ਸੁਰਿੰਦਰ ਕੋਛੜ
ਅੰਮ੍ਰਿਤਸਰ, 6 ਫਰਵਰੀ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੰਨਿਆ ਹੈ ਕਿ ਪਾਕਿ ਦੀ ਮੌਜੂਦਾ ਹਾਲਤ ਭਿਖਾਰੀ ਵਰਗੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਕਰਜ਼ਾ ਦੇਣ ਦੇ ਮਾਮਲੇ 'ਚ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐਫ.) ਵਲੋਂ ਅਪਣਾਏ ਸਖ਼ਤ ਰੁਖ਼ ਨੇ ਪ੍ਰਧਾਨ ਮੰਤਰੀ ਸ਼ਰੀਫ਼ ਅਤੇ ਉਨ੍ਹਾਂ ਦੀ ਸਰਕਾਰ ਦੇ ਆਤਮ-ਵਿਸ਼ਵਾਸ ਨੂੰ ਹਿਲਾ ਦਿੱਤਾ ਹੈ। ਪਾਕਿ 'ਚ ਉਕਤ ਨਿਰਾਸ਼ਾ ਦੇ ਮਾਹੌਲ ਦੌਰਾਨ ਵੀ ਸ਼ਾਹਬਾਜ਼ ਸ਼ਰੀਫ਼ ਅਤੇ ਹੋਰਨਾਂ ਸਿਆਸਤਦਾਨਾਂ ਨੇ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਭੀਖ ਮੰਗਣ ਦਾ ਸਿਲਸਿਲਾ ਪਿਛਲੇ 75 ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਨੂੰ ਹਮੇਸ਼ਾ ਲਈ ਰੋਕਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਿਊਣਾ ਹੈ ਪਰ ਉਸ ਤਰੀਕੇ ਨਾਲ ਜਿਊਣਾ ਹੈ ਜਿਸ ਤਰ੍ਹਾਂ ਹੋਰ ਕੌਮਾਂ ਜਿਉਂਦੀਆਂ ਹਨ, ਭੀਖ ਮੰਗ ਕੇ ਨਹੀਂ। ਇਸ ਨੁਕਤੇ ਨੂੰ ਅੱਗੇ ਵਧਾਉਂਦੇ ਹੋਏ ਸ਼ਰੀਫ਼ ਨੇ ਮੰਨਿਆ ਕਿ ਮੌਜੂਦਾ ਸੰਕਟ ਦੌਰਾਨ ਪਾਕਿ ਆਪਣੇ ਕਸ਼ਮੀਰ ਏਜੰਡੇ ਨੂੰ ਅੱਗੇ ਵਧਾਉਣ ਦੀ ਸਥਿਤੀ 'ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸ਼ਕਤੀ ਬਣਨ ਤੋਂ ਬਾਅਦ ਹੀ ਅਸੀਂ ਕਸ਼ਮੀਰੀਆਂ ਦੀ ਮਦਦ ਕਰ ਸਕਾਂਗੇ।
ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਦਿੱਲੀ ਨਗਰ ਨਿਗਮ (ਐਮ.ਸੀ.ਡੀ.) 'ਚ ਹੰਗਾਮੇ ਦੇ ਚਲਦਿਆਂ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਸੋਮਵਾਰ ਨੂੰ ਵੀ ਨਹੀਂ ਹੋ ਸਕੀ। ਅਦਾਲਤ ਵਲੋਂ ਦੋਸ਼ੀ ਠਹਿਰਾਏ 'ਆਪ' ਦੇ 2 ਵਿਧਾਇਕਾਂ ਤੇ ਨਾਮਜ਼ਦ 10 ਐਲਡਰਮੈਨ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੇ ਵਿਵਾਦ ਨੂੰ ਲੈ ਕੇ ਹੋਏ ਹੰਗਾਮੇ ਕਾਰਨ ਸਦਨ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਭਾਜਪਾ ਤੇ 'ਆਪ' ਨੇ ਪਿਛਲੀਆਂ ਬੈਠਕਾਂ ਵਾਂਗ ਹੀ ਅੱਜ ਵੀ ਇਕ ਦੂਜੇ 'ਤੇ ਸਦਨ ਨਾ ਚੱਲਣ ਦੇਣ ਦੇ ਦੋਸ਼ ਲਗਾਏ ਹਨ। ਇਸ ਦੌਰਾਨ ਲਗਾਤਾਰ ਤੀਜੀ ਵਾਰ ਚੋਣਾਂ ਮੁਲਤਵੀ ਹੋਣ ਕਾਰਨ 'ਆਪ' ਨੇ ਸੁਪਰੀਮ ਕੋਰਟ ਜਾਣ ਦੀ ਗੱਲ ਆਖੀ ਹੈ, ਦੂਜੇ ਪਾਸੇ ਭਾਜਪਾ ਨੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਉਂਦਿਆ 'ਆਪ' ਨੂੰ ਨਿਸ਼ਾਨਾ ਬਣਾਇਆ ਹੈ। ਦੱਸਣਯੋਗ ਹੈ ਕਿ 250 ਮੈਂਬਰੀ ਦਿੱਲੀ ਨਗਰ ਨਿਗਮ ਸਦਨ ਦੀ 1 ਮਹੀਨੇ ਅੰਦਰ ਇਹ ਤੀਜੀ ਬੈਠਕ ਸੀ ਜੋ ਹੰਗਾਮੇ ਦੀ ਭੇਟ ਚੜ੍ਹ ਗਈ। ਮੇਅਰ ਦੀ ਚੋਣ ਤੀਜੀ ਵਾਰ ਟਲਣ ਤੋਂ ਬਾਅਦ ਭਾਜਪਾ ਤੇ 'ਆਪ' ਵਿਚਾਲੇ ਦੂਸ਼ਣਬਾਜੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਚੋਣਾਂ ਮੁਲਤਵੀ ਹੋਣ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 'ਆਪ' ਆਗੂ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ ਭਾਜਪਾ ਦਿੱਲੀ ਨਗਰ ਨਿਗਮ ਦੇ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ ਤੇ ਗੈਰ ਕਾਨੂੰਨੀ ਤਰੀਕੇ ਨਾਲ ਦਿੱਲੀ ਨਗਰ ਨਿਗਮ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ।
ਤੁਮਾਕੁਰੂ (ਕਰਨਾਟਕ), 6 ਫਰਵਰੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ 'ਚ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚ. ਏ. ਐਲ.) ਦੀ ਹੈਲੀਕਾਪਟਰ ਫੈਕਟਰੀ, ਜੋ ਦੇਸ਼ ਦੀ ਸਭ ਤੋਂ ਵੱਡੀ ਹੈਲੀਕਾਪਟਰ ਨਿਰਮਾਣ ਕੰਪਨੀ ਹੈ, ਦਾ ਉਦਘਾਟਨ ਕੀਤਾ। ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਗੁੱਬੀ ਤਹਿਸੀਲ 'ਚ ਸਥਿਤ ਐਚ.ਏ.ਐਲ. ਵਲੋਂ 3-15 ਟਨ ਦੀ ਰੇਂਜ 'ਚ 1000 ਤੋਂ ਵੱਧ ਹੈਲੀਕਾਪਟਰ ਬਣਾਉਣ ਦੀ ਯੋਜਨਾ ਹੈ, ਜਿਸ ਵਲੋਂ 20 ਸਾਲਾਂ 'ਚ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਦੀ ਵੀ ਯੋਜਨਾ ਹੈ। ਇਹ ਫੈਕਟਰੀ 615 ਏਕੜ 'ਚ ਫੈਲੀ ਹੋਈ ਹੈ, ਜਿਸ ਦਾ ਪ੍ਰਧਾਨ ਮੰਤਰੀ ਨੇ 2016 'ਚ ਨੀਂਹ ਪੱਥਰ ਰੱਖਿਆ ਸੀ। ਇਹ ਫੈਕਟਰੀ ਸ਼ੁਰੂ 'ਚ ਲਾਈਟ ਯੂਟੀਲਿਟੀ ਹੈਲੀਕਾਪਟਰ (ਐਲ. ਯੂ. ਐਚ.) ਦਾ ਨਿਰਮਾਣ ਕਰੇਗੀ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਇਹ ਫੈਕਟਰੀ ਭਾਰਤ ਨੂੰ ਬਿਨਾਂ ਆਯਾਤ ਤੋਂ ਹੈਲੀਕਾਪਟਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਯੋਗ ਬਣਾਏਗੀ ਤੇ ਹੈਲੀਕਾਪਟਰ ਦੇ ਡਿਜ਼ਾਈਨ, ਵਿਕਾਸ ਤੇ ਨਿਰਮਾਣ 'ਚ ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ' ਦੇ ਵਿਜ਼ਨ ਨੂੰ ਪੂਰਾ ਕਰੇਗੀ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਤੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇਕ ਸਮਰਪਿਤ ਨਵੀਂ ਗ੍ਰੀਨਫੀਲਡ ਹੈਲੀਕਾਪਟਰ ਫੈਕਟਰੀ ਹੈ ਜੋ ਹੈਲੀਕਾਪਟਰ ਬਣਾਉਣ ਲਈ ਭਾਰਤ ਦੀ ਸਮਰੱਥਾ ਤੇ ਈਕੋਸਿਸਟਮ ਨੂੰ ਵਧਾਏਗੀ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਹੋਰ ਹੈਲੀਕਾਪਟਰਾਂ ਜਿਵੇਂ ਕਿ ਲਾਈਟ ਕੰਬੈਟ ਹੈਲੀਕਾਪਟਰ (ਐਲ. ਸੀ. ਐਚ.) ਤੇ ਭਾਰਤੀ ਮਲਟੀਰੋਲ ਹੈਲੀਕਾਪਟਰ (ਆਈ. ਐਮ. ਆਰ. ਐਚ.) ਦੇ ਉਤਪਾਦਨ ਲਈ ਵਧਾਇਆ ਜਾਵੇਗਾ।
ਅੰਮ੍ਰਿਤਸਰ, 6 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਅੱਜ ਰਾਤ ਦੁਬਈ ਤੋਂ ਚਾਰਟਿਡ ਜਹਾਜ਼ ਰਾਹੀਂ ਪਾਕਿਸਤਾਨ ਲਿਆਂਦਾ ਗਿਆ। 1999 ਦੇ ਕਾਰਗਿਲ ਯੁੱਧ ਦੇ ਸਾਜ਼ਿਸ਼ਘਾੜੇ ਮੁਸ਼ੱਰਫ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਦੁਬਈ 'ਚ ਦਿਹਾਂਤ ਹੋ ਗਿਆ ਸੀ। 79 ਸਾਲਾ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ 2016 ਤੋਂ ਸੰਯੁਕਤ ਅਰਬ ਅਮੀਰਾਤ 'ਚ ਸੀ ਅਤੇ ਅਮਰੀਕਨ ਹਸਪਤਾਲ ਦੁਬਈ 'ਚ ਇਲਾਜ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਸ਼ੱਰਫ ਦੀ ਮ੍ਰਿਤਕ ਦੇਹ ਏਅਰਬੱਸ 319 ਚਾਰਟਿਡ ਜਹਾਜ਼ ਰਾਹੀਂ ਕਰਾਚੀ ਲਿਆਂਦੀ ਗਈ। ਉਸ ਦੀ ਪਤਨੀ ਸਹਿਬਾ, ਪੁੱਤਰ ਬਿਲਾਲ ਤੇ ਧੀ ਆਇਲਾ ਮ੍ਰਿਤਕ ਦੇ ਲੈ ਕੇ ਕਰਾਚੀ ਪੁੱਜੇ। ਜਾਣਕਾਰੀ ਅਨੁਸਾਰ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਪਾਕਿਸਤਾਨ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 11:30 ਵਜੇ ਵਿਸ਼ੇਸ਼ ਉਡਾਣ ਰਾਹੀਂ ਕਰਾਚੀ ਲਿਆਂਦਾ ਜਾਣਾ ਸੀ। ਪਰ ਸੰਯੁਕਤ ਅਰਬ ਅਮੀਰਾਤ ਵਿਚ ਪਾਕਿ ਦੇ ਸਫਾਰਤਖਾਨੇ ਅਤੇ ਪਾਕਿ ਸਰਕਾਰ ਵਿਚਾਲੇ ਹਵਾਈ ਜਹਾਜ਼ ਅਤੇ ਕੁਝ ਹੋਰ ਦਸਤਾਵੇਜ਼ਾਂ ਸਮੇਤ ਐਨ. ਓ. ਸੀ. ਪ੍ਰਕਿਰਿਆਵਾਂ ਦੀ ਉਪਲਬਧਤਾ ਵਿਚ ਅੜਚਨ ਆਉਣ ਕਾਰਨ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਲਿਜਾਣ ਵਿਚ ਦੇਰੀ ਹੋ ਗਈ। ਮੰਗਲਵਾਰ ਨੂੰ ਜ਼ੁਹਰ ਦੀ ਨਮਾਜ਼ ਤੋਂ ਬਾਅਦ ਕਰਾਚੀ ਦੇ ਪੁਰਾਣੇ ਫੌਜੀ ਕਬਰਸਤਾਨ ਮਲੇਰ ਕੈਂਟ ਦੇ ਗੁਲ ਮੁਹਾਰ ਪੋਲੋ ਮੈਦਾਨ 'ਚ ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਸੁਪਰਦ-ਏ-ਖਾਕ ਕੀਤਾ ਜਾਵੇਗਾ।
ਨਵੀਂ ਦਿੱਲੀ, 6 ਫਰਵਰੀ (ਜਗਤਾਰ ਸਿੰਘ)-ਭਾਰਤ ਦੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਵਲੋਂ ਸੋਮਵਾਰ ਨੂੰ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਬਾਅਦ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਵਧ ਕੇ 32 ਹੋ ਗਈ ਹੈ। ਸੁਪਰੀਮ ਕੋਰਟ ਦੇ ਇਨ੍ਹਾਂ ਨਵੇਂ ਜੱਜਾਂ 'ਚ ਜਸਟਿਸ ਪੰਕਜ ਮਿੱਤਲ, ਜਸਟਿਸ ਸੰਜੇ ਕਰੋਲ, ਜਸਟਿਸ ਪੀ.ਵੀ. ਸੰਜੇ ਕੁਮਾਰ, ਜਸਟਿਸ ਅਹਿਸਾਨੁਦੀਨ ਅਮਾਨਉੱਲਾ ਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਿਲ ਹਨ, ਜੋ ਇਸ ਤੋਂ ਪਹਿਲਾਂ ਰਾਜਸਥਾਨ ਹਾਈਕੋਰਟ ਦੇ ਚੀਫ਼ ਜਸਟਿਸ ਪੰਕਜ ਮਿੱਤਲ, ਪਟਨਾ ਹਾਈਕੋਰਟ ਦੇ ਚੀਫ਼ ਜਸਟਿਸ ਸੰਜੇ ਕਰੋਲ, ਮਨੀਪੁਰ ਹਾਈਕੋਰਟ ਦੇ ਚੀਫ਼ ਜਸਟਿਸ ਪੀ.ਵੀ. ਸੰਜੇ ਕੁਮਾਰ, ਪਟਨਾ ਹਾਈਕੋਰਟ ਦੇ ਜਸਟਿਸ ਅਹਿਸਾਨੁਦੀਨ ਅਮਾਨਉੱਲਾ ਤੇ ਇਲਾਹਾਬਾਦ ਹਾਈਕੋਰਟ ਦੇ ਜਸਟਿਸ ਮਨੋਜ ਮਿਸ਼ਰਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਦੱਸਣਯੋਗ ਹੈ ਕਿ ਸਹੁੰ ਚੁਕਣ ਵਾਲੇ 5 ਜੱਜਾਂ 'ਚੋਂ ਸਭ ਤੋਂ ਸੀਨੀਅਰ ਜਸਟਿਸ ਮਿੱਤਲ ਹਨ।
ਸ਼ਿਮਲਾ, 6 ਫਰਵਰੀ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪੀਤੀ ਜ਼ਿਲ੍ਹੇ ਦੇ ਸ਼ਿੰਕੁਲਾ-ਦਰਚਾ ਮਾਰਗ 'ਤੇ ਬਰਫ਼ ਦਾ ਇਕ ਤੋਦੇ ਡਿਗਣ ਨਾਲ ਉਸ ਹੇਠ ਦੱਬ ਕੇ 2 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇਕ ਹੋਰ ਮਜ਼ਦੂਰ ਅਜੇ ਵੀ ਬਰਫ਼ ਹੇਠ ਦੱਬਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਸ਼ਾਮ ਚਿੱਕਾ ਪਿੰਡ ਨੇੜੇ ਬਰਫੀਲਾ ਤੂਫ਼ਾਨ ਆਉਣ 'ਤੇ 3 ਮਜ਼ਦੂਰ ਬਰਫ਼ ਕੱਟਣ ਵਾਲੇ ਆਪਣੇ ਔਜ਼ਾਰਾਂ ਸਮੇਤ ਬਰਫ਼ ਦੇ ਤੋਦੇ ਹੇਠ ਦੱਬ ਗਏ, ਪੁਲਿਸ ਤੇ ਸਿਹਤ ਮੁਲਜ਼ਮਾਂ ਦੀ ਟੀਮ ਤੇ ਜ਼ਿਲ੍ਹਾ ਆਫਤ ਪ੍ਰਬੰਧਨ ਅਥਾਰਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਰਾਮ ਬੁਢਾ (ਨਿਪਾਲ) ਤੇ ਰਾਕੇਸ਼ (ਚੰਬਾ) ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਪਰ ਪਸਾਂਗ ਚੇਹਰਿੰਗ ਲਾਮਾ (ਨਿਪਾਲ) ਅਜੇ ਲਾਪਤਾ ਹੈ।
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 6 ਫਰਵਰੀ (ਉਪਮਾ ਡਾਗਾ ਪਾਰਥ)-ਅਡਾਨੀ ਗਰੁੱਪ ਤੋਂ ਆਈ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਮਚੇ ਸਿਆਸੀ ਭੁਚਾਲ 'ਚ ਕਾਂਗਰਸ ਨੇ ਸੋਮਵਾਰ ਨੂੰ ਸੰਸਦ ਤੋਂ ਲੈ ਕੇ ਸੜਕ ਤੱਕ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ, ਜਿਸ 'ਚ ਕਾਂਗਰਸ ਦੀ ਅਗਵਾਈ ਹੇਠ 16 ਵਿਰੋਧੀ ਧਿਰਾਂ ਨੇ ਸੰਸਦ ਦੇ ਅੰਦਰ ਬਾਹਰ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਇਸ ਮੁੱਦੇ ਦੀ ਸੁਪਰੀਮ ਕੋਰਟ ਜਾਂ ਸੰਸਦੀ ਕਮੇਟੀ ਦੀ ਨਿਗਰਾਨੀ 'ਚ ਜਾਂਚ ਕਰਨ ਦੀ ਮੰਗ ਦੁਹਰਾਈ। ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਲਗਾਤਾਰ ਚੌਥੇ ਦਿਨ ਪ੍ਰਭਾਵਿਤ ਰਹੀ ਅਤੇ ਜਿਥੇ ਇਕ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਉਠਾ ਦਿੱਤੀ ਗਈ। ਇਸ ਤੋਂ ਇਲਾਵਾ ਕਾਂਗਰਸ ਨੇ ਦੇਸ਼ ਭਰ 'ਚ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਐਨ. ਐਮ. ਯੂ. ਆਈ. ਨੇ ਜੰਤਰ-ਮੰਤਰ 'ਤੇ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਹੰਗਾਮਾ ਵਧਣ 'ਤੇ ਪੁਲਿਸ ਨੇ ਕੁਝ ਕਾਰਜਕਰਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ।
ਵਿਰੋਧੀ ਧਿਰਾਂ ਵਲੋਂ ਹੰਗਾਮਾ
ਵਿਰੋਧੀ ਧਿਰਾਂ ਨੇ ਸੰਸਦ 'ਚ ਅਡਾਨੀ ਮੁੱਦੇ 'ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕਅਰਜੁਨ ਖੜਗੇ ਦੇ ਚੈਂਬਰ 'ਚ ਇਕ ਵਾਰ ਫਿਰ ਵਿਰੋਧੀ ਧਿਰ ਨੇ ਰਣਨੀਤਕ ਬੈਠਕ ਕੀਤੀ, ਜਿਸ 'ਚ ਵੀ.ਐਮ.ਕੇ., ਐਨ.ਸੀ.ਪੀ., ਬੀ.ਆਰ.ਐਸ., ਜਨਤਾ ਦਲ (ਯੂ), ਸਮਾਜਵਾਦੀ ਪਾਰਟੀ, ਸੀ. ਪੀ. ਐਮ., ਸੀ.ਪੀ.ਆਈ., ਕੇਰਲ ਕਾਂਗਰਸ, ਜੇ. ਐਮ. ਐਮ., ਆਰ.ਐਲ.ਡੀ., ਆਰ. ਐਸ. ਪੀ., ਆਮ ਆਦਮੀ ਪਾਰਟੀ, ਆਈ. ਯੂ. ਐਮ. ਐਲ., ਆਰ.ਜੇ.ਡੀ. ਅਤੇ ਸ਼ਿਵ ਸੈਨਾ ਸ਼ਾਮਿਲ ਰਹੀ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੱਡੇ ਬੈਕਰ ਰਾਹੀਂ ਜੇ.ਪੀ.ਸੀ. ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਦੀ ਮੰਗ ਦੁਹਰਾਈ। ਇਸ ਤੋਂ ਇਲਾਵਾ ਸੰਸਦ ਮੈਂਬਰ ਐਲ. ਆਈ. ਸੀ. ਅਤੇ ਐਸ.ਬੀ.ਆਈ. ਨੂੰ ਬਚਾਉਣ ਦੇ ਪੋਸਟਰ ਫੜੇ ਵੀ ਨਜ਼ਰ ਆਏ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਨ ਰੰਜਨ ਚੌਧਰੀ ਨੇ ਕਿਹਾ ਕਿ ਇਹ ਕਾਂਗਰਸ ਦਾ ਨਹੀਂ, ਸਗੋਂ ਦੇਸ਼ ਦਾ ਮਾਮਲਾ ਹੈ। ਕਾਂਗਰਸ ਪ੍ਰਧਾਨ ਖੜਗੇ ਨੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਵਾਬ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਸਦਨ 'ਚ ਚਰਚਾ ਕੀਤੀ ਜਾਵੇ, ਤਾਂ ਜੋ ਇਸ ਆਰਥਿਕ ਘੁਟਾਲੇ ਦੇ ਹਵਾਲੇ ਨਾਲ ਅਰਥਚਾਰੇ ਦੀਆਂ ਕਮੀਆਂ ਨੂੰ ਉਜਾਗਰ ਕੀਤਾ ਜਾ ਸਕੇ।
ਲਗਾਤਾਰ ਚੌਥੇ ਦਿਨ ਨਹੀਂ ਹੋਈ ਕਾਰਵਾਈ
ਅਡਾਨੀ ਗਰੁੱਪ ਨੂੰ ਲੈ ਕੇ ਹਮਲਾਵਰ ਹੋਈਆਂ ਵਿਰੋਧੀ ਧਿਰਾਂ ਕਰਕੇ ਲਗਾਤਾਰ ਚੌਥੇ ਦਿਨ ਵੀ ਦੋਹਾਂ ਸਦਨਾਂ ਦਾ ਕੰਮਕਾਜ ਪ੍ਰਭਾਵਿਤ ਰਿਹਾ। ਦੋਹਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਅਡਾਨੀ ਸਰਕਾਰ ਹਾਏ-ਹਾਏ ਦੇ ਨਾਅਰੇ ਲਗਾਉਂਦੇ ਸਦਨ ਦੇ ਵਿਚਕਾਰ ਆ ਗਏ। ਲੋਕ ਸਭਾ ਸਪੀਕਰ ਓਮ ਬਿਰਲਾ, ਜੋ ਸਦਨ ਨੂੰ ਭੂਟਾਨ ਤੋਂ ਆਏ ਵਫ਼ਦ ਬਾਰੇ ਜਾਣਕਾਰੀ ਦੇ ਰਹੇ ਸਨ, ਨੇ ਸਖ਼ਤ ਲਹਿਜ਼ੇ 'ਚ ਕਾਂਗਰਸ ਸੰਸਦ ਮੈਂਬਰਾਂ ਨੂੰ ਆਪਣੀ ਸੀਟ 'ਤੇ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਸੰਸਦ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਦੇਸ਼ ਦੀ ਜਨਤਾ ਦੇ ਬੁਨਿਆਦੀ ਸਵਾਲਾਂ 'ਤੇ ਚਰਚਾ ਕਰਨ ਲਈ ਕਿਹਾ। ਹੰਗਾਮਾ ਜਾਰੀ ਰਹਿਣ 'ਤੇ ਬਿਰਲਾ ਨੇ ਸਦਨ ਦੀ ਕਾਰਵਾਈ ਉਠਾ ਦਿੱਤੀ।
ਸਰਕਾਰ ਜਵਾਬ ਦੇਣ ਨੂੰ ਤਿਆਰ-ਪ੍ਰਹਿਲਾਦ ਜੋਸ਼ੀ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਜੋ ਵੀ ਚਰਚਾ ਕਰਨਾ ਚਾਹੁੰਦੇ ਹਨ, ਰਾਸ਼ਟਰਪਤੀ ਦੇ ਭਾਸ਼ਨ ਦੇ ਮਤੇ 'ਚ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਜਵਾਬ ਦੇਣ ਲਈ ਤਿਆਰ ਹੈ। ਜੋਸ਼ੀ ਨੇ ਬਜਟ ਇਜਲਾਸ ਦੀ ਪ੍ਰੰਪਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਜਟ ਇਜਲਾਸ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕਰਨ ਦੀ ਪ੍ਰੰਪਰਾ ਰਹੀ ਹੈ, ਉਸ ਨੂੰ ਤੋੜਿਆ ਨਾ ਜਾਵੇ।
ਅੱਜ ਸ਼ੁਰੂ ਹੋ ਸਕਦੀ ਹੈ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ
ਮੰਗਲਵਾਰ ਨੂੰ ਵਿਰੋਧੀ ਧਿਰਾਂ ਸਦਨ ਦੀ ਕਾਰਵਾਈ ਚਲਾਉਣ 'ਚ ਸਹਿਯੋਗ ਕਰਨਗੀਆਂ। ਹਲਕਿਆਂ ਮੁਤਾਬਿਕ ਮੰਗਲਵਾਰ ਨੂੰ ਆਖ਼ਿਰਕਾਰ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਸ਼ੁਰੂ ਹੋ ਜਾਵੇਗੀ। ਹਲਕਿਆਂ ਮੁਤਾਬਿਕ ਸਰਕਾਰ ਅਤੇ ਵਿਰੋਧੀ ਧਿਰਾਂ ਦਰਮਿਆਨ ਬਜਟ ਇਜਲਾਸ ਦੀ ਚੱਲਦੀ ਆ ਰਹੀ ਰਵਾਇਤ ਮੁਤਾਬਿਕ ਰਾਸ਼ਟਰਪਤੀ ਦੇ ਭਾਸ਼ਨ 'ਤੇ ਚਰਚਾ ਕੀਤੇ ਜਾਣ ਨੂੰ ਲੈ ਕੇ ਸੋਮਵਾਰ ਨੂੰ ਸਪੀਕਰ ਓਮ ਬਿਰਲਾ ਦੇ ਚੈਂਬਰ 'ਚ ਮੀਟਿੰਗ ਹੋਈ, ਜਿਸ 'ਚ ਕਾਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਚਰਚਾ ਲਈ ਤਿਆਰ ਹਨ ਬਸ਼ਰਤੇ ਪ੍ਰਧਾਨ ਮੰਤਰੀ ਇਸ 'ਤੇ ਜਵਾਬ ਦੇਣ।
ਜਦੋਂ ਬਿੱਟੂ ਤੇ ਔਜਲਾ ਨੇ ਵੀ.ਐਮ.ਸੀ. ਦੇ ਕਲਿਆਣ ਬੈਨਰਜੀ ਨੂੰ ਕਰਵਾਇਆ ਸ਼ਾਂਤ
ਵਿਰੋਧੀ ਧਿਰ ਦੀ ਇਕਜੁੱਟਤਾ ਦਾ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਦਰਸ਼ਨ ਕਰ ਰਹੀਆਂ ਵਿਰੋਧੀ ਧਿਰਾਂ ਲੋਕ ਸਭਾ 'ਚ ਉਸ ਵੇਲੇ ਇਕ-ਦੂਜੇ ਦੇ ਆਹਮੋ-ਸਾਹਮਣੇ ਖੜ੍ਹੀਆਂ ਨਜ਼ਰ ਆਈਆਂ, ਜਦੋਂ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਅਤੇ ਟੀ.ਐਮ.ਸੀ. ਨੇਤਾ ਕਲਿਆਣ ਬੈਨਰਜੀ ਦਰਮਿਆਨ ਸ਼ਬਦੀ ਜੰਗ ਸ਼ੁਰੂ ਹੋ ਗਈ। ਮਾਮਲੇ ਦੇ ਪਿਛੋਕੜ 'ਚ ਜਦ ਲੋਕ ਸਭਾ ਦੀ ਕਾਰਵਾਈ ਦੁਪਹਿਰ ਨੂੰ ਦਿਨ ਭਰ ਚੱਲੀ ਮੁਲਤਵੀ ਕਰਨ ਤੋਂ ਬਾਅਦ ਜਦ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਰਾਜ ਮੰਤਰੀ ਅਰਜੁਨ ਰਾਮ ਘੇਮਵਾਲ ਵਿਰੋਧੀ ਧਿਰਾਂ ਦੀਆਂ ਬੈਂਚਾਂ ਤੱਕ ਪਹੁੰਚੇ। ਇਸ ਗੱਲਬਾਤ 'ਚ ਅਧੀਰ ਰੰਜਨ ਚੌਧਰੀ ਤੋਂ ਇਲਾਵਾ ਡੀ.ਐਮ.ਕੇ. ਦੀ ਕਨੀਮੋਝੀ ਦੀ ਟੀ.ਐਮ. ਸੀ. ਦੇ ਕਲਿਆਣ ਬੈਨਰਜੀ ਸਮੇਤ ਕੁਝ ਨੇਤਾ ਮੌਜੂਦ ਸਨ। ਇਸ ਦੌਰਾਨ ਬੈਨਰਜੀ ਨੇ ਚੌਧਰੀ ਤੇ ਤਿੱਖੇ ਸ਼ਬਦੀ ਤੀਰ ਚਲਾਉਂਦੇ ਹੋਏ, ਉਨ੍ਹਾਂ ਨੂੰ ਭਾਜਪਾ ਦੇ ਲਈ ਕੰਮ ਕਰਨ ਦਾ ਤਾਅਨਾ ਦਿੱਤਾ। ਅਧੀਰ ਰੰਜਨ ਚੌਧਰੀ ਨੇ ਕੁਝ ਦੇਰ ਮੁਸਕਰਾ ਕੇ ਮੌਕੇ ਨੂੰ ਟਾਲਣਾ ਚਾਹਿਆ, ਪਰ ਬੈਨਰਜੀ ਦੇ ਲਗਾਤਾਰ ਚੌਧਰੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਨ 'ਤੇ ਚੌਧਰੀ ਨੇ ਵੀ ਜਵਾਬੀ ਤੀਰ ਚਲਾਏ, ਜਿਸ 'ਤੇ ਪਿਛਲੇ ਬੈਂਚਾਂ 'ਤੇ ਬੈਠੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੋਹਾਂ ਨੇਤਾਵਾਂ ਕੋਲ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਉਣ ਲੱਗੇ।
ਸਰਕਾਰ ਅਡਾਨੀ 'ਤੇ ਸੰਸਦ 'ਚ ਬਹਿਸ ਨਹੀਂ ਹੋਣ ਦੇ ਰਹੀ-ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਡਾਨੀ ਮੁੱਦੇ 'ਚ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਡਰੀ ਹੋਈ ਹੈ ਅਤੇ ਅਡਾਨੀ ਮੁੱਦੇ 'ਤੇ ਬਹਿਸ ਨਹੀਂ ਹੋਣ ਦੇਣਾ ਚਾਹੁੰਦੀ। ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਮੋਦੀ ਜੀ ਪੂਰੀ ਕੋਸ਼ਿਸ਼ ਕਰਨਗੇ ਕਿ ਅਡਾਨੀ 'ਤੇ ਸੰਸਦ 'ਚ ਬਹਿਸ ਨਾ ਹੋਏ। ਉਨ੍ਹਾਂ ਕਿਹਾ ਕਿ ਉਹ 2-3 ਸਾਲ ਤੋਂ ਇਹ ਮੁੱਦਾ ਉਠਾ ਰਹੇ ਹਨ ਕਿ ਅਡਾਨੀ ਦੇ ਪਿੱਛੇ ਕਿਹੜੀ ਸ਼ਕਤੀ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ।
ਦੇਸ਼ ਭਰ 'ਚ ਪ੍ਰਦਰਸ਼ਨ
ਅਡਾਨੀ ਮੁੱਦੇ 'ਤੇ ਹਮਲਾਵਰ ਹੋਈ ਕਾਂਗਰਸ ਨੇ ਸੋਮਵਾਰ ਨੂੰ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਤਾਮਿਲਨਾਡੂ, ਬਿਹਾਰ, ਛੱਤੀਸਗੜ੍ਹ ਸਮੇਤ ਕਈ ਰਾਜਾਂ 'ਚ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ 'ਤੇ ਪ੍ਰਦਰਸ਼ਨ ਕੀਤਾ ਅਤੇ ਜਨਤਾ ਦੀ ਕਮਾਈ ਨੂੰ ਖ਼ਤਰੇ 'ਚ ਪਾਉਣ ਵਾਂਗ ਅਡਾਨੀ ਘੁਟਾਲੇ 'ਤੇ ਜੇ.ਪੀ.ਸੀ.ਦੀ. ਮੰਗ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਰਾਜਧਾਨੀ ਦਿੱਲੀ 'ਚ ਭਾਰਤੀ ਯੁਵਾ ਕਾਂਗਰਸ ਅਤੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ ਦੇ ਕਾਰਕੁੰਨਾਂ ਨੇ ਜੰਤਰ-ਮੰਤਰ 'ਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।
ਹਰਕਵਲਜੀਤ ਸਿੰਘ
ਚੰਡੀਗੜ੍ਹ, 6 ਫਰਵਰੀ-ਪੰਜਾਬ ਦੇ ਰਾਜਪਾਲ ਵਲੋਂ ਜਿਸ ਗੰਭੀਰਤਾ ਨਾਲ ਸੂਬੇ ਵਿਚ ਨਸ਼ਿਆਂ ਦੀ ਜਾਰੀ ਵਿਕਰੀ ਤੇ ਅਮਨ ਕਾਨੂੰਨ ਦੀ ਸਥਿਤੀ ਸੰਬੰਧੀ ਆਪਣੇ ਵਿਚਾਰਾਂ ਨੂੰ ਜਨਤਕ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਰਾਜ ਸਰਕਾਰ ਕਾਫ਼ੀ ਪ੍ਰੇਸ਼ਾਨ ਤੇ ਚਿੰਤਤ ...
ਨਵੀਂ ਦਿੱਲੀ, 6 ਫਰਵਰੀ (ਉਪਮਾ ਡਾਗਾ ਪਾਰਥ)-ਕਾਂਗਰਸ ਅਤੇ ਪ੍ਰਨੀਤ ਕੌਰ ਦਰਮਿਆਨ ਬਰਖ਼ਾਸਤਗੀ ਨੂੰ ਲੈ ਕੇ 'ਪਹਿਲੇ ਆਪ' ਦੀ ਖੇਡੀ ਜਾ ਰਹੀ ਖੇਡ ਅਜੇ ਹੋਰ ਲੰਮੀ ਚੱਲ ਸਕਦੀ ਹੈ। ਪਾਰਟੀ ਨੇਤਾਵਾਂ ਵਲੋਂ ਭਾਵੇਂ ਪ੍ਰਨੀਤ ਕੌਰ ਨੂੰ ਸੂਬਾਈ ਨੇਤਾਵਾਂ ਦੇ ਦਬਾਅ ਹੇਠ 3 ਦਿਨਾਂ ...
ਅੰਕਾਰਾ/ਅਜ਼ਮਰੀਨ, 6 ਫਰਵਰੀ (ਏ.ਪੀ.)-ਸੋਮਵਾਰ ਤੜਕੇ ਤੁਰਕੀ ਦੇ ਦੱਖਣ ਪੂਰਬੀ ਅਤੇ ਸੀਰੀਆ ਦੇ ਉੱਤਰੀ ਇਲਾਕਿਆਂ 'ਚ ਆਏ 7.8 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੁਚਾਲ ਕਾਰਨ 2600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਕਈ ਲੋਕਾਂ ਦੇ ਅਜੇ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX