1 ਫਰਵਰੀ 2023 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕੀਤਾ ਗਿਆ। ਇਸ ਬਜਟ ਵਿਚੋਂ ਇਹ ਝਲਕ ਸਾਫ਼ ਦਿਸ ਰਹੀ ਸੀ ਕਿ ਇਸ ਦਾ ਪ੍ਰਮੁੱਖ ਨਿਸ਼ਾਨਾ ਅਗਲੇ ਸਾਲ ਮਈ 'ਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਹੀ ਹਨ। ਇਸ 'ਚ ਹਰ ਵਰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਖ਼ੁਸ਼ ਕਰਨ ਦਾ ਯਤਨ ਕੀਤਾ ਗਿਆ। ਖ਼ਾਸ ਕਰਕੇ ਮੁਲਾਜ਼ਮ ਜਾਂ ਤਨਖਾਹਦਾਰ ਵਰਗ ਜਿਸ ਨੂੰ ਕਿ ਪਿਛਲੇ ਕਈ ਸਾਲਾਂ ਤੋਂ ਆਮਦਨ ਕਰ 'ਚ ਕਿਸੇ ਵੀ ਪ੍ਰਕਾਰ ਦੀ ਰਾਹਤ ਸਰਕਾਰ ਵਲੋਂ ਨਹੀਂ ਸੀ ਦਿੱਤੀ ਗਈ। ਇਸ ਬਜਟ ਵਿਚਲੇ ਪ੍ਰਸਤਾਵ ਮੁਤਾਬਿਕ ਜਿੱਥੇ ਪਹਿਲਾਂ 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਪ੍ਰਾਪਤ ਕਰਨ ਵਾਲੇ ਵਿਅਕਤੀਗਤ ਕਰਦਾਤਾਵਾਂ ਨੂੰ ਕੋਈ ਟੈਕਸ ਨਹੀਂ ਸੀ ਦੇਣਾ ਪੈਂਦਾ, ਹੁਣ ਇਹ ਹੱਦ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਲਿਆਂਦੀਆਂ ਗਈਆਂ ਨਵੀਆਂ ਬਦਲਵੀਆਂ ਟੈਕਸ ਸਲੈਬਾਂ, ਜੋ ਕਿ ਪਹਿਲਾਂ ਢਾਈ ਲੱਖ ਰੁਪਏ ਸੀ, ਹੁਣ ਤਿੰਨ ਲੱਖ ਰੁਪਏ ਤੱਕ ਦੀ ਹੋਵੇਗੀ। ਇੰਜ ਪਿਛਲੇ ਸਾਲ ਜੋ ਵਿਅਕਤੀ 7 ਲੱਖ ਰੁਪਏ 'ਤੇ ਕੋਈ ਸਾਢੇ ਕੁ 33 ਹਜ਼ਾਰ ਦਾ ਟੈਕਸ ਦੇ ਰਿਹਾ ਸੀ, ਉਸ ਨੂੰ ਹੁਣ ਇਸ ਦੀ ਸੈਕਸ਼ਨ 87 ਏ ਤਹਿਤ ਮੁਆਫ਼ੀ ਮਿਲ ਜਾਵੇਗੀ ਅਤੇ ਇਹ ਉਸ ਦੀ ਬੱਚਤ ਹੋਵੇਗੀ। ਤਸਵੀਰ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਜੇਕਰ ਉਸ ਦੀ ਆਮਦਨ 7 ਲੱਖ ਤੋਂ 100 ਰੁਪਏ ਵੀ ਉੱਪਰ ਹੋਈ ਤਾਂ ਉਸ ਨੂੰ ਨਵੀਆਂ ਸਲੈਬਜ਼ ਅਨੁਸਾਰ ਕੋਈ 26 ਹਜ਼ਾਰ ਰੁਪਏ ਦੀ ਕਰ ਰਾਸ਼ੀ ਅਦਾ ਕਰਨੀ ਪਵੇਗੀ।
ਕੇਂਦਰ ਸਰਕਾਰ ਦੀ ਆਮਦਨ ਅਤੇ ਖ਼ਰਚ
ਜੇਕਰ ਕੇਂਦਰ ਸਰਕਾਰ ਨੂੰ ਹੋਣ ਵਾਲੇ ਮਾਲੀਏ 'ਤੇ ਨਿਗ੍ਹਾ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਨੂੰ ਹਾਸਿਲ ਹੋਣ ਵਾਲੇ ਹਰ ਇਕ ਰੁਪਏ ਵਿਚੋਂ 30 ਪੈਸੇ ਨਿੱਜੀ ਅਤੇ ਕਾਰਪੋਰੇਟ ਟੈਕਸ ਤੋਂ, 11 ਪੈਸੇ ਕਸਟਮ ਅਤੇ ਯੂਨੀਅਨ ਐਕਸਾਈਜ਼ ਡਿਊਟੀ ਤੋਂ, 17 ਪੈਸੇ ਕੇਂਦਰੀ ਜੀ.ਐਸ.ਟੀ. ਤੋਂ, 8 ਪੈਸੇ ਗ਼ੈਰ-ਕਰ ਸੋਮਿਆਂ ਤੋਂ ਅਤੇ ਬਾਕੀ ਦੇ 34 ਪੈਸੇ ਉਧਾਰੀ ਭਾਵ ਕਰਜ਼ ਤੋਂ ਹਾਸਲ ਹੋ ਰਹੇ ਹਨ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਕੇਂਦਰ ਸਰਕਾਰ ਦੀਆਂ ਇਕ ਤਿਹਾਈ ਪ੍ਰਾਪਤੀਆਂ ਕਰਜ਼ ਤੋਂ ਆ ਰਹੀਆਂ ਹਨ। ਖ਼ਰਚ ਵਾਲੇ ਪਾਸੇ ਤੋਂ ਇਸ ਦੀ ਸਭ ਤੋਂ ਵੱਡੀ ਮੱਦ ਵਿਆਜ ਅਦਾਇਗੀ ਹੈ, ਜਿਸ 'ਤੇ ਕਿ ਅਗਲੇ ਸਾਲ ਰੁਪਏ ਵਿਚੋਂ 20 ਪੈਸੇ ਖ਼ਰਚ ਹੋਣਗੇ। ਇਸ ਤੋਂ ਇਲਾਵਾ 18 ਪੈਸੇ ਰਾਜਾਂ ਨੂੰ ਟੈਕਸਾਂ ਦਾ ਹਿੱਸਾ ਅਤੇ ਗ੍ਰਾਂਟ, 17 ਪੈਸੇ ਕੇਂਦਰੀ ਸਕੀਮਾਂ 'ਤੇ, 8 ਪੈਸੇ ਰੱਖਿਆ 'ਤੇ, 7 ਪੈਸੇ ਸਬਸਿਡੀਆਂ 'ਤੇ, 9 ਪੈਸੇ ਕੇਂਦਰ ਵਲੋਂ ਸੂਬਿਆਂ ਨਾਲ ਰਲ ਕੇ ਚਲਾਈਆਂ ਜਾਂਦੀਆਂ ਸਕੀਮਾਂ 'ਤੇ, 9 ਪੈਸੇ ਕੇਂਦਰੀ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਜਾਂ ਨੂੰ ਵੰਡਣ 'ਤੇ, 4 ਪੈਸੇ ਪੈਨਸ਼ਨਾਂ 'ਤੇ ਅਤੇ ਬਾਕੀ ਕੋਈ 8 ਪੈਸੇ ਬਾਕੀ ਹੋਰ ਕੰਮਾਂ 'ਤੇ ਖ਼ਰਚ ਹੋਣਗੇ।
ਵੋਟਾਂ ਦਾ ਖ਼ਿਆਲ ਰੱਖਦਿਆਂ ਜਿੱਥੇ ਇਕ ਪਾਸੇ ਵਿਅਕਤੀਗਤ ਕਰਦਾਤਾਵਾਂ ਨੂੰ ਛੋਟ ਦੇ ਕੇ ਇਕ ਵੱਡਾ ਮਾਲੀਆ ਘਟੇਗਾ, ਉੱਥੇ ਹੀ ਇਕ ਵੱਡੀ ਰਾਸ਼ੀ ਵੱਖ-ਵੱਖ ਵਰਗਾਂ ਨੂੰ ਖ਼ੁਸ਼ ਕਰਨ 'ਤੇ ਖ਼ਰਚ ਕੀਤੀ ਜਾਵੇਗੀ ਅਤੇ ਇਸ ਨੂੰ ਹੇਠਲੇ ਵਰਗ ਦੀ ਭਲਾਈ ਲਈ ਕੀਤੇ ਗਏ ਕੰਮ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਵਿਚ 2.2 ਲੱਖ ਕਰੋੜ ਰੁਪਏ ਪੀ.ਐਮ. ਕਿਸਾਨ ਯੋਜਨਾ ਰਾਹੀਂ ਕੋਈ ਸਾਢੇ 11 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਜਾਵੇਗਾ ਅਤੇ ਇੰਜ ਹੀ ਇਕ ਵੱਡੀ ਰਕਮ ਸਾਢੇ 9 ਕਰੋੜ ਦੇ ਕਰੀਬ ਰਸੋਈ ਗੈਸ ਸਿਲੰਡਰਾਂ ਅਤੇ ਉੱਜਵਲਾ ਸਕੀਮ ਅਧੀਨ ਖ਼ਰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਨਰੇਗਾ ਦਾ ਬਜਟ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਘਟਾਇਆ ਜਾ ਰਿਹਾ ਹੈ। ਸਾਲ 2021-22 ਵਿਚ ਮਨਰੇਗਾ ਦਾ ਬਜਟ 98,468 ਕਰੋੜ ਰੁਪਏ ਸੀ ਜੋ ਕਿ ਸਾਲ 2022-23 ਦੇ ਬਜਟ ਵਿਚ ਘਟਾ ਕੇ 73 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਅਤੇ ਸਾਲ 2023-24 ਦੇ ਬਜਟ ਵਿਚ ਮਾਤਰ 60 ਹਜ਼ਾਰ ਕਰੋੜ ਰੁਪਏ ਹੀ ਰੱਖੇ ਗਏ ਹਨ। ਇੰਜ ਦੋ ਸਾਲਾਂ ਦੌਰਾਨ ਹੀ ਮਨਰੇਗਾ, ਜਿਸ ਰਾਹੀਂ ਕਿ ਪੇਂਡੂ ਮਜ਼ਦੂਰਾਂ ਲਈ ਰੁਜ਼ਗਾਰ ਪੈਦਾ ਹੁੰਦਾ ਸੀ, ਵਿਚ 40 ਫ਼ੀਸਦੀ ਦੇ ਕਰੀਬ ਦੀ ਕਟੌਤੀ ਕੀਤੀ ਗਈ ਹੈ। ਦੂਸਰੇ ਪਾਸੇ ਗ਼ਰੀਬ ਵਰਗ ਦੇ ਵੋਟ ਬੈਂਕ ਨੂੰ ਖਿੱਚਣ ਲਈ ਇਸ ਬਜਟ ਵਿਚ ਕੋਈ 80 ਹਜ਼ਾਰ ਕਰੋੜ ਰੁਪਏ ਪ੍ਰਧਾਨ ਮੰਤਰੀ ਆਵਾਸ ਯੋਜਨਾਂ ਉੱਪਰ ਖ਼ਰਚ ਕੀਤੇ ਜਾਣੇ ਹਨ ਜੋ ਕਿ ਪਿਛਲੇ ਸਾਲ ਦੇ 48 ਹਜ਼ਾਰ ਕਰੋੜ ਰੁਪਏ ਨਾਲੋਂ 32 ਹਜ਼ਾਰ ਕਰੋੜ ਰੁਪਏ ਜ਼ਿਆਦਾ ਹਨ ਅਤੇ ਇਹ ਵਾਧਾ 66 ਫ਼ੀਸਦੀ ਬਣਦਾ ਹੈ। ਇੰਜ ਹੀ ਆਦਿਵਾਸੀ ਵੋਟ ਬੈਂਕ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਲਈ ਕੁਝ ਖ਼ਾਸ ਯੋਜਨਾਵਾਂ ਲਿਆਂਦੀਆਂ ਗਈਆਂ ਹਨ। ਯੋਜਨਾ ਖ਼ਰਚ ਵਿਚੋਂ ਸਭ ਤੋਂ ਵੱਡਾ ਹਿੱਸਾ ਰੇਲਵੇ ਅਤੇ ਰੋਡ ਟਰਾਂਸਪੋਰਟ ਨੂੰ ਦਿੱਤਾ ਗਿਆ ਹੈ ਜੋ ਕਿ ਦੋਵਾਂ ਦਾ ਰਲਾ ਕੇ ਕੋਈ 5.11 ਲੱਖ ਕਰੋੜ ਰੁਪਏ ਬਣਦਾ ਹੈ।
ਪੂੰਜੀਗਤ ਖ਼ਰਚ ਕਰਜ਼ਾ
ਕੇਂਦਰ ਸਰਕਾਰ ਦਾ ਸਾਲ 2023-24 ਦਾ ਸਮੁੱਚਾ ਬਜਟ ਕੋਈ 45 ਲੱਖ ਕਰੋੜ ਰੁਪਏ ਦਾ ਹੋਵੇਗਾ। ਇਸ ਵਿਚੋਂ ਸਰਕਾਰ ਦਾ ਕਰ ਮਾਲੀਏ ਅਤੇ ਗ਼ੈਰ-ਕਰ ਮਾਲੀਏ ਤੋਂ ਹੋਣ ਵਾਲੀਆਂ ਪ੍ਰਾਪਤੀਆਂ 26 ਲੱਖ ਕਰੋੜ ਰੁਪਏ ਦੀਆਂ ਹੋਣਗੀਆਂ ਅਤੇ ਬਾਕੀ ਦੀਆਂ 19 ਲੱਖ ਕਰੋੜ ਰੁਪਏ ਦੀਆਂ ਪੂੰਜੀਗਤ ਪ੍ਰਾਪਤੀਆਂ ਹੋਣਗੀਆਂ, ਜਿਨ੍ਹਾਂ ਵਿਚੋਂ ਕਿ 18 ਲੱਖ ਕਰੋੜ ਰੁਪਏ ਤੋਂ ਥੋੜ੍ਹੀ ਜਿਹੀ ਘੱਟ ਰਾਸ਼ੀ ਕਰਜ਼ੇ ਵਜੋਂ ਲੈ ਕੇ ਖ਼ਰਚ ਕੀਤੀ ਜਾਵੇਗੀ। ਭਾਵੇਂ ਕਿ ਸਰਕਾਰ ਵਲੋਂ ਇਹ ਗੱਲ ਜ਼ੋਰ-ਸ਼ੋਰ ਨਾਲ ਪ੍ਰਚਾਰੀ ਗਈ ਕਿ ਸਰਕਾਰ ਵਲੋਂ 10 ਲੱਖ ਕਰੋੜ ਰੁਪਏ ਦਾ ਪੂੰਜੀਗਤ ਖ਼ਰਚ ਕੀਤਾ ਜਾਵੇਗਾ, ਜਿਸ ਨਾਲ ਕਿ ਵਿਕਾਸ ਦਰ ਨੂੰ ਹੋਰ ਹੁਲਾਰਾ ਮਿਲੇਗਾ। ਪਰ ਦੂਸਰੇ ਪਾਸੇ ਵਧੇ ਕਰਜ਼ ਕਾਰਨ ਅਗਲੇ ਸਾਲ ਸਰਕਾਰ ਨੂੰ ਕੋਈ 10.8 ਲੱਖ ਕਰੋੜ ਰੁਪਏ ਖੜ੍ਹੇ ਕਰਜ਼ ਉੱਪਰ ਵਿਆਜ ਦੇਣਾ ਪਵੇਗਾ ਜੋ ਕਿ ਸਰਕਾਰ ਦੀਆਂ ਮਾਲੀ ਪ੍ਰਾਪਤੀਆਂ ਦਾ 41.5 ਫ਼ੀਸਦੀ ਬਣਦਾ ਹੈ। ਇੰਜ ਜਿੰਨਾ ਸਰਕਾਰ ਦਾ ਪੂੰਜੀਗਤ ਖ਼ਰਚ ਹੋਵੇਗਾ, ਉਸ ਤੋਂ ਜ਼ਿਆਦਾ ਇਸ ਨੂੰ ਆਪਣੇ ਉੱਪਰ ਖੜ੍ਹੇ ਕਰਜ਼ ਉੱਪਰ ਵਿਆਜ ਅਦਾ ਕਰਨਾ ਪਵੇਗਾ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਾਲ 2022-23 ਦੇ ਅੰਤ ਤੱਕ ਕੇਂਦਰ ਸਰਕਾਰ ਸਿਰ ਕੋਈ 153 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਵੇਗਾ, ਜਿਸ ਵਿਚੋਂ ਕਿ 148 ਲੱਖ ਕਰੋੜ ਰੁਪਏ ਅੰਦਰੂਨੀ ਅਤੇ 5 ਲੱਖ ਕਰੋੜ ਰੁਪਏ ਦੇਸ਼ ਤੋਂ ਬਾਹਰੀ ਕਰਜ਼ਾ ਹੋਵੇਗਾ। ਇੰਜ ਹਰੇਕ ਭਾਰਤੀ ਦੇ ਸਿਰ 'ਤੇ ਇਕ ਲੱਖ ਰੁਪਏ ਤੋਂ ਵਧੇਰੇ ਦਾ ਕਰਜ਼ਾ ਬਣਦਾ ਹੈ ਜੋ ਕਿ ਕੇਵਲ ਕੇਂਦਰ ਸਰਕਾਰ ਦਾ ਹੀ ਹੈ। ਸੂਬਾ ਸਰਕਾਰਾਂ ਵਲੋਂ ਲਿਆ ਕਰਜ਼, ਜਿਵੇਂ ਕਿ ਪੰਜਾਬ ਦੇ ਸਿਰ ਖੜ੍ਹੇ ਕਰਜ਼ ਦੇ ਰਾਸ਼ੀ ਅਨੁਸਾਰ ਹਰ ਪੰਜਾਬੀ ਸਿਰ ਇਕ ਲੱਖ ਰੁਪਏ ਦੇ ਕਰੀਬ ਹੈ, ਉਹ ਇਸ ਤੋਂ ਵੱਖਰਾ ਹੈ।
ਜੇਕਰ ਕੇਂਦਰ ਸਰਕਾਰ ਦੀ ਕਰਜ਼-ਘਰੇਲੂ ਉਤਪਾਦ ਦਰ ਵੇਖੀ ਜਾਵੇ ਤਾਂ ਇਹ ਵੀ ਬਹੁਤ ਹੀ ਜ਼ਿਆਦਾ ਹੈ। ਬਜਟ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਅਨੁਸਾਰ ਸਾਲ 2022-23 ਵਾਸਤੇ ਭਾਰਤ ਦਾ ਕਰਜ਼-ਘਰੇਲੂ ਉਤਪਾਦ ਦਰ 84 ਫ਼ੀਸਦੀ ਦੇ ਕਰੀਬ ਰਹੇਗਾ, ਜੋ ਕਿ ਪੰਜਾਬ ਵਰਗੇ ਸਭ ਤੋਂ ਕਰਜ਼ਾਈ ਸੂਬਿਆਂ ਦਾ ਕਰਜ਼-ਘਰੇਲੂ ਉਤਪਾਦ ਦਰ ਨਾਲੋਂ ਕਿਤੇ ਜ਼ਿਆਦਾ ਹੈ। ਕਈ ਵਾਰ ਇੰਜ ਵੀ ਪ੍ਰਤੀਤ ਹੁੰਦਾ ਹੈ ਕਿ ਸੂਬਾ ਸਰਕਾਰਾਂ ਵੀ ਕੇਂਦਰ ਵੱਲ ਵੇਖ ਕੇ ਇਸੇ ਤਰ੍ਹਾਂ ਨਾਲ ਕਰਜ਼ ਲਈ ਜਾ ਰਹੀਆਂ ਹਨ ਕਿ ਜੇਕਰ ਕੇਂਦਰ ਸਰਕਾਰ ਬੇਤਹਾਸ਼ਾ ਕਰਜ਼ ਲੈ ਰਹੀ ਹੈ ਤਾਂ ਅਸੀਂ ਕਿਉਂ ਘੱਟ ਕਰੀਏ। ਅਜਿਹੀ ਸਥਿਤੀ ਹੋਣ ਕਾਰਨ ਕੇਂਦਰ ਸਰਕਾਰ ਸੂਬਿਆਂ ਉੱਪਰ ਵੀ ਕਰਜ਼ ਲਏ ਜਾਣ 'ਤੇ ਕੋਈ ਲਗਾਮ ਨਹੀਂ ਲਗਾ ਸਕਦੀ। ਕੇਂਦਰ ਸਰਕਾਰ ਵਲੋਂ ਏਨਾ ਜ਼ਿਆਦਾ ਕਰਜ਼ ਲੈਣ ਦਾ ਇਕ ਪ੍ਰਭਾਵ ਇਹ ਵੀ ਹੋਵੇਗਾ ਕਿ ਬਾਜ਼ਾਰ ਵਿਚ ਕਰਜ਼ ਲਈ ਉਪਲਬਧ ਸੀਮਤ ਪੈਸਾ ਹੀ ਹੁੰਦਾ ਹੈ, ਜਿਸ ਵਿਚੋਂ ਇਕ ਵੱਡਾ ਹਿੱਸਾ ਤਾਂ ਕੇਂਦਰ ਸਰਕਾਰ ਨੇ ਲੈ ਲਿਆ ਹੈ। ਹੁਣ ਸੂਬਿਆਂ ਨੂੰ ਅਜਿਹੀ ਸਥਿਤੀ ਦੇ ਸਨਮੁੱਖ ਮਹਿੰਗੀ ਦਰ 'ਤੇ ਕਰਜ਼ਾ ਮਿਲੇਗਾ ਅਤੇ ਉਨ੍ਹਾਂ ਉੱਪਰ ਵਿਆਜ ਅਦਾਇਗੀਆਂ ਦਾ ਬੋਝ ਹੋਰ ਵੀ ਜ਼ਿਆਦਾ ਵਧੇਗਾ।
ਇੰਜ ਸਮੁੱਚੇ ਰੂਪ ਵਿਚ ਕੇਂਦਰੀ ਬਜਟ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਮਾਲੀ ਅਤੇ ਪੂੰਜੀ ਖ਼ਰਚ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਅਤੇ ਇਸ ਦਾ ਇਕ ਵੱਡਾ ਹਿੱਸਾ ਬਾਜ਼ਾਰ ਵਿਚੋਂ ਕਰਜ਼ਾ ਲੈ ਕੇ ਪੂਰਾ ਕੀਤਾ ਜਾਵੇਗਾ। ਇਸ ਨਾਲ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਸਿਰ ਜਿੱਥੇ ਇਕ ਪਾਸੇ ਖੜ੍ਹੇ ਕਰਜ਼ੇ ਦਾ ਬੋਝ ਵਧੇਗਾ, ਉਥੇ ਹੀ ਇਸ ਦੀਆਂ ਮਾਲੀ ਪ੍ਰਾਪਤੀਆਂ ਵਿਚੋਂ ਇਕ ਵੱਡਾ ਹਿੱਸਾ ਇਸ ਕਰਜ਼ ਦੇ ਵਿਆਜ ਦੀ ਅਦਾਇਗੀ ਉਪਰ ਖ਼ਰਚ ਹੋ ਜਾਵੇਗਾ। ਇੰਜ ਕੇਂਦਰ ਸਰਕਾਰ ਵੀ ਸੂਬਾ ਸਰਕਾਰਾਂ ਵਾਂਗ ਜ਼ਿਆਦਾ ਕਰਜ਼ਾ ਚੁੱਕ ਕੇ ਕਰਜ਼ ਜਾਲ ਵੱਲ ਵਧਦੀ ਨਜ਼ਰ ਆ ਰਹੀ ਹੈ।
bsvirk97@gmail.combsvirk97@gmail.com
ਉਮਰ ਵੀ ਕੀ ਚੀਜ਼ ਹੈ। ਇਸ ਮਹੀਨੇ, ਇਕ ਵਰ੍ਹੇ ਦਾ ਇਜ਼ਾਫਾ ਹੋ ਜਾਂਦਾ ਹੈ, ਮੇਰੇ ਵਰਗੇ ਕਈਆਂ ਦੀ ਉਮਰ ਵਿਚ। ਏਸ ਪੜਾਅ 'ਤੇ ਪਹੁੰਚ, ਨਜ਼ਰੀਆ ਹੀ ਕੁਝ ਹੋਰ ਹੋ ਗਿਆ। ਇਕ ਬਦਲਾਅ, ਆਪਣੇ ਆਲੇ-ਦੁਆਲੇ ਵੇਖਿਆ। ਪਿਛਲੀ ਪੀੜ੍ਹੀ ਵਿਚ ਲੋਕਾਂ ਦਾ ਬਜ਼ੁਰਗੀ ਪ੍ਰਤੀ ਸਮਰਪਣ, ਬਹੁਤ ...
ਦੇਸ਼ ਦਾ ਇਕ ਨੌਜਵਾਨ ਆਈ.ਏ.ਐਸ. ਅਫ਼ਸਰ ਕਿਸੇ ਪ੍ਰੋਗਰਾਮ ਦੌਰਾਨ ਇਕ ਕਾਲਜ ਦੇ ਨੌਜਵਾਨਾਂ ਨੂੰ ਸੰਬੋਧਿਤ ਹੁੰਦਿਆਂ ਅਪੀਲ ਕਰਦਿਆਂ ਆਖ ਰਿਹਾ ਸੀ ਕਿ ਭੇਡ-ਚਾਲ ਵਿਚ ਬਾਹਰ (ਵਿਦੇਸ਼) ਨਾ ਜਾਓ ਬਲਕਿ ਇੱਥੇ ਰਹਿ ਕੇ ਹੀ ਆਪਣਾ ਭਵਿੱਖ ਵਧੀਆ ਬਣਾਉਣ ਲਈ ਮਿਹਨਤ ਕਰੋ। ਮੈਂ ਉਸ ਦੇ ...
ਭੁਚਾਲ ਨੇ ਇਕ ਵਾਰ ਫਿਰ ਵਿਸ਼ਵ ਮਾਨਵਤਾ ਨੂੰ ਦਹਿਲਾ ਦਿੱਤਾ ਹੈ। ਇਸ ਵਾਰ ਇਸ ਭੁਚਾਲ ਦਾ ਕੇਂਦਰ ਤੁਰਕੀ ਅਤੇ ਸੀਰੀਆ ਬਣੇ ਹਨ, ਜਿੱਥੇ 7.8 ਦੀ ਉੱਚ ਤੀਬਰਤਾ ਵਾਲੇ ਇਸ ਭੁਚਾਲ ਨੇ ਵੱਡੀ ਤਬਾਹੀ ਮਚਾਈ ਹੈ। ਭੁਚਾਲ ਦਾ ਕਹਿਰ ਸੀਰੀਆ 'ਚ ਜ਼ਿਆਦਾ ਵਰਤਿਆ, ਜਦੋਂ ਕਿ ਤੁਰਕੀ 'ਚ ਵੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX