ਤਾਜਾ ਖ਼ਬਰਾਂ


ਇਹ ਸਪੱਸ਼ਟ ਹੈ ਕਿ ਮੁੱਖ ਮੰਤਰੀ ਚੰਨੀ ਪੰਜਾਬ ਵਿਚ ਰੇਤ ਮਾਫੀਆ ਦੀ ਅਗਵਾਈ ਕਰ ਰਿਹਾ ਹੈ - ਹਰਸਿਮਰਤ ਕੌਰ ਬਾਦਲ
. . .  5 minutes ago
ਭਗੀਰਥ ਸਿੰਘ ਗਿੱਲ ਲੋਪੋ ਯੂਥ ਅਕਾਲੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  about 2 hours ago
ਚੰਡੀਗੜ੍ਹ, 20 ਜਨਵਰੀ- ਸੰਤ ਜਗਜੀਤ ਸਿੰਘ ਜੀ ਲੋਪੋਂ ਦੇ ਸਪੁੱਤਰ ਭਗੀਰਥ ਸਿੰਘ ਗਿੱਲ ਲੋਪੋਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣਾ ਓ.ਐਸ.ਡੀ (ਓ.ਐਸ.ਡੀ ਟੂ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵਜੋਂ ਨਿਯੁਕਤ ਕੀਤਾ ਹੈ। ਇਸ 'ਤੇ ਸੁਖਬੀਰ ਸਿੰਘ ਬਾਦਲ...
ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ-ਬਿਕਰਮ ਸਿੰਘ ਮਜੀਠੀਆ
. . .  about 2 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ.ਦਲਬੀਰ ਸਿੰਘ ਵੇਰਕਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਮਾਝੇ...
ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਵੀ.ਆਈ.ਪੀ. ਨੂੰ ਵੀ ਨਹੀਂ ਮਿਲੀ ਇਜਾਜ਼ਤ
. . .  about 2 hours ago
ਅਟਾਰੀ, 20 ਜਨਵਰੀ (ਗੁਰਦੀਪ ਸਿੰਘ ਅਟਾਰੀ)- ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਅਟਾਰੀ ਵਾਹਗਾ ਸਰਹੱਦ ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰੇਮਨੀ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਜਾਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ..
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ
. . .  about 2 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵਲੋਂ ਅਬਜ਼ਰਵਰਾਂ ਦੀ ਨਿਯੁਕਤੀ..
ਵਿਧਾਇਕ ਬੈਂਸ ਸਮੇਤ ਸੱਤ ਖ਼ਿਲਾਫ਼ ਭਗੌੜਾ ਕਰਾਰ ਦਿੱਤੇ ਜਾਣ ਦੀ ਕਾਰਵਾਈ ਸ਼ੁਰੂ
. . .  about 2 hours ago
ਲੁਧਿਆਣਾ, 20 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੱਤ ਹੋਰਨਾਂ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਜਾਣ..
ਪੰਜਾਬ ਚੋਣਾਂ : ਬਸਪਾ ਨੇ 14 ਸੀਟਾਂ ਤੋਂ ਐਲਾਨੇ ਉਮੀਦਵਾਰ
. . .  about 3 hours ago
ਚੰਡੀਗੜ੍ਹ, 20 ਜਨਵਰੀ-ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਬਸਪਾ ਨੇ ਆਪਣੇ ਹਿੱਸੇ ਦੀਆਂ 14 ਸੀਟਾਂ ਤੋਂ ਅੱਜ ਉਮੀਦਵਾਰਾਂ ਦਾ ਐਲਾਨ ਕਰ ..
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ ਜਾਰੀ, ਦੋ ਔਰਤਾਂ ਸਮੇਤ 8 ਮਰੀਜ਼ਾਂ ਦੀ ਹੋਈ ਮੌਤ
. . .  about 3 hours ago
ਅੰਮ੍ਰਿਤਸਰ, 20 ਜਨਵਰੀ (ਰੇਸ਼ਮ ਸਿੰਘ)- ਲਗਾਤਾਰ ਘਾਤਕ ਹੋ ਰਿਹਾ ਕੋਰੋਨਾ ਦਾ ਕਹਿਰ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਅੱਜ ਦੂਜੇ ਦਿਨ 2 ਔਰਤਾਂ ਸਮੇਤ 8 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ 7 ਮਰੀਜ਼ਾਂ ਦੀ ਮੌਤ ਹੋਈ ਸੀ ਜਦੋਂਕਿ...
ਚੰਨੀ ਦੇ ਪਰਿਵਾਰ ਨੇ 111 ਦਿਨਾਂ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਕਰਕੇ ਕੀਤੀ ਕਰੋੜਾਂ ਦੀ ਕਮਾਈ : ਹਰਸਿਮਰਤ ਕੌਰ ਬਾਦਲ
. . .  about 3 hours ago
ਬਠਿੰਡਾ, 20 ਜਨਵਰੀ- ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ 'ਤੇ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ 111 ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ...
ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਚੱਲੀ ਗੋਲੀ, ਇਕ ਜ਼ਖ਼ਮੀ
. . .  about 3 hours ago
ਜਲੰਧਰ, 20 ਜਨਵਰੀ- ਥਾਣਾ ਨਕੋਦਰ ਦੇ ਚੂਹੜ ਪਿੰਡ ਵਿਖੇ ਐੱਮ.ਐੱਲ.ਏ. ਗੁਰਪ੍ਰਤਾਪ ਵਡਾਲਾ ਦੀ ਕੈਂਪੇਨ ਦੌਰਾਨ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ । ਇਸ ਗੋਲੀ ਦੇ ਚੱਲਣ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ ਜਿਸਦੀ ਗੰਭੀਰ ਹਾਲਤ ਨੂੰ ..
ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
. . .  about 4 hours ago
ਚੰਡੀਗੜ੍ਹ, 20 ਜਨਵਰੀ-ਈ.ਡੀ. ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਆਗੂਆਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ 'ਤੇ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ 'ਆਪ' ਨਾਲ ਮਿਲੀ ਹੋਈ ਹੈ ਅਤੇ ਮੁੱਖ ਮੰਤਰੀ ਚੰਨੀ ਦੇ ਖ਼ਿਲਾਫ਼ ਸਾਜ਼ਿਸ਼..
ਮੌਜੂਦਾ ਸਰਪੰਚ ਅਕਾਲੀ ਦਲ ਵਿਚ ਸ਼ਾਮਿਲ
. . .  about 4 hours ago
ਗੁਰੂ ਹਰਸਹਾਏ, 20 ਜਨਵਰੀ (ਕਪਿਲ ਕੰਧਾਰੀ) - ਗੁਰੂ ਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਰਾਜਾ ਰਾਏ ਦਾ...
ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਮਨੀਲਾ ਤੋਂ ਪਿੰਡ ਪਹੁੰਚਣ 'ਤੇ ਹੋਇਆ ਅੰਤਿਮ ਸੰਸਕਾਰ
. . .  about 4 hours ago
ਨੱਥੂਵਾਲਾ ਗਰਬੀ, 20 ਜਨਵਰੀ (ਸਾਧੂ ਰਾਮ ਲੰਗੇਆਣਾ)-ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਹਰਜਿੰਦਰ ਸਿੰਘ ਦਾ ਨੌਜਵਾਨ ਭਾਣਜਾ ਜਗਮੀਤ ਸਿੰਘ 24 ਸਾਲ ਪੁੱਤਰ ਬਲਬੀਰ ਸਿੰਘ ਜੱਟ ਸਿੱਖ ਵਾਸੀ ਪੰਜਗਰਾਈਂ ਖ਼ੁਰਦ ਜਿਸ ਦਾ ਕੁਝ ਦਿਨ..
ਲਾਹੌਰ 'ਚ ਧਮਾਕੇ ਨਾਲ 3 ਦੀ ਮੌਤ, 28 ਜ਼ਖ਼ਮੀ, ਟੀ. ਟੀ. ਪੀ. 'ਤੇ ਹਮਲੇ 'ਚ ਸ਼ਾਮਿਲ ਹੋਣ ਦਾ ਸ਼ੱਕ
. . .  about 4 hours ago
ਅੰਮ੍ਰਿਤਸਰ, 20 ਜਨਵਰੀ (ਸੁਰਿੰਦਰ ਕੋਛੜ) - ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਅੱਜ ਸੜਕ ਕਿਨਾਰੇ ਲੱਗੇ ਸਟਾਲ 'ਤੇ ਧਮਾਕਾ ਹੋਣ ਕਾਰਨ ਇਕ ਬੱਚੇ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ...
ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਮਾਰੀਸ਼ਸ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ
. . .  about 4 hours ago
ਨਵੀਂ ਦਿੱਲੀ, 20 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮਾਰੀਸ਼ਸ ਦੇ ਹਮਰੁਤਬਾ ਪ੍ਰਵਿੰਦ ਕੁਮਾਰ ਜੁਗਨਾਥ ਨੇ ਮਾਰੀਸ਼ਸ ਵਿਚ ਭਾਰਤ-ਸਹਾਇਤਾ ਪ੍ਰਾਪਤ ਸੋਸ਼ਲ ਹਾਊਸਿੰਗ ਯੂਨਿਟ ਪ੍ਰੋਜੈਕਟ, ਸਿਵਲ ਸਰਵਿਸ ਕਾਲਜ ਅਤੇ 8 ਐੱਮ.ਡਬਲਯੂ. ਸੋਲਰ ਪੀ.ਵੀ. ਫਾਰਮ ਪ੍ਰੋਜੈਕਟਾਂ...
ਸਰਕਾਰੀ ਸਮਾਰਟ ਸਕੂਲ ਢੱਡਾ ਫਤਿਹ ਸਿੰਘ ਦੇ 12 ਅਧਿਆਪਕ ਹੋਏ ਕੋਰੋਨਾ ਪਾਜ਼ੀਟਿਵ
. . .  about 4 hours ago
ਬੁੱਲ੍ਹੋਵਾਲ, 20 ਜਨਵਰੀ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਦੋ ਦਰਜਨ ਦੇ ਕਰੀਬ ਅਧਿਆਪਕਾਂ ਦਾ ਕੋਰੋਨਾ ਪਾਜ਼ੀਟਿਵ ਆ ਜਾਣ ਕਾਰਨ ਇਲਾਕੇ ਭਰ 'ਚ ਸਨਸਨੀ ਫ਼ੈਲ ਗਈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਹਤ ਵਿਭਾਗ...
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿੱਖਿਆ ਪੱਤਰ
. . .  about 5 hours ago
ਕੋਲਕਾਤਾ, 20 ਜਨਵਰੀ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਆਈ.ਏ.ਐੱਸ. ਕਾਡਰ ਨਿਯਮਾਂ ਦੇ ਕੇਂਦਰ ਦੇ ਸੋਧ ਦਾ ਖਰੜਾ ਵਾਪਸ ਲੈਣ ...
ਦੇਸ਼ 'ਚ ਕੋਰੋਨਾ ਟੀਕਾਕਰਨ ਦਾ ਆਂਕੜਾ 160 ਕਰੋੜ ਤੋਂ ਪਾਰ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
. . .  about 5 hours ago
ਨਵੀਂ ਦਿੱਲੀ, 20 ਜਨਵਰੀ- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 73 ਲੱਖ ਤੋਂ ਵੱਧ ਕੋਰੋਨਾ ਟੀਕੇ ਲਗਾਏ ਗਏ ਹਨ ਅਤੇ ਇਸ ਨਾਲ ਕੁੱਲ ਟੀਕਾਕਰਨ 160 ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ...
ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ, ਇਕ ਦੀ ਮੌਤ ਕਈ ਜ਼ਖ਼ਮੀ
. . .  about 5 hours ago
ਲਾਹੌਰ, 20 ਜਨਵਰੀ- ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਲਾਹੌਰ ਦੇ ਅਨਾਰਕਲੀ ਬਾਜ਼ਾਰ ਖ਼ੇਤਰ 'ਚ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ...
ਮਹਿਲਾ ਸਰਪੰਚ ਤੇ 15 ਹੋਰ ਵਿਅਕਤੀ ਅਕਾਲੀ ਦਲ 'ਚ ਸ਼ਾਮਿਲ
. . .  about 6 hours ago
ਗੁਰੂ ਹਰਸਹਾਏ, 20ਜਨਵਰੀ (ਹਰਚਰਨ ਸਿੰਘ ਸੰਧੂ)-ਗੁਰੂ ਹਰਸਹਾਏ ਹਲਕੇ ਦੇ ਪਿੰਡ ਵਿਰਕ ਖ਼ੁਰਦ ਕਰਕਾਂਦੀ ਦੀ ਮਹਿਲਾ ਸਰਪੰਚ ਭੱਪੋ ਭਾਈ ਨੇ ਕਾਂਗਰਸ ਨੂੰ ਛੱਡਕੇ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ ਹੈ। ਸਰਪੰਚ ਬੀਬੀ ਭੱਪੋ ਬਾਈ ਦੇ ਨਾਲ ਸ਼ਾਮਿਲ ਹੋਏ ...
ਕਿਸਾਨਾਂ ਦੀ ਪਾਰਟੀ 'ਸੰਯੁਕਤ ਸਮਾਜ ਮੋਰਚਾ' ਦੇ ਨਾਂਅ ਬਦਲਣ ਨੂੰ ਲੈ ਕੇ ਉੱਠੀ ਆਵਾਜ਼
. . .  about 6 hours ago
ਚੰਡੀਗੜ੍ਹ, 20 ਜਨਵਰੀ - ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ 1984 ਬੈਚ ਦੇ ਆਈ.ਏ.ਐੱਸ ਕੇ.ਬੀ.ਐੱਸ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਭਾਰਤ ਚੋਣ ਕਮਿਸ਼ਨ ਨੂੰ ਨਵੀਂ ਕਿਸਾਨ ਪਾਰਟੀ ਨੂੰ ''ਸੰਯੁਕਤ ਸਮਾਜ ਮੋਰਚਾ'' ਨਾਂਅ ਦਿੱਤੇ...
ਭਗਵੰਤ ਮਾਨ ਧੂਰੀ ਹਲਕੇ ਤੋਂ ਲੜਨਗੇ ਚੋਣ, ਅਧਿਕਾਰਤ ਤੌਰ 'ਤੇ ਹੋਇਆ ਐਲਾਨ
. . .  about 6 hours ago
ਚੰਡੀਗੜ੍ਹ, 20 ਜਨਵਰੀ-ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਧੂਰੀ ਹਲਕੇ ਤੋਂ ਚੋਣ ਲੜਨਗੇ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਵਲੋਂ ਪ੍ਰੈੱਸ ਕਾਨਫ਼ਰੰਸ...
ਮਹਿਲਾ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ
. . .  about 6 hours ago
ਲੁਧਿਆਣਾ, 20ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪਟਵਾਰ ਹਲਕਾ ਭਨੌਹੜ ਦੀ ਮਹਿਲਾ ਪਟਵਾਰੀ ਆਸ਼ਨਾ ਨੂੰ ਵਿਜੀਲੈਂਸ ਬਿਊਰੋ ਵਲੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਵਿਜੀਲੈਂਸ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ...
ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ
. . .  about 7 hours ago
ਛੇਹਰਟਾ, 20 ਜਨਵਰੀ (ਪੱਤਰ ਪ੍ਰੇਰਕ)- ਵਿਧਾਨ ਸਭਾ ਹਲਕਾ ਅਟਾਰੀ ਵਿਚ ਕਾਂਗਰਸ ਪਾਰਟੀ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ ਤੇ ਅੱਜ ਪਿੰਡ ਰਾਮਪੁਰਾ ਵਿਖੇ ਕਾਂਗਰਸ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰਾਂ ਨੇ ਮਥਾਜ ...
ਪਠਾਨਕੋਟ 'ਚ ਅੱਜ ਫ਼ਿਰ ਕੋਰੋਨਾ ਦਾ ਹੋਇਆ ਬਲਾਸਟ, 210 ਨਵੇਂ ਕੇਸ ਆਏ ਸਾਹਮਣੇ
. . .  about 7 hours ago
ਪਠਾਨਕੋਟ, 20 ਜਨਵਰੀ (ਸੰਧੂ)-ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 210 ਨਵੇਂ ਕੋਰੋਨਾ ਦੇ ਕੇਸ ਆਏ ਹਨ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦੇ ਐਕਟਿਵ ਕੇਸਾਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553
ਵਿਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

ਤੁਹਾਡੇ ਖ਼ਤ

07-12-2021

 ਮਨੁੱਖੀ ਜ਼ਿੰਦਗੀ ਦਾ ਘਾਣ

ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਅਖ਼ਬਾਰ ਵਿਚ ਇਹ ਖ਼ਬਰ ਨਾ ਛਪੀ ਹੋਵੇ ਕਿ ਅੱਜ ਫਲਾਂ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਨਾਲ ਲਗਦੇ ਸਰਹੱਦੀ ਜ਼ਿਲ੍ਹਿਆਂ ਵਿਚ ਸ਼ਰਾਬ ਨੇ ਕਹਿਰ ਢਾਹਿਆ। ਨਸ਼ਿਆਂ ਦਾ ਵੱਡਾ ਕਾਰਨ ਬੇਰੁਜ਼ਗਾਰੀ ਵੀ ਹੈ। ਮਾਂ-ਪਿਓ ਦੇ ਬਹੁਤ ਅਰਮਾਨ ਹੁੰਦੇ ਹਨ। ਡਿਗਰੀਆਂ ਹੱਥਾਂ ਵਿਚ ਫੜੀ, ਨੌਕਰੀ ਦੀ ਪ੍ਰੇਸ਼ਾਨੀ ਮਾਪਿਆਂ ਦੀਆਂ ਉਮੀਦਾਂ 'ਤੇ ਖਰਾ ਨਾ ਉਤਰਨਾ ਨਸ਼ੇ ਦਾ ਬਹੁਤ ਵੱਡਾ ਕਾਰਨ ਹੈ। ਨਸ਼ੇੜੀ ਨੌਜਵਾਨ ਆਪਣੇ ਮਾਂ-ਬਾਪ ਨੂੰ ਵੀ ਨਹੀਂ ਬਖ਼ਸ਼ਦੇ। ਨਸ਼ਿਆਂ ਦੀ ਭਰਪਾਈ ਲਈ ਤਾਂ ਨੌਜਵਾਨਾਂ ਨੇ ਆਪਣੀ ਜ਼ਮੀਨ ਗਹਿਣੇ ਤੱਕ ਰੱਖ ਦਿੱਤੀ ਹੈ।
ਮਾਂ-ਬਾਪ ਏਨੇ ਪ੍ਰੇਸ਼ਾਨ ਹੋ ਜਾਂਦੇ ਹਨ ਕਿ ਉਹ ਫਿਰ ਦੁਖੀ ਹੋ ਕੇ ਇਹੀ ਕਹਿੰਦੇ ਹਨ ਕਿ ਚੰਗਾ ਹੁੰਦਾ ਜੇ ਤੂੰੰ ਜੰਮਣ ਤੋਂ ਪਹਿਲੇ ਹੀ ਮਰ ਜਾਂਦਾ। ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਜ਼ਿੰਦਗੀ ਤੋਂ ਹਾਰ ਗਏ ਮਾਂ-ਬਾਪ ਦੀ ਚੰਗੀ ਲੁੱਟ-ਖਸੁੱਟ ਕਰਦੇ ਹਨ। ਨਸ਼ੇ ਦੀ ਓਵਰਡੋਜ਼ ਕਾਰਨ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ। ਹਾਲਾਂਕਿ ਸੂਬਾ ਸਰਕਾਰਾਂ ਨੇ ਕੁਝ ਹੱਦ ਤੱਕ ਨਸ਼ਾ ਸੌਦਾਗਰਾਂ ਨੂੰ ਕਾਬੂ ਵੀ ਕੀਤਾ ਹੈ। ਕਈ ਸੌਦਾਗਰ ਜੇਲ੍ਹਾਂ ਵਿਚ ਵੀ ਡੱਕੇ ਹਨ। ਪੁਲਿਸ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਨਸ਼ਾ ਇਕ ਕੋਹੜ ਵਰਗੀ ਬਿਮਾਰੀ ਹੈ, ਜੋ ਭਵਿੱਖ ਨੂੰ ਤਬਾਹ ਕਰ ਰਹੀ ਹੈ। ਇਸ ਲਈ ਇਸ 'ਤੇ ਤੇਜ਼ੀ ਨਾਲ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ।

-ਸੰਜੀਵ ਸਿੰਘ ਸੈਣੀ, ਡੇਰਾ ਬੱਸੀ।

ਕਿਸਾਨ ਸੰਘਰਸ਼

ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਹਰ ਖਰਾਬ ਮੌਸਮ ਅਤੇ ਮੁਸ਼ਕਿਲ ਦਾ ਟਾਕਰਾ ਕਰਦੇ ਲੱਖਾਂ ਕਿਸਾਨ, ਮਜ਼ਦੂਰ, ਔਰਤਾਂ, ਬਜ਼ੁਰਗ ਨੌਜਵਾਨ ਅਤੇ ਹੋਰਨਾਂ ਵਰਗਾਂ ਦੇ ਲੋਕ ਆਪਣੇ ਸਿਰੜੀ ਸੰਘਰਸ਼ ਨਾਲ ਫਾਸ਼ੀਵਾਦੀ ਮੋਦੀ ਸਰਕਾਰ ਤੋਂ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਧਾਈ ਦੇ ਪਾਤਰ ਹਨ। ਪਰ ਅਜੇ ਇਹ ਅਧੂਰੀ ਜਿੱਤ ਹੈ ਅਤੇ ਕਿਸਾਨ ਸੰਘਰਸ਼ ਨਾਲ ਸੰਬੰਧਿਤ ਕਈ ਹੋਰ ਅਹਿਮ ਮੰਗਾਂ ਦੀ ਪੂਰਤੀ ਕਰਵਾਉਣੀ ਹੈ। ਜਿਸ ਨੂੰ ਮੋਦੀ ਸਰਕਾਰ ਦੇ ਮਹਿਜ਼ ਲਿਖਤੀ ਭਰੋਸਿਆਂ ਅਤੇ ਕਮੇਟੀਆਂ ਦੇ ਆਸਰੇ ਨਹੀਂ ਛੱਡਿਆ ਜਾ ਸਕਦਾ। ਮੋਦੀ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਨਮੋਸ਼ੀ ਕਰਕੇ ਬਾਕੀ ਕਿਸਾਨੀ ਮੰਗਾਂ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਗੱਲਬਾਤ ਨਹੀਂ ਕਰ ਰਹੀ ਅਤੇ ਸਿਰਫ਼ ਇਕਪਾਸੜ ਐਲਾਨ ਕਰਕੇ ਕਿਸਾਨ ਸੰਘਰਸ਼ ਨੂੰ ਖ਼ਤਮ ਕਰਨਾ ਚਾਹੁੰਦੀ ਹੈ।
ਇਹ ਸੰਘਰਸ਼ ਫ਼ਸਲਾਂ ਦੀ ਐਮ.ਐਸ.ਪੀ. ਅਤੇ ਖਰੀਦ ਦੀ ਕਾਨੂੰਨੀ ਗਾਰੰਟੀ, ਪੁਲਿਸ ਕੇਸਾਂ ਦੀ ਵਾਪਸੀ ਅਤੇ ਸ਼ਹੀਦ ਕਿਸਾਨਾਂ ਦਾ ਮੁਆਵਜ਼ਾ ਮਿਲਣ ਤੱਕ ਜ਼ਰੂਰ ਜਾਰੀ ਰਹਿਣਾ ਚਾਹੀਦਾ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਕੁਦਰਤੀ ਸਰੋਤ ਬਚਾਓ

ਸਾਡੇ ਕੁਦਰਤੀ ਸਰੋਤ ਕਈ ਕਾਰਨਾਂ ਕਰਕੇ ਖ਼ਤਮ ਹੁੰਦੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੈ। ਪ੍ਰਦੂਸ਼ਣ ਕਾਰਨ ਸਾਡੇ ਕੁਦਰਤੀ ਸਰੋਤ ਗੰਦਗੀ ਨਾਲ ਭਰਦੇ ਜਾ ਰਹੇ ਹਨ। ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਕਾਰਨ ਜਿਹੜੇ ਕੁਦਰਤੀ ਸਰੋਤ ਖਰਾਬ ਹੋ ਰਹੇ ਹਨ, ਉਨ੍ਹਾਂ ਨੂੰ ਬਣਨ ਵਿਚ ਲੱਖਾਂ ਸਾਲ ਲਗਦੇ ਹਨ, ਇਸ ਲਈ ਸਾਨੂੰ ਆਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।

-ਸਾਕਸ਼ੀ ਸ਼ਰਮਾ,
ਜਲੰਧਰ।

ਦੇਰ ਆਏ, ਦਰੁਸਤ ਆਏ

ਕਈ ਵਾਰੀ ਕੋਈ ਵੀ ਕੰਮ ਜੇ ਦੇਰ ਨਾਲ ਵੀ ਠੀਕ ਹੋ ਜਾਵੇ ਤਾਂ ਅਸੀਂ ਕਹਿੰਦੇ ਹਾਂ ਭਾਵੇਂ ਇਹ ਕੰਮ ਜਾਂ ਮਸਲਾ ਭਾਵੇਂ ਦੇਰ ਨਾਲ ਹੀ ਹੱਲ ਹੋਇਆ ਹੈ, ਠੀਕ ਹੀ ਹੋਇਆ ਹੈ ਦੇਰ ਆਏ ਦਰੁਸਤ ਆਏ। ਇਸੇ ਤਰ੍ਹਾਂ ਜੋ ਫ਼ੈਸਲਾ ਸਾਡੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਨਾਲ ਕੀਤਾ ਹੈ, ਉਹ ਅਤਿ ਸ਼ਲਾਘਾਯੋਗ ਫ਼ੈਸਲਾ ਹੈ। ਕਿਸਾਨ ਜਿਹੜੇ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਸਨ ਪਰ ਉਦੋਂ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਸੀ ਹੋਈ। ਪ੍ਰੰਤੂ ਹੁਣ ਪ੍ਰਧਾਨ ਮੰਤਰੀ ਨੇ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਜਿਥੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ, ਉਥੇ ਹੀ ਐਮ.ਐਸ.ਪੀ. ਲਈ ਇਕ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਹੈ। ਉਮੀਦ ਹੈ ਕਿ ਇਸ ਨਾਲ ਕਿਸਾਨੀ ਮਸਲਾ ਹੱਲ ਹੋਵੇਗਾ।

-ਸੁਖਚੈਨ ਸਿੰਘ ਢਿੱਲੋਂ
ਖਿੱਪਾਂ ਵਾਲੀ (ਫਾਜ਼ਿਲਕਾ)।

ਅਸ਼ਲੀਲਤਾ ਫੈਲਾਉਂਦੇ ਟੀ.ਵੀ.

ਪਹਿਲਾਂ ਕਿਹਾ ਜਾਂਦਾ ਹੈ ਕਿ ਬੱਚਿਆਂ 'ਤੇ ਮਾਂ ਦਾ ਪ੍ਰਭਾਵ ਪੈਂਦਾ ਹੈ ਪਰ ਅੱਜਕਲ੍ਹ ਬੱਚਾ ਮਾਂ ਤੋਂ ਘੱਟ ਮੀਡੀਆ ਤੋਂ ਬਹੁਤਾ ਪ੍ਰਭਾਵਿਤ ਹੋ ਰਿਹਾ ਹੈ। ਕੱਲ੍ਹ ਤੱਕ ਕਿਹਾ ਜਾਂਦਾ ਸੀ ਕਿ ਬੱਚਾ ਆਪਣੀ ਮਾਂ 'ਤੇ ਗਿਆ ਹੈ ਜਾਂ ਆਪਣੇ ਬਾਪ 'ਤੇ ਗਿਆ ਹੈ। ਪਰ ਅੱਜ ਜਿਸ ਤਰ੍ਹਾਂ ਨਾਲ ਦੇਸੀ-ਵਿਦੇਸ਼ੀ ਚੈਨਲ ਹਿੰਸਾ ਅਤੇ ਅਸ਼ਲੀਲਤਾ ਪਰੋਸ ਰਹੇ ਹਨ, ਉਸ ਨੂੰ ਵੇਖ ਕੇ ਜਾਪਦਾ ਹੈ ਕਿ ਕੱਲ੍ਹ ਨੂੰ ਇਹ ਕਿਹਾ ਜਾਵੇਗਾ ਕਿ ਇਹ ਬੱਚਾ ਟੀ.ਵੀ. 'ਤੇ ਗਿਆ ਹੈ ਅਤੇ ਜਿਹੜੀ ਕੁੜੀ ਨਖੱਟੂ ਹੈ ਡਾਂਸ ਕਰਦੀ ਹੈ ਉਹ ਤਾਂ ਪੂਰੀ ਫੈਸ਼ਨ ਟੀ.ਵੀ. 'ਤੇ ਗਈ ਹੈ। ਅੱਜਕਲ੍ਹ ਵੱਖ-ਵੱਖ ਚੈਨਲਾਂ ਵਲੋਂ ਦੇਸ਼ 'ਤੇ ਜਿਹੜੇ ਸੱਭਿਆਚਾਰਕ ਹਮਲੇ ਹੋ ਰਹੇ ਹਨ, ਉਹ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀਆਂ ਦੇ ਹਮਲਿਆਂ ਨਾਲੋਂ ਵੀ ਖ਼ਤਰਨਾਕ ਹਨ। ਇਨ੍ਹਾਂ 'ਤੇ ਵੀ ਲਗਾਮ ਲਾਉਣ ਦੀ ਲੋੜ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਲੋਕਤੰਤਰ ਜਾਂ ਰਾਜਤੰਤਰ?

ਭਾਰਤ ਦੇ ਨੇਤਾਵਾਂ ਦੇ ਮਨਾਂ ਵਿਚ ਆਪਣਾ ਨਾਂਅ ਚਮਕਾਉਣ ਦੀ ਲਾਲਸਾ ਤੋਂ ਸਾਰਾ ਜੱਗ ਜਾਣੂ ਹੈ। ਅੱਜਕਲ੍ਹ ਰਾਜਨੀਤਕ ਸੰਗਠਨ ਤੋਂ ਪਹਿਲਾਂ ਰਾਜ ਨੇਤਾ ਦਾ ਨਾਂਅ ਆਉਂਦਾ ਹੈ। ਸਾਰੀ ਪਾਰਟੀ ਇਕ ਇਕ ਵਿਅਕਤੀ ਦਾ ਹੁਕਮ ਮੰਨਣ ਲਈ ਮਜਬੂਰ ਹੈ ਜਦ ਕਿ ਪਾਰਟੀ ਸਿਰਫ ਇਕ ਵਿਅਕਤੀ ਦੀ ਨਹੀਂ ਹੁੰਦੀ। ਉਦਾਹਰਨ ਵਜੋਂ ਸੱਤਾਧਾਰੀ ਪਾਰਟੀ ਤੋਂ ਬਾਅਦ ਹੁਣ ਗ਼ੈਰ-ਸੱਤਾਧਾਰੀ ਪਾਰਟੀ ਵਿਚ ਵੀ ਇਹ ਗੱਲ ਸਾਹਮਣੇ ਆ ਰਹੀ ਹੈ। ਮੰਤਰੀ ਮੰਡਲ ਦੀ ਅਹਿਮੀਅਤ ਨੂੰ ਬੜੇ ਗੁੱਝੇ ਢੰਗ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਅੱਜ ਮੰਤਰੀ ਮੰਡਲ ਦੇ ਵਜ਼ੀਰ ਆਪਣੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਬਸ ਰਾਜੇ ਦੀ ਹਾਂ 'ਚ ਹਾਂ ਮਿਲਾਉਣ ਜੋਗੇ ਰਹਿ ਗਏ ਹਨ। ਅੱਜ ਦੇ ਰਾਜਨੀਤਕ ਢਾਂਚੇ ਨੂੰ ਲੋਕਤੰਤਰ ਦੀ ਜਗ੍ਹਾ ਰਾਜਤੰਤਰ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ, ਕਿਉਂਕਿ ਹਰ ਇਕ ਰਾਜਨੀਤਕ ਲੀਡਰ ਸਮਾਜ ਸੇਵੀ ਬਣਨ ਦੀ ਥਾਂ ਸਮਾਰਟ ਬਣਨ ਦੀ ਝਾਕ ਕਰਦਾ ਹੈ ਜੋ ਕਿ ਦੇਸ਼ ਲਈ ਤੇ ਦੇਸ਼ ਦੇ ਲੋਕਾਂ ਲਈ ਕੋਈ ਚੰਗੇ ਸੰਕੇਤ ਨਹੀਂ ਹਨ।

-ਅਕਾਸ਼ਦੀਪ ਸੀਰਵਾਲੀ
ਬੀ.ਏ. ਪੰਜਾਬ ਯੂਨੀਵਰਸਿਟੀ।

06-12-2021

 ਰੇਤਾ ਅਜੇ ਵੀ ਮਹਿੰਗੀ
ਥੋੜ੍ਹੇ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਰੇਤਾ ਦੇ ਰੇਟ ਸਾਢੇ ਪੰਜ ਰੁਪਏ ਫੁੱਟ ਤੈਅ ਕੀਤਾ ਸੀ, ਜਿਸ ਵਿਚ ਭਰਾਈ ਵੀ ਸ਼ਾਮਿਲ ਸੀ। ਇਹ ਐਲਾਨ ਕਰਦੇ ਸਮੇਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਨਾਲ ਬੈਠੇ ਸਨ, ਜੋ ਇਕ ਚੰਗਾ ਫ਼ੈਸਲਾ ਸੀ। ਆਮ ਜਨਤਾ ਨੇ ਬਹੁਤ ਵੱਡੀ ਰਾਹਤ ਸਮਝੀ ਸੀ, ਕਿਉਂਕਿ ਰੇਤਾ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਸੀ। ਪਰ ਪ੍ਰਿੰਟ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਅਜੇ ਵੀ ਰੇਤਾ 25 ਰੁਪਏ ਪ੍ਰਤੀ ਫੁੱਟ ਵੇਚੀ ਜਾ ਰਹੀ ਹੈ, ਜੋ ਆਉਣ ਵਾਲੇ ਦਿਨਾਂ ਵਿਚ ਸ਼ਾਇਦ ਇਸ ਤੋਂ ਵੀ ਮਹਿੰਗੀ ਮਿਲੇ। ਸੋ, ਸਰਕਾਰ ਨੂੰ ਬੇਨਤੀ ਹੈ ਕਿ ਉਹ ਰੇਤ ਦੇ ਭਾਅ ਬਾਰੇ ਸਥਿਤੀ ਸਪੱਸ਼ਟ ਕਰੇ।


-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ ਰਾਜੋਮਾਜਰਾ (ਬਨੂੜ)


ਸ਼ਲਾਘਾਯੋਗ ਲੇਖ
ਕੁਝ ਦਿਨ ਪਹਿਲਾਂ 'ਅਜੀਤ' ਵਿਚ ਸੰਪਾਦਕੀ ਲੇਖ 'ਚੰਗੇ ਸੰਕੇਤ' ਪੜ੍ਹਿਆ, ਬਹੁਤ ਵਧੀਆ ਲੱਗਾ। ਹੈਲਥ ਸਰਵੇ ਅਨੁਸਾਰ ਦੇਸ਼ ਵਿਚ ਔਰਤਾਂ ਦੀ ਗਿਣਤੀ ਵਿਚ ਵਾਧਾ ਸੰਤੋਸ਼ਜਨਕ ਸਥਾਨ 'ਤੇ ਪਹੁੰਚ ਚੁੱਕਾ ਹੈ। ਪੰਜਾਬ ਵਿਚ ਅੱਗੇ ਨਾਲੋਂ ਤਾਂ ਔਰਤਾਂ ਦੀ ਗਿਣਤੀ ਕੁਝ ਵਧੀ ਹੈ ਪਰ ਦੂਸਰੇ ਸੂਬਿਆਂ ਨਾਲੋਂ ਪਿਛੇ ਹੈ। ਪੰਜਾਬ ਵਿਚ 1000 ਮਰਦਾਂ ਪਿਛੇ ਔਰਤਾਂ 938 ਹਨ, ਇਸ ਦੇ ਨਾਲ ਆਬਾਦੀ 'ਤੇ ਵੀ ਕੰਟਰੋਲ ਹੁੰਦਾ ਨਜ਼ਰ ਆ ਰਿਹਾ ਹੈ। ਕਿਤੇ ਨਾ ਕਿਤੇ ਸਰਕਾਰਾਂ ਵਲੋਂ ਚਲਾਈ ਜਾ ਰਹੀ ਪਰਿਵਾਰ ਨਿਯੋਜਨ ਮੁਹਿੰਮ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਬੂਰ ਪੈਂਦਾ ਲੱਗ ਰਿਹਾ ਹੈ। ਇਸ ਤੋਂ ਇਲਾਵਾ ਮੁਖਤਾਰ ਗਿੱਲ ਦਾ ਲੇਖ 'ਦਿੱਲੀ ਦੀ ਆਬੋ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਜ਼ਰੂਰਤ' ਵੀ ਭਰਪੂਰ ਜਾਣਕਾਰੀ ਵਾਲਾ ਸੀ। ਦੋਵੇਂ ਲੇਖ ਸ਼ਲਾਘਾਯੋਗ ਹਨ।


-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਰਿਕਵਰੀ ਅਫ਼ਸਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਵਿਸ਼ਾਲ ਤੇ ਖੁਸ਼ਹਾਲ ਪੰਜਾਬ
ਜਦੋਂ ਕਦੀ ਅਣਵੰਡਿਆ ਵਿਸ਼ਾਲ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਹੁੰਦਾ ਸੀ, ਉਸ ਵਕਤ ਦੇ ਨਾਮਵਰ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ ਦੇ ਪੌਣ-ਪਾਣੀ, ਹਰਿਆਲੀ, ਦਰਿਆ, ਪਰਬਤ, ਮੈਦਾਨਾਂ ਦੀ ਕਵਿਤਾ ਦੇ ਰੂਪ ਵਿਚ ਪੰਜਾਬ ਦੀ ਖ਼ੁਸ਼ਹਾਲੀ ਤੇ ਪੰਜਾਬੀਆਂ ਦੀ ਬੀਰਤਾ ਆਦਿ ਵਿਚ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਸੀ ਅਤੇ ਹੁਣ ਸਿਰਫ਼ ਢਾਈ ਕੁ ਦਰਿਆਵਾਂ ਦਾ ਛੋਟਾ ਜਿਹਾ ਪੰਜਾਬ ਹੀ ਰਹਿ ਗਿਆ ਹੈ। ਥਾਂ-ਥਾਂ ਕੂੜੇ ਕਰਕਟ ਤੇ ਗੰਦ ਦੇ ਢੇਰ ਲੱਗੇ ਹੋਏ ਹਨ, ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ, ਹਵਾ ਤੇ ਪਾਣੀ ਪ੍ਰਦੂਸ਼ਿਤ ਹੋਏ ਹਨ, ਧੂੰਏਂ ਦੇ ਗੁਬਾਰ ਨੇ ਪਸਾਰਾ ਪਾਇਆ ਹੋਇਆ ਹੈ। ਰਿਸ਼ਵਤਖੋਰੀ, ਨਸ਼ਿਆਂ, ਲੁੱਟਾਂ-ਖਸੁੱਟਾਂ ਦਾ ਬੋਲਬਾਲਾ ਹੈ, ਨੌਜਵਾਨਾਂ ਲਈ ਬੇਰੁਜ਼ਗਾਰੀ, ਸਿਰਦਰਦੀ ਬਣੀ ਹੋਈ ਹੈ ਅਤੇ ਉਹ ਆਪਣੀ ਜਨਮ ਭੂਮੀ ਛੱਡਣ ਲਈ ਕਾਹਲੇ ਹਨ ਤੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ। ਖੇਤੀਬਾੜੀ ਦੀ ਮਾੜੀ ਹਾਲਤ ਹੈ ਅਤੇ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਹੈ, ਜਿਹੜੀ ਪੰਜਾਬ ਦੀ ਧਰਤੀ ਕਦੀ ਧਨੀ ਰਾਮ ਚਾਤ੍ਰਿਕ ਨੂੰ ਸਵਰਗ ਨਜ਼ਰ ਆਉਂਦੀ ਸੀ, ਹੁਣ ਉਹ ਬੇਰੁਜ਼ਗਾਰ ਨੌਜਵਾਨਾਂ ਲਈ ਨਰਕੀ ਨਜ਼ਾਰਾ ਪੇਸ਼ ਕਰਦੀ ਹੈ। ਹੁਣ ਪੰਜਾਬ ਦੀਆਂ ਸਿਫ਼ਤਾਂ ਕਰਨ ਵਾਲੇ ਕਵੀ ਅਤੇ ਸਿਫ਼ਤੀ ਪੰਜਾਬ ਵੀ ਖੰਭ ਲਗਾ ਕੇ ਉੱਡ ਗਏ ਜਾਪਦੇ ਹਨ। ਵਿਸ਼ਾਲ ਤੇ ਖੁਸ਼ਹਾਲ ਪੰਜਾਬ ਇਕ ਸੁਪਨਾ ਬਣ ਕੇ ਰਹਿ ਗਿਆ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਓਮੀਕਰੋਨ ਦਾ ਖ਼ਤਰਾ
ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਭਰ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਹਾਲ ਦੇ ਦਿਨਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਲੋਕਾਂ ਨੇ ਵੱਡੀ ਗਿਣਤੀ ਵਿਚ ਟੀਕਾਕਰਨ ਕਰਵਾ ਲਿਆ ਹੈ। ਸਾਰਿਆਂ ਨੂੰ ਹੀ ਲੱਗ ਰਿਹਾ ਸੀ ਕਿ ਹੁਣ ਇਹ ਜਲਦੀ ਨਾਮੁਰਾਦ ਬਿਮਾਰੀ ਖ਼ਤਮ ਹੋ ਜਾਵੇਗੀ। ਪਰ ਹੁਣ ਜੋ ਇਹ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ, ਇਹ ਪਹਿਲੀ ਤੇ ਦੂਜੀ ਲਹਿਰ ਤੋਂ ਵੀ ਜ਼ਿਆਦਾ ਘਾਤਕ ਹੈ। ਇਸ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਸਾਰੇ ਮੁਲਕਾਂ ਨੇ ਦੱਖਣੀ ਅਫ਼ਰੀਕੀ, ਬ੍ਰਾਜ਼ੀਲ, ਚੀਨ, ਨਿਊਜ਼ੀਲੈਂਡ ਸਣੇ ਦੇਸ਼ਾਂ ਨੂੰ ਲੈ ਕੇ ਯਾਤਰਾ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਭਾਰਤ ਸਰਕਾਰ ਨੇ ਓਮੀਕਰੋਨ ਦੇ ਸੰਭਾਵੀ ਖ਼ਤਰੇ ਤੋਂ ਰਾਜਾਂ ਨੂੰ ਚੌਕਸ ਕਰ ਦਿੱਤਾ ਹੈ। ਸਿਹਤ ਮੰਤਰਾਲੇ ਵਲੋਂ ਵਿਦੇਸ਼ਾਂ ਤੋੋਂ ਆਉਣ ਵਾਲੇ ਮੁਸਾਫਿਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹਤਿਆਤ ਵਜੋਂ ਦੇਸ਼ ਵਿਚ 31 ਦਸੰਬਰ ਤੱਕ ਕੋਰੋਨਾ ਕੰਟੇਨਮੈਂਟ ਪਾਬੰਦੀਆਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਸਾਵਧਾਨੀ ਵਰਤਣ, ਮਾਸਕ ਪਾਉਣ, ਸਫ਼ਾਈ ਰੱਖਣ, ਟੈਸਟਿੰਗ ਵਧਾਉਣ, ਟੀਕਾਕਰਨ ਦੀ ਗਤੀ ਨੂੰ ਤੇਜ਼ ਕਰਨ ਲਈ ਕਿਹਾ ਹੈ। ਉਧਰ ਡਬਲਿਊ.ਐਚ.ਓ. ਵਲੋਂ ਓਮੀਕਰੋਨ ਨੂੰ ਬਹੁਤ ਖ਼ਤਰਨਾਕ ਕਰਾਰ ਦਿੱਤਾ ਗਿਆ ਹੈ। ਪਰ ਲੋਕ ਅਜੇ ਵੀ ਸਾਵਧਾਨ ਨਹੀਂ ਹੋਏ ਹਨ। ਆਲਮੀ ਸੰਸਥਾ ਵਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਹੋ ਰਹੇ ਹਨ, ਸਾਨੂੰ ਉਨ੍ਹਾਂ ਨੂੰ ਅਮਲੀ ਰੂਪ ਵਿਚ ਲਿਆਉਣਾ ਚਾਹੀਦਾ ਹੈ।


-ਸੰਜੀਵ ਸਿੰਘ ਸੈਣੀ, ਮੋਹਾਲੀ।


ਹੜਤਾਲਾਂ ਕਾਰਨ ਲੋਕ ਖੱਜਲ-ਖੁਆਰ
ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਲਗਾਤਾਰ ਹੜਤਾਲ 'ਤੇ ਬੈਠਣ 'ਤੇ ਸਿੱਧ ਹੋ ਰਿਹਾ ਹੈ ਕਿ ਸਰਕਾਰੀ ਕਰਮਚਾਰੀ ਹਾਲੇ ਵੀ ਸਰਕਾਰ ਤੋਂ ਖੁਸ਼ ਨਹੀਂ ਹਨ। ਇਨ੍ਹਾਂ ਵਿਭਾਗਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੀਤੀ ਹੜਤਾਲ ਕਰਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦੇ ਨਾਲ-ਨਾਲ ਖੱਜਲ ਖੁਆਰੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਸਾਰੇ ਤਹਿਸੀਲਦਾਰ ਸਮੂਹਿਕ ਛੁੱਟੀ 'ਤੇ ਹੋਣ ਕਰਕੇ ਜਿਹੜੇ ਵਿਦਿਆਰਥੀਆਂ ਨੇ ਹਾਲੇ ਸਰਕਾਰੀ ਵਜ਼ੀਫੇ ਅਪਲਾਈ ਕਰਨੇ ਹਨ, ਉਨ੍ਹਾਂ ਨੂੰ ਆਪਣੇ ਕਾਗਜ਼ਾਤ ਬਣਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਵਿਦਿਆਰਥੀਆਂ ਨੂੰ ਡਰ ਹੈ ਕਿ ਇਨ੍ਹਾਂ ਧਰਨਿਆਂ ਕਰਕੇ ਉਨ੍ਹਾਂ ਦੇ ਵਜ਼ੀਫੇ ਦੀਆਂ ਤਰੀਕਾਂ ਨਾ ਨਿਕਲ ਜਾਣ ਸਰਕਾਰ ਨੂੰ ਵਿਦਿਆਰਥੀਆਂ ਅਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ, ਤਾਂ ਕਿ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

02-12-2021

 ਸਮੇਂ ਦੀ ਕਦਰ ਕਰੋ
28 ਨਵੰਬਰ ਨੂੰ ਸੰਪਾਦਕੀ ਸਫੇ 'ਤੇ 'ਆਓ ਸਮੇਂ ਦੀ ਨਜ਼ਾਕਤ ਨੂੰ ਸਮਝੀਏ' ਪੜ੍ਹਿਆ, ਬਹੁਤ ਕੁਝ ਨਵਾਂ ਮਿਲਿਆ। ਕੰਮ ਨੂੰ ਵੇਲੇ ਸਿਰ ਕਰਨ ਵਾਲਾ ਆਦਮੀ ਸਾਨੂੰ ਇਸ ਕਰਕੇ ਚੰਗਾ ਲਗਦਾ ਹੈ ਕਿ ਕਿਉਂਕਿ ਉਹ ਇਕਰਾਰ ਦਾ ਪੱਕਾ ਹੈ, ਜਿਸ ਨਾਲ ਦੋਵਾਂ ਧਿਰਾਂ ਨੂੰ ਸੁੱਖ ਮਿਲਦਾ ਹੈ। ਸਾਨੂੰ ਸਮੇਂ ਦੀ ਕੀਮਤ ਸਮਝਣੀ ਚਾਹੀਦੀ ਹੈ। ਨੈਪੋਲੀਅਨ ਕਹਿੰਦਾ ਹੁੰਦਾ ਸੀ, ਹਰੇਕ ਇਕ ਘੜੀ, ਜਿਹੜੀ ਅਸੀਂ ਗੁਆ ਬਹਿੰਦੇ ਹਾਂ, ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ। ਵਕਤ ਦੀ ਪਾਬੰਦੀ ਸੱਚਮੁੱਚ ਹੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਸਮਾਂ ਕਦੇ ਨਹੀਂ ਰੁਕਦਾ ਇਹ ਆਪਣੀ ਰਫ਼ਤਾਰ ਤੁਰਿਆ ਜਾਂਦਾ ਹੈ। ਸੋ, ਸਾਨੂੰ ਸਮੇਂ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਹੈ ਅਤੇਇਸ ਦੀ ਕਦਰ ਕਰਨੀ ਚਾਹੀਦੀ ਹੈ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਰਾਸ਼ਟਰ ਨੀਤੀ
ਬੇਸ਼ੱਕ! ਬੁਨਿਆਦੀ ਢਾਂਚੇ ਦਾ ਵਿਕਾਸ ਸਮਾਜ ਵਿਚ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪ੍ਰਦਾਨ ਕਰਕੇ ਇਕ ਬੁਨਿਆਦੀ ਨੁਹਾਰ ਬਦਲਣ ਦਾ ਕੰਮ ਕਰਦਾ ਹੈ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਮਾਣ ਵਧਾਉਂਦਾ ਹੈ। ਇਸ ਦੀ ਇਕ ਉਦਾਹਰਨ ਦਿੱਲੀ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜਿਸ ਦੇ ਨਾਲ ਲਗਦੇ ਸ਼ਹਿਰ ਗੁਰੂਗ੍ਰਾਮ (ਗੁੜਗਾਉਂ) ਦੀ ਵਿਕਾਸ ਦੀ ਪ੍ਰਗਤੀ ਨੂੰ ਖੰਭ ਲਗਾ ਕੇ ਨੁਹਾਰ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਲਈ ਦਿੱਲੀ ਦੇ ਨੇੜੇ ਉੱਤਰ ਪ੍ਰਦੇਸ਼ ਦੇ ਜੇਵਰ ਵਿਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਨੀਂਹ ਪੱਥਰ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਨ ਵਿਚ ਜੋ ਕਿਹਾ ਗਿਆ ਹੈ ਕਿ 'ਇਨਫਰਾਸਟਰਕਚਰ ਪ੍ਰੋਜੈਕਟ ਸਾਡੇ ਲਈ ਰਾਜਨੀਤੀ ਨਹੀਂ, ਰਾਸ਼ਟਰ ਨੀਤੀ ਹੈ, ਉਨ੍ਹਾਂ ਵਲੋਂ ਇਹ ਬਿਆਨ ਉਨ੍ਹਾਂ ਦੀ ਰਾਸ਼ਟਰ ਪ੍ਰਤੀ ਵਚਨਬੱਧਤਾ, ਸਕਾਰਾਤਮਿਕ ਅਤੇ ਸਮਾਵੇਸ਼ੀ ਸੋਚ ਪੇਸ਼ ਕਰਦਾ ਹੈ। ਜੇਕਰ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂ ਸੰਕੀਰਨ ਸਿਆਸੀ ਸੋਚ ਵਿਚੋਂ ਉਭਰ ਕੇ ਕੌਮੀ ਨੀਤੀ ਨੂੰ ਇਸੇ ਤਰ੍ਹਾਂ ਅਪਣਾਉਣ ਅਤੇ ਦੇਸ਼ ਦੇ ਹਿਤ ਵਿਚ ਸਮਾਜ ਦੀਆਂ ਲੋੜਾਂ ਅਨੁਸਾਰ ਯੋਜਨਾਵਾਂ ਬਣਾਉਣ ਅਤੇ ਲਾਗੂ ਕਰਨ ਤਾਂ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਡਾ ਦੇਸ਼ ਭਾਰਤ ਆਉਣ ਵਾਲੇ ਸਮੇਂ ਵਿਚ ਜਲਦੀ ਹੀ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਖੁੰਝਿਆ ਹੋਇਆ ਪਹਿਲਾ ਸਥਾਨ ਅਤੇ ਸੋਨੇ ਦੀ ਚਿੜੀਆ ਦਾ ਉਪ-ਨਾਮ ਮੁੜ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਗਾ।


-ਇੰਜ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ।


ਖੱਜਲ-ਖੁਆਰੀ
ਕਿਸੇ ਵੀ ਨਰੋਏ ਸਮਾਜ ਲਈ ਚੰਗੀ ਸਿਹਤ ਅਤੇ ਉੱਤਮ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਅਫਸੋਸ ਅੱਜ ਪੰਜਾਬ ਇਨ੍ਹਾਂ ਦੋਵਾਂ ਸਰਕਾਰੀ ਸਹੂਲਤਾਂ ਤੋਂ ਬੜਾ ਪਛੜ ਚੁੱਕਾ ਹੈ। ਪਿਛਲੇ ਦਿਨੀਂ ਮੈਂ ਆਪਣੇ ਇਕ ਮਰੀਜ਼ ਨੂੰ ਸਰਕਾਰੀ ਹਸਪਤਾਲ ਪੱਟੀ ਵਿਖੇ ਇਲਾਜ ਕਰਵਾਉਣ ਲਈ ਲੈ ਕੇ ਗਿਆ, ਮਾਹਰ ਡਾਕਟਰ ਸਾਹਿਬ ਨੇ ਮਰੀਜ਼ ਨੂੰ ਚੈੱਕ ਕਰਕੇ ਚਾਰ ਟੈਸਟ ਲਿਖਦਿਆਂ ਨਾਲ ਹੀ ਦੱਸਿਆ ਕਿ ਦੋ ਟੈਸਟ ਹਸਪਤਾਲ ਦੀ ਲੈਬਾਰਟਰੀ ਵਿਚੋਂ ਹੋ ਜਾਮਗੇ ਤੇ ਬਾਕੀ ਦੋ ਤੁਹਾਨੂੰ ਬਾਹਰੋਂ ਪ੍ਰਾਈਵੇਟ ਤੌਰ 'ਤੇ ਕਰਵਾਉਣੇ ਪੈਣਗੇ ਪਰ ਅਸੀਂ ਜਦੋਂ ਸਰਕਾਰੀ ਹਸਪਤਾਲ ਦੀ ਲੈਬਾਰਟਰੀ ਵਿਚ ਪਹੁੰਚੇ ਤਾਂ ਅੱਗੋਂ ਜਵਾਬ ਮਿਲਿਆ ਕਿ ਮਸ਼ੀਨ ਕੰਮ ਨਹੀਂ ਕਰ ਰਹੀ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਇਹ ਵਰਤਾਰਾ ਰੋਜ਼ ਦਾ ਹੈ ਅਤੇ ਮਜਬੂਰਨ ਲੋਕ ਬਾਹਰੋਂ ਪ੍ਰਾਈਵੇਟ ਲੈਬਾਂ ਤੋਂ ਮਹਿੰਗੇ ਟੈਸਟ ਕਰਵਾਉਂਦੇ ਹਨ, ਆਮ ਲੋਕਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ। ਦੂਸਰਾ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਦਸ ਵੀਹ ਰੁਪਏ ਤੋਂ ਵੱਧ ਦੀ ਕੋਈ ਦਵਾਈ ਨਹੀਂ ਮਿਲਦੀ, ਜਦ ਕਿ ਮਰੀਜ਼ ਦੇ ਦਸ ਰੁਪਏ ਪਰਚੀ ਉੱਪਰ ਵੀਹ ਰੁਪਏ ਮੋਟਰਸਾਈਕਲ ਦੀ ਪਰਚੀ ਫੀਸ 'ਤੇ ਲੱਗ ਜਾਂਦੇ ਹਨ। ਇਹੋ ਹਾਲ ਪੂਰੇ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਸਰਕਾਰੀ ਹਸਪਤਾਲਾਂ ਦਾ ਹੈ, ਜਿਨ੍ਹਾਂ ਉੱਪਰ ਲਿਖੇ ਹੋਏ ਸਮਾਰਟ ਹਸਪਤਾਲ ਸ਼ਬਦ ਸਰਕਾਰ ਅਤੇ ਸਿਸਟਮ ਉੱਪਰ ਕਈ ਪ੍ਰਸ਼ਨ ਚਿੰਨ੍ਹ ਖੜ੍ਹੇ ਕਰ ਰਹੇ ਹਨ।


ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।


ਚੌਕਸ ਰਹੋ
ਪੰਜਾਬ ਵਿਚ ਮੁੜ ਤੋਂ ਕੋਰੋਨਾ ਦੇ ਨਵੇਂ ਕੇਸ ਵੱਖ-ਵੱਖ ਥਾਵਾਂ 'ਤੇ ਮਿਲ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਕ ਵਾਰ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਚੌਕਸ ਰਹਿਣ ਅਤੇ ਆਪਣੇ-ਆਪ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ। ਖਾਸ ਕਰਕੇ ਛੋਟੇ ਬੱਚਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਸਰਦੀ ਦੇ ਮੌਸਮ ਵਿਚ ਬੱਚੇ ਜਲਦੀ ਬਿਮਾਰ ਹੋ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਵਿਆਹ-ਸ਼ਾਦੀਆਂ, ਧਾਰਮਿਕ ਸਮਾਗਮ, ਰਾਜਨੀਤਕ ਰੈਲੀਆਂ ਅਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਹਿਲਾਂ ਆਪਣੀ ਸਿਹਤ ਅਤੇ ਪਰਿਵਾਰ ਦੇ ਬਾਰੇ ਸੋਚਣਾ ਪਵੇਗਾ ਕਿ ਕਿਤੇ ਸਾਨੂੰ ਵੀ ਇਸ ਬਿਮਾਰੀ ਨਾਲ ਨਾ ਜੂਝਣਾ ਪਵੇ। ਸੋ, ਬਹੁਤ ਜ਼ਰੂਰੀ ਹੋਵੇ ਤਾਂ ਘਰ ਤੋਂ ਬਾਹਰ ਜਾਓ, ਕੋਸ਼ਿਸ਼ ਕਰੋ ਕਿ ਬਾਹਰ ਜਾਣ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਹੀ ਦੁਕਾਨਦਾਰਾਂ ਹੋਰ ਕਾਰੋਬਾਰੀਆਂ ਨੂੰ ਵੀ ਆਪਣੇ-ਆਪਣੇ ਕੰਮਾਂ ਦੇ ਨਾਲ-ਨਾਲ ਸਾਵਧਾਨੀਆਂ ਅਪਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ। ਅਸੀਂ ਪਹਿਲਾਂ ਹੀ ਇਸ ਬਿਮਾਰੀ ਕਾਰਨ ਬਹੁਤ ਪੱਛੜ ਕੇ ਕਰਜ਼ੇ ਵਿਚ ਧਸ ਚੁੱਕੇ ਹਾਂ। ਇਸ ਲਈ ਸਾਰੇ ਕੋਸ਼ਿਸ਼ ਕਰੋ ਕਿ ਇਸ ਬਿਮਾਰੀ ਨੂੰ ਮਿਲ ਕੇ ਖਤਮ ਕੀਤਾ ਜਾ ਸਕੇ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

02-12-2021

 ਸਕੱਤਰੇਤ ਪੱਧਰ 'ਤੇ ਪੰਜਾਬੀ ਲਾਗੂ ਹੋਵੇ

ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਦੇ ਸੰਬੰਧ ਵਿਚ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤਾ ਹੈ ਕਿ ਪੰਜਾਬੀ ਭਾਸ਼ਾ ਵਿਚ ਨਾ ਕੰਮ ਕਰਨ ਵਾਲੇ ਨੂੰ ਸਜ਼ਾ ਹੋਵੇਗੀ। ਜਿਹੜੇ ਸਕੂਲ ਪੰਜਾਬੀ ਲਾਗੂ ਨਹੀਂ ਕਰਨਗੇ, ਉਨ੍ਹਾਂ ਨੂੰ ਦੋ ਲੱਖ ਜੁਰਮਾਨਾ ਹੋਵੇਗਾ। ਦਫ਼ਤਰਾਂ ਵਿਚ ਵੀ ਪੰਜਾਬੀ ਵਿਚ ਨਾ ਕੰਮ ਕਰਨ ਵਾਲੇ ਨੂੰ ਵੀ ਸਜ਼ਾ ਮਿਲੇਗੀ। ਇਹ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਭਾਸ਼ਾ ਕਾਨੂੰਨ ਤਾਂ ਬੜੇ ਚਿਰ ਦਾ ਬਣਿਆ ਹੋਇਆ ਸੀ, ਪਰ ਇਸ ਵਿਚ ਸਜ਼ਾ ਕੋਈ ਨਿਸਚਿਤ ਨਹੀਂ ਕੀਤੀ ਗਈ ਸੀ। ਭਾਸ਼ਾ ਐਕਟ ਨਾਂਅ ਦਾ ਹੀ ਐਕਟ ਸੀ। ਪੰਜਾਬ ਦੇ ਦਫ਼ਤਰਾਂ ਵਿਚ ਕੰਮ ਤਾਂ ਜ਼ਿਆਦਾ ਕਰਕੇ ਪੰਜਾਬੀ ਵਿਚ ਹੁੰਦਾ ਹੈ। ਲੋੜ ਹੈ ਸਕੱਤਰੇਤ ਵਿਚ ਕੰਮ ਪੰਜਾਬੀ ਵਿਚ ਲਾਗੂ ਕੀਤਾ ਜਾਵੇ। ਪੰਜਾਬ ਸਰਕਾਰ ਦੀਆਂ ਸਾਰੀਆਂ ਚਿੱਠੀਆਂ ਅੰਗਰੇਜ਼ੀ ਵਿਚ ਨਿਕਲਦੀਆਂ ਹਨ। ਸੋ, ਜੇਕਰ ਸਰਕਾਰ ਸੱਚਮੁੱਚ ਹੀ ਪੰਜਾਬੀ ਭਾਸ਼ਾ ਬਾਰੇ ਸੰਜੀਦਾ ਹੈ ਤਾਂ ਦੀਵੇ ਥੱਲੇ ਹਨੇਰੇ ਵਾਲੀ ਗੱਲ ਨਾਲ ਕਰੇ। ਸਕੱਤਰੇਤ ਪੱਧਰ 'ਤੇ ਕੰਮ ਪੰਜਾਬੀ ਵਿਚ ਲਾਗੂ ਕਰਾ ਕੇ ਪੰਜਾਬੀ ਹਰਮਨ-ਪਿਆਰਿਆਂ ਦਾ ਮਨ ਜਿੱਤਣ ਦਾ ਕੰਮ ਕਰੇ। ਉਮੀਦ ਹੈ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇਗੀ।

-ਬਲਵਿੰਦਰ ਜੱਬਾਰ, ਪਿੰਡ ਤੇ ਡਾਕ: ਜੱਬਾਰ, ਤਰਨ ਤਾਰਨ।

'ਚਾਈਨਾ ਡੋਰ' ਦੀ ਵਿਕਰੀ

ਸਰਕਾਰ ਵਲੋਂ ਬੇਸ਼ੱਕ 'ਚਾਈਨਾ ਡੋਰ' ਦੀ ਵਿਕਰੀ 'ਤੇ ਮਨਾਹੀ ਹੈ। ਬਹੁਤ ਸਾਰੇ ਦੁਕਾਨਦਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਤਹਿਤ ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ, ਫਿਰ ਵੀ ਬਾਜ਼ਾਰਾਂ ਵਿਚ ਇਹ ਆਮ ਡੋਰ ਦੀ ਤਰ੍ਹਾਂ ਹੀ ਦੁੱਗਣੇ-ਚੌਗੁਣੇ ਰੇਟਾਂ ਵਿਚ ਵਿਕ ਰਹੀ ਹੈ। ਇਸ ਡੋਰ ਨਾਲ ਹਰ ਸਾਲ ਵੱਖ-ਵੱਖ ਥਾਵਾਂ 'ਤੇ ਘਟਨਾਵਾਂ ਹੁੰਦੀਆਂ ਆ ਰਹੀਆਂ ਹਨ। ਇਸ ਦੇ ਬਾਵਜੂਦ ਇਸ ਡੋਰ 'ਤੇ ਅੱਜ ਤੱਕ ਮੁਕੰਮਲ ਪਾਬੰਦੀ ਨਹੀਂ ਲੱਗ ਸਕੀ। ਨੌਜਵਾਨਾਂ ਵਿਚ ਵੀ ਇਸ ਡੋਰ ਨੂੰ ਲੈ ਕੇ ਕਾਫੀ ਉਤਸ਼ਾਹ ਵੇਖਿਆ ਜਾਂਦਾ ਹੈ। ਉਹ ਸਿਰਫ ਆਪਣੀ ਮੌਜ ਮਸਤੀ ਬਾਰੇ ਹੀ ਸੋਚਦੇ ਹਨ। ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਨਹੀਂ ਸੋਚਦੇ। ਇਸ ਡੋਰ ਨਾਲ ਮਨੁੱਖਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ। ਇਸ ਖ਼ਤਰਨਾਕ ਡੋਰ ਨਾਲ ਹੁਣ ਤੱਕ ਕਾਫੀ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਡੋਰ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਤਾਂ ਕਿ ਬੱਚੇ ਇਸ ਡੋਰ ਦੀ ਘੱਟ ਤੋਂ ਘੱਟ ਵਰਤੋਂ ਕਰਨ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਬੱਚੇ ਅਤੇ ਜੰਕਫੂਡ

ਸਮਾਜ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ, ਜਿਨ੍ਹਾਂ ਵਿਚੋਂ ਬੱਚਿਆਂ ਵਿਚ ਵਧ ਰਹੀ ਜੰਕ ਫੂਡ ਦੀ ਆਦਤ ਇਕ ਹੈ। ਜੰਕ ਫੂਡ ਦੀ ਮਾਤਰਾ ਵਧਣ ਕਰਕੇ ਛੋਟੇ ਬੱਚਿਆਂ ਨੂੰ ਮੋਟਾਪੇ ਅਤੇ ਦਿਲ ਵਰਗੀਆਂ ਕਈ ਬਿਮਾਰੀਆਂ ਨੇ ਜਕੜਿਆ ਹੋਇਆ ਹੈ। ਜੰਕ ਫੂਡ ਦੀ ਵਧ ਰਹੀ ਮਾਤਰਾ ਜਿਥੇ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ, ਉਥੇ ਸਵਸਥ ਭਾਰਤ ਦੇ ਮਿਸ਼ਨ ਨੂੰ ਵੀ ਖੋਰਾ ਲਾ ਰਹੀ ਹੈ।
ਇਸ ਸਮੱਸਿਆ ਸੰਬੰਧੀ ਬੱਚਿਆਂ ਦੇ ਮਾਤਾ-ਪਿਤਾ ਦੇ ਨਾਲ-ਨਾਲ ਸਮਾਜ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਅਤੇ ਇਸ ਦੇ ਨਾਲ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਸੰਬੰਧੀ ਕੋਈ ਠੋਸ ਨੀਤੀ ਬਣਾਈ ਜਾਵੇ ਨਹੀਂ ਤਾਂ ਭਵਿੱਖ ਵਿਚ ਇਸ ਦੇ ਗੰਭੀਰ ਸਿੱਟੇ ਨਿਕਲਣਗੇ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਫ਼ਿਰਕਿਆਂ 'ਚ ਵਧਦਾ ਪਾੜਾ

ਦੇਸ਼ ਦੇ ਵੱਡੇ-ਵੱਡੇ ਰਾਜਨੀਤਕ ਦਲ ਤੇ ਵੱਡੇ-ਵੱਡੇ ਨੇਤਾ ਸ਼ਰ੍ਹੇਆਮ ਆਪਣੇ-ਆਪਣੇ ਧਰਮ ਨੂੰ ਦੂਜੇ ਧਰਮਾਂ ਤੋਂ ਖ਼ਤਰਾ ਦੱਸਦਿਆਂ ਖੁੱਲ੍ਹ ਕੇ ਧਰਮ ਦੇ ਨਾਂਅ 'ਤੇ ਵੋਟਾਂ ਤਾਂ ਵਟੋਰ ਜਾਂਦੇ ਹਨ ਪਰ ਇਸ ਪ੍ਰਚਾਰ ਕਾਰਨ ਆਮ ਲੋਕਾਂ 'ਚ ਆਪਸੀ ਭਾਈਚਾਰੇ ਨੂੰ ਲਗਾਤਾਰ ਡੂੰਘਾ ਖੋਰਾ ਲੱਗ ਰਿਹਾ ਹੈ। ਸਾਰੇ ਹੀ ਧਰਮ ਸਾਨੂੰ ਹਮੇਸ਼ਾ ਨੈਤਿਕਤਾ ਤੇ ਸੱਚ 'ਤੇ ਕਾਇਮ ਰਹਿਣ ਦੀ ਸੇਧ ਦਿੰਦੇ ਹਨ ਪਰ ਅਸੀਂ ਆਪਣੇ ਧਰਮ ਨੂੰ ਦੂਜੇ ਤੋਂ ਉੱਤਮ ਸਿੱਧ ਕਰਨ ਦੀ ਬੇਤੁਕੀ ਦੌੜ 'ਚ ਲੱਗੇ ਹੋਏ ਹਾਂ। ਕੋਈ ਵੀ ਧਰਮ ਮਾੜਾ ਨਹੀਂ ਸਗੋਂ ਧਰਮ ਦੇ ਨਾਂਅ 'ਤੇ ਪਖੰਡ, ਨਫ਼ਰਤ, ਆਡੰਬਰ, ਠੱਗੀਆਂ, ਰਾਜਨੀਤੀ ਅਤੇ ਕਾਰੋਬਾਰ ਚਲਾਉਣ ਵਾਲੇ ਲੋਕ ਮਾੜੇ ਹੁੰਦੇ ਹਨ। ਆਓ, ਅਸੀਂ ਸਾਰੇ ਰਲ ਕੇ ਫ਼ਿਰਕਾਪ੍ਰਸਤੀ ਦੇ ਗੰਦੇ ਜਾਲ 'ਚੋਂ ਨਿਕਲਣ ਲਈ ਸੁਹਿਰਦ ਯਤਨ ਕਰੀਏ।

-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।

ਵਿੱਦਿਆ ਦਾ ਵਪਾਰੀਕਰਨ

ਪੁਰਾਣੇ ਸਮੇਂ ਵਿਚ ਵਿੱਦਿਆ ਦੇਣਾ ਇਕ ਧਾਰਮਿਕ ਕਾਰਜ ਮੰਨਿਆ ਜਾਂਦਾ ਸੀ। ਰਿਸ਼ੀ-ਮੁਨੀ ਵਿਦਿਆਰਥੀ ਦੀ ਮਿਹਨਤ, ਲਗਨ ਅਤੇ ਯੋਗਤਾ ਦੇਖ ਕੇ ਉਸ ਨੂੰ ਵਿੱਦਿਆ ਦੇਣ ਦੇ ਨਿਸਚੇ ਕਰਦੇ ਸਨ। ਪਰ ਅੱਜ ਦੇ ਆਧੁਨਿਕ ਯੁੱਗ ਵਿਚ ਵਿੱਦਿਆ ਨੂੰ ਵਪਾਰ ਬਣਾ ਲਿਆ ਗਿਆ ਹੈ।
ਵਿੱਦਿਆ ਪ੍ਰਾਪਤ ਕਰਨ ਲਈ ਪਹਿਲਾਂ ਵੱਡਿਆਂ-ਵੱਡਿਆਂ ਕਾਲਜਾਂ, ਯੂਨੀਵਰਸਿਟੀਆਂ 'ਚ ਦਾਖ਼ਲੇ ਲਈ ਰਕਮਾਂ ਭਰਨੀਆਂ ਪੈਂਦੀਆਂ ਹਨ। ਫਿਰ ਵਾਰਸ਼ਿਕ ਫੀਸਾਂ ਦਾ ਹਵਾਲਾ ਦਿੱਤਾ ਜਾਂਦਾ ਹੈ। ਫੀਸਾਂ ਨਾ ਭਰਨ 'ਤੇ ਵਿਦਿਆਰਥੀ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਅਤੇ ਪ੍ਰੀਖਿਆਵਾਂ ਵਿਚ ਬੈਠਣ ਤਾਂ ਦਿੱਤਾ ਜਾਂਦਾ ਹੈ ਪਰ ਨਤੀਜਿਆਂ ਵੇਲੇ ਫੀਸ ਭਰਨ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਵਿਦਿਆਰਥੀ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾਂਦਾ ਹੈ। ਇਸ ਸਮੱਸਿਆ ਵੱਲ ਸਰਕਾਰ ਨੂੰ ਗੰਭੀਰ ਵਿਚਾਰ ਕਰਨ ਦੀ ਲੋੜ ਹੈ ਅਤੇ ਇਸ ਲਈ ਕਾਨੂੰਨ ਬਣਾਉਣ ਦੀ ਲੋੜ ਹੈ।

-ਅਮਨ ਕੁਮਾਰੀ
ਕੇ.ਐਮ.ਵੀ. ਜਲੰਧਰ।

ਪੰਜਾਬ 'ਚ ਚੌਕਸੀ ਵਰਤਣ ਦੀ ਲੋੜ

ਪੰਜਾਬ ਵਿਚ ਲਗਾਤਾਰ ਬਰਾਮਦ ਹੋਏ ਟਿਫਨ ਬੰਬ ਅਤੇ ਹੈਂਡ ਗ੍ਰਨੇਡ ਹਮਲਿਆਂ ਕਾਰਨ ਸੁਰੱਖਿਆ ਏਜੰਸੀ ਦੀਆਂ ਵਧ ਰਹੀਆਂ ਚੁਣੌਤੀਆਂ ਚਿੰਤਾ ਦਾ ਵਿਸ਼ਾ ਹੈ। ਸੂਤਰਾਂ ਦੇ ਹਵਾਲੇ ਨਾਲ ਆਉਣ ਵਾਲੀਆਂ ਪੰਜਾਬ ਦੀਆਂ ਆਗਾਮੀ ਚੋਣਾਂ ਵਿਚ ਆਈ.ਐਸ.ਆਈ. ਵੱਡੀਆਂ ਵਾਰਦਾਤਾਂ ਕਰ ਸਕਦੀ ਹੈ।
15 ਅਗਸਤ, 2021 ਤੋਂ ਬਾਅਦ 11 ਟਿਫ਼ਨ ਬੰਬ ਦੇ ਕੇਸ ਸਾਹਮਣੇ ਪਹਿਲਾਂ ਹੀ ਆ ਚੁੱਕੇ ਹਨ। ਇਸ ਲਈ ਸੁਰੱਖਿਆ ਏਜੰਸੀਆਂ ਨੂੰ ਵੱਧ ਚੌਕਸੀ ਵਰਤਣ ਦੀ ਲੋੜ ਹੈ। ਇਸ ਸੰਬੰਧ ਵਿਚ ਪੰਜਾਬ ਸਰਕਾਰ ਨੂੰ ਚੋਣਾਂ ਦੇ ਸਮੇਂ ਪੰਜਾਬ ਪੁਲਿਸ ਨੂੰ ਚੌਕਸ ਰਹਿਣ ਲਈ ਹੁਕਮ ਜਾਰੀ ਕਰ ਇਸ 'ਤੇ ਅਮਲ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ ਤਾਂ ਜੋ ਅੱਤਵਾਦੀਆਂ ਦੇ ਇਰਾਦੇ ਪੂਰੇ ਨਾ ਹੋ ਸਕਣ। ਕੇਂਦਰ ਸਰਕਾਰ ਨੂੰ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ, ਜੋ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

01-12-2021

 ਕਾਲੇ ਕਾਨੂੰਨਾਂ ਵਿਰੁੱਧ ਸਰਬਸਾਂਝੀ ਜਿੱਤ

ਦੇਸ਼ ਦੇ ਬਹਾਦਰ ਕਿਸਾਨ ਯੋਦਿਆਂ ਦੀ ਮਿਹਨਤ ਰੰਗ ਲਿਆਈ। ਇਸ ਮੋਰਚੇ ਦੌਰਾਨ ਕਿਸਾਨ ਜਥੇਬੰਦੀਆਂ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦੇਸ਼ ਭਗਤਾਂ ਦੀਆਂ ਝਲਕਾਂ ਦੇਖਣ ਨੂੰ ਮਿਲੀਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਇਸ ਐਲਾਨ ਮਗਰੋਂ ਦੇਸ਼ ਵਿਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਕਰੀਬ ਇਕ ਸਾਲ ਵਿਚ ਇਸ ਮੋਰਚੇ ਨੇ ਇਤਿਹਾਸਕ ਰੂਪ ਧਾਰਨ ਕਰ ਲਿਆ ਹੈ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਨਾ ਭੁੱਲਣਯੋਗ ਹੈ, ਜਿਸ ਦਾ ਜ਼ਿਕਰ ਕਈ ਸਾਲਾਂ ਤੱਕ ਹਰੇਕ ਵਰਗ ਦੀ ਜ਼ਬਾਨ 'ਤੇ ਰਹੇਗਾ।
ਉਮੀਦ ਹੈ ਕਿ ਇਸ ਮੋਰਚੇ ਤੋਂ ਦੇਸ਼ ਵਾਸੀਆਂ ਨੂੰ ਸਬਕ ਮਿਲ ਗਿਆ ਹੋਵੇਗਾ ਕਿ ਦੇਸ਼ ਨੂੰ ਖੁਸ਼ਹਾਲ ਜਨਤਾ ਅਤੇ ਸਰਕਾਰ ਨੇ ਰਲ ਕੇ ਬਣਾਉਣਾ ਹੈ। ਜੇਕਰ ਆਉਣ ਵਾਲੇ ਸਾਲਾਂ ਵਿਚ ਜਨਤਾ ਵੋਟ ਦਾ ਸਹੀ ਇਸਤੇਮਾਲ ਕਰਕੇ ਦੇਸ਼ ਲਈ ਸੂਝਵਾਨ ਨੇਤਾ ਚੁਣੇਗੀ ਤਾਂ ਹੀ ਆਮ ਜਨਤਾ ਦੀ ਆਵਾਜ਼ ਸਰਕਾਰ ਤੱਕ ਪੁੱਜੇਗੀ। ਸਰਕਾਰ ਨੂੰ ਵੀ ਬਹੁਮਤ ਦੇ ਆਧਾਰ 'ਤੇ ਫ਼ੈਸਲੇ ਲੈਣੇ ਚਾਹੀਦੇ ਹਨ, ਕਿਉਂਕਿ ਬਹੁਮਤ ਦੇ ਆਧਾਰ 'ਤੇ ਲਏ ਹੋਏ ਫ਼ੈਸਲੇ ਸਰਬੱਤ ਲਈ ਕਲਿਆਣਕਾਰੀ ਸਿੱਧ ਹੁੰਦੇ ਹਨ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ (ਗੁਰਦਾਸਪੁਰ)।

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ

ਉਹ ਪੰਜਾਬੀ ਭਾਸ਼ਾ ਜਿਸ ਨੇ ਅਧਿਆਤਮਿਕਤਾ ਦੀਆਂ ਸਿਖ਼ਰਾਂ ਨੂੰ ਛੂੰਹਦਿਆਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਰਚਨਾ ਨੂੰ ਜਨਮ ਦਿੱਤਾ, ਜਿਸ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਗੀਤ ਤੇ ਲੋਕ ਗਾਥਾਵਾਂ ਨੂੰ ਆਪਣੀ ਮਿੱਠੀ ਬੋਲੀ ਰਾਹੀਂ ਦੁਨੀਆ ਭਰ ਵਿਚ ਵਸਦੇ ਪੰਜਾਬੀ ਪ੍ਰੇਮੀਆਂ ਤੱਕ ਪਹੁੰਚਾਇਆ ਹੋਵੇ ਤਾਂ ਫਿਰ ਅੱਜ ਵੀ ਉਸ ਭਾਸ਼ਾ ਨੂੰ ਉਹ ਸਥਾਨ ਕਿਉਂ ਨਹੀਂ ਮਿਲਿਆ, ਜਿਸ ਦੀ ਇਹ ਹੱਕਦਾਰ ਬਣਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਅੱਜ ਵੀ ਬਹੁਗਿਣਤੀ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਤੋਂ ਮੁੱਖ ਮੋੜਨਾ ਹੈ। ਪੰਜਾਬ ਦੀ ਧਰਤੀ 'ਤੇ ਫੈਲੇ ਅਣਗਿਣਤ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਦਾ ਆਮ ਤੌਰ 'ਤੇ ਯਤਨ ਰਿਹਾ ਹੈ ਕਿ ਉਹ ਇਸ ਬੋਲੀ ਨੂੰ ਅਣਦੇਖਿਆਂ ਕਰ ਦੇਣ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਲਗਭਗ ਇਥੇ ਵਿਚਰਦੀਆਂ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਪ੍ਰਸ਼ਾਸਨਿਕ ਚਲਾਉਂਦਿਆਂ ਪੰਜਾਬੀ ਮਾਂ-ਬੋਲੀ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ। ਭਾਵੇਂ ਕਿ ਰਾਜ ਭਾਸ਼ਾ ਕਾਨੂੰਨ 1967 ਅਤੇ ਰਾਜ ਭਾਸ਼ਾ ਕਾਨੂੰਨ 2008 ਪੰਜਾਬੀ ਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਕਾਨੂੰਨ ਤਾਂ ਬਣੇ ਪਰ ਇਨ੍ਹਾਂ ਕਾਨੂੰਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਹੁਣ ਵਿਧਾਨ ਸਭਾ ਵਿਚ ਇਨ੍ਹਾਂ ਕਾਨੂੰਨਾਂ ਵਿਚ ਸੋਧਾਂ ਕਰਕੇ ਇਨ੍ਹਾਂ ਨੂੰ ਸਖ਼ਤ ਬਣਾਇਆ ਗਿਆ ਹੈ, ਜਿਸ ਦੀ ਪ੍ਰਸੰਸਾ ਕਰਨੀ ਬਣਦੀ ਹੈ ਪਰ ਆਉਣ ਵਾਲੇ ਸਮੇਂ ਵਿਚ ਵੇਖਣਾ ਹੋਵੇਗਾ ਕਿ ਇਨ੍ਹਾਂ ਕਾਨੂੰਨਾਂ 'ਤੇ ਅਫ਼ਸਰਸ਼ਾਹੀ ਕਿੰਨੀ ਖਰੀ ਉਤਰਦੀ ਹੈ। ਸੋ, ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਨੂੰ ਜਿਊਂਦਾ ਰੱਖਣ ਲਈ ਪੂਰਾ ਸੁਚੇਤ ਹੋਣਾ ਪਵੇਗਾ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

ਹਵਾ ਪ੍ਰਦੂਸ਼ਣ

ਜਿਥੇ ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਪ੍ਰਦੂਸ਼ਣ ਸਿਰਫ ਪਰਾਲੀ ਸਾੜਨ ਨਾਲ ਹੀ ਨਹੀਂ ਫ਼ੈਲਦਾ ਅਤੇ ਇਸ ਨਾਲ ਕੁਝ ਕੁ ਪ੍ਰਤੀਸ਼ਤ ਹੀ ਪ੍ਰਦੂਸ਼ਣ ਫੈਲਦਾ ਹੈ ਅਤੇ ਪ੍ਰਦੂਸ਼ਣ ਫੈਲਾਉਣ ਲਈ ਕੇਵਲ ਨਾੜ ਜਾਂ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ, ਉਥੇ ਹੀ ਕੇਂਦਰੀ ਮੰਤਰੀ ਵਲੋਂ ਵੀ ਕਿਹਾ ਗਿਆ ਹੈ ਕਿ ਪਰਾਲੀ ਸਾੜਨਾ ਕੋਈ ਅਪਰਾਧ ਨਹੀਂ ਹੈ। ਫੈਕਟਰੀਆਂ ਵਿਚੋਂ ਨਿਕਲਦਾ ਧੂੰਆਂ, ਦਿਨ-ਰਾਤ ਚਲਦੇ ਵਾਹਨ, ਸੜਕਾਂ 'ਤੇ ਉੱਡਦੀ ਧੂੜ, ਮਿੱਟੀ ਬਹੁਤ ਜ਼ਿਆਦਾ ਪ੍ਰਦੂਸ਼ਣ ਵਿਚ ਵਾਧਾ ਕਰਦੇ ਹਨ ਅਤੇ ਹਵਾ ਵਿਚ ਜ਼ਹਿਰ ਘੋਲਦੇ ਹਨ। ਰਾਜ ਸਰਕਾਰਾਂ ਦੇ ਨਾਕਸ, ਨਾਕਾਫੀ ਪ੍ਰਬੰਧਾਂ ਕਾਰਨ ਕਿਸਾਨ ਪਰਾਲੀ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਲਈ ਮਜਬੂਰ ਹਨ। ਜਿਸ ਕਾਰਨ ਆਮ ਵਿਅਕਤੀ ਲਈ ਸਾਹ ਲੈਣਾ ਵੀ ਔਖਾ ਹੈ। ਸੂਬਾ ਸਰਕਾਰਾਂ ਨੂੰ ਦ੍ਰਿੜ੍ਹ ਫ਼ੈਸਲੇ ਲੈਂਦੇ ਹੋਏ ਇਸ ਸਮੱਸਿਆ ਦਾ ਹੱਲ ਲੱਭਣ ਦੀ ਜ਼ਰੂਰਤ ਹੈ ਤਾਂ ਜੋ ਜਿਥੇ ਇਨਸਾਨਾਂ, ਪਸ਼ੂ ਪੰਛੀਆਂ ਨੂੰ ਸਾਹ ਲੈਣ ਲਈ ਹਵਾ ਸਾਫ਼ ਸੁਥਰੀ ਮਿਲ ਸਕੇ, ਉਥੇ ਹੀ ਪ੍ਰਦੂਸ਼ਣ ਕਾਰਨ ਫੈਲ ਰਹੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਕਰਜ਼ੇ ਤੋਂ ਰਾਹਤ

ਮੁੱਖ ਮੰਤਰੀ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਰਾਹਤ ਦੇ ਕੇ ਅਤੇ ਸਾਲਾਨਾ ਗਰਾਂਟ ਵਧਾ ਕੇ ਯੂਨੀਵਰਸਿਟੀਆਂ ਦੀ ਹੋਂਦ ਨੂੰ ਬਚਾਉਣ ਦਾ ਅਹਿਮ ਉਪਰਾਲਾ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਸ਼ਾ ਦੇ ਆਧਾਰ 'ਤੇ ਬਣਨ ਵਾਲੀ ਦੁੁਨੀਆ ਦੀ ਦੂਜੀ ਯੂਨੀਵਰਸਿਟੀ ਹੈ। ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿਚ ਯੂਨੀਵਰਸਿਟੀ ਦਾ ਖ਼ਾਸ ਯੋਗਦਾਨ ਰਿਹਾ ਹੈ। ਯੂਨੀਵਰਸਿਟੀ ਨੇ ਖੇਡਾਂ, ਸਾਹਿਤ, ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਅਜਿਹੇ ਬੁੱਧੀਜੀਵੀ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਕਾਬਲੀਅਤ ਦਾ ਲੋਹਾ ਭਾਰਤ ਵਿਚ ਨਹੀਂ ਵਿਦੇਸ਼ਾਂ ਵਿਚ ਵੀ ਮੰਨਵਾ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕੀਤਾ ਹੈ।
ਪੰਜਾਬ ਸਰਕਾਰ ਦੇ ਯੂਨੀਵਰਸਿਟੀ ਨੂੰ ਕਰਜ਼ੇ ਰਾਹਤ ਦੇਣ ਦੇ ਫ਼ੈਸਲੇ ਦੀ ਜਿਥੇ ਸ਼ਲਾਘਾ ਕਰਦੇ ਹਾਂ, ਉਥੇ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿ ਯੂਨੀਵਰਸਿਟੀ ਨਾਲ ਸੰਬੰਧਿਤ ਹੋਰ ਵੀ ਮਸਲਿਆਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਯੂਨੀਵਰਸਿਟੀ ਦੀ ਹੋਂਦ ਕਾਇਮ ਰਹਿ ਸਕੇ।

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

30-11-2021

 ਕੇਜਰੀਵਾਲ ਦੀ ਗਾਰੰਟੀ

ਹੁਣ ਪੰਜਾਬ ਵਿਚ ਆਗਾਮੀ ਚੋਣਾਂ ਹੋਣੇ ਜਾ ਰਹੀਆਂ ਹਨ। ਸਭ ਪਾਰਟੀਆਂ ਲੋਕਾਂ ਨੂੰ ਭਰਮਾਉਣ ਲਈ ਨਵੇਂ-ਨਵੇਂ ਐਲਾਨ ਕਰ ਰਹੀਆਂ ਹਨ। ਪਹਿਲੇ ਹੀ ਕੇਜਰੀਵਾਲ ਵਲੋਂ ਪਹਿਲੀ ਗਰੰਟੀ 300 ਯੂਨਿਟ ਬਿਜਲੀ ਮੁਫ਼ਤ, ਉਸ ਤੋਂ ਬਾਅਦ ਦੂਜੀ ਗਰੰਟੀ ਮੁਫ਼ਤ ਸਿਹਤ ਸਹੂਲਤਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹੁਣ ਪੰਜਾਬ ਦੀ ਹਰ ਔਰਤ ਨੂੰ ਤੀਜੀ ਗਰੰਟੀ ਵਜੋਂ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਇਕ ਕਰੋੜ ਔਰਤਾਂ ਨੂੰ ਇਸ ਦਾ ਫਾਇਦਾ ਹੋਵੇਗਾ। ਕਿੰਨਾ ਚੰਗਾ ਹੋਵੇ ਜੇ ਰਾਜਨੀਤਕ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ ਰੁਜ਼ਗਾਰ ਦੇਣ। ਹਰ ਸ਼ਹਿਰੀ ਬਾਹਰਲੇ ਮੁਲਕ ਵਾਂਗ ਟੈਕਸ ਅਦਾ ਕਰੇ, ਜਿਸ ਨਾਲ ਆਮ ਆਦਮੀ ਨੂੰ ਇਹ ਸਾਰੀਆਂ ਸਹੂਲਤਾਂ ਮਿਲ ਸਕਣ। ਚੋਣਾਂ ਵਿਚ ਬੇਰੁਜ਼ਗਾਰੀ ਕਦੀ ਵੀ ਮੁੱਦਾ ਨਹੀਂ ਬਣਦਾ। ਪੰਜਾਬ ਦਾ ਇਹ ਹਾਲ ਹੈ ਨੌਜਵਾਨ 10+2 ਕਰਨ ਤੋਂ ਬਾਅਦ ਬਾਹਰ ਦਾ ਰੁਖ਼ ਅਖ਼ਤਿਆਰ ਕਰ ਰਹੇ ਹਨ। ਪਹਿਲਾਂ ਬਾਹਰੋਂ ਪੈਸਾ ਆਉਂਦਾ ਸੀ, ਉਲਟਾ ਹੁਣ ਪੰਜਾਬ ਦਾ ਪੈਸਾ ਬਾਹਰ ਜਾ ਰਿਹਾ ਹੈ। ਰਾਜਨੀਤਕ ਪਾਰਟੀਆਂ ਨੂੰ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਸਬਜਬਾਜ਼ ਦਿਖਾਉਣ ਤੇ ਉਨ੍ਹਾਂ ਨੂੰ ਅਪੰਗ ਕਰਨ ਦੀ ਥਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਬਾਹਰ ਦਾ ਪ੍ਰਸਾਰ ਰੋਕ ਪੰਜਾਬ ਦਾ ਪੈਸਾ ਬਾਹਰ ਜਾਣ ਤੋਂ ਬਚਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਮੁਸ਼ਕਿਲਾਂ ਤੋਂ ਨਾ ਘਬਰਾਓ

ਜ਼ਿੰਦਗੀ ਇਕ ਪਾਠਸ਼ਾਲਾ ਵਾਂਗ ਹੈ। ਅਸੀਂ ਇਸ ਧਰਤੀ 'ਤੇ ਸਭ ਵਿਦਿਆਰਥੀ ਹਾਂ ਅਤੇ ਮੁਸ਼ਕਿਲਾਂ ਸਾਡੇ ਪਾਠਕ੍ਰਮ ਦਾ ਜ਼ਰੂਰੀ ਅੰਗ ਹਨ। ਜਿਹੜਾ ਮੁਸ਼ਕਿਲਾਂ ਦੇ ਪਾਠਕ੍ਰਮ ਨੂੰ ਚੰਗੀ ਤਰ੍ਹਾਂ ਪੜ੍ਹ ਲੈਂਦਾ ਹੈ, ਉਹ ਇਸ ਜ਼ਿੰਦਗੀ ਰੂਪੀ ਬੇੜੀ ਨੂੰ ਆਸਾਨੀ ਨਾਲ ਪਾਰ ਕਰ ਸਕਦਾ ਹੈ। ਦਰਅਸਲ ਮੁਸ਼ਕਿਲਾਂ ਤੋਂ ਨਜ਼ਰਾਂ ਫੇਰਨ ਨਾਲ ਇਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ। ਇਸ ਲਈ ਸਾਨੂੰ ਮੁਸੀਬਤਾਂ ਦਾ ਸਾਹਮਣਾ ਹਿੰਮਤ ਨਾਲ ਕਰਨਾ ਚਾਹੀਦਾ ਹੈ। ਕਈ ਵਾਰ ਕੀ ਹੁੰਦਾ ਹੈ ਕਿ ਮੁਸੀਬਤਾਂ ਵਿਚ ਘਿਰਿਆ ਮਨੁੱਖ ਇਕੱਲਾ ਰਹਿਣਾ ਪਸੰਦ ਕਰਦਾ ਹੈ। ਇਸ ਕਾਰਨ ਉਸ ਦਾ ਮਾਨਸਿਕ ਤਣਾਅ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਉਹ ਹਰ ਵਕਤ ਸੋਚਾਂ ਦੀ ਘੁੰਮਣ ਘੇਰੀ ਵਿਚ ਘਿਰਿਆ ਰਹਿੰਦਾ ਹੈ। ਇਨ੍ਹਾਂ ਸੋਚਾਂ ਵਿਚ ਡੁੱਬਿਆ ਕਈ ਵਾਰ ਉਹ ਮੁਸ਼ਕਿਲਾਂ ਤੋਂ ਛੁਟਕਾਰਾ ਪਾਉਣ ਲਈ ਇਕੋ ਹੱਲ ਆਪਣਾ ਜੀਵਨ ਸਮਾਪਤ ਕਰਨਾ ਸਮਝਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਸਾਂਝਾ ਕਰੀਏ। ਆਪਣੀਆਂ ਕਮਜ਼ੋਰੀਆਂ ਦੀ ਪਛਾਣ ਕਰ ਉਨ੍ਹਾਂ ਦਾ ਸੁਧਾਰ ਕਰਕੇ ਉਹ ਆਪਣੀ ਯੋਗਤਾ ਅਤੇ ਮਿਹਨਤ ਨਾਲ ਮਿਥੇ ਹੋਏ ਟੀਚੇ ਨੂੰ ਆਸਾਨੀ ਨਾਲ ਪੂਰਾ ਕਰ ਲੈਂਦੇ।

-ਹਰਨੰਦ ਸਿੰਘ ਬੱਲਿਆਂਵਾਲਾ
ਤਰਨ ਤਾਰਨ।

ਕੱਚੇ ਅਧਿਆਪਕ

ਕੱਚੇ ਅਧਿਆਪਕ ਅੱਜਕਲ੍ਹ ਸਿੱਖਿਆ ਬੋਰਡ ਮੁਹਾਲੀ ਵਿਖੇ ਧਰਨੇ ਉਤੇ ਬੈਠੇ ਹਨ ਅਤੇ ਹਰ ਰੋਜ਼ ਰੈਲੀਆਂ ਮੁਜ਼ਾਹਰੇ ਕਰ ਰਹੇ ਹਨ। ਦੱਸਣਯੋਗ ਹੈਕਿ ਉਨ੍ਹਾਂ ਨੂੰ ਸਰਕਾਰ ਵਲੋਂ ਪੱਕੇ ਕਰਨ ਦੀ ਜੋ ਪ੍ਰਕਿਰਿਆ ਆਰੰਭੀ ਗਈ ਹੈ, ਉਹ ਊਠ ਦਾ ਬੁੱਲ੍ਹ ਬਣੀ ਪਈ ਹੈ। ਜਿਹੜਾ ਅਧਿਆਪਕ ਹੀ ਲੰਮੇ ਸਮੇਂ ਆਪਣੇ ਭਵਿੱਖ ਲਈ ਚਿੰਤਾਤੁਰ ਹੈ ਕੀ ਉਹ ਬੱਚਿਆਂਦਾ ਭਵਿੱਖ ਬਣਾਉਣ ਲਈ ਖੁੱਲ੍ਹੇ ਤੇ ਆਜ਼ਾਦ ਮਨ ਨਾਲ ਪੜ੍ਹਾ ਸਕੇਗਾ? ਕੀ ਥੋੜ੍ਹੀ ਜਿਹੀ ਨਿਗੂਣੀ ਤਨਖਾਹ ਉਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਪਾਏਗਾ? ਕੀ ਉਸ ਨਾਲ ਪੜ੍ਹਾ ਰਹੇ ਪੱਕੇ ਅਧਿਆਪਕਾਂ ਦਾ ਜੋ ਤਨਖਾਹ ਦਾ ਅੰਤਰ ਹੈ ਉਹ ਕਾਫੀ ਜ਼ਿਆਦਾ ਹੈ ਤਾਂ ਉਨ੍ਹਾਂ ਨਾਲ ਵਿਤਕਰਾ ਨਹੀਂ ਹੈ? ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ (ਸਾਬਕਾ ਮੁੱਖ ਮੰਤਰੀ) ਖੁਦ ਇਨ੍ਹਾਂ ਦੇ ਧਰਨੇ ਵਿਚ ਜਾ ਕੇ ਸਰਕਾਰ ਬਣਨ ਉਪੰਰਤ ਪਹਿਲ ਦੇ ਆਧਾਰ 'ਤੇ ਉਤੇ ਪੱਕੇ ਕਰਨ ਦਾ ਵਾਅਦਾ ਅਤੇ ਭਰੋਸਾ ਦੇ ਕੇ ਆਏ ਸਨ। ਸੋ, ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਚੋਣ ਜ਼ਾਬਤਾ ਲਗਣ ਤੋਂ ਪਹਿਲਾਂ ਪੱਕਾ ਕਰੇ ਤਾਂ ਜੋ ਇਹ ਚਿੰਤਾਮੁਕਤ ਹੋ ਕੇ ਬੱਚਿਆਂ ਨੂੰ ਪੜ੍ਹਾ ਸਕਣ, ਨਹੀਂ ਤਾਂ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

-ਰਾਜ ਸਿੰਘ ਬਧੌਛੀ, ਫਤਹਿਗੜ੍ਹ ਸਾਹਿਬ।

ਲੰਮੀ ਹੇਕ ਦੀ ਮਲਿਕਾ ਹੋਈ ਦੁਨੀਆ ਤੋਂ ਰੁਖ਼ਸਤ

ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵ ਇਸ ਦੁਨੀਆ ਵਿਚ ਨਹੀਂ ਰਹੇ। ਸੁਣ ਕੇ ਬਹੁਤ ਸਦਮਾ ਲੱਗਿਆ। ਉਨ੍ਹਾਂ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਲੋਕ ਸੰਗੀਤ ਦਾ ਇਕ ਦੌਰ ਖ਼ਤਮ ਹੋ ਗਿਆ। 45 ਸੈਕਿੰਡ ਦੀ ਲੰਮੀ ਹੇਕ ਦਾ ਰਿਕਾਰਡ ਉਨ੍ਹਾਂ ਦੇ ਹਿੱਸੇ ਆਇਆ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ ਕਰਨ ਅਤੇ ਬਾਵਾ ਜੀ ਨੂੰ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ। ਉਨ੍ਹਾਂ ਨੇ ਸਾਫ਼-ਸੁਥਰੀ ਗਾਇਕੀ ਨਾਲ ਤਕਰੀਬਨ ਅੱਧੀ ਸਦੀ ਤੋਂ ਵਧੇਰੇ ਸਮਾਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਵਲੋਂ ਗਾਏ ਗੀਤ 'ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹੋਂ ਫੱਬੇ, ਜਿਹਨੂੰ ਸੱਟ ਇਸ਼ਕ ਦੀ ਲੱਗੀ, ਵੀਰ ਮੇਰਿਆ ਜੁਗਨੀ ਕਹਿੰਦੀ ਏ, ਜਿਹੜੀ ਨਾਮ ਸਾਈਂ ਦਾ ਲੈਂਦੀ ਏ', 'ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ...', 'ਹਰੀਏ ਨੀ ਰਸ ਭਰੀਏ ਖਜੂਰੇ, ਕੀਹਨੇ ਦਿੱਤਾ ਐਨੀ ਦੂਰ ਏ' ਸਮੇਤ ਅਨੇਕਾਂ ਗੀਤਾਂ ਨਾਲ ਹਮੇਸ਼ਾ ਲਈ ਅਮਰ ਹੋ ਗਏ।

-ਸੁਖਦੀਪ ਸਿੰਘ ਗਿੱਲ, ਮਾਨਸਾ।

ਚੋਣ ਸਰਗਰਮੀਆਂ ਅਤੇ ਚੋਣ ਵਾਅਦੇ

ਵਿਧਾਨ ਸਭਾ ਚੋਣਾਂ ਦੇ ਨੇੜੇ ਆਉਣ ਕਰਕੇ ਸਾਰੀਆਂ ਹੀ ਪਾਰਟੀਆਂ ਇਕ-ਦੂਜੇ ਨਾਲੋਂ ਵਧ ਕੇ ਲੋਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਜੇ ਕੋਈ ਵੀ ਪਾਰਟੀ ਚੋਣ ਜਿੱਤਣ ਤੋਂ ਬਾਅਦ ਆਪਣੇ ਕੀਤੇ ਚੋਣ ਵਾਅਦਿਆਂ ਤੋਂ ਪਿੱਛੇ ਹਟਦੀ ਨਜ਼ਰ ਆਉਂਦੀ ਹੈ ਤਾਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਪਾਰਟੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਨਹੀਂ ਕਰਦੀ, ਉਸ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਇਸ ਦੇ ਨਾਲ ਲੋਕਾਂ ਨੂੰ ਆਪਣੇ ਵੋਟ ਦੀ ਸਹੀ ਵਰਤੋਂ ਕਰਦੇ ਹੋਏ ਇਨ੍ਹਾਂ ਅਖੌਤੀ ਚੋਣ ਵਾਅਦਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ.

-ਰਜਵਿੰਦਰ ਪਾਲ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਮਾਪਿਆਂ ਦੇ ਸੁਪਨੇ

ਹਰ ਮਾਂ-ਬਾਪ ਨੇ ਆਪਣਿਆਂ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਬਹੁਤ ਸਾਰੇ ਸੁਪਨੇ ਦੇਖੇ ਹੁੰਦੇ ਹਨ ਪਰ ਕਈ ਵਾਰ ਬੱਚੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਬਜਾਏ ਗ਼ਲਤ ਸੰਗਤ ਵਿਚ ਪੈ ਜਾਂਦੇ ਹਨ ਖਾਸ ਕਰ ਜਦੋਂ ਉਹ ਆਪਣੀ ਪੜ੍ਹਾਈ ਕਰਨ ਲਈ ਘਰ ਤੋਂ ਬਾਹਰ ਰਹਿਣ ਲਗਦੇ ਹਨ। ਜਿਸ ਕਾਰਨ ਉਹ ਆਪਣੇ ਭਵਿੱਖ ਅਤੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਭੁੱਲ ਕੇ ਆਪਣੀ ਨਵੀਂ ਜ਼ਿੰਦਗੀ ਜਿਊਣ ਬਾਰੇ ਸੋਚਣਾ ਸ਼ੁਰੂ ਕਰਦੇ ਹਨ। ਪਰ ਬੱਚਿਆਂ ਨੂੰ ਕਦੇ ਵੀ ਇਹ ਨਹੀਂ ਕਰਨਾ ਚਾਹੀਦਾ, ਸਭ ਤੋਂ ਪਹਿਲਾਂ ਸਾਨੂੰ ਆਪਣੇ ਮਾਪਿਆਂ ਅਤੇ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਉੱਚ ਵਿਦਿਆ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਾ ਹੈ। ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਮਾਪੇ ਕਿਵੇਂ ਸਖ਼ਤ ਮਿਹਨਤ ਕਰਕੇ ਆਪਣੇ ਚਾਵਾਂ ਨੂੰ ਮਾਰ ਕੇ ਸਾਨੂੰ ਸਫਲ ਬਣਾਉਣ ਦੀਆਂ ਆਸਾਂ ਲਾਈ ਬੈਠੇ ਹਨ। ਇਸ ਲਈ ਸਾਨੂੰ ਹਮੇਸ਼ਾ ਹੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ ਤੇ ਵਧੀਆ ਸੰਗਤ ਦਾ ਸੰਗ ਕਰਨਾ ਚਾਹੀਦਾ ਹੈ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

29-11-2021

 ਲੋਕਰਾਜ ਦੀ ਜਿੱਤ
ਦਿੱਲੀ ਦੀਆਂ ਬਰੂਹਾਂ 'ਤੇ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਵੱਡੀ ਜਿੱਤ ਹੋਈ ਹੈ। ਸਿਆਲ ਦੀਆਂ ਠੰਢੀਆਂ ਰਾਤਾਂ, ਗਰਮ ਦੁਪਹਿਰਾਂ, ਮੀਂਹ ਅਤੇ ਤੂਫਾਨ ਕਿਸਾਨਾਂ ਦੇ ਸਿਰੜ ਅਤੇ ਜਜ਼ਬੇ ਨੂੰ ਢਾਹ ਨਾ ਲਾ ਸਕੇ। ਉਨ੍ਹਾਂ ਨੇ ਸਰਕਾਰ ਦੀਆਂ ਹਿੰਸਕ ਅਤੇ ਸਾਜ਼ਿਸ਼ ਭਰੀਆਂ ਕਾਰਵਾਈਆਂ ਦਾ ਸੰਜਮ ਅਤੇ ਸ਼ਾਂਤਮਈ ਢੰਗ ਨਾਲ ਸਾਹਮਣਾ ਕੀਤਾ। 700 ਦੇ ਲਗਭਗ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਘਰੇਲੂ ਕੰਮਾਂ ਪੱਖੋਂ ਵੀ ਆਰਥਿਕ ਘਾਟਾ ਸਹਿ ਕੇ ਸੰਘਰਸ਼ ਨੂੰ ਸਿਖਰ 'ਤੇ ਪਹੁੰਚਾਇਆ, ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਵਿਛੋੜਾ ਵੀ ਝੱਲਿਆ। ਇਸ ਤਰ੍ਹਾਂ ਕਿਸਾਨੀ ਜਿੱਤ ਦਾ ਸਿਹਰਾ ਕਿਸਾਨਾਂ ਅਤੇ ਇਸ ਦੀਆਂ ਜਥੇਬੰਦੀਆਂ ਸਿਰ ਬੱਝਦਾ ਹੈ। ਪਰ ਕੁਝ ਰਾਜਸੀ ਧਿਰਾਂ ਕਿਸਾਨੀ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਦਾ ਏਜੰਡਾ ਕੇਵਲ ਵੋਟਾਂ ਪ੍ਰਾਪਤ ਕਰਨ ਤੱਕ ਸੀਮਤ ਹੈ। ਪਰ ਅਜਿਹੇ ਲੋਕ ਭੁੱਲ ਜਾਂਦੇ ਹਨ ਕੇ ਕਦੇ ਵੀ ਏਅਰਕੰਡੀਸ਼ਨਾਂ ਵਿਚ ਬਹਿ ਕੇ, ਸ਼ਾਹੀ ਭੋਜਨ ਕਰਕੇ, ਮਹਿੰਗੀਆਂ ਕਾਰਾਂ ਅਤੇ ਆਲੀਸ਼ਾਨ ਬੰਗਲਿਆਂ ਵਿਚ ਬਹਿ ਕੇ ਸੰਘਰਸ਼ ਨਹੀਂ ਲੜੇ ਜਾਂਦੇ, ਸੰਘਰਸ਼ ਉਹ ਲੋਕ ਲੜਦੇ ਹਨ, ਜਿਹੜੇ ਠੰਢੀਆਂ ਰਾਤਾਂ ਵਿਚ ਪਾਣੀ ਦੇ ਨੱਕੇ ਮੋੜਨੇ ਜਾਣਦੇ ਹਨ, ਜੋ ਜ਼ਹਿਰੀਲੇ ਸੱਪਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਗਰਮ ਦੁਪਹਿਰਾਂ ਪਿੰਡਿਆਂ 'ਤੇ ਝੱਲਦੇ ਹਨ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਸ ਜਿੱਤ ਦਾ ਸਿਹਰਾ ਕਿਸਾਨਾਂ ਅਤੇ ਸੰਘਰਸ਼ ਵਿਚ ਸ਼ਾਮਿਲ ਸਭ ਲੋਕਾਂ ਸਿਰ ਬੱਝਦਾ ਹੈ, ਇਹ ਲੋਕਰਾਜ ਦੀ ਜਿੱਤ ਦਾ ਅਸਲੀ ਰੂਪ ਹੈ।


-ਹਰਨੰਦ ਸਿੰਘ ਬੱਲਿਆਂਵਾਲਾ
ਜ਼ਿਲ੍ਹਾ ਤਰਨ ਤਾਰਨ।


ਸਮਾਵੇਸ਼ੀ ਸੋਚ ਅਤੇ ਜਮਹੂਰੀ ਪ੍ਰਕਿਰਿਆਵਾਂ ਸਰਵੋਪਰੀ
ਕੇਂਦਰ ਸਰਕਾਰ ਦੇ ਜਿਨ੍ਹਾਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਭਗ 40 ਕਿਸਾਨ ਯੂਨੀਅਨਾਂ ਵਲੋਂ ਇਕਜੁੱਟ ਹੋ ਕੇ ਤਕਰੀਬਨ ਪੂਰੇ ਇਕ ਸਾਲ ਦੇ ਲੰਬੇ ਸਮੇਂ ਤੋਂ ਬਿਨਾਂ ਰੁਕੇ ਹੋਏ ਵਿਰੋਧ ਕੀਤਾ ਗਿਆ, ਉਨ੍ਹਾਂ ਕਾਨੂੰਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਰੱਦ ਕਰਨ ਦੇ ਐਲਾਨ ਨੇ ਸਪੱਸ਼ਟ ਤੌਰ 'ਤੇ ਲੋਕਤੰਤਰਿਕ ਦੇਸ਼ ਨੂੰ ਚਲਾਉਣ ਵਾਲੀਆਂ ਸਰਕਾਰਾਂ ਵਾਸਤੇ ਇਕ ਨਵਾਂ ਸਬਕ ਸਿੱਖਣ ਲਈ ਜ਼ਰੂਰ ਝੰਜੋੜਿਆ ਹੋਵੇਗਾ। ਇਹ ਕਿ ਨਵੇਂ ਕਾਨੂੰਨ ਬਣਾ ਕੇ ਸ਼ੁੱਧ ਤੇ ਸੱਚੇ-ਸੁੱਚੇ ਰਾਜਨੀਤਕ ਆਰਥਿਕ ਸੁਧਾਰਾਂ ਨੂੰ ਵੀ ਲਾਗੂ ਕਰਨ ਲਈ ਸਰਕਾਰ ਵਿਚ ਸੱਤਾਧਾਰੀ ਦਲ ਦੀ ਬਹੁਗਿਣਤੀ ਸੰਖਿਆ ਹੀ ਜ਼ਰੂਰੀ ਤੌਰ 'ਤੇ ਕਾਫ਼ੀ ਨਹੀਂ ਹੋ ਸਕਦੀ, ਸਗੋਂ ਇਸ ਲਈ ਸਮਾਵੇਸ਼ੀ ਸੋਚ ਅਤੇ ਜਮਹੂਰੀ ਪ੍ਰਕਿਰਿਆਵਾਂ ਦੀ ਪਾਲਣਾ ਅਹਿਮ ਅਤੇ ਸਰਵੇਪਰੀ ਹੈ।


-ਇੰਜ. ਕ੍ਰਿਸ਼ਨ ਕਾਂਤ ਸੂਦ
ਵਾਸੀ ਨੰਗਲ, ਪੰਜਾਬ), ਰਿਜਨਲ ਸਕੱਤਰ (ਸੰਪਰਕ), ਉੱਤਰ ਖੇਤਰ, ਭਾਰਤ ਵਿਕਾਸ ਪ੍ਰੀਸ਼ਦ।


ਧੁੰਦ ਤੋਂ ਰਹੋ ਸਾਵਧਾਨ
ਸਰਦੀ ਦੇ ਮੌਸਮ ਵਿਚ ਧੁੰਦਾਂ ਦੇ ਦਿਨਾਂ ਵਿਚ ਸੜਕਾਂ 'ਤੇ ਬਹੁਤ ਸਾਰੀਆਂ ਦੁਰਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਦਿਨਾਂ ਵਿਚ ਰਾਹਗੀਰਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਧੁੰਦ ਵਿਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਵਾਹਨ ਦੀ ਰਫ਼ਤਾਰ 'ਤੇ ਕਾਬੂ ਰੱਖਣਾ ਚਾਹੀਦਾ ਹੈ। ਕਦੇ ਵੀ ਸੜਕ ਕਿਨਾਰੇ ਆਪਣਾ ਵਾਹਨ ਨਹੀਂ ਰੋਕਣਾ ਚਾਹੀਦਾ, ਜੇਕਰ ਕਿਸੇ ਕਾਰਨ ਕਰਕੇ ਵਾਹਨ ਰੋਕਣ ਦੀ ਲੋੜ ਹੋਵੇ ਤਾਂ ਸਾਨੂੰ ਆਪਣਾ ਵਾਹਨ ਕਿਸੇ ਪੈਟਰੋਲ ਪੰਪ, ਢਾਬੇ ਆਦਿ ਖੁੱਲ੍ਹੀ ਜਗ੍ਹਾ 'ਤੇ ਰੋਕਣਾ ਚਾਹੀਦਾ ਹੈ ਤਾਂ ਕਿ ਦੁਰਘਟਨਾ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਸਾਨੂੰ ਆਪਣੇ ਵਾਹਨ ਦੀਆਂ ਸਾਰੀਆਂ ਲਾਈਟਾਂ ਵੀ ਚਾਲੂ ਰੱਖਣੀਆਂ ਚਾਹੀਦੀਆਂ ਹਨ। ਕਿ ਦੂਸਰੇ ਵਾਹਨ ਤੋਂ ਦੂਰੀ ਬਣਾ ਕੇ ਚੱਲਣਾ ਚਾਹੀਦਾ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।


ਪੰਜਾਬੀ ਨੂੰ ਮੁੜ ਮਾਣ
ਪਿਛਲੇ ਦਿਨੀਂ 'ਅਜੀਤ' ਅਖ਼ਬਾਰ ਵਿਚ ਸੰਪਾਦਕੀ ਲੇਖ 'ਮੁੜ ਪੰਜਾਬੀ ਨੂੰ ਮਾਣ ਦੇਣ ਲਈ ਪਹਿਲ' ਪੜ੍ਹਿਆ, ਜੋ ਬਹੁਤ ਜਾਣਕਾਰੀ ਭਰਪੂਰ ਸੀ। 'ਅਜੀਤ' ਸ਼ੁਰੂ ਤੋਂ ਹੀ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਰਿਹਾ ਹੈ। ਪੰਜਾਬ ਅਤੇ ਪੰਜਾਬੀਅਤ ਦੀ ਗੱਲ ਬੜੇ ਜ਼ੋਰਦਾਰ ਤਰੀਕੇ ਨਾਲ ਕੀਤੀ ਜਾਂਦੀ ਰਹੀ ਹੈ। ਲੇਖਕ ਨੇ ਆਪਣੇ ਲੇਖ ਵਿਚ ਕੁਝ ਉਨ੍ਹਾਂ ਲੋਕਾਂ ਦਾ ਵਰਨਣ ਕੀਤਾ ਹੈ, ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਕੁਝ ਕੀਤਾ ਹੈ, ਜਿਵੇਂ ਸਰਦਾਰ ਲਛਮਣ ਸਿੰਘ ਗਿੱਲ, ਬੀਬੀ ਉਪਿੰਦਰਜੀਤ ਕੌਰ ਤੇ ਸ: ਪਰਗਟ ਸਿੰਘ। ਇਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਜੋ ਪੰਜਾਬੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਹਨ, ਪ੍ਰਸੰਸਾ ਕਰਨ ਨਾਲ ਪੰਜਾਬੀ ਨੂੰ ਹੋਰ ਉੱਚਾ ਚੁੱਕਣ ਵਿਚ ਬਲ ਮਿਲਦਾ ਹੈ। ਅੱਜ ਸਮੁੱਚੀ ਦੁਨੀਆ ਵਿਚ ਪੰਜਾਬੀਆਂ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਝੰਡੇ ਗੱਡੇ ਹੋਏ ਹਨ।


-ਬਖਸ਼ੀਸ਼ ਸਿੰਘ ਜਵੰਦਾ
ਸੇਵਾਮੁਕਤ ਲੈਕਚਰਾਰ, ਤਰਨ ਤਾਰਨ।


ਮੁੱਖ ਮੰਤਰੀ ਦੇ ਲੋਕ ਲੁਭਾਊ ਵਾਅਦੇ
25 ਨਵੰਬਰ ਦੇ 'ਅਜੀਤ' ਦੇ ਪਹਿਲੇ ਪੰਨੇ 'ਤੇ ਖ਼ਬਰ 'ਆਮ ਆਦਮੀ ਨੂੰ ਅਜੇ ਵੀ 15 ਤੋਂ 25 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲ ਰਿਹੈ ਰੇਤਾ' ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੋਟ ਰਾਜਨੀਤੀ ਤਹਿਤ ਕੀਤੇ ਜਾ ਰਹੇ ਲੋਕ ਲੁਭਾਊ ਐਲਾਨਾਂ ਦੀ ਪੋਲ ਖੋਲ੍ਹਦੀ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਮੁੱਖ ਮੰਤਰੀ ਵਲੋਂ ਸਟੇਜਾਂ 'ਤੇ ਆਏ ਦਿਨ ਲੋਕ ਲੁਭਾਊ ਐਲਾਨ ਕਰਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂਕਿ ਅਜਿਹੇ ਐਲਾਨ ਅਮਲੀ ਰੂਪ ਵਿਚ ਲਾਗੂ ਨਹੀਂ ਹੋ ਰਹੇ। ਮੁੱਖ ਮੰਤਰੀ ਵਲੋਂ ਰੇਤ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਐਲਾਨ ਕੀਤੇ ਜਾਣ ਦੇ ਬਾਵਜੂਦ ਅਜੇ ਵੀ 15 ਤੋਂ 25 ਰੁਪਏ ਪ੍ਰਤੀ ਮਾਰਕੀਟ ਵਿਚ ਵਿਕ ਰਿਹਾ ਹੈ। ਇਸੇ ਤਰ੍ਹਾਂ ਪਹਿਲਾਂ ਬਿਜਲੀ ਬਿਲ ਦੀਆਂ ਦਰਾਂ ਘਟਾਉਣ ਦਾ ਕੀਤਾ ਐਲਾਨ ਭਾਵੇਂ ਤੁਰੰਤ ਪ੍ਰਭਾਵ ਤੋਂ ਲਾਗੂ ਹੋਣ ਦੀ ਗੱਲ ਆਖੀ ਗਈ ਸੀ ਪਰ ਐਲਾਨ ਤੋਂ ਬਾਅਦ ਲੋਕਾਂ ਕੋਲ ਪਹਿਲੀਆਂ ਦਰਾਂ ਮੁਤਾਬਿਕ ਆਏ ਭਾਰੀ ਬਿੱਲਾਂ ਮਗਰੋਂ ਪਏ ਰੌਲੇ ਤੋਂ ਬਾਅਦ ਆਪਣੀ ਕਿਰਕਰੀ ਹੋਣ ਦਾ ਅਹਿਸਾਸ ਕਰਦਿਆਂ ਚੰਨੀ ਸਰਕਾਰ ਨੂੰ ਇਹ ਦਰਾਂ ਪਹਿਲੀ ਨਵੰਬਰ ਤੋਂ ਲਾਗੂ ਹੋਣ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ। ਅਸਲ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਅਗਾਮੀ ਚੋਣਾਂ ਨੂੰ ਦੇਖਦਿਆਂ ਆਪਣੀ ਸਫਲਤਾ ਯਕੀਨੀ ਬਣਾਉਣ ਦੀ ਨੀਅਤ ਨਾਲ ਉਪਰੋ-ਥਲੀ ਲੋਕ ਲੁਭਾਊ ਕੀਤੇ ਜਾ ਰਹੇ ਐਲਾਨ ਸੂਬੇ ਦੇ ਖਜ਼ਾਨੇ ਦੀ ਮਾੜੀ ਹਾਲਤ ਕਾਰਨ ਅਮਲੀ ਰੂਪ 'ਚ ਲਾਗੂ ਕਰਨੇ ਸਰਕਾਰ ਲਈ ਸਿਰਦਰਦੀ ਸਾਬਤ ਹੋ ਰਹੇ ਹਨ।


-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)।

26-11-2021

 ਪੰਜਾਬੀ ਭਾਸ਼ਾ

ਭਾਵੇਂ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਉਂਦੇ ਹੋਏ ਵੱਖ-ਵੱਖ ਖੇਤਰਾਂ ਵਿਚ ਆਪਣੇ ਝੰਡੇ ਗੱਡੇ ਹਨ ਅਤੇ ਉਨ੍ਹਾਂ ਨੂੰ ਪੰਜਾਬੀ ਹੋਣ ਦਾ ਮਾਣ ਹੈ ਪ੍ਰੰਤੂ ਪੰਜਾਬ ਵਿਚ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਪੰਜਾਬ ਵਿਚ ਪੰਜਾਬੀ ਨੂੰ ਲਾਗੂ ਕਰਨ ਲਈ ਸਮੇਂ-ਸਮੇਂ ਸਿਰ ਭਾਸ਼ਾ ਕਾਨੂੰਨ ਵੀ ਬਣਦੇ ਰਹੇ ਹਨ ਅਤੇ ਕਿਸੇ ਵੇਲੇ ਉਸ ਸਮੇਂ ਦੇ ਮੁੱਖ ਮੰਤਰੀ ਵਲੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਵੀ ਦਿਵਾਇਆ ਗਿਆ ਸੀ ਪਰ ਅਮਲੀ ਰੂਪ ਵਿਚ ਸਥਿਤੀ ਕੋਈ ਬਹੁਤੀ ਨਹੀਂ ਬਦਲੀ। ਸਕੂਲਾਂ ਵਿਚ ਵੀ ਪੰਜਾਬੀ ਬੋਲਣ ਨਾਲੋਂ ਦੂਸਰੀਆਂ ਭਾਸ਼ਾਵਾਂ ਨੂੰ ਬੋਲਣ ਦੀ ਤਰਜੀਹ ਦਿੱਤੀ ਜਾਂਦੀ ਹੈ, ਖ਼ਾਸ ਕਰਕੇ ਸ਼ਹਿਰਾਂ ਵਿਚ ਬਹੁਤੇ ਪੰਜਾਬੀ ਪਰਿਵਾਰ ਵੀ ਘਰਾਂ ਵਿਚ ਬੱਚਿਆਂ ਨੂੰ ਹਿੰਦੀ ਬੋਲਣ ਲਈ ਪ੍ਰੇਰਦੇ ਹਨ, ਜਿਸ ਕਰਕੇ ਪੰਜਾਬੀ ਦੀ ਆਪਣੇ ਹੀ ਘਰ ਵਿਚ ਦੁਰਦਸ਼ਾ ਹੋ ਰਹੀ ਹੈ। ਸਰਕਾਰੀ ਦਫ਼ਤਰਾਂ ਤੇ ਨਿੱਜੀ ਸਕੂਲਾਂ ਵਿਚ ਵੀ ਪੰਜਾਬੀ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਹੁਣ ਕੈਬਨਿਟ ਮੰਤਰੀ ਪਰਗਟ ਸਿੰਘ ਵਲੋਂ ਭਾਸ਼ਾ ਅਫਸਰਾਂ ਦੀ ਨਿਯੁਕਤੀ ਅਤੇ ਰਾਜ ਭਾਸ਼ਾ ਕਮਿਸ਼ਨ ਬਣਾਉਣ ਦਾ ਕੀਤਾ ਗਿਆ ਐਲਾਨ ਸ਼ਲਾਘਾਯੋਗ ਕਦਮ ਹੈ। ਕਮਿਸ਼ਨ ਕੋਲ ਪੰਜਾਬੀ ਨੂੰ ਸਨਮਾਨ ਨਾ ਦੇਣ ਵਾਲਿਆਂ ਨੂੰ ਸਜ਼ਾਵਾਂ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਹਰੇਕ ਖੇਤਰ ਵਿਚ ਸਖ਼ਤੀ ਨਾਲ ਲਾਗੂ ਹੋ ਸਕੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਹਵਾ ਵਿਚ ਘੁਲਿਆ ਜ਼ਹਿਰ

ਪਹਿਲਾਂ ਤਾਂ ਇਕੱਲਾ ਕੋਰੋਨਾ ਦਾ ਹੀ ਡਰ ਸੀ। ਹੁਣ ਤਾਂ ਸਾਹ ਲੈਣ ਲੱਗੇ ਵੀ ਡਰ ਲਗਦਾ ਕਿ ਕਿਤੇ ਦੂਸ਼ਿਤ ਹਵਾ ਅੰਦਰ ਨਾ ਚਲੀ ਜਾਵੇ। ਪੰਜਾਬ ਵਿਚ ਹਰ ਥਾਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ, ਜਿਸ ਨਾਲ ਸਾਰਾ ਦਿਨ ਹਨੇਰਾ ਹੀ ਛਾਇਆ ਰਹਿੰਦਾ ਹੈ, ਦੀਵਾਲੀ ਵਾਲੇ ਦਿਨ ਤਾਂ ਹਵਾ ਵਿਚ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਗਿਆ ਕਿਉਂਕਿ ਲੋਕਾਂ ਨੇ ਖੂਬ ਆਤਿਸ਼ਬਾਜ਼ੀ ਕੀਤੀ ਅਤੇ ਹੁਣ ਵਿਆਹਾਂ ਦਾ ਸੀਜ਼ਨ ਆਉਣ ਕਰਕੇ ਇਸ ਤਰ੍ਹਾਂ ਦੀਆਂ ਆਤਿਸ਼ਬਾਜ਼ੀਆਂ ਰੋਜ਼ ਹੋਇਆ ਕਰਨਗੀਆਂ ਅਤੇ ਹਵਾ ਹੋਰ ਜ਼ਹਿਰੀਲੀ ਹੋ ਜਾਵੇਗੀ। ਪਰਾਲੀ ਨੂੰ ਅੱਗ ਲਾਉਣਾ ਕਿਸਾਨ ਭਰਾਵਾਂ ਦੀ ਮਜਬੂਰੀ ਹੈ ਕਿਉਂਕਿ ਸਰਕਾਰ ਇਸ ਦੇ ਨਿਪਟਾਰੇ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ, ਬਸ ਥਾਂ-ਥਾਂ ਨਾਅਰੇ ਲਿਖ ਕੇ ਕੰਧਾਂ ਭਰੀਆਂ ਹਨ ਕਿ 'ਪਰਾਲੀ ਨੂੰ ਅੱਗ ਨਾ ਲਾਓ ਪੰਜਾਬ ਬਚਾਓ' ਪਰ ਇਸ ਦਾ ਕੋਈ ਹੱਲ ਵੀ ਦੱਸੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਦੂਜੇ ਪਾਸੇ ਏਨੇ ਦੂਸ਼ਿਤ ਵਾਤਾਵਰਨ ਵਿਚ ਵੀ ਲੋਕ ਪਟਾਖੇ ਚਲਾਉਣ ਤੋਂ ਬਾਜ਼ ਨਹੀਂ ਆਏ। ਕੁਝ ਕਸੂਰ ਆਪਣਾ ਵੀ ਹੈ। ਆਪਾਂ ਇਕ ਦਿਨ ਦੀ ਮੌਜ ਮਸਤੀ ਲਈ ਆਪਣੀ ਜ਼ਿੰਦਗੀ ਨਾਲ ਹੀ ਸਮਝੌਤਾ ਕਰ ਲਿਆ। ਦੀਵਾਲੀ ਨੂੰ ਸਾਦੇ ਢੰਗ ਨਾਲ ਵੀ ਮਨਾਇਆ ਜਾ ਸਕਦਾ ਸੀ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।

ਪੁਰਾਣੀਆਂ ਖੇਡਾਂ

ਅੱਜ ਦੇ ਆਧੁਨਿਕ ਸਮੇਂ ਵਿਚ ਲੋਕ ਆਪਣੀਆਂ ਖੇਡਾਂ, ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਪੁਰਾਣੀਆਂ ਖੇਡਾਂ ਦੀ ਥਾਂ ਅੱਜ ਵੀਡੀਓ ਗੇਮਾਂ ਅਤੇ ਫੋਨਾਂ ਨੇ ਲੈ ਲਈ ਹੈ। ਪਹਿਲਾਂ ਬੱਚੇ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਸਨ, ਜਿਵੇਂ ਕਿ 'ਖੋਹ-ਖੋਹ', 'ਪਿੱਠੂ, ਗਿੱਲੀ ਡੰਡਾ ਆਦਿ। ਇਸ ਨਾਲ ਸਿਹਤ ਵੀ ਚੰਗੀ ਰਹਿੰਦੀ ਸੀ ਅਤੇ ਮੋਟਾਪੇ ਆਦਿ ਵਰਗੀਆਂ ਬਿਮਾਰੀਆਂ ਵੀ ਘੱਟ ਹੁੰਦੀਆਂ ਸਨ। ਪਰ ਅੱਜ ਉਨ੍ਹਾਂ ਖੇਡਾਂ ਦੀ ਥਾਂ ਫੋਨਾਂ ਨੇ ਲੈ ਲਈ ਹੈ। ਜਿਸ ਦਾ ਨੁਕਸਾਨ ਕੇਵਲ ਸਰੀਰ ਨੂੰ ਨਹੀਂ ਸਗੋਂ ਦਿਮਾਗ ਨੂੰ ਵੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅੱਜ ਦੀ ਪੀੜ੍ਹੀ ਵਿਚ ਪੁਰਾਣੀਆਂ ਖੇਡਾਂ ਲਈ ਉਤਸ਼ਾਹ ਪੈਦਾ ਕੀਤਾ ਜਾਵੇ ਤਾਂ ਕਿ ਅਸੀਂ ਇਨ੍ਹਾਂ ਲੁਪਤ ਹੋ ਰਹੀਆਂ ਖੇਡਾਂ ਨੂੰ ਬਚਾ ਸਕੀਏ।

-ਪ੍ਰਾਨਜਲੀ
ਕੇ.ਐਮ.ਵੀ., ਜਲੰਧਰ।

ਖੇਤੀ ਕਾਨੂੰਨਾਂ 'ਤੇ ਕੈਬਨਿਟ ਦੀ ਮਨਜ਼ੂਰੀ

ਕੈਬਨਿਟ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਮਨਜ਼ੂਰੀ ਦੇ ਦਿੱਤੀ ਹੈ ਜੋ ਅਗਲੇ ਹਫ਼ਤੇ ਹੋ ਰਹੇ ਸਰਦ ਰੁੱਤ ਦੇ ਸੰਸਦ ਇਜਲਾਸ ਵਿਚ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਜਾਣਗੇ। ਇਸ ਸੰਬੰਧ ਵਿਚ ਸੰਸਦ ਵਿਚ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਦਾ ਖੁਲਾਸਾ ਅਨੁਰਾਗ ਠਾਕੁਰ ਕੇਂਦਰੀ ਮੰਤਰੀ ਹੋਰਾਂ ਨੇ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ ਹੈ। ਇਸ ਦੇ ਨਾਲ-ਨਾਲ ਹੀ ਕੇਂਦਰ ਸਰਕਾਰ ਨੂੰ ਐਮ.ਐਸ.ਪੀ. 'ਤੇ ਵੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲੈਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣਾ ਅੰਦੋਲਨ ਖ਼ਤਮ ਕਰ ਘਰਾਂ ਨੂੰ ਜਾ ਸਕਣ ਕਿਉਂਕਿ ਕਿਸਾਨ ਜਥੇਬੰਦੀਆਂ ਤਿੰਨ ਖੇਤੀ ਕਾਨੂੰਨਾਂ ਦੇ ਨਾਲ ਐਮ.ਐਸ.ਪੀ. 'ਤੇ ਵੀ ਕਾਨੂੰਨ ਬਣਾਉਣ ਲਈ ਜ਼ੋਰ ਦਿੰਦੀਆਂ ਰਹੀਆਂ ਹਨ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸ਼ਹਾਦਤ ਦਾ ਅਰਥ

ਸ਼ਹਾਦਤ ਨਿੱਜ ਤੋਂ ਉੱਪਰ ਉੱਠ ਕੇ ਲੋਕਾਈ ਦੇ ਭਲੇ ਲਈ ਕਿਸੇ ਨੇਕ ਕਾਰਜ ਵਾਸਤੇ ਕੀਤਾ ਉੱਦਮ, ਦ੍ਰਿੜ੍ਹ ਇਰਾਦਾ, ਇਸ ਨੇਕ ਕਾਰਜ ਨੂੰ ਪੂਰਾ ਕਰਨ ਦਾ ਬੀੜਾ ਚੁੱਕਣਾ ਅਤੇ ਬਦਲੇ ਵਿਚ ਲੋੜ ਪੈਣ 'ਤੇ ਆਪਣਾ ਸਭ ਕੁਝ ਗੁਆ ਦੇਣਾ, ਇਥੋਂ ਤੱਕ ਕਿ ਜਾਨ ਤੱਕ ਵਾਰਨ ਤੋਂ ਵੀ ਸੰਕੋਚ ਨਹੀਂ ਕਰਨਾ, ਇਸ ਦਾ ਨਾਂਅ ਹੈ ਸ਼ਹਾਦਤ। ਸ਼ਹਾਦਤ ਦੇਣੀ ਕਿਸੇ ਕਿਸਮਤ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਦੁਨੀਆ ਵਿਚ ਪੰਜਾਬ ਅਤੇ ਖ਼ਾਸ ਕਰ ਸਿੱਖ ਕੌਮ ਹੀ ਅਜਿਹੀ ਕੌਮ ਹੈ, ਜਿਸ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਲਾਸਾਨੀ ਸ਼ਹਾਦਤ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਜੇ ਸ਼ਹਾਦਤ ਦਾ ਮਤਲਬ ਸਮਝਣਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਫਲਸਫਾ ਪੜ੍ਹੋ, ਆਪਣੇ ਦੇਸ਼, ਆਪਣੀ ਕੌਮ ਅਤੇ ਆਪਣੀ ਲੋਕਾਈ ਵਾਸਤੇ ਆਪਣੇ ਪਰਿਵਾਰ ਦਾ ਬਲੀਦਾਨ ਕਰ ਦੇਣਾ, ਇਸ ਵਾਸਤੇ ਬਹੁਤ ਜਿਗਰਾ, ਸਿਦਕ ਅਤੇ ਅੰਦਰੂਨੀ ਤਾਕਤ ਚਾਹੀਦੀ ਹੈ। ਦੱਬੀ-ਕੁਚਲੀ ਲੋਕਾਈ ਵਿਚ ਹਿੰਮਤ ਅਤੇ ਜਾਨ ਭਰਨ ਲਈ ਆਪਣੇ ਹੱਕਾਂ ਵਾਸਤੇ ਲੜਨਾ ਸਿਖਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੂਝ ਸਿਆਣਪ, ਦੂਰ-ਅੰਦੇਸ਼ੀ ਸੋਚ ਨਾਲ ਕੰਮ ਲਿਆ, ਇਸ ਦੇ ਅਸੀਂ ਰਿਣੀ ਹਾਂ। ਦੁਨੀਆ ਵਿਚ ਅਜਿਹੀ ਮਿਸਾਲ ਕਿਧਰੇ ਨਹੀਂ ਮਿਲਦੀ ਜਿਸ ਵਿਚ ਨਿੱਜ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਲਈ ਕੁਰਬਾਨੀਆਂ ਕੀਤੀਆਂ। ਦਲੇਰੀ, ਬਹਾਦਰੀ, ਸੂਰਬੀਰਤਾ, ਤੀਖਣ ਬੁੱਧੀ, ਉੱਚੇ-ਸੁੱਚੇ ਨੇਕ ਮਨਸੂਬੇ, ਦੂਰਦਰਸ਼ੀ ਸੋਚ, ਇਸ ਸਭ ਦਾ ਸੁਮੇਲ ਹੈ ਸ਼ਹਾਦਤ।

-ਰਿਪਨਜੋਤ ਕੌਰ ਸੋਨੀ ਬੱਗਾ
ਸਾਬਕਾ ਅਧਿਆਪਕਾ, ਆਰਮੀ ਪਬਲਿਕ ਸਕੂਲ, ਪਟਿਆਲਾ।

25-11-2021

 ... ਤੇ ਹੁਣ ਡੇਂਗੂ ਦਾ ਕਹਿਰ
ਲੋਕ ਅਜੇ ਕੋਰੋਨਾ ਮਹਾਂਮਾਰੀ ਤੋਂ ਉੱਭਰੇ ਨਹੀਂ ਸੀ ਕਿ ਹੁਣ ਡੇਂਗੂ ਆਪਣਾ ਕਹਿਰ ਵਰਤਾ ਰਿਹਾ ਹੈ। ਇਕ ਘਰ ਵਿਚ 3-3, 4-4 ਮਰੀਜ਼ ਡੇਂਗੂ ਦੀ ਲਪੇਟ ਵਿਚ ਆਏ ਹੋਏ ਹਨ ਅਤੇ ਹਸਪਤਾਲ ਭਰੇ ਪਏ ਹਨ। ਇਕ ਪਾਸੇ ਕੋਰੋਨਾ ਮਹਾਂਮਾਰੀ ਕਾਰਨ ਮੰਦੀ ਦਾ ਦੌਰ ਚੱਲ ਰਿਹਾ ਹੈ, ਦੂਜੇ ਪਾਸੇ ਨਿੱਤ ਦਿਨ ਵਧਦੀ ਮਹਿੰਗਾਈ ਨੇ ਜਨਤਾ ਦਾ ਲੱਕ ਤੋੜ ਦਿੱਤਾ ਹੈ। ਇਸ ਕਰਕੇ ਆਮ ਲੋਕ ਬਿਮਾਰੀਆਂ ਦੇ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ ਅਤੇ ਲੋਕ ਤਰਾਹ-ਤਰਾਹ ਕਰ ਰਹੇ ਹਨ। ਦੇਸ਼ ਦਾ ਹਰ ਨਾਗਰਿਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਚੀਜ਼ 'ਤੇ ਟੈਕਸ ਅਦਾ ਕਰ ਰਿਹਾ ਹੈ। ਕੀ ਉਹ ਏਨਾ ਵੀ ਹੱਕ ਨਹੀਂ ਰੱਖਦਾ ਕਿ ਉਸ ਦੀ ਸਿਹਤ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ। ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਘੱਟ ਤੋਂ ਘੱਟ ਆਪਣੇ ਨਾਗਰਿਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਚੁੱਕਣ। ਦੂਜੇ ਪਾਸੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਰੂਹਾਂ 'ਤੇ ਹਨ ਪਰ ਅਫ਼ਸੋਸ ਕਿ ਅਜਿਹੇ ਅਹਿਮ ਅਤੇ ਗੰਭੀਰ ਮੁੱਦੇ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਧਰ ਦਾ ਹਿੱਸਾ ਨਹੀਂ ਬਣ ਰਹੇ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ (ਮੋਗਾ)।


ਹਵਾ ਦਿੱਲੀ ਦੀ

ਦਿੱਲੀ ਦੀ ਹਵਾ ਤਾਂ ਆਮ ਦਿਨਾਂ ਵਿਚ ਵੀ ਦੂਸ਼ਿਤ ਹੁੰਦੀ ਹੈ ਪਰ ਦਿੱਲੀ ਸਰਕਾਰ ਨੂੰ ਇਸ ਦੇ ਜ਼ਿੰਮੇਵਾਰ ਕਿਸਾਨਾਂ ਨੂੰ ਨਹੀਂ ਠਹਿਰਾਉਣਾ ਚਾਹੀਦਾ। ਕਿਸਾਨਾਂ ਨੂੰ ਬਦਨਾਮ ਕਰਨ ਦੀ ਬਜਾਏ ਸਾਨੂੰ ਨਵੀਆਂ ਤਕਨੀਕਾਂ ਲੱਭਣ ਦੀ ਲੋੜ ਹੈ, ਜਿਸ ਨਾਲ ਦੂਸ਼ਿਤ ਹਵਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਅਸੀਂ ਕਿੰਨਾ ਚਿਰ ਇਸ ਤਰ੍ਹਾਂ ਕਿਸਾਨਾਂ 'ਤੇ ਦੋਸ਼ ਲਗਾ ਕੇ ਆਪਣੀਆਂ ਕਮੀਆਂ ਨੂੰ ਲੁਕੋ ਸਕਦੇ ਹਾਂ। ਅੱਜ ਦੇ ਵਿਗਿਆਨਕ ਯੁੱਗ ਵਿਚ ਹਰੇਕ ਦਿਨ ਦਾ ਰਿਕਾਰਡ ਆਨਲਾਈਨ ਉਪਲਬਧ ਹੁੰਦਾ ਹੈ। ਇਸ ਲਈ ਦਿੱਲੀ ਸਰਕਾਰ ਨੂੰ ਦੂਸ਼ਿਤ ਹਵਾ ਦਾ ਜਲਦ ਤੋਂ ਜਲਦ ਹੱਲ ਲੱਭਣਾ ਪਵੇਗਾ ਨਹੀਂ ਤਾਂ ਆਮ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।


-ਪਰਮਜੀਤ ਸੰਧੂ
ਥੇਹ ਤਿੱਖਾ (ਗੁਰਦਾਸਪੁਰ)।


ਅਵਾਰਾ ਪਸ਼ੂਆਂ ਦੀ ਸਮੱਸਿਆ
ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਹੀ ਗੰਭੀਰ ਮੁੱਦਾ ਹੈ। ਆਏ ਦਿਨ ਅਸੀਂ ਸੜਕਾਂ 'ਤੇ ਬਹੁਤ ਸਾਰੇ ਆਵਾਰਾ ਪਸ਼ੂਆਂ ਨੂੰ ਦੇਖਦੇ ਹਨ। ਪਿੰਡਾਂ ਵਿਚ ਜਦੋਂ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ ਤੇ ਇਹ ਪਸ਼ੂ ਘੁੰਮ-ਫਿਰ ਕੇ ਸ਼ਹਿਰਾਂ ਵਿਚ ਆ ਜਾਂਦੇ ਹਨ। ਪਿੰਡਾਂ ਵਿਚ ਇਹ ਅਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਅਤੇ ਸ਼ਹਿਰਾਂ ਵਿਚ ਇਨ੍ਹਾਂ ਕਰਕੇ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ। ਇਹ ਅਵਾਰਾ ਪਸ਼ੂ ਕਈ ਵਾਰ ਤਾਂ ਸੜਕਾਂ 'ਤੇ ਆਉਂਦੇ-ਜਾਂਦੇ ਲੋਕਾਂ 'ਤੇ ਵੀ ਹਮਲਾ ਕਰ ਦਿੰਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ। ਸਰਕਾਰ ਨੂੰ ਇਸ ਸਮੱਸਿਆ ਪ੍ਰਤੀ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ ਤੇ ਇਸ ਸਮੱਸਿਆ ਦੇ ਹੱਲ ਵੱਲ ਵੱਧ ਤੋਂ ਵੱਧ ਧਿਆਨ ਦੇਣ ਚਾਹੀਦਾ ਹੈ।


-ਸਾਕਸ਼ੀ ਸ਼ਰਮਾ
ਜਲੰਧਰ।


ਤਿੰਨੇ ਖੇਤੀ ਕਾਨੂੰਨ ਹੋਏ ਰੱਦ
ਮਿਤੀ 19.11.2021 ਦਾ ਦਿਨ ਇਤਿਹਾਸ ਵਿਚ ਬਹੁਤ ਵੱਡਾ ਮੰਨਿਆ ਜਾਵੇਗਾ। ਜਿੱਥੇ ਇਸ ਦਿਨ ਲੋਕ ਦੇਸ਼-ਵਿਦੇਸ਼ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਖੁਸ਼ੀਆਂ ਤੇ ਚਾਵਾਂ ਨਾਲ ਮਨਾ ਰਹੇ ਸਨ, ਉੱਥੇ ਅਚਾਨਕ ਪ੍ਰਧਾਨ ਮੰਤਰੀ ਵਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਖੁਸ਼ਖ਼ਬਰੀ ਦਿੱਤੀ। ਇਸ ਦਿਨ ਦਾ ਮਜ਼ਦੂਰ, ਕਿਸਾਨ, ਵਪਾਰੀ ਅਤੇ ਸਾਡੇ ਪੰਜਾਬੀ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਨਾਲ ਕਿਸਾਨੀ ਦੀ ਜਿੱਤ ਹੋਈ ਜਦੋਂ ਕਿ ਇਹ ਸਭ ਕੁਝ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਦੇਰ ਆਏ ਦਰੁਸਤ ਆਏ ਇਹ ਜਿੱਤ ਸਾਡੇ ਕਿਸਾਨ ਵੀਰਾਂ ਨੂੰ ਬਹੁਤ ਔਖੀ ਮਿਲੀ ਹੈ। ਇਸ ਲੰਬੇ ਚੱਲੇ ਸੰਘਰਸ਼ ਵਿਚ ਸਾਡੇ ਕਿਸਾਨ ਵੀਰਾਂ ਨੇ ਸੱਤ ਸੌ ਪੰਜਾਹ ਦੇ ਕਰੀਬ ਸ਼ਹੀਦੀਆਂ ਦਿੱਤੀਆਂ। ਮਾਹਰਾਂ ਅਨੁਸਾਰ ਇਸ ਨਾਲ ਸਿਆਸੀ ਸਮੀਕਰਨ ਸ਼ਾਇਦ ਕੁਝ ਬਦਲਣ ਦੀ ਆਸ ਹੈ। ਪਰ ਅਜੇ ਕਿਸਾਨਾਂ ਨੇ ਇਨ੍ਹਾਂ ਤਿੰਨੇ ਕਾਨੂੰਨਾਂ ਨੂੰ ਰੱਦ ਹੋਣ ਦਾ ਇੰਤਜ਼ਾਰ ਸੰਸਦ ਤੱਕ ਕਰਨਾ ਹੈ, ਬਾਕੀ ਦੇਖਣਾ ਹੋਵੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।


-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।


ਸਹੀ ਸਮੇਂ ਦੀ ਸ਼ੁਰੂਆਤ
ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਖੇਤੀ ਕਾਨੂੰਨ ਰੱਦ ਹੋਣ ਦੀਆਂ ਬਹੁਤ-ਬਹੁਤ ਮੁਬਾਰਕਾਂ! ਸਾਰੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਖੇਤੀ ਨਾਲ ਸਿੱਧੇ ਜਾਂ ਅਸਿੱਧੇ ਰੂਪ ਨਾਲ ਜੁੜੇ ਸਾਰੇ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਖੇਤੀ ਕਾਨੂੰਨ ਰੱਦ ਕਰਕੇ ਭਾਰਤ ਸਰਕਾਰ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦਾ ਸੰਘਰਸ਼ ਰੰਗ ਲਿਆਇਆ ਤੇ ਅੰਦੋਲਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਪਰ ਇਨ੍ਹਾਂ ਕਾਨੂੰਨਾਂ ਦੇ ਰੱਦ ਹੋਣ ਨੂੰ ਭੇਟ ਵਿਚ ਸਵੀਕਾਰ ਕਰਨ ਦੀ ਬਜਾਏ ਆਪਣੀ ਪਹਿਲੀ ਜਿੱਤ ਸਮਝਣਾ ਜ਼ਰੂਰੀ ਹੈ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦਾ ਰੱਦ ਹੋਣਾ ਹੀ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ, ਬਾਕੀ ਸਮੱਸਿਆਵਾਂ ਲਈ ਵੀ ਹੁਣ ਆਵਾਜ਼ ਬੁਲੰਦ ਕਰਨ ਦਾ ਸਮਾਂ ਹੈ। ਕੁਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਹਨ ਤੇ ਇਹੀ ਸਹੀ ਸਮਾਂ ਹੈ ਦੇਸ਼ ਵਿਚ ਨਵੀਂ ਕ੍ਰਾਂਤੀਕਾਰੀ ਲਹਿਰ ਖੜ੍ਹੀ ਕਰਨ ਦਾ। ਬਸ ਲੋਕਾਂ ਨੂੰ ਅਪੀਲ ਹੈ ਕਿ ਉਹ ਤਰਕ ਕਰਕੇ ਆਪਣੇ ਆਗੂ ਚੁਣਨ, ਝਾਤ ਮਾਰੋ ਪਿਛਲੇ ਮੁਸ਼ਕਿਲ ਸਮੇਂ ਵਿਚ ਕੌਣ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਿਆ। ਕਿਉਂਕਿ ਦੇਸ਼ ਅਤੇ ਰਾਜ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਉੱਪਰ ਵਿਚਾਰ ਕਰਨਾ ਅਤੇ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨਾ ਇਸ ਸਮੇਂ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਦਾ ਭਵਿੱਖ ਸੁਨਹਿਰਾ ਹੋ ਸਕੇ।


-ਅਕਾਸ਼ਦੀਪ ਸੀਰਵਾਲੀ
ਬੀ.ਏ. ਪੰਜਾਬ ਯੂਨੀਵਰਸਿਟੀ।


ਸ਼ਲਾਘਾਯੋਗ ਲੇਖ
ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫ਼ੇ 'ਤੇ ਕਮਲਜੀਤ ਸਿੰਘ ਬਨਵੈਤ ਦਾ ਮਿਡਲ ਲੇਖ 'ਮੁੰਡਾਸਾ' ਕੁੜੀਆਂ ਖ਼ਾਸ ਕਰ ਜ਼ਿਮੀਂਦਾਰ ਪਰਿਵਾਰਾਂ ਨਾਲ ਸੰਬੰਧਿਤ ਕੁੜੀਆਂ ਲਈ ਪ੍ਰੇਰਨਾਦਾਇਕ ਲੱਗਿਆ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ 'ਚ ਸਰਗਰਮੀ ਨਾਲ ਲਗਾਤਾਰ ਹਿੱਸਾ ਲੈਂਦੇ ਆ ਰਹੇ ਕਿਸਾਨਾਂ ਨੂੰ ਪਿੱਛੇ ਖੇਤੀ ਸਾਂਭਣ ਦੀਆਂ ਮੁਸ਼ਕਿਲਾਂ ਦਰਪੇਸ਼ ਹਨ ਅਤੇ ਅਜਿਹੇ 'ਚ ਲੇਖਕ ਦੀ ਪੜ੍ਹੀ-ਲਿਖੀ ਪਾਤਰ 'ਸੰਦੀਪ' ਦਾ ਨੌਕਰੀ ਕਰਨ ਦੀ ਬਜਾਏ ਪਿਤਾ ਪੁਰਖੀ ਕਿੱਤਾ ਖੇਤੀ ਸਾਂਭਣ ਦਾ ਫ਼ੈਸਲਾ ਹੋਰਨਾਂ ਕੁੜੀਆਂ ਨੂੰ ਹੱਥੀਂ ਕਿਰਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਹੈ।


-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)।

24-11-2021

 ਪੰਜਾਬੀ ਬੋਲੀ ਨੂੰ ਨਾ ਭੁਲਾਓ

ਪਿਛਲੇ ਦਿਨੀਂ ਮੈਂ ਆਸਟ੍ਰੇਲੀਆ ਰਹਿੰਦੇ ਆਪਣੇ ਬੇਟੇ ਪਾਸ ਗਿਆ ਤਾਂ ਮੈਂ ਦੇਖਿਆ ਕਿ ਉਹ ਬੱਚਿਆਂ ਨੂੰ ਗੋਰਿਆਂ ਦੇ ਸਕੂਲ ਪੜ੍ਹਾਉਣ ਦੇ ਬਾਵਜੂਦ ਗੁਰਦੁਆਰਿਆਂ ਵਿਚ ਪੰਜਾਬੀ ਦੀ ਤਾਲੀਮ ਦੇ ਰਹੇ ਹਨ। ਘਰ ਵਿਚ ਉਨ੍ਹਾਂ ਨਾਲ ਅੰਗਰੇਜ਼ੀ ਵਿਚ ਗੱਲ ਕਰਨ ਦੀ ਬਜਾਏ ਪੰਜਾਬੀ ਵਿਚ ਗੱਲ ਕਰਦੇ ਹਨ। ਬਜ਼ੁਰਗ ਮਾਂ-ਪਿਉ ਜਦੋਂ ਉਥੇ ਜਾਂਦੇ ਹਨ, ਕਹਿੰਦੇ ਹਨ ਇਹ ਤੇਰੇ ਦਾਦਾ ਜੀ ਦਾਦੀ ਜੀ ਹਨ, ਇਹ ਮੇਰੇ ਬੀਬੀ ਜੀ ਹਨ, ਭਾਪਾ ਜੀ ਹਨ, ਇਹ ਤੁਹਾਡੇ ਨਾਨਾ ਜੀ ਹਨ, ਇਹ ਨਾਨੀ ਜੀ ਹਨ। ਪੁਰਾਣਾ ਸੱਭਿਆਚਾਰਕ ਵਿਰਸਾ ਸੰਭਾਲ ਕੇ ਰੱਖਿਆ ਹੈ। ਵਿਸਾਖੀ, ਤੀਆਂ ਦੇ ਤਿਉਹਾਰ, ਗੁਰੂਆਂ ਦੇ ਗੁਰਪੁਰਬ ਮਨਾ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਰੱਖਿਆ ਹੈ। ਇਸ ਦੇ ਉਲਟ ਪੰਜਾਬ ਵਿਚ ਮਾਂ-ਬੋਲੀ ਪੰਜਾਬੀ ਨੂੰ ਅਣਗੌਲਿਆ ਕਰ ਪੱਛਮੀ ਸੱਭਿਅਤਾ ਨਾਲ ਜੁੜ ਬੱਚਿਆਂ ਨਾਲ ਅੰਗਰੇਜ਼ੀ ਵਿਚ ਗੱਲ ਕਰ ਆਪਣੇ-ਆਪ ਨੂੰ ਪੜ੍ਹਿਆ-ਲਿਖਿਆ ਦੱਸਣ ਦੀ ਕੋਸ਼ਿਸ਼ ਕਰਦੇ ਹਨ। ਬੱਚਿਆਂ ਨੂੰ ਅੰਗਰੇਜ਼ੀ ਸਕੂਲ ਵਿਚ ਪੜ੍ਹਾਉਂਦੇ ਹਨ। ਇਥੋਂ ਤੱਕ ਕਿ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਅਦਾਰਿਆਂ ਵਿਚ ਕਚਹਿਰੀਆਂ ਵਿਚ ਕੰਮ ਅੰਗਰੇਜ਼ੀ ਵਿਚ ਹੋ ਰਿਹਾ ਹੈ। ਹਰ ਪ੍ਰਾਣੀ ਨੂੰ ਮਾਂ-ਬੋਲੀ ਪੰਜਾਬੀ ਨੂੰ ਸੰਭਾਲਣ ਲਈ ਸੰਕਲਪ ਲੈਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਸਰਕਾਰ ਦੇ ਸਰਬਪੱਖੀ ਫ਼ੈਸਲੇ

ਲੋਕਾਂ ਦੀ ਸਰਕਾਰ ਉਹੀ ਲੋਕ-ਪੱਖੀ ਅਖਵਾਉਂਦੀ ਹੈ ਜੋ ਲੋਕ ਹਿਤ ਵਿਚ ਫ਼ੈਸਲੇ ਲਵੇ। ਚੰਨੀ ਸਰਕਾਰ ਨੇ ਜੋ ਦੋ ਅਹਿਮ ਅਤੇ ਨਿੱਗਰ ਫ਼ੈਸਲੇ ਲਏ ਹਨ, ਸੱਚਮੁੱਚ ਲੋਕਾਂ ਦਾ ਦਿਲ ਜਿੱਤ ਲਿਆ। ਪਹਿਲਾ ਫ਼ੈਸਲਾ ਪੰਜਾਬੀ ਭਾਸ਼ਾ ਬਾਰੇ ਹੈ ਜੋ ਸਾਰੇ ਸਕੂਲਾਂ ਵਿਚ ਦਸਵੀਂ ਤੱਕ ਲਾਜ਼ਮੀ ਪੜ੍ਹਾਈ ਜਾਵੇਗੀ। ਕਿਉਂਕਿ ਪ੍ਰਾਈਵੇਟ ਸਕੂਲਾਂ ਨੇ ਪੰਜਾਬੀ ਪੜ੍ਹਾਉਣੀ ਤਾਂ ਇਕ ਪਾਸੇ ਰਹੀ, ਸਕੂਲਾਂ ਵਿਚ ਪੰਜਾਬੀ ਵਿਚ ਗੱਲ ਕਰਨ 'ਤੇ ਵੀ ਮਨਾਹੀ ਸੀ, ਜੋ ਪੰਜਾਬੀ ਨਾਲ ਸਰਾਸਰ ਧੱਕਾ ਸੀ।
ਦੂਜਾ ਅਹਿਮ ਫ਼ੈਸਲਾ ਰੇਤੇ ਦਾ ਮੁੱਲ ਸਾਢੇ ਪੰਜ ਰੁਪਏ ਫੁੱਟ ਕੀਤਾ ਗਿਆ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਰੇਤ ਮਾਫ਼ੀਏ ਨੇ ਲੁੱਟ ਮਚਾਈ ਹੋਈ ਸੀ ਜੋ ਆਮ ਆਦਮੀ ਦੀ ਪਹੁੰਚ ਤੋਂ ਪਰ੍ਹੇ ਸੀ। ਸੋ, ਸਰਕਾਰ ਨੂੰ ਰੇਤੇ ਦੇ ਘਾਟਾਂ, ਖੱਡਾਂ ਉੱਤੇ ਜਿਥੋਂ ਰੇਤਾ ਨਿਕਲਦਾ ਹੈ, ਉਥੇ ਰੇਤੇ ਦਾ ਰੇਟ ਬੋਰਡਾਂ 'ਤੇ ਲਿਖਾ ਕੇ ਲਾਉਣਾ ਚਾਹੀਦਾ ਹੈ ਤਾਂ ਜੋ ਆਮ ਵਿਅਕਤੀ ਕਿਸੇ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਨਾ ਹੋ ਸਕੇ। ਸਰਕਾਰ ਵਧਾਈ ਦੀ ਪਾਤਰ ਹੈ, ਜਿਥੇ ਸਰਕਾਰ ਦਾ ਸਿਰ ਉੱਚਾ ਹੋਇਆ ਹੈ, ਉਥੇ ਹੀ ਲੋਕਾਂ ਦਾ ਵਿਸ਼ਵਾਸ ਸਰਕਾਰ ਪ੍ਰਤੀ ਵਧਿਆ ਹੈ।

-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ ਰਾਜੋਮਾਜਰਾ (ਬਨੂੰੜ)।

ਡਾਕਟਰ ਸ਼ਬਦ ਦੀ ਦੁਰਵਰਤੋਂ

ਪੰਜਾਬ ਵਿਚ ਤਕਰੀਬਨ ਸਾਰੇ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਮੁਢਲੀ ਸਹਾਇਤਾ ਵਜੋਂ ਮਲਮ ਪੱਟੀ ਕਰਨ ਵਾਲੇ ਅਤੇ ਪਸ਼ੂਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਦੇਣ ਵਾਲੇ ਸ਼ਰੇਆਮ ਹੀ ਬਿਨਾਂ ਕਿਸੇ ਡਰ ਭੈਅ ਦੇ ਆਪਣੇ ਕਲੀਨਿਕਾਂ 'ਤੇ ਡਾਕਟਰ ਸ਼ਬਦ ਲਿਖ ਕੇ ਵੱਡੇ ਪੱਧਰ 'ਤੇ ਡਾਕਟਰ ਸ਼ਬਦ ਦੀ ਦੁਰਵਰਤੋਂ ਕਰ ਰਹੇ ਹਨ। ਪੰਰਤੂ ਲੰਮੇ ਸਮੇਂ ਤੋਂ ਨਿਰੰਤਰ ਅਜਿਹਾ ਬੇਰੋਕ ਟੋਕ ਚਲਣ ਦੇ ਬਾਵਜੂਦ ਵੀ ਅੱਜ ਤੱਕ ਇਨ੍ਹਾਂ ਨੂੰ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ। ਬਿਨਾਂ ਕਿਸੇ ਡਿਗਰੀ ਦੇ ਡਾਕਟਰ ਸ਼ਬਦ ਦੀ ਦੁਰਵਰਤੋਂ ਕਰਨਾ ਅਸਲੀ ਡਾਕਟਰਾਂ ਦੀ ਤੌਹੀਨ ਕਰਨਾ ਹੀ ਹੈ। ਜਦ ਕਿ ਦੂਜੇ ਪਾਸੇ ਸਿਹਤ ਖੇਤਰ ਵਿਚ ਖੇਤੀਬਾੜੀ ਖੇਤਰ ਵਿਚ ਵਿਦਿਅਕ ਖੇਤਰ ਵਿਚ (ਪੀ.ਐਚ.ਡੀ.) ਕਈ-ਕਈ ਵਰ੍ਹਿਆਂ/ਸਾਲਾਂ ਦੀ ਸਖਤ ਮਿਹਨਤ ਕਰਕੇ ਡਾਕਟਰੇਟ ਦੀ ਡਿਗਰੀ ਪਰਾਪਤ ਹੋਣ ਉਪੰਰਤ ਫਿਰ ਕਿਤੇ ਜਾ ਕੇ ਨਾਂਅ ਨਾਲ ਡਾਕਟਰ ਸ਼ਬਦ ਲਗਦਾ ਹੈ। ਪ੍ਰੰਤੂ ਅੱਜਕਲ੍ਹ ਜਣਾ-ਖਣਾ ਹੀ ਆਪਣੇ ਨਾਂਅ ਨਾਲ ਡਾਕਟਰ ਲਿਖ ਕੇ ਆਮ ਲੋਕਾਂ ਨੂੰ ਸ਼ਰੇਆਮ ਗੁੰਮਰਾਹ ਕਰਕੇ ਰੋਹਬ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਕਾਰ ਨੂੰ ਤੁਰੰਤ ਇਸ ਪਾਸੇ ਧਿਆਨ ਦੇ ਕੇ ਡਾਕਟਰ ਸ਼ਬਦ ਦੀ ਹੋ ਰਹੀ ਦੁਰਵਰਤੋਂ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ, ਤਾਂ ਜੋ ਅਸਲੀ ਡਾਕਟਰੇਟ ਦੀ ਉਪਾਧੀ ਪ੍ਰਾਪਤ ਕਰਨ ਵਾਲਿਆਂ ਦਾ ਮਨੋਬਲ ਨਾ ਡਿਗ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟ ਗੁਰੂ, ਤਹਿ. ਤੇ ਜ਼ਿਲ੍ਹਾ ਬਠਿੰਡਾ।

ਵਧ ਰਹੀਆਂ ਬਿਮਾਰੀਆਂ

ਕੋਰੋਨਾ ਦੀ ਬਿਮਾਰੀ ਤੋਂ ਥੋੜ੍ਹੀ ਰਾਹਤ ਮਿਲੀ ਹੀ ਸੀ ਕਿ ਸਾਡੇ ਦੇਸ਼ ਵਿਚ ਹੋਰ ਬਿਮਾਰੀਆਂ ਨੇ ਘੇਰਾ ਪਾ ਲਿਆ। ਅੱਜਕਲ੍ਹ ਚੱਲ ਰਹੀ ਬਿਮਾਰੀ, ਜਿਸ ਨੂੰ ਡੇਂਗੂ ਕਿਹਾ ਜਾਂਦਾ ਹੈ, ਇਹ ਬਿਮਾਰੀ ਮੱਛਰ ਦੇ ਲੜਨ ਨਾਲ ਹੁੰਦੀ ਹੈ। ਗੰਦੇ ਪਾਣੀ 'ਚੋਂ ਉੱਠ ਕੇ ਆਇਆ ਮੱਛਰ ਬਿਮਾਰੀ ਫੈਲਾਅ ਰਿਹਾ ਹੈ। ਫੈਕਟਰੀ ਵਿਚੋਂ ਨਿਕਲਦਾ ਗੰਦਾ ਪਾਣੀ ਬਿਮਾਰੀ ਦਾ ਕਾਰਨ ਬਣਦਾ ਜਾ ਰਿਹਾ ਹੈ, ਜਿਸ ਨਾਲ ਮੱਛਰ ਫੈਲਦਾ ਹੈ। ਇਸ ਦੇ ਕੱਟਣ ਨਾਲ ਇਨਸਾਨ ਨੂੰ ਤੇਜ਼ ਵਾਇਰਲ ਬੁਖਾਰ ਆਉਂਦਾ ਹੈ, ਜਿਸ ਨਾਲ ਇਨਸਾਨ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਬਿਮਾਰੀ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੇ ਗੱਲ ਕਰੀਏ ਤਾਂ ਬਾਹਰ ਦੇ ਖਾਣੇ ਦੀ ਲੋਕ ਫਾਸਟ ਫੂਟ ਨੂੰ ਸ਼ੌਕ ਨਾਲ ਖਾਂਦੇ ਹਨ। ਇਸ ਨਾਲ ਵੀ ਕਈ ਬਿਮਾਰੀਆਂ ਲਗਦੀਆਂ ਹਨ। ਬਾਹਰ ਦੇ ਖਾਣੇ ਨਾਲੋਂ ਸਾਨੂੰ ਘਰ ਵਿਚ ਸਾਫ਼-ਸੁਥਰਾ ਬਣਾ ਕੇ ਖਾਣਾ ਚਾਹੀਦਾ ਹੈ, ਜਿਸ ਨਾਲ ਅਸੀਂ ਬਿਮਾਰੀ ਦੇ ਸ਼ਿਕਾਰ ਨਾ ਬਣੀਏ।

-ਕਿਰਨਦੀਪ, ਹਰਦੀਪ ਨਗਰ (ਜਲੰਧਰ)।

ਸਰਕਾਰੀ ਦਫ਼ਤਰਾਂ 'ਚ ਖੱਜਲ-ਖੁਆਰੀ

ਸਰਕਾਰੀ ਦਫ਼ਤਰਾਂ 'ਚ ਜੇਕਰ ਕਿਸੇ ਨੂੰ ਕੰਮ ਪੈ ਜਾਵੇ ਤਾਂ ਕਿਸ ਤਰ੍ਹਾਂ ਉਹ ਲੋਕ ਗੇੜੇ ਮਾਰਦੇ ਹਨ, ਉਹ ਦੇਖਿਆ ਜਾ ਸਕਦਾ ਹੈ। ਕਿਸੇ ਵੀ ਸਰਕਾਰੀ ਦਫ਼ਤਰ ਚਲੇ ਜਾਵੋ, ਉਥੇ ਕੰਮ ਕਰਦੇ ਬਾਬੂ ਆਪਣੇ-ਆਪ ਨੂੰ ਰੱਬ ਹੀ ਸਮਝਦੇ। ਉਹ ਦੇਖਦੇ ਹੀ ਨਹੀਂ ਕਿ ਕੋਈ ਸਾਡੇ ਕੋਲ ਆਇਆ ਅਤੇ ਉਸ ਦਾ ਕੰਮ ਕੀ ਹੈ? ਬਹੁਤ ਮਾੜਾ ਹਾਲ ਹੈ। ਭਾਵੇਂ ਕਿ ਮੁੱਖ ਮੰਤਰੀ ਸ. ਚੰਨੀ ਨੇ ਵਾਅਦਾ ਕੀਤਾ ਹੈ ਕਿ ਹਾਜ਼ਰੀ ਯਕੀਨੀ ਬਣਾਈ ਜਾਵੇਗੀ, ਸਮੇਂ ਸਿਰ ਨ ਆਉਣ ਵਾਲੇ 'ਤੇ ਕਾਰਵਾਈ ਹੋਵੇਗੀ ਪਰ ਉਹ ਕੁਝ ਦਿਨਾਂ ਦੀ ਹੀ ਗੱਲ ਸੀ। ਸਰਕਾ ਧਿਆਨ ਦੇਵੇ ਕਿ ਕਿਸ ਤਰ੍ਹਾਂ ਸਰਕਾਰੀ ਦਫ਼ਤਰਾਂ 'ਚ ਲੋਕਾਂ ਦੀ ਦੁਰਦਸ਼ਾ ਹੁੰਦੀ ਹੈ। ਰਿਸ਼ਵਤ ਬਿਨਾਂ ਕੰਮ ਹੋਣਾ ਵੀ, ਔਖਾ ਕੰਮ ਹੈ। ਛੋਟੇ-ਛੋਟੇ ਕੰਮਾਂ ਲਈ ਲੋਕ ਮਹੀਨਿਆਂ ਭਰ ਗੇੜੇ ਮਾਰਦੇ ਥਕ ਜਾਂਦੇ ਹਨ। ਸਿਫਾਰਸ਼ਾਂ 'ਤੇ ਪੈਸੇ ਤੋਂ ਬਿਨਾਂ ਕੰਮ ਮੁਸ਼ਕਿਲ ਹੁੰਦੇ ਹਨ। ਆਸ ਕਰਦੇ ਹਾਂ ਕਿ ਸਰਕਾਰ ਕੁਝ ਸੁਧਾਰ ਕਰੇ।

-ਧੌਲ ਸੰਧਾਵਾਲੀਆ, ਅੰਮ੍ਰਿਤਸਰ।

ਦਰੱਖਤਾਂ ਦੀ ਸੰਭਾਲ

ਇਕ ਤਾਂ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ, ਦੂਜਾ ਦਰੱਖਤਾਂ ਨੂੰ ਸਿਉਂਕ ਲੱਗਣਾ, ਤੀਜਾ ਅੱਗ ਨਾਲ ਝੁਲਸ ਜਾਣਾ, ਚੌਥਾ ਪੂਜਾ ਦੇ ਨਾਂਅ 'ਤੇ ਦਰੱਖਤਾਂ ਦੀਆਂ ਜੜ੍ਹਾਂ 'ਚ ਤੇਲ ਪਾਉਣਾ, ਹੋਰ ਨਵੇਂ ਦਰੱਖਤਾਂ ਦਾ ਘੱਟ ਲੱਗਣਾ, ਅੱਜ ਇਹ ਹੀ ਵੱਡਾ ਕਾਰਨ ਹੈ ਰੁੱਖਾਂ ਦਾ ਖ਼ਤਮ ਹੋਣਾ। ਸੈਂਕੜੇ ਸਾਲਾਂ ਬਾਅਦ ਦਰੱਖਤ ਪੁਰਾਣੇ ਹੁੰਦੇ ਹਨ, ਜਿਨ੍ਹਾਂ ਦੀਆਂ ਯਾਦਾਂ ਸਾਡੇ ਵਿਰਸੇ, ਸੱਭਿਆਚਾਰ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ, ਜੋ ਸਾਡੀ ਸੱਭਿਅਤਾ ਦਾ ਪ੍ਰਤੀਕ ਹਨ, ਜਿਨ੍ਹਾਂ ਦੀ ਸੰਘਣੀ ਤੇ ਠੰਢੀ ਛਾਂ ਕਿੰਨਿਆਂ ਨੇ ਮਾਣੀ ਤੇ ਅਜੇ ਮਾਣ ਰਹੇ ਹਨ। ਇਹ ਦਰੱਖਤ ਹੀ ਹਨ ਜੋ ਸਾਡੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਹਨ ਤੇ ਜਨਮ ਤੋਂ ਮੌਤ ਤੱਕ ਸਾਡਾ ਸਾਥ ਨਿਭਾਉਂਦੇ ਹਨ। ਸ਼ੁੱਧ ਹਵਾ ਦਾ ਘੱਟ ਹੋਣਾ, ਪ੍ਰਦੂਸ਼ਣ ਦਾ ਵਧ ਜਾਣਾ, ਬਾਰਿਸ਼ਾਂ ਦੀ ਕਮੀ, ਇਸ ਕਰਕੇ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ। ਧਰਤੀ 'ਤੇ ਮਨੁੱਖੀ ਜੀਵਨ, ਜੀਵ-ਜੰਤੂਆਂ ਨੂੰ ਖ਼ਤਰਾ ਵਧ ਰਿਹਾ ਹੈ। ਸਾਡੇ ਵੱਡਿਆਂ ਨੇ ਦਰੱਖਤਾਂ ਨੂੰ ਦੇਵਤਾ ਇਸ ਕਰਕੇ ਮੰਨਿਆ ਕਿ ਇਹ ਕੁਝ ਨਹੀਂ ਲੈਂਦੇ ਤੇ ਬਿਨਾਂ ਮੰਗਿਆਂ ਤੋਂ ਸਾਨੂੰ ਮੁਫ਼ਤ ਵਿਚ ਬਹੁਤ ਕੁਝ ਦੇ ਰਹੇ ਹਨ। ਫਿਰ ਵੀ ਮਨੁੱਖ ਇਨ੍ਹਾਂ ਦਾ ਵੈਰੀ ਕਿਉਂ? ਦਰੱਖਤਾਂ ਦੇ ਖ਼ਾਤਮੇ ਵੱਲ ਵਧ ਰਿਹਾ ਹੈ ਜੋ ਸਾਡੀ ਹੋਂਦ ਹੈ ਇਨ੍ਹਾਂ ਦਰੱਖਤਾਂ ਕਰਕੇ। ਆਓ ਆਪਾਂ ਆਉਣ ਵਾਲੇ ਸਮੇਂ ਨੂੰ ਸੰਭਾਲੀਏ ਤੇ ਆਉਣ ਵਾਲੀਆਂ ਨਸਲਾਂ ਲਈ ਇਹ ਅਨਮੋਲ ਖਜ਼ਾਨਾ ਸਾਂਭ ਕੇ ਰੱਖੀਏ।

-ਹਰਪ੍ਰੀਤ ਪੱਤੋ, ਮੋਗਾ।

23-11-2021

 ਅੱਛੇ ਦਿਨ ਕਦੋਂ ਆਉਣਗੇ?

2014 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵਲੋਂ ਟੈਲੀਵਿਜ਼ਨ 'ਤੇ ਇਕ ਮਸ਼ਹੂਰੀ ਬਹੁਤ ਜ਼ੋਰ-ਸ਼ੋਰ ਨਾਲ ਚਲਾਈ ਗਈ, ਜਿਸ ਵਿਚ ਇਕ ਲੜਕੀ ਆਪਣੀਆਂ ਸਾਥਣਾਂ ਨੂੰ ਕਹਿ ਰਹੀ ਹੁੰਦੀ ਹੈ ਕਿ 'ਅੱਛੇ ਦਿਨ' ਆਉਣ ਵਾਲੇ ਹਨ, ਮੋਦੀ ਜੀ ਆ ਰਹੇ ਹਨ। ਵੋਟਰਾਂ 'ਤੇ ਇਸ ਦਾ ਬਹੁਤ ਅਸਰ ਵੇਖਣ ਨੂੰ ਮਿਲਿਆ ਤੇ ਭਾਜਪਾ ਬਹੁਤ ਵੱਡੇ ਫ਼ਰਕ ਨਾਲ ਚੋਣਾਂ ਜਿੱਤ ਗਏ। 2016 ਨਵੰਬਰ ਮਹੀਨੇ ਨੋਟਬੰਦੀ ਕਰਕੇ ਆਮ ਜਨਤਾ ਨੂੰ ਬੈਂਕਾਂ ਤੋਂ ਆਪਣੇ ਜਮ੍ਹਾਂ ਕੀਤੇ ਪੈਸੇ ਲੈਣ ਵਾਸਤੇ ਠੰਢ ਅਤੇ ਧੁੰਦਾਂ ਦੇ ਮੌਸਮ ਵਿਚ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਲਾਈਨਾਂ ਵਿਚ ਲੱਗਣ ਲਈ ਮਜਬੂਰ ਕਰ ਦਿੱਤਾ। ਲੋਕਾਂ ਨੂੰ ਬਹੁਤ ਹੀ ਖੱਜਲ-ਖੁਆਰੀ ਝੱਲਣੀ ਪਈ। ਫਿਰ ਜੀ.ਐਸ.ਟੀ. ਨੇ ਸਰਕਾਰਾਂ ਤੇ ਵਪਾਰੀਆਂ ਨੂੰ ਰੋਲ ਕੇ ਰੱਖ ਦਿੱਤਾ। ਹੋਰ ਕਈ ਤਰ੍ਹਾਂ ਦੇ ਜੁਮਲੇ ਛੱਡੇ ਗਏ ਤੇ ਲੋਕਾਂ ਨੂੰ ਝਾਂਸੇ ਵਿਚ ਲੈ ਕੇ 2019 ਦੀਆਂ ਸੰਸਦੀ ਚੋਣਾਂ ਪੂਰਨ ਬਹੁਮਤ ਤੋਂ ਕਾਫੀ ਵੱਧ ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸੇ ਹੈਂਕੜ ਵਿਚ ਤਿੰਨ ਖੇਤੀ ਸੰਬੰਧੀ ਕਾਨੂੰਨ ਧੱਕੇ ਨਾਲ ਕਿਸਾਨਾਂ ਨਾਲ ਬਿਨਾਂ ਸਲਾਹ ਕੀਤੇ ਪਾਸ ਕਰ ਦਿੱਤੇ, ਜਿਸ ਦੇ ਵਿਰੋਧ 'ਚ ਕਿਸਾਨਾਂ ਨੇ ਦਿੱਲੀ ਸਰਹੱਦ 'ਤੇ ਜਾ ਡੇਰੇ ਲਾਏ। ਸਰਕਾਰ ਇਹ ਬਹੁਤ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਦੀ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਰਹੀ ਹੈ, ਸਮਝ ਤੋਂ ਪਰ੍ਹੇ ਦੀ ਗੱਲ ਲਗਦੀ ਹੈ। ਡੀਜ਼ਲ-ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਹਰ ਦੂਜੇ ਤੀਜੇ ਦਿਨ ਵਧ ਜਾਂਦੀਆਂ ਹਨ ਪਰ ਕਿਸਾਨ ਦੀ ਫ਼ਸਲ ਸਾਲ ਵਿਚ ਇਕ ਜਾਂ ਦੋ ਵਾਰ ਹੀ ਆਉਂਦੀ ਹੈ। ਕਣਕ ਦਾ ਭਾਅ ਪਿਛਲੇ ਸਾਲ ਤੋਂ ਸਿਰਫ ਚਾਲੀ ਰੁਪਏ ਹੀ ਵਧਾਇਆ ਗਿਆ ਹੈ ਭਾਵ 40 ਪੈਸੇ ਪ੍ਰਤੀ ਕਿੱਲੋ ਪਰ ਤੇਲ ਦੇ ਭਾਅ ਲਗਭਗ 40 ਰੁਪਏ ਲੀਟਰ ਤੱਕ ਵਧ ਗਏ ਹਨ। ਕੀ ਇਸ ਦਾ ਅਸਰ ਕਿਸਾਨਾਂ 'ਤੇ ਨਹੀਂ ਪਵੇਗਾ?

-ਰਿਟਾ: ਸੂਬੇਦਾਰ ਹਰਭਜਨ ਸਿੰਘ
ਪਿੰਡ ਤੇ ਡਾਕ: ਸਹੂੰਗੜਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।

ਡੀ.ਏ.ਪੀ. ਖਾਦ ਦੀ ਕਿੱਲਤ

ਅੱਜ ਜਦੋਂ ਕਣਕ ਦੀ ਬਿਜਾਈ ਚੱਲ ਰਹੀ ਹੈ ਅਤੇ ਕਈ ਥਾਈਂ ਅਜੇ ਵੀ ਕੀਤੀ ਜਾ ਰਹੀ ਹੈ ਤਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ਸੂਬਿਆਂ ਵਿਚ ਡੀ.ਏ.ਪੀ. ਖਾਦ ਦੀ ਕਿੱਲਤ ਹਰ ਪਾਸੇ ਬਣੀ ਹੋਈ ਹੈ। ਆਪਣਾ ਝੋਨਾ ਵੇਚਣ ਲਈ ਮੰਡੀਆਂ ਵਿਚ ਰਾਤਾਂ ਗੁਜ਼ਾਰ ਰਹੇ ਕਿਸਾਨ ਦਿਨ ਸਮੇਂ ਖਾਦ ਲੈਣ ਲਈ ਲਾਈਨਾਂ ਵਿਚ ਲੱਗੇ ਦਿਖਾਈ ਦੇ ਰਹੇ ਹਨ। ਡੀ.ਏ.ਪੀ. ਦੇ ਅਜਿਹੇ ਸੰਕਟ ਸਮੇਂ ਜਿਥੇ ਕਣਕ ਦੀ ਬਿਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਬਿਜਾਈ ਦੇਰੀ ਨਾਲ ਹੋਣ ਕਾਰਨ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਨਾ ਬਣ ਰਹੀ ਹੈ, ਉਥੇ ਹੀ ਕਿਸਾਨਾਂ ਨੂੰ ਮਾਨਸਿਕ ਅਤੇ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋ ਰਿਹਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਡੀ.ਏ.ਪੀ. ਦੀ ਉਚਿਤ ਵਿਵਸਥਾ ਕਰਵਾਈ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਆਦਿ ਦੀ ਬਿਜਾਈ ਕਰ ਸਕਣ।

-ਜਗਤਾਰ ਸਮਾਲਸਰ
ਏਲਨਾਬਾਦ, ਸਿਰਸਾ (ਹਰਿਆਣਾ)।

ਨਸ਼ਾ ਤਸਕਰੀ ਦੇ ਬੰਦ ਲਿਫ਼ਾਫ਼ੇ

ਪੰਜਾਬ 'ਚ ਹੋ ਰਹੀ ਨਸ਼ਾ-ਤਸਕਰੀ ਸੰਬੰਧੀ ਵਧੀਕ ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਅਤੇ ਡੀ.ਜੀ.ਪੀ. ਚਟੋਪਾਧਿਆਏ ਦੀ ਸਰਪ੍ਰਸਤੀ ਹੇਠ ਜੋ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਸਨ, ਉਨ੍ਹਾਂ ਆਪਣੀਆਂ ਰਿਪੋਰਟਾਂ ਗ੍ਰਹਿ ਵਿਭਾਗ ਨੂੰ ਕਾਫੀ ਸਮਾਂ ਪਹਿਲਾਂ ਸੌਂਪ ਦਿੱਤੀਆਂ ਸਨ, ਜੋ ਕਿ ਲਿਫ਼ਾਫ਼ਿਆਂ ਵਿਚ ਬੰਦ ਹਨ। ਨਸ਼ਾ ਤਸਕਰੀ ਦੇ ਇਨ੍ਹਾਂ ਬੰਦ ਲਿਫ਼ਾਫ਼ਿਆਂ ਵਿਚ ਵੱਡੇ ਸਿਆਸਤਦਾਨਾਂ ਅਤੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਂਅ ਨਸ਼ਰ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।
ਇਨ੍ਹਾਂ ਲਿਫ਼ਾਫ਼ਿਆਂ ਦੇ ਖੁੱਲ੍ਹਣ ਦੀ ਚਰਚਾ 2-3 ਸਾਲ ਤੋਂ ਚਲਦੀ ਆ ਰਹੀ ਹੈ। ਕੈਪਟਨ ਸਰਕਾਰ ਦੇ ਪਤਨ ਦੇ ਬਾਗੀ ਕਾਰਨਾਂ ਵਿਚੋਂ ਇਹ ਵੱਡਾ ਕਾਰਨ ਇਹ ਬੰਦ ਲਿਫ਼ਾਫ਼ੇ ਵੀ ਬਣੇ ਹਨ। ਜਿਨ੍ਹਾਂ ਨੂੰ ਕੈਪਟਨ ਸਰਕਾਰ ਨੇ ਖੋਲ੍ਹਿਆ ਤੱਕ ਨਹੀਂ। ਸੋ, ਮੌਜੂਦਾ ਸਰਕਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਇਹ ਬੰਦ ਲਿਫ਼ਾਫ਼ੇ ਨਾ ਸਿਰਫ਼ ਖੋਲ੍ਹੇ ਬਲਕਿ ਨਸ਼ੇ ਦੇ ਸੌਦਾਗਰਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਕਰੇ, ਤਾਂਕਿ ਡੁਬਦੇ ਪੰਜਾਬ ਨੂੰ ਬਚਾਇਆ ਜਾ ਸਕੇ।

-ਇੰਜ. ਰਛਪਾਲ ਸਿੰਘ ਚੰਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਬੇਰੁਜ਼ਗਾਰੀ ਦੀ ਸਮੱਸਿਆ

ਸਾਡਾ ਦੇਸ਼ ਭਾਰਤ ਬਹੁਤ ਵੱਡੀ ਜਨਸੰਖਿਆ ਵਾਲਾ ਦੇਸ਼ ਹੈ ਜਿਥੇ ਹਰ ਸਾਲ ਹਜ਼ਾਰਾਂ ਬੱਚੇ ਆਪਣੀ ਪੜ੍ਹਾਈ ਪੂਰੀ ਕਰਕੇ ਨੌਕਰੀ ਦੀ ਭਾਲ ਵਿਚ ਹੁੰਦੇ ਹਨ ਪਰ ਦੇਸ਼ ਵਿਚ ਹਰ ਥਾਂ ਰੁਜ਼ਗਾਰ ਦੀ ਕਮੀ ਹੋਣ ਕਰਕੇ ਬਹੁਤ ਸਾਰੇ ਬੱਚੇ ਡਿਗਰੀਆਂ ਲੈਣ ਦੇ ਬਾਵਜੂਦ ਅੱਠ-ਦਸ ਹਜ਼ਾਰ ਦੀ ਨੌਕਰੀ ਨੂੰ ਮਜਬੂਰ ਹਨ। ਹਜ਼ਾਰਾਂ ਰੁਪਏ ਡਿਗਰੀਆਂ 'ਤੇ ਖ਼ਰਚ ਕਰਨ ਦੇ ਬਾਵਜੂਦ ਬੱਚਿਆਂ ਨੂੰ ਨੌਕਰੀ ਲਈ ਥਾਂ-ਥਾਂ ਧੱਕੇ ਖਾਣੇ ਪੈਂਦੇ ਹਨ।
ਇਹੀ ਕਾਰਨ ਹੈ ਕਿ ਦੇਸ਼ ਵਿਚ ਲਗਾਤਾਰ ਬੇਰੁਜ਼ਗਾਰੀ ਵਧ ਰਹੀ ਹੈ। ਬੇਰੁਜ਼ਗਾਰੀ ਵਧਣ ਨਾਲ ਨੌਜਵਾਨ ਚੋਰੀਆਂ-ਚਕਾਰੀਆਂ ਤੇ ਗ਼ਲਤ ਕੰਮ ਕਰਨ ਨੂੰ ਮਜਬੂਰ ਹਨ। ਬੇਰੁਜ਼ਗਾਰੀ ਇਕ ਅਜਿਹੀ ਸਮੱਸਿਆ ਹੈ ਜੋ ਆਪਣੇ ਨਾਲ ਹੋਰ ਕਈ ਸਮੱਸਿਆਵਾਂ ਤੇ ਬੁਰਾਈਆਂ ਨੂੰ ਲੈ ਕੇ ਆਉਂਦੀ ਹੈ। ਸਾਡਾ ਸਰਕਾਰੀ ਤੰਤਰ ਹੁਣ ਨਾ ਰੁਜ਼ਗਾਰ ਦੇਣ ਵਾਲਾ ਨਾ ਚੰਗੀ ਸਿੱਖਿਆ ਦੇਣ ਵਾਲਾ ਰਹਿ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਤੇ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕਰਨ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

ਰਾਜਸੀ ਆਗੂ, ਸਮਾਜ ਅਤੇ ਸਰਕਾਰ

ਅਜੋਕੇ ਸਮੇਂ ਸਾਡੇ ਸਮਾਜ ਅੰਦਰ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਰਾਜਸੀ ਆਗੂ ਜਨਤਾ ਨੂੰ ਵੱਡੇ-ਵੱਡੇ ਲਾਰੇ ਲਗਾਏ ਅਤੇ ਵਾਅਦੇ ਕਰਕੇ ਅਕਸਰ ਗੁੰਮਰਾਹ ਕਰਦੇ ਹਨ, ਉਹ ਆਮ ਤੌਰ 'ਤੇ ਜਾਤ ਬਰਾਦਰੀ ਅਤੇ ਧਰਮ ਦੇ ਨਾਂਅ 'ਤੇ ਲੋਕਾਂ ਦੀਆਂ ਵੋਟਾਂ ਬਟੋਰਦੇ ਹਨ ਅਤੇ ਸੱਤਾ ਵਿਚ ਆਉਣ 'ਤੇ ਸਾਰੇ ਵਾਅਦੇ ਲਾਰੇ ਭੁੱਲ ਜਾਂਦੇ ਹਨ ਅਤੇ ਲੋਕਾਂ ਦੇ ਜਾਇਜ਼ ਕੰਮ ਕਰਵਾਉਣ ਤੋਂ ਵੀ ਟਾਲਾ ਵੱਟ ਲੈਂਦੇ ਹਨ ਅਤੇ ਉਨ੍ਹਾਂ ਨਾਲ ਮਿਲਣ ਤੋਂ ਵੀ ਗੁਰੇਜ਼ ਕਰਦੇ ਹਨ। ਚੋਣਾਂ ਦੇ ਦੌਰ ਦੌਰਾਨ ਇਹ ਲੋਕ ਜਨਤਾ ਨੂੰ ਭਰਮਾਉਣ ਅਤੇ ਆਪਣੇ ਹੱਕ ਵਿਚ ਕਰਨ ਲਈ ਜਿਥੇ ਨਸ਼ਿਆਂ ਦੀ ਪਾਣੀ ਦੀ ਤਰ੍ਹਾਂ ਵੰਡ ਕਰਦੇ ਹਨ, ਉਥੇ ਪੈਸਾ ਅਤੇ ਹੋਰ ਚੀਜ਼ਾਂ ਵੰਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕੀ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਧੋਖਾ ਦੇਣ ਵਾਲੀ ਕਾਰਵਾਈ ਨਹੀਂ? ਜੋ ਸਮਾਜ ਦੇ ਜਾਗਰੂਕ ਲੋਕਾਂ ਅਤੇ ਸਰਕਾਰ ਨੂੰ ਇਸ ਸੰਬੰਧੀ ਵਿਸ਼ੇਸ਼ ਧਿਆਨ ਦੇ ਕੇ ਸਰਕਾਰੀ ਅਤੇ ਗ਼ੈਰ-ਸਰਕਾਰੀ ਪੱਧਰ 'ਤੇ ਯੋਗ ਅਤੇ ਢੁਕਵੇਂ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਇਨ੍ਹਾਂ ਸਵਾਰਥੀ ਰਾਜਨੀਤਕ ਲੋਕਾਂ ਦੀਆਂ ਅਜਿਹੀਆਂ ਘਟੀਆ, ਗ਼ੈਰ-ਇਖ਼ਲਾਕੀ ਅਤੇ ਗ਼ੈਰ-ਕਾਨੂੰਨੀ ਕਾਰਵਾਈਆਂ ਨੂੰ ਰੋਕਿਆ ਜਾ ਸਕੇ।

-ਜਗਤਾਰ ਸਿੰਘ ਝੋਜੜ, ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

22-11-2021

 ਕਰਤਾਰਪੁਰ ਲਾਂਘਾ

ਸੰਪਾਦਕੀ ਲੇਖ 'ਲਾਂਘੇ ਦੀ ਕੜ੍ਹੀ' ਪੜ੍ਹਿਆ। ਜਿਸ ਵਿਚ ਲੇਖਕ ਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਬਾਰੇ ਵਿਸਥਾਰ ਨਾਲ ਲਿਖ ਖ਼ੁਸ਼ੀ ਜਤਾਈ ਹੈ, ਕਾਬਲੇ ਗੌਰ ਸੀ। ਹੁਣ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਤੇ ਜਿਥੇ ਪੂਰੇ ਵਿਸ਼ਵ ਵਿਚ ਨਾਨਕ ਨਾਮ ਲੇਵਾ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ, ਉਥੇ ਸਿਆਸਤ ਵੀ ਹੋ ਰਹੀ ਹੈ। ਹਰ ਕੋਈ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਲਾਂਘਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਕਾਰਨ ਬਾਬਾ ਨਾਨਕ ਜੀ ਦੇ 550 ਸਾਲਾ ਪੁਰਬ 'ਤੇ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਖੁੱਲ੍ਹਿਆ ਸੀ, ਜੋ ਬਦਕਿਸਮਤੀ ਨਾਲ ਕੋਰੋਨਾ ਮਹਾਂਮਾਰੀ ਕਾਰਨ ਕੇਂਦਰ ਸਰਕਾਰ ਨੇ ਬੰਦ ਕਰ ਦਿੱਤਾ ਸੀ। ਹੁਣ ਪੰਜ ਸੂਬਿਆਂ ਨਾਲ ਪੰਜਾਬ ਵਿਚ ਵੋਟਾਂ ਪੈ ਰਹੀਆਂ ਹਨ। ਪਰ ਪਾਰਟੀ ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰ ਵੋਟਰਾਂ ਨੂੰ ਆਪਣੇ ਹੱਕ ਵਿਚ ਜੁਟਾ ਰਹੀ ਹੈ। ਸਿਆਸਤ ਨੂੰ ਛੱਡ ਰਾਜਨੀਤਕ ਪਾਰਟੀਆਂ ਨੂੰ ਬਾਬਾ ਨਾਨਕ ਦਾ ਗੁਰਪੁਰਬ ਧਾਰਮਿਕ ਭਾਵਨਾ ਨਾਲ ਮਨਾ ਨਾਨਕ ਨਾਮ ਲੇਵਾ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਕਰਨ ਦਾ ਬਾਬਾ ਨਾਨਕ ਦਾ ਕੋਟਿਨ ਕੋਟਿ ਧੰਨਵਾਦ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

ਦਿੱਲੀ ਦੀ ਹਵਾ ਹੋਈ ਖ਼ਰਾਬ

ਪਿਛਲੇ ਕਾਫੀ ਦਿਨਾਂ ਤੋਂ ਹਵਾ ਦੇ ਦੂਸ਼ਿਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਤੇ ਦਿੱਲੀ ਸਰਕਾਰ ਇਲਜ਼ਾਮ ਲਗਾ ਰਹੀ ਹੈ ਕਿ ਇਹ ਹਵਾ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਕਰਕੇ ਹੋਈ ਹੈ। ਦਿੱਲੀ ਸਰਕਾਰ ਨੂੰ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਪਹਿਲਾਂ ਪੰਜਾਬ ਵਿਚ ਹਵਾ ਦੀ ਗੁਣਵੱਤਾ ਵੇਖਣੀ ਚਾਹੀਦੀ ਹੈ। ਆਪਣੀਆਂ ਕਮੀਆਂ ਛਪਾਉਣ ਦੀ ਬਜਾਏ ਦਿੱਲੀ ਸਰਕਾਰ ਨੂੰ ਕਿਸੇ ਦੂਸਰੇ ਸੂਬੇ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਅਸੀਂ ਮੰਨਦੇ ਹਾਂ ਕਿ ਪੰਜਾਬ ਵਿਚ ਵੀ ਹਵਾ ਦੀ ਗੁਣਵੱਤਾ ਬਹੁਤ ਵਧੀਆ ਨਹੀਂ ਹੈ ਪਰ ਦਿੱਲੀ ਦੇ ਮੁਕਾਬਲੇ ਬਹੁਤ ਸਹੀ ਹੈ। ਇਸ ਲਈ ਦਿੱਲੀ ਸਰਕਾਰ ਨੂੰ ਇਹੋ ਜਿਹੀਆਂ ਬਿਆਨਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸਾਰਿਆਂ ਨੂੰ ਦੂਸ਼ਿਤ ਹਵਾ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਅਸੀਂ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਹੋ ਜਾਵਾਂਗੇ। ਖਾਸ ਕਰਕੇ ਕੁਝ ਦਿਨਾਂ ਤੱਕ ਆਪਣੇ ਪਰਿਵਾਰ ਅਤੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

-ਪਰਮਜੀਤ ਸੰਧੂ
ਥੇਹ ਤਿੱਖਾ, ਗੁਰਦਾਸਪੁਰ।

ਸ਼ਲਾਘਾਯੋਗ ਕਦਮ

ਕਰਤਾਰਪੁਰ ਲਾਂਘੇ ਦੇ ਮੁੜ ਖੋਲ੍ਹਣ ਦਾ ਹਰ ਪਾਸੇ ਬਹੁਤ ਭਰਵਾਂ ਸਵਾਗਤ ਹੋ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਰਕੇ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਗੁਰੂ ਨਾਨਕ ਦੇਵ ਜੀ ਆਪਣੇ ਅੰਤਿਮ ਸਮੇਂ ਕਰਤਾਰਪੁਰ ਵਿਖੇ ਰਹੇ ਅਤੇ ਆਪ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕਣ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੇ ਰਹੇ। ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਅਤੇ ਇਸ ਮੌਕੇ ਕਰਤਾਰਪੁਰ ਲਾਂਘੇ ਨੂੰ ਮੁੜ ਖੋਲ੍ਹਣ ਦਾ ਅਸੀਂ ਸ਼ਲਾਘਾਯਾਯੋਗ ਕਦਮ ਮੰਨਦੇ ਹਾਂ।

-ਰਜਵਿੰਦਰਪਾਲ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਤਿੰਨ ਖੇਤੀ ਕਾਨੂੰਨ ਵਾਪਸ

ਭਾਵੇਂ ਕੇਂਦਰ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਵੇਂ ਖੇਤੀ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਕਈ ਦਹਾਕਿਆਂ ਤੋਂ ਆਰੰਭੀ ਹੋਈ ਸੀ, ਪ੍ਰੰਤੂ ਅਮਲੀ ਰੂਪ ਭਾਜਪਾ ਸਰਕਾਰ ਵਲੋਂ ਕੋਰੋਨਾ ਕਾਲ ਦੌਰਾਨ ਸਤੰਬਰ 2020 ਵਿਚ ਇਸ ਨੂੰ ਸੰਸਦ ਰਾਹੀਂ ਕਾਨੂੰਨ ਬਣਾ ਕੇ ਦਿੱਤਾ ਗਿਆ, ਜਿਸ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰਾਂ ਅਤੇ ਹੋਰ ਵੱਖ-ਵੱਖ ਵਰਗਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਦ੍ਰਿੜ੍ਹਤਾ ਨਾਲ ਗਰਮੀ, ਸਰਦੀ, ਮੀਂਹ, ਹਨੇਰੀ-ਝੱਖੜ ਦੀ ਪ੍ਰਵਾਹ ਨਾ ਕਰਦੇ ਹੋਏ ਪਰਿਵਾਰਾਂ ਸਮੇਤ ਲਗਭਗ ਇਕ ਸਾਲ ਤੋਂ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨੀ ਸੰਘਰਸ਼ ਦੌਰਾਨ ਸੈਂਕੜੇ ਕਿਸਾਨਾਂ ਨੂੰ ਜਾਨਾਂ ਵੀ ਵਾਰਨੀਆਂ ਪਈਆਂ। ਕਈ ਵਾਰ ਕੇਂਦਰ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਪਰ ਇਹ ਖੇਤੀ ਕਾਨੂੰਨ ਰੱਦ ਨਹੀਂ ਹੋਏ। ਆਖਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਹ ਤਿੰਨੋ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਥੇ ਪ੍ਰਧਾਨ ਮੰਤਰੀ ਵਲੋਂ ਕੀਤਾ ਗਿਆ ਇਹ ਐਲਾਨ ਪੰਜਾਬ ਤੇ ਪੂਰੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਪੁਟਿਆ ਗਿਆ ਸ਼ਲਾਘਾਯੋਗ ਕਦਮ ਹੈ, ਉਥੇ ਹੀ ਕਿਸਾਨ, ਮਜ਼ਦੂਰ ਜਥੇਬੰਦੀਆਂ, ਲੇਖਕ, ਬੁੱਧੀਜੀਵੀ ਅਤੇ ਹੋਰ ਖੇਤੀ ਨਾਲ ਜੁੜੇ ਸਾਰੇ ਵਰਗਾਂ ਵਲੋਂ ਕੀਤੇ ਗਏ ਸੰਘਰਸ਼ ਦੀ ਜਿੱਤ ਦਾ ਮੁੱਢ ਬੱਝ ਗਿਆ ਹੈ ਅਤੇ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸੰਸਦ ਇਜਲਾਸ ਵਿਚ ਇਹ ਤਿੰਨੇ ਖੇਤੀ ਕਾਨੂੰਨ ਮੂਲੋਂ ਹੀ ਰੱਦ ਕਰ ਦਿੱਤੇ ਜਾਣਗੇ ਅਤੇ ਪੰਜਾਬ ਅਤੇ ਹੋਰ ਸੂਬੇ ਮੁੜ ਹੌਲੀ-ਹੌਲੀ ਵਿਕਾਸ ਦੀਆਂ ਲੀਹਾਂ 'ਤੇ ਚੱਲ ਪੈਣਗੇ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

19-11-2021

 ਫਿਰ ਦਰ ਖੁੱਲ੍ਹਿਆ ਬਾਬੇ ਨਾਨਕ ਦਾ

ਭਾਵੇਂ ਪਾਕਿਸਤਾਨ ਨੇ ਭਾਰਤ ਦੀਆਂ ਸਰਕਾਰਾਂ ਦੇ ਸਾਂਝੇ ਉਦਮਾਂ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਸਦਕਾ ਕਰਤਾਰਪੁਰ ਲਾਂਘਾ ਨਵੰਬਰ 2019 ਵਿਚ ਖੋਲ੍ਹ ਦਿੱਤਾ ਗਿਆ ਸੀ ਪਰ ਕੋਵਿਡ-19 ਦੇ ਚਲਦਿਆਂ ਇਸ ਲਾਂਘੇ ਨੂੰ ਮਾਰਚ 2020 'ਚ ਬੰਦ ਕਰ ਦਿੱਤਾ ਗਿਆ। ਭਾਵੇਂ ਫਿਰ ਪਾਕਿਸਤਾਨ ਦੀ ਤਰਫੋਂ ਇਹ ਲਾਂਘਾ ਖੋਲ੍ਹ ਦਿੱਤਾ ਗਿਆ ਦੱਸਿਆ ਜਾਂਦਾ ਹੈ ਪਰ ਭਾਰਤ ਵਲੋਂ ਅਜੇ ਕੋਰੋਨਾ ਮਹਾਂਮਾਰੀ ਕਾਰਨ ਬੰਦ ਕੀਤਾ ਸੀ। ਹੁਣ ਕੇਂਦਰ ਸਰਕਾਰ ਨੇ ਮਨੁੱਖਤਾ ਦੇ ਸਾਂਝੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇੇ ਹੋਏ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ ਜਿਸ ਨਾਲ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਨੂੰ ਫਿਰ ਬੂਰ ਪਿਆ ਹੈ, ਉਥੇ ਹੀ ਕੇਂਦਰ ਸਰਕਾਰ ਵਲੋਂ ਵਿਖਾਏ ਗਏ ਉਤਸ਼ਾਹ ਕਾਰਨ ਹੁਣ ਸ਼ਰਧਾਲੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 19 ਨਵੰਬਰ ਨੂੰ ਕਰਤਾਰਪੁਰ (ਪਾਕਿਸਤਾਨ) ਵਿਖੇ ਜਾ ਕੇ ਮਨਾ ਸਕਣਗੀਆਂ। ਪਰਮਾਤਮਾ ਕਰੇ ਕਰਤਾਰਪੁਰ ਲਾਂਘਾ ਸਦਾ ਲਈ ਖੁੱਲ੍ਹਿਆ ਰਹੇ ਅਤੇ ਦੋਵਾਂ ਦੇਸ਼ਾਂ ਦੇ ਸੰਬੰਧ ਵੀ ਸੁਖਾਵੇਂ ਬਣੇ ਰਹਿਣ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਸਰਕਾਰਾਂ ਅਤੇ ਮਿਆਰੀ ਸਿੱਖਿਆ 'ਚ ਫ਼ਾਸਲਾ

ਪਿਛਲੇ ਦਿਨੀਂ 'ਅਜੀਤ' ਵਿਚ ਪ੍ਰੋ: ਵਿਜੈ ਕੁਮਾਰ ਨੇ ਮਿਆਰੀ ਸਿੱਖਿਆ ਸੰਬੰਧੀ ਲੇਖ ਵਿਚ ਅਮਰੀਕਾ ਦੀ ਇਕ ਨਾਮੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਲੇਖ ਦਾ ਬਹੁਮੁੱਲਾ ਹਵਾਲਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਿਆ ਨਾਲੋਂ ਆਪਣੀਆਂ ਵੋਟਾਂ ਦਾ ਜ਼ਿਆਦਾ ਫ਼ਿਕਰ ਹੁੰਦਾ ਹੈ, ਉਨ੍ਹਾਂ ਦੇਸ਼ਾਂ ਵਿਚ ਨਾ ਤਾਂ ਹਰ ਬੱਚੇ ਤੱਕ ਸਿੱਖਿਆ ਹੀ ਪਹੁੰਚ ਸਕਦੀ ਹੈ ਤੇ ਨਾ ਹੀ ਸਿੱਖਿਆ ਦਾ ਪੱਧਰ ਮਿਆਰੀ ਹੁੰਦਾ ਹੈ। ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਮਿਆਰੀ ਸਿੱਖਿਆ ਸੰਬੰਧੀ ਵਿਉਂਤਬੰਦੀ ਕਰਨ ਵਿਚ ਸਫਲ ਹੋ ਜਾਂਦੀਆਂ ਹਨ, ਉਨ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ-ਆਪ ਹੱਲ ਹੋ ਜਾਂਦੀਆਂ ਹਨ। ਪੱਛਮੀ ਮੁਲਕਾਂ ਵਿਚ ਦਸਵੀਂ ਤੱਕ ਦੀ ਮੁਫ਼ਤ ਸਿੱਖਿਆ ਦੇ ਨਾਲ ਮਾਪਿਆਂ ਦੀ ਆਮਦਨ ਦੇ ਮੱਦੇਨਜ਼ਰ ਤਿੰਨ ਸੌ ਤੋਂ ਲੈ ਕੇ ਪੰਜ ਸੌ ਡਾਲਰ ਤੱਕ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੇਸ਼ਾਂ ਵਿਚ 90 ਫ਼ੀਸਦੀ ਸਕੂਲ ਸਰਕਾਰੀ ਹਨ। ਉਨ੍ਹਾਂ ਮੁਲਕਾਂ ਦੇ ਅਧਿਆਪਕਾਂ ਨੂੰ ਮਿਡ-ਡੇ ਮੀਲ ਬਣਾਉਣ, ਵਰਦੀਆਂ ਵੰਡਣ ਅਤੇ ਪੁਸਤਕਾਂ ਵੰਡਣ ਲਈ ਨਹੀਂ ਲਗਾਇਆ ਜਾਂਦਾ। ਸ਼ਰਮ ਨਾਲ ਸਿਰ ਝੁਕਦਾ ਹੈ ਕਿ ਵਿਸ਼ਵ ਗਿਆਨ-ਵਿਗਿਆਨ ਦੀ ਧਰੋਹਰ ਅਖਵਾਉਂਦੀਆਂ ਸਾਡੀਆਂ ਸਰਕਾਰਾਂ ਅਜਿਹਾ ਸੁਪਨਾ ਵੀ ਨਹੀਂ ਲੈ ਸਕੀਆਂ। ਅਧਿਆਪਕ ਨੂੰ ਚਪੜਾਸੀ, ਕਲਰਕ, ਅਕਾਊਂਟੈਂਟ ਤੋਂ ਲੈ ਕੇ ਇਮਾਰਤ ਉਸਾਰੀ ਦੇ ਠੇਕੇਦਾਰ ਤੱਕ ਦੇ ਗ਼ੈਰ-ਵਿੱਦਿਅਕ ਕੰਮਾਂ ਵਿਚ ਉਲਝਾ ਕੇ ਵਿਦਿਆਰਥੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੋਂ ਤੱਕ ਸਰਕਾਰੀ ਗ੍ਰਾਂਟਾਂ ਦੇ ਖ਼ਰਚ ਕਰਦਿਆਂ ਭ੍ਰਿਸ਼ਟਾਚਾਰ ਦਾ ਦਰਸ਼ਨ ਵੀ ਸਿੱਖਣਾ ਪੈਂਦਾ ਹੈ।

-ਰਸ਼ਪਾਲ ਸਿੰਘ
ਐਸ.ਜੇ.ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।

ਇਕ-ਦੂਜੇ 'ਤੇ ਜਵਾਬੀ ਹਮਲੇ

ਪੰਜਾਬ ਵਿਧਾਨ ਸਭਾ ਵਿਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਵਿਰੋਧੀ ਧਿਰਾਂ ਉੱਪਰ ਜਵਾਬੀ ਹਮਲੇ ਕੀਤੇ ਗਏ। ਵਿਧਾਨ ਸਭਾ ਇਕ ਉਹ ਪਵਿੱਤਰ ਸਥਾਨ ਹੈ, ਜਿਥੇ ਸਾਰੇ ਪੰਜਾਬ ਦੀ ਜਨਤਾ ਦੀ ਭਲਾਈ ਲਈ ਕਈ ਕਾਨੂੰਨ ਬਣਦੇ ਹਨ, ਪੰਜਾਬ ਦੇ ਨੇਤਾਵਾਂ ਨੇ ਤਾਂ ਵਿਧਾਨ ਸਭਾ ਨੂੰ ਮਜ਼ਾਕ ਹੀ ਬਣਾ ਰੱਖਿਆ ਹੈ। ਜੇ ਤੁਸੀਂ ਕਿਸੇ ਪਾਰਟੀ 'ਤੇ ਇਲਜ਼ਾਮ ਲਗਾਉਣਾ ਹੈ ਤਾਂ ਉਹ ਵਿਧਾਨ ਸਭਾ ਤੋਂ ਬਾਹਰ ਲਗਾ ਸਕਦੇ ਹੋ।
ਵਿਧਾਨ ਸਭਾ ਦਾ ਇਜਲਾਸ ਕੁਝ ਸਮਾਂ ਚੱਲਣਾ ਹੁੰਦਾ ਹੈ ਤਾਂ ਜੋ ਜ਼ਿਆਦਾ ਸਮੇਂ ਵਿਚ ਜ਼ਮੀਨੀ ਹਕੀਕਤ ਦੀਆਂ ਕਮੀਆਂ ਨੂੰ ਜਾਣ ਕੇ ਉਨ੍ਹਾਂ ਲਈ ਸਹੀ ਕਾਨੂੰਨ ਬਣਾ ਕੇ ਉਨ੍ਹਾਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ। ਪਰ ਉਸ ਸਮੇਂ ਤਾਂ ਨੇਤਾਵਾਂ ਨੂੰ ਇਹ ਚੇਤੇ ਆਉਂਦਾ ਹੈ ਕਿ ਕਿਹੜਾ ਵਿਰੋਧੀ ਧਿਰ ਦਾ ਨੇਤਾ ਕਿਸ ਬੁਰਾਈ ਨਾਲ ਜੁੜਿਆ ਹੈ। ਜੇਕਰ ਏਨਾ ਹੀ ਕਿਸੇ ਨੇਤਾ ਨੂੰ ਦੂਜੇ ਦੀਆਂ ਬੁਰਾਈਆਂ ਬਾਰੇ ਪਤਾ ਹੈ ਤਾਂ ਉਹ ਸਬੂਤਾਂ ਸਮੇਤ ਅਦਾਲਤ ਜਾਂ ਮੀਡੀਆ ਨੂੰ ਦੱਸੇ ਤੇ ਉਸ ਨੂੰ ਬਣਦੀ ਸਜ਼ਾ ਦਿਵਾਏ। ਵਿਧਾਨ ਸਭਾ ਵਿਚ ਅਜਿਹੇ ਕੰਮ ਨਾ ਕੀਤੇ ਜਾਣ ਤਾਂ ਜੋ ਕੰਮ ਦੀ ਗੱਲ ਹੋ ਕੇ ਪੰਜਾਬ ਦਾ ਵਿਕਾਸ ਹੋ ਸਕੇ।

-ਸੁਖਮਨ ਚੀਮਾ
ਖੰਨਾ।

ਸਾਰਥਕ ਹੱਲ ਦੀ ਲੋੜ

ਬੰਦਾ ਇਕ ਮੁਸੀਬਤਾਂ ਹਜ਼ਾਰ, ਕਰੋੜਾਂ ਨੌਕਰੀਆਂ, ਕਰਜ਼ੇ ਮੁਆਫ਼, ਖਾਤਿਆਂ 'ਚ ਪੈਸੇ ਹੋਰ ਕਿੰਨੇ ਕੁ ਦਾਅਵੇ ਵਾਅਦੇ ਪਤਾ ਨਹੀਂ ਕਿਹੜੇ ਗ੍ਰਹਿ 'ਤੇ ਚਲੇ ਗਏ। ਹਰ ਘਰ 'ਚੋਂ ਤੀਜਾ ਬੰਦਾ ਬੇਰੁਜ਼ਗਾਰ। ਜੇ ਘਰ 'ਚ ਛੇ ਜੀਅ ਹਨ ਤਾਂ ਵਿਚੋਂ ਤਿੰਨ ਧਰਨਿਆਂ 'ਤੇ ਹਨ। ਇਸ ਮੰਝਧਾਰ ਵਿਚੋਂ ਬੇੜੀ ਨੂੰ ਪਾਰ ਕਰਨ ਲਈ ਹਰ ਕੋਈ ਹੱਥ-ਪੈਰ ਮਾਰ ਰਿਹਾ ਹੈ ਪਰ ਕਿਸੇ ਨੂੰ ਕੋਈ ਕਿਨਾਰਾ ਨਹੀਂ ਦਿਸ ਰਿਹਾ। ਮਹਿੰਗਾਈ ਦੇ ਤੂਫ਼ਾਨ ਨੇ ਤਾਂ ਹੋਰ ਵੀ ਜਿਊਣਾ ਮੁਹਾਲ ਕਰ ਦਿੱਤਾ ਹੈ। ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਇਕ ਮਹਿੰਗਾਈ ਦੂਜਾ ਬੇਰੁਜ਼ਗਾਰੀ, ਤੀਜਾ ਨਸ਼ਾ ਹੋਰ ਪਤਾ ਨਹੀਂ ਕਿੰਨੀਆਂ ਅਲਾਮਤਾਂ ਜੋ ਸਾਡੇ ਦੇਸ਼ ਵਿਚ ਪੱਕਾ ਟਿਕਾਣਾ ਬਣਾ ਕੇ ਬੈਠ ਗਈਆਂ, ਜਿਨ੍ਹਾਂ ਨੇ ਹਰ ਇਕ ਦੇ ਨੱਕ 'ਚ ਦਮ ਕਰ ਰੱਖਿਆ ਪਰ ਸਾਡੀਆਂ ਸਰਕਾਰਾਂ ਨੇ ਇਕੋ ਰਟ ਲਾਈ ਹੋਈ ਹੈ ਡਿਜੀਟਲ ਇੰਡੀਆ ਗੱਲਾਂਬਾਤਾਂ 'ਚ ਸਾਰੀ ਦੁਨੀਆ ਨਾਲੋਂ ਅੱਗੇ ਲੰਘਾ ਦਿੱਤਾ। ਸਾਡੇ ਦੇਸ਼ ਨੂੰ, ਵੋਟਾਂ ਵੇਲੇ ਲਾਰੇ, ਨਾਅਰੇ, ਫੋਕੀਆਂ ਟਾਹਰਾਂ ਸਟੇਜਾਂ 'ਤੋਂ ਮਾਰਦੇ ਹਨ ਪਰ ਜਦੋਂ ਉਹ ਕੁਰਸੀ 'ਤੇ ਬੈਠ ਜਾਂਦੇ ਹਨ ਤਾਂ ਖਜ਼ਾਨੇ ਖਾਲੀ ਦਾ ਢਡੋਰਾ ਪਿੱਟਣ ਲੱਗ ਜਾਣਗੇ। ਸਰਕਾਰਾਂ ਨੂੰ ਚਾਹੀਦਾ ਹੈ ਇਨ੍ਹਾਂ ਮੁਸ਼ਕਿਲਾਂ ਦਾ ਸਾਰਥਕ ਹੱਲ ਕੱਢਿਆ ਜਾਵੇ ਤਾਂ ਕਿ ਸਾਡਾ ਦੇਸ਼ ਮੁੜ ਵਿਕਾਸ ਦੀਆਂ ਲੀਹਾਂ 'ਤੇ ਆਵੇ। ਲੋਕ ਧਰਨੇ ਮੁਜ਼ਾਹਰੇ ਛੱਡ ਕੇ ਆਪੋ ਆਪਣੇ ਕੰਮ-ਧੰਦਿਆਂ 'ਤੇ ਲੱਗਣ, ਨਾਲੇ ਲੋਕ ਸੁਖੀ ਤੇ ਨਾਲੇ ਸਰਕਾਰਾਂ ਸੁਖੀ, ਸਰਕਾਰ ਦੇ ਖਜ਼ਾਨੇ ਵੀ ਭਰ ਜਾਣ ਤੇ ਲੋਕਾਂ ਦੀਆਂ ਜੇਬਾਂ ਵੀ।

-ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ, ਮੋਗਾ।

ਪਰਾਲੀ ਦਾ ਧੂੰਆਂ ਤੇ ਦੁਰਘਟਨਾਵਾਂ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਾਲੀ ਦਾ ਧੂੰਆਂ ਵਾਤਾਵਰਨ ਪ੍ਰਦੂਸ਼ਿਤ ਕਰਦਾ ਹੈ ਪਰ ਇਹ ਕਿਸਾਨੀ ਦੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ। ਹੌਲੀ-ਹੌਲੀ ਜਾਗਰੂਕਤਾ ਆਉਣ ਨਾਲ ਪਾਰਲੀ ਨੂੰ ਅੱਗ ਲਗਾਉਣ ਵਿਚ ਕਮੀ ਆ ਰਹੀ ਹੈ। ਪਰ ਇਹ ਧੂੰਆਂ ਦੁਰਘਟਨਾਵਾਂ ਦਾ ਕਾਰਨ ਬਣ ਰਿਹਾ ਹੈ। ਸੜਕ ਕਿਨਾਰੇ ਅੱਗ ਲਗਾਉਣ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਪਰਾਲੀ ਨਾਲ ਪੈਦਾ ਹੋਏ ਧੂੰਏਂ ਨਾਲ ਸੜਕ 'ਤੇ ਕੁਝ ਵੀ ਦਿਖਾਈ ਨਹੀਂ ਦਿੰਦਾ। ਇਸ ਨਾਲ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ। ਮੇਰੀ ਸਭ ਨੂੰ ਬੇਨਤੀ ਹੈ, ਸੜਕ ਕਿਨਾਰੇ ਅੱਗ ਨਾ ਲਗਾਈ ਜਾਵੇ, ਇਸ ਦਾ ਕੋਈ ਬਦਲਵਾਂ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ।

-ਲੈਕ: ਸੁਖਵਿੰਦਰ ਸਿੰਘ
ਸ.ਸ.ਸ. ਆਰਿਫ ਕੇ (ਫਿਰੋਜ਼ਪੁਰ)।

16-11-2021

 ਬੇਟੀ ਬਚਾਓ, ਬੇਟੀ ਪੜ੍ਹਾਓ

ਗੁਰੂਆਂ, ਪੀਰਾਂ, ਪੈਗ਼ੰਬਰਾਂ, ਰਹਿਬਰਾਂ, ਰਿਸ਼ੀਆਂ-ਮੁਨੀਆਂ, ਰਾਜਿਆਂ-ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਇਕ ਧੀ ਹੀ ਹੁੰਦੀ ਹੈ। ਧੀਆਂ ਘਰ ਦੀ ਰੌਣਕ ਅਤੇ ਮਾਪਿਆਂ ਦਾ ਦੁੱਖ-ਸੁੱਖ ਵੰਡਾਉਣ ਵਾਲੀਆਂ ਹੁੰਦੀਆਂ ਹਨ। ਪਰ ਅਜੋਕੇ ਸਮਾਜ ਵਿਚ ਇਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ, ਭਾਵੇਂ ਕਿ ਉਸ ਨੇ ਹਰੇਕ ਖੇਤਰ ਵਿਚ ਆਪਣਾ ਲੋਹਾ ਮੰਨਵਾਇਆ ਹੈ। ਕਈ ਸਮਾਜ ਵਿਰੋਧੀ ਅਨਸਰ ਅਕਸਰ ਹੀ ਬੇਟੀਆਂ ਨਾਲ ਅਜਿਹੇ ਘਿਨਾਉਣੇ ਕਾਰੇ ਕਰਦੇ ਹਨ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਇਹ ਦਰਿੰਦੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਵੀ ਮਾਂ, ਭੈਣ, ਧੀ ਹੈ। ਧੀ ਜੰਮਣ 'ਤੇ ਖੁਸ਼ੀ ਮਨਾਉਣੀ ਚਾਹੀਦੀ ਹੈ। ਭੰਡ, ਖੁਸਰੇ ਨਚਾ ਕੇ ਲੋਹੜੀਆਂ ਮਨਾਉਣੀਆਂ ਚਾਹੀਦੀਆਂ ਹਨ। ਕੁੱਖਾਂ 'ਚ ਧੀਆਂ ਦੇ ਕਤਲ ਨਹੀਂ ਕਰਨੇ ਚਾਹੀਦੇ। 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਤਾਂ ਹੀ ਮਹੱਤਵ ਰੱਖਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਇਸਤਰੀ ਬਾਰੇ ਬਹੁਤ ਵਧੀਆ ਲਿਖਿਆ ਹੈ 'ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ'। ਸੋ ਧੀਆਂ ਦੀ ਕਦਰ ਕਰੋ। ਧੀ ਨਾਲ ਹੀ ਮੁਕੰਮਲ ਪਰਿਵਾਰ ਅਤੇ ਰਿਸ਼ਤੇਦਾਰੀਆਂ ਹਨ ਅਤੇ ਧੀ ਤੋਂ ਬਿਨਾਂ ਘਰ ਅਧੂਰਾ ਹੈ ਕਿਉਂਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਬੇਰੁਜ਼ਗਾਰੀ ਦੀ ਸਮੱਸਿਆ

ਜਿੰਨੀ ਤਰੱਕੀ ਸਾਡਾ ਦੇਸ਼ ਕਰਦਾ ਜਾ ਰਿਹਾ ਹੈ, ਓਨਾ ਹੀ ਪਤਨ ਵੱਲ ਵੀ ਜਾ ਰਿਹਾ ਹੈ। ਕਿਉਂਕਿ ਆਧੁਨਿਕਤਾ ਦੇ ਨਾਲ ਮਸ਼ੀਨੀਕਰਨ ਵਿਚ ਵੀ ਵਾਧਾ ਹੋਇਆ ਹੈ, ਜਿਸ ਕਰਕੇ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ। ਅੱਜ ਦੇ ਨੌਜਵਾਨਾਂ ਵਿਚ ਕਲਾ ਅਤੇ ਹੁਨਰ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਆਪਣੀ ਯੋਗਤਾ ਦਿਖਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਜੇ ਮੌਕਾ ਮਿਲ ਵੀ ਜਾਂਦਾ ਹੈ ਤਾਂ ਸਰਾਹਨਾ ਨਹੀਂ ਕੀਤੀ ਜਾਂਦੀ, ਜਿਸ ਕਾਰਨ ਉਹ ਦੂਜਾ ਰਾਹ ਲੱਭ ਲੈਂਦੇ ਹਨ ਅਤੇ ਵਿਦੇਸ਼ਾਂ ਵੱਲ ਤੁਰ ਪੈਂਦੇ ਹਨ, ਜਿਸ ਕਾਰਨ ਸਾਡੇ ਦੇਸ਼ ਦੀ ਤਰੱਕੀ ਵਿਚ ਰੁਕਾਵਟ ਪੈਂਦੀ ਹੈ ਕਿਉਂਕਿ ਕਿਸੇ ਦੇਸ਼ ਦੀ ਤਰੱਕੀ ਵਿਚ ਯੁਵਾ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਇਸ ਲਈ ਸਾਡੀ ਸਰਕਾਰ ਨੂੰ ਇਸ ਵੱਲ ਚਾਨਣਾ ਪਾਉਣਾ ਚਾਹੀਦਾ ਹੈ ਅਤੇ ਲੋੜਵੰਦਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

-ਅਮਨ ਕੁਮਾਰੀ
ਕੇ.ਐਮ.ਵੀ. ਜਲੰਧਰ।

ਵਜ਼ੀਫ਼ਾ ਭਰਨ 'ਚ ਦਿੱਕਤ

ਸਰਕਾਰ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਆਰਥਿਕ ਰਾਹਤ ਦੇਣ ਲਈ ਵਜ਼ੀਫ਼ੇ ਦੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਵਜ਼ੀਫ਼ਾ ਭਰਨ ਲਈ ਹਰ ਵਿਦਿਆਰਥੀ ਕੋਲ ਜਾਤ ਦਾ ਸਰਟੀਫਿਕੇਟ, ਆਮਦਨ ਦਾ ਸਰਟੀਫਿਕੇਟ ਅਤੇ ਪੰਜਾਬ ਵਸਨੀਕ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਗ਼ਰੀਬ ਬੱਚਿਆਂ ਦਾ ਬਹੁਤ ਖਰਚ ਇਨ੍ਹਾਂ ਸਰਟੀਫਿਕੇਟਾਂ ਨੂੰ ਤਿਆਰ ਕਰਨ 'ਤੇ ਹੀ ਆ ਜਾਂਦਾ ਹੈ ਤੇ ਦੂਜਾ ਇਨ੍ਹਾਂ ਨੂੰ ਬਣਵਾਉਣ ਵਿਚ ਵੀ ਬੜੀ ਮੁਸ਼ਕਿਲ ਆਉਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਸਨੀਕ ਦੀ ਥਾਂ ਆਧਾਰ ਕਾਰਡ ਅਤੇ ਆਮਦਨ ਸਰਟੀਫਿਕੇਟ ਦੀ ਥਾਂ ਸਵੈ-ਘੋਸ਼ਣਾ ਪੱਤਰ ਨਾਲ ਵਜ਼ੀਫ਼ਾ ਭਰਨ ਦੀ ਆਗਿਆ ਦੇਵੇ ਤਾਂ ਕਿ ਗ਼ਰੀਬ ਬੱਚਿਆਂ ਦੀ ਮਦਦ ਹੋ ਸਕੇ।

-ਲੈਕ: ਸੁਖਵਿੰਦਰ ਸਿੰਘ
ਸ.ਸ.ਸ.ਸ ਆਰਿਫ਼ ਕੇ (ਫਿਰੋਜ਼ਪੁਰ)।

ਘਰੇਲੂ ਕੰਮ ਵਾਲੀਆਂ ਦੀ ਦਾਸਤਾਨ

ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਭਾਰਤ ਵਿਚ ਵੀ ਮੱਧ ਵਰਗੀ ਅਤੇ ਅਮੀਰ ਲੋਕਾਂ ਦੇ ਘਰਾਂ 'ਚ ਸੁਆਣੀਆਂ ਦਾ ਘਰੇਲੂ ਕੰਮਾਂ 'ਚ ਹੱਥ ਵਟਾਉਣ ਜਾਂ ਕੰਮਾਂ 'ਚ ਮਦਦ ਕਰਨ ਲਈ ਕੰਮ ਵਾਲੀਆਂ ਰੱਖ ਲਈਆਂ ਜਾਂਦੀਆਂ ਹਨ। ਉਨ੍ਹਾਂ ਦੀ ਉਜਰਤ ਅਤੇ ਵਿਵਹਾਰ ਦੀ ਤ੍ਰਾਸਦੀ ਸੰਬੰਧੀ ਲੇਖਕ ਮੁਖਤਾਰ ਗਿੱਲ ਨੇ ਚਾਨਣਾ ਪਾਉਣ ਦੀ ਕੋਸ਼ਿਸ਼ ਸ਼ਲਾਘਾਯੋਗ ਉੱਦਮ ਹੈ। ਆਪਣੇ ਪਤੀ ਅਤੇ ਉਸ ਦੇ ਪਰਿਵਾਰਾਂ ਤੋਂ ਮਾਨਸਿਕ ਅਤੇ ਸਰੀਰਕ ਪੀੜਾਂ ਸਹਿੰਦੀਆਂ ਕੰਮ ਵਾਲੇ ਅਮੀਰ ਘਰਾਂ ਤੋਂ ਵੀ ਜ਼ਲੀਲ ਹੁੰਦੀਆਂ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਦ੍ਰਿੜ੍ਹ ਸੰਕਲਪ ਰਹਿੰਦੀਆਂ ਹਨ। ਘਰਾਂ ਦੀ ਗ਼ਰੀਬੀ ਅਤੇ ਮੰਦਹਾਲੀ ਦੇ ਦੌਰ ਨੂੰ ਸਹਿੰਦੀਆਂ ਇਹ ਮਿਹਨਤੀ ਔਰਤਾਂ ਆਪ ਭਾਵੇਂ ਗੁਰਬਤ ਦੀ ਜ਼ਿੰਦਗੀ ਜਿਊਂਦੀਆਂ ਹਨ ਪਰ ਆਪਣੇ ਬੱਚਿਆਂ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ 'ਚ ਤਤਪਰ ਰਹਿੰਦੀਆਂ ਹਨ। ਇਹ ਕੰਮਕਾਜੀ ਔਰਤਾਂ ਬਿਮਾਰ ਦੀ ਬੇਵੱਸ ਹਾਲਤ 'ਚ ਘਰਾਂ 'ਚ ਕੰਮ ਕਰਨ ਲਈ ਮਜਬੂਰ ਹੁੰਦੀਆਂ ਹਨ। ਇਨ੍ਹਾਂ ਦੀ ਮਜਬੂਰੀ ਨੂੰ ਸਮਝਦਿਆਂ ਇਨ੍ਹਾਂ ਦੀ ਇਨਸਾਨੀਅਤ ਦੇ ਨਾਤੇ ਸਹਾਇਤਾ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਧਰਮ ਅਤੇ ਗੁਰਮਤਿ ਅਨੁਸਾਰ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ।

-ਇੰਜ: ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

ਵਧ ਰਹੇ ਬਜ਼ੁਰਗ ਆਸ਼ਰਮ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਅੱਜ ਦੀ ਨਵੀਂ ਤਕਨੀਕ ਦਾ ਯੁੱਗ ਬਹੁਤ ਤਰੱਕੀ ਕਰ ਰਿਹਾ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅੱਗੇ ਵਧਦੇ ਹੋਏ ਅਸੀਂ ਬਹੁਤ ਕੁਝ ਪਿੱਛੇ ਛੱਡ ਦਿੱਤਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਕੰਮਾਂ ਵਿਚ ਏਨੀ ਰੁੱਝੀ ਹੋਈ ਹੈ ਕਿ ਉਹ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਤੋਂ ਅਸਮਰੱਥ ਹੈ। ਹੌਲੀ-ਹੌਲੀ ਉਹ ਫਿਰ ਉਨ੍ਹਾਂ ਨੂੰ ਬੋਝ ਸਮਝਣ ਲੱਗ ਪੈਂਦਾ ਹੈ। ਫਿਰ ਉਨ੍ਹਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਦਿੱਤਾ ਜਾਂਦਾ ਹੈ। ਕੀ ਇਹ ਸਹੀ ਹੈ? ਉਹ ਵੀ ਓਨਾ ਪਿਆਰ ਅਤੇ ਸਤਿਕਾਰ ਚਾਹੁੰਦੇ ਹਨ ਜਿੰਨਾ ਉਹ ਹੱਕਦਾਰ ਹਨ। ਨੌਜਵਾਨ ਪੀੜ੍ਹੀ ਇਹ ਭੁੱਲ ਜਾਂਦੀ ਹੈ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਇਥੋਂ ਤੱਕ ਪਹੁੰਚ ਸਕੇ ਹਾਂ। ਅੱਜਕਲ੍ਹ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਹਨ। ਇਸੇ ਕਰਕੇ ਉਹ ਆਪਣੇ ਮਾਪਿਆਂ ਨੂੰ ਬੋਝ ਸਮਝਦੇ ਹਨ। ਜਦੋਂ ਕੋਈ ਨਵੀਂ ਨੂੰਹ ਵਿਆਹ ਤੋਂ ਬਾਅਦ ਸਹੁਰੇ ਘਰ ਆਉਂਦੀ ਹੈ। ਉਹ ਉਮੀਦ ਕਰਦੀ ਹੈ ਕਿ ਹਰ ਕੋਈ ਉਸ ਨੂੰ ਆਪਣੀ ਧੀ ਸਮਝੇਗਾ, ਪਰ ਉਹ ਆਪਣੀ ਸੱਸ ਨੂੰ ਆਪਣੇ ਮਾਤਾ-ਪਿਤਾ ਬਣਾਉਣਾ ਭੁੱਲ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਅੱਜ ਹਰ ਘਰ ਦੀ ਨੂੰਹ ਆਪਣੀ ਸੱਸ ਨੂੰ ਮਾਂ-ਬਾਪ ਸਮਝਣ ਲੱਗ ਜਾਵੇ ਤਾਂ ਹੌਲੀ-ਹੌਲੀ ਬਿਰਧ ਆਸ਼ਰਮ ਵੀ ਬੰਦ ਹੋ ਜਾਣਗੇ।

-ਪ੍ਰਾਚੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

ਮਹਿੰਗਾਈ, ਸਮਾਜ ਅਤੇ ਸਰਕਾਰ

ਅਜੋਕੇ ਸਮੇਂ ਸਾਡਾ ਸਮਾਜ ਇਕ ਵੱਡੀ ਅਤੇ ਅਹਿਮ ਮੁਸ਼ਕਿਲ ਨਾਲ ਜੂਝ ਰਿਹਾ ਹੈ, ਜਿਸ ਨੇ ਸਾਡੇ ਸਮਾਜ ਦੀ ਆਰਥਿਕਤਾ ਉੱਪਰ ਕਾਫੀ ਦੁਰਪ੍ਰਭਾਵ ਪਾਇਆ ਹੈ। ਉਹ ਸਮੱਸਿਆ ਹੈ ਮਹਿੰਗਾਈ। ਬਿਨਾਂ ਸ਼ੱਕ ਇਸ ਸਮੱਸਿਆ ਨੇ ਸਮਾਜ ਦੇ ਮੱਧ ਵਰਗ ਅਤੇ ਹੇਠਲੇ ਵਰਗ ਦਾ ਜਿਊਣਾ ਮਹਾਨ ਕਰ ਦਿੱਤਾ ਹੈ। ਕੇਂਦਰ ਤੇ ਪੰਜਾਬ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਘਟਾਉਣ ਤੋਂ ਬਾਅਦ ਵੀ ਪੈਟਰੋਲ 95 ਰੁਪਏ ਤੇ ਡੀਜ਼ਲ 86 ਰੁਪਏ ਦੇ ਕਰੀਬ ਹੈ, ਗੈਸ ਦਾ ਸਿਲੰਡਰ ਤਾਂ 900 ਰੁਪਏ ਦੇ ਕਰੀਬ ਹੈ, ਜੋ ਗ਼ਰੀਬਾਂ ਨਾਲ ਸਿੱਧਾ ਧੱਕਾ ਹੈ। ਕੀ ਇਸ ਮਹਿੰਗਾਈ ਰੂਪੀ ਜਿਨ ਨੂੰ ਕਾਬੂ ਕਰਨਾ ਸਮੇਂ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ? ਸੋ, ਲੋੜ ਹੈ ਜਿੰਨੀ ਜਲਦੀ ਸੰਭਵ ਹੋ ਸਕੇ, ਸਮੇਂ ਦੀਆਂ ਸਰਕਾਰਾਂ ਯੋਗ ਅਤੇ ਢੁਕਵੇਂ ਕਦਮ ਉਠਾਉਣ ਅਤੇ ਮਹਿੰਗਾਈ ਰੂਪੀ ਜਿੰਨ ਨੂੰ ਕਾਬੂ ਕਰਨ ਤਾਂ ਕਿ ਸਮਾਜ ਅਤੇ ਖ਼ਾਸ ਕਰਕੇ ਮੱਧ ਵਰਗ ਅਤੇ ਹੇਠਲੇ ਵਰਗ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਨਾ ਸਮੇਂ ਦੀ ਸੰਗ ਹੀ ਨਹੀਂ, ਬਲਕਿ ਵੱਡੀ ਲੋੜ ਵੀ ਹੈ।

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

15-11-2021

 ਕੰਗਨਾ ਨੂੰ ਪੁਰਸਕਾਰ

ਪਿਛਲੇ ਦਿਨੀਂ ਸਾਡੇ ਦੇਸ਼ ਦੇ ਰਾਸ਼ਟਰਪਤੀ ਵਲੋਂ ਅਲੱਗ-ਅਲੱਗ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਨੂੰ ਦੇਸ਼ ਦੇ ਸਰਵ-ਉੱਚ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਉਨ੍ਹਾਂ ਵਿਅਕਤੀਆਂ ਵਿਚ ਫ਼ਿਲਮ ਅਭਿਨੇਤਰੀ ਕੰਗਨਾ ਰਣੌਤ ਨੂੰ ਵੀ ਪਦਮਸ੍ਰੀ ਪੁਰਸਕਾਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਪਰ ਇਹ ਖ਼ਬਰ ਪੜ੍ਹ ਕੇ ਹਰ ਇਕ ਨੂੰ ਹੈਰਾਨੀ ਜ਼ਰੂਰ ਹੋਈ ਹੋਵੇਗੀ ਕਿ ਕੰਗਨਾ ਰਣੌਤ ਨੇ ਐਸੀ ਕਿਹੜੀ ਮੱਲ ਮਾਰੀ ਹੈ ਕਿ ਪਦਮਸ੍ਰੀ ਨਾਲ ਸਨਮਾਨਿਆ ਜਾਵੇ। ਚਲੋ ਮੰਨ ਲੈਂਦੇ ਹਾਂ ਕਿ ਆਪਣੇ ਫਿਲਮੀ ਖੇਤਰ ਵਿਚ ਉਹ ਚੰਗੀ ਅਭਿਨੇਤਰੀ ਹੋਵੇਗੀ ਤਾਂ ਉਸ ਨੂੰ ਉਸ ਪੱਧਰ ਦੇ ਬਹੁਤ ਸਾਰੇ ਪੁਰਸਕਾਰ ਦਿੱਤੇ ਜਾ ਸਕਦੇ ਹਨ ਪਰ ਯਾਦ ਰਹੇ ਫ਼ਿਲਮ ਖੇਤਰ ਵਿਚ ਵੀ ਉਸ ਨਾਲੋਂ ਵੀ ਕਿਤੇ ਵੱਧ ਮੱਲਾਂ ਮਾਰਨ ਵਾਲੀਆਂ ਅਭਿਨੇਤਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਿਛਲੇ ਸਮੇਂ ਵਿਚ ਇਸੇ ਕੰਗਨਾ ਰਣੌਤ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਵਿਚ ਆਪਣੇ ਹੱਕਾਂ ਲਈ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਅੱਤਵਾਦੀ, ਵੱਖਵਾਦੀ ਅਤੇ ਕਿਸਾਨ ਮੋਰਚੇ ਵਿਚ ਡਟੀਆਂ ਬਜ਼ੁਰਗਾਂ ਬੀਬੀਆਂ ਨੂੰ ਦਿਹਾੜੀਦਾਰ ਆਖ ਅੱਗ ਲਾਊ ਬਿਆਨ ਦਿੱਤੇ ਸਨ। ਇਸ ਨਾਲ ਇਕ ਗੱਲ ਸਾਬਤ ਹੁੰਦੀ ਹੈ ਕਿ ਸੰਘਰਸ਼ ਕਰ ਰਹੇ ਲੋਕਾਂ ਖਿਲਾਫ਼ ਬੋਲਣ ਵਾਲੇ ਚਾਪਲੂਸ ਕਿਸਮ ਦੇ ਲੋਕਾਂ ਨੂੰ ਵੀ ਸਰਕਾਰਾਂ ਵਲੋਂ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਜਾਂਦਾ ਹੈ। ਜੇਕਰ ਇਹ ਸੱਚ ਹੈ ਤਾਂ ਇਨ੍ਹਾਂ ਸਰਬਉੱਚ ਪੁਰਸਕਾਰਾਂ ਦੀ ਸਰਬਉੱਚਤਾ ਲਈ ਵੱਡਾ ਖ਼ਤਰਾ ਹੈ।

-ਚਾਨਣਦੀਪ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਸਭ ਧਰਮਾਂ ਨੂੰ ਸਮਝੋ ਇਕ ਸਮਾਨ

ਸਾਡੇ ਗੁਰੂਆਂ, ਪੀਰਾਂ ਦੀ ਬਣਾਈ ਦੁਨੀਆ ਇਕ ਹੈ। ਪਰ ਲੋਕਾਂ ਨੇ ਜਾਤ-ਪਾਤ ਦੇ ਨਾਂਅ ਸਭ ਅਲੱਗ-ਅਲੱਗ ਕਰਕੇ ਰੱਖ ਲਿਆ ਹੈ। ਹਰ ਕਿਸੇ ਨੇ ਆਪਣੇ-ਆਪਣੇ ਰੱਬ ਬਣਾਏ ਹਨ ਤੇ ਉਨ੍ਹਾਂ ਦਿਨਾਂ 'ਤੇ ਲੋਕ ਆਪਣੀਆਂ ਜਾਤ-ਪਾਤ ਦੇ ਨਾਅਰੇ ਲਾਉਂਦੇ ਹਨ। ਪਰ ਸਾਡੀ ਦੁਨੀਆ ਨੂੰ ਇਹ ਨਹੀਂ ਪਤਾ ਕਿ ਰੱਬ ਇਕ ਹੈ, ਇਕੋ ਰੱਬ ਨੂੰ ਲੋਕਾਂ ਨੇ ਵੰਡਿਆ ਹੋਇਆ ਹੈ। ਕਹਿਣਾ ਤਾਂ ਨਹੀਂ ਚਾਹੀਦਾ ਪਰ ਕਈ ਅਨਪੜ੍ਹ ਇਨਸਾਨ ਆਪਣੀ ਜਾਤ ਖਾਤਰ ਵੈਰ ਪੁਆ ਲੈਂਦੇ ਹਨ। ਸਿਆਣਿਆਂ ਦੀ ਕਹੀ ਗੱਲ ਮੈਨੂੰ ਅੱਜ ਵੀ ਚੇਤੇ ਹੈ, ਜਾਤਾਂ-ਪਾਤਾਂ ਵਿਚ ਕੀ ਰੱਖਿਆ ਖ਼ੂਨ ਤਾਂ ਸਭ ਦਾ ਇਕ ਹੈ। ਡਾ. ਭੀਮ ਰਾਓ ਅੰਬੇਡਕਰ ਸਾਰੀ ਉਮਰ ਇਹ ਹੀ ਸਮਝਦੇ ਰਹੇ, ਪਰ ਉਨ੍ਹਾਂ ਦੀ ਕਹੀ ਗੱਲ 'ਤੇ ਕੋਈ ਵਿਰਲਾ ਹੀ ਅਮਲ ਕਰਦਾ ਹੈ। ਪਰ ਅੱਜ ਦੇ ਸਮੇਂ ਪੜ੍ਹੇ-ਲਿਖੇ ਇਸ ਸਮੱਸਿਆ ਨੂੰ ਦੂਰ ਕਰਦੇ ਜਾ ਰਹੇ ਹਨ, ਜੋ ਆਉਣ ਵਾਲੇ ਸਮੇਂ ਵਿਚ ਮਾਣ ਵਾਲਾ ਕੰਮ ਸਮਝਿਆ ਜਾਏਗਾ।

-ਕਿਰਨਦੀਪ ਕੌਰ
ਕੇ.ਐਮ. ਵੀ., ਹਰਦੀਪ ਨਗਰ, ਜਲੰਧਰ।

ਡੇਂਗੂ ਦਾ ਕਹਿਰ

ਸਤੰਬਰ ਤੋਂ ਨਵੰਬਰ ਤੱਕ ਡੇਂਗੂ ਦਾ ਕਹਿਰ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਇਹ ਬੁਖਾਰ ਸਾਫ਼ ਪਾਣੀ ਵਿਚ ਪੈਦਾ ਹੋਏ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ, ਇਸ ਵਾਰ ਡੇਂਗੂ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ, ਭਾਵੇਂ ਮੱਛਰਾਂ ਨੂੰ ਮਾਰਨ ਲਈ ਸਰਕਾਰ ਸਮੇਂ-ਸਮੇਂ 'ਤੇ ਛਿੜਕਾਅ ਵੀ ਕਰਦੀ ਹੈ, ਪਰ ਸਿਆਣਿਆਂ ਦੀ ਕਹਾਵਤ 'ਇਲਾਜ ਨਾਲੋਂ ਪਰਹੇਜ਼ ਚੰਗਾ' ਇਸ ਸਮੇਂ ਬਹੁਤ ਢੁਕਦੀ ਹੈ ਕਿਉਂਕਿ ਡਾਕਟਰਾਂ ਵਲੋਂ ਡੇਂਗੂ ਤੋਂ ਬਚਣ ਲਈ ਸਾਨੂੰ ਆਪਣਿਆਂ ਗੋਡਿਆਂ ਤੋਂ ਪੈਰਾਂ ਤੱਕ ਸਰੀਰ ਢਕ ਕੇ ਰੱਖਣ ਲਈ ਕਿਹਾ ਜਾਂਦਾ ਹੈ, ਪਰ ਅਸੀਂ ਕਿਤੇ ਨਾ ਕਿਤੇ ਇਸ ਵਿਚ ਲਾਪ੍ਰਵਾਹੀ ਕਰ ਜਾਂਦੇ ਹਾਂ। ਜਿਸ ਦਾ ਨਤੀਜਾ ਸਾਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਭੁਗਤਣਾ ਪੈਂਦਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਸੰਬੰਧੀ ਸਕੂਲਾਂ ਵਿਚ ਅਧਿਆਪਕਾਂ ਰਾਹੀਂ, ਪਿੰਡਾਂ ਤੇ ਸ਼ਹਿਰਾਂ ਵਿਚ ਧਾਰਮਿਕ ਸੰਸਥਾਵਾਂ ਰਾਹੀਂ ਲੋਕਾਂਨੂੰ ਜਾਗਰੂਕ ਕਰਨ ਤਾਂ ਜੋ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

ਕੰਵਰਦੀਪ ਸਿੰਘ ਭੱਲਾ
ਪਿੱਪਲਾਂਵਾਲਾ, ਰਿਕਵਰੀ ਅਫਸਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਹਾਰੇਗੀ ਭਾਜਪਾ

ਪਿਛਲੇ ਦਿਨੀਂ (6 ਨਵੰਬਰ) 'ਉਪ ਚੋਣਾਂ ਦੇ ਸੰਕੇਤ' ਬਾਰੇ ਲਿਖਿਆ ਸੰਪਾਦਕੀ ਲੇਖ ਪੜ੍ਹਿਆ, ਜੋ ਬਹੁਤ ਵਧੀਆ ਲਿਖਿਆ ਸੀ। ਭਾਜਪਾ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਬਣਾਉਣ ਨਾਲ ਉਪ-ਚੋਣਾਂ ਵਿਚ ਹੋਇਆ। ਭਾਜਪਾ ਨੇ ਜੇ ਆਪਣੀ ਅੜੀ ਨਾ ਛੱਡੀ ਤਾਂ 2024 ਦੀਆਂ ਆਮ ਚੋਣਾਂ ਵਿਚ ਹਾਰ ਪੱਕੀ ਹੈ। ਡੀਜ਼ਲ, ਪੈਟਰੋਲ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਲੱਕ ਤੋੜਵੀਂ ਮਹਿੰਗਾਈ ਨੇ ਆਪਣਾ ਕੰਮ ਕਰਕੇ ਵਿਖਾ ਦਿੱਤਾ ਹੈ। ਮੋਦੀ ਸਰਕਾਰ ਵਲੋਂ ਹਰ ਇਕ ਘਟਨਾ ਨੂੰ ਫਿਰਕੂ ਰੰਗ ਦੇਣਾ ਵੀ ਇਨ੍ਹਾਂ ਚੋਣਾਂ ਵਿਚ ਮਹਿੰਗੀ ਪਿਆ। ਭਾਰਤ ਦੀ ਜ਼ਿਆਦਾਤਰ ਵੋਟ ਪਿੰਡਾਂ ਵਿਚ ਰਹਿਣ ਵਾਲੇ ਕਿਸਾਨਾਂ ਦੀ ਹੈ। ਭਾਜਪਾ ਸਰਕਾਰ ਵਲੋਂ ਕਿਸਾਨਾਂ ਨੂੰ ਮਵਾਲੀ, ਗੁੰਡੇ ਵਿਅਕਤੀ ਆਖਣਾ ਵੀ ਮਹਿੰਗਾ ਪਿਆ। ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਵਿਚ ਬੇਲੋੜਾ ਵਾਧਾ ਅਤੇ ਮਹਿੰਗਾਈ ਭਾਜਪਾ 2024 ਵਿਚ ਤਖਤ ਹਿਲਾ ਸਕਦੀ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਮੁੱਖ ਮੰਤਰੀ ਚੰਨੀ ਦੇ ਸਹੀ ਫ਼ੈਸਲੇ

ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉਤੇ ਚਰਨਜੀਤ ਸਿੰਘ ਚੰਨੀ ਬਿਰਾਜਮਾਨ ਹੋਏ ਹਨ, ਉਸ ਵੇਲੇ ਤੋਂ ਹੀ ਅਨੇਕਾਂ ਫ਼ੈਸਲੇ ਪੰਜਾਬ ਵਾਸੀਆਂ ਦੇ ਹੱਕ ਵਿਚ ਲਏ ਜਾ ਰਹੇ ਹਨ। ਜਿਨ੍ਹਾਂ ਤੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਜਿਸ ਤਰ੍ਹਾਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਚਾਰ ਸਾਲ ਦਾ ਸਮਾਂ ਅੰਦਰ ਬੈਠ ਕੇ ਲੰਘਾਇਆ ਹੈ, ਜੇ ਉਸ ਵੇਲੇ ਤੋਂ ਹੀ ਕੁਝ ਨਾ ਕੁਝ ਕੰਮ ਸਹੀ ਤਰੀਕੇ ਨਾਲ ਕੀਤੇ ਜਾਂਦੇ ਤਾਂ ਜ਼ਰੂਰ ਹੀ ਪੰਜਾਬ ਵਾਸੀਆਂ ਨੂੰ ਕਿਸੇ ਪਾਸਿਉਂ ਰਾਹਤ ਮਿਲਦੀ। ਖ਼ੈਰ ਦੇਰ ਆਏ ਦਰੁਸਤ ਆਏ...।
ਪਿਛਲੇ ਸਮੇਂ ਵਿਚ ਪੰਜਾਬ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਵੱਡਾ ਫ਼ੈਸਲਾ ਕਰਦਿਆਂ ਤੇਲ ਪੈਟਰੋਲ-ਡੀਜ਼ਲ ਵਿਚ ਰਾਹਤ ਦਿੱਤੀ। ਬਿਜਲੀ ਬਕਾਏ ਬਿੱਲ ਵੀ ਮੁਆਫ਼ ਹੋਏ। ਪੰਜਾਬ ਸਰਕਾਰ ਨੇ ਅਹਿਮ ਮੁੱਦਾ ਜੋ ਘਰ ਬਣਾਉਣ ਲਈ ਹਰੇਕ ਲਈ ਜ਼ਰੂਰੀ ਹੈ, ਉਹ ਸੀ ਰੇਤ। ਕਿਉਂਕਿ ਉਹ ਰੇਤ ਜਿਸ ਨੂੰ ਕੋਈ ਪੁੱਛਦਾ ਨਹੀਂ ਸੀ ਪੰਜਾਬ ਵਿਚ ਲੋਕਾਂ ਲਈ ਵੱਡੀ ਮੁਸ਼ਕਿਲ ਬਣ ਗਈ ਸੀ। ਸਰਕਾਰ ਨੇ ਰੇਤ ਦਾ ਭਾਅ ਪੰਜ-ਛੇ ਰੁਪਏ ਫੁੱਟ ਕਰ ਦਿੱਤਾ, ਦੂਜੇ ਪਾਸੇ ਇਹੀ ਰੇਤ ਤੀਹ-ਪੈਂਤੀ ਰੁਪਏ ਫੁੱਟ ਪੰਜਾਬ ਵਿਚ ਵਿਕਦੀ ਰਹੀ। ਰੇਤ ਤੇ ਹੋਰ ਮਾਮਲਿਆਂ ਵਿਚ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀ ਰਾਹਤ ਸ਼ਲਾਘਾਯੋਗ ਹੈ ਤੇ ਇਸ ਦਾ ਸਵਾਗਤ ਕਰਨਾ ਬਣਦਾ ਹੈ।

-ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ, ਜ਼ਿਲ੍ਹਾ ਲੁਧਿਆਣਾ।

12-11-2021

 ਪੇਪਰ ਲੀਕ ਮਾਮਲੇ ਦੀ ਹੋਵੇ ਜਾਂਚ

ਮੁੱਖ ਮੰਤਰੀ ਸਾਹਿਬ, ਉਪਰੋਕਤ ਵਿਸ਼ੇ ਵਿਚ ਇਹ ਦੱਸਣਾ ਚਾਹੁੰਦਾ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਈ.ਟੀ.ਟੀ. ਪੇਪਰ ਲੀਕ ਕਰਵਾਉਣ ਲਈ ਵੱਡੇ ਗਰੋਹ ਇਸ ਫਰਾਕ ਵਿਚ ਹਨ। ਇਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਹਰ ਵਾਰ ਜ਼ਿਆਦਾਤਰ ਪੇਪਰ ਪਾਸ ਕਰਨ ਵਾਲੇ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਹੁੰਦੇ ਹਨ, ਕਿਉਂਕਿ ਬਹੁਤ ਵੱਡੇ ਗਰੋਹ ਇਸ ਜ਼ਿਲ੍ਹੇ ਦੇ ਲੋਕਾਂ ਨਾਲ ਸੰਬੰਧਿਤ ਹੈ। ਇਸ ਤਰ੍ਹਾਂ ਪੇਪਰ ਲੀਕ ਹੋਣ ਕਾਰਨ ਕਈ ਮਿਹਨਤੀ ਬੱਚਿਆਂ ਦਾ ਹੱਕ ਖੋਹਿਆ ਜਾ ਰਿਹਾ ਹੈ। ਇਥੇ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਕਈ ਘਰਾਂ ਦੀ ਸਾਰੇ ਪੁੱਤਰ, ਨੂੰਹਾਂ, ਬੱਚੇ ਅਤੇ ਰਿਸ਼ਤੇਦਾਰ ਹੀ ਪੇਪਰ ਪਾਸ ਕਰਦੇ ਹਨ। ਗੱਲ ਕੀ ਬੱਚੇ ਵਿਚ ਕਾਬਲੀਅਤ ਨਹੀਂ ਜਾਂ ਫਿਰ ਉਨ੍ਹਾਂ ਲਈ ਪੇਪਰ ਲੀਕ ਕਰਵਾਉਣਾ ਸੰਭਵ ਨਹੀਂ। ਇਹ ਸਰਾਸਰ ਮਿਹਨਤੀ ਬੱਚਿਆਂ ਨਾਲ ਧੱਕਾ ਹੈ। ਜ਼ਿਆਦਾਤਰ ਪੇਪਰ ਫਾਜਿਲਕਾ ਜ਼ਿਲ੍ਹੇ ਦੇ ਪਿੰਡਾਂ ਵਿਚ ਪਹਿਲਾਂ ਲੱਗੇ ਅਧਿਆਪਕ ਲੀਕ ਕਰਵਾਉਂਦੇ ਹਨ। ਸਰ ਇਹ ਦੇਸ਼ ਲਈ ਵੀ ਖ਼ਤਰਾ ਹੈ ਕਿਉਂਕਿ ਪੜ੍ਹੇ-ਲਿਖੇ ਵਿਦਿਆਰਥੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਇਸ ਤੋਂ ਬਾਅਦ ਕੁਝ ਅਣਚਾਹਿਆ ਕੰਮ ਕਰਨ ਨੂੰ ਮਜਬੂਰ ਹੋ ਜਾਂਦੇ ਹਨ। ਤੁਸੀਂ ਨਤੀਜਿਆਂ ਵਿਚ ਇਹ ਵੀ ਦੇਖ ਸਕਦੇ ਹੋ ਕਿ ਕਈ ਵਾਰ ਪਰਿਵਾਰ ਅਤੇ ਰਿਸ਼ਤੇਦਾਰ ਹੀ ਟਾਪ ਵਿਚ ਹੁੰਦੇ ਹਨ ਕਿਉਂਕਿ ਪੇਪਰ ਲੀਕ ਕਰਵਾਉਣ ਦਾ ਜ਼ਰੀਆ ਇਕ ਹੁੰਦਾ ਹੈ ਤੇ ਇਹ ਵੀ ਲਗਭਗ ਬਰਾਬਰ ਹੁੰਦੇ ਹਨ, ਕਿਰਪਾ ਕਰ ਕੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ, ਸਾਨੂੰ ਤੁਹਾਡੇ ਤੋਂ ਬਹੁਤ ਆਸਾਂ ਉਮੀਦਾਂ ਹਨ।

-ਸਮੂਹ ਦੇਸ਼ ਭਗਤ

ਅਵਾਰਾ ਜਾਨਵਰਾਂ ਹੱਥੋਂ ਹੋਈਆਂ ਮੌਤਾਂ

ਅਵਾਰਾ ਜਾਨਵਰਾਂ ਖ਼ਾਸ ਕਰਕੇ ਕੁੱਤੇ, ਬਲਦ ਅਤੇ ਗਾਵਾਂ ਹੱਥੋਂ ਮਰ ਰਹੇ ਇਨਸਾਨਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਪਤਾ ਨਹੀਂ ਤਰ੍ਹਾਂ-ਤਰ੍ਹਾਂ ਦੇ ਲਾਲਚ ਵੋਟਾਂ ਖ਼ਾਤਰ ਦੇ ਰਹੀਆਂ ਪਾਰਟੀਆਂ ਅਤੇ ਕਈ ਤਰ੍ਹਾਂ ਦੇ ਗੱਫ਼ਾ ਮੁਫ਼ਤ ਵੰਡ ਰਹੀ ਸਰਕਾਰ ਦੇ ਧਿਆਨ ਵਿਚ ਏਨੀ ਵੱਡੀ ਸਮੱਸਿਆ ਕਿਉਂ ਨਹੀਂ ਆ ਰਹੀ। ਕੁਝ ਸਾਲ ਪਹਿਲਾਂ ਇਕ ਅਫ਼ਸਰ ਦੀ ਪਤਨੀ ਜਦੋਂ ਕਿਸੇ ਰੇਹੜੀ ਵਾਲੇ ਦੀ ਠੱਗੀ ਦਾ ਸ਼ਿਕਾਰ ਹੋ ਗਈ ਸੀ ਤਾਂ ਕੁਝ ਦਿਨਾਂ ਲਈ ਸਾਰੇ ਰੇਹੜੀਆਂ-ਫੜ੍ਹੀਆਂ ਵਾਲਿਆਂ ਦੀ ਸ਼ਾਮਤ ਆ ਗਈ ਸੀ। ਹੁਣ ਵੀ ਲਗਦਾ ਹੈ ਕਿ ਜਦੋਂ ਤੱਕ ਕਿਸੇ ਵੱਡੇ ਅਫ਼ਸਰ ਜਾਂ ਮੰਤਰੀ ਦਾ ਕੋਈ ਸਕਾ-ਸੰਬੰਧੀ ਇਨ੍ਹਾਂ ਅਵਾਰਾ ਜਾਨਵਰਾਂ ਦੀ ਬਲੀ ਨਹੀਂ ਚੜ੍ਹਦਾ ਉਦੋਂ ਤੱਕ ਆਮ ਲੋਕਾਂ ਨੂੰ ਇਨ੍ਹਾਂ ਅਵਾਰਾ ਡੰਗਰਾਂ ਹੱਥੋਂ ਮਰਨ ਲਈ ਤਿਆਰ ਰਹਿਣਾ ਪਵੇਗਾ।

-ਬਲਦੇਵ ਸਿੰਘ ਭਾਕਰ
ਪਿੰਡ ਛਾਉਣੀ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ।

ਮੁੱਖ ਮੰਤਰੀ ਚੰਨੀ ਦੇ ਵੱਡੇ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਪ੍ਰਸ਼ਾਸਨ ਨੂੰ ਪਾਰਦਰਸ਼ੀ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਫ਼ਰਮਾਇਸ਼ ਅਤੇ ਰਿਸ਼ਵਤ ਨਹੀਂ ਚੱਲੇਗੀ। ਨੌਜਵਾਨ ਵਰਗ ਮੁੱਖ ਮੰਤਰੀ ਚੰਨੀ ਦੇ ਇਸ ਸ਼ਲਾਘਾਯੋਗ ਫ਼ੈਸਲੇ ਦੀ ਪ੍ਰਸੰਸਾ ਕਰਦਾ ਹੈ। ਫ਼ਖ਼ਰ ਹੈ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ 'ਤੇ ਜੋ ਡਾ. ਬੀ.ਆਰ. ਅੰਬੇਡਕਰ ਦੇ ਨਕਸ਼ੇ-ਕਦਮਾਂ ਉੱਪਰ ਚੱਲ ਰਹੀ ਹੈ। ਇਕ ਕਲਿਆਣਕਾਰੀ ਰਾਜ ਪਿੱਛੇ ਉਥੋਂ ਦੀ ਸਿੱਖਿਆ ਪ੍ਰਣਾਲੀ, ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਅਤੇ ਆਰਥਿਕ ਵਿਵਸਥਾ ਮੁੱਖ ਰੋਲ ਅਦਾ ਕਰਦੀ ਹੈ। ਉਮੀਦ ਹੈ ਕਿ ਮੁੱਖ ਮੰਤਰੀ ਚੰਨੀ ਦੇ ਕੀਤੇ ਹੋਏ ਐਲਾਨ ਭਵਿੱਖ ਵਿਚ ਲਾਗੂ ਹੋਣਗੇ ਅਤੇ ਪੰਜਾਬ ਇਕ ਕਲਿਆਣਕਾਰੀ ਰਾਜ ਵਜੋਂ ਉੱਭਰ ਕੇ ਸਾਹਮਣੇ ਆਵੇਗਾ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ ਘੁਮਾਣ।

ਪ੍ਰਸ਼ਾਸਨ ਵਰਤੇ ਸਖ਼ਤੀ

ਅੱਜ ਦੇ ਸਮੇਂ ਵਿਚ ਮਹਿੰਗਾਈ ਬਹੁਤ ਵਧ ਗਈ ਹੈ। ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹੁਣ ਕੋਰੋਨਾ ਮਹਾਂਮਾਰੀ ਕਾਰਨ ਆਰਥਿਕਤਾ ਡਗਮਗਾ ਗਈ ਹੈ। ਤਿਉਹਾਰਾਂ ਦੀ ਰੁੱਤ ਵਿਚ ਮਿਲਾਵਟੀ ਸਾਮਾਨ ਬਹੁਤ ਵਿਕਦਾ ਹੈ। ਚਾਹੇ ਉਹ ਸਟੀਲ ਹੈ ਜਾਂ ਮਠਿਆਈ, ਕੱਪੜਾ, ਫਰਨੀਚਰ ਆਦਿ। ਆਮ ਤਿਉਹਾਰਾਂ ਦੀ ਰੁੱਤ ਵਿਚ ਸਿਹਤ ਮੰਤਰਾਲਾ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕਰਦਾ ਹੈ। ਕੁਇੰਟਲਾਂ ਦੇ ਹਿਸਾਬ ਨਾਲ ਖੋਆ ਫੜਿਆ ਜਾਂਦਾ ਹੈ। ਹਲਵਾਈ ਨਕਲੀ ਦੁੱਧ, ਖੋਆ ਪਨੀਰ ਨਾਲ ਮਠਿਆਈਆਂ ਤਿਆਰ ਕਰਦੇ ਹਨ ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ। ਜਦੋਂ ਕੋਈ ਹਲਵਾਈ ਸਿੰਥੈਟਿਕ ਦੁੱਧ, ਨਕਲੀ ਖੋਆ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਹੁੰਦਾ ਹੈ। ਸਿਹਤ ਮੰਤਰਾਲੇ ਨੂੰ ਸਿਰਫ ਤਿਉਹਾਰਾਂ ਵਿਚ ਹੀ ਨਹੀਂ, ਸਾਲ ਵਿਚ ਕਦੇ ਵੀ ਮਠਿਆਈਆਂ ਦੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਕਰਮਾਂ ਦਾ ਫਲ਼

ਪਿਛਲੇ ਦਿਨੀਂ (20 ਅਕਤੂਬਰ) ਸੰਪਾਦਕੀ ਲੇਖ 'ਕਰਮਾਂ ਦਾ ਫਲ਼' ਵਿਚ ਇਹ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਸਿਰਸਾ ਦੇ ਡੇਰਾ ਮੁਖੀ ਨੂੰ ਇਕ ਵਾਰ ਫਿਰ ਉਮਰ ਭਰ ਜੇਲ੍ਹ ਵਿਚ ਕੈਦ ਰੱਖਣ ਦੀ ਸਜ਼ਾ ਤੋਂ ਬਾਅਦ ਡੇਰੇ ਨਾਲ ਜੁੜੇ ਪੈਰੋਕਾਰਾਂ ਦੇ ਵਿਸ਼ਵਾਸ ਨੂੰ ਯਕੀਨਨ ਠੇਸ ਪਹੁੰਚੀ ਹੋਵੇਗੀ। ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ 37 ਸਾਲਾਂ ਤੋਂ ਲੋਕਾਂ ਨੂੰ ਅੰਧ-ਵਿਸ਼ਵਾਸਾਂ ਨੂੰ ਛੱਡ ਕੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਅਤੇ ਅਜਿਹੇ ਅਖੌਤੀ ਦੈਵੀ ਸ਼ਕਤੀ ਦੇ ਦਾਅਵੇਦਾਰ ਬਾਬਿਆਂ ਅਤੇ ਜੋਤਸ਼ੀਆਂ ਦੇ ਝਾਂਸੇ ਵਿਚ ਫਸਣ ਤੋਂ ਸੁਚੇਤ ਕਰਦੀ ਆ ਰਹੀ ਹੈ ਪਰ ਅਜਿਹੇ ਬਾਬੇ ਧਰਮ ਦੀ ਆੜ ਹੇਠ ਲੋਕਾਂ ਨੂੰ ਅੰਧ-ਵਿਸ਼ਵਾਸਾਂ ਵਿਚ ਫਸਾ ਕੇ ਉਨ੍ਹਾਂ ਦਾ ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰ ਲੈਂਦੇ ਹਨ। ਹਕੀਕਤ ਇਹ ਹੈ ਕਿ ਵੱਡੀ ਗਿਣਤੀ ਅੰਧ-ਭਗਤ ਪੈਰੋਕਾਰ ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਅਜਿਹੇ ਧਸੇ ਹੋਏ ਹਨ ਕਿ ਉਹ ਡੇਰਾ ਮੁਖੀ ਦੇ ਕਾਲੇ ਕਾਰਨਾਮਿਆਂ ਤੋਂ ਅੱਖਾਂ ਮੀਟ ਕੇ ਇਸ ਨੂੰ ਅਜੇ ਵੀ ਵਿਰੋਧੀਆਂ ਦੀ ਸਾਜ਼ਸ਼ ਕਰਾਰ ਦੇ ਰਹੇ ਹਨ। ਲੋਕਾਂ ਨੂੰ ਜ਼ਿੰਦਗੀ ਵਿਚ ਤਕਰਸ਼ੀਲ ਸੋਚ, ਸੰਘਰਸ਼ ਅਤੇ ਸਵੈ-ਵਿਸ਼ਵਾਸ ਦੀ ਭਾਵਨਾ ਅਪਣਾ ਕੇ ਅਜਿਹੇ ਪਾਖੰਡੀ ਬਾਬਿਆਂ ਅਤੇ ਡੇਰਿਆਂ ਤੋਂ ਪਿੱਛਾ ਛੁਡਾਉਣਾ ਚਾਹੀਦਾ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

11-11-2021

ਮਿਲਾਵਟਖੋਰਾਂ ਨੂੰ ਮਿਲੇ ਸਜ਼ਾ

ਅਸੀਂ ਜਾਣਦੇ ਹਾਂ ਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਮਿਲਾਵਟਖੋਰ ਵੀ ਅਜਿਹੇ ਸਮਿਆਂ ਵਿਚ ਕਿਰਿਆਸ਼ੀਲ ਹੋ ਜਾਂਦੇ ਹਨ। ਇਹ ਲੋਕ ਆਪਣੇ ਥੋੜ੍ਹੇ ਜਿਹੇ ਫਾਇਦੇ ਲਈ, ਲੋਕਾਂ ਦੇ ਖਾਣ-ਪੀਣ ਦੇ ਸਾਮਾਨ ਵਿਚ ਮਿਲਾਵਟ ਕਰਕੇ ਲੋਕਾਂ ਦੀ ਜਾਨ ਨੂੰ ਜੋਖ਼ਮ ਵਿਚ ਪਾਉਣ ਤੋਂ ਨਹੀਂ ਝਿਜਕਦੇ ਨੇ। ਸਰਕਾਰ ਨੂੰ ਇਨ੍ਹਾਂ ਲੋਕਾਂ ਦੇ ਇਰਾਦਿਆਂ ਨੂੰ ਨਾਕਾਮ ਕਰਨ ਲਈ ਨਿਯਮਾਂ ਨੂੰ ਸਖ਼ਤ ਕਰਨਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਪ੍ਰਬੰੰਧ ਕਰਨੇ ਚਾਹੀਦੇ ਹਨ ਕਿ ਇਨ੍ਹਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਇਸ ਦੇ ਨਾਲ ਹੀ ਆਮ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸਮੂਹਿਕ ਤੌਰ 'ਤੇ ਮਿਲਾਵਟ ਕਰਨ ਵਾਲਿਆਂ ਦਾ ਬਾਈਕਾਟ ਕਰਨ ਤੇ ਅਜਿਹੇ ਲੋਕਾਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਨੂੰ ਖ਼ਰੀਦਣਾ ਬੰਦ ਕਰ ਦੇਣ। ਯਾਦ ਰੱਖੋ ਕਿ ਅਸੀਂ ਸਰਕਾਰ ਜਾਂ ਪ੍ਰਸ਼ਾਸਨ 'ਤੇ ਸਦਾ ਨਿਰਭਰ ਨਹੀਂ ਰਹਿ ਸਕਦੇ। ਇਸ ਲਈ ਸਾਨੂੰ ਆਪਣੇ ਪੱਧਰ 'ਤੇ ਵੀ ਜਾਗਰੂਕ ਹੋਣਾ ਚਾਹੀਦਾ ਹੈ।

-ਸਾਕਸ਼ੀ ਸ਼ਰਮਾ
ਕੇ.ਐਮ.ਵੀ. ਕਾਲਜ, ਜਲੰਧਰ।

ਟੁੱਟੀਆਂ ਸੜਕਾਂ ਦੀ ਸਮੱਸਿਆ

ਅਸੀਂ ਨਗਰ ਨਿਗਮ ਅੰਮ੍ਰਿਤਸਰ ਵਿਚ ਸਥਿਤ ਪਿੰਡ ਸੁਲਤਾਨਵਿੰਡ ਵਿਚ ਪੱਤੀਆਂ ਦਾਦੂ ਜਲ੍ਹਾ, ਮਲਕੋ ਅਤੇ ਭਾਈ ਜੀਵਨ ਸਿੰਘ ਦੇ ਨਿਵਾਸੀ ਹਾਂ। ਸਾਡੇ ਘਰ ਚੌਹਾਨ ਡੇਅਰੀ ਤੋਂ ਬਾਬਾ ਸੁੱਲ੍ਹਾ ਤੱਕ ਜਾਂਦੀ ਸੜਕ 'ਤੇ ਹਨ, ਜੋ ਪਿਛਲੇ 10 ਸਾਲਾਂ ਦੌਰਾਨ ਇਹ ਸੜਕ ਨਿਊ ਅੰਮ੍ਰਿਤਸਰ ਦੇ ਸੀਵਰੇਜ ਦੇ ਨਿਕਾਸ ਲਈ ਦੋ ਵਾਰ ਪੁੱਟੀ ਗਈ। ਬਿਨਾਂ ਕਿਸੇ ਰਿਪੇਅਰ ਦੇ ਉਸੇ ਮਲਬੇ ਨਾਲ ਉਸ ਨੂੰ ਪੂਰ ਦਿੱਤਾ ਜਾਂਦਾ ਰਿਹਾ ਹੈ। ਰਸਤੇ ਦੇ ਟੋਏ, ਇੱਟਾਂ-ਰੋੜੇ ਤੇ ਗੰਦੇ ਪਾਣੀ ਦੀਆਂ ਛਪੜੀਆਂ ਨੇ ਆਵਾਜਾਈ ਮੁਹਾਲ ਕੀਤੀ ਹੋਈ ਹੈ। ਇਹ ਸੜਕ ਸ਼ਹਿਰ ਦੀ ਸਭ ਤੋਂ ਵੱਧ ਖ਼ਰਾਬ ਤੇ ਅਣਗੌਲੀ ਹੈ। ਪਹਿਲਾਂ ਪਿੰਡ ਦੇ ਨਗਰ ਨਿਗਮ ਦਾ ਹਿੱਸਾ ਬਣਨ ਵੇਲੇ ਤੇ ਫਿਰ ਸ਼ਹਿਰ ਦੇ ਸਮਾਰਟ ਸਿਟੀ ਦੇ ਐਲਾਨ ਵੇਲੇ ਇਸ ਸੜਕ ਸੁਧਾਰ ਦੀ ਆਸ ਬਣੀ ਸੀ ਪ੍ਰੰਤੂ ਹੁਣ ਤਾਂ ਲਗਦਾ ਹੈ ਕਿ ਜੇ ਪੰਚਾਇਤ ਹੀ ਰਹਿੰਦੀ ਤਾਂ ਸ਼ਾਇਦ ਹਾਲਤ ਬਿਹਤਰ ਹੁੰਦੇ। ਮਸਲਾ ਕਈ ਵਾਰ ਵਿਧਾਇਕ ਤੇ ਕੌਂਸਲਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਆਸ ਕਰਦੇ ਹਾਂ ਕਿ ਇਹ ਮਸਲਾ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਜਾਵੇਗਾ ਤੇ ਸੜਕਾਂ ਦੀ ਮੁਰੰਮਤ ਹੋ ਜਾਵੇਗੀ।

-ਕਸ਼ਮੀਰ ਸਿੰਘ

ਸ਼ਲਾਘਾਯੋਗ ਲੇਖ

ਪਿਛਲੇ ਦਿਨੀਂੰ ਸੰਪਾਦਕੀ ਸਫ਼ੇ 'ਤੇ 'ਨਸ਼ਾ ਪੀੜਤਾਂ ਨੂੰ ਸਜ਼ਾ ਤੋਂ ਵੱਧ ਲੋੜ ਹੁੰਦੀ ਹੈ ਇਲਾਜ ਦੀ' ਪੜ੍ਹਿਆ। ਬਿਲਕੁਲ ਸਹੀ ਲਿਖਿਆ ਹੈ। ਨਸ਼ੇੜੀਆਂ ਦਾ ਪਹਿਲਾ ਕੰਮ ਹੈ ਬੇਝਿਜਕ ਆਪਣੀ ਸਮੱਸਿਆ ਨੂੰ ਮੰਨ ਲੈਣਾ ਅਤੇ ਹਸਪਤਾਲ ਦਾਖ਼ਲ ਕੀਤੇ ਜਾਣ ਲਈ ਕਹਿਣਾ। ਇਹ ਕਦਮ ਇਸ ਲਈ ਚਾਹੀਦਾ ਹੈ ਕਿ ਇਲਾਜ ਕਰਵਾਉਣ ਵਾਲੇ ਦਾ ਮੁੜ ਨਸ਼ਾ ਵਰਤਣ ਲਈ ਜੀਅ ਨਾ ਕਰ ਆਵੇ। ਨਸ਼ਾ ਛੱਡਣ ਤੋਂ ਪਹਿਲਾਂ ਆਪਣੇ ਪੁਰਾਣੇ ਨਸ਼ੇੜੀਆਂ ਦੀ ਸੋਬਤ ਦੇ ਸਾਰੇ ਸੰਬੰਧ ਤੋੜ ਲੈਣੇ ਚਾਹੀਦੇ ਹਨ। ਨਸ਼ੇੜੀ ਆਦਮੀ ਕਹਿੰਦਾ ਹੈ ਕਿ ਮੈਂ ਇਕ ਵਾਰੀ ਨਸ਼ਾ ਵਰਤਾਂਗਾ, ਉਸ ਤੋਂ ਬਾਅਦ ਨਹੀਂ ਕਰੂੰਗਾ ਪਰ ਇਹ ਸਭ ਫਜ਼ੂਲ ਹਨ। ਪੁਰਾਣੀ ਕਹਾਵਤ ਹੈ ਕਿ 'ਵਿਹਲਾ ਮਨ, ਸ਼ੈਤਾਨ ਦਾ ਘਰ' ਅੱਜ ਵੀ ਓਨੀ ਸੱਚੀ ਹੈ। ਨਸ਼ੇ ਵਾਲੇ ਵਿਅਕਤੀ ਨੂੰ ਨਸ਼ਾ ਛੱਡਣ ਤੋਂ ਬਾਅਦ ਕੰਮ ਵਿਚ ਰੁੱਝੇ ਰਹਿਣਾ ਚਾਹੀਦਾ ਹੈ। ਇਹ ਇਲਾਜ ਦੇ ਪਿੱਛੋਂ ਪੁਨਰਵਾਸ ਦਾ ਹਿੱਸਾ ਹੈ। ਨਸ਼ਾ ਛੱਡਣ ਵਾਲਿਆਂ ਦੀ ਬਾਅਦ ਵਿਚ ਵੀ ਦੇਖ-ਰੇਖ ਕਰਨੀ ਚਾਹੀਦੀ ਹੈ। ਮਾਪਿਆਂ ਦੋਸਤਾਂ ਨੂੰ ਨਸ਼ੇ ਤੋਂ ਮੁਕਤ ਹੋ ਗਏ ਵਿਅਕਤੀ ਨੂੰ ਆਪਣੇ ਮਨ ਦੀ ਸ਼ਾਂਤੀ ਗ੍ਰਹਿਣ ਕਰਨ ਲਈ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ 'ਤੇ ਸਖ਼ਤੀ ਵਾਲਾ ਵਰਤਾਓ ਨਾ ਕਰੋ। ਉਨ੍ਹਾਂ ਦਾ ਇਲਾਜ ਕਰਵਾਓ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਕੈਪਟਨ ਅਮਰਿੰਦਰ ਦੀ ਨਵੀਂ ਪਾਰਟੀ

ਹੱਥ ਵਿਚ ਸ੍ਰੀ ਗੁਟਕਾ ਸਾਹਿਬ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰ ਬਣਾਉਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੌਰਾਨ ਕੇਵਲ ਸੱਤਾ ਦਾ ਸੁੱਖ ਹੀ ਮਾਣਦੇ ਰਹੇ। ਕੈਪਟਨ ਸਰਕਾਰ ਦਾ ਕੁਝ ਸਮਾਂ ਕੋਰੋਨਾ ਮਹਾਂਮਾਰ ਨੇ ਲੰਘਾ ਦਿੱਤਾ ਅੰਤਲੇ ਸਮੇਂ ਵਿਚ ਜਦੋਂ ਲੋਕਾਂ ਨੂੰ ਕੁਝ ਉਮੀਦ ਬਾਕੀ ਸੀ, ਉਦੋਂ ਵੀ ਕੈਪਟਨ ਬਨਾਮ ਸਿੱਧੂ ਕਾਟੋ ਕਲੇਸ਼ ਦੀਆਂ ਖ਼ਬਰਾਂ ਤੋਂ ਬਿਨਾਂ ਲੋਕਾਂ ਪੱਲੇ ਕੁਝ ਵੀ ਨਹੀਂ ਪਿਆ। ਪੰਜਾਬ ਸਰਕਾਰ ਦੀਆਂ ਪਿਛਲੇ ਸਾਢੇ ਚਾਰ ਸਾਲ ਨਾਕਾਮੀਆਂ ਨੂੰ ਛੁਪਾਉਣ ਅਤੇ ਇਸ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਕੇ ਚਰਨਜੀਤ ਸਿੰਘ ਚੰਨੀ ਨੂੰ ਬਿਰਾਜਮਾਨ ਕਰ ਦਿੱਤਾ। ਜਿਸ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਫੀ ਬੇਇਜ਼ਤੀ ਮਹਿਸੂਸ ਕੀਤੀ ਅਤੇ ਭਾਜਪਾ ਦੇ ਕੇਂਦਰੀ ਮੰਤਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਕਿਸਾਨ ਮਸਲਾ ਹੱਲ ਕਰਵਾਉਣ ਦੀਆਂ ਚਰਚਾਵਾਂ ਵੀ ਸੁਣਨ ਨੂੰ ਮਿਲੀਆਂ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਕਾਂਗਰਸ ਪਾਰਟੀ ਤੋਂ ਕਿਨਾਰਾ ਕਰ ਕੇ ਪੰਜਾਬ ਲੋਕ ਕਾਂਗਰਸ ਨਾਂਅ ਦੀ ਨਵੀਂ ਖੇਤਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਆਦਿ ਵਰਗੀਆਂ ਪੰਜਾਬ ਦੀਆਂ ਮੌਜੂਦਾ ਸਥਾਪਤ ਪਾਰਟੀਆਂ ਦੇ ਬਰਾਬਰ ਖੜ੍ਹਨ ਵਿਚ ਕਿੰਨੀ ਕੁ ਸਫਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਸ ਨਾਲੋਂ ਪਹਿਲਾਂ ਵੀ ਗੁਰਚਰਨ ਸਿੰਘ ਟੌਹੜਾ, ਮਨਪ੍ਰੀਤ ਸਿੰਘ ਬਾਦਲ, ਸੁਖਪਾਲ ਸਿੰਘ ਖਹਿਰਾ, ਜਗਮੀਤ ਸਿੰਘ ਬਰਾੜ ਆਦਿ ਦਿਗਜ਼ ਲੀਡਰਾਂ ਨੇ ਆਪਣੀਆਂ ਪਾਰਟੀਆਂ ਤੋਂ ਨਾਰਾਜ਼ ਹੋ ਕੇ ਵੱਖਰੀਆਂ ਨਵੀਆਂ ਪਾਰਟੀਆਂ ਬਣਾਈਆਂ ਸਨ, ਪਰ ਬਾਅਦ ਵਿਚ ਉਨ੍ਹਾਂ ਨੂੰ ਕਿਸੇ ਨਾ ਕਿਸੇ ਮੌਜੂਦ ਸਥਾਪਤ ਪਾਰਟੀ ਵਿਚ ਹੀ ਰਲੇਵਾਂ ਕਰਨਾ ਪਿਆ।

-ਚਾਨਣ ਸਿੰਘ ਔਲਖ
ਪਿੰਡ ਗੁਰਨੇ ਖੁਰਦ (ਮਾਨਸਾ)।

ਬਹੁਤੇ ਆਰਾਮਪ੍ਰਸਤ ਨਾ ਬਣੋ

ਜਦੋਂ ਕੰਮ ਕਰਦੇ ਥੱਕ ਜਾਓ ਤਾਂ ਆਰਾਮ ਕਰਨਾ ਬੁਰੀ ਗੱਲ ਨਹੀਂ। ਇੰਜ ਕੀਤਾ ਆਰਾਮ ਤੁਹਾਡੇ ਅੰਦਰ ਹੋਰ ਕੰਮ ਕਰਨ ਲਈ ਊਰਜਾ ਪੈਦਾ ਕਰ ਦਿੰਦਾ ਹੈ। ਪਰ ਕਈ ਵਾਰੀ ਅਸੀਂ ਆਰਾਮ ਦੇ ਅਸਲੀ ਗੁਣ ਨੂੰ ਭੁੱਲ ਜਾਂਦੇ ਹਾਂ ਅਤੇ ਇਸ ਨੂੰ ਬੇਲੋੜਾ ਖਿੱਚ ਲੈਂਦੇ ਹਾਂ। ਇਹ ਹੌਲੀ-ਹੌਲੀ ਆਦਤ ਬਣ ਜਾਂਦੀ ਹੈ ਅਤੇ ਤੁਸੀਂ ਸਦਾ ਲੇਟੇ ਰਹਿਣਾ ਹੀ ਪਸੰਦ ਕਰਦੇ ਹੋ। ਇਸ ਨਾਲ ਸਰੀਰ ਵਿਚ ਵਿਘਨ ਪੈ ਜਾਂਦਾ ਹੈ। ਤੁਹਾਡਾ ਖਾਧਾ-ਪੀਤਾ ਹਜ਼ਮ ਨਹੀਂ ਹੁੰਦਾ। ਸਰੀਰ ਵਿਚ ਚਰਬੀ ਪੈਦਾ ਹੋ ਜਾਂਦੀ ਹੈ। ਮੋਟਾਪ ਇਕ ਤਰ੍ਹਾਂ ਦੀ ਬਿਮਾਰੀ ਹੈ। ਜਲਦੀ ਸਾਹ ਚੜ੍ਹ ਜਾਂਦਾ ਹੈ ਅਤੇ ਸਰੀਰ ਦੁਬਾਰਾ ਆਰਾਮ ਮੰਗਦਾ ਹੈ। ਆਰਾਮ ਅਤੇ ਕੰਮ ਵਿਚ ਸੰਤੁਲਨ ਰੱਖੋ। ਸਰੀਰ ਨਿਰੋਗ ਰਹੋਗਾ।

-ਗੁਰਸ਼ਰਨ ਸਿੰਘ ਨਰੂਲਾ
ਨਿਊ ਪਟੇਲ ਨਗਰ, ਹੈਬੋਵਾਲ ਕਲਾਂ, ਲੁਧਿਆਣਾ

10-11-2021

 ਜਲ੍ਹਿਆਂਵਾਲਾ ਬਾਗ਼ ਸੰਬੰਧੀ ਅਪੀਲ

ਕੇਂਦਰ ਸਰਕਾਰ ਵਲੋਂ ਸੁੰਦਰੀਕਰਨ ਦੇ ਨਾਂਅ ਹੇਠ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਇਤਿਹਾਸਕ ਵਿਰਾਸਤ ਨਾਲ ਛੇੜ-ਛਾੜ ਕਰਕੇ ਇਸ ਨੂੰ ਲੋਕ ਮਨਾਂ 'ਚੋਂ ਮਿਟਾਉਣ ਦੀਆਂ ਸਾਜਿਸ਼ਾਂ ਦੇ ਖਿਲਾਫ਼ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਮੋਦੀ ਸਰਕਾਰ ਕਿਸਾਨ ਸੰਘਰਸ਼ ਵਾਂਗ ਇਸ ਦੀ ਕੋਈ ਪ੍ਰਵਾਹ ਨਹੀਂ ਕਰ ਰਹੀ। ਇਸ ਵਿਵਾਦ ਦੇ ਹੱਲ ਸੰਬੰਧੀ ਲੋਕਪੱਖੀ ਇਤਿਹਾਸਕਾਰਾਂ ਦੀ ਇਕ ਕਮੇਟੀ ਦਾ ਗਠਨ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦਾ ਇਕ ਵਫ਼ਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਸਮਾਂ ਲੈ ਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ 'ਤੇ ਮਿਲਣ ਗਿਆ ਸੀ ਪਰ ਮੁੱਖ ਮੰਤਰੀ ਨੇ ਵਫਦ ਨਾਲ ਖੜ੍ਹੇ-ਖੜ੍ਹੇ ਸਿਰਫ ਦੋ ਮਿੰਟ ਗੱਲ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਉਤੇ ਗੌਰ ਕਰਨ ਦਾ ਵੀ ਕੋਈ ਹੁੰਗਾਰਾ ਨਹੀਂ ਭਰਿਆ।
ਇਸ ਦੇ ਰੋਸ ਵਜੋਂ ਦੇਸ਼ ਭਗਤ ਯਾਦਗਾਰੀ ਕਮੇਟੀ ਵਲੋਂ 23 ਅਕਤੂਬਰ ਨੂੰ ਜਲ੍ਹਿਆਂਵਾਲਾ ਬਾਗ਼ ਦੇ ਸਾਹਮਣੇ ਸਮੂਹ ਜਨਤਕ ਜਥੇਬੰਦੀਆਂ ਨੂੰ ਨਾਲ ਲੈ ਕੇ ਇਕ ਜ਼ਬਰਦਸਤ ਰੋਸ ਰੈਲੀ ਵੀ ਕੀਤੀ ਗਈ। ਇਸ ਗੱਲ ਦੀ ਖੁਸ਼ੀ ਹੈ ਕਿ 'ਅਜੀਤ' ਅਖ਼ਬਾਰ ਇਸ ਬੇਹੱਦ ਅਹਿਮ ਲੋਕਪੱਖੀ ਮਸਲੇ ਨੂੰ ਵਿਸ਼ੇਸ਼ ਰਿਪੋਰਟਾਂ ਅਤੇ ਲੇਖਾਂ ਰਾਹੀਂ ਬੜੀ ਪ੍ਰਮੁੱਖਤਾ ਨਾਲ ਉਠਾ ਰਿਹਾ ਹੈ ਪਰ ਦੋਵੇਂ ਸਰਕਾਰਾਂ ਦੇ ਕੰਨ ਉਤੇ ਜੂੰ ਨਹੀਂ ਸਰਕ ਰਹੀ। ਪਰ ਦੇਸ਼ ਆਜ਼ਾਦੀ ਖਾਤਿਰ ਜਾਨਾਂ ਵਾਰਨ ਵਾਲੇ ਅਜਿਹੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸੱਤਾ ਦਾ ਅਨੰਦ ਮਾਣ ਰਹੇ ਕੇਂਦਰ ਅਤੇ ਪੰਜਾਬ ਦੇ ਹੁਕਮਰਾਨਾਂ ਨੂੰ ਸ਼ਹੀਦਾਂ ਦੀ ਇਤਿਹਾਸਕ ਵਿਰਾਸਤ ਅਤੇ ਤੱਥਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਰੋਜ਼ਾਨਾ ਆਉਂਦੇ ਲੱਖਾਂ ਸੈਲਾਨੀ, ਬਾਗ਼ ਦਾ ਮੂਲ ਸਰੂਪ ਵਿਗਾੜਨ ਅਤੇ ਦਾਖਲਾ ਟਿਕਟ ਲਾਉਣ ਦੇ ਖ਼ਦਸ਼ੇ ਕਰਕੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰ ਰਹੇ ਹਨ। ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਪੱਖੀ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀ ਕਮੇਟੀ ਬਣਾ ਕੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਜਲ੍ਹਿਆਂਵਾਲਾ ਬਾਗ਼ ਦਾ ਇਤਿਹਾਸਕ ਮੂਲ ਸਰੂਪ ਬਹਾਲ ਕਰਨ ਦੀ ਨੇਕਨੀਅਤੀ ਵਿਖਾਉਣੀ ਚਾਹੀਦੀ ਹੈ।

-ਸੁਮੀਤ ਸਿੰਘ
ਮੋਹਣੀ ਪਾਰਕ, ਅੰਮ੍ਰਿਤਸਰ।

ਕਿਹੋ ਜਿਹਾ ਹੋਵੇ ਨੇਤਾ?

ਹਰੇਕ ਸਮੂਹ ਭਾਵੇਂ ਉਹ ਰਸਮੀ ਹੋਵੇ ਜਾਂ ਗ਼ੈਰ-ਰਸਮੀ, ਸੁਭਾਵਿਕ ਹੋਵੇ ਜਾਂ ਸੰਗਠਿਤ, ਉਸ ਦਾ ਨੇਤਾ ਜ਼ਰੂਰ ਹੁੰਦਾ ਹੈ। ਨੇਤਾ ਉਹ ਵਿਅਕਤੀ ਹੁੰਦਾ ਹੈ ਜੋ ਸਮੂਹ ਦੀਆਂ ਕਿਰਿਆਵਾਂ ਨੂੰ ਚਲਾਉਂਦਾ ਹੈ ਅਤੇ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਅਤੇ ਪ੍ਰੇਮ ਪਿਆਰ ਦੀ ਭਾਵਨਾ ਨੂੰ ਪੱਕਾ ਕਰਦਾ ਹੈ। ਇਹ ਮੈਂਬਰਾਂ ਨੂੰ ਇਕ ਸਾਥ ਸੋਚਣ, ਮਹਿਸੂਸ ਕਰਨ ਤੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਨੇਤਾ ਦੀ ਯੋਗ ਜਾਂ ਅਯੋਗ ਅਗਵਾਈ ਕਾਰਨ ਹੀ ਸਮੂਹ ਤਰੱਕੀ ਕਰਦਾ ਹੈ ਜਾਂ ਟੁੱਟ ਜਾਂਦਾ ਹੈ। ਪ੍ਰਮੁੱਖ ਤੌਰ 'ਤੇ ਨੇਤਾ ਦੋ ਤਰ੍ਹਾਂ ਦੇ ਹੁੰਦੇ ਹਨ, ਪਹਿਲੇ ਤਾਨਾਸ਼ਾਹ ਨੇਤਾ ਤੇ ਦੂਜੇ ਲੋਕਤਾਂਤਰਿਕ ਨੇਤਾ। ਤਾਨਾਸ਼ਾਹ ਨੇਤਾ ਸਰਬ ਅਧਿਕਾਰ ਪੂਰਨ ਤੇ ਹਿੰਸਕ ਹੁੰਦੇ ਹਨ। ਉਹ ਆਪਣੇ ਸਾਥੀਆਂ ਨਾਲ ਸਲਾਹ ਕੀਤੇ ਬਿਨਾਂ ਹੀ ਯੋਜਨਾਵਾਂ ਬਣਾਉਂਦੇ ਤੇ ਲਾਗੂ ਕਰਦੇ ਹਨ। ਜਦੋਂਕਿ ਲੋਕਤੰਤਰਿਕ ਨੇਤਾ ਸਹਿਯੋਗੀ ਹੁੰਦੇ ਹਨ ਉਹ ਆਪਣੀਆਂ ਇਛਾਵਾਂ ਸਮੂਹ ਦੇ ਮੈਂਬਰਾਂ 'ਤੇ ਠੋਸਦੇ ਨਹੀਂ, ਸਗੋਂ ਉਨ੍ਹਾਂ ਨੂੰ ਪਿਛੇ ਲੱਗਣ ਲਈ ਰਾਜ਼ੀ ਕਰਦੇ ਹਨ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।

ਵਧ ਰਹੇ ਸੜਕ ਹਾਦਸੇ

ਦਿਨੋ-ਦਿਨ ਵਧ ਰਹੇ ਸੜਕ ਹਾਦਸੇ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜ਼ਿਆਦਾਤਰ ਸੜਕ ਦੁਰਘਟਨਾਵਾਂ ਵਿਚ ਲਾਪ੍ਰਵਾਹੀ ਦੀ ਗੱਲ ਸਾਹਮਣੇ ਆਉਂਦੀ ਹੈ, ਜਿਵੇਂ ਓਵਰਟੇਕ, ਓਵਰਲੋਡਿੰਗ ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ ਤੇਜ਼ ਰਫ਼ਤਾਰ ਆਦਿ। ਇਸ ਤੋਂ ਇਲਾਵਾ ਜ਼ਿਆਦਾਤਰ ਸੜਕ ਹਾਦਸੇ ਟੁੱਟੀਆਂ ਸੜਕਾਂ, ਅਵਾਰਾ ਪਸ਼ੂਆਂ ਦੇ ਅਚਾਨਕ ਸਾਹਮਣੇ ਆਉਣ ਕਰਕੇ ਹੁੰਦੇ ਹਨ। ਕਈ ਸੜਕਾਂ 'ਤੇ ਵੱਡੇ-ਵੱਡੇ ਖੱਡੇ ਪਏ ਹੁੰਦੇ ਹਨ, ਜੋ ਕਿ ਬਰਸਾਤਾਂ ਵਿਚ ਬਰਸਾਤੀ ਪਾਣੀ ਨਾਲ ਭਰਨ ਕਰਕੇ ਦਿਖਾਈ ਨਹੀਂ ਦਿੰਦੇ ਤੇ ਜਦੋਂ ਤੇਜ਼ ਰਫ਼ਤਾਰ ਵਾਹਨ ਆਉਂਦੇ ਨੇ ਤਾਂ ਵਾਹਨ ਅਕਸਰ ਬੇਕਾਬੂ ਹੋ ਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਵਾਰ ਵਾਹਨ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਵਿਚ ਆਪਣੇ ਵਾਹਨ 'ਤੇ ਕਾਬੂ ਨਹੀਂ ਰੱਖ ਪਾਉਂਦੇ, ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ। ਸੜਕ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਵੀ ਹੈ, ਜੇਕਰ ਅਸੀਂ ਸਾਰੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰੀਏ ਤਾਂ ਅਸੀਂ ਸੜਕ ਹਾਦਸਿਆਂ ਨੂੰ ਘੱਟ ਕਰ ਸਕਦੇ ਹਾਂ।

-ਸਾਕਸ਼ੀ ਸ਼ਰਮਾ, ਜਲੰਧਰ।

ਬੇਰੁਜ਼ਗਾਰੀ ਅਹਿਮ ਮੁੱਦਾ

ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਗਲੇ ਕੁਝ ਮਹੀਨਿਆਂ 'ਚ ਹੋਣ ਜਾ ਰਹੀਆਂ ਹਨ। ਬੇਰੁਜ਼ਗਾਰੀ ਕਦੀ ਵੀ ਚੁਣਾਵੀ ਮੁੱਦਾ ਨਹੀਂ ਬਣਦਾ। ਪੰਜਾਬ ਦੀ ਤ੍ਰਾਸਦੀ ਇਹ ਹੈ ਕਿ 10+2 ਕਰਨ ਤੋਂ ਬਾਅਦ ਹਰ ਪੰਜਾਬ ਦਾ ਬੱਚਾ ਆਈਲੈਟਸ ਕਰ ਬਾਹਰ ਦਾ ਰੁਖ਼ ਕਰ ਰਿਹਾ ਹੈ। ਉਸ ਨੂੰ ਇਥੇ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਕਾਲਜ ਖਾਲੀ ਹੋ ਰਹੇ ਹਨ। ਉਲਟਾ ਬੱਚਿਆਂ ਨੂੰ ਸਰਕਾਰਾਂ ਰਾਜਨੀਤਕ ਪਾਰਟੀਆਂ ਰੁਜ਼ਗਾਰ ਦੇਣ ਦੀ ਜਗ੍ਹਾ ਮੁਫ਼ਤ ਬਿਜਲੀ, ਮੁਫ਼ਤ ਸਹੂਲਤਾਂ ਦੇ ਲੋਕਾਂ ਨੂੰ ਨਕਾਰਾ ਕਰ ਰਹੀਆਂ ਹਨ। ਮੁਫ਼ਤ ਸਹੂਲਤਾਂ ਕਾਰਨ ਮੱਧ ਸ਼੍ਰੇਣੀ ਦੇ ਲੋਕਾਂ 'ਤੇ ਸਾਰਾ ਬੋਝ ਪੈ ਰਿਹਾ ਹੈ।
ਜੇਕਰ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਿਆ ਬਾਹਰ ਦਾ ਪ੍ਰਸਾਰ ਨਾ ਘਟਿਆ ਤਾਂ ਪੰਜਾਬ ਵਿਚ ਪੁਲਿਸ, ਪੈਰਾਮਿਲਟਰੀ ਫੋਰਸ ਵਿਚ ਜਵਾਨ ਭਰਤੀ ਲਈ ਨਹੀਂ ਮਿਲਣਗੇ। ਪੰਜਾਬ ਵਿਚ ਪ੍ਰਵਾਸੀਆਂ ਦਾ ਰਾਜ ਹੋਵੇਗਾ, ਸਾਡੇ ਵਰਗੇ ਬੁੱਢੇ ਮਿਲਣਗੇ, ਜੋ ਦੇਸ਼ ਲਈ ਬੋਝ ਹੋਣਗੇ। ਸਰਕਾਰਾਂ ਤੇ ਰਾਜਨੀਤਕ ਪਾਰਟੀਆਂ ਨੂੰ ਪੰਜਾਬ ਤੇ ਪੰਜਾਬ ਵਿਚ ਵਸ ਰਹੇ ਪੰਜਾਬੀਆਂ ਬਾਰੇ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ ਸੋਚ ਸੌੜੀ ਰਾਜਨੀਤੀ ਤਿਆਗ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕਣਾ ਚਾਹੀਦਾ ਹੈ। ਕਿਸਾਨੀ ਸੰਘਰਸ਼, ਕੇਂਦਰ ਸਰਕਾਰ 'ਤੇ ਦਬਾਓ ਬਣਾ ਖਤਮ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ, ਪੁਲਿਸ।

09-11-2021

 ਪਟਾਕਿਆਂ ਨੇ ਵਿਗਾੜੀ ਦਿੱਲੀ ਦੀ ਆਬੋ-ਹਵਾ

ਹਾਲ ਹੀ ਵਿਚ ਦਿੱਲੀ (ਐਨ.ਸੀ.ਆਰ.) 'ਚ ਪਟਾਕੇ ਚਲਾਉਣ ਤੇ ਵਿਕਰੀ 'ਤੇ ਲੱਗੀ ਪਾਬੰਦੀ ਦੇ ਬਾਵਜੂਦ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦੇਖਣ ਨੂੰ ਮਿਲਿਆ। ਜਿਸ ਕਾਰਨ ਆਸਮਾਨ ਵਿਚ ਮੋਟੀ ਧੂੰਏਂ ਦੀ ਪਰਤ ਦੇਖਣ ਨੂੰ ਮਿਲੀ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਦੀਵਾਲੀ ਵਾਲੇ ਦਿਨ ਦਿੱਲੀ ਦਾ ਏਅਰ ਇੰਡੈਕਸ 382 ਸੀ, ਜਦੋਂਕਿ ਅਗਲੇ ਦਿਨ ਸ਼ੁੱਕਰਵਾਰ ਨੂੰ ਇਹ 463 ਰਿਕਾਰਡ ਕੀਤਾ ਗਿਆ। ਗੁਰੂਗ੍ਰਾਮ ਵਿਚ 472 ਦਰਜ ਕੀਤਾ ਗਿਆ। 400 ਤੋਂ ਵੱਧ ਹਵਾ ਗੁਣਵੱਤਾ ਇੰਡੈਕਸ ਨੂੰ ਮਾੜਾ ਗਿਣਿਆ ਜਾਂਦਾ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿਚ ਵੀ ਪਟਾਕੇ ਚਲਾਉਣ 'ਤੇ ਪਾਬੰਦੀ ਸੀ। ਪ੍ਰਸ਼ਾਸਨ ਵਲੋਂ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਦੇ ਬਾਵਜੂਦ ਵੀ ਅੱਧੀ ਰਾਤ ਤੱਕ ਪਟਾਕੇ ਚਲਾਏ ਗਏ। ਪਟਾਕੇ ਚਲਾਉਣ 'ਤੇ ਕਈ ਕੇਸ ਵੀ ਦਰਜ ਕੀਤੇ ਗਏ ਹਨ। ਹਵਾ ਪ੍ਰਦੂਸ਼ਣ ਦੇ ਮਾਮਲਿਆਂ ਵਿਚ ਭਾਰਤ ਦੁਨੀਆ ਭਰ ਵਿਚ ਪਹਿਲੇ ਪੰਜ ਸਥਾਨਾਂ 'ਤੇ ਹੈ।
ਦੇਸ਼ ਭਰ ਵਿਚ ਹਵਾ ਪ੍ਰਦੂਸ਼ਣ ਕਾਰਨ ਹਰ ਰੋਜ਼ ਹਜ਼ਾਰ ਜਾਨਾਂ ਜਾ ਰਹੀਆਂ ਹਨ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪ੍ਰਦੂਸ਼ਣ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਆਮ ਜਨਤਾ ਨੂੰ ਸਰਕਾਰਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਠੋਸ ਯੋਜਨਾਵਾਂ ਉਲੀਕੀਆਂ ਜਾਣੀਆਂ ਚਾਹੀਦੀਆਂ ਹਨ। ਜੇ ਪ੍ਰਸ਼ਾਸਨ ਤੇ ਸਰਕਾਰਾਂ ਗੰਭੀਰ ਹੋਣਗੀਆਂ ਤਾਂ ਕਿਤੇ ਜਾ ਕੇ ਪ੍ਰਦੂਸ਼ਣ ਤੋਂ ਆਮ ਜਨਤਾ ਨੂੰ ਨਿਜਾਤ ਮਿਲ ਸਕੇਗੀ।

-ਸੰਜੀਵ ਸਿੰਘ ਸੈਣੀ
ਮੁਹਾਲੀ।

ਨਕਲੀਆਂ ਮਠਿਆਈਆਂ ਦੀ ਭਰਮਾਰ

ਦੁਸਹਿਰਾ, ਵਰਤ, ਦੀਵਾਲੀ, ਵਿਸਾਖੀ ਅਤੇ ਹੋਰ ਤਿਉਹਾਰਾਂ ਤੇ ਸਰਕਾਰ ਵਲੋਂ ਨਕਲੀ ਮਠਿਆਈਆਂ ਧੜਾ-ਧੜ ਫੜੀਆਂ ਜਾ ਰਹੀਆਂ ਹਨ, ਇਹ ਸਰਕਾਰ ਦਾ ਵਧੀਆ ਉਪਰਾਲਾ ਹੈ, ਪਰ ਸੋਚਣ ਦੀ ਲੋੜ ਹੈ, ਕੀ ਬਾਕੀ ਦਿਨਾਂ ਵਿੱਚ ਅਸੀਂ ਸਾਰੇ ਅਸਲੀ ਮਠਿਆਈਆਂ ਖਾ ਰਹੇ ਹਾਂ? ਅੱਜ ਇਹ ਕਾਲਾ ਧੰਦਾ ਵੱਡੀ ਗਿਣਤੀ ਵਿੱਚ ਪੈਰ ਪਸਾਰ ਚੁੱਕਾ ਹੈ। ਇਸ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਨੱਥ ਪਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾ ਸਕੇ।

-ਕੰਵਰਦੀਪ ਸਿੰਘ ਭੱਲਾ
ਪਿੱਪਲਾਂ ਵਾਲਾ, ਰਿਕਵਰੀ ਅਫਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।

ਮੁੱਖ ਮੰਤਰੀ ਚੰਨੀ ਦੇ ਵੱਡੇ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭ੍ਰਿਸ਼ਟਾਚਾਰੀ ਖ਼ਤਮ ਕਰਨ ਲਈ ਪ੍ਰਸ਼ਾਸਨ ਨੂੰ ਪਾਰਦਰਸ਼ੀ ਬਣਾਉਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਸਰਕਾਰੀ ਨੌਕਰੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਫਰਮਾਇਸ਼ ਅਤੇ ਰਿਸ਼ਵਤ ਨਹੀਂ ਚੱਲੇਗੀ।
ਨੌਜਵਾਨ ਵਰਗ ਮੁੱਖ ਮੰਤਰੀ ਚੰਨੀ ਦੇ ਇਸ ਸ਼ਲਾਘਾਯੋਗ ਫੈਸਲੇ ਦੀ ਪ੍ਰਸੰਸਾ ਕਰਦਾ ਹੈ। ਫ਼ਰਕ ਹੈ, ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੋਚ 'ਤੇ ਜੋ ਡਾ. ਬੀ.ਆਰ. ਅੰਬੇਡਕਰ ਦੇ ਨਕਸ਼ੇ ਕਦਮਾਂ ਉੱਪਰ ਚੱਲ ਰਹੀ ਹੈ। ਇਕ ਕਲਿਆਣਕਾਰੀ ਰਾਜ ਪਿੱਛੇ ਉਥੋਂ ਦੀ ਸਿੱਖਿਆ ਪ੍ਰਣਾਲੀ, ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਅਤੇ ਆਰਥਿਕ ਵਿਵਸਥਾ ਮੁੱਖ ਰੋਲ ਅਦਾ ਕਰਦੀ ਹੈ। ਜੇਕਰ ਰਾਜ ਦੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਲਿਆਂਦਾ ਜਾਵੇਗਾ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਤਾਂ ਆਟਾ-ਦਾਲ ਸਕੀਮ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਕ ਚੰਗੀ ਸਿੱਖਿਆ ਨੀਤੀ ਅਤੇ ਪਾਰਦਰਸ਼ੀ ਪ੍ਰਸ਼ਾਸ ਰਾਜ ਦਾ ਭਵਿੱਖ ਰੁਸ਼ਨਾ ਦਿੰਦਾ ਹੈ। ਉਮੀਦ ਹੈ ਕਿ ਮੁੱਖ ਮੰਤਰੀ ਚੰਨੀ ਦੇ ਕੀਤੇ ਹੋਏ ਐਲਾਨ ਭਵਿੱਖ ਵਿਚ ਲਾਗੂ ਹੋਣਗੇ ਅਤੇ ਪੰਜਾਬ ਇਕ ਕਲਿਆਣਕਾਰੀ ਰਾਜ ਵਜੋਂ ਉੱਭਰ ਕੇ ਸਾਹਮਣੇ ਆਵੇਗਾ।

-ਸਿਮਰਨਦੀਪ ਕੌਰ ਬੇਦੀ
ਬਾਬਾ ਨਾਮਦੇਵ ਨਗਰ, ਘੁਮਾਣ।

08-11-2021

 ਮਾਂ-ਬੋਲੀ ਪੰਜਾਬੀ ਪ੍ਰਤੀ ਵਫ਼ਾਦਾਰੀ
ਪੰਜਾਬੀ ਬੋਲੀ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਬੋਲੀ ਹੈ ਪਰ ਇਸ ਉਤੇ ਚੁਫੇਰਿਓਂ ਇਸ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਅਸੀਂ ਪੰਜਾਬੀ ਹੋਣ ਕਾਰਨ ਇਸ ਉਤੇ ਮਾਣ ਮਹਿਸੂਸ ਕਰਦੇ ਹਾਂ।
ਸਾਡਾ ਸਾਰੇ ਪੰਜਾਬੀਆਂ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਆਪਣੇ ਘਰਾਂ ਵਿਚ ਸ਼ਹਿਰ ਹੋਵੇ ਜਾਂ ਪਿੰਡ, ਪੰਜਾਬੀ ਅਖ਼ਬਾਰ ਲਵਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਸ਼ੁਰੂ ਤੋਂ ਹੀ ਆਪਣੀ ਮਾਤ ਭਾਸ਼ਾ ਪੰਜਾਬੀ ਉਤੇ ਪੜ੍ਹਨ-ਲਿਖਣ ਦੀ ਚੰਗੀ ਪਕੜ ਬਣਾ ਸਕਣ ਬੇਸ਼ੱਕ ਬੱਚੇ ਅੰਗਰੇਜ਼ੀ ਵੀ ਪੜ੍ਹਦੇ ਹਨ ਪਰ ਪੰਜਾਬੀ ਬੋਲਣ ਵਿਚ ਮੁਹਾਰਤ ਹਾਸਲ ਹੋਣੀ ਚੰਗੀ ਗੱਲ ਹੈ। ਅੱਜਕਲ੍ਹ ਪੰਜਾਬੀ ਪੜ੍ਹਨ ਬਗੈਰ ਆਪਸੀ ਰਿਸ਼ਤੇ-ਨਾਤੇ ਵੀ ਭੁੱਲਦੇ ਜਾ ਰਹੇ ਹਨ। ਚਾਚੀ, ਤਾਈ, ਮਾਸੀ, ਮਾਮੀ, ਫੁਫੜ, ਚਾਚੇ, ਤਾਏ ਆਦਿ ਪਵਿੱਤਰ ਰਿਸ਼ਤਿਆਂ ਨੂੰ ਆਂਟੀ ਅੰਕਲ ਦੇ ਪੇਪਰ ਵਿਚ ਵਲੇਟ ਪਰੋਸ ਰਹੇ ਹਾਂ ਜੋ ਮਾਂ-ਬੋਲੀ ਨਾਲ ਬੇਇਨਸਾਫ਼ੀ ਹੈ। ਸੋ, ਆਓ ਆਪਣਾ ਫ਼ਰਜ਼ ਪਛਾਣੀਏ, ਮਾਖਿਓਂ ਮਿੱਠੀ ਜੁਬਾਨ ਨੂੰ ਬਣਦਾ ਸਥਾਨ ਦਿਵਾ ਸਕੀਏ।


-ਗੁਰਜੀਤ ਸਿੰਘ
ਪਿੰਡ ਤੇ ਡਾਕ. ਰਾਜੋਮਾਜਰਾ


ਦੂਸ਼ਿਤ ਹੋਇਆ ਵਾਤਾਵਰਨ
ਭਾਵੇਂ ਪਰਾਲੀ ਨਾਲ ਕਾਫ਼ੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ, ਪ੍ਰੰਤੂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਾਫ਼ੀ ਹੱਦ ਤੱਕ ਕਮੀ ਆਈ ਦੱਸੀ ਜਾਂਦੀ ਹੈ। ਦੀਵਾਲੀ ਤੇ ਹੋਰ ਆਉਣ ਵਾਲੇ ਤਿਉਹਾਰਾਂ 'ਤੇ ਪੰਜਾਬ ਸਰਕਾਰ ਨੇ ਪਟਾਕਿਆਂ ਦੀ ਵਿਕਰੀ ਤੇ ਚਲਾਉਣ 'ਤੇ ਪਾਬੰਦੀ ਲਗਾਈ ਹੋਈ ਹੈ ਅਤੇ ਸਿਰਫ਼ ਹਰੇ ਪਟਾਕੇ ਹੀ ਚਲਾਉਣ ਦੀ ਮਿੱਥੇ ਸਮੇਂ 'ਤੇ ਹੀ ਇਜਾਜ਼ਤ ਦਿੱਤੀ ਹੋਈ ਹੈ, ਪ੍ਰੰਤੂ ਦੀਵਾਲੀ ਦੀ ਰਾਤ ਗਰੀਨ ਪਟਾਕਿਆਂ ਦੇ ਨਾਲ-ਨਾਲ ਵੱਡੇ ਪਟਾਕੇ ਤੇ ਭਾਰੀ ਆਤਿਸ਼ਬਾਜ਼ੀ ਵੀ ਹੋਈ ਹੈ, ਜਿਸ ਕਾਰਨ ਪਹਿਲਾਂ ਹੀ ਪ੍ਰਦੂਸ਼ਿਤ ਹੋਇਆ ਵਾਤਾਵਰਨ ਹੋਰ ਦੂਸ਼ਿਤ ਹੋ ਗਿਆ ਅਤੇ ਦੂਸ਼ਿਤ ਹਵਾ ਜਿਥੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਥੇ ਹੀ ਜਾਨਵਰ ਵੀ ਪ੍ਰਭਾਵਿਤ ਹੁੰਦੇ ਹਨ। ਹਰੇਕ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਆਬੋ-ਹਵਾ ਹੋਰ ਦੂਸ਼ਿਤ ਹੋਣ ਤੋਂ ਬਚ ਸਕੇ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਮੂਹ ਦੀ ਪਰਿਭਾਸ਼ਾ
ਮਨੋਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਦੋ ਜਾਂ ਵੱਧ ਅਜਿਹੇ ਵਿਅਕਤੀ ਜਿਹੜੇ ਇਕ-ਦੂਜੇ ਨਾਲ ਅੰਤਰ-ਸੰਬੰਧਿਤ ਹੁੰਦੇ ਹਨ, ਉਹ ਇਕ ਸਮੂਹ ਹੁੰਦਾ ਹੈ। ਇਸ ਦੇ ਹਰੇਕ ਮੈਂਬਰ ਦਾ ਵਿਹਾਰ ਦੂਜੇ ਮੈਂਬਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਮੈਂਬਰਾਂ ਦੀ ਇਕ ਵਿਚਾਰਧਾਰਾ, ਵਿਸ਼ਵਾਸ ਅਤੇ ਇਕ ਹੀ ਆਦਰਸ਼ ਹੁੰਦੇ ਹਨ। ਸਮੂਹ ਨੂੰ ਪ੍ਰਮੁੱਖ ਤੌਰ 'ਤੇ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਪ੍ਰਾਇਮਰੀ ਸਮੂਹ, ਜਿਸ ਵਿਚ ਪਰਿਵਾਰ ਤੇ ਬੱਚਿਆਂ ਦੇ ਖੇਡ ਸਮੂਹ ਤੇ ਪਿੰਡ ਦੇ ਸਮੂਹ ਆਦਿ ਸ਼ਾਮਿਲ ਹੁੰਦੇ ਹਨ। ਦੂਜੇ ਸੈਕੰਡਰੀ ਸਮੂਹ ਜਿਨ੍ਹਾਂ ਵਿਚ ਆਪਸੀ ਸੰਬੰਧ ਕਿਸੇ ਫਾਇਦੇ ਲਈ ਹੁੰਦਾ ਹੈ, ਜਿਵੇਂ ਟਰੇਡ ਯੂਨੀਅਨਾਂ, ਪੇਸ਼ੇਵਰ ਸੰਗਠਨ ਆਦਿ ਤੇ ਤੀਜੇ ਸਮੂਹ ਥੋੜ੍ਹ-ਚਿਰ ਤੇ ਅਸਥਾਈ ਹੁੰਦੇ ਹਨ, ਜਿਵੇਂ ਸਿਨੇਮਾਹਾਲ ਤੇ ਸਫ਼ਰ ਦੌਰਾਨ ਬਣੇ ਸਮੂਹ। ਇਸ ਤੋਂ ਇਲਾਵਾ ਸੰਗਠਿਤ ਤੇ ਸੁਭਾਵਿਕ ਅਤੇ ਰਸਮੀ ਤੇ ਗ਼ੈਰ-ਰਸਮੀ ਸਮੂਹ ਵੀ ਹੁੰਦੇ ਹਨ, ਇਸ ਗੱਲ ਵਿਸ਼ੇਸ਼ ਧਿਆਨ ਰੱਖਣਯੋਗ ਹੈ ਕਿ ਸਮੂਹਿਕ ਵਿਹਾਰ ਸਮੂਹ ਦੇ ਮੈਂਬਰਾਂ ਦੇ ਵਿਹਾਰ ਦਾ ਕੁੱਲ ਜੋੜ ਨਹੀਂ ਹੁੰਦਾ ਕਿਉਂਕਿ ਕਈ ਹਾਲਤਾਂ ਵਿਚ ਅਨੁਸ਼ਾਸਿਤ ਤੇ ਆਗਿਆਕਾਰੀ ਵਿਦਿਆਰਥੀ ਸਮੂਹ ਵਿਚ ਗ਼ੈਰ-ਜ਼ਿੰਮੇਵਾਰਾਨਾ ਵਿਹਾਰ ਕਰਦੇ ਹਨ ਅਤੇ ਕਈ ਇਸ ਦੇ ਉਲਟ ਅਤਿਅੰਤ ਕਾਇਰ, ਅਸਮਾਜਿਕ ਅਤੇ ਗ਼ੈਰ-ਜ਼ਿੰਮੇਵਾਰ ਵਿਅਕਤੀ ਸਮੂਹ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।


-ਬਿਹਾਲਾ ਸਿੰਘ
ਨੌਨੀਤਪੁਰ, ਤਹਿ: ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ।


ਮੁਢਲੀ ਸਹਾਇਤਾ
ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਰੋਗੀ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਜੋ ਸਹਾਇਤਾ ਰੋਗੀ ਜਾਂ ਮਰੀਜ਼ ਨੂੰ ਦਿੱਤੀ ਜਾਂਦੀ ਹੈ, ਉਸ ਨੂੰ ਮੁਢਲੀ ਸਹਾਇਤਾ ਕਿਹਾ ਜਾਂਦਾ ਹੈ। ਹਾਦਸਾ ਹੁੰਦਾ ਹੈ ਤਾਂ ਲੋਕ ਡਰਦੇ ਫੱਟੜ ਹੋਏ ਲੋਕਾਂ ਕੋਲ ਜਾਂ ਤਾਂ ਭੀੜ ਬਣਾ ਕੇ ਖੜ੍ਹ ਜਾਂਦੇ ਹਨ ਜਾਂ ਕਈ ਲੋਕ ਉਨ੍ਹਾਂ ਨੂੰ ਦੇਖਦੇ ਤੱਕ ਨਹੀਂ, ਜਿਸ ਕਾਰਨ ਜ਼ਖ਼ਮੀ ਦੀ ਮੌਤ ਵੀ ਹੋ ਜਾਂਦੀ ਹੈ। ਜੇਕਰ ਸਹੀ ਸਮੇਂ 'ਤੇ ਜ਼ਖ਼ਮੀ ਵਿਅਕਤੀ ਨੂੰ ਮੁਢਲੀ ਸਹਾਇਤਾ ਦੇ ਦਿੱਤੀ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਨੂੰ ਮੁਢਲੀ ਸਹਾਇਤਾ ਦੀ ਸਿਖਲਾਈ ਲੈਣੀ ਚਾਹੀਦੀ ਹੈ। ਸਿਖਲਾਈ ਪ੍ਰਾਪਤ ਕਰਕ ਅਸੀਂ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾ ਸਕਦੇ ਹਾਂ।


-ਡਾ. ਮਨਪ੍ਰੀਤ ਸੂਦ ਆਲੋਵਾਲ
ਸ਼ਹੀਦ ਭਗਤ ਸਿੰਘ ਨਗਰ।


ਵਿਰਾਸਤੀ ਰੁੱਖਾਂ ਨੂੰ ਸਾਂਭੀਏ
ਰੁੱਖਾਂ ਦਾ ਜਿਥੇ ਤੰਦਰੁਸਤ ਵਾਤਾਵਰਨ ਲਈ ਚੌਗਿਰਦੇ ਅੰਦਰ ਆਪਣਾ ਇਕ ਅਹਿਮ ਸਥਾਨ ਹੈ, ਉਥੇ ਹੀ ਰੁੱਖ ਮਨੁੱਖ ਦੇ ਜੀਵਨ ਵਿਚ ਜਿਊਣ ਲਈ ਸਹਾਈ ਹੁੰਦੇ ਹਨ। ਇਸ ਲਈ ਰੁੱਖ ਬਿਨਾਂ ਮਨੁੱਖ ਦਾ ਧਰਤੀ 'ਤੇ ਜੀਵਨ ਸੰਭਵ ਨਹੀਂ। ਇਥੇ ਹੀ ਬਸ ਨਹੀਂ ਰੁੱਖ ਦੇ ਸੌ ਸੁੱਖ ਆਮ ਸੁਣਨ ਨੂੰ ਮਿਲਦੇ ਹਨ। ਇਸ ਦੇ ਬਾਵਜੂਦ ਵਰਤਮਾਨ ਸਮੇਂ ਮਨੁੱਖ ਵਲੋਂ ਰੁੱਖਾਂ ਦੀ ਕਟਾਈ ਬਿਨਾਂ ਕਿਸੇ ਦਰਦ ਸ਼ਰ੍ਹੇਆਮ ਕੀਤੀ ਜਾ ਰਹੀ ਹੈ। ਅੱਜ ਚੌਗਿਰਦੇ ਅੰਦਰੋਂ ਅਲੋਪ ਹੋ ਰਹੇ ਵਿਰਾਸਤੀ ਰੁੱਖ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇਨ੍ਹਾਂ ਦੀ ਹੋਂਦ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਰਾਣੇ ਰੁੱਖਾਂ ਦੀ ਵਿਰਾਸਤ ਨੂੰ ਜ਼ਿੰਦਾ ਰੱਖਦੀ ਹੈ, ਜਿਸ ਤੋਂ ਉਹ ਭਲੀ ਭਾਂਤ ਜਾਣੂ ਹੋ ਸਕਣਗੇ। ਬੋਹੜ, ਪਿੱਪਲ, ਨਿੰਮ, ਟਾਹਲੀ, ਕਿੱਕਰ ਜਿਹੇ ਪੁਰਾਤਨ ਰੁੱਖ ਸਾਡੀ ਵਿਰਾਸਤ ਦੀਆਂ ਨਿਸ਼ਾਨੀਆਂ ਹਨ, ਜਿਸ ਨੂੰ ਅਸੀਂ ਸਾਂਭਣ ਦੀ ਬਜਾਏ ਅੱਖੋਂ ਪਰੋਖੇ ਕਰ ਰਹੇ ਹਾਂ। ਇਕ ਸਮਾਂ ਸੀ ਜਦੋਂ ਘਰ ਵਿਚ ਖੜ੍ਹੇ ਰੁੱਖ ਦੀ ਕਦਰ ਕੀਤੀ ਜਾਂਦੀ ਸੀ ਤੇ ਛੇਤੀ ਕਿਸੇ ਵੀ ਮੁਸ਼ਕਿਲ ਆਉਣ 'ਤੇ ਵੀ ਉਸ ਨੂੰ ਘਰ ਵਿਚੋਂ ਪੁੱਟਿਆ ਨਹੀਂ ਸੀ ਜਾਂਦਾ, ਪ੍ਰੰਤੂ ਅੱਜ ਪਹਿਲਾਂ ਦੇ ਮੁਕਾਬਲੇ ਘਰਾਂ ਅੰਦਰ ਪੁਰਾਤਨ ਰੁੱਖ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਵਰਤਮਾਨ ਸਮੇਂ ਤੰਦਰੁਸਤ ਵਾਤਾਵਰਨ ਲਈ ਰੁੱਖ ਲਗਾਉਣ ਦਾ ਰੁਝਾਨ ਤਾਂ ਵਧਦਾ ਦਿਖਾਈ ਦੇ ਰਿਹਾ ਹੈ ਪਰ ਵਿਰਾਸਤੀ ਰੁੱਖਾਂ ਦੀ ਸੰਭਾਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਵਰਤਮਾਨ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਨਵੇਂ ਰੁੱਖਾਂ ਦੇ ਨਾਲ-ਨਾਲ ਸਾਡੇ ਵਿਰਾਸਤੀ ਰੁੱਖਾਂ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਜ਼ਰੂਰਤ ਹੈ, ਤਾਂ ਜੋ ਸਾਡੇ ਚੌਗਿਰਦੇ ਅੰਦਰ ਵਿਰਾਸਤੀ ਰੁੱਖਾਂ ਦੀ ਝਲਕ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਹਮੇਸ਼ਾ ਪੈਂਦੀ ਰਹੇ।


-ਰਵਿੰਦਰ ਸਿੰਘ ਰੇਸ਼ਮ
ਪਿੱਡ ਨੱਥੂਮਾਜਰਾ (ਮਲੇਰਕੋਟਲਾ)।

04-11-2021

 ਪੰਜਾਬੀ ਭਾਸ਼ਾ ਖਿਲਾਫ਼ ਸਾਜਿਸ਼

ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਹਮੇਸ਼ਾ ਦੇਸ਼ ਸੇਵਾ ਵਿਚ ਵਧ-ਚੜ੍ਹ ਕੇ ਯੋਗਦਾਨ ਪਾਇਆ ਹੈ। ਚਾਹੇ ਸੁਤੰਤਰਤਾ ਸੰਗਰਾਮ ਹੋਵੇ, ਅੰਨ ਪੈਦਾ ਕਰਨਾ ਹੋਵੇ ਜਾਂ ਫਿਰ ਵੈਰੀ ਫ਼ੌਜਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਪੰਜਾਬ ਹਮੇਸ਼ਾ ਡਟ ਕੇ ਖੜ੍ਹ ਜਾਂਦਾ ਹੈ। ਫਿਰ ਵੀ ਕੇਂਦਰੀ ਸਰਕਾਰ ਪੰਜਾਬ ਨੂੰ ਪਿਛਾਂਹ ਧੱਕਣ ਦੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਖ਼ਾਸ ਕਰ ਪੰਜਾਬੀਆਂ ਨੂੰ ਉਸ ਦੇ ਸੱਭਿਆਚਾਰ, ਵਿਰਸੇ ਨਾਲੋਂ ਤੋੜਨ ਦੇ ਕੋਝੇ ਯਤਨ ਲਗਾਤਾਰ ਜਾਰੀ ਹਨ। ਸਰਕਾਰ ਹਰ ਸੰਭਵ ਕੋਸ਼ਿਸ਼ ਕਰਦੀ ਹੈ ਕਿ ਪੰਜਾਬੀ ਭਾਸ਼ਾ ਨੂੰ ਕਮਜ਼ੋਰ ਕੀਤਾ ਜਾਵੇ। ਪਹਿਲਾਂ ਕੇਂਦਰ ਨੇ ਇਕ ਆਦੇਸ਼ ਪਾਸ ਕਰ ਕੇ ਜੰਮੂ-ਕਸ਼ਮੀਰ ਵਿਚੋਂ ਸਰਕਾਰੀ ਕੰਮਕਾਜ ਪੰਜਾਬੀ ਵਿਚ ਕਰਨ ਦੀ ਮਨਾਹੀ ਕਰ ਦਿੱਤੀ। ਹੁਣ ਕੇਂਦਰੀ ਸਿੱਖਿਆ ਬੋਰਡ ਵਿਚ ਪੰਜਾਬੀ ਨੂੰ ਦੂਜੇ ਦਰਜੇ ਵਿਚ ਕਰ ਕੇ ਪੰਜਾਬੀ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੋਂ ਦੂਰ ਕਰਨ ਦੀ ਨਵੀਂ ਸਾਜਿਸ਼ ਘੜ ਲਈ ਜੋ ਕਿ ਨਿੰਦਣਯੋਗ ਕਾਰਜ ਹੈ। ਕੀ ਦੇਸ਼ ਸੇਵਾ ਬਦਲੇ ਪੰਜਾਬੀਆਂ ਨੂੰ ਇਹ ਇਨਾਮ ਦਿੱਤਾ ਜਾ ਰਿਹਾ ਹੈ। ਪੰਜਾਬੀ ਕਿਸਾਨਾਂ ਨੂੰ ਸਾਲ ਹੋ ਗਿਆ ਦਿੱਲੀ ਧਰਨਾ ਲਾਈ ਬੈਠੇ ਹਨ, ਉਹ ਸੁਣਵਾਈ ਨਹੀਂ। ਕਰਤਾਰਪੁਰ ਲਾਂਘਾ ਬੰਦ। ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ, ਉਹ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹਨ। ਕੇਂਦਰ ਸਰਕਾਰ ਠੰਢੇ ਦਿਮਾਗ ਨਾਲ ਸੋਚ ਵਿਚਾਰ ਕਰੇ। ਪੰਜਾਬੀਆਂ ਦੀ ਦੇਸ਼ ਸੇਵਾ, ਮਿਹਨਤ ਅਤੇ ਇਮਾਨਦਾਰੀ ਲਈ ਸਜ਼ਾ ਦੀ ਨਹੀਂ ਇਨਾਮ ਦੀ ਲੋੜ ਹੈ।

-ਵਿਵੇਕ
ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ।

ਪੱਤੜ ਤੋਂ ਪਾਤਰ

ਜਿਵੇਂ ਗੁਲਾਬ ਦੀ ਕੀਮਤ ਉਸ ਦੀ ਦਿੱਖ ਅਤੇ ਖ਼ੁਸ਼ਬੂ ਲਈ ਹੁੰਦੀ ਹੈ, ਉਸੇ ਤਰਜ਼ 'ਤੇ ਬੰਦੇ ਦੀ ਕੀਮਤ ਵੀ ਉਸ ਦੀ ਸ਼ਖ਼ਸੀਅਤ ਅਤੇ ਗੁਣਾਂ ਕਾਰਨ ਹੁੰਦੀ ਹੈ। ਆਪਣੀ ਕਲਾ ਦੀ ਡੂੰਘੀ ਖੋਜ ਰਾਹੀਂ ਜੋ ਪਹਿਲੇ ਹੀ ਲਿਖਿਆ ਉਹ ਸਦਾਬਹਾਰ ਸੱਚ ਹੈ। ਆਪਣੇ ਸੰਗੀਆਂ ਸਾਥੀਆਂ ਦੀ ਸਲਾਹ 'ਤੇ ਆਪਣੇ ਪਿੰਡ ਪੱਤੜ ਤੋਂ ਪਾਤਰ ਦਾ ਤਖੱਲਸ ਨਾਂਅ ਨਾਲ ਜੋੜ ਲਿਆ, ਬਣ ਗਏ ਸੁਰਜੀਤ ਪਾਤਰ। ਸਾਲ 2002 ਵਿਚ ਪੰਜਾਬੀ ਸਾਹਿਤ ਅਕਾਦਮੀ ਅਤੇ ਸਾਲ 2013 ਵਿਚ ਪੰਜਾਬ ਦੀ ਸਾਹਿਤ ਅਕਾਦਮੀ ਦੇ ਪ੍ਰਧਾਨ ਨਾਮਜ਼ਦ ਹੋਏ। ਪੰਜਾਬ ਬਾਰੇ ਸ਼ੁਰੂ ਤੋਂ ਚਿੰਤਾ ਰੱਖੀ, ਇਸ ਲਈ ਇਕ-ਇਕ ਸਤਰ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਲਿਖੀ ਹੈ। ਵੱਖ-ਵੱਖ ਅਹੁਦਿਆਂ 'ਤੇ ਹਲੀਮੀ ਭਰਿਆ ਜੀਵਨ ਬਿਤਾਇਆ ਹੈ। ਉਨ੍ਹਾਂ ਦੀ ਲਿਖੀ ਡੂੰਘਾਈ ਨਾਲ ਉਨ੍ਹਾਂ ਦੇ ਗੁਣ ਅਤੇ ਸੂਰਤ ਦੇ ਸੁਮੇਲ ਨਾਲ ਉਹ ਵਾਕਿਆ ਈ ਹੀ ਅਜੋਕੇ ਪੰਜਾਬੀ ਸਾਹਿਤ ਦੇ ਪਾਤਰ ਹਨ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਆਨਲਾਈਨ ਦੁਕਾਨਦਾਰੀ

ਗੁਰਜੋਤ ਕੌਰ ਦਾ ਲਿਖਿਆ ਲੇਖ 'ਸਥਾਨਕ ਦੁਕਾਨਦਾਰਾਂ ਨੂੰ ਨਾ ਭੁੱਲੋ' ਕੋਰੋਨਾ, ਨੋਟਬੰਦੀ ਦੀ ਮਾਰ ਵਿਚ ਆਏ ਸਾਡੇ ਛੋਟੇ-ਵੱਡੇ ਦੁਕਾਨਦਾਰਾਂ ਨਾਲ ਹਮਦਰਦੀ ਤੇ ਹਾਅ ਦਾ ਨਾਅਰਾ ਹੈ। ਇਹ ਬਹੁਤ ਹੀ ਸ਼ਲਾਘਾਯੋਗ ਲੇਖ ਹੈ ਕਿ ਆਨਲਾਈਨ ਦੁਕਾਨਦਾਰੀ ਦੀ ਬਜਾਏ ਸਾਡੇ ਗਲੀ ਮੁਹੱਲੇ, ਸ਼ਹਿਰ ਦੇ ਦੁਕਾਨਦਾਰਾਂ ਤੋਂ ਹੀ ਸਮਾਨ ਖ਼ਰੀਦ ਕਰੀਏ। ਇਸ ਤਰ੍ਹਾਂ ਸਾਡੀਆਂ ਸਾਂਝਾਂ ਵੀ ਪੀਡੀਆਂ ਹੁੰਦੀਆਂ ਹਨ, ਦੁਕਾਨਦਾਰਾਂ ਤੇ ਨਾਲ ਜੁੜੇ ਹੈਲਪਰ ਵਰਕਰਾਂ ਦੇ ਘਰਾਂ 'ਚ ਚੁੱਲ੍ਹੇ ਵੀ ਬਲਦੇ ਰਹਿਣਗੇ।

-ਰਾਜਵਿੰਦਰ ਰੌਂਤਾ, ਮੋਗਾ।

ਪੰਜਾਬ ਦਿਵਸ

ਇਕ ਨਵੰਬਰ ਨੂੰ ਪੰਜਾਬ ਦਿਵਸ ਸੀ। ਜਿਵੇਂ ਤਿਹਾਏ ਲੋਕ ਪਾਣੀ ਬਾਰੇ ਸੋਚਦੇ ਹਨ, ਉਸੇ ਤਰ੍ਹਾਂ ਹੀ ਪੰਜਾਬੀਆਂ ਨੇ ਪੰਜਾਬੀ ਸੂਬਾ ਬਾਰੇ ਬਣਾਉਣ ਬਾਰੇ ਸੋਚਿਆ। ਸੋ, ਪੰਜਾਬ ਬਣ ਗਿਆ, ਨਾ ਇਸ ਨੂੰ ਆਪਣੀ ਰਾਜਧਾਨੀ ਚੰਡੀਗੜ੍ਹ ਮਿਲੀ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ, ਨਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਮਿਲੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਪੰਜਾਬੀਆਂ ਦੇ ਅਧਿਕਾਰ ਵਿਚ ਨਹੀਂ ਆਉਂਦੀ। ਸਭ ਤੋਂ ਮਾੜੀ ਗੱਲ ਕੇਂਦਰ ਸਰਕਾਰ ਨੇ ਇਹ ਕੀਤੀ ਕਿ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਪੰਜਾਬੀਆਂ ਉਤੇ ਮੜ੍ਹ ਦਿੱਤੇ, ਜਦੋਂਕਿ ਪੰਜਾਬ ਸਭ ਤੋਂ ਜ਼ਿਆਦਾ ਅੰਨ ਭੰਡਾਰ ਵਿਚ ਹਿੱਸਾ ਪਾਉਂਦਾ ਹੈ। ਪੰਜਾਬੀਆਂ ਦੀ ਫੌਜ ਵਿਚ ਭਰਤੀ ਦਾ ਕੋਟਾ ਵੀ ਘੱਟ ਕਰ ਦਿੱਤਾ ਹੈ।

-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਹੈਲਮਟ ਕਿੰਨਾ ਜ਼ਰੂਰੀ

ਸੜਕ ਹਾਦਸੇ ਵਿਚ ਹੁੰਦੀਆਂ ਮੌਤਾਂ ਬਾਰੇ ਸਾਨੂੰ ਰੋਜ਼ਾਨਾ ਹੀ ਅਖ਼ਬਾਰਾਂ ਵਿਚ ਪੜ੍ਹਨ ਨੂੰ ਮਿਲਦਾ ਹੈ। ਇਨ੍ਹਾਂ ਹਾਦਸਿਆਂ ਪਿੱਛੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਤੇਜ਼ ਰਫ਼ਤਾਰ, ਨੀਂਦਰਾਂ, ਟੁੱਟੀਆਂ ਸੜਕਾਂ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਆਦਿ। ਰੋਜ਼ਾਨਾ ਹੀ ਦੇਖਣ ਨੂੰ ਮਿਲਦਾ ਹੈ ਕਿ ਦੋ ਪਹੀਆ ਵਾਹਨਾਂ ਦੇ ਚਾਲਕ ਬਗੈਰ ਹੈਲਮਟ ਦੇ ਹੀ ਸਫਰ ਕਰਦੇ ਹਨ ਜੋ ਕਿ ਨਿਯਮਾਂ ਦੇ ਖਿਲਾਫ਼ ਵੀ ਹਨ ਤੇ ਸਾਡੇ ਲਈ ਦੁਕਾਨਦਾਇਕ ਵੀ ਹਨ। ਸਾਡੀ ਅੱਜ ਦੀ ਨੌਜਵਾਨੀ ਬਹੁਤ ਘੱਟ ਹੈਲਮਟ ਦੀ ਵਰਤੋਂ ਕਰਦੀ ਹੈ। ਹਾਲਾਂਕਿ ਹੈਲਮਟ ਪਾ ਕੇ ਸਫ਼ਰ ਕਰਨ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਪਰ ਫਿਰ ਵੀ ਅਸੀਂ ਅਣਗਹਿਲੀ ਕਰਦੇ ਹਾਂ ਤੇ ਕਈ ਵਾਰ ਇਸ ਅਣਗਹਿਲੀ ਦੀ ਕੀਮਤ ਸਾਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਟ੍ਰੈਫਿਕ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤਾਂ ਕਿ ਬਿਨਾਂ ਹੈਲਮਟ ਤੋਂ ਕੋਈ ਵੀ ਵਿਅਕਤੀ ਦੋ ਪਹੀਆ ਵਾਹਨ 'ਤੇ ਸਫ਼ਰ ਨਾ ਕਰੇ।

-ਪਰਮਜੀਤ ਸੰਧੂ, ਥੇਹ ਤਿੱਖਾ।

ਅਵਾਰਾ ਪਸ਼ੂਆਂ ਦੀ ਸਮੱਸਿਆ

ਅਵਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਹੀ ਗੰਭੀਰ ਮੁੱਦਾ ਹੈ। ਪਿੰਡਾਂ ਵਿਚ ਇਹ ਅਵਾਰਾ ਸਾਨ੍ਹ, ਗਊਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਸ਼ਹਿਰ ਵਿਚ ਆ ਕੇ ਇਹ ਸੜਕਾਂ 'ਤੇ ਘੁੰਮਦੇ ਹਨ ਤੇ ਦੁਰਘਟਨਾਵਾਂ ਹੁੰਦੀਆਂ ਹਨ। ਹਾਲ ਹੀ ਵਿਚ ਕਈ ਅਵਾਰਾ ਪਸ਼ੂਆਂ ਨੇ ਸੜਕ ਹਾਦਸਿਆਂ ਨੂੰ ਅੰਜਾਮ ਦਿੱਤਾ ਤੇ ਲੋਕਾਂ ਦੀ ਜਾਨ ਚਲੀ ਗਈ। ਕਿਸਾਨ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਆਪਣੀ ਫ਼ਸਲ ਨੂੰ ਬਚਾਉਣ ਲਈ ਰਾਤਾਂ ਨੂੰ ਖੇਤਾਂ ਵਿਚ ਪਹਿਰੇ ਦਿੰਦੇ ਹਨ। ਅਖ਼ਬਾਰਾਂ ਵਿਚ ਅਸੀਂ ਪੜ੍ਹਦੇ ਵੀ ਹਾਂ ਕਿ ਕਿਸਾਨਾਂ ਨੇ ਪਸ਼ੂ ਇਕੱਠੇ ਕਰਕੇ ਡੀ.ਸੀ. ਦਫ਼ਤਰ ਵਿਚ ਛੱਡ ਦਿੱਤੇ। ਸਰਕਾਰ ਨੂੰ ਜਲਦੀ ਤੋਂ ਜਲਦੀ ਸਮੱਸਿਆਵਾਂ ਦਾ ਹੱਲ ਕੱਢਣਾ ਚਾਹੀਦਾ ਹੈ। ਜੇਕਰ ਗਊਸ਼ਾਲਾਵਾਂ ਨੂੰ ਫੰਡ ਦੇ ਕੇ ਗਊਆਂ ਦੀ ਸੰਭਾਲ ਲਈ ਪ੍ਰਬੰਧ ਕੀਤਾ ਜਾਵੇ ਤਾਂ ਸਮੱਸਿਆਵਾਂ ਦਾ ਹੱਲ ਨਿਕਲ ਸਕਦਾ ਹੈ। ਪੰਚਾਇਤਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਸਰਕਾਰਾਂ ਨੂੰ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਅਵਾਰਾ ਪਸ਼ੂ ਕਿਸਾਨਾਂ ਦੀ ਫਸਲ ਜਾਂ ਜਾਨ ਮਾਲ ਦਾ ਹੋਰ ਨੁਕਸਾਨ ਨਾ ਕਰਨ।

-ਸੰਜੀਵ ਸਿੰਘ ਸੈਣੀ, ਮੁਹਾਲੀ।

03-11-2021

 ਸਰਹੱਦੀ ਖੇਤਰਾਂ ਦੀ ਤ੍ਰਾਸਦੀ

ਸਮੇਂ ਦੇ ਹਾਕਮਾਂ ਨੇ ਦੇਸ਼ ਦੇ ਦੋ ਟੋਟੇ ਅਜਿਹੇ ਕੀਤੇ, ਅਜੇ ਤੱਕ ਇਨ੍ਹਾਂ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਵਾਲਾ ਕੋਈ ਨਹੀਂ ਮਿਲਿਆ, ਸਗੋਂ ਉਚੇੜਨ ਵਾਲਿਆਂ ਦੀ ਭੀੜ ਦਿਨੋ-ਦਿਨ ਇਕੱਠੀ ਹੁੰਦੀ ਗਈ। ਇਹ ਨਹੀਂ ਪਤਾ ਇਹ ਜ਼ਖ਼ਮ ਕਿੰਨਾ ਚਿਰ ਹੋਰ ਰਿਸਦੇ ਰਹਿਣਗੇ। ਇਨ੍ਹਾਂ ਜ਼ਖ਼ਮਾਂ ਦੀ ਤਾਬ ਦੋ ਸੂਬਿਆਂ ਪੰਜਾਬ ਤੇ ਜੰਮੂ-ਕਸ਼ਮੀਰ ਨੂੰ ਸਭ ਤੋਂ ਵੱਧ ਝੱਲਣੀ ਪੈ ਰਹੀ ਹੈ। ਇਹ ਦੋਵੇਂ ਸੂਬੇ ਦੇਸ਼ ਦੇ ਸੁਰੱਖਿਆ ਕਵਚ ਹਨ। ਚਾਹੇ ਆਪਣਿਆਂ ਵਲੋਂ ਦਿੱਤੀਆਂ ਚੁਣੌਤੀਆਂ (ਮੁਸ਼ਕਿਲਾਂ) ਜਾਂ ਦੂਜੇ ਦੇਸ਼ਾਂ ਵਲੋਂ ਦਿੱਤੀਆਂ ਮੁਸੀਬਤਾਂ ਪ੍ਰੇਸ਼ਾਨੀਆਂ ਸਭ ਤੋਂ ਵੱਧ ਇਨ੍ਹਾਂ ਸੂਬਿਆਂ ਨੂੰ ਸਹਿਣੀਆਂ ਪੈਂਦੀਆਂ ਹਨ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਇਹ ਦੋਵੇਂ ਸੂਬੇ ਸਭ ਤੋਂ ਪਿੱਛੇ ਭਾਵ ਫਾਡੀ ਬਣਦੇ ਜਾ ਰਹੇ ਹਨ। ਲੋਕਾਂ ਦੀ ਵੱਡੀ ਤ੍ਰਾਸਦੀ ਹੈ ਕਿ ਇਥੇ ਕੋਈ ਬਹੁਤੇ ਵੱਡੇ ਉਦਯੋਗ ਵੀ ਨਹੀਂ ਲੱਗ ਰਹੇ। ਉਹ ਵੀ ਦੂਜਿਆਂ ਸੂਬਿਆਂ ਵੱਲ ਰੁਖ਼ ਕਰ ਰਹੇ ਹਨ। ਮਿਹਨਤੀ ਲੋਕਾਂ ਨੂੰ ਆਪਣਾ ਕਮਾ ਕੇ ਖਾਣਾ ਵੀ ਮੁਸ਼ਕਿਲ ਹੋ ਰਿਹਾ। ਇਕ ਬੇਰੁਜ਼ਗਾਰੀ, ਦੂਜਾ ਨਸ਼ਾ, ਤੀਜਾ ਮਹਿੰਗਾਈ, ਚੌਥਾ ਗੁਆਂਢੀ ਦੇਸ਼ਾਂ ਵਲੋਂ ਵਧਦਾ ਦਬਾਅ, ਆਮ ਬੰਦਾ ਜਾਵੇ ਤਾਂ ਕਿੱਥੇ ਜਾਵੇ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਸੂਬਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਇਥੋਂ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇ।

-ਹਰਪ੍ਰੀਤ ਪੱਤੋ, ਪਿੰਡ ਪੱਤੋ, ਹੀਰਾ ਸਿੰਘ ਮੋਗਾ।

ਦੀਵਾਲੀ ਅਤੇ ਨਕਲੀ ਮਠਿਆਈਆਂ

ਮੁੱਲ ਵਿਕਦੀਆਂ ਮਠਿਆਈਆਂ ਦੀਵਾਲੀ ਤੋਂ 15-20 ਦਿਨ ਪਹਿਲਾਂ ਧੜਾਧੜ ਬਣਦੀਆਂ ਹਨ। ਇਹ ਜ਼ਿਆਦਾਤਰ ਸਿਹਤ ਲਈ ਹਾਨੀਕਾਰਕ ਹੀ ਹੁੰਦੀਆਂ ਹਨ। ਸੂਝਵਾਨ ਲੋਕ ਇਨ੍ਹਾਂ ਦਿਨਾਂ ਵਿਚ ਘਰ ਦਾ ਖੋਆ ਬਰਫੀ ਬਣਾ ਲੈਂਦੇ ਹਨ। ਕੋਈ ਨਮਕੀਨ ਵੀ ਘਰੇਲੂ ਸੁਆਣੀਆਂ ਘਰ ਹੀ ਬਣਾ ਲੈਂਦੀਆਂ ਹਨ। ਇਸ ਤਰ੍ਹਾਂ ਨਕਲੀ ਚੀਜ਼ਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਪਰਿਵਾਰ ਬਚ ਜਾਂਦੇ ਹਨ। ਫਲ ਫਟਾਫਟ ਮਸਾਲੇ ਲਾ ਕੇ ਤਿਆਰ ਕੀਤੇ ਜਾਂਦੇ ਹਨ। ਪ੍ਰਦੂਸ਼ਣ ਨੂੰ ਰੋਕਣ ਲਈ ਪਟਾਕੇ, ਬੰਬ, ਅਨਾਰ, ਚੱਕਰੀਆਂ, ਫੁੱਲਝੜੀਆਂ, ਆਤਿਸ਼ਬਾਜ਼ੀਆਂ ਖ਼ਰੀਦਣ ਅਤੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਮਠਿਆਈਆਂ ਅਤੇ ਪਟਾਕੇ ਸਿਹਤ ਦਾ ਨੁਕਸਾਨ ਹੀ ਕਰਦੇ ਹਨ, ਜੋ ਇਨ੍ਹਾਂ ਤੋਂ ਪਰਹੇਜ਼ ਹੀ ਕਰਨਾ ਬਿਮਾਰੀਆਂ ਤੋਂ ਬਚਣ ਦਾ ਉੱਤਮ ਤਰੀਕਾ ਹੈ।

-ਬਲਵੰਤ ਸਿੰਘ ਸੋਹੀ, ਬਾਗੜੀਆਂ (ਮਲੇਰਕੋਟਲਾ)।

ਪਲੀਤ ਤੇ ਪ੍ਰਦੂਸ਼ਿਤ ਹੋ ਗਏ ਪਾਣੀ

4-5 ਦਹਾਕੇ ਪਹਿਲਾਂ ਜਦੋਂ ਅਸੀਂ ਡੰਗਰਾਂ ਨੂੰ ਘਾਹ ਵਾਲੇ ਮੈਦਾਨ 'ਤੇ ਪਿੰਡ ਵਿਚੋਂ ਲੰਘਦੀ ਨਹਿਰ ਦੀ ਪਟੜੀ 'ਤੇ ਚਾਰਨ ਜਾਂਦੇ ਸੀ ਤਾਂ ਨਹਿਰ ਵਿਚ ਹੀ ਉਨ੍ਹਾਂ ਨੂੰ ਨਵਾਉਂਦੇ ਅਤੇ ਪਾਣੀ ਪਿਲਾਉਂਦੇ ਸੀ ਅਤੇ ਅਸੀਂ ਵੀ ਨਹਿਰ ਵਿਚ ਨਹਾ ਲੈਣਾ ਅਤੇ ਪਾਣੀ ਪੀ ਲੈਣਾ, ਕਿਉਂਕਿ ਨਹਿਰ ਦਾ ਪਾਣੀ ਬਹੁਤ ਸਾਫ਼-ਸੁਥਰਾ ਹੁੰਦਾ ਸੀ ਪ੍ਰੰਤੂ ਹੁਣ ਨਹਿਰਾਂ, ਨਦੀਆਂ, ਵੇਈਆਂ, ਦਰਿਆਵਾਂ ਦੇ ਪਾਣੀ ਵਿਚ ਕੂੜਾ-ਕਰਕਟ ਸੁੱਟਣ, ਵੱਖ-ਵੱਖ ਫੈਕਟਰੀਆਂ, ਸੀਵਰੇਜ ਪਲਾਂਟਾਂ ਦਾ ਗੰਦਾ ਪਾਣੀ, ਡੇਅਰੀਆਂ ਵਿਚੋਂ ਪਸ਼ੂਆਂ ਦਾ ਮਲ ਮੂਤਰ ਆਦਿ ਪੈਣ ਨਾਲ ਬੁਰੀ ਤਰ੍ਹਾਂ ਪਲੀਤ ਹੋ ਗਿਆ ਹੈ ਅਤੇ ਨੇੜਿਉਂ ਲੰਘਦਿਆਂ ਮੁਸ਼ਕ ਮਾਰ ਰਿਹਾ ਹੈ। ਜ਼ਹਿਰੀਲਾ, ਬਦਬੂਦਾਰ, ਪ੍ਰਦੂਸ਼ਿਤ ਪਾਣੀ ਹੋ ਜਾਣ ਕਾਰਨ ਅਕਸਰ ਹੀ ਜਲ ਜੀਵ ਵੀ ਮਰ ਰਹੇ ਹਨ। ਅਜਿਹਾ ਪਾਣੀ ਹੁਣ ਪਸ਼ੂ ਵੀ ਨਹੀਂ ਪੀ ਰਹੇ ਅਤੇ ਇਨਸਾਨ ਦਾ ਇਨ੍ਹਾਂ ਵਿਚੋਂ ਵੇਲੇ-ਕੁਵੇਲੇ ਪਾਣੀ ਪੀਣਾ ਤੇ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਸੋ, ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਅਖ਼ਬਾਰ ਬਨਾਮ ਪਾਠਕ

ਇਕ ਸਮਾਂ ਸੀ ਜਦੋਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਸਵੇਰ ਦੇ ਸਮੇਂ ਅਖ਼ਬਾਰ ਪੜ੍ਹਨ ਲਈ ਹਾਕਰ ਦੀ ਉਡੀਕ ਕਰਦੇ ਲੋਕ ਆਮ ਵੇਖਣ ਨੂੰ ਮਿਲਦੇ ਸਨ ਤੇ ਕਈ ਲੋਕਾਂ ਨੂੰ ਤਾਂ ਸਵੇਰ ਦੀ ਚਾਹ ਨਾਲ ਅਖ਼ਬਾਰ ਪੜ੍ਹਨ ਦੀ ਚੇਟਕ ਲੱਗਣ ਦੀਆਂ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਸਨ। ਪਰ ਵਰਤਮਾਨ ਸਮੇਂ ਸਾਡੀ ਨੌਜਵਾਨ ਪੀੜ੍ਹੀ ਅੰਦਰ ਪੜ੍ਹਨ ਦਾ ਰੁਝਾਨ ਬਿਲਕੁਲ ਹੀ ਘਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਨ੍ਹਾਂ ਅੰਦਰ ਅਖ਼ਬਾਰ ਨੂੰ ਪੜ੍ਹਨ ਦੀ ਰੁਚੀ ਬਿਲਕੁਲ ਹੀ ਵਿਖਾਈ ਨਹੀਂ ਦਿੰਦੀ। ਨੌਜਵਾਨ ਪੀੜ੍ਹੀ ਦਾ ਮੋਬਾਈਲ ਫੋਨ ਨਾਲ ਰਿਸ਼ਤਾ ਏਨਾ ਕੁ ਜ਼ਿਆਦਾ ਗੂੜ੍ਹਾ ਹੋ ਚੁੱਕਾ ਹੈ ਕਿ ਮੋਬਾਈਲ ਤੋਂ ਬਿਨਾਂ ਉਹ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ। ਅਖ਼ਬਾਰ ਦੀ ਇਕ ਲਾਈਨ ਪੜ੍ਹਨਾ ਨੌਜਵਾਨਾਂ ਨੂੰ ਮਾਊਂਟ ਐਵਰੈਸਟ 'ਤੇ ਚੜ੍ਹਨ ਦੇ ਬਰਾਬਰ ਲਗਦਾ ਹੈ। ਅੱਜਕਲ੍ਹ ਅਖ਼ਬਾਰ ਉਨ੍ਹਾਂ ਘਰਾਂ ਵਿਚ ਹੀ ਆ ਰਿਹਾ ਹੈ ਜਿਥੇ ਸਾਡੇ ਬਜ਼ੁਰਗਾਂ ਦੀ ਪੰਜਾਬੀ ਅਖ਼ਬਾਰਾਂ ਨਾਲ ਪੁਰਾਣੀ ਸਾਂਝ ਪੈ ਚੁੱਕੀ ਹੈ। ਅਖ਼ਬਾਰ ਉਸ ਸਮੇਂ ਤੱਕ ਜ਼ਿੰਦਾ ਹੈ ਜਦੋਂ ਤੱਕ ਉਸ ਦਾ ਪਾਠਕ ਹੈ, ਪਾਠਕ ਨਹੀਂ ਹੈ ਤਾਂ ਅਖ਼ਬਾਰ ਕਿਸ ਕੰਮ ਦਾ?

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕੋਟਲਾ)।

ਸਰਕਾਰਾਂ ਅਤੇ ਕਿਸਾਨੀ ਸੰਘਰਸ਼

ਕਿਸਾਨੀ ਸੰਘਰਸ਼ ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਇਕ ਅਜਿਹਾ ਸੰਘਰਸ਼ ਹੈ ਜਿਸ ਵਿਚ ਉਨ੍ਹਾਂ ਦੀ ਇਕੋ ਮੰਗ ਹੈ ਕਿ ਸਾਡੀ ਮਰਜ਼ੀ ਬਿਨਾਂ ਸਾਡੇ 'ਤੇ ਕੋਈ ਖੇਤੀ ਕਾਨੂੰਨ ਲਾਗੂ ਨਾ ਕੀਤੇ ਜਾਣ। ਅਸੀਂ ਪੁਰਾਣੇ ਖੇਤੀ ਕਾਨੂੰਨਾਂ ਤੋਂ ਸੰਤੁਸ਼ਟ ਹਾਂ ਅਤੇ ਨਵੇਂ ਕਾਨੂੰਨ ਨਾ ਬਣਨ ਪਰ ਸਰਕਾਰ ਦਾ ਰਵੱਈਆ ਇਸ 'ਤੇ ਕੁਝ ਹੋਰ ਹੀ ਹੈ। ਕਿਉਂਕਿ ਦਿਨੋ-ਦਿਨ ਸੰਘਰਸ਼ ਕਰ ਰਹੇ ਕਿਸਾਨ ਧਰਨਿਆਂ 'ਤੇ ਕਾਫੀ ਖੱਜਲ-ਖੁਆਰ ਵੀ ਹੋ ਰਹੇ ਹਨ ਪਰ ਸਰਕਾਰਾਂ ਤਾਂ ਜਿਵੇਂ ਬਿੱਲੀ ਵਾਂਗ ਅੱਖਾਂ ਮੀਚੀ ਬੈਠੀਆਂ ਹਨ। ਜੇ ਮੰਨ ਲਿਆ ਜਾਵੇ ਕਿ ਕਿਸਾਨ ਅਨਪੜ੍ਹ ਹਨ, ਕਾਨੂੰਨਾਂ ਬਾਰੇ ਜਾਣਕਾਰੀ ਘੱਟ ਹੈ ਪਰ ਸਰਕਾਰ ਦੇ ਨੁਮਾਇੰਦੇ ਤਾਂ ਪੂਰੀ ਬੁੱਧੀ ਰੱਖਦੇ ਹਨ ਉਹ ਕਿਉਂ ਹਾਲੇ ਤੱਕ ਇਸ ਮਸਲੇ ਦਾ ਹੱਲ ਨਹੀਂ ਕੱਢ ਸਕੇ। ਹੱਲ ਤਾਂ ਬੜੇ ਦੂਰ ਦੀ ਗੱਲ ਹੈ, ਬਹੁਗਿਣਤੀ ਕਿਸਾਨ ਅਤੇ ਬੱਚੇ ਨੌਜਵਾਨ ਸੰਘਰਸ਼ ਦੌਰਾਨ ਆਪਣੀ ਜਾਨ ਵੀ ਗੁਆ ਚੁੱਕੇ ਹਨ, ਕੋਈ ਸਰਕਾਰੀ ਨੁਮਾਇੰਦਾ ਉਨ੍ਹਾਂ ਨੂੰ ਹੌਸਲਾ ਜਾਂ ਸ਼ਰਧਾਂਜਲੀ ਦੇਣ ਨਹੀਂ ਪਹੁੰਚਿਆ, ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਇਕ ਵੀ ਇਹੋ ਜਿਹਾ ਬਿਆਨ ਜਾਰੀ ਨਹੀਂ ਹੋਇਆ ਜਿਸ ਨਾਲ ਕਿਸਾਨਾਂ ਨੂੰ ਕੁਝ ਰਾਹਤ ਮਹਿਸੂਸ ਹੋਵੇ। ਉਨ੍ਹਾਂ ਨੂੰ ਗਰਮੀ ਸਰਦੀ ਚਲਦਾ ਸੰਘਰਸ਼ ਦਿਸਦਾ ਹੀ ਨਹੀਂ, ਦਿਸਦੀ ਹੈ ਤਾਂ ਬਸ ਕੁਰਸੀ, ਜਿਸ 'ਤੇ ਬੈਠ ਕੇ ਉਹ ਮੌਨ ਧਾਰ ਲੈਂਦੇ ਹਨ ਅਤੇ ਚੁੱਪ ਚਾਪ ਤਮਾਸ਼ਬੀਨ ਬਣੇ ਸਭ ਵੇਖਦੇ ਰਹਿੰਦੇ ਹਨ, ਪਰ ਹੱਲ ਕੋਈ ਨਹੀਂ ਲੱਭਦਾ।

-ਅਮਨਦੀਪ ਕੌਰ
ਹਾਕਮ ਸਿੰਘ ਵਾਲਾ।

02-11-2021

ਲਾਪਰਵਾਹੀ ਕਰਕੇ ਦੁਰਘਟਨਾਵਾਂ

ਅਕਸਰ ਹੀ ਅਖ਼ਬਾਰ ਵਿਚ ਵਾਹਨਾਂ ਦੀ ਦੁਰਘਟਨਾ ਹੋਣ ਅਤੇ ਵਾਹਨ ਵਿਚ ਸਵਾਰ ਲੋਕਾਂ ਦੀ ਮੌਤ ਦੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ, ਕਈ ਵਾਰ ਤਾਂ ਪੂਰੇ ਦਾ ਪੂਰਾ ਪਰਿਵਾਰ ਦੁਰਘਟਨਾ ਵਿਚ ਆਪਣੀ ਜਾਨ ਗਵਾ ਬੈਠਦਾ ਹੈ, ਜਿਸ ਨੂੰ ਪੜ੍ਹ ਕੇ ਮਨ ਅਤਿਅੰਤ ਦੁਖੀ ਹੋ ਜਾਂਦਾ ਹੈ। ਜ਼ਿਆਦਾਤਰ ਸੜਕ 'ਤੇ ਹੁੰਦੀਆਂ ਦੁਰਘਟਨਾਵਾਂ ਵਿਚ ਲਾਪ੍ਰਵਾਹੀ ਦੀ ਗੱਲ ਸਾਹਮਣੇ ਆਉਂਦੀ ਹੈ, ਜਿਵੇਂ ਗ਼ਲਤ ਢੰਗ ਨਾਲ ਪਾਰਕਿੰਗ, ਤੇਜ਼ ਰਫ਼ਤਾਰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ, ਓਵਰਟੇਕ, ਓਵਰਲੋਡਿੰਗ ਆਦਿ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਕਾਰਨਾਂ ਵਿਚ ਇਨਸਾਨ ਵਲੋਂ ਕੀਤੀ ਜਾਂਦੀ ਲਾਪ੍ਰਵਾਹੀ ਦਾ ਨਤੀਜਾ ਦੂਜੇ ਇਨਸਾਨ ਨੂੰ ਆਪਣੀ ਕੀਮਤੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ। ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੜਕ ਉਤੇ ਗੱਡੀ ਚਲਾਉਂਦੇ ਹੋਏ ਕੁਝ ਨਿਯਮ ਬਣੇ ਹੋਏ ਹਨ ਅਤੇ ਅਸੀਂ ਉਨ੍ਹਾਂ ਨਿਯਮਾਂ ਦੀ ਪਾਲਣਾ ਆਪਣੀ ਅਤੇ ਦੂਜੇ ਇਨਸਾਨ ਦੀ ਕੀਮਤੀ ਜਾਨ ਬਚਾਉਣ ਲਈ ਕਰਨੀ ਹੈ, ਜੇਕਰ ਹਰ ਇਨਸਾਨ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਸਮਝ ਲਵੇ ਅਤੇ ਸੜਕ ਉਤੇ ਲਾਪ੍ਰਵਾਹੀ ਨਾਲ ਵਾਹਨ ਨਾ ਚਲਾਵੇ ਤਾਂ ਇਨ੍ਹਾਂ ਦੁਰਘਟਨਾਵਾਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

-ਪ੍ਰਿੰਸ ਅਰੋੜਾ
ਮਲੌਦ, ਲੁਧਿਆਣਾ।

ਚਿੰਤਾ ਦਾ ਵਿਸ਼ਾ

ਜਿਹੜੀ ਭਾਸ਼ਾ ਬੱਚਾ ਜਨਮ ਤੋਂ, ਮਾਂ ਦੇ ਦੁੱਧ ਤੋਂ, ਮਾਂ ਦੀ ਗੋਦੀ ਵਿਚ ਸਿੱਖਦਾ ਹੈ, ਉਸ ਭਾਸ਼ਾ ਨੂੰ ਮਾਂ-ਬੋਲੀ ਦਾ ਨਾਂਅ ਦਿੱਤਾ ਜਾਂਦਾ ਹੈ। ਜਿਹੜੀ ਮਾਂ-ਬੋਲੀ ਪੰਜਾਬੀ ਹੈ। ਪੰਜਾਬੀ ਭਾਸ਼ਾ ਪੰਜਾਬੀਆਂ ਵਿਚ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਮਾਂ-ਬੋਲੀ ਭਾਸ਼ਾ ਨੂੰ ਕਈ ਬਾਹਰਲੇ ਸੂਬਿਆਂ ਦੇ ਵਿਦੇਸ਼ਾਂ ਵਿਚ ਵੀ ਉਥੇ ਦੇ ਲੋਕ ਤੇ ਗੋਰੇ ਵੀ ਸੁਣਨਾ ਅਤੇ ਬੋਲਣਾ ਪਸੰਦ ਕਰਦੇ ਹਨ, ਜਿਸ ਦੀ ਮਿਸਾਲ ਹੁਣ ਕਈ ਹਿੰਦੀ ਫਿਲਮਾਂ ਵਿਚ ਚੱਲ ਰਹੇ ਪੰਜਾਬੀ ਗੀਤਾਂ ਤੋਂ ਲਈ ਜਾ ਸਕਦੀ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬੀ ਮਾਂ-ਬੋਲੀ ਨੂੰ ਆਪਣਿਆਂ ਵਲੋਂ ਵਿਸਾਰਿਆ ਜਾ ਰਿਹਾ ਹੈ। ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ, ਸਰਕਾਰੀ ਦਫਤਰਾਂ ਦੇ ਕੰਮ ਪੰਜਾਬੀ ਭਾਸ਼ਾ ਵਿਚ ਕਰਨਾ ਯਕੀਨੀ ਬਣਾਉਣ ਲਈ ਸਰਕਾਰ ਨੂੰ ਵੀ ਇਸ ਪਾਸੇ ਵਧੇਰੇ ਧਿਆਨ ਦੇ ਕੇ ਸਕੂਲਾਂ, ਕਾਲਜਾਂ ਵਿਚ ਵੀ ਪੰਜਾਬੀ ਭਾਸ਼ਾ ਨੂੰ ਮਾਧਿਅਮ ਬਣਾਉਣਾ ਚਾਹੀਦਾ ਹੈ।

-ਬਬੀਤਾ ਘਈ
ਗੁਰੂ ਹਰਿਗੋਬਿੰਦ ਨਗਰ, ਮਿੰਨੀ ਛਪਾਰ, ਲੁਧਿਆਣਾ।

ਸਰਕਾਰ ਦੇ ਦਾਅਵੇ ਫੋਕੇ ਫਾਇਰ

ਸਰਕਾਰ ਕਿਸਾਨਾਂ ਦੀ ਹਮਦਰਦੀ ਦੀਆਂ ਤਾਰੀਫ਼ਾਂ ਕਰਦੀ ਨਹੀਂ ਥੱਕਦੀ। ਕਿਸਾਨਾਂ ਦਾ ਦੁੱਖ ਸਰਕਾਰ ਦਾ ਦੁੱਖ ਹੈ। ਹੁਣ ਤਾਂ ਮੁੱਖ ਮੰਤਰੀ ਸਾਹਿਬ ਕਿਸਾਨ ਧਰਨਿਆਂ ਵਿਚ ਵੀ ਸ਼ਾਮਿਲ ਹੋ ਰਹੇ ਹਨ ਜੋ ਚੰਗੀ ਗੱਲ ਹੈ। ਪਰ ਦੂਜੇ ਪਾਸੇ ਕਿਸਾਨ ਡੀ.ਏ.ਪੀ. ਖਾਦ ਨਾ ਮਿਲਣ ਕਾਰਨ ਮਾਯੂਸ ਹਨ ਕਿਉਂਕਿ ਕਣਕ ਦੀ ਬਿਜਾਈ ਵਿਚ ਦੇਰੀ ਹੋ ਰਹੀ ਹੈ। ਮੁਹਾਲੀ ਜ਼ਿਲ੍ਹੇ ਵਿਚ ਅਜੇ ਤੱਕ ਕਿਸੇ ਵੀ ਸਹਿਕਾਰੀ ਸਭਾ ਵਿਚ ਖਾਦ ਨਹੀਂ ਪਹੁੰਚੀ। ਪਿੰਡਾਂ ਦੀਆਂ ਸੱਥਾਂ ਵਿਚ ਸਰਕਾਰ ਦੀਆਂ ਫੋਕੀਆਂ ਫੜ੍ਹਾਂ ਦੀ ਚਰਚਾ ਆਮ ਹੋ ਰਹੀ ਹੈ। ਸੋ, ਸਰਕਾਰ ਨੂੰ ਇਸ ਸੰਬੰਧੀ ਸੋਚਣ ਦੀ ਲੋੜ ਹੈ।

-ਸੁਰਜੀਤ ਸਿੰਘ ਰਾਜੋਮਾਜਰਾ
ਪਿੰਡ : ਰਾਜੋਮਾਜਰਾ, ਜ਼ਿਲ੍ਹਾ ਐਸ.ਏ.ਐਸ. ਨਗਰ, ਮੁਹਾਲੀ।

ਆਖਿਰ ਕਦੋਂ ਮਿਲੇਗੀ ਤਨਖਾਹ

ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਨਵ-ਨਿਯੁਕਤ ਅਧਿਆਪਕ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਰਹੇ ਹਨ। ਘਰਾਂ ਤੋਂ ਦੋ-ਢਾਈ ਸੌ ਕਿਲੋਮੀਟਰ ਦੂਰ ਸਰਹੱਦੀ ਖੇਤਰਾਂ 'ਚ ਸੇਵਾਵਾਂ ਦੇ ਰਹੇ ਇਨ੍ਹਾਂ ਅਧਿਆਪਕਾਂ ਨੂੰ ਹੁਣ ਕਮਰਿਆਂ ਦੇ ਕਿਰਾਏ ਤੋਂ ਇਲਾਵਾ ਰੋਜ਼ਮਰ੍ਹਾ ਦੇ ਖਰਚਿਆਂ ਦਾ ਫ਼ਿਕਰ ਸਤਾ ਰਿਹਾ ਹੈ। ਸਿੱਖਿਆ ਮੰਤਰੀ ਭਾਵੇਂ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਤਨਖਾਹ ਜਾਰੀ ਕਰਨ ਦੀ ਮੰਗ ਮੰਨ ਚੁੱਕੇ ਹਨ ਪਰ ਵਿਭਾਗ ਵਲੋਂ ਅਜੇ ਤੱਕ ਕੋਈ ਪੱਤਰ ਜਾਰੀ ਨਹੀਂ ਹੋਇਆ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਪਹਿਲਾਂ ਹੋਈ ਅਧਿਆਪਕ ਭਰਤੀ ਵਾਂਗ ਨਵ-ਨਿਯੁਕਤ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਮਿਲਣ ਦੇ ਸਮੇਂ ਤੋਂ ਤਨਖਾਹ ਦੇਣ ਸੰਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਉਹ ਵੀ ਆਪਣੇ ਪਰਿਵਾਰਾਂ ਨਾਲ ਦੀਵਾਲੀ ਦੇ ਤਿਉਹਾਰ ਦਾ ਲੁਤਫ਼ ਲੈ ਸਕਣ।

-ਪ੍ਰੋ: ਮਨਜੀਤ ਤਿਆਗੀ, 'ਸਟੇਟ ਐਵਾਰਡੀ'।

ਰੁਜ਼ਗਾਰ, ਵੋਟਾਂ ਤੇ ਬਿੱਲ ਮੁਆਫ਼ੀ

ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਤਾਂ ਰਾਜਨੀਤਕ ਪਾਰਟੀਆਂ ਨਿੱਕੇ ਨਿਆਣੇ ਨੂੰ ਵਰਗਲਾਉਣ ਵਾਂਗ ਵੋਟਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੀਆਂ ਹਨ। ਹਰ ਕੋਈ ਕੁਝ ਨਾ ਕੁਝ ਮੁਫ਼ਤ ਦੇਣ ਦਾ ਹੋਕਾ ਲਾ ਰਿਹਾ ਹੈ, ਫਲੈਕਸ ਬੋਰਡ ਲਗਵਾ ਰਿਹਾ ਹੈ। ਪਰ ਕੋਈ ਵੀ ਪਾਰਟੀ ਵਾਲਾ ਉੱਚ ਸਿੱਖਿਆ ਮੁਫ਼ਤ ਦੇਣ, ਸਿਹਤ ਸਹੂਲਤਾਂ ਦੇਣ, ਪੱਕਾ ਰੁਜ਼ਗਾਰ ਦੇਣ ਬਾਰੇ ਗੱਲ ਨਹੀਂ ਕਰ ਰਿਹਾ, ਜਿਸ ਦੀ ਦੇਸ਼ ਨੂੰ ਸਭ ਤੋਂ ਵੱਧ ਲੋੜ ਹੈ। ਸਰਕਾਰ ਕਰਜ਼ਾ ਚੁੱਕ ਕੇ ਵੋਟਾਂ ਖ਼ਾਤਰ ਸਾਨੂੰ ਮੁਫ਼ਤ ਦੀਆਂ ਸਕੀਮਾਂ ਦਾ ਲਾਲਚ ਦਿੰਦੀ ਹੈ। ਮੁਫ਼ਤ ਦੀਆਂ ਸਕੀਮਾਂ ਨਾਲ ਲੋਕਾਂ ਦਾ ਭਲਾ ਹੋਵੇ ਚਾਹੇ ਨਾ ਪਰ ਮੰਤਰੀਆਂ ਦਾ ਅੰਦਰਖਾਤੇ ਪੂਰਾ ਫਾਇਦਾ ਹੁੰਦਾ ਹੈ। ਅਮੀਰ ਘਰਾਣੇ ਸਾਡੀ ਸੋਚ ਤੋਂ ਵੀ ਵੱਧ ਰਕਮ ਫੰਡ ਦੇ ਰੂਪ ਵਿਚ ਦਿੰਦੇ ਹਨ ਅਤੇ ਇਵਜ਼ ਵਿਚ ਕੌਡੀਆਂ ਦੇ ਭਾਅ ਸਰਕਾਰੀ ਅਦਾਰੇ, ਸਾਧਨ ਖ਼ਰੀਦ ਲੈਂਦੇ ਹਨ। ਨਤੀਜੇ ਵਜੋਂ ਮਹਿੰਗਾਈ ਵਧਦੀ ਹੈ, ਜਿਸ ਦਾ ਸਿੱਧਾ ਅਸਰ ਸਾਰੇ ਲੋਕਾਂ 'ਤੇ ਹੀ ਪੈਂਦਾ ਹੈ। ਪੰਜਾਬ ਕਰਜ਼ੇ ਹੇਠ ਦੱਬ ਰਿਹਾ ਹੈ ਅਤੇ ਹਰ ਪੰਜਾਬੀ ਉੱਤੇ ਕਰਜ਼ੇ ਦੀ ਅਦਿੱਖ ਪੰਡ ਦਾ ਭਾਰ ਹੈ। ਲੋੜ ਤਾਂ ਹੈ ਸਰਕਾਰ ਆਪਣੇ ਫਜ਼ੂਲ ਦੇ ਖ਼ਰਚੇ ਘਟਾ ਕੇ, ਆਪਣੀ ਆਮਦਨ ਦੇ ਸਾਧਨ ਵਧਾ ਕੇ, ਬਿਨਾਂ ਕਰਜ਼ਾ ਚੁੱਕੇ ਹੀ ਜਨਤਾ ਨੂੰ ਜ਼ਰੂਰੀ ਲੋੜੀਂਦੀਆਂ ਸਹੂਲਤਾਂ ਦੇਵੇ। ਜ਼ਰਾ ਸੋਚੋ! ਜਦੋਂ ਮੋਟਰਸਾਈਕਲ, ਪੈਟਰੋਲ, ਕੱਪੜੇ ਆਦਿ ਅਸੀਂ ਆਪਣੇ ਖ਼ਰੀਦ ਕੇ ਵਰਤਦੇ ਹਾਂ, ਫਿਰ ਦੇਸ਼ ਲਈ ਅਤੇ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਲਈ ਕਾਹਤੋਂ ਮੁਆਫ਼ੀ ਵਾਲੇ ਕੁਚੱਕਰ ਵਿਚ ਫਸ ਕੇ ਆਪ ਦਾ ਹੀ ਬੇੜਾ ਗਰਕ ਕਰਨ ਲੱਗੇ ਹੋਏ ਹਾਂ। ਜੇ ਕੁਝ ਮੰਗਣਾ ਹੈ ਤਾਂ ਆਪਣੇ ਹੱਕ ਮੰਗੋ, ਪੱਕਾ ਰੁਜ਼ਗਾਰ ਮੰਗੋ, ਵੋਟਾਂ ਨੇੜੇ ਹਨ।

-ਅਮਰਬੋਲ।

ਮਹਿੰਗਾ ਹੋ ਰਿਹਾ ਪੈਟਰੋਲ-ਡੀਜ਼ਲ

ਤਕਰੀਬਨ ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਮਹਿੰਗਾਈ ਨੇ ਲਗਾਤਾਰ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿਚ ਹੁਣ ਪੈਟਰੋਲ ਦੀ ਕੀਮਤ 110 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 100 ਰੁਪਏ ਦੇ ਨੇੜੇ-ਤੇੜੇ ਹੈ। ਗੁਆਂਢੀ ਦੇਸ਼ ਜੋ ਭਾਰਤ ਤੋਂ ਹੀ ਤੇਲ ਖਰੀਦਦੇ ਹਨ, ਉਨ੍ਹਾਂ ਮੁਲਕਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਹੁਤ ਘੱਟ ਹਨ। ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਕੌਮਾਂਤਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਭਾਰਤ ਅੰਦਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਤਕਰੀਬਨ ਜਨਵਰੀ, 2021 ਤੋਂ ਹੁਣ ਤੱਕ 40 ਵਾਰ ਤੋਂ ਵੱਧ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ, ਜਿਸ ਕਾਰਨ ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਧ ਰਹੀਆਂ ਤੇਲ ਕੀਮਤਾਂ ਨੇ ਲੋਕਾਂ ਦੀ ਜੇਬ ਫਿਰ ਢਿੱਲੀ ਕਰ ਦਿੱਤੀ ਹੈ। ਤਕਰੀਬਨ ਪਿਛਲੇ ਕਈ ਵਰ੍ਹਿਆਂ ਤੋਂ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਅਧੀਨ ਲਿਆਉਣ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਭਾਰਤ ਸਰਕਾਰ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ। ਸੂਬਾ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਇਹ ਮੁੱਦਾ ਕੇਂਦਰ ਸਰਕਾਰ ਕੋਲ ਬਹੁਤ ਹੀ ਗੰਭੀਰਤਾ ਨਾਲ ਉਠਾਉਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਏਨੀ ਮਹਿੰਗਾਈ ਵਿਚ ਕੁਝ ਨਿਜਾਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

01-11-2021

 ਚੋਣ ਵਾਅਦੇ
ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ, ਉਸੇ ਤਰ੍ਹਾਂ ਹੀ ਹਰ ਇਕ ਪਾਰਟੀ ਵਲੋਂ ਵਾਅਦਿਆਂ, ਦਾਅਵਿਆਂ ਦੀ ਝੜੀ ਲਾ ਦਿੱਤੀ ਗਈ ਹੈ, ਕੋਈ ਸਰਕਾਰੀ ਨੌਕਰੀਆਂ ਵੰਡ ਰਿਹਾ ਏ, ਕੋਈ ਅਨਪੜ੍ਹਾਂ ਨੂੰ ਪਟਵਾਰੀ ਲਵਾ ਰਿਹਾ ਹੈ, ਕੋਈ ਮੁਫ਼ਤ ਇਲਾਜ ਕਰਵਾ ਰਿਹਾ ਅਤੇ ਜ਼ਿਆਦਾ ਪਾਰਟੀਆਂ ਤਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੀ ਦਾਅਵੇ ਕਰ ਰਹੀਆਂ ਹਨ, ਕਿਸਾਨੀ ਸੰਘਰਸ਼ ਨੂੰ ਇਕ ਸਾਲ ਦਾ ਸਮਾਂ ਬੀਤ ਗਿਆ, ਜਿਸ ਦੌਰਾਨ ਜਾਨ, ਮਾਲ ਦਾ ਨੁਕਸਾਨ ਵੀ ਹੋਇਆ, ਇਕ ਸਾਲ ਤੋਂ ਇਹ ਪਾਰਟੀਆਂ ਕਿਥੇ ਸੁੱਤੀਆਂ ਸਨ, ਜਿਹੜੀਆਂ ਹੁਣ ਕਾਨੂੰਨ ਰੱਦ ਕਰਵਾਉਣ ਦੀ ਅਪੀਲ ਕਰਕੇ ਸਾਨੂੰ ਫਿਰ ਤੋਂ ਵੋਟਾਂ ਲਈ ਵਰਤਣਾ ਚਾਹੁੰਦੀਆਂ ਹਨ, ਜੇਕਰ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਸ਼ਕਤੀ ਇਨ੍ਹਾਂ ਹੱਥ ਹੈ ਤਾਂ ਇਕ ਸਾਲ ਤੋਂ ਕਿਰਤੀ ਕਿਸਾਨ, ਮਜ਼ਦੂਰਾਂ ਨੂੰ ਕਿਉਂ ਏਨਾ ਕੁਝ ਝੱਲਣ ਲਈ ਮਜਬੂਰ ਹੋਣਾ ਪਿਆ। ਪਹਿਲਾਂ ਹੀ ਇਸ ਵੱਲ ਕਿਸੇ ਨੇ ਧਿਆਨ ਕਿਉਂ ਨਹੀਂ ਦਿੱਤਾ। ਚੋਣਾਂ ਵਾਲੇ ਵਾਅਦੇ ਤਾਂ ਜ਼ਿਆਦਾਤਰ ਚੋਣਾਂ ਖਤਮ ਹੋਣ ਦੇ ਨਾਲ ਹੀ ਖਤਮ ਹੋ ਜਾਂਦੇ ਹਨ।


-ਅਮਨਦੀਪ ਕੌਰ
ਹਾਕਮ ਸਿੰਘ ਵਾਲਾ, ਬਠਿੰਡਾ।


ਮੁੱਖ ਮੰਤਰੀ ਨੂੰ ਅਪੀਲ
ਸਾਤਿਕਾਰਯੋਗ ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਚੰਨੀ ਜੋ ਆਪ ਜੀ ਦੀ ਸਰਕਾਰ ਵਲੋਂ ਸਰਕਾਰੀ ਕਾਲਜਾਂ ਵਿਚ ਸਹਾਇਕ ਪ੍ਰੋਫੈਸਰਾਂ ਸੰਬੰਧੀ ਇਸ਼ਤਿਹਾਰ ਦਿੱਤਾ ਗਿਆ ਹੈ, ਉਸ ਵਿਚ ਜਨਰਲ ਕੈਟਾਗਰੀ ਲਈ 45 ਸਾਲ ਤੱਕ ਦੀ ਹੱਦ ਮਿੱਥੀ ਗਈ ਹੈ ਪਰ ਐਸ.ਸੀ. ਵਰਗ ਲਈ ਹੋਰ ਪੰਜ ਸਾਲ ਦੀ ਮੰਗ ਕੀਤੀ ਜਾਂਦੀ ਹੈ ਕਿਉਂਕਿ 45 ਸਾਲ ਤੋਂ ਵੱਧ ਦੀ ਰਿਆਇਤ ਐਸ.ਸੀ. ਵਰਗ ਦਾ ਸੰਵਿਧਾਨਕ ਹੱਕ ਹੈ। ਇਹ ਅਸਾਮੀਆਂ ਲਗਭਗ 21-22 ਸਾਲ ਦੇ ਪਿੱਛੋਂ ਕੱਢੀਆਂ ਗਈਆਂ ਹਨ। ਕਿਰਪਾ ਕਰਕੇ ਐਸ.ਸੀ. ਵਰਗ ਨੂੰ ਇਸ ਸੰਵਿਧਾਨਕ ਹੱਕ ਤੋਂ ਵਾਂਝਾ ਨਾ ਕੀਤਾ ਜਾਵੇ।


-ਪ੍ਰੋ: ਬੂਟਾ ਸਿੰਘ ਧਾਲੀਵਾਲ
ਪਿੰਡ ਬਹਾਦਰਪੁਰ, ਸੰਗਰੂਰ।


ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈਏ
ਦੀਵਾਲੀ ਦਾ ਤਿਉਹਾਰ ਦੇਸ਼ ਭਰ 'ਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਪਟਾਕਿਆਂ ਤੋਂ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਨਾਲ-ਨਾਲ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਦੀਵਾਲੀ ਮੌਕੇ ਪਟਾਕਿਆਂ 'ਚੋਂ ਨਿਕਲਿਆ ਜ਼ਹਿਰੀਲਾ ਧੂੰਆਂ ਸਾਡਾ ਵਾਤਾਵਰਨ ਦੂਸ਼ਿਤ ਕਰਦਾ ਹੈ, ਇਸ ਲਈ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।
ਪਟਾਕੇ ਸਾਡੇ ਲਈ ਬੇਹੱਦ ਖ਼ਤਰਨਾਕ ਹਨ ਤੇ ਜਿਹੜਾ ਪੈਸਾ ਅਸੀਂ ਪਟਾਕਿਆਂ ਲਈ ਖਰਚ ਕਰਦੇ ਹਾਂ, ਇਨ੍ਹਾਂ ਪੈਸਿਆਂ ਨਾਲ ਅਸੀਂ ਲੋੜਵੰਦਾਂ ਦੀ ਮਦਦ ਕਰ ਸਕਦੇ ਹਾਂ। ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਇਸ ਦਿਨ ਪਟਾਕੇ ਚਲਾਉਣ ਦੀ ਬਜਾਏ ਦੀਵੇ ਜਗਾ ਕੇ ਮਨਾ ਸਕਦੇ ਹਾਂ। ਸਾਨੂੰ ਦੀਵਾਲੀ ਮਨਾਉਣ ਦਾ ਢੰਗ ਬਦਲਣਾ ਚਾਹੀਦਾ ਹੈ।


-ਡਾ. ਵਨੀਤਾ ਸਿੰਗਲਾ
vaveet.blz@gmail.com


ਨਕਲੀ ਮਠਿਆਈਆਂ ਨਾ ਖਰੀਦੋ
ਭਾਰਤ ਵਿਚ ਸਾਰਾ ਸਾਲ ਕੋਈ ਨਾ ਕੋਈ ਤਿਉਹਾਰ ਆਉਂਦਾ ਹੀ ਰਹਿੰਦਾ ਹੈ। ਅੱਜਕਲ੍ਹ ਭਾਰਤ ਵਿਚ ਨਕਲੀ ਦੁੱਧ ਦੀ ਬਹੁਤ ਵਿਕਰੀ ਹੋ ਰਹੀ ਹੈ। ਨਕਲੀ ਦੁੱਧ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ। ਸਭ ਤੋਂ ਖ਼ਤਰਨਾਕ ਰੋਗ ਕੈਂਸਰ ਹੈ ਜੋ ਕਿ ਨਕਲੀ ਦੁੱਧ ਕਾਰਨ ਹੁੰਦਾ ਹੈ।
ਅੱਜਕਲ੍ਹ ਤਿਉਹਾਰਾਂ ਮੌਕੇ ਜ਼ਿਆਦਾਤਰ ਨਕਲੀ ਦੁੱਧ ਹੀ ਵਰਤਿਆ ਜਾਂਦਾ ਹੈ। ਹੁਣ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਇਸ ਤਿਉਹਾਰ ਵਿਚ ਆਮ ਕਰਕੇ ਮਠਿਆਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਲੋਕਾਂ ਨੂੰ ਚੰਗੀ ਤਰ੍ਹਾਂ ਪਰਖ ਨਾ ਹੋਣ ਕਰਕੇ ਲੋਕ ਨਕਲੀ ਮਠਿਆਈਆਂ ਖਾ ਕੇ ਬਿਮਾਰ ਹੋ ਜਾਂਦੇ ਹਨ। ਇਨ੍ਹਾਂ ਮਠਿਆਈਆਂ 'ਚ ਜ਼ਿਆਦਾ ਗੂੜ੍ਹੇ ਰੰਗ ਦੀ ਮਿਲਾਵਟ ਕੀਤੀ ਜਾਂਦੀ ਹੈ। ਦੁਕਾਨਦਾਰ ਕੇਵਲ ਆਪਣਾਹੀ ਭਲਾ ਸੋਚਦੇ ਹਨ ਤੇ ਪੈਸੇ ਕਮਾਉਣ ਦੇ ਲਾਲਚ ਵਿਚ ਉਹ ਦੂਜਿਆਂ ਦੀ ਸਿਹਤ ਬਾਰੇ ਸੋਚਦੇ ਹੀ ਨਹੀਂ। ਇਸ ਦਾ ਕੋਈ ਸਾਰਥਿਕ ਹੱਲ ਕਿਉਂ ਨਹੀਂ ਲੱਭ ਰਿਹਾ ਹੈ? ਸਾਨੂੰ ਇਸ ਸੰਬੰਧੀ ਚੌਕਸ ਹੋਣ ਦੀ ਲੋੜ ਹੈ। ਇਸ ਧੰਦੇ ਦੇ ਖਾਤਮੇ ਲਈ ਲੋਕਾਂ ਦੀ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਨੂੰ ਵੀ ਕੁਝ ਨਵੇਂ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਮਿਲਾਵਟ ਕਰਨ ਵਾਲਾ ਹਰ ਇਕ ਬੰਦਾ ਡਰ ਮਹਿਸੂਸ ਕਰੇ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੁੰਦਾ ਖਿਲਵਾੜ ਰੁਕ ਸਕੇ।


-ਪ੍ਰਸ਼ੋਤਮ ਪੱਤੋ
ਪਿੰਡ ਤੇ ਡਾਕ: ਪੱਤੋ ਹੀਰਾ ਸਿੰਘ, ਜ਼ਿਲ੍ਹਾ ਮੋਗਾ।


ਪ੍ਰਵਾਸੀ ਫੰਡਾਂ ਦੀ ਦੁਰਵਰਤੋਂ
ਪੰਜਾਬ 'ਚ ਪ੍ਰਵਾਸੀ ਫੰਡਾਂ ਦੀ ਦੁਰਦਸ਼ਾ ਜਿਸ ਤਰ੍ਹਾਂ ਹੋ ਰਹੀ ਹੈ, ਐਨ.ਆਰ.ਆਈ. ਵੀਰਾਂ ਨੂੰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰਨੀ ਪਵੇਗੀ, ਜੋ ਵਿਦੇਸ਼ਾਂ ਵਿਚ ਕਿੰਨੀ ਮਿਹਨਤ ਮੁਸ਼ੱਕਤ ਨਾਲ ਕਮਾਈ ਕਰਦੇ ਹਨ। ਆਪਣੇ ਜੱਦੀ ਪਿੰਡਾਂ ਵਿਚ ਵਿਕਾਸ ਵਾਸਤੇ ਅੱਖਾਂ ਮੁੰਦੇ ਬਿਨਾਂ ਕਿਸੇ ਸਬੂਤ ਦੇ ਫੰਡ ਭੇਜਦੇ ਹਨ, ਜਦੋਂ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਿਕਾਸ ਦੇ ਕੰਮਾਂ 'ਤੇ ਲਾਉਣ ਦੀ ਬਜਾਏ ਠੱਗ ਲੋਕ ਬੜੀ ਸਫਾਈ ਨਾਲ ਖਾ ਜਾਂਦੇ ਹਨ। ਉਲਟਾ ਹਿਸਾਬ ਦੇਣ ਦੀ ਬਜਾਏ ਉਨ੍ਹਾਂ ਨੂੰ ਕੋਰਟ ਕਚਹਿਰੀਆਂ ਦੇ ਚੱਕਰ ਵਿਚ ਪਾ ਕੇ ਪ੍ਰੇਸ਼ਾਨ ਕਰਦੇ ਹਨ। ਕਈ ਸੋਸ਼ਲ ਮੀਡੀਆ 'ਤੇ ਵੀ ਫੋਟੋ ਪਾ ਕੇ ਮਦਦ ਮੰਗਦੇ ਹਨ। ਇਸ ਕਰਕੇ ਜੇ ਤੁਸੀਂ ਕੋਈ ਫੰਡ ਭੇਜਣਾ ਹੈ, ਉਸ ਸੰਸਥਾ ਦੇ ਨਾਂਅ 'ਤੇ ਭੇਜੋ ਜੋ ਰਜਿਸਟਰਡ ਹੈ ਤੇ ਉਨ੍ਹਾਂ ਦਾ ਬੈਂਕ ਵਿਚ ਅਕਾਊਂਟ ਹੈ, ਬੈਂਕ ਦੇ ਜ਼ਰੀਏ ਪੂਰੀ ਵੈਰੀਫਿਕੇਸ਼ਨ ਕਰਕੇ ਇਹ ਸੰਸਥਾ ਵਾਕਿਆ ਹੀ ਗ਼ਰੀਬ ਅਤੇ ਲੋਕ ਭਲਾਈ ਲਈ ਕੰਮ ਕਰਦੀ ਹੈ। ਤੁਹਾਡਾ ਫੰਡ ਵਾਕਿਆ ਹੀ ਸਹੀ ਬੰਦਿਆਂ ਕੋਲ ਆ ਰਿਹਾ ਹੈ ਤੇ ਉਸ ਦਾ ਸਹੀ ਇਸਤੇਮਾਲ ਹੋ ਰਿਹਾ ਹੈ। ਫਿਰ ਆਪ ਦੇ ਮਨ ਨੂੰ ਵੀ ਤਸੱਲੀ ਹੋਵੇਗੀ ਕਿ ਆਪ ਦਾ ਫੰਡ ਲੋੜਵੰਦ ਕੋਲ ਗਿਆ ਹੈ। ਇਸ 'ਤੇ ਹਰ ਪ੍ਰਵਾਸੀ ਨੂੰ ਸੋਚ ਵਿਚਾਰ ਕਰ ਫੰਡ ਭੇਜਣੇ ਚਾਹੀਦੇ ਹਨ। ਕਈ ਸੰਸਥਾਵਾਂ ਕੋਰੋਨਾ ਮਹਾਂਮਾਰੀ 'ਤੇ ਗਰੀਬਾਂ ਦੀ ਮਦਦ ਕਰਦੀਆਂ ਦੇਖੀਆਂ ਹਨ। ਇਹੋ ਜਿਹੀਆਂ ਸੰਸਥਾਵਾਂ ਨੂੰ ਦਿੱਤਾ ਫੰਡ ਅਜਾਈਂ ਨਹੀਂ ਜਾਂਦਾ। ਪੂਰੀ ਤਰ੍ਹਾਂ ਜਾਂਚ ਕਰਕੇ ਹੀ ਫੰਡ ਦਿੱਤਾ ਜਾਵੇ ਤਾਂ ਜੋ ਨਕਲੀ ਸੰਸਥਾਵਾਂ ਨੂੰ ਨੱਥ ਪਾਈ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

29-10-2021

 ਲੀਡਰਸ਼ਿਪ ਦਾ ਸੰਕਟ

ਪੰਜਾਬ ਵਿਚ ਲੀਡਰਸ਼ਿਪ ਦਾ ਭਾਰੀ ਸੰਕਟ ਸਪੱਸ਼ਟ ਦਿਖਾਈ ਦਿੰਦਾ ਹੈ। ਸਾਡੇ ਅਖੌਤੀ ਲੀਡਰ ਕੇਵਲ ਕੁਰਸੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਇਕੋ-ਇਕ ਨਿਸ਼ਾਨਾ ਸੱਤਾ ਪ੍ਰਾਪਤੀ ਹੈ। ਸੱਤਾ ਹਾਸਲ ਕਰਕੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਨੀ ਅਤੇ ਆਪਣੀ ਹਉਮੈ ਨੂੰ ਪੱਠੇ ਪਾਉਣਾ ਆਮ ਵਰਤਾਰਾ ਹੋ ਗਿਆ ਹੈ। ਭਾਵ ਇਹ ਕਿ ਤਿਆਗ ਦੀ ਭਾਵਨਾ ਦੀ ਘਾਟ ਹੈ। ਨਾਂਅ ਲੈਣ ਦੀ ਲੋੜ ਨਹੀਂ। ਸਭ ਕੁਝ ਤੁਹਾਡੇ ਸਾਹਮਣੇ ਹੈ। ਬਿਨਾਂ ਸ਼ੱਕ ਪੰਜਾਬ ਦੇ ਲੋਕ ਬੜੇ ਮਿਹਨਤੀ ਤੇ ਕੁਰਬਾਨੀ ਕਰਨ ਵਾਲੇ ਹਨ ਪਰ ਇਹ ਬਨਾਉਟੀ ਲੀਡਰ ਤੇ ਹੋਰ ਸਵਾਰਥੀ ਚਰਚੇ ਉਨ੍ਹਾਂ ਦੀ ਸ਼ਰਾਫ਼ਤ ਦਾ ਨਾਜਾਇਜ਼ ਫਾਇਦਾ ਉਠਾ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ। ਆਓ ਸੰਭਲੀਏ।

-ਨਵਰਾਹੀ ਘੁਗਿਆਣਵੀ
ਸਰਪ੍ਰਸਤ, ਪੰਜਾਬੀ ਸਾਹਿਤ ਸਭਾ, ਫ਼ਰੀਦਕੋਟ।

ਸੋਚ ਦਾ ਸੁਮੇਲ

ਕੁਝ ਸਾਲ ਪਹਿਲਾਂ ਦੀ ਗੱਲ ਹੈ ਮੇਰੇ ਕੋਲ ਇਕ ਖ਼ਾਸ ਸੋਚ ਦੇ ਬੰਦੇ ਦਾ ਬੱਚਾ ਪੜ੍ਹਦਾ ਸੀ। ਉਹ ਕਹੇ ਕਿ ਮੈਂ ਆਪਣੇ ਬੱਚਿਆਂ ਨੂੰ ਜਾਣਬੁੱਝ ਕੇ ਪੰਜਾਬ ਦੇ ਕਿਸੇ ਸਕੂਲ ਵਿਚ ਦਾਖ਼ਲ ਨਹੀਂ ਕਰਾਇਆ ਕਿਉਂਕਿ ਇਨ੍ਹਾਂ ਨੂੰ ਉਥੇ ਪੰਜਾਬੀ ਪੜ੍ਹਨੀ ਪਵੇਗੀ। ਮੈਨੂੰ ਬੜਾ ਹੀ ਦੁੱਖ ਹੋਇਆ ਕਿ ਏਨੀ ਨਫ਼ਰਤ ਪੰਜਾਬੀ ਬੋਲੀ ਤੋਂ, ਮੈਂ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਬੋਲੀ ਦੀ ਉਸ ਦੀ ਜ਼ਿੰਦਗੀ ਵਿਚ ਕਿੰਨੀ ਅਹਿਮੀਅਤ ਹੈ ਪਰ ਜਦੋਂ ਉਹ ਫਿਰ ਵੀ ਅੜਿਆ ਰਿਹਾ ਤਾਂ ਮੈਂ ਕਿਹਾ ਤੂੰ ਵਪਾਰ ਵੀ ਫਿਰ ਪੰਜਾਬ ਤੋਂ ਬਾਹਰ ਜਾ ਕੇ ਕਰ, ਇਹ ਸੁਣ ਕੇ ਉਸ ਦੀ ਘਰ ਵਾਲੀ ਕਹਿੰਦੀ ਮੈਡਮ ਜੀ, ਇਨ੍ਹਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰੋ। ਬੱਚਿਆਂ ਨੂੰ ਪੰਜਾਬੀ ਪੜ੍ਹਾਉਣਾ ਮੇਰਾ ਅਤੇ ਮੇਰੀ ਸੱਸ ਦਾ ਫ਼ੈਸਲਾ ਹੈ। ਇਹ ਹੈ ਨਾਰੀ ਸ਼ਕਤੀ।

-ਰਿਪਨਜੋਤ ਕੌਰ
ਸੋਨੀ ਬੱਗਾ।

ਦੀਵਾਲੀ ਤੇ ਹੋਰ ਤਿਉਹਾਰ

ਪੰਜਾਬ ਸਰਕਾਰ ਵਲੋਂ ਹੁਣੇ ਹੀ ਦੀਵਾਲੀ ਤੇ ਹੋਰ ਇਸ ਸਾਲ ਆਉਣ ਵਾਲੇ ਤਿਉਹਾਰਾਂ ਮੌਕੇ ਪਟਾਕਿਆਂ ਦੀ ਵਿਕਰੀ ਤੇ ਚਲਾਉਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਮਿੱਥੇ ਸਮੇਂ ਅਨੁਸਾਰ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਪਟਾਕਾ ਫੈਕਟਰੀਆਂ ਵਿਚ ਹੋਏ ਧਮਾਕੇ ਕਾਰਨ ਕਈ ਘਰਾਂ ਦੇ ਚਿਰਾਗ ਸਦਾ ਲਈ ਬੁਝ ਗਏ ਸਨ ਅਤੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਜਿਥੇ ਲੋਕਾਂ ਨੂੰ ਆਪਣੇ ਘਰਾਂ, ਪਾਰਕਾਂ, ਸੜਕਾਂ ਆਦਿ 'ਤੇ ਬੂਟੇ ਲਗਾ ਕੇ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ, ਉਥੇ ਹੀ ਦੀਵਾਲੀ ਤੇ ਹੋਰ ਆਉਣ ਵਾਲੇ ਤਿਉਹਾਰਾਂ 'ਤੇ ਕੇਵਲ ਹਰੇ (ਗ੍ਰੀਨ) ਪਟਾਕੇ ਚਲਾਉਣੇ ਚਾਹੀਦੇ ਹਨ ਅਤੇ ਭਾਰੀ ਆਤਿਸ਼ਬਾਜ਼ੀ, ਪਟਾਕੇ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿਥੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਹੋਵੇਗੀ, ਉਥੇ ਹੀ ਅਣਮਨੁੱਖੀ ਘਟਨਾਵਾਂ ਵਾਪਰਨ ਤੋਂ ਬਚਿਆ ਜਾਵੇਗਾ ਅਤੇ ਸਾਰਿਆਂ ਦੀ ਜਾਨ-ਮਾਲ ਦੀ ਹਿਫ਼ਾਜ਼ਤ ਹੋ ਸਕੇਗੀ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਬਿਜਲੀ ਸੰਕਟ

ਦੇਸ਼ ਭਰ ਵਿਚ ਸੰਕਟਕਾਲੀਨ ਆਫ਼ਤਾਂ ਦਾ ਪਹਿਲਾਂ ਹੀ ਬਹੁਤ ਬੋਲਬਾਲਾ ਹੈ। ਬਿਜਲੀ ਦੇ ਸੰਕਟ ਦੇ ਨਾਲ ਤਾਂ ਸੰਕਟ ਦਾ ਹੜ੍ਹ ਹੀ ਪੈਦਾ ਹੋ ਜਾਵੇਗਾ ਜੋ ਮਨੁੱਖੀ ਜ਼ਿੰਦਗੀ ਵਿਚ ਉਥਲ-ਪੁਥਲ ਲਿਆ ਕੇ ਹਨੇਰੇ ਦੀ ਦਲਦਲ ਵਿਚ ਸੁੱਟ ਦੇਵੇਗਾ। ਪਿਛਲੇ ਦਿਨੀਂ 'ਅਜੀਤ' ਵਿਚ ਸੰਪਾਦਕੀ ਲੇਖ ਬਿਜਲੀ ਸੰਕਟ ਬਾਰੇ ਲਿਖਿਆ ਪੜ੍ਹਿਆ ਜਿਸ ਵਿਚ ਦੱਸਿਆ ਗਿਆ ਹੈ ਕਿ ਬਿਜਲੀ ਦੇ ਕੱਟ ਲੱਗਣ ਅਤੇ ਬਿਜਲੀ ਦੀ ਸਪਲਾਈ ਘਟਣ ਨਾਲ ਖੇਤੀ ਤੋਂ ਲੈ ਕੇ ਸਨਅਤਾਂ ਅਤੇ ਕੰਮਾਂਕਾਰਾਂ ਦੇ ਹੋਰ ਵੀ ਕਈ ਖੇਤਰ ਪ੍ਰਭਾਵਿਤ ਹੋ ਰਹੇ ਹਨ। ਲੇਖਕ ਨੇ ਦੱਸਿਆ ਕਿ ਕੋਲੇ ਦੀ ਪੂਰਤੀ ਕੋਲੇ ਦੀ ਮੰਗ 'ਤੇ ਕਾਫੀ ਹੱਦ ਤੱਕ ਘੱਟ ਹੋ ਰਹੀ ਹੈ ਜੋ ਲੇਖਕ ਨੇ ਬਿਲਕੁਲ ਸਹੀ ਬਿਆਨ ਕੀਤਾ ਹੈ। ਬਰਸਾਤ ਕਾਰਨ ਕੋਲਾ ਖਾਣਾਂ ਵਿਚੋਂ ਕੋਲਾ ਕੱਢਣਾ ਖਾਣਾਂ ਦੇ ਕਾਮਿਆਂ ਲਈ ਜ਼ਿੰਦਗੀ ਜੋਖ਼ਮ ਵਿਚ ਪਾਉਣ ਵਾਲਾ ਕੰਮ ਹੈ। ਅੰਤਰਰਾਸ਼ਟਰੀ ਕੋਲੇ ਦੀਆਂ ਮਹਿੰਗੀਆਂ ਕੀਮਤਾਂ ਕਾਰਨ ਬਜਟ ਦਾ ਵਿਗੜ ਜਾਣਾ ਘਾਟੇ ਦਾ ਸੌਦਾ ਹੈ। ਬਿਜਲੀ ਨਿਗਮ ਨੂੰ ਹਰ ਸਾਲ ਕਰਜ਼ਾ ਲੈ ਕੇ ਵਧੇਰੇ ਵਿਆਜ ਦਾ ਖਸਾਰਾ ਪੂਰਾ ਕਰਨ ਲਈ ਬਿਜਲੀ ਦੀ ਕੀਮਤ ਦਰ ਮਹਿੰਗੀ ਕਰਨੀ ਪੈਂਦੀ ਹੈ। ਅਜੇ ਥਰਮਲ ਪਲਾਂਟਾਂ ਦੇ ਬਕਾਏ ਖੜ੍ਹੇ ਹਨ। ਸੂਬਾ ਸਰਕਾਰ ਦੀ ਨਾਕਾਮ ਯੋਜਨਾਬੰਦੀ ਬਿਜਲੀ ਦੇ ਸੰਕਟ ਨੂੰ ਹੋਰ ਘੋਰ ਰੂਪ ਦੇਣ ਵਿਚ ਸਹਾਈ ਹੋ ਰਹੀ ਹੈ। ਪੰਜਾਬ ਸਰਕਾਰ ਇਸ ਸਮੇਂ ਕਾਰਗੁਜ਼ਾਰੀ ਦਾ ਪੈਮਾਨਾ ਇਸ ਢੰਗ ਨਾਲ ਬਣਾਏ, ਜਿਸ ਵਿਚ ਛੇਤੀ ਬਿਜਲੀ ਸੰਕਟ ਵਿਚੋਂ ਬਾਹਰ ਨਿਕਲਣ ਦੀ ਸਮਰੱਥਾ ਹੋਵੇ। ਸੋ, ਇਸ ਤਰ੍ਹਾਂ ਅਸੀਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਬਿਜਲੀ ਦਾ ਮਾਰੂ ਭਾਰ ਬਿਜਲੀ ਪੂਰਤੀ ਅਤੇ ਬਿਜਲੀ ਮੰਗ ਲਈ ਮਹਿੰਗਾ ਨਾ ਪਵੇ। ਅਰਥਵਿਵਸਥਾ ਵਿਚ ਵੀ ਸੰਤੁਲਨ ਕਾਇਮ ਰਹੇ।

-ਬਬੀਤਾ ਘਈ
ਜ਼ਿਲ੍ਹਾ ਲੁਧਿਆਣਾ।

ਸਿੱਖਣਾ ਤੇ ਪਰਿਪੱਕਤਾ

ਸਿੱਖਿਆ ਜ਼ਿੰਦਗੀ ਭਰ ਚੱਲਣ ਵਾਲੀ ਨਿਰੰਤਰ ਅਤੇ ਸੰਸਾਰ ਵਿਆਪੀ ਕਿਰਿਆ ਹੈ ਜਦੋਂ ਕਿ ਪਰਿਪੱਕਤਾ ਇਕ ਕੁਦਰਤੀ ਪ੍ਰਕਿਰਿਆ ਹੈ। ਇਸ ਲਈ ਬਾਹਰੀ ਯਤਨਾਂ ਦੀ ਲੋੜ ਨਹੀਂ ਹੁੰਦੀ। ਪਰਿਪੱਕਤਾ ਵਿਚ ਮਨੁੱਖ ਦੀਆਂ ਅੰਦਰਲੀਆਂ ਸ਼ਕਤੀਆਂ ਵਿਚ ਵਿਕਾਸ, ਜਮਾਂਦਰੂ ਯੋਗਤਾਵਾਂ ਅਤੇ ਸ਼ਕਤੀਆਂ ਵਿਚ ਹੋਣ ਵਾਲਾ ਵਾਧਾ ਹੈ, ਜਿਨ੍ਹਾਂ ਕਾਰਨ ਜੀਵ ਵਿਚ ਲੋੜੀਂਦੀਆਂ ਤਬਦੀਲੀਆਂ ਆ ਜਾਂਦੀਆਂ ਹਨ ਜਦੋਂ ਕਿ ਸਿੱਖਣ ਕਿਰਿਆ ਵਿਚ ਵਿਹਾਰ ਵਿਚ ਤਬਦੀਲੀ ਸਿਖਲਾਈ ਜਾਂ ਤਜਰਬੇ ਦੇ ਨਤੀਜੇ ਵਜੋਂ ਹੁੰਦੀ ਹੈ। ਸਿੱਖਣ ਕਿਰਿਆ ਲਈ ਜ਼ਰੂਰੀ ਹੁੰਦਾ ਹੈ ਕਿ ਮਨ ਵਿਚ ਸਿੱਖਣ ਦੀ ਜ਼ੋਰਦਾਰ ਇੱਛਾ ਹੋਵੇ ਅਤੇ ਸਿੱਖਣ ਨਾਲ ਖੁਸ਼ੀ ਪ੍ਰਾਪਤ ਹੋਵੇ। ਸਿੱਖਣ ਦੀ ਕਿਰਿਆ ਨੂੰ ਵਾਰ-ਵਾਰ ਦੁਹਰਾਉਣ ਜਾਂ ਅਭਿਆਸ ਕਰਨ ਨਾਲ ਉਹ ਵਧੇਰੇ ਸਥਿਰ ਤੇ ਟਿਕਵੀਂ ਬਣ ਜਾਂਦੀ ਹੈ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ, ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਪੂੰਜੀਵਾਦੀ ਨੀਤੀਆਂ

ਇਸ ਸਮੇਂ ਪੂਰੀ ਦੁਨੀਆ ਵਿਚ ਪੂੰਜੀਵਾਦੀ, ਨਿੱਜੀਕਰਨ ਅਤੇ ਸੰਸਾਰੀਕਰਨ ਨੀਤੀਆਂ ਨੂੰ ਲੈ ਕੇ ਚਾਰੇ ਪਾਸੇ ਖੁੱਲ੍ਹ ਕੇ ਵਿਰੋਧ ਹੋ ਰਹੇ ਹਨ। ਭਾਰਤ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਵੀ ਇਨ੍ਹਾਂ ਨੀਤੀਆਂ ਦੀ ਹੀ ਦੇਣ ਹਾ। ਦਹਾਕੇ ਲਾ ਕੇ ਖੜ੍ਹੇ ਕੀਤੇ ਗਏ ਜਨਤਕ ਅਦਾਰਿਆਂ ਦਾ ਇਨ੍ਹਾਂ ਨੀਤੀਆਂ ਰਾਹੀਂ ਭੋਗ ਪਾਇਆ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਲੋਕਾਂ ਲਈ ਰੁਜ਼ਗਾਰ ਦੇ ਬੂਹੇ ਬੰਦ ਹੋ ਰਹੇ ਹਨ। ਦਰਿਆਵਾਂ, ਜੰਗਲਾਂ, ਪਹਾੜਾਂ, ਬੰਦਰਗਾਹਾਂ, ਰੇਲਾਂ, ਹਵਾਈ ਅੱਡਿਆਂ, ਬਿਜਲੀ, ਸਿਹਤ ਸੇਵਾਵਾਂ, ਸਿੱਖਿਆ, ਜ਼ਮੀਨਾਂ, ਰੇਤ ਬੱਜਰੀ ਅਤੇ ਹੋਰ ਬਹੁਤ ਸਾਰੀਆਂ ਜਾਇਦਾਦਾਂ ਸਰਕਾਰਾਂ ਵਲੋਂ ਇਨ੍ਹਾਂ ਪੂੰਜੀਪਤੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਹਰ ਤਰੀਕਾ ਵਰਤ ਕੇ ਬਲਹੀਣ ਅਤੇ ਭੈਭੀਤ ਕੀਤਾ ਜਾ ਰਿਹਾ ਹੈ। ਅਜੋਕੇ ਮੀਡੀਏ ਦਾ ਵੱਡਾ ਹਿੱਸਾ ਪੂੰਜੀਪਤੀਆਂ ਦੀਆਂ ਨੀਤੀਆਂ ਨੂੰ ਲੋਕਾਂ ਦੀ ਕਾਇਆ ਕਲਪ ਕਰਨ ਵਾਲੀਆਂ ਦੱਸ ਕੇ ਸਰਕਾਰਾਂ ਅਤੇ ਇਨ੍ਹਾਂ ਪੂੰਜੀਪਤੀਆਂ ਦੇ ਹੱਕ ਵਿਚ ਭੁਗਤ ਰਿਹਾ ਹੈ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਨੀਤੀਆਂ ਨੂੰ ਦੇਸ਼ ਦੀਆਂ ਲੋਕਾਂ ਦੁਆਰਾ ਚੁਣੀਆਂ ਹੋਈਆਂ ਸਰਕਾਰਾਂ ਬੜੀ ਤੇਜ਼ੀ ਨਾਲ ਅੱਗੇ ਵਧਾ ਰਹੀਆਂ ਹਨ। ਸੋ, ਹੁਣ ਦੇਸ਼ ਦੇ ਹਰ ਇਕ ਨਾਗਰਿਕ ਨੂੰ ਇਨ੍ਹਾਂ ਪੂੰਜੀਵਾਦੀ ਨੀਤੀਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।

-ਮਾ: ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ, ਤਰਨ ਤਾਰਨ।

28-10-2021

 ਕੌਮੀ ਮੀਡੀਆ

ਜਦੋਂ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਕੋਲੋਂ ਕੋਈ ਨਸ਼ਾ ਨਹੀਂ ਮਿਲਿਆ। ਏਜੰਸੀ ਨੇ ਕਿਹਾ ਕਿ ਰੇਵ ਪਾਰਟੀ ਸਮੇਂ ਇਸ ਨੇ ਨਸ਼ਾ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਉਸ ਦੀ ਦੋ ਵਾਰ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਹੈ। ਏਜੰਸੀਆਂ ਨੇ ਅਦਾਲਤ ਵਿਚ ਦਲੀਲ ਦਿੱਤੀ ਹੈ ਕਿ ਉਹ ਕਿਸੇ ਵੱਡੇ ਰੈਕਟ ਦਾ ਹਿੱਸਾ ਹੋ ਸਕਦਾ ਹੈ। ਦੂਜੇ ਪਾਸੇ ਅਡਾਨੀ ਬੰਦਰਗਾਹ ਤੋਂ ਮਿਲੀ ਤਿੰਨ ਹਜ਼ਾਰ ਕਰੋੜ ਦੀ ਡਰੱਗ ਪਿੱਛੇ ਏਜੰਸੀਆਂ ਨੂੰ ਕੋਈ ਵੱਡਾ ਰੈਕਟ ਨਹੀਂ ਦਿਸਦਾ। ਗੋਦੀ ਭਾਰਤੀ ਮੀਡੀਆ ਲਈ ਵੀ ਖ਼ਬਰ ਸਿਰਫ ਆਰੀਅਨ ਹੈ, ਅਡਾਨੀ ਨਹੀਂ। ਹੁਣ ਜ਼ਰਾ ਆਰੀਅਨ ਦੀ ਤੁਲਨਾ ਅਜੈ ਮਿਸ਼ਰਾ ਦੇ ਮੁੰਡੇ ਮੋਨੂੰ ਮਿਸ਼ਰਾ ਨਾਲ ਵੀ ਕਰ ਕੇ ਵੇਖੋ, ਜਿਸ 'ਤੇ ਚਾਰ ਕਿਸਾਨਾਂ ਨੂੰ ਗੱਡੀ ਥੱਲੇ ਦੇ ਕੇ ਮਾਰ ਦੇਣ ਦਾ ਸਪੱਸ਼ਟ ਦੋਸ਼ ਹੈ ਪਰ ਪੁਲਿਸ ਨੇ ਉਸ ਨੂੰ ਸੁਪਰੀਮ ਕੋਰਟ ਦੇ ਦਬਾਅ ਤੋਂ ਬਾਅਦ ਫੜਿਆ ਅਤੇ ਉਸ਼ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਰੱਖਿਆ ਹੋਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਸਰਕਾਰ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਅਕਸਰ ਇਹੋ ਜਿਹੇ ਮੁੱਦੇ ਪੈਦਾ ਕਰਦੀ ਰਹਿੰਦੀ ਹੈ। ਲੋਕ ਏਨੇ ਬੇਧਿਆਨੇ ਹੋ ਚੁੱਕੇ ਹਨ ਕਿ ਪਿਛਲੇ ਕੁਝ ਮਹੀਨਿਆਂ ਵਿਚ ਪੈਟਰੋਲ ਤੇ ਡੀਜ਼ਲ ਦੀ ਕੀਮਤ 100 ਰੁਪਏ ਦਾ ਅੰਕੜਾ ਪਾਰ ਚੁੱਕੀ ਹੈ। ਪਿਛਲੇ ਡੇਢ ਸਾਲ ਵਿਚ ਹੀ ਪੈਟਰੋਲ 36 ਰੁਪਏ ਅਤੇ ਡੀਜ਼ਲ 27 ਰੁਪਏ ਪ੍ਰਤੀ ਲੀਟਰ ਵਧ ਗਿਆ ਹੈ ਪਰ ਇਸ ਵਾਧੇ ਉੱਪਰ ਗੋਦੀ ਕੌਮੀ ਮੀਡੀਆ ਨੇ ਉਸ ਤਰ੍ਹਾਂ ਦਾ ਪਿੱਟ ਸਿਆਪਾ ਹੁਣ ਨਹੀਂ ਕੀਤਾ ਜਿਵੇਂ ਉਹ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਰਿਆ ਕਰਦੇ ਸੀ। ਅੱਜਕਲ੍ਹ ਡਿਜੀਟਲ ਮੀਡੀਆ ਦਾ ਜ਼ਮਾਨਾ ਹੈ, ਇਸ ਲਈ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਕਿਸੇ ਵੀ ਘਟਨਾ 'ਤੇ ਤੁਰੰਤ ਕੋਈ ਪ੍ਰਤੀਕਰਮ ਦੇਣ ਤੋਂ ਪਹਿਲਾਂ ਪੂਰੇ ਵੇਰਵਿਆਂ ਦੀ ਉਡੀਕ ਕਰ ਲੈਣੀ ਚਾਹੀਦੀ ਹੈ।

-ਬਲਜੀਤ ਪਾਲ ਸਿੰਘ।

ਇੱਟਾਂ ਦੇ ਭਾਅ

ਵਰਤਮਾਨ ਸਮੇਂ ਆਮ ਇਨਸਾਨ ਲਈ ਘਰ ਬਣਾਉਣਾ ਉਸ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ ਕਿਉਂਕਿ ਇੱਟਾਂ ਦੇ ਭਾਅ ਸੱਤਵੇਂ ਅਸਮਾਨ ਨੂੰ ਛੂਹ ਰਹੇ ਹਨ। ਅੱਜ ਇਕ ਹਜ਼ਾਰ ਇੱਟ ਦੀ ਕੀਮਤ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਲਗਭਗ ਦੁੱਗਣੀ ਹੋ ਚੁੱਕੀ ਹੈ ਜਿਸ ਨੂੰ ਖ਼ਰੀਦਣਾ ਹਰ ਇਕ ਦੇ ਬਸ ਦੀ ਗੱਲ ਨਹੀਂ। ਇਕ ਹਜ਼ਾਰ ਇੱਟ ਦਾ ਭਾਅ ਸੱਤ ਹਜ਼ਾਰ ਦੇ ਕਰੀਬ ਪਹੁੰਚ ਚੁੱਕਾ ਹੈ ਜਿਸ ਦੇ ਘਟਣ ਦੀ ਫਿਲਹਾਲ ਕੋਈ ਉਮੀਦ ਜਾਗਦੀ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਪਹਿਲਾਂ ਨਾਲੋਂ ਜਿਥੇ ਇੱਟ ਦੀ ਖ਼ਰੀਦ ਵੀ ਘਟ ਰਹੀ ਦਿਖਾਈ ਦੇ ਰਹੀ ਹੈ, ਉਥੇ ਹੀ ਗ਼ਰੀਬ ਲੋਕਾਂ ਵਿਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਇੱਟਾਂ ਦੇ ਭਾਅ ਵਧਣ ਕਾਰਨ ਇਸ ਦੀ ਢੋਆ-ਢੁਆਈ ਕਰਨ ਵਾਲੇ ਕਾਮਿਆਂ ਦਾ ਕੰਮ ਵੀ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਭਾਅ ਦੇ ਵਾਧੇ ਦੇ ਕਾਰਨਾਂ 'ਤੇ ਧਿਆਨ ਦੇ ਕੇ ਇਸ ਦੇ ਭਾਅ ਆਮ ਵਿਅਕਤੀ ਦੀ ਪਹੁੰਚ ਤੱਕ ਕੀਤੇ ਜਾਣ ਤਾਂ ਜੋ ਹਰ ਵਿਅਕਤੀ ਇੱਟ ਖ਼ਰੀਦ ਸਕੇ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕੋਟਲਾ)।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਕੇਂਦਰ 'ਚ ਕਾਂਗਰਸ ਸਮੇਂ ਜਦੋਂ ਗੈਸ ਸਿਲੰਡਰ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਸਨ ਤਾਂ ਭਾਜਪਾ ਸੜਕਾਂ 'ਤੇ ਆ ਕੇ ਵਿਰੋਧ ਕਰਦੀ ਸੀ ਪਰ ਜਿਸ ਤਰੀਕੇ ਨਾਲ ਭਾਜਪਾ ਸਰਕਾਰ ਵਲੋਂ ਰੋਜ਼ਾਨਾ ਪੈਟਰੋਲ-ਡੀਜ਼ਲ ਅਤੇ ਆਏ ਦਿਨ ਗੈਸ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਉਸ ਨਾਲ ਆਮ ਇਨਸਾਨ ਵਾਸਤੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਦਾ ਜੁਗਾੜ ਕਰਨਾ ਬਹੁਤ ਔਖਾ ਹੋ ਗਿਆ ਹੈ। ਪੈਟਰੋਲ-ਡੀਜ਼ਲ ਦੀ ਕੀਮਤ ਵਧਣ ਨਾਲ ਜਿਥੇ ਘਰਾਂ ਵਿਚ ਵਰਤੋਂ ਵਿਚ ਆਉਣ ਵਾਲੀ ਹਰੇਕ ਵਸਤੂ ਮਹਿੰਗੀ ਹੁੰਦੀ ਜਾਂਦੀ ਹੈ, ਉਥੇ ਹਰੇਕ ਇਨਸਾਨ ਦੇ ਰੋਜ਼ਾਨਾ ਦੇ ਜੀਵਨ 'ਤੇ ਵੀ ਅਸਰ ਪੈਂਦਾ ਹੈ। ਇਕ ਆਪਣੇ ਨਾਲ ਬੀਤ ਰਹੀ ਤਾਜ਼ਾ ਮਿਸਾਲ ਦੇ ਦਿੰਦੀ ਹਾਂ। ਮੇਰੇ ਪਤੀ ਜੋ ਪ੍ਰਾਈਵੇਟ ਨੌਕਰੀ ਕਰਦੇ ਹਨ, ਰੋਜ਼ਾਨਾ ਰਾਜਾਸਾਂਸੀ ਤੋਂ ਅੰਮ੍ਰਿਤਸਰ ਜਾਂਦੇ ਹਨ ਅਤੇ ਵਾਪਸ ਰਾਜਾਸਾਂਸੀ ਆਉਂਦੇ ਹਨ, ਲਗਭਗ 30 ਕਿਲੋਮੀਟਰ ਮੋਟਰਸਾਈਕਲ ਚਲਾਉਂਦੇ ਹਨ। ਉਹ ਪਹਿਲਾਂ ਸੋਮਵਾਰ ਆਪਣੇ ਮੋਟਰਸਾਈਕਲ ਵਿਚ 200 ਰੁਪਏ ਦਾ ਪੈਟਰੋਲ ਪਵਾਉਂਦੇ ਸਨ ਅਤੇ ਸਨਿਚਰਵਾਰ ਤੱਕ ਚੱਲ ਜਾਂਦਾ ਸੀ। ਹੁਣ ਉਹ ਸੋਮਵਾਰ 400-500 ਰੁਪਏ ਦਾ ਪੈਟਰੋਲ ਪਵਾਉਂਦੇ ਹਾਂ ਤਾਂ ਜਾ ਕੇ ਸਨਿਚਰਵਾਰ ਤੱਕ ਸਮਾਂ ਨਿਕਲਦਾ ਹੈ, ਕਿਉਂਕਿ ਇਸ ਸਮੇਂ ਪੈਟਰੋਲ 108 ਰੁਪਏ ਪ੍ਰਤੀ ਲੀਟਰ ਹੈ। ਇਹ ਹਰੇਕ ਘਰ ਦੀ ਕਹਾਣੀ ਹੈ। ਸਰਕਾਰਾਂ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਮੀ ਕਰਨੀ ਚਾਹੀਦੀ ਹੈ, ਜਿਸ ਨਾਲ ਆਮ ਲੋਕਾਂ ਦਾ ਜੀਵਨ ਕੁਝ ਸੌਖਾ ਹੋ ਸਕੇ।

-ਮਲਟੀ
ਅਧਿਆਪਕਾ, ਸੇਂਟ ਥੌਮਸ ਕੌਨਵੈਂਟ ਸਕੂਲ, ਰਾਜਾਸਾਂਸੀ।

ਰੁੱਖ ਕਿੰਨੇ ਜ਼ਰੂਰੀ ਹਨ

ਅਸੀਂ ਸਾਰੇ ਵਧਦੀ ਮਹਿੰਗਾਈ ਬਾਰੇ ਤਾਂ ਬਹੁਤ ਚਰਚਾਵਾਂ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਜੋ ਚੀਜ਼ ਸਾਨੂੰ ਕੁਦਰਤ ਮੁਫ਼ਤ ਵਿਚ ਦੇ ਰਹੀ ਹੈ ਅਸੀਂ ਉਸ ਦੇ ਬਦਲੇ ਕੀ ਕੀਤਾ ਹੈ ਤੇ ਕੀ ਕਰਨਾ ਚਾਹੀਦਾ ਹੈ? ਮੈਂ ਗੱਲ ਕਰ ਰਿਹਾ ਹਾਂ ਆਕਸੀਜਨ ਦੀ ਜਿਸ ਨਾਲ ਅਸੀਂ ਜਿਉਂ ਰਹੇ ਹਾਂ। ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਵੇਖੀਏ ਕਿ ਕਿੰਨੇ ਕੁ ਦਰੱਖਤ ਬਚੇ ਨੇ ਸਾਡੇ ਆਲੇ-ਦੁਆਲੇ (ਖ਼ਾਸ ਕਰ ਮਾਝੇ ਤੇ ਮਾਲਵੇ ਦੇ ਇਲਾਕੇ ਵਿਚ)। ਅਸੀਂ ਆਪ ਤਾਂ ਦਰੱਖਤ ਕੀ ਲਗਾਉਣੇ ਸੀ, ਸਗੋਂ ਆਪਣੀਆਂ ਜ਼ਮੀਨਾਂ ਵਿਚ ਆਪਣੇ ਪੁਰਖਿਆਂ ਵਲੋਂ ਲਗਾਏ ਦਰੱਖਤ ਵੀ ਨਹੀਂ ਰਹਿਣ ਦਿੱਤੇ। ਇਹੀ ਕਾਰਨ ਹੈ ਕਿ ਕਿੰਨੇ ਪੰਛੀਆਂ ਦੀ ਗਿਣਤੀ ਘਟ ਗਈ ਅਤੇ ਕਿੰਨੀਆਂ ਪ੍ਰਜਾਤੀਆਂ ਅਲੋਪ ਹੋਣ ਦੇ ਨੇੜੇ ਹਨ। ਦਰੱਖਤ ਵੱਖ-ਵੱਖ ਕਿਸਮਾਂ ਦੇ ਫਲ਼ਾਂ ਤੋਂ ਇਲਾਵਾ ਸ਼ੁੱਧ ਹਵਾ ਦੀ ਗੁਣਵੱਤਾ ਵਿਚ ਵੀ ਵਾਧਾ ਕਰਦੇ ਹਨ। ਆਓ, ਅਸੀਂ ਸਾਰੇ ਮਿਲ ਕੇ ਪ੍ਰਦੂਸ਼ਿਤ ਹੋਈ ਹਵਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਬਣਦਾ ਯੋਗਦਾਨ ਪਾ ਕੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਵੱਧ ਤੋਂ ਵੱਧ ਮਦਦ ਕਰੀਏ। ਕਿਸਾਨ ਭਰਾਵਾਂ ਨੂੰ ਵੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਬਾਗ਼ਬਾਨੀ ਵਰਗੇ ਕਿੱਤੇ ਨੂੰ ਅਪਣਾਉਣ ਦੀ ਸਮੇਂ ਦੀ ਮੁੱਖ ਲੋੜ ਹੈ, ਇਸ ਤਰ੍ਹਾਂ ਕਮਾਈ ਦੇ ਨਾਲ-ਨਾਲ ਅਸੀਂ ਵਾਤਾਵਰਨ ਨੂੰ ਵੀ ਸ਼ੁੱਧ ਕਰਨ ਵਿਚ ਮਦਦਗਾਰ ਹੋਵਾਂਗੇ।

-ਪਰਮਜੀਤ ਸੰਧੂ, ਥੇਹ ਤਿੱਖਾ।

ਆਵਾਜ਼ ਪ੍ਰਦੂਸ਼ਣ

ਲਾਊਡ ਸਪੀਕਰ ਦੀ ਆਵਾਜ਼ ਨੂੰ ਚਾਰ ਦੀਵਾਰੀ ਵਿਚ ਰੱਖਣ ਲਈ ਭਾਵੇਂ ਉੱਚ ਅਦਾਲਤਾਂ ਵਲੋਂ ਕਾਨੂੰਨ ਪਾਸ ਕੀਤੇ ਗਏ ਹਨ, ਪਰ ਅਜੇ ਵੀ ਕਈ ਸੰਸਥਾਵਾਂ/ਘਰਾਂ ਵਿਚ ਕਿਸੇ ਪ੍ਰੋਗਰਾਮ ਮੌਕੇ ਉੱਚੀ ਆਵਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡੇ ਸਮਾਜ ਵਿਚ ਰਹਿੰਦੇ ਪੜ੍ਹੇ-ਲਿਖੇ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਇਸ ਸੰਬੰਧੀ ਕਾਨੂੰਨ ਦੇ ਰਖਵਾਲਿਆਂ ਨੂੰ ਕਹਿਣ ਤਾਂ ਜੋ ਸਾਡੇ ਘਰਾਂ ਵਿਚ ਰਹਿ ਰਹੇ ਬਜ਼ੁਰਗਾਂ ਦੀ ਦੁਰਗਤ ਨਾ ਹੋਵੇ ਤੇ ਸਾਡੇ ਘਰਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਬੁਰਾ ਪ੍ਰਭਾਵ ਨਾ ਪਵੇ, ਘਰ ਵਿਚ ਬਿਮਾਰ ਨੂੰ ਤਾਂ ਨੀਂਦ ਸਵੇਰ ਸਮੇਂ ਮਸਾਂ ਆਉਦੀ ਹੈ, ਉੱਚੀ ਆਵਾਜ਼ ਨਾਲ ਜਾਗਣ 'ਤੇੇ ਉਹ ਸਾਰਾ ਦਿਨ ਪ੍ਰੇਸ਼ਾਨ ਰਹਿੰਦਾ ਹੈ, ਇਸ ਦਾ ਪ੍ਰਭਾਵ ਇਨਸਾਨ 'ਤੇ ਨਹੀਂ ਸਗੋਂ ਸਾਡੇ ਪਸ਼ੂ, ਪੰਛੀਆਂ ਤੇ ਕੁਦਰਤੀ ਬਨਸਪਤੀ 'ਤੇ ਵੀ ਪੈ ਰਿਹਾ ਹੈ। ਲੋੜ ਹੈ ਸਮੇਂ ਸਿਰ ਜਾਗਣ ਦੀ ਤੇ ਬਣੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ। ਜੇਕਰ ਸਰਕਾਰ ਚਾਹੇ ਤਾਂ ਇਸ 'ਤੇ ਬਿਨਾਂ ਖ਼ਰਚ ਕੀਤਿਆਂ ਚੰਗੇ ਨਤੀਜੇ ਸਿਰਫ ਇਕ ਮਹੀਨੇ ਅੰਦਰ ਨਿਕਲ ਸਕਦੇ ਹਨ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਰਿਕਵਰੀ ਅਫ਼ਸਰ ਸਹਿਕਾਰੀ ਬੈਂਕ, ਹੁਸ਼ਿਆਰਪੁਰ।

27-10-2021

 ਮਨਾਂ ਵਿਚ ਰੌਸ਼ਨੀਆਂ ਬਾਲ਼ੋ

ਦੀਵਾਲੀ ਰੌਸ਼ਨੀਆਂ ਦਾ ਤਿਉਹਾਰ ਹੈ। ਹਰ ਪਾਸੇ ਚਮਕ ਹੀ ਚਮਕ ਹੁੰਦੀ ਹੈ। ਸਾਨੂੰ ਸਭ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਹੋਣੀ ਵੀ ਬਹੁਤ ਜ਼ਰੂਰੀ ਹੈ। ਤੱਥਾਂ 'ਤੇ ਝਾਤ ਮਾਰੀਏ ਤਾਂ ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਵਰ੍ਹਿਆਂ ਦਾ ਬਨਵਾਸ ਪੂਰਾ ਕਰਕੇ ਅਤੇ ਰਾਵਣ ਨੂੰ ਮਾਰ ਕੇ ਅਯੁੱਧਿਆ ਪਰਤੇ ਸਨ। ਦੂਜਾ ਇਹ ਕਿ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਨਾਲ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਗਵਾਲੀਅਰ ਦੇ ਕਿਲ੍ਹੇ 'ਚੋਂ ਬਾਹਰ ਆਏ ਸਨ। ਇਨ੍ਹਾਂ ਖੁਸ਼ੀ ਦੇ ਮੌਕਿਆਂ ਕਰਕੇ ਲੋਕਾਂ ਨੇ ਦੀਵੇ ਬਾਲ਼ੇ ਸਨ। ਦੀਵੇ ਬਾਲਣ ਤੱਕ ਤਾਂ ਸਭ ਠੀਕ ਹੈ ਪਰ ਇਸ ਦਿਨ ਪਟਾਕੇ ਚਲਾਉਣ ਦਾ ਰਿਵਾਜ ਪਤਾ ਨਹੀਂ ਕਦੋਂ ਸ਼ੁਰੂ ਹੋ ਗਿਆ। ਅੱਜਕਲ੍ਹ ਲੋਕ ਲੱਖਾਂ-ਕਰੋੜਾਂ ਦੇ ਪਟਾਕੇ ਫੂਕ ਦਿੰਦੇ ਹਨ। ਰੰਗ-ਬਿਰੰਗੇ ਬਲਬ ਜਗਾਏ ਜਾਂਦੇ ਹਨ। ਮਠਿਆਈਆਂ ਰੱਜ ਕੇ ਵੰਡੀਆਂ ਤੇ ਖਾਧੀਆਂ ਜਾਂਦੀਆਂ ਹਨ ਭਾਵੇਂ ਉਹ ਨਕਲੀ ਹੀ ਹੋਣ। ਪਰ ਤਿਉਹਾਰਾਂ ਦੇ ਦਿਨਾਂ ਵਿਚ ਲੋਕਾਂ ਦੀ ਫਜ਼ੂਲ ਖ਼ਰਚੀ ਖੂਬ ਦੇਖਣ ਨੂੰ ਮਿਲਦੀ ਹੈ। ਪਤਾ ਨਹੀਂ ਏਨੇ ਪੈਸਿਆਂ ਨੂੰ ਅੱਗ ਲਗਾ ਕੇ ਕੀ ਤਸੱਲੀ ਮਿਲਦੀ ਹੈ? ਕਈ ਮੂਰਖ ਲੋਕ ਇਨ੍ਹਾਂ ਤਿਉਹਾਰਾਂ 'ਤੇ ਸ਼ਰਾਬ ਪੀ ਕੇ ਤੇ ਜੂਆ ਖੇਡ ਕੇ ਆਪਸ ਵਿਚ ਲੜਦੇ ਹਨ ਅਤੇ ਆਪਣਿਆਂ ਦੇ ਤਿਉਹਾਰਾਂ ਦਾ ਸਾਰਾ ਮਜ਼ਾ ਕਿਰਕਿਰਾ ਕਰ ਬਹਿੰਦੇ ਹਨ। ਇਸ ਲਈ ਸਾਨੂੰ ਬਾਹਰ ਰੌਸ਼ਨੀਆਂ ਬਾਲਣ ਤੋਂ ਪਹਿਲਾਂ ਆਪਣੇ ਅੰਦਰ ਚਾਨਣ ਕਰਨਾ ਚਾਹੀਦਾ ਹੈ। ਪਟਾਕਿਆਂ ਦੀ ਬੇਫਜ਼ੂਲ ਠਾਹ-ਠਾਹ ਦੀ ਥਾਂ ਹਾਸਿਆਂ ਦੇ ਠਹਾਕੇ ਹੋਣ ਤਾਂ ਹੀ ਅਸਲੀ ਦੀਵਾਲੀ ਮਨਾਈ ਜਾ ਸਕਦੀ ਹੈ।

-ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।

ਔਰਤਾਂ 'ਤੇ ਜ਼ੁਲਮ

ਔਰਤਾਂ ਨੂੰ ਜਿਥੇ ਵੀ ਸਾਜਗਾਰ ਹਾਲਾਤ ਮਿਲੇ ਹਨ, ਉਨ੍ਹਾਂ ਨੇ ਆਪਣੇ ਹੁਨਰ ਅਤੇ ਕਾਬਲੀਅਤ ਦਾ ਪੂਰਾ ਲੋਹਾ ਮਨਵਾਇਆ ਹੈ। ਉਹ ਘਰ ਤੋਂ ਲੈ ਕੇ ਦੇਸ਼ ਤੱਕ ਨੂੰ ਸੰਭਾਲ ਰਹੀਆਂ ਹਨ ਪਰ ਫਿਰ ਵੀ ਅੱਜ ਦੇ ਦੌਰ ਵਿਚ ਔਰਤਾਂ ਦੀ ਹਾਲਤ ਮਰਦ ਦੇ ਮੁਕਾਬਲੇ ਕਾਫੀ ਕਮਜ਼ੋਰ ਹੈ। ਘਰੇਲੂ ਹਿੰਸਾ, ਭਰੂਣ ਹੱਤਿਆ, ਜਬਰ ਜਨਾਹ ਵਰਗੇ ਸੰਗੀਨ ਜੁਰਮਾਂ ਵਿਚ ਵਾਧਾ ਹੋਇਆ ਹੈ। ਇਸ ਲਈ ਸਮਾਜ ਅਤੇ ਸਮਾਜ ਵਿਚ ਰਹਿ ਰਹੇ ਪ੍ਰਾਣੀ ਹੀ ਜ਼ਿੰਮੇਵਾਰ ਹਨ। ਭਾਵੇਂ ਕਾਨੂੰਨ ਸਖ਼ਤ ਹੋ ਗਏ ਹਨ, ਫਿਰ ਵੀ ਪਿਛਲੇ ਕਈ ਦਿਨਾਂ ਤੋਂ ਛੋਟੀਆਂ ਬੱਚੀਆਂ ਨਾਲ ਹੋ ਰਹੇ ਅਪਰਾਧ ਵਧ ਰਹੇ ਹਨ। ਇਹ ਹੋਰ ਕੋਈ ਨਹੀਂ ਕਰ ਰਹੇ, ਆਪਣੇ ਆਲੇ-ਦੁਆਲੇ ਦੇ ਗੰਦੀ ਪ੍ਰਵਿਰਤੀ ਵਾਲੇ ਲੋਕ ਹੀ ਕਰਦੇ ਹਨ। ਇਨ੍ਹਾਂ 'ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ। ਮਾਂ-ਪਿਉ ਨੂੰ ਆਪਣੀ ਤੀਸਰੀ ਅੱਖ ਖੋਲ੍ਹ ਕੇ ਆਪਣੀਆਂ ਬੱਚੀਆਂ ਪਾਸੋਂ ਸਕੂਲ ਦੇ ਸਟਾਫ ਵਲੋਂ ਉਨ੍ਹਾਂ ਨਾਲ ਕੀਤੇ ਜਾਂਦੇ ਰੋਜ਼ਾਨਾ ਵਿਵਹਾਰ ਬਾਰੇ ਪੁੱਛ-ਪੜਤਾਲ ਕਰਨੀ ਚਾਹੀਦੀ ਹੈ। ਬੱਚੀਆਂ ਨੂੰ ਇਕੱਲੇ ਨਾ ਛੱਡੋ। ਰਿਸ਼ਤੇਦਾਰੀ ਵਿਚ ਵੀ ਇਕੱਲੇ ਨਾ ਭੇਜੋ। ਪੀੜਤਾ ਦਾ ਮੁਕੱਦਮਾ ਮਹਿਲਾ ਥਾਣੇ ਵਿਚ ਮਹਿਲਾ ਸਬ ਇੰਸਪੈਕਟਰ ਵਲੋਂ ਦਰਜ ਹੋਵੇ। ਮੌਕੇ 'ਤੇ ਫੋਰੈਂਸਿੰਕ ਸਾਇੰਸ ਦੀ ਮਦਦ ਲੈ ਕੇ ਵਿਗਿਆਨਕ ਤਰੀਕੇ ਨਾਲ ਤਫ਼ਤੀਸ਼ ਕਰਕੇ ਚਲਾਨ 90 ਦਿਨ ਦੇ ਅੰਦਰ ਦੇ ਦੇਣਾ ਚਾਹੀਦਾ ਹੈ। ਇਸ ਨਾਲ ਦੋਸ਼ੀਆਂ ਦੀਆਂ ਜ਼ਮਾਨਤਾਂ ਨਹੀਂ ਹੁੰਦੀਆਂ, ਕੇਸ ਮਜ਼ਬੂਤ ਹੁੰਦਾ ਹੈ। ਫਾਸਟਰੈਕ ਕੋਰਟ ਵਿਚ ਸੁਣਵਾਈ ਕਰ ਜਲਦੀ ਤੋਂ ਜਲਦੀ ਫ਼ੈਸਲਾ ਕਰਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਇਸ ਨਾਲ ਜਬਰ ਜਨਾਹ ਦੇ ਕੇਸਾਂ ਵਿਚ ਕਮੀ ਆਏਗੀ।

-ਗੁਰਮੀਤ ਸਿੰਘ ਵੇਰਵਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

... ਛੋਟੇ ਯਤਨਾਂ ਦੀਆਂ ਵੱਡੀਆਂ ਜਿੱਤਾਂ

ਪਿਛਲੇ ਦਿਨੀਂ ਐਤਵਾਰ ਨੂੰ 'ਅਜੀਤ' ਵਿਚ ਛਪੇ ਇਕ ਲੇਖ 'ਲਗਾਤਾਰ ਛੋਟੇ ਯਤਨਾਂ ਦੀਆਂ ਵੱਡੀਆਂ ਜਿੱਤਾਂ' ਜੋ ਲੇਖਕ ਬਲਜਿੰਦਰ ਜੌੜਕੀਆਂ ਵਲੋਂ ਲਿਖਿਆ ਗਿਆ ਸੀ, ਵਿਚ ਬੜੀ ਜਾਣਕਾਰੀ ਦਿੱਤੀ ਗਈ ਹੈ। ਲੇਖਕ ਵਲੋਂ 'ਕਿੰਗ ਬਰੂਸ ਅਤੇ ਮੱਕੜੀ' ਵਾਲੀ ਮਿਸਾਲ ਦਿੰਦਿਆਂ ਕਿੰਗ ਬਰੂਸ ਦੀ ਥਾਂ ਨੈਪੋਲੀਅਨ ਬੋਨਾਪਾਰਟ ਲਿਖ ਦਿੱਤਾ ਗਿਆ ਹੈ।

-ਇਕ ਪਾਠਕ।

26-10-2021

 ਸਮਾਜਿਕ ਚੇਤਨਾ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਜ਼ਿੰਦਗੀ ਨੂੰ ਸੰਤੁਲਿਤ ਤੇ ਚੰਗੇ ਢੰਗ ਨਾਲ ਚਲਦੇ ਰੱਖਣ ਲਈ ਮਨੱਖ ਦਾ ਸਮਾਜ ਵਿਚ ਰਹਿਣਾ ਤੇ ਸਮਾਜ ਨਾਲ ਚੰਗਾ ਢੁਕਵਾਂ ਸੰਬੰਧ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ। ਜਨਮ ਸਮੇਂ ਸ਼ਿਸ਼ੂ ਦਾ ਵਿਹਾਰ ਸਮਾਜਿਕਤਾ ਤੋਂ ਕਾਫੀ ਦੂਰ ਹੁੰਦਾ ਹੈ। ਉਹ ਬਹੁਤ ਸਵਾਰਥੀ ਹੁੰਦਾ ਹੈ ਤੇ ਕੇਵਲ ਆਪਣੀਆਂ ਲੋੜਾਂ ਦੀ ਪੂਰਤੀ ਬਾਰੇ ਹੀ ਸੋਚਦਾ ਹੈ। ਸ਼ਿਸ਼ੂ ਅਵਸਥਾ ਤੋਂ ਬਾਅਦ ਬਾਲ ਅਵਸਥਾ ਵਿਚ ਬੱਚਿਆਂ ਵਿਚ ਸਮਾਜਿਕ ਚੇਤਨਾ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਅੱਗੇ ਕਿਸ਼ੋਰ ਅਵਸਥਾ ਬਹੁਤ ਜ਼ਿਆਦਾ ਸਮਾਜਿਕ ਚੇਤਨਾ, ਵਧੇਰੇ ਸਮਾਜਿਕ ਸੰਬੰਧਾਂ ਅਤੇ ਗੂੜ੍ਹੀ ਮਿੱਤਰਤਾ ਦੀ ਉਮਰ ਹੈ। ਇਸ ਅਵਸਥਾ ਦੇ ਅੰਤ ਤੱਕ ਅਕਸਰ ਬਾਲਗ ਸਮਾਜਿਕ ਰੂਪ ਤੋਂ ਪ੍ਰਪੱਕ ਹੋ ਜਾਂਦਾ ਹੈ। ਸਮਾਜਿਕ ਰੂਪ ਤੋਂ ਪ੍ਰਪੱਕ ਵਿਅਕਤੀ ਸਹਿਯੋਗੀ ਪ੍ਰਵਿਰਤੀ ਦਾ ਹੁੰਦਾ ਹੈ। ਉਸ ਵਿਚ ਹਮਦਰਦੀ, ਨਿਮਰਤਾ, ਸਦਵਿਹਾਰ ਆਦਿ ਗੁਣ ਪਾਏ ਜਾਂਦੇ ਹਨ। ਉਸ ਵਿਚ ਸਮਾਜ ਸੇਵਾ ਦੀ ਭਾਵਨਾ ਬਹੁਤ ਹੁੰਦੀ ਹੈ। ਉਸ ਵਿਚ ਬਦਲਦੇ ਹੋਏ ਹਾਲਾਤ ਅਨੁਸਾਰ ਆਪਣੇ-ਆਪ ਨੂੰ ਅਨੁਕੂਲਣ, ਸਮਾਯੋਜਨ ਤੇ ਢਾਲਣ ਦੀ ਸਮਰੱਥਾ ਹੁੰਦੀ ਹੈ। ਬੱਚੇ ਦੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰਨ ਵਿਚ ਵਿਅਕਤੀਗਤ ਨਿੱਜੀ ਤੱਤ ਜਿਵੇਂ ਕਿ ਸਿਹਤ, ਬੁੱਧੀ ਤੇ ਭਾਵੁਕਤਾ ਅਤੇ ਵਾਤਾਵਰਨ ਸੰਬੰਧੀ ਤੱਤਾਂ ਵਿਚ ਪਰਿਵਾਰ, ਆਂਢ-ਗੁਆਂਢ, ਸਕੂਲ ਆਦਿ ਸ਼ਾਮਿਲ ਹੁੰਦੇ ਹਨ।

-ਬਿਹਾਲਾ ਸਿੰਘ
ਪਿੰਡ ਨੌਨੀਤਪੁਰ ਤਹਿ: ਗੜ੍ਹਸ਼ੰਕਰ (ਹੁਸ਼ਿਆਰਪੁਰ)।

ਕਸ਼ਮੀਰ ਦੀ ਚੁਣੌਤੀ

ਐਤਵਾਰ 24 ਅਕਤੂਬਰ ਨੂੰ ਸ: ਬਰਜਿੰਦਰ ਸਿੰਘ ਹਮਦਰਦ ਜੀ ਦਾ ਲਿਖਿਆ ਸੰਪਾਦਕੀ 'ਕਸ਼ਮੀਰ ਦੀ ਚੁਣੌਤੀ' ਪੜ੍ਹਿਆ। ਦੇਸ਼ ਲਈ ਕਸ਼ਮੀਰ ਦੀ ਇਹ ਸੱਚਮੁੱਚ ਵੱਡੀ ਚੁਣੌਤੀ ਹੈ। ਕੱਟੜਪੰਥੀਆਂ ਨੇ ਇਸਲਾਮ ਨੂੰ ਅਗਵਾ ਕਰ ਲਿਆ ਹੈ। ਕਸ਼ਮੀਰ ਵਿਚ ਹਮਲੇ ਲਗਾਤਾਰ ਵਧ ਰਹੇ ਹਨ, ਇਸ ਮਰਹਲੇ 'ਤੇ ਆ ਕੇ ਭਾਰਤ ਸਰਕਾਰ ਅਤੇ ਲੋਕਾਂ ਨੂੰ ਬੇਹੱਦ ਗੰਭੀਰ ਹੋ ਕੇ ਸੋਚਣ ਦੀ ਅਤੇ ਹੋਰ ਵੱਡੀ ਯੋਜਨਾਬੰਦੀ ਕਰਨ ਦੀ ਜ਼ਰੂਰਤ ਹੈ। ਨਹੀਂ ਤਾਂ ਇਹ ਭਾਰਤ ਦੀ ਅਖੰਡਤਾ ਵਾਸਤੇ ਬੜਾ ਵੱਡਾ ਖ਼ਤਰਾ ਹੋਵੇਗਾ।

-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਸਾਵਧਾਨੀ ਦੀ ਲੋੜ

ਚੱਲ ਰਹੇ ਅਕਤੂਬਰ ਦੇ ਮਹੀਨੇ ਤੋਂ ਸ਼ੁਰੂ ਹੋ ਕੇ ਸਾਡੇ ਭਾਰਤੀਆਂ ਕੋਲ ਬਹੁਤ ਸਾਰੇ ਸ਼ਾਨਦਾਰ ਸੱਭਿਆਚਾਰਕ, ਧਾਰਮਿਕ, ਸਮਾਜਿਕ ਅਤੇ ਸੱਚ ਤੇ ਸ਼ੁੱਧਤਾ ਦੇ ਪ੍ਰਤੀਕ ਤਿਉਹਾਰਾਂ ਦਾ ਸਮਾਂ ਹੈ, ਜਿਨ੍ਹਾਂ ਵਿਚ ਕਰਵਾ ਚੌਥ, ਦੀਵਾਲੀ, ਭਾਈ-ਦੂਜ, ਛਠ ਪੂਜਾ ਆਦਿ ਸ਼ਾਮਿਲ ਹਨ। ਤਿਉਹਾਰਾਂ ਦੇ ਇਸ ਪਵਿੱਤਰ ਮੌਕੇ 'ਤੇ ਸਾਰੇ ਭਾਰਤੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਦਿਲੋਂ ਸ਼ੁੱਭਕਾਮਨਾਵਾਂ ਦੇ ਨਾਲ ਇਕ ਅਪੀਲ ਵੀ ਹੈ ਕਿ ਚੂੰਕਿ ਕੋਰੋਨਾ ਸੰਕਰਮਣ ਅਜੇ ਖ਼ਤਮ ਨਹੀਂ ਹੋਇਆ, ਇਸ ਲਈ ਸਾਰੇ ਤਿਉਹਾਰਾਂ ਨੂੰ ਮਨਾਉਣ ਦੇ ਉਤਸ਼ਾਹ ਅਤੇ ਖੁਸ਼ੀ ਵਿਚ ਕੋਰੋਨਾ ਦੀ ਰੋਕਥਾਮ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਨਾ ਭੁੱਲੋ ਤਾਂ ਜੋ ਆਪਾਂ ਸਾਰੇ ਸਿਹਤਮੰਦ ਰਹਿੰਦੇ ਹੋਏ ਸਾਰੇ ਤਿਉਹਾਰਾਂ ਨੂੰ ਖੁਸ਼ੀ ਨਾਲ ਮਨਾ ਸਕੀਏ। ਇਹ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ। ਉਦਾਹਰਨ ਲਈ ਘਰਾਂ ਅਤੇ ਹੋਰ ਇਮਾਰਤਾਂ ਦੀ ਸਜਾਵਟ ਦੌਰਾਨ ਬਿਜਲੀ ਦੀ ਬਰਬਾਦੀ ਨਾ ਕਰੋ, ਚਾਰ ਪਹੀਆ ਅਤੇ ਦੋ ਪਹੀਆ ਵਾਹਨ ਮੋਟਰ ਗੱਡੀਆਂ ਨੂੰ ਬਾਜ਼ਾਰਾਂ ਦੇ ਅੰਦਰ ਲਿਜਾਣ ਤੋਂ ਪਰਹੇਜ਼ ਕਰੋ ਤਾਂ ਜੋ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ। ਖਾਣ-ਪੀਣ ਦੀਆਂ ਚੀਜ਼ਾਂ ਵੇਚਣ, ਖ਼ਰੀਦਣ ਅਤੇ ਵਰਤਣ ਵੇਲੇ ਸ਼ੁੱਧਤਾ ਦਾ ਧਿਆਨ ਰੱਖੋ। ਗੰਦਗੀ ਨਾ ਫੈਲਾਉ, ਦੂਜਿਆਂ ਦੀਆਂ ਭਾਵਨਾਵਾਂ ਦਾ ਆਦਰ ਕਰੋ। ਦਿਖਾਵਾ ਤੇ ਛਲਾਵਾ ਨਾ ਕਰੋ। ਇਹ ਮੇਰਾ ਪੱਕਾ ਵਿਸ਼ਵਾਸ ਹੈ ਕਿ ਅਜਿਹੀਆਂ ਸੀਮਾਵਾਂ ਰੱਖਣ ਨਾਲ ਸਾਰੇ ਤਿਉਹਾਰ ਵਧੇਰੇ ਮਜ਼ੇਦਾਰ ਹੋਣਗੇ ਅਤੇ ਸਦਭਾਵਨਾ ਬਣੀ ਰਹੇਗੀ। ਇਕ ਹੋਰ ਮਹੱਤਵਪੂਰਨ ਗੱਲ ਤਿਉਹਾਰਾਂ ਦਾ ਅਨੰਦ ਲੈਂਦੇ ਹੋਏ ਕੁਦਰਤੀ ਸੰਤੁਲਨ ਬਣਾਈ ਰੱਖਣ ਲਈ ਸ਼ੋਰ-ਸ਼ਰਾਬੇ, ਭ੍ਰਿਸ਼ਟਾਚਾਰ ਦੇ ਪ੍ਰਦੂਸ਼ਣ ਨਾਲ ਪਾਣੀ, ਹਵਾ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰੋ।

-ਇੰ: ਕ੍ਰਿਸ਼ਨ ਕਾਂਤ ਸੂਦ
ਰਿਜਨਲ ਸਕੱਤਰ (ਸੰਪਰਕ) ਉੱਤਰ ਖੇਤਰ-1, ਭਾਰਤ ਵਿਕਾਸ ਪ੍ਰੀਸ਼ਦ।

ਜੈ ਜਵਾਨ

ਜਿਹੜੇ ਸਾਡੇ ਜਵਾਨ ਭਾਰਤ ਦੀਆਂ ਸਰਹੱਦਾਂ 'ਤੇ ਤਾਇਨਾਤ ਹਨ, ਉਹ ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ-ਮੋਟੇ ਕਾਰੋਬਾਰ ਵਾਲਿਆਂ ਦੇ ਪੁੱਤਰ, ਭਰਾ ਜਾਂ ਰਿਸ਼ਤੇਦਾਰ ਹਨ। ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੀ ਵਜ੍ਹਾ ਕਰਕੇ ਕਿਰਤੀ ਕਿਸਾਨ ਲੰਮੇ ਅਰਸੇ ਤੋਂ ਸੜਕਾਂ 'ਤੇ ਰੁਲ ਰਹੇ ਹਨ। ਤਸੀਹਿਆਂ ਦੇ ਕਾਰਨ ਸ਼ਹੀਦੀਆਂ ਪਾ ਰਹੇ ਹਨ। ਇਨ੍ਹਾਂ ਦਾ ਅਸਰ ਜਵਾਨਾਂ ਦੇ ਦਿਲ ਦਿਮਾਗ 'ਤੇ ਵੀ ਪੈ ਰਿਹਾ ਹੈ। ਤਣਾਅ ਕਰਕੇ ਇਨ੍ਹਾਂ ਦੇ ਹੌਸਲੇ ਪਸਤ ਹੋ ਰਹੇ ਹਨ। ਗੁਆਂਢੀ ਦੇਸ਼ਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਦਿਨੋ-ਦਿਨ ਚੀਨ ਦੀਆਂ ਛੇੜਖਾਨੀਆਂ ਵਿਚ ਵਾਧਾ ਹੋ ਰਿਹਾ ਹੈ ਜੋ ਭਾਰਤ ਲਈ ਖ਼ਤਰੇ ਦੀ ਘੰਟੀ ਹੈ। ਕੇਂਦਰ ਨੂੰ ਬਹੁਤ ਜਲਦੀ ਸੋਚਣਾ ਚਾਹੀਦਾ ਹੈ। ਜੇ ਢਾਹੂ ਨੀਤੀਆਂ ਨਾ ਬਦਲੀਆਂ ਤਾਂ ਬਹੁਤ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਦੇਸ਼ ਵਿਚ ਚੱਲ ਰਹੀ ਬੇਵਜ੍ਹਾ ਖਿੱਚੋਤਾਣ ਨੂੰ ਕੁੱਲ ਦੁਨੀਆ ਦੇ ਕਿਰਤੀ ਕਿਸਾਨ ਲਾਅਨਤਾਂ ਪਾਉਂਦੇ ਹਨ।

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ।

ਵਾਤਾਵਰਨ ਦੀ ਸੰਭਾਲ ਦੀ ਲੋੜ

ਅੱਜ ਦੇ ਆਧੁਨਿਕ ਯੁੱਗ ਨੇ ਏਨੀ ਤਰੱਕੀ ਕਰ ਲਈ ਹੈ, ਜਿਸ ਬਾਰੇ ਸੋਚਣਾ ਵੀ ਮੁਸ਼ਕਿਲ ਸੀ ਪ੍ਰੰਤੂ ਸਫਲਤਾ ਦੇ ਸਿਖਰਾਂ 'ਤੇ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਅਸੀਂ ਆਪੇ ਪਤਨ ਵੱਲ ਵੀ ਜਾ ਰਹੇ ਹਾਂ। ਜਿਉਂ-ਜਿਉਂ ਤਰੱਕੀ ਵਧਦੀ ਗਈ ਅਸੀਂ ਵਾਤਾਵਰਨ ਦਾ ਨੁਕਸਾਨ ਕਰਦੇ ਗਏ। ਸਾਡਾ ਵਾਤਾਵਰਨ, ਹਰਿਆਲੀ, ਦਰੱਖਤ ਹੀ ਸਾਡਾ ਜੀਵਨ ਹਨ। ਸਾਨੂੰ ਆਪਣੀ ਰੁੱਝੀ ਹੋਈ ਜ਼ਿੰਦਗੀ ਵਿਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਵਾਤਾਵਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਾਂਗੇ ਤਾਂ ਇਸ ਦਾ ਭੁਗਤਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਰਨਾ ਪਏਗਾ।

-ਅਮਨ ਕੁਮਾਰੀ।

ਪਾਰਕਾਂ ਬਨਾਮ ਪਿੰਡ

ਪੰਜਾਬ ਸਰਕਾਰ ਵਲੋਂ ਸ਼ਹਿਰਾਂ ਅੰਦਰ ਤੰਦਰੁਸਤ ਵਾਤਾਵਰਨ ਅਤੇ ਨਿਰੋਗ ਜੀਵਨ ਦੇਣ ਲਈ ਪਾਰਕਾਂ ਬਣਾਉਣ ਦੀ ਗੱਲ ਜਿਥੇ ਸ਼ਲਾਘਾਯੋਗ ਕਦਮ ਹੈ, ਉਥੇ ਹੀ ਇਸ ਕਦਮ ਵਿਚ ਪਿੰਡਾਂ ਨੂੰ ਵੀ ਸ਼ਾਮਿਲ ਕਰਨਾ ਜ਼ਰੂਰੀ ਹੈ ਤਾਂ ਜੋ ਪਿੰਡਾਂ ਵਿਚ ਰਹਿ ਰਹੇ ਲੋਕਾਂ ਲਈ ਵੀ ਤੰਦਰੁਸਤ ਵਾਤਾਵਰਨ ਪੈਦਾ ਕੀਤਾ ਜਾ ਸਕੇ। ਪਿੰਡਾਂ ਅੰਦਰ ਪਹਿਲਾਂ ਖੁੱਲ੍ਹੇ ਮੈਦਾਨ ਆਮ ਦੇਖਣ ਨੂੰ ਮਿਲਦੇ ਸਨ ਪਰ ਦਿਨ-ਬ-ਦਿਨ ਇਹ ਰਕਬਾ ਘਟਦਾ ਜਾ ਰਿਹਾ ਹੈ ਤੇ ਲੋਕਾਂ ਨੂੰ ਘੁੰਮਣ-ਫਿਰਨ ਲਈ ਪੱਕੇ ਤੌਰ 'ਤੇ ਸਰਕਾਰ ਵਲੋਂ ਪਾਰਕਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਸੁੰਦਰ ਪਾਰਕ ਇਕ ਪਾਸੇ ਜਿਥੇ ਤੰਦਰੁਸਤ ਵਾਤਾਵਰਨ ਅਤੇ ਨਿਰੋਗ ਜੀਵਨ ਨੂੰ ਜਨਮ ਦਿੰਦਾ ਹੈ, ਉਥੇ ਹੀ ਲੋਕਾਂ ਨੂੰ ਵਾਤਾਵਰਨ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ। ਪਿੰਡਾਂ ਅੰਦਰ ਆਬਾਦੀ ਦੇ ਵਿਚਕਾਰ ਕਈ ਜਗ੍ਹਾ ਗੰਦੇ ਛੱਪੜ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਪਰ ਜੇਕਰ ਅਜਿਹੀਆਂ ਥਾਵਾਂ 'ਤੇ ਸੁੰਦਰ ਪਾਰਕਾਂ ਬਣਾਈਆਂ ਜਾਣ ਤਾਂ ਇਕ ਬਿਮਾਰੀਆਂ ਤੋਂ ਨਿਜਾਤ ਮਿਲੇਗੀ, ਦੂਜਾ ਵਾਤਾਵਰਨ ਤੰਦਰੁਸਤ ਤੇ ਸ਼ੁੱਧ ਹੋ ਜਾਵੇਗਾ।

-ਰਵਿੰਦਰ ਸਿੰਘ 'ਰੇਸ਼ਮ'
ਪਿੰਡ ਨੱਥੂਮਾਜਰਾ (ਮਲੇਰਕੋਟਲਾ)।

ਪੰਜਾਬੀ ਨਾਲ ਵਿਤਕਰਾ ਕਿਉਂ?

ਜਿਹੜੀ ਭਾਸ਼ਾ ਨੂੰ ਬਾਬੇ ਨਾਨਕ, ਬੁੱਲ੍ਹੇ ਸ਼ਾਹ ਵਰਗੇ ਸੂਫ਼ੀ ਫ਼ਕੀਰਾਂ ਦੀ ਬੁੱਕਲ ਦਾ ਨਿੱਘ ਮਿਲਿਆ ਹੋਵੇ, ਉਹ ਕਿਸੇ ਤੋਂ ਘੱਟ ਕਿਵੇਂ। ਜਿਸ ਦੇ ਅਮੀਰ ਵਿਰਸੇ ਸੱਭਿਆਚਾਰ 'ਤੇ ਪੂਰੀ ਦੁਨੀਆ ਨੂੰ ਮਾਣ ਹੋਵੇ, ਪੰਜਾਬੀ ਮਾਂ-ਬੋਲੀ ਨਾਲ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਵਿਤਕਰਾ ਕੀਤਾ ਜਾਵੇ ਤਾਂ ਕਿੱਥੋਂ ਤੱਕ ਸਹੀ ਮੰਨਿਆ ਜਾ ਸਕਦਾ। ਕੀ ਇਹ ਪੰਜਾਬੀ ਭਾਸ਼ਾ ਦੇ ਹੱਕਾਂ ਉੱਤੇ ਡਾਕਾ ਨਹੀਂ ਮਾਰਿਆ ਜਾ ਰਿਹਾ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਨੂੰ ਆਪਣੇ ਅਧਿਕਾਰਤ ਖੇਤਰ ਵਿਚ ਰਹਿ ਕੇ ਕਿਸੇ ਵੀ ਸੂਬੇ ਦੇ ਨਿੱਜੀ ਮਾਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਪੰਜਾਬੀ ਭਾਸ਼ਾ ਨੂੰ ਪ੍ਰਮੁੱਖ ਭਾਸ਼ਾ ਤੇ ਲਾਜ਼ਮੀ ਵਿਸ਼ਾ ਹੋਣ ਦਾ ਦਰਜਾ ਮਿਲਿਆ ਹੋਇਆ ਹੈ। ਇਸ ਕਰਕੇ ਸੂਬੇ ਦੇ ਸੰਘੀ ਢਾਂਚੇ ਨੂੰ ਨਾ ਖ਼ਤਮ ਕੀਤਾ ਜਾਵੇ। ਹੋਰ ਦੇਸ਼ ਵੀ ਸਾਡੀ ਪੰਜਾਬੀ ਬੋਲੀ ਨੂੰ ਆਪਣੇ ਦੇਸ਼ਾਂ ਵਿਚ ਲਾਗੂ ਕਰ ਰਹੇ ਹਨ ਤੇ ਪੰਜਾਬ ਵਿਚੋਂ ਪੰਜਾਬੀਆਂ ਨੂੰ ਪੰਜਾਬੀ ਬੋਲੀ ਤੋਂ ਦੂਰ ਕਿਉਂ? ਇਹ ਗੱਲ ਸੰਘੋਂ ਲੱਥਣੀ ਬੜੀ ਮੁਸ਼ਕਿਲ ਹੈ। ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਇਸ ਗੱਲ 'ਤੇ ਦੁਬਾਰਾ ਗੌਰ ਕੀਤੀ ਜਾਵੇ।

-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।

25-10-2021

ਤਿਉਹਾਰਾਂ ਦੌਰਾਨ ਮਿਲਾਵਟਖੋਰੀ
ਤਿਉਹਾਰਾਂ ਦੇ ਦਿਨਾਂ ਖਾਸ ਕਰਕੇ ਹੁਣ ਜਦੋਂ ਦੀਵਾਲੀ ਆ ਰਹੀ ਹੈ ਤਾਂ ਨਕਲੀ ਦੁੱਧ, ਨਕਲੀ ਪਨੀਰ, ਦੇਸੀ ਘਿਓ, ਘਟੀਆ ਮਿਆਰ ਦੀ ਮਠਿਆਈ ਬਣਾਉਂਦੇ ਜਾਅਲਸਾਜ਼ ਫੜੇ ਜਾਂਦੇ ਹਨ, ਬੜਾ ਦੁੱਖ ਹੁੰਦਾ ਹੈ। ਮਨੁੱਖ ਆਪਣੇ ਸਵਾਰਥ ਅਤੇ ਪੈਸੇ ਦੀ ਹੋੜ ਵਿਚ ਅੰਨ੍ਹਾ ਹੋ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ। ਲੋਕਾਂ ਨੂੰ ਇਕ ਝੰਡੇ ਥੱਲੇ ਖੜ੍ਹੇ ਹੋ ਕੇ ਇਨ੍ਹਾਂ ਲੋਕਾਂ ਦੇ ਖਿਲਾਫ਼ ਮੁਹਿੰਮ ਚਲਾਉਣੀ ਚਾਹੀਦੀ ਹੈ। ਸਰਕਾਰਾਂ ਨੂੰ ਸਦਨ ਵਿਚ ਕਾਨੂੰਨ ਪਾਸ ਕਰਵਾ ਕੇ ਮਿਲਾਵਟ ਕਰਨ ਵਾਲਿਆਂ ਦੇ ਖਿਲਾਫ਼ ਹੱਤਿਆ ਦੀ ਕੋਸ਼ਿਸ਼ ਕਰਨ ਦਾ ਮੁਕੱਦਮਾ ਧਾਰਾ 307 ਭਾਰਤੀ ਦੰਡ ਸੰਗ੍ਰਹਿ ਦਰਜ ਕਰਵਾਉਣ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਮਿਲਾਵਟ ਖੋਰਾਂ ਨੂੰ ਸਜ਼ਾ ਦਿਵਾਈ ਜਾ ਸਕੇ ਅਤੇ ਮਿਲਾਵਟ ਖੋਰੀ 'ਚ ਠੱਲ੍ਹ ਪਾਈ ਜਾ ਸਕੇ।


-ਗੁਰਮੀਤ ਸਿੰਘ ਵੇਰਕਾ
gsinghverka57@gmail.com


ਪੰਜਾਬੀ ਭਾਸ਼ਾ ਨਾਲ ਵਿਤਕਰਾ ਨਿੰਦਣਯੋਗ
ਪੰਜਾਬ ਵਿਚ ਸੀ.ਬੀ.ਐਸ.ਈ. ਦੇ ਮੁੱਖ ਵਿਸ਼ਿਆਂ ਵਿਚੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ ਦਾ ਫੈਸਲਾ ਲਿਆ ਗਿਆ ਹੈ ਜੋ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਫੈਸਲਾ ਹੈ। ਇਸ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਹੈ। ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉਤੇ ਬਹੁਤ ਹੀ ਕੋਝਾ ਵਾਰ ਹੈ। ਸਟੇਟ ਦੇ ਅਧਿਕਾਰਾਂ 'ਤੇ ਵੀ ਡਾਕਾ ਹੈ ਅਤੇ ਸੰਵਿਧਾਨ ਦੀ ਭਾਵਨਾ ਦੇ ਵੀ ਖਿਲਾਫ਼ ਹੈ, ਜਿਸ ਸਦਕਾ ਸੂਬਾਈ ਭਾਸ਼ਾਵਾਂ ਦੇ ਨਾਲ-ਨਾਲ ਸੂਬਾਈ ਭਾਸ਼ਾਵਾਂ ਨੂੰ ਉਨ੍ਹਾਂ ਦੇ ਸੰਬੰਧਿਤ ਸੂਬਿਆਂ ਵਿਚ ਮੁੱਖ ਤਰਜੀਹ ਦਿੱਤੀ ਗਈ ਹੈ। ਪੰਜਾਬ ਭਾਸ਼ਾ ਕਾਨੂੰਨ ਅਨੁਸਾਰ ਪੰਜਾਬੀ, ਪੰਜਾਬੀ ਦੀ ਮੁੱਖ ਭਾਸ਼ਾ ਹੈ। ਇਸ ਨੂੰ ਪੰਜਾਬ ਵਿਚੋਂ ਹੀ ਦਰਕਿਨਾਰ ਕਰਨਾ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਫੈਸਲਾ ਹੈ। ਦੁਨੀਆ ਭਰ ਵਿਚ ਇਸ 'ਤੇ 15 ਕਰੋੜ ਵਾਰਿਸ ਵਸਦੇ ਹਨ, ਉਨ੍ਹਾਂ ਦੇ ਮਨਾਂ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ। ਅਸੀਂ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ, ਤਰਨ ਤਾਰਨ ਵਲੋਂ ਇਸ ਫੈਸਲੇ ਦੀ ਘੋਰ ਨਿੰਦਾ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਇਹ ਮੰਦਭਾਗਾ ਫੈਸਲਾ ਵਾਪਸ ਲਿਆ ਜਾਵੇ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕੀਤੀ ਜਾ ਰਹੀ ਖਿਲਵਾੜ ਬੰਦ ਕੀਤੀ ਜਾਵੇ।


-ਜਸਵਿੰਦਰ ਸਿੰਘ ਢਿੱਲੋਂ
ਪ੍ਰਧਾਨ, ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕੇਂਦਰ, ਤਰਨ ਤਾਰਨ।


ਸਾਡੇ ਜੀਵਨਦਾਤੇ ਰੁੱਖ
ਦੁਨੀਆ 'ਤੇ ਹਰ ਵਿਅਕਤੀ ਅਤੇ ਜੀਵ-ਜੰਤੂ ਰੁੱਖਾਂ ਦੇ ਆਸਰੇ ਹੀ ਜਿਊਂਦਾ ਹੈ। ਜਦੋਂ ਕਿ ਇਹ ਸਾਨੂੰ ਬਿਨਾਂ ਵਿਤਕਰਾ ਆਕਸੀਜਨ ਦਿੰਦੇ ਹਨ, ਜਿਸ ਤੋਂ ਬਿਨਾਂ ਅਸੀਂ ਨਿਰਜਿੰਦ ਹੁੰਦੇ ਹਾਂ। ਜਦੋਂ ਕਿ ਸਾਡੀ ਛੱਡੀ ਹੋਈ ਕਾਰਬਨ ਡਾਇਆਕਸਾਈਡ ਲੈ ਕੇ ਹੀ ਇਹ ਜਿਊਂਦੇ ਰਹਿੰਦੇ ਹਨ। ਇਸ ਲਈ ਇਹ ਸਾਡੇ ਜੀਵਨ ਦਾਤੇ ਹਨ। ਇਨ੍ਹਾਂ ਨੂੰ ਕੱਟਣਾ, ਵੱਢਣਾ ਸਾਡੇ ਲਈ ਵੱਡੀ ਨਮੋਸ਼ੀ ਹੈ। ਸਾਨੂੰ ਜੀਵਤ ਰੱਖਣ ਵਾਲੇ ਸਾਡੇ ਇਹ ਰੁੱਖ ਸਾਡੀ ਪ੍ਰਵਿਰਤੀ ਹੈ। ਇਹ ਸਭ ਦੇ ਸ਼ੁੱਭ ਇਛਕ ਹਨ। ਇਨ੍ਹਾਂ ਦੀ ਰੱਖਿਆ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਜੋ ਬਿਨਾਂ ਵਿਤਕਰੇ ਸਾਨੂੰ ਜਿਊਂਦੇ ਰੱਖਦੇ ਹਨ। ਆਓ, ਅਸੀਂ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਲਈਏ।


-ਤੇਜਾ ਸਿੰਘ ਰੌਂਤਾ, ਮੋਗਾ।


ਏਡਿਡ ਕਾਲਜਾਂ ਦੇ ਸੇਵਾਮੁਕਤ ਮੁਲਾਜ਼ਮਾਂ ਨੂੰ ਪੈਨਸ਼ਨ ਕਿਉਂ ਨਹੀਂ?
ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਏਡਿਡ ਕਾਲਜਾਂ ਦੇ ਸੇਵਾਮੁਕਤ ਮੁਲਾਜ਼ਮ ਪੈਨਸ਼ਨ ਦੀ ਸੁਵਿਧਾ ਨਾ ਹੋਣ ਕਰਕੇ ਤੰਗੀਆਂ-ਤੁਰਸ਼ੀਆਂ ਨਾਲ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ ਅਤੇ ਕਿੰਨੇ ਹੀ ਪੈਨਸ਼ਨ ਉਡੀਕਦੇ-ਉਡੀਕਦੇ ਇਸ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ। 1996 ਵਿਚ ਪੰਜਾਬ ਦੇ ਏਡਿਡ ਸਕੂਲਾਂ ਵਾਂਗ ਏਡਿਡ ਕਾਲਜਾਂ ਦੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਸਕੀਮ ਅਧੀਨ ਲਿਆਂਦਾ ਗਿਆ ਸੀ ਅਤੇ ਹੋਰ ਕਾਰਵਾਈਆਂ ਪੂਰੀਆਂ ਕਰਨ ਮਗਰੋਂ 26 ਅਪ੍ਰੈਲ, 1999 ਨੂੰ ਗਜ਼ਟ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ। ਫਿਰ ਸਰਕਾਰ ਟਾਲਮਟੋਲ ਕਰਨ ਲੱਗ ਪਈ ਅਤੇ ਦਸੰਬਰ, 2012 ਵਿਚ ਇਸ ਨੇ ਇਸ ਐਕਟ ਨੂੰ ਹੀ ਰੱਦ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਸ਼ਲਾਘਾਯੋਗ ਕੰਮ ਕੀਤੇ ਹਨ ਅਤੇ ਜ਼ਿੰਦਗੀ ਦੇ ਆਖਰੀ ਪੜਾਅ 'ਚੋਂ ਲੰਘ ਰਹੇ ਏਡਿਡ ਕਾਲਜਾਂ ਦੇ ਸੇਵਾਮੁਕਤ ਮੁਲਾਜ਼ਮ ਆਸ ਕਰਦੇ ਹਨ ਕਿ ਉਹ ਉਨ੍ਹਾਂ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਕਰਨਗੇ।


-ਡਾ. ਹਰਨੇਕ ਸਿੰਘ ਕੈਲੇ
ਗੁਰੂਸਰ ਸਧਾਰ (ਲੁਧਿਆਣਾ)।


ਪਾਣੀ/ਸੀਵਰੇਜ ਦੇ ਬਕਾਏ ਮੁਆਫ਼
ਪੰਜਾਬ ਸਰਕਾਰ ਨੇ ਰਿਹਾਇਸ਼ੀ ਵਰਗ ਦੇ ਲੋਕਾਂ ਦੇ ਹੁਣ ਤੱਕ ਦੇ ਪਾਣੀ, ਸੀਵਰੇਜ਼ ਦੇ ਬਕਾਏ ਮੁਆਫ਼ ਕਰ ਦਿੱਤੇ ਹਨ, ਅਜਿਹਾ ਕਰਨ ਨਾਲ ਜੋ ਲੋਕ ਡਿਫਾਲਟਰ ਹਨ, ਉਹ ਤੇ ਖ਼ੁਸ਼ ਨਜ਼ਰ ਆਉਣਗੇ ਪਰ ਉਹ ਲੋਕ ਜੋ ਸਮੇਂ ਸਿਰ ਬਿਲ ਜਮ੍ਹਾਂ ਕਰਵਾ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦੇ ਹਨ, ਉਹ ਜ਼ਰੂਰ ਮਾਯੂਸ ਦਿਸਣਗੇ। ਇਸ ਤਰ੍ਹਾਂ ਅਜਿਹੇ ਲੋਕ ਵੀ ਸਮੇਂ ਸਿਰ ਬਿੱਲ ਜਮ੍ਹਾਂ ਕਰਵਾਉਣ ਤੋਂ ਕੰਨੀ ਕਤਰਾਉਣਗੇ ਕਿਉਂਕਿ ਉਹ ਵੀ ਸਮਝਣਗੇ ਕਿ ਚੋਣਾਂ ਨੇੜੇ ਆਉਣ 'ਤੇ ਬਕਾਏ ਮੁਆਫ਼ ਹੀ ਹੋ ਜਾਣਗੇ। ਇਕੱਲੇ ਜਲੰਧਰ ਦੇ ਹੀ 50 ਕਰੋੜ ਦੇ ਬਿੱਲ ਬਕਾਇਆ ਸਨ ਜੋ ਕਿ ਮੁਆਫ਼ ਹੋਏ ਹਨ, ਇਸ ਤਰ੍ਹਾਂ ਪੂਰੇ ਪੰਜਾਬ ਦੇ ਬਕਾਏ ਕਰੋੜਾਂ ਵਿਚ ਹੋਣਗੇ। ਇਹ ਸਾਰਾ ਬੋਝ ਪੰਜਾਬ ਦੇ ਖਜ਼ਾਨੇ 'ਤੇ ਪਿਆ ਹੈ ਜੋ ਕਿ ਪਹਿਲਾਂ ਹੀ ਕਰਜ਼ੇ ਹੇਠਾਂ ਦੱਬਿਆ ਪਿਆ ਹੈ। ਭਾਵੇਂ 125 ਵਰਗ ਗਜ਼ ਤੱਕ ਪਹਿਲਾਂ ਹੀ ਬਿੱਲ ਮੁਆਫ਼ ਕੀਤੇ ਹਨ ਅਤੇ ਹੁਣ 125 ਵਰਗ ਗਜ਼ ਤੋਂ ਉੱਪਰ ਵੀ ਜਿੰਨਾ ਮਰਜ਼ੀ ਵੱਡਾ ਕਿਸੇ ਦਾ ਘਰ ਹੋਵੇ, ਉਸ ਦੇ ਵੀ ਪਾਣੀ ਦਾ ਬਿੱਲ 50 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਪਾਣੀ ਦੀ ਦੁਰਵਰਤੋਂ ਹੋਰ ਵੀ ਵਧ ਜਾਣ ਦੀ ਸੰਭਾਵਨਾ ਹੈ ਅਤੇ ਪਾਣੀ ਪਹਿਲਾਂ ਹੀ ਪਤਾਲ ਤੱਕ ਪਹੁੰਚ ਗਿਆ ਹੈ। ਲੋਕਾਂ ਨੂੰ ਸਹੂਲਤਾਂ ਜ਼ਰੂਰ ਦਿਓ ਪ੍ਰੰਤੂ ਪੰਜਾਬ ਦੇ ਖਜ਼ਾਨੇ ਨੂੰ ਹੋਰ ਖੋਰਾ ਨਾ ਲੱਗੇ। ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਹੋਰ ਵੀ ਸਾਮਾਨ ਜੁਟਾਉਣ ਦੀ ਲੋੜ ਹੈ।


-ਅਮਰੀਕ ਸਿੰਘ, ਜਲੰਧਰ।

22-10-2021

 ਬੇਲਗਾਮ ਹੋਈ ਮਹਿੰਗਾਈ

ਦਿਨੋ-ਦਿਨ ਅੱਤ ਦੀ ਮਹਿੰਗਾਈ ਹੋਣ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਅੱਜ ਹਰ ਇਕ ਵਰਗ ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਹੈ, ਦੋ ਵਕਤ ਦੀ ਰੋਟੀ ਕਮਾਉਣਾ ਵੀ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ। ਬੇਲਗਾਮ ਹੋਈ ਘੋੜੀ ਦੀ ਤਰ੍ਹਾਂ ਦਿਨੋ-ਦਿਨ ਮਹਿੰਗਾਈ ਵਧਦੀ ਜਾ ਰਹੀ ਹੈ। ਹਰ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਅਤੇ ਦੁਕਾਨਦਾਰ ਆਪਣੀ ਮਨਮਰਜ਼ੀ ਨਾਲ ਆਪਣੇ ਹੀ ਰੇਟ ਲਗਾ ਕੇ ਲੋਕਾਂ ਨੂੰ ਦਿਨ ਦਿਹਾੜੇ ਲੁੱਟ ਰਹੇ ਹਨ। ਏਨੀ ਮਹਿੰਗਾਈ ਦੇ ਦੌਰ ਵਿਚ ਆਪਣਾ ਪਰਿਵਾਰ ਪਾਲਣਾ ਬਹੁਤ ਔਖਾ ਹੋ ਗਿਆ ਹੈ। ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ, ਗੈਸ ਸਿਲੰਡਰਾਂ ਦੇ ਵਧੇ ਹੋਏ ਰੇਟ ਹਰ ਘਰ ਦੇ ਬਜਟ 'ਤੇ ਭਾਰੀ ਸੱਟ ਮਾਰ ਰਹੇ ਹਨ, ਉਤੋਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਦੀਆਂ ਕੀਮਤਾਂ ਰਾਤ 12 ਵਜੇ ਤੋਂ ਬਾਅਦ ਸਵੇਰ ਨੂੰ ਵਧੀਆਂ ਹੋਈਆਂ ਮਿਲਦੀਆਂ ਹਨ। ਕੋਈ ਪੁੱਛਣ ਵਾਲਾ ਨਹੀਂ, ਸੋਚਣ ਵਾਲੀ ਗੱਲ ਹੈ, ਇਹ ਹੋ ਕੀ ਰਿਹਾ ਹੈ। ਕੀ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਚਲਦਾ ਰਹੇਗਾ? ਦਿਨੋ-ਦਿਨ ਵਧਦੀ ਹੋਈ ਮਹਿੰਗਾਈ ਨੂੰ ਆਖਿਰਕਾਰ ਕਦੋਂ ਤੇ ਕੌਣ ਠੱਲ੍ਹ ਪਾਵੇਗਾ, ਇਹ ਬੜਾ ਗੰਭੀਰ ਮਸਲਾ ਹੈ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

-ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ।

ਬਜ਼ੁਰਗ ਬਨਾਮ ਬਿਰਧ ਆਸ਼ਰਮ

ਅੱਜ ਦਾ ਮਨੁੱਖ ਹਰ ਕੰਮ ਨੂੰ ਪੈਸੇ ਦੀ ਤੱਕੜੀ ਨਾਲ ਤੋਲ ਰਿਹਾ ਹੈ। ਪੈਸੇ ਦੀ ਹੋੜ ਵਿਚ ਅੰਨਾ ਹੋ ਕੇ ਜਿਥੋਂ ਉਸ ਨੂੰ ਫਾਇਦਾ ਹੁੰਦਾ ਹੈ, ਉਸ ਨੂੰ ਚੰਗਾ ਅਤੇ ਜੋ ਰਿਸ਼ਤਾ ਲਾਭ ਦਾ ਹੋਵੇ, ਨਿਭਾਇਆ ਜਾਂਦਾ ਹੈ। ਬਜ਼ੁਰਗ ਲੋਕ ਜਦੋਂ ਕੁਝ ਨਹੀਂ ਕਰ ਸਕਦੇ, ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਕਈ ਵਾਰ ਸਵਾਰਥੀ ਪੁੱਤ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਜਿਨ੍ਹਾਂ ਨੂੰ ਮਜਬੂਰਨ ਬਿਰਧ ਆਸ਼ਰਮ ਦਾ ਸਹਾਰਾ ਲੈਣਾ ਪੈਂਦਾ ਹੈ। ਬਜ਼ੁਰਗਾਂ ਨੂੰ ਵੀ ਆਪਣੇ ਜਿਊਂਦੇ-ਜੀਅ ਸਾਰੀ ਜਾਇਦਾਦ ਬੱਚਿਆਂ ਦੇ ਨਾਂਅ ਨਹੀਂ ਕਰਨੀ ਚਾਹੀਦੀ, ਲੋੜ ਮੁਤਾਬਿਕ ਦਿਓ। ਬਜ਼ੁਰਗਾਂ ਨੂੰ ਵੀ ਆਪਣਾ ਸਤਿਕਾਰ ਕਰਵਾਉਣ ਲਈ ਕੋਈ ਨਾ ਕੋਈ ਕੰਮ ਉਨ੍ਹਾਂ ਨੂੰ ਚੰਗਾ ਕਰਨਾ ਪਵੇਗਾ। ਜੇਕਰ ਬਜ਼ੁਰਗ ਕਹਿੰਦੇ ਹਨ ਬੱਚੇ ਉਨ੍ਹਾਂ ਦਾ ਸਤਿਕਾਰ ਕਰਨ, ਉਨ੍ਹਾਂ ਨੂੰ ਵੀ ਤਿਆਗ ਕਰਨਾ ਪਵੇਗਾ ਮਸਲਨ ਛੋਟੇ ਬੱਚਿਆਂ ਦੀ ਦੇਖਭਾਲ, ਘਰ ਦੇ ਛੋਟੇ-ਮੋਟੇ ਕੰਮ, ਬਾਜ਼ਾਰੋਂ ਸੌਦਾ ਪੱਤਾ ਲਿਆਉਣਾ, ਘਰ ਦੇ ਕੰਮ ਵਿਚ ਬਿਨਾਂ ਵਜ੍ਹਾ ਦਖ਼ਲਅੰਦਾਜ਼ੀ ਨਹੀਂ ਕਰਨੀ। ਜੇ ਬੱਚੇ ਗ਼ਲਤ ਰਸਤੇ 'ਤੇ ਜਾਂਦੇ ਹਨ, ਪਿਆਰ ਨਾਲ ਸਮਝਾਉਣਾ। ਫਿਰ ਘਰ ਦਾ ਹਰ ਮੈਂਬਰ ਸਮਝੇਗਾ ਕਿ ਉਨ੍ਹਾਂ ਨੂੰ ਤੁਹਾਡੀ ਲੋੜ ਹੈ। ਤੁਹਾਨੂੰ ਪ੍ਰੇਮ ਕਰਨਗੇ ਤੇ ਤੁਹਾਡਾ ਸਤਿਕਾਰ ਕਰਨਗੇ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ।

ਅੱਤਵਾਦੀਆਂ ਦੀ ਕਾਇਰਾਨਾ ਹਰਕਤ

ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਫਿਰ ਗ਼ੈਰ-ਕਸ਼ਮੀਰੀਆਂ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਦੋ ਮਜ਼ਦੂਰਾਂ ਦੀ ਮੌਤ ਇਕ ਦੀ ਹਾਲਤ ਨਾਜ਼ੁਕ ਤਿੰਨੋਂ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਹਨ। ਅੱਤਵਾਦੀਆਂ ਵਲੋਂ 24 ਘੰਟਿਆਂ ਵਿਚ ਗ਼ੈਰ-ਕਸ਼ਮੀਰੀਆਂ 'ਤੇ ਇਹ ਤੀਜਾ ਹਮਲਾ ਹੈ। ਇਸ ਮਹੀਨੇ 11 ਨਾਗਰਿਕ ਮਾਰੇ ਜਾ ਚੁੱਕੇ ਹਨ, 9 ਦਿਨਾਂ ਵਿਚ 13 ਅੱਤਵਾਦੀ ਵੀ ਮਾਰੇ ਜਾ ਚੁੱਕੇ ਹਨ। ਸਾਡੇ ਜਵਾਨ ਵੀ ਸ਼ਹੀਦ ਹੋ ਚੁੱਕੇ ਹਨ। ਸੈਨਾ ਦਾ ਆਪ੍ਰੇਸ਼ਨ ਜਾਰੀ ਹੈ। ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਸਕੂਲ ਵਿਚ ਨੇੜੇ ਤੋਂ ਗੋਰੀ ਮਾਰ ਪ੍ਰਿੰਸੀਪਲ ਸਿੱਖ ਬੀਬੀ ਸਤਿੰਦਰ ਕੌਰ ਤੇ ਇਕ ਹਿੰਦੂ ਅਧਿਆਪਕ ਦੀਪਕ ਚੰਦ ਦੀ ਹੱਤਿਆ ਕਰ ਕਾਇਰਤਾ ਤੇ ਦਰਿੰਦਗੀ ਦਾ ਸਬੂਤ ਦਿੱਤਾ ਸੀ। ਇਨ੍ਹਾਂ ਘਟਨਾਵਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਹ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੂੰ ਪਨਾਹ ਤੇ ਸ਼ਹਿ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੂੰ ਜੰਮੂ-ਕਸ਼ਮੀਰ ਦੇ ਪ੍ਰਸ਼ਾਸਨ ਨੂੰ ਹਦਾਇਤ ਕਰ ਘੱਟ-ਗਿਣਤੀ ਸ਼੍ਰੇਣੀਆਂ ਦੀ ਸੁਰੱਖਿਆ ਦਾ ਸਖ਼ਤ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੰਚ 'ਤੇ ਘੇਰ ਕੇ ਸਬਕ ਸਿਖਾਉਣਾ ਚਾਹੀਦਾ ਹੈ।

-ਗੁਰਮੀਤ ਸਿੰਘ

ਸਿਆਸੀ ਪਾਰਟੀਆਂ ਨੂੰ ਅਪੀਲ

ਅੱਜਕਲ੍ਹ ਮਹਿੰਗਾਈ ਏਨੀ ਵਧ ਗਈ ਹੈ ਜਿਸ ਨੇ ਗ਼ਰੀਬ ਲੋਕਾਂ ਦਾ ਕਚੂੰਮਰ ਕੱਢਿਆ ਪਿਆ ਹੈ। ਹਰ ਚੀਜ਼ ਜੋ ਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਚਾਹੀਦੀ ਹੁੰਦੀ ਹੈ, ਉਹ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਉਹ ਮਜ਼ੂਦਰ ਜੋ ਸ਼ਹਿਰ ਮਜ਼ਦੂਰੀ ਕਰਨ ਆਉਂਦਾ ਹੈ, ਉਸ ਨੂੰ 400 ਰੁਪਏ ਦਿਹਾੜੀ ਹੀ ਮਿਲਦੀ ਹੈ। ਉਸ ਵਿਚ ਹੀ ਉਸ ਨੇ ਪਰਿਵਾਰ ਦਾ ਨਿਰਬਾਹ ਤੋਰਨਾ ਹੁੰਦਾ ਹੈ। ਸਿਲੰਡਰ ਜੋ ਪਹਿਲਾਂ 650 ਰੁਪਏ ਦਾ ਮਿਲਦਾ ਸੀ, ਉਹ ਹੁਣ 950 ਦਾ ਹੋ ਗਿਆ ਹੈ। ਦੱਸੋ, ਉਹ ਵਿਚਾਰਾ ਕਿਵੇਂ ਖ਼ਰੀਦ ਲਵੇਗਾ। ਖੰਡ, ਘਿਓ, ਦਾਲਾਂ ਸਭਨਾਂ ਦੇ ਭਾਅ ਅਸਮਾਨਾਂ ਨੂੰ ਛੂਹਣ ਲੱਗ ਪਏ ਹਨ। ਪੈਟਰੋਲ ਤੇ ਡੀਜ਼ਲ ਦੇ ਭਾਅ ਰੋਜ਼ ਹੀ ਵਧਦੇ ਜਾ ਰਹੇ ਹਨ। ਡੀਜ਼ਲ ਮਹਿੰਗਾ ਹੋਣ ਨਾਲ ਕਿਸਾਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਅੱਜਕਲ੍ਹ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ 2022 ਦੀਆਂ ਚੋਣਾਂ ਵੱਲ ਹੋਇਆ ਹੈ। ਕੋਈ ਵੀ ਸਿਆਸੀ ਪਾਰਟੀ ਮਹਿੰਗਾਈ ਦੇ ਮੁੱਦੇ 'ਤੇ ਪ੍ਰਤੀਕਿਰਿਆ ਸਾਹਮਣੇ ਨਹੀਂ ਆ ਰਹੀ। ਸੋ, ਮੇਰੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਮੁੱਦਿਆਂ 'ਤੇ ਆਪਣੀ ਚੁੱਪ ਤੋੜਦੇ ਹੋਏ ਮਹਿੰਗਾਈ ਦੇ ਖਿਲਾਫ਼ ਪੁਰਜ਼ੋਰ ਆਵਾਜ਼ ਉਠਾਉਣ।

-ਬਲਵਿੰਦਰ ਝੱਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX