ਬਾਬਾ ਵਿਸਾਖਾ ਸਿੰਘ ਦਾ ਜਨਮ ਮਾਝੇ ਦੇ ਮਸ਼ਹੂਰ ਨਗਰ ਸਰਹਾਲੀ ਜੋ ਕਾਮਾਗਾਟਾਮਾਰੂ ਬਾਬਾ ਗੁਰਦਿੱਤ ਸਿੰਘ ਦਾ ਜੱਦੀ ਪਿੰਡ ਹੈ, ਉਸ ਤੋਂ ਦੱਖਣ ਦੀ ਬਾਹੀ ਵਿਚ ਵਸੇ ਬਾਬਾ ਦਿਆਲ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ 13 ਅਪ੍ਰੈਲ, 1877 ਨੂੰ ਦਦੇਹਰ ਸਾਹਿਬ (ਤਰਨ ਤਾਰਨ) ਵਿਖੇ ਹੋਇਆ। ...
ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਯੋਜਨਾ ਬਹਾਲ ਕਰਨ ਦਾ ਮੁੱਦਾ ਰਾਜਨੀਤਕ ਦਲਾਂ ਖਾਸ ਕਰਕੇ ਜੋ ਦਲ ਸਰਕਾਰਾਂ ਚਲਾ ਰਹੇ ਹਨ ਲਈ ਵੱਡਾ ਸਿਰਦਰਦ ਬਣਦਾ ਜਾ ਰਿਹਾ ਹੈ। ਕਾਂਗਰਸ ਇਸ ਮਾਮਲੇ 'ਚ ਸਭ ਤੋਂ ਆਰਾਮ ਦੀ ਸਥਿਤੀ 'ਚ ਹੈ, ਕਿਉਂਕਿ ਉਸ ਦੀ ਸਿਰਫ਼ ਦੋ ਸੂਬਿਆਂ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX