ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  58 minutes ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  about 1 hour ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  about 1 hour ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  about 1 hour ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  about 1 hour ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  51 minutes ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 2 hours ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 2 hours ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 2 hours ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  about 2 hours ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 2 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 3 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 3 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 3 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 3 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 4 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 4 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 5 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 5 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 5 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 5 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  about 5 hours ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 5 hours ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 17 ਸਾਉਣ ਸੰਮਤ 553
ਵਿਚਾਰ ਪ੍ਰਵਾਹ: ਖੇਡ ਵਿਚ ਜਿੱਤ ਨਹੀਂ, ਸਗੋਂ ਸੰਘਰਸ਼ ਦੀ ਸ਼ਾਨ ਅਹਿਮ ਹੁੰਦੀ ਹੈ। -ਜੋ ਪੈਟਰਨੋ

ਤੁਹਾਡੇ ਖ਼ਤ

31-07-2021

 ਇਲਾਕਾ ਧਰਮਕੋਟ (ਮੋਗਾ) ਦਾ ਇਤਿਹਾਸ
ਲੇਖਕ : ਡਾ. ਸੁਰਜੀਤ ਚੰਦਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 400 ਰੁਪਏ, ਸਫ਼ੇ : 352
ਸੰਪਰਕ : 98880-81547.


'ਇਲਾਕਾ ਧਰਮਕੋਟ (ਮੋਗਾ) ਦਾ ਇਤਿਹਾਸ' ਡਾ. ਸੁਰਜੀਤ ਚੰਦਰ ਦੁਆਰਾ ਲਿਖੀ ਹੋਈ ਇਹ ਵੱਡ ਆਕਾਰੀ ਪੁਸਤਕ ਕਾਫ਼ੀ ਮਿਹਨਤ ਦਾ ਨਤੀਜਾ ਹੈ। ਇਸ ਪੁੁਸਤਕ ਨੂੰ ਲਿਖਣ ਲੱਗਿਆਂ ਲੇਖਕ ਨੂੰ ਕਈ ਹੋਰ ਪੁਸਤਕਾਂ ਦਾ ਵੀ ਲਾਜ਼ਮੀ ਅਧਿਐਨ ਕਰਨਾ ਪਿਆ ਹੈ। ਜਿਹੜੇ ਵਿਅਕਤੀ ਇਸ ਇਲਾਕੇ ਸਬੰਧੀ ਖੋਜ ਭਰਪੂਰ ਅਤੇ ਪ੍ਰਮਾਣਿਕ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਹੋਣਗੇ, ਉਨ੍ਹਾਂ ਲਈ ਇਹ ਪੁਸਤਕ ਰਾਹ ਦਸੇਰਾ ਬਣੇਗੀ। ਲੇਖਕ ਨੇ ਇਲਾਕਾ ਧਰਮਕੋਟ ਸਬੰਧੀ ਧਾਰਮਿਕ, ਸੱਭਿਆਚਾਰਕ, ਇਤਿਹਾਸਕ, ਸਮਾਜਿਕ, ਭੂਗੋਲਿਕ ਅਤੇ ਆਰਥਿਕ ਗਤੀਵਿਧੀਆਂ ਸਬੰਧੀ ਚੰਗੀ ਜਾਣਕਾਰੀ ਦੇਣ ਦਾ ਯਤਨ ਕੀਤਾ ਹੈ।
ਪੁਸਤਕ ਦੀ ਬਾਹਰੀ ਦਿੱਖ ਆਕਸ਼ਰਕ ਹੈ ਅਤੇ ਇਸ ਦੇ ਅੰਤ 'ਚ ਕੁਝ ਮਹੱਤਵਪੂਰਨ ਜਾਣਕਾਰੀ ਦੇਣ ਵਾਲੀਆਂ ਰੰਗੀਨ ਤਸਵੀਰਾਂ ਵੀ ਛਾਪੀਆਂ ਗਈਆਂ ਹਨ। ਲੇਖਕ ਨੇ ਪੁਸਤਕ ਨੂੰ 18 ਅਧਿਆਏ 'ਚ ਵੰਡਿਆ ਹੈ ਅਤੇ ਹਰੇਕ ਅਧਿਆਏ 'ਚ ਵੱੱਖਰੀ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ। ਜਿਵੇਂ ਧਰਮਕੋਟ ਦਾ ਪੁਰਾਤਨ ਤੇ ਵਰਤਮਾਨ ਸਰੂਪ, ਪਿੰਡ ਕੁੱਤਬਪੁਰ ਤੋਂ ਧਰਮਕੋਟ ਸ਼ਹਿਰ, ਧਰਮਕੋਟ ਦੀ ਪ੍ਰਾਚੀਨਤਾ, ਪਿਛੋਕੜ ਤੇ ਇਤਿਹਾਸਿਕਤਾ, ਤਾਰਾ ਸਿੰਘ ਕੰਗ, ਇਸ ਇਲਾਕੇ ਦੇ ਪਿੰਡਾਂ ਸਬੰਧੀ, ਮੇਲਿਆਂ, ਧਾਰਮਿਕ ਸੰਸਥਾਵਾਂ, ਸਾਹਿਤਕਾਰਾਂ, ਲਹਿਰਾਂ, ਧਰਮ ਤੇ ਸੰਤ ਸਮਾਜ, ਜ਼ਿਲ੍ਹਾ ਹੈੱਡਕੁਆਰਟਰ ਮੋਗਾ, ਸੁਤੰਤਰਤਾ ਸੰਗਰਾਮ, ਰਾਜਸੀ ਤੇ ਸਮਾਜਿਕ ਵਿਸ਼ਿਆਂ ਸਬੰਧੀ ਲੇਖਕ ਨੇ ਨਿੱੱਠ ਕੇ ਜਾਣਕਾਰੀ ਦਿੱਤੀ ਹੈ। ਗੱਲ ਕਿ ਲੇਖਕ ਨੇ ਧਰਮਕੋਟ ਇਲਾਕੇ ਦੇ ਸਾਰੇ ਹੀ ਪੱਖਾਂ ਨੂੰ ਉਜਾਗਰ ਕਰਨ ਲਈ ਕਾਫ਼ੀ ਮਿਹਨਤ ਵਾਲਾ ਖੋਜ ਕਾਰਜ ਕੀਤਾ ਹੈ। ਪੁਸਤਕ ਦੇ ਸ਼ੁਰੂ 'ਚ ਲੇਖਕ ਧਰਮਕੋਟ ਨਾਲ ਆਪਣੀ ਬਚਪਨ ਦੀ ਸਾਂਝ ਦਾ ਜ਼ਿਕਰ ਕਰਦਾ ਹੈ। ਲੇਖਕ ਨੇ ਧਰਮਕੋਟ ਦੇ ਨਾਲ ਲਗਦੇ ਪਿੰਡਾਂ ਦੇ ਪਿਛੋਕੜ, ਨਾਲਿਆਂ, ਦਰਿਆ ਸਤਲੁਜ, ਥੇਹਾਂ, ਝਿੜੀ ਆਦਿ ਸਬੰਧੀ ਜਾਣਕਾਰੀ ਦਿੱਤੀ ਹੈ। ਧਰਮਕੋਟ ਸ਼ਹਿਰ ਬਣਨ ਤੋਂ ਪਹਿਲਾਂ ਇਹ ਪਿੰਡ ਕੁੱਤਬਪੁਰ ਵਜੋਂ ਜਾਣਿਆ ਜਾਂਦਾ ਸੀ। ਇਸ ਪਿੰਡ ਦੇ ਮੋੜੀ ਗੱਡ ਮੰਞ ਵੰਸਜ਼ ਮੁਸਲਮਾਨ ਕੁੱਤਬ ਖਾਂ ਸੀ ਅਤੇ ਇਹ ਪਿੰਡ 1606 ਤੋਂ ਪਿੱਛੋਂ ਵਸਿਆ ਪਿੰਡ ਹੈ। ਸ. ਤਾਰਾ ਸਿੰਘ ਕੰਗ ਇਸ ਇਲਾਕੇ ਦਾ ਪਹਿਲਾ ਸ਼ਾਸਕ ਹੈ, ਜਿਸ ਨੇ ਇਸ ਇਲਾਕੇ 'ਚ 48 ਸਾਲ ਅਮਨ-ਸ਼ਾਂਤੀ ਦਾ ਮਾਹੌਲ ਬਣਾਇਆ। ਇਸ ਨਗਰ ਦਾ ਨਾਂਅ ਕੰਗ ਨੇ ਹੀ ਆਪਣੀ ਸਤਿਕਾਰਤ ਮਾਤਾ ਧਰਮ ਕੌਰ ਦੇ ਨਾਂਅ 'ਤੇ ਧਰਮਕੋਟ ਰੱਖਿਆ। 1807 ਈਸਵੀ 'ਚ ਜਦ ਤਾਰਾ ਸਿੰਘ ਕੰਗ ਦੀ ਮੌਤ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਉੱਪਰ ਆਪਣਾ ਕਬਜ਼ਾ ਕਰ ਲਿਆ। ਧਰਮਕੋਟ ਇਸ ਸਮੇਂ ਪੰਜਾਬ ਦੇ ਹਰ ਪੱਖੋਂ ਇਕ ਖ਼ੁਸ਼ਹਾਲ ਇਲਾਕੇ ਵਜੋਂ ਆਪਣੀ ਵੱਖਰੀ ਪਛਾਣ ਰੱਖਦਾ ਹੈ ਅਤੇ ਇਸ ਨੇ ਵੱਖ-ਵੱਖ ਖੇਤਰਾਂ 'ਚ ਕਈ ਨਾਮੀ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ।


ਮੋਹਰ ਗਿੱਲ ਸਿਰਸੜੀ
ਮੋ: 98156-59110


ਭਗਤ ਨਾਮਦੇਵ
ਬਾਣੀ ਅਤੇ ਚਿੰਤਨ

ਵਿਆਖਿਆਕਾਰ : ਬਲਦੇਵ ਸਿੰਘ ਬੱਦਨ, ਧਰਮਪਾਲ ਸਿੰਗਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 099588-31357.


ਮੱਧਕਾਲੀਨ ਪੰਜਾਬੀ ਅਧਿਆਤਮਕ ਕਾਵਿ ਦੇ ਸੰਕਲਨ, ਸੰਪਾਦਨ ਅਤੇ ਵਿਸ਼ਲੇਸ਼ਣ ਦੇ ਪ੍ਰਸੰਗ ਵਿਚ ਡਾ. ਬੱਦਨ ਅਤੇ ਡਾ. ਸਿੰਗਲ ਦੇ ਜੋੜੇ ਨੇ ਪੂਰਨ ਭਾਂਤ ਇਕਾਗਰਚਿੱਤ ਹੋ ਕੇ ਪੂਰੀ ਨਿਸ਼ਠਾ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ। ਭਗਤ ਨਾਮਦੇਵ ਜੀ ਦੇ ਆਗਮਨ ਨਾਲ ਉੱਤਰੀ ਭਾਰਤ ਵਿਚ ਭਗਤੀ ਲਹਿਰ ਦਾ ਸ਼ੁੱਭਆਰੰਭ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਨਾਮਦੇਵ ਜੀ ਦੀ ਬਾਣੀ ਨੂੰ ਪ੍ਰਾਸੰਗਿਕ ਅਤੇ ਯੁੱਗ ਅਨੁਕੂਲ ਜਾਣ ਕੇ, ਸਮੂਹ ਭਾਰਤ ਵਾਸੀਆਂ ਨੂੰ ਚੇਤੰਨ ਕਰਨ ਦੇ ਪਵਿੱਤਰ ਆਸ਼ੇ ਨਾਲ ਇਕੱਤਰ ਕਰ ਲਿਆ ਸੀ, ਜੋ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਹੋ ਗਈ ਸੀ। ਵਿਦਵਾਨ ਸੰਪਾਦਕਾਂ ਨੇ ਭਗਤੀ ਸਾਹਿਤ ਅਤੇ ਨਾਮਦੇਵ ਜੀ ਦੇ ਯੋਗਦਾਨ ਬਾਰੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਸਵਾ ਸੌ ਤੋਂ ਵੀ ਵੱਧ ਪੁਸਤਕਾਂ ਦਾ ਤੁਲਨਾਤਮਿਕ ਅਧਿਐਨ ਕਰ ਕੇ ਇਸ ਪੋਥੀ ਨੂੰ ਤਿਆਰ ਕੀਤਾ ਹੈ। ਬਹੁਤ ਸਾਰੇ ਨਵੇਂ ਸਰੋਤਾਂ ਬਾਰੇ ਪੰਜਾਬੀ ਪਾਠਕਾਂ ਨੂੰ ਦੱਸ ਪਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ 61 ਸ਼ਬਦਾਂ (ਪਦਿਆਂ) ਤੋਂ ਬਿਨਾਂ ਹੋਰ ਵੀ ਕਈ ਪਦਿਆਂ ਦੀ ਲਿਖਤ ਨੂੰ ਸ਼ਾਮਿਲ ਕੀਤਾ ਹੈ, ਜਿਸ ਕਾਰਨ ਪੁਸਤਕ ਦਾ ਮਹੱਤਵ ਵਧ ਗਿਆ ਹੈ। ਇਸ ਪੁਸਤਕ ਦੀ ਸਾਰੀ ਸਮੱਗਰੀ ਨੂੰ ਵਿਉਂਤਬੱਧ ਕਰਕੇ 8 ਅਧਿਆਇ ਬਣਾਏ ਗਏ ਹਨ : 1. ਭਗਤੀ ਲਹਿਰ, 2. ਜੀਵਨੀ, 3. ਸ਼ਖ਼ਸੀਅਤ/ਚਰਿੱਤਰ, 4. ਜੀਵਨ ਨਾਲ ਜੁੜੀਆਂ ਕਰਾਮਾਤਾਂ/ਦੰਤ-ਕਥਾਵਾਂ, 5 ਅਧਿਆਤਮਕ ਵਿਚਾਰਧਾਰਾ, 6. ਹਿੰਦੀ ਬਾਣੀ ਦਾ ਪੰਜਾਬੀ ਰੂਪ, 7. ਆਦਿ (ਗੁ.)/ਗ੍ਰੰਥ ਵਿਚ ਸੰਕਲਿਤ ਬਾਣੀ, 8. ਗੋਸ਼ਟਿ ਸ੍ਰੀ ਨਾਮੇ-ਤ੍ਰਿਲੋਚਨ ਕੀ। ਅੰਤ ਵਿਚ ਇਕ ਲੇਖ ਪ੍ਰਸਿੱਧ ਪੰਥਕ ਵਿਦਵਾਨ ਡਾ. ਬਲਕਾਰ ਸਿੰਘ ਦਾ ਸੰਕਲਿਤ ਹੈ, ਜਿਸ ਵਿਚ ਨਾਮਦੇਵ ਜੀ ਦੇ ਗੁਰਮਤਿ ਪਰਿਪੇਖ ਨੂੰ ਸੁਨਿਸਚਿਤ ਕੀਤਾ ਗਿਆ ਹੈ। ਇਸ ਪੁਸਤਕ ਦੀ ਇਕ ਹੋਰ ਮਹਿਮਾ ਭਗਤ ਜੀ ਦੇ ਜੀਵਨ ਨੂੰ ਬਹੁਤ ਸਾਰੇ ਸਰੋਤਾਂ ਤੋਂ ਇਕੱਤਰ ਕਰਕੇ ਤੁਲਨਾਤਮਿਕ ਲੇਖਣ-ਵਿਧੀ ਨਾਲ ਪ੍ਰਮਾਣਿਕ ਬਣਾਉਣਾ ਹੈ।
ਇਹ ਤੱਥ ਤਾਂ ਨਿਰਵਿਵਾਦ ਹੈ ਕਿ ਭਗਤ ਜੀ ਇਕ ਮਹਾਨ ਸੰਗੀਤਕਾਰ ਅਤੇ ਉਤਕ੍ਰਿਸ਼ਟ ਕਵੀ ਸਨ। ਕਾਵਿ-ਸਿਰਜਣਾ ਵਿਚ ਕੀਤੇ ਅਨੇਕ ਅਦਭੁੱਤ ਪ੍ਰਯੋਗ ਆਪ ਦੀ ਕਾਵਿ-ਕੀਰਤੀ ਨੂੰ ਪੁਸ਼ਟ ਕਰਦੇ ਹਨ। ਸਮੁੱਚੀ ਬਾਣੀ ਭਾਰਤ ਦੇ ਸ਼ਾਸਤਰੀ ਰਾਗਾਂ ਵਿਚ ਰਚੀ ਗਈ ਹੈ, ਜਿਸ ਨੂੰ ਆਪ ਖ਼ੁਦ ਇਕ ਤੰਬੂਰੇ ਦੇ ਮਾਧਿਅਮ ਦੁਆਰਾ ਗਾਇਆ ਕਰਦੇ ਸਨ। ਆਪ ਦੀ ਮਹਿਮਾ ਅਪਰੰਪਾਰ ਹੈ। ਵਿਦਵਾਨ ਸੰਪਾਦਕਾਂ ਨੇ ਆਪ ਦੇ ਜੀਵਨ, ਵਿਚਾਰਧਾਰਾ ਅਤੇ ਅਧਿਆਤਮਕ ਸਰੋਕਾਰਾਂ ਬਾਰੇ ਪੂਰਨ ਨਿਹਚੇ ਨਾਲ ਲਿਖਿਆ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਯਾਦਾਂ ਵਿਚ ਵਸਦੇ ਪਲ
ਕਵੀ : ਸੁੱਖਵਿੰਦਰ ਸਿੰਘ ਬੋਦਲਾਂਵਾਲਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 0172-4027552.


'ਯਾਦਾਂ ਵਿਚ ਵਸਦੇ ਪਲ' ਹਥਲੀ ਪੁਸਤਕ ਅਮਰੀਕਾ ਵਸਦੇ ਸ਼ਾਇਰ ਸੁੱਖਵਿੰਦਰ ਸਿੰਘ ਬੋਦਲਾਂਵਾਲਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਸੰਗ੍ਰਹਿ 'ਚ ਉਸ ਦੀਆਂ 88 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਕਵੀ ਨੇ ਵੱਖ-ਵੱਖ ਮਾਨਵੀ ਗੰਭੀਰ ਸਮੱਸਿਆਵਾਂ ਨੂੰ ਰੂਪਮਾਨ ਕੀਤਾ ਹੈ। ਕਵੀ ਅਨੁਸਾਰ ਰਾਜਨੀਤੀ ਹੁਣ ਸੇਵਾ ਨਹੀਂ ਰਹੀ ਸਗੋਂ ਇਕ ਧੰਦਾ ਬਣ ਗਿਆ ਹੈ। ਚੋਣਾਂ ਨੇੜੇ ਆਉਣ ਸਮੇਂ ਲੀਡਰਾਂ ਦੀਆਂ ਵੋਟ-ਵਟੋਰੂ ਚਾਲਾਂ ਕਵੀ ਨੂੰ ਡਾਢੀਆਂ ਅਖਰਦੀਆਂ ਹਨ। ਨਸ਼ਿਆਂ ਦੇ ਦਿਨ ਪ੍ਰਤੀ ਦਿਨ ਵਧ ਰਹੇ ਰੁਝਾਨ ਤੋਂ ਉਹ ਬੇਹੱਦ ਚਿੰਤਾਵਾਨ ਜਾਪਦਾ ਹੈ :
ਕਿਸੇ ਨੇ ਰੇਤਾ, ਕਿਸੇ ਨੇ ਚਿੱਟਾ, ਵੇਚ ਵੇਚ ਕੇ ਢਿੱਡ ਨੇ ਭਰ ਲਏ।
ਹੁਣ ਨਹੀਓਂ ਸਾਥੋਂ ਜਰੇ ਨੇ ਜਾਣੇ, ਮਾਵਾਂ ਨੇ ਬੜੇ ਹਾਉਕੇ ਭਰ ਲਏ। ( ਪੰਨਾ ਨੰ: 5)
ਸੱਭਿਆਚਾਰਕ ਦਾਇਰੇ 'ਚ ਰਹਿ ਕੇ ਨਰੋਆ ਸਾਹਿਤ ਲਿਖਣ ਅਤੇ ਗਾਉਣ ਵਾਲਿਆਂ ਦਾ ਉਹ ਕਦਰਦਾਨ ਹੈ। ਆਪਣੇ ਪਿੰਡ ਬੋਦਲਾਂ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਕਵੀ ਨੇ ਇਕ ਕਵਿਤਾ ਰਾਹੀਂ ਬਾਖ਼ੂਬੀ ਬਿਆਨਿਆ ਹੈ। ਧਰਮ ਦੀ ਆੜ 'ਚ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ ਤੋਂ ਉਹ ਜਨਤਾ ਨੂੰ ਸੁਚੇਤ ਰਹਿਣ ਦਾ ਹੋਕਾ ਦਿੰਦਾ ਹੈ। ਕਵੀ ਪੁਰਾਣੇ ਅਤੇ ਸੁਹਾਣੇ ਦਿਨਾਂ ਨੂੰ ਧੁਰ ਅੰਦਰੋਂ ਯਾਦ ਕਰਦਾ ਲਿਖਦਾ ਹੈ :
ਸਿਆਲ ਦੀ ਧੂਣੀ, ਕੱਠੇ ਰਲ ਬਹਿਣਾ
ਦੁੱਖ-ਸੁੱਖ ਸੁਣਨਾ, ਸੁੱਖ ਦੁੱਖ ਕਹਿਣਾ
ਹੋਲਾਂ ਭੁੰਨ-ਭੁੰਨ ਖਾਣੀਆਂ ਯਾਰੋ
ਸਮੇਂ ਦਾ ਕੰਮ ਤਾਂ ਚੱਲਦੇ ਰਹਿਣਾ।
ਪਿੱਛੇ ਕੁਝ ਰਹਿ ਜਾਂਦੇ ਚਿੰਨ
ਪੁਰਾਣੇ ਦਿਨ, ਸੁਹਾਵੇ ਦਿਨ।
ਅਜੋਕੇ ਕਲਯੁੱਗ ਦੇ ਦੌਰ 'ਚ ਇਨਸਾਨ ਵਲੋਂ ਇਨਸਾਨ ਦਾ ਵੈਰੀ ਬਣਨਾ, ਰਿਸ਼ਤੇ-ਨਾਤਿਆਂ ਦਾ ਵਿਸ਼ਵਾਸ ਤੋਂ ਖੋਖਲੇ ਹੋਣਾ, ਭਾਈਚਾਰਕ ਸਾਂਝ ਦੀਆਂ ਤੰਦਾਂ ਦਾ ਦਿਨੋ-ਦਿਨ ਹੋਰ ਕਮਜ਼ੋਰ ਹੋਣਾ ਕਵੀ ਨੂੰ ਬੇਚੈਨ ਕਰਦਾ ਹੈ। ਕਵੀ ਕੋਰੋਨਾ ਵਾਇਰਸ ਵਰਗੀ ਵਿਸ਼ਵ ਵਿਆਪੀ ਬਿਮਾਰੀ ਤੋਂ ਮਨੁੱਖਤਾ ਨੂੰ ਸਬਕ ਲੈਣ ਦੀ ਪ੍ਰੇਰਨਾ ਦਿੰਦਾ ਕੁਦਰਤ ਨਾਲ ਖਿਲਵਾੜ ਨਾ ਕਰਨ ਲਈ ਆਖਦਾ ਹੈ :
ਕੁਦਰਤ ਨਾ ਰਚ ਮਿਚ ਰਹਿਣਾ ਸਿਖ, ਕੁਝ ਉੱਠਣ, ਬਹਿਣਾ, ਕਹਿਣਾ ਸਿਖ
ਖ਼ੁਦ ਹੱਸ ਵੱਸ ਸਭ ਨੂੰ ਵੱਸਣ ਵੀ ਦੇ, ਕੁਝ ਰਮਜ਼ਾਂ ਉਸ ਸਮਝਾਈਆਂ ਨੇ।
ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਾਵਿ ਰਚਨਾਵਾਂ ਸਾਡੇ ਅਜੋਕੇ ਸਮਾਜ ਨੂੰ ਉਸਾਰੂ ਸੇਧ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ।


ਮਨਜੀਤ ਸਿੰਘ ਘੜੈਲੀ
ਮੋ: 98153-91625


ਪੌਣਾਂ ਦੀ ਸਰਗਮ
ਲੇਖਿਕਾ : ਜਸਪ੍ਰੀਤ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 380 ਰੁਪਏ, ਸਫ਼ੇ : 72
ਸੰਪਰਕ : 94636-65340.


'ਪੌਣਾਂ ਦੀ ਸਰਗਮ' ਕਾਵਿ-ਸੰਗ੍ਰਹਿ ਕਾਦਰ ਤੇ ਕੁਦਰਤ ਨੂੰ ਧੁਰ ਅੰਦਰੋਂ ਮਹਿਸੂਸ ਕਰਨ ਵਾਲੀ ਕਵਿੱਤਰੀ ਜਸਪ੍ਰੀਤ ਕੌਰ ਦਾ ਲਿਖਿਆ ਹੋਇਆ ਹੈ। ਇਹ ਕਾਵਿ ਸੰਗ੍ਰਹਿ ਉਸ ਨੇ ਆਪਣੀ ਮਾਂ ਪ੍ਰਕਾਸ਼ ਕੌਰ ਅਤੇ ਬੇਟੀ ਗੁਰਲੀਨ ਨੂੰ ਸਮਰਪਿਤ ਕਰਦਿਆਂ ਇਹ ਤਸਦੀਕ ਕਰ ਦਿੱਤਾ ਹੈ ਕਿ ਕੁਦਰਤ ਦੇ ਅਜ਼ਲੀ ਵਰਤਾਰੇ 'ਚ ਅਤੀਤ, ਵਰਤਮਾਨ ਅਤੇ ਭਵਿੱਖ ਕਿੰਨਾ ਮਹੱਤਵਪੂਰਨ ਹੈ, ਮਨੁੱਖੀ ਜ਼ਿੰਦਗੀ ਦੀ ਜੀਵੰਤ ਖੇਡ ਖੇਡਣ ਲਈ। ਇਸੇ ਲਈ ਉਸ ਦੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਕਾਵਿ-ਪਾਠਕ ਕੁਦਰਤ ਦੀ ਰਚੀ ਬ੍ਰਹਿਮੰਡਕ ਸੋਚ ਦੇ ਆਰ-ਪਾਰ ਪਰਿਕਰਮਾ ਕਰਦਿਆਂ ਮਨੁੱਖੀ ਜੀਵਨ ਦੀ ਸਾਰਥਿਕਤਾ ਦਾ ਅਨੁਭਵ ਕਰਨ ਲਗਦਾ ਹੈ। ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਅਨੁਸਾਰ :
ਸੂਰਜ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ।
ਵੰਨ-ਸੁਵੰਨਤਾ ਕੁਦਰਤ ਦੇ ਹਰ ਵਰਤਾਰੇ 'ਚੋਂ ਝਲਕਦੀ ਹੈ। ਉਹ ਭਾਵੇਂ ਰੁੱਤਾਂ ਹੋਣ, ਮਨੁੱਖੀ ਜੀਵਨ ਹੋਵੇ, ਭਾਵੇਂ ਪੰਛੀਆਂ, ਪਰਿੰਦਿਆਂ, ਜਾਨਵਰਾਂ ਦਾ ਸੰਸਾਰ ਹੋਵੇ, ਚਾਹੇ ਬਨਸਪਤੀ ਦਾ ਸੰਸਾਰ ਹੋਵੇ, ਅਨੇਕਤਾ 'ਚ ਏਕਤਾ, ਏਕਤਾ ਵਿਚ ਅਨੇਕਤਾ ਦੇ ਪਸਾਰੇ ਦੀ ਝਲਕ ਥਾਂ-ਪੁਰ-ਥਾਂ ਝਲਕਦੀ ਦਿਖਾਈ ਦਿੰਦੀ ਹੈ। ਖੂਬਸੂਰਤ ਭਾਸ਼ਾ ਦੀ ਬਣਤਰ ਬਣਾਉਂਦਿਆਂ ਕਵਿੱਤਰੀ ਮਨੁੱਖਾਂ, ਪੰਛੀਆਂ, ਪਰਿੰਦਿਆਂ, ਫੁੱਲਾਂ, ਬੂਟਿਆਂ ਆਦਿ ਸ਼ਬਦਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਦੇ ਮਨੁੱਖੀ ਜੀਵਨ 'ਚ ਵਾਪਰਦੇ ਦੁੱਖ-ਸੁੱਖ, ਖੁਸ਼ੀ-ਗ਼ਮੀ, ਹਾਸੇ-ਰੋਸੇ ਆਦਿ ਵਰਤਾਰਿਆਂ ਨੂੰ ਅੰਤਰੀਵ ਅਤੇ ਬਾਹਰੀ ਸਰੋਕਾਰਾਂ ਨਾਲ ਇਕ-ਮਿਕ ਕਰਦਿਆਂ ਕਾਦਰ-ਕੁਦਰਤ-ਬ੍ਰਹਿਮੰਡ ਆਦਿ ਦੇ ਮੰਜ਼ਰ, ਸਮੂਰਤ ਅਤੇ ਅਮੂਰਤ ਬਣਾ ਦਿੰਦੀ ਹੈ। ਇਹ ਕਾਰਜ ਉਹ ਕਿਤੇ ਸ਼ਬਦਾਂ ਰਾਹੀਂ ਕਰਦੀ ਹੈ ਅਤੇ ਕਿਤੇ ਕੈਮਰੇ ਦੀ ਅੱਖ ਰਾਹੀਂ ਖਿੱਚੀਆਂ ਤਸਵੀਰਾਂ ਰਾਹੀਂ ਕਰਦੀ ਹੈ। ਆਰਟ ਪੇਪਰ 'ਤੇ ਛਪੀਆਂ ਕਵਿਤਾਵਾਂ ਦੇ ਨਾਲ ਖੂਬਸੂਰਤ ਫੁੱਲਾਂ ਦੇ ਫੋਟੋਗ੍ਰਾਫ ਇਸ ਕਾਵਿ-ਪੁਸਤਕ ਦੀ ਆਭਾ ਨੂੰ ਵਧਾਉਂਦੇ ਹਨ। ਇਸ ਕਾਵਿ-ਸੰਗ੍ਰਹਿ ਵਿਚ ਲਗਭਗ 45 ਕੁ ਕਵਿਤਾਵਾਂ ਬਿਨਾਂ ਸਿਰਲੇਖ ਤੋਂ ਹਨ। ਇਹ ਕਵਿਤਾਵਾਂ ਸੁਪਨਾ, ਫੁੱਲ, ਸੂਰਜ, ਪਾਣੀ, ਧਰਤੀ, ਰੁੱਖ, ਜ਼ਿੰਦਗੀ, ਰਾਤ, ਦਿਨ, ਮਾਂ, ਬੇਟੀ ਆਦਿ ਬਿੰਬਾਂ/ਪ੍ਰਤੀਕਾਂ ਥੀਂ ਗੁਜ਼ਰਦੀ ਇਕ ਲੰਮੀ ਕਵਿਤਾ ਦਾ ਸਰੂਪ ਧਾਰਨ ਕਰ ਪੌਣਾਂ ਦੀ ਸਰਗਮ ਰਾਹੀਂ ਏਕਤਾ 'ਚੋਂ ਅਨੇਕਤਾ ਦੀਆਂ ਧੁਨੀਆਂ ਨੂੰ ਛੇੜਨ ਦਾ ਯਤਨ ਹੈ। ਸੁਰਜੀਤ ਪਾਤਰ, ਸਵਰਨਜੀਤ ਸਵੀ ਅਤੇ ਖ਼ੁਦ ਲੇਖਿਕਾ ਨੇ ਇਸ ਕਾਵਿ-ਸੰਗ੍ਰਹਿ ਦੀ ਸਿਰਜਣ-ਪ੍ਰਕਿਰਿਆ ਦੇ ਅਹਿਸਾਸ ਸਾਂਝੇ ਕਰਦਿਆਂ ਕਾਵਿਕ-ਮੰਤਵ ਦਾ ਖੁਲਾਸਾ ਕੀਤਾ ਹੈ। ਮੇਰੀ ਜਾਚੇ ਕਵਿਤਾ ਨੂੰ ਪੜ੍ਹਨਾ ਜੀਵੰਤ ਮਨੁੱਖੀ ਜ਼ਿੰਦਗੀ ਨੂੰ ਪੜ੍ਹਨਾ ਹੀ ਹੈ। ਇਹ ਅਹਿਸਾਸ ਇਸ ਕਾਵਿ-ਸੰਗ੍ਰਹਿ ਵਿਚੋਂ ਕਾਵਿ-ਪਾਠਕ ਜ਼ਰੂਰ ਹੀ ਮਹਿਸੂਸ ਕਰੇਗਾ। ਡਾ. ਜਗਤਾਰ ਧੀਮਾਨ ਨੇ ਇਸ ਕਾਵਿ-ਸੰਗ੍ਰਹਿ ਦਾ ਸੁਚੱਜਾ ਅਨੁਵਾਦ 'ਜਿੰਗਲਿੰਗ ਬਰੀਸਜ਼' ਸਿਰਲੇਖ ਹੇਠ ਕੀਤਾ ਹੈ। ਉਨ੍ਹਾਂ ਨੇ ਵੀ ਕਵਿਤਾਵਾਂ ਦਾ ਅਨੁਵਾਦ ਕਰਦਿਆਂ ਭਾਵਨਾਤਮਿਕ ਪੱਧਰ ਨੂੰ ਧਿਆਨ 'ਚ ਰੱਖਿਆ ਹੈ। ਆਸ ਕਰਦਾ ਹਾਂ ਕਿ ਕਾਵਿ-ਪਾਠਕ ਇਨ੍ਹਾਂ ਕਵਿਤਾਵਾਂ ਰਾਹੀਂ ਕਾਦਰ-ਕੁਦਰਤ, ਮਨੁੱਖ-ਬ੍ਰਹਿਮੰਡਕ ਵਰਤਾਰੇ ਨਾਲ ਦਿਲੀ ਸਾਂਝ ਪਾਉਣਗੇ। ਆਮੀਨ!


ਸੰਧੂ ਵਰਿਆਣਵੀ (ਪ੍ਰੋ:)
ਮੋ: 98786-14096


ਨਰਤਕੀ ਸਿਤਾਰਾ ਅਤੇ ਹੋਰ ਕਹਾਣੀਆਂ
ਲੇਖਕ : ਸਆਦਤ ਹਸਨ ਮੰਟੋ
ਅਨੁਵਾਦਕ : ਕਮਲਜੀਤ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 256
ਸੰਪਰਕ : 01679-241744.


ਇਹ ਪੁਸਤਕ ਉਰਦੂ ਦੇ ਪ੍ਰਸਿੱਧ ਨਾਮਾਨਿਗਾਰ ਸਆਦਤ ਹਸਨ ਮੰਟੋ ਦੀਆਂ ਕਹਾਣੀਆਂ ਅਤੇ ਉਸ ਦੀਆਂ ਕੁਝ ਨਿੱਜੀ ਯਾਦਾਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਬੰਬਈ (ਹੁਣ ਮੁੰਬਈ) ਰਹਿੰਦਿਆਂ ਫ਼ਿਲਮ ਨਗਰੀ ਵਿਚ ਕੰਮ ਕਰਦਿਆਂ ਆਪਣੀ ਕਿਸਮਤ ਅਜ਼ਮਾਈ ਕਰਦਿਆਂ ਉੱਥੇ ਉਸ ਨਾਲ ਵਾਪਰੀਆਂ ਘਟਨਾਵਾਂ ਅਤੇ ਉਸ ਨਾਲ ਵਿਚਰਨ ਵਾਲੇ ਫ਼ਿਲਮੀ ਕਲਾਕਾਰਾਂ, ਲੇਖਕਾਂ, ਫ਼ਿਲਮੀ ਅਭਿਨੇਤਰੀਆਂ ਨਾਲ ਜੁੜੇ ਕਿੱਸਿਆਂ ਨੂੰ ਪਾਠਕਾਂ ਨਾਲ ਸਾਂਝੇ ਕੀਤਾ ਹੈ, ਜਿਨ੍ਹਾਂ ਨੂੰ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਪੁਸਤਕ ਦੇ ਪਹਿਲੇ 9 ਅਧਿਆਇ ਉਸ ਦੇ ਨਿੱਜੀ ਜੀਵਨ ਨਾਲ ਸਬੰਧਿਤ ਹਨ, ਜਿਨ੍ਹਾਂ ਵਿਚ ਅਸ਼ੋਕ ਕੁਮਾਰ ਨਾਲ ਉਸ ਦੀ ਨੇੜਤਾ, ਫ਼ਿਲਮੀ ਕਹਾਣੀਆਂ ਲਿਖਣ ਲਿਖਾਉਣ ਦਾ ਤਜਰਬਾ, ਨਰਤਕੀ ਸਿਤਾਰਾ ਦੀ ਬੁਲੰਦੀ ਦੀ ਦਾਸਤਾਨ ਅਤੇ ਇਸਮਤ ਚੁਗਤਾਈ ਦੀ ਲੇਖਣੀ ਅਤੇ ਉਸ ਦੀ ਨਿੱਜੀ ਜ਼ਿੰਦਗੀ ਬਾਰੇ ਮੰਟੋ ਦਾ ਨਜ਼ਰੀਆ ਪੇਸ਼ ਕੀਤਾ ਹੈ। ਉਸ ਤੋਂ ਅਗਲੇ ਭਾਗ ਵਿਚ ਮੰਟੋ ਦੀਆਂ 7 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਉਸ ਦੀ ਬੇਬਾਕ ਲੇਖਣੀ ਦੀ ਝਲਕ ਬਾਖੂਬੀ ਮਿਲਦੀ ਹੈ। ਬਹੁਤ ਹੀ ਨਫ਼ਾਸਤ ਭਰੇ ਲਹਿਜ਼ੇ ਵਿਚ ਇਨ੍ਹਾਂ ਕਹਾਣੀਆਂ ਵਿਚ ਉੱਭਰੀਆਂ ਭਾਵਨਾਵਾਂ ਨੂੰ ਮੰਟੋ ਨੇ ਆਪਣੇ ਅੰਦਾਜ਼ ਵਿਚ ਬਿਆਨਿਆ ਹੈ। ਕਹਾਣੀ ਸ਼ਾਦੀ ਮਨੁੱਖੀ ਮਨ ਦੀ ਭਟਕਣਾ ਦਾ ਜ਼ਿਕਰ ਕਰਦੀ ਹੈ, ਜਿਸ ਵਿਚ ਭਟਕਦਾ ਹੋਇਆ ਵਿਅਕਤੀ ਵੀ ਸ਼ਾਦੀ ਬਾਰੇ ਸੋਚ ਕੇ ਘਰ ਵਾਪਸੀ ਦੀ ਰਾਹ ਤਲਾਸ਼ਦਾ ਹੈ। ਕਹਾਣੀ ਫੰਬਾ ਅਤੇ ਬਲਾਊਜ਼ ਲੜਕਪਣ ਦੇ ਅਨੁਭਵਾਂ ਨੂੰ ਬਹੁਤ ਖੂਬਸੂਰਤੀ ਨਾਲ ਬਿਆਨਦੀਆਂ ਕਹਾਣੀਆਂ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਖ਼ੁਦ ਵਿਚੋਂ ਖ਼ੁਦ ਨੂੰ ਤਲਾਸ਼ਦੇ ਮਹਿਸੂਸ ਹੁੰਦੇ ਹਨ। ਚੁਗਦ ਇਕ ਵੱਖਰੇ ਲਹਿਜੇ ਦੀ ਕਹਾਣੀ ਹੈ। ਪੰਜ ਦਿਨ ਕਹਾਣੀ ਮਰ ਰਹੀਆਂ ਭਾਵਨਾਵਾਂ ਅਤੇ ਇਨਸਾਨੀ ਫਿਤਰਤ 'ਤੇ ਚਾੜ੍ਹੇ ਜਾਂਦੇ ਮੁਲੰਮੇ ਦੇ ਉਤਰਨ ਦੀ ਕਹਾਣੀ ਹੈ, ਜਿਸ ਵਿਚ ਮਰ ਰਿਹਾ ਪ੍ਰੋਫੈਸਰ ਆਪਣੀਆਂ ਭਾਵਨਾਵਾਂ ਨੂੰ ਸਕੀਨਾ 'ਤੇ ਜ਼ਾਹਰ ਕਰਦਾ ਹੈ ਪਰ ਗੁਨਾਹਗਾਰ ਮਹਿਸੂਸ ਕਰਦਾ ਹੈ ਪਰ ਸਕੀਨਾ ਦਾ ਰਵੱਈਆ ਉਸ ਦੇ ਆਖਰੀ ਪੰਜ ਦਿਨਾਂ ਨੂੰ ਖੁਸ਼ਗਵਾਰ ਬਣਾ ਦਿੰਦਾ ਹੈ। ਪੁਸਤਕ ਵਿਚ ਮੰਟੋ ਦੇ ਜੀਵਨ ਅਤੇ ਉਸ ਦੀ ਲੇਖਣੀ ਦੀ ਸ਼ੈਲੀ ਦੀ ਝਲਕ ਬਾਖੂਬੀ ਨਜ਼ਰ ਦਿਖਾਈ ਦਿੰਦੀ ਹੈ। ਅਨੁਵਾਦ ਦੌਰਾਨ ਵਰਤੇ ਗਏ ਉਰਦੂ ਦੇ ਸ਼ਬਦਾਂ ਦੀ ਭਰਮਾਰ ਕਈ ਪਾਠਕਾਂ ਨੂੰ ਸ਼ਾਇਦ ਬਹੁਤ ਅੱਖਰੇਗੀ। ਅਨੁਵਾਦਕ ਨੂੰ ਇਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।


ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823


ਧਰਤ ਦੁਆਬੇ ਦੀ
ਲੇਖਕ ਤੇ ਸੰਗ੍ਰਹਿਕਰਤਾ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 98763-23862.


ਪੰਜਾਬੀ ਲੋਕਧਾਰਾ ਅਧਿਐਨ ਦੇ ਖੇਤਰ ਵਿਚ ਡਾ. ਕਰਮਜੀਤ ਸਿੰਘ ਦਾ ਇਕ ਵਿਸ਼ੇਸ਼ ਮੁਕਾਮ ਹੈ ਕਿਉਂਕਿ ਉਹ ਲੰਮਾ ਅਰਸਾ ਲੋਕਧਾਰਾ ਅਧਿਐਨ ਅਤੇ ਅਧਿਆਪਨ ਨਾਲ ਜੁੜੇ ਹਨ ਅਤੇ ਅੱਜ ਵੀ ਇਸ ਖੇਤਰ ਦੀ ਖੋਜ ਹਿਤ ਕਾਰਜਸ਼ੀਲ ਹਨ। ਲੋਕਗੀਤ ਕਿਸੇ ਵੀ ਖੇਤਰ ਦੇ ਲੋਕ ਜੀਵਨ ਦੀ ਰੰਗਲੀ ਝਾਕੀ ਵੀ ਪੇਸ਼ ਹਨ ਅਤੇ ਲੋਕਾਂ ਦੇ ਭਾਵਾਂ ਦੀ ਤਰਜਮਾਨੀ ਵੀ ਕਰਦੇ ਹਨ। ਲੋਕ ਗੀਤਾਂ ਵਿਚ ਆਮ ਲੋਕਾਂ ਦੀਆਂ ਖੁਸ਼ੀਆਂ, ਗ਼ਮੀਆਂ, ਰੋਸੇ-ਹਾਸੇ, ਲੋੜਾਂ-ਥੁੜਾਂ, ਰਸਮਾਂ ਰੀਤਾਂ, ਆਦਿ ਬਾਰੇ ਵਿਸਥਾਰਤ ਜਾਣਕਾਰੀ ਮਿਲਦੀ ਹੈ। 'ਧਰਤ ਦੁਆਬੇ ਦੀ' ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਸ ਵਿਚ ਦੁਆਬਾ ਖੇਤਰ ਨਾਲ ਸਬੰਧਿਤ ਲੋਕਯਾਨਿਕ ਸਮੱਗਰੀ ਦਾ ਇਕੱਠਾ ਕਰਕੇ ਪੇਸ਼ਕਾਰੀ ਹੋਈ ਹੋਵੇਗੀ। ਬਿਲਕੁਲ ਇਸੇ ਤਰ੍ਹਾਂ ਹੀ ਡਾ. ਕਰਮਜੀਤ ਸਿੰਘ ਨੇ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਲੋਕ ਗੀਤਾਂ ਜੋ ਇਸ ਵਿਸ਼ੇਸ਼ ਇਲਾਕੇ ਵਿਚ ਪ੍ਰਚੱਲਿਤ ਹਨ, ਬੜੀ ਮਿਹਨਤ ਨਾਲ ਇਕੱਠੇ ਕਰਕੇ ਇਸ ਪੁਸਤਕ ਵਿਚ ਕਲਮਬੱਧ ਕੀਤਾ ਹੈ। ਵਿਦਵਾਨ ਖੋਜੀ ਨੇ ਇਨ੍ਹਾਂ ਲੋਕ ਗੀਤਾਂ ਨੂੰ ਇਕੱਠੇ ਕਰਕੇ ਫਿਰ ਇਨ੍ਹਾਂ ਨੂੰ ਵਰਗੀਕ੍ਰਿਤ ਰੂਪ ਵਿਚ ਚਾਰ ਭਾਗਾਂ ਵਿਚ ਵੰਡ ਕੇ ਪੁਸਤਕ ਵਿਚ ਸ਼ਾਮਿਲ ਕੀਤਾ ਹੈ, ਜਿਸ ਨਾਲ ਪਾਠਕ ਇਨ੍ਹਾਂ ਲੋਕ ਗੀਤਾਂ ਦਾ ਅਨੰਦ ਵੀ ਮਾਣਦਾ ਹੈ ਅਤੇ ਇਨ੍ਹਾਂ ਦੀਆਂ ਰੂਪਕ ਵਿਸ਼ੇਸ਼ਤਾਵਾਂ ਤੋਂ ਵੀ ਜਾਣੂ ਹੁੰਦਾ ਹੈ ਕਿਉਂਕਿ ਲੋਕ ਗੀਤਾਂ ਦੀ ਹਰੇਕ ਵੰਨਗੀ ਦੀ ਆਪਣੀ ਇਕ ਵੱਖਰੀ ਪਛਾਣ ਅਤੇ ਰੂਪ ਹੁੰਦਾ ਹੈ। ਇਨ੍ਹਾਂ ਲੋਕ ਗੀਤਾਂ ਨੂੰ ਪੜ੍ਹਦਿਆਂ ਪਾਠਕ ਨੂੰ ਇਨ੍ਹਾਂ ਵਿਚ ਪੇਸ਼ ਸਰਬਸਾਂਝੇ ਲੋਕ ਵਿਰਸੇ ਦੀਆਂ ਝਲਕਾਂ ਆਪਣੇ ਵਿਰਸੇ ਪ੍ਰਤੀ ਸੁਚੇਤ ਵੀ ਕਰਦੀਆਂ ਹਨ ਅਤੇ ਸੁਹਜਮਈ ਵਾਤਾਵਰਨ ਵੀ ਪ੍ਰਦਾਨ ਕਰਦੀਆਂ ਹਨ। ਪੁਸਤਕ ਦੇ ਅੰਤ 'ਤੇ ਦੁਆਬੀ ਭਾਸ਼ਾ ਦੇ ਸੁਭਾਅ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਮੁੱਲਵਾਨ ਜਾਣਕਾਰੀ ਪੇਸ਼ ਕੀਤੀ ਗਈ ਹੈ। ਨਿਰਸੰਦੇਹ ਪੁਸਤਕ ਪਾਠਕਾਂ ਨੂੰ ਪ੍ਰਭਾਵਿਤ ਕਰੇਗੀ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

30-07-2021

 ਭੁੱਖਮਰੀ ਬਣ ਰਹੀ ਚੁਣੌਤੀ

ਹਾਲ ਹੀ ਵਿਚ ਔਕਸਫੈਮ ਦੀ ਜਨਤਕ ਹੋਈ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਕੋਵਿਡ 19 ਦੌਰਾਨ ਭੁੱਖਮਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਕੋਰੋਨਾ ਨਾਲ ਮਰਨ ਵਾਲਿਆਂ ਦੇ ਮੁਕਾਬਲੇ ਕਾਫੀ ਵੱਧ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 12 ਕਰੋੜ ਲੋਕ ਕਈ ਦਿਨਾਂ ਤੋਂ ਭੁੱਖੇ ਹਨ ਜਾਂ ਭੁੱਖੇ ਪੇਟ ਸੌਂ ਰਹੇ ਹਨ। ਦੇਖਿਆ ਜਾਵੇ ਤਾਂ ਕੋਵਿਡ 19 ਤੋਂ ਪਹਿਲਾਂ ਵੀ ਹਾਲਾਤ ਸਹੀ ਨਹੀਂ ਸਨ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਸੱਤ ਕਰੋੜ ਤੋਂ ਵੱਧ ਬੱਚਿਆਂ ਨੂੰ ਮਿਡ ਡੇ ਮੀਲ ਨਾ ਮਿਲਣ ਕਰਕੇ ਵੀ ਕੁਪੋਸ਼ਣ ਦੀ ਸਮੱਸਿਆ ਵਧੀ ਹੈ। ਮਹਾਂਮਾਰੀ ਕਾਰਨ ਕਰੋੜਾਂ ਲੋਕ ਗ਼ਰੀਬੀ ਰੇਖਾ ਤੋਂ ਥੱਲੇ ਆ ਚੁੱਕੇ ਹਨ। ਬੇਰੁਜ਼ਗਾਰੀ ਅਹਿਮ ਮੁੱਦਾ ਹੈ। ਕੇਂਦਰ ਸਰਕਾਰ ਵਲੋਂ ਸੁਰੱਖਿਆ ਗਰੰਟੀ ਯੋਜਨਾ ਦੇ ਤਹਿਤ 2 ਰੁਪਏ ਕਿੱਲੋ ਕਣਕ ਮੁਹੱਈਆ ਕਰਵਾਈ ਜਾਂਦੀ ਹੈ ਜੋ ਗ਼ਰੀਬ ਪਰਿਵਾਰਾਂ ਨੂੰ ਇਸ ਯੋਜਨਾ ਦੀ ਜ਼ਰੂਰਤ ਹੈ। ਕਈ ਕਾਰਨਾਂ ਕਰਕੇ ਉਹ ਇਸ ਯੋਜਨਾ ਤੋਂ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਰਾਜਨੀਤਕ ਬੰਦੇ ਅਜਿਹੀਆਂ ਯੋਜਨਾਵਾਂ ਦਾ ਆਪਣੇ ਕਰੀਬੀਆਂ ਨੂੰ ਪੂਰਾ ਫਾਇਦਾ ਚੁਕਵਾਉਂਦੇ ਹਨ। ਅਜਿਹੇ ਵਿਚ ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਗ਼ਰੀਬ ਤਬਕੇ ਦੇ ਵਿਕਾਸ ਲਈ ਅਹਿਮ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਨੂੰ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਗ਼ਰੀਬ ਤਬਕਾ ਭੁੱਖਾ ਪੇਟ ਨਾ ਸੌਂ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਵਰਤਮਾਨ ਦਾ ਸਦਉਪਯੋਗ

ਸਮੇਂ ਦਾ ਚੱਕਰ ਹਮੇਸ਼ਾ ਚਲਦਾ ਰਹਿੰਦਾ ਹੈ, ਕਦੇ ਰੁਕਦਾ ਨਹੀਂ। ਜੋ ਰਹਿੰਦੇ ਸਮੇਂ ਆਪਣੇ ਕੰਮਾਂ ਨੂੰ ਪੂਰਾ ਕਰ ਲੈਂਦੇ ਹਨ, ਉਹ ਜੀਵਨ ਵਿਚ ਤਰੱਕੀ ਕਰ ਜਾਂਦੇ ਹਨ ਤੇ ਉਡੀਕਦੇ ਰਹਿੰਦੇ ਹਨ ਕਿ ਸਮਾਂ ਆਵੇਗਾ ਤੇ ਕੰਮ ਕਰਾਂਗੇ, ਉਹ ਜੀਵਨ ਵਿਚ ਕਾਮਯਾਬੀ ਦੇ ਰਸਤੇ ਤੋਂ ਭਟਕ ਜਾਂਦੇ ਹਨ। ਔਕੜਾਂ ਮੁਸ਼ਕਿਲਾਂ ਸਮੇਂ ਜੇ ਉਤਸ਼ਾਹ ਤੇ ਹਿੰਮਤ ਨੂੰ ਛੱਡ ਦਿਉਗੇ ਤਾਂ ਸਮਾਂ ਬੜਾ ਹੀ ਅਕੇਵੇਂ ਵਾਲਾ ਲੱਗੇਗਾ ਤੇ ਵਰਤਮਾਨ ਬੀਤ ਕੇ ਸਾਡੇ ਬਰਬਾਦੀ ਦੇ ਖਾਤੇ ਵਿਚ ਜਮ੍ਹਾਂ ਹੋ ਜਾਵੇਗਾ। ਬੀਤੇ ਦੀਆਂ ਚਿੰਤਾਵਾਂ ਅਤੇ ਭਵਿੱਖ ਦੀਆਂ ਆਸਾਂ ਤੋਂ ਪਾਸਾ ਵਟ ਕੇ ਜਦ ਚੱਲਾਂਗੇ ਤਾਂ ਉਦੋਂ ਹੀ ਵਰਤਮਾਨ ਦਾ ਸਤਉਪਯੋਗ ਕਰਕੇ ਸਮੇਂ ਨੂੰ ਖੁਸ਼ਗਵਾਹ ਬਣਾ ਸਕਦੇ ਹਾਂ। ਸਮੇਂ ਦੇ ਨਾਲ-ਨਾਲ ਚਲਦੇ ਜਾਉ ਤੁਹਾਡੀ ਕਾਬਲੀਅਤ ਵਿਚ ਦਿਨੋ-ਦਿਨ ਨਿਖਾਰ ਆਪਣੇ-ਆਪ ਆਵੇਗਾ। ਅੱਜ ਦਾ ਕੰਮ ਕਦੇ ਵੀ ਕੱਲ੍ਹ 'ਤੇ ਨਾ ਛੱਡੋ ਕਿਉਂਕਿ ਜਦ ਕੰਮ ਦਾ ਸਮਾਂ ਲੰਘ ਜਾਂਦਾ ਹੈ ਤਾਂ ਲਟਕੇ ਹੋਏ ਕੰਮ ਨੂੰ ਕਰਕੇ ਅਸੀਂ ਵਰਤਮਾਨ ਦਾ ਸੁਖਾਵਾਂ ਅਨੰਦ ਨਹੀਂ ਲੈ ਸਕਦੇ। ਕਿਹਾ ਵੀ ਕਿਹਾ ਗਿਆ ਹੈ ਕਿ 'ਵੇਲੇ ਦਾ ਕੰਮ ਕੁਵੇਲੇ ਦੀਆਂ ਟੱਕਰਾਂ'। ਸਮੇਂ ਦੀ ਕਦਰ ਕਰਕੇ ਹੀ ਇਸ ਨੂੰ ਨਸ਼ਟ ਹੋਣ ਤੋਂ ਬਚਾ ਕੇ ਜੀਵਨ ਦੀ ਤਰੱਕੀ ਦੇ ਖਾਤੇ ਵਿਚ ਜੋੜਿਆ ਜਾ ਸਕਦਾ ਹੈ।

-ਲਖਵੀਰ ਸਿੰਘ
ਪਿੰਡ ਉਦੇਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕੁਦਰਤ ਦੀ ਕਦਰ ਕਰੀਏ

ਕੁਦਰਤ ਨੇ ਸਾਨੂੰ ਸਭ ਨੂੰ ਬਹੁਤ ਵੱਡਮੁੱਲੀਆਂ ਦਾਤਾਂ ਦਿੱਤੀਆਂ ਹਨ, ਜਿਨ੍ਹਾਂ ਵਿਚ ਵਡਮੁੱਲੇ ਰਤਨ ਧਰਤੀ, ਪਾਣੀ, ਹਵਾ ਹਨ, ਜਿਨ੍ਹਾਂ ਨਾਲ ਅਸੀਂ ਆਪਣਾ ਜੀਵਨ ਜਿਊਂਦੇ ਹਾਂ ਅਤੇ ਆਪਣੀ ਜੀਵਨ ਯਾਤਰਾ ਪੂਰੀ ਕਰਨ ਉਪਰੰਤ ਧਰਤੀ ਵਿਚ ਹੀ ਸਮਾ ਜਾਂਦੇ ਹਾਂ ਪਰ ਅਸੀਂ ਤਰੱਕੀ ਅਤੇ ਆਪਣੀ ਖੁਸ਼ਹਾਲੀ ਦੀ ਆੜ ਹੇਠ ਇਨ੍ਹਾਂ ਦੀ ਹਾਲਤ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਹੈ। ਆਪਣੇ ਆਲੇ-ਦੁਆਲੇ ਦਰੱਖਤ ਲਗਾਈਏ, ਸੰਭਾਲ ਕਰੀਏ। ਸਾਨੂੰ ਸਭ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਅਸੀਂ ਇਨ੍ਹਾਂ ਦੀ ਸੰਭਾਲ ਲਈ ਆਪਣੇ ਜੀਵਨ ਵਿਚ ਕਿੰਨੇ ਸਾਰਥਿਕ ਯਤਨ ਕੀਤੇ ਹਨ। ਪਰ ਦੁੱਖ ਹੁੰਦਾ ਹੈ ਕਿ ਅਸੀਂ ਆਪਣੇ ਲਾਲਚਵਸ ਅੰਨ੍ਹੇ ਹੋ ਕੇ ਧਰਤੀ ਵਿਚ ਜ਼ਹਿਰੀਲੇ ਪਦਾਰਥ, ਧਰਤੀ ਹੇਠਲੇ ਪਾਣੀ ਵਿਚ ਜ਼ਹਿਰੀਲੇ ਬੋਰਾਂ ਰਾਹੀਂ ਪਾ ਰਹੇ ਹਾਂ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਕੋਈ ਚਿੰਤਾ ਨਹੀਂ ਹੈ। ਸਿਸਟਮ ਵਿਚਲੇ ਬਹੁਤੇ ਲੋਕ ਹਰ ਹੀਲਾ ਵਰਤ ਕੇ ਸਾਨੂੰ ਤੋੜ ਕੇ ਆਪਣੇ ਅਧਿਕਾਰਾਂ ਦੀਆਂ ਧੱਜੀਆਂ ਉਡਾ ਰਹੇ ਹਨ। ਆਓ, ਰਲ-ਮਿਲ ਕੇ ਕੁਦਰਤ ਦੇ ਹਰ ਵਡਮੁੱਲੇ ਰਤਨ ਦੀ ਸੰਭਾਲ ਕਰੀਏ ਅਤੇ ਕਦਰ ਕਰੀਏ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਤਮਾਸ਼ਬੀਨ

ਅੱਜ ਅਸੀਂ ਤਮਾਸ਼ਬੀਨ ਬਣ ਚੁੱਕੇ ਹਾਂ। ਉਹ ਤਮਾਸ਼ਬੀਨ ਜੋ ਖੜ੍ਹੇ ਹੋ ਕੇ ਸਿਰਫ ਤਮਾਸ਼ਾ ਦੇਖ ਸਕਦੇ ਹਨ ਜਾਂ ਫਿਰ ਤਮਾਸ਼ਾ ਕਰ ਸਕਦੇ ਹਨ। ਸਾਡੀ ਸੰਵੇਦਨਾ ਮਰ ਚੁੱਕੀ ਹੈ। ਸਾਡੀ ਸੋਚ, ਸਾਡੀ ਸੰਵੇਦਨਾ, ਸਾਡਾ ਦਰਦ ਸਿਰਫ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਤੱਕ ਸੀਮਤ ਹੋ ਚੁੱਕਾ ਹੈ। ਕੋਈ ਸੜਕ 'ਤੇ ਦੁਰਘਟਨਾ ਕਾਰਨ ਮਰ ਰਿਹਾ ਹੋਵੇ ਅਸੀਂ ਮਦਦ ਦੀ ਬਜਾਏ ਵੀਡੀਓ ਬਣਾ ਸੋਸ਼ਲ ਮੀਡੀਆ 'ਤੇ ਪਾਉਣਾ ਜ਼ਰੂਰੀ ਸਮਝਦੇ ਹਾਂ। ਸਾਡੇ ਸਾਹਮਣੇ ਜੇਕਰ ਕਿਸੇ ਔਰਤ ਨਾਲ ਗ਼ਲਤ ਵਿਵਹਾਰ ਹੋ ਰਿਹਾ ਹੋਵੇ ਤਾਂ ਵੀ ਅਸੀਂ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਨੂੰ ਹੀ ਪਹਿਲ ਦਿੰਦੇ ਹਾਂ। ਇਹ ਸਾਡੀ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ। ਇਨ੍ਹਾਂ ਸਮੱਸਿਆਵਾਂ ਦਾ ਹੱਲ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਨਹੀਂ ਹੋਣਾ। ਵੀਡੀਓ ਬਣਾਉਣ ਦੀ ਬਜਾਏ ਜੇਕਰ ਕਿਸੇ ਦੀ ਮੌਕੇ 'ਤੇ ਮਦਦ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿਸੇ ਦੀ ਕੀਮਤੀ ਜਾਨ ਬਚ ਜਾਵੇ। ਆਪਣੀ ਸੋਚ ਬਦਲੋ, ਤਮਾਸ਼ਬੀਨ ਸਮਾਜ ਦਾ ਹਿੱਸਾ ਨਾ ਬਣੋ।

-ਜਸਪ੍ਰੀਤ ਕੌਰ ਸੰਘਾ
ਪਿੰਡ ਤਨੂੰਲੀ।

ਸਰਕਾਰ 'ਤੇ ਭਾਰੂ ਅਫ਼ਸਰਸ਼ਾਹੀ

ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਹੀਂ ਬਲਕਿ ਪੰਜਾਬ ਦੀ ਅਫ਼ਸਰਸ਼ਾਹੀ ਚਲਾ ਰਹੀ ਹੈ। ਸੁਨੀਲ ਜਾਖੜ ਨੇ ਵੀ ਕਈ ਵਾਰ ਇਹ ਰੋਣੇ ਰੋਏ ਕਿ ਸਾਨੂੰ ਅਫ਼ਸਰਸ਼ਾਹੀ ਨੇ ਹੀ ਮਾਰਿਆ ਹੈ। ਪੰਜਾਬ ਦੀ ਜਨਤਾ ਲਗਾਤਾਰ ਸੜਕਾਂ 'ਤੇ ਹੈ। ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ, ਉਹ ਕਿੰਨੇ ਕੁ ਵਫ਼ਾ ਹੋਏ ਹਨ, ਸਭ ਜਾਣਦੇ ਹੀ ਹਨ। ਉਹ ਅਫ਼ਸਰ ਜੋ ਸਰਕਾਰ ਬਣਨ ਦੇ ਪਹਿਲੇ ਦਿਨ ਤੋਂ ਵੀ ਉਸੇ ਕੁਰਸੀ 'ਤੇ ਅੱਜ ਤੱਕ ਚਿੰਬੜੇ ਹੋਏ ਹਨ, ਉਹ ਕਿਉਂ ਹਨ ਪਤਾ ਨਹੀਂ ਜਾਂ ਕੀ ਕਾਰਨ ਹੈ ਇਹ ਵੱਡਾ ਸਵਾਲ ਹੈ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬੇਰੁਜ਼ਗਾਰਾਂ ਦੀਆਂ ਮੀਟਿੰਗਾਂ ਵੀ ਅਫ਼ਸਰਸ਼ਾਹੀ ਲੈ ਰਹੀ ਹੈ। ਸਰਕਾਰ ਜੀ ਜਾਗੋ ਵੋਟਾਂ ਮੰਗਣ ਪਿੰਡਾਂ-ਸ਼ਹਿਰਾਂ ਵਿਚ ਲੀਡਰਾਂ ਨੇ ਜਾਣਾ ਹੈ ਨਾ ਕਿ ਅਫ਼ਸ਼ਰਸ਼ਾਹੀ ਨੇ? ਸੋ ਉਮੀਦ ਹੈ ਕਿ ਉੱਪਰ ਤੋਂ ਥੱਲੇ ਤੱਕ ਦੇ ਸੰਤਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਬਦਲਿਆ ਜਾਵੇ ਤਾਂ ਜੋ ਲੋਕ ਭਲਾਈ ਦੀ ਉਮੀਦ ਜਾਗ ਸਕੇ?

-ਜਸਦੀਪ ਸਿੰਘ ਖ਼ਾਲਸਾ
ਖੰਨਾ।

29-07-2021

 ਵਧਦੀ ਵਸੋਂ ਧਰਤੀ ਲਈ ਖ਼ਤਰੇ ਦੀ ਘੰਟੀ

ਡਾ. ਰਣਜੀਤ ਸਿੰਘ ਦੀ ਰਚਨਾ 'ਮਸਲਿਆਂ ਦੀ ਜੜ੍ਹ ਹੈ ਆਬਾਦੀ ਦਾ ਵਧਾ' ਪੜ੍ਹੀ, ਜਿਸ ਵਿਚ ਬਾਰੇ ਲੇਖਕ ਨੇ ਵਸੋਂ 'ਚ ਹੋ ਰਹੇ ਤੇਜ਼ ਵਾਧੇ ਨੂੰ ਰੋਕਣ ਬਾਰੇ ਵਿਸਥਾਰ ਸਹਿਤ ਵਰਨਣ ਕੀਤਾ ਹੈ। ਕਾਬਲੇਗੌਰ ਰਚਨਾ ਸੀ। ਵਧਦੀ ਆਬਾਦੀ ਨਾਲ ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ, ਪ੍ਰਦੂਸ਼ਣ, ਪਾਣੀ ਦੀ ਸਮੱਸਿਆ, ਅੱਤਵਾਦੀ ਘਟਨਾਵਾਂ, ਭ੍ਰਿਸ਼ਟਾਚਾਰ, ਜਬਰ ਜਨਾਹ, ਕਤਲ, ਲੁੱਟ-ਖਸੁੱਟ, ਜੰਗਲਾਂ ਦੀ ਕਟਾਈ ਵਿਚ ਵਾਧਾ ਹੋਇਆ ਹੈ। ਖੇਤੀਯੋਗ ਜ਼ਮੀਨ ਦਾ ਖ਼ਤਮ ਹੋਣਾ, ਅਨਮੋਲ ਜਾਤੀ ਦਾ ਲੁਪਤ ਹੋਣਾ, ਧਰਤੀ ਲਈ ਖ਼ਤਰੇ ਦੀ ਘੰਟੀ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਟੱਪਰੀ, ਝੁੱਗੀ ਝੌਂਪੜੀ ਵਾਲੇ ਜ਼ਿਆਦਾ ਬੱਚੇ ਪੈਦਾ ਕਰ ਬਚਪਨ ਵਿਚ ਉਨ੍ਹਾਂ ਪਾਸੋਂ ਮਜ਼ਦੂਰੀ ਕਰਾ ਆਪਣਾ ਘਰ ਚਲਾਉਂਦੇ ਹਨ। ਸਰਕਾਰਾਂ ਨੂੰ ਸੈਮੀਨਾਰ ਲਗਾ ਵਧਦੀ ਆਬਾਦੀ ਦੇ ਹੋਣ ਵਾਲੇ ਪ੍ਰਭਾਵ ਅਸਰ ਬਾਰੇ ਇਨ੍ਹਾਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਕਿਉਂਕਿ ਬਹੁਤ ਸਾਰੀਆਂ ਸਮੱਸਿਆ ਇਨ੍ਹਾਂ ਨਾਲ ਜੁੜੀਆਂ ਹਨ। ਸਰਕਾਰਾਂ ਨੂੰ ਪ੍ਰਾਇਮਰੀ ਪੱਧਰ 'ਤੇ ਸਿੱਖਿਆ ਦੇਣੀ ਚਾਹੀਦੀ ਹੈ। ਪੜ੍ਹੇ-ਲਿਖੇ, ਆਰਥਿਕ ਪੱਖੋਂ ਮਜ਼ਬੂਤ ਲੋਕ ਤਾਂ ਸਮਝਦੇ ਹਨ। ਜੋ ਦੋ ਤੋਂ ਵੱਧ ਬੱਚੇ ਪੈਦਾ ਕਰਦਾ ਹੈ, ਉਸ ਨੂੰ ਸਰਕਾਰੀ ਨੌਕਰੀ 'ਤੇ ਸਰਕਾਰ ਵਲੋਂ ਜੋ ਮੁਫ਼ਤ ਸਹੂਲਤਾਂ ਮਿਲਦੀਆਂ ਹਨ, ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਸਰਕਾਰ ਨੂੰ ਇਸ 'ਤੇ ਗੰਭੀਰ ਹੋ ਕੇ ਜਨ ਚੇਤਨਾ ਪੈਦਾ ਕਰਨੀ ਚੀਹੀਦੀ ਹੈ ਤੇ ਲੋਕਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਭੁੱਖ ਨਾਲ ਮੌਤਾਂ

ਹਾਲ ਵਿਚ ਹੀ ਗ਼ਰੀਬੀ ਖ਼ਤਮ ਕਰਨ ਲਈ ਕੰਮ ਕਰ ਰਹੀ ਸੰਸਥਾ ਆਕਸਫੈਮ ਨਾਮੀ ਸੰਸਥਾ ਵਲੋਂ ਦੱਸਿਆ ਗਿਆ ਹੈ ਕਿ ਦੁਨੀਆ ਭਰ ਵਿਚ ਭੁੱਖਮਰੀ ਕਾਰਨ ਹਰ ਇਕ ਮਿੰਟ ਵਿਚ 11 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਇਸ ਦੇ ਨਾਲ ਪੂਰੀ ਦੁਨੀਆ ਵਿਚ ਅਕਾਲ ਪੈ ਜਾਣੀ ਵਾਲੀ ਹਾਲਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਛੇ ਗੁਣਾ ਵਾਧਾ ਹੋਇਆ ਹੈ। ਉਕਤ ਸੰਸਥਾ ਵਲੋਂ 'ਦ ਹੰਗਰ ਵਾਇਰਸ ਮਲਟੀਪਲਾਈਜ਼' ਨਾਂਅ ਦੀ ਰਿਪੋਰਟ ਵਿਚ ਇਹ ਤੱਥ ਪੇਸ਼ ਕੀਤੇ ਹਨ। ਆਕਸਫੈਮ ਅਮਰੀਕਾ ਦੇ ਪ੍ਰਧਾਨ ਅਤੇ ਸੀ.ਈ.ਓ. ਐਬੀ ਮੈਕਸਮਨ ਨੇ ਕਿਹਾ ਕਿ, 'ਇਹ ਹੈਰਾਨ ਕਰਨ ਵਾਲੇ ਅੰਕੜੇ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਤੋਂ ਬਣੇ ਹਨ ਜਿਹੜੇ ਨਾ-ਕਲਪਨਾਯੋਗ ਤਕਲੀਫ਼ ਵਿਚੋਂ ਗੁਜ਼ਰ ਰਹੇ ਹਨ।' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੇ ਲਗਭਗ 15.5 ਕਰੋੜ ਲੋਕ ਖਾਧ ਅਸੁਰੱਖਿਆ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ ਦੋ ਕਰੋੜ ਜ਼ਿਆਦਾ ਹੈ। ਇਸ ਵਿਚ ਲਗਭਗ ਦੋ ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਹਨ, ਜਿਸ ਦੀ ਵਜ੍ਹਾ ਉਨ੍ਹਾਂ ਦੇ ਦੇਸ਼ਾਂ ਵਿਚ ਚੱਲ ਰਿਹਾ ਫ਼ੌਜੀ ਸੰਘਰਸ਼ ਹੈ। ਮੈਕਸਮਨ ਨੇ ਦੱਸਿਆ ਹੈ ਕਿ, 'ਕੋਵਿਡ-19 ਦੇ ਪਏ ਆਰਥਿਕ ਪ੍ਰਭਾਵ ਅਤੇ ਬੇਰਹਿਮ ਸੰਘਰਸ਼, ਜਲਵਾਯੂ ਸੰਕਟ ਨੇ 5,20,000 ਤੋਂ ਜ਼ਿਆਦਾ ਲੋਕਾਂ ਨੂੰ ਭੁੱਖਮਰੀ ਦੇ ਹਾਲਾਤ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਆਕਸਫੈਮ ਦੀ ਉਕਤ ਰਿਪੋਰਟ ਵਿਚ ਕਿਹਾ ਗਿਆ ਹੈ ਕਿ, 'ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸੰਸਾਰ ਭਰ ਵਿਚ ਫ਼ੌਜਾਂ 'ਤੇ ਹੋਣ ਵਾਲਾ ਖ਼ਰਚ ਕੋਵਿਡ-19 ਦੇ ਸਮੇਂ ਦੌਰਾਨ 51 ਅਰਬ ਡਾਲਰ ਵਧਿਆ ਹੈ, ਇਹ ਰਾਸ਼ੀ ਭੁੱਖਮਰੀ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਧਨ ਦੀ ਲੋੜ ਹੈ, ਉਸ ਨਾਲੋਂ ਛੇ ਗੁਣਾ ਜ਼ਿਆਦਾ ਹੈ। ਰਿਪੋਰਟ ਵਿਚ ਭੁੱਖਮਰੀ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਵਿਚ ਅਫ਼ਗਾਨਿਸਤਾਨ, ਇੰਡੋਨੇਸ਼ੀਆ, ਸੀਰੀਆ, ਦੱਖਣੀ ਸੂਡਾਨ ਅਤੇ ਯਮਨ ਨੂੰ ਰੱਖਿਆ ਗਿਆ ਹੈ।'

-ਇਕਵਾਕ ਸਿੰਘ ਪੱਟੀ।

ਨਵਜੋਤ ਸਿੱਧੂ ਲਈ ਚੁਣੌਤੀ ਭਰਿਆ ਸਮਾਂ

ਲੰਮੇ ਸਮੇਂ ਦੀ ਕਸ਼ਮਕਸ਼ ਤੋਂ ਬਾਅਦ ਆਖ਼ਰ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਹੀ ਗਿਆ। ਨਵਜੋਤ ਸਿੰਘ ਸਿੱਧੂ ਅਤੇ ਉਸ ਦੇ ਹਮਾਇਤੀਆਂ ਤੋਂ ਪ੍ਰਧਾਨਗੀ ਮਿਲਣ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ। ਪ੍ਰਧਾਨ ਬਣਦੇ ਸਾਰ ਸਿੱਧੂ ਪਹਿਲਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਖਟਕਲ ਕਲਾਂ ਗਿਆ। ਫਿਰ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਦੁਰਗਿਆਣਾ ਮੰਦਰ ਅਤੇ ਵਾਲਮੀਕ ਮੰਦਰ ਵੀ ਪਹੁੰਚਿਆ। ਇਸ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜੋ ਅੱਜ ਸਭ ਤੋਂ ਅਹਿਮ ਅਤੇ ਭਖਦਾ ਮੁੱਦਾ ਕਿਸਾਨੀ ਅੰਦੋਲਨ ਹੈ, ਬਾਰੇ ਕੋਈ ਬਿਆਨ, ਕੋਈ ਟਵੀਟ ਨਾ ਕਰਕੇ ਕਿਸਾਨਾਂ ਦੀ ਹਮਦਰਦੀ ਬਟੋਰਨ ਵਿਚ ਨਵਜੋਤ ਸਿੰਘ ਸਿੱਧੂ ਖੁੰਝ ਗਿਆ ਹੈ, ਜਿਸ ਕਾਰਨ ਕੁਝ ਥਾਵਾਂ 'ਤੇ ਸਿੱਧੂ ਦਾ ਵਿਰੋਧ ਵੀ ਹੋਇਆ। ਅਗਲੇ ਦਿਨੀਂ ਭਾਵੇਂ ਸਿੱਧੂ ਕਿਸਾਨਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇ ਪਰ ਹੁਣ ਉਹ ਗੱਲ ਨਹੀਂ ਬਣਨੀ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਾਅਦੇ ਨਾ ਪੂਰੇ ਕਰਨ ਦੇ ਅਨੇਕਾਂ ਦੋਸ਼ ਲਾਏ ਪਰ ਕੀ ਸਿੱਧੂ ਖ਼ੁਦ ਉਹ ਸਾਰੇ ਵਾਅਦੇ ਪੂਰੇ ਕਰ ਸਕੇਗਾ? ਅਜਿਹੀਆਂ ਅਨੇਕਾਂ ਚੁਣੌਤੀਆਂ ਦਾ ਨਵਜੋਤ ਸਿੰਘ ਸਿੱਧੂ ਨੂੰ ਸਾਹਮਣਾ ਕਰਨਾ ਪਵੇਗਾ ਪਰ ਸਭ ਤੋਂ ਵੱਡੀ ਚੁਣੌਤੀ ਕਿਸਾਨਾਂ ਦੇ ਵਿਰੋਧ ਨੂੰ ਹਮਾਇਤ ਵਿਚ ਬਦਲਣ ਦੀ ਹੋਵੇਗੀ। ਕੀ ਸਿੱਧੀ ਕਿਸਾਨਾਂ ਦੀ ਹਮਾਇਤ ਹਾਸਲ ਕਰਨ ਵਿਚ ਕਾਮਯਾਬ ਹੁੰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਅਹਿਸਾਸ ਅਤੇ ਵਿਸ਼ਵਾਸ

ਸਮਾਜਿਕ, ਰਾਜਨੀਤਕ ਅਤੇ ਆਰਥਿਕ ਖੇਤਰ ਵਿਚ ਆਪਸੀ ਰਿਸ਼ਤੇ ਅਹਿਸਾਸ ਅਤੇ ਵਿਸ਼ਵਾਸ ਦੀ ਬੁਨਿਆਦ ਹੁੰਦੇ ਹਨ। ਇਕ ਵਾਰ ਅਹਿਸਾਸ ਨੂੰ ਦਰਕਿਨਾਰ ਕਰਕੇ ਅਤੇ ਵਿਸ਼ਵਾਸ ਭੰਗ ਕਰਕੇ ਮੌਕਾਪ੍ਰਸਤੀ ਲਾਭ ਤਾਂ ਲਿਆ ਜਾ ਸਕਦਾ ਹੈ ਪਰ ਇਸ ਨਾਲ ਰਿਸ਼ਤਿਆਂ ਵਿਚ ਤਰੇੜਾਂ ਅਤੇ ਸਮਾਜਿਕ ਅਸੰਤੁਲਨ ਪੈਦਾ ਹੁੰਦਾ ਹੈ, ਜਿਸ ਨਾਲ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਅੱਜ ਲੋਕਤੰਤਰ ਦੀ ਵਿਅੰਗਾਤਮਿਕ ਪਰਿਭਾਸ਼ਾ ਲੋਕਾਂ ਦਾ ਡੰਡਾ ਲੋਕਾਂ ਦੁਆਰਾ ਲੋਕਾਂ ਦੀ ਪਿੱਠ 'ਤੇ ਤੋੜਨਾ ਹੈ। ਇਹ ਤਾਂ ਹੈ ਜਦੋਂ ਰਾਜਨੀਤਕ ਵਿਸ਼ਵਾਸ ਉੱਠ ਪੈਂਦਾ ਹੈ। ਸਮਾਜਿਕ ਰਿਸ਼ਤਿਆਂ ਵਿਚ ਅਹਿਸਾਸ ਹੋਣਾ ਅਤੇ ਵਿਸ਼ਵਾਸ ਹੋਣਾ ਭਾਗਸ਼ਾਲੀ ਮੰਨਿਆ ਜਾਂਦਾ ਹੈ। ਬਾਪ ਨੇ ਪੁੱਤਰ ਨੂੰ ਕਿਹਾ ਦੇਖੀਂ ਪੁੱਤਰ ਠੋਕਰ ਨਾ ਖਾ ਲਵੀਂ। ਪੁੱਤਰ ਨੇ ਜਵਾਬ ਦਿੱਤਾ, 'ਬਾਪੂ ਜੀ ਮੈਂ ਤੁਹਾਡੀ ਪੈੜ ਵਿਚ ਪੈੜ ਧਰ ਰਿਹਾ ਹਾਂ, ਠੋਕਰ ਕਿੱਥੋਂ ਲੱਗੂ?' ਇਹ ਜਵਾਬ ਪੁੱਤਰ ਦਾ ਅਹਿਸਾਸ ਅਤੇ ਪਿਉ ਦਾ ਵਿਸ਼ਵਾਸ ਸੁਨਹਿਰੀ ਪੰਨਾ ਲਿਖ ਗਿਆ। ਪਤੀ-ਪਤਨੀ ਦੇ ਰਿਸ਼ਤੇ ਵਿਚ ਅਹਿਸਾਸ ਅਤੇ ਵਿਸ਼ਵਾਸ ਟੁੱਟ ਜਾਣ ਤਾਂ ਨਰਕ। ਆਰਥਿਕ ਖੇਤਰ ਵਿਚ ਅਹਿਸਾਸ ਅਤੇ ਵਿਸ਼ਵਾਸ ਟੁੱਟ ਜਾਣ ਤਾਂ ਸਭ ਕੁਝ ਬੁਣਿਆ-ਬਣਾਇਆ ਤਬਾਹ ਹੋ ਜਾਂਦਾ ਹੈ। ਇਸ ਲਈ ਸਮਾਜ ਵਿਚ ਵਿਚਰਨ ਲਈ ਅਹਿਸਾਸ ਅਤੇ ਵਿਸ਼ਵਾਸ ਦਾ ਵਰਕਾ ਪੜ੍ਹ ਕੇ ਪੱਲੇ ਬੰਨ੍ਹਣਾ ਚਾਹੀਦਾ ਹੈ। ਇਸ ਨਾਲ ਹੀ ਸਮਾਜ ਵਿਚ ਸੰਤੁਲਨ ਬਣੇਗਾ। ਭਵਿੱਖ ਵਿਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਖੇਤਰ ਦਾ ਸੁਨਹਿਰੀ ਯੁੱਗ ਸ਼ੁਰੂ ਹੋਣ ਦੀ ਗੁੰਜਾਇਸ਼ ਰਹੇਗੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

28-07-2021

 ਬਿਜਲੀ ਸੋਧ ਬਿੱਲ 2021

ਬਿਜਲੀ ਐਕਟ 2003 ਵਿਚ ਸੋਧਾਂ ਕਰਨ ਲਈ ਇਹ ਬਿੱਲ ਲੋਕ ਸਭਾ ਦੇ ਚੱਲ ਰਹੇ ਇਜਲਾਸ ਵਿਚ ਪੇਸ਼ ਹੋਣ ਵਾਲੇ ਬਿੱਲਾਂ ਵਿਚ ਸ਼ਾਮਿਲ ਹੈ। ਮੋਦੀ ਸਰਕਾਰ ਕਿਸਾਨਾਂ ਸਮੇਤ ਬਿਜਲੀ ਦੀ ਸਬਸਿਡੀ ਦਾ ਫਾਇਦਾ ਲੈਣ ਵਾਲੇ ਸਾਰੇ ਵਰਗਾਂ 'ਤੇ ਇਕ ਹੋਰ ਵਿੱਤੀ ਹਮਲਾ ਕਰਨ ਜਾ ਰਹੀ ਹੈ। ਇਸ ਨਾਲ ਗ਼ਰੀਬ ਅਤੇ ਪੇਂਡੂ ਖਪਤਕਾਰ ਜ਼ਿਆਦਾ ਪ੍ਰਭਾਵਿਤ ਹੋਣਗੇ। ਇਸ ਬਿੱਲ ਦੇ ਕਾਨੂੰਨੀ ਰੂਪ ਲੈਣ ਨਾਲ ਰਾਜ ਸਰਕਾਰਾਂ ਦੇ ਅਧਿਕਾਰ ਖੋਹ ਕੇ ਸਿੱਧੇ ਕੇਂਦਰ ਸਰਕਾਰ ਕੋਲ ਚਲੇ ਜਾਣਗੇ ਜੋ ਕਿ ਸੰਵਿਧਾਨ ਦੇ ਸੰਘੀ ਢਾਂਚੇ ਦੀ ਭਾਵਨਾ ਦੇ ਬਿਲਕੁਲ ਉਲਟ ਹੈ। ਇਸ ਬਿੱਲ ਦਾ ਮੁੱਖ ਮਕਸਦ ਰਾਜ ਸਰਕਾਰਾਂ ਦੇ ਅਧਿਕਾਰ ਘਟਾਉਣੇ, ਨਿੱਜੀਕਰਨ ਨੂੰ ਉਤਸ਼ਾਹਿਤ ਕਰਨਾ ਅਤੇ ਵੰਡ ਖੇਤਰ ਦਾ ਨਿੱਜੀਕਰਨ ਕਰਨਾ ਹੈ। ਵੰਡ ਖੇਤਰ ਦੇ ਨਿੱਜੀਕਰਨ ਹੋਣ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ ਅਤੇ ਗ਼ਰੀਬ ਜਾਂ ਪੇਂਡੂ ਇਲਾਕਿਆਂ 'ਤੇ ਜ਼ਿਆਦਾ ਪਾਵਰ ਕੱਟ ਲੱਗਣਗੇ। ਰਾਜ ਸਰਕਾਰ ਦਾ ਸਬਸਿਡੀ ਬਿੱਲ ਵੀ ਵਧੇਗਾ। ਪੰਜਾਬ ਵਿਚ ਪਹਿਲਾਂ ਹੀ ਬਿਜਲੀ ਉਤਪਾਦਨ ਨਿੱਜੀ ਕੰਪਨੀਆਂ ਨੂੰ ਸੌਂਪ ਕੇ ਜੋ ਹਾਲ ਹੋਇਆ ਹੈ, ਉਹ ਸਭ ਦੇ ਸਾਹਮਣੇ ਹੈ। ਸੋ ਵੰਡ ਖੇਤਰ ਦਾ ਨਿੱਜੀਕਰਨ ਇਸ ਤੋਂ ਕਿਤੇ ਜ਼ਿਆਦਾ ਘਾਤਕ ਸਿੱਧ ਹੋਵੇਗਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਸਾਡੀ ਅਰਥ-ਵਿਵਸਥਾ

ਅੱਜ ਸਾਡੇ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਲੜਖੜਾ ਚੁੱਕੀ ਹੈ ਜੋ ਟੈਕਸਾਂ ਦਾ ਪੈਸਾ ਉਹ ਸਬਸਿਡੀਆਂ ਵਿਚ ਜਾ ਰਿਹਾ ਹੈ, ਜਿਥੇ ਆਮਦਨ ਘੱਟ ਖਰਚਾ ਜ਼ਿਆਦਾ ਹੋਵੇ, ਉਥੇ ਫਿਰ ਤਰੱਕੀ ਤੇ ਵਿਕਾਸ ਕਿਵੇਂ, ਜਦੋਂ ਦੇਸ਼ ਨੂੰ ਚਲਾਉਣ ਵਾਲੇ ਘੇਸਲ ਮਾਰ ਲੈਣ ਤੇ ਸਿਰਫ ਉਨ੍ਹਾਂ ਦੀ ਨਿਗ੍ਹਾ ਗੱਦੀ 'ਤੇ ਰੋਵੇ ਤਾਂ ਆਮ ਜਨਤਾ ਕਿੱਥੇ ਜਾ ਕੇ ਦੁੱਖ ਹੋਵੇ, ਜਿਸ ਦਾ ਨਤੀਜਾ ਅੱਜ (ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ) ਸਾਡੇ ਸਾਹਮਣੇ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜੇ ਅਸੀਂ ਆਜ਼ਾਦ ਭਾਰਤ ਦੇ ਵਾਸੀ ਹਾਂ ਤਾਂ ਸਾਨੂੰ ਸਹੂਲਤਾਂ ਵੀ ਆਜ਼ਾਦੀ ਵਾਲੀਆਂ ਦਿੱਤੀਆਂ ਜਾਣ, ਹਰ ਇਕ ਕੋਲ ਰੁਜ਼ਗਾਰ ਹੋਵੇ ਜਿੰਨੀ ਉਸ ਦੀ ਯੋਗਤਾ ਹੈ।
ਕਿਸੇ ਕੋਲ ਧਰਨਿਆਂ ਮੁਜ਼ਾਹਰੇ ਕਰਨ ਲਈ ਸਮਾਂ ਹੀ ਨਾ ਹੋਵੇ, ਨਾਲੇ ਸਰਕਾਰਾਂ ਸੁਖੀ ਨਾਲੇ ਪਰਜਾ ਸੁਖੀ, ਧਰਨੇ ਮੁਜ਼ਾਹਰੇ ਬੀਤੇ ਦੀਆਂ ਬਾਤਾਂ ਹੋ ਜਾਣ, ਆਸ ਹੈ ਕਿ ਸਾਡੀਆਂ ਸਰਕਾਰਾਂ ਇਨ੍ਹਾਂ ਮਸਲਿਆਂ ਵੱਲ ਤਵੱਜੋ ਦੇਣਗੀਆਂ ਤਾਂ ਕਿ ਲੋਕ ਆਪ ਮੁਹਾਰੇ ਬਿਨਾਂ ਵੋਟਾਂ ਤੋਂ ਨੁਮਾਇੰਦੇ ਚੁਣ ਲਿਆ ਕਰਨ, ਫਿਰ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਹੀਰਾ ਸਿੰਘ, ਮੋਗਾ।

ਸੜਕਾਂ ਕਿਨਾਰੇ ਸੁੱਕੇ ਦਰੱਖਤ

ਨਵੇਂ ਬੂਟੇ ਲਾਉਣ ਦਾ ਮੌਸਮ ਚੱਲ ਰਿਹਾ ਹੈ। ਜਾਗਰੂਕ ਨਾਗਰਿਕਾਂ ਨੂੰ ਇਸ ਪਾਸੇ ਹਿੰਮਤ ਦਿਖਾਉਣੀ ਚਾਹੀਦੀ ਹੈ। ਉਥੇ ਹੀ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਦਰੱਖਤ ਹਟਾਉਣ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਕੀਮਤੀ ਲਕੜੀ ਬੇਕਾਰ ਹੋ ਰਹੀ ਹੈ। ਇਹ ਦਰੱਖਤ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਨੂੰ ਹਟਾ ਕੇ ਨਵੇਂ ਬੂਟੇ ਲਾਉਣ ਲਈ ਥਾਂ ਖਾਲੀ ਹੋਵੇਗੀ। ਆਸ ਹੈ ਅਫ਼ਸਰ ਅਤੇ ਠੇਕੇਦਾਰ ਕੰਪਨੀਆਂ ਇਸ ਪਾਸੇ ਧਿਆਨ ਦੇਣਗੇ ਅਤੇ ਵੱਧ ਤੋਂ ਵੱਧ ਨਵੇਂ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣਗੇ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ ਨੇੜੇ ਮਾਲੇਰਕੋਟਲਾ।

ਮਹਿੰਗਾਈ ਦੀ ਮਾਰ

ਕੇਂਦਰ ਵਿਚਲੀ ਭਾਜਪਾ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਦੇਸ਼ ਵਿਚ ਮਹਿੰਗਾਈ ਦੇ ਵਾਧੇ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਡੀਜ਼ਲ, ਪੈਟਰੋਲ, ਰਸੋਈ ਗੈਸ, ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਲੋਕਾਂ ਦੀ ਆਮਦਨ ਵਿਚ ਕੋਈ ਵਾਧਾ ਨਹੀਂ ਹੋਇਆ ਜਦ ਕਿ ਲੋੜੀਂਦੀਆਂ ਵਸਤਾਂ ਦੇ ਭਾਅ ਹਰ ਰੋਜ਼ ਅਸਮਾਨ ਨੂੰ ਛੂਹ ਰਹੇ ਹਨ। ਅਜਿਹੇ ਮਾੜੇ ਹਾਲਾਤ ਵਿਚ ਇਕ ਗ਼ਰੀਬ ਵਿਅਕਤੀ ਲਈ ਆਪਣੇ ਪਰਿਵਾਰ ਵਾਸਤੇ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਮਹਿੰਗਾਈ ਕਾਰਨ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਲਈ ਕੋਈ ਉਪਰਾਲਾ ਨਹੀਂ ਕਰ ਰਹੀ। ਮਹਿੰਗਾਈ ਸਬੰਧੀ ਪ੍ਰਧਾਨ ਮੰਤਰੀ ਜਾਂ ਹੋਰ ਕਿਸੇ ਮੰਤਰੀ ਦਾ ਕੋਈ ਬਿਆਨ ਵੀ ਨਹੀਂ ਆ ਰਿਹਾ।
ਵਿਰੋਧੀ ਪਾਰਟੀਆਂ ਵੀ ਇਸ ਮਸਲੇ 'ਤੇ ਆਪਣਾ ਰੋਲ ਨਿਭਾਉਣ ਦੀ ਬਜਾਏ ਖ਼ਾਮੋਸ਼ ਹੀ ਨਜ਼ਰ ਆ ਰਹੀਆਂ ਹਨ। ਜਦ ਕਿ ਪਹਿਲਾਂ ਥੋੜ੍ਹੀ ਜਿਹੀ ਮਹਿੰਗਾਈ ਵਧਣ 'ਤੇ ਦੇਸ਼ ਵਿਚ ਰੌਲਾ ਪੈ ਜਾਂਦਾ ਸੀ। ਪਾਕਿਸਤਾਨ ਵਿਚ ਟਮਾਟਰ ਤੇ ਹੋਰ ਵਸਤਾਂ ਮਹਿੰਗੇ ਹੋਣ 'ਤੇ ਲੰਮੇ-ਚੌੜੇ ਪ੍ਰੋਗਰਾਮ ਦੇਣ ਵਾਲੇ ਗੋਦੀ ਮੀਡੀਆ ਨੇ ਵੀ ਮਹਿੰਗਾਈ ਦੇ ਮਾਮਲੇ 'ਤੇ ਚੁੱਪ ਧਾਰਨ ਕੀਤੀ ਹੋਈ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਕਲੀ ਸੰਕਟ ਪੈਦਾ ਕਰਨ ਵਾਲਿਆਂ ਅਤੇ ਜਮ੍ਹਾਂਖੋਰਾਂ 'ਤੇ ਸਖ਼ਤ ਕਾਰਵਾਈ ਕਰਕੇ ਮਹਿੰਗਾਈ ਨੂੰ ਤੁਰੰਤ ਨੱਥ ਪਾਵੇ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

ਜ ਦਾ ਬਦਲਣਾ

ਕੰਮ ਬਦਲੇ ਢੰਗ ਬਦਲੇ ਲੋਕਾਂ ਦੀ ਸੋਚ ਬਦਲੀ ਸਿਸਟਮ ਵੀ ਬਦਲ ਗਿਆ। ਅੱਜ ਤੋਂ ਕੁਝ ਸਮਾਂ ਪਹਿਲਾਂ ਖ਼ਬਰਾਂ ਵਿਚ ਅਕਸਰ ਹੀ ਸੁਣਦੇ ਹੁੰਦੇ ਸੀ ਕਿ ਦਾਜ ਦੇ ਲਾਲਚ ਵਿਚ ਸੁਹਰਿਆਂ ਨੇ ਨੂੰਹ ਮਾਰ ਦਿੱਤੀ, ਕੁਝ ਹੱਦ ਤੱਕ ਸੱਚ ਵੀ ਸੀ। ਏਦਾਂ ਹੁੰਦਾ ਵੀ ਸੀ। ਕਈ ਕਾਰਨ ਹੋਰ ਵੀ ਬਣ ਜਾਂਦੇ ਤਾਂ ਵੀ ਦਾਜ ਦਾ ਨਾਂਅ ਹੀ ਦਿੱਤਾ ਜਾਂਦਾ ਸੀ ਤੇ ਇਹ ਇਕ ਮੰਦਭਾਗੀ ਲਹਿਰ ਸੀ। ਇਸ ਨੇ ਬਹੁਤ ਘਰ ਬਰਬਾਦ ਕੀਤੇ ਹਨ। ਇਸ ਲਹਿਰ ਨੂੰ ਕੋਈ ਵੀ ਨਹੀਂ ਰੋਕ ਸਕਿਆ, ਨਾ ਕੋਈ ਸੰਸਥਾ ਨਾ ਕੋਈ ਅਫ਼ਸਰ, ਨਾ ਹੀ ਕੋਈ ਸਰਕਾਰ ਪਰ ਦਾਜ ਲੈਣਾ ਤੇ ਦੇਣਾ ਦੋਵੇਂ ਹੀ ਗੁਨਾਹ ਮੰਨੇ ਜਾਂਦੇ ਹਨ। ਹੁਣ ਇਹ ਦਾਜ ਨੇ ਮੋੜ ਬਦਲ ਲਿਆ ਅੱਜ ਦੇ ਸਮੇਂ ਵਿਚ ਕੁੜੀ ਵਾਲੇ ਕੁੜੀ ਨੂੰ ਵੱਧ ਤੋਂ ਵੱਧ 20 ਤੋਂ 30 ਹਜ਼ਾਰ ਲਾ ਕੇ ਆਈਲਟਸ ਕਰਵਾ ਕੇ ਕੁੜੀ ਨੂੰ 20 ਤੋਂ 40 ਲੱਖ ਵਿਚ ਵੇਚ ਦਿੰਦੇ ਹਨ। ਕੁੜੀ ਵਿਕ ਕੇ ਵੀ ਖ਼ਰੀਦਣ ਵਾਲੇ ਦੇ ਘਰ ਨਹੀਂ ਜਾਂਦੀ। ਉਹਦੇ ਮਾਂ-ਪਿਉ ਦੀ ਸੇਵਾ ਨਹੀਂ ਕਰਦੀ। ਉਸ ਤੋਂ ਇਲਾਵਾ ਉਸ ਦੀ 2 ਕਰੋੜ ਦੀ ਜ਼ਮੀਨ ਦੀ ਵੀ ਮਾਲਕਣ ਬਣ ਜਾਂਦੀ ਹੈ। ਮੁੰਡਾ ਵੀ ਮਾਂ-ਪਿਉ ਦੀ ਸੇਵਾ ਨਹੀਂ ਕਰਨ ਜੋਗਾ ਰਹਿੰਦਾ। ਜੇ ਉਹ ਵਿਆਹ ਸਿਰੇ ਚੜ੍ਹਦੇ ਵਧੀਆਂ ਤਾਂ ਪੈਸੇ ਲਵਾ ਕੇ ਬੱਸ ਬੋਲ ਦਿੰਦੀਆਂ ਤੂੰ ਕੌਣ ਤੇ ਮੈਂ ਕੌਣ ਤੇ ਮੁੰਡੇ ਵਿਚਾਰੇ ਆਪਣੇ-ਆਪ ਮਰਨ ਲਈ ਮਜਬੂਰ ਹੋ ਜਾਂਦੇ ਹਨ ਜਾਂ ਫਿਰ ਬੇਸ਼ਰਮ ਹੋ ਕੇ ਜ਼ਮੀਨ ਜਾਂ ਘਰ ਵੇਚ ਕੇ ਆਵਦੇ ਦਿਨ ਕੱਢਦੇ ਹਨ। ਸਾਡੀ ਸਰਕਾਰ ਸਾਡਾ ਕਾਨੂੰਨ ਵੀ ਕੀ ਸਮਝੇ ਕਿੱਦਾਂ ਰੋਕੇ ਇਹ ਧੋਖਾਧੜੀ ਨੂੰ ਇਸ ਵਿਚ ਕਸੂਰਵਾਰ ਕੌਣ ਹੈ ਮੁੰਡੇ ਵਾਲੇ ਕਿ ਕੁੜੀ ਵਾਲੇ ਜਾਂ ਮੁੰਡਾ ਕਿ ਕੁੜੀ ਸਜ਼ਾ ਸਾਰਿਆਂ ਨੂੰ ਮਿਲ ਜਾਂਦੀ ਆ ਲਾਲਚ ਵਿਚ ਆ ਕੇ ਕਿਉਂ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਇਹ ਸਾਰਾ ਸਾਡੇ ਲੀਡਰ ਸਾਡੇ ਮੰਤਰੀ ਸਾਡੀਆਂ ਘਟੀਆਂ ਸਰਕਾਰਾਂ ਤੇ ਘਟੀਆਂ ਸਿਸਟਮ ਦੀ ਦੇਣ ਹੈ ਜੋ ਸਾਨੂੰ ਪੰਜਾਬ ਤੇ ਭਾਰਤ ਛੱਡਣ ਲਈ ਵੀ ਜ਼ਮੀਨ ਘਰ ਇੱਜ਼ਤ ਵੇਚਣੀ ਪੈਂਦੀ ਹੈ। ਵਿਦੇਸ਼ ਜਾਣ ਲਈ ਜੇ ਸਾਡੇ ਬੱਚਿਆਂ ਨੂੰ ਸਾਡੇ ਦੇਸ਼ ਵਿਚ ਵਧੀਆ ਕੰਮ ਵਧੀਆਂ ਜ਼ਿੰਦਗੀ ਜਿਊਣ ਨੂੰ ਮਿਲੇ, ਕਿਉਂ ਵਿਦੇਸ਼ ਜਾਣ ਕਿਉਂ ਮਰਨ... ਕਿਉਂ ਕਰਜ਼ਾਈ ਹੋਣ, ਇਸ ਲਈ ਜ਼ਿੰਮੇਵਾਰ ਕੌਣ?

-ਤਰਸੇਮ ਔਲਖ, ਕੋਟਲੀ।

27-07-2021

 ਮਹਾਂਮਾਰੀ ਤੇ ਮਹਿੰਗਾਈ

ਮਹਾਂਮਾਰੀ ਨਾਲ ਨਜਿੱਠਣ 'ਚ ਸਰਕਾਰ ਦੀ ਨਾਕਾਮੀ ਅਤੇ ਅਰਥ-ਵਿਵਸਥਾ ਦੀ ਗਿਰਾਵਟ ਤੇ ਤਾਲਾਬੰਦੀ ਦੀ ਮਾਰ ਨੇ ਸਭ ਤੋਂ ਵੱਧ ਨੁਕਸਾਨ ਆਮ ਭਾਰਤੀ ਦਾ ਕੀਤਾ ਹੈ। ਅਤਿ ਅਮੀਰ ਤਬਕੇ ਨੇ ਤਾਂ ਮਹਾਂਮਾਰੀ ਵਿਚ ਕਮਾਈਆਂ ਕੀਤੀਆਂ। ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਕਰਨ ਤੋਂ ਪਤਾ ਚਲਦਾ ਹੈ ਕਿ ਅਸਲ ਵਿਚ ਸਰਕਾਰ ਦੀ ਹਮਦਰਦੀ ਕਿਸ ਨਾਲ ਹੈ। ਪੈਟਰੋਲ ਦੇ ਭਾਅ 'ਚ ਵਾਧੇ. ਜ਼ਰੂਰੀ ਵਸਤਾਂ ਦੀ ਸਪਲਾਈ ਦੀ ਬਨਾਉਟੀ ਘਾਟ, ਜਮ੍ਹਾਂ ਖੋਰੀ ਅਤੇ ਕਾਲਾਬਾਜ਼ਾਰੀ ਨੇ ਆਮ ਆਦਮੀ ਦੀਆਂ ਜ਼ਰੂਰੀ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਾਈਆਂ ਹੋਈਆਂ ਹਨ। ਹਾਲਾਤ ਇਹ ਹੈ ਕਿ ਸਧਾਰਨ ਭਾਰਤੀ ਲਈ ਦਾਲ ਰੋਟੀ ਖਾਣਾ ਵੀ ਮਹਾਲ ਬਣਿਆ ਹੋਇਆ ਹੈ। ਭਾਰਤੀ ਲੋਕਾਂ ਦੀ ਆਮਦਨ ਮਹਾਂਮਾਰੀ ਦੇ ਸਵਾ ਸਾਲ ਅੰਦਰ ਬਹੁਤ ਹੀ ਘੱਟ ਚੁੱਕੀ ਹੈ। ਖੁਸੇ ਰੁਜ਼ਗਾਰ ਅਤੇ ਆਮਦਨੀਆਂ 'ਚ ਹੋਈਆਂ ਕਟੌਤੀਆਂ ਕਾਰਨ ਮਿਹਨਤਕਸ਼ ਵਰਗ ਲਈ ਹਾਲਾਤ ਬਹੁਤ ਭਿਆਨਕ ਬਣੇ ਹੋਏ ਹਨ। ਨਿੱਤ ਵਰਤੋਂ ਦੀਆਂ ਚੀਜ਼ਾਂ ਵਿਚ ਦਸ ਫ਼ੀਸਦੀ ਵਾਧਾ ਹੋ ਚੁੱਕਾ ਹੈ। ਕੋਵਿਡ-19 ਮਹਾਂਮਾਰੀ ਨਾਲ ਮਿਲ ਕੇ ਮਹਿੰਗਾਈ ਦੀ ਮਾਰ ਨੇ ਭਾਰਤ ਦੇ ਗ਼ਰੀਬ ਅਤੇ ਮਿਹਨਤਕਸ਼ ਵਰਗ ਲਈ ਅਜਿਹੀ ਭਿਆਨਕ ਸਥਿਤੀ ਪੈਦਾ ਕੀਤੀ ਹੈ, ਜਿਸ ਦੀ ਆਜ਼ਾਦ ਭਾਰਤ ਵਿਚ ਪਹਿਲਾਂ ਕੋਈ ਮਿਸਾਲ ਨਹੀਂ ਲੱਭਦੀ। ਕਿਸਾਨੀ ਸੰਘਰਸ਼ ਵਿਚ ਇਸ ਮਸਲੇ ਨੂੰ ਵੱਧ ਚੜ੍ਹ ਕੇ ਉਭਾਰਨ ਦੀ ਲੋੜ ਹੈ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਮੋਗਾ।

ਬਿਜਲੀ ਦੇ ਬਿੱਲਾਂ ਦਾ ਚੱਕਰਵਿਊ

ਅਜੋਕੇ ਸਮੇਂ ਵਿਚ ਬਿਜਲੀ ਮਨੁੱਖੀ ਜੀਵਨ ਦੀ ਮੁੱਖ ਲੋੜ ਬਣ ਚੁੱਕੀ ਹੈ। ਬਿਜਲੀ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਅੱਜ ਪੱਥਰ ਯੁੱਗ ਵਿਚ ਜਾਣ ਦੇ ਸਮਾਨ ਹੈ। ਜੀਵਨ ਦੇ ਹਰੇਕ ਖੇਤਰ ਵਿਚ ਤੇ ਹਰੇਕ ਕਦਮ ਵਿਚ ਬਿਜਲੀ ਦੀ ਵਰਤੋਂ ਹੁੰਦੀ ਹੈ। ਅੱਜ ਪੰਜਾਬ ਦਾ ਬਿਜਲੀ ਬੋਰਡ ਮਹਿਕਮਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਘਾਟੇ ਦਾ ਅਦਾਰਾ ਅਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣ ਚੁੱਕਾ ਹੈ। ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਕੰਮਕਾਜ ਖੁਸ ਰਹੇ ਹਨ ਤੇ ਕਈਆਂ ਦੇ ਘਾਟੇ ਵਿਚ ਕੰਮ ਧੰਦੇ ਚਲ ਰਹੇ ਹਨ। ਇਸ ਤਰ੍ਹਾਂ ਦੀ ਸਥਿਤੀ ਵਿਚ ਬਿਜਲੀ ਮਹਿਕਮੇ ਵਲੋਂ ਬਿਨਾਂ ਮੀਟਰ ਦੀ ਰੀਡਿੰਗ ਲਏ ਜਾਣ ਅਤੇ ਖਰਾਬ ਹੋਏ ਬਿਜਲੀ ਮੀਟਰਾਂ ਨੂੰ ਠੀਕ ਕਰਨ ਦੀ ਬਜਾਏ ਬੇਹਿਸਾਬ ਬਿਜਲੀ ਦਾ ਬਿੱਲ ਭੇਜ ਦਿੱਤਾ ਜਾਂਦਾ ਹੈ। ਗੱਲਬਾਤ ਕਰਨ ਉਤੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ। ਇਸ ਲਈ ਹੇਰਾਫੇਰੀ ਚਾਰ ਸੌ ਵੀਹ ਕਰਨ ਨਾਲੋਂ ਚੰਗਾ ਹੈ ਕਿ ਸਿਮ ਵਾਲੇ ਮੀਟਰ ਲਗਵਾ ਦਿੱਤੇ ਜਾਣ। ਲੋਕਾਂ ਦਾ ਤੇ ਬਿਜਲੀ ਬੋਰਡ ਦਾ ਇਸ ਵਿਚ ਹੀ ਭਲਾ ਹੋਵੇਗਾ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਜ਼ਿਲ੍ਹਾ ਹੁਸ਼ਿਆਰਪੁਰ।

ਬਰਸਾਤ

ਬਰਸਾਤ ਵਾਲੇ ਮੌਸਮ ਵਿਚ ਹਰੀ-ਭਰੀ ਦੁਨੀਆ ਨਜ਼ਰ ਆਉਂਦੀ ਹੈ। ਹਰ ਕੋਈ ਗਰਮੀ ਤੋਂ ਰਾਹਤ ਮਹਿਸੂਸ ਕਰਦਾ ਹੈ। ਪਰ ਕਈ ਜਗ੍ਹਾ ਜੇ ਨਿਗ੍ਹਾ ਮਾਰੀ ਜਾਵੇ ਤਾਂ ਕੱਚੇ ਘਰਾਂ ਵਾਲੇ ਔਖੇ ਹੋ ਰਹੇ ਹਨ। ਮੀਂਹ ਦੇ ਆਉਣ ਨਾਲ ਉਨ੍ਹਾਂ ਦੇ ਕੱਚੇ ਘਰ ਡਿਗਦੇ ਜਾ ਰਹੇ ਹਨ। ਇਥੇ ਇਕ ਪਾਸੇ ਗਰਮੀ ਦੀ ਰਾਹਤ ਤੋਂ ਖੁਸ਼ੀ ਤਾਂ ਹੈ ਪਰ ਦੂਸਰੇ ਪਾਸੇ ਗ਼ਰੀਬਾਂ ਦੇ ਕੱਚੇ ਘਰ ਰੁਲਦੇ ਜਾ ਰਹੇ ਹਨ। ਫਿਰ ਇਸ ਤਰ੍ਹਾਂ ਦੀ ਠੰਢ ਨੂੰ ਕੀ ਕਰਨਾ। ਜੋ ਕਿਸੇ ਦੀ ਜਾਨ ਲੈ ਕੇ ਮਿਲੇ। ਗ਼ਰੀਬ ਪਰਿਵਾਰ ਘਰ ਤੋਂ ਬੇਘਰ ਹੋ ਰਹੇ ਹਨ। ਸੋ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਗ਼ਰੀਬ ਪਰਿਵਾਰਾਂ ਨੂੰ ਵੀ ਇਕ ਟਿਕਾਣਾ ਦੇਣ ਅਤੇ ਉਨ੍ਹਾਂ ਦੀ ਮਾਲੀ ਮਦਦ ਕਰਨ, ਤਾਂ ਜੋ ਉਹ ਵੀ ਜ਼ਿੰਦਗੀ ਦਾ ਆਨੰਦ ਲੈ ਸਕਣ।

-ਕਿਰਨਦੀਪ
ਕੇ.ਐਮ. ਵੀ. ਕਾਲਜ, ਜਲੰਧਰ।

ਤਾਜਪੋਸ਼ੀ ਸਮਾਗਮ

ਪਿਛਲੇ ਕੁਝ ਦਿਨਾਂ ਤੋਂ ਕੀ ਟੀ.ਵੀ. ਚੈਨਲ, ਕੀ ਅਖ਼ਬਾਰਾਂ, ਕੀ ਸੋਸ਼ਲ ਮੀਡੀਆ ਜਿਥੇ ਵੀ ਵੇਖ ਲਓ ਹਰ ਪਾਸੇ ਸਿੱਧੂ ਬਨਾਮ ਕੈਪਟਨ ਹੀ ਦਿਖਾਈ ਦੇ ਰਿਹਾ ਸੀ। ਵਿਵਾਦ ਨੂੰ ਸੁਲਝਾਉਂਦਿਆਂ ਕਾਂਗਰਸ ਹਾਈ ਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ। ਪਾਰਟੀ ਪ੍ਰਧਾਨ ਸਦਾ ਬਣਦੇ/ਬਦਲਦੇ ਆਏ ਹਨ ਪਰ ਏਨਾ ਵੱਡਾ ਤਾਜਪੋਸ਼ੀ ਸਮਾਗਮ ਕਰਕੇ ਮੀਡੀਆ ਵਿਚ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ ਜਿਵੇਂ ਦੁਨੀਆ ਭਰ ਦੀਆਂ ਤਾਕਤਾਂ ਸਿੱਧੂ ਨੂੰ ਮਿਲ ਗਈਆਂ ਹੋਣ। ਸਿੱਧੂ ਸਾਬ੍ਹ ਵੀ ਬਾਹਾਂ ਮਾਰ-ਮਾਰ ਕੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਪਰ ਬੇਅਦਬੀ ਮਾਮਲਾ, ਬਿਜਲੀ ਸਮਝੌਤੇ ਆਦਿ ਮੁੱਦੇ ਹਮੇਸ਼ਾ ਦੀ ਤਰ੍ਹਾਂ ਕੇਵਲ ਗੱਲਾਂ ਨਾਲ ਹੱਲ ਨਹੀਂ ਹੋਣੇ। ਪਹਿਲੀ ਗੱਲ ਤਾਂ ਕੈਪਟਨ ਸਾਬ੍ਹ ਭਾਵੇਂ ਮਜਬੂਰਨ ਸਮਾਗਮ ਵਿਚ ਸ਼ਾਮਿਲ ਤਾਂ ਹੋ ਗਏ ਪਰ ਉਨ੍ਹਾਂ ਦੇ ਸੁਰ ਸਿੱਧੂ ਨਾਲ ਮਿਲਣੇ ਅਸੰਭਵ ਦਿਖਾਈ ਦੇ ਰਹੇ ਹਨ। ਦੂਜੀ ਗੱਲ ਸਰਕਾਰ ਕੋਲ ਇਹ ਸਭ ਕਰਨ ਲਈ ਸਮਾਂ ਹੀ ਕਿੰਨਾ ਬਚਿਆ ਹੈ? ਮੁੱਕਦੀ ਗੱਲ ਇਹ ਤਾਜਪੋਸ਼ੀ ਸਮਾਗਮ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਤੇ 2022 ਚੋਣਾਂ ਵਿਚ ਵੋਟਾਂ ਬਟੋਰਨ ਲਈ ਨਵੇਂ ਮੁੱਦੇ ਪਰੋਸਣ ਦੀ ਚੰਗੀ ਕੋਸ਼ਿਸ਼ ਹੈ।

-ਚਾਨਣ ਦੀਪ ਸਿੰਘ ਔਲਖ

ਸ਼ਹੀਦ ਊਧਮ ਸਿੰਘ ਵਰਗਾ ਕਿਸੇ ਨਹੀਂ ਬਣ ਜਾਣਾ

ਸ਼ਹੀਦ ਊਧਮ ਸਿੰਘ ਦਾ ਨਾਂਅ ਭਾਰਤ ਦੇ ਚੋਟੀ ਦੇ ਕੌਮੀ ਸ਼ਹੀਦਾਂ ਵਿਚ ਸ਼ੁਮਾਰ ਹੁੰਦਾ ਹੈ। ਇਨ੍ਹਾਂ ਦਾ ਜਨਮ ਸੁਨਾਮ ਜ਼ਿਲ੍ਹਾ ਸੰਗਰੂਰ ਕੰਬੋਜ ਘਰਾਣੇ ਵਿਚ ਹੋਇਆ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵਲੋਂ ਸੰਨ 1919 ਵਿਸਾਖੀ ਵਾਲੇ ਦਿਨ ਨਿਹੱਥੇ ਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰਨ ਦੀ ਚਾਹਤ ਦਾ ਬਦਲਾ ਲੈਣ ਲਈ ਚਿੰਗਾੜੀ ਆਪਣੇ ਮਨ ਵਿਚ 20 ਸਾਲ ਜਲਾਈ ਰੱਖੀ। ਅਖ਼ੀਰ 13 ਮਾਰਚ, 1940 ਨੂੰ ਈਸਟ ਐਸੋਸੀਏਸ਼ਨ ਸੈਂਟਰਲ ਈਸਟਰਨ ਸੁਸਾਇਟੀ ਦੀ ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿਥੇ ਜਲ੍ਹਿਆਂਵਾਲੇ ਬਾਗ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਨ ਦੇ ਰਿਹਾ ਸੀ। ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਰਿਵਾਲਵਰ ਬੁਲਾਰੇ ਵਜੋਂ ਕੱਢ ਮਾਰ ਮੁਕਾਇਆ, ਜੋ 31 ਜੁਲਾਈ, 1940 ਪਟੋਨਵਿਲੇ ਜੇਲ੍ਹ ਲੰਡਨ ਵਿਖੇ ਫਾਂਸੀ ਦੇ ਕੇ ਉਸ ਦੇ ਸਰੀਰ ਨੂੰ ਉਥੇ ਹੀ ਦਬਾ ਦਿੱਤਾ। ਅੱਜ ਉਨ੍ਹਾਂ ਦੇ ਸ਼ਹੀਦੀ ਦਿਨ 'ਤੇ ਸਾਨੂੰ ਸੰਕਲਪ ਲੈਣਾ ਚਾਹੀਦਾ ਹੈ। ਸਕੂਲ ਪੱਧਰ 'ਤੇ ਬਾਲ ਸਭਾ ਲਗਾ ਕੇ ਅਧਿਆਪਕਾਂ ਨੂੰ ਆਪਣੇ ਦੇਸ਼ ਭਗਤਾਂ, ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਜੋ ਨਵੀਂ ਪੀੜ੍ਹੀ ਬਿਲਕੁਲ ਅਨਜਾਣ ਹੈ, ਜੋ ਨਸ਼ਿਆਂ ਵਿਚ ਗਰਕ ਹੋ ਰਹੀ ਹੈ। ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਬਾਰੇ ਜਾਣ ਕੇ ਉਨ੍ਹਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੀਆਂ ਹਨ। ਨੌਜਵਾਨ ਨਸ਼ਿਆਂ ਨੂੰ ਤਿਆਗ ਕਰਨ ਦਾ ਪ੍ਰਣ ਲੈਣ, ਇਹ ਹੀ ਊਧਮ ਸਿੰਘ ਨੂੰ ਅੱਜ ਸੱਚੀ ਸ਼ਰਧਾਂਜਲੀ ਹੋਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ।

26-07-2021

 ਦਰਦ-ਏ-ਪੰਜਾਬ
ਇਸ ਸਮੇਂ ਸਭ ਨੂੰ ਪਤਾ ਹੈ ਕਿ ਪੰਜਾਬ ਦੀ ਹਾਲਤ ਰਾਜਨੀਤਕ ਅਤੇ ਆਰਥਿਕ ਪੱਖੋਂ ਬੇਹੱਦ ਬੇਦਰਦ ਹੋ ਚੁੱਕੀ ਹੈ। ਲਗਭਗ ਸਾਲ ਹੋ ਚੱਲਿਆ ਹੈ ਕਿਸਾਨੀ ਸੰਘਰਸ਼ ਨੂੰ, ਜਿਸ ਵਿਚ 500 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ ਅਤੇ ਪਤਾ ਨਹੀਂ ਇਸ ਤਰ੍ਹਾਂ ਕਿੰਨੀਆਂ ਜਾਨਾਂ ਜਾਣੀਆਂ ਹਨ। ਬਿਜਲੀ, ਪਾਣੀ, ਗੈਸ, ਖਾਦਾਂ, ਦਵਾਈਆਂ, ਪੈਟਰੋਲ, ਡੀਜ਼ਲ ਅਤੇ ਹਰ ਪੱਖੋਂ ਮਹਿੰਗਾਈ ਅਤੇ ਬੁਰਜ਼ਗਾਰੀ ਨਾਲ ਸਾਰਾ ਪੰਜਾਬ ਦੁੱਖ ਭੋਗ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਂਮਾਰੀ ਨਾਲ ਮੌਤਾਂ ਹੀ ਮੌਤਾਂ ਹੋ ਰਹੀਆਂ ਹਨ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ, ਮੁਲਾਜ਼ਮਾਂ, ਕਾਮਿਆਂ, ਕਿਰਤੀਆਂ ਦਾ ਨੁਕਸਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਸਮੇਂ ਕਿਸਾਨ ਅਤੇ ਹੋਰ ਹਮਾਇਤੀ, 32 ਪਾਰਟੀਆਂ, ਜਥਿਆਂ ਦੇ ਰੂਪ ਵਿਚ ਦਿੱਲੀ ਸੰਘਰਸ਼ ਵਿਚ ਗਰਮੀ, ਸਰਦੀ, ਮੀਂਹ, ਝੱਖੜ ਝੱਲ ਰਹੇ ਹਨ। ਪਰ ਸਦਕੇ ਜਾਈਏ ਸਰਕਾਰਾਂ ਦੇ ਜਿਨ੍ਹਾਂ ਨੂੰ ਕੋਈ ਦਰਦੀਆਂ ਨਾਲ ਹਮਾਇਤ ਨਹੀਂ ਬਸ ਕੁਰਸੀਆਂ ਨਾਲ ਪਿਆਰ ਹੈ।


-ਰਘਬੀਰ ਸਿੰਘ ਬੈਂਸ,
ਸੁਪਰਡੈਂਟ (ਰਿਟਾ.) ਮੈਂਬਰ ਮਨੁੱਖੀ ਅਧਿਕਾਰ ਮੰਚ।


ਪੰਜਾਬ ਚੋਣਾਂ ਬਨਾਮ ਅਸਲੀ ਮੁੱਦੇ
ਪਿਛਲੇ ਦਿਨੀਂ 'ਅਜੀਤ' 'ਚ ਹਰਜਿੰਦਰ ਸਿੰਘ ਲਾਲ ਦਾ ਲੇਖ 'ਵਿਧਾਨ ਸਭਾ ਚੋਣਾਂ ਦੀ ਚਰਚਾ ਵਿਚੋਂ ਗਾਇਬ ਹਨ, ਅਸਲੀ ਮੁੱਦੇ' ਪੜ੍ਹਿਆ ਲੇਖਕ ਨੇ ਬੜੇ ਵਿਸਥਾਰ ਨਾਲ ਚਾਨਣਾ ਪਾਇਆ ਹੈ ਕਿ ਕਿਵੇਂ ਅੱਜ ਤਾਈਂ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਲੋਕਾਂ ਨੂੰ ਕੁਝ ਇਕ ਮੁਫ਼ਤ ਸਹੂਲਤਾਂ ਦੇ ਨਾਂਅ 'ਤੇ ਕਿਵੇਂ ਵਕਤੀ ਤੌਰ 'ਤੇ ਮੂਰਖ ਬਣਾ ਕੇ ਸੱਤਾ ਹਾਸਲ ਕਰਨ ਵਿਚ ਕਾਮਯਾਬ ਰਹੀਆਂ ਹਨ। ਵੱਖਰੀ ਕਿਸਮ ਦੀ ਸਿਆਸਤ ਕਰਨ ਵਾਲੀ ਆਮ ਆਦਮੀ ਪਾਰਟੀ ਵੀ ਹੁਣ ਇਸੇ ਰਾਹ 'ਤੇ ਚਲਦੀ ਨਜ਼ਰ ਆ ਰਹੀ ਹੈ। ਇਨ੍ਹਾਂ ਸਭ ਸਿਆਸੀ ਪਾਰਟੀਆਂ ਦੇ ਏਜੰਡੇ ਤੋਂ ਪੰਜਾਬ ਦੇ ਅਸਲੀ ਮੁੱਦੇ ਗਾਇਬ ਹਨ, ਜਿਨ੍ਹਾਂ ਵਿਚ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਿਲ ਕਰਵਾਉਣਾ, ਗੁਆਂਢੀ ਰਾਜਾਂ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣਾ, ਚੰਡੀਗੜ੍ਹ ਲੈਣਾ, ਪੰਜਾਬ ਦੀ ਵੱਖਰੀ ਹਾਈਕੋਰਟ ਬਣਾਉਣੀ, ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਠੋਸ ਉਪਰਾਲੇ, ਬੇਰੁਜ਼ਗਾਰੀ, ਸਿਹਤ ਅਤੇ ਸਿੱਖਿਆ ਵਿਚ ਸੁਧਾਰ, ਭ੍ਰਿਸ਼ਟਾਚਾਰ, ਮਹਿੰਗਾਈ, ਨਸ਼ਾ ਅਤੇ ਸ਼ਰਾਬ ਮਾਫੀਆ, ਰੇਤ ਬੱਜਰੀ ਤੇ ਭੂਮੀ ਮਾਫੀਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਭਾਰਤ ਪਾਕਿਸਤਾਨ ਸਰਹੱਦ ਰਾਹੀਂ ਸੜਕੀ ਵਪਾਰ, ਬਿਜਲੀ ਸਮਝੌਤੇ ਰੱਦ ਕਰਵਾਉਣੇ ਜਾਂ ਸੁਧਾਰਨੇ, ਪੰਜਾਬ ਵਿਚੋਂ ਖ਼ਤਮ ਹੋ ਚੁੱਕੀ ਸਨਅਤ ਅਤੇ ਸਰਕਾਰੀ ਖੰਡ ਮਿੱਲਾਂ ਨੂੰ ਮੁੜ ਤੋਂ ਚਾਲੂ ਕਰਵਾਉਣਾ ਆਦਿ ਇਸ ਤੋਂ ਇਲਾਵਾ ਮਸਲੇ ਹੋਰ ਵੀ ਬਹੁਤ ਹਨ ਜੋ ਵਿਧਾਨ ਸਭਾ 2022 ਦੀਆਂ ਚੋਣਾਂ ਵਿਚ ਉਭਾਰਨੇ ਚਾਹੀਦੇ ਹਨ।


-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ ਪੱਟੀ, ਤਰਨ ਤਾਰਨ।


ਸਕੂਲ ਖੋਲ੍ਹਣ ਦੀ ਖ਼ਬਰ
ਸਕੂਲ ਖੁੱਲ੍ਹਣ ਦੀ ਖ਼ਬਰ ਨੇ ਬੱਚਿਆਂ ਅਤੇ ਮਾਪਿਆਂ ਵਿਚ ਰੌਣਕ ਅਤੇ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ। ਲੰਮੇ ਸਮੇਂ ਬਾਅਦ ਤੀਆਂ ਵਰਗੀਆਂ ਰੌਣਕਾਂ ਹੋਣਗੀਆਂ। ਬੱਚਿਆਂ ਨੂੰ ਸਕੂਲ ਭੇਜਣਾ ਨਾ ਭੇਜਣਾ ਮਾਪਿਆਂ ਦੀ ਜ਼ਿੰਮੇਵਾਰੀ ਕਹਿਣਾ ਡਰਾਉਣ ਵਰਗਾ ਹੀ ਹੈ। ਇਹ ਕੋਰੋਨਾ ਦੇ ਨਾਂਅ 'ਤੇ ਡਰਾਈ ਜਾਣਾ ਬੰਦ ਕਦੋਂ ਕਰੋਗੇ? ਇਹ ਨਾ ਹੋਵੇ, ਮਾਪਿਆਂ ਤੋਂ ਫੀਸਾਂ ਲੈ ਕੇ ਕੋਰੋਨਾ ਦੀ ਤੀਜੀ ਲਹਿਰ ਦਾ ਰੌਲਾ ਪਾ ਦਿੱਤਾ ਜਾਵੇ। ਵੋਟਾਂ ਤੱਕ ਵਿਰੋਧੀਆਂ ਨੂੰ ਦਬਾਅ ਕੇ ਰੱਖਣ ਲਈ ਸਰਕਾਰ ਹਰ ਹੀਲੇ ਕੋਰੋਨਾ ਦਾ ਬਹਾਨਾ ਲਾਵੇਗੀ। ਪਰ ਮਾਪਿਆਂ ਦੀਆਂ ਵੋਟਾਂ ਟੁੱਟਣ ਦਾ ਡਰ ਵੀ ਹੈ। ਇਸ ਲਈ ਸਕੂਲ ਖੋਲ੍ਹਣੇ ਬਹੁਤ ਜ਼ਰੂਰੀ ਹਨ। ਮਾਪਿਆਂ ਵਿਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਫਿਕਰ ਹੈ। ਸੋ, ਮੇਰੇ ਮੁਤਾਬਿਕ ਬੰਦ ਕੀਤੇ ਸਕੂਲ ਖੋਲ੍ਹਣਾ ਹੀ ਸਹੀ ਫ਼ੈਸਲਾ ਹੈ।


-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਜ਼ਿਲ੍ਹਾ ਮਾਲੇਰਕੋਟਲਾ।


ਝੂਠੇ ਵਾਅਦੇ
ਧਰਮ ਦੇ ਨਾਂਅ 'ਤੇ ਲੀਡਰ ਹਮੇਸ਼ਾ ਸਿਆਸਤ ਹੀ ਕਰਦੇ ਆਏ ਹਨ, ਜਦੋਂ ਵੀ ਚੋਣਾਂ ਆਉਂਦੀਆਂ ਤਾਂ ਲੋਕਾਂ ' ਜਾਤ-ਪਾਤ, ਧਰਮ ਦੇ ਨਾਂਅ 'ਤੇ ਇਕ-ਦੂਜੇ ਨਾਲ ਲੜਾਉਂਦੇ ਹਨ ਤੇ ਖੁਦ ਇਕੋ ਛੱਤ ਹੇਠਾਂ ਬੈਠ ਕੇ ਮੀਟਿੰਗਾਂ ਕਰਦੇ ਹਨ। ਵੱਡੇ-ਵੱਡੇ ਲੋਕਾਂ ਨਾਲ ਵਾਅਦੇ ਕਰਨੇ ਅਤੇ ਬਾਅਦ ਵਿਚ ਉਹੀ ਝੂਠੇ ਸਾਬਤ ਹੋਣੇ ਇਹ ਹਮੇਸ਼ਾ ਨੇਤਾਵਾਂ ਦੇ ਕੰਮ ਰਹੇ ਹਨ। ਪੰਜਾਬ ਦੇ ਲੀਡਰਾਂ ਦੀ ਗੰਦੀ ਰਾਜਨੀਤੀ ਨੇ ਪੰਜਾਬ ਨੂੰ ਕਿੰਨੇ ਸਾਲ ਪਿੱਛੇ ਧੱਕ ਦਿੱਤਾ। ਪਾਰਟੀ ਚਾਹੇ ਕੋਈ ਵੀ ਹੋਵੇ ਪਰ ਪੰਜਾਬ ਦੇ ਜੋ ਅਸਲੀ ਮੁੱਦੇ ਨੇ ਉਹ ਕਿਸੇ ਵੀ ਪਾਰਟੀ ਦੇ ਨੇਤਾਵਾਂ ਦੀ ਜ਼ਬਾਨ ਤੋਂ ਸੁਣਨ ਨੂੰ ਨਹੀਂ ਮਿਲਦੇ। ਜਿਹੜਾ ਵੀ ਪਾਰਟੀ ਦਾ ਨੁਮਾਇੰਦਾ ਜਿੱਤ ਕੇ ਜਾਂਦਾ ਹੈ, ਉਸ ਨੂੰ ਹੀ ਲੋਕ ਪਰਾਏ ਹੋ ਜਾਂਦੇ ਹਨ, ਜਿਨ੍ਹਾਂ ਨੇ ਉਸ ਨੂੰ ਜਿੱਤ ਹਾਸਲ ਕਰਾਈ। ਹੁਣ ਵੋਟਾਂ ਆਉਣ ਵਾਲੀਆਂ ਨੇ, ਨਾਲ ਲੰਮੀਆਂ ਗੱਡੀਆਂ ਦੇ ਕਾਫਲੇ ਆਉਣੇ ਸਾਡੇ ਬੂਹਿਆਂ ਅੱਗੇ ਆ ਕੇ ਹੱਥ ਜੋੜ ਵੋਟਾਂ ਪਾਉਣ ਦੀ ਬੇਨਤੀ ਕਰਨੀ, ਉਸ ਵਕਤ ਇਨ੍ਹਾਂ ਨੂੰ ਸਵਾਲ ਕਰਨੇ ਬਣਦੇ ਹਨ ਕਿ ਚਾਰ ਸਾਲਾਂ ਵਿਚ ਸਾਡੇ ਪਿੰਡ ਨਜ਼ਰ ਨਹੀਂ ਆਏ? ਪਤਾ ਨੀ ਕਿਹੜੀ ਖੁੱਡ ਵਿਚ ਜਾ ਬੈਠਦੇ। ਲੋਕਾਂ ਨੂੰ ਪੰਜਾਬ ਦੇ ਅਸਲ ਮੁੱਦਿਆਂ 'ਤੇ ਨੇਤਾਵਾਂ ਨੂੰ ਸਵਾਲ ਕਰਨੇ ਚਾਹੀਦੇ ਹਨ ਕਿ ਉਨ੍ਹਾਂ ਨੇ ਬੇਰੁਜ਼ਗਾਰੀ, ਪੰਜਾਬ ਅਤੇ ਕਿਸਾਨਾਂ ਦੇ ਸਿਰ ਕਰਜ਼ਾ, ਡਰੱਗ ਮਾਫੀਆ, ਪਾਣੀ ਦੀ ਲੁੱਟ, ਨਹਿਰੀ ਪਾਣੀ, ਦਰਿਆਵਾਂ ਵਿਚ ਪ੍ਰਦੂਸ਼ਣ ਰੋਕਣ ਲਈ, ਮੁੰਡੇ-ਕੁੜੀਆਂ ਦੀ ਵਿਦੇਸ਼ਾਂ ਵੱਲ ਹਿਜਰਤ ਰੋਕਣ ਲਈ, ਕਰਜ਼ਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਅਤੇ ਪੰਜਾਬ ਦੇ ਜ਼ਮੀਨੀ ਪਾਣੀ ਦੇ ਡੂੰਘੇ ਹੋਣ ਤੋਂ ਰੋਕਣ ਲਈ ਕੀ ਕੀਤਾ?


-ਹਰਪ੍ਰੀਤ ਸਿੰਘ
ਪਿੰਡ ਝੇਰਿਆਂਵਾਲੀ, ਮਾਨਸਾ।


ਕੀ ਨਕਲ ਦਾ ਰੁਝਾਨ ਵਧਿਆ?
ਭਾਰਤ ਜਾਂ ਹੋਰ ਦੇਸ਼ਾਂ ਵਿਚ ਆਨਲਾਈਨ ਪੜ੍ਹਾਈ ਨੇ ਵਿਦਿਆਰਥੀਆਂ ਵਿਚ ਨਕਲ ਦੇ ਰੁਝਾਨ ਨੂੰ ਵਧਾਇਆ ਹੈ ਭਾਵੇਂ ਉਹ ਵਿਦਿਆਰਥੀ ਦੇਸ਼ ਜਾਂ ਵਿਦੇਸ਼ ਵਿਚ ਰਹਿ ਕੇ ਆਨਲਾਈਨ ਪੜ੍ਹਾਈ ਕਰਨ ਤੋਂ ਬਾਅਦ ਪ੍ਰੀਖਿਆ ਕਿਉਂ ਨਾ ਦੇ ਰਹੇ ਹੋਣ? ਦੇਖਣ ਵਿਚ ਆਉਂਦਾ ਹੈ ਕਿ ਜਦੋਂ ਵਿਦਿਆਰਥੀ ਆਨਲਾਈਨ ਪ੍ਰੀਖਿਆ ਦਿੰਦੇ ਹਨ ਤਾਂ ਜ਼ਿਆਦਾ ਤੌਰ 'ਤੇ ਵਿਦਿਆਰਥੀ ਗੂਗਲ ਤੋਂ ਹਰ ਪ੍ਰਸ਼ਨ ਦਾ ਉੱਤਰ ਲੱਭਦੇ ਹਨ, ਇਸ ਨਾਲ ਉਨ੍ਹਾਂ ਦੇ ਅੰਕ ਸੌ ਵਿਚੋਂ ਸੌ ਆਉਂਦੇ ਹਨ। ਹੁਣ ਤਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਜਲਦੀ ਇਕ ਲਿੰਕ ਆ ਜਾਂਦਾ ਹੈ, ਜਿਸ ਵਿਚ ਪ੍ਰਸ਼ਨਾਂ ਸਮੇਤ ਉੱਤਰ ਵੀ ਦਿੱਤੇ ਹੁੰਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਕੁਝ ਲੱਭਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਅਤੇ ਸਮਾਂ ਵੀ ਖਰਾਬ ਨਹੀਂ ਹੁੰਦਾ, ਪਰ ਦਿਨ-ਬਦਿਨ ਇਸ ਰੁਝਾਨ ਦਾ ਅਸਰ ਭਵਿੱਖ ਵਿਚ ਵਿਦਿਆਰਥੀਆਂ ਨੂੰ ਨਿਕੰਮੇ ਬਣਾਉਣ ਵਿਚ ਪੂਰਨ ਤੌਰ 'ਤੇ ਸਹਾਈ ਹੋਵੇਗਾ, ਜਿਸ ਦਾ ਬੁਰਾ ਪ੍ਰਭਾਵ ਵਿਦਿਆਰਥੀਆਂ ਦੀ ਯਾਦ ਸ਼ਕਤੀ 'ਤੇ ਪਵੇਗਾ। ਬਹੁਤੇ ਵਿਦਿਆਰਥੀ ਪੜ੍ਹਾਈ ਵੱਲ ਹੁਣ ਨਾ ਮਾਤਰ ਹੀ ਧਿਆਨ ਦਿੰਦੇ ਹਨ। ਭਾਵੇਂ ਇਸ ਤੋਂ ਅਧਿਆਪਕ ਅਤੇ ਮਾਂ-ਬਾਪ ਚੰਗੀ ਤਰ੍ਹਾਂ ਜਾਣੂ ਹਨ, ਪਰ ਕੋਰੋਨਾ ਦੇ ਡਰ ਤੋਂ ਅਨਜਾਣ ਬਣ ਰਹੇ ਹਨ। ਇਹ ਨਕਲ ਰੂਪੀ ਕੋਹੜ ਸਾਡੇ ਬੱਚਿਆਂ ਨੂੰ ਜਲਦੀ ਹੀ ਘੁਣ ਵਾਂਗ ਖਾ ਜਾਵੇਗਾ। ਫਿਰ ਵਾਪਸੀ ਸ਼ਾਇਦ ਅਸੰਭਵ ਹੋ ਜਾਵੇ। ਸਮਾਂ ਰਹਿੰਦਿਆਂ ਇਸ 'ਤੇ ਚਿੰਤਨ ਕਰਨ ਦੀ ਜ਼ਰੂਰਤ ਹੈ।


-ਕੰਵਰਦੀਪ ਸਿੰਘ ਭੱਲਾ
ਪਿੱਪਲਾਂਵਾਲਾ, ਰਿਕਵਰੀ ਅਫਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

22-07-2021

 ਖੁਰਦਾ ਪੰਜਾਬ

ਪਿਛਲੇ ਦਿਨੀਂ ਸੰਪਾਦਕੀ ਵਿਚ ਪੰਜਾਬ ਨੂੰ ਚੁਫੇਰਿਉਂ ਲੱਗ ਰਹੀ ਢਾਹ ਬਾਰੇ ਵੱਡੀ ਚਿੰਤਾ ਪੜ੍ਹਨ ਨੂੰ ਮਿਲੀ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਨੂੰ ਭੂਗੋਲਿਕ ਪੱਖ ਤੋਂ ਵੱਡਾ ਖੋਰਾ ਲੱਗਾ ਹੈ। ਇਸ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਹੋਣ ਕਰਕੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਸੜਕੀ ਵਪਾਰ ਨਾ ਹੋਣ ਕਰਕੇ ਬਹੁਤ ਵੱਡਾ ਘਾਟਾ ਪਿਆ ਹੈ। ਪੰਜਾਬ ਸਮੁੰਦਰੀ ਤੱਟਾਂ ਤੋਂ ਦੂਰ ਹੋਣ ਕਰਕੇ ਇਥੇ ਢੋਆ-ਢੁਆਈ 'ਤੇ ਹੀ ਵੱਡਾ ਖ਼ਰਚਾ ਆ ਜਾਂਦਾ ਹੈ। ਦੂਸਰਾ ਕੇਂਦਰ ਸਰਕਾਰ ਵਲੋਂ ਪੰਜਾਬ ਵਿਚਲੀ ਸਨਅਤ ਨਾਲ ਵਿਤਕਰਾ ਕਰਨ ਕਰਕੇ ਇਥੋਂ ਸਨਅਤ ਵੱਡੀ ਪੱਧਰ 'ਤੇ ਹਿਜਰਤ ਕਰਕੇ ਭਾਰਤ ਦੇ ਦੂਜੇ ਰਾਜਾਂ ਵਿਚ ਚਲੀ ਗਈ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਹਾਲਾਤ ਗੜਬੜ ਵਾਲੇ ਹੋਣ ਕਰਕੇ ਵੀ ਇਥੋਂ ਸਨਅਤਾਂ ਦਾ ਉਜਾੜਾ ਹੋਇਆ ਹੈ। ਸਮੇਂ-ਸਮੇਂ 'ਤੇ ਸੂਬਾ ਸਰਕਾਰ ਨੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਨ੍ਹਾਂ ਨੂੰ ਲੁੱਟਣ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਸਿੱਟੇ ਵਜੋਂ ਅੰਮ੍ਰਿਤਸਰ, ਬਟਾਲਾ, ਲੁਧਿਆਣਾ, ਗੁਰਾਇਆ, ਮੰਡੀ ਗੋਬਿੰਦਗੜ੍ਹ ਆਦਿ ਸਨਅਤਾਂ ਦੇ ਨਾਲ ਪੰਜਾਬ ਵਿਚੋਂ ਸਰਕਾਰੀ ਖੰਡ ਮਿੱਲਾਂ ਦਾ ਭੋਗ ਪੈ ਜਾਣਾ ਸੂਬੇ ਦੀਆਂ ਸਰਕਾਰਾਂ ਦੀ ਵੱਡੀ ਨਾਲਾਇਕੀ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਕਿਸਾਨ ਸੰਘਰਸ਼

ਅੱਜ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਤਕਰੀਬਨ 8 ਮਹੀਨੇ ਪੂਰੇ ਹੋਣ ਵਾਲੇ ਹਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਇਸ ਵਿਚ ਆਪਣੀ ਹਾਜ਼ਰੀ ਲਗਵਾਉਣੀ ਸ਼ੁਰੂ ਕੀਤੀ। ਹੌਲੀ-ਹੌਲੀ ਚਾਹੇ ਉਹ ਸ਼ਹਿਰੀ ਤਬਕਾ ਹੋਵੇ ਜਾਂ ਲੇਖਕ, ਬੱਧੀਜੀਵੀ, ਕਲਾਕਾਰ ਕਿਸੇ ਵੀ ਤਬਕੇ ਨਾਲ ਸਬੰਧ ਰੱਖਦਾ ਹੋਵੇ, ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਅੱਜ ਇਹ ਅੰਦੋਲਨ ਜਨ-ਅੰਦੋਲਨ ਬਣ ਗਿਆ ਹੈ। ਕੇਂਦਰ ਸਰਕਾਰ ਦੇ ਆਗੂਆਂ ਵਲੋਂ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਅੱਤਵਾਦੀ, ਮਾਓਵਾਦੀ ਵਰਗੇ ਸ਼ਬਦਾਂ ਨਾਲ ਭੰਡਿਆ ਗਿਆ। ਕੇਂਦਰ ਸਰਕਾਰ ਦੀਆਂ ਕਿਸਾਨਾਂ ਨਾਲ 11 ਬੈਠਕਾਂ ਹੋਈਆਂ ਪਰ ਕੋਈ ਸਾਰਥਕ ਨਤੀਜਾ ਨਾ ਨਿਕਲਿਆ। ਵਿਚਾਰਨ ਵਾਲੀ ਗੱਲ ਹੈ ਕਿ ਖੇਤੀ ਸੂਬਿਆਂ ਦਾ ਵਿਸ਼ਾ ਹੈ। ਸੰਵਿਧਾਨ ਅਨੁਸਾਰ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਨਹੀਂ ਬਣਾ ਸਕਦੀ। ਤੱਤ ਪੁੜੱਤ 'ਚ ਕੇਂਦਰ ਸਰਕਾਰ ਨੇ ਇਹ ਖੇਤੀ ਕਾਨੂੰਨ ਰਾਜ ਸਭਾ ਵਿਚ ਪਾਸ ਕਰਵਾ ਲਏ। ਇਹ ਕਾਨੂੰਨ ਪੂਰੀ ਤਰ੍ਹਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹਨ। ਅੱਜ ਮਹਿੰਗਾਈ ਸਿਖ਼ਰਾਂ 'ਤੇ ਪਹੁੰਚ ਗਈ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਜੇ ਇਹ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨ ਖ਼ੁਦਕੁਸ਼ੀਆਂ ਵਿਚ ਹੋਰ ਵਾਧਾ ਹੋਵੇਗਾ। ਅੱਜ ਕਿਸਾਨੀ ਅੰਦੋਲਨ ਦੀ ਗੂੰਜ ਵਿਸ਼ਵ ਦੇ ਹਰ ਕੋਣੇ ਵਿਚ ਪਹੁੰਚ ਚੁੱਕੀ ਹੈ। ਪਿਛਲੇ ਮਹੀਨੇ ਕਿਸਾਨ ਜਥੇਬੰਦੀਆਂ ਵਲੋਂ ਆਪਣੇ ਸੂਬਿਆਂ ਦੇ ਰਾਜਪਾਲਾਂ ਨੂੰ ਮੈਮੋਰੰਡਮ ਵੀ ਦਿੱਤੇ ਗਏ। ਹੁਣ ਕਿਸਾਨਾਂ ਵਲੋਂ ਮੌਨਸੂਨ ਇਜਲਾਸ 'ਚ ਸੰਸਦ ਵੱਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਵਣ-ਮਹਾਂਉਤਸਵ ਦੀ ਮਹੱਤਤਾ

ਜੁਲਾਈ, ਅਗਸਤ, ਸਤੰਬਰ ਵਰਖਾ ਰੁੱਤ ਹੋਣ ਕਾਰਨ ਨਵੇਂ ਬੂਟੇ ਲਾਉਣ ਲਈ ਢੁਕਵਾਂ ਮੌਸਮ ਹੋਣ ਕਾਰਨ ਬਹੁਤ ਵਧੀਆ ਹੈ। ਵਣ-ਮਹਾਂਉਤਸਵ ਅਕਸਰ ਸਾਉਣ ਮਹੀਨੇ ਆਉਂਦਾ ਹੈ ਭਾਵ ਜੁਲਾਈ ਮਹੀਨੇ ਦੇ ਵਿਚਕਾਰ। ਇਨ੍ਹਾਂ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਮੀਂਹ ਕਾਰਨ ਬੂਟਿਆਂ ਨੂੰ ਪਾਣੀ ਆਸਾਨੀ ਨਾਲ ਮਿਲ ਜਾਂਦਾ ਹੈ। ਆਓ, ਸਾਰੇ ਆਪਣੇ ਘਰਾਂ, ਖੇਤਾਂ, ਸਕੂਲ, ਕਾਲਜ, ਪਿੰਡ ਅਤੇ ਸ਼ਹਿਰ ਦੀਆਂ ਖਾਲੀ ਥਾਵਾਂ 'ਤੇ ਫਲਦਾਰ ਬੂਟੇ ਅਤੇ ਛਾਂਦਾਰ ਬੂਟੇ ਲਗਾਈਏ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰੀਏ, ਵਣ-ਮਹਾਂਉਤਸਵ ਨੂੰ ਵੱਡੇ ਪੱਧਰ 'ਤੇ ਮਨਾਈਏ ਤੇ ਹੋਰਾਂ ਨੂੰ ਵੀ ਉਤਸ਼ਾਹਿਤ ਕਰੀਏ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਨੇੜੇ ਮਲੇਰਕੋਟਲਾ, ਪੰਜਾਬ।

ਵਿਛੜੇ ਕਲਾਕਾਰਾਂ ਨੂੰ ਸ਼ਰਧਾਂਜਲੀ

ਮਹਾਨ ਅਦਾਕਾਰ ਦਿਲੀਪ ਕੁਮਾਰ ਦੇ ਅਕਾਲ ਚਲਾਣੇ ਤੋਂ ਕੁਝ ਦਿਨਾਂ ਬਾਅਦ ਹੀ 'ਰਾਮਸੇ ਬ੍ਰਦਰਜ਼' ਵਿਚੋਂ ਸਭ ਤੋਂ ਵੱਡੇ ਭਰਾ ਕੁਮਾਰ ਰਾਮਸੇ ਦਾ ਵੀ ਦਿਹਾਂਤ ਹੋ ਜਾਣ ਨਾਲ ਸੱਚਮੁੱਚ ਬਾਲੀਵੁੱਡ ਨੂੰ ਬਹੁਤ ਘਾਟਾ ਪਿਆ ਹੈ। ਘੱਟ ਬਜਟ ਨਾਲ ਕਾਮਯਾਬ 'ਹੌਰਰ ਫ਼ਿਲਮਾਂ' ਬਣਾਉਣ ਵਿਚ ਰਾਮਸਿਆਂ ਦਾ ਕੋਈ ਮੁਕਾਬਲਾ ਨਹੀਂ। ਆਪਣੀ ਪਹਿਲੀ ਹੀ ਫ਼ਿਲਮ 'ਦੋ ਗਜ਼ ਜ਼ਮੀਨ ਕੇ ਨੀਚੇ' ਦੀ ਸਫਲਤਾ ਤੋਂ ਬਾਅਦ ਰਾਮਸੇ ਭਰਾਵਾਂ ਨੇ 'ਏਕ ਨੰਨ੍ਹੀ-ਮੁੰਨੀ ਲੜਕੀ ਥੀ', ਦਰਵਾਜ਼ਾ, ਸੰਨਾਟਾ, ਹੋਟਲ, ਪੁਰਾਣਾ ਮੰਦਰ, ਟੈਲੀਫੋਨ, ਤਹਿਖਾਨਾ, ਖੋਜ ਅਤੇ ਵੀਰਾਨਾ ਵਰਗੀਆਂ ਕਈ ਸ਼ਾਨਦਾਰ 'ਹੌਰਰ ਸਸਪੈਂਸ' ਫ਼ਿਲਮਾਂ ਦੀ ਝੜੀ ਲਾ ਦਿੱਤੀ ਸੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਡਰ ਅਤੇ ਦਹਿਸ਼ਤ ਦਾ ਦੂਜਾ ਨਾਂਅ ਰਾਮਸੇ ਬ੍ਰਦਰਜ਼ ਨੂੰ ਮੰਨਿਆ ਜਾਂਦਾ ਸੀ। ਖੈਰ, ਆਪਣੀਆਂ ਜ਼ਿਆਦਾਤਰ ਫ਼ਿਲਮਾਂ ਦਾ ਸਕਰੀਨ ਪਲੇਅ ਲਿਖਣ ਵਾਲੇ ਕੁਮਾਰ ਰਾਮਸੇ ਅਤੇ ਦਿੱਗਜ ਕਲਾਕਾਰ ਦਲੀਪ ਕੁਮਾਰ ਸਾਹਿਬ ਨੂੰ ਅਸੀਂ ਹਾਰਦਿਕ ਸ਼ਰਧਾਂਜਲੀ ਭੇਟ ਕਰਦੇ ਹਾਂ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

ਚੰਗੇ ਪ੍ਰਦਰਸ਼ਨ ਦੀ ਆਸ

ਟੋਕੀਓ ਵਿਚ ਉਲੰਪਿਕ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਸਾਰੇ ਦੇਸ਼ ਵਿਚ ਉਤਸ਼ਾਹ ਦਾ ਮਾਹੌਲ ਹੈ। ਭਾਰਤ ਵਲੋਂ ਵੀ ਉਲੰਪਿਕਸ ਵਿਚ ਹਿੱਸਾ ਲੈਣ ਲਈ ਸਾਡੇ ਖਿਡਾਰੀ ਜਾ ਰਹੇ ਹਨ। ਸਾਰੇ ਦੇਸ਼ ਨੂੰ ਇਨ੍ਹਾਂ ਖਿਡਾਰੀਆਂ ਤੋਂ ਬਹੁਤ ਉਮੀਦਾਂ ਹਨ। ਉਲੰਪਿਕਸ ਇਕ ਕਿਸਮ ਦਾ ਉਹ ਸੁਨਹਿਰੀ ਮੌਕਾ ਹੁੰਦਾ ਹੈ, ਜਦੋਂ ਇਕ ਖਿਡਾਰੀ ਨੇ ਆਪਣੀ ਅੰਦਰਲੀ ਕਾਬਲੀਅਤ ਸਿੱਧ ਕਰਨੀ ਹੁੰਦੀ ਹੈ ਅਤੇ ਉਸ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ ਦਾ ਫਲ ਉਸ ਨੂੰ ਮਿਲਣਾ ਹੁੰਦਾ ਹੈ।
ਸਾਰੇ ਦੇਸ਼ ਨੂੰ ਆਪਣੇ ਖਿਡਾਰੀਆਂ ਤੋਂ ਬਹੁਤ ਉਮੀਦਾਂ ਹਨ। ਅਸੀਂ ਵਾਹਿਗੁਰੂ ਜੀ ਦੇ ਪਾਸ ਅਰਦਾਸ ਕਰਦੇ ਹਾਂ ਕਿ ਸਾਡੇ ਦੇਸ਼ ਦੇ ਖਿਡਾਰੀ ਉਲੰਪਿਕਸ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਕੇ ਵੱਧ ਤੋਂ ਵੱਧ ਤਗਮੇ ਜਿੱਤ ਕੇ ਲਿਆਉਣ, ਜਿਸ ਨਾਲ ਭਾਰਤ ਦੇਸ਼ ਦਾ ਨਾਂਅ ਹੋਰ ਜ਼ਿਆਦਾ ਰੌਸ਼ਨ ਹੋਵੇ।

-ਮਲਟੀ
ਅਧਿਆਪਕਾ, ਸੇਂਟ ਥੌਮਸ ਕੌਨਵੈਂਟ ਸਕੂਲ, ਰਾਜਾਸਾਂਸੀ।

21-07-2021

ਮਹਿੰਗੀ ਬਿਜਲੀ ਬਨਾਮ ਮੁਫ਼ਤ ਬਿਜਲੀ

ਬਿਜਲੀ ਸੰਕਟ ਤੇ ਮਹਿੰਗੀ ਬਿਜਲੀ ਲਈ ਸਰਕਾਰਾਂ ਖ਼ੁਦ ਜ਼ਿੰਮੇਵਾਰ ਹਨ। ਆਗਾਮੀ ਵਿਧਾਨ ਸਭਾ ਦੇ ਚਲਦਿਆਂ ਪਾਰਟੀਆਂ ਮੁਫ਼ਤ ਚੀਜ਼ਾਂ ਦਾ ਐਲਾਨ ਕਰ ਰਹੀਆਂ ਹਨ। 'ਆਪ' ਵਲੋਂ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਗਿਆ ਹੈ। ਦਲਿਤ ਤੇ ਪਛੜੀਆਂ ਸ਼੍ਰੇਣੀਆਂ ਦੇ 200 ਯੂਨਿਟ ਤੇ ਬੰਬੀਆਂ ਦੇ ਪਹਿਲੇ ਹੀ ਬਿੱਲ ਮਾਫ਼ ਹਨ। ਇਸ ਦਾ ਸਾਰਾ ਬੋਝ ਮੱਧ ਵਰਗ 'ਤੇ ਪੈ ਰਿਹਾ ਹੈ। ਕਿੰਨਾ ਚੰਗਾ ਹੋਵੇ ਜੋਂ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਹਨ, ਨੂੰ ਰੱਦ ਕਰਕੇ ਜੇ ਬਿਜਲੀ ਮੁਫ਼ਤ ਕਰਨ ਦੀ ਬਜਾਏ ਲੋਕਾਂ ਨੂੰ ਬਿਜਲੀ ਸਸਤੀ ਤੇ ਚੌਵੀ ਘੰਟੇ ਦਿੱਤੀ ਜਾਵੇ। ਬਿੱਲ 'ਤੇ ਜੋ ਵਾਧੂ ਟੈਕਸ ਲੱਗੇ ਹਨ, ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਹੀ ਨਹੀਂ, ਖ਼ਤਮ ਕਰਕੇ ਦੋ ਮਹੀਨੇ ਦੀ ਬਜਾਏ ਹਰ ਮਹੀਨੇ ਬਾਅਦ ਹਰ ਸ਼ਹਿਰੀ ਪਾਸੋਂ ਬਿੱਲ ਲਿਆ ਜਾਵੇ। ਕਿਸੇ ਵੇਲੇ ਇਕੱਠਾ ਦੋ ਮਹੀਨੇ ਦਾ ਬਿੱਲ ਆਮ ਆਦਮੀ ਅਦਾ ਨਹੀਂ ਕਰ ਸਕਦਾ। ਇਸ ਨਾਲ ਪਾਵਰਕਾਮ 'ਤੇ ਘੱਟ ਬੋਝ ਪਵੇਗਾ। ਖਜ਼ਾਨੇ 'ਤੇ ਭਾਰ ਨਹੀਂ ਪਵੇਗਾ। ਆਮ ਆਦਮੀ ਨੂੰ ਵੀ ਰਾਹਤ ਮਿਲੇਗੀ। ਬਿਜਲੀ ਵੀ ਚੋਰੀ ਨਹੀਂ ਹੋਵੇਗੀ। ਮੁਫ਼ਤ ਬਿਜਲੀ ਤੇ ਸੌੜੀ ਰਾਜਨੀਤੀ ਹਮੇਸ਼ਾ ਲਈ ਬੰਦ ਹੋ ਜਾਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸਰਕਾਰ ਦੀ ਤਾਨਾਸ਼ਾਹੀ

ਸਮੇਂ-ਸਮੇਂ 'ਤੇ ਪਿਛਲੀਆਂ ਤੇ ਮੌਜੂਦਾ ਕੇਂਦਰ ਸਰਕਾਰ ਵਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਅੱਤਵਾਦ, ਦੇਸ਼ ਧ੍ਰੋਹ ਅਤੇ ਗ਼ੈਰ-ਕਾਨੂੰਨੀ ਸਰਗਰਮੀਆਂ ਰੋਕਣ ਲਈ ਬਣਾਏ ਗਏ ਕਾਨੂੰਨਾਂ ਦੀ ਦੁਰਵਰਤੋਂ ਹੁੰਦੀ ਆਈ ਹੈ। ਸਰਕਾਰ ਦੀ ਤਾਨਾਸ਼ਾਹੀ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਤੇ ਸਮਾਜ ਦੇ ਹੋਰ ਖੇਤਰਾਂ ਨਾਲ ਸਬੰਧ ਰੱਖਣ ਵਾਲੇ ਜਾਗਦੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਇਨ੍ਹਾਂ ਕਾਨੂੰਨਾਂ ਰਾਹੀਂ ਬਿਨਾਂ ਦੋਸ਼ ਜੇਲ੍ਹਾਂ ਵਿਚ ਸੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਿਛਲੇ ਸਮਿਆਂ ਦੌਰਾਨ ਆਪਣੇ ਜਾਇਜ਼ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬ ਦੇ ਲੋਕਾਂ ਉੱਪਰ ਯੂ.ਏ.ਪੀ.ਏ.-ਟਾਡਾ, ਪੋਟਾ ਅਤੇ ਦੇਸ਼ ਧ੍ਰੋਹ 124-ਏ ਵਰਗੇ ਸਖ਼ਤ ਕੇਸ ਵੱਡੀ ਪੱਧਰ 'ਤੇ ਦਰਜ ਕੀਤੇ ਗਏ ਹਨ। ਸੋ, ਦੇਸ਼ ਵਿਚ ਮਨੁੱਖੀ ਹੱਕਾਂ ਦਾ ਘਾਣ ਰੋਕਣ ਲਈ ਅਤੇ ਜਮਹੂਰੀਅਤ ਕਾਇਮ ਕਰਨ ਲਈ ਮਾਣਯੋਗ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਨੂੰ ਚੌਕਸ ਨਿਗਰਾਨ ਦਾ ਰੋਲ ਅਦਾ ਕਰਨਾ ਚਾਹੀਦਾ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਢੁਕਵੇਂ ਮੁਆਵਜ਼ੇ ਦੀ ਲੋੜ

ਬੀਤੇ ਦਿਨੀਂ ਸਾਡੇ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵਲੋਂ ਆਪਣੇ ਇਕ ਅਹਿਮ ਫ਼ੈਸਲੇ ਵਿਚ ਕੇਂਦਰ ਸਰਕਾਰ ਨੂੰ ਆਖਿਆ ਗਿਆ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਯੋਗ, ਢੁਕਵਾਂ ਮੁਆਵਜ਼ਾ ਦਿੱਤਾ ਜਾਏ ਤਾਂ ਕਿ ਪ੍ਰਭਾਵਿਤ ਵਿਅਕਤੀਆਂ ਦੇ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ, ਇਸ ਫ਼ੈਸਲੇ ਦੀ ਅਸੀਂ ਹਮਾਇਤ ਅਤੇ ਤਾਰੀਫ਼ ਕਰਦੇ ਹਾਂ। ਬਿਨਾਂ ਸ਼ੱਕ ਡੁੱਬਦੇ ਨੂੰ ਕਿਣਕੇ ਦਾ ਸਹਾਰਾ ਹੁੰਦਾ ਹੈ, ਜਿਸ ਪਰਿਵਾਰ ਦਾ ਕੋਈ ਜੀਅ ਇਸ ਨਾਮੁਰਾਦ ਬਿਮਾਰੀ ਕਾਰਨ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਿਆ ਹੋਵੇ, ਉਸ ਦੇ ਵਿਛੋੜੇ ਦਾ ਦੁੱਖ ਦਰਦ ਅਤੇ ਘਾਟ ਨੂੰ ਸਬੰਧਿਤ ਪਰਿਵਾਰ ਜਾਂ ਉਸ ਦੇ ਹੋਰ ਨਜ਼ਦੀਕੀ ਸੱਜਣ ਹੀ ਜਾਣ ਸਕਦੇ ਹਨ, ਹਰ ਕੋਈ ਵਿਅਕਤੀ ਉਸ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਇਸ ਲਈ ਸਰਕਾਰ ਨੂੰ ਉਨ੍ਹਾਂ ਦੀ ਆਰਥਿਕ ਤੌਰ 'ਤੇ ਮੁਆਵਜ਼ੇ ਦੇ ਰੂਪ ਵਿਚ ਵੱਧ ਤੋਂ ਵੱਧ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਕੀ ਮੌਜੂਦਾ ਕੇਂਦਰ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਪ੍ਰਤੀ ਆਪਣੇ ਨੈਤਿਕ ਅਤੇ ਕਾਨੂੰਨੀ ਫਰਜ਼ਾਂ ਦੀ ਪੂਰਤੀ ਕਰਦੇ ਹੋਏ, ਕੋਰੋਨਾ ਮਹਾਂਮਾਰੀ ਨਾਲ ਮਰੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਢੁਕਵੇਂ ਮੁਆਵਜ਼ੇ ਦੇਣ ਸਬੰਧੀ ਸੰਜੀਦਾ ਕਦਮ ਉਠਾਏਗੀ। ਅਜਿਹੇ ਕਦਮਾਂ ਨਾਲ ਪੀੜਤ ਪਰਿਵਾਰਾਂ ਦੇ ਜੀਆਂ ਨੂੰ ਤਾਂ ਜ਼ਿੰਦਾ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਨੂੰ ਰਾਹਤ ਅਤੇ ਹੌਸਲਾ ਜ਼ਰੂਰ ਮਿਲ ਸਕਦਾ ਹੈ, ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਮਹਿੰਗਾਈ ਦੀ ਮਾਰ

ਦੇਸ਼ ਵਿਚ ਆਮ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਵਧਣ ਕਾਰਨ ਆਮ ਲੋਕ ਮਹਿੰਗਾਈ ਦੀ ਮਾਰ ਰਹੇ ਹਨ। ਸਰਕਾਰਾਂ, ਬਹੁਤੇ ਰਾਜਨੀਤਕ ਲੋਕ ਇਸ ਮੁੱਦੇ 'ਤੇ ਕੁੰਭਕਰਨੀ ਨੀਂਦ ਵਿਚ ਹਨ। ਡੀਜ਼ਲ, ਪੈਟਰੋਲ, ਘਰੇਲੂ ਗੈਸ ਦੀਆਂ ਕੀਮਤਾਂ ਰੋਜ਼ਾਨਾ ਵਧ ਰਹੀਆਂ ਹਨ ਜਿਸ ਕਾਰਨ ਕਿ ਆਮ ਲੋਕਾਂ ਦਾ ਜੀਣਾ ਦੁੱਭਰ ਹੋ ਰਿਹਾ ਹੈ ਜੋ ਕਿ ਡੀਜ਼ਲ, ਪੈਟਰੋਲ, ਘਰੇਲੂ ਗੈਸ ਨੂੰ ਸਰਕਾਰਾਂ ਆਪਣੇ ਅਧਿਕਾਰ ਖੇਤਰ ਵਿਚ ਰੱਖ ਕੇ ਕੀਮਤਾਂ 'ਤੇ ਕੰਟਰੋਲ ਰੱਖਣ ਨਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਕੀਮਤਾਂ ਵਧਾਈਆਂ ਜਾਣ, ਸਰਕਾਰਾਂ ਨੂੰ ਕੀਮਤਾਂ ਨੂੰ ਕੰਟਰੋਲ ਰੱਖਣ ਵਿਚ ਰੱਖਣ ਲਈ ਇਮਾਨਦਾਰੀ ਨਾਲ ਸਾਰਥਕ ਯਤਨ ਕਰਨੇ ਚਾਹੀਦੇ ਹਨ, ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਇਆ ਜਾਵੇ।

-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਤੇ ਤਹਿ: ਪਟਿਆਲਾ।

ਤੀਆਂ ਤੀਜ ਦੀਆਂ

ਸਾਡੇ ਅਮੀਰ ਵਿਰਸੇ ਨੇ ਸਾਨੂੰ ਅਨੇਕਾਂ ਹੀ ਤਿੱਥ-ਤਿਉਹਾਰ ਦਿੱਤੇ ਹਨ। ਜਿਨ੍ਹਾਂ ਵਿਚੋਂ ਸਾਉਣ ਮਹੀਨੇ ਵਿਚ ਆਉਣ ਵਾਲਾ ਤੀਜ ਦਾ ਤਿਉਹਾਰ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਲਈ ਬਹੁਤ ਚਾਵਾਂ ਭਰਿਆ ਹੁੰਦਾ ਹੈ। ਕੁੜੀਆਂ-ਚਿੜੀਆਂ ਕੱਠੀਆਂ ਹੋ ਬੜੇ ਚਾਵਾਂ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ। ਤੀਜ ਦੇ ਤਿਉਹਾਰ ਨੂੰ 'ਤੀਆਂ ਤੀਜ ਦੀਆਂ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਾਵਨ ਮਹੀਨੇ ਦਾ ਵਰਨਣ ਆਉਂਦਾ ਹੈ। ਇਸ ਮਹੀਨੇ ਦੌਰਾਨ ਚਾਰ ਚੁਫੇਰੇ ਹਰਿਆਲੀ ਛਾ ਜਾਂਦੀ ਹੈ। ਇਸ ਮਹੀਨੇ 'ਚ ਮਾਪੇ ਜਿਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿਚ ਕੱਪੜੇ, ਬਿਸਕੁਟ ਤੇ ਹੋਰ ਮਠਿਆਈਆਂ ਦਿੰਦੇ ਹਨ, ਉਥੇ ਹੀ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਆਪਣੇ ਹਾਣ ਦੀਆਂ ਕੁੜੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਪੁਰਾਣੇ ਸਮਿਆਂ 'ਚ ਰਿਵਾਜ ਅਨੁਸਾਰ ਨਵੀਆਂ ਵਿਆਹੀਆਂ ਕੁੜੀ ਨੇ ਵਿਆਹ ਮਗਰੋਂ ਪਹਿਲੇ ਸਾਲ ਦਾ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਤੀਆਂ ਨੂੰ ਕੁੜੀਆਂ ਹੱਥਾਂ 'ਤੇ ਮਹਿੰਦੀ ਲਾਉਂਦੀਆਂ, ਚੂੜੀਆਂ ਚੜ੍ਹਾਉਂਦੀਆਂ ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਤੇ ਪਿੱਪਲਾਂ, ਟਾਹਲੀਆਂ ਤੇ ਪੀਂਘਾਂ ਪਾਉਂਦੀਆਂ, ਗੀਤ ਗਾਉਂਦੀਆਂ ਤੇ ਗਿੱਧਾਂ ਪਾਉਂਦੀਆਂ। ਇਹ ਤਿਉਹਾਰ ਰੁੱਖ ਤੇ ਮਨੁੱਖ ਦਾ ਜੋ ਗੂੜ੍ਹਾ ਰਿਸ਼ਤਾ ਹੈ, ਉਸ ਦੀ ਵੀ ਗਵਾਹੀ ਭਰਦਾ ਹੈ, ਸਾਂਝੀਆਂ ਥਾਵਾਂ ਤੋਂ ਪਿੱਪਲ, ਬੋਹੜ ਤੇ ਟਾਹਲੀਆਂ ਜਿਹੇ ਰੁੱਖਾਂ ਦਾ ਅਲੋਪ ਹੋਣਾ ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਸਮੇਂ ਕੁੜੀਆਂ ਤੀਆਂ ਦਾ ਤਿਉਹਾਰ ਧਰਮਸ਼ਾਲਾਵਾਂ, ਹੋਟਲਾਂ ਅਤੇ ਪੈਲੇਸਾਂ ਵਿਚ ਮਨਾ ਕੇ 'ਮਨ' ਪ੍ਰਚਾਉਂਦੀਆਂ ਹਨ, ਜਿਸ ਵਿਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। ਆਓ, ਧੀਆਂ ਲਈ ਤੀਆਂ ਮਨਾਉਣ ਲਈ ਪਿੱਪਲ, ਬੋਹੜ ਤੇ ਟਾਹਲੀਆਂ ਚਿਹੇ ਰੁੱਖ ਲਗਾ, ਉਨ੍ਹਾਂ ਨੂੰ ਪੁਰਾਤਨ 'ਤੀਆਂ ਤੀਜ ਦੀਆਂ' ਮੋੜਨ ਦਾ ਉਪਰਾਲਾ ਕਰੀਏ।

-ਹਰਮਨਪ੍ਰੀਤ ਸਿੰਘ, ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

20-07-2021

 ਨਿੱਤ ਦੀ ਵਧਦੀ ਮਹਿੰਗਾਈ

ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪੈਟਰੋਲੀਅਮ ਪਦਾਰਥਾਂ ਨੂੰ ਟੈਕਸ ਮੁਕਤ ਕੀਤਾ ਜਾਵੇ ਤਾਂ ਮਹਿੰਗਾਈ ਤੋਂ ਜੋ ਆਮ ਆਦਮੀ ਨੂੰ ਰਾਹਤ ਮਿਲ ਸਕੇ। ਕਿਉਂਕਿ ਆਮ ਲੋਕਾਂ ਤੋਂ ਚੁੱਲ੍ਹੇ ਦਾ ਖਰਚਾ ਪੂਰਾ ਨਹੀਂ ਹੁੰਦਾ ਬਾਕੀ ਤਰੱਕੀ ਕਿਵੇਂ ਹੋਊ। ਮਹਿੰਗਾਈ ਕਰਕੇ ਬਹੁਤੇ ਨਵੇਂ ਕਾਰੋਬਾਰ ਨਹੀਂ ਚੱਲ ਰਹੇ, ਜੋ ਚੱਲ ਰਹੇ ਸਨ, ਉਹ ਵੀ ਠੱਪ ਹੋ ਚੁੱਕੇ ਹਨ। ਬੇਰੁਜ਼ਗਾਰੀ ਵਧ ਰਹੀ ਹੈ। ਹਰ ਇਕ ਨੂੰ ਆਪਣੇ ਢਿੱਡ ਭਰਨ ਦਾ ਫ਼ਿਕਰ ਹੈ ਤੇ ਸਾਡੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ।
ਉਨ੍ਹਾਂ ਨੂੰ ਆਪਣੀ ਗੱਦੀ ਦਾ ਫ਼ਿਕਰ ਹੈ ਕਿ ਇਹ ਨਾ ਸਾਡੇ ਹੱਥ ਵਿਚੋਂ ਖੁੱਸ ਜਾਵੇ। ਰੋਮ ਸੜ ਰਿਹਾ ਨੀਰੋ ਬੰਸਰੀ ਵਜਾ ਰਿਹਾ। ਇਹ ਹਾਲ ਹੈ ਸਾਡੇ ਦੇਸ਼ ਦਾ, ਥਾਂ-ਥਾਂ ਧਰਨੇ, ਮੁਜ਼ਾਹਰੇ, ਨਾਅਰੇਬਾਜ਼ੀ। ਇਹ ਬੇਰੁਜ਼ਗਾਰੀ ਵੀ ਮਹਿੰਗਾਈ ਦੀ ਹੀ ਦੇਣ ਹੈ। ਸਰਕਾਰਾਂ ਛੇਤੀ ਤੋਂ ਛੇਤੀ ਇਨ੍ਹਾਂ ਮਸਲਿਆਂ ਦਾ ਹੱਲ ਕਰਨ ਤਾਂ ਕਿ ਹਰ ਘਰ ਆਪਣੀ ਜ਼ਰੂਰਤ ਪੂਰੀ ਕਰ ਸਕੇ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਪੰਜਾਬ ਦੀਆਂ ਸਨਅਤਾਂ ਆਖ਼ਰੀ ਸਾਹਾਂ 'ਤੇ

ਪਿਛਲੇ ਦਿਨੀਂ ਸੰਪਾਦਕੀ ਵਿਚ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਪੰਜਾਬ ਦੀ ਖੁਰ ਰਹੀ ਸਨਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਜੋ ਕਿ ਸਮੇਂ ਦਾ ਸੱਚ ਹੈ। ਆਜ਼ਾਦੀ ਤੋਂ ਪਹਿਲਾਂ ਪੰਜਾਬ ਵਿਚ ਉਦਯੋਗਿਕ ਤਰੱਕੀ ਦੂਸਰੇ ਸੂਬਿਆਂ ਦੀ ਤੁਲਨਾ ਵਿਚ ਪਛੜ ਕੇ ਆਈ ਪਰ ਜਲਦੀ ਹੀ ਇਸ ਸੂਬੇ ਨੇ ਪੂਰੇ ਭਾਰਤ ਵਿਚ ਆਪਣੀ ਵਿਸ਼ੇਸ਼ ਜਗ੍ਹਾ ਬਣਾ ਲਈ ਸੀ। ਧਾਰੀਵਾਲ ਦੀ ਨਿਊ ਐਗਰਟਨ ਵੂਲਨ ਮਿੱਲ ਏਨੀ ਵੱਡੀ ਸੀ ਕਿ ਪੂਰੇ ਭਾਰਤ ਦੀ 75 ਫ਼ੀਸਦੀ ਉਨ ਇਹ ਮਿੱਲ ਇਕੱਲੇ ਹੀ ਵਰਤੋਂ ਵਿਚ ਲਿਆਉਂਦੀ ਸੀ। ਲੁਧਿਆਣੇ ਦੀ ਹੌਜ਼ਰੀ ਸਨਅਤ ਦਾ ਪੂਰੇ ਭਾਰਤ ਵਿਚ ਕੋਈ ਮੁਕਾਬਲਾ ਨਹੀਂ ਸੀ। ਮੰਡੀ ਗੋਬਿੰਦਗੜ੍ਹ ਦੇ ਲੋਹੇ ਦੀ ਸਨਅਤ ਭਾਰਤ ਵਿਚ ਮੋਹਰੀ ਸੀ। ਅੰਮ੍ਰਿਤਸਰ ਦਾ ਕੱਪੜਾ ਅਤੇ ਕਾਰਪੈਟ ਉਦਯੋਗ ਅਤੇ ਬਟਾਲੇ ਵਿਚਲੇ ਲੋਹੇ ਦੀ ਕਾਸਟਿੰਗ ਦੇ ਕਾਰਖਾਨੇ ਆਪਣੀ ਵੱਖਰੀ ਪਛਾਣ ਰੱਖਦੇ ਸਨ। ਪਰ ਅੱਜ ਬੋਗਸ ਨੀਤੀਆਂ, ਸੁਰੱਖਿਆ ਅਤੇ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਇਹ ਸਨਅਤਾਂ ਆਖ਼ਰੀ ਸਾਹਾਂ 'ਤੇ ਹਨ ਅਤੇ ਕਾਰਖਾਨਿਆਂ ਦੀਆਂ ਬੰਦ ਪਈਆਂ ਚਿਮਨੀਆਂ ਉਦਯੋਗਪਤੀਆਂ, ਮਜ਼ਦੂਰਾਂ ਅਤੇ ਸ਼ਿਫ਼ਟ ਬਦਲਣ ਤੇ ਵੱਜਣ ਵਾਲੇ ਸਾਇਰਨਾਂ ਨੂੰ ਉਡੀਕ ਰਹੀਆਂ ਹਨ।

-ਡਾ. ਗੁਰਇਕਬਾਲ ਸਿੰਘ ਬੋਦਲ
ਦਸੂਹਾ, ਹੁਸ਼ਿਆਰਪੁਰ।

ਸਵੈ-ਮੁਲਾਂਕਣ

ਪਿਛਲੇ ਦਿਨੀਂ ਨਾਰੀ ਅੰਕ ਵਿਚ ਮੋਹਰ ਗਿੱਲ ਸਿਰਸੜੀ ਦਾ ਲਿਖਿਆ 'ਜ਼ਿੰਦਗੀ 'ਚੋਂ ਸਵੈ-ਮੁਲਾਂਕਣ ਬਹੁਤ ਜ਼ਰੂਰੀ' ਪੜ੍ਹਿਆ। ਸਵੈ-ਮੁਲਾਂਕਣ ਇਕ ਖੁੱਲ੍ਹੀ-ਡੁੱਲ੍ਹੀ ਸ਼ਖ਼ਸੀਅਤ ਦੀ ਮੁੱਖ ਪਛਾਣ ਹੁੰਦੀ ਹੈ। ਜੀਵਨ ਵਿਚ ਸਫਲਤਾ ਪਾਉਣ ਲਈ ਅਤਿ ਜ਼ਰੂਰੀ ਹੈ ਸਵੈ-ਮੁਲਾਂਕਣ। ਤੁਸੀਂ ਇਕੱਲੇ ਵਿਚ ਬੈਠ ਕੇ ਚਿੰਤਨ ਕਰਨ ਦੀ ਆਦਤ ਪਾਓ ਕਿ ਦਿਨ ਭਰ ਵਿਚ ਤੁਸੀਂ ਕੀ ਕੀਤਾ। ਇਸ ਨਾਲ ਤੁਹਾਨੂੰ ਪਤਾ ਲਗਦਾ ਹੈ ਕਿ ਲੋਕ ਤੁਹਾਨੂੰ ਕਿੰਨਾ ਪਸੰਦ ਕਰਦੇ ਹਨ ਤੇ ਕਿੰਨਾ ਨਹੀਂ। ਜੇਕਰ ਤੁਸੀਂ ਗ਼ਲਤੀਆਂ ਕੀਤੀਆਂ ਹਨ ਤਾਂ ਉਨ੍ਹਾਂ ਨੂੰ ਸੁਧਾਰੋ। ਸਵੈ-ਮੁਲਾਂਕਣ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਲੋਕਾਂ ਦੀਆਂ ਤੁਹਾਡੇ ਪ੍ਰਤੀ ਕੀ ਧਾਰਨਾਵਾਂ ਹਨ। ਸਵੈ-ਮੁਲਾਂਕਣ ਦੁਆਰਾ ਆਪਣੇ-ਆਪ ਦੇ ਰੂਬਰੂ ਹੋਇਆ ਜਾ ਸਕਦਾ ਹੈ। ਆਪਣੇ-ਆਪ ਨੂੰ ਪਛਾਣਿਆ ਜਾ ਸਕਦਾ ਹੈ।

-ਡਾ. ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਮੁਕਤਸਰ ਸਾਹਿਬ।

ਮਨੀਸ਼ਾ ਦੀ ਮਨਸਾ

ਲੋਕਤੰਤਰ ਵਿਚ ਬਹੁਤੀ ਵਾਰ ਦੇਖਿਆ ਗਿਆ ਹੈ ਕਿ ਸੰਵਿਧਾਨਿਕ ਅਹੁਦੇ ਕਈ ਵਾਰ ਲੋਕਤੰਤਰ ਦੇ ਔਗੁਣ ਦਾ ਸ਼ਿਕਾਰ ਹੋ ਕੇ ਮਜਬੂਰੀ ਵਸ ਵੀ ਦੇਣੇ ਪੈਂਦੇ ਹਨ। ਅੱਜ ਔਰਤਾਂ ਸਬੰਧੀ ਬਣੇ ਕਮਿਸ਼ਨ ਦੇ ਤਰੀਕੇ ਅਤੇ ਸਲੀਕੇ ਤੋਂ ਸਪੱਸ਼ਟ ਹੈ ਕਿ ਇਸ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕਮਿਸ਼ਨ ਦੇ ਅਸਲ ਵਾਰਿਸ ਸਾਬਤ ਹੋਏ ਹਨ। ਏਅਰ ਕੰਡੀਸ਼ਨ ਕਮਰਿਆਂ 'ਚੋਂ ਨਿਕਲ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਔਰਤਾਂ ਨੂੰ ਉਨ੍ਹਾਂ ਦੇ ਹੱਕ ਅਤੇ ਮਰਦ ਨੂੰ ਉਨ੍ਹਾਂ ਦੇ ਫ਼ਰਜ਼ ਸਮਝਾ ਰਹੇ ਹਨ। ਆਮ ਲੋਕਾਂ ਵਲੋਂ ਉਨ੍ਹਾਂ ਦਾ ਕੰਮ ਸਰਾਹਿਆ ਜਾ ਰਿਹਾ ਹੈ। ਬਹੁਤੀ ਵਾਰ ਲੋਕਤੰਤਰ ਵਿਚ ਬਹੁਤੇ ਅਹੁਦਿਆਂ ਦੇ ਪੱਲੇ ਆਲੋਚਨਾ ਹੀ ਪੈਂਦੀ ਹੈ। ਇੱਥੇ ਮਨੀਸ਼ਾ ਜੀ ਦਾ ਅਰਥ ਕੁਝ ਕਰਨ ਦੀ ਮਨਸਾ ਹੈ। 'ਮਨਸਾ ਧਾਰਿ ਜੋ ਘਰਿ ਤੇ ਆਵੈ' ਅੱਜ ਉਨ੍ਹਾਂ ਦੀ ਸਿਫ਼ਤ ਇਸ ਕਰਕੇ ਕੀਤੀ ਜਾਂਦੀ ਕਿ ਮੌਕੇ 'ਤੇ ਜਾ ਕੇ ਸੱਚ ਅਤੇ ਝੂਠ ਦਾ ਨਿਪਟਾਰਾ ਕਰਦੇ ਹਨ। ਜੇ ਮਨ, ਮਨਸਾ ਅਤੇ ਮਨੀਸ਼ਾ ਦਾ ਸੁਮੇਲ ਕਰਕੇ ਦੇਖਿਆ ਜਾਵੇ ਤਾਂ ਔਰਤਾਂ ਦਾ ਕਮਿਸ਼ਨ ਸੱਚਮੁੱਚ ਹੀ ਅਸਲ ਵਾਰਸ ਦੇ ਹਵਾਲੇ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਰੇਡੀਓ ਲਾਇਸੰਸ

ਰੇਡੀਓ ਵੇਚਦੇ ਸਮੇਂ ਜੋ ਬਿੱਲ ਬਣਾਇਆ ਜਾਂਦਾ, ਉਸ ਦੀਆਂ ਦੁਕਾਨਦਾਰ ਵਲੋਂ ਤਿੰਨ ਕਾਪੀਆਂ ਬਣਾਈਆਂ ਜਾਂਦੀਆਂ, ਰੇਡੀਓ ਬਿੱਲ ਦੀ ਇਕ ਕਾਪੀ ਦੁਕਾਨਦਾਰ ਆਪਣੇ ਰਿਕਾਰਡ 'ਚ ਰੱਖਦਾ, ਇਕ ਕਾਪੀ ਰੇਡੀਓ ਖ਼ਰੀਦਦਾਰ ਕੋਲ ਹੁੰਦੀ 'ਤੇ ਇਕ ਕਾਪੀ ਰੇਡੀਓ ਲਾਇਸੰਸ ਬਣਾਉਣ ਲਈ ਭਾਰਤੀ ਡਾਕ ਵਿਭਾਗ ਕੋਲ ਜਮ੍ਹਾਂ ਕਰਵਾਉਣੀ ਪੈਂਦੀ ਸੀ। ਰੇਡੀਓ ਬਿੱਲ ਦੀ ਇਕ ਕਾਪੀ ਤੇ ਦੁਕਾਨਦਾਰ ਵਲੋਂ ਰੇਡੀਓ ਵੇਚਣ ਦੀ ਮਿਤੀ, ਖ਼ਰੀਦਦਾਰ ਦਾ ਨਾਂਅ, ਪਤਾ, ਰੇਡੀਓ ਦਾ ਮਾਰਕਾ, ਰੇਡੀਓ ਦਾ ਬਾਡੀ, ਚਾਸੀ ਨੰਬਰ ਤੇ ਗਰੰਟੀ, ਵਰੰਟੀ ਆਦਿ ਲਿਖੀ ਜਾਂਦੀ ਸੀ। ਇਸ ਮਗਰੋਂ ਰੇਡੀਓ ਬਿੱਲ ਦੀ ਕਾਪੀ ਤੇ ਰੇਡੀਓ ਦੀ ਜਾਂਚ ਕਰਨ ਉਪਰੰਤ ਭਾਰਤੀ ਡਾਕ ਵਿਭਾਗ ਦੁਆਰਾ ਡਾਕ ਘਰ ਵਿਚ ਰੇਡੀਓ ਮਾਲਕ ਨੂੰ ਰੇਡੀਓ ਲਾਇਸੰਸ ਬਣਾ ਕੇ ਦਿੱਤਾ ਜਾਂਦਾ। ਇਹ ਇਕ ਛੋਟਾ ਕਾਪੀਨੁਮਾ ਰੇਡੀਓ ਲਾਇਸੰਸ ਹੁੰਦਾ ਹੈ। ਇਸ 'ਤੇ ਭਾਰਤੀ ਡਾਕ ਵਿਭਾਗ ਦੁਆਰਾ ਰੇਡੀਓ ਮਾਲਕ ਦਾ ਨਾਂਅ, ਪਤੇ ਤੋਂ ਇਲਾਵਾ ਰੇਡੀਓ ਦਾ ਮਾਰਕਾ, ਰੇਡੀਓ ਦੀ ਬਾਡੀ, ਚਾਸੀ ਨੰਬਰ ਲਿਖਿਆ ਜਾਂਦਾ ਅਤੇ ਨਾਲ ਹੀ ਭਾਰਤੀ ਡਾਕ ਵਿਭਾਗ ਦੁਆਰਾ ਜਾਰੀ ਕੀਤੀ ਰੇਡੀਓ ਲਾਇਸੰਸ ਦੀ ਵਿਸ਼ੇਸ਼ ਟਿਕਟ ਜਿਸ 'ਤੇ ਆਲ ਇੰਡੀਆ ਰੇਡੀਓ (ਏ.ਆਈ.ਆਰ.) ਛਪਿਆ ਹੁੰਦਾ, ਲਗਾਈ ਜਾਂਦੀ ਸੀ। ਸਮੇਂ-ਸਮੇਂ 'ਤੇ ਰੇਡੀਓ ਲਾਇਸੰਸ ਦੀ ਇਕ ਵਿਸ਼ੇਸ਼ ਟਿਕਟ ਦੀ ਫੀਸ ਵੀ ਵਧਦੀ ਗਈ, ਜੋ ਕਿ ਸ਼ੁਰੂਆਤੀ ਦੌਰ 'ਚ ਤਕਰੀਬਨ ਇਕ-ਦੋ ਰੁਪਏ ਤੋਂ ਸ਼ੁਰੂ ਹੋਈ ਤੇ ਸਮੇਂ ਦੇ ਨਾਲ-ਨਾਲ 7.50 ਰੁਪਏ ਤੋਂ 15 ਰੁਪਏ ਤੱਕ ਵਧੀ। ਰੇਡੀਓ ਰੱਖਣ, ਸੁਣਨ ਲਈ ਦੋ ਤਰ੍ਹਾਂ ਦੇ ਰੇਡੀਓ ਲਾਇਸੰਸ ਹੁੰਦੇ। ਘਰੇਲੂ ਰੇਡੀਓ ਲਾਇਸੰਸ ਨਾਲੋਂ ਵਪਾਰਕ ਰੇਡੀਓ ਲਾਇਸੰਸ ਦੀ ਵਿਸ਼ੇਸ਼ ਟਿਕਟ ਦੀ ਫੀਸ ਜ਼ਿਆਦਾ ਹੁੰਦੀ ਸੀ।

-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।

19-07-2021

 ਖੇਤੀ ਸੰਕਟ ਤੇ ਕਿਸਾਨ
ਪਿਛਲੇ ਦਿਨੀਂ 'ਅਜੀਤ' 'ਚ ਰਣਜੀਤ ਸਿੰਘ ਹੁਰਾਂ ਆਪਣੇ ਲੇਖ 'ਖੇਤੀ ਸੰਕਟ ਦੇ ਹੱਲ ਲਈ ਖੁਦ ਕਾਰਜਸ਼ੀਲ ਹੋਣ ਕਿਸਾਨ' ਵਿਚ ਪੰਜਾਬ ਦੇ ਕਿਸਾਨਾਂ ਨੂੰ ਕਣਕ ਝੋਨੇ ਦੇ ਬਦਲ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ ਹੈ। ਅਜੋਕੇ ਸਮੇਂ ਦੀ ਇਹ ਬਹੁਤ ਵੱਡੀ ਲੋੜ ਹੈ। ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਦਾਬਹਾਰ ਅਤੇ ਮਿੱਸੀ ਖੇਤੀ ਵੱਲ ਆਉਣਾ ਪਵੇਗਾ। ਕਿਸਾਨਾਂ ਦੇ ਪੁੱਤਰਾਂ ਨੂੰ ਤਕਨੀਕੀ ਕੰਮਾਂ ਨੂੰ ਅਪਣਾਉਣਾ ਚਾਹੀਦਾ ਹੈ। ਸੂਬਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੰਦ ਹੋ ਚੁੱਕੀਆਂ ਸਰਕਾਰੀ ਖੰਡ ਮਿੱਲਾਂ ਨੂੰ ਚਾਲੂ ਕਰਕੇ ਪੰਜਾਬ ਵਿਚ ਵੱਧ ਤੋਂ ਵੱਧ ਰਕਬਾ ਗੰਨੇ ਹੇਠ ਲਿਆਵੇ। ਮੱਕੀ ਦਾਲਾਂ ਅਤੇ ਤੇਲ ਬੀਜ ਵਾਲੀਆਂ ਫਸਲਾਂ ਵੱਧ ਤੋਂ ਵੱਧ ਬੀਜਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਅੱਗੇ ਆਉਣ ਅਤੇ ਇਨ੍ਹਾਂ ਫ਼ਸਲਾਂ ਤੇ ਐਮ.ਐਸ.ਪੀ. ਸਖਤੀ ਨਾਲ ਲਾਗੂ ਹੋਵੇ। ਪੰਜਾਬ ਦੀ ਧਰਤੀ ਤੇ ਖੇਤੀ ਸਬੰਧੀ ਸੂਬਾ ਅਤੇ ਕੇਂਦਰ ਸਰਕਾਰ ਐਸਾ ਮਾਡਲ ਬਣਾਵੇ, ਜਿਸ ਨਾਲ ਸਾਰਾ ਸਾਲ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਰਹੇ। ਫਿਰ ਲੋਕ ਸਰਕਾਰਾਂ ਦੀਆਂ ਨਿਗੂਣੀਆਂ ਸਬਸਿਡੀਆਂ ਵੱਲ ਨਹੀਂ ਝਾਕਣਗੇ ਤੇ ਪੰਜਾਬ ਆਤਮ-ਨਿਰਭਰਤਾ ਵੱਲ ਵਧਣਾ ਸ਼ੁਰੂ ਹੋ ਜਾਵੇਗਾ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨਤਾਰਨ)।


ਲਾਪ੍ਰਵਾਹੀ ਜ਼ਿੰਦਗੀ ਦੀ ਤਬਾਹੀ
ਅਜੋਕੇ ਸਮੇਂ ਹਰ ਪਾਸੇ ਕੋਰੋਨਾ ਪ੍ਰਤੀ ਲਾਪ੍ਰਵਾਹੀ ਆਮ ਵੇਖੀ ਜਾ ਸਕਦੀ ਹੈ। ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇਥੇ ਲੋਕ ਇੰਨੇ ਬੇਪ੍ਰਵਾਹ ਹੋ ਗਏ ਹਨ ਕਿ ਮਾਸਕ ਅਤੇ ਉਚਿਤ ਦੂਰੀ ਨੂੰ ਤਾਂ ਅਲਵਿਦਾ ਕਹਿ ਚੁੱਕੇ ਹਨ। ਬਾਜ਼ਾਰਾਂ, ਸਬਜ਼ੀ ਮੰਡੀਆਂ ਤੇ ਬੱਸ ਅੱਡਿਆਂ ਉੱਤੇ ਲੋਕਾਂ ਦਾ ਇਕੱਠ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੋਰੋਨਾ ਹਾਲੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ। ਪੂਰੀ ਦੁਨੀਆ ਵਿਚ ਕੋਰੋਨਾ ਦੀਆਂ ਅਲੱਗ-ਅਲੱਗ ਕਿਸਮਾਂ ਸਾਹਮਣੇ ਆ ਰਹੀਆਂ ਹਨ। ਇਸ ਮੌਕੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਇਹ ਮਹਾਂਮਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਮਾਸਕ ਅਤੇ ਉਚਿਤ ਦੂਰੀ ਦਾ ਖਿਆਲ ਰੱਖੀਏ ਤਾਂ ਜੋ ਆਪਣੀ ਅਤੇ ਹੋਰਨਾ ਦੀ ਸੁਰੱਖਿਆ ਹੋ ਸਕੇ।


-ਅਰਵਿੰਦਰ ਰਾਏਕੋਟ


ਸਿਹਤ ਸਭ ਤੋਂ ਵੱਡਾ ਧਨ
ਸਿਹਤ ਹੀ ਮਨੁੱਖ ਦਾ ਸਭ ਤੋਂ ਮਹਿੰਗਾ ਗਹਿਣਾ ਹੈ। ਜੋ ਵਿਅਕਤੀ ਅਸਲ ਵਿਚ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ ਉਹ ਆਪਣੀ ਸਿਹਤ ਨੂੰ ਗਵਾ ਬੈਠਦੇ ਹਨ। ਧਨ ਨੂੰ ਜਦੋਂ ਮਰਜ਼ੀ ਅਸੀਂ ਫਿਰ ਤੋਂ ਕਮਾ ਸਕਦੇ ਹਾਂ ਪਰ ਦੁਬਾਰਾ ਫਿਰ ਤੋਂ ਉਹੋ ਜਿਹੀ ਸਿਹਤ ਨੂੰ ਪਾਉਣਾ ਬਿਲਕੁਲ ਅਸੰਭਵ ਹੈ। ਇਕ ਬੜੀ ਮਸ਼ਹੂਰ ਕਹਾਵਤ ਹੈ, 'ਸਿਹਤ ਹੀ ਸਭ ਤੋਂ ਵੱਡਾ ਧਨ ਹੈ' ਦਾ ਮਤਲਬ ਬਿਲਕੁਲ ਸਾਫ਼ ਹੈ ਕਿ ਜੇਕਰ ਤੁਸੀਂ ਸਰੀਰਕ ਤੌਰ 'ਤੇ ਤੰਦਰੁਸਤ ਹੋ ਤਾਂ ਤੁਸੀਂ ਧਨੀ ਹੋ ਕਿਉਂਕਿ ਸਰੀਰਕ ਤੰਦਰੁਸਤੀ ਨੂੰ ਕਿਸੇ ਵੀ ਕੀਮਤ 'ਤੇ ਖਰੀਦਿਆ ਨਹੀਂ ਜਾ ਸਕਦਾ ਤੇ ਬਿਨਾਂ ਤੰਦਰੁਸਤਾ ਦੇ ਜੀਵਨ ਦਾ ਭਰਪੂਰ ਆਨੰਦ ਵੀ ਨਹੀਂ ਮਾਣਿਆ ਜਾ ਸਕਦਾ। ਚੰਗਾ ਭੋਜਨ, ਚੰਗੇ ਵਿਚਾਰ ਤੇ ਚੰਗੀ ਸੰਗਤ ਹੀ ਅਸਲ ਵਿਚ ਸਿਹਤ ਦੇ ਗਹਿਣੇ ਨੂੰ ਚਮਕਦਾ ਰੱਖਦੇ ਹਨ।


-ਲਖਵੀਰ ਸਿੰਘ
ਪਿੰਡ ਉਦੈਕਰਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਤੇਲ ਕੀਮਤ
ਲਗਾਤਾਰ ਹਰ ਰੋਜ਼ ਵਧ ਰਹੀਆਂ ਤੇਲ ਕੀਮਤਾਂ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਝੋਨੇ ਦਾ ਸੀਜ਼ਨ ਸਿਖਰਾਂ 'ਤੇ ਹੈ। ਝੋਨੇ ਨੂੰ ਪਾਣੀ ਦੇਣ ਲਈ ਵਰਤੇ ਜਾਣ ਵਾਲੇ ਡੀਜ਼ਲ ਨੇ ਕਿਸਾਨਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਹਨ। ਪਹਿਲੀ ਜਨਵਰੀ ਤੋਂ ਹੁਣ ਤੱਕ 72 ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਘਰੇਲੂ ਰਸੋਈ ਵਿਚ ਵਰਤੇ ਜਾਣ ਵਾਲੇ ਸਿਲੰਡਰ ਦੀ ਕੀਮਤ ਅੱਜ 850 ਤੋਂ ਵੱਧ ਹੋ ਗਈ ਹੈ। ਲਗਾਤਾਰ ਹੋ ਰਹੀ ਤੇਲ ਕੀਮਤਾਂ 'ਚ ਵਾਧੇ ਦੇ ਕਾਰਨ ਮਹਿੰਗਾਈ ਅਸਮਾਨ ਛੂਹ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਉੱਪਰ ਲੱਗੀ ਐਕਸਾਈਜ਼ ਡਿਊਟੀ ਵਿਚ ਕਾਫੀ ਗੁਣਾਂ ਵਾਧਾ ਕੀਤਾ ਗਿਆ ਹੈ। ਕੇਂਦਰ ਤੋਂ ਬਾਅਦ ਸੂਬਿਆਂ ਵਲੋਂ ਵੀ ਇਨ੍ਹਾਂ ਪਦਾਰਥਾਂ 'ਤੇ ਟੈਕਸ ਲਗਾਏ ਜਾਂਦੇ ਹਨ। ਚੇਤੇ ਕਰਵਾ ਦੇਈਏ ਕਿ ਜਦੋਂ 2012 ਵਿਚ ਮੌਜੂਦਾ ਹੁਕਮਰਾਨ ਵਿਰੋਧੀ ਧਿਰ ਵਿਚ ਸਨ, ਤਾਂ ਵਧ ਰਹੀਆਂ ਤੇਲ ਕੀਮਤਾਂ ਤੇ ਮਹਿੰਗਾਈ ਦੇ ਖਿਲਾਫ਼ ਪੂਰੇ ਦੇਸ਼ ਵਿਚ ਇਨ੍ਹਾਂ ਨੇਤਾਵਾਂ ਨੇ ਕੱਪੜੇ ਖੋਲ੍ਹ ਕੇ ਪ੍ਰਦਰਸ਼ਨ ਕੀਤਾ ਸੀ। ਸੜਕਾਂ 'ਤੇ ਖਾਲੀ ਸਿਲੰਡਰ ਰੱਖ ਕੇ ਮਨਮੋਹਨ ਸਿੰਘ ਸਰਕਾਰ ਖਿਲਾਫ਼ ਪਿੱਟ ਸਿਆਪਾ ਕੀਤਾ ਸੀ। ਵਿਚਾਰਨ ਵਾਲੀ ਗੱਲ ਹੈਕਿ ਉਸ ਵੇਲੇ ਪ੍ਰਦਰਸ਼ਨ ਕਰਨ ਵਾਲੇ ਨੇਤਾਵਾਂ ਨੂੰ ਅੱਜ ਵਧ ਰਹੀ ਮਹਿੰਗਾਈ ਕਿਉਂ ਨਹੀਂ ਦਿਖ ਰਹੀ? ਕਿਉਂ ਇਨ੍ਹਾਂ ਨੇਤਾਵਾਂ ਨੇ ਚੁੱਪੀ ਧਾਰੀ ਹੋਈ ਹੈ, ਦਾਲਾਂ, ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਹਾਲ ਹੀ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਠ ਜੁਲਾਈ ਨੂੰ ਮਹਿੰਗਾਈ ਖਿਲਾਫ਼ ਸੜਕਾਂ ਦੇ ਕਿਨਾਰੇ ਖੜ੍ਹੇ ਹੋ ਕੇ ਰੋਸ ਪ੍ਰਗਟ ਕੀਤਾ। ਕੇਂਦਰ ਸਰਕਾਰ ਨੂੰ ਟੈਕਸਾਂ ਵਿਚ ਕਟੌਤੀ ਕਰਕੇ ਆਮ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ।


-ਸੰਜੀਵ ਸਿੰਘ ਸੈਣੀ
ਮੋਹਾਲੀ।


ਵੋਟਰਾਂ ਨਾਲ ਧੋਖਾ
ਜਦੋਂ ਵੀ ਵੋਟਾਂ ਲਾਗੇ ਆਉਂਦੀਆਂ ਹਨ, ਦਲ ਬਦਲੀ ਦਾ ਦੌਰ ਚੱਲ ਪੈਂਦਾ ਹੈ। ਇਹੋ ਜਿਹੇ ਹਾਲਾਤ ਵਿਚ ਵੋਟਰ ਵਿਚਾਰਾ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਦਾ ਹੈ। ਜੋ ਪਾਰਟੀ ਦੇ ਨਾਂਅ 'ਤੇ ਵੋਟ ਪਾ ਕੇ ਉਸ ਨੂੰ ਫਤਵਾ ਦਿੰਦਾ ਹੈ। ਜੋ ਸੱਤਾ ਦੀ ਖਾਤਰ ਨੇਤਾ ਲੋਕ ਵੋਟਰਾਂ ਦੇ ਜਜ਼ਬਾਤਾਂ ਨਾਲ ਖੇਡ ਦਲ ਬਦਲੀ ਕਰਦੇ ਹਨ, ਇਸ ਨਾਲ ਲੋਕ ਰਾਜ ਨੂੰ ਵੀ ਧੱਕਾ ਲਗਦਾ ਹੈ। ਲੋਕਾਂ ਨੂੰ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਕਾਫੀ ਆਸਾਂ ਹੁੰਦੀਆਂ ਹਨ। ਜੋ ਉਨ੍ਹਾਂ ਦੀਆਂ ਆਸਾਂ 'ਤੇ ਵੀ ਪਾਣੀ ਫਿਰ ਜਾਂਦਾ ਹੈ। ਜੋ ਦਲ ਬਦਲੀ ਕਰ ਆਪਣੇ ਵੋਟਰਾਂ ਨਾਲ ਧੋਖਾ ਕਰਦੇ ਹਨ, ਉਨ੍ਹਾਂ 'ਤੇ ਸਾਰੀ ਉਮਰ ਚੋਣ ਲੜਨ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਉਸ ਦੀ ਵਿਧਾਇਕੀ ਖਤਮ ਕਰ ਦੇਣੀ ਚਾਹੀਦੀ ਹੈ। ਦਲ ਬਦਲੀ ਸਬੰਧੀ ਸੰਸਦ ਵਿਚ ਕਾਨੂੰਨ ਪਾਸ ਕਰਨਾ ਚਾਹੀਦਾ ਹੈ, ਤਾਂ ਜੋ ਜੋੜ-ਤੋੜ ਦੀ ਨੀਤੀ 'ਤੇ ਰੋਕ ਲੱਗ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ, ਪੁਲਿਸ ਇੰਸਪੈਕਟਰ।


ਖੁਰਦਾ ਪੰਜਾਬ
ਪਿਛਲੇ ਦਿਨੀਂ ਸਤਿਕਾਰਯੋਗ ਸ: ਬਰਜਿੰਦਰ ਸਿੰਘ ਹਮਦਰਦ ਜੀ ਦੀ ਸੰਪਾਦਕੀ 'ਖੁਰਦਾ ਪੰਜਾਬ' ਵਿਚ ਸਮੇਂ ਦੇ ਸੱਚ ਨੂੰ ਬਿਆਨ ਕੀਤਾ ਗਿਆ ਹੈ। ਇਹ ਕਠੋਰ ਸੱਚਾਈ ਹੈ ਕਿ ਪੰਜਾਬ ਅੱਜ ਹਰ ਪਖੋਂ ਖ਼ੁਰਦਾ ਜਾ ਰਿਹਾ ਹੈ। ਬਿਜਲੀ ਕੱਟਾਂ, ਮਹਿੰਗੀ ਬਿਜਲੀ, ਇੰਸਪੈਕਟਰੀ ਰਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਅਤੇ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਸਨਅਤਾਂ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਕਾਰਨ ਪੰਜਾਬ ਦੀ ਕਾਫੀ ਸਨਅਤ ਪੰਜਾਬ ਤੋਂ ਹੋਰਨਾਂ ਸੂਬਿਆਂ ਵਿਚ ਹਿਜਰਤ ਕਰ ਗਈ ਹੈ ਜੋ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਦੀਆਂ ਹੱਦਾਂ-ਸਰਹੱਦਾਂ ਕਿਸੇ ਸਮੇਂ ਅਫ਼ਗਾਨਿਸਤਾਨ ਅਤੇ ਯਮੁਨਾ ਨਾਲ ਲਗਦੀਆਂ ਸਨ, ਪਰ ਅੱਜ ਦੇ ਸਮੇਂ ਦੇ ਮੌਜੂਦਾ ਪੰਜਾਬ ਦਾ ਘੇਰਾ ਬਹੁਤ ਸੁੰਗੜ ਗਿਆ ਹੈ।
ਜੇ ਸਨਅਤਾਂ ਇਸੇ ਤਰਾਂ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਜਾਂਦੀਆਂ ਰਹੀਆਂ ਤਾਂ ਇਸ ਦਾ ਘਾਟਾ ਪੰਜਾਬੀਆਂ ਨੂੰ ਹੀ ਪੈਣਾ ਹੈ, ਜਿਸਦਾ ਝੋਰਾ ਸੂਝਵਾਨ ਪੰਜਾਬੀਆਂ ਨੂੰ ਹੁਣੇ ਖਾ ਰਿਹਾ ਹੈ। ਪੰਜਾਬ ਦੀ ਸਨਅਤ, ਜਵਾਨੀ, ਪੈਸੇ, ਬੁੱਧੀ-ਦਿਮਾਗ-ਵਿਦਿਆ-ਤਜਰਬਾ, ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ, ਪੰਜਾਬੀ ਰੀਤੀ ਰਿਵਾਜਾਂ ਨੂੰ ਬਚਾਉਣ ਲਈ ਖੁਦ ਪੰਜਾਬੀਆਂ ਨੂੰ ਰਲਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਹੋਰ ਖੁਰਨ ਤੋਂ ਬਚਾਇਆ ਜਾ ਸਕੇ।


-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61 ਏ ਵਿਦਿਆ ਨਗਰ ਪਟਿਆਲਾ।

16-07-2021

 ਕੋਰੋਨਾ ਕਾਲ ਤੋਂ ਕੁਝ ਸਿੱਖਣ ਦੀ ਲੋੜ

ਕੋਰੋਨਾ ਕਾਲ ਨੇ ਸਾਡੇ ਅੱਗੇ ਕਿੰਨੀਆਂ ਹੀ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਕਾਲ ਵਿਚ ਅਸੀਂ ਸਰਕਾਰ ਦਾ ਲਾਪਰਵਾਹੀ ਵਾਲਾ ਵਤੀਰਾ ਤਾਂ ਦੇਖਿਆ ਹੀ ਹਨ ਨਾਲ ਹੀ ਇਨਸਾਨੀਅਤ ਦੇ ਰਿਸ਼ਤੇ ਵੀ ਤਾਰ-ਤਾਰ ਹੁੰਦੇ ਦੇਖੇ ਅਤੇ ਦੂਜੇ ਪਾਸੇ ਖੂਨ ਦੇ ਰਿਸ਼ਤਿਆਂ ਨੂੰ ਬੇਵੱਸ ਵੀ ਹੁੰਦੇ ਵੀ ਦੇਖਿਆ। ਸਾਨੂੰ ਮਿਲ ਰਹੀਆਂ ਡਾਕਟਰੀ ਸਹੂਲਤਾਂ ਸਾਨੂੰ ਕਿੰਨਾ ਕੁ ਸੁਰੱਖਿਅਤ ਰੱਖ ਸਕਦੀਆਂ ਹਨ ਇਹ ਸਾਡੇ ਸਾਹਮਣੇ ਹੀ ਹੈ। ਜੋ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ ਉਹ ਥੋੜ੍ਹੀ ਜਿਹੀ ਮਿਹਨਤ ਕਰਕੇ ਪਾਇਆ ਜਾ ਸਕਦਾ ਹੈ, ਬੱਸ ਲੋੜ ਹੈ ਇਸ ਗੱਲ 'ਤੇ ਧਿਆਨ ਦੇਣ ਦੀ ਕਿ ਆਪਣੀ ਸਿਹਤ ਲਈ ਥੋੜ੍ਹਾ ਸਮਾਂ ਜ਼ਰੂਰ ਕੱਢੋ। ਕਸਰਤ ਕਰੋ, ਯੋਗਾ ਕਰੋ, ਆਪਣਾ ਖਾਣ-ਪੀਣ ਸਹੀ ਰੱਖੋ। ਮੌਤ ਦਾ ਸਮਾਂ ਨਿਰਧਾਰਤ ਹੈ, ਇਹ ਆਉਣੀ ਹੀ ਹੈ ਇਕ ਦਿਨ। ਇਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜਿੰਨਾ ਵੀ ਸਮਾਂ ਰਹੀਏ ਤੰਦਰੁਸਤ ਰਹੀਏ, ਇਹ ਤਾਂ ਕਾਫੀ ਹੱਦ ਤੱਕ ਆਪਣੇ ਹੱਥ ਵਿਚ ਹੀ ਹੈ। ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੇ ਦੇਖਿਆ ਜਾਵੇ ਤਾਂ ਇਨਸਾਨ ਦੀ ਆਪਣੇ ਲਈ ਨਿੱਜੀ ਕਮਾਈ ਉਹਦੀ ਸਿਹਤ ਹੀ ਹੈ, ਜਿਸ ਨੇ ਉਸ ਦਾ ਸਾਥ ਦੇਣਾ ਹੈ।

-ਬਲਵਿੰਦਰ ਕੌਰ ਮੰਡੇਰ।

ਸਰਕਾਰ ਦਾ ਅੜੀਅਲ ਵਤੀਰਾ

ਅੱਜ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਤਕਰੀਬਨ ਸਾਢੇ ਸੱਤ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਤੇ ਪੰਜਾਬ ਵਿਚ ਇਹ ਸੰਘਰਸ਼ ਲਗਾਤਾਰ 9 ਮਹੀਨਿਆਂ ਤੋਂ ਚੱਲ ਰਿਹਾ ਹੈ। ਹਰ ਤਬਕਾ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਿਹਾ ਹੈ। ਯੂ.ਐਨ.ਓ. ਤੱਕ ਕਿਸਾਨੀ ਅੰਦੋਲਨ ਦੀ ਆਵਾਜ਼ ਪਹੁੰਚੀ ਹੈ। ਦਿਨ-ਪ੍ਰਤੀਦਿਨ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਸੰਘਰਸ਼ ਹੋਰ ਤਿੱਖਾ ਹੋ ਰਿਹਾ ਹੈ। ਹਾਲ ਹੀ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨੇ ਬਿਆਨ ਵੀ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਕੋਈ ਹੋਰ ਤਜਵੀਜ਼ ਲੈ ਕੇ ਆਉਣ। ਕਿਸਾਨਾਂ ਦੀ ਇਕੋ ਹੀ ਮੰਗ ਹੈ ਕਿ ਇਹ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਵੇ। ਫਿਰ ਹੁਣ ਕਿਸਾਨ ਹੋਰ ਕਿਹੜੀ ਤਜਵੀਜ਼ ਖੇਤੀ ਮੰਤਰੀ ਕੋਲ ਲੈ ਕੇ ਜਾਣ। ਪੈਟਰੋਲ ਸੌ ਰੁਪਏ ਤੋਂ ਉੱਪਰ ਹੋ ਚੁੱਕਾ ਹੈ। ਡੀਜ਼ਲ 100 ਰੁਪਏ ਦੇ ਨੇੜੇ ਢੁੱਕਣ ਵਾਲਾ ਹੈ। ਮਹਿੰਗਾਈ ਬੇਲਗਾਮ ਹੁੰਦੀ ਜਾ ਰਹੀ ਹੈ। ਦੋ ਸਮੇਂ ਦੀ ਰੋਟੀ ਦਾ ਹੀਲਾ-ਵਸੀਲਾ ਕਰਨਾ ਆਮ ਨਾਗਰਿਕ ਲਈ ਮੁਸ਼ਕਿਲ ਹੋ ਗਿਆ ਹੈ। ਕਰੋੜਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ। ਸਮਾਂ ਰਹਿੰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਇਸੇ ਵਿਚ ਹੀ ਸਭ ਦੀ ਭਲਾਈ ਹੈ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਬੈਰੀਕੇਡ

ਪਿਛਲੇ ਇਕ ਸਾਲ ਤੋਂ ਕਿਸਾਨੀ ਸੰਘਰਸ਼ ਦੇ ਨਾਲ-ਨਾਲ ਬੈਰੀਕੇਡ ਆਪਣੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਵੀ ਕਿਸਾਨਾਂ ਵਾਂਗ ਆਪਣੀਆਂ ਥਾਵਾਂ 'ਤੇ ਉਸੇ ਤਰ੍ਹਾਂ ਅਟੱਲ ਖੜ੍ਹੇ ਹੋ ਕੇ ਸਰਕਾਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਨ। ਕਿਤੇ ਨਾ ਕਿਤੇ ਬੈਰੀਕੇਡ ਵੀ ਇਸ ਗੱਲੋਂ ਹੈਰਾਨ ਹਨ ਕਿ ਅਸੀਂ ਲੋਹੇ ਦੇ ਹੋ ਕੇ ਵੀ ਥੱਕ ਚੁੱਕੇ ਹਾਂ ਪਰ ਕਿਸਾਨ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ, ਜੋ ਸਾਡੇ ਨਾਲੋਂ ਵੀ ਵਧੇਰੇ ਮਜ਼ਬੂਤੀ ਨਾਲ ਡਟੇ ਹੋਏ ਹਨ।
ਬੈਰੀਕੇਡ ਦੇ ਨਾਲ-ਨਾਲ ਉਸ ਦੀ ਪਰਮ ਮਿੱਤਰ ਡਾਂਗ ਜੋ ਸਰਕਾਰੀ ਗੁਲਾਮਾਂ ਦੇ ਹੱਥਾਂ ਦਾ ਸ਼ਿੰਗਾਰ ਬਣ ਕੇ ਉਸ ਦਾ ਪੂਰਾ ਸਾਥ ਦੇਣ ਲਈ ਹਰ ਸਮੇਂ ਨਾਲ ਹੀ ਰਹਿੰਦੀ ਹੈ, ਜਦੋਂ ਵੀ ਬੈਰੀਕੇਡ ਉੱਪਰ ਕੋਈ ਵੀ ਹਮਲਾ ਹੁੰਦਾ ਹੈ, ਉਸ ਦੀ ਹਮਾਇਤੀ ਡਾਂਗ ਚੰਗੀ ਵਰ੍ਹਦੀ ਹੈ। ਪਰ ਸਰਕਾਰੀ ਡਾਂਗ ਵਰ੍ਹਾਉਣ ਵਾਲੇ ਇਹ ਨਹੀਂ ਸੋਚਦੇ ਕਿ ਅਸੀਂ ਸਰਕਾਰੀ ਅਧਿਕਾਰੀ ਹੋਣ ਦੇ ਨਾਲ-ਨਾਲ ਪੰਜਾਬੀ ਵੀ ਹਾਂ, ਪੰਜਾਬ ਜਾਂ ਪੰਜਾਬੀਅਤ ਪ੍ਰਤੀ ਉਨ੍ਹਾਂ ਦੇ ਵੀ ਕੁਝ ਫਰਜ਼ ਹਨ। ਪਰ ਉਹ ਉਨ੍ਹਾਂ ਨੂੰ ਭੁਲਾ ਕੇ ਸਿਰਫ ਤਨਖ਼ਾਹ ਦੇਣ ਵਾਲੀ ਸਰਕਾਰ ਦਾ ਸਾਥ ਦੇ ਰਹੇ ਹਨ। ਪਰ ਕਿਸਾਨ ਜਾਂ ਹੋਰ ਜਥੇਬੰਦੀਆਂ ਵੀ ਉਨ੍ਹਾਂ ਦੀ ਇਸ ਮਜਬੂਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ। ਤਾਹੀਉਂ ਤਾਂ ਡਾਂਗਾਂ ਖਾਣ ਪਿੱਛੋਂ ਉਨ੍ਹਾਂ ਲਈ ਪਾਣੀ ਦੀ ਛਬੀਲ ਜਾਂ ਲੰਗਰ ਦਾ ਪ੍ਰਬੰਧ ਕਰਦੇ ਅਨੇਕਾਂ ਵਾਰ ਵੇਖੇ ਹਨ ਪਰ ਜੇਕਰ ਉਹ ਸੰਘਰਸ਼ਾਂ ਦੀ ਹਮਾਇਤ ਕਰਨ ਤਾਂ ਸੰਘਰਸ਼ਾਂ ਨੂੰ ਜਿੱਤਣਾ ਬਹੁਤ ਹੀ ਆਸਾਨ ਹੋ ਜਾਵੇਗਾ। ਪੁਰਾਣੀ ਪੈਨਸ਼ਨ ਸਕੀਮ ਬੰਦ ਕਰਨਾ, ਸਰਕਾਰੀ ਨੌਕਰੀ ਦੇ ਨਵੇਂ ਪੇਪਰ ਲੈ ਕੇ ਵੀ ਨੌਕਰੀ ਨਾ ਦੇਣਾ ਅਤੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਨਾ ਵੀ ਉਨ੍ਹਾਂ ਦੇ ਜੀਵਨ ਵਿਚ ਲੱਗੇ ਅਣਦਿਸੇ ਬੈਰੀਕੇਡ ਹਨ।

-ਨਿਰਭੈ ਸਿੰਘ ਨਾਭਾ।

ਮੁਫ਼ਤ ਸਹੂਲਤਾਂ ਦੀ ਰਿਸ਼ਵਤ

ਪਿਛਲੇ ਦਿਨੀਂ 'ਅਜੀਤ' 'ਚ ਹਰਜਿੰਦਰ ਸਿੰਘ ਲਾਲ ਹੁਰਾਂ ਦੀਆਂ 'ਸਰਗੋਸ਼ੀਆਂ' ਪੜ੍ਹੀਆਂ। ਪੰਜਾਬ ਵਿਚ ਰਾਜਸੀ ਪਾਰਟੀਆਂ ਦੀ ਲੋਕਾਂ ਦੀਆਂ ਵੋਟਾਂ ਬਦਲੇ ਮੁਫ਼ਤ ਦੀਆਂ ਸਹੂਲਤਾਂ ਬਾਰੇ ਪੰਜਾਬੀ ਲੋਕਾਂ ਦੇ ਹੱਡਾਂ ਵਿਚ ਆਲਸ ਅਤੇ ਵਿਹਲੜਪੁਣੇ ਦੀਆਂ ਬੁਰੀਆਂ ਆਦਤਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ। ਲੋਕਾਂ ਨੂੰ ਵੀ ਹੁਣ ਹੱਥ 'ਤੇ ਹੱਥ ਧਰ ਕੇ ਬਹਿਣ ਦੀ ਆਦਤ ਪੈ ਗਈ ਹੈ ਜਾਂ ਪਾ ਦਿੱਤੀ ਗਈ ਹੈ। ਬਾਬੇ ਨਾਨਕ ਦਾ ਉਪਦੇਸ਼ 'ਕਿਰਤ ਕਰੋ ਤੇ ਵੰਡ ਛਕੋ' ਵਾਲਾ ਕਿਧਰੇ ਵੀ ਵਿਖਾਈ ਨਹੀਂ ਦਿੰਦਾ। ਨੇਤਾਵਾਂ ਨੂੰ ਵੀ ਲੋਕਾਂ ਦੀ ਕਮਜ਼ੋਰੀਆਂ ਦਾ ਪੂਰਾ ਗਿਆ ਹੋ ਗਿਆ ਹੈ। ਮੁਫ਼ਤ 'ਚ ਰਾਸ਼ਨ, ਬਿਜਲੀ ਤੇ ਹੁਣ ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਸਫ਼ਰ ਨੇ ਬਿਜਲੀ ਮਹਿਕਮੇ ਅਤੇ ਰੋਡਵੇਜ਼ ਦੀਆਂ ਜੜ੍ਹਾਂ ਵਿਚ ਤੇਲ ਪਾ ਕੇ ਰੱਖ ਦਿੱਤਾ ਹੈ। ਪੰਜਾਬ ਦੀ ਅਰਥਵਿਵਸਥਾ ਲੀਹੋਂ ਲਹਿ ਗਈ ਹੈ। ਕਰਜ਼ਾ ਚੁੱਕ-ਚੁੱਕ ਕੇ ਮੁਫ਼ਤ ਸਹੂਲਤਾਂ ਦੇ ਕੇ ਪੰਜਾਬ ਨੂੰ ਦੀਵਾਲੀਆ ਬਣਾ ਦਿੱਤਾ ਹੈ। ਕਦੀ ਕਿਸੇ ਨੇਤਾ ਨੇ ਰੁਜ਼ਗਾਰ ਦੀ ਗੱਲ ਨਹੀਂ ਕੀਤੀ। ਲੋਕਾਂ ਨੂੰ ਕੰਮ ਮਿਲੇ। ਲੋਕ ਆਪਣੀ ਮਨਮਰਜ਼ੀ ਨਾਲ ਆਪਣੀਆਂ ਲੋੜਾਂ ਲਈ ਬਾਜ਼ਾਰ ਵਿਚ ਜਾਣ। ਦੂਜੇ ਪਾਸੇ ਡਿਗਰੀਆਂ ਤੇ ਡਿਪਲੋਮੇ ਲੈ ਕੇ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਚੰਗੀ ਗੱਲ ਹੈ ਕਿ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਦੇ ਝਾਂਸੇ ਵਿਚ ਨਹੀਂ ਆਉਣਾ ਚਾਹੀਦਾ ਹੈ। ਮੁਫ਼ਤ ਦੀਆਂ ਸਹੂਲਤਾਂ ਨੂੰ ਤਿਆਗ ਕੇ ਨਵੀਂ ਤੇ ਇਮਾਨਦਾਰ ਲੀਡਰਸ਼ਿਪ ਅੱਗੇ ਲਿਆਉਣੀ ਪਵੇਗੀ। ਬੇੜਾ ਪਾਰ ਤਦ ਹੀ ਲਗਣਾ ਹੈ ਜੇ ਲੋਕਾਂ ਵਿਚ ਜਾਗਰੂਕਤਾ ਆਏਗੀ।

-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।

ਸੋਧ

'ਅਜੀਤ' (ਧਰਮ ਤੇ ਵਿਰਸਾ) ਅੰਕ (13 ਜੁਲਾਈ) ਨੂੰ ਭਾਈ ਲਾਲੋ ਬਾਰੇ ਮੇਰਾ ਇਕ ਲੇਖ ਛਪਿਆ ਸੀ, ਜਿਸ ਵਿਚ ਭਾਈ ਲਾਲੋ ਦੀ ਜਨਮ ਮਿਤੀ ਗ਼ਲਤ ਲਿਖੀ ਗਈ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਅਤੇ ਡਾ. ਰਤਨ ਸਿੰਘ ਜੱਗੀ ਨੇ ਆਪਣੇ ਵਿਸ਼ਵ ਸਿੱਖ ਪੰਥ ਵਿਸ਼ਵਕੋਸ਼ ਵਿਚ ਭਾਈ ਲਾਲੋ ਦੀ ਜਨਮ ਮਿਤੀ ਤੇ ਸੁਰਗਵਾਸ ਹੋਣ ਬਾਰੇ ਕੁਝ ਨਹੀਂ ਲਿਖਿਆ। ਪ੍ਰਿੰ: ਸਤਿਬੀਰ ਸਿੰਘ ਅਤੇੇ ਹਰਜੀਤ ਸਿੰਘ ਭੰਵਰਾ ਨੇ ਭਾਈ ਲਾਲੋ ਬਾਰੇ ਲਿਖਿਆ ਹੈ। ਭਾਈ ਲਾਲੋ ਦੀ ਜਨਮ ਮਿਤੀ 11 ਅੱਸੂ, 1509 (1452 ਈ:) ਹੈ, ਦਾਸ ਵਲੋਂ ਗ਼ਲਤੀ ਹੋਈ ਹੈ। ਇਸ ਗ਼ਲਤੀ ਲਈ ਦਾਸ ਸਿੱਖ ਪੰਥ ਤੋਂ ਮੁਆਫ਼ੀ ਮੰਗਦਾ ਹੈ।

-ਹਰਬੀਰ ਸਿੰਘ ਭੰਵਰ
ਲੁਧਿਆਣਾ।

15-07-2021

 ਕਿਸਾਨ ਨਿਧੀ ਯੋਜਨਾ
ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਕਰੜੀ ਮਿਹਨਤ ਨੂੰ ਮਹਿਸੂਸ ਕਰਦਿਆਂ ਕਿਸਾਨ ਨਿਧੀ ਯੋਜਨਾ ਚਲਾਈ ਗਈ ਹੈ। ਇਸ ਯੋਜਨਾ ਅਧੀਨ ਹਰੇਕ ਗ਼ਰੀਬ ਕਿਸਾਨ ਦੇ ਖਾਤੇ ਵਿਚ ਇਕ ਸਾਲ ਅੰਦਰ ਛੇ ਹਜ਼ਾਰ ਰੁਪਏ ਪਾਏ ਜਾਂਦੇ ਹਨ। ਰੁਪਏ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਂਦੇ ਹਨ ਅਤੇ ਹਰੇਕ ਕਿਸ਼ਤ ਦੋ ਹਜ਼ਾਰ ਰੁਪਏ ਦੀ ਹੁੰਦੀ ਹੈ। ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਚੁੱਕਿਆ ਗਿਆ ਪ੍ਰਸੰਸਾਯੋਗ ਕਦਮ ਹੈ। ਇਸ ਯੋਜਨਾ ਅਨੁਸਾਰ ਇਕ ਕਨਾਲ ਤੋਂ ਲੈ ਕੇ ਪੰਜ ਏਕੜ ਤੱਕ ਜ਼ਮੀਨ ਵਾਲਾ ਕਿਸਾਨ ਲਾਭਪਾਤਰ ਹੈ। ਦੁੱਖ ਦੀ ਗੱਲ ਹੈ ਕਿ ਅਣਗਹਿਲੀ, ਅਣਜਾਣਪੁਣੇ ਜਾਂ ਹੇਰਾਫੇਰੀ ਕਾਰਨ ਇਸ ਯੋਜਨਾ ਵਿਚ ਅਯੋਗ ਕਿਸਾਨਾਂ ਦੇ ਨਾਂਅ ਲਿਖੇ ਜਾ ਚੁੱਕੇ ਹਨ। ਇਸ ਸਮੇਂ ਗ਼ਲਤੀ ਦਾ ਪਤਾ ਚਲਦਿਆਂ ਯੋਗ ਜਾਂ ਅਯੋਗ ਕਿਸਾਨਾਂ ਦੀ ਜਾਂਚ-ਪੜਤਾਲ ਚੱਲ ਰਹੀ ਹੈ, ਜਿਸ ਕਾਰਨ ਨਵੇਂ ਕਿਸਾਨਾਂ ਲਈ ਆਪਣਾ ਨਾਂਅ ਲਿਖਵਾਉਣਾ ਇਸ ਯੋਜਨਾ ਵਿਚ ਬੰਦ ਹੋ ਚੁੱਕਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀ ਜਾਂਚ-ਪੜਤਾਲ ਜਾਰੀ ਰੱਖੇ ਪਰ ਨਾਲ ਹੀ ਨਵੇਂ ਲਾਭਪਾਤਰੀ ਕਿਸਾਨਾਂ ਲਈ ਆਪਣਾ ਨਾਂਅ ਲਿਖਵਾਉਣ ਦੀ ਖੁੱਲ੍ਹ ਦੇਵੇ ਤਾਂ ਹੀ ਨਿਆਂ ਹੈ।


-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।


ਮਹਿੰਗਾਈ ਦਾ ਦੌਰ
ਅੱਜਕਲ੍ਹ ਸਾਰੇ ਦੇਸ਼ ਵਿਚ ਮਹਿੰਗਾਈ ਦਾ ਦੌਰ ਚੱਲ ਰਿਹਾ ਹੈ। ਇਸ ਮਹਿੰਗਾਈ ਨੇ ਆਮ ਇਨਸਾਨ ਦੀ ਜ਼ਿੰਦਗੀ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਹੈ। ਇਨਸਾਨ ਲਈ ਰੋਟੀ, ਕੱਪੜਾ ਅਤੇ ਮਕਾਨ ਬਣਾਉਣਾ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਕੋਰੋਨਾ ਕਾਰਨ ਕੰਮਕਾਰ 'ਤੇ ਬਹੁਤ ਅਸਰ ਪਿਆ ਹੈ, ਜਿਸ ਨਾਲ ਕਈਆਂ ਲਈ ਰੋਜ਼ੀ-ਰੋਟੀ ਕਮਾਉਣੀ ਵੀ ਔਖੀ ਹੋਈ ਪਈ ਹੈ, ਕਾਰੋਬਾਰ ਠੱਪ ਹੋ ਰਹੇ ਹਨ। ਹਰੇਕ ਦੇ ਚਿਹਰੇ 'ਤੇ ਤਣਾਅ ਨਜ਼ਰ ਆ ਰਿਹਾ ਹੈ। ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਉਹ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰੇ। ਇਸ ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ ਉਪਰਾਲੇ ਕਰੇ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯਤਨ ਕਰੇ ਤਾਂ ਜੋ ਇਨਸਾਨ ਦਾ ਜੀਵਨ ਕੁਝ ਸਰਲ ਹੋ ਸਕੇ।


-ਮਲਟੀ
ਅਧਿਆਪਕਾ, ਸੈਂਟ ਥੌਮਸ ਕਾਨਵੈਂਟ ਸਕੂਲ, ਰਾਜਾਸਾਂਸੀ।


ਰੇਗਿਸਤਾਨ ਬਣਦਾ ਜਾ ਰਿਹਾ ਪੰਜਾਬ
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਇਸ ਸਮੇਂ ਪਾਣੀ ਦੇ ਸੰਕਟ ਵੱਲ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ ਜੋ ਕਿ ਕਾਫੀ ਸਮਾਂ ਪਹਿਲਾਂ ਹੀ ਖ਼ਤਮ ਹੋ ਚੁੱਕੀ ਹੈ, ਦੂਸਰੀ ਪਰਤ ਤਕਰੀਬਨ 100 ਤੋਂ 200 ਫੁੱਟ ਉੱਤੇ ਹੈ ਜੋ ਕਿ 10 ਸਾਲ ਪਹਿਲਾਂ ਸੁੱਕ ਚੁੱਕੀ ਹੈ। ਹੁਣ ਪੰਜਾਬੀ ਪਾਣੀ ਦੀ ਤੀਸਰੀ ਪਰਤ ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਉਸ ਨੂੰ ਵਰਤ ਰਹੇ ਹਨ ਅਤੇ ਜਿਸ ਢੰਗ ਨਾਲ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ ਇਹ ਆਖਰੀ ਪਰਤ ਵੀ ਜਲਦੀ ਖ਼ਤਮ ਹੋ ਜਾਵੇਗੀ। ਪਾਣੀ ਦੇ ਆਏ ਇਸ ਸੰਕਟ ਲਈ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਕਿਉਂਕਿ ਇਕ ਪਾਸੇ ਅਸੀਂ ਦਰਿਆਵਾਂ, ਨਦੀਆਂ ਦੇ ਪਾਣੀ ਨੂੰ ਫੈਕਟਰੀਆਂ ਦੀ ਗੰਦਗੀ ਸੁੱਟ ਸੁੱਟ ਕੇ ਪਹਿਲਾਂ ਹੀ ਦੂਸ਼ਿਤ ਕਰ ਚੁੱਕੇ ਹਾਂ, ਦੂਸਰੇ ਪਾਸੇ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਕੁਦਰਤ ਨਾਲ ਹੋਰ ਖਿਲਵਾੜ ਕਰ ਰਹੇ ਹਾਂ। ਵਿਗਿਆਨੀਆਂ ਅਨੁਸਾਰ ਤਿੰਨਾਂ ਪਰਤਾਂ ਵਿਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ ਹੱਦ ਤੱਕ ਭਰ ਸਕਦੀ ਹੈ ਤੇ ਜੇ ਇਹ ਪਰਤ ਭਰ ਵੀ ਜਾਵੇ ਤਾਂ ਵੀ ਇਹ ਪਾਣੀ ਸਦੀਆਂ ਤੱਕ ਪੀਣ ਯੋਗ ਨਹੀਂ ਹੁੰਦਾ। ਇਨਸਾਨ ਭੋਜਨ ਤੋਂ ਬਿਨਾਂ ਤਾਂ ਕੁਝ ਦਿਨ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਜੇਕਰ ਅਸੀਂ ਪੰਜਾਬੀ ਹੁਣ ਵੀ ਪਾਣੀ ਦੇ ਸੰਕਟ ਪ੍ਰਤੀ ਸੁਚੇਤ ਨਾ ਹੋਏ ਤਾਂ ਬਹੁਤ ਜਲਦੀ ਪੰਜਾਬ ਦੀ ਉਪਜਾਊ ਧਰਤੀ ਬੰਜਰ ਬਣ ਜਾਵੇਗੀ ਤੇ ਇੱਥੇ ਜੀਵਨ ਸਦਾ ਲਈ ਖ਼ਤਮ ਹੋ ਜਾਵੇਗਾ ਤੇ ਇਸ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਅਸੀਂ ਪੰਜਾਬੀ ਖ਼ੁਦ ਹੋਵਾਂਗੇ।


-ਜਸਪ੍ਰੀਤ ਕੌਰ ਸੰਘਾ
ਤਨੂੰਲੀ (ਹੁਸ਼ਿਆਰਪੁਰ)।


ਸ਼ਾਸਨ ਨੂੰ ਬਿਹਤਰ ਕਰਨ ਦੀ ਇੱਛਾ ਸ਼ਕਤੀ
ਬੀਤੇ ਦਿਨੀਂ ਕੇਂਦਰੀ ਮੰਤਰੀ ਮੰਡਲ ਵਿਚ ਸੁਤੰਤਰ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਫੇਰਬਦਲ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਸ਼ੱਕ ਸ਼ਾਸਨ ਪ੍ਰਬੰਧਨ ਨੂੰ ਨਿਰੰਤਰ ਬਿਹਤਰ ਕਰਦੇ ਰਹਿਣ ਦੀ ਆਪਣੀ ਇੱਛਾ ਸ਼ਕਤੀ ਦਾ ਇਕ ਸਪੱਸ਼ਟ ਅਤੇ ਬਹੁਦਿਸ਼ਾਵੀ ਸੰਦੇਸ਼ ਦੇਸ਼ ਦੇ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਹੈ। ਮੰਤਰੀ ਮੰਡਲ ਦੇ 77 ਮੰਤਰੀਆਂ ਵਿਚੋਂ ਓ.ਬੀ.ਸੀ. ਦੇ 27 ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਦੇ 20 ਮੰਤਰੀਆਂ ਦਾ ਅੰਕੜਾ ਸਰਬਪੱਖੀ ਪਹੁੰਚ ਨੂੰ ਦਰਸਾਉਂਦਾ ਹੈ। ਕਾਰਗੁਜ਼ਾਰੀ ਨਾਲ ਜੁੜੇ ਕਾਰਨਾਂ ਕਰਕੇ 12 ਦੇ ਕਰੀਬ ਮੰਤਰੀਆਂ ਨੂੰ ਹਟਾਏ ਜਾਣ ਤੋਂ ਪਤਾ ਲਗਦਾ ਹੈ ਕਿ ਸਾਰੇ ਮੰਤਰੀਆਂ ਨੂੰ ਵਧੀਆ ਪ੍ਰਦਰਸ਼ਨ ਹੀ ਕਰਨਾ ਪਏਗਾ ਅਤੇ ਉਨ੍ਹਾਂ ਨੂੰ ਜਨਤਕ ਇੱਛਾਵਾਂ ਪ੍ਰਤੀ ਸੰਵੇਦਨਸ਼ੀਲ ਵੀ ਹੋਣਾ ਚਾਹੀਦਾ ਹੈ। 'ਮਿਨੀਮਮ ਗੌਰਮਿੰਟ, ਮੈਕਸੀਮਮ ਗਵਰਨੈਂਸ' ਦੇ ਸਿਧਾਂਤ ਤਹਿਤ ਮਿਲਦੇ-ਜੁਲਦੇ ਕਾਰਜ ਖੇਤਰਾਂ ਵਾਲੇ ਸਬੰਧਿਤ ਮੰਤਰਾਲਿਆਂ ਦੀ ਜ਼ਿੰਮੇਵਾਰੀ ਇਕੋ ਹੀ ਮੰਤਰੀਆਂ ਨੂੰ ਸੌਂਪੀ ਗਈ ਹੈ, ਜਿਸ ਨਾਲ ਇਸ ਤਰ੍ਹਾਂ ਦੇ ਮੰਤਰਾਲਿਆਂ ਦੀ ਕਾਰਗੁਜ਼ਾਰੀ ਵਿਚ ਮਿਲਜੁਲ ਕੇ ਕੰਮ ਕਰਨ ਦਾ ਫਾਇਦਾ ਤਾਂ ਹੋਵੇਗਾ ਹੀ ਅਤੇ ਇਸ ਦੇ ਨਤੀਜੇ ਵਜੋਂ ਦੋ ਰਾਜ ਮੰਤਰੀਆਂ (ਸੁਤੰਤਰ ਭਾਰ) ਸਮੇਤ ਸਿਰਫ 32 ਮੰਤਰੀ ਹੀ ਸਰਕਾਰ ਦੇ ਸਾਰੇ ਮੰਤਰਾਲਿਆਂ ਦਾ ਕੰਮਕਾਜ ਸੰਭਾਲਣਗੇ।


-ਇੰ: ਕ੍ਰਿਸ਼ਨ ਕਾਂਤ ਸੂਦ
ਰਿਜਨਲ ਸਕੱਤਰ (ਸੰਪਰਕ) ਉੱਤਰ ਖੇਤਰ,
ਭਾਰਤ ਵਿਕਾਸ ਪ੍ਰੀਸ਼ਦ।

14-07-2021

 ਪੰਜਾਬੀ ਨੂੰ ਖੋਰੇ ਦਾ ਫ਼ਿਕਰ

ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਨੂੰ ਛੱਡ ਦਿੱਤੇ ਗਏ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਸਾਉਣ ਵੇਲੇ ਪੰਜਾਬ ਦੇ ਪਿੰਡਾਂ ਨੂੰ ਉਜਾੜਿਆ ਗਿਆ ਪਰ ਹਰਿਆਣਾ ਨਾਲ ਸਾਂਝੀ ਰਾਜਧਾਨੀ ਬਣਾ ਕੇ ਕੇਂਦਰੀ ਸ਼ਾਸਤ ਬਣਾ ਦਿੱਤਾ। ਪੰਜਾਬੀ ਭਾਸ਼ਾ ਨੂੰ ਨਿੱਤ ਛਾਂਗਿਆ ਜਾ ਰਿਹਾ ਹੈ। ਚੰਡੀਗੜ੍ਹ ਵਿਚ ਹੀ ਗੋਲੀ ਬਣਾ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਰਾਹੀਂ ਕੇਂਦਰੀ ਹਕੂਮਤ ਦੇ ਕਰਤਾ-ਧਰਤਾ ਆਰ.ਐਸ.ਐਸ. ਦਾ ਸਿਲੇਬਸ ਲਾਗੂ ਕੀਤਾ ਜਾ ਰਿਹਾ ਹੈ। ਇਹ ਪੰਜਾਬੀਅਤ ਦੇ ਜਬਰ ਜ਼ੁਲਮ ਵਿਰੁੱਧ ਲੜਨ ਵਾਲੇ ਜੁਝਾਰੂ ਤੱਤ ਨੂੰ ਖ਼ਤਮ ਕਰਨ ਦਾ ਹਿੱਸਾ ਹੈ। ਪੰਜਾਬੀ ਲੋਕ ਆਪ ਵੀ ਪੈਰੀਂ ਕੁਹਾੜੀ ਮਾਰ ਰਹੇ ਹਨ। ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੜ੍ਹਨ ਲਾ ਕੇ ਪੰਜਾਬੀ ਨਾਲੋਂ ਨਾਤਾ ਤੋੜਨ ਦੇ ਰਾਹ ਪੈਣਾ, ਸਾਡਾ ਆਤਮਘਾਤੀ ਕਦਮ ਹੈ। ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸਿਰ ਜੋੜ ਕੇ ਸੰਘਰਸ਼ ਕਰਨਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ ਨੇੜੇ ਮਲੇਰਕੋਟਲਾ।

ਪੰਜਾਬੀਆਂ ਦਾ ਅਕਸ

ਬੀਤੇ ਇਕ-ਡੇਢ ਦਹਾਕੇ ਵਿਚ ਪੰਜਾਬੀ ਨੌਜਵਾਨਾਂ ਦਾ ਅਕਸ ਬੇਹੱਦ ਖ਼ਰਾਬ ਹੋਇਆ ਸੀ ਕਿਉਂਕਿ ਪੰਜਾਬੀ ਨੌਜਵਾਨਾਂ 'ਤੇ ਨਸ਼ੇੜੀ ਹੋਣ ਦਾ ਧੱਬਾ ਲਗਦਾ ਰਿਹਾ। ਇਸ ਸਮੇਂ ਦੌਰਾਨ ਹਜ਼ਾਰਾਂ ਨੌਜਵਾਨ ਇਸ ਮਾਰੂ ਨਸ਼ੇ ਦੀ ਭੇਟ ਵੀ ਚੜ੍ਹ ਗਏ, ਜਿਸ ਕਾਰਨ ਵੱਡੇ ਪੱਧਰ 'ਤੇ ਪੰਜਾਬ ਦਾ ਜਾਨੀ ਨੁਕਸਾਨ ਵੀ ਹੋਇਆ। ਬੀਤੇ ਵਰ੍ਹੇ ਜਦੋਂ ਪੰਜਾਬੀ ਨੌਜਵਾਨਾਂ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਮੋਹਰੀ ਰੋਲ ਨਿਭਾਇਆ ਅਤੇ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਅੰਦੋਲਨ ਦੀ ਅਗਵਾਈ ਕੀਤੀ ਤਾਂ ਪੰਜਾਬੀ ਨੌਜਵਾਨਾਂ ਤੋਂ ਨਸ਼ੇੜੀ ਹੋਣ ਦਾ ਕਲੰਕ ਉਤਰ ਗਿਆ ਤਾਂ ਪੰਜਾਬੀ ਚਿੰਤਕਾਂ ਨੇ ਵੀ ਰਾਹਤ ਮਹਿਸੂਸ ਕੀਤੀ ਸੀ ਪਰ ਹੁਣ ਕੁਝ ਸਮੇਂ ਤੋਂ ਵਿਦੇਸ਼ ਗਏ ਪੰਜਾਬੀ ਡਰਾਈਵਰਾਂ ਦੇ ਟਰਾਲਿਆਂ ਵਿਚੋਂ (ਕੈਨੇਡਾ-ਅਮਰੀਕਾ ਸਰਹੱਦ 'ਤੇ) ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੇ ਫੜੇ ਜਾਣ ਨਾਲ ਇਕ ਵਾਰ ਫਿਰ ਪੰਜਾਬੀਆਂ ਦੇ ਮਾਣ-ਸਨਮਾਨ ਨੂੰ ਧੱਕਾ ਲੱਗਾ ਹੈ ਜਿਸ ਕਾਰਨ ਪੰਜਾਬ ਪ੍ਰੇਮੀ ਚਿੰਤਤ ਹਨ।

-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।

ਕੁਰਸੀ ਬਚਾਓ ਮੁਹਿੰਮ

ਅੱਜ ਪੰਜਾਬ ਦੁਨੀਆ ਸਮੇਤ ਭਿਆਨਕ ਮਹਾਂਮਾਰੀ ਕਾਰਨ ਬਹੁਤ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਲੋਕ ਆਰਥਿਕ ਪੱਖੋਂ ਬਹੁਤ ਗੰਭੀਰ ਸਥਿਤੀ ਵਿਚੋਂ ਗੁਜ਼ਰ ਰਹੇ ਹਨ। ਨਸ਼ਾ, ਬੇਰੁਜ਼ਗਾਰੀ ਪਹਿਲਾਂ ਹੀ ਪੰਜਾਬ ਨੂੰ ਨਿਘਾਰ ਵੱਲ ਲੈ ਕੇ ਜਾ ਰਹੀਆਂ ਹਨ। ਅਜਿਹੇ ਸਮੇਂ ਵਿਚ ਆਮ ਲੋਕਾਂ ਨੂੰ ਆਪਣੀ ਰਾਜ ਦੀ ਸਰਕਾਰ ਅਤੇ ਉਸ ਦੇ ਨੁਮਾਇੰਦਿਆਂ ਤੋਂ ਆਸਾਂ ਉਮੀਦਾਂ ਤੇ ਹੌਸਲੇ ਦੀ ਲੋੜ ਹੁੰਦੀ ਹੈ ਪਰ ਅੱਜ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਸਮੇਤ ਬਹੁਤੇ ਨੇਤਾ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਦੇ ਗੇੜੇ ਕੱਢ ਰਹੇ ਹਨ। ਜਨਤਾ ਦੀ ਆਵਾਜ਼ ਸੁਣਨ ਦੀ ਬਜਾਏ ਆਪਸ ਵਿਚ ਹੀ ਬਿਆਨਬਾਜ਼ੀ ਕਰ ਰਹੇ ਹਨ। ਜਿਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲ ਲੋਕਾਂ ਦੀ ਸਾਰ ਨਹੀਂ ਲਈ, ਉਹ ਵੀ ਹੁਣ ਆਪਣੀ ਹੀ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ ਤੇ ਆਪ ਬਚਣ ਤੇ ਅਗਲੀਆਂ ਚੋਣਾਂ ਵਿਚ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵੀ ਆਪਣੀ ਰਾਜਨੀਤਕ ਪਾਰਟੀ ਨੂੰ ਪੈਰਾਂ ਸਿਰ ਕਰਨ ਲਈ ਜਨਤਾ ਨੂੰ ਅੱਖੋਂ ਪਰੋਖੇ ਕਰਕੇ ਅਹੁਦੇ ਵੰਡ ਰਹੇ ਹਨ ਤੇ ਅਹੁਦੇ ਮਿਲਣ ਦੀ ਖੁਸ਼ੀ ਵਿਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਇਹ ਸਭ ਲੋਕ ਆਪਣੀ ਕੁਰਸੀ ਬਚਾਉਣ ਲਈ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਸੋ, ਜਨਤਾ ਨੂੰ ਸਮਝਦੇ ਹੋਏ ਅਜਿਹੀ ਸੋਚ ਬਣਾਉਣੀ ਚਾਹੀਦੀ ਹੈ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਭਵਿੱਖ ਨੂੰ ਸੰਵਾਰ ਸਕੇ।

-ਗੁਰਸੇਵਕ ਸਿੰਘ 'ਚੁੱਘੇ ਖੁਰਦ', ਬਠਿੰਡਾ।

ਵਧ ਰਹੀ ਬੇਰੁਜ਼ਗਾਰੀ

ਬੇਰੁਜ਼ਗਾਰੀ ਦੁਨੀਆ ਭਰ ਵਿਚ ਵਧ ਰਹੀ ਹੈ ਜਿਸ ਦਾ ਭਿਆਨਕ ਰੂਪ ਵਰਤਮਾਨ ਸਮੇਂ ਵਿਚ ਦਿਖਾਈ ਦੇ ਰਿਹਾ ਹੈ। ਇਹੋ ਜਿਹਾ ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਆਇਆ। ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੜ੍ਹੀ ਲਿਖੀ ਮੱਧ ਸ਼੍ਰੇਣੀ ਦਾ ਵਾਧਾ, ਆਬਾਦੀ ਦਾ ਵਾਧਾ, ਦਫ਼ਤਰਾਂ ਦਾ ਕੰਪਿਊਟਰੀਕਰਨ, ਮੁਲਾਜ਼ਮਾਂ ਦੀ ਛਾਂਟੀ, ਸਰਕਾਰੀ ਅਦਾਰਿਆਂ ਦਾ ਨਿੱਜੀ ਹੱਥਾਂ ਨੂੰ ਦੇਣਾ ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ। ਅੱਜਕਲ੍ਹ ਬੇਰੁਜ਼ਗਾਰਾਂ ਦਾ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹਨਾ, ਨਾਅਰੇਬਾਜ਼ੀ ਕਰਨਾ, ਮਰਨ ਵਰਤ ਰੱਖਣਾ, ਬੈਰੀਕੇਡ ਤੋੜਨਾ, ਖ਼ੁਦਕੁਸ਼ੀਆਂ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਸਰਕਾਰ ਨੂੰ ਬੇਰੁਜ਼ਗਾਰੀ ਦੇ ਇਸ ਮਸਲੇ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ।

-ਡਾ. ਨਰਿੰਦਰ ਭੱਪਰ
ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸੱਚ ਦਾ ਕਤਲ

ਵਾਤਾਵਰਨ ਦੇ ਸੁਧਾਰ ਅਤੇ ਲੋਕ ਭਲਾਈ ਦੇ ਹੱਕਾਂ ਖ਼ਾਤਰ ਲੜਨ ਵਾਲੇ ਪਾਦਰੀ ਸਟੈਨ ਸਵਾਮੀ ਦੀ ਮੌਤ ਨੂੰ ਅਸੀਂ ਸਰਕਾਰ ਦੁਆਰਾ ਕੀਤਾ ਸੱਚ ਦਾ ਕਤਲ ਕਹਿ ਸਕਦੇ ਹਾਂ। ਸਰਕਾਰ ਤੋਂ ਇਲਾਵਾ ਉਸ ਦੀ ਜਾਂਚ ਏਜੰਸੀ, ਪੁਲਿਸ ਅਤੇ ਨਿਆਂ ਪ੍ਰਣਾਲੀ ਵੀ ਇਸ ਅਪਰਾਧ ਤੋਂ ਬਚ ਨਹੀਂ ਸਕਦੀ। ਸਵਾਲ ਪੈਦਾ ਹੁੰਦਾ ਹੈ ਕਿ ਲੋਕਾਂ ਦੇ ਹੱਕਾਂ ਲਈ ਲੜਨ ਅਤੇ ਵਾਤਾਵਰਨ ਨੂੰ ਬਚਾਉਣ ਵਾਲਾ ਇਕ ਚੁਰਾਸੀ ਸਾਲਾ ਬਜ਼ੁਰਗ ਸਰਕਾਰ ਲਈ ਖ਼ਤਰਾ ਕਿਵੇਂ ਬਣ ਸਕਦਾ ਹੈ? ਜਿਹੜਾ ਇਨਸਾਨ ਸਰਕਾਰ ਦੀਆਂ ਖਾਮੀਆਂ ਨੂੰ ਉਜਾਗਰ ਕਰਦਾ ਹੈ, ਉਸ ਨੂੰ ਦੋਸ਼ੀ ਕਹਿ ਕੇ ਜੇਲ੍ਹ ਵਿਚ ਬੰਦ ਕਰਨਾ ਕਦੇ ਵੀ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਸਟੈਨ ਸਵਾਮੀ ਤੋਂ ਇਲਾਵਾ ਹੋਰ ਵੀ ਬੁੱਧੀਜੀਵੀ ਬਿਨਾਂ ਦੋਸ਼ ਦੇ ਜੇਲ੍ਹਾਂ ਵਿਚ ਬੰਦ ਹਨ। ਦਰਅਸਲ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਵੀ ਇਨਸਾਨ ਨੂੰ ਜੇਲ੍ਹ 'ਚ ਬੰਦ ਰੱਖਣਾ ਠੀਕ ਨਹੀਂ। ਸਟੈਨ ਸਵਾਮੀ ਦੀ ਸਿਹਤ ਠੀਕ ਨਹੀਂ ਸੀ, ਉਨ੍ਹਾਂ ਦੇ ਹੱਥ ਪਾਣੀ ਦਾ ਗਿਲਾਸ ਫੜਨ ਸਮੇਂ ਕੰਬਦੇ ਸਨ। ਹਾਲਤ ਸਥਿਰ ਨਾ ਹੋਣ ਅਤੇ ਜੇਲ੍ਹ ਦੇ ਮੁਸ਼ਕਿਲ ਹਾਲਾਤ ਸਮੇਂ ਉਨ੍ਹਾਂ ਕਿਹਾ ਸੀ ਕਿ ਜੇਕਰ ਇਸ ਤਰ੍ਹਾਂ ਰਿਹਾ ਤਾਂ ਉਹ ਜਲਦੀ ਹੀ ਮਰ ਜਾਣਗੇ। ਉਨ੍ਹਾਂ ਦੇ ਕਹੇ ਸ਼ਬਦ ਸੱਚ ਹੋਏ ਅਤੇ ਸਰਕਾਰ ਦੀ ਅਪਰਾਧੀ ਬਿਰਤੀ ਕਾਰਨ ਦੇਸ਼ ਨੇ ਇਕ ਮਹਾਨ ਵਿਅਕਤੀ ਗੁਆ ਲਿਆ। ਸੱਚ ਦੇ ਹੋਏ ਇਸ ਕਤਲ ਲਈ ਸਭ ਨੂੰ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਦੂਜੇ ਬੁੱਧੀਜੀਵੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

13-07-2021

 ਗ਼ਲਤ ਉਦਾਹਰਨ

ਮਸ਼ਹੂਰ ਫਿਲਮ ਅਭਿਨੇਤਾ ਆਮਿਰ ਖ਼ਾਨ ਤੇ ਉਨ੍ਹਾਂ ਦੀ ਦੂਜੀ ਘਰਵਾਲੀ ਕਿਰਨ ਰਾਓ ਨੇ ਵਿਆਹ ਦੇ 15 ਸਾਲ ਬਾਅਦ ਇਕ-ਦੂਜੇ ਤੋਂ ਖ਼ੁਸ਼ੀ-ਖ਼ੁਸ਼ੀ ਤਲਾਕ ਲੈਂਦਿਆਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਮਨ ਬਣਾਇਆ ਹੈ। ਜਦਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਮਿਲ ਕੇ ਕਰਨਗੇ ਅਤੇ ਫਿਲਮਾਂ ਆਪਣੇ ਗ਼ੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਅਤੇ ਹੋਰ ਗਤੀਵਿਧੀਆਂ 'ਚ ਇਕੱਠੇ ਕੰਮ ਕਰਦੇ ਰਹਿਣਗੇ। ਸਾਡੀ ਸਮਝ ਮੁਤਾਬਿਕ ਬਿਨਾਂ ਕਿਸੇ ਠੋਸ ਕਾਰਨ ਜਦੋਂ ਜੀਅ ਕੀਤਾ ਇਕ ਦੂਜੇ ਤੋਂ ਤਲਾਕ ਲੈਣ ਵਾਲਾ ਕਾਰਾ ਸਾਡੇ ਸਮਾਜ ਵਿਚ ਬਹੁਤ ਹੀ ਬੁਰੀ ਉਦਾਹਰਨ ਪੇਸ਼ ਕਰਦਾ ਹੈ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਸਿਰਫ਼ ਮਨੋਰੰਜਨ ਅਤੇ ਮਜ਼ਾਕ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਕਿਸੇ ਵੀ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਵਾਲਾ ਜਨ ਹੀ ਅਸਲ ਵਿਚ ਅਸਲੀ ਤੇ ਵੱਡਾ ਕਲਾਕਾਰ ਹੁੰਦਾ ਹੈ।

-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਅੱਖੀਆਂ ਉਡੀਕਦੀਆਂ

ਜਿਸ ਕਿਸੇ ਵੀ ਸਥਾਨ 'ਤੇ ਅਸੀਂ ਕਦੇ, ਥੋੜ੍ਹਾ ਜਾਂ ਬਹੁਤਾ, ਰੁਕੇ, ਠਹਿਰੇ ਹੁੰਦੇ ਹਾਂ ਜਾਣੇ-ਅਣਜਾਣੇ ਵਿਚ ਉਥੇ ਵਸਦੇ ਹੋਰ ਜੀਵਾਂ-ਨਿਰਜੀਵਾਂ ਨਾਲ ਸਾਡੀ ਸਾਂਝ ਪੈਦਾ ਹੋ ਜਾਂਦੀ ਹੈ। ਕੁਝ ਸਾਂਝਾਂ ਤਾਂ ਸਪੱਸ਼ਟ ਵਿਖਾਈ ਦਿੰਦੀਆਂ ਹਨ ਤੇ ਕੁਝ ਕੁ ਦਾ ਹੋ ਸਕਦਾ ਸਾਨੂੰ ਪਤਾ ਵੀ ਨਾ ਲਗਦਾ ਹੋਵੇ। ਤੁਸੀਂ ਕਿਸੇ ਫੁੱਲ, ਕਲੀ ਨੂੰ ਪਿਆਰਦੇ, ਨਿਹਾਰਦੇ ਹੋ ਇਹ ਤਾਂ ਤੁਹਾਨੂੰ ਪਤੈ ਪਰ ਜਿਸ ਬੂਟੇ, ਬਿਰਖ ਨੂੰ ਤੁਸੀਂ ਪਾਣੀ ਪਾਉਂਦੇ ਸੀ, ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ, ਸਾਨੂੰ ਇਲਮ ਨਹੀਂ ਹੁੰਦਾ। ਸਾਨੂੰ ਚਾਹੁਣ ਵਾਲੇ ਇਥੋਂ ਦੇ ਜੀਵ-ਨਿਰਜੀਵ, ਕਲੀਆਂ, ਫੁੱਲ, ਪੰਛੀ ਇਥੇ ਰਹਿ ਰਹੇ ਦੂਸਰੇ ਲੋਕਾਂ ਨੂੰ ਘੇਰ-ਘੇਰ ਮਨ ਹੀ ਮਨ ਵਿਚ ਸਾਡੇ ਬਾਰੇ ਪੁੱਛਦੇ ਰਹਿੰਦੇ ਹਨ। ਉਹ ਫਲਾਣੇ-ਫਲਾਣੇ ਕਿੱਥੇ ਚਲੇ ਗਏ, ਕਿੰਨਾ ਚਿਰ ਹੋਇਆ ਕਦੇ ਆਏ ਨਹੀਂ, ਅੱਜ ਵਿਖਾਈ ਨੀਂ ਦਿੰਦੇ ਉਹ? ਸੋ, ਦੂਰ ਵਸੇਂਦੇ ਸਾਥੀਓ ਆਪਣੇ ਪੁਰਾਣੇ ਸਥਾਨਾਂ, ਧਾਮਾਂ ਨੂੰ ਮਨਾਂ 'ਚ ਵਸਾ ਕੇ ਰੱਖਿਆ ਕਰੋ। ਕਦੀ ਕਦਾਰ ਉਨ੍ਹਾਂ ਧਾਮਾਂ ਦੇ ਦਰਸ਼ਨ ਕਰ ਆਇਆ ਕਰੋ। ਬਾਹਵਾਂ ਫੈਲਾਈ ਖੜ੍ਹੇ ਰੁੱਖਾਂ ਦੇ ਗਲ ਲੱਗ ਆਇਆ ਕਰੋ। ਪੰਛੀਆਂ ਲਈ ਹੁੰਗਾਰੇ ਭਰ ਆਇਆ ਕਰੋ। ਮਹਿਕਦੇ ਫੁੱਲ, ਕਲੀਆਂ ਦਾ ਮਾਣ ਵਧਾ ਆਇਆ ਕਰੋ। ਕਿਸੇ ਦੇ ਦਿਲ ਦੀਆਂ ਸੁਣ ਕੇ ਕਿਸੇ ਨੂੰ ਸੁਣਾ ਆਇਆ ਕਰੋ। ਜ਼ਿੰਦਗੀ ਤਾਂ ਚਲਦੀ ਹੀ ਰਹਿਣੀ ਹੈ ਤੇ ਚਲਦੀ ਹੀ ਰਹਿਣੀ ਚਾਹੀਦੀ ਹੈ, ਤੇ ਇਹ ਵੀ ਸੱਚ ਹੈ ਕਿ ਆਪਣੇ ਪੁਰਾਣੇ ਸਥਾਨਾਂ, ਧਾਮਾਂ, ਸਾਥੀਆਂ, ਜਮਾਤੀਆਂ, ਆੜੀਆਂ, ਖਿਡਾਰੀਆਂ, ਮਿੱਤਰਾਂ, ਸਹੇਲੀਆਂ, ਯਾਰਾਂ ਤੇ ਬੇਲੀਆਂ, ਬਜ਼ੁਰਗਾਂ ਤੇ ਹਾਣੀਆਂ, ਸਿਆਣਿਆਂ ਨਿਆਣਿਆਂ ਨੂੰ ਮਿਲਣਾ ਵੀ ਜ਼ਿੰਦਗੀਆਂ ਦੇ ਚਲਦਿਆਂ ਹੀ ਸੰਭਵ ਹੈ।

-ਬਲਵਿੰਦਰ ਸਿੰਘ ਕਾਲੀਆ (ਡਾ.)
ਈਸਰ ਨਗਰ, ਬਲਾਕ-ਸੀ, ਲੁਧਿਆਣਾ।

ਔਰਤਾਂ ਹੱਥ ਕਮਾਨ

ਮਲੇਰਕੋਟਲਾ ਜ਼ਿਲ੍ਹਾ ਬਣ ਗਿਆ ਹੈ। ਅਹਿਮ ਅਹੁਦਿਆਂ 'ਤੇ ਔਰਤਾਂ ਹੱਥ ਜ਼ਿੰਮੇਵਾਰੀ ਆਈ ਹੈ। ਸ਼ੁੱਭ ਸ਼ਗਨ ਹੈ। ਸਿਆਸੀ ਹਲਕਿਆਂ ਦੀਆਂ ਟਿਕਟਾਂ ਵੀ ਔਰਤਾਂ ਨੂੰ ਮਿਲਣ ਦੀ ਸੰਭਾਵਨਾ ਹੈ ਪਰ ਹਰ ਅਹੁਦੇ 'ਤੇ ਨਿਯੁਕਤੀ ਕਾਬਲੀਅਤ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ, ਨਾ ਕਿ ਲਿੰਗ ਦੇ ਆਧਾਰ 'ਤੇ। ਇਸ ਲਈ ਭਾਰਤੀ ਸੰਵਿਧਾਨ ਜਾਤ-ਧਰਮ ਅਤੇ ਲਿੰਗ ਦੇ ਆਧਾਰ 'ਤੇ ਵਿਤਕਰਾ ਨਾ ਕਰਨ ਦੀ ਹਾਮੀ ਭਰਦਾ ਹੈ। ਸਮਾਜ ਘਰ ਅਤੇ ਕਿਸੇ ਸੰਸਥਾ ਦਾ ਵਿਕਾਸ ਸੁਚੇਤ ਔਰਤਾਂ ਅਤੇ ਮਰਦਾਂ ਦੀਆਂ ਸਾਂਝੀਆਂ ਸਰਗਰਮੀਆਂ 'ਤੇ ਨਿਰਭਰ ਕਰਦਾ ਹੈ। ਨਵੇਂ ਜ਼ਿਲ੍ਹੇ ਵਿਚ ਲੜਕੀਆਂ ਦਾ ਕਾਲਜ, ਔਰਤਾਂ ਦਾ ਥਾਣਾ ਵੀ ਬਣਾਇਆ ਗਿਆ ਹੈ। ਇਸ ਔਰਤ ਮਰਦ ਵਾਲੇ ਨਵੇਂ ਵਿਤਕਰੇ ਤੋਂ ਜ਼ਿਲ੍ਹੇ ਨੂੰ ਬਚਾਇਆ ਜਾਵੇ। ਮੈਂ ਔਰਤਾਂ ਦੀ ਤਰੱਕੀ ਦਾ ਹਮਾਇਤੀ ਹਾਂ ਪਰ ਤਰੱਕੀ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਨੇੜੇ ਮਾਲੇਰਕੋਟਲਾ, ਪੰਜਾਬ।

ਸਾਰਿਆਂ ਨੂੰ ਬੇਨਤੀ

ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਜੋ ਹੁਣ ਗਰਮੀ ਦੇ ਮੌਸਮ ਵਿਚ ਬੇਤਹਾਸ਼ਾ ਬਿਜਲੀ ਦੇ ਕੱਟ ਲੱਗ ਰਹੇ ਹਨ ਤਾਂ ਪੰਜਾਬ ਨੂੰ ਪਾਵਰ ਕੱਟਾਂ ਦਾ ਸੂਬਾ ਕਹਿਣ ਵਿਚ ਕੋਈ ਗੁਰੇਜ਼ ਨਹੀਂ। ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਪਰ ਇਸ ਵਿਚ ਬਿਜਲੀ ਵਿਭਾਗ ਦਾ ਕੋਈ ਦੋਸ਼ ਨਹੀਂ ਕਿਉਂਕਿ ਜ਼ਿਆਦਾ ਗਰਮੀ ਕਾਰਨ ਜਿਥੇ ਬਿਜਲੀ ਤਿਆਰ ਹੁੰਦੀ ਹੈ, ਉਥੇ ਤਕਨੀਕੀ ਖ਼ਰਾਬੀ ਆ ਰਹੀ ਹੈ। ਝੋਨੇ ਦੀ ਬਿਜਾਈ ਕਾਰਨ ਪਾਣੀ ਦੀ ਮੰਗ ਜ਼ਿਆਦਾ ਹੈ, ਜਿਸ ਕਾਰਨ ਪੰਜਾਬ ਵਿਚ ਬਿਜਲੀ ਕੱਟ ਜ਼ਰੂਰਤ ਤੋਂ ਜ਼ਿਆਦਾ ਲੱਗ ਰਹੇ ਹਨ। ਪਰ ਲੋਕਾਂ ਦਾ ਜਿਊਣਾ ਦੁਸ਼ਵਾਰ ਹੋ ਗਿਆ ਹੈ। ਛੋਟੇ-ਛੋਟੇ ਬੱਚੇ ਅਤੇ ਬਜ਼ੁਰਗਾਂ ਦੀ ਹਾਲਤ ਬਿਜਲੀ ਨਾ ਆਉਣ ਕਰਕੇ ਤਰਸਯੋਗ ਹੈ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਕੁਝ ਸਾਵਧਾਨੀਆਂ ਅਪਣਾਉਂਦੇ ਹੋਏ ਬਿਜਲੀ ਦੀ ਦੁਰਵਰਤੋਂ ਨੂੰ ਰੋਕੀਏ। ਸਾਰਿਆਂ ਨੂੰ ਬੇਨਤੀ ਹੈ ਕਿ ਜਦ ਵੀ ਪਾਵਰ ਕੱਟ ਤੋਂ ਬਾਅਦ ਬਿਜਲੀ ਆਉਂਦੀ ਹੈਤਾਂ ਘੱਟੋ-ਘੱਟ 15-20 ਮਿੰਟ ਤੋਂ ਬਾਅਦ ਏ.ਸੀ., ਕੂਲਰ, ਸਬਮਰਸੀਬਲ ਮੋਟਰਾਂ, ਰੈਫਰੀਜਰੇਟਰਾਂ ਆਦਿ ਵੱਡੇ ਲੋਡ ਪਾਉਣ ਵਾਲੀ ਮਸ਼ੀਨਰੀ ਨੂੰ ਚਲਾਇਆ ਜਾਵੇ। ਜਦ ਬਿਜਲੀ ਆਉਂਦੀ ਹੈ ਤਾਂ ਬਿਜਲੀ ਨੂੰ ਸਥਾਈ ਰੂਪ ਵਿਚ ਚੱਲਣ ਲਈ ਸਮਾਂ ਜ਼ਰੂਰ ਲਗਦਾ ਹੈ।

-ਗੁਰਪ੍ਰੀਤ ਸਹੋਤਾ
ਪਿੰਡ ਤੇ ਡਾਕ: ਡੱਫਰ, ਜ਼ਿਲ੍ਹਾ ਹੁਸ਼ਿਆਰਪੁਰ।

ਪਾਣੀ ਦਾ ਸੰਕਟ

ਕੁਝ ਦਹਾਕੇ ਪਹਿਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਉੱਪਰ ਹੁੰਦਾ ਸੀ ਕਿਉਂਕਿ ਇਕ ਤਾਂ ਬੇਸ਼ੁਮਾਰ ਦਰੱਖਤ, ਜੰਗਲ-ਬੇਲੇ ਤੇ ਕਈ-ਕਈ ਦਿਨਾਂ ਤੱਕ ਬਾਰਿਸ਼ ਹੋਣ ਕਾਰਨ ਅਤੇ ਦੂਸਰਾ ਝੋਨੇ ਦੀ ਫਸਲ ਵੀ ਘੱਟ ਹੁੰਦੀ ਸੀ। ਕਣਕ-ਝੋਨਾ ਕਿਸਾਨਾਂ ਦੀ ਮਹੱਤਵਪੂਰਨ ਫ਼ਸਲਾਂ ਹਨ ਅਤੇ ਇਸ ਦਾ ਸਮਰਥਨ ਮੁੱਲ ਮਿਲ ਜਾਣ ਕਾਰਨ ਕਿਸਾਨ ਨੂੰ ਬੱਝਵੀਂ ਰਕਮ ਮਿਲ ਜਾਂਦੀ ਹੈ ਪ੍ਰੰਤੂ ਹੁਣ ਕਈ ਸਾਲਾਂ ਤੋਂ ਬਾਰਿਸ਼ਾਂ ਵੀ ਘੱਟ ਗਈਆਂ ਹਨ ਅਤੇ ਝੋਨੇ ਦੀ ਲਵਾਈ ਵਧ ਗਈ ਹੈ ਅਤੇ ਦਰੱਖਤਾਂ ਦੀ ਬੇਤਹਾਸ਼ਾ ਕਟਾਈ ਵੀ ਹੋ ਰਹੀ ਹੈ, ਜਿਸ ਕਰਕੇ ਧਰਤੀ ਹੇਠਲਾ ਪਾਣੀ ਲਗਾਤਾਰ ਨੀਵਾਂ ਹੋ ਜਾਣ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੈ। ਜੇਕਰ ਸਰਕਾਰਾਂ ਇਸ ਪ੍ਰਤੀ ਗੰਭੀਰ ਨਾ ਹੋਈਆਂ ਤਾਂ ਪੰਜਾਬ ਵੀ ਮਾਰੂਥਲ ਬਣ ਜਾਵੇਗਾ ਅਤੇ ਪੰਜਾਬ ਦੇ ਲੋਕ ਵੀ ਪਾਣੀ ਨੂੰ ਤਰਸਣਗੇ। ਸੋ, ਸਰਕਾਰ ਅਤੇ ਲੋਕਾਂ ਨੂੰ ਇਸ ਗੰਭੀਰ ਬਣੇ ਮਸਲੇ 'ਤੇ ਸੋਚਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।

12-07-2021

 ਅਨੇਕਾਂ ਬੁਰਾਈਆਂ

ਅਜੋਕੇ ਸਮੇਂ ਸਾਡੇ ਸਮਾਜ ਵਿਚ ਅਨੇਕਾਂ ਬੁਰਾਈਆਂ ਜਿਵੇਂ ਦਾਜ, ਫੈਸ਼ਨ, ਰਿਸ਼ਵਤ, ਅਸ਼ਲੀਲਤਾ ਆਦਿ ਪਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਬੁਰਾਈ ਹੈ 'ਨਸ਼ੇ' ਜਿਸ ਨੇ ਸਮਾਜ ਦੇ ਵੱਡੇ ਹਿੱਸੇ ਨੂੰ ਆਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਹੈ ਅਤੇ ਸਮਾਜ ਉੱਪਰ ਵੱਡਾ ਦੁਰਪ੍ਰਭਾਵ ਪਾਇਆ ਹੈ ਭਾਵ ਸਮਾਜਿਕ ਸਿਹਤ ਨੂੰ ਲੱਕੜ ਨੂੰ ਲੱਗੇ ਘੁਣ ਵਾਂਗ ਖੋਖਲਾ ਅਤੇ ਕਮਜ਼ੋਰ ਕਰ ਦਿੱਤਾ ਹੈ। ਬਿਨਾਂ ਸ਼ੱਕ ਇਹ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਰੰਗਲੇ ਪੰਜਾਬ ਜਿਸ ਦਾ ਗੌਰਵਮਈ ਅਤੇ ਸੁਨਹਿਰਾ ਇਤਿਹਾਸ ਹੈ, ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਗੱਲ ਕਿਵੇਂ ਵੀ ਸ਼ੋਭਦੀ ਨਹੀਂ, ਜਿਥੇ ਗਰੀਬੀ ਅਤੇ ਬੇਰੁਜ਼ਗਾਰੀ ਨਸ਼ਿਆਂ ਦਾ ਮੁੱਖ ਕਾਰਨ ਹਨ। ਉਥੇ ਸਰਕਾਰੀ ਨੀਤੀਆਂ ਅਤੇ ਖ਼ਾਸ ਕਰਕੇ ਚੋਣਾਂ ਸਮੇਂ ਵਰਤਾਏ ਜਾਂਦੇ ਨਸ਼ਿਆਂ ਦਾ ਵਰਤਾਰਾ ਵੀ ਕੋਈ ਘੱਟ ਜ਼ਿੰਮੇਵਾਰ ਨਹੀਂ ਹੈ। ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਅਤੇ ਬਰਬਾਦ ਕਰ ਦਿੱਤੇ ਹਨ। ਸੋ, ਸਰਕਾਰ, ਸਮਾਜਿਕ, ਧਾਰਮਿਕ ਅਤੇ ਜਥੇਬੰਦੀਆਂ ਅਤੇ ਬੁੱਧੀਜੀਵੀ ਵਰਗ ਨੂੰ ਸਾਂਝੇ ਤੌਰ 'ਤੇ ਇਸ ਸਬੰਧੀ ਯੋਗ ਅਤੇ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਅਕਾਸ਼ਵੇਲ ਵਾਂਗ ਵਧ ਰਹੀ ਇਸ ਨਸ਼ਿਆਂ ਰੂਪੀ ਬੁਰਾਈ ਨੂੰ ਠੱਲ੍ਹ ਪਾਈ ਜਾ ਸਕੇ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਕੋਰੋਨਾ ਨੇ ਕੀਤੇ ਕਾਰੋਬਾਰ ਠੱਪ

ਕੋਰੋਨਾ ਦੇ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਤਾਂ ਖ਼ਤਮ ਹੋ ਰਹੀ ਹੈ ਅਤੇ ਨਾਲ ਦੀ ਨਾਲ ਲੋਕਾਂ ਦੇ ਕਾਰੋਬਾਰ ਵੀ ਬੰਦ ਗਏ ਹਨ। ਦੋ ਵਕਤ ਦੀ ਰੋਟੀ ਕਮਾਉਣ ਵਾਲਾ ਇਨਸਾਨ ਹੁਣ ਇਕ ਵਕਤ ਦੀ ਰੋਟੀ ਮਸਾਂ ਕਮਾ ਰਿਹਾ ਹੈ। ਕੋਰੋਨਾ ਦੀ ਮਹਾਂਮਾਰੀ ਨੇ ਲੋਕਾਂ ਦੇ ਧੰਦੇ ਵਪਾਰ ਸਭ ਖ਼ਤਮ ਕਰ ਦਿੱਤੇ ਹਨ ਕਿ ਦੁਨੀਆ ਆਪਣੇ ਭਵਿੱਖ ਲਈ ਜੋੜੇਗੀ। ਚਲ ਰਿਹਾ ਸਮਾਂ ਏਨਾ ਮਾੜਾ ਹੈ ਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਵਿਹਲਾ ਬੈਠਾ ਹੈ। ਕਿਥੇ ਉਹ ਆਪਣੇ ਪਰਿਵਾਰ ਨੂੰ ਇਕ ਵਕਤ ਦੀ ਰੋਟੀ ਖਵਾ ਸਕੇਗਾ। ਕੋਰੋਨਾ ਨਾਲ ਗ਼ਰੀਬ, ਅਮੀਰ ਇਕ ਸਮਾਨ ਬਣਾ ਦਿੱਤੇ। ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕੋਰੋਨਾ ਲਹਿਰ ਖ਼ਤਮ ਹੋਵੇ ਅਤੇ ਫਿਰ ਤੋਂ ਸਾਰੇ ਆਪਣੀ ਆਜ਼ਾਦੀ ਜ਼ਿੰਦਗੀ ਜੀਅ ਸਕਣ।

-ਕਿਰਨਦੀਪ
ਕੇ.ਐਮ.ਵੀ. ਹਰਦੀਪ ਨਗਰ, ਜਲੰਧਰ।

ਕਿਸਾਨੀ ਸੰਘਰਸ਼ ਅਤੇ ਸਰਕਾਰ

ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਕਿਸਾਨਾਂ ਦਾ ਸੜਕਾਂ 'ਤੇ ਸੰਘਰਸ਼ ਕਰਨਾ ਉਚਿਤ ਨਹੀਂ ਲਗਦਾ। ਅਜੀਬ ਵਿਡੰਬਨਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਉਤੇ ਉਹ ਬਿੱਲ ਥੋਪਣਾ ਚਾਹੁੰਦੀ ਹੈ ਜੋ ਕਿ ਬਹੁਗਿਣਤੀ ਕਿਸਾਨ ਨਹੀਂ ਚਾਹੁੰਦੇ। ਇੰਜ ਲਗਦਾ ਹੈ ਕਿ ਸੱਤਾ ਦੇ ਨਸ਼ੇ ਵਿਚ ਅਤੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣੀ ਸਰਕਾਰ ਨੂੰ ਕਿਸਾਨ ਨਜ਼ਰ ਨਹੀਂ ਆਉਂਦਾ ਕਿ ਉਹ ਕੀ ਚਾਹੁੰਦੇ ਹਨ। ਵੱਖ-ਵੱਖ ਰਾਜਸੀ ਪਾਰਟੀਆਂ ਵਲੋਂ ਵੀ ਕਿਸਾਨਾਂ ਦੇ ਸੰਘਰਸ਼ ਪੱਖੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਜੋ ਕਿਸੇ ਸਿਆਸਤ ਦੀ ਖੇਡ ਤੋਂ ਵਧੇਰੇ ਕੁਝ ਹੋਰ ਪ੍ਰਤੀਤ ਨਹੀਂ ਹੁੰਦੇ। ਕੇਂਦਰ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਤੇ ਤਿੰਨੇ ਕਾਨੂੰਨ ਰੱਦ ਕਰੇ।

-ਮਨਦੀਪ ਸਿੰਘ ਸਿਵੀਆ
ਪਿੰਡ ਤੇ ਡਾਕ: ਜੌੜਕੀ, ਅੰਧੇਵਾਲੀ।

ਅਜੋਕੇ ਸਮੇਂ ਦੀ ਸਚਾਈ

ਪਿਛਲੇ ਦਿਨੀਂ (7 ਜੁਲਾਈ) 'ਸਾਡੇ ਪਿੰਡ ਸਾਡੇ ਖੇਤ' ਪੰਨੇ ਵਿਚ ਭਗਵਾਨ ਦਾਸ ਦਾ ਲੇਖ 'ਪੰਜਾਬ ਦੀ ਖੇਤੀ ਅਤੇ ਪ੍ਰਵਾਸੀ ਮਜ਼ਦੂਰ' ਜਾਣਕਾਰੀ ਭਰਪੂਰ ਅਤੇ ਅਜੋਕੇ ਸਮੇਂ ਦੀ ਸਚਾਈ ਬਿਆਨ ਕਰਨ ਵਾਲਾ ਸੀ। ਲੰਬੇ ਸਮੇਂ ਤੋਂ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਖੇਤੀ ਕਿੱਤੇ ਦਾ ਅਨਿੱਖੜਵਾਂ ਅੰਗ ਬਣੇ ਹੋਏ ਹਨ। ਪੰਜਾਬ ਸੂਬਾ ਪ੍ਰਵਾਸੀ ਮਜ਼ਦੂਰਾਂ ਲਈ ਮਨਪਸੰਦ ਕਰਮ ਖੇਤਰ ਬਣਿਆ ਹੋਇਆ ਹੈ ਕਿਉਂਕਿ ਲੇਖਕ ਅਨੁਸਾਰ ਹੁਣ ਬਿਹਾਰ ਅਤੇ ਯੂਪੀ ਤੋਂ ਇਲਾਵਾ ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ ਅਤੇ ਨਿਪਾਲ ਤੋਂ ਵੀ ਮਜ਼ਦੂਰ ਆ ਰਹੇ ਹਨ। ਪੰਜਾਬ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਕਾਹਲੀ ਹੈ ਜਿਸ ਦੇ ਸਿੱਟੇ ਵਜੋਂ ਖੇਤੀਬਾੜੀ ਵਿਚ ਮਨੁੱਖੀ ਸਾਧਨਾਂ ਦੀ ਪੂਰਤੀ ਹੁਣ ਪ੍ਰਵਾਸੀ ਮਜ਼ਦੂਰ ਕਰ ਰਹੇ ਹਨ। ਲੁਧਿਆਣੇ ਦੇ ਉਦਯੋਗਿਕ ਖੇਤਰ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਬਹੁਗਿਣਤੀ ਹੈ ਅਤੇ ਹੁਣ ਖੇਤੀ ਖੇਤਰ ਵੀ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੋ ਗਿਆ ਹੈ ਜਿਨ੍ਹਾਂ ਨੂੰ ਕਿਸਾਨ ਕਈ ਕਾਰਨਾਂ ਕਰਕੇ ਪੰਜਾਬੀ ਮਜ਼ਦੂਰਾਂ ਨਾਲੋਂ ਬਿਹਤਰ ਮੰਨਦੇ ਹਨ। ਪੰਜਾਬੀ ਮਜ਼ਦੂਰ ਉਦਯੋਗਿਕ ਅਤੇ ਖੇਤੀ ਖੇਤਰ ਵਿਚ ਆਪਣੀ ਮਹੱਤਤਾ ਕਿਊਂ ਗਵਾ ਚੁੱਕੇ ਹਨ ਇਹ ਚਰਚਾ ਦਾ ਵਿਸ਼ਾ ਹੈ।

-ਡਾ. ਗੁਰਇਕਬਾਲ ਸਿੰਘ ਬੋਦਲ
gsbodal@gmail.com

09-07-2021

 ਸਖ਼ਤ ਕਾਨੂੰਨਾਂ ਦੀ ਲੋੜ
ਇਕ ਸਰਵੇਖਣ ਅਨੁਸਾਰ ਹਰ 20 ਮਿੰਟ ਬਾਅਦ ਇਕ ਜਬਰ ਜਨਾਹ ਹੁੰਦਾ ਹੈ। ਸਭ ਤੋਂ ਸ਼ਰਮਨਾਕ ਘਟਨਾਵਾਂ 2-4 ਸਾਲਾਂ ਦੀਆਂ ਬੱਚੀਆਂ ਨਾਲ ਜਬਰ ਜਨਾਹ ਦੀਆਂ ਹਨ। ਅੱਜਕਲ੍ਹ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਰਹੇ ਹਨ। ਆਪਣੇ ਹੀ ਜਬਰ ਜਨਾਹ ਕਰ ਰਹੇ ਹਨ। ਅੱਜਕਲ੍ਹ ਸਾਡੀਆਂ ਧੀਆਂ-ਭੈਣਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਬਰ ਜਨਾਹ ਕਰਨ ਵਾਲੇ ਕਾਨੂੰਨ ਦੀਆਂ ਚੋਰ ਮੋਰੀਆਂ ਵਿਚੋਂ ਬਚ ਕੇ ਨਿਕਲ ਜਾਂਦੇ ਹਨ। ਸਰਕਾਰੀ ਪੱਧਰ 'ਤੇ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਮੁਕਤਸਰ।


ਅਸੰਵੇਦਨਸ਼ੀਲ ਸਰਕਾਰ
ਆਦਿਵਾਸੀਆਂ, ਦਲਿਤਾਂ ਅਤੇ ਪਛੜੇ ਵਰਗਾਂ ਦੇ ਜਮਹੂਰੀ ਹੱਕਾਂ ਲਈ ਸਾਰੀ ਉਮਰ ਲੜਨ ਵਾਲੇ 84 ਸਾਲ ਦੇ ਬਜ਼ੁਰਗ ਪਾਦਰੀ ਅਤੇ ਸਮਾਜਿਕ ਕਾਰਕੁੰਨ ਸਟੈਨ ਸਵਾਮੀ ਦੀ ਨਿਆਇਕ ਹਿਰਾਸਤ ਵਿਚ ਮੌਤ ਜਿਥੇ ਦੇਸ਼ ਦੀ ਸਮੁੱਚੀ ਜਮਹੂਰੀ ਲਹਿਰ ਲਈ ਬਹੁਤ ਵੱਡਾ ਸਦਮਾ ਹੈ, ਉਥੇ ਹੀ ਮੋਦੀ ਹਕੂਮਤ ਅਤੇ ਭਾਰਤੀ ਨਿਆਂ ਪ੍ਰਣਾਲੀ ਦੀ ਮਨੁੱਖੀ ਅਧਿਕਾਰਾਂ ਪ੍ਰਤੀ ਵਿਖਾਈ ਘੋਰ ਅਸੰਵੇਦਨਸ਼ੀਲਤਾ ਦੀ ਜਾਬਰ ਮਿਸਾਲ ਵੀ ਹੈ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣੀਆਂ ਗੰਭੀਰ ਬਿਮਾਰੀਆਂ ਅਤੇ ਵਿਗੜਦੀ ਤਬੀਅਤ ਦੇ ਮੱਦੇਨਜ਼ਰ ਬੰਬੇ ਹਾਈਕੋਰਟ ਸਾਹਮਣੇ ਬਿਆਨ ਵੀ ਦਿੱਤਾ ਸੀ ਕਿ 'ਜੇਕਰ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਨਹੀਂ ਦਿੱਤੀ ਜਾਂਦੀ ਅਤੇ ਹਾਲਾਤ ਇਵੇਂ ਹੀ ਰਹਿੰਦੇ ਹਨ ਤਾਂ ਉਹ ਜਲਦੀ ਮਰ ਜਾਣਗੇ।' ਇਸ ਦੇ ਬਾਵਜੂਦ ਨਿਆਂਪਾਲਿਕਾ, ਐਨ.ਆਈ.ਏ. ਅਤੇ ਮੋਦੀ ਸਰਕਾਰ ਵਲੋਂ ਪੂਰੀ ਅਸੰਵੇਦਨਸ਼ੀਲਤਾ ਵਿਖਾ ਕੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਜਦਕਿ ਜਾਂਚ ਏਜੰਸੀ ਉਨ੍ਹਾਂ ਦੇ ਖਿਲਾਫ਼ ਅਦਾਲਤ ਵਿਚ ਕੋਈ ਇਕ ਵੀ ਸਬੂਤ ਪੇਸ਼ ਨਹੀਂ ਕਰ ਸਕੀ। ਜੇਕਰ ਉਨ੍ਹਾਂ ਨੂੰ ਪਿਛਲੇ ਸਾਲ ਹੀ ਜ਼ਮਾਨਤ ਦੇ ਦਿੱਤੀ ਜਾਂਦੀ ਤਾਂ ਉਹ ਸਮੇਂ ਸਿਰ ਆਪਣਾ ਬਿਹਤਰ ਇਲਾਜ ਕਰਵਾ ਕੇ ਹੋਰ ਜਿਊਂਦੇ ਰਹਿ ਸਕਦੇ ਸਨ ਜੋ ਕਿ ਮੋਦੀ ਹਕੂਮਤ ਨੂੰ ਮਨਜ਼ੂਰ ਨਹੀਂ ਸੀ। ਸਮੂਹ ਇਨਸਾਫ਼ਪਸੰਦ ਜਮਹੂਰੀ ਸੰਸਥਾਵਾਂ ਅਤੇ ਬੁੱਧੀਜੀਵੀਆਂ ਵਲੋਂ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਯਤਨ ਹਰ ਪੱਖੋਂ ਤੇਜ਼ ਕਰਨੇ ਚਾਹੀਦੇ ਹਨ।


-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।


ਕੋਟਾ ਪ੍ਰਣਾਲੀ

ਭਾਰਤ ਵਿਚ ਕੋਟਾ ਪ੍ਰਣਾਲੀ ਇਕ ਅਜਿਹਾ ਪ੍ਰਬੰਧ ਬਣ ਚੁੱਕਾ ਹੈ ਜਿਸ ਅਧੀਨ ਸਿਰਫ ਵਿਅਕਤੀ ਦੀ ਜਾਤ ਦੇ ਆਧਾਰ 'ਤੇ ਹੀ ਉਸ ਨੂੰ ਸਰਕਾਰੀ ਨੌਕਰੀ, ਵਿੱਦਿਅਕ ਸਹੂਲਤਾਂ, ਰਾਸ਼ਨ, ਮੁਫ਼ਤ ਬਿਜਲੀ, ਮੈਡੀਕਲ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਦੂਜੇ ਪਾਸੇ ਜਨਰਲ ਵਿਅਕਤੀ ਚਾਹੇ ਉਹ ਕਿੰਨਾ ਵੀ ਲੋੜਵੰਦ ਹੋਵੇ, ਪੜ੍ਹਾਈ ਵਿਚ ਯੋਗਤਾ ਰੱਖਦਾ ਹੋਵੇ ਜਾਂ ਕਿੰਨੀ ਵੀ ਮੈਡੀਕਲ ਸਹੂਲਤ ਲਈ ਜ਼ਰੂਰਤਮੰਦ ਹੋਵੇ, ਉਸ ਨੂੰ ਸਿਰਫ ਉਸ ਦੀ ਜਾਤ ਕਾਰਨ ਇਹ ਸਹੂਲਤਾਂ ਨਹੀਂ ਮਿਲਦੀਆਂ। ਸਮੇਂ ਦੀ ਚਾਲ ਅਤੇ ਲੋੜ ਨੂੰ ਸਮਝਦਿਆਂ ਹੋਇਆਂ ਭਾਰਤ ਸਰਕਾਰ ਨੂੰ ਇਹ ਕਦਮ ਉਠਾਉਣਾ ਚਾਹੀਦਾ ਹੈ ਕਿ ਵਿਦੇਸ਼ਾਂ ਦੀ ਤਰ੍ਹਾਂ ਹਰ ਵਿਅਕਤੀ ਨੂੰ ਉਸ ਦੇ ਵਰਗ ਜਾਂ ਜਾਤ-ਪਾਤ ਦੇ ਆਧਾਰ 'ਤੇ ਨਹੀਂ ਸਗੋਂ ਉਸ ਦੀ ਪਰਿਵਾਰਕ ਆਮਦਨ ਦੇ ਆਧਾਰ 'ਤੇ ਉਸ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਕਿ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਸਹੀ ਪ੍ਰਯੋਗ ਹੋ ਸਕੇ ਅਤੇ ਸਿਰਫ ਜ਼ਰੂਰਤਮੰਦ ਪਰਿਵਾਰ ਨੂੰ ਹੀ ਉਹ ਸਹੂਲਤਾਂ ਮਿਲ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਭਾਰਤ ਦੇ ਹਰ ਉਸ ਗ਼ਰੀਬ ਵਸਨੀਕ ਦੀ ਜਿਸ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਭਾਵੇਂ ਉਹ ਕਿਸੇ ਵਰਗ ਨਾਲ ਵੀ ਸਬੰਧ ਰੱਖਦਾ ਹੋਵੇ। ਮੌਜੂਦਾ ਸਰਕਾਰ ਨੂੰ ਗੁਹਾਰ ਹੈ ਕਿ ਇਹ ਸਹੂਲਤਾਂ ਕੋਈ ਕਾਨੂੰਨ ਬਣਾ ਕੇ ਉਨ੍ਹਾਂ ਤੱਕ ਪੁੱਜਦਾ ਕਰੇ।


-ਗੁਰਨੇਕ ਸਿੰਘ ਪੰਨੂ, ਖਾਸਾ।


ਨਹਿਰੀ ਪਾਣੀ
ਪੰਜਾਬ ਨੂੰ ਕੁਦਰਤੀ ਪਾਣੀ ਦਰਿਆਵਾਂ ਤੋਂ ਨਹਿਰਾਂ 'ਚ ਨਹਿਰਾਂ ਤੋਂ ਖਾਲਿਆਂ ਰਾਹੀਂ ਸਾਰੀ ਧਰਤੀ ਨੂੰ ਮਿਲ ਸਕਦਾ ਹੈ। ਧਰਤੀ ਹੇਠਲੇ ਪਾਣੀ ਨੂੰ ਛੇੜਨ ਦੀ ਲੋੜ ਨਹੀਂ ਜੇ ਸਰਕਾਰਾਂ ਨਹਿਰੀ ਪਾਣੀ ਦਾ ਸਿਸਟਮ ਸਹੀ ਚਲਾਉਣ। ਥੋੜ੍ਹਾ ਮਾਮਲਾ ਦੇ ਕੇ ਪਾਣੀ ਮੁਫ਼ਤ ਖੇਤਾਂ ਨੂੰ ਮਿਲ ਸਕਦਾ ਹੈ। ਪਟਿਆਲੇ-ਸੰਗਰੂਰ 'ਚ ਦੱਸ ਰਹੇ ਹਨ ਕਿ 500 ਫੁੱਟ ਡੂੰਘੇ ਬੋਰ ਹੋ ਗਏ ਹਨ।
7 ਲੱਖ ਬੰਬੀ 'ਤੇ ਲੱਗ ਜਾਂਦਾ ਹੈ। ਮਾੜਾ ਜ਼ਿਮੀਂਦਾਰ ਤਾਂ ਏਨਾ ਖਰਚਾ ਨਹੀਂ ਕਰ ਸਕਦਾ। ਕਰਜ਼ਾ ਚੁੱਕ ਕੇ ਖਰਚਾ ਕਰੇਗਾ ਤਾਂ ਉਹ ਜ਼ਮੀਨ ਦੀ ਆਮਦਨ ਤੋਂ ਵਿਆਜ ਵੀ ਨਹੀਂ ਦੇ ਸਕਦਾ। ਸਰਕਾਰ ਤੇ ਕਿਸਾਨਾਂ ਨੂੰ ਇਸ ਮਸਲੇ 'ਤੇ ਸਾਵਧਾਨ ਹੋਣਾ ਚਾਹੀਦਾ ਹੈ। ਜੇ ਛੇਤੀ ਨਾ ਸੰਭਲੇ ਤਾਂ ਵੇਲਾ ਹੱਥੋਂ ਨਿਕਲ ਜਾਵੇਗਾ ਤੇ ਫਿਰ ਬਹੁਤ ਪਛਤਾਉਣਾ ਪਵੇਗਾ।


-ਕੁਲਜੀਤ ਸਿੰਘ ਰੰਧਾਵਾ
ਪਿੰਡ ਤੇ ਡਾਕ: ਬੱਬਰੀ ਜੀਵਨ ਵਾਲਾ, ਜ਼ਿਲ੍ਹਾ ਗੁਰਦਾਸਪੁਰ।


ਮਾਨਸਿਕ ਨਿਰਾਸ਼ਾ ਤੋਂ ਬਚੋ
ਵਿਅਕਤੀ ਕੋਈ ਵੀ ਕੰਮ ਕਰਦਾ ਹੈ, ਅਸਲ ਵਿਚ ਉਸ ਦੇ ਲਈ ਇਹ ਕੇਵਲ ਕਮਾਈ ਜਾਂ ਰੋਜ਼ੀ-ਰੋਟੀ ਦਾ ਸੋਮਾ ਨਹੀਂ ਹੈ, ਬਲਕਿ ਇਹ ਕੰਮ ਹੀ ਅਸਲ ਵਿਚ ਉਸ ਦੀ ਮਾਨਸਿਕ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ। ਤੁਸੀਂ ਦੇਖੋ ਨਿੱਤ ਪ੍ਰਤੀ ਦਿਨ ਕੰਮਕਾਰ ਕਰਨ ਵਾਲੇ ਜਿਸ ਦਿਨ ਵਿਹਲੇ ਹੁੰਦੇ ਹਨ, ਉਸ ਦਿਨ ਉਹ ਸੁਸਤ ਅਤੇ ਬੋਝਲ ਜਿਹੇ ਨਜ਼ਰ ਆਉਂਦੇ ਹਨ, ਕਿਉਂਕਿ ਰੁਝੇਵਾਂ ਹੀ ਅਜਿਹਾ ਬਦਲ ਹੈ ਜੋ ਕਿ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਨਿਰਾਸ਼ਾ ਅਤੇ ਚਿੰਤਾ ਤੋਂ ਮੁਕਤ ਰੱਖਦਾ ਹੈ, ਜਿਸ ਕਰਕੇ ਉਹ ਬਾਕੀਆਂ ਨਾਲੋਂ ਐਕਟਿਵ ਨਜ਼ਰ ਆਉਂਦੇ ਹਨ। ਜੋ ਵਿਅਕਤੀ ਆਪਣੇ ਕੰਮ ਨੂੰ ਮਨ ਲਾ ਕੇ ਕਰਦੇ ਹਨ ਉਹ ਖੁਸ਼ ਹੁੰਦੇ ਹਨ ਤੇ ਜੋ ਇਸ ਨੂੰ ਮਨ ਮਾਰ ਕੇ ਕਰਦੇ ਹਨ ਉਹ ਕੰਮ ਤੋਂ ਕਦੇ ਵੀ ਸੰਤੁਸ਼ਟੀ ਪ੍ਰਾਪਤ ਨਹੀਂ ਕਰ ਸਕਦੇ। ਆਪਣੇ ਕੰਮ ਨੂੰ ਮਨ ਲਾ ਕੇ ਅਤੇ ਜ਼ਿੰਮੇਵਾਰੀ ਨਾਲ ਕਰੋ ਜੀਵਨ ਵਿਚ ਕਦੇ ਵੀ ਨਿਰਾਸ਼ਾ ਨਹੀਂ ਹੋਵੇਗੀ।


-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੈਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

08-07-2021

 ਅਸ਼ੁੱਭ ਸੰਕੇਤ

ਅਜੀਤ ਅਖ਼ਬਾਰ ਵਿਚ ਸ੍ਰੀ ਐਸ.ਕੇ. ਸੰਧੂ ਵਲੋਂ ਲਿਖਿਆ ਗਿਆ ਲੇਖ 'ਹੇਠਾਂ ਵੱਲ ਜਾ ਰਹੀ ਹੈ ਮਾਂ ਪੰਜਾਬੀ ਬੋਲੀ' ਪੰਜਾਬੀਅਤ ਲਈ ਇਕ ਅਸ਼ੁੱਭ ਸੰਕੇਤ ਦਿੰਦਾ ਹੈ, ਜਿਸ ਲਈ ਅਸੀਂ ਸਾਰੇ ਖ਼ੁਦ ਜ਼ਿੰਮੇਵਾਰ ਹਾਂ। ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਵਿਚ ਗੱਲ ਕਰਨ ਤੋਂ ਵੀ ਘਰ ਵਿਚ ਵਰਜਦੇ ਹਾਂ, ਜਿਸ ਦਾ ਸਿੱਧਾ ਅਸਰ ਮਾਂ ਬੋਲੀ ਪੰਜਾਬੀ 'ਤੇ ਪੈ ਰਿਹਾ ਹੈ। ਭਾਵੇਂ ਬਿਜਲਈ ਯੁੱਗ ਹੈ, ਇਸ ਦੇ ਬਾਵਜੂਦ ਅਖ਼ਬਾਰਾਂ ਅਤੇ ਰਸਾਲਿਆਂ ਦੀ ਗਿਣਤੀ ਭਾਵੇਂ ਵਧ ਰਹੀ ਹੈ ਪਰ ਪੜ੍ਹਨ ਵਾਲਿਆਂ ਦੀ ਗਿਣਤੀ ਘੱਟ ਹੈ। ਸ੍ਰੀ ਗੁਰਚਰਨ ਸਿੰਘ ਨੂਰਪੁਰ ਦਾ ਲੇਖ 'ਧਰਤੀ 'ਤੇ ਸਾਡੇ ਜ਼ਿੰਦਾ ਹੋਣ ਦੇ ਅਰਥ' ਜਿੱਥੇ ਲਿਖਣ ਦੀ ਸ਼ੈਲੀ ਬਾਕਮਾਲ ਸੀ, ਉੱਥੇ ਇਹ ਲੇਖ ਸਾਨੂੰ ਸਾਰਿਆਂ ਨੂੰ ਭਰਪੂਰ ਜਾਣਕਾਰੀ ਦੇ ਕੇ ਗਿਆ।

-ਕੰਵਰਦੀਪ ਸਿੰਘ ਭੱਲਾ
ਇੰਚਾਰਜ ਅੰਕੜਾ ਸ਼ਾਖਾ ਕੇਂਦਰੀ ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਸਿੱਖ ਔਰਤ ਦੀ ਭੂਮਿਕਾ

ਪਿਛਲੇ ਦਿਨੀਂ ਪ੍ਰਕਾਸ਼ਿਤ ਯਸ਼ਪ੍ਰੀਤ ਕੌਰ ਲੈਕਚਰਾਰ ਖ਼ਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਵਲੋਂ ਲਿਖਿਆ 'ਅਜੋਕੇ ਯੂਗ ਵਿਚ ਸਿੱਖ ਔਰਤ ਦੀ ਭੂਮਿਕਾ' ਸਬੰਧੀ ਲੇਖ ਵਾਕਿਆ ਹੀ ਕਾਬਿਲੇ ਤਾਰੀਫ਼ ਹੈ। ਇਸ ਦੀ ਜਿੰਨੀ ਵੀ ਸਲਾਹੁਣਾ ਕੀਤੀ ਜਾਏ, ਘੱਟ ਹੋਵੇਗੀ। ਅੱਜ ਸਿੱਖੀ ਦੇ ਪ੍ਰਚਾਰ ਵਿਚ ਯੋਗ ਪੱਧਰ 'ਤੇ ਯਤਨ ਦਿਖਾਈ ਘੱਟ ਪੈਂਦੇ ਹਨ। ਸਿੱਖ ਧਰਮ ਸੰਸਾਰ ਦਾ ਇਕ ਅਣਮੁੱਲਾ ਬਹੁਤ ਹੀ ਉੱਤਮ ਸਿਧਾਂਤਾਂ ਨਾਲ ਲਬਰੇਜ ਧਰਮ ਹੈ, ਜੋ ਸੱਚ ਦੇ ਉਪਦੇਸ਼ਾਂ, ਸਿੱਖਿਆਵਾਂ 'ਤੇ ਆਧਾਰਿਤ ਹੈ। ਇਸ ਵਿਚ ਸਿੱਖੀ ਸਿਧਾਂਤਾਂ ਨੂੰ ਸਮਝਣ ਤੇ ਜੀਵਨ 'ਚ ਅਪਣਾਉਣ ਨਾਲ ਮਨੁੱਖ ਜੀਵਨ ਦੀ ਘਾੜਤ ਸੁਚੱਜੇ ਰੂਪ ਘੜੀ ਜਾਣ 'ਤੇ ਉੱਤਮ ਜੀਵਨ ਵਾਲਾ ਹੋ ਜਾਂਦਾ ਹੈ। ਏਨੇ ਸੱਚ ਦੇ ਗੁਣਾਂ ਵਾਲਾ ਧਰਮ ਜਿਸ ਦਾ ਸੁਨੇਹਾ ਸਮੁੱਚੇ ਜਗਤ ਵਿਚ ਹਰੇਕ ਵਿਅਕਤੀ ਦੇਸ਼-ਵਿਦੇਸ਼ ਵਿਚ ਨਾ ਪੁੱਜਣ ਕਾਰਨ ਇਸ ਦਾ ਫੈਲਾਅ ਪੂਰੀ ਤਰ੍ਹਾਂ ਨਹੀਂ ਹੋ ਪਾਇਆ। ਲੈਕਚਰਾਰ ਸਾਹਿਬਾ ਇਸ ਯਤਨ ਲਈ ਸ਼ਲਾਘਾ ਦੇ ਪਾਤਰ ਹਨ ਤੇ ਉਮੀਦ ਕਰਦੇ ਹਾਂ ਕਿ ਭਵਿੱਖ ਹੋਰ ਵੀ ਲਿਖਤਾਂ ਰਾਹੀਂ ਸਿੱਖੀ ਪ੍ਰਚਾਰ ਲਈ ਯੋਗਦਾਨ ਪਾ ਕੇ ਸਿੱਖੀ ਦੀ ਸੇਵਾ ਜਾਰੀ ਰੱਖਣਗੇ।

-ਹਿੰਮਤ ਸਿੰਘ
ਸੇਵਾ-ਮੁਕਤ, ਨਿਰੀਖਕ ਖਪਤਕਾਰ ਮਾਮਲੇ ਵਿਭਾਗ, ਅੰਮ੍ਰਿਤਸਰ।

ਮਹਿੰਗਾ ਪੈਟਰੋਲ ਤੇ ਡੀਜ਼ਲ

ਮਈ ਮਹੀਨੇ ਕਈ ਸੂਬਿਆਂ ਵਿਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ। ਕੋਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਹਨ। ਫਰਵਰੀ ਮਹੀਨੇ ਰਸੋਈ ਵਿਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ ਤਿੰਨ ਵਾਰ ਕੀਮਤਾਂ ਵਧੀਆਂ। ਅੱਜ 850 ਰੁਪਏ ਤੋਂ ਉੱਪਰ ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਫਿਰ ਘਰੇਲੂ ਗੈਸ ਸਿਲੰਡਰ ਦੀ 25 ਰੁਪਏ ਕੀਮਤ ਵਧੀ। ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ। ਤਕਰੀਬਨ ਫਰਵਰੀ ਮਹੀਨੇ 20 ਦਿਨ ਲਗਾਤਾਰ ਕੀਮਤਾਂ ਵਧੀਆਂ ਸਨ। ਅੱਜ ਜਦੋਂ ਫਿਰ ਤਾਲਾਬੰਦੀ ਕੀਤੀ ਗਈ ਤਾਂ ਮਈ ਮਹੀਨੇ ਦੇ ਅੱਧ ਤੋਂ ਹੁਣ ਤੱਕ ਲਗਾਤਾਰ 34 ਦਿਨ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿਚ ਵਾਧਾ ਹੋਇਆ। ਅੰਦਾਜ਼ੇ ਅਨੁਸਾਰ 13 ਰੁਪਏ ਦੇ ਆਸ-ਪਾਸ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧੀਆਂ। ਤਕਰੀਬਨ ਸਾਰੇ ਹੀ ਸੂਬਿਆਂ ਵਿਚ 100 ਰੁਪਏ ਤੋਂ ਉੱਪਰ ਪੈਟਰੋਲ ਵਿਕ ਰਿਹਾ ਹੈ। ਮੈਟਰੋ ਸ਼ਹਿਰਾਂ ਵਿਚ ਡੀਜ਼ਲ ਦੀ ਕੀਮਤ 97.57 ਰੁਪਏ ਪ੍ਰਤੀ ਲੀਟਰ ਹੈ। ਆਮ ਆਦਮੀ ਦੀ ਜੇਬ ਵਿਚ ਢਿੱਲੀ ਹੋ ਗਈ ਹੈ। ਗੁਆਂਢੀ ਦੇਸ਼ਾਂ ਵਿਚ ਆਪਣੇ ਦੇਸ਼ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ। ਵਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਪੈਟਰੋਲ ਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਲਿਆਉਣਾ ਚਾਹੀਦਾ ਹੈ ਤਾਂ ਜੋ ਸਾਰੇ ਪਾਸੇ ਤੇਲ ਦੀਆਂ ਕੀਮਤਾਂ ਇਕਸਾਰ ਹੋਣ। ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ। ਰੋਟੀ, ਕੱਪੜਾ ਅਤੇ ਮਕਾਨ ਆਮ ਆਦਮੀ ਦੀਆਂ ਅਹਿਮ ਜ਼ਰੂਰਤਾਂ ਹਨ। ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀ ਜ਼ਰੂਰਤਾਂ ਪੂਰੀਆਂ ਹੋਣ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਵੋਟ ਬਟੋਰੂ ਰਾਜਨੀਤੀ

ਪਿਛਲੇ ਦਿਨੀਂ ਸੰਪਾਦਕੀ ਲੇਖ ਵਿਚ ਸ: ਹਰਜਿੰਦਰ ਸਿੰਘ ਲਾਲ ਨੇ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਪੰਜਾਬੀਆਂ ਨੂੰ ਮੁਫ਼ਤ ਸਹੂਲਤਾਂ ਦੇ ਕੇ ਸੱਤਾ ਦੇ ਘੋੜੇ 'ਤੇ ਸਵਾਰ ਹੋਣ ਦੀ ਘਟੀਆ ਖੇਡ ਨੂੰ ਬਾਖੂਬੀ ਉਜਾਗਰ ਕੀਤਾ ਹੈ। ਮੁਫ਼ਤ ਸਹੂਲਤਾਂ ਕਰਕੇ ਲੋਕ ਨਿਕੰਮੇ, ਆਲਸੀ ਤੇ ਸਵੈਮਾਣ ਰਹਿਤ ਬਣ ਰਹੇ ਹਨ। ਸਮੇਂ-ਸਮੇਂ 'ਤੇ ਸੂਬਾ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਵਿਕਸਿਤ ਦੇਸ਼ਾਂ ਵਾਂਗ ਸਭ ਨੂੰ ਚੰਗਾ ਰੁਜ਼ਗਾਰ ਮੁਹੱਈਆ ਕਰਵਾਉਂਦੀਆਂ। ਮੁਫ਼ਤ ਦੀਆਂ ਸਹੂਲਤਾਂ ਕਰਕੇ ਹੀ ਅੱਜ ਪੰਜਾਬ ਵਿਚ ਵਿਹਲੜਾਂ ਦੀ ਵੱਡੀ ਫ਼ੌਜ ਤਿਆਰ ਹੋ ਰਹੀ ਹੈ ਤੇ 70 ਤੋਂ 80 ਫ਼ੀਸਦੀ ਗ਼ੈਰ-ਪੰਜਾਬੀ ਕਾਮੇ ਹਰ ਖੇਤਰ ਵਿਚ ਕਾਬਜ਼ ਹੋ ਰਹੇ ਹਨ। ਜੇਕਰ ਪੰਜਾਬ ਨੂੰ ਸੱਚਮੁੱਚ ਅਣਖੀ, ਕਿਰਤੀ ਤੇ ਮਿਹਨਤੀ ਪੰਜਾਬੀਆਂ ਦਾ ਪੰਜਾਬ ਰਹਿਣ ਦੇਣਾ ਹੈ ਤਾਂ ਪੰਜਾਬੀਆਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੀ ਬਜਾਏ ਰੁਜ਼ਗਾਰ ਦੇ ਵੱਡੇ ਮੌਕੇ ਦਿੱਤੇ ਜਾਣ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਰਾਜਨੀਤਕ ਪਾਰਟੀਆਂ ਦੇ ਝਾਂਸੇ ਵਿਚ ਨਾ ਆ ਕੇ ਆਪਣੀਆਂ ਨਸਲਾਂ ਨੂੰ ਤਬਾਹੀ ਤੋਂ ਬਚਾਉਣ ਲਈ ਮੁਫ਼ਤ ਚੀਜ਼ਾਂ ਨੂੰ ਤਿਆਗ ਦੇਣ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

07-07-2021

 ਸੋਚ ਸਮਝ ਕੇ ਕਰੀਏ ਬਿਜਲੀ ਦੀ ਵਰਤੋਂ

ਕੋਵਿਡ-ਕਾਲ ਵਿਚ ਨਾ ਸਿਰਫ ਭਾਰਤ ਦੇ ਸਗੋਂ ਵਿਸ਼ਵ ਦੇ ਸਾਰੇ ਦੇਸ਼ਾਂ ਦੀ ਆਰਥਿਕਤਾ ਤਹਿਸ-ਨਹਿਸ ਹੋ ਗਈ ਹੈ। ਅਜਿਹੀ ਸਥਿਤੀ ਵਿਚ ਜੇ ਅਸੀਂ ਭਾਰਤ ਦੇ ਸਾਰੇ ਰਾਜਾਂ ਦੀ ਗੱਲ ਕਰੀਏ, ਤਾਂ ਅਸੀਂ ਵੇਖਾਂਗੇ ਕਿ ਹਰ ਰਾਜ ਇਕੋ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਤਾਲਾਬੰਦੀ ਕਾਰਨ ਪੰਜਾਬ ਵਿਚ ਬਹੁਤ ਸਾਰੀਆਂ ਫੈਕਟਰੀਆਂ ਲਗਭਗ ਬੰਦ ਹੋ ਗਈਆਂ ਹਨ। ਅਜਿਹੀ ਸਥਿਤੀ ਵਿਚ ਆਰਥਿਕਤਾ ਦਾ ਸਮਰਥਨ ਕਰਨ ਲਈ ਇਹ ਜ਼ਰੂਰੀ ਹੈ ਕਿ ਅੱਜ ਜਿਹੜੀਆਂ ਫੈਕਟਰੀਆਂ ਹਨ, ਉਹ ਨਿਰਵਿਘਨ ਚੱਲਣ। ਇਹ ਤਾਂ ਹੀ ਸੰਭਵ ਹੈ ਜੇ ਇਨ੍ਹਾਂ ਫੈਕਟਰੀਆਂ ਨੂੰ ਬਿਜਲੀ ਦੀ ਪੂਰੀ ਸਪਲਾਈ ਮਿਲੇਗੀ। ਪਰ ਅਤਿ ਗਰਮੀ ਕਾਰਨ ਅੱਜ ਪੰਜਾਬ ਬਿਜਲੀ ਦੀ ਮੰਗ ਅਤੇ ਸਪਲਾਈ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿਚ, ਸਾਨੂੰ ਘਰਾਂ ਵਿਚ ਬਿਜਲੀ ਦੀ ਖਪਤ ਨੂੰ ਘਟਾਉਣ ਲਈ ਕੁਝ ਕਦਮ ਚੁੱਕਣੇ ਚਾਹੀਦੇ ਹਨ। ਅੱਜਕਲ੍ਹ ਲਗਭਗ ਹਰ ਘਰ ਵਿਚ ਏ.ਸੀ. ਦੀ ਵਰਤੋਂ ਹੋ ਰਹੀ ਹੈ ਪਰ ਸਾਨੂੰ ਘਰ ਵਿਚ ਸਿਰਫ ਇਕ ਏ.ਸੀ. ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਬਿਜਲੀ ਦੀ ਖਪਤ ਘਟ ਸਕੇ ਅਤੇ ਲੋੜ ਪੈਣ 'ਤੇ ਹੀ ਏ. ਸੀ. ਚਲਾਇਆ ਜਾਵੇ। ਸਿਰਫ ਅਜਿਹਾ ਕਰਨ ਨਾਲ ਹੀ ਬਹੁਤ ਜ਼ਿਆਦਾ ਬਿਜਲੀ ਕੱਟਾਂ ਵਿਚ ਕਮੀ ਆ ਜਾਵੇਗੀ।

-ਪ੍ਰਿੰ: ਰਵੀ ਸ਼ਰਮਾ।

ਵੋਟਰਾਂ ਨੂੰ ਕਿਉਂ ਭਰਮਾਇਆ ਜਾਂਦਾ?

74 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ। ਅਜੇ ਤੱਕ ਸਾਡੀਆਂ ਸਰਕਾਰਾਂ (ਲੀਡਰਾਂ) ਤੋਂ ਗਲੀਆਂ, ਨਾਲੀਆਂ ਪੱਕੀਆਂ ਨਹੀਂ ਹੋਈਆਂ, ਨਾ ਸੜਕਾਂ ਬਣੀਆਂ। ਜਿੰਨੀਆਂ ਵੀ ਸਰਕਾਰੀ ਸੰਸਥਾਵਾਂ ਜਿਥੇ ਲੋਕਾਂ ਨੂੰ ਕੋਈ ਸੁੱਖ-ਸਹੂਲਤ ਮਿਲਣੀ ਹੈ, ਉਹ ਸਭ ਫੇਲ੍ਹ ਤੇ ਪ੍ਰਾਈਵੇਟ ਪ੍ਰਫੁੱਲਿਤ। ਸਾਡੀ ਲੋਕ ਸਭਾ, ਵਿਧਾਨ ਸਭਾ ਪਵਿੱਤਰ ਜਗ੍ਹਾ ਮੰਨੀਆਂ ਗਈਆਂ ਹਨ, ਜਿਥੇ ਹਰ ਇਕ ਮਸਲੇ ਨੂੰ ਵਾਚਿਆ-ਘੋਖਿਆ ਜਾਂਦਾ, ਉਸ 'ਤੇ ਵਿਚਾਰਾਂ ਕੀਤੀਆਂ ਜਾਂਦੀਆਂ। ਪਰ ਵਿਚਾਰਾਂ ਦੀ ਜਗ੍ਹਾ ਰੌਲੇ-ਰੱਪੇ ਨੇ ਲੈ ਲਈ ਹੈ, ਝੂਠੇ ਦਾਅਵਿਆਂ ਨੇ ਲੈ ਲਈ ਹੈ। ਫਿਰ ਕੀ ਕਿਸੇ ਨੂੰ ਪ੍ਰਵਾਹ ਹੈ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਦਾ। ਸਟੇਜਾਂ 'ਤੇ ਖੜ੍ਹ ਕੇ ਸਬਸਿਡੀਆਂ ਦੇਣੀਆਂ, ਮੁਫ਼ਤ ਚੀਜ਼ਾਂ ਦੇਣੀਆਂ ਕੀ ਅੱਜ ਸਾਨੂੰ ਕਿਰਤ ਤੋਂ ਦੂਰ ਨਹੀਂ ਕੀਤਾ ਜਾਂਦਾ? ਕਿਉਂ ਨਹੀਂ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਂਦੇ ਕਿ ਅਸੀਂ ਰੁਜ਼ਗਾਰ ਦੇਵਾਂਗੇ। ਸਾਨੂੰ ਇਨ੍ਹਾਂ ਸਹੂਲਤਾਂ ਦੀ ਕੋਈ ਲੋੜ ਨਹੀਂ, ਬਸ ਆਪਣੇ ਪੈਰਾਂ ਸਿਰ ਹੋਣ ਲਈ ਰੁਜ਼ਗਾਰ ਚਾਹੀਦਾ। ਇਨ੍ਹਾਂ ਦੇ ਫੋਕੇ ਲਾਰਿਆਂ 'ਚ ਨਾ ਆਈਏ। ਆਪਣੀ ਜ਼ਮੀਰ ਨੂੰ ਜਗਾਈਏ ਤੇ ਪੁੱਛੀਏ ਕਿ ਪਹਿਲਾਂ ਵਿਕਾਸ ਉਹ ਕਿੱਥੇ ਗਿਆ। ਹੁਣ ਇਸ ਤੋਂ ਅੱਗੇ ਦੀ ਗੱਲ ਕਰੋ, ਆਪਣੇ ਵੋਟ ਦੀ ਕੀਮਤ ਨੂੰ ਜਾਣੋ। ਕਿਸੇ ਲਾਲਚ 'ਚ ਆ ਕੇ ਗ਼ਲਤ ਫ਼ੈਸਲੇ ਨਾ ਲਵੋ।

-ਹਰਪ੍ਰੀਤ ਸਿੰਘ ਪੱਤੋ
ਪਿੰਡ ਪੱਤੋ ਹੀਰਾ ਸਿੰਘ।

ਮੁਫ਼ਤ ਸਹੂਲਤਾਂ

ਜਦੋਂ ਚੋਣਾਂ ਨੇੜੇ ਆਉਂਦੀਆਂ ਹਨ ਤੇ ਵੋਟਾਂ ਲਈ ਵੱਖ-ਵੱਖ ਰਾਜਨੀਤਕ ਪਾਰਟੀਆਂ ਵਲੋਂ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦੇਣ ਦੇ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ। ਕਿਸਾਨੀ ਲਈ ਮੋਟਰਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨਾ, ਰਿਜ਼ਰਵ ਕੈਟਗਰੀ ਨੂੰ 200 ਯੂਨਿਟ ਬਿਜਲੀ ਮੁਆਫ਼ ਕਰਨਾ, ਇਸਤਰੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਅਤੇ ਹੁਣ ਆਉਂਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼ਹਿਰੀਆਂ ਦੇ ਪਾਣੀ ਤੇ ਸੀਵਰੇਜ ਦੇ ਕਈ ਸਾਲਾਂ ਤੋਂ ਬਕਾਇਆ ਪਏ ਕਰੋੜਾਂ ਰੁਪਏ ਦੇ ਬਕਾਏ ਮੁਆਫ਼ ਕਰਨ ਅਤੇ ਸ਼ਹਿਰੀਆਂ ਨੂੰ ਵੀ 200 ਯੂਨਿਟ ਮੁਆਫ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਜਿਹਾ ਕਰਕੇ ਸਟੇਟ ਐਕਸਚੈਕਰ ਨੂੰ ਵੱਡਾ ਖੋਰਾ ਲੱਗ ਰਿਹਾ ਹੈ ਅਤੇ ਰਾਜ ਦੀ ਆਰਥਿਕ ਹਾਲਤ ਦਿਨੋ-ਦਿਨ ਪਤਲੀ ਹੋ ਰਹੀ ਹੈ। ਸਰਕਾਰੀ ਵਿਭਾਗਾਂ ਵਲੋਂ ਕਰੋੜਾਂ ਦੇ ਬਿਜਲੀ ਦੇ ਬਿੱਲਾਂ ਦੇ ਬਕਾਏ ਨਾ ਦੇਣ ਕਾਰਨ ਬਿਜਲੀ ਕਾਰਪੋਰੇਸ਼ਨ ਘਾਟੇ 'ਚ ਚੱਲ ਰਿਹਾ ਹੈ। ਸਰਕਾਰੀ ਬੱਸਾਂ ਵਿਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦੇਣ ਕਾਰਨ ਰੋਡਵੇਜ਼ ਨੂੰ ਘਾਟਾ ਪੈ ਰਿਹਾ ਹੈ। ਸਰਕਾਰ ਨੂੰ ਲੋਕਾਂ ਨੂੰ ਮੁਫ਼ਤ ਸਹੂਲਤ ਦੇਣੀ ਚਾਹੀਦੀ ਹੈ। ਜੇਕਰ ਰਾਜ ਦੀ ਆਰਥਿਕ ਸਥਿਤੀ ਮਜ਼ਬੂਤ ਹੈ ਅਤੇ ਇਹ ਸਹੂਲਤ ਦੇਣ ਲਈ ਕੋਈ ਆਰਥਿਕ ਮਾਪਦੰਡ ਤੈਅ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਦਾ ਫਾਇਦਾ ਗ਼ਰੀਬ ਹੀ ਲੈ ਸਕੇ ਨਾ ਕਿ ਅਮੀਰ ਲੋਕ। ਇਸ ਲਈ ਵੋਟਾਂ ਦੇ ਲਾਲਚ ਕਾਰਨ ਰਾਜਨੀਤਕ ਪਾਰਟੀਆਂ ਨੂੰ ਪਹਿਲਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖ ਕੇ ਹੀ ਲੋਕਾਂ ਨਾਲ ਵਾਅਦੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।

ਵਿਦਿਆਰਥੀਆਂ ਦੀ ਮੰਗ

ਬੇਸ਼ੱਕ ਅਸੀਂ ਕਿੰਨੇ ਹੀ ਦਾਅਵੇ ਕਰੀਏ ਪਰ ਇਨ੍ਹਾਂ ਦਾਅਵਿਆਂ ਪਿੱਛੇ ਹਕੀਕਤ ਕੁਝ ਹੋਰ ਹੁੰਦੀ ਹੈ। ਗੱਲ ਕਰੀਏ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਵਿਚ ਲੈਕਚਰਾਰ ਦੀ ਕਮੀ ਦੀ। ਵਿਦਿਆਰਥੀ ਆਪਣੀਆਂ ਕਲਾਸਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ ਪਰ ਅੱਗੋਂ ਇਹੀ ਜਵਾਬ ਮਿਲਦਾ ਹੈ ਕਿ ਡਾਇਟ ਵਿਚ ਲੈਕਚਰਾਰ ਨਹੀਂ ਹਨ। ਖੂਬਸੂਰਤ ਇਮਾਰਤਾਂ ਬਣਾਉਣ ਦੇ ਨਾਲ ਸਿਰਫ ਬਾਹਰਲੀ ਦਿੱਖ ਚਮਕ ਸਕਦੀ ਹੈ, ਅੰਦਰਲੀ ਨਹੀਂ।

-ਗੁਰਪ੍ਰੀਤ ਸਿੰਘ
ਪਿੰਡ ਤੇ ਡਾਕ: ਰਾਏਪੁਰ (ਮਾਨਸਾ)।

ਬਿਜਲੀ ਦੇ ਲੰਮੇ-ਚੌੜੇ ਕੱਟ

ਬਿਜਲੀ ਦੇ ਲਗਦੇ ਲੰਮੇ-ਚੌੜੇ ਕੱਟਾਂ ਨੇ ਅੱਜ ਤੋਂ 10-12 ਸਾਲ ਪਹਿਲਾਂ ਦੀ ਯਾਦ ਦਿਵਾ ਦਿੱਤੀ ਹੈ। ਜਦੋਂ ਸਵੇਰ ਦੀ ਬਿਜਲੀ ਸ਼ਾਮ ਨੂੰ ਆਉਂਦੀ ਸੀ ਤੇ ਰਾਤ ਨੂੰ ਗਈ ਬਿਜਲੀ ਸਵੇਰੇ। ਜਿੰਨੀ ਕੁ ਬਿਜਲੀ ਰਹਿੰਦੀ ਸੀ, ਉਸ ਦੀ ਆਸ ਵੀ ਓਨੀ ਕੁ ਹੀ ਕੀਤੀ ਜਾਂਦੀ ਸੀ। ਪਤਾ ਸੀ ਕਿ ਏਨੀ ਕੁ ਹੀ ਬਿਜਲੀ ਆਉਣੀ ਹੈ। ਲੋਕਾਂ ਨੇ ਉਸੇ ਹਿਸਾਬ ਨਾਲ ਆਪੇ ਪ੍ਰਬੰਧ ਕੀਤੇ ਹੁੰਦੇ ਸਨ। ਸਰੀਰ ਵੀ ਉਸੇ ਹਿਸਾਬ ਨਾਲ ਸੈੱਟ ਹੁੰਦੇ ਸਨ। ਗਰਮੀ ਤਾਂ ਹੁੰਦੀ ਸੀ ਪਰ ਲੋਕਾਂ ਵਿਚ ਗਰਮੀ ਨੂੰ ਸਹਿਣ ਕਰ ਸਕਣ ਦੀ ਸਮਰੱਥਾ ਵੀ ਹੁੰਦੀ ਸੀ। ਜਦੋਂ ਸਵੇਰੇ ਨੌਂ ਕੁਝ ਵਜੇ ਬਿਜਲੀ ਜਾਂਦੀ ਸੀ ਤਾਂ ਪਤਾ ਹੁੰਦਾ ਸੀ ਕਿ ਸ਼ਾਮ ਨੂੰ ਪੰਜ ਵਜੇ ਹੀ ਆਉਣੀ ਹੈ। ਲੋਕ ਦਰੱਖਤਾਂ ਦੀਆਂ ਛਾਵਾਂ ਥੱਲੇ ਖੂਬ ਇਕੱਠੇ ਹੁੰਦੇ। ਸਾਂਝੀਵਾਲਤਾ ਦੇ ਨਾਲ-ਨਾਲ ਕਦੇ-ਕਦੇ ਲੜਾਈ ਵੀ ਦੇਖਣ ਨੂੰ ਮਿਲ ਜਾਣੀ। ਪਰ ਅਜੋਕੇ ਸਮੇਂ ਜਿਥੇ ਹੋਰ ਦੇਸ਼ ਖੂਬ ਤਰੱਕੀ ਕਰ ਰਹੇ ਨੇ ਤਾਂ ਇੰਜ ਲਗਦਾ ਜਿਵੇਂ ਅਜੇ ਸਾਡੇ ਕੋਲੋਂ ਸਾਡੇ ਲਈ ਬਿਜਲੀ ਹੀ ਪੂਰੀ ਨਹੀਂ ਹੋਈ। ਅਚਾਨਕ ਅਤੇ ਆਸ ਤੋਂ ਉਲਟ ਲੱਗ ਰਹੇ ਕੱਟ ਲੋਕਾਂ ਦੇ ਵੱਟ ਕੱਢੀ ਜਾ ਰਹੇ ਹਨ। ਬਿਜਲੀ ਦੇ ਕੱਟ ਬਿਜਲੀ ਦੇ ਆਮੋ-ਆਮ ਹੋ ਜਾਣ ਦੇ ਕੀਤੇ ਜਾ ਰਹੇ ਵਾਅਦਿਆਂ ਦਾ ਜਲੂਸ ਕੱਢ ਰਹੇ ਹਨ। ਬਿਜਲੀ ਦੇ ਮੋਟੇ ਬਿੱਲ ਵਸੂਲਣ 'ਤੇ ਵੀ ਬਿਜਲੀ ਨਹੀਂ ਮਿਲ ਰਹੀ। ਹੁਣ ਸਮੇਂ ਦਾ ਫੇਰਬਦਲ ਹੈ, ਜਿਥੇ ਸਰੀਰ ਉਸ ਹਿਸਾਬ ਨਾਲ ਨਹੀਂ ਰਹੇ, ਉਥੇ ਲੋਕਾਂ 'ਚੋਂ ਆਪਸੀ ਭਾਈਚਾਰਕ ਸਾਂਝ ਵੀ ਅਲੋਪ ਹੋ ਚੁੱਕੀ ਹੈ। ਬਿਜਲੀ ਦੇ ਕੱਟਾਂ ਤੋਂ ਪਹਿਲਾਂ ਹੀ ਘਬਰਾਇਆ ਇਨਸਾਨ ਕਿਸੇ ਦੀ ਹੋਰ ਨਿੱਕੀ ਮੋਟੀ ਗੱਲ ਨਹੀਂ ਬਰਦਾਸ਼ਤ ਕਰ ਸਕਦਾ ਜਿਸ ਕਰਕੇ ਬਾਹਰ ਜਾਣ 'ਤੇ ਲੜਾਈ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੋ, ਸਰਕਾਰ ਨੂੰ ਲੋਕਾਂ ਦੀ ਇਸ ਬੁਨਿਆਦੀ ਲੋੜ ਵੱਲ ਵਿਸ਼ੇਸ਼ ਧਿਆਨ ਦੇ ਕੇ ਬਿਜਲੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਕੋਰੋਨਾ ਕਾਲ ਵਿਚ ਲੋਕ ਆਪਣੇ ਘਰਾਂ ਵਿਚ ਹੀ ਰਹਿਣ, ਬਾਹਰ ਨਿਕਲਣ ਤੋਂ ਜ਼ਿਆਦਾ ਤੋਂ ਜ਼ਿਆਦਾ ਗੁਰੇਜ਼ ਕਰ ਸਕਣ।

-ਜੋਬਨਜੀਤ ਸਿੰਘ
ਪਿੰਡ ਖਹਿਰਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।

06-07-2021

 ਮਜਬੂਰੀ ਦਾ ਨਾਜਾਇਜ਼ ਫਾਇਦਾ

ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਤਾਂ ਦੁਨੀਆ ਕੋਰੋਨਾ ਵਰਗੀ ਬਿਮਾਰੀ ਨਾਲ ਤੜਫ-ਤੜਫ ਕੇ ਮਰ ਰਹੀ ਹੈ, ਉਥੇ ਦੂਜੇ ਪਾਸੇ ਪੰਜਾਬ ਦੇ ਬਹੁਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰ ਇਸ ਭਿਆਨਕ ਦੌਰ ਦਾ ਨਾਜਾਇਜ਼ ਫਾਇਦਾ ਉਠਾ ਕੇ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ 'ਤੇ ਉਤਾਰੂ ਹੋਏ ਨਜ਼ਰ ਆ ਰਹੇ ਹਨ। ਅਜਿਹਾ ਵਰਤਾਰਾ ਪਿਛਲੇ ਸਮੇਂ ਤੋਂ ਮੀਡੀਆ ਦੇ ਬਹੁਤੇ ਅੰਗਾਂ ਵਲੋਂ ਦਿਖਾਇਆ ਜਾ ਰਿਹਾ ਹੈ। ਸਰਕਾਰ ਵਲੋਂ ਤੈਅ ਕੀਤੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਹਸਪਤਾਲਾਂ 'ਤੇ ਸਖ਼ਤ ਕਾਰਵਾਈ ਹੋਵੇ। ਸਰਕਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਜਿਹੇ ਹਸਪਤਾਲਾਂ ਨੂੰ ਬੰਦ ਕਰੇ ਜਾਂ ਆਪਣੇ ਅਧੀਨ ਲਵੇ। ਉਪਰੋਕਤ ਵਰਤਾਰੇ ਨਾਲ ਸਬੰਧਿਤ ਡਾਕਟਰਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਵਸੂਲੇ ਨਾਜਾਇਜ਼ ਪੈਸੇ ਮਰੀਜ਼ਾਂ ਨੂੰ ਵਾਪਸ ਕਰਵਾਏ ਜਾਣ।

-ਬੰਤ ਸਿੰਘ ਘੁਡਾਣੀ
ਪਿੰਡ ਤੇ ਡਾਕ: ਘੁਡਾਣੀ ਕਲਾਂ, ਜ਼ਿਲ੍ਹਾ ਲੁਧਿਆਣਾ।

ਕਾਰਪੋਰੇਟ ਭਾਈਵਾਲ

ਸ਼ਾਇਦ ਮੋਦੀ ਸਰਕਾਰ ਨੇ ਆਪਣੇ ਕਾਰਪੋਰੇਟ ਭਾਈਵਾਲਾਂ ਦੀਆਂ ਤੇਲ ਕੰਪਨੀਆਂ ਨੂੰ ਗੁਪਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜਦੋਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਹੋਣ, ਤੁਸੀਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਬਿਲਕੁਲ ਨਹੀਂ ਵਧਾਉਣੀਆਂ ਪਰ ਉਸ ਤੋਂ ਬਾਅਦ ਜਿੰਨੇ ਦਿਨ ਮਰਜ਼ੀ ਲਗਾਤਾਰ ਕੀਮਤ ਵਧਾਓ ਪਰ ਵਧਾਓ ਵੀ ਕੁਝ ਪੈਸਿਆਂ ਵਿਚ ਤਾਂ ਕਿ ਲੋਕਾਂ ਨੂੰ ਇਹ ਵਾਧਾ ਮਹਿਸੂਸ ਨਾ ਹੋਵੇ। ਉਹੀ ਗੱਲ ਹੋਈ ਕਿ ਮੋਦੀ ਸਰਕਾਰ ਵਲੋਂ ਆਬਕਾਰੀ ਡਿਊਟੀ ਕਮਾਉਣ ਅਤੇ ਅਡਾਨੀ-ਅੰਬਾਨੀ ਦੀਆਂ ਕੰਪਨੀਆਂ ਦਾ ਮੁਨਾਫਾ ਵਧਾਉਣ ਲਈ ਪੰਜ ਰਾਜਾਂ ਦੀਆਂ ਚੋਣਾਂ ਦੇ ਮਾੜੇ ਨਤੀਜਿਆਂ ਤੋਂ ਬੁਖਲਾ ਕੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 4 ਮਈ ਤੋਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ, ਜਿਸ ਦੇ ਨਤੀਜੇ ਵਜੋਂ ਹੋਰਨਾਂ ਵਸਤਾਂ ਦੀ ਮਹਿੰਗਾਈ ਵੀ ਵਧੀ ਹੈ। ਪੈਟਰੋਲੀਅਮ ਮੰਤਰੀ ਖਿਲਾਫ਼ ਇਕ ਕੇਸ ਵੀ ਦਰਜ ਕੀਤਾ ਗਿਆ ਹੈ ਪਰ ਸਮੂਹ ਵਿਰੋਧੀ ਸਿਆਸੀ ਧਿਰਾਂ ਚੁੱਪ ਹਨ। ਸ਼ਰਮ ਦੀ ਗੱਲ ਹੈ ਕਿ 'ਇਕ ਦੇਸ਼ ਇਕ ਟੈਕਸ' ਦੀਆਂ ਅਖੌਤੀ ਰਾਸ਼ਟਰਵਾਦੀ ਡੀਂਗਾਂ ਮਾਰ ਕੇ ਜਨਤਾ ਅਤੇ ਵਪਾਰੀਆਂ ਨੂੰ ਮੂਰਖ ਬਣਾਉਣ ਵਾਲੀ ਮੋਦੀ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਗੈਸ ਨੂੰ ਹੁਣ ਤੱਕ ਜੀ.ਐਸ.ਟੀ. ਦੇ ਦਾਇਰੇ ਵਿਚ ਕਿਉਂ ਨਹੀਂ ਲਿਆਂਦਾ? ਸੂਬਿਆਂ ਨੇ ਵੀ ਆਪਣੀ ਕਮਾਈ ਖੁਸਣ ਦੇ ਡਰੋਂ ਨਾ ਤਾਂ ਵਧਦੀਆਂ ਕੀਮਤਾਂ ਦਾ ਕਦੇ ਡਟਵਾਂ ਵਿਰੋਧ ਕੀਤਾ ਹੈ ਅਤੇ ਨਾ ਹੀ ਇਨ੍ਹਾਂ ਉਤੇ ਲਗਦੀਆਂ ਵੇਟ ਦਰਾਂ ਨੂੰ ਘੱਟ ਕਰਨ ਦੀ ਨੇਕ ਨੀਅਤੀ ਵਿਖਾਈ ਹੈ। ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਕੋਵਿਡ ਸਮੇਂ ਇਨ੍ਹਾਂ ਵਿਚ ਅੰਨਾ ਇਜ਼ਾਫਾ ਕਰਨਾ ਮੋਦੀ ਸਰਕਾਰ ਵਲੋਂ ਜਨਤਾ ਦੀ ਨੰਗੀ ਚਿੱਟੀ ਫਾਸ਼ੀਵਾਦੀ ਲੁੱਟ ਨਹੀਂ ਤਾਂ ਹੋਰ ਕੀ ਹੈ?

-ਸੁਮੀਤ ਸਿੰਘ
ਮੋਹਨੀ ਪਾਰਕ, ਅੰਮ੍ਰਿਤਸਰ।

ਬਿਜਲੀ ਸੰਕਟ

ਪੰਜਾਬ ਸਰਕਾਰ ਵਲੋਂ ਬਿਜਲੀ ਸਬੰਧੀ ਕੀਤੇ ਵਾਅਦਿਆਂ ਦੀ ਫੂਕ ਨਿਕਲਣ ਕਾਰਨ ਅੱਜ ਹਰ ਪਾਸੇ ਹਾਹਾਕਾਰ ਮਚੀ ਪਈ ਹੈ। ਸੂਬੇ ਵਿਚ ਸਮੇਂ-ਸਮੇਂ 'ਤੇ ਆਈਆਂ ਸਰਕਾਰਾਂ ਵਲੋਂ ਅਪਣਾਈਆਂ ਗ਼ਲਤ ਨੀਤੀਆਂ ਸਦਕਾ ਪੰਜਾਬ ਵਰਗੇ ਵਾਧੂ ਬਿਜਲੀ ਪੈਦਾ ਕਰਨ ਵਾਲੇ ਰਾਜ ਨੂੰ ਅੱਜ ਬਿਜਲੀ ਪੱਖੋਂ ਕੰਗਾਲ ਕਰਕੇ ਰੱਖ ਦਿੱਤਾ ਹੈ। ਭਾਵੇਂ ਕਿ ਇਹ ਗੱਲ ਵੀ ਧਿਆਨ ਗੋਚਰ ਹੈ ਕਿ ਮੌਨਸੂਨ ਦੀ ਦੇਰੀ ਕਰਕੇ ਡੈਮਾਂ ਵਿਚ ਪਾਣੀ ਦਾ ਪੱਧਰ ਘੱਟ ਹੈ, ਜਿਸ ਕਰਕੇ ਉਨ੍ਹਾਂ ਵਿਚ ਲੋੜ ਅਨੁਸਾਰ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ। ਕਈ ਨਿੱਜੀ ਥਰਮਲ ਪਲਾਂਟਾਂ ਦੀਆਂ ਕੁਝ ਜੂਨਟੋਇਟਾ ਖਰਾਬ ਅਤੇ ਅਤੇ ਬਿਮਾਰ ਹੋ ਗਈਆਂ ਹਨ, ਸਰਕਾਰੀ ਥਰਮਲ ਪਲਾਂਟਾਂ ਨੂੰ ਪਹਿਲਾਂ ਹੀ ਤਾਲੇ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੰਤਾਂ ਦੀ ਗਰਮੀ ਨਾਲ ਕਿਸਾਨ, ਘਰੇਲੂ ਖਪਤਕਾਰ ਅਤੇ ਸਨਅਤਕਾਰ ਵੱਡੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਵੀ ਬਿਜਲੀ ਦੀ ਘਾਟ ਬਣੀ ਰਹੀ ਤਾਂ ਇਹ ਸਰਕਾਰ, ਪ੍ਰਸ਼ਾਸਨ ਅਤੇ ਪਾਵਰਕਾਮ ਮਹਿਕਮੇ ਲਈ ਵੱਡਾ ਮਸਲਾ ਅਤੇ ਚੁਣੌਤੀ ਬਣ ਜਾਵੇਗੀ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, (ਤਰਨ ਤਾਰਨ)।

ਚੋਣ ਵਾਅਦੇ

ਪੰਜਾਬ ਵਿਚ ਸਿਆਸੀ ਪਾਰਟੀਆਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਤੋਂ ਹੀ ਕਮਰ ਕੱਸ ਲਈ ਹੈ। ਖਾਸ ਕਰਕੇ ਚੋਣਾਂ ਵਾਲੇ ਵਾਅਦਿਆਂ ਦੀਆਂ ਝੜੀਆਂ ਲਗਾਉਣ ਸਬੰਧੀ। ਰਾਜਨੀਤਕ ਪਾਰਟੀਆਂ ਨੂੰ ਇਸ ਸਬੰਧੀ ਬਹੁਤ ਹੀ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਇਕ ਕਿਸਮ ਦੀ ਵੋਟਰਾਂ ਦੀ ਮਾਨਸਿਕ ਲੁੱਟ ਹੀ ਹੁੰਦੀ ਹੈ। ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਵਾਅਦਿਆਂ ਦੀ ਲਗਾਈ ਝੜੀ ਵਿਚ ਘਰ-ਘਰ ਨੌਕਰੀ ਅਤੇ ਕਿਸਾਨਾਂ ਦਾ 'ਸਭ ਪ੍ਰਕਾਰ ਦਾ ਕਰਜ਼ਾ ਮੁਆਫ਼' ਕਰਨ ਸਬੰਧੀ ਗੱਲ ਕਹੀ ਸੀ। ਉਸ ਸਮੇਂ ਹੀ ਕੁਝ ਕੁ ਸੂਝਵਾਨ ਵੋਟਰਾਂ ਨੂੰ ਪਤਾ ਸੀ ਕਿ ਇਹ ਵਾਅਦਾ ਸਿਰੇ ਨਹੀਂ ਚੜ੍ਹਨਾ। ਇਕ ਬੱਚੇ ਨੂੰ ਟਾਫੀ ਦੇ ਲਾਲਚ ਦੇਣ ਵਾਂਗ ਪੰਜਾਬੀਆਂ ਨੂੰ ਲੁਭਾਊ ਲਾਲਚ ਦੇ ਕੇ ਨਾਲ ਤੋਰਨਾ ਮਿਹਨਤੀ ਪੰਜਾਬੀਆਂ ਨਾਲ ਖਿਲਵਾੜ ਹੈ। ਜੇਕਰ ਪੰਜਾਬ ਨੂੰ ਅਰਬਾਂ ਰੁਪਏ ਕਰਜ਼ਾ ਮੋੜਨ ਦੀ ਫਿਕਰ ਨਾ ਹੋਵੇ ਤਾਂ ਪੰਜਾਬ ਦੀਆਂ ਟੁੱਟੀਆਂ ਸੜਕਾਂ, ਸਕੂਲ, ਹਸਪਤਾਲ ਇਕ ਖੁਸ਼ਹਾਲ ਪੰਜਾਬ ਦੀ ਹਾਮੀ ਭਰਨ। ਪੰਜਾਬੀਆਂ ਨੂੰ ਲਾਲਚ ਦੇਣ ਨਾਲੋਂ ਪੰਜਾਬ ਦੇ ਲੁੱਟ ਹੋ ਰਹੇ ਸਾਧਨਾਂ ਨੂੰ ਲੁੱਟ ਤੋਂ ਬਚਾ ਲਓ, ਬਾਕੀ ਪੰਜਾਬੀ ਮਿਹਨਤੀ ਹਨ ਇਹ ਆਪੇ-ਆਪਣੀ ਮਿਹਨਤ ਦੇ ਝੰਡੇ ਗੱਡ ਲੈਣਗੇ।

-ਮਾ: ਸਰਤਾਜ ਸਿੰਘ ਬੈਨੀਪਾਲ
ਪਿੰਡ ਘੁੰਗਰਾਲੀ ਰਾਜਪੂਤਾਂ, ਜ਼ਿਲ੍ਹਾ ਲੁਧਿਆਣਾ।

ਵਧਦੀਆਂ ਕੀਮਤਾਂ

ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਲਗਪਗ ਦੋ ਸਾਲਾਂ ਤੋਂ ਤੇਲ ਅਤੇ ਤੇਲ ਪਦਾਰਥਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ ਪੈਟਰੋਲ 100 ਰੁਪਏ ਦਾ ਅੰਕੜਾ ਪਾਰ ਕਰ ਚੁੱਕਾ ਹੈ। ਇਸੇ ਹੀ ਤਰ੍ਹਾਂ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਜਦੋਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਹੇਠਲੇ ਪੱਧਰ 'ਤੇ ਆ ਗਈਆਂ ਸਨ, ਉਦੋਂ ਵੀ ਆਮ ਖਪਤਕਾਰਾਂ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਸੀ। ਅਜਿਹੇ ਸਮੇਂ ਵਿਚ ਸਰਕਾਰਾਂ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਪੈਟਰੋਲ ਡੀਜ਼ਲ ਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਲੋਂ ਲਗਾਏ ਟੈਕਸਾਂ ਨੂੰ ਘਟਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਸਰਕਾਰ ਦਾ ਕੰਮ ਕੇਵਲ ਮੁਨਾਫਾ ਕਮਾਉਣਾ ਹੀ ਨਹੀਂ ਹੁੰਦਾ। ਕੋਰੋਨਾ ਦੀ ਬਿਮਾਰੀ ਕਾਰਨ ਝੰਬੇ ਲੋਕਾਂ ਦੀ ਵੀ ਸਾਰ ਲਈ ਜਾਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਦਾ ਕੰਮ ਕੇਵਲ ਮੁਨਾਫਾ ਕਮਾਉਣਾ ਹੀ ਨਹੀਂ ਹੁੰਦਾ। ਜਦੋਂ ਜੀ.ਐਸ.ਟੀ. ਨੂੰ ਲਾਗੂ ਕੀਤਾ ਗਿਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 'ਇਕ ਦੇਸ਼ ਇਕ ਟੈਕਸ' ਦਾ ਨਾਅਰਾ ਦਿੱਤਾ ਸੀ ਪ੍ਰੰਤੂ ਪੈਟਰੋਲ ਅਤੇ ਡੀਜ਼ਲ ਉਪਰ ਜੀ.ਐਸ.ਟੀ. ਲਾਗੂ ਨਹੀਂ ਕੀਤਾ ਗਿਆ ਸੀ। ਜੇਕਰ ਪੈਟਰੋਲ, ਡੀਜ਼ਲ ਉੱਪਰ ਵੀ ਜੀ.ਐਸ.ਟੀ. ਲਗਾ ਦਿੱਤੀ ਜਾਵੇ ਤਾਂ ਆਮ ਲੋਕਾਂ ਨੂੰ ਕਾਫੀ ਵੱਡੀ ਪੱਧਰ 'ਤੇ ਰਾਹਤ ਮਿਲ ਸਕਦੀ ਹੈ, ਬਸ਼ਰਤੇ ਕਿ ਸਰਕਾਰਾਂ ਸੁਹਿਰਦ ਹੋਣ।

-ਪਿਆਰਾ ਸਿੰਘ ਚੰਦੀ
ਪਿੰਡ ਚੰਨਣ ਵਿੰਡੀ, ਤਹਿ; ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ।

05-07-2021

 ਕੜਾਕੇ ਦੀ ਗਰਮੀ ਤੇ ਪਾਵਰ ਕੱਟ
ਭਾਵੇਂ ਸਰਕਾਰਾਂ ਬਿਜਲੀ ਪ੍ਰਬੰਧਾਂ ਦੇ ਸੁਧਾਰ ਅਤੇ ਰਾਜ ਵਿਚ ਸਰਪਲੱਸ ਬਿਜਲੀ ਹੋਣ ਦੇ ਦਾਅਵੇ ਕਰਦੀਆਂ ਹਨ ਪ੍ਰੰਤੂ ਹਕੀਕਤ ਸਾਰਿਆਂ ਦੇ ਸਾਹਮਣੇ ਹੈ। ਇਕ ਪਾਸੇ ਜਿਤੇ ਅੱਤ ਦੀ ਗਰਮੀ ਲੋਕਾਂ ਦੇ ਵੱਟ ਕੱਢ ਰਹੀ ਹੈ, ਉਥੇ ਹੀ ਪਾਵਰਕਾਮ ਵਲੋਂ ਅਣਐਲਾਨੇ ਤੇ ਅਣਮਿੱਥੇ ਲੰਬੇ-ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਕਿਸਾਨਾਂ ਨੂੰ ਵੀ ਪੂਰੀ ਬਿਜਲੀ ਨਾ ਮਿਲਣ ਤੇ ਬਰਸਾਤ ਵੀ ਨਾ ਹੋਣ ਕਾਰਨ ਜਿਥੇ ਝੋਨੇ ਦੀ ਬਿਜਾਈ ਪਛੜ ਗਈ ਹੈ, ਉਥੇ ਹੀ ਜੋ ਝੋਨਾ ਲੱਗਿਆ ਹੈ, ਉਹ ਵੀ ਕਈ ਥਾਈਂ ਸੁੱਕਣ ਕਿਨਾਰੇ ਹੈ ਅਤੇ ਕਿਸਾਨਾਂ ਵਿਚ ਵੱਡਾ ਰੋਸ ਹੈ ਅਤੇ ਉਹ ਹਾਈਵੇ, ਬਿਜਲੀ ਦਫ਼ਤਰ ਅੱਗੇ ਗਰਮੀ ਦੇ ਮੌਸਮ ਵਿਚ ਧਰਨੇ ਦੇਣ ਲਈ ਮਜਬੂਰ ਹਨ। ਭਾਵੇਂ ਪਿਛਲੇ ਸਮਿਆਂ ਦੌਰਾਨ ਮੁਫ਼ਤ ਦਿੱਤੀ ਜਾ ਰਹੀ ਬਿਜਲੀ ਨੇ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੈ ਪ੍ਰੰਤੂ ਹੁਣ ਫਿਰ ਤੋਂ ਵੋਟਾਂ ਕਾਰਨ ਲੋਕਾਂ ਨੂੰ ਹੋਰ ਮੁਫਤ ਬਿਜਲੀ ਦੇਣ ਦੇ ਰਾਜਨੀਤਕ ਪਾਰਟੀਆਂ ਵਾਅਦੇ ਕਰ ਰਹੀਆਂ ਹਨ। ਇਸ ਵਾਰ ਬਰਸਾਤ ਵਿਚ ਵੀ ਦੇਰੀ ਹੋ ਰਹੀ ਹੈ, ਜੇਕਰ ਆਉਣ ਵਾਲੇ ਦਿਨਾਂ ਵਿਚ ਭਾਰੇ ਮੀਂਹ ਨਾ ਪਏ ਤਾਂ ਹਾਲ ਬਦ ਤੋਂ ਬਦਤਰ ਹੋ ਸਕਦੇ ਹਨ। ਸ਼ਹਿਰਾਂ ਤੇ ਪਿੰਡਾਂ ਵਿਚ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਪਾਵਰਕਾਮ ਨੂੰ ਹੋਰ ਸਿਰਤੋੜ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇ ਤੇ ਕਿਸਾਨਾਂ ਨੂੰ ਪੈਡੀ ਸੀਜਨ ਦੌਰਾਨ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਹੋ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ।

02-07-2021

 ਆਰਥਿਕ ਬੋਝ
ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀ ਜੋ ਰਿਪੋਰਟ 2016 ਵਿਚ ਲਾਗੂ ਕਰਨੀ ਸੀ, ਉਸ ਨੂੰ ਪੰਜ ਸਾਲ ਤੋਂ ਵੱਧ ਸਮਾਂ ਲਮਕਾਉਂਦੇ ਜੂਨ 2021 ਤੱਕ ਲੈ ਆਈ। ਜੇਕਰ ਅਗਲੇ ਸਾਲ ਚੋਣਾਂ ਨਾ ਹੁੰਦੀਆਂ ਸ਼ਾਇਦ ਇਸ ਰਿਪੋਰਟ ਨੂੰ ਹੋਰ ਵੀ ਲਮਕਾਇਆ ਜਾਣਾ ਸੀ। ਇਸ ਰਿਪੋਰਟ ਅਨੁਸਾਰ ਜੋੜ-ਤੋੜ ਲਗਾ ਰਹੇ ਮੁਲਾਜ਼ਮਾਂ ਨੂੰ ਕੁਝ ਵੀ ਪੱਲੇ ਪੈਂਦਾ ਦਿਖਾਈ ਨਹੀਂ ਦੇ ਰਿਹਾ। ਉਪਰੋਂ ਬਕਾਏ ਦੀਆਂ ਸਾਲਾਨਾ ਦੋ ਕਿਸ਼ਤਾਂ ਕਰਕੇ ਬਕਾਇਆ ਅਗਲੀ ਸਰਕਾਰ ਦੇ ਰਹਿਮੋ-ਕਰਮ 'ਤੇ ਛੱਡ ਦਿੱਤਾ ਗਿਆ ਹੈ, ਜਿਸ ਦਾ ਲਗਭਗ ਸਾਰੀਆਂ ਹੀ ਮੁਲਾਜ਼ਮ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਜਦੋਂ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਕੁਝ ਇਜ਼ਾਫ਼ਾ ਕਰਨਾ ਹੁੰਦਾ ਹੈ ਤਾਂ ਕਰੋੜਾਂ ਵਿਚ ਆਰਥਿਕ ਬੋਝ ਦੀ ਗੱਲ ਪਹਿਲਾਂ ਕੀਤੀ ਜਾਂਦੀ ਹੈ। ਕੀ ਸਿਰਫ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾਲ ਖਜ਼ਾਨੇ 'ਤੇ ਆਰਥਿਕ ਬੋਝ ਪੈਂਦਾ ਹੈ? ਕੀ ਮੰਤਰੀਆਂ ਦੀਆਂ ਤਨਖ਼ਾਹਾਂ, ਪੈਨਸ਼ਨਾਂ, ਭੱਤੇ ਵਧਾਉਣ ਸਮੇਂ ਖਜ਼ਾਨੇ 'ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ?


-ਚਾਨਣ ਦੀਪ ਸਿੰਘ ਔਲਖ।


ਮਹਿੰਗਾਈ ਦੀ ਮਾਰ
ਸਾਡੇ ਦੇਸ਼ ਵਿਚ ਵਧ ਰਹੀ ਮਹਿੰਗਾਈ ਨੇ ਗ਼ਰੀਬ ਅਤੇ ਮੱਧ ਵਰਗ ਦਾ ਬੁਰੀ ਤਰ੍ਹਾਂ ਕਚੂਮਰ ਕੱਢ ਰੱਖਿਆ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਅਸਮਾਨ ਨੂੰ ਜਾ ਲੱਗੀਆਂ ਹਨ। ਕੋਰੋਨਾ ਕਾਲ ਵਿਚ ਜਿਥੇ ਲੋਕਾਂ ਦੀ ਆਰਥਿਕਤਾ ਨੂੰ ਖੋਰਾ ਲੱਗ ਚੁੱਕਿਆ ਹੈ, ਉਥੇ ਹੀ ਕੇਂਦਰ ਤੇ ਰਾਜ ਸਰਕਾਰਾਂ ਲੋਕਾਂ ਦੀ ਜੇਬ ਨੂੰ ਕੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੈਂਕੜਾ ਲਗਾ ਚੁੱਕੀਆਂ ਹਨ ਜਦ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਕੋਈ ਖਾਸ ਪਰਿਵਰਤਨ ਨਹੀਂ ਆਇਆ।
ਲੋਕਤੰਤਰ ਵਿਚ ਸਰਕਾਰਾਂ ਦਾ ਫ਼ਰਜ਼ ਲੋਕਾਂ ਪ੍ਰਤੀ ਹੁੰਦਾ ਹੈ ਅਤੇ ਜਨਤਾ ਦੀ ਆਵਾਜ਼ ਹੀ ਰੱਬ ਦੀ ਆਵਾਜ਼ ਹੁੰਦੀ ਹੈ ਪਰ ਸਾਡੀ ਸਰਕਾਰ ਲੋਕਾਂ ਦੀ ਆਵਾਜ਼ ਕੇਵਲ ਵੋਟਾਂ ਸਮੇਂ ਹੀ ਸੁਣਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਗ਼ਲਤ ਨੀਤੀਆਂ ਦੀ ਵਿਰੋਧਤਾ ਕਰਨ ਅਤੇ ਮੀਡੀਆ ਨੂੰ ਵੀ ਉਚਿਤ ਭੂਮਿਕਾ ਨਿਰਪੱਖ ਹੋ ਕੇ ਨਿਭਾਉਣੀ ਚਾਹੀਦੀ ਹੈ।


-ਮਨਦੀਪ ਸਿੰਘ ਸਿਵੀਆ
ਪਿੰਡ ਤੇ ਡਾਕ: ਜੋੜਕੀ ਅੰਧੇ ਵਾਲੀ।


ਬਦਲਾਅ
ਅੱਜ ਦੇ ਪੰਜਾਬ ਦੇ ਹਾਲਾਤ ਬਾਰੇ ਪੂਰੀ ਦੁਨੀਆ ਜਾਣੂ ਹੈ ਕਿ ਕਿਵੇਂ ਸਰਕਾਰੀ ਡਾਂਗ ਕਦੇ ਅਧਿਆਪਕ, ਕਦੇ ਪੈਰਾ ਖਿਡਾਰੀ ਅਤੇ ਕਦੇ ਕਿਸਾਨਾਂ ਦੀ ਪਿੱਠ ਥਾਪੜ ਰਹੀ ਹੈ ਤੇ ਅਸੀਂ ਇਸ ਦਾ ਜਵਾਬ ਸਿਰਫ ਇਕ ਉਂਗਲ ਨਾਲ ਦੇ ਸਕਦੇ ਹਾਂ। ਪਰ ਅਸੀਂ ਇਸ ਸਭ ਨੂੰ ਸਹਿਣ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਚੰਗੇ ਉਮੀਦਵਾਰ ਨੂੰ ਲਿਆਉਣ ਲਈ ਸਾਡੇ ਕੋਲ ਤਾਕਤ ਹੁੰਦੀ ਹੈ, ਉਸ ਵੇਲੇ ਜਾਂ ਤਾਂ ਅਸੀਂ ਪਾਰਟੀਬਾਜ਼ੀ ਵਿਚ ਫਸ ਜਾਂਦੇ ਹਾਂ ਜਾਂ ਫਿਰ ਸੌਂਫੀਆ, ਮੋਟਾ ਸੰਤਰਾ ਜਿਹੀਆਂ ਅਨੇਕਾਂ ਗਤੀਵਿਧੀਆਂ ਕਾਰਨ ਸਾਡੀ ਉਂਗਲ ਲੜਖੜਾਉਣ ਲਗਦੀ ਹੈ ਅਤੇ ਆਪਣੀ ਉਸ ਇਕ ਗ਼ਲਤੀ ਦਾ ਹਰਜਾਨਾ ਪੰਜ ਸਾਲ ਭੁਗਤਦੇ ਹਾਂ। ਜੇਕਰ ਅਸੀਂ ਇਸ ਸਭ ਵਿਚ ਫੇਰਬਦਲ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਆਪਣੇ-ਆਪ ਨੂੰ ਬਦਲਣ ਦੀ ਲੋੜ ਹੈ। ਸਾਨੂੰ ਸਾਡੇ ਹੱਕਾਂ ਪ੍ਰਤੀ ਸੁਚੇਤ ਹੋਣ ਅਤੇ ਮਜ਼ਬੂਤੀ ਨਾਲ ਖੜ੍ਹਨ ਦੀ ਲੋੜ ਹੈ। ਅਸੀਂ ਸਭ ਇਕ ਰੁੱਖ ਦੀ ਤਰ੍ਹਾਂ ਹਾਂ, ਜੇਕਰ ਕੁਝ ਟਾਹਣੀਆਂ ਵੱਢੀਆਂ ਗਈਆਂ ਤਾਂ ਤੇਜ਼ ਹਵਾ ਦਾ ਸਾਹਮਣਾ ਬਾਕੀ ਬਚੀਆਂ ਟਾਹਣੀਆਂ ਨੂੰ ਹੀ ਕਰਨਾ ਪਵੇਗਾ। ਸੋ, ਇਕੱਠੇ ਹੋਵੋ ਅਤੇ ਆਪਣੀ ਤਾਕਤ ਦਾ ਸਹੀ ਇਸਤੇਮਾਲ ਕਰੋ। ਸਹੀ ਵੋਟ ਕਰੋ।


-ਨਿਰਭੈ ਸਿੰਘ ਨਾਭਾ।


ਮੁਸ਼ਕਿਲ ਸਮਾਂ
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਨੇਕਾਂ ਹੀ ਘਰ ਆਪਣੇ ਮਰੀਜ਼ਾਂ ਨੂੰ ਗੁਆ ਚੁੱਕੇ ਹਨ। ਕਈ ਮਾਪੇ ਆਪਣੇ ਬੱਚੇ ਗੁਆ ਚੁੱਕੇ ਹਨ। ਕਈ ਬੱਚੇ ਆਪਣੇ ਮਾਪੇ ਗੁਆ ਚੁੱਕੇ ਹਨ ਅਤੇ ਕਈ ਤਾਂ ਘਰ ਹੀ ਖਾਲੀ ਹੋ ਗਏ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਦਾ ਦਰਦ ਬਹੁਤ ਵੱਡਾ ਹੈ। ਇਨ੍ਹਾਂ ਬੱਚਿਆਂ ਦੇ ਦੁੱਖ ਦਾ ਅੰਤ ਨਹੀਂ ਜਿਹੜੇ ਅਨਾਥ ਹੋ ਗਏ ਹਨ, ਕਿੰਨੀ ਮੁਸ਼ਕਿਲ ਭਰੇ ਸਮੇਂ 'ਚੋਂ ਲੰਘ ਰਹੇ ਹੋਣਗੇ। ਇਨ੍ਹਾਂ ਬੱਚਿਆਂ ਨੂੰ ਅਨੇਕਾਂ ਨਵੀਆਂ ਮੁਸੀਬਤਾਂ ਦੇ ਨਾਲ-ਨਾਲ ਮਸਾਜਿਕ ਤੇ ਆਰਥਿਕ ਸਮੱਸਿੱਾਵਾਂ 'ਚੋਂ ਵੀ ਗੁਜ਼ਰਨਾ ਪੈ ਰਿਹਾ ਹੋਣੈ। ਇਨ੍ਹਾਂ ਬੱਚਿਆਂ ਦਾ ਭਵਿੱਖ ਹਨੇਰੇ ਵਿਚ ਨਾ ਜਾਵੇ ਇਸ ਲਈ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਨੂੰ ਅੱਗੇ ਆ ਕੇ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕਦੀ ਕਿਸੇ ਨੇ ਸੋਚਿਆ ਨਹੀਂ ਹੋਣਾ ਕਿ ਕੋਰੋਨਾ ਮਹਾਂਮਾਰੀ ਕਾਰਨ ਦੇਸ਼ਾਂ 'ਚ ਏਨੀ ਵੱਡੀ ਗਿਣਤੀ 'ਚ ਬੱਚੇ ਅਨਾਥ ਹੋ ਜਾਣਗੇ। ਸੋ, ਇਨ੍ਹਾਂ ਅਨਾਥ ਹੋਏ ਬੱਚਿਆਂ ਦੀ ਸ਼ਨਾਖਤ ਕਰ ਇਨ੍ਹਾਂ ਦੀ ਸਹਾਇਤਾ ਪਹਿਲ ਦੇ ਆਧਾਰ 'ਤੇ ਕਰਨੀ ਬਣਦੀ ਹੈ।


-ਹਰਮਨਪ੍ਰੀਤ ਸਿੰਘ
ਸਰਹਿੰਦ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ।


ਸਾਫ਼ ਵਾਤਾਵਰਨ ਦੀ ਲੋੜ
ਅੱਜ ਸਾਰਾ ਸੰਸਾਰ ਗਧਲੇ ਹੋ ਰਹੇ ਵਾਤਾਵਰਨ 'ਤੇ ਚਿੰਤਤ ਹੈ। ਗੰਧਲੇ ਹੋ ਰਹੇ ਆਲੇ-ਦੁਆਲੇ ਦੀ ਬਿਹਤਰੀ ਲਈ ਵਿਸ਼ਵ ਦੇ ਨਾਗਰਿਕ ਆਪੋ-ਆਪਣੇ ਉਪਰਾਲੇ ਵੀ ਕਰ ਰਹੇ ਹਨ ਅਤੇ ਸਾਰੇ ਲੋਕ ਇਸ ਮੁੱਦੇ ਦੇ ਹੱਲ ਲਈ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣ ਦੇ ਵਿਚਾਰ ਨਾਲ ਵੀ ਇਕਮੱਤ ਹਨ। ਪੰਜਾਬ ਵਿਚ ਰੁੱਖਾਂ, ਜੰਗਲਾਂ ਹੇਠ ਰਕਬਾ ਵਧਾਉਣ ਲਈ ਬੀਤੇ ਵਰ੍ਹਿਆਂ ਵਿਚ ਯੋਜਨਾਵਾਂ ਬਣੀਆਂ ਹਨ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਮਨਾਉਣ ਲਈ ਲੋਕਾਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਅਤੇ ਆਮ ਜਨਤਾ ਨੂੰ ਲੱਖਾਂ ਦੀ ਗਿਣਤੀ ਵਿਚ ਮੁਫ਼ਤ ਬੂਟੇ ਵੀ ਵੰਡੇ ਗਏ। ਇਸ ਸਮੇਂ ਪੰਜਾਬ ਵਿਚ 1848 ਵਰਗ ਕਿੱਲੋਮੀਟਰ ਜੰਗਲ ਹਨ ਜੋ ਕਿ ਪੰਜਾਬ ਦੇ ਕੁੱਲ ਰਕਬੇ ਦਾ 3.67 ਪ੍ਰਤੀਸ਼ਤ ਹਿੱਸਾ ਹੈ ਪਰ ਭਾਰਤ ਅਤੇ ਵਿਸ਼ਵ ਦੀ ਤੁਲਨਾ ਵਿਚ ਬਹੁਤ ਹੀ ਘੱਟ ਹੈ।
ਹੁਣ ਲੋੜ ਹੈ ਕਿ ਸਰਕਾਰ ਅਤੇ ਹੋਰ ਸੰਸਥਾਵਾਂ ਬਰਸਾਤਾਂ ਵਿਚ ਬੂਟੇ ਲਗਾਉਣ ਲਈ ਲੋਕਾਂ ਦੀ ਅਗਵਾਈ ਕਰਨ ਜਿਸ ਨਾਲ ਇਸ ਬਰਬਾਦ ਹੋ ਰਹੇ ਵਾਤਾਵਰਨ ਨੂੰ ਸਾਫ਼ ਕਰਨ ਵਿਚ ਸਹਾਈ ਹੁੰਦੇ ਰੁੱਖਾਂ ਨੂੰ ਲਗਾਇਆ ਜਾਵੇ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਯਕੀਨੀ ਬਣਾਈ ਜਾ ਸਕੇ।


-ਡਾ. ਗੁਰਇਕਬਾਲ ਸਿੰਘ ਬੋਦਲ
ਦਸੂਹਾ, ਹੁਸ਼ਿਆਰਪੁਰ।

01-07-2021

 ਸਿੱਖ ਲੜਕੀਆਂ ਦਾ ਜਬਰੀ ਧਰਮ ਪਰਿਵਰਤਨ
ਭਾਰਤ ਧਰਮ-ਨਿਰਪੱਖ ਦੇਸ਼ ਹੈ। ਸੰਵਿਧਾਨ ਦੇ ਤੌਰ 'ਤੇ ਕਿਸੇ ਵਿਅਕਤੀ ਨੂੰ ਧਰਮ, ਜਾਤ ਤੇ ਰੰਗ ਤੋਂ ਬਰਾਬਰ ਦੇਖਿਆ ਜਾਂਦਾ ਹੈ। ਕਸ਼ਮੀਰ ਘਾਟੀ ਵਿਚ ਦੋ ਸਿੱਖ ਲੜਕੀਆਂ ਦਾ ਜਬਰੀ ਧਰਮ ਪਰਿਵਤਨ ਕਰਕੇ ਉਨ੍ਹਾਂ ਦਾ ਵਿਆਹ ਵੱਡੀ ਉਮਰ ਦੇ ਮੁਸਲਿਮ ਵਿਅਕਤੀਆਂ ਨਾਲ ਕਰਨ ਦੀਆਂ ਖ਼ਬਰਾਂ ਪੜ੍ਹੀਆਂ, ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਦਖ਼ਲ ਤੋਂ ਬਾਅਦ ਇਕ ਲੜਕੀ ਵਾਪਸ ਆ ਗਈ। ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਵਿਚ ਇਹ ਵਰਤਾਰਾ ਲਗਾਤਾਰ ਚੱਲ ਰਿਹਾ ਹੈ ਕਿ ਹਿੰਦੂ ਅਤੇ ਸਿੱਖਾਂ ਦੀਆਂ ਔਰਤਾਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਪਾਕਿਸਤਾਨ ਵਿਚ ਹੋ ਰਹੇ ਇਸ ਘਿਨਾਉਣੇ ਕਾਰੇ ਦਾ ਭਾਰਤੀ ਹਿੰਦੂਆਂ, ਸਿੱਖਾਂ ਵਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ, ਇਹ ਬਿਲਕੁਲ ਸਹੀ ਵੀ ਹੈ। ਪਾਕਿਸਤਾਨ ਦੇ ਤੌਰ 'ਤੇ ਦੇਖੀਏ ਤਾਂ ਸਮਝ ਆਉਂਦੀ ਹੈ ਕਿ ਉਹ ਮੁਸਲਿਮ ਦੇਸ਼ ਹੈ ਉਥੇ ਘੱਟ-ਗਿਣਤੀਆਂ ਸ਼ੁਰੂ ਤੋਂ ਖ਼ਤਰੇ ਵਿਚ ਹਨ ਪਰ ਭਾਰਤ ਵਿਚ ਘੱਟ-ਗਿਣਤੀਆਂ ਪ੍ਰਤੀ ਇਸ ਤਰ੍ਹਾਂ ਦਾ ਕਾਰਾ ਹੋਣਾ ਇਥੋਂ ਦੇ ਸੰਵਿਧਾਨ 'ਤੇ ਵੀ ਸਵਾਲੀਆ ਚਿੰਨ੍ਹ ਲਗਾਉਂਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਵੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਤੱਕ ਪਹੁੰਚ ਕਰਕੇ ਕਸ਼ਮੀਰ ਵਿਚ ਘੱਟ-ਗਿਣਤੀ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਅਫ਼ਸੋਸ ਦੀ ਗੱਲ ਹੈ ਕਿ ਇਸ ਸਬੰਧ ਵਿਚ ਪੂਰੇ ਭਾਰਤ ਜਾਂ ਕਸ਼ਮੀਰ ਵਿਚੋਂ ਕਿਸੇ ਮੁਸਲਿਮ ਧਾਰਮਿਕ, ਰਾਜਨੀਤਕ ਆਗੂ ਦਾ ਕੋਈ ਬਿਆਨ ਨਹੀਂ ਆਇਆ ਜੋ ਇਸ ਘਿਨਾਉਣੇ ਕਾਰੇ ਦੀ ਨਿੰਦਾ ਕਰਦਾ ਹੋਵੇ।


-ਬਲਜੀਤ ਬੱਲੀ
ਬਬਾਨੀ ਕਲਾਂ, ਜ਼ਿਲ੍ਹਾ ਰੋਪੜ।


ਸਿਹਤ ਸਹੂਲਤਾਂ ਦੀ ਘਾਟ ਕਿਉਂ?
ਸਿਹਤ ਵਿਭਾਗ ਵਲੋਂ ਪਿੰਡਾਂ ਵਿਚ ਡਿਸਪੈਂਸਰੀਆਂ ਦੀ ਵਿਵਸਥਾ ਜ਼ਰੂਰ ਕੀਤੀ ਗਈ ਹੈ ਪਰ ਉਨ੍ਹਾਂ 'ਚ ਡਾਕਟਰਾਂ, ਦਵਾਈਆਂ ਦੀ ਘਾਟ ਅਕਸਰ ਰੜਕਦੀ ਰਹਿੰਦੀ ਹੈ। ਕਈ ਪਿੰਡਾਂ ਵਿਚ ਆਯੁਰਵੈਦਿਕ ਦਵਾਖਾਨੇ ਵੀ ਖੋਲ੍ਹੇ ਗਏ ਹਨ ਜੋ ਕਿ ਚਿੱਟਾ ਹਾਥੀ ਬਣ ਕੇ ਰਹਿ ਗਏ ਹਨ। ਕਈ ਪਿੰਡ ਸ਼ਹਿਰਾਂ ਤੋਂ ਦੂਰ ਹੋਣ ਕਾਰਨ ਰਾਤ-ਬਰਾਤੇ ਸਿਹਤ ਸਹੂਲਤਾਂ ਦੀ ਘਾਟ ਕਾਰਨ ਅਨਮੋਲ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਕੀ ਸਿਹਤ ਵਿਭਾਗ ਇਨ੍ਹਾਂ ਤੱਥਾਂ ਵੱਲ ਧਿਆਨ ਦੇਵੇਗਾ? ਹਰ ਪਿੰਡ 'ਚ ਸਿਹਤ ਸਹੂਲਤ ਯਕੀਨੀ ਬਣਾਏ ਜਾਣ ਦਾ ਉਪਰਾਲਾ ਕੀਤਾ ਜਾਵੇ ਤਾਂ ਚੰਗੀ ਪਹਿਲ ਹੋਵੇਗੀ।


-ਰਾਜਿੰਦਰ ਵਰਮਾ
ਲੁਧਿਆਣਾ।

30-06-2021

 ਆਮ ਜਨਤਾ ਨਾਲ ਵਿਤਕਰਾ ਕਿਉਂ?

ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਮ ਜਨਤਾ ਨਾਲ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਉੱਚ-ਪੱਧਰ ਦੀਆਂ ਸਰਕਾਰੀ ਨੌਕਰੀਆਂ ਦੇ ਕੇ ਆਮ ਜਨਤਾ ਅਤੇ ਉਨ੍ਹਾਂ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਬੱਚਿਆਂ ਨਾਲ ਧੋਖਾ ਕਿਉਂ ਕੀਤਾ ਗਿਆ? ਇਕ ਪਾਸੇ ਗ਼ਰੀਬਾਂ ਦੇ ਪੜ੍ਹੇ-ਲਿਖੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਵੀ ਬੇਰੁਜ਼ਗਾਰ ਬੈਠੇ ਹਨ ਅਤੇ ਦੂਜੇ ਪਾਸੇ ਪ੍ਰੀਖਿਆ ਤੋਂ ਬਗੈਰ ਹੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨਾਜਾਇਜ਼ ਉੱਚ ਪੱਧਰੀ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਗਈਆਂ ਜੋ ਕਿ ਕੈਪਟਨ ਸਰਕਾਰ ਦਾ ਬਹੁਤ ਹੀ ਇਤਰਾਜ਼ਯੋਗ ਫ਼ੈਸਲਾ ਹੈ।
ਮੇਰੀ ਆਮ ਜਨਤਾ ਅਤੇ ਦੇਸ਼ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਆਉਣ ਵਾਲੇ ਸਾਲਾਂ ਵਿਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਲਈ ਸੂਝ-ਬੂਝ ਵਾਲਾ ਨੇਤਾ ਚੁਣਿਆ ਜਾਵੇ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

ਨਾਲੇ ਪੁੰਨ ਨਾਲੇ ਫਲੀਆਂ

ਪਿਛਲੇ ਦਿਨੀਂ ਲੈਕਚਰਾਰ ਵਰਿੰਦਰ ਸ਼ਰਮਾ ਨੇ ਆਪਣੇ ਲੇਖ 'ਭਲਕੇ ਆਇਓ....' ਰਾਹੀਂ ਦਫ਼ਤਰਾਂ ਵਿਚ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਆਪਣੇ ਗਾਹਕਾਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ ਬਾਰੇ ਸਹੀ ਤਸਵੀਰ ਪੇਸ਼ ਕੀਤੀ ਹੈ। ਜਿਹੜੇ ਅਧਿਕਾਰੀ ਕਰਮਚਾਰੀ ਆਪਣੇ ਗਾਹਕਾਂ ਨਾਲ ਠੀਕ ਵਤੀਰਾ ਨਹੀਂ ਕਰਦੇ, ਉਹ ਸ਼ਾਇਦ ਇਹ ਨਹੀਂ ਜਾਣਦੇ ਕਿ ਕਿਸੇ ਲੋੜਵੰਦ ਦਾ ਸਮੇਂ ਸਿਰ ਕੰਮ ਹੋਣ ਅਤੇ ਮੁਸ਼ਕਿਲ ਹੱਲ ਹੋਣ 'ਤੇ ਉਸ ਦੇ ਮੂੰਹੋਂ ਜੋ ਅਸੀਸਾਂ ਨਿਕਲਦੀਆਂ ਹਨ, ਉਹ ਸਾਡਾ ਜੀਵਨ ਸੁਧਾਰਦੀਆਂ ਹਨ, ਕਿਸੇ ਦਾ ਸਵਾਰ ਕੇ ਮਨ ਨੂੰ ਜੋ ਸਕੂਨ ਮਿਲਦਾ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਲੋਕਾਂ ਦੇ ਕੰਮਕਾਜ ਕਰਨ ਲਈ ਦਫ਼ਤਰਾਂ ਵਿਚ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਇਹ ਵਿਚਾਰ ਕੇ ਡਿਊਟੀ ਨਿਭਾਉਣੀ ਚਾਹੀਦੀ ਹੈ ਕਿ ਰੱਬ ਨੇ ਸਾਨੂੰ ਰੁਜ਼ਗਾਰ ਦੇ ਕੇ ਲੋਕ ਸੇਵਾ ਕਰਨ ਦਾ ਵਧੀਆ ਮੌਕਾ ਦਿੱਤਾ ਹੈ, ਜਿਸ ਵਿਚ ਲੋਕ ਸੇਵਾ ਕਰਨ ਬਦਲੇ ਉਚਿਤ ਤਨਖਾਹ ਵੀ ਮਿਲਦੀ ਹੈ। ਨਾਲੇ ਪੁੰਨ ਨਾਲੇ ਫਲੀਆਂ। ਆਪਣੇ ਗਾਹਕਾਂ ਪ੍ਰਤੀ ਵਧੀਆ ਵਤੀਰਾ ਰੱਖ ਕੇ ਇਕ ਚੰਗੇ ਇਨਸਾਨ ਹੋਣ ਦਾ ਵੀ ਸਬੂਤ ਦੇਣਾ ਚਾਹੀਦਾ ਹੈ।

-ਉਰਮਲਜੀਤ ਸਿੰਘ
17, ਰੋਹਿਣੀ ਕਾਲੋਨੀ, ਬਸਤੀ ਪੀਰ ਦਾਦ, ਜਲੰਧਰ।

ਸਰਕਾਰ ਧਿਆਨ ਦੇਵੇ

ਕੋਰੋਨਾ ਦੀ ਦੂਜੀ ਲਹਿਰ ਦੇ ਮੱਧਮ ਪੈਂਦਿਆਂ ਹੀ ਸਰਕਾਰ ਵਲੋਂ ਕਈ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਤੇ ਹਰੇਕ ਖੇਤਰ ਵਿਚ ਢਿੱਲ ਦਿੱਤੀ ਜਾ ਰਹੀ ਹੈ ਪਰ ਮਨੋਰੰਜਨ ਦੇ ਸਭ ਤੋਂ ਵੱਡੇ ਸਾਧਨ ਸਿਨੇਮਿਆਂ ਨੂੰ ਪਤਾ ਨਹੀਂ ਕਿਉਂ ਖੋਲ੍ਹਿਆ ਨਹੀਂ ਜਾ ਰਿਹਾ। ਫ਼ਿਲਮ ਇੰਡਸਟਰੀ ਨੂੰ ਸਭ ਤੋਂ ਵੱਡੀ ਸਨਅਤ ਮੰਨਿਆ ਜਾਂਦਾ ਹੈ ਤੇ ਸਰਕਾਰ ਨੂੰ ਸਭ ਨਾਲੋਂ ਜ਼ਿਆਦਾ ਟੈਕਸ ਵੀ ਫ਼ਿਲਮਾਂ ਤੋਂ ਹੀ ਮਿਲਦਾ ਹੈ। 'ਅਜੀਤ' ਦੇ ਪਿਛਲੇ ਦਿਨਾਂ ਦੇ ਅੰਕ ਵਿਚ ਛਪੀ ਇਕ ਰਿਪੋਰਟ ਮੁਤਾਬਿਕ ਸਿਰਫ ਪੰਜਾਬ ਦੇ ਹੀ ਸਿਨੇਮਾ ਘਰ ਬੰਦ ਹੋਣ ਕਰਕੇ ਸਿਨੇਮਾ ਮਾਲਕਾਂ ਨੂੰ ਰੋਜ਼ਾਨਾ 3 ਤੋਂ 4 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਇਕ ਅੰਦਾਜ਼ੇ ਮੁਤਾਬਿਕ ਦੇਸ਼ ਭਰ ਵਿਚ ਤਕਰੀਬਨ 9 ਹਜ਼ਾਰ ਮਲਟੀਪਲੈਕਸ ਅਤੇ ਸਿੰਗਲ ਸਕਰੀਨਾਂ ਹਨ। ਪੰਜਾਬ ਵਿਚ ਵੱਖ-ਵੱਖ ਕੰਪਨੀਆਂ ਦੇ 114 ਮਲਟੀਪਲੈਕਸ ਅਤੇ 35 ਸਿੰਗਲ ਸਕਰੀਨਾਂ ਹਨ, ਜਿਨ੍ਹਾਂ ਵਿਚ ਕੰਮ ਕਰਦੇ ਹਜ਼ਾਰਾਂ ਕਾਮਿਆਂ ਦੀ ਨੌਕਰੀ ਖ਼ਤਰੇ ਵਿਚ ਹੈ। ਹੁਣ ਜਦੋਂ ਕਿ ਬੱਸਾਂ ਪੂਰੀਆਂ ਭਰ ਕੇ ਚੱਲਣ ਦੀ ਖੁੱਲ੍ਹ ਹੋ ਗਈ ਹੈ ਤਾਂ ਸਿਨੇਮਿਆਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਹੀ ਦੇਣੀ ਚਾਹੀਦੀ ਹੈ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਹੁਸ਼ਿਆਰਪੁਰ।

ਜਲ ਹੀ ਜੀਵਨ

ਜਿਉਂ ਹੀ 10 ਜੂਨ ਆਈ, ਅਸੀਂ ਆਪਣੇ ਨਿੱਜ ਲਈ ਧਰਤੀ ਦੀ ਹਿੱਕ 'ਚੋਂ ਪਾਣੀ ਖਿੱਚਣਾ ਸ਼ੁਰੂ ਕਰ ਦਿੱਤਾ। ਅਸੀਂ ਆਪਣੇ ਹੱਕਾਂ ਲਈ ਦਿੱਲੀ ਹਿੱਕਾਂ ਡਾਹੀ ਬੈਠੇ ਹਾਂ ਪਰ ਪਾਣੀਆਂ ਨੂੰ ਬਚਾਉਣ ਲਈ ਅਵੇਸਲੇ ਕਿਉਂ? ਪਾਣੀ ਨੂੰ ਬਚਾਉਣ ਖ਼ਾਤਰ ਝੋਨੇ ਦਾ ਬਦਲ ਲੱਭਣਾ ਪੈਣਾ ਨਹੀਂ ਤਾਂ ਅਸੀਂ ਆਪਣੇ ਜੀਵਨ ਕਾਲ 'ਚ ਹੀ ਪਾਣੀ ਖ਼ਤਮ ਕਰ ਦੇਵਾਂਗੇ ਤਾਂ ਜਲਦ ਹੀ ਆਵਾਮ ਦੇ ਸੰਘ ਸੁੱਕਣਗੇ। ਮੋਏ ਇਨਸਾਨ ਅੰਤਿਮ ਇਸ਼ਨਾਨ ਤੋਂ ਬਿਨਾਂ ਹੀ ਸਾੜੇ ਜਾਣਗੇ। ਬਹੁਤ ਜਲਦ ਅਗਲਾ ਵੱਡਾ ਜਲ ਯੁੱਧ ਹੋਵੇਗਾ ਕਿਉਂਕਿ ਜਦ ਧਰਤੀ ਨੇ ਹੀ ਪਾਣੀ ਤੋਂ ਜਵਾਬ ਦੇ ਦਿੱਤਾ, ਦੇਖਦੇ ਹੀ ਦੇਖਦੇ ਪਾਣੀ ਡੇਢ ਸੌ ਫੁੱਟ ਤੋਂ ਵੀ ਥੱਲੇ ਚਲਾ ਗਿਆ। ਹੁਣ ਧਰਤੀ ਸਿੱਲ੍ਹੀ ਨਹੀਂ ਸੁੱਕੀ ਰੱਕੜ ਬਣੀ ਪਈ ਹੈ। ਪਰ ਅਸੀਂ ਚੱਲ ਹੋਊ! ਆਖ ਧਰਤੀ ਦੀ ਹਿੱਕ 'ਚ ਛੇਕ ਕਰ ਇਕ-ਦੂਜੇ ਤੋਂ ਵਧ ਕੇ ਅੰਮ੍ਰਿਤ ਵਰਗਾ ਪਾਣੀ ਝੋਨੇ ਦੀ ਆੜ 'ਚ ਅਜਾਈਂ ਵਹਾ ਰਹੇ ਹਾਂ। ਕਾਸ਼! ਆਪਣੇ ਹੱਕਾਂ ਵਿਚ ਪਾਣੀ ਬਚਾਉਣ ਵਰਗਾ ਹੱਕ ਸ਼ਾਮਿਲ ਹੋਵੇ। ਜਲ ਹੈ ਤਾਂ ਕੱਲ੍ਹ ਹੈ, ਜਲ ਹੀ ਜੀਵਨ ਹੈ। ਆਓ! ਪਾਣੀ ਪ੍ਰਤੀ ਸੁਹਿਰਦ ਹੋਣ ਦਾ ਯਤਨ ਕਰੀਏ।

-ਜਸਬੀਰ ਦੱਧਾਹੂਰ
ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ।

ਅਸੀਂ ਪੰਜਾਬੀ ਜੁ ਹੋਏ

ਅਸੀਂ ਪੰਜਾਬੀ ਇਕ-ਦੂਜੇ ਨਾਲ ਹਿੰਦੀ ਵਿਚ ਗੱਲ ਕਰਦੇ ਹਾਂ। ਅਸੀਂ ਪੰਜਾਬੀ ਆਪਣੇ ਬੱਚਿਆਂ ਨਾਲ ਹਿੰਦੀ ਅੰਗਰੇਜ਼ੀ ਵਿਚ ਗੱਲ ਕਰਦੇ ਹਾਂ। ਅਸੀਂ ਕੋਈ ਪੰਜਾਬੀ ਬੋਲ ਕੇ ਉਜੱਡ ਥੋੜ੍ਹਾ ਕਹਾਉਣਾ ਜੀ, ਅਸੀਂ ਤਾਂ ਉਨ੍ਹਾਂ ਸਕੂਲਾਂ ਵਿਚ ਲੱਖਾਂ ਰੁਪਏ ਦੇ ਕੇ ਖੁਸ਼ ਹਾਂ ਜੋ ਬੱਚਿਆਂ ਨੂੰ ਪੰਜਾਬੀ ਬੋਲੀ ਬੋਲਣ ਤੋਂ ਵਰਜਦੇ ਹਨ। ਅਸੀਂ ਪੰਜਾਬੀ ਜੋ ਹੋਏ। ਸਾਰੇ ਭਾਰਤੀ ਰਾਜਾਂ ਦੇ ਲੋਕ ਆਪਣੀ ਭਾਸ਼ਾ ਵਿਚ ਗੱਲ ਕਰਨਾ ਮਾਣ ਮਹਿਸੂਸ ਕਰਦੇ ਹਨ, ਦੱਖਣ ਭਾਰਤ ਦੇ ਰਾਜਾਂ ਵਿਚ ਸਿਰਫ ਤੇ ਸਿਰਫ ਉਨ੍ਹਾਂ ਦੀ ਭਾਸ਼ਾ ਲਿਖੀ ਹੁੰਦੀ ਹੈ। ਦੁਨੀਆ ਦੇ ਬਹੁਤੇ ਦੇਸ਼ਾਂ ਵਿਚ ਵੀ ਉਥੋਂ ਦੀ ਸਥਾਨਕ ਭਾਸ਼ਾ ਬੋਲੀ ਜਾਂਦੀ ਹੈ। ਜੇ ਅਸੀਂ ਪੰਜਾਬੀ ਉਧਰ ਨੌਕਰੀ ਕਰਨਾ ਚਾਹੀਏ ਤਾਂ ਸਾਨੂੰ ਉਨ੍ਹਾਂ ਦੀ ਭਾਸ਼ਾ ਆਉਣੀ ਚਾਹੀਦੀ ਹੈ ਨਾ ਕਿ ਉਹ ਸਾਡੇ ਕਰਕੇ ਆਪਣੀ ਬੋਲੀ ਛੱਡ ਦੇਣਗੇ ਜਿਵੇਂ ਕਿ ਸਾਡੇ ਵਿਚ ਜ਼ਿਆਦਾਤਰ ਲੋਕ ਪ੍ਰਵਾਸੀ ਭਾਰਤੀਆਂ ਨਾਲ ਹਿੰਦੀ ਵਿਚ ਗੱਲ ਕਰਨੀ ਸ਼ੁਰੂ ਹੋ ਜਾਂਦੇ ਹਨ।
ਮੇਰੇ ਸਿਆਣੇ ਪੰਜਾਬੀ ਸਾਥੀਓ ਹੁਣ ਤਾਂ ਆਪਾਂ ਕਿਸਾਨ ਅੰਦੋਲਨ ਵਿਚ ਵੀ ਦੇਖ ਲਿਆ, ਉਥੇ ਸਾਰਾ ਦਿਨ ਪੰਜਾਬੀ ਹੀ ਬੋਲੀ ਜਾਂਦੀ ਹੈ, ਜਿਸ ਨੂੰ ਹਿੰਦੀ ਸਮਝ ਆ ਜਾਵੇ, ਪੰਜਾਬੀ ਭਾਸ਼ਾ ਸਮਝਣੀ ਬਿਲਕੁਲ ਵੀ ਔਖੀ ਨਹੀਂ ਹੈ। ਫਿਰ ਕਿਉਂ ਪੰਜਾਬ ਦੇ ਸ਼ਹਿਰੀ ਪੰਜਾਬੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ। ਮੈਨੂੰ ਤੇ ਪੰਜਾਬੀ ਬੋਲਣ ਵਿਚ ਬੜੀ ਅਪਣੱਤ ਅਤੇ ਮਾਣ ਮਹਿਸੂਸ ਹੁੰਦਾ ਹੈ। ਮੇਰੀ ਪਿਆਰੀ ਦਾਦੀ, ਨਾਨੀ, ਮਾਂ ਦੀ ਬੋਲੀ, ਮਾਖਿਓ ਮਿੱਠੀ ਮੇਰੀ ਪੰਜਾਬੀ ਬੋਲੀ।

-ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ, ਆਰਮੀ ਪਬਲਿਕ ਸਕੂਲ, ਪਟਿਆਲਾ।

29-06-2021

 ਰਿਸ਼ਤੇ ਨੂੰ ਖੋਰਾ

ਵਰਤਮਾਨ ਸਮੇਂ ਦਾ ਮਨੁੱਖ ਮੋਬਾਈਲ ਦੇ ਚੁੰਗਲ ਵਿਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ। ਮੋਬਾਈਲ ਦੀ ਵਰਤੋਂ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਲੋੜ ਤੋਂ ਵੱਧ ਹੋ ਰਹੀ ਹੈ, ਜਿਸ ਨੇ ਮਨੁੱਖ ਨੂੰ ਪ੍ਰਭਾਵਿਤ ਕਰਕੇ ਸਮਾਜ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮੋਬਾਈਲ ਫੋਨ ਦੇ ਆਦੀਪੁਣੇ ਨੇ ਬੱਚਿਆਂ ਅੰਦਰ ਚਿੜਚਿੜੇਪਣ ਵਿਚ ਵਾਧਾ ਕੀਤਾ ਹੈ ਅਤੇ ਨਾਲ ਹੀ ਬੱਚਿਆਂ ਦੀਆਂ ਮਾਨਸਿਕ ਬਿਮਾਰੀਆਂ ਵਿਚ ਵੀ ਵਾਧਾ ਕੀਤਾ ਹੈ। ਬੱਚਿਆਂ ਤੋਂ ਇਲਾਵਾ ਨੌਜਵਾਨ ਵੀ ਮੋਬਾਈਲ ਦੇ ਨਸ਼ੇ ਵਿਚ ਬੁਰੀ ਤਰ੍ਹਾਂ ਜਕੜੇ ਹੋਏ ਹਨ।
ਵਧੀ ਤਕਨੀਕ ਨੇ ਨਵੇਂ ਸਾਧਨਾਂ ਦੀ ਖੋਜ ਨੇ ਜੀਵਨ ਦੀਆਂ ਸਹੂਲਤਾਂ ਵਿਚ ਜਿਥੇ ਵਾਧਾ ਕੀਤਾ ਹੈ, ਉਥੇ ਹੀ ਆਪਸੀ ਮਿਲਵਰਤਨ ਅਤੇ ਸਾਂਝ ਨੂੰ ਵੀ ਠੇਸ ਪਹੁੰਚਾਈ ਹੈ। ਰਿਸ਼ਤਿਆਂ ਨੂੰ ਤੋੜਨ ਵਿਚ ਮੋਬਾਈਲ ਦੀ ਭੂਮਿਕਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੋਬਾਈਲ ਦੀ ਦੁਨੀਆ ਨੇ ਮਨੁੱਖ ਨੂੰ ਮਨੋਰੋਗੀ ਬਣਾ ਦਿੱਤਾ ਹੈ। ਮੋਬਾਈਲ ਦਾ ਜਾਦੂ ਸਿਰ ਚੜ੍ਹ ਕੇ ਇਸ ਕਦਰ ਬੋਲ ਰਿਹਾ ਹੈ ਕਿ ਅਸੀਂ ਹੁਣ ਕੰਨਾਂ ਵਿਚ ਹੈੱਡ ਫ਼ੋਨ ਲਗਾ ਕੇ ਸੈਰ ਕਰਦੇ ਹਾਂ ਅਤੇ ਇਹ ਰੁਝਾਨ ਵੀ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਜ਼ਰੂਰਤ ਤੋਂ ਬਿਨਾਂ ਕਿਸੇ ਵੀ ਚੀਜ਼ ਦੀ ਵੱਧ ਵਰਤੋਂ ਨੁਕਸਾਨ ਹੀ ਕਰਦੀ ਹੈ। ਅਸਲ ਵਿਚ ਮੋਬਾਈਲ ਦੀ ਦੌੜ ਨੇ ਸਾਡੀ ਜ਼ਿੰਦਗੀ ਵਿਚ ਵਿਖਾਵੇ ਜਿਹੀ ਬਿਮਾਰੀ ਨੂੰ ਹੋਰ ਬੜ੍ਹਾਵਾ ਦਿੱਤਾ ਹੈ। ਲੋੜ ਹੈ ਇਸ ਮੋਬਾਈਲ ਦੀ ਵਰਤੋਂ ਸੀਮਤ ਹੀ ਕੀਤੀ ਜਾਵੇ ਤਾਂ ਕਿ ਸੁਖਦ ਜੀਵਨ ਦਾ ਆਨੰਦ ਮਾਣਿਆ ਜਾ ਸਕਦਾ ਹੈ।

-ਲਖਵੀਰ ਸਿੰਘ
ਪਿੰਡ ਤੇ ਡਾਕ: ਉਦੇਕਰਨ, ਤਹਿ: ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਮਿਲਖਾ ਸਿੰਘ ਸਦਾ ਜਿਊਂਦੇ ਰਹਿਣਗੇ

ਬਹੁਤ ਦੁਖਦਾਈ ਗੱਲ ਹੈ ਕਿ ਬੀਤੇ ਦਿਨੀਂ ਮਹਾਨ ਐਥਲੀਟ ਉਲੰਪੀਅਨ ਮਿਲਖਾ ਸਿੰਘ ਸਾਥੋਂ ਸਰੀਰਕ ਰੂਪ ਵਿਚ ਸਦਾ ਲਈ ਵਿਛੜ ਗਏ। ਪਰ ਅਫ਼ਸੋਸ ਦੀ ਗੱਲ ਹੈ ਕਿ ਜਿਸ ਵਿਅਕਤੀ ਨੇ ਆਪਣੀ 91 ਸਾਲ ਦੀ ਲੰਮੇਰੀ ਜ਼ਿੰਦਗੀ ਪੂਰੀ ਚੜ੍ਹਦੀ ਕਲਾ ਨਾਲ ਬਿਤਾਈ ਹੋਵੇ ਅਤੇ ਜਿਸ ਨੇ ਲੱਖਾਂ-ਕਰੋੜਾਂ ਲੋਕਾਂ ਨੂੰ ਬਿਨਾਂ ਹਾਰ ਦੇ ਡਰ ਤੋਂ ਲਗਾਤਾਰ ਮਿਹਨਤ ਅਤੇ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਹੋਵੇ, ਉਸ ਮਹਾਨ ਸ਼ਖ਼ਸੀਅਤ ਦੀ ਵਿਦਾਇਗੀ ਸਮੇਂ ਕਈ ਮੀਡੀਆ ਚੈਨਲਾਂ ਦੁਆਰਾ ਜਾਣੇ-ਅਣਜਾਣੇ ਵਿਚ ਇਹੋ ਜਿਹੇ ਸ਼ਬਦਾਂ ਜਾਂ ਸਿਰਲੇਖਾਂ ਦੀ ਵਰਤੋਂ ਕਰਨਾ 'ਅਨੇਕਾਂ ਰੇਸ ਦੇ ਮੈਦਾਨ ਜਿੱਤਣ ਵਾਲਾ ਕੋਰੋਨਾ ਤੋਂ ਆਪਣੇ ਜੀਵਨ ਦੀ ਆਖ਼ਰੀ ਰੇਸ ਤੇ ਜੰਗ ਹਾਰ ਗਿਆ' ਬਿਲਕੁਲ ਵੀ ਸਹੀ ਨਹੀਂ ਜਾਪਦਾ। ਮਰਨਾ ਸਾਡੇ ਜੀਵਨ ਦੀ ਇਕ ਅਟੱਲ ਸਚਾਈ ਹੈ ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਜਿਊਂਦੇ ਜੀਅ ਅਤੇ ਮਰਨ ਤੋਂ ਬਾਅਦ ਸਮਾਜ ਨੂੰ ਕੀ ਦੇਣ ਦੇ ਕੇ ਜਾਂਦੇ ਹਾਂ, ਉਸ ਹਿਸਾਬ ਨਾਲ ਹੀ ਸਾਡੇ ਜੀਵਨ ਦੀ ਸਹੀ ਜਿੱਤ ਅਤੇ ਹਾਰ ਦਾ ਫ਼ੈਸਲਾ ਹੁੰਦਾ ਹੈ। ਇਸ ਲਈ ਮਿਲਖਾ ਸਿੰਘ ਵੀ ਆਪਣੇ ਜੋਸ਼, ਜਜ਼ਬੇ ਅਤੇ ਜ਼ਿੰਦਾਦਿਲੀ ਸਦਕਾ ਸਦਾ ਸਾਡੇ ਦਿਲਾਂ ਵਿਚ ਜਿਊਂਦੇ ਅਤੇ ਜੇਤੂ ਰਹਿਣਗੇ।

-ਹਰਗੁਣਪ੍ਰੀਤ ਸਿੰਘ
137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ।

ਕਿਸਾਨਾਂ ਦੀ ਦੁਰਦਸ਼ਾ

ਝੋਨੇ ਦਾ ਸੀਜ਼ਨ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ। ਪਹਿਲੇ ਪੰਦਰਾਂ ਕੁ ਦਿਨ ਖੇਤਾਂ ਵਿਚ ਕੱਦੂ ਕਰਨ ਲਈ, ਝੋਨਾ ਚੱਲਣ ਲਈ ਅਤੇ ਫੇਰ ਦਵਾਈ ਪਾਉਣ ਲਈ ਬਿਜਲੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਅੱਜਕਲ੍ਹ ਖੇਤਾਂ ਵਿਚ ਚੱਲ ਰਹੇ ਬਿਜਲੀਦੇ ਲੰਮੇ-ਲੰਮੇ ਕੱਟਾਂ ਨੇ ਕਿਸਾਨਾਂ ਨੂੰ ਦੁਖੀ ਕਰ ਕੇ ਰੱਖ ਦਿੱਤਾ ਹੈ, ਜਿਸ ਕਰਕੇ ਉਹ ਕਦੇ ਤਾਂ ਰੋਡ ਜਾਮ ਕਰਦੇ ਹਨ ਤੇ ਕਦੇ ਗਰਿੱਡ ਘੇਰਦੇ ਹਨ। ਜੇ. ਈ. ਜਾਂ ਐਸ.ਡੀ.ਓ. ਪਿਛੋਂ ਲੱਗੇ ਪਾਵਰ ਕੱਟ ਦੇ ਆਰਡਰ ਦਾ ਵਾਸਤਾ ਪਾ ਕੇ ਪੱਲਾ ਝੁਡਾ ਲੈਂਦੇ ਹਨ। ਨਾਲ ਹੀ ਇਹ ਗੱਲ ਸਮਝਾ ਦਿੰਦੇ ਹਨ ਕਿ ਇਸ ਮਾਰੀ ਗਈ ਬਿਜਲੀ ਦਾ ਬਕਾਇਆ ਮਿਲਣਯੋਗ ਨਹੀਂ ਹੋਵੇਗਾ। ਉਤੋਂ ਪਾਵਰਕਾਮ ਵਿਚ ਸਟਾਫ ਦੀ ਘਾਟ ਹੋਣ ਕਰਕੇ ਖਰਾਬ ਹੋਈ ਬਿਜਲੀ ਕਈ ਕਈ ਦਿਨ ਨਹੀਂ ਚੱਲਦੀ। ਜਿਸ ਕਰਕੇ ਕਿਸਾਨਾਂ ਨੂੰ ਪੱਲਿਓਂ ਪੈਸੇ ਇਕੱਠੇ ਕਰਕੇ ਕਿਸੇ ਪ੍ਰਾਈਵੇਟ ਬੰਦੇ ਤੋਂ ਬਿਜਲੀ ਠੀਕ ਕਰਵਾਉਣੀ ਪੈਂਦੀ ਹੈ। ਬਿਜਲੀ ਜੀਵਨ ਦੀ ਮੁੱਖ ਲੋੜ ਹੈ। ਇਸ ਨੂੰ ਨਿਰਵਿਘਨ ਦੇਣਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਹੈ। ਰਾਜ ਦਾ ਮੁੱਖ ਮੰਤਰੀ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕਰ ਚੁੱਕਾ ਹੈ, ਫਿਰ ਇਨ੍ਹਾਂ ਪਾਵਰ ਕੱਟਾਂ ਦੇ ਨਾਂਅ 'ਤੇ ਕਿਸਾਨਾਂ ਜਾਂ ਹੋਰ ਵਰਗਾਂ ਨੂੰ ਕਿਉਂ ਰੋਲਿਆ ਜਾ ਰਿਹਾ ਹੈ।

-ਤਰਸੇਮ ਲੰਡੇ
ਪਿੰਡ ਤੇ ਡਾਕ: ਲੰਡੇ, (ਮੋਗਾ)।

ਸਹੀ ਦਿਸ਼ਾ ਵੱਲ ਪੁੱਟਿਆ ਗਿਆ ਸ਼ਲਾਘਾਯੋਗ ਕਦਮਪਿਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਈਦ ਦੇ ਪਵਿੱਤਰ ਮੌਕੇ 'ਤੇ ਅਮਨ ਸ਼ਾਂਤੀ ਦੇ ਗਵਾਹ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਰਸਮੀ ਐਲਾਨ ਕੀਤਾ ਗਿਆ ਸੀ ਤੇ ਥੋੜ੍ਹੇ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਇਸ ਦਾ ਡਿਜੀਟਲ ਉਦਘਾਟਨ ਕੀਤਾ ਗਿਆ ਤੇ ਕਈ ਵਿਕਾਸ ਕਾਰਜਾਂ ਦਾ ਐਲਾਨ ਕੀਤਾ ਗਿਆ। ਇਤਿਹਾਸਕ ਲਿਖਤਾਂ ਅਨੁਸਾਰ ਨਵਾਬ ਮਲੇਰਕੋਟਲਾ ਨੇ ਸੂਬਾ ਸਰਹਿੰਦ ਦੀ ਭਰੀ ਕਚਹਿਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਨੂੰ ਸਰਹਿੰਦ ਦੀਆਂ ਦੀਵਾਰਾਂ ਵਿਚ ਜ਼ਿੰਦਾ ਹੀ ਚਿਣਵਾਉਣ ਦੇ ਹੁਕਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਸੀ ਕਿ ਇਹ ਕੰਮ ਗ਼ੈਰ-ਇਸਲਾਮੀ ਤੇ ਗ਼ੈਰ-ਇਨਸਾਨੀ ਹੈ।
ਦੇਰ ਆਏ ਦਰੁਸਤ ਆਏ ਦੇ ਕਥਨ ਅਨੁਸਾਰ ਪੰਜਾਬ ਸਰਕਾਰ ਦਾ ਇਸ ਇਤਿਹਾਸਕ ਸ਼ਹਿਰ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣਾ ਇਕ ਸਹੀ ਦਿਸ਼ਾ ਵੱਲ ਪੁੱਟਿਆ ਸ਼ਲਾਘਾਯੋਗ ਕਦਮ ਹੈ। ਇਸ ਨੇਕ ਕਾਰਜ ਲਈ ਇਹ ਵਧਾਈ ਦੀ ਪਾਤਰ ਹੈ। ਪੰਜਾਬ ਦੀ ਆਵਾਜ਼ 'ਅਜੀਤ' ਅਖ਼ਬਾਰ ਵਲੋਂ ਸਮੇਂ ਸਿਰ ਇਸ ਇਤਿਹਾਸਕ ਸ਼ਹਿਰ ਦੀ ਮਹੱਤਤਾ ਸਬੰਧੀ ਵਡਮੁੱਲੀ ਜਾਣਕਾਰੀ ਦੇਣ ਲਈ ਸਮੁੱਚੇ ਅਦਾਰਾ 'ਅਜੀਤ' ਦਾ ਤਹਿ ਦਿਲੋਂ ਹਾਰਦਿਕ ਧੰਨਵਾਦ ਕੀਤਾ ਜਾਂਦਾ ਹੈ।

-ਅਮਰਜੀਤ ਸਿੰਘ
ਪੰਡੋਰੀ ਗੰਗਾ ਸਿੰਘ, ਹੁਸ਼ਿਆਰਪੁਰ।


ਤੀਜੇ ਸਿਆਸੀ ਮੋਰਚੇ ਦੀ ਕਵਾਇਦ : ਸ਼ੁੱਭ ਸ਼ਗਨ

ਬੀਤੇ ਦਿਨੀਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦੀ ਮੇਜ਼ਬਾਨੀ 'ਚ ਦੇਸ਼ ਦੀਆਂ ਕਰੀਬ ਇਕ ਦਰਜਨ ਵਿਰੋਧੀ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੀ ਹੋਈ ਮੀਟਿੰਗ ਨਾਲ ਦੇਸ਼ ਵਿਚ ਤੀਜੇ ਸਿਆਸੀ ਮੋਰਚੇ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਨ੍ਹਾਂ ਸਰਗਰਮੀਆਂ ਨਾਲ ਜਿਥੇ ਦੇਸ਼ ਦੀ ਸਿਆਸਤ 'ਚ ਨਵੇਂ ਸਿਆਸੀ ਸਮੀਕਰਨ ਦੀ ਸੰਭਾਵਨਾ ਬਣਨ ਲੱਗੀ ਹੈ, ਉਥੇ ਭਾਜਪਾ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਮਾਰ ਝੱਲ ਰਹੇ ਲੋਕਾਂ 'ਚ ਆਸ ਦੀ ਨਵੀਂ ਕਿਰਨ ਪੈਾਦ ਹੋਈ ਹੈ। ਇਸ ਸਮੇਂ ਸਮਾਜ ਦੇ ਸਾਰੇ ਵਰਗ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ 'ਤੋਂ ਬੇਹੱਦ ਨਿਰਾਸ਼ ਹਨ। ਭਾਜਪਾ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ ਦੀ ਬਜਾਏ ਆਪਣੀਆਂ ਨੀਤੀਆਂ ਨੂੰ ਧੱਕੇ ਨਾਲ ਜਨਤਾ 'ਤੇ ਠੋਸ ਰਹੀ ਹੈ। ਉਦਾਹਰਨ ਵਜੋਂ ਕਿਸਾਨ ਖੇਤੀ ਮਾਰੂ ਬਿੱਲਾਂ ਦਾ ਤਿੱਖਾ ਵਿਰੋਧ ਕਰ ਰਹੇ ਹਨ ਪਰ ਕੇਂਦਰੀ ਹਕੂਮਤ ਸਰਮਾਏਦਾਰ ਲੋਕਾਂ ਦੇ ਦਬਾਅ ਹੇਠ ਆ ਕੇ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ ਲਈ ਬਜ਼ਿੱਦ ਹੈ। ਭਾਜਪਾ ਦੇਸ਼ ਵਿਚ ਵਧ ਰਹੀ ਮਹਿੰਗਾਈ ਨੂੰ ਕਾਬੂ ਕਰਨ ਦਾ ਕੋਈ ਯਤਨ ਨਹੀਂ ਕਰ ਰਹੀ। ਗ਼ਰੀਬ ਲੋਕਾਂ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਚੁੱਕਾ ਹੈ।

-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।

28-06-2021

 ਲੰਮੇ ਸਮੇਂ ਤੋਂ
ਕੇਂਦਰ ਸਰਕਾਰ ਵਲੋਂ ਲੰਮੇ ਸਮੇਂ ਤੋਂ ਜੰਮੂ-ਕਸ਼ਮੀਰ ਵਿਚ ਬੰਦ ਹੋਈਆਂ ਰਾਜਨੀਤਕ ਗਤੀਵਿਧੀਆਂ ਨੂੰ ਮੁੜ ਤੋਂ ਇਕ ਵਾਰ ਫਿਰ ਲੀਹ 'ਤੇ ਲਿਆਉਣ ਲਈ ਪ੍ਰਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨਾਲ ਗੱਲਬਾਤ ਕੀਤੀ ਗਈ। ਇਹ ਦੇਸ਼ ਲਈ ਅਤੇ ਪ੍ਰਦੇਸ਼ ਦੇ ਲੋਕਾਂ ਲਈ ਸ਼ੁੱਭ ਸ਼ਗਨ ਵਾਂਗ ਹੀ ਹੈ ਕਿਉਂਕਿ ਲੋਕਤੰਤਰ ਵਿਚ ਲੋਕ ਪ੍ਰ੍ਰਤੀਨਿਧੀਆਂ ਦੀ ਗੱਲ ਸੁਣੀ ਜਾਵੇ, ਉਨ੍ਹਾਂ ਦਾ ਹੱਲ ਕੀਤਾ ਜਾਵੇ ਜੋ ਬੇਹੱਦ ਜ਼ਰੂਰੀ ਹੈ। ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਪੰਜਾਬ ਦੇ ਅਤੇ ਹੋਰ ਇਲਾਕਿਆਂ ਦੇ ਕਿਸਾਨ ਜੋ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਪਿਛਲੇ ਦਿਨਾਂ ਤੋਂ ਮਹੀਨਿਆਂ ਤੋਂ ਦਿੱਲੀ ਸਰਹੱਦ 'ਤੇ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਦੀ ਵੀ ਗੱਲ ਸੁਣੇ। ਚਾਹੇ ਗਿਆਰਾਂ ਵਾਰ ਗੱਲਬਾਤ ਹੋ ਚੁੱਕੀ ਹੈ, ਕਿਸੇ ਨਤੀਜੇ 'ਤੇ ਨਹੀਂ ਪੁੱਜੀ। ਫਿਰ ਵੀ ਕੇਂਦਰ ਸਰਕਾਰ ਜੋ ਸਾਰੇ ਦੇਸ਼ ਦੀ ਜਨਤਾ ਦੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀ ਪ੍ਰਤੀਨਿਧ ਹੈ, ਉਨ੍ਹਾਂ ਦੇ ਕੰਮ ਕਰਨ ਵਾਲੇ ਮਸਲੇ ਹੱਲ ਕਰਨ ਦੀ ਸਹੁੰ ਚੁੱਕ ਕੇ ਗੱਦੀ 'ਤੇ ਬੈਠੀ ਹੈ, ਫਿਰ ਵਿਸ਼ਾਲ ਮਨ ਦਾ ਪ੍ਰਦਰਸ਼ਨ ਕਰਕੇ ਕਿਸਾਨਾਂ ਨਾਲ ਗੱਲਬਾਤ ਕਰੇ। ਜੰਮੂ-ਕਸ਼ਮੀਰ ਜਾਂ ਪੰਜਾਬ ਦੋਵੇਂ ਸੂਬੇ ਕੇਂਦਰ ਵਲੋਂ ਚਲਾਈ ਗੱਲਬਾਤ ਰਾਹੀਂ ਹੀ ਭਵਿੱਖ ਦੀ ਰਣਨੀਤੀ ਤੈਅ ਕਰ ਸਕਦੇ ਹਨ। ਸਾਰੀ ਜ਼ਿੰਮੇਵਾਰੀ ਇਸ ਵੇਲੇ ਕੇਂਦਰੀ ਸਰਕਾਰ ਉੱਪਰ ਹੀ ਹੈ।


-ਵਿਵੇਕ,
ਕੋਟ ਈਸੇ ਖਾਂ, ਮੋਗਾ।


ਬੇਰੁਜ਼ਗਾਰਾਂ 'ਤੇ ਤਰਸ ਕਰੋ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕਾਂ ਦੇ ਕਰੋੜਪਤੀ ਪੁੱਤਰਾਂ ਨੂੰ ਤਰਸ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਜਿਸ 'ਤੇ ਵਿਰੋਧੀ ਪਾਰਟੀਆਂ ਦੇ ਨਮਾਇੰਦਿਆਂ ਤੋਂ ਇਲਾਵਾ ਖੁਦ ਕਾਂਗਰਸ ਦੇ ਕੁਝ ਵਜ਼ੀਰਾਂ ਵਲੋਂ ਵੀ ਸਖ਼ਤ ਇਤਰਾਜ਼ ਕੀਤਾ ਗਿਆ ਹੈ। ਕਿਸੇ ਹੱਦ ਤੱਕ ਇਹ ਇਤਰਾਜ਼ ਜਾਇਜ਼ ਵੀ ਹੈ। ਅਸੀਂ ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਡੇ ਸੂਬੇ 'ਚ ਮੰਤਰੀਆਂ ਦੇ ਅਮੀਰ ਕਾਕਿਆਂ ਤੋਂ ਇਲਾਵਾ ਬੇਸ਼ੁਮਾਰ ਅਜਿਹੇ ਮਜਬੂਰ ਅਤੇ ਬੇਵੱਸ ਬੇਰੁਜ਼ਗਾਰ ਵੀ ਮੌਜੂਦ ਹਨ ਜੋ ਨੌਕਰੀਆਂ 'ਤੇ ਲੱਗਣ ਦੇ ਕਾਬਲ ਹਨ। ਪਰ ਬੇਰੁਜ਼ਗਾਰੀ ਦੇ ਝੰਬੇ ਸੜਕਾਂ 'ਤੇ ਵਿਹਲੇ ਡੰਡੇ ਵਜਾਉਂਦੇ ਫਿਰ ਰਹੇ ਹਨ। ਜਿਨ੍ਹਾਂ ਦੀ ਕਮਾਈ ਦਾ ਵੀ ਕੋਈ ਵਸੀਲਾ ਨਹੀਂ ਹੈ। ਕਿਰਪਾ ਕਰਕੇ ਇਨ੍ਹਾਂ ਬੇਰੁਜ਼ਗਾਰ ਬੱਚਿਆਂ 'ਤੇ ਵੀ ਤਰਸ ਕੀਤਾ ਜਾਵੇ ਤੇ ਇਨ੍ਹਾਂ ਨੂੰ ਵੀ ਕੋਈ ਚੱਜਦਾ ਕੰਮ ਧੰਦਾ (ਨੌਕਰੀ) ਦਿੱਤਾ ਜਾਵੇ ਤਾਂ ਜੋ ਇਹ ਵੀ ਜ਼ਰਾ ਸੌਖੀ ਰੋਟੀ ਖਾਣ ਦੇ ਯੋਗ ਹੋ ਸਕਣ।


-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਜਾਣਕਾਰੀ ਭਰਪੂਰ
ਪਿਛਲੇ ਦਿਨੀਂ (23 ਜੂਨ) 'ਖੇਡ ਜਗਤ' ਵਿਚ ਜਤਿੰਦਰ ਸਾਬੀ ਦਾ ਲਿਖਿਆ ਲੇਖ 'ਨਹੀਂ ਭੁੱਲਣਾ ਉੱਡਣਾ ਸਿੱਖ ਮਿਲਖਾ ਸਿੰਘ' ਪੜ੍ਹ ਕੇ ਉਸ ਮਹਾਨ ਖਿਡਾਰੀ ਪ੍ਰਤੀ ਮਨ ਸਤਿਕਾਰ ਨਾਲ ਭਰ ਗਿਆ। ਜ਼ਿੰਦਗੀ ਦੇ ਔਖੇ ਸਮੇਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਹਥਿਆਰ ਬਣਾ ਕੇ ਖੇਡ ਦੇ ਮੈਦਾਨਾਂ ਵਿਚ ਸਵ. ਮਿਲਖਾ ਸਿੰਘ ਨੇ ਜੋ ਪ੍ਰਾਪਤੀਆਂ ਕੀਤੀਆਂ ਉਸ ਲਈ ਦੇਸ਼ ਸਦਾ ਮਾਣ ਕਰਦਾ ਰਹੇਗਾ। ਪਰ ਬੜੀ ਹੈਰਾਨੀ ਅਤੇ ਚਿੰਤਾ ਦੀ ਗੱਲ ਹੈ ਕਿ ਮਿਲਖਾ ਸਿੰਘ ਤੋਂ ਬਾਅਦ ਕੋਈ ਵੀ ਖਿਡਾਰੀ ਅਜਿਹੀ ਪ੍ਰਾਪਤੀ ਨਹੀਂ ਕਰ ਸਕਿਆ ਭਾਵੇਂ ਕਿ ਅੱਜ ਆਧੁਨਿਕ ਸਹੂਲਤਾਂ, ਕੋਚਾਂ ਅਤੇ ਤਕਨੀਕਾਂ ਦੀ ਕੋਈ ਕਮੀ ਨਹੀਂ ਹੈ। ਇਸੇ ਹੀ ਅੰਕ ਵਿਚ ਪ੍ਰੋ. ਪਰਮਜੀਤ ਸਿੰਘ ਰੰਧਾਵਾ ਦਾ ਲੇਖ 'ਸਾਡੇ ਚੇਤਿਆਂ 'ਚ ਵਸਦੈ ਹਾਕੀ ਕੈਪਟਨ ਮੁਹੰਮਦ ਸ਼ਾਹਿਦ' ਵੀ ਹਾਕੀ ਦੇ ਇਸ ਖਿਡਾਰੀ ਦੀਆਂ ਜੀਵਨ ਪ੍ਰਾਪਤੀਆਂ ਨੂੰ ਦਰਸਾਉਣ ਵਾਲਾ ਅਤੇ ਜਾਣਕਾਰੀ ਭਰਪੂਰ ਸੀ।


-ਡਾ. ਗੁਰਇਕਬਾਲ ਸਿੰਘ ਬੋਦਲ
ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।


ਈ.ਟੀ.ਟੀ. ਟੈੱਟ ਪਾਸ ਦੀ ਸੁਣੋ
ਕਾਂਗਰਸ ਸਰਕਾਰ ਨੇ ਬਣਨ ਸਮੇਂ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸਨ ਪਰ ਸਾਢੇ ਚਾਰ ਸਾਲ ਬਾਅਦ ਇਨ੍ਹਾਂ ਵਾਅਦਿਆਂ ਦੀ ਫੂਕ ਨਿਕਲ ਗਈ ਹੈ, ਇਸ ਤਹਿਤ ਨੌਜਵਾਨ ਵਰਗ ਨੂੰ ਭਰਮਾਇਆ ਗਿਆ ਸੀ। ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਵੀ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨਾਲ ਗੱਲਬਾਤ ਵੀ ਸਹੀ ਢੰਗ ਨਾਲ ਨਹੀਂ ਕਰ ਰਹੀ, ਜੋ ਬਹੁਤ ਘਟੀਆ ਗੱਲ ਹੈ। ਇਕ ਪਾਸੇ ਤਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਲ ਨੂੰ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ, ਬੇਰੁਜ਼ਗਾਰ ਟੈੱਟ ਪਾਸ ਨੂੰ ਨੌਕਰੀ ਦੇਣੀ ਚਾਹੀਦੀ ਹੈ।


-ਪਰਗਟ ਸਿੰਘ ਵਜੀਦਪੁਰ
ਪਿੰਡ ਤੇ ਡਾਕ: ਵਜੀਦਪੁਰ, ਜ਼ਿਲ੍ਹਾ ਪਟਿਆਲਾ।


ਪਾਣੀ ਵਿਚ ਡੁੱਬਣ ਨਾਲ ਮੌਤਾਂ
ਹਰ ਸਾਲ ਗਰਮੀਆਂ ਸ਼ੁਰੂ ਹੁੰਦੇ ਹੀ ਨੌਜਵਾਨਾਂ ਅਤੇ ਬੱਚਿਆਂ ਵਲੋਂ ਗਰਮੀ ਤੋਂ ਬਚਣ ਲਈ ਨਹਿਰਾਂ ਅਤੇ ਦਰਿਆਵਾਂ ਵਿਚ ਨਹਾਉਣ ਦੌਰਾਨ ਮੌਤ ਨੂੰ ਗਲੇ ਲਗਾ ਲਿਆ ਜਾਂਦਾ ਹੈ। ਸਾਡੇ ਸੱਭਿਅਕ ਸਮਾਜ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ, ਭਾਵੇਂ ਕਿ ਇਸ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ, ਫਿਰ ਵੀ ਇਸ ਤ੍ਰਾਸਦੀ ਨੂੰ ਰੋਕਣ ਲਈ ਸੂਬੇ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤ ਕਰੇ ਕਿ ਜੋ ਵੀ ਕੋਈ ਖਤਰਨਾਕ ਨਹਿਰ ਜਾਂ ਦਰਿਆ ਵਿਚ ਨਹਾਉਂਦਾ ਮਿਲ ਗਿਆ ਤਾਂ ਉਸ ਉਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਰਨ ਵਾਲਾ ਤਾਂ ਪਾਣੀ ਵਿਚ ਡੁੱਬ ਕੇ ਮਰ ਜਾਂਦਾ ਹੈ ਪਰ ਜੋ ਜ਼ਖ਼ਮ ਪਿਛੇ ਪਰਿਵਾਰ ਨੂੰ ਦੇ ਜਾਂਦਾ ਹੈ, ਉਹ ਸਾਰੀ ਉਮਰ ਰਿਸਦੇ ਰਹਿੰਦੇ ਹਨ। ਇਹ ਅਣਹੋਣੀ ਨੂੰ ਰੋਕਣ ਲਈ ਪਿੰਡਾਂ ਅਤੇ ਸ਼ਹਿਰਾਂ ਵਿਚ ਸਥਿਤ ਪੰਚਾਇਤਾਂ ਅਤੇ ਨਗਰ ਸੁਧਾਰਾਂ ਨੂੰ ਚਾਹੀਦਾ ਹੈ ਕਿ ਉਹ ਮਤੇ ਪਾਸ ਕਰਨ। ਧਾਰਮਿਕ ਅਸਥਾਨਾਂ ਤੋਂ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਜਾਵੇ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿਸੀਲ, ਪੱਟੀ, ਜ਼ਿਲ੍ਹਾ ਤਰਨ ਤਾਰਨ।

25-06-2021

 ਪੰਛੀਆਂ ਦੀ ਹੋਂਦ
ਕੁਝ ਦਹਾਕੇ ਪਹਿਲਾਂ ਪਿੰਡਾਂ ਵਿਚ ਕਾਨਿਆਂ, ਸ਼ਤੀਰੀਆਂ, ਬਾਲਿਆਂ ਆਦਿ ਦੀਆਂ ਕੱਚੀਆਂ ਛੱਤਾਂ ਹੁੰਦੀਆਂ ਸਨ ਅਤੇ ਉਨ੍ਹਾਂ ਵਿਚ ਚਿੜੀਆਂ ਆਲ੍ਹਣੇ ਬਣਾ ਕੇ ਆਂਡੇ ਦਿੰਦੀਆਂ ਸਨ ਅਤੇ ਪੀੜ੍ਹੀ ਵਧਾਉਂਦੀਆਂ ਸਨ। ਜਿਥੇ ਘਰਾਂ ਵਿਚ ਧਰੇਕਾਂ, ਤੂਤ, ਟਾਹਲੀਆਂ, ਬੇਰੀਆਂ, ਫਲਾਹ ਆਦਿ ਦੇ ਦਰੱਖਤ ਹੁੰਦੇ ਸਨ, ਉਥੇ ਹੀ ਬੰਬੀਆਂ ਦੇ ਖਾਲਾਂ, ਨਹਿਰੀ ਖਾਲਾਂ ਅਤੇ ਆਲੇ-ਦੁਆਲੇ ਲੱਗੇ ਦਰੱਖਤਾਂ 'ਤੇ ਘੁੱਗੀਆਂ, ਤੋਤੇ, ਗਟਾਰਾਂ ਅਤੇ ਬਿਜੜਿਆਂ ਨੇ ਬਾਕਮਾਲ ਆਲ੍ਹਣੇ ਬਣਾਏ ਹੁੰਦੇ ਸਨ ਅਤੇ ਆਪਣੀ-ਆਪਣੀ ਨਸਲ ਅੱਗੇ ਤੋਰਦੇ ਸਨ। ਜਿਵੇਂ-ਜਿਵੇਂ ਦਰੱਖਤਾਂ ਦੀ ਬੇਸ਼ੁਮਾਰ ਕਟਾਈ ਨੇ ਜਿਥੇ ਆਕਸੀਜਨ ਘਟਾਈ ਹੈ, ਉਥੇ ਹੀ ਇਨ੍ਹਾਂ 'ਚੋਂ ਕਈ ਪੰਛੀਆਂ ਦਾ ਵੀ ਖਾਤਮਾ ਕੀਤਾ ਹੈ ਅਤੇ ਪੱਕੇ ਘਰ ਬਣ ਜਾਣ ਕਾਰਨ ਚਿੜੀਆਂ ਵੀ ਮੁੱਕਣ ਕਿਨਾਰੇ ਹਨ। ਪਾਣੀ ਦੀ ਘਾਟ ਅਤੇ ਵਾਤਾਵਰਨ ਪਲੀਤ ਹੋ ਜਾਣ ਕਾਰਨ ਗਰਮੀਆਂ-ਸਰਦੀਆਂ ਵਿਚ ਲੰਮਾ ਪੈਂਡਾ ਤਹਿ ਕਰਕੇ ਪ੍ਰਵਾਸੀ ਪੰਛੀਆਂ ਦੀ ਆਮਦ ਵੀ ਘਟ ਗਈ ਹੈ। ਭਾਵੇਂ ਵਾਤਾਵਰਨ ਪਲੀਤ ਹੋਣ ਅਤੇ ਦਰੱਖਤਾਂ ਦੀ ਕਟਾਈ ਵਿਚ ਕੋਈ ਕਸਰ ਨਹੀਂ ਰਹੀ ਪਰ ਫਿਰ ਵੀ ਕਈ ਪੰਛੀ ਪ੍ਰੇਮੀਆਂ ਨੂੰ ਪੰਛੀਆਂ ਨਾਲ ਏਨਾ ਪਿਆਰ ਹੈ ਕਿ ਉਹ ਪੰਛੀਆਂ ਦੇ ਆਸਰੇ (ਆਲ੍ਹਣੇ) ਬਣਾ ਕੇ ਜ਼ਖ਼ਮੀ ਪੰਛੀਆਂ ਦਾ ਇਲਾਜ ਕਰਦੇ ਹਨ ਅਤੇ ਜਦੋਂ ਉਹ ਠੀਕ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਵਾ ਵਿਚ ਉਡਾ ਦਿੰਦੇ ਹਨ। ਸਬੰਧਿਤ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਪੰਛੀਆਂ ਦੀ ਹੋਂਦ ਖਤਰੇ ਵਿਚ ਨਾ ਪਵੇ।


-ਅਮਰੀਕ ਸਿੰਘ ਚੀਮਾ, ਸ਼ਾਹਬਾਦੀਆ।


ਅੱਖਾਂ ਸਾਡੇ ਨਾਂਅ 'ਤੇ ਦਿਲ ਕਿਸੇ ਹੋਰ ਨਾਲ...
ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਤਾਂ ਪੰਜਾਬ ਦੇ ਆਮ ਲੋਕਾਂ ਨਾਲ ਕੀਤਾ ਸੀ ਪਰ ਹੁਣ ਸਾਰੇ ਵਾਅਦਿਆਂ ਨੂੰ ਭੁੱਲ-ਭੁਲਾ ਕੇ ਨੌਕਰੀਆਂ ਦੇ ਗੱਫੇ ਪਹਿਲਾਂ ਤੋਂ ਹੀ ਸਰਦੇ-ਪੁਜਦੇ ਆਪਣੇ ਹੀ ਵਜ਼ੀਰਾਂ ਦੇ ਲਾਡਲਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਦਾ ਇਹ ਫ਼ੈਸਲਾ ਇਥੇ ਲੱਖਾਂ ਦੀ ਤਾਦਾਦ 'ਚ ਵਿਹਲੇ ਫਿਰਦੇ ਬੇਰੁਜ਼ਗਾਰਾਂ ਨਾਲ ਕੋਝਾ ਮਜ਼ਾਕ ਤੇ ਬੇਇਨਸਾਫ਼ੀ ਭਰਿਆ ਤਾਂ ਹੈ ਹੀ, ਇਸ ਨਾਲ ਪੰਜਾਬ ਸਰਕਾਰ ਦੀ ਆਪਣੀ ਛਵੀ ਵੀ ਖ਼ਰਾਬ ਹੋਵੇਗੀ। ਕਿਸੇ ਵੀ ਦੇਸ਼ ਜਾਂ ਸੂਬੇ ਦੀ ਸਰਕਾਰ ਨੂੰ ਅਜਿਹੇ ਯੋਗ ਤੇ ਨੇਕ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੰਦਾ ਆਪਣੇ ਦੇਸ਼ ਜਾਂ ਸੂਬੇ ਦੀ ਸਰਕਾਰ 'ਤੇ ਮਾਣ ਮਹਿਸੂਸ ਕਰੇ।


-ਯਸ਼ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

24-06-2021

 ਰਿਸ਼ਵਤਖੋਰੀ

ਪਿਛਲੇ ਦਿਨੀਂ ਦੇ ਅਖ਼ਬਾਰ 'ਚ 'ਰਿਸ਼ਵਤਖੋਰੀ' 'ਤੇ ਅੰਗਰੇਜ਼ ਸਿੰਘ ਹੁੰਦਲ ਦਾ ਲੇਖ ਪੜ੍ਹਿਆ। ਇਹ ਸਾਰਿਆਂ ਨੂੰ ਮਾਲੂਮ ਹੈ। ਹਰ ਸਰਕਾਰੀ ਮਹਿਕਮੇ 'ਚ ਕੰਮ ਰਿਸ਼ਵਤ ਨਾਲ ਚੱਲ ਰਹੇ ਹਨ। ਹੇਠਾਂ ਤੋਂ ਉੱਪਰ ਤੱਕ ਹਰ ਇਕ ਨੂੰ ਹਿੱਸਾ ਮਿਲਦਾ ਹੈ। ਇਥੋਂ ਤੱਕ ਹੀ ਨਹੀਂ, ਸਿਆਸੀ ਲੀਡਰ ਵੀ ਹਿੱਸੇਦਾਰ ਹਨ ਤਾਂ ਇਹ ਕੰਮ ਕਿਵੇਂ ਰੁਕਣ। ਇਸ ਵਿਚ ਅਸੀਂ ਵੀ ਗੁਨਾਹਗਾਰ ਹਾਂ। ਅਸੀਂ ਕੰਮ ਜਲਦੀ ਕਰਵਾਉਣ ਵਾਸਤੇ ਰਿਸ਼ਵਤ ਦਿੰਦੇ ਹਾਂ। ਕਿਸੇ ਦੀ ਸ਼ਿਕਾਇਤ ਵੀ ਨਹੀਂ ਕਰਦੇ ਕਿ ਸਾਡਾ ਕੰਮ ਰੁਕ ਨਾ ਜਾਏ। ਮੈਂ ਇਕ ਰਜਿਸਟਰੀ ਕਰਵਾਉਣੀ ਸੀ। ਅਫ਼ਸਰ ਖ਼ਰਚਾ ਮੰਗ ਰਿਹਾ ਸੀ। ਮੈਂ ਉਸ ਨੂੰ ਕਿਹਾ, ਮੇਰਾ ਰਿਸ਼ਤੇਦਾਰ ਵਿਜੀਲੈਂਸ ਮਹਿਕਮੇ 'ਚ ਹੈ। ਨਾਂਅ ਸੁਣਦਿਆਂ ਹੀ ਮੈਨੂੰ ਰਜਿਸਟਰੀ ਬਗੈਰ ਉਪਰਾਲਾ ਖ਼ਰਚਾ ਦੇਣ ਤੋਂ ਮਿਲ ਗਈ।

-ਕੁਲਜੀਤ ਸਿੰਘ 'ਰੰਧਾਵਾ'
ਪਿੰਡ ਤੇ ਡਾਕ: ਬੱਬਰੀ ਜੀਵਨਵਾਲ, ਜ਼ਿਲ੍ਹਾ ਗੁਰਦਾਸਪੁਰ।

ਸਰਕਾਰ, ਕੋਰੋਨਾ ਅਤੇ ਜਨਤਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਮਹਾਂਮਾਰੀ 'ਚ ਕੁਝ ਲੋਕਾਂ ਦੀਆਂ ਗ਼ਲਤੀਆਂ ਦੇ ਖਮਿਆਜ਼ੇ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ ਸਦਮਾ ਦਿੱਤਾ ਹੈ। ਡਾ. ਅਰੁਣ ਮਿੱਤਰਾ ਨੇ ਇਸ ਵਿਸ਼ੇ 'ਤੇ ਵਿਸ਼ੇਸ਼ ਤਵੱਜੋ ਦੀ ਸ਼ਬਦਾਵਲੀ ਨਾਲ 'ਕੁਝ ਲੋਕਾਂ ਦੀਆਂ ਗ਼ਲਤੀਆਂ ਦਾ ਖਮਿਆਜ਼ਾ ਭੁਗਤ ਰਹੀ ਹੈ ਜਨਤਾ' ਨਾਲ ਸਾਡੇ ਸਿਸਟਮ ਦੇ ਨਿਰ ਆਧਾਰ ਫ਼ੈਸਲਿਆਂ 'ਤੇ ਤਿੱਖੀਆਂ ਟਿੱਪਣੀਆਂ ਕਰਕੇ ਲੋਕਾਂ ਦੀ ਆਵਾਜ਼ ਗੂੰਗੀਆਂ ਅਤੇ ਬੋਲੀਆਂ ਸੱਤਾਧਾਰੀ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੀ ਸ਼ਲਾਘਾਯੋਗ ਕੋਸ਼ਿਸ਼ ਕੀਤੀ ਹੈ। ਸਰਕਾਰਾਂ ਨੇ ਧਾਰਮਿਕ ਮੇਲਿਆਂ, ਰੈਲੀਆਂ ਅਤੇ ਵੋਟਾਂ ਪੈਣ ਵਾਲੇ ਸੂਬਿਆਂ ਲਈ ਤਾਂ ਟ੍ਰੇਨਾਂ ਦਾ ਇੰਤਜ਼ਾਮ ਕਰਕੇ ਧਰਮ ਅਤੇ ਵੋਟ ਬੈਂਕ ਲਈ ਸਿਰਤੋੜ ਯਤਨਸ਼ੀਲਤਾ ਦਿਖਾ ਕੇ ਰਾਜਨੀਤਕ ਪੱਤੇ ਖੇਲੇ ਪਰ ਮਾਸੂਮ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਅੰਗਹੀਣਾਂ ਦੀ ਹਜ਼ਾਰਾਂ ਕਿਲੋਮੀਟਰ ਨੰਗੇ ਪੈਰੀਂ ਗਰਮੀ ਅਤੇ ਥਕਾਵਟ ਨਾਲ ਚੂਰ ਲੋਕਾਂ ਦੀ ਬਦਤਰ ਹਾਲਤ ਪ੍ਰਤੀ ਕਿਸੇ ਦੇ ਦਿਲ 'ਚ ਹਮਦਰਦੀ ਨਹੀਂ ਜਾਗੀ। ਸਰਕਾਰਾਂ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ, ਜਨਤਕ ਸਹੂਲਤਾਂ ਪ੍ਰਦਾਨ ਕਰਨ, ਮਹਾਂਮਾਰੀ 'ਚ ਜਨਤਾ ਦੇ ਨਾਲ ਖੜਨ, ਮਦਦ ਕਰਨ ਤੇ ਜਨਤਕ ਹਿਤਾਂ ਦੀ ਰਖਵਾਲੀ ਲਈ ਹੁੰਦੀਆਂ ਹਨ ਨਾ ਕਿ ਜਨਤਾ ਦੇ ਹੱਕ ਖੋਹਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਹਾਲਾਤ 'ਤੇ ਛੱਡ ਕੇ ਜਿਊਣ ਲਈ ਮਜਬੂਰ ਕਰਨ ਲਈ।

-ਸਤਨਾਮ ਸਿੰਘ ਮੱਟੂ
ਬੀਂਬੜ (ਭਵਾਨੀਗੜ੍ਹ), ਸੰਗਰੂਰ।

ਕੋਈ ਮਰੇ, ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ

ਕਿਸਾਨੀ ਸੰਘਰਸ਼ ਦੌਰਾਨ ਸੈਂਕੜੇ ਘਰਾਂ ਵਿਚ ਮੌਤ ਦੇ ਸੱਥਰ ਵਿਛ ਚੁੱਕੇ ਹਨ। ਕਰੋੜਾਂ ਰੁਪਏ ਕਿਸਾਨਾਂ ਵਲੋਂ ਇਸ ਸੰਘਰਸ਼ ਨੂੰ ਅੰਤਿਮ ਜਿੱਤ ਤੱਕ ਲਿਜਾਣ ਲਈ ਖ਼ਰਚਿਆ ਜਾ ਚੁੱਕਾ ਹੈ। ਪਰ ਦੇਸ਼ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ 2022 ਦੀਆਂ ਆ ਰਹੀਆਂ ਚੋਣਾਂ ਜਿੱਤਣ ਲਈ ਲਟਾਪੀਂਘ ਹਨ। ਕਿਸੇ ਪਾਰਟੀ ਦਾ ਅੰਦਰੂਨੀ ਯੁੱਧ ਚੱਲ ਰਿਹਾ ਹੈ। ਕੋਈ ਪਾਰਟੀ ਸਿਆਸੀ ਗੱਠਜੋੜ 'ਚ ਮਸ਼ਰੂਫ਼ ਹੈ। ਆਪਣੇ-ਆਪ ਨੂੰ ਲੋਕਾਂ ਦੇ ਰਖਵਾਲੇ ਕਹਾਉਣ ਵਾਲੇ ਕਈ ਨੇਤਾ ਡੱਡੂ ਟਪੂਸੀਆਂ ਲਾ ਚੁੱਕੇ ਹਨ ਅਤੇ ਕਈ ਟਪੂਸੀ ਮਾਰਨ ਲਈ ਕਾਹਲੇ ਹਨ। ਉਪਰੋਕਤ ਪਾਰਟੀਆਂ 'ਤੇ 'ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਗੱਲ ਬਿਲਕੁਲ ਢੁਕਵੀਂ ਹੈ। ਹੁਣ ਤਾਂ ਇਨਸਾਫ਼ ਪਸੰਦ ਲੋਕਾਂ ਨੇ ਸੋਚਣਾ ਹੈ ਕਿ ਅਜਿਹੀਆਂ ਪਾਰਟੀਆਂ ਦੇ ਸਬਜ਼ਬਾਗ 'ਚ ਆਉਣਾ ਹੈ ਜਾਂ ਹੱਕ-ਸੱਚ ਇਨਸਾਫ਼ ਲਈ ਲੜਨ ਵਾਲੇ ਲੋਕਾਂ ਦਾ ਸਾਥ ਦੇਣਾ ਹੈ। ਜੇ ਅਸੀਂ ਖੁੰਝ ਗਏ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਹੋ ਜਾਵਾਂਗੇ।

-ਇੰਜ: ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਪੰਜਾਬ ਸਰਕਾਰ ਦੇ ਧਿਆਨ ਯੋਗ

ਇਸ ਕੋਰੋਨਾ ਚੰਦਰੀ ਬਿਮਾਰੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੈ। ਬਿਮਾਰੀ ਦੀ ਲਾਗ ਦੇ ਖ਼ਤਰੇ ਕਰਕੇ ਪਾਬੰਦੀਆਂ ਲਗਾ ਕੇ ਸਰਕਾਰ ਨੇ ਸਕੂਲ ਬੰਦ ਕੀਤੇ। ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋਈ ਹੈ। ਸਕੂਲ ਬੰਦ ਹੋਣ ਕਰਕੇ ਬੱਚਿਆਂ ਨੂੰ ਪੜ੍ਹਾਈ ਆਨਲਾਈਨ ਕਰਨੀ ਪੈ ਰਹੀ ਹੈ। ਸਕੂਲ ਨਾ ਖੋਲ੍ਹਣ ਕਰਕੇ ਉਨ੍ਹਾਂ ਦੇ ਇਮਤਿਹਾਨ ਵੀ ਬਿਨਾਂ ਪ੍ਰੀਖਿਆ ਲਿਆਂ ਹੀ ਬੱਚੇ ਅਗਲੀ ਜਮਾਤ ਵਿਚ ਚਾੜ ਦਿੱਤੇ ਗਏ ਹਨ।
ਉਨ੍ਹਾਂ ਦੇ ਪੜ੍ਹਾਈ ਦੇ ਪੱਧਰ ਅਨੁਸਾਰ ਮੁਲਾਂਕਣ ਕਰ ਲਿਆ ਗਿਆ ਹੈ। ਲੱਖਾਂ ਬੱਚਿਆਂ ਨੇ ਸਕੂਲ ਸਿੱਖਿਆ ਬੋਰਡ ਨੂੰ ਦਾਖਲਾ ਫੀਸ ਭੇਜੀ ਸੀ। ਪਹਿਲਾਂ ਐਸ.ਸੀ. ਬੱਚਿਆਂ ਦੀ ਫੀਸ ਭਲਾਈ ਮਹਿਕਮੇ ਵਲੋਂ ਭਰੀ ਜਾਂਦੀ ਸੀ। ਪਰ ਹੁਣ ਕੁਝ ਸਮੇਂ ਤੋਂ ਇਨ੍ਹਾਂ ਗ਼ਰੀਬ ਬੱਚਿਆਂ ਕੋਲੋਂ ਫੀਸ ਵਸੂਲੀ ਗਈ ਹੈ। ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹੀ ਨਹੀਂ ਗਈ ਤਾਂ ਇਨ੍ਹਾਂ ਬੱਚਿਆਂ ਦੀ ਫੀਸ ਸਰਕਾਰ ਨੂੰ ਵਾਪਸ ਕਰਨੀ ਚਾਹੀਦੀ ਹੈ।

-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।

ਸਾਈਬਰ ਕ੍ਰਾਈਮ ਰਾਹੀਂ ਆਰਥਿਕ ਲੁੱਟ

ਸੋਸ਼ਲ ਮੀਡੀਆ 'ਤੇ ਅਪਰਾਧਿਕ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਆਮ ਕਰਕੇ ਵੇਖਿਆ ਜਾ ਸਕਦਾ ਹੈ ਕਿ ਫੇਸ ਬੁੱਕ 'ਤੇ ਜਾਅਲੀ ਪਛਾਣ ਬਣਾ ਕੇ ਮੁੰਡੇ ਕੁੜੀਆਂ ਦੇ ਰੂਪ ਵਿਚ ਭੋਲੇ-ਭਾਲੇ ਲੋਕਾਂ ਨੂੰ ਗ਼ਲਤ ਢੰਗ ਨਾਲ ਗੁੰਮਰਾਹ ਕਰਨ ਉਪਰੰਤ ਡਰਾ ਧਮਕਾ ਕੇ ਭਾਰੀ ਰਕਮ ਆਪਣੇ ਖਾਤੇ ਵਿਚ ਜਮ੍ਹਾਂ ਕਰਵਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ। ਠੱਗ ਕਿਸਮ ਦੇ ਇਹ ਲੋਕ ਸਭ ਤੋਂ ਪਹਿਲਾਂ ਫੇਸਬੁੱਕ 'ਤੇ ਕੁੜੀ ਦੇ ਭੇਸ ਵਿਚ ਬੇਨਤੀ ਭੇਜਦੇ ਹਨ, ਬਾਅਦ ਵਿਚ ਚੈਟ ਕਰਦੇ ਹੋਏ ਵੀਡੀਓ ਕਾਲ ਕਰਦੇ ਹਨ। ਵੀਡੀਓ ਕਾਲ ਦੌਰਾਨ ਆਵਾਜ਼ ਨਹੀਂ ਆਉਂਦੀ ਕੇਵਲ ਇਕ ਹੋਰ ਮੋਬਾਈਲ 'ਤੇ ਗ਼ਲਤ ਕਿਸਮ ਦੀ ਵੀਡੀਓ ਪਲੇਅ ਕਰਕੇ ਵਿਖਾਈ ਜਾਂਦੀ ਹੈ ਤੇ ਵੀਡੀਓ ਕਾਲ ਅਟੈਂਡ ਕਰਨ ਵਾਲੇ ਵਿਅਕਤੀ ਦੀ ਵੀਡੀਓ ਨੂੰ ਉਸ ਅਸ਼ਲੀਲ ਕਾਲ ਦੇ ਜ਼ਰੀਏ ਰਿਕਾਰਡ ਕਰ ਲਿਆ ਜਾਂਦਾ ਹੈ ਤੇ ਕੁਝ ਦਿਨ ਦੇ ਵਕਫ਼ੇ ਤੋਂ ਬਾਅਦ ਉਨ੍ਹਾਂ ਦੁਆਰਾ ਗਠਿਤ ਗਰੋਹ ਦੇ ਮੈਂਬਰਾਂ ਵਲੋਂ ਇਕ ਫੋਨ ਕਾਲ ਆ ਜਾਂਦੀ ਹੈ ਕਿ ਤੁਹਾਡੀ ਬਹੁਤ ਹੀ ਜ਼ਿਆਦਾ ਗ਼ਲਤ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਇਕ ਨੰਬਰ ਦਿੰਦੇ ਹਨ ਕਿ ਇਸ 'ਤੇ ਗੱਲ ਕਰਕੇ ਆਪਣੀ ਵੀਡੀਓ ਡਲੀਟ ਕਰਵਾ ਲਓ, ਪਰ ਜਦੋਂ ਉਸ ਨੰਬਰ 'ਤੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਹਜ਼ਾਰਾਂ ਰੁਪਿਆਂ ਦੀ ਮੰਗ ਕਰਦੇ ਹਨ। ਅਸਲ ਵਿਚ ਇਹ ਆਦਮੀ ਵੀ ਉਸੇ ਗਰੋਹ ਦਾ ਹਿੱਸਾ ਹੁੰਦੇ ਹਨ। ਇਹ ਇਕ ਅਜਿਹਾ ਸਾਈਬਰ ਕ੍ਰਾਈਮ ਹੈ ਜਿਸ ਤੋਂ ਸਾਨੂੰ ਸਾਰਿਆਂ ਨੂੰ ਅਤੇ ਸਮੁੱਚੇ ਸਮਾਜ ਨੂੰ ਬਚਣ ਦੀ ਲੋੜ ਹੈ। ਕਿਸੇ ਵੀ ਅਣਜਾਣ ਵਿਅਕਤੀ ਨੂੰ ਫੇਸਬੁੱਕ 'ਤੇ ਦੋਸਤ ਨਾ ਬਣਾਇਆ ਜਾਵੇ ਅਤੇ ਨਾ ਹੀ ਆਪਣਾ ਮੋਬਾਈਲ ਕਿਸੇ ਓਪਰੇ ਵਿਅਕਤੀ ਨਾਲ ਸਾਂਝਾ ਕੀਤਾ ਜਾਵੇ। ਇਸ ਤੋਂ ਸੁਚੇਤ ਰਹਿ ਕੇ ਹੀ ਆਰਥਿਕ ਲੁੱਟ ਅਤੇ ਮਾਨਸਿਕ ਤੌਰ 'ਤੇ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ।

-ਗੁਰਜੀਤ ਸਿੰਘ, ਵਿਦਿਆਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

23-06-2021

 ਸੜਕਾਂ ਦੀ ਬੁਰੀ ਹਾਲਤ

ਮੰਡੀ ਬਰੀਵਾਲਾ ਦੇ ਲੋਕ ਸੜਕਾਂ ਦੀ ਬੁਰੀ ਹਾਲਤ ਤੋਂ ਬੁਹਤ ਪ੍ਰੇਸ਼ਾਨ ਹਨ। ਮੰਡੀ ਨੂੰ ਆਉਣ ਵਾਲੀਆਂ ਦੋਵਾਂ ਹੀ ਮੁੱਖ ਦੁਆਰ ਦੀਆਂ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਈ ਪਈ ਹੈ। ਦੋਵਾਂ ਹੀ ਸੜਕਾਂ ਉੱਪਰ ਮੀਂਹ ਪੈਣ ਤੇ ਛੱਪੜ ਬਣ ਜਾਂਦਾ ਹੈ, ਜਿਸ ਕਰਕੇ ਆਉਣ-ਜਾਣ ਵਿਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ। ਇਥੇ ਦਸ ਦਿਨ ਪਾਣੀ ਖੜ੍ਹਾ ਰਹਿੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਥੋੜ੍ਹੀ ਜਿਹੀ ਇਸ ਮਸਲੇ ਵੱਲ ਗੰਭੀਰਤਾ ਦਿਖਾਈ ਜਾਵੇ ਅਤੇ ਜਲਦ ਤੋਂ ਜਲਦ ਇਨ੍ਹਾਂ ਸੜਕਾਂ ਨੂੰ ਬਣਾਇਆ ਜਾਵੇ ਤਾਂ ਕਿ ਆਉਣ-ਜਾਣ ਵਿਚ ਲੋਕਾਂ ਨੂੰ ਤੰਗੀ ਨਾ ਹੋਵੇ। ਇਹ ਖੜ੍ਹਾ ਪਾਣੀ ਬਹੁਤ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ।

-ਹੈਰੀ ਬਾਂਸਲ

ਦਲਬਦਲੀ ਇਕ ਖ਼ਤਰਨਾਕ ਰੁਝਾਨ

ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਰਾਜਨੀਤਕ ਨੇਤਾਵਾਂ ਦਾ ਇਕ ਤੋਂ ਦੂਜੀ ਪਾਰਟੀ ਵਿਚ ਜਾਣਾ ਜਾਂ ਪੁਰਾਣੀ ਪਾਰਟੀ ਵਿਚ ਘਰ ਵਾਪਸੀ ਕਰਨ ਦੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ। ਅਜਿਹੇ ਆਗੂ ਲੋਕ ਸੇਵਾ ਦਾ ਤਰਕ ਦਿੰਦੇ ਹਨ। ਪਰ ਮੂਲ ਰੂਪ ਵਿਚ ਅਜਿਹਾ ਕੁਝ ਵੀ ਨਹੀਂ ਹੁੰਦਾ। ਸਿਰਫ ਆਪਣੇ ਹਿਤਾਂ ਨੂੰ ਮੁੱਖ ਰੱਖਿਆ ਜਾਂਦਾ ਹੈ। ਚੋਣਾਂ ਦੇ ਨੇੜੇ ਜਾ ਕੇ ਇਹ ਰੁਝਾਨ ਹੋਰ ਵੀ ਤੇਜ਼ ਹੋ ਜਾਂਦਾ ਹੈ। ਟਿਕਟ ਨਾ ਮਿਲਣ ਦੀ ਸੂਰਤ ਵਿਚ ਪਾਰਟੀ ਵਿਚ ਦਮ ਘੁਟਣ ਲੱਗ ਜਾਂਦਾ ਹੈ। ਪਰ ਦਲਬਦਲੀ ਕਰਨ ਵਾਲੇ ਅਜਿਹੇ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ ਹੈ। ਬਹੁਤ ਸਾਰੇ ਆਗੂ ਇਸ ਤਰ੍ਹਾਂ ਕਰਨ ਕਰਕੇ ਪੰਜਾਬ ਦੀ ਰਾਜਨੀਤੀ ਤੋਂ ਅਲੋਪ ਹੋ ਗਏ। ਦਲਬਦਲੀ ਵਿਰੁੱਧ ਬਣਿਆ ਕਾਨੂੰਨ ਵੀ ਜ਼ਿਆਦਾ ਕਾਰਗਰ ਸਿੱਧ ਨਹੀਂ ਹੋ ਸਕਿਆ। ਸੋ, ਰਾਜਨੀਤਕ ਆਗੂਆਂ ਨੂੰ ਚਾਹੀਦਾ ਹੈ ਕਿ ਅਜਿਹਾ ਕਰਨ ਲੱਗੇ ਲੋਕ ਭਾਵਨਾ ਨੂੰ ਅੱਗੇ ਰੱਖਣ, ਨਾ ਕਿ ਆਪਣੇ ਰਾਜਨੀਤਕ ਹਿਤਾਂ ਨੂੰ।

-ਰਣਜੀਤ ਸਿੰਘ ਰਾਏ
ਪਿੰਡ ਤੇ ਡਾਕ: ਸ਼ਹਿਬਾਜ਼ਪੁਰਾ, ਨੇੜੇ ਰਾਏਕੋਟ (ਲੁਧਿਆਣਾ)।

ਪਾਰਕਾਂ ਦਾ ਨਿਰਮਾਣ

ਸਰਕਾਰ ਦੀਆਂ ਨੀਤੀਆਂ ਅਨੁਸਾਰ ਹੁਣ ਪਿੰਡਾਂ ਨੂੰ ਵੀ ਪਾਰਕਾਂ ਦੇ ਨਿਰਮਾਣ ਲਈ ਫੰਡ ਜਾਰੀ ਕੀਤੇ ਜਾਂਦੇ ਹਨ। ਪਿੰਡਾਂ ਵਿਚ ਬੜੇ ਉਤਸ਼ਾਹ ਨਾਲ ਪਾਰਕਾਂ ਦੇ ਨਿਰਮਾਣ ਹੋ ਵੀ ਰਹੇ ਹਨ। ਪਾਰਕਾਂ ਦੇ ਨਿਰਮਾਣ ਲਈ ਦਾਨੀ ਸੱਜਣ ਵੀ ਆਪਣਾ ਹਿੱਸਾ ਪਾਉਂਦੇ ਹਨ। ਪਿੰਡਾਂ ਵਿਚ ਹੁਣ ਤਾਂ ਨਿੱਜੀ ਪਾਰਕਾਂ ਦੇ ਨਿਰਮਾਣ ਵੀ ਧੜਾਧੜ ਹੋ ਰਹੇ ਹਨ। ਆਮ ਤੌਰ 'ਤੇ ਪਾਰਕਾਂ ਛੋਟੀਆਂ ਬਣਾਈਆਂ ਹੁੰਦੀਆਂ ਹਨ। ਇਨ੍ਹਾਂ ਵਿਚ ਸੈਰ ਕਰਨਾ, ਕਸਰਤਾਂ ਕਰਨੀਆਂ ਤੇ ਖੇਡਾਂ ਖੇਡਣੀਆਂ ਸੰਭਵ ਨਹੀਂ ਹੁੰਦੀਆਂ। ਅੱਜ ਦੌੜ-ਭੱਜ ਦੇ ਸਮੇਂ ਵਿਚ ਸ਼ਾਂਤੀਪੂਰਵਕ ਆਰਾਮ ਕਰਨਾ ਤਾਂ ਦੂਰ ਦੀ ਕਹਾਣੀ ਬਣ ਚੁੱਕਾ ਹੈ। ਇਨ੍ਹਾਂ ਪਾਰਕਾਂ ਵਿਚ ਆਮ ਤੌਰ 'ਤੇ ਬਿਜਲੀ ਦੀ ਘਾਟ ਤੇ ਪਾਣੀ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸੇ ਪ੍ਰਕਾਰ ਦਾ ਸਮਾਗਮ ਜਾਂ ਪਾਰਟੀ ਕਰਨੀ ਵੀ ਦੂਰ ਦੀ ਗੱਲ ਹੁੰਦੀ ਹੈ। ਸੋ, ਹਰ ਕੰਮ ਸੋਚ-ਵਿਚਾਰ ਕਰਕੇ ਲੋੜ ਅਨੁਸਾਰ ਕਰਨੇ ਚਾਹੀਦੇ ਹਨ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਫਰਜ਼ ਨੂੰ ਪਹਿਚਾਣੋ

ਭਾਵੇਂ ਵਿਦਿਆਰਥੀਆਂ ਨੂੰ ਅਧਿਆਪਕ ਕੋਰੋਨਾ ਕਰਕੇ ਆਨ ਲਾਈਨ ਪੜ੍ਹਾਈ ਕਰਵਾ ਰਹੇ ਹਨ, ਇਹ ਸਿਰਫ ਥੋੜ੍ਹੇ ਸਮੇਂ ਦੀ ਹੀ ਗੱਲ ਹੈ, ਬਹੁਤ ਜਲਦੀ ਸਭ ਕੁਝ ਠੀਕ ਹੋ ਜਾਏਗਾ। ਉੱਥੇ ਘਰ ਵਿਚ ਮੌਜੂਦ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂਂ ਆਪਣੇ ਬੱਚਿਆਂ ਨੂੰ ਮੋਬਾਈਲ 'ਤੇ ਆਨਲਾਈਨ ਪੜ੍ਹਦਿਆਂ ਨੂੰ ਦੇਖੀਏ, ਨਾ ਕਿ ਉਨ੍ਹਾਂ ਨੂੰ ਇਕਾਂਤਵਾਸ ਛੱਡ ਕੇ ਆਪ ਵੱਟਸ-ਐਪ ਜਾਂ ਮੋਬਾਈਲ 'ਤੇ ਗੱਲਾਂ ਦੂਸਰੇ ਕਮਰੇ ਵਿਚ ਬੈਠ ਕੇ ਮਾਰੀਏ, ਇਸ ਨਾਲ ਅਸੀਂ ਛੋਟੀ ਉਮਰ ਵਿਚ ਹੀ ਆਪਣੇ ਬੱਚਿਆਂ ਨੂੰ ਗ਼ਲਤ ਰਸਤੇ 'ਤੇ ਤੋਰ ਦਿਆਂਗੇ।
ਤੁਹਾਡੇ ਬੱਚਿਆਂ ਦੇ ਕੋਲ ਬੈਠਣ ਨਾਲ, ਜਿੱਥੇ ਤੁਹਾਡੇ ਬੱਚਿਆਂ ਦਾ ਪੜ੍ਹਾਈ ਵਿਚ ਦਿਲ ਲੱਗੇਗਾ, ਉੱਥੇ ਉਨ੍ਹਾਂ ਦਾ ਮਨੋਬਲ ਵੀ ਵਧੇਗਾ ਅਤੇ ਉਹ ਜਮਾਤ ਖ਼ਤਮ ਹੋਣ ਤੋਂ ਬਾਅਦ ਗ਼ੈਰ-ਜ਼ਰੂਰੀ ਸਮੱਗਰੀ ਦੇਖਣ ਤੋਂ ਸੰਕੋਚ ਕਰਨਗੇ, ਉਨ੍ਹਾਂ ਨੂੰ ਇਕੱਲਾਪਨ ਵੀ ਮਹਿਸੂਸ ਨਹੀਂ ਹੋਵੇਗਾ, ਜਿਸ ਨਾਲ ਤੁਸੀਂ ਆਪਣੇ ਬੱਚਿਆਂ ਦੇ ਦਾਦਾ ਦਾਦੀ, ਮਾਂ-ਬਾਪ, ਭੈਣ-ਭਰਾ ਤੋਂ ਇਲਾਵਾ ਇਕ ਚੰਗੇ ਮਿੱਤਰ ਵੀ ਬਣ ਜਾਉਗੇ।

-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਇੰਚਾਰਜ ਅੰਕੜਾ ਸ਼ਾਖਾ ਮੁੱਖ ਦਫ਼ਤਰ, ਸਹਿਕਾਰੀ ਬੈਂਕ ਹੁਸ਼ਿਆਰਪੁਰ।

ਗ਼ਲਤੀ ਸੁਧਾਰਨ ਦਾ ਸਮਾਂ

ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਕਿਸੇ ਨੇ ਆਪਣੇ ਘਰ ਦੇ ਗੇਟ 'ਤੇ ਲਿਖਿਆ 'ਇਹ ਘਰ ਵਿਕਾਊ ਹੈ ਕੈਂਸਰ ਪੀੜਤ ਮਾਤਾ ਦੇ ਇਲਾਜ ਲਈ' ਇਹੋ ਜਿਹੀਆਂ ਤਸਵੀਰਾਂ ਪੰਜਾਬ ਦੇ ਵਰਤਮਾਨ ਹਾਲਾਤ ਨੂੰ ਬਿਆਨ ਕਰਦੀਆਂ ਹਨ। ਇਕ ਵਾਰ ਤਾਂ ਡਰ ਵੀ ਲਗਦੈ ਭਵਿੱਖ ਬਾਰੇ ਸੋਚ ਕੇ। ਜੇ ਇਹੋ ਜਿਹੇ ਹਾਲਾਤ ਘਰ-ਘਰ ਪੈਦਾ ਹੋ ਗਏ ਤਾਂ ਕੀ ਬਣੂੰ ਮੇਰੇ ਇਸ ਪੰਜਾਬ ਦਾ? ਕਾਫੀ ਸਮਾਂ ਸੋਚਣ ਤੋਂ ਬਾਅਦ ਨਤੀਜਾ ਨਿਕਲਦਾ ਹੈ ਕਿ ਆਪਣਾ ਲੋਕਤੰਤਰ ਹਰ ਪੰਜ ਸਾਲ ਬਾਅਦ ਆਪਾਂ ਨੂੰ ਗ਼ਲਤੀ ਸੁਧਾਰਨ ਦਾ ਮੌਕਾ ਦਿੰਦਾ ਹੈ ਪਰ ਆਪਾਂ ਅੱਜ ਤੱਕ ਉਹ ਗ਼ਲਤੀ ਸੁਧਾਰ ਨਹੀਂ ਸਕੇ।
ਆਉਣ ਵਾਲੀਆਂ ਚੋਣਾਂ 'ਚ ਪਿਛਲੇ ਸਾਲਾਂ ਦੀ ਤਰ੍ਹਾਂ ਰਾਜਨੀਤਕ ਲੋਕਾਂ ਦੀਆਂ ਉਗਲਾਂ 'ਤੇ ਨੱਚਣ ਨਾਲੋਂ ਚੰਗਾ ਆਪਣੇ ਸਮਾਜ ਤੇ ਆਪਣੇ ਆਵਦੇ ਭਵਿੱਖ ਬਾਰੇ ਸੋਚ ਕੇ ਸੂਝਵਾਨ ਉਮੀਦਵਾਰ ਨੂੰ ਵੋਟ ਪਾਈਏ ਤਾਂ ਜੋ ਪੰਜਾਬ ਦਾ ਭਵਿੱਖ ਸੋਹਣਾ ਹੋ ਸਕੇ ਤੇ ਅਸੀਂ ਪੰਜਾਬ ਦੀ ਜਵਾਨੀ ਜੋ ਸਿਸਟਮ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਭੱਜੀ ਜਾਂਦੀ ਹੈ, ਰੋਕ ਸਕੀਏ।

-ਅਕਾਸ਼ਦੀਪ ਸੀਰਵਾਲੀ
ਜਮਾਤ 12ਵੀਂ
(ਐਸ.ਬੀ.ਐਸ. ਮਾਡਲ ਸਕੂਲ, ਸੀਰਵਾਲੀ)।

ਸਰਕਾਰੀ ਤਸ਼ੱਦਦ

ਅਧਿਆਪਕ ਮੰਗਾਂ ਲਈ ਸੜਕਾਂ ਉਤੇ ਨਾਅਰੇ ਲਗਾ ਰਹੇ ਹਨ। ਬੇਰੁਜ਼ਗਾਰ ਨੌਕਰੀ ਲਈ, ਕੱਚੇ ਅਧਿਆਪਕ ਪੱਕੇ ਹੋਣ ਲਈ, ਬਾਕੀ ਬਦਲੀਆਂ ਅਤੇ ਪਰਮੋਸ਼ਨਾਂ ਲਈ ਸਰਕਾਰ ਤੋਂ ਆਸਵੰਦ ਹਨ। ਜਦੋਂ ਵੋਟਾਂ ਵੇਲੇ ਘਰ ਘਰ ਨੌਕਰੀ ਦਾ ਹੋਕਾ ਦਿੱਤਾ ਹੋਵੇ, ਨੌਜਵਾਨਾਂ ਦਾ ਹੱਕ ਮੰਗਣਾ ਜਾਇਜ਼ ਹੈ। ਸਿਆਸੀ ਪਾਰਟੀਆਂ ਨੂੰ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਪੁਲਿਸ ਰਾਹੀਂ ਤਸ਼ੱਦਦ ਕਰਨਾ ਅਧਿਆਪਕ ਨੂੰ ਸਮਾਜ ਅੱਗੇ ਨੀਵਾਂ ਦਿਖਾਉਣਾ ਸਾਡੀ ਕੌਮੀ ਗਿਰਾਵਟ ਦਾ ਸੂਚਕ ਹੈ। ਉੱਚੀਆਂ ਡਿਗਰੀਆਂ ਲੈ ਕੇ ਵਿਹਲੇ ਰਹਿਣਾ ਰੁਜ਼ਗਾਰ ਨਾ ਮਿਲਣਾ ਨਮੋਸ਼ੀ ਭਰੀ ਜ਼ਿੰਦਗੀ ਹੈ। ਵਿਆਹ ਕਰਵਾਉਣਾ ਵੀ ਰੁਜ਼ਗਾਰ ਨਾਲ ਜੁੜਵਾਂ ਪੱਖ ਹੈ। ਪੁਲਿਸ ਅਫਸਰਾਂ ਅਤੇ ਬਾਕੀ ਮੁਲਾਜ਼ਮਾਂ ਨੂੰ ਵੀ ਬੇਰੁਜ਼ਗਾਰਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਜੇ ਪ੍ਰਾਈਵੇਟ ਸਕੂਲ ਪੂਰੀਆਂ ਤਨਖਾਹਾਂ ਦੇਣ ਲੋਕ ਸਰਕਾਰੀ ਨੌਕਰੀ ਦੀ ਝਾਕ ਨਾ ਰੱਖਣ। ਰੁਜ਼ਗਾਰ ਲਈ ਉਮਰ ਦੀ ਹੱਦ ਵਧਾਈ ਜਾ ਸਕਦੀ ਹੈ। ਅਧਿਆਪਕ ਵੀ ਨੌਕਰੀ ਨੂੰ ਤਨਦੇਹੀ ਨਾਲ ਕਰਨ। ਕਿਸਾਨ ਮੋਰਚੇ ਵਾਂਗ ਮੰਗਾਂ ਮਸਲੇ ਸ਼ਾਂਤਮਈ ਤਰੀਕੇ ਨਾਲ ਹੱਲ ਕਰਵਾਏ ਜਾਣ।

-ਬਲਵੰਤ ਸਿੰਘ ਸੋਹੀ
ਪਿੰਡ ਬਾਗੜੀਆਂ, ਜ਼ਿਲ੍ਹਾ ਮਾਲੇਰਕੋਟਲਾ।

22-06-2021

 ਕੋਰੋਨਾ ਦੇ ਘਟ ਰਹੇ ਕੇਸ

ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ 'ਤੇ ਕੋਰੋਨਾ ਕੇਸ ਘਟਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ ਜੋ ਕਿ ਸਾਡੇ ਸਾਰਿਆਂ ਲਈ ਰਾਹਤ ਭਰੀ ਖ਼ਬਰ ਹੈ। ਲਗਾਤਾਰ ਮੌਤਾਂ ਦੇ ਅੰਕੜੇ ਘਟਣ ਲੱਗੇ ਹਨ। ਜ਼ਿੰਦਗੀ ਡਰ ਤੇ ਸਹਿਮ 'ਚੋਂ ਥੋੜ੍ਹੀ ਉੱਭਰਨ ਲੱਗੀ ਹੈ। ਜ਼ਿੰਦਗੀ ਮੁੜ ਤੋਂ ਲੀਹ 'ਤੇ ਆਉਂਦੀ ਨਜ਼ਰ ਆਉਣ ਲੱਗੀ ਹੈ। ਸਭ ਨੇ ਸੁੱਖ ਦਾ ਸਾਹ ਲਿਆ ਹੈ। ਬਾਵਜੂਦ ਇਸ ਦੇ ਅਜੇ ਵੀ ਕੋਰੋਨਾ ਦੀ ਤੀਸਰੀ ਲਹਿਰ ਆਉਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਸਾਨੂੰ ਉਸ ਪ੍ਰਤੀ ਵੀ ਸਾਵਧਾਨ ਰਹਿਣਾ ਚਾਹੀਦਾ ਹੈ। ਕੋਰੋਨਾ ਤੋਂ ਬਚਣ ਦਾ ਇਕੋ-ਇਕ ਉਪਾਅ ਹੈ ਨਿਯਮਾਂ ਦੀ ਪਾਲਣਾ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਕੋਰੋਨਾ ਪ੍ਰਤੀ ਸੁਚੇਤ ਰਹੀਏ ਤਾਂ ਹੀ ਅਸੀਂ ਕੋਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰ ਸਕਦੇ ਹਾਂ।

-ਗੁਰਜੀਤ ਕੌਰ
ਮੋਗਾ।

ਬਦਲੀਆਂ ਦਾ ਸਿਲਸਲਾ

ਕਈ ਵਿਭਾਗਾਂ ਵਿਚ ਬਦਲੀਆਂ ਦਾ ਸਿਲਸਲਾ ਸਾਰਾ ਸਾਲ ਜ਼ੋਰਾਂ 'ਤੇ ਚੱਲਦਾ ਰਹਿੰਦਾ ਹੈ, ਭਾਵੇਂ ਕੰਪਿਊਟਰ ਆਉਣ ਨਾਲ ਕਰਮਚਾਰੀਆਂ ਦਾ ਕੰਮ ਕਾਫੀ ਸੋਖਾ ਵੀ ਹੋਇਆ ਹੈ, ਪਰ ਉੱਥੇ ਇਸ ਕੰਪਿਊਟਰ ਨੇ ਕਈਆਂ ਦੀ ਰੋਜ਼ੀ-ਰੋਟੀ ਵਿਚ ਵੀ ਲੱਤ ਮਾਰੀ ਹੈ। ਬਹੁਤ ਘੱਟ ਵਿਭਾਗ ਅਜਿਹੇ ਹੋਣਗੇ, ਜਿੱਥੇ ਕਰਮਚਾਰੀਆਂ ਦੀ ਕਿੱਲਤ ਨਾ ਹੋਵੇ।
ਮੁਲਾਜ਼ਮਾਂ ਦੀ ਨਿਰੰਤਰ ਰਿਟਾਇਰਮੈਂਟ ਦੇ ਵਧਦੇ ਭਾਰ ਨਾਲ, ਮੌਜੂਦਾ ਕੰਮ ਕਰ ਰਹੇ ਕਰਮਚਾਰੀਆਂ ਦੀ ਸਿਹਤ ਦੇ ਸੰਤੁਲਨ ਦਾ ਵਿਗੜਨਾ ਆਮ ਹੋ ਚੁੱਕਾ ਹੈ। ਦੇਖਣ ਵਿਚ ਆਉਂਦਾ ਹੈ ਕਿ ਆਮ ਤੌਰ 'ਤੇ ਮੁਲਾਜ਼ਮ ਵੀ.ਪੀ, ਸ਼ੂਗਰ, ਡਿਪ੍ਰੈਸ਼ਨ ਅਤੇ ਹੋਰ ਕਈ ਕਿਸਮ ਦੀਆਂ ਬਿਮਾਰੀਆਂ ਨਾਲ ਪੀੜਤ ਹੋ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਰਮਚਾਰੀਆਂ ਉੱਪਰ ਹੁਣ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ। ਸੁਭਾਅ ਵਿਚ ਚਿੜਚਿੜਾਪਨ, ਬੇਰੁਖ਼ੀ ਆਮ ਦੇਖਣ ਨੂੰ ਮਿਲਦੀ ਹੈ। ਮੁਲਾਜ਼ਮ ਤਾਂ ਕਈ ਵਾਰੀ ਮੈਨੇਜਮੈਂਟ ਨੂੰ ਬਦਲੀਆਂ ਵਿਚ ਹੀ ਉਲਝਾ ਦਿੰਦੇ ਹਨ। ਮੁਲਾਜ਼ਮਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੰਮ ਕਰ ਰਹੇ ਆਪਣੇ ਵਿਭਾਗ ਵਿਚ ਬਦਲੀ ਲਈ ਸਿਫਾਰਸ਼ਾਂ ਜੇਕਰ ਕੋਈ ਠੋਸ ਮਜਬੂਰੀ ਨਾ ਹੋਵੇ, ਤਾਂ ਸਿਫਾਰਸ਼ ਕਰਵਾਉਣ ਤੋਂ ਗੁਰੇਜ਼ ਕਰਨ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂ ਵਾਲਾ)
ਇੰਚਾਰਜ ਅੰਕੜਾ ਸ਼ਾਖਾ, ਸਹਿਕਾਰੀ ਬੈਂਕ ਮੁੱਖ ਦਫ਼ਤਰ, ਹੁਸ਼ਿਆਰਪੁਰ।

ਉਚੇਰੀ ਸਿੱਖਿਆ ਦਾ ਹਾਲ

ਪੰਜਾਬ ਵਿਚ ਭਾਵੇਂ ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਪ੍ਰੰਤੂ ਸਰਕਾਰੀ ਕਾਲਜਾਂ ਦੇ ਹਾਲਾਤ ਕਿਸੇ ਤੋਂ ਵੀ ਲੁਕੇ-ਛਿਪੇ ਨਹੀਂ ਹਨ, ਬਹੁਗਿਣਤੀ ਗ਼ਰੀਬ ਵਿਦਿਆਰਥੀ ਅਤੇ ਮੱਧ ਵਰਗ ਦੇ ਬੱਚੇ ਇਨ੍ਹਾਂ ਸਰਕਾਰੀ ਵਿਦਿਅਕ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ ਪ੍ਰੰਤੂ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਸਰਕਾਰ ਵਲੋਂ ਕੋਈ ਵੀ ਸਹਾਇਕ ਪ੍ਰੋਫੈਸਰ ਦੀ ਭਰਤੀ ਨਹੀਂ ਕੀਤੀ ਗਈ ਹੁਣ ਵੀ ਸਰਕਾਰ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਕਾਲਜ ਲੈਕਚਰਾਰ ਦੀ ਭਰਤੀ ਕਰਨ ਦਾ ਲਾਰਾ ਲਾਇਆ ਜਾ ਰਿਹਾ ਹੈ, ਸਰਕਾਰ ਦੀਆਂ ਡੰਗ-ਟਪਾਊ ਨੀਤੀਆਂ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਆਰਥਿਕ ਅਤੇ ਵਿਦਿਅਕ ਤੌਰ 'ਤੇ ਹੋ ਰਿਹਾ ਹੈ।
ਸਮੇਂ-ਸਮੇਂ 'ਤੇ ਸਰਕਾਰ ਵਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ ਤਾਂ ਕੀਤੇ ਜਾਂਦੇ ਹਨ ਪਰ ਜ਼ਰੂਰਤ ਪਹਿਲਾਂ ਤੋਂ ਹੀ ਚੱਲ ਰਹੇ ਕਾਲਜਾਂ ਨੂੰ ਅਧਿਆਪਨ ਅਮਲਾ ਉਪਲੱਬਧ ਕਰਵਾਉਣ ਦੀ ਹੈ। ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਦੀ ਹੈ, ਪ੍ਰਾਈਵੇਟ ਵਿਦਿਅਕ ਸੰਸਸਥਾਵਾਂ ਵੱਲ ਹੋ ਰਹੇ ਬੱਚਿਆਂ ਦੇ ਪਲਾਇਨ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਸਰਕਾਰੀ ਉੱਚ ਵਿਦਿਅਕ ਸੰਸਥਾਵਾਂ ਨੂੰ ਸਰਕਾਰ ਸਹੀ ਸਮੇਂ 'ਤੇ ਆਰਥਿਕ ਸਹਾਇਤਾ ਦਿੰਦੀ ਰਹੇ ਤਾਂ ਹੀ ਪੰਜਾਬ, ਪੰਜਾਬੀਅਤ ਦਾ ਵਿਕਾਸ ਹੋ ਸਕਦਾ ਹੈ।

-ਮਨਦੀਪ ਸਿੰਘ ਸਿਵੀਆ
ਪਿੰਡ ਤੇ ਡਾਕ: ਜੋੜਕੀ ਅੰਧੇ ਵਾਲੀ, ਫਾਜ਼ਿਲਕਾ।

ਬੁਢਾਪਾ ਪੈਨਸ਼ਨ

ਹਰਿਆਣੇ ਦੇ ਬਜ਼ੁਰਗਾਂ ਦੇ ਖੁਸ਼ ਹੋਣ ਦੀ ਵਜ੍ਹਾ ਇਹ ਹੈ ਕਿ ਉਥੋਂ ਦੇ ਮੁੱਖ ਮੰਤਰੀ ਨੇ ਬੁਢਾਪਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ ਅਤੇ ਇਹ ਐਲਾਨ 1 ਅਪ੍ਰੈਲ, 2021 ਤੋਂ ਪ੍ਰਭਾਵੀ ਹੈ। ਹਰਿਆਣਾ ਜੋ ਕਿ ਕਿਸੇ ਸਮੇਂ ਪੰਜਾਬ ਦਾ ਹੀ ਹਿੱਸਾ ਸੀ, ਬਜ਼ੁਰਗਾਂ ਦੀ ਦੇਖਭਾਲ ਦੇ ਮਾਮਲੇ ਵਿਚ ਪੰਜਾਬ ਤੋਂ ਅੱਗੇ ਹੈ। ਚਾਹੀਦਾ ਤਾਂ ਇਹ ਹੈ ਕਿ ਹੁਣ ਪੰਜਾਬ ਸਰਕਾਰ ਹਰਿਆਣਾ ਤੋਂ ਕੁਝ ਸਿੱਖਿਆ ਲਵੇ ਅਤੇ ਰਾਜ ਵਿਚ ਬੁਢਾਪਾ ਪੈਨਸ਼ਨ ਹਰਿਆਣੇ ਜਿੰਨੀ (2500 ਰੁਪਏ ਪ੍ਰਤੀ ਮਹੀਨਾ) ਕਰੇ ਅਤੇ ਇਸ ਨੂੰ ਜਨਵਰੀ 2021 ਤੋਂ ਪ੍ਰਭਾਵੀ ਬਣਾਇਆ ਜਾਵੇ।

-ਪ੍ਰਿੰ: ਐਸ. ਚੌਧਰੀ
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ।

ਟੈੱਟ ਪਾਸ ਬੇਰੁਜ਼ਗਾਰ ਤੇ ਸਰਕਾਰ

ਪਿਛਲੇ ਸਮੇਂ ਤੋਂ ਲਗਾਤਾਰ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਨੌਕਰੀ ਲਈ ਸੰਘਰਸ਼ ਚਲਾਇਆ ਜਾ ਰਿਹਾ ਹੈ। ਬੇਰੁਜ਼ਗਾਰ ਹੋਣਾ ਸਭ ਤੋਂ ਵੱਡਾ ਸਰਾਪ ਹੈ ਤੇ ਮਾਪਿਆਂ ਲਈ ਬੱਚਿਆਂ ਦਾ ਵਿਹਲੇ ਫਿਰਨਾ ਸਭ ਤੋਂ ਵੱਡੀ ਚਿੰਤਾ ਹੈ। ਮਾਪੇ ਬੱਚਿਆਂ ਦੀ ਪੜ੍ਹਾਈ 'ਤੇ ਲੱਖਾਂ ਰੁਪਏ ਖ਼ਰਚ ਕਰਦੇ ਹਨ। ਆਪਣੀਆਂ ਜ਼ਮੀਨਾਂ ਗਹਿਣੇ ਵੇਚ ਕੇ ਮਸਾਂ ਬੱਚਿਆਂ ਨੂੰ ਪੜ੍ਹਾਉਂਦੇ ਹਨ। ਪਰ ਸਰਕਾਰਾਂ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦੀਆਂ ਹਨ। ਹਜ਼ਾਰਾਂ ਬੇਰੁਜ਼ਗਾਰ ਟੈੱਟ ਪਾਸ ਕਰਕੇ ਵਿਹਲੇ ਸੜਕਾਂ 'ਤੇ ਖਾਕ ਛਾਣਦੇ ਫਿਰਦੇ ਹਨ ਤੇ ਪੰਜਾਬ ਸਰਕਾਰ ਦੀ ਬੇਰੁਖ਼ੀ ਦਾ ਸ਼ਿਕਾਰ ਹਨ। ਵੋਟਾਂ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਨੂੰ ਲਾਰੇ ਲਾ ਕੇ ਆਵਦੇ ਪੰਜ ਸਾਲ ਪੂਰੇ ਕਰਕੇ ਖਜ਼ਾਨਾ ਖਾਲੀ ਤਿੱਤਰ ਹੁੰਦੇ ਹਨ। ਹੁਣ ਸਥਿਤੀ ਬਿਲਕੁਲ ਉਲਟ ਹੈ ਕਿ ਸਰਕਾਰ ਕਈ-ਕਈ ਸਾਲ ਅਧਿਆਪਕ ਭਰਤੀ ਨਹੀਂ ਕਰਦੀ, ਜੇ ਕਰਦੀ ਹੈ ਤਾਂ ਪੋਸਟਾਂ ਦੀ ਗਿਣਤੀ ਸੈਂਕੜਿਆਂ ਵਿਚ ਹੁੰਦੀ ਹੈ। ਹਜ਼ਾਰਾਂ ਨਹੀਂ, ਕਈ ਵਾਰ ਲੱਖਾਂ ਦੀ ਗਿਣਤੀ ਵਿਚ ਅਰਜ਼ੀਆਂ ਹੁੰਦੀਆਂ ਹਨ ਤੇ ਕੁਝ ਨੂੰ ਨੌਕਰੀ ਮਿਲਦੀ ਹੈ ਅਤੇ ਬਾਕੀ ਸੈਂਕੜੇ ਰੁਪਏ ਬਰਬਾਦ ਕਰਕੇ ਘਰ ਬਹਿ ਜਾਂਦੇ ਹਨ। ਉਹ ਬੇਚਾਰੇ ਸਿਰਫ ਧਰਨੇ ਮੁਜ਼ਾਹਰਿਆਂ ਜੋਗੇ ਰਹਿ ਜਾਂਦੇ ਹਨ, ਬਾਕੀ ਕਈ ਤਾਂ ਨੌਕਰੀ ਦੀ ਉਡੀਕ ਵਿਚ ਉਮਰ ਲੰਘਾ ਬੈਠਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰੀਆਂ ਖਾਲੀ ਪੋਸਟਾਂ ਤੇ ਅਧਿਆਪਕ ਭਰਤੀ ਕਰੇ। ਪੜ੍ਹੇ-ਲਿਖੇ ਵਿਹਲੇ ਹੱਥਾਂ ਨੂੰ ਰੁਜ਼ਗਾਰ ਦਿੱਤੇ ਬਿਨਾਂ ਸੂਬੇ ਵਿਚ ਸ਼ਾਂਤੀ ਨਹੀਂ ਹੋ ਸਕਦੀ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ (ਮੋਗਾ)।

21-06-2021

 ਪੰਜਾਬੀ ਭਾਸ਼ਾ ਨਾਲ ਫੇਰ ਧੱਕਾ
ਸੀ.ਬੀ.ਐਸ.ਈ. ਵਲੋਂ ਦਸਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦੇ ਮੱਦੇਨਜ਼ਰ ਪੰਜਾਬੀ ਭਾਸ਼ਾ ਨਾਲ ਫਿਰ ਧ੍ਰੋਹ ਕਮਾਇਆ ਗਿਆ ਹੈ। ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦੇ ਪੁੱਤਰਾਂ ਨਾਲ ਬੋਰਡ ਨੇ ਇਸ ਪ੍ਰਕਾਰ ਧੱਕਾ ਕੀਤਾ ਹੈ। ਮਾਤ ਭਾਸ਼ਾ ਪੰਜਾਬੀ ਦੇ ਅੰਕਾਂ ਨੂੰ ਬਾਕੀ ਵਿਸ਼ਿਆਂ ਵਿਚ ਜੋੜ ਕੇ ਐਵਰੇਜ ਬਣਾਉਣੀ ਜਦਕਿ ਹਿੰਦੀ ਭਾਸ਼ਾ ਨੂੰ ਵੱਖਰੀ ਆਜ਼ਾਦ ਭਾਸ਼ਾ ਵਜੋਂ ਰੱਖ ਕੇ ਪੰਜਾਬੀ ਭਾਸ਼ਾ ਦੀ ਆਜ਼ਾਦ ਹੋਂਦ ਨੂੰ ਖਤਮ ਕਰਨ ਦੀ ਵੱਡੀ ਸਾਜ਼ਿਸ਼ ਹੈ, ਜਦਕਿ ਪਹਿਲਾਂ ਹੀ ਪੰਜਾਬ ਦੀ ਧਰਤੀ ਤੇ ਚੱਲਣ ਵਾਲੇ ਉਪਰੋਕਤ ਬੋਰਡ ਨਾਲ ਸਬੰਧਿਤ ਅਤੇ ਕੁਝ ਇਕ ਹੋਰ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਬੋਲਣ 'ਤੇ ਜੁਰਮਾਨਾ ਤੱਕ ਲਾਇਆ ਜਾਂਦਾ ਹੈ। ਆਪਣੇ-ਆਪ ਨੂੰ ਪੰਜਾਬ ਹਿਤੈਸ਼ੀ ਅਤੇ ਪੰਥਕ ਕਹਾਉਣ ਵਾਲੀਆਂ ਪਾਰਟੀਆਂ ਇਸ ਵਿਸ਼ੇ 'ਤ ਖ਼ਾਮੋਸ਼ ਕਿਉਂ ਹਨ? ਸੋ, ਆਓ ਪੰਜਾਬੀ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ, ਮਾਤ ਭਾਸ਼ਾ ਅਤੇ ਧਰਮ ਦੀ ਰਾਖੀ ਲਈ ਹੋਰ ਵੱਡੇ ਉਪਰਾਲੇ ਕਰੀਏ।


-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਜ਼ਿਲ੍ਹਾ ਤਰਨ ਤਾਰਨ।


ਲਾਠੀਚਾਰਜ
ਪਿਛਲੇ ਦਿਨੀਂ (9 ਜੂਨ) 'ਅਜੀਤ' 'ਚ 'ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਉੱਪਰ ਲਾਠੀਚਾਰਜ' ਦੀ ਖ਼ਬਰ ਪੜ੍ਹ ਕੇ ਮਨ ਬੜਾ ਦੁਖੀ ਹੋਇਆ। ਇਕ ਪਾਸੇ ਤਾਂ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਚੋਣ ਵਾਅਦੇ ਮੁਤਾਬਿਕ ਘਰ-ਘਰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਦੂਸਰੇ ਪਾਸੇ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅਧਿਆਪਕ ਅਤੇ ਅਧਿਆਪਕਾਵਾਂ 'ਤੇ ਲਾਠੀਚਾਜ ਕਰਨਾ ਬੇਹੱਦ ਨਿੰਦਣਯੋਗ ਘਟਨਾ ਹੈ। ਅਸੀਂ ਦੇਖਦੇ ਹਾਂ ਕਿ ਪਹਿਲਾਂ ਤਾਂ ਬੱਚੇ ਬੀ.ਏ. ਤੱਕ ਦੀ ਔਖੀ ਪੜ੍ਹਾਈ ਕਰਦੇ ਹਨ ਤੇ ਫਿਰ ਅਧਿਆਪਨ ਕਿੱਤੇ ਲਈ ਕਿੱਤਾ ਕੋਰਸ ਦੇ ਰੂਪ ਵਿਚ ਬੀ.ਐੱਡ ਪਾਸ ਕਰਦੇ ਹਨ। ਪਰ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਔਖੇ ਟੈਸਟ (ਜਿਨ੍ਹਾਂ ਦੀ ਲੋੜ ਨਹੀਂ) ਪਾਸ ਕਰਨ ਲਈ ਮਜਬੂਰ ਕਰਦੀ ਹੈ। ਪਰ ਜੇ ਨੌਜਵਾਨ ਇਹ ਟੈਸਟ ਵੀ ਪਾਸ ਕਰ ਲੈਣ ਤਾਂ ਫਿਰ ਵੀ ਸਰਕਾਰ ਨੌਕਰੀ ਦੇਣ ਤੋਂ ਟਾਲਾ ਵੱਟਦੀ ਰਹਿੰਦੀ ਹੈ। ਅਜਿਹੇ ਹਾਲਾਤ ਕਾਰਨ ਸਾਡੇ ਨੌਜਵਾਨਾਂ ਕੋਲ ਚੰਗੀ ਪੜ੍ਹਾਈ ਤੇ ਡਿਗਰੀਆਂ ਹੋਣ ਦੇ ਬਾਵਜੂਦ ਵੀ ਬਾਹਰਲੇ ਮੁਲਕਾਂ ਵਿਚ ਜਾਣ ਅਤੇ ਖੇਤਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ। ਜਦੋਂ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਦੀ ਗੱਲ ਨਾ ਸੁਣੇ ਤਾਂ ਉਨ੍ਹਾਂ ਕੋਲ ਸੜਕਾਂ 'ਤੇ ਸੰਘਰਸ਼ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਰਹਿ ਜਾਂਦਾ।


-ਰਾਜਿੰਦਰ ਸਿੰਘ ਮਰਾਹੜ
ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ (ਬਠਿੰਡਾ)।


ਵਧ ਰਹੀ ਫਿਰਕੂ ਤਾਨਾਸ਼ਾਹੀ
ਪਿਛਲੇ ਦਿਨੀਂ (17 ਜੂਨ) ਸਤਨਾਮ ਸਿੰਘ ਮਾਣਕ ਹੁਰਾਂ ਨੇ ਆਪਣੇ ਲੇਖ 'ਚ ਦੇਸ਼ ਵਿਚ ਦਿਨੋ ਦਿਨ ਵਧ ਰਹੀ ਫਿਰਕੂ ਤਾਨਾਸ਼ਾਹੀ ਅਤੇ ਕਾਨੂੰਨੀ ਪੱਧਰ 'ਤੇ ਹੁੰਦੀ ਬੇਇਨਸਾਫ਼ੀ ਦੀ ਬਿਲਕੁਲ ਸਹੀ ਤਸਵੀਰ ਬਿਆਨ ਕੀਤੀ ਹੈ। ਦਿੱਲੀ ਹਾਈਕੋਰਟ ਨੇ ਦਿੱਲੀ ਹਿੰਸਾ ਦੇ ਸਬੰਧ ਵਿਚ ਗ੍ਰਿਫ਼ਤਾਰ ਤਿੰਨ ਵਿਦਿਆਰਥੀਆਂ ਨੂੰ ਜ਼ਮਾਨਤ ਦਿੰਦੇ ਹੋਏ ਦਿੱਲੀ ਪੁਲੀਸ ਨੂੰ ਯਾਨਿ ਕਿ ਇਕ ਤਰ੍ਹਾਂ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਥੋੜ੍ਹੀ ਜਿਹੀ ਫਿਟਕਾਰ ਲਾ ਕੇ ਇਨਸਾਫ ਨੂੰ ਸਿਰਫ ਠੁੰਮਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਅਸਲ ਮੁਜਰਮ ਹਕੂਮਤੀ ਸਰਪ੍ਰਸਤੀ ਹੇਠ ਕਾਨੂੰਨੀ ਗ੍ਰਿਫਤ 'ਚੋਂ ਬਾਹਰ ਹਨ। ਜੇਕਰ ਅਦਾਲਤਾਂ ਇਨਸਾਫ ਪ੍ਰਤੀ ਸੁਹਿਰਦ ਹੁੰਦੀਆਂ ਤਾਂ ਦਿੱਲੀ ਵਿਧਾਨ ਸਭਾ 2020 ਦੀਆਂ ਚੋਣਾਂ ਵੇਲੇ ਭੜਕਾਊ ਭਾਸ਼ਣ ਦੇਣ ਵਾਲੇ ਭਾਜਪਾ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਖਿਲਾਫ ਕੇਸ ਦਰਜ ਕੀਤੇ ਜਾਂਦੇ। ਦਰਅਸਲ ਮੋਦੀ ਸਰਕਾਰ ਨੇ ਅਸਹਿਮਤੀ ਅਤੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਲਈ ਹੁਣ ਤੱਕ ਯੂ. ਏ. ਪੀ. ਏ. ਅਤੇ ਪੀ. ਐਸ. ਏ. ਵਰਗੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀ ਪੂਰੀ ਬੇਦਰਦੀ ਨਾਲ ਦੁਰਵਰਤੋਂ ਕੀਤੀ ਹੈ। ਇਸੇ ਨੀਤੀ ਹੇਠ ਭੀਮਾ ਕੋਰੇਗਾਓਂ ਸਾਜਿਸ਼ ਕੇਸ ਵਿਚ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਪੱਤਰਕਾਰਾਂ ਅਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕੱਦਮੇ ਦੀ ਸੁਣਵਾਈ ਦੇ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਉੱਚ ਨਿਆਂਪਾਲਿਕਾ ਵਲੋਂ ਕਿਸੇ ਕਥਿਤ ਦਬਾਅ ਹੇਠ ਇਨਾਂ ਨਿਰਦੋਸ਼ ਜਮਹੂਰੀ ਕਾਰਕੁਨਾਂ ਦੀ ਜ਼ਮਾਨਤ ਬਾਰ ਬਾਰ ਰੱਦ ਕੀਤੀ ਗਈ ਹੈ। ਕੀ ਕੋਈ ਅਦਾਲਤ ,ਪੁਲੀਸ ਜਾਂ ਹਕੂਮਤ ਨਿਰਦੋਸ਼ ਵਿਅਕਤੀ ਵਲੋਂ ਜੇਲ੍ਹ ਵਿਚ ਬਿਤਾਏ ਜ਼ਿੰਦਗੀ ਦੇ ਕੀਮਤੀ ਸਾਲ ਉਸ ਨੂੰ ਵਾਪਸ ਕਰ ਸਕਦੀ ਹੈ? ਨਿਆਂ ਪਾਲਿਕਾ ਨੂੰ ਬਿਨਾਂ ਕਿਸੇ ਹਕੂਮਤੀ ਦਬਾਅ ਦੇ ਹਰ ਨਾਗਰਿਕ ਲਈ ਹੇਠਲੇ ਪੱਧਰ ਉਤੇ ਸਹੀ ਅਤੇ ਜਲਦ ਇਨਸਾਫ ਯਕੀਨੀ ਬਣਾਉਣਾ ਚਾਹੀਦਾ ਹੈ।


-ਸੁਮੀਤ ਸਿੰਘ
ਮੋਹਣੀ ਪਾਰਕ, ਖਾਲਸਾ ਕਾਲਜ, ਅੰਮ੍ਰਿਤਸਰ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX