ਪਿਛਲੇ ਢਾਈ ਕੁ ਮਹੀਨਿਆਂ ਤੋਂ ਈਰਾਨ ਵਿਚ ਔਰਤਾਂ ਵਲੋਂ ਹਿਜਾਬ ਦੇ ਖ਼ਿਲਾਫ਼ ਚੱਲ ਰਿਹਾ ਅੰਦੋਲਨ ਅਜਿਹਾ ਸਖ਼ਤ ਅਤੇ ਭਿਆਨਕ ਰੂਪ ਧਾਰਨ ਕਰ ਜਾਏਗਾ, ਇਸ ਦੀ ਪਹਿਲਾਂ ਕੋਈ ਉਮੀਦ ਨਹੀਂ ਸੀ ਕੀਤੀ ਜਾਂਦੀ ਪਰ ਪਿਛਲੇ 4 ਦਹਾਕਿਆਂ ਤੋਂ ਜੋ ਕੁਝ ਇਸ ਦੇਸ਼ ਵਿਚ ਵਾਪਰਦਾ ਰਿਹਾ ਹੈ, ਉਸ ਨੇ ਲਗਾਤਾਰ ਧੁਖਣਾ ਸ਼ੁਰੂ ਕਰ ਦਿੱਤਾ ਸੀ, ਜੋ ਹੁਣ ਭਾਂਬੜਾਂ ਦੇ ਰੂਪ ਵਿਚ ਬਦਲ ਚੁੱਕਾ ਹੈ। 43 ਸਾਲ ਪਹਿਲਾਂ ਭਾਵ ਸਾਲ 1979 ਵਿਚ ਪੱਛਮੀ ਮੁਲਕਾਂ ਦੀ ਤਰਜ਼ 'ਤੇ ਈਰਾਨ ਨੂੰ ਚਲਾਉਣ ਵਾਲੇ ਸ਼ਾਹ ਰਜ਼ਾ ਪਹਿਲਵੀ ਦਾ ਤਖ਼ਤਾ ਉਲਟਣ ਤੋਂ ਬਾਅਦ ਇਥੇ ਆਇਤੁੱਲਾਹ ਖ਼ੁਮੈਨੀ ਦੀ ਅਗਵਾਈ ਵਿਚ ਇਸਲਾਮਿਕ ਹਕੂਮਤ ਕਾਇਮ ਕਰ ਦਿੱਤੀ ਗਈ ਸੀ, ਜਿਸ ਨੇ ਮੁਲਕ 'ਤੇ ਸ਼ਰੀਅਤ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਸਨ। ਇਸੇ ਸਮੇਂ ਤੋਂ ਹੀ ਚਾਹੇ ਇਸ ਪ੍ਰਬੰਧ ਦੇ ਵਿਰੋਧ ਵਿਚ ਆਵਾਜ਼ਾਂ ਉੱਠਣ ਲੱਗੀਆਂ ਸਨ ਪਰ ਤਾਨਾਸ਼ਾਹਾਂ ਦੀ ਸ਼ਕਤੀ ਅੱਗੇ ਲੋਕਾਂ ਨੂੰ ਕੁਸਕਣ ਦਾ ਮੌਕਾ ਨਹੀਂ ਸੀ ਮਿਲਦਾ। ਅਖ਼ੀਰ ਲੋਕਾਂ ਦੇ ਸਬਰ ਦਾ ਪਿਆਲਾ ਭਰ ਗਿਆ। ਢਾਈ ਕੁ ਮਹੀਨੇ ਪਹਿਲਾਂ ਈਰਾਨ ਦੇ ਕੁਰਦਿਸਤਾਨ ਇਲਾਕੇ ਦੀ ਇਕ ਲੜਕੀ ਮਾਸ਼ਾ ਅਮੀਨੀ ਨੂੰ ਹਕੂਮਤ ਵਲੋਂ ਸਥਾਪਿਤ ਕੀਤੀ ਗਈ ਇਖ਼ਲਾਕੀ ਪੁਲਿਸ ਨੇ ਹਿਜਾਬ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਫੜ ਲਿਆ ਸੀ, ਜਿਸ ਦੇ ਕੁਝ ਦਿਨ ਬਾਅਦ ਪੁਲਿਸ ਦੀ ਸਖ਼ਤੀ ਕਾਰਨ ਉਸ ਦੀ ਮੌਤ ਹੋ ਗਈ ਸੀ।
ਉਸ ਤੋਂ ਬਾਅਦ ਈਰਾਨੀ ਔਰਤਾਂ ਅਤੇ ਮਰਦਾਂ ਵਿਚ ਉੱਠਿਆ ਗੁੱਸਾ ਪੂਰੇ ਦੇਸ਼ ਵਿਚ ਕਿਸੇ ਨਾ ਕਿਸੇ ਰੂਪ ਵਿਚ ਭੜਕਦਾ ਰਿਹਾ। ਤਾਨਾਸ਼ਾਹ ਹੁਕਮਰਾਨਾਂ ਦੀ ਸਖ਼ਤੀ ਦੀ ਪਰਵਾਹ ਨਾ ਕਰਦਿਆਂ ਲੋਕ ਗਲੀਆਂ, ਬਾਜ਼ਾਰਾਂ ਵਿਚ ਉਤਰ ਆਏ ਹਨ । ਹੁਣ ਤੱਕ ਇਸ ਅੰਦੋਲਨ ਵਿਚ 300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਬੱਚੇ ਵੀ ਸ਼ਾਮਿਲ ਹਨ। 43 ਸਾਲ ਪਹਿਲਾਂ ਜਿਸ ਆਇਤੁੱਲਾਹ ਖ਼ੁਮੈਨੀ ਦੀ ਅਗਵਾਈ ਵਿਚ ਲੋਕਾਂ ਨੇ ਸ਼ਾਹ ਦਾ ਤਖ਼ਤਾ ਉਲਟਾ ਦਿੱਤਾ ਸੀ, ਉਸੇ ਖ਼ੁਮੈਨੀ ਦੇ ਘਰ ਨੂੰ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜਿਸ ਨੂੰ ਲੋਕਾਂ ਦੇ ਰੋਹ ਨੇ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ। ਖ਼ੁਮੈਨੀ ਦੀ ਸੋਚ ਵਾਲੇ ਹੀ ਉਥੇ ਦੇ ਉੱਚ ਧਾਰਮਿਕ ਆਗੂ ਅਲੀ ਖ਼ਾਮਨੇਈ ਦੇ ਖ਼ਿਲਾਫ਼ ਵੀ ਲੋਕ ਉੱਠ ਖੜ੍ਹੇ ਹੋਏ ਹਨ। ਈਰਾਨ ਦੇ ਹੀ ਕੁਰਦਿਸਤਾਨ ਇਲਾਕੇ ਵਿਚ ਕੁਰਦਾਂ ਨੇ ਵੀ ਪਿਛਲੇ 50 ਸਾਲ ਤੋਂ ਆਪਣੀ ਆਜ਼ਾਦੀ ਲਈ ਹਥਿਆਰਬੰਦ ਅੰਦੋਲਨ ਚਲਾਇਆ ਹੋਇਆ ਹੈ। ਹੁਣ ਬਹੁਤੀਆਂ ਬਾਗ਼ੀ ਹੋਈਆਂ ਔਰਤਾਂ ਅਤੇ ਮਰਦ ਕੁਰਦਿਸਤਾਨ ਵਿਚ ਜਾ ਕੇ ਬਾਗ਼ੀ ਕੁਰਦਾਂ ਨਾਲ ਰਲ ਰਹੇ ਹਨ। ਕੁਰਦਿਸਤਾਨ ਫਰੀਡਮ ਪਾਰਟੀ ਦੇ ਲੀਡਰ ਹੁਸੈਨ ਯਜ਼ਦਾਨਪਨਾਹ ਨੇ ਕਿਹਾ ਹੈ ਕਿ ਹਿਜਾਬ (ਸ਼ਰੀਅਤ ਕਾਨੂੰਨਾਂ) ਵਿਰੋਧੀ ਔਰਤਾਂ ਨਾਲ ਸਰਕਾਰ ਕਰੂਰਤਾ ਵਾਲਾ ਵਿਵਹਾਰ ਕਰ ਰਹੀ ਹੈ। ਇਥੋਂ ਤੱਕ ਕਿ ਕੁਰਦਿਸਤਾਨ ਦੇ ਕਈ ਇਲਾਕਿਆਂ 'ਤੇ ਪਿਛਲੇ ਦਿਨੀਂ ਬੰਬ ਵੀ ਬਰਸਾਏ ਗਏ ਹਨ। ਹਾਲਾਤ ਇਥੋਂ ਤੱਕ ਬਣ ਗਏ ਹਨ ਕਿ ਉਥੋਂ ਦੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ। ਫ਼ਿਲਮੀ ਹਸਤੀਆਂ ਅਤੇ ਕਲਾਕਾਰਾਂ ਦੀਆਂ ਵੀ ਧੜਾਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਗੱਲ ਇਥੋਂ ਤੱਕ ਪਹੁੰਚ ਚੁੱਕੀ ਹੈ ਕਿ ਅੱਜ ਬੇਹੱਦ ਚਰਚਿਤ ਅੰਤਰਰਾਸ਼ਟਰੀ ਫੁੱਟਬਾਲ ਦੇ ਵਿਸ਼ਵ ਕੱਪ ਵਿਚ ਈਰਾਨ ਦੇ ਖਿਡਾਰੀਆਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਦੇਸ਼ ਦੀ ਕੌਮੀ ਪ੍ਰਾਰਥਨਾ ਨੂੰ ਵੀ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਚਾਹੇ ਬੌਖਲਾਇਆ ਈਰਾਨ ਇਸ ਘਟਨਾਕ੍ਰਮ ਲਈ ਕੁਝ ਵਿਦੇਸ਼ੀ ਸ਼ਕਤੀਆਂ 'ਤੇ ਇਲਜ਼ਾਮ ਲਗਾ ਰਿਹਾ ਹੈ ਪਰ ਇਹ ਗੱਲ ਕਿਸੇ ਤੋਂ ਲੁਕੀ-ਛੁਪੀ ਨਹੀਂ ਰਹੀ ਕਿ ਇਹ ਈਰਾਨੀਆਂ ਦੇ ਹੀ ਗੁੱਸੇ ਦਾ ਲਾਵਾ ਹੀ ਫੁੱਟ ਰਿਹਾ ਹੈ।
ਵੱਡੀ ਗਿਣਤੀ ਵਿਚ ਮਹਿਲਾਵਾਂ 'ਔਰਤ, ਜ਼ਿੰਦਗੀ, ਆਜ਼ਾਦੀ' ਦੇ ਨਾਅਰੇ ਲਗਾ ਰਹੀਆਂ ਹਨ। ਅੱਜ ਬਹੁਤ ਸਾਰੇ ਦੇਸ਼ਾਂ ਵਿਚ ਧਰਮ ਅਤੇ ਮਰਿਆਦਾ ਦੇ ਨਾਂਅ 'ਤੇ ਔਰਤ ਨੂੰ ਦਬਾਏ ਜਾਣ ਦਾ ਕਰਮ ਜਾਰੀ ਹੈ। ਉਸ ਨੂੰ ਖੁੱਲ੍ਹ ਕੇ ਜਿਊਣ ਦੀ ਆਜ਼ਾਦੀ ਵਿਚ ਅਨੇਕਾਂ ਬੰਦਿਸ਼ਾਂ ਆਇਤ ਕੀਤੀਆਂ ਹੋਈਆਂ ਹਨ। ਬਿਨਾਂ ਸ਼ੱਕ ਈਰਾਨ ਵਿਚ ਔਰਤਾਂ ਦੇ ਇਸ ਅੰਦੋਲਨ ਦਾ ਦੂਜੇ ਦੇਸ਼ਾਂ 'ਤੇ ਵੀ ਵੱਡਾ ਅਸਰ ਪੈ ਰਿਹਾ ਹੈ। ਅਜਿਹਾ ਲਗਦਾ ਹੈ ਕਿ ਹੁਣ ਚੱਲੀ ਤਾਜ਼ਾ ਅਤੇ ਤੇਜ਼ ਹਵਾ ਨੂੰ ਰੋਕਿਆ ਜਾ ਸਕਣਾ ਮੁਸ਼ਕਿਲ ਹੈ। ਅੱਜ ਅਜਿਹੇ ਪਾਬੰਦੀਆਂ ਵਾਲੇ ਸਮਾਜਾਂ ਵਿਚ ਘਿਰੀ ਔਰਤ ਖੁੱਲ੍ਹ ਕੇ ਜਿਉਣਾ ਲੋਚਦੀ ਹੈ। ਅਜਿਹੇ ਹੱਕ ਲਈ ਹੀ ਉਹ ਥਾਂ ਪੁਰ ਥਾਂ ਸਰਗਰਮ ਹੋ ਰਹੀ ਹੈ। ਉਸ ਦੀ ਇਸ ਦਿਸ਼ਾ ਵਿਚ ਸਰਗਰਮੀ ਨੂੰ ਹੁਣ ਰੋਕਿਆ ਜਾਣਾ ਮੁਸ਼ਕਿਲ ਲਗਦਾ ਹੈ।
-ਬਰਜਿੰਦਰ ਸਿੰਘ ਹਮਦਰਦ
ਭਾਰਤੀ ਜਨਤਾ ਪਾਰਟੀ ਨੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਰੱਖਿਆ ਹੈ। ਉਹ ਨਹੀਂ ਚਾਹੁੰਦੀ ਕਿ ਆਮ ਆਦਮੀ ਪਾਰਟੀ ਦੇ ਮੁਕਾਬਲੇ ਇਨ੍ਹਾਂ ਚੋਣਾਂ ਨੂੰ ਹਾਰਨ ਤੋਂ ਬਾਅਦ ਰਾਜਧਾਨੀ ਦੀ ਸਥਾਨਕ ਰਾਜਨੀਤੀ ਤੋਂ ਉਸ ਦਾ ਪੂਰੀ ਤਰ੍ਹਾਂ ਸਫ਼ਾਇਆ ...
ਦਲਿਤਾਂ, ਮਜ਼ਲੂਮਾਂ, ਨਿਆਸਰਿਆਂ ਅਤੇ ਹਰ ਪੱਖੋਂ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਆਵਾਜ਼ ਵਜੋਂ ਜਾਣੇ ਜਾਂਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਿਕ ਪੱੱਧਰਾਂ 'ਤੇ ਅਣਮਨੁੱਖੀ ਭੇਦਭਾਵ ਦੇ ਵਿਰੋਧ ਵਿਚ ...
ਖੇਤੀ ਖੋਜਾਂ ਤੇ ਨਵੀਆਂ ਤਕਨੀਕਾਂ ਪਿੰਡਾਂ ਤੱਕ ਨਹੀਂ ਪਹੁੰਚ ਰਹੀਆਂ। ਛੋਟੇ ਤੇ ਸੀਮਾਂਤ ਕਿਸਾਨ ਇਸ ਤੋਂ ਲਾਭ ਨਹੀਂ ਉਠਾ ਰਹੇ। ਖੇਤੀ ਵਿਗਿਆਨ ਤੇ ਹੰਢਣਸਾਰ ਵਿਕਾਸ ਲਈ ਆਈ. ਸੀ. ਏ.ਆਰ. ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਸਥਾਪਤ 'ਕਮਿਊਨਿਟੀ ਮੋਬੀਲਾਈਜ਼ੇਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX