ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਇਕ ਵਾਰ ਫਿਰ ਸੁਰਖੀਆਂ 'ਚ ਹਨ। ਉਨ੍ਹਾਂ ਨੇ ਭਾਰਤ ਦੇ ਮੁੱਖ ਜੱਜ ਡੀ. ਵਾਈ. ਚੰਦਰਚੂੜ ਨੂੰ ਇਕ ਨਵੀਂ 'ਖੋਜ ਅਤੇ ਮੁਲਾਂਕਣ ਕਮੇਟੀ' ਦਾ ਗਠਨ ਕਰਨ ਦਾ ਸੁਝਾਅ ਦਿੱਤਾ ਹੈ, ਜਿਸ 'ਚ ਸਰਕਾਰ ਵਲੋਂ ਉਸ ਦੇ ਮਨਚਾਹੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਅਤੇ ਜੋ ਜੱਜਾਂ ਦੀ ਨਿਯੁਕਤੀ ਲਈ ਸਰਬਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਕਾਲਜੀਅਮ ਨੂੰ ਸਿਫ਼ਾਰਸ਼ਾਂ ਭੇਜਣ।
ਇਹ ਜੱਜਾਂ ਦੀ ਨਿਯੁਕਤੀ 'ਚ ਕਾਰਜਪਾਲਿਕਾ ਦੀ ਭੂਮਿਕਾ ਨੂੰ ਮੌਜੂਦਾ ਕਾਲਜੀਅਮ ਪ੍ਰਣਾਲੀ 'ਚ ਯੋਜਨਾਬੱਧ ਕਰਨ ਦਾ ਮੋਦੀ ਸਰਕਾਰ ਦੀ ਯੋਜਨਾ ਦਾ ਅਗਲਾ ਕਦਮ ਹੈ। ਜੱਜਾਂ ਦੀ ਨਿਯੁਕਤੀ ਲਈ 1993 'ਚ ਸੈਕੰਡ ਜੱਜਿਜ਼ ਕੇਸ ਰਾਹੀਂ ਕਾਲਜੀਅਮ ਪ੍ਰਣਾਲੀ ਦੀ ਨਿਆਇਕ ਪ੍ਰਧਾਨਤਾ ਸਥਾਪਿਤ ਕੀਤੀ ਗਈ ਸੀ। ਕੇਂਦਰੀ ਕਾਨੂੰਨ ਮੰਤਰੀ ਦਾ ਪੱਤਰ ਇਸ ਗੱਲ ਦਾ ਸੰਕੇਤ ਹੈ ਕਿ ਮੋਦੀ ਸਰਕਾਰ ਨਿਆਇਕ ਪ੍ਰਧਾਨਤਾ 'ਚ ਕਾਰਜਪਾਲਿਕਾ ਦੇ ਦਖ਼ਲ ਨੂੰ ਹੋਰ ਅੱਗੇ ਵਧਾਉਣ ਦਾ ਇਰਾਦਾ ਰੱਖਦੀ ਹੈ।
ਮੌਜੂਦਾ ਸਮੇਂ 'ਚ ਕੋਈ ਖੋਜ ਅਤੇ ਮੁਲਾਂਕਣ ਕਮੇਟੀਆਂ ਨਹੀਂ ਹਨ ਅਤੇ ਜੱਜਾਂ ਦੇ ਨਾਵਾਂ ਦੀ ਚੋਣ ਕਾਲਜੀਅਮ ਪ੍ਰਣਾਲੀ ਰਾਹੀਂ ਹੁੰਦੀ ਹੈ। ਸੁਪਰੀਮ ਕੋਰਟ ਵਲੋਂ 2015 'ਚ ਰਾਸ਼ਟਰੀ ਨਿਆਇਕ ਨਿਯੁਕਤੀ ਕਮਿਸ਼ਨ ਐਕਟ ਨੂੰ ਰੱਦ ਕੀਤੇ ਜਾਣ ਕਾਰਨ ਮੋਦੀ ਸਰਕਾਰ ਇਸ ਫ਼ੈਸਲੇ ਨੂੰ ਦਰਕਿਨਾਰ ਕਰਨ ਦੇ ਤਰੀਕੇ ਲੱਭ ਰਹੀ ਹੈ। ਸਰਬਉੱਚ ਅਦਾਲਤ ਦੇ ਫ਼ੈਸਲੇ 'ਤੇ ਕਾਬੂ ਪਾਉਣ ਦਾ ਸੰਸਦ ਲਈ ਇਕਲੌਤਾ ਸੰਵਿਧਾਨਕ ਤਰੀਕਾ ਹੁੰਦਾ ਹੈ ਇਕ ਸਮੁੱਚਿਤ ਕਾਨੂੰਨ ਪਾਸ ਕਰਨਾ, ਜਿਸ ਰਾਹੀਂ ਜੱਜਾਂ ਦੀ ਨਿਯੁਕਤੀ ਲਈ ਅਜਿਹੀ ਪ੍ਰਕਿਰਿਆ ਸਥਾਪਿਤ ਕੀਤੀ ਜਾਂਦੀ ਹੈ, ਜੋ ਨਿਆਇਕ ਸਮੀਖਿਆ 'ਤੇ ਖਰ੍ਹਾ ਉੱਤਰੇ। ਹੁਣ ਤੱਕ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਇਸ ਦੀ ਬਜਾਏ ਮੋਦੀ ਸਰਕਾਰ ਵਲੋਂ ਵੱਖ-ਵੱਖ ਤਰੀਕਿਆਂ ਨਾਲ ਨਿਆਪਾਲਿਕਾ ਦੀ ਸੁਤੰਤਰਤਾ ਨੂੰ ਕਮਜ਼ੋਰ ਕਰਨ ਦੀ ਇਕ ਠੋਸ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ 'ਚ ਕਾਨੂੰਨ ਮੰਤਰੀ ਵਲੋਂ ਬਿਆਨਾਂ ਦੀ ਝੜੀ ਲਗਾ ਦਿੱਤੀ ਗਈ, ਜਿਸ 'ਚ ਜੱਜਾਂ ਦੀ ਨਿਯੁਕਤੀ ਦੀ ਕਾਲਜੀਅਮ ਪ੍ਰਣਾਲੀ ਨੂੰ ਗੈਰ ਸੰਵਿਧਾਨਿਕ ਦੱਸ ਕੇ ਆਲੋਚਨਾ ਕੀਤੀ ਗਈ ਅਤੇ ਜ਼ੋਰ ਦੇ ਕੇ ਕਿਹਾ ਗਿਆ ਕਿ 'ਸੰਵਿਧਾਨ ਦੀ ਭਾਵਨਾ' ਜੱਜਾਂ ਦੀ ਨਿਯੁਕਤੀ ਦੇ ਲਈ ਸਰਕਾਰ ਦੇ ਅਧਿਕਾਰ ਵੱਲ ਇਸ਼ਾਰਾ ਕਰਦੀ ਹੈ।
ਉਨ੍ਹਾਂ ਨੂੰ ਭਾਰਤ ਦੇ ਨਵੇਂ ਚੁਣੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੋਂ ਮਦਦ ਅਤੇ ਹੱਲਾਸ਼ੇਰੀ ਮਿਲੀ, ਜੋ ਹਾਲ ਹੀ 'ਚ ਕੇਸ਼ਵਾਨੰਦ ਭਾਰਤੀ ਮਾਮਲੇ 'ਚ ਸਰਬਉੱਚ ਅਦਾਲਤ ਵਲੋਂ ਨਿਰਧਾਰਿਤ 'ਮੂਲ ਸੰਰਚਨਾ ਸਿਧਾਂਤ' 'ਤੇ ਸਵਾਲ ਚੁੱਕਣ ਦੀ ਹੱਦ ਤੱਕ ਚਲੇ ਗਏ ਅਤੇ ਐਲਾਨ ਕੀਤਾ ਕਿ ਸੰਸਦ ਸਰਬਉੱਚ ਹੈ ਅਤੇ ਸੰਵਿਧਾਨ 'ਚ ਜਿਸ ਤਰ੍ਹਾਂ ਨਾਲ ਉਹ ਉੱਚਿਤ ਸਮਝੇ ਸੋਧ ਕਰ ਸਕਦੀ ਹੈ।
ਇਕ ਸੰਵਿਧਾਨਿਕ ਅਹੁਦੇ 'ਤੇ ਬੈਠੇ ਧਨਖੜ ਨੇ ਬਹੁਗਿਣਤੀਵਾਦੀ ਸਰਕਾਰ ਦੇ ਤਾਨਾਸ਼ਾਹ ਇਰਾਦੇ ਨੂੰ ਸਪੱਸ਼ਟ ਤੌਰ 'ਤੇ ਨਿਰਧਾਰਿਤ ਕੀਤਾ ਹੈ ਕਿ ਨਿਆਂਪਾਲਿਕਾ ਕਾਰਜਪਾਲਿਕਾ ਤੋਂ ਸੁਤੰਤਰ ਨਹੀਂ ਹੋ ਸਕਦੀ। ਇਹ ਦੱਸਿਆ ਗਿਆ ਕਿ ਸਰਕਾਰ ਵਲੋਂ ਇਸ ਤੋਂ ਪਹਿਲਾਂ ਵੀ ਭਾਰਤ ਦੇ ਮੁੱਖ ਜੱਜਾਂ ਵਲੋਂ ਗਠਿਤ ਅਤੇ ਨਿਗਰਾਨੀ ਹੇਠ ਬਣਾਈ ਗਈ ਇਕ ਸਾਂਝੀ ਖੋਜ ਕਮੇਟੀ ਵਿਚ ਸਰਕਾਰ ਦੇ ਪ੍ਰਤੀਨਿਧੀ ਸ਼ਾਮਿਲ ਕਰਨ ਦੀ ਮੰਗ ਸੰਬੰਧੀ ਇਸ ਤਰ੍ਹਾਂ ਦੇ ਪੱਤਰ ਲਿਖੇ ਗਏ ਸਨ।
ਰਿਜਿਜੂ ਦੇ ਪੱਤਰ 'ਚ ਫ਼ਰਕ ਇਹ ਹੈ ਕਿ ਇਹ ਉੱਚ ਅਦਾਲਤਾਂ ਦੇ ਲਈ ਵੀ ਇਸੇ ਤਰ੍ਹਾਂ ਦੀਆਂ ਕਮੇਟੀਆਂ ਦੀ ਮੰਗ ਕਰਦਾ ਹੈ, ਤਾਂ ਕਿ ਉੱਚ ਅਦਾਲਤਾਂ ਦੇ ਪੱਧਰ 'ਤੇ ਕਾਲਜੀਅਮ ਦਾ ਮਾਰਗਦਰਸ਼ਨ ਕੀਤਾ ਜਾ ਸਕੇ। ਇਹ ਸਭ ਇਕ ਨਵੇਂ 'ਮੈਮੋਰੇਂਡੰਮ ਆਫ਼ ਪ੍ਰੋਸੀਜਰ' ਦੇ ਬਹਾਨੇ ਕੀਤਾ ਜਾ ਰਿਹਾ ਹੈ, ਜਿਸ ਨੂੰ 2015 'ਚ ਨੈਸ਼ਨਲ ਜੁਡੀਸ਼ੀਅਲ ਐਪੁਆਇੰਟਮੈਂਟ ਕਮਿਸ਼ਨ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਿਕ ਅੰਤਿਮ ਰੂਪ ਦਿੱਤਾ ਜਾਣਾ ਸੀ।
ਸਰਕਾਰ ਵਲੋਂ ਅਪਣਾਈ ਗਈ ਦਬਾਅ ਦੀ ਰਣਨੀਤੀ 'ਚੋਂ ਇਕ, ਉੱਚ ਅਦਾਲਤਾਂ ਦੇ ਜੱਜਾਂ ਅਤੇ ਮੁੱਖ ਜੱਜਾਂ ਦੀ ਨਿਯੁਕਤੀ ਦੇ ਲਈ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਨਾ ਦੇਣਾ ਰਿਹਾ ਹੈ। ਸਾਲ ਦੀ ਸ਼ੁਰੂਆਤ 'ਚ ਉੱਚ ਅਦਾਲਤਾਂ ਦੇ ਕਾਲਜੀਅਮ ਵਲੋਂ ਜੱਜਾਂ ਦੀ ਨਿਯੁਕਤੀ ਲਈ 104 ਨਾਵਾਂ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਸਨ। ਸੁਪਰੀਮ ਕੋਰਟ ਨੇ 6 ਜਨਵਰੀ ਨੂੰ ਜੱਜਾਂ ਦੀ ਨਿਯੁਕਤੀ 'ਚ ਇਸ ਅਣਉਚਿਤ ਦੇਰੀ 'ਤੇ ਸਖ਼ਤ ਇਤਰਾਜ਼ ਜਤਾਇਆ। ਅਟਾਰਨੀ ਜਨਰਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਅਗਲੇ ਤਿੰਨ ਦਿਨਾਂ ਅੰਦਰ ਨਿਯੁਕਤੀ ਲਈ 44 ਜੱਜਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ, ਪਰ ਹੁਣ ਤੱਕ ਸਿਰਫ਼ 9 ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਸਟਿਸ ਸੰਜੈ ਕਿਸ਼ਨ ਕੌਲ ਦੀ ਅਗਵਾਈ ਵਾਲੀ ਸਰਬਉੱਚ ਅਦਾਲਤ ਦੇ ਬੈਂਚ ਨੇ ਜ਼ੋਰ ਦੇ ਕੇ ਕਿਹਾ ਕਿ ਕਾਲਜੀਅਮ ਪ੍ਰਣਾਲੀ 'ਸਵਦੇਸ਼ੀ ਕਾਨੂੰਨ' (ਲਾਅ ਆਫ਼ ਦਾ ਲੈਂਡ) ਹੈ, ਜਿਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸਰਬਉੱਚ ਅਦਾਲਤ ਨੇ ਹੁਣ ਤੱਕ ਕਾਰਜਪਾਲਿਕਾ ਦੀਆਂ ਅੜਿੱਕਾ ਡਾਹੁਣ ਵਾਲੀਆਂ ਚਾਲਾਂ ਅੱਗੇ ਝੁਕਣ ਦੀ ਕੋਈ ਰੁਚੀ ਨਹੀਂ ਦਿਖਾਈ ਅਤੇ ਅਜਿਹੇ ਕਦਮਾਂ ਨੂੰ ਖ਼ਾਰਜ ਕਰ ਦਿੱਤਾ ਹੈ। ਕਿਰਨ ਰਿਜਿੂਜ ਦੇ ਨਵੇਂ ਪੱਤਰ ਦਾ ਵੀ ਉਹੀ ਹਸ਼ਰ ਹੋਣਾ ਚਾਹੀਦਾ ਹੈ। (ਸੰਵਾਦ)
-(ਲੇਖਕ ਸੀ.ਪੀ.ਐਮ. ਦੇ ਸਾਬਕਾ ਜਨਰਲ ਸਕੱਤਰ ਹਨ)
ਚੀਨੀ ਡੋਰ ਆਮ ਲੋਕਾਂ ਲਈ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ। ਅੱਜਕੱਲ੍ਹ ਅਕਸਰ ਹੀ ਸਾਨੂੰ ਆਪਣੇ ਆਸ-ਪਾਸ ਤੋਂ ਚੀਨੀ ਡੋਰ ਤੋਂ ਹੋ ਰਹੇ ਜਾਨਲੇਵਾ ਹਾਦਸਿਆਂ ਦੀਆਂ ਖ਼ਬਰਾਂ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ। ਕਿਸੇ ਦਾ ਇਸ ਡੋਰ ਨਾਲ ਹੱਥ-ਪੈਰ ਕੱਟਿਆ ਜਾ ਰਿਹਾ ਹੈ ...
ਭਾਰਤ ਪਿੰਡਾਂ ਦਾ ਦੇਸ਼ ਹੈ, ਭਾਵੇਂ ਕਿ ਪਿਛਲੇ ਦੋ ਦਹਾਕਿਆਂ ਤੋਂ ਆਮ ਵਸੋਂ ਦਾ ਸ਼ਹਿਰੀਕਰਨ ਵੱਲ ਰੁਝਾਨ ਬਹੁਤ ਵਧਿਆ ਹੈ ਪਰ ਅਜੇ ਵੀ ਦੇਸ਼ ਦੀ 70 ਫ਼ੀਸਦੀ ਆਬਾਦੀ ਪਿੰਡਾਂ ਵਿਚ ਰਹਿੰਦੀ ਹੈ। ਸ਼ਹਿਰੀਕਰਨ ਦੇ ਰੁਝਾਨ ਦਾ ਇਕ ਕਾਰਨ ਇਹ ਵੀ ਹੈ ਕਿ ਸ਼ਹਿਰਾਂ ਵਿਚ ਰੁਜ਼ਗਾਰ ਦੇ ...
ਸੁਪਰੀਮ ਕੋਰਟ ਵਲੋਂ ਜੱਜਾਂ ਦੀ ਨਿਯੁਕਤੀ ਸੰਬੰਧੀ ਬਣਾਈ ਗਈ ਕਾਲਜੀਅਮ ਦੀ ਪ੍ਰਣਾਲੀ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸਰਬਉੱਚ ਅਦਾਲਤ ਵਿਚਕਾਰ ਜੋ ਵਿਵਾਦ ਸ਼ੁਰੂ ਹੋਇਆ ਹੈ ਉਸ ਦਾ ਨਿਪਟਾਰਾ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ 26 ਜਨਵਰੀ, 1950 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX