ਕਈ ਵਾਰ ਅਜਿਹਾ ਕੁਝ ਵਾਪਰ ਜਾਂਦਾ ਹੈ, ਜਿਸ ਨਾਲ ਸਮਾਜ ਵਿਚ ਨਮੋਸ਼ੀ ਪੈਦਾ ਹੁੰਦੀ ਹੈ, ਜਿਸ ਨਾਲ ਮਨੁੱਖੀ ਕਦਰਾਂ ਕੀਮਤਾਂ ਜ਼ਖ਼ਮੀ ਹੁੰਦੀਆਂ ਹਨ ਅਤੇ ਮਨੁੱਖੀ ਮਨ ਦੀ ਗਿਰਾਵਟ ਉਜਾਗਰ ਹੁੰਦੀ ਹੈ। ਪਿਛਲੇ ਦਿਨੀਂ ਅਜਿਹੀ ਹੀ ਘਟਨਾ ਫ਼ਤਹਿਗੜ੍ਹ ਸਾਹਿਬ ਦੇ ਨੇੜੇ ਇਕ ਪਿੰਡ ਦੀ ਸੜਕ 'ਤੇ ਵਾਪਰੀ ਹੈ। ਕਸ਼ਮੀਰ ਤੋਂ ਓਡੀਸ਼ਾ ਭੇਜੇ ਜਾ ਰਹੇ ਸੇਬਾਂ ਦਾ ਟਰੱਕ ਪਲਟ ਜਾਣ ਨਾਲ ਸੜਕ 'ਤੇ ਡਿਗੀਆਂ ਸੇਬਾਂ ਦੀਆਂ ਪੇਟੀਆਂ ਨੂੰ ਇਕਦਮ ਜਿਵੇਂ ਉਥੇ ਇਕੱਠੇ ਹੋਏ ਲੋਕਾਂ ਨੇ ਲੁੱਟਣਾ ਸ਼ੁਰੂ ਕੀਤਾ ਅਤੇ ਜਿਸ ਤਰ੍ਹਾਂ ਦੀ ਹਾਬੜ ਪਈ ਦੇਖੀ ਗਈ ਉਸ ਦੀ ਸ਼ਰਮਨਾਕ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਨਾਲ ਬੇਹੱਦ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਹੈ। ਦੁਰਘਟਨਾ ਵਿਚ ਟਰੱਕ ਪਲਟਣ ਨਾਲ ਡਰਾਈਵਰ ਜ਼ਖ਼ਮੀ ਹੋ ਗਿਆ ਸੀ ਤੇ ਉਹ ਨੇੜੇ ਕਿਸੇ ਸਥਾਨ ਤੋਂ ਡਾਕਟਰੀ ਸਹਾਇਤਾ ਲੈਣ ਗਿਆ ਸੀ ਤੇ ਪਿੱਛੋਂ ਬੇਮੁਹਾਰ ਹੋਏ ਆਲੇ-ਦੁਆਲੇ ਦੇ ਅਤੇ ਉਥੋਂ ਲੰਘਣ ਵਾਲੇ ਲੋਕਾਂ ਨੇ ਸੜਕ 'ਤੇ ਖਿੱਲਰੀਆਂ ਅਤੇ ਪਲਟੇ ਟਰੱਕ ਵਿਚ ਪਈਆਂ ਸੇਬਾਂ ਦੀਆਂ ਪੇਟੀਆਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਜ਼ਖਮੀ ਡਰਾਈਵਰ ਵਾਪਸ ਆਇਆ ਤਾਂ ਵੀ ਸੇਬਾਂ ਦੀਆਂ ਪੇਟੀਆਂ ਲੁੱਟੀਆਂ ਜਾ ਰਹੀਆਂ ਸਨ, ਵਾਪਸ ਪਰਤੇ ਡਰਾਈਵਰ ਦੀ ਚੀਕ-ਪੁਕਾਰ ਬੇਹੱਦ ਦੁੱਖ-ਭਰੀ ਸੀ, ਪਰ ਲੋਕਾਂ ਨੇ ਉਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਡਰਾਈਵਰ ਨੇ ਪੰਜਾਬ ਵਿਚ ਅਜਿਹਾ ਹੋਣ 'ਤੇ ਵੀ ਹੈਰਾਨੀ ਪ੍ਰਗਟ ਕੀਤੀ।
ਪੰਜਾਬ ਦੀ ਧਰਤੀ 'ਤੇ ਅਜਿਹਾ ਦ੍ਰਿਸ਼ ਗਿਲਾਨੀ ਭਰਿਆ ਹੈ। ਅੱਜ ਹਰ ਮੌਕਾ ਮਿਲਣ 'ਤੇ ਥਾਂ ਪੁਰ ਥਾਂ ਰਾਜ ਵਿਚ ਲੰਗਰ ਲਗਾਉਣ ਦੀ ਪ੍ਰਥਾ ਹੈ। ਪੰਜਾਬੀ ਫਰਾਖ਼ਦਿਲੀ ਲਈ ਅਤੇ ਸੇਵਾ ਭਾਵਨਾ ਲਈ ਜਾਣੇ ਜਾਂਦੇ ਹਨ। ਦੁਨੀਆ ਭਰ ਵਿਚ ਉਨ੍ਹਾਂ ਦੀ ਇਸ ਭਾਵਨਾ ਦੀ ਚਰਚਾ ਹੈ। ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਮਹਾਂਪੁਰਸ਼ਾਂ ਨੇ ਵੀ ਛੋਟੇ-ਛੋਟੇ ਲੋਭ ਲਾਲਚਾਂ ਤੋਂ ਉੱਪਰ ਉੱਠਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਹਮੇਸ਼ਾ ਪ੍ਰੇਰਨਾ ਦਿੱਤੀ ਹੈ। ਇਹ ਦ੍ਰਿਸ਼ ਸਾਹਮਣੇ ਆਉਣ 'ਤੇ ਪੰਜਾਬੀਆਂ ਵਿਚ ਇਸ ਦਾ ਵੱਡਾ ਪ੍ਰਤੀਕਰਮ ਹੋਇਆ ਸੀ ਅਤੇ ਬਹੁਤੇ ਲੋਕਾਂ ਨੇ ਅਜਿਹਾ ਕਾਰਾ ਕਰਨ ਵਾਲਿਆਂ ਦੀ ਹਰ ਪੱਖੋਂ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਜਿਸ ਤਰ੍ਹਾਂ ਕੁਝ ਵਿਅਕਤੀਆਂ ਨੇ ਕਸ਼ਮੀਰ ਦੇ ਸੇਬਾਂ ਦੇ ਵਪਾਰੀ ਨੂੰ ਬੁਲਾ ਕੇ ਉਸ ਦੇ ਹੋਏ ਨੁਕਸਾਨ ਲਈ ਚੈਕ ਭੇਟ ਕੀਤਾ। ਉਸ ਨੇ ਪੈਦਾ ਹੋਈ ਨਮੋਸ਼ੀ ਨੂੰ ਕੁਝ ਹੱਦ ਤਕ ਜ਼ਰੂਰ ਘਟਾਇਆ ਹੈ। ਪੁਲਿਸ ਵਲੋਂ ਵੀ ਅਜਿਹਾ ਕਾਰਾ ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ 'ਤੇ ਕੇਸ ਦਰਜ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਨੂੰ ਉਨ੍ਹਾਂ ਦੇ ਗੁਨਾਹ ਦੀ ਸਜ਼ਾ ਦਿਵਾਈ ਜਾ ਸਕੇ। ਬਿਨਾਂ ਸ਼ੱਕ ਅੱਜ ਜਿਸ ਤਰ੍ਹਾਂ ਲੁੱਟਾਂ-ਖੋਹਾਂ ਦਾ ਬਾਜ਼ਾਰ ਗਰਮ ਹੈ, ਉਸ ਨਾਲ ਇਕ ਵਾਰ ਤਾਂ ਆਮ ਨਾਗਰਿਕ ਠਠੰਬਰ ਕੇ ਰਹਿ ਗਿਆ ਹੈ। ਅਫ਼ਸੋਸ ਦੀ ਗੱਲ ਇਹ ਕਿ ਅਜਿਹੀਆਂ ਵਾਰਦਾਤਾਂ ਦਿਨ ਪ੍ਰਤੀਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਸੂਬੇ 'ਤੇ ਲਗ ਰਹੇ ਨਸ਼ਿਆਂ ਦੇ ਦਾਗ਼ ਵੀ ਧੋਤੇ ਜਾਣੇ ਬੇਹੱਦ ਮੁਸ਼ਕਿਲ ਜਾਪਦੇ ਹਨ। ਜੇਕਰ ਹਰ ਪੱਧਰ 'ਤੇ ਮਨੁੱਖੀ ਕਦਰਾਂ ਕੀਮਤਾਂ ਦਾ ਇਸੇ ਤਰ੍ਹਾਂ ਘਾਣ ਹੁੰਦਾ ਰਿਹਾ ਤਾਂ ਇਥੇ ਆਮ ਨਾਗਰਿਕ ਦਾ ਰਹਿਣਾ ਮੁਹਾਲ ਹੋ ਜਾਏਗਾ। ਇਸ ਦੇ ਨਾਲ ਹੀ ਇਸ ਧਰਤੀ ਦੀਆਂ ਪਰੰਪਰਾਵਾਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਰਹਿ ਜਾਣਗੀਆਂ।
ਇਸ ਸੰਬੰਧੀ ਕਸ਼ਮੀਰ ਦੇ ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੇ ਜੋ ਭਾਵਨਾਵਾਂ ਪ੍ਰਗਟਾਈਆਂ ਹਨ, ਪੰਜਾਬੀਆਂ ਨੂੰ ਉਨ੍ਹਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਸੇਬਾਂ ਦੀ ਲੁੱਟ ਦੀ ਵੀਡਿਓ ਦੇਖੀ ਤਾਂ ਉਸ ਨੂੰ ਇਸ ਲਈ ਬਹੁਤ ਬੁਰਾ ਲੱਗਾ ਕਿਉਂਕਿ ਪੰਜਾਬੀਆਂ ਦੀ ਜੋ ਤਸਵੀਰ ਚਿਰਾਂ ਤੋਂ ਉਸ ਦੇ ਮਨ ਵਿਚ ਉੱਭਰੀ ਹੋਈ ਸੀ, ਇਹ ਵੀਡੀਓ ਉਸ ਤੋਂ ਬਿਲਕੁਲ ਉਲਟ ਸੀ ਅਤੇ ਪਹਿਲਾਂ ਉਸ ਨੂੰ ਇਹ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਅਜਿਹਾ ਘਟਨਾਕ੍ਰਮ ਪੰਜਾਬ ਦੀ ਧਰਤੀ 'ਤੇ ਵੀ ਵਾਪਰਿਆ ਹੋ ਸਕਦਾ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਹੋਰ ਰਾਜ ਵਿਚ ਹੋਈ ਹੁੰਦੀ ਉਸ ਨੂੰ ਏਨਾ ਅਫ਼ਸੋਸ ਨਹੀਂ ਸੀ ਹੋਣਾ। ਚਾਹੇ ਕੁਝ ਸੰਵੇਦਨਸ਼ੀਲ ਪੰਜਾਬੀਆਂ ਵਲੋਂ ਉਸ ਨੂੰ ਦਿੱਤੇ ਗਏ ਚੈੱਕ ਨਾਲ ਨੁਕਸਾਨ ਦੀ ਕੁਝ ਭਰਪਾਈ ਤਾਂ ਹੋ ਸਕਦੀ ਹੈ ਪਰ ਵਾਪਰੀ ਇਸ ਘਟਨਾ ਨਾਲ ਜੋ ਨਮੋਸ਼ੀ ਹੋਈ ਹੈ ਮਨਾਂ ਨੂੰ ਉਸ ਤੋਂ ਉਭਰਨ ਲਈ ਕੁਝ ਸਮਾਂ ਜ਼ਰੂਰ ਲੱਗੇਗਾ।
-ਬਰਜਿੰਦਰ ਸਿੰਘ ਹਮਦਰਦ
ਸੁਪਰੀਮ ਕੋਰਟ ਨੇ ਇਕ ਹਫ਼ਤਾ ਪਹਿਲਾਂ ਹੀ ਚੋਣ ਕਮਿਸ਼ਨ ਦੀ ਵਿਵਾਦਤ ਅਤੇ ਪੱਖਪਾਤੀ ਕਾਰਜਸ਼ੈਲੀ ਨੂੰ ਲੈ ਕੇ ਬਹੁਤ ਸਖ਼ਤ ਟਿੱਪਣੀਆਂ ਕਰਦਿਆਂ ਕਿਹਾ ਸੀ ਕਿ ਦੇਸ਼ ਨੂੰ ਦਲੇਰ ਅਤੇ ਖ਼ੁਦਾਰ ਚੋਣ ਕਮਿਸ਼ਨ ਦੀ ਜ਼ਰੂਰਤ ਹੈ। ਏਨੀ ਸਖ਼ਤ ਟਿੱਪਣੀ ਦਾ ਵੀ ਚੋਣ ਕਮਿਸ਼ਨ 'ਤੇ ਕੋਈ ਅਸਰ ...
ਸੜਕ 'ਤੇ ਚਲਣ ਵਾਲਿਆਂ ਲਈ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਕੋਈ ਨਵੀਂ ਨਹੀਂ ਪਰ ਇਨ੍ਹੀਂ ਦਿਨੀਂ ਬਹੁਤ ਚਿੰਤਾਜਨਕ ਬਣੀ ਹੋਈ ਹੈ। ਅਜਿਹੇ ਪਸ਼ੂਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ, ਹੁਣ ਇਹ ਪਸ਼ੂ ਭੀੜ-ਭੜੱਕੇ ਵਾਲੀਆਂ ਥਾਵਾਂ, ਬਾਜ਼ਾਰਾਂ, ਮੁਹੱਲਿਆਂ ਅਤੇ ਆਮ ...
ਜਦੋਂ ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਇਤਿਹਾਸ ਫਰੋਲਿਆ ਜਾਵੇ ਤਾਂ ਪਤਾ ਲਗਦਾ ਹੈ ਕਿ 2012 ਤੋਂ 2017 ਦੇ ਸਮੇਂ ਦੌਰਾਨ ਰਹੀ ਅਕਾਲੀ-ਭਾਜਪਾ ਸਰਕਾਰ ਦੇ ਆਖਰੀ ਦੋ ਸਾਲਾਂ ਵਿਚ ਹੀ ਖੜ੍ਹੇ ਕਰਜ਼ੇ ਵਿਚ ਕੋਈ 70,000 ਕਰੋੜ ਰੁਪਏ ਦਾ ਵਾਧਾ ਹੋ ਗਿਆ। ਕੁੱਲ ਮਿਲਾ ਕੇ ਇਸ ਸਰਕਾਰ ਨੇ ਆਪਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX