ਤਾਜਾ ਖ਼ਬਰਾਂ


ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਕੀਤਾ ਸਨਮਾਨ
. . .  1 day ago
ਨਵੀਂ ਦਿੱਲੀ, 12 ਅਗਸਤ - ਨੈਸ਼ਨਲ ਪੈਰਾਲੰਪਿਕ ਕਮੇਟੀ ਨੇ ਪੈਰਾ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਪੀ.ਸੀ.ਆਈ .ਦੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ਟੀਮ ਵਰਕ ...
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਨਵੀਂ ਦਿੱਲੀ ਵਿੱਚ ਯੁਵਾ ਸੰਵਾਦ “ਇੰਡੀਆ-2047” ਨੂੰ ਕੀਤਾ ਸੰਬੋਧਨ
. . .  1 day ago
ਨਿਊਯਾਰਕ ’ਚ ਸਮਾਗਮ ਦੌਰਾਨ ਸਲਮਾਨ ਰਸ਼ਦੀ ਦੀ ਗਰਦਨ ਵਿਚ ਮਾਰਿਆ ਚਾਕੂ, ਹਸਪਤਾਲ ਕੀਤਾ ਦਾਖ਼ਲ
. . .  1 day ago
ਸੈਕਰਾਮੈਂਟੋ ,12 ਅਗਸਤ (ਹੁਸਨ ਲੜੋਆ ਬੰਗਾ)-ਅੱਜ ਸਵੇਰੇ ਪੱਛਮੀ ਨਿਊਯਾਰਕ ਚ ਇੱਕ ਸਮਾਗਮ ਦੌਰਾਨ ਪ੍ਰਸਿਧ ਲੇਖਕ ਸਲਮਾਨ ਰਸ਼ਦੀ 'ਤੇ ਸਟੇਜ 'ਤੇ ਹੀ ਹਮਲਾ ਕੀਤਾ ਗਿਆ । ਪੁਲਿਸ ਮੁਤਾਬਕ ਰਸ਼ਦੀ ਦੀ ਗਰਦਨ 'ਤੇ ...
ਵਿਵਾਦਿਤ ਨਗਨ ਫੋਟੋਸ਼ੂਟ ਨੂੰ ਲੈ ਕੇ ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਖੇਤਰ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ , ਆਵਾਜਾਈ ਪ੍ਰਭਾਵਿਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 12 ਅਗਸਤ-ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਅਤੇ ਹਲਕਾ ਇੰਚਾਰਜਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮਜ਼ਬੂਤੀ ਲਈ ਲੋੜੀਂਦੇ ਕਦਮ ਚੁੱਕਣ ਅਤੇ ਪਾਰਟੀ ਅੰਦਰ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ...
ਅੰਮ੍ਰਿਤਸਰ: ਕੰਪਲੈਕਸ 'ਚੋਂ ਮਾਸੂਮ ਲੜਕੀ ਦੀ ਲਾਸ਼ ਮਿਲਣ ਦਾ ਮਾਮਲਾ, ਔਰਤ ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)- ਬੀਤੇ ਦਿਨੀਂ ਇੱਥੇ ਇਕ ਮਾਸੂਮ ਲੜਕੀ ਦਾ ਕਤਲ ਕਰਕੇ ਲਾਸ਼ ਸੁੱਟ ਦੇਣ ਵਾਲੀ ਔਰਤ ਨੂੰ ਪੁਲਿਸ ਵਲੋਂ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਸਰ ਪੁਲਿਸ ਉਸ ਨੂੰ ਰਾਜਪੁਰਾ ਤੋਂ ਲੈ ਕੇ ਇੱਥੇ ਪਹੁੰਚ ਰਹੀ ਹੈ, ਜਿਸ ਉਪਰੰਤ ਇਸ ਕਤਲ ਦੇ ਕਾਰਨਾਂ ਬਾਰੇ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਭਲਕੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਕਰਨਗੇ ਸੰਬੋਧਨ
. . .  1 day ago
ਨਵੀਂ ਦਿੱਲੀ, 12 ਅਗਸਤ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਦਿੱਲੀ 'ਚ ਆਪਣੀ ਸਰਕਾਰੀ ਰਿਹਾਇਸ਼ 'ਤੇ ਰਾਸ਼ਟਰਮੰਡਲ ਖ਼ੇਡਾਂ 2022 ਦੇ ਸਾਰੇ ਤਗਮਾ ਜੇਤੂਆਂ ਨੂੰ ਸੰਬੋਧਨ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੰਨਾ ਕਿਸਾਨਾਂ ਨੂੰ ਸੌਗਾਤ, ਬਕਾਇਆ 100 ਕਰੋੜ ਰੁਪਏ ਹੋਰ ਕੀਤੇ ਜਾਰੀ
. . .  1 day ago
ਚੰਡੀਗੜ੍ਹ, 12 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨਾ ਕਿਸਾਨਾਂ ਨੂੰ ਇਕ ਹੋਰ ਸੌਗਾਤ ਦਿੰਦੇ ਹੋਏ ਬਕਾਇਆ ਦੇ ਸਰਕਾਰੀ ਮਿੱਲਾਂ ਵੱਲ ਖੜ੍ਹੇ ਬਕਾਏ 'ਚੋਂ 100 ਕਰੋੜ ਰੁਪਏ ਹੋਰ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਿਕ ਪਿਛਲੇ ਦਿਨੀਂ ਕਿਸਾਨਾਂ ਨਾਲ ਮੀਟਿੰਗ...
ਕਸ਼ਮੀਰ 'ਚ ਪੁਲਿਸ ਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਹੋਇਆ ਅੱਤਵਾਦੀ ਹਮਲਾ, ਸੁਰੱਖਿਆ ਬਲਾਂ ਨੇ ਕੀਤੀ ਘੇਰਾਬੰਦੀ
. . .  1 day ago
ਸ਼੍ਰੀਨਗਰ, 12 ਅਗਸਤ- ਕਸ਼ਮੀਰ ਡਿਵੀਜ਼ਨ 'ਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ 'ਚ ਪੁਲਿਸ ਅਤੇ ਸੀ.ਆਰ.ਪੀ.ਐੱਫ. ਦੀ ਸਾਂਝੀ ਟੀਮ 'ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਇਕ ਪੁਲਿਸ ਮੁਲਾਜ਼ਮ...
15 ਅਗਸਤ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, 2 ਹਜ਼ਾਰ ਕਾਰਤੂਸ ਸਮੇਤ 6 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 12 ਅਗਸਤ- ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ 'ਚ ਰਚੀ ਜਾ ਰਹੀ ਖ਼ਤਰਨਾਕ ਸਾਜਿਸ਼ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਪੁਲਿਸ ਨੇ 2 ਹਜ਼ਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕਾਰਤੂਸ ਦੀ ਸਪਲਾਈ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਲਾਰੈਂਸ ਬਿਸ਼ਨੋਈ ਅੱਜ ਫ਼ਿਰ ਅਦਾਲਤ 'ਚ ਪੇਸ਼
. . .  1 day ago
ਫ਼ਰੀਦਕੋਟ, 12 ਅਗਸਤ (ਜਸਵੰਤ ਸਿੰਘ ਪੁਰਬਾ)-ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਤਲ ਦੇ ਇਕ ਮੁਕੱਦਮੇ 'ਚ ਬਟਾਲਾ ਪੁਲਿਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈ ਸਕਦੀ ਹੈ। ਦਸ ਦੇਈਏ ਕਿ ਫ਼ਰੀਦਕੋਟ ਕਚਹਿਰੀਆਂ 'ਚ ਬਟਾਲਾ ਪੁਲਿਸ ਪਹੁੰਚੀ ਹੋਈ ਹੈ।
ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਜਲਦ
. . .  1 day ago
ਬਾਬਾ ਬਕਾਲਾ, 12 ਅਗਸਤ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਸਮਾਗਮ 'ਚ ਪਹੁੰਚੇ ਹਨ। ਦਸ ਦੇਈਏ ਕਿ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ...
31 ਕਿਸਾਨ ਜਥੇਬੰਦੀਆਂ ਦੀ ਚੱਲ ਰਹੀ ਵਿਸ਼ੇਸ਼ ਮੀਟਿੰਗ, ਅਗਲੀ ਰਣਨੀਤੀ ਲਈ ਤਿਆਰੀ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਮਿੱਲ ਮਾਲਕਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਅਦਾ ਨਾ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਵਲੋਂ ਸਤਨਾਮਪੁਰਾ ਪੁਲ ਉੱਪਰ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ...
ਅਗਨੀਪਥ ਯੋਜਨਾ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਦੇ ਟਰੱਕ ਯੂਨੀਅਨ ਚੌਕ 'ਚ ਆਵਾਜਾਈ ਠੱਪ
. . .  1 day ago
ਮਲੇਰਕੋਟਲਾ, 12 ਅਗਸਤ (ਪਰਮਜੀਤ ਸਿੰਘ ਕੁਠਾਲਾ)-ਕੇਂਦਰੀ ਅਗਨੀਪਥ ਯੋਜਨਾ ਖ਼ਿਲਾਫ਼ ਡੀ.ਸੀ. ਦਫ਼ਤਰ ਮਲੇਰਕੋਟਲਾ ਸਾਹਮਣੇ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੋਂ ਡਿਪਟੀ ਕਮਿਸ਼ਨਰ ਮਲੇਰਕੋਟਲਾ...
ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 12 ਅਗਸਤ-ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ
ਗੰਨੇ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਨੇ ਪੂਰਨ ਤੌਰ 'ਤੇ ਜੀ.ਟੀ.ਰੋਡ ਕੀਤਾ ਜਾਮ
. . .  1 day ago
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਾ ਕਰਨ ਦੇ ਰੋਸ ਵਜੋਂ ਕਿਸਾਨਾਂ ਵਲੋਂ ਸ਼ੁਰੂ ਕੀਤਾ ਧਰਨਾ ਅੱਜ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਤੇ ਅੱਜ ਕਿਸਾਨਾਂ ਵਲੋਂ ਅੰਮ੍ਰਿਤਸਰ-ਦਿੱਲੀ, ਹੁਸ਼ਿਆਰਪੁਰ ਰੋਡ ਤੇ ਨਕੋਦਰ ਰੋਡ ਦੀ ਆਵਾਜਾਈ...
ਬਲਜੀਤ ਸਿੰਘ ਦਾਦੂਵਾਲ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਦਿੱਤਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 12 ਅਗਸਤ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦਾਦੂਵਾਲ ਨੇ ਮੰਗ ਕੀਤੀ ਕਿ ਪੰਜਾਬ ਦੇ ਨਵੇਂ ਲਗਾਏ ਏ.ਜੀ. ਵਿਨੋਦ ਘਈ ਨੂੰ ਬਦਲਿਆ...
ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
. . .  1 day ago
ਫਗਵਾੜਾ, 12 ਅਗਸਤ-ਫਗਵਾੜਾ ਧਰਨੇ 'ਚ ਪਹੁੰਚੇ ਹਜ਼ਾਰਾਂ ਟਰੈਕਟਰ, ਕਿਸਾਨਾਂ ਨੇ ਦਿੱਤੀ ਚਿਤਾਵਨੀ, ਸੰਘਰਸ਼ ਹੋਰ ਤਿੱਖਾ ਹੋਵੇਗਾ
'ਆਪ' ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਲਾਇਆ ਧਰਨਾ
. . .  1 day ago
ਅਬੋਹਰ, 12 ਅਗਸਤ (ਸੰਦੀਪ ਸੋਖਲ) - ਬੀਤੀ ਦਿਨ ਅਬੋਹਰ ਦੇ ਸਿਵਲ ਹਸਪਤਾਲ ਵਿਚ 'ਆਪ' ਆਗੂ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਝੂਠੀ ਅਫ਼ਵਾਹ ਫੈਲਾਉਣ ਦੇ ਰੋਸ ਵਿਚ ਹਸਪਤਾਲ ਦੇ ਡਾਕਟਰਾਂ ਤੇ ਕਰਮਚਾਰੀਆਂ ਵਲੋਂ ਉਸ...
ਹਥਿਆਰਬੰਦ ਹਮਲਾਵਰਾਂ ਦੇ ਹਮਲੇ 'ਚ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਜ਼ਖਮੀ
. . .  1 day ago
ਲੁਧਿਆਣਾ, 22 ਅਗਸਤ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਇਆਲੀ ਚੌਕ 'ਚ ਅੱਜ ਸਵੇਰੇ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਿੱਜੀ ਸਹਾਇਕ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਦਾਖਲ...
ਜੇ ਦਿੱਲੀ ਦੇ ਸਰਕਾਰੀ ਸਕੂਲ ਠੀਕ ਚੱਲ ਰਹੇ ਹਨ, ਤਾਂ 'ਆਪ' ਵਿਧਾਇਕਾਂ ਦੇ ਬੱਚੇ ਉੱਥੇ ਕਿਉਂ ਨਹੀਂ ਪੜ੍ਹ ਰਹੇ? - ਪ੍ਰਹਿਲਾਦ ਜੋਸ਼ੀ
. . .  1 day ago
ਨਵੀਂ ਦੱਲੀ, 12 ਅਗਸਤ - ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਕਹਿਣਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਹੈ। ਉਸ ਨੇ ਕਈ ਸੂਬਿਆਂ 'ਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਪਰ ਉਸ...
ਵਿਧਾਨ ਸਭਾ ਸਪੀਕਰ ਸੰਧਵਾ ਦੇ ਡਰਾਈਵਰ ਵਲੋਂ ਟਰੱਕ ਡਰਾਈਵਰ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ
. . .  1 day ago
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵਲੋਂ ਇਕ ਟਰੱਕ ਡਰਾਈਵਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸਲ 'ਚ ਕੁਲਤਾਰ ਸਿੰਘ ਸੰਧਵਾਂ ਬੀਤੇ ਦਿਨ ਇੱਥੇ ਮਾਨਾਂਵਾਲਾ ਨੇੜੇ ਗੁਜ਼ਰ ਰਹੇ ਸਨ, ਜਿਨ੍ਹਾਂ...
ਬੰਦ ਦੇ ਸਮਰਥਨ 'ਚ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ
. . .  1 day ago
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਬੰਦ ਦੇ ਸਮਰਥਨ ਵਿਚ ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਹਾਲ ਗੇਟ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਵਾਲਮੀਕਿ ਸਮਾਜ ਦੇ ਕੁਝ ਆਗੂਆਂ ਵਲੋਂ ਭਾਵੇ ਬੰਦ...
ਰਾਘਵ ਚੱਢਾ ਵਲੋਂ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼
. . .  1 day ago
ਚੰਡੀਗੜ੍ਹ, 12 ਅਗਸਤ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ਦੇ ਮੌਨਸੂਨ ਇਜਲਾਸ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ ਮੌਨਸੂਨ ਇਜਲਾਸ ਦੌਰਾਨ ਮੈਂ 42 ਸਵਾਲ ਉਠਾਏ, 2 ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਤੇ 93% ਹਾਜ਼ਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਜੇਠ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਕਿਤਾਬਾਂ

22-05-2022

 ਆਤਮਜੀਤ ਦੀ ਸ਼ਬਦ ਸਾਧਨਾ
ਪਰਤਾਂ ਤੇ ਪਾਸਾਰ
ਸੰਪਾਦਕ : ਹਰਿਭਜਨ ਸਿੰਘ ਭਾਟੀਆ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 625 ਰੁਪਏ, ਸਫ਼ੇ : 394
ਸੰਪਰਕ : 98557-19118.

ਆਤਮਜੀਤ ਪੰਜਾਬੀ ਨਾਟਕ ਦਾ ਹਾਸਲ ਹੈ। 72 ਵਰ੍ਹੇ ਪਹਿਲਾਂ ਜਨਮੇ ਆਤਮਜੀਤ ਨੇ ਕਵਿਤਾ ਤੋਂ ਸ਼ੁਰੂਆਤ ਕਰਕੇ ਹੁਣ ਤੱਕ 21 ਪੂਰੇ ਨਾਟਕਾਂ ਅਤੇ ਇਕਾਂਗੀ/ਲਘੂ ਨਾਟਕਾਂ ਦੀ ਸਿਰਜਣਾ ਕੀਤੀ ਹੈ। 1971 ਤੋਂ 2010 ਤੱਕ ਕਰੀਬ ਚਾਲੀ ਵਰ੍ਹੇ ਅਧਿਆਪਨ/ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਉਪਰੰਤ ਉਹ ਪਿਛਲੇ ਪੰਜ ਕੁ ਸਾਲਾਂ ਤੋਂ ਨਿਰੋਲ ਸਾਹਿਤ ਨੂੰ ਸਮਰਪਿਤ ਹੈ। 1975 ਤੋਂ ਸ਼ੁਰੂ ਹੋਇਆ ਉਸ ਦਾ ਨਾਟਕੀ ਸਫ਼ਰ ਹੁਣ ਤੱਕ ਨਿਰਵਿਘਨ ਜਾਰੀ ਹੈ। ਉਸ ਨੇ ਆਲੋਚਨਾ, ਸੰਪਾਦਨ ਅਤੇ ਅਨੁਵਾਦ ਦਾ ਕਾਰਜ ਵੀ ਕੀਤਾ ਹੈ।
ਵਿਚਾਰ ਅਧੀਨ ਸੰਪਾਦਿਤ ਪੁਸਤਕ ਵਿਚ ਡਾ. ਭਾਟੀਆ ਨੇ ਉਸ ਦੇ ਜੀਵਨ ਤੇ ਕਾਰਜ ਨੂੰ ਪੰਜ ਭਾਗਾਂ ਵਿਚ ਵੰਡ ਕੇ ਸਾਹਮਣੇ ਲਿਆਂਦਾ ਹੈ, ਜਿਸ ਵਿਚ ਸਵੈ-ਕਥਨ ਤੇ ਮੰਚੀ ਪਾਸਾਰ; ਲਘੂ ਨਾਟਕਾਂ ਦਾ ਸਰੂਪ; ਪੂਰੇ ਨਾਟਕਾਂ ਦਾ ਸਰੂਪ; ਨਾਟ ਚਿੰਤਨ; ਅਤੇ ਅਦੀਬਾਂ ਦੀ ਨਜ਼ਰ ਵਿਚ ਅਧਿਆਏ ਬਣਾਏ ਗਏ ਹਨ। ਅੰਤਿਕਾ ਵਿਚ ਜੀਵਨ ਬਿਉਰਾ, ਪੁਸਤਕਾਂ ਦਾ ਵੇਰਵਾ ਅਤੇ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਹੈ।
ਪੁਸਤਕ ਦੇ ਆਰੰਭ ਵਿਚ ਡਾ. ਭਾਟੀਆ ਦੀ ਲੰਮੀ ਭੂਮਿਕਾ (19 ਪੰਨੇ) ਦੀ ਹੈ, ਜਿਸ ਵਿਚ ਉਸ ਨੇ ਆਤਮਜੀਤ ਦੀ ਨਾਟਕੀਅਤਾ ਨੂੰ ਬਹੁਤ ਨੇੜੇ ਤੋਂ ਵਿਸ਼ਲੇਸ਼ਿਤ ਕੀਤਾ ਹੈ। ਪਿਤਾ ਐਸ.ਐਸ. ਅਮੋਲ ਦਾ ਸਾਹਿਤਕਾਰ ਸਪੁੱਤਰ ਆਤਮਜੀਤ ਇਕ ਸਮੇਂ ਆਤਮਜੀਤ ਸਿੰਘ 'ਅਮਰ' ਵਜੋਂ ਵੀ ਵਿਚਰਦਾ ਰਿਹਾ ਹੈ ਪਰ ਛੇਤੀ ਹੀ ਉਹ ਨਿਰੋਲ ਆਤਮਜੀਤ ਬਣ ਗਿਆ ਤੇ ਅੱਜ ਤੱਕ ਇਸੇ ਨਾਂਅ ਨਾਲ ਚਰਚਿਤ ਹੈ। ਉਸ ਦੀ ਸਾਰੀ ਪੜ੍ਹਾਈ-ਲਿਖਾਈ ਮਾਝੇ ਵਿਚ ਹੋਈ ਪਰ ਉਹਦਾ ਕਰਮ-ਖੇਤਰ ਵਧੇਰੇ ਕਰਕੇ ਮਾਲਵੇ ਦੀ ਧਰਤੀ ਰਿਹਾ।
ਇਸ ਪੁਸਤਕ ਵਿਚ ਜਿਨ੍ਹਾਂ ਵਿਦਵਾਨਾਂ ਦੇ ਲੇਖ ਸ਼ਾਮਿਲ ਹਨ ਉਨ੍ਹਾਂ ਵਿਚ ਤਰਲੋਕ ਸਿੰਘ ਕੰਵਰ, ਸੁਰਜੀਤ ਸਿੰਘ ਸੇਠੀ, ਅਤਰ ਸਿੰਘ, ਦਲਜੀਤ ਸਿੰਘ, ਹਰਿਭਜਨ ਸਿੰਘ, ਆਤਮਜੀਤ ਸਿੰਘ, ਸੁਤਿੰਦਰ ਸਿੰਘ ਨੂਰ, ਜੇ.ਐੱਨ. ਕੌਸ਼ਲ (ਸਾਰੇ ਮਰਹੂਮ) ਦੇ ਨਾਲ-ਨਾਲ ਕੇਵਲ ਧਾਲੀਵਾਲ, ਸਾਹਿਬ ਸਿੰਘ, ਜਗਬੀਰ ਸਿੰਘ, ਤੇਜਵੰਤ ਗਿੱਲ, ਸੁਖਦੇਵ ਸਿੰਘ ਸਿਰਸਾ, ਸਰਬਜੀਤ ਸਿੰਘ, ਉਮਾ ਸੇਠੀ, ਸਵਰਾਜ ਰਾਜ, ਰਵੇਲ ਸਿੰਘ ਆਦਿ ਦੇ ਨਾਂਅ ਪੇਸ਼ ਹਨ। ਪੁਸਤਕ ਵਿਚ ਆਤਮਜੀਤ ਦੀ ਦੇਣ, ਨਾਟਕੀ ਮੈਟਾਫਰ, ਰਾਜਸੀ ਵਿਅੰਗ, ਚਿਹਨਕੀ ਜੁਗਤਾਂ, ਨਾਟ ਸੰਰਚਨਾ, ਤਕਨੀਕ, ਨਾਬਰੀ ਦਾ ਪ੍ਰਵਚਨ, ਖੋਜ ਤੇ ਸਿਧਾਂਤ ਦ੍ਰਿਸ਼ਟੀ, ਸਾਹਿਤ ਇਤਿਹਾਸ ਤੇ ਆਲੋਚਨਾ ਦ੍ਰਿਸ਼ਟੀ ਆਦਿ ਪੱਖਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ। ਆਤਮਜੀਤ ਦੇ ਸਾਹਿਤ- ਸੰਸਾਰ ਨੂੰ ਸਮਝਣ ਲਈ ਇਹ ਪੁਸਤਕ ਇਕ ਸੰਦਰਭ ਗ੍ਰੰਥ ਦੀ ਭੂਮਿਕਾ ਨਿਭਾਉਂਦੀ ਹੈ, ਅਜਿਹਾ ਮੇਰਾ ਵਿਸ਼ਵਾਸ ਹੈ!

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਮਹਿਕਦੇ ਗੀਤ
ਲੇਖਕ : ਕੁਲਵੰਤ ਸੈਦੋਕੇ
ਪ੍ਰਕਾਸ਼ਕ : ਜ਼ੋਹਰਾ ਪਬਲੀਕੇਸ਼ਨ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 132
ਸੰਪਰਕ : 78891-72043.

ਹਥਲਾ ਕਾਵਿ-ਸੰਗ੍ਰਹਿ 'ਮਹਿਕਦੇ ਗੀਤ' ਭਾਵੇਂ ਕੁਲਵੰਤ ਸੈਦੋਕੇ ਦੀ ਪਲੇਠੀ ਪੁਸਤਕ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਦੀ ਪੰਜਾਬਣ ਵਰਗੀ ਸਾਦਗੀ, ਮੜਕ ਅਤੇ ਤੋਰ ਉਨ੍ਹਾਂ ਦੇ ਪ੍ਰਪੱਕ ਕਲਮਕਾਰ ਹੋਣ ਦੀ ਸ਼ਾਹਦੀ ਭਰਦੀ ਹੈ। ਵਿਸ਼ਵ ਮੰਡੀ ਦੇ ਪੂੰਜੀਵਾਦੀ ਪ੍ਰਭਾਵ ਵਿਚ ਪਰਿਵਾਰਾਂ ਨੂੰ ਚੜ੍ਹੀ ਬਾਜ਼ਾਰੂ ਰੰਗਤ ਨੂੰ ਦੇਖਦਿਆਂ ਉਨ੍ਹਾਂ ਦਾ ਮੰਨਣਾ ਹੈ ਕਿ ਨਿੱਜੀ ਸਵਾਰਥਾਂ ਦੀ ਪੂਰਤੀ ਵਿਚ ਉਲਝਿਆ ਮਨੁੱਖ ਭਾਈਚਾਰਕ ਸਾਂਝ ਦੀ ਸੋਚ ਨੂੰ ਤਿਲਾਂਜਲੀ ਦੇ ਚੁੱਕਿਆ ਹੈ :
ਘਰ ਸੀਗੇ ਕੱਚੇ ਪਰ ਰਿਸ਼ਤੇ ਸੀ ਪੱਕੇ ਹੁੰਦੇ
'ਕੱਠਾ ਇੱਕੋ ਟੱਬਰ ਆਬਾਦ ਹੁੰਦਾ ਸੀ।
ਚੌਂਕੇ ਵਿਚ ਬੇਬੇ ਕੋਲ ਬਹਿ ਕੇ ਰੋਟੀ ਖਾਣ ਦਾ
ਆਪਣਾ ਹੀ ਵੱਖਰਾ ਸਵਾਦ ਹੁੰਦਾ ਸੀ।
ਦੇਸ਼ ਦੀ ਲੰਗੜੀ ਆਜ਼ਾਦੀ ਲਈ ਧਰਮ ਦੇ ਨਾਂਅ 'ਤੇ ਪੰਜਾਬ ਨੂੰ ਦੋ ਟੁਕੜਿਆਂ ਵਿਚ ਵੰਡਣ ਦੀ ਸਾਜਿਸ਼ ਦਾ ਵਿਰੋਧ ਉਹ ਬੜੇ ਬੇਬਾਕ ਢੰਗ ਨਾਲ ਕਰਦੇ ਹਨ, ਕਿਉਂਕਿ ਇਸ ਦੀ ਸਭ ਤੋਂ ਵੱਧ ਕੀਮਤ ਪੰਜਾਬੀਆਂ ਨੂੰ ਹੀ ਚੁਕਾਉਣੀ ਪਈ ਸੀ। ਕਤਲ ਭਾਵੇਂ ਸਰਹੱਦ ਦੇ ਇਧਰਲੇ ਪਾਸੇ ਹੋਵੇ ਜਾਂ ਉਧਰਲੇ ਪਾਸੇ, ਉਹ ਦੋਵਾਂ ਦੀ ਪੀੜ ਬਰਾਬਰ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਗੀਤ ਦੀਆਂ ਇਹ ਸਤਰਾਂ ਪਾਠਕ ਨੂੰ ਧੁਰ ਅੰਦਰ ਤੱਕ ਝੰਜੋੜ ਦਿੰਦੀਆਂ ਹਨ :
ਐਸੀ ਰਾਜਨੀਤੀ ਤਾਈਂ ਲੱਖ ਲਾਹਣਤਾਂ,
ਜਦੋਂ ਵੀਰਾਂ ਹੱਥੋਂ ਵੱਢੇ ਗਏ ਵੀਰ ਨੇ।
ਪੰਜੇ ਦਰਿਆ ਉਦੋਂ ਭੁੱਬਾਂ ਮਾਰ ਰੋਏ,
ਜਦੋਂ ਵੱਖ ਕੀਤੇ ਵਾਘੇ ਦੀ ਲਕੀਰ ਨੇ।
ਕੁਲਵੰਤ ਸੈਦੋਕੇ ਦੀ ਗੀਤਕਾਰੀ ਉਨ੍ਹਾਂ ਸਾਰੇ ਗੁਣਾਂ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ, ਜੋ ਇਕ ਚੰਗੀ ਗੀਤਕਾਰੀ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਜਿੱਥੇ ਉਨ੍ਹਾਂ ਦੀ ਗੀਤਕਾਰੀ ਤੋਲ-ਤੁਕਾਂਤ ਦੇ ਪੱਖ ਤੋਂ ਬੜੀ ਅਮੀਰ ਪ੍ਰਤੀਤ ਹੁੰਦੀ ਹੈ, ਉੱਥੇ ਵਿਚਾਰਕ ਪੱਖ ਤੋਂ ਵੀ ਉਹ ਕਿਤੇ ਥਿੜਕਦੇ ਦਿਖਾਈ ਨਹੀਂ ਦਿੰਦੇ। ਪੁਸਤਕ ਵਿਚ ਲਗਭਗ ਹਰੇਕ ਭਖਦੇ ਮਸਲੇ ਨੂੰ ਛੂਹਣ ਦੀ ਉਨ੍ਹਾਂ ਦੀ ਸਫਲ ਅਤੇ ਸੁਚੱਜੀ ਕੋਸ਼ਿਸ਼ ਲਈ ਵੀ ਉਹ ਵਧਾਈ ਦੇ ਹੱਕਦਾਰ ਹਨ।

ਕਰਮ ਸਿੰਘ ਜ਼ਖ਼ਮੀ
ਮੋ: 98146-28027

ਮੇਰੇ ਭਾਰਤੀ ਸਫ਼ਰਨਾਮੇ (ਭਾਰਤ ਦੇ ਚਾਰ ਗੇੜੇ)
ਲੇਖਕ : ਅਸ਼ਰਫ਼ ਗਿੱਲ
ਲਿਪੀਅੰਤਰ ਤੇ ਸੰਪਾਦਨ : ਜਸਪਾਲ ਘਈ
ਪ੍ਰਕਾਸ਼ਕ : ਕੈਫੇ ਵਰਲਡ,ਜਲੰਧਰ
ਮੁੱਲ : 600 ਰੁਪਏ, ਸਫ਼ੇ : 276
ਸੰਪਰਕ : 99140-22845.

ਲਹਿੰਦੇ ਪੰਜਾਬ ਦਾ ਜੰਮਪਲ, ਕੈਲੀਫੋਰਨੀਆ ਦੇ ਫਰਿਜਨੋ ਸ਼ਹਿਰ ਵਿਚ ਵਸਦਾ, ਅਸ਼ਰਫ ਗਿੱਲ ਉਰਦੂ ਅਤੇ ਪੰਜਾਬੀ ਜ਼ਬਾਨ ਦਾ ਇਕ ਅਲਬੇਲਾ ਸ਼ਾਇਰ ਹੈ ਅਤੇ ਮੌਸੀਕੀ ਦਾ ਅਜ਼ੀਮ ਫ਼ਨਕਾਰ। ਜਿੱਥੇ ਉਸ ਦੀਆਂ ਗ਼ਜ਼ਲਾਂ ਨੂੰ ਗੁਲਾਮ ਅਲੀ ਨੇ ਗਾਇਆ, ਉੱਥੇ ਉਸ ਨੇ ਚਰਚਿਤ ਫਨਕਾਰ ਨਸੀਬੋ ਲਾਲ ਨਾਲ ਗੀਤ ਵੀ ਗਾਏ ਹਨ। ਇਸ ਪੁਸਤਕ ਦਾ ਲਿਪੀਅੰਤਰ ਅਤੇ ਸੰਪਾਦਨ ਮਾਣਯੋਗ ਜਸਪਾਲ ਘਈ ਨੇ ਬੜੀ ਮਿਹਨਤ ਨਾਲ ਕੀਤਾ ਹੈ। ਇਹ ਸਫ਼ਰਨਾਮੇ ਲੇਖਕ ਵਲੋਂ ਸੰਨ 2000 ਤੋਂ ਲੈ ਕੇ ਸੰਨ 2014 ਤੱਕ ਭਾਰਤ ਵਿਚ ਲਗਾਏ ਚਾਰ ਗੇੜਿਆਂ 'ਤੇ ਆਧਾਰਿਤ ਹਨ। ਪ੍ਰਚੱਲਿਤ ਰਵਾਇਤ ਤੋਂ ਉਲਟ, ਉਸ ਨੇ ਪੁਰਾਤਨ ਯਾਤਰੀ ਹਿਊਨ ਸਾਂਗ ਵਾਂਗ ਭਾਰਤ ਦੀਆਂ ਯਾਤਰਾਵਾਂ ਕੀਤੀਆਂ ਅਤੇ ਉੱਥੋਂ ਦੇ ਲੋਕਾਂ ਦੇ ਹਾਲਾਤਅਤੇ ਵਾਕਿਆਤ, ਜੋ ਉਸ ਨੇ ਅੱਖੀਂ ਦੇਖੇ ਅਤੇ ਹੰਢਾਏ, ਉਨ੍ਹਾਂ ਨੂੰ ਹੂਬਹੂ ਉਸੇ ਤਰ੍ਹਾਂਬਿਆਨ ਕੀਤਾ ਹੈ। ਪੰਜਾਬੀ ਵਿਚ ਉਸਵਲੋਂ ਕੀਤਾ ਇਹ ਪਲੇਠਾ ਯਤਨ ਹੈ। ਪਹਿਲਾ ਗੇੜਾ ਗਿਆਰਾਂ ਦਿਨਾਂ ਦਾ ਸੀ, ਜਿਸ ਦੌਰਾਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਚੰਡੀਗੜ੍ਹ ਆਦਿ ਸ਼ਹਿਰਾਂ ਬਾਰੇ ਉਹ ਲਿਖਦਾ ਹੈਇੱਥੇ ਪੇਂਡੂ ਮਾਹੌਲ ਪਾਕਿਸਤਾਨ ਦਿਆਂ ਪਿੰਡਾਂ ਵਰਗਾ ਹੀ ਸੀ। ਸਿਰਫ ਪਹਿਰਾਵੇ ਦਾ ਹੀ ਫ਼ਰਕ ਸੀ। ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮੁਲਾਕਾਤ ਕੀਤੀ। ਸਤਨਾਮ ਸਿੰਘ ਮਾਣਕ ਦੇ ਉਲੀਕੇ ਪ੍ਰੋਗਰਾਮ ਮੁਤਾਬਿਕ ਪਹਿਲੇ ਦਿਨ ਉਹ ਲੁਧਿਆਣਾ ਸ਼ਹਿਰ ਗਿਆ। ਉੱਥੋਂ ਦੇ ਸਾਹਿਤਕਾਰਾਂ ਨਾਲ ਸਾਂਝ ਬਣਾਈ। ਫਿਰ ਇਕ ਦਿਨ ਉਹ ਚੰਡੀਗੜ੍ਹ, ਰੋਜ਼ ਗਾਰਡਨ ਅਤੇ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨਾਲ ਗੱਲਾਂਬਾਤਾਂ ਸਾਂਝੀਆਂ ਕੀਤੀਆਂ। ਜਲੰਧਰ ਆਉਂਦਿਆਂ ਅਨੰਦਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕੀਤੇ। ਜਲੰਧਰ ਵਿਚ ਕਈ ਸਾਹਿਤਕ ਸੰਮੇਲਨਾਂ ਵਿਚ ਸ਼ਿਰਕਤ ਕੀਤੀ। ਖ਼ਾਲਸਾ ਕਾਲਜ ਦੇ ਮੁੰਡੇ-ਕੁੜੀਆਂ ਨੇ ਖੁੱਲ੍ਹ ਕੇ ਇਲਮੀ ਸੰਜੀਦਗੀ 'ਤੇ ਗੱਲਬਾਤ ਕੀਤੀ। ਉਸਨੇ ਗੁਲੂਕਾਰ ਹੰਸ ਰਾਜ ਹੰਸ, ਐਸ.ਐਸ.ਪੀ. ਫਾਰੂਕੀ ਅਤੇ ਡਾ. ਜਗਤਾਰ ਨਾਲ ਅਦਬੀ ਸਾਂਝ ਬਣਾਈ। ਫਿਰ ਅੰਮ੍ਰਿਤਸਰ ਜਤਿੰਦਰਪਾਲ ਸਿੰਘ ਜੌਲੀ ਨੇ ਉਸ ਦੀ ਮੁਲਾਕਾਤ ਯੂਨੀਵਰਸਿਟੀ ਪ੍ਰੋਫ਼ੈਸਰਾਂ ਨਾਲ ਕਰਵਾਈ। ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ। ਤਲਵਿੰਦਰ ਸਿੰਘ ਨਾਲ ਸਫ਼ਰ ਦੇ ਅਖੀਰਲੇ ਦਿਹਾੜੇ ਬੜੀ ਹਿਫ਼ਾਜ਼ਤ ਤੇ ਅਪਣੱਤ ਨਾਲ ਬੀਤੇ। ਫਿਰ ਉਹ ਲਾਹੌਰ ਪਰਤ ਗਿਆ। ਸੰਨ 2004 ਵਿਚ ਉਸ ਵਲੋਂ ਭਾਰਤ ਦੇ ਲਗਾਏ ਦੂਜੇ ਗੇੜੇ ਵੇਲੇ ਭਾਰਤ ਦਾ ਵੀਜ਼ਾ ਲੈਣ ਬਾਰੇ ਦਿਲਚਸਪ ਗੱਲਾਂ ਇਸ ਪੁਸਤਕ ਵਿਚ ਦਰਜ ਹਨ। ਪਟਿਆਲੇ ਇੰਦਰ ਸਿੰਘ ਖਾਮੋਸ਼ ਨੂੰ ਮਿਲਣ ਲਈ ਉਹ 'ਸਮਝੌਤਾ ਐਕਸਪ੍ਰੈੱਸ' ਚੜ੍ਹਿਆ। ਗੱਡੀ ਕਹਿਣ ਨੂੰ ਤਾਂ ਐਕਸਪ੍ਰੈੱਸ ਸੀ ਪਰ ਵਾਹਗੇ ਤੋਂ ਅਟਾਰੀ ਵੱਲ ਇੰਜ ਚੱਲੀ, ਜਿਵੇਂ ਪੈਦਲ ਤੁਰ ਰਹੀ ਸੀ। ਅਟਾਰੀ ਸਟੇਸ਼ਨ 'ਤੇ ਟੈਕਸੀਆਂ ਦੇ ਮਾੜੇ ਪ੍ਰਬੰਧ, ਤਲਵਿੰਦਰ ਸਿੰਘ ਅਤੇ ਰਮਨਦੀਪ ਦੇ ਨਾਲ ਬਿਤਾਏ ਖੂਬਸੂਰਤ ਪਲ, ਉਸ ਦੀ ਗੁਰਮੁਖੀ ਲਿਪੀ ਵਿਚ ਛਪ ਰਹੀ ਕਿਤਾਬ 'ਤੋਲਵੇਂ ਬੋਲ' ਬਾਰੇ ਦਿਲਚਸਪ ਜਾਣਕਾਰੀ ਇਸਪੁਸਤਕਵਿਚ ਦਰਜ ਹੈ। ਉਸ ਨੂੰ ਜਾਮਾ ਮਸਜਿਦਵਿਚ ਨਮਾਜ਼ ਪੜ੍ਹਨ ਦਾ ਮੌਕਾ ਮਿਲਿਆ। ਲਖਨਊ ਵੇਖਣ ਨਿਕਲਿਆ ਤਾਂ ਰਿਕਸ਼ੇ ਦੀ ਸਵਾਰੀ ਕਰਦੇ 'ਯੇ ਲਖਨਊ ਕੀ ਸਰ ਜ਼ਮੀਨ' ਵਾਲਾ ਤਸੱਵਰ ਧੁੰਦਲਾ ਪੈ ਗਿਆ। ਰਾਹਤ ਇੰਦੌਰੀ ਨਾਲ ਸੰਖੇਪ ਮੁਲਾਕਾਤ ਉਸ ਲਈ ਯਾਦਗਾਰੀ ਬਣ ਗਈ। ਭੁਪਾਲ ਵਿਚ ਇਕਬਾਲ ਦੇ ਪਰਿਵਾਰ ਵਲੋਂ ਉਸ ਦੀ ਕੀਤੀ ਖ਼ਾਤਰਦਾਰੀ ਅਭੁੱਲ ਬਣ ਗਈ। ਮੁੜ ਜਲੰਧਰ ਆ ਕੇਦੇਸ਼ ਭਗਤ ਯਾਦਗਾਰੀ ਹਾਲ 'ਚ ਜਾਣਾ, ਦੇਵ ਦਰਦ ਨਾਲ ਮੁਲਾਕਾਤ, ਰਮਨਦੀਪ ਦੇ ਘਰ ਇਕ ਰਾਤ ਬਿਤਾਉਣ ਪਿੱਛੋਂ ਉਹਵਾਪਸ ਲਾਹੌਰਮੁੜ ਜਾਂਦਾ ਹੈ। ਸੰਨ 2008 'ਚ ਭਾਰਤ ਆਉਣ ਵੇਲੇ ਤਲਵਿੰਦਰ ਸਿੰਘ ਉਸ ਨੂੰ ਵਾਹਗੇ ਬਾਰਡਰ ਤੋਂ ਲੈ ਕੇ ਆਇਆ। ਦੂਜੇ ਦਿਨ ਮਿਊਜ਼ਿਕ ਐਲਬਮ ਦੇ ਸਿਲਸਿਲੇ ਵਿਚ ਨਿਰਮਲ ਸਿੰਘ ਨਿੰਮਾ ਨੂੰ ਮਿਲਣ ਗਿਆ। ਪਿੰਡ ਸਾਹਨੀ ਖੇੜਾ ਬਾਰੇ ਅਤੇ ਮਲੋਟ ਥਾਣੇ ਵਿਚ ਰੌਣਕ ਮੇਲਾ ਰੌਚਿਕ ਬਿਰਤਾਂਤ ਹਨ।
ਸਫ਼ਰ ਦੇ ਇੱਕੀਵੇਂ ਦਿਨ ਤੋਂ ਅਠੱਤੀਵੇਂ ਦਿਨ ਤੀਕਰ ਉਹ ਅਤੇ ਮਹਿੰਦਰ ਸਿੰਘ ਕਾਹਲੋਂ ਮੁੰਬਈ ਸ਼ਹਿਰ ਵਿਚ ਦੀਦਾਰ ਸਿੰਘ ਦੇ ਘਰੇ ਰਹੇ। ਅਦਨਾਨ ਸਾਮੀ, ਸ਼ੰਕਰ ਸ਼ੰਭੂ ਕੱਵਾਲ ਦੇ ਸਪੁੱਤਰ, ਜਗਜੀਤ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਫਿਰ ਦਿੱਲੀ ਵਿਚ ਪਾਰਲੀਮੈਂਟ ਹਾਊਸ ਦੇਖਿਆ। ਉਸ ਦੇ ਚੌਥਾ ਗੇੜੇ ਦੌਰਾਨ ਰਮਨਦੀਪ ਉਸ ਨੂੰ ਹਵਾਈ ਅੱਡੇ 'ਤੇ ਲੈਣ ਆਇਆ। ਫਿਰ ਕਲਕੱਤੇ ਗਿਆ। ਕਲਕੱਤੇ ਵਿਚ ਚੰਗਾ ਸਾਹਿਤਕ ਰੰਗ ਬੰਨ੍ਹਿਆ। ਫਿਰ ਲੇਖਕ ਹੈਦਰਾਬਾਦ ਵੱਲ ਕੂਚ ਕਰਦਾ ਹੈ। ਰਾਊਫ ਖ਼ੈਰ ਦੇ ਘਰ ਕਿਆਮ ਕੀਤਾ, ਹੈਦਰਾਬਾਦ ਵਿਚ ਮੌਤ ਦਾ ਖੂਹ ਨੇ ਉਸ ਨੂੰ ਹੈਰਾਨ ਕੀਤਾ। ਇਸ ਪੁਸਤਕ ਵਿਚ ਛਪਾਈ ਦੀਆਂ ਬੜੀਆਂ ਗ਼ਲਤੀਆਂ ਹਨ, ਅਗਲੇ ਸੰਸਕਰਨ ਵਿਚ ਜੇ ਸੇਧ ਲਈ ਜਾਵੇ ਤਾਂ ਸਹੀ ਹੋਵੇਗਾ। ਯਾਤਰਾ ਦੌਰਾਨ ਭਾਰਤੀਆਂ ਵਿਚ ਪਾਕਿਸਤਾਨੀ ਲੋਕਾਂ ਬਾਰੇ ਨਫ਼ਰਤ ਭਰੀ ਹੋਈ ਦੇਖ ਕੇ ਉਸ ਦਾ ਮਨ ਬੜਾ ਦੁਖੀ ਹੋਇਆ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686

c c c

ਰਜਨੀ
ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 125 ਰੁਪਏ, ਸਫ਼ੇ : 111
ਸੰਪਰਕ : 98889-24664.

ਇਸ ਨਾਵਲ ਦੇ ਮੂਲ ਲੇਖਕ ਬੰਕਿਮ ਚੰਦਰ ਹਨ ਅਤੇ ਅਨੁਵਾਦਕ ਨਾਨਕ ਸਿੰਘ ਹਨ। ਨਾਨਕ ਸਿੰਘ ਦੇ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਪੰਜਾਬੀ ਸਾਹਿਤ ਵਿਚ ਉਹ ਚਮਕਦਾ ਸਿਤਾਰਾ ਹਨ ਜਿਨ੍ਹਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ। ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਅਨੇਕਾਂ ਪੁਸਤਕਾਂ ਹਨ ਜੋ ਕਦੇ ਵੀ ਓਹਲੇ ਨਹੀਂ ਹੋ ਸਕਦੀਆਂ। ਨਾਨਕ ਸਿੰਘ ਨੇ ਅਨੇਕਾਂ ਨਾਵਲ, ਕਹਾਣੀਆਂ ਲਿਖ ਕੇ ਜੋ ਨਾਮਣਾ ਖੱਟਿਆ ਹੈ, ਉਹ ਸਾਡੇ ਸਾਹਮਣੇ ਹੈ। ਇਹ ਨਾਵਲ ਬੰਕਿਮ ਬਾਬੂ ਨੇ 1876 ਵਿਚ ਲਿਖਿਆ ਸੀ, ਜਿਸ ਦਾ ਨਾਂਅ ਪਹਿਲੇ ਐਡੀਸ਼ਨ ਵਿਚ ਰਾਗਨੀ ਰੱਖਿਆ ਗਿਆ ਸੀ ਅਤੇ ਬਾਅਦ ਵਿਚ ਦੂਸਰੇ ਐਡੀਸ਼ਨ ਵਿਚ ਰਜਨੀ ਕਰ ਦਿੱਤਾ ਗਿਆ ਸੀ। ਇਸ ਨਾਵਲ ਦੀ ਨਾਇਕਾ ਰਜਨੀ ਜੋ ਕਿ ਅੱਖਾਂ ਤੋਂ ਅੰਨ੍ਹੀ ਹੈ ਅਤੇ ਨਾਲ ਹੀ ਗ਼ਰੀਬ ਵੀ ਹੈ, ਉਹ ਅਨਪੜ੍ਹ ਵੀ ਹੈ ਅਤੇ 20 ਸਾਲ ਦੀ ਉਮਰ ਵਿਚ ਕੁਆਰੀ ਹੈ। ਅੰਨ੍ਹੀ ਹੋਣ ਕਾਰਨ ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਸ ਦਾ ਵਿਆਹ ਹੋਵੇਗਾ। ਉਹ ਵੇਖ ਨਹੀਂ ਸਕਦੀ ਬਲਕਿ ਆਪਣੇ ਅੰਦਰਲੇ ਚਾਨਣ ਰਾਹੀਂ ਸਭ ਕੁਝ ਮਹਿਸੂਸ ਜ਼ਰੂਰ ਕਰਦੀ ਹੈ। ਉਹ ਕੁਝ ਲੱਭਣਾ ਚਾਹੁੰਦੀ ਹੈ ਪ੍ਰੰਤੂ ਉਸ ਨੂੰ ਲੱਭਣ ਵਿਚ ਪੂਰੀ ਤਰ੍ਹਾਂ ਅਸਮਰੱਥ ਹੈ ਅਤੇ ਉਸ ਵਿਚ ਤਿਆਗ ਦੀ ਭਾਵਨਾ ਹੈ। ਇਸੇ ਤਰ੍ਹਾਂ ਅਖ਼ੀਰ ਲਲਿਤਾ ਦੀ ਹਿੰਮਤ ਨਾਲ ਰਜਨੀ ਨੂੰ ਉਹ ਸਭ ਪ੍ਰਾਪਤ ਹੋ ਜਾਂਦਾ ਹੈ, ਜਿਸ ਬਾਰੇ ਉਹ ਸੋਚ ਵੀ ਨਹੀਂ ਸੀ ਸਕਦੀ। ਅਖੀਰ ਵਿਚ ਜਿਸ ਤਰ੍ਹਾਂ ਲੇਖਕ ਨੇ ਨਾਵਲ ਵਿਚਲੀ ਕਹਾਣੀ ਨੂੰ ਸੁਖਾਂਤ ਬਣਾ ਕੇ ਪੇਸ਼ ਕੀਤਾ ਹੈ, ਉਹ ਵੀ ਉਸ ਦੀ ਖੂਬੀ ਹੈ। ਪੂਰੇ ਨਾਵਲ ਵਿਚ ਦ੍ਰਿਸ਼ ਘਟਨਾਵਾਂ, ਪਾਤਰਾਂ ਦੇ ਰੋਲ ਨੂੰ ਬਹੁਤ ਹੀ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਲੇਖਕ ਦੀ ਲਿਖਤ ਦੀ ਝਲਕ ਸਾਫ਼ ਵਿਖਾਈ ਦਿੰਦੀ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990.

ਪਾਕਿਸਤਾਨ ਤੋਂ ਹਿੰਦੋਸਤਾਨ ਤੱਕ
ਲੇਖਕ : ਜੇ.ਡੀ. ਸਿੱਧੂਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 95010-29359.

'ਪਾਕਿਸਤਾਨ ਤੋਂ ਹਿੰਦੁਸਤਾਨ ਤੱਕ' ਨਾਵਲ ਜੇ.ਡੀ. ਸਿੱਧੂਵਾਲ ਦਾ ਲਿਖਿਆ ਪਲੇਠਾ ਨਾਵਲ ਹੈ, ਜਿਸ ਵਿਚ ਉਸ ਨੇ ਪਾਕਿਸਤਾਨ ਦੀਆਂ ਦਿਲ ਕੰਬਾਊ ਘਟਨਾਵਾਂ ਨੂੰ ਬਾਖ਼ੂਬੀ ਬਿਆਨ ਕਰਕੇ ਆਪਣੇ ਨਾਵਲ ਵਿਚ ਚਿਤਰਿਆ ਹੈ। ਨਾਵਲਕਾਰ ਜੇ. ਡੀ. ਸਿੱਧੂਵਾਲ ਨੇ ਨਾਵਲ ਆਪਣੇ ਤਜਰਬੇ ਵਿਚੋਂ ਲਿਖਿਆ ਹੈ, ਜਿਸ ਵਿਚ ਪਾਕ ਪਵਿੱਤਰ ਰੂਹ ਬਾਬੇ ਪਾਲੇ ਬਾਰੇ ਹੀ ਨਾਵਲੀ ਪੈਰਾਡਾਈਮ ਸਿਰਜਿਆ ਗਿਆ ਹੈ। ਸਾਰੀ ਕਹਾਣੀ ਹੀ ਉਨ੍ਹਾਂ ਦੇ ਜੀਵਨ ਤਜਰਬਿਆਂ ਨਾਲ ਸੰਬੰਧਿਤ ਜਾਪਦੀ ਹੈ। ਜਦੋਂ ਬਾਬੇ ਪਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਬਾਬੇ ਪਾਲੇ ਦੀ ਰੂਹ ਨੂੰ ਤਕਲੀਫ਼ ਨਹੀਂ ਦੇਣੀ ਸਗੋਂ ਉਸ ਨੂੰ ਦਫ਼ਨਾਇਆ ਜਾਂਦਾ ਹੈ ਤੇ ਹੱਥ ਜੋੜ ਕੇ ਨਮਸਕਾਰ ਕੀਤਾ ਜਾਂਦਾ ਹੈ, ਮੇਲੇ ਨਹਾਉਣ ਦੀ ਤਜਵੀਜ਼ ਕੀਤੀ ਜਾਂਦੀ ਹੈ ਪਰ ਮਨਸੀਹਾਂ ਜੋ ਬਾਬੇ ਪਾਲੇ ਦੀ ਭੈਣ ਹੁੰਦੀ ਹੈ, ਹਟਕੋਰੇ ਲੈ ਲੈ ਕੇ ਰੋਂਦੀ ਹੋਈ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੀ ਹੈ ਕਿ ਉਹ ਸਮੇਂ ਕਿੱਥੇ ਗਏ ਜਦੋਂ ਮੁੰਡੇ ਕੁੜੀ ਦਾ ਰਿਸ਼ਤਾ ਵੀ ਵੱਡਿਆਂ ਦੁਆਰਾ ਹੀ ਕੀਤਾ ਜਾਂਦਾ ਸੀ, 10-10 ਸਾਲ ਤੱਕ ਮੰਗਣੇ ਹੋਏ ਰਹਿੰਦੇ ਸਨ। ਕਿੰਨੇ ਚੰਗੇ ਦਿਨ ਸਨ ਉਹ। ਇਸੇ ਤਰ੍ਹਾਂ ਹੀ ਨਾਵਲ ਦਾ ਪਾਤਰ ਗੁਲਾਬ ਸਿੰਘ ਜਦੋਂ ਨੰਬਰਦਾਰ ਬਣਿਆ ਤਾਂ ਪਿੰਡ ਦੇ ਨੀਵੀਂ ਜਾਤੀ ਦੇ ਲੋਕਾਂ ਨੂੰ ਵੀ ਖੁੱਲ੍ਹ ਕੇ ਜਿਊਣ ਦਿੱਤਾ ਗਿਆ। ਨਾਵਲ ਦੇ ਪਾਤਰ ਮਨਸੀਹਾਂ, ਪਾਲਾ, ਗੁਲਾਬ ਆਪਣੇ-ਆਪਣੇ ਬਚਪਨ-ਜਵਾਨੀ ਦੀਆਂ ਯਾਦਾਂ ਨੂੰ ਯਾਦ ਕਰਦੇ ਹਨ ਤੇ ਆਪਣੇ ਆਪ ਨੂੰ ਖ਼ੁਸ਼ ਰੱਖਣ ਦਾ ਯਤਨ ਕਰਦੇ ਹੋਏ ਇਤਫ਼ਾਕ ਦੀ ਗੱਲ ਕਰਦੇ ਦਿਖਾਏ ਗਏ ਹਨ। ਸਮੁੱਚੇ ਨਾਵਲ ਵਿਚ ਹਿੰਦੂ ਤੇ ਮੁਸਲਮਾਨਾਂ ਦੀ ਪਾਕ ਮੁਹੱਬਤ ਦੀ ਗੱਲ ਕੀਤੀ ਗਈ ਹੈ ਕਿ ਗੁਲਾਬ ਸਿੰਘ ਤੇ ਦਾਦਾ ਸੁਲੇਮਾਨ ਦੋ ਭਰਾਵਾਂ ਵਾਂਗ ਰਹਿੰਦੇ ਸਨ, ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਸੀ। ਲੇਖਕ ਨੇ ਆਪਣੀ ਸਮਝ ਮੁਤਾਬਿਕ ਇਸ ਨਾਵਲ ਦੀ ਸਿਰਜਣਾ ਕੀਤੀ ਹੈ ਤੇ 1947 ਦੀ ਹਿੰਦ-ਪਾਕਿ ਵੰਡ ਦੀਆਂ ਦਿਲ ਨੂੰ ਝੰਜੋੜਨ ਵਾਲੀਆਂ ਘਟਨਾਵਾਂ ਦੀ ਪੇਸ਼ਕਾਰੀ ਕੀਤੀ ਹੈ।
ਨਾਵਲਕਾਰ ਨੇ ਸਮੁੱਚੇ ਨਾਵਲ ਵਿਚ ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਰਸਮਾਂ-ਰਿਵਾਜਾਂ ਤੇ ਘੋੜੀਆਂ ਵੀ ਗਾਈਆਂ ਗਈਆਂ ਹਨ। ਸ਼ੰਮਣੇ ਦੀ ਗੱਲ ਵੀ ਕੀਤੀ ਗਈ ਹੈ, ਹਾਸੇ ਠੱਠੇ ਨੂੰ ਵੀ ਬਹੁਤ ਦਰਸਾਇਆ ਗਿਆ ਤੇ ਇਹ ਵੀ ਕਿਹਾ ਗਿਆ ਹੈ ਕਿ ਉਸ ਵੇਲੇ ਕੋਈ ਹਾਸੇ ਠੱਠੇ ਦਾ ਗੁੱਸਾ ਗਿਲਾ ਨਹੀਂ ਸੀ ਕਰਦਾ। ਲੇਖਕ ਨੇ ਸਾਰੀਆਂ ਗੱਲਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੈ ਜਿਸ ਵਿਚ ਪਿਆਰ ਮੁਹੱਬਤ ਦੀਆਂ ਪੁਰਾਣੀਆਂ ਪੁਰਾਤਨ ਗੱਲਾਂ ਨੂੰ ਹੀ ਦਰਸਾਇਆ ਗਿਆ ਹੈ। ਇਹ ਨਾਵਲ ਪੜ੍ਹਨਯੋਗ ਹੈ। ਲੇਖਕ ਨੂੰ ਮੁਬਾਰਕਬਾਦ!

ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161

ਬੁੱਢਾ ਤੇ ਸਮੁੰਦਰ
ਲੇਖਕ : ਅਰਨੈਸਟ ਹੈਮਿੰਗਵੇ
ਅਨੁਵਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 099588-31357

ਅਰਨੈਸਟ ਹੈਮਿੰਗਵੇ ਅਮਰੀਕਾ ਦਾ ਇਕ ਪ੍ਰਸਿੱਧ ਨਾਵਲਕਾਰ ਸੀ। ਹੈਮਿੰਗਵੇ ਅਜਿਹਾ ਅਨੁਭਵੀ ਵਿਅਕਤੀ ਜੋ ਜੀਵਨ ਦੇ ਕਿਸੇ ਸੰਖੇਪ ਵੇਰਵੇ ਨੂੰ ਵੀ ਵਧੀਆ ਬਿਰਤਾਂਤਕ ਕਿਰਤ ਵਿਚ ਢਾਲਣ ਦੇ ਸਮਰੱਥ ਸੀ। 'ਬੁੱਢਾ ਤੇ ਸਮੁੰਦਰ' ਉਸ ਦਾ ਸੰਸਾਰ ਪ੍ਰਸਿੱਧ ਨਾਵਲ ਹੈ ਜਿਸ ਨੂੰ ਸੰਸਾਰ ਦਾ ਵੱਡਾ ਪੁਰਸਕਾਰ 'ਨੋਬਲ ਪੁਰਸਕਾਰ' ਪ੍ਰਾਪਤ ਹੋਇਆ। 1954 ਈ. ਵਿਚ ਇਸ ਨਾਵਲ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਵੀ ਹੈਮਿੰਗਵੇ ਨੇ ਬਹੁਤ ਸਾਰੀਆਂ ਸਾਹਿਤਕ ਅਤੇ ਗ਼ੈਰ-ਸਾਹਿਤਕ ਰਚਨਾਵਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਦਾ ਵੇਰਵਾ ਇਸੇ ਵਿਚਾਰ ਅਧੀਨ ਪੁਸਤਕ ਦੇ ਪਿਛਲੇ ਪਾਸੇ ਦਿੱਤਾ ਗਿਆ ਹੈ। ਪਰ ਅਰਨੈਸਟ ਹੈਮਿੰਗਵੇ ਨੂੰ ਉਸ ਦੀ ਇਸ ਸ਼ਾਹਕਾਰ ਕਿਰਤ ਦੇ ਨਾਲ ਪੂਰੇ ਸੰਸਾਰ ਵਿਚ ਪ੍ਰਸਿੱਧੀ ਮਿਲੀ। ਇਸ ਨਾਵਲ ਵਿਚ ਨਾਵਲਕਾਰ ਨੇ ਮਨੁੱਖੀ ਸੰਘਰਸ਼ ਦੀ ਗਾਥਾ ਨੂੰ ਬਿਆਨ ਕੀਤਾ ਹੈ ਕਿਵੇਂ ਪ੍ਰਤੀਕੂਲ ਹਾਲਾਤ ਵਿਚ ਮਨੁੱਖ ਸੰਘਰਸ਼ ਕਰਦਿਆਂ ਵਧੀਆ ਜ਼ਿੰਦਗੀ ਦੀ ਆਸ ਜਾਗਦੀ ਰੱਖ ਸਕਦਾ ਹੈ। ਇਸ ਨਾਵਲ ਵਿਚਲਾ ਪਾਤਰ ਜੋ ਮੱਛੀਆਂ ਫੜਦਾ ਹੈ ਭਾਵੇਂ ਉਸ ਦੀਆਂ ਮੱਛੀਆਂ ਵੱਡੀਆਂ ਮੱਛੀਆਂ ਖੋਹ ਕੇ ਲੈ ਜਾਂਦੀਆਂ ਹਨ ਪਰ ਸਤਿਆਂਗੋ ਨਾਂਅ ਦਾ ਇਹ ਪਾਤਰ ਸ਼ੇਰਾਂ ਦੇ ਸੁਪਨੇ ਲੈਂਦਾ ਹੈ ਅਤੇ ਨਿਰੰਤਰ ਸੰਘਰਸ਼ ਕਰਦਾ ਰਹਿੰਦਾ ਹੈ। ਇਸ ਦਾ ਭਾਵ ਇਹ ਹੈ ਕਿ ਮਨੁੱਖ ਭਾਵੇਂ ਜ਼ਿੰਦਗੀ ਵਿਚ ਹਾਰ ਦਾ ਹੀ ਸਾਹਮਣਾ ਕਿਉਂ ਨਾ ਕਰੇ ਪਰ ਸੰਘਰਸ਼ ਹਮੇਸ਼ਾ ਜਾਰੀ ਰੱਖੇ ਤਾਂ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਅਸਲ ਵਿਚ ਸਤਿਆਂਗੋ ਦਾ ਸਮੁੰਦਰ ਵਿਚ ਮੱਛੀਆਂ ਫੜਨਾ ਜ਼ਿੰਦਗੀ ਦੇ ਸੰਘਰਸ਼ ਨੂੰ ਹੀ ਪੇਸ਼ ਕਰਦਾ ਹੈ। ਇਸ ਨਾਵਲ ਦੀ ਕਹਾਣੀ ਏਨੀ ਰੌਚਕ ਹੈ ਕਿ ਪਾਠਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਇਸ ਦੀ ਗੁੰਦਵੀਂ ਬਿਰਤਾਂਤਕ ਤੋਰ ਨਾਲ ਬੱਝਾ ਰਹਿੰਦਾ ਹੈ। ਲਗਭਗ 87 ਦਿਨ ਸਤਿਆਂਗੋ ਮੱਛੀਆਂ ਫੜਨ ਜਾਂਦਾ ਹੈ ਅਤੇ ਇਕੱਲਾ ਹੀ ਸੰਘਰਸ਼ ਕਰਦਾ ਹੈ ਭਾਵੇਂ ਕਿ ਇਕ ਮੁੰਡਾ ਵੀ ਇਸ ਨਾਵਲ ਵਿਚ ਇਕ ਪਾਤਰ ਦੀ ਭੂਮਿਕਾ ਨਿਭਾਉਂਦਾ ਹੈ। ਨਾਵਲ ਵਿਚ ਦ੍ਰਿਸ਼ ਵਰਨਣ, ਪਿਛਲ ਝਾਤ ਅਤੇ ਨਾਟਕੀ ਬਿਰਤਾਂਤ ਜੁਗਤਾਂ ਦਾ ਸਫਲਤਾ ਪੂਰਵਕ ਪ੍ਰਯੋਗ ਕੀਤਾ ਗਿਆ ਹੈ। ਜਦੋਂ ਇਸ ਨਾਵਲ ਦੇ ਬਿਰਤਾਂਤਕ ਚੌਖਟੇ ਨੂੰ ਅਨੁਵਾਦ ਦੀ ਦ੍ਰਿਸ਼ਟੀ ਤੋਂ ਦੇਖਦੇ ਹਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਡਾ. ਬੱਦਨ ਕੋਲ ਅਨੁਵਾਦ ਕਰਨ ਦਾ ਬਹੁਤ ਵੱਡਾ ਅਨੁਭਵ ਹੈ, ਇਸ ਕਰਕੇ ਨਾਵਲ ਨੂੰ ਪੜ੍ਹਦਿਆਂ ਮੌਲਿਕ ਨਾਵਲ ਦਾ ਹੀ ਭਰਮ ਬਣਿਆ ਰਹਿੰਦਾ ਹੈ ਜੋ ਇਕ ਵਧੀਆ ਅਨੁਵਾਦ ਦੀ ਨਿਸ਼ਾਨੀ ਹੈ।

ਡਾ. ਸਰਦੂਲ ਸਿੰਘ ਔਜਲਾ
ਮੋ: 98141-68611.

ਇਕ ਰੂਪੋਸ਼ ਆਦਮੀ ਦੀ ਡਾਇਰੀ
ਮੂਲ ਲੇਖਕ : ਫਿਓਦਰ ਦਸਤੋਵਸਕੀ
ਪੰਜਾਬੀ ਅਨੁ: ਜਗਦੀਸ਼ ਰਾਏ ਕੁਲਰੀਆਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 95018-77033.

'ਇਕ ਰੂਪੋਸ਼ ਆਦਮੀ ਦੀ ਡਾਇਰੀ' ਰੂਸੀ ਲੇਖਕ ਦਸਤੋਵਸਕੀ ਦੇ ਪ੍ਰਸਿੱਧ ਨਾਵਲ '©otes from "nder{round' ਦਾ ਜਗਦੀਸ਼ ਰਾਏ ਕੁਲਰੀਆਂ ਵਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਹੈ। ਇਹ ਨਾਵਲ ਲੇਖਕ ਦੇ ਨਾਵਲਾਂ 'ਚੋਂ ਵੱਖਰੀ ਕਿਸਮ ਦਾ ਵੀ ਹੈ ਤੇ ਆਕਾਰ ਪੱਖੋਂ ਛੋਟਾ ਵੀ ਹੈ। ਇਹ ਨਾਵਲ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ, ਪਹਿਲਾ ਭਾਗ 'ਰੂਪੋਸ਼' ਹੈ ਜੋ ਦੂਸਰੇ ਨਾਲੋਂ ਛੋਟਾ ਹੈ। ਇਹ 1860 ਵਿਚ ਰਚਿਆ ਗਿਆ ਸੀ ਜਦੋਂ ਰੂਪੋਸ਼ ਮਨੁੱਖ ਜਾਂ ਪਾਤਰ ਕੁੱਲ ਚਾਲ੍ਹੀ ਕੁ ਵਰ੍ਹਿਆਂ ਦਾ ਹੀ ਸੀ। ਇਸ ਹਿੱਸੇ ਵਿਚ ਰੂਪੋਸ਼ ਮਨੁੱਖ ਦੀ ਜਾਣ-ਪਛਾਣ ਹੁੰਦੀ ਹੈ ਜੋ ਆਪਣੇ-ਆਪ ਨੂੰ ਸਮਾਜ ਵਿਰੋਧੀ ਦੱਸਦਾ ਹੋਇਆ ਆਪਣੇ ਸਿਧਾਂਤਾਂ ਦਾ ਜ਼ਿਕਰ ਕਰਦਾ ਹੈ। ਪਾਤਰ ਮਨਵਚਨੀ ਰਾਹੀਂ ਆਪਣੇ ਅਤੇ ਆਪਣੇ ਸਿਧਾਂਤਾਂ ਅਤੇ ਜੀਵਨ ਦੀਆਂ ਘਟਨਾਵਾਂ ਦੇ ਵੇਰਵੇ ਦਿੰਦਾ ਹੈ।
ਦਸਤੋਵਸਕੀ ਇਕ ਅਜਿਹੇ ਪਾਤਰ ਦੀ ਕਥਾ ਬਿਆਨ ਕਰਦਾ ਹੈ ਜੋ ਲੋੜੋਂ ਵੱਧ ਚੇਤਨ ਹੈ। ਇਹ ਪਾਤਰ ਏਨਾ ਸੁਚੇਤ ਹੈ ਕਿ ਉਹ ਸਾਰੇ ਨਾਵਲ ਵਿਚ ਆਪਣਾ ਨਾਂਅ-ਪਤਾ ਨਹੀਂ ਲੱਗਣ ਦਿੰਦਾ ਤਾਂ ਕਿ ਉਸ ਦੇ ਵਿਚਾਰਾਂ ਅਤੇ ਗ਼ੈਰ-ਫ਼ੈਸਲਾਕੁੰਨ ਮੰਤਵਾਂ ਦਾ ਪਤਾ ਲੱਗ ਸਕੇ। ਇਸ ਨਾਵਲ ਨੂੰ ਪੜ੍ਹਨਾ ਇਸ ਲਈ ਔਖਾ ਲਗਦਾ ਹੈ ਕਿ ਲੇਖਕ ਨੇ ਕਿੰਨੇ ਹੀ ਵਚਿੱਤਰ ਵਿਚਾਰ ਅਤੇ ਸਿਧਾਂਤ ਥੋੜ੍ਹੇ ਜਿਹੇ ਸਪੇਸ ਵਿਚ ਹੀ ਵਿਉਂਤੇ ਹਨ। ਇਸੇ ਲਈ ਇਸ ਨਾਵਲ ਵਿਚ ਸ਼ਿੱਦਤ ਜ਼ਿਆਦਾ ਮਹਿਸੂਸ ਹੁੰਦੀ ਹੈ। ਪਾਠਕ ਨੂੰ ਇਸ ਨਾਵਲ ਵਿਚ ਦਸਤੋਵਸਕੀ ਦੇ ਕਈ ਵੱਖਰੇ ਵਿਚਾਰ ਵੀ ਪੜ੍ਹਨ ਨੂੰ ਮਿਲਣਗੇ।
ਰੂਪੋਸ਼ ਆਦਮੀ ਛੋਟਾ ਜਿਹਾ ਸਿਵਲ ਸਰਵੈਂਟ ਹੈ ਜੋ 19ਵੀਂ ਸਦੀ ਵਿਚ ਸੇਂਟ ਪੀਟਰਜ਼ਬਰਗ ਵਿਚ ਸੇਵਾ-ਮੁਕਤ ਜ਼ਿੰਦਗੀ ਬਿਤਾ ਰਿਹਾ ਹੈ, ਜਿਸ ਨੂੰ ਉਹ ਬਿਲਕੁਲ ਰੂਪੋਸ਼ ਜ਼ਿੰਦਗੀ ਆਖਦਾ ਹੈ। ਜਿਸ ਦਾ ਸਮਾਜ ਨਾਲ ਕੋਈ ਸੰਬੰਧ ਨਹੀਂ ਤੇ ਉਹ ਨਿਰੋਲ ਤੇ ਨਿਪਟ ਇਕੱਲ ਹੰਢਾਅ ਰਿਹਾ ਹੈ। ਇਸ ਨੂੰ ਦਸਤੋਵਸਕੀ ਦਾ ਪਹਿਲਾ ਹੋਂਦਵਾਦੀ ਨਾਵਲ ਆਖਿਆ ਜਾ ਸਕਦਾ ਹੈ ਕਿਉਂਕਿ ਇਸ ਦਾ ਪਾਤਰ ਅਨੰਤ ਅਸਫਲਤਾਵਾਂ ਅਤੇ ਸੰਘਰਸ਼ਾਂ ਦੌਰਾਨ ਵੀ ਆਪਣੀ ਹੋਂਦ ਬਣਾਉਣ ਲਈ ਸੰਘਰਸ਼ ਕਰ ਰਿਹਾ ਹੈ। ਰੂਪੋਸ਼ ਆਦਮੀ ਦੀ ਜ਼ਿੰਦਗੀ ਦੇ ਮਨੋਵਿਗਿਆਨਕ ਪੱਖ ਦੀਆਂ ਕਈ ਪਰਤਾਂ ਵੀ ਖੋਲ੍ਹਣ ਵਿਚ ਇਹ ਨਾਵਲ ਸਫਲ ਹੋਇਆ ਹੈ। ਇਸ ਦਾ ਪਾਤਰ ਆਪਣੇ-ਆਪ ਨੂੰ ਰੂਪੋਸ਼ ਦੱਸਦਾ ਹੋਇਆ ਸੰਕੇਤ ਦਿੰਦਾ ਹੈ ਕਿ ਉਹ ਸਮਾਜ ਵਿਰੋਧੀ ਹੈ ਤੇ ਆਪਣੇ ਮਨ ਅਨੁਸਾਰ ਹੀ ਚੱਲਣ ਦਾ ਯਤਨ ਕਰਦਾ ਹੈ।
ਲੇਖਕ ਦਸਤੋਵਸਕੀ ਦੇ ਇਸ ਨਾਵਲ ਨੂੰ ਪੜ੍ਹਨ ਲਈ ਪਾਠਕ ਵਲੋਂ ਵਧੇਰੇ ਸੁਚੇਤ ਅਤੇ ਧਿਆਨ ਦੀ ਮੰਗ ਕਰਦਾ ਹੈ। ਅਜਿਹੇ ਪੇਚੀਦਾ ਨਾਵਲ ਨੂੰ ਅਨੁਵਾਦ ਕਰਨਾ ਹਾਰੀ-ਸਾਰੀ ਦੇ ਬੱਸ ਦਾ ਕਾਰਜ ਨਹੀਂ ਹੁੰਦਾ।

ਕੇ.ਐਲ. ਗਰਗ
ਮੋ: 94635-37050

ਟਿੱਬਿਆਂ ਦਾ ਫੁੱਲ
ਲੇਖਕ : ਗੀਤਕਾਰ ਗੁੱਡੂ ਸਿੱਧਵਾਂ ਵਾਲਾ
ਪ੍ਰਕਾਸ਼ਕ : ਸਾਂਝ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 190
ਸੰਪਰਕ : 98720-20072.

ਗੀਤਕਾਰ ਗੁੱਡੂ ਸਿੱਧਵਾਂ ਵਾਲੇ ਦਾ ਅਸਲ ਨਾਂਅ ਰਮੇਸ਼ਵਰ ਸ਼ਰਮਾ ਹੈ। ਪੰਜਾਬੀ ਗੀਤ-ਸੰਗੀਤ ਨਾਲ ਮੋਹ ਰੱਖਣ ਵਾਲਾ ਸ਼ਾਇਦ ਕੋਈ ਵਿਰਲਾ ਬੰਦਾ ਹੀ ਹੋਵੇਗਾ, ਜੋ ਇਸ ਗੀਤਕਾਰ ਨੂੰ ਨਾ ਜਾਣਦਾ ਹੋਵੇ। ਇਸ ਅਲਬੇਲੇ ਗੀਤਕਾਰ ਦੇ ਲਿਖੇ ਹੋਏ ਗੀਤ ਰਣਜੀਤ ਮਣੀ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸੁਰਿੰਦਰ ਛਿੰਦਾ, ਅਮਰਿੰਦਰ ਗਿੱਲ, ਸਰਦੂਲ ਸਿਕੰਦਰ, ਨਿਰਮਲ ਸਿੱਧੂ, ਕੇ.ਐਸ. ਮੱਖਣ, ਲਹਿੰਬਰ ਹੁਸੈਨਪੁਰੀ, ਸੁੱਚਾ ਰੰਗੀਲਾ, ਮਾਸਟਰ ਸਲੀਮ ਸਮੇਤ ਹੋਰ ਵੀ ਨਾਮਵਰ ਗਾਇਕਾਂ, ਗਾਇਕਾਵਾਂ ਨੇ ਗਾਏ ਅਤੇ ਰਿਕਾਰਡ ਕਰਵਾਏ ਹਨ। ਇਸ ਪੁਸਤਕ 'ਚ ਉਸ ਨੇ ਆਪਣੇ ਪਿੰਡ ਸਿੱਧਵਾਂ ਦੋਨਾ 'ਚ ਬਿਤਾਏ ਪਲ, ਮੁਢਲੀ ਪੜ੍ਹਾਈ, ਘਰ-ਪਰਿਵਾਰ ਦੇ ਹਾਲਾਤ, ਰਿਸ਼ਤੇ-ਨਾਤੇ ਅਤੇ ਜੀਵਨ ਸੰਘਰਸ਼ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਡੀ.ਪੀ. ਮਾਸਟਰ ਲੱਗ ਕੇ ਖੇਡਾਂ ਨੂੰ ਉਤਸ਼ਾਹਿਤ ਕਰਨਾ, ਆਪਣੇ ਕਿੱਤੇ ਪ੍ਰਤੀ ਸੁਹਿਰਦ ਹੋਣਾ, ਵਿਦਿਆਰਥੀਆਂ, ਸਾਥੀ ਅਧਿਆਪਕਾਂ, ਆਪਣੇ ਮਿੱਤਰਾਂ-ਸਨੇਹੀਆਂ ਅਤੇ ਆਮ ਲੋਕਾਂ 'ਚ ਆਪਣੀ ਵਧੀਆ ਸ਼ਖ਼ਸੀਅਤ ਦੀ ਪਛਾਣ ਬਣਾਉਣਾ ਲੇਖਕ ਦੇ ਹਿੱਸੇ ਆਇਆ ਹੈ।
ਵਿਦੇਸ਼ ਯਾਤਰਾ, ਪਰਿਵਾਰ ਅਤੇ ਹੋਰਨਾਂ ਵਿਅਕਤੀਆਂ ਦਾ ਸਮੇਂ-ਸਮੇਂ ਸਹਿਯੋਗ, ਸਾਹਿਤਕ ਸ਼ੌਕ ਅਤੇ ਪ੍ਰੇਰਨਾ ਸੰਬੰਧੀ ਗੁੱਡੂ ਨੇ ਨਿੱਠ ਕੇ ਲਿਖਿਆ ਹੈ। ਉਹ ਆਪਣਾ ਉਸਤਾਦ ਉਲਫ਼ਤ ਬਾਜਵਾ ਨੂੰ ਮੰਨਦਾ ਹੈ, ਸਵਰਗੀ ਬਾਪੂ ਦੇਵ ਥਰੀਕਿਆਂ ਵਾਲਾ, ਸਵ. ਗਾਇਕ ਕੁਲਦੀਪ ਮਾਣਕ ਉਸ ਲਈ ਪ੍ਰੇਰਨਾ ਸਰੋਤ ਹਨ। ਜ਼ਿੰਦਗੀ 'ਚ ਹੋਰ ਵੀ ਜੇਕਰ ਕੋਈ ਜਾਣਕਾਰ ਮਿਲਿਆ, ਹਰੇਕ ਤੋਂ ਉਸ ਨੇ ਲਾਜ਼ਮੀ ਕੁਝ ਨਾ ਕੁਝ ਸਿੱਖਣ ਦਾ ਯਤਨ ਕੀਤਾ। ਆਪਣੇ-ਆਪ ਨੂੰ ਸਥਾਪਤ ਕਰਨ ਦੀ ਗਾਥਾ ਅਤੇ ਜੀਵਨ ਸੰਘਰਸ਼ ਨੂੰ ਉਸ ਨੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ। ਉਸ ਦੀ ਸਵੈ-ਜੀਵਨੀ ਰੌਚਕ, ਉੁਤਸੁਕਤਾ ਭਰਪੂਰ, ਸਾਹਿਤਕ ਹੋਣ ਕਰਕੇ ਪੜ੍ਹਨ ਵਾਲੇ ਦਾ ਰਾਹ ਰੁਸ਼ਨਾਉਂਦੀ ਹੈ।
ਪੁਸਤਕ 'ਟਿੱਬਿਆਂ ਦਾ ਫੁੱਲ' ਸਿਰਲੇਖ ਬੜਾ ਢੁੱਕਵਾਂ ਹੈ। ਉਹ ਲਿਖਦਾ ਹੈ, 'ਟਾਹਣੀ 'ਤੇ ਬੈਠਣ ਵਾਲਾ ਪੰਛੀ ਕਦੇ ਵੀ ਟਾਹਣੀ ਹਿੱਲਣ 'ਤੇ ਘਬਰਾਉਂਦਾ ਨਹੀਂ, ਕਿਉਂਕਿ ਉਸ ਨੂੰ ਆਪਣੇ ਖੰਭਾਂ ਉੱਪਰ ਭਰੋਸਾ ਹੁੰਦਾ ਹੈ'। ਗੁੱਡੂ ਨੇ ਆਪਣੇ ਜੀਵਨ 'ਚ ਜੋ ਵੀ ਪ੍ਰਾਪਤੀਆਂ ਕੀਤੀਆਂ, ਉਸ ਵਿਚ ਉਸ ਦੀ ਘਾਲਣਾ, ਮਿਹਨਤ ਸਪੱਸ਼ਟ ਝਲਕਦੀ ਹੈ। ਪਰਮਾਤਮਾ ਉਸ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸ਼ੇ, ਇਹੋ ਕਾਮਨਾ ਹੈ।

ਮੋਹਰ ਗਿੱਲ ਸਿਰਸੜੀ
ਮੋ: 98156-59110

c c c

ਰੰਗਲਾ-ਗੁਲਦਸਤਾ
ਲੇਖਿਕਾ : ਸਰਬਜੀਤ ਕੌਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 01679-241744

ਹਥਲੀ ਪੁਸਤਕ 'ਰੰਗਲਾ-ਗੁਲਦਸਤਾ' ਲੇਖਿਕਾ ਸਰਬਜੀਤ ਕੌਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ 'ਚ ਉਸ ਦੀਆਂ 41 ਕਾਵਿ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਜਿਨ੍ਹਾਂ 'ਚ ਜ਼ਿਆਦਾਤਰ ਗੀਤ ਹਨ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ 'ਚ ਭਾਈਚਾਰਕ ਸਾਂਝ ਦਾ ਹੋਕਾ, ਪਿਆਰ-ਮੁਹੱਬਤ ਦੇ ਤਰਾਨੇ, ਬ੍ਰਿਹੋਂ ਦੀ ਕਸਕ, ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸ਼ਿਆਂ, ਦਾਜ-ਦਹੇਜ, ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਤਿਲਾਂਜਲੀ ਦੇ ਕੇ ਨਰੋਆ ਸਮਾਜ ਸਿਰਜਣ ਦੀ ਪ੍ਰੇਰਨਾ ਹੈ। ਲੇਖਿਕਾ ਅਨਪੜ੍ਹਤਾ ਨੂੰ ਇਕ ਸਰਾਪ ਦੱਸਦਿਆਂ ਅਨਪੜ੍ਹਤਾ ਖਿਲਾਫ਼ ਜੰਗ ਛੇੜਨ ਦਾ ਹੋਕਾ ਦਿੰਦੀ ਜਾਪਦੀ ਹੈ :
ਪੜ੍ਹ-ਲਿਖ ਜ਼ਿੰਦਗੀ, ਬਣਾ ਲਓ ਵੀਰ ਮੇਰਿਓ।
ਜ਼ਿੰਦਗੀ 'ਚ ਮੁੜ ਕੇ ਨਾ ਹੰਝੂ ਕਿਤੇ ਕੇਰਿਓ।
ਇਸੇ ਨੇ ਸਿਖਾਉਣਾ ਜ਼ਿੰਦਗੀ ਦਾ ਰੰਗ-ਢੰਗ ਏ।
(ਪੰਨਾ : 24)
ਇਨ੍ਹਾਂ ਕਾਵਿ ਰਚਨਾਵਾਂ 'ਚ ਖੂਨ ਦੇ ਰਿਸ਼ਤਿਆਂ 'ਚ ਪਈਆਂ ਤਰੇੜਾਂ ਦੀ ਚੀਸ, ਮਾਨਵੀ ਜੀਵਨ 'ਚ ਵਧ ਰਹੀ ਨਫ਼ਰਤ, ਈਰਖਾ-ਸਾੜੇ, ਦੂਈ-ਦਵੈਤ ਦੀ ਭਾਵਨਾ ਪ੍ਰਤੀ ਉਦਰੇਵਾਂ ਸਾਫ਼ ਝਲਕਦਾ ਹੈ। ਲੇਖਿਕਾ ਅਜੋਕੇ ਸਮਾਜ 'ਚ ਧੀਆਂ ਅਤੇ ਪੁੱਤਰਾਂ 'ਚ ਬਰਾਬਰਤਾ ਦੀ ਹਾਮੀ ਹੈ। ਉਸ ਦੇ ਗੀਤਾਂ 'ਚ ਆਲਸਪੁਣਾ ਤਿਆਗਣ ਦੀ ਨਸੀਹਤ, ਕਿਰਤੀ ਲੋਕਾਂ ਲਈ ਹੱਡ ਭੰਨਵੀਂ ਮਿਹਨਤ ਲਈ ਹੱਲਾਸ਼ੇਰੀ, ਪਰਾਇਆ ਹੱਕ ਖਾਣ ਖਿਲਾਫ਼ ਵਿਦਰੋਹ ਹੈ। ਨੌਜਵਾਨ ਪੀੜ੍ਹੀ ਨੂੰ 'ਪੱਗ' ਬੰਨ੍ਹਣ ਲਈ ਉਤਸ਼ਾਹਿਤ ਕਰਦੀ ਲੇਖਿਕਾ 'ਪੱਗ' ਦੀ ਸਿਫ਼ਤ 'ਚ ਲਿਖਦੀ ਹੈ :
ਆਨ ਅਤੇ ਸ਼ਾਨ ਹੈ, ਇਹ ਸਿੰਘਾਂ ਸਰਦਾਰਾਂ ਦੀ।
ਵੱਖਰੀ ਪਹਿਚਾਣ ਹੈ ਇਹ, ਅੱਛੇ ਕਿਰਦਾਰਾਂ ਦੀ।
(ਪੰਨਾ : 41)
ਇਸ ਕਾਵਿ ਸੰਗ੍ਰਹਿ ਦੇ ਗੀਤਾਂ 'ਚ ਸਮਾਜ ਨੂੰ ਇਕ ਸਾਰਥਕ ਸੁਨੇਹਾ ਹੈ। ਇਨ੍ਹਾਂ ਕਾਵਿ ਰਚਨਾਵਾਂ ਦੀ ਸ਼ੈਲੀ ਸਰਲ ਵੀ ਹੈ ਅਤੇ ਰਵਾਨਗੀ ਭਰਪੂਰ ਵੀ। ਲੇਖਿਕਾ ਸਰਬਜੀਤ ਕੌਰ ਦੇ ਇਸ ਪਲੇਠੇ ਕਾਵਿ ਸੰਗ੍ਰਹਿ 'ਰੰਗਲਾ-ਗੁਲਦਸਤਾ' ਦਾ ਸਵਾਗਤ ਕਰਨਾ ਬਣਦਾ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਧਰਤ ਪਰਾਈ ਆਪਣੇ ਲੋਕ
ਸੰਪਾਦਕ : ਅਮਰਜੀਤ ਕੌਰ ਪੰਨੂੰ, ਸੁਰਜੀਤ ਅਤੇ ਲਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 272.
ਸੰਪਰਕ : 01679-233244.

'ਧਰਤ ਪਰਾਈ ਆਪਣੇ ਲੋਕ' ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚ ਵਸੇ ਪੰਜਾਬੀ ਕਹਾਣੀਕਾਰਾਂ ਵਲੋਂ ਰਚੀਆਂ ਕਹਾਣੀਆਂ ਦਾ ਸੰਗ੍ਰਹਿ ਹੈ ਜੋ ਅਮਰਜੀਤ ਕੌਰ ਪੰਨੂੰ, ਸੁਰਜੀਤ ਅਤੇ ਲਾਜ ਨੀਲਮ ਸੈਣੀ ਵਲੋਂ ਸੰਪਾਦਤ ਕੀਤਾ ਗਿਆ ਹੈ। ਇਹ ਕਹਾਣੀ-ਸੰਗ੍ਰਹਿ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਸੁਯੋਗ ਯਤਨਾਂ ਕਾਰਨ ਹੋਂਦ ਵਿਚ ਆਇਆ। ਕੁੱਲ 18 ਕਹਾਣੀਆਂ ਵਿਚੋਂ 10 ਅਮਰੀਕੀ ਕਹਾਣੀਕਾਰ ਅਤੇ 8 ਕੈਨੇਡੀਅਨ ਕਹਾਣੀਕਾਰ ਹਨ। ਇਹ ਕਹਾਣੀਆਂ ਦਰਅਸਲ ਪਰਦੇਸ ਵਿਚ ਵਿਚਰ ਰਹੇ ਪੰਜਾਬੀਆਂ ਖ਼ਾਸ ਕਰਕੇ ਔਰਤਾਂ ਦੇ ਹਾਲਾਤ ਨੂੰ ਵੱਖਰੇ ਅੰਦਾਜ਼ ਅਤੇ ਮੁਹਾਂਦਰੇ ਵਿਚ ਸਿਰਜਿਆ ਬਿਰਤਾਂਤ ਹੈ। ਪਰਦੇਸਾਂ ਦੀ ਆਜ਼ਾਦ ਜ਼ਿੰਦਗੀ ਵਿਚ ਆਪਣੇ ਆਪ ਨੂੰ ਢਾਲ ਰਹੀਆਂ ਇਹ ਔਰਤਾਂ ਸੰਵੇਦਨਸ਼ੀਲ ਮਾਨਸਿਕ ਹਾਲਤ ਵਿਚੋਂ ਲੰਘ ਕੇ ਜਿਥੇ ਕੁਝ ਰਿਸ਼ਤਿਆਂ ਨੂੰ ਖ਼ਤਮ ਕਰਨ ਦਾ ਹੌਸਲਾ ਕਰਦੀਆਂ ਹਨ, ਉਥੇ ਕੁਝ ਵਰਜਿਤ ਨਵੇਂ ਰਿਸ਼ਤੇ ਵੀ ਜੋੜਦੀਆਂ ਹਨ। ਅਮਰਜੀਤ ਕੌਰ ਪੰਨੂੰ ਦੀ ਕਹਾਣੀ 'ਥੋਹਰਾਂ ਕੰਡਿਆਲੀਆਂ' ਦੇ ਪਾਤਰ ਗਲੋਰੀਆ ਤੇ ਸੁੱਖੀ ਅਜਿਹਾ ਰਿਸ਼ਤਾ ਹੀ ਨਿਭਾਉਂਦੀਆਂ ਹਨ। ਕੁਲਜੀਤ ਮਾਨ ਦੀ ਕਹਾਣੀ 'ਵਰਜਿਤ ਫਲ' ਵਿਚ ਪਾਤਰਾਂ ਦੇ ਮਨੋਵਿਗਿਆਨਕ ਪੱਖ ਦੀ ਗੱਲ ਹੋਈ ਹੈ ਤੇ ਬਲਬੀਰ ਕੌਰ ਸੰਘੇੜਾ ਦੀ ਕਹਾਣੀ 'ਆਖ਼ਿਰ ਉਹ ਜਿੱਤ ਗਿਆ' ਵਿਚ ਵੀ ਅਜਿਹਾ ਪੱਖ ਹੀ ਚਿਤਰਤ ਹੋਇਆ ਹੈ। ਚਰਨਜੀਤ ਪੰਨੂੰ ਦੀ ਕਹਾਣੀ 'ਸ਼ਗਨਾਂ ਦਾ ਲਿਫ਼ਾਫ਼ਾ' ਰਿਸ਼ਤਿਆਂ ਵਿਚ ਉੱਭਰਦੀ ਬਗ਼ਾਵਤ ਨੂੰ ਬਿਆਨ ਕਰਦੀ ਹੈ ਅਤੇ ਗੁਰਮੀਤ ਪਨਾਗ ਦੀ ਕਹਾਣੀ 'ਕਾਸ਼ਨੀ ਸੁਪਨੇ' ਰਿਸ਼ਤਿਆਂ ਬਾਰੇ ਕੁਝ ਨਵੇਂ ਫ਼ੈਸਲਿਆਂ ਲਈ ਪ੍ਰੇਰਦੀ ਹੈ। ਕਰਮ ਸਿੰਘ ਮਾਨ ਦੀ ਕਹਾਣੀ 'ਮੁਤਬੰਨਾ' ਅਤੇ ਰਾਠੇਸ਼ਵਰ ਸਿੰਘ ਸੂਰਾਪੁਰੀ ਦੀ ਕਹਾਣੀ 'ਦੇਸੀ ਕੁੜੀ' ਰਿਸ਼ਤਿਆਂ ਦੇ ਨਵੇਂ ਸਮੀਕਰਨਾਂ ਦੁਆਲੇ ਬਿਰਤਾਂਤ ਸਿਰਜਦੀਆਂ ਹਨ। ਸੁਰਜੀਤ ਦੀ ਕਹਾਣੀ 'ਤੂੰ ਭਰੀਂ ਹੁੰਗਾਰਾ' ਅਤੇ ਲਾਜ ਨੀਲਮ ਸੈਣੀ ਦੀ ਕਹਾਣੀ 'ਚੀਸ' ਦਾ ਕਥਾਨਕ ਇਨ੍ਹਾਂ ਸਭ ਕਹਾਣੀਆਂ ਤੋਂ ਅਲੱਗ ਹੈ। ਸੁਰਜੀਤ ਦੀ ਕਹਾਣੀ ਇਕ ਪ੍ਰਤੀਕਾਤਮਕ ਕਹਾਣੀ ਹੈ ਜਿਸ ਵਿਚ ਪਰਵਾਸੀ ਪੰਜਾਬੀਆਂ ਦੇ ਪ੍ਰਤੀਕ ਵਜੋਂ ਇਕ ਬੂਟੇ ਨੂੰ ਇਕ ਥਾਂ ਤੋਂ ਦੂਜੀ ਥਾਂ ਲਾ ਕੇ ਵਧਦਾ-ਫੁੱਲਦਾ ਚਿਤਰਤ ਕੀਤਾ ਗਿਆ ਹੈ ਅਤੇ 'ਚੀਸ' ਕਹਾਣੀ 84 ਵਿਚ ਘਟੀਆਂ ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਹੈ। ਇਸ ਢੰਗ ਨਾਲ਼ ਇਹ ਕਹਾਣੀਆਂ ਬਾਹਰਲੇ ਦੇਸ਼ਾਂ ਦੇ ਜੀਵਨ ਦੇ ਗੁਣਾਂ ਅਤੇ ਔਗੁਣਾਂ ਨੂੰ ਸੁੰਦਰ ਭਾਸ਼ਾ ਅਤੇ ਗਠਿਤ ਸ਼ੈਲੀ ਰਾਹੀਂ ਸਾਹਮਣੇ ਲਿਆਉਂਦੀਆਂ ਹਨ।

ਡਾ. ਸੰਦੀਪ ਰਾਣਾ
ਮੋ: 98728-87551

c c c

ਉਹ ਤੇ ਮੈਂ
ਲੇਖਕ : ਬਲਵਿੰਦਰ ਗਰੇਵਾਲ
ਪ੍ਰਕਾਸ਼ਕ : ਲਾਹੌਰ ਬੁਕਸ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 80546-10060

ਇਹ ਕਹਾਣੀ ਸੰਗ੍ਰਹਿ ਲੇਖਕ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਉਸ ਨੇ 37 ਦੇ ਕਰੀਬ ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਹਾਣੀਆਂ ਨੂੰ ਜੇਕਰ ਲੇਖਕ ਦੇ ਨਿੱਜੀ ਜੀਵਨ ਨਾਲ ਜੁੜੇ ਤਜਰਬਿਆਂ ਦੀਆਂ ਘਟਨਾਵਾਂ ਦਾ ਸੰਗ੍ਰਹਿ ਵੀ ਕਹਿ ਲਿਆ ਜਾਵੇ ਤਾਂ ਕੋਈ ਹਰਜ਼ ਨਹੀਂ। ਹਰ ਕਹਾਣੀ ਇਕ ਪੈਰਾ ਰਚਨਾ ਵਾਂਗ ਮਹਿਸੂਸ ਹੁੰਦੀ ਹੈ, ਜਿਸ ਵਿਚ ਉਹ ਆਪਣੇ ਜੀਵਨ ਦੀ ਘਟਨਾ ਨੂੰ ਬਿਆਨ ਕਰਦਾ ਹੈ। ਉਹ ਆਪਣੀਆਂ ਕਹਾਣੀਆਂ ਦੇ ਵਿਸ਼ੇ ਤਾਂ ਆਪਣੇ ਚੌਗਿਰਦੇ ਵਿਚੋਂ ਹੀ ਲੈਂਦਾ ਹੈ ਪਰ ਉਨ੍ਹਾਂ ਦੇ ਨਿਭਾਅ ਵਿਚ ਕਿਤੇ ਨਾ ਕਿਤੇ ਕਮੀ ਖਟਕਦੀ ਹੈ। ਪਹਿਲੀ ਪੁਸਤਕ ਹੋਣ ਕਾਰਨ ਸ਼ਾਇਦ ਅਜਿਹਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਸ ਦੇ ਨਾਲ ਵਿਚਰਦੇ ਮਹਿਸੂਸ ਹੁੰਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਸ਼ਬਦਾਂ ਵਿਚ ਪਾਠਕਾਂ ਦੇ ਸਾਂਹਵੇ ਪੇਸ਼ ਕਰਦਾ ਹੈ। ਕੁਝ ਕੁ ਕਹਾਣੀਆਂ ਵਿਚ ਉਸ ਦੀ ਸ਼ਬਦਾਵਲੀ ਥੋੜ੍ਹੀ ਅੱਖਰਦੀ ਹੈ ਜਿਵੇਂ ਕਿ ਕਹਾਣੀ 'ਉਹ' ਵਿਚ ਉਸ ਦਾ ਪਹਿਲਾ ਹੀ ਵਾਕ ਉਹ ਵੀ ਇਕ ਅਜੀਬ ਚੀਜ਼...ਸੀ... ਕਹਾਣੀ 'ਖੁਸ਼ੀ ਦੇ ਪਲ' ਵਿਚ ਵੀ ਅਜਿਹੇ ਹੀ ਵਾਕ ਹਨ ਜਿਹੜੇ ਕਿ ਪੜ੍ਹੇ-ਲਿਖੇ ਪਾਤਰਾਂ ਦੇ ਮੂੰਹੋਂ ਨਿਕਲਣੇ ਅਸੁਭਾਵਿਕ ਜਿਹੇ ਜਾਪਦੇ ਹਨ। ਕਹਾਣੀ 'ਸੱਪ ਦਾ ਸ਼ਿਕਾਰ' ਅਚੇਤਨ ਦੀਆਂ ਖਾਹਸ਼ਾਂ ਅਤੇ ਗੁੰਝਲਾਂ ਦੀ ਕਹਾਣੀ ਹੈ ਜਿਸ ਨੂੰ ਲੇਖਕ ਨੇ ਖੂਬਸੂਰਤੀ ਨਾਲ ਬਿਆਨਿਆ ਹੈ। ਕਹਾਣੀ 'ਬੇਕਦਰ' ਅਤੇ 'ਚੰਨਤਾਰਾ' ਇਕੋ ਜਿਹੇ ਲਹਿਜੇ ਵਾਲੀਆਂ ਕਹਾਣੀਆਂ ਹਨ ਜਿਨ੍ਹਾਂ ਵਿਚ ਪਿਆਰ ਕਰਨ ਵਾਲਿਆਂ ਦੇ ਇੰਤਜ਼ਾਰ ਅਤੇ ਬੇਕਦਰੀ ਦੋਵੇਂ ਹੀ ਅਹਿਸਾਸ ਦਿਖਾਏ ਗਏ ਹਨ, ਜਿਨ੍ਹਾਂ ਦੀ ਚੀਸ ਉਮਰ ਭਰ ਰਹਿੰਦੀ ਹੈ। ਕਹਾਣੀਕਾਰ ਦੀ ਸ਼ੈਲੀ ਭਾਵਨਾਤਮਿਕ ਹੈ ਜਿਸ ਵਿਚ ਕਲਪਨਾ ਅਤੇ ਰਮਾਂਸ ਦਾ ਅੰਸ਼ ਵਧੇਰੇ ਹੈ। ਭਾਸ਼ਾ ਸਹਿਜ ਅਤੇ ਸਰਲ ਹੈ ਪਰ ਪਾਤਰ ਉਸਾਰੀ ਅਤੇ ਬੁਣਤਰ ਵਧੇਰੇ ਮਿਹਨਤ ਅਤੇ ਧਿਆਨ ਦੀ ਮੰਗ ਕਰਦੀ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823

ਬਾਲ ਸਾਹਿਤ ਦੀਆਂ ਚਾਰ ਪੁਸਤਕਾਂ

ਬਲਵੀਰ ਸੰਧਾ ਡਡਵਿੰਡੀ ਦੀਆਂ ਚਾਰ ਬਾਲ ਪੁਸਤਕਾਂ ਲੋਕ ਗੀਤ ਪ੍ਰਕਾਸ਼ਨ ਨੇ ਇਕੱਠੀਆਂ ਛਾਪੀਆਂ ਹਨ ਜੋ ਕਿ ਸਾਰੀਆਂ ਹੀ ਸਿੱਖਿਆਦਾਇਕ ਬਾਲ ਕਹਾਣੀਆਂ ਦੀਆਂ ਹਨ। ਪਹਿਲੀ ਪੁਸਤਕ ਹੈਇਮਾਨਦਾਰੀ ਦਾ ਫਲ-ਇਸ ਵਿਚ ਅੱਠ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਦੇ ਵੱਖ-ਵੱਖ ਗੁੱਟਾਂ ਨਾਲ ਸੰਬੰਧਿਤ ਹਨ। ਪਹਿਲੀ ਕਹਾਣੀ ਹੈ 'ਰਾਜਾ ਦਾ ਨਿਆਂ'। ਇਹ ਬਹੁਤ ਹੀ ਨਿਆਂ ਪਸੰਦ ਰਾਜੇ ਦੀ ਕਹਾਣੀ ਹੈ, ਜਿਸ ਦੇ ਨਿਆਂ ਤੋਂ ਪੂਰੀ ਜਨਤਾ ਬਹੁਤ ਖ਼ੁਸ਼ ਹੈ ਜੋ ਕਿ ਰਾਜੇ ਦੇ ਗੁਣ ਗਾਉਂਦੀ ਹੈ। ਦੂਜੀ ਕਹਾਣੀ 'ਮਿਹਨਤ ਦਾ ਫਲ਼ ਮਿੱਠਾ' ਹੈ ਇਹ ਕਹਾਣੀ ਵੀ ਬਾਲਾਂ ਨੂੰ ਮਿਹਨਤ ਕਰਨ ਦੀ ਸਿੱਖਿਆ ਦਿੰਦੀ ਹੈ। ਤੀਜੀ ਕਹਾਣੀ ਹੈ 'ਇਮਨਾਦਾਰੀ ਦਾ ਫਲ਼'। ਇਹ ਕਹਾਣੀ ਬਾਲਾਂ ਨੂੰ ਇਮਾਨਦਾਰੀ ਨਾਲ ਆਪਣੇ ਕੰਮ ਕਰਨ ਦੀ ਬਹੁਤ ਹੀ ਉਸਾਰੂ ਸਿੱਖਿਆ ਦਿੰਦੀ ਹੈ। ਬਾਕੀ ਸਾਰੀਆਂ ਕਹਾਣੀਆਂ ਵੀ ਬਾਲਾਂ ਨੂੰ ਅਨੁਸ਼ਾਸਨ, ਮਿਹਨਤ, ਇਮਾਨਦਾਰੀ ਅਤੇ ਸਚਾਈ 'ਤੇ ਪਹਿਰਾ ਦੇਣ ਦੀ ਸਿੱਖਿਆ ਦਿੰਦੀਆਂ ਹਨ। ਇਸ ਪੁਸਤਕ ਦੇ ਪੰਨੇ-48 ਹਨ ਅਤੇ ਕੀਮਤ ਹੈ 125/-ਰੁਪਏ।
ਦੂਜੀ ਪੁਸਤਕ ਹੈ ਸ਼ਰਾਰਤ ਦਾ ਫਲ਼-ਇਸ ਪੁਸਤਕ ਵਿਚ ਵੀ ਅੱਠ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਨੂੰ ਪੰਛੀਆਂ ਅਤੇ ਜਾਨਵਰ ਪਾਤਰ ਲੈ ਕੇ ਬਹੁਤ ਹੀ ਰੌਚਿਕ ਢੰਗ ਨਾਲ ਬਾਲਾਂ ਨੂੰ ਸੁਭਾਵਿਕ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ। ਪਹਿਲੀ ਕਹਾਣੀ ਹੈ ਗ਼ਰੀਬ ਦਾਸ ਦੀ ਭਗਤੀ-ਇਸ ਵਿਚ ਬਾਲਾਂ ਨੂੰ ਸਿੱਖਿਆ ਦਿੱਤੀ ਗਈ ਹੈ ਕਿ ਸੱਚੇ ਦਿਲੋਂ ਕੀਤੀ ਭਗਤੀ ਜੀਵਨ ਨੂੰ ਸੁੰਦਰ ਬਣਾਉਂਦੀ ਹੈ। ਦੂਜੀ ਕਹਾਣੀ ਹੈਬੁਰੀ ਆਦਤ। ਇਸ ਕਹਾਣੀ ਰਾਹੀਂ ਵੀ ਬਾਲਾਂ ਨੂੰ ਹਮੇਸ਼ਾ ਚੰਗੀਆਂ ਆਦਤਾਂ ਪਾਉਣ ਦੀ ਸਿੱਖਿਆ ਦਿੱਤੀ ਗਈ ਹੈ। ਤੀਜੀ ਕਹਾਣੀ ਹੈ ਅਫ਼ਵਾਹ-ਇਸ ਕਹਾਣੀ ਰਾਹੀਂ ਵੀ ਬਾਲਾਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਬਚਣ ਦੀ ਸਿੱਖਿਆ ਦਿੱਤੀ ਗਈ ਹੈ। ਭਾਸ਼ਾ ਬਾਲਾਂ ਦੇ ਹਾਣ ਦੀ ਵਰਤੀ ਗਈ ਹੈ। ਸਾਰੀਆਂ ਕਹਾਣੀਆਂ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦੇ ਦੁਆਲੇ ਘੁੰਮਦੀਆਂ ਹਨ। ਇਸ ਪੁਸਤਕ ਦੇ ਪੰਨੇ 50 ਹਨ ਜਦੋਂ ਕਿ ਕੀਮਤ 125/-ਰੁਪਏ ਹੈ।
ਤੀਜੀ ਪੁਸਤਕ ਵੀ ਮਿਹਨਤ ਦਾ ਫਲ ਮਿੱਠਾ-ਬਲਵੀਰ ਸੰਧਾ ਡਡਵਿੰਡੀ ਦੀ ਇਸ ਪੁਸਤਕ ਵਿਚ ਕੁੱਲ ਬਾਰਾਂ ਬਾਲ ਕਹਾਣੀਆਂ ਹਨ ਜੋ ਕਿ ਬਾਲਾਂ ਵਿਚ ਵੱਖ-ਵੱਖ ਗੁਣ ਪੈਦਾ ਕਰਨ ਦੀ ਕੋਸ਼ਿਸ਼ ਵਜੋਂ ਹਨ। ਜਿੰਨੇ ਵੀ ਬਾਲਾਂ ਵਿਚ ਵੱਧ ਤੋਂ ਵੱਧ ਗੁਣ ਹੋਣੇ ਚਾਹੀਦੇ ਹਨ ਸਭੇ ਗੁਣ ਇਨ੍ਹਾਂ ਚਾਰ ਪੁਸਤਕਾਂ ਵਿਚ ਮੌਜੂਦ ਹਨ। ਇਹ ਕਿਤਾਬਾਂ ਪੜ੍ਹ ਕੇ ਬੱਚਾ ਜਮਾਤ ਦੀ ਗੱਲ ਛੱਡੋ ਆਪਣੀ ਜ਼ਿਦਗੀ ਵਿਚੋਂ ਵੀ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ। ਇਸ ਪੁਸਤਕ ਦੇ 55 ਪੰਨੇ ਹਨ ਅਤੇ ਕੀਮਤ 125/-ਰੁਪਏ ਹੈ।
ਚੌਥੀ ਪੁਸਤਕ ਹੈ ਕਿਸਾਨ ਦੀ ਸਮਝਦਾਰੀ। ਇਸ ਪੁਸਤਕ ਵਿਚ ਵੀ ਬਾਰਾਂ ਬਾਲ ਕਹਾਣੀਆਂ ਹਨ । ਪਹਿਲੀ ਕਹਾਣੀ ਹੈ-ਬੇਈਮਾਨ ਸੂਦਖੋਰ-ਇਸ ਵਿਚ ਬਾਲਾਂ ਨੂੰ ਬੇਈਮਾਨੀ ਅਤੇ ਸੂਦਖੋਰੀ ਤੋਂ ਬਚਣ ਦੀ ਸਿੱਖਿਆ ਦਿੰਦੀ ਹੈ। ਅਗਲੀ ਕਹਾਣੀ ਹੈ-ਪਾਗਲ ਕਹਿਣਾ ਅਪਰਾਧ ਹੈ-ਇਹ ਕਹਾਣੀ ਵੀ ਪਾਗਲ ਨੂੰ ਜਦੋਂ ਪਾਗਲ ਆਖੋਂਗੇ ਉਹ ਚਿੜ੍ਹੇਗਾ ਉਂਝ ਵੀ ਕਿਸੇ ਪਾਗਲ ਨੂੰ ਪਾਗਲ ਕਹਿਣਾ ਅਪਰਾਧ ਹੁੰਦਾ ਹੈ। ਅਗਲੀ ਕਹਾਣੀ ਹੈ-ਅਨੋਖਾ ਸੇਵਕ, ਜੋ ਕਿ ਬਾਲਾਂ ਨੂੰ ਸਮਾਜਿਕ ਸਿੱਖਿਆ ਦਿੰਦੀ ਹੈ। ਸਮਾਜ ਵਿਚ ਕਿਵੇਂ ਵਿਚਰਨਾ ਹੈ ਅਤੇ ਸਮਾਜ ਦੀ ਸੇਵਾ ਵਿਚ ਕਿਵੇਂ ਯੋਗਦਾਨ ਪਾਉਣਾ ਹੈ। ਇਸ ਪੁਸਤਕ ਦੇ ਪੰਨੇ 50 ਹਨ ਜਦੋਂ ਕਿ ਕੀਮਤ 125/ਰੁਪਏ ਹੈ। ਕੁੱਲ ਮਿਲਾ ਕੇ ਬਲਬੀਰ ਸੰਧਾ ਡਡਵਿੰਡੀ ਦੀ ਮਿਹਨਤ ਦੀ ਪ੍ਰਸੰਸਾ ਅਤੇ ਸਵਾਗਤ ਕਰਦਾ ਹਾਂ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896

c c c

ਰਤਨਾਵਲੀ
ਲੇਖਕ : ਅਵਤਾਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 94175-18384.

ਸਾਹਿਤ ਦੀ ਵਿਲੱਖਣ ਵਿਧਾ 'ਰੇਖਾ-ਚਿੱਤਰ' ਲੇਖਕ ਦੀ ਕਿਸੇ ਨਾਲ ਨਿੱਜੀ ਅਤੇ ਆਤਮਿਕ ਸਾਂਝ ਦੇ ਪ੍ਰਗਟਾਵੇ ਦਾ ਬੇਹੱਦ ਕਾਰਗਰ ਜ਼ਰੀਆ ਹੈ। ਪਿਆਰ-ਭਾਵਨਾ ਸਮੇਤ ਹੋਰ ਅਨੇਕਾਂ ਭਾਵਨਾਵਾਂ ਨੂੰ ਦੂਜਿਆਂ ਤੱਕ ਸਾਰਥਕ ਢੰਗ ਨਾਲ ਪਹੁੰਚਾਉਣ ਦਾ ਪਿਆਰਾ ਸਾਧਨ ਹੈ ਇਹ ਸਾਹਿਤ-ਸਿਨਫ਼। ਲੇਖਕ ਦੀ ਇਹ ਰਚਨਾ ਪਾਠਕ ਨੂੰ ਇਹੋ ਤਿੱਖਾ ਅਹਿਸਾਸ ਕਰਾਉਂਦੀ ਹੈ।
ਆਪਣੀ ਜ਼ਿੰਦਗੀ ਵਿਚ ਆਈਆਂ 14 ਅਸਾਧਾਰਨਤਾ ਵਾਲੀਆਂ ਸਾਧਾਰਨ ਸ਼ਖ਼ਸੀਅਤਾਂ ਨਾਲ ਲੇਖਕ ਵਲੋਂ ਬਿਤਾਏ ਪਲਾਂ ਨੂੰ, ਯਾਦਾਂ ਨੂੰ, ਘਟਨਾਵਾਂ ਨੂੰ, ਯਾਦਗਾਰੀ ਵਾਰਤਾਲਾਪ ਨੂੰ, ਉਨ੍ਹਾਂ ਦੇ ਅੰਦਾਜ਼ ਅਤੇ ਸੁਭਾਅ ਨੂੰ ਆਪਣੇ ਮਖਸੂਸ ਅੰਦਾਜ਼ ਵਿਚ ਇਸ ਪੁਸਤਕ 'ਚ ਸਾਂਭਿਆ ਗਿਆ ਹੈ।
ਲੇਖਕ ਅਵਤਾਰ ਸਿੰਘ ਦਾ ਪੰਜਾਬ ਦੇ ਖਿੱਤੇ ਦੋਆਬੇ ਦੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਨਾਲ ਪਿੱਤਰੀ ਮਾਤਰੀ ਸੰਬੰਧ ਹੈ। ਇਸ ਕਰਕੇ ਜ਼ਿਲ੍ਹੇ ਦੇ ਪਿੰਡਾਂ, ਸ਼ਹਿਰਾਂ ਅਤੇ ਸ਼ਖ਼ਸੀਅਤਾਂ ਦੇ ਵੇਰਵੇ ਵੀ ਪਾਠਕ ਦੇ ਸਮਝ ਗੋਚਰੇ ਹੁੰਦੇ ਹਨ। ਸਾਧਾਰਨ ਸਹਿਜ ਭਾਸ਼ਾ ਵਿਚ ਰਚੇ ਇਹ ਰੇਖਾ-ਚਿੱਤਰ ਇਸ ਸਾਹਿਤ ਵਿਧਾ ਦਾ ਹਾਸਲ ਹਨ ਜੋ 'ਰੇਖਾ-ਚਿੱਤਰ' ਰਚਨ ਰੀਤ ਤੋਂ ਹਟ ਕੇ ਹਨ। ਯਕੀਨਨ ਪੁਸਤਕ ਦੀ ਇਹ ਵਿਲੱਖਣਤਾ ਇਸ ਦੀ ਹਰਮਨ-ਪਿਆਰਤਾ ਵਧਾਉਣ ਵਾਲੀ ਹੈ। ਇਸ ਰਚਨਾ ਨੂੰ ਸਾਹਿਤਕ ਹਲਕਿਆਂ ਵਲੋਂ ਖੁਸ਼ਆਮਦੀਦ ਕਹਿਣਾ ਤਾਂ ਬਣਦਾ ਹੀ ਹੈ।

ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋ: 98146-81444

21-05-2022

 ਗੁਰਬਾਣੀ ਵਿਚ ਮਿਥਿਹਾਸਕ/ ਇਤਿਹਾਸਕ ਹਵਾਲੇ
(ਭਾਗ ਤੀਜਾ)
ਲੇਖਕ : ਹਰਬੰਸ ਸਿੰਘ
ਪ੍ਰਕਾਸ਼ਕ : ਐਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 215
ਸੰਪਰਕ : 94179-23046.

ਲੇਖਕ ਹਰਬੰਸ ਸਿੰਘ ਦੀ ਇਹ ਪੁਸਤਕ ਅਸਲੋਂ ਹੀ ਨਿਵੇਕਲੇ ਵਿਸ਼ੇ 'ਤੇ ਲਿਖੀ ਗਈ ਹੈ। ਮੇਰੀ ਜਾਚੇ ਹਾਲੇ ਤੱਕ ਇਸ ਸੰਬੰਧੀ ਕੰਮ ਨਹੀਂ ਹੋਇਆ। ਨਵੇਂ-ਨਕੋਰ ਵਿਸ਼ੇ 'ਤੇ ਲੇਖਕ ਦੀਆਂ ਦੋ ਪੁਸਤਕਾਂ ਭਾਗ ਦੂਜਾ ਅਤੇ ਤੀਜਾ ਦਾ ਪਠਨ ਪਾਠਨ ਮੈਂ ਕੀਤਾ ਹੈ।
ਵਿਚਾਰ ਗੋਚਰੀ ਪੁਸਤਕ ਭਾਗ ਤੀਜਾ ਹੈ। ਪੁਸਤਕ ਦੀ ਰਚਨਾ ਦਾ ਮੁੱਖ ਮਕਸਦ ਗੁਰਬਾਣੀ ਪ੍ਰੇਮੀਆਂ ਨੂੰ ਇਕ ਅਕਾਲ ਪੁਰਖ ਦੀ ਪੂਜਾ ਲਈ ਉਨ੍ਹਾਂ ਦਾ ਗੁਰਬਾਣੀ ਰਾਹੀਂ ਮਾਰਗ ਦਰਸ਼ਨ ਕਰਕੇ ਪ੍ਰੇਰਿਤ ਕਰਨਾ ਹੈ। ਪੁਰਾਤਨ ਸਮਿਆਂ ਦੌਰਾਨ ਗੁਰੂ ਘਰਾਂ ਦਾ ਪ੍ਰਬੰਧ ਅਤੇ ਸੇਵਾ ਸੰਭਾਲ ਕਰਦੇ ਮਹੰਤਾਂ ਆਦਿ ਨੇ ਅਨਮਤੀ ਵਿਆਖਿਆ ਰਾਹੀਂ ਸੰਗਤ ਨੂੰ ਆਪਣੀਆਂ ਲਿਖਤਾਂ ਜ਼ਰੀਏ ਜੋ ਦ੍ਰਿੜ੍ਹ ਕਰਾਇਆ, ਉਸ ਨਾਲ ਸੰਗਤ ਉਨ੍ਹਾਂ ਹੀ ਭਰਮ-ਭੁਲੇਖਿਆਂ ਅਤੇ ਕਰਮਕਾਂਡਾਂ ਵਿਚ ਫਸਦੀ ਜਾ ਰਹੀ ਹੈ, ਜਿਨ੍ਹਾਂ 'ਚੋਂ ਗੁਰੂ ਸਾਹਿਬਾਨ ਅਤੇ ਬਾਣੀਕਾਰਾਂ ਨੇ ਸਾਨੂੰ ਕੱਢ ਕੇ ਇਕੋ ਅਕਾਲ ਪੁਰਖ ਦੀ ਅਰਾਧਨਾ ਕਰਨ ਅਤੇ 'ਏਕੋ ਟੇਕ ਰਖਹੁ ਮਨ ਮਾਹਿ' ਦਾ ਸੁਨੇਹੜਾ ਦਿੱਤਾ ਸੀ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਦੇਵੀ-ਦੇਵਤਿਆਂ, ਧਾਰਮਿਕ ਰਹੁ-ਰੀਤਾਂ ਅਤੇ ਧਾਰਮਿਕ ਸੰਸਕਾਰਾਂ ਦਾ ਜ਼ਿਕਰ ਸਿਰਫ ਹਵਾਲਿਆਂ ਵਜੋਂ ਕੀਤਾ ਗਿਆ ਹੈ ਨਾ ਕਿ ਇਨ੍ਹਾਂ ਦੀ ਪ੍ਰਮਾਣਿਕਤਾ 'ਤੇ ਮੋਹਰ ਲਾਉਣ ਲਈ। ਗੁਰਬਾਣੀ ਹਰੇਕ ਪ੍ਰਕਾਰ ਦੇ ਧਾਰਮਿਕ ਆਡੰਬਰਾਂ, ਵਿਖਾਵਿਆਂ, ਰੂੜ੍ਹੀਵਾਦੀ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਦਾ ਪੁਰਜ਼ੋਰ ਖੰਡਨ ਕਰਦੀ ਹੋਈ 'ਸਹਿਜ ਮਾਰਗ' ਦੇ ਧਾਰਨੀ ਹੋਣ ਦਾ ਸਪੱਸ਼ਟ ਉਪਦੇਸ਼ ਦਿੰਦੀ ਹੈ।
ਇਸ ਪੁਸਤਕ ਵਿਚ ਧਰਤੀ, ਆਕਾਸ਼ ਅਤੇ ਜਲ ਵਿਚ ਵਿਚਰਨ ਵਾਲੇ ਜੀਵਾਂ, ਪ੍ਰਾਣੀਆਂ ਨੂੰ ਵਿਸ਼ਾ ਬਣਾਇਆ ਹੈ। ਕੁਝ ਵੰਨਗੀਆਂ ਪੇਸ਼ ਹਨ :
1. ਊਠ/ਬੋਤਾ/ਕਰਹਲਾ :
('ਤੁਰੇ ਉਸਟ ਮਾਇਆ ਮਹਿ ਭੇਲਾ॥' (ਅੰਗ 1160)
ਅਰਥ ਘੋੜੇ ਊਠ, ਸਭ ਮਾਇਆ ਵਿਚ ਫਸੇ ਪਏ ਹਨ। (ਪੰਨਾ 16)
2. ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ (ਅੰਗ 858)
ਅਰਥ ਸ਼ੇਰ ਦੀ ਸ਼ਰਨ ਵਿਚ ਜਾਣ ਦਾ ਕੀ ਲਾਭ,
ਜੇ ਫਿਰ ਵੀ ਗਿੱਦੜ ਖਾ ਜਾਵੇ। (ਪੰਨਾ 28)
3. ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ॥ (ਅੰਗ 276)
ਅਰਥ ਅਤੇ ਕਰੋੜਾਂ ਹੀ ਭੂਤ, ਪ੍ਰੇਤ,
ਸੂਰ ਅਤੇ ਸ਼ੇਰ ਹਨ (ਪੰਨਾ 37)
4. ਮਾਂਜਾਰ ਗਾਡਰ ਅਰੁ ਲੂਬਰਾ॥
ਬਿਰਖ ਮੂਲ ਮਾਇਆ ਮਹਿ ਪਰਾ॥ (ਅੰਗ 1160)
ਅਰਥ ਬਿੱਲੇ, ਭੇਡਾਂ ਅਤੇ ਲੂੰਬੜ, ਰੁੱਖ, ਕੰਦ ਮੂਲ
ਸਭ ਮਾਇਆ ਦੇ ਅਧੀਨ ਹਨ। (ਪੰਨਾ 213)
ਡੂੰਘੀ ਖੋਜ ਨਾਲ ਲੇਖਕ ਨੇ ਸੱਪ, ਮੋਰ, ਮੱਛਰ, ਟਿੱਡਾ, ਬਾਂਦਰ, ਭੇਡ, ਮੱਝ, ਕੀੜੀ, ਬਾਜ਼, ਕੋਇਲ, ਕੁੱਤਾ, ਹਿਰਨ, ਕਾਂ, ਕਬੂਤਰ, ਗਊ, ਹਾਥੀ ਅਤੇ ਹੋਰ ਅਨੇਕਾਂ ਬਾਰੇ ਪ੍ਰਮਾਣ ਤੇ ਵਿਆਖਿਆ ਸਹਿਤ ਭੇਦ ਖੋਲ੍ਹੇ ਹਨ। ਪੁਸਤਕ ਬੜੀ ਮੁੱਲਵਾਨ ਰਚਨਾ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710

ਸੁਖਦੇਵ ਸਿੰਘ ਢੀਂਡਸਾ
(ਸਿਆਸਤ ਦੇ ਸ਼ਾਹ ਅਸਵਾਰ)
ਲੇਖਕ : ਗੁਰਮੀਤ ਸਿੰਘ ਜੌਹਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 750 ਰੁਪਏ, ਸਫ਼ੇ : 248
ਸੰਪਰਕ : 94177-41032.

ਸ: ਗੁਰਮੀਤ ਸਿੰਘ ਜੌਹਲ ਨੇ ਅਕਾਲੀ ਦਲ (ਹੁਣ ਸੰਯੁਕਤ) ਦੇ ਸੀਨੀਅਰ ਆਗੂ ਸ: ਸੁਖਦੇਵ ਸਿੰਘ ਢੀਂਡਸਾ ਦਾ ਜੀਵਨ-ਬਿਰਤਾਂਤ ਕਾਫੀ ਮਿਹਨਤ ਅਤੇ ਨਿਸ਼ਠਾ ਨਾਲ ਤਿਆਰ ਕੀਤਾ ਹੈ। ਉਸ ਨੇ ਇਸ ਪ੍ਰਕਾਰ ਦਾ ਕੋਈ ਵੀ ਵੇਰਵਾ ਨਜ਼ਰਅੰਦਾਜ਼ ਨਹੀਂ ਕੀਤਾ, ਜੋ ਸ: ਢੀਂਡਸਾ ਦੀ ਸ਼ਖ਼ਸੀਅਤ ਨੂੰ ਉਭਾਰਨ ਦੇ ਕੰਮ ਆ ਸਕਦਾ ਹੋਵੇ। 2017 ਦੀਆਂ ਚੋਣਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਢੀਂਡਸਾ ਸਾਹਿਬ ਨੇ ਇਸ ਰਾਜਸੀ ਪਾਰਟੀ ਦੀ ਪ੍ਰਮਾਣਿਕਤਾ ਬਣਾਈ ਰੱਖਣ ਲਈ ਕੁਝ ਸੁਝਾਓ ਵੀ ਦਿੱਤੇ, ਜਿਨ੍ਹਾਂ ਨੂੰ ਪਾਰਟੀ ਦੇ ਸਿਖਰਲੇ ਆਗੂਆਂ ਨੇ ਅਣਗੌਲਿਆ ਕਰ ਦਿੱਤਾ, ਜਿਸ ਕਾਰਨ ਸ: ਢੀਂਡਸਾ ਅਤੇ ਬਾਦਲ ਸਾਹਿਬ ਦਰਮਿਆਨ ਕੁਝ ਮਤਭੇਦ ਵੀ ਪੈਦਾ ਹੋ ਗਏ। ਗੁਰਮੀਤ ਸਿੰਘ ਜੌਹਲ ਨੇ ਅਜਿਹੇ ਨਾਜ਼ੁਕ ਮਸਲਿਆਂ ਨੂੰ ਵੀ ਬੜੀ ਸੁਹਿਰਦਤਾ ਅਤੇ ਸੰਜੀਦਗੀ ਨਾਲ ਪੇਸ਼ ਕੀਤਾ ਹੈ। ਨਾ ਕਿਸੇ ਦਾ 'ਪੱਖ' ਲਿਆ ਅਤੇ ਨਾ ਹੀ 'ਪਾਤ' ਕੀਤਾ ਹੈ।
ਸ: ਢੀਂਡਸਾ ਦਾ ਜਨਮ 1936 ਈ. ਵਿਚ ਜ਼ਿਲ੍ਹਾ ਸੰਗਰੂਰ ਦੇ ਇਕ ਛੋਟੇ ਜਿਹੇ ਪਿੰਡ ਉੱਭਾਵਾਲ ਵਿਚ ਹੋਇਆ। ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ ਤੋਂ ਮੈਟ੍ਰਿਕ ਅਤੇ ਰਣਬੀਰ ਕਾਲਜ ਸੰਗਰੂਰ ਤੋਂ ਗ੍ਰੈਜੂਏਸ਼ਨ ਕੀਤੀ। ਕਾਲਜ ਯੂਨੀਅਨ ਦਾ ਨੇਤਾ ਬਣਿਆ, ਪਿੰਡ ਦੀ ਸਰਪੰਚੀ ਕੀਤੀ ਅਤੇ ਫਿਰ ਆਪਣੇ ਸਾਥੀਆਂ ਤੇ ਸ਼ੁੱਭਚਿੰਤਕਾਂ ਦੇ ਕਹਿਣ 'ਤੇ ਦੋ ਵਾਰ ਉਸ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਪਹਿਲੀ ਵਾਰ ਉਹ ਚੋਣ ਹਾਰ ਗਿਆ ਪਰ ਮਾਯੂਸ ਨਾ ਹੋਇਆ, ਦੂਜੀ ਵਾਰ 1972 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸੀ.ਪੀ.ਐਮ. ਦੇ ਸਾਂਝੇ ਗੱਠਜੋੜ ਦੇ ਉਮੀਦਵਾਰ ਨੂੰ ਹਰਾ ਕੇ ਉਹ ਚੋਣ ਜਿੱਤ ਗਿਆ। ਬਾਅਦ ਵਿਚ ਸ਼੍ਰੋਮਣੀ ਅਕਾਲੀ ਦੇ ਮੈਂਬਰ ਵਜੋਂ ਉਹ ਪੰਜਾਬ ਸਰਕਾਰ ਅਤੇ ਕੇਂਦਰ ਵਿਚ ਵਜ਼ੀਰ ਵੀ ਰਿਹਾ, ਯੂ.ਐਨ.ਓ. ਤੱਕ ਵੀ ਜਾ ਪਹੁੰਚਿਆ। ਪਦਮ ਭੂਸ਼ਣ ਵਰਗਾ ਵੱਕਾਰੀ ਸਨਮਾਨ ਹਾਸਲ ਕਰਕੇ ਸ਼ੋਭਾ ਖੱਟੀ।
ਰਾਜਨੀਤੀ ਇਕ 'ਮੈਰਾਥਨ ਦੌੜ' ਵਾਂਗ ਹੁੰਦੀ ਹੈ, ਕਾਹਲੀ ਕਰਨ ਵਾਲੇ ਥੱਕ-ਹੰਭ ਕੇ ਛੇਤੀ ਹੀ ਡਿਗ ਪੈਂਦੇ ਹਨ। ਸਬਰ-ਸੰਤੋਖ ਨਾਲ ਲੱਗਿਆ ਰਹਿਣ ਵਾਲਾ ਵਿਅਕਤੀ ਹੀ ਪ੍ਰਕਾਸ਼ ਸਿੰਘ ਬਾਦਲ ਜਾਂ ਗਿਆਨੀ ਜ਼ੈਲ ਸਿੰਘ ਬਣਦਾ ਹੈ। ਇਹ ਪੁਸਤਕ ਇਸੇ ਸੱਚ ਨੂੰ ਪ੍ਰਕਾਸ਼ਮਾਨ ਕਰਦੀ ਹੈ। ਕੋਈ ਮੰਨੇ, ਨਾ ਮੰਨੇ!

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੋਟੇ ਜਾਗੀ ਕੰਬਣੀ
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : sodhiparminder@gmail.com

ਇਹ ਕਾਵਿ-ਸੰਗ੍ਰਹਿ ਜਾਪਾਨ ਨਿਵਾਸੀ ਪੰਜਾਬੀ ਕਵੀ ਪਰਮਿੰਦਰ ਸੋਢੀ ਦੀ ਸੋਲ੍ਹਵੀਂ ਕਿਰਤ ਹੈ। ਇਸ ਸੰਗ੍ਰਹਿ ਦੀਆਂ 61 ਕਵਿਤਾਵਾਂ ਦਾ ਦੀਰਘ ਅਧਿਐਨ ਕਰਦਿਆਂ ਅਨੇਕਾਂ ਕਾਵਿ-ਵਿਲੱਖਣਤਾਵਾਂ ਉਜਾਗਰ ਹੁੰਦੀਆਂ ਹਨ। ਇਸ ਵਿਚ ਸੰਵੇਦਨਸ਼ੀਲ ਮਾਨਸਿਕ ਤਰੰਗਾਂ (ਫੈਂਟੇਸੀ) ਅਤੇ ਕਲਪਨਸ਼ੀਲਤਾ (ਇਮੈਜੀਨੇਸ਼ਨ) ਦਾ ਸੁਮੇਲ ਅਨੋਖੇ ਰੰਗ 'ਚ ਉਪਲਬਧ ਹੈ। ਕੋਮਲਤਾ ਵੀ ਹੈ, ਸੂਖਮਤਾ ਵੀ ਹੈ। ਇਹ ਸਮੁੱਚਾ ਕਾਵਿ-ਸੰਗ੍ਰਹਿ 'ਡੇ-ਡਰੀਮਿੰਗ' ਵਜੋਂ ਵਿਚਾਰੇ ਜਾਣ ਦੇ ਯੋਗ ਹੈ। ਕਵੀ ਨੇ ਅਨੇਕਾਂ ਕਵਿਤਾਵਾਂ 'ਬਾਰੀ' ਵਿਚੋਂ ਕੁਦਰਤ ਨੂੰ ਨਿਹਾਰ ਕੇ ਸਿਰਜੀਆਂ ਹਨ। ਇਸ ਲਈ 'ਬਾਰੀ' ਇਸ ਦਾ ਕਾਵਿ-ਕੋਡ ਮੰਨਿਆ ਜਾ ਸਕਦਾ ਹੈ। ਕਾਵਿ-ਨਾਇਕ ਕਦੇ ਨੀਂਦ ਦੀਆਂ 'ਪੌੜੀਆਂ' ਚੜ੍ਹਦੈ, ਕਦੇ ਸ਼ਾਮ ਦੀਆਂ, ਕਦੇ ਦਿਲ ਦੀ 'ਪੌੜੀ' ਚੜ੍ਹਦੈ, ਕਦੇ ਕਾਵਿ-ਨਾਇਕ ਦੇ ਸ਼ਬਦ ਪੌੜੀਆਂ ਚੜ੍ਹਦੇ ਨੇ, ਕਦੇ ਉਸ ਦੀਆਂ ਪੌੜੀਆਂ ਲਟਕਦੀਆਂ ਨੇ। 'ਬਾਰੀ' ਵਾਂਗ ਹੀ 'ਪੌੜੀ' ਮੈਟਾਫ਼ਰ ਦਾ ਪ੍ਰਯੋਗ ਹੈ। ਕਿਤਾਬ ਦਾ ਸਿਰਲੇਖ 'ਪੋਟੇ ਜਾਗੀ ਕੰਬਣੀ' ਕੁਆਂਟਮ ਜੰਪ ਦਾ ਹੀ ਰੂਪਾਂਤਰਣ ਪ੍ਰਤੀਤ ਹੁੰਦਾ ਹੈ। 'ਬੇਵਜ੍ਹਾ' ਅਤੇ 'ਅਚਾਨਕ' ਸ਼ਬਦਾਂ ਦੀ ਵਾਕਾਂ ਵਿਚ ਫਰੀਕੁਐਂਸੀ ਹੈ। ਅਕਸਰ ਉੱਤਮ-ਪੁਰਖ (ਮੈਂ) ਹੀ 'ਮੱਧਮ ਪੁਰਖ (ਤੂੰ) ਨੂੰ ਸੰਬੋਧਨ ਕਰਦਾ ਹੈ। 'ਤੂੰ' ਕੇਵਲ ਸਰੋਤਾ ਹੈ। ਭਾਵ ਸੰਵਾਦ ਇਕਤਰਫ਼ਾ ਹੈ। ਕਈ ਕਵਿਤਾਵਾਂ ਵਿਚ ਮਾਨਸਿਕ ਤਰੰਗ ਜਾਂ ਕਲਪਨਾ ਜਿਥੋਂ ਸ਼ੁਰੂ ਹੁੰਦੀ ਹੈ, ਉਥੇ ਹੀ ਆਣ ਕੇ ਸਮਾਪਤ ਹੁੰਦੀ ਹੈ। ਸਨੈਪ-ਸ਼ਾਟਸ ਹਨ। ਨਿੱਕੇ-ਨਿੱਕੇ ਮੋਟਿਫ਼ਾਂ ਦਾ ਕਾਵਿਕ-ਬਿਰਤਾਂਤ ਹੈ। 'ਚਾਹ' ਦਾ ਕੱਪ ਉਸ ਦਾ 'ਹੋਂਦਵਾਦੀ' ਮਿੱਤਰ ਹੈ। ਉਸ ਦਾ ਅਸਤਿਤਵਵਾਦੀ ਵਿਚਾਰ ਹੈ 'ਮੇਰਾ ਹੋਣਾ ਹੀ/ਸ਼ੋਰ ਹੈ/ਢੋਲ ਦਾ ਵੱਜਣਾ (ਪੰ. 41), 'ਜੀਵਨ ਹੀ ਮੈਂ ਹਾਂ/ਤੇ ਮੈਂ ਹੀ ਜੀਵਨ ਹਾਂ/ਜੀਵਨ ਮੈਨੂੰ ਜੀ ਰਿਹਾ ਹੈ/ਮੈਂ ਜੀਵਨ ਨੂੰ ਜੀ ਰਿਹਾ ਹਾਂ। (ਪੰ. 50) ਇਹ ਸੋਚ 'ਦੇਕਾਰਤ' ਵਰਗੀ ਹੀ ਹੈ 'ਆਇ ਥਿੰਕ ਦੇਅਰਫੋਰ ਆਇ ਐਮ' ਇਕ ਹੋਰ ਹੋਂਦਵਾਦੀ ਵਿਚਾਰ 'ਖਾਲੀ ਕਮਰਾ ਵੇਖ/ਬੜਾ ਕੁਝ ਸਹਿਜ/ਅੰਦਰ ਆ ਜਾਂਦਾ ਹੈ, ਕਾਵਿ ਸ਼ੂਨਯ ਵਿਚ (ਨਥਿੰਗਨੈੱਸ ਵਿਚ ਬੀਇੰਗ) ਹੋਂਦ ਦਾ ਪ੍ਰਵੇਸ਼ ਸੁਭਾਵਿਕ ਹੈ। ਕਾਵਿ ਵਿਚ ਅਨੇਕਾਂ ਤਣਾਅ ਉਪਲਬਧ ਹਨ ਮਸਲਨ: ਵੇਖਣ/ਛੂਹਣ, ਪਰਿੰਦਾ/ਬਿਰਖ, ਬੇਵਜ੍ਹਾ/ਵਜ੍ਹਾ, ਆਦਿ।
ਪੰਜਾਬੀਅਤ ਦਾ ਰੰਗ ਵੀ ਮਿਲਦਾ ਹੈ :
ਸਰ੍ਹੋਂ ਦੇ ਖੇਤਾਂ ਵਿਚ/ਤੇਰਾ ਹਰਾ ਪੀਲਾ/ਦੁਪੱਟਾ ਲਹਿਰਾਵੇ ਪੰ. 48
ਪਸ਼ੂਆਂ ਦਾ ਵੱਗ/ਪਿੰਡ ਵੱਲ ਪਰਤ ਰਿਹਾ...
ਔਰਤਾਂ ਚੁੱਲ੍ਹਿਆਂ ਮੂਹਰੇ... ਪੰ. 45
ਇਵੇਂ ਹੀ : ਮੈਂ ਰੋਟੀ ਖਾਣ ਬੈਠਦਾ
ਤੂੰ ਬਾਹਰੋਂ ਅੰਦਰ ਝਾਕਦੀ
ਤੇ ਆਖਦੀ
ਪ੍ਰਦੇਸ ਵਿਚ ਸਾਗ ਲੱਗੀ? ਪੰ. 19
ਕਾਵਿ-ਮਹਿਬੂਬ ਦੇ ਵੱਖ-ਵੱਖ ਰੰਗ : ਕਦੇ ਝੀਲ, ਕਦੇ ਜਗਦਾ ਦੀਵਾ, ਕਦੇ ਧੁੱਪ ਦੀ ਕਾਤਰ। ਕਵੀ ਜਾਪਾਨ ਵਿਚ ਬੁੱਧ ਦੇ ਸੂਤਰ, ਨਿਰਵਾਣ ਵੱਲ ਵੀ ਸੰਕੇਤ ਕਰਦਾ ਹੈ। ਗੱਲ ਕੀ ਇਹ ਸਮਝਣਯੋਗ ਬੌਧਿਕ ਕਾਵਿ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c
ਫ਼ਿਕਰ, ਜ਼ਿਕਰ ਦੇ ਫ਼ਿਕਰੇ
ਸ਼ਾਇਰ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਨਿਊ ਬੁੱਕ ਕੰਪਨੀ, ਜਲੰਧਰ
ਮੁੱਲ-175 ਰੁਪਏ, ਸਫ਼ੇ : 144
ਸੰਪਰਕ : 98728-64932

ਰਘਬੀਰ ਸਿੰਘ ਸੋਹਲ ਪੁਰਾਣਾ ਤੇ ਹੰਢਿਆ ਵਰਤਿਆ ਕਲਮਕਾਰ ਹੈ, ਜਿਸ ਦੀਆਂ ਇਸ ਪੁਸਤਕ ਤੋਂ ਪਹਿਲਾਂ ਸੱਤ ਪੁਸਤਕਾਂ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਹਾਸ ਵਿਅੰਗ, ਗ਼ਜ਼ਲਾਂ, ਕਾਵਿ ਸੰਗ੍ਰਹਿ, ਲਘੂ ਕਵਿਤਾਵਾਂ ਆਦਿ ਸ਼ਾਮਿਲ ਹਨ। ਸੋਹਲ ਦੀਆਂ ਦੋ ਕਿਤਾਬਾਂ ਹਿੰਦੀ ਤੇ ਇਕ ਅੰਗ੍ਰੇਜ਼ੀ ਵਿਚ ਵੀ ਛਪੀ ਹੈ। ਇੰਝ ਉਸ ਦੇ ਅਨੁਭਵ ਦੀ ਕੈਨਵਸ ਕਾਫ਼ੀ ਵੱਡੀ ਹੈ ਤੇ ਉਸ ਨੇ ਉਸ 'ਤੇ ਆਪਣੀ ਜ਼ਿੰਦਗੀ ਦਾ ਬਹੁਤਾ ਕੁਝ ਚਿਤਰ ਰੱਖਿਆ ਹੈ ਤੇ ਬੜਾ ਕੁਝ ਅਜੇ ਹੋਰ ਚਿਤਰਿਆ ਜਾਏਗਾ। ਸਾਹਿਤਕਾਰ ਸਮਾਜ ਦਾ ਦਿੱਤਾ ਸਮਾਜ ਨੂੰ ਮੋੜਦਾ ਹੈ ਤੇ ਵਕਤ ਵਕਤ ਦੀ ਪਰਖ ਹੁਨਰ ਵਿਚ ਉਤਾਰਦਾ ਹੈ। ਇਹ ਹੁਨਰ ਹਾਸ ਵਿਅੰਗ ਵਿਚ ਵਧੇਰੇ ਕਾਰਗਰ ਹੈ। 'ਫ਼ਿਕਰ, ਜ਼ਿਕਰ ਤੇ ਫ਼ਿਕਰੇ' ਹਾਸ ਵਿਅੰਗ ਆਧਾਰਿਤ ਰੁਬਾਈ ਸੰਗ੍ਰਹਿ ਹੈ ਜਿਸ ਦੇ ਹਰ ਪੰਨੇ 'ਤੇ ਦੋ ਦੋ ਰੁਬਾਈਆਂ ਛਾਪੀਆਂ ਗਈਆਂ ਹਨ। ਹਾਸ ਵਿਅੰਗ ਨੂੰ ਭਾਵੇਂ ਕੁਝ ਲੋਕ ਅਦਬ ਦਾ ਹਿੱਸਾ ਮੰਨਣੋਂ ਮੁਨਕਰ ਰਹੇ ਹਨ ਪਰ ਇਹ ਸਾਹਿਤ ਦਾ ਮਹੱਤਵਪੂਰਨ ਅੰਗ ਹੈ। ਅਜੋਕੇ ਦੌਰ ਵਿਚ ਹਾਸ ਵਿਅੰਗ ਲਿਖਣ ਵਾਲਿਆਂ ਦੀ ਗਿਣਤੀ ਵੀ ਨਾਮਾਤਰ ਹੈ ਪਰ ਰਘਬੀਰ ਸਿੰਘ ਸੋਹਲ ਜਿਹੇ ਅਦੀਬ ਇਸ ਨੂੰ ਪੂਰੀ ਵਾਹ ਨਾਲ ਜ਼ਿੰਦਾ ਰੱਖ ਰਹੇ ਹਨ। 'ਫ਼ਿਕਰ, ਜ਼ਿਕਰ ਤੇ ਫ਼ਿਕਰੇ' ਕਿਤਾਬ ਦੀਆਂ ਬਹੁਤੀਆਂ ਰੁਬਾਈਆਂ ਭਾਵੇਂ ਰੁਬਾਈ ਦੇ ਮਾਪਦੰਡਾਂ 'ਤੇ ਪੂਰਾ ਨਾ ਵੀ ਉਤਰਦੀਆਂ ਹੋਣ ਪਰ ਇਨ੍ਹਾਂ ਦੀ ਮਨਸ਼ਾ 'ਤੇ ਸ਼ੰਕਾ ਨਹੀਂ ਹੈ। ਸੋਹਲ ਨੇ ਜਿਸ ਤਰ੍ਹਾਂ ਸਮਾਜ ਵਿਚ ਕੁਚਲੇ ਜਾ ਰਹੇ ਸੱਚ ਨੂੰ ਪੇਸ਼ ਕਰਕੇ ਵਿਅੰਗ ਦੀ ਪੁੱਠ ਚਾੜ੍ਹੀ ਹੈ, ਉਹ ਤਾਰੀਫ਼ ਯੋਗ ਹੈ। ਜਿਵੇਂ ਆਮ ਸਟੇਜੀ ਕਵਿਤਾ ਲਈ ਵਿਅੰਗ ਦਾ ਕੋਈ ਤੋੜ ਨਹੀਂ ਹੈ ਇਵੇਂ ਹੀ ਗ਼ਜ਼ਲ ਵਰਗੀ ਗੰਭੀਰ ਸਿਨਫ਼ ਵਿਚ ਵੀ ਇਸ ਦੀ ਜ਼ਰੂਰਤ ਹਮੇਸ਼ਾ ਮਹਿਸੂਸੀ ਜਾਂਦੀ ਰਹੀ ਹੈ। ਹੁਣ ਰੁਬਾਈ ਵਿਚ ਇਸ ਦਾ ਪ੍ਰਯੋਗ ਕਰਕੇ ਰਘਬੀਰ ਸਿੰਘ ਸੋਹਲ ਨੇ ਨਵੀਂ ਪਿਰਤ ਤਾਂ ਭਾਵੇਂ ਨਹੀਂ ਪਾਈ ਪਰ ਪਰੰਪਰਾ ਨੂੰ ਜ਼ਿੰਦਾ ਰੱਖਿਆ ਹੈ। ਅਜੋਕੇ ਦੌਰ ਵਿਚ ਮਨੁੱਖ ਤੋਂ ਮਨੁੱਖ ਦਾ ਪਾੜਾ ਵਧ ਰਿਹਾ ਹੈ ਤੇ ਸਿਆਸਤ ਇਸ ਦੀ ਮੁੱਖ ਕਸੂਰਵਾਰ ਹੈ। ਕਰਾਰੀ ਚੋਟ ਕਰਨ ਲਈ ਹਾਸ ਵਿਅੰਗ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ ਤੇ ਸੋਹਲ ਨੇ ਇਸ ਦਾ ਸੁਚੇਤ ਹੋ ਕੇ ਉਪਯੋਗ ਕੀਤਾ ਹੈ।

ਗੁਰਦਿਆਲ ਰੌਸ਼ਨ
ਮੋ: 99884-44002

ਕਿਸਾਨੀ ਸੰਕਟ
ਬਲਬੀਰ ਪਰਵਾਨਾ ਦੇ ਨਾਵਲਾਂ ਦੇ ਪ੍ਰਸੰਗ 'ਚ
ਲੇਖਿਕਾ : ਰਮਨਦੀਪ ਕੌਰ (ਡਾ.)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 162
ਸੰਪਰਕ : 97793-84383.

ਹਥਲੀ ਪੁਸਤਕ ਬਹੁ-ਵਿਧਾਵੀ ਸਾਹਿਤਕ ਕਿਰਤਾਂ ਦੇ ਸਿਰਜਕ ਬਲਬੀਰ ਪਰਵਾਨਾ ਦੇ ਛੇ ਨਾਵਲਾਂ ਦਾ ਚਿੰਤਨ ਪ੍ਰਗਟ ਕਰਦੀ ਹੈ। ਗੰਭੀਰ ਖੋਜਕਾਰਾ ਰਮਨਦੀਪ ਕੌਰ ਨੇ ਗਹਿਰ ਚੜ੍ਹੀ ਅਸਮਾਨ, ਨਿੱਕੇ ਨਿੱਕੇ ਯੁੱਧ, ਆਪਣੇ ਆਪਣੇ ਮੋਰਚੇ, ਖੇਤਾਂ ਦਾ ਰੁਦਨ, ਅੰਬਰ ਵੱਲ ਉਡਾਨ ਅਤੇ ਕਥਾ ਇਸ ਯੁੱਗ ਦੀ, ਨਾਵਲਾਂ ਨੂੰ ਆਧਾਰ ਬਣਾ ਕੇ ਵੀਹਵੀਂ ਅਤੇ ਇੱਕਵੀਂ ਸਦੀ ਵਿਚ ਕਿਸਾਨੀ ਜਨਜੀਵਨ ਨੇ ਜੋ ਸੰਕਟ ਝੱਲੇ ਹਨ ਅਤੇ ਇਨ੍ਹਾਂ ਸੰਕਟਾਂ ਵਿਚੋਂ ਜੋ ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਸੀ ਅਤੇ ਨੈਤਿਕ ਹਿਲਜੁਲ ਹੋਈ ਹੈ, ਦਾ ਖੂਬ ਵਰਨਣ ਕੀਤਾ ਹੈ। ਭਾਵੇਂ ਕਿ ਬਲਬੀਰ ਪਰਵਾਨਾ ਪੰਜਾਬ ਦੇ ਕੰਢੀ ਖੇਤਰ ਦੇ ਕਿਸਾਨਾਂ, ਕਿਰਤੀਆਂ ਜੋ ਕਿ ਨਿਮਨ ਵਰਗ ਨਾਲ ਸੰਬੰਧਿਤ ਹਨ, ਨੂੰ ਆਧਾਰ ਬਣਾ ਕੇ ਗਲਪ ਜਗਤ ਵਿਚ ਸਥਾਪਤ ਹੋਇਆ ਜਾਪਦਾ ਹੈ ਪ੍ਰੰਤੂ ਇਹ ਸੰਕਟ ਸਮੁੱਚੇ ਪੰਜਾਬ ਦੇ ਕਿਸਾਨੀ ਦੇ ਸੰਕਟ ਨੂੰ ਪੇਸ਼ ਕਰਦਾ ਪ੍ਰਤੀਤ ਹੁੰਦਾ ਹੈ। ਲੇਖਿਕਾ ਨੇ ਆਪਣੇ ਇਸ ਖੋਜ ਕਾਰਜ ਨੂੰ ਪੇਸ਼ ਕਰਨ ਲਈ ਪੁਸਤਕ ਦੇ ਪੰਜ ਅਧਿਆਇ ਬਣਾਏ ਹਨ। ਪਹਿਲੇ ਅਧਿਆਇ ਵਿਚ ਬਲਬੀਰ ਪਰਵਾਨਾ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਰਚਨਾਵਾਂ ਦਾ ਬਿਓਰਾ ਦਿੱਤਾ ਹੈ। ਇਸ ਉਪਰੰਤ ਪੰਜਾਬ ਦੀ ਕਿਸਾਨੀ ਦੇ ਸੰਕਟ ਤੋਂ ਪਹਿਲਾਂ ਹਰੀ ਕ੍ਰਾਂਤੀ ਕਾਲ ਅਤੇ ਹਰੀ ਕ੍ਰਾਂਤੀ ਕਾਲ ਵਿਚ ਜੋ ਤਬਦੀਲੀਆਂ ਹੋਈਆਂ ਉਨ੍ਹਾਂ ਦੇ ਰੂਪਾਂਤਰਣ ਨੂੰ ਪਛਾਣ ਕੇ ਉਦਾਹਰਨਾਂ ਸਹਿਤ ਪ੍ਰਗਟਾਇਆ ਹੈ। ਇਸ ਉਪਰੰਤ ਸਮੇਂ-ਸਮੇਂ ਜੋ ਆਰਥਿਕ ਨੀਤੀਆਂ ਬਣਦੀਆਂ ਰਹੀਆਂ ਅਤੇ ਉਨ੍ਹਾਂ ਦਾ ਜੋ ਕਿਸਾਨੀ ਜੀਵਨ ਸ਼ੈਲੀ 'ਤੇ ਪ੍ਰਭਾਵ ਪਿਆ, ਦਾ ਉਲੇਖ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੇਖਿਕਾ ਨੇ ਪਰਵਾਨਾ ਦੇ ਤਿੰਨ ਨਾਵਲਾਂ ਖੇਤਾਂ ਦਾ ਰੁਦਨ, ਅੰਬਰ ਵੱਲ ਉਡਾਨ ਅਤੇ ਕਥਾ ਇਸ ਯੁੱਗ ਦੀ, ਦੇ ਆਧਾਰ 'ਤੇ ਪੂੰਜੀਵਾਦੀ ਕਾਰਪੋਰੇਟ ਮਾਡਲਾਂ ਅਤੇ ਜੋ ਜਨਜੀਵਨ ਵਿਚ ਗਿਰਾਵਟ ਆਈ ਹੈ, ਦਾ ਉਲੇਖ ਕੀਤਾ ਹੈ।
ਲੇਖਿਕਾ ਨੇ ਇਨ੍ਹਾਂ ਛੇ ਨਾਵਲਾਂ ਦੇ ਅਧਿਐਨ ਉਪਰੰਤ ਬਲਬੀਰ ਪਰਵਾਨਾ ਦੁਆਰਾ ਪ੍ਰਗਟਾਏ ਵਿਚਾਰਾਂ ਨੂੰ ਪਛਾਣਦਿਆਂ ਹੋਇਆਂ ਕਿਸਾਨਾਂ ਦੀ ਜ਼ਮੀਨਾਂ ਵੇਚਣ ਦੀ ਪ੍ਰਵਿਰਤੀ, ਆਰਥਿਕ ਕਮਜ਼ੋਰੀ ਕਰਕੇ ਲਏ ਕਰਜ਼ਿਆਂ ਦੇ ਦੁਖਾਂਤ, ਕਿਸਾਨਾਂ ਦੁਆਰਾ ਖ਼ੁਦਕਸ਼ੀਆਂ ਕੀਤੇ ਜਾਣ ਅਤੇ ਸੰਕਟ-ਦਰ-ਸੰਕਟ ਝੱਲਣ ਦੀ ਨਿਸ਼ਾਨਦੇਹੀ ਵੀ ਕੀਤੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਇਸ਼ਕ ਮੇਰਾ ਸੁਲਤਾਨ
ਲੇਖਕ : ਸ਼ਮੀ ਜਲੰਧਰੀ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 99140-42845.

'ਇਸ਼ਕ ਮੇਰਾ ਸੁਲਤਾਨ' ਕਾਵਿ-ਸੰਗ੍ਰਹਿ ਸ਼ਮੀ ਜਲੰਧਰੀ ਦਾ ਸੂਫ਼ੀਆਨਾ ਕਲਾਮ ਦਾ ਲੜੀਬੱਧ ਮਜ਼ਮੂਆ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਇਸ਼ਕ ਮੇਰਾ ਸੁਲਤਾਨ' ਤੋਂ ਲੈ ਕੇ 'ਮੇਰੇ ਮਗਰੋਂ' ਤੱਕ 53 ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ' A drop ਤੋਂ ਲੈ ਕੇ Unity The Day of... 10 ਕਵਿਤਾਵਾਂ ਨੂੰ ਉਸ ਦੀ ਸਪੁੱਤਰੀ (ਬੇਟੀ) ਰੀਆ ਨੇ ਅੰਗਰੇਜ਼ੀ ਵਿਚ ਅਨੁਵਾਦਿਤ ਕੀਤਾ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਕਾਇਨਾਤ ਦੇ ਹਰ ਜ਼ੱਰੇ-ਜ਼ੱਰੇ ਨੂੰ ਸਮਰਪਿਤ ਕਰਦਿਆਂ ਕਾਦਰ ਅਤੇ ਕੁਦਰਤ ਦੇ ਪਰਸਪਰ ਸੰਬੰਧਾਂ ਦੀਆਂ ਬਾਤਾਂ ਸ਼ਾਇਰਾਨਾ ਅੰਦਾਜ਼ ਵਿਚ ਵਿਅਕਤ ਕੀਤੀਆਂ ਹਨ। ਕੁਦਰਤ ਦੀ ਸਿਰਜਣਾ ਕਰਦਿਆਂ ਕਾਦਰ ਨੇ ਜਿਥੇ ਧਰਤੀ, ਆਕਾਸ਼, ਪਾਤਾਲ, ਪਹਾੜਾਂ, ਝਰਨਿਆਂ, ਨਦੀਆਂ, ਸਾਗਰਾਂ, ਪੌਣਾਂ, ਸੂਰਜਾਂ, ਤਾਰਿਆਂ, ਪੌਣਾਂ, ਖੁਸ਼ਬੂਆਂ ਦੀ ਮਹਿਕ' ਦੀ ਸਿਰਜਣਾ ਕੀਤੀ, ਉਥੇ ਇਨ੍ਹਾਂ ਬਰਕਤਾਂ ਨੂੰ ਮਾਣਨ ਲਈ ਆਦਮ ਅਤੇ ਹਵਾ ਦੀ ਸਿਰਜਣਾ ਕਰਦਿਆਂ : ਮੁਹੱਬਤ/ਨਫ਼ਰਤ, ਵਸਲ/ਵਿਛੋੜਾ, ਦੁੱਖ/ਸੁੱਖ, ਰੱਜ/ਭੁੱਖ, ਲਾਚਾਰੀ/ਬੇਪਰਵਾਹੀ ਜੁਟਾਂ 'ਚ ਵੰਡਦਿਆਂ ਪੂਰੀ ਕਾਇਨਾਤ ਅਤੇ ਖ਼ਲਕਤ ਨੂੰ ਆਹਰੇ ਲਾਈ ਰੱਖਣ ਦੀ ਯੁਕਤ ਰਾਹੀਂ ਇਸ ਸਾਰੇ ਪਸਾਰੇ ਦੀ ਨਾਸ਼ਮਾਨਤਾ ਅਤੇ ਪੁਨਰਸੁਰਜੀਤੀ ਦੇ ਰਾਹੀਂ ਵੀ ਤੋਰ ਦਿੱਤਾ। ਅਜਿਹੇ ਅਹਿਸਾਸ ਕਾਵਿ-ਪਾਠਕ ਇਸ ਸੰਗ੍ਰਹਿ ਵਿਚਲੀਆਂ 'ਮੁਹੱਬਤ ਦੀਆਂ ਕਲਮਾਂ', 'ਹਸ਼ਰ ਤੀਕ', 'ਇਸ਼ਕ ਜੁਲਾਹਾ', 'ਨੂਰ-ਏ-ਅਜ਼ਲ', 'ਇਲਮ ਦਾ ਦੀਵਾ', 'ਬੁਝਾਰਤ', 'ਰੂਹਾਂ ਦੀ ਮਿਜ਼ਰਾਬ', 'ਜ਼ੱਰਾ-ਜ਼ੱਰਾ ਰੰਗਿਆ', 'ਲਫ਼ਜ਼ਾਂ ਦਾ ਸਿਕੰਦਰ', 'ਨੈਣਾਂ ਦੇ ਜੰਗਲ', 'ਤੇਰਾ ਫ਼ਜ਼ਲ', 'ਅਕੀਦਾ', 'ਮਿੱਟੀ', 'ਦਿਲ ਦਾ ਵਿਹੜਾ', 'ਇਸ਼ਕ ਮੁਬਾਰਕ', 'ਮਿੱਟੀ ਦਾ ਘਰ' ਅਤੇ 'ਇਸ਼ਕੇ ਦੇ ਵਿਚ ਲਾਜ਼ਮੀ' ਕਵਿਤਾਵਾਂ 'ਚ ਮਹਿਸੂਸ ਕਰ ਸਕਦਾ ਹੈ। 'ਮੇਰੇ ਮਗਰੋਂ' ਕਵਿਤਾ ਉਸ ਦਾ ਇਕ ਵਸੀਅਤਨਾਮਾ ਹੀ, ਜਿਸ ਵਿਚ ਉਸ ਦੀ ਇੱਛਾ ਹੈ ਕਿ ਸ਼ਬਦਾਂ ਦੀ ਲੋਈ ਹੀ ਉਸ ਦੇ ਆਖ਼ਰੀ ਸਫ਼ਰ ਦੀ ਸਾਥਣ ਬਣੇ।
ਚੌਥੇ ਕੋਨੇ ਤੇ ਬੰਨ੍ਹ ਦੇਣਾ
ਮੇਰੇ ਵਾਂਗਰ ਜੋ ਅਧੂਰੀਆਂ।
ਸਾਰੀ ਹੀ ਉਮਰ ਜਿਨਾਂ ਦੀਆਂ
ਹੋਈਆਂ ਨਾ ਰੀਝਾਂ ਪੂਰੀਆਂ।
ਮਿੱਟੀ ਮੇਰੀ ਦਾ ਦੀਵਾ ਘੜ
ਉਹ ਨਜ਼ਮਾਂ ਮੁੱਢ ਜਗਾ ਦੇਣਾ।
ਮੇਰੇ ਮਗਰੋਂ ਕਬਰ ਮੇਰੀ 'ਤੇ
ਹਰਫ਼ਾਂ ਦੀ ਲੋਈ ਪਾ ਦੇਣਾ।
ਸ਼ਮੀ ਜਲੰਧਰੀ ਦੇ 'ਇਸ਼ਕ ਮੇਰਾ ਸੁਲਤਾਨ' ਦੀ ਆਮਦ 'ਤੇ ਖ਼ੁਸ਼ੀ ਮਹਿਸੂਸ ਕਰਦਾ ਹਾਂ ਅਤੇ ਤਵੱਕੋ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਵੀ ਅਜਿਹਾ ਹੀ ਮਹਿਸੂਸ ਕਰਨਗੇ।

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.

15-05-2022

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਸ਼ਹੀਦੀ ਸਾਕੇ
ਸ੍ਰੀ ਤਰਨ ਤਾਰਨ ਸ੍ਰੀ ਨਨਕਾਣਾ ਸਾਹਿਬ
ਲੇਖਿਕ : ਹਰਵਿੰਦਰ ਸਿੰਘ ਖ਼ਾਲਸਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98155-33725.


ਵਿਚਾਰ-ਗੋਚਰੀ ਪੁਸਤਕ ਦੇ ਲੇਖਕ ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ) ਦਾ ਨਾਂਅ ਪੰਥਕ ਸਫ਼ਾਂ ਵਿਚ ਚਰਚਿਤ ਅਤੇ ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਆਪਣੀ ਜਵਾਨੀ ਦਾ ਵਧੇਰੇ ਸਮਾਂ ਪੰਥਕ ਸੰਘਰਸ਼ਾਂ ਦੇ ਲੇਖੇ ਲਾਇਆ ਹੈ ਅਤੇ ਨਾਲ ਹੀ ਸਿੱਖ ਇਤਿਹਾਸ, ਵਿਰਾਸਤ, ਪਰੰਪਰਾਵਾਂ ਬਾਰੇ ਡੂੰਘੀ ਖੋਜ ਕਰਕੇ 14 ਨਾਯਾਬ ਪੁਸਤਕਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਬੇਬਾਕ ਲੇਖਣੀ ਦੀ ਕਈ ਵਾਰ ਉਨ੍ਹਾਂ ਨੂੰ ਕੀਮਤ ਵੀ ਤਾਰਨੀ ਪਈ ਹੈ। ਉਨ੍ਹਾਂ ਨੇ ਦੋ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ।
ਹਥਲੀ ਪੁਸਤਕ ਉਨ੍ਹਾਂ ਦੀ 15ਵੀਂ ਪੁਸਤਕ ਹੈ, ਜਿਸ ਰਾਹੀਂ ਉਨ੍ਹਾਂ ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ) ਅਤੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦੀ ਸਾਕਿਆਂ ਦੇ ਪਰਿਪੇਖ ਵਿਚ ਭ੍ਰਿਸ਼ਟ ਨਿਜ਼ਾਮ ਤੋਂ ਇਤਿਹਾਸਕ ਗੁਰਦੁਆਰਿਆਂ ਨੂੰ ਮੁਕਤ ਕਰਾਉਣ ਵਾਲੀ ਲਾਸਾਨੀ ਲਹਿਰ (ਅੰਦੋਲਨ) ਦਾ ਬਹੁਤ ਵਿਸਥਾਰ ਅਤੇ ਬਾਰੀਕਬੀਨੀ ਨਾਲ ਜ਼ਿਕਰ ਕੀਤਾ ਹੈ। ਇਸ ਪੁਸਤਕ ਵਿਚ ਸਮੁੱਚੀ ਜਾਣਕਾਰੀ 13 ਲੇਖਾਂ ਰਾਹੀਂ ਦਿੱਤੀ ਗਈ ਹੈ।
ਪੁਸਤਕ ਦਾ ਪ੍ਰਥਮ ਲੇਖ ਹੈ 'ਗੁਰਦੁਆਰਾ ਪ੍ਰਬੰਧ ਲਹਿਰ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ'। ਵਿਦਵਾਨ ਲੇਖਕ ਨੇ ਇਤਿਹਾਸਕ ਹਵਾਲੇ ਦੇ ਕੇ ਦੱਸਿਆ ਹੈ ਕਿ ਦੇਸ਼ ਦੀ ਵੰਡ ਤੋਂ ਪੇਸ਼ਤਰ ਇਤਿਹਾਸਕ ਗੁਰਧਾਮਾਂ 'ਤੇ ਮਹੰਤ, ਪੁਜਾਰੀ ਆਦਿ ਕਾਬਜ਼ ਸਨ, ਜਿਹੜੇ ਗੁਰਧਾਮਾਂ ਦੀ ਮਰਯਾਦਾ ਦੇ ਉਲਟ ਅਨਮਤੀ ਅਤੇ ਨਿੰਦਣਯੋਗ ਕਾਰੇ ਕਰਦੇ ਸਨ। ਇਨ੍ਹਾਂ ਨੂੰ ਅੰਗਰੇਜ਼ ਹਕੂਮਤ ਦੀ ਸ਼ਹਿ ਅਤੇ ਸਰਪ੍ਰਸਤੀ ਹਾਸਲ ਸੀ।
'ਸ੍ਰੀ ਦਰਬਾਰ ਸਾਹਿਬ, ਜਿਥੇ ਸਾਂਝੀਵਾਲਤਾ ਦੀ ਗੱਲ ਹੁੰਦੀ ਸੀ, ਉਥੇ ਛੂਤਛਾਤ ਭਾਰੂ ਹੋ ਗਿਆ ਸੀ। ਕਈ ਗੁਰਧਾਮਾਂ ਦੇ ਮਹੰਤ ਸੰਗਤਾਂ, ਖ਼ਾਸ ਕਰ ਧੀਆਂ-ਭੈਣਾਂ ਨਾਲ ਦੁਰਵਿਹਾਰ ਕਰਦੇ।' (ਪੰਨਾ 21)। ਇਸ ਤੋਂ ਅਗਲੇ ਅਧਿਆਇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਦਾ ਬਿਰਤਾਂਤ ਹੈ, ਜਿਸ ਦੀ ਸ਼ੁਰੂਆਤ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਵਰਗੇ ਧੜਵੈਲ ਪੰਥਕ ਆਗੂਆਂ ਨੇ ਕੀਤੀ। ਲੰਮੀ ਘਾਲਣਾ ਅਤੇ ਜੱਦੋ-ਜਹਿਦ ਉਪਰੰਤ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ 30 ਅਪ੍ਰੈਲ, 1921 ਨੂੰ ਰਜਿਸਟਰਡ ਸਿੱਖ ਨੁਮਾਇੰਦਾ ਜਥੇਬੰਦੀ ਤਸਲੀਮ ਹੋਈ।
(ਪੰਨਾ 28)
ਤੀਜਾ ਲੇਖ ਸਿੱਖਾਂ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸੰਬੰਧੀ ਬਾ-ਤਫ਼ਸੀਲ ਵਿਵਰਣ ਹੈ। 21 ਮਈ, 1920 ਨੂੰ ਲਾਹੌਰ ਤੋਂ 'ਅਕਾਲੀ' ਅਖ਼ਬਾਰ ਸ਼ੁਰੂ ਹੋਣ ਨਾਲ ਸਿੱਖਾਂ ਲਈ ਰਾਜਸੀ ਜਥੇਬੰਦੀ ਦੇ ਗਠਨ ਦਾ ਮੁੱਢ ਬੱਝਾ।
ਦੂਰ ਹੋਣਗੇ ਦੁਖੜੇ ਸਾਰੇ,
ਵਰਤੇਗੀ ਖੁਸ਼ਹਾਲੀ ਜੇ।
ਅੱਖਾਂ ਖੋਲ੍ਹੋ ਢਿੱਲੜ ਵੀਰੋ,
ਆ ਗਿਆ ਫਿਰ ਅਕਾਲੀ ਜੇ।
(ਅਕਾਲੀ ਅਖ਼ਬਾਰ ਵਿਚ ਛਪੀ ਕਵਿਤਾ 'ਚੋਂ) (ਪੰਨਾ 30)
ਅਨੇਕ ਪੜਾਵਾਂ ਵਿਚੀਂ ਲੰਘਦੀ ਹੋਈ ਤਹਿਰੀਕ ਅਤੇ ਦੀਰਘ ਸੋਚ ਵਿਚਾਰ ਮਗਰੋਂ 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ। (ਪੰਨਾ 34)
ਪੁਸਤਕ ਦੇ ਪੰਜਵੇਂ ਲੇਖ ਦਾ ਉਨਵਾਨ ਹੈ 'ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਪਹਿਲਾ ਸ਼ਹੀਦੀ ਸਾਕਾ ਸ੍ਰੀ ਤਰਨ ਤਾਰਨ ਸਾਹਿਬ।' ਕਾਬਜ਼ ਭ੍ਰਿਸ਼ਟ ਮਹੰਤਾਂ ਤੋਂ ਗੁਰਧਾਮ ਨੂੰ ਆਜ਼ਾਦ ਕਰਾਉਣ ਲਈ ਪੁੱਜੇ ਸ਼ਾਂਤਮਈ ਸਿੰਘਾਂ 'ਤੇ ਮਹੰਤਾਂ, ਪੁਜਾਰੀਆਂ ਦੇ ਹਥਿਆਰਬੰਦ ਗੁੰਡਿਆਂ ਨੇ ਹਮਲਾ ਕੀਤਾ। ਸਿੱਟੇ ਵਜੋਂ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਭਾਈ ਹੁਕਮ ਸਿੰਘ ਵਸਾਊਕੋਟ ਸ਼ਹੀਦ ਹੋ ਗਏ। 'ਇਹ ਗੁਰਦੁਆਰਾ ਸੁਧਾਰ ਲਹਿਰ ਦੀਆਂ ਪਹਿਲੀਆਂ ਸ਼ਹੀਦੀਆਂ ਸਨ।' (ਪੰਨਾ 41)
ਅਗਲੇ ਮਹੱਤਵਪੂਰਨ ਲੇਖ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਮਾਰਮਿਕ ਵਿਵਰਣ ਹੈ, ਜਿਸ ਨੂੰ ਪੜ੍ਹਦਿਆਂ ਪਾਠਕ ਦੇ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ। ਕਿਵੇਂ ਭਾਈ ਲਛਮਣ ਸਿੰਘ, ਭਾਈ ਦਲੀਪ ਸਿੰਘ ਸਮੇਤ ਅਨੇਕਾਂ ਨਿਹੱਥੇ ਸਿੰਘਾਂ ਨੂੰ ਨਰੈਣੂ ਮਹੰਤ ਦੇ ਹਥਿਆਰਬੰਦ ਟੋਲੇ ਨੇ ਅਣਮਨੁੱਖੀ ਢੰਗ ਨਾਲ ਸ਼ਹੀਦ ਕੀਤਾ। ਓੜਕ ਇਹ ਮੋਰਚਾ ਸਿੰਘਾਂ ਨੇ ਜਿੱਤਿਆ। ਅਗਲਾ ਲੇਖ ਸ਼ਹੀਦ ਸਿੰਘਾਂ ਦੇ ਸਸਕਾਰ ਸੰਬੰਧੀ ਹੈ। ਉਸ ਤੋਂ ਅਗਲੇ ਲੇਖ ਵਿਚ ਸ੍ਰੀ ਨਨਕਾਣਾ ਸਾਹਿਬ ਸਾਕੇ ਦੇ ਸ਼ਹੀਦ ਸਿੰਘਾਂ ਦਾ ਜ਼ਿਲ੍ਹੇਵਾਰ (ਪੂਰਾ ਵੇਰਵਾ) ਦਰਜ ਹੈ। (ਪੰਨਾ 85 ਤੋਂ ਪੰਨਾ 89 ਤੱਕ)। ਇਕ ਲੇਖ ਦਾ ਸਿਰਲੇਖ ਹੈ 'ਮਹਾਤਮਾ ਗਾਂਧੀ ਅਤੇ ਸਾਕਾ ਨਨਕਾਣਾ ਸਾਹਿਬ'। ਮਹਾਤਮਾ ਗਾਂਧੀ ਵਲੋਂ ਸ਼ਹੀਦਾਂ ਨਮਿੱਤ ਭੋਗ ਸਮੇਂ ਭੇਜੇ ਗਏ ਸ਼ੋਕ ਸੰਦੇਸ਼ ਦੀ ਆਖ਼ਰੀ ਸਤਰ ਧਿਆਨ ਮੰਗਦੀ ਹੈ 'ਕੁਰਬਾਨੀ ਮਹਾਨ ਹੈ। ਕਾਤਲ ਸਾਡੇ ਆਪਣੇ ਹੀ ਲੋਕ ਹਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਮੁਆਫ਼ ਕਰ ਦੇਈਏ।' (ਪੰਨਾ 95)
ਇਕ ਹੋਰ ਲੇਖ ਵਿਚ ਇਸ ਸਾਕੇ ਲਈ ਕਸੂਰਵਾਰਾਂ ਨੂੰ ਸੁਣਾਈਆਂ ਵੱਖ-ਵੱਖ ਸਜ਼ਾਵਾਂ ਦਾ ਤਫ਼ਸੀਲੀ ਜ਼ਿਕਰ ਹੈ। ਮੁੱਖ ਦੋਸ਼ੀ ਮਹੰਤ ਨਰੈਣੂ ਦੀ ਸਜ਼ਾਏ-ਮੌਤ ਰੱਦ ਕਰ ਦਿੱਤੀ ਗਈ।
(ਪੰਨਾ 100)
ਬਾਕੀ ਦੇ ਲੇਖਾਂ ਦੇ ਉਨਵਾਨ ਹਨ 'ਅੰਗਰੇਜ਼ ਸਰਕਾਰ ਵਲੋਂ ਸਿੱਖਾਂ 'ਤੇ ਤਸ਼ੱਦਦ ਦਾ ਨਵਾਂ ਦੌਰ', 'ਨਨਕਾਣਾ ਸਾਹਿਬ ਦਾ ਸਾਕਾ ਸਮਕਾਲੀ ਕਵੀਆਂ ਦੀ ਕਲਮ ਤੋਂ', 'ਬਾਬਾ ਕਰਤਾਰ ਸਿੰਘ ਬੇਦੀ ਨੂੰ ਪੰਥ ਨੇ ਕਿਵੇਂ ਬਖਸ਼ਿਆ?' ਅਤੇ 'ਸਾਕਾ ਨਨਕਾਣਾ ਸਾਹਿਬ ਦਾ ਮੁੱਖ ਦੋਸ਼ੀ ਮਹੰਤ ਨਾਰਾਇਣ ਦਾਸ।'
ਅੰਤ ਵਿਚ ਚੋਣਵੀਂ ਸਹਾਇਕ ਪੁਸਤਕ ਸੂਚੀ ਅਤੇ ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਸਮੇਤ 22 ਦੁਰਲੱਭ ਤਸਵੀਰਾਂ ਦਰਜ ਹਨ। ਇਸ ਪੁਸਤਕ ਨੂੰ ਜਿਸ ਸ਼ਿੱਦਤ, ਖੋਜ, ਘਾਲਣਾ ਅਤੇ ਬਾਰੀਕਬੀਨੀ ਨਾਲ ਸ. ਖ਼ਾਲਸਾ ਨੇ ਮੁਰੱਤਬ ਕੀਤਾ ਹੈ, ਇਹ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਪੁਸਤਕ ਬੇਸ਼ਕੀਮਤੀ ਇਤਿਹਾਸਕ ਦਸਤਾਵੇਜ਼ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710


ਇਥੋਂ ਸੂਰਜ ਦਿਸਦਾ ਹੈ
ਕਹਾਣੀਕਾਰ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ ਪਬਲੀਕੇਸ਼ਨਜ਼, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 81468-13291.


ਧੀਮੀ ਗਤੀ ਪਰ ਪੁਖਤੇ ਪੈਰੀਂ ਕਹਾਣੀ ਸਿਰਜਣ ਵਾਲਾ ਜਸਬੀਰ ਕਲਸੀ 2015-ਔਲੇ ਦਾ ਬੂਟਾ ਮਗਰੋਂ 2021 ਵਿਚ 'ਇਥੋਂ ਸੂਰਜ ਦਿਸਦਾ ਹੈ' ਚੌਥੇ ਕਹਾਣੀ ਸੰਗ੍ਰਹਿ ਦੀਆਂ ਸੱਤ ਕਹਾਣੀਆਂ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਜਸਬੀਰ ਕਲਸੀ ਕਹਾਣੀ ਲਿਖਣ ਦੇ ਨਾਲ-ਨਾਲ ਸਵੈ-ਆਲੋਚਕ ਦੀ ਭੂਮਿਕਾ ਵੀ ਨਿਭਾਅ ਰਿਹਾ ਹੈ। ਇਸ ਪੁਸਤਕ ਦੀ ਪ੍ਰਸਤਾਵਨਾ ਵਜੋਂ 'ਕਥਾਪੈਂਡਾ' ਰਾਹੀਂ ਲੇਖਕ ਨੇ ਨਾ ਸਿਰਫ ਆਪਣੀ ਕਥਾ ਯਾਤਰਾ ਅਤੇ ਕਹਾਣੀ ਪੁਸਤਕ ਦੇ ਬੇਸਿਕ ਕਨਸੈਪਟ ਨੂੰ ਹੀ ਸਪੱਸ਼ਟ ਨਹੀਂ ਕੀਤਾ ਸਗੋਂ ਹਥਲੇ ਕਹਾਣੀ ਸੰਗ੍ਰਹਿ ਦੀ ਰਚਨ ਪ੍ਰਕਿਰਿਆ 'ਤੇ ਵੀ ਪੰਛੀ ਝਾਤ ਪੁਆਈ ਹੈ। ਕਹਾਣੀਆਂ ਦੀ ਤਰਤੀਬ ਅਤੇ ਚੋਣ ਬਾਰੇ ਖੁਲਾਸਾ ਕੀਤਾ ਹੈ। ਹਥਲੇ ਸੰਗ੍ਰਹਿ ਵਿਚ ਜਸਬੀਰ ਕਲਸੀ ਦਾ ਕਥਾ ਸੰਸਾਰ ਆਜ਼ਾਦੀ ਦੇ ਮੁਢਲੇ ਸਮੇਂ ਤੋਂ ਸ਼ੁਰੂ ਹੁੰਦਾ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵ 'ਚਿੱਟਾ ਤੇਲਾ' ਰਾਹੀਂ ਪ੍ਰਗਟ ਹੋਏ ਹਨ। ਵਾਤਾਵਰਨ ਦਾ ਪ੍ਰਦੂਸ਼ਣ ਦੀ ਵਿਅਥਾ 'ਪਵਣੁ ਗੁਰੂ ਦਾ ਦੇਸ਼' ਰਾਹੀਂ ਸੁਣਾਈ ਗਈ ਹੈ। ਵਹੀਰਾਂ ਘੱਤ ਕੇ ਵਿਦੇਸ਼ਾਂ ਵੱਲ ਤੁਰੀ ਪੰਜਾਬ ਦੀ ਜਵਾਨੀ ਅਤੇ ਬ੍ਰੇਨ ਡਰੇਨ ਦੀ ਸਮੱਸਿਆ ਨੂੰ ਵੱਡਾ ਜੋਗੀ 'ਕਮੀ' ਦੱਸਿਆ ਗਿਆ ਹੈ। 'ਬਲੱਡ ਮੈਰਿਜ' ਪੜ੍ਹਦਿਆਂ ਰਾਹੁਲ ਸਾਂਕ੍ਰਤਾਇਨ ਦੀ 'ਵੋਲਗਾ ਸੇ ਗੰਗਾ ਤੱਕ' ਦੀ ਮੁਢਲੇ ਆਦਮ ਦੀ ਕਥਾ ਚੇਤੇ ਆਉਣ ਲਗਦੀ ਹੈ। ਇੰਜ ਹੀ 'ਦਿੱਲੀ ਵਾਇਆ ਸਿੰਘੂ ਬਾਰਡਰ' ਲਾਸਾਨੀ ਕਿਸਾਨੀ ਘੋਲ 'ਤੇ ਆਧਾਰਿਤ ਹੈ ਅਤੇ ਇਸ ਘੋਲ ਦੇ ਵੱਖੋ-ਵੱਖਰੇ ਕੋਣਾਂ ਤੋਂ ਇਸ ਸੰਘਰਸ਼ 'ਤੇ ਦ੍ਰਿਸ਼ਟੀਪਾਤ ਕਰਾਉਂਦੀ ਹੈ। ਇਨ੍ਹਾਂ ਕਹਾਣੀਆਂ ਦੇ ਪਾਠ ਤੋਂ ਜਸਬੀਰ ਕਲਸੀ ਦੀ ਪੰਜਾਬੀ ਪੇਂਡੂ ਜਨਜੀਵਨ ਬਾਰੇ ਖੁਰਦਬੀਨੀ ਸਮਝ ਅਤੇ ਪੀਡੀਆਂ ਤੰਦਾਂ ਦੀ ਜਾਣਕਾਰੀ ਦਾ ਪਤਾ ਲਗਦਾ ਹੈ। ਉਸ ਨੂੰ ਸਿਆਸੀ ਦਾਅ ਪੇਚਾਂ ਦੀ ਸਮਝ ਵੀ ਹੈ। ਲੇਖਕ ਨੇ ਸਮਕਾਲੀ ਵਰਤਾਰਿਆਂ ਨੂੰ ਵਿਸ਼ਲੇਸ਼ਣਾਤਮਿਕ ਢੰਗ ਨਾਲ ਪੇਸ਼ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਕਹਾਣੀ ਵਿਚ ਰੌਚਕਤਾ, ਤਣਾਅ ਅਤੇ ਦਵੰਦ ਵੀ ਲੋੜੀਂਦੀ ਮਾਤਰਾ 'ਚ ਉਸਾਰੇ ਗਏ ਹਨ। ਭਾਸ਼ਾ ਮਲਵਈ ਟੱਚ ਵਾਲੀ ਹੈ। ਲੇਖਕ ਨੇ ਅਲੱਗ-ਅਲੱਗ ਕਹਾਣੀਆਂ ਵਿਚ ਨਵੀਆਂ ਕਥਾ ਜੁਗਤਾਂ ਦਾ ਪ੍ਰਯੋਗ ਵੀ ਕੀਤਾ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਸੰਘਰਸ਼ਸ਼ੀਲ, ਅਗਾਂਹਵਧੂ, ਤਾਰਕਿਕ ਸੋਚ ਵਾਲੇ ਹਨ। ਵਾਤਾਵਰਨ ਚਿਤਰਨ ਕਹਾਣੀਆਂ ਵਿਚੋਂ ਮੰਜ਼ਰਕਸ਼ੀ ਪੈਦਾ ਕਰਦਾ ਹੈ। 'ਇਥੋਂ ਸੂਰਜ ਉੱਗਦਾ ਹੈ' ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੂੰਹ ਬੋਲਦੀ ਤਸਵੀਰ ਹਨ।


ਡਾ. ਧਰਮਪਾਲ ਸਾਹਿਲ
ਮੋ: 98761-56964


ਅੱਠਵੇਂ ਰੰਗ ਦੀ ਤਲਾਸ਼
ਸ਼ਾਇਰਾ : ਜਸਪ੍ਰੀਤ ਕੌਰ ਫ਼ਲਕ
ਪ੍ਰਕਾਸ਼ਕ : ਕਥਾ ਕਾਰਵਾਂ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 470 ਰੁਪਏ, ਸਫ਼ੇ : 124
ਸੰਪਰਕ : 96468-63733.


ਜਸਪ੍ਰੀਤ ਕੌਰ ਫ਼ਲਕ ਮੂਲ ਰੂਪ ਵਿਚ ਹਿੰਦੀ ਭਾਸ਼ੀ ਇਲਾਕੇ ਨਾਲ ਜੁੜੀ ਹੋਈ ਸ਼ਾਇਰਾ ਹੈ, ਜਿਸ ਨੇ ਪੰਜਾਬੀ ਵਿਚ ਥੋੜ੍ਹਾ ਪਛੜ ਕੇ ਲਿਖਣਾ ਸ਼ੁਰੂ ਕੀਤਾ ਹੈ। ਉਸ ਦੇ ਦੋ ਹਿੰਦੀ ਕਾਵਿ ਸੰਗ੍ਰਹਿ ਪਹਿਲਾਂ ਹੀ ਛਪ ਚੁੱਕੇ ਹਨ ਤੇ ਉਨ੍ਹਾਂ 'ਚੋਂ 'ਚੁੱਪ ਕਾ ਗੀਤ' ਦਾ ਪੰਜਾਬੀ ਸਮੇਤ ਤਿੰਨ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ। 'ਅੱਠਵੇਂ ਰੰਗ ਦੀ ਤਲਾਸ਼' ਫ਼ਲਕ ਦਾ ਪਹਿਲਾ ਪੰਜਾਬੀ ਕਾਵਿ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਖੁੱਲ੍ਹੀਆਂ ਨਜ਼ਮਾਂ, ਛੰਦ ਬੰਦ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਿਲ ਹਨ। ਇਸ ਕਾਵਿ ਸੰਗ੍ਰਹਿ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਜਸਪ੍ਰੀਤ ਕੌਰ ਫ਼ਲਕ ਨੂੰ ਦੁਨੀਆ ਦੇ ਰੰਗ ਮਹਿਲ ਦਾ ਕੋਈ ਵੀ ਰੰਗ ਰਾਸ ਨਹੀਂ ਆਇਆ ਤੇ ਉਹ ਕਿਸੇ ਅੱਠਵੇਂ ਰੰਗ ਦੀ ਤਲਾਸ਼ ਵਿਚ ਹੈ ਜੋ ਉਸ ਦੀ ਰੂਹ ਦੇ ਹਾਣ ਦਾ ਹੋਵੇ। ਕਿਸੇ ਵੀ ਔਰਤ ਨੂੰ ਮਰਦ ਪ੍ਰਧਾਨ ਦੁਨੀਆ ਵਿਚ ਵਿਚਰਦਿਆਂ ਕੁਝ ਅਜਿਹੇ ਅਨੁਭਵ ਹਾਸਲ ਹੁੰਦੇ ਹਨ, ਜਿਨ੍ਹਾਂ ਦਾ ਬਹੁਤਾ ਕਰਕੇ ਨਾ ਪ੍ਰਗਟਾਵਾ ਕੀਤਾ ਜਾਂਦਾ ਹੈ ਤੇ ਉਹ ਉਸ ਨੂੰ ਹਜ਼ਮ ਵੀ ਨਹੀਂ ਹੁੰਦੇ। ਇਨ੍ਹਾਂ ਅਨੁਭਵਾਂ ਨੂੰ ਜਦੋਂ ਕਿਸੇ ਕਲਮ ਦੀ ਛੂਹ ਮਿਲਦੀ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣਦੇ ਹਨ। ਸ਼ਾਇਰੀ ਦੀ ਵਿਧਾ ਅਜਿਹੇ ਪ੍ਰਗਟਾਵੇ ਲਈ ਸਭ ਤੋਂ ਵੱਧ ਢੁਕਵੀਂ ਹੈ ਤੇ ਇਸੇ ਵਿਧਾ ਨੂੰ ਅਪਣਾ ਕੇ ਫ਼ਲਕ ਵਰਗੀ ਸ਼ਾਇਰਾ ਆਪਣੀ ਪਛਾਣ ਬਣਾਉਂਦੀ ਹੈ। 'ਅੱਠਵੇਂ ਰੰਗ ਦੀ ਤਲਾਸ਼' ਦੀਆਂ ਬਹੁਤੀਆਂ ਰਚਨਾਵਾਂ ਨਾ ਮਹਿਜ਼ ਔਰਤ ਦੇ ਅੰਦਰਲੀ ਖ਼ਾਮੋਸ਼ੀ ਨੂੰ ਜ਼ਬਾਨ ਦਿੰਦੀਆਂ ਹਨ ਸਗੋਂ ਉਹ ਜੂਝਣ ਲਈ ਉੱਪਰ ਵੱਲ ਉੱਠੀਆਂ ਹੋਈਆਂ ਬਾਹਾਂ ਵੀ ਪ੍ਰਤੀਤ ਹੁੰਦੀਆਂ ਹਨ। ਪੰਜਾਬੀ ਸਾਹਿਤ ਵਿਚ ਆਪਣੇ ਮੁਢਲੇ ਸਫ਼ਰ ਵਿਚ ਹੀ ਸ਼ਾਇਰਾ ਦੀ ਇਹ ਪ੍ਰਾਪਤੀ ਅਣਗੌਲੀ ਨਹੀਂ ਕੀਤੀ ਜਾ ਸਕਦੀ। ਫ਼ਲਕ ਦੀਆਂ ਖੁੱਲ੍ਹੀਆਂ ਨਜ਼ਮਾਂ ਬੋਝਲ ਨਾ ਹੋ ਕੇ ਸਰਲ ਭਾਸ਼ਾ ਵਿਚ ਹਨ ਤੇ ਇਨ੍ਹਾਂ ਦੇ ਅੰਤ ਪ੍ਰਸ਼ਨ-ਚਿੰਨ੍ਹ ਬਣਦੇ ਹਨ। ਜਸਪ੍ਰੀਤ ਕੌਰ ਫ਼ਲਕ ਦਾ ਪੰਜਾਬੀ ਅਦਬ ਵਿਚ ਭਾਵੇਂ ਨਵਾਂ ਪ੍ਰਵੇਸ਼ ਹੈ ਪਰ ਇਹ ਹੈ ਸੰਭਾਵਨਾਵਾਂ ਭਰਪੂਰ ਤੇ ਚਕਾਚੌਂਧ ਵਾਲਾ। ਇਸ ਚਕਾਚੌਂਧ ਵਿਚ ਝਿਲਮਿਲ ਵੀ ਹੈ ਤੇ ਕਈ ਜਗ੍ਹਾ ਧੁੰਦਲਕਾ ਵੀ। ਪੰਜਾਬੀ ਵਿਚ ਗ਼ਜ਼ਲ ਦਾ ਸਰੂਪ ਪਹਿਲਾਂ ਵਾਲਾ ਨਹੀਂ ਰਿਹਾ ਤੇ ਵਕਤ ਦੇ ਨਾਲ ਗ਼ਜ਼ਲਕਾਰੀ ਵੀ ਬਦਲੀ ਹੈ ਤੇ ਗ਼ਜ਼ਲਕਾਰ ਵੀ। ਜਸਪ੍ਰੀਤ ਕੌਰ ਫ਼ਲਕ ਨੂੰ ਨਾ ਕੇਵਲ ਇਸ ਬਦਲਾਓ ਦੇ ਨਾਲ-ਨਾਲ ਚੱਲਣਾ ਹੋਵੇਗਾ ਸਗੋਂ ਅੱਗੇ ਨਿਕਲਣਾ ਪਵੇਗਾ। 'ਅੱਠਵੇਂ ਰੰਗ ਦੀ ਤਲਾਸ਼' ਪੁਸਤਕ ਨੂੰ ਬਹੁਤ ਰੀਝਾਂ ਨਾਲ ਛਾਪਿਆ ਗਿਆ ਹੈ ਤੇ ਮੈਨੂੰ ਆਸ ਹੈ ਪਾਠਕਾਂ ਵਲੋਂ ਇਸ ਨੂੰ ਰੀਝਾਂ ਨਾਲ ਹੀ ਪੜ੍ਹਿਆ ਜਾਵੇਗਾ।


ਗੁਰਦਿਆਲ ਰੌਸ਼ਨ
ਮੋ: 99884-44002


ਚੜ੍ਹਦੇ ਸੂਰਜ ਦੀ ਲਾਲੀ
ਸੰਪਾਦਕ : ਬਲਵੀਰ ਕੌਰ ਰੀਹਲ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 94643-30803.


ਚੜ੍ਹਦੇ ਸੂਰਜ ਦੀ ਲਾਲੀ ਨਵੀਆਂ ਕਲਮਾਂ ਦੀ ਸਿਰਜਣਾ ਹੈ। ਬਲਬੀਰ ਕੌਰ ਰੀਹਲ ਜੋ ਮੁਢਲੇ ਤੌਰ 'ਤੇ ਇਕ ਕਹਾਣੀਕਾਰਾ ਹੈ, ਨੇ ਆਪਣੇ ਯਤਨਾਂ ਨਾਲ ਬਲਬੀਰ ਕੌਰ ਰੀਹਲ ਸਾਹਿਤ ਸਕੂਲ ਦੇ ਕਵੀਆਂ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਕੇ ਸੰਗ੍ਰਹਿ ਦਾ ਰੂਪ ਦਿੱਤਾ ਹੈ।
ਇਸ ਕਾਵਿ ਸੰਗ੍ਰਹਿ ਵਿਚ ਮੁਹੱਬਤ ਮੀਤ, ਐਵੀਨੀਤ, ਅਨੁਰਾਧਾ, ਸੁਖਮਨ ਸਿੰਘ, ਮਨਦੀਪ ਗੌਤਮ, ਮਨਵੀਰ ਕੌਰ, ਹਰਕੰਵਲ ਸਿੰਘ, ਰਜਮੀਤ ਕੌਰ, ਦੀਪਕਾ, ਮਨਦੀਪ ਸਿੰਘ ਅਤੇ ਗੁਰਿੰਦਰ ਮਹਿਮੀ ਦੀਆਂ ਰਚਨਾਵਾਂ ਸ਼ਾਮਿਲ ਹਨ। ਪੁੰਗਰਦੀਆਂ ਕਲਮਾਂ ਦੇ ਨਾਂਅ ਸਮਰਪਿਤ ਇਹ ਕਾਵਿ ਪੁਸਤਕ ਪੰਜ ਕਵਿੱਤਰੀਆਂ, ਛੇ ਕਵੀਆਂ ਦੇ ਮਨੋਭਾਵਾਂ ਨੂੰ ਪਾਠਕਾਂ ਦੇ ਸਨਮੁੱਖ ਰੱਖਦੀ ਹੈ। ਕੁਝ ਕਵੀਆਂ ਵਿਚ ਹਾਲੇ ਕਾਵਿਕ ਪਕਿਆਈ ਨਹੀਂ ਹੈ ਪਰ ਕੁਝ ਕਲਮਾਂ ਵਿਚ ਵਿਚਾਰਾਂ ਦੀ ਪਰਿਪੱਕਤਾ ਹੈ ਤੇ ਕਾਵਿਕ ਸਮਝ ਵੀ ਹੈ। ਮੁਹੱਬਤ ਮੀਤ ਦੀਆਂ ਛੋਟੀਆਂ-ਛੋਟੀਆਂ ਕਵਿਤਾਵਾਂ ਜੀਵਨ ਸੰਵੇਦਨਾ ਤੇ ਸੂਖਮਤਾ ਦਾ ਪ੍ਰਗਟਾਵਾ ਹਨ :
ਕਿਸੇ ਜਨਮ ਮੇਰੀ
ਤਪੱਸਿਆ ਭੰਗ ਹੋਈ ਸੀ
ਜਦੋਂ ਕਿਸੇ ਰਿਸ਼ੀ ਦੀ
ਤਪੱਸਿਆ 'ਚ ਵਿਘਨ ਪੈਂਦਾ ਏ
ਤਾਂ ਉਹ ਕਵੀ ਹੋ ਜਾਂਦਾ ਏ...।
ਇਸੇ ਪ੍ਰਕਾਰ ਅਨੁਰਾਧਾ ਅਤੇ ਐਵੀਨੀਤ ਨਾਰੀ ਜਜ਼ਬਿਆਂ ਦੀ ਪੇਸ਼ਕਾਰੀ ਕਰਨ ਵਾਲੀਆਂ ਗੰਭੀਰ ਵਿਚਾਰਾਂ ਵਾਲੀਆਂ ਕਵਿੱਤਰੀਆਂ ਹਨ।
ਮੈਨੂੰ ਸਮੇਂ ਦੀਆਂ ਬੇੜੀਆਂ 'ਚ
ਨਾ ਸਮੇਟ ਪਾਉਗੇ
ਮੈਂ ਤਾਂ ਹਵਾਵਾਂ ਦੇ ਰੁਖ਼
ਬਦਲਣ 'ਚ ਮਗਰੂਰ ਹਾਂ। (ਅਨੁਰਾਧਾ)
ਸੁਖਮਨ ਸਿੰਘ, ਮਨਦੀਪ ਗੌਤਮ ਅੰਦਰ ਵੀ ਖਿਆਲਾਂ ਦੀ ਡੂੰਘਾਈ ਹੈ। ਉਹ ਵਰਤਮਾਨ ਮਨੁੱਖ ਦੀ ਆਪਣੇ ਅੰਦਰ ਸਿਮਟ ਜਾਣ ਦੀ ਮਜਬੂਰੀ ਅਤੇ ਬਾਹਰੀ ਜਗਤ ਤੋਂ ਟੁੱਟਣ ਦੀ ਭਾਵਨਾ ਦਾ ਬਿਆਨ ਸੱਭਿਆਚਾਰਕ ਪ੍ਰਸੰਗ ਵਿਚ ਵੀ ਕਰਦੇ ਹਨ।
ਬਸ ਮੈਂ ਤੂੰ ਮੇਰੀ ਤਨਹਾਈ ਨੇ
ਇਕੱਲਿਆਂ ਹੀ ਰਹਿ ਜਾਣਾ
(ਸੁਖਮਨ ਸਿੰਘ)
ਤੀਰਾਂ ਨਾਲੋਂ ਗਹਿਰੇ ਜ਼ਖ਼ਮ ਨੇ ਬੋਲਾਂ ਦੇ
ਜ਼ਖ਼ਮਾਂ ਉੱਤੇ ਲੂਣ ਕਦੇ ਨਾ ਪਾਈਏ।
(ਐਮ. ਗੌਤਮ)
ਮਨਵੀਰ ਦੀਆਂ ਕਵਿਤਾਵਾਂ ਵੀ ਸਲਾਹੁਣਯੋਗ ਹਨ। ਅਲਫ਼ਾਜ਼ ਨਹੀਂ ਰੁਕਦੇ ਰਾਹੀਂ ਉਹ ਕਾਵਿਕ ਮਨ ਦਾ ਪ੍ਰਗਟਾਵਾ ਕਰ ਜਾਂਦੀ ਹੈ। ਹਰਕੰਵਲ ਸਿੰਘ ਨੇ ਕਿਸਾਨੀ ਸੰਘਰਸ਼, ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਪ੍ਰੋੜ੍ਹ ਰਚਨਾਵਾਂ ਕੀਤੀਆਂ ਹਨ। ਰਜਮੀਤ ਕੌਰ ਨੇ ਸੱਭਿਆਚਾਰਕ ਮੋਹ ਅਤੇ ਪਰੰਪਰਾਵਾਂ ਨੂੰ ਸੰਭਾਲਣ ਲਈ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸਮਝਣ ਲਈ ਪ੍ਰੇਰਿਆ ਹੈ। ਦੀਪਿਕਾ ਨੇ ਪਰਵਾਸ ਹੰਢਾਉਂਦੇ ਮਨ ਦੇ ਭਾਵਾਂ ਨੂੰ ਜ਼ਬਾਨ ਦਿੱਤੀ ਹੈ
ਮੈਂ ਇਕ ਉੱਡਦਾ ਪੰਛੀ ਹਾਂ,
ਬੈਠਾ ਦੂਰ ਦੁਰਾਡੇ ਜਾ ਕੇ
ਆਪਣਿਆਂ ਤੋਂ ਦੂਰ ਹਾਂ ਬੈਠਾ,
ਗ਼ੈਰਾਂ ਨਾਲ ਸਾਂਝ ਪਾ ਕੇ।
ਮਨਦੀਪ ਸਿੰਘ ਨੇ ਵਿਦੇਸ਼ਾਂ ਵਿਚ ਜਾ ਰਹੀ ਨਵੀਂ ਪੀੜ੍ਹੀ ਦੀਆਂ ਮਜਬੂਰੀਆਂ ਬਾਰੇ ਦੱਸਿਆ ਹੈ। ਨਾਲ ਹੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਵਿਚ ਆਈਆਂ ਮਾਰੂ ਤਬਦੀਲੀਆਂ ਦਾ ਜ਼ਿਕਰ ਵੀ ਕੀਤਾ ਹੈ। ਗੁਰਿੰਦਰ ਮਹਿਮੀ ਨੇ ਰਿਸ਼ਤਿਆਂ ਵਿਚ ਮਾਂ ਦੇ ਰਿਸ਼ਤੇ ਦੀ ਉੱਤਮਤਾ ਅਤੇ ਸੰਵੇਦਨਾ ਸੰਬੰਧੀ ਬੜੀ ਭਾਵਪੂਰਤ ਰਚਨਾ ਲਿਖੀ ਹੈ। ਉਸ ਨੇ ਕੁਝ ਰੁਮਾਂਟਿਕ ਭਾਵ ਵੀ ਪ੍ਰਗਟਾਏ ਹਨ।
ਸਮੁੱਚੇ ਤੌਰ 'ਤੇ ਚੜ੍ਹਦੇ ਸੂਰਜ ਦੀ ਲਾਲੀ ਕਾਵਿ ਪੁਸਤਕ ਨਵੀਆਂ ਕਲਮਾਂ ਨੂੰ ਬਲਬੀਰ ਕੌਰ ਰੀਹਲ ਵਲੋਂ ਦਿੱਤੀ ਗਈ ਹੱਲਾਸ਼ੇਰੀ ਹੈ, ਜਿਸ ਵਿਚ ਸੰਪਾਦਕਾ ਨੇ ਨੌਜਵਾਨ ਕਵੀ/ਕਵਿੱਤਰੀ ਦੀਆਂ ਰਚਨਾਵਾਂ ਨੂੰ ਸਮੇਟਿਆ ਹੈ। ਪੁਸਤਕ ਲਈ ਮੁਬਾਰਕਬਾਦ!


-ਪ੍ਰੋ. ਕੁਲਜੀਤ ਕੌਰ।


ਪ੍ਰੀਭਾਸ਼ਾ
ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98141-01312.


ਸ਼ਾਇਰਾ ਇੰਦਰਜੀਤ ਕੌਰ ਸਿੱਧੂ ਆਪਣੀ 20ਵੀਂ ਕਿਤਾਬ 'ਪ੍ਰੀਭਾਸ਼ਾ' ਤੋਂ ਪਹਿਲਾਂ ਵੀ 6 ਕਹਾਣੀ ਸੰਗ੍ਰਹਿ, 8 ਕਾਵਿ-ਸੰਗ੍ਰਹਿ, ਇਕ ਸਵੈ-ਜੀਵਨੀ, 3 ਵਾਰਤਕ ਪੁਸਤਕਾਂ ਤੇ ਆਪਣੀ ਸਮੁੱਚੀ ਕਵਿਤਾ ਦੀ ਕਿਤਾਬ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਸਰੀ, ਬੀ.ਸੀ. (ਕੈਨੇਡਾ) ਵਿਖੇ ਰਹਿ ਰਹੀ ਹੈ। ਕੈਨੇਡਾ ਵਿਖੇ ਵੱਖ-ਵੱਖ ਕੌਮੀਅਤਾਂ, ਨਸਲਾਂ ਤੇ ਮਜ਼੍ਹਬਾਂ ਦੇ ਲੋਕ ਰਹਿੰਦੇ ਹਨ।
ਅਜਿਹੀਆਂ ਕੌਮੀਅਤਾਂ ਵਿਚ ਰਹਿ ਕੇ ਗਲੋਬਲ ਚੇਤਨਾ ਦੀ ਧਾਰਨੀ ਹੋਣਾ ਤਾਂ ਸੁਭਾਵਿਕ ਹੀ ਹੈ। ਸੱਤ ਸਮੁੰਦਰੋਂ ਪਾਰ ਜਾ ਕੇ ਵੀ ਪੰਜਾਬੀ ਸ਼ਾਇਰੀ ਦੀ ਧੂਣੀ ਧੁਖਾਉਣਾ ਤਾਂ ਪੰਜਾਬੀ ਅਦਬ ਲਈ ਧੰਨਭਾਗ ਹੀ ਕਿਹਾ ਜਾ ਸਕਦਾ ਹੈ। ਏਨੀ ਦੂਰ ਰਹਿ ਕੇ ਵੀ ਪੰਜਾਬੀ, ਪੰਜਾਬ ਤੇ ਪੰਜਾਬੀਅਤ ਦੇ ਸਰੋਕਾਰਾਂ ਦੀ ਫ਼ਿਕਰਮੰਦੀ ਕਰਨੀ ਇਸ ਸੰਵੇਦਨਸ਼ੀਲ ਸ਼ਾਇਰਾ ਦੇ ਹਿੱਸੇ ਆਈ ਹੈ। ਸ਼ਾਇਰਾ ਬਹੁ-ਅੱਯਾਮੀ ਸਰੋਕਾਰਾਂ ਦੀ ਫ਼ਿਕਰਮੰਦੀ ਤਾਂ ਕਰਦੀ ਹੈ ਪਰ ਵਿਸ਼ੇਸ਼ ਕਰਕੇ ਉਸ ਦੀ ਫ਼ਿਕਰਮੰਦੀ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਹੈ। ਸ਼ਾਇਰਾ ਨੇ ਆਪਣੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਕੇ ਇਹ ਜਾਣ ਲਿਆ ਹੈ ਕਿ ਬਹੁਗਿਣਤੀ ਦੀ ਆੜ ਹੇਠ ਭਗਵਾਂ ਬ੍ਰਿਗੇਡ ਜਿਸ ਤਰ੍ਹਾਂ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਤੇ ਉਨ੍ਹਾਂ ਦੇ ਹੱਥ ਰਿਮੋਰਟ ਕੰਟਰੋਲ ਫੜਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹਥਿਆ ਕੇ ਉਨ੍ਹਾਂ ਦੇ ਹੀ ਖੇਤਾਂ ਵਿਚ ਉਨ੍ਹਾਂ ਨੂੰ ਘਸਿਆਰੇ ਬਣਾਉਣ ਦੀਆਂ ਜੋ ਮੋਦੀ ਸਰਕਾਰ ਸਾਜਿਸ਼ਾਂ ਰਚ ਰਹੀ ਹੈ, ਉਸ ਪ੍ਰਤੀ ਕਿਸਾਨ ਜਾਗਰੂਕ ਹਨ ਤੇ ਉਨ੍ਹਾਂ ਨੂੰ ਆਪਣੇ ਦੁਸ਼ਮਣ ਦੀ ਪਛਾਣ ਹੋ ਗਈ ਹੈ। ਤਾਹੀਓਂ ਤਾਂ ਉਹ ਗਰਮੀ-ਸਰਦੀ ਦੇ ਮੌਸਮਾਂ ਦੀ ਮਾਰ ਝੱਲਦਿਆਂ ਸਰਕਾਰੀ ਰੁਕਾਵਟਾਂ ਨੂੰ ਦੂਰ ਕਰਕੇ ਦਿੱਲੀ ਦੀਆਂ ਬਰੂਹਾਂ 'ਤੇ ਆਪਣੀਆਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਬੈਠੇ ਹਨ।
ਸ਼ਾਇਰਾ ਨੂੰ ਪੂਰੀ ਉਮੀਦ ਹੈ ਕਿ ਕਿਸਾਨ ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਜਿੱਤ ਕੇ ਪਰਚਮ ਲਹਿਰਾਉਂਦੇ ਆਪਣੇ ਘਰਾਂ ਨੂੰ ਪਰਤਣਗੇ। ਸ਼ਾਇਰਾ ਕਹਿੰਦੀ ਹੈ ਕਿ ਜਿਸ ਨੂੰ ਗੰਗਾ ਪਵਿੱਤਰ ਨਦੀ ਕਿਹਾ ਜਾਂਦਾ ਹੈ, ਉਥੇ ਕੋਰੋਨਾ ਕਾਲ ਦੌਰਾਨ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਤੈਰ ਰਹੀਆਂ ਲਾਸ਼ਾਂ ਗੰਗਾ ਨੂੰ ਪਲੀਤ ਕਰ ਰਹੀਆਂ ਹਨ। ਉਹ ਮਜ਼੍ਹਬ ਦੇ ਠੇਕੇਦਾਰਾਂ ਦੇ ਬਖੀਏ ਉਧੇੜਦੀ ਹੋਈ ਮੋਦੀ 'ਤੇ ਤਨਜ਼ ਦੇ ਨਸ਼ਤਰ ਚਲਾਉਂਦਿਆਂ ਆਖਦੀ ਹੈ ਕਿ ਮੋਦੀ ਚੌਕੀਦਾਰ ਨਹੀਂ ਚੋਬਦਾਰ ਹੈ ਜੋ 10 ਲੱਖ ਦਾ ਸੂਟ ਪਾ ਕੇ ਮੋਦੀ ਭਗਤ ਹੋਣ ਦੀ ਨੌਟੰਕੀ ਕਰ ਰਿਹਾ ਹੈ।
ਉਹ ਸਮਕਾਲੀ ਸਮਾਜ ਨੂੰ ਪਿਤਰਕੀ ਸੱਤਾ ਦੀ ਹੈਂਕੜ ਵਿਚ ਇਸਤਰੀ ਨੂੰ ਅਬਲਾ ਕਹਿਣ ਨੂੰ ਵੰਗਾਰਦੀ ਹੈ। ਸਰਕਾਰੀ ਵਜ਼ੀਫ਼ੇ ਦੀ ਝਾਕ ਰੱਖਣ ਵਾਲੇ ਕਲਮਕਾਰਾਂ 'ਤੇ ਲਾਹਣਤਾ ਦੀ ਵਾਛੜ ਮਾਰਦੀ ਹੈ। ਉਹ ਅੱਜ ਦੇ ਚੱਲ ਰਹੇ ਮਹਾਂਭਾਰਤ ਵਿਚ ਸਮੇਂ ਦੇ ਅਰਜਨਾਂ ਤੋਂ ਉਮੀਦ ਰੱਖਦੀ ਹੈ ਕਿ ਮੱਛੀ ਦੀ ਅੱਖ ਵੱਲ ਨਿਸ਼ਾਨਾ ਸਾਧ ਲੈਣ। ਸ਼ਾਇਰਾ ਦੇ ਆਧੁਨਿਕ ਭਾਵ ਬੋਧ ਤੇ ਕਾਵਿ-ਸ਼ਿਲਪ ਨੂੰ ਸਲਾਮ ਤਾਂ ਕਹਿਣਾ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254

14-05-2022

 ਪਾਕਿਸਤਾਨੀ ਕਲਾਸਿਕ ਉਰਦੂ ਕਹਾਣੀਆਂ
ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98148-03254.

ਕਹਾਣੀਕਾਰ ਜਿੰਦਰ ਨੇ ਇਸ ਪੁਸਤਕ ਵਿਚ 11 ਪਾਕਿਸਤਾਨੀ ਉਰਦੂ ਕਹਾਣੀਆਂ ਸੰਗ੍ਰਹਿਤ ਕੀਤੀਆਂ ਹਨ। ਕਹਾਣੀਆਂ ਹਿੰਦੀ ਤੋਂ ਅਨੁਵਾਦ ਹੋਈਆਂ ਹਨ। ਸੰਪਾਦਕ ਲਈ ਕਹਾਣੀਆਂ ਦੀ ਚੋਣ ਕਰਨੀ ਔਖਾ ਕੰਮ ਸੀ, ਕਿਉਂਕਿ ਉਸ ਕੋਲ 150-200 ਕਹਾਣੀਆਂ ਸਨ। ਇਹ ਸਾਰੇ ਕਹਾਣੀਕਾਰ ਪਾਕਿਸਤਾਨ ਦੇ ਹਨ। ਪਰ ਕੁਝ ਸਾਹਿਤਕਾਰ ਇਧਰਲੇ ਪੰਜਾਬ ਦੇ ਜੰਮਪਲ ਹਨ। ਦੇਸ਼ ਵੰਡ ਵੇਲੇ ਪਾਕਿਸਤਾਨ ਵਿਚ ਚਲੇ ਗਏ ਸੀ। ਕਈ ਕਈ ਪੁਸਤਕਾਂ ਦੇ ਰਚਨਹਾਰ ਹਨ। ਸਆਦਤ ਹਸਨ ਮੰਟੋ (ਖੋਲ੍ਹ ਦਿਓ) ਸਮਰਾਲੇ ਦਾ ਜੰਮਪਲ ਹੈ। ਮੁਮਤਾਜ਼ ਮੁਫਤੀ (ਸਮੇਂ ਦਾ ਬੰਨ੍ਹਣ) ਗੁਰਦਾਸਪੁਰ ਤੋਂ, ਗੁਲਾਮ ਅੱਬਾਸ (ਆਨੰਦੀ) ਅੰਮ੍ਰਿਤਸਰ, ਆਗਾ ਬਾਬਰ ਬਟਾਲਾ (ਗੁਲਾਬਦੀਨ ਡਾਕੀਆ), ਬਾਨੋ ਕੁਦਸੀਆ ਫਿਰੋਜ਼ਪੁਰ (ਅੰਤਰ ਹੋਤ ਉਦਾਸ), ਇੰਤਜ਼ਾਰ ਹੁਸੈਨ ਉੱਤਰ ਪ੍ਰਦੇਸ਼ (ਨਰ ਨਾਰੀ) ਪੁਸਤਕ ਪਰਵਾਸੀ ਸਾਹਿਤਕਾਰ ਹਰਜੀਤ ਅਟਵਾਲ ਨੂੰ ਸਮਰਪਿਤ ਹੈ। ਆਰੰਭ ਵਿਚ ਸੰਪਾਦਕ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਕਲਾਸਿਕ ਰਚਨਾਵਾਂ ਦਾ ਜ਼ਿਕਰ ਕੀਤਾ ਹੈ ਤੇ ਰਚਨਾ ਦੇ ਕਲਾਸਿਕ ਹੋਣ ਦੇ ਅਰਥ ਕੀਤੇ ਹਨ। ਪ੍ਰਸਿੱਧ ਚਿੰਤਕ ਡਾ. ਜੁਗਿੰਦਰ ਸਿੰਘ ਰਾਹੀ, ਡਾ. ਧਨਵੰਤ ਕੌਰ, ਡਾ. ਮੇਘਾ ਸਲਵਾਨ, ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਕੁਲਦੀਪ ਸਿੰਘ ਦੇ ਕਲਾਸਿਕ ਸਾਹਿਤ ਬਾਰੇ ਸਟੀਕ ਵਿਚਾਰ ਲਿਖੇ ਹਨ। ਪਾਕਿਸਤਾਨ ਵਿਚ ਉਰਦੂ ਸਾਹਿਤ ਰਾਜਸੀ ਉਥਲ-ਪੁਥਲ, ਪਾਕਿਸਤਾਨੀ ਕਹਾਣੀਆਂ ਦੀ ਤਕਨੀਕ ਤੇ ਸ਼ੈਲੀ ਬਾਰੇ 20 ਪੰਨਿਆਂ ਦੀ ਭੂਮਿਕਾ ਹੈ। ਉਰਦੂ ਦੀਆਂ ਹੋਰ ਚਰਚਿਤ ਕਹਾਣੀਆਂ ਦਾ ਵੀ ਵੇਰਵਾ ਹੈ। ਪੁਸਤਕ ਦੀਆਂ ਕਹਾਣੀਆਂ ਦੀ ਉੱਤਮਤਾ ਇਸ ਵਿਚ ਹੈ ਕਿ ਇਨ੍ਹਾਂ ਦੇ ਪਾਤਰ ਵੱਖ-ਵੱਖ ਵੰਨਗੀਆਂ ਦੇ ਹਨ। ਔਰਤ ਦੇ ਵੇਸਵਾ ਰੂਪ ਨੂੰ ਵਧੇਰੇ ਉਜਾਗਰ ਕੀਤਾ ਹੈ। ਦੇਸ਼ ਵੰਡ ਵੇਲੇ ਔਰਤ ਦੇ ਸ਼ੋਸ਼ਣ ਦੀ ਤ੍ਰਾਸਦਿਕ ਤਸਵੀਰ ਹੈ। ਆਨੰਦੀ ਕਹਾਣੀ ਵਿਚ ਵੇਸਵਾਵਾਂ ਦੀ ਬਸਤੀ ਨੂੰ ਸ਼ਹਿਰ ਤੋਂ ਦੂਰ ਲੇ ਕੇ ਜਾਣ ਦਾ ਬਿਰਤਾਂਤ ਹੈ। ਕਿਉਂਕਿ ਸ਼ਹਿਰ ਦੇ ਪਤਵੰਤੇ ਲੋਕ ਇਕੱਠੇ ਹੋ ਕੇ ਫ਼ੈਸਲਾ ਕਰਦੇ ਹਨ। ਗੁਲਾਬਦੀਨ ਡਾਕੀਆ ਵੇਸਵਾਵਾਂ ਦੇ ਮੁਹੱਲੇ ਵਿਚ ਘਰ-ਘਰ ਜਾ ਕੇ ਡਾਕ ਵੰਡਦਾ ਹੈ। ਪਹਿਲਾਂ ਉਸ ਨੂੰ ਕਚਿਆਣ ਜਿਹੀ ਆਉਂਦੀ ਸੀ। ਫਿਰ ਜਦੋਂ ਉਹ ਰਾਗ ਰੰਗ ਵੇਖਣ ਦਾ ਆਦੀ ਹੋ ਗਿਆ ਤਾਂ ਪੋਸਟਮਾਸਟਰ ਵਲੋਂ ਡਿਊਟੀ ਬਦਲਣ ਵੇਲੇ ਕਹਿੰਦਾ ਹੈ ਮੈਨੂੰ ਇਥੇ ਹੀ ਰਹਿਣ ਦਿਓ। ਕਹਾਣੀ ਵਿਚ ਵੇਸਵਾ ਸਮਾਗਮ ਦਾ ਬੇਬਾਕ ਜ਼ਿਕਰ ਹੈ। ਕਹਾਣੀ ਅਸ਼ਰਫ ਸਟੀਲ ਮਾਰਟ (ਅਸ਼ਫਾਕ ਅਹਿਮਦ) ਨਿਰੋਲ ਵਿਗਿਆਨਕ ਰਚਨਾ ਹੈ। ਪਾਤਰ ਵੀ ਵਿਗਿਆਨੀ ਹਨ। ਹਰੇਕ ਕਹਾਣੀਕਾਰ ਦਾ ਜੀਵਨ ਵੇਰਵਾ ਵੀ ਹੈ। ਪੁਸਤਕ ਉਰਦੂ ਕਹਾਣੀ ਦਾ ਪੰਜਾਬੀ ਵਿਚ ਪਸਾਰ ਕਰਨ ਦੇ ਸਮਰੱਥ ਹੈ।

ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਆਤਮਜੀਤ ਦੇ ਸਾਰੇ ਲਘੂ ਨਾਟਕ
ਸੰਪਾਦਕ : ਸਤੀਸ਼ ਕੁਮਾਰ ਵਰਮਾ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 500 ਰੁਪਏ, ਸਫ਼ੇ : 312
ਸੰਪਰਕ : 99157-06407

ਡਾ. ਆਤਮਜੀਤ ਪੰਜਾਬੀ ਦੇ ਕੁਝ ਉਨ੍ਹਾਂ ਨਾਟਕਕਾਰਾਂ ਵਿਚੋਂ ਹੈ, ਜਿਨ੍ਹਾਂ ਨੇ 20ਵੀਂ ਸਦੀ ਦੀ ਆਖਰੀ ਚੌਥਾਈ ਵਿਚ ਪੰਜਾਬੀ ਨਾਟਕ ਨੂੰ ਇਕ ਖੜੋਤ ਦੀ ਅਵਸਥਾ ਵਿਚੋਂ ਕੱਢ ਕੇ ਇਕ ਨਵੀਨ ਊਰਜਾ ਤੇ ਗਤੀ ਪ੍ਰਦਾਨ ਕੀਤੀ ਸੀ। ਆਈ.ਸੀ. ਨੰਦਾ, ਹਰਚਰਨ ਸਿੰਘ, ਬਲਵੰਤ ਗਾਰਗੀ, ਗੁਰਦਿਆਲ ਸਿੰਘ ਫੁੱਲ, ਸ੍ਰੀ ਖੋਸਲਾ, ਸੁਰਜੀਤ ਸਿੰਘ ਸੇਠੀ ਅਤੇ ਕਪੂਰ ਸਿੰਘ ਘੁੰਮਣ ਆਦਿ ਨੇ 70-75 ਵਰ੍ਹੇ ਪੰਜਾਬੀ ਨਾਟਕ ਨੂੰ ਪ੍ਰਾਣਵੰਤ ਅਤੇ ਊਰਜਾਸ਼ੀਲ ਬਣਾਈ ਰੱਖਿਆ ਸੀ ਪਰ ਇਨ੍ਹਾਂ ਦੇ ਵਧੇਰੇ ਨਾਟਕ ਕਿਸੇ ਸੁਧਾਰ, ਸੁਨੇਹੇ ਜਾਂ ਕਥਾ-ਬਿਰਤਾਂਤ ਦੀ ਪੇਸ਼ਕਾਰੀ ਕਰਦੇ ਸਨ। ਇਨ੍ਹਾਂ ਨੇ ਆਪਣੇ ਲਈ ਕਿਸੇ 'ਨਾਟਕੀ ਭਾਸ਼ਾ' ਦੀ ਈਜਾਦ ਵੀ ਨਹੀਂ ਸੀ ਕੀਤੀ। ਆਤਮਜੀਤ ਵਾਂਗ ਇਹ ਆਤਮ-ਅਭਿਵਿਅਕਤੀ ਲਈ ਮਾਧਿਅਮ ਨਾਲ ਤੀਬਰ ਸੰਘਰਸ਼ ਨਹੀਂ ਸੀ ਕਰਦੇ, ਇਨ੍ਹਾਂ ਦਾ ਸੰਘਰਸ਼ ਵਿਸ਼ੈ-ਵਸਤੂ ਦੀ ਪੇਸ਼ਕਾਰੀ ਨਾਲ ਹੀ ਜੁੜਿਆ ਰਹਿੰਦਾ ਸੀ। ਇਸੇ ਕਾਰਨ ਉਹ ਹੌਲੀ-ਹੌਲੀ ਜੜ੍ਹਤਾ ਦਾ ਸ਼ਿਕਾਰ ਹੁੰਦੇ ਗਏ।
ਹਥਲੇ ਸੰਕਲਨ ਵਿਚ ਸ੍ਰੀ ਆਤਮਜੀਤ ਦੇ 'ਪੱਲੂ ਦੀ ਉਡੀਕ ਵਿਚ' ਤੋਂ ਲੈ ਕੇ 'ਕੀਣਾਂ' ਤੱਕ 14 ਲਘੂ ਨਾਟਕ ਸੰਗ੍ਰਹਿਤ ਹੋਏ ਹਨ। 1975 ਤੋਂ 2010 ਤੱਕ, 36 ਵਰ੍ਹਿਆਂ ਦੀ ਯਾਤਰਾ ਵਿਚ ਉਸ ਨੇ ਪੰਜਾਬੀ ਨਾਟਕ ਨੂੰ ਬਹੁਤ ਸਮਰਿਧ ਅਤੇ ਬਹੁਆਯਾਮੀ ਬਣਾਇਆ ਹੈ। ਯੁਵਾ ਪੰਜਾਬੀ ਨਾਟਕਕਾਰਾਂ ਦੀ ਇਕ ਵੱਡੀ ਟੋਲੀ ਉਸੇ ਤੋਂ ਸੇਧ, ਪ੍ਰੇਰਨਾ ਅਤੇ ਅੰਤਰ-ਦ੍ਰਿਸ਼ਟੀਆਂ ਹਾਸਲ ਕਰਦੀ ਰਹੀ ਹੈ। ਉਹ ਸਪੈਕਟੇਕਲ ਦਾ ਨਾਟਕਰਮੀ ਹੈ। ਕਿਸੇ ਡਿਸਕੋਰਸ ਜਾਂ ਬਿਰਤਾਂਤ ਦਾ ਪੁਨਰ-ਲੇਖਣ ਨਹੀਂ ਕਰਦਾ, ਇਹ ਉਸ ਦੀ ਇਕ ਪ੍ਰਮੁੱਖ ਪ੍ਰਾਪਤੀ ਰਹੀ ਹੈ।
"h਼ work }s done (ਅਪ੍ਰਕਾਸ਼ਿਤ) ਅੰਗਰੇਜ਼ੀ ਨਾਟਕ ਲਿਖ ਕੇ ਉਹ ਖਾਮੋਸ਼ ਹੋਣ ਵਾਲਾ ਨਹੀਂ ਹੈ। ਕਿਸੇ ਵੀ ਕਲਾਕਾਰ (ਜਾਂ ਹੋਰ) ਨੂੰ ਆਪਣੀ ਸ਼ਨਾਖ਼ਤ ਬਣਾਈ ਰੱਖਣ ਲਈ ਤਾਉਮਰ ਹੱਥ-ਪੈਰ ਮਾਰਦੇ ਰਹਿਣਾ ਪੈਂਦਾ ਹੈ, ਨਹੀਂ ਤਾਂ ਬੰਦਾ ਡੁੱਬ ਜਾਂਦਾ ਹੈ। ਸਾਨੂੰ ਆਤਮਜੀਤ ਤੋਂ ਅਜੇ ਬਹੁਤ ਆਸ਼ਾਵਾਂ ਹਨ। ਉਹ ਜ਼ਰੂਰ ਰੰਗਮੰਚ ਦੀ ਦੁਨੀਆ ਵਿਚ ਨਵੇਂ ਅਤੇ ਸਾਰਥਕ ਵਿਸਫੋਟ ਕਰਦਾ ਰਹੇਗਾ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
(ਦੀ ਬਾਣੀ ਦਾ ਭਾਵ ਅਰਥੀ ਕਾਵਿ-ਸਟੀਕ)
ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98157-39855.

ਇਹ ਪੁਸਤਕ ਧਰਮ ਦੀ ਚਾਦਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਜਨਮ ਸ਼ਤਾਬਦੀ ਨੂੰ ਸਮਰਪਣ ਕੀਤੀ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ 15 ਰਾਗਾਂ ਵਿਚ 59 ਸ਼ਬਦ ਉਚਾਰਨ ਕੀਤੇ ਹਨ। ਇਕ ਵੱਖਰੇ ਰਾਗ ਜੈਜਾਵੰਤੀ ਵਿਚ ਕੇਵਲ ਆਪ ਦੇ ਹੀ ਚਾਰ ਸ਼ਬਦ ਹਨ। ਆਪਣੀ ਬਾਣੀ ਦੇ ਵੈਰਾਗਮਈ ਉਪਦੇਸ਼ਾਂ ਨੂੰ ਆਮ ਹਿੰਦੂ ਜਨਤਾ ਦੀ ਸੌਖ ਲਈ ਸਰਲ ਹਿੰਦਵੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਪੰਚਾਲੀ, ਗਨਕਾ, ਗਜਰਾਜ, ਅਜਾਮਲ ਆਦਿ ਦੀਆਂ ਸਾਖੀਆਂ ਦੁਆਰਾ ਵਿਸ਼ੇ ਨੂੰ ਸੌਖਾ ਬਣਾਇਆ ਹੈ। ਇਸ ਪੁਸਤਕ ਵਿਚ ਲੇਖਕ ਨੇ ਨੌਵੀਂ ਪਾਤਸ਼ਾਹੀ ਦੀ ਬਾਣੀ ਦਾ ਕਵਿਤਾ ਵਿਚ ਟੀਕਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਸੁਖਮਨੀ ਸੁੱਖ, ਦਿਲਹੁ ਮੁਹਬਤਿ, ਜ਼ਫ਼ਰਨਾਮਾ ਆਦਿ ਬਾਣੀਆਂ ਦੇ ਕਾਵਿ ਅਨੁਵਾਦ ਪ੍ਰਕਾਸ਼ਿਤ ਹੋ ਚੁੱਕੇ ਹਨ। ਕਵਿਤਾ ਦਾ ਕਾਵਿ ਰੂਪ ਵਿਚ ਅਨੁਵਾਦ ਕਰਨਾ ਬੜੀ ਸੂਝ-ਬੂਝ ਵਾਲੀ ਕਲਾ ਹੈ, ਜਿਸ ਵਿਚ ਲੇਖਕ ਪਰਵੀਣ ਹੈ। ਕਾਵਿ ਅਨੁਵਾਦ ਦੇ ਕੁਝ ਨਮੂਨੇ ਇਸ ਪ੍ਰਕਾਰ ਹਨ :
ਮੂਲ ਰੂਪ :
ਹਰਿ ਜਸੁ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ
ਅਓਸਰੁ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ।
ਕਾਵਿ ਅਨੁਵਾਦ :
ਮਨਾ ਮੇਰਿਆ ਪ੍ਰਭੂ ਦੀ ਸਿਫ਼ਤ ਗਾ ਲੈ,
ਵੇਲੇ ਅੰਤ ਦੇ ਇਸੇ ਹੀ ਨਾਲ ਜਾਣਾ।
ਸਮਾਂ ਕਿਰ ਰਿਹਾ ਮੁੱਠੀ 'ਚੋਂ ਰੇਤ ਵਾਂਗੂੰ,
ਆਖਾ ਮਨ ਨਹੀਂ ਪਵੇਗਾ ਪਛੁਤਾਣਾ।

ਕੰਵਲਜੀਤ ਸਿੰਘ ਸੂਰੀ
ਮੋ: 93573-24241

c c c

ਕਲਾਸ
ਕਹਾਣੀਕਾਰ : ਬਲਜੀਤ ਸਿੰਘ ਰੈਨਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫੇ : 120
ਸੰਪਰਕ : 097976-57211.

ਪੰਜਾਬੀ ਨਿੱਕੀ ਕਹਾਣੀ ਦੇ ਖੇਤਰ ਵਿਚ ਬਲਜੀਤ ਸਿੰਘ ਰੈਨਾ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ। ਕਹਾਣੀ ਸੰਗ੍ਰਹਿ, ਨਾਵਲਿੱਟ, ਕਵਿਤਾ, ਨਾਟਕ, ਹਿੰਦੀ ਅਤੇ ਪੰਜਾਬੀ ਅਨੁਵਾਦ ਆਦਿ ਦੀਆਂ ਚੋਖੀ ਮਾਤਰਾ ਵਿਚ ਪੁਸਤਕਾਂ ਦੇ ਰਚੇਤਾ ਬਲਜੀਤ ਸਿੰਘ ਰੈਨਾ ਟੈਲੀ ਅਤੇ ਫ਼ਿਲਮ ਮੀਡੀਆ ਨਾਲ ਵੀ ਸਰਗਰਮ ਰੂਪ ਵਿਚ ਜੁੜਿਆ ਹੋਇਆ ਹੈ। ਟੀ.ਵੀ. ਅਤੇ ਫ਼ਿਲਮ ਜਗਤ ਦੇ ਅਨੁਭਵ, ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਨੂੰ ਬਲਜੀਤ ਰੈਨਾ ਦੀਆਂ ਕਹਾਣੀਆਂ ਵਿਚ ਅਤੇ ਖ਼ਾਸ ਕਰਕੇ ਵਿਚਾਰ ਅਧੀਨ ਕਹਾਣੀ ਸੰਗ੍ਰਹਿ ਕਲਾਸ ਵਿਚ ਦਰਜ ਕੁਝ ਕਹਾਣੀਆਂ ਵਿਚ ਵੀ ਪ੍ਰਤੱਖ ਵੇਖਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਸਾਹਿਤਕਾਰ ਨਵੇਂ-ਨਵੇਂ ਵਿਸ਼ਿਆਂ ਨੂੰ ਲੈ ਕੇ ਹੀ ਚੰਗੀ ਸਾਹਿਤਕ ਕਿਰਤ ਦੀ ਰਚਨਾ ਕਰ ਸਕਦਾ ਹੈ, ਸਗੋਂ ਸਾਹਿਤਕਾਰ ਦੀ ਸਮਰੱਥਾ ਦੀ ਪਰਖ, ਕਿਸੇ ਚਿਰ-ਪਰਚਿਤ ਵਿਸ਼ੇ ਨੂੰ ਵੱਖ-ਵੱਖ ਦ੍ਰਿਸ਼ਟੀਕੋਣ ਅਤੇ ਵੱਖ-ਵੱਖ ਧਰਾਤਲਾਂ ਤੋਂ ਕਿਸੇ ਖ਼ਾਸ ਪ੍ਰਸੰਗ ਵਿਚ ਪ੍ਰਸਤੁਤ ਕਰਨ ਤੋਂ ਹੁੰਦੀ ਹੈ। ਸੰਗ੍ਰਹਿ ਦੀ ਪਹਿਲੀ ਕਹਾਣੀ ਚਾਹੇ ਬਹੁਤ ਹੀ ਚਰਚਿਤ ਵਿਸ਼ੇ ਔਰਤ-ਮਰਦ ਦੇ ਸੰਬੰਧਾਂ ਨੂੰ ਹੀ ਮੂਲ ਰੂਪ ਵਿਚ ਪੇਸ਼ ਕਰਦੀ ਹੈ ਪ੍ਰੰਤੂ ਜਿਸ ਖੇਤਰ ਅਤੇ ਦਾਇਰਿਆਂ ਦਾ ਬਿਰਤਾਂਤ ਸਿਰਜਿਆ ਗਿਆ ਹੈ, ਉਸ ਦੇ ਪਾਤਰ, ਉਨ੍ਹਾਂ ਦੀ ਜੀਵਨ-ਜਾਚ, ਵਿਵਹਾਰ ਆਦਿ ਫ਼ਿਲਮੀ ਦੁਨੀਆ ਦੀ ਸੰਘਰਸ਼ ਭਰੀ ਜ਼ਿੰਦਗੀ ਵਿਚ ਕਾਮਯਾਬ ਹੋਣ ਦੇ ਹੱਥਕੰਡਿਆਂ ਅਤੇ ਸੁਪਨਿਆਂ ਦੀ ਦੁਨੀਆ ਦਾ ਕੱਚ-ਸੱਚ ਪੇਸ਼ ਕੀਤਾ ਗਿਆ ਹੈ। ਸੰਗ੍ਰਹਿ ਦੀ ਦੂਸਰੀ ਕਹਾਣੀ ਕਲਾਕਾਰ, ਮੁਕਾਬਲੇ ਅਤੇ ਅੱਗੇ ਨਿਕਲਣ ਦੀ ਦੌੜ ਵਿਚੋਂ ਪਛੜ ਜਾਣ ਵਾਲਿਆਂ ਦੀ ਮਾਨਸਕਿਤਾ ਨੂੰ ਮਨੋਵਿਗਿਆਨਕ ਜਾਵੀਏ ਤੋਂ ਪ੍ਰਭਾਸ਼ਿਤ ਕਰਦੀ ਹੈ। ਸੀਪ ਅਤੇ ਪ੍ਰੇਮ ਕਥਾ ਅਤੇ ਸਿਆਸਤ ਕਹਾਣੀਆਂ ਰਾਜਨੀਤਕ ਪ੍ਰਸੰਗ ਵਿਚ ਪੇਸ਼ ਹੁੰਦੀਆਂ ਹਨ ਜਦੋਂ ਕਿ ਪਿਛੋਕੜ ਕਹਾਣੀ ਦਾ ਵਿਸ਼ਾ ਵੇਸਵਾਪੁਣਾ ਹੰਢਾਅ ਰਹੀਆਂ ਔਰਤਾਂ ਅੰਦਰਲੀ ਮਾਂ ਦੇ ਦਰਦ ਅਤੇ ਉਨ੍ਹਾਂ ਦੀ ਆਪਣੇ ਬੱਚਿਆਂ ਲਈ ਸੁਰੱਖਿਅਤ ਅਤੇ ਸੁਨਹਿਰੇ ਭਵਿੱਖ ਦੀ ਤੜਪ ਨੂੰ ਬਿਆਨ ਕਰਦਾ ਹੈ। ਸਰਕਸ ਕਹਾਣੀ ਦਾ ਵਿਸ਼ਾ ਕਿਸੇ ਹੱਦ ਤੱਕ ਸਿਰਲੇਖ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਅਜੋਕੇ ਦੌਰ ਵਿਚ ਫ਼ਿਲਮੀ ਜਗਤ ਦੀ ਚਕਾਚੌਂਧ ਵਿਚ ਸਰਕਸ ਆਪਣਾ ਵਜੂਦ ਖੋ ਚੁੱਕੀ ਹੈ। ਸਰਕਸ ਨਾਲ ਜੁੜੇ ਕਲਾਕਾਰਾਂ ਨੂੰ ਰੋਜ਼ੀ-ਰੋਟੀ ਲਈ ਹੋਰ ਕੰਮ-ਧੰਦਿਆਂ ਵੱਲ ਮੁੜਨਾ ਪੈ ਰਿਹਾ ਹੈ। ਸੈਲਾਬ ਕਹਾਣੀ ਦਾ ਵਿਸ਼ਾ ਇਕਪਾਸੜ ਇਸ਼ਕ ਅਤੇ ਧਾਰਮਿਕ ਵਲਗਣਾਂ ਵਿਚ ਫ਼ਿਰਕਾਪ੍ਰਸਤੀ ਦੀ ਰੰਗਣ ਜਿਹੇ ਘਟਨਾਕ੍ਰਮ ਦੁਆਲੇ ਘੁੰਮਦਾ ਹੈ। ਰਿੱਛ ਕਹਾਣੀ, ਜਵਾਨੀ-ਰੁੱਤੇ ਹੋ ਜਾਣ ਵਾਲੇ ਪਿਆਰ, ਪ੍ਰੰਤੂ ਪ੍ਰਵਾਨ ਨਾ ਚੜ੍ਹਨ ਕਰਕੇ ਕਿਤੇ ਹੋਰ ਵਿਆਹ ਹੋ ਜਾਣ ਜਿਹੀਆਂ, ਸਾਡੇ ਦੁਆਲੇ ਨਿੱਤ-ਵਾਪਰਨ ਵਾਲੇ ਵਿਸ਼ੇ 'ਤੇ ਆਧਾਰਿਤ ਹੈ। ਪ੍ਰੰਤੂ ਕਹਾਣੀ ਵਿਚ ਇਹ ਸਭ ਕੁਝ ਇਕ ਯਾਦ ਵਾਂਗ ਵਾਪਰਦਾ ਹੈ। ਲੋਕ ਜ਼ਿੰਦਗੀ ਵਿਚ, ਬਹੁਤ ਵਾਰ ਜੋ ਨਹੀਂ ਮਿਲਿਆ ਹੁੰਦਾ ਤੇ ਪਛਤਾਵਾ ਕਰਨ ਨਾਲੋਂ ਜੋ ਮਿਲਿਆ ਉਸ ਨਾਲ ਹੀ ਸਮਝੌਤਾ ਕਰਕੇ ਜ਼ਿੰਦਗੀ ਬਸਰ ਕਰ ਲੈਂਦੇ ਹਨ।
ਬਲਜੀਤ ਸਿੰਘ ਰੈਨਾ ਦੀਆਂ ਕਹਾਣੀਆਂ ਚਾਹੇ ਵਿਸ਼ੇ ਪੱਖ ਤੋਂ ਕਿਸੇ ਨਵੇਂ ਵਿਸ਼ੇ ਨੂੰ ਨਹੀਂ ਛੂੰਹਦੀਆਂ ਪ੍ਰੰਤੂ ਜਿਸ ਪਿਠਵਰਤੀ ਭੂਮੀ 'ਤੇ ਇਹ ਕਹਾਣੀਆਂ ਵਾਪਰਦੀਆਂ ਹਨ ਅਤੇ ਰੈਨਾ ਜਿਸ ਤਰ੍ਹਾਂ ਇਨ੍ਹਾਂ ਕਹਾਣੀਆਂ ਨੂੰ ਰੂਪਕ ਪੱਖ ਤੋਂ ਤਰਾਸ਼ਦਾ ਹੈ, ਉਸ ਨਾਲ ਇਹ ਕਹਾਣੀਆਂ ਕਮਾਲ ਦਾ ਪ੍ਰਭਾਵ ਸਿਰਜਣ ਵਿਚ ਕਾਮਯਾਬ ਰਹਿੰਦੀਆਂ ਹਨ।

ਡਾ. ਪ੍ਰਦੀਪ ਕੌੜਾ
ਮੋ: 95011-15200

ਚਾਰੂ-ਵਸੰਤਾ
(ਕੱਨੜ ਮਹਾਂਕਾਵਿ)
ਮੂਲ ਲੇਖਕ : ਪ੍ਰੋ. ਹੰਪਾ ਨਾਗਰਾਜਈਆਂ
ਅਨੁਵਾਦਕਾ : ਰਜਵੰਤ ਕੌਰ ਪ੍ਰੀਤ
ਪ੍ਰਕਾਸ਼ਨ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 495 ਰੁਪਏ, ਸਫ਼ੇ : 288
ਸੰਪਰਕ : 099643-71596.

ਕੱਨੜ ਭਾਸ਼ਾ 'ਚ ਲਿਖੀ ਇਹ ਪੁਸਤਕ ਅੰਗਰੇਜ਼ੀ ਤੋਂ ਛੁੱਟ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਅਨੁਵਾਦਤ ਹੋ ਚੁੱਕੀ ਹੈ। ਮਹਾਂਕਾਵਿ ਨੂੰ ਕਿਸੇ ਹੋਰ ਭਾਸ਼ਾ ਦੇ ਕਾਵਿਕ ਅੰਦਾਜ਼ ਵਿਚ ਅਨੁਵਾਦ ਕਰਨਾ ਸੌਖਾ ਨਹੀਂ ਹੁੰਦਾ। ਰਜਵੰਤ ਕੌਰ ਪ੍ਰੀਤ ਨੇ ਇਸ ਪੁਸਤਕ ਦੇ ਹਿੰਦੀ ਭਾਸ਼ਾ ਵਿਚ ਹੋਏ ਅਨੁਵਾਦ ਨੂੰ ਪੰਜਾਬੀ ਭਾਸ਼ਾ ਵਿਚ ਸ਼ਬਦਾਵਲੀ ਪੱਖੋਂ ਹੀ ਨਹੀਂ ਸਗੋਂ ਮੌਲਿਕ ਕਾਵਿ-ਸਿਰਜਣ ਪ੍ਰਕਿਰਿਆ ਰਾਹੀਂ ਇਸ ਨੂੰ ਪੰਜਾਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ। ਚਾਰੂ ਅੰਗਦੇਸ਼ ਦੀ ਰਾਜਧਾਨੀ ਚੰਪਾਪੁਰ ਦੇ ਇਕ ਪ੍ਰਸਿੱਧ ਵਪਾਰੀ ਭਾਨੂਦੱਤ ਦਾ ਪੁੱਤਰ ਸੀ ਜੋ ਖ਼ੁਦ ਪਿਤਾ ਪੁਰਖੀ ਕਾਰਜ ਵਿਚ ਧਨਾਢ ਬਣਿਆ ਹੋਇਆ ਸੀ ਪ੍ਰੰਤੂ ਉਹ ਵਿਆਹ ਹੋਣ ਦੇ ਬਾਵਜੂਦ ਪਤਨੀ ਨਾਲ ਗ੍ਰਹਿਸਤੀ ਜੀਵਨ ਵਿਵਹਾਰ ਤੋਂ ਗੁਰੇਜ਼ ਕਰਦਾ ਰਿਹਾ। ਇਸ ਪ੍ਰਕਿਰਿਆ ਨੂੰ ਨਿਭਾਉਣ ਹਿਤ ਉਸ ਦੇ ਮਾਮੇ ਦੀ ਅਗਵਾਈ ਹੇਠ ਘਰ ਗ੍ਰਹਿਸਤੀ ਦੀ ਸਮਝਦਾਰੀ ਕਰਾਉਣ ਹਿਤ ਵਸੰਤਾ ਨਾਂਅ ਦੀ ਵੇਸਵਾ ਦੇ ਸੰਪਰਕ ਵਿਚ ਲਿਆਂਦਾ ਗਿਆ। ਇਸ ਦੇ ਸੰਪਰਕ ਵਿਚ ਆ ਕੇ ਚਾਰੂ ਨੇ ਆਪਣੀ ਸਾਰੀ ਧਨ-ਦੌਲਤ ਲੁਟਾਅ ਦਿੱਤੀ। ਥੋੜ੍ਹੀ ਬਹੁਤ ਸੂਝ ਆਉਣ 'ਤੇ ਕਿਉਂ ਜੋ ਧਾਰਮਿਕਤਾ ਪੱਖੋਂ ਉਹ ਜੈਨ ਧਰਮ ਦੇ ਮੂਲ ਸਿਧਾਂਤਾਂ ਨੂੰ ਵੀ ਜਾਣਦਾ ਸੀ ਮੁੜ ਆਪਣੀ ਪਹਿਲੀ ਅਵਸਥਾ ਵਿਚ ਸ਼ਾਂਤ ਸੁਭਾਅ ਹੋ ਕੇ ਪਰਤ ਆਇਆ। ਇਸ ਸਾਰੇ ਬਿਰਤਾਂਤ ਨੂੰ ਵਿਸਤਾਰ ਸਹਿਤ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਪ੍ਰੋ. ਹੰਪਾ ਨਾਗਰਾਜਈਆ ਨੇ ਖੂਬ ਸਮਝਿਆ ਅਤੇ ਮਹਾਂ ਕਾਵਿ ਸਿਰਜਣ ਸਮੇਂ ਉਸ ਨੇ ਜੈਨ ਧਰਮ ਦੇ ਮੂਲ ਸਿਧਾਂਤਾਂ ਨੂੰ ਭਲੀ-ਭਾਂਤ ਆਪਣੀ ਸੋਚ ਦ੍ਰਿਸ਼ਟੀ ਦੇ ਅੰਤਰਗਤ ਕਾਵਿਕ ਰੂਪ ਵਿਚ ਪੇਸ਼ ਕੀਤਾ। ਰਜਵੰਤ ਕੌਰ ਪ੍ਰੀਤ ਨੇ ਇਸ ਮਹਾਂਕਾਵਿ ਨੂੰ ਹਿੰਦੀ ਦੇ ਪਾਠ ਵਿਚੋਂ ਸਮਝਦਿਆਂ ਹੋਇਆਂ ਆਪਣੀ ਉਲਥਾਅ ਦੀ ਸ਼ਕਤੀ 'ਤੇ ਨਿਰਭਰ ਨਹੀਂ ਰੱਖਿਆ ਸਗੋਂ ਉਸ ਨੇ ਕਵਿੱਤਰੀ ਹੋਣ ਦੇ ਨਾਤੇ ਇਸ ਕਥਾ ਬਿਰਤਾਂਤ ਨੂੰ ਪੰਜ ਸਰਗਾਂ ਤੁਰੀ ਕਹਾਣੀ, ਸੁਹਜ-ਸੁਹੱਪਣ, ਪੀੜਾਂ ਦਾ ਪਰਾਗਾ, ਚੜ੍ਹਦੀ ਕਲਾ ਵੱਲ ਅਤੇ ਗਾਹ ਛੱਡੇ ਦੇਸ-ਪ੍ਰਦੇਸ ਦੇ ਅੰਤਰਗਤ ਵੱਖ-ਵੱਖ ਉਪ ਖੰਡਾਂ ਜ਼ਰੀਏ ਇਸ ਕਥਾ ਨੂੰ ਬਾਖੂਬੀ ਪਾਠਕਾਂ ਦੇ ਸਨਮੁੱਖ ਕੀਤਾ ਹੈ। ਅਜਿਹੀ ਪੁਸਤਕ ਵਿਸ਼ਵ ਵਿਆਪੀ ਪੰਜਾਬੀ ਭਾਈਚਾਰੇ ਦੀਆਂ ਅੰਦਰੂਨੀ ਅਤੇ ਬਾਹਰੀ ਭਾਵਨਾਵਾਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੀ ਵੀ ਪ੍ਰਤੀਤ ਹੁੰਦੀ ਹੈ ਅਤੇ ਕਲਾਸਿਕ ਸਾਹਿਤ ਦੀ ਝਲਕ ਵੀ ਪ੍ਰਦਾਨ ਕਰਦੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਮੈ ਜਾਣਿਆ ਦੁਖ ਮੁਝ ਕੋ
ਲੇਖਕ : ਜਸਵਿੰਦਰ ਸਿੰਘ ਮਾਣੋਚਾਹਲ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 94636-13035.

ਇਸ ਸਵੈ-ਬਿਰਤਾਂਤ ਵਿਚ ਲੇਖਕ ਨੇ ਆਪਣੇ ਜੀਵਨ ਸੰਘਰਸ਼ ਨੂੰ ਬਿਆਨ ਕਰਦਿਆਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ ਕਿ ਉਸ ਨੂੰ ਪਹਿਲਾਂ-ਪਹਿਲ ਇਹੀ ਜਾਪਦਾ ਸੀ ਕਿ ਸਿਰਫ ਉਸ ਦਾ ਜੀਵਨ ਹੀ ਸੰਘਰਸ਼ ਭਰਿਆ ਸੀ ਪਰ ਜਿਵੇਂ ਹੀ ਉਸ ਨੇ ਦੁਨੀਆ ਨੂੰ ਜਾਣਨਾ ਅਤੇ ਸਮਝਣਾ ਸ਼ੁਰੂ ਕੀਤਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਦੁਨੀਆ ਵਿਚ ਸੰਘਰਸ਼ ਹਰੇਕ ਇਨਸਾਨ ਦੇ ਹਿੱਸੇ ਆਇਆ ਹੈ ਪਰ ਉਸ ਦਾ ਰੂਪ ਅਲੱਗ-ਅਲੱਗ ਹੈ। ਇਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਲੇਖਕ ਨੇ ਆਪਣੇ ਬਚਪਨ ਦੇ ਦਿਨਾਂ ਦਾ ਜ਼ਿਕਰ ਕਰਦਿਆਂ ਇਨ੍ਹਾਂ ਦਿਨਾਂ ਦੇ ਸੰਘਰਸ਼ ਦੀ ਦਾਸਤਾਨ ਨੂੰ ਬਿਆਨ ਕੀਤਾ ਹੈ। ਆਪਣਿਆਂ ਨਾਨਕਿਆਂ ਖ਼ਾਸ ਕਰਕੇ ਆਪਣੇ ਮਾਮਾ ਜੀ ਦੇ ਪ੍ਰਭਾਵ ਅਧੀਨ ਉਹ ਜ਼ਿੰਦਗੀ ਦੇ ਸੁਲਝੇ ਰਾਹਾਂ ਵੱਲ ਆਪਣੇ ਪੈਰ ਵਧਾਉਂਦਾ ਹੈ ਅਤੇ ਆਪਣੇ ਅਧਿਆਪਕ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਜਾਂਦਾ ਹੈ। ਇਸ ਰਾਹ ਭਾਵੇਂ ਉਸ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਗੰਭੀਰ ਅਤੇ ਸਿਆਣੇ ਮਿੱਤਰਾਂ ਦਾ ਸਾਥ ਉਸ ਨੂੰ ਆਪਣੇ ਰਾਹਾਂ ਵੱਲ ਲਗਨ ਨਾਲ ਤੋਰੀ ਰੱਖਦਾ ਹੈ।
ਆਪਣੇ ਇਨ੍ਹਾਂ ਮਿੱਤਰਾਂ ਨੂੰ ਲੇਖਕ ਨੇ ਧਰੂ ਤਾਰੇ ਕਹਿ ਕੇ ਨਿਵਾਜਿਆ ਹੈ ਜਿਹੜੇ ਕਿ ਰਾਹ-ਦਸੇਰੇ ਸਾਬਤ ਹੁੰਦੇ ਹਨ। ਜੇ.ਬੀ.ਟੀ. ਦੀ ਟ੍ਰੇਨਿੰਗ ਤੋਂ ਬਾਅਦ ਰੁਜ਼ਗਾਰ ਦੀ ਭਾਲ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਨੌਕਰੀਆਂ ਤੋਂ ਸਰਕਾਰੀ ਨੌਕਰੀ ਲੈਣ ਤੋਂ ਬਾਅਦ ਆਪਣੇ ਗ੍ਰਹਿਸਥ ਜੀਵਨ ਦੀ ਗਾਥਾ ਬਿਆਨ ਕਰਦਾ ਹੈ। ਪੰਜਾਬ ਦੇ ਕਾਲੇ ਦਿਨਾਂ ਦੇ ਖ਼ੌਫ ਵਿਚ ਬਿਤਾਏ ਦਿਨ, ਨਿਆਂ ਪਾਲਿਕਾ ਵਿਵਸਥਾ, ਆਪਣੇ ਆਖਰੀ ਸਕੂਲ ਬਾਰੇ ਚਰਚਾ ਕਰਨ ਦੇ ਨਾਲ-ਨਾਲ ਉਹ ਆਪਣੀ ਮਾਂ ਅਤੇ ਆਪਣੇ ਚਾਚੇ ਨਾਲ ਆਪਣੇ ਰਿਸ਼ਤੇ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਵੀ ਗੱਲ ਕਰਦਾ ਹੈ। ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਸ਼ਹਿਰ ਰਹਿਣ ਦਾ ਫ਼ੈਸਲਾ, ਪਿਤਾ ਦੇ ਤੁਰ ਜਾਣ ਦਾ ਦਰਦ, ਅਧਿਆਪਕ ਯੂਨੀਅਨ ਵਿਚ ਕੰਮ ਕਰਨਾ, ਬੀ.ਐਡ ਕੋਰਸ ਅਤੇ ਬਾਅਦ ਦੀ ਖੱਜਲ ਖੁਆਰੀ, ਇਹ ਸਭ ਵੀ ਲੇਖਕ ਦੇ ਸਵੈ-ਬਿਰਤਾਂਤ ਦਾ ਹਿੱਸਾ ਬਣੇ ਹਨ। ਸੇਵਾਮੁਕਤੀ ਤੋਂ ਬਾਅਦ ਲੇਖਕ ਆਪਣੇ ਨਿੱਜੀ ਸੰਘਰਸ਼ ਤੋਂ ਉੱਪਰ ਉੱਠ ਕੇ ਸਮਾਜਿਕ ਸੰਘਰਸ਼ ਵਿਚ ਹਿੱਸਾ ਪਾਉੇਣ ਲਈ ਯਤਨਸ਼ੀਲ ਹੈ। ਸਰਲ ਸਾਦਾ ਭਾਸ਼ਾ ਵਾਲਾ ਇਹ ਬਿਰਤਾਂਤ ਲੇਖਕ ਦੇ ਨਿੱਜ ਨੂੰ ਬਿਆਨਦਾ ਹੈ।

ਡਾ. ਸੁਖਪਾਲ ਕੌਰ ਸਮਰਾਲਾ
ਮੋ: 83606-83823

08-05-2022

 ਭਾਸ਼ਨ ਕਲਾ ਅਤੇ ਕਾਮਯਾਬੀ
ਮੂਲ ਲੇਖਕ : ਡੇਲ ਕਾਰਨੇਗੀ
ਅਨੁਵਾਦ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 98146-28027.


ਕੁਦਰਤ ਨੇ ਹਾਵ ਭਾਵ ਪੈਦਾ ਕਰਨ ਲਈ ਵੱਖ-ਵੱਖ ਜੀਵ ਜੰਤੂਆਂ ਵਿਚ ਵੱਖ-ਵੱਖ ਮੁਦਰਾਵਾਂ ਪੈਦਾ ਕੀਤੀਆਂ ਹਨ। ਜੀਭ ਇਨ੍ਹਾਂ ਮੁਦਰਾਵਾਂ ਵਿਚ ਬੋਲ ਬਾਣੀ ਦਾ ਇਕ ਵਿਸ਼ੇਸ਼ ਰੋਲ ਅਦਾ ਕਰਦੀ ਹੈ। ਇਹ ਬੋਲ ਬਾਣੀ ਹੀ ਇਕ ਵੱਖਰੀ ਪਛਾਣ/ਸ਼ਖ਼ਸੀਅਤ ਵੀ ਬਣਾਉਣ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਮਨੁੱਖੀ ਜੀਵਨ ਵਿਚ ਹੋਰ ਕਲਾਵਾਂ ਦੇ ਨਾਲ-ਨਾਲ ਭਾਸ਼ਨ ਕਲਾ ਦੀ ਵੀ ਬਹੁਤ ਮਹੱਤਤਾ ਹੈ।
ਡੇਲ ਕਾਰਨੇਗੀ ਦੀ ਸੰਸਾਰ ਪ੍ਰਸਿੱਧ ਪੁਸਤਕ @Pub&}c Speak}n{ for Success@ ਦਾ ਅਨੁਵਾਦ 'ਭਾਸ਼ਨ ਕਲਾ ਅਤੇ ਕਾਮਯਾਬੀ' ਵਿਚ ਭਾਸ਼ਨ ਕਲਾ ਨੂੰ ਸੰਵਾਰਨ ਤੇ ਨਿਖਾਰਨ ਦੇ ਬਹੁਤ ਸਾਰੇ ਗੁਰ ਦਰਸਾਏ ਗਏ ਹਨ। ਇਕ ਵਧੀਆ ਚੰਗਾ ਵਕਤਾ/ਬੁਲਾਰਾ ਬਣਨ ਦੇ ਕਰੀਬ ਇਕੱਤੀ ਵਿਸ਼ਿਆਂ ਨੂੰ ਬੜੇ ਗੂੜ੍ਹ ਗਿਆਨ ਦੇ ਵਿਸਥਾਰ ਨਾਲ ਪੇਸ਼ ਕੀਤਾ ਹੈ। ਜਗਤ ਪ੍ਰਸਿੱਧ ਬਹੁਤ ਸਾਰੇ ਵਿਦਵਾਨਾਂ, ਬੁੱਧੀਜੀਵੀਆਂ ਤੇ ਦਾਰਸ਼ਨਿਕਾਂ ਦੇ ਵਿਚਾਰਾਂ ਨਾਲ ਇਸ ਵਿਸਥਾਰ ਨੂੰ ਪ੍ਰਮਾਣਿਤ ਕੀਤਾ ਹੋਇਆ ਪਾਠਕ ਨੂੰ ਪੜ੍ਹਨ ਲਈ ਮਿਲਦਾ ਹੈ।
ਦੂਜਿਆਂ ਦੇ ਸਾਹਮਣੇ ਆਪਣੀ ਗੱਲ ਰੱਖਣ ਜਾਨੀ ਭਾਸ਼ਨ ਦੇਣ ਵਿਚ ਮਾਹਰ ਹੋਣ ਲਈ ਵਿਸ਼ੇ ਦਾ ਗਿਆਨ, ਅਭਿਆਸ, ਆਤਮ-ਵਿਸ਼ਵਾਸ, ਸਵਰ ਬਦਲਣ ਨਿਪੁੰਨਤਾ ਜਾਨੀ ਕਿਸੇ ਖ਼ਾਸ ਅੱਖਰ, ਸ਼ਬਦ ਤੇ ਵਾਕ ਉਤੇ ਬਲ ਦੇਣ ਲਈ ਉੱਚੀ-ਨੀਵੀਂ, ਲਮਕਾਅ ਵਾਲੀ ਸੁਰ ਵਿਚ ਬੋਲਣਾ, ਅੱਖਾਂ ਵਿਚ ਅੱਖਾਂ ਪਾ ਕੇ ਬੋਲਣਾ, ਘਸੇ-ਪਿਟੇ ਸ਼ਬਦਾਂ ਤੇ ਦੁਹਰਾਓ ਤੋਂ ਬਚਣਾ, ਕੁਫ਼ਰ ਤੋਲਣ ਦੇ ਤਸ਼ੱਦਦ ਤੋਂ ਗ਼ੁਰੇਜ਼, ਪਹਿਲਾਂ ਤੋਲੋ ਫਿਰ ਬੋਲੋ ਖ਼ੁਸ਼ੀ ਮੌਕੇ ਖੁਸ਼ੀ ਭਰੀ ਸ਼ਬਦਾਵਲੀ ਤੇ ਸ਼ੋਕ ਸਭਾ ਵਿਚ ਹਮਦਰਦੀ ਭਰੀ ਬੋਲ ਬਾਣੀ ਆਦਿ ਗੁਰ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਸੋਨੇ 'ਤੇ ਸੁਹਾਗਾ ਹੋ ਨਿੱਬੜਦੇ ਹਨ।
ਸੋ ਜਿਹੜੇ ਪਾਠਕ/ਸਿਖਿਆਰਥੀ ਇਕ ਚੰਗਾ ਵਕਤਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਪੁਸਤਕ @Pub&}c Speak}n{ for Success@ ਦਾ ਆਮ ਸਮਝ ਵਿਚ ਆਉਣ ਵਾਲੀ ਕਰਮ ਸਿੰਘ ਜ਼ਖ਼ਮੀ ਦੁਆਰਾ ਅਨੁਵਾਦਿਤ (ਪੁਸਤਕ) 'ਭਾਸ਼ਨ ਕਲਾ ਅਤੇ ਕਾਮਯਾਬੀ' ਜ਼ਰੂਰ ਪੜ੍ਹਨਾ ਚਾਹੀਦਾ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ
ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 224
ਸੰਪਰਕ : 96537-90000.


ਡਾ. ਅਮਨਪ੍ਰੀਤ ਸਿੰਘ ਬਰਾੜ ਭਾਰਤ ਦੀ ਸਮਕਾਲੀ ਸਮਾਜਿਕ-ਆਰਥਿਕ ਵਿਵਸਥਾ ਬਾਰੇ ਸਪੱਸ਼ਟ ਅਤੇ ਸੁਦ੍ਰਿੜ੍ਹ ਅੰਦਾਜ਼ ਵਿਚ ਲਿਖਣ ਵਾਲਾ ਇਕ ਯੁਵਾ ਲੇਖਕ ਹੈ। ਉਹ ਪੰਜਾਬੀ ਸਮਾਜ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਆਪਣੇ ਵਿਚਾਰ ਪੇਸ਼ ਕਰਦਾ ਹੈ। ਸਾਡੇ ਸਮਕਾਲੀ ਪੰਜਾਬ ਵਿਚ ਅਨੇਕ ਸਮੱਸਿਆਵਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਵਿਚਾਰ ਪ੍ਰਗਟ ਕਰਨ ਦਾ, ਹਰ ਬੁੱਧੀਜੀਵੀ ਆਪਣਾ ਅਧਿਕਾਰ ਤਾਂ ਬੇਸ਼ੱਕ ਸਮਝਦਾ ਹੈ ਪਰ ਵਿਸੰਗਤੀ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਦੇ ਵਾਸਤਵਿਕ ਸਰੂਪ ਬਾਰੇ ਖ਼ੁਦ ਵੀ ਸਮਝ ਨਹੀਂ ਹੁੰਦੀ, ਡਾ. ਬਰਾੜ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਸਟੀਕ ਜਾਣਕਾਰੀ ਦੇ ਕੇ ਸਮੂਹ ਪੰਜਾਬੀਆਂ ਨੂੰ ਚੇਤੰਨ ਬਣਾਇਆ ਹੈ।
ਪੁਸਤਕ ਦਾ ਮੁਢਲਾ ਲੇਖ 'ਕਿਸਾਨ ਅੰਦੋਲਨ' ਬਾਰੇ ਹੈ। ਲੇਖਕ ਨੇ ਦਰਸਾਇਆ ਹੈ ਕਿ ਜੇ ਕਿਸਾਨ ਲੋਕ ਇਸ ਅੰਦੋਲਨ ਦੁਆਰਾ ਸਰਕਾਰ ਨੂੰ ਤਿੰਨੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਨਾ ਕਰ ਦਿੰਦੇ ਤਾਂ ਕਾਰਪੋਰੇਟ ਘਰਾਣਿਆਂ ਨੇ ਆਪਣੇ ਮੁਨਾਫ਼ੇ ਲਈ ਖੇਤੀਬਾੜੀ ਸੈਕਟਰ ਨੂੰ ਬਰਬਾਦ ਕਰ ਦੇਣਾ ਸੀ (ਪੰਨੇ 18-19)। ਉਹ ਲਿਖਦਾ ਹੈ ਕਿ ਸਰਕਾਰੀ ਮੰਡੀਆਂ ਦਾ ਟੁੱਟਣਾ ਕਿਸਾਨਾਂ ਲਈ ਬੇਹੱਦ ਨੁਕਸਾਨਦੇਹ ਹੋਵੇਗਾ ਕਿਉਂਕਿ ਵੱਡੇ ਵਪਾਰੀਆਂ ਅਤੇ ਕਾਰਪੋਰੇਟ ਜਗਤ ਨੇ ਕਦੇ ਵੀ ਕਿਸਾਨ ਨੂੰ ਉਸ ਦੀ ਜਿਨਸ ਦਾ ਵਾਜਬ ਮੁੱਲ ਨਹੀਂ ਦੇਣਾ। ਉਹ ਸਰਕਾਰ ਵਲੋਂ ਫੈਲਾਏ ਜਾ ਰਹੇ ਇਸ ਭਰਮ ਨੂੰ ਬੇਕਨਾਬ ਕਰਦਾ ਹੈ ਕਿ ਅੰਨ-ਉਤਪਾਦਨ ਵਿਚ ਅਸੀਂ ਆਤਮ-ਨਿਰਭਰ ਹੋ ਗਏ ਹਾਂ। ਹਕੀਕਤ ਇਹ ਹੈ ਕਿ ਵਿਸ਼ਵ ਭੁੱਖ-ਸੂਚਕ ਸਰਵੇਖਣ ਵਿਚ ਦੁਨੀਆ ਦੇ 117 ਦੇਸ਼ਾਂ ਵਿਚੋਂ ਸਾਡਾ ਨੰਬਰ 103 ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅੱਜ ਵੀ ਸਾਡੇ ਦੇਸ਼ ਦੇ 19.4 ਕਰੋੜ ਲੋਕ ਭੁੱਖੇ ਸੌਂਦੇ ਹਨ (ਪੰਨਾ 42)।
ਕੌਮੀ ਸਿੱਖਿਆ ਨੀਤੀ (2020), ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ, ਆਈਲਟਸ ਦੀ ਸਿਰਦਰਦੀ, ਪੰਜਾਬ ਦੀ ਰਾਜਨੀਤੀ ਵਿਚ ਮੁਫ਼ਤਖੋਰੀ ਦਾ ਰੁਝਾਨ, ਜੀ.ਡੀ.ਪੀ. ਵਿਚ ਵਾਧਾ ਅਤੇ ਆਮ ਲੋਕ, ਨਵੀਂ ਕਿਸਮ ਦਾ ਬੈਂਕ 'ਬੈਡ ਬੈਂਕ' ਇਸ ਪੁਸਤਕ ਵਿਚਲੇ ਕੁਝ ਹੋਰ ਮਹੱਤਵਪੂਰਨ ਲੇਖ ਹਨ। ਪੰਜਾਬੀ ਵਿਚ ਅਜਿਹੀ ਪੁਸਤਕ ਦਾ ਛਪਣਾ ਸ਼ੁੱਭ ਸੰਕੇਤ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਸਿੱਖ ਇਤਿਹਾਸ ਦੇ ਖੋਜਕਾਰ
ਸੰਪਾਦਕ : ਡਾ. ਮੁਹੰਮਦ ਸ਼ਫੀਕ
ਪ੍ਰਕਾਸ਼ਨ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 154
ਸੰਪਰਕ : 98149-75686.


ਹਥਲੀ ਕਿਤਾਬ ਵਿਚ ਇਕ ਦਰਜਨ ਇਤਿਹਾਸਕਾਰਾਂ ਦੀ ਇਤਿਹਾਸਕਾਰੀ ਤੇ ਜੀਵਨ ਸਰੋਕਾਰ ਪ੍ਰਸਤੁਤ ਕੀਤੇ ਗਏ ਹਨ। ਸੰਪਾਦਕ ਡਾ. ਸ਼ਫੀਕ ਨੇ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਲਿਖਣ ਵਾਲਿਆਂ ਵਿਚ ਰਤਨ ਸਿੰਘ ਭੰਗੂ, ਮੈਕਸ ਆਰਥਰ ਮੈਕਾਲਿਫ, ਭਾਈ ਕਾਨ ਸਿੰਘ ਨਾਭਾ, ਭਗਤ ਲਛਮਣ ਸਿੰਘ, ਪ੍ਰੇਮ ਸਿੰਘ ਹੋਤੀ, ਭਾਈ ਜੋਧ ਸਿੰਘ, ਕਰਮ ਸਿੰਘ ਹਿਸਟੋਰੀਅਨ, ਇੰਦੂ ਭੂਸ਼ਨ ਬੈਨਰਜੀ, ਪ੍ਰਿ: ਤੇਜਾ ਸਿੰਘ, ਗਿ: ਸੋਹਣ ਸਿੰਘ ਸੀਤਲ, ਸ. ਹਰਬੰਸ ਸਿੰਘ, ਡਾ. ਕਿਰਪਾਲ ਸਿੰਘ ਹਿਸਟੋਰੀਅਨ ਦੇ ਨਾਂਅ ਸ਼ਾਮਿਲ ਕੀਤੇ ਗਏ ਹਨ। ਲੇਖਕ ਡਾ. ਕਿਰਪਾਲ ਸਿੰਘ, ਡਾ. ਸੰਦੀਪ ਕੌਰ, ਡਾ. ਅਜੇ ਸਿੰਘ, ਡਾ. ਕਰਮਜੀਤ ਸਿੰਘ, ਸ. ਸੁਖਦੇਵ ਸਿੰਘ, ਡਾ. ਸ਼ੇਰ ਸਿੰਘ, ਸ. ਗੁਰਪ੍ਰੀਤ ਸਿੰਘ, ਅਮਨਦੀਪ ਕੌਰ ਪਾਸੋ ਅਤੇ ਡਾ. ਮੁਹੰਮਦ ਸ਼ਫੀਕ ਨੇ ਤਿੰਨ ਇਤਿਹਾਸਕਾਰਾਂ ਬਾਰੇ ਇਸ ਪੁਸਤਕਾਂ 'ਚ ਆਪ ਲਿਖਿਆ ਹੈ। ਇਤਿਹਾਸ ਦੀ ਸਮੱਸਿਆ ਕੇਵਲ ਮਿਸਾਲਾਂ ਇਕੱਤਰ ਕਰਨਾ ਹੀ ਨਹੀਂ ਸਗੋਂ ਇਸ ਨੂੰ ਠੀਕ ਢੰਗ ਵਿਚ ਤੇ ਠੀਕ ਸਪਿਰਟ ਵਿਚ ਪੇਸ਼ ਕਰਨਾ ਹੈ। ਪ੍ਰਸਿੱਧ ਇਤਿਹਾਸਕ ਵਿਗਿਆਨੀ ਈ.ਐਚ. ਕਾਰ ਲਿਖਦਾ ਹੈ ਕਿ ਬੀਤੇ ਸਮੇਂ ਦੀਆਂ ਘਟਨਾਵਾਂ ਆਪਣੇ ਆਪ ਵਿਚ ਕੋਈ ਮਹਾਨਤਾ ਨਹੀਂ ਰੱਖਦੀਆਂ। ਇਤਿਹਾਸਕਾਰ ਹੀ ਉਨ੍ਹਾਂ ਨੂੰ ਮਹਾਨਤਾ ਪ੍ਰਦਾਨ ਕਰਦਾ ਹੈ। ਇਤਿਹਾਸ ਇਤਿਹਾਸਕਾਰ ਮਨ 'ਤੇ ਪਿਆ ਵਾਕਿਅਤ ਦਾ ਪ੍ਰਤੀਬਿੰਬ ਹੈ। ਹਾਲਾਤ ਨੂੰ ਸਮੇਂ ਦੀ ਚਾਲ ਨਾਲ ਠੀਕ ਬੰਦ ਵਿਚ ਪੇਸ਼ ਕਰਨ ਲਈ ਸੁਹਿਰਦਤਾ, ਨੇਕਨੀਅਤੀ ਅਤੇ ਸੁਘੜ ਕਲਪਨਾ ਦੀ ਲੋੜ ਹੁੰਦੀ ਹੈ। ਇਤਿਹਾਸ ਵਰਤਮਾਨ ਦਾ ਬੀਤੇ ਸਮੇਂ ਨਾਲ ਇਕ ਵਾਰਤਾਲਾਪ ਹੈ, ਜੋ ਨਿਰੰਤਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਇਤਿਹਾਸਕਾਰ ਤੇ ਬੀਤੇ ਸਮੇਂ ਦੇ ਹਾਲਾਤ ਇਕ-ਦੂਜੇ ਦੇ ਪਰਸਪਰ ਪ੍ਰਭਾਵ ਪਾਉਂਦੇ ਹਨ।
ਇਤਿਹਾਸ ਬੀਤੇ ਦੀਆਂ ਘਟਨਾਵਾਂ ਪਰੰਪਰਾਵਾਂ ਜਾਂ ਹੋਰ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਰਹੁਰੀਤਾਂ ਨੂੰ ਸੰਗਠਿਤ ਕਰਕੇ ਸਾਡੇ ਸਾਹਮਣੇ ਰੱਖਦਾ ਹੈ। ਇਸ ਨੂੰ ਜਾਣ ਕੇ ਵੱਖ-ਵੱਖ ਕੌਮਾਂ ਅਤੇ ਧਰਮਾਂ ਦੇ ਲੋਕ ਆਪਣੇ ਨੈਤਿਕ, ਧਾਰਮਿਕ ਅਤੇ ਸੱਭਿਆਚਾਰਕ ਵਜੂਦ ਨੂੰ ਕਾਇਮ ਰੱਖਦੇ ਹਨ। ਪੰਜਾਬ ਦਾ ਜ਼ਿਕਰ ਪ੍ਰਚੀਨ ਸਮੇਂ ਦੇ ਗ੍ਰੰਥਾਂ, ਵੇਦਾਂ ਜਾਂ ਇਤਿਹਾਸਕ ਲਿਖਤਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਮਿਲਦਾ ਰਿਹਾ ਪਰ ਜੋ ਇਤਿਹਾਸ ਪੰਜਾਬ ਦਾ ਸਿੱਖ ਇਤਿਹਾਸ ਬਣਿਆ ਉਹ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਦੇਸ਼ ਨੇ ਸਿਰਜਿਆ ਹੋਵੇ। ਸਿੱਖ ਇਤਿਹਾਸਕਾਰੀ ਦਾ ਮੁੱਢ ਗੁੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਸਮੇਂ-ਸਮੇਂ 'ਤੇ ਗੁਰੂਆਂ, ਲਿਖਾਰੀਆਂ ਅਤੇ ਇਤਿਹਾਸਕਾਰਾਂ ਦੁਆਰਾ ਇਤਿਹਾਸ ਨੂੰ ਰਚਿਆ ਗਿਆ ਹੈ। ਖੋਜ ਤੇ ਇਤਿਹਾਸਕਾਰੀ ਦਾ ਮੂਲ ਆਧਾਰ ਸਰੋਤ ਹੁੰਦੇ ਹਨ। ਸਰੋਤ ਲਈ ਲਿਖਤੀ ਦਸਤਾਵੇਜ਼ ਆਧਾਰ ਬਣਦੇ ਹਨ। ਖੋਜ ਅਤੇ ਇਤਿਹਾਸ ਅੰਗ-ਸੰਗ ਰਹਿ ਕੇ ਯਾਤਰਾ ਕਰਦੇ ਹਨ। ਇਤਿਹਾਸ ਵਿਚ ਖੋਜ ਦੀ ਭੂਮਿਕਾ ਨਿਰਵਿਵਾਦ ਹੈ। ਇਸ ਪੁਸਤਕ ਵਿਚ ਦਿੱਤੇ ਗਏ ਸਾਰੇ ਸਿੱਖ ਇਤਿਹਾਸਕਾਰ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਨਾਂਅ, ਉਨ੍ਹਾਂ ਦੇ ਜੀਵਨ 'ਤੇ ਚਾਣਨਾ ਪਾਉਣ ਦੀ ਚੰਗੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਨੂੰ ਪੜ੍ਹਨ ਦਾ ਮੌਲਿਕ ਯਤਨ ਹੈ। ਕਿਸ ਨੇ ਕਿਸ ਦ੍ਰਿਸ਼ਟੀਕੋਣ ਨਾਲ ਇਤਿਹਾਸ ਸਿਰਜਿਆ ਅਤੇ ਕਿਹੜੇ ਸੋਮਿਆਂ ਦੀ ਵਰਤੋਂ ਕੀਤੀ, ਸਿੱਖ ਇਤਿਹਾਸਕਾਰੀ ਨੂੰ ਲਿਖਣ ਵਾਲੇ ਕੁਝ ਚੋਣਵੇਂ ਇਤਿਹਾਸਕਾਰਾਂ ਨੂੰ ਇਸ ਪੁਸਤਕ ਵਿਚ ਦਰਜ ਕੀਤਾ ਗਿਆ ਹੈ। ਸੰਪਾਦਕ ਨੇ ਇਸ ਪੁਸਤਕ ਨੂੰ ਨਿਰੋਲ ਇਤਿਹਾਸਕਾਰ, ਧਰਮ ਅਧਿਐਨ ਦੇ ਵਿਦਿਆਰਥੀਆਂ ਲਈ ਹੀ ਨਹੀਂ ਸਗੋਂ ਇਤਿਹਾਸਕਾਰਾਂ ਦੀ ਲੋੜ ਨੂੰ ਸਾਹਮਣੇ ਰੱਖਦੇ ਹੋਏ ਸਿੱਖ ਇਤਿਹਾਸ ਨਾਲ ਸੰਬੰਧਿਤ ਖੋਜਕਾਰਾਂ ਬਾਰੇ ਜਾਣਕਾਰੀ ਮੁਹੱਈਆ ਕੀਤੀ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਬੰਦਾ ਸਿੰਘ ਬਹਾਦਰ

(ਇਤਿਹਾਸਕ ਨਾਵਲ)
ਲੇਖਕ: ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 94178-55876.


ਹਰੀ ਸਿੰਘ ਢੁੱਡੀਕੇ ਇਕ ਸਿਰੜੀ ਗਲਪਕਾਰ ਹੈ। 2004 ਤੋਂ ਲਗਾਤਾਰ ਲਿਖਦਿਆਂ ਉਹ ਹੁਣ ਤੱਕ 19 ਕਿਤਾਬਾਂ ਦੀ ਰਚਨਾ ਕਰ ਚੁੱਕਾ ਹੈ। ਜਿਸ ਵਿਚ 14 ਨਾਵਲ (ਸੱਤ ਇਤਿਹਾਸਕ ਨਾਵਲ), ਦੋ ਬਾਲ ਪੁਸਤਕਾਂ, ਇਕ ਢੁੱਡੀਕੇ ਪਿੰਡ ਬਾਰੇ ਪੁਸਤਕ, ਦੋ ਜੀਵਨੀਮੂਲਕ ਕਿਤਾਬਾਂ ਸ਼ਾਮਿਲ ਹਨ।
ਇਤਿਹਾਸਕ ਨਾਵਲਾਂ ਦੀ ਲੜੀ ਵਿਚ ਹੀ ਵਿਚਾਰ-ਅਧੀਨ ਨਾਵਲ 'ਬੰਦਾ ਸਿੰਘ ਬਹਾਦਰ' ਸ਼ਾਮਿਲ ਹੈ, ਜਿਸ ਦੇ ਕੁੱਲ 39 ਅਧਿਆਏ ਹਨ। ਇਹ ਨਾਵਲ ਬੰਦਾ ਸਿੰਘ ਬਹਾਦਰ ਦੇ ਉਸ ਸਮੇਂ ਤੋਂ ਸ਼ੁਰੂ ਹੁੰਦਾ ਹੈ, ਜਦੋਂ ਲਛਮਣ ਦੇਵ ਵਜੋਂ ਉਹਦੇ ਹੱਥੋਂ ਇਕ ਹਿਰਨੀ ਦਾ ਸ਼ਿਕਾਰ ਹੁੰਦਾ ਹੈ ਤੇ ਉਹਦੇ ਪੇਟੋਂ ਦੋ ਬੱਚੇ ਉਹਦੇ ਸਾਹਮਣੇ ਹੀ ਤੜਪ-ਤੜਪ ਕੇ ਮਰ ਜਾਂਦੇ ਹਨ। ਇਸ ਤੋਂ ਬਾਅਦ ਉਸ ਦਾ ਮਨ ਦੁਨੀਆ ਤੋਂ ਉਚਾਟ ਹੋ ਜਾਂਦਾ ਹੈ ਤੇ ਵੱਖ-ਵੱਖ ਸਾਧੂਆਂ ਦੀ ਸੰਗਤ ਕਰਦਾ ਹੋਇਆ ਉਹ ਜੋਗੀ ਔਘੜ ਨਾਥ ਕੋਲ ਪਹੁੰਚਦਾ ਹੈ, ਜੋ ਉਸ ਨੂੰ ਰਿੱਧੀਆਂ-ਸਿੱਧੀਆਂ ਅਤੇ ਮੰਤਰਾਂ-ਤੰਤਰਾਂ ਵਿਚ ਨਿਪੁੰਨ ਕਰ ਦਿੰਦਾ ਹੈ। ਜੋਗੀ ਔਘੜ ਨਾਥ ਦੀ ਮੌਤ ਪਿੱਛੋਂ ਮਾਧੋਦਾਸ ਆਪਣਾ ਡੇਰਾ ਗੋਦਾਵਰੀ ਦੇ ਕੰਢੇ ਬਣਾ ਲੈਂਦਾ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਨਾਲ ਮੁਲਾਕਾਤ ਹੋਣ 'ਤੇ ਉਹ ਉਨ੍ਹਾਂ ਦੇ ਸਾਹਮਣੇ ਆਤਮ-ਸਮਰਪਣ ਕਰ ਦਿੰਦਾ ਹੈ। ਗੁਰੂ ਜੀ ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਣਾਉਂਦੇ ਹਨ ਤੇ ਕੁਝ ਸਿੰਘ ਦੇ ਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਭੇਜਦੇ ਹਨ। ਗੁਰੂ ਦੀ ਬਖ਼ਸ਼ਿਸ਼ ਸਦਕਾ ਬੰਦਾ ਸਿੰਘ ਕੁਝ ਸਾਲਾਂ ਵਿਚ ਹੀ 25 ਸਿੰਘਾਂ ਤੋਂ ਚਾਰ ਹਜ਼ਾਰ ਘੋੜਸਵਾਰ, ਅਠੱਤਰ ਸੌ ਪੈਦਲ ਸੈਨਿਕਾਂ ਨੂੰ ਆਪਣੇ ਨਾਲ ਜੋੜਨ ਵਿਚ ਸਫਲ ਹੁੰਦਾ ਹੈ। ਪੰਜਾਬ ਭਰ ਦੇ ਵੱਖ-ਵੱਖ ਖੇਤਰਾਂ ਦੇ ਸਿੰਘ ਉਸ ਦੀ ਸੈਨਾ ਵਿਚ ਸਿਰਫ਼ ਸ਼ਾਮਿਲ ਹੀ ਨਹੀਂ ਹੁੰਦੇ, ਸਗੋਂ ਜੋਸ਼, ਉਤਸ਼ਾਹ ਤੇ ਸੂਰਮਗਤੀ ਨਾਲ ਮੁਗਲ ਸੈਨਾ ਦੇ ਛੱਕੇ ਛੁਡਾ ਦਿੰਦੇ ਹਨ ਤੇ ਆਖਿਰਕਾਰ ਚੱਪੜਚਿੜੀ ਦੇ ਮੈਦਾਨ ਵਿਚ ਮੁਗਲ ਬਾਦਸ਼ਾਹ ਵਜ਼ੀਰ ਖਾਂ ਨੂੰ ਮਾਰਨ ਪਿੱਛੋਂ ਉਹਦੀ ਪੂਰੀ ਸਲਤਨਤ ਨੂੰ ਮਿੱਟੀ ਵਿਚ ਮਿਲਾ ਦਿੰਦੇ ਹਨ।
ਬੰਦਾ ਸਿੰਘ ਦੀਆਂ ਹੋਰ ਲੜਾਈਆਂ ਅਤੇ ਜਿੱਤਾਂ ਦੇ ਨਾਲ-ਨਾਲ ਚੰਬੇ ਦੀ ਰਾਜਕੁਮਾਰੀ ਨਾਲ ਵਿਆਹ ਨੂੰ ਵੀ ਵਿਖਾਇਆ ਗਿਆ ਹੈ ਤੇ ਆਖਿਰਕਾਰ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬੰਦਾ ਸਿੰਘ ਨੂੰ ਫਰੁਖ਼ਸੀਅਰ ਦੀ ਸੈਨਾ ਵਲੋਂ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਦਿੱਲੀ ਲਿਜਾ ਕੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ। ਨਾਵਲ ਵਿਚ ਲੇਖਕ ਨੇ ਬੰਦਾ ਸਿੰਘ ਦੇ ਜੰਗੀ ਪੈਂਤੜਿਆਂ ਅਤੇ ਮੁਖੀ ਸਿੰਘਾਂ ਨਾਲ ਵਿਚਾਰ-ਵਟਾਂਦਰਾ ਕਰਕੇ ਫ਼ੈਸਲੇ ਲੈਣ ਬਾਰੇ ਦੱਸਿਆ ਹੈ।
ਰੋਮਾਂਚਿਕਤਾ ਨਾਲ ਭਰਪੂਰ ਨਾਵਲ ਵਿਚ ਵਿਸ਼ੇ ਦੇ ਮੁਤਾਬਿਕ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਯੁੱਧ ਅਤੇ ਸ਼ਹੀਦੀ-ਬਿਰਤਾਂਤ ਪੜ੍ਹ ਕੇ ਅੱਖਾਂ ਕਈ ਵਾਰ ਨਮ ਹੁੰਦੀਆਂ ਹਨ। ਨਾਵਲਕਾਰ ਆਪਣੇ ਆਸ਼ੇ ਵਿਚ ਪੂਰੀ ਤਰ੍ਹਾਂ ਸਫਲ ਕਿਹਾ ਜਾ ਸਕਦਾ ਹੈ।


ਪ੍ਰੋ. ਨਵਸੰਗੀਤ ਸਿੰਘ
ਮੋ: 94176-92015


ਇਕ ਬਟਾ ਦੋ
(ਹਿੰਦੀ ਨਾਵਲ)
ਲੇਖਿਕਾ : ਸੁਜਾਤਾ
ਅਨੁਵਾਦਕ : ਤੇਜਿੰਦਰ ਬਾਵਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 136
ਸੰਪਰਕ : 98781-77812.


ਇਕ ਬਟਾ ਦੋ : ਨਾਵਲ ਦੀ ਮੁੱਖ ਪਾਤਰ ਪਦਮਨੀ, ਭਾਵੇਂ ਗਹਿਰ-ਗੰਭੀਰ ਔਰਤ ਹੈ ਪਰ ਚੜ੍ਹਦੀ ਜਵਾਨੀ ਵਿਚ ਆਪਣੇ ਪੇਕਿਆਂ ਦੀ ਟੋਕਾ-ਟਕਾਈ ਤੋਂ ਛੁਟਕਾਰਾ ਪਾਉਣ ਲਈ ਉਹ ਬਗ਼ਾਵਤ ਵਜੋਂ ਜਾਂ ਅਲੇਲ ਉਮਰ ਦੀ ਗ਼ਲਤੀ ਕਾਰਨ ਪਹਿਲਾਂ ਰੋਮੀਓ ਨਾਲ, ਫਿਰ ਵਿਆਹ ਤੋਂ ਬਾਅਦ ਮਹਾਂਨਗਰ ਵਿਖੇ ਪਾਰਲਰ ਖੋਲ੍ਹ ਕੇ ਵੀ ਖ਼ੁਦਮੁਖ਼ਤਿਆਰ, ਆਜ਼ਾਦ ਨਾਰੀ ਵਾਂਗ ਵਿਚਰਨ ਲਗਦੀ ਹੈ। ਮਾਪਿਆਂ ਦੇ ਪਰਿਵਾਰ ਵਿਚ ਵੀ ਹੋਰ ਭੈਣ ਭਰਾ 'ਆਜ਼ਾਦ' ਹੋ ਕੇ ਮਨਮਰਜ਼ੀ ਕਰਦੇ ਰਹੇ। ਇਸ ਤਰ੍ਹਾਂ 'ਪਦਮਨੀ' ਦੀ ਖ਼ੁਦਮੁਖ਼ਤਿਆਰ ਬਾਗ਼ੀ ਔਰਤ ਦੀ ਕਹਾਣੀ ਨੂੰ ਲੇਖਿਕਾ ਸੁਜਾਤਾ ਨੇ ਆਪਣੇ ਹਿੰਦੀ ਨਾਵਲ ਵਿਚ ਆਪਣੇ ਹੀ ਅੰਦਾਜ਼-ਬਿਆਨ ਵਿਚ ਪੇਸ਼ ਕੀਤਾ ਹੈ, ਜਿਸ ਨੂੰ ਅਸੀਂ ਨਾਰੀਵਾਦੀ ਸੰਸਾਰ ਦਾ ਵਿਲੱਖਣ ਆਤਮ-ਪ੍ਰਸੰਗ ਕਹਿ ਸਕਦੇ ਹਾਂ। ਨਾਵਲ ਦੀ ਪੇਸ਼ਕਾਰੀ ਦਾ ਆਰੰਭ ਪਿਛਲ-ਝਾਤ ਵਿਧੀ ਨਾਲ ਹੁੰਦਾ ਹੈ ਅਤੇ ਵਰਤਮਾਨ ਵਿਚ ਕਹਾਣੀ, ਨਾਵਲ ਦੀ ਨਾਇਕਾ ਮੁੱਖ ਪਾਤਰ ਆਰੰਭ ਕਰਦੀ ਹੈ। ਆਪਣੇ ਸੰਬੰਧੀ, ਆਪਣੇ ਪਰਿਵਾਰ ਸੰਬੰਧੀ ਜਾਣਕਾਰੀ ਦੇਣ ਦੀ ਵਿਧੀ ਵੀ ਉਸ ਦੀ ਆਪਣੀ ਹੈ। ਜਨਮ ਲੈਂਦਿਆਂ ਕੁੜੀ ਦਾ ਨਿਰਾਦਰ ਕਰਨ ਦੇ ਬਹਾਨੇ ਕੀਤੇ ਜਾਂਦੇ ਹਨ। ... ਪਰ ਨਾਵਲ ਦੀ ਨਾਇਕਾ ਨੇ ਹੋਸ਼ ਸੰਭਾਲਣ ਪਿੱਛੋਂ ਚੜ੍ਹਦੀ ਜਵਾਨੀ ਸਮੇਂ ਘਰ ਵਿਚ ਬਗ਼ਾਵਤ ਕਰ ਦਿੱਤੀ ਸੀ। ਮੁਕਤੀ ਦੀ ਚਾਹਤ ਔਰਤ ਨੂੰ ਬਾਗ਼ੀ ਬਣਾਉਂਦੀ ਹੈ। ਔਰਤ ਨੂੰ ਭੋਗ-ਭੋਗ ਕੇ ਬਿਮਾਰ ਅਧਮੋਇਆ ਕਰਨ ਦਾ ਜ਼ਿੰਮੇਵਾਰ ਮਰਦ ਹੈ। 'ਜ਼ਰੂਰਤ' ਔਰਤ ਨੂੰ ਘਰੋਂ ਕੱਢਦੀ ਹੈ। ਇੰਜ ਇਸ ਨਾਵਲ ਦੀ ਕਥਾ ਵਾਰਤਾ, ਵਿਸ਼ਾ ਵਿਸਥਾਰ ਨਾਵਲ ਦੀ ਮੁੱਖ ਪਾਤਰ ਨੂੰ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਘਰੋਂ ਬਾਹਰ ਕੱਢਦਾ ਹੈ। ਮਹਾਂਨਗਰ ਵਿਚ ਵਿਆਹ ਕਰਾ ਕੇ ਆਜ਼ਾਦ ਔਰਤ ਵਾਂਗ ਉਹ ਮਹਾਂਨਗਰ ਵਿਚ 'ਪਾਰਲਰ' ਖੋਲ੍ਹ ਕੇ ਆਪਣੀ ਮਨਮਰਜ਼ੀ ਦੀ ਜ਼ਿੰਦਗੀ ਜਿਊਂਦੀ, ਆਜ਼ਾਦ ਔਰਤ ਵਾਂਗ ਆਪਣੇ ਦੋਸਤ ਭੋਗਦੀ ਹੈ। ਮਨਮਰਜ਼ੀਆਂ ਕਰਦੀ ਹੋਈ ਵੀ ਉਹ ਬੇਚੈਨ ਅੱਧੀ-ਅਧੂਰੀ ਹੈ। ਇਕ ਬਟਾ ਦੋ ਬਣ ਕੇ ਰਹਿ ਗਈ ਹੈ। ਨਾਵਲ ਵਿਚ ਕੀਤਾ ਚਿਤਰਨ ਅਜੀਬ, ਅਨੋਖਾ ਅਤੇ ਅੱਜ ਦੀ ਮੁਕਤ ਆਜ਼ਾਦ ਔਰਤ ਦੀ ਗਾਥਾ ਦਾ ਕੌੜਾ ਸੱਚ ਹੈ, ਜਿਸ ਨੂੰ ਲੇਖਿਕਾ ਸੁਜਾਤਾ ਨੇ ਕਮਾਲ ਦੀ ਭਾਸ਼ਾ ਵਿਚ ਕਥਨ ਕਰਦਿਆਂ ਆਪਣੀ ਸ਼ੈਲੀ ਦਾ ਜਲਵਾ ਦਰਸਾਇਆ ਹੈ। ਪੰਜਾਬੀ ਪਾਠਕਾਂ ਲਈ ਇਸ ਨਾਵਲ ਦੀ ਗਾਥਾ, ਵਾਰਤਾ, ਕਥਨ ਵਿਧੀ, ਨਵੀਂ ਪਰ ਓਪਰੀ ਲਗਦੀ ਹੋਵੇਗੀ। ਫਿਰ ਵੀ ਇਸ ਦਾ ਪੰਜਾਬੀ ਅਨੁਵਾਦ, ਪੰਜਾਬੀ ਪਾਠਕਾਂ ਲਈ ਅਦਭੁੱਤ ਜ਼ਰੂਰ ਹੈ। ਅਨੁਵਾਦਕ ਵਧਾਈ ਦਾ ਪਾਤਰ ਹੈ।


ਡਾ. ਅਮਰ ਕੋਮਲ
ਮੋ: 088376-84173


ਵਤਨਾਂ ਦੇ ਲੇਖੇ
ਲੇਖਿਕਾ : ਹਰਦੀਪ ਕੌਰ ਦੀਪਕ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 50
ਸੰਪਰਕ : 094692-11113.


ਸ਼ਾਇਰਾ ਹਰਦੀਪ ਕੌਰ ਦੀਪਕ ਹਥਲੀ ਕਾਵਿ-ਕਿਤਾਬ 'ਵਤਨਾਂ ਦੇ ਲੇਖੇ' ਤੋਂ ਪਹਿਲਾਂ ਦੋ ਕਾਵਿ-ਕਿਤਾਬਾਂ 'ਸੁਨਹਿਰੀ ਸੁਪਨੇ', 'ਸੁੱਖ ਸੁਨੇਹੇ' ਤੇ ਇਕ ਕਹਾਣੀ ਸੰਗ੍ਰਹਿ 'ਸਵਰਗ ਦੀ ਭਾਲ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਦੀ ਕਿਤਾਬ ਦੇ ਸਰਵਰਕ ਦੇ ਨਾਂਅ ਤੋਂ ਹੀ ਉਸ ਦੀ ਸ਼ਾਇਰੀ ਦੇ ਤੱਥ ਸਾਰ ਦੀ ਤੰਦ ਹੱਥ ਆ ਜਾਂਦੀ ਹੈ ਕਿ ਸ਼ਾਇਰਾ ਆਪਣੇ ਦੇਸ਼ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੀ ਹੈ। ਸ਼ਾਇਰਾ ਜਿਸ ਭੂਗੋਲਿਕ ਖਿੱਤੇ ਅਰਥਾਤ ਜੰਮੂ-ਕਸ਼ਮੀਰ ਵਿਖੇ ਰਹਿ ਰਹੀ ਹੈ, ਉਹ ਖਿੱਤਾ ਤਿੰਨ ਪਾਸਿਆਂ ਤੋਂ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਰਿਹਾ ਹੈ। ਇਕ ਪਾਸੇ ਤਾਂ ਸਥਾਨਕ ਦਹਿਸ਼ਤਗਰਦੀ ਦਾ ਸੰਤਾਪ ਹੈ, ਇਕ ਸਟੇਟ ਦਹਿਸ਼ਤਗਰਦੀ ਅਤੇ ਤੀਜੀ ਸਰਹੱਦ ਤੋਂ ਪਾਰ ਦਹਿਸ਼ਤਗਰਦੀ ਦਾ ਜਨਤਾ ਸੰਤਾਪ ਭੋਗ ਰਹੀ ਹੈ। ਅਜਿਹੇ ਸਮੇਂ ਉਹ ਆਪਣੇ ਪਿਆਰੇ ਵਤਨ ਦੇ ਸਿਪਾਹੀਆਂ ਦੇ ਹੌਸਲੇ ਤੇ ਬਹਾਦਰੀ ਨੂੰ ਸਲਾਮ ਕਰਦੀ ਹੈ ਤੇ ਸਰਹੱਦ ਤੋਂ ਪਾਰ ਦੇ ਤਾਨਾਸ਼ਾਹਾਂ ਨੂੰ ਨਸੀਹਤ ਦਿੰਦੀ ਹੋਈ ਲਲਕਾਰਦੀ ਵੀ ਹੈ ਕਿ ਆਪਣੇ ਨਾਪਾਕ ਇਰਾਦਿਆਂ ਤੋਂ ਕਿਨਾਰਾ ਕਰ ਲਓ। ਜੰਗ ਵਿਚ ਦੋਵਾਂ ਪਾਸਿਆਂ ਦੇ ਮਾਵਾਂ ਦੇ ਪੁੱਤ ਤੋਪਾਂ ਦਾ ਚਾਰਾ ਬਣਦੇ ਹਨ, ਦੋਵਾਂ ਪਾਸਿਆਂ ਤੋਂ ਸੁਹਾਗਣਾਂ ਵਿਧਵਾ ਵਰਗੀ ਪਹਾੜ ਜੇਡੀ ਉਮਰ ਬਤੀਤ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ। ਸ਼ਾਇਰਾ ਹੋਰ ਬਹੁ-ਆਯਾਮੀ ਸਰੋਕਾਰਾਂ ਦੀ ਖੁਰਦਬੀਨੀ ਸਕੈਨਿੰਗ ਕਰਦੀ ਹੈ। ਉਹ ਵਾਦ-ਮੁਕਤ ਸ਼ਾਇਰਾ ਹੈ, ਉਹ ਕਿਸੇ ਵਾਦ ਨਾਲ ਬੱਝੀ ਹੋਈ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਵਾਦਾਂ ਦੀ ਸਮਝ ਨਹੀਂ, ਉਹ ਤਾਂ ਆਪਣੀ ਸੁਹਿਰਦਤਾ ਦੇ ਵਾਦ ਨੂੰ ਹੀ ਸਮਰਪਿਤ ਹੈ। ਉਹ ਪ੍ਰਚੱਲਿਤ ਤੇ ਪਰੰਪਰਕ ਅਧਿਆਤਮਿਕਵਾਦ ਤੇ ਆਦਰਸ਼ਵਾਦ ਦੀ ਫਸੀਲ ਅੰਦਰ ਹੀ ਰਹਿੰਦੀ ਹੈ। ਭਾਰਤੀ ਚਿੰਤਨ ਚੌਰਾਸੀ ਲੱਖ ਜੂਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਪਦਾਰਥਵਾਦੀ ਯੁੱਗ ਵਿਚ ਲੋਕ ਬਹੁਤ ਕੁਝ ਭੁਲਾ ਰਹੇ ਹਨ। ਇਹ ਸੋਹਣੀ ਸੂਰਤ, ਜ਼ਮੀਨਾਂ, ਮਿਲਖਾਂ ਤੇ ਸ਼ੁਹਰਤਾਂ ਇਥੇ ਰਹਿ ਜਾਣੀਆਂ ਹਨ। ਅਖੀਰ ਵਿਚ ਕਬਰਾਂ ਤੇ ਸ਼ਮਸ਼ਾਨਘਾਟਾਂ ਵਿਚ ਅਮੀਰ ਤੇ ਗ਼ਰੀਬ ਨੂੰ ਓਨੀ ਹੀ ਥਾਂ ਮਿਲਣੀ ਹੈ, ਫ਼ਰਕ ਸਿਰਫ ਸਾਧਾਰਨ ਕੱਪੜੇ ਤੇ ਕੀਮਤੀ ਕੱਪੜੇ ਦਾ ਹੀ ਪੈਣਾ ਹੈ। ਸ਼ਾਇਰਾ ਨੂੰ ਕੋਈ ਨਸੀਹਤ ਜਾਂ ਫ਼ਤਵਾ ਨਹੀਂ ਸਿਰਫ ਸਨਿਮਰ ਬੇਨਤੀ ਹੈ ਕਿ ਸਮਕਾਲ ਵਿਚ ਲਿਖੀ ਜਾ ਰਹੀ ਕਵਿਤਾ ਦਾ ਨਿੱਠ ਕੇ ਅਧਿਐਨ ਕਰਨ ਉਪਰੰਤ ਆਪਣਾ ਸਥਾਨ ਨਿਸਚਿਤ ਕਰੇ ਤਾਂ ਕਿ ਭਵਿੱਖ ਵਿਚ ਲਿਖੀ ਜਾਣ ਵਾਲੀ ਸ਼ਾਇਰੀ ਦਾ ਹੋਰ ਬਿਹਤਰ ਕਲਾਤਮਿਕ ਪ੍ਰਗਾਟਾਵਾ ਹੋ ਸਕੇ। ਆਪਣੇ ਵਤਨ ਨੂੰ ਪਿਆਰ ਕਰਨ ਵਾਲੀ ਸੰਵੇਦਨਸ਼ੀਲ ਸ਼ਾਇਰਾ ਦੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ। ਨਿਕਟ ਭਵਿੱਖ ਵਿਚ ਕਵੀ ਕਾਵਿ ਕਿਤਾਬ ਦੀ ਪਾਠਕਾਂ ਨੂੰ ਤੇ ਮੈਨੂੰ ਖ਼ੁਦ ਨੂੰ ਬੇਸਬਰੀ ਨਾਲ ਉਡੀਕ ਰਹੇਗੀ। ਆਮੀਨ!


ਭਗਵਾਨ ਢਿੱਲੋਂ
ਮੋ: 98143-78254.


ਗ਼ਜ਼ਲ ਗੁਲਜ਼ਾਰ
ਵਾਘਿਉਂ ਪਾਰ

ਲਿਪੀਅੰਤਰ ਤੇ ਸੰਪਾਦਕ : ਨੂਰ ਮੁਹੰਮਦ ਨੂਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 600 ਰੁਪਏ, ਸਫ਼ੇ : 584
ਸੰਪਰਕ : 98555-51359.


ਹਥਲਾ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਲਹਿੰਦੇ ਪੰਜਾਬ ਦੇ 101 ਚੋਣਵੇਂ ਗ਼ਜ਼ਲਕਾਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਮਜਮੂਆ ਹੈ ਜਿਸ ਨੂੰ ਸੁਪ੍ਰਸਿੱਧ ਸ਼ਾਇਰ ਜਨਾਬ ਨੂਰ ਮੁਹੰਮਦ ਨੂਹ ਮਲੇਰਕੋਟਲਾ ਨੇ ਪ੍ਰਕਾਸ਼ਿਤ ਕਰਵਾ ਕੇ ਦੋਵਾਂ ਪੰਜਾਬਾਂ ਦੀ ਸ਼ਿਅਰੀ ਸਾਂਝ ਨੂੰ ਤੋਪੇ ਲਾਏ ਹਨ। ਸੰਸਾਰ ਭਰ ਦੇ ਦੇਸ਼ਾਂ ਦਾ ਬਟਵਾਰਾ ਤਾਂ ਹੋਇਆ ਪਰ ਪੰਜਾਬ ਦੇ ਬਟਵਾਰੇ ਦੀ ਵਿਡੰਬਨਾ ਤੇ ਹੋਣੀ ਕਿੱਧਰੇ ਨਹੀਂ ਵਾਪਰੀ। ਜਰਮਨ ਨੂੰ ਵੰਡ ਕੇ ਵਿਚ ਕੰਧ ਕੱਢ ਦਿੱਤੀ ਗਈ ਸੀ ਪਰ ਉਸ ਦੀ ਭਾਸ਼ਾ ਨਹੀਂ ਸੀ ਵੰਡੀ ਗਈ। ਲਿਪੀ ਡੱਚ ਹੀ ਰਹੀ ਸੀ ਪਰ ਪੰਜਾਬੀ ਨਾਲ ਅਨੋਖਾ ਇਹ ਹੋਇਆ ਕਿ ਇਸ ਨੂੰ ਲੰਮੇ ਰੁਖ਼ ਚੀਰ ਕੇ ਵੰਡਿਆ ਗਿਆ। ਮਾਂ ਦਾ ਇਕ ਸੀਰ ਲਹਿੰਦੇ ਪੰਜਾਬ ਵਿਚ ਅਤੇ ਦੂਜਾ ਸੀਰ ਚੜ੍ਹਦੇ ਪੰਜਾਬ ਵਿਚ ਚਲਾ ਗਿਆ। ਪੰਜਾਬੀ ਪੁੱਤਾਂ ਦੀ ਲਿਪੀ ਸੀਰ ਸਾਂਝ ਮੁੱਕ ਗਈ। ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿਚ ਗੁਰਮੁਖੀ ਲਿਪੀ ਪ੍ਰਚੱਲਿਤ ਹੋਈ। ਸੰਨ '47 ਤੋਂ ਬਾਅਦ ਜਾਂ ਆਰ-ਪਾਰ ਜਨਮੇ ਮੇਰੇ ਜਿਹੇ ਪੰਜਾਬੀ ਇਕ-ਦੂਜੇ ਪੰਜਾਬ ਦੀ ਪੰਜਾਬੀ ਪੜ੍ਹਨਯੋਗ ਹੀ ਨਾ ਰਹੇ। ਬੋਲਦੇ ਭਾਵੇਂ ਦੋਵੇਂ ਪੰਜਾਬ ਸ਼ੁੱਧ ਪੰਜਾਬੀ ਹੀ ਹਨ ਪਰ ਲਿਖਤ ਪ੍ਰਤੀ ਉਹ ਅਨਪੜ੍ਹ ਹੋ ਗਏ।
ਰੇਡੀਉ 'ਤੇ, ਟੀ.ਵੀ. 'ਤੇ ਤਾਂ ਇਕ-ਦੂਜੇ ਪੰਜਾਬ ਦੇ ਸਰੋਤੇ ਸ਼ਿਅਰ ਨੂੰ ਬਾਕਾਇਦਾ ਸਮਝ ਵੀ ਲੈਂਦੇ ਹਨ ਪਰ ਅਖ਼ਬਾਰ ਅਤੇ ਕੰਧ 'ਤੇ ਲਿਖਿਆ ਸਭਨਾਂ ਲਈ ਕਾਲਾ ਅੱਖਰ ਭੈਂਸ ਬਰਾਬਰ ਹੋ ਗਿਆ। ਇਸ ਅਨਹੋਣੀ ਨੂੰ ਹੋਣੀ ਵਿਚ ਬਦਲਣ ਦਾ ਬੀੜਾ ਸਾਡੇ ਸਾਂਝੇ ਸਾਹਿਤਕਾਰਾਂ ਨੇ ਉਠਾਇਆ ਵੀ ਹੈ। ਕਈ ਗ਼ਜ਼ਲਕਾਰਾਂ ਨੇ ਲਹਿੰਦੇ ਪੰਜਾਬ ਦੀ ਸ਼ਾਇਰੀ ਜੋ ਕਿ ਸ਼ਾਹਮੁਖੀ ਵਿਚ ਸੀ, ਨੂੰ ਗੁਰਮੁਖੀ ਵਿਚ ਉਲਥਾਉਣ ਦਾ ਪੁੰਨੀ ਕਾਰਜ ਕੀਤਾ। ਅਜਿਹਾ ਪੁੰਨ ਖੱਟਣ ਵਾਲਿਆਂ ਵਿਚੋਂ ਨੂਰ ਮੁਹੰਮਦ ਨੂਰ ਵੀ ਹੈ, ਜਿਸ ਨੇ 101 ਲਹਿੰਦੇ ਪੰਜਾਬ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਗੁਰਮੁਖੀ ਵਿਚ ਪੇਸ਼ ਕਰਕੇ ਸਾਨੂੰ ਅੱਖਾਂ ਬਖ਼ਸ਼ੀਆਂ ਹਨ।
ਇਹ ਪੁਸਤਕ 18 ਕਰੋੜ ਲੋਕਾਂ ਦੀ ਪੁਸਤਕ ਹੈ। ਪੰਜਾਬੀ ਭਾਸ਼ਾ ਨੂੰ ਸਲਾਮੀ ਹੈ। ਇਸ ਦੇ ਮੁੱਢ ਵਿਚ ਇਹ ਸ਼ਿਅਰ ਜਗਦੇ ਹਨ :
-ਜਿਸ ਨੂੰ ਬੋਲਣ ਲੱਗਿਆਂ ਕੋਈ ਝਾਕਾ ਨਹੀਂ
ਉਸ ਬੋਲੀ ਨੂੰ ਕਹਿੰਦੇ ਨੇ ਮਾਂ ਬੋਲੀ ਵੀ (ਅਸ਼ਰਫ ਗਿੱਲ)
-ਮਾਂ ਬੋਲੀ ਮਾਂ ਧਰਤੀ ਤੇ ਮਾਂ ਜਣਨੀ ਨਾਲੋਂ
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।
(ਗੁਰਭਜਨ ਗਿੱਲ)
ਵਿਦਵਾਨ ਸੰਪਾਦਕ ਨੇ ਲਿਪੀਅੰਤਰ ਬਹੁਤ ਹੀ ਧਿਆਨ ਨਾਲ ਤੇ ਸਹੀ ਕੀਤਾ ਹੈ। ਇਨ੍ਹਾਂ 101 ਸ਼ਾਇਰਾਂ ਨੂੰ ਨੂਰ ਨੇ ੳ, ਅ, ਈ, ਵਰਣਮਾਲਾ ਅਨੁਸਾਰ ਤਰਤੀਬ ਦਿੱਤੀ ਹੈ। ਇਹ ਤਾਂ ਸੰਪਾਦਕ 'ਤੇ ਨਿਰਭਰ ਕਰਦਾ ਸੀ ਕਿ ਉਸ ਨੇ ਪੁਰਾਣੇ ਸ਼ਾਇਰਾਂ ਨੂੰ ਪਹਿਲਾਂ ਤੇ ਨਵੇਂ ਸ਼ਾਇਰਾਂ ਨੂੰ ਬਾਅਦ ਵਿਚ ਪੇਸ਼ ਕਰਦੇ ਲਹਿੰਦੇ ਪੰਜਾਬ ਦੀ ਸ਼ਾਇਰੀ ਦਾ ਵਿਵੇਚਨ ਸਹਿਜ ਕਰਨਾ ਹੈ ਜਾਂ ਸਾਰੀ ਸ਼ਾਇਰੀ ਨੂੰ ਰਲਗੱਡ ਕਰਨਾ ਹੈ। ਪੁਸਤਕ ਸਾਂਭਣਯੋਗ ਦਸਤਾਵੇਜ਼ ਹੈ। ਨੂਰ ਇਸ ਲਈ ਵਧਾਈ ਦਾ ਪਾਤਰ ਹੈ।


ਸੁਲੱਖਣ ਸਰਹੱਦੀ
ਮੋ: 94174-84337
c c c


ਬੁਝਾਰਤਾਂ
ਲੇਖਕ : ਪ੍ਰਿੰ:ਦਲਜੀਤ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲੀਸਰਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 70873-49450.


ਹਥਲੀ ਪੁਸਤਕ ਪ੍ਰਿੰਸੀਪਲ ਦਲਜੀਤ ਸਿੰਘ ਦੀ ਬਾਲ ਬੁਝਾਰਤਾਂ ਦੀ ਬਹੁਤ ਵੱਡੀ ਪੁਸਤਕ ਹੈ। ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਸੌ ਪੰਜਾਹ ਬੁਝਾਰਤਾਂ ਇਕੱਠੀਆਂ ਵੇਖੀਆਂ ਅਤੇ ਸੁਣੀਆਂ ਹੋਣਗੀਆਂ ਪਰ ਪੁਸਤਕ ਵੇਖ ਕੇ ਮੈਂ ਹੈਰਾਨ ਰਹਿ ਗਿਆ ਹਾਂ ਜਦੋਂ ਮੇਰੇ ਸਾਹਮਣੇ ਇਕੱਠੀਆਂ ਬਹੁਤ ਹੀ ਪਿਆਰੀਆਂ 890 ਬੁਝਾਰਤਾਂ ਦੀ ਪੁਸਤਕ ਪਈ ਸੀ। ਫਿਰ ਮੈਂ ਮੁੱਖ ਬੰਦ ਵੇਖਿਆ ਤਾਂ ਪਤਾ ਲੱਗਿਆਂ ਕਿ ਲੇਖਕ ਨੇ ਏਨੀਆਂ ਸ਼ਾਨਦਾਰ ਬੁਝਾਰਤਾਂ ਕਿੱਥੋਂ ਅਤੇ ਕਿਵੇਂ ਇਕੱਠੀਆਂ ਕੀਤੀਆਂ ਹਨ। ਉਥੋਂ ਪਤਾ ਲੱਗਾ ਕਿ ਲੇਖਕ ਇਕੱਲਾ ਪੰਜਾਬ ਦੇ ਕੋਨੇ-ਕੋਨੇ ਵਿਚ ਹੀ ਨਹੀਂ ਗਿਆ ਬਲਕਿ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਦੁੂਰ-ਦੁਰਾਡੇ ਇਲਾਕਿਆਂ ਤੱਕ ਵੀ ਗਿਆ ਹੈ। ਬੁਝਾਰਤਾਂ ਹਰ ਸੱਭਿਆਚਾਰ ਦਾ ਬਹੁਤ ਹੀ ਅਨਿੱਖੜਵਾਂ ਅੰਗ ਹਨ। ਵੱਖ-ਵੱਖ ਇਲਾਕਿਆਂ ਵਿਚ ਇਨ੍ਹਾਂ ਦੇ ਨਾਂਅ ਵੀ ਵੱਖ-ਵੱਖ ਹਨ, ਜਿਵੇਂ ਪੰਜਾਬ ਵਿਚ ਬੁਝਾਰਤਾਂ, ਹਰਿਆਣੇ ਵਿਚ ਫਾਲੀ ਆੜਨਾ, ਹਿਮਾਚਲ ਵਿਚ ਬਝੌਣੀ, ਡੋਗਰੀ ਭਾਸ਼ਾ ਵਿਚ ਫਲੋਣੀ, ਵਿਆਹ ਵਿਚ ਗਾਏ ਜਾਣ ਵਾਲੇ ਛੰਦ ਪਰਾਗੇ ਵੀ ਬੁਝਾਰਤਾਂ ਦਾ ਰੂਪ ਹੀ ਹਨ। ਪੁਰਾਣੇ ਸਮੇਂ ਵਿਚ ਜਦੋਂ ਇਕੱਠੇ ਪਰਿਵਾਰ ਹੋਇਆ ਕਰਦੇ ਸਨ ਸਾਡੇ ਦਾਦੇ-ਦਾਦੀਆਂ ਅਤੇ ਨਾਨੇ-ਨਾਨੀਆਂ ਰਾਤ ਸਮੇਂ ਅੱਧੀ-ਅੱਧੀ ਰਾਤ ਤੱਕ ਸਾਨੂੰ ਬਾਤਾਂ ਪਾਉਂਦੇ ਅਤੇ ਅਸੀਂ ਬੁੱਝਦੇ ਸਾਂ। ਇਹ ਬੁਝਾਰਤਾਂ ਜਿੱਥੇ ਬਾਲਾਂ ਵਿਚ ਜਗਿਆਸਾ, ਉਤਸੁਕਤਾ ਅਤੇ ਹੋਰ ਜਾਣਨ ਦੀ ਇੱਛਾ ਪੈਦਾ ਕਰਦੀਆਂ ਹਨ, ਉਥੇ ਇਨ੍ਹਾਂ ਦੇ ਅਭਿਆਸ ਨਾਲ ਬਾਲਾਂ ਦੀ ਬੁੱਧੀ ਨੂੰ ਹੋਰ ਤੀਖਣ ਵੀ ਕਰਦੀਆਂ ਹਨ, ਉਥੇ ਸਿਆਣੀ ਉਮਰ ਦੇ ਲੋਕਾਂ ਨੂੰ ਵੀ ਆਪਣੇ ਬਚਪਨ ਦੇ ਦਿਲਚਸਪ ਦਿਨ ਯਾਦ ਕਰਵਾਉਂਦੀਆਂ ਹਨ। ਇਸ ਪੁਸਤਕ ਵਿਚ ਇਕੱਲੀਆਂ ਬੁਝਾਰਤਾਂ ਹੀ ਨਹੀਂ ਹਨ ਬਲਕਿ ਪ੍ਰਸ਼ਨਾਂ ਦੇ ਉੱਤਰ ਵੀ ਪੁੱਛੇ ਗਏ ਹਨ ਜੋ ਕਿ ਅੰਗਰੇਜ਼ੀ ਵਿਚ ਬੁਝਾਰਤਾਂ ਦਾ ਰੂਪ ਹੀ ਹਨ। ਕੁਝ ਬੁਝਾਰਤਾਂ ਉਦਾਹਰਨ ਵਜੋਂ ਹਾਜ਼ਰ ਹਨ ਜਿਵੇਂ :
1. ਹੱਥ ਨਹੀਂ, ਸਿਰ ਨਹੀਂ, ਮੂੰਹ ਨਹੀਂ, ਨਾ ਲੱਤਾਂ ਨਾ ਬਾਹਾਂ।
ਜਿਉਂ-ਜਿਉਂ ਹੇਠਾਂ ਪਟਕੋ, ਤਿਉਂ-ਤਿਉਂ ਚੜ੍ਹਦੀ ਤਾਹਾਂ।
(ਗੇਂਦ)
2. ਕਾਲੀ ਕਲੋਟੀ ਜਹੀ, ਪਰ ਮਿੱਠੜੇ ਉਸ ਦੇ ਬੋਲ।
ਗਰਮੀਆਂ ਨੂੰ ਗਾਉਂਦੀ, ਬੈਠ ਅੰਬਾਂ ਦੇ ਕੋਲ। (ਕੋਇਲ)
3. ਬਿਮਾਰ ਨਹੀਂ ਰਹਿੰਦੀ, ਫਿਰ ਵੀ ਖਾਵੇ ਗੋਲੀ।
ਬੱਚੇ, ਬੁੱਢੇ ਡਰ ਜਾਂਦੇ ਨੇ, ਸੁਣ ਕੇ ਉਸ ਦੀ ਬੋਲੀ।
(ਬੰਦੂਕ)
4. ਖੰਭ ਨਹੀਂ ਪਰ ਉਡਦਾ ਹੈ, ਨਾ ਹੱਡੀਆਂ ਨਾ ਮਾਸ।
ਬੰਦੇ ਚੁੱਕ ਕੇ ਉੱਡ ਜਾਂਦਾ ਹੈ, ਕਦੇ ਨਾ ਹੋਵੇ ਉਦਾਸ।
(ਜਹਾਜ਼)
5. ਇਕ ਲਾਠੀ ਵਿਚ ਗੱਠਾਂ ਨੇ ਅੱਠ।
ਜਿਹੜਾ ਮਰਜ਼ੀ ਪੀ ਲਵੇ ਉਸ ਦਾ ਮਿੱਠਾ ਰਸ।
(ਗੰਨਾ)
ਇਸੇ ਤਰ੍ਹਾਂ ਬਾਲਾਂ ਦੇ ਹਰ ਵਰਗ ਲਈ ਬਹੁਤ ਹੀ ਦਿਲਚਸਪ ਗਿਆਨ ਵਧਾਊ ਅਣਗਿਣਤ ਬੁਝਾਰਤਾਂ ਅਤੇ ਪ੍ਰਸ਼ਨ ਉੱਤਰ ਹਨ। ਪ੍ਰਿੰ. ਦਲਜੀਤ ਸਿੰਘ ਦੀ ਅਥਾਹ ਮਿਹਨਤ ਦੀ ਜਿੰਨੀ ਵੀ ਦਾਦ ਦਿੱਤੀ ਜਾਵੇ ਥੋੜ੍ਹੀ ਹੈ। ਬਾਲਾਂ ਅਤੇ ਅਧਿਆਪਕਾਂ ਨੂੰ ਜ਼ਰੂਰ ਬੇਨਤੀ ਕਰੂੰ ਇਹ ਪੁਸਤਕ ਬਹੁਤ ਹੀ ਪਿਆਰੀ ਹੈ ਨਿਆਰੀ ਹੈ, ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਵਿਲੱਖਣ ਕਿਸਮ ਦੀ ਪੁਸਤਕ ਪਾਉਣ 'ਤੇ ਪ੍ਰਿੰ. ਦਲਜੀਤ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896
c c c


ਕ੍ਰਾਂਤੀ ਦੀਆਂ ਇਬਾਰਤਾਂ
(ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਯਾਦਾਂ)
ਲੇਖਕ : ਸੁਧੀਰ ਵਿਦਿਆਰਥੀ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98153-17028.


ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਭਰਿਆ ਸਕੂਨ ਪ੍ਰਦਾਨ ਕੀਤਾ। ਇਨ੍ਹਾਂ ਸਿਰਲੱਥ ਯੋਧਿਆਂ ਨੇ ਬਗੈਰ ਕਿਸੇ ਸਵਾਰਥ ਦੇ ਆਪਣੀ ਜਾਨ ਦੀ ਆਹੂਤੀ ਦਿੱਤੀ। ਇਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਵਿਚੋਂ ਕੁਝ ਇਕ ਦੇ ਨਾਂਅ ਸਾਡੇ ਇਤਿਹਾਸ ਵਿਚ ਗੂੜ੍ਹੇ ਰੰਗਾਂ ਵਿਚ ਚਿਤਰੇ ਗਏ ਅਤੇ ਅੱਜ ਵੀ ਦੇਸ਼ ਵਾਸੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਮਨ ਵੀ ਕਰਦੇ ਹਨ ਅਤੇ ਬੜੇ ਸਤਿਕਾਰ ਨਾਲ ਉਨ੍ਹਾਂ ਦਾ ਨਾਂਅ ਵੀ ਲੈਂਦੇ ਹਨ। ਮਿਸਾਲ ਵਜੋਂ ਸ. ਭਗਤ ਸਿੰਘ ਇਨਕਲਾਬ ਦਾ ਅਜਿਹਾ ਯੋਧਾ ਸੀ, ਜਿਸ ਦਾ ਨਾਂਅ ਦੇਸ਼ ਦੇ ਬੱਚੇ-ਬੱਚੇ ਦੀ ਜ਼ਬਾਨ 'ਤੇ ਹੈ। ਇਸੇ ਤਰ੍ਹਾਂ ਚੰਦਰ ਸ਼ੇਖਰ ਆਜ਼ਾਦ, ਰਾਜਗੁਰੂ, ਸੁਖਦੇਵ ਆਦਿ ਦੇ ਨਾਵਾਂ ਤੋਂ ਕੌਣ ਵਾਕਫ਼ ਨਹੀਂ? ਪਰ ਇਨ੍ਹਾਂ ਦੇ ਕੁਝ ਅਜਿਹੇ ਵੀ ਸਾਥੀ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਭਰਪੂਰ ਯੋਗਦਾਨ ਪਾਇਆ, ਜੇਲ੍ਹਾਂ ਵੀ ਕੱਟੀਆਂ, ਤਸੀਹੇ ਵੀ ਝੱਲੇ ਅਤੇ ਅੰਗਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਪੁੱਟਣ ਲਈ ਹਰੇਕ ਹੀਲਾ ਕੀਤਾ ਪਰ ਇਸ ਦੇਸ਼ ਦੇ ਇਤਿਹਾਸ ਵਿਚ ਉਨ੍ਹਾਂ ਦਾ ਉਸ ਤਰ੍ਹਾਂ ਦਾ ਜ਼ਿਕਰ ਨਹੀਂ ਹੋਇਆ ਜਿਵੇਂ ਹੋਣਾ ਚਾਹੀਦਾ ਸੀ ਤੇ ਉਹ ਗੁੰਮਨਾਮ ਹੀ ਇਸ ਦੁਨੀਆ ਤੋਂ ਤੁਰ ਗਏ। 'ਕ੍ਰਾਂਤੀ ਦੀਆਂ ਇਬਾਰਤਾਂ' ਸੁਧੀਰ ਵਿਦਿਆਰਥੀ ਦੁਆਰਾ ਲਿਖੀ ਅਤੇ ਬਲਬੀਰ ਲੌਂਗੋਵਾਲ ਦੁਆਰਾ ਪੰਜਾਬੀ ਵਿਚ ਅਨੁਵਾਦ ਕੀਤੀ ਅਜਿਹੀ ਹੀ ਪੁਸਤਕ ਵਿਚ ਜਿਸ ਵਿਚ ਉਸ ਨੇ ਉਨ੍ਹਾਂ ਆਜ਼ਾਦੀ ਪਰਵਾਨਿਆਂ ਦੇ ਜੀਵਨ ਨੂੰ ਚਿਤਰਨ ਦਾ ਯਤਨ ਕੀਤਾ ਹੈ ਜੋ ਸ਼ਹੀਦ ਸ. ਭਗਤ ਸਿੰਘ ਦੇ ਸਾਥੀ ਵੀ ਰਹੇ ਅਤੇ ਕੁਰਬਾਨੀ ਦੇਣ ਵਿਚ ਵੀ ਪਿੱਛੇ ਨਹੀਂ ਰਹੇ। ਇਸ ਪੁਸਤਕ ਵਿਚ ਆਜ਼ਾਦੀ ਪਰਵਾਨਿਆਂ ਮੁਕੰਦੀ ਲਾਲ, ਕੁੰਦਨ ਲਾਲ, ਸੁਸ਼ੀਲਾ ਦੀਦੀ, ਮਾਸਟਰ ਰੁਦਰ ਨਾਰਾਇਣ ਸਿੰਘ, ਭਗਵਾਨ ਦਾਸ ਮਾਹੌਰ, ਸਦਾਸ਼ਿਵ ਮਲਕਾਪੁਰਕਰ, ਸੁਖਦੇਵ ਰਾਜ, ਰਮੇਸ਼ ਚੰਦਰ ਗੁਪਤ, ਅਗੇਯ ਆਦਿ ਦੇ ਜੀਵਨ ਅਤੇ ਆਜ਼ਾਦੀ ਸੰਘਰਸ਼ ਵਿਚ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ। ਪੁਸਤਕ ਵਿਚ ਅੰਗਰੇਜ਼ੀ ਸ਼ਾਸਨ ਵਲੋਂ ਵੱਖ-ਵੱਖ ਕੇਸਾਂ ਵਿਚ ਇਨ੍ਹਾਂ ਨੂੰ ਦਿੱਤੀਆਂ ਸਜ਼ਾਵਾਂ ਬਾਰੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਆਜ਼ਾਦੀ ਸੰਗਰਾਮੀਆਂ ਨੇ ਹਥਿਆਰਬੰਦ ਵੀ ਅਤੇ ਸਿਰਜਣਾਤਮਿਕ ਯੋਗਦਾਨ ਆਜ਼ਾਦੀ ਦੇ ਸੰਘਰਸ਼ ਵਿਚ ਪਾਇਆ। ਇਹ ਜਾਂ ਤਾਂ ਖ਼ੁਦ ਵੀ ਗੁੰਮਨਾਮ ਹੀ ਰਹਿਣਾ ਚਾਹੁੰਦੇ ਸਨ ਜਾਂ ਫਿਰ ਇਤਿਹਾਸਕਾਰਾਂ ਨੇ ਇਨ੍ਹਾਂ ਦੇ ਜੀਵਨ ਬਾਰੇ ਪੂਰੀ ਖੋਜ ਨਹੀਂ ਕੀਤੀ। ਮੌਲਿਕ ਪੁਸਤਕ ਵਰਗੀ ਅਨੁਵਾਦਿਤ ਹਥਲੀ ਪੁਸਤਕ ਇਤਿਹਾਸ ਦੀ ਸਾਂਭਣਯੋਗ ਪੁਸਤਕ ਹੈ ਜੋ ਇਸ ਪਾਸੇ ਵਧੀਆ ਕਦਮ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.


ਬੱਚਿਆਂ ਲਈ ਅਰਥਸ਼ਾਸਤਰ

ਮੂਲ ਲੇਖਕ : ਰੰਗਨਾਇਕੰਮਾ
ਹਿੰਦੀ ਅਨੁ: ਪ੍ਰਸ਼ਾਂਤ ਰਾਹੀ
ਪੰਜਾਬੀ ਅਨੁ: ਸੁਸ਼ੀਲ ਦੁਸਾਂਝ ਤੇ ਕਮਲ ਦੁਸਾਂਝ
ਪ੍ਰਕਾਸ਼ਕ : ਸਵੀਟ ਹੋਮ ਪਬਲੀਕੇਸ਼ਨਜ਼, ਹੈਦਰਾਬਾਦ
ਮੁੱਲ : 100 ਰੁਪਏ, ਸਫ਼ੇ : 376
ਸੰਪਰਕ : 98887-99870.


ਦੂਜਿਆਂ ਭਾਸ਼ਾਵਾਂ ਦੀਆਂ ਉੱਘੀਆਂ ਪੁਸਤਕਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਗਿਆਨ 'ਚ ਅਤੇ ਜਾਣਕਾਰੀ 'ਚ ਵਾਧਾ ਕਰਨ ਵਾਲਾ ਉੱਦਮ ਹੈ। ਪੁਰਾਤਨ ਗ੍ਰੰਥਾਂ ਦਾ ਵੀ ਪੰਜਾਬੀ 'ਚ ਅਨੁਵਾਦ ਕਰਾਉਣ ਦੀ ਅਮੀਰ ਪਰੰਪਰਾ ਹੈ। ਜਗਤ ਪ੍ਰਸਿੱਧ ਚਿੰਤਕ ਦੀ ਮਸ਼ਹੂਰ ਵੱਡ ਆਕਾਰੀ ਰਚਨਾ 'ਪੂੰਜੀ' ਮਾਰਕਸ ਦੀ ਕ੍ਰਾਂਤੀ ਲਿਆਉਣ ਵਿਚ ਵਿਸ਼ੇਸ਼ ਥਾਂ ਰੱਖਦੀ ਹੈ। ਇਸ ਰਚਨਾ ਨੂੰ ਬੱਚਿਆਂ ਲਈ ਉਪਯੋਗੀ ਕਿਵੇਂ ਬਣਾਇਆ ਜਾ ਸਕਦਾ, ਇਕ ਵੱਡੀ ਚੁਣੌਤੀ ਹੈ, ਕਠਿਨ ਕਾਰਜ ਹੈ ਪ੍ਰੰਤੂ ਤੇਲਗੂ ਮੂਲ ਦੀ ਲੇਖਿਕਾ ਰੰਗਨਾਇਕੰਮਾ ਨੇ ਅੰਗਰੇਜ਼ੀ ਵਿਚ ਲਿਖਣ ਦੀ ਪਹਿਲ ਕੀਤੀ ਕਿ ਮਾਰਕਸ ਦੀ 'ਪੂੰਜੀ' 'ਤੇ ਆਧਾਰਿਤ ਪਾਠ ਬੱਚਿਆਂ ਲਈ ਤਿਆਰ ਕੀਤੇ ਜਾਣ। ਯਤਨ ਸਫਲ ਹੋਇਆ ਤੇ ਸਲਾਹਿਆ ਗਿਆ। ਉਸ ਦਾ ਹਿੰਦੀ ਅਨੁਵਾਦ ਪ੍ਰਸ਼ਾਂਤ ਰਾਹੀ ਨੇ ਕਰਕੇ ਹੋਰ ਭਾਸ਼ਾਵਾਂ ਲਈ ਵੀ ਦਰ ਖੋਲ੍ਹ ਦਿੱਤਾ। ਪੰਜਾਬੀ ਵਿਚ ਅਨੁਵਾਦ ਕਰਨ ਲਈ ਸੁਸ਼ੀਲ ਦੁਸਾਂਝ ਤੇ ਉਸ ਦੀ ਜੀਵਨ-ਸਾਥਣ ਕਮਲ ਦੁਸਾਂਝ ਨੇ ਬੀੜਾ ਚੁੱਕਿਆ ਤੇ ਕਮਾਲ ਕਰ ਦਿੱਤੀ। ਬੱਚਿਆਂ ਲਈ ਲਿਖਣਾ ਏਨਾ ਸੌਖਾ ਨਹੀਂ ਜਿੰਨਾ ਲਿਖਿਆ ਹੋਇਆ ਸੌਖਾ ਲਗਦਾ ਹੈ। ਸੁਸ਼ੀਲ ਤੇ ਕਮਲ ਕੋਲ ਸੂਝ-ਸਿਆਣਪ, ਸੰਪਾਦਨਾ ਤੇ ਅਨੁਵਾਦ ਦਾ ਡੂੰਘਾ ਤਜਰਬਾ ਹੈ। ਬੱਚਿਆਂ ਲਈ ਜਿਥੇ ਨਰਸਰੀ ਗੀਤਾਂ, ਕਵਿਤਾਵਾਂ, ਕਹਾਣੀਆਂ, ਨਾਟਕਾਂ-ਇਕਾਂਗੀਆਂ, ਨਾਵਲਾਂ, ਜੀਵਨੀਆਂ ਆਦਿ ਦੀ ਬੜੀ ਲੋੜ ਹੈ, ਉਥੇ ਅੱਜ ਦੇ ਵਿਗਿਆਨਕ ਯੁੱਗ ਵਿਚ ਨਵੀਆਂ ਉਪਲਬਧੀਆਂ ਬਾਰੇ ਪੁਸਤਕਾਂ ਰਾਹੀਂ ਗਿਆਨ ਦੇਣਾ ਹੋਰ ਵੀ ਜ਼ਰੂਰੀ ਹੈ। ਇਸ ਪੱਖੋਂ 'ਅਰਥਸ਼ਾਸਤਰ' ਪਹਿਲਕਦਮੀ ਹੈ।
ਅਰਥਸ਼ਾਸਤਰ ਇਨਸਾਨਾਂ ਵਿਚਲੇ ਆਪਸੀ ਰਿਸ਼ਤਿਆਂ ਅਤੇ ਉਨ੍ਹਾਂ ਨੂੰ ਜਿਊਣ ਦੇ ਤਰੀਕੇ ਸਿਖਾਉਂਦਾ ਹੈ। ਇਹ ਉਹ ਵਿਗਿਆਨ ਹੈ ਜੋ ਕੱਲ੍ਹ, ਅੱਜ ਅਤੇ ਭਵਿੱਖ ਦੀ ਤਸਵੀਰ ਪੇਸ਼ ਕਰਦਾ ਹੈ। ਇਸ ਪੁਸਤਕ ਵਿਚ ਢੁਕਵੇਂ ਚਿੱਤਰ ਹਨ ਜੋ ਬਾਲ-ਪਾਠਕਾਂ ਨੂੰ ਸਮੱਗਰੀ ਸਮਝਣ ਵਿਚ ਸਹਾਈ ਹੁੰਦੇ ਹਨ। ਇਸ ਵੱਡ-ਆਕਾਰੀ ਪੁਸਤਕ 'ਚ 95 ਕਾਂਡ ਹਨ। ਹਰ ਕਾਂਡ ਦੇ ਵਿਸ਼ੇ ਨੂੰ ਸੌਖੀ ਭਾਸ਼ਾ 'ਚ ਵਰਨਣ ਕੀਤਾ ਗਿਆ ਹੈ, ਉਪਰੰਤ ਸਵਾਲ ਅਤੇ ਜਵਾਬ ਦਿੱਤੇ ਗਏ ਹਨ ਤਾਂ ਜੋ ਬੱਚਿਆਂ ਦੀ ਗ੍ਰਹਿਣ ਸ਼ਕਤੀ ਦੀ ਪਰਖ ਕੀਤੀ ਜਾ ਸਕੇ। ਪੈਸਾ, ਚੀਜ਼, ਕਿਰਤ, ਮੁੱਲ, ਇਨਸਾਨ, ਸੰਪਤੀ, ਇਨਸਾਨੀ-ਰਿਸ਼ਤੇ, ਮੁਨਾਫ਼ਾ, ਉਤਪਾਦਨ, ਉਪਜ, ਭਾਅ, ਪੂੰਜੀ, ਬੇਰੁਜ਼ਗਾਰੀ, ਮਜ਼ਦੂਰੀ, ਸਮਾਜਵਾਦ, ਆਰਥਿਕ ਸੰਕਟ, ਸ਼ਾਸਕ ਵਰਗ, ਪੂੰਜੀਪਤੀ, ਔਰਤ, ਮਸ਼ੀਨਾਂ, ਗੁਲਾਮ ਅਤੇ ਮਾਲਕ, ਜ਼ਿਮੀਂਦਾਰ ਸਮਾਜ ਆਦਿ ਵਿਸ਼ਿਆਂ ਬਾਰੇ ਰੌਚਿਕ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਪੰਜਾਬੀ ਬਾਲ ਪਾਠਕਾਂ ਲਈ ਇਹ ਵਿਲੱਖਣ ਪੁਸਤਕ ਪੜ੍ਹਨੀ ਜ਼ਰੂਰੀ ਹੈ। ਅਨੁਵਾਦਕ ਜੋੜੀ ਨੂੰ ਮੁਬਾਰਕ!


ਮਨਮੋਹਨ ਸਿੰਘ ਦਾਊਂ
ਮੋ: 98151-23900


ਉਹ ਸਾਂਭਣਾ ਜਾਣਦੀ ਮੈਨੂੰ
ਲੇਖਕ : ਸੰਦੀਪ ਸ਼ਰਮਾ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 104
ਸੰਪਰਕ : 91158-72450.


'ਉਹ ਸਾਂਭਣਾ ਜਾਣਦੀ ਮੈਨੂੰ' ਕਾਵਿ-ਸੰਗ੍ਰਹਿ ਸੰਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਮੱਥੇ ਦਾ ਚਾਨਣ' ਤੋਂ ਲੈ ਕੇ 'ਤਾਣਾ-ਬਾਣਾ' ਤੱਕ 74 ਕਵਿਤਾਵਾਂ ਨੂੰ ਸੰਕਲਿਤ ਕੀਤਾ ਹੈ। ਪੁਸਤਕ ਦੇ ਸਰਵਰਕ 'ਤੇ ਬਣੇ ਚਿੱਤਰ ਮੌਲਦਾ ਰੁੱਖ, ਹੱਕਾਂ 'ਚ ਗੰਭੀਰ ਮੁਦਰਾ 'ਚ ਬੱਤਖ ਫੜੀ ਔਰਤ ਦਾ ਦ੍ਰਿਸ਼ ਅਤੇ ਆਖ਼ਰੀ ਕਵਿਤਾ ਤੋਂ ਬਾਅਦ ਕਲਮ ਦੀ ਨੋਕ 'ਤੇ ਬਣਿਆ ਚੁੱਲ੍ਹਾ, ਉੱਪਰ ਪਈ ਤੌੜੀ 'ਚੋਂ ਨਿਕਲਦੀ ਭਾਫ਼ ਤੇ ਸਿਰੇ 'ਤੇ ਲਿਖਿਆ 'ਉਹ ਸਾਂਭਣਾ ਜਾਣਦੀ ਮੈਨੂੰ' ਸੰਦੀਪ ਸ਼ਰਮਾ ਦੇ ਮਨ ਦੀ ਭਾਫ਼ ਨੂੰ ਕਲਮ ਸਮੇਟਦੀ ਜਾਪਦੀ ਹੈ। ਸਾਫ਼-ਸਾਫ਼ ਸ਼ਬਦਾਂ ਦੀ ਥਾਵੇਂ ਮਨੁੱਖ ਦੇ ਮਨ ਦੀ ਬੇਚੈਨੀ ਦੇ ਸਬੱਬ ਬਣਦੇ ਕਾਰਕਾਂ ਦੀ ਨਿਸ਼ਾਨਦੇਹੀ ਕਰਦਿਆਂ ਚੌਂਕੇ 'ਚ ਬੈਠੀ ਮਾਂ ਦੇ ਫ਼ਿਕਰ ਵਾਂਗ ਹੀ ਇਹ ਕਵਿਤਾਵਾਂ ਸੰਸਾਰੀ ਫ਼ਿਕਰਾਂ ਦੀਆਂ ਬਾਤਾਂ ਪਾਉਂਦੀਆਂ ਕਾਵਿ-ਪਾਠਕ ਨੂੰ ਜਾਪਦੀਆਂ ਪ੍ਰਤੀਤ ਹੋਣਗੀਆਂ ਅਤੇ ਉਸ ਨੂੰ ਅਨੇਕਾਂ ਪ੍ਰਸ਼ਨਾਂ ਦੇ ਉੱਤਰ ਤਲਾਸ਼ਣ ਲਈ ਉਤੇਜਿਤ ਕਰਨਗੀਆਂ। ਮਨੁੱਖੀ ਰਿਸ਼ਤਿਆਂ 'ਚ ਮਾਂ-ਬਾਪ ਦੇ ਫ਼ਿਕਰ ਸਾਨੂੰ ਅਲਪ ਬੁੱਧੀ ਕਾਰਨ ਉਦੋਂ ਸਮਝ ਨਹੀਂ ਪੈਂਦੇ ਜਦੋਂ ਅਸੀਂ ਹਾਲੇ ਮਾਂ-ਬਾਪ ਨਹੀਂ ਬਣੇ ਹੁੰਦੇ, ਪਰ ਜਦੋਂ ਬਣ ਜਾਂਦੇ ਹਾਂ ਤਾਂ ਫਿਰ ਉਹੀ ਸਥਿਤੀ 'ਚ ਗੁਜ਼ਰਦਿਆਂ ਉਨ੍ਹਾਂ ਵਰਤਾਰਿਆਂ ਦੀ ਸਮਝ ਸੁਭਾਵਿਕ ਤੌਰ 'ਤੇ ਮਹਿਸੂਸ ਵੀ ਹੁੰਦੀ ਅਤੇ ਵਾਰ-ਵਾਰ ਦੁਹਰਾਈ ਵੀ ਜਾਂਦੀ ਹੈ। 'ਬਿਲਾਲ ਦੀ ਚਿੰਤਾ', 'ਧੀ ਦਾ ਪਿਉ', 'ਧੀਆਂ ਖੁਸ਼ਬੋਆਂ', 'ਘਰ ਮੁੜਨ ਦਾ ਚਾਅ', ਅਤੇ 'ਲਕੀਰ' ਕਵਿਤਾਵਾਂ ਅਜਿਹੇ ਭਾਵਾਂ ਦੀ ਪੇਸ਼ਕਾਰੀ ਹੋਈ ਹੈ। ਲਕੀਰ ਕਵਿਤਾ 'ਚ ਬਾਪ ਦੇ ਮੱਥੇ 'ਤੇ ਤਿੰਨ ਉਕਰੀਆਂ ਲਕੀਰਾਂ ਦਾ ਦ੍ਰਿਸ਼ਟਾਂਤ ਬੱਚੇ ਨੂੰ ਅੱਖਰਦਾ ਪਰ ਜਦੋਂ ਬਾਪ ਬਣਦਾ ਹੈ, ਉਸੇ ਸਥਿਤੀ 'ਚ ਉਹ ਆਪਣੇ-ਆਪ ਨੂੰ ਮਹਿਸੂਸ ਕਰਦਾ ਹੈ :
ਹੁਣ ਸ਼ੀਸ਼ਾ ਦੇਖਾਂ
ਮੇਰੇ ਮੱਥੇ 'ਚ ਵੀ ਉਕਰ ਆਈ
ਇਕ ਲਕੀਰ ਪੱਕੀ
ਅਜੇ ਤਾਂ ਨਿੱਕਾ ਜਿਹਾ
ਮੇਰਾ ਪੁੱਤਰ
ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ-ਸਮਝਾਉਣ ਲਈ ਉਸ ਨੇ 'ਸ਼ੁੱਭ ਸਵੇਰ', 'ਸਭ ਤੋਂ ਖੂਬਸੂਰਤ', 'ਸਫ਼ਰ ਦਾ ਸੰਗੀਤ', 'ਪਿੰਡ ਨੂੰ ਜਾਂਦਾ ਰਾਹ', 'ਘਰ ਮੁੜਨ ਦਾ ਚਾਅ', 'ਘਾਹ', 'ਇੰਝ ਮੁਕੰਮਲ ਹੋਈਏ' ਅਤੇ ਮੰਡੀ ਆਦਿ ਕਵਿਤਾਵਾਂ ਸਿਰਜਦਿਆਂ ਮਨੁੱਖੀ ਮਨ ਦੀ ਪਲ-ਪਲ ਬਦਲਦੀ ਮੰਜ਼ਰ-ਕਸ਼ੀ ਕੀਤੀ ਹੈ। 'ਗਿੱਠਮੁਠੀਏ' ਕਵਿਤਾ ਬਾਲਪਨ ਦੇ ਗਿੱਠਮੁਠੀਆਂ ਨੂੰ ਖੂਹ ਦੀ ਮੌਣ 'ਤੇ ਬੈਠ ਕੇ ਲੱਭਣ ਦਾ ਸਫ਼ਰ ਅਜੋਕੇ ਵਿਵਹਾਰਕ ਮਨੁੱਖੀ ਜੀਵਨ ਦੇ ਖੂਹ ਵਿਚੋਂ ਲੱਭਦਾ ਪ੍ਰਤੀਤ ਹੁੰਦਾ ਹੈ। ਗੁਰਪ੍ਰੀਤ ਦਾ ਇਹ ਵਾਕ 'ਲੋਰੀ, ਸੰਦੀਪ ਦੀ ਧੀ ਹੈ, ਸੰਦੀਪ ਦੀ ਕਵਿਤਾ ਹੈ। ਲੋਰੀ ਹਜ਼ਾਰਾਂ ਧੀਆਂ ਬਣ ਜਾਂਦੀ ਹੈ ਤੇ ਸੰਦੀਪ ਹਜ਼ਾਰਾਂ ਧੀਆਂ ਦਾ ਬਾਪ।' ਇਸ ਕਾਵਿ-ਸੰਗ੍ਰਹਿ ਦੀ ਅੰਤਰ-ਆਤਮਾ ਨੂੰ ਸਮਝਣ ਲਈ ਕਾਵਿ-ਪਾਠਕ ਰਾਹ ਦਸੇਰਾ ਹੈ। ਪੁਸਤਕ ਪੜ੍ਹਨਯੋਗ ਹੈ ਅਤੇ ਸਾਂਭਣਯੋਗ ਹੈ। ਮੁਬਾਰਕਾਂ! ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.
c c c


ਨਿਲੱਜ
ਲੇਖਕ : ਮਹੇਸ਼ ਸੀਲਵੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 97795-84271.


ਵਿਚਾਰ ਅਧੀਨ ਕਹਾਣੀ ਸੰਗ੍ਰਹਿ ਵਿਚ ਕੁੱਲ 19 ਕਹਾਣੀਆਂ ਹਨ। ਲੇਖਕ ਦੇ ਕਹਿਣ ਅਨੁਸਾਰ ਇਨ੍ਹਾਂ ਵਿਚੋਂ 12 ਕਹਾਣੀਆਂ ਲੇਖਕ ਦੇ ਦਾਦੇ ਵਲੋਂ ਸੁਣਾਈਆਂ ਗਈਆਂ, ਦਾ ਰੁਪਾਂਤਰਣ ਰੂਪ ਹੀ ਪੇਸ਼ ਹੈ। ਇਨ੍ਹਾਂ ਕਹਾਣੀਆਂ ਵਿਚ ਅਨੇਕਾਂ ਵਿਸ਼ੇ ਸਮਾਏ ਹੋਏ ਹਨ, ਜਿਵੇਂ : ਅਜਗਰ ਨੂੰ ਰਵਿਦਾਸੀਏ ਜਾਗਰ ਨੇ ਫੜਵਾਉਣ ਵਿਚ ਹਿੰਮਤ ਕੀਤੀ ਸੀ ਪਰ ਚਿੜੀਆ ਘਰ ਵਿਚ ਸਰਪੰਚ ਨੇ 'ਆਪਣੇ ਰਾਹੀਂ' ਦਾ ਨਾਂਅ ਲਿਖਵਾ ਲਿਆ (ਨਾਂਅ ਦੀ ਮਹਿਮਾ), ਵਿਸ਼ਾ ਲਿਆ ਹੈ ਭੈਣ ਦੇ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ (ਘਰ ਜਵਾਈ), ਨਾਇਕ ਨੂੰ ਜੱਟ ਦੀ ਚੋਰੀ ਬਦਲੇ 12 ਸਾਲ ਦੀ ਗੁਲਾਮੀ ਕੱਟਣੀ ਪਈ (ਪਛਤਾਵਾ), ਮਰੇ ਹੋਏ ਪੁੱਤ ਨੂੰ ਜਿਊਂਦੇ ਹੋਣ ਦਾ ਵਹਿਮ ਨਾਇਕਾ ਨੂੰ (ਬੀਰੋ), ਬੀਮਾ ਏਜੰਟਾਂ 'ਤੇ ਵਿਅੰਗ (ਨਿੱਕੀ ਜਿਹੀ ਪਾਲੀਸੀ), ਬੌਸ ਤੋਂ ਤੰਗ ਆਈ ਨਾਇਕਾ ਨੇ ਬੌਸ ਦੀ ਹੱਤਿਆ ਕਰਕੇ ਖ਼ੁਦਕੁਸ਼ੀ ਕਰ ਲਈ (ਉਡੀਕ), ਅਧਿਆਪਕ 'ਤੇ ਵਿਅੰਗ (ਢੱਗਾ), ਗੱਡੀ ਦੇ ਸਫ਼ਰ ਦੌਰਾਨ ਨਾਇਕਾ ਨਾਲ ਪ੍ਰੀਤ (ਇਕ ਅਨੋਖੀ ਮੁਲਾਕਾਤ), ਹਰ ਸਹੂਲਤ ਦੀ ਬਹੁਤਾਤ ਬੁਰੀ ਹੁੰਦੀ ਹੈ (ਖਾਜ), ਤਲਾਕ ਬਾਰੇ ਸਮਾਜ ਤੋਂ ਡਰਦੀ ਧੀ ਵਲੋਂ ਆਤਮ-ਹੱਤਿਆ (ਧੀਆਂ), ਰਿਸ਼ਵਤ ਨਾ ਦੇ ਸਕਣਾ, ਨੌਕਰੀ ਨਾ ਮਿਲਣਾ (ਖ਼ੁਦਕੁਸ਼ੀ), ਜੱਟ ਅਤੇ ਗਡਰੀਏ ਦੀ ਹਊਮੈ ਕਾਰਨ ਦੁਖਾਂਤ (ਘਸੁੰਨ), ਚੁੱਪ-ਚੁਪੀਤਾ ਪਤੀ (ਨਿਲੱਜ), ਪਾਣੀ ਵਿਚ ਕਾਗਜ਼ ਦੀ ਕਿਸ਼ਤੀ ਤਾਰਦੀ ਬੱਚੀ ਨੂੰ ਵੇਖ ਕੇ ਬਚਪਨ ਯਾਦ ਆਉਣਾ (ਬਚਪਨ), ਭਾਰਤ-ਵੰਡ ਦਾ ਦੁਖਾਂਤ (ਜਨਮ ਭੂਮੀ), ਕੁੰਡਲੀ ਮਿਲਾਣ ਦੇ ਚੱਕਰ 'ਚ ਵਿਆਹ ਦੀ ਦੇਰੀ (ਹਨੇਰੀ ਗੁਫ਼ਾ), ਤਿਕੋਨੀਆ ਪਿਆਰ (ਜੋਸ਼), ਮਾਪੇ ਵਲੋਂ ਅਧਿਆਪਕ ਦੀ ਉੱਤਰ-ਪੱਤਰੀ 'ਚ ਮਾਰਕਿੰਗ-ਗ਼ਲਤੀ ਦੱਸਣ ਦਾ ਖਮਿਆਜ਼ਾ ਬੱਚੇ ਨੇ ਭੁਗਤਣਾ (ਸਨਕੀ), ਘਰ ਦਾ ਕੰਮ ਕਰਨ ਵਾਲੀ ਨੌਕਰਾਣੀ ਦੀ ਦਾਸਤਾਂ (ਅਰੁਣਾ) ਆਦਿ। ਕਹਾਣੀਕਾਰ ਮਹੇਸ਼ ਸੀਲਵੀ ਕਹਾਣੀਆਂ ਵਿਚ ਵਾਰ-ਵਾਰ ਆਪਣੇ ਪਿੰਡ 'ਸੀਲ' ਦੀ ਗੱਲ ਕਰਦਾ ਹੈ। ਕਈ ਵਾਰੀ ਪਾਤਰਾਂ ਦੇ ਨਾਂਅ ਵੀ ਹੂ-ਬਹੂ ਵਰਤ ਲੈਂਦਾ ਹੈ। ਪਾਤਰਾਂ ਦਾ ਮੁਹਾਂਦਰਾ ਵਧੀਆ ਸਿਰਜਦਾ ਹੈ। ਦ੍ਰਿਸ਼ ਚਿਤਰਣ ਵੀ ਕਮਾਲ ਦਾ ਹੈ। ਉਸ ਦੀਆਂ ਯਾਦਾਂ ਹੀ ਕਹਾਣੀਆਂ ਦੀ ਮੁੱਖ ਫੇਬੁਲਾ ਦਾ ਆਧਾਰ ਬਣਦੀਆਂ ਨੋਟ ਕੀਤੀਆਂ ਜਾ ਸਕਦੀਆਂ ਹਨ।


ਡਾ. ਧਰਮ ਚੰਦ ਵਾਤਿਸ਼
ਈ.ਮੇਲ vatish.dharamchand@gmail.com

ਪਹਿਲਾ ਪਾਣੀ ਜੀਉ ਹੈ ਸ਼ਲਾਘਾਯੋਗ ਉਪਰਾਲਾ

 ਵਾਤਾਵਰਨ ਦਾ ਮੁੱਦਾ ਕਿਸੇ ਇਕ ਦੇਸ਼ ਜਾਂ ਕਿਸੇ ਖ਼ਾਸ ਖਿੱਤੇ ਦਾ ਨਹੀਂ ਹੈ ਸਗੋਂ ਇਹ ਆਲਮੀ ਪੱਧਰ 'ਤੇ ਹਰ ਵਿਅਕਤੀ ਅਤੇ ਬਨਾਸਪਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਵਾਤਾਵਰਨ ਵਿਚ ਆਏ ਨਿਘਾਰ ਕਾਰਨ ਅਸੀਂ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਾਂ।
ਆਲਮੀ ਤਪਸ਼ ਬਾਰੇ ਕੌਮਾਂਤਰੀ ਮੰਚਾਂ ਤੋਂ ਫ਼ਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ ਜੋ ਕਿ ਸਮੇਂ ਦੀ ਮੁੱਖ ਲੋੜ ਵੀ ਹੈ। ਆਖਿਰਕਾਰ ਵਾਤਾਵਰਨ ਦੇ ਪੱਖ ਤੋਂ ਜਿੱਥੇ ਅਸੀਂ ਖੜ੍ਹੇ ਹਾਂ, ਉਹ ਬਹੁਤ ਹੀ ਖ਼ਤਰਨਾਕ ਤੇ ਡਰਾਉਣਾ ਹੈ। ਦੁਨੀਆ ਭਰ ਦੇ ਮੁਲਕ ਇਸ ਚਿੰਤਾ ਵਿਚ ਡੁੱਬੇ ਹੋਏ ਹਨ ਕਿ ਆਖਿਰਕਾਰ ਇਹ ਧਰਤੀ ਰਹਿਣਯੋਗ ਰਹਿ ਵੀ ਜਾਵੇਗੀ ਜਾਂ ਫਿਰ ਸਾਰਾ ਕੁਝ ਤਬਾਹ ਹੋ ਜਾਵੇਗਾ? ਅਸਲ ਵਿਚ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹਾ ਵਰਤਾਰਾ ਵਾਪਰਿਆ ਕਿਉਂ ਹੈ? ਇਸ ਵਰਤਾਰੇ ਲਈ ਅੰਨ੍ਹੇਵਾਹ ਮੁਨਾਫ਼ੇ ਦੀ ਲੱਗੀ ਹੋੜ ਜ਼ਿੰਮੇਵਾਰ ਹੈ। ਵੱਡੇ ਸਾਮਰਾਜੀ ਮੁਲਕਾਂ ਨੇ ਵਿਕਾਸਸ਼ੀਲ ਤੇ ਗ਼ਰੀਬ ਦੇਸ਼ਾਂ ਦੇ ਜ਼ਿੰਮੇ ਇਹ ਲਾ ਦਿੱਤਾ ਹੈ ਕਿ ਉਹ ਵਾਤਾਵਰਨ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣ ਤੇ ਉਹ ਇਨ੍ਹਾਂ ਗ਼ਰੀਬ ਮੁਲਕਾਂ ਦੀ ਆਰਥਿਕ ਮਦਦ ਕਰਦੇ ਰਹਿਣਗੇ। ਦੁਨੀਆ ਦੇ ਬਹੁਤੇ ਦੇਸ਼ ਵਾਤਾਵਰਨ ਵਿਚ ਆਏ ਨਿਘਾਰ ਦਾ ਸਾਹਮਣਾ ਕਰ ਰਹੇ ਹਨ ਤੇ ਖ਼ਾਸ ਕਰਕੇ ਪੀਣ ਵਾਲੇ ਪਾਣੀ ਦੀ ਚਿੰਤਾ ਵਧਦੀ ਜਾ ਰਹੀ ਹੈ।
ਇਸ ਆਲਮੀ ਪੱਧਰ 'ਤੇ ਪੈਦਾ ਹੋਏ ਸੰਕਟ ਦਾ ਰਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਲੋਕ ਵਿਚੋਂ ਦੀ ਹੋ ਕੇ ਹੀ ਜਾਂਦਾ ਹੈ, ਜੋ ਬਹੁਤ ਸਪੱਸ਼ਟ ਸ਼ਬਦਾਂ ਵਿਚ ਵਾਤਾਵਰਨ ਦੀ ਆਲਮੀ ਪੱਧਰ ਦੀ ਵਿਆਖਿਆ ਕਰਦਾ ਹੈ;
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।
550 ਸਾਲ ਪਹਿਲਾਂ ਇਸ ਧਰਤੀ 'ਤੇ ਅਵਤਾਰ ਧਾਰਨ ਕਰਨ ਵਾਲੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸੰਦੇਸ਼ ਹੀ ਆਲਮੀ ਪੱਧਰ 'ਤੇ ਆਏ ਵਾਤਾਵਰਨ ਦੇ ਸੰਕਟ ਤੋਂ ਪਾਰ ਪਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੰਦੇਸ਼ 'ਤੇ ਅਮਲ ਕੀਤੇ ਬਿਨਾਂ ਇਸ ਸੰਕਟ ਵਿਚੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਹੋਵੇਗਾ। ਇਹ ਸੰਦੇਸ਼ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇਸ ਸੰਸਾਰ ਵਿਚ ਗਿਆ ਸੀ। ਸੁਲਤਾਨਪੁਰ ਦੀ ਇਸ ਇਤਿਹਾਸਕ ਨਗਰੀ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਗੁਜ਼ਾਰੇ ਸਨ।
ਸੁਲਤਾਨਪੁਰ ਲੋਧੀ ਰਹਿੰਦਿਆਂ ਹੀ ਉਨ੍ਹਾਂ ਨੇ ਕਾਲੀ ਵੇਈਂ (ਨਦੀ) ਵਿਚ ਡੁਬਕੀ ਲਗਾਈ ਸੀ। ਗੁਰੂ ਜੀ ਦੀ ਇਸ ਡੁਬਕੀ ਨੇ ਇਸ ਸੰਸਾਰ ਨੂੰ ਤਾਰਨ ਦਾ ਜਿਹੜਾ ਸੁਨੇਹਾ ਦਿੱਤਾ, ਉਹ ਸਰਬੱਤ ਦੇ ਭਲੇ ਦਾ ਸੁਨੇਹਾ ਸੀ। ਗੁਰੂ ਨਾਨਕ ਦੇਵ ਜੀ ਵਲੋਂ ਰਚੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਹੀ ਸਲੋਕ ਦੀ ਪਹਿਲੀ ਹੀ ਪੰਕਤੀ ਵਿਚ ਹਵਾ, ਪਾਣੀ ਤੇ ਧਰਤੀ ਦੀ ਗੱਲ ਕਰਕੇ ਇਸ ਕੁੱਲ ਲੋਕਾਈ ਨੂੰ ਇਕ ਸੁਚੱਜੀ ਜੀਵਨ-ਜਾਚ ਦਾ ਰਸਤਾ ਵੀ ਦਿਖਾਇਆ ਗਿਆ ਹੈ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਨਦੀ ਵੀ ਪਲੀਤ ਹੋ ਗਈ ਸੀ। ਇਸ ਪਵਿੱਤਰ ਨਦੀ ਵਿਚ ਮੁੜ ਨਿਰਮਲ ਧਾਰਾ ਵਗਾਉਣ ਲਈ ਜੁਲਾਈ 2000 ਦੀ ਸਾਉਣ ਦੀ ਸੰਗਰਾਂਦ ਨੂੰ ਗੁਰਦੁਆਰਾ ਬੇਰ ਸਾਹਿਬ ਵਿਚ ਅਰਦਾਸ ਕੀਤੀ ਗਈ ਸੀ ਤੇ ਇਸ ਨਦੀ ਨੂੰ ਸਾਫ਼ ਕਰਨ ਦਾ ਕਾਰਜ ਆਰੰਭ ਹੋ ਗਿਆ ਸੀ। ਕਾਰ ਸੇਵਾ ਦੇ 22 ਸਾਲਾਂ ਦੇ ਸਫ਼ਰ ਨੇ ਪੰਜਾਬ ਵਿਚ ਵਾਤਾਵਰਨ ਬਾਰੇ ਚੇਤਨਾ ਦੀ ਲਹਿਰ ਪੈਦਾ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਬੇ ਨਾਨਕ ਦੀ ਇਹ ਪਵਿੱਤਰ ਵੇਈਂ ਫਿਰ ਤੋਂ ਵਗਣ ਲੱਗ ਪਈ ਹੈ। ਇਸ ਨਦੀ ਦੇ ਵਗਣ ਨੇ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੀ ਪੱਧਰ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ।
ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ, ਪੰਜਾਬ ਦੇ ਪਲੀਤ ਹੁੰਦੇ ਦਰਿਆਵਾਂ ਬਾਰੇ ਡਾ. ਬਰਜਿੰਦਰ ਸਿੰਘ ਹਮਦਰਦ ਹੋਰੀਂ ਆਪਣੀਆਂ ਲਿਖਤਾਂ ਰਾਹੀ 35 ਸਾਲਾਂ ਤੋਂ ਪੰਜਾਬ ਦੀ ਪਹਿਰੇਦਾਰੀ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ 1986 ਤੋਂ ਲੈ ਕੇ 2021 ਤੱਕ ਵਾਤਾਵਰਨ ਬਾਰੇ ਤੇ ਖ਼ਾਸ ਕਰਕੇ ਪਾਣੀਆਂ ਬਾਰੇ ਜਿਹੜੇ ਤੱਥ ਪੇਸ਼ ਕੀਤੇ ਹਨ, ਉਹ ਸੱਚਮੁੱਚ ਹੀ ਸਮੁੱਚੇ ਪੰਜਾਬੀਆਂ ਨੂੰ ਚੌਕਸ ਕਰਨ ਵਾਲੇ ਹਨ। ਆਪਣੀਆਂ ਲਿਖਤਾਂ ਰਾਹੀ ਬਰਜਿੰਦਰ ਸਿੰਘ ਹਮਦਰਦ ਹੋਰੀਂ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੇ ਲੋਕਾਂ ਨੂੰ ਤੇ ਸਮੇਂ ਦੀਆਂ ਸਰਕਾਰਾਂ ਨੂੰ ਸੁਚੇਤ ਕਰਨ ਵਿਚ ਲੱਗੇ ਹੋਏ ਹਨ।
ਉਨ੍ਹਾਂ ਵਲੋਂ 1986 ਵਿਚ ਲਿਖੀ ਸੰਪਾਦਕੀ 'ਲਿੰਕ ਨਹਿਰ ਦਾ ਮਸਲਾ' ਤੋਂ ਲੈ ਕੇ ਸਾਲ 2021 ਵਿਚ 'ਗੰਭੀਰ ਹੁੰਦਾ ਜਾ ਰਿਹੈ ਪਾਣੀ ਦਾ ਸੰਕਟ' ਤੱਕ ਦੇ ਸਫ਼ਰ ਵਿਚ ਵੱਡੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਹਨ। ਇਕ ਸੁਘੜ ਸਿਆਣੇ ਨਾਗਰਿਕ ਵਜੋਂ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਤੇ ਉਨ੍ਹਾਂ ਦੀ ਇਸ ਭੂਮਿਕਾ ਨੇ ਸਮੇਂ ਦੀਆਂ ਸਰਕਾਰਾਂ ਦੇ ਹਾਕਮਾਂ ਨੂੰ ਵੀ ਝੰਜੋੜਿਆ ਹੈ ਅਤੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਆਗੂਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਹੈ। ਮਨੁੱਖ ਵਲੋਂ ਕੀਤੇ ਗਏ ਚੰਗੇ ਕੰਮਾਂ ਦੀ ਪ੍ਰਸੰਸਾ ਵੀ ਕਰਨੀ ਚਾਹੀਦੀ ਹੈ, ਜਿਸ ਦਾ ਉਹ ਹੱਕਦਾਰ ਹੁੰਦਾ ਹੈ।
ਇਸ ਹਥਲੀ ਪੁਸਤਕ ਵਿਚ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਬਹੁਤ ਸਾਰੀਆਂ ਸੰਪਾਦਕੀਆਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਕੁਝ ਇਕ ਦਾ ਜ਼ਿਕਰ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਵਿਚ 24 ਜੁਲਾਈ, 1982 ਨੂੰ ਲਿਖੀ ਸੰਪਾਦਕੀ 'ਪਾਣੀਆਂ ਦੀ ਵੰਡ' ਖ਼ਾਸ ਧਿਆਨ ਮੰਗਦੀ ਹੈ। ਇਸ ਵਿਚ ਉਨ੍ਹਾਂ ਵਲੋਂ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਸੁਰਿੰਦਰ ਨਾਥ ਦੇ ਦਿੱਤੇ ਗਏ ਹਵਾਲੇ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਸ ਵਿਚ ਉਸ (ਗਵਰਨਰ ਸੁਰਿੰਦਰ ਨਾਥ) ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਜੇ ਸਤਲੁਜ ਦੇ ਪਾਣੀਆਂ 'ਤੇ ਹਰਿਆਣੇ ਦਾ ਹੱਕ ਹੈ ਤਾਂ ਜਮਨਾ ਦੇ ਪਾਣੀਆਂ 'ਤੇ ਵੀ ਪੰਜਾਬ ਦਾ ਓਨਾ ਹੀ ਹੱਕ ਹੈ, ਕਿਉਂਕਿ ਇਹ ਵੀ ਕਦੇ ਇਕੱਠੇ ਪੰਜਾਬ ਵਿਚ ਵਹਿੰਦਾ ਸੀ।
ਇਨ੍ਹਾਂ ਸੰਪਾਦਕੀਆਂ ਵਿਚ 1982 'ਚ ਲੱਗੇ ਕਪੂਰੀ ਮੋਰਚੇ ਤੋਂ ਲੈ ਕੇ ਹੁਣ ਤੱਕ ਐਸ.ਵਾਈ.ਐਲ. ਦੇ ਕੇਸ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਜਿਹੜੀ ਸੰਪਾਦਕੀ 'ਸਪੱਸ਼ਟ ਨੀਤੀ ਦੀ ਲੋੜ' ਉਨ੍ਹਾਂ ਨੇ 30 ਜੂਨ, 1995 ਨੂੰ ਲਿਖੀ ਸੀ, ਉਸ ਵਿਚ ਸਮੇਂ ਦੀ ਕੇਂਦਰੀ ਹਕੂਮਤ ਵਲੋਂ ਪੰਜਾਬ ਦੇ ਪਾਣੀਆਂ ਦੀ ਗੁਪਤ ਤਰੀਕੇ ਨਾਲ ਕੀਤੀ ਜਾਣ ਵਾਲੀ ਲੁੱਟ ਨੂੰ ਉਜਾਗਰ ਕੀਤਾ ਗਿਆ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਰਿਪੇਰੀਅਨ ਕਾਨੂੰਨ ਅਨੁਸਾਰ ਸਤਲੁਜ, ਬਿਆਸ ਤੇ ਰਾਵੀ ਦੇ ਪਾਣੀਆਂ 'ਤੇ ਸਿਰਫ਼ ਪੰਜਾਬ ਦਾ ਹੀ ਹੱਕ ਬਣਦਾ ਹੈ। ਇਸ ਲਈ ਪੰਜਾਬ ਵਿਚ ਨਵੀਆਂ ਨਹਿਰਾਂ ਕੱਢ ਕੇ ਸਾਰੇ ਖੇਤਾਂ ਨੂੰ ਪਾਣੀ ਦਿੱਤਾ ਜਾਏ। ਇਸੇ ਸੰਪਾਦਕੀ ਦੇ ਅਖ਼ੀਰ ਵਿਚ ਉਨ੍ਹਾਂ ਨੇ ਇਹ ਗੱਲ ਬੜੀ ਸਪੱਸ਼ਟਤਾ ਨਾਲ ਕਹੀ ਸੀ ਕਿ ਜੇਕਰ ਹੁਣ ਪੰਜਾਬ ਦੇ ਹਿੱਸੇ ਦਾ ਪਾਣੀ ਵੀ ਹੋਰ ਵੰਡਿਆ ਗਿਆ ਤਾਂ ਇਹ ਪੰਜਾਬ ਦੇ ਕਿਸਾਨਾਂ ਲਈ ਸਮੁੱਚੇ ਰੂਪ ਵਿਚ ਬੜੀ ਮਾੜੀ ਗੱਲ ਹੋਵੇਗੀ, ਕਿਉਂਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਹੇਠਾਂ ਉਤਰਦਾ ਜਾ ਰਿਹਾ ਹੈ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਇਸ ਮਸਲੇ 'ਤੇ ਕੇਂਦਰ ਅੱਗੇ ਨਹੀਂ ਝੁਕੇਗੀ।
ਇਸ ਲਿਖਤ ਵਿਚ ਉਨ੍ਹਾਂ ਨੇ ਜਿੱਥੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦੀ ਫ਼ਿਕਰਮੰਦੀ ਕੀਤੀ ਹੈ, ਉਥੇ ਸੂਬਾ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਦੀ ਹੋਰ ਵੰਡ ਨਾ ਕਰਨ ਤੋਂ ਸੁਚੇਤ ਕੀਤਾ ਸੀ ਤੇ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਕੇਂਦਰ ਅੱਗੇ ਝੁਕਣ ਤੋਂ ਵਰਜਿਆ ਸੀ।
ਸੰਨ 2000 ਦੇ ਜੂਨ ਤੇ ਜੁਲਾਈ ਮਹੀਨਿਆਂ ਵਿਚ ਲਿਖੀਆਂ ਦੋ ਸੰਪਾਦਕੀਆਂ ਦਾ ਇੱਥੇ ਖ਼ਾਸ ਜ਼ਿਕਰ ਕਰਨਾ ਬਣਦਾ ਹੈ, ਕਿਉਂਕਿ ਇਨ੍ਹਾਂ ਵਿਚ ਉਨ੍ਹਾਂ ਨੇ ਅਸਲ ਸੰਕਟ ਵੱਲ ਬਹੁਤ ਹੀ ਸੰਜੀਦਗੀ ਨਾਲ ਸਪੱਸ਼ਟ ਇਸ਼ਾਰਾ ਕੀਤਾ ਹੈ। 18 ਜੂਨ, 2000 ਦੀ ਸੰਪਾਦਕੀ 'ਪਾਣੀ ਦੀ ਸਹੀ ਵਰਤੋਂ ਵੱਲ ਧਿਆਨ ਦਿਓ' ਵਿਚ ਉਨ੍ਹਾਂ ਬਹੁਤ ਹੀ ਗੰਭੀਰ ਸਥਿਤੀ ਵੱਲ ਇਸ਼ਾਰਾ ਕੀਤਾ ਹੈ। ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਨੇ 22 ਸਾਲ ਪਹਿਲਾਂ ਲਿਖਿਆ ਸੀ ਕਿ ਪੰਜਾਬ ਵਿਚ ਅੱਜ ਵੀ ਲਗਭਗ ਪੰਜ ਹਜ਼ਾਰ ਪਿੰਡ ਅਜਿਹੇ ਹਨ, ਜਿਨ੍ਹਾਂ ਵਿਚ ਸ਼ੁੱਧ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਉਹ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਜੇ ਹਾਲਾਤ ਇਹ ਹੀ ਰਹੇ ਤਾਂ ਪੰਜਾਬ ਰਾਜਸਥਾਨ ਬਣ ਜਾਵੇਗਾ।
ਇਹ ਸਾਰੀਆਂ ਲਿਖਤਾਂ ਅੱਖਾਂ ਖੋਲ੍ਹਣ ਵਾਲੀਆਂ ਹਨ। ਦੋ ਹੋਰ ਸੰਪਾਦਕੀਆਂ ਦਾ ਜ਼ਿਕਰ ਕਰਨਾ ਬੇਹੱਦ ਜ਼ਰੂਰੀ ਹੈ। ਪੰਜਾਬ ਨੂੰ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਅਤੇ ਖ਼ਾਸ ਕਰਕੇ ਝੋਨੇ ਤੋਂ ਕਿਸਾਨਾਂ ਦਾ ਖਹਿੜਾ ਛੁਡਵਾਉਣ ਲਈ ਉਨ੍ਹਾਂ ਨੇ ਆਪਣੀ 3 ਜੂਨ, 2015 ਨੂੰ ਲਿਖੀ ਸੰਪਾਦਕੀ 'ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ' ਵਿਚ ਬਹੁਤ ਹੀ ਸੰਜੀਦਗੀ ਨਾਲ ਇਸ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਉਹ ਲਿਖਦੇ ਹਨ ਕਿ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ਕਾਰਨ ਪੰਜਾਬ 'ਚ ਧਰਤੀ ਹੇਠੋਂ ਏਨਾ ਪਾਣੀ ਕੱਢ ਲਿਆ ਗਿਆ ਹੈ ਕਿ ਆਉਂਦੇ ਕੁਝ ਸਾਲਾਂ 'ਚ ਹੀ ਧਰਤੀ ਹੇਠਲਾ ਪਾਣੀ ਪਤਾਲ 'ਚ ਚਲਾ ਜਾਏਗਾ। ਖੇਤੀਬਾੜੀ ਦੇ ਖੇਤਰ ਵਿਚ ਆਈ ਮੰਦੀ ਸੂਬੇ ਦੀ ਆਰਥਿਕਤਾ 'ਤੇ ਵੱਡੀ ਸੱਟ ਮਾਰੇਗੀ। ਅੰਮ੍ਰਿਤ ਰੂਪੀ ਪਾਣੀ ਨਦਾਰਦ ਹੁੰਦਾ ਜਾਏਗਾ। ਇਸੇ ਲਿਖਤ ਦੇ ਅਖ਼ੀਰ ਵਿਚ ਉਨ੍ਹਾਂ ਨੇ ਸਥਿਤੀ ਨੂੰ ਹੋਰ ਵੀ ਸਪੱਸ਼ਟ ਕਰਦਿਆ ਲਿਖਿਆ ਹੈ ਕਿ ਪੰਜਾਬ ਦਾ ਹਾਲ ਤਾਂ ਮਾੜਾ ਹੈ ਹੀ, ਇਹ ਰਿਪੋਰਟਾਂ ਵੀ ਹਨ ਕਿ ਸਾਲ 2025 'ਚ ਸਮੁੱਚੇ ਭਾਰਤ ਵਿਚ ਪਾਣੀ ਦੀ ਵੱਡੀ ਕਿੱਲਤ ਹੋ ਜਾਏਗੀ।
ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਅੱਜ ਜਦੋਂ ਸਾਲ 2022 ਵਿਚ ਪੰਜਾਬ ਦੇ ਪਾਣੀਆਂ ਬਾਰੇ ਡੂੰਘੀ ਫ਼ਿਕਰਮੰਦੀ ਜ਼ਾਹਰ ਕੀਤੀ ਜਾ ਰਹੀ ਹੈ, ਤਾਂ ਸਾਲ 2019 ਵਿਚ ਸੈਂਟਰਲ ਗਰਾਊਂਡ ਵਾਟਰ ਬੋਰਡ ਨਵੀਂ ਦਿੱਲੀ ਨੇ ਪੰਜਾਬ ਸਰਕਾਰ ਨੂੰ ਇਹ ਰਿਪੋਰਟ ਦਿੱਤੀ ਸੀ ਕਿ ਪੰਜਾਬ ਦੀ ਧਰਤੀ ਹੇਠਾਂ 22 ਸਾਲ ਦਾ ਪਾਣੀ ਬਚਿਆ ਹੈ। ਇਸ ਕੀਤੇ ਗਏ ਸਰਵੇ ਨੂੰ ਚਾਰ ਸਾਲ ਬੀਤ ਗਏ ਹਨ ਭਾਵ ਕਿ ਅੱਜ ਦੀ ਤਰੀਕ ਵਿਚ ਸਾਡੇ ਕੋਲ ਸਿਰਫ 17-18 ਸਾਲਾਂ ਦਾ ਹੀ ਪਾਣੀ ਬਚਿਆ ਹੈ। ਫਿਰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਛੱਡ ਕੇ ਜਾ ਰਹੇ ਹਾਂ? ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਸਮੇਤ ਹੋਰ ਕਈ ਸਰਕਾਰੀ ਤੇ ਗ਼ੈਰ-ਸਰਕਾਰੀ ਏਜੰਸੀਆਂ ਨੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਖ਼ਤਮ ਹੋਣ ਬਾਰੇ ਖ਼ਤਰੇ ਦੀ ਘੰਟੀ ਵਜਾਈ ਹੈ। ਇੱਥੋਂ ਤੱਕ ਕਿ ਨਾਸਾ ਦੀ ਇਕ ਰਿਪੋਰਟ ਵਿਚ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਨਾਲ ਪੈਦਾ ਹੋਣ ਵਾਲੇ ਸੰਕਟਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵਲੋਂ ਵਾਤਾਵਰਨ ਦੇ ਮੁੱਦੇ ਸੰਬੰਧੀ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਸ ਗੰਭੀਰ ਮੁੱਦੇ ਨੂੰ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿਚ ਪਾਉਣ। ਕਈ ਰਾਜਨੀਤਕ ਪਾਰਟੀਆਂ ਨੇ ਇਸ ਨੂੰ ਸ਼ਾਮਿਲ ਕੀਤਾ ਤੇ ਕਈਆਂ ਨੇ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਆਪਣੇ ਹੱਕਾਂ ਨੂੰ ਲੈ ਕੇ ਹੋਰ ਸੁਚੇਤ ਹੋਣ ਦੀ ਲੋੜ ਹੈ।
8 ਜੁਲਾਈ, 2021 ਦੀ ਲਿਖਤ ਵਿਚ ਤਾਂ ਸ. ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ ਅੰਕੜਿਆਂ ਤੇ ਤੱਥਾਂ ਨਾਲ ਜਿਹੜੀ ਤਸਵੀਰ ਖਿੱਚੀ ਹੈ, ਉਸ ਨਾਲ ਸਾਡੇ ਹੁਕਮਰਾਨਾਂ ਦੀ ਕੁੰਭਕਰਨੀ ਨੀਂਦ ਕਿਉਂ ਨਹੀਂ ਟੁੱਟਦੀ, ਇਹ ਬਹੁਤ ਹੀ ਹੈਰਾਨੀਜਨਕ ਹੈ। ਇਸ ਲਿਖਤ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸੂਬੇ (ਪੰਜਾਬ) ਵਿਚ 1960-61 ਦੌਰਾਨ ਸਾਢੇ 7000 ਦੇ ਲਗਭਗ ਟਿਊਬਵੈੱਲ ਸਨ। ਅੱਜ ਇਨ੍ਹਾਂ ਦੀ ਗਿਣਤੀ 15 ਲੱਖ ਤੱਕ ਪੁੱਜ ਗਈ ਹੈ। ਪੰਜਾਬ ਦੇ ਬਹੁਤੇ ਬਲਾਕ 'ਡਾਰਕ ਜ਼ੋਨ' ਐਲਾਨੇ ਜਾ ਚੁੱਕੇ ਹਨ। ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ। ਇਸ ਵਿਚੋਂ ਨਿਕਲਣ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਹਮਦਰਦ ਹੋਰਾਂ ਦੀਆਂ ਇਹ ਲਿਖਤਾਂ ਇਸ ਕਾਰਜ ਲਈ ਸਹਾਈ ਹੋਣਗੀਆਂ।
'ਅਜੀਤ' ਅਖ਼ਬਾਰ ਵਿਚ ਲਿਖੀਆਂ ਆਪਣੀਆਂ ਇਨ੍ਹਾਂ ਸੰਪਾਦਕੀਆਂ ਨੂੰ ਕਿਤਾਬ ਦਾ ਰੂਪ ਦੇ ਕੇ ਡਾ. ਹਮਦਰਦ ਹੋਰਾਂ ਨੇ ਇਕ ਤਰ੍ਹਾਂ ਨਾਲ ਇਤਿਹਾਸਕ ਦਸਤਾਵੇਜ਼ਾਂ ਨੂੰ ਸੰਭਾਲਣ ਦਾ ਜਿਹੜਾ ਉਪਰਾਲਾ ਤੇ ਉੱਦਮ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਇਤਿਹਾਸਕ ਸੰਪਾਦਕੀਆਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਸੀ, ਕਿਉਂਕਿ ਇਹੀ ਲਿਖਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣਨਗੀਆਂ।

01-05-2022

 ਨਾਨਕ ਏਵੈ ਜਾਣੀਐ
ਲੇਖਕ : ਜਸਵੰਤ ਸਿੰਘ ਜ਼ਫਰ
ਪ੍ਰਕਾਸ਼ਨ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 99888-03277.

ਨਾਨਕ ਏਵੈ ਜਾਣੀਐ ਦੇ ਲੇਖਕ ਨੇ ਹੱਥਲੀ ਪੁਸਤਕ ਪੰਜਾਬ ਦੀ ਜਵਾਨੀ ਦੇ ਨਾਂਅ ਕੀਤੀ ਹੈ। ਇਸ ਪੁਸਤਕ ਨੂੰ ਦਸ ਨਿਬੰਧਾਂ ਵਿਚ ਪੇਸ਼ ਕੀਤਾ ਹੈ। ਗੁਰੂ ਨਾਨਕ ਬਾਣੀ ਵਰਤਮਾਨ ਪ੍ਰਸੰਗ, ਗੁਰੂ ਨਾਨਕ ਬਾਣੀ ਦੇ ਸਰੋਤਾਂ ਸਰੋਕਾਰ, ਨਾਨਕ ਕਿਛੁ ਸੁਣੀਐ ਕਿਛੁ ਕਹੀਐ, ਨਾਮਿ ਰਤੇ ਸਿੱਧ ਗੋਸਿਟ ਹੋਇ, ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ, ਕੁਦਰਤਿ ਕਵਣ ਕਹਾ ਵੀਚਾਰੁ, ਦਰੀਆਵਾ ਸਿਉ ਦੋਸਤੀ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ। ਆਪਣੀ ਬੋਲੀ ਧਰਮ ਤੇ ਲਿਪੀਅੰਤਰ ਸੰਬੰਧ, ਗੁਰਾਂ ਦੇ ਨਾਂਅ 'ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ?
ਜ਼ਫਰ ਨੇ ਗੁਰੂ ਨਾਨਕ ਸਾਹਿਬ ਸੰਬੰਧੀ ਮਨਾਈਆਂ ਸ਼ਤਾਬਦੀਆਂ ਦੇ ਸੰਬੰਧ ਵਿਚ ਵੀ ਸਵਾਲ ਖੜ੍ਹੇ ਕੀਤੇ ਹਨ, ਉਹ ਲਿਖਦਾ ਹੈ ਕਿ ਗੁਰੂ ਸਾਹਿਬ ਦੀ ਬਾਣੀ ਦੀ ਵਰਤਮਾਨ ਸਮੇਂ 'ਚ ਸਾਰਥਕਤਾ ਬਾਰੇ ਬਹੁਤ ਕੁਝ ਲਿਖਿਆ/ਪੜ੍ਹਿਆ/ਪ੍ਰਕਾਸ਼ਿਤ ਕਰਵਾਇਆ ਗਿਆ ਹੈ। ਬੇਸ਼ੱਕ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਸਮਝਣ ਤੇ ਸੰਚਾਰਨ ਦੇ ਇਨ੍ਹਾਂ ਯਤਨਾਂ ਰਾਹੀਂ ਉਨ੍ਹਾਂ ਦੀ ਯਾਦ ਨੂੰ ਅਜੋਕੀਆਂ ਰਾਜਨੀਤਕ-ਸਾਂਸਕ੍ਰਿਤਕ ਪ੍ਰਸਥਿਤੀਆਂ ਅਨੁਸਾਰ ਪੁਨਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਅਜੋਕੀ ਸਿੱਖ ਪਛਾਣ ਨੂੰ ਪੁਨਰ ਸਥਾਪਤ ਕੀਤਾ ਜਾ ਸਕੇ ਪ੍ਰੰਤੂ ਸਥਿਤੀ ਦੀ ਵਿਡੰਬਨਾ ਇਹ ਹੈ ਕਿ ਨਾਨਕ ਨਾਮ ਲੇਵਾ ਦੇ ਵਿਵਹਾਰ ਵਿਚੋਂ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਵਿਚਾਰਧਾਰਾ ਪ੍ਰਤੀਬਿੰਧਤ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ। ਆਖਿਰ ਗੁਰੂ ਨਾਨਕ ਚਿੰਤਨ ਨੂੰ ਵਿਵਹਾਰਕ ਪੱਧਰ 'ਤੇ ਨਾ ਅਪਣਾਉਣ ਦੇ ਕੀ ਕਾਰਨ ਹਨ? ਲੇਖਕ ਪ੍ਰਸ਼ਨ ਕਰਦਾ ਹੈ ਕਿ ਗੁਰੂ ਨਾਨਕ ਬਾਣੀ ਦੀ ਮਹਾਨਤਾ 'ਤੇ ਕਿਹੜੀ ਚੀਜ਼ ਦਾ ਪਰਦਾ ਪਿਆ ਹੋਇਆ ਹੈ ਤੇ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਗੁਰੂ ਨਾਨਕ ਹੋਣ ਦੇ ਮਹੱਤਵ ਨੂੰ ਲੱਭਣਾ ਤੇ ਖੋਜਣਾ ਮਿਹਨਤ ਤੇ ਉਚੇਚਾ ਭਰਿਆ ਕਾਰਜ ਬਣ ਗਿਆ ਹੈ। ਇਸ ਪਿੱਛੇ ਕਾਰਜਸ਼ੀਲ ਕਾਰਨਾਂ ਦੀ ਗਹਿਰ ਤੇ ਗੰਭੀਰ ਢੂੰਡ ਭਾਲ ਕਰਦਿਆਂ ਲੇਖਕ ਸਿੱਖ ਭਾਈਚਾਰੇ ਦੇ ਵਿਹਾਰ ਵਿਚੋਂ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਦੀ ਗ਼ੈਰ-ਹਾਜ਼ਰੀ ਦਾ ਸਭ ਤੋਂ ਵੱਡਾ ਕਾਰਨ ਗੁਰੂ ਨਾਨਕ ਦੇਵ ਜੀ ਦੇ ਬਿਰਧ ਪੈਗ਼ੰਬਰੀ ਬਿੰਬ ਨੂੰ ਦਰਸਾਉਂਦਾ ਹੈ। ਕਿਸ ਤਰ੍ਹਾਂ ਸਾਖੀਕਾਰਾਂ ਅਤੇ ਵਪਾਰਕ ਬਿਰਤੀ ਦੇ ਧਾਰਨੀ ਕੁਝ ਚਿੱਤਰਕਾਰਾਂ ਨੇ ਬਗੈਰ ਤੱਥਾਂ ਨੂੰ ਘੋਖਿਆਂ ਗੁਰੂ ਜੀ ਦਾ ਸੱਤਰ ਅੱਸੀ ਸਾਲਾਂ ਦੇ ਬਜ਼ੁਰਗ ਉਪਦੇਸ਼ਕ ਦਾ ਬਿੰਬ ਸਥਾਪਤ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਬਾਣੀ, ਉਪਦੇਸ਼ ਤੇ ਵਿਚਾਰਧਾਰਾ ਪ੍ਰਤੀ ਲੋਕ ਮਾਨਸਿਕਤਾ ਦਰੁਸਤ ਪਹੁੰਚ ਧਾਰਨ ਕਰਨ ਤੋਂ ਮਹਿਰੂਮ ਰਹਿ ਗਈ।
ਨਾਨਕ ਏਵੈ ਜਾਣੀਐ ਦੀ ਪੜ੍ਹਤ ਇਹ ਸੋਚਣ/ਸਮਝਣ ਲਈ ਉਤਸਕ ਕਰਦੀ ਹੈ ਕਿ ਆਖਿਰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਕਿਵੇ ਜਾਣੀਏ? ਇਸ ਪ੍ਰਸ਼ਨ ਦਾ ਉੱਤਰ ਲੱਭਣ ਲਈ ਜਨਮ ਸਾਖੀਕਾਰਾਂ ਵਿਆਖਿਆਕਾਰਾਂ, ਪ੍ਰਚਾਰਕਾਂ, ਸਾਹਿਤਕਾਰਾਂ, ਚਿੱਤਰਕਾਰਾਂ, ਖੋਜੀਆਂ, ਚਿੰਤਕਾਂ, ਫ਼ਿਲਾਸਫਰਾਂ, ਪ੍ਰਚਾਰਕਾਂ, ਟੀਕਾਕਾਰਾਂ, ਫ਼ਿਲਮਸਾਜ਼ਾਂ ਆਦਿ ਵਲੋਂ ਪ੍ਰਸਤੁਤ ਕੀਤੇ ਗਏ 'ਨਾਨਕ ਬਿੰਬ' ਦੇ ਸਨਮੁਖ ਹੁੰਦੇ ਹਾਂ ਤਾਂ ਪਾਠਕ ਮਨਾਂ ਨਾਲ ਲੇਖਕ ਨਵੇਂ-ਨਵੇਂ ਸੰਵਾਦ ਰਚਾਉਂਦਾ ਹੈ। ਪਰੰਪਰਾ ਤੋਂ ਹਟ ਕੇ ਮੌਲਿਕਤਾ ਪੈਦਾ ਕਰਦਾ ਹੈ। ਉਹ ਆਪਣੀ ਬੌਧਿਕ ਤਾਰਕਿਕ ਗੱਲ ਨੂੰ ਬੇਬਾਕੀ, ਸਹਿਜਤਾ ਤੇ ਸੰਖੇਪਤਾ ਨਾਲ ਸਮਝਾਉਣ ਦੀ ਸਮਰੱਥਾ ਰੱਖਦਾ ਹੈ। ਹਥਲੀ ਕਿਤਾਬ ਗੁਰੂ ਨਾਨਕ ਅਤੇ ਗੁਰੂ ਫ਼ਲਸਫ਼ੇ ਨੂੰ ਸਮਝਣ ਲਈ ਬੇਸ਼ਕੀਮਤੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

c c c

ਫੁੱਲ ਅਤੇ ਤਿਤਲੀਆਂ
ਕਹਾਣੀਕਾਰ : ਗੁਰਸ਼ਰਨ ਸਿੰਘ ਨਰੂਲਾ
ਪ੍ਰਕਾਸ਼ਕ : ਐਸਥੈਟਿਕ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫੇ : 150
ਸੰਪਰਕ : 93165-44777.

ਵਿਚਾਰ ਅਧੀਨ ਪੁਸਤਕ ਫੁੱਲ ਅਤੇ ਤਿਤਲੀਆਂ, ਗੁਰਸ਼ਰਨ ਸਿੰਘ ਨਰੂਲਾ ਦੀ 8ਵੀਂ ਪੁਸਤਕ ਹੈ, ਜਿਸ ਵਿਚ 39 ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਕਿ ਲੇਖਕ ਅਨੁਸਾਰ ਪਹਿਲਾਂ ਹੀ ਪੰਜਾਬੀ ਦੇ ਵੱਖ-ਵੱਖ ਰਸਾਲਿਆਂ ਅਤੇ ਅਖਬਾਰਾਂ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਗੁਰਸ਼ਰਨ ਸਿੰਘ ਨਰੂਲਾ ਇਕ ਪ੍ਰੋੜ੍ਹ ਸਾਹਿਤਕਾਰ ਹੈ ਅਤੇ ਉਸ ਦਾ ਆਪਣੀ ਗੱਲ ਕਹਿਣ ਦਾ ਢੰਗ ਕਹਾਣੀ-ਨੁਮਾ ਹੈ। ਹਥਲੀ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਕੋਈ ਤਹਾਨੂੰ ਆਪਣੇ ਤਜਰਬੇ, ਜ਼ਿੰਦਗੀ ਦੀਆਂ ਅਹਿਮ ਘਟਨਾਵਾਂ ਜਾਂ ਕਿੱਸੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਹੋਵੇ। ਮਿਸਾਲ ਦੇ ਤੌਰ 'ਤੇ ਕਲਾ ਦੀ ਕਰਾਮਾਤ ਰਾਹੀਂ ਜ਼ਿੰਦਗੀ ਵਿਚ ਤੰਗ-ਦਿਲੀ ਅਤੇ ਸੌੜੀ ਸੋਚ ਨੂੰ ਛੱਡਣ ਦੇ ਬਿਰਤਾਂਤ ਨੂੰ ਦੋ ਦੋਸਤਾਂ ਦੇ ਸੰਦਰਭ ਵਿਚ ਬਿਆਨਿਆ ਗਿਆ ਹੈ। ਧੋਖੇ ਦੇ ਰਾਹ 'ਤੇ ਚਲਦਿਆਂ ਪਤੀ-ਪਤਨੀ ਦੇ ਰਿਸ਼ਤਿਆਂ ਵਿਚਲੀ ਤਰੇੜ, ਬੱਚਿਆਂ ਪ੍ਰਤੀ ਪਿਆਰ ਅਤੇ ਧੋਖੇ ਨੂੰ ਇਕ ਪਰਿਵਾਰਕ ਘਟਨਾ ਦੇ ਪਰਿਪੇਖ ਵਿਚ ਪੇਸ਼ ਕੀਤਾ ਗਿਆ ਹੈ। ਇਕ ਝਾਕੀ, ਰਚਨਾ ਦਾ ਵਿਸ਼ਾ, ਅਚੇਤ ਮਨ ਦੀਆਂ ਦੱਬੀਆਂ ਖਾਹਸ਼ਾਂ ਨੂੰ ਸੁਪਨੇ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਸੇ ਪ੍ਰਕਾਰ ਹੁਣ 'ਮੈਂ ਸੋਚ ਰਹੀ ਹਾਂ' ਮਨੋਵਿਗਿਆਨਕ ਪ੍ਰਸਥਿਤੀਆਂ ਦੀ ਪ੍ਰਸਤੁਤੀ ਕਰਦੀ ਹੈ। ਨਵੀਂ ਔਰਤ, ਅਗਾਂਹਵਧੂ ਨਾਰੀਵਾਦੀ ਸੋਚ ਦੀ ਤਰਜਮਾਨੀ ਕਰਦੀ ਹੈ ਜਦੋਂ ਕਿ ਤਿਤਲੀ ਨੂੰ ਸਜ਼ਾ, ਘਰ ਵਿਚ ਵੱਡਿਆਂ ਵਲੋਂ ਛੋਟਿਆਂ ਨੂੰ ਅੱਗੇ ਵਧਣ ਦੇ ਸਹੀ ਮੌਕੇ ਨਾ ਦਿੱਤੇ ਜਾਣ ਦੇ ਨਤੀਜਿਆਂ ਨੂੰ ਵਿਅਕਤ ਕਰਦੀ ਹੈ। ਬਿਨਾਂ ਸਿਰਲੇਖ ਰਾਹੀਂ ਅਧੂਰੇ ਪਿਆਰ ਦਾ ਬਿਰਤਾਂਤ ਸਿਰਜਿਆ ਗਿਆ ਹੈ। ਘੜੰਮ ਚੌਧਰੀ, ਧਰਮ ਦੇ ਨਾਂਅ ਹੇਠ ਆਪਣੇ ਸੁਆਰਥਾਂ ਦੀ ਪੂਰਤੀ ਅਤੇ ਪੈਸਾ ਕਮਾਉਣ ਵਾਲੀ ਮਾਨਸਿਕਤਾ ਨੂੰ ਉਗਾਗਰ ਕੀਤਾ ਗਿਆ ਹੈ। ਸਵੀਟੀ ਭਾਬੀ ਰਚਨਾ ਵਿਚ ਸਮਾਜਿਕ ਰਿਸ਼ਤਿਆਂ ਦਾ ਜਿਜ਼ਤੇ ਉਸ ਦੇ ਦੂਰ-ਅੰਦੇਸ਼ੀ ਸਿੱਟਿਆਂ ਨੂੰ ਪੇਸ਼ ਕੀਤਾ ਗਿਆ ਹੈ। ਰਚਨਾਵਾਂ ਦੀ ਸ਼ੈਲੀ ਬਹੁਤ ਹੀ ਸਾਦ-ਮੁਰਾਦੀ ਹੈ। ਲੇਖਕ ਨੇ ਆਪਣੇ ਮਨ-ਚਿਤਰਪਟ 'ਤੇ ਚਲਦੀਆਂ ਘਟਨਾਵਾਂ, ਵਿਚਾਰ, ਕਲਪਨਾਵਾਂ ਅਤੇ ਵਿਚਾਰਧਾਰਕ ਸੋਚ ਦੇ ਪ੍ਰਗਟਾਅ ਲਈ ਘਟਨਾਵਾਂ ਅਤੇ ਪਾਤਰਾਂ ਦੀ ਚੋਣ ਲਈ ਆਪਣੇ ਆਲੇ-ਦੁਆਲੇ ਵਾਪਰਦੇ ਵਰਤਾਰੇ ਨੂੰ ਆਧਾਰ ਬਣਾਇਆ ਹੈ। ਰਚਨਾਵਾਂ ਦੇ ਸਿਰਲੇਖ ਪਾਠਕਾਂ ਨੂੰ ਰਚਨਾਵਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ ਅਤੇ ਬਹੁਤੀਆਂ ਰਚਨਾਵਾਂ ਦੇ ਸਿਰਲੇਖਾਂ ਤੋੋਂ ਹੀ ਰਚਨਾ ਵਿਚ ਬਿਆਨ ਕੀਤੇ ਜਾਣ ਵਾਲੇ ਵਿਸ਼ੇ ਦਾ ਅੰਦਾਜ਼ਾ ਹੋ ਜਾਂਦਾ ਹੈ।

ਡਾ. ਪ੍ਰਦੀਪ ਕੌੜਾ
ਮੋ: 95011-15200

ਤੇ ਪ੍ਰੀਖਿਆ ਚਲਦੀ ਰਹੀ
ਲੇਖਕ : ਅਵਤਾਰ ਐੱਸ ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 192
ਸੰਪਰਕ : 94631-70369.

ਗਲਪ ਦੀਆਂ ਪੰਜ ਪੁਸਤਕਾਂ ਦੇ ਰਚੇਤਾ ਪਰਵਾਸੀ ਸਾਹਿਤਕਾਰ ਦੀ ਇਹ ਨਵੀਂ ਨਾਵਲ ਪੁਸਤਕ ਹੈ। ਨਾਵਲ ਵਿਚ ਲੇਖਕ ਨੇ ਬਹੁਤ ਭਾਵਕਤਾ ਨਾਲ ਪੰਜਾਬ ਦੇ ਇਤਿਹਾਸਕ ਸੰਦਰਭ ਵਿਚ 1947 ਤੇ 1984 ਦੀਆਂ ਘਟਨਾਵਾਂ ਦੇ ਸਨਮੁੱਖ ਸਿੱਖਾਂ ਦੀ ਹੋਣੀ ਦਾ ਜ਼ਿਕਰ ਕੀਤਾ ਹੈ। ਪਾਤਰ ਆਪਸੀ ਸੰਵਾਦ ਵਿਚ ਦੇਸ਼ ਵੰਡ ਸਮੇਂ ਸਿੱਖ ਆਗੂਆਂ ਵਲੋਂ ਅੰਗਰੇਜ਼ਾਂ ਨਾਲ ਹੋਏ ਸੰਵਾਦ ਬਾਰੇ ਚਰਚਾ ਕਰਦੇ ਹਨ। ਦੇਸ਼ ਵੰਡ ਪਿੱਛੋਂ ਵੀ ਸਮੇਂ ਦੀਆਂ ਤਤਕਾਲੀ ਸਰਕਾਰਾਂ ਵਲੋਂ; ਸਿੱਖਾਂ ਨਾਲ ਆਜ਼ਾਦੀ ਮਿਲਣ ਸਮੇਂ ਕੀਤੇ ਇਕਰਾਰਾਂ ਦੀ ਗੱਲ ਕੀਤੀ ਹੈ। ਪੰਜਾਬ ਨਾਲ ਸਮੇਂ-ਸਮੇਂ 'ਤੇ ਕੇਂਦਰ ਵਲੋਂ ਕੀਤੇ ਧੱਕੇ ਤੇ ਬੇਇਨਸਾਫ਼ੀਆਂ ਨੂੰ ਉਜਾਗਰ ਕੀਤਾ ਹੈ। 1978 ਤੋਂ 1992 ਤੱਕ ਦੇ ਸਮੇਂ ਦੇ ਪੰਜਾਬ ਦੀ ਤ੍ਰਾਸਦਿਕ ਤਸਵੀਰ ਨਾਵਲ ਵਿਚ ਪੇਸ਼ ਕੀਤੀ ਹੈ। ਇਹ ਉਹ ਸਮਾਂ ਸੀ ਜਦੋਂ ਸ਼ਾਮ ਪੈਂਦੇ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਜਾਂਦੇ ਸਨ। ਅੱਤਵਾਦ ਸਿਖਰ 'ਤੇ ਸੀ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਇਮਤਿਹਾਨਾਂ ਵਿਚ ਕੋਈ ਸੂਰਬੀਰ ਹੀ ਡਿਊਟੀ ਦੇਣ ਨੂੰ ਤਿਆਰ ਹੁੰਦਾ ਸੀ। ਕਿਉਂਕਿ ਨਕਲਾਂ ਦਾ ਜ਼ੋਰ ਸੀ। ਨਾਵਲ ਵਿਚ ਕਈ ਇਤਿਹਾਸਕ ਤੱਥ ਹਨ। ਨਾਵਲ ਦੇ ਸੰਜੀਦਾ ਪਾਤਰਾਂ ਵਿਚ ਕਾਲਜ ਪ੍ਰੋਫ਼ੈਸਰ ਹਨ, ਪ੍ਰਿੰਸੀਪਲ ਹਨ। ਲੈਕਚਰਾਰ ਕਾਂਤਾ ਤੇ ਪ੍ਰਸ਼ੋਤਮ ਲਾਲ ਇਕ ਪ੍ਰੀਖਿਆ ਡਿਊਟੀ ਵਿਚ ਹਨ। ਗਰਮ ਖਿਆਲੀ ਨੌਜਵਾਨ ਪ੍ਰੀਖਿਆ ਦੇ ਰਿਹਾ ਹੈ। ਉਹ ਕੇਂਦਰ ਦਾ ਪੂਰਾ ਜਾਇਜ਼ਾ ਲੈ ਕੇ ਸੁਪਰਡੈਂਟ ਨੂੰ ਚਿਤਾਵਨੀ ਦੇ ਜਾਂਦਾ ਹੈ। ਉਸ ਦੀ ਥਾਂ 'ਤੇ ਜ਼ਹੀਨ ਤੇ ਖੋਜੀ ਡਾ. ਪਤਵੰਤ ਸਿੰਘ ਡਿਊਟੀ 'ਤੇ ਹਾਜ਼ਰ ਹੁੰਦਾ ਹੈ। ਉਹ ਕੇਂਦਰ 'ਤੇ ਸਖ਼ਤੀ ਕਰਦਾ ਹੈ ਫਿਰ ਕੁਝ ਦਿਨਾਂ ਪਿੱਛੋਂ ਉਸ 'ਤੇ ਵੀ ਗ਼ਲਤ ਇਲਜ਼ਾਮ ਲਗਦੇ ਹਨ। ਪੁਲਿਸ ਲੈ ਜਾਂਦੀ ਹੈ ਪਰ ਗ਼ਲਤ ਸੂਚਨਾ ਮਿਲੀ ਹੋਣ ਕਰਕੇ ਛੱਡ ਦਿੱਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬੰਦ ਸਿੰਘ ਜੀ ਦਾ ਸੰਵਾਦ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਵਾਂ ਸਮੇਤ ਹਵਾਲੇ, ਜਸਵੰਤ ਸਿੰਘ ਕੰਵਲ ਦੇ ਨਾਵਲ ਹਵਾਲੇ, ਸ਼ਰਾਬ ਤੇ ਹੋਰ ਨਸ਼ਿਆਂ ਬਾਰੇ ਪਾਤਰੀ ਸੰਵਾਦ, ਜਵਾਨ ਦਿਲਾਂ ਦੀ ਨੇੜਤਾ, ਯੂਨੀਵਰਸਿਟੀ ਵਿਚ ਟੇਬਲ ਮਾਰਕਿੰਗ ਸਮੇਂ ਪਾਤਰਾਂ ਦੀ ਮੁਹੱਬਤ ਨੂੰ ਖੁੱਲ੍ਹਾ ਮਾਹੌਲ ਮਿਲਣਾ ਅਖੀਰ ਵਿਆਹ ਲਈ ਸਹਿਮਤੀ ਹੋਣੀ ਨਾਵਲ ਦੀਆਂ ਪ੍ਰਮੁੱਖ ਘਟਨਾਵਾਂ ਹਨ। ਇਤਿਹਾਸਕ ਪ੍ਰਸੰਗ ਵਾਲੇ ਨਾਵਲ ਬਾਰੇ ਡਾ. ਜੋਗਿੰਦਰ ਸਿੰਘ ਕੈਰੋਂ, ਕਥਾਕਾਰ ਦੀਪ ਦਵਿੰਦਰ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ ਦੇ ਸਾਰਥਕ ਵਿਚਾਰ ਹਨ। ਪੰਜਾਬ ਦਾ ਵਿਰਸਾ ਸਮਝਣ ਲਈ ਨੌਜਵਾਨ ਪੀੜ੍ਹੀ ਦੇ ਪੜ੍ਹਨ ਵਾਲਾ ਹੈ।

ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਬੰਬਈ ਸੇ ਆਇਆ ਮੇਰਾ ਦੋਸਤ, ਹੋਰ ਕਹਾਣੀਆਂ ਤੇ ਨਾਟਕ 'ਅਸੀਂ ਲੜਾਂਗੇ ਸਾਥੀ'
ਲੇਖਕ : ਸੀਤਲ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 96
ਸੰਪਰਕ : 98158-10630.

ਇਸ ਪੁਸਤਕ ਦੇ ਲੇਖਕ ਸੀਤਲ ਹਨ, ਜਿਨ੍ਹਾਂ ਦੀਆਂ ਲਿਖੀਆਂ ਕਈ ਪੁਸਤਕਾਂ ਹਨ। ਸੀਤਲ ਅਜਿਹਾ ਲੇਖਕ ਹੈ ਜੋ ਲੋਕਾਂ ਦਾ ਦਰਦ ਆਪਣੇ ਅੰਦਰ ਸਮੋਈ ਬੈਠਾ ਹੈ ਅਤੇ ਉਸੇ ਦਰਦ ਨੂੰ ਆਪਣੀਆਂ ਰਚਨਾਵਾਂ ਰਾਹੀਂ ਭਾਵਪੂਰਤ ਸ਼ੈਲੀ ਦੇ ਨਾਲ ਬਿਆਨ ਕਰਦਾ ਹੈ। ਇਨ੍ਹਾਂ ਦੀਆਂ ਰਚਨਾਵਾਂ ਵਿਚ ਕੋਈ ਲੁਕ-ਛੁਪ ਨਹੀਂ ਹੈ ਅਤੇ ਜਿਸ ਗੱਲ ਨੂੰ ਕਹਿਣਾ ਹੁੰਦਾ ਹੈ, ਇਹ ਸਿੱਧੇ ਤੌਰ 'ਤੇ ਆਖ ਦਿੰਦਾ ਹੈ। ਇਸ ਪੁਸਤਕ ਵਿਚ 23 ਦੇ ਕਰੀਬ ਵੱਖੋ-ਵੱਖਰੇ ਵਿਸ਼ਿਆਂ ਦੀਆਂ ਕਹਾਣੀਆਂ ਹਨ ਅਤੇ ਨਾਲ ਹੀ ਇਕ ਲਘੂ ਨਾਟਕ 'ਅਸੀਂ ਲੜਾਂਗੇ ਸਾਥੀ' ਵੀ ਇਸੇ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਸੀਤਲ ਦੀਆਂ ਸਾਰੀਆਂ ਕਹਾਣੀਆਂ ਵਿਚ ਹਕੀਕਤ ਦੀ ਝਲਕ ਸਾਫ਼ ਤੌਰ 'ਤੇ ਨਜ਼ਰ ਆਉਂਦੀ ਹੈ। ਕਹਾਣੀ ਬੰਬਈ ਸੇ ਆਇਆ ਮੇਰਾ ਦੋਸਤ ਵਿਚ ਲੇਖਕ ਨੇ ਉਹ ਸਥਿਤੀ ਬਿਆਨ ਕੀਤੀ ਹੈ ਜੋ ਅੱਜ ਸਾਹਮਣੇ ਵਰਤ ਰਹੀ ਹੈ ਅਤੇ ਅਸੀਂ ਦਿਨੋ-ਦਿਨ ਕਿਸ ਦੇ ਅਧੀਨ ਹੁੰਦੇ ਜਾ ਰਹੇ ਹਾਂ, ਪਤਾ ਸਭ ਨੂੰ ਲੱਗ ਰਿਹਾ ਹੈ ਪ੍ਰੰਤੂ ਵੱਡੀਆਂ ਤਾਕਤਾਂ ਦੇ ਸਾਹਮਣੇ ਸਾਡਾ ਹੀਆ ਹੀ ਨਹੀਂ ਪੈਂਦਾ। ਇਸੇ ਤਰ੍ਹਾਂ ਹੀ 'ਮੈਂ ਜੂਆ ਖੇਲਿਆ ਨਹੀਂ ਪਰ ਹਾਰ ਗਿਆ' ਦੇ ਵਿਚ ਲੇਖਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਿਹਨਤ ਕਰਨ ਵਾਲਾ ਵਿਅਕਤੀ ਵੀ ਮੰਜ਼ਿਲ 'ਤੇ ਪੁੱਜ ਸਕਦਾ ਹੈ। ਇਸੇ ਤਰ੍ਹਾਂ ਹੀ ਨਵਾਂ ਥਾਣੇਦਾਰ, ਅਕਲ ਤਿੰਨ ਰੁਪਏ ਕਿੱਲੋ ਸੁਪਨੇ ਵੇਚਣ ਵਾਲਾ, ਸਮਝੌਤਾ, ਘਰ ਫੂਕ ਤਮਾਸ਼ਾ ਕਰਦੇ ਲੋਕ, ਨੀਹਾਂ ਵਿਚ ਚੁਰਸਤੇ ਆਦਿ ਕਹਾਣੀਆਂ ਵਿਚ ਲੇਖਕ ਨੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲੇਖਕ ਦੀ ਕੋਸ਼ਿਸ਼ ਹੈ ਕਿ ਉਹ ਲੋਕ ਜੋ ਕਿਸੇ ਨਾ ਕਿਸੇ ਕਾਰਨ ਦੱਬ ਗਏ ਹਨ, ਉਹ ਵੀ ਉੱਪਰ ਉੱਠਣ ਤੇ ਸਾਡੇ ਵਿਚ ਸ਼ਾਮਿਲ ਹੋਣ। ਲੇਖਕ ਦਾ ਇਹ ਹੱਲਾਸ਼ੇਰੀ ਵਾਲਾ ਉਪਰਾਲਾ ਹੈ। ਕਹਾਣੀਆਂ ਵਿਚ ਵਰਤੀ ਗਈ ਸ਼ਬਦਾਵਲੀ ਵੀ ਮੌਕੇ ਅਨੁਸਾਰ ਵਰਤੀ ਗਈ ਹੈ ਅਤੇ ਉਸ ਦੀ ਜ਼ਿਆਦਤੀ ਕਿਤੇ ਵੀ ਨਹੀਂ ਰੜਕਦੀ। ਸੀਤਲ ਦਾ ਲਿਖਿਆ ਲਘੂ ਨਾਟਕ ਵੀ ਕਿਸੇ ਗੱਲ ਤੋਂ ਘੱਟ ਨਹੀਂ ਅਤੇ ਆਪਣੇ-ਆਪ ਵਿਚ ਵੀ ਕਿਸੇ ਪੱਖੋਂ ਘੱਟ ਨਹੀਂ। ਇਸ ਵਿਚ ਪਾਤਰ ਉਸਾਰੀ ਸਮੇਂ ਸਥਿਤੀ ਤੇ ਘਟਨਾਵਾਂ ਦੇ ਅਨੁਸਾਰ ਕੀਤੀ ਗਈ ਹੈ। ਲੇਖਕ ਦਾ ਇਹ ਉਪਰਾਲਾ ਵੀ ਸ਼ਲਾਘਾਯੋਗ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋ: 092105-88990

... ਤੇ ਉਹ ਜੁਰਮ ਕਰਦਾ ਰਿਹਾ
ਲੇਖਕ : ਕੁਲਦੀਪ ਸਿੰਘ ਕਰੀਰ ਐਮ.ਏ.
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 188
ਸੰਪਰਕ : 98773-56999.

ਸ਼ਾਇਰ ਕੁਲਦੀਪ ਸਿੰਘ ਕਰੀਰ ਐਮ.ਏ. ਹਥਲੀ ਪੁਸਤਕ '...ਤੇ ਉਹ ਜੁਰਮ ਕਰਦਾ ਰਿਹਾ' ਤੋਂ ਪਹਿਲਾਂ ਕਾਵਿ-ਸੰਗ੍ਰਹਿ 'ਘਰਾਂ ਨੂੰ ਪਰਤ ਰਹੇ ਲੋਕ' ਰਾਹੀਂ ਪੰਜਾਬੀ ਅਦਬ ਦੇ ਦਰ-ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਪੁਸਤਕ ਦੇ ਨਾਂਅ ਤੋਂ ਹੀ ਸ਼ਾਇਰੀ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ। ਜੁਰਮ ਕੌਣ ਕਰਦਾ ਹੈ ਤੇ ਜੁਰਮ ਦਾ ਸ਼ਿਕਾਰ ਕੌਣ ਹੋ ਰਿਹਾ, ਦਾ ਪਤਾ ਇਸ ਪੁਸਤਕ ਦੇ ਪਾਠ ਵਿਚ ਦੀ ਗੁਜ਼ਰਿਆਂ ਪਤਾ ਲੱਗ ਜਾਂਦਾ ਹੈ। ਸਪੱਸ਼ਟ ਹੈ ਕਿ ਜੁਰਮ ਭਗਵੇਂ ਬ੍ਰਿਗੇਡ ਦਾ ਸਿਪਾਹਸਲਾਰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਿਹਾ ਹੈ। ਸ਼ਾਇਰ ਬਹੁਮਤ ਦੀ ਆੜ ਵਿਚ ਸੱਤਾ ਵਿਚ ਆਈ ਹੈਂਕੜ ਨਾਲ ਇਸ ਮੋਦੀ ਨੇ ਤਿੰਨ ਕਾਲੇ ਕਾਨੂੰਨ ਕਾਰਪੋਰੇਟ ਜਗਤ ਦੀ ਕਠਪੁਤਲੀ ਬਣ ਕੇ ਅਤੇ ਕਾਰਪੋਰੇਟ ਜਗਤ ਹੱਥ ਰਿਮੋਟ ਕੰਟਰੋਲ ਫੜਾ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਟੇਢੀ ਅੱਖ ਰੱਖ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਅੰਦਰ ਘਸਿਆਰੇ ਬਣਾਉਣ ਦੀਆਂ ਜੋ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਸ਼ਾਇਰ ਉਸ ਦੀ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਾ ਹੈ। ਨਵੀਂ ਕਿਸਮ ਦੇ ਰਾਸ਼ਟਰਵਾਦ ਰਾਹੀਂ ਦੇਸ਼ ਭਗਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਅਸਹਿਮਤੀ ਵਾਲੀ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ ਗਰਦਾਨਦਾ ਹੈ। 'ਮਨ ਕੀ ਬਾਤ' ਰਾਹੀਂ ਉਹ ਮਨ ਦੀ ਗੱਲ ਤਾਂ ਛੁਪਾ ਕੇ ਰੱਖਦਾ ਹੈ ਕਰਦਾ ਨਹੀਂ। ਧਨ ਕੁਬੇਰਾਂ ਨਾਲ ਪਾਈ ਦੋਸਤੀ ਦੇਸ਼ ਨੂੰ ਗਿਰਵੀ ਰੱਖਣ ਦੇ ਰਾਹ ਵੱਲ ਜਾਂਦੀ ਪਗਡੰਡੀ ਹੈ। ਬਾਹਰੋਂ ਕਾਲਾ ਧਨ ਲਿਆ ਕੇ ਹਰੇਕ ਭਾਰਤੀ ਦੇ ਬੈਂਕ ਖਾਤੇ ਵਿਚ ਪੰਦਰਾਂ ਲੱਖ ਪਾਉਣ ਦਾ ਕੀਤਾ ਐਲਾਨ ਇਕ ਜੁਮਲੇ ਤੋਂ ਵੱਧ ਕੁਝ ਨਹੀਂ ਹੈ ਤੇ ਚੋਣਾਂ ਤੋਂ ਬਾਅਦ ਲੋਕ ਆਪਣੇ-ਆਪ ਨੂੰ ਠੱਗੇ ਗਏ ਮਹਿਸੂਸ ਕਰਨ ਲੱਗੇ। ਭਾਰਤ ਦੇਸ਼ ਦਾ ਇਹ ਅੰਨ ਰਾਜਾ ਪੱਥਰ ਦੀ ਮੂਰਤ ਤੋਂ ਸਿਵਾ ਕੁਝ ਨਹੀਂ ਹੈ। ਪੱਥਰ ਦੀ ਮੂਰਤ ਜਜ਼ਬਾਤਾਂ ਤੋਂ ਖਾਲੀ ਹੀ ਹੁੰਦੀ ਹੈ। ਅੱਛੇ ਦਿਨ ਲਿਆਉਣ ਦੇ ਭਰਮ ਸਿਰਜਦਾ ਐਲਾਨ ਸਪੱਸ਼ਟ ਕਰ ਦਿੰਦਾ ਹੈ ਕਿ ਅੱਛੇ ਦਿਨ ਜਨਤਾ ਲਈ ਨਹੀਂ ਆਏ, ਅੱਛੇ ਦਿਨ ਤਾਂ ਧਨ ਕੁਬੇਰਾਂ ਲਈ ਤੇ ਵਜ਼ੀਰਾਂ ਦੀ ਧਾੜ ਦੇ ਹਿੱਸੇ ਹੀ ਆਏ ਹਨ। ਏਡੀ ਵੱਡੀ ਕਿਤਾਬ ਵਿਚ ਇਕੋ ਵਿਸ਼ੇ ਨੂੰ ਦੁਹਰਾਉਣਾ ਤਾਂ ਕਾਫੀ ਔਖਾ ਹੁੰਦਾ ਹੈ ਤੇ ਕਈ ਵਾਰ ਦੁਹਰਾਅ ਝੋਲ ਮਾਰ ਜਾਂਦਾ ਹੈ। ਕਾਫ਼ੀਆ ਮਿਲਾਉਣ ਦੀ ਕੋਸ਼ਿਸ਼ ਕਰਦਿਆਂ 'ਰਸਤੇ' ' 'ਰਾਸਤੇ' ਲਿਖਣਾ ਥੋੜ੍ਹਾ ਰੜਕਦਾ ਹੈ ਪਰ ਖੈਰ ਗੱਲ ਸਮਝ ਆ ਜਾਂਦੀ ਹੈ। ਕਿਸਾਨੀ ਅੰਦੋਲਨ ਵਿਚ ਕਿਸਾਨ ਸਮੇਂ ਦੇ ਅਰਜਨ ਬਣ ਕੇ ਨਿੱਤਰਨਗੇ ਜੋ ਮੱਛੀ ਦੀ ਅੱਖ ਵਿਚ ਸਹੀ ਨਿਸ਼ਾਨਾ ਲਗਾ ਕੇ ਜਿੱਤ ਦੇ ਪਰਚਮ ਲਹਿਰਾਉਂਦੇ ਕਿਸਾਨ ਅੱਜ ਨਹੀਂ ਤਾਂ ਕੱਲ੍ਹ ਜੈਕਾਰੇ ਛੱਡਦੇ ਘਰਾਂ ਨੂੰ ਪਰਤਣਗੇ ਤੇ ਜੁਰਮ ਕਰਨ ਵਾਲੇ ਨੂੰ ਲੋਹੇ ਦੇ ਚਨੇ ਚਬਾਉਣਗੇ। ਹੋਰ ਸਮਾਜਿਕ ਸਰੋਕਾਰਾਂ ਨਾਲ ਵੀ ਕਲਮੀ ਦਸਤਪੰਜਾ ਲਿਆ ਹੈ। ਅਖੌਤੀ ਰਹਿਬਰਾਂ ਦੇ ਬਖੀਏ ਉਧੇੜਦੀ ਇਹ ਕਾਵਿਕ ਟੁਕੜੀ ਧਿਆਨ ਖਿੱਚਦੀ ਹੈ :
'ਇਹ ਮੰਦਰ ਮਸਜਿਦ ਜੋ ਗੁਰਦੁਆਰੇ ਨੇ
ਇਹ ਤਾਂ ਗੰਦੀ ਸਿਆਸਤ ਦੇ ਅਖਾੜੇ ਨੇ
ਇਹ ਨਫ਼ਰਤ ਦਾ ਪ੍ਰਸ਼ਾਦਿ ਵੰਡਦੇ ਨੇ।
ਦਿਲਾਂ 'ਚ ਪਾਉਂਦੇ ਹਮੇਸ਼ਾ ਇਹ ਪਾੜੇ ਨੇ।'

ਭਗਵਾਨ ਢਿੱਲੋਂ
ਮੋ: 98143-78254

ਦਿਲ ਨਾ ਛੱਡਿਆ ਕਰ
ਲੇਖਿਕਾ : ਸ਼ਮਿੰਦਰ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 101
ਸੰਪਰਕ : 75268-08047.

ਦਿਲ ਨਾ ਛੱਡਿਆ ਕਰ ਸ਼ਮਿੰਦਰ ਦੀ ਕਾਵਿ ਪੁਸਤਕ ਹੈ ਜੋ ਉਸ ਦੇ ਇਕ ਸੰਵੇਦਨਸ਼ੀਲ ਕਵਿੱਤਰੀ ਹੋਣ ਦੀ ਗਵਾਹੀ ਭਰਦੀ ਹੈ। ਜ਼ਿੰਦਗੀ ਦੀਆਂ ਸੂਖਮ ਅਤੇ ਸੰਵੇਦਨਾ ਭਰਪੂਰ ਘੜੀਆਂ ਦਾ ਪ੍ਰਗਟਾਵਾ ਸ਼ਮਿੰਦਰ ਨੇ ਸਹਿਜੇ ਹੀ ਆਪਣੀਆਂ ਇਨ੍ਹਾਂ ਰਚਨਾਵਾਂ ਰਾਹੀਂ ਕੀਤਾ ਹੈ। ਉਸ ਦੀ ਕਵਿਤਾ ਪਾਠਕ ਨਾਲ ਅਤੇ ਆਲੇ-ਦੁਆਲੇ ਦੇ ਵਰਤਾਰਿਆਂ ਨਾਲ ਡੂੰਘਾ ਸੰਵਾਦ ਰਚਾਉਂਦੀ ਨਜ਼ਰ ਆਉਂਦੀ ਹੈ।
ਉਸ ਦਾ ਸਮੁੱਚਾ ਕਾਵਿ ਸੰਸਾਰ ਆਸ਼ਾਵਾਦੀ ਨਜ਼ਰੀਏ ਨਾਲ ਸੰਬੰਧਿਤ ਹੈ। ਉਹ ਉਡੀਕ ਅਤੇ ਇੰਤਜ਼ਾਰ ਨੂੰ ਵੀ ਸਾਕਾਰਾਤਮਿਕ ਨਜ਼ਰੀਏ ਨਾਲ ਵੇਖਦੀ ਹੈ ਅਤੇ ਉਮੀਦ ਕਾਇਮ ਰੱਖਣ ਦਾ ਸੁਨੇਹਾ ਦੇ ਜਾਂਦੀ ਹੈ :
ਦਿਸਹੱਦੇ 'ਤੇ ਮਿਲਦੇ ਨੇ
ਧਰਤੀ ਤੇ ਗਗਨ ਦੋਵੇਂ
ਕਦੇ ਮਿਲੇਂਗਾ ਤੂੰ
ਦਿਲਦਾਰ ਮੈਂ ਉਡੀਕ ਕਰਦੀ ਹਾਂ...
(ਪੰਨਾ 14)
ਪ੍ਰੇਰਨਾਦਾਇਕ ਕਾਵਿ ਪੰਜਾਬੀ ਵਿਚ ਬਹੁਤ ਹੀ ਘੱਟ ਲਿਖਿਆ ਗਿਆ ਹੈ। 'ਦਿਲ ਨਾ ਛੱਡਿਆ ਕਰ' ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਕਾਵਿ ਸੰਗ੍ਰਹਿ ਪਾਠਕ ਦੀ ਇੱਛਾ ਸ਼ਕਤੀ ਅਤੇ ਆਸ ਨੂੰ ਮਜ਼ਬੂਤ ਕਰਦਾ ਹੈ। ਉਹ ਅਚੇਤ ਤੌਰ 'ਤੇ ਹੀ ਇਨਕਲਾਬ ਲਈ ਲੜ ਰਹੇ ਕ੍ਰਾਂਤੀਕਾਰੀ ਲੋਕਾਂ ਨੂੰ ਵੀ ਆਪਣੀ ਕਲਮ ਨਾਲ ਸੁਨੇਹਾ ਦੇ ਜਾਂਦੀ ਹੈ :
ਯੁੱਗ ਇਕ ਦਿਨ ਵਿਚ ਨਹੀਂ ਬਦਲਦੇ
ਤਖ਼ਤ ਰਾਤੋ ਰਾਤ ਨਹੀਂ ਪਲਟਦੇ
ਪੱਥਰ ਚਾਹੇ ਆਖਰੀ ਸੱਟ ਨਾਲ ਹੀ ਟੁੱਟਦਾ ਹੈ
ਪਰ ਪਹਿਲੀ ਸੱਟ
ਅਰਥਹੀਣ ਨਹੀਂ ਹੁੰਦੀ। (ਪੰਨਾ 17)
ਉਸ ਦੀ ਕਵਿਤਾ ਦਾ ਆਧਾਰ ਵਿਗਿਆਨਕ ਸੋਚ ਹੈ। ਉਹ ਜ਼ਿੰਦਗੀ ਦੇ ਹਰ ਵਰਤਾਰੇ ਨੂੰ ਉਪਭਾਵਕਤਾ ਨਾਲ ਨਹੀਂ ਵੇਖਦੀ। ਉਹ ਅਧਿਆਤਮਿਕਤਾ ਦੀਆਂ ਕਈ ਨਿਰਾਸ਼ ਕਰਨ ਵਾਲੀਆਂ ਸੋਚਾਂ ਨੂੰ ਵੀ ਮੌਤ ਦੀ ਸਚਾਈ ਨੂੰ ਵੀ ਸਹਿਜੇ ਸਵੀਕਾਰ ਕਰਦੀ ਹੋਈ ਜ਼ਿੰਦਗੀ ਜਿਊਣ ਨੂੰ ਜ਼ਰੂਰੀ ਸਮਝਦੀ ਹੈ :
ਜਿਊਣਾ ਸਿੱਖ ਮਾਂ/ਮਰਨਾ ਇਕ ਦਿਨ ਹੈ
ਬਾਕੀ ਹਰ ਦਿਨ ਜਿਊਣਾ ਹੈ
ਜ਼ਿੰਦਗੀ ਨੂੰ ਮਾਣਨਾ ਹੈ। (ਪੰਨਾ 50)
ਉਹ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਵੀ ਆਪਣੀ ਕਵਿਤਾ ਦਾ ਵਿਸ਼ਾ ਬਣਾਉਂਦੀ ਹੈ। ਅਗਲੇ ਪਲ ਦਾ ਕੀ ਭਰਵਾਸਾ, ਤੁਰਦੇ ਰਹਿਣਾ, ਜ਼ਿੰਦਗੀ 'ਚ ਕੁਝ ਵੀ ਹੋ ਸਕਦੈ, ਅਣਸੁਣੀ ਪੁਕਾਰ, ਜ਼ਿੰਦਗੀ ਖੁਮਾਰ ਲਗਦੀ, ਦਸ਼ਰਥ ਮਾਂਝੀ, ਨਾ ਸ਼ੁਕਰੇ, ਚਾਨਣਾ ਵੇ, ਸੁਮੇਲ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਕ ਨਾਰੀ ਲੇਖਿਕਾ ਹੋਣ ਦੇ ਨਾਤੇ ਸ਼ਮਿੰਦਰ ਨੇ ਨਾਰੀ ਮਨ ਦੀਆਂ ਬਹੁਤ ਸਾਰੀਆਂ ਤੈਹਾਂ ਅਤੇ ਪਰਤਾਂ ਨੂੰ ਉਘਾੜਿਆ ਹੈ। 'ਇਕ ਆਮ ਘਟਨਾ' ਕਵਿਤਾ ਬਾਲੜੀਆਂ ਦੇ ਹੁੰਦੇ ਸ਼ੋਸ਼ਣ ਨੂੰ ਉਘਾੜਦੀ ਹੈ :
ਅੱਜ ਫੇਰ ਚਰਚਾ ਹੈ।
ਇਕ ਬਾਲੜੀ ਨੂੰ
ਨੋਚ ਸੁੱਟਿਆ ਹੈ।
ਜੀਭ ਕੱਟ ਦਿੱਤੀ ਹੈ
ਤਨ ਲੀਰੋ-ਲੀਰ ਕਰ ਦਿੱਤਾ ਹੈ।
ਦੁਨੀਆ ਪ੍ਰੇਸ਼ਾਨ ਤਾਂ ਹੈ।
ਹੈਰਾਨ ਨਹੀਂ.... (ਪੰਨਾ 69)
ਸ਼ਮਿੰਦਰ ਆਪਣੇ ਕਾਵਿ ਸੰਗ੍ਰਹਿ ਦਿਲ ਨਾ ਛੱਡਿਆ ਕਰ ਲਈ ਵਧਾਈ ਦੀ ਪਾਤਰ ਹੈ। ਪਾਠਕਾਂ ਨੂੰ ਉਸ ਦੀ ਹਰ ਰਚਨਾ ਪ੍ਰਭਾਵਿਤ ਕਰਦੀ ਹੈ। ਭਾਸ਼ਾ ਵੀ ਪਾਠਕਾਂ ਦੇ ਪੱਧਰ ਦੀ ਹੈ। ਲੋਕ ਵੇਦਨਾ ਤੇ ਮਾਨਵੀ ਸੰਵੇਦਨਾ ਭਰਪੂਰ ਇਹ ਸੰਗ੍ਰਹਿ ਸਲਾਹੁਣਯੋਗ ਹੈ :
ਕੋਈ ਕੀ ਜਾਣੇਗਾ ਬਹਾਰ ਦੀ ਕਦਰ
ਕੋਈ ਕਿਵੇਂ ਵੇਖੇਗਾ, ਪਤਝੜ ਦਾ ਖੁੱਲ੍ਹਾ ਅਸਮਾਨ
ਜੇ ਸਦਾ ਹੀ ਬਹਾਰ ਰਹੇਗੀ
ਤੂੰ ਦਿਲ ਨਾ ਛੱਡਿਆ ਕਰ। (ਪੰਨਾ 24)।

ਪ੍ਰੋ. ਕੁਲਜੀਤ ਕੌਰ

30-04-2022

 ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ
ਲੇਖਕ : ਪ੍ਰੋ. ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98149-41214.


ਪ੍ਰੋ. ਬਸੰਤ ਸਿੰਘ ਬਰਾੜ ਆਪਣਾ ਪੂਰਾ ਜੀਵਨ ਉੱਤਮ ਸਾਹਿਤ ਅਤੇ ਪ੍ਰਸਿੱਧ ਮਹਾਂਪੁਰਖਾਂ ਦੀ ਜੀਵਨ ਰੂਪੀ ਟੈਕਸਟ ਦਾ ਗੰਭੀਰ ਪਾਠਕ ਰਿਹਾ ਹੈ। ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਅੰਗਰੇਜ਼ੀ ਸਾਹਿਤ ਦਾ ਪ੍ਰਾਧਿਆਪਕ ਰਿਹਾ ਹੋਣ ਕਾਰਨ ਉਸ ਦੀ ਚੰਗੇ ਸਾਹਿਤ ਅਤੇ ਚੰਗੇਰੀਆਂ ਕਦਰਾਂ-ਕੀਮਤਾਂ ਨਾਲ ਮੁਹੱਬਤ ਰਹੀ ਹੈ। ਹੁਣ ਉਹ ਆਪਣੇ ਜੀਵਨ ਭਰ ਦੇ ਅਨਮੋਲ ਖਜ਼ਾਨੇ ਨੂੰ ਸੁਹਿਰਦ ਪਾਠਕਾਂ ਵਿਚ ਵੰਡ ਰਿਹਾ ਹੈ। ਇਸ ਪੁਸਤਕ ਵਿਚ ਉਸ ਨੇ ਨਾ ਕੇਵਲ ਪੂਰੇ ਭਾਰਤ ਦੇ ਬਲਕਿ ਪੂਰੇ ਵਿਸ਼ਵ ਵਿਚ ਵਿਖਿਆਤ 24 ਵੱਡੇ ਲੋਕਾਂ ਦੀ ਵਡਿਆਈ ਨਾਲ ਸੰਬੰਧਿਤ ਛੁਪੇ ਰਾਜ਼ ਆਪਣੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਕਿਰਦਾਰਾਂ ਵਿਚ ਅਮਰ ਸ਼ਹੀਦ (ਸ. ਭਗਤ ਸਿੰਘ, ਸ. ਅਜੀਤ ਸਿੰਘ), ਆਜ਼ਾਦੀ ਸੰਗਰਾਮੀਏ (ਜਵਾਹਰ ਲਾਲ ਨਹਿਰੂ ਤੇ ਉਸ ਦਾ ਪਰਿਵਾਰ), ਫ਼ੌਜੀ ਅਫ਼ਸਰ ਜਨਰਲ ਹਰਬਖ਼ਸ਼ ਸਿੰਘ, ਨਾਮਧਾਰੀ ਗੁਰੂ ਬਾਬਾ ਰਾਮ ਸਿੰਘ, ਦੇਸ-ਵਿਦੇਸ਼ੀ ਰਾਜਨੀਤਕ ਆਗੂ (ਲੈਨਿਨ, ਹਿਟਲਰ, ਰਾਲਫ ਨੇਡਰ, ਸਰ ਛੋਟੂ ਰਾਮ, ਡਾ. ਕਲਾਮ) ਲੇਖਕ ਤੇ ਕਲਾਕਾਰ (ਰਾਬਰਟ ਬਰਾਊਨਿੰਗ, ਐਲਜ਼ਾਬੈਥ ਬੈਰਟ, ਮਾਸਟਰ ਮਦਨ) ਭਾਰਤੀ ਮਹਾਰਾਜੇ, ਨਿਜ਼ਾਮ ਹੈਦਰਾਬਾਦ ਅਤੇ ਖਿਡਾਰੀ ਲੁਜ਼ ਲੌਂਗ ਵਰਗੇ 'ਵੱਡੇ ਲੋਕ' ਸ਼ਾਮਿਲ ਹਨ।
ਪ੍ਰੋ. ਬਰਾੜ ਨੂੰ ਇਸ ਤੱਥ ਦੀ ਜਾਣਕਾਰੀ ਹੈ ਕਿ ਕਾਦਰ ਹਰ ਵਿਅਕਤੀ ਨੂੰ ਇਕੋ ਜਿੰਨੀਆਂ ਸੰਭਾਵਨਾਵਾਂ ਨਾਲ ਭਰਪੂਰ ਕਰਕੇ ਇਸ ਕਾਇਨਾਤ ਵਿਚ ਭੇਜਦਾ ਹੈ। ਪਰ ਬਹੁਤੇ ਲੋਕ ਪ੍ਰਤੀਕੂਲ ਪ੍ਰਸਥਿਤੀਆਂ, ਸੁਭਾਵਿਕ ਆਲਸ ਜਾਂ ਲਾਪਰਵਾਹੀ ਦੇ ਕਾਰਨ ਆਪਣੀਆਂ ਸੰਭਾਵਨਾਵਾਂ ਨੂੰ ਸਾਕਾਰ ਨਹੀਂ ਕਰ ਪਾਉਂਦੇ, ਜਦੋਂ ਕਿ ਮਿਹਨਤੀ ਅਤੇ ਨਿਸ਼ਠਾਵਾਨ ਵਿਪਰੀਤ ਸਥਿਤੀਆਂ ਨਾਲ ਆਢਾ ਲਾ ਕੇ, ਕੁਰਬਾਨੀਆਂ ਕਰਕੇ ਆਪਣੇ ਜੀਵਨ-ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਪੁਸਤਕ ਵਿਚ ਸਮਾਜਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਮੁੱਲਾਂ ਦਾ ਗੁਣਗਾਨ ਹੋਇਆ ਹੈ। ਲੇਖਕ ਦੀ ਸ਼ੈਲੀ ਅਤੇ ਸੋਚ ਤਰਕਸ਼ੀਲ, ਦਲੀਲਮਈ ਅਤੇ ਵਿਗਿਆਨਕ ਹੈ। ਉਹ ਆਪਣੀ ਦੁਨੀਆ ਨੂੰ ਹੋਰ ਖ਼ੂਬਸੂਰਤ ਅਤੇ ਕਲਿਆਣਕਾਰੀ ਬਣਾਉਣਾ ਚਾਹੁੰਦਾ ਹੈ। ਇਸੇ ਕਾਰਨ ਉਹ ਆਪਣੇ ਪਾਠਕਾਂ ਨੂੰ ਗਿਆਨ ਸਾਹਿਤ ਨਾਲ ਜੋੜ ਰਿਹਾ ਹੈ। ਇਹ ਪੁਸਤਕ ਹਰ ਉਮਰ ਤੇ ਵਰਗ ਦੇ ਪਾਠਕਾਂ, ਖ਼ਾਸ ਕਰ ਕਿਸ਼ੋਰਾਂ ਲਈ ਲਿਖੀ ਇਕ ਪ੍ਰੇਰਨਾ ਭਰਪੂਰ ਰਚਨਾ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136
c c c


ਅਸੀਮ
ਲੇਖਕ : ਸਨੀ ਲੁਧਿਆਣਵੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 112
ਸੰਪਰਕ : 77176-37914.


ਸਾਡੇ ਗੁਰੂ ਸਾਹਿਬਾਨ ਨੇ ਸਫਲ ਜੀਵਨ ਦੀ ਸੁਚੱਜੀ ਜੁਗਤ ਸਮਝਾਉਂਦਿਆਂ ਕਿਹਾ ਸੀ ਕਿ ਜਿਹੜੇ ਲੋਕ ਹੱਕ-ਸੱਚ ਦੀ ਕਿਰਤ ਕਰ ਕੇ ਖਾਂਦੇ ਹਨ ਅਤੇ ਆਪਣੀ ਕਮਾਈ ਵਿਚੋਂ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ, ਜੀਵਨ ਦਾ ਅਸਲੀ ਰਾਹ ਕੇਵਲ ਉਹੀ ਪਛਾਣਦੇ ਹਨ। ਇਸੇ ਬ੍ਰਹਿਮੰਡੀ ਪ੍ਰਵਚਨ ਨੂੰ ਉੱਭਰਦੇ ਕਵੀ ਸਨੀ ਲੁਧਿਆਣਵੀ, ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਅਸੀਮ' ਵਿਚਲੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿਚ, ਕਿਰਤ ਵਿਚ ਬਰਕਤ ਦੇ ਇਸ ਬੁਨਿਆਦੀ ਸਿਧਾਂਤ ਦੀ ਪ੍ਰੋੜ੍ਹਤਾ ਕਰਦੇ ਹਨ:
ਦਸਾਂ ਨਹੁੰਆਂ ਦੀ, ਕਿਰਤ-ਕਮਾਈ ਕਾਮਿਲ ਐ।
ਓਸੇ ਬਰਕਤ ਦੇ ਵਿਚ, ਨਾਨਕ ਸ਼ਾਮਿਲ ਐ।
ਉਨ੍ਹਾਂ ਦੀ ਧਾਰਨਾ ਹੈ ਕਿ ਅਜੋਕੇ ਦੁਨਿਆਵੀ ਵਰਤਾਰੇ ਵਿਚ ਜੇਕਰ ਕਿਸੇ ਨੂੰ ਦਿਲਾਸਾ ਦੇਣਾ ਪੈ ਜਾਵੇ, ਤਾਂ ਲੋਕਾਂ ਕੋਲ ਸ਼ਬਦ ਹੀ ਮੁੱਕ ਜਾਂਦੇ ਹਨ ਪਰ ਜੇਕਰ ਕਿਸੇ ਦਾ ਭੰਡੀ-ਪ੍ਰਚਾਰ ਕਰਨਾ ਹੋਵੇ, ਤਾਂ ਖੰਭਾਂ ਦੀਆਂ ਡਾਰਾਂ ਬਣਾ ਦਿੱਤੀਆਂ ਜਾਂਦੀਆਂ ਹਨ। ਇਸ ਪ੍ਰਕਿਰਿਆ ਵਿਚ ਲੋਕ-ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਪ੍ਰਤੀਬੱਧ ਕਹਾਉਂਦੇ ਲੋਕ ਵੀ ਗੂੰਗੇ ਬਣੇ ਦਿਖਾਈ ਦਿੰਦੇ ਹਨ। ਸਨੀ ਲੁਧਿਆਣਵੀ ਇਸ ਲੋਕ-ਵਿਰੋਧੀ ਮਾਨਸਿਕਤਾ ਦੇ ਖ਼ਿਲਾਫ਼ ਬੜੇ ਬੇਬਾਕ ਢੰਗ ਨਾਲ ਆਵਾਜ਼ ਬੁਲੰਦ ਕਰਦੇ ਹਨ:
ਹੱਲਾਸ਼ੇਰੀ ਦੇਣ ਦੀ ਵਾਰੀ ਮਨਸੂਰ ਵੀ ਬਣਿਆ ਗੂੰਗਾ,
ਤਾਹਨੇ ਵਾਰੀ ਗੂੰਗਿਆਂ ਨੇ ਵੀ ਲਾਇਆ ਉੱਚੀ ਹੋਕਾ।
ਸਨੀ ਲੁਧਿਆਣਵੀ ਨੇ ਇਸ ਪੁਸਤਕ ਵਿਚ ਚੌਵੀ ਕਵਿਤਾਵਾਂ, ਵੀਹ ਗ਼ਜ਼ਲਾਂ, ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੌਂ ਕਵਿਤਾਵਾਂ ਅਤੇ ਇਕ ਗ਼ਜ਼ਲ, ਛੇ ਗੀਤ ਅਤੇ ਉੱਨੀ ਕਾਵਿ-ਟੁਕੜੀਆਂ ਸ਼ਾਮਿਲ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਖ਼ਿਆਲ ਦਾ ਸਿਰਲੇਖ ਦਿੱਤਾ ਗਿਆ ਹੈ। ਭਾਵੇਂ ਪਿੰਗਲ-ਅਰੂਜ਼ ਦੇ ਵਿਧੀ-ਵਿਧਾਨ ਮੁਤਾਬਿਕ ਅਜੇ ਉਨ੍ਹਾਂ ਦੀ ਗ਼ਜ਼ਲ ਵਿਚ ਸੁਧਾਰ ਦੀ ਕਾਫ਼ੀ ਗੁੰਜਾਇਸ਼ ਹੈ, ਪਰ ਉਨ੍ਹਾਂ ਦੀ ਸਿਰਜਣਾ ਨੇ ਅਜੇ ਹੋਰ ਨਿੱਖਰਨਾ ਹੈ ਅਤੇ ਹੋਰ ਸੰਵਰਨਾ ਹੈ, ਇਸੇ ਉਮੀਦ ਨਾਲ ਮੈਂ ਉਨ੍ਹਾਂ ਦੇ ਇਸ ਸ਼ਲਾਘਾਯੋਗ ਯਤਨ ਦਾ ਭਰਪੂਰ ਸਵਾਗਤ ਕਰਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਜੈ ਜੈ ਜੈ ਸੁਰਲੋਕ
ਸੰਪਾਦਕ : ਸੁਰਜੀਤ ਸਿੰਘ 'ਸਾਜਨ'
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 495 ਰੁਪਏ, ਸਫ਼ੇ : 238
ਸੰਪਰਕ : 99144-98234.


ਸੁਰਜੀਤ ਸਿੰਘ 'ਸਾਜਨ' ਹੁਣ ਤੱਕ 8 ਪੁਸਤਕਾਂ ਦੀ ਰਚਨਾ ਕਰ ਚੁੱਕੇ ਹਨ, ਜਿਨ੍ਹਾਂ ਵਿਚੋਂ ਇਸ ਪੁਸਤਕ ਸਮੇਤ ਦੋ ਸੰਪਾਦਿਤ ਪੁਸਤਕਾਂ ਹਨ। ਵਿਚਾਰ-ਗੋਚਰੀ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ, ਜਿਸ ਦਾ ਮੁੱਖ ਬੰਦ ਉੱਘੀ ਕਲਮਕਾਰ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਲਿਖਿਆ ਹੈ। ਵੱਡ-ਆਕਾਰੀ ਪੁਸਤਕ ਵਿਚ ਉੱਘੇ ਰਚਨਕਾਰਾਂ ਦੀਆਂ 59 ਕਾਵਿਕ-ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਰਾਹੀਂ ਨੌਵੇਂ ਪਾਤਸ਼ਾਹ ਦੇ ਜੀਵਨ, ਪਰਉਪਕਾਰੀ ਕਾਰਜਾਂ, ਉਨ੍ਹਾਂ ਦੀ ਬਾਣੀ-ਰਚਨਾ ਅਤੇ ਲਾਸਾਨੀ ਸ਼ਹਾਦਤ ਬਾਰੇ 59 ਕਾਵਿਕ ਰਚਨਾਵਾਂ ਸ਼ਾਮਿਲ ਹਨ। ਹਰੇਕ ਰਚਨਾ ਡੂੰਘਾ ਪ੍ਰਭਾਵ ਛੱਡਣ ਵਾਲੀ ਤੇ ਭਾਵ-ਪੂਰਤ ਹੋ ਨਿੱਬੜਦੀ ਹੈ। ਪੁਸਤਕ ਦੀ ਆਰੰਭਿਕ ਰਚਨਾ ਡਾ. ਅਮਰਜੀਤ ਕੌਰ 'ਨਾਜ਼' ਦੀ ਅਤੇ ਅੰਤਿਮ ਕਾਵਿ-ਰਚਨਾ ਰਜਿੰਦਰ ਸਿੰਘ 'ਗੁਲਸ਼ਨ' ਦੀ ਹੈ। ਇਨ੍ਹਾਂ ਤੋਂ ਇਲਾਵਾ ਅਮਰ ਕੌਰ ਬੇਦੀ, ਚਰਨ ਸੀਚੇਵਾਲਵੀ, ਐਲ.ਐਸ. ਮਜਬੂਰ, ਸੂਰਜ ਸਿੰਘ, ਸੀਤਲ ਸਿੰਘ 'ਸੀਤਲ', ਇੰਦਰਜੀਤ ਕੌਰ, ਸਰਦਾਰ 'ਪੰਛੀ', ਸਤਿਨਾਮ ਸਿੰਘ 'ਕੋਮਲ', ਡਾ. ਸਰਬਜੀਤ ਕੌਰ ਸੰਧਾਵਾਲੀਆ, ਡਾ. ਸਰਦੂਲ ਸਿੰਘ ਔਜਲਾ, ਸਰੂਪ ਸਿੰਘ ਸਾਕੀ, ਸੁਰਜੀਤ ਸਿੰਘ ਜੀਤ, ਡਾ. ਇੰਦਰਜੀਤ ਸਿੰਘ ਵਾਸੂ, ਬਿਸ਼ਨ ਸਿੰਘ 'ਉਪਾਸ਼ਕ', ਮਸਤ ਖ਼ਾਂ ਮਸਤ, ਮਨਿੰਦਰ ਕੌਰ ਬਸੀ, ਰਤਨ ਸਿੰਘ ਕੰਵਲ ਉਸਤਾਦ ਹਰਭਜਨ ਸਿੰਘ 'ਸਾਜਨ', ਹਰਸਿਮਰਨ ਕੌਰ, ਗੁਰਚਰਨ ਕੌਰ ਕੋਚਰ, 'ਚੰਨ ਨਨਕਾਣਵੀ', ਚਰਨ ਸਿੰਘ 'ਸਫ਼ਰੀ', ਜੈ ਰਾਮ ਨਿਰਦੋਸ਼, ਜੈ ਦੇਵ ਦਿਲਬਰ, ਗੌਰਵ ਮਜਬੂਰ, ਕਰਤਾਰ ਸਿੰਘ ਪੰਛੀ, ਹਿੰਮਤ ਸਿੰਘ 'ਸਾਗਰ', ਦਿਵਜੋਤ ਕੌਰ ਜੋਤ, ਡਾ. ਜਗਦੀਪ ਕੌਰ ਅਤੇ ਹੋਰਨਾਂ ਨਾਮਵਰ ਸ਼ਾਇਰਾਂ ਦੇ ਕਲਾਮ ਦਰਜ ਹਨ। ਕੁਝ ਵੰਨਗੀਆਂ :
ਜੇ ਗੁਰੂ ਤੇਗ ਬਹਾਦਰ ਦਾ ਬਲੀਦਾਨ ਨਾ ਹੁੰਦਾ
ਹਿੰਦੂ ਧਰਮ ਦਾ ਕਿਧਰੇ ਨਿਸ਼ਾਨ ਨਾ ਹੁੰਦਾ।
(ਪੰਨਾ 31) (ਸਰਦਾਰ ਪੰਛੀ)
ਨਾਮ ਨੌਵੇਂ ਪਾਤਸ਼ਾਹ ਦਾ, ਹਸ਼ਰ ਤੀਕਰ ਰਹੇਗਾ,
ਨਹੀਂ ਜਨੇਊ ਪੰਡਿਤਾਂ ਦੇ, ਗਲੇ ਵਿਚ ਲਹੇਗਾ। (ਪੰਨਾ 140)
(ਉਸਤਾਦ ਚਰਨ ਸਿੰਘ ਸਫ਼ਰੀ)
'ਸਾਜਨ' ਹੋ ਗਏ ਸ਼ਹੀਦ ਮਨੁੱਖਤਾ ਲਈ,
ਚਾਦਰ ਹਿੰਦ ਦੀ ਬੇਪਰਵਾਹ ਸਤਿਗੁਰ।
ਨਾਨਕ ਨਾਮ ਜਹਾਜ਼ ਦੇ ਬੇੜਿਆਂ ਦੇ,
ਨੌਵੇਂ ਸਰਬ ਸਮਰੱਥ ਮਲਾਹ ਸਤਿਗੁਰ।
(ਪੰਨਾ 69) (ਉਸਤਾਦ ਹਰਭਜਨ ਸਿੰਘ ਸਾਜਨ)
ਅੱਜ ਅੰਬਰ ਸੋਹਿਲੇ ਗਾਂਵਦਾ,
ਪਿਆ ਉਪਮਾ ਕਰੇ ਜਹਾਨ,
ਤੇਗ ਬਹਾਦਰ ਸੀ ਕ੍ਰਿਆ,
ਕਰੀ ਨਾ ਕਿਨਹੂੰ ਆਨ।
(ਉਸਤਾਦ ਬਿਸ਼ਨ ਸਿੰਘ 'ਉਪਾਸ਼ਕ' (ਪੰਨਾ 193)
ਪੁਸਤਕ ਦੀ ਖ਼ੂਬੀ ਇਹ ਹੈ ਕਿ ਹਰੇਕ ਰਚਨਾ ਤੋਂ ਪਹਿਲਾਂ ਰਚਨਾਕਾਰ ਬਾਰੇ ਮੁਕੰਮਲ ਜਾਣਕਾਰੀ ਅਤੇ ਸੰਪਰਕ ਫੋਨ ਨੰਬਰ ਦਿੱਤਾ ਗਿਆ ਹੈ। ਅੰਤਿਕਾ ਦੇ ਤੌਰ 'ਤੇ 'ਸੰਪਾਦਕ ਦੇ ਵਲਵਲੇ' ਸਿਰਲੇਖ ਹੇਠ ਸੁਰਜੀਤ ਸਿੰਘ 'ਸਾਜਨ' ਦੀਆਂ ਭਾਵ-ਪੂਰਤ ਕਾਵਿਕ ਰਚਨਾਵਾਂ ਦਰਜ ਹਨ। ਪੁਸਤਕ ਬਿਹਤਰੀਨ ਤਖ਼ਲੀਕ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710

ਹਨ੍ਹੇਰੇ ਦਾ ਚੀਰਹਰਨ
ਲੇਖਕਾ : ਸੋਮਾ ਸਬਲੋਕ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 98736-60693.


ਸੋਮਾ ਸਬਲੋਕ ਪੰਜਾਬੀ ਦੀ ਇਕ ਪਰਿਚਿਤ ਲੇਖਿਕਾ ਹੈ। ਉਹ 1996 ਤੋਂ ਸਾਹਿਤ ਦੇ ਖੇਤਰ ਵਿਚ ਕਾਰਜਸ਼ੀਲ ਹੈ। ਉਸ ਨੇ ਬਹੁਤ ਸਾਰੇ ਸਾਹਿਤ ਰੂਪਾਂ 'ਤੇ ਕਲਮ ਅਜ਼ਮਾਈ ਹੈ, ਜਿਸ ਵਿਚ ਦੋ ਇੰਡੌਲੋਜੀ, ਤਿੰਨ ਕਾਵਿ ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ, ਇਕ ਨਾਵਲੈੱਟ, ਛੇ ਬਾਲ ਸਾਹਿਤ ਪੁਸਤਕਾਂ ਅਤੇ ਉੱਨੀ ਅਨੁਵਾਦਿਤ ਕਿਤਾਬਾਂ ਸ਼ਾਮਿਲ ਹਨ। 'ਹਨੇਰੇ ਦਾ ਚੀਰਹਰਨ' ਸੋਮਾ ਸਬਲੋਕ ਦੀ ਸਵੈ-ਜੀਵਨੀ ਹੈ। ਸੋਮਾ ਦੀ ਇਸ ਸਵੈਜੀਵਨੀ ਦੇ 10 ਭਾਗ ਹਨ, ਜਿਸ ਵਿਚ ਉਸ ਨੇ ਆਪਣੇ ਜਨਮ, ਪਰਿਵਾਰ, ਪਰਿਵੇਸ਼, ਪੜ੍ਹਾਈ, ਵਿਚਾਰਧਾਰਾ, ਅੰਤਰਜਾਤੀ ਪਿਆਰ-ਵਿਆਹ, ਚੁਣੌਤੀਆਂ, ਲੇਖਨ, ਅਧਿਆਪਨ, ਸਾਹਿਤ-ਸੇਵਾ ਆਦਿ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ ਹੈ। ਇਸੇ ਪੁਸਤਕ ਵਿਚ ਹੀ 21 ਰੰਗਦਾਰ ਤਸਵੀਰਾਂ ਰਾਹੀਂ ਉਸ ਨੇ ਆਪਣੀਆਂ ਵਿਭਿੰਨ ਗਤੀਵਿਧੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। 25 ਅਕਤੂਬਰ, 1956 ਨੂੰ ਜਨਮੀ ਸੋਮਾ ਨੇ ਬੜੀਆਂ ਮੁਸ਼ਕਿਲ ਪ੍ਰਸਥਿਤੀਆਂ ਵਿਚ ਐਮ.ਏ. ਐਮ.ਐਡ. ਦੀ ਪੜ੍ਹਾਈ ਕੀਤੀ ਅਤੇ 1973-74 ਤੋਂ ਹੀ ਤਰਕਸ਼ੀਲ ਵਿਚਾਰਧਾਰਾ ਦੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। 1977 ਵਿਚ ਡਾ. ਸੁਰਿੰਦਰ ਅਜਨਾਤ ਨਾਲ ਪਿਆਰ-ਕਮ-ਅਰੇਂਜਡ ਵਿਆਹ ਕਰਵਾਇਆ। ਜਿਵੇਂ-ਜਿਵੇਂ ਸੋਮਾ ਦੀ ਸਮਝ ਪਰਿਪੱਕ ਹੁੰਦੀ ਗਈ, ਉਸ ਨੂੰ ਪਤਾ ਲਗਦਾ ਗਿਆ ਕਿ ਗਹਿਣੇ ਪਾਉਣਾ ਗ਼ੁਲਾਮੀ ਦੀ ਨਿਸ਼ਾਨੀ ਹੈ। ਇਵੇਂ ਹੀ ਉਸ ਨੂੰ ਮੂੰਹ, ਸਿਰ ਤੇ ਨਹੁੰਆਂ ਨੂੰ ਰੰਗਣ ਦਾ ਕਦੇ ਖਿਆਲ ਨਹੀਂ ਆਇਆ। ਰੱਬ ਦੀ ਹੋਂਦ ਬਾਰੇ ਹਿੰਦੀ ਪੱਤ੍ਰਿਕਾ 'ਮੁਕਤਾ' ਵਿਚ ਵਿਚਾਰ ਲਿਖੇ ਤੇ ਛਪੇ ਤੇ ਜਦੋਂ ਸ਼ਹਿਰ ਦੇ ਲੋਕਾਂ ਨੇ ਪੜ੍ਹੇ ਤਾਂ ਉਹ ਉਸ ਨੂੰ 'ਨਾਸਤਕਣੀ' ਕਹਿਣ ਲੱਗ ਪਏ। 'ਸਰਿਤਾ' (1978) ਵਿਚ ਪ੍ਰਕਾਸ਼ਿਤ ਉਸ ਦੇ ਇਕ ਲੇਖ 'ਤੇ ਧਾਰਮਿਕ ਭਾਵਨਾਵਾਂ 'ਤੇ ਸੱਟ ਮਾਰਨ ਦਾ ਮੁਕੱਦਮਾ ਦਾਇਰ ਹੋਇਆ, ਪਰ 1983 ਵਿਚ ਜੱਜ ਵਲੋਂ ਉਸ ਨੂੰ ਦੋਸ਼ਮੁਕਤ ਸਿੱਧ ਕੀਤਾ ਗਿਆ। ਸੋਮਾ ਨੇ ਪੂਰੇ ਦਾਅਵੇ ਨਾਲ ਸਪੱਸ਼ਟ ਕੀਤਾ ਹੈ ਕਿ ਜਦੋਂ ਤੁਹਾਡੇ 'ਤੇ ਭੀੜ ਬਣਦੀ ਹੈ ਤਾਂ ਕੋਈ ਤੁਹਾਡਾ ਸਾਥ ਨਹੀਂ ਦਿੰਦਾ। ਇਸ ਸਵੈ-ਜੀਵਨੀ ਵਿਚ ਸੋਮਾ ਨੇ ਅਧਿਆਪਕ ਬਣਨ ਸਮੇਂ ਦਾ ਸੰਘਰਸ਼, ਇੰਟਰਵਿਊ, ਬਾਈਕ ਚਲਾਉਣਾ ਆਦਿ ਸਭ ਕੁਝ ਬੜੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਸੋਮਾ ਨੇ ਹੌਸਲੇ ਨਾਲ ਸਭ ਵੰਗਾਰਾਂ ਤੇ ਚੁਣੌਤੀਆਂ ਦਾ ਮੁਕਾਬਲਾ ਕੀਤਾ ਅਤੇ ਅੰਤ ਦੋ ਸਾਲ ਦੀ ਐਕਸਟੈਂਸ਼ਨ ਲੈ ਕੇ 2016 ਵਿਚ ਸੇਵਾ-ਮੁਕਤ ਹੋਈ। ਔਰਤ ਦੀ ਹੋਂਦ ਅਤੇ ਹੋਣੀ ਨੂੰ ਸਮਝਣ ਸੋਮਾ ਸਬਲੋਕ ਦੀ ਇਹ ਸਵੈ-ਜੀਵਨੀ ਹਰ ਉਸ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ, ਜੋ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੇਚੀਦਗੀਆਂ ਦੇ ਆਪੂੰ ਬਣਾਏ ਤਾਣੇ-ਬਾਣੇ ਨੂੰ ਤੋੜਨਾ ਲੋਚਦਾ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015.


ਬੀਤੇ ਨੂੰ ਫਰੋਲਦਿਆਂ..
(ਸਾਡੇ ਮੁਸਲਿਮ ਹਮਸਾਏ)

ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ
ਮੁੱਲ : 150 ਰੁਪਏ, ਸਫ਼ੇ : 130
ਸੰਪਰਕ : 94634-39075


ਵਿਜੈ ਬੰਬੇਲੀ ਦੀ 'ਮਾਂ ਨੂੰ ਸਮਰਪਿਤ' ਇਹ ਕਿਤਾਬ ਇਕ ਅਜਿਹਾ ਦਸਤਾਵੇਜ਼ ਹੈ ਜੋ ਨਾ ਸਿਰਫ ਸਰਬ ਸਾਂਝੇ ਭਾਰਤੀ ਸਮਾਜ ਦੀ ਇਤਿਹਾਸਕ ਬਣਤਰ ਨੂੰ ਰੇਖਾਂਕਿਤ ਕਰਦੀ ਹੈ ਸਗੋਂ ਪੰਜਾਬ ਦੀਆਂ ਉਨ੍ਹਾਂ ਵਿਰਾਸਤੀ ਰਵਾਇਤਾਂ ਨੂੰ ਸ਼ਬਦ-ਸਾਤ ਕਰਦੀਆਂ ਜਿਹੜੀਆਂ ਭਾਈਚਾਰਕ ਏਕਤਾ ਦੀਆਂ ਅਦਭੁਤ ਮਿਸਾਲਾਂ ਹਨ। ਇਹ ਦੇਸ਼ ਜਦੋਂ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੰਗਾਰ ਭਰੇ ਦੌਰ ਵਿਚੋਂ ਗੁਜ਼ਰ ਰਿਹਾ ਹੋਵੇ, ਉਦੋਂ ਇਸ ਕਿਤਾਬ ਦਾ ਮਹੱਤਵ ਹੋਰ ਵੀ ਗਹਿਰਾ ਹੋ ਜਾਂਦਾ ਹੈ। ਸੂਫ਼ੀ ਪਰੰਪਰਾਵਾਂ ਵਾਲਾ ਇਸਲਾਮਿਕ ਪਿਛੋਕੜ ਭਾਰਤੀ ਸੰਸਕ੍ਰਿਤੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਸੰਸਕ੍ਰਿਤੀ ਦੀ ਗੌਰਵਮਈ ਧਰੋਹਰ ਹੈ ਜਿਸ ਨੂੰ ਧਾਰਮਿਕ ਜਨੂੰਨ ਨੇ ਰਾਜਨੀਤਕ ਸੌੜੇਪਨ ਲਈ ਬੇਹੱਦ ਕਰੂਰਤਾ ਨਾਲ ਵਰਤਿਆ। ਪਰ ਪੰਜਾਬੀਆਂ ਦੀ ਭਾਈਚਾਰਕ ਸਾਂਝ ਦੁਨੀਆ ਭਰ ਵਿਚ ਭਰਾਤਰੀਭਾਵ ਦੀ ਅਦਭੁਤ ਮਿਸਾਲ ਬਣ ਕੇ ਉੱਭਰੀ। ਪੰਜ ਖੰਡਾਂ ਵਿਚ ਵਿਉਂਤੀ ਗਈ ਇਹ ਕਿਤਾਬ ਉਨ੍ਹਾਂ ਮੁਸਲਮਾਨ ਮਰਜੀਵੜਿਆਂ ਦੀ ਬਾਤ ਪਾਉਂਦੀ ਹੈ ਜੋ ਸਾਧਾਰਨ ਵਿਅਕਤੀ ਨਹੀਂ ਸਨ। ਉਨ੍ਹਾਂ ਦੇ ਜਿਸਮਾਂ ਅੰਦਰ ਮਾਨਵਤਾ ਦੇ ਦਰਦਾਂ ਨਾਲ ਭਰੇ ਹੋਏ ਦਰਿਆ ਵਗਦੇ ਸਨ। ਉਨ੍ਹਾਂ ਦੇ ਰੌਸ਼ਨ ਦਿਮਾਗਾਂ ਵਿਚ ਚਾਨਣ ਦੇ ਚੌਮੁਖੀਏ ਜਗਦੇ ਸਨ ਗਾਮਾ ਗਵੱਈਆ, ਨੱਥਾ ਮਿਰਾਸੀ, ਬਜਵਾੜੇ ਦੇ ਨਾਇਕ, ਜੈਨਾ, ਨਾਮਾ, ਫਜ਼ਲਦੀਨ ਉਰਫ਼ ਫਜ਼ਲਾ ਦੀਆਂ ਸ਼ਖ਼ਸੀਅਤਾਂ ਦੇ ਸ਼ਬਦ ਚਿੱਤਰ ਇਸ ਕਿਤਾਬ ਦਾ ਨਿਵੇਕਲਾ ਹਾਸਲ ਹਨ।
ਇਸ ਤੋਂ ਬਿਨਾਂ 1857 ਦੇ ਗ਼ਦਰ ਦੇ ਮੁਸਲਿਮ ਨਾਇਕ, ਗ਼ਦਰ ਪਾਰਟੀ ਵਿਚ ਮੁਸਲਮਾਨਾਂ ਦਾ ਯੋਗਦਾਨ, ਸਿੰਘਾਪੁਰ ਦੀ ਫ਼ੌਜੀ ਬਗ਼ਾਵਤ ਵਿਚ ਗ਼ਦਰ ਪਾਰਟੀ, ਜਲਿਆਂਵਾਲਾ ਬਾਗ ਅਤੇ ਆਜ਼ਾਦ ਹਿੰਦ ਫ਼ੌਜ ਅਤੇ ਵਤਨ ਆਜ਼ਾਦੀ ਦੀਆਂ ਹੋਰ ਲਹਿਰਾਂ ਵਿਚ ਮੁਸਲਮਾਨਾਂ ਦੀਆਂ ਸ਼ਹਾਦਤਾਂ ਇਸ ਕਿਤਾਬ ਦੇ ਸਫ਼ਿਆਂ ਦਾ ਗੌਰਵ ਵਧਾਉਂਦੀਆਂ ਹੋਈਆਂ ਸਾਂਝੀ ਪੰਜਾਬੀ ਪਰੰਪਰਾ ਨੂੰ ਰੂਪਮਾਨ ਕਰ ਰਹੀਆਂ ਹਨ। ਇਸ ਖੂਬਸੂਰਤ ਗੌਰਵਸ਼ਾਲੀ ਕਿਤਾਬ ਦਾ ਸਵਾਗਤ ਹੈ।


ਡਾ. ਲਖਵਿੰਦਰ ਸਿੰਘ ਜੌਹਲ
ਮੋ: 94171-94812

24-04-2022

 ਜੂਨ ਗੁਜ਼ਾਰਾ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 119
ਸੰਪਰਕ : 94178-55876.


'ਜੂਨ ਗੁਜ਼ਾਰਾ' ਹਰੀ ਸਿੰਘ ਢੁੱਡੀਕੇ ਦੀ ਅਠਾਰ੍ਹਵੀਂ ਪੁਸਤਕ ਹੈ, ਜਿਸ ਨੂੰ ਉਸ ਨੇ ਹੱਡ ਵਰਤੀ ਨਾਵਲ ਦਾ ਨਾਂਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਬਾਰਾਂ ਨਾਵਲ ਲਿਖ ਚੁੱਕਾ ਹੈ, ਜਿਸ ਵਿਚ ਛੇ ਇਤਿਹਾਸਕ ਨਾਵਲ ਅਤੇ ਇਕ ਬਾਲ-ਨਾਵਲ ਵੀ ਸ਼ਾਮਿਲ ਹੈ। ਉਸ ਦੀਆਂ ਹੋਰ ਕਿਤਾਬਾਂ ਵਿਚ ਇਕ ਬਾਲ ਕਾਵਿ ਸੰਗ੍ਰਹਿ, ਤਿੰਨ ਜੀਵਨੀ ਦੀਆਂ ਪੁਸਤਕਾਂ ਅਤੇ ਇਕ ਢੁੱਡੀਕੇ ਪਿੰਡ ਬਾਰੇ ਪੁਸਤਕ ਸ਼ਾਮਿਲ ਹੈ।
ਵਿਚਾਰ ਅਧੀਨ ਨਾਵਲ ਦੇ ਸਤਾਈ ਕਾਂਡ ਹਨ, ਜਿਨ੍ਹਾਂ ਵਿਚ ਲੇਖਕ ਦੀ ਸੰਘਰਸ਼ਸ਼ੀਲ, ਥੁੜਾਂ ਮਾਰੀ, ਤੰਗੀ-ਤੁਰਸ਼ੀ ਤੇ ਗ਼ਰੀਬੀ ਦੇ ਦਿਨਾਂ ਦੀ ਮਾਰਮਿਕ ਤੇ ਭਾਵੁਕ ਗਾਥਾ ਦਾ ਬਿਆਨ ਹੈ। ਇਸ ਸਵੈ-ਜੀਵਨੀ ਮੂਲਕ ਨਾਵਲ ਵਿਚ ਲੇਖਕ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਦੇ ਨਾਲ-ਨਾਲ ਆਪਣੇ ਆਸ-ਪਾਸ ਦੇ ਲੋਕਾਂ ਅਤੇ ਸਮਾਜਿਕ ਸਰੋਕਾਰਾਂ ਦਾ ਵੀ ਸੰਖੇਪ ਜ਼ਿਕਰ ਕੀਤਾ ਹੈ।
ਲੇਖਕ ਦੱਸਦਾ ਹੈ ਕਿ ਉਸ ਦਾ ਪਿਤਾ ਗੱਜਣ ਸਿੰਘ, ਜਿਸ ਨੂੰ ਉਹ ਬਾਈ ਕਹਿੰਦਾ ਹੈ, ਜੁੱਤੀਆਂ ਗੰਢਣ/ਸਿਉਣ ਦਾ ਕੰਮ ਕਰਦਾ ਸੀ। ਯਾਨੀ ਕਿ ਇਹ ਇਕ ਰਾਮਦਾਸੀਆ ਪਰਿਵਾਰ ਵਿਚੋਂ ਹੈ। ਲੇਖਕ ਦੀ ਮਾਂ, ਜਿਸ ਨੂੰ ਉਹ ਬੇਬੇ ਕਹਿੰਦਾ ਹੈ, ਲੇਖਕ ਨੂੰ ਪੜ੍ਹਾਉਣਾ ਚਾਹੁੰਦੀ ਸੀ ਤੇ ਉਸ ਨੇ ਵਿੱਤੋਂ ਵਧ ਕੇ ਪੜ੍ਹਾਇਆ। ਲੇਖਕ ਨੇ ਚੌਥੀ ਜਮਾਤ ਆਪਣੇ ਪਿੰਡ ਦੇ ਸਕੂਲ ਤੋਂ ਕੀਤੀ ਤੇ ਅਗਲੀ ਪੜ੍ਹਾਈ ਚੂਹੜਚੱਕ ਦੇ ਸਕੂਲ ਵਿਚੋਂ। ਛੋਟੀ ਉਮਰ ਵਿਚ ਹੀ ਉਸ ਦਾ ਵਿਆਹ ਹੋ ਗਿਆ ਤੇ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਮੁਸ਼ਕਿਲ ਨਾਲ ਸਿਰੇ ਚੜ੍ਹਾਇਆ। ਘਰ ਦੇ ਗੁਜ਼ਾਰੇ ਲਈ ਉਸ ਨੇ ਦਿਹਾੜੀਆਂ ਤੇ ਮਜ਼ਦੂਰੀਆਂ ਵੀ ਕੀਤੀਆਂ। ਜਗਰਾਉਂ ਬੇਸਿਕ ਸਕੂਲ ਤੋਂ ਜੇ.ਬੀ.ਟੀ. ਕਰਕੇ ਉਹ ਸਕੂਲ ਅਧਿਆਪਕ ਲੱਗ ਗਿਆ ਤਾਂ ਉਸ ਦੀ ਆਰਥਿਕ ਹਾਲਤ ਕੁਝ ਠੀਕ ਹੋ ਗਈ। ਲੇਖਕ ਦਾ ਵੱਡਾ ਭਰਾ ਮੇਹਰ ਸਿੰਘ ਵਿਆਹ ਕਰਵਾਉਣ ਪਿੱਛੋਂ ਹੀ ਅੱਡ ਹੋ ਗਿਆ ਸੀ। ਲੇਖਕ ਦੀ ਪਤਨੀ ਗੁਰਦੇਵ ਕੌਰ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ। ਆਖਰੀ ਕਾਂਡ ਵਿਚ ਲੇਖਕ ਨੇ ਸਮਕਾਲੀ/ਤਤਕਾਲੀ ਹਾਲਾਤ, ਕੋਰੋਨਾ ਦੀ ਬਿਮਾਰੀ, ਕਿਸਾਨੀ ਅੰਦੋਲਨ ਦਾ ਜ਼ਿਕਰ ਕਰਕੇ ਆਪਣੀ ਰਾਜਨੀਤਕ ਸੂਝ-ਬੂਝ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਪੁਸਤਕ ਰਾਹੀਂ ਇਹ ਵੀ ਪਤਾ ਲਗਦਾ ਹੈ ਕਿ ਲੇਖਕ ਦੀਆਂ ਪੁਸਤਕਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਨੇ ਪੀ.ਐੱਚ.ਡੀ. ਤੱਕ ਦੀ ਡਿਗਰੀ ਵੀ ਪ੍ਰਾਪਤ ਕੀਤੀ।
ਇਸ ਕਿਤਾਬ ਰਾਹੀਂ ਹੀ ਲੇਖਕ ਦੇ ਜੀਵਨ ਵਿਚ ਵਾਪਰੀਆਂ ਦੁਰਘਟਨਾਵਾਂ (ਟਰੱਕ ਅਤੇ ਕਾਰ ਦਾ ਉਲਟਣਾ, ਕੁੱਤੇ ਵਲੋਂ ਵੱਢਣਾ ਆਦਿ) ਦਾ ਵੀ ਜ਼ਿਕਰ ਸ਼ਾਮਿਲ ਹੈ। ਇਸ ਤਰ੍ਹਾਂ ਸਾਧਾਰਨ ਅਤੇ ਆਮ ਸਮਝ ਵਿਚ ਆਉਣ ਵਾਲੀ ਇਹ ਕਿਤਾਬ ਲੇਖਕ ਦੀ ਹੱਡਬੀਤੀ ਹੈ, ਜਿਸ ਵਿਚ ਕਿਰਤੀ ਤੇ ਨਿਮਨ ਵਰਗ ਦੀ ਮਾਰਮਿਕ ਕਥਾ ਹੈ। ਇਸ ਕਿਤਾਬ ਰਾਹੀਂ ਲੇਖਕ ਦੇ ਮਿਹਨਤੀ ਸੁਭਾਅ ਦਾ ਪਤਾ ਲਗਦਾ ਹੈ। ਮੁਸ਼ਕਿਲਾਂ ਭਰੀ ਜ਼ਿੰਦਗੀ ਨਾਲ ਜੂਝਦਾ ਹੋਇਆ ਵੀ ਲੇਖਕ ਅਜੇ ਤੱਕ ਕਿਤਾਬਾਂ ਨਾਲ ਜੁੜਿਆ ਹੋਇਆ ਹੈ, ਇਹ ਉਸ ਦੇ ਜੀਵਨ ਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015
c c c


ਜਦ ਲਾਲ ਗੁਰੂ ਦੇ ਕੜਕ ਪਏ
ਗੀਤਕਾਰ : ਲਾਭ ਸਿੰਘ ਚਤਾਮਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 270 ਰੁਪਏ, ਸਫ਼ੇ : 136
ਸੰਪਰਕ : 98550-93786.


ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿਚ ਲਾਭ ਸਿੰਘ ਚਤਾਮਲੀ ਵਿਸ਼ੇਸ਼ ਸਥਾਨ ਰੱਖਦਾ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਉਸ ਦੀ ਇਸ 12ਵੀਂ ਪੁਸਤਕ ਵਿਚਲੇ ਵਧੇਰੇ ਗੀਤ ਧਾਰਮਿਕ ਤੇ ਗੁਰਬਾਣੀ ਦੇ ਵਿਸ਼ਿਆਂ ਬਾਰੇ ਹਨ। ਗੁਰੂ ਸਾਹਿਬਾਨ ਦੇ ਨਾਲ-ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ, ਸ਼ਹੀਦ ਸਿੰਘਾਂ ਦੀ ਸੂਰਬੀਰਤਾ ਅਤੇ ਉੱਚੇ-ਸੁੱਚੇ ਜੀਵਨ ਬਾਰੇ ਦੱਸਦਿਆਂ ਮਨੁੱਖ ਨੂੰ ਨਾਮ ਜਪਣ ਤੇ ਨੇਕ ਕਰਮ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਤਿਹਾਸਕ ਵਿਅਕਤੀਆਂ ਦੇ ਨਾਲ-ਨਾਲ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਵੀ ਮਿਲਦੀ ਹੈ। ਕੁਦਰਤ ਦੀ ਸਾਂਭ-ਸੰਭਾਲ, ਹਵਾ ਪਾਣੀ ਤੇ ਧੀਆਂ ਦੇ ਦੁਖਾਂਤ ਬਾਰੇ ਵੀ ਗੀਤਾਂ ਵਿਚ ਵਰਨਣ ਕੀਤਾ ਗਿਆ ਹੈ। ਪੁਸਤਕ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨਾਲ ਹੁੰਦਾ ਹੈ। ਉਪਰੰਤ ਚੌਥੇ, ਪੰਜਵੇਂ, ਛੇਵੇਂ ਗੁਰੂ ਸਾਹਿਬਾਨ ਅਤੇ ਦਸਮੇਸ਼ ਪਿਤਾ ਦੇ ਪਰਿਵਾਰ ਦੀ ਅਦੁੱਤੀ ਕੁਰਬਾਨੀ ਅਤੇ ਜੰਗ ਦਾ ਜ਼ਿਕਰ ਵੀ ਕਵੀ ਨੇ ਕੀਤਾ ਹੈ। ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਸਾਖੀਆਂ ਨੂੰ ਗੀਤਾਂ ਦਾ ਆਧਾਰ ਬਣਾਇਆ ਗਿਆ ਹੈ।
ਗੀਤਾਂ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ :
ਜਦ ਲਾਲ ਗੁਰੂ ਦੇ ਕੜਕ ਪਏ,
ਸੁਣ ਮੁਗ਼ਲਾਂ ਦੇ ਦਿਲ ਧੜਕ ਪਏ।
ਤੂੰ ਲਾਲਚ ਕਦੇ ਵਿਖਾਉਨਾ ਏਂ,
ਕਦੇ ਸੂਬਿਆਂ ਵੇ ਧਮਕਾਉਨਾ ਏਂ।
ਸਾਡੇ ਵੱਡਿਆਂ ਸੀਨੇ ਲਾਈ ਏ,
ਅਸੀਂ ਵੀ ਮੌਤ ਵਿਆਹੁਣੀ ਏ।
ਸਾਨੂੰ ਲੋੜ ਨਾ ਤਖ਼ਤਾਂ ਤਾਜਾਂ ਦੀ,
ਅਸੀਂ ਡੁੱਬਦੀ ਹਿੰਦ ਬਚਾਉਣੀ ਏ।
ਉਮੀਦ ਹੈ ਇਹ ਪੁਸਤਕ ਗੁਰਮਤਿ ਮਾਰਗ ਦੇ ਪਾਂਧੀਆਂ ਵਾਸਤੇ ਇਕ ਚਾਨਣ ਮੁਨਾਰੇ ਦਾ ਕੰਮ ਕਰੇਗੀ।


ਕੰਵਲਜੀਤ ਸਿੰਘ ਸੂਰੀ
ਮੋ: 93573-24241


ਨਵਯੁਗ
ਲੇਖਕ : ਹਰਮਹਿੰਦਰ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 224
ਸੰਪਰਕ : chahals57@yahoo.com


ਨਵਯੁਗ ਨਾਵਲ ਦਾ ਵਿਸ਼ਾ ਅਤੇ ਪਾਤਰ ਅਮਰੀਕਾ ਦੀ ਤਥਾਤਮਿਕਤਾ ਵਿਚ ਪੇਸ਼ ਕੀਤੇ ਗਏ ਹਨ। ਨਾਵਲ ਦੀ ਮੁੱਖ ਫੇਬੁਲਾ ਜਿਸ ਨੂੰ ਨਾਵਲਕਾਰ ਨੇ ਕਥਾਨਕ ਰੂਪ ਵਿਚ ਢਾਲ ਕੇ ਪ੍ਰਸਤੁਤ ਕੀਤਾ ਹੈ, ਉਹ ਯੁਵਾ ਪੀੜ੍ਹੀ ਦੇ ਵਿਆਹਾਂ ਲਈ ਲਾੜੇ/ਲਾੜੀਆਂ ਦੀ ਚੋਣ ਨਾਲ ਸੰਬੰਧਿਤ ਹੈ। ਪੁਰਾਣੀ ਪੀੜ੍ਹੀ ਤੇ ਨਵੀਂ ਪੀੜ੍ਹੀ ਦੇ ਸੋਚ ਵਿਚ ਪਾੜਾ ਹੈ। ਪੰਜਾਬੀ ਮਾਪੇ ਆਪਣਾ ਪਿਤਰੀ ਅਧਿਕਾਰ ਵਰਤ ਕੇ, ਆਪਣੇ-ਆਪ ਨੂੰ ਸਿਆਣੇ ਸਮਝ ਕੇ, ਯੁਵਾ ਪੀੜ੍ਹੀ ਲਈ ਆਪਣੀ ਮਰਜ਼ੀ ਦੇ ਵਰ/ਲਾੜੀਆਂ ਦੀ ਢੂੰਡ ਵਿਚ ਆਪਣੀ ਇੱਜ਼ਤ ਮਹਿਸੂਸ ਕਰਦੇ ਹਨ। ਜਦੋਂ ਕਿ ਨਵੀਂ ਪੀੜ੍ਹੀ ਬਿਨਾਂ ਕਿਸੇ ਬਾਹਰੀ ਦਬਾਓ ਦੇ ਆਪਣੀ ਚੋਣ ਆਪ ਕਰਨਾ ਉਚਿਤ ਸਮਝਦੀ ਹੈ। ਨਵੀਂ ਪੀੜ੍ਹੀ ਦੀ ਸੋਚ ਇਹ ਹੈ ਕਿ ਜਦੋਂ ਉਨ੍ਹਾਂ ਨੂੰ ਆਪਣੇ ਜੀਵਨ-ਸਾਥੀ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ, ਉਨ੍ਹਾਂ ਨੂੰ ਬਲੀ ਦੇ ਬੱਕਰੇ ਕਿਉਂ ਬਣਾਇਆ ਜਾ ਰਿਹਾ ਹੈ। ਪ੍ਰਵਾਸ 'ਚ ਰਹਿੰਦੇ ਮਾਪੇ ਆਪਣੇ ਪੰਜਾਬ 'ਚ ਰਹਿੰਦੇ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਨੂੰ ਖੁਸ਼ ਕਰਨ ਲਈ ਧੀਆਂ ਦੇ ਸੌਦੇ ਕਰਦੇ ਹਨ, ਪ੍ਰਵਾਸੀ ਮੁੰਡਿਆਂ ਨੂੰ ਵੀ ਇਸ ਚੱਕਰਵਿਊ ਵਿਚ ਪਾਉਂਦੇ ਹਨ। ਉਹ ਕੇਵਲ ਜ਼ਮੀਨਾਂ ਜਾਂ ਅਫ਼ਸਰੀ ਵੇਖ ਕੇ ਅਜਿਹੇ ਸੌਦੇ ਕਰਦੇ ਹਨ। ਬਾਅਦ ਵਿਚ ਔਲਾਦ ਵੀ ਦੁੱਖ ਸਹਿੰਦੀ ਹੈ, ਮਾਪੇ ਵੀ ਪ੍ਰੇਸ਼ਾਨ ਰਹਿੰਦੇ ਹਨ। ਇਸ ਨਾਵਲ ਦੇ ਮਾਪੇ ਜੱਟ ਬਰਾਦਰੀ ਨਾਲ ਸੰਬੰਧਿਤ ਹਨ ਜਿਨ੍ਹਾਂ ਨੂੰ ਅੰਤਰ-ਜਾਤੀ ਵਿਆਹਾਂ ਨਾਲ ਨਫ਼ਰਤ ਹੈ। ਉਹ ਸਮਝਦੇ ਹਨ ਕਿ ਜੇਕਰ ਅੰਤਰ-ਜਾਤੀ ਵਿਆਹ ਕੀਤੇ ਤਾਂ ਉਨ੍ਹਾਂ ਨੂੰ 'ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ?' ਉਨ੍ਹਾਂ ਦਾ ਨੱਕ ਵੱਢਿਆ ਜਾਏਗਾ। ਆਪਣੇ ਨੱਕ ਦੀ ਰਾਖੀ ਲਈ ਮਾਪੇ ਗਲਨੈੜ ਕਰ ਦਿੰਦੇ ਹਨ। ਕਰਮਜੀਤ (ਕਰਮੀ) ਦਾ ਪਾਤਰ ਅਜਿਹੇ ਗਲਨੈੜ ਦੀ ਸ਼ਿਕਾਰ ਹੈ। 'ਬੀਰੇ' ਨਾਂਅ ਦਾ ਮੁੰਡਾ ਵੀ ਅਜਿਹਾ ਸੰਕਟ ਭੋਗਦਾ ਹੈ। ਉਸ ਦੀ ਪਤਨੀ 'ਰੱਤੀ' ਵਿਆਹ ਤੋਂ ਪਹਿਲਾਂ ਮੁਹਾਲੀ ਦੇ ਮੁੰਡੇ 'ਕੁਲਵੰਤ' ਨੂੰ ਪਿਆਰ ਕਰਦੀ ਸੀ। ਚੁਸਤ ਮੁੰਡੇ-ਕੁੜੀਆਂ, ਮਾਪਿਆਂ ਤੋਂ ਓਹਲਾ ਰੱਖ ਕੇ, ਅਜਿਹੀ ਸਥਿਤੀ 'ਚੋਂ ਬਚ ਨਿਕਲਦੇ ਹਨ। ਨਾਵਲ ਵਿਚ ਪਤਨੀਆਂ ਪਤੀਆਂ ਨਾਲੋਂ ਧੀਆਂ-ਪੁੱਤਾਂ ਦੇ ਅਜਿਹੇ ਸੰਕਟ ਨੂੰ ਵੱਧ ਸਮਝਦੀਆਂ ਹਨ। ਅਮਰੀਕਾ ਵਿਚ ਚਾਚੇ-ਤਾਇਆਂ ਦੇ ਪੁੱਤਾਂ ਦੀ ਨਵੀਂ ਪੀੜ੍ਹੀ ਨੇ 'ਕਜ਼ਨ ਗਰੁੱਪ' ਬਣਾਇਆ ਹੋਇਆ ਹੈ, ਜਿਥੇ ਉਹ ਮੀਟਿੰਗਾਂ ਕਰਕੇ ਖਾਂਦੇ-ਪੀਂਦੇ ਹਨ। ਸਮੱਸਿਆਵਾਂ 'ਤੇ ਵਿਚਾਰ ਕਰਦੇ ਹਨ। ਔਰਤਾਂ ਵੀ ਇਸ ਗਰੁੱਪ ਵਿਚ ਇਕ-ਦੋ ਪੈੱਗ ਲਗਾ ਲੈਂਦੀਆਂ ਹਨ। ਯੁਵਾ ਵਰਗ ਵਿਚ (ਕੁਲਦੀਪ ਅਤੇ ਮਨੀ) ਵਰਗੇ ਸਿਆਣੇ ਪਾਤਰ ਵੀ ਹਨ ਜੋ ਮਸਲੇ ਸੁਲਝਾ ਸਕਦੇ ਹਨ। ਉਥੇ ਲਿਵ-ਇਨ-ਰਿਲੇਸ਼ਨਸ਼ਿਪ ਵੀ ਹੈ। ਨਾਵਲ ਦੇ ਅਖੀਰ ਵਿਚ, ਇਕ ਵਿਆਹ ਵਿਚ ਨਵੀਂ ਪੀੜ੍ਹੀ ਦੀ ਸੁਤੰਤਰ ਚੋਣ ਤੋਂ ਤੰਗ ਆ ਕੇ ਇਕ ਕਰਤਾਰ ਸਿੰਘ ਨਾਂਅ ਦੇ ਪਾਤਰ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ। ਇਸ ਖੂਨ-ਖਰਾਬੇ 'ਚ ਅਨੇਕਾਂ ਜ਼ਖ਼ਮੀ ਹੋ ਜਾਂਦੇ ਹਨ ਪਰ ਬਚ ਜਾਂਦੇ ਹਨ ਜਦੋਂ ਕਿ ਕਰਮਜੀਤ ਨੂੰ ਤੰਗ ਕਰਨ ਵਾਲਾ ਪਾਤਰ ਦਰਸ਼ਨ ਮਾਰਿਆ ਜਾਂਦਾ ਹੈ। ਇੰਜ ਨਾਵਲਕਾਰ ਨੇ ਕਾਵਿਕ ਨਿਆਂ (ਪੋਇਟਕ ਜਸਟਿਸ) ਕਰ ਵਿਖਾਇਆ ਹੈ। ਨਾਵਲ ਦੀਆਂ ਸਾਰੀਆਂ ਘਟਨਾਵਾਂ (ਇਕ ਦੋ ਨੂੰ ਛੱਡ ਕੇ) ਅਮਰੀਕਾ ਵਿਚ ਹੀ ਵਾਪਰਦੀਆਂ ਹਨ। ਨਾਵਲ ਦੀ ਬਿਰਤਾਂਤਕ ਗਤੀ ਤੇਜ਼ ਹੈ। ਕਈ ਪਾਤਰ ਪੰਜਾਬੀ ਨਹੀੇਂ ਸਮਝਦੇ। ਨਾਵਲ ਦਾ ਕੋਈ ਮੁੱਖ ਨਾਇਕ ਨਹੀਂ। ਵੱਖ-ਵੱਖ ਉਪਕਥਾਵਾਂ ਦੇ ਵੱਖ-ਵੱਖ ਉਪ-ਨਾਇਕ/ਨਾਇਕਾਵਾਂ ਹਨ। ਵਿਸ਼ੇ ਪੱਖੋਂ ਇਕਮੁੱਠਤਾ ਗ੍ਰਹਿਣ ਕਰਦਾ ਹੈ ਇਹ ਨਾਵਲ। ਅਜਿਹੇ ਯਥਾਰਥਕ ਮੁੱਦੇ ਦਾ 'ਗਲਪੀਕਰਨ' ਕਰਨ ਕਰਕੇ ਲੇਖਕ ਦਾ ਗਲਪੀ-ਵਿਵੇਕ ਪ੍ਰਸੰਸਾ ਦਾ ਅਧਿਕਾਰੀ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਰਾਹਕ
ਲੇਖਕ : ਗੁਰਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98723-75898.


ਸ਼ਾਇਰ ਗੁਰਪ੍ਰੀਤ ਹਥਲੀ ਕਾਵਿ-ਕਿਤਾਬ 'ਰਾਹਕ' ਤੋਂ ਪਹਿਲਾਂ ਚਾਰ ਕਾਵਿ-ਕਿਤਾਬਾਂ 'ਸ਼ਬਦਾਂ ਦੀ ਮਰਜ਼ੀ', 'ਸਿਆਹੀ ਘੁਲੀ ਹੈ', 'ਓਕ' ਇਕ ਅਨੁਵਾਦਕ ਅਤੇ ਤਿੰਨ ਬੱਚਿਆਂ ਲਈ ਕਿਤਾਬਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਆਧੁਨਿਕ ਭਾਵ-ਬੋਧ ਤੇ ਬੌਧਿਕ ਮੁਹਾਵਰੇ ਦਾ ਸਿਰਜਕ ਹੈ। ਸ਼ਾਇਰ ਉੱਤੇ ਡਾ. ਮਨਮੋਹਨ ਦੀ ਟਿੱਪਣੀ ਪੂਰੀ ਤਰ੍ਹਾਂ ਢੁਕਦੀ ਹੈ। ਡਾ. ਮਨਮੋਹਨ ਆਖਦਾ ਹੈ ਜੇ ਲਿਖਣਾ ਹੈ ਤਾਂ ਵੱਖਰੀ ਤਰ੍ਹਾਂ ਦਾ ਲਿਖੋ ਤੇ ਜਾਂ ਫਿਰ ਵੱਖਰੇ ਹੋਣ ਤੱਕ ਦੀ ਉਡੀਕ ਕਰੋ। ਇੰਜ ਸਾਡਾ ਇਹ ਸ਼ਾਇਰ ਅਮੂਰਤ ਤੋਂ ਮੂਰਤ ਤੱਕ ਦਾ ਸਫ਼ਰ ਕਰਨ ਵਾਲਾ ਵੱਖਰੀ ਤਰ੍ਹਾਂ ਦਾ ਸ਼ਾਇਰ ਹੈ। ਸ਼ਾਇਰ ਦੀ ਸ਼ਾਇਰੀ ਦੀ ਥਾਹ ਪਾਉਣ ਲਈ ਨਾਰੀਅਲ ਨੂੰ ਛਿਲ ਕੇ ਖੋਪੇ ਦੀ ਗੁੱਟੀ ਵਿਚੋਂ ਤਰਲਤਾ ਪ੍ਰਾਪਤ ਕਰਨ ਵਰਗੇ ਤਰੱਦਦ 'ਚੋਂ ਗੁਜ਼ਰਨਾ ਪੈਂਦਾ ਹੈ। ਜਿਵੇਂ ਬੋਹੜ ਦੇ ਨਿੱਕੇ ਜਿਹੇ ਬੀਜ ਵਿਚ ਇਕ ਘਣਛਾਵਾਂ ਬੋਹੜ ਛੁਪਿਆ ਹੁੰਦਾ ਹੈ ਤੇ ਇਸੇ ਤਰ੍ਹਾਂ ਗੁਰਪ੍ਰੀਤ ਦੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਵਿਚ ਵੱਡੇ ਅਰਥ ਛੁਪੇ ਹੁੰਦੇ ਹਨ ਤੇ ਖੁਰਦਬੀਨੀ ਅੱਖ ਨਾਲ ਸਕੈਨਿੰਗ ਤੇ ਕਾਵਿਕ ਵਿਵੇਕ ਚਿਤਰਪਟ ਤੇ ਅਮੂਰਤ ਤੋਂ ਸਮੂਰਤ ਹੋਣ ਲਗਦਾ ਹੈ। ਸ਼ਾਇਰੀ ਨੂੰ ਵਾਚਦਿਆਂ ਤੱਥ ਸਾਰ ਦੀ ਕੁੰਜੀ ਤਾਂ ਹੱਥ ਆ ਜਾਂਦੀ ਹੈ ਜਦੋਂ ਉਹ ਤਰੰਮਤੀ ਜ਼ਿੰਦਗੀ ਜਿਊਣ ਲਈ ਆਭਾ ਮੰਡਲ ਦਾ ਤਾਲਾ ਖੋਲ੍ਹਦਾ ਹੈ। ਬਰਤੌਲਤ ਬ੍ਰੈਖਤ ਆਖਦਾ ਹੈ, 'ਇਹ ਠੀਕ ਹੈ ਕਿ ਅਸਾਨੂੰ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਸ ਦਾ ਇਹ ਮਤਲਬ ਉੱਕਾ ਨਹੀਂ ਕਿ ਜਿਸ ਨੇ ਖਾ ਲਿਆ, ਉਹ ਜੀਵਨ ਵੀ ਜੀਉਂ ਰਿਹਾ।' ਉਹ ਤਾਲਾਬੰਦੀ ਦੌਰਾਨ ਆਪਣੇ ਹੀ ਦੇਸ਼ ਵਿਚ ਪਰਵਾਸ ਦੀ ਅਉਧ ਹੰਢਾ ਰਹੇ ਮਜ਼ਦੂਰਾਂ ਦੀ ਤਸਵੀਰਕਸ਼ੀ ਕਰਦਾ ਹੈ ਜੋ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਪੈਰਾਂ 'ਚ ਆਏ ਛਾਲਿਆਂ ਨਾਲ ਘਰਾਂ ਦੀਆਂ ਬਰੂਹਾਂ ਤੱਕ ਪਹੁੰਚ ਸਕੇ। ਚੱਲ ਰਹੇ ਕਿਸਾਨੀ ਅੰਦੋਲਨ ਵਿਚ ਜੋ ਕਾਰਪੋਰੇਟਰੀ ਸਾਨ੍ਹ ਅਸਾਡੀਆਂ ਹਰੀਆਂ ਕਚੂਰ ਫ਼ਸਲਾਂ ਨੂੰ ਬੁਰਕ ਮਾਰਨ ਲਈ ਘਾਤ ਲਾਈ ਬੈਠਾ ਹੈ, ਦੀ ਪਛਾਣ ਵੀ ਕਰ ਲੈਂਦਾ ਹੈ। ਕਿਸਾਨ ਅੰਦੋਲਨ ਦੌਰਾਨ ਕੁਝ ਦੁਵਿਧਾਗ੍ਰਸਤ ਸੰਘਰਸ਼ੀ ਯੋਧਿਆਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਸੋਹਣ ਸਿੰਘ ਮੀਸ਼ਾ ਦੀ ਨਜ਼ਮ 'ਚੀਕ ਬੁਲਬੁਲੀ' ਵਾਂਗ ਹਿਚਕਚਹਾਟ ਦਿਖਾਉਂਦੇ ਹਨ। ਮਾਂ ਬਾਰੇ ਲਿਖੀਆਂ ਨਜ਼ਮਾਂ ਮੋਹਣ ਸਿੰਘ, ਖਲੀਲ ਜਿਬਰਾਨ ਨੂੰ ਪੁਣਦੀਆਂ ਹੋਈਆਂ ਮੁਨੱਵਰ ਰਾਣਾ ਦੀਆਂ ਗ਼ਜ਼ਲਾਂ ਦੇ ਮਤਲਿਆਂ ਵਰਗੇ ਅਹਿਸਾਸ ਕਰਾਉਂਦੀਆਂ ਨਜ਼ਰ ਆਉਂਦੀਆਂ ਹਨ। ਉਹ ਬਾਬੇ ਨਾਨਕ ਦੇ ਅਖੌਤੀ ਨਾਮ ਲੇਵਿਆਂ ਦੇ ਬਖੀਏ ਵੀ ਉਧੇੜਦਾ ਹੋਇਆ ਆਖਦਾ ਹੈ ਕਿ ਪਤਾ ਨਹੀਂ ਬਾਬੇ ਦਾ ਅਸਲੀ ਘਰ ਦੇਖਣ 'ਤੇ ਅੱਖਾਂ ਵਿਚ ਚਿੱਟਾ ਮੋਤੀਆ ਕਿਉਂ ਉਤਾਰ ਲੈਂਦੇ ਹਨ। ਉਹ ਅਜਮੇਰ ਔਲਖ ਦੀ ਵਸੀਹਤ ਤੋਂ ਅੱਖਾਂ ਫੇਰਨ ਵਾਲੇ ਗਿਰਗਿਟੀ ਅਲੰਬਰਦਾਰਾਂ 'ਤੇ ਵੀ ਲਾਹਣਤਾਂ ਦੀ ਵਾਛੜ ਮਾਰਦਾ ਹੈ। ਉਸ ਦੀ ਨਿੱਕੀ ਜਿਹੀ ਵੱਡੇ ਅਰਥਾਂ ਵਾਲੀ ਨਜ਼ਮ ਪੇਸ਼ ਹੈ, 'ਗੱਡੀ ਲੱਦੀ ਜਾਵੇ ਭਾਰੇ ਫ਼ੌਜੀ ਟੈਂਕ, ਮੇਰੇ ਮਨ 'ਤੇ ਭਾਰ' ਉਹ ਭਾਰ ਕਾਹਦਾ ਹੈ ਉਹ ਹੈ ਜੰਗ ਦੇ ਮੈਦਾਨ ਵਿਚੋਂ ਤੋਪਾਂ ਦਾ ਚਾਰੇ ਬਣੇ ਮਾਵਾਂ ਦੇ ਪੁੱਤਾਂ ਦੀਆਂ ਸ਼ਹੀਦੀਆਂ ਦਾ। ਗੁਰਪ੍ਰੀਤ ਦੀ ਕਵਿਤਾ ਦੇ ਅੰਗ-ਸੰਗ ਹੋਣ ਲਈ ਅਸਾਨੂੰ ਇਕ ਅੰਗਰੇਜ਼ ਦਾਨਸ਼ਵਰ ਦੀ ਟਿੱਪਣੀ ਯਾਦ ਆਉਂਦੀ ਹੈ  If you ask me what is poerty, then I do not know what is poetry, If you do not ask me what is poetry then I know what is poetry. ਇਹ ਪੰਜਾਬੀ ਸ਼ਾਇਰੀ ਦਾ ਧੰਨਭਾਗ ਹੀ ਹੈ ਕਿ ਅਸਾਡੇ ਕੋਲ ਵੱਖਰੀ ਕਿਸਮ ਦਾ ਸ਼ਾਇਰ ਗੁਰਪ੍ਰੀਤ ਵਰਗਾ ਸ਼ਾਇਰ ਹੈ।


ਭਗਵਾਨ ਢਿੱਲੋਂ
ਮੋ: 98143-78254.


ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ
ਲੇਖਕ : ਦਲਜੀਤ ਸਿੰਘ ਅਰੋੜਾ
ਸੰਪਾਦਕ : ਮਲਕੀਤ ਰੌਣੀ
ਪ੍ਰਕਾਸ਼ਕ : ਨੋਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98145-93858.


ਪੰਜਾਬੀ ਸਿਨੇਮਾ ਦਿਨੋ-ਦਿਨ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ। ਅੱਜ ਪੰਜਾਬੀ ਵਿਚ ਬਣੀਆਂ ਫ਼ਿਲਮਾਂ ਦੀ ਚਰਚਾ ਬਾਲੀਵੁੱਡ ਤੱਕ ਆਮ ਹੁੰਦੀ ਦੇਖੀ ਜਾ ਸਕਦੀ ਹੈ। ਜਿਥੇ ਪੰਜਾਬੀ ਗੀਤ-ਸੰਗੀਤ ਨੇ ਸੰਸਾਰ ਪੱਧਰ ਤੱਕ ਧੁੰਮਾਂ ਪਾਈਆਂ, ਅੱਜ ਪੰਜਾਬੀ ਸਿਨੇਮਾ ਵੀ ਸੰਸਾਰ ਪੱਧਰ ਤੱਕ ਆਪਣਾ ਵਰ ਮੇਚ ਰਿਹਾ ਹੈ। ਜੇਕਰ ਅਸੀਂ ਕੇਵਲ ਕਿਸੇ ਵੀ ਖੇਤਰ ਵਿਚ ਮਾਰੀਆਂ ਮੱਲਾਂ ਦੀ ਵੀ ਚਰਚਾ ਕਰਾਂਗੇ ਤਾਂ ਠੀਕ ਤਰ੍ਹਾਂ ਮੁਲਾਂਕਣ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇਕਰ ਕਿਸੇ ਵੀ ਵਰਤਾਰੇ ਜਾਂ ਖੇਤਰ ਨੂੰ ਆਲੋਚਕ ਦੀ ਨਜ਼ਰ ਨਾਲ ਦੇਖ ਕੇ ਉਸ ਬਾਰੇ ਵਿਚਾਰ-ਚਰਚਾ ਕਰਾਂਗੇ ਤਾਂ ਉਸ ਖੇਤਰ ਵਿਚ ਤਰੱਕੀ ਦੀਆਂ ਸੰਭਾਵਨਾਵਾਂ ਹੋਰ ਵੀ ਵਧ ਜਾਂਦੀਆਂ ਹਨ। ਹਥਲੀ ਪੁਸਤਕ 'ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ' ਜਿਸ ਦਾ ਲੇਖਕ ਦਲਜੀਤ ਸਿੰਘ ਅਰੋੜਾ ਹੈ ਅਤੇ ਇਸ ਦੀ ਸੰਪਾਦਨਾ ਮਲਕੀਤ ਰੌਣੀ ਦੁਆਰਾ ਕੀਤੀ ਗਈ ਹੈ, ਕੁਝ ਇਸੇ ਹੀ ਭਾਂਤ ਦੀ ਪੁਸਤਕ ਹੈ ਜਿਸ ਵਿਚ 'ਪੰਜਾਬੀ ਸਕਰੀਨ' ਮੈਗਜ਼ੀਨ ਵਿਚ ਛਪੇ ਸੰਪਾਦਕੀ ਲੇਖਾਂ ਨੂੰ ਸੰਪਾਦਿਤ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਗਿਆ ਹੈ। ਇਨ੍ਹਾਂ ਸੰਪਾਦਕੀ ਲੇਖਾਂ ਵਿਚ ਸਮੇਂ-ਸਮੇਂ ਪੰਜਾਬੀ ਫ਼ਿਲਮ ਖੇਤਰ ਵਿਚ ਆਈਆਂ ਤਬਦੀਲੀਆਂ, ਤਰੱਕੀਆਂ ਅਤੇ ਊਣਤਾਈਆਂ ਨੂੰ ਸਾਂਝੀਆਂ ਕਰਨ ਦੇ ਨਾਲ-ਨਾਲ ਇਸ ਪਾਸੇ ਹੋਰ ਯਤਨ ਕਰਨ ਲਈ ਸੁਝਾਅ ਵੀ ਪੇਸ਼ ਕੀਤੇ ਗਏ ਹਨ। ਮਿਸਾਲ ਵਜੋਂ ਫ਼ਿਲਮਾਂ ਵਿਚ 'ਸਰਦਾਰ' ਸ਼ਬਦ ਵਰਤੋਂ ਬਾਰੇ, ਪੰਜਾਬੀ ਭਾਸ਼ਾ ਦੀ ਉੱਨਤੀ ਲਈ ਯਤਨਸ਼ੀਲ ਹੋਣ ਬਾਰੇ, ਫ਼ਿਲਮ ਬਜਟ ਬਾਰੇ, ਦੋ ਅਰਥੀ ਅਤੇ ਲੱਚਰ ਗਾਇਕੀ ਬਾਰੇ, ਇਤਿਹਾਸਕ ਫ਼ਿਲਮਾਂ ਦੀ ਪੇਸ਼ਕਾਰੀ ਬਾਰੇ, ਪੈਸੇ ਦੀ ਦੌੜ ਅਤੇ ਕਲਾਕਾਰਾਂ ਦੀ ਸਥਿਤੀ, ਅਸੱਭਿਅਕ ਕਾਮੇਡੀ ਬਾਰੇ ਚਰਚਾ ਕਰਨ ਦੇ ਨਾਲ-ਨਾਲ ਫ਼ਿਲਮਾਂ ਨਾਲ ਜੁੜੇ ਹੋਰ ਕਈ ਖੇਤਰਾਂ ਬਾਰੇ ਭਰਪੂਰ ਰੂਪ ਵਿਚ ਆਲੋਚਨਾਤਮਿਕ ਚਰਚਾ ਕੀਤੀ ਗਈ ਹੈ। ਆਪਣੀ ਗੱਲ ਨੂੰ ਪੁਖਤਾ ਕਰਨ ਲਈ ਸੰਪਾਦਕੀ ਲੇਖਾਂ ਵਿਚ ਫ਼ਿਲਮਾਂ ਵਿਚੋਂ ਉਦਾਹਰਨਾਂ ਲੈ ਕੇ ਵੀ ਗੱਲ ਕੀਤੀ ਗਈ ਹੈ। ਪੁਸਤਕ ਵਿਚ ਸਮਕਾਲੀ ਜੀਵਨ ਨੂੰ ਕੋਰੋਨਾ ਮਹਾਂਮਾਰੀ ਨੇ ਕਿਵੇਂ ਪ੍ਰਭਾਵਿਤ ਕੀਤਾ ਅਤੇ ਫ਼ਿਲਮ ਜਗਤ ਨੂੰ ਇਸ ਮਹਾਂਮਾਰੀ ਦੀ ਕਿਹੋ ਜਿਹੀ ਮਾਰ ਝੱਲਣੀ ਪਈ, ਉਸ ਬਾਰੇ ਵਿਸਤ੍ਰਿਤ ਰੂਪ ਵਿਚ ਜ਼ਿਕਰ ਹੋਇਆ ਹੈ। ਇਸ ਮਹਾਂਮਾਰੀ ਦੇ ਦੌਰ ਵਿਚ ਜਿਥੇ ਫ਼ਿਲਮੀ ਖੇਤਰ ਵਿਚ ਬੇਰੁਜ਼ਗਾਰੀ ਵਧੀ, ਉਥੇ ਡਿਜੀਟਲ ਸਿਨੇਮਾ ਵੱਲ ਵੀ ਝੁਕਾਅ ਵਧਣ ਬਾਰੇ ਵਿਚਾਰ ਪੇਸ਼ ਹੋਏ ਹਨ। ਕੁੱਲ ਮਿਲਾ ਕੇ ਇਸ ਮਨੋਰੰਜਨ ਦੇ ਖੇਤਰ ਵਿਚਲੇ ਅੰਤਰ-ਵਿਰੋਧਾਂ ਨੂੰ ਪੇਸ਼ ਕਰਦੀ ਇਹ ਵਿਸ਼ੇਸ਼ ਉਪਰਾਲੇ ਦੇ ਰੂਪ ਵਿਚ ਸਾਹਮਣੇ ਆਈ ਪੁਸਤਕ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611.
c c c


ਨੀਸਾਣੁ
ਲੇਖਕ : ਪਰਮਜੀਤ ਸੋਹਲ (ਡਾ.)
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 94636-58706.


ਡਾ. ਪਰਮਜੀਤ ਸੋਹਲ ਜੀਵਨ ਦੀ ਇਸ ਤਲਖ਼ ਹਕੀਕਤ ਨੂੰ ਬੜੀ ਹੀ ਸਰਲਤਾ ਅਤੇ ਸਹਿਜਤਾ ਨਾਲ ਬਿਆਨ ਕਰ ਜਾਂਦੇ ਹਨ ਕਿ ਮਨੁੱਖ ਆਪਣੇ ਜੀਵਨ ਲਈ ਲੋੜੀਂਦੇ ਸਾਧਨ ਜੁਟਾਉਣ ਵਿਚ ਹੀ ਆਪਣੀ ਸਾਰੀ ਉਮਰ ਬਤੀਤ ਕਰ ਦਿੰਦਾ ਹੈ ਪਰ ਜੀਵਨ ਨੂੰ ਜਿਊਣ ਲਈ ਉਸ ਦੇ ਹਿੱਸੇ ਇਕ ਘੜੀ ਵੀ ਨਹੀਂ ਆਉਂਦੀ। ਆਪਣੇ ਹੱਥੀਂ ਸਹੇੜੀਆਂ ਉਲਝਣਾਂ ਵਿਚ ਉਲਝਿਆ ਮਨੁੱਖ ਕੁਝ ਪਲ ਵੀ ਬੱਚਿਆਂ, ਪੰਛੀਆਂ, ਰੁੱਖਾਂ ਅਤੇ ਦਰਿਆਵਾਂ ਵਾਂਗ ਜਿਊਂਦਾ ਦਿਖਾਈ ਨਹੀਂ ਦਿੰਦਾ:
ਜ਼ਿੰਦਗੀ ਬਾਰੇ
ਜੋ ਜ਼ਿਆਦਾ ਸੋਚਦਾ
ਉਹ ਘੱਟ ਜਿਊਂਦਾ
ਜਿਊਣ ਵਾਂਗ ਜਿਊਂਦੇ
ਬੱਚੇ, ਪੰਛੀ, ਰੁੱਖ ਅਤੇ ਦਰਿਆ....
ਉਨ੍ਹਾਂ ਦਾ ਮੰਨਣਾ ਹੈ ਕਿ ਕਵਿਤਾ ਕੁਝ ਖ਼ਾਸ ਸ਼ਬਦਾਂ ਨੂੰ ਕਿਸੇ ਖ਼ਾਸ ਤਰਤੀਬ ਵਿਚ ਸਮੇਟ ਕੇ ਤੁਕਬੰਦੀ ਕਰਨਾ ਨਹੀਂ ਹੁੰਦੀ ਅਤੇ ਨਾ ਹੀ ਆਪਣੀ ਕਿਸੇ ਧਾਰਨਾ ਦਾ ਕੇਵਲ ਪ੍ਰਗਟਾਵਾ ਹੀ ਹੁੰਦੀ ਹੈ। ਕਵਿਤਾ ਕਿਸੇ ਕਵੀ ਦੇ ਆਪਣੇ ਆਪੇ ਦਾ ਕਲਾਤਮਿਕ ਰੂਪਾਂਤਰਨ ਵੀ ਨਹੀਂ ਹੁੰਦੀ ਬਲਕਿ ਕਵਿਤਾ ਤਾਂ ਸਾਡੇ ਦਿਸਦੇ ਅਤੇ ਅਣਦਿਸਦੇ ਵਰਤਾਰੇ ਦੀਆਂ ਪਰਤਾਂ ਵਿਚ ਲੁਕੀ ਇਕ ਸੂਖਮ ਸੰਵੇਦਨਾ ਹੁੰਦੀ ਹੈ, ਜਿਸ ਨੂੰ ਪਰਿਭਾਸ਼ਿਤ ਕਰਨਾ ਹਰ ਕਿਸੇ ਦੀ ਸਮਰੱਥਾ ਵਿਚ ਸ਼ਾਮਿਲ ਨਹੀਂ ਹੁੰਦਾ:
ਕਵਿਤਾ ਦੇ ਅਰਥ ਕਰਦਿਆਂ
ਸ਼ਬਦਾਂ ਦੇ ਅਨਰਥ ਹੋ ਜਾਂਦੇ ਨੇ
ਕਵਿਤਾ ਦੇ ਅਰਥ ਸੁਣਦਿਆਂ
ਮੈਂ ਚੁੱਪ ਕਰ ਜਾਂਦਾ ਹਾਂ
'ਓਨਮ', 'ਪ੍ਰਿਯਤਮਾ', 'ਕਾਇਆ' ਅਤੇ 'ਪੌਣਾਂ ਸਤਲੁਜ ਕੋਲ਼ ਦੀਆਂ' ਤੋਂ ਬਾਅਦ, ਰੱਬੀ ਪਿਆਰ ਦਾ ਗੀਤ ਗਾਉਣ ਵਾਲੀ ਕੁਦਰਤ ਨੂੰ ਸਮਰਪਿਤ ਇਸ ਪੰਜਵੇਂ ਕਾਵਿ-ਸੰਗ੍ਰਹਿ ਵਿਚ, ਉਨ੍ਹਾਂ ਲਈ ਤਾਂ ਸਮਾਧੀ ਵੀ ਸੱਪ ਦੇ ਕੁੰਜ ਲਾਹੁਣ ਵਾਂਗ, ਆਪਣੇ 'ਸੰਸਾਰ' ਲਾਹ ਦੇਣ ਦੀ ਸੁਭਾਵਿਕ ਪ੍ਰਕਿਰਿਆ ਹੈ। ਇਹ ਵੀ ਉਨ੍ਹਾਂ ਦੀ ਇਸ ਵਿਲੱਖਣ ਬੌਧਿਕਤਾ ਦਾ ਹੀ ਹਾਸਲ ਹੈ ਕਿ ਪਾਠਕ ਪੁਸਤਕ ਦਾ ਪਾਠ ਕਰਦਿਆਂ ਅਨੰਦਿਤ ਮਹਿਸੂਸ ਕਰਦਾ ਹੈ। ਮੈਂ ਉਨ੍ਹਾਂ ਦੀ ਇਸ ਖ਼ੂਬਸੂਰਤ ਪ੍ਰਾਪਤੀ ਨੂੰ ਸਿਜਦਾ ਕਰਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


... ਨਜ਼ਮ ਤੁਰਦੀ ਰਹੀ
ਲੇਖਿਕਾ : ਡਾ. ਦਵਿੰਦਰ ਪ੍ਰੀਤ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98765-42765.


ਨਜ਼ਮ ਤੁਰਦੀ ਰਹੀ ਕਾਵਿ ਸੰਗ੍ਰਹਿ ਡਾ. ਦਵਿੰਦਰ ਪ੍ਰੀਤ ਕੌਰ ਦਾ ਕਾਵਿ ਸੰਗ੍ਰਹਿ ਹੈ। ਲੇਖਿਕਾ ਨੇ ਇਸ ਤੋਂ ਪਹਿਲਾਂ 9 ਪੁਸਤਕਾਂ ਦੀ ਰਚਨਾ ਕੀਤੀ ਹੈ। ਡਾ. ਦਵਿੰਦਰ ਪ੍ਰੀਤ ਪੰਜਾਬੀ ਸਾਹਿਤ ਜਗਤ ਵਿਚ ਬਤੌਰ ਕਵਿੱਤਰੀ ਸੰਪਾਦਕ, ਆਲੋਚਕ ਅਤੇ ਅਨੁਵਾਦਕਾ ਵਜੋਂ ਸਥਾਪਤ ਹੋਏ। ਸ਼ਾਇਰਾ ਨੇ ਸੰਵੇਦਨਾ ਅਤੇ ਸਮਾਜਿਕ ਸਰੋਕਾਰਾਂ ਨੂੰ ਦਰਸਾਉਂਦੀ ਕਵਿਤਾ ਲਿਖੀ। ਉਹ ਸੰਵੇਦਨਸ਼ੀਲ ਕਵਿੱਤਰੀ ਹੈ ਜੋ ਮਰਦ ਔਰਤ ਰਿਸ਼ਤੇ ਪ੍ਰਤੀ ਵਿਗਿਆਨਕ ਅਤੇ ਬਰਾਬਰਤਾ ਦਾ ਵਿਚਾਰ ਰੱਖਦੀ ਹੈ। ਇਸ ਪੁਸਤਕ ਦੀ ਭੂਮਿਕਾ ਵਿਚ ਡਾ. ਬਲਜੀਤ ਸਿੰਘ ਨੇ ਡਾ. ਦਵਿੰਦਰ ਪ੍ਰੀਤ ਦੀ ਕਵਿਤਾ ਬਾਰੇ ਲਿਖਿਆ ਹੈ : ਨਜ਼ਮ ਤੁਰਦੀ ਰਹੀ ਕਾਵਿ ਸੰਗ੍ਰਹਿ ਵਿਚ ਔਰਤ ਮਨ ਦੀਆਂ ਖਾਹਸ਼ਾਂ, ਸੁਪਨਿਆਂ ਅਤੇ ਸ਼ਿਕਵੇ-ਸ਼ਿਕਾਇਤਾਂ ਨੂੰ ਮੌਲਿਕ ਕਾਵਿ ਮੁਹਾਵਰੇ ਵਿਚ ਪੇਸ਼ ਕੀਤਾ ਹੈ। ਉਸ ਦੀ ਕਾਵਿ ਸ਼ੈਲੀ ਦੀ ਖੂਬਸੂਰਤੀ ਕਾਰਨ ਪਾਠਕ ਕਾਵਿਕ ਵਹਿਣ ਵਿਚ ਵਹਿ ਜਾਂਦਾ ਹੈ।
ਉਹ ਅਗਾਂਹਵਧੂ ਵਿਚਾਰਾਂ ਦੀ ਕਾਵਿਕ ਪੇਸ਼ਕਾਰੀ ਕਰਦੀ ਹੈ :
ਤੁਰ ਪਈ ਨਜ਼ਮ
ਹੁਣ
ਬੇੜੀ ਨੂੰ ਝਾਂਜਰ ਬਣਾ
ਜਿਸ ਦੀ ਛਣਕਾਰ ਵਿਚੋਂ ਤਲਾਸ਼ਦੀ
ਅਸਤਿਤਵ ਆਪਣਾ
ਲਾਜ ਲੱਜਾ ਦਾ ਦੌਣੀ ਟਿੱਕਾ
ਮੱਥੇ 'ਤੇ ਲਟਕਾਈ
ਤੁਰਦੀ ਰਹੀ ਮੇਰੀ ਨਜ਼ਮ (ਪੰਨਾ 41)
ਉਸ ਦੀ ਕਾਵਿ ਸਿਰਜਣਾ ਵਿਚ ਗਿਲੇ ਅਤੇ ਨਿਹੋਰੇ ਵੀ ਹਨ ਜੋ ਅਕਸਰ ਹੀ ਨਾਰੀ ਕਾਵਿ ਵਿਚ ਮਰਦ ਪ੍ਰਤੀ ਪ੍ਰਗਟ ਕੀਤੇ ਜਾਂਦੇ ਹਨ :
ਜੇ ਤੂੰ ਰੰਗ ਦਿੰਦਾ
ਮੇਰੇ ਜੀਵਨ ਦੀ ਬਦਰੰਗ ਚੁੰਨੀ
ਮੁਹੱਬਤ ਦੇ ਸੋਨ ਸੁਨਹਿਰੀ ਰੰਗ 'ਚ
ਸਹੁੰ ਤੇਰੀ ਠੋਕਰਾਂ ਕਦੇ ਨਾ ਤੋੜਦੀਆਂ ਮੈਨੂੰ (86)
ਬੇਸ਼ੱਕ ਉਸ ਨੇ ਖੁੱਲ੍ਹੀ ਨਜ਼ਮ ਲਿਖੀ ਹੈ ਪਰ ਕਾਵਿ ਰਸ ਨਾਲ ਭਰਪੂਰ ਹੈ। ਉਹ ਆਸ਼ਾਵਾਦੀ ਕਾਵਿ ਸਿਰਜਣਾ ਕਰਦੀ ਹੈ। ਉਹ ਅਜਿਹੇ ਯੁੱਗ ਦੀ ਨਾਰੀ ਹੈ ਜੋ ਕਿਸੇ ਸਹਾਰੇ ਤੋਂ ਬਿਨਾਂ ਆਪੇ ਲਈ ਜੀਵਨ ਜਿਊਣ ਦੇ ਸਮੱਰਥ ਹੈ ਪਰ ਨਾਲ ਹੀ ਉਹ ਮਰਦ ਦੀ ਬਰਾਬਰਤਾ ਚਾਹੁੰਦੀ ਹੈ। ਇਕੱਲਤਾ, ਆਹਟ, ਸੰਵਾਦ, ਕਾਲ ਪਹਿਰ, ਸ਼ਰਣ, ਸਾਵਣ ਆਦਿ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। ਉਹ ਸਮੁੱਚੀ ਕਾਇਨਾਤ ਲਈ ਸਾਂਝੀਵਾਲਤਾ ਅਤੇ ਖੁਸ਼ੀ ਦਾ ਸੁਨੇਹਾ ਦਿੰਦੀ ਹੈ। ਪੜ੍ਹ ਤੁਮ ਕਵਿਤਾ ਵੇਖੀ ਜਾ ਸਕਦੀ ਹੈ :
ਖ਼ਤਾਂ ਦੀ ਇਬਾਰਤ ਸਿਰਜੀਏ
ਮੋਹ ਦੀ ਬਿੰਦੀ ਟਿੱਪੀ ਲਾਈਏ
ਇਸ਼ਕ ਦੀ ਮੁਹਾਰਨੀ ਪੜ੍ਹੀਏ
ਲਿਖ ਤੁਮ ਤੋਂ ਪੜ੍ਹ ਤੁਮ ਹੋ ਜਾਈਏ।
(15)
ਡਾ. ਦਵਿੰਦਰ ਦੀ ਕਵਿਤਾ ਨਾਰੀ ਮਨ ਦਾ ਕਾਵਿ ਵਿਸ਼ਲੇਸ਼ਣ ਸਿਰਜਦੀ ਹੈ। ਉਹ ਪਿਆਰ, ਉਡੀਕ, ਇਕੱਲਤਾ, ਉਦਾਸੀ ਅਤੇ ਉਮੀਦ ਦੇ ਕਈ ਪਲਾਂ ਨੂੰ ਕਵਿਤਾ ਵਿਚ ਢਾਲਦੀ ਪ੍ਰਤੀਤ ਹੁੰਦੀ ਹੈ। ਉਹ ਆਪਣੀ ਕਾਵਿ ਰਚਨਾ ਵਿਚ ਸਮਾਜਿਕ ਸਰੋਕਾਰਾਂ ਤੋਂ ਜ਼ਿਆਦਾ ਆਪੇ ਨਿੱਜ ਅਤੇ ਸੰਵੇਦਨਾ ਨੂੰ ਵਧੇਰੇ ਸ਼ਿੱਦਤ ਨਾਲ ਉਭਾਰਦੀ ਹੈ। ਉਹ ਮੁਹੱਬਤ ਦੀ ਪਰਿਭਾਸ਼ਾ ਬੜੀ ਭਾਵੁਕਤਾ ਨਾਲ ਸਿਰਜਦੀ ਹੈ।
ਮੁਹੱਬਤ
ਅਲਾਹੀ ਪੈਗ਼ਾਮ
ਅੱਲੂ ਹੂ
ਰਾਮ ਰਾਮ
ਮੰਗਦੀ ਭਲਾ ਸਦਾ
ਇਹ ਹੈ ਮੁਹੱਬਤ ਦੀ ਰਜ਼ਾ।
ਡਾ. ਦਵਿੰਦਰ ਪ੍ਰੀਤ ਦੀ ਇਹ ਕਾਵਿ ਪੁਸਤਕ ਨਾਰੀ ਮਨ ਦੀਆਂ ਬਹੁਤ ਸਾਰੀਆਂ ਪਰਤਾਂ ਉਭਾਰਦੀ ਹੈ। ਕਵਿੱਤਰੀ ਮੁਬਾਰਕਬਾਦ ਦੀ ਹੱਕਦਾਰ ਹੈ।


ਪ੍ਰੋ. ਕੁਲਜੀਤ ਕੌਰ
c c c


ਤਾਰੇ ਉੱਡਦੇ ਅੰਬਰੀਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰ, ਚੰਡੀਗੜ੍ਹ
ਮੁੱਲ : 80 ਰੁਪਏ, ਸਫ਼ੇ : 32
ਸੰਪਰਕ : 98764-52223.


ਪ੍ਰਿੰ. ਬਹਾਦਰ ਸਿੰਘ ਗੋਸਲ ਬਹੁਪੱਖੀ ਸ਼ਖ਼ਸੀਅਤ ਹਨ। ਹਥਲੀ ਪੁਸਤਕ 'ਤਾਰੇ ਉੱਡਦੇ ਅੰਬਰੀਂ' ਉਨ੍ਹਾਂ ਦੀ ਬਾਲ ਕਵਿਤਾਵਾਂ ਦੀ ਬਹੁਤ ਪਿਆਰੀ ਸ਼ਾਨਦਾਰ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁਤ ਹੀ ਸੁੰਦਰ ਪੁਸਤਕ ਹੈ। ਉਹ ਇਸ ਤੋਂ ਪਹਿਲਾਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਹੁਣ ਤੱਕ 66 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ। ਇਸ ਬਾਲ ਪੁਸਤਕ ਵਿਚ ਬਾਲਾਂ ਦੇ ਵੱਖ-ਵੱਖ ਉਮਰ ਵਰਗਾਂ ਨਾਲ ਸੰਬੰਧਿਤ 27 ਬਾਲ ਕਵਿਤਾਵਾਂ ਹਨ। ਪਹਿਲੀ ਕਵਿਤਾ 'ਖ਼ਤਮ ਹੋ ਰਿਹਾ ਪਾਣੀ' ਬਾਲਾਂ ਨੂੰ ਭਵਿੱਖ ਦੇ ਬਹੁਤ ਵੱਡੇ ਖ਼ਤਰੇ ਤੋਂ ਸੁਚੇਤ ਕਰਦੀ ਹੈ ਜਿਵੇਂ :
ਆਓ ਬੱਚਿਓ! ਦੱਸਾਂ ਅਜਬ ਕਹਾਣੀ,
ਪਹਿਲਾਂ ਮਿਲਿਆ ਪਾਣੀ, ਉਸ ਪਿੱਛੋਂ ਪ੍ਰਾਣੀ।
ਜਿੰਨੇ ਜੀਵ ਇਸ ਧਰਤੀ 'ਤੇ ਉਨ੍ਹਾਂ ਸਭਨਾਂ ਦਾ ਜੀਵਨ ਪਾਣੀ।
ਰਲ਼ ਕੇ ਸਾਰੇ ਹੰਭਲਾ ਮਾਰੋ, ਕਰੋ ਪ੍ਰਚਾਰ, ਪਾਣੀ ਦੀ ਹਰ ਬੂੰਦ ਬਚਾਣੀ।
ਇਵੇਂ ਹੀ ਬਿਲਕੁੱਲ ਨਵਾਂ ਵਿਸ਼ਾ ਲਿਆ ਹੈ 'ਗੂਗਲ ਦਾ ਗਿਆਨ'
ਗੂਗਲ ਦੀ ਗੱਲ ਕੀ ਦੱਸਾਂ,
ਪਤਾ ਨਹੀਂ, ਕਿੱਥੋਂ ਲਿਆਇਆ ਐਨਾ ਗਿਆਨ।
ਹਰ ਕੋਈ ਮੋਬਾਈਲ ਹੱਥ ਵਿਚ ਲੈ ਕੇ,
ਕਹੇ ਮੇਰੀ ਮੁੱਠੀ ਵਿਚ ਜਹਾਨ।
ਇਵੇਂ ਹੀ 'ਬਾਲ ਪਿਆਰਾ' ਵਿਚ ਲੇਖਕ ਨੇ ਸਕੂਲ ਜਾਂਦੇ ਬਹੁਤ ਹੀ ਪਿਆਰੇ ਬੱਚੇ ਦਾ ਬਹੁਤ ਹੀ ਸੁੰਦਰ ਨਕਸ਼ਾ ਖਿੱਚਿਆ ਹੈ ਜਿਵੇਂ :
ਚੱਲਿਆ ਸਕੂਲ ਸੋਹਣਾ ਬਾਲ ਪਿਆਰਾ,
ਸਜਿਆ ਜਿਵੇਂ ਕੋਈ ਫੁੱਲ ਨਿਆਰਾ।
ਗੁੰਦ ਸਿਰ ਚਿੱਟਾ ਰੁਮਾਲ ਲਗਾ ਕੇ,
ਸੋਹਣੀ ਜਿਹੀ ਵਰਦੀ ਪਾ ਕੇ,
ਪਿੱਠ ਪਿੱਛੇ ਛੋਟਾ ਬੈਗ ਲਟਕਾ ਕੇ,
ਜ਼ੁਰਾਬਾਂ ਉਤੋਂ ਕਾਲੇ ਬੂਟ ਸਜਾ ਕੇ।
ਇਵੇਂ ਸਾਰੀਆਂ ਹੀ ਕਵਿਤਾਵਾਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਨਾਲ ਢੇਰ ਸਾਰਾ ਗਿਆਨ ਵੀ ਦਿੰਦੀਆਂ ਹਨ। ਲੇਖਕ ਆਪਣੇ ਬਚਪਨ ਦੀਆਂ ਯਾਦਾਂ 'ਦੁਕਾਨਦਾਰ ਭਾਨਾ' 'ਦਾਣੇ ਭੁੰਨਣ ਵਾਲੀ ਸੀਬੋ' ਆਪਣੇ ਦਾਦੇ ਅਤੇ ਦਾਦੀ ਦੀਆਂ ਬਾਤਾਂ ਕਵਿਤਾਵਾਂ ਵਿਚ ਬਹੁਤ ਹੀ ਦਿਲਚਸਪ ਢੰਗ ਨਾਲ ਪਾਉਂਦਾ ਹੈ। ਇਵੇਂ ਹੀ ਲੇਖਕ ਬਾਲਾਂ ਨੂੰ ਟ੍ਰੈਫਿਕ ਨਿਯਮ ਅਤੇ ਸਾਈਕਲ ਚਲਾਉਣ ਦੀ ਲੋੜ ਅਤੇ ਮਹੱਤਵ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਉਂਦਾ ਹੈ। ਬਾਲਾਂ ਦੇ ਆਸੇ-ਪਾਸੇ ਜੋ ਵੀ ਵਰਤਾਰਾ ਹੋ ਰਿਹਾ ਹੈ ਸਭ ਕੁਝ ਸੁੰਦਰ ਕਵਿਤਾਵਾਂ ਵਿਚ ਬੰਦ ਕੀਤਾ ਹੈ। ਜਿਵੇਂ ਤਾਰਿਆਂ ਭਰੀ ਰਾਤ, ਮਹਿਮਾਨ ਨਿਵਾਜ਼ੀ, ਪਿੰਡ ਦਾ ਕਿਸਾਨ, ਮੀਂਹ ਤੋਂ ਬਾਅਦ, ਅਵਾਰਾ ਗਊਆਂ ਦੀ ਸੰਭਾਲ, ਕੱਚ ਦਾ ਗਿਲਾਸ, ਨਾਨਕਾ ਮੇਲ, ਚਲਾਕ ਤਿਤਲੀ, ਨਿੱਕਾ ਫ਼ੌਜੀ ਸਿਪਾਹੀ, ਪਿਆਰਾ ਫੁੱਲ, ਮੇਰੀ ਟੀਚਰ, ਮੇਰੀ ਮਾਂ, ਫਲ ਸਬਜ਼ੀਆਂ ਖਾਓ, ਭੋਲੂ ਬਣ ਨਵਾਬ,ਜੇ ਨਾ ਹੁੰਦੀਆਂ ਚਿੜੀਆਂ, ਮੇਰੀ ਮਾਸੀ, ਅਤੇ ਮੇਰੇ ਦਾਦੀ ਜੀ ਆਦਿ ਸਾਰੀਆਂ ਬਾਲ ਕਵਿਤਾਵਾਂ ਬਾਲਾਂ ਦੇ ਵੱਖ-ਵੱਖ ਉਮਰ ਦੇ ਵਰਗਾਂ ਨਾਲ ਸੰਬੰਧਿਤ ਹਨ ਜੋ ਕਿ ਬਾਲਾਂ ਨੂੰ ਆਪਣੇ ਆਸੇ-ਪਾਸੇ ਦਾ ਬਹੁਤ ਹੀ ਦਿਲਚਸਪ ਢੰਗ ਨਾਲ ਗਿਆਨ ਵੰਡਦੀਆਂ ਹਨ। ਬਾਲਾਂ ਨੂੰ ਸਮੇਂ ਦੇ ਹਾਣੀ ਹੀ ਨਹੀਂ ਬਲਕਿ ਕੁਝ ਕਰਕੇ ਵਿਖਾਉਣ ਦੀ ਭਾਵਨਾ ਪੈਦਾ ਕਰਦੀਆਂ ਹਨ। ਕੁੱਲ ਮਿਲਾ ਕੇ ਪ੍ਰਿੰ. ਬਹਾਦਰ ਸਿੰਘ ਗੋਸਲ ਖ਼ੁਦ ਸੇਵਾ-ਮੁਕਤ ਅਧਿਆਪਕ ਹੋਣ ਕਰਕੇ ਬਾਲਾਂ ਨੂੰ ਧੁਰ ਅੰਦਰ ਤੱਕ ਸਮਝਣ ਦੇ ਸਮਰੱਥ ਹੈ ਅਤੇ ਭਾਸ਼ਾ ਬਾਲਾਂ ਦੇ ਹਾਣ ਦੀ ਵਰਤਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਬਾਲਾਂ ਨੂੰ ਇਹ ਪੁਸਤਕ ਪੜ੍ਹਨ ਦੀ ਗੁਜ਼ਾਰਿਸ਼ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.
c c c


ਚਿੰਤਾ ਛੱਡੋ ਸੁਖ ਨਾਲ ਜੀਓ
ਲੇਖਕ : ਡੇਲ ਕਾਰਨੇਗੀ
ਅਨੁਵਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 350 ਰੁਪਏ, ਸਫ਼ੇ : 336
ਸੰਪਰਕ : 98146-28027.


'ਚਿੰਤਾ ਛੱਡੋ ਸੁਖ ਨਾਲ ਜੀਓ' ਡੇਲ ਕਾਰਨੇਗੀ ਦੀ ਜਗਤ ਪ੍ਰਸਿੱਧ ਪੁਸਤਕ ਅਤੇ ਦੁਨੀਆ ਦੀ ਬੈਸਟ ਸੈਲਰ ਪੁਸਤਕ 8ow to stop worr਼}n{ and start *}v}n{ ਦਾ ਗ਼ਜ਼ਲਗੋ ਕਰਮ ਸਿੰਘ ਜ਼ਖ਼ਮੀ ਵਲੋਂ ਕੀਤਾ ਪੰਜਾਬੀ ਅਨੁਵਾਦ ਹੈ।
ਸ਼ੈਕਸਪੀਅਰ ਨੇ ਆਪਣੇ ਇਕ ਨਾਟਕ ਵਿਚ ਕਿਤੇ ਲਿਖਿਆ ਸੀ, 'ਜ਼ਿੰਦਗੀ ਵਿਚ ਕੁਝ ਵੀ ਚੰਗਾ ਭੈੜਾ ਨਹੀਂ ਹੈ ਬੱਸ ਮਨੁੱਖ ਦੀ ਆਪਣੀ ਸੋਚ ਅਤੇ ਵਿਚਾਰਧਾਰਾ ਹੀ ਚੀਜ਼ਾਂ ਜਾਂ ਵਿਚਾਰਾਂ ਨੂੰ ਚੰਗਾ ਭੈੜਾ ਬਣਾਉਂਦੇ ਹਨ।' ਡੇਲ ਕਾਰਨੇਗੀ ਵਿਚ ਵੀ ਇਸ ਰੌਂਅ ਦਾ ਪ੍ਰਭਾਵ ਪ੍ਰਵਾਹਮਾਨ ਹੋਇਆ ਹੈ। ਉਹ ਹਸਪਤਾਲਾਂ, ਦਵਾਈਆਂ, ਡਾਕਟਰਾਂ ਦੀ ਸ਼ਰਨ ਵਿਚ ਜਾਣ ਦੀ ਸਲਾਹ ਨਹੀਂ ਦਿੰਦਾ ਸਗੋਂ ਮਨੁੱਖ ਨੂੰ ਆਪਣੀ ਵਿਚਾਰਧਾਰਾ ਤੇ ਜੀਵਨ-ਸ਼ੈਲੀ ਤੇ ਸੋਚ ਨੂੰ ਬਦਲਣ 'ਤੇ ਜ਼ੋਰ ਦਿੰਦਾ ਹੈ। ਉਸ ਨੇ ਆਪਣੇ ਨਿੱਜੀ ਅਨੁਭਵ ਰਾਹੀਂ ਅਜਿਹੇ ਸੈਂਕੜੇ ਨਹੀਂ ਹਜ਼ਾਰਾਂ ਨੁਕਤੇ ਇਕੱਠੇ ਕੀਤੇ ਹਨ, ਜਿਨ੍ਹਾਂ 'ਤੇ ਚਲਦਿਆਂ ਉਸ ਦੇ ਪਾਠਕਾਂ ਦੀ ਜ਼ਿੰਦਗੀ ਦੀ ਤਰਤੀਬ ਤੇ ਜੀਵਨ-ਪਰਵਾਹ ਬਦਲ ਗਿਆ ਹੈ। ਉਸ ਨੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਨੂੰ ਸੋਚਾਂ ਦੀ ਦਲਦਲ ਅਤੇ ਚਿੱਕੜ ਵਿਚ ਧੱਸਿਆਂ ਨੂੰ ਕੱਢਿਆ ਹੈ। ਇਸ ਦੇ ਨੁਕਤਿਆਂ 'ਤੇ ਪਾਲਣ ਕਰਕੇ ਉਨ੍ਹਾਂ ਨੇ ਆਪਣੇ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਸੌਖਿਆਂ ਕਰ ਲਈ ਹੈ।
ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਉਹ ਵੱਡੇ ਲੋਕਾਂ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕਰਦਾ ਹੈ। ਪ੍ਰਸਿੱਧ ਨੁਕਤਿਆਂ ਨਾਲ ਮੇਲ ਖਾਂਦੀਆਂ ਘਟਨਾਵਾਂ ਦਰਜ ਕਰਦਾ ਹੈ ਤੇ ਸੈਂਕੜੇ ਕਿੱਸੇ ਕਹਾਣੀਆਂ ਸੁਣਾਉਂਦਾ ਹੈ। ਉਹ ਹਾਂ-ਪੱਖੀ ਵਿਚਾਰਾਂ 'ਤੇ ਬਲ ਦਿੰਦਾ ਹੋਇਆ ਜ਼ਿੰਦਗੀ ਦੇ ਹਾਂ-ਪੱਖੀ ਸਰੂਪ ਵੱਲ ਤੋਰਦਾ ਹੈ। ਕਈ-ਕਈ ਥਾਈਂ ਤਾਂ ਉਹ ਆਪਣੇ ਪਾਠਕਾਂ ਨੂੰ ਨਿਰਦੇਸ਼ ਦਿੰਦਾ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਚਿੰਤਾ ਨਾਲ ਤੁਹਾਡਾ ਕੁਝ ਨਹੀਂ ਵਿਗੜ ਸਕਦਾ, ਬੁਰੇ 'ਤੇ ਆਰੀ ਚਲਾਉਣਾ ਬੇਅਰਥ ਹੈ, ਚਿੰਤਾ 'ਤੇ ਲਗਾਓ 'ਸਟਾਪ ਲੌਸ', ਬਦਲਾ ਲੈਣਾ ਇਕ ਮਹਿੰਗਾ ਸੌਦਾ ਹੈ। ਅਜਿਹੀਆਂ ਟੂਕਾਂ ਤੇ ਉਕਤੀਆਂ ਨਾਲ ਇਹ ਪੁਸਤਕ ਭਰੀ ਪਈ ਹੈ। ਇਸ ਸਭ ਕਾਸੇ ਲਈ ਉਹ ਕੋਈ ਗੁੰਝਲਦਾਰ ਅੜਾਉਣੀਆਂ ਪਾ ਕੇ ਪਾਠਕ ਨੂੰ ਉਲਝਾਉਂਦਾ ਨਹੀਂ ਸਗੋਂ ਸਿੱਧੀ, ਸਰਲ ਅਤੇ ਸੌਖੀ ਭਾਸ਼ਾ ਵਿਚ ਆਪਣਾ ਬਿਆਨ ਦਰਜ ਕਰਵਾਉਂਦਾ ਹੈ। ਕਰਮ ਸਿੰਘ ਜ਼ਖਮੀ ਦਾ ਪੰਜਾਬੀ ਅਨੁਵਾਦ ਵੀ ਓਨਾ ਹੀ ਸੌਖਾ ਤੇ ਰਵਾਨੀਦਾਰ ਹੈ।


ਕੇ. ਐਲ. ਗਰਗ
ਮੋ: 94635-37050
c c c


ਔਲੇ ਦਾ ਬੂਟਾ ਤੇ ਹੋਰ ਕਹਾਣੀਆਂ
ਲੇਖਕ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ, ਜਲੰਧਰ
ਮੁੱਲ : 100 ਰੁਪਏ, ਸਫ਼ੇ : 103
ਸੰਪਰਕ : 81468-13291.


ਕਹਾਣੀਕਾਰ ਜਸਬੀਰ ਕਲਸੀ ਦੇ ਕਹਾਣੀ ਸੰਗ੍ਰਹਿ 'ਔਲੇ ਦਾ ਬੂਟਾ ਤੇ ਹੋਰ ਕਹਾਣੀਆਂ' (2004-2015) ਅਤੇ ਪਾਠਕ-ਪ੍ਰਤੀਕਰਮ (ਇਤਿਹਾਸ ਮੂਲਕ ਪ੍ਰਵਚਨ), ਉਸ ਦੇ 2013 ਵਿਚ ਪ੍ਰਕਾਸ਼ਿਤ ਹੋਏ 'ਔਲੇ ਦਾ ਬੂਟਾ' ਦਾ ਸੰਸੋਧਿਤ ਸੰਸਕਰਣ ਹੈ, ਜਿਸ ਵਿਚ ਉਸ ਦੀਆਂ 7 ਕਹਾਣੀਆਂ ਦੇ ਨਾਲ-ਨਾਲ ਦੂਸਰੇ ਭਾਗ ਵਿਚ ਪਾਠਕ ਅਤੇ ਪ੍ਰਤੀਕਰਮ (ਇਤਿਹਾਸ ਮੂਲਕ ਪ੍ਰਵਚਨ) ਨੂੰ ਸ਼ਾਮਿਲ ਕੀਤਾ ਗਿਆ ਹੈ। ਭੂਮਿਕਾ ਵਿਚ ਲੇਖਕ ਨੇ ਆਪਣੀ ਕਥਾ ਸਿਰਜਣ ਯਾਤਰਾ ਦਾ ਬਿਰਤਾਂਤ ਸਿਰਜਿਆ ਹੈ ਅਤੇ ਕਹਾਣੀ ਸੰਰਚਨਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਸੰਗ੍ਰਹਿ ਦੀਆਂ ਕਹਾਣੀਆਂ ਦੇ ਪਾਠ ਤੋਂ ਪਤਾ ਲਗਦਾ ਹੈ ਕਿ ਜਸਬੀਰ ਕਲਸੀ ਦੀਆਂ ਕਹਾਣੀਆਂ ਪੰਜਾਬ ਅਤੇ ਪੰਜਾਬੀਅਤ ਨਾਲ ਵੱਖੋ-ਵੱਖਰੇ ਸਮੇਂ ਤੇ ਢੰਗ ਨਾਲ ਵਾਪਰ ਰਹੇ ਸੰਕਟਾਂ ਦੀਆਂ ਕਹਾਣੀਆਂ ਹਨ। ਇਨ੍ਹਾਂ 'ਚ ਕਿਸਾਨੀ ਖ਼ੁਦਕੁਸ਼ੀਆਂ ਤੇ ਸਮੱਸਿਆਵਾਂ ਦੇ ਮਸਲੇ ਹਨ। ਪੰਜਾਬੀ ਰਹਿਤਲ-ਬਹਿਤਲ ਵਿਚ, ਵਿਸ਼ਵੀਕਰਨ ਅਤੇ ਬਾਜ਼ਾਰੀਕਰਨ ਕਰਦੇ ਆ ਰਹੇ ਸੱਭਿਆਚਾਰਕ ਅਤੇ ਪਰਿਵਾਰਕ ਬਦਲਾਅ ਦੇ ਨਕਾਰਾਤਮਿਕ ਪੱਖਾਂ ਦਾ ਵੀ ਚਿਤਰਨ ਹੈ। ਮਨੁੱਖੀ ਨੈਤਿਕਤਾ ਅਤੇ ਰਿਸ਼ਤਿਆਂ ਵਿਚਲੇ ਨਿਘਾਰ, ਟੁੱਟ-ਭੱਜ, ਸਵਾਰਥਪੁਣਾ ਆਦਿ ਨੂੰ ਉਭਾਰਿਆ ਗਿਆ ਹੈ। ਚਾਰ ਆਸ਼ਰਮ ਦਾ ਭਗਵੰਤ, ਫੁੱਲ ਖਿੜੇਗਾ ਜਾਂ ਨਹੀਂ ਦਾ ਕਿਸਾਨ ਹਰਬੀਰ, ਕਿੱਕਰਾਂ ਦੀ ਛਾਂ ਦਾ ਗੇਜੇ ਮਜ਼ਦੂਰ, ਔਲੇ ਦਾ ਬੂਟਾ ਦਾ ਕਾਮਰੇਡ ਅਤੇ ਉਸ ਦੀ ਪਤਨੀ ਨਿਹਾਲੀ ਆਦਿ ਅਜਿਹੇ ਪਾਤਰ ਹਨ, ਜਿਹੜੇ ਅਜੋਕੇ ਪੰਜਾਬੀ ਸਮਾਜ ਦੀ ਹੋਣੀ ਦੀ ਪ੍ਰਤੀਨਿਧਤਾ ਕਰਦੇ ਹਨ। ਹਾਲਾਤ ਅਤੇ ਸੁਭਾਅ ਵੱਸ ਉਹ ਕਿਧਰੇ ਖ਼ੁਦਕੁਸ਼ੀ ਵਰਗੇ ਪਲਾਇਨਵਾਦੀ ਰਾਹ ਵੀ ਪੈਂਦੇ ਹਨ, ਕਿਧਰੇ ਪੈਸੇ ਤੇ ਸੱਤਾ ਦੇ ਹੰਕਾਰ ਵਿਚ ਲਹੂ ਦੇ ਰਿਸ਼ਤਿਆਂ ਤੋਂ ਦੂਰੀਆਂ ਵੀ ਵੱਟਦੇ ਹਨ। ਕਿਧਰੇ ਸਮਾਜ ਵਿਚ ਤਰੱਕੀਪਸੰਦ ਸੋਚ ਦੇ ਝੰਡਾਬਰਦਾਰ ਵੀ ਬਣਦੇ ਹਨ। ਜਸਬੀਰ ਕਲਸੀ ਕਥਾਨਕ ਵਿਚਲੇ ਘਟਨਾਕ੍ਰਮ ਦੀ ਤਹਿ ਤੱਕ ਜਾਣ ਲਈ ਉਸ ਦਾ ਸੂਖਮ ਵਿਸ਼ਲੇਸ਼ਣ ਵੀ ਕਰਦਾ ਹੈ ਅਤੇ ਆਪਣੇ ਵਿਚਾਰਧਾਰਕ ਢੰਗ ਨਾਲ ਉਸ ਨੂੰ ਠੀਕ ਸਿੱਧ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ। ਲੇਖਕ ਆਪਣੇ ਵਿਸ਼ਾਲ ਅਨੁਭਵ ਅਤੇ ਤਰਕ ਦੀਆਂ ਤੰਦਾਂ ਰਾਹੀਂ ਕਹਾਣੀ ਨੂੰ ਬੁਣਦਾ ਹੈ। ਇਕ ਅਗਾਂਹਵਧੂ ਸਮਾਜ, ਲੜਕੀਆਂ ਪ੍ਰਤੀ ਉਸਾਰੂ ਸੋਚ, ਰਾਜਨੀਤਕ ਸਿਸਟਮ ਵਿਚਲੇ ਪਤਨ ਨੂੰ ਗੰਭੀਰ ਚਿੰਤਨ, ਤਾਰਕਿਕ ਸੰਵਾਦ ਅਤੇ ਪ੍ਰਗਤੀਸ਼ੀਲ ਸੋਚ ਰਾਹੀਂ ਪੇਸ਼ ਕਰਦਾ ਹੈ। ਕਹਾਣੀਆਂ ਵਿਚਲੀ ਰੌਚਿਕਤਾ ਅਤੇ ਪੇਸ਼ਕਾਰੀ ਪਾਠਕ ਨੂੰ ਸ਼ੁਰੂ ਤੋਂ ਅੰਤ ਤੱਕ ਜੋੜ ਕੇ ਰੱਖਣ ਵਿਚ ਸਫਲ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਭਲਵਾਨ ਦੀ ਕੰਟੀਨ
ਲੇਖਕ : ਬਲਰਾਜ ਬਰਾੜ ਚੋਟੀਆਂ ਠੋਬਾ
ਪ੍ਰਕਾਸ਼ਕ : ਰਾਹੋ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ (ਮੋਗਾ)
ਮੁੱਲ : 250 ਰੁਪਏ, ਸਫ਼ੇ : 159
ਸੰਪਰਕ : 78890-06635.


'ਭਲਵਾਨ ਦੀ ਕੰਟੀਨ' ਲੇਖਕ ਬਲਰਾਜ ਬਰਾੜ ਚੋਟੀਆਂ ਠੋਬਾ ਦੁਆਰਾ ਲਿਖਿਆ ਗਿਆ ਨਵੇਂ ਵਿਸ਼ੇ ਦਾ ਖ਼ੂਬਸੂਰਤ ਨਾਵਲ ਹੈ। ਇਸ ਦੇ 21 ਕਾਂਡ ਹਨ। ਲੇਖਕ ਨੇ ਇਸ ਦੇ ਪਾਤਰਾਂ ਦੀ ਚੋਣ ਅਤੇ ਪਾਤਰ ਉਸਾਰੀ ਮਾਲਵੇ ਇਲਾਕੇ ਦੇ ਅਨੁਕੂਲ ਪੂਰੀ ਢੁਕਵੀਂ ਕੀਤੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਮੋਗੇ ਦੇ ਇਕ ਚਾਹ ਦੀ ਕੰਟੀਨ ਚਲਾਉਣ ਵਾਲੇ ਸਾਧਾਰਨ ਪਾਤਰ ਭਲਵਾਨ ਦੇ ਜੀਵਨ, ਵਿਵਹਾਰ, ਕਦਰਾਂ-ਕੀਮਤਾਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਭਲਵਾਨ ਦੀ ਕੰਟੀਨ ਜਿੱਥੇ ਨੌਜਵਾਨਾਂ 'ਚ ਕਾਫ਼ੀ ਹਰਮਨ-ਪਿਆਰੀ ਹੈ, ਉਥੇ ਭਲਵਾਨ ਦਾ ਆਪਣੇ ਗਾਹਕਾਂ ਪ੍ਰਤੀ ਚੰਗਾ ਵਿਵਹਾਰ ਅਤੇ ਬਦਲੇ 'ਚ ਗਾਹਕਾਂ ਦਾ ਉਸ ਪ੍ਰਤੀ ਅਪਣੱਤ ਭਰਿਆ ਵਤੀਰਾ ਨਾਵਲ ਦੀ ਕਹਾਣੀ ਨੂੰ ਉਤਸੁਕਤਾ ਭਰਪੂਰ ਅਤੇ ਕਈ ਸਾਹਿਤਕ ਪੱਖਾਂ ਤੋਂ ਰੌਚਕ ਬਣਾਉਂਦਾ ਹੈ। ਇਸ ਕੰਟੀਨ ਦਾ ਮਾਲਕ ਅਸਲ 'ਚ ਪ੍ਰ੍ਰੇਮ ਹੈ, ਇਸ ਕੰਟੀਨ 'ਤੇ ਕਾਲਜ ਪੜ੍ਹਦੇ ਲੜਕੇ-ਲੜਕੀਆਂ ਚਾਹ ਪੀਣ ਲਈ ਆਉਂਦੇ ਹਨ। ਇਸ ਉੱਪਰ ਇਕ ਦਿਨ ਇਕ ਗ਼ਰੀਬ ਪਰਿਵਾਰ ਦਾ ਲੜਕਾ ਆਉਂਦਾ ਹੈ, ਜੋ ਭਲਵਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਦੀ ਕੰਟੀਨ ਦੇ ਮਾਲਕ ਪ੍ਰਤੀ ਸਮਰਪਿਤ ਭਾਵਨਾ ਉਸ ਨੂੰ ਕੰਟੀਨ ਅਤੇ ਸ਼ਹਿਰ 'ਚ ਘਰ ਦਾ ਮਾਲਕ ਬਣਾ ਦਿੰਦੀ ਹੈ। ਇਸ ਦਾ ਮੁੱਖ ਪਾਤਰ ਸਿਮਰਾ ਡੀ.ਐਮ. ਕਾਲਜ ਦਾ ਵਿਦਿਆਰਥੀ ਹੈ ਅਤੇ ਘਰੋਂ ਪੂਰਾ ਸਰਦਾ ਹੈ। ਨਾਵਲ ਦੀ ਕਹਾਣੀ ਅੰਦਰ ਅੱਤਵਾਦ ਦੇ ਕਾਲੇ ਦੌਰ ਦਾ ਜ਼ਿਕਰ ਵੀ ਕੀਤਾ ਗਿਆ ਹੈ। ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਵੀ ਜਾਗਰੂਕ ਕੀਤਾ ਗਿਆ ਹੈ। ਦੇਸ਼-ਵੰਡ ਦਾ ਦੁਖ਼ਾਂਤ ਅਤੇ ਉਸ ਸਮੇਂ ਦੇ ਰਾਜਸੀ ਪ੍ਰਬੰਧ ਉੱਪਰ ਲੇਖਕ ਨੇ ਕਰਾਰੀ ਚੋਟ ਮਾਰੀ ਹੈ। ਸਿਮਰੇ ਦਾ ਨਾਨਾ ਉਸ ਨੂੰ ਪੰਜਾਬੀ ਸਿੱਖ ਪਰਿਵਾਰਾਂ ਨਾਲ ਮੁਸਲਮਾਨ ਪਰਿਵਾਰਾਂ ਨਾਲ ਮੇਲ-ਮਿਲਾਪ, ਸਾਂਝ ਅਤੇ ਸਮਰਪਿਤ ਭਾਵਨ ਦਾ ਜ਼ਿਕਰ ਕਰਦਾ ਹੋਇਆ ਆਜ਼ਾਦੀ ਦੀ ਵੰਡ ਵੇਲੇ ਹੋਏ ਮਨੁੱਖਤਾ ਦੇ ਘਾਣ ਦੀ ਕਹਾਣੀ ਬਿਆਨ ਕਰਦਾ ਹੈ। ਇਸ ਸਮੇਂ ਜਿੱਥੇ ਧੀਆਂ-ਭੈਣਾਂ ਅਤੇ ਔਰਤਾਂ ਦੀ ਬੇਪਤੀ ਹੁੰਦੀ ਹੈ, ਉਥੇ ਸਿੱਖ ਪਾਤਰ ਮੁਸਲਮਾਨ ਔਰਤਾਂ ਦੀ ਇੱਜ਼ਤ ਬਚਾਉਂਦੇ ਹੋਏ ਨਜ਼ਰ ਪੈਂਦੇ ਹਨ ਅਤੇ ਆਪਣੇ ਨਾਲ ਸਾਂਝ ਰੱਖਣ ਵਾਲੇ ਪਰਿਵਾਰਾਂ ਨੂੰ 'ਆਪਣਿਆਂ' ਵਾਂਗ ਪਾਕਿਸਤਾਨ ਨੂੰ ਵਿਦਾ ਕਰਕੇ ਖ਼ੁਸ਼ ਹੁੰਦੇ ਹਨ। ਇਉਂ ਨਾਵਲ ਦੀ ਸਮੁੱਚੀ ਕਹਾਣੀ ਅੰਦਰ ਕਈ ਉਪ ਵਿਸ਼ਿਆਂ ਦਾ ਨਿਭਾਅ ਬੜੇ ਸੁਚੱਜੇ ਅਤੇ ਸਹਿਜ ਢੰਗ ਨਾਲ ਹੋਇਆ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਮਨ ਦੇ ਅੰਗ ਸੰਗ

ਕਵਿਤਰੀ : ਅੰਮ੍ਰਿਤਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 108
ਸੰਪਰਕ : 98766-25459.


ਆਮ ਕਰਕੇ 80 ਕੁ ਦਹਾਕਿਆਂ ਦੀ ਪਕੇਰੀ ਉਮਰ ਵਿਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਸਰੀਰਕ ਜਾਂ ਮਾਨਸਿਕ ਤੌਰ 'ਤੇ ਕਮਜ਼ੋਰ ਹੋਣ ਕਰਕੇ ਝੂਰਨ ਵਾਲੀ ਜ਼ਿੰਦਗੀ ਬਿਤਾ ਰਹੇ ਹੁੰਦੇ ਹਨ ਪਰ ਕੁਝ ਵਿਰਲੇ ਵਾਂਝੇ ਮਾਣਮੱਤੇ ਲੋਕ ਵੀ ਹੁੰਦੇ ਹਨ ਜੋ ਇਸ ਪ੍ਰੌੜ੍ਹ ਅਵਸਥਾ ਵਿਚ ਨਵੀਆਂ ਪੈੜ੍ਹਾਂ ਪਾਉਣ ਤੋਂ ਪਿੱਛੇ ਨਹੀਂ ਹਟਦੇ ਸਗੋਂ ਉਤਸ਼ਾਹ ਨਾਲ ਕੁਝ ਨਵਾਂ ਕਰਨਾ ਲੋਚਦੇ ਹਨ। ਸੋ ਇਸ ਮਾਣਮੱਤੀ ਕਤਾਰ ਵਿਚ ਜ਼ਿੰਦਗੀ ਦੀ ਅੱਸਵੀਂ ਰੁੱਤ ਮਾਣ ਰਹੀ ਕਵਿਤਰੀ ਬੇਬੇ ਅੰਮ੍ਰਿਤਜੀਤ ਕੌਰ ਸ਼ੁਮਾਰ ਕਰਦੀ ਹੋਈ 'ਮਨ ਦੇ ਅੰਗ ਸੰਗ' ਪਲੇਠੀ ਕਾਵਿ ਗੁਲਦਸਤਾ ਲੈ ਕੇ ਪੰਜਾਬੀ ਸਾਹਿਤ ਜਗਤ ਵਿਚ ਦਸਤਕ ਦੇ ਰਹੀ ਹੈ।
ਇਸ ਕਾਵਿ ਗੁਲਦਸਤੇ ਦੀਆਂ ਕਾਵਿਕ ਪੰਖੜੀਆਂ ਬਿਲਕੁਲ ਸਿੱਧੀਆਂ-ਸਾਦੀਆਂ, ਕਾਵਿ ਗੁੰਝਲਾਂ ਤੋਂ ਮੁਕਤ ਜ਼ਰੂਰ ਹਨ ਪਰ ਇਨ੍ਹਾਂ ਵਿਚ ਬਹੁਰੰਗੀ ਜੀਵਨ ਦੇ ਸਾਦਗੀ ਭਰੇ ਰੰਗਾਂ ਦੀ ਸਮੋਈ ਹੋਈ ਵਿਲੱਖਣ ਚਮਕ ਪ੍ਰਗਟ ਹੁੰਦੀ ਹੈ। ਕਰੀਬ ਸੱਤ ਦਹਾਕੇ ਪਹਿਲਾਂ ਜਾਨੀ ਬਚਪਨ ਵਿਚ ਹਮਉਮਰਾਂ (ਸਹੇਲੀਆਂ) ਪ੍ਰਤੀ ਆਪਣਾ ਸਨੇਹ ਤੇ ਪਏ ਵਿਛੋੜੇ 'ਤੇ ਆਪਣੇ ਵਲਵਲੇ ਨੂੰ ਇਸ ਤਰ੍ਹਾਂ ਪ੍ਰਗਟਾਇਆ:
'ਅਸੀਂ ਇੱਕੋ ਗਲੀ ਦੀਆਂ ਕੁੜੀਆਂ ਸਾਂ,
ਕਦੀ ਪਿਆਰ ਲੜੀ ਵਿਚ ਜੁੜੀਆਂ ਸਾਂ।'
ਦੁਨੀਆ ਖ਼ਾਸ ਕਰਕੇ ਆਪਣੇ ਖ਼ਾਸ ਦੇ ਰੁੱਖੇ ਤੇ ਕੁਰੱਖਤ ਵਤੀਰੇ ਪ੍ਰਤੀ ਸੰਵੇਦਨਸ਼ੀਲਤਾ ਦਾ ਨਮੂਨਾ ਹਾਜ਼ਰ ਹੈ:
'ਪੱਥਰਾਂ ਵਿਚ ਰਹਿ ਰਹਿ ਮਾਹੀਆ,
ਤੂੰ ਵੀ ਦਿਲ ਦਾ ਪੱਥਰ ਹੋਇਆ।
ਦੇਖ ਵਤੀਰਾ ਰੁੱਖਾ ਤੇਰਾ,
ਦਿਲ ਮੇਰਾ ਡਾਢਾ ਰੋਇਆ।'
ਇਸੇ ਤਰ੍ਹਾਂ ਇਹ ਕਵਿਤਰੀ ਆਪਣੀ ਕਾਵਿ ਉਡਾਰੀ ਨੂੰ ਹੋਰ ਉਚਾਈ ਵੱਲ ਲਿਜਾਂਦੀ ਹੈ। ਪਰਿਵਾਰਕ ਰਿਸ਼ਤਿਆਂ ਵਿਚਲੀ ਮਮਤਾ, ਸ਼ੁੱਧ ਹਵਾ ਪਾਣੀ ਦੀ ਮਹੱਤਤਾ, ਰੁੱਖਾਂ ਦੀ ਲੋੜ, ਘਰਾਂ ਪਰਿਵਾਰਾਂ ਤੇ ਸਮਾਜਿਕ ਫ਼ਰਜ਼ਾਂ ਤੋਂ ਮੁਨਕਰ ਹੋਣ ਤੋਂ ਉਪਜਦੀ ਉਪਰਾਮਤਾ, ਧੀ ਦਾ ਸਹੁਰੇ ਘਰ ਤੁਰਨ ਵੇਲੇ ਵਿਛੜਨ ਦੀ ਹੂਕ, ਚਿੰਤਾ ਚਿਖਾ ਸਮਾਨ ਆਦਿ ਦੇ ਭਾਵਪੂਰਤ ਵਿਸ਼ਿਆਂ ਨੂੰ ਇਸ ਕਾਵਿ ਗੁਲਦਸਤੇ ਵਿਚ ਬੜੀ ਸੰਜੀਦਗੀ ਨਾਲ ਰੂਪਮਾਨ ਕੀਤਾ ਗਿਆ ਹੈ। ਦੇਰ ਆਏ ਦਰੁਸਤ ਦਰੁਸਤ ਆਏ ਅਨੁਸਾਰ 'ਮਨ ਦੇ ਅੰਗ ਸੰਗ' ਕਾਵਿ ਸੰਗ੍ਰਹਿ ਦਾ ਦਿਲੀ ਸਵਾਗਤ ਹੈ। ਨਾਲ ਕਾਮਨਾ ਕਰਦੇ ਹਾਂ ਕਿ ਕਵਿਤਰੀ ਬੇਬੇ ਦੀ ਤੰਦਰੁਸਤੀ ਭਰਿਆ ਜੀਵਨ ਲੰਮੇਰਾ ਹੋਵੇ, ਰਾਹ ਦਸੇਰਾ ਬਣਿਆ ਰਹੇ ਤੇ ਇਸ ਕਾਵਿ ਸੰਗ੍ਰਹਿ ਨੂੰ ਪਾਠਕਾਂ ਵਲੋਂ ਭਰਵਾਂ ਹੁੰਗਾਰਾ ਮਿਲੇ। 'ਤੰਦਰੁਸਤ ਰਹਿ ਬੇਬੇ, ਨਵੀਆਂ ਪੈੜਾਂ ਪਾਉਂਦੀ ਰਹਿ ਬੇਬੇ' ਅਮੀਨ!


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858

23-04-2022

 ਨਿੱਕਾ ਵਿਗਿਆਨੀ
ਲੇਖਕ : ਗੁਰਿੰਦਰ ਸਿੰਘ ਕਲਸੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ-ਚੰਡੀਗੜ੍ਹ
ਮੁੁੱਲ : 80 ਰੁਪਏ, ਸਫ਼ੇ : 46
ਸੰਪਰਕ : 98881-39135.

ਪੌੜ੍ਹ ਅਤੇ ਬਾਲ ਸਾਹਿਤ ਦੀ ਬਰਾਬਰ ਰਚਨਾ ਕਰਨ ਵਾਲੇ ਕਲਮਕਾਰ ਗੁਰਿੰਦਰ ਸਿੰਘ ਕਲਸੀ ਦਾ ਨਵਾਂ ਬਾਲ ਨਾਵਲ 'ਨਿੱਕਾ ਵਿਗਿਆਨੀ' ਛਪ ਕੇ ਸਾਹਮਣੇ ਆਇਆ ਹੈ। ਕੁੱਲ 21 ਕਾਂਡਾਂ ਵਿਚ ਵੰਡੇ ਇਸ ਨਿੱਕੇ ਆਕਾਰ ਦੇ ਨਾਵਲ ਦਾ ਕੇਂਦਰ-ਬਿੰਦੂ ਪੇਂਡੂ ਸੱਭਿਆਚਾਰ, ਵੰਨ-ਸੁਵੰਨੇ ਕਿੱਤਿਆਂ, ਉਨ੍ਹਾਂ ਦੀਆਂ ਕਾਰਜ-ਵਿਧੀਆਂ ਨੂੰ ਰੂਪਮਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨਿੱਗਰ ਕਦਰਾਂ-ਕੀਮਤਾਂ ਦੁਆਲੇ ਘੁੰਮਦਾ ਹੈ ਜੋ ਬੱਚੇ ਦੀ ਸ਼ਖ਼ਸੀਅਤ ਉਸਾਰੀ ਕਰਨ ਵਿਚ ਸਹਾਈ ਹੁੰਦੀਆਂ ਹਨ। ਇਸ ਬਾਲ-ਨਾਵਲ ਦੇ ਆਰੰਭ ਵਿਚ ਆਪਣੇ ਘਰ ਦੇ ਜੀਆਂ ਦੀ ਪ੍ਰੇਰਨਾ ਨਾਲ ਨਾਵਲ ਦਾ ਨਾਇਕ 'ਕਿਰਤ' ਸਕੂਲ ਵਿਚ ਦਾਖ਼ਲ ਹੋਣ ਦੀ ਉਤਸੁਕਤਾ ਦਿਖਾਉਂਦਾ ਹੈ।
ਘਰ ਦੇ ਮਾਹੌਲ ਵਿਚੋਂ ਨਿਕਲ ਕੇ ਜਦੋਂ ਉਹ ਸਕੂਲ ਦੇ ਵਾਤਾਵਰਨ ਵਿਚ ਵਿਚਰਨ ਲਗਦਾ ਹੈ ਤਾਂ ਉਸ ਲਈ ਜੀਵਨ ਵਿਚ ਅੱਗੇ ਵਧਣ ਦੇ ਨਵੇਂ ਰਾਹ ਖੁੱਲ੍ਹਣ ਲਗਦੇ ਹਨ। ਉਹ ਪੈਨਸਿਲਾਂ, ਕਲਮਾਂ ਘੜਨ, ਸਿਆਹੀ ਬਣਾਉਣ, ਫੱਟੀ ਪੋਚਣ ਤੇ ਲਿਖਣ ਦੀ ਜਾਚ ਸਿੱਖਣ ਲਗਦਾ ਹੈ। ਦੂਜੇ ਪਾਸੇ ਉਹ ਆਪਣੇ ਪੇਂਡੂ ਸੱਭਿਆਚਾਰ ਨੂੰ ਜਾਣਨ ਪ੍ਰਤੀ ਵੀ ਵਿਸ਼ੇਸ਼ ਦਿਲਚਸਪੀ ਦਿਖਾਉਂਦਾ ਹੈ। ਆਪਣੀ ਬੀਬੀ ਵਲੋਂ ਘਰ ਦੀ ਕੱਚੀ ਕੰਧ ਤੇ ਗੋਹੇ ਨਾਲ ਵਾਹੀਆਂ ਲੀਕਾਂ ਅਤੇ ਗਾਰੇ ਦੀਆਂ ਬਣਾਈਆਂ ਟਿੱਕੀਆਂ, ਪੱਤਿਆਂ, ਚਿੜੀਆਂ, ਗੋਲ੍ਹਾਂ, ਚੰਦ, ਤਾਰਿਆਂ, ਸੂਰਜ ਆਦਿ ਨਾਲ ਬਣਾਏ 'ਬਰੋਟੇ' (ਸਾਂਝੀ ਮਾਈ) ਦੀ ਖ਼ੂਬਸੂਰਤ ਕਲਾਕਾਰੀ ਤੱਕ ਕੇ ਹੈਰਾਨ ਹੁੰਦਾ ਹੈ। ਉਹ ਪਿਤਾ ਜੀ ਨੂੰ ਲੱਕੜੀ ਦਾ ਕੰਮ ਕਰਦਿਆਂ ਗਹੁ ਨਾਲ ਤੱਕਦਾ ਹੈ ਅਤੇਕਿਰਤ-ਸੱਭਿਆਚਾਰ ਦੇ ਮਹੱਤਵ ਨੂੰ ਸਮਝਣ ਲਗਦਾ ਹੈ। ਇਸ ਦੌਰਾਨ ਕਿਰਤ ਆਪਣੀ ਪੜ੍ਹਾਈ ਨਾਲ ਵੀ ਪ੍ਰਤੀਬੱਧਤਾ ਅਤੇ ਲਗਨ ਨਾਲ ਨਿਰੰਤਰ ਜੁੜਿਆ ਰਹਿੰਦਾ ਹੈ ਅਤੇ ਅੱਠਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚੋਂ ਪੂਰੇ ਪ੍ਰਾਂਤ ਵਿਚੋਂ ਪ੍ਰਥਮ ਸਥਾਨ ਪ੍ਰਾਪਤ ਕਰਕੇ ਸਿੱਧ ਕਰਦਾ ਹੈ ਕਿ ਇਰਾਦਾ ਦ੍ਰਿੜ੍ਹ ਹੋਵੇ ਤਾਂ ਕਠਿਨ ਤੋਂ ਕਠਿਨ ਮੰਜ਼ਿਲ ਵੀ ਸਰ ਕੀਤੀ ਜਾ ਸਕਦੀ ਹੈ।
ਇਸ ਬਾਲ ਨਾਵਲ ਵਿਚ ਪੇਂਡੂ ਜੀਵਨ ਧੜਕਦਾ ਹੈ। ਨਾਵਲ ਪੜ੍ਹਦਿਆਂ ਬਾਲ ਪਾਠਕ ਪੇਂਡੂ ਕਿੱਤਿਆਂ ਅਤੇ ਉਨ੍ਹਾਂ ਨਾਲ ਜੁੜੇ ਅਨੇਕ ਸ਼ਬਦਾਂ ਦਾ ਇਲਮ ਵੀ ਪ੍ਰਾਪਤ ਕਰਦੇ ਹਨ ਜਿਵੇਂ ਖੁਰਜੀ, ਸੱਲ੍ਹ, ਪਾਂਡੂ, ਨਿਹਾਣੀ, ਬਰਮੀ, ਕਨੌਰੇ, ਜੁਗਾਲੀ, ਮੋਗਰੀ, ਬਾਹੀਆ, ਸੇਰੂ, ਬਹੋਲਾ, ਬਾਣ ਆਦਿ। ਇਸ ਨਾਵਲ ਦੀ ਕਾਰਜ ਭੂਮੀ ਪੁਆਧ ਦਾ ਇਲਾਕਾ ਹੈ ਜਿੱਥੋਂ ਦੇ ਵੱਖ-ਵੱਖ ਰੀਤੀ-ਰਿਵਾਜ ਅਤੇ ਸੱਭਿਆਚਾਰ ਬਾਲ ਪਾਠਕਾਂ ਦੇ ਗਿਆਨ ਵਿਚ ਇਜ਼ਾਫ਼ਾ ਕਰਦਾ ਹੈ। ਪਾਤਰ ਪੁਆਧੀ ਬੋਲੀ ਬੋਲਦੇ ਹਨ।
ਬੱਚਿਆਂ ਨੂੰ ਕਿਰਤ ਸੱਭਿਆਚਾਰ ਦਾ ਮਹੱਤਵ ਸਮਝਾਉਣ ਵਾਲਾ ਇਹ ਦਿਲਚਸਪ ਬਾਲ ਨਾਵਲ ਪੜ੍ਹਨਯੋਗ ਹੈ ਅਤੇ ਮੌਲਿਕ ਬਾਲ ਨਾਵਲਾਂ ਦੀ ਪਰੰਪਰਾ ਨੂੰ ਵੀ ਤੋਰਦਾ ਹੈ।

ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703

ਦੌੜ ਕੇ ਕੌਣ ਮਿਲਦਾ ਹੈ!
ਲੇਖਕ : ਪਰਮਿੰਦਰ ਸੋਢੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : sodhiparminder@gmail.com


ਪੰਜਾਬੀ ਬੋਲੀ ਵਿਚ 15-16 ਕਾਵਿ ਸੰਗ੍ਰਹਿ, 4 ਵਾਰਤਕ ਰਚਨਾਵਾਂ, ਬਹੁਤ ਸਾਰੇ ਅਨੁਵਾਦ ਅਤੇ ਕੁਝ ਸੰਪਾਦਿਤ ਪੁਸਤਕਾਂ ਰਚਣ ਵਾਲੇ ਜਾਪਾਨ ਵਿਚ ਰਹਿੰਦੇ ਪੰਜਾਬੀ ਲੇਖਕ ਸ੍ਰੀ ਪਰਮਿੰਦਰ ਸੋਢੀ ਦੇ ਹਥਲੇ ਲਲਿਤ ਨਿਬੰਧ ਸੰਗ੍ਰਹਿ ਵਿਚ ਉਸ ਦੇ ਸਵਾ ਸੌ ਲਘੂ ਲਲਿਤ ਨਿਬੰਧ ਸੰਗ੍ਰਹਿਤ ਹਨ। ਕਈ ਦਹਾਕੇ ਆਪਣੇ ਸੱਭਿਆਚਾਰ ਤੋਂ ਇਕ ਵਿੱਥ 'ਤੇ ਰਹਿਣ ਕਾਰਨ ਉਸ ਦੇ ਮਨ-ਮਸਤਕ ਵਿਚ ਇਕ ਮੌਲਿਕ ਅਤੇ ਮਨੁੱਖਵਾਦੀ ਸੂਝ ਵਿਕਸਿਤ ਹੋ ਗਈ ਹੈ। ਉਹ ਬੰਦੇ ਵਿਚਲੇ ਸੌੜੇ ਸਵਾਰਥਾਂ ਭਰੀ ਸੋਚ ਤੋਂ ਬਹੁਤ ਦੂਰ ਨਿਕਲ ਆਇਆ ਹੈ ਕਿਉਂਕਿ ਉਹ ਜਾਣ ਗਿਆ ਹੈ ਕਿ ਬੰਦੇ ਦਾ ਜੀਵਨ ਇਕ ਪ੍ਰਾਹੁਣੇ ਜਾਂ ਮਹਿਮਾਨ ਵਾਂਗ ਹੁੰਦਾ ਹੈ। ਸੋ, ਉਸ ਨੂੰ ਕਦੇ ਵੀ ਗਿਲਾ ਨਹੀਂ ਕਰਨਾ ਚਾਹੀਦਾ ਬਲਕਿ ਮਹਿਮਾਨ-ਨਿਵਾਜ਼ੀ ਲਈ ਕੇਵਲ ਸ਼ੁਕਰਗੁਜ਼ਾਰ ਹੋਣਾ ਚਾਹੀਦਾ।
ਉਹ ਹਿੰਦੁਸਤਾਨ ਵਿਚ ਰਹਿਣ ਵਾਲੇ 130 ਕਰੋੜ ਲੋਕਾਂ ਲਈ ਫ਼ਿਕਰਮੰਦ ਹੈ, ਕਿਉਂਕਿ ਜਿਸ ਮੁਲਕ ਦੀ ਆਬਾਦੀ ਏਨੀ ਜ਼ਿਆਦਾ ਹੋਵੇਗੀ, ਉਥੇ ਰਹਿਣ ਵਾਲੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਚੋਰੀ, ਠੱਗੀ ਅਤੇ ਲੁੱਟਾਂ-ਖੋਹਾਂ ਕਰਨੀਆਂ ਹੋਣਗੀਆਂ। ਉਸ ਨੂੰ ਇਹ ਵੀ ਗਿਲਾ ਹੈ ਕਿ ਭਾਰਤੀ ਸਮਾਜ ਦਾ ਹਰ ਵਰਗ ਇਥੋਂ ਤੱਕ ਕਿ ਲੇਖਕ, ਕਲਾਕਾਰ ਅਤੇ ਸਾਧੂ-ਸੰਤ ਧਰਮ ਪ੍ਰਚਾਰਕ ਵੀ ਇਸ ਠੱਗੀ-ਠੋਰੀ ਵਿਚ ਲਿਪਤ ਹਨ। ਠੱਗੇ-ਲੁੱਟੇ ਜਾਣ ਵਾਲੇ ਆਮ ਲੋਕ ਇਸ ਹੋਣੀ ਨਾਲ ਰਹਿਣਾ ਗਿੱਝ ਗਏ ਹਨ। ਇਥੇ ਕੇਵਲ ਕੁਦਰਤ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ।
ਇਸ ਪੁਸਤਕ ਵਿਚ ਇਕ ਕਵੀ-ਮਨ ਅਤੇ ਸੰਵੇਦਨਸ਼ੀਲ ਵਿਅਕਤੀ ਦੇ ਸੰਸੇ, ਫ਼ਿਕਰ ਅਤੇ ਕ੍ਰਿਤੱਗ-ਭਾਵ ਅੰਕਿਤ ਹੋਏ ਹਨ। ਆਮ ਹਿੰਦੁਸਤਾਨੀਆਂ ਦੇ ਮੁਕੱਦਰ ਬਾਰੇ ਫ਼ਿਕਰ ਕਰਨ ਦੇ ਨਾਲ-ਨਾਲ ਉਹ ਇਕ ਸੰਵੇਦਨਸ਼ੀਲ ਬੰਦੇ ਵਲੋਂ ਜੀਵਨ ਰੂਪੀ ਦਾਤ ਦੀ ਪ੍ਰਾਪਤੀ ਲਈ ਕਾਦਰ ਅਤੇ ਕੁਦਰਤ ਪ੍ਰਤੀ ਕ੍ਰਿਤੱਗ-ਭਾਵ ਵਿਅਕਤ ਕਰਦਾ ਹੈ। ਇਹ ਪੋਥੀ ਕਿਸੇ ਪਵਿੱਤਰ ਕਿਤਾਬ ਵਾਂਗ ਸਹਿਜੇ-ਸਹਿਜੇ ਪੜ੍ਹਨ-ਵਿਚਾਰਨ ਵਾਲੀ ਹੈ। ਘੁੱਟ-ਘੁੱਟ ਕਰਕੇ ਪੀਣ ਵਾਲੇ ਅੰਮ੍ਰਿਤ ਵਾਂਗ ਹੈ। ਪਰਮਿੰਦਰ ਸੋਢੀ ਦੀ ਇਸ ਸਲਾਹ ਨਾਲ ਮੈਂ ਪੂਰੀ ਤਰ੍ਹਾਂ ਇਤਫ਼ਾਕ ਰੱਖਦਾ ਹਾਂ ਕਿ ਸਾਨੂੰ ਹਿੰਦੁਸਤਾਨੀਆਂ ਨੂੰ ਕੋਈ ਨਾ ਕੋਈ ਕਲਾ-ਕੌਸ਼ਲ ਸਿੱਖਣ ਦੀ ਬੇਹੱਦ ਜ਼ਰੂਰਤ ਹੈ, ਇਸੇ ਵਿਚ ਹੀ ਉਨ੍ਹਾਂ ਦਾ ਕਲਿਆਣ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੰਜ਼ਿਲ ਤੇ ਪਗਡੰਡੀਆਂ
ਲੇਖਕ : ਮਹਿੰਦਰ ਸਿੰਘ ਦੋਸਾਂਝ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 94632-33991.

ਮਹਿੰਦਰ ਸਿੰਘ ਦੋਸਾਂਝ ਬਹੁ-ਵਿਧਾਈ ਲੇਖਕ ਹੈ, ਜਿਸ ਨੇ ਜ਼ਿੰਦਗੀ ਦੇ ਅਰਥ ਮਿੱਟੀ ਨਾਲ ਜੁੜ ਕੇ ਤਲਾਸ਼ਣ ਦੇ ਯਤਨ ਕੀਤੇ ਹਨ, ਮਿੱਟੀ ਨਾਲ ਜੁੜੇ ਰਹਿੰਦਿਆਂ ਹੀ ਮਿੱਟੀ ਨੂੰ ਸਮਝਣ ਦੀ ਬਾਤ ਆਪਣੀਆਂ ਰਚਨਾਵਾਂ ਵਿਚ ਕਹਿਣ ਦੀ ਜੁਰਅਤ ਕੀਤੀ ਹੈ। 'ਮੰਜ਼ਿਲ ਤੇ ਪਗਡੰਡੀਆਂ' ਉਸ ਦਾ ਤੀਸਰਾ ਕਾਵਿ-ਸੰਗ੍ਰਹਿ ਹੈ।
ਇਸ ਤੋਂ ਪਹਿਲਾਂ ਉਸ ਦੇ 'ਦਿਸ਼ਾ' (ਕਾਵਿ-ਸੰਗ੍ਰਹਿ)-1972, 'ਰੌਸ਼ਨੀ ਦੀ ਭਾਲ' (ਕਾਵਿ-ਸੰਗ੍ਰਹਿ)-1998 ਪ੍ਰਕਾਸ਼ਿਤ ਹੋ ਚੁੱਕੇ ਹਨ। 'ਮਨ ਚਾਹੁੰਦਾ ਹੈ' ਤੋਂ ਲੈ ਕੇ 'ਮੇਰੇ ਖੇਤਾਂ ਵਿਚ' ਤੱਕ 23 ਗੀਤ ਅਤੇ ਕਵਿਤਾਵਾਂ ਦੇ ਨਾਲ-ਨਾਲ 13 ਹੋਰ ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਜਿਥੇ ਖੇਤਾਂ ਦੀ ਸੰਗੀਤਾਤਮਕਾ ਦਾ ਅਹਿਸਾਸ ਮਨ 'ਚ ਜਗਾਉਂਦੀਆਂ ਹਨ, ਉਥੇ ਨਾਲ ਦੀ ਨਾਲ ਖੇਤਾਂ ਤੋਂ ਦੂਰ ਲਿਜਾਂਦੀ ਨਫ਼ਰਤ, 'ਅੰਨ ਦਾਤੇ' ਨੂੰ ਅੰਨਦਾਤੇ ਦੀ ਥਾਵੇਂ 'ਕਾਤਲ' ਬਣਾਉਣ ਦੀ ਰਾਜਨੀਤੀ ਦੇ ਦੰਭ ਦਾ ਗਿਲਾਫ਼ ਉਧੇੜਦੀਆਂ ਹਨ।
ਇਨ੍ਹਾਂ ਕਵਿਤਾਵਾਂ 'ਚ ਵਰਤੀ ਸ਼ਬਦਾਵਲੀ ਵਿਅੰਗਾਤਮਿਕ ਹੈ। ਇਸ ਦੀ ਸੁੰਦਰ ਮਿਸਾਲ 'ਹੁਣ ਤਾਂ ਸਾਵਲ ਇੰਝ ਆਉਂਦਾ ਹੈ', 'ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ', 'ਵੇਖ ਮਰਦਾਨਿਆ ਰੰਗ ਕਰਤਾਰ ਦੇ', 'ਕਿਸਾਨ ਦੀ ਕਲੀ' ਆਦਿ ਕਵਿਤਾਵਾਂ ਵਿਚ ਦੇਖੀ ਜਾ ਸਕਦੀ ਹੈ। ਰਿਸ਼ਤਿਆਂ 'ਚ ਕੜਵਾਹਟ, ਖੇਤਾਂ 'ਚ ਧੜਕਦੀ ਜ਼ਿੰਦਗੀ ਦੀ ਥਾਵੇਂ, ਮੁਰਦੇ ਹਾਣੀ ਦਾ ਛਾਉਣਾ, ਨਾਰੀ ਸਸ਼ਕਤੀਕਰਨ ਦੀਆਂ ਫਜ਼ੂਲ ਟਾਹਰਾਂ ਮਾਰਨੀਆਂ ਆਦਿ ਵਿਸ਼ਿਆਂ 'ਤੇ ਲਿਖੀਆਂ ਕਵਿਤਾਵਾਂ ਅਜੋਕੀ ਮਰਦ-ਸੱਤਾ ਅਧੀਨ ਵਾਪਰਦੀ ਮਾਨਸਿਕਤਾ ਦਾ ਪ੍ਰਗਟਾ ਅਜੋਕੇ ਰਾਜ ਪ੍ਰਬੰਧ 'ਤੇ ਕਿੰਤੂ ਖੜ੍ਹੇ ਕਰਦਾ ਹੈ। 'ਆ ਜਾ ਮੇਰੇ ਦੇਸ਼ ਦੀ ਬਹਾਰ ਵੇਖ ਲੈ' ਕਵਿਤਾ ਦੇ ਬੰਦ ਅਜੋਕੀ ਵਿਵਸਥਾ ਦੇ ਬਖੀਏ ਉਧੇੜਦੇ ਹਨ :
ਵੋਟਾਂ ਵਿਚ ਬੀਬੀਆਂ ਜਤਾਈਆਂ ਵੇਖ ਲੈ,
ਉਂਝ ਪਿੱਛੇ ਬੰਨ੍ਹ ਕੇ ਬਹਾਈਆਂ ਵੇਖ ਲੈ,
ਫਾਈਲਾਂ ਵਿਚ ਫਸੇ ਅਧਿਕਾਰ ਵੇਖ ਲੈ,
ਆ ਜਾ ਮੇਰੇ ਦੇਸ਼ ਦੀ ਬਹਾਰ ਵੇਖ ਲੈ।
ਉਂਝ ਕਵੀ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਆਸ਼ਾਵਾਦੀ ਹੋਣ ਕਰਕੇ ਉਸ ਨੂੰ ਉਮੀਦ ਹੈ ਕਿ ਸਹੀ ਪਗਡੰਡੀਆਂ ਦੀ ਤਲਾਸ਼ ਕਰਦਿਆਂ ਮਨੁੱਖ ਘਰ ਤੋਂ ਖੇਤ (ਮੰਜ਼ਿਲ) ਤੱਕ ਪਹੁੰਚਣ 'ਚ ਅਵੱਸ਼ ਹੀ ਸਫਲ ਹੋਵੇਗਾ। 'ਆ ਮੇਰੇ ਖੇਤਾਂ 'ਚ ਆ'/ਤਾਂ ਕਿ ਆਪਾਂ ਪੈਰ ਸਾਂਝੇ ਮੰਜ਼ਿਲਾਂ ਵੱਲ ਮੋੜ ਕੇ/ਹੱਥ ਸਾਂਝੇ ਜੋੜ ਕੇ/ਫਿਰ ਸਜਾਈਏ ਧਰਤ ਬੰਜਰ/ਸਬਜ਼ ਹਰਿਆਵਲ ਦੇ ਬਾਣੇ ਨਾਲ/ਜਗਾਈਏ ਜੋਤ ਜੀਵਨ ਦੀ, ਪਵਿੱਤਰ ਅੰਨਦਾਣੇ ਨਾਲ।' ਉਮੀਦ ਕਰਦਾ ਹਾਂ ਕਿ ਪੰਜਾਬੀ ਕਾਵਿ-ਪਾਠਕ ਅਤੇ ਚਿੰਤਕ ਵਰਗ ਇਸ ਕਾਵਿ-ਸੰਗ੍ਰਹਿ ਨੂੰ ਭਰਪੂਰ ਮਾਣ ਬਖ਼ਸ਼ਣਗੇ। ਆਮੀਨ।

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

c c c

ਯੁੱਗ-ਚਿੰਤਨ ਅਤੇ ਪੰਜਾਬੀ ਸਾਹਿਤ
ਲੇਖਕ : ਬਲਦੇਵ ਸਿੰਘ ਧਾਲੀਵਾਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 106
ਸੰਪਰਕ : 98728-35835.

ਹਥਲੀ ਪੁਸਤਕ ਵਿਚ ਪੰਜਾਬੀ ਸਾਹਿਤ ਦੇ ਵਿਸ਼ਵ ਵਿਆਪੀ ਪੜਚੋਲਕ ਡਾ. ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਸਾਹਿਤ ਦੀ ਯੁੱਗ-ਚੇਤਨਾ ਅਤੇ ਇਸ ਦੇ ਹੋਰ ਸਰੋਕਾਰਾਂ ਨੂੰ ਆਧਾਰ ਬਣਾ ਕੇ ਆਪਣੇ ਆਲੋਚਨਾਤਮਿਕ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕੀਤਾ ਹੈ। ਇਸ ਸਿਲਸਿਲੇ ਵਿਚ ਇਸ ਵਿਦਵਾਨ ਨੇ ਆਪਣੀਆਂ ਪਹਿਲ ਵਰਤੀਆਂ ਸਾਹਿਤਕ ਆਲੋਚਨਾ ਦੀਆਂ ਪੱਧਤੀਆਂ ਨੂੰ ਸੁਧਾਰ ਕੇ ਪੇਸ਼ ਕੀਤਾ ਹੈ। ਅਜਿਹਾ ਕਾਰਜ ਕਰਦੇ ਸਮੇਂ ਇਸ ਵਿਦਵਾਨ ਨੇ ਆਪਣੀ ਪੁਸਤਕ ਨੂੰ ਵਿਧੀਵਤ ਰੂਪ ਪ੍ਰਦਾਨ ਕਰਨ ਹਿਤ ਚਿੰਤਨ, ਸਾਹਿਤ ਅਤੇ ਸਾਹਿਤ ਚਿੰਤਨ, ਪ੍ਰਾਚੀਨ ਕਾਲ ਦੇ ਪੰਜਾਬ ਦਾ ਸਾਹਿਤ ਚਿੰਤਨ, ਮੱਧਕਾਲੀ ਪੰਜਾਬੀ ਸਾਹਿਤ ਚਿੰਤਨ, ਆਧੁਨਿਕ ਪੰਜਾਬੀ ਸਾਹਿਤ ਚਿੰਤਨ ਅਤੇ ਉੱਤਰ-ਆਧੁਨਿਕ ਪੰਜਾਬੀ ਸਾਹਿਤ ਚਿੰਤਨ ਸਿਰਲੇਖਾਂ ਹੇਠ ਪੰਜ ਕਾਂਡ ਨਿਰਧਾਰਿਤ ਕੀਤੇ ਹਨ। ਜਿਨ੍ਹਾਂ 'ਚੋਂ ਲੇਖਕ ਦਾ ਵਿਸ਼ਾਲ ਗਿਆਨ ਬੋਧ ਪ੍ਰਗਟ ਹੁੰਦਾ ਪ੍ਰਤੀਤ ਹੋਇਆ ਹੈ।
ਇਸ ਦੀ ਧਾਰਨਾ ਹੈ ਕਿ ਪੰਜਾਬੀ ਸਾਹਿਤ ਚਿੰਤਨ ਦੀ ਸਭ ਤੋਂ ਉੱਭਰਵੀਂ ਖਾਸੀਅਤ ਇਹ ਬਣਦੀ ਹੈ ਕਿ ਆਪਣੇ ਆਰੰਭ ਤੋਂ ਹੁਣ ਤੱਕ ਇਹ ਦਬਾਏ ਗਏ ਵਿਅਕਤੀਆਂ ਅਤੇ ਸਮੂਹਾਂ ਦੀ ਵਿਚਾਰਧਾਰਕ ਧਿਰ ਬਣ ਕੇ ਅਤੇ ਸੱਤਾ ਦੇ ਪ੍ਰਵਚਨ ਵਿਰੁੱਧ ਨਾਬਰੀ ਦੇ ਭਾਵ-ਬੋਧ ਅਗਰਭੂਮਿਤ ਕਰਕੇ ਪ੍ਰਕਾਰਜੀ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸ ਮਾਨਤਾ ਦੀ ਸਾਰਥਿਕਤਾ ਲਈ ਪ੍ਰਾਚੀਨ ਕਾਲ ਤੋਂ ਆਧੁਨਿਕ ਕਾਲ ਦੇ ਸਾਹਿਤ ਅਤੇ ਉੱਤਰ-ਆਧੁਨਿਕਤਾ ਕਾਲ ਵਿਚ ਜਿਹੜੀਆਂ ਸੀਮਾ-ਸੰਭਾਵਨਾਵਾਂ ਉਜਾਗਰ ਹੋਈਆਂ ਹਨ, ਉਨ੍ਹਾਂ ਸਿਰਜਣਾਵਾਂ ਦੇ ਪਿਛੋਕੜ ਵਿਚ ਜਿਹੜੇ ਕਾਰਕ ਕਾਰਜਸ਼ੀਲ ਰਹੇ ਅਤੇ ਹੁਣ ਸਾਡੇ ਸਾਹਮਣੇ ਹਨ, ਦਾ ਵੀ ਵਿਸ਼ਲੇਸ਼ਣ ਭਾਰਤੀ ਅਤੇ ਵਿਸ਼ਵ ਪੱਧਰ ਦੇ ਚਿੰਤਕਾਂ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਤੁਲਨਾਤਮਿਕ ਦ੍ਰਿਸ਼ਟੀ ਦੇ ਅੰਤਰ-ਸੰਵਾਦ ਜ਼ਰੀਏ ਪੇਸ਼ ਕੀਤਾ ਹੈ। ਲੇਖਕ ਦੀ ਮਾਨਤਾ ਹੈ ਕਿ ਸਾਹਿਤ ਦਾ ਅੰਤਿਮ ਕਾਰਜ ਚਿੰਤਨ ਦਾ ਵਿਸਥਾਰ ਹੀ ਹੈ ਪਰ ਸਿਰਫ ਚਿੰਤਨ ਸਾਹਿਤ ਨਹੀਂ ਹੁੰਦਾ। ਸਾਹਿਤ, ਸਿਰਜਕ ਅਤੇ ਪਾਠਕਾਂ ਦਾ ਆਪਸੀ ਬੋਧ ਸਾਹਿਤ ਦੀ ਮਹੱਤਤਾ ਨੂੰ ਪਸਾਰਦਾ ਹੈ। ਅਜਿਹੇ ਵਡਮੁੱਲੇ ਕਾਰਜ ਲਈ ਬਲਦੇਵ ਸਿੰਘ ਧਾਲੀਵਾਲ ਦੀ ਇਹ ਪੁਸਤਕ ਸਲਾਹੁਣਯੋਗ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਗੁਰਬਾਣੀ ਵਿਚ ਮਿਥਿਹਾਸਕ
ਇਤਿਹਾਸਕ ਹਵਾਲੇ (ਭਾਗ-2)
ਲੇਖਕ : ਹਰਬੰਸ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 317
ਸੰਪਰਕ : 84636-58706.

ਵਿਦਵਾਨ ਲੇਖਕ ਹਰਬੰਸ ਸਿੰਘ ਦੀ ਇਸੇ ਮਜ਼ਮੂਨ 'ਤੇ ਲਿਖੀ ਪੁਸਤਕ-ਮਾਲਾ ਦਾ ਇਹ ਦੂਜਾ ਭਾਗ ਹੈ। ਪੁਸਤਕ-ਮਾਲਾ ਦੇ ਹੋਰਨਾਂ ਦੋ ਭਾਗਾਂ ਵਾਂਗ ਇਸ ਨੂੰ ਲਿਖਣ ਦਾ ਮੁੱਖ ਮਕਸਦ ਵੀ ਆਮ ਸਿੱਖ ਸੰਗਤ ਦੇ ਮਨਾਂ ਵਿਚ ਗੁਰਬਾਣੀ ਅੰਦਰ ਆਏ ਇਤਿਹਾਸਕ/ਮਿਥਿਹਾਸਕ ਹਵਾਲਿਆਂ ਨੂੰ ਲੈ ਕੇ ਪੈਦਾ ਹੋਏ ਭਰਮ-ਭੁਲੇਖਿਆਂ, ਦੁਬਿਧਾਵਾਂ ਨੂੰ ਦੂਰ ਕਰਨਾ ਅਤੇ ਇਨ੍ਹਾਂ ਹਵਾਲਿਆਂ ਦੀ ਵਰਤੋਂ ਦੇ ਪ੍ਰਯੋਜਨ ਨੂੰ ਸਮਝਾਉਣਾ ਹੈ। ਵਿਚਾਰ-ਗੋਚਰੀ ਪੁਸਤਕ ਵਿਚ ਗ੍ਰੰਥਾਂ, ਫ਼ਿਰਕਿਆਂ, ਤੀਰਥ ਅਸਥਾਨਾਂ ਅਤੇ ਸੰਕਲਪਾਂ/ਵਿਕਲਪਾਂ ਦੀ ਹਕੀਕੀ ਵਿਆਖਿਆ ਕਰਨ ਦਾ ਨਿੱਗਰ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਸਮੇਂ ਦੇ ਬਦਲਾਅ ਨਾਲ ਬਹੁਤ ਸਾਰੇ ਇਤਿਹਾਸਕ ਪ੍ਰਕਰਣਾਂ, ਘਟਨਾਵਾਂ ਅਤੇ ਹਵਾਲਿਆਂ ਨੂੰ ਮਿਥਿਹਾਸਕ ਰੰਗਤ ਦੇਣ ਦੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ। ਤਿੰਨਾਂ ਭਾਗਾਂ ਦੀ ਪੁਸਤਕ-ਮਾਲਾ ਦਾ ਮੁੱਖ ਮਕਸਦ ਗੁਰਬਾਣੀ ਪ੍ਰੇਮੀਆਂ ਨੂੰ ਕਰਮਕਾਂਡੀ ਬੰਧਨਾਂ ਤੋਂ ਮੁਕਤ ਕਰਕੇ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਾਉਣਾ ਹੈ। ਕਰਮਕਾਂਡਾਂ ਕਾਰਨ ਸਿੱਖ ਰਹਿਤ ਮਰਿਆਦਾ ਨੂੰ ਡਾਢੀ ਢਾਹ ਲੱਗ ਰਹੀ ਹੈ। ਪੁਸਤਕ ਵਿਚ ਬੜੀ ਖੋਜ ਅਤੇ ਵੇਰਵੇ ਨਾਲ ਹਰੇਕ ਨੁਕਤੇ ਦੀ ਗੁਰਬਾਣੀ ਦੇ ਨੁਕਤਾ-ਨਿਗਾਹ ਤੋਂ ਚਰਚਾ/ਵਿਆਖਿਆ ਕੀਤੀ ਗਈ ਹੈ। ਕੁਝ ਵੰਨਗੀਆਂ ਇਸ ਪ੍ਰਕਾਰ ਹਨ।
1. ਅਸ਼੍ਵਮੇਧ : 'ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ। (ਅੰਗ 973)
2. ਅਸਿ : ਬਨਾਰਸ ਦੇ ਨਾਲ ਲਗਦੀ ਨਦੀ।
ਬਨਾਰਸ ਅਸਿ ਬਸਤਾ॥ 2॥ (ਅੰਗ 873)
3. ਅਹੋਈ : ਕਬੀਰ ਹਰਿ ਕਾ ਸਿਮਰਨੁ ਛਾਡਿ ਕੈ
ਅਹੋਈ ਰਾਖੈ ਨਾਰਿ॥
ਗਦਹੀ ਹੋਇ ਕੈ ਅਉਤਰੈ,
ਭਾਰੁ ਸਹੈ ਮਨ ਚਾਰਿ॥ (ਅੰਗ 1370)
4. ਅਠਸਠਿ ਤੀਰਥ : ਅਠਸਥਿ ਮਜਨੁ, ਚਰਨਹ ਧੂਰੀ॥
(ਗਉੜੀ ਮਹਲਾ ਪਹਿਲਾ ਅੰਗ 224)
5. ਅਠਾਰਾਂ ਭਾਰ : ਭਾਰ ਅਠਾਰਹ ਮਹਿ ਚੰਦਨੁ ਊਤਮ
ਚੰਦਨ ਨਿਕਟਿ ਸਭ ਚੰਦਨੁ ਹੁਈਆ॥
(ਬਿਲਾਵਲ ਮ: ਚੌਥਾ ਅੰਗ 834)
ਇਸੇ ਪ੍ਰਕਾਰ ਕਾਮਧੇਨ, ਕੇਦਾਰ, ਕੈਲਾਸ, ਚਾਰ ਵੇਦ, ਖਟ ਕਰਮ, ਘਟ ਸਾਸਤ੍ਰ, ਜੰਗਮ, ਇੰਦ੍ਰਪੁਰੀ, ਦਸਤ ਅਉਤਾਰ, ਦਸ ਦੁਆਰ, ਦਸ ਬੈਰਾਗਨਿ, ਦਸ ਦਿਸਾ, ਤ੍ਰੈਗੁਣ, ਅਤ-ਵ੍ਰਤ ਸਮੇਤ ਬੇਅੰਤ ਨੁਕਤਿਆਂ ਬਾਰੇ, ਚਾਨਣਾ ਪਾਇਆ ਗਿਆ ਹੈ। ਗੁਰਬਾਣੀ ਦੇ ਢੁਕਵੇਂ ਪ੍ਰਮਾਣ ਦਿੱਤੇ ਗਏ ਹਨ। ਭਾਈ ਕਾਨ੍ਹ ਸਿੰਘ ਨਾਭਾ, ਭਾਈ ਵੀਰ ਸਿੰਘ, ਭਾਈ ਬਲਵੰਤ ਸਿੰਘ ਕੈਨੇਡਾ, ਭਾਈ ਸਾਹਿਬ ਸਿੰਘ, ਜੌਹਨ ਡਾਸਨ ਦੇ ਹਵਾਲੇ ਦਿੱਤੇ ਗਏ ਹਨ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਸਿੱਖ ਰਾਜ ਦਾ ਮੋਢੀ
ਬੰਦਾ ਸਿੰਘ ਬਹਾਦਰ
ਨਾਵਲਕਾਰ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 120
ਸੰਪਰਕ : 98147-83069.

ਸਾਹਿਬੇ ਕਮਾਲ ਸ੍ਰੀ ਦਸਮੇਸ਼ ਜੀ ਤੋਂ ਥਾਪੜਾ ਲੈ ਕੇ ਬੰਦਾ ਸਿੰਘ ਬਹਾਦਰ ਨੇ ਅੱਠ ਕੁ ਸਾਲਾਂ ਵਿਚ ਹੀ ਪੰਜਾਬ ਦੀ ਤਕਦੀਰ ਬਦਲ ਦਿੱਤੀ ਅਤੇ ਇਕ ਨਵਾਂ ਇਤਿਹਾਸ ਸਿਰਜ ਦਿੱਤਾ। ਲੇਖਕ ਨੇ ਇਹ ਨਾਵਲ ਉਨ੍ਹਾਂ ਹਜ਼ਾਰਾਂ ਲੱਖਾਂ ਸਿੰਘਾਂ ਦੇ ਨਾਂਅ ਕੀਤਾ ਹੈ ਜਿਹੜੇ ਆਪਣੀ ਧਰਤੀ ਅਤੇ ਕੌਮ ਲਈ ਲੜਦੇ-ਲੜਦੇ ਸ਼ਹੀਦ ਹੋ ਗਏ, ਜਿਨ੍ਹਾਂ ਦਾ ਨਾਂਅ ਨਾ ਇਤਿਹਾਸ ਵਿਚ ਦਰਜ ਹੈ, ਨਾ ਲੋਕ ਜਾਣਦੇ ਹਨ। ਕਲਗੀਧਰ ਪਿਤਾ ਜੀ ਨੇ ਹਜ਼ੂਰ ਸਾਹਿਬ ਤੋਂ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਨਾਂਅ ਦਿੱਤਾ ਅਤੇ ਪੰਜ ਸਿੰਘਾਂ, ਆਪਣੇ ਪੰਜ ਤੀਰਾਂ ਦੀ ਬਖਸ਼ਿਸ਼ ਨਾਲ ਪੰਜਾਬ ਤੋਰਿਆ। ਬੰਦਾ ਸਿੰਘ ਬਹਾਦਰ ਨੇ ਆ ਕੇ ਸੁੱਤੇ ਹੋਏ ਪੰਜਾਬ ਨੂੰ ਜਗਾਇਆ, ਜ਼ਾਲਮਾਂ ਨੂੰ ਮਲੀਆਮੇਟ ਕੀਤਾ, ਖ਼ੁਦਮੁਖ਼ਤਿਆਰੀ ਖ਼ਾਲਸਾ ਰਾਜ ਕਾਇਮ ਕੀਤਾ, ਗੁਰੂਆਂ ਦੇ ਨਾਂਅ 'ਤੇ ਸਿੱਕਾ ਚਲਾਇਆ, ਖ਼ਾਲਸਾ ਰਾਜ ਦੀ ਮੋਹਰ ਕਾਇਮ ਕੀਤੀ ਅਤੇ ਪਹਿਲੀ ਰਾਜਧਾਨੀ ਲੋਹਗੜ੍ਹ ਕਾਇਮ ਕੀਤੀ। ਉਸ ਨੇ ਜਿੱਤੇ ਹੋਏ ਇਲਾਕਿਆਂ ਵਿਚੋਂ ਜਗੀਰਦਾਰੀ ਪ੍ਰਬੰਧ ਖ਼ਤਮ ਕਰਕੇ ਜ਼ਮੀਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ।
ਅਖੀਰ ਅਕਹਿ ਅਤੇ ਅਸਹਿ ਕਸ਼ਟ ਸਹਾਰ ਕੇ ਇਹ ਸ਼ੇਰ ਦੂਲਾ ਸ਼ਹਾਦਤ ਦਾ ਜਾਮ ਪੀ ਗਿਆ। ਲੇਖਕ ਨੇ ਭਾਵੇਂ ਪ੍ਰਭਾਵਸ਼ਾਲੀ ਢੰਗ ਨਾਲ ਇਸ ਨਾਵਲ ਦੀ ਸਿਰਜਣਾ ਕੀਤੀ ਹੈ ਪਰ ਇਤਿਹਾਸਕ ਪੱਖ ਤੋਂ ਕੁਝ ਭੁੱਲਾਂ ਵੀ ਕੀਤੀਆਂ ਹਨ। ਸ੍ਰੀ ਦਸਮੇਸ਼ ਪਾਤਸ਼ਾਹ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵੱਲ ਰਵਾਨਾ ਕਰ ਦਿੱਤਾ ਸੀ। ਲੇਖਕ ਨੇ ਮਾਤਾ ਜੀ ਅਤੇ ਬੰਦਾ ਬਹਾਦਰ ਦੀ ਹਾਜ਼ਰੀ ਵਿਚ ਮਹਾਰਾਜ ਜੀ ਦਾ ਪ੍ਰਲੋਕ ਗਮਨ ਦਿਖਾਇਆ ਹੈ ਅਤੇ ਕਈ ਗੱਲਾਂ ਇਤਿਹਾਸ ਦੀ ਕਸਵੱਟੀ 'ਤੇ ਪੂਰੀਆਂ ਨਹੀਂ ਉੱਤਰਦੀਆਂ। ਗੁਰੂ ਮਹਾਰਾਜ ਜੀ ਦੇ ਮਹਾਨ ਜੀਵਨ ਇਤਿਹਾਸ ਨਾਲ ਛੇੜਛਾੜ ਕਰਨੀ ਭਾਰੀ ਅਵੱਗਿਆ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

17-04-2022

ਮਿਸ਼ਨ ਰੈੱਡ ਸਟਾਰ
ਲੇਖਕ : ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 104
ਮੋ: 98152-98459.


ਪੰਜਾਬੀ ਵਾਰਤਕ ਦੇ ਖੇਤਰ 'ਚ ਲੇਖਿਕਾ ਗੁਰਚਰਨ ਕੌਰ ਥਿੰਦ ਕੋਈ ਨਵਾਂ ਨਾਂਅ ਨਹੀਂ ਹੈ। ਇਸ ਤੋਂ ਪਹਿਲਾਂ ਉਹ ਇਕ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ। 'ਅੰਮ੍ਰਿਤ', 'ਚੰਦਰਯਾਨ-ਤਿਸਕਿਨ' ਅਤੇ 'ਜਗਦੇ ਬੁਝਦੇ ਜੁਗਨੂੰ' ਨਾਵਲਾਂ ਉਪਰੰਤ ਹਥਲਾ ਨਾਵਲ 'ਮਿਸ਼ਨ ਰੈੱਡ ਸਟਾਰ' ਉਨ੍ਹਾਂ ਦਾ ਚੌਥਾ ਖ਼ੂਬਸੂਰਤ ਨਾਵਲ ਹੈ, ਜੋ ਕਿ ਮਨੁੱਖ ਦੀ ਸਮਝ ਨੂੰ ਵਿਗਿਆਨ ਨਾਲ ਜੋੜਦਾ ਹੈ। ਨਾਵਲ ਦੇ ਕੁੱਲ 14 ਕਾਂਡ ਹਨ। ਹਰੇਕ ਕਾਂਡ ਆਪਣੇ-ਆਪ 'ਚ ਇਕ ਮੁਕੰਮਲ ਕਹਾਣੀ ਨੂੰ ਜਨਮ ਦਿੰਦਾ ਹੈ। ਰਚਨਾਤਮਿਕ ਪੱਖੋਂ ਨਾਵਲ ਦੀ ਰਚਨ ਪ੍ਰਕਿਰਿਆ ਕਾਫ਼ੀ ਗੁੰਦਵੀਂ ਹੈ। ਪਾਤਰ-ਉਸਾਰੀ, ਸ਼ੈਲੀ, ਦ੍ਰਿਸ਼-ਚਿਤਰਨ ਕਮਾਲ ਦੇ ਹਨ। ਪਾਠਕ ਦੇ ਮਨ ਅੰਦਰ ਅੱਗੇ ਹੋਰ ਪੜ੍ਹਨ ਦੀ ਜਗਿਆਸਾ ਲਗਾਤਾਰ ਬਣੀ ਰਹਿੰਦੀ ਹੈ, ਜੋ ਕਿ ਉਸ ਨੂੰ ਇਸ ਦੀ ਕਹਾਣੀ ਨਾਲ ਜੋੜੀ ਰੱਖਦੀ ਹੈ। ਸੱਭਿਆਚਾਰਕ ਤੇ ਸਮਾਜਿਕ ਪੱਖੋਂ ਵੀ ਨਾਵਲ ਦੀ ਕਹਾਣੀ ਅੰਦਰ ਅਗਾਂਹਵਧੂ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਲੇਖਕ ਨੇ ਜਾਤਾਂ-ਪਾਤਾਂ, ਧਰਮਾਂ ਦਾ ਖੰਡਨ ਕਰਦਿਆਂ ਕੇਵਲ ਮਾਨਵਤਾ ਦਾ ਸੁਨੇਹਾ ਦਿੱਤਾ ਹੈ। ਨਾਵਲ ਦੀ ਕਹਾਣੀ ਮੰਗਲਯਾਨ-ਰੈੱਡਸਟਾਰ ਦੇ ਪੁਲਾੜ 'ਚ ਰਵਾਨਾ ਹੋਣ ਨਾਲ ਆਰੰਭ ਹੁੰਦੀ ਹੈ। ਨਵੀਂ ਧਰਤੀ ਮੰਗਲ ਸੰਬੰਧੀ ਭੂਗੋਲਿਕ ਜਾਣਕਾਰੀ ਅੰਕੜਿਆਂ ਸਹਿਤ ਦਿੱਤੀ ਗਈ ਹੈ। ਉੱਪਰਲੀ ਧਰਤੀ 'ਚ ਜਾਣ ਦੀ ਮਨੁੱਖ ਦੀ ਇੱਛਾ ਹਜ਼ਾਰਾਂ ਸਾਲ ਬਾਅਦ ਪੂਰੀ ਹੋਈ ਹੈ। ਧਰਤੀ ਸਮੇਤ ਹੋਰਨਾਂ ਗ੍ਰਹਿਆਂ ਦੀ ਉਤਪਤੀ ਅਤੇ ਮਨੁੱਖੀ ਜੀਵਨ ਦੇ ਵਿਕਾਸ ਕਹਾਣੀ ਦੇ ਵਿਸ਼ੇ ਵਸਤੂ 'ਚ ਸ਼ਾਮਿਲ ਕੀਤੀ ਗਈ ਹੈ। ਅਜੋਕੇ ਸਮੇਂ ਅੰਦਰ ਮੰਗਲ ਇਕ ਪਿੰਡ ਬਣ ਗਿਆ ਹੈ। ਇਸ ਧਰਤੀ ਉੱਪਰ ਮਨੁੱਖ ਨੂੰ ਰੇਡੀਏਸ਼ਨ ਦੇ ਬਚਾਅ ਲਈ ਖ਼ਾਸ ਕਿਸਮ ਦੇ ਕੱਪੜੇ ਪਾਉਣੇ ਪੈਂਦੇ ਹਨ। ਮਸ਼ੀਨੀ ਮਨੁੱਖ (ਰੋਬੋਟਸ) ਨੂੰ ਹੱਡ-ਮਾਸ ਦੇ ਬੰਦਿਆਂ ਵਾਂਗ ਕਾਰਜਸ਼ੀਲ ਦਿਖਾਇਆ ਗਿਆ ਹੈ। ਸਪੇਸਸ਼ਿਪ ਰਾਹੀਂ ਧਰਤੀ ਤੋਂ ਮਨੁੱਖ ਇਸ ਧਰਤੀ ਉੱਪਰ ਵਸਣ ਲਈ ਆਉਂਦੇ ਹਨ। 'ਮਿਸ਼ਨ ਰੈੱਡ ਸਟਾਰ' ਇਸ ਧਰਤੀ ਤੋਂ ਓਸ ਧਰਤੀ 'ਤੇ ਪਹੁੰਚਣ ਦੇ ਮਿਸ਼ਨ ਦਾ ਪਹਿਲਾ ਪੜਾਅ ਹੈ। ਸੁੂਰਜ ਮੰਡਲ ਅਤੇ ਉਸ ਦੇ ਪਰਿਵਾਰ ਸੰਬੰਧੀ ਦਿੱਤੀ ਗਈ ਭੂਗੋਲਿਕ ਜਾਣਕਾਰੀ ਸਲਾਹੁਣਯੋਗ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110
c c c


ਸੱਲ ਸੰਨ ਸੰਤਾਲੀ ਦੇ

ਲੇਖਿਕਾ : ਅਮਨਦੀਪ ਹਾਂਸ
ਪ੍ਰਕਾਸ਼ਨ : ਪੰਜਆਬ ਪ੍ਰਕਾਸ਼ਨ, ਜਲੰਧਰ
ਮੁੱਲ : 130 ਰੁਪਏ, ਸਫ਼ੇ : 88
ਸੰਪਰਕ : 83609-75546.


ਹਥਲੀ ਪੁਸਤਕ ਦੀ ਲੇਖਿਕਾ ਦੇਸ਼ ਭਗਤ ਪਿਛੋਕੜ ਦੀ ਵਾਰਸ ਹੈ। ਇਸ ਪੁਸਤਕ ਵਿਚ 1947 ਦੀ ਵੰਡ ਦੇ ਦੁਖਾਂਤ ਤੇ ਜੰਮਣ ਭੋਇੰ ਤੋਂ ਵਿਛੜਨ ਦਾ ਵਿਯੋਗ, ਸੋਗ ਤੇ ਵੈਰਾਗ ਦੀ ਬਾਤ ਹੈ। ਲੇਖਿਕਾ ਵੰਡ ਦੇ ਸੱਲ ਵਿੰਨ੍ਹੇ ਬਲਵੰਤ ਸਿੰਘ ਸਰਗੋਧੀਆ ਨੂੰ ਕੇਂਦਰੀ ਪਾਤਰ ਵਜੋਂ ਪੇਸ਼ ਕਰਕੇ ਦੁੱਖਾਂ ਨੂੰ ਫਰੋਲਦੀ ਉਜੜਨ ਤੇ ਅਨੇਕਾਂ ਭਟਕਣਾਂ ਉਪਰੰਤ ਦੋਜ਼ਖ ਭਰੇ ਮੁੜ ਵਸੇਬੇ ਦਾ ਖੂਬਸੂਰਤ ਵੈਰਾਗਮਈ ਚਿੱਤਰ ਸਿਰਜਦੀ ਹੈ। ਲੇਖਿਕਾ ਨੇ 1947 ਤੋਂ ਪਹਿਲਾਂ ਦੀ ਜੀਵਨ ਜਾਂਚ ਸੱਭਿਆਚਾਰ, ਕੰਮ-ਧੰਦੇ, ਖਾਣਾ-ਪੀਣਾ, ਆਪਸੀ ਰਿਸ਼ਤਿਆਂ, ਘਰਾਂ ਦੀ ਬਣਤਰ ਤੇ ਉਨ੍ਹਾਂ ਦੀ ਚਿੱਤਰਕਾਰੀ ਆਦਿ ਨੂੰ ਸ਼ਬਦੀ ਜਾਮੇ ਰਾਹੀਂ ਮਾਂਜਿਆ ਸੰਵਾਰਿਆ ਹੈ।
ਧਾਰਮਿਕ ਜਨੂੰਨ ਕਿੰਨਾ ਭਿਆਨਕ ਤੇ ਖ਼ਤਰਨਾਕ ਹੁੰਦਾ ਹੈ ਜਦੋਂ ਆਦਮ ਬੋ ਆਦਮ ਬੋ ਕਰਦੀਆਂ ਭੀੜਾਂ ਮਨੁੱਖੀ ਖੂਨ ਨਾਲ ਪਿਆਸ ਬੁਝਾਉਣ ਲਈ ਆਮਦਾ ਹੋ ਜਾਂਦੀਆਂ ਹਨ। ਦਹਾਕਿਆਂ ਤੋਂ ਦਾਲ-ਰੋਟੀ ਤੇ ਦੁੱਖ-ਸੁੱਖ ਦੇ ਗੁਆਂਢੀ ਇਕ-ਦੂਜੇ ਦਾ ਖੂਨ ਵਹਾਉਣ ਲਈ ਬੇਰਹਿਮ ਹੋ ਟੱਕਰਦੇ ਹਨ। ਨਵੰਬਰ 1984 ਵਿਚ ਦਿੱਲੀ, ਫਰਵਰੀ 2002 ਗੁਜਰਾਤ ਵਿਚ ਵਾਪਰੇ (ਕਤਲੇਆਮ) ਇੰਨ-ਬਿੰਨ 1947 ਵਾਂਗ ਦੁਹਰਾਇਆ ਗਿਆ। ਅਮਨਦੀਪ ਹਾਂਸ ਦੀ ਪੁਸਤਕ ਦੇ ਅੱਠ ਭਾਗ ਹਨ ਪਰ ਉਸ ਤੋਂ ਪਹਿਲਾਂ ਸ. ਹਰਦੇਵ ਸਿੰਘ ਅਰਸ਼ੀ, ਸਤਨਾਮ ਸਿੰਘ ਮਾਣਕ ਅਤੇ ਮਿੰਟੂ ਬਰਾੜ ਵਲੋਂ ਭੂਮਿਕਾਵਤ ਲਿਖੀਆਂ ਰਾਵਾਂ ਵੀ ਪੁਸਤਕ ਦਾ ਕੱਦਕਾਠ ਉੱਚਾ ਕਰਦੀਆਂ ਹਨ। ਹਾਂਸ ਨੇ ਆਪਣੀ ਪੁਸਤਕ ਨੂੰ ਵੰਡ ਦੇ ਦੁਖਾਂਤ ਤੇ ਉੱਜੜੇ ਹੋਏ ਲੋਕਾਂ ਦੇ ਮੁੜ-ਵਸੇਬੇ ਨੂੰ ਆਧਾਰ ਰੱਖਿਆ ਹੈ। ਦੇਸ਼ ਵੰਡ ਦੇ ਦੌਰਾਨ ਹੋਏ ਫ਼ਿਰਕੂ ਫਸਾਦਾਂ ਵਿਚ 10 ਲੱਖ ਲੋਕ ਮਾਰੇ ਗਏ ਅਤੇ ਇਕ ਕਰੋੜ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਇਕ ਪਾਸੇ ਤੋਂ ਦੂਜੇ ਪਾਸੇ ਜਾਣਾ ਪਿਆ। ਅੱਸੀ ਹਜ਼ਾਰ ਔਰਤਾਂ ਨੂੰ ਅਗਵਾ ਕਰ ਲਿਆ ਗਿਆ। ਜੋ ਬੀਤਿਆ ਵਾਪਰਿਆ ਲਿਖਣ ਤੋਂ ਪਰੇ ਦੀ ਗੱਲ ਹੈ।
ਇਸ ਕਿਤਾਬ ਦੇ ਮੁੱਖ ਕਿਰਦਾਰ ਕੈਪਟਨ ਬਲਵੰਤ ਸਿੰਘ ਸਰਗੋਧੀਆ ਦੇ ਪਰਿਵਾਰ ਨੂੰ 1947 ਦੇ ਭਿਆਨਕ ਨਰਸੰਘਾਰ ਵਿਚੋਂ ਗੁਜ਼ਰਨਾ ਪਿਆ ਦੀ ਕਹਾਣੀ ਇਕ ਵਾਰ ਫਿਰ ਸਾਡਾ ਧਿਆਨ 1947 ਵਿਚ ਵਾਪਰੇ ਇਸ ਵੱਡੇ ਦੁਖਾਂਤ ਵੱਲ ਖਿੱਚਦੀ ਹੈ। ਉਨ੍ਹਾਂ ਦਾ ਵੱਡਾ ਪਰਿਵਾਰ 1947 ਤੋਂ ਪਹਿਲਾਂ 135 ਚੱਕ (ਜਨੂਬੀ) ਵਿਚ ਬੜੀ ਆਨ-ਸ਼ਾਨ ਨਾਲ ਜ਼ਿੰਦਗੀ ਬਿਤਾ ਰਿਹਾ ਸੀ ਪਰ ਦੇਸ਼ ਵੰਡ ਨੇ ਉਥੋਂ ਉਖੇੜ ਦਿੱਤਾ ਅਤੇ ਅਨੇਕਾਂ ਮੁਸੀਬਤਾਂ ਪੈਦਾ ਕਰ ਦਿੱਤੀਆਂ। ਬਲਵੰਤ ਸਿੰਘ ਇਕ ਗੱਡੇ 'ਤੇ ਆਪਣੀ ਮਾਂ ਅਤੇ ਰਸਤੇ 'ਚ ਪੈਦਾ ਹੋਏ ਆਪਣੇ ਭਰਾ ਸੁੱਚਾ ਸਿੰਘ ਨੂੰ ਕਿਸੇ ਨਾ ਕਿਸੇ ਢੰਗ ਨਾਲ ਇਧਰਲੇ ਪੰਜਾਬ ਲੈ ਪਹੁੰਚਿਆ। ਰਾਹ ਵਿਚ ਕਿਸ ਤਰ੍ਹਾਂ ਹਮਲੇ ਹੋਏ ਕਿਸ ਤਰ੍ਹਾਂ ਫ਼ਿਰਕੂ ਭੀੜਾਂ ਵਲੋਂ ਕਤਲੇਆਮ ਕੀਤਾ ਜਾਂਦਾ ਰਿਹਾ ਇਹ ਕਹਾਣੀ ਬੇਹੱਦ ਪ੍ਰੇਸ਼ਾਨ ਕਰਨ ਵਾਲੀ ਹੈ। 'ਸੱਲ ਸੰਨ ਸੰਤਾਲੀ ਦੇ' ਕਿਤਾਬ ਦੀ ਲੇਖਿਕਾ ਨੇ ਦਾਸਤਾਨ ਨੂੰ ਸ਼ਬਦੀ ਜਾਮਾ ਪਹਿਨਾ ਕੇ ਖੂਬਸੂਰਤੀ ਨਾਲ ਪਾਠਕਾਂ ਅੱਗੇ ਪੇਸ਼ ਕੀਤਾ ਹੈ। ਪੁਸਤਕ ਅਖੀਰ ਵਿਚ ਸਰਗੋਧਾ ਪਰਿਵਾਰ ਤੇ ਸੰਬੰਧਿਤਾਂ ਦੀਆਂ ਕੁਝ ਰੰਗਦਾਰ ਤਸਵੀਰਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।


ਦਿਲਜੀਤ ਸਿੰਘ ਬੇਦੀ
ਮੋ: 98148-98570


ਸਰਦਾਰ ਦੀ ਪੱਗ
ਤੇ ਹੋਰ ਕਹਾਣੀਆਂ

ਲੇਖਿਕਾ : ਰਿਪਨਜੋਤ ਕੌਰ ਸੋਨੀ ਬੱਗਾ
ਪ੍ਰਕਾਸ਼ਕ : ਜੇ. ਪੀ. ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 98787-53423.


ਨਿੱਜੀ ਤਜਰਬਿਆਂ 'ਤੇ ਆਧਾਰਿਤ ਪੁਸਤਕ 'ਸਰਦਾਰ ਦੀ ਪੱਗ ਤੇ ਹੋਰ ਕਹਾਣੀਆਂ' ਅਸਲ ਵਿਚ ਲੇਖਿਕਾ ਦੇ ਜੀਵਨ ਦੀਆਂ ਕਹਾਣੀਆਂ ਹਨ। ਇਹ ਤਜਰਬੇ ਉਸ ਨੇ ਪੰਜਾਬ ਜਾਂ ਭਾਰਤ ਦੇ ਹੋਰ ਹਿੱਸਿਆਂ ਵਿਚ ਰਹਿੰਦੇ ਹੋਏ ਪ੍ਰਾਪਤ ਕੀਤੇ ਹਨ ਅਤੇ ਇਨ੍ਹਾਂ ਲੇਖ ਰੂਪੀ ਕਹਾਣੀਆਂ ਨੂੰ ਲੇਖਿਕਾ ਦੇ ਫ਼ੇਸਬੁੱਕ ਪੇਜ 'ਤੇ ਬਹੁਤ ਮਕਬੂਲੀਅਤ ਵੀ ਮਿਲੀ ਹੈ। ਇਨ੍ਹਾਂ ਵਿਚੋਂ ਕਈ ਲੇਖ ਨਾਮਵਰ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਵੀ ਹੋਏ ਹਨ, ਜਿਸ ਕਾਰਨ ਇਸ ਗੱਲ ਦੀ ਮੰਗ ਕੀਤੀ ਜਾਣੀ ਸੁਭਾਵਿਕ ਸੀ ਕਿ ਇਨ੍ਹਾਂ ਲੇਖਾਂ ਨੂੰ ਸੰਪਾਦਿਤ ਕਰਕੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਜਾਵੇ। ਇਸੇ ਲੋੜ ਸਦਕਾ ਇਹ ਪੁਸਤਕ ਹੋਂਦ ਵਿਚ ਆਈ। ਵਿਸ਼ੇ ਪੱਖ ਤੋਂ ਅਧਿਐਨ ਕੀਤਿਆਂ ਇਹ ਗੱਲ ਸਾਹਮਣੇ ਆੳਂੁਦੀ ਹੈ ਕਿ ਲੇਖਿਕਾ ਨੇ ਇਸ ਪੁਸਤਕ ਵਿਚ ਆਪਣੀ ਜ਼ਿੰਦਗੀ ਦੇ ਉਹ ਅਨੁਭਵ ਕਲਮਬੱਧ ਕੀਤੇ ਹਨ ਜੋ ਆਮ ਲੋਕਾਂ ਲਈ ਧਰਮ ਸਿੱਖਿਆ ਅਤੇ ਨੈਤਿਕ ਸਿੱਖਿਆ ਦੇਣ ਦੇ ਨਾਲ-ਨਾਲ ਸੁਚੱਜਾ ਜੀਵਨ ਜਿਊਣ ਲਈ ਪ੍ਰੇਰਨਾ ਸਰੋਤ ਵੀ ਸਿੱਧ ਹੁੰਦੇ ਹਨ। ਪੰਜਾਬ ਤੋਂ ਬਾਹਰ ਨੌਕਰੀ ਕਰਨ ਕਾਰਨ ਲੇਖਿਕਾ ਨੇ ਉਥੋਂ ਦੇ ਅਨੁਭਵ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ, ਜੋ ਪਾਠਕ ਨੂੰ ਭੂਗੋਲਿਕ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ। 'ਪੰਜਾਬੋਂ ਬਾਹਰ', 'ਮੈਮ, ਮੈਂ ਭੀ ਪੰਜਾਬੀ ਹੂੰ' ਅਤੇ 'ਯੇਹ ਤੋ ਸਰਦਾਰਨੀ ਲਗਤੀ ਹੈ' ਅਜਿਹੇ ਹੀ ਪ੍ਰਸੰਗ ਹਨ ਜੋ ਭੂਗੋਲਿਕ ਜਾਣਕਾਰੀ ਦੇ ਨਾਲ ਸੱਭਿਆਚਾਰਕ ਜਾਣਕਾਰੀ ਵੀ ਦਿੰਦੇ ਹਨ। ਲੇਖ 'ਸਰਦਾਰ ਦੀ ਪੱਗ' ਵਿਚ ਲੇਖਿਕਾ ਸਿੱਖ ਧਰਮ ਵਿਚ ਪੱਗ ਦੀ ਅਹਿਮੀਅਤ ਬਿਆਨ ਕਰਦੀ ਹੈ ਅਤੇ ਅਜਿਹੇ ਸਿੱਖ ਫ਼ੌਜੀ ਬਾਰੇ ਲਿਖਦੀ ਹੈ ਜਿਸ ਨੇ ਕਈ ਔਕੜਾਂ ਦੇ ਬਾਵਜੂਦ ਆਪਣਾ ਮਾਣ ਪੱਗ ਬੰਨ੍ਹਣੀ ਨਹੀਂ ਛੱਡੀ। ਇਸ ਤੋਂ ਇਲਾਵਾ ਲੇਖਿਕਾ ਨੇ ਮਾਂ-ਬੋਲੀ ਨਾਲ ਪਿਆਰ, ਗੁਰਦੁਆਰੇ ਜਾਣ ਪ੍ਰਤੀ ਸ਼ਰਧਾ, ਸਿੱਖ ਗੁਰੂਆਂ ਸੰਬੰਧੀ ਜਾਣਕਾਰੀ, ਕਿਰਸਾਨੀ ਸੰਘਰਸ਼, ਪੰਜਾਬੀਆਂ ਵਿਚ ਸਿਦਕ ਦਾ ਗੁਣ ਅਤੇ ਕਈ ਹੋਰ ਨੈਤਿਕ ਗੁਣਾਂ ਬਾਰੇ ਮਹੱਤਵਪੂਰਨ ਲੇਖ ਜਾਂ ਕਹਾਣੀਆਂ ਲਿਖ ਕੇ ਪਾਠਕ ਨੂੰ ਨਾਯਾਬ ਤੋਹਫ਼ਾ ਦਿੱਤਾ ਹੈ। ਇਨ੍ਹਾਂ ਪ੍ਰੇਰਕ ਪ੍ਰਸੰਗਾਂ ਨੂੰ ਲੇਖਿਕਾ ਨੇ ਮਿੰਨੀ ਕਹਾਣੀਆਂ ਦਾ ਨਾਂਅ ਦਿੱਤਾ ਹੈ। ਇਹ ਪੁਸਤਕ ਸੱਚਮੁੱਚ ਆਮ ਆਦਮੀ ਲਈ ਅਣਮੋਲ ਤੋਹਫ਼ਾ ਸਿੱਧ ਹੁੰਦੀ ਹੈ।


ਡਾ. ਸੰਦੀਪ ਰਾਣਾ
ਮੋ: 98728-87551


ਸਚਾਈ ਦੀ ਤਲਾਸ਼

ਲੇਖਕ : ਚੌਧਰੀ ਅਮੀਂ ਚੰਦ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94640-29540.


ਸ਼ਾਇਰ ਚੌਧਰੀ ਅਮੀਂ ਚੰਦ ਹਥਲੀ ਪੁਸਤਕ 'ਸਚਾਈ ਦੀ ਤਲਾਸ਼' ਤੋਂ ਪਹਿਲਾਂ ਵੀ ਛੇ ਪੁਸਤਕਾਂ 'ਸੱਚ ਕਹੇ ਰਵਿਦਾਸ', 'ਮੇਰੇ ਰਮਈਏ ਰੰਗ ਮਜੀਠ ਕਾ', 'ਹਾਇਕੂ ਸਵੇਰਾ', 'ਹਾਇਕ ਸ਼ਾਖਾਏਂ', 'ਜੀਵਨ ਸੱਚ' ਤੇ 'ਹਾਇਕੂ-ਏ-ਮਣਕੇ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਇਸ ਕਿਤਾਬ ਦੇ ਨਾਂਅ 'ਸਚਾਈ ਦੀ ਤਲਾਸ਼' ਤੋਂ ਹੀ ਅਸਾਡੇ ਹੱਥ ਆ ਜਾਂਦੀ ਹੈ। ਸ਼ਾਇਰ ਦਾ ਮੀਰੀ ਗੁਣ ਹੀ ਸੱਚ ਦੀ ਤਲਾਸ਼ ਕਰਨਾ ਹੁੰਦਾ ਹੈ। ਹਰੇਕ ਸ਼ਾਇਰ ਆਪੋ-ਆਪਣੀ ਸ਼ਾਇਰ ਜੁਗਤ ਨਾਲ ਸਚਾਈ ਦੀ ਤਲਾਸ਼ ਦੀ ਪੈਣ ਨੱਪਣ ਦਾ ਪਾਂਧੀ ਬਣ ਰਿਹਾ ਹੈ ਤੇ ਅੰਤਿਮ ਸੱਚ ਦੀ ਤਲਾਸ਼ ਲਈ ਆਪਣੀ ਬੌਧਿਕ ਸਮਰੱਥਾ ਦੇ ਤਰਕ ਦੇ ਤੀਰ ਚਲਾਉਂਦਾ ਹੈ। ਜੋ ਅੱਜ ਸੱਚ ਹੈ, ਉਸ ਦਾ ਰੂਪ ਕੱਲ੍ਹ ਨੂੰ ਹੋਰ ਹੋ ਸਕਦਾ ਹੈ ਤੇ ਅੰਤਿਮ ਸੱਚ ਦੀ ਡੋਰ ਅਜੇ ਤੱਕ ਕਿਸੇ ਦੇ ਹੱਥ ਨਹੀਂ ਆਈ। ਸ਼ਾਇਰ ਚੌਧਰੀ ਅਮੀਂ ਚੰਦ ਸ਼ਾਬਦਿਕ ਕਲਾਬਾਜ਼ੀਆਂ ਨਹੀਂ ਲਾਉਂਦਾ ਤੇ ਸੰਚਾਰ ਯੁਕਤ ਹੋਇਆ ਅਧਿਆਤਮਵਾਦ ਤੇ ਆਦਰਸ਼ਵਾਦ ਦੇ ਸਿਖਾਂਦੜੂ ਪ੍ਰਯਤਨ ਵਿਚੋਂ ਗੁਜ਼ਰਦਿਆਂ ਸਿੱਧੀ ਸਪਾਟ ਭਾਸ਼ਾ ਦਾ ਹਥਿਆਰ ਵਰਤਦਾ ਹੈ, ਉਹ ਬਾਬੇ ਨਾਨਕ ਦੇ ਫਲਸਫ਼ੇ ਦੀ ਥਾਹ ਪਾਉਣ ਲਈ ਅਰਜੋਈਆਂ ਕਰਦਾ ਹੈ। ਉਹ ਕਦੇ ਮਾਂ ਦੀ ਗੋਦ ਵਿਚ ਅਗੰਮੀ ਅਨੰਦ ਮਾਣਦਾ ਹੈ। ਖਲੀਲ ਜਿਬਰਾਨ ਆਖਦਾ ਹੈ ਕਿ ਉਸ ਨੇ ਢੇਰ ਸਾਰਾ ਸਾਹਿਤ ਪੜ੍ਹਿਆ ਤੇ ਉਲਥਾਇਆ ਹੈ ਪਰ ਜਦੋਂ ਸ਼ਬਦ ਮਾਂ ਉਸ ਦੀ ਕਲਮ ਦੀ ਨੋਕ ਹੇਠ ਆਉਂਦਾ ਹੈ ਤਾਂ ਉਸ ਦੇ ਅਹਿਸਾਸ ਸ਼ਬਦਾਂ ਦੀ ਵਲਗਣ ਵਿਚ ਨਹੀਂ ਆਉਂਦੇ, ਮਾਂ ਦੇ ਵਿਯੋਗ 'ਚ ਲਿਖੀ ਕਵਿਤਾ ਅਸਾਡੀਆਂ ਅੱਖਾਂ ਸਿੱਲ੍ਹੀਆਂ ਕਰ ਦਿੰਦੀ ਹੈ। ਅੱਜ ਦਾ ਮਨੁੱਖ ਆਧੁਨਿਕਤਾ ਦੀ ਹਨੇਰੀ ਵਿਚ ਮੁਹੱਬਤ ਨੂੰ ਸਿਰਫ ਸਿਜਮਾਂ ਦੀ ਖੇਡ ਤੱਕ ਹੀ ਸੀਮਤ ਕਰ ਦਿੰਦਾ ਹੈ ਤੇ ਮੁਹੱਬਤਾਂ ਦੀ ਪਾਕੀਜਗੀ ਦੀ ਥਾਹ ਨਹੀਂ ਪਾਉਂਦਾ। ਕੋਰੋਨਾ ਕਾਲ ਨੂੰ ਉਹ ਸੱਤਾ 'ਤੇ ਕਾਬਜ਼ ਲੋਕਾਂ ਦੇ ਹੱਥਾਂ ਦਾ ਸੰਦ ਸਮਝਦਾ ਹੈ ਕਿ ਸਾਨੂੰ ਅੰਦੋਲਨ ਦੀ ਵੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਾ ਹੈ ਤੇ ਹੋਰ ਵਿਭਿੰਨ ਸਮਾਜਿਕ ਵਰਤਾਰਿਆਂ ਨਾਲ ਵੀ ਦਸਤਪੰਜਾ ਲੈਂਦਾ ਹੈ। ਸ਼ਾਇਰ ਨੂੰ ਚਾਹੀਦਾ ਹੈ ਕਿ ਸਮਕਾਲੀ ਸਾਹਿਤ ਦਾ ਗਹਿਰ ਗੰਭੀਰ ਅਧਿਐਨ ਕਰੇ ਤਾਂ ਕਿ ਹੋਰ ਬਿਹਤਰ ਸੁਹਜਆਤਮ ਤੇ ਕਲਾਤਮਿਕ ਪ੍ਰਗਟਾਵੇ ਨਾਲ ਸਚਾਈ ਦੀ ਤਲਾਸ਼ ਕਰੇ।


ਭਗਵਾਨ ਢਿੱਲੋਂ
ਮੋ: 98143-78254.


ਹਿੰਮਤ ਦੇ ਹਾਸਲ

ਲੇਖਕ : ਦਲੀਪ ਸਿੰਘ ਉੱਪਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 295 ਰੁਪਏ, ਸਫ਼ੇ : 236
ਸੰਪਰਕ : 98550-68278.


ਪੰਜਾਬੀ ਸਾਹਿਤ 'ਚ ਸਵੈ-ਜੀਵਨੀ ਨੇ ਚੰਗਾ ਵਾਧਾ ਕੀਤਾ ਹੈ। ਇਸ ਨਾਲ ਪੰਜਾਬੀ ਵਾਰਤਕ ਨਿੱਖਰੀ ਵੀ ਹੈ ਅਤੇ ਕਈ ਨਵੇਂ ਦਿਸਹੱਦੇ ਉਲੀਕੇ ਹਨ। ਦਲੀਪ ਸਿੰਘ ਉੱਪਲ ਪੁਸਤਕ ਦੇ ਆਦਿਕਾ 'ਚ ਲਿਖਦੇ ਹਨ : 'ਮੈਂ ਤਰਾਸੀ ਸਾਲ ਦਾ ਹੋ ਗਿਆ ਹਾਂ। ਮੇਰੀਆਂ ਹੁਣ ਤੱਕ ਗਿਆਰਾਂ ਪੁਸਤਕਾਂ ਛਪ ਚੁੱਕੀਆਂ ਹਨ। ਹੁਣ ਮੇਰਾ ਪਰਿਵਾਰ ਸਵੈ-ਜੀਵਨੀ ਲਿਖਣ ਲਈ ਜ਼ੋਰ ਪਾਉਂਦਾ ਰਿਹਾ ਹੈ। ਮੈਂ ਕਹਿੰਦਾ ਸੀ ਕਿ ਮੈਂ ਕਿਹੜਾ ਮਾਰ੍ਹਕਾ ਮਾਰਿਆ ਹੈ, ਜਿਸ ਤੋਂ ਕਿਸੇ ਨੂੰ ਕੋਈ ਸਿੱਖਿਆ ਮਿਲ ਸਕੇ।' ਇਹ ਸ਼ਬਦ ਸ੍ਰੀ ਉੱਪਲ ਦੀ ਨਿਰਮਾਣਤਾ ਦਾ ਸਬੂਤ ਹਨ। ਉੱਪਲ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਇਲਪੁਰ (ਸੈਫ਼ਦਾਬਾਦ), ਤਹਿਸੀਲ ਜੜ੍ਹਾਂਵਾਲਾ ਦੇ ਚੱਕ ਨੰਬਰ ਇਕੱਤੀ ਵਿਚ ਹੋਇਆ ਸੀ, ਇਹ ਉੱਪਲ ਦੀ ਮਾਂ ਦੇ ਨਾਨਕਿਆਂ ਦਾ ਪਿੰਡ ਸੀ। ਉੱਪਲ ਦੇ ਜੱਦੀ ਪਿੰਡ ਦਾ ਨਾਂਅ ਲਸੂੜੀ ਹੈ ਜੋ ਜ਼ਿਲ੍ਹਾ ਜਲੰਧਰ ਵਿਚ ਪੈਂਦਾ ਹੈ। 1947 ਦੀ ਵੰਡ ਸਮੇਂ ਉਧਰੋਂ ਪਰਿਵਾਰਾਂ ਦਾ ਸੁੱਖ-ਸਾਂਦ ਨਾਲ ਆਉਣਾ, ਇਕ ਨਵਾਂ ਜਨਮ ਲੈਣ ਵਰਗਾ ਸੀ। ਦਸਵੀਂ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਵਜੋਂ ਕੀਤੀ। ਇਸ ਦੌਰਾਨ ਹੀਰ ਵਾਰਿਸ ਸ਼ਾਹ ਸੁਣਾ ਕੇ ਵਾਹਵਾ ਖੱਟੀ। ਮਾਸਟਰ ਦਲੀਪ ਸਿੰਘ ਨੇ ਕਾਬਲੀਅਤ ਦੀ ਕਦਰ ਕਰਦੇ, ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਰੱਖ ਲਿਆ। ਤੀਹ ਰੁਪਏ ਦੀ ਕਮਾਈ ਤਨਖ਼ਾਹ ਦੀ ਪ੍ਰਥਮ ਰਕਮ ਦਾਦੀ ਭਾਗੋ ਦੇ ਚਰਨਾਂ ਵਿਚ ਰੱਖਣ ਦੇ ਪਲ ਬਹੁਤ ਭਾਵਮਈ ਹਨ। 'ਪਿੰਡ ਤੋਂ ਲੁਧਿਆਣੇ ਆਉਣਾ' ਉੱਪਲ ਦੇ ਜੀਵਨ ਪਰਿਵਰਤਨ ਦਾ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ। ਸ਼ਹਿਰ ਆ ਕੇ ਉੱਪਲ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਇਸ ਆਰਥਿਕ-ਮੰਦਹਾਲੀ 'ਚੋਂ ਨਿਕਲਣ ਲਈ ਉੱਪਲ ਨੇ ਪ੍ਰਾਈਵੇਟ ਹੀ ਪ੍ਰੀਖਿਆਵਾਂ ਪਾਸ ਕੀਤੀਆਂ। ਜਿਸ ਦੇ ਫਲਸਰੂਪ ਚੰਡੀਗੜ੍ਹ, ਪੰਜਾਬ ਸਿਵਲ ਸਕੱਤਰੇਤ 'ਚ ਨੌਕਰੀ ਮਿਲ ਜਾਂਦੀ ਹੈ। ਮਿਹਨਤ ਨੂੰ ਫਲ ਲੱਗਿਆ ਤੇ 1973 'ਚ ਉੱਪਲ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਦਾ ਗੁਪਤ ਨਿੱਜੀ ਸਹਾਇਕ ਬਣਨਾ ਇਕ ਉਜਲੇ ਭਵਿੱਖ ਦੀ ਸਵੇਰ ਚੜ੍ਹਨ ਵਰਗਾ ਸੀ। ਡਾ. ਕਮਲੇਸ਼ ਨਾਲ ਸ਼ਾਦੀ ਹੋਣ ਨਾਲ ਇਕ ਸਫਲ ਜੀਵਨ ਸਿਰਜਣ ਲਈ ਪੈਂਡਾ ਰੌਸ਼ਨ ਹੁੰਦਾ ਹੈ। ਇਸ ਸੇਵਾਕਾਲ ਦੌਰਾਨ ਡਾ. ਇੰਦਰਜੀਤ ਕੌਰ ਸੰਧੂ, ਡਾ. ਭਗਤ ਸਿੰਘ, ਡਾ. ਸਰਦਾਰਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਪੁਆਰ, ਡਾ. ਐਚ.ਕੇ. ਮਨਮੋਹਨ ਸਿੰਘ, ਡਾ. ਜਸਪਾਲ ਸਿੰਘ ਆਦਿ ਨਾਲ ਜੋ ਨੇੜਤਾ ਤੇ ਸਾਂਝਾਂ ਰਹੀਆਂ, ਉਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰਾਂ ਨਾਲ ਸੇਵਾਵਾਂ ਕਰਕੇ ਉੱਪਲ ਦੀ ਦਿਆਨਤਦਾਰੀ ਅਤੇ ਮਿਹਨਤ ਰੰਗ ਲਿਆਉਂਦੀ ਰਹੀ। ਵਿੱਤ ਅਫ਼ਸਰ ਤੇ ਫਿਰ ਡਿਪਟੀ ਰਜਿਸਟਰਾਰ ਅਹੁਦਿਆਂ 'ਤੇ ਰਹਿਣਾ, ਇਕ ਸੱਚਿਆਰੇ ਮਨੁੱਖ ਦੀ ਮਿਹਨਤ ਦਾ ਪ੍ਰਤੀਫਲ ਹੈ। ਇਹ ਸਵੈ-ਜੀਵਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਬੰਧਕੀ ਢਾਂਚੇ, ਅਕਾਦਮਿਕ ਕਾਰਗੁਜ਼ਾਰੀ, ਪ੍ਰੋਫ਼ੈਸਰ ਸਾਹਿਬਾਨ ਦੇ ਸਿੱਖਿਆ ਕਾਰਜ, ਗੋਸ਼ਟੀਆਂ, ਸੈਮੀਨਾਰਾਂ, ਧਰਨੇ, ਰੋਸ-ਮੁਜ਼ਾਹਰੇ, ਕਰਮਚਾਰੀਆਂ ਦੀਆਂ ਮੰਗਾਂ ਤੇ ਔਕੜਾਂ, ਵਿੱਤੀ ਸੰਕਟਾਂ ਤੇ ਸਮੁੱਚੇ ਮਾਹੌਲ ਬਾਰੇ ਖੁਲਾਸਾ ਕਰਦੀ ਹੈ। ਉੱਪਲ ਦੀ ਸ਼ਖ਼ਸੀਅਤ ਤੇ ਕਾਰਜਸ਼ੈਲੀ ਦੀ ਕੀਰਤੀ ਤੇ ਮਹਿਮਾ ਕਾਰਨ, ਉਸ ਦੀ ਬੇਟੀ ਨਿਵੇਦਿਤਾ ਸਿੰਘ ਅਤੇ ਦਾਮਾਦ ਡਾ. ਭੀਮਇੰਦਰ ਸਿੰਘ ਇਸੇ ਵਿਸ਼ਵਵਿਦਿਆਲਾ 'ਚ ਸੰਗੀਤ ਤੇ ਪੰਜਾਬੀ ਵਿਭਾਗ 'ਚ ਉੱਚ ਅਹੁਦਿਆਂ 'ਤੇ ਨਾਮਣਾ ਖੱਟਦੇ ਹਨ। ਉਨ੍ਹਾਂ ਦੀ ਜੀਵਨ ਸਾਥਣ ਡਾ. ਕਮਲੇਸ਼ ਉੱਪਲ ਉੱਘੇ ਨਾਟਕ ਕਰਮੀ ਪ੍ਰਸਿੱਧੀ ਖੱਟਦੇ ਹਨ। ਬੇਟਾ ਡਾ. ਅਲੰਕਾਰ ਸਿੰਘ ਬਤੌਰ ਪ੍ਰੋਫ਼ੈਸਰ ਕਾਰਜਸ਼ੀਲ ਹੋਇਆ। ਇਨ੍ਹਾਂ ਸਾਰੀਆਂ ਪ੍ਰਾਪਤੀਆਂ ਪਿੱਛੇ ਉੱਪਲ ਦੀ ਲੰਮੀ ਘਾਲ ਕਮਾਈ ਦਾ ਨਤੀਜਾ ਹੈ। ਉੱਪਲ ਨੇ ਬੜੀ ਫ਼ਿਰਾਕਦਿਲੀ ਨਾਲ ਆਪਣੇ ਦੋਸਤਾਂ ਅਤੇ ਮੂੰਹ ਬੋਲਦੀਆਂ ਬੇਟੀਆਂ ਦੇ ਸਹਿਯੋਗ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨੂੰ ਆਪਣੇ ਜੀਵਨ ਦਾ ਭਾਗੀ ਸਮਝਿਆ। ਡਾ. ਅਬਦੁਲ ਕਲਾਮ ਦੇ ਕਥਨ ਨਾਲ ਸਵੈ-ਜੀਵਨੀ ਨੂੰ ਅੰਤਿਮ ਛੋਹਾਂ ਦਿੱਤੀਆਂ ਹਨ : 'ਜੇ ਤੁਸੀਂ ਅਸਮਾਨ 'ਤੇ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਦੀ ਤਰ੍ਹਾਂ ਸੜਨਾ ਪਵੇਗਾ।' ਅੰਤ 'ਚ ਇਸ ਵਿਚਾਰ ਨਾਲ ਸਹਿਮਤ ਹੋਣਾ ਠੀਕ ਹੈ : 'ਇਹ ਜੀਵਨ ਗਾਥਾ ਇਕ ਅਜਿਹੇ ਸੁਹਿਰਦ ਇਨਸਾਨ ਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਸਾਰੇ ਅਨੁਭਵ ਅਤੇ ਸਮੁੱਚਾ ਹੰਢਿਆ ਵਰਤਿਆ, ਭਾਵਭਿੰਨੀ ਸੰਵੇਦਨਾ ਅਤੇ ਨਿਰਛੱਲਤਾ ਨਾਲ ਬਿਆਨ ਕਰ ਦਿੱਤਾ ਹੈ।' ਇਹ ਆਤਮਕਥਾ ਪਾਠਕਾਂ ਨੂੰ ਉਤਸ਼ਾਹਿਤ ਕਰੇਗੀ। ਚੰਗੇ ਮਨੁੱਖ ਦੀ ਚੰਗੀ ਰਚਨਾ।


ਮਨਮੋਹਨ ਸਿੰਘ ਦਾਊਂ
ਮੋ: 98151-23900.


ਮਿੱਟੀ ਦੀ ਚਿੜੀ

ਲੇਖਕ : ਮੁਖ਼ਤਾਰ ਗਿੱਲ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98140-82217.


ਮੁਖ਼ਤਾਰ ਗਿੱਲ ਪੰਜਾਬੀ ਕਹਾਣੀ ਵਿਚ ਸਥਾਪਤ ਨਾਂਅ ਹੈ। ਉਸ ਨੇ ਹੁਣ ਤੱਕ ਸੱਤ ਕਹਾਣੀ ਸੰਗ੍ਰਹਿ, ਦੋ ਨਾਵਲ ਅਤੇ ਬਾਲਾਂ ਲਈ ਕੁਝ ਪੁਸਤਕਾਂ ਦੀ ਰਚਨਾ ਕੀਤੀ ਹੈ। 'ਮਿੱਟੀ ਦੀ ਚਿੜੀ' ਨਾਵਲ ਪਹਿਲਾਂ 1976 ਵਿਚ ਪ੍ਰਕਾਸ਼ਿਤ ਹੋਇਆ ਸੀ ਤੇ ਹੁਣ ਇਸ ਦਾ ਪੁਨਰ-ਪ੍ਰਕਾਸ਼ਨ ਹੋਇਆ ਹੈ।
ਇਹ ਨਾਵਲ ਇਕ ਯੁਵਾ ਦਾ ਜੀਵਨ-ਬਿਰਤਾਂਤ ਹੈ। ਲੇਖਕ ਨੇ ਭਟਕਣ-9 (ਪੰਨੇ 9-22), ਭਟਕਣ-99 (ਪੰਨੇ 23-42) ਅਤੇ ਭਟਕਣ-999 (ਪੰਨੇ 43-80) ਰਾਹੀਂ ਮੁੱਖ ਪਾਤਰ ਦੇ ਨਿਸੰਗ ਜੀਵਨ ਨੂੰ ਪ੍ਰਸਤੁਤ ਕੀਤਾ ਹੈ। ਕਿਤੇ-ਕਿਤੇ ਨਾਵਲ ਦਾ ਆਂਚਲ ਕਸ਼ਮੀਰੀ ਖੇਤਰ ਨਾਲ ਜਾ ਮਿਲਦਾ ਹੈ, ਜਿਸ ਵਿਚ ਸਮਾਵਾਰ, ਚਿਨਾਰ, ਸੇਬ, ਅਖਰੋਟ, ਬਦਾਮ, ਹਾਊਸਬੋਟ, ਸ਼ਿਕਾਰਾ, ਜੇਹਲਮ, ਧਰਤੀ ਦੀ ਜੰਨਤ, ਕੜਝਮ ਦੇ ਪੱਤੇ, ਬਰਸਾਤੀ ਸੱਕੀ ਨਾਲਾ ਜਿਹੇ ਸ਼ਬਦ ਵਰਤੇ ਗਏ ਹਨ। ਪੇਂਡੂ ਸੱਭਿਆਚਾਰ ਅਤੇ ਸੰਸਕ੍ਰਿਤੀ ਵੀ ਰੇਖਾਂਕਿਤ ਹੋਈ ਹੈ, ਜਿਸ ਵਿਚ ਨਿਸਾਰ, ਪਾੜਛਾ, ਢੋਲ, ਝਵੱਕਲੀ, ਕਾਂਞਣ, ਟਿੰਡਾਂ, ਮਾਹਲ, ਚੰਨਾ, ਗਾੜ੍ਹੀ, ਕੁੱਤਾ, ਬਾਰਾਂ ਟਾਂਕ, ਖੁੱਤੀ, ਨੱਕਾਪੂਰ, ਕੌਡਾਂ ਜਿਹੇ ਠੇਠ ਸ਼ਬਦ ਆਏ ਹਨ।
ਨਾਵਲ ਵਿਚ ਨਾਇਕ ਦੀ ਬੇਰੁਜ਼ਗਾਰੀ ਦੀ ਦਾਸਤਾਨ ਹੈ; ਅੰਮ੍ਰਿਤਸਰ ਦੇ ਹਾਲ ਗੇਟ, ਗਾਂਧੀ ਗਰਾਊਂਡ ਦਾ ਵੇਰਵਾ ਹੈ; ਲੇਖਕ/ਕਲਾਕਾਰ ਜੱਬਲ ਤੇ ਲੋਕੀ ਦਾ ਵਰਨਣ ਹੈ। ਲੌਂਗ, ਲਾਚੀ ਤੇ ਛੁਹਾਰੇ ਪਾ ਕੇ ਘਰ ਦੀ ਕੱਢੀ ਦੇਸੀ ਦਾਰੂ ਨੂੰ 'ਪਹਿਲੇ ਤੋੜ ਦੀ ਮਝੈਲਣ ਦਾਰੂ', 'ਨਿਰੀ ਅੱਗ ਦੀ ਬੱਚੀ' ਤਸ਼ਬੀਹਾਂ ਦਿੱਤੀਆਂ ਹਨ। ਪ੍ਰੀਤਲੜੀ, ਆਰਸੀ, ਨਾਗਮਣੀ, ਅੱਖਰ ਜਿਹੇ ਸਾਹਿਤਕ ਪਰਚਿਆਂ ਦਾ ਵੇਰਵਾ ਮਿਲਦਾ ਹੈ। ਐਮ.ਏ. 'ਚੋਂ ਗੋਲਡ ਮੈਡਲ ਹਾਸਲ ਕਰ ਚੁੱਕੇ ਵਿਦਿਆਰਥੀ ਨੂੰ ਸ਼ਾਇਰ ਹੋਣ ਕਰਕੇ ਨੌਕਰੀ ਨਹੀਂ ਮਿਲਦੀ। ਮਿਹਨਤਕਸ਼ ਔਰਤਾਂ ਦਾ ਵੇਰਵਾ ਹੈ, ਜੋ ਰੋਟੀ ਬਣਾਉਂਦੀਆਂ, ਲੀੜੇ ਧੋਂਦੀਆਂ, ਧਾਰਾਂ ਕੱਢਦੀਆਂ, ਭਾਂਡੇ ਮਾਂਜਦੀਆਂ, ਪਸ਼ੂਆਂ ਲਈ ਚਾਰਾ ਕੁਤਰਦੀਆਂ, ਗੁਤਾਵਾ ਕਰਦੀਆਂ ਹੋਈਆਂ ਰਾਤੀਂ ਬੱਚਾ ਜੰਮਦੀਆਂ ਹਨ ਤੇ ਅਗਲੇ ਦਿਨ ਕੰਮ ਕਰ ਰਹੀਆਂ ਹੁੰਦੀਆਂ ਹਨ।
ਸੁਰਜੀਤ ਹਾਂਸ ਨੇ ਇਸ ਨਾਵਲ (ਜਿਸ ਨੂੰ ਉਸ ਨੇ ਨਾਵਲਿਟ ਕਿਹਾ ਹੈ) 'ਤੇ ਟਿੱਪਣੀ ਕਰਦਿਆਂ ਲਿਖਿਆ ਹੈ ਕਿ ਨਾਵਲਿਟ ਸਾਡੇ ਸਮਾਜੀ ਯਥਾਰਥ ਦਾ ਪ੍ਰਤੀਨਿਧ ਹੈ। ਜੇ ਸਾਰਾ ਨਾਵਲਿਟ ਇਨ੍ਹਾਂ ਪੰਨਿਆਂ ਵਰਗਾ ਹੁੰਦਾ ਤਾਂ ਇਹ ਪੰਜਾਬੀ ਨਾਵਲ ਵਿਚ ਸ਼ੋਲੋਖੋਵ ਜਿਹੀ ਪ੍ਰਾਪਤੀ ਹੋਣੀ ਸੀ। ਬੀਬਾ ਬਲਵੰਤ ਇਸ ਨਾਵਲ ਬਾਰੇ ਅੰਤਿਕਾ ਵਿਚ ਲਿਖਦਾ ਹੈ ਕਿ ਮੁਖ਼ਤਾਰ ਗਿੱਲ ਦੇ ਪਾਤਰ ਜ਼ਿੰਦਗੀ ਨਾਲ ਖਹਿ ਕੇ ਲੰਘਦੇ, ਦੁੱਖ-ਸੁੱਖ ਭੋਗਦੇ, ਜੀਵਨ ਨੂੰ ਪਿਆਰ ਕਰਨ ਵਾਲੇ ਹਨ; ਨਾ ਕਿ ਡਰ ਕੇ ਭਾਂਜਵਾਦੀ ਹਨ। ਇਉਂ ਨਿਵੇਕਲੀ ਕਥਾ-ਸ਼ੈਲੀ ਵਿਚ ਲਿਖਿਆ ਮੁਖ਼ਤਾਰ ਗਿੱਲ ਦਾ ਇਹ ਨਾਵਲ ਜੀਵਨ ਨੂੰ ਨਵੇਂ ਜ਼ਾਵੀਏ ਤੋਂ ਵੇਖਣ ਦਾ ਯਤਨ ਹੈ।


ਪ੍ਰੋ. ਨਵਸੰਗੀਤ ਸਿੰਘ
ਮੋ: 94176-92015.

16-04-2022

 ਰਣਜੀਤ (ਮੈਗਜ਼ੀਨ)
ਸੰਪਾਦਕ : ਇੰਜੀ. ਕਰਮਜੀਤ ਸਿੰਘ
ਪ੍ਰਕਾਸ਼ਕ : ਰਣਜੀਤ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਜਲੰਧਰ
ਮੁੱਲ : 50 ਰੁਪਏ, ਸਫ਼ੇ : 252
ਸੰਪਰਕ : 98728-13128.


'ਰਣਜੀਤ' ਮੈਗਜ਼ੀਨ ਜੋ ਕਿ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਹੁੰਦਾ ਹੈ, ਉਸ ਦੇ ਸੰਪਾਦਕ ਇੰਜੀ. ਕਰਮਜੀਤ ਸਿੰਘ ਹਨ। ਇਹ ਮੈਗਜ਼ੀਨ ਉਨ੍ਹਾਂ ਨੇ ਆਪਣੇ ਪੂਜਨੀਕ ਪਿਤਾ ਸਵ. ਰਣਜੀਤ ਸਿੰਘ ਖੜਗ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਜੋ ਆਪਣੇ ਸਮੇਂ ਦੇ ਉੱਘੇ ਸਾਹਿਤਕਾਰ ਸਨ। ਇਹ ਅੰਕ 25ਵਾਂ ਅੰਕ ਹੈ ਜੋ ਕਿ 'ਸ਼ਹਾਦਤ' ਵਿਸ਼ੇਸ਼ ਅੰਕ ਹੈ। ਇਹ ਅੰਕ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸੰਪਾਦਕੀ ਮੰਡਲ ਨੇ ਉਨ੍ਹਾਂ ਗਿਆਤ, ਅਗਿਆਤ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਮਹਾਨ ਯੋਧਿਆਂ ਸੰਗਰਾਮੀਆਂ ਨੂੰ ਸਾਦਰ ਸਮਰਪਿਤ ਕੀਤਾ ਹੈ, ਜਿਨ੍ਹਾਂ ਨੇ ਮਨੁੱਖਤਾ ਦੇ ਭਲੇ ਲਈ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਅਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ। ਇਸ ਲਈ ਇਸ ਅੰਕ ਦੇ ਲੇਖਕਾਂ : ਰਣਜੀਤ ਸਿੰਘ 'ਖੜਗ', ਡਾ. ਰਾਮ ਮੂਰਤੀ, ਇੰਜੀ. ਕਰਮਜੀਤ ਸਿੰਘ, ਰਣਜੀਤ ਸਿੰਘ ਰਾਣਾ, ਪ੍ਰੋ. ਪਿਆਰਾ ਸਿੰਘ 'ਪਦਮ', ਅਮਨਦੀਪ ਕੌਰ, ਮੋਨਿਕਾ, ਅਮਰਜੀਤ ਕੌਰ, ਡਾ. ਪਰਮਵੀਰ ਸਿੰਘ, ਦਵਿੰਦਰ ਸਿੰਘ ਗਿੱਲ, ਗਿ. ਸੋਹਣ ਸਿੰਘ ਸੀਤਲ, ਡਾ. ਪਰਮਜੀਤ ਸਿੰਘ ਮਾਨਸਾ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਅਜੈਪਾਲ ਸਿੰਘ, ਸ. ਤਰਲੋਚਨ ਸਿੰਘ, ਬੀਬੀ ਹਰਸ਼ਰਨ ਕੌਰ/ਗਗਨਜੋਤ ਕੌਰ, ਹਰਜੀਤ ਸਿੰਘ, ਪ੍ਰੋ. ਵਰਿੰਦਰ ਕੌਰ, ਡਾ. ਧਰਮ ਸਿੰਘ, ਮਨਿੰਦਰ ਸਿੰਘ, ਹਰਵਿੰਦਰ ਸਿੰਘ ਖਾਲਸਾ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਵਿਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, ਸ਼ਹੀਦ ਭਾਈ ਕੀਰਤ ਭੱਟ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਸ਼ਹੀਦ ਭਾਈ ਬਚਿੱਤਰ ਸਿੰਘ, ਭਾਈ ਜੈਤਾ, ਪਹਿਲੀ ਸ਼ਹੀਦ ਬੀਬੀ ਭੀਖਾ ਸਿੰਘ, ਮਾਤਾ ਗੁਜਰੀ, ਭਾਈ ਮੋਤੀ ਰਾਮ ਮਹਿਰਾ ਜੀ, ਭਾਈ ਸੰਗਤ ਸਿੰਘ, ਭਾਈ ਤਾਰਾ ਸਿੰਘ ਡਲਵਾਂ, ਭਾਈ ਮਾਨ ਸਿੰਘ, ਹਕੀਕਤ ਰਾਏ, ਸ਼ਹੀਦ ਭਾਈ ਤਾਰੂ ਸਿੰਘ, ਭਾਈ ਸੁੱਖਾ ਸਿੰਘ ਸ਼ਹੀਦ, ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਦੇ ਜੀਵਨ ਅਤੇ ਜੀਵਨ-ਮਨੋਰਥ ਨਾਲ ਜੁੜੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਹੈ। ਇਨ੍ਹਾਂ ਨਿਬੰਧਾਂ ਵਿਚ ਇਤਿਹਾਸਕ ਵਰਤਾਰਿਆਂ ਨੂੰ ਪੇਸ਼ ਕਰਦਿਆਂ ਤਥਾਤਮਿਕ ਸਮੱਗਰੀ, ਹਵਾਲਿਆਂ, ਕਾਵਿਕ-ਟੂਕਾਂ, ਗੁਰਬਾਣੀ ਦੀਆਂ ਤੁਕਾਂ ਦੀ ਭਰਪੂਰ ਵਰਤੋਂ ਕੀਤੀ ਗਈ ਹੈ। ਇੰਜੀ. ਕਰਮਜੀਤ ਸਿੰਘ ਸੰਪਾਦਕੀ ਲੇਖ 'ਚ ਸ਼ਹੀਦ ਸ਼ਬਦ ਦੀ 'ਆਭਾ' ਦਾ ਵਿਸ਼ੇਸ਼ ਵਰਨਣ ਕਰਦੇ ਲਿਖਦੇ ਹਨ, 'ਇਹਦੇ ਵਿਚ ਕੋਈ ਖਿੱਚ ਹੈ, ਕੋਈ ਝਰਨਾਟ ਛੇੜਨ ਦੀ ਸ਼ਕਤੀ ਹੈ, ਕੋਈ ਪ੍ਰੇਰਨਾ ਦੇਣ ਦੀ ਸਮਰੱਥਾ ਰੱਖਣ ਵਾਲਾ ਇਹ ਸ਼ਬਦ ਸਦੀਆਂ-ਸਦੀਆਂ ਤੋਂ ਕੌਮਾਂ ਨੂੰ ਟੁੰਬਦਾ ਰਿਹਾ ਹੈ।' ਇਸੇ ਤਰ੍ਹਾਂ ਹੀ ਸ. ਰਣਜੀਤ ਸਿੰਘ ਖੜਗ ਦਾ ਮੰਨਣਾ ਹੈ ਕਿ ਦੇਸ਼ ਰੱਖਿਆ ਦੀ ਭਾਵਨਾ ਵਿਚੋਂ ਹੀ ਦੇਸ਼ ਭਗਤੀ ਜਨਮਦੀ ਹੈ ਅਤੇ ਇਹ ਦੇਸ਼ ਭਗਤੀ ਹੀ ਮਨੁੱਖ ਨੂੰ ਦੇਸ਼ ਤੋਂ ਆਪਾ ਵਾਰਨ ਲਈ ਪ੍ਰੇਰਿਤ ਕਰਦੀ ਹੈ। ਡਾ. ਰਾਮ ਮੂਰਤੀ ਅਨੁਸਾਰ ਸ਼ਹਾਦਤ, ਕੁਰਬਾਨੀ, ਬਲੀ ਤੇ ਬਲੀਦਾਨ ਆਦਿ ਸਮਾਨਾਰਥੀ ਸ਼ਬਦ ਹੈ। ਸ਼ਹਾਦਤ ਪਿੱਛੇ ਤਿਆਗ ਦੀ ਭਾਵਨਾ ਪ੍ਰਚੰਡ ਹੁੰਦੀ ਹੈ। ਇਸੇ ਲਈ ਇਹ ਦਿੱਤੀ ਜਾਂਦੀ ਹੈ। ਇਸ ਦਾ ਮਨੋਰਥ ਸਮਾਜਿਕ ਕਲਿਆਣ ਹੁੰਦਾ ਹੈ। ਇਸ ਲਈ ਇਹ ਸਰਬੱਤ ਦੇ ਭਲੇ ਲਈ ਕੀਤਾ ਗਿਆ ਪ੍ਰੇਰਨਾਦਾਇਕ ਕਦਮ ਹੁੰਦਾ ਹੈ ਤਾਂ ਜੋ ਅਗਲੀਆਂ ਨਸਲਾਂ ਇਸ ਦੀਆਂ ਹਮ-ਰਾਹ ਬਣ ਸਕਣ ਅਤੇ ਲੋਕ-ਕਲਿਆਣ ਲਈ ਬਣਦੀ ਜ਼ਿੰਮੇਵਾਰੀ ਨਿਭਾਅ ਸਕਣ। ਇਹ ਆਪਾ ਵਾਰੂ ਹੁੰਦੀ ਹੈ। ਇਹ ਪ੍ਰੇਮ ਦਾ ਮਾਰਗ ਹੁੰਦੀ ਹੈ। ਉਹ ਆਪਣੇ ਕਥਨ ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਤੁਕਾਂ ਦਿੰਦਿਆਂ ਆਪਣੀ ਗੱਲ ਵਧੇਰੇ ਸਪੱਸ਼ਟ ਅਤੇ ਸਾਰਥਕ ਬਣਾਉਂਦੇ ਹਨ। ਗੁਰੂ ਨਾਨਕ ਦੇਵ ਜੀ ਅਨੁਸਾਰ ਸ਼ਹਾਦਤ ਦਾ ਮਹੱਤਵ ਇੰਝ ਹੈ
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ 1412)
ਕਬੀਰ ਜੀ ਅਨੁਸਾਰ :
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥ (ਅੰਗ 1105)
ਇੰਜੀ. ਕਰਮਜੀਤ ਸਿੰਘ ਨੇ ਆਪਣੀ ਸਮੁੱਚੀ ਸੰਪਾਦਕ ਟੀਮ ਨਾਲ ਇਸ ਅੰਕ ਦੀ ਸੰਪਾਦਨਾ ਕਰਦਿਆਂ ਮਹੱਤਵਪੂਰਨ ਕੰਮ ਕੀਤਾ ਹੈ। ਖੋਜਾਰਥੀਆਂ ਲਈ ਇਹ ਅੰਕ ਮੁਫ਼ੀਦ ਸਾਬਤ ਹੋਵੇ। ਅਜਿਹੀ ਮੇਰੀ ਨਿੱਜੀ ਧਾਰਨਾ ਹੈ। ਸਮੁੱਚੀ ਟੀਮ ਨੂੰ ਵਧਾਈਆਂ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਗੁਰਮਤਿ
ਸੰਪੂਰਨ ਜੀਵਨ ਦਾ ਮਾਰਗ

ਲੇਖਕ : ਪ੍ਰਿੰ. ਡਾ. ਇੰਦਰਜੀਤ ਸਿੰਘ ਵਾਸੂ
ਪ੍ਰਕਾਸ਼ਕ : ਵਾਸੂ ਪ੍ਰਕਾਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 279
ਸੰਪਰਕ : 90563-60763.


ਪ੍ਰਿੰ. ਡਾਕਟਰ ਇੰਦਰਜੀਤ ਸਿੰਘ ਵਾਸੂ ਬਹੁਤ ਹੀ ਪ੍ਰਬੁੱਧ, ਕੌਮਾਂਤਰੀ ਪੱਧਰ ਦੇ ਪ੍ਰਸਿੱਧ ਵਿਦਵਾਨ ਅਤੇ ਸੂਖ਼ਮ ਭਾਵੀ ਖ਼ੋਜ ਬਿਰਤੀ ਦੇ ਮਾਲਕ ਹਨ, ਜਿਹੜੇ ਇਸ ਤੋਂ ਪਹਿਲਾਂ ਵੱਖ-ਵੱਖ ਵਿਸ਼ਿਆਂ 'ਤੇ 11 ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਵਿਚਾਰ ਗੋਚਰੀ ਪੁਸਤਕ ਉਨ੍ਹਾਂ ਵਲੋਂ ਰਚਿਤ 12ਵੀਂ ਪੁਸਤਕ ਹੈ, ਜਿਹੜੀ ਗੁਰਮਤਿ ਵਿਚਾਰਧਾਰਾ ਨੂੰ ਸੰਪੂਰਨ ਜੀਵਨ ਦੇ ਮਾਰਗ ਵਜੋਂ ਪ੍ਰਸਤੁਤ ਕਰਦੀ ਹੈ। ਇਸ ਪੁਸਤਕ ਦੇ 9 ਅਧਿਆਇ ਹਨ। ਪੁਸਤਕ ਦੇ ਆਰੰਭ ਵਿਚ ਅਮਰੀਕਾ ਵਸਦੇ ਵਿਸ਼ਵ ਪ੍ਰਸਿੱਧ ਮਨੋਚਿਕਿਤਸਕ ਡਾ. ਕਿਰਪਾਲ ਸਿੰਘ ਦਾ ਲਿਖਿਆ ਇਕ ਸੰਖੇਪ ਨੋਟ ਵੀ ਸ਼ਾਮਿਲ ਹੈ।
ਪੁਸਤਕ ਦੇ ਪ੍ਰਥਮ ਅਧਿਆਇ ਦਾ ਸਿਰਲੇਖ ਹੈ ਸਿੱਖ ਧਰਮ ਦੀ ਵਿਲੱਖਣਤਾ। ਇਸ ਭਾਗ ਵਿਚ ਪੂਰਬ ਨਾਨਕ ਕਾਲ ਅਤੇ ਵੱਖ-ਵੱਖ ਸਮਕਾਲੀ ਮਤਾਂਤਰਾਂ ਨਾਲੋਂ ਸਿੱਖ ਧਰਮ ਦੀ ਵਿਲੱਖਣਤਾ ਅਤੇ ਸਰਬਉੱਚਤਾ ਨੂੰ ਬੜੀ ਬਾਰੀਕਬੀਨੀ ਨਾਲ ਬਿਆਨ ਕੀਤਾ ਗਿਆ ਹੈ। ਲੇਖਕ ਅਨੁਸਾਰ ਸਿੱਖ ਧਰਮ ਮਾਨਵਵਾਦੀ ਸੰਕਲਪ ਅਤੇ ਮਨੁੱਖ ਦੀ ਗੌਰਵ ਭਰਪੂਰ ਹੋਂਦ ਦਾ ਸੁਨੇਹਾ ਦੇਣ ਵਾਲਾ ਅਜਿਹਾ ਧਰਮ ਹੈ, ਜਿਹੜਾ ਮੌਜੂਦਾ ਦੌਰ ਦੌਰਾਨ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੀ ਮਨੁੱਖਤਾ ਲਈ ਰਾਹ ਦਸੇਰਾ ਅਤੇ ਚਾਨਣ ਮੁਨਾਰਾ ਹੈ।
ਦੂਜਾ ਅਧਿਆਇ ਹੈ ਗੁਰੂ ਗ੍ਰੰਥ ਸਾਹਿਬ ਦਾ ਬਹੁਪੱਖੀ ਅਧਿਐਨ। ਇਸ ਅਧਿਆਇ ਵਿਚ ਧਰਮ ਸੰਬੰਧਿਤ ਸੰਕਲਪ ਸਮੇਤ ਵੱਖ-ਵੱਖ ਸੰਕਲਪਾਂ ਦੇ ਨਾਲ-ਨਾਲ ਧਰਮ ਦੀ ਪੁਨਰ ਵਿਆਖਿਆ ਕੀਤੀ ਗਈ ਹੈ। ਲੇਖਕ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਵਿਲੱਖਣ ਪੱਖ ਇਹ ਹੈ ਕਿ ਇਹ ਸਿੱਖ ਇਤਿਹਾਸ ਦਾ ਸੋਮਾ ਹੈ।
ਤੀਜੇ ਅਧਿਆਇ ਦਾ ਸਿਰਲੇਖ ਹੈ ਗੁਰਬਾਣੀ ਤੇ ਵਰਤਮਾਨ ਸਮੱਸਿਆਵਾਂ। ਇਨ੍ਹਾਂ ਸਮੱਸਿਆਵਾਂ ਦੀ ਚਰਚਾ ਵਾਤਾਵਰਨ ਦੇ ਵਿਸ਼ੇਸ਼ ਪ੍ਰਸੰਗ ਵਿਚ ਕੀਤੀ ਗਈ ਹੈ।
ਅਧਿਆਇ ਚੌਥਾ, ਗੁਰਮਤਿ ਨੂੰ ਸੰਪੂਰਨ ਜੀਵਨ ਦਾ ਮਾਰਗ ਦਰਸਾਉਣ ਵਾਲਾ ਬਹੁਤ ਹੀ ਉਮਦਾ ਅਤੇ ਗੁਰਬਾਣੀ ਦੇ ਅਨੇਕ ਪ੍ਰਮਾਣਾਂ ਨਾਲ ਜੜਿਤ ਅਧਿਆਇ ਹੈ।
ਅਧਿਆਇ ਪੰਜਵੇਂ ਦਾ ਸਿਰਲੇਖ ਹੈ ਖਾਲਸਾ ਅਕਾਲ ਪੁਰਖ ਕੀ ਫ਼ੌਜ। ਛੇਵੇਂ ਅਧਿਆਇ ਵਿਚ ਅਜੋਕੇ ਯੁੱਗ ਅੰਦਰ ਖਾਲਸੇ ਦੀ ਪ੍ਰਸੰਗਿਕਤਾ ਬਾਰੇ ਵਿਸਥਾਰਪੂਰਬਕ ਜਾਣਕਾਰੀ ਹੈ ਜਦਕਿ ਸੱਤਵੇਂ ਅਧਿਆਇ ਵਿਚ 1708 ਈ. ਤੋਂ 1765 ਈ. ਤੱਕ ਦੇ ਸਿੱਖ ਸੰਘਰਸ਼ ਦੀ ਗਾਥਾ ਬਿਆਨ ਕੀਤੀ ਗਈ ਹੈ। ਅਠਵੇਂ ਅਧਿਆਇ ਵਿਚ 1850 ਈ. ਤੋਂ 1925 ਈ. ਤੱਕ ਦੇ ਸਿੱਖ ਸੰਘਰਸ਼ ਦੀ ਛਾਣ-ਬੀਣ ਬੜੇ ਸੁਚੱਜੇ ਢੰਗ ਨਾਲ ਕਰਦਿਆਂ ਇਸ ਅਰਸੇ ਦੌਰਾਨ ਸ਼ੁਰੂ ਹੋਈਆਂ ਲਹਿਰਾਂ ਜਿਵੇਂ ਕਿ ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਗ਼ਦਰ ਲਹਿਰ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਦਾ ਠੋਸ ਵਿਵੇਚਨ ਕੀਤਾ ਗਿਆ ਹੈ। ਨਾਲ ਹੀ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਸਾਕਿਆਂ, ਚਾਬੀਆਂ, ਗੁਰੂ ਕੇ ਬਾਗ਼ ਅਤੇ ਗੰਗਸਰ ਜੈਤੋ ਦੇ ਮੋਰਚਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅੰਤਿਮ ਅਧਿਆਇ ਦਾ ਸਿਰਲੇਖ ਹੈ 'ਹਰਿ ਮੰਦਰੁ ਏਹੁ ਸਰੀਰੁ ਹੈ॥' ਇਸ ਲੇਖ ਰਾਹੀਂ ਵਿਦਵਾਨ ਲੇਖ਼ਕ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਮਨੁੱਖੀ ਸਰੀਰ ਕਿਵੇਂ ਹਰਿ ਮੰਦਰ ਦਾ ਉੱਚਤਮ ਰੁਤਬਾ ਪ੍ਰਾਪਤ ਕਰ ਸਕਦਾ ਹੈ? ਇਸ ਰੁਤਬੇ ਦੀ ਪ੍ਰਾਪਤੀ ਲਈ ਅਨੇਕ ਪੜਾਵਾਂ ਜਿਵੇਂ ਆਪੇ ਦੀ ਸੰਪੂਰਨ ਤਬਦੀਲੀ, ਮਨੁੱਖੀ ਬ੍ਰਹਿਮੰਡ ਦੀ ਵਿਸ਼ੇਸ਼ ਪ੍ਰਾਪਤੀ, ਸਰੀਰ ਅਨੰਤ ਬਲ ਦੇ ਪ੍ਰਤੀਕ, ਸ਼ਬਦ ਗੁਰੂ ਦੁਆਰਾ ਮਨੁੱਖ ਦੀ ਪੁਨਰ ਉਸਾਰੀ ਅਤੇ ਸਰੀਰ ਪ੍ਰਤੀ ਘ੍ਰਿਣਾਮਈ ਦ੍ਰਿਸ਼ਟੀ ਦੇ ਤਿਆਗ ਰਾਹੀਂ ਰੱਬੀ ਬਾਦਸ਼ਾਹਤ ਦੀ ਪ੍ਰਾਪਤੀ ਦਾ ਮਾਰਗ ਦਰਸਾਇਆ ਗਿਆ ਹੈ।
ਪੁਸਤਕ ਦੇ ਹਰੇਕ ਅਧਿਆਇ ਵਿਚ ਗੁਰਬਾਣੀ ਦੇ ਢੁਕਵੇਂ ਪ੍ਰਮਾਣਾਂ ਨਾਲ ਹਰ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ। ਵਿਸ਼ਵ ਪ੍ਰਸਿੱਧ ਇਤਿਹਾਸਕਾਰਾਂ, ਚਿੰਤਕਾਂ ਅਤੇ ਵਿਦਵਾਨਾਂ ਦੀਆਂ ਲਿਖ਼ਤਾਂ ਦੇ ਨਾਲ-ਨਾਲ, ਖੋਜ ਪੱਤਰਾਂ, ਅੰਗਰੇਜ਼ੀ ਪੁਸਤਕਾਂ ਅਤੇ ਸੈਮੀਨਾਰ ਖੋਜ ਪਰਚਿਆਂ ਦੇ ਹਵਾਲੇ ਵੀ ਦਿੱਤੇ ਗਏ ਹਨ। ਡਾਕਟਰ ਵਾਸੂ ਨੇ ਵਿਸ਼ੇ ਨਾਲ ਸਾਰੇ ਨੁਕਤਿਆਂ ਅਤੇ ਪੱਖਾਂ ਨੂੰ ਬਾਖੂਬੀ ਛੋਹਿਆ ਹੈ।
ਮੇਰੀ ਜਾਚੇ ਡਾਕਟਰ ਵਾਸੂ ਦੀ ਇਹ 12ਵੀਂ ਪੁਸਤਕ ਗੁਰਮਤਿ ਗਿਆਨ ਦਾ ਸਰਚਸ਼ਮਾ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710


ਜਮਰੌਦ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 232
ਸੰਪਰਕ : 98726-02296.


ਜਮਰੌਦ ਕਹਾਣੀ ਸੰਗ੍ਰਹਿ ਵਿਚ ਸੰਧੂ ਨੇ ਕੇਵਲ ਤਿੰਨ ਕਹਾਣੀਆਂ (ਰਿਮ ਝਿਮ ਪਰਬਤ, ਜਮਰੌਦ, ਮੈਂ ਰੋ ਨਾ ਲਵਾਂ ਇਕ ਵਾਰ) ਸ਼ਾਮਿਲ ਕੀਤੀਆਂ ਹਨ। ਇਹ ਤਿੰਨੇ ਕਹਾਣੀਆਂ ਸਿਰਜਣਾ 'ਚ ਵੱਖ-ਵੱਖ ਸਾਲਾਂ ਦੇ ਅੰਕਾਂ ਵਿਚ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੇਖਕ ਨੇ ਪਹਿਲੇ ਕਾਂਡ ਦੇ 52 ਪੰਨਿਆਂ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਮਾਅਨੀਖੇਜ਼ ਜਾਣਕਾਰੀ ਦਿੱਤੀ ਹੈ ਜੋ ਪਾਠਕਾਂ, ਖੋਜੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਬੜੀ ਮੁੱਲਵਾਨ ਹੈ।
ਉਪਰੋਕਤ ਤਿੰਨੇ ਕਹਾਣੀਆਂ ਵੀ ਸੰਧੂ ਦੀ ਲੰਮੇਰੀਆਂ ਕਹਾਣੀਆਂ ਲਿਖਣ ਦੀ ਪਰੰਪਰਾ ਨੂੰ ਅੱਗੇ ਤੋਰਦੀਆਂ ਹਨ। ਨਾਵਲੈੱਟ (ਲਘੂ-ਉਪਨਿਆਸ) ਜਾਪਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਬੰਦੇ ਦੀ ਹੋਂਦ (ਅਸਤਿਤਵ) ਅਤੇ ਹੋਣੀ (ਸਾਰ) ਨੂੰ ਆਧਾਰ ਮੰਨ ਕੇ 'ਕੇਂਦਰੀ ਸੂਤਰਾਂ' ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। 'ਰਿਮ ਝਿਮ ਪਰਬਤ' ਕਹਾਣੀ ਦਾ ਨਾਇਕ ਅਰਜਨ ਸਿੰਘ ਹੈ। ਪੰਜਾਬ ਦੇ ਕਾਲੇ ਦਿਨਾਂ ਵਿਚ ਉਹ ਨਿਰਪੱਖ ਸੋਚ ਵਾਲਾ ਹੈ। ਉਹ ਨਾ ਤਾਂ ਝੂਠੇ ਮੁਕਾਬਲਿਆਂ ਨੂੰ ਚੰਗਾ ਸਮਝਦਾ ਹੈ, ਨਾ ਹੀ ਨਿਰਦੋਸ਼ਾਂ ਦੇ ਕਤਲਾਂ ਨੂੰ। ਇਕ ਵਾਰੀ ਉਸ ਉੱਪਰ ਮੁੰਡਿਆਂ ਵਿਰੁੱਧ ਝੂਠੀ ਮੁਖਬਰੀ ਦਾ ਦੋਸ਼ ਲੱਗ ਗਿਆ। ਥਾਣੇਦਾਰ ਉਸ ਨੂੰ ਕਹਿੰਦਾ ਹੈ 'ਬਾਬਾ, ਵਧਾਈ ਹੋਵੇ, ਤੇਰੇ ਦੱਸੇ ਤਿੰਨੇ ਦੇ ਤਿੰਨੇ ਪੰਛੀ ਫੁੰਡੇ ਗਏ ਨੇ... ਤੇਰੇ ਦੱਸੇ... ਤੇਰੇ ਦੱਸੇ' ਪੰ. 84, ਝੂਠੀ ਮੁਖਬਰੀ ਦੀ ਕਾਲਖ ਧੋਣ ਲਈ ਉਸ ਨੇ ਮਿਆਨ ਸਣੇ ਕਿਰਪਾਨ ਥਾਣੇਦਾਰ ਦੇ ਮੋਢੇ 'ਤੇ ਮਾਰੀ ਮੋਢਾ ਲਹੂ-ਲੁਹਾਣ। ਬਦਲੇ ਵਿਚ ਅਰਜਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਹ ਕੁਦਰਤੀ ਮੌਤ ਨਹੀਂ ਸੀ ਸਗੋਂ ਅਸਤਿਤਵ (ਜ਼ਮੀਰ) ਦੀ ਰੱਖਿਆ ਲਈ 'ਐਗਜਿੰਸ਼ੀਅਲ' ਮੌਤ ਸੀ।
ਜਮਰੌਦ ਦੀ ਕਹਾਣੀ ਦੇ ਨਾਇਕ ਅਮਰ ਸਿੰਘ ਨੂੰ ਕਿਸੇ ਨੇ 'ਨੰਗ ਜੱਟ' ਕਹਿ ਦਿੱਤਾ। (ਪੰ. 117) ਅਸਤਿਤਵ ਨੂੰ ਵੱਜੀ ਠੇਸ ਦਾ ਧੋਣਾ ਧੋਣ ਲਈ ਅਮਰ ਸਿੰਘ ਨੇ ਜ਼ਮੀਨ ਦਾ ਸੌਦਾ ਕਰਕੇ ਪੁੱਤਰ ਅਮਰੀਕ ਨੂੰ ਕੈਨੇਡਾ ਭੇਜ ਦਿੱਤਾ। ਅਮਰੀਕ ਨੇ ਸਪਾਂਸਰਸ਼ਿਪ ਕਰਕੇ ਸਾਰੇ ਟੱਬਰ ਨੂੰ ਕੈਨੇਡਾ ਸੱਦ ਲਿਆ ਪਰ ਉਸੇ ਸਮੇਂ ਆਪ ਟਰੱਕ ਦੁਰਘਟਨਾ ਵਿਚ ਮਾਰਿਆ ਗਿਆ। ਅਮਰੀਕ ਦੀ ਮੌਤ ਨੂੰ ਕਹਾਣੀ ਦੇ ਅੰਤ ਤੱਕ ਗੁਪਤ ਰੱਖਿਆ ਗਿਆ ਅਤੇ ਕੋਈ ਸ਼ਿਕਾਇਤ ਕਰ ਦੇਵੇ ਜਦ ਸਪਾਂਸਰਸ਼ਿਪ ਕਰਨ ਵਾਲਾ ਹੀ ਮਰ ਗਿਆ, ਪਰਿਵਾਰ ਕੈਨੇਡਾ ਕਿਵੇਂ ਜਾ ਸਕਦਾ ਸੀ? ਇਹ 'ਕੇਂਦਰੀ ਸੂਤਰ' ਸਾਰੀ ਕਹਾਣੀ ਦੇ ਆਰ-ਪਾਰ ਫੈਲਿਆ ਹੋਇਆ ਹੈ।
ਤੀਜੀ ਕਹਾਣੀ ਦਾ ਨਾਇਕ ਅਰਧ-ਪਾਗਲ ਹੈ। ਦਿਮਾਗੀ ਬਿਮਾਰੀ ਦਾ ਸ਼ਿਕਾਰ ਹੈ, ਫ਼ਿਲਮਾਂ ਵੇਖਦਾ ਡੇ-ਡਰੀਮਿੰਗ (ਖਿਆਲੀ ਪੁਲਾਵਾਂ) ਵਿਚ ਵਿਚਰਦਾ ਹੈ। ਧਰਮਿੰਦਰ, ਹੇਮਾ ਮਾਲਿਨੀ ਦਾ ਪੁੱਤਰ ਅਤੇ ਆਪਣੇ-ਆਪ ਨੂੰ ਸ੍ਰੀਦੇਵੀ ਦਾ ਆਸ਼ਕ ਸਮਝਦਾ ਹੈ। ਉਸ ਨੂੰ ਬਿਰਤਾਂਤ ਵਿਚ ਮਜ਼੍ਹਬੀ ਮਾਂ-ਪਿਉ ਦਾ ਪੁੱਤਰ ਦਰਸਾਇਆ ਗਿਆ। ਸਮਾਜ ਦਾ ਵਰਤਾਰਾ ਉਸ ਨੂੰ ਕੁਜਾਤ ਦਾ ਸਮਝਦਾ ਹੈ। ਇਸੇ ਹੀਣਭਾਵਨਾ ਨਾਲ ਨਲਕੇ ਦੀ ਹੱਥੀ ਨਾਲ ਪਿਉ ਅਤੇ ਭਰਾ ਨੂੰ ਮਾਰ ਦਿੰਦਾ ਹੈ। ਭਜਨੇ ਨੂੰ ਆਰਥਿਕ ਪੱਖੋਂ ਪੁੱਤ ਦੇ ਨਸ਼ਿਆਂ ਨੇ ਬਰਬਾਦ ਕਰ ਦਿੱਤਾ। ਇਹ ਮੌਤ ਵੀ ਜ਼ਮੀਰ ਦੀ ਰੱਖਿਆ ਲਈ ਮੌਤ ਹੈ, ਕੁਦਰਤੀ ਮੌਤ ਨਹੀਂ। ਇਨ੍ਹਾਂ ਤਿੰਨਾਂ ਕਹਾਣੀਆਂ ਦੇ ਕਥਾਨਕ ਜਟਿਲ ਹਨ। ਅਨੇਕਾਂ ਉਪ-ਕਥਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਪੁਸਤਕ ਦਾ ਸਿਰਲੇਖ ਜਮਰੌਦ ਬੜਾ ਸ਼ਕਤੀਸ਼ਾਲੀ ਮੈਟਾਫਰ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com
c c c


ਸ਼ੀਸ਼ਾ ਝੂਠ ਨਹੀਂ ਬੋਲਦਾ

ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 98150-30221.


ਇਹ ਪੁਸਤਕ ਇਕ ਲੇਖ ਸੰਗ੍ਰਹਿ ਹੈ, ਜਿਨ੍ਹਾਂ ਵਿਚ ਸਮਾਜਿਕ, ਰਾਜਨੀਤਕ ਨਿਘਾਰ ਪ੍ਰਤੀ ਚੇਤਨਾ ਜਗਾਈ ਗਈ ਹੈ। ਲੇਖਿਕਾ ਨੇ ਅਜੋਕੇ ਸਮੇਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕੀਤਾ ਹੈ ਜਿਵੇਂ ਪ੍ਰਦੂਸ਼ਣ, ਨਸ਼ੇ, ਖ਼ੁਦਕੁਸ਼ੀਆਂ, ਨਾਬਰਾਬਰੀ, ਧਰਨੇ, ਰਿਸ਼ਵਤ, ਮਾਪਿਆਂ ਪ੍ਰਤੀ ਸੰਤਾਨ ਦੀ ਬੇਰੁਖ਼ੀ ਅਤੇ ਰਿਸ਼ਤਿਆਂ ਦੀਆਂ ਤ੍ਰੇੜਾਂ ਆਦਿ। ਇਹ ਲੇਖ ਪਾਠਕਾਂ ਨੂੰ ਸਿਸਟਮ ਦੇ ਨਿਘਾਰ ਦਾ ਸ਼ੀਸ਼ਾ ਵਿਖਾ ਕੇ ਸੁਚੇਤ ਕਰਦੇ ਹਨ। ਲੇਖਿਕਾ ਨੇ ਸਾਨੂੰ ਸਮੱਸਿਆਵਾਂ, ਹੱਕਾਂ, ਫ਼ਰਜ਼ਾਂ, ਕਾਨੂੰਨਾਂ ਅਤੇ ਸਿੱਖਿਆ ਪ੍ਰਣਾਲੀ ਬਾਰੇ ਸਰਲ ਭਾਸ਼ਾ ਵਿਚ ਜਾਣਕਾਰੀ ਦਿੱਤੀ ਹੈ। ਪਰਿਵਾਰ ਖੇਰੂੰ-ਖੇਰੂੰ ਹੋ ਰਹੇ ਹਨ, ਸਮਾਜ ਦਾ ਢਾਂਚਾ ਵਿਗੜਦਾ ਜਾ ਰਿਹਾ ਹੈ, ਰਿਸ਼ਤਿਆਂ ਨੂੰ ਸਿਉਂਕ ਲੱਗੀ ਹੋਈ ਹੈ, ਨਸ਼ਿਆਂ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਹਵਾ ਪਾਣੀ ਦੇ ਨਾਲ-ਨਾਲ ਵਿਚਾਰਾਂ ਦਾ ਪ੍ਰਦੂਸ਼ਣ ਵੀ ਵਧ ਰਿਹਾ ਹੈ। ਸਾਡੀਆਂ ਥਾਲੀਆਂ ਵਿਚ ਜ਼ਹਿਰ ਪਰੋਸਿਆ ਜਾ ਰਿਹਾ ਹੈ। ਭ੍ਰਿਸ਼ਟਾਚਾਰ ਅਤੇ ਕਾਨੂੰਨ ਦੀ ਦੁਰਵਰਤੋਂ ਨੇ ਲੋਕਾਂ ਦਾ ਜੀਵਨ ਦੁਸ਼ਵਾਰ ਕਰ ਦਿੱਤਾ ਹੈ। ਬਜ਼ੁਰਗਾਂ ਨੂੰ ਘਰਾਂ ਵਿਚੋਂ ਕੱਢ ਕੇ ਬਿਰਧ ਆਸ਼ਰਮ ਭੇਜਣਾ, ਘਰ ਵਿਚ ਗਾਲੀ-ਗਲੋਚ ਕਰਨਾ, ਕੁੱਟਣਾ, ਮਾਰਨਾ ਬੇਹੱਦ ਹੀ ਸ਼ਰਮਨਾਕ ਹੈ। ਲੋਕ ਵੋਟ ਦੀ ਕੀਮਤ ਅਤੇ ਅਹਿਮੀਅਤ ਨਹੀਂ ਸਮਝਦੇ, ਸਿਸਟਮ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਅਤੇ ਸੱਚ ਨਾਲ ਖੜ੍ਹੇ ਹੋਣ ਤੋਂ ਡਰਦੇ ਹਨ। ਆਉਣ ਵਾਲੀਆਂ ਨਸਲਾਂ ਦਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ। ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਭੱਜੀ ਜਾ ਰਹੀ ਹੈ। ਈਰਖਾ, ਲਾਪ੍ਰਵਾਹੀ, ਪ੍ਰੇਸ਼ਾਨੀ, ਮਿਲਾਵਟਖੋਰੀ, ਬੇਰੁਜ਼ਗਾਰੀ, ਲਾਲਚ, ਸਵਾਰਥ, ਹਉਮੈ ਅਤੇ ਨਸ਼ਿਆਂ ਨੇ ਜ਼ਿੰਦਗੀ ਦਾ ਸਾਰਾ ਸੁੱਖ ਸਕੂਨ ਖਿੱਚ ਲਿਆ ਹੈ। ਇਸ ਪੁਸਤਕ ਵਿਚ ਜ਼ਿੰਦਗੀ ਨੂੰ ਸਾਕਾਰਾਤਮਿਕ, ਸਫਲ, ਸੁਹੇਲੀ ਅਤੇ ਸਾਰਥਕ ਬਣਾਉਣ ਦੀ ਸੇਧ ਦਿੱਤੀ ਗਈ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

10-04-2022

ਉਸ ਨੇ ਗਾਂਧੀ ਨੂੰ ਕਿਉਂ ਮਾਰਿਆ
ਲੇਖਕ : ਅਸ਼ੋਕ ਕੁਮਾਰ ਪਾਂਡੇ
ਅਨੁਵਾਦ : ਹਰਜੋਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 299 ਰੁਪਏ, ਸਫ਼ੇ : 256
ਸੰਪਰਕ : 98769-22503.


ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 30 ਜਨਵਰੀ, 1948 ਨੂੰ ਇਕ ਪ੍ਰਾਰਥਨਾ ਸਭਾ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 10 ਫਰਵਰੀ, 1949 ਨੂੰ ਇਸ ਸਾਜਿਸ਼ ਵਿਚ ਸ਼ਾਮਿਲ ਵਿਅਕਤੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ। ਮੁੱਖ ਦੋਸ਼ੀ ਨੱਥੂ ਰਾਮ ਗੋਡਸੇ ਨੂੰ ਸਜ਼ਾ-ਏ-ਮੌਤ, ਸਹਿ-ਦੋਸ਼ੀ ਨਾਰਾਇਣ ਆਪਟੇ ਨੂੰ ਵੀ ਸਜ਼ਾ-ਏ-ਮੌਤ ਅਤੇ ਤਿੰਨ-ਚਾਰ ਹੋਰ ਦੋਸ਼ੀਆਂ ਵਿਸ਼ਣੂ ਕਰਕਰੇ, ਮਦਨ ਲਾਲ ਪਾਹਵਾ, ਗੋਪਾਲ ਗੋਡਸੇ ਅਤੇ ਸ਼ੰਕਰ ਕਿਸਤੈਅ ਨੂੰ ਉਮਰ-ਕੈਦ ਦੀ ਸਜ਼ਾ ਸੁਣਾਈ ਗਈ। ਗੋਡਸੇ ਅਤੇ ਉਸ ਦੇ ਹੋਰ ਸਾਥੀਆਂ ਦੀ ਵਿਚਾਰਧਾਰਕ ਪ੍ਰਿਸ਼ਠ-ਭੂਮੀ ਬਾਰੇ ਇਸ ਪੁਸਤਕ ਤੋਂ ਪਹਿਲਾਂ ਵੀ ਕਾਫੀ ਲਿਖਿਆ ਜਾ ਚੁੱਕਾ ਹੈ ਪਰ ਅਸ਼ੋਕ ਪਾਂਡੇ ਨੇ ਜਿਸ ਸ਼ਿੱਦਤ ਨਾਲ ਅਪਰਾਧੀਆਂ ਦੇ ਵਿਚਾਰਧਾਰਾਈ ਪਰਿਪੇਖ ਨੂੰ ਉਜਾਗਰ ਕਰਕੇ ਮਹਾਤਮਾ ਗਾਂਧੀ ਦੀ ਮਹਿਮਾ ਨੂੰ ਪ੍ਰਤਿਸ਼ਠਿਤ ਕੀਤਾ ਹੈ, ਉਹ ਉਲੇਖਯੋਗ ਹੈ।
ਲੇਖਕ ਅਨੁਸਾਰ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਅਤੇ ਸ਼ਖ਼ਸੀਅਤ ਨੂੰ ਭਾਰਤੀ ਦਰਸ਼ਨ ਅਤੇ ਸੱਭਿਆਚਾਰ ਦੇ ਪ੍ਰਸੰਗ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ। ਅਹਿੰਸਾ ਦਾ ਜੋ ਪੈਂਤੜਾ ਉਸ ਨੇ ਅਪਣਾਇਆ ਸੀ, ਉਹ ਭਾਰਤੀਅਤਾ ਦੀ ਮੁੱਖ ਪਛਾਣ ਰਿਹਾ ਹੈ। ਸਾਡੇ ਵੇਦਾਂ, ਉਪਨਿਸ਼ਦਾਂ, ਬੁੱਧਵਾਦ ਅਤੇ ਜੈਨਵਾਦ ਵਿਚ ਇਸੇ ਪੈਂਤੜੇ ਉੱਪਰ ਬਲ ਦਿੱਤਾ ਗਿਆ ਹੈ। 'ਵਾਸੂਦੇਵ ਕੁਟੰਬਕਮ' ਦਾ ਸੂਤਰ ਭਾਰਤੀਅਤਾ ਦੀ ਮੁੱਖ ਪਛਾਣ ਹੈ ਅਰਥਾਤ ਪੂਰਾ ਵਿਸ਼ਵ ਹੀ ਇਕ ਕੁਟੰਬ (ਪਰਿਵਾਰ) ਹੈ।
ਗਾਂਧੀ ਜੀ ਨੇ ਛੂਆਛਾਤ ਦੇ ਨਿਸ਼ੇਧ ਅਤੇ ਹਿੰਦੂ-ਮੁਸਲਿਮ ਏਕਤਾ ਦਾ ਜੋ ਪ੍ਰੋਗਰਾਮ ਸ਼ੁਰੂ ਕਰ ਰੱਖਿਆ ਸੀ, ਉਹ ਮਹਾਰਾਸ਼ਟਰ ਦੇ ਬ੍ਰਾਹਮਣ ਸਮੁਦਾਇ ਨੂੰ ਬਹੁਤ ਚੁੱਭਦਾ ਸੀ। ਹਿੰਦੂ ਮਹਾਂਸਭਾ ਅਤੇ ਹੋਰ ਕੱਟੜ ਹਿੰਦੁਤਵਵਾਦੀ ਆਜ਼ਾਦੀ ਉਪਰੰਤ ਬ੍ਰਾਹਮਣ ਵਰਗ ਦੀ ਸਰਕਾਰ ਅਤੇ ਚੌਧਰ ਵੇਖਣਾ ਚਾਹੁੰਦੇ ਸਨ। ਸਾਵਰਕਰ ਅਤੇ ਹੋਰ ਪੁਰਾਤਨ-ਪੰਥੀਆਂ ਨੂੰ ਗਾਂਧੀ ਜੀ ਦੀ ਮਨੁੱਖੀ ਸਮਾਨਤਾ ਅਤੇ ਹਿੰਦੂ-ਮੁਸਲਿਮ ਏਕਤਾ ਦੀ ਗੱਲ ਰਾਸ ਨਹੀਂ ਸੀ ਆਉਂਦੀ। ਇਸ ਕਾਰਨ ਉਨ੍ਹਾਂ ਨੇ ਗਾਂਧੀ ਜੀ ਦੀ ਆਵਾਜ਼ ਨੂੰ ਸਦਾ ਲਈ ਖਾਮੋਸ਼ ਕਰ ਦਿੱਤਾ। ਅਜੇ ਵੀ ਭਾਰਤ ਵਿਚ ਮੁਤਅੱਸਬੀ ਅਤੇ ਫ਼ਿਰਕਾਪ੍ਰਸਤ ਲੋਕਾਂ ਪਾਸੋਂ ਖ਼ਤਰਾ ਬਣਿਆ ਹੋਇਆ ਹੈ। ਸੋ, ਗਾਂਧੀ ਜੀ ਦੀ ਵਿਚਾਰਧਾਰਾ ਅੱਜ ਵੀ ਬੇਹੱਦ ਪ੍ਰਸੰਗਿਕ ਹੈ। ਇਹ ਇਕ ਬੇਹੱਦ ਮਹੱਤਵਪੂਰਨ ਲਿਖਤ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਤੇਰਾ ਕੀ ਫ਼ੈਸਲਾ?
ਲੇਖਿਕਾ : ਗੁਰਸਿਮਰ ਕੌਰ
ਪ੍ਰਕਾਸ਼ਕ : ਰਾਜਮੰਗਲ ਪਬਲੀਕੇਸ਼ਨਜ਼, ਅਲੀਗੜ੍ਹ
ਮੁੱਲ : 329 ਰੁਪਏ, ਸਫ਼ੇ : 311
ਸੰਪਰਕ : 070179-93445.


ਕੈਨੇਡਾ ਵਾਸੀ ਲੇਖਿਕਾ ਦੀ ਇਹ ਵਡਆਕਾਰੀ ਪੁਸਤਕ ਨਾਵਲ ਹੈ। ਨਾਵਲਕਾਰ ਦਾ ਪਿਛੋਕੜ ਮੁੰਬਈ ਦਾ ਹੈ। ਮੁੰਬਈ ਤੋਂ ਪੰਜਾਬ ਆਉਣ 'ਤੇ ਲੇਖਿਕਾ ਪੰਜਾਬੀ ਜ਼ਬਾਨ ਨਾਲ ਜੁੜੀ ਤੇ ਮੁਹਾਰਤ ਹਾਸਲ ਕੀਤੀ। ਲੇਖਿਕਾ ਰਿਸ਼ਤਿਆਂ ਨਾਲ ਮੁਹੱਬਤ ਕਰਦੀ ਹੈ। ਦੋਸਤੀਆਂ ਪਾਲਣੀਆਂ ਉਸ ਦੀਆਂ ਰਚਨਾਵਾਂ ਦੇ ਪ੍ਰਮੁੱਖ ਵਿਸ਼ੇ ਹਨ। ਨਾਵਲ ਦਾ ਵਿਸ਼ਾ ਵੀ ਮੁਹੱਬਤ ਹੈ। ਪਾਤਰ ਸਾਧਾਰਨ ਹਨ। ਪਰ ਉਹ ਵਿਦੇਸ਼ੀ ਆਧੁਨਿਕ ਜ਼ਿੰਦਗੀ ਦੇ ਪੈਰੋਕਾਰ ਹਨ। ਭਰਪੂਰ ਜ਼ਿੰਦਗੀ ਦਾ ਅਨੰਦ ਲੈਣਾ ਨਾਵਲ ਦੇ ਪਾਤਰਾਂ ਦਾ ਜੀਵਨ ਮੰਤਵ ਹੈ। ਪਾਤਰ ਪੰਜਾਬ ਤੋਂ ਕੈਨੇਡਾ ਗਏ ਹਨ। ਤੇ ਪਰਵਾਸੀ ਜੀਵਨ ਜੀ ਰਹੇ ਹਨ। ਲਵੀ (ਲਵਲੀਨ) ਕੈਨੇਡਾ ਵਿਚ ਡਾਕਟਰੀ ਕਰ ਰਹੀ ਹੈ, ਸਮੇਂ ਨਾਲ ਉਹ ਹਸਪਤਾਲ ਦੀ ਨੌਕਰੀ ਕਰਨ ਲਗਦੀ ਹੈ। ਉਸ ਦਾ ਮਹਿਬੂਬ ਹਨੀ ਇਧਰ ਪੰਜਾਬ ਵਿਚ ਹੈ। ਉਹ ਆਪਣੇ ਦੋਸਤ ਅੰਮ੍ਰਿਤ ਤੇ ਪ੍ਰੀਤੀ ਦੇ ਵਿਆਹ ਵਿਚ ਗੋਲੀ ਚੱਲਣ ਨਾਲ ਫੱਟੜ ਹੋ ਜਾਂਦਾ ਹੈ। ਹਸਪਤਾਲ ਵਿਚ ਹੈ ਲਵੀ ਜੋ ਉਸ ਕੋਲ ਆ ਕੇ ਮੁਹੱਬਤ ਦਾ ਇਜ਼ਹਾਰ ਕਰਦੀ ਹੈ। ਹਨੀ ਸਮੇਂ ਨਾਲ ਠੀਕ ਹੋ ਜਾਂਦਾ ਹੈ। ਲਵੀ ਦੇ ਮੁਹੱਬਤੀ ਬੋਲ ਉਸ ਵਿਚ ਨਵੀਂ ਰੂਹ ਭਰਦੇ ਹਨ। ਅੰਮ੍ਰਿਤ ਅਤੇ ਪ੍ਰੀਤੀ ਦਾ ਵਿਆਹ ਹੁੰਦਾ ਹੈ। ਸਾਂਝੇ ਪਰਿਵਾਰ ਹਨ। ਰਿਸ਼ਤੇਦਾਰ ਜੁੜਦੇ ਹਨ। ਹਾਸਾ-ਮਖੌਲ ਚਲਦਾ ਹੈ। ਪਾਤਰਾਂ ਦੇ ਰੁਮਾਂਟਿਕ ਸੰਵਾਦ ਤੇ ਫੋਨ 'ਤੇ ਗੱਲਬਾਤ ਦੇ ਵਿਸ਼ੇ ਵੀ ਰੁਮਾਂਸ ਭਰੇ ਹਨ। ਵਿਦੇਸ਼ਾਂ ਵਿਚ ਬਜ਼ੁਰਗਾਂ ਦਾ ਜੀਵਨ ਦੁਚਿੱਤੀ ਜਿਹੀ ਵਾਲਾ ਹੈ। ਉਨ੍ਹਾਂ ਨੂੰ ਉਧਰ ਪੰਜਾਬ ਵਰਗੀ ਖੁੱਲ੍ਹ ਨਹੀਂ ਮਿਲਦੀ। ਪਾਤਰ ਜ਼ਿੰਦਗੀ ਦੇ ਇਕ-ਇਕ ਪਲ ਨੂੰ ਰਸ-ਭਰਪੂਰ ਬਣਾਉਂਦੇ ਹਨ।
ਨਾਵਲ ਦੇ ਹਰੇਕ ਕਾਂਡ ਵਿਚ ਮੁਹੱਬਤ ਧੜਕਦੀ ਹੈ। ਭੈਣਾਂ-ਭਰਾਵਾਂ ਦੀ ਸਾਂਝ ਹੈ। ਪਾਠਕ ਨਾਵਲ ਪੜ੍ਹਦਾ ਹੋਇਆ ਮੁਹੱਬਤੀ ਅਹਿਸਾਸ ਨਾਲ ਸਰਸ਼ਾਰ ਹੁੰਦਾ ਹੈ। ਨਾਵਲ ਵਿਚ ਪਾਤਰਾਂ ਦੀ ਮੁਹੱਬਤ ਸਹਿਜੇ-ਸਹਿਜੇ ਵਿਆਹ ਤੱਕ ਪਹੁੰਚਦੀ ਹੈ। ਬਚਪਨ ਤੋਂ ਜਵਾਨੀ ਤੱਕ ਦੇ ਸਮੇਂ ਨੂੰ ਸਸਪੈਂਸ ਦਾ ਰੂਪ ਕਲਾਤਮਿਕ ਸ਼ੈਲੀ ਨਾਲ ਦਿੱਤਾ ਗਿਆ ਹੈ। ਨਾਵਲ ਵਿਚ ਪਾਤਰਾਂ ਦੇ ਫ਼ਿਲਮੀ ਤਰਜ਼ ਦੇ ਸੰਵਾਦ ਹਨ। ਨਾਟਕੀ ਦ੍ਰਿਸ਼ ਹਨ। ਵਿਆਹ ਤੱਕ ਨੌਜਵਾਨ ਜੋੜੇ ਆਰਥਿਕ ਤੌਰ 'ਤੇ ਸਵੈ-ਨਿਰਭਰ ਹੁੰਦੇ ਹਨ। ਇਹ ਸਹਿਜ ਤੋਰ ਨਾਵਲ ਦੀ ਮੁੱਖ ਵਿਸ਼ੇਸ਼ਤਾ ਹੈ। ਰੁਮਾਂਸ ਨਾਵਲ ਦੀ ਚੂਲ ਹੈ। ਪੱਛਮੀ ਤਰਜ਼ ਦੀ ਜ਼ਿੰਦਗੀ ਨੂੰ ਪੰਜਾਬੀ ਰੰਗ ਵਿਚ ਪੇਸ਼ ਕੀਤਾ ਗਿਆ ਹੈ। ਇਸ ਰੁਮਾਂਟਿਕ ਨਾਵਲ ਦਾ ਸਵਾਗਤ ਹੈ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਦਿਲਚਸਪ ਕਹਾਣੀ ਧਰਤੀ-ਅੰਬਰ ਦੀ

ਲੇਖਕ : ਡਾ. ਵਿਦਵਾਨ ਸਿੰਘ ਸੋਨੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ
ਮੁੱਲ : 150 ਰੁਪਏ, ਸਫ਼ੇ : 133
ਸੰਪਰਕ : www.nbtindia.gov.in


ਚਰਚਾ ਅਧੀਨ ਪੁਸਤਕ ਆਕਾਸ਼ ਅਤੇ ਧਰਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੇ, ਸਤਾਰਾਂ ਨਿਬੰਧਾਂ ਦਾ ਇਕ ਸੰਗ੍ਰਹਿ ਹੈ। ਇਸ ਪੁਸਤਕ ਵਿਚਲੇ ਨਿਬੰਧ, ਵਿਗਿਆਨਕ ਜਾਣਕਾਰੀਆਂ ਭਰਪੂਰ ਹਨ। 'ਅੰਬਰ ਵੱਲ ਇਕ ਝਾਤ' ਵਿਚ ਮਿੱਥ ਕਹਾਣੀਆਂ ਨਾਲ ਗਲੈਕਸੀਆਂ, ਸੌਰ ਮੰਡਲ ਦੇ ਗ੍ਰਹਿਆਂ, ਤਾਰਿਆਂ, ਪੂਛਲ ਤਾਰਿਆਂ ਨਾਲ ਜੁੜੇ ਲੋਕ ਵਿਸ਼ਵਾਸਾਂ ਦੀ ਰਸਮੀ ਜਾਣ-ਪਛਾਣ ਹੈ। 'ਕਈ ਕੋਟਿ ਅਕਾਸ ਬ੍ਰਹਮੰਡ' 'ਚ ਮਿੱਥ ਕਹਾਣੀ ਦਿਲਚਸਪ ਹੈ। ਫਿਰ ਇਕ ਮਹਾਂਵਿਸਫੋਟ ਹੋਇਆ। ਮਹਾਂਵਿਸਫੋਟ ਤੋਂ ਬਾਅਦ ਬ੍ਰਹਿਮੰਡ ਫੈਲਣਾ ਸ਼ੁਰੂ ਹੋਇਆ। ਫਿਰ ਗਲੈਕਸੀਆਂ, ਗ੍ਰਹਿ, ਤਾਰੇ ਬਣੇ। ਖੋਜੀ ਮੰਨਦੇ ਹਨ ਕਿ ਬ੍ਰਹਿਮੰਡ ਅੱਜ ਵੀ ਫੈਲ ਰਿਹਾ ਹੈ। ਕਿਹ ਬਿਧਿ ਸਜਾ ਪ੍ਰਥਮ ਸੰਸਾਰਾ, ਧੂਮਕੇਤੂ, ਉਲਕਾਵਾਂ ਤੇ ਉਲਕਾ ਪੱਟੀ ਸੂਰਜਾਂ ਦੀ ਮੌਤ, ਬੜੇ ਜਾਣਕਾਰੀ ਭਰਪੂਰ ਨਿਬੰਧ ਹਨ।
ਸਾਡੇ ਸਾਢੇ ਤੇਰਾਂ ਦਿਨ-ਚੰਨ ਦੀ ਇਕ ਰਾਤ, ਨਿਬੰਧ, ਚੰਨ ਤੇ ਮਨੁੱਖੀ ਪੈੜਾਂ ਪਾਉਣ ਤੋਂ ਲੈ ਕੇ, ਨਾਸਾ ਵਲੋਂ ਚੰਨ 'ਤੇ ਕਾਲੋਨੀਆਂ ਵਸਾਉਣ ਦੀਆਂ ਤਿਆਰੀਆਂ ਦੀ ਬਾਤ ਪਾਉਂਦਾ ਹੈ। ਇਸ ਨਿਬੰਧ ਵਿਚ ਅਪੋਲੋ-11 ਵਿਚ ਗਏ ਪੁਲਾੜ ਯਾਤਰੀਆਂ ਦੇ ਨਾਂਅ ਸਪੱਸ਼ਟ ਨਹੀਂ। ਇਹ ਤਿੰਨ ਯਾਤਰੀ ਨੀਲ ਆਰਮ ਸਟਰਾਂਗ, ਮਾਇਕਲ ਕੋਲਿਨਜ਼ ਅਤੇ ਬੱਜ ਐਲਡਰਿਨ ਸਨ।
ਸੰਝ ਦੇ ਚਮਕੀਲੇ ਤਾਰੇ ਸ਼ੁੱਕਰ ਬਾਰੇ ਨਿਬੰਧ ਦਿਲਚਸਪ ਮਿੱਥ ਕਹਾਣੀਆਂ ਦੇ ਨਾਲ ਆਮ ਪਾਠਕ ਨੂੰ ਸ਼ੁੱਕਰ ਗ੍ਰਹਿ ਬਾਰੇ ਕਾਫੀ ਜਾਣਕਾਰੀ ਦੇ ਰਿਹਾ ਹੈ। ਬਹੁਤੇ ਲੋਕ ਨਹੀਂ ਜਾਣਦੇ ਕਿ ਸ਼ੁੱਕਰ ਵੀ ਚੰਨ ਵਾਂਗ ਕਲਾਵਾਂ ਬਦਲਦਾ ਰਹਿੰਦਾ ਹੈ।
ਮੰਗਲ ਗ੍ਰਹਿ 'ਤੇ ਪਾਣੀ ਵਗਦਾ ਹੈ- ਮੰਗਲ ਨੂੰ ਜੰਗਾਂ ਲੜਾਈਆਂ ਦਾ ਗ੍ਰਹਿ ਖਿਆਲ ਕੀਤਾ ਜਾਂਦਾ ਰਿਹਾ ਹੈ। ਪਰ ਇਸ ਗੱਲ ਦਾ ਕੋਈ ਆਧਾਰ ਨਹੀਂ। ਪੰਨਾ-56 ਤੋਂ 61 ਤੱਕ, ਇੱਕੋ ਮੈਟਰ ਦੋ ਵਾਰੀ ਪ੍ਰਕਾਸ਼ਿਤ ਹੋ ਗਿਆ ਹੈ। ਅਗਲੇ ਸੰਸਕਰਨ ਵਿਚ ਇਸ ਨੂੰ ਠੀਕ ਕਰ ਲਿਆ ਜਾਣਾ ਬਣਦਾ ਹੈ।
'ਦਿਲਚਸਪ ਕਹਾਣੀ ਧਰਤੀ ਦੀ' ਅਨੁਸਾਰ ਧਰਤੀ ਦੇ 4.6 ਅਰਬ ਸਾਲ ਲੰਬੇ ਜੀਵਨ ਨੂੰ ਛੇ ਮਹਾਂਕਲਪਾਂ ਵਿਚ ਵੰਡਿਆ ਗਿਆ ਹੈ। ਮਨੁੱਖ ਦਾ ਵੱਡ ਵਡੇਰਾ ਦੱਖਣੀ ਅਫ਼ਰੀਕਾ ਵਿਚ ਰਹਿੰਦਾ, ਜੰਗਲੀ ਮਨੁੱਖੀ ਜੋੜਾ ਸੀ। ਸਾਰੇ ਮਨੁੱਖਾਂ ਦੇ ਜੀਨ ਇਕ ਸਮਾਨ ਹਨ। ਸਾਗਰ ਦੀ ਹਿੱਕ ਵਿਚੋਂ ਉੱਠਿਆ ਹਿਮਾਲਾ, ਬਰਫ਼ਾਨੀ ਯੁੱਗਾਂ ਦੀ ਦਾਸਤਾਨ, ਡਾਇਨਾਸੌਰਾਂ ਦਾ ਮਹਾਂਕਲਪ, ਆਦਿ ਮਾਨਵ ਤੋਂ ਆਧੁਨਿਕ ਮਨੁੱਖ ਤੱਕ ਵਿਕਾਸ, ਇਸ ਦਾ ਭਾਰਤ ਵਿਚ ਪ੍ਰਵੇਸ਼ ਜਿਹੇ ਨਿਬੰਧ ਬੜੀਆਂ ਮਹੱਤਵਪੂਰਨ ਜਾਣਕਾਰੀਆਂ ਲਈ ਬੈਠੇ ਹਨ। ਪੱਥਰਾਂ ਦੇ ਬਣੇ ਔਜ਼ਾਰਾਂ ਦੇ ਚਟਾਨਾਂ 'ਤੇ ਉਕਰੇ ਨਿਸ਼ਾਨ, ਸ਼ਿਵਾਲਿਕ ਦੀ ਗਾਥਾ ਗਾਉਂਦੇ ਹਨ। ਨਵੀਂ ਖੋਜ ਨੇ ਇਹ ਸਿੱਧ ਕਰ ਦਿਖਾਇਆ ਕਿ ਸ਼ਿਵਾਲਿਕ ਕਵਿਤਾ ਪੱਥਰ ਯੁੱਗ ਵੀਹ ਹਜ਼ਾਰ ਸਾਲ ਪਹਿਲਾਂ ਖ਼ਤਮ ਨਹੀਂ ਹੋਇਆ, ਸਗੋਂ ਪੱਥਰ ਯੁੱਗ ਤਾਂ ਅਜੇ ਚਾਰ ਹਜ਼ਾਰ ਸਾਲ ਪਹਿਲਾਂ ਹੀ ਖ਼ਤਮ ਹੋਇਆ ਹੈ।
ਆਇਨਸਟਾਈਨ ਠੀਕ ਹੀ ਸੀ ਜਿਸ ਨੇ ਗੁਰੂਤਾ ਤਰੰਗਾਂ ਦਾ ਵਿਚਾਰ ਦਿੱਤਾ ਸੀ। ਜਦੋਂ ਬ੍ਰਹਿਮੰਡ ਵਿਚ ਬਲੈਕ ਹੋਲ ਦੇਖੇ ਗਏ ਤਾਂ ਇਹ ਤਰੰਗਾਂ ਬਾਅਦ ਵਿਚ ਲੀਗੋ ਯੰਤਰਾਂ ਨਾਲ ਖੋਜ ਵੀ ਲਈਆਂ ਗਈਆਂ। ਵੱਧ ਗਤੀ (ਪ੍ਰਕਾਸ਼ ਦੀ ਗਤੀ ਨਾਲ) ਨਾਲ ਗਤੀ ਕਰਦੀਆਂ ਵਸਤਾਂ ਵਿਚ ਸਮਾਂ ਕੇ ਲੰਬਾਈ ਬਦਲਦੇ ਹਨ। ਇੰਜ ਆਇਨਸਟਾਈਨ ਦਾ ਸਾਪੇਖਤਾ ਦਾ ਸਿਧਾਂਤ ਸਿੱਧ ਹੋ ਜਾਂਦਾ ਹੈ। ਆਮ ਪਾਠਕਾਂ ਨੂੰ ਮੱਦੇਨਜ਼ਰ ਰੱਖਦਿਆਂ ਇਸ ਪੁਸਤਕ ਦੇ ਅਖੀਰਲੇ ਸਫ਼ਿਆਂ 'ਤੇ ਜੇ ਵਿਗਿਆਨਕ/ਤਕਨੀਕੀ ਸਬਦ ਕੋਸ਼ (ਅੰਗਰੇਜ਼ੀ ਤੋਂ ਪੰਜਾਬੀ) ਵੀ ਦੇ ਦਿੱਤਾ ਜਾਂਦਾ, ਤਾਂ ਇਹ ਪੁਸਤਕ ਆਮ ਪਾਠਕਾਂ ਲਈਹੋਰ ਵੀ ਸਮਝਣਯੋਗ ਬਣ ਜਾਂਦੀ।
ਡਾ. ਵਿਦਵਾਨ ਸਿੰਘ ਸੋਨੀ ਮਾਤ ਭਾਸ਼ਾ ਪੰਜਾਬੀ ਵਿਚ ਵਿਗਿਆਨਕ ਵਿਸ਼ਿਆਂ 'ਤੇ, ਕਾਫ਼ੀ ਅਰਸੇ ਤੋਂ ਲਿਖਣ ਵਾਲੇ ਲੇਖਕਾਂ ਵਿਚ ਸਤਿਕਾਰਤ ਨਾਂਅ ਹੈ। ਕੁੱਲ ਮਿਲਾ ਕੇ ਇਹ ਪੁਸਤਕ ਪੰਜਾਬੀ ਗਿਆਨ ਵਿਗਿਆਨ ਸਾਹਿਤ ਵਿਚ ਨਿੱਗਰ ਵਾਧਾ ਕਰਦੀ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686
c c c


ਚਾਨਣ ਬਨਾਮ ਹਨੇਰਾ
ਲੇਖਕ : ਨੇਤਰ ਸਿੰਘ ਮੁੱਤੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 175 ਰੁਪਏ, ਸਫ਼ੇ : 96
ਸੰਪਰਕ : 94636-56728.


ਪੁਸਤਕ ਚਾਨਣ ਬਨਾਮ ਹਨੇਰਾ, ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਦੇ ਲੇਖਕ ਨੇਤਰ ਸਿੰਘ ਮੁੱਤੋਂ ਹਨ। ਇਸ ਪੁਸਤਕ ਵਿਚ 84 ਮਿੰਨੀ ਕਹਾਣੀਆਂ ਹਨ। ਸਾਰੀਆਂ ਮਿੰਨੀ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ, ਜਿਨ੍ਹਾਂ ਵਿਚੋਂ ਵਿਅੰਗ ਵੀ ਝਲਕਦਾ ਹੈ ਅਤੇ ਕਈਆਂ ਵਿਚੋਂ ਪ੍ਰੇਰਨਾ ਤੇ ਨਸੀਹਤ ਵੀ ਮਿਲਦੀ ਹੈ। ਲੇਖਕ ਰਾਮਪੁਰ ਦੇ ਸਾਹਿਤਕ ਮਾਹੌਲ ਵਿਚ ਰੰਗਿਆ ਹੋਣ ਕਰਕੇ ਹਰ ਪੱਖ ਤੋਂ ਸੁਚੇਤ ਹੈ ਅਤੇ ਵੱਡੀ ਗੱਲ ਥੋੜ੍ਹੇ ਸ਼ਬਦਾਂ ਵਿਚ ਕਹਿਣ ਦਾ ਕਲਾਕਾਰ ਹੈ। ਲੇਖਕ ਨੇ ਗੀਤਕਾਰੀ 'ਤੇ ਵੀ ਆਪਣਾ ਹੱਥ ਅਜ਼ਮਾਇਆ ਹੈ ਪ੍ਰੰਤੂ ਮਿੰਨੀ ਕਹਾਣੀ ਦਾ ਸਫ਼ਰ ਉਸ ਦੀ ਕਲਮ ਨੇ ਜ਼ਿਆਦਾ ਚਾਹਿਆ, ਜਿਸ ਕਰਕੇ ਇਨ੍ਹਾਂ ਨੇ ਮਿੰਨੀ ਕਹਾਣੀਆਂ ਕਾਫੀ ਮਾਤਰਾ ਵਿਚ ਲਿਖ ਦਿੱਤੀਆਂ। ਲੇਖਕ ਕੋਲ ਸ਼ਬਦਾਵਲੀ ਦਾ ਕਾਫੀ ਭੰਡਾਰ ਜਮ੍ਹਾਂ ਹੈ ਅਤੇ ਉਸ ਨੇ ਦੂਸਰੇ ਲੇਖਕਾਂ ਤੋਂ ਬਹੁਤ ਕੁਝ ਸਿੱਖ ਕੇ ਕਲਮ ਅਜ਼ਮਾਈ ਕੀਤੀ। ਕੁਝ ਕੁ ਕਹਾਣੀਆਂ ਜ਼ਿਆਦਾ ਹੀ ਮਿੰਨੀ ਹੋ ਗਈਆਂ ਜੋ ਕਿ ਕਿੰਤੂ-ਪ੍ਰੰਤੂ ਦਾ ਵਿਸ਼ਾ ਨਹੀਂ ਹੈ। ਕੁਝ ਮਿੰਨੀ ਕਹਾਣੀਆਂ ਵਿਚ ਥੋੜ੍ਹੀ ਕਚਿਆਈ ਦੀ ਝਲਕ ਪੈਂਦੀ ਹੈ ਪ੍ਰੰਤੂ ਜ਼ਿਆਦਾ ਰੜਕ ਪੈਦਾ ਨਹੀਂ ਕਰਦੀਆਂ। ਮਿੰਨੀ ਕਹਾਣੀਆਂ ਲੇਖਕ ਨੇ ਸਾਡੇ ਆਮ ਜੀਵਨ ਵਿਚੋਂ ਲਈਆਂ ਹਨ ਕਿਉਂਕਿ ਗੱਲਾਂ ਵਿਚੋਂ ਜਦੋਂ ਗੱਲ ਨਿਕਲਦੀ ਹੈ ਤਾਂ ਉਹ ਕਈ ਵਾਰ ਮਿੰਨੀ ਕਹਾਣੀ ਵੀ ਬਣ ਜਾਂਦੀ ਹੈ। ਮਿੰਨੀ ਕਹਾਣੀ ਵਿਚ ਜ਼ਿਆਦਾ ਵਲ-ਵਲੇਵਾਂ ਨਹੀਂ ਹੁੰਦਾ। ਡਾਹ-ਡਾਹ ਕਰਕੇ ਪਾਤਰ ਆਪਣਾ ਕੰਮ ਕਰ ਜਾਂਦੇ ਹਨ ਅਤੇ ਬਹੁਤ ਕੁਝ ਕਹਿ ਵੀ ਜਾਂਦੇ ਹਨ। ਲੇਖਕ ਨੇ ਪੰਜਾਬ ਸਰਕਾਰ ਦੇ ਭੂਮੀ ਤੇ ਪਾਣੀ ਸੰਭਾਲ ਵਿਭਾਗ ਵਿਚ ਨੌਕਰੀ ਵੀ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ ਹੋਣਗੇ। ਉਸ ਦਾ ਵੀ ਲੇਖਕ ਨੇ ਲਾਭ ਲਿਆ ਹੋਵੇਗਾ। ਮਿੰਨੀ ਕਹਾਣੀਆਂ ਵਿਚ ਰਿਸ਼ਵਤ, ਮਮਤਾ, ਲਾਹਨਤ, ਬਹਾਨਾ, ਦੁਨੀਆ, ਅਹਿਮੀਅਤ, ਦੁਕਾਨ, ਮਾਸਾ, ਅਹਿਸਾਸ, ਜਵਾਬ, ਮੋਹ ਸੋਚ, ਸਕੀਮ ਆਦਿ ਮਿੰੰਨੀ ਕਹਾਣੀਆਂ ਹਨ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਲੇਖਕ ਨੇ ਆਪਣੇ ਅੰਦਰਲੇ ਵਲਵਲਿਆਂ ਨੂੰ ਵੀ ਕੱਢ ਕੇ ਆਪਣੀ ਦਿਲੀ ਭੜਾਸ ਕੱਢਣ ਦੀ ਵੀ ਕੋਸ਼ਿਸ਼ ਜਾਪਦੀ ਹੈ। ਲੇਖਕ ਹਰ ਤਰ੍ਹਾਂ ਨਾਲ ਸੁਚੇਤ ਹੈ ਅਤੇ ਉਸ ਨੂੰ ਸੱਜਿਉਂ ਖੱਬਿਉਂ ਮਿੰਨੀ ਕਹਾਣੀ ਲਿਖਣ ਲਈ ਵਾਧੂ ਮਸਾਲਾ ਮਿਲ ਜਾਂਦਾ ਹੈ, ਜਿਸ ਨੂੰ ਉਹ ਸਾਹੋ-ਸਾਹੀ ਮਿੰਨੀ ਕਹਾਣੀ ਦੇ ਰੂਪ ਵਿਚ ਪਰੋ ਦਿੰਦਾ ਹੈ।


ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990


ਕੰਡਿਆਂ ਉੱਤੇ ਨੱਚਦੀਆਂ ਤਿਤਲੀਆਂ
ਲੇਖਿਕਾ : ਦਰਸ਼ਨ ਕੌਰ ਦਰਸ਼ੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 125 ਰੁਪਏ, ਸਫ਼ੇ : 72
ਸੰਪਰਕ : 99151-29747.


'ਕੰਡਿਆਂ ਉੱਤੇ ਨੱਚਦੀਆਂ ਤਿਤਲੀਆਂ' ਦਰਸ਼ਨ ਕੌਰ ਦਰਸ਼ੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਉਹ' ਤੋਂ ਲੈ ਕੇ 'ਫੈਮਲੀ ਟਰੀ' ਤੱਕ 52 ਕਵਿਤਾਵਾਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਅਜੋਕੇ ਸਮੇਂ 'ਚ ਵਾਪਰ ਰਹੀ ਕਾਰਪੋਰੇਟਰੀ ਸੋਚ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਕਵਿੱਤਰੀ ਵਲੋਂ ਅੰਤਰਮੁਖੀ ਸੋਚ ਨੂੰ ਤਿਆਗਦਿਆਂ ਸਮੂਹਿਕ ਜ਼ਿੰਮੇਵਾਰੀ ਅਤੇ ਬਦਲਾਓ ਲਈ ਚਿੰਤਨਸ਼ੀਲ ਧਿਰਾਂ ਨੂੰ ਵੰਗਾਰ ਪਾਈ ਹੈ। ਇਸ ਕਥਨ ਦੀ ਪੁਸ਼ਟੀ ਉਸ ਵਲੋਂ ਪ੍ਰਸਿੱਧ ਜਰਮਨ ਕਵੀ ਬ੍ਰਤੋਲਤ ਬ੍ਰੈਖਤ ਦੇ ਕਾਵਿਕ ਬੋਲਾਂ : 'ਲੋਕ ਇਹ ਨਹੀਂ ਕਹਿਣਗੇ, ਉਸ ਸਮੇਂ ਹਨੇਰਾ ਸੀ, ਲੋਕ ਪੁੱਛਣਗੇ ਉਸ ਸਮੇਂ, ਕਵੀ ਚੁੱਪ ਕਿਉਂ ਸਨ, ਸਮਰਪਣ ਵਜੋਂ ਲਿਖੇ, ਸੰਕੇਤ ਕਰਦੇ ਹਨ। ਫੈਮਲੀ ਟਰੀ ਕਵਿਤਾ 'ਚ ਸਮੁੱਚਤਾ 'ਚ ਅਜਿਹੇ ਭਾਵਾਂ ਦੀ ਅਭੀਵਿਅਕਤੀ ਕੀਤੀ ਗਈ ਹੈ ਜਿਥੇ ਸਾਡੇ ਵਿਰਾਸਤੀ ਰਿਸ਼ਤਿਆਂ ਦੀਆਂ ਪਰੰਪਰਕ ਤੰਦਾਂ ਟੁੱਟਦੀਆਂ ਹਨ ਅਤੇ ਨਵੀਂ ਚੇਤਨਾ, ਸੋਚ ਅਧੀਨ ਨਿੱਜਤਾ ਅਤੇ ਇਕਹਿਰਾਪਨ ਮਨੁੱਖੀ ਜ਼ਿੰਦਗੀ 'ਚ ਰਿਸ਼ਤਿਆਂ ਨੂੰ ਗ਼ੈਰ-ਭਰੋਸਗੀ ਦੇ ਰਾਹ ਤੋਰਦਾ ਨਜ਼ਰੀਂ ਪੈਂਦਾ ਹੈ :
. . .
ਪਤਾ ਹੀ ਨਹੀਂ ਲੱਗਾ
ਕਦੋਂ ਨਵੇਂ ਰੁੱਖ ਦੀਆਂ
ਨਵੀਆਂ ਟਾਹਣੀਆਂ ਫੁੱਟੀਆਂ
ਉਸ ਨੂੰ ਕੁਝ ਯਾਦ ਨਹੀਂ
ਕਦੋਂ ਉਸ ਦਾ ਬਣਾਇਆ
ਫੈਮਲੀ ਟਰੀ ਖ਼ਤਮ ਹੋ ਗਿਆ।
ਸੋਚ ਖ਼ਤਮ ਹੋ ਗਈ
ਅੱਖਰ ਖ਼ਤਮ ਹੋ ਗਏ
ਕਲਮ ਬੰਦ ਕਵਿਤਾ ਖ਼ਤਮ ਹੋ ਗਈ।
ਕਾਰਪੋਰੇਟਰੀ ਜਗਤ 'ਸਮੂਹ' ਦੀ ਥਾਂ 'ਨਿੱਜ' ਦੇ ਵਿਕਾਸ, ਵਿਨਾਸ਼ ਦੀ ਹਾਮੀ ਭਰਦਾ ਹੋਇਆ ਮਨੁੱਖ ਦੇ ਸਮੁੱਚੇ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਵਿਰਾਸਤੀ ਮਾਹੌਲ ਨੂੰ ਤੋੜਦਾ-ਭੰਨਦਾ ਖੁੱਲ੍ਹੇ-ਖੁਲਾਸੇ ਜੀਵਨ ਦੀ ਚਕਾਚੌਂਧ ਦਿਖਾ ਕੇ ਸਹਿਜ ਮਨੁੱਖ ਦੀ ਸਾਵੀਂ-ਪੱਧਰੀ ਸੋਚ ਨੂੰ ਖੰਡਿਤ ਕਰਦਾ ਹੈ ਅਤੇ ਉਸ ਨੂੰ ਸਵਾਰਥੀ ਬਣਾਉਂਦਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਉਹ', 'ਪਰਦੇਸੀ', 'ਚੀਰ-ਹਰਣ', 'ਪੁੱੱਠੀ ਉਮੰਗ', 'ਖੋਖਲਾ ਬੁੱਤ', 'ਗੋਸ਼ਾ', 'ਪੌੜੀ', 'ਅਹਿਸਾਸ', 'ਤਲਾਸ਼', 'ਪਿਆਰ ਤੇ ਨਫ਼ਰਤ', 'ਯੁੱਧ' ਅਤੇ 'ਅੰਦਰ ਦੀ ਆਵਾਜ਼' ਕਵਿਤਾਵਾਂ ਅਜਿਹੇ ਭਾਵਾਂ ਨੂੰ ਅਭੀਵਿਅਕਤ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਗੁੰਮ ਗਈਆਂ ਤਿਤਲੀਆਂ ਦੀ ਤਲਾਸ਼ ਕਰਨੀ ਅਤੇ ਫਿਰ ਉਨ੍ਹਾਂ ਨੂੰ ਕੰਡਿਆਂ ਭਰੇ ਸਫ਼ਰ 'ਤੇ ਤੋਰਨ ਲਈ ਪ੍ਰੇਰਿਤ ਕਰਨਾ, ਡਰ-ਸਹਿਮ ਤੋਂ ਮੁਕਤ ਕਰ, ਜ਼ਿੰਦਗੀ ਦੇ ਅਸਲ ਮਕਸਦ ਵੱਲ ਤੋਰਨਾ ਕਵਿੱਤਰੀ ਦਾ ਪ੍ਰਮੁੱਖ ਉਦੇਸ਼ ਰਿਹਾ ਹੈ। ਅਜਿਹੀ ਅਗਾਂਹਵਧੂ ਅਤੇ ਉਸਾਰੂ ਸੋਚ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 098786-14096.
c c c


ਤਾਣਾ-ਬਾਣਾ
(ਕਹਾਣੀ ਸੰਗ੍ਰਹਿ)
ਕਹਾਣੀਕਾਰ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਲੇਖਕ ਆਪ
ਮੁੱਲ : 200 ਰੁਪਏ, ਸਫ਼ੇ : 128


ਇਕਵਾਕ ਸਿੰਘ ਪੱਟੀ ਪਿਛਲੇ 13 ਸਾਲਾਂ (2009) ਤੋਂ ਲੇਖਨ ਦੇ ਕਾਰਜ ਨਾਲ ਜੁੜਿਆ ਹੋਇਆ ਹੈ। ਉਸ ਦੀਆਂ ਹੁਣ ਤੱਕ 7 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਇਕ (ਮਿੰਨੀ ਕਹਾਣੀ ਸੰਗ੍ਰਹਿ) ਛਪਾਈ ਅਧੀਨ ਹੈ। ਇਨ੍ਹਾਂ ਵਿਚ ਤਿੰਨ ਕਹਾਣੀ ਸੰਗ੍ਰਹਿ ਤੇ ਚਾਰ ਲੇਖ ਸੰਗ੍ਰਹਿ ਹਨ।
ਵਿਚਾਰ-ਅਧੀਨ ਪੁਸਤਕ ਵਿਚ ਕੁੱਲ 23 ਕਹਾਣੀਆਂ ਹਨ, ਜੋ ਕਿ ਸਾਰੀਆਂ ਹੀ ਸੰਖੇਪ ਅਤੇ ਸਰਲ ਭਾਸ਼ਾ ਵਿਚ ਲਿਖੀਆਂ ਹੋਈਆਂ ਹਨ। ਇਹ ਸਾਰੀਆਂ ਕਹਾਣੀਆਂ ਇਕਹਿਰੀ ਗੋਂਦ ਵਾਲੀਆਂ ਹਨ, ਯਾਨੀ ਇਨ੍ਹਾਂ ਵਿਚ ਇਕੋ ਘਟਨਾ ਨੂੰ ਸਿੱਧੇ ਤੇ ਸਪੱਸ਼ਟ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਹ ਕਹਾਣੀਆਂ ਸਾਡੇ ਆਸ-ਪਾਸ ਨਾਲ ਵਾਬਸਤਾ ਹਨ ਤੇ ਇਨ੍ਹਾਂ ਦੀ ਉਸਾਰੀ ਲੇਖਕ ਨੇ ਨਿਰਉਚੇਚ ਹੋ ਕੇ ਕੀਤੀ ਹੈ। ਪਰਿਵਾਰਕ, ਸਮਾਜਿਕ, ਧਾਰਮਿਕ ਤੇ ਰਾਜਸੀ ਮਸਲਿਆਂ ਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਆਮ ਜੀਵਨ 'ਚੋਂ ਹਨ।
ਲੇਖਕ ਨੇ ਪੁਸਤਕ ਕਿਉਂਕਿ ਆਪ ਪ੍ਰਕਾਸ਼ਿਤ ਕੀਤੀ ਹੈ, ਇਸ ਲਈ ਇਸ ਵਿਚ ਸ਼ਾਮਿਲ ਕੀਤੀਆਂ ਤਸਵੀਰਾਂ ਉਸ ਨੇ ਗੂਗਲ ਤੋਂ ਹਾਸਲ ਕੀਤੀਆਂ ਹਨ। ਹਰ ਕਹਾਣੀ ਦੇ ਆਰੰਭ ਵਿਚ ਵੱਖਰੇ ਪੰਨੇ 'ਤੇ ਕਹਾਣੀ ਵਿਚੋਂ ਹੀ ਇਕ-ਅੱਧ ਪੈਰਾ ਪ੍ਰਕਾਸ਼ਿਤ ਕਰਕੇ ਕਹਾਣੀ ਦੇ ਬਿਰਤਾਂਤ ਤੋਂ ਜਾਣੂੰ ਕਰਵਾਇਆ ਗਿਆ ਹੈ। ਇਵੇਂ ਹੀ ਲਗਭਗ ਹਰ ਕਹਾਣੀ ਦੇ ਅੰਤ ਵਿਚ ਲੇਖਕ ਨੇ ਆਪਣੇ ਨਿੱਕੇ-ਨਿੱਕੇ ਵਿਚਾਰ ਸ਼ਾਮਿਲ ਕੀਤੇ ਹਨ। ਲੇਖਕ ਦੇ ਇਹ ਵਿਚਾਰ ਵੀ ਪੜ੍ਹਨਯੋਗ ਤੇ ਮਾਣਨਯੋਗ ਹਨ, ਜਿਵੇਂ:
-ਬਹੁਤਾ ਔਖਾ ਨਹੀਂ ਹੁੰਦਾ ਕਿਸੇ ਨੂੰ ਸਮਝਾਉਣਾ,
ਔਖਾ ਤਾਂ ਹੈ ਖ਼ੁਦ ਨੂੰ ਸਮਝਣਾ। (ਪੰਨਾ 123)
-ਕਿਸੇ ਦਾ ਭਲਾ ਸੋਚਣਾ ਚੰਗੀ ਗੱਲ ਹੈ,
ਪਰ ਭਲਾ ਕਰਨਾ ਸਭ ਤੋਂ ਚੰਗੀ ਗੱਲ ਹੈ। (ਪੰਨਾ 37)
ਆਮ ਜ਼ਿੰਦਗੀ ਦੇ ਮਸਲਿਆਂ/ਗੁੰਝਲਾਂ ਨੂੰ ਆਮ ਭਾਸ਼ਾ ਵਿਚ ਦਰਸਾ ਕੇ ਇਕਵਾਕ ਸਿੰਘ ਪੱਟੀ ਨੇ ਸਾਧਾਰਨਬੁੱਧ ਪਾਠਕਾਂ ਲਈ ਚੰਗਾ ਕਾਰਜ ਕੀਤਾ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015


ਰਾਤ ਲੰਘ ਗਈ ਤੇ ਹੋਰ ਕਹਾਣੀਆਂ
ਕਹਾਣੀਕਾਰ : ਜਸਬੀਰ ਕਲਸੀ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 88
ਸੰਪਰਕ : 81468-13291.


ਅੱਜ ਦੇ ਚਰਚਿਤ ਕਥਾਕਾਰ ਜਸਬੀਰ ਕਲਸੀ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ 'ਰਾਤ ਲੰਘ ਗਈ' ਜੋ 1992 ਵਿਚ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਸੀ। ਲੇਖਕ ਨੇ ਉਨ੍ਹਾਂ ਹੀ ਦਸ ਕਹਾਣੀਆਂ ਦੀ 2021 ਵਿਚ ਪੁਨਰ ਪ੍ਰਕਾਸ਼ਨਾ 'ਰਾਤ ਲੰਘ ਗਈ ਤੇ ਹੋਰ ਕਹਾਣੀਆਂ (1990-92) ਅਤੇ ਪਾਠਕ ਪ੍ਰਤੀਕਰਮ' ਦੇ ਨਾਂਅ ਹੇਠ ਕੀਤੀ ਹੈ। ਲਗਭਗ 30 ਕੁ ਵਰ੍ਹੇ ਪਹਿਲੋਂ ਸ਼ੁਰੂਆਤੀ ਦੌਰ ਵਿਚ ਲਿਖੀਆਂ ਛਪੀਆਂ ਕਹਾਣੀਆਂ ਜਸਬੀਰ ਕਲਸੀ ਦੇ ਕਹਾਣੀਕਾਰ ਵਜੋਂ ਮੁਢਲੇ ਪੜਾਅ ਦੀ ਪੇਸ਼ੀਨਗੋਈ ਕਰਦੀਆਂ ਹਨ। ਇਹ ਕਹਾਣੀਆਂ ਲਘੂ ਆਕਾਰੀ ਹਨ। ਇਨ੍ਹਾਂ ਦਾ ਕਥਾਨਕ ਵੀ ਇਕਹਿਰਾ ਹੈ। ਪੇਂਡੂ ਪਿਛੋਕੜ ਵਾਲੇ ਇਸ ਲੇਖਕ ਨੂੰ ਪੇਂਡੂ ਜੀਵਨ ਦੀ ਡੂੁੰਘਿਆਈ ਤੀਕ ਸਮਝ ਹੈ। ਉਸ ਨੇ ਪਿੰਡ ਦੀਆਂ ਤੰਗੀਆਂ-ਤੁਰਸ਼ੀਆਂ, ਬੁਰਾਈਆਂ ਅਤੇ ਸਮੱਸਿਆਵਾਂ ਨੂੰ ਤਨ, ਮਨ 'ਤੇ ਹੰਢਾਇਆ ਹੈ। ਇਹ ਜੀਵਨ ਅਨੁਭਵ ਚੰਗੇ ਤੇ ਮਾੜੇ ਦੋਵਾਂ ਪੱਖਾਂ ਨੂੰ ਨਾਲੋ-ਨਾਲ ਲੈ ਕੇ ਚਿਤਰਿਆ ਗਿਆ ਹੈ ਇਨ੍ਹਾਂ ਕਹਾਣੀਆਂ ਵਿਚ। ਪੇਂਡੂ ਲੋਕਾਂ ਦੀਆਂ ਲੋੜਾਂ, ਥੁੜਾਂ, ਦੁੱਖ-ਸੁੱਖ, ਰਿਸ਼ਤਿਆਂ ਵਿਚਲੀ ਜਟਿਲਤਾ, ਮਿੱਟੀ ਪ੍ਰਤੀ ਮੋਹ, ਨਸ਼ਿਆਂ ਨਾਲ ਗ੍ਰਸਿਆ ਜੀਵਨ ਇਕ ਯਥਾਰਥਵਾਦੀ ਦ੍ਰਿਸ਼ ਪੇਸ਼ ਕਰਦਾ ਹੈ। 'ਰਾਤ ਲੰਘ ਗਈ' ਦੀ ਸੀਤੋ (ਵਿਧਵਾ) ਦਾ ਦੁੱਖ ਭਰਿਆ ਜੀਵਨ, ਸ਼ਰਾਬ ਕਰਕੇ ਗਰਕ ਹੁੰਦੀ ਜ਼ਿੰਦਗੀ, 'ਸੋਚ' ਕਹਾਣੀ ਦੇ ਮੰਗਤੇ ਪਾਤਰਾਂ ਦਾ ਤਰਸਯੋਗ ਅਤੇ ਗਲੀਜ ਭਰਿਆ ਜੀਵਨ, ਪਰ 'ਮੰਗੇ' ਪਾਤਰ ਵਲੋਂ ਇਸ ਦਲਦਲ 'ਚੋਂ ਨਿਕਲਣ ਲਈ ਸੋਚਣਾ, ਕਹਾਣੀ ਨੂੰ ਸਾਕਾਰਾਤਮਿਕਤਾ ਪ੍ਰਦਾਨ ਕਰਦਾ ਹੈ। ਇੰਜ ਹੀ 'ਕੁਝ ਨਾ ਕੁਝ' ਕਹਾਣੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਅਤੇ ਗੰਭੀਰ ਸਮੱਸਿਆ ਬੇਰੁਜ਼ਗਾਰੀ 'ਤੇ ਕੇਂਦਰਿਤ ਹੈ। ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਦੀ ਭਟਕਣ ਨੂੰ ਬਾਖੂਬੀ ਪੇਸ਼ ਕਰਦੀ ਹੈ ਇਹ ਕਹਾਣੀ। 'ਬਿਸ਼ਨੀ' ਕਹਾਣੀ ਪੰਜਾਬ ਸੰਕਟ ਦੇ ਦੁਖਾਂਤ ਦੇ ਭਿੰਨ-ਭਿੰਨ ਪਹਿਲੂਆਂ 'ਤੇ ਝਾਤ ਪੁਆਉਂਦੀ ਹੈ। ਜਵਾਨੀ ਦਾ ਕੁਰਾਹੇ ਪੈਣਾ, ਪੁਲਿਸ ਤਸ਼ੱਦਦ ਅਤੇ ਸਰਕਾਰੀ ਜਬਰ ਦਾ ਮਾਰਮਿਕ ਵਰਨਣ ਹੈ। ਕਹਾਣੀ 'ਖੁਸ਼ੀ ਗ਼ਮੀ' ਵੀ ਪੰਜਾਬ ਦੇ ਮਾੜੇ ਦੌਰ ਦੀ ਮੰਜ਼ਰਕਸ਼ੀ ਕਰਦੀ ਹੈ।
ਆਪਣੇ ਪਲੇਠੇ ਕਹਾਣੀ ਸੰਗ੍ਰਹਿ ਰਾਹੀਂ ਜਸਬੀਰ ਕਲਸੀ ਇਕ ਪੇਂਡੂ ਮੁਹਾਂਦਰੇ ਵਾਲੀਆਂ ਕਹਾਣੀਆਂ ਦੇ ਸਿਰਜਕ ਵਜੋਂ ਉੱਭਰਦਾ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ, ਪ੍ਰਸਿੰਨੀ, ਨੰਦਾ, ਮੋਹਣਾ, ਬਿਸ਼ਨੀ, ਗੁਲਜ਼ਾਰੋ, ਪ੍ਰੀਤਮ, ਮੰਗਾ, ਮਿੰਦੋ, ਸੀਤੋ ਆਦਿ ਸਾਰੇ ਹੀ ਪੇਂਡੂ ਲੋਕਾਂ ਅਤੇ ਉਨ੍ਹਾਂ ਦੇ ਜਨਜੀਵਨ ਦੀ ਪ੍ਰਤੀਨਿਧਤਾ ਕਰਦੇ ਹਨ। ਪੇਂਡੂ ਲੋਕ ਬੋਲੀ ਵਾਲਾ ਮੁਹਾਵਰਾ, ਵਾਤਾਵਰਨ ਚਿਤਰਨ ਤੇ ਸੰਵਾਦ ਸਾਰੇ ਹੀ ਪੇਂਡੂ ਯਥਾਰਥ ਨਾਲ ਜੋੜਨ ਵਿਚ ਸਫਲ ਹੁੰਦੇ ਹਨ। ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ 'ਰਾਤ ਲੰਘ ਗਈ' ਨਾਲ ਜਸਬੀਰ ਕਲਸੀ ਨੇ ਇਸ ਵਿਚਲੇ ਇਕ ਸੰਭਾਵਨਾ ਭਰਪੂਰ ਸਮਰੱਥ ਕਹਾਣੀਕਾਰ ਹੋਣ ਦਾ ਪਰੀਚੈ ਦੇ ਦਿੱਤਾ ਸੀ।


ਡਾ. ਧਰਮਪਾਲ ਸਾਹਿਲ
ਮੋ: 98761-56964.


ਬਾਲ-ਚਿਰਾਗ
(ਬਾਲ-ਕਵਿਤਾਵਾਂ)
ਲੇਖਕ : ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ'
ਪ੍ਰਕਾਸ਼ਕ : ਯੂੁਨੀਮੈਕਸ ਪਬਲੀਕੇਸ਼ਨਜ਼, ਜਲੰਧਰ
ਮੁੱਲ : 95 ਰੁਪਏ, ਸਫ਼ੇ : 16
ਸੰਪਰਕ : 98721 31029.


ਪ੍ਰੋ. ਪਰਮਜੀਤ ਸਿੰਘ 'ਨਿੱਕੇ ਘੁੰਮਣ' ਦੀ 'ਬਾਲ-ਚਿਰਾਗ' ਪੁਸਤਕ ਛੇ ਬਾਲ ਕਵਿਤਾਵਾਂ 'ਤੇ ਆਧਾਰਿਤ ਹੈ। ਪੁਸਤਕ ਭਾਵੇਂ ਛੋਟੀ ਹੈ ਪਰ ਬਹੁਤ ਹੀ ਪਿਆਰੀ, ਨਿਆਰੀ ਅਤੇ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਸਿੱਖਿਆਦਾਇਕ ਬਾਲ ਕਵਿਤਾਵਾਂ ਦੀ ਪੁਸਤਕ ਹੈ। ਪਹਿਲੀ ਕਵਿਤਾ 'ਰੁੱਖ' ਬਾਲਾਂ ਨੂੰ ਰੁੱਖਾਂ ਦਾ ਮਹੱਤਵ ਸਮਝਾਉਂਦੀ ਸ਼ਾਨਦਾਰ ਕਵਿਤਾ ਹੈ ਜਿਵੇਂ : ਰੁੱਖ ਨੇ ਸਭ ਦੇ ਸਾਹ ਪਰਾਣ,
ਫਿਰ ਕਿਉਂ ਲੋਕ ਵੱਢੀ ਜਾਣ।
ਏਵੇਂ ਹੀ : 'ਮਾਂ' ਬਾਰੇ ਬਹੁਤ ਹੀ ਪਿਆਰੀ ਕਵਿਤਾ ਲਿਖੀ ਗਈ ਹੈ ਜਿਵੇਂ:-
ਬੜੀ ਪਿਆਰੀ ਮੇਰੀ ਮਾਂ,
ਸਭ ਤੋਂ ਨਿਆਰੀ ਮੇਰੀ ਮਾਂ।
ਚੰਗੀਆਂ ਗੱਲਾਂ ਰੋਜ਼ ਸਿਖਾਉਂਦੀ,
ਸਚਾਈ ਦਾ ਹੈ ਪਾਠ ਪੜ੍ਹਾਉਂਦੀ।
ਇਵੇਂ ਹੀ 'ਬਿੱਲੀ ਤੇ ਚੂਹਾ' ਕਵਿਤਾ ਬਹੁਤ ਹੀ ਦਿਲਚਸਪ ਹੈ ਜੋ ਕਿ ਸੱਜਣ 'ਤੇ ਵੀ ਵਿਸ਼ਵਾਸ ਨਾ ਕਰਨ ਦੀ ਸਿੱਖਿਆ ਦਿੰਦੀ ਲੰਬੀ ਕਵਿਤਾ ਹੈ।
ਇਵੇਂ ਹੀ ਅਜੋਕੇ ਸਾਇੰਸ ਯੁੱਗ ਵਿਚ ਕੰਪਿਊਟਰ ਬਾਰੇ ਗਿਆਨ ਦਿੰਦੀ ਬਹੁਤ ਸੁੰਦਰ ਕਵਿਤਾ ਹੈ 'ਕੰਪਿਊਟਰ'।
ਜਿਵੇਂ : ਨਵੇਂ ਯੁੱਗ ਦੀ ਨਵੀਂ ਈਜਾਦ,
ਕਰੇ ਜੋ ਜੀਵਨ ਨੂੰ ਆਬਾਦ।
ਰੱਖਦਾ ਹੈ ਇਹ ਸਭ ਕੁਝ ਯਾਦ,
ਵਕਤ ਵੀ ਕਰਦਾ ਘੱਟ ਬਰਬਾਦ।
ਮਨੋਰੰਜਨ ਵੀ ਹੈ ਇਹ ਕਰਦਾ,
ਇੰਟਰਨੈੱਟ 'ਤੇ ਗੱਲਾਂ ਦੱਸਦਾ।
ਸੱਚ ਹੀ ਆਖਣ ਸਭ ਸਿਆਣੇ,
ਕੁੱਜੇ ਵਿਚ ਹੈ ਸਾਗਰ ਵਸਦਾ।
ਇਵੇਂ ਹੀ ਪੰਜਾਬੀ ਮਾਂ ਬੋਲੀ ਦਾ ਮਹੱਤਵ ਸਮਝਾਉਂਦੀ ਸਮੇਂ 'ਤੇ ਢੁੱਕਦੀ ਬਹੁਤ ਹੀ ਪਿਆਰੀ ਕਵਿਤਾ ਹੈ 'ਮਾਂ' ਬੋਲੀ ਹੈ ਇੱਜ਼ਤ ਸਾਡੀ' ਵੇਖੋ ਲੇਖਕ ਨੇ ਕੀ ਲਿਖਿਆ ਹੈ:-
ਮਾਂ ਬੋਲੀ ਪੰਜਾਬੀ ਕਿਉਂ ਹੈ ਦਿੱਤੀ ਭਲਾ ਵਿਸਾਰ ਅਸੀਂ।
ਮਾਂ ਬੋਲੀ ਪੰਜਾਬੀ ਨੂੰ ਕਿਉਂ ਕਰਦੇ ਨਹੀਂ ਹਾਂ ਪਿਆਰ ਅਸੀਂ।
ਗੁਰੂ ਨਾਨਕ, ਅੰਗਦ, ਅਮਰਦਾਸ ਤੇ ਰਾਮਦਾਸ ਦੀ ਬਾਣੀ।
ਅਰਜਨ, ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਵੀ ਇਹ ਜਾਣੀ।
ਦਿੱਤਾ ਮਾਣ ਪੰਜਾਬੀ ਨੂੰ ਸੀ ਸ਼ੇਖ਼ ਫ਼ਰੀਦ ਨੇ ਵੀ ਡਾਢਾ।
ਭੱਟਾਂ ਗਾ ਸਵੱਈਏ ਇਸ ਵਿਚ, ਮਾਣ ਵਧਾਇਆ ਸਾਡਾ।
ਜਿਊਂਦੀ ਕੌਮ ਹੈ ਜਗ 'ਤੇ ਓਹੀ, ਮਾਂ ਬੋਲੀ ਜੋ ਪਿਆਰੇ।
ਬਣ ਜਾਏ ਭੀੜ ਜੇ ਮਾਂ-ਬੋਲੀ 'ਤੇ ਜਾਨ ਵੀ ਇਸ ਤੋਂ ਵਾਰੇ।
ਮਾਂ ਬੋਲੀ ਦਾ ਮਾਣ ਸਦਾ ਹੀ ਦਿਲ ਤੋਂ ਕਰਦੇ ਰਹੀਏ।
ਰਹੀਏ ਭਾਵੇਂ ਮੁਲਕ ਬਿਗਾਨੇ, ਇਸ ਨੂੰ ਛੱਡ ਨਾ ਦੇਈਏ।
ਇਸ ਛੋਟੀ ਜਿਹੀ ਬਾਲਾਂ ਦੀ ਬਾਲ ਪੁਸਤਕ ਵਿਚ ਲੇਖਕ ਨੇ ਕੁੱਜੇ ਵਿਚ ਸਮੁੰਦਰ ਪਾਉਣ ਦੀ ਕੋਸ਼ਿਸ ਕੀਤੀ ਹੈ। ਬੋਲੀ ਬਾਲਾਂ ਦੇ ਹਾਣ ਦੀ ਬਹੁਤ ਹੀ ਰੌਚਕ ਹੈ। ਮੈਂ ਇਸ ਛੋਟੀ ਜਿਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਦਿਲੋਂ ਸਵਾਗਤ ਕਰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


ਬਸਰੇ ਦੀਆਂ ਗਲੀਆਂ
ਮੂਲ ਲੇਖਕ (ਹਿੰਦੀ) : ਡਾ. ਅਜੈ ਸ਼ਰਮਾ
ਪੰਜਾਬੀ ਅਨੁਵਾਦ : ਕੇ.ਐਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 94635-37050


ਡਾ. ਅਜੈ ਸ਼ਰਮਾ ਪੰਜਾਬੀ ਹੈ ਪਰ ਉਸ ਨੇ ਹਿੰਦੀ ਵਿਚ ਨੌਂ ਨਾਵਲ ਲਿਖ ਕੇ ਮਹੱਤਵਪੂਰਨ ਨਾਵਲਕਾਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਸ ਦੇ ਨਾਵਲਾਂ ਵਿਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ 'ਤੇ ਅਜੋਕੇ ਮਨੁੱਖ ਅਤੇ ਸਮਾਜ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਮੱਸਿਆ ਵਿਚ ਜਕੜਿਆ ਪੇਸ਼ ਕੀਤਾ ਹੈ ਅਤੇ ਆਪਣੇ ਅਨੁਭਵਾਂ ਅਨੁਸਾਰ ਮਨੁੱਖ ਨੂੰ ਅੰਦਰੋਂ ਬਾਹਰੋਂ ਜੂਝਦਾ ਵਿਖਾਇਆ ਹੈ। ਬਸਰੇ ਦੀਆਂ ਗਲੀਆਂ ਨਾਵਲ ਦੀ ਕਹਾਣੀ ਮੱਧਵਰਗੀ ਪਰਿਵਾਰ ਦਾ ਜੰਮਪਲ 'ਆਕਾਸ਼' ਨਾਂਅ ਦਾ ਪਾਤਰ ਹੈ, ਜਿਸ ਦਾ ਪਿਤਾ ਅਧਿਆਪਕ ਹੈ, ਜਿਸ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। 'ਆਕਾਸ਼' ਪੜ੍ਹ-ਲਿਖ ਕੇ ਨੌਕਰੀ ਕਰਨ ਲਈ ਇਕ ਟ੍ਰਾਂਸਲੇਟਰ ਦੇ ਤੌਰ 'ਤੇ ਆਪਣੀ ਮਰਜ਼ੀ ਨਾਲ ਵਿਰੋਧ ਦਾ ਸਾਹਮਣਾ ਕਰਦਾ ਬੇਕਾਰ ਇੰਜੀਨੀਅਰ ਸਾਥੀ ਨਾਲ ਇਰਾਕ ਚਲਿਆ ਜਾਂਦਾ ਹੈ, ਜਿਥੇ ਉਸ ਨੂੰ ਇਕ ਕੰਪਨੀ ਵਿਚ ਇਹ ਨੌਕਰੀ ਮਿਲ ਜਾਂਦੀ ਹੈ।
ਇਹ ਉਹ ਸਮਾਂ ਹੈ, ਜਦ ਇਰਾਕ ਵਿਚ ਅਮਰੀਕੀ ਸਾਮਰਾਜ ਦੇ ਦਖ਼ਲ ਕਰਕੇ ਖਾੜੀ ਦੇ ਦੇਸ਼ ਜੰਗ ਦਾ ਸ਼ਿਕਾਰ ਸਨ, ਜਿਨ੍ਹਾਂ ਵਿਚ ਇਰਾਕ ਵੀ ਸੀ। ਆਮ ਲੋਕ ਇਸ ਦਾ ਸ਼ਿਕਾਰ ਸਨ। ਆਕਾਸ਼, ਗੋਰਿਆਂ ਦੀ ਕੰਪਨੀ ਵਿਚ ਦੋਭਾਸ਼ੀਆ ਦਾ ਕੰਮ ਕਰਨ ਲੱਗਾ ਸੀ। ਉਸ ਦੇ ਕੈਬਿਨ ਦੇ ਨਾਲ ਕੰਪਨੀ ਦਾ ਟੈਲੀਫੋਨ ਐਕਸਚੇਂਜ ਵੀ ਸੀ, ਜਿਸ ਵਿਚ ਬਸਰਾ ਨਾਂਅ ਦੀ ਇਰਾਕੀ ਕੁੜੀ ਕੰਮ ਕਰਦੀ ਸੀ। ਆਕਾਸ਼ ਨੂੰ ਜਦ ਵਿਹਲ ਮਿਲਦੀ, ਉਹ ਬਸਰਾ ਨਾਲ ਗਪਸ਼ਪ ਮਾਰਨ ਚਲਾ ਜਾਂਦਾ। ਜਾਣ-ਪਛਾਣ ਤੋਂ ਸ਼ੁਰੂ ਹੋ ਕੇ ਦੋਸਤੀ ਵਿਚੋਂ ਲੰਘਦਿਆਂ ਆਕਾਸ਼ ਅਤੇ ਬਸਰਾ ਦੀ ਦੋਸਤੀ, ਜਿਨਸੀ-ਮੁਹੱਬਤ ਵਿਚ ਵਟ ਗਈ ਤੇ ਅਜਿਹੇ ਬੰਧਨਾਂ ਵਿਚ ਦੋਵੇਂ ਜਕੜੇ ਗਏ ਕਿ ਦੋਵਾਂ ਨੂੰ ਵਿਆਹ ਕਰਵਾਉਣਾ ਪਿਆ।
ਇਸ਼ਕ ਨਹੀਂ ਜਿਨਸੀ ਸੰਬੰਧਾਂ ਤੋਂ ਵਿਆਹ ਕਰਵਾਉਣ ਲਈ ਇਕੱਲੇ ਆਕਾਸ਼ ਨੂੰ ਬਸਰਾ ਦੀਆਂ ਸਾਰੀਆਂ ਸ਼ਰਤਾਂ ਸਵੀਕਾਰ ਕਰਨੀਆਂ ਪਈਆਂ, ਉਹ ਮੁਸਲਮਾਨ ਹੀ ਨਹੀਂ ਬਣਿਆ, ਬਲਕਿ ਖਤਣਾ ਕਰਵਾ ਕੇ ਇਸਲਾਮ ਮਤ ਦੇ ਸਾਰੇ ਕਾਇਦੇ-ਕਾਨੂੰਨ ਉਸ ਨੂੰ ਗ੍ਰਹਿਣ ਕਰਨੇ ਪਏ। ਹੌਲੇ-ਹੌਲੇ ਜਦ ਉਹ ਗੁਲਾਮੀ ਦੇ ਜਬਰ ਝੱਲਦਾ ਰਿਹਾ, ਉਸ ਨੂੰ ਅਹਿਸਾਸ ਹੋਇਆ ਕਿ ਉਹ ਰਜਾਈ (ਬਸਰਾ) ਦਾ ਸਾੜ (ਗੁਲਾਮ) ਬਣ ਕੇ ਰਹਿ ਰਿਹਾ ਹੈ, ਉਸ ਦੇ ਆਪਣੇ ਨਿੱਜ ਦੀ ਅਸਲੀ ਪਛਾਣ ਹੀ ਖ਼ਤਮ ਹੋ ਗਈ ਹੈ। ਅਜਿਹੇ ਗੁਲਾਮ ਬਿਰਤੀ ਅਧੀਨ ਉਹ ਅਮਰੀਕੀ ਫ਼ੌਜ ਵਿਚ ਭਰਤੀ ਹੋ ਕੇ ਉਪਰਾਮਤਾ, ਬੇਗ਼ਾਨਗੀ ਅਤੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਿਆ। ਫ਼ੌਜ ਤੋਂ ਛੁਟਕਾਰਾ ਪ੍ਰਾਪਤ ਕਰਕੇ ਜਦ ਅੱਧਾ-ਅਧੂਰਾ ਉਹ ਭਾਰਤ ਪਰਤਿਆ ਤਾਂ ਨਾ ਉਹ ਜਿਊਂਦਿਆਂ ਵਿਚ ਸੀ, ਨਾ ਮੁਰਦਿਆਂ ਵਿਚ। ਉਹ ਨੀਮ ਪਾਗਲ ਹੋ ਕੇ ਭਾਵੇਂ ਭਾਰਤੀ ਸੰਸਕ੍ਰਿਤੀ ਅਨੁਸਾਰ ਮੁਕਤੀ ਪ੍ਰਾਪਤ ਕਰਨ ਲਈ ਹਰਿਦੁਆਰ ਜਾ ਕੇ 'ਸਵਾਮੀ ਜੀ' ਤੋਂ ਮਨ ਦੀ ਸ਼ਾਂਤੀ ਲੱਭ ਨਾ ਸਕਿਆ ਤੇ ਜਿਊਂਦਿਆਂ ਭਟਕਣਾ ਅਸ਼ਾਂਤੀ ਅਤੇ ਨਿਰਾਸ਼ਾ ਉਸ ਦੀ ਜੀਵਨ ਪ੍ਰਾਪਤੀ ਕਹਿ ਸਕਦੇ ਹਾਂ। ਇਸ ਨਾਵਲ ਵਿਚ ਸਾਮਰਾਜੀ ਵਿਸ਼ਵੀਕਰਨ ਦਾ ਸ਼ਿਕਾਰ ਮਨੁੱਖ ਦੀ ਕਹਾਣੀ ਬਿਆਨ ਹੈ। ਨਾਵਲ ਦਾ ਪੰਜਾਬੀ ਅਨੁਵਾਦ ਰੌਚਿਕ, ਆਕਰਸ਼ਕ, ਮੌਲਿਕ ਅਤੇ ਕਲਾਤਮਿਕ ਹੈ।


ਡਾ. ਅਮਰ ਕੋਮਲ
ਮੋ: 84378-73565.


ਜਵਾਨਾਂ ਦਾ ਗੀਤ

ਮੂਲ ਲੇਖਿਕਾ : ਯਾਂਗ ਮੋ
ਪੰਜਾਬੀ ਅਨੁਵਾਦ :
ਰਵਿੰਦਰ ਰਾਹੀ 'ਜੈਤੋ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 695 ਰੁਪਏ, ਸਫ਼ੇ : 647
ਸੰਪਰਕ : 94640-77540.


'ਜਵਾਨਾਂ ਦਾ ਗੀਤ' ਪ੍ਰਸਿੱਧ ਮਰਹੂਮ ਚੀਨੀ ਲੇਖਿਕਾ ਯਾਂਗ ਮੋ ਦੇ ਜਗਤ ਪ੍ਰਸਿੱਧ ਨਾਵਲ '"he Son{ of the Youth' ਦਾ ਪੰਜਾਬੀ ਉਲੱਥਾ ਹੈ। ਇਹ ਉਸ ਦਾ ਪਲੇਠਾ ਨਾਵਲ ਸੀ ਜੋ 1958 ਵਿਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਵਿਸ਼ਵ ਪ੍ਰਸਿੱਧੀ ਕਾਰਨ ਇਸ 'ਤੇ 1959 ਵਿਚ ਫ਼ਿਲਮ ਵੀ ਬਣਾਈ ਗਈ ਸੀ। ਇਸ ਨਾਵਲ ਤੋਂ ਇਲਾਵਾ ਯਾਂਗ ਮੋ ਦੇ ਨਾਵਲ '"enents , $਼ Ph਼s}c}an, "he Red $orn}n{ Star *}&਼' ਆਦਿ ਵੀ ਚਰਚਾ ਵਿਚ ਰਹੇ।
ਇਹ ਨਾਵਲ ਚੀਨ ਦੀਆਂ ਕਠਪੁਤਲੀ ਸਰਕਾਰਾਂ ਵਲੋਂ ਸਾਮਰਾਜੀ ਜਾਪਾਨ ਸਾਹਮਣੇ ਗੋਡੇ ਟੇਕਣ ਅਤੇ ਚੀਨ ਦੀ ਜ਼ਮੀਨ 'ਤੇ ਉਨ੍ਹਾਂ ਵਲੋਂ ਕਬਜ਼ਾ ਜਮਾ ਲੈਣ 'ਤੇ ਨੌਜਵਾਨਾਂ ਵਿਚ ਉੱਭਰੇ ਜੋਸ਼ ਅਤੇ ਕ੍ਰਾਂਤੀਕਾਰੀ ਕਾਰਵਾਈਆਂ ਦੀ ਮੂੰਹ ਬੋਲਦੀ ਤਸਵੀਰ ਹੈ। ਪੀਕਿੰਗ ਯੂਨੀਵਰਸਿਟੀ ਦੇ ਲੂ ਚਿਆਚਿਆਨ, ਲਿਡ ਹੁਡ, ਲਿਓ ਯੀ ਫੇਡ, ਚਾਓ ਵੂ ਚਿਡ ਜਿਹੇ ਨੌਜਵਾਨਾਂ ਦੇ ਤਿਆਗ, ਬਲੀਦਾਨ ਨੇ ਚੀਨੀ ਲੋਕਾਂ ਵਿਚ ਅਥਾਹ ਪ੍ਰੇਰਨਾ ਅਤੇ ਜੋਸ਼ ਪੈਦਾ ਕੀਤਾ ਤੇ ਲਾਲ ਸੈਨਾ ਨੂੰ ਆਪਣੀ ਮੰਜ਼ਿਲ ਪ੍ਰਾਪਤ ਕਰਨ ਦਾ ਹੌਸਲਾ ਦਿੱਤਾ। ਤਾਓ ਚਿਡ ਜਿਹੀਆਂ ਕੁੜੀਆਂ ਦੀ ਕੁਰਬਾਨੀ, ਸਹਿਣ ਕੀਤੇ ਤਸੀਹੇ, ਜੇਲ੍ਹ ਯਾਤਨਾਵਾਂ ਕਾਰਨ ਇਹ ਲੜਾਈ ਇਕ ਸਮੂਹ ਅੰਦੋਲਨ ਦਾ ਰੂਪ ਧਾਰਨ ਕਰ ਗਈ। ਹਾਲਾਂਕਿ ਇਨ੍ਹਾਂ ਦਾ ਵਿਰੋਧ ਕਰਨ ਵਾਲੇ ਅਤੇ ਪਿਛਾਂਹਖਿੱਚੂ ਪਾਤਰਾਂ ਜਿਵੇਂ ਹੂ ਮੇਡ ਏਨ, ਤਾਈ ਯੂ, ਸੂ ਯੁਡ ਤਸੇ ਜਿਹੇ ਲੋਕਾਂ ਦੀ ਵੀ ਘਾਟ ਨਹੀਂ ਸੀ ਪਰ ਲੋਕ ਸੰਗਰਾਮ ਸਾਹਮਣੇ ਅਜਿਹੇ ਹੌਲੇ ਲੋਕ ਕਿੱਥੇ ਟਿਕ ਸਕਦੇ ਸਨ।
ਲੇਖਿਕਾ ਨੇ ਲਿਨ ਤਾਓ ਚਿਡ ਜਿਹੀ ਅਮਰ ਪਾਤਰ ਸਿਰਜ ਕੇ ਮਹਾਨ ਲੋਕ ਨਾਇਕਾ ਪੈਦਾ ਕਰਨ ਦੀ ਪਿਰਤ ਪਾਈ ਹੈ। ਆਪਣੇ ਦੁਖੀ ਅਤੇ ਲਾਚਾਰੀ ਭਰੇ ਜੀਵਨ ਅਤੇ ਗ਼ਰੀਬ ਦੀ ਦਲਦਲ 'ਚ ਖੁੱਭੀ ਜ਼ਿੰਦਗੀ ਦੇ ਬਾਵਜੂਦ ਉਹ ਨਿਡਰਤਾ ਨਾਲ ਆਪਣਾ ਸੰਘਰਸ਼ ਕਰਦੀ ਰਹੀ। ਉਸ ਨੇ ਤਾਂ ਆਪਣੀ ਸ਼ਕਤੀ ਨਾਲ ਪ੍ਰੋ. ਵਾਡ ਅਤੇ ਪ੍ਰੋ. ਵੂ ਜਿਹੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਵੀ ਲੋਕ ਸੰਗਰਾਮ ਲਈ ਤਿਆਰ ਕਰ ਲਿਆ ਸੀ।
ਅਜਿਹੇ ਵੱਡ-ਆਕਾਰੀ ਨਾਵਲ ਦਾ ਉਲੱਥਾ ਕਰਨਾ ਸੌਖਾ ਕਾਰਜ ਨਹੀਂ। ਵਿਦੇਸ਼ੀ ਮੂਲ ਦੇ ਨਾਵਾਂ ਥਾਵਾਂ ਨੂੰ ਪੰਜਾਬੀ 'ਚ ਇਕਸੁਰ ਬਣਾਈ ਰੱਖਣਾ ਡਾਢਾ ਔਖਾ ਕਾਰਜ ਹੈ। ਰਵਿੰਦਰ ਰਾਹੀ 'ਜੈਤੋ' ਦਾ ਇਹ ਨਿਵੇਕਲਾ ਅਤੇ ਅਣਥੱਕ ਯਤਨ ਸਲਾਹੁਣਯੋਗ ਹੈ। ਇਹ ਨਾਵਲ ਕ੍ਰਾਂਤੀਕਾਰੀ ਸ਼ਕਤੀਆਂ ਨੂੰ ਸਾਮਰਾਜ ਖਿਲਾਫ਼ ਇਕਜੁਟ ਹੋਣ ਦਾ ਸੁਨੇਹਾ ਵੀ ਦਿੰਦਾ ਹੈ, ਜਿਸ ਦੀ ਅੱਜ ਦੇ ਯੁੱਗ 'ਚ ਵੀ ਓਨੀ ਹੀ ਲੋੜ ਹੈ ਜਿੰਨੀ ਸੌ ਸਾਲ ਪਹਿਲਾਂ ਸੀ। ਨਾਵਲ ਪੜ੍ਹਨਯੋਗ ਹੈ।


ਕੇ.ਐਲ. ਗਰਗ
ਮੋ: 94635-37050


ਨਾਮੇ ਨਾਰਾਇਨ ਨਾਹੀ ਭੇਦੁ
ਲੇਖਕ : ਜੁਗਿੰਦਰ ਸੰਧੂ
ਪ੍ਰਕਾਸ਼ਨ : ਪੰਜ ਆਬ ਪ੍ਰਕਾਸ਼ਨ ਜਲੰਧਰ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 94174-02327.ਭਗਤ ਨਾਮਦੇਵ ਜੀ ਕਾਂਤੀਕਾਰੀ ਸੋਚ ਅਤੇ ਵਿਚਾਰਧਾਰਾ ਵਾਲੇ ਸੰਤ, ਦਾਰਸ਼ਨਿਕ, ਚਿੰਤਕ ਅਤੇ ਪ੍ਰਭੂ ਦੀ ਰਜ਼ਾ ਰੰਗ 'ਚ ਰੰਗੇ ਸੱਚੇ ਵਿਅਕਤੀਤਵ ਵਾਲੇ ਭਗਤ ਹਨ। ਭਗਤ ਨਾਮਦੇਵ ਜੀ ਸੰਬੰਧੀ ਇਸ ਹਥਲੀ ਕਿਤਾਬ 'ਨਾਮੇ ਨਾਰਾਇਣ ਨਾਹੀ ਭੇਦ' ਵਿਚ ਲੇਖਕ ਜੁਗਿੰਦਰ ਸਿੰਘ ਸੰਧੂ ਦੀ ਖੋਜ ਬਿਰਤੀ ਦੇ ਝਲਕਾਰੇ ਸਪੱਸ਼ਟ ਨਜ਼ਰ ਪੈਂਦੇ ਹਨ। ਲੇਖਕ ਕੋਲ ਜਿਥੇ ਰਾਜਨੀਤੀ ਅਤੇ ਸਮਾਜੀ ਮੁੱਦਿਆਂ ਦੀ ਅਥਾਹ ਜਾਣਕਾਰੀ ਹੈ ਉੱਥੇ ਉਹ ਧਰਮ ਦੇ ਖੇਤਰ ਦਾ ਵੀ ਗਿਆਨੀ ਨਜ਼ਰ ਪੈਂਦਾ ਹੈ। ਕਿਤਾਬ ਨੂੰ ਉਸ ਅੱਠ ਸਿਰਲੇਖਾਂ ਹੇਠ ਕਲਮਬੰਦ ਕੀਤਾ। ਭਗਤ ਨਾਮਦੇਵ ਜੀ ਦਾ ਜੀਵਨ ਸਫ਼ਰ, ਭਗਤ ਨਾਮਦੇਵ ਜੀ ਦੀ ਵਿਚਾਰਧਾਰਾ, ਨਾਮਦੇਵ ਬਾਣੀ ਦੀ ਕ੍ਰਾਂਤੀਕਾਰੀ ਸੁਰ, ਈਭੈ ਬੀਠਲੁ ਊਭੈ ਬੀਠਲੁ, ਨਾਮਦੇਵ ਬਾਣੀ ਕਾਵਿ ਕਲਾ, ਭਗਤ ਨਾਮਦੇਵ ਜੀ ਦੇ ਭੇਤ, ਨਾਮਦੇਵ ਜੀ ਦੀ ਬਾਣੀ 'ਚ ਮਿਥਿਹਾਸਕ, ਇਤਿਹਾਸਕ ਪਾਤਰ, ਨਾਮਦੇਵ ਜੀ ਦੀ ਬਾਣੀ (ਪਦ ਅਰਥਾਂ ਸਮੇਤ)।
ਲੇਖਕ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਕਾਵਿ ਸੰਗ੍ਰਹਿ 'ਸਿਰ ਵਿਹੂਣੇ ਧੜ' ਕਾਰਗਿਲ ਦੀ ਜੰਗ ਅਤੇ ਗੁਰਬਾਣੀ ਦੇ ਵਿਚਾਰਧਾਰਕ ਅਤੇ ਕਲਾਤਮਿਕ ਪੱਖਾਂ ਦਾ ਅਲੋਚਾਨਾਤਮਿਕ ਅਧਿਐਨ ਕਰਦੀ ਕਿਤਾਬ, 'ਮਾਹ ਦਿਵਸ ਮੂਰਤ ਭਲੇ' ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਸੰਧੂ ਦੀ ਕਲਮ ਲੇਖਣੀ ਪਰੰਪਰਾ ਤੋਂ ਹਟ ਕੇ ਚਲਦੀ ਹੈ।
ਭਗਤ ਨਾਮਦੇਵ ਜੀ ਧਾਰਮਿਕ ਬਿਰਤੀ ਵਾਲੇ ਸਨ ਸਮਾਜੀ ਚਿੰਤਕ ਵੀ ਸਨ। ਸਮਾਜ ਵਿਚ ਪਨਪਦੇ ਕਈ ਗ਼ਲਤ ਵਰਤਾਰਿਆਂ ਖਿਲਾਫ਼ ਕ੍ਰਾਂਤੀਕਾਰੀ ਹੱਦ ਤੱਕ ਖੁੱਲ੍ਹ ਦਿਲੀ ਨਾਲ ਆਪਣੀ ਗੱਲ ਕਹਿਣ ਵਾਲੇ ਸਨ। ਦਸਵੀਂ, ਗਿਆਰ੍ਹਵੀਂ ਸਦੀ ਵਿਚ ਭਗਤੀ ਲਹਿਰ ਨੇ ਵਰਣਵੰਡ ਵਿਚਾਰਧਾਰਾ ਨੂੰ ਜ਼ਬਰਦਸਤ ਟੱਕਰ ਦਿੱਤੀ। ਲੇਖਕ ਨੇ ਭਗਤ ਜੀ ਦੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਵਿਚ ਬਹੁਤ ਹੀ ਤਾਰਕਿਕ ਤਰੀਕੇ ਦੀ ਪਹੁੰਚ ਅਪਣਾਈ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਮਹਾਰਾਸ਼ਟਰ ਦੀ ਯਾਤਰਾ ਦੌਰਾਨ ਭਗਤ ਨਾਮਦੇਵ ਦੀ ਬਾਣੀ ਪ੍ਰਾਪਤ ਕੀਤੀ ਜੋ ਰਚਨਾ, ਆਕਾਰ ਪੱਖੋਂ ਬਹੁਤੀ ਨਹੀਂ, ਕੁੱਲ 61 ਸ਼ਬਦ ਜੋ 18 ਰਾਗਾਂ ਵਿਚ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਲੇਖਕ ਨੇ ਵੱਖਰੇ-ਵੱਖਰੇ ਕਾਂਡਾਂ ਵਿਚ ਭਗਤ ਨਾਮਦੇਵ ਜੀ ਦੇ ਜੀਵਨ ਅਤੇ ਬਾਣੀ ਦੇ ਵਿਭਿੰਨ ਪੱਖਾਂ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ। ਭਗਤ ਜੀ ਦੇ ਨਾਮ, ਜਨਮ ਸਥਾਨ ਸੰਬੰਧੀ ਪਏ ਝਮੇਲਿਆਂ ਨੂੰ ਲੇਖਕ ਨੇ ਬਾਦਲੀਲ ਸਰੋਤਾਂ ਦੇ ਹਵਾਲੇ ਦੇ ਕੇ ਸਪੱਸ਼ਟ ਕੀਤਾ ਹੈ। ਇਹ ਸਾਰਾ ਖੋਜ ਕਾਰਜ ਪ੍ਰਸੰਸਾ ਵਾਲਾ ਹੈ। ਜਤਿੰਦਰ ਪੰਨੂੰ, ਡਾ. ਗੁਰਦੇਵ ਸਿੰਘ ਸਿੱਧੂ ਅਤੇ ਦੇਸ ਰਾਜ ਕਾਲੀ ਨੇ ਆਪਣੀਆਂ ਵਿਸਤ੍ਰਿਤ ਰਾਵਾਂ ਹਥਲੀ ਪੁਸਤਕ ਬਾਰੇ ਅੰਕਿਤ ਕੀਤੀਆਂ ਹਨ। ਲੇਖਕ ਨੇ ਪੁਸਤਕ ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਹੈ।


ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਸੋਹਣੀ ਦਾ ਘੜਾ
ਲੇਖਕ : ਰਤਨ ਟਾਹਲਵੀ
ਪ੍ਰਕਾਸ਼ਕ : ਟਾਹਲਵੀ ਪ੍ਰਕਾਸ਼ਨ
ਮੁੱਲ : 100 ਰੁਪਏ, ਸਫ਼ੇ : 134
ਸੰਪਰਕ : 81462-10637.


ਦੇਸ਼ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਦਿਨ-ਬਦਿਨ ਆਉਂਦੇ ਨਿਘਾਰ ਨੂੰ ਦੇਖ ਕੇ ਹਰ ਵਿਅਕਤੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਅਜਿਹੀ ਆਜ਼ਾਦੀ ਲਈ ਤਾਂ ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਨਹੀਂ ਸੀ ਕੀਤੀਆਂ। ਰਤਨ ਟਾਹਲਵੀ ਵੀ ਅਜਿਹੀਆਂ ਹੀ ਕੁਝ ਭਾਵਨਾਵਾਂ ਦਾ ਪ੍ਰਗਟਾਵਾ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸੋਹਣੀ ਦਾ ਘੜਾ' ਦੀਆਂ ਇਨ੍ਹਾਂ ਪੰਕਤੀਆਂ ਵਿਚ ਬੜੀ ਖ਼ੂਬਸੂਰਤੀ ਨਾਲ ਕਰਦੇ ਹਨ :
ਬੋਲੇ ਬੁੱਤ ਭਗਤ ਸਿੰਘ ਦਾ,
ਮੈਂ ਕੀਤੀ ਜਿਨ੍ਹਾਂ ਲਈ ਕੁਰਬਾਨੀ।
ਉਹ ਅੱਜ ਵੀ ਓਦਾਂ ਹੀ,
ਲੋਕ ਮੇਰੇ ਰਹੇ ਨੇ ਭੁਗਤ ਗ਼ੁਲਾਮੀ।
ਇਸ ਭਿਆਨਕ ਦੁਖਾਂਤ ਸੰਬੰਧੀ ਉਨ੍ਹਾਂ ਦੀ ਚਿੰਤਾ ਦੇ ਨਾਲ-ਨਾਲ ਉਨ੍ਹਾਂ ਦਾ ਚਿੰਤਨ ਵੀ ਗਹਿਰਾ ਹੁੰਦਾ ਦਿਖਾਈ ਦਿੰਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਉਹ ਨਿਰਾਸ਼ ਨਹੀਂ ਹੁੰਦੇ ਬਲਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਕ ਨਾ ਇਕ ਦਿਨ ਇਸ ਘੁੱਪ-ਹਨੇਰੇ ਦਾ ਖ਼ਾਤਮਾ ਜ਼ਰੂਰ ਹੋਵੇਗਾ ਅਤੇ ਮਿਹਨਤ-ਮੁਸ਼ੱਕਤ ਕਰਨ ਵਾਲੇ ਭੁੱਖੇ-ਨੰਗੇ ਲੋਕ ਵੀ ਰੱਜ ਕੇ ਰੋਟੀ ਖਾ ਸਕਣਗੇ। ਕੱਚੇ ਢਾਰਿਆਂ ਵਿਚੋਂ ਨਿਕਲਣ ਵਾਲੇ ਕਿਰਤੀਆਂ ਦੇ ਇਸ ਇਨਕਲਾਬ ਦਾ ਨਾਅਰਾ ਉਹ ਇਨ੍ਹਾਂ ਸ਼ਬਦਾਂ ਵਿਚ ਬੁਲੰਦ ਕਰਦੇ ਦਿਖਾਈ ਦਿੰਦੇ ਹਨ:
ਬੇਈਮਾਨਾਂ ਦੇ ਨਕਾਬ,
ਲਾਹ-ਲਾਹ ਪੈਰਾਂ ਵਿਚ ਰੋਲੂ।
ਹੁਣ ਉੱਠੂ ਇਨਕਲਾਬ,
ਕੱਚੇ ਢਾਰਿਆਂ 'ਚੋਂ ਬੋਲੂ।
ਇਸ ਪੁਸਤਕ ਤੋਂ ਪਹਿਲਾਂ ਰਤਨ ਟਾਹਲਵੀ ਦੇ ਅੱਠ ਕਾਵਿ-ਸੰਗ੍ਰਹਿ, ਇਕ ਸੂਫ਼ੀ ਕਲਾਮ, ਇਕ ਗੀਤ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀ ਇਕ ਪੁਸਤਕ 'ਟਾਹਲਵੀ ਦੀਆਂ ਚੋਣਵੀਆਂ ਕਾਵਿ-ਰਚਨਾਵਾਂ' ਡਾ. ਜਸਵੰਤ ਬੇਗੋਵਾਲ ਵਲੋਂ ਸੰਪਾਦਿਤ ਕੀਤੀ ਗਈ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਵਿਸ਼ਿਆਂ ਦੀ ਬਹੁਤਾਤ ਦਾ ਨਾਲ-ਨਾਲ ਗੱਲ ਕਹਿਣ ਦਾ ਹੁਨਰ ਵੀ ਹੈ। ਮੈਨੂੰ ਪੂਰੀ ਤਸੱਲੀ ਹੈ ਕਿ ਪਾਠਕ ਉਨ੍ਹਾਂ ਦੇ ਇਸ ਸੁਚੱਜੇ ਅਤੇ ਨਿੱਗਰ ਉਪਰਾਲੇ ਦਾ ਜ਼ਰੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027

09-04-2022

 ਪਾਣੀ ਹੋਏ ਵਿਚਾਰ
ਕਵੀ : ਲਖਵਿੰਦਰ ਜੌਹਲ
ਪ੍ਰਕਾਸ਼ਕ : ਆਪਣੀ ਆਵਾਜ਼ ਪਬਲੀਕੇਸ਼ਨਜ਼, ਜਲੰਧਰ
ਸਫ਼ੇ : 96
ਸੰਪਰਕ : 94171-94812.


ਹਥਲੀ ਕਾਵਿ ਪੁਸਤਕ ਲਖਵਿੰਦਰ ਜੌਹਲ ਦੀ 19ਵੀਂ ਸਾਹਿਤਕ ਪੁਸਤਕ ਹੈ। ਜੌਹਲ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਤੇ ਫਲਸਫ਼ਾ ਭਰਪੂਰ ਹਸਤਾਖਰ ਹੈ। ਉਸ ਦਾ ਵਿਚਰਨ ਸੰਸਾਰ ਵੀ, ਸਾਹਿਤ ਦਾ ਮਾਣਮੱਤਾ ਹੋਣ ਕਰਕੇ ਉਸ ਕੋਲ ਪੰਜਾਬੀ ਸਾਹਿਤ ਤੇ ਖ਼ਾਸ ਕਰਕੇ ਕਵਿਤਾ ਦੀ ਸੰਵੇਦਨਸ਼ੀਲ ਸੋਝੀ ਹੈ। ਜੌਹਲ ਨੇ ਇਸ ਪੁਸਤਕ ਦਾ ਤਤਕਰਾ ਪੇਸ਼ ਨਹੀਂ ਕੀਤਾ। ਪਹਿਲੀ ਹੀ ਕਵਿਤਾ 'ਮੇਰੀ ਭਾਸ਼ਾ' ਵਿਚ ਕਵੀ ਨੂੰ ਪੰਜਾਬੀ ਬੋਲੀ ਦੇ ਸਰੂਪ ਵਿਗੜਨ ਦਾ ਦੁੱਖ ਹੈ। ਉਹ ਬੋਲੀ ਜੋ 18 ਕਰੋੜ ਪੰਜਾਬੀਆਂ ਨੂੰ ਭਾਵਨਾਯੁਕਤ ਜੋੜਦੀ ਸੀ, ਹੁਣ ਖ਼ੁਦ ਹੀ ਟੁੱਟ ਰਹੀ ਹੈ। 'ਪਾਣੀ ਹੋਏ ਵਿਚਾਰ' ਵਿਚ ਫਿਲਾਸਫ਼ਰ ਕਵੀ ਨੂੰ ਰੋਸ ਹੈ ਕਿ ਪੰਜਾਬੀ ਜਨਮਾਨਸ ਦੇ ਸੱਭੋ ਕਿਰਦਾਰ ਘਸਮੈਲੇ ਹੋ ਰਹੇ ਹਨ, ਰਿਸ਼ਤੇ-ਨਾਤੇ ਮਿੱਟੀ ਹੋ ਰਹੇ ਹਨ, ਸੋਚਾਂ ਸੀਤ ਹੋ ਰਹੀਆਂ ਨੇ, ਨਫ਼ਰਤ, ਜ਼ਹਿਰ, ਕੁੜੱਤਣ, ਹਉਮੈ ਇਕ-ਦੂਜੇ ਨੂੰ ਡੰਗ ਰਹੇ ਨੇ... ਕਵੀ ਚਾਹੁੰਦਾ ਹੈ ਕਿ
-ਮੋਹ ਮੁਹੱਬਤ ਤੇ ਮੁਸਕਾਨਾਂ
ਹਰ ਦਮ ਵੰਡਦੇ ਰਹੀਏ।
ਚਾਨਣ ਦੇ ਵਣਜਾਰੇ ਬਣ ਕੇ,
ਨਾਲ ਜਬਰ ਦੇ ਖਹੀਏ।
-ਚਿੱਬਖੜਿੱਬੀ ਦੁਨੀਆ ਸਾਰੀ
ਚਿਬਖੜਿੱਬੀਆਂ ਰੀਤਾਂ,
ਚਿੱਬਖੜਿੱਬੀਆਂ ਰੀਤਾਂ ਤਾਈਂ
ਸਿੱਧੇ ਨਿਭਦੇ ਰਹੀਏ।
-ਤੰਤਰ ਮੰਤਰ ਧਰਮ ਧਨੰਤਰ ਭੀੜਾਂ ਚਾਰ ਚੁਫੇਰੇ
ਸ਼ਾਮ ਸਵੇਰੇ ਹੋਣੀ ਆਪਣੀ ਚੇਤੇ ਕਰਦੇ ਰਹੀਏ।
ਕਵੀ ਮਨੁੱਖੀ ਕਿਰਦਾਰ ਵਿਹਾਰ ਨੂੰ ਮਹਿਕ ਵਰਗਾ ਹੋੋਣਾ ਲੋਚਦਾ ਹੈ :
-ਡੂੰਘੀ ਹੋਰ ਉਦਾਸੀ ਕਰਦਾ,
ਘਰ ਵਿਚ ਬੈਠੇ ਰਹਿਣਾ
ਓਹੀ ਚਿਹਰੇ ਓਹੀ ਗੱਲਾਂ,
ਓਹੀ ਸੁਣਨਾ ਕਹਿਣਾ।
-ਪੌਣਾਂ ਦੇ ਪੈਰਾਂ ਦੀ ਝਾਂਜਰ
ਪਾਉਂਦੀ ਵੈਣ ਸੁੁਣੀਂਦੀ,
ਅੰਨ੍ਹੇ ਘੋਰ ਸਨਾਟੇ ਵਿਚੋਂ
ਚਮਕੂ ਫੇਰ ਟਟਹਿਣਾ।
ਕਵੀ ਜੌਹਲ ਦਾ ਹਰ ਮਿਸਰਾ ਤੇ ਕਾਵਿ-ਵਾਕ ਪੰਜਾਬ ਦੀਆਂ ਅਨਰਥ ਹੋਣੀਆਂ ਉੱਤੇ ਅੱਖਾਂ ਦੀ ਸਿੱਲ ਦਾ ਸੂਚਕ ਹੈ ਤੇ ਉਹ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ ਹੈ, ਉਸ ਨੂੰ ਦੁੱਖ ਹੈ :
ਅੰਮ੍ਰਿਤ ਵਰਗੇ ਪਾਣੀ ਅੰਦਰ
ਨਫ਼ਰਤ ਜ਼ਹਿਰ ਸਮਾਈ ਹੂ...।
ਉਸ ਦਾ ਇਹ ਸ਼ਿਅਰ ਵੇਖੋ :
ਮੈਂ ਵੀ ਆਪਣੀ ਜੀਣ ਕਹਾਣੀ ਲਿਖ ਦੇਵਾਂ
ਮਾਰੂਥਲ ਦੀ ਰੇਤ ਨੂੰ ਪਾਣੀ ਲਿਖ ਦੇਵਾਂ....।
'ਪਾਣੀ ਹੋਏ ਵਿਚਾਰ' ਕਾਵਿ ਸੰਗ੍ਰਹਿ ਵਿਚ ਬਹੁਤ ਕੁਝ ਐਸਾ ਹੈ ਜੋ ਦਿਲ ਨੂੰ ਟੁੰਬਦਾ ਅਤੇ ਪੰਜਾਬ ਦੀ ਆਤਮਾ ਦਾ ਲੋਕ ਸੰਸਾਰ ਹੈ। ਪੁਸਤਕ ਦੇ ਅੰਤ ਵਿਚ ਪੰਜਾਬ ਦੀਆਂ ਹੋਣੀਆਂ ਅਨਹੋਣੀਆਂ ਤੇ ਖਾਬਾਂ ਦੀ ਖੇਤੀ ਕਰਦਾ ਕਾਵਿ ਨਾਟਕ ਵੀ ਕੱਲ੍ਹ ਦਾ ਸੁੰਦਰ ਨਾਟਕ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਪੰਦਰ੍ਹਵੀਂ ਸਦੀ ਦੇ ਅੱਧ ਤੋਂ ਸਤਾਰ੍ਹਵੀਂ ਸਦੀ ਤੱਕ
ਪੰਜਾਬ ਦਾ ਦ੍ਰਿਸ਼ ਅਤੇ ਦਸ਼ਾ
(1469 ਈ. 1708 ਈ.)

ਲੇਖਕ : ਡਾ. ਰਿਪਨਦੀਪ ਕੌਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 208
ਸੰਪਰਕ : 94638-36591.


ਡਾ. ਰਿਪਨਦੀਪ ਕੌਰ ਭੁੱਲਰ ਪੰਜਾਬ ਦੀ ਇਤਿਹਾਸਕਾਰੀ ਕਰਨ ਵਾਲੇ ਲੇਖਕਾਂ ਵਿਚ ਉੱਭਰੀ ਇਕ ਨਵੀਂ ਹਸਤਾਖ਼ਰ ਹੈ। ਉਸ ਦੀ ਇਤਿਹਾਸਕਾਰੀ ਮੱਧਕਾਲੀਨ ਪੰਜਾਬ ਦਾ ਅੰਕਣ ਕਰਦੀ ਹੈ। ਮੱਧਕਾਲੀਨ ਪੰਜਾਬ ਦਾ ਸੱਭਿਆਚਾਰਕ ਰੂਪਾਂਤਰਣ ਕਰਨ ਵਿਚ ਸਿੱਖ ਗੁਰੂ ਸਾਹਿਬਾਨ ਦੀ ਅਦੁੱਤੀ ਭੂਮਿਕਾ ਰਹੀ ਹੈ। ਇਸ ਕਾਰਨ ਵਿਦੁਸ਼ੀ ਲੇਖਿਕਾ ਨੇ ਇਸ ਪੁਸਤਕ ਵਿਚ ਸਿੱਖ ਸਤਿਗੁਰਾਂ ਦੇ ਜੀਵਨ ਕਾਲ ਬਾਰੇ ਇਤਿਹਾਸਕ ਵੇਰਵੇ ਬਿਆਨ ਕੀਤੇ ਹਨ। ਪੁਸਤਕ ਦੇ ਪਹਿਲੇ ਅਧਿਆਇ ਵਿਚ ਕੁਝ ਉਨ੍ਹਾਂ ਹਾਲਤਾਂ ਦਾ ਵਰਨਣ ਕੀਤਾ ਗਿਆ ਹੈ, ਜਿਨ੍ਹਾਂ ਦੀ ਤਬਦੀਲੀ ਵਾਸਤੇ ਦਸ ਗੁਰੂ ਸਾਹਿਬਾਨ ਅਵਤਰਿਤ ਹੋਏ। ਉਨ੍ਹਾਂ ਨੇ ਪੰਜਾਬ ਨੂੰ ਇਕ ਨਵੀਂ ਅਤੇ ਜੁਝਾਰੂ ਸ਼ਨਾਖਤ ਪ੍ਰਦਾਨ ਕੀਤੀ। ਅਗਲੇ ਅਠਾਰ੍ਹਾਂ ਅਧਿਆਇਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਵਿਚਾਰਧਾਰਾ, ਸਿੱਖ ਪੰਥ, ਨਿਕਾਸ ਤੇ ਵਿਕਾਸ, ਜਨਮਸਾਖੀ ਸਾਹਿਤ ਆਦਿ ਗ੍ਰੰਥ ਦੀ ਸੰਪਾਦਨਾ, ਸ਼ਹੀਦੀ ਦਾ ਸੰਕਲਪ, ਗੁਰੂ ਹਰਿਗੋਬਿੰਦ ਸਾਹਿਬ, ਖ਼ਾਲਸਾ ਪੰਥ ਅਤੇ ਗੁਰੂ ਗੋਬਿੰਦ ਸਿੰਘ ਜੀ, ਜ਼ਫ਼ਰਨਾਮਾ ਆਦਿ ਵਿਸ਼ਿਆਂ ਬਾਰੇ ਸਟੀਕ ਜਾਣਕਾਰੀ ਦਿੱਤੀ ਗਈ ਹੈ। ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਨ ਲਈ ਡਾ. ਭੁੱਲਰ ਇਰਫ਼ਾਨ ਹਬੀਬ, ਜੇ.ਐਸ. ਗਰੇਵਾਲ, ਖੁਸ਼ਵੰਤ ਸਿੰਘ, ਮਕਲਿਓਡ, ਰਾਧਾਕਮਲ ਮੁਕਰਜੀ, ਐਸ.ਆਰ. ਸ਼ਰਮਾ, ਡਾ. ਕਿਰਪਾਲ ਸਿੰਘ, ਡਾ. ਸੁਖਦਿਆਲ ਸਿੰਘ, ਡਾ. ਭਗਤ ਸਿੰਘ, ਮੈਕਾਲਿਫ਼, ਡਾ. ਰੇਖਾ ਸੂਦ ਹਾਂਡਾ ਅਤੇ ਰਾਮਸ਼ਰਣ ਸ਼ਰਮਾ ਦੀਆਂ ਲਿਖਤਾਂ ਵਿਚੋਂ ਹਵਾਲੇ ਉਧਰਿਤ ਕਰਦੀ ਰਹੀ ਹੈ।
ਮੈਨੂੰ ਖੁਸ਼ੀ ਹੈ ਕਿ ਪਿਛਲੇ ਕੁਝ ਦਹਾਕਿਆਂ ਵਿਚ ਪੰਜਾਬ ਅੰਦਰ ਇਤਿਹਾਸਕਾਰੀ ਦੀ ਸਟੀਕ ਪਰੰਪਰਾ ਪਰਿਪੱਕ ਅਤੇ ਪੁਸ਼ਟ ਹੋ ਰਹੀ ਹੈ। ਯੂਨੀਵਰਸਿਟੀ ਪ੍ਰੋਫ਼ੈਸਰਾਂ ਦੇ ਨਾਲ-ਨਾਲ ਕਾਲਜਾਂ ਦੇ ਪ੍ਰਾਧਿਆਪਕ ਅਤੇ ਕੁਝ ਹੋਰ ਦਾਨਿਸ਼ਵਰ ਤੇ ਪੱਤਰਕਾਰ ਵੀ ਇਤਿਹਾਸਕ ਸੰਦਰਭਾਂ ਦੀ ਪੁਨਰ-ਵਿਆਖਿਆ ਕਰ ਰਹੇ ਹਨ। ਪੁਨਰ-ਵਿਆਖਿਆ ਹੀ ਇਤਿਹਾਸਕਾਰੀ ਨੂੰ ਜੀਵੰਤ ਅਤੇ ਪ੍ਰਸੰਗਿਕ ਬਣਾਉਂਦੀ ਹੈ। ਡਾ. ਭੁੱਲਰ ਵੀ ਇਹ ਕੋਸ਼ਿਸ਼ ਕਰ ਰਹੀ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਗੂੰਜਾਂ ਬੱਬਰਾਂ ਦੀਆਂ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 94170-76735.


ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਦੇ ਜੂਲੇ ਤੋਂ ਆਜ਼ਾਦ ਕਰਵਾਉਣ ਲਈ ਉੱਠੀਆਂ ਕਈ ਲਹਿਰਾਂ 'ਚੋਂ ਇਕ ਪ੍ਰਮੁੱਖ ਲਹਿਰ ਸੀ ਬੱਬਰ ਅਕਾਲੀ ਲਹਿਰ। ਇਸ ਲਹਿਰ ਦੇ ਸਿਰਲੱਥ ਸੂਰਮੇ, ਹਥਿਆਰਬੰਦ ਹੋ ਕੇ, ਖ਼ਾਸ ਕਰ ਸਾਮਰਾਜੀ ਹੁਕਮਰਾਨਾਂ ਦੇ ਹੱਥ-ਠੋਕੇ ਬਣੇ ਗੱਦਾਰਾਂ ਨੂੰ ਸੋਧਦੇ ਸਨ। ਇਸ ਪੁਸਤਕ ਦੇ ਸੰਪਾਦਕ ਅਮੋਲਕ ਸਿੰਘ ਨੇ ਬਹੁਤ ਕੁਝ ਲਿਖਿਆ ਹੈ, ਸਾਰਥਕ ਅਤੇ ਨਰੋਆ ਸਾਹਿਤ। ਵਾਰਤਕ, ਸੰਪਾਦਨਾ, ਜੀਵਨੀਆਂ, ਮਹਾਂਕਾਵਿ, ਗੀਤ ਸੰਗ੍ਰਹਿ। ਉਸ ਦੀਆਂ ਲਿਖਤਾਂ ਦੀ ਸੂਚੀ ਬਹੁਤ ਲੰਮੇਰੀ ਹੈ। ਉਸ ਦੀ ਪੁਰਜ਼ੋਰ ਕਲਮ ਨੇ ਇਨਕਲਾਬੀ ਸਾਹਿਤ ਸਿਰਜਿਆ ਹੈ। ਪੁਸਤਕ ਵਿਚ ਵੱਖ-ਵੱਖ ਲੇਖਕਾਂ ਵਲੋਂ ਲਿਖੇ 51 ਲੇਖ। ਅਧਿਆਏ ਹਨ। 'ਹੋਲੀ ਦੇ ਦਿਨ ਖ਼ੂਨ ਦੇ ਛਿੱਟੇ' ਪੁਸਤਕ ਦਾ ਪਹਿਲਾ ਚੈਪਟਰ ਹੈ। ਇਹ ਲੇਖ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਦੀ ਗਾਥਾ ਨੂੰ ਬਿਆਨ ਕਰਦਾ ਹੈ। ਦੂਜਾ ਲੇਖ ਸ਼ਹੀਦ ਭਗਤ ਸਿੰਘ ਵਲੋਂ ਬੱਬਰ, ਅਕਾਲੀਆਂ ਦੇ ਲਿਖੇ ਰੇਖਾ ਚਿੱਤਰਾਂ 'ਤੇ ਆਧਾਰਿਤ ਹੈ ਅਤੇ ਤੀਜੇ ਲੇਖ ਰਾਹੀਂ ਬੱਬਰ ਅਕਾਲੀ ਲਹਿਰ ਵਿਚ ਕੁਰਬਾਨੀਆਂ ਦਾ ਵੇਰਵਾ ਹੈ। ਬੱਬਰਾਂ 'ਤੇ ਚੱਲੇ ਕੇਸਾਂ, ਗਵਾਹਾਂ, ਬੱਬਰਾਂ ਨੂੰ ਦਿੱਤੀਆਂ ਸਜ਼ਾਵਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ। ਬੱਬਰ ਗੂੰਜ ਪਰਚੇ ਦੇ ਉਤਾਰੇ ਵੀ ਦਰਜ ਹਨ। ਅਣਖੀ ਬੱਬਰਾਂ ਵਲੋਂ ਲਿਖੀਆਂ ਕਾਵਿਕ ਰਚਨਾਵਾਂ ਮਨੁੱਖੀ ਸੋਚ ਨੂੰ ਟੁੰਬਣ ਵਾਲੀਆਂ ਹਨ। ਵੰਨਗੀ ਪੇਸ਼ ਹੈ :
ਓੜਕ ਏਸ ਸਰੀਰ ਨੇ ਨਾਸ ਹੋਣਾ,
ਕਾਵਾਂ ਕੁੱਤਿਆਂ ਏਸ ਨੂੰ ਖਾਵਣਾ ਨਹੀਂ।
ਭਾਂਡਾ ਭੰਨੀਏ ਸੀਸ ਬਰਤਾਨੀਆਂ ਦੇ
ਗੜਗੱਜ ਇਹ ਵਕਤ ਥਿਆਵਣਾ ਨਹੀਂ। (ਪੰਨਾ 55)
'ਚੂੰ ਕਾਰ ਅਜ਼ ਹਮਾ ਹੀਨਤੇ ਅਸਤ', 'ਖੰਡਾ, 'ਫ਼ਖ਼ਰਿ-ਕੌਮ', 'ਸਾਕਾ ਬਜ ਬਜ', 'ਪੰਥ ਉਤੇ ਵਾਰ', 'ਝੋਲੀ ਚੁੱਕਾਂ ਨੂੰ', 'ਅੱਖਾਂ ਖੋਲ੍ਹੋ' ਸਮੇਤ ਸਭੇ ਰਚਨਾਵਾਂ ਬੱਬਰ ਅਕਾਲੀ ਜੋਧਿਆਂ ਦੀ ਦੇਸ਼ ਲਈ ਮਰ ਮਿਟਣ ਦੇ ਪ੍ਰਬਲ ਜਜ਼ਬੇ ਦੀ ਸ਼ਾਹਦੀ ਭਰਦੀਆਂ ਹਨ। ਕਰਮ ਸਿੰਘ, ਕਿਸ਼ਨ ਸਿੰਘ, ਸੰਤਾ ਸਿੰਘ, ਹਰੀ ਸਿੰਘ ਖੰਡਾ, ਸੁੰਦਰ ਸਿੰਘ ਤੇ ਹਰੀ ਸਿੰਘ ਚੇਲਾ ਦੀਆਂ ਅਧੂਰੀਆਂ ਕਾਵਿ ਰਚਨਾਵਾਂ ਵੀ ਪੜ੍ਹਨ, ਵਿਚਾਰਨਯੋਗ ਹਨ। ਬੈਂਤ ਵਿਚ ਲਿਖੀਆਂ ਕਾਵਿ ਰਚਨਾਵਾਂ, ਸ਼ਹੀਦੀ ਵਾਰਾਂ ਪਾਠਕਾਂ ਨੂੰ ਲਹਿਰ ਦੇ ਰੂਬਰੂ ਕਰਦੀਆਂ ਹਨ। ਪੁਸਤਕ ਦੇ ਅਖੀਰ ਵਿਚ ਸੰਪਾਦਕ ਅਮੋਲਕ ਸਿੰਘ ਦਾ 'ਬੱਬਰਾਂ ਦਾ ਗੀਤ' ਲਹਿਰ ਦੀਆਂ ਨੌਂ ਝਾਕੀਆਂ ਵਾਲੀ ਬਿਹਤਰੀਨ ਤਖ਼ਲੀਕ ਹੈ। ਇਸ ਨੂੰ ਨਾਟਕੀ ਅੰਦਾਜ਼ ਵਿਚ ਪਹਿਲੀ ਨਵੰਬਰ 2008 ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਮੇਲੇ ਦੌਰਾਨ ਸਟੇਜ ਤੋਂ ਪੇਸ਼ ਕੀਤਾ ਗਿਆ। ਨਾਯਾਬ ਤਸਵੀਰਾਂ ਪਿਛਲੇ ਸਫ਼ੇ ਉੱਤੇ ਹਨ।
ਸੁੱਤਾ ਜਾਗ ਕਿਰਤੀਆ ਵੇ,
ਤੇਰੇ 'ਤੇ ਹੈ ਗਦਰਾਂ ਨੂੰ ਮਾਣ।
ਸੁੱਤਾ ਜਾਗ ਜੁੁਆਨਾ ਵੇ,
ਉੱਠ ਕੇ ਆਪਣਾ ਫ਼ਰਜ਼ ਪਛਾਣ।
ਪੁਸਤਕ ਬੇਸ਼ਕੀਮਤੀ ਤਵਾਰੀਖ਼ੀ ਦਸਤਾਵੇਜ਼ ਹੈ।


ਤੀਰਥ ਸਿੰਘ ਢਿੱਲੋਂ
ਮੋ: 98154-61710
c c c


ਉੱਠਣ ਦਾ ਵੇਲਾ

ਨਾਟਕਕਾਰ : ਹਰਕੇਸ਼ ਚੌਧਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 80
ਸੰਪਰਕ : 98146-60155.


ਪੰਜਾਬ ਦੀ ਨਿਮਨ ਕਿਸਾਨੀ ਨਾਲ ਜੁੜੇ ਮਸਲਿਆਂ ਅਤੇ ਸਮੱਸਿਆਵਾਂ ਨੂੰ ਬਹੁਤ ਸਾਰੇ ਨਾਟਕਕਾਰਾਂ ਨੇ ਆਪਣੇ ਨਾਟਕਾਂ ਵਿਚ ਪੇਸ਼ ਕੀਤਾ ਹੈ ਕਿਉਂਕਿ ਅੱਜ ਕਿਸਾਨੀ ਜੀਵਨ ਭਾਵੇਂ ਮਸ਼ੀਨਰੀ ਨਾਲ ਥੋੜ੍ਹਾ ਸੁਖਾਲਾ ਵੀ ਹੋਇਆ ਹੈ ਪਰ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਅੱਜ ਦਾ ਕਿਸਾਨ ਬਹੁਤ ਮਸਲਿਆਂ ਨਾਲ ਵੀ ਜੂਝ ਰਿਹਾ ਹੈ। ਹਰਕੇਸ਼ ਚੌਧਰੀ ਦੀ ਨਾਟਕੀ ਕਿਰਤ 'ਉੱਠਣ ਦਾ ਵੇਲਾ' ਵੀ ਕਿਸਾਨੀ ਜੀਵਨ ਦੇ ਅੰਤਰ-ਵਿਰੋਧਾਂ ਨੂੰ ਹੀ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਨਾਟਕਕਾਰ ਨੇ ਦੋ ਨਾਟਕ 'ਉੱਠਣ ਦਾ ਵੇਲਾ' ਅਤੇ 'ਪਾਉਣ ਪੈੜਾਂ ਜੋ ਪੈਰ' ਸ਼ਾਮਿਲ ਕੀਤੇ ਹਨ। ਪੁਸਤਕ ਵਿਚਲਾ ਪਹਿਲਾ ਨਾਟਕ 'ਪਾਉਣ ਪੈੜਾਂ ਜੋ ਪੈਰ' ਕਿਸਾਨ ਦਰਸ਼ਨ ਸਿੰਘ ਚੜ੍ਹੇ ਕਰਜ਼ੇ ਦੇ ਦੈਂਤ ਨੂੰ ਪੇਸ਼ ਕਰਦਾ ਹੈ। ਕਰਜ਼ੇ ਦੀ ਮਾਰ ਨਾਲ ਬਹੁਤ ਸਾਰੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਵੀ ਪਏ ਹਨ ਪਰ ਦਰਸ਼ਨ ਸਿੰਘ ਖ਼ੁਦਕੁਸ਼ੀ ਦੇ ਰਾਹ ਨਹੀਂ ਪੈਂਦਾ ਸਗੋਂ ਸੱਜਣ ਸਿੰਘ ਵਰਗੇ ਹੈਂਕੜਬਾਜ਼ਾਂ ਨਾਲ ਟੱਕਰ ਲੈਂਦਾ ਹੈ। ਇਸ ਟੱਕਰ ਵਿਚ ਦਰਸ਼ਨ ਸਿੰਘ ਦੇ ਘਰ ਦੀਆਂ ਔਰਤਾਂ ਬਲਵੀਰ ਅਤੇ ਸੁਰਜੀਤ ਕੌਰ ਵੀ ਪਿੱਛੇ ਨਹੀਂ, ਉਹ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖਲੋਂਦੀਆਂ ਹਨ। ਨਾਟਕ ਵਿਚ ਪੇਂਡੂ ਸੱਭਿਆਚਾਰ ਵਿਸ਼ੇਸ਼ ਕਰਕੇ ਵਿਆਹ ਦਾ ਦ੍ਰਿਸ਼ ਵੀ ਧਿਆਨ ਖਿੱਚਦਾ ਹੈ। ਨਾਟਕ ਦੇ ਪਾਤਰਾਂ ਦੀ ਸੂਚੀ ਜੇਕਰ ਸ਼ੁਰੂ ਵਿਚ ਦੇ ਦਿੱਤੀ ਜਾਂਦੀ ਤਾਂ ਹੋਰ ਵੀ ਵਧੀਆ ਸੀ। ਇਸ ਪੁਸਤਕ ਵਿਚ ਦੂਜਾ ਨਾਟਕ 'ਉੱਠਣ ਦਾ ਵੇਲਾ ਹੈ' ਜੋ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਹੈ ਜੋ ਪੂਰੇ ਦੇਸ਼ ਦੇ ਕਿਸਾਨਾਂ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੜਿਆ ਗਿਆ। ਇਸ ਨਾਟਕ ਵਿਚ ਇਸ ਸੰਘਰਸ਼ ਵਿਚ ਜਾਣ ਦੀਆਂ ਤਿਆਰੀਆਂ ਕਰਦੇ ਜਾਗ੍ਰਿਤ ਕਿਸਾਨਾਂ ਬਾਰੇ ਦੱਸਿਆ ਗਿਆ ਹੈ ਜਿਸ ਨੇ ਆਪਣੇ ਹੱਕਾਂ ਤੋਂ ਅਵੇਸਲੀ ਹੁੰਦੀ ਜਾ ਰਹੀ ਨਵੀਂ ਪੀੜ੍ਹੀ ਜੋ ਜ਼ਿੰਦਗੀ ਨੂੰ ਕੇਵਲ ਮਨੋਰੰਜਨ ਹੀ ਸਮਝਦੀ ਹੈ, ਉਸ ਨੂੰ ਵੀ ਸੰਘਰਸ਼ ਵਿਚ ਕੁੱਦਣ ਲਈ ਮਜਬੂਰ ਕਰ ਦਿੱਤਾ। ਜਗਤ ਸਿੰਘ ਕਿਸਾਨ ਦੀ ਬੇਟੀ ਨਵਦੀਪ ਕੌਰ ਦੀ ਸਿਆਣਪ ਲੜਕੇ ਜੱਗਾ ਸਿੰਘ ਅਤੇ ਉਸ ਦੇ ਦੋਸਤ ਮਨਜੀਤ ਦੁਆਰਾ ਹੱਕਾਂ ਦੀ ਲੜਾਈ ਵਿਚ ਜਾਣ ਦੇ ਦ੍ਰਿਸ਼ ਦਿਲਖਿਚਵੇਂ ਹਨ। ਕਿਸਾਨ ਬੂਟਾ ਸਿੰਘ, ਜੰਟਾ, ਸੋਮਾ (ਭੂਮੀਹੀਣ ਪਾਤਰ) ਦੇ ਇਸ ਸੰਘਰਸ਼ ਵਿਚ ਯੋਗਦਾਨ ਪਾਉਣ ਨੂੰ ਖੂਬਸੂਰਤੀ ਨਾਲ ਚਿਤਰਿਆ ਗਿਆ ਹੈ। ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਪਾਸ ਕੀਤੇ ਬਿੱਲਾਂ ਖਿਲਾਫ਼ ਇਹ ਨਾਟਕ ਸੰਘਰਸ਼ ਦਾ ਬਿਗਲ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਪਾਸ਼
ਡਾਇਰੀ ਅਤੇ ਚਿੱਠੀਆਂ

ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 240
ਸੰਪਰਕ : 94170-76735.


ਵਿਦਵਾਨ ਸੰਪਾਦਕ ਨੇ ਬੜੀ ਮਿਹਨਤ ਨਾਲ ਸਮੱਗਰੀ ਇਕੱਤਰ ਕਰਕੇ ਅਵਤਾਰ ਸਿੰਘ ਪਾਸ਼ ਬਾਰੇ ਬੜੀ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ। ਇਸ ਪੁਸਤਕ ਵਿਚ ਪਾਸ਼ ਦੀ 1971-82 ਤੱਕ ਕਦੇ-ਕਦਾਈਂ ਲਿਖੀ ਡਾਇਰੀ ਦੇ ਅੰਸ਼ ਉਪਲਬਧ ਹਨ। ਇਹ ਰੋਜ਼ਾਨਾ ਡਾਇਰੀ ਨਹੀਂ ਹੈ। ਇਸ ਵਿਚ ਵਿਸ਼ੇਸ਼ ਤਤਕਾਲੀ ਘਟਨਾਵਾਂ ਹੀ ਰੂਪਮਾਨ ਹੋਈਆਂ ਹਨ। ਇਸ ਵਿਚੋਂ ਪੰਜਾਬੀ ਸੱਭਿਆਚਾਰ ਅਤੇ ਪਾਸ਼ ਦੇ ਮਿੱਤਰ ਮੰਡਲੀ ਨਾਲ ਸੰਬੰਧ ਉਜਾਗਰ ਹੁੰਦੇ ਹਨ। ਉਸ ਦੇ ਵਿੱਦਿਅਕ ਸਰੋਕਾਰ ਵੀ ਵਿਖਾਈ ਦਿੰਦੇ ਹਨ ਅਤੇ ਖੇਤੀਬਾੜੀ ਨਾਲ ਸੰਬੰਧ ਆਦਿ ਵੀ।
ਦੂਜਾ ਇਸ ਸੰਪਾਦਨ ਵਿਚ 28 ਸ਼ਖ਼ਸੀਅਤਾਂ ਨੂੰ ਲਿਖੀਆਂ ਚਿੱਠੀਆਂ ਸੰਕਲਿਤ ਕੀਤੀਆਂ ਗਈਆਂ ਹਨ। ਚਿੱਠੀਆਂ, ਜਿਨ੍ਹਾਂ ਨੂੰ ਲਿਖੀਆਂ ਗਈਆਂ, ਐਨ ਉਸੇ ਤਰਤੀਬ ਵਿਚ ਦਿੱਤੀਆਂ ਗਈਆਂ ਹਨ। ਮਿਤੀਆਂ ਅਨੁਸਾਰ ਕ੍ਰਮਬੱਧ ਨਹੀਂ ਹਨ। ਕਈ ਚਿੱਠੀਆਂ ਬਿਨਾਂ ਤਾਰੀਖ, ਬਿਨਾਂ ਲਿਖਣ-ਸਥਾਨ ਅਤੇ ਹੇਠਾਂ ਹਸਤਾਖ਼ਰਾਂ ਰਹਿਤ ਵੀ ਹਨ। ਪਾਸ਼ ਨੇ ਚਿੱਠੀਆਂ ਖ਼ੁਦ ਵੀ ਲਿਖੀਆਂ ਹਨ ਅਤੇ ਹੋਰਨਾਂ ਦੇ ਜਵਾਬ ਵਿਚ ਵੀ। ਬਹੁਤੀਆਂ ਪਿੰਡ ਤਲਵੰਡੀ-ਸਲੇਮ ਤੋਂ ਲਿਖੀਆਂ ਹਨ। ਕੋਈ-ਕੋਈ ਜੇਲ੍ਹ ਅਤੇ ਵਿਦੇਸ਼ ਤੋਂ ਵੀ। ਜ਼ਿਆਦਾਤਰ ਸਾਹਿਤਕ ਮੈਗਜ਼ੀਨਾਂ ਦਾ ਜ਼ਿਕਰ ਹੈ, ਮਸਲਨ : ਅਕਸ, ਸੰਕਲਪ, ਕਿੰਤੂ, ਸਿਆੜ, ਲਲਕਾਰ, ਸੰਦੇਸ਼, ਸੰਵਾਦ, ਪਹੁ-ਫੁਟਾਲਾ, ਦਸਤਾਵੇਜ਼, ਬਗਾਵਤ, ਰੋਹਲੇ-ਬਾਣ, ਸਰਦਲ, ਬੁਲੰਦ, ਜੈਕਾਰਾ, ਸੁਰਖ਼-ਰੇਖਾ, ਹੇਮ-ਜਿਉਤੀ, ਦੇਸ਼-ਪ੍ਰਦੇਸ਼, ਅੰਗ-ਸੰਗ ਆਦਿ। ਪਾਸ਼ ਨੇ ਮਾਰਕਸ, ਲੈਨਿਨ, ਸਟਾਲਿਨ, ਗੋਰਕੀ, ਪਲੈਖਾਨੋਵ, ਆਈਨਸਟਾਈਨ ਆਦਿ ਨੂੰ ਗੰਭੀਰਤਾ ਸਹਿਤ ਸਮਝਿਆ ਹੋਇਆ ਸੀ। ਪਰ ਉਸ ਉੱਪਰ ਸਭ ਤੋਂ ਵੱਧ ਪ੍ਰਭਾਵ ਸਿਧਾਂਤਕ ਖੇਤਰ ਵਿਚ ਟ੍ਰਾਟਸਕੀ ਦਾ ਅਤੇ ਕਾਵਿਕ ਖੇਤਰ ਵਿਚ 'ਪਾਬਲੋ ਨਰੂਦਾ' ਦਾ ਵਿਖਾਈ ਦਿੰਦਾ ਹੈ। ਉਸ ਦੇ ਕਾਵਿ-ਵਿਸ਼ੇ ਪਰੰਪਰਾਗਤ ਵਿਸ਼ਿਆਂ ਤੋਂ ਪਲਾਇਨ ਕਰਕੇ ਨਾਬਰੀ ਵਾਲੇ ਸਿੱਧ ਹੁੰਦੇ ਹਨ। ਇਹੋ ਹੀ ਸਮਕਾਲੀ ਚਿੰਤਕਾਂ ਲਈ ਵੰਗਾਰ ਬਣੇ। ਉਸ ਦੀ ਕਵਿਤਾ ਵਿਆਕਰਨੀ ਏੜਾਂ-ਗੇੜਾਂ ਤੋਂ ਮੁਕਤ ਹੈ। ਉਸ ਦੀ ਕ੍ਰਾਂਤੀਕਾਰੀ ਕਵਿਤਾ ਬੁੱਧੀਜੀਵੀਆਂ ਦੀਆਂ ਲੇਲ੍ਹਕੜੀਆਂ ਨਹੀਂ ਕੱਢਦੀ। 'ਸੁਹਜ ਸੰਕਲਪ' ਬਾਰੇ ਉਸ ਦਾ ਕਹਿਣਾ ਹੈ 'ਇਹ ਕੰਮ ਸਿਰਫ ਅਸ਼ੁੱਧ ਕਵਿਤਾ ਨਾਲ ਹੀ ਹੋ ਸਕਦਾ ਹੈ, ਜਿਸ ਦਾ ਇਸ਼ਾਰਾ ਪਾਬਲੋ ਨਰੂਦਾ ਨੇ ਦਿੱਤਾ ਸੀ।' ਪੰ. 220 ਉਹ ਬੁਨਿਆਦੀ ਤੌਰ 'ਤੇ ਅਹਿਸਾਸ ਦਾ ਕਵੀ ਸੀ। ਉਸ ਦੀਆਂ ਕਵਿਤਾਵਾਂ ਕੇਵਲ ਉਸ ਦੇ ਪਿੰਡ ਜਾਂ ਇਰਦ-ਗਿਰਦ ਜੀਵਨ ਬਾਰੇ ਜਟਕੇ ਜਿਹੇ 'ਅਹਿਸਾਸ' ਹਨ। ਉਨ੍ਹਾਂ ਵਿਚ ਕੋਈ ਬਹੁਤੀ ਕਾਰਾਗਰੀ ਜਾਂ ਡੂੰਘਿਆਈ ਨਹੀਂ। ਸੱਚੀ ਗੱਲ ਭਾਵੇਂ ਉਸ ਦੇ ਖਿਲਾਫ਼ ਹੀ ਹੋਵੇ ਜਾਂ ਕਿਸੇ ਦੇ ਗਿੱਟੇ ਜਾਂ ਗੋਡੇ ਲੱਗੇ, ਉਹ ਕਹਿਣੋਂ ਝਿਜਕਦਾ ਨਹੀਂ ਸੀ। ਆਪਣੀ ਕੋਈ ਭੁੱਲ ਖਿੜੇ-ਮੱਥੇ ਸਵੀਕਾਰ ਕਰਦਾ ਸੀ। ਉਹ ਸ਼ਰਾਬ ਪੀਂਦਾ ਸੀ, ਵਿਸ਼ਾਲ ਅਧਇਏਤਾ ਸੀ, ਖੇਤੀਂ ਗੇੜਾ ਮਾਰਦਾ ਸੀ। ਗੀਤਕਾਰੀ 'ਚੋਂ ਉਹ ਸੰਤ ਰਾਮ ਉਧਾਸੀ ਦਾ ਪ੍ਰਸੰਸਕ ਸੀ। ਡਾਇਰੀ ਅਤੇ ਚਿੱਠੀਆਂ ਸਵੈਜੀਵਨੀ ਵਿਧਾ ਦੀਆਂ ਹੀ ਉਪ-ਵਿਧਾਵਾਂ ਹਨ।
ਕੋਈ ਵੀ ਸਿਰੜੀ ਵਿਦਵਾਨ ਇਸ ਡਾਇਰੀ ਅਤੇ ਚਿੱਠੀਆਂ ਦੀ ਸਹਾਇਤਾ ਨਾਲ ਪਾਸ਼ ਦੀ ਪ੍ਰਮਾਣਿਕ ਜੀਵਨੀ ਲਿਖ ਸਕਣ ਵਿਚ ਸਫਲ ਹੋ ਸਕਦਾ ਹੈ।


ਡਾ. ਧਰਮ ਚੰਦ ਵਾਤਿਸ਼
vaish.dharamchand@gmail.com
c c c


ਕੁਦਰਤਿ ਕਵਣ ਕਹਾ ਵੀਚਾਰੁ

ਲੇਖਕ : ਜੋਗਿੰਦਰ ਸਿੰਘ ਸੇਠੀ
ਪ੍ਰਕਾਸ਼ਕ : ਗੁਰੂ ਤੇਗ ਬਹਾਦਰ ਨਾਮ ਸਿਮਰਨ ਫਾਊਂਡੇਸ਼ਨ, ਮੁੰਬਈ
ਮੁੱਲ : 300 ਰੁਪਏ, ਸਫ਼ੇ : 141
ਸੰਪਰਕ : 098333-93536.


ਇਸ ਪੁਸਤਕ ਵਿਚ ਸ੍ਰੀ ਜਪੁਜੀ ਸਾਹਿਬ ਜੀ ਦੀ ਸ਼ਾਹਕਾਰ ਬਾਣੀ ਦੀਆਂ ਚਾਰ ਪਉੜੀਆਂ ਦੀ ਸੁੰਦਰ ਵਿਆਖਿਆ ਕੀਤੀ ਗਈ ਹੈ। ਪਉੜੀ 16, 17, 18 ਅਤੇ 19 ਦੀ ਇਕ ਸਾਂਝੀ ਤੁਕ ਹੈ 'ਕੁਦਰਤਿ ਕਵਣ ਕਹਾ ਵੀਚਾਰੁ॥' ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੁਦਰਤ ਦੀ ਵਿਸ਼ਾਲਤਾ, ਸੁੰਦਰਤਾ ਅਤੇ ਚਮਤਕਾਰੀ ਰਚਨਾ ਨੂੰ ਵੇਖ ਕੇ ਫ਼ਰਮਾਉਂਦੇ ਹਨ ਕਿ ਕਰਤੇ ਦੀ ਵਿਸਮਾਦ ਕਰਨ ਵਾਲੀ ਕੁਦਰਤ ਨੂੰ ਸ਼ਬਦਾਂ ਅਤੇ ਵਿਚਾਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬੇਅੰਤ, ਵਿਸ਼ਾਲ, ਸੁੰਦਰ ਫੈਲਾਉ ਪਰਮਾਤਮਾ ਨੇ ਇਕੋ ਹੁਕਮ ਰਾਹੀਂ ਕਰ ਦਿੱਤਾ ਹੈ
ਕੁਦਰਤਿ ਕਵਣ ਕਹਾ ਵੀਚਾਰੁ।.
ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ॥
ਤੂ ਸਦਾ ਸਲਾਮਤਿ ਨਿਰੰਕਾਰ॥
ਆਕਾਸ਼, ਪਤਾਲ, ਪੌਣ, ਪਾਣੀ, ਅਗਨੀ, ਧਰਤੀ ਆਦਿ ਸਾਰੇ ਹੀ ਕੁਦਰਤ ਹਨ ਪਰ ਅਸੀਂ ਕੁਦਰਤ ਨੂੰ ਦੇਖਣਾ ਭੁੱਲ ਗਏ ਹਾਂ। ਕੁਦਰਤ ਨੂੰ ਵਿਚਾਰਾਂ ਤੋਂ ਹਟ ਕੇ, ਨਿਰਵਿਚਾਰ ਹੋ ਕੇ ਮਾਣਨਾ ਚਾਹੀਦਾ ਹੈ। ਇਹ ਵਿਸਮਾਦ, ਹੈਰਾਨਗੀ, ਅਸਚਰਜਤਾ, ਭਾਵਨਾ, ਅਨੁਭਵ ਅਤੇ ਅੰਤਰਨਾਦ ਦਾ ਵਿਸ਼ਾ ਹੈ। ਇਨ੍ਹਾਂ ਅਤਿ ਸੁੰਦਰ ਪਉੜੀਆਂ ਦੀ ਵਿਆਖਿਆ ਕਰਨਾ ਸੰਭਵ ਨਹੀਂ ਕਿਉਂਕਿ ਇਹ ਅਗਾਧ ਬੋਧ ਬਾਣੀ ਹੈ। ਫਿਰ ਵੀ ਲੇਖਕ ਨੇ ਬਹੁਤ ਸ਼ਰਧਾ, ਪ੍ਰੇਮ ਅਤੇ ਭਾਉ ਨਾਲ ਢੁਕਵੀਆਂ ਮਿਸਾਲਾਂ ਦੇ ਕੇ ਸ੍ਰੀ ਜਪੁਜੀ ਸਾਹਿਬ ਜੀ ਦੀ ਮਹਾਨ ਅਦੁੱਤੀ ਬਾਣੀ ਦੀਆਂ ਚਾਰ ਪਉੜੀਆਂ ਦੀ ਸੁੰਦਰ ਵਿਆਖਿਆ ਕੀਤੀ ਹੈ। ਇਹ ਪੁਸਤਕ ਪੜ੍ਹਨਯੋਗ, ਮਾਣਨਯੋਗ ਅਤੇ ਸਾਂਭਣਯੋਗ ਹੈ।


ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

03-04-2022

ਕਵਿਤਾ ਬੋਲਦੀ ਹੈ
ਸੰਪਾਦਕ : ਕਵਿੰਦਰ ਚਾਂਦ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98141-01312.


'ਕਵਿਤਾ ਬੋਲਦੀ ਹੈ' ਕਾਵਿ-ਸੰਗ੍ਰਹਿ ਕਵਿੰਦਰ ਚਾਂਦ ਵਲੋਂ ਵਿਦੇਸ਼ੀਂ ਵਸਦੇ ਕਲਮਕਾਰਾਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਅਮਰੀਕ ਪਲਾਹੀ, ਇੰਦਰਜੀਤ ਕੌਰ ਸਿੱਧੂ, ਇੰਦਰਜੀਤ ਸਿੰਘ ਧਾਮੀ, ਨਦੀਮ ਪਰਮਾਰ, ਪਾਲ ਢਿੱਲੋਂ, ਸੁਰਿੰਦਰ ਪਾਲ ਕੌਰ ਬਰਾੜ, ਸਵਰਾਜ ਕੌਰ ਅਤੇ ਕਵਿੰਦਰ ਚਾਂਦ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਨੂੰ ਸੰਕਲਿਤ ਕੀਤਾ ਹੈ। ਕਵਿੰਦਰ ਚਾਂਦ ਖ਼ੁਦ ਪੁਖਤਾ ਗ਼ਜ਼ਲਗੋ ਹੈ, ਜੋ ਆਪਣੀਆਂ ਕਿਰਤਾਂ 'ਚ ਮਿੱਟੀ ਦੀ ਮਹਿਕ ਨੂੰ ਸ਼ਬਦਾਂ 'ਚ ਪਰੋ ਪੰਜਾਬੀ ਕਾਵਿ-ਜਗਤ ਦੇ ਪਾਠਕਾਂ ਤੱਕ ਪਹੁੰਚਾਉਣ ਦੀ ਸੁਚੱਜੀ ਪਹਿਲ ਨਿਰੰਤਰ ਕਰਦਾ ਰਹਿੰਦਾ ਹੈ। ਉਸੇ ਚਾਹਨਾਂ ਤਹਿਤ ਆਪਣੇ ਇਨ੍ਹਾਂ ਹਮਸਫ਼ਰਾਂ ਦੀਆਂ ਕਿਰਤਾਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਉਸ ਦਾ ਸੁਚੱਜਾ ਉਪਰਾਲਾ ਮੰਨਿਆ ਜਾਣਾ ਚਾਹੀਦਾ ਹੈ।
ਉਸ ਨੇ ਇਹ ਕਾਵਿ-ਸੰਗ੍ਰਹਿ ਬੋਲਦੀਆਂ ਕਲਮਾਂ ਦੇ ਨਾਂਅ ਸਮਰਪਿਤ ਕਰਦਿਆਂ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਵਿਤਾ ਮਹਿਜ਼ ਸ਼ਬਦਾਂ ਦੇ ਜੋੜ-ਤੋੜ ਦਾ ਨਾਂਅ ਨਹੀਂ ਹੈ, ਸਗੋਂ ਇਹ ਧੜਕਦੀਆਂ ਰੂਹਾਂ ਦੇ ਖੂਨ ਦੇ ਸੰਚਾਰ ਦੀ ਗਾਥਾ ਹੈ। ਕਵਿਤਾ ਮਨੁੱਖੀ ਜ਼ਿੰਦਗੀ ਨਾਲ ਸੰਬੰਧਿਤ ਮਸਲਿਆਂ ਚਾਹੇ ਉਹ ਸਮਾਜਿਕ, ਆਰਥਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ ਜਾਂ ਧਾਰਮਿਕ ਹੋਣ, ਦੀ ਗਾਥਾ ਦਾ ਬਿਆਨ ਕਰਦੀ ਹੈ। ਕਵਿਤਾ ਉਨ੍ਹਾਂ ਸਾਰੀਆਂ ਧੱਕੇਸ਼ਾਹੀਆਂ ਵਿਰੁੱਧ ਵੀ ਲਾਮਬੰਦੀ ਸਿਰਜਦੀ ਹੈ ਜੋ ਜ਼ੋਰਾਵਰਾਂ ਵਲੋਂ ਕੀਤੀਆਂ ਜਾਂਦੀਆਂ ਹਨ :
ਮੈਂ ਇਕੱਲਾ ਨਹੀਂ ਹਾਂ।
ਮੇਰੇ ਨਾਲ ਇਕ ਹੋਰ ਬੰਦਾ ਵੀ ਹੈ।
(ਅਮਰੀਕ ਪਲਾਹੀ)
ਔਰਤ
ਘਰ, ਚੁੱਲ੍ਹਾ, ਜੁਆਕ, ਮੋਹ-ਸਭ
(ਇੰਦਰਜੀਤ ਕੌਰ ਸਿੱਧੂ)
ਮੈਂ ਗ਼ਜ਼ਲਾਂ ਗੀਤ ਨਈਂ ਲਿਖਦਾ,
ਮੈਂ ਖੇਤੀ ਅਦਬ ਦੀ ਕਰਦਾਂ।
ਮੈਂ ਪਹਿਲਾਂ ਬੀਜਦਾ ਸੂਰਜ,
ਫੇ ਉੱਗਦਾ ਨਾਲ ਅੰਦਰ ਹਾਂ।
(ਇੰਦਰਜੀਤ ਸਿੰਘ ਧਾਮੀ)
ਬਿਨਾਂ ਦੋ ਗਜ਼ ਜ਼ਮੀਂ ਤੇ ਚਾਰ ਸ਼ੇਅਰਾਂ,
'ਨਦੀਮਾ' ਦੱਸ ਤੇਰੀ ਜਾਗੀਰ ਕੀ ਹੈ?
(ਨਦੀਮ ਪਰਮਾਰ)
ਕਹਿ ਰਿਹਾ ਆਜ਼ਾਦ ਨੇ ਤੇ ਰਹਿਣਗੇ ਆਜ਼ਾਦ ਹੀ
ਪੰਛੀਆਂ ਲਈ ਫੇਰ ਵੀ ਪਿੰਜਰੇ ਬਣਾਉਂਦਾ ਕੌਣ ਹੈ।
(ਪਾਲ ਢਿੱਲੋਂ)
ਟੁੱਟਿਆ ਹੈ ਭਰਮ ਤੇਰਾ ਜੋ ਮੋਹ ਦੇ ਪਾਣੀਆਂ ਤੋਂ
ਟੁੱਟੀਆਂ ਵੰਗਾਂ ਦੇ ਕੁਝ ਕੁ ਟੁਕੜੇ ਸੰਭਾਲ ਰੱਖੀਂ।
(ਸੁਰਿੰਦਰਪਾਲ ਕੌਰ ਬਰਾੜ)
ਤਰੱਕੀ ਕੇਹਾ ਮੁੱਲ
ਵਸੂਲ ਰਹੀ ਹੈ
ਜਿਊਂਦਾ ਰੱਖਣ ਲਈ
ਆਦਮੀ ਨੂੰ
ਅੱਧਾ ਕੁ ਮਾਰ ਕੇ।
(ਸਵਰਾਜ ਕੌਰ)
ਉਸ ਪਾਣੀ ਵਿਚ ਦਿਲ ਹੁੰਦੇ ਨੇ ਮਾਵਾਂ ਦੇ
ਜੋ ਪੁੱਤਰਾਂ ਦੇ ਸਿਰ ਤੋਂ ਵਾਰੇ ਹੁੰਦੇ ਨੇ।
(ਕਵਿੰਦਰ ਚਾਂਦ)
'ਕਵਿਤਾ ਬੋਲਦੀ ਹੈ' ਕਾਵਿ-ਸੰਗ੍ਰਹਿ ਵਿਚੋਂ ਵਿਦੇਸ਼ੀਂ ਵਸਦੇ ਕਵੀਆਂ ਦੀ ਆਪਣੀ ਮਾਂ-ਬੋਲੀ, ਮਾਂ-ਮਿੱਟੀ ਅਤੇ ਮਾਂ ਦੇ ਹਟਕੋਰਿਆਂ ਦੀ ਕਸਕ ਸੁਣੀ ਜਾ ਸਕਦੀ ਹੈ। ਕਵਿੰਦਰ ਚਾਂਦ ਨੂੰ ਇਹ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਨ ਲਈ ਮੁਬਾਰਕ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਦਿਲਬਰ

ਲੇਖਕ : ਸਿੰਘ ਮਾਨਸ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 140 ਰੁਪਏ, ਸਫ਼ੇ : 120
ਸੰਪਰਕ : 70094-44940


'ਦਿਲਬਰ' ਸਿੰਘ ਮਾਨਸ ਦਾ ਪਲੇਠਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀਆਂ ਇਕ ਸੌ ਦੋ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਪੁਸਤਕ ਦਾ ਪਾਠ ਕਰਦਿਆਂ ਤਸੱਲੀ ਦਾ ਅਹਿਸਾਸ ਹੁੰਦਾ ਹੈ ਕਿ ਆਪਣੀ ਕਵਿਤਾ ਵਿਚ ਉਨ੍ਹਾਂ ਨੇ ਸਮਾਜਿਕ ਤਾਣੇ-ਬਾਣੇ ਵਿਚ ਪਈਆਂ ਵਿਸੰਗਤੀਆਂ ਅਤੇ ਕੌੜੀਆਂ ਸਚਾਈਆਂ ਨੂੰ ਬੜੇ ਸੂਖਮ ਪਰ ਬੇਬਾਕ ਢੰਗ ਨਾਲ ਉਲੀਕਿਆ ਹੈ। ਜਗੀਰੂ ਮਾਨਸਿਕਤਾ ਵਿਚੋਂ ਪੈਦਾ ਹੋਈਆਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਉਹ ਪੂਰੀ ਤਰ੍ਹਾਂ ਲੋਕ ਵਿਰੋਧੀ ਗਰਦਾਨਦੇ ਹਨ :
ਉੱਚੀ-ਨੀਵੀਂ ਮਨਾਂ 'ਚ ਔਕਾਤ ਨੇ ਬਣਾਉਂਦੇ
ਚੰਗਾ-ਮਾੜਾ ਬੰਦੇ ਨੂੰ ਹਾਲਾਤ ਨੇ ਬਣਾਉਂਦੇ
ਧਰਮ ਕਦੇ ਵੀ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਨਹੀਂ ਹੁੰਦਾ, ਬਲਕਿ ਧਰਮ ਤਾਂ ਕੇਵਲ ਧਰਮ ਹੀ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਤਾਂ ਵੱਖ-ਵੱਖ ਕੌਮਾਂ ਜਾਂ ਭਾਈਚਾਰਿਆਂ ਵਲੋਂ ਪ੍ਰਵਾਨਿਤ ਕੁਝ ਮਾਨਵਵਾਦੀ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਧਰਮੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਧਰਮੀ। ਇਸ ਮਾਮਲੇ ਵਿਚ ਸਿੰਘ ਮਾਨਸ ਦਾ ਦ੍ਰਿਸ਼ਟਕੋਣ ਬੜਾ ਸਪੱਸ਼ਟ ਅਤੇ ਕਲਿਆਣਕਾਰੀ ਹੈ:
ਕਦੇ ਕਰੇਗਾ ਇਕਜੁੱਟ ਹੋ ਕੇ ਮੁਲਖ਼, ਲੋਕ ਭਲਾਈਆਂ ਵਾਲੇ ਕਰਮ,
ਹੈ ਮਾਨਸ ਸਭ ਦੀ ਜਾਤ, ਹੈ ਮਾਨਸ ਸਭ ਦਾ ਧਰਮ। ਜਿਸ ਵਿਲੱਖਣ ਸੂਝ-ਬੂਝ ਨਾਲ ਉਨ੍ਹਾਂ ਨੇ ਮਨੁੱਖੀ ਮਨ ਦੀਆਂ ਪਰਤਾਂ ਨੂੰ ਫਰੋਲਦਿਆਂ ਮੁਹੱਬਤੀ ਜਜ਼ਬਿਆਂ ਦੇ ਨਿਰੰਤਰ ਪ੍ਰਵਾਹ ਨੂੰ ਕਾਵਿਕ ਰੰਗ ਵਿਚ ਰੰਗਣ ਦੀ ਕੋਸ਼ਿਸ਼ ਕੀਤੀ ਹੈ, ਉਸ ਦੀ ਸੱਚਮੁੱਚ ਦਾਦ ਦੇਣੀ ਬਣਦੀ ਹੈ। ਹਰ ਕਵਿਤਾ ਵਿਚ ਕਿਸੇ ਨਾ ਕਿਸੇ ਸਾਰਥਕ ਸੁਨੇਹੇ ਦੀ ਝਲਕ ਅਤੇ ਸੂਫ਼ੀਵਾਦ ਦੀ ਅਨੂਠੀ ਮਸਤੀ ਦਾ ਖ਼ੁਮਾਰ, ਉਨ੍ਹਾਂ ਦੀ ਕਾਵਿਕਤਾ ਦਾ ਹਾਸਲ ਹੈ। ਅਜੇ ਤਾਂ ਉਨ੍ਹਾਂ ਨੇ ਸਾਹਿਤਕ ਸਫ਼ਰ ਵਿਚ ਆਪਣਾ ਪਹਿਲਾ ਹੀ ਕਦਮ ਰੱਖਿਆ ਹੈ, ਅਜੇ ਉਨ੍ਹਾਂ ਦੀ ਰਚਨਾ ਨੇ ਹੋਰ ਨਿੱਖਰਨਾ ਅਤੇ ਨਿੱਤਰਨਾ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਜ਼ਹਿਰ ਮੁਹਰਾ

ਲੇਖਿਕਾ : ਬਰਿੰਦਰ ਕੌਰ ਡਾ.
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 115
ਸੰਪਰਕ : 98885-11223.


ਪ੍ਰਿੰ: ਡਾ. ਬਰਿੰਦਰ ਕੌਰ ਇਸ ਨਾਵਲ ਦੀ ਸਿਰਜਣਾ ਤੋਂ ਪਹਿਲਾਂ ਸੱਭਿਆਚਾਰ, ਭਾਸ਼ਾ, ਲੋਕ ਨਾਟਕ ਵਿਸ਼ਵੀਕਰਨ ਦੇ ਸੰਦਰਭ ਵਿਚ ਪਾਠ-ਦਵੰਦ (ਸੰਪਾਦਤ) ਸਮੇਤ ਪੰਜ ਪੁਸਤਕਾਂ ਪੰਜਾਬੀ ਸਾਹਿਤ ਸੱਭਿਆਚਾਰ ਲਈ ਪ੍ਰਕਾਸ਼ਿਤ ਕਰਾ ਚੁੱਕੀ ਹੈ। ਜ਼ਹਿਰ-ਮੁਹਰਾ (ਨਾਵਲ) ਉਸ ਦੀ ਅਗਲੀ ਰਚਨਾ ਹੈ 2021 ਹੈ। ਇਹ ਨਾਵਲ ਬਿਰਤਾਂਤ ਵਿਧਾ ਵਿਚ ਲਿਖਿਆ ਨਾਵਲ ਹੈ, ਜਿਸ ਦਾ ਵਿਸ਼ਾ ਸੰਸਾਰ ਵਿਚ ਫੈਲੀ ਮਹਾਂਮਾਰੀ 'ਕੋਰੋਨਾ' ਹੈ, ਜਿਸ ਦਾ ਸੰਬੰਧ 21 ਮਾਰਚ, 2020 'ਚ ਆਰੰਭ ਹੋ ਕੇ 2021-22 ਹੁਣ ਨਵੇਂ ਨਾਂਅ ਅਤੇ ਕੋਰੋਪੀ ਨਾਲ ਫੈਲ ਰਿਹਾ ਹੈ। ਇਹ ਭਿਆਨਕ ਬਿਮਾਰੀ ਨੂੰ ਵਿਸ਼ਾ ਬਣਾ ਕੇ ਲੇਖਿਕਾ ਨੇ ਜੋ ਨਾਵਲ ਰਚਿਆ ਹੈ, ਉਹ ਆਪਣੇ-ਆਪ ਸੰਕਟਮਈ ਕਾਲ ਵਿਚ ਇਸ ਲੋਕ ਜਗਤ ਉੱਪਰ ਮਹਾਂਮਾਰੀ, ਭਿਆਨਕ ਬਿਮਾਰੀ ਕਾਰਨ ਜੋ ਲੋਕ ਮਾਨਸ ਉੱਪਰ ਹੀ ਨਹੀਂ, ਸਮਾਜਿਕ, ਆਰਥਿਕ, ਸਿਆਸਤ, ਬੌਧਿਕ ਅਤੇ ਸੱਭਿਆਚਾਰ ਉੱਪਰ ਭੈੜੇ ਪ੍ਰਭਾਵ ਪੈ ਰਹੇ ਹਨ, ਉਨ੍ਹਾਂ ਸੰਬੰਧੀ ਵੀ ਇਸ ਨਾਵਲ ਦੇ ਵਸਤੂ ਵੇਰਵਿਆਂ, ਕਥਾਨਕ ਸਿਰਜਣ ਅਤੇ ਬਿਰਤਾਂਤ ਦੀ ਪੇਸ਼ਕਾਰੀ ਵਿਚ ਗਿਆਤ ਹੁੰਦਾ ਹੈ। ਇਸ ਨਾਵਲ ਦੀ ਭੂਮਿਕਾ ਨਾਵਲ ਲੇਖਕ ਅਤੇ ਵਿਦਵਾਨ ਮਨਮੋਹਨ ਹੋਰਾਂ ਲਿਖੀ ਹੈ, ਜੋ ਆਪਣੇ-ਆਪ ਹੁਣ ਤੱਕ ਇਸ ਤਰ੍ਹਾਂ ਦੀਆਂ ਅਤਿ-ਭਿਆਨਕ ਮਹਾਂਮਾਰੀਆਂ ਅਤੇ ਉਨ੍ਹਾਂ ਬਿਮਾਰੀ ਸੰਬੰਧੀ ਵੱਖ-ਵੱਖ ਸੰਸਾਰ ਦੇ ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਵਲੋਂ ਜੋ ਸਾਹਿਤ ਸਿਰਜਣ ਕੀਤਾ ਗਿਆ ਹੈ, ਉਸ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਵੱਖ-ਵੱਖ ਸਮਿਆਂ ਵਿਚ ਮੁੱਖ ਕਾਰਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਭੂਮਿਕਾ ਰਾਹੀਂ ਗੂਗਲ ਨੁਮਾ ਭਰਪੂਰ ਗਿਆਨ ਭਰਪੂਰ ਜੋ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ, ਉਹ ਸੰਭਾਲਣਯੋਗ ਹੈ ਅਤੇ ਪੜ੍ਹਨਯੋਗ ਹੈ। ਇਸ ਨਾਵਲ ਦਾ ਕਥਾਨਕ ਅਤੇ ਵੇਰਵਾ ਕਰੁਣਾ ਦੀ ਭਿਆਨਕ ਬਿਮਾਰੀ ਦਾ ਮਾਨਸਿਕ ਭੈਅ, 'ਮੌਤ ਦਾ ਡਰ' ਅਤੇ ਸਮਾਜਿਕ, ਆਰਥਿਕ ਉਥਲ-ਪੁਥਲ ਨੇ ਸੰਸਾਰ ਦੀ ਸ਼ਾਂਤੀ ਭੰਗ ਕਰ ਰੱਖੀ ਹੈ। ਨਾਵਲਕਾਰਾ ਨੇ 12 ਕਾਂਡਾਂ ਰਾਹੀਂ ਇਸ ਬਿਮਾਰੀ ਦੀਆਂ ਕਰੋਪੀਆਂ ਦਾ ਲੋਕ ਮਾਨਸ 'ਤੇ ਪਏ ਪ੍ਰਭਾਵਾਂ ਦਾ ਹੀ ਵਸਤੂ ਵੇਰਵਾ ਨਹੀਂ ਦਿੱਤਾ, ਲੋਕ ਮਾਨਸ ਨੂੰ ਬੇਬੱਸ, ਲਾਚਾਰ ਅਤੇ ਕਮਜ਼ੋਰ ਹੁੰਦਿਆਂ ਹੀ ਨਹੀਂ ਦਿਖਾਇਆ, ਸਗੋਂ ਅੰਤ ਪ੍ਰਭੂ ਪਰਮਾਤਮਾ, ਗੁਰੂ ਅਤੇ ਰਚਨਹਾਰ ਦੇ ਹਵਾਲੇ ਕਰਦਿਆਂ ਲਾਚਾਰ ਦਿਖਾਇਆ ਹੈ। ਸੱਚਮੁੱਚ ਉਸ ਦਾ ਹਕੀਕਤ ਬਿਆਨ ਹੈ। ਸੱਚ ਤਾਂ ਇਹ ਕਿ ਪ੍ਰਭੂ, ਭਗਵਾਨ ਅਤੇ ਉਸ ਦੇ ਫ਼ਰਮਾਨ ਹੀ ਕਮਜ਼ੋਰ, ਬਿਮਾਰ, ਲਾਚਾਰ, ਬਿਮਾਰੀ ਤੋਂ ਸੁਰੱਖਿਅਤ ਕਰ ਸਕਦੇ ਹਨ।


(ਡਾ.) ਅਮਰ ਕੋਮਲ
ਮੋ: 84378-73565


ਮੋਮ ਦਾ ਸ਼ੈਤਾਨ

ਕਹਾਣੀਕਾਰ : ਤਰਸੇਮ ਸਿੰਘ ਦਿਉਗਣ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 149
ਸੰਪਰਕ : 98729-00220.


ਕਹਾਣੀ ਸੰਗ੍ਰਹਿ ਮੋਮ ਦਾ ਸ਼ੈਤਾਨ ਤਰਸੇਮ ਸਿੰਘ ਦਿਉਗਣ ਦਾ ਦੂਸਰਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ 6 ਕਹਾਣੀਆਂ ਦਰਜ ਹਨ। ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਊਣ ਦੀ ਆਜ਼ਾਦੀ ਨਹੀਂ ਹੈ। ਉਸ ਨੂੰ ਬੋਝ ਸਮਝਿਆ ਜਾਂਦਾ ਹੈ ਅਤੇ ਲੜਕੀਆਂ ਨੂੰ ਕੁੱਖ ਵਿਚ ਮਾਰਿਆ ਜਾਂਦਾ ਰਿਹਾ ਹੈ। ਪ੍ਰੰਤੂ ਹੌਲੀ-ਹੌਲੀ ਸਮਾਂ ਬਦਲ ਰਿਹਾ ਹੈ ਅਤੇ ਲੋਕ ਧੀਆਂ ਨੂੰ ਪੁੱਤਰਾਂ ਵਾਂਗ ਬਰਾਬਰ ਦਾ ਦਰਜਾ ਦੇਣ ਲੱਗੇ ਹਨ। ਸੰਗ੍ਰਹਿ ਦੀ ਪਹਿਲੀ ਕਹਾਣੀ ਚੰਗੀ ਚੀਜ਼ ਸਮਾਜ ਵਿਚ ਔਰਤ ਪ੍ਰਤੀ ਬਦਲ ਰਹੀ ਸੋਚ ਨੂੰ ਬਿਆਨ ਕਰਦੀ ਹੈ। ਕਹਾਣੀ ਛੱਲ ਦਾ ਵਸਤੂ, ਦੋ ਆਪਾ-ਵਿਰੋਧੀ ਪ੍ਰਸਥਿਤੀਆਂ ਦੇ ਤਣਾਓ ਰਾਹੀਂ ਪੇਸ਼ ਹੁੰਦਾ ਹੈ। ਇਕ ਪਾਸੇ ਜਿੱਥੇ ਬੱਚੇ ਦੀ ਲੋੜ ਅਤੇ ਕਿਤੇ ਬੱਚੇ ਦੇ ਜਨਮ 'ਤੇ ਚਿੰਤਾ ਦਾ ਵਿਰੋਧਾਭਾਸ ਹੈ ਉੱਥੇ ਹੀ ਸਾਡੇ ਸਿਸਟਮ ਅਤੇ ਨਿਆਂ-ਪਾਲਿਕਾ ਵਿਚ ਚੰਗੇ ਅਫ਼ਸਰ ਦੇ ਕਿਰਦਾਰ ਨੂੰ ਰੂਪਮਾਨ ਕੀਤਾ ਗਿਆ ਹੈ। ਕਹਾਣੀ ਹਾਉਮੈ ਵਾਲਾ ਦਾ ਵਿਸ਼ਾ ਕੁਦਰਤ (ਕੁਦਰਤ ਸਿੰਘ) ਦੀ ਸੰਭਾਲ ਲਈ ਰੁੱਖ ਲਗਾਉਣਾ (ਸੁਖਪ੍ਰੀਤ ਸਿੰਘ), ਦੂਹਰੇ ਪੱਧਰ ਇਕ ਪਾਸੇ ਪਿਤਾ-ਪੁੱਤ ਅਤੇ ਦੂਜੇ ਪਾਸੇ ਕੁਦਰਤ ਅਤੇ ਸਾਧਾਰਨ ਮਨੁੱਖ ਦੇ ਰਿਸ਼ਤਿਆਂ ਅਤੇ ਇਕ ਦੂਜੇ ਦੀ ਸਾਂਭ-ਸੰਭਾਲ ਦੇ ਪ੍ਰਸੰਗ ਸਿਰਜਦਾ ਹੈ। ਮਨੋਵਿਗਿਆਨਕ ਪੱਧਰ 'ਤੇ ਇਸ ਕਹਾਣੀ ਦੀ ਇਕ ਤੰਦ ਸਾਧਾਰਨ ਮਨੁੱਖ ਦੇ ਅਚੇਤ ਵਿਚ ਸਮਾਏ ਕਿਸੇ ਅਣਹੋਣੀ ਦੇ ਡਰ ਨੂੰ ਵੀ ਪ੍ਰਸਤੁਤ ਕਰਦੀ ਹੈ। ਪ੍ਰੰਤੂ ਕਹਾਣੀ, ਦਰੱਖਤਾਂ 'ਤੇੇ ਪੰਛੀਆਂ ਦੇ ਚਹਿਚਹਾਉਣ ਨਾਲ ਇਕ ਸਾਕਾਰਾਤਮਿਕ ਸੰਦੇਸ਼ ਨਾਲ ਖ਼ਤਮ ਹੁੰਦੀ ਹੈ। ਕਹਾਣੀ ਸੰਗ੍ਰਹਿ ਦੀ ਸਿਰਲੇਖੀ ਕਹਾਣੀ ਮੋਮ ਦਾ ਸ਼ੈਤਾਨ ਦਾ ਵਿਸ਼ਾ ਮਾਨ ਵੀ ਕਦਰਾਂ ਤੋਂ ਸੱਖਣੇ ਹੁੰਦੇ ਜਾ ਰਹੇ ਸੁਆਰਥੀ ਸਮਾਜ ਦੀ ਤਸਵੀਰਕਸ਼ੀ ਕਰਦੀ ਹੈ। ਧਰਤੀ 'ਤੇ ਰਹਿੰਦਾ ਮਨੁੱਖ ਸੁਆਰਥੀਪੁਣੇ ਦਾ ਸਾਰੀਆਂ ਹੱਦਾਂ ਲੰਘ ਚੁੱਕਾ ਹੈ ਅਤੇ ਆਪਣੇ ਸੁਆਰਥ ਨੂੰ ਮੁੱਖ ਰੱਖਦੇ ਹੋਏ ਉਸ ਨੇ ਜਾਨਵਰਾਂ ਅਤੇ ਪਰਿੰਦਿਆਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਕਹਾਣੀ ਵਜ਼ੀਰ ਦਾ ਵਿਸ਼ਾ ਮਾਨਵੀ ਕਦਰਾਂ ਦੀ ਬਹਾਲੀ, ਸਮਾਜ ਲਈ ਕੁਝ ਕਰ-ਗੁਜ਼ਰਨ ਦੀ ਇੱਛਾ ਅਤੇ ਇਕ ਖ਼ਬਰ ਇਹ ਵੀ, ਸਮਾਜ ਵਿਚ ਘਟ ਰਹੇ ਵੱਡਿਆਂ ਦੇ ਆਦਰ-ਸਤਿਕਾਰ ਆਦਿ ਜਿਹੇ ਸਮਾਜਿਕ ਸਰੋਕਾਰਾਂ ਨੂੰ ਬਿਆਨ ਕਰਦੀਆਂ ਹਨ।
ਤਰਸੇਮ ਸਿੰਘ ਦਿਉਗਣ ਦੀਆਂ ਕਹਾਣੀਆਂ ਦੇ ਵਿਸ਼ੇ ਭਾਵੇਂ ਚਲੰਤ ਮਸਲੇ ਜਾਂ ਸਾਡੀਆਂ ਸਮਾਜਿਕ ਸਮੱਸਿਆਵਾਂ ਦੁਆਲੇ ਘੁੰਮਦੇ ਹਨ ਪ੍ਰੰਤੂ ਸ਼ੈਲੀ ਰਾਹੀਂ ਪੈਦਾ ਹੋਈ ਨਾਟਕੀਅਤਾ ਅਤੇ ਤਣਾਓ ਕਹਾਣੀ ਵਿਚ ਪਾਠਕ ਦੀ ਦਿਲਚਸਪੀ ਬਣਾਈ ਰੱਖਦਾ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਚਾਰ ਬਾਲ ਪੁਸਤਕਾਂ

ਸੰਪਰਕ: 98764-52223


ਪ੍ਰਿੰ. ਬਹਾਦਰ ਸਿੰਘ ਗੋਸਲ ਪੰਜਾਬੀ ਬਾਲ ਸਾਹਿਤ ਦੀ ਨਿਰੰਤਰ ਸਾਹਿਤ-ਸਾਧਨਾ ਵਿਚ ਕਾਰਜਸ਼ੀਲ ਕਲਮਕਾਰ ਹੈ। ਹੁਣੇ-ਹੁਣੇ ਉਸ ਦੀਆਂ ਚਾਰ ਇਕੱਠੀਆਂ ਬਾਲ ਪੁਸਤਕਾਂ ਛਪ ਕੇ ਸਾਹਮਣੇ ਆਈਆਂ ਹਨ।
ਪ੍ਰਿੰ. ਗੋਸਲ ਦੀ ਪਹਿਲੀ ਪੁਸਤਕ 'ਅਸਲੀ ਅਮੀਰ ਕੌਣ?' ਹੈ ਜਿਸ ਵਿਚ 'ਸਿੱਖਿਆ-ਪ੍ਰਾਪਤੀ ਦੀ ਨਵੀਂ ਰਾਹ', 'ਦੋ ਮਿਹਨਤੀ ਅਤੇ ਧਰਮੀ ਭਰਾ', 'ਸਮਝ ਆਪੋ ਆਪਣੀ', 'ਅਸਲੀ ਅਮੀਰ ਕੌਣ?', 'ਮਿਹਨਤ ਦੀ ਕਮਾਈ', 'ਬੱਚਿਆਂ ਲਈ ਭਵਿੱਖ ਦੀ ਬਾਤ', 'ਕੁਸੰਗਤ ਦੀ ਸਜ਼ਾ', 'ਜੈਸੇ ਨੂੰ ਤੈਸਾ' ਅਤੇ 'ਸਭ ਤੇ ਹਮ ਬੁਰੇ' ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਹੰਕਾਰ ਦਾ ਤਿਆਗ ਕਰਨ, ਇਕ-ਦੂਜੇ ਪ੍ਰਤੀ ਨੇਕ ਵਿਵਹਾਰ ਰੱਖਣ ਅਤੇ ਧਨ-ਦੌਲਤ ਅਤੇ ਜ਼ਮੀਨ-ਜਾਇਦਾਦ ਦੀ ਲਾਲਸਾ ਤੋਂ ਉੱਪਰ ਉੱਠ ਕੇ ਜੀਵਨ ਬਸਰ ਕਰਨ ਦੀ ਪ੍ਰੇਰਨਾ ਸਮੋਈ ਹੋਈ ਹੈ। ਲੇਖਕ ਨੇ ਇਹ ਵੀ ਦਰਸਾਉਣ ਦਾ ਸਾਰਥਕ ਯਤਨ ਕੀਤਾ ਹੈ ਕਿ ਮਨੁੱਖ ਨੂੰ ਸਫਲ ਜੀਵਨ ਜਿਊਣ ਵਾਸਤੇ ਸਬਰ-ਸੰਤੋਖ ਵਰਗਾ ਮਾਨਵੀ ਗੁਣ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਉਪਕਾਰੀ ਕਾਰਜ ਕਰਨੇ ਚਾਹੀਦੇ ਹਨ। ਇਸ ਪੁਸਤਕ ਦੇ ਪੰਨੇ 32 ਹਨ ਅਤੇ ਕੀਮਤ 70 ਰੁਪਏ ਹੈ।
ਦੂਜੀ ਬਾਲ ਕਹਾਣੀ ਪੁਸਤਕ 'ਬਾਦਸ਼ਾਹ ਨੂੰ ਸਿੱਖਿਆ' ਹੈ, ਜਿਸ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਵਿਚ 'ਬਾਦਸ਼ਾਹ ਨੂੰ ਸਿੱਖਿਆ','ਦੋਸਤਾਂ ਦਾ ਬਚਾਓ', 'ਮਾਂ ਦੀ ਸਿੱਖਿਆ', 'ਪ੍ਰੇਮ-ਫਾਰਮੂਲਾ' ਕਹਾਣੀਆਂ ਅਤੇ 'ਦਇਆ ਦਾ ਫਲ' ਬਾਲ-ਪਾਠਕ ਦੇ ਜ਼ਿਹਨ ਵਿਚ ਨਿੱਗਰ ਸੋਚਣੀ ਪੈਦਾ ਕਰਦੀਆਂ ਹਨ। ਇਹ ਕਹਾਣੀਆਂ ਵਿਚਲੀਆਂ ਘਟਨਾਵਾਂ ਨੂੰ ਅਜਿਹੀ ਜਿਗਿਆਸਾਮਈ ਛੋਹ ਦਿੱਤੀ ਗਈ ਹੈ ਕਿ ਪਾਠਕ ਕਹਾਣੀਆਂ ਨਾਲ ਮੁੱਢ ਤੋਂ ਅੰਤ ਤੱਕ ਜੁੜਿਆ ਰਹਿੰਦਾ ਹੈ। ਇਨ੍ਹਾਂ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਕਿਸੇ ਪ੍ਰਕਾਰ ਦੀ ਅੰਧਵਿਸ਼ਵਾਸੀ ਜਾਂ ਰੂੜ੍ਹੀਵਾਦੀ ਪ੍ਰਵਿਰਤੀ ਜਾਂ ਸੋਚ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਗਿਆ ਸਗੋਂ ਹਰ ਘਟਨਾ ਨੂੰ ਤਰਕਯੁਕਤ ਢੰਗ ਨਾਲ ਬਿਆਨਿਆ ਹੈ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮਨੋਰਥ ਇਹ ਹੈ ਕਿ ਬੁਰਾਈ ਦਾ ਖ਼ਾਤਮਾ ਚੰਗਿਆਈ ਨਾਲ ਹੀ ਕੀਤਾ ਜਾ ਸਕਦਾ ਹੈ ਅਤੇ ਸ਼ੁੱਭ ਗੁਣ ਅਪਣਾ ਕੇ ਹੀ ਮਾਨਵੀ ਸਮਾਜ ਨੂੰ ਉਸਾਰੂ ਸੋਚ ਵਾਲਾ ਬਣਾਇਆ ਜਾ ਸਕਦਾ ਹੈ। 'ਜਾਨਵਰ ਅਤੇ ਮਮਤਾ', 'ਕਲਿਆਣਕਾਰੀ ਦਰਸ਼ਨੀ ਹੀਰਾ' ਅਤੇ 'ਗ਼ਰੀਬਾਂ ਲਈ ਦਰਦ' ਆਦਿ ਕਹਾਣੀਆਂ ਵਿਚੋਂ ਵੀ ਮਾਨਵਤਾਵਾਦੀ-ਸੁਰ ਉੱਭਰ ਕੇ ਸਾਹਮਣੇ ਆਉਂਦੀ ਹੈ। ਇਸ ਪੁਸਤਕ ਦੇ 32 ਪੰਨੇ ਹਨ ਅਤੇ ਕੀਮਤ 80 ਰੁਪਏ ਹੈ।
ਤੀਜੀ ਪੁਸਤਕ 'ਸੁਣੋ ਬੱਚਿਓ! ਵਿਰਸੇ ਦੀਆਂ ਗੱਲਾਂ' ਹੈ ਜੋ ਇਕ ਲੰਮੀ ਬਾਲ ਕਵਿਤਾ ਹੈ। ਜਿਵੇਂ ਕਿ ਪੁਸਤਕ ਦੇ ਸਿਰਲੇਖ ਤੋਂ ਹੀ ਸੰਕੇਤ ਮਿਲਦਾ ਹੈ, ਇਹ ਕਵਿਤਾ ਪੰਜਾਬ ਦੇ ਅਨਮੋਲ ਵਿਰਸੇ ਉੱਪਰ ਆਧਾਰਿਤ ਹੈ। ਕਵੀ ਨੇ ਬੱਚਿਆਂ ਨੂੰ ਢੱਗਿਆਂ, ਝੱਗਿਆਂ, ਖੁੰਡਾਂ, ਗੋਹਰ, ਭੜੋਲੇ, ਟਿੰਡਾਂ, ਸ਼ਾਮਲਾਟ, ਹਵੇਲੀ, ਸਰਹਿੰਦੀ ਇੱਟ, ਮੁਰੱਬੇਬੰਦੀ, ਝਿਲਿਆਨੀ, ਹਾਰਾ, ਕਾੜ੍ਹਣੀ, ਖ਼ਲ, ਗੁਹਾਰੇ, ਉੱਖਲੀ, ਤੰਦੂਰ, ਬਾਜ਼ੀਗਰ, ਮਰਾਸੀ, ਪਾਲੀ ਆਦਿ ਜੀਵ ਜੰਤੂਆਂ ਅਤੇ ਵਸਤਾਂ ਦੇ ਨਾਲ-ਨਾਲ ਵੰਨ-ਸੁਵੰਨੇ ਰੁੱਖਾਂ-ਫ਼ਸਲਾਂ, ਕਿੱਤਿਆਂ, ਕਿੱਤਾਕਾਰਾਂ, ਖੇਤੀਬਾੜੀ, ਰਹੁਰੀਤਾਂ, ਰਿਸ਼ਤੇ-ਨਾਤਿਆਂ, ਦਿਨ ਤਿਉਹਾਰਾਂ ਅਤੇ ਆਵਾਜਾਈ ਦੇ ਸਾਧਨਾਂ ਸੰਬੰਧੀ ਵੀ ਭਰਪੂਰ ਜਾਣਕਾਰੀ ਦਿੱਤੀ ਹੈ। ਪੰਜਾਬ ਦੀ ਰਹਿਤਲ ਨੂੰ ਸਮਝਣ ਲਈ ਪੁਸਤਕ ਇਕ ਚੰਗਾ ਸੱਭਿਆਚਾਰਕ ਸੋਮਾ ਹੈ, ਜਿਸ ਰਾਹੀਂ ਬੱਚਿਆਂ ਨੂੰ ਆਪਣੀ ਵਿਰਾਸਤ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਹੁੰਦੀ ਹੈ। 28 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 70 ਰੁਪਏ ਹੈ।
ਚੌਥੀ ਪੁਸਤਕ 'ਰੱਬ ਦੀਆਂ ਐਨਕਾਂ' ਹੈ, ਜਿਸ ਵਿਚ 8 ਬਾਲ ਕਹਾਣੀਆਂ ਅੰਕਿਤ ਹਨ। ਇਹ ਕਹਾਣੀਆਂ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹਨ। ਇਹ ਕਹਾਣੀਆਂ ਜਿੱਥੇ ਬ੍ਰਹਿਮੰਡ ਦੇ ਅੰਗ ਵਜੋਂ ਜੀਵ-ਜੰਤੂਆਂ ਪ੍ਰਤੀ ਸਨੇਹਮਈ ਵਤੀਰਾ ਰੱਖਣ ਦਾ ਸੁਨੇਹਾ ਦਿੰਦੀਆਂ ਹਨ, ਉਥੇ ਗਿਆਨ-ਵਿਗਿਆਨ ਨੂੰ ਸਹੀ ਮਾਅਨਿਆਂ ਵਿਚ ਵਰਤਣ ਦਾ ਉਪਦੇਸ਼ ਦਿੰਦੀਆਂ ਹਨ। 'ਨਸ਼ੇ ਦਾ ਭਾਣਾ' ਕਹਾਣੀ ਨਸ਼ਾਖ਼ੋਰੀ ਤੋਂ ਕਿਨਾਰਾ ਕਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ 'ਬਾਲਾਂ ਦੇ ਸ਼ੁੱਭ ਵਿਚਾਰ' ਕਹਾਣੀ ਇਹ ਦੱਸਦੀ ਹੈ ਕਿ ਸ਼ੁੱਭ ਵਿਚਾਰ ਅਤੇ ਸ਼ੁੱਭ ਅਮਲਾਂ ਵਾਲਾ ਵਿਅਕਤੀ ਹੀ ਸਮਾਜ ਵਿਚ ਆਦਰਯੋਗ ਰੁਤਬਾ ਹਾਸਲ ਕਰ ਸਕਦਾ ਹੈ। ਇਸ ਪੁਸਤਕ ਦੇ ਪੰਨੇ 32 ਹਨ ਅਤੇ ਕੀਮਤ 70 ਰੁਪਏ ਹੈ। ਨੈਤਿਕ ਗੁਣਾਂ ਨਾਲ ਭਰਪੂਰ ਅਤੇ ਚਿੱਤਰਾਂ ਨਾਲ ਸਜਾਈਆਂ ਇਨ੍ਹਾਂ ਪੁਸਤਕਾਂ ਦੀ ਦਿੱਖ ਲੁਭਾਉਣੀ ਹੈ। ਚਾਰੇ ਪੁਸਤਕਾਂ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਵਲੋਂ ਸੋਹਣੇ ਢੰਗ ਨਾਲ ਛਾਪੀਆਂ ਗਈਆਂ ਹਨ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703


ਖੁਣੇ ਹੋਏ ਨਕਸ਼
ਲੇਖਕ : ਮਲਕੀਤ ਜੌੜਾ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼,
ਨਵੀਂ ਦਿੱਲੀ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98725-34278.


ਸ਼ਾਇਰ ਮਲਕੀਤ ਜੌੜਾ ਇਕ ਪ੍ਰਬੁੱਧ ਬੌਧਿਕ ਮੁਹਾਵਰੇ ਦਾ ਸ਼ਾਇਰ ਹੈ ਜੋ ਕਿਸੇ ਰਸਮੀ ਜਾਣ-ਪਚਾਣ ਦੇ ਮੁਹਤਾਜ ਨਹੀਂ। ਹਥਲੀ ਪੁਸਤਕ 'ਖੁਣੇ ਹੋਏ ਨਕਸ਼' ਤੋਂ ਪਹਿਲਾਂ ਵੀ ਚਾਰ ਕਾਵਿ-ਪੁਸਤਕਾਂ 'ਨਿਜ ਤੋਂ ਪਰ ਵੱਲ', 'ਵਿਲਕਦਾ ਰੁੱਖ', 'ਗ੍ਰਹਿਣੇ ਸੂਰਜ', 'ਹਰਫ਼ਾਂ ਦੀ ਹਾਜ਼ਰੀ' ਤੋਂ ਇਲਾਵਾ 'ਦਲਿਤ ਕਾਵਿ ਸੰਵਾਦ', 'ਨਰਿੰਦਰ ਡਾਨਸੀਵਾਲ ਦਾ ਰਚਨਾਤਮਿਕ ਵਿਵੇਕ' ਅਤੇ 'ਜੈ ਦੇਵ ਦਿਲਬਰ ਰਚਨਾਵਲੀ' ਆਲੋਚਨਾ ਪੁਸਤਕਾਂ ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਹਥਲੀ ਕਾਵਿ ਕਿਤਾਬ 'ਖੁਣੇ ਹੋਏ ਨਕਸ਼' ਨਾਲ ਮਨੂੰ ਸਮ੍ਰਿਤੀ ਦੀ ਵਰਗ ਵੰਡ ਨਾਲ ਚੌਥੇ ਪੌੜੇ ਵਜੋਂ ਜਾਣੇ ਜਾਂਦੇ ਸ਼ੂਦਰਾਂ ਲਈ ਜੋ ਕਾਇਦੇ-ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਇਸ ਹਾਸ਼ੀਆਗਤ ਦਲਿਤ ਸਮਾਜ ਨੂੰ ਗੰਦੀ ਨਾਲੀ ਦੇ ਕੁਰਬਲ ਕੁਰਬਲ ਕਰਦੇ ਕੀੜਿਆਂ ਤੋਂ ਵੀ ਬਦਤਰ ਜ਼ਿੰਦਗੀ ਜਿਊਣੀ ਪੈਂਦੀ ਹੈ, ਇਸ ਦਲਿਤ ਉਤਪੀੜਨ ਦੀ ਖ਼ੁਰਦਬੀਨੀ ਅੱਖ ਨਾਲ ਕੀਤੀ ਸਕੈਨਿੰਗ ਦਾ ਇਸ ਪੁਸਤਕ ਵਿਚ ਵਿਵੇਕੀ ਵਰਨਣ ਹੈ। ਇਸ ਤੋਂ ਵੱਧ ਹੋਰ ਤ੍ਰਾਸਦੀ ਕੀ ਹੋ ਸਕਦੀ ਹੈ ਜਦੋਂ ਇਸ ਲਤਾੜੇ ਵਰਗ ਤੋਂ ਜਿਊਣ ਦਾ ਹੱਕ ਹੀ ਖੋਹ ਲਿਆ ਜਾਵੇ। ਮਲਕੀਤ ਜੌੜਾ ਦੇ ਅਜਿਹੇ ਜੀਵਨ ਜਿਊਣ ਨੂੰ ਬਰਤੌਲਤ ਬ੍ਰੈਖਤ ਦਾ ਇਹ ਕਥਨ ਤਸਦੀਕ ਕਰਦਾ ਹੈ ਜਿਸ ਵਿਚ ਉਹ ਕਹਿੰਦਾ ਹੈ ਕਿ ਜਿਊਣ ਲਈ ਖਾਣਾ ਜ਼ਰੂਰੀ ਹੈ, ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜਿਸ ਨੇ ਖਾ ਵੀ ਲਿਆ ਉਹ ਜੀਉ ਵੀ ਰਿਹਾ। ਇਹ ਦਲਿਤ ਵਰਗ ਖਾਣ ਅਤੇ ਜਿਊਣ ਵਿਚਕਾਰ ਤ੍ਰਿਸ਼ੰਕੂ ਦੀ ਅਉਧ ਹੰਢਾਅ ਰਿਹਾ ਹੈ। ਇਸ ਵਰਗ ਵਿਚੋਂ ਜੇ ਕੋਈ ਹੱਕ ਮੰਗਣ ਅਤੇ ਜਿਊਣ ਲਈ ਉਕਾਬ ਬਣ ਕੇ ਉਡਾਣ ਭਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸੱਤਾ ਦੀ ਚਕੂੰਦਰ ਉਸ ਦੇ ਪਰ ਕੁਤਰਨ ਲਈ ਤਿੱਖੇ ਦੰਦ ਤਿਆਰ ਰੱਖਦੀ ਹੈ। ਹਾਅ ਦਾ ਨਾਅਰਾ ਮਾਰਨ ਵਾਲੇ ਸਿਆਸੀ ਚੌਧਰੀਆਂ ਦੇ ਸ਼ਾਇਰ ਇਹ ਕਹਿ ਕੇ ਬਖੀਏ ਉਖੇੜਦਾ ਹੈ ਕਿ ਉਹ ਲਾਰਿਆਂ ਦਾ ਕਲੋਰੋਫਾਰਮ ਸੁੰਘਾ ਕੇ ਇਸ ਨੂੰ ਇਕ ਵੋਟਰ ਹੀ ਬਣਾਈ ਰੱਖਦੇ ਹਨ। ਮੌਜੂਦਾ ਭਗਵੇਂ ਬ੍ਰਿਗੇਡ ਦੇ ਸਿਪਾਹਸਲਾਰ ਦਾ ਇਹ ਕਹਿ ਕੇ ਚੌਰਾਹੇ 'ਚ ਮੁਖੌਟਾ ਉਤਾਰਦੇ ਹਨ ਕਿ ਜਨਾਬ ਭਾਰਤ ਨੂੰ ਸਵੱਛ ਬਣਾਉਣ ਦੇ ਤਾਂ ਸੰਘ ਪਾੜ-ਪਾੜ ਕੇ ਨਾਅਰਿਆਂ ਤਾਂ ਧੂਤੂ ਵਜਾਉਂਦੇ ਹੋ ਪਰ ਜੋ ਤੁਸੀਂ ਨਫ਼ਰਤ ਦੀ ਗੰਦਗੀ ਫੈਲਾਅ ਰਹੇ ਹੋ, ਉਸ ਦੀ ਸਫ਼ਾਈ ਕੌਣ ਕਰੇਗਾ? ਸ਼ਾਇਰ ਦੇ ਦਲਿਤ ਚਿੰਤਨ ਦਾ ਗਰਾਫ਼ ਉਤਾਂਹ ਹੀ ਜਾਂਦਾ ਹੈ ਤੇ ਕਿਤੇ ਵੀ ਝੋਲ ਨਹੀਂ ਮਾਰਦਾ। ਜਿਥੇ ਸ਼ਾਇਰ ਇਸ ਵਰਤਾਰੇ ਦੀ ਸਕੈਨਿੰਗ ਕਰਦਾ ਹੈ, ਉਤੇ ਡਾਇਗਨੋਜ ਦਾ ਨੁਸਖਾ ਲਿਖਦਿਆਂ ਕਹਿੰਦਾ ਹੈ ਕਿ ਡਾ. ਭੀਮਰਾਓ ਅੰਬੇਡਕਰ ਦੇ ਫਲਸਫ਼ੇ ਅਤੇ ਸ਼ਹੀਦ ਭਗਤ ਸਿੰਘ ਦੇ ਵਾਰਿਸ ਬਣ ਕੇ ਹੀਣ ਭਾਵਨਾ ਦਾ ਤਿਆਗ ਕਰਕੇ ਤਰਕ ਦੇ ਤੀਰਾਂ ਦੇ ਭੱਥੇ ਨਾਲ ਲੈਸ ਹੋ ਕੇ ਕੁੰਭਕਰਨੀ ਨੀਂਦ ਵਿਚੋਂ ਜਾਗੋ। ਇਸ ਆਧੁਨਿਕ ਭਾਵ ਬੋਧ ਦੀ ਕਿਆਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254

02-04-2022

 ਸਾਂਝੀ ਕੁੱਖ
ਲੇਖਕ : ਅਮੀਨ ਮਲਿਕ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 232
ਸੰਪਰਕ : 94631-70369.

ਵਿਚਾਰ ਅਧੀਨ ਨਾਵਲ ਦੀ ਸੰਖੇਪ ਫੇਬੁਲਾ ਇਸ ਪ੍ਰਕਾਰ ਹੈ। ਨਾਵਲ ਦੀ ਨਾਇਕਾ ਫ਼ਰੀਦਾ ਹੈ ਜਿਸ ਦੇ ਮਾਪੇ ਮਰ ਚੁੱਕੇ ਹਨ। ਮਾਂ ਦੇ ਮਰਨ ਤੋਂ ਪਹਿਲਾਂ ਉਹ ਸੱਤਵੀਂ 'ਚ ਪੜ੍ਹਦੀ ਸੀ। ਉਸ ਨੂੰ ਵਿਹਲੇ ਮੁੰਡੇ ਛੇੜਛਾੜ ਕਰਨ ਲੱਗੇ। ਮਾਂ ਨੇ ਇੱਜ਼ਤ ਬਚਾਉਣ ਲਈ ਕੱਚੀ ਆਬਾਦੀ ਦੀ ਧੌਂਸ ਵਾਲੀ ਰੱਖੋ ਦਾਈ ਤੋਂ ਸਹਾਇਤਾ ਮੰਗੀ। ਬਦਲੇ ਵਿਚ ਨਾਜਾਇਜ਼ ਗਰਭਾਂ ਦੀ ਭਰੂਣ ਹੱਤਿਆ ਕਰਨ ਵਾਲੀ ਰੱਖੋ ਦਾਈ ਨੇ ਆਪਣੇ ਪੁੱਤਰ ਦਾਰਾ ਟਾਂਗੇ ਵਾਲੇ ਨਾਲ ਫ਼ਰੀਦਾ ਦੀ ਸ਼ਾਦੀ ਕਰਨ ਦੀ ਮੰਗ ਰੱਖ ਦਿੱਤੀ। ਵਿਆਹ ਹੋ ਗਿਆ। ਪਰ ਦਾਰਾ ਟਾਂਗੇ ਵਾਲਾ ਦੁਰਘਟਨਾ ਵਿਚ ਮਰ ਗਿਆ। ਗਰਭਵਤੀ ਫ਼ਰੀਦਾ ਨੇ ਬੇਟੀ ਨੂੰ ਜਨਮ ਦਿੱਤਾ। ਬੇਟੀ ਅਜੇ 7 ਦਿਨਾਂ ਦੀ ਹੀ ਸੀ, ਰੱਖੋ ਦਾਈ ਨੇ ਮਾਮੂਲੀ ਭੁੱਲ ਕਾਰਨ ਫ਼ਰੀਦਾ ਨੂੰ ਘਰੋਂ ਕੱਢਣ ਦਾ ਐਲਾਨ ਕਰ ਦਿੱਤਾ। ਫ਼ਰੀਦਾ ਨੇ ਨੇਕ ਦਿਲ ਨਣਦ ਅਮਾਨਤ ਬੀਬੀ ਦੀ ਝੋਲੀ ਬੇਟੀ ਨੂੰ ਪਾ ਕੇ ਘਰ ਛੱਡ ਦਿੱਤਾ। ਰੁਲਦੀ-ਖੁਲਦੀ ਨੂੰ ਉਸ ਨੂੰ ਚਿਰਾਗਦੀਨ ਜੀਵਨ ਸਾਥੀ ਮਿਲਿਆ। ਫ਼ਰੀਦਾ ਦੀ ਕੁੱਖੋਂ ਮੁਰਾਦ ਪੁੱਤਰ ਨੇ ਜਨਮ ਲਿਆ ਪਰ ਬਦਕਿਸਮਤੀ ਨਾਲ ਚਿਰਾਗ ਮਾਚਸ ਫੈਕਟਰੀ ਵਿਚ ਝੁਲਸ ਕੇ ਮਰ ਗਿਆ। ਫ਼ਰੀਦਾ ਨੇ ਲੋਕਾਂ ਦੇ ਗੋਲਪੁਣੇ ਕਰਕੇ ਮੁਰਾਦ ਨੂੰ ਪੜ੍ਹਾਇਆ। ਮੁਰਾਦ ਨੇ ਫਸਟ ਡਵੀਜ਼ਨ ਵਿਚ ਮੈਟ੍ਰਿਕ ਕਰਕੇ ਪਹਿਲਾਂ ਰਾਜ ਮਿਸਤਰੀ ਨਾਲ ਦਿਹਾੜੀਆਂ ਕੀਤੀਆਂ। ਬਾਅਦ ਵਿਚ ਰੇਲਵੇ ਮਹਿਕਮੇ ਵਿਚ ਕਲਰਕ ਭਰਤੀ ਹੋ ਗਿਆ। ਪਰ ਲੋੜਵੰਦਾਂ ਲਈ ਹੱਕ ਦੀ ਲੜਾਈ ਲੜਨਾ ਉਸ ਦਾ ਜੀਵਨ ਮਨੋਰਥ ਬਣ ਗਿਆ। ਦਫ਼ਤਰ ਦਾ ਰਿਸ਼ਵਤਖੋਰ ਕੈਸ਼ੀਅਰ ਪੈਨਸ਼ਨ ਲੈਣ ਆਈਆਂ ਅਤੇ ਹੋਰ ਕੰਮਾਂ ਲਈ ਆਈਆਂ ਵਿਧਵਾ ਔਰਤਾਂ ਤੋਂ ਰਿਸ਼ਵਤ ਮੰਗਦਾ ਸੀ। ਮੁਰਾਦ ਉਨ੍ਹਾਂ ਦੇ ਹੱਕਾਂ ਲਈ ਲੜਿਆ। ਦਫ਼ਤਰ ਦੀ ਸਟੈਨੋ ਬੀਬੀ ਤੋਂ ਟਾਈਪ ਰਾਈਟਰ ਟੁੱਟ ਗਿਆ। ਨਿੱਜੀ ਰੰਜਿਸ਼ ਕਾਰਨ ਵੱਡੇ ਅਫ਼ਸਰ ਜਾਵੇਦ ਵਾਸਤੀ ਨੇ ਸਟੈਨੋ ਦੀ ਤਨਖ਼ਾਹ ਕੱਟਣ ਦਾ ਆਦੇਸ਼ ਕਰ ਦਿੱਤਾ। ਮੁਰਾਦ ਨੇ ਉਸ ਨਾਲ ਵੀ ਝਗੜਾ ਕੀਤਾ। ਫਲਸਰੂਪ ਉਸ ਨੂੰ ਸਸਪੈਂਡ ਕੀਤਾ ਗਿਆ ਪਰ ਅਦਾਲਤ ਨੇ ਉਸ ਨੂੰ ਬਹਾਲ ਕਰ ਦਿੱਤਾ। ਇਸੇ ਕਥਾ ਦੀ ਰੂਪ-ਰੇਖਾ ਨੂੰ ਅਮੀਨ ਮਲਿਕ ਨੇ ਕਥਾਨਕ ਦਾ ਰੂਪ ਦੇ ਦਿੱਤਾ ਹੈ। 'ਸਾਂਝੀ ਕੁੱਖ' ਦੀ ਸਸਪੈਂਸ ਨਾਵਲ ਦੇ ਅਖੀਰ ਤੱਕ ਬਣੀ ਰਹੀ। ਅਖੀਰ ਵਿਚ ਸਸਪੈਂਸ ਖ਼ਤਮ ਹੋਈ ਜਦੋਂ ਪਤਾ ਲੱਗਾ ਸਟੈਨੋ ਲੜਕੀ (ਆਰਜ਼ੂ) ਅਤੇ ਉਸ ਦੇ ਹੱਕ ਲਈ ਲੜਨ ਵਾਲਾ 'ਮੁਰਾਦ' ਦੋਵੇਂ ਫ਼ਰੀਦਾ ਦੀ ਕੁੱਖੋਂ ਜੰਮੇ ਸਨ।
ਨਾਵਲ ਦੀਆਂ ਘਟਨਾਵਾਂ ਕਾਲਕ੍ਰਮ ਅਨੁਸਾਰ ਵਾਪਰਦੀਆਂ ਹਨ। ਚੰਗੀਆਂ ਮੰਦੀਆਂ ਘਟਨਾਵਾਂ ਉਪਜਦੀਆਂ ਅਤੇ ਬਿਨਸਦੀਆਂ ਹਨ। ਪਦਲੋਪ ਅਤੇ ਮੌਕਾਮੇਲ ਉਪਲਬਧ ਹੈ। ਇਕੋ ਸਥਿਤੀ ਦੀਆਂ ਅਨੇਕਾਂ ਤੁਲਨਾਵਾਂ ਨਾਵਲਕਾਰ ਦਾ ਹਾਸਲ ਹੈ। ਜ਼ਿਆਦਾਤਰ ਭਾਵੁਕ ਅਤੇ ਸਿਆਣਪ ਭਰੇ ਸੰਵਾਦ ਮਾਂ (ਫ਼ਰੀਦਾ) ਅਤੇ ਪੁੱਤਰ 'ਮੁਰਾਦ' ਦਰਮਿਆਨ ਨਿਰੰਤਰ ਪੜ੍ਹੇ ਜਾ ਸਕਦੇ ਹਨ। ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ ਪੇਸ਼ ਹੈ। ਪੰਜਾਬੀ ਅਖਾਣ-ਮੁਹਾਵਰੇ, ਇਸਲਾਮਿਕ ਅਤੇ ਇਤਿਹਾਸਕ ਹਵਾਲੇ ਢੁਕਵੇਂ ਹਨ। ਬ੍ਰਿਤਾਂਤਕ ਰਫ਼ਤਾਰ ਤੇਜ਼ ਹੈ। ਸ਼ੈਲੀ ਰੌਚਿਕ ਹੈ। ਪਾਠਕ ਨਾਵਲ ਨੂੰ ਪੜ੍ਹਨਾ ਸ਼ੁਰੂ ਕਰਕੇ ਪੂਰਾ ਪੜ੍ਹੇ ਬਿਨਾਂ ਦਮ ਨਹੀਂ ਲੈ ਸਕਦਾ।

ਡਾ. ਧਰਮ ਚੰਦ ਵਾਤਿਸ਼
vaish.dharamchand@gmail.com

ਆਖ਼ਰੀ ਮਹਾਰਾਣੀ
ਲੇਖਿਕਾ : ਚਿਤਰਾ ਬੈਨਰਜੀ ਦਿਵਾਕਰੂਨੀ
ਅਨੁਵਾਦ : ਡਾ. ਤਰਸ਼ਿੰਦਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 344
ਸੰਪਰਕ : 98152-98459.

ਚਿਤਰਾ ਬੈਨਰਜੀ ਦਾ ਸ਼ੁਮਾਰ ਉਨ੍ਹਾਂ ਚੋਟੀ ਦੇ ਲੇਖਕਾਂ ਵਿਚ ਹੁੰਦਾ ਹੈ, ਜਿਨ੍ਹਾਂ ਦੀਆਂ ਪੁਸਤਕਾਂ ਹੱਥੋ-ਹੱਥ ਵਿਕ ਜਾਂਦੀਆਂ ਹਨ। ਭਾਵੇਂ ਪੂੰਜੀਵਾਦੀ ਯੁੱਗ ਵਿਚ ਇਹ ਗੁਣ-ਲੱਛਣ ਵੀ ਇਕ ਪ੍ਰਮਾਣਿਕ ਲੇਖਕ ਹੋਣ ਦਾ ਜ਼ਾਮਨ ਬਣ ਗਿਆ ਹੈ, ਪਰ ਜਦੋਂ ਪਾਠਕ ਇਸ ਨਾਵਲ ਦੀ ਟੈਕਸਟ ਵਿਚੋਂ ਗੁਜ਼ਰਨਗੇ ਤਾਂ ਉਨ੍ਹਾਂ ਨੂੰ ਲੇਖਕਾਂ ਦੀ ਅਸਾਧਾਰਨ ਕਲਪਨਾ-ਸ਼ਕਤੀ ਅਤੇ ਬਿਰਤਾਂਤ-ਜੁਗਤਾਂ ਦਾ ਸਿੱਕਾ ਮੰਨਣਾ ਪਵੇਗਾ। ਇਤਿਹਾਸਕ ਨਾਵਲਕਾਰੀ ਕਰਨਾ ਕੋਈ ਆਸਾਨ ਕਾਰਜ ਨਹੀਂ ਹੈ, ਕਿਸੇ ਵੀ ਲੇਖਕ ਨੂੰ ਇਤਿਹਾਸ ਅਤੇ ਕਲਪਨਾ ਦੀ ਤਿੱਖੀ ਧਾਰ ਉੱਪਰ ਚੱਲਣਾ ਪੈਂਦਾ ਹੈ ਅਤੇ ਚਿਤਰਾ ਬੈਨਰਜੀ ਇਸ ਚੁਣੌਤੀ ਉੱਪਰ ਖਰੀ ਉਤਰੀ ਹੈ।
ਰਾਣੀ ਜਿੰਦਾਂ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਉਸਾਰੇ ਗਏ ਇਸ ਨਾਵਲ ਵਿਚ ਮਹਾਰਾਜਾ ਰਣਜੀਤ ਸਿੰਘ (ਸਰਕਾਰ), ਮਹਾਰਾਣੀ ਨਕਈ, ਰਾਣੀ ਸਦਾ ਕੌਰ, ਚੰਦ ਕੌਰ, ਮਹਾਰਾਜਾ ਖੜਕ ਸਿੰਘ, ਨੌਨਿਹਾਲ ਸਿੰਘ, ਡੋਗਰੇ ਸਰਦਾਰ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਹੀਰਾ ਸਿੰਘ ਆਦਿ ਪੰਡਤ ਜੱਲ੍ਹਾ, ਜਿੰਦਾਂ ਦਾ ਸਾਧਾਰਨ ਪਰਿਵਾਰ ਉਸ ਦਾ ਪਿਤਾ ਮੰਨਾ ਸਿੰਘ ਅਤੇ ਭਰਾ ਜਵਾਹਰ ਸਿੰਘ ਦੇ ਚਰਿੱਤਰਾਂ ਦਾ ਬੜਾ ਵਿਸ਼ਵਾਸਯੋਗ ਅੰਕਣ ਕੀਤਾ ਗਿਆ ਹੈ। ਪਰ ਸ੍ਰੀਮਤੀ ਬੇਨਰਜੀ ਨੇ ਇਸ ਨਾਵਲ ਵਿਚ ਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ (ਸਿੱਖ ਰਾਜ ਦਾ ਆਖ਼ਰੀ ਮਹਾਰਾਜ) ਦੇ ਚਰਿੱਤਰ ਦਾ ਵਿਕਾਸ ਬਹੁਤ ਕੁਸ਼ਲਤਾ ਅਤੇ ਮਨੋਵਿਗਿਆਨਕ ਸੂਝ ਨਾਲ ਕੀਤਾ ਹੈ।
ਚਿਤਰਾ ਬੈਨਰਜੀ ਨੇ ਇਤਿਹਾਸਕ ਤੱਥਾਂ ਨਾਲ ਕਿਧਰੇ ਵੀ ਛੇੜਛਾੜ ਨਹੀਂ ਕੀਤੀ ਬਲਕਿ ਜਿਥੇ ਕਿਧਰੇ ਖੱਪੇ ਸਨ, ਉਨ੍ਹਾਂ ਨੂੰ ਕਲਪਨਾ ਦੁਆਰਾ ਪੂਰ ਲਿਆ ਹੈ। ਜਿੰਦਾਂ ਦਾ ਬਚਪਨ, ਮਹਾਰਾਜੇ ਨਾਲ ਉਸ ਦੀਆਂ ਮੁਢਲੀਆਂ ਮੁਲਾਕਾਤਾਂ, ਰਾਜ ਦਰਬਾਰ ਦੀਆਂ ਸਾਜਿਸ਼ਾਂ ਅਤੇ ਰਾਣੀ ਜਿੰਦਾਂ ਦੇ ਆਖਰੀ ਵਰ੍ਹਿਆਂ ਦੇ ਸਮਾਚਾਰ ਡੂੰਘੀ ਸੰਵੇਦਨਾ ਨਾਲ ਅੰਕਿਤ ਕੀਤੇ ਗਏ ਹਨ। ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਇਹ ਪੁਸਤਕ ਬੜੀ ਰੀਝ ਨਾਲ ਅਤਿਅੰਤ ਸੁੰਦਰ ਰੂਪ ਵਿਚ ਪ੍ਰਕਾਸ਼ਿਤ ਕੀਤੀ ਹੈ। ਪਾਠਕਾਂ ਲਈ ਇਹ ਕਿਸੇ ਸੌਗਾਤ ਤੋਂ ਘੱਟ ਨਹੀਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿਰਲੱਥ ਸ਼ਹੀਦ
ਬਾਬਾ ਦੀਪ ਸਿੰਘ
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98146-26726.

ਵਿਚਾਰ-ਗੋਚਰੀ ਪੁਸਤਕ ਦੇ ਲੇਖਕ ਸੋਢੀ ਕੁਲਦੀਪ ਸਿੰਘ ਦੀ ਇਹ 6ਵੀਂ ਪੁਸਤਕ ਹੈ। ਉਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਵੀ ਧਾਰਮਿਕ ਵਿਸ਼ਿਆਂ ਬਾਰੇ ਹਨ।
ਇਸ ਪੁਸਤਕ ਦੇ ਲਿਖਣ ਦਾ ਮੁੱਖ ਮੰਤਵ, ਸਿੱਖ ਪੰਥ ਦੇ ਮਹਾਨ ਪਰਉਪਕਾਰੀ, ਵਿਦਵਾਨ ਅਤੇ ਸਿਰੜੀ ਸੂਰਮੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਅਤੇ ਲਾਸਾਨੀ ਘਾਲਣਾਵਾਂ ਬਾਰੇ ਪਾਠਕਾਂ ਨੂੰ ਠੋਸ ਜਾਣਕਾਰੀ ਦੇਣਾ ਹੈ।
ਪੁਸਤਕ ਦੇ 20 ਅਧਿਆਏ ਹਨ। ਪ੍ਰਥਮ ਲੇਖ ਵਿਚ ਬਾਬਾ ਜੀ ਦੇ ਜੀਵਨ ਬਾਰੇ ਬਿਰਤਾਂਤ ਹੈ। ਮਾਝੇ ਦੇ ਪਿੰਡ (ਪਹੂਵਿੰਡ) ਵਿਚ ਉਨ੍ਹਾਂ ਦਾ ਜਨਮ 1682 ਨੂੰ ਹੋਇਆ। ਇਸ ਅਧਿਆਏ ਦੇ ਅੰਤ 'ਤੇ ਇਕ ਛੋਟੀ ਕਵਿਤਾ ਬੜੀ ਭਾਵਪੂਰਤ ਹੈ।
ਵਿਹੜਾ ਚਮਕਿਆ ਲਟ ਲਟ
ਨੂਰ ਵਰ੍ਹਦਾ।
ਜਨਮਿਆ ਦੀਪ ਸਿੰਘ,
ਸਰਦਾਰ ਸੂਰਾ। (ਪੰਨਾ 11)
ਦੂਜੇ ਲੇਖ ਦਾ ਉਨਵਾਨ ਹੈ 'ਦਰਸ ਦੀਦਾਰੇ'। ਇਸ ਵਿਚ ਬਾਲਕ ਦੀਪ ਸਿੰਘ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਿਲਾਪ ਦਾ ਵੇਰਵਾ ਹੈ। ਸ੍ਰੀ ਅਨੰਦਪੁਰ ਸਾਹਿਬ 'ਅੰਮ੍ਰਿਤਪਾਨ', 'ਸਾਬੋ ਕੀ ਤਲਵੰਡੀ', 'ਬੰਦਾ ਬਹਾਦਰ ਵੇਲੇ', 'ਬਹਾਦਰ ਸ਼ਾਹ ਦਾ ਪੰਜਾਬ ਆਉਣਾ', 'ਸ਼ਹੀਦੀ ਜਥੇ ਦੀਆਂ ਜਿੱਤਾਂ', 'ਫ਼ਰੁਖ਼ਸੀਅਰ ਦੀ ਸਿੰਘਾਂ 'ਤੇ ਸਖ਼ਤੀ, 'ਛੋਟਾ ਘੱਲੂਘਾਰਾ', 'ਕਿਲ੍ਹਾ ਰਾਮ ਰਾਉਣੀ', 'ਮਿਸਾਲ ਪ੍ਰਬੰਧ', 'ਮਿਸਲ ਸ਼ਹੀਦਾਂ (ਜਿਸ ਦੇ ਬਾਨੀ ਬਾਬਾ ਦੀਪ ਸਿੰਘ ਜੀ ਸਨ), 'ਮੋੜੀਂ ਬਾਬਾ', 'ਸਰੋਵਰ ਦੀ ਬੇਅਦਬੀ', 'ਸ਼ਹੀਦੀ ਲਾੜੇ', 'ਮੈਦਾਨੇ-ਜੰਗ', 'ਸੀਸ ਤਲੀ 'ਤੇ', ਪੁਸਤਕ ਦੇ ਹੋਰ ਲੇਖ ਹਨ। ਹਰੇਕ ਲੇਖ ਵਿਚ ਵਡਮੁੱਲੀ ਜਾਣਕਾਰੀ, ਹਰ ਘਟਨਾ ਦਾ ਤਾਰੀਖ਼ਵਾਰ ਵੇਰਵਾ, ਕਾਵਿਕ ਰਚਨਾਵਾਂ, ਗੁਰਬਾਣੀ ਦੇ ਢੁਕਵੇਂ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦਰਜ ਹਨ, ਜਿਹੜੇ ਪੁਸਤਕ ਨੂੰ ਹੋਰ ਪੁਖਤਾ ਬਣਾਉਂਦੇ ਹਨ। ਅੰਤਿਮ ਲੇਖ ਹੈ 'ਬਾਬਾ ਦੀਪ ਸਿੰਘ ਜੀਵਨ ਆਦਰਸ਼'। ਬਾਬਾ ਜੀ ਦੇ ਪਿੰਡ ਬਾਰੇ ਵਿਦਵਾਨਾਂ ਵਿਚ ਕੁਝ ਮਤਭੇਦ ਹਨ। ਇਸੇ ਤਰ੍ਹਾਂ ਕੁਝ ਵਿਦਵਾਨਾਂ ਨੇ ਉਨ੍ਹਾਂ ਦਾ ਗੋਤ ਸੰਧੂ, ਜਦ ਕਿ ਭਾਈ ਕਾਹਨ ਸਿੰਘ ਨਾਭਾ ਨੇ 'ਖਰ੍ਹਾ' ਲਿਖਿਆ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਬੇਹੁਰਮਤੀ ਨੂੰ ਰੋਕਣ ਲਈ ਉਨ੍ਹਾਂ ਵਲੋਂ ਰਣਤੱਤੇ ਵਿਚ ਸੀਸ ਤਲੀ 'ਤੇ ਰੱਖ ਕੇ ਦਿੱਤੀ ਕੁਰਬਾਨੀ ਦੀ ਮਿਸਾਲ ਭਾਲਣੀ, ਮੁਸ਼ਕਿਲ ਹੈ। ਸੂਰਮੇ ਹੋਣ ਦੇ ਨਾਲ-ਨਾਲ ਬਾਬਾ ਜੀ ਮਹਾਨ ਵਿਦਵਾਨ ਸਨ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕਈ ਉਤਾਰੇ ਦਮਦਮਾ ਸਾਹਿਬ ਵਿਖੇ ਕੀਤੇ।
ਖੱਬੇ ਹੱਥ ਸੀ ਸੀਸ, ਸੱਜੇ ਤੇਗ਼।
ਆਹੂ ਜ਼ੁਲਮਾਂ ਦੇ ਲਾਹੁਣਾ ਏ।
ਬਾਬੇ ਹਰਿਮੰਦਰ ਜਾ, ਸੀਸ ਭੇਟ ਚੜ੍ਹਾਉਣਾ ਏ।
(ਪੰਨਾ 112)
ਪੁਸਤਕ ਵਡਮੁੱਲੀ ਰਚਨਾ ਹੈ।

ਤੀਰਥ ਸਿੰਘ ਢਿੱਲੋਂ
ਮੋ: 73407-51710

c c c
ਲੋਅ
ਲੇਖਕ : ਡਾ. ਸੁਰਜੀਤ ਚੰਦਰ
ਪ੍ਰਕਾਸ਼ਕ : 5ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98880-81547.

ਹਥਲੇ ਕਾਵਿ ਸੰਗ੍ਰਹਿ 'ਲੋਅ' ਦੇ ਲੇਖਕ ਡਾ. ਸੁਰਜੀਤ ਚੰਦਰ ਨੇ ਇਸ ਸੰਗ੍ਰਹਿ 'ਚ ਵੱਖ-ਵੱਖ ਮਾਨਵੀ ਗੰਭੀਰ ਮਸਲਿਆਂ ਨੂੰ ਛੋਹਿਆ ਹੈ। ਇਨ੍ਹਾਂ ਕਾਵਿ-ਰਚਨਾਵਾਂ 'ਚ ਸਮੇਂ ਦਾ ਹਾਕਮਾਂ ਖ਼ਿਲਾਫ਼ ਜੂਝਣ ਦਾ ਜਜ਼ਬਾ ਹੈ, ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਦਾ ਸੰਕਲਪ ਹੈ। ਕਵੀ ਧਰਮ-ਨਿਰਪੱਖਤਾ ਦਾ ਹਾਮੀ ਹੈ ਅਤੇ ਸਰਬੱਤ ਦਾ ਭਲਾ ਲੋਚਦਾ ਹੈ। ਭ੍ਰਿਸ਼ਟ ਸਿਸਟਮ ਉਸ ਦਾ ਹਿਰਦਾ ਵਲੂੰਧਰਦਾ ਹੈ। ਉਸ ਦੀ ਕਵਿਤਾ ਮੁੜ ਜੀਣ ਦੇ ਅਰਥ ਲੱਭਦੀ ਪ੍ਰਤੀਤ ਹੁੰਦੀ ਹੈ। ਕਵੀ ਕੁਦਰਤ ਦੇ ਕਾਦਰ ਨੂੰ ਸਿਜਦਾ ਕਰਦਾ ਆਖਦਾ ਹੈ :
ਹੁਣ ਮਨ ਕਰਦਾ ਹੈ
ਕਿਤੇ ਦੂਰ ਚਲਾ ਜਾਵਾਂ
ਕੁਦਰਤ ਦੀ ਗੋਦੀ ਜਾ ਬਹਾਂ
ਤੇ ਕਾਦਰ ਦੇ ਗੁਣ ਗਾਵਾਂ। (ਪੰਨਾ : 64)
ਲੇਖਕ ਜਾਤਾਂ-ਪਾਤਾਂ, ਧਰਮਾਂ ਦੇ ਝੇੜੇ ਛੱਡ, ਤੰਗ ਸੋਚਾਂ ਨੂੰ ਤਿਲਾਂਜਲੀ ਦੇਣ ਦਾ ਹਾਮੀ ਅਤੇ ਸਰਬ-ਸਾਂਝੀਵਾਲਤਾ ਦਾ ਮੁਦੱਈ ਹੈ। ਕਵੀ ਅਨੁਸਾਰ ਅੱਜਕਲ੍ਹ ਹਰ ਚਿਹਰਾ ਦੁਮੂੰਹਾ ਹੈ, ਜੋ ਕਿ ਇਕ ਪਲ ਸੱਜਣ ਹੈ ਅਤੇ ਦੂਜੇ ਪਲ ਠੱਗ। ਲੇਖਕ ਮਾਂ-ਬੋਲੀ ਦੇ ਸੱਚੇ ਸਪੂਤ ਵਜੋਂ ਨਵੀਂ ਪੀੜ੍ਹੀ ਨੂੰ ਮਾਤ ਭਾਸ਼ਾ ਅਤੇ ਸਾਡੇ ਅਮੀਰ ਵਿਰਸੇ ਨੂੰ ਸੰਭਾਲਣ ਦਾ ਹੋਕਾ ਦਿੰਦਾ ਆਖਦਾ ਹੈ :
ਰੜਕ, ਮੜਕ ਤੇ ਗੜਕ
ਮਾਂ ਬੋਲੀ ਹੀ ਸਿਖਾ ਸਕਦੀ ਹੈ
ਆ ਵਿਰਸਾ ਸੰਭਾਲੀਏ
ਮਾਂ ਬੋਲੀ ਦੇ ਸ਼ਬਦਾਂ ਨਾਲ ਗੁੰਦਾਈਏ।
(ਪੰਨਾ : 112)
ਲੇਖਕ ਅਜੋਕੇ ਯੁੱਗ 'ਚ ਅਪਰਾਧ, ਅਗਵਾਹ, ਫਿਰੌਤੀਆਂ, ਕਤਲੋਗਾਰਤ ਵਰਗੀਆਂ ਦਿਲ ਕੰਬਾਊ ਘਟਨਾਵਾਂ ਤੋਂ ਖੌਫ਼ਜ਼ਦਾ ਜ਼ਰੂਰ ਹੈ ਪ੍ਰੰਤੂ ਅਜੇ ਵੀ ਰਾਮ ਰਾਜ ਦਾ ਆਸਵੰਦ ਹੈ। ਇਸ ਸੰਗ੍ਰਹਿ 'ਚ ਜ਼ਿਆਦਾਤਾਰ ਖੁੱਲ੍ਹੀਆਂ ਕਵਿਤਾਵਾਂ ਹਨ ਅਤੇ ਕੁਝ ਲੈਅਬੱਧ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਕਾਵਿ-ਰਚਨਾਵਾਂ 'ਚ ਬੌਧਿਕ ਗਹਿਰਾਈ ਵੀ ਹੈ ਅਤੇ ਅਰਥ-ਭਰਪੂਰ ਹੋਣ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।

ਮਨਜੀਤ ਸਿੰਘ ਘੜੈਲੀ
ਮੋ: 98153-91625

ਡਾ. ਰਛਪਾਲ ਸਿੰਘ ਬਾਲੀ
ਦਾ ਨਾਵਲੀ ਸੰਸਾਰ
ਸੰਪਾਦਕ : ਡਾ. ਸਤਵੰਤ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 295 ਰੁਪਏ, ਸਫ਼ੇ : 152
ਸੰਪਰਕ : 98729-91780.

ਹਥਲੀ ਪੁਸਤਕ ਜੰਮੂ-ਕਸ਼ਮੀਰ ਰਿਆਸਤੀ ਖੇਤਰ ਦੇ ਪਰਮ ਪਿਆਰੇ ਅਤੇ ਉਸ ਖੇਤਰ ਦੇ ਮੋਢੀ ਨਾਵਲਕਾਰ ਦੇ 13 ਨਾਵਲਾਂ ਦਾ ਵਿਸਤਰਿਤ ਅਧਿਐਨ ਪੇਸ਼ ਕਰਦੀ ਹੈ। ਇਸ ਲੇਖਕ ਦੇ ਪਹਿਲੇ ਨਾਵਲ ਪੀਡੀਆਂ ਨਾੜਾਂ ਨੇ ਹੀ ਪੰਜਾਬੀ ਨਾਵਲੀ ਜਗਤ ਵਿਚ ਭਾਈ ਵੀਰ ਸਿੰਘ ਰਚਿਤ ਨਾਵਲਾਂ ਤੋਂ ਅਗਾਂਹ ਦੀ ਨਾਵਲੀ ਸਿਰਜਣਾ ਦਾ ਬੋਧ ਕਰਵਾ ਦਿੱਤਾ ਸੀ। ਇਸ ਉਪਰੰਤ ਇਸ ਨਾਵਲਕਾਰ ਦੁਆਰਾ ਰਚਿਤ ਹੋਰ ਨਾਵਲ ਸੱਲਾਂ, ਵਾਪਸੀ, ਹਾਏ ਨੀ ਮਾਏ ਮੇਰੀਏ, ਹਿਸਟੀਰੀਆ, ਬਾਵਰੀ, ਚਾਹਤ, ਮਹੂਆ, ਸੁਨੇਹੜੇ, ਮਿੱਟੀ ਦੀ ਸਾਂਝ, ਆਤਮ ਗਿਆਨ, ਦੀਦੇ ਅਤੇ ਖਾਲੀ ਖੇਤ ਹਨ। ਜਿਨ੍ਹਾਂ ਬਾਬਤ ਇਸ ਪੁਸਤਕ ਵਿਚ ਗੰਭੀਰ ਅਧਿਐਨ ਪੇਸ਼ ਕੀਤਾ ਗਿਆ ਹੈ ਅਤੇ ਵਿਭਿੰਨ ਆਲੋਚਕਾਂ ਵਲੋਂ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ ਕਿ ਪੰਜਾਬੀ ਸਾਹਿਤ ਦੇ ਪਾਰਖੂਆਂ ਵਲੋਂ ਡਾ. ਰਛਪਾਲ ਸਿੰਘ ਬਾਲੀ ਵਰਗੇ ਨਾਵਲਕਾਰ ਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਸ ਨਾਵਲਕਾਰ ਦੇ ਰਚਨਾਤਮਿਕ ਵਿਵੇਕ ਨੂੰ, ਡਾ. ਸਰਵਨ ਸਿੰਘ ਪਰਦੇਸੀ, ਡਾ. ਸੁਖਵਿੰਦਰ ਸਿੰਘ, ਡਾ. ਗੁਰਚਰਨ ਸਿੰਘ ਗੁਲਸ਼ਨ, ਕੰਵਲ ਕਸ਼ਮੀਰੀ, ਅਜੀਤ ਸਿੰਘ ਮਸਤਾਨਾ, ਇਛੂਪਾਲ ਸਿੰਘ, ਰਤਨ ਸਿੰਘ ਕੰਵਲ, ਡਾ. ਰੁਪਿੰਦਰਜੀਤ ਗਿੱਲ, ਡਾ. ਸਤਵੰਤ ਸਿੰਘ, ਬਲਦੇਵ ਸਿੰਘ ਪੰਛੀ, ਆਰ. ਐਸ. ਰਾਜਨ ਅਤੇ ਡਾ. ਹਰਭਜਨ ਸਿੰਘ ਨੇ ਗੰਭੀਰਤਾ ਨਾਲ ਵਿਚਾਰਦਿਆਂ ਹੋਇਆਂ ਸਾਬਤ ਕੀਤਾ ਹੈ ਕਿ ਡਾ. ਬਾਲੀ ਜੰਮੂ ਕਸ਼ਮੀਰ ਦੀ ਰਿਆਸਤ ਦੇ ਲੋਕਾਂ ਦੇ ਜਨਜੀਵਨ ਨੂੰ, ਉਨ੍ਹਾਂ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀ ਨੂੰ ਤਾਂ ਖੂਬ ਸਮਝਦਾ ਹੀ ਹੈ ਅਤੇ ਨਾਲ-ਨਾਲ ਉਨ੍ਹਾਂ ਦੀ ਨੈਤਿਕਤਾ ਅਤੇ ਸੰਕਟਕਾਲੀਨ ਸਥਿਤੀਆਂ ਦਾ ਵੀ ਨਿਰੂਪਣ ਕਰਦਾ ਹੈ। ਇਨ੍ਹਾਂ ਆਲੋਚਕਾਂ ਨੇ ਇਹ ਵੀ ਸਾਬਤ ਕੀਤਾ ਹੈ ਕਿ ਡਾ. ਬਾਲੀ ਆਪਣੇ ਉਕਤ ਨਾਵਲਾਂ ਵਿਚ ਦਰਸਾਏ ਪਾਤਰਾਂ ਦੀ ਮਾਨਸਿਕਤਾ ਵੀ ਪੇਸ਼ ਕਰਦਾ ਹੈ ਅਤੇ ਘਰੇਲੂ ਜੀਵਨ ਸ਼ੈਲੀ ਦੀ ਵੀ ਪੇਸ਼ਕਾਰੀ ਕਰਦਾ ਹੈ।
ਉਕਤ ਵਿਦਵਾਨਾਂ ਦੇ ਵਿਚਾਰਾਂ ਦੀ ਸਹਿਮਤੀ ਇਸ ਗੱਲ ਵਿਚ ਵੀ ਸਾਹਮਣੇ ਆਈ ਹੈ ਕਿ ਡਾ. ਬਾਲੀ ਪੰਜਾਬੀ ਅਤੇ ਪੰਜਾਬੀਅਤ ਦੇ ਮੂਲ ਵਿਧਾਨ ਨੂੰ ਰਿਆਸਤੀ ਖੇਤਰ ਵਿਚ ਪ੍ਰਜਵਲਤ ਕਰਨ ਵਾਲਾ ਇਕ ਉੱਘਾ ਨਾਵਲਕਾਰ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਸਿੱਖ ਇਨਕਲਾਬ ਦਾ ਫਲਸਫਾ
ਜਪੁਜੀ
ਲੇਖਕ : ਡਾ. ਕਮਲਜੀਤ ਸਿੰਘ ਟਿੱਬਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 168
ਸੰਪਰਕ : 98554-70128.

ਸ੍ਰੀ ਜਪੁਜੀ ਸਾਹਿਬ ਇਕ ਅਨੂਠੀ, ਅਨੂਪਮ, ਸ਼ਾਹਕਾਰ ਰਚਨਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਹੈ। ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਜਪੁਜੀ ਸਾਹਿਬ ਜੀ ਦੀ ਹੀ ਵਿਆਖਿਆ ਹਨ। ਇਸ ਮਹਾਨ ਬਾਣੀ ਨੂੰ ਪੜ੍ਹਨਾ, ਸੁਣਨਾ, ਗਾਉਣਾ, ਮੰਨਣਾ, ਕਮਾਉਣਾ ਅਤੇ ਵਿਚਾਰ ਕੇ ਇਸ ਅਨੁਸਾਰ ਜੀਵਨ ਢਾਲਣਾ ਕਿਸੇ ਵਡਭਾਗੀ ਦੇ ਹਿੱਸੇ ਆਉਂਦਾ ਹੈ। ਇਹ ਬਾਣੀ ਸਾਡੇ ਰਾਹ ਰੁਸ਼ਨਾਉਂਦੀ, ਸਚਿਆਰ ਬਣਾਉਂਦੀ ਅਤੇ ਜੀਵਨ-ਜਾਚ ਸਿਖਾਉਂਦੀ ਹੈ।
ਅੱਜ ਤੱਕ ਸਭ ਤੋਂ ਵੱਧ ਟੀਕੇ ਸ੍ਰੀ ਜਪੁਜੀ ਸਾਹਿਬ ਦੇ ਹੋਏ ਹਨ। ਲੇਖਕ ਨੇ ਆਪਣੀ ਬੁੱਧ, ਮੱਤ ਅਤੇ ਅਨੁਭਵ ਅਨੁਸਾਰ ਇਸ ਵਿਲੱਖਣ ਬਾਣੀ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਧੁਰ ਦੀ ਬਾਣੀ ਦੀ ਵਿਆਖਿਆ ਕਰਨੀ ਮਨੁੱਖੀ ਮਨ ਦੇ ਵੱਸ ਨਹੀਂ ਹੈ। ਅਕੱਥ ਨੂੰ ਕਥਿਆ ਨਹੀਂ ਜਾ ਸਕਦਾ। ਇਹ ਸ਼ਬਦਾਂ ਤੋਂ ਪਾਰ ਦੀ ਗੱਲ ਹੈ, ਫਿਰ ਵੀ ਵਿਦਵਾਨ ਲਿਖਾਰੀ ਨੇ ਸ੍ਰੀ ਜਪੁਜੀ ਸਾਹਿਬ ਨੂੰ ਨਵੇਂ ਮੁਹਾਵਰੇ ਵਿਚ ਅਰਥਾਉਣ ਦਾ ਯਤਨ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਚਿਆਰੀ ਜੀਵਨ-ਜਾਚ ਨੂੰ ਅਮਲੀ ਤੌਰ 'ਤੇ ਜਿਉ ਕੇ ਵਿਖਾਇਆ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬੇਗਮਪੁਰਾ ਅਤੇ ਹਲੇਮੀ ਰਾਜ ਦੀਆਂ ਸੁਤੰਤਰ ਝਲਕਾਂ ਦਿਖਾਈਆਂ। ਨਵੇਂ ਮਨੁੱਖ ਦੀ ਸਿਰਜਣਾ ਕੀਤੀ। ਜਪੁਜੀ ਸਾਹਿਬ ਨੂੰ ਧਿਆ ਕੇ ਅਤੇ ਜਿਉਂ ਕੇ ਮਨੁੱਖ ਹਨੇਰੇ ਤੋਂ ਚਾਨਣ, ਗੁਲਾਮੀ ਤੋਂ ਆਜ਼ਾਦੀ, ਕੂੜ ਤੋਂ ਸੱਚ ਵਿਚ ਆ ਟਿਕਦਾ ਹੈ। ਇਸ ਵਿਚ ਸੱਚ ਦੀ ਸੱਚੀ ਪਾਤਸ਼ਾਹੀ ਦੀਆਂ ਝਲਕਾਂ ਹਨ। ਸਰਬੱਤ ਦੇ ਭਲੇ ਦਾ ਆਦਰਸ਼ ਅਤੇ ਕੁਦਰਤ ਕਾਦਰ ਦਾ ਇਸ਼ਕ ਹੈ। ਇਹ ਹਕੀਕੀ ਸੁੰਦਰਤਾ ਦਾ ਅਥਾਹ ਭੰਡਾਰ, ਗਿਆਨ ਦਾ ਮਹਾਂਸਾਗਰ ਅਤੇ ਸਚਿਆਰਤਾ ਦਾ ਭੰਡਾਰ ਹੈ। ਇਸ 'ਤੇ ਅਮਲ ਕੀਤਿਆਂ ਵਰਤਮਾਨ ਸੰਵਰਦਾ ਅਤੇ ਭਵਿੱਖ ਉੱਸਰਦਾ ਹੈ। ਇਸ ਦੀ ਪ੍ਰੇਰਨਾ ਨਿਆਸਰਿਆਂ ਦਾ ਆਸਰਾ ਬਣਦੀ ਹੈ। ਇਹ ਸਾਨੂੰ ਡੂੰਘੀ ਨੀਂਦ ਵਿਚੋਂ ਜਗਾ ਤੇ ਆਪਣੇ ਅਸਲੇ ਪ੍ਰਤੀ ਸੁਚੇਤ ਕਰਦੀ ਹੈ। ਲੇਖਕ ਨੇ ਸ੍ਰੀ ਜਪੁਜੀ ਸਾਹਿਬ ਜੀ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ ਹੈ। ਹਰ ਅਧਿਆਇ ਦੇ ਅੰਤ 'ਤੇ ਕਾਵਿਕ ਟੂਕਾਂ ਨਾਲ ਸ਼ਿੰਗਾਰਿਆ ਹੈ। ਇਹ ਇਕ ਵਧੀਆ ਉਪਰਾਲਾ ਹੈ। ਇਹ ਪੁਸਤਕ ਪੜ੍ਹਨਯੋਗ, ਵਿਚਾਰਨਯੋਗ ਅਤੇ ਸਾਂਭਣਯੋਗ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

27-03-2022

 ਧਰਮ-ਯੁੱਧ ਮੋਰਚਾ
(ਮਤਾ ਅਨੰਦਪੁਰ ਸਾਹਿਬ ਬਨਾਮ ਸ਼੍ਰੋਮਣੀ ਅਕਾਲੀ ਦਲ)
ਲੇਖਕ : ਹਰਵਿੰਦਰ ਸਿੰਘ ਖ਼ਾਲਸਾ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 254
ਸੰਪਰਕ : 98155-33725.


ਸ. ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ) ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਧਰਮ-ਯੁੱਧ ਮੋਰਚੇ ਦੇ ਇਤਿਹਾਸ ਅਤੇ ਇਸ ਮੋਰਚੇ ਨਾਲ ਜੁੜੇ ਮਹੱਤਵਪੂਰਨ ਵੇਰਵਿਆਂ ਦਾ ਸਟੀਕ ਵਰਨਣ ਕੀਤਾ ਹੈ। ਪੁਸਤਕ ਦੇ ਮੁੱਢ ਵਿਚ ਉਹ ਬੜਾ ਵਾਜਬ ਗਿਲਾ ਵੀ ਕਰਦਾ ਹੈ ਕਿ ਸਿੱਖ ਕੌਮ ਆਪਣਾ ਸ਼ਾਨਾਮੱਤਾ ਇਤਿਹਾਸ ਬਣਾ ਤਾਂ ਲੈਂਦੀ ਹੈ ਪਰ ਇਸ ਨੂੰ ਸਾਂਭਣ-ਸਹੇਜਣ ਲਈ ਵਿਸ਼ੇਸ਼ ਉੱਦਮ ਨਹੀਂ ਕਰਦੀ। ਇਸੇ ਕਮਜ਼ੋਰੀ ਨੂੰ ਦੂਰ ਕਰਨ ਲਈ ਉਸ ਨੇ ਇਹ ਇਤਿਹਾਸਕ ਪੁਸਤਕ ਲਿਖੀ ਹੈ, ਜਿਸ ਵਿਚ 4 ਅਗਸਤ, 1982 ਨੂੰ ਸ਼ੁਰੂ ਹੋਏ ਧਰਮ-ਯੁੱਧ ਮੋਰਚੇ ਦਾ ਇਤਿਹਾਸ ਕਲਮਬੱਧ ਕੀਤਾ ਗਿਆ ਹੈ।
ਇਸ ਮੋਰਚੇ ਦੀ ਪਿੱਠਭੂਮੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਵਲੋਂ 25 ਜੂਨ, 1975 ਨੂੰ ਲਗਾਈ ਐਮਰਜੈਂਸੀ ਦਾ ਵੀ ਵਰਨਣ ਹੈ, ਜਦੋਂ ਆਪਣੀ ਗੱਦੀ ਬਚਾਉਣ ਲਈ ਉਸ ਨੇ ਤਾਨਾਸ਼ਾਹੀ ਰਵੱਈਆ ਧਾਰਨ ਕਰ ਲਿਆ ਸੀ। ਐਮਰਜੈਂਸੀ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਬਹੁਤ ਸਾਰੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੰਵਿਧਾਨਕ ਕਦਰਾਂ-ਕੀਮਤਾਂ ਦਾ ਏਨੇ ਨੰਗੇ-ਚਿੱਟੇ ਰੂਪ ਵਿਚ ਅਪਮਾਨ ਆਜ਼ਾਦ ਭਾਰਤ ਵਿਚ ਇਸ ਤੋਂ ਬਿਨਾਂ ਹੋਰ ਕਦੇ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਐਮਰਜੈਂਸੀ ਵਿਰੁੱਧ ਲਗਾਤਾਰ 19 ਮਹੀਨੇ ਮੋਰਚਾ ਚਲਾਇਆ। 1977 ਦੀਆਂ ਲੋਕ ਸਭਾ ਚੋਣਾਂ ਵਿਚ ਇੰਦਰਾ ਗਾਂਧੀ ਹਾਰ ਗਈ। ਕੇਂਦਰ ਵਿਚ ਜਨਤਾ ਪਾਰਟੀ ਦੀ ਸਰਕਾਰ ਬਣੀ, ਜੋ 20 ਜੂਨ, 1977 ਤੋਂ 17 ਫਰਵਰੀ, 1980 ਤੱਕ ਚੱਲੀ। ਇਸੇ ਦੌਰਾਨ '1978 ਵਿਚ ਵਿਸਾਖੀ ਵਾਲੇ ਦਿਨ, ਨਿਰੰਕਾਰੀ ਸਾਕੇ ਦੌਰਾਨ 13 ਸਿੰਘ ਸ਼ਹੀਦੀ ਪਾ ਗਏ।' (ਪੰਨਾ 29)।
ਇਸ ਉਪਰੰਤ ਘਟਨਾਵਾਂ ਦਾ ਇਕ ਲੰਮਾ ਅਤੇ ਜੋਸ਼ੀਲਾ ਸਿਲਸਿਲਾ ਚੱਲਿਆ ਤੇ 1984 ਵਿਚ ਦਰਬਾਰ ਸਾਹਿਬ ਦੀ ਬੇਅਦਬੀ, ਇੰਦਰਾ ਗਾਂਧੀ ਦੀ ਹੱਤਿਆ ਅਤੇ ਸਿੱਖ ਕੌਮ ਦੇ ਵਿਆਪਕ ਨਰਸੰਘਾਰ ਤੱਕ ਜਾ ਪਹੁੰਚਿਆ। ਸ. ਖ਼ਾਲਸਾ ਨੇ 1975 ਤੋਂ ਲੈ ਕੇ 1984 ਤੱਕ ਦੇ ਲਹੂ-ਲੁਹਾਣ ਇਤਿਹਾਸ ਨੂੰ ਬੜੀ ਸੰਜੀਦਗੀ ਅਤੇ ਸਚਾਈ ਨਾਲ ਇਸ ਪੋਥੀ ਵਿਚ ਅੰਕਿਤ ਕੀਤਾ ਹੈ। ਲੇਖਕ ਇਕ ਸਮਰਪਿਤ ਵਿਅਕਤੀ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਅਗਨ ਕੁੰਡ ਦਾ ਕਰਣ ਦੁਆਰ

ਲੇਖਕ : ਸੁਰਜੀਤ ਸੁਮਨ
ਪ੍ਰਕਾਸ਼ਕ : ਪਰਵਾਜ਼ ਪਬਲੀਕੇਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98144-30874.


ਸ਼ਾਇਰ ਸੁਰਜੀਤ ਸੁਮਨ ਹਥਲੀ ਕਾਵਿ-ਪੁਸਤਕ 'ਅਗਨ ਕੁੰਡ ਦਾ ਕਰਨ ਦੁਆਰ' ਤੋਂ ਪਹਿਲਾਂ 'ਮਾਏ ਮੇਰਾ ਦਿਲ ਕੰਬਿਆ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਵਾਕਿਆ ਹੀ ਵੱਖਰੇ ਬੌਧਿਕ ਮੁਹਾਵਰੇ ਦਾ ਕਵੀ ਹੈ। ਸ਼ਾਇਰ ਡਾ. ਮਨਮੋਹਨ ਠੀਕ ਹੀ ਤਾਂ ਕਹਿੰਦਾ ਹੈ ਕਿ ਵੱਖਰੀ ਤਰ੍ਹਾਂ ਲਿਖੋ, ਜੇ ਅਜੇ ਤੱਕ ਵੱਖਰੇ ਨਹੀਂ ਹੋਏ ਤਾਂ ਵੱਖਰੇ ਹੋਣ ਤੱਕ ਦੀ ਉਡੀਕ ਕਰੋ। ਸ਼ਾਇਰ ਨੇ ਇਤਿਹਾਸ ਮਿਥਿਹਾਸ ਦਾ ਮੰਥਨ ਕਰਕੇ ਮਿੱਥ ਨੂੰ ਪੁਨਰ-ਸਿਰਜਣ ਦੀ ਜੁਗਤ ਨਾਲ ਸਮਕਾਲੀ ਪ੍ਰਸਥਿਤੀਆਂ ਨਾਲ ਦਸਤਪੰਜਾ ਲਿਆ ਹੈ ਤੇ ਇਸ ਮਿੱਥ ਨੂੰ ਪੁਨਰ-ਸਿਰਜਣ ਨਾਲ ਮੰਤਰ ਸੱਤਯਮ, ਸ਼ਿਵਮ, ਸੁੰਦਰਮ ਦੇ ਮੰਤਰ ਨਾਲ ਕਾਵਿ ਧਰਮ ਦੀ ਲੱਜ ਪਾਲੀ ਹੈ। ਉਸ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੇ ਸਵੈ-ਕਥਨ ਤੋਂ ਸਪੱਸ਼ਟ ਹੋ ਜਾਂਦੀ ਹੈ, ਉਸ ਦੀ ਬੀਬੀ (ਮਾਤਾ) ਨੇ ਪਰੋਮੀਥੀਅਨ ਸਿਰੜ ਨਾਲ 'ਮਿਥ ਆਫ ਸਿਸੀਫਸ' ਦੀ ਗਾਥਾ ਨੂੰ ਵੀ ਪੁਨਰ ਸਿਰਜਤ ਕੀਤਾ ਹੈ। ਉਹ ਕਹਿੰਦਾ ਹੈ ਕਿ ਅੱਜ ਦੇ ਕੁਰੂਕੁਸ਼ੇਤਰ ਦੇ ਮੈਦਾਨ 'ਚ ਕੁੱਦਣ ਲਈ ਕਿਸੇ ਕ੍ਰਿਸ਼ਨ ਦੀ ਸਲਾਹ ਤੇ ਦੁਬਿਧਾ ਦੇ ਚੱਕਰਵਿਊ ਵਿਚ ਨਹੀਂ ਪੈਣਾ ਤੇ ਕਰਨ ਵਾਂਗ ਨੰਗੇ ਧੜ ਲੜਨਾ ਪੈਣਾ ਹੈ। ਕੋਰੋਨਾ ਕਾਲ ਦੀ ਬੜੀ ਹੀ ਖੁਰਦਬੀਨੀ ਅੱਖ ਨਾਲ ਸਕੈਨਿੰਗ ਕਰਦਿਆਂ ਦੱਸਿਆ ਕਿ ਕਿਵੇਂ ਆਪਣੇ ਘਰਾਂ ਨੂੰ ਪਰਤਣ ਲਈ ਪੈਰਾਂ ਦੇ ਛਾਲਿਆਂ ਦੀ ਪੀੜ ਨਾਲ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕੀਤਾ ਤੇ ਗਰਭਵਤੀ ਮਹਿਲਾਵਾਂ ਨੇ ਰੇਲਵੇ ਲਾਈਨਾਂ 'ਤੇ ਹੀ ਪਰਸੂਤੀ ਪੀੜਾ ਸਹਿ ਕੇ ਆਪਣੇ ਹੀ ਦੇਸ਼ ਵਿਚ ਪਰਦੇਸੀ ਹੋਣ ਦਾ ਦਰਦ ਹੰਢਾਇਆ ਹੈ। ਸੱਤਾ ਦੇ ਗਲਿਆਰਿਆਂ ਨੂੰ ਕੋਰੋਨਾ ਦਾ ਭੈਅ ਦਿਖਾਉਣਾ ਉਨ੍ਹਾਂ ਦੇ ਹੱਕ ਵਿਚ ਭੁਗਤਦਾ ਹੈ। ਸ਼ਾਇਰ ਉਨ੍ਹਾਂ ਹਵਸ਼ੀ ਦਰਿੰਦਿਆਂ ਤੇ ਲਾਹਨਤਾਂ ਦੀ ਵਾਛੜ ਮਾਰਦਾ ਹੈ ਜੋ ਬੇਵੱਸ ਤੇ ਮਜਬੂਰ ਬਾਲੜੀਆਂ ਦਾ ਰੇਪ ਕਰਨ ਨੂੰ ਇਕ ਸ਼ੁਗਲ ਤੋਂ ਵੱਖ ਕੁਝ ਨਹੀਂ ਸਮਝਦੇ। ਉਹ ਅਗਨ ਪ੍ਰੀਖਿਆ ਲਈ ਅੱਜ ਦੀ ਸੀਤਾ ਅਤੇ ਚੀਰ ਹਰਨ ਕਰਾਉਣ ਵਾਲੀ ਅੱਜ ਦੀ ਦਰੋਪਤੀ ਨੂੰ ਅਗਾਊਂ ਜਾਗਰੂਕ ਕਰਦਾ ਹੈ। ਕਿਸਾਨੀ ਅੰਦੋਲਨ ਦੀ ਸਮੀਖਿਆ ਕਰਦਿਆਂ ਸ਼ਾਇਰ ਸਪੱਸ਼ਟ ਕਰਦਾ ਹੈ ਕਿ ਅੱਜ ਦੀ ਭਗਵੇਂ ਬ੍ਰਿਗੇਡ ਦੀ ਸਰਕਾਰ ਕਿਵੇਂ ਕਾਰਪੋਰੇਟ ਸੈਕਟਰ ਦੇ ਰੀਮੋਟ ਕੰਟਰੋਲ ਨਾਲ ਚੱਲ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਮਜ਼ਦੂਰ ਤੇ ਘਸਿਆਰੇ ਬਣਾਉਣ ਦੀਆਂ ਗੋਂਦਾਂ ਗੁੰਦ ਰਹੀ ਹੈ। ਪਰ ਅੱਜ ਦਾ ਜਾਗਰੂਕ ਬੰਦਾ ਸਮਕਾਲੀ ਪ੍ਰਸਥਿਤੀਆਂ ਨਾਲ ਦਸਤਪੰਜਾ ਲੈ ਕੇ ਕਰਨ ਦੁਆਰ ਦੀ ਅਗਨ ਕੁੰਡ ਦੀ ਪੁਰਸਲਾਤ ਤੋਂ ਪਾਰ ਹੋ ਜਾਏਗਾ। ਸ਼ਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ ਅਤੇ ਆਧੁਨਿਕ ਭਾਵ ਬੋਧ ਦੇ ਅੰਗ-ਸੰਗ ਹੋਣ ਲਈ ਇਸ ਪੁਸਤਕ ਦੀ ਪੜ੍ਹਤ ਜ਼ਰੂਰੀ ਹੋ ਜਾਂਦੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਬਚਿਆ ਰਹੇਗਾ ਸਾਰਾ ਕੁਝ
ਸੰਪਾਦਨ ਅਤੇ ਅਨੁਵਾਦ : ਅਮਰਜੀਤ ਕੌਂਕੇ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 160
ਸੰਪਰਕ : 98142-31698.


'ਬਚਿਆ ਰਹੇਗਾ ਸਾਰਾ ਕੁਝ' (ਸਮਕਾਲੀ ਹਿੰਦੀ ਚੋਣਵੀ ਕਵਿਤਾ) ਕਾਵਿ-ਸੰਗ੍ਰਹਿ ਪੰਜਾਬੀ ਦੇ ਨਾਮਵਰ ਸ਼ਾਇਰ ਅਨੁਵਾਦਕ, ਆਲੋਚਕ ਅਤੇ ਸੰਪਾਦਕ ਅਮਰਜੀਤ ਕੌਂਕੇ ਦੁਆਰਾ ਅਨੁਵਾਦਿਤ ਅਤੇ ਸੰਪਾਦਿਤ ਕੀਤਾ ਗਿਆ ਹੈ। ਉਸ ਨੇ ਇਹ ਕਾਵਿ-ਸੰਗ੍ਰਹਿ ਆਸਮੀਨ, ਅਗਮਜੋਤ ਅਤੇ ਗੁਨਿਕਾ ਦੇ ਨਾਂਅ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਸ਼ਬਦ ਦਾ ਭਵਿੱਖੀ ਬੱਚਿਆਂ ਲਈ ਜੁੜੇ ਰਹਿਣਾ ਕਿੰਨਾ ਮਹੱਤਵਪੂਰਨ ਹੈ। ਇਸ ਕਾਵਿ-ਸੰਗ੍ਰਹਿ ਵਿਚ ਜਨਮ ਮਿਤੀ ਦੇ ਆਧਾਰ 'ਤੇ ਸਰਵੇਸ਼੍ਵਰ ਸਕਸੈਨਾ, ਕੁੰਵਰ ਨਾਰਾਇਣ, ਕੇਦਾਰ ਨਾਥ ਸਿੰਘ, ਨਰੇਸ਼ ਸਕਸੈਨਾ, ਵਿਸ਼ਵਨਾਥ ਪ੍ਰਸਾਦ ਤਿਵਾਰੀ, ਅਸ਼ੋਕ ਵਾਜਪੇਈ, ਰਾਜੇਸ਼ ਜੋਸ਼ੀ, ਮੰਗਲੇਸ਼ ਡਬਰਾਲ, ਆਲੋਕ ਧਨਵਾ, ਅਰੁਣ ਕਮਲ, ਮਦਨ ਕਸ਼ਿਯਪ, ਕਾਤਿਆਇਨੀ, ਅਨਾਮਿਕਾ, ਪਵਨ ਕਰਨ, ਸ੍ਰੀ ਪ੍ਰਕਾਸ਼ ਸ਼ੁਕਲ, ਬਦਰੀ ਨਰਾਇਣ, ਸ਼ਹਿਨਸ਼ਾਹ ਆਲਮ, ਮਣੀ ਮੋਹਣ, ਨੀਲੈਸ਼, ਰਘੁਵੰਸ਼ੀ, ਆਤਮਾ ਰੰਜਨ ਅਤੇ ਨੀਰਜ ਕੁਮਾਰ ਮਿਸ਼ਰ ਦੀਆਂ ਚੋਣਵੀਆਂ ਕਵਿਤਾਵਾਂ ਨੂੰ ਅਨੁਵਾਦਿਤ ਅਤੇ ਸੰਪਾਦਿਤ ਕੀਤਾ ਹੈ। ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਨੂੰ ਪਾਠਕ ਪੜ੍ਹਦਿਆਂ ਹਿੰਦੀ ਕਵਿਤਾ 'ਚ ਪ੍ਰਚੱਲਿਤ ਪ੍ਰਵਿਰਤੀਆਂ ਦੇ ਸਾਖ਼ਸ਼ਾਤ ਦਰਸ਼ਨ ਕਰਦਾ ਹੈ, ਉਥੇ ਨਾਲ ਦੀ ਨਾਲ ਸਮਾਜਿਕ-ਯਥਾਰਥ, ਸਮਾਜਿਕ-ਰਾਜਨੀਤਕ ਯਥਾਰਥ, ਰੋਮਾਂਟਿਕਤਾ, ਇਨਕਲਾਬੀ ਚੇਤਨਾ, ਛਾਇਆਵਾਦੀ ਦੇ ਸੰਦਰਭ ਵਿਚ ਇਸ ਸਮੇਂ ਦੌਰਾਨ ਵਾਪਰੇ ਅਤੇ ਸਿਰਜੇ ਬਿਰਤਾਂਤ : ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ ਚੌਖਟੇ 'ਚ ਚਿੰਤਨ-ਮਨ ਦੀਆਂ ਤਹਿਆਂ ਫਰੋਲਦੇ ਪ੍ਰਤੀਤ ਹੋਣਗੇ। ਕਵਿਤਾ ਦਾ ਮਨੋਰਥ ਮਨੁੱਖੀ ਵਲਵਲਿਆਂ ਦੀ ਸਹੀ ਸੰਦਰਭ ਵਿਚ ਪੇਸ਼ਕਾਰੀ ਰਾਹੀਂ ਹੀ ਇਨ੍ਹਾਂ ਵਰਤਾਰਿਆਂ ਪ੍ਰਤੀ ਚੇਤਨਤਾ ਦੀ ਪੁੱਠ ਆਮ ਮਨੁੱਖੀ ਜੀਵਨ ਨੂੰ ਚਾੜ੍ਹੀ ਜਾ ਸਕਦੀ ਹੈ। ਮਿਸਾਲ ਦੇ ਤੌਰ 'ਤੇ ਰਾਜਨੀਤਕ-ਪ੍ਰਤੀਬੱਧਤਾ ਅਤੇ ਮੌਜੂਦਾ ਰਾਜ-ਵਿਵਸਥਾ ਨਾਲ ਸੰਵਾਦ ਦੀ ਪ੍ਰਕਿਰਿਆ ਨੂੰ ਸਮਝਣ ਲਈ ਅਰੁਣ ਕਮਲ, ਰਾਜੇਸ਼ ਜੋਸ਼ੀ, ਮੰਗਲੇਸ਼ ਡਬਰਾਲ ਦੀਆਂ ਕਵਿਤਾਵਾਂ ਮਨੁੱਖੀ ਸੰਘਰਸ਼ ਦਾ ਬਿਰਤਾਂਤ ਸਿਰਜਦੀਆਂ ਪ੍ਰਤੀਤ ਹੋਣਗੀਆਂ :
ਸਭ ਤੋਂ ਵੱਡਾ ਅਪਰਾਧ ਹੈ
ਇਸ ਵੇਲੇ
ਨਿਹੱਥੇ ਤੇ ਬੇਗੁਨਾਹ ਹੋਣਾ
ਜੋ ਅਪਰਾਧੀ ਨਹੀਂ ਹੋਣਗੇ
ਉਹ ਮਾਰੇ ਜਾਣਗੇ। (ਰਾਜੇਸ਼ ਜੋਸ਼ੀ)
ਅਨਾਮਿਕਾ ਦੀ ਕਵਿਤਾ ਨਾਰੀ-ਸੰਸਾਰ ਦੀਆਂ ਸਮੱਸਿਆਵਾਂ ਅਤੇ ਫ਼ਿਕਰਾਂ ਸੰਬੰਧੀ ਸਵਾਲ ਉਠਾਉਂਦੀ ਪ੍ਰਤੀਤ ਹੋਵੇਗੀ। ਇਸ ਪ੍ਰਸੰਗ 'ਚ ਉਸ ਦੀ ਕਵਿਤਾ 'ਦਰਵਾਜ਼ਾ' ਅਤੇ 'ਔਰਤ' ਦੇਖੀ ਜਾ ਸਕਦੀ ਹੈ।
ਅਮਰਜੀਤ ਕੌਂਕੇ ਪ੍ਰਬੁੱਧ ਕਵੀ ਅਤੇ ਆਲੋਚਕ ਹੋਣ ਦੇ ਨਾਤੇ, ਉਹ ਇਨ੍ਹਾਂ ਕਵੀਆਂ ਦੀਆਂ ਕਵਿਤਾਵਾਂ ਦੀ ਪੰਜਾਬੀ ਕਵਿਤਾ 'ਚ ਜੋ ਸਾਂਝ ਦੀ ਸੁਰ ਹੈ, ਉਸ ਨੂੰ ਬਾਖੂਬੀ ਪਛਾਣਦਾ ਹੋਣ ਕਰਕੇ ਹੀ ਇਨ੍ਹਾਂ ਕਵਿਤਾਵਾਂ ਦਾ ਸ਼ਬਦੀ ਅਨੁਵਾਦ ਨਹੀਂ ਕਰਦਾ, ਸਗੋਂ ਉਨ੍ਹਾਂ ਭਾਵਾਂ ਨੂੰ ਪੰਜਾਬੀ ਤਾਸੀਰ 'ਚ ਗੁੰਨ੍ਹਦਾ ਹੈ ਕਿ ਉਹ ਕਵਿਤਾਵਾਂ ਪੰਜਾਬੀ ਕਾਵਿ ਲਈ ਓਪਰੀਆਂ ਨਹੀਂ ਜਾਪਦੀਆਂ। ਇਸ ਕਾਵਿ-ਸੰਗ੍ਰਹਿ 'ਚ ਉਸ ਨੇ ਕਵੀਆਂ ਵਲੋਂ ਰਚੀਆਂ ਕਾਵਿ-ਪੁਸਤਕਾਂ ਦੇ ਨਾਲ-ਨਾਲ ਸਾਹਿਤ 'ਚ ਉਨ੍ਹਾਂ ਦੇ ਪਾਏ ਯੋਗਦਾਨ ਬਾਰੇ ਵੀ ਲਿਖਿਆ ਹੈ। ਪੁਸਤਕ ਪੜ੍ਹਨਯੋਗ ਅਤੇ ਸਾਂਭਣਯੋਗ ਹੈ। ਅਮਰਜੀਤ ਕੌਂਕੇ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਵੇਖਿਆ ਸ਼ਹਿਰ ਬੰਬਈ
ਲੇਖਕ : ਗੁਰਚਰਨ ਸੱਗੂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98141-01312.


ਯੂ. ਕੇ. (ਬਰਤਾਨੀਆ) ਰਹਿੰਦਾ ਗੁਰਚਰਨ ਸੱਗੂ ਪੰਜਾਬੀ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਉਹ ਲੰਮੇ ਸਮੇਂ ਤੋਂ ਲਿਖ ਰਿਹਾ ਹੈ ਤੇ ਉਸ ਦੀਆਂ ਹੁਣ ਤੱਕ ਛੇ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਤਿੰਨ ਕਾਵਿ ਸੰਗ੍ਰਹਿ, ਇਕ ਸਫ਼ਰਨਾਮਾ ਤੇ ਦੋ ਨਾਵਲ ਸ਼ਾਮਿਲ ਹਨ।
ਰੀਵਿਊ ਅਧੀਨ ਪੁਸਤਕ ਇਕ ਵਾਰਤਕ ਦੀ ਕਿਤਾਬ ਹੈ, ਜੋ ਅਸਲ ਵਿਚ ਉਸ ਦੀ ਸਵੈ-ਜੀਵਨੀ ਹੀ ਹੈ। ਇਸ ਵਿਚ ਉਸ ਨੇ ਬੰਬਈ (ਮੁੰਬਈ) ਵਿਚ ਗੁਜ਼ਾਰੇ ਆਪਣੇ ਸੰਘਰਸ਼ਮਈ ਦਿਨਾਂ ਨੂੰ ਬਹੁਤ ਖੂਬਸੂਰਤੀ ਨਾਲ ਪ੍ਰਸਤੁਤ ਕੀਤਾ ਹੈ।
ਲੇਖਕ ਨੇ ਇਸ ਪੁਸਤਕ ਨੂੰ ਇਕ 'ਸੁਪਨੇ ਦੀ ਦਾਸਤਾਨ' ਕਿਹਾ ਹੈ ਜੋ ਉਸ ਨੇ ਬਚਪਨ ਤੋਂ ਜਵਾਨੀ ਤੱਕ ਜਾਂਦਿਆਂ ਵੇਖਿਆ। ਇਹ ਪੁਸਤਕ ਉਸ ਦੀ ਹੱਡਬੀਤੀ ਹੈ, ਜਿਸ ਵਿਚ ਉਸ ਨੇ ਬੰਬਈ ਦੀ ਗੰਦਗੀ, ਕਿੱਤਿਆਂ, ਮਹਿੰਗਾਈ, ਥਾਵਾਂ, ਟਰੈਫਿਕ, ਗੁੰਡਾਗਰਦੀ, ਦੇਹ ਵਪਾਰ, ਸ਼ੇਅਰ ਮਾਰਕਿਟ ਆਦਿ ਦਾ ਵੀ ਨਿੱਕਾ-ਮੋਟਾ ਜ਼ਿਕਰ ਕੀਤਾ ਹੈ। ਪਰ ਵਾਸਤਵ ਵਿਚ ਲੇਖਕ ਨੇ ਇਸ ਪੁਸਤਕ ਵਿਚ ਆਪਣੀਆਂ ਫ਼ਿਲਮਾਂ ਵਿਚ ਸਫਲ/ਅਸਫਲ ਹੋਣ ਦੀ ਦਾਸਤਾਨ ਨੂੰ ਹੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਹੈ।
ਇਸ ਮਾਇਆਨਗਰੀ ਵਿਚ ਲੇਖਕ ਨੇ ਦੋਸਤ/ਠੱਗੀਆਂ ਦੀ ਬਾਤ ਪਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਨਕੋਦਰ ਦੇ ਆਰੀਆ ਹਾਈ ਸਕੂਲ ਵਿਚ ਸੱਤਵੀਂ-ਅੱਠਵੀਂ ਵਿਚ ਪੜ੍ਹਦਿਆਂ ਹੀ ਉਸ ਦਾ ਝੁਕਾਅ ਫ਼ਿਲਮਾਂ ਵੱਲ ਹੋ ਗਿਆ ਸੀ। ਦਸਵੀਂ ਪਾਸ ਕਰਨ ਪਿੱਛੋਂ ਉਸ ਨੇ ਕੰਪੋਜ਼ਿੰਗ, ਲਲਾਰੀ, ਖਰਬੂਜ਼ੇ ਵੇਚਣ ਆਦਿ ਦੇ ਨਿੱਕੇ-ਮੋਟੇ ਕੰਮ ਕੀਤੇ। ਉੱਨੀ ਵਰ੍ਹਿਆਂ ਦੀ ਉਮਰੇ (1963) ਉਹ ਵਲਾਇਤ ਚਲਾ ਗਿਆ ਤੇ ਉੱਥੇ 'ਸੈਟਲ' ਹੋਣ ਲਈ ਬਹੁਤ ਪਾਪੜ ਵੇਲੇ। ਸਫਲਤਾ/ਅਸਫਲਤਾ ਦੇ ਭਾਵੁਕ ਕਿੱਸੇ, ਅਤੇ ਸਭ ਤੋਂ ਵੱਧ ਸਫਲ ਕੱਪੜੇ ਦੇ ਸਫਲ ਕਾਰੋਬਾਰੀ ਅਤੇ ਫਿਰ ਤੋਂ ਬੰਬਈ ਆ ਕੇ ਫ਼ਿਲਮ ਪ੍ਰੋਡਿਊਸਰ ਬਣਨ ਦੇ ਸੁਪਨੇ ਵੇਖਣੇ, ਅਸਫਲਤਾ ਨਾਲ ਬਰਬਾਦੀ ਦੇ ਕੰਢੇ ਪੁੱਜਣਾ, ਮੁੜ ਤੋਂ ਖੁਸ਼ਹਾਲ ਜੀਵਨ ਬਤੀਤ ਕਰਨਾ ਆਦਿ ਨੂੰ ਇਸ ਪੁਸਤਕ ਵਿਚ ਬੜੀ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।
ਕਿਤਾਬ ਪੜ੍ਹ ਕੇ ਸੱਗੂ ਦੀ ਨਿੱਜੀ ਜ਼ਿੰਦਗੀ ਦਾ ਤਾਂ ਪਤਾ ਲਗਦਾ ਹੀ ਹੈ, ਨਾਲੋ-ਨਾਲ ਪਾਠਕ ਨੂੰ ਵੀ ਪ੍ਰੇਰਨਾ ਮਿਲਦੀ ਹੈ। ਸੰਘਰਸ਼ ਤੋਂ ਬਾਅਦ ਅਸਫਲਤਾ ਮਿਲਣ ਤੇ ਫਿਰ ਤੋਂ ਮੁੜ ਸਾਬਤ ਪੈਰੀਂ ਖੜ੍ਹਨ ਦੀ ਜਾਚ ਸਿਖਾਉਂਦੀ ਹੈ ਇਹ ਕਿਤਾਬ! ਰੰਗ-ਬਰੰਗੀਆਂ ਯਾਦਗਾਰੀ ਤਸਵੀਰਾਂ ਨਾਲ ਸੁਸੱਜਿਤ ਇਹ ਪੁਸਤਕ ਪੰਜਾਬੀ ਸਾਹਿਤ ਦਾ ਇਕ ਹਾਸਲ ਹੈ।
ਫ਼ਿਲਮ-ਅਧਿਐਨ ਨਾਲ ਜੁੜੇ ਵਿਦਿਆਰਥੀਆਂ/ ਖੋਜਾਰਥੀਆਂ/ ਅਧਿਆਪਕਾਂ ਲਈ ਇਹ ਕਿਤਾਬ ਨਵੇਂ ਦਿਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।
ਪੁਸਤਕ ਜਿਉਂ ਹੀ ਪੜ੍ਹਨਾ ਸ਼ੁਰੂ ਕਰੀਏ, ਇਕ ਨਾਵਲ ਵਾਂਗ ਸਾਨੂੰ (ਪਾਠਕਾਂ ਨੂੰ) ਆਪਣੇ ਨਾਲ ਜੋੜ ਲੈਂਦੀ ਹੈ। ਸੁਆਦਲੀ ਤੇ ਦਿਲਚਸਪ ਸ਼ੈਲੀ ਵਿਚ ਲਿਖੀ ਇਸ ਪੁਸਤਕ ਦਾ ਪੰਜਾਬੀ ਅਦਬ ਵਿਚ ਹਾਰਦਿਕ ਸੁਆਗਤ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ:94176-92015.

ਸ਼ਹੀਦਾਂ ਦੀਆਂ ਘੋੜੀਆਂ
ਗੀਤਕਾਰ : ਅਮਰਜੀਤ ਸਿੰਘ 'ਕੰਵਲ'
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98768-23755.


ਪੰਜਾਬ ਦੀ ਪਵਿੱਤਰ ਧਰਤੀ ਨੂੰ ਰਿਸ਼ੀਆਂ-ਮੁਨੀਆਂ, ਗੁਰੂ ਸਾਹਿਬਾਨ, ਸੰਤਾਂ-ਭਗਤਾਂ ਅਤੇ ਮਹਾਂਪੁਰਖਾਂ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਚਮਕੌਰ ਸਾਹਿਬ ਵਿਖੇ ਦਸਮ ਪਾਤਸ਼ਾਹ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨਾਲ ਸੰਬੰਧਿਤ ਸ਼ਹੀਦੀ ਅਸਥਾਨਾਂ ਵਿਖੇ ਅੱਜ ਵੀ ਮਹਾਨ ਕੁਰਬਾਨੀਆਂ ਦੀ ਅਮਰਗਾਥਾ ਗੂੰਜਦੀ ਪ੍ਰਤੀਤ ਹੁੰਦੀ ਹੈ। ਪੰਜਾਬੀ ਸੱਭਿਆਚਾਰ ਵਿਚ 'ਘੋੜੀਆਂ' ਦਾ ਇਕ ਵਿਸ਼ੇਸ਼ ਸਥਾਨ ਹੈ। ਜਿਵੇਂ ਮਾਵਾਂ ਤੇ ਭੈਣਾਂ ਵਿਆਹ ਸਮੇਂ ਸ਼ਗਨਾਂ ਦੀਆਂ ਘੋੜੀਆਂ ਗਾਉਂਦੀਆਂ ਅਤੇ ਆਪਣੇ ਲਾਡਲੇ ਨੂੰ ਵਿਆਹ ਵਾਸਤੇ ਤਿਆਰ ਕਰਦੀਆਂ ਹਨ, ਇਸੇ ਪ੍ਰਕਾਰ ਇਸ ਪੁਸਤਕ ਦੇ ਗੀਤਾਂ ਵਿਚ ਦਰਸਾਇਆ ਗਿਆ ਹੈ ਕਿ ਦਸਮ ਪਿਤਾ ਜੀ ਨੇ ਚਮਕੌਰ ਦੀ ਗੜ੍ਹੀ ਵਿਖੇ ਸਾਹਿਬਜ਼ਾਦਿਆਂ ਨੂੰ ਕਲਗੀਆਂ ਸਜਾ ਕੇ ਦੇਸ਼ ਕੌਮ ਦੀ ਖ਼ਾਤਰ ਲਾੜੀ ਮੌਤ ਨੂੰ ਵਿਆਹੁਣ ਲਈ ਮੈਦਾਨੇ-ਜੰਗ ਵੱਲ ਨੂੰ ਆਪਣੇ ਹੱਥੀਂ ਤੋਰਿਆ, ਜਿਥੇ ਜਾ ਕੇ ਅਨੋਖੀ ਸੂਰਬੀਰਤਾ ਦੀ ਮਿਸਾਲ ਕਾਇਮ ਕਰਦੇ ਹੋਏ ਜੰਗ ਵਿਚ ਜੂਝਦਿਆਂ ਅਨੇਕਾਂ ਤੁਰਕਾਂ ਦੇ ਸਿਰ ਵੱਢ ਕੇ ਅੰਤ ਨੂੰ ਸ਼ਹਾਦਤਾਂ ਪਾ ਗਏ।
ਲੋਕ ਗਾਇਕ ਤੇ ਗੀਤਕਾਰ ਅਮਰਜੀਤ ਸਿੰਘ 'ਕੰਵਲ' ਰਚਿਤ ਇਸ ਪੁਸਤਕ ਵਿਚ 61 ਗੀਤ/ਕਵਿਤਾਵਾਂ ਦਰਜ ਹਨ। ਵਧੇਰੇ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ ਦੇ ਸਾਕੇ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ ਇਸ ਵਿਚ ਰਾਣੀ ਜਿੰਦਾਂ, ਬਾਬਾ ਦੀਪ ਸਿੰਘ, ਬਾਬਾ ਬੰਦਾ ਬਹਾਦਰ, ਸ਼ਾਮ ਸਿੰਘ ਅਟਾਰੀ, ਹਰੀ ਸਿੰਘ ਨਲੂਆ, ਭਾਈ ਬਚਿੱਤਰ ਸਿੰਘ, ਮੋਤੀ ਰਾਮ, ਟੋਡਰ ਮੱਲ ਆਦਿ ਸੂਰਬੀਰਾਂ ਤੇ ਸੰਤਾਂ-ਭਗਤਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਨ੍ਹਾਂ ਗੀਤਾਂ ਤੇ ਘੋੜੀਆਂ ਨੂੰ ਗੀਤਕਾਰ ਨੇ ਧਾਰਮਿਕ ਗਾਇਕਾ ਸਤਿੰਦਰ ਕੌਰ ਬਾਜਵਾ ਨਾਲ ਮਿਲ ਕੇ ਗਾਇਨ ਕੀਤਾ ਹੈ। ਗੀਤਾਂ ਦੀ ਭਾਸ਼ਾ ਬੜੀ ਭਾਵਪੂਰਕ ਤੇ ਬੀਰਰਸ ਭਰਪੂਰ ਹੈ। ਅਲੰਕਾਰਾਂ ਦੀ ਸੁਚੱਜੀ ਵਰਤੋਂ ਗੀਤਾਂ ਦੀ ਖ਼ੂਬਸੂਰਤੀ ਵਿਚ ਵਾਧਾ ਕਰਦੀ ਹੈ। ਆਸ ਹੈ ਕਿ ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਆਪਣੇ ਗੌਰਵਮਈ ਵਿਰਸੇ ਤੋਂ ਬਹੁਤ ਪ੍ਰੇਰਨਾ ਪ੍ਰਾਪਤ ਕਰਨਗੇ।


-ਕੰਵਲਜੀਤ ਸਿੰਘ ਸੂਰੀ
ਮੋ: 93573-24241


ਕੋਰੋਨਾ ਕਾਫ਼ਲੇ

ਨਾਵਲਕਾਰ : ਸੁਖਿੰਦਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 01679-233244.


ਮੂਲ ਤੌਰ 'ਤੇ ਕਵੀ, ਵਿਗਿਆਨ ਸਾਹਿਤ, ਵਾਰਤਕ, ਨਾਵਲ, ਬਾਲ ਸਾਹਿਤ ਲੇਖਕ ਸੁਖਿੰਦਰ ਨਾਵਲ 'ਕੋਰੋਨਾ ਕਾਫ਼ਲੇ' ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਨਾਵਲ ਦਾ ਵਿਸ਼ਾ ਵਸਤੂ ਇਸ ਨਾਵਲ ਦੇ ਨਾਂਅ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਇਹ ਨਾਵਲ ਲੇਖਕ ਦੇ ਜਨਵਰੀ 2020 ਤੋਂ ਅਗਸਤ 2020 ਤੱਕ ਭਾਰਤ ਵਿਚ ਠਹਿਰ : ਕੈਨੇਡਾ ਪ੍ਰਵਾਸ ਅਤੇ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਅਰਜਿਤ ਅਨੁਭਵਾਂ ਤੇ ਪ੍ਰਾਪਤ ਜਾਣਕਾਰੀ 'ਤੇ ਆਧਾਰਿਤ ਹੈ। ਨਾਵਲ ਰਵਾਇਤੀ ਕਥਾਨਕ ਵਾਲਾ ਨਾ ਹੋ ਕੇ ਵੇਰਵਿਆਂ ਅਤੇ ਸੂਚਨਾ ਆਧਾਰਿਤ ਬਿਰਤਾਂਤ ਵਾਲਾ ਹੈ। ਨਾਵਲਕਾਰ ਨੇ ਇਸ ਨਾਵਲ ਰਾਹੀਂ 'ਕੋਰੋਨਾ ਮਹਾਂਮਾਰੀ' ਨਾਲ ਭਾਰਤ ਸਹਿਤ ਸੰਸਾਰ ਦੇ ਪ੍ਰਭਾਵਿਤ ਹੋਏ ਵਧੇਰੇ ਮੁਲਕਾਂ ਦੀ ਹਾਲਤ, ਲੋਕਾਂ ਦਾ ਆਪਸੀ ਤੇ ਸਰਕਾਰਾਂ ਦਾ ਆਪਣੀ ਪਰਜਾ ਨਾਲ ਰਵੱਈਆ, ਇਸ ਮਹਾਂਮਾਰੀ ਨਾਲ ਨਜਿੱਠਣ ਦਾ ਢੰਗ ਅਤੇ ਪ੍ਰਾਪਤ ਨਤੀਜਿਆਂ ਬਾਰੇ ਸੂਖਮ ਅਤੇ ਵਿਸਤਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਹੈ। ਪੰਜਾਬੀ ਵਿਚ 'ਕੋਰੋਨਾ ਮਹਾਂਮਾਰੀ' ਵਿਸ਼ੇ 'ਤੇ ਲਿਖੀ ਗਈ ਇਹ ਪਹਿਲੀ ਪੁਸਤਕ ਹੈ, ਜਿਸ ਵਿਚ ਇਸ ਮਹਾਂਮਾਰੀ ਦੇ ਲਗਭਗ ਹਰੇਕ ਪੱਖ, ਪਰਿਵਾਰਕ, ਸਮਾਜਿਕ, ਆਰਥਿਕ, ਧਾਰਮਿਕ, ਵਿਗਿਆਨਕ, ਸੰਵੇਦਨਾਤਮਿਕ ਦਾ ਖ਼ੁਰਦਬੀਨੀ ਵਿਸ਼ਲੇਸ਼ਣ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਵਲ ਦਾ ਕਥਾਨਕ ਸਿਰਫ ਭਾਰਤੀ ਨਾ ਹੋ ਕੇ ਸਮੁੱਚੇ ਵਿਸ਼ਵ ਪਟਲ 'ਤੇ ਫੈਲਿਆ ਹੋਇਆ ਹੈ। ਨਾਵਲ ਇਕੋ ਸਮੇਂ ਦੁਨੀਆ ਦੀਆਂ ਮਹਾਂਸ਼ਕਤੀਆਂ, ਭਾਰਤ ਜਿਹੇ ਵਿਕਾਸਸ਼ੀਲ ਮੁਲਕਾਂ ਅਤੇ ਗ਼ਰੀਬ ਦੇਸ਼ਾਂ ਦੇ ਇਸ ਮਹਾਂਮਾਰੀ ਨਾਲ ਜੂਝਣ ਤੇ ਨਿਪਟਣ ਦੇ ਢੰਗਾਂ 'ਤੇ ਵੀ ਪੰਛੀ ਝਾਤ ਪੁਆਉਂਦਾ ਹੈ।
ਵਿਸ਼ੇਸ਼ ਤੌਰ 'ਤੇ ਭਾਰਤ ਵਿਚ ਮਨੁੱਖੀ ਜਾਨਾਂ ਨੂੰ ਛਿੱਕੇ 'ਤੇ ਟੰਗ ਕੇ ਸਰਕਾਰਾਂ ਵਲੋਂ ਚੋਣਾਂ ਲੜਨੀਆਂ, ਕੋਰੋਨਾ ਮਾਫ਼ੀਆ ਦੀ ਗਿਰਝਾਂ ਵਾਲੀ ਭੂਮਿਕਾ, ਧਾਰਮਿਕ ਅਦਾਰਿਆਂ ਦੇ ਅਸਤਿੱਤਵ 'ਤੇ ਪ੍ਰਸ਼ਨ, ਪ੍ਰਵਾਸੀਆਂ ਦੀ ਆਪਣੇ ਹੀ ਮੁਲਕ ਵਿਚ ਕਿਸੇ ਦਹਿਸ਼ਤਗਰਦ ਵਾਲੀ ਸਥਿਤੀ, ਆਮ ਵਿਅਕਤੀ ਤੋਂ ਲੈ ਕੇ ਰਾਜ ਅਤੇ ਦੇਸ਼ ਦੀ ਆਰਥਿਕਤਾ 'ਚ ਨਿਘਾਰ, ਦੁਨੀਆ ਦੀਆਂ ਮਹਾਂਸ਼ਕਤੀਆਂ ਦੀ ਅਸਲੀਅਤ ਨੂੰ ਬਿਆਨ ਕੀਤਾ ਗਿਆ ਹੈ। ਭਾਰਤੀ ਰਾਜਨੀਤਕ ਪ੍ਰਬੰਧ ਅਤੇ ਵਾਤਾਵਰਨ ਦੀ ਪ੍ਰਦੂਸ਼ਤਾ ਪ੍ਰਤੀ ਜਾਗਰੂਕ ਵੀ ਕੀਤਾ ਹੈ। ਇਸ ਮਹਾਂਮਾਰੀ ਵਿਚ ਚੀਕ ਦੀ ਭੂਮਿਕਾ, ਮਹਾਂਮਾਰੀ 'ਤੇ ਕੰਟਰੋਲ ਅਤੇ ਭੁੱਖੇ ਨੰਗੇ ਪਾਕਿਸਤਾਨ ਦੇ 'ਸਮਾਰਟ ਲਾਕਡਾਊਨ' ਦੀ ਸਿਫ਼ਤ ਵੀ ਕੀਤੀ ਗਈ ਹੈ। ਬਿਨਾਂ ਸ਼ੱਕ 'ਕੋਰੋਨਾ ਕਾਫ਼ਲੇ' ਨਾਵਲ ਇਸ ਮਹਾਂਮਾਰੀ ਨਾਲ ਜੁੜੇ ਹਰੇਕ ਪਹਿਲੂ ਦੀ ਵਿਗਿਆਨਕ, ਤਾਰਕਿਕ ਅਤੇ ਉਸਾਰੂ ਸੋਚ ਵਾਲੀ ਜਾਣਕਾਰੀ ਦਾ ਅਹਿਮ ਦਸਤਾਵੇਜ਼ ਬਣ ਗਿਆ ਹੈ ਜਿਸ ਨੂੰ ਹਰ ਵਿਅਕਤੀ ਨੂੰ ਪੜ੍ਹਨਾ ਚਾਹੀਦਾ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਮੁਢਲੀ ਕਾਨੂੰਨੀ ਜਾਣਕਾਰੀ

ਲੇਖਕ : ਐਡਵੋਕੇਟ ਜਸ਼ਨਦੀਪ ਤਰੀਕਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 95019-95829


ਕਾਨੂੰਨ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਵਿਚ ਅੱਜਕਲ੍ਹ ਬਹੁਤ ਸਾਰੀਆਂ ਕਿਤਾਬਾਂ, ਪੈਂਫਲਿਟ ਕਿਤਾਬਚੇ ਆਦਿ ਆਮ ਬੰਦੇ ਦੀ ਸਮਝ ਦੀ ਭਾਸ਼ਾ ਵਿਚ ਛਪ ਕੇ ਆ ਰਹੀਆਂ ਹਨ। ਪਹਿਲਾਂ ਕਾਨੂੰਨ ਦੀਆਂ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਛਪੀਆਂ ਹੁੰਦੀਆਂ ਸਨ ਜੋ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦੀਆਂ ਸਨ ਜਾਂ ਆਮ ਬੰਦੇ ਦੇ ਸਮਝ ਦੀਆਂ ਜਾਂ ਉਸ ਦੇ ਰੋਜ਼ਾਨਾ ਜ਼ਿੰਦਗੀ ਵਿਚ ਪੇਸ਼ ਆਉਂਦੀਆਂ ਸਮੱਸਿਆਵਾਂ ਸੰਬੰਧੀ ਜਾਂ ਉਨ੍ਹਾਂ ਦੇ ਹੱਕ ਗਿਆਨ ਸੰਬੰਧੀ ਉਨ੍ਹਾਂ ਦੀ ਮਾਂ-ਬੋਲੀ ਵਿਚ ਕਿਤਾਬਾਂ ਜਾਂ ਕਿਤਾਬਚੇ ਨਹੀਂ ਸਨ ਆਉਂਦੇ ਪਰ ਅੱਜਕਲ੍ਹ ਨਵੀਂ ਪੀੜ੍ਹੀ ਪਿੰਡਾਂ ਵਿਚੋਂ ਕਾਨੂੰਨ ਦੇ ਖੇਤਰ ਵਿਚ ਸ਼ਾਮਿਲ ਹੋ ਰਹੀ ਹੈ। ਉਨ੍ਹਾਂ ਦੇ ਅੰਦਰ ਲੋਕ ਸੇਵਾ ਜਾਂ ਆਦਰਸ਼ਵਾਦੀ ਸੋਚ ਦਾ ਇਕ ਹਿੱਸਾ ਬਚਿਆ ਹੁੰਦਾ ਹੈ। ਉਨ੍ਹਾਂ ਦੇ ਮਾਨਸਿਕ ਪਟਲ 'ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਾਂ, ਬਾਪ, ਭੈਣ, ਭਰਾਵਾਂ ਨਾਲ ਕਾਨੂੰਨ ਸੰਬੰਧੀ ਹੁੰਦੇ ਵਿਤਕਰਿਆਂ ਦਾ ਸੰਸਾਰ ਛਾਇਆ ਹੁੰਦਾ ਹੈ। 'ਮੁਢਲੀ ਕਾਨੂੰਨੀ ਜਾਣਕਾਰੀ' ਕਿਤਾਬ ਦਾ ਲੇਖਕ ਐਡਵੋਕੇਟ ਜਸਨਦੀਪ ਤਰੀਕਾ ਵੀ ਆਪਣੇ ਪਿੰਡ ਦੇ ਪਿਛੋਕੜ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਉਸ ਦੇ ਦਿਮਾਗ ਵਿਚ ਆਮ ਬੰਦੇ ਦੀ ਕਾਨੂੰਨ ਸੰਬੰਧੀ ਗਿਆਨ ਦੀ ਘਾਟ ਰੜਕਦੀ ਹੈ, ਜਿਸ ਦੀ ਕਮੀ ਕਾਰਨ ਉਹ ਕਾਨੂੰਨ ਸੰਬੰਧੀ ਆਮ ਬੰਦੇ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦਾ ਹੈ। ਐਡਵੋਕੇਟ ਜਸ਼ਨਦੀਪ ਸਿੰਘ ਤਰੀਕਾ ਆਪਣੀ ਕਿਤਾਬ ਨੂੰ ਆਪਣੇ ਬਜ਼ੁਰਗਾਂ ਨੂੰ ਸਮਰਪਿਤ ਕਰਦਾ ਹੈ, ਜਿਹੜੇ ਪਿੰਡ ਦਾ ਜੀਵਨ ਜਿਊਂਦੇ ਹਨ। ਐਡਵੋਕੇਟ ਤਰੀਕਾ ਆਪਣੀ ਕਿਤਾਬ ਨੂੰ ਵਿਸ਼ਿਆਂ ਨੂੰ ਪੇਸ਼ ਕਰਨ ਲਈ ਵੱਖ-ਵੱਖ ਭਾਗਾਂ ਜਾਂ ਪਾਠਾਂ ਵਿਚ ਵੰਡ ਲੈਂਦਾ ਹੈ। ਜਿਸ ਤਰ੍ਹਾਂ ਐਫ.ਆਈ.ਆਰ. (ਪਹਿਲੀ ਸੂਚਨਾ ਰਿਪੋਰਟ), ਗ੍ਰਿਫ਼ਤਾਰੀ ਕੀ ਹੁੰਦੀ ਹੈ? ਗ੍ਰਿਫ਼ਤਾਰੀ ਤੋਂ ਬਾਅਦ ਦੀ ਪ੍ਰਕਿਰਿਆ ਅਤੇ ਦੋਸ਼ੀ ਦੇ ਹੱਕ, ਅਗਾਊਂ ਜ਼ਮਾਨਤ, ਜ਼ਮਾਨਤ ਕੀ ਇਹ ਦੋਸ਼ੀ ਦਾ ਹੱਕ ਹੈ, ਇਹ ਸਾਰੇ ਵਿਸ਼ੇ ਜਾਂ ਪਾਠ ਫ਼ੌਜਦਾਰੀ ਕੇਸਾਂ ਨਾਲ ਸੰਬੰਧਿਤ ਹਨ, ਜਿਨ੍ਹਾਂ ਨਾਲ ਪਿੰਡਾਂ ਦੇ ਆਮ ਲੋਕਾਂ ਦਾ ਆਮ ਵਾਹ ਪੈਂਦਾ ਹੈ। ਇਸ ਤੋਂ ਇਲਾਵਾ ਕਿਤਾਬ ਦਾ ਦੂਜਾ ਭਾਗ ਦੀਵਾਨੀ ਕੇਸਾਂ ਸੰਬੰਧੀ ਜਾਣਕਾਰੀ ਨਾਲ ਸੰਬੰਧਿਤ ਹੈ। ਇਨ੍ਹਾਂ ਵਿਚ ਪੁਰਸ਼ ਦੀ ਜਾਇਦਾਦ ਹੱਕਦਾਰ ਕੌਣ? ਔਰਤ ਦੀ ਜਾਇਦਾਦ ਹੱਕਦਾਰ ਕੌਣ? ਧੀ ਦਾ ਜੱਦੀ ਜਾਇਦਾਦ ਵਿਚ ਹੱਕ, ਔਰਤ ਦਾ ਬੱਚੇ ਨੂੰ ਗੋਦ ਲੈਣਾ ਅਤੇ ਦੇਣ ਦਾ ਅਧਿਕਾਰ, ਪੁਰਸ਼ ਦਾ ਬੱਚੇ ਨੂੰ ਗੋਦ ਲੈਣ ਅਤੇ ਦੇਣ ਦਾ ਅਧਿਕਾਰ ਆਦਿ ਨਾਲ ਸੰਬੰਧਿਤ ਲੇਖ ਜਾਂ ਪਾਠ ਹਨ, ਜਿਹੜੇ ਆਮ ਬੰਦੇ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਸਹਾਇਤਾ ਕਰਦੇ ਹਨ। ਕਿਤਾਬ ਦੀ ਭਾਸ਼ਾ ਬਹੁਤ ਹੀ ਸਰਲ ਆਮ ਬੰਦੇ ਦੀ ਸਮਝ ਵਿਚ ਆਉਣ ਵਾਲੀ ਹੈ। ਕਿਤਾਬ ਦਾ ਟਾਈਟਲ ਵੀ ਆਮ ਬੰਦੇ ਨੂੰ ਆਕਰਸ਼ਿਤ ਕਰਦਾ ਹੈ। ਕਿਤਾਬ ਦੀ ਛਪਾਈ ਦੌਰਾਨ ਸ਼ਬਦ ਜੋੜਾਂ, ਭਾਸ਼ਾ ਦੀ ਸ਼ੁੱਧਤਾ ਦਾ ਧਿਆਨ ਰੱਖਦਿਆਂ ਅਤੇ ਵੱਡੇ ਵਿਖਿਆਨਾਂ ਤੋਂ ਬਚਿਆ ਗਿਆ ਹੈ। ਅਸੀਂ ਇਸ ਕਿਤਾਬ ਦਾ ਪੰਜਾਬੀ ਪਾਠਕ ਸੰਸਾਰ ਵਿਚ ਸਵਾਗਤ ਕਰਦੇ ਹਾਂ ਅਤੇ ਐਡਵੋਕੇਟ ਜਸ਼ਨਦੀਪ ਤਰੀਕਾ ਨੂੰ ਵਧਾਈ ਦਿੰਦੇ ਹਾਂ।


ਬਲਜੀਤ ਸਿੰਘ ਬੁੱਟਰ
ਮੋ: 94175-42094


ਹਾਸੇ ਦੇ ਪਤਾਸੇ
ਲੇਖਿਕਾ : ਗਿਆਨ ਕੌਰ (ਬੜਾ ਪਿੰਡ)
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 89
ਸੰਪਰਕ : 97806-22977.


'ਹਾਸੇ ਦੇ ਪਤਾਸੇ' ਗਿਆਨ ਕੌਰ ਦੀ ਪਲੇਠੀ ਹਾਸ-ਵਿਅੰਗ ਪੁਸਤਕ ਹੈ, ਜਿਸ ਵਿਚ ਉਸ ਨੇ 17 ਵਿਅੰਗ ਲੇਖ ਸ਼ਾਮਿਲ ਕੀਤੇ ਹਨ।
ਹਾਸ-ਵਿਅੰਗ ਲਿਖਣ ਵਾਲੇ ਲੇਖਕਾਂ ਦੀ ਉਂਝ ਤਾਂ ਪਹਿਲਾਂ ਹੀ ਬਹੁਤ ਘਾਟ ਹੈ ਪਰ ਔਰਤ ਹਾਸ-ਵਿਅੰਗ ਲੇਖਿਕਾਵਾਂ ਤਾਂ ਉਂਗਲਾਂ 'ਤੇ ਗਿਣਨ ਯੋਗੀਆਂ ਵੀ ਨਹੀਂ ਹਨ। ਲੈ ਦੇ ਕੇ ਡਾ. ਸੁਲਤਾਨਾ ਬੇਗਮ, ਡਾ. ਸੁਨੀਤਾ ਅਤੇ ਹੁਣ ਗਿਆਨ ਕੌਰ ਨੂੰ ਵੀ ਇਨ੍ਹਾਂ ਨਾਲ ਸ਼ਾਮਿਲ ਕਰਕੇ ਮਸਾਂ ਤਿੰਨ ਨਾਂਅ ਹੀ ਮੇਰੇ ਸਾਹਮਣੇ ਆਏ ਹਨ ਜੋ ਹਾਸ-ਵਿਅੰਗ ਲਿਖਣ ਲਈ ਕਾਫੀ ਗੰਭੀਰ ਹਨ।
ਇਸ ਪੁਸਤਕ ਵਿਚ 17 ਹਾਸ-ਵਿਅੰਗ ਲੇਖ ਹਨ, ਜੋ ਆਪਣੀ ਵੰਨ-ਸੁਵੰਨਤਾ ਕਾਰਨ ਕਾਫੀ ਰੌਚਕ ਹਨ। ਇਨ੍ਹਾਂ ਨੂੰ ਪਾਠਕ ਹਾਸ-ਵਿਅੰਗ ਕਹਾਣੀਆਂ ਦੇ ਰੂਪ ਵਿਚ ਵੀ ਪੜ੍ਹ ਸਕਦੇ ਹਨ ਅਤੇ ਇਨ੍ਹਾਂ ਵਿਚੋਂ ਹਾਸ-ਰਸੀ ਚਾਸ਼ਣੀ ਦਾ ਸਵਾਦ ਵੀ ਚਖ ਸਕਦੇ ਹਨ। ਇਹ ਸਾਰੇ ਲੇਖ ਕਹਾਣੀਨੁਮਾ ਅਤੇ ਸਥਿਤੀਆਂ ਦਾ ਵਧੀਆ ਨਮੂਨਾ ਹਨ। ਲੇਖਿਕਾ ਇਹੋ ਜਿਹੀਆਂ ਸਥਿਤੀਆਂ ਸਿਰਜਦੀ ਹੈ ਜੋ ਹਾਸਰਸੀ ਤਾਂ ਹਨ ਹੀ, ਨਾਲ ਹੀ ਕਟਾਖ਼ਸ਼ ਵੀ ਕਰਦੀਆਂ ਹਨ। ਵਧੀਆ ਵਿਅੰਗ ਉਹੋ ਹੁੰਦਾ ਹੈ ਜਿਸ ਨੂੰ ਕਰਨ ਅਤੇ ਕਰਵਾਉਣ ਵਾਲੇ ਦੋਵਾਂ ਨੂੰ ਅਨੰਦ ਆਉਂਦਾ ਹੋਵੇ। ਜਿਸ 'ਤੇ ਵਿਅੰਗ ਜਾਂ ਕਟਾਖ਼ਸ਼ ਹੋ ਰਿਹਾ ਹੋਵੇ, ਉਹ ਵੀ ਅਨੰਦ ਲਵੇ ਤੇ ਜਿਹੜਾ ਵਿਅੰਗ ਕਰ ਰਿਹਾ ਹੈ, ਉਹ ਵੀ ਸਰਸ਼ਾਰ ਹੋ ਜਾਵੇ। ਇਹ ਵਿਅੰਗ ਕਿਸੇ ਨੂੰ ਦੁਖੀ ਕਰਨ ਵਾਲੇ ਨਹੀਂ ਹਨ। ਭੈੜੇ ਪਾਤਰ ਨੂੰ ਵੀ ਭੰਡਣ ਲਈ ਨਹੀਂ, ਸਗੋਂ ਸੁਧਾਰਨ ਲਈ ਹਨ। ਲੇਖਿਕਾ ਭੈੜੇ ਅਤੇ ਬਦਰੰਗ ਚਿਹਰਿਆਂ ਵਾਲੇ ਪਾਤਰਾਂ ਨੂੰ ਵੀ ਆਪਣੀ ਹਾਸਰਸੀ ਚਾਸ਼ਣੀ ਅਤੇ ਮੱਲ੍ਹਮ ਨਾਲ ਸਿਹਤਮੰਦ ਤੇ ਸੋਹਣਾ ਬਣਾਉਣ ਦਾ ਯਤਨ ਕਰਦੀ ਹੈ।
ਗਿਆਨ ਕੌਰ ਦੇ 'ਹਾਸੇ ਤੇ ਪਤਾਸੇ' ਤੁਸੀਂ ਆਪ ਵੀ ਪੜ੍ਹੋ ਤੇ ਹੋਰਾਂ ਨੂੰ ਵੀ ਪੜ੍ਹਾਓ। ਮੈਨੂੰ ਉਮੀਦ ਹੈ ਕਿ ਪਾਠਕ ਘਾਟੇ ਵਿਚ ਨਹੀਂ ਰਹਿਣਗੇ। ਅੱਜਕਲ੍ਹ ਦੇ ਖੁਸ਼ਕੀ ਮਾਰੇ ਜ਼ਮਾਨੇ 'ਚ ਜੇ ਕੋਈ ਇਕ-ਦੋ ਮਿੰਟ ਲਈ ਤੁਹਾਡੇ ਗਲ਼ਾਂ 'ਤੇ ਮੁਸਕਰਾਹਟ ਲਿਆ ਦੇਵੇ, ਤੁਹਾਡਾ ਦਿਲ ਹੌਲਾ ਕਰ ਦੇਵੇ ਤਾਂ ਇਹ ਸੌ ਦੋ ਸੌ ਰੁਪਏ ਵਿਚ ਘਾਟੇ ਵਾਲਾ ਸੌਦਾ ਨਹੀਂ ਹੈ।
c c c


ਬਿਹਾਰ ਤੋਂ ਤਿਹਾੜ
ਲੇਖਕ : ਕਨ੍ਹਈਆ ਕੁਮਾਰ
ਅਨੁਵਾਦਕ : ਦੇਸ ਰਾਜ ਕਾਲੀ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 225 ਰੁਪਏ, ਸਫ਼ੇ : 176
ਸੰਪਰਕ : 0181-2214196.


'ਬਿਹਾਰ ਤੋਂ ਤਿਹਾੜ' ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਸਵੈ-ਜੀਵਨੀ ਹੈ। ਇਹ ਇਕ ਅਜਿਹੇ ਨਿਧੜਕ, ਉਤਸ਼ਾਹੀ, ਇਮਾਨਦਾਰ ਅਤੇ ਤਰਕਸ਼ੀਲ ਨੌਜਵਾਨ ਦੀ ਲਿਖਤ ਹੈ, ਜਿਸ ਨੂੰ ਮਿਹਨਤ ਅਤੇ ਨਿਡਰਤਾ ਗੁੜ੍ਹਤੀ ਵਿਚ ਮਿਲੀਆਂ। ਉਸ ਦਾ ਬਾਪ/ਦਾਦਾ ਕਮਿਊਨਿਸਟ ਅਤੇ ਉਸ ਦਾ ਨਾਨਾ ਕਾਂਗਰਸੀ ਵਿਚਾਰਧਾਰਾ ਵਾਲੇ ਲੋਕ ਸਨ ਜੋ ਭਾਵੇਂ ਸਾਰੀ ਉਮਰ ਗ਼ਰੀਬੀ ਨਾਲ ਘੁਲਦੇ ਰਹੇ, ਪਰ ਆਪਣੀ ਸਾਫ਼ ਜ਼ਮੀਰ ਅਤੇ ਲਾਲ ਪੋਸ਼ਾਕ 'ਤੇ ਕੋਈ ਧੱਬਾ ਜਾਂ ਛਿੱਟਾ ਨਹੀਂ ਪੈਣ ਦਿੱਤਾ। ਮਿਹਨਤ ਅਤੇ ਦਿਆਨਤਦਾਰੀ ਕਨ੍ਹਈਆ ਨੂੰ ਆਪਣੀ ਆਂਗਣਵਾੜੀ ਵਰਕਰ ਮਾਂ ਤੋਂ ਸੁਗਾਤ ਦੇ ਰੂਪ ਵਿਚ ਮਿਲੀ।
ਕਨ੍ਹਈਆ ਦਾ ਜੀਵਨ ਖੁੱਲ੍ਹੀ ਕਿਤਾਬ ਜਿਹਾ ਹੈ। ਉਸ ਨੇ ਘੋਰ ਗ਼ਰੀਬੀ ਦੀ ਹਾਲਤ ਵਿਚ ਸਾਧਨਹੀਣ ਹੁੰਦਿਆਂ ਵੀ ਭਾਰਤ ਦੀ ਪ੍ਰਸਿੱਧ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ। ਆਪਣਾ ਰਾਹ ਆਪ ਬਣਾਇਆ। ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਰਿਹਾ। ਪਿਛਾਂਹਖਿੱਚੂ ਅਤੇ ਸਰਕਾਰੀ ਹੱਥਠੋਕਾ ਜਥੇਬੰਦੀਆਂ ਨਾਲ ਆਢਾ ਲਿਆ। ਇਹੋ ਹੀ ਨਹੀਂ ਆਪਣੇ ਤਰਕ ਅਤੇ ਭਾਸ਼ਨ ਕਲਾ ਰਾਹੀਂ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ। ਵਿਦਿਆਰਥੀਆਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਜ਼ੋਰਦਾਰ ਪ੍ਰਦਰਸ਼ਨ ਕੀਤੇ। ਜੇਲ੍ਹਾਂ ਕੱਟੀਆਂ। ਸੱਤਾ ਦੀਆਂ ਗ਼ਲਤ ਨੀਤੀਆਂ ਅਤੇ ਜ਼ੋਰ ਜਬਰੀ ਦੇ ਖਿਲਾਫ਼ ਰੋਸ ਜ਼ਾਹਰ ਕੀਤਾ। ਜਾਤੀਵਾਦ, ਬੇਰੁਜ਼ਗਾਰੀ, ਫ਼ਿਰਕਾਪ੍ਰਸਤੀ ਖਿਲਾਫ਼ ਵੱਡਾ ਸੰਗਰਾਮ ਲੜਿਆ। ਕਮਜ਼ੋਰਾਂ ਦੇ ਹੱਕ 'ਚ ਨਿੱਤਰਿਆ। ਕਦੀ ਝੂਠੀ ਹਉਂ ਦਾ ਸ਼ਿਕਾਰ ਨਹੀਂ ਹੋਇਆ। ਮਜ਼ਬੂਤ ਸਰਕਾਰਾਂ ਖਿਲਾਫ਼ ਵੀ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਜੁਰਅੱਤ ਕੀਤੀ। ਅਜਿਹੇ ਇਨਸਾਨ ਦੀ ਜੀਵਨੀ ਲੋਕਾਂ ਅਤੇ ਨੌਜਵਾਨਾਂ ਲਈ ਪ੍ਰੇਰਨਾ ਤਾਂ ਬਣਦੀ ਹੀ ਹੈ।
ਇਸ ਪੁਸਤਕ ਦਾ ਅਨੁਵਾਦ ਪ੍ਰਸਿੱਧ ਚਿੰਤਕ ਤੇ ਵਿਦਵਾਨ ਲੇਖਕ ਦੇਸ ਰਾਜ ਕਾਲੀ ਨੇ ਕੀਤਾ ਹੈ ਜੋ ਸ਼ਾਇਦ ਕਨ੍ਹਈਆ ਜਿਹੇ ਨੌਜਵਾਨ ਨੂੰ ਆਪਣਾ ਆਦਰਸ਼ ਮੰਨ ਕੇ ਉਸ ਦੀ ਸੋਚ 'ਤੇ ਪਹਿਰਾ ਦਿੰਦਾ ਹੋਵੇ। ਅਨੁਵਾਦ ਬਹੁਤ ਵਧੀਆ ਹੈ। ਪੁਸਤਕ ਪੜ੍ਹਨ ਵਾਲੀ ਹੈ।


ਕੇ.ਐਲ. ਗਰਗ
ਮੋ: 94635-37050


ਸਾਡਾ ਵਿਰਸਾ
ਲੇਖਕ : ਜਸਵੀਰ ਸ਼ਰਮਾ ਦੱਦਾਹੂਰ
ਪ੍ਰਕਾਸ਼ਕ: ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ :95691-49556


ਪੰਜਾਬ ਦਾ ਅਮੀਰ ਤੇ ਮਾਣਮੱਤਾ ਵਿਰਸਾ ਆਧੁਨਿਕਤਾ ਦੀ ਅੰਨ੍ਹੀ-ਬੋਲੀ ਹਨੇਰੀ ਵਿਚ ਮੁੱਠੀ ਵਿਚੋਂ ਰੇਤ ਵਾਂਗੂੰ ਕਿਰਦਾ ਅਤੇ ਉਡਦਾ ਜਾ ਰਿਹਾ ਹੈ। ਪਰ ਵਿਰਸੇ ਪ੍ਰਤੀ ਫ਼ਿਕਰਮੰਦ ਜਸਵੀਰ ਸ਼ਰਮਾ ਦੱਦਾਹੂਰ ਵਿਰਸੇ ਨੂੰ ਆਪਣੀਆਂ ਲਿਖਤਾਂ/ਕਿਤਾਬਾਂ ਰਾਹੀਂ ਸਾਂਭ ਸੰਭਾਲ ਕਰ ਰਿਹਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਿਰਸੇ ਤੋਂ ਜਾਣੂ ਹੁੰਦੀਆਂ ਰਹਿਣ।
'ਸਾਡਾ ਵਿਰਸਾ' ਨਾਂਅ ਦੀ ਹਥਲੀ ਪੁਸਤਕ ਵਿਚ ਕਰੀਬ ਤਿੰਨ ਦਰਜਨਾਂ ਲੇਖਾਂ ਰਾਹੀਂ ਵਿਰਸੇ ਪ੍ਰਤੀ ਝਾਤ ਪੁਆਈ ਜਾ ਰਹੀ ਹੈ ਕਿ ਸਾਡੇ ਕਾਰ-ਵਿਹਾਰ, ਰੀਤੀ-ਰਿਵਾਜ, ਹੱਥੀਂ ਕਿਰਤ ਤੇ ਮਿਹਨਤੀ ਬਿਰਤੀ ਜੋ ਸਿਹਤ ਵਰਦਾਨ ਹੁੰਦੀ ਹੈ, ਵਿਚ ਸਾਡੇ ਮਾਣਯੋਗ ਵਿਰਸੇ ਦੀ ਕਿੰਨੀ ਮਹੱਤਤਾ ਰਹੀ ਹੈ।
ਸਾਈਕਲ ਸਵਾਰੀ, ਘਰਾਂ ਦੀ ਲਿੰਬਾਪੋਚੀ, ਪੱਖੀਆਂ, ਛਿੱਕੂ, ਮੂਹੜੇ, ਦਰੀਆਂ-ਖੇਸ ਤਿਆਰ ਕਰਨ, ਚਰਖਿਆਂ, ਤੰਦੂਰਾਂ ਤੇ ਤੂੰਦਰੀ ਚਪਾਤੀਆਂ, ਸਿਰ ਵਿਖਾਈ ਦੀ ਸਾਂਝ, ਵਿਆਹ-ਸ਼ਾਦੀਆਂ ਰਿਵਾਜ, ਖੁਸ਼ਹਾਲੀ ਦੇ ਪ੍ਰਤੀਕ ਗੁਹਾਰੇ (ਗਹੀਰੇ), ਇਨਸਾਫ਼ ਕਰਨ ਵਾਲੇ ਮਿਆਰੀ ਪੰਚਾਇਤੀ ਫ਼ੈਸਲੇ ਆਦਿ ਆਪਣੇ ਹੱਥੀਂ ਆਪਣੇ ਕਾਰਜ ਸੰਵਾਰਨ ਦੇ ਸਾਰਥਕ ਸੁਨੇਹਿਆਂ ਨੂੰ ਬੜੇ ਹੀ ਭਾਵਪੂਰਤ ਸ਼ਬਦਾਂ ਵਿਚ ਬਿਆਨ ਕੀਤਾ ਗਿਆ ਹੈ।
ਮਾਣਮੱਤੇ ਵਿਰਸੇ ਨੂੰ ਭੁੱਲ ਕੇ ਬਹੁਤ ਹੀ ਮਾਰੂ ਰਿਵਾਜਾਂ ਵਿਚ ਉਲਝਣਾ ਅੱਜ ਦੀ ਵੱਡੀ ਤ੍ਰਾਸਦੀ ਬਣ ਰਹੀ ਹੈ ਜਿਸ ਉੱਪਰ ਲੇਖਕ ਚਿੰਤਤ ਹੁੰਦਾ ਹੋਇਆ ਸੁਚੇਤ ਵੀ ਕਰਦਾ ਹੈ ਕਿ ਆਪਣੇ ਮੂਲ/ਜੜ੍ਹ ਨਾਲੋਂ ਟੁੱਟਣਾ ਕਦੇ ਵੀ ਭਲੇ ਵਿਚ ਨਹੀਂ ਹੁੰਦਾ ਸਗੋਂ ਮੂਲ ਰੂਪ ਨਾਲ ਜੁੜਦਿਆਂ ਹੀ ਆਧੁਨਿਕ ਵਿਕਾਸ ਦੇ ਕਾਰਜ ਨੇਪਰੇ ਚਾੜ੍ਹਨ ਵਿਚ ਹੀ ਭਲਾ ਹੋਣਾ ਹੁੰਦਾ ਹੈ। ਅਜਿਹੇ ਸਾਰਥਕ ਸੰਦੇਸ਼ ਲੈ ਕੇ ਬੀਤੇ ਦੀ ਬਾਤ ਪਾਉਂਦੀ ਸਾਹਿਤ ਜਗਤ ਵਿਚ ਪ੍ਰਵੇਸ਼ ਕਰ ਰਹੀ ਪੁਸਤਕ 'ਸਾਡਾ ਵਿਰਸਾ (ਲੇਖ ਸੰਗ੍ਰਹਿ)' ਦਾ ਹਾਰਦਿਕ ਸਵਾਗਤ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858
c c c


ਕੋਈ ਲੀਕ ਮੇਰੀ ਵੀ
ਲੇਖਕ : ਮੋਹਨਜੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 098113-98223.


ਮੋਹਨਜੀਤ ਪੰਜਾਬੀ ਸਾਹਿਤ ਦੇ ਸਿਰਮੌਰ ਅਤੇ ਸਮਰੱਥ ਹਸਤਾਖ਼ਰ ਹਨ। ਹਥਲੀ ਪੁਸਤਕ ਤੋਂ ਪਹਿਲਾਂ ਉਨ੍ਹਾਂ ਦੇ ਨੌਂ ਕਾਵਿ-ਸੰਗ੍ਰਹਿ, ਚਾਰ ਕਾਵਿ-ਚਿੱਤਰ ਸੰਗ੍ਰਹਿ, ਪੰਜ ਸੰਪਾਦਿਤ ਸੰਗ੍ਰਹਿ ਅਤੇ ਅੱਠ ਅਨੁਵਾਦਿਤ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੀ ਕਵਿਤਾ ਵਿਚ ਆਮ ਆਦਮੀ ਦੀ ਦਸ਼ਾ-ਦਿਸ਼ਾ, ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਬਹੁਤ ਹੀ ਭਾਵਪੂਰਨ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। ਸੱਤਾ ਦੇ ਪਰਿਵਰਤਨ ਅਤੇ ਲੋਕਾਂ ਦੀ ਆਜ਼ਾਦੀ ਵਿਚਲੇ ਅੰਤਰ ਉਹ ਇੰਝ ਬਿਆਨ ਕਰਦੇ ਹਨ:
ਬੈਲਗੱਡੀਆਂ 'ਤੇ 'ਆਜ਼ਾਦੀ' ਲੱਦ ਕੇ ਜਾ ਰਹੇ ਸਨ
ਥੱਕੇ-ਹਾਰੇ ਲੋਕ
ਗੱਡਿਆਂ 'ਚ ਕਿਤੇ ਕੋਈ ਬੱਕਰੀ ਵੀ ਸੀ,
ਮੇਮਣਾ ਜਾਂ ਲੇਲਾ
ਪੱਠਿਆਂ ਦੀਆਂ ਭਰੀਆਂ
ਗਠੜੀਆਂ 'ਚ ਤੁੰਨਿਆ ਨਿੱਕ-ਸੁੱਕ
ਅਜੋਕੇ ਵਿਸ਼ਵ ਮੰਡੀ ਦੇ ਪਦਾਰਥਵਾਦੀ ਰੁਝਾਨ ਨੇ ਮਨੁੱਖੀ ਜਨ-ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ। ਜਿਉਂ-ਜਿਉਂ ਇਹ ਬਾਜ਼ਾਰ ਫ਼ੈਲਦਾ ਜਾ ਰਿਹਾ ਹੈ, ਤਿਉਂ-ਤਿਉਂ ਮਨੁੱਖ ਦਾ ਵਜੂਦ ਸਿਮਟਦਾ ਜਾ ਰਿਹਾ ਹੈ। ਨਿਰਸੰਦੇਹ ਸਮੇਂ ਅਤੇ ਜ਼ਰੂਰਤਾਂ ਮੁਤਾਬਿਕ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ ਅਤੇ ਉਨ੍ਹਾਂ ਨਾਲ ਜੁੜੀਆਂ ਭਾਵਨਵਾਂ ਵੀ:
ਹੁੰਦੀ ਸ਼ਹਾਦਤ ਜਾਗਦੇ ਜਗਦੇ ਦਿਲਾਂ ਦੀ ਖੇਡ
ਕੁਝ ਲੋੜਵੰਦਾਂ ਇਸ ਨੂੰ ਵੀ ਤਗ਼ਮਾ ਬਣਾ ਦਿੱਤਾ
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਉਨ੍ਹਾਂ ਦਾ ਪਿਆਰ ਕਿਸੇ ਵਿਸ਼ੇਸ਼ ਪ੍ਰਤੀਬਿੰਬ ਵਿਚ ਰੂਪਾਂਤਰਿਤ ਨਹੀਂ ਹੁੰਦਾ ਅਤੇ ਉਹ ਇਸ ਨੂੰ ਪੱਗੜੀ ਜਾਂ ਟੋਪੀ ਪਹਿਨਾਉਣ ਦੇ ਵਰਤਾਰੇ ਨੂੰ ਵੀ ਪ੍ਰਵਾਨ ਨਹੀਂ ਕਰਦੇ। ਜਦੋਂ ਮਨੁੱਖ 'ਕੱਲਾ' ਨਹੀਂ ਹੁੰਦਾ, ਉਦੋਂ 'ਬਹੁਤ' ਹੁੰਦਾ ਹੈ ਅਤੇ ਇਸ 'ਬਹੁਤਵਾਦ' ਨੂੰ ਹੀ ਉਹ ਆਪਣਾ ਧਰਮ ਮੰਨ ਕੇ, ਇਸ ਨੂੰ ਅੰਤਰਝਾਤ ਦਾ ਨਾਂਅ ਦਿੰਦੇ ਹਨ। ਉਨ੍ਹਾਂ ਦੀ ਕਵਿਤਾ ਦੇ ਇਕ-ਇਕ ਅੱਖਰ ਵਿਚ ਕਈ-ਕਈ ਗ੍ਰੰਥਾਂ ਦਾ ਗਿਆਨ ਝਲਕਾਰੇ ਮਾਰਦਾ ਪ੍ਰਤੀਤ ਹੁੰਦਾ ਹੈ। ਪਾਠਕਾਂ ਦੀ ਝੋਲੀ ਵਿਚ ਪਾਈ ਉਨ੍ਹਾਂ ਦੀ ਇਸ ਵਡਮੁੱਲੀ ਸੌਗਾਤ ਨੂੰ ਮੱਥੇ ਨਾਲ ਲਾਉਣਾ ਮੈਂ ਆਪਣਾ ਸੁਭਾਗ ਸਮਝਦਾ ਹਾਂ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਚਿੜੀ ਉੱਡ ਕਾਂ ਉੱਡ

ਲੇਖਿਕਾ : ਗੁਰਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਏਸ਼ੀਆ ਵਿਜ਼ਨ
ਮੁੱਲ : 150 ਰੁਪਏ, ਸਫ਼ੇ : 35
ਸੰਪਰਕ : 98780-02110.


'ਚਿੜੀ ਉੱਡ ਕਾਂ ਉੱਡ' ਲੇਖਿਕਾ ਗੁਰਪ੍ਰੀਤ ਕੌਰ ਧਾਲੀਵਾਲ ਦੀ ਅੱਠ ਬਾਲ ਕਹਾਣੀਆਂ ਦੀ ਸੁੰਦਰ ਬਾਲ ਪੁਸਤਕ ਹੈ। ਇਸ ਤੋਂ ਪਹਿਲਾਂ ਲੇਖਿਕਾ ਛੇ ਪੁਸਤਕਾਂ ਸਾਹਿਤ ਦੇ ਵੱਖ-ਵੱਖ ਰੂਪਾਂ 'ਤੇ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾ ਚੁੱਕੀ ਹੈ। ਇਹ ਅੱਠ ਬਾਲ ਕਹਾਣੀਆਂ ਬਹੁਤ ਹੀ ਰੌਚਕ ਅਤੇ ਮਨੋਰੰਜਕ ਦੇ ਨਾਲ ਨਾਲ ਬਾਲਾਂ ਨੂੰ ਸੁਭਾਵਿਕ ਹੀ ਬਹੁਤ ਹੀ ਚੰਗੇਰੀ ਸਿੱਖਿਆ ਵੀ ਦਿੰਦੀਆਂ ਹਨ। ਭਾਸ਼ਾ ਬਹੁਤ ਹੀ ਸਰਲ, ਬਾਲਾਂ ਦੇ ਹਾਣ ਦੀ ਅਤੇ ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਪਹਿਲੀ ਕਹਾਣੀ 'ਛੋਟੀ ਸਿੰਮੂ ਦਾ ਸਫ਼ਰ' ਬਚਪਨ ਵਿਚ ਇਕ ਆਮ ਸੰਗਾਊ ਅਤੇ ਡਰੀ ਹੋਈ ਲੜਕੀ ਦੀ ਸਫਲਤਾ ਦੀ ਸ਼ਾਨਦਾਰ ਕਹਾਣੀ ਹੈ ਜੋ ਮੁਸ਼ਕਿਲਾਂ ਦਾ ਮੁਕਾਬਲਾ ਕਰਦੀ ਹੋਈ ਆਈ.ਪੀ.ਐਸ. ਕਰਕੇ ਇਕ ਬਹੁਤ ਹੀ ਸਫਲ ਪੁਲਿਸ ਅਫ਼ਸਰ ਬਣਦੀ ਹੈ।
ਇਵੇਂ ਹੀ 'ਦਾਦੀ ਦਾ ਲਾਡਲਾ' ਕਹਾਣੀ ਰਾਹੀ ਬਜ਼ੁਰਗਾਂ ਦੇ ਸਤਿਕਾਰ ਦੀ ਬਹੁਤ ਪਿਆਰੀ ਸਿੱਖਿਆ ਦਿੱਤੀ ਗਈ ਹੈ, ਇਸੇ ਤਰ੍ਹਾਂ ਹੀ 'ਖੁਸ਼ੀ ਦੀ ਕੋਠੀ' ਇਕ ਗ਼ਰੀਬ ਬੱਚੇ ਦੇ ਉੱਚੇ-ਸੁੱਚੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਬਹੁਤ ਹੀ ਵਧੀਆ ਢੰਗ ਨਾਲ ਬਾਤ ਪਾਉਂਦੀ ਕਹਾਣੀ ਹੈ। 'ਚਿੜੀ ਉੱਡ ਕਾਂ ਉੱਡ' ਬਾਲਾਂ ਨੂੰ ਪੰਛੀਆਂ ਅਤੇ ਜਾਨਵਰਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਆਜ਼ਾਦੀ ਦੇਣ ਦੀ ਬਹੁਤ ਹੀ ਭਾਵਪੂਰਤ ਸਿੱਖਿਆ ਦਿੰਦੀ ਰੌਚਕ ਕਹਾਣੀ ਹੈ। 'ਡਾਕਟਰ ਹਾਥੀ' ਬਹੁਤ ਹੀ ਦਿਲਚਸਪ ਕਹਾਣੀ ਹੈ ਜੋ ਕਿ ਚੰਗੇ ਪੜ੍ਹੇ-ਲਿਖੇ ਡਾਕਟਰਾਂ ਤੋਂ ਦਵਾਈ ਲੈਣ ਦੀ ਸਿੱਖਿਆ ਦਿੰਦੀ ਹੈ। ਇਹ ਵੀ ਦੱਸਿਆ ਹੈ ਕਿ 'ਨੀਮ ਹਕੀਮ ਖ਼ਤਰਾ ਏ ਜਾਨ' ਹੁੰਦੇ ਹਨ। 'ਸੁਣਨ ਦੀ ਕਲਾ' ਕਹਾਣੀ ਇਕ ਨਾਲਾਇਕ ਸ਼ਰਾਰਤੀ ਬੱਚੇ ਨੂੰ ਅਧਿਆਪਕ ਦੀ ਸੂਝ ਸਿਆਣਪ ਨਾਲ 'ਸੁਣਨ ਦੀ ਕਲਾ' ਦੀ ਸਿੱਖਿਆ ਦੇ ਕੇ ਇਕ ਬਹੁਤ ਹੀ ਲਾਇਕ ਬੱਚਾ ਬਣਾਉਂਦੀ ਹੈ। 'ਮਾਂ ਬੋਲੀ'ਕਹਾਣੀ ਰਾਹੀਂ ਬੱਚਾ ਸਕੂਲ ਵਿਚ ਆਏ ਕਿਸੇ ਮਹਿਮਾਨ ਵਲੋਂ ਪੰਜਾਬੀ ਮਾਂ ਬੋਲੀ ਦੇ ਮਹੱਤਵ ਬਾਰੇ ਦਿੱਤੇ ਵਿਚਾਰ ਸੁਣ ਕੇ ਆਪਣੀ ਮੰਮੀ ਦੀ ਸੋਚ ਵੀ ਮਾਂ ਬੋਲੀ ਪ੍ਰਤੀ ਬਦਲ ਦਿੰਦਾ ਹੈ। 'ਬੇਬੇ ਦਾ ਸੁਨੇਹਾ' ਕਹਾਣੀ ਨੌਜਵਾਨ ਸਕੂਲ ਜਾਂਦੀਆਂ ਬੱਚੀਆਂ ਨੂੰ ਰਸਤੇ ਵਿਚ ਬੇਬੇ ਆਵਾਜ਼ ਮਾਰ ਕੇ ਭਵਿੱਖ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਸ ਦਾ ਹੱਲ ਸਮਝਾ ਕੇ ਉਨ੍ਹਾਂ ਵਿਚ ਅਨੇਕਾਂ ਗੁਣ ਪੈਦਾ ਕਰ ਦਿੰਦੀ ਹੈ। ਕੁੱਲ ਮਿਲਾ ਕੇ ਸਾਰੀਆਂ ਹੀ ਬਾਲ ਕਹਾਣੀਆਂ ਬਾਲਾਂ ਨੂੰ ਮਿਹਨਤ,ਅਨੁਸ਼ਾਸਨ ਅਤੇ ਅਗਿਆਕਾਰੀ ਬੱਚੇ ਬਣ ਕੇ ਭਵਿੱਖ ਦੇ ਬਹੁਤ ਹੀ ਸਿਆਣੇ ਬੱਚੇ ਬਣਨ ਦੀਆਂ ਉੱਚੀਆਂ-ਸੁੱਚੀਆਂ ਸਿਖਿਆਵਾਂ ਦਿੰਦੀਆਂ ਹਨ। ਲੇਖਿਕਾ ਅਧਿਆਪਕਾ ਹੋਣ ਦੇ ਨਾਅਤੇ ਬਾਲਾਂ ਨੂੰ ਬਹੁਤ ਬਾਰੀਕੀ ਨਾਲ ਸਮਝਦੇ ਹਨ। ਅਜੋਕੇ ਯੁੱਗ ਵਿਚ ਬਾਲਾਂ ਲਈ ਅਜਿਹੀਆਂ ਕਹਾਣੀਆਂ ਪੜ੍ਹਨੀਆਂ ਬਹੁਤ ਹੀ ਜ਼ਰੂਰੀ ਹਨ। ਮੈਂ ਲੇਖਿਕਾ ਗੁਰਪ੍ਰੀਤ ਕੌਰ ਧਾਲੀਵਾਲ ਨੂੰ ਬਾਲਾਂ ਲਈ ਸ਼ਾਨਦਾਰ ਪੁਸਤਕ ਲਿਖਣ ਅਤੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਹੁਤ ਹੀ ਕੀਮਤੀ ਪੁਸਤਕ ਪਾਉਣ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.
c c c


ਮਹਾਂਰਾਣੀ ਮਾਂ

ਕਹਾਣੀਕਾਰ : ਰਾਜਾ ਹੰਸਪਾਲ
ਪ੍ਰਕਾਸ਼ਕ : ਮਾਝਾ ਵਰਲਡਵਾਈਡ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98881-76099.


ਇਸ ਨੌਜਵਾਨ ਕਹਾਣੀਕਾਰ ਨੇ ਆਪਣੇ ਇਸ ਪਲੇਠੇ ਕਹਾਣੀ ਸੰਗ੍ਰਹਿ ਵਿਚ ਕੁੱਲ 18 ਕਹਾਣੀਆਂ ਦਰਜ ਕੀਤੀਆਂ ਹਨ। ਇਕ ਬਿਮਾਰੀ ਅਤੇ ਦੂਜੇ ਹਾਦਸੇ ਕਾਰਨ ਮਿਲੀ ਅਸਹਿ ਮਜਬੂਰੀ ਦੇ ਬਾਵਜੂਦ ਕਹਾਣੀਕਾਰ ਨੇ ਆਪਣੇ ਅੰਦਰ ਪਲਦੀ ਸਾਹਿਤ-ਰਚਨਾ ਦੀ ਤਲਬ ਨੂੰ ਕਦੀ ਮਰਨ ਨਹੀਂ ਦਿੱਤਾ। ਸਿੱਟੇ ਵਜੋਂ ਇਹ ਕਹਾਣੀ ਪੁਸਤਕ ਮੌਜੂਦਾ ਕਹਾਣੀ ਸਾਹਿਤ ਵਿਚ ਆਣ ਸ਼ਾਮਿਲ ਹੋਈ। ਤਮਾਮ ਕਹਾਣੀਆਂ ਸਰਲ ਸੌਖੀ ਭਾਸ਼ਾ ਵਿਚ ਹਨ। ਲਿਖਣ ਸ਼ੈਲੀ ਸਿੱਧ ਕਰਦੀ ਹੈ ਕਿ ਕਹਾਣੀਕਾਰ ਅੰਦਰ ਕਹਾਣੀ ਚਲਦੀ ਹੀ ਰਹਿੰਦੀ ਹੈ। ਕਹਾਣੀ ਅੰਦਰ ਇਕ ਹੋਰ ਕਹਾਣੀ ਕਹਿਣ ਦੀ ਉਸ ਦੀ ਤਕਨੀਕ ਇਹੋ ਸਿੱਧ ਕਰਦੀ ਹੈ। ਸੰਗ੍ਰਹਿ ਦੀ ਸਿਰਨਾਵਾਂ ਕਹਾਣੀ 'ਮਹਾਂਰਾਣੀ ਮਾਂ' ਸਮੇਤ ਪਹਿਲੀ ਕਹਾਣੀ 'ਚਾਚੀ ਨਸੀਬੋ', ਗ਼ਰੀਬੀ, ਕਮੀਂ, ਵਕੀਲ ਸਾਹਿਬਾ, ਸਹੇਲੀ ਦੀ ਗ਼ਲਤੀ, ਇਸ਼ਕੂ, ਖ਼ੁਦ ਨਾਲ ਗੱਲਾਂ ਆਦਿ ਜ਼ਿੰਦਗੀ ਦੇ ਕੌੜੇ ਯਥਾਰਥ ਦੀਆਂ ਬਾਕਮਾਲ ਤਸਵੀਰਾਂ ਹਨ। ਪਾਠਕ ਨੂੰ ਸੱਚ ਦੇ ਰੂਬਰੂ ਕਰਾਉਣਾ ਹੀ ਇਨ੍ਹਾਂ ਕਹਾਣੀਆਂ ਦਾ ਵਿਸ਼ੇਸ਼ ਗੁਣ ਹੈ। ਇਸ ਕਹਾਣੀ ਸੰਗ੍ਰਹਿ ਦਾ ਪੰਜਾਬੀ ਸਾਹਿਤ ਵਿਚ ਵਧੀਆ ਸਵਾਗਤ ਹੋਣਾ ਚਾਹੀਦਾ ਹੈ।


ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.

26-03-2022

 ਬਾਬੇ ਤਾਰੇ ਚਾਰਿ ਚਕਿ
ਲੇਖਕ : ਜਗਦੀਸ਼ ਸਿੰਘ ਢਿੱਲੋਂ
ਪ੍ਰਕਾਸ਼ਨ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 895 ਰੁਪਏ, ਸਫ਼ੇ : 703
ਸੰਪਰਕ : js@jagdishsinghdhillon.com

ਹਥਲੀ ਵੱਡ ਆਕਾਰੀ ਪੁਸਤਕ ਲੇਖਕ ਦੀ ਪੰਜ ਦਹਾਕਿਆਂ ਤੋਂ ਵੱਧ ਦੀ ਘਾਲਣਾ ਹੈ। ਲਗਭਗ 21 ਮੁੱਖ ਸਿਰਲੇਖਾਂ ਵਿਚ ਵੰਡੀ ਇਸ ਪੁਸਤਕ ਨੂੰ ਲੇਖਕ ਨੇ ਗੁਰੂ ਸਾਹਿਬ ਦੀਆਂ ਯਾਤਰਾਵਾਂ ਤੋਂ ਇਲਾਵਾ 8 ਲੇਖ ਵੀ ਸ਼ਾਮਿਲ ਕੀਤੇ ਹਨ। ਗੁਰੂ ਸਾਹਿਬ ਕਿਹੜੇ ਕਿਹੜੇ ਅਸਥਾਨਾਂ 'ਤੇ ਗਏ, ਉਨ੍ਹਾਂ ਦਾ 1404 ਸਬ ਸਿਰਲੇਖਾਂ ਹੇਠ ਵੇਰਵਾ ਦਰਜ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੁਸਤਕਾਂ, ਕੋਸ਼ਾਂ ਦੇ ਉੱਤਰਫਲ ਵਜੋਂ ਵੀ ਸਹਿਯੋਗੀ ਖੋਜ ਹੈ। ਕਿਤਾਬ ਅਨੁਸਾਰ ਗੁਰੂ ਸਾਹਿਬ ਨੇ 78 ਦੇਸ਼ਾਂ ਦੀ ਯਾਤਰਾ ਕੀਤੀ, ਜਿਸ ਦੇ ਨਾਂਅ ਥਾਉਂ ਵੇਰਵੇ ਅੰਕਿਤ ਹਨ।
ਪਹਿਲੇ ਭਾਗ ਵਿਚ ਛੋਟੇ-ਛੋਟੇ ਅੱਠ ਲੇਖ ਇਤਿਹਾਸਕ ਜਾਣਕਾਰੀ ਭਰਪੂਰ, ਸ਼ਾਮਿਲ ਕੀਤੇ ਗਏ ਜੋ ਇਤਿਹਾਸਕ ਮੁਲੰਕਣ ਦੀ ਬੱਝਵੀਂ ਤਸਵੀਰ ਪੇਸ਼ ਕਰਦੇ ਹਨ। ਬਾਬਾ ਨਾਨਕ ਦੀਆਂ ਉਦਾਸੀਆਂ ਅਨੁਸਾਰ ਅੱਜ ਦੇ ਦੇਸ਼, ਬਾਬਾ ਨਾਨਕ ਦੇ ਸਮੇਂ ਭਾਰਤ ਦੀ ਰਾਜਨੀਤਕ ਦਸ਼ਾ, ਆਰਥਿਕ ਦਸ਼ਾ, ਸਮਾਜਿਕ ਦਸ਼ਾ, ਧਾਰਮਿਕ ਦਸ਼ਾ, ਬਾਬਾ ਨਾਨਕ ਦਾ ਖਾਨਦਾਨੀ ਪਿਛੋਕੜ, ਨਨਕਾਣਾ ਸਾਹਿਬ ਦਾ ਪਿਛੋਕੜ ਅਤੇ ਪੰਜਾਬ ਦੀਆਂ ਬਾਰਾਂ ਦਾ ਜ਼ਿਕਰ ਹੈ। 13 ਭਾਗਾਂ ਵਿਚ ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਤੋਂ ਇਲਾਵਾ ਹੋਰ ਯਾਤਰਾਵਾਂ ਦਾ ਵਰਨਣ ਬਾਖੂਬੀ ਦਿੱਤਾ ਗਿਆ ਹੈ। ਬਾਬਾ ਨਾਨਕ ਦੀਆਂ ਯਾਤਰਾਵਾਂ ਪਾਠਕ ਮਨ ਨੂੰ ਅਗਾਂਹ ਵੱਲ ਰੁਚਿਤ ਕਰਦੀਆਂ ਹਨ, ਉਹ ਕਿਤਾਬ ਹੰਗਾਲਣ ਲਈ ਉਤਾਵਲਾ ਹੋ ਜਾਂਦਾ ਹੈ ਜਿਵੇਂ ਪਹਿਲੀ ਉਦਾਸੀ-ਪਾਕਿਸਤਾਨ, ਭਾਰਤ, ਬੰਗਲਾਦੇਸ਼, ਬਰਮਾ, ਚੀਨ, ਲਾਉਸ, ਵੀਅਤਨਾਮ, ਕੰਬੋਡੀਆ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਟੀਮੋਰਦੀਪ। ਦੂਜੀ ਉਦਾਸੀ-ਸ੍ਰੀ ਲੰਕਾ। ਤੀਜੀ ਉਦਾਸੀ-ਨਿਪਾਲ, ਭੂਟਾਨ, ਫਿਲੀਪਾਈਨ, ਤਾਇਵਾਨ, ਜਾਪਾਨ, ਮੰਗੋਲੀਆ (ਚੀਨ ਹੋ ਕੇ ਵਾਪਸ)। ਚੌਥੀ ਉਦਾਸੀ-ਉਮਾਨ, ਯਮਨ, ਅਰਬ, ਇਰਾਕ, ਜੋਰਡਨ, ਇਜ਼ਰਾਇਲ, ਮਿਸਰ, ਸੁਡਾਨ, ਇਥੋਪੀਆ, ਸੋਮਾਲੀਆ, ਕੇਨੀਆ, ਤਨਜ਼ਾਨੀਆ, ਬਰੂੰਡੀ, ਰਵਾਂਡਾ ਕਾਂਗੋ (ਜਇਰੇ) ਯੂਗਾਂਡਾ, ਸਾਊਥ ਸੁਡਾਨ, ਫਿਲਸਤੀਨ, ਲੈਬਨਾਨ, ਸੀਰੀਆ, ਤੁਰਕੀ, ਯੂਨਾਨ, ਅਲਬਾਨੀਆ, ਇਟਲੀ, ਵੈਟੀਕਨ, ਜਰਮਨੀ, ਡੈਨਮਾਰਕ, ਸਵੀਡਨ, ਨਾਰਵੇ (ਵਾਪਸੀ) ਸਕਾਟਲੈਂਡ, ਇੰਗਲੈਂਡ, ਹਾਲੈਂਡ, ਬੈਲਜੀਅਮ, ਫਰਾਂਸ, ਸਪੇਨ,ਟ੍ਰਿਨੀਡਾਡ ਐਂਡ ਟੋਬੈਗੋ, ਕਿਊਬਾ ਦੀਪ, ਬਹਾਂਮਾਜ਼ ਦੀਪ, ਅਮਰੀਕਾ(ਵਾਪਸੀ), ਪੁਰਤਗਾਲ, ਜਿਬਰਾਲਟਰ, ਮਕਦੂਨੀਆ, ਖੋਸੋਵੋ, ਸਰਬੀਆ, ਹੰਗਰੀ, ਰੋਮਾਨੀਆ, ਬੁਲਗਾਰੀਆ, ਜਾਰਜੀਆ, ਰੂਸ, ਅਜਰਬਾਈਜਾਨ, ਅਰਮੀਨੀਆ, ਈਰਾਨ, ਸਵਿਟਜ਼ਰਲੈਂਡ, ਤੁਰਕਮੇਨਿਸਤਾਨ, ਉਜਬੇਕਿਸਤਾਨ, ਕਿਰਗੀਜਸਤਾਨ, ਕਜਾਕਿਸਤਾਨ ਅਤੇ ਅਫ਼ਗਾਨਿਸਤਾਨ (ਵਾਪਸੀ) ਹਥਲੀ ਕਿਤਾਬ ਇਤਿਹਾਸਕਾਰਾਂ ਅਤੇ ਖੋਜਾਰਥੀਆਂ ਲਈ ਇਕ ਅਹਿਮ ਦਸਤਾਵੇਜ਼ ਹੈ।

ਦਿਲਜੀਤ ਸਿੰਘ ਬੇਦੀ
ਮੋ 98148-98570

ਤੇਗ ਬਹਾਦਰ ਸਿਮਰਿਐ
ਮਹਾਂਕਾਵਿਕਾਰ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਹਰਿਆਣਾ ਪੰ. ਸਾ. ਅਕਾਦਮੀ, ਪੰਚਕੂਲਾ
ਮੁੱਲ : 250 ਰੁਪਏ, ਸਫ਼ੇ : 308
ਸੰਪਰਕ : 098122-33662.

ਇਕ ਮਹਾਂਕਾਵਿਕਾਰ ਵਜੋਂ ਸ. ਗੁਰਦਿਆਲ ਸਿੰਘ ਨਿਮਰ ਨੇ ਪੰਜਾਬੀ ਸਾਹਿਤ ਵਿਚ ਆਪਣਾ ਇਕ ਵਿਸ਼ੇਸ਼ ਮੁਕਾਮ ਬਣਾ ਲਿਆ ਹੈ। ਫ਼ਤਹਿ ਸਰਹਿੰਦ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਭਾਈ ਘਨੱਈਆ ਜੀ ਅਤੇ ਸਤਿਗੁਰੁ ਨਾਨਕ ਪ੍ਰਗਟਿਆ ਤੋਂ ਬਾਅਦ 'ਤੇਗ ਬਹਾਦਰ ਸਿਮਰਿਐ' ਉਸ ਦਾ ਪੰਜਵਾਂ ਮਹਾਂਕਾਵਿ ਹੈ। ਮਹਾਂਕਾਵਿ ਭਾਰਤੀ ਅਤੇ ਪੱਛਮੀ ਕਾਵਿ ਸ਼ਾਸਤਰ ਦਾ ਇਕ ਪ੍ਰਮੁੱਖ ਰੂਪਾਕਾਰ ਹੈ ਅਤੇ ਇਸ ਦੀ ਰੂਪ-ਰਚਨਾ ਕਰਨ ਲਈ ਕਿਸੇ ਕਵੀ ਦਾ ਵਿਸ਼ਾਲ ਅਨੁਭਵ, ਡੂੰਘੀ ਸੰਵੇਦਨਾ ਅਤੇ ਕਾਵਿ ਵਿਧੀਆਂ ਵਿਚ ਨਿਪੁੰਨਤਾ ਹੋਣੀ ਚਾਹੀਦੀ ਹੈ। 'ਤੇਗ ਬਹਾਦਰ ਸਿਮਰਿਐ' ਇਨ੍ਹਾਂ ਸਾਰੇ ਗੁਣਾਂ-ਲੱਛਣਾਂ ਉੱਪਰ ਖਰੀ ਉੱਤਰਨ ਵਾਲੀ ਇਕ ਮਹਾ(ਨ) ਰਚਨਾ ਹੈ।
ਸਤਿਗੁਰੂ ਤੇਗ ਬਹਾਦਰ ਜੀ ਪੂਰੇ ਵਿਸ਼ਵ ਦੇ ਇਕ ਮਹਾਨ ਸਤਿਗੁਰੂ ਅਤੇ ਰਹਿਬਰ ਹੋਏ ਹਨ। ਆਪ ਨੇ ਸਭ ਤੋਂ ਪਹਿਲਾਂ ਧਾਰਮਿਕ ਅਤੇ ਸੱਭਿਆਚਾਰਕ ਆਜ਼ਾਦੀ ਦਾ ਪਰਚਮ ਬੁਲੰਦ ਕੀਤਾ। ਆਪ ਨੇ ਬੇਨਜ਼ੀਰ ਸ਼ਹਾਦਤ ਦੇ ਕੇ ਇਹ ਪ੍ਰਤੱਖ ਕਰ ਦਿੱਤਾ ਕਿ ਹਰ ਵਿਅਕਤੀ ਆਪਣੇ-ਆਪਣੇ ਅਕੀਦੇ ਅਨੁਸਾਰ ਪੂਜਾ-ਅਰਚਨਾ ਕਰਨ ਲਈ ਸੁਤੰਤਰ ਹੋਣਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਮਾਣਿਕ ਜੀਵਨ ਬਿਰਤਾਂਤ ਤਿਆਰ ਕਰਨ ਲਈ ਸ. ਨਿਮਰ ਨੇ ਡਾ. ਫ਼ੌਜਾ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਸਾਹਿਬ ਸਿੰਘ, ਡਾ. ਸੁਰਿੰਦਰ ਸਿੰਘ ਕੋਹਲੀ, ਡਾ. ਤ੍ਰਿਲੋਚਨ ਸਿੰਘ, ਪ੍ਰਿੰ. ਸਤਿਬੀਰ ਸਿੰਘ ਅਤੇ ਲਾਲਾ ਦੌਲਤ ਰਾਇ ਦੀਆਂ ਪੁਸਤਕਾਂ ਪੜ੍ਹੀਆਂ ਹਨ।
ਮਹਾਂਕਾਵਿ ਦੇ ਨਿਰਵਾਹ ਲਈ ਵਾਰਾਂ, ਢਾਡੀ, ਪ੍ਰਸੰਗ, ਬੈਂਤ ਛੰਦ, ਕਬਿੱਤ, ਲੋਕ ਕਾਵਿ ਰੂਪਾਂ ਅਤੇ ਛੋਟੇ ਬਹਿਰ ਦੀਆਂ ਕਾਵਿ-ਟੁਕੜੀਆਂ ਦਾ ਪ੍ਰਯੋਗ ਕੀਤਾ ਗਿਆ ਹੈ। ਕਲਪਨਾ ਅਤੇ ਭਾਵਾਂ ਦਾ ਸੁੰਦਰ ਸਮਾਵੇਸ਼ ਹੋਇਆ ਹੈ। ਭਾਸ਼ਾ ਅਤਿਅੰਤ ਸ਼ੁੱਧ ਅਤੇ ਟਕਸਾਲੀ ਹੈ। ਇਕ ਪ੍ਰਮਾਣ ਦੇਖੋ :
ਜਦੋਂ ਜਦੋਂ ਮੈਂ ਪੜ੍ਹਾਂ ਇਤਿਹਾਸ ਆਪਣਾ,
ਮੈਨੂੰ ਅਜਬ-ਅਜੀਬ ਅਹਿਸਾਸ ਹੁੰਦਾ।
ਨੌਵੇਂ ਪਾਤਸ਼ਾਹ ਅਗਰ ਨਾ ਸੀਸ ਦਿੰਦੇ,
ਭਾਰਤ ਵਰਸ਼ ਦਾ ਹੋਰ ਇਤਿਹਾਸ ਹੁੰਦਾ।
ਬਿਲਕੁਲ ਸਹੀ ਨਿਸ਼ਕਰਸ਼ ਕੱਢਿਆ ਹੈ ਨਿਮਰ ਸਾਹਿਬ ਨੇ। ਮੈਂ ਇਸ ਮਹਾਨ ਰਚਨਾ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗੁਰਮਤਿ ਦ੍ਰਿਸ਼ਟੀ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 98149-01254.

ਸੁਖਦੇਵ ਸਿੰਘ ਸ਼ਾਂਤ ਬਹੁ-ਵਿਧਾਈ ਲੇਖਕ ਹਨ, ਜਿਨ੍ਹਾਂ ਨੇ ਗੁਰਮਤਿ ਸਾਹਿਤ ਦੀਆਂ ਦੋ, ਬਾਲ ਸਾਹਿਤ ਦੀਆਂ ਪੰਜ, ਕਵਿਤਾ ਦੀ ਇਕ ਅਤੇ ਕਾਹਣੀ/ਮਿੰਨੀ ਕਹਾਣੀ ਦੀਆਂ ਤਿੰਨ ਪੁਸਤਕਾਂ ਲਿਖੀਆਂ ਹਨ। ਵਿਚਾਰ-ਗੋਚਰੀ ਪੁਸਤਕ ਗੁਰਮਤਿ ਵਿਚਾਰਧਾਰਾ ਬਾਰੇ ਪੰਜ ਖੋਜ ਪੱਤਰਾਂ ਉੱਤੇ ਆਧਾਰਿਤ ਹੈ। ਗਹੁ ਨਾਲ ਪੜ੍ਹਿਆਂ ਪਾਠਕ ਇਸ ਸਿੱਟੇ 'ਤੇ ਪੁੱਜਦਾ ਹੈ ਕਿ ਇਹ ਪੁਸਤਕ ਗੁਰਮਤਿ ਦੀ ਤਰਕਸੰਗਤ ਅਤੇ ਨਿਵੇਕਲੀ ਵਿਆਖਿਆ ਹੈ। ਪੁਸਤਕ ਗੁਰੂ ਤੇਗ ਬਹਾਦਰ ਜੀ ਦੀ ਚਾਰ ਸੌ ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਹੈ।
ਪਹਿਲਾ ਖੋਜ ਪੱਤਰ : 'ਗੁਰਮਤਿ ਸੰਪੂਰਨ ਜੀਵਨ ਦਾ ਮਾਰਗ' ਦੇ ਸਿਰਲੇਖ ਹੇਠ ਹੈ। ਤਿੰਨ ਪ੍ਰਮੁੱਖ ਨੁਕਤਿਆਂ ਦੀ ਵਿਆਖਿਆ ਕੀਤੀ ਗਈ ਹੈ। ਇਹ ਹਨ 'ਮਨੁੱਖ ਦੀ ਹੋਂਦ ਸੰਬੰਧੀ', 'ਮਨੁੱਖ ਦੀ ਉਮਰ ਸੰਬੰਧੀ' ਅਤੇ 'ਮਨੁੱਖ ਦੇ ਵਿਹਾਰਕ ਜੀਵਨ ਸੰਬੰਧੀ'। ਇਨ੍ਹਾਂ ਤਿੰਨਾਂ ਸਿਰਲੇਖਾਂ ਦੇ ਅੱਗੋਂ ਅਨੇਕਾਂ ਉਪਭਾਗ ਹਨ ਜਿਵੇਂ ਵਿਅਕਤੀਗਤ ਜੀਵਨ, ਪਰਿਵਾਰਕ ਜੀਵਨ, ਸਮਾਜਿਕ ਜੀਵਨ, ਆਰਥਿਕ ਜੀਵਨ, ਧਾਰਮਿਕ ਜੀਵਨ, ਰਾਜਨੀਤਕ ਜੀਵਨ ਆਦਿ। ਹਰ ਵਿਆਖਿਆ ਢੁਕਵੇਂ ਗੁਰਬਾਣੀ ਪ੍ਰਮਾਣਾਂ ਸਹਿਤ ਹੈ। ਜਿਵੇਂ
'ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ॥' (ਮਾਰੂ ਮਹੱਲਾ 1 ਅੰਗ 992)
ਦੂਜਾ ਖੋਜ ਪੱਤਰ, 'ਗੁਰਮਤਿ ਵਿਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿਚ ਕਾਰਜ ਦੀ ਸੁਤੰਤਰਤਾ।' ਇਸ ਖੋਜ ਪੱਤਰ ਵਿਚ ਕ੍ਰਿਯਮਾਣ, ਪ੍ਰਾਲਬਧ, ਸੰਚਿਤ ਕਰਮ, ਬਾਕੀ ਧਰਮਾਂ ਵਿਚ ਕਾਰਜ ਦੀ ਸੁਤੰਤਰਤਾ', ਗੁਰਮਤਿ ਵਿਚ ਕਾਰਜ ਦੀ ਸੁਤੰਤਰਤਾ ਅਤੇ ਹੋਰ ਅਨੇਕਾਂ ਨੁਕਤਿਆਂ ਦੀ ਵਿਆਖਿਆ ਹੈ।
(ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ) (ਮਾਝ ਮਹੱਲਾ ਪੰਜਵਾਂ, ਅੰਗ 134)
(ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ) (ਅੰਗ 522)
ਤੀਜੇ ਖੋਜ ਪੱਤਰ ਦਾ ਸਿਰਲੇਖ ਹੈ 'ਮਨਿ ਜੀਤੇ ਜਗੁ ਜੀਤੁ।' ਇਸ ਖੋਜ ਪੱਤਰ ਵਿਚ ਗੁਰਮਤਿ ਵਿਚ ਮਨ ਦੇ ਸੰਕਲਪ ਦੀ ਵਿਆਖਿਆ ਹੈ। ਮਨ ਸ਼ਬਦ ਵੀ ਬੜੀ ਵਿਵੇਕਪੂਰਨ ਵਿਆਖਿਆ ਕੀਤੀ ਗਈ ਹੈ।
ਚੌਥੇ ਖੋਜ ਪੱਤਰ ਦਾ ਸਿਰਲੇਖ ਹੈ '1699 ਦੀ ਵਿਸਾਖੀ।' ਇਸ ਵਿਚ ਵਿਸਾਖੀ ਦੇ ਤਾਰੀਖੀ ਮਹੱਤਵ ਦੇ ਨਾਲ-ਨਾਲ ਖ਼ਾਲਸਾ ਸਾਜਨਾ ਦੇ ਪ੍ਰਕਰਣ ਨੂੰ ਵਿਸਥਾਰ ਨਾਲ ਕਲਮਬੰਦ ਕੀਤਾ ਗਿਆ ਹੈ। ਖ਼ਾਲਸੇ ਦੀ ਸਿਰਜਣਾ ਰਾਹੀਂ ਲੋਕਰਾਜੀ ਨਿਜ਼ਾਮ ਦੀ ਸਥਾਪਨਾ ਕੀਤੀ ਗਈ। (ਪੰਨਾ 95)। '1699 ਦੀ ਵਿਸਾਖੀ-ਆਧੁਨਿਕ ਪ੍ਰਸੰਗ ਵਿਚ' ਇਕ ਅਹਿਮ ਉਪਭਾਗ ਹੈ, ਵਿਚਾਰਨਯੋਗ ਹੈ। (ਪੰਨਾ 102)
ਪੰਜਵਾਂ ਤੇ ਅੰਤਿਮ ਖੋਜ ਪੱਤਰ 'ਗੁਰਦੁਆਰਾ ਇਕ ਸੰਸਥਾ' ਸਿਰਲੇਖ ਹੇਠ ਹੈ। ਗੁਰਦੁਆਰਾ, ਸਤਿਸੰਗਤ ਅਤੇ ਸੇਵਾ ਦਾ ਕੇਂਦਰ ਹੈ, ਧੁਰਾ ਹੈ। ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਜਗਿਆਸੂਆਂ ਲਈ ਉਪਦੇਸ਼ਕ, ਆਚਾਰੀਆ, ਰੋਗੀਆਂ ਲਈ ਸਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹ-ਦੁਰਗ ਅਤੇ ਆਰਾਮ ਕੇਂਦਰ ਹੈ। (ਪੰਨਾ 116)। ਪੁਸਤਕ ਦੇ ਹਰੇਕ ਭਾਗ ਵਿਚ ਹਵਾਲੇ ਤੇ ਟਿੱਪਣੀਆਂ ਗੁਰਬਾਣੀ ਦੇ ਢੁਕਵੇਂ ਪ੍ਰਮਾਣ ਤੇ ਵਿਦਵਾਨਾਂ ਦੇ ਵਿਚਾਰ ਦਰਜ ਹਨ।

ਤੀਰਥ ਸਿੰਘ ਢਿੱਲੋਂ
ਮੋ: 73407-51710

c c c

ਦ੍ਰਿਸ਼ਟੀ, ਪਸਾਰ ਅਤੇ ਸੰਵਾਦ
ਸੰਪਾਦਕ : ਅਰਵਿੰਦਰ ਕੌਰ ਕਾਕੜਾ
ਪ੍ਰਕਾਸ਼ਕ : ਅਣੂ ਮੰਚ ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 136
ਸੰਪਰਕ : 94636-15536.

ਹਥਲੀ ਪੁਸਤਕ ਮਿੰਨੀ ਕਹਾਣੀ ਦੇ ਸਿਰਮੌਰ ਸਿਰਜਕਾਂ ਵਿਚੋਂ ਹੋਏ ਸੁਰਿੰਦਰ ਕੈਲੇ ਦੇ ਮਿੰਨੀ ਕਹਾਣੀ ਸੰਗ੍ਰਹਿ ' ਸੂਰਜ ਦਾ ਪਰਛਾਵਾਂ ' ਦਾ ਬਹੁਪੱਖੀ ਅਧਿਐਨ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਲੇਖਕ ਅਤੇ ਸੰਪਾਦਕ ਤੋਂ ਇਲਾਵਾ 20 ਹੋਰ ਵਿਦਵਾਨਾਂ ਨੇ ਨਿਰਧਾਰਿਤ ਪੁਸਤਕ ਸੰਬੰਧੀ ਖੋਜ ਪਰਕ ਨਿਬੰਧ ਪੇਸ਼ ਕੀਤਾ ਹੈ। ਮਿੰਨੀ ਕਹਾਣੀ ਅਜੋਕੇ ਸਮੇਂ ਦੀ ਪ੍ਰਮੁੱਖ ਗਲਪ ਵਿਧਾ ਦਾ ਰੂਪ ਧਾਰਨ ਕਰ ਚੁੱਕੀ ਹੈ। ਸੁਰਿੰਦਰ ਕੈਲੇ ਨੇ ਜਿਸ ਕਦਰ ਆਪਣੀਆਂ ਇਨ੍ਹਾਂ ਮਿੰਨੀ ਕਹਾਣੀਆਂ ਦੇ ਵਿਸ਼ਿਆਂ ਨੂੰ ਪ੍ਰਗਟਾਇਆ ਹੈ, ਜਿਸ ਕਦਰ ਵਿਅੰਗ ਸਿਰਜਿਆ ਹੈ ਅਤੇ ਜਿਸ ਕਦਰ ਪਾਤਰਾਂ ਦਾ ਸੰਖੇਪ ਅੰਦਰੂਨੀ ਅਤੇ ਬਾਹਰੀ ਸੋਚ ਦ੍ਰਿਸ਼ਟੀ ਦਾ ਪ੍ਰਗਟਾਵਾ ਕੀਤਾ ਹੈ, ਇਨ੍ਹਾਂ ਸਾਰਿਆਂ ਪੱਖਾਂ ਨੂੰ ਇਨ੍ਹਾਂ ਵਿਦਵਾਨਾਂ ਨੇ ਖੂਬ ਵਿਚਾਰਿਆ ਹੈ। ਡਾ. ਅਮਰ ਕੋਮਲ ਨੇ ਇਸ ਦਾ ਬਹੁਪਰਤੀ ਮੁਲਾਂਕਣ ਕੀਤਾ ਹੈ, ਡਾ. ਤੇਜਵੰਤ ਮਾਨ ਇਸ ਲੇਖਕ ਨੂੰ ਬਿਰਤਾਂਤਮੁਖੀ ਕਹਾਣੀਆਂ ਦਾ ਰਚਣਹਾਰਾ ਦੱਸਦਾ ਹੈ। ਇਸੇ ਤਰ੍ਹਾਂ ਇਨ੍ਹਾਂ ਕਹਾਣੀਆਂ ਵਿਚ ਪ੍ਰਗਟ ਸਮਾਜਿਕ ਅੰਤਰ ਦਵੰਦਾਂ, ਮਨੋਵਿਗਿਆਨਕ ਪੱਧਤੀਆਂ, ਖੱਟੇ ਮਿੱਠੇ ਅਤੇ ਕੌੜੇ ਯਥਾਰਥ, ਵਿਸ਼ਵ ਦ੍ਰਿਸ਼ਟੀਕੋਣ ਪ੍ਰਤੀ ਨਜ਼ਰੀਏ, ਕਹਾਣੀਆਂ ਦੇ ਚਿਹਨ ਪ੍ਰਬੰਧ, ਬਹੁਪੱਖੀ ਸੰਬਾਦਕ ਬਿਰਤਾਂਤਕਾਰੀ, ਪ੍ਰਗਤੀਵਾਦੀ ਅਤੇ ਮਾਨਵਵਾਦੀ ਵਿਚਾਰਧਾਰਾ ਦਾ ਪ੍ਰਗਟਾਵਾ ਅਤੇ ਇਨ੍ਹਾਂ ਕਹਾਣੀਆਂ ਦੀ ਕਲਾਤਮਿਕਤਾ ਦੀ ਪੇਸ਼ਕਾਰੀ ਨੂੰ ਵਿਦਵਾਨਾਂ ਨੇ ਨੇੜਿਉਂ ਘੋਖਿਆ ਅਤੇ ਪ੍ਰਗਟਾਇਆ ਹੈ। ਪੁਸਤਕ ਦੇ ਅੰਤ ਵਿਚ ਡਾ. ਪ੍ਰਦੀਪ ਕੌੜਾ ਵਲੋਂ ਜੋ ਸੁਰਿੰਦਰ ਕੈਲੇ ਨਾਲ ਮੁਲਾਕਾਤ ਸਵਾਲਾਂ ਦੇ ਸਨਮੁੱਖ ਸਿਰਲੇਖ ਹੇਠ ਅੰਕਿਤ ਹੈ, ਉਸ ਵਿਚੋਂ ਸੁਰਿੰਦਰ ਕੈਲੇ ਦੀ ਮਿੰਨੀ ਕਹਾਣੀ ਨੂੰ ਪ੍ਰਫੁੱਲਿਤ ਕਰਨ, ਇਸ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਬਣਾਉਣ ਅਤੇ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਰ ਦੇਣ ਦੀ ਸਮਰੱਥਾ ਦਾ ਪੱਖ ਖੂਬ ਉੱਘੜਦਾ ਪ੍ਰਤੀਤ ਹੁੰਦਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਜ਼ਿੰਦਗੀ ਦਾ ਮੇਲਾ
ਲੇਖਕ : ਤੇਲੂ ਰਾਮ ਕੁਹਾੜਾ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 278
ਸੰਪਰਕ : 98147-32198.

ਵਿਚਾਰ ਅਧੀਨ ਸਵੈ-ਜੀਵਨੀ, ਸਵੈ-ਜੀਵਨੀ ਵਿਧਾ ਦੇ ਮਿਆਰ 'ਤੇ ਪੂਰੀ ਉਤਰਦੀ ਹੈ ਕਿਉਂਕਿ ਇਸ ਵਿਚ ਲੇਖਕ ਨੇ 'ਸੱਚ ਦੀ ਪੇਸ਼ਕਾਰੀ' ਦਾ ਕਿਧਰੇ ਵੀ ਪੱਲਾ ਨਹੀਂ ਛੱਡਿਆ। ਪਾਠਕਾਂ ਨੂੰ ਸੱਚਮੁੱਚ ਆਪਣੇ ਜੀਵਨ ਦਾ ਭਰਿਆ ਮੇਲਾ ਵਿਖਾ ਦਿੱਤਾ ਹੈ। ਲੇਖਕ ਨੇ ਆਪਣੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਦਾ ਬੜੀ ਰਵਾਨਗੀ ਅਤੇ ਸਪੱਸ਼ਟ ਸ਼ੈਲੀ ਵਿਚ ਵਰਨਣ ਕੀਤਾ ਹੈ। ਉਹ ਅਤਿ ਦੀ ਗ਼ਰੀਬੀ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਕੇ ਆਪਣੇ ਅਸਤਿਤਵ ਨੂੰ ਵਿੱਦਿਅਕ ਅਤੇ ਸਾਹਿਤਕ ਖੇਤਰ ਵਿਚ ਬੁਲੰਦ ਕਰਦਾ ਹੈ। ਇਹ ਉਸ ਦੇ ਜੀਵਨ ਦੇ ਦੁੱਖਾਂ-ਸੁੱਖਾਂ ਦੀ ਗਾਥਾ ਹੈ। ਸਵੈ-ਜੀਵਨੀ ਦੇ ਨਾਇਕ ਵਜੋਂ ਉਹ ਬਿਖੜੇ ਪੈਂਡੇ ਤੈਅ ਕਰਕੇ ਆਪਣੇ ਪਰਿਵਾਰ ਦੇ ਸਾਹਮਣੇ ਆਈ ਹਰ ਸਮੱਸਿਆ ਦਾ ਹੱਲ ਲੱਭ ਹੀ ਲੈਂਦਾ ਹੈ। ਲੇਖਕ ਨੇ ਆਪਣੇ ਬਚਪਨ ਦੀਆਂ ਖੇਡਾਂ-ਸ਼ਰਾਰਤਾਂ ਨੂੰ ਬਾਖੂਬੀ ਚਿਤਰਿਆ ਹੈ। ਮਨੋਵਿਗਿਆਨਕ ਤੌਰ 'ਤੇ 'ਉਦੋਂ' ਤੇ 'ਹੁਣ' ਅਰਥਾਤ 'ਯਾਦ ਤਲ' ਅਤੇ 'ਸਿਰਜਣ-ਪਲ' ਦਰਮਿਆਨ ਕੰਪਨ ਨੋਟ ਕੀਤੀ ਜਾ ਸਕਦੀ ਹੈ। ਸਾਈਕਲ ਯੁੱਗ ਤੋਂ ਸਕੂਟਰ/ਕਾਰਾਂ ਦੇ ਯੁੱਗ ਤੱਕ, ਚਿੱਠੀਆਂ ਦੇ ਯੁੱਗ ਤੋਂ ਮੋਬਾਈਲ ਇੰਟਰਨੈੱਟ ਤੱਕ, ਆਰਥਿਕ ਤੰਗੀ ਤੋਂ ਖੁਸ਼ਹਾਲੀ ਤੱਕ ਦਾ ਜੀਵਨ ਪੈਂਡਾ ਤੈਅ ਕਰਦੀਆਂ ਬਾਤਾਂ ਪਾਈਆਂ ਹਨ। ਆਪਣੇ ਜੀਵਨ ਵਿਚ ਤਿੰਨ ਪੀੜ੍ਹੀਆਂ ਦਾ ਸੁੱਖ ਮਾਣਿਆ ਹੈ। ਪਰਿਵਾਰਕ ਮੌਤਾਂ ਦਾ ਹਿਰਦੇਵੇਧਕ ਬਿਰਤਾਂਤ ਹੈ। ਆਪਣੇ ਜੀਵਨ ਦੇ ਅੱਠ ਦਹਾਕਿਆਂ ਵਿਚੋਂ 53 ਵਰ੍ਹੇ ਆਪਣੀ ਪਤਨੀ ਨਾਲ ਬਿਤਾਏ ਅਭੁੱਲ ਯਾਦ ਬਣ ਗਏ ਹਨ। ਪਤਨੀ ਦੀ ਮ੍ਰਿਤੂ ਬਾਅਦ ਇਹ ਸਵੈ-ਜੀਵਨੀ ਲਿਖਣੀ ਸ਼ੁਰੂ ਕੀਤੀ ਹੈ। ਦੋਵਾਂ ਜੀਆਂ ਨੇ ਸਫਲ ਅਧਿਆਪਕੀ ਜੀਵਨ ਬਤੀਤ ਕੀਤਾ। ਲੇਖਕ ਨੇ ਪੱਤਰਕਾਰੀ ਅਤੇ ਵੈਦਿਕ ਕਾਰਜ ਵੀ ਕੀਤਾ। ਪੱਤਰਕਾਰੀ ਭਾਅ ਜੀ ਬਰਜਿੰਦਰ ਸਿੰਘ ਹਮਦਰਦ ਦੀ ਪ੍ਰੇਰਨਾ ਨਾਲ ਕੀਤੀ। ਇਤਿਹਾਸਕ ਥਾਵਾਂ ਦੀ ਯਾਤਰਾ ਨਾਲ ਸਵੈ-ਜੀਵਨੀ ਵਿਚ ਸਫ਼ਰਨਾਮੇ ਦਾ ਅੰਸ਼ ਵੀ ਪ੍ਰਵੇਸ਼ ਕਰ ਗਿਆ ਹੈ। ਨਾਇਕ ਹਰ ਥਾਂ ਵੱਡਿਆਂ ਦਾ ਸਤਿਕਾਰ ਕਰਦਾ ਹੈ। ਜੀਵਨ ਵਿਚ ਆਏ ਸਾਹਿਤਕਾਰਾਂ, ਸਾਹਿਤ ਸਭਾਵਾਂ, ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਦੇ ਨਾਵਾਂ ਥਾਵਾਂ/ਘਟਨਾਵਾਂ ਦਾ ਬਿਆਨ ਹੈ। ਸਾਹਿਤਕ ਸਿਰਜਣਾਵਾਂ, ਮਾਣ-ਸਨਮਾਨਾਂ ਦਾ ਜ਼ਿਕਰ ਹੈ। ਪੰਜਾਬ ਦੇ ਕਾਲੇ ਦਿਨਾਂ ਦਾ ਭੋਗਿਆ ਸੰਤਾਪ ਰੂਪਮਾਨ ਕੀਤਾ ਗਿਆ ਹੈ। ਕੋਰੋਨਾ ਸੰਕਟ ਦੇ ਵੀ ਸੰਕੇਤ ਹਨ। ਲੇਖਕ ਪ੍ਰਸਿੱਧ ਸਾਹਿਤਕ ਸ਼ਖ਼ਸੀਅਤ ਹੈ। ਕਮਾਲ ਦਾ ਦ੍ਰਿਸ਼-ਚਿਤਰਨ ਅਤੇ ਪਾਤਰਾਂ ਦੇ ਮੁਹਾਂਦਰੇ ਚਿੱਤਰੇ ਹਨ। ਕਮਾਲ ਦੀ ਗੱਲ ਇਹ ਹੈ ਕਿ ਲੇਖਕ ਜਿਸ ਘਟਨਾ 'ਤੇ ਫੋਕਸ ਕਰਦਾ ਹੈ, ਉਸ ਦਾ ਰੇਸ਼ਾ-ਰੇਸ਼ਾ ਉਘਾੜ ਦਿੰਦਾ ਹੈ। ਸਵੈ-ਜੀਵਨੀ ਵੱਖ-ਵੱਖ ਅਹਿਮ ਯਾਦਾਂ ਦੀਆਂ ਤਸਵੀਰਾਂ ਨਾਲ ਸੁਸਜਿਤ ਹੈ ਜੋ ਉਸ ਦੀ ਆਤਮ-ਕਥਾ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ। ਲੇਖਕ ਜਿਊਂਦੇ ਜੀਅ ਇਸ ਸਵੈ-ਜੀਵਨੀ ਨੂੰ ਸੰਪੂਰਨ ਕਰ ਗਿਆ ਸੀ, ਜਿਸ ਨੂੰ ਬਾਅਦ ਵਿਚ ਉਸ ਦੇ ਹੋਣਹਾਰ ਸਪੁੱਤਰਾਂ ਨੇ ਛਪਵਾਇਆ ਜਾਪਦਾ ਹੈ। ਇਹ ਰਚਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨ ਦੀ ਸੰਭਾਵਨਾ ਰੱਖਦੀ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

c c c

ਰੰਗ ਦੇ ਬਸੰਤੀ ਚੋਲਾ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 114
ਸੰਪਰਕ : 98147-83069.

ਇਹ ਨਾਵਲ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਹ ਉਨ੍ਹਾਂ ਕ੍ਰਾਂਤੀਕਾਰੀਆਂ ਨੂੰ ਸਮਰਪਿਤ ਹੈ ਜੋ ਚੁੱਪਚਾਪ ਆਏ ਅਤੇ ਆਹੂਤੀ ਪਾ ਕੇ ਚਲੇ ਗਏ। ਉਨ੍ਹਾਂ ਦੇ ਨਾਂਅ ਨਾ ਇਤਿਹਾਸ ਜਾਣਦਾ ਹੈ, ਨਾ ਲੋਕ ਜਾਣਦੇ ਹਨ। ਸ. ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ. ਨੂੰ ਪਿੰਡ ਬੰਗਾ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਚ ਹੋਇਆ। ਉਸ ਦਾ ਸਾਰਾ ਪਰਿਵਾਰ ਹੀ ਆਜ਼ਾਦੀ ਸੰਗਰਾਮ ਨਾਲ ਜੁੜਿਆ ਹੋਇਆ ਸੀ। ਬਚਪਨ ਤੋਂ ਹੀ ਭਗਤ ਸਿੰਘ ਦੇ ਖ਼ੂਨ ਵਿਚ ਇਨਕਲਾਬ ਦਾ ਜੋਸ਼ ਸੀ। ਉਹ ਬਹੁਤ ਹੀ ਹੋਣਹਾਰ, ਹੁਸ਼ਿਆਰ ਅਤੇ ਬੁੱਧੀਮਾਨ ਸੀ। ਉਸ ਨੇ ਛੋਟੀ ਜਿਹੀ ਉਮਰ ਵਿਚ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਸ਼ਹੀਦ-ਏ-ਆਜ਼ਮ ਦਾ ਖ਼ਿਤਾਬ ਪ੍ਰਾਪਤ ਕੀਤਾ। ਜਦੋਂ ਇਨ੍ਹਾਂ ਬਹਾਦਰ ਸਪੂਤਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਨ੍ਹਾਂ ਨੂੰ ਘਬਰਾਹਟ ਦੀ ਥਾਂ 'ਤੇ ਲਾਲੀਆਂ ਚੜ੍ਹ ਗਈਆਂ। ਜੇਲ੍ਹ ਅੰਦਰ ਭਗਤ ਸਿੰਘ ਕਿਤਾਬਾਂ ਪੜ੍ਹਦਾ ਅਤੇ ਡਾਇਰੀ ਲਿਖਦਾ ਰਹਿੰਦਾ ਸੀ। ਉਸ ਦੀ ਮੁਲਾਕਾਤ ਭਾਈ ਸਾਹਿਬ ਰਣਧੀਰ ਸਿੰਘ ਨਾਲ ਵੀ ਹੋਈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਸ ਨੇ ਕੇਸ ਰੱਖ ਲਏ ਸਨ। 23 ਮਾਰਚ, 1931 ਈ. ਨੂੰ ਤਿੰਨਾਂ ਮਹਾਨ ਦੇਸ਼ ਭਗਤਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਤਿੰਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਗਾਉਣ ਲੱਗੇ
ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇਂ ਹੈ।
ਸ. ਭਗਤ ਸਿੰਘ ਬੁਲੰਦ ਆਵਾਜ਼ ਵਿਚ ਗਾ ਰਿਹਾ ਸੀ
ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ।
ਲੇਖਕ ਨੇ ਬੜੇ ਭਾਵਪੂਰਤ ਢੰਗ ਨਾਲ ਇਸ ਬੇਮਿਸਾਲ ਕੁਰਬਾਨੀ ਦਾ ਜ਼ਿਕਰ ਕੀਤਾ ਹੈ। ਇਹ ਨਾਵਲ ਪੜ੍ਹਨਯੋਗ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

20-03-2022

ਵਰ੍ਹੇ ਵਾਰ ਪੰਜ ਪਾਣੀ 2021 (ਮੈਗਜ਼ੀਨ)
ਸੰਪਾਦਕੀ ਬੋਰਡ : ਰਮੇਸ਼ ਯਾਦਵ ਅਤੇ
ਡਾ. ਚਰਨਜੀਤ ਸਿੰਘ ਨਾਭਾ
ਪ੍ਰਕਾਸ਼ਕ : ਫੋਕਲੋਰ ਰਿਸਰਚ ਅਕਾਦਮੀ, ਅੰਮ੍ਰਿਤਸਰ
ਸਫ਼ੇ : 132
ਸੰਪਰਕ : 98723-18484.


ਹਥਲਾ ਮੈਗਜ਼ੀਨ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਕਿਸਾਨੀ ਸੰਘਰਸ਼ ਦੇ ਪਹਿਲੇ ਛੇ-ਸੱਤ ਮਹੀਨਿਆਂ ਦੌਰਾਨ ਕੀਤੇ ਗਏ ਪ੍ਰਦਰਸ਼ਨ, ਹੱਕਾਂ ਦੀ ਪ੍ਰਾਪਤੀ ਅਤੇ ਸਮੁੱਚੀ ਮਜ਼ਦੂਰ ਅਤੇ ਕਿਸਾਨ ਸ਼੍ਰੇਣੀ ਦੇ ਲੋਕਾਂ ਦੀ ਦਾਸਤਾਨ ਹੈ। ਮੈਗਜ਼ੀਨ ਦੇ ਆਰੰਭਲੇ ਨਿਬੰਧਾਂ ਵਿਚ 1947 ਵੇਲੇ ਪੰਜਾਬ ਦੀ ਵੰਡ, ਇਧਰਲੇ ਪੰਜਾਬ ਅਤੇ ਓਧਰਲੇ ਪੰਜਾਬ ਦੇ ਰੂਪ ਵਿਚ ਕਰ ਦਿੱਤੀ ਗਈ, ਜਿਸ ਦਾ ਦੁਖਾਂਤਮਈ ਸੰਤਾਪ ਦੋਵਾਂ ਪਾਸਿਆਂ ਦੇ ਲੋਕਾਂ ਨੇ ਹੰਢਾਇਆ। ਇਹ ਚਾਲ ਉਸ ਵਕਤ ਦੀ ਅੰਗਰੇਜ਼ ਹਕੂਮਤ ਦੀ ਵੰਡੋ, ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਉਪਜ ਸੀ। ਕਿਉਂ ਜੋ ਵਕਤ ਦੀਆਂ ਸਰਕਾਰਾਂ ਸਦਾ ਸੱਚ ਨੂੰ ਦਬਾਉਂਦੀਆਂ ਰਹੀਆਂ ਹਨ ਅਤੇ ਜਿਹੜਾ ਦੱਬਿਆ ਜਾਵੇ ਜਾਂ ਲੁੱਟਿਆ ਜਾਵੇ ਹਮੇਸ਼ਾ ਦਬਾਇਆ ਅਤੇ ਲੁੱਟਿਆ ਜਾਂਦਾ ਰਿਹਾ ਹੈ। ਇਸ ਮੈਗਜ਼ੀਨ ਵਿਚ ਬਹੁਤ ਸਾਰੇ ਨਿਬੰਧ ਮੌਜੂਦਾ ਕਿਸਾਨ ਸੰਘਰਸ਼ ਦੇ ਹਿਤਾਂ ਦੀ ਪੂਰਤੀ ਹਿਤ ਯਥਾਰਥਕ ਰੂਪ ਵਿਚ ਸਿਰਜੇ ਗਏ ਹਨ। ਨਵੇਂ ਮਿਆਰ ਸਿਰਜਦਾ ਇਹ ਸੰਘਰਸ਼ ਬਹੁਤ ਸਾਰੇ ਅਹਿਮ ਮੁੱਦਿਆਂ ਨੂੰ ਪਾਠਕਾਂ ਦੇ ਸਨਮੁਖ ਕਰਦਾ ਹੈ। ਪਹਿਲੇ ਛੇ-ਸੱਤ ਮਹੀਨਿਆਂ ਵਿਚ ਕਿਸਾਨਾਂ ਦੀ ਏਕਤਾ, ਵੱਖ-ਵੱਖ ਕਿਸਾਨ ਸੰਗਠਨਾਂ ਦੇ ਆਪਸੀ ਸੁਮੇਲ ਵਿਚੋਂ ਉਭਰੇ ਸਿੱਟਿਆਂ ਦਾ ਦਰਪਣ ਤਾਂ ਹੈ ਹੀ ਹਨ। ਇਸ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਅਤੇ ਸੰਘੀ ਮਾਨਸਿਕਤਾ ਦਾ ਪ੍ਰਗਟਾਵਾ, ਕਿਸਾਨ ਮੋਰਚੇ ਦੀਆਂ ਕੁਝ ਅੰਦਰੂਨੀ ਮੁਸ਼ਕਿਲਾਂ, ਕੌਮਾਂਤਰੀ ਅਤੇ ਅੰਤਰਰਾਸ਼ਟਰੀ ਜਥੇਬੰਦੀਆਂ ਵਲੋਂ ਕਿਸਾਨੀ ਘੋਲ ਦੀ ਹਮਾਇਤ ਵਿਚ ਉੱਭਰਨਾ, ਨਵੀਂ ਸਮਾਜਿਕ ਪਾਠਸ਼ਾਲਾ ਵਜੋਂ ਕਿਸਾਨ ਸੰਘਰਸ਼ ਦਾ ਵੇਰਵਾ, ਪੇਂਡੂ ਅਰਥਚਾਰੇ ਦੀ ਕਾਇਆ ਕਲਪ ਲਈ ਨਵੇਂ ਹੱਲਿਆਂ ਦੀ ਲੋੜ ਅਤੇ ਪੰਜਾਬ ਦੀ ਨੌਜਵਾਨੀ ਦੇ ਸਵਾਲ ਆਦਿ ਦਾ ਵੇਰਵਾ ਮੈਗਜ਼ੀਨ ਦੀ ਮਹੱਤਤਾ ਦਾ ਪ੍ਰਮਾਣ ਬਣਦਾ ਹੈ। ਇਸ ਸੰਘਰਸ਼ ਵਿਚ ਭਵਿੱਖਮੁਖੀ ਸਮੱਸਿਆਵਾਂ ਨੂੰ ਵੀ ਸਮਝਿਆ ਗਿਆ। ਜਿਵੇਂ ਕੇਂਦਰੀ ਬਜਟ ਖੇਤੀ ਖੇਤਰ ਨੂੰ ਕਾਰਪੋਰੇਟ ਦੇ ਹਵਾਲੇ ਕਰੇਗਾ ਜਿਹੜਾ ਕਿਸਾਨੀ ਨੂੰ ਸਦਾ ਲਈ ਤਹਿਸ-ਨਹਿਸ ਕਰ ਦੇਵੇਗਾ, ਪ੍ਰਤੀ ਚਿੰਤਾ ਦਾ ਪ੍ਰਗਟਾਵਾ ਹੈ।
ਇਸ ਸੰਘਰਸ਼ ਵਿਚ ਔਰਤਾਂ ਨੇ ਵੀ ਖੂਬ ਯੋਗਦਾਨ ਪਾਇਆ। ਕਈ ਬਜ਼ੁਰਗਾਂ ਦੇ ਤਾਂ ਉਥੇ ਹੀ ਸਾਹ ਖ਼ਤਮ ਹੋ ਗਏ। ਇਸ ਤੋਂ ਇਲਾਵਾ ਮੈਗਜ਼ੀਨ ਵਿਚ ਮਾਤ ਭਾਸ਼ਾ ਅਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਜ਼ਿਕਰ ਵੀ ਹੈ ਅਤੇ ਸੰਬੰਧਿਤ ਵਿਸ਼ੇ ਨਾਲ ਢੁਕਦੀਆਂ ਕਵਿਤਾਵਾਂ ਵੀ ਅੰਕਿਤ ਹਨ। ਕੁਝ ਵਿਦਵਾਨਾਂ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਨਿਬੰਧ ਵੀ ਸਲਾਹੁਣਯੋਗ ਹਨ। ਸੱਚਮੁੱਚ ਪੰਜਾਬ ਅਤੇ ਭਾਰਤ ਵਿਚ ਸਮੇਂ-ਸਮੇਂ ਉੱਠੀਆਂ ਲੋਕ ਲਹਿਰਾਂ ਵਿਚ ਕਿਸਾਨੀ ਅੰਦੋਲਨ ਨੂੰ ਪੇਸ਼ ਕਰਦਾ ਇਹ ਮੈਗਜ਼ੀਨ ਇਕ ਇਤਿਹਾਸਕ ਦਸਤਾਵੇਜ਼ ਸਾਬਤ ਹੋ ਸਕਦਾ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732
c c c


ਸਾਂਝ ਅਮੁੱਲੀ ਬੋਲੀ ਦੀ

(ਗੁਰਮੁਖੀ ਅਤੇ ਸ਼ਾਹਮੁਖੀ ਦਾ ਸਾਂਝਾ ਗ਼ਜ਼ਲ ਸੰਗ੍ਰਹਿ)
ਸੰਪਾਦਕ : ਅੰਮ੍ਰਿਤਪਾਲ ਸਿੰਘ ਸ਼ੈਦਾ
ਪ੍ਰਕਾਸ਼ਕ : ਮੰਨਤ ਪਬਲੀਕੇਸ਼ਨ, ਪੰਚਕੂਲਾ
ਮੁੱਲ : 450 ਰੁਪਏ, ਸਫ਼ੇ : 330+34
ਸੰਪਰਕ : 98552-32575.


ਅੰਮ੍ਰਿਤਪਾਲ ਸਿੰਘ ਸ਼ੈਦਾ ਇਕ ਪ੍ਰਸਿੱਧ ਉਰਦੂ ਅਤੇ ਪੰਜਾਬੀ ਦਾ ਵਿਦਵਾਨ ਸ਼ਾਇਰ ਹੈ। ਹਥਲੀ ਪੁਸਤਕ ਭਾਵੇਂ 30 ਪੰਜਾਬੀ ਗ਼ਜ਼ਲਕਾਰਾਂ ਦੀਆਂ 10-10 ਚੁਨਿੰਦਾ ਗ਼ਜ਼ਲਾਂ ਦਾ ਸੰਗ੍ਰਹਿ ਹੀ ਹੈ ਜੋ ਆਮ ਨਿਸਬ ਦੀ ਪੁਸਤਕ ਲਗਦੀ ਹੈ, ਦਰਅਸਲ ਇਹ ਪੁਸਤਕ ਅਜਿਹੀਆਂ ਸੰਪਾਦਨਾ ਦੀਆਂ ਪੁਸਤਕਾਂ ਨਾਲੋਂ ਵੱਖਰੇਵਾਂ ਰੱਖਦੀ ਹੈ। ਇਹ ਸਾਰੀਆਂ ਗ਼ਜ਼ਲਾਂ ਜਿਥੇ ਗੁਰਮੁਖੀ ਲਿਪੀ ਵਿਚ ਪੇਸ਼ ਹਨ, ਉਥੇ ਸ਼ਾਹਮੁਖੀ ਵਿਚ ਵੀ ਇੰਨ-ਬਿੰਨ ਹਨ। ਇਸ ਲਿਪੀਅੰਤਰਤਾ ਨੇ ਬੋਲੀ ਨਹੀਂ ਬਦਲਣ ਦਿੱਤੀ ਜਿਸ ਕਰਕੇ ਇਸ ਦਾ ਪਠਨ ਦੋਵਾਂ ਪੰਜਾਬਾਂ ਦੇ ਪੰਜਾਬੀ ਸਹਿਜ ਨਾਲ ਕਰ ਸਕਦੇ ਹਨ। ਇਸ ਤਰ੍ਹਾਂ ਦੋਵਾਂ ਪੰਜਾਬਾਂ ਵਿਚ ਹੀ ਚੜ੍ਹਦੇ ਪੰਜਾਬ ਦੀਆਂ ਗ਼ਜ਼ਲਾਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ਲਿਪੀ ਅੰਤਰਤਾ ਹੀ ਲਿਪੀਆਂ ਤੋਂ ਪਾਰ ਜਾਣ ਦਾ ਸਹੀ ਤਰੀਕਾ ਹੈ। ਵਰਨਾ ਦੇਸ਼ ਦੀ ਵੰਡ ਪਿੱਛੋਂ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਦੂਰ... ਹੋਰ ਦੂਰ ਚਲੀਆਂ ਗਈਆਂ ਹਨ।
ਸ਼ੈਦਾ ਦੇ ਇਸ ਗ਼ਜ਼ਲ ਸੰਗ੍ਰਹਿ ਵਿਚ ਸ਼ਾਮਿਲ ਸ਼ਾਇਰਾਂ ਦੀ ਆਪਣੀ ਹੀ ਚੋਣ ਹੈ ਜਿਸ ਵਿਚ ਕੋਈ ਮਿਆਰ ਕਾਰਜਸ਼ੀਲ ਨਹੀਂ ਹੈ। ਪਰ ਚੁਣੇ ਹੋਏ ਗ਼ਜ਼ਲਕਾਰਾਂ ਨੂੰ ਪੰਜਾਬੀ ਦੇ ਅੱਖਰਾਂ ਦੀ ਨਿਯਮਾਵਲੀ 'ਚ ਪੇਸ਼ ਜ਼ਰੂਰ ਕੀਤਾ ਹੈ। ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸ਼ੈਦਾ ਤੇ ਸਭ ਤੋਂ ਅੰਤਿਮ ਰਾਮ ਸਿੰਘ ਬੰਗ ਹੈ। ਜਿਥੇ ਸ਼ਾਇਰਾਂ ਦੀ ਚੋਣ ਸੰਪਾਦਕ ਦੀ ਆਪਣੀ ਹੈ, ਉਥੇ ਸ਼ਾਇਰਾਂ ਦੀਆਂ ਸ਼ਾਮਿਲ ਗ਼ਜ਼ਲਾਂ ਦੀ ਚੋਣ ਵੀ ਉਨ੍ਹਾਂ ਦੀ ਹੈ। ਗ਼ਜ਼ਲਾਂ ਬਾਰੇ ਜਾਣ-ਪਛਾਣ ਸ਼ਾਹਮੁਖੀ (ਉਰਦੂ) ਅਤੇ ਗੁਰਮੁਖੀ (ਪੰਜਾਬੀ) ਵਿਚ ਵੱਖ-ਵੱਖ ਦਰਸਾਈ ਗਈ ਹੈ। ਇਹ ਪੁਸਤਕ ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦੀ ਨਿਵੇਕਲੀ ਦੇਣ ਹੈ। ਗੁਆਚ ਚੁੱਕੀ ਸ਼ਾਹਮੁਖੀ ਤੇ ਗੁਰਮੁਖੀ ਨੂੰ ਇਕ ਮੰਚ 'ਤੇ ਪੇਸ਼ ਕਰਨ ਦੀ ਦਿਲ ਸਲਾਹੁਣਯੋਗ ਕੋਸ਼ਿਸ਼ ਹੈ। ਅਸਲ ਵਿਚ ਦੋਵਾਂ ਪੰਜਾਬਾਂ ਵਿਚ ਹੁਣ ਉਹ ਪੀੜ੍ਹੀਆਂ ਕਰੀਬ-ਕਰੀਬ ਖ਼ਤਮ ਹੋ ਚੁੱਕੀਆਂ ਹਨ ਜੋ ਸ਼ਾਹਮੁਖੀ ਤੇ ਗੁਰਮੁਖੀ ਨੂੰ ਬਰਾਬਰ ਜਾਣਦੀਆਂ ਸਨ।
ਪੰਜਾਬੀ ਦੀਆਂ ਲਿਪੀਆਂ ਨੇ ਦੋਵਾਂ ਪੰਜਾਬਾਂ ਦੇ ਪੰਜਾਬੀ ਸਾਹਿਤ ਨੂੰ ਅਨਪੜ੍ਹ ਅੱਖ ਬਣਾ ਦਿੱਤਾ ਹੈ। ਅਸੀਂ ਦੋਵਾਂ ਪੰਜਾਬਾਂ ਦੇ ਪੰਜਾਬੀ 'ਚ ਬੋਲੇ ਹੋਏ ਸ਼ਿਅਰਾਂ ਨੂੰ ਤਾਂ ਬਾਖੂਬੀ ਸਮਝਦੇ ਹਾਂ ਪਰ ਲਿਖੇ ਹੋਏ ਸ਼ਿਅਰ ਕਾਲਾ ਅੱਖਰ ਭੈਂਸ ਬਰਾਬਰ ਹੀ ਹਨ। ਭਾਵੇਂ ਗੂਗਲ ਨੇ ਇਹ ਸਾਰੀ ਸਮੱਸਿਆ ਹੱਲ ਕਰ ਦੇਣੀ ਹੈ ਪਰ ਹਾਲ ਦੀ ਘੜੀ ਸ਼ੈਦਾ ਜੀ ਦੀ ਇਹ ਕੋਸ਼ਿਸ਼ ਸਲਾਹੁਣਯੋਗ ਹੈ।
ਪੁਸਤਕ ਦੇ ਪੰਨਿਆਂ ਦੀ ਵਿਉਂਤਬੰਦੀ ਵਿਚ ਇਕ ਵੱਡਾ ਨੁਕਸ ਹੈ ਕਿ ਸ਼ਾਹਮੁਖੀ ਅਤੇ ਗੁਰਮੁਖੀ ਲਿਪੀ ਦੀਆਂ ਗ਼ਜ਼ਲਾਂ ਆਹਮੋ-ਸਾਹਮਣੇ ਪੰਨਿਆਂ ਉੱਤੇ ਚਾਹੀਦੀਆਂ ਸਨ ਜਦੋਂ ਕਿ ਅਜਿਹਾ ਨਹੀਂ ਹੋ ਸਕਿਆ। ਪੰਨਾ ਪਰਤ ਕੇ ਦੂਜੀ ਲਿਪੀ ਦਾ ਪਾਠ ਕਰਨਾ ਪੈਂਦਾ ਹੈ। ਸੰਪਾਦਕੀ ਮੰਡਲ ਵਿਚ ਨਵੀਨ ਕਮਲ ਭਾਰਤੀ, ਮੁਹਸਿਨ ਉਸਮਾਨੀ, ਅਮਰ ਕੋਮਲ, ਡਾ. ਅਰਵਿੰਦਰ ਕੌਰ ਕਾਕੜਾ ਹਨ। ਪੁਸਤਕ ਸਲਾਹੁਣਯੋਗ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਲਟ ਲਟ ਬਲ਼ਦਾ ਦੀਵਾ

ਲੇਖਿਕਾ : ਲਾਜ ਨੀਲਮ ਸੈਣੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 01679-233244.


ਲਾਜ ਨੀਲਮ ਸੈਣੀ ਪਿਛਲੇ 25 ਸਾਲਾਂ ਤੋਂ ਅਮਰੀਕੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਸਰਗਰਮ ਹਸਤਾਖ਼ਰ ਹੈ। 7 ਕਾਵਿ-ਸੰਗ੍ਰਹਿ, 2 ਸੱਭਿਆਚਾਰਕ ਪੁਸਤਕਾਂ ਅਤੇ ਇਕ ਸਹਿ-ਸੰਪਾਦਤ ਕਹਾਣੀ-ਸੰਗ੍ਰਹਿ ਤੋਂ ਬਾਅਦ ਹਥਲੀ ਪੁਸਤਕ 'ਲਟ-ਲਟ ਬਲ਼ਦਾ ਦੀਵਾ' ਉਸ ਦਾ ਪਲੇਠਾ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਦੁਆਰਾ ਰਵਾਇਤੀ ਪਰਵਾਸੀ ਮਸਲਿਆਂ ਅਤੇ ਜੀਵਨ ਢੰਗ ਨੂੰ ਵਿਲੱਖਣ ਤੇ ਨਿਵੇਕਲੀ ਸ਼ੈਲੀ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਪੁਸਤਕ ਦਾ ਮੁੱਖ ਬੰਦ ਡਾ. ਧਨਵੰਤ ਕੌਰ ਦੁਆਰਾ 'ਸਿਮਰਤੀਆਂ ਦੀ ਲੋਅ' ਸਿਰਲੇਖ ਹੇਠ ਉਮਦਾ ਤਰਕ ਅਤੇ ਸੰਵੇਦਨਸ਼ੀਲਤਾ ਨਾਲ ਲਿਖਿਆ ਗਿਆ ਹੈ। ਕਹਾਣੀਕਾਰਾ ਅਨੁਸਾਰ ਉਸ ਦੀਆਂ ਕਹਾਣੀਆਂ ਦਾ ਮੂਲ ਵਿਸ਼ਾ ਘਰ-ਪਰਿਵਾਰ ਤੇ ਸੰਸਾਰ ਹੈ ਤੇ ਇਹ ਕਹਾਣੀਆਂ ਪੜ੍ਹਨ ਤੋਂ ਬਾਅਦ ਉਸ ਦਾ ਦਾਅਵਾ 'ਮੇਰੀ ਕਹਾਣੀ-ਤੇਰੀ ਕਹਾਣੀ' ਵੀ ਸੱਚ ਹੁੰਦਾ ਹੈ। ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਤੇ ਉਥੇ ਵਸਦੇ ਭਾਰਤੀ ਖ਼ਾਸ ਕਰਕੇ ਪੰਜਾਬੀ ਲੋਕਾਂ ਦੇ ਮਸਲਿਆਂ ਜਿਵੇਂ ਇਕੱਲਤਾ, ਨੌਕਰੀਆਂ ਤੇ ਕੰਮਾਂ-ਕਾਰਾਂ ਦੇ ਸ਼ਡਿਊਲ, ਬੱਚਿਆਂ ਦਾ ਪਾਲਣ-ਪੋਸ਼ਣ, ਦੇਸ਼ ਦਾ ਉਦਰੇਵਾਂ ਅਤੇ ਬਾਹਰਲੇ ਦੇਸ਼ਾਂ ਦੀਆਂ ਸੁੱਖ-ਸਹੂਲਤਾਂ ਨਾਲ ਹੀ ਬਾਹਰਲੇ ਦੇਸ਼ਾਂ ਵਿਚ ਵਸਦੇ ਪੰਜਾਬੀ ਸਾਹਿਤਕਾਰਾਂ ਦੀਆਂ ਕਹਾਣੀਆਂ ਨੂੰ ਵਿਸ਼ਾ ਬਣਾਇਆ ਹੈ। ਕਹਾਣੀ 'ਲਟ-ਲਟ ਬਲ਼ਦਾ ਦੀਵਾ' ਆਪਣੇ ਪੁੱਤਰ 'ਚੋਂ ਪਤੀ ਦਾ ਅਕਸ ਲੱਭਦੀ ਔਰਤ ਦੀ ਅਤੇ 'ਚਿਹਰੇ' ਅਮਰੀਕਾ ਵਸਦੇ ਸਾਹਿਤਕਾਰਾਂ ਦੀ ਕਹਾਣੀ ਹੈ। ਲੇਖਿਕਾ ਨੇ ਪੰਜਾਬ ਵਿਚ 1984 ਦੇ ਦੁਖਾਂਤ ਨੂੰ ਆਧਾਰ ਬਣਾ ਕੇ ਕਹਾਣੀ 'ਚੀਸ' ਅਤੇ ਅਮਰੀਕਾ ਵਿਚ 9-11 ਦੇ ਹਮਲੇ 'ਤੇ ਆਧਾਰਿਤ ਕਹਾਣੀ 'ਧੂੰਏਂ ਦੇ ਬੱਦਲ' ਲਿਖੀ ਹੈ। 'ਮੁੜਦਾ ਫੇਰਾ', 'ਪਛਤਾਵੇ ਦੀ ਅੱਗ', 'ਧਰਤੀ ਦਾ ਪਰਛਾਵਾਂ' ਅਤੇ 'ਲੋਕਗੀਤਾਂ ਦੀ ਰਾਣੀ-ਮਾਂ' ਪਰਵਾਸੀ ਸਮਾਜਿਕ ਮਸਲਿਆਂ ਨੂੰ ਦਰਸਾਉਂਦੀਆਂ ਕਹਾਣੀਆਂ ਹਨ। ਇਸ ਕਹਾਣੀ-ਸੰਗ੍ਰਹਿ ਦੀ ਉੱਤਮ ਕਹਾਣੀ 'ਡਾਰੋਂ ਵਿਛੜੀ ਕੂੰਜ' ਹੈ, ਜਿਸ ਵਿਚ ਕਹਾਣੀਕਾਰਾ ਨੇ ਸੂਖ਼ਮ ਢੰਗ ਨਾਲ ਔਰਤ ਮਨ ਦੀਆਂ ਭਾਵਨਾਵਾਂ ਵਿਅਕਤ ਕੀਤੀਆਂ ਹਨ। ਕਹਾਣੀਆਂ ਦੀ ਭਾਸ਼ਾ ਬਹੁਤ ਸਰਲ ਤੇ ਸਪੱਸ਼ਟ ਹੈ ਅਤੇ ਸ਼ਬਦ-ਜੋੜ 'ਜਿਵੇਂ ਬੋਲਣੇ ਉਵੇਂ ਲਿਖਣੇ' ਅਸੂਲ ਅਧੀਨ ਲਿਖੇ ਗਏ ਹਨ। ਇਸ ਢੰਗ ਨਾਲ ਇਹ ਕਹਾਣੀ-ਸੰਗ੍ਰਹਿ ਅਮਰੀਕੀ ਕਹਾਣੀ ਦੇ ਖੇਤਰ ਵਿਚ ਮਹੱਤਵਪੂਰਨ ਮੀਲ-ਪੱਥਰ ਸਾਬਤ ਹੋਵੇਗੀ।


ਡਾ. ਸੰਦੀਪ ਰਾਣਾ
ਮੋ: 98728-87551


ਹਨੇਰੇ ਰਾਹ
ਲੇਖਕ : ਹਰਪ੍ਰੀਤ ਸੇਖਾ
ਪ੍ਰਕਾਸ਼ਕ : ਗਰੇਸੀਅਸ ਬੁੱਕਸ, ਪਟਿਆਲਾ
ਮੁੱਲ : 350 ਰੁਪਏ, ਸਫ਼ੇ : 198


ਹਥਲੀ ਪੁਸਤਕ ਦਾ ਲੇਖਕ ਹਰਪ੍ਰੀਤ ਸੇਖਾ ਇਸ ਤੋਂ ਪਹਿਲਾਂ ਅੱੱਧੀ ਦਰਜਨ ਪੁਸਤਕਾਂ ਲਿਖ ਚੁੱਕਿਆ ਹੈ। ਇਹ ਨਾਵਲ ਉਸ ਦੀ ਪਲੇਠੀ ਰਚਨਾ ਹੈ, ਜੋ ਕਿ ਪ੍ਰਵਾਸ ਦੇ ਜੀਵਨ ਅਤੇ ਸੱਭਿਆਚਾਰ 'ਤੇ ਆਧਾਰਿਤ ਹੈ। ਇਸ ਨਾਵਲ ਦੇ 14 ਕਾਂਡ ਹਨ ਅਤੇ ਹਰੇਕ ਦਾ ਵਿਸ਼ਾ ਨਿਵੇਕਲਾ ਅਤੇ ਰੌਚਕ ਹੈ। ਪਾਠਕ ਦੇ ਮਨ ਅੰਦਰ ਨਾਵਲ ਦੇ ਅੰਤ ਤੱਕ ਪਹੁੰਚਣ ਦੀ ਜਗਿਆਸਾ ਬਣੀ ਰਹਿੰਦੀ ਹੈ। ਨਾਵਲ ਦੀ ਕਹਾਣੀ ਪੂਰੀ ਵਿਉਂਤਬੰਦੀ ਨਾਲ ਘੜੀ ਗਈ ਹੈ। ਸਾਹਿਤਕ ਪੱਖੋਂ ਨਾਵਲ 'ਚ ਰੌਚਕਤਾ ਅਤੇ ਰਵਾਨਗੀ ਹੈ। ਪਾਤਰ-ਉਸਾਰੀ ਬੜੀ ਢੁੱਕਵੀਂ ਹੈ ਅਤੇ ਉਨ੍ਹਾਂ ਦੀ ਸ਼ੈਲੀ, ਪਾਤਰਾਂ ਦੇ ਸੁੁਭਾਅ ਅਤੇ ਮਾਹੌਲ ਅਨੁਸਾਰ ਪ੍ਰਭਾਵੀ ਹੈ। ਇਸ ਦਾ ਸਿਰਲੇਖ 'ਹਨੇਰੇ ਰਾਹ' ਕਾਫ਼ੀ ਢੁੱਕਵਾਂ ਹੈ। ਹਮੇਸ਼ਾ ਮਨੁੱਖ ਹਨੇਰੇ ਦੇ ਖ਼ਿਲਾਫ਼ ਲੜਦਾ-ਲੜਦਾ ਚਾਨਣ ਦੀ ਭਾਲ 'ਚ ਲੱਗਾ ਰਹਿੰਦਾ ਹੈ। ਸਾਧਾਰਨ ਹਾਲਾਤ 'ਚ ਪੈਦਾ ਹੋਏ ਮਨੁੱਖ ਦੀ ਜ਼ਿੰਦਗੀ ਏਧਰ ਅਤੇ ਓਧਰ ਭਾਵ ਪ੍ਰਵਾਸ ਦੀ ਕੋਈ ਬਹੁਤੀ ਸੁਖਾਲੀ ਨਹੀਂ ਹੁੰਦੀ, ਕਿਉਂਕਿ ਜੋ ਆਮ ਮਨੁੱਖ ਨੂੰ ਪੈਰ-ਪੈਰ 'ਤੇ ਹਨੇਰਿਆਂ ਨਾਲ ਕਾਫ਼ੀ ਜੱਦੋ-ਜਹਿਦ ਕਰਕੇ ਸੁਖਾਲੇ ਰਾਹ ਆਪ, ਆਪਣੀ ਮਿਹਨਤ ਅਤੇ ਤਕੜੇ ਸੰਘਰਸ਼ ਨਾਲ ਲੱਭਣੇ ਪੈਂਦੇ ਹਨ। ਅਸੀਂ ਆਮ ਜੀਵਨ 'ਚ ਪ੍ਰਵਾਸੀ ਭਾਰਤੀਆਂ ਵਲੋਂ ਕਮਾ ਕੇ ਲਿਆਂਦੇ ਡਾਲਰਾਂ ਅਤੇ ਉਨ੍ਹਾਂ ਦੇ ਇਧਰ ਆ ਕੇ ਗੁਜ਼ਾਰੇ ਕੁਝ ਦਿਨਾਂ ਦੀ ਚਕਾਚੌਂਧ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ। ਇਸ ਨਾਵਲ ਰਾਹੀਂ ਲੇਖਕ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਪ੍ਰਵਾਸ ਦਾ ਜੀਵਨ ਅਤੇ ਉਥੇ ਰਹਿ ਕੇ ਪੈਸਾ ਕਮਾਉਣਾ ਕਾਫ਼ੀ ਸੰਘਰਸ਼ਮਈ ਹੁੰਦਾ ਹੈ।
ਲੇਖਕ ਨੇ ਉਥੇ ਰਹਿੰਦੇ ਪ੍ਰਵਾਸੀ ਭਾਰਤੀਆਂ ਦੇ ਕੰਮਾਂ, ਸੁਭਾਅ, ਮੇਲ-ਜੋਲ ਅਤੇ ਜੀਵਨ ਨੂੰ ਕਾਫ਼ੀ ਨੇੜਿਓਂ ਹੋ ਕੇ ਤੱਕਿਆ ਹੈ। ਉਹ ਪ੍ਰਵਾਸ ਦੀ ਰਾਜਸੀ ਵਿਵਸਥਾ ਅਤੇ ਸਮਾਜਿਕ, ਆਰਥਿਕ, ਭੂਗੋਲਿਕ ਤੇ ਸੱਭਿਆਚਾਰ ਦੀ ਜਾਣਕਾਰੀ ਵੀ ਦਿੰਦਾ ਹੈ। ਅਜੋਕੇ ਪਦਾਰਥਵਾਦੀ ਯੁੱਗ 'ਚ ਲੇਖਕ ਸਵੈ-ਕੇਂਦਰਿਤ ਹੋਏ ਰਿਸ਼ਤਿਆਂ ਵਿਚਲੀ ਸਾਂਝ ਨੂੰ ਨੰਗਾ ਕਰਦਾ ਹੈ। ਓਧਰ ਜਾ ਕੇ ਵੱਡੀਆਂ ਗੱਡੀਆਂ ਪਾਉਣ ਵਾਲੇ ਕਾਰੋਬਾਰੀਆਂ ਅਤੇ ਡਰਾਈਵਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਇਹ ਪੁਸਤਕ ਤਕਨੀਕੀ ਅਤੇ ਭੂਗੋਲਿਕ ਤੌਰ 'ਤੇ ਕਾਫ਼ੀ ਜਾਣਕਾਰੀ ਦੇਣ ਵਾਲੀ ਹੈ। ਪ੍ਰਵਾਸ ਦੇ ਜੀਵਨ ਸੰਬੰਧੀ ਵਡਮੁੱਲੀ ਜਾਣਕਾਰੀ ਦੇਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।


ਮੋਹਰ ਗਿੱਲ ਸਿਰਸੜੀ
ਮੋ: 98156-59110


ਮਨਮੋਹਨ ਸਿੰਘ ਦਾਊਂ ਦਾ ਬਾਲ ਸਾਹਿਤ (ਵਾਰਤਕ) ਭਾਗ ਦੂਜਾ
ਮੁੱਖ ਸੰਪਾਦਕ : ਸੁਖਵਿੰਦਰ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 344
ਸੰਪਰਕ : 95924-18152.


ਵਿਚਾਰ ਅਧੀਨ ਇਸ ਪੁਸਤਕ ਵਿਚ ਮਨਮੋਹਨ ਸਿੰਘ ਦਾਊਂ ਰਚਿਤ ਬਾਲ ਸਾਹਿਤ ਅੰਤਰਗਤ ਵਾਰਤਕ ਪੁਸਤਕਾਂ ਦਾ ਸੰਕਲਨ ਕੀਤਾ ਗਿਆ ਹੈ। ਸੰਕਲਿਤ ਪੁਸਤਕਾਂ ਦੀ ਸੰਖੇਪ ਜਾਣ-ਪਛਾਣ ਦੇ ਨਾਲ ਲੇਖਕ ਦਾ ਪੂਰਾ ਜੀਵਨ ਬਿਓਰਾ ਵੀ ਇਸ ਪੁਸਤਕ ਵਿਚ ਦਰਜ ਹੈ। ਇਸ ਪੁਸਤਕ ਨੂੰ ਤਿੰਨ ਖੰਡਾਂ ਵਿਚ ਵੰਡਿਆ ਗਿਆ ਹੈ।
ਪਹਿਲੇ ਖੰਡ ਵਿਚ, ਉਸ ਦੇ ਦਸ ਬਾਲ ਕਹਾਣੀ ਸੰਗ੍ਰਹਿਆਂ ਵਿਚੋਂ ਚੁਣੀਆਂ ਬਾਲ ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਕਿਰਲੀ ਤੇ ਤਿਤਲੀ, ਸਫਲਤਾ ਦਾ ਭੇਤ, ਮਿੱਟੀ ਨਾਲੋਂ ਜਬਰ ਭਾਰੀ, ਮੁਹਰ ਵਾਲੀ ਕਚੌਰੀ, ਬਚਪਨ ਦਾ ਸੱਚ, ਬੂਟਾਂ ਦੇ ਪਤਾਮੇ, ਖਿੜਕੀ ਖੋਲ੍ਹ ਦਿਓ, ਖੇਡਣ ਦਾ ਚਾਅ, ਚਮਚੇ ਦੀ ਥਾਂ ਕੌਲੀ, ਪਸੰਦ, ਬਾਲ ਚਿੱਤਰਕਾਰੀ, ਪ੍ਰੇਰਨਾ ਦੇ ਪਲ, ਮਮਤਾ ਦੇ ਅੱਥਰੂ, ਛਤਰੀ ਵਾਲਾ ਮੁੰਡਾ, ਚੰਗਾ ਗੁਆਂਢੀ ਆਦਿ ਕਹਾਣੀਆਂ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੰਦੀਆਂ ਹਨ, ਨੈਤਿਕਤਾ ਦੀ ਹਾਮੀ ਭਰਦੀਆਂ ਹਨ ਅਤੇ ਬਾਲ ਮਾਨਸਿਕਤਾ ਦੇ ਹਾਣ ਦੀਆਂ ਹਨ। ਇਹ ਕਹਾਣੀਆਂ ਬਾਲ ਮਨੋਵਿਗਿਆਨ ਦੀਆਂ ਪਰਤਾਂ ਫਰੋਲਦੀਆਂ ਹਨ। ਦੂਜੇ ਖੰਡ ਵਿਚ ਸ਼ਾਮਿਲ ਚਾਚਾ ਨਹਿਰੂ, ਮਹਾਤਮਾ ਗਾਂਧੀ ਦੀਆਂ ਵਿਸਥਾਰ ਵਿਚ ਜੀਵਨੀਆਂ, ਬੱਚਿਆਂ ਨੂੰ ਢੇਰ ਸਾਰੀ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਪ੍ਰੇਰਨਾਦਾਇਕ ਵੀ ਹਨ। ਸੱਤ ਹੋਰ ਜੀਵਨੀਆਂ ਵਿਚ ਮਹਾਰਾਜਾ ਰਣਜੀਤ ਸਿੰਘ, ਰਾਬਿੰਦਰਨਾਥ ਟੈਗੋਰ, ਡਾ. ਦੀਵਾਨ ਸਿੰਘ ਕਾਲੇਪਾਣੀ, ਡਾ. ਰਾਧਾ ਕ੍ਰਿਸ਼ਨਨ, ਡਾ. ਐਮ. ਐਸ. ਰੰਧਾਵਾ, ਮਿਜ਼ਾਈਲ ਮੈਨ ਡਾ. ਅਬਦੁਲ ਕਲਾਮ ਅਤੇ ਪੰਛੀ ਵਿਗਿਆਨੀ ਸਲੀਮ ਅਲੀ ਦਾ ਜੀਵਨ ਬਿਰਤਾਂਤ ਵੀ ਸਰਲ ਅਤੇ ਰੌਚਿਕ ਅੰਦਾਜ਼ ਵਿਚ ਜਾਣਕਾਰੀ ਪ੍ਰਦਾਨ ਕਰਨ ਵਾਲਾ ਹੈ।
ਤੀਜੇ ਖੰਡ ਵਿਚ ਸੱਭਿਆਚਾਰ ਨਾਲਜੁੜੇ ਨਿਬੰਧ-ਪੇਂਡੂ ਔਰਤ ਦਾ ਤਵੇ ਦਾ ਤਪ, ਤਿਲ਼ ਨਾਲ ਮਨੁੱਖੀ ਸਾਂਝ, ਦੀਵਾਲੀ ਦੇ ਦਿਨ ਪੇਂਡੂ ਘਰਾਂ ਦੀ ਸਜ-ਧਜ, ਕਿਸਾਨਾਂ ਦੇ ਢੱਗੇ, ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਘੜ੍ਹੇ ਨਾਲ ਸਾਡੀ ਸਾਂਝ, ਸੁਰਮਾ ਪਾਉਣਾ, ਹੁਣ ਨਾ ਦਾਦੀ ਰੂੰ ਵੇਲੇ, ਆਦਿ ਨਿਬੰਧ ਅਤੀਤ ਵਿਚੋਂ ਸਾਡੇ ਸੱਭਿਆਚਾਰਕ ਵਿਰਸੇ ਨੂੰ ਅੱਖਾਂ ਮੂਹਰੇ ਲਿਆ ਖੜ੍ਹਾ ਕਰਦੇ ਹਨ। ਅੱਜ ਦੀ ਪਦਾਰਥਕ ਦੌੜ ਵਿਚ, ਇਹ ਨਿਬੰਧ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਹਨ। ਬਾਲ ਝਰੋਖੇ ਵਿਚ ਲੇਖਕ ਆਪਣੇ ਬਚਪਨ ਦੇ ਦਿਨਾਂ ਨੂੰ ਬਾਲਾਂ ਨਾਲ ਸਾਂਝਾ ਕਰਦਾ ਹੈ। ਬੜੀਆਂ ਰੌਚਿਕ ਹਨ ਇਹ ਯਾਦਾਂ। ਉਸ ਨੂੰ ਹਵਾ ਦੇ ਸ਼ੁੱਧ ਨਾ ਹੋਣ ਦਾ ਵਿਗੋਚਾ ਹੈ। ਫੁੱਲਾਂ ਦੀਆਂ ਬੁਝਾਰਤਾਂ, ਪਿੱਪਲ ਦੇ ਰੁੱਖ ਦੀ ਗਾਥਾ ਬੜੀਆਂ ਦਿਲਚਸਪ ਹਨ।
ਵਚਿੱਤਰ ਅਤੇ ਰੌਚਿਕ ਜਾਣਕਾਰੀ ਵਿਚ ਉਹ ਅਚੰਭਿਤ ਕਰਨ ਵਾਲੀਆਂ ਜਾਣਕਾਰੀਆਂ ਦੇ ਕੇ ਬੱਚਿਆਂ ਦੀ ਜਗਿਆਸਾ ਨੂੰ ਸੰਤੁਸ਼ਟ ਕਰਦਾ ਹੈ। ਮਨਮੋਹਨ ਸਿੰਘ ਦਾਊਂ ਭਾਰਤੀ ਸਾਹਿਤ ਅਕਾਦਮੀ ਵਲੋਂ ਸਨਮਾਨ ਪ੍ਰਾਪਤ ਅਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਲੇਖਕ ਹੈ। ਪਹਿਲੇ ਭਾਗ ਵਾਂਗ ਹੀ ਇਹ ਦੂਜਾ ਭਾਗ ਵੀ ਪੰਜਾਬੀ ਬਾਲ ਸਾਹਿਤ ਵਿਚ ਖੋਜ ਕਰਨ ਵਾਲਿਆਂ ਲਈ ਬੇਹੱਦ ਉਪਯੋਗੀ ਸਿੱਧ ਹੋਵੇਗਾ। ਨਿਰਸੰਦੇਹ ਉਸ ਨੇ ਚਾਰ ਦਹਾਕੇ ਪੰਜਾਬੀ ਬਾਲ ਸਾਹਿਤ ਲਈ ਨਿੱਠ ਕੇ ਲਿਖਿਆ ਹੈ। ਪੰਜਾਬੀ ਬਾਲ ਸਾਹਿਤ ਦੇ ਖੋਜਾਰਥੀਆਂ ਲਈ ਇਹ ਇਕ ਨਾਯਾਬ ਪੁਸਤਕ ਹੈ। ਮਨਮੋਹਨ ਸਿੰਘ ਦਾਊਂ ਤੋਂ ਭਵਿੱਖ ਵਿਚ ਹੋਰ ਵੀ ਮਿਸਾਲੀ ਬਾਲ ਸਾਹਿਤ ਲਿਖੇ ਜਾਣ ਦੀ ਉਮੀਦ ਬੱਝਦੀ ਹੈ। ਪੰਜਾਬੀ ਬਾਲ ਸਾਹਿਤ ਵਿਚ ਇਸ ਪੁਸਤਕ ਦਾ ਹਾਰਦਿਕ ਸਵਾਗਤ ਹੈ।


ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686


ਵਾਰਤਾਲਾਪ

(ਜਵਾਬਾਂ ਵਿਚ ਸਵਾਲ 52 ਕਵੀ)
ਸੰਪਾਦਕ : ਪ੍ਰੀਤ ਸਿੰਘ ਭੈਣੀ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 220
ਸੰਪਰਕ : 97793-24826.


'ਵਾਰਤਾਲਾਪ' ਕਾਵਿ ਸੰਗ੍ਰਹਿ ਪ੍ਰੀਤ ਸਿੰਘ ਭੈਣੀ ਵਲੋਂ ਸੰਪਾਦਿਤ (ਜਵਾਬਾਂ ਵਿਚ ਸਵਾਲ 52 ਕਵੀ) ਕੀਤਾ ਗਿਆ ਹੈ, ਜਿਸ ਵਿਚ ਸਰਵਸ੍ਰੀ/ਸ੍ਰੀਮਤੀ ਕੁਮਾਰੀ ਸੁਮਨ ਕਸ਼ਮੀਰ, ਦੀਪ ਗਗਨ, ਮਨਦੀਪ ਤੰਬੂਵਾਲਾ, ਸਹਿਬਾਜਦੀਪ ਸਿੰਘ ਗੁਲਸ਼ਨ, ਮਨਦੀਪ ਕੌਰ, ਲਵਪ੍ਰੀਤ ਸਿੰਘ ਗੁਲਸ਼ਨ, ਅਮਰਵੀਰ ਕੌਰ ਸੰਧੂ, ਗੁਰਪ੍ਰੀਤ ਕਰੀਰ, ਬਿੰਦਰ ਕੌਰ ਗੰਧੜ, ਅੰਮ੍ਰਿਤ ਅਭੀ, ਅਮਰਜੀਤ ਕੌਰ ਮੋਰਿੰਡਾ, ਸੁੱਖ ਸਿੰਘ ਮੱਟ, ਬਲਜਿੰਦਰ ਕੌਰ ਜਿੰਦੇ, ਹਨੀ ਰਾਮਪੁਰਾ, ਰਜਨਦੀਪ ਕੌਰ, ਬੇਅੰਤ ਸੱਧਰ, ਖੁਸ਼ ਕਰਨ, ਆਜ਼ਾਦ ਪਰਿੰਦਾ, ਅੰਕੂ ਪਾਤੜਾ, ਰੀਤ ਸੰਧੂ, ਗੁਰਸ਼ਰੀਨ, ਰੁਪਿੰਦਰ ਸੋਢੀ, ਜਸਨ ਸੰਤੋਸ਼, ਦੀਪ ਚਰਨ, ਸੋਨੂੰ, ਜਯੋਤੀ ਪਲਵਿੰਦਰ, ਜੱਗੀ ਜੀ, ਸਿਮਰਨ, ਸਾਹਬ, ਸੁੱਖ ਅਮੀਨ, ਪਵਨਦੀਪ ਕੌਰ ਜੱਖੂ, ਜਸਪ੍ਰੀਤ ਕੌਰ, ਪਿੰਸ ਫੱਲੇਵਾਲ, ਅਮਨ ਪੰਧੇਰ, ਵਰਿੰਦਰ ਵਾਲੀਆ, ਮਨਪ੍ਰੀਤ ਕੌਰ, ਕੁਲਵੀਰ ਧਾਲੀਵਾਲ, ਗੁਰਨਾਮ ਗੁਸਤਾਖ਼, ਕੁਦਰਤ, ਰੁਪਿੰਦਰ ਕੌਰ, ਅਵਜੀਤ ਬਾਵਾ, ਕੋਮਲਪ੍ਰੀਤ ਕੌਰ, ਹਰਮਨ ਸਿੱਧੂ, ਅਕਸ਼ ਕੌਰ ਪੁਰੇਵਾਲ, ਪਰਮੀਤ ਸੋਮਲ, ਸੰਦੀਪ ਰਾਣੀ ਕਾਤਰੋਂ, ਪਰਮਿੰਦਰ ਅਤੇ ਗੁਲਾਫਸਾ ਬੇਗਮ ਦੀਆਂ ਕਾਵਿ-ਰਚਨਾਵਾਂ ਜੋ ਕਿ ਵੱਖ-ਵੱਖ ਕਾਵਿ-ਛੰਦਾਂ, ਬੈਂਤ, ਲੈਹਰੀਆਂ, ਬੰਬ, ਭਵਾਨੀ, ਕੋਰੜਾ ਅਤੇ ਚੁਗਨਵੇਂ ਕਲੀਆਂ ਦੀਆਂ ਵਰਤੋਂ ਕਰਦਿਆਂ ਹਰ ਕਵੀ ਦੀਆਂ ਦੋ-ਦੋ ਕਾਵਿ-ਰਚਨਾਵਾਂ ਨੂੰ ਵਾਰਤਾਲਾਪਾਂ (ਸੰਪਾਦਕ ਵਿਧੀ) ਰਾਹੀਂ ਸਮਾਜਿਕ, ਧਾਰਮਿਕ, ਸੱਭਿਆਚਾਰਕ ਮਸਲਿਆਂ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਵਿਸ਼ਿਆਂ ਵਿਚ ਔਰਤ-ਮਰਦ ਦੀ ਨਾਬਰਾਬਰੀ, ਅਮੀਰੀ-ਗ਼ਰੀਬੀ, ਬੇਰੁਜ਼ਗਾਰੀ, ਹਰੀ ਕ੍ਰਾਂਤੀ ਦੇ ਦੁੱਖ-ਸੁੱਖ, ਆਤਮਿਕ ਪਿਆਰ ਦੀ ਥਾਵੇਂ ਸਿਰਫ ਸਰੀਰਕ ਖਿੱਚ, ਰੂਹਾਨੀ ਪਿਆਰ, ਧਰਮ ਦਾ ਅਸਲੀ ਅਤੇ ਨਕਲੀ ਰੂਪ ਆਦਿ ਸ਼ਾਮਿਲ ਕਰਦਿਆਂ ਸੰਪਾਦਕ (ਗੋਸਟਿ) ਵਿਧੀ ਨੂੰ ਕਾਵਿਕ-ਦ੍ਰਿਸ਼ਟੀ ਨੂੰ ਵਿਚਾਰਧਾਰਕ ਤੌਰ 'ਤੇ ਅਪਣਾਇਆ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਕਵੀ ਆਪਣੇ-ਆਪਣੇ ਪੈਂਤੜੇ ਤੋਂ ਪੱਖ ਅਤੇ ਵਿਪੱਖ 'ਚ ਕਾਵਿਕ ਦਲੀਲਾਂ ਘੜਦੇ ਨਜ਼ਰ ਆਉਂਦੇ ਹਨ। ਇਸ ਕਾਵਿ ਸੰਗ੍ਰਹਿ ਵਿਚ ਸ਼ਾਮਿਲ ਕਵੀਆਂ ਵਿਚ 26 ਮਰਦ ਅਤੇ 26 ਔਰਤਾਂ ਸ਼ਾਮਿਲ ਹਨ। ਇਸ ਤੋਂ ਇਹ ਵੀ ਭਾਵ ਲਿਆ ਜਾ ਸਕਦਾ ਹੈ ਕਿ ਇਥੇ ਔਰਤ-ਮਰਦ ਦੇ ਬਰਾਬਰਤਾ ਦੇ ਮੁੱਦੇ ਨੂੰ ਥਾਂ ਦਿੰਦਿਆਂ, ਬਰਾਬਰ ਦੇ ਮੌਕੇ ਦੇਣ ਦੀ ਵਜ਼ਾਹਤ ਕੀਤੀ ਗਈ ਹੈ, ਜਿਸ ਦੀ ਪ੍ਰੀਤ ਸਿੰਘ ਭੈਣੀ ਨੇ ਕਵਿਤਾ 'ਹੱਕ ਬਰਾਬਰ' ਵਿਚ ਪੇਸ਼ਕਾਰੀ ਕੀਤੀ ਹੈ। ਉਸ ਦੀ ਆਖਰੀ ਕਵਿਤਾ 'ਬਹੁਤਾ ਖ਼ਾਸ ਨਾ ਫ਼ਰਕ' ਇਸ ਸਾਰੀ ਵਿਚਾਰ-ਚਰਚਾ ਨੂੰ ਸਮੇਟਦੀ ਹੈ। ਉਸ ਦਾ ਸਾਰ ਹੈ ਇਕ ਪਾਸੇ ਕੁਦਰਤ ਦਾ ਪਾਸਾਰਾ ਹੈ ਜਿਸ ਨੂੰ ਸਮਝਣ ਲਈ ਦੋ ਵਿਧੀਆਂ ਹਨ: ਅਧਿਆਤਮਿਕਤਾ ਅਤੇ ਵਿਗਿਆਨ। ਅਧਿਆਤਮਿਕਤਾ 'ਰਹੱਸ' ਦੀ ਘੁੰਡੀ ਦੀ ਥਾਹ ਦੱਸਦੀ ਹੈ। ਵਿਗਿਆਨ ਉਸ ਰਹੱਸਾਤਮਿਕ ਘੁੰਡੀ ਨੂੰ ਖੋਲ੍ਹਣ ਦਾ ਹੱਲ ਤਲਾਸ਼ਣ ਦਾ ਰਾਹ ਦਿਖਾਉਂਦੀ ਹੈ। ਇਸ ਸੰਬੰਧ ਵਿਚ ਕਵੀ 'ਗੁਰਬਾਣੀ' ਦੀਆਂ ਤੁਕਾਂ ਨੂੰ ਆਧਾਰ ਬਣਾਉਂਦੇ ਹਨ। ਗੁਰਬਾਣੀ ਗਿਆਨ ਪ੍ਰਾਪਤੀ ਦਾ ਰਾਹ ਦਰਸਾਉਂਦੀ ਹੈ। ਇਸ ਪ੍ਰਕਾਰ ਇਹ ਕਾਵਿ-ਸੰਗ੍ਰਹਿ ਵਾਦ, ਵਿਵਾਦ ਦੀ ਥਾਵੇਂ ਸੰਬਾਦ ਦੀ ਯੁਕਤ ਅਪਣਾਉਣ ਦੀ ਸੋਝੀ ਅਤੇ ਪ੍ਰੇਰਨਾ ਦਿੰਦਾ ਹੈ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

13-03-2022

 ਸੌਗਾਤ ਸਤਿਗੁਰੂ ਕੀ
ਲੇਖਕ : ਚੰਦਰ ਮੋਹਣ ਸੇਠੀ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨ, ਫ਼ਰੀਦਕੋਟ
ਸਫ਼ੇ : 226
ਸੰਪਰਕ : 92574-01900.


'ਸੌਗਾਤ ਸਤਿਗੁਰੂ ਕੀ' ਚੰਦਰ ਮੋਹਨ ਸੇਠੀ ਦਾ ਸ਼ਰਧਾ ਭਾਵਨਾ ਯੁਕਤ ਕਾਵਿ-ਸੰਗ੍ਰਹਿ ਹੈ। ਕਵੀ ਨੇ ਇਸ ਕਾਵਿ ਸੰਗ੍ਰਹਿ ਨੂੰ ਤਿੰਨ ਭਾਗਾਂ ਵਿਚ ਵੰਡਦਿਆਂ ਤਤਕਰਾ ਰਹਿਤ ਸ਼ਰਧਾ, ਮੂਲਕ ਕਵਿਤਾਵਾਂ ਨੂੰ ਸੰਗ੍ਰਹਿਤ ਕੀਤਾ ਹੈ। ਪਹਿਲੇ ਭਾਗ ਵਿਚ ਆਤਮਿਕ ਭਾਵਨਾ ਅਤੇ ਅਧਿਆਤਮਿਕ ਵਿਚਾਰਾਂ ਨੂੰ ਕਾਵਿ-ਰਚਨਾਵਾਂ 'ਚ ਪ੍ਰਗਟ ਕੀਤਾ ਹੈ। ਦੂਸਰੇ ਭਾਗ ਵਿਚ ਅਧਿਆਤਮਕ ਕਾਵਿ/ਰੂਹਾਨੀ ਮਨੋਰੰਜਨ ਅਤੇ ਤੀਸਰੇ ਭਾਗ ਵਿਚ ਪ੍ਰਮਾਰਥਿਕੀ ਪ੍ਰੇਰਨਾ/ਅਮਲ, ਖੁਰਾਕ ਕੇ ਆਤਮ, ਬਚਨ ਹਜ਼ੂਰ ਦੇ ਸਿਰਲੇਖਾਂ ਹੇਠ ਕਾਵਿ-ਸਿਰਜਣਾ ਕੀਤੀ ਹੈ। ਸੱਤ ਸਟਾਰ ਥਾਂ-ਪੁਰ-ਥਾਂ ਸੰਕੇਤ 'ਸਿਮਰਨ' ਦੀ ਮਹਿਮਾ ਦੀ ਤਰਫ਼ ਇਸ਼ਾਰਾ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੀ ਬਖ਼ਸ਼ਿਸ਼, ਸਤਿਗੁਰੂ ਦੀ ਦਿਆਲਤਾ, ਸਤਿਗੁਰੂ ਦਾ ਸਨੇਹ, ਸਤਿਗੁਰੂ ਦੀ ਕ੍ਰਿਪਾ-ਦ੍ਰਿਸ਼ਟੀ ਆਦਿ ਵਿਸ਼ਿਆਂ ਨੂੰ ਸਾਧਕ ਦੇ ਮਨ 'ਚ 'ਸਿਮਰਨ' ਦੀ ਜਗਿਆਸਾ ਜਗਾਉਂਦੀਆਂ ਹਨ। ਇਸੇ ਲਈ ਕਵਿਤਾਵਾਂ ਦੇ ਸਿਰਲੇਖ : ਮੇਹਰ, ਮੁਹੱਬਤ, ਮਹਿਮਾ, ਸੋਭਾ, ਸਦਾਅ, ਸੇਵਾ, ਸੁਹਬਤ, ਸ਼ਰਨ, ਆਸਰਾ, ਅਸੀਸ, ਜ਼ਰੂਰਤ, ਚਾਹਤ, ਦਾਤ ਆਦਿ ਪ੍ਰੇਮੀ ਜਨ ਅੰਦਰ ਆਤਮਾ-ਪਰਮਾਤਮਾ ਦੇ ਰਹੱਸ ਨੂੰ ਜਾਣਨ/ਸਮਝਣ ਦੀ ਪ੍ਰੇਰਨਾ ਦਿੰਦੇ ਹਨ। ਗੁਰਬਾਣੀ ਗਿਆਨ ਦਾ ਅਮੁੱਲਾ ਖਜ਼ਾਨਾ ਹੈ। ਕਵੀ ਵੀ ਇਸ ਦੀ ਅਜ਼ਮਤ ਪ੍ਰਤੀ ਸੁਚੇਤ ਹੈ। ਇਸੇ ਲਈ ਉਹ ਇਨ੍ਹਾਂ ਵਿਚਾਰਾਂ ਦੇ ਪ੍ਰਗਟਾ ਸਮੇਂ ਸੰਤ, ਸਤਿਗੁਰੂ, ਸਾਧਕ ਦੇ ਅਧਿਆਤਮਿਕ ਮਾਰਗ ਦੇ ਪੜਾਵਾਂ ਅਤੇ ਸੁਮੇਲ ਦੀ ਸਾਰਥਿਕਤਾ ਪ੍ਰਤੀ ਸ਼ਰਧਾ, ਸਿਮਰਨ ਦੇ ਭਾਵ ਆਪਣੇ ਪਾਠਕਾਂ ਅੰਦਰ ਜਗਾਉਣ ਲਈ ਤਤਪਰ ਹੈ। ਉਹ ਆਪਣੇ-ਆਪ ਨੂੰ ਕਵੀ ਨਾ ਮੰਨਦਿਆਂ 'ਸਪੱਸ਼ਟੀਕਰਨ' ਕਵਿਤਾ ਅੰਦਰ ਗੁਰੂ ਦੀ ਕਿਰਪਾ ਦੀ ਹੀ ਸਲਾਹੁਤਾ ਕਰਦਾ ਹੈ :
ਹਰਿ ਪ੍ਰਭੁ ਠਾਕੁਰ ਨੇ ਕਰ ਕਿਰਪਾ
ਘੱਲਿਆ ਸਤਿਗੁਰੂ ਦੇ ਦਰਬਾਰ।
ਸਤਿਗੁਰੂ ਹੋਇ ਦਿਆਲ
ਹਰਿ ਪ੍ਰਭੁ ਠਾਕੁਰ ਨਾਮ ਜਪਾਇਆ ਅੰਦਰਵਾਰ॥
॥ ਸਮਾਪਨ ਆਰਤ॥ ਕਵਿਤਾ ਵਿਚ ਵੀ ਕਵੀ ਤਸਲੀਮ ਕਰਦਾ ਹੈ ਕਿ ਉਹ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਸਦਕਾ ਹੀ ਪ੍ਰਭੂ-ਪਰਮਾਤਮਾ ਦੇ ਗੁਣਾਂ ਦੀ ਮਹਿਮਾ ਦਾ ਵਿਖਿਆਨ ਕਰ ਸਕਿਆ ਹੈ। ਇਸ ਲਈ ਉਹ ਦੁਆ ਕਰਦਾ ਹੈ ਕਿ ਇਹ ਸੌਗਾਤ ਸਤਿਗੁਰੂ ਕੀ ਹਰੇਕ ਪ੍ਰੇਮੀ ਜਨ ਨੂੰ ਨਸੀਬ ਹੋਵੇ। ਅਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.


ਠੰਢੀ ਭੱਠੀ ਦਾ ਸੇਕ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 275 ਰੁਪਏ, ਸਫ਼ੇ : 130
ਸੰਪਰਕ : 94649-61436.
ਲੇਖਕ ਕਰਨੈਲ ਸਿੰਘ ਵਜ਼ੀਰਾਬਾਦ ਦੁਆਰਾ ਲਿਖੀ ਗਈ ਪੁਸਤਕ 'ਠੰਢੀ ਭੱਠੀ ਦਾ ਸੇਕ' ਵਿਚ ਕੁੱਲ 14 ਕਹਾਣੀਆਂ ਦੀ ਸਿਰਜਣਾ ਕੀਤੀ ਗਈ ਹੈ, ਜਿਨ੍ਹਾਂ ਕਹਾਣੀਆਂ ਦਾ ਵਿਸ਼ਾ ਵਸਤੂ ਹੱਡੀਂ ਹੰਢਾਈਆਂ ਦੁਸ਼ਵਾਰੀਆਂ ਦੀ ਗੱਲ ਕਰਦਾ ਹੈ। ਕਹਾਣੀਕਾਰ ਨੇ ਜੋ ਗਲਪੀ ਪੈਰਾਡਾਈਮ ਸਿਰਜਿਆ ਹੈ, ਉਸ ਵਿਚ ਲੋਕ ਦਰਦ, ਦਮਿਤ ਤੇ ਅਸਤ ਹੋ ਰਹੀ ਮਾਨਵੀ ਸੰਵੇਦਨਾ ਨੂੰ ਮਹਿਸੂਸ ਕੀਤਾ ਗਿਆ ਹੈ ਅਤੇ ਇਹ ਕਥਾ ਬਿਰਤਾਂਤ ਵਿਚ ਇਕ ਵੱਖਰੀ ਪਛਾਣ ਬਣਾਉਂਦਾ ਹੈ। ਕਹਾਣੀਕਾਰ ਪਾਤਰਾਂ ਦੀ ਪੇਸ਼ਕਾਰੀ ਖੂਬਸੂਰਤੀ ਨਾਲ ਕਰਦਾ ਹੈ ਕਿ ਉਨ੍ਹਾਂ ਦਾ ਅਵਚੇਤਨ ਵੀ ਸਾਡੇ ਸਾਹਮਣੇ ਆ ਜਾਂਦਾ ਹੈ। ਉਸ ਦੀ ਪਹਿਲੀ ਕਹਾਣੀ 'ਕੱਚੀ ਡੰਡੀ ਪੱਕਾ ਰਾਹ' ਵਿਚ ਛੱਜੂ ਰਾਮ ਦੇ ਛੱਜੂ ਸਿੰਘ ਬਣਨ ਵਿਚ ਨਹਿਤ ਹੈ ਅਤੇ ਇਕ ਕਮਾਊ ਪੁੱਤਰ ਆਪਣੇ ਬਲਬੂਤੇ ਕਮਾਈ ਕਰਦਾ ਹੈ। ਇਸ ਤਰ੍ਹਾਂ 'ਥੰਮ੍ਹੀਆਂ ਵਾਲਾ ਕੋਠਾ' ਕਹਾਣੀ ਵਿਚ ਵਰ੍ਹਦੇ ਮੀਂਹ ਵਿਚ ਗ਼ਰੀਬੀ ਮਾਰੇ ਲੋਕਾਂ ਦੇ ਜਦੋਂ ਘਰ ਡਿਗ ਜਾਂਦੇ ਹਨ ਤਾਂ ਬਹੁ-ਪਸਾਰੀ ਗੱਲਾਂ ਸਾਹਮਣੇ ਆਉਂਦੀਆਂ ਹਨ। ਵਜ਼ੀਦਾਬਾਦ ਵਲੋਂ ਸਾਰੀਆਂ ਕਹਾਣੀਆਂ ਹੀ ਦਲਿਤਾਂ ਨਾਲ ਸੰਬੰਧ ਰੱਖਦੀਆਂ ਹਨ ਜਿਵੇਂ ਖੂਹ ਦੀ ਉੱਚੀ ਮੌਣ 'ਤੇ ਚੜ੍ਹਨ ਲਈ ਜੋ ਇਕ ਗ਼ਰੀਬ ਦਾ ਦਰਦ ਮਹਿਸੂਸ ਕੀਤਾ ਗਿਆ ਹੈ, ਇਕ ਤ੍ਰਾਸਦਿਕ ਕਹਾਣੀ ਹੈ। ਅਗਲੀ ਕਹਾਣੀ 'ਅੰਬੋ ਨਹੀਂ ਮੋਈ' ਵਿਚ ਬਾਜ਼ਾਰ ਦੇ ਪਾਪਕੌਰਨ ਯੁੱਗ ਵਿਚ ਮੱਕੀ ਦੇ ਭੁੰਨੇ ਦਾਣਿਆਂ ਦੀ ਜਦੋਂ ਅਹਿਮੀਅਤ ਨਹੀਂ ਰਹਿੰਦੀ ਤਾਂ ਹੱਥੀਂ ਕਿਰਤ ਕਰਨ ਵਾਲਿਆਂ ਅਨੇਕਾਂ ਲੋਕਾਂ ਦੇ ਚੁੱਲ੍ਹੇ ਠੰਢੇ ਹੋਣ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਪ੍ਰਕਾਰ 'ਅੱਧੀ ਸਦੀ ਪਹਿਲਾਂ' ਕਹਾਣੀ ਵਿਚ ਪੁਰਾਣੇ ਕਲਾਸਮੇਟ ਦੀ ਮਿਲਣ ਦੀ ਗੱਲ ਕੀਤੀ ਗਈ ਹੈ, ਜਿਸ ਵਿਚ ਭਾਵੁਕ ਪਲ ਮਹਿਸੂਸ ਕਰਦਿਆਂ ਫਿਰ ਆਪਣੀਆਂ ਪੰਜਾਹ ਸਾਲਾਂ ਦੀਆਂ ਯਾਦਾਂ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ 'ਵੱਡੀ ਭਾਬੀ ਵਰਗੀ', 'ਛਾਬੇ ਦੀ ਬਾਸੀ ਰੋਟੀ', 'ਪੱਗ ਵੱਟ ਭਰਾ' ਕਹਾਣੀਆਂ ਦਾ ਗਲਪੀ ਪੈਰਾਡਾਈਮ ਹਵਾਈ ਜਹਾਜ਼ ਤੋਂ ਵੀ ਉੱਚੀ ਉਡਾਣ ਭਰਨ ਦੀ ਤਾਕਤ ਰੱਖਦਾ ਹੈ ਕਿਉਂਕਿ ਇਹ ਕਹਾਣੀਆਂ ਵਸਤੂ ਅਤੇ ਕਲਾ ਪੱਖੋਂ ਨਿਵੇਕਲੀਆਂ ਹਨ ਅਤੇ ਕਥਾਕਾਰ ਨੇ ਇਨ੍ਹਾਂ ਨੂੰ ਆਪਣੀ ਠੇਠ ਭਾਸ਼ਾ ਵਿਚ ਸਿਰਜਿਆ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਵਜ਼ੀਰਾਬਾਦ ਦੁਆਰਾ ਲਿਖੀਆਂ ਗਈਆਂ ਸਾਰੀਆਂ ਕਹਾਣੀਆਂ ਵਿਚ ਹੀ ਇਕ ਦਰਦ ਨੂੰ ਮਹਿਸੂਸ ਕੀਤਾ ਗਿਆ ਹੈ। ਲੇਖਕ ਵਧਾਈ ਦਾ ਪਾਤਰ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161


ਲਾਹੌਰ ਕਿੰਨੀ ਦੂਰ
ਲੇਖਕਾ : ਸੁਲਤਾਨਾ ਬੇਗ਼ਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 97800-44557.


ਸੁਲਤਾਨਾ ਬੇਗ਼ਮ ਨੇ ਪੰਜਾਬੀ ਤੇ ਉਰਦੂ ਵਿਚ ਐਮ.ਏ. ਕਰਨ ਪਿੱਛੋਂ ਪੀ.ਐਚ ਡੀ. ਕੀਤੀ ਹੈ ਤੇ ਨਾਲ ਹੀ ਇੰਡੀਅਨ ਥੀਏਟਰ ਅਤੇ ਪਰਸ਼ੀਅਨ ਵਿਚ ਡਿਪਲੋਮਾ ਵੀ। ਉਹ ਪਿਛਲੇ ਲੰਮੇ ਸਮੇਂ ਤੋਂ ਸਾਹਿਤ ਸਿਰਜਣਾ ਨਾਲ ਜੁੜੀ ਹੋਈ ਹੈ। ਉਸ ਨੇ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੇ ਭਾਸ਼ਾਵਾਂ ਵਿਚ ਲਿਖਿਆ ਹੈ। ਇਸ ਸੰਬੰਧੀ ਉਸ ਦੀਆਂ ਹੁਣ ਤੱਕ ਨੌਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਇਕ ਉਰਦੂ ਗ਼ਜ਼ਲ ਸੰਗ੍ਰਹਿ, ਇਕ ਹਿੰਦੀ ਪੰਜਾਬੀ ਗ਼ਜ਼ਲ ਸੰਗ੍ਰਹਿ, ਇਕ ਟੱਪੇ ਢੋਲਾ ਮਾਹੀਆ, ਇਕ ਸੂਫ਼ੀ ਕਾਵਿ, ਦੋ ਹਾਸ ਵਿਅੰਗ ਅਤੇ ਦੋ ਸਵੈ-ਜੀਵਨੀਆਂ ਅਤੇ ਇਕ ਲਿਪੀਅੰਤਰ ਪੁਸਤਕ ਸ਼ਾਮਿਲ ਹੈ।
ਰੀਵਿਊ ਅਧੀਨ ਪੁਸਤਕ ਸਵੈਜੀਵਨੀ ਹੈ ਤੇ ਇਸ ਸੰਬੰਧ ਵਿਚ ਉਸ ਦੀ ਇਕ ਸਵੈਜੀਵਨੀ 'ਮੇਰੀ ਕਤਰਾ ਕਤਰਾ ਜ਼ਿੰਦਗੀ' ਨਾਂਅ ਹੇਠ ਪਹਿਲਾਂ ਵੀ ਛਪ ਚੁੱਕੀ ਹੈ। ਵਿਚਾਰ ਅਧੀਨ ਪੁਸਤਕ ਵਿਚ ਨਿੱਕੇ-ਨਿੱਕੇ 64 ਚੈਪਟਰ ਹਨ। ਬਹੁਤੇ ਤਾਂ ਸਿਰਫ਼ ਇਕ ਪੰਨੇ ਦੇ, ਜਿਨ੍ਹਾਂ 'ਚੋਂ ਸਿਰਫ਼ ਇਕ-ਦੋ ਦੇ ਹੀ ਸਿਰਲੇਖ ਦਿੱਤੇ ਹਨ, ਬਾਕੀ ਸਿਰਲੇਖ ਰਹਿਤ ਹਨ। ਇਸ ਪੁਸਤਕ ਬਾਰੇ ਦੱਸਦਿਆਂ ਸੁਲਤਾਨਾ ਬੇਗ਼ਮ ਨੇ ਸਪੱਸ਼ਟ ਕੀਤਾ ਹੈ ਕਿ ਇਹ ਅਸਲ ਵਿਚ ਉਸ ਦੀ ਮਾਂ ਬਸ਼ੀਰਾ ਬੇਗ਼ਮ ਦੀ ਕਹਾਣੀ ਹੈ, ਜੋ ਲੇਖਕਾ ਨੇ ਲਿਖੀ ਹੈ, 'ਮੇਰੀ ਮਾਂ ਦੀ ਕਹਾਣੀ, ਮੇਰੀ ਜ਼ਬਾਨੀ, ਜੋ ਕਿ ਲਾਹੌਰ ਤੋਂ ਆ ਕੇ ਮੁੜ ਨਹੀਂ ਜਾ ਸਕੀ... ਮੈਂ ਇਸ ਕਹਾਣੀ ਦੀ ਸੂਤਰਧਾਰ ਹਾਂ। ਮੈਂ ਆਪਣਾ ਕਿਰਦਾਰ ਬਾਖੂਬੀ ਨਿਭਾਉਣੈ। ਮੇਰਾ ਕੰਮ 'ਲਾਹੌਰ ਕਿੰਨੀ ਦੂਰ' ਵਿਚ ਆਏ ਪਾਤਰਾਂ, ਦ੍ਰਿਸ਼ਾਂ, ਘਟਨਾਵਾਂ ਅਤੇ ਥਾਵਾਂ ਦਾ ਵਰਨਣ ਕਰਨੈ।... ਪਰ ਮੈਂ ਸੂਤਰਧਾਰ ਹਾਂ ਤੇ ਮੈਂ ਆਪਣਾ ਕਿਰਦਾਰ ਬਾਖ਼ੂਬੀ ਨਿਭਾਉਣੈ... (ਪੰਨਾ 15)
ਇਹ ਜੀਵਨ-ਕਹਾਣੀ ਅਸਲ ਵਿਚ ਦੇਸ਼-ਵੰਡ (1947) ਨਾਲ ਸੰਬੰਧਿਤ ਹੈ। ਤਾਹੀਓਂ ਇਹ 'ਉੱਜੜੇ, ਉੱਖੜੇ ਤੇ ਗਵਾਚੇ ਰਿਸ਼ਤਿਆਂ' ਨੂੰ ਸਮਰਪਿਤ ਕੀਤੀ ਗਈ ਹੈ। ਇਹ ਉਹ ਦਰਦਨਾਕ ਗਾਥਾ ਹੈ, ਜਿਸ ਵਿਚ ਲੇਖਕਾ ਦੀ ਮਾਂ ਗਰਭਵਤੀ ਸੀ ਤੇ ਲੇਖਕਾ ਦਾ ਜਨਮ ਇਧਰਲੇ ਪੰਜਾਬ ਆ ਕੇ ਹੋਇਆ... 'ਮੈਂ ਲਾਹੌਰ ਤੋਂ ਪਟਿਆਲੇ ਸਿਰ ਦੇ ਭਾਰ ਆਈ।'
ਇਸ ਪੁਸਤਕ ਨੂੰ ਪੜ੍ਹਦਿਆਂ ਕਈ ਵਾਰੀ ਭਾਵੁਕਤਾ ਭਾਰੂ ਹੋ ਜਾਂਦੀ ਹੈ, ਕਿਉਂਕਿ ਜ਼ਿਆਦਾਤਰ ਕਾਂਡਾਂ ਵਿਚ ਦਰਦ, ਪੀੜਾ, ਵਿਛੋੜੇ ਦੇ ਭਾਵਾਂ ਨੂੰ ਕਲਮਬੱਧ ਕੀਤਾ ਗਿਆ ਹੈ। ਔਰਤ ਦੀ ਹੋਂਦ ਤੇ ਹੋਣੀ ਵੀ ਸੰਵੇਦਨਾ ਨਾਲ ਭਰਪੂਰ ਹੈ। 'ਔਰਤ ਦੀ ਕੀ ਹੋਣੀ ਐ? ਇਕ ਕਠਪੁਤਲੀ। ਕਿਸੇ ਦੇ ਵੀ ਹੱਥ ਐ ਨਚਾਈ ਜਾਵੇ, ਚਲਾਈ ਜਾਵੇ। ਮਾਪਿਆਂ ਨੇ ਧੱਕੀ, ਸਹੁਰੇ ਆ ਗਈ। (ਪੰਨਾ 28) 'ਪੁੱਤ, ਤੀਮੀ ਤਾਂ ਆਟੇ ਦੀ ਓਹ ਪਰਾਤ ਐ ਜਿਸ ਨੂੰ ਅੰਦਰ ਚੂਹੇ ਖਾਂਦੇ ਐ ਤੇ ਬਾਹਰ ਕਾਂ। ਕੱਲੀ ਤੀਮੀ ਦੇ ਘਰ ਕੋਈ ਮਰਦ ਦੋ ਵਾਰੀ ਗੇੜਾ ਮਾਰ ਦੇਵੇ, ਲੋਕ ਉਹਦਾ ਖਸਮ ਬਣਾ ਦਿੰਦੇ ਐ। (ਪੰਨਾ 41)
ਲੇਖਕਾ ਨੇ ਆਪਣੀ ਮਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਦੇ ਨਾਲ-ਨਾਲ ਉਸ ਵਲੋਂ ਵਰਤੇ ਜਾਣ ਵਾਲੇ ਸ਼ਿੰਗਾਰ ਸਾਧਨਾਂਦਾ ਵੀ ਖ਼ੂਬ ਜ਼ਿਕਰ ਕੀਤਾ ਹੈ- 'ਮਾਂ ਦੇ ਕਮਰੇ ਦੀ ਅਲਮਾਰੀ ਵਿਚ ਇਕ ਅਫ਼ਗਾਨ ਸਨੋਅ ਕਰੀਮ ਦੀ ਸ਼ੀਸ਼ੀ, ਇਕ ਭੀਮਸੈਨੀ ਕਾਜਲ ਤੇ ਚਾਂਦੀ ਦੀ ਸੁਰਮੇਦਾਨੀ ਵਿਚ ਘਾਵਾਰਾਮ ਦਾ ਸੁਰਮਾ ਪਿਆ ਹੋਣਾ। ਪੀਅਰ ਸੋਪ ਨਾਲ ਨਹਾਉਣਾ। ਇਹ ਉਸ ਦੇ ਸ਼ਿੰਗਾਰ ਦੀਆਂ ਚੀਜ਼ਾਂ ਸਨ। ਇਹੀ ਮੇਰੀ ਪਸੰਦ ਹਨ। ਵਕਤ ਨਾਲ ਕ੍ਰੀਮ ਬਦਲਦੀ ਰਹੀ। ਪਰ ਭੀਮਸੈਨੀ ਕਾਜਲ, ਉਸ ਸੁਰਮੇਦਾਨੀ ਵਿਚ ਘਾਵਾਰਾਮ ਦਾ ਸੁਰਮਾ ਤੇ ਪੀਅਰ ਸੋਪ ਅਜੇ ਵੀ ਮੇਰੀ ਪਸੰਦ ਐ। (ਪੰਨਾ 88)
ਸੁਲਤਾਨਾ ਬੇਗ਼ਮ ਦੀ ਸ਼ੈਲੀ ਕਾਵਿਮਈ ਹੈ। ਭਾਵੇਂ ਇਹ ਕਿਤਾਬ ਵਾਰਤਕ ਵਿਚ ਹੈ, ਪਰ ਕਿਤੇ-ਕਿਤੇ ਨਿੱਕੀਆਂ-ਨਿੱਕੀਆਂ ਕਵਿਤਾਵਾਂ ਵੀ ਦਰਜ ਹਨ। ਛੋਟੇ-ਛੋਟੇ ਕਾਂਡਾਂ (ਅੱਧੇ ਪੰਨੇ ਤੋਂ ਢਾਈ ਪੰਨੇ ਤੱਕ) ਵਿਚ ਸੁਸੱਜਿਤ ਇਸ ਕਿਤਾਬ ਵਿਚ ਕੁਝ ਚਿੱਤਰ ਵੀ ਪ੍ਰਕਾਸ਼ਮਾਨ ਹਨ, ਜਿਨ੍ਹਾਂ ਵਿਚ ਚਾਂਦੀ ਦੀ ਸੁਰਮੇਦਾਨੀ, ਚਾਂਦੀ ਦਾ ਗਲਾਸ, ਪਾਨਦਾਨ, ਲੱਕੜ/ਲੋਹੇ ਦਾ ਪਿੱਲਰ, ਵਿਸ਼ੇਸ਼ ਹਨ। ਸੁਲਤਾਨਾ ਬੇਗ਼ਮ ਦੀ ਨਿਵੇਕਲੀ ਕਿਸਮ ਦੀ ਸਵੈਜੀਵਨੀ/ਵਾਰਤਕ ਦਾ ਪੰਜਾਬੀ ਸਾਹਿਤ ਵਿਚ ਨਿੱਘਾ ਸਵਾਗਤ!


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015.


ਸੱਜਰਾ ਸੁਪਨਾ
ਕਵੀ : ਰਣਜੀਤ ਪੋਸੀ
ਪ੍ਰਕਾਸ਼ਕ : ਬੀ.ਆਰ.ਐਸ. ਪਬਲੀਕੇਸ਼ਨ ਸੂਨੀ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 90411-89790.


ਰਣਜੀਤ ਪੋਸੀ ਦੀ ਰਚਨਾ 'ਸੱਜਰਾ ਸੁਪਨਾ' ਪ੍ਰਥਮ ਕਾਵਿ ਸੰਗ੍ਰਹਿ ਹੈ, ਜਿਸ ਵਿਚ 41 ਸ਼ਾਨਦਾਰ ਗ਼ਜ਼ਲਾਂ ਅਤੇ ਏਨੀਆਂ ਕੁ ਹੀ ਕਵਿਤਾਵਾਂ ਹਨ। ਭਾਵੇਂ ਪੋਸੀ ਦੀਆਂ ਗ਼ਜ਼ਲਾਂ ਦਾ ਮੁੱਖ ਵਿਸ਼ਾ ਰੁਮਾਂਸਵਾਦੀ ਅਤੇ ਪਿਆਰ ਮੁਹੱਬਤ ਦੇ ਸ਼ਿਕਵੇ ਆਦਿ ਹੈ ਪਰ ਇਨ੍ਹਾਂ ਰੁਮਾਂਸ ਦੇ ਸ਼ਿਅਰਾਂ ਵਿਚ ਵੀ ਸਮਾਜ ਦਾ ਦਰਪਣ ਹੈ। ਉਹ ਸ਼ਿਅਰਾਂ ਵਿਚ ਬੜੀ ਸਾਦਗੀ ਨਾਲ ਗਹਿਰਾਈ ਭਰਪੂਰ ਗੱਲ ਪੇਸ਼ ਕਰ ਜਾਂਦਾ ਹੈ। ਰਾਜਨੀਤਕ ਦੰਭ, ਸਮਾਜਿਕਤਾ, ਆਰਥਿਕਤਾ ਦੀ ਊਚ-ਨੀਚ, ਧਾਰਮਿਕਤਾ ਦੇ ਪਰਦੇ ਹੇਠ ਚਲਦੀ ਅਧਾਰਮਿਕਤਾ ਦੀਆਂ ਅਸਲੀਅਤਾਂ ਬਾਰੇ ਸ਼ਾਇਰ ਬਹੁਤ ਸੁਚੇਤ ਅਤੇ ਪੇਸ਼ਕਾਰ ਹੈ :
-ਜਿਸ ਦੇ ਸਿਰ 'ਤੇ ਹੱਥ ਸਿਆਸਤਦਾਨਾਂ ਦਾ,
ਉਹ ਬੰਦਾ ਹਰ ਪਾਸੇ ਬੁੱਕਦਾ ਜਾਂਦਾ ਹੈ।
-ਕੋਈ ਅੱਧੀ ਰਾਹੀਂ ਉੱਠ ਕੇ ਰੋਇਆ ਹੈ,
ਲਗਦਾ ਉਸ ਦਾ ਸੱਜਰਾ ਸੁਪਨਾ ਮੋਇਆ ਹੈ।
-ਕਲਗੀਧਰ ਜੀ ਇਹ ਫ਼ਰਮਾਇਆ ਨਿਰਬਲ ਦੀ ਤੂੰ ਰੱਖਿਆ ਕਰ,
ਜ਼ਾਲਮ ਦੀ ਸਰਦਲ ਦੇ ਉੱਤੇ ਕਦ ਤਕ ਸੀਸ ਝੁਕਾਉਗੇ?
-ਚੋਰ ਲੁਟੇੇਰੇ ਸਾਧੂ ਬਣ ਕੇ ਬੈਠ ਗਏ,
ਰਹਿਮਾਨਾਂ ਦੀ ਲੈਂਦਾ ਕੋਈ ਸਾਰ ਨਹੀਂ।
-ਜੇਸ ਖੁਦਾ ਦੀ ਖ਼ਾਤਰ ਲੋਕੀਂ ਲੁੱਟ ਹੁੰਦੇ
ਮੈਨੂੰ ਉਸ ਦੇ ਹੋਵਣ ਦਾ ਪ੍ਰਮਾਣ ਕਿਉਂ?
ਸ਼ਾਇਰ ਪੋਸੀ ਦੀਆਂ ਗ਼ਜ਼ਲਾਂ ਵਿਚ ਸਾਦਗੀ, ਸਰਲਤਾ, ਸਪੱਸ਼ਟਤਾ, ਸਮਾਜਿਕ ਸਰੋਕਾਰਤਾ, ਖਿਆਲ ਦੀ ਗਹਿਰਾਈ, ਮੁਖਾਤਿਬ ਹੋਣ ਦੀ ਕਲਾ, ਡੂੰਘੀ ਸੰਵੇਦਨਾ ਅਤੇ ਜਟਿਲ ਵਿਸ਼ਿਆਂ ਦੀ ਸਹਿਜ ਪੇਸ਼ਕਾਰੀ ਦਾ ਭਰਪੂਰ ਗੁਣ ਹੈ।
ਪੁਸਤਕ ਦੇ ਦੂਜੇ ਹਿੱਸੇ ਵਿਚ ਖੁੱਲ੍ਹੇ ਲਹਿਜੇ ਦੀਆਂ ਵਾਰਤਕ ਕਵਿਤਾਵਾਂ ਵਿਚ ਵੀ ਨਜ਼ਮਾਂ ਦੀ ਲੈਅਕਾਰੀ ਦਾ ਅਹਿਸਾਸ ਹੁੰਦਾ ਹੈ। ਉਸ ਦੀ ਇਕ ਵਾਰਤਕ ਕਵਿਤਾ ਦਾ ਲਹਿਜਾ ਵੇਖੋ : ਸ਼ਹਿਰ ਵਿਚ/ਬਲਾਤਕਾਰਾਂ/ਲੁੱਟਾਂ-ਖੋਹਾਂ ਦਾ/ਅਪਹਰਣਾਂ, ਚੋਰੀਆਂ, ਡਾਕਿਆਂ ਦਾ/ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਦਾ/ਬੋਲਬਾਲਾ ਹੈ।/ਲੋਕਾਂ ਵਿਚ ਖੌਫ਼/ਅਤੇ ਅਸਥਿਰਤਾ ਹੈ/ਪਰ ਨੇਤਾ/ਰਟੇ ਰਟਾਏ ਬਿਆਨ/ਦਾਗ ਰਹੇ ਹਨ/'ਦੋਸ਼ੀ ਬਖਸ਼ੇ ਨਹੀਂ ਜਾਣਗੇ/ਜਾਂਚ ਜਾਰੀ ਹੈ। ਹਾਲਾਤ ਕਾਬੂ ਹੇਠ ਹਨ।'... ਇਨ੍ਹਾਂ ਕਵਿਤਾਵਾਂ ਵਿਚ ਹਾਕਮਾਂ ਦੀ ਚੋਰਾਂ ਤੇ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੀਭੁਗਤ ਨੂੰ ਦਲੇਰੀ ਨਾਲ ਜੱਗ ਜ਼ਾਹਰ ਕੀਤਾ ਗਿਆ ਹੈ। ਪੋਸੀ ਦੀ ਹਥਲੀ ਪੁਸਤਕ ਪੜ੍ਹਨਯੋਗ ਤੇ ਸਮਾਜ ਦਾ ਦਰਪਣ ਹੈ।


ਸੁਲੱਖਣ ਸਰਹੱਦੀ
ਮੋ: 94174-84337.


ਸੱਥ ਜੁਗਨੂੰਆਂ ਦੀ
ਸੰਪਾਦਕ : ਅੰਮ੍ਰਿਤਪਾਲ ਸਿੰਘ ਸੈਦਾ
ਪ੍ਰਕਾਸ਼ਕ : ਮੰਨਤ ਪਬਲੀਕੇਸ਼ਨਜ਼, ਪੰਚਕੂਲਾ (ਹਰਿਆਣਾ)
ਮੁੱਲ : 350 ਰੁਪਏ, ਸਫ਼ੇ : 212
ਸੰਪਰਕ : 98552-32575.


ਤ੍ਰਿਵੇਣੀ ਸਾਹਿਤ ਪ੍ਰੀਸ਼ਦ (ਰਜਿ.) ਪਟਿਆਲਾ ਇਕ ਅਜਿਹੀ ਸੰਸਥਾ ਹੈ, ਜਿਸ ਦੇ ਮੈਂਬਰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਉੱਨਤੀ ਲਈ ਸਦਾ ਤਤਪਰ ਰਹਿੰਦੇ ਹਨ। ਉਨ੍ਹਾਂ ਵਲੋਂ ਕਈ ਸਾਂਝੇ ਸੰਗ੍ਰਹਿ ਕਵਿਤਾ, ਗ਼ਜ਼ਲ, ਕਹਾਣੀ ਆਦਿ ਦੇ ਮਿਲਜੁਲ ਕੇ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। 'ਸੱਥ ਜੁਗਨੂੰਆਂ ਦੀ' ਵੀ ਪ੍ਰੀਸ਼ਦ ਦਾ ਇਕ ਅਜਿਹਾ ਹੀ ਯਤਨ ਹੈ। ਇਸ ਕਹਾਣੀ ਸੰਗ੍ਰਹਿ ਵਿਚ 15 ਕਹਾਣੀਆਂ ਵੱਖ-ਵੱਖ ਲੇਖਕਾਂ ਦੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਦੇਖਿਆ ਜਾਵੇ ਤਾਂ ਇਸ ਸੰਗ੍ਰਹਿ ਵਿਚ ਸਮੇਂ ਅਤੇ ਸਮਾਜ ਦੇ ਕਠੋਰ ਯਥਾਰਥ ਦੀ ਪੇਸ਼ਕਾਰੀ ਵਿਭਿੰਨ ਰੰਗਾਂ ਤੇ ਵਿਸ਼ਿਆਂ ਦੀਆਂ ਕਹਾਣੀਆਂ ਰਾਹੀਂ ਕੀਤੀ ਗਈ ਹੈ। ਇਕ ਹੋਰ ਵਿਸ਼ੇਸ਼ਤਾ ਵੀ ਹੈ ਇਸ ਸੰਗ੍ਰਹਿ ਦੀ ਕਿ ਇਸ ਵਿਚ ਕੋਈ ਗਰੇਸ ਮਾਰਕੀ ਜਾਂ ਭਰਤੀ ਦੇ ਲੇਖਕ ਸ਼ਾਮਿਲ ਨਹੀਂ ਹੋਏ। ਹਰੇਕ ਕਹਾਣੀ ਦਾ ਆਪਣਾ ਵਿਸ਼ੇਸ਼ ਰੰਗ ਤੇ ਕਲਾਤਮਿਕ ਰੁਝਾਨ ਹੈ। ਦੋ ਭਾਸ਼ਾਵਾਂ (ਪੰਜਾਬੀ ਅਤੇ ਉਰਦੂ) ਵਿਚ ਛਪਣ ਕਰਕੇ ਇਹ ਪੁਸਤਕ ਦੋਵਾਂ ਪੰਜਾਬਾਂ ਵਿਚ ਵੀ ਪੜ੍ਹੀ ਜਾ ਸਕੇਗੀ। ਏਦਾਂ ਸਾਹਿਤ ਪੜ੍ਹਨ ਦੇ ਰੁਝਾਨ ਦਾ ਘੇਰਾ ਮੋਕਲਾ ਹੋਵੇਗਾ।
ਜਮਾਤਣ (ਦਲੀਪ ਸਿੰਘ ਵਾਸਨ) ਅਤੇ ਹਵਾ 'ਚ ਲਟਕਦੇ ਰਿਸ਼ਤੇ (ਬਾਬੂ ਸਿੰਘ ਰੈਹਲ) ਦੀਆਂ ਕਹਾਣੀਆਂ ਦੇਸ਼ ਵੰਡ 'ਚੋਂ ਉਪਜੇ ਦੁਖਾਂਤ ਅਤੇ ਕੌੜੀਆਂ ਮਿੱਠੀਆਂ ਯਾਦਾਂ ਨਾਲ ਸੰਬੰਧਿਤ ਹਨ, ਜਿਸ ਵਿਚ ਪਾਤਰ ਆਪਣੀ ਜੰਮਣ ਭੋਇੰ ਦੇ ਦਰਸ਼ਨ-ਦੀਦਾਰੇ ਲਈ ਤਾਂਘਦੇ ਦਰਸਾਏ ਗਏ ਹਨ। ਕੁਝ ਗ਼ਲਤ ਸਲਾਈਡਾਂ (ਕੁਲਭੂਸ਼ਣ ਕਾਲੜਾ) ਦੀ ਕਹਾਣੀ ਵਿਅੰਗ ਅਤੇ ਕਟਾਖ਼ਸ਼ ਰਾਹੀਂ ਦੋਗ਼ਲੇ ਕਿਰਦਾਰ ਵਾਲੇ ਪਾਪਾ ਜੀ ਦਾ ਭਾਂਡਾ ਚੌਰਾਹੇ 'ਚ ਭੰਨਦੀ ਹੈ। ਪਛਤਾਵਾ (ਰਘਬੀਰ ਸਿੰਘ ਮਹਿਮੀ), ਇਕ ਹੋਰ ਮਹਾਂਯੁੱਧ (ਤ੍ਰਿਲੋਕ ਢਿੱਲੋਂ) ਔਰਤ ਮਰਦ ਰਿਸ਼ਤਿਆਂ ਦੀ ਬਾਤ ਪਾਉਂਦੀਆਂ ਕਹਾਣੀਆਂ ਹਨ। ਭਗਤ ਸਿੰਘ ਦੀ ਵਾਪਸੀ (ਸੁਖਮੰਦਰ ਸੇਖੋਂ) ਦੀ ਕਹਾਣੀ ਅੱਤਵਾਦ ਬਾਰੇ ਪੁਲਿਸ ਤੇ ਅੱਤਵਾਦੀਆਂ ਦੇ ਕਿਰਦਾਰ ਦੀ ਪੇਸ਼ਕਾਰੀ ਕਰਦੀ ਹੈ। ਕਲਯੁਗੀ ਔਲਾਦ (ਹਰਪ੍ਰੀਤ ਸਿੰਘ ਰਾਣਾ) ਘਰੇਲੂ ਤਸ਼ੱਦਦ ਨੂੰ ਪ੍ਰਗਟ ਕਰਦੀ ਹੈ। ਇਕ ਰਾਤ ਦੀ ਮਹਿਮਾਨ (ਹਰਬੰਸ ਸਿੰਘ ਮਾਣਕਪੁਰੀ) ਫ਼ਿਰਕੂ ਦੰਗਿਆਂ ਦੀ ਦਾਸਤਾਨ ਪੇਸ਼ ਕਰਦੀ ਹੈ। ਚੰਦੂ (ਕਰਮਵੀਰ ਸਿੰਘ ਸੂਰੀ) ਪਾਤਰ ਦਾ ਦੁਖਾਂਤ ਪੇਸ਼ ਕਰਦੀ ਹੈ ਜੋ ਸਾਧਨਹੀਣ ਹੋਣ 'ਤੇ ਦੁੱਖ ਝੱਲਦਾ ਹੈ। ਬਾਕੀ ਕਹਾਣੀਆਂ ਵੀ ਆਪੋ-ਆਪਣੇ ਕਿਰਦਾਰਾਂ ਤੇ ਵਿਸ਼ਿਆਂ ਨਾਲ ਨਿਆਂ ਕਰਦੀਆਂ ਹਨ। ਸੰਗ੍ਰਹਿ ਪੜ੍ਹਨਯੋਗ ਹੈ। ਕਹਾਣੀਆਂ ਦਿਲਚਸਪ ਹਨ।


ਕੇ.ਐਲ. ਗਰਗ
ਮੋ: 94635-37050


ਆਪੇ ਹਰਿ ਇਕ ਰੰਗੁ ਹੈ...

(ਬੀਬਾ ਬਲਵੰਤ ਦੀ ਚੋਣਵੀਂ ਗ਼ਜ਼ਲ, ਕਵਿਤਾ, ਗੀਤ ਤੇ ਟੱਪੇ)
ਸੰਪਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਲਕਸ਼ਯ ਪਬਲੀਕੇਸ਼ਨਜ਼, ਦਿੱਲੀ
ਮੁੱਲ : 250 ਰੁਪਏ, ਸਫ਼ੇ : 176
ਸੰਪਰਕ : 99558-31357.


ਬੀਬਾ ਬਲਵੰਤ ਦਾ ਜ਼ਿਕਰ ਆਧੁਨਿਕ ਦੌਰ ਦੇ ਨਿਰੰਤਰ ਲਿਖਣ ਵਾਲੇ ਸਰਗਰਮ ਕਵੀਆਂ ਵਿਚ ਕੀਤਾ ਜਾਂਦਾ ਹੈ। ਪੰਜਾਬ ਦੇ ਸਰਹੱਦੀ ਸ਼ਹਿਰ ਗੁਰਦਾਸਪੁਰ ਦੇ ਵਸਨੀਕ ਇਸ ਮਾਣਮੱਤੇ ਸ਼ਾਇਰ ਕੋਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਦਾ ਤਜਰਬਾ ਅਤੇ ਅਭਿਆਸ ਹੈ। ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੀਆਂ ਸਮੁੱਚੀਆਂ ਭਾਰਤੀ ਭਾਸ਼ਾਵਾਂ ਦੇ ਮੁੱਖ ਸੰਪਾਦਕ ਡਾ. ਬਲਦੇਵ ਸਿੰਘ 'ਬੱਦਨ' ਵਲੋਂ ਸੰਪਾਦਿਤ ਹਥਲੀ ਪੁਸਤਕ 'ਆਪੇ ਹਰਿ ਇਕ ਰੰਗੁ ਹੈ' ਵਿਚਲੀ ਉਨ੍ਹਾਂ ਦੀ ਗ਼ਜ਼ਲ ਦਾ ਇਹ ਸ਼ਿਅਰ ਉਨ੍ਹਾਂ ਦੀ ਮਿਕਨਾਤੀਸੀ ਸ਼ਖ਼ਸੀਅਤ ਦਾ ਪ੍ਰਮਾਣ ਹੈ:
ਕਿਤੇ ਅੱਥਰੂ, ਕਿਤੇ ਬਾਰਸ਼, ਕਿਤੇ ਦਰਿਆ, ਕਿਤੇ ਨਦੀਆਂ,
ਕਿਤੇ ਚਸ਼ਮੇ, ਕਿਤੇ ਸਾਗਰ, ਬੜਾ ਰੋਂਦਾ ਰਿਹਾ ਪਾਣੀ।
ਬੀਬਾ ਬਲਵੰਤ ਨੇ ਆਪਣੀ ਕਲਮ ਤੋਂ ਨੌਂ ਮੌਲਿਕ ਪੁਸਤਕਾਂ ਦੀ ਸਿਰਜਣਾ ਅਤੇ ਚਾਰ ਪੁਸਤਕਾਂ ਦੇ ਅਨੁਵਾਦ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਿਤਾ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਆਪਣੀ ਸ਼ਾਇਰੀ ਵਿਚ ਉਨ੍ਹਾਂ ਨੇ ਅਜਿਹੇ ਕਲਿਆਣਕਾਰੀ ਵਿਚਾਰਾਂ ਨੂੰ ਹੀ ਵਿਸ਼ਾ-ਵਸਤੂ ਬਣਾਇਆ ਹੈ, ਜਿਹੜੇ ਮਨੁੱਖੀ ਸਮਾਜ ਲਈ ਪ੍ਰੇਰਨਾ ਸਰੋਤ ਬਣਨ ਦੀ ਸਮਰੱਥਾ ਰੱਖਦੇ ਹਨ। ਲੋਕਾਂ ਲਈ ਜੁਗਨੂੰ ਬਣ ਕੇ ਜਗਣ ਵਾਲਿਆਂ ਲਈ ਉਨ੍ਹਾਂ ਦੇ ਮਨ ਵਿਚ ਅੰਤਾਂ ਦਾ ਪਿਆਰ ਹੈ:
ਰੱਖਿਓ ਉਨ੍ਹਾਂ ਨੂੰ ਵੀ ਤੁਸੀਂ ਬੀਬਾ ਸੰਭਾਲ ਕੇ।
ਸੋਚਾਂ ਨੂੰ ਜਿਹੜੇ ਰੱਖਦੇ ਮੱਥੇ 'ਚ ਬਾਲ ਕੇ।
ਚਾਰ ਹਿੱਸਿਆਂ ਵਿਚ ਵੰਡੀ ਇਸ ਪੁਸਤਕ ਵਿਚ ਉਨ੍ਹਾਂ ਦੀਆਂ ਪੰਜਾਹ ਗ਼ਜ਼ਲਾਂ, ਤਰੇਹਠ ਕਵਿਤਾਵਾਂ, ਪੰਦਰਾਂ ਗੀਤ ਅਤੇ ਤਰਵੰਜਾ ਟੱਪੇ ਸ਼ਾਮਿਲ ਕਰ ਕੇ ਇਕ ਬਹੁਤ ਹੀ ਖ਼ੂਬਸੂਰਤ ਗੁਲਦਸਤਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੀ ਕਵਿਤਾ ਵਿਚ ਅਧੂਰੇ ਅਰਮਾਨਾਂ ਦੀਆਂ ਚੀਸਾਂ, ਸਮਾਜ ਦੀਆਂ ਤਲਖ਼ ਹਕੀਕਤਾਂ ਅਤੇ ਸੂਖਮ ਖ਼ਿਆਲਾਂ ਦੀਆਂ ਪਰਤਾਂ ਪਾਠਕ ਨੂੰ ਨਾਲ-ਨਾਲ ਲੈ ਤੁਰਦੀਆਂ ਹਨ। ਡਾ. ਬਲਦੇਵ ਸਿੰਘ 'ਬੱਦਨ' ਇਸ ਸ਼ਲਾਘਾਯੋਗ ਉਪਰਾਲੇ ਲਈ ਵਧਾਈ ਦੇ ਹੱਕਦਾਰ ਹਨ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਸਿਫ਼ਤੀ ਗੰਢ ਪਵੈ ਦਰਬਾਰ
ਲੇਖਕ : ਗੁਰਬਚਨ ਸਿੰਘ ਮਾਕਿਨ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁੁਪਏ, ਸਫ਼ੇ : 110
ਸੰਪਰਕ : 0161-2740738.


ਗੁਰਬਚਨ ਸਿੰਘ ਮਾਕਿਨ ਦੀ ਵਿਚਾਰ ਗੋਚਰੀ ਪੁਸਤਕ ਨਿਰੋਲ ਧਾਰਮਿਕ ਪੁਸਤਕ ਹੈ, ਜਿਸ ਰਾਹੀਂ ਲੇਖਕ ਨੇ ਡੂੰਘੀ ਖੋਜ ਕਰਕੇ ਗੁਰਬਾਣੀ ਦੀ ਟੇਕ ਲੈਂਦਿਆਂ ਵੱਖ-ਵੱਖ ਨੁਕਤਿਆਂ 'ਤੇ 10 ਭਾਵਪੂਰਤ ਲੇਖ ਗੁਰਬਾਣੀ ਪ੍ਰੇਮੀਆਂ ਦੀ ਨਜ਼ਰ ਕੀਤੇ ਹਨ। ਪੁਸਤਕ ਦਾ ਪਹਿਲਾ ਲੇਖ ਹੈ 'ਮਾਣਸ ਜਨਮ'। ਇਸ ਲੇਖ ਰਾਹੀਂ ਇਹ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ਸਾਨੂੰ ਮਿਲੇ ਅਮੋਲ ਮਨੁੱਖ ਜੀਵਨ ਨੂੰ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਇੰਜ ਹੀ ਜੀਵਨ ਮੁਕਤ ਪਦਵੀ ਪ੍ਰਾਪਤ ਹੋ ਸਕਦੀ ਹੈ। ਇਸ ਲੇਖ ਵਿਚ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਦੀ ਬਾਣੀ 'ਚੋਂ ਢੁਕਵੇਂ ਸ਼ਬਦ ਲੈ ਕੇ ਵਿਆਖਿਆ ਕੀਤੀ ਗਈ ਹੈ। 'ਪ੍ਰਭੂ ਕਿਰਪਾ' ਸਿਰਲੇਖ ਹੇਠਲੇ ਦੂਜੇ ਪ੍ਰਕਰਣ ਵਿਚ ਦਸ ਸ਼ਬਦਾਂ ਦੇ ਅੰਤਰੀਵ ਭਾਵਾਂ ਨਾਲ ਨੁਕਤੇ ਨੂੰ ਸਪੱਸ਼ਟ ਕੀਤਾ ਗਿਆ ਹੈ। 'ਗੁਰੂ ਦੀ ਅਗਵਾਈ' ਪ੍ਰਕਰਣ ਵੀ ਦਸ ਸ਼ਬਦਾਂ ਦੀ ਵਿਆਖਿਆ ਹੈ।
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਵੈ॥ (ਗੁਰੂ ਗ੍ਰੰਥ ਸਾਹਿਬ ਅੰਗ 695) ਅੰਤ੍ਰੀਵ ਭਾਵ 'ਜੋ ਬ੍ਰਹਿਮੰਡ ਵਿਚ ਹੈ, ਉਹੀ ਸਾਡੇ ਅੰਦਰ ਹੈ। ਸਤਿਗੁਰ ਦੇ ਮਨ 'ਤੇ ਸੋਝੀ ਮਿਲੀ ਹੈ ਕਿ ਜਿਹੜਾ ਖੋਜੇਗਾ, ਉਹੀ ਪਾਵੇਗਾ।' (ਪੰਨਾ 31-32)
ਅਗਲੇ ਪ੍ਰਕਰਣ ਇਸ ਪ੍ਰਕਾਰ ਤੇ ਤਰਤੀਬ ਵਿਚ ਹਨ :
ਪ੍ਰਕਰਣ ਚਾਰ ਸਤ-ਸੰਗਤਿ
ਪ੍ਰਕਰਣ ਪੰਜਵਾਂ ਹੁਕਮ॥
ਪ੍ਰਕਰਣ ਛੇਵਾਂ ਅੰਮ੍ਰਿਤ ਵੇਲਾ।
ਪ੍ਰਕਰਣ ਸੱਤਵਾਂ ਗੁਣਗਾਇਨ ਕਰਨਾ।
ਪ੍ਰਕਰਣ ਅੱਠਵਾਂ ਸੇਵਾ।
ਪ੍ਰਕਰਣ ਨੌਵਾਂ ਨਾਮ ਸਿਮਰਨ ਅਤੇ
ਪ੍ਰਕਰਣ ਦਸਵਾਂ ਗੁਰਬਾਣੀ ਕੀਰਤਨ
ਪ੍ਰਕਰਣਾਂ ਦੇ ਅੰਤ੍ਰੀਵ ਭਾਵ (ਪ੍ਰਕਰਣ ਚੌਥਾ) 'ਸਤਿਸੰਗਤਿ ਇਕ ----- ਹੈ, ਜਿਥੇ ਬੈਠ ਕੇ ਨਾਮ ਜਪਣ ਨਾਲ ਨਾਮ ਸਿਮਰਨ ਦਾ ਲਾਭ ਮਿਲਦਾ ਹੈ।'
ਪੰਜਵਾਂ 'ਜੋ ਮਨੁੱਖ ਹੁਕਮ ਨੂੰ ਮੰਨ ਲੈਂਦਾ ਹੈ, ਉਹ ਸਫਲ ਜੀਵਨ ਬਸਰ ਕਰਦਾ ਹੈ।'
ਛੇਵਾਂ 'ਗੁਰਸਿੱਖਾਂ ਨੂੰ ਅੰਮ੍ਰਿਤ ਵੇਲਾ ਸੰਭਾਲ ਕੇ ਨਾਮ ਸਿਮਰਨ ਵਿਚ ਲੱਗਣਾ ਚਾਹੀਦਾ ਹੈ।'
ਸੱਤਵਾਂ 'ਹੇ ਨਾਨਕ! ਮੇਰੇ ਅੰਦਰ ਐਸਾ ਚਾਓ ਪੈਦਾ ਹੋ ਜਾਏ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਵਦਾ ਰਹਾਂ।'
ਅੱਠਵਾਂ 'ਸੇਵਾ ਵਿਚ ਖ਼ੁਦਗਰਜ਼ੀ ਨਹੀਂ ਹੋਣੀ ਚਾਹੀਦੀ। ਸਰਬੱਤ ਦੇ ਭਲੇ ਲਈ ਬਲੀ ਹੋਣੀ ਚਾਹੀਦੀ ਹੈ।'
9ਵਾਂ 'ਹੇ ਭਾਈ! ਜਗਤ ਵਿਚ ਨਾਮ ਇਕ ਅਮੋਲਕ ਵਸਤੂ ਹੈ ਜੋ ਗੁਰੂ ਦੀ ਅਗਵਾਈ ਵਿਚ ਹਾਸਲ ਹੁੰਦੀ ਹੈ।' (ਪੰਨਾ 89)
ਅਤੇ ਦਸਵਾਂ 'ਕੀਰਤਨ ਰਾਹੀਂ ਪ੍ਰਭੂ ਦੀ ਸਿਫ਼ਤ ਸਲਾਹ ਕਰਨ ਨਾਲ ਪ੍ਰਭੂ ਦੀ ਦਰਗਾਹ ਵਿਚ ਵੀ ਆਦਰ ਤੇ ਇੱਜ਼ਤ ਮਿਲਦੀ ਹੈ ਤੇ ਹਮੇਸ਼ਾ ਦਾ ਰਿਸ਼ਤਾ ਵੀ ਕਾਇਮ ਹੋ ਜਾਂਦਾ ਹੈ।' (ਪੰਨਾ 100)
ਸਮੁੱਚੇ ਰੂਪ ਵਿਚ ਪੁਸਤਕ ਪੜ੍ਹਨ ਤੇ ਵਿਚਾਰਨਯੋਗ ਹੈ।


ਤੀਰਥ ਸਿੰਘ ਢਿੱਲੋਂ
ਮੋ: 73407-51710.


ਸੁਕਰਾਤ ਕਦੇ ਮਰਦਾ ਨਹੀਂ
ਨਾਵਲਕਾਰ : ਗੁਰਚਰਨ ਨੂਰਪੁਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98550-51099.


ਗੁਰਚਰਨ ਨੂਰਪੁਰ ਬਹੁਵਿਧਾਵੀ ਸਾਹਿਤਕਾਰ ਹੈ। ਵਿਚਾਰ ਅਧੀਨ ਨਾਵਲ ਸੁਕਰਾਤ ਕਦੇ ਮਰਦਾ ਨਹੀਂ ਤੋਂ ਪਹਿਲਾਂ ਨੂੂਰਪੁਰ ਦੀਆਂ ਬਾਲ-ਸਾਹਿਤ, ਕਵਿਤਾਵਾਂ, ਮਿੰਨੀ ਕਹਾਣੀਆਂ ਅਤੇ ਲੇਖਾਂ ਆਦਿ ਦੀਆਂ 12 ਪੁਸਤਕਾਂ ਸਾਹਿਤਕ ਪਿੜ ਵਿਚ ਆ ਚੁੱਕੀਆਂ ਹਨ। ਸੁਕਰਾਤ ਆਪਣੇ ਸਮਿਆਂ ਦਾ ਨਾਮਵਰ ਦਾਰਸ਼ਨਿਕ ਹੋਇਆ ਹੈ, ਜਿਸ ਨੇ ਨਾ ਕੇਵਲ ਤਤਕਾਲੀ ਦੌਰ ਵਿਚ ਹੀ ਸਮਾਜਿਕ-ਆਰਥਿਕ ਨਾਬਰਾਬਰੀ ਦੇ ਵਿਰੋਧ ਵਿਚ ਆਵਾਜ਼ ਉਠਾਈ ਸਗੋਂ ਉਸ ਦੀ ਵਿਚਾਰਧਾਰਾ ਸਮਕਾਲੀ ਦੌਰ ਵਿਚ ਸਾਰਥਕ ਅਤੇ ਪ੍ਰਸੰਗਿਕ ਹੈ। ਇਸੇ ਕਾਰਨ ਜਦੋਂ ਵੀ ਕਿਸੇ ਅਜਿਹੀ ਸਾਹਿਤਕ ਕਿਰਤ ਦੀ ਸਿਰਜਣਾ ਹੁੰਦੀ ਹੈ ਜਿਸ ਦਾ ਵਿਸ਼ਾ ਦਾਰਸ਼ਨਿਕ ਵਿਚਾਰਧਾਰਾ ਜਾਂ ਚਿੰਤਨ-ਚੇਤਨਾ ਨਾਲ ਜੁੜਿਆ ਹੁੰਦਾ ਹੈ ਤਾਂ ਉਸ ਦੀ ਸਾਹਿਤਕ ਹਲਕਿਆਂ ਵਿਚ ਵੱਖਰੀ ਅਤੇ ਗੰਭੀਰ ਚਰਚਾ ਹੁੰਦੀ ਹੈ। ਨਾਵਲ ਸੁਕਰਾਤ ਕਦੇ ਮਰਦਾ ਨਹੀਂ ਨੂੰ ਵੀ ਇਸੇ ਪ੍ਰਸੰਗ ਵਿਚ ਵਾਚਿਆ ਜਾ ਸਕਦਾ ਹੈ। ਇਹ ਮੌਕਾ ਮੇਲ ਸੀ ਜਾਂ ਨੂਰਪੁਰ ਦੀ ਸਮਾਜਿਕ ਪ੍ਰਸਥਿਤੀਆਂ ਪ੍ਰਤੀ ਸਮਝ ਕਿ ਇਸ ਨਾਵਲ ਦੀ ਆਮਦ ਉਦੋਂ ਹੋਈ ਜਦੋਂ ਪੂਰੇ ਦੇਸ਼ ਭਰ ਅਤੇ ਖ਼ਾਸ ਕਰਕੇ ਪੰਜਾਬ ਦਾ ਮਿਹਨਤਕਸ਼ ਵਰਗ ਆਪਣੇ ਹੱਕ-ਹਕੂਕ ਦੀ ਰਾਖੀ ਲਈ ਸੰਘਰਸ਼ਸ਼ੀਲ ਸੀ, ਜਿਸ ਨੂੰ ਸੁਕਰਾਤ ਦੀ ਲੋਕ-ਪੱਖੀ ਵਿਚਾਰਧਾਰਾ ਨਾਲ ਜੋੜ ਕੇ ਵੀ ਵੇਖਿਆ ਜਾ ਸਕਦਾ ਹੈ। ਨਾਵਲ ਦੀ ਵਿਲੱਖਣਤਾ ਇਸ ਦੇ ਜੀਵਨੀ ਆਧਾਰਿਤ ਹੋਣ ਦੇ ਨਾਲ-ਨਾਲ, ਚਿਹਨਕ ਪੱਧਰ 'ਤੇ ਬਹੁ-ਆਯਾਮੀ ਪ੍ਰਵਚਨ ਸਿਰਜਣ ਵਿਚ ਹੈ। ਮਿਸਾਲ ਦੇ ਤੌਰ 'ਤੇ ਦੋ ਚਿਹਨ, ਨੀਂਦ ਅਤੇ ਸਫ਼ਰ, ਪਰਸਪਰ ਆਪਾ-ਵਿਰੋਧੀ ਹਨ ਅਤੇ ਨਾਵਲ ਦੇ ਸਮੁੱਚੇ ਪਾਠ ਰਾਹੀਂ ਗਫ਼ਲਤ ਅਤੇ ਜ਼ਿੰਦਗੀ ਦੀ ਗਤੀਸ਼ੀਲਤਾ ਦੇ ਪ੍ਰਵਚਨ ਸਿਰਜਦੇ ਹਨ। ਸਮਾਜਿਕ, ਧਾਰਮਿਕ, ਰਾਜਨੀਤਕ ਚੇਤਨਾ ਦੇ ਪ੍ਰਸੰਗ ਵਿਚ ਪੰਜਾਬੀ ਸੱਭਿਆਚਾਰ ਵਿਚ ਵੀ, ਯਾਤਰਾਵਾਂ ਦਾ ਆਪਣਾ ਇਕ ਵਿਸ਼ੇਸ਼ ਮਹੱਤਵ ਹੈ। ਹਥਲੇ ਨਾਵਲ ਵਿਚ ਵੀ ਸੁਕਰਾਤ ਦੇ ਅਨੁਯਾਈ ਸੰਸਾਰ ਭਰ ਵਿਚ ਘੁੰਮਦੇ, ਸੁਕਰਾਤ ਦੀ ਵਿਚਾਰਧਾਰਾ ਨੂੰ ਲੋਕਾਈ ਨਾਲ ਸਾਂਝਾ ਕਰਦੇ ਹਨ। ਸਮੁੱਚੇ ਨਾਵਲ ਨੂੰ ਜ਼ਿੰਦਗੀ ਇਕ ਸਫ਼ਰ ਅਤੇ ਇਸ ਸਫ਼ਰ ਵਿਚ ਸਮਾਜਿਕ ਅਤੇ ਲੋਕ-ਹਿਤੀ ਬਦਲਾਅ ਨੂੰ ਸੱਚ ਦੇ ਕੌੜੇ ਜ਼ਹਿਰ ਦੀਆਂ ਘੁੱਟਾਂ ਰੂਪੀ ਸੁਕਰਾਤ ਦੇ ਅਖੀਰੀ ਸੱਚ ਦੇ ਪ੍ਰਸੰਗ ਵਿਚ ਬਿਆਨ ਕੀਤਾ ਗਿਆ ਹੈ। ਨਾਵਲ ਦੀ ਪੀਡੀ ਗੋਂਦ, ਸੁਕਰਾਤ ਦੀ ਅਸਲ ਜ਼ਿੰਦਗੀ ਦੇ ਨੇੜੇ ਦੇ ਪਾਤਰ ਅਤੇ ਚੁਸਤ ਵਾਰਤਾਲਾਪ, ਨਾਵਲ ਦੇ ਆਦਿ ਤੋਂ ਲੈ ਕੇ ਅੰਤ ਤੱਕ ਪਾਠਕ ਨੂੰ ਨਾਲ ਜੋੜੀ ਰੱਖਦੇ ਹਨ।


ਡਾ. ਪ੍ਰਦੀਪ ਕੌੜਾ
ਮੋ: 95011-15200


ਜਾਣਾ ਏ ਉਸ ਪਾਰ
ਸੰਪਾਦਕ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ
ਮੁੱਲ : 250 ਰੁਪਏ, ਸਫ਼ੇ : 89
ਸੰਪਰਕ : 98150-18947.


ਪੁਸਤਕ 'ਜਾਣਾ ਏ ਉਸ ਪਾਰ' ਦੇ ਸੰਪਾਦਕ ਜਸਵੰਤ ਕੌਰ ਬੈਂਸ ਹਨ। ਉਨ੍ਹਾਂ ਨੇ ਇਹ ਪੁਸਤਕ ਇਕ ਗੁਲਦਸਤੇ ਦੀ ਤਰ੍ਹਾਂ ਤਿਆਰ ਕੀਤੀ ਹੈ ਜਿਸ ਵਿਚ 18 ਕਹਾਣੀਆਂ ਅਤੇ 18 ਹੀ ਲੇਖ ਸ਼ਾਮਿਲ ਕਰਕੇ ਵੱਖ-ਵੱਖ ਲੇਖਕਾਂ ਨੂੰ ਮਾਣ ਬਖਸ਼ਿਆ ਹੈ। ਇਸ ਵਿਚ ਪ੍ਰਸਿੱਧ ਲੇਖਕ ਵੀ ਹਨ ਅਤੇ ਨਵੇਂ ਲੇਖਕ ਵੀ ਹਨ। ਸੰਪਾਦਕ ਨੇ ਨਵੇਂ ਲੇਖਕਾਂ ਨੂੰ ਮੌਕਾ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਰਕੇ ਉਨ੍ਹਾਂ ਨੂੰ ਅੱਗੋਂ ਹੋਰ ਲਿਖਣ ਦੀ ਹੱਲਾਸ਼ੇਰੀ ਤੇ ਹੌਸਲਾ ਦਿੱਤਾ ਹੈ, ਜਿਸ ਦੀ ਦਾਦ ਦੇਣੀ ਬਣਦੀ ਹੈ। ਇਸ ਪੁਸਤਕ ਦੇ ਸਹਿਯੋਗੀ ਮੰਡਲ ਵਿਚ ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ, ਰਾਜਪ੍ਰੀਤ ਕੌਰ, ਆਰ.ਕੇ. ਰਾਣੀ, ਮਨਵਿੰਦਰ ਕੌਰ ਧਾਲੀਵਾਲ ਨੇ ਵੀ ਆਪਣਾ ਚੰਗਾ ਯੋਗਦਾਨ ਪਾਇਆ ਹੈ। ਇਸ ਪੁਸਤਕ ਵਿਚ ਸੰਪਾਦਕ ਨੇ ਪੁਸਤਕ ਵਿਚਲੇ ਸਾਰੇ ਹੀ ਲੇਖਕਾਂ ਦੀਆਂ ਤਸਵੀਰਾਂ ਛਾਪ ਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ, ਜੋ ਕਿ ਵਧੀਆ ਉਪਰਾਲਾ ਹੈ। ਇਸ ਪੁਸਤਕ ਦੀਆਂ ਰਚਨਾਵਾਂ ਕੋਰੋਨਾ ਦੀ ਚੱਲ ਰਹੀ ਮਹਾਂਮਾਰੀ ਦੌਰਾਨ ਦੀਆਂ ਹਨ, ਜਿਨ੍ਹਾਂ ਨੂੰ ਲੇਖਕਾਂ ਨੇ ਅੱਖੀਂ ਵੇਖਿਆ, ਸੁਣਿਆ, ਮਹਿਸੂਸ ਕੀਤਾ ਅਤੇ ਉਸ ਦਰਦ ਨੂੰ ਜੋ ਅਜਿਹੀਆਂ ਘਟਨਾਵਾਂ, ਦ੍ਰਿਸ਼ਾਂ ਆਦਿ ਨੂੰ ਵੇਖ ਕੇ ਅਣਗੌਲਿਆਂ ਜਿਹਾ ਕਰ ਦਿੰਦੇ ਹਨ, ਪ੍ਰੰਤੂ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਕਿ ਉਹ ਇਸ ਦਰਦ ਨੂੰ ਹੋਰਾਂ ਦੇ ਨਾਲ ਵੰਡਾਉਂਦੇ ਹਨ। ਇਸ ਕਿਤਾਬ 'ਤੇ ਜਦੋਂ ਅਸੀਂ ਝਾਤੀ ਮਾਰਦੇ ਹਾਂ ਤਾਂ ਇਸ ਕਿਤਾਬ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਤੋਂ ਬਾਅਦ ਬਹੁਤ ਕੁਝ ਅੰਦਰੂਨੀ ਤੌਰ 'ਤੇ ਮਹਿਸੂਸ ਕਰਦੇ ਹਾਂ। ਪੁਸਤਕ ਦੀ ਸੰਪਾਦਕ ਜਸਵੰਤ ਕੌਰ ਬੈਂਸ ਆਪ ਵੀ ਇਕ ਚੰਗੀ ਲੇਖਕਾ ਹੈ ਅਤੇ ਇਨ੍ਹਾਂ ਨੇ ਪਹਿਲਾਂ ਵੀ ਕਈ ਪੁਸਤਕਾਂ ਸੰਪਾਦਿਤ ਕੀਤੀਆਂ ਹਨ ਅਤੇ ਲਿਖੀਆਂ ਵੀ ਹਨ। ਉਨ੍ਹਾਂ ਨੂੰ ਹਰ ਪੱਖ ਤੋਂ ਕਾਫੀ ਤਜਰਬਾ ਹੈ ਅਤੇ ਨਾਲ ਸੰਵੇਦਨਸ਼ੀਲ ਵੀ ਹਨ। ਇਸ ਪੁਸਤਕ ਦੇ ਲੇਖ 'ਬਾਲ ਮਾਨਸਿਕਤਾ ਨੂੰ ਬਚਾਈਏ' ਦੇ ਲੇਖਕ ਬਲਜਿੰਦਰ ਮਾਨ ਨੇ ਆਪਣੇ ਲੇਖ ਵਿਚ ਕਮਾਲ ਦੀ ਜਾਣਕਾਰੀ ਦਿੱਤੀ ਹੈ, ਜਿਸ ਵਿਚ ਆਨਲਾਈਨ ਪੜ੍ਹਾਈ, ਵੀ.ਵੀ. ਐਟ ਵੇਖੋ, ਨੈੱਟ ਦੀ ਵਰਤੋਂ ਘਟਾਓ, ਕਲਾਵਾਂ ਨੂੰ ਵਿਕਸਿਤ ਕਰੋ, ਵਿਚਲੀਆਂ ਗੱਲਾਂ, ਰੋਜ਼ਾਨਾ ਪੁਸਤਕਾਂ ਪੜ੍ਹੋਂ, ਵਹਿਮ ਭਰਮਾਂ ਤੋਂ ਬਚੋ, ਮਾਪਿਆਂ ਦੀ ਭੂਮਿਕਾ, ਲੋੜਵੰਦਾਂ ਦੀ ਮਦਦ ਆਦਿ ਨੁਕਤਿਆਂ ਦਾ ਜ਼ਿਕਰ ਕਰਕੇ ਬਹੁਤ ਕੁਝ ਸਮਝਾਉਣ ਦਾ ਯਤਨ ਕੀਤਾ ਹੈ। ਇਸ ਤੋਂ ਇਲਾਵਾ ਕੋਰੋਨਾ ਤੇ ਕਿਸਾਨ, ਕੋਰੋਨਾ ਤੋਂ ਪ੍ਰਭਾਵਿਤ ਜ਼ਿੰਦਗੀ, ਲਾਕਡਾਊਨ, ਕੀ ਬਣੂ ਦੁਨੀਆ ਦਾ, ਕਹਾਣੀਆਂ ਕਾਫੀ ਪ੍ਰਭਾਵਸ਼ਾਲੀ ਹਨ ਅਤੇ ਬੜੀ ਬਲਵਾਨ ਹੈ ਕੁਦਰਤ, ਕੋਰੋਨਾ ਤੇ ਪੰਜਾਬ, ਵਕਤ ਦਾ ਪਹੀਆ ਮਹਾਂਮਾਰੀ ਮਨੁੱਖਤਾ ਲਈ ਭਾਰੀ, ਆਦਿ ਲਿਖੇ ਲੇਖ ਵੀ ਸ਼ਲਾਘਾਯੋਗ ਹਨ।


ਬਲਵਿੰਦਰ ਸਿੰਘ ਸੋਢੀ, ਮੀਰਹੇੜੀ
ਮੋ: 092105-88990.


ਸਾਹਾਂ ਦੀ ਸਰਗਮ
ਗ਼ਜ਼ਲਕਾਰਾ : ਗੁਰਦੀਸ਼ ਕੌਰ ਗਰੇਵਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਸਹਾਰਨ ਮਾਜਰਾ, ਲੁਧਿਆਣਾ
ਮੁੱਲ : 15 ਡਾਲਰ, ਸਫ਼ੇ : 120
ਸੰਪਰਕ : 98728-60488.


ਕਿਸੇ ਵੇਲੇ ਪੰਜਾਬੀ ਗ਼ਜ਼ਲ ਖ਼ੇਤਰ ਵਿਚ ਔਰਤ ਗ਼ਜ਼ਲਕਾਰਾਂ ਦੀ ਬੇਹੱਦ ਕਮੀ ਸੀ ਤੇ ਸਿਰਫ਼ ਇੱਕਾ-ਦੁੱਕਾ ਲੜਕੀਆਂ ਇਸ ਮੈਦਾਨ ਵਿਚ ਸਨ। ਪਰ ਮੌਜੂਦਾ ਗ਼ਜ਼ਲਕਾਰਾਂ ਵਿਚ ਇਨ੍ਹਾਂ ਦੀ ਗਿਣਤੀ ਸੰਤੁਸ਼ਟੀਜਨਕ ਹੋ ਗਈ ਹੈ। ਸਥਾਪਤ ਇਸਤਰੀ ਗ਼ਜ਼ਲਕਾਰਾਂ ਦੇ ਨਾਲ-ਨਾਲ ਕੁਝ ਹੋਰ ਵੀ ਗ਼ਜ਼ਲ ਲੇਖਣ ਵੱਲ ਰੁਚਿਤ ਹੋਈਆਂ ਹਨ। ਇਨ੍ਹਾਂ 'ਚੋਂ ਗੁਰਦੀਸ਼ ਕੌਰ ਗਰੇਵਾਲ ਵੀ ਜਾਣਿਆ-ਪਛਾਣਿਆ ਨਾਂਅ ਹੈ। ਗਰੇਵਾਲ ਦੀਆਂ ਇਸ ਪੁਸਤਕ ਤੋਂ ਪਹਿਲਾਂ ਨਿਬੰਧ ਤੇ ਕਵਿਤਾ ਦੀਆਂ ਛੇ ਪੁਸਤਕਾਂ ਦੀ ਪ੍ਰਕਾਸ਼ਨਾ ਹੋ ਚੁੱਕੀ ਹੈ। 'ਸਾਹਾਂ ਦੀ ਸਰਗਮ' ਉਸ ਦਾ ਪਹਿਲਾ ਨਿਰੋਲ ਗ਼ਜ਼ਲਾਂ ਦਾ ਸੰਗ੍ਰਹਿ ਹੈ। ਵਿਸ਼ੇਸ਼ ਪੰਨੇ 'ਤੇ ਛਪਿਆ ਉਸ ਦਾ ਸ਼ਿਅਰ ਜਿਸ ਵਿਚ ਉਹ ਆਖਦੀ ਹੈ ਕਿ ਲੰਮੀ ਰਾਤ ਖ਼ਤਮ ਹੋਣ ਵਾਲੀ ਤੇ ਨਵਾਂ ਸਵੇਰਾ ਹੋਣ ਵਾਲਾ ਹੈ, ਉਸ ਦੀ ਗ਼ਜ਼ਲ ਦੀ ਦਿਸ਼ਾ ਦਾ ਇਸ਼ਾਰਾ ਕਰ ਦਿੰਦਾ ਹੈ। ਉਹ ਆਖਦੀ ਹੈ ਰਾਤਾਂ ਹਨੇਰੀਆਂ ਵਿਚ ਹਰਫ਼ਾਂ ਦੇ ਜੁਗਨੂੰ ਹਮੇਸ਼ਾ ਟਿਮਟਿਮਾਉਂਦੇ ਰਹਿਣਗੇ ਤੇ ਕੋਈ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ। ਔਰਤ ਹੋਣ ਦੇ ਨਾਤੇ ਗੁਰਦੀਸ਼ ਕੌਰ ਗਰੇਵਾਲ ਔਰਤ ਦੇ ਦਰਦ ਨੂੰ ਸੁਭਾਵਿਕ, ਵਧੇਰੇ ਸ਼ਿੱਦਤ ਨਾਲ ਮਹਿਸੂਸ ਕਰਦੀ ਹੈ ਤੇ ਉਸ ਦੀ ਬੇਹੁਰਮਤੀ ਨੂੰ ਬੇਬਾਕੀ ਨਾਲ ਜ਼ਬਾਨ ਦਿੰਦੀ ਹੈ। ਉਹ ਕਹਿੰਦੀ ਹੈ ਔਰਤ ਦੀ ਉੱਚੀ ਉਡਾਣ ਵਿਚ ਮਜਬੂਰੀਆਂ ਅੜਿੱਕੇ ਪਾਉਂਦੀਆਂ ਹਨ ਵਰਨਾ ਕੌਣ ਅੰਬਰ ਛੂਹਣਾ ਨਹੀਂ ਚਾਹੁੰਦਾ। ਗ਼ਜ਼ਲਕਾਰਾ ਪੂਰੀ ਦੁਨੀਆ ਵਿਚ ਪਿਆਰ ਮੁਹੱਬਤ ਦੇਖਣਾ ਚਾਹੁੰਦੀ ਹੈ ਤੇ ਉਸ ਮੁਤਾਬਿਕ ਮੁਲਕਾਂ ਵਿਚਕਾਰ ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ। ਅਧਿਆਤਮਵਾਦੀ ਹੋਣ ਕਾਰਨ ਉਹ ਕੁਦਰਤ ਨੂੰ ਬਹੁਤ ਹੀ ਨੀਝ ਨਾਲ ਦੇਖਦੀ ਹੈ ਤੇ ਕਹਿੰਦੀ ਹੈ ਕਿ ਰੰਗ-ਬਰੰਗੇ ਫੁੱਲ ਧਰਤੀ ਦਾ ਸ਼ਿੰਗਾਰ ਹਨ, ਇਨ੍ਹਾਂ ਨੂੰ ਇਕੋ ਰੰਗ ਵਿਚ ਨਹੀਂ ਰੰਗਿਆ ਜਾ ਸਕਦਾ ਅਰਥਾਤ ਫੁੱਲਾਂ ਦੀ ਵੰਨ-ਸੁਵੰਨਤਾ ਹੀ ਇਨ੍ਹਾਂ ਦੀ ਖ਼ੂਬੀ ਹੈ। ਉਹ ਇਸ਼ਾਰਿਆਂ ਵਿਚ ਗੱਲ ਕਰਦੀ ਹੈ ਤੇ ਏਹੀ ਗ਼ਜ਼ਲ ਦਾ ਸੁਭਾਅ ਹੈ। ਗੁਰਦੀਸ਼ ਕੌਰ ਗਰੇਵਾਲ ਇਹ ਭਲੀਭਾਂਤੀ ਜਾਣਦੀ ਹੈ ਕਿ ਸਾਰਾ ਸੰਸਾਰ ਗ਼ਰਜ਼ਾਂ ਦਾ ਮਾਰਿਆ ਹੈ। ਜ਼ਰੂਰਤ ਬਿਨਾਂ ਕੋਈ ਕਿਸੇ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਇਸ ਪੁਸਤਕ ਦੀਆਂ ਗ਼ਜ਼ਲਾਂ ਦੇ ਕਈ ਸ਼ਿਅਰ ਬਹੁਤ ਪ੍ਰਭਾਵਿਤ ਕਰਦੇ ਹਨ ਤੇ ਗੁਰਦੀਸ਼ ਕੌਰ ਗਰੇਵਾਲ ਦਾ ਇਹ ਗ਼ਜ਼ਲ ਸੰਗ੍ਰਹਿ ਭਵਿੱਖ ਲਈ ਉਸ ਦੀ ਕਲਮ ਦੀ ਨੀਂਹ ਬਣੇਗਾ।


ਗੁਰਦਿਆਲ ਰੌਸ਼ਨ
ਮੋ: 99884-44002
c c c


ਜੀਵਨ ਦੇ ਚਾਨਣ
ਲੇਖਕ : ਕੁਲਵਿੰਦਰ ਸਿੰਘ ਬੱਬੂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98146-73236.


ਸ਼ਾਇਰ ਕੁਲਵਿੰਦਰ ਸਿੰਘ ਬੱਬੂ ਹਥਲੇ ਕਾਵਿ-ਸੰਗ੍ਰਹਿ 'ਜੀਵਨ ਦੇ ਚਾਨਣ' ਤੋਂ ਪਹਿਲਾਂ ਦੋ ਕਾਵਿ-ਸੰਗ੍ਰਹਿਆਂ 'ਬਿਰਹੋਂ ਦੇ ਗੀਤ', 'ਚਿਹਰਿਆਂ ਦੇ ਚਾਨਣ' ਅਤੇ ਦੋ ਲੇਖ ਸੰਗ੍ਰਹਿਆਂ 'ਖੈਰਖਵਾਹ' ਅਤੇ 'ਚਾਨਣ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਹਥਲੇ ਕਾਵਿ-ਸੰਗ੍ਰਹਿ 'ਜੀਵਨ ਦੇ ਚਾਨਣ' ਦੇ ਨਾਂਅ ਅਤੇ ਪਹਿਲੇ ਸੰਗ੍ਰਹਿਆਂ ਦੇ ਮੰਥਨ ਤੋਂ ਬਾਅਦ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸ਼ਾਇਰ ਨੂੰ ਸ਼ਬਦ 'ਚਾਨਣ' ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਹੈ। ਉਹ ਜੀਵਨ ਨੂੰ ਰੁਸ਼ਨਾਉਣ ਲਈ ਆਪਣਾ ਕਾਵਿ-ਧਰਮ ਨਿਭਾਉਂਦਾ ਹੈ। ਚਾਨਣ ਤੋਂ ਬਗੈਰ ਕਿਸੇ ਰਾਹ ਦਾ ਪਾਂਧੀ ਨਹੀਂ ਬਣਿਆ ਜਾ ਸਕਦਾ। ਉਹ ਸੁੱਤੇ ਬੰਦੇ ਦੇ ਹੁੱਝ ਮਾਰ ਕੇ ਹਾਈਓਬਰਨੇਸ਼ਨ ਦੀ ਅਵਸਥਾ 'ਚੋਂ ਜਗਾਉਂਦਾ ਹੈ ਤੇ ਉਰਦੂ ਦਾ ਸ਼ਿਅਰ ਉਸ ਦੇ ਕਾਵਿ-ਚਿੰਤਨ ਦੀ ਹਾਮੀ ਭਰਦਾ ਹੈ ਅਖੇ 'ਕੌਨ ਕਹਿਤਾ ਹੈ ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਕੋਈ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ' ਅਤੇ ਅੰਗਰੇਜ਼ੀ ਦੀ ਕਹਾਵਤ ਵੀ ਹਾਮੀ ਭਰਦੀ ਹੈ ਕਿ '5ver਼ dark c&oud has a s}&ver &}ne.' ਅਰਥਾਤ ਹਰੇਕ ਕਾਲੇ ਬੱਦਲ ਦੀ ਕੰਨੀ ਚਿੱਟੀ ਹੁੰਦੀ ਹੈ। ਸ਼ਾਇਰ ਮਜ਼ਹਬਾਂ ਦੇ ਠੇਕੇਦਾਰਾਂ ਦੇ ਬਖੀਏ ਉਧੇੜਦਿਆਂ ਉਨ੍ਹਾਂ ਦੇ ਮੁਖੌਟੇ ਵੀ ਉਧੇੜਦਾ ਹੈ। ਅੱਜ ਦੇ ਮਿਰਜ਼ੇ ਨੂੰ ਅਗਾਊਂ ਜਾਗਰੂਕ ਕਰਦਿਆਂ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ 'ਚ ਗਰਕ ਹੋਣ ਤੋਂ ਵਰਜਦਾ ਹੈ। ਸਮਾਜਿਕ ਰਿਸ਼ਤਿਆਂ ਦੀ ਵਿਗੜ ਰਹੀ ਵਿਆਕਰਨ 'ਤੇ ਵੀ ਹੰਝੂ ਕੇਰਦਾ ਹੈ ਤੇ ਤਰੰਗਤੀ ਮੁਹੱਬਤ ਵਿਚ ਜਿਸਮਾਂ ਦੀ ਖੇਡ ਨੂੰ ਖਲਲ ਸਮਝਦਾ ਹੈ। ਮਾਂ ਦੀ ਮੁਹੱਬਤ ਦੇ ਜੇ ਦਰਸ਼ ਦੀਦਾਰੇ ਕਰਨੇ ਹੋਣ ਤਾਂ ਇਸ ਦਾ ਪਾਠ ਜ਼ਰੂਰੀ ਹੋ ਜਾਂਦਾ ਹੈ। ਸ਼ਾਇਰ ਆਧੁਨਿਕਤਾ ਦੇ ਨਾਂਅ 'ਤੇ ਸਮਾਜ ਵਿਚ ਆਏ ਨਿਘਾਰ 'ਤੇ ਵੀ ਉਂਗਲ ਉਠਾਉਂਦਾ ਹੈ। ਮਾਂ-ਬੋਲੀ ਪੰਜਾਬੀ ਨੂੰ ਪਿੱਠ ਦਿਖਾ ਕੇ ਮਾਸੀ ਬੋਲੀਆਂ ਨਾਲ ਹੇਜ ਜਤਾਉਣ ਵਾਲਿਆਂ 'ਤੇ ਲਾਹਨਤਾਂ ਦੀ ਵਾਛੜ ਮਾਰਦਾ ਹੈ। ਸ਼ਾਇਰ ਮੁਤਾਬਿਕ ਜੇ ਕਾਵਿਕ ਧਰਮ ਨਿਭਾਉਣਾ ਹੈ ਤਾਂ 'ਰੱਬ ਦੀ ਰਜ਼ਾ' ਵਾਲੇ ਚਲੰਤ ਫਲਸਫ਼ੇ ਨੂੰ ਤਿਲਾਂਜਲੀ ਦੇਣੀ ਪਵੇਗੀ। ਹੋਰ ਸਮਾਜਿਕ ਨਿਘਾਰਾਂ ਨੂੰ ਤਿਲਾਂਜਲੀ ਦੇਣ ਲਈ ਉਹ 'ਤੀਜੇ ਨੇਤਰ' ਵਿਚ ਠਾਹਰ ਭਾਲਦਾ ਹੈ। ਸ਼ਾਇਰ ਦੀ ਸ਼ਾਇਰੀ ਵਿਚ ਆਏ ਵਾਰ-ਵਾਰ ਸ਼ਬਦ 'ਚਾਨਣ' ਨੂੰ ਤਾਂ ਸਲਾਮ ਕਹਿਣਾ ਬਣਦਾ ਹੀ ਹੈ।


ਭਗਵਾਨ ਢਿੱਲੋਂ
ਮੋ: 98143-78254.


ਸ਼ਬਦ-ਵਿਗਿਆਨ ਅਤੇ ਕੋਸ਼ਕਾਰੀ
ਲੇਖਕ : ਪ੍ਰੋ. ਆਨੰਦ ਵਰਧਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 140
ਸੰਪਰਕ : 94171-64545.


ਹਥਲੀ ਪੁਸਤਕ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਨਾਲ ਸੰਬੰਧਿਤ ਹੈ। ਲੇਖਕ ਆਨੰਦ ਵਰਧਨ ਨੇ ਆਪਣੀ ਖੋਜ-ਪੱਧਤੀ ਦੀ ਹੱਦ ਨਿਰਧਾਰਤ ਕਰਦਿਆਂ ਇਸ ਪੁਸਤਕ ਵਿਚ ਸ਼ਬਦ ਵਿਗਿਆਨ ਅਤੇ ਕੋਸ਼ਕਾਰੀ ਨੂੰ ਇਤਿਹਾਸਕ ਪ੍ਰਸੰਗਤਾ ਵਿਚ ਪੇਸ਼ ਕੀਤਾ ਹੈ। ਸਭ ਤੋਂ ਪਹਿਲਾਂ ਭਾਸ਼ਾ ਦੀ ਸਿਰਮੌਰ ਇਕਾਈ ਸ਼ਬਦ ਦੀ ਜਾਣ-ਪਛਾਣ ਕਰਾਉਂਦਿਆਂ ਸੋਵੀਅਤ ਅਤੇ ਯੂਰਪੀ ਸ਼ਬਦ ਵਿਗਿਆਨ ਦੇ ਸਿਧਾਂਤਕ ਪਹਿਲੂਆਂ ਧੁਨੀ, ਰੂਪ, ਸ਼ਬਦ, ਅਰਥ, ਵਾਕ ਅਤੇ ਪ੍ਰਕਰਣ ਵਿਗਿਆਨ ਨੂੰ ਗੰਭੀਰਤਾ ਸਹਿਤ ਸਮਝਿਆ ਹੈ। ਇਸ ਤੋਂ ਅੱਗੇ ਸ਼ਬਦ ਵਿਗਿਆਨ ਦੀ ਹੋਂਦ ਮੀਮਾਂਸਾ ਅਤੇ ਗਿਆਨ ਮੀਮਾਂਸਾ ਨੂੰ ਯੂਨਾਨੀ, ਪ੍ਰਾਚੀਨ ਭਾਰਤੀ ਅਤੇ ਆਧੁਨਿਕ ਭਾਸ਼ਾ ਵਿਗਿਆਨ ਦੀਆਂ ਮੂਲ ਸਥਾਪਨਾਵਾਂ ਦੇ ਅੰਤਰਗਤ ਸਮਝਿਆ ਅਤੇ ਪ੍ਰਗਟਾਇਆ ਹੈ। ਇਸ ਦੇ ਨਾਲ ਹੀ ਸ਼ਬਦਾਂ ਦੀਆਂ ਵਿਭਿੰਨ ਕਿਸਮਾਂ ਨੂੰ ਵਿਸ਼ਵੀ ਚਿੰਤਨ ਪੱਧਤੀ ਦੇ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਤੀਜਾ, ਚੌਥਾ ਅਤੇ ਪੰਜਵਾਂ ਅਧਿਆਇ ਹਨ, ਜਿਨ੍ਹਾਂ ਵਿਚ ਵਰਧਨ ਨੇ ਸਮਾਵੇਸ਼ਅਰਥਤਾ, ਵਿਪਰੀਤਅਰਥਤਾ ਅਤੇ ਸੰਘਟਕ ਵਿਸ਼ਲੇਸ਼ਣ ਜਿਹੇ ਸੰਕਲਪਾਂ ਦੀਆਂ ਵਿਭਿੰਨ ਪਰਤਾਂ ਨੂੰ ਤਰਕ-ਸੰਗਤ ਜੁਗਤ ਰਾਹੀਂ ਉਭਾਰਿਆ ਹੈ। ਛੇਵਾਂ ਅਧਿਆਇ ਯੂਰਪੀਨ ਅਤੇ ਸੰਸਕ੍ਰਿਤ ਭਾਸ਼ਾਵਾਂ ਦੀ ਕੋਸ਼ਕਾਰੀ ਦੇ ਪ੍ਰਮੁੱਖ ਪਹਿਲੂਆਂ ਨੂੰ ਜਿਨ੍ਹਾਂ ਵਿਚ ਅੰਗਰੇਜ਼ੀ, ਜਰਮਨੀ ਅਤੇ ਫਰਾਂਸ ਆਦਿ ਦੇ ਕੋਸ਼ਕਾਰੀ ਦੇ ਖੇਤਰ ਵਿਚ ਹੋਏ ਸੰਦਰਭਾਂ ਨੂੰ ਇਤਿਹਾਸਕ ਦ੍ਰਿਸ਼ਟੀ ਤੋਂ ਵਾਚਿਆ ਹੈ।
ਇਸੇ ਤਰ੍ਹਾਂ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵਿਗਿਆਨ ਦੀ ਕੋਸ਼ਕਾਰੀ ਨੂੰ ਵਿਸਤਰਿਤ ਰੂਪ ਵਿਚ ਪ੍ਰਗਟਾਇਆ ਹੈ। ਪੁਸਤਕ ਦਾ ਮਹੱਤਵਪੂਰਨ ਭਾਗ ਉਹ ਵੀ ਹੈ ਜਿਸ ਵਿਚ ਲੇਖਕ ਨੇ ਪੰਜਾਬੀ ਕੋਸ਼ਕਾਰੀ ਦੇ ਵਿਭਿੰਨ ਗ੍ਰੰਥਾਂ ਦਾ ਜਿਨ੍ਹਾਂ ਵਿਚ ਪੰਡਿਤ ਤਾਰਾ ਸਿੰਘ ਨਰੋਤਮ ਦਾ ਗੁਰੂ ਗਿਰਾਰਥ ਕੋਸ਼, ਗਿਆਨੀ ਹਜ਼ਾਰਾ ਸਿੰਘ ਦਾ ਸ੍ਰੀ ਗੁਰੂ ਗ੍ਰੰਥ ਕੋਸ਼, ਭਾਈ ਕਾਨ੍ਹ ਸਿੰਘ ਦਾ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਅਤੇ ਬਲਵੀਰ ਸਿੰਘ ਰਚਿਤ ਨਿਰੁਕਤ ਤੋਂ ਇਲਾਵਾ ਬਹੁਤ ਸਾਰੇ ਹੋਰ ਪੰਜਾਬੀ ਕੋਸ਼ਾਂ ਅਤੇ ਅੰਗਰੇਜ਼ੀ ਪੰਜਾਬੀ ਕੋਸ਼ਾਂ ਦਾ ਜ਼ਿਕਰ ਦੀਰਘ ਅਧਿਐਨ ਰਾਹੀਂ ਕੀਤਾ ਹੈ। ਨਿਰਸੰਦੇਹ ਇਹ ਕਾਰਜ ਪੰਜਾਬੀ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਹੋਇਆ ਗੰਭੀਰ ਕਾਰਜ ਹੈ।


ਡਾ. ਜਗੀਰ ਸਿੰਘ ਨੂਰ
ਮੋ: 98142-09732


ਇਕਾਂਤ ਵਿਚ ਸ਼ਬਦ
ਲੇਖਕ : ਹਰਮਿੰਦਰ ਸਿੰਘ ਬੇਦੀ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 70
ਸੰਪਰਕ : 093561-33665


'ਇਕਾਂਤ ਵਿਚ ਸ਼ਬਦ' ਕਾਵਿ ਸੰਗ੍ਰਹਿ ਹਿੰਦੀ ਸਾਹਿਤ ਦੇ ਨਾਮਵਰ ਲੇਖਕ ਤੇ ਚਿੰਤਕ ਪ੍ਰੋ. ਹਰਮਿੰਦਰ ਸਿੰਘ ਬੇਦੀ ਦੇ ਹਿੰਦੀ ਕਾਵਿ ਸੰਗ੍ਰਹਿ ਦਾ ਆਪ ਹੀ ਪੰਜਾਬੀ 'ਚ ਕੀਤਾ ਅਨੁਵਾਦ ਹੈ। ਪ੍ਰੋ. ਹਰਮਿੰਦਰ ਸਿੰਘ ਬੇਦੀ ਨੇ ਹਿੰਦੀ ਸਾਹਿਤ 'ਚ ਆਪਣੀਆਂ ਕਾਵਿ ਪੁਸਤਕਾਂ 'ਗਰਮ ਲੋਹਾ', 'ਪਹਿਚਾਨ ਕੀ ਯਾਤਰਾ', 'ਕਿਸੀ ਔਰ ਦਿਨ', 'ਫਿਰ ਸੇ ਫਿਰ', 'ਧੁੰਦ ਮੇਂ ਡੂਬਾ ਸ਼ਹਿਰ', 'ਔਰ ਕਹਾਂ', 'ਇਕਾਂਤ ਮੇਂ ਸ਼ਬਦ' ਆਦਿ ਸੰਗ੍ਰਹਿ ਨਾਲ ਆਪਣੀ ਨਿਵੇਕਲੀ ਪਹਿਚਾਣ ਸਥਾਪਤ ਕੀਤੀ ਹੈ।
ਲੇਖਕ ਅਨੁਸਾਰ , 'ਮੇਰੀ ਕਵਿਤਾ ਸਥਿਰ ਹੁੰਦਿਆਂ ਹੀ ਦਰਸ਼ਨ ਅਤੇ ਵਿਚਾਰ ਦੀ ਗਹਿਰਾਈ ਵਿਚ ਆਪਣੀ ਹੋਂਦ ਨੂੰ ਤਲਾਸ਼ਣ ਲਗੀ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮੇਰੇ ਮਨ ਦੀ ਬਦਲਦੀ ਦੁਨੀਆ ਹੈ। ਭਾਰਤੀ ਕਾਵਿ ਪ੍ਰੰਪਰਾ ਦੀ ਅਧਿਆਤਮਿਕ ਝਲਕ ਵੀ ਇਨ੍ਹਾਂ ਕਵਿਤਾਵਾਂ ਦੀ ਬਣਤਰ ਵਿਚ ਪਈ ਹੈ। ਜ਼ਿੰਦਗੀ ਦੇ ਬੁਨਿਆਦੀ ਪ੍ਰਸ਼ਨਾਂ ਨਾਲ ਇਹ ਕਵਿਤਾਵਾਂ ਟਕਰਾਉਂਦੀਆਂ ਹਨ'। ਦੇਸ਼ ਪ੍ਰੇਮ ਪ੍ਰਤੀ ਸਮਰਪਣ ਦੀ ਭਾਵਨਾ ਉਸ ਦੇ ਧੁਰ ਅੰਦਰ ਵਸੀ ਪ੍ਰਤੀਤ ਹੁੰਦੀ ਹੈ :
ਮੈਨੂੰ ਵਤਨ ਕਵਿਤਾ ਲਗਦਾ ਏ
ਦੇਸ਼ ਸੰਸਕ੍ਰਿਤੀ ਤੇ ਪਰੰਪਰਾ
ਰਾਸ਼ਟਰ ਮੇਰਾ ਘਰ ਏ
ਤੇ ਮੈਂ ਸਮਰਪਿਤ ਹਾਂ। (ਪੰਨਾ: 23)
ਪ੍ਰੋ. ਬੇਦੀ ਦੀ ਕਵਿਤਾ ਅੰਧ-ਵਿਸ਼ਵਾਸਾਂ ਦੇ ਭਰਮ ਜਾਲ ਤੋੜਦੀ ਪ੍ਰਤੀਤ ਹੁੰਦੀ ਹੈ। ਉਸ ਦੀ ਕਵਿਤਾ 'ਬੁੱਧਮ ਸ਼ਰਣਮ ਗੱਛਾਮੀ' ਦਾ ਇਕ ਕਾਵਿ ਟੋਟਾ ਵੇਖੋ :
ਬੁੱਧ ਆਵੇ ਜਾਂ ਨਾ ਆਵੇ
ਸਬਜ਼ੀ ਵਾਲਾ ਰਾਮੂ ਜਾਣਦਾ ਹੈ
ਇਸੇ ਜਨਮ 'ਚ ਅੱਜ ਦੇ ਦਿਨ, ਹੁਣੇ
ਵੇਚਣੇ ਹਨ ਆਲੂ, ਟਮਾਟਰ, ਗੋਭੀ
ਰਾਤ ਹੋਣ ਤੋਂ ਪਹਿਲਾਂ
ਕਰ ਦੇਣੀ ਹੈ ਰੇਹੜੀ ਖ਼ਾਲੀ
ਬਗੈਰ ਤੱਕੜੀ ਦੇ ਤੋਲ। (ਪੰਨਾ : 69)
ਪ੍ਰੋ. ਹਰਮਿੰਦਰ ਸਿੰਘ ਬੇਦੀ ਦੀ ਕਵਿਤਾ ਨਵੇਂ ਬਿੰਬ ਸਿਰਜਦੀ ਹੈ ਅਤੇ ਵਿਅੰਗਾਤਮਿਕ ਲਹਿਜ਼ਾ ਉਸ ਦੀ ਕਵਿਤਾ ਨੂੰ ਹੋਰ ਸ਼ਿੰਗਾਰਦਾ ਪ੍ਰਤੀਤ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਦਾ ਸਵਾਗਤ ਕਰਨਾ ਬਣਦਾ ਹੈ।


ਮਨਜੀਤ ਸਿੰਘ ਘੜੈਲੀ
ਮੋ: 98153-91625

06-03-2022

ਖਿੱਦੋ
ਲੇਖਕ : ਜਸਬੀਰ ਭੁੱਲਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 0172-5027427.


ਇਸ ਨਾਵਲ ਦੇ ਆਰੰਭ ਵਿਚ ਅੱਧੀ ਕਾਤਰ ਪੇਪਰ 'ਤੇ (ਜੋ ਨਾਵਲ ਦੇ ਛਪਣ ਉਪਰੰਤ ਜੋੜੀ ਲਗਦੀ ਹੈ) ਗੁਰਬਚਨ ਸਿੰਘ ਭੁੱਲਰ ਨੇ ਇਸ ਨਾਵਲ ਨੂੰ 'ਜਿਗਰੇ ਵਾਲਾ', 'ਜੋਖ਼ਮ ਭਰਿਆ' ਦੱਸਿਆ ਹੈ ਅਤੇ ਅੱਗੇ ਲਿਖਿਆ 'ਇਸ ਹਾਲਤ ਤੋਂ ਸਤੇ ਹੋਏ ਲੇਖਕ ਤੇ ਸਾਹਿਤ-ਰਸੀਏ ਇਹ ਨਾਵਲ ਪੜ੍ਹ ਕੇ 'ਵਾਹ' ਜ਼ਰੂਰ ਕਹਿਣਗੇ।' ਜਸਬੀਰ ਭੁੱਲਰ ਨੇ (ਪੰਨਾ 8) ਘੋਸ਼ਣਾ ਕੀਤੀ ਹੈ, 'ਖਿੱਦੋ' ਦੇ ਕਿਰਦਾਰ ਜੇ ਕਿਸੇ ਜਿਊਂਦੇ ਵਿਅਕਤੀ ਨਾਲ ਮੇਲ ਖਾ ਜਾਣ ਇਸ ਨੂੰ ਮਹਿਜ਼ ਸਬੱਬ ਹੀ ਸਮਝਿਆ ਜਾਵੇ। ਇਸ ਮੌਕਾਮੇਲ ਲਈ ਲੇਖਕ ਅਤੇ ਪ੍ਰਕਾਸ਼ਕ ਜ਼ਿੰਮੇਵਾਰ ਨਹੀਂ।' ਅਜਿਹਾ ਪੜ੍ਹਦਿਆਂ ਸੂਝਵਾਨ ਪਾਠਕਾਂ ਨੂੰ ਜਰਮਨ ਚਿੰਤਕ ਤੇ ਵਿਗਿਆਨੀ ਐਡਮੰਡ ਹੁਸਰਲ ਦੀ ਦ੍ਰਿਸ਼ ਵਿਗਿਆਨ ਜਾਂ ਘਟਨਾ ਕਿਰਿਆ ਵਿਗਿਆਨ (ਫਿਨੌਮ ਨੋਲਗੀ) ਦੀ ਯਾਦ ਆਉਣੀ ਸੁਭਾਵਿਕ ਹੈ। ਇਸ ਨਾਵਲ ਦੇ ਪ੍ਰਮੁੱਖ ਕਿਰਦਾਰਾਂ ਵਿਚ ਡਾ. ਹਰਵੰਤ ਸਿੰਘ ਹੀਰਾ, ਪ੍ਰੋ. ਕਿਸ਼ੋਰੀ ਲਾਲ ਸ਼ੌਂਕੀ ਅਤੇ ਸੁੱਚਾ ਸਿੰਘ ਸੈਣੀ ਸਿਰਜੇ ਗਏ ਹਨ। ਇਨ੍ਹਾਂ ਪ੍ਰਮੁੱਖ ਕਿਰਦਾਰਾਂ ਦੀਆਂ ਸਰਗਰਮੀਆਂ ਤੋਂ ਪ੍ਰਭਾਵਿਤ ਜਾਂ ਸਰੋਕਾਰ ਰੱਖਣ ਵਾਲੇ ਪਾਤਰਾਂ ਵਿਚ ਸੁਰਮੀਤ, ਪਰਮਦੀਪ, ਡਾ. ਦਰਸ਼ਨ ਸਿੰਘ, ਗੁਰਦੀਪ ਪਨੇਸਰ, ਨਸੀਮ ਧਾਮੀ, ਰਿਆਜ਼, ਤਰਲੋਚਨ ਭਾਦਸੋਂ, ਅੰਗਦ ਅਸੀਮ, ਡਾ. ਸਮੀਪ ਕੌਰ ਰੁਮਾਣਾ (ਦੋ ਹੋਰ) ਸਰੂਪ ਵਿਰਕ, ਊਸ਼ਾ ਭਾਟੀਆ, ਉਰਵਸ਼ੀ ਖੰਨਾ, ਜਗਮੋਹਨ ਖੰਨਾ ਤੋਂ ਬਿਨਾਂ ਭਾਸ਼ਾ ਵਿਭਾਗ, ਭਾਰਤੀ ਸਾਹਿਤ ਅਕਾਡਮੀ ਦੀ ਜਿਊਰੀ ਦੇ ਮੈਂਬਰ ਅਤੇ ਹੋਰ ਅਹੁਦੇਦਾਰ ਇਤਿਆਦਿ ਆਪਣੇ ਕਥਾਨਕ ਦੀ ਪ੍ਰਸਤੁਤੀ ਲਈ ਲੇਖਕ ਜਸਬੀਰ ਭੁੱਲਰ ਨੇ ਸਿਰਜੇ ਹਨ।
ਨਾਵਲ ਦਾ ਮੁੱਖ ਵਿਸ਼ਾ ਸਾਹਿਤਕ ਇਨਾਮਾਂ ਵਿਚ ਹੋਣ ਵਾਲੀਆਂ ਧਾਂਦਲੀਆਂ ਨਾਲ ਸੰਬੰਧਿਤ ਹੈ। ਉਪਰੋਕਤ ਸਾਰੇ ਕਿਰਦਾਰ ਇਸ ਨਾਵਲ ਦੇ ਕਥਾਨਕ ਵਿਚ ਸ਼ਾਮਿਲ ਹੋ ਕੇ ਬਿਰਤਾਂਤ ਨੂੰ ਇਕਮੁੱਠਤਾ ਪ੍ਰਦਾਨ ਕਰਦੇ ਹਨ। ਨਿੱਕੀਆਂ-ਮੋਟੀਆਂ ਧਾਂਦਲੀਆਂ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹੋਣਗੀਆਂ ਪਰ ਇਸ ਨਾਵਲ ਵਿਚ ਗੈਂਗ ਵਜੋਂ ਕਈ ਅਲੇਖਕ ਵੀ ਪੇਸ਼ ਕੀਤੇ ਗਏ ਹਨ ਜੋ ਹਰ ਵਾਰ ਇਨਾਮ ਦੇਣ ਵਾਲੀ ਕਮੇਟੀ ਦੇ ਆਗੂ ਬਣ ਕੇ, ਮਨਮਰਜ਼ੀ ਦੇ ਫ਼ੈਸਲੇ ਕਰਵਾਉਣ ਵਿਚ ਸਫਲ ਹੋ ਜਾਂਦੇ ਹਨ। ਇਨਾਮਾਂ ਦੇ ਲਾਲਚੀ ਜੁਗਾੜ ਕਰਕੇ, ਸਿਫ਼ਾਰਸ਼ਾਂ ਨਾਲ, ਯਾਰੀ ਦਾ ਵਾਸਤਾ ਪਾ ਕੇ, ਸ਼ਰਾਬਾਂ ਪਿਲਾ ਕੇ, ਰਿਸ਼ਵਤਾਂ ਦੇ ਲਿਫ਼ਾਫ਼ੇ ਵੰਡ ਦੇ ਨਾਵਲ ਵਿਚੋਂ ਪੜ੍ਹੇ ਜਾ ਸਕਦੇ ਹਨ। ਇਕ ਹੋਰ ਜੁਗਤ 'ਤੂੰ ਮੇਰਾ ਕੰਮ ਕਰ', 'ਮੈਂ ਤੈਨੂੰ ਸਨਮਾਨ ਦਿਵਾਊਂ' ਅਰਥਾਤ ਵਾਰੀ-ਵੱਟੀ। ਇਸਤਰੀ ਲੇਖਕ, ਨੌਕਰੀ ਜਾਂ ਸਨਮਾਨਾਂ ਦੀ ਪ੍ਰਾਪਤੀ ਲਈ ਆਪਣੀ ਇੱਜ਼ਤ ਦਾਅ 'ਤੇ ਲਾਉਂਦੀਆਂ ਨਾਵਲ ਵਿਚੋਂ ਪੜ੍ਹੀਆਂ ਜਾ ਸਕਦੀਆਂ ਹਨ। ਅਸਤਿਤਵਵਾਦੀ ਦ੍ਰਿਸ਼ਟੀ ਤੋਂ ਅਜਿਹੀਆਂ ਘਟੀਆ ਗਤੀਵਿਧੀਆਂ ਵਿਚ ਸ਼ਾਮਿਲ ਦੋਵੇਂ ਧਿਰਾਂ (ਜੁਗਾੜੀਏ/ਅਲੇਖਕ ਪੱਖਪਾਤੀ ਸਨਮਾਨ-ਦਾਤੇ) ਦੇ ਕਿਰਦਾਰਾਂ ਦਾ ਅਸਤਿਤਵ ਅਪ੍ਰਮਾਣਿਕ ਮੰਨਿਆ ਜਾ ਸਕਦਾ ਹੈ। ਨਾਵਲ ਦਾ ਅਧਿਐਨ ਕਰਦਿਆਂ ਸੁਰਮੀਤ, ਪਰਮਦੀਪ, ਨਸੀਮ ਧਾਮੀ ਅਤੇ ਰਿਆਜ਼ ਦਾ ਅਸਤਿਤਵ ਪ੍ਰਮਾਣਿਕ ਸਿੱਧ ਹੁੰਦਾ ਹੈ।
ਨਾਵਲ ਦਾ ਅੰਤ ਸ਼ੈਕਸਪੀਅਰ ਦੇ ਨਾਟਕਾਂ (ਟ੍ਰੈਜਡੀਆਂ) ਵਰਗਾ 'ਦੁਖਾਂਤ' ਸਿਰਜਦਾ ਹੈ। ਨਾਵਲ ਦਾ ਮੁੱਖ-ਨਾਇਕ ਹੋਰਾਂ ਰੋਗਾਂ ਤੋਂ ਪੀੜਤ ਹੋਣ ਦੇ ਨਾਲ-ਨਾਲ 'ਵਿਆਗਰਾ' ਵਰਗੀਆਂ ਗੋਲੀਆਂ ਦੀ ਵਰਤੋਂ ਕਾਰਨ ਗ਼ੈਰ-ਕੁਦਰਤੀ ਮੌਤ ਮਰਦਾ ਹੈ। ਜਦੋਂ ਕਿ ਉਸ ਨੂੰ ਨਾਵਲਕਾਰ ਨੇ ਮਹਾਨ ਵਿਦਵਾਨ ਦਰਸਾਇਆ ਹੈ। ਇਕ ਗੁੱਝਾ (ਗੁਪਤ) ਭੇਦ ਜ਼ਾਹਰ ਹੋਣ ਕਾਰਨ ਓਰਵਸ਼ੀ ਖੰਨਾ ਪਤਨੀ ਜਗਮੋਹਨ ਖੰਨਾ ਸਦਮੇ ਨਾਲ ਆਤਮ-ਹੱਤਿਆ ਕਰ ਜਾਂਦੀ ਹੈ।
ਨਾਵਲ ਦੀ ਬਣਤਰ ਪੰਜ ਭਾਗਾਂ ਤੋਂ ਅੱਗੇ ਉਪ-ਭਾਗਾਂ ਵਿਚ ਵੰਡੀ ਹੋਈ ਹੈ। ਕੁਝ ਸ਼ਕਤੀਸ਼ਾਲੀ ਮੈਟਾਫਰ ਬਿਰਤਾਂਤ ਨੂੰ ਡੂੰਘੇ ਅਰਥ ਪ੍ਰਦਾਨ ਕਰਦੇ ਹਨ, ਮਸਲਨ : ਪੌੜੀਆਂ, ਸਵੈਟਰ, ਕੁੰਢੀ, ਕਰਜ਼ੇ ਦੀਆਂ ਕਿਸ਼ਤਾਂ/ਫੀਸਾਂ, ਸ਼ਰ੍ਹੇਆਮ, ਗੋਸ਼ਤ, ਕਲਕੱਤਾ, ਮੌਸਮ ਆਦਿ। ਸੰਖੇਪ ਇਹ ਕਿ ਵਿਸ਼ਾ ਅਤੇ ਇਸ ਨਾਵਲ ਦੀਆਂ ਬਿਰਤਾਂਤਕ-ਜੁਗਤਾਂ ਵਡੇਰੇ ਖੋਜ-ਪੱਤਰ ਦੀ ਮੰਗ ਕਰਦੀਆਂ ਹਨ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਉਦਾਸ ਕਾਮਰੇਡ

ਲੇਖਕ : ਮਨਜਿੰਦਰ ਕਮਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 98551-77432.


'ਉਦਾਸ ਕਾਮਰੇਡ' ਕਾਵਿ ਸੰਗ੍ਰਹਿ ਮਨਜਿੰਦਰ ਕਮਲ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਪੁਸਤਕ 'ਚ ਉਸ ਦੀਆਂ ਕਰੀਬ 55 ਕਾਵਿ ਰਚਨਾਵਾਂ ਸ਼ਾਮਿਲ ਹਨ। ਮਨਜਿੰਦਰ ਕਮਲ ਦੀ ਕਵਿਤਾ ਮੌਲਿਕ ਮੁਹਾਵਰੇ ਨਾਲ ਲਬਰੇਜ਼ ਜ਼ਿੰਦਗੀ ਦੇ ਨਵੇਂ ਅਰਥ ਪ੍ਰਦਾਨ ਕਰਦੀ ਜਾਪਦੀ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਅਜੋਕੀਆਂ ਸਮਾਜਿਕ ਪ੍ਰਸਥਿਤੀਆਂ, ਧਨਾਢ ਜਮਾਤ ਵਲੋਂ ਕਿਰਤੀ ਲੋਕਾਂ ਦੀ ਲੁੱਟ-ਖਸੁੱਟ, ਰੂੜ੍ਹੀਵਾਦੀ ਵਿਚਾਰਧਾਰਾ ਅਤੇ ਪਖੰਡਵਾਦ ਖਿਲਾਫ਼ ਵਿਦਰੋਹ, ਮਿਹਨਤਕਸ਼ ਲੋਕਾਂ ਦਾ ਦਰਦ ਸਾਫ਼ ਝਲਕਦਾ ਹੈ :
ਸੁਮੇਲ ਸਿਹੁੰ ਦੀ ਬੀਜੀ ਫ਼ਸਲ ਆੜ੍ਹਤੀ ਦਾ ਵਿਆਜ ਹੋ ਨਿੱਬੜੀ
ਹੁਣ ਸੁਮੇਲ ਸਿਹੁੰ ਹਰ ਛੇ ਮਹੀਨੇ ਫ਼ਸਲ ਨਹੀਂ ਵਿਆਜ ਬੀਜਦਾ ਹੈ
ਉਸ ਦਾ ਮੂਲ ਦਲਾਲਾਂ ਵਿਚਕਾਰ ਵੰਡਿਆ ਜਾ ਚੁੱਕਾ ਹੈ। (ਪੰਨਾ ਨੰ: 39)
ਕਵੀ ਮਨਜਿੰਦਰ ਕਮਲ ਦੀ ਕਵਿਤਾ 'ਚ ਤਾਜ਼ਗੀ ਤੇ ਨਵਾਂਪਣ ਹੈ। ਕਹਾਣੀ ਜਾਂ ਨਾਵਲ ਵਾਂਗ ਕਵਿਤਾ 'ਚ ਪਾਠਕਾਂ ਸਾਹਵੇਂ ਪਾਤਰ ਆ ਖੜੋਂਦੇ ਹਨ। ਇਨ੍ਹਾਂ ਕਵਿਤਾਵਾਂ 'ਚ ਮਹਿੰਗਾ, ਬਚਨਾ, ਸ਼ਿਮਲਾ, ਹਰੀ, ਦਲੇਰ ਸਿਹੁੰ, ਉਜਾਗਰ, ਭਜਨ, ਸੁਮੇਲ ਸਿਹੁੰ ਆਦਿ ਪਾਤਰ ਪਾਠਕ ਦੇ ਧੁਰ ਅੰਦਰ ਤੱਕ ਲਹਿ ਜਾਂਦੇ ਹਨ ਅਤੇ ਜ਼ਿੰਦਗੀ ਦੇ ਨਵੀਨ ਅਰਥਾਂ ਨੂੰ ਸਾਕਾਰ ਕਰਦੇ ਜਾਪਦੇ ਹਨ। ਕਮਲ ਦੀਆਂ ਕਵਿਤਾਵਾਂ 'ਚ ਮਿਹਨਤਕਸ਼ ਲੋਕਾਂ ਦੇ ਨਸੀਬ ਜਾਗਣ ਦੀ ਤਾਂਘ ਹੈ। ਆਪਣੇ ਹੱਕਾਂ ਲਈ ਲੜਨ ਲਈ ਕਿਰਤੀ ਲੋਕਾਂ ਨੂੰ ਇਕ ਵੰਗਾਰ ਹੈ। ਇਨ੍ਹਾਂ ਕਵਿਤਾਵਾਂ 'ਚ ਵੱਡੀਆਂ ਰਮਜ਼ਾਂ ਛੁਪੀਆਂ ਹੋਈਆਂ ਹਨ ਜੋ ਪਾਠਕ ਨੂੰ ਧਰ ਅੰਦਰ ਤੱਕ ਝੰਜੋੜਦੀਆਂ ਹਨ :
ਸਜ਼ਾ ਸੱਚ ਬੋਲਣ 'ਤੇ ਮਿਲਦੀ ਹੈ
ਸੱਚ ਸੋਚਣ 'ਤੇ ਨਹੀਂ
ਇਸ ਲਈ
ਉਹ ਸਾਰੀ ਉਮਰ ਸੋਚਦਾ ਰਿਹਾ। (ਪੰਨਾ ਨੰ: 67)
ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ 'ਚ ਬੌਧਿਕ ਗਹਿਰਾਈ ਵੀ ਹੈ ਅਤੇ ਇਸੇ ਕਰਕੇ ਇਹ ਪੁਸਤਕ ਪੜ੍ਹਨ ਅਤੇ ਸਾਂਭਣਯੋਗ ਹੈ।


ਮਨਜੀਤ ਸਿੰਘ ਘੜੈਲੀ
ਮੋ: 98153-91625


ਪਾਕਿਸਤਾਨੀ ਪੰਜਾਬੀ ਕਵਿਤਾ
(ਸਮੀਖਿਆ ਤੇ ਸੰਪਾਦਨ)
ਲੇਖਕ: ਬਲਬੀਰ ਸਿੰਘ ਮੁਕੇਰੀਆਂ, ਨਿਰਮਲ ਕੌਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 182
ਸੰਪਰਕ : 98880-29403.


'ਪਾਕਿਸਤਾਨੀ ਪੰਜਾਬੀ ਕਵਿਤਾ' (ਸਮੀਖਿਆ ਅਤੇ ਸੰਪਾਦਨ) ਬਲਬੀਰ ਸਿੰਘ ਮੁਕੇਰੀਆਂ ਅਤੇ ਨਿਰਮਲ ਕੌਰ ਦੇ ਕਈ ਦਹਾਕਿਆਂ ਦੇ ਨਿਰੰਤਰ ਅਧਿਐਨ ਦਾ ਨਿਚੋੜ ਹੈ। ਉੱਨੀ ਸੌ ਸੰਤਾਲੀ ਦੀ ਵੰਡ ਦੇ ਭਿਆਨਕ ਦਰਦ ਨੂੰ ਚੜ੍ਹਦੇ-ਲਹਿੰਦੇ ਪੰਜਾਬ ਦੇ ਕਵੀਆਂ ਨੇ ਵੀ ਆਪਣੇ ਪਿੰਡਿਆਂ 'ਤੇ ਹੰਢਾਇਆ ਹੈ। ਉਸਤਾਦ ਦਾਮਨ, ਨਜ਼ਮ ਹੁਸੈਨ ਸੱਯਦ, ਅੰਮ੍ਰਿਤਾ ਪ੍ਰੀਤਮ ਅਤੇ ਮੋਹਨ ਸਿੰਘ ਨੇ ਇਸ ਦੁਖਾਂਤ ਨੂੰ ਬੜੇ ਭਾਵਪੂਰਨ ਢੰਗ ਨਾਲ ਕਲਮਬੱਧ ਕੀਤਾ ਸੀ ਪਰ ਪਾਕਿਸਤਾਨੀ ਕਵਿਤਾ ਬਾਰੇ ਤੁਲਨਾਤਮਿਕ ਅਧਿਐਨ ਦੇ ਨਜ਼ਰੀਏ ਤੋਂ ਲਿਖੀ ਇਹ ਪੁਸਤਕ ਆਪਣੇ ਆਪ ਵਿਚ ਬੜੀ ਵਿਲੱਖਣ ਹੈ।
ਇਸ ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡ ਕੇ ਬੜੀ ਖ਼ੂਬਸੂਰਤ ਦਿੱਖ ਦਿੱਤੀ ਗਈ ਹੈ। ਪਹਿਲੇ ਭਾਗ ਵਿਚ ਕੁਝ ਉੱਘੇ ਦਾਨਿਸ਼ਵਰਾਂ ਪ੍ਰੋ. ਇਸ਼ਹਾਕ ਸਰਵਰ, ਸੱਯਦ ਅਫ਼ਜ਼ਲ ਹੈਦਰ, ਹਬੀਬ ਜਾਲਿਬ, ਹਰਭਜਨ ਸਿੰਘ ਹੁੰਦਲ ਦੇ ਪਾਕਿਸਤਾਨੀ ਪੰਜਾਬੀ ਅਦਬ ਬਾਰੇ ਵਿਚਾਰ ਅਤੇ ਫ਼ਖ਼ਰ ਜ਼ਮਾਨ ਨਾਲ ਇਲਿਆਸ ਘੁੰਮਣ ਦੀ ਮੁਲਾਕਾਤ ਦੇ ਕੁਝ ਅੰਸ਼ ਦਰਜ ਹਨ। ਦੂਜੇ ਭਾਗ ਵਿਚ ਪਾਕਿਸਤਾਨੀ ਕਵਿਤਾ ਦੇ ਮੁਹਾਂਦਰੇ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਤੀਜੇ ਹਿੱਸੇ ਵਿਚ ਪਾਕਿਸਤਾਨੀ ਪੰਜਾਬੀ ਕਵਿਤਾ ਦੇ ਤੁਲਨਾਤਮਿਕ ਅਧਿਐਨ ਦੇ ਰੂਪ ਵਿਚ ਸਮੀਖਿਆ ਕੀਤੀ ਗਈ ਹੈ। ਚੌਥੇ ਭਾਗ ਨੂੰ ਕੁਝ ਉੱਘੇ ਪਾਕਿਸਤਾਨੀ ਕਵੀਆਂ ਦੀ ਕਵਿਤਾ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਆਖ਼ਰੀ ਪੰਜਵੇਂ ਹਿੱਸੇ ਵਿਚ ਉਨ੍ਹਾਂ ਕਵੀਆਂ ਬਾਰੇ ਸੰਖੇਪ ਜਾਣ-ਪਛਾਣ ਕਰਵਾਉਣ ਦੇ ਨਾਲ-ਨਾਲ ਪੁਸਤਕ ਦੀ ਤਿਆਰੀ ਕਰਦਿਆਂ, ਅਧਿਐਨ ਦਾ ਹਿੱਸਾ ਬਣੀਆਂ ਪੁਸਤਕਾਂ ਦੇ ਹਵਾਲੇ ਦਿੱਤੇ ਗਏ ਹਨ। ਦੋਵਾਂ ਪੰਜਾਬਾਂ ਦੀ ਦਿਲੀ ਸਾਂਝ ਅਤੇ ਪੀੜਾ ਨੂੰ ਸਮਰਪਿਤ ਉਸਤਾਦ ਦਾਮਨ ਦੇ ਇਸ ਸ਼ਿਅਰ ਨਾਲ, ਮੈਂ ਉਨ੍ਹਾਂ ਦੇ ਇਸ ਬੇਹੱਦ ਮਹੱਤਵਪੂਰਨ ਕਾਰਜ ਨੂੰ ਸਿਜਦਾ ਕਰਦਾ ਹਾਂ।
ਪਾਕਿਸਤਾਨ ਦੀ ਅਜਬ ਏ ਵੰਡ ਹੋਈ,
ਥੋੜ੍ਹਾ ਏਸ ਪਾਸੇ, ਥੋੜ੍ਹਾ ਓਸ ਪਾਸੇ।
ਕੀ ਇਨ੍ਹਾਂ ਜਰਾਹਾਂ ਇਲਾਜ ਕਰਨਾ,
ਮਰਹਮ ਏਸ ਪਾਸੇ, ਫੋੜਾ ਓਸ ਪਾਸੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਬਾਲ ਭਗਤ ਸਿੰਘ

ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 98158-08506.


ਪੰਜਾਬੀ ਸਾਹਿਤ ਵਿਚ ਸਮੇਂ-ਸਮੇਂ 'ਤੇ ਬੱਚਿਆਂ ਲਈ ਜੀਵਨੀ ਮੂਲਕ ਨਾਵਲ ਲਿਖੇ ਗਏ ਹਨ। ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਡਾ. ਸ਼ਿਆਮ ਸੁੰਦਰ ਦੀਪਤੀ ਨੇ 'ਬਾਲ ਭਗਤ ਸਿੰਘ' ਦੀ ਰਚਨਾ ਕੀਤੀ ਹੈ ਜੋ ਭਗਤ ਸਿੰਘ ਦੀ ਬਾਲ ਅਵਸਥਾ ਉੱਪਰ ਕੇਂਦਰਿਤ ਹੈ। 16 ਕਾਂਡਾਂ ਵਿਚ ਵਿਭਾਜਿਤ ਇਸ ਨਾਵਲ ਦਾ ਆਗ਼ਾਜ਼ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਚੱਕ ਨੰਬਰ 105 ਬੰਗਾ ਵਿਖੇ ਸਰਦਾਰ ਅਰਜਨ ਸਿੰਘ ਵਲੋਂ ਮਰੀਜ਼ਾਂ ਨੂੰ ਯੂਨਾਨੀ ਦਵਾਈਆਂ ਦੇਣ ਦੇ ਦ੍ਰਿਸ਼ ਨਾਲ ਹੁੰਦਾ ਹੈ। ਇਸ ਉਪਰੰਤ ਬਾਲ ਭਗਤ ਸਿੰਘ ਆਪਣੇ ਮਾਪਿਆਂ, ਪਰਿਵਾਰਕ ਜੀਆਂ ਅਤੇ ਘਰ ਆਉਣ ਵਾਲੇ ਦੇਸ਼-ਭਗਤਾਂ ਕੋਲੋਂ ਅੰਗਰੇਜ਼ੀ ਹਕੂਮਤ ਦੀਆਂ ਜ਼ਿਆਦਤੀਆਂ ਅਤੇ ਜ਼ੁਲਮਾਂ ਬਾਰੇ ਸੁਣਦਾ ਹੈ। ਲਾਲਾ ਲਾਜਪਤ ਰਾਏ ਦੀ ਗ੍ਰਿਫ਼ਤਾਰੀ ਉਪਰੰਤ ਤੇਜ਼ ਹੋਇਆ ਅੰਗਰੇਜ਼ੀ-ਹਕੂਮਤ ਵਿਰੋਧੀ ਅੰਦੋਲਨ ਉਸ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਬਦਲੇ ਦੀ ਭਾਵਨਾ ਨੂੰ ਹੋਰ ਭੜਕਾ ਦਿੰਦਾ ਹੈ। ਸਕੂਲੀ ਸਮੇਂ ਦੌਰਾਨ ਉਸ ਦੀਆਂ ਸਰੀਰਕ, ਮਾਨਸਿਕ ਅਤੇ ਬੌਧਿਕ ਕਿਰਿਆਵਾਂ ਉਸ ਨੂੰ ਦੂਜੇ ਵਿਦਿਆਰਥੀਆਂ ਨਾਲੋਂ ਵੱਖਰਾ ਅਤੇ ਵਿਸ਼ੇਸ਼ ਸੋਚਣੀ ਵਾਲਾ ਵਿਦਿਆਰਥੀ ਸਿੱਧ ਕਰਦੀਆਂ ਹਨ। ਅਖ਼ੀਰ ਬਾਲ ਭਗਤ ਇਸ ਸਿੱਟੇ 'ਤੇ ਅੱਪੜਦਾ ਹੈ ਕਿ ਆਪਣੇ ਹੱਕ ਅਤੇ ਦੇਸ਼ ਦੀ ਰਖਵਾਲੀ ਲਈ ਲੜਨਾ ਅਤੇ ਜ਼ਿਆਦਤੀਆਂ ਸਹਿਣ ਨਾ ਕਰਨਾ ਮਨੁੱਖੀ ਸੰਘਰਸ਼ ਦਾ ਪਹਿਲਾ ਮਹੱਤਵਪੂਰਨ ਕਾਰਜ ਹੈ। ਉਹ ਇਸ ਧਾਰਨਾ ਨੂੰ ਵੀ ਦ੍ਰਿੜ੍ਹ ਕਰਵਾਉਂਦਾ ਹੈ ਕਿ ਇਨਸਾਨੀਅਤ ਅਸੂਲਾਂ ਉੱਪਰ ਪਹਿਰਾ ਦਿੰਦੇ ਹੋਏ ਹੌਸਲਾ ਬਰਕਰਾਰ ਰੱਖਣ ਵਾਲੇ ਵਿਅਕਤੀਆਂ ਦੀ ਮੰਜ਼ਿਲ ਬਹੁਤੀ ਦੂਰ ਨਹੀਂ ਹੁੰਦੀ। ਇਸ ਬਾਲ ਨਾਵਲ ਵਿਚ ਲੇਖਕ ਨੇ ਭਗਤ ਸਿੰਘ ਦੇ ਬਚਪਨ ਦੀ ਸ਼ਖ਼ਸੀਅਤ ਨੂੰ ਕੇਂਦਰ ਵਿਚ ਰੱਖ ਕੇ ਉਭਾਰਿਆ ਹੈ। ਇਹ ਕ੍ਰਿਤ ਬਾਲ ਭਗਤ ਦੀ ਇਸ ਨਿੱਗਰ ਸੋਚਣੀ ਦਾ ਸੰਚਾਰ ਕਰਦੀ ਹੈ ਕਿ ਦੁਨਿਆਵੀ ਸੁੱਖਾਂ ਅਤੇ ਇੱਛਾਵਾਂ ਦਾ ਤਿਆਗ ਕਰਕੇ ਹੀ ਆਪਣੇ ਵਤਨ ਦੀ ਸੇਵਾ ਕਰਨੀ ਅਸਲੀ ਧਰਮ ਹੁੰਦਾ ਹੈ। ਇਸ ਪੁਸਤਕ ਵਿਚ ਨਾਵਲਕਾਰ ਨੇ ਵੰਨ-ਸੁਵੰਨੇ ਦੇਸ਼ ਭਗਤੀ ਦੇ ਗੀਤ ਅਤੇ ਬਾਲ ਭਗਤ ਦੇ ਲਿਖੇ ਪੱਤਰ ਵੀ ਸ਼ਾਮਿਲ ਕੀਤੇ ਹਨ। ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਇਸ ਨੂੰ ਹੋਰ ਦਿਲਚਸਪੀ ਪ੍ਰਦਾਨ ਕਰਦੀ ਹੈ। ਬੱਚਿਆਂ ਨੂੰ ਇਤਿਹਾਸਕ ਵਾਕਫ਼ੀਅਤ ਪ੍ਰਦਾਨ ਕਰਨ ਵਾਲਾ ਇਹ ਨਾਵਲ ਅੱਠ ਤੋਂ ਅਠਾਰਾਂ ਸਾਲਾਂ ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ. 98144-23703


ਸਾਹਿਤ ਰਿਸ਼ੀ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ
ਸੰਪਾਦਕ : ਡਾ. ਪਰਮਿੰਦਰ ਸਿੰਘ ਬੈਨੀਪਾਲ
ਪ੍ਰਕਾਸ਼ਕ : ਦਿਲਦੀਪ ਪ੍ਰਕਾਸ਼ਨ, ਸਮਰਾਲਾ (ਲੁਧਿਆਣਾ)
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94634-13551.


ਕਿਸੇ ਸ਼ਖ਼ਸੀਅਤ ਦੇ ਤੁਰ ਜਾਣ ਤੋਂ ਬਾਅਦ ਜੇਕਰ ਕੋਈ ਅਦਾਰਾ, ਸੰਸਥਾ, ਅਕਾਦਮੀ, ਯੂਨੀਵਰਸਿਟੀ ਜਾਂ ਪਰਿਵਾਰ ਉਸ ਸ਼ਖ਼ਸੀਅਤ ਦੀ ਜੀਵਨ-ਕੀਰਤੀ ਤੇ ਸੇਵਾਵਾਂ ਨੂੰ ਮੁੱਖ ਰੱਖਦਿਆਂ ਕੋਈ ਪੁਸਤਕ ਜਾਂ ਅਭਿਨੰਦਨ ਗ੍ਰੰਥ ਤਿਆਰ ਕਰਦਾ ਹੈ ਤਾਂ ਇਹ ਕਾਰਜ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਰਗ ਦਰਸ਼ਨ ਬਣ ਸਕਦਾ ਹੈ। ਉੱਘੇ ਤੇ ਬਹੁਵਿਧਾਈ ਸਾਹਿਤਕਾਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਤੁਰ ਜਾਣ ਪਿੱਛੋਂ ਹਥਲੀ ਪੁਸਤਕ ਇਕ ਅਜਿਹਾ ਹੀ ਸ਼ਲਾਘਾਯੋਗ ਕਦਮ ਹੈ।
'ਸਾਹਿਤ ਰਿਸ਼ੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ' ਵਿਚ 29 ਰਚਨਾਕਾਰਾਂ ਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੁਸਤਕ ਦੇ ਵਿਚਕਾਰ 30 ਰੰਗਦਾਰ ਤਸਵੀਰਾਂ ਪ੍ਰੋ. ਨੌਸ਼ਹਿਰਵੀ ਦੇ ਸਮੁੱਚੇ ਜੀਵਨ ਦੀਆਂ ਝਲਕੀਆਂ ਸੁੰਦਰ ਪ੍ਰਭਾਵ ਪਾਉਂਦੀਆਂ ਹਨ। ਇਸ ਪੱਖੋਂ ਇਸ ਸੰਗ੍ਰਹਿ ਨੂੰ ਅਭਿਨੰਦਨ ਗ੍ਰੰਥ ਵੀ ਕਿਹਾ ਜਾ ਸਕਦਾ ਹੈ। ਆਰੰਭ ਵਿਚ ਪ੍ਰੋ. ਨੌਸ਼ਹਿਰਵੀ ਰਚਨਾਵਲੀ ਤੋਂ ਪਤਾ ਲਗਦਾ ਹੈ ਕਿ ਪ੍ਰੋ. ਸਾਹਿਬ ਦੇ 12 ਕਾਵਿ-ਸੰਗ੍ਰਹਿ, 5 ਕਹਾਣੀ ਸੰਗ੍ਰਹਿ ਅਤੇ 4 ਲੇਖ ਪੁਸਤਕਾਂ ਜੀਵਨ-ਕਾਲ 'ਚ ਪ੍ਰਕਾਸ਼ਿਤ ਹੋਈਆਂ। ਪੁਸਤਕ ਦੇ ਅੰਤਲੇ ਭਾਗ 'ਚ ਪ੍ਰੋ. ਨੌਸ਼ਹਿਰਵੀ ਦੀਆਂ ਪ੍ਰਮੁੱਖ 12 ਕਵਿਤਾਵਾਂ ਵੱਖੋ-ਵੱਖਰੀਆਂ ਕਾਵਿ-ਪੁਸਤਕਾਂ 'ਚੋਂ ਚੁਣੀਆਂ ਗਈਆਂ ਹਨ, ਪੰਜ ਚਰਚਿਤ ਕਹਾਣੀਆਂ ਹਨ ਅਤੇ ਚਾਰ ਲੇਖ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਪਾਠਕ ਪ੍ਰੋ. ਨੌਸ਼ਹਿਰਵੀ ਦੀ ਸਾਹਿਤਕ ਸਿਰਜਣਾ 'ਚੋਂ ਲੰਘਦਿਆਂ ਇਕ ਅਨੂਠਾ ਅਹਿਸਾਸ ਹਾਸਲ ਕਰਦਾ ਹੈ ਤੇ ਸਾਹਿਤ ਰਿਸ਼ੀ ਦੇ ਸ਼ਬਦ ਮੂੰਹੋਂ ਨਿਕਲਣੇ ਸੁਭਾਵਿਕ ਹਨ। ਇਹੋ ਇਸ ਪੁਸਤਕ ਦਾ ਬਿੰਬ ਉੱਘੜਦਾ ਹੈ। ਪੁਸਤਕ ਦਾ ਅਧਿਐਨ ਕਰਨ ਪਿੱਛੋਂ ਪ੍ਰਿੰ. ਬੈਨੀਪਾਲ ਦੀ ਟਿੱਪਣੀ ਨਾਲ ਸਹਿਮਤੀ ਇੰਜ ਬਣਦੀ ਹੈ : 'ਆਪਣੀ ਉਮਰ ਦੇ 84ਵੇਂ ਵਰ੍ਹੇ ਵਿਚ ਅਜਿਹੀ ਚੜ੍ਹਦੀ ਕਲਾ ਵਾਲੀ ਸੋਚ ਦਾ ਧਾਰਨੀ ਸੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ। ਪੁਖਤਾ ਇਰਾਦਾ, ਲੋਕ ਪੀੜਾ ਨੂੰ ਪਰਨਾਇਆ, ਉਸਾਰੂ ਤੇ ਦੂਰਦ੍ਰਿਸ਼ਟੀ ਵਾਲੀ ਪਹੁੰਚ ਦਾ ਧਾਰਨੀ, ਕਿਰਤੀਆਂ-ਕਿਸਾਨਾਂ-ਜਵਾਨਾਂ ਤੇ ਔਰਤਾਂ ਦੇ ਹੱਕਾਂ ਲਈ ਸਦਾ ਜੂਝਣ ਵਾਲਾ, ਲੋੜਵੰਦਾਂ ਦੀ ਸਹਾਇਤਾ ਲਈ ਸਦਾ ਤਿਆਰ ਰਹਿਣ ਵਾਲਾ ਤੇ ਜੀਣ ਦੀ ਪ੍ਰਬਲ ਇੱਛਾ ਰੱਖਣ ਵਾਲਾ।' ਡਾ. ਬੈਨੀਪਾਲ ਉਸ ਨੂੰ ਕਿਰਤ ਦਾ ਅਣਥਕ ਕਾਮਾ ਨਾਲ ਸੰਬੋਧਨ ਹੁੰਦਾ ਹੈ। ਬਲਬੀਰ ਸਿੰਘ ਬਘੌਰ ਨੂੰ ਪਰਛਾਵੇਂ ਦੀ ਧੁੱਪ ਦਾ ਫੁੱਲ ਲਗਦਾ ਹੈ। ਤੇਲੂ ਰਾਮ ਕੁਹਾੜਾ ਨੂੰ ਪ੍ਰਕਿਰਤੀ ਦੇ ਅੰਗ-ਸੰਗ ਜਾਪਦਾ, ਰਾਮ ਸਰੂਪ ਰਿਖੀ ਨੂੰ ਵਿਲੱਖਣ ਸ਼ਖ਼ਸੀਅਤ, ਦੀਪ ਦਿਲਬਰ ਨੂੰ ਸਮਰਾਲੇ ਇਲਾਕੇ ਦੇ ਲੇਖਕਾਂ ਦੀ ਹੋਣੀ ਮਿੱਥਦਾ, ਕਵਿਤਾ ਭਵਨ ਦਾ ਵਾਸੀ ਸੀ ਨਿਰੰਜਣ ਬੋਹਾ ਲਈ, ਸੁਰਿੰਦਰ ਰਾਮਪੁਰੀ ਦੇ ਚੇਤਿਆਂ 'ਚ ਵਸਿਆ ਹੋਇਆ, ਕਰਮਜੀਤ ਸਿੰਘ ਅਜ਼ਾਦ ਲਈ ਬਾਪੂ ਦਾ ਵਿਛੋੜਾ, ਐਸ. ਨਸੀਮ ਲਈ ਨਿਵੇਕਲੀ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਰਾਮਦਾਸ ਬੰਗੜ ਲਈ ਕਿਰਤੀਆਂ ਦਾ ਹਮਦਰਦ, ਡਾ. ਸੁਦਰਸ਼ਨ ਗਾਸੋ ਨੂੰ ਸ਼ਾਂਤ ਵਹਿੰਦਾ ਦਰਿਆ ਲਗਦਾ, ਦਲਜੀਤ ਸਿੰਘ ਸ਼ਾਹੀ ਨੂੰ ਖੰਡ ਲੱਗੇ ਫੁਲਕੇ ਦੀ ਯਾਦ ਆਉਂਦੀ, ਡਾ. ਗੁਰਦਰਪਾਲ ਸਿੰਘ ਆਫ਼ਤਾਬੀ ਊਰਜਾ ਦੀ ਆਬਸ਼ਾਰ ਨਾਲ ਤਰਜੀਹ ਦਿੰਦਾ, ਰਘਬੀਰ ਸਿੰਘ ਭਰਤ ਕਹਾਣੀਕਾਰ ਦੇ ਤੌਰ 'ਤੇ ਆਂਕਦਾ, ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਨਜ਼ਰੇ ਇਕ ਲਹਿਰ ਇਕ ਸੰਸਥਾ ਹੈ ਪ੍ਰੋ. ਨੌਸ਼ਹਿਰਵੀ, ਪ੍ਰੋ. ਹਿੰਮਤ ਸਿੰਘ ਸੋਢੀ ਸਾਹਿਤ ਰਤਨ ਦਾ ਰੁਤਬਾ ਦਿੰਦਾ, ਡਾ. ਈਸ਼ਰ ਸਿੰਘ ਤਾਂਘ ਲਈ ਕਿਰਤੀਆਂ-ਕਿਸਾਨਾਂ ਦਾ ਹਮਦਰਦ, ਮੁੜ੍ਹਕੇ ਦਾ ਮਾਣਕ ਹੈ ਡਾ. ਸੁਰਿੰਦਰ ਕਾਹਲੋਂ ਲਈ, ਰਾਮ ਸਰੂਪ ਅਣਖੀ ਨੇ ਬੀਬਾ, ਨਿਰਛਲ ਤੇ ਨਿਰਕਪਟ ਕਹਿ ਕੇ ਯਾਦ ਕੀਤਾ, ਮਹਿੰਦਰ ਸਿੰਘ ਮਾਨੂੰਪੁਰੀ ਦੇ ਸ਼ਬਦਾਂ 'ਚ ਖੁੱਲ੍ਹੇ ਆਕਾਸ਼ ਵਰਗਾ ਇਨਸਾਨ, ਗੁਲਵੰਤ ਮਲੌਦਵੀ ਦੇ ਨਾਂਅ 'ਤੇ ਹੀ ਸਾਹਿਤ ਰਿਸ਼ੀ ਪੁਸਤਕ ਦਾ ਨਾਮਕਰਨ ਹੋਇਆ, ਗੁਰਦਿਆਲ ਦਲਾਲ ਦੀ ਤੱਕਣੀ 'ਚ ਕ੍ਰਾਂਤੀ ਦਾ ਚਾਹਵਾਨ, ਹਰਬੰਸ ਮਾਲਵਾ ਵਾਰਤਕ 'ਚੋਂ ਜੀਵਨ-ਜਾਚ ਦੀ ਲਿਖਤਾਂ ਵਾਲਾ ਸਾਹਿਤਕਾਰ ਮੰਨਦਾ, ਪ੍ਰੋ. ਐਸ. ਸੋਜ਼ ਨੂੰ ਕਾਫਲਾ ਇਕ ਆਦਮੀ ਜਾਪਿਆ, ਡਾ. ਭੀਮਇੰਦਰ ਸਿੰਘ ਮਿਹਨਤ ਦਾ ਮੁਜੱਸਮਾ ਨਾਲ ਬਿੰਬਤ ਕਰਦਾ, ਅੰਤ 'ਚ ਅਜੈਬ ਸੁਚੇਤ ਸਮਰਾਲਾ ਵਲੋਂ ਕੀਤੀ ਮੁਲਾਕਾਤ ਪ੍ਰੋ. ਨੌਸ਼ਹਿਰਵੀ ਦੇ ਭਰਪੂਰ ਦਰਸ਼ਨ ਕਰਵਾ ਦਿੰਦੀ ਹੈ। ਨਿਰਮਲ ਸੰਧੂ, ਏਕਤਾ ਧਾਲੀਵਾਲ ਤੇ ਨਮਰਤਾ ਧਾਲੀਵਾਲ ਵਲੋਂ ਅੰਗਰੇਜ਼ੀ 'ਚ ਸ਼ਰਧਾਂਜਲੀ ਦਿੱਤੀ ਗਈ ਹੈ। ਇੰਜ ਪ੍ਰੋ. ਨੌਸ਼ਹਿਰਵੀ ਦੀ ਪੂਰੀ ਸ਼ਖ਼ਸੀਅਤ ਅਤੇ ਸਾਹਿਤਕ ਦੇਣ ਦੀ ਸਮੀਖਿਆ ਨੂੰ ਵੱਖੋ-ਵੱਖ ਕੋਣਾਂ ਤੋਂ ਸਲਾਹਿਆ ਗਿਆ। ਸਾਹਿਤ ਰਿਸ਼ੀ ਇਕ ਮੁਕੰਮਲ ਦਸਤਾਵੇਜ਼ ਪੜ੍ਹਨਯੋਗ ਤੇ ਸਾਂਭਣਯੋਗ ਹੈ। ਡਾ. ਬੈਨੀਪਾਲ ਬਤੌਰ ਸੰਪਾਦਕ ਮੁਬਾਰਕ ਦਾ ਹੱਕਦਾਰ ਹੈ।


ਮਨਮੋਹਨ ਸਿੰਘ ਦਾਊਂ
ਮੋ: 98151-23900


ਸਮੁੰਦਰੋਂ ਪਾਰ ਤੇਰੇ ਨਾਲ
ਲੇਖਿਕਾ : ਸੁਰਿੰਦਰ ਕੌਰ ਪੱਖੋਕੇ (ਯੂ.ਐਸ.ਏ.)
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 01679-233244.


ਸ਼ਾਇਰਾ ਸੁਰਿੰਦਰ ਕੌਰ ਪੱਖੋਕੇ (ਯੂ.ਐਸ.ਏ.) ਹਥਲੀ ਪੁਸਤਕ 'ਸਮੁੰਦਰੋਂ ਪਾਰ ਤੇਰੇ ਨਾਲ' ਤੋਂ ਪਹਿਲਾਂ ਦੋ ਕਹਾਣੀ ਸੰਗ੍ਰਹਿਆਂ 'ਰਿਸਦੇ ਜ਼ਖ਼ਮ' ਅਤੇ 'ਦੁੱਖਾਂ ਦੇ ਗੋਹੜੇ' ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਹਥਲੇ ਕਾਵਿ ਸੰਗ੍ਰਹਿ ਜੋ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਹੈ, ਜਿਸ ਦੀ ਸ਼ਾਇਰਾ ਸੰਪਾਦਕ ਵੀ ਹੈ ਤੇ ਸਹਿ ਸੰਪਾਦਕਾਂ ਰਵਿੰਦਰ ਸਹਿਰਾਹ (ਯੂ.ਐਸ.ਏ.), ਪ੍ਰੀਤਪਾਲ ਅਟਵਾਲ ਪੂਨੀ (ਕੈਨੇਡਾ) ਅਤੇ ਕੁਲਦੀਪ ਕਿੱਟੀ ਬੱਲ (ਯੂ.ਕੇ.) ਦੇ ਯਤਨਾਂ ਸਦਕਾ ਪੁਸਤਕ ਰੂਪ ਵਿਚ ਪਾਠਕਾਂ ਦੇ ਰੂਬਰੂ ਹੋ ਸਕੀ ਹੈ। ਜਿਵੇਂ ਹਰ ਕੋਈ ਆਪਣੇ ਸਾਧਨਾਂ, ਸ੍ਰੋਤਾਂ ਨਾਲ ਇਸ ਕਿਸਾਨੀ ਅੰਦੋਲਨ ਵਿਚ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ, ਇਸੇ ਤਰ੍ਹਾਂ ਸੱਤ ਸਮੁੰਦਰੋਂ ਪਾਰ ਬੈਠੇ ਅਦੀਬ ਆਪਣੇ ਕਾਵਿ ਪ੍ਰਵਚਨ ਨਾਲ ਯੋਗਦਾਨ ਪਾ ਰਹੇ ਹਨ। ਵਿਦੇਸ਼ੀਂ ਬੈਠੇ ਸ਼ਾਇਰਾਂ ਕੋਲੋਂ ਕਿਸਾਨੀ ਅੰਦੋਲਨ ਨਾਲ ਨਜ਼ਮਾਂ ਇਕੱਠੀਆਂ ਕਰਕੇ ਕਿਤਾਬੀ ਰੂਪ ਦੇਣਾ ਬੜੇ ਸਿਰੜ ਵਾਲਾ ਕੰਮ ਹੈ। ਸੋ, ਇਸ ਵਿਚ ਵਿਦੇਸ਼ੀਂ ਬੈਠੇ ਲਗਭਗ 50 ਸਿਰਜਕਾਂ ਦੀਆਂ ਨਜ਼ਮਾਂ, ਗੀਤ ਤੇ ਕਵਿਤਾਵਾਂ ਸ਼ਾਮਿਲ ਹਨ। ਸ਼ਾਇਰਾ ਨੇ ਦੱਸਿਆ ਕਿ ਕਿਵੇਂ ਕਿਸਾਨ ਸਮੇਂ ਦੀਆਂ ਸਰਕਾਰਾਂ ਵਲੋਂ ਲਗਾਏ ਬੈਰੀਕੇਡਾਂ, ਜਲ ਤੋਪਾਂ ਅਤੇ ਪੁਲਸੀ ਲਾਠੀਆਂ ਦੀ ਪਰਵਾਹ ਨਾ ਕਰਦੇ ਹੋਏ ਹਾੜ੍ਹ ਸਿਆਲ ਦੀਆਂ ਮਾਰਾਂ ਝੱਲਦੇ ਹੋਏ ਦਿੱਲੀ ਨੂੰ ਘੇਰੀ ਬੈਠੇ ਹਨ। ਹੁਣ ਇਹ ਅੰਦੋਲਨ ਇਕ ਜਨ ਅੰਦੋਲਨ ਦਾ ਰੂਪ ਧਾਰ ਚੁੱਕਾ ਹੈ ਅਤੇ ਸ਼ਾਇਰਾ ਅਨੁਸਾਰ ਹੁਣ ਸਹੀ ਦੁਸ਼ਮਣ ਦੀ ਪਛਾਣ ਹੋ ਚੁੱਕੀ ਹੈ। ਨਜ਼ਮਾਂ ਦਾ ਮੰਥਨ ਕਰਨ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਬਹੁਮਤ ਦੀ ਆੜ ਵਿਚ ਭਗਵੇਂ ਬ੍ਰਿਗੇਡ ਦੀ ਸਰਕਾਰ ਕਿਵੇਂ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਨੂੰ ਉਨ੍ਹਾਂ ਦੇ ਹੀ ਖੇਤਾਂ ਵਿਚ ਘਸਿਆਰੇ ਬਣਾਉਣ ਦੀਆਂ ਚਾਲਾਂ ਚੱਲ ਰਹੀ ਹੈ। ਨਜ਼ਮਾਂ ਦੱਸਦੀਆਂ ਹਨ ਕਿ ਦਿੱਲੀ ਦੇ ਭੂਤਰੇ ਸਾਨ੍ਹ ਨੂੰ ਮੀਣਾ ਬਣਾ ਕੇ ਕਿਸਾਨ ਜਿੱਤ ਦੇ ਦਮਾਮੇ ਮਾਰਦੇ ਘਰਾਂ ਨੂੰ ਪਰਤਣਗੇ। ਦਿੱਲੀ ਨੂੰ ਲਲਕਾਰਦੀ ਅਜੈ ਤਨਵੀਰ ਦੀ ਗ਼ਜ਼ਲ ਦਾ ਨਮੂਨਾ ਹਾਜ਼ਰ ਹੈ :
'ਪਸੀਨਾ ਡੋਲ੍ਹ ਕੇ ਹੁਣ,
ਫ਼ਸਲ ਰੀਝਾਂ ਦੀ ਹੈ ਮਹਿਕਾਣੀ
ਅਸੀਂ ਮਜ਼ਦੂਰ ਮਿਹਨਤਕਸ਼,
ਕਿਤੇ ਮਜਬੂਰ ਨਾ ਜਾਣੀ
ਕਦੇ ਖੰਜਰ ਕਦੇ ਤਲਵਾਰ 'ਤੇ
ਨੱਚੇ ਇਸੇ ਕਾਰਨ
ਅਸੀਂ ਇਹ ਫ਼ੈਸਲਾ ਕਰਨਾ,
ਕਿਸੇ ਤੋਂ ਮਾਤ ਨਾ ਖਾਣੀ।'


ਭਗਵਾਨ ਢਿੱਲੋਂ
ਮੋ: 98143-78254.

05-04-2022

 ਉੱਘੇ ਭਾਰਤੀ ਸੰਗੀਤ ਰਤਨ
ਲੇਖਕ : ਡਾ. ਰਣਜੀਤ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 139
ਸੰਪਰਕ : 98554-53539.

ਡਾ. ਰਣਜੀਤ ਸਿੰਘ ਇਨ੍ਹੀਂ ਦਿਨੀਂ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ, ਬੰਗਾ (ਸ਼ਹੀਦ ਭਗਤ ਸਿੰਘ ਨਗਰ) ਵਿਚ ਕਾਰਜਕਾਰੀ ਪ੍ਰਿੰਸੀਪਲ ਹੈ। ਇਸ ਤੋਂ ਪਹਿਲਾਂ ਉਹ ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ, ਮਿਆਣੀ (ਹੁਸ਼ਿਆਰਪੁਰ) ਅਤੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ, ਡੁਮੇਲੀ (ਕਪੂਰਥਲਾ) ਵਿਚ ਸੰਗੀਤ (ਆਵਾਜ਼) ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਚੁੱਕਾ ਹੈ। ਉਹ ਵਿਦਿਆਰਥੀ-ਜੀਵਨ ਵਿਚ ਹੀ ਆਪਣੀ ਸੰਗੀਤ-ਪ੍ਰਤਿਭਾ ਕਰਕੇ ਲੋਕਾਂ ਵਿਚ ਪਰਿਚਿਤ ਹੈ। ਪੱਤਰ-ਪੱਤ੍ਰਿਕਾਵਾਂ ਲਈ ਲਿਖਣਾ, ਸੈਮੀਨਾਰ ਤੇ ਸਾਹਿਤਕ/ਸੱਭਿਆਚਾਰਕ ਸਮਾਗਮ ਆਯੋਜਿਤ ਕਰਵਾਉਣੇ ਉਸ ਦੇ ਮਨਭਾਉਂਦੇ ਸ਼ੌਕ ਹਨ।
ਰੀਵਿਊ ਅਧੀਨ ਪੁਸਤਕ ਤੋਂ ਇਲਾਵਾ ਉਹ 'ਤਾਲ ਪ੍ਰਕਾਸ਼' ਕਿਤਾਬ ਵੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਵਿਚਾਰ ਅਧੀਨ ਕਿਤਾਬ ਵਿਚ ਇਸ ਦੇ ਨਾਂਅ ਮੁਤਾਬਿਕ ਪ੍ਰਮੁੱਖ ਭਾਰਤੀ ਸੰਗੀਤਕਾਰਾਂ ਬਾਰੇ ਉਲੇਖਯੋਗ ਜਾਣਕਾਰੀ ਮਿਲਦੀ ਹੈ। ਜਿਨ੍ਹਾਂ ਵਿਚ ਉਸਤਾਦ ਅਮੀਰ ਖਾਂ, ਸਵਾਮੀ ਹਰੀਦਾਸ, ਪੰਡਿਤ ਵਿਸ਼ਨੂੰ ਦਿਗੰਬਰ ਪਲੁਸਕਰ, ਉਸਤਾਦ ਫੈਯਾਜ਼ ਖਾਂ, ਪੰਡਿਤ ਭੀਮਸੇਨ ਜੋਸ਼ੀ, ਅਬਦੁਲ ਕਰੀਮ ਖਾਂ, ਪੰਡਿਤ ਦਲੀਪ ਚੰਦਰ ਵੇਦੀ, ਕੇਸਰਬਾਈ ਕੇਰਕਰ, ਪੰਡਿਤ ਕੁਮਾਰ ਗੰਧਰਵ, ਪਰਵੀਨ ਸੁਲਤਾਨਾ, ਹੀਰਾਬਾਈ ਬੜੋਦਕਰ, ਸ. ਸੋਹਣ ਸਿੰਘ, ਉਸਤਾਦ ਕੁਲਵਿੰਦਰ ਸਿੰਘ, ਡਾ. ਸੁਮਤਿ ਮੁਟਾਟਕਰ, ਗਿਰਿਜਾ ਦੇਵੀ, ਆਚਾਰੀਆ ਕੈਲਾਸ਼ ਚੰਦਰ ਦੇਵ ਬ੍ਰਹਸਪਤਿ, ਤਾਨਸੇਨ, ਪੰਡਿਤ ਵਿਨਾਇਕ ਰਾਓ ਪਟਵਰਧਨ, ਸ੍ਰੀ ਕ੍ਰਿਸ਼ਨ ਰਾਓ ਸ਼ੰਕਰ ਪੰਡਿਤ, ਉਸਤਾਦ ਵਿਲਾਇਤ ਹੁਸੈਨ ਖਾਂ, ਗੰਗੂਬਾਈ ਹੰਗਲ, ਅੱਲਾਦਿਆ ਖਾਂ, ਪੰਡਿਤ ਗੁਜਰਰਾਮ ਵਾਸੂਦੇਵ 'ਰਾਗੀ', ਪ੍ਰੋ. (ਡਾ.) ਦੇਵਿੰਦਰ ਕੌਰ, ਉਸਤਾਦ ਬਿਸਮਿਲਾ ਖਾਂ ਅਤੇ ਪੰਡਿਤ ਹਰੀ ਪ੍ਰਸਾਦ ਚੌਰਸੀਆ ਜਿਹੇ ਸੰਗੀਤ ਦੇ (26) ਧੁਰੰਦਰਾਂ ਬਾਰੇ ਦਿਲਚਸਪ ਜਾਣਕਾਰੀ ਹੈ।
ਕਿਤਾਬ ਦਾ ਮੁੱਖ ਬੰਦ ਪ੍ਰੋ. ਸ਼ਮਸ਼ਾਦ ਅਲੀ ਦਾ ਲਿਖਿਆ ਹੈ, ਜਦ ਕਿ ਵਰਿੰਦਰ ਸਿੰਘ ਨਿਮਾਣਾ ਨੇ ਲੇਖਕ ਬਾਰੇ ਜਾਣਕਾਰੀ ਦਿੱਤੀ ਹੈ। ਲੇਖਕ ਨੇ ਪੁਸਤਕ ਦੀ ਭੂਮਿਕਾ ਲਿਖੀ ਹੈ। ਸੰਗੀਤਕਾਰਾਂ ਬਾਰੇ ਉਨ੍ਹਾਂ ਦੇ ਜਨਮ, ਸੰਗੀਤਕ ਪਿਛੋਕੜ, ਪਰਿਵਾਰ, ਸੰਗੀਤ ਵਿੱਦਿਆ, ਪ੍ਰੋਗਰਾਮ, ਯੋਗਦਾਨ ਤੇ ਮਾਣ-ਸਨਮਾਨਾਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਵਿਭਿੰਨ ਸੰਗੀਤ ਰਤਨਾਂ ਬਾਰੇ ਜਾਣਕਾਰੀ ਦੇਣ ਤੋਂ ਪਹਿਲਾਂ ਸੰਬੰਧਿਤ ਸ਼ਖ਼ਸੀਅਤ ਦੀ ਫੋਟੋ ਹੈ ਤੇ ਫਿਰ ਤਿੰਨ ਤੋਂ ਦਸ ਪੰਨਿਆਂ ਤੱਕ ਵਿਸ਼ਿਸ਼ਟ ਜਾਣਕਾਰੀ। ਪੁਸਤਕ ਦੇ ਸਰਵਰਕ 'ਤੇ ਵੀ 14 ਸੰਗੀਤਕਾਰਾਂ ਦੀਆਂ ਰੰਗੀਨ ਤਸਵੀਰਾਂ ਸੁਸੱਜਿਤ ਹਨ। ਪੁਸਤਕ ਵਿਚ ਇਨ੍ਹਾਂ ਸੰਗੀਤਕਾਰਾਂ ਦੇ ਕ੍ਰਮ ਬਾਰੇ ਸਪੱਸ਼ਟ ਨਹੀਂ ਕੀਤਾ ਗਿਆ। ਇਹ ਜਨਮ ਮਿਤੀ ਮੁਤਾਬਿਕ ਜਾਂ ੳ, ਅ, ੲ ਕ੍ਰਮ ਮੁਤਾਬਿਕ ਤਾਂ ਬਿਲਕੁਲ ਨਹੀਂ ਹੈ। ਪੁਸਤਕ ਵਿਚ ਸੱਤ ਇਸਤਰੀ ਸੰਗੀਤਕਾਰਾਂ ਬਾਰੇ ਜਾਣਕਾਰੀ ਪੁਸਤਕ ਦੇ ਗੌਰਵ ਵਿਚ ਵਾਧਾ ਕਰਦੀ ਹੈ। ਸੰਗੀਤ ਵਿਚ ਦਿਲਚਸਪੀ ਰੱਖਣ ਵਾਲੇ ਜਗਿਆਸੂਆਂ ਲਈ ਇਹ ਕਿਤਾਬ ਕਾਫੀ ਲਾਭਦਾਇਕ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

ਪੰਜਾਬ
(1765-1849 ਈ.)
ਲੇਖਕ : ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 795 ਰੁਪਏ, ਸਫ਼ੇ : 748
ਸੰਪਰਕ : 92090-00001.

ਪ੍ਰੋ. ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਵਿਭਾਗ ਤੋਂ ਸੇਵਾਮੁਕਤ ਹੋਇਆ ਪ੍ਰੋਫ਼ੈਸਰ ਹੈ। ਪਰ ਉਸ ਨੇ ਸੇਵਾ-ਮੁਕਤੀ ਨੂੰ ਆਪਣੇ ਉਦੇਸ਼ ਦੀ ਪੂਰਤੀ ਲਈ ਕੋਈ ਰੁਕਾਵਟ ਨਹੀਂ ਬਣਨ ਦਿੱਤਾ ਅਤੇ ਬੀਤੇ ਵਰ੍ਹਿਆਂ ਵਿਚ (ਬਲਕਿ) ਉਸ ਨੇ ਵਧੇਰੇ ਤੀਬਰਤਾ ਅਤੇ ਵਚਨਬੱਧਤਾ ਨਾਲ ਕੰਮ ਜਾਰੀ ਰੱਖਿਆ ਹੈ। ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ ਨਾਲ ਸੰਬੰਧਿਤ ਰਹੇ ਹੋਣ ਕਾਰਨ ਜਿਥੇ ਉਹ ਪ੍ਰਮਾਣਿਕ ਹਵਾਲਾ-ਪੁਸਤਕਾਂ ਦਾ ਯਥਾਯੋਗ ਪ੍ਰਯੋਗ ਕਰਦਾ ਰਹਿੰਦਾ ਹੈ, ਉਥੇ ਉਹ 'ਮੱਖੀ 'ਤੇ ਮੱਖੀ ਮਾਰਨ' ਦੇ ਮੁਹਾਵਰੇ ਵਿਚ ਯਕੀਨ ਨਹੀਂ ਕਰਦਾ ਬਲਕਿ ਕਈ ਧਾਰਨਾਵਾਂ ਦਾ ਖੰਡਨ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ। ਨਾਲੋ-ਨਾਲ ਉਹ ਮੌਖਿਕ-ਇਤਿਹਾਸ ਅਤੇ ਪੰਜਾਬ ਦੀਆਂ ਸੱਭਿਆਚਾਰਕ ਰਵਾਇਤਾਂ ਨੂੰ ਪ੍ਰਮਾਣਿਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ।
ਹਥਲੀ ਪੁਸਤਕ ਵਿਚ ਉਸ ਨੇ ਖਾਲਸੇ (ਮਹਾਰਾਜਾ ਰਣਜੀਤ ਸਿੰਘ) ਦੇ ਪੰਜਾਬ ਬਾਰੇ ਪੂਰੇ ਵਿਸਥਾਰ ਨਾਲ ਆਪਣੇ ਪ੍ਰਾਜੈਕਟ ਨੂੰ ਪੂਰਾ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਦੂਰਅੰਦੇਸ਼ੀ, ਪੰਜਾਬ ਦੇ ਏਕੀਕਰਨ, ਉਸ ਦੀਆਂ ਪ੍ਰਮੁੱਖ ਲੜਾਈਆਂ ਅਤੇ ਜਿੱਤਾਂ, ਅੰਗਰੇਜ਼ਾਂ ਨਾਲ ਉਸ ਦੇ ਸੰਬੰਧ ਅਤੇ ਉਸ ਦੇ ਅਕਾਲ ਚਲਾਣੇ ਪਿੱਛੋਂ ਸਿੱਖ ਸਟੇਟ ਵਿਚ ਪੈਦਾ ਹੋਈ ਅਫ਼ਰਾ-ਤਫ਼ਰੀ ਅਤੇ ਅਰਾਜਕਤਾ ਇਸ ਪੁਸਤਕ ਦੇ ਵਿਸ਼ੇ ਬਣੇ ਹਨ। ਪੁਸਤਕ ਦੇ ਆਰੰਭ ਵਿਚ ਉਸ ਨੇ ਗਿਲਾ ਕੀਤਾ ਹੈ ਕਿ ਬਸਤੀਵਾਦ ਦੇ ਪ੍ਰਭਾਵ ਅਧੀਨ ਅਸੀਂ ਆਪਣੇ ਨਾਇਕਾਂ ਅਤੇ ਉਨ੍ਹਾਂ ਨਾਲ ਸੰਬੰਧਿਤ ਵਿਰਸੇ ਨੂੰ ਅੰਗਰੇਜ਼ਾਂ ਅਤੇ ਅੰਗਰੇਜ਼-ਪੱਖੀਆਂ ਦੀਆਂ ਐਨਕਾਂ ਦੁਆਰਾ ਦੇਖ ਰਹੇ ਹਾਂ। ਅਜਿਹੀ ਪੱਖਪਾਤੀ ਦ੍ਰਿਸ਼ਟੀ ਤੋਂ ਬਚਣ ਦੀ ਜ਼ਰੂਰਤ ਹੈ। (ਪੰਨੇ 999-V)।
ਮਹਾਰਾਜਾ ਰਣਜੀਤ ਸਿੰਘ ਦਾ ਕਾਲ ਡਾ. ਜੇ.ਐਸ. ਗਰੇਵਾਲ ਦਾ ਵੀ ਲਿਖਣ-ਖੇਤਰ ਰਿਹਾ ਹੈ ਪਰ ਡਾ. ਸੁਖਦਿਆਲ ਸਿੰਘ ਨੇ ਡਾ. ਗੰਡਾ ਸਿੰਘ, ਸੀਤਾ ਰਾਮ ਕੋਹਲੀ, ਕੈਪਟਨ ਅਮਰਿੰਦਰ ਸਿੰਘ ਦੀਆਂ ਲਿਖਤਾਂ ਦਾ ਵਧੇਰੇ ਪ੍ਰਯੋਗ ਕੀਤਾ ਹੈ। ਡਾ. ਗਰੇਵਾਲ ਨਾਲ ਸੰਵਾਦ ਦੇ ਮੌਕੇ ਘੱਟ ਬਣੇ ਹਨ। ਹਾਂ, ਅੰਗਰੇਜ਼ ਇਤਿਹਾਸਕਾਰਾਂ ਨਾਲ ਜ਼ਰੂਰ ਜੀਵੰਤ ਸੰਵਾਦ ਰਚਾਇਆ ਹੈ। ਗਿਆਨੀ ਗਿਆਨ ਸਿੰਘ (ਤਵਾਰੀਖ਼ ਗੁਰੂ ਖ਼ਾਲਸਾ) ਦਾ ਵੀ ਭਰਪੂਰ ਉਲੇਖ ਹੋਇਆ ਹੈ। ਡਾ. ਸੁਖਦਿਆਲ ਸਿੰਘ ਰਚਿਤ ਇਹ ਪੁਸਤਕ ਇਕ ਮੁਕੰਮਲ ਪਾਠ-ਪੁਸਤਕ ਅਤੇ ਹਵਾਲਾ-ਗ੍ਰੰਥ ਹੋ ਨਿੱਬੜੀ ਹੈ। ਪੰਜਾਬ ਦੇ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਹਰ ਪਾਠਕ ਲਈ ਇਸ ਪੁਸਤਕ ਵਿਚੋਂ ਗੁਜ਼ਰਨਾ ਜ਼ਰੂਰੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਸਿੱਖ ਪੰਥ ਦੇ ਮਹਾਨ ਜਰਨੈਲ
ਬਾਬਾ ਬੰਦਾ ਸਿੰਘ ਬਹਾਦਰ
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 94634-41105.

ਸਿੱਖ ਇਤਿਹਾਸ ਦੇ ਪੰਨਿਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਸ਼ਖ਼ਸੀਅਤ ਦਾ ਨਾਂਅ ਸਦਾ ਸੁਨਹਿਰੀ ਅੱਖਰਾਂ ਵਿਚ ਚਮਕਦਾ ਰਹੇਗਾ। ਮੁਗ਼ਲ ਸਲਤਨਤ ਦੀ ਧਾਰਮਿਕ ਕੱਟੜਤਾ ਦੇ ਵਿਰੋਧ ਵਿਚ ਉਸ ਨੇ ਬੇਮਿਸਾਲ ਸੰਘਰਸ਼ ਕੀਤਾ, ਜੋ ਬਹਾਦਰ ਸ਼ਾਹ ਅਤੇ ਫ਼ਰੁਖ਼ਸੀਅਰ ਦੇ ਸਮੇਂ ਤੱਕ ਚਲਦਾ ਰਿਹਾ। ਇਸੇ ਸੰਘਰਸ਼ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿਚ ਸਿੱਖ ਰਾਜ ਸਥਾਪਤ ਹੋ ਸਕਿਆ।
ਸਿੱਖ ਰਾਜ ਦੇ ਇਤਿਹਾਸ ਨਾਲ ਸੰਬੰਧਿਤ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ 40 ਕਿਤਾਬਾਂ ਦਾ ਡੂੰਘਾ ਅਧਿਐਨ ਕਰਨ ਉਪਰੰਤ ਵਿਦਵਾਨ ਲੇਖਕ ਨੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਪੁਸਤਕ ਦੇ ਆਰੰਭ ਵਿਚ 'ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਇਕ ਝਾਤ' ਸਿਰਲੇਖ ਹੇਠ ਲੇਖਕ ਦੱਸਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਲਈ ਸਿਦਕ ਅਤੇ ਧਰਮ ਲਈ ਸ਼ਰਧਾ ਭਗਤੀ ਵਿਚ ਅਡੋਲ ਤੇ ਪ੍ਰਪੱਕ ਸੀ। ਉਹ ਬੜਾ ਚੁਸਤ, ਫੁਰਤੀਲਾ ਤੇ ਚੰਗਾ ਨਿਸ਼ਾਨਚੀ ਸੀ। ਉਹ ਤਲਵਾਰ ਅਤੇ ਤੀਰ ਦਾ ਧਨੀ ਸੀ। ਇਕ ਬੈਰਾਗੀ ਸਾਧੂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਸਿੰਘਾਂ ਦੀਆਂ ਫ਼ੌਜਾਂ ਦਾ ਕਮਾਂਡਰ ਬਣਾ ਦੇਣਾ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਅਨੋਖਾ ਕ੍ਰਿਸ਼ਮਾ ਸੀ। ਬਾਬਾ ਬੰਦਾ ਬਹਾਦਰ ਦਾ ਨਿੱਜੀ ਜੀਵਨ ਬੜਾ ਪਵਿੱਤਰ ਸੀ। ਖ਼ਾਲਸੇ ਦੀ ਰਹਿਤ ਦਾ ਉਹ ਪੱਕਾ ਧਾਰਨੀ ਸੀ। ਦੀਨ ਦੁਖੀਆਂ ਦਾ ਦਰਦ ਦੂਰ ਕਰਨ ਲਈ ਨਿਸ਼ਕਾਮ ਸੇਵਾ ਲਈ ਤਤਪਰ ਰਹਿੰਦਾ ਸੀ। ਉਹ ਇਨਸਾਫ਼ ਦਾ ਪੁਤਲਾ ਸੀ। ਜ਼ੁਲਮ ਦੇ ਬਦਲੇ ਵੱਡੇ ਤੋਂ ਵੱਡੇ ਸਰਦਾਰ ਨੂੰ ਵੀ ਤੋਪ ਨਾਲ ਉਡਾ ਦੇਣੋਂ ਨਹੀਂ ਸੀ ਝਿਜਕਦਾ। ਉਸ ਨੂੰ 17ਵੀਂ ਸਦੀ ਵਿਚ ਭਾਰਤ ਮਾਤਾ ਨੇ ਜਨਮ ਦੇ ਕੇ ਉਜਾਗਰ ਕੀਤਾ।
ਪੁਸਤਕ ਦੇ ਅਗਲੇ ਕੁਝ ਕਾਂਡਾਂ ਦਾ ਵੇਰਵਾ ਇਸ ਪ੍ਰਕਾਰ ਹੈ : ਬਾਬਾ ਬੰਦਾ ਸਿੰਘ ਦਾ ਖ਼ਾਨਦਾਨ ਤੇ ਵੰਸ਼, ਬਚਪਨ ਤੇ ਮੁਢਲਾ ਜੀਵਨ, ਗੁਰੂ ਜੀ ਦੀ ਸ਼ਰਨ ਵਿਚ, ਰੋਪੜ ਦੀ ਜੰਗ, ਚਪੜਚਿੜੀ (ਸਰਹੰਦ) ਦੀ ਜੰਗ, ਬਾਦਸ਼ਾਹ ਬਹਾਦਰ ਸ਼ਾਹ ਦਾ ਸਿੰਘਾਂ ਵਿਰੁੱਧ ਕੂਚ ਕਰਨਾ, ਸਢੌਰਾ ਤੇ ਲੋਹਗੜ੍ਹ ਦੀ ਘੇਰਾਬੰਦੀ, ਗੁਰਦਾਸ ਨੰਗਲ ਦਾ ਘੇਰਾ, ਬਾਬਾ ਬੰਦਾ ਸਿੰਘ ਤੇ ਦੂਸਰੇ ਸਿੰਘਾਂ ਦਾ ਦਿੱਲੀ ਵਿਚ ਕਤਲ, ਬੰਦਈ ਤੇ ਤੱਤ ਖ਼ਾਲਸਿਆਂ ਵਿਚ ਮਤਭੇਦ ਆਦਿ।
ਅੱਜ ਦੇ ਦੌਰ ਵਿਚ ਜਦ ਕਿ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਅਨਜਾਣ ਹੋਣ ਕਾਰਨ ਆਪਣੇ ਰਾਹ ਤੋਂ ਭਟਕ ਰਹੀ ਹੈ, ਉਸ ਲਈ ਇਹ ਪੁਸਤਕ ਬੜੀ ਉਪਯੋਗੀ ਹੈ।

ਕੰਵਲਜੀਤ ਸਿੰਘ ਸੂਰੀ
ਮੋ: 93573-24241

ਮਨੁੱਖੀ ਰਿਸ਼ਤਿਆਂ ਦਾ ਸੰਕਟ ਅਤੇ ਪੰਜਾਬੀ ਕਹਾਣੀ
ਲੇਖਕ : ਡਾ. ਕੁਲਵਿੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 291
ਸੰਪਰਕ : 95012-45290.

ਹਥਲੀ ਪੁਸਤਕ ਮਨੁੱਖੀ ਰਿਸ਼ਤਿਆਂ ਦੇ ਰਿਸ਼ਤੇ-ਪ੍ਰਬੰਧਾਂ ਅਤੇ ਵਰਤੋਂ-ਵਿਹਾਰਾਂ ਵਿਚ ਆਏ ਸੰਕਟਾਂ ਦਾ ਅਧਿਐਨ ਆਦਿ ਕਾਲ ਤੋਂ ਲੈ ਕੇ ਵਰਤਮਾਨ ਕਾਲ ਤੱਕ ਦੇ ਕਾਲ-ਖੰਡਾਂ ਤੱਕ ਦੇ ਵਿਗਿਆਨਕ ਵਿਸ਼ਲੇਸ਼ਣ ਰਾਹੀਂ ਬੋਧ ਕਰਾਉਂਦੀ ਹੈ। ਡਾ. ਕੁਲਵਿੰਦਰ ਸਿੰਘ ਨੇ ਪੁਸਤਕ ਨੂੰ ਵਿਧੀਵਤ ਰੂਪ ਦੇਣ ਹਿਤ ਇਸ ਦੇ ਅੱਠ ਅਧਿਆਇ ਬਣਾਏ ਹਨ। ਪਹਿਲੇ ਅਤੇ ਦੂਜੇ ਅਧਿਆਇ ਵਿਚ ਗੰਭੀਰ ਅਧਿਐਨ ਪੱਧਤੀ ਦੇ ਅੰਤਰਗਤ ਪਹਿਲਾਂ ਇਸ ਵਿਦਵਾਨ ਨੇ ਰਿਸ਼ਤਿਆਂ ਦੇ ਵਿਸ਼ਵ ਵਿਆਪੀ ਸਿਧਾਂਤ, ਸਰੂਪ ਅਤੇ ਪ੍ਰਕਿਰਤੀ ਨੂੰ ਉਭਾਰਿਆ ਹੈ ਅਤੇ ਫਿਰ ਪੰਜਾਬੀ ਸਮਾਜਿਕ ਸੱਭਿਆਚਾਰਕ ਵਰਤਾਰੇ ਵਿਚ ਪੰਜਾਬੀਆਂ ਦੇ ਵਿਭਿੰਨ ਰਿਸ਼ਤਿਆਂ ਦੀ ਸੁਖਦ ਸਥਾਪਤੀ ਅਤੇ ਵਿਸਫੋਟਕ ਪ੍ਰਸਥਿਤੀਆਂ ਦੇ ਉੱਭਰਨ ਅਤੇ ਇਨ੍ਹਾਂ ਦੇ ਘਾਲਿਆਂ-ਮਾਲਿਆਂ ਦਾ ਵਿਵਰਣ ਪੁਖਤਾ ਅੰਦਾਜ਼ ਵਿਚ ਪੇਸ਼ ਕੀਤਾ ਹੈ। ਪੁਸਤਕ ਦਾ ਮਹੱਤਵਪੂਰਨ ਹਿੱਸਾ ਪੰਜਾਬੀ ਕਹਾਣੀ ਦੇ ਇਤਿਹਾਸ ਦੇ 20ਵੀਂ ਸਦੀ ਦੇ ਪੰਜਵੇਂ ਦਹਾਕੇ ਤੋਂ ਬਾਅਦ ਵਿਭਿੰਨ ਪ੍ਰਵਿਰਤੀਆਂ ਨੂੰ ਮਨੁੱਖੀ ਰਿਸ਼ਤਿਆਂ ਦੀ ਪ੍ਰਸੰਗਤਾ ਵਿਚ ਉਭਾਰਦੇ ਹੋਏ ਕਹਾਣੀਕਾਰਾਂ ਦੀਆਂ ਚੋਣਵੀਆਂ ਪੁਸਤਕਾਂ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬੀ ਕਹਾਣੀ ਨੂੰ ਪਰੰਪਰਾਗਤ ਕਹਾਣੀ ਤੋਂ ਨਿਖੇੜ ਕੇ ਇਸ ਨੂੰ ਨਵੀਨ ਰੂਪ ਪ੍ਰਦਾਨ ਕਰਨ ਵਾਲੇ ਕੁਲਵੰਤ ਸਿੰਘ ਵਿਰਕ ਦੇ ਰਚਨਾਤਮਿਕ ਸਰੋਕਾਰਾਂ ਨੂੰ ਖੂਬ ਪਛਾਣਿਆ ਹੈ। ਇਸੇ ਤਰ੍ਹਾਂ ਔਰਤ ਜਾਤੀ ਦੇ ਸੰਕਟਾਂ ਨੂੰ ਮੋਨੋਵਿਗਿਆਨਕ ਤੌਰ 'ਤੇ ਸਮਝ ਸਕਣ ਵਾਲੀ ਅਤੇ ਬੇਬਾਕ ਹੋ ਕੇ ਲਿਖਣ ਵਾਲੀ ਕਹਾਣੀਕਾਰਾ ਅਜੀਤ ਕੌਰ ਦੀ ਕਹਾਣੀ ਸਿਰਜਣਾ ਦਾ ਮੁਲਾਂਕਣ ਕੀਤਾ ਗਿਆ ਹੈ। ਪੇਂਡੂ ਅਤੇ ਸ਼ਹਿਰੀ ਜੀਵਨ ਦੇ ਅੰਤਰ-ਨਿਖੇੜ ਨੂੰ ਸਮਝ ਕੇ ਮਰਦ-ਔਰਤ ਜਾਤੀ ਦੇ ਵਿਭਿੰਨ ਉਚਿਤ ਜਾਂ ਅਣਉਚਿਤ ਸਮਝੇ ਜਾਂਦੇ ਸੰਬੰਧਾਂ ਨੂੰ ਜਿਸ ਕਦਰ ਗੁਰਬਚਨ ਸਿੰਘ ਭੁੱਲਰ ਨੇ ਆਪਣੀਆਂ ਕਹਾਣੀਆਂ ਵਿਚ ਵਿਅਕਤ ਕੀਤਾ ਹੈ, ਦਾ ਜ਼ਿਕਰ ਨਿਕਟ ਅਧਿਐਨ ਵਿਧੀ ਜ਼ਰੀਏ ਪੇਸ਼ ਕੀਤਾ ਮਿਲਦਾ ਹੈ। ਕੈਨੇਡਾ ਨਿਵਾਸੀ ਕਹਾਣੀਕਾਰ ਅਮਰਪਾਲ ਸਾਰਾ ਦੀਆਂ ਕਹਾਣੀਆਂ ਵਿਚ ਭਾਰਤੀ ਅਤੇ ਵਿਦੇਸ਼ੀ ਲੋਕਾਂ ਵਿਚ ਆਧੁਨਿਕ ਰੁਚੀਆਂ ਵਿਚ ਜੋ ਦਵੰਦਾਤਮਿਕਤਾ ਸਮਝੀ ਜਾਂਦੀ ਹੈ, ਉਸ ਨੂੰ ਵੀ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਤੋਂ ਅੱਗੇ ਜਸਵਿੰਦਰ ਸਿੰਘ ਦੀਆਂ ਕਹਾਣੀਆਂ ਵਿਚੋਂ ਉੱਭਰਦੀਆਂ ਵਿਅਕਤੀਵਾਦੀ ਬਿਰਤੀਆਂ ਦਾ ਉਲੇਖ ਸ਼ਹਿਰੀ ਅਤੇ ਪੇਂਡੂ ਜਨਜੀਵਨ ਦੇ ਵਰਤਾਰੇ ਵਿਚੋਂ ਉਪਜੀਆਂ ਸਮੱਸਿਆਵਾਂ ਰਾਹੀਂ ਕੀਤਾ ਹੈ। ਪੁਸਤਕ ਦੇ ਅੰਤਿਮ ਕਾਂਡ ਵਿਚ ਦਲਿਤ ਚਿੰਤਨਧਾਰਾ ਦੇ ਪ੍ਰਗਟਾਵੇ ਦੇ ਪ੍ਰਤੀਨਿਧ ਕਹਾਣੀਕਾਰ ਸਰੂਪ ਸਿਆਲਵੀ ਦੀਆਂ ਕਹਾਣੀਆਂ ਨੂੰ ਜਾਤੀ ਅਤੇ ਵਿਤਕਰਿਆਂ ਭਰਪੂਰ ਨਿਮਨ ਸ਼੍ਰੇਣੀ ਦੇ ਪਾਤਰਾਂ ਰਾਹੀਂ ਅਧਿਐਨ ਦਾ ਵਿਸ਼ਾ ਬਣਾਇਆ ਹੈ। ਇਸ ਤਰ੍ਹਾਂ ਇਹ ਪੁਸਤਕ ਆਧੁਨਿਕ ਪੰਜਾਬੀ ਕਹਾਣੀ ਅਤੇ ਪੰਜਾਬੀਆਂ ਦੇ ਰਿਸ਼ਤਿਆਂ ਦੀਆਂ ਤਹਿ-ਦਰ-ਤਹਿ ਪਰਤਾਂ ਨੂੰ ਖੋਲ੍ਹ ਕੇ ਪਾਠਕਾਂ ਦੇ ਸਨਮੁੱਖ ਕਰਦੀ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਗੁਰੂ ਤੇਗ ਬਹਾਦਰ
ਲੇਖਕ : ਪਰਮਪਾਲ ਸਿੰਘ ਸੋਢੀ
ਪ੍ਰਕਾਸ਼ਕ : ਜਸਪ੍ਰੀਤ ਪ੍ਰਿੰਟ ਮੀਡੀਆ, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 182
ਸੰਪਰਕ : pssodhi54@gmail.com

ਜਿਵੇਂ ਕਿ ਪੁਸਤਕ ਦੇ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਪੁਸਤਕ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਬੇਜੋੜ ਸ਼ਹਾਦਤ ਤੇ ਰੂਹਾਨੀ ਬਾਣੀ 'ਚੋਂ ਮਿਲਦੇ ਸਰਬ-ਸਾਂਝੀਵਾਲਤਾ ਦੇ ਉਪਦੇਸ਼ਾਂ ਬਾਰੇ ਹੈ।
ਪੁਸਤਕ ਦੇ ਪ੍ਰਮੁੱਖ ਤੌਰ 'ਤੇ ਦੋ ਭਾਗ ਹਨ। ਪਹਿਲੇ ਭਾਗ ਵਿਚ 4 ਲੇਖ ਅਤੇ ਦੂਜੇ ਭਾਗ ਵਿਚ 6 ਲੇਖ ਸ਼ਾਮਿਲ ਹਨ। ਸਫ਼ੇ 15 'ਤੇ ਗੁਰੂ ਜੀ ਦੇ ਪ੍ਰਕਾਸ਼ ਤੋਂ ਲੈ ਕੇ ਸ਼ਹਾਦਤ ਅਤੇ ਉਨ੍ਹਾਂ ਵਲੋਂ ਕੀਤੇ ਮਹਾਨ ਪਰਉਪਕਾਰੀ ਕਾਰਜਾਂ ਬਾਰੇ ਸੰਖੇਪ ਜਾਣਕਾਰੀ ਦਰਜ ਹੈ। ਪਹਿਲੇ ਲੇਖ ਵਿਚ ਗੁਰੂ ਸਾਹਿਬ ਦੇ ਪ੍ਰਕਾਸ਼ ਧਾਰਨ, ਉਨ੍ਹਾਂ ਦੇ ਮੁਢਲੇ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ਅਤੇ ਘਟਨਾਵਾਂ, ਗੁਰਗੱਦੀ, ਧਾਰਮਿਕ ਯਾਤਰਾਵਾਂ ਤੇ ਮੁਗ਼ਲ ਬਾਦਸ਼ਾਹ ਵਲੋਂ ਸਤਾਏ ਕਸ਼ਮੀਰੀ ਪੰਡਿਤਾਂ ਲਈ ਸ੍ਰੀ ਅਨੰਦਪੁਰ ਜਾ ਕੇ ਰੱਖਿਆ ਲਈ ਫ਼ਰਿਆਦ ਕਰਨ ਬਾਰੇ ਠੋਸ ਜਾਣਕਾਰੀ ਦਰਜ ਹੈ। ਅਗਲਾ ਲੇਖ ਗੁਰੂ ਜੀ ਦੀ ਅਜ਼ੀਮ ਸ਼ਹਾਦਤ ਦੀ ਗਾਥਾ ਬਿਆਨ ਕਰਦਾ ਹੈ। ਇਕ ਲੇਖ ਗੁਰੂ ਸਾਹਿਬ ਦੇ ਸਰਬਸਾਂਝੇ ਉਪਦੇਸ਼ਾਂ ਬਾਰੇ ਹੈ। ਇਸ ਲੇਖ ਦੇ ਅੱਗੋਂ ਕਈ ਉਪ-ਭਾਗ ਹਨ।
ਪੁਸਤਕ ਦੇ ਦੂਜੇ ਭਾਗ ਤਹਿਤ ਸਫ਼ਾ 62 'ਤੇ ਨੌਵੇਂ ਪਾਤਸ਼ਾਹ ਵਲੋਂ 15 ਰਾਗਾਂ ਵਿਚ ਉਚਾਰੀ ਵੈਰਾਗਮਈ ਬਾਣੀ (59 ਸ਼ਬਦਾਂ) ਅਤੇ 57 ਸਲੋਕਾਂ ਦੀ ਸੂਚੀ ਹੈ। ਕੁੱਲ ਜੋੜ 116 ਹੈ। ਰਾਗ-ਬੱਧ ਬਾਣੀ ਦਾ, ਭਾਵ ਸਹਿਤ ਸਰਲ ਅਰਥ, ਇਸ ਪੁਸਤਕ ਦਾ ਬੜਾ ਅਹਿਮ ਹਿੱਸਾ ਹੈ। ਰਾਗ ਗਉੜੀ ਮਹੱਲਾ ਨੌਵਾਂ, 'ਸਾਧੋ ਮਨ ਕਾ ਮਾਨੁ ਤਿਆਗਉ' ਸ਼ਬਦ ਤੋਂ ਆਰੰਭ ਕਰਕੇ ਤਰਤੀਬਵਾਰ ਨੌਵੇਂ ਗੁਰੂ ਦੀ ਸਾਰੀ ਬਾਣੀ ਦੇ ਸੁਖੈਨ ਅਰਥ ਕੀਤੇ ਗਏ ਹਨ। ਪਹਿਲਾਂ ਪਦ ਅਰਥ ਅਤੇ ਫਿਰ ਭਾਵ ਅਰਥੀ 'ਜਜਾਵੰਤੀ ਮਹੱਲਾ ਨੌਵਾਂ' 'ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ...।' (ਅੰਗ 1352) ਤੇ ਸ਼ਬਦਾਰਥ ਸੰਪੂਰਨ ਹੁੰਦੇ ਹਨ। ਇਸੇ ਪ੍ਰਕਾਰ ਨੌਵੇਂ ਮਹਿਲ ਦੇ 57 ਸਲੋਕਾਂ ਦਾ ਵੇਰਵਾ ਅਤੇ ਸਾਰੇ ਸਲੋਕਾਂ ਦੇ ਪਦ ਅਰਥ+ਭਾਵ-ਅਰਥ ਵੀ ਕੀਤੇ ਗਏ ਹਨ। ਲੇਖਕ ਨੇ ਅਜਿਹਾ ਕਰਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਗੁਰੂ ਸਾਹਿਬ ਦੀ ਰਚਿਤ ਬਾਣੀ ਤੋਂ ਇਲਾਵਾ ਗੁਰਬਾਣੀ ਦੇ ਹੋਰ ਢੁਕਵੇਂ ਪ੍ਰਮਾਣ, ਲਾਲਾ ਦੌਲਤ ਰਾਏ, ਕਵੀ ਸੈਨਾਪਤੀ, ਦਸਮ ਦੀ ਬਾਣੀ, ਭਾਈ ਕਾਨ੍ਹ ਸਿੰਘ ਨਾਭਾ ਅਤੇ ਹੋਰਨਾਂ ਪਹਿਲੇ ਅਤੇ ਮੌਜੂਦਾ 24 ਉੱਘੇ ਪੰਥਕ ਵਿਦਵਾਨਾਂ ਦੇ ਵਿਚਾਰ, ਟਿੱਪਣੀਆਂ, ਫੁੱਟਨੋਟ ਵੀ ਅੰਤਿਮ ਸਮੇਂ 'ਤੇ ਅੰਤਿਕਾ ਵਜੋਂ ਦਰਜ ਹਨ। ਛਪਾਈ, ਕਾਗਜ਼ ਤੇ ਦਿੱਖ ਪ੍ਰਭਾਵਸ਼ਾਲੀ ਹਨ। ਗੁਰਬਾਣੀ ਪ੍ਰੇਮੀਆਂ ਲਈ ਇਹ ਪੁਸਤਕ ਬਹੁਤ ਲਾਭਕਾਰੀ ਸਾਬਤ ਹੋਵੇਗੀ।

ਤੀਰਥ ਸਿੰਘ ਢਿੱਲੋਂ
ਮੋ: 73407-51710.

c c c

ਦਿਲ ਚੀਰਵੀਂ ਸ਼ਹਾਦਤ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 142
ਸੰਪਰਕ : 98141-45047.

ਇਸ ਪੁਸਤਕ ਵਿਚ ਵੱਡੇ ਸਾਕੇ ਕਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ, ਅਨੋਖੀ, ਬੇਮਿਸਾਲ ਅਤੇ ਦਿਲ ਦਹਿਲਾਉਣ ਵਾਲੀ ਸ਼ਹਾਦਤ ਦੀ ਗਾਥਾ ਪੇਸ਼ ਕੀਤੀ ਗਈ ਹੈ। ਪੁਸਤਕ ਉਨ੍ਹਾਂ ਸਾਰੇ ਸ਼ਹੀਦ ਸਿੰਘ-ਸਿੰਘਣੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਦੇਸ਼, ਕੌਮ ਅਤੇ ਧਰਮ ਦੀ ਖ਼ਾਤਰ ਆਪਣੀਆਂ ਅਨਮੋਲ ਜਿੰਦਾਂ ਵਾਰ ਦਿੱਤੀਆਂ। ਇਸ ਪੁਸਤਕ ਦੇ 14 ਅਧਿਆਇ ਸਾਹਿਬਜ਼ਾਦਿਆਂ ਦੇ ਜਨਮ ਅਤੇ ਬਚਪਨ, ਖਾਲਸਾ ਪੰਥ ਦੀ ਸਾਜਣਾ ਅਤੇ ਸਾਹਿਬਜ਼ਾਦਿਆਂ ਦਾ ਅੰਮ੍ਰਿਤ ਛਕਣਾ, ਪਹਾੜੀ ਰਾਜਿਆਂ ਵਲੋਂ ਵਿਰੋਧ, ਪਹਾੜੀ ਰਾਜਿਆਂ ਨਾਲ ਜੰਗਾਂ, ਅਨੰਦਪੁਰ ਸਾਹਿਬ ਦੀ ਆਖਰੀ ਜੰਗ, ਪਰਿਵਾਰ ਵਿਛੋੜਾ, ਚਮਕੌਰ ਦੇ ਯੁੱਧ, ਛੋਟੇ ਸਾਹਿਬਜ਼ਾਦੇ ਅਤੇ ਕੁੰਮਾ ਮਾਸ਼ਨੀ, ਗੰਗੂ ਬ੍ਰਾਹਮਣ ਨਾਲ ਮੇਲ, ਕਚਹਿਰੀ ਵਿਚ ਪਹਿਲਾ, ਦੂਜਾ ਦਿਨ, ਨੀਹਾਂ ਵਿਚ ਚਿਣਨ ਦੀ ਦਰਦਨਾਕ ਕਹਾਣੀ ਨੂੰ ਪੇਸ਼ ਕਰਦੇ ਹਨ। ਪਿਛਲੇ ਦੋ ਅਧਿਆਇ ਕਲਗੀਧਰ ਪਿਤਾ ਜੀ ਦੀ ਭਵਿੱਖਬਾਣੀ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਬਾਬਤ ਹਨ। ਸ੍ਰੀ ਦਸਮੇਸ਼ ਜੀ ਦੇ ਹੋਣਹਾਰ ਲਾਡਲੇ ਨਿੱਕੇ ਸਾਹਿਬਜ਼ਾਦਿਆਂ ਦੀ ਦਿਲ ਕੰਬਾਊ ਗਾਥਾ ਬਹੁਤ ਸਾਰੇ ਲੇਖਕਾਂ ਅਤੇ ਕਵੀਆਂ ਨੇ ਕਲਮਬੰਦ ਕੀਤੀ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਲੇਖਿਕਾ ਨੇ ਆਪਣੇ ਨਿੱਜੀ ਆਤਮਿਕ ਅਨੁਭਵ ਵੀ ਪੇਸ਼ ਕੀਤੇ ਹਨ ਜੋ ਪ੍ਰੇਰਨਾ ਦਾ ਸ੍ਰੋਤ ਹਨ। ਸਾਰੀ ਪੁਸਤਕ ਗੁਰਬਾਣੀ ਦੀਆਂ ਅਤੇ ਸ੍ਰੀ ਦਸਮ ਬਾਣੀ ਦੀਆਂ ਪਾਵਨ ਤੁਕਾਂ ਨਾਲ ਸੁਗੰਧਿਤ ਹੈ। ਇਤਿਹਾਸਕ ਹਵਾਲੇ ਅਤੇ ਜੋਗੀ ਅੱਲਾ ਯਾਰ ਖ਼ਾਨ ਦੀ ਸ਼ਾਇਰੀ ਪੁਸਤਕ ਦਾ ਸ਼ਿੰਗਾਰ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲਾਸਾਨੀ ਜਿੱਤਾਂ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਦੀ ਵਿਥਿਆ ਰਗਾਂ ਵਿਚ ਜੋਸ਼ ਅਤੇ ਬੀਰ ਰਸ ਭਰਦੀ ਹੈ। ਇਸ ਸਾਰਥਕ, ਇਤਿਹਾਸਕ, ਪ੍ਰੇਰਨਾਦਾਇਕ ਪੁਸਤਕ ਲਿਖਣ ਲਈ ਲੇਖਿਕਾ ਸ਼ਲਾਘਾ ਦੀ ਪਾਤਰ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367.

27-02-2022

 ਗੁਰੂ ਨਾਨਕ ਜੀ ਦੀ ਵਿਗਿਆਨਕ ਸੋਚ
ਸੰਪਾਦਕ : ਕੈਪਟਨ ਰਵੇਲ ਸਿੰਘ ਰਵੇਲ
ਪ੍ਰਕਾਸ਼ਨ : ਅਜ਼ਾਦ ਬੁੱਕ ਡੀਪੂ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 232
ਸੰਪਰਕ : 94173-34837.

ਗੁਰੂ ਨਾਨਕ ਦੇਵ ਜੀ ਦੀ ਵਿਗਿਆਨਕ ਸੋਚ ਕਿਤਾਬ ਵਿਚ ਸੂਝਵਾਨ ਸੰਪਾਦਕ ਨੇ ਪੰਜ ਇਸਤਰੀ ਲੇਖਕਾਂ ਸਮੇਤ 16 ਲੇਖਕਾਂ ਦੇ 32 ਲੇਖ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ 16 ਲੇਖ ਸੰਪਾਦਕ ਦੀ ਕਲਮ ਤੋਂ ਹਨ। ਵਿਦਵਾਨ ਲੇਖਕਾਂ ਨੇ ਧਰਮ, ਸੱਭਿਆਚਾਰ, ਸਮਾਜਿਕ, ਰਾਜਨੀਤਕ ਦਸ਼ਾ, ਦਿਸ਼ਾ, ਗੁਰੂ ਨਾਨਕ ਸਾਹਿਬ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਵਿਗਿਆਨਕ ਪੱਖ ਤੋਂ ਵਿਚਾਰ ਕੇ ਆਪੋ-ਆਪਣੇ ਲੇਖ ਅੰਕਿਤ ਕੀਤੇ ਹਨ। ਕਿਤਾਬ ਵਿਚਲੇ ਸਾਰੇ ਲੇਖ ਫੋਕਟ ਵਹਿਮਾਂ-ਭਰਮਾਂ, ਰੂੜ੍ਹੀਵਾਦੀ ਪਰੰਪਰਾਵਾਂ ਤੇ ਗੁਰਮਤਿ ਮਾਰਗ ਤੋਂ ਭਟਕ ਚੁੱਕੀ ਮਾਨਵਤਾ 'ਤੇ ਚੰਗੇ ਕਟਾਖਸ਼ ਕਰਦੇ ਹਨ। ਡਾ. ਕੁਲਵੰਤ ਕੌਰ ਦਾ ਲੇਖ 'ਗੁਰੂ ਨਾਨਕ ਦਾ ਨਿਰਮਲ ਪੰਥ', ਡਾ. ਹਰਸ਼ਿੰਦਰ ਕੌਰ ਦਾ 'ਜਨੇਵਾ ਵਿਚ ਚਰਚਾਂ ਦੀ ਕੌਂਸਲ ਵਿਚ ਔਰਤ', ਕਮਲ ਕੌਰ ਜੰਡਿਆਲੀ ਦਾ 'ਔਰਤ ਨੂੰ ਆਪਣੀ ਗ਼ਲਤ ਸੋਚ ਬਦਲਣ ਦੀ ਲੋੜ', ਹਰਪ੍ਰਕਾਸ਼ ਕੌਰ 'ਬਾਬੇ ਦੇ ਵਿਆਹ ਸੰਬੰਧੀ ਕੁਝ ਸਵਾਲ' ਅਤੇ ਕੁਲਜੀਤ ਕੌਰ 'ਮੱਧ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ' ਸ਼ਾਮਿਲ ਕੀਤੇ ਗਏ ਹਨ। ਇਵੇਂ ਹੀ ਗਿਆਰਾਂ ਲੇਖਕ ਜਿਨ੍ਹਾਂ ਵਿਚ ਬਲਵਿੰਦਰ ਸਿੰਘ ਖਾਲਸਾ, ਅਮਰਜੀਤ ਸਿੰਘ ਮਾਛੀਵਾੜਾ, ਸਵਰਨ ਸਿੰਘ ਨਲਾਸ, ਬਖਸ਼ੀਸ਼ ਸਿੰਘ ਸਭਰਾ, ਨਿਰੰਜਨ ਸਿੰਘ ਕੰਗ, ਇਕਵਾਕ ਸਿੰਘ ਪੱਟੀ, ਜਸਬੀਰ ਸਿੰਘ ਝਬਾਲ, ਕਰਨਲ ਸਵਰਨ ਸਿੰਘ, ਸ. ਕੇਹਰ ਸਿੰਘ ਹਿੱਸੋਵਾਲ, ਸ. ਲਖਵਿੰਦਰ ਸਿੰਘ ਬਠਿੰਡਾ, ਅਤੇ ਪ੍ਰੋ. ਇੰਦਰ ਸਿੰਘ ਘੱਗਾ ਦੇ ਨਾਂਅ ਸ਼ਾਮਿਲ ਹਨ, ਜਿਨ੍ਹਾਂ ਦੇ ਵਿਸ਼ੇਸ਼ ਲੇਖ ਅੰਕਿਤ ਹਨ।
ਕਰਨਲ ਜਗਤਾਰ ਸਿੰਘ ਮੁਲਤਾਨੀ, ਡਾ. ਕੁਲਵੰਤ ਸਿੰਘ, ਸ. ਜਸਬੀਰ ਸਿੰਘ ਝਬਾਲ ਵਲੋਂ ਮੁੱਲਵਾਨ ਸੰਦੇਸ਼ ਅੰਕਿਤ ਹਨ। ਪੁਸਤਕ ਦਾ ਸੰਪਾਦਕ ਜਾਗਰੂਕ ਮਨੁੱਖ ਹੈ। 'ਸੋਚੁ ਕੀ ਬਾਣੀ ਨਾਨਕੁ ਆਖੈ', 'ਸਚਿ ਸੁਣਾਇਸੀ ਸਚਿ ਕੀ ਬੇਲਾ' ਦੋਵੇ ਕਿਤਾਬਾਂ ਨਾਲ ਉਸ ਦੀ ਤੀਖਣ ਬੁੱਧੀ ਦਾ ਪ੍ਰਗਟਾਅ ਜੱਗ ਜ਼ਾਹਰ ਹੁੰਦਾ ਹੈ। ਸਤਿ ਵਿਥਿਆ ਕੌੜੀ ਜ਼ਰੂਰੀ ਹੁੰਦੀ ਹੈ ਪਰ ਗੁਣਕਾਰੀ ਹੁੰਦੀ ਹੈ। ਪ੍ਰਸਿੱਧ ਲੇਖਕ ਡਾ. ਕੁਲਵੰਤ ਸਿੰਘ ਲਿਖਦੇ ਹਨ ਕਿ ਅੱਜ ਪੰਥ ਅੱਗੇ ਮੁੜ ਅਨੇਕਾਂ ਵਿਵਾਦ ਉੱਠ ਖੜ੍ਹੇ ਹੋਏ ਹਨ, ਜਿਨ੍ਹਾਂ ਦੇ ਸਮਾਧਾਨ ਲਈ ਸਿਰਜੋੜ ਕੇ ਵਿਚਾਰ ਕਰਨ ਦੀ ਲੋੜ ਹੈ। ਸਾਡੇ ਚਰਿੱਤਰ ਨੂੰ ਮਾਇਆਜਾਲ ਨੇ ਜਕੜ ਲਿਆ। ਵੇਖੋ-ਵੇਖੀ ਦੂਜੇ ਧਰਮਾਂ ਦੀਆਂ ਰੀਤਾਂ ਨੂੰ ਅਪਣਾ ਕੇ ਅਸੀਂ ਕੁਰੀਤੀਆਂ ਦਾ ਸ਼ਿਕਾਰ ਹੋ ਰਹੇ ਹਾਂ। ਸਿੱਖ ਗੁਰਮਤਿ ਦਾ ਸਾਥ ਛੱਡ ਕੇ ਮਨਮੁਖਤਾ ਵਾਲੇ ਰਾਹ ਤੁਰ ਪਏ ਹਨ। ਹਥਲੀ ਪੁਸਤਕ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਪ੍ਰਕਾਸ਼ਿਤ ਕਰਵਾਈ ਗਈ ਹੈ। ਕਿਤਾਬ ਵਿਚਲੇ ਸਾਰੇ ਲੇਖ ਬਹੁਮੁੱਲੇ ਤੇ ਪੜ੍ਹਨਯੋਗ ਹਨ। ਸੰਪਾਦਕ ਸਿੱਖ ਧਰਮ ਅਤੇ ਸਮਾਜਿਕ ਕੁਰੀਤੀਆਂ ਬਾਰੇ ਟ੍ਰੈਕਟ ਛਾਪ ਕੇ ਵੰਡਣ ਵਰਗੀ ਵਡਮੁੱਲੀ ਸੇਵਾ ਵਿਚ ਰੁਚਿਤ ਰਹਿੰਦਾ ਹੈ। ਹਥਲੀ ਪੁਸਤਕ ਉਸ ਨੇ ਆਪਣੀ ਧਰਮ ਪਤਨੀ ਸਰਦਾਰਨੀ ਅਮਰਜੀਤ ਕੌਰ ਨੂੰ ਸਮਰਪਿਤ ਕੀਤੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570.


ਹਾਇਕੂ ਸੱਭਿਆਚਾਰ
ਸੰਪਾਦਕ : ਕਸ਼ਮੀਰੀ ਲਾਲ ਚਾਵਲਾ, ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 104
ਸੰਪਰਕ : 98148-14791.

37 ਪੁਸਤਕਾਂ ਦੇ ਸਿਰਜਕ ਕਸ਼ਮੀਰੀ ਲਾਲ ਚਾਵਲਾ ਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਦੀ ਇਹ ਪੁਸਤਕ ਹਾਇਕੂ ਸੱਭਿਆਚਾਰ ਇਕ ਸਮਿਲਿਤ ਹਾਇਕੂ ਸੰਗ੍ਰਹਿ ਹੈ। ਕਸ਼ਮੀਰੀ ਲਾਲ ਚਾਵਲਾ ਲੰਮੇ ਸਮੇਂ ਤੋਂ ਇਸ ਜਾਪਾਨੀ ਸਿਨਫ਼ ਨੂੰ ਪੰਜਾਬੀ ਪਾਠਕਾਂ ਦੇ ਰੂਬਰੂ ਕਰਾ ਰਹੇ ਹਨ। ਕਸ਼ਮੀਰੀ ਲਾਲ ਚਾਵਲਾ ਹਥਲੇ ਹਾਇਕੂ ਸੰਗ੍ਰਹਿ ਦੇ ਸਿਰਜਕ ਹੋਣ ਦੇ ਨਾਲ-ਨਾਲ ਇਸ ਦੇ ਸੰਪਾਦਕ ਵੀ ਹਨ। ਇਹ ਪੁਸਤਕ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲੇ ਭਾਗ ਵਿਚ ਰੰਜੀਤ ਰਵੀਸੇਨ (ਕੇਰਲਾ), ਕਸ਼ਮੀਰੀ ਲਾਲ ਚਾਵਲਾ ਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਵਲੋਂ ਜਾਪਾਨੀ ਕਾਵਿ ਸਿਨਫ਼ ਹਾਇਕੂ, ਤਾਂਕਾ, ਸੰਦੋਕਾ, ਚੋਕਾ ਅਤੇ ਹਾਈਬਨ ਦੇ ਵਿਧੀ ਵਿਧਾਨ ਦੀ ਇਤਿਹਾਸਕਾਰੀ ਕੀਤੀ ਹੈ ਜੋ ਐਮ.ਫਿਲ ਅਤੇ ਪੀ.ਐਚ.ਡੀ. ਦੇ ਖੋਜਾਰਥੀਆਂ ਲਈ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੀ ਹੈ ਅਤੇ ਹਾਇਕੂ ਲਿਖਣ ਵਾਲੇ ਸ਼ਾਇਰਾਂ ਦੀ ਲੰਮੀ ਫਹਿਰਿਸਤ ਵੀ ਜਾਰੀ ਕੀਤੀ ਹੈ। ਪੰਜਾਬੀ ਵਿਚ ਤਾਂ ਪਹਿਲਾਂ ਹੀ ਇਸ ਜਾਪਾਨੀ ਕਾਵਿ-ਸਿਨਫ਼ ਹਾਇਕੂ ਦੇ ਮੁਕਾਬਲੇ ਤਿੰਨ ਸਤਰੀ ਸਿਨਫ਼ ਟੱਪੇ ਲਿਖੀ ਤੇ ਮਾਣੀ ਜਾਂਦੀ ਹੈ। ਪੰਜਾਬੀ ਵਿਚ ਇਸ ਦਾ ਪ੍ਰਚਲਨ ਅਜੇ ਨਵਾਂ-ਨਵਾਂ ਹੈ। ਪਹਿਲੀ ਨਜ਼ਰੇ ਇਸ ਦੀ ਸ਼ਾਇਰੀ ਅਭਿੱਜ ਜਿਹੀ ਲਗਦੀ ਹੈ ਪਰ ਜਿਉਂ ਇਸ ਦੇ ਪਾਠ ਉਪਰੰਤ ਉਸ ਦੇ ਅਰਥ ਗਹਿਰੇ ਹੁੰਦੇ ਜਾਂਦੇ ਹਨ ਤਾਂ ਇਸ ਸਿਨਫ਼ ਦੀ ਮਕਬੂਲੀਅਤ ਦੀਆਂ ਵੱਡੀਆਂ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ। ਹਥਲੀ ਪੁਸਤਕ ਦੇ ਹਾਇਕੂ ਪੰਜਾਬੀ ਸੱਭਿਆਚਾਰ ਦੀ ਰਹਿਤਲ ਦੀ ਭਰਪੂਰ ਪਰਿਕਰਮਾ ਕਰਾਉਂਦੇ ਹਨ। ਹਥਲੀ ਪੁਸਤਕ ਵਿਚ ਕਸ਼ਮੀਰੀ ਲਾਲ ਚਾਵਲਾ ਦੇ 593 ਅਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਦੇ 555 ਹਾਇਕੂ ਸ਼ਾਮਿਲ ਹਨ। ਜ਼ਰਾ ਕਸ਼ਮੀਰੀ ਲਾਲ ਚਾਵਲਾ ਦੇ ਹਾਇਕੂ ਦਾ ਨਮੂਨਾ ਦੇਖੋ 'ਘੂੰ ਘੂੰ ਚਰਖਾ, ਮਾਹੀਆ ਚੇਤੇ ਆਵੇ, ਤਿੰਜਣ ਦਾ ਮੇਲਾ' ਡਾ. ਦਵਿੰਦਰਜੀਤ ਕੌਰ ਦ੍ਰਿਵ ਦੇ ਹਾਇਕੂ ਦਾ ਨਮੂਨਾ ਹਾਜ਼ਰ ਹੈ। ਵੱਡੀ ਹਵੇਲੀ, ਜਿਥੇ ਬੇਬੇ ਤੇ ਬਾਪੂ ਦੋਵੇਂ ਇਕੱਲੇ। ਦੂਜੇ ਤੇ ਤੀਜੇ ਭਾਗ ਦੇ ਹਾਇਕੂ ਪੜ੍ਹਦਿਆਂ ਜਾਪਾਨੀ ਸਿਨਫ਼ ਦੇ ਪੰਜਾਬੀ ਸਿਰਜਕਾਂ ਨੂੰ ਸਲਾਮ ਕਹਿਣਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254

ਮੱਸਿਆ ਤੋਂ ਪੁੰਨਿਆਂ
ਲੇਖਕ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 95010-73600.

ਵਿਚਾਰ ਹਿਤ ਪੁਸਤਕ ਇਕ ਨਾਵਲ ਹੈ, ਜਿਸ ਦੇ 19 ਕਾਂਡ ਹਨ। ਹਥਲਾ ਨਾਵਲ ਪਾਤਰ ਉਸਾਰੀ, ਵਾਰਤਾਲਾਪ, ਸਥਾਨਕ ਚਿਤਰਨ, ਭਾਸ਼ਾ ਅਤੇ ਸ਼ੈਲੀ ਆਦਿ ਨਾਵਲ ਦੇ ਤੱਤਾਂ 'ਤੇ ਖਰਾ ਉਤਰਦਾ ਹੈ। ਨਾਵਲ ਦੀ ਕਹਾਣੀ ਔਰਤ ਦੀ ਜੱਦੋ-ਜਹਿਦ ਦੇ ਦੁਆਲੇ ਘੁੰਮਦੀ ਹੈ। ਇਸ ਵਿਚ ਕਾਲੇ ਰੰਗ ਦੀ ਇਕ ਔਰਤ ਪਾਤਰ ਆਸ਼ਾ ਹੈ। ਦੂਜੀ ਔਰਤ ਪਾਤਰ ਹੈ, ਗੋਰੀ ਚਿੱਟੀ ਮੇਹਰ। ਆਸ਼ਾ ਆਪਣੇ ਭਰਾ ਦੇ ਘਰ ਰਹਿੰਦੀ ਹੈ। ਭਰਜਾਈ ਉਸ ਨੂੰ ਕੋਠੀ ਦਾ ਨਜ਼ਰ ਵੱਟੂੂ ਕਹਿੰਦੀ ਹੈ। ਜੁਆਨ ਆਸ਼ਾ ਆਪਣੇ ਕਾਲੇ ਰੰਗ ਦੇ ਫ਼ਿਕਰ ਵਿਚ ਅੰਦਰੋਂ-ਅੰਦਰੀਂ ਝੁਰ ਰਹੀ ਹੈ। ਉਸ ਦੇ ਭਰਾ ਦੇ ਦਫ਼ਤਰ ਦਾ, ਉਸ ਅਧੀਨ ਕੰਮ ਕਰਦਾ ਇਕ ਮੁੰਡਾ ਰਾਜੇਸ਼ ਆਸ਼ਾ ਨਾਲ ਵਿਆਹ ਕਰਾਉਣ ਲਈ ਸਹਿਮਤ ਹੋ ਜਾਂਦਾ ਹੈ। ਵਿਆਹ ਹੋ ਵੀ ਜਾਂਦਾ ਹੈ। ਆਖਿਰ ਉਹ ਵੀ ਆਸ਼ਾ ਨੂੰ ਕਾਲੇ ਰੰਗ ਕਰਕੇ ਪਤਨੀ ਵਾਲਾ ਸੁੱਖ ਨਹੀਂ ਦਿੰਦਾ। ਇਕ ਦਿਨ ਰੇਲਵੇ ਲਾਈਨ ਤੋਂ ਉਸ ਦੀ ਲਾਸ਼ ਮਿਲਦੀ ਹੈ। ਆਸ਼ਾ ਵਿਧਵਾ ਹੋ ਜਾਂਦੀ ਹੈ। ਪਤੀ ਦੀ ਥਾਂ 'ਤੇ, ਉਸ ਨੂੰ ਪਿੰਡ ਦੀ ਡਿਸਪੈਂਸਰੀ ਵਿਚ ਸਰਕਾਰੀ ਨੌਕਰੀ ਮਿਲ ਜਾਂਦੀ ਹੈ। ਉੱਥੇ ਬਚਨੀ ਅਤੇ ਸਫ਼ਾਈ ਕਰਮਚਾਰੀ ਕੱਲੂ, ਉਸ ਦੇ ਨਾਲ ਮੁਲਾਜ਼ਮ ਹਨ। ਵਕਤ ਲੰਘਣ ਲਗਦਾ ਹੈ। ਕੁਝ ਮਹੀਨੇ ਪਿੱਛੋਂ ਮੇਹਰ ਵੀ ਉਸ ਡਿਸਪੈਂਸਰੀ ਦੀ ਮੁਲਾਜ਼ਮ ਬਣ ਕੇ ਹਾਜ਼ਰ ਹੋ ਜਾਂਦੀ ਹੈ। ਦੋਵੇਂ ਦੁੱਖ-ਸੁੱਖ ਫਰੋਲਦੀਆਂ, ਇਕ-ਦੂਜੇ ਦੇ ਬਹੁਤ ਕਰੀਬ ਆ ਜਾਂਦੀਆਂ ਹਨ। ਪਤਾ ਲਗਦਾ ਹੈ ਕਿ ਮੇਹਰ ਵੀ ਪਤਨੀ ਬਣਨ ਤੋਂ ਪਹਿਲਾਂ ਹੀ ਵਿਧਵਾ ਹੋ ਚੁੱਕੀ ਹੁੰਦੀ ਹੈ। ਉਸ ਦਾ ਤੇਜੀ ਨਾਂਅ ਦੇ ਮੁੰਡੇ ਨਾਲ ਪਿਆਰ ਸੀ, ਪਰ ਵਿਆਹ ਸਿਰੇ ਨਾ ਚੜ੍ਹਿਆ। ਮੇਹਰ ਦੀ ਮੁਹੱਬਤ ਵਿਚ ਤੇਜੀ ਗੀਤ ਲਿਖਣ ਲੱਗ ਪਿਆ ਸੀ। ਉਹ ਮੇਹਰ ਤੋਂ ਦੂਰ ਇੰਗਲੈਂਡ ਚਲਿਆ ਗਿਆ ਸੀ। ਡਿਸਪੈਂਸਰੀ ਵਿਚ ਨੌਕਰੀ ਕਰਦਿਆਂ, ਉਨ੍ਹਾਂ ਦੀ ਜਾਣ-ਪਛਾਣ ਪਿੰਡ ਦੇ ਕਈ ਮੁਹਤਬਰ ਸੱਜਣਾਂ ਤੋਂ ਇਲਾਵਾ, ਇੰਗਲੈਂਡ ਰਹਿ ਕੇ ਆਏ, ਵੱਡੀ ਹਵੇਲੀ ਵਾਲੇ ਹਰਿੰਦਰ ਨਾਲ ਹੋ ਜਾਂਦੀ ਹੈ। ਲੋਹੜੀ ਵਾਲੇ ਦਿਨ ਇਕ ਸਮਾਗਮ ਦੌਰਾਨ ਹਰਿੰਦਰ ਵਲੋਂ ਤੇਜੀ ਦਾ ਲਿਖਿਆ ਗੀਤ ਸੁਣਾਉਣ ਨਾਲ, ਤੇਜੀ ਦਾ ਸੁਰਾਗ ਮਿਲ ਜਾਂਦਾ ਹੈ। ਆਖਿਰ ਤੇਜੀ ਵੀ ਲੱਭ ਪਿਆ। ਮੇਹਰ ਦਾ ਪਿਆਰ ਨੇਪਰੇ ਚੜ੍ਹਾਉਣ ਦੀ ਹਰਦੇਵ ਦੀ ਹਰ ਕੋਸ਼ਿਸ਼ ਉਦੋਂ ਢਹਿ ਢੇਰੀ ਹੋ ਗਈ ਜਦੋਂ ਤੇਜੀ ਮੇਹਰ ਨਾਲ ਵਿਆਹ ਕਰਾਉਣ ਲਈ ਇੰਗਲੈਂਡ ਤੋਂ ਇੰਡੀਆ ਪਹੁੰਚ ਵੀ ਗਿਆ, ਪਰ ਕੋਰੋਨਾ ਨੇ ਮੇਹਰ ਨੂੰ ਇਕ ਵਾਰ ਫਿਰ ਪਤਨੀ ਬਣਨ ਤੋਂ ਪਹਿਲਾਂ ਹੀ ਵਿਧਵਾ ਬਣਾ ਦਿੱਤਾ ਸੀ। ਉਹ ਤੇਜੀ ਦੇ ਮੁਰਦਾ ਸਰੀਰ ਨਾਲ ਲਿਪਟ ਗਈ ਅਤੇ ਦੌਰਾ ਪੈਣ ਨਾਲ ਉਸ ਦੇ ਨਾਲ ਹੀ ਵਿਦਾ ਹੋ ਗਈ। ਦੂਜੇ ਪਾਸੇ ਹਰਦੇਵ ਆਸ਼ਾ ਦੇ ਸਮਾਜ ਪ੍ਰਤੀ ਕੀਤੇ ਕੰਮਾਂ ਕਾਰਨ ਆਸ਼ਾ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਆਸ਼ਾ ਵੀ ਉਸ ਦੇ ਕਰੀਬ ਜਾਣਾ ਲੋਚਦੀ ਹੈ। ਪਰ ਹਰਦੇਵ ਦੀ ਦਿਮਾਗ ਦੀ ਰਸੌਲੀ ਵੀ ਅੰਤਿਮ ਸਟੇਜ 'ਤੇ ਹੈ। ਉਸ ਨੂੰ ਪਤਾ ਹੈ ਕਿ ਉਹ ਥੋੜ੍ਹੀ ਦੇਰ ਦਾ ਪ੍ਰਾਹੁਣਾ ਹੈ। ਉਹ ਆਸ਼ਾ ਨੂੰ ਬਹੁਤ ਪਿਆਰ ਕਰਦਾ ਹੈ। ਉਸ ਦੇ ਨਾਂਅ 'ਤੇ ਹਸਪਤਾਲ ਬਣਵਾਉਂਦਾ ਹੈ। ਹਵੇਲੀ ਅਤੇ ਸਾਰੀ ਜਾਇਦਾਦ ਆਸ਼ਾ ਦੇ ਨਾਂਅ ਕਰਕੇ ਜ਼ਿੰਦਗੀ ਨੂੰ ਅਲਵਿਦਾ ਆਖ ਜਾਂਦਾ ਹੈ। ਆਸ਼ਾ ਹਰਦੇਵ ਦੇ ਆਰੰਭੇ ਕੰਮਾਂ ਨੂੰ ਸਿਖਰ 'ਤੇ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਦੇਸ਼-ਵਿਦੇਸ਼ ਵਿਚ ਆਸ਼ਾ ਦੇ ਹਸਪਤਾਲ, ਭਲਾਈ ਕੇਂਦਰ, ਕੰਪਿਊਟਰ ਕੇਂਦਰ, ਬਿਰਧ ਆਸ਼ਰਮ, ਸਿਲਾਈ ਕੇਂਦਰ ਦੀ ਚਰਚਾ ਹੈ। ਆਸ਼ਾ ਦੀ ਹਿੰਮਤ ਨੂੰ ਦਾਦ ਮਿਲ ਰਹੀ ਹੈ। ਕੋਈ ਉਸ ਦੇ ਕਾਲੇ ਰੰਗ ਨੂੰ ਨਹੀਂ ਗੌਲ਼ਦਾ। ਉਸ ਦੀ ਗਿਣਤੀ ਦੇਸ਼ ਦੀਆਂ ਪ੍ਰਮੁੱਖ ਔਰਤਾਂ ਵਿਚ ਹੋਣ ਲੱਗੀ ਹੈ। ਸਰਕਾਰ ਨੇ ਉਸ ਨੂੰ 'ਪਦਮ ਸ੍ਰੀ' ਪੁਰਸਕਾਰ ਨਾਲ ਨਿਵਾਜਿਆ ਹੈ। ਮੱਸਿਆ ਵਿਚੋਂ ਇਹ ਅਲੌਕਿਕ ਚਾਨਣ ਉਪਜਿਆ ਹੈ। ਇਹ ਨਾਵਲ ਬੜਾ ਹੀ ਦਿਲਚਸਪ ਹੈ। ਪਾਠਕ ਨੂੰ ਉਂਗਲੀ ਲਗਾ ਕੇ ਨਾਲ ਤੋਰ ਲੈਂਦਾ ਹੈ। ਕਿਤੇ ਵੀ ਨੀਰਸ ਨਹੀਂ ਹੋਣ ਦਿੰਦਾ। ਕਹਾਣੀ ਦੇ ਪਾਤਰ ਥਾਂ-ਥਾਂ ਸਮਾਜਿਕ ਕੁਰੀਤੀਆਂ, ਨਸ਼ਿਆਂ, ਕੁੜੀਆਂ ਨਾਲ ਛੇੜਛਾੜ, ਗ਼ਰੀਬ-ਗੁਰਬਿਆਂ ਦੀ ਮਦਦ ਕਰਨ ਦਾ ਸੁਨੇਹਾ ਵੀ ਦਿੰਦੇ ਹਨ। ਨਸ਼ੇੜੀਆਂ ਤੋਂ ਬਚਾਉਣ ਲਈ ਹਰਪ੍ਰੀਤ ਦਾ ਸਾਥ ਆਸ਼ਾ ਅਤੇ ਮੇਹਰ ਦਿੰਦੀਆਂ ਹਨ। ਉਸ ਦਾ ਬਾਪੂ ਪੂਰਾ ਹੋਣ 'ਤੇ ਉਸ ਦੀ ਸ਼ਾਦੀ, ਹਰਦੇਵ ਤੇ ਬਚਨੀ ਦੀ ਮਦਦ ਨਾਲ, ਉਸ ਦੇ ਜਾਣੂ ਮੁੰਡੇ ਨਾਲ ਕਰਾਉਂਦੀਆਂ ਹਨ। ਇਹ ਇਕ ਸਿਹਤਮੰਦ ਅਤੇ ਸਾਰਥਕ ਸੁਨੇਹਾ ਹੈ। ਨਸ਼ੇੜੀਆਂ ਨੂੰ ਪੁਲਿਸ ਹਵਾਲੇ ਕਰਨਾ ਦਲੇਰਾਨਾ ਕੰਮ ਹੈ। ਪੁਲਿਸ ਦੀ ਨਸ਼ੇ ਦੇ ਵਪਾਰੀਆਂ ਨਾਲ ਮਿਲੀਭੁਗਤ, ਲੋਕਾਂ ਦੇ ਆਪਣੇ ਡਰਾਂ ਨੂੰ ਵੀ ਇਸ ਵਿਚ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਇਹ ਨਾਵਲ ਔਰਤਾਂ ਲਈ ਵਿਸ਼ੇਸ਼ ਤੌਰ 'ਤੇ ਹਿੰਮਤ ਤੇ ਊਰਜਾ ਸਮੋਈ ਬੈਠਾ ਹੈ। ਸਮਾਜਿਕ ਕਾਰਕੁੰਨਾਂ ਨੂੰ ਰੰਗ, ਧਰਮ, ਜਾਤ ਤੋਂ ਉੱਪਰ ਉੱਠ ਕੇ ਸਿਹਤਮੰਦ ਸਮਾਜ ਸਿਰਜਣ ਦਾ ਹੋਕਾ ਦਿੰਦਾ ਹੈ। ਪੰਜਾਬੀ ਸਾਹਿਤ ਵਿਚ ਸ੍ਰੀਮਤੀ ਸੁਰਿੰਦਰ ਕੌਰ ਸੈਣੀ ਦੇ ਇਸ ਨਾਵਲ ਦਾ ਹਾਰਦਿਕ ਸਵਾਗਤ ਕਰਨਾ ਬਣਦਾ ਹੈ। ਭਵਿੱਖ ਵਿਚ ਉਨ੍ਹਾਂ ਤੋਂ ਹੋਰ ਵੀ ਸਸ਼ਕਤ ਸਾਹਿਤ ਸਿਰਜਣਾ ਦੀ ਉਮੀਦ ਕੀਤੀ ਜਾਂਦੀ ਹੈ।

ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਮੋ: 97806-67686

c c c
ਬੀਤੇ ਪਲਾਂ ਦੀ ਦਾਸਤਾਨ
ਲੇਖਕ : ਗੁਲਜ਼ਾਰ ਸਿੰਘ ਸ਼ੌਂਕੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 128
ਸੰਪਰਕ : 98552-28224.

ਗੀਤ, ਗ਼ਜ਼ਲਾਂ ਦੀ ਪੁਸਤਕ 'ਬੀਤੇ ਪਲਾਂ ਦੀ ਦਾਸਤਾਨ' ਦੇ ਲੇਖਕ ਗੁਲਜ਼ਾਰ ਸਿੰਘ ਸ਼ੌਂਕੀ ਹਨ, ਜਿਨ੍ਹਾਂ ਨੇ ਇਸ ਪੁਸਤਕ ਵਿਚ 18 ਗ਼ਜ਼ਲਾਂ ਤੋਂ ਇਲਾਵਾ 72 ਦੇ ਕਰੀਬ ਆਪਣੀਆਂ ਹੋਰ ਰਚਨਾਵਾਂ ਪੇਸ਼ ਕੀਤੀਆਂ ਹਨ। ਲੇਖਕ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਕਿਉਂਕਿ ਇਸ ਦਾ ਨਾਂਅ ਹਰ ਖੇਤਰ ਵਿਚ ਪਹਿਲੀ ਕਤਾਰ ਵਿਚ ਆਉਂਦਾ ਹੈ। ਇਨ੍ਹਾਂ ਦਾ ਯੋਗਦਾਨ ਪੰਜਾਬੀ ਸਾਹਿਤ ਵਿਚ ਕਾਫੀ ਵੱਡਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਸਭ ਤੋਂ ਵੱਡੀ ਪ੍ਰਸਿੱਧੀ ਇਨ੍ਹਾਂ ਨੂੰ ਗੀਤਕਾਰੀ ਵਿਚ ਮਿਲੀ ਅਤੇ ਨਾਮੀ ਗਾਇਕਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਇਆ ਅਤੇ ਆਪਣਾ ਲੋਹਾ ਵੀ ਮੰਨਵਾਇਆ। ਸ. ਸ਼ੌਂਕੀ ਨੇ ਆਪਣੇ ਜੀਵਨ ਵਿਚ ਔਖ ਵੀ ਬਹੁਤ ਕੱਟੀ ਪ੍ਰੰਤੂ ਕਦੇ ਘਬਰਾਇਆ ਨਹੀਂ ਬਲਕਿ ਪਰਮਾਤਮਾ ਦਾ ਭਾਣਾ ਮੰਨ ਕੇ ਸਭ ਨੂੰ ਖਿੜੇ-ਮੱਥੇ 'ਤੇ ਕਬੂਲ ਕੀਤਾ। ਲੇਖਕ ਭਾਵੇਂ ਜ਼ਿਆਦਾ ਪੜ੍ਹਿਆ ਨਹੀਂ ਬਲਕਿ ਲੋੜ ਤੋਂ ਜ਼ਿਆਦਾ ਗੁੜਿਆ ਹੋਣ ਕਰਕੇ ਇਸ ਨੇ ਆਪਣੀ ਲਿਖਤ ਵਿਚ ਕਦੇ ਮਾਰ ਨਹੀਂ ਖਾਧੀ। ਸ਼ੁਰੂ ਵਿਚ ਇਨ੍ਹਾਂ ਦੀਆਂ ਲਿਖਤਾਂ ਵਿਚ ਕਚਿਆਈ ਜ਼ਰੂਰ ਰਹੀ ਪ੍ਰੰਤੂ ਗੁੜਨ ਤੋਂ ਬਾਅਦ ਇਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਨੇ ਮਜ਼ਦੂਰੀ ਕੀਤੀ, ਸਪੀਕਰ ਵਜਾਇਆ ਅਖਾੜਿਆਂ 'ਤੇ ਮੰਚ ਸੰਭਾਲਿਆ। ਇਸ ਤਰ੍ਹਾਂ ਮਿਹਨਤ ਕਰਕੇ ਟੀਸੀ 'ਤੇ ਪੁੱਜਿਆ। ਪੰਜਾਬ ਦੇ ਸਿੱਖਿਆ ਵਿਭਾਗ 'ਚ ਸੇਵਾਦਾਰ ਲੱਗਿਆ ਅਤੇ ਨਾਲ ਹੀ ਆਪਣਾ ਸ਼ੌਕ ਵੀ ਪਾਲਦਾ ਰਿਹਾ। ਜਿਸ ਪ੍ਰਤੀ ਇਸ ਦੇ ਘਰਦਿਆਂ ਨੇ ਵੀ ਪੂਰਾ ਸਾਥ ਦਿੱਤਾ। ਇਨਾਂ ਨੇ ਆਪਣੀਆਂ ਲਿਖਤਾਂ ਵਿਚ ਅਨੇਕਾਂ ਵਿਸ਼ਿਆਂ ਨੂੰ ਛੂਹਿਆ ਅਤੇ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਵਿਚ ਪਾ ਕੇ ਪਾਠਕਾਂ ਦੀ ਝੋਲੀ ਵਿਚ ਪਾਇਆ। ਇਨ੍ਹਾਂ ਦੀਆਂ ਗ਼ਜ਼ਲਾਂ ਵਿਚ ਕਮਾਲ ਦੀ ਸ਼ਾਇਰੀ ਹੈ ਅਤੇ ਅੱਜਕਲ੍ਹ ਸਾਹਿਤਕ ਮਹਿਫ਼ਿਲਾਂ, ਕਵੀ ਦਰਬਾਰਾਂ ਦੇ ਇਹ ਸ਼ਿੰਗਾਰ ਬਣੇ ਹੋਏ ਹਨ। ਵੱਡੇ-ਵੱਡੇ ਲੇਖਕਾਂ ਨਾਲ ਰਹਿਣੀ-ਬਹਿਣੀ ਤੇ ਵਿਚਾਰ ਕਰਨਾ ਵੀ ਸ. ਸ਼ੌਂਕੀ ਦਾ ਸ਼ੌਕ ਹੈ। ਆਪਣੀਆਂ ਲਿਖਤਾਂ ਵਿਚ ਸ: ਸ਼ੌਂਕੀ ਕੋਈ ਵਿੰਗ ਬਲ ਨਹੀਂ ਪਾਉਂਦਾ ਬਲਕਿ ਸਿੱਧੇ ਢੰਗ ਨਾਲ ਆਪਣੀ ਗੱਲ ਕਹਿ ਜਾਂਦਾ ਹੈ। ਇਨ੍ਹਾਂ ਨੂੰ ਜੋ ਸ਼ੁਹਰਤ ਮਿਲੀ ਹੈ, ਉਸ ਨੂੰ ਵੀ ਇਸ ਨੇ ਹਮੇਸ਼ਾ ਕਾਇਮ ਰੱਖਿਆ ਹੈ। ਇਨ੍ਹਾਂ ਦੀ ਜਦੋਂ ਵੀ ਕੋਈ ਨਵੀਂ ਕਿਤਾਬ ਛਪ ਕੇ ਆਉਂਦੀ ਹੈ ਤਾਂ ਪਾਠਕਾਂ ਵਿਚ ਬੜੀ ਉਤਸੁਕਤਾ ਰਹਿੰਦੀ ਹੈ। ਲੇਖਕ ਪੂਰੀ ਤਰ੍ਹਾਂ ਦੇ ਨਾਲ ਫੱਕਰ ਹੈ ਅਤੇ ਕੁਝ ਨਾ ਕੁਝ ਨਵਾਂ ਲਿਖਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 092105-88990.

ਵਕਤ ਦੇ ਅੰਗ-ਸੰਗ
(ਦੋਹਾ-ਸੰਗ੍ਰਹਿ)

ਲੇਖਕ : ਪ੍ਰੋ. ਦਾਤਾਰ ਸਿੰਘ
ਪ੍ਰਕਾਸ਼ਕ : ਸ਼ੇਰੇ ਪੰਜਾਬ ਪ੍ਰਕਾਸ਼ਨ, ਸ੍ਰੀ ਮੁਕਤਸਰ ਸਾਹਿਬ
ਮੁੱਲ : 150 ਰੁਪਏ, ਸਫ਼ੇ : 150
ਸੰਪਰਕ : 98142-55022.

'ਵਕਤ ਦੇ ਅੰਗ-ਸੰਗ' (ਦੋਹਾ-ਸੰਗ੍ਰਹਿ) ਪ੍ਰੋ. ਦਾਤਾਰ ਸਿੰਘ ਦਾ ਦੂਸਰਾ ਦੋਹਾ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ 'ਵਕਤ-ਨਾਮਾ' ਦੋਹਾ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਇਹ ਦੋਹਾ-ਸੰਗ੍ਰਹਿ ਉਸ ਨੇ 'ਮਨਦੀਪ ਕੌਰਗੁਰਦੀਪ ਸਿੰਘ' ਆਸਾਂ ਦੇ ਫਲਦਾਰ ਬੂਟ ਨੂੰਹ-ਪੁੱਤ ਨੂੰ ਸਮਰਪਿਤ ਕਰਦਿਆਂ ਭਵਿੱਖੀ ਆਸਾਂ-ਉਮੀਦਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਹੈ। 'ਦੋਹਾ' ਪੰਜਾਬੀ ਕਵਿਤਾ ਦਾ ਮਹੱਤਵਪੂਰਨ ਕਾਵਿ-ਰੂਪ ਰਿਹਾ ਹੈ ਅਤੇ ਹੁਣ ਵੀ ਪ੍ਰੋੜ੍ਹ ਗ਼ਜ਼ਲਕਾਰਾਂ ਵਲੋਂ ਇਸ ਕਾਵਿ-ਰੂਪ 'ਤੇ ਹੱਥ-ਅਜ਼ਮਾਈ ਕੀਤੀ ਜਾ ਰਹੀ ਹੈ। 'ਪੁਰਾਣਾ ਮਾਖਿਉਂ' ਕਾਵਿ-ਸਿਰਲੇਖ ਹੇਠ ਖੁਸਰੋ, ਫ਼ਰੀਦ, ਕਬੀਰ, ਰਹੀਮ ਦੇ ਦੋਹੇ ਦਰਜ ਕਰਕੇ ਇਸ ਕਾਵਿ-ਰੂਪ ਦੀ ਮਹਾਨਤਾ ਸੰਬੰਧੀ ਸੰਕੇਤ ਦਿੱਤੇ ਹਨ। ਇਸ ਦੋਹਾ-ਸੰਗ੍ਰਹਿ ਵਿਚਲੇ ਦੋਹਿਆਂ ਵਿਚ ਸਾਧ ਬਾਬਿਆਂ ਦੀਆਂ ਕਰੂਰਤਾਂ, ਜਬਰ ਜਨਾਹ, ਕਰਜ਼ੇ, ਬੇਰੁਜ਼ਗਾਰੀ, ਨਸ਼ੇ, ਤਸਕਰੀ, ਲਾਲ ਫ਼ੀਤਾਸ਼ਾਹੀ, ਫ਼ੀਤਾਸ਼ਾਹੀ, ਪ੍ਰਦੂਸ਼ਣ, ਕੋਰੋਨਾ ਦੈਂਤ, ਪਰਿਵਾਰਕ ਟਕਰਾਓ ਅਤੇ ਮੌਜੂਦਾ ਕਿਸਾਨ ਅੰਦੋਲਨ ਨਾਲ ਸੰਬੰਧਿਤ ਵਿਸ਼ਿਆਂ ਨੂੰ ਪ੍ਰਗਟਾਉਣ ਦਾ ਸੁਚੱਜਾ ਉਪਰਾਲਾ ਕੀਤਾ ਗਿਆ ਹੈ। ਕੁਝ ਵੰਨਗੀਆਂ ਪੇਸ਼ ਹਨ :
* ਹੋਵੇ ਰਾਮ ਰਹੀਮ ਜਾਂ, ਬਾਪੂ ਆਸਾ ਰਾਮ।
ਕਾਮੀ ਲੋਚ ਸਪੁਰਦਗੀ, ਮਿੱਟੀ ਸਾਧ ਹਰਾਮ।
* ਰੇਤਾ ਪੱਥਰ ਬੱਜਰੀ, ਮਿੱਟੀ ਖਣਨ ਵਪਾਰ।
ਹੱਥ ਰਿਮੋਟ ਸਿਆਸਤਾਂ, ਮੌਜ ਕਰਨ ਪਰਿਵਾਰ।
* ਸਾਲ ਨਵੇਂ ਦੇ ਸੂਰਜਾ, ਖੋਜ ਤਲਬ ਰੁਜ਼ਗਾਰ।
ਸਿਖਰ ਜੁਆਨੀ ਕੌਸ਼ਲੀ, ਹੁੰਦੀ ਰੋਜ਼ ਖੁਆਰ।
'ਵਚਨਾਰੰਭ' ਸਿਰਲੇਖ ਹੇਠ ਪ੍ਰੋ. ਦਾਤਾਰ ਸਿੰਘ ਦਾ ਕਥਨ ਹੈ ਕਿ ਪਹਿਲਾ ਦੋਹਾ ਕਾਵਿ-ਰੂਪ ਦੀ ਵਰਤੋਂ ਅਧਿਆਤਮਿਕ ਵਿਸ਼ਿਆਂ ਦੀ ਪੇਸ਼ਕਾਰੀ ਲਈ ਕੀਤੀ ਜਾਂਦੀ ਸੀ। ਪਦਾਰਥਕ ਸੋਚ ਬਦਲਣ ਨਾਲ ਹੁਣ ਇਹ ਦੋਹਾ-ਕਾਵਿ ਰੂਪ ਦੀ ਵਰਤੋਂ ਅੱਜ ਸੰਵੇਦਨਾ ਅਤੇ ਲੋਕ-ਸਰੋਕਾਰਾਂ ਦੀ ਪੇਸ਼ਕਾਰੀ ਲਈ ਵੀ ਸੰਭਵ ਹੈ। ਪ੍ਰੋ. ਦਾਤਾਰ ਸਿੰਘ ਦੇ ਇਨ੍ਹਾਂ ਯਤਨਾਂ ਦੀ ਸ਼ਲਾਘਾ ਸੁਲੱਖਣ ਸਰਹੱਦੀ, ਡਾ. ਤੇਜਵੰਤ ਮਾਨ, ਡਾ. ਸ਼ਰਨਜੀਤ ਕੌਰ, ਬਿਕਰਮਜੀਤ ਨੂਰ, ਤੀਰਥ ਸਿੰਘ ਢਿੱਲੋਂ, ਮਨਿੰਦਰ ਸਿੰਘ, ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ, ਕਸ਼ਮੀਰੀ ਲਾਲ ਚਾਵਲਾ, ਹਰਪਿੰਦਰ ਰਾਣਾ ਵਲੋਂ ਵੀ ਕੀਤੀ ਗਈ। ਜਿਸ ਸਾਦ-ਮੁਰਾਦੀ, ਲੋਕ-ਭਾਖਿਆ ਅਤੇ ਸਪੱਸ਼ਟਤਾ ਨਾਲ ਪ੍ਰੋ. ਸਾਹਿਬ ਨੇ ਇਨ੍ਹਾਂ ਦੋਹਿਆਂ 'ਚ ਅਜੋਕੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ, ਕਾਵਿ-ਪਾਠਕ ਜ਼ਰੂਰ, ਇਸ ਦੋਹਾ ਸੰਗ੍ਰਹਿ ਦਾ ਸਵਾਗਤ ਕਰਨਗੇ।

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

c c c
ਭਵਿੱਖ ਤੇ ਚੁਣੌਤੀਆਂ
ਲੇਖਕ : ਨਰਿੰਦਰ ਸਿੰਘ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 300 ਰੁਪਏ, ਸਫ਼ੇ : 280
ਸੰਪਰਕ : 98146-62260.

ਵਿਚਾਰ ਅਧੀਨ ਪੁਸਤਕ ਨਰਿੰਦਰ ਸਿੰਘ ਲੈਕਚਰਾਰ ਦੇ ਵਿਦਵਤਾ ਭਰਪੂਰ ਲੇਖਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਦਾ ਨਾਂਅ ਭਾਵੇਂ 'ਭਵਿੱਖ ਤੇ ਚੁਣੌਤੀਆਂ' ਹੈ ਪਰ ਸਮਕਾਲੀ ਸਮੇਂ ਵਿਚ ਭਾਰਤ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਬਾਰੇ ਲੇਖ ਵੱਧ ਹਨ। ਲੇਖਕ ਅਜੋਕੇ ਸਮੇਂ ਦੇ ਸੰਕਟਾਂ ਨੂੰ ਪਾਰਦਰਸ਼ੀ ਦ੍ਰਿਸ਼ਟੀ ਨਾਲ ਵਾਚ ਕੇ ਕਲਮਬੱਧ ਕਰਦਾ ਹੈ। ਉਸ ਦੀ ਕਲਮ ਪਾਠਕਾਂ ਨੂੰ ਸੁਚੇਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਤਾਬ ਵਿਚ ਸੰਕਲਿਤ ਕੀਤੇ ਗਏ ਜ਼ਿਆਦਾ ਲੇਖ ਪੰਜਾਬੀ ਦੇ ਸਮਕਾਲੀ ਅਖ਼ਬਾਰਾਂ ਵਿਚ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਇਕੱਤਰ ਕਰਕੇ ਹੀ ਇਹ ਕਿਤਾਬ ਹੋਂਦ ਵਿਚ ਆਈ ਹੈ। ਇਸ ਸੰਗ੍ਰਹਿ ਦੇ ਕੁੱਲ 60 ਲੇਖਾਂ ਦੇ ਵਿਸ਼ੇ ਪਾਠਕਾਂ ਦੇ ਜਾਣੇ-ਪਛਾਣੇ ਹਨ। ਮਸਲਨ: ਜੀਵਨ ਵਿਚ ਰੁੱਖਾਂ ਅਤੇ ਪਾਣੀ ਦੀ ਸੰਭਾਲ, ਵਾਤਾਵਰਨ ਨੂੰ ਸਾਫ਼ ਰੱਖਣ ਦੀ ਲੋੜ, ਬਚਪਨ, ਬੁਢਾਪੇ ਅਤੇ ਧੀਆਂ ਦੀ ਸੰਭਾਲ, ਬੇਰੁਜ਼ਗਾਰੀ ਕਾਰਨ ਯੁਵਾ ਵਰਗ ਦੀ ਵਿਦੇਸ਼ਾਂ ਵੱਲ ਉਡਾਣ, ਲੱਕ ਤੋੜਦੀ ਮਹਿੰਗਾਈ, ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਵਿੱਢਿਆ ਹੋਇਆ ਲੰਮਾ ਸੰਘਰਸ਼, ਗ਼ਰੀਬੀ ਕਾਰਨ ਭੁੱਖਮਰੀ ਦਾ ਸੰਕਟ, ਕਿਸਾਨਾਂ ਸਿਰ ਚੜ੍ਹੇ ਹੋਏ ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ, ਸਿਹਤ ਸੰਭਾਲ ਲਈ ਸਹੂਲਤਾਂ ਦੀ ਲੋੜ, ਅਜੋਕੀ ਸਿੱਖਿਆ ਨੀਤੀ, ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਇਸ ਦੇ ਕਾਰਨ ਬੱਚਿਆਂ ਦੀ ਆਨਲਾਈਨ ਸਿੱਖਿਆ ਆਦਿ ਤੋਂ ਬਿਨਾਂ ਅਜੋਕੇ ਸਮੇਂ ਸਮਾਜ ਨੂੰ ਸੇਧ ਪ੍ਰਦਾਨ ਕਰਦੇ ਵਿਸ਼ੇ ਵੀ ਲਏ ਗਏ ਹਨ ਜਿਵੇਂ ਕਿ ਮਿਹਨਤ ਸਫਲਤਾ ਦੀ ਕੁੰਜੀ ਹੈ, ਵਧਦੀ ਆਬਾਦੀ ਦਾ ਸੰਕਟ, ਬੇਟੀਆਂ ਦੀ ਘਟ ਰਹੀ ਜਨਮ ਦਰ, ਰੋਜ਼ਾਨਾ ਵਾਪਰਦੀਆਂ ਸੜਕੀ ਦੁਰਘਟਨਾਵਾਂ, ਬੱਚਿਆਂ ਦਾ ਸਰਬਪੱਖੀ ਵਿਕਾਸ ਬਨਾਮ ਮਾਪੇ, ਸ਼ਖ਼ਸੀਅਤ ਬਨਾਮ ਚੰਗੇ ਗੁਣ, ਪਰਉਪਕਾਰੀ ਹੋਣ ਦਾ ਜਜ਼ਬਾ, ਪੰਜਾਬੀ ਗੱਭਰੂ ਬਨਾਮ ਨਸ਼ੇ, ਹੱਸਣ ਦਾ ਜੀਵਨ 'ਚ ਮਹੱਤਵ, ਭਾਰਤੀ ਅਰਥ ਵਿਵਸਥਾ ਦਾ ਸੰਕਟ ਆਦਿ ਪਾਠਕਾਂ ਲਈ ਲਾਭਕਾਰੀ ਵਿਸ਼ੇ ਹਨ। ਲੇਖਕ ਦੀ ਵਾਰਤਕ ਸ਼ੈਲੀ ਪ੍ਰਭਾਵਸ਼ਾਲੀ ਹੈ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਕਿਸ ਜੀਵਨ ਦੀ ਕਹਾਂ ਕਥਾ
ਲੇਖਿਕਾ : ਡਾ. ਸ਼ਸ਼ੀ ਪ੍ਰਭਾ
ਅਨੁਵਾਦ : ਸੁਭਾਸ਼ ਭਾਸਕਰ
ਪ੍ਰਕਾਸ਼ਕ : ਡਾਟਾ ਲਾਈਨ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 114
ਸੰਪਰਕ : 98551-56426.

ਹਰਿਆਣਾ ਨਿਵਾਸੀ ਹਿੰਦੀ ਲੇਖਿਕਾ ਦੀ ਇਹ ਪੁਸਤਕ ਕਹਾਣੀਆਂ ਦੀ ਹੈ। ਇਸ ਵਿਚ ਪੰਦਰਾਂ ਕਹਾਣੀਆਂ ਹਨ। ਕਹਾਣੀਆਂ ਦੇ ਵਿਸ਼ੇ ਸਾਧਾਰਨ ਜ਼ਿੰਦਗੀ ਨਾਲ ਜੁੜੇ ਵੱਖ-ਵੱਖ ਸਰੋਕਾਰ ਹਨ। ਵਧੇਰੇ ਕਹਾਣੀਆਂ ਵਿਚ ਔਰਤ ਨਾਲ ਜੁੜੇ ਮਸਲੇ ਹਨ। ਖ਼ਾਸ ਕਰਕੇ ਜਦੋਂ ਕੋਈ ਔਰਤ ਵਿਆਹ ਤੋਂ ਇਨਕਾਰੀ ਹੁੰਦੀ ਹੈ। ਔਰਤ ਦੀ ਗ਼ਰੀਬੀ ਦਾ ਸ਼ੋਸ਼ਣ ਕਿਵੇਂ ਹੁੰਦਾ ਹੈ? ਅਮੀਰ ਲੋਕ ਗ਼ਰੀਬੀ ਦਾ ਕਿਵੇਂ ਮਜ਼ਾਕ ਉਡਾਉਂਦੇ ਹਨ? ਪਹਿਲੀ ਕਹਾਣੀ ਫ਼ੈਸਲਾ ਵਿਚ ਮੁੱਖ ਮਸਲਾ ਹੀ ਔਰਤ ਦਾ ਗਰਭ ਧਾਰਨ ਕਰਨ ਤੇ ਹੋਣ ਵਾਲੇ ਬੱਚੇ ਨੂੰ ਜਨਮ ਦੇਣ ਦੀ ਜਾਂ ਗਰਭਪਾਤ ਕਰਨ ਦਾ ਫ਼ੈਸਲਾ ਹੋਣਾ ਹੈ। ਘਰ ਦਾ ਬਜ਼ੁਰਗ ਮੁਖੀ ਨੂੰਹ ਵਲੋਂ ਬੱਚੀ ਨੂੰ ਜਨਮ ਦੇਣ ਦੇ ਹੱਕ ਵਿਚ ਫ਼ੈਸਲਾ ਕਰਦਾ ਹੈ। ਤਿੰਨ ਕੁੜੀਆਂ ਪਿੱਛੋਂ ਚੌਥੀ ਕੁੜੀ ਦੇ ਜਨਮ ਦੀ ਤਿਆਰੀ ਕੀਤੀ ਜਾਣ ਲੱਗੀ ਹੈ। ਕਹਾਣੀਆਂ ਵਿਚ ਮਰਦ ਦਾ ਸਨਕੀਪੁਣਾ, ਬਜ਼ੁਰਗਾਂ ਦੀ ਮਾਨਸਿਕ ਹਾਲਤ, ਘਰ ਪਰਿਵਾਰ ਦੀਆਂ ਚਿੰਤਾਵਾਂ, ਬੱਚਿਆਂ ਦੀ ਪਾਲਣਾ ਪੋਸਣਾ ਵਿਚ ਮਾਂ-ਬਾਪ ਦੀ ਜ਼ਿੰਮੇਵਾਰੀ, ਨੂੰਹ-ਸੱਸ ਤਕਰਾਰ, ਹਸਦੇ-ਵਸਦੇ ਪਤੀ-ਪਤਨੀ ਵਿਚ ਬਾਹਰੀ ਔਰਤ/ਮਰਦ ਦਾ ਦਖ਼ਲ, ਵਿਆਹ ਬਾਹਰੇ ਸੰਬੰਧ, ਕਹਾਣੀਆਂ ਵਿਚ ਹਨ। ਕਹਾਣੀਆਂ ਰਸ ਭਰਪੂਰ ਹਨ। ਸਾਧਾਰਨ ਪਾਤਰ ਜ਼ਿੰਦਗੀ ਦੇ ਕਈ ਰੰਗ ਵਿਖਾਉਂਦੇ ਹਨ। ਪਾਤਰਾਂ ਦਾ ਮਨੋਵਿਸ਼ਲੇਸ਼ਣ ਕਹਾਣੀਆਂ ਦੀ ਉੱਭਰਵੀ ਸ਼ੈਲੀ ਹੈ। ਸੰਵਾਦ ਕਰਦੇ ਪਾਤਰ ਪਾਠਕ ਨੂੰ ਕਹਾਣੀ ਨਾਲ ਜੋੜਦੇ ਹਨ। ਫ਼ੈਸਲਾ-2 ਦਾ ਮਰਦ ਪਾਤਰ ਵੀ ਧੀਆਂ ਦੇ ਪਰਿਵਾਰ ਨਾਲ ਸੰਤੁਸ਼ਟ ਹੈ। ਉਹ ਹੋਰ ਬੱਚੇ ਬਾਰੇ ਸੋਚਣਾ ਵੀ ਨਹੀਂ ਚਾਹੁੰਦਾ। ਕਹਾਣੀ ਨੋਟਾਂ ਵਿਚ ਉਲਝੇ ਪ੍ਰਸ਼ਨ ਵਿਚ ਝੁੱਗੀ ਵਿਚ ਰਹਿੰਦੇ ਗ਼ਰੀਬ ਪਰਿਵਾਰ ਦੀ ਮਾਸੂਮ ਬੱਚੀ ਪੁੱਛਦੀ ਹੈ ਉਸ ਦਾ ਬਾਪ ਕੌਣ ਹੈ? ਕਿਉਂਕਿ ਉਹ ਵੇਖਦੀ ਹੈ ਕਿ ਉਸ ਦੀ ਮਾਂ ਕੋਲ ਰਾਤ ਸਮੇਂ ਕਈ ਮਰਦ ਨੋਟਾਂ ਦੇ ਬੰਡਲ ਲੈ ਕੇ ਆਉਂਦੇ ਹਨ। ਇਕ ਮਰਦ ਤਾਂ ਉਸ ਬੱਚੀ ਨੂੰ ਵੀ ਸਕੂਲ ਦਾਖ਼ਲ ਕਰਨ ਦਾ ਕਹਿ ਕੇ ਲੈ ਤੁਰਦਾ ਹੈ। ਬੱਚੀ ਨੂੰ ਨਸ਼ੇ ਦਾ ਟੀਕਾ ਲਾਉਂਦਾ ਹੈ। ਕਹਾਣੀ ਬਾਈਕਾਟ ਦੀ ਔਰਤ ਪੰਦਰਾਂ ਸਾਲ ਤੋਂ ਇਕੱਲੀ ਰਹਿ ਰਹੀ ਹੈ। ਕਹਾਣੀ ਕੁਝ ਤਾਂ ਹੈ ਦੀ ਪਾਤਰ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਪਰ ਧੱਕੇ ਨਾਲ ਵਿਆਹ ਹੋਣ 'ਤੇ ਉਹ ਮੁਕਤੀ ਚਾਹੁੰਦੀ ਹੈ। ਸੰਗ੍ਰਹਿ ਦੀਆਂ ਕਹਾਣੀਆਂ ਬੇਤਾਜ ਬਾਦਸ਼ਾਹ, ਇੰਜ ਨਾ ਕਰ ਜੂਲੀ, ਸੁਖਦ ਅਹਿਸਾਸ, ਪੰਜਾਬ ਹੁਣ ਦੂਰ ਹੈ, ਮੁਕਤੀ ਆਪਣੀ ਆਪਣੀ ਵਿਚ ਔਰਤ ਦੀ ਮਨੋਦਸ਼ਾ ਦਾ ਦਿਲਚਸਪ ਜ਼ਿਕਰ ਹੈ। ਕਿਤਾਬ ਦਾ ਸਿਰਲੇਖ ਵੀ ਹਿੰਦੀ ਤੋਂ ਅਨੁਵਾਦ ਹੋਣਾ ਚਾਹੀਦਾ ਸੀ।

ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160

ਮਨ ਦਾ ਮੌਸਮ
ਲੇਖਕ : ਸਿਮਰਨ ਧਾਲੀਵਾਲ (ਸੰਪਾ.)
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 224
ਸੰਪਰਕ : 94632-15168.

ਮਨ ਦੇ ਮੌਸਮ ਦੀ ਥਾਹ ਪਾਉਣਾ ਸੌਖਾ ਕੰਮ ਨਹੀਂ। ਮਨ ਅੰਦਰਲੇ ਸੰਸਾਰ ਵਿਚ ਵਿਚਰਦਿਆਂ ਇਨਸਾਨ ਕਈ ਰੂਪਾਂ ਵਿਚ ਵਿਚਰਦਾ ਹੈ ਜਿਹੜੇ ਕਿ ਬਾਹਰੀ ਸੰਸਾਰ ਵਿਚ ਉਸ ਦੀ ਸ਼ਖ਼ਸੀਅਤ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਉਪਰੋਕਤ ਕਹਾਣੀ ਸੰਗ੍ਰਹਿ ਵੀ ਮਨ ਦੇ ਮੌਸਮ ਦੀ ਬਾਤ ਪਾਉਂਦਾ ਹੈ ਜਿਸ ਵਿਚ ਸੰਪਾਦਕ ਨੇ ਚੋਣਵੀਆਂ ਮਨੋਵਿਗਿਆਨਕ ਕਹਾਣੀਆਂ ਨੂੰ ਪਾਠਕਾਂ ਦੇ ਰੂਬਰੂ ਕੀਤਾ ਹੈ। ਵੱਖੋ-ਵੱਖਰੇ ਰੰਗਾਂ ਦੀ ਝਲਕ ਦਿੰਦੀਆਂ ਇਨ੍ਹਾਂ ਕਹਾਣੀਆਂ ਦਾ ਮੁੱਖ ਧੁਰਾ ਮਨਦਾ ਮਨਦਾ ਅੰਦਰਲਾ ਸੰਸਾਰ ਹੈ ਜਿਸ ਨੂੰ ਇਨ੍ਹਾਂ ਕਹਾਣੀਆਂ ਵਿਚ ਪੜਨ, ਫੜ੍ਹਨ ਅਤੇ ਸਮਝਣ ਦੇ ਯਤਨ ਕੀਤੇ ਗਏ ਹਨ। ਪੁਸਤਕ ਦੀਆਂ ਕਈ ਕਹਾਣੀਆਂ ਪਾਠਕਾਂ ਵਿਚ ਪਹਿਲਾਂ ਹੀ ਕਾਫ਼ੀ ਮਕਬੂਲੀਅਤ ਹਾਸਲ ਕਰ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਤਲਵਿੰਦਰ ਦੀ ਕਹਾਣੀ ਵਿਚਲੀ ਔਰਤ, ਜਸਵੀਰ ਰਾਣਾ ਦੀ ਕਹਾਣੀ ਪੱਟ 'ਤੇ ਵਾਹੀ ਮੋਰਨੀ, ਸਾਂਵਲ ਧਾਮੀ ਦੀ ਤਿਕੋਣਾ ਪਿੰਜਰਾ, ਆਦਿ ਵਰਨਣਯੋਗ ਹਨ। ਸੰਗ੍ਰਿਹ ਵਿਚ ਸ਼ਾਮਿਲ ਪਰਵਾਸੀ ਕਹਾਣੀਕਾਰਾਂ ਦੀਆਂ ਕਹਾਣੀਆਂ ਪ੍ਰਵਾਸੀ ਧਰਤੀ 'ਤੇ ਬੈਠੇ ਪ੍ਰਵਾਸੀ ਬੰਦੇ ਦੀ ਮਾਨਸਿਕਤਾ ਨੂੰ ਸਮਝਣ ਦੇ ਨਾਲ-ਨਾਲ ਪ੍ਰਵਾਸੀ ਧਰਤੀ ਤੇ ਪ੍ਰਵਾਸ ਦੀ ਨਵੇਂ ਸਿਰੇਂ ਤੋਂ ਵਿਆਖਿਆ ਕਰਦੀਆਂ ਪ੍ਰਤੀਤ ਹੁੰਦੀਆਂ ਹਨ, ਜਿਨ੍ਹਾਂ ਵਿਚ ਗੋਰੀ ਅੱਖ ਦਾ ਟੀਰ ਅਤੇ ਪਾਰਲੇ ਪੁਲ ਵਰਨਣਯੋਗ ਹਨ ਜਿਨ੍ਹਾਂ ਵਿਚ ਪ੍ਰਵਾਸ ਦੇ ਨਵੇਂ ਮਸਲੇ ਪਰਿਭਾਸ਼ਿਤ ਕੀਤੇ ਗਏ ਹਨ ਜਿਸ ਵਿਚ ਨਸਲੀ ਵਿਤਕਰੇ ਅਤੇ ਪੰਜਾਬੀ ਪਰਿਵਾਰਾਂ ਦੀ ਆਪਸੀ ਖਿੱਚੋਤਾਣ (ਛੱਪੜ, ਪਰਛਾਵੇਂ) ਨੂੰ ਉਭਾਰਿਆ ਗਿਆ ਹੈ। ਮੇਲ ਦੀ ਨਾਗਿਨ, ਕੌਤਕ ਕਹਾਣੀਆਂ ਮਨ ਦੇ ਅੰਦਰ ਪਲਦੀਆਂ ਅਤ੍ਰਿਪਤ ਖਾਹਸ਼ਾਂ ਨੂੰ ਪੇਸ਼ ਕਰਦੀਆਂ ਕਹਾਣੀਆਂ ਹਨ ਜਿੱਥੇ ਇਕ ਪਾਸੇ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਅਸੰਤੁਸ਼ਟ ਦੀ ਪਾਲੀ ਨਾਗ-ਨਾਗਿਨ ਦੇ ਜੋੜੇ ਰਾਹੀਂ ਆਪਣੀਆਂ ਖਾਹਸ਼ਾਂ ਦੀ ਤਿਪ੍ਰਤੀ ਅਨੁਭਵ ਕਰਦੀ ਹੈ, ਉੁਥੇ ਹੀ ਕੌਤਕ ਕਹਾਣੀ ਵਿਚ ਲਾਭਰਾ ਆਪਣੀ ਹੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਅਤੇ ਉਸ ਦੇ ਆਤਮ-ਹੱਤਿਆ ਕਰਨ 'ਤੇ ਅਪਰਾਧ ਬੋਧ ਦਾ ਸ਼ਿਕਾਰ ਹੋ ਖ਼ੁਦ ਵੀ ਉਸੇ ਰਾਹ ਤੁਰਦਾ ਹੈ। ਕੱਦ ਮਾਨਸਿਕ ਦਵੰਦ ਨੂੰ ਪੇਸ਼ ਕਰਦੀ ਕਹਾਣੀ ਹੈ ਜਿਸ ਵਿਚ ਸ਼ੱਕ ਅਤੇ ਬੇਵਿਸ਼ਵਾਸੀ ਦੇ ਦਵੰਦ ਵਿਚ ਫਸਿਆ ਬੰਦਾ ਆਪਣੀ ਪਤਨੀ ਦੇ ਸਹੀ ਸਾਬਤ ਹੋਣ 'ਤੇ ਆਪਣਾ ਕੱਦ ਉੱਚਾ ਹੋਇਆ ਮਹਿਸੂਸ ਕਰਦਾ ਹੈ। 'ਆ ਆਪਾਂ ਘਰ ਬਣਾਈਏ' ਸੰਪਾਦਕ ਦੀ ਆਪਣੀ ਕਹਾਣੀ ਹੈ, ਜਿਸ ਵਿਚ ਸਹਿਹੋਂਦ ਆਪਣੀ ਅਤੇ ਭਾਈਚਾਰਕ ਸਾਂਝ ਨੂੰ ਪੇਸ਼ ਕੀਤਾ ਗਿਆ ਹੈ। ਆਪਣੇ ਅੰਦਰ ਪਲਦੀਆਂ ਗੰਢਾਂ ਮੈਂ ਪਾਤਰ ਨੂੰ ਮਾਨਸਿਕ ਸੰਘਰਸ਼ ਵਿਚ ਪਾਈ ਰੱਖਦੀਆਂ ਹਨ, ਜਿਸ ਸਦਕਾ ਉਹ ਆਪਣੇ ਸੀਰੀ ਦੇ ਪਰਿਵਾਰ ਦੀ ਹੋਂਦ ਨੂੰ ਕਈ ਵਾਰ ਬਰਦਾਸ਼ਤ ਨਹੀਂ ਕਰ ਪਾਉਂਦਾ। ਪਰ ਇਸ ਦੇ ਉਲਟ ਨਰੈਣੇ ਦੇ ਅੰਦਰ ਭਾਈਚਾਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ। ਕੁੱਲ ਮਿਲਾ ਕਿ ਪੁਸਤਕ ਦੀਆਂ ਸਾਰੀਆਂ ਕਹਾਣੀਆਂ ਮਾਨਣਯੋਗ ਹਨ ਜੋ ਮਨ ਦੇ ਮੌਸਮ ਦੀ ਬਾਤ ਪਾਉਂਦੀਆਂ ਹਨ।

ਡਾ. ਸੁਖਪਾਲ ਕੌਰ ਸਮਰਾਲਾ
ਮੋ. 83606-83823

c c c
ਅੱਖਰ ਅੱਖਰ ਖਾਰ
ਗ਼ਜ਼ਲਕਾਰ : ਰਘਬੀਰ ਸਿੰਘ ਸੋਹਲ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 95
ਸੰਪਰਕ : 98152-64132.

ਰਘਬੀਰ ਸਿੰਘ ਸੋਹਲ ਇਕ ਸਿਆਣਾ ਅਤੇ ਪ੍ਰੌੜ੍ਹ ਸ਼ਾਇਰ ਹੈ। ਉਹ ਕਈ ਵਰ੍ਹਿਆਂ ਤੋਂ ਗ਼ਜ਼ਲ ਸਿਰਜ ਰਿਹਾ ਹੈ ਅਤੇ ਸਮਾਗਮਾਂ ਵਿਚ ਸਰੋਤਿਆਂ ਸਾਹਵੇਂ ਗ਼ਜ਼ਲ ਸਰਾਹ ਵੀ ਰਹਿੰਦਾ ਰਿਹਾ ਹੈ। ਹੁਣ ਉਹ ਆਪਣੀ ਵਰ੍ਹਿਆਂ ਦੀ ਕਮਾਈ ਗ਼ਜ਼ਲ ਸੰਗ੍ਰਹਿ 'ਅੱਖਰ ਅੱਖਰ ਖਾਰ' ਵਿਚ ਦੇ ਰਿਹਾ ਹੈ। ਇਸ ਪੁਸਤਕ ਵਿਚ ਉਸ ਦੀਆਂ 84 ਗ਼ਜ਼ਲਾਂ ਹਨ।
ਸੋਹਲ ਦੀਆਂ ਗ਼ਜ਼ਲਾਂ ਸਾਦਗੀ ਭਰਪੂਰ ਲਹਿਜੇ ਵਿਚ ਅਤੇ ਸਾਧਾਰਨ ਜਨ ਦੀ ਸਮਝ ਦੇ ਮੇਚ ਦੀਆਂ ਹਨ। ਸ਼ਾਇਰ ਆਪਣੇ ਦਿਲੀ ਜਜ਼ਬਾਤਾਂ ਨੂੰ ਬਿਨਾਂ ਘੁੰਡੀਉਂ ਜਾਂ ਉਲਝਣ ਤੋਂ ਮੁਕਤ ਪੇਸ਼ ਕਰਦਾ ਹੈ। ਇਨ੍ਹਾਂ ਗ਼ਜ਼ਲਾਂ ਵਿਚ ਵਾਪਰਦੇ ਹਾਲਾਤ ਦਾ ਸ਼ੀਸ਼ਾ ਹੈ। ਲੀਹੋਂ ਲੱਥੀ ਰਾਜਨੀਤੀ, ਧਾਰਮਿਕ ਅਡੰਬਰ, ਡੋਲਿਆ ਹੋਇਆ ਲੋਕਤੰਤਰ, ਹਾਕਮਾਂ ਦੀ ਲੁੱਟ-ਖਸੁੱਟ, ਗ਼ਰੀਬੀ ਤੇ ਅਮੀਰੀ ਦਾ ਦਵੰਦ ਅਤੇ ਪੈਰਾਂ ਤੋਂ ਉੱਖੜ ਰਹੀ ਸਮਾਜਿਕਤਾ ਉਸ ਦੇ ਸ਼ਿਅਰਾਂ ਦਾ ਨੁਮਾਇਆ ਰੰਗ ਹੈ। ਉਸ ਦੇ ਸ਼ਿਅਰ ਸੱਚ ਅਤੇ ਸੁੱਚ ਦੀ ਪਟਾਰੀ ਹਨ :
-ਜਿਨ੍ਹਾਂ ਦੀ ਮਿਹਨਤ ਸਦਕਾ ਨਸ਼ਿਆਂ ਦੇ ਗੁਲਾਮ ਹੋ ਰਹੇ।
ਉਨ੍ਹਾਂ ਭੱਦਰ ਪੁਰਸ਼ਾਂ ਨੂੰ ਹੀ ਲੋਕੀਂ ਕਰਨ ਸਲਾਮ ਹੋ ਰਹੇ।
-ਹਰ ਇਕ ਪਿੰਡ ਹੀ ਗਲੀ ਨੁੱਕਰ 'ਤੇ ਨਸ਼ੇ ਦੇ ਛਾਬੇ ਲਗਦੇ ਨੇ
ਗ਼ਰੀਬ ਘਰਾਂ ਦੇ ਸਿਰ ਕੱਢ ਬੱਚੇ ਬੇਵਜਹ ਬਦਨਾਮ ਹੋ ਰਹੇ।
-ਭੁੱਖ ਨੰਗ ਤੇ ਬੇਰੁਜ਼ਗਾਰੀ ਉਤੋਂ ਜ਼ੋਰ ਇਹ ਨਸ਼ਿਆਂ ਦਾ
ਮਹਿੰਗੇ ਦੌਰ ਝੱਟ ਨਹੀਂ ਲੰਘਦਾ, ਤਾਂ ਹੀ ਖਰਚੇ ਜਾਮ ਹੋ ਗਏ।
-ਨਿੱਘਰ ਜਾਏਗੀ ਕੌਮ ਅਸਾਡੀ ਸੋਹਲ ਵਿਸ਼ਾ ਹੈ ਚਿੰਤਾ ਦਾ
ਗਲ਼ ਜਾਣੀ ਹੈ ਸੁੰਦਰ ਕਾਇਆ ਆਖਿਰ ਦੇ ਪਰਿਣਾਮ ਹੋ ਰਹੇ।
ਸ਼ਾਇਰ ਸੋਹਲ ਨੂੰ ਰੰਜ ਹੈ ਕਿ ਹੱਕ ਸੱਚ ਤੇ ਬੇਇਨਸਾਫ਼ੀਆਂ ਬਾਰੇ ਤਾਂ ਪੁਸਤਕਾਂ ਬਹੁਤ ਛਪੀਆਂ ਹਨ ਪਰ ਲੋਕ ਪੜ੍ਹਦੇ ਹੀ ਨਹੀਂ :
ਹੱਕ ਸੱਚ ਬਰਾਬਰੀ ਕਿਸੇ ਲਿਖਿਆ ਨਹੀਂ ਕਿਤਾਬ?
ਸੋਹਲ ਕਿਉਂ ਨਹੀਂ ਪੜ੍ਹ ਰਹੈ ਮੁਨਸਿਫ ਇਹ ਮਜ਼ਮੂਨ।
ਸ਼ਾਇਰ ਬਹੁਤ ਸਾਰੀਆਂ ਕੁਰਹਿਤਾਂ ਜਿਵੇਂ ਵਰਤ, ਗੁੰਡਾਗਰਦੀ, ਹਿਰਸ, ਫੁਕਰੀ ਆਸ਼ਕੀ ਦਾ ਖੁੱਲ੍ਹ ਕੇ ਵਰਨਣ ਕਰਦਾ ਹੈ। ਲੋਕ ਰੰਗ ਵਿਚ ਰੱਤੀਆਂ ਗ਼ਜ਼ਲਾਂ ਦਾ ਸਵਾਗਤ ਹੈ।

ਸੁਲੱਖਣ ਸਰਹੱਦੀ
ਮੋ: 94174-84337.

ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ
ਲੇਖਕ : ਕੇਵਲ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 98142-99422.

'ਕਿਸ ਠੱਗ ਨੇ ਲੁੱਟਿਆ ਸ਼ਹਿਰ ਮੇਰਾ' ਪ੍ਰਸਿੱਧ ਨਿਰਦੇਸ਼ਕ ਅਤੇ ਨਾਟਕਕਾਰ ਕੇਵਲ ਧਾਲੀਵਾਲ ਵਲੋਂ ਲਿਖਿਆ ਵਿਸ਼ਵੀਕਰਨ ਅਤੇ ਬਾਜ਼ਾਰਵਾਦ ਦੀਆਂ ਖ਼ਸਲਤਾਂ ਉਘਾੜਨ ਵਾਲਾ ਨਾਟਕ ਹੈ। 'ਬਾਜ਼ਾਰਵਾਦ' ਦੀਆਂ ਖੂਬੀਆਂ ਦਰਸਾਉਣ ਲਈ ਨਾਟਕਕਾਰ ਸੁਦਾਗਰ (1) ਅਤੇ ਸੁਦਾਗਰ (2) ਨੂੰ ਸੂਤਰਧਾਰ ਵਜੋਂ ਪੇਸ਼ ਕਰਦਾ ਹੈ। ਉਨ੍ਹਾਂ ਦੀਆਂ ਸੋਨੇ-ਚਾਂਦੀ ਦੀਆਂ ਪੁਸ਼ਾਕਾਂ ਬਾਜ਼ਾਰਵਾਦ ਦੀ ਚਕਾਚੌਂਧ ਨੂੰ ਜ਼ਾਹਰ ਕਰਦੀਆਂ ਹੋਈਆਂ ਇਸ ਦੀ ਵੰਨ-ਸੁਵੰਨਤਾ ਵੱਲ ਸੰਕੇਤ ਕਰਦੀਆਂ ਹਨ। ਪਦਾਰਥਵਾਦ ਦੀ ਹੋੜ ਹੈ। ਖਪਤਕਾਰਾਂ ਨੂੰ ਖਿੱਚਣ ਲਈ ਨਵੀਆਂ-ਨਵੀਆਂ ਵਿਭਿੰਨਤਾਵਾਂ (ਵੈਰਾਇਟੀਆਂ) ਦੀਆਂ ਵਸਤਾਂ ਬਾਜ਼ਾਰ ਵਿਚ ਪ੍ਰਵੇਸ਼ ਕਰਦੀਆਂ ਹਨ। ਕਾਰਪੋਰੇਟ ਘਰਾਣਿਆਂ (ਉਤਪਾਦਕਾਂ) ਦੀ ਆਪਸੀ ਹੋੜ ਹੈ। ਮਾਲ ਵੇਚਣ ਲਈ ਸੋਹਣੀਆਂ-ਸੋਹਣੀਆਂ ਮਹਿੰਗੀਆਂ ਮਾਡਲ ਕੁੜੀਆਂ ਭਾੜੇ 'ਤੇ ਇਸ਼ਤਿਹਾਰਾਂ ਵਜੋਂ ਲਿਆਈਆਂ ਜਾਂਦੀਆਂ ਹਨ। ਉਨ੍ਹਾਂ ਦੀ ਸੁੰਦਰਤਾ ਅਤੇ ਚੰਚਲਤਾ ਖਪਤਕਾਰਾਂ ਨੂੰ ਲੁਭਾਇਮਾਨ ਕਰਦੀ ਹੈ।
ਇਥੇ ਹੀ ਬਸ ਨਹੀਂ, ਦੇਸ਼ ਦੀ ਇੰਟੈਲੀਜੈਂਸ ਨੂੰ ਵੀ ਲਾਲਚ ਅਤੇ ਪ੍ਰਲੋਭਨ ਦੇ ਕੇ ਖਿੱਚਿਆ ਜਾਂਦਾ ਹੈ। ਉਹ ਵੱਡੇ-ਵੱਡੇ ਪੇ-ਪੈਕਟ, ਕਾਰਾਂ, ਹਵਾਈ ਯਾਤਰਾਵਾਂ, ਕੋਠੀਆਂ ਆਦਿ ਦੀਆਂ ਸਹੂਲਤਾਂ ਦੇ ਕੇ ਨੌਜਵਾਨਾਂ ਨੂੰ ਖਿੱਚਦੇ ਹਨ। ਫਿਰ ਉਨ੍ਹਾਂ ਨੂੰ ਮਸ਼ੀਨਾਂ ਵਿਚ ਤਬਦੀਲ ਕਰਦੇ ਹਨ। ਉਹ ਹੌਲੀ-ਹੌਲੀ ਆਪਣੇ ਸੰਸਕਾਰਾਂ, ਮਾਪਿਆਂ ਅਤੇ ਘਰ-ਬਾਰ ਤੋਂ ਟੁੱਟਦੇ ਹਨ। ਸੋਹਣੇ ਮਕਾਨ ਭਾਲਦੇ-ਭਾਲਦੇ ਉਹ ਆਪਣੇ ਘਰ ਵੀ ਗੁਆ ਲੈਂਦੇ ਹਨ। ਅੰਨ੍ਹੀ ਦੌੜ 'ਚ ਸ਼ਾਮਿਲ ਹੋ ਕੇ ਮਾਪਿਆਂ ਤੋਂ ਤਾਂ ਪਰ੍ਹੇ ਜਾਂਦੇ ਹਨ, ਬੀਵੀ ਦੀ ਵੀ ਪ੍ਰਵਾਹ ਨਹੀਂ ਕਰਦੇ। ਬੀਵੀ ਕਿਤੇ ਤੇ ਆਪ ਕਿਤੇ। ਹਾਲਤ ਤਾਂ ਇਥੋਂ ਤੱਕ ਨਿੱਘਰ ਜਾਂਦੀ ਹੈ ਕਿ ਮੋਏ ਮਾਪਿਆਂ ਦਾ ਸਸਕਾਰ ਕਰਨ ਲਈ ਵੀ ਉਨ੍ਹਾਂ ਕੋਲ ਵਕਤ ਨਹੀਂ ਬਚਦਾ। ਕੇਵਲ ਧਾਲੀਵਾਲ ਨੇ ਕਾਰਪੋਰੇਟ ਅਤੇ ਵਿਸ਼ਵੀਕਰਨ ਦੀ ਇਸ ਲੁੱਟ ਨੂੰ ਸਟੀਕ ਕਟਾਖਸ਼ ਅਤੇ ਵਿਅੰਗ ਰਾਹੀਂ ਪੇਸ਼ ਕਰਨ ਦੀ ਯਤਨ ਕੀਤਾ ਹੈ। ਲੁਕਵਾਂ ਵਿਅੰਗ ਇਸ ਨਾਟਕ ਵਿਚ ਥਾਂ ਪੁਰ ਥਾਂ ਮਿਲਦਾ ਹੈ। ਨੌਜਵਾਨ ਆਖਰ 'ਚ ਲੁੱਟੇ-ਲੁੱਟੇ ਮਹਿਸੂਸ ਕਰਨ ਲਗਦੇ ਹਨ। ਲਾਲਚ 'ਚ ਫਸ ਕੇ ਉਨ੍ਹਾਂ ਦੀ ਆਤਮਾ ਵੀ ਵਿਕਣ ਲਈ ਮਜਬੂਰ ਹੈ।

ਕੇ.ਐਲ. ਗਰਗ
ਮੋ: 94635-37050

c c c
ਕੁਦਰਤ ਕੌਰ
ਲੇਖਕ : ਅਕਾਸ਼ਦੀਪ ਸਿੰਘ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 126
ਸੰਪਰਕ : 97491-50004.

ਦਿਸਦੇ ਅਤੇ ਅਣਦਿਸਦੇ ਸੰਸਾਰ ਵਿਚ ਜੋ ਕੁਝ ਵੀ ਵਾਪਰਦਾ ਹੈ, ਉਸ ਨੂੰ ਕੁਦਰਤੀ ਜਾਂ ਸੁਭਾਵਿਕ ਮੰਨਿਆ ਜਾਂਦਾ ਹੈ ਅਤੇ ਇਸ ਵਰਤਾਰੇ ਨੂੰ ਸਮਝ ਲੈਣ ਵਾਲੇ ਵਿਅਕਤੀ ਦਾ ਜੀਵਨ ਪੂਰੀ ਤਰ੍ਹਾਂ ਅਨੰਦ ਨਾਲ ਭਰਪੂਰ ਹੋ ਜਾਂਦਾ ਹੈ। ਪਰ ਸਾਡਾ ਦੁਖਾਂਤ ਹੈ ਕਿ ਅਸੀਂ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਆਪਣੇ ਇਸ ਸੁਭਾਵਿਕ ਅਨੰਦ ਨੂੰ ਗਵਾ ਬੈਠੇ ਹਾਂ। ਉੱਭਰਦੇ ਕਵੀ ਅਕਾਸ਼ਦੀਪ ਸਿੰਘ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਕੁਦਰਤ ਕੌਰ' ਵਿਚ ਕੁਝ ਅਜਿਹਾ ਹੀ ਕਹਿਣਾ ਚਾਹੁੰਦੇ ਹਨ:
ਚੰਦਰੇ ਵਿਦੇਸ਼ ਦੀ ਚਾਹਤ ਮਾੜੀ,
ਉਸੇ ਸ਼ਹਿਰ ਦੀ ਸ਼ਹਿਰ ਦਾ ਰਾਂਝਾ ਮੋਇਆ ਏ
ਕਰਮਾਂ ਦਾ ਮਹਿੰਦੀ ਦਾ ਸੱਜਣਾ
ਕੋਈ ਹੋਰ ਹੀ ਵਾਰਿਸ ਹੋਇਆ ਏ।
ਜਿਹੜਾ ਮਨੁੱਖ ਕੁਦਰਤ ਨਾਲ ਪਿਆਰ ਨਹੀਂ ਕਰਦਾ, ਉਹ ਆਪਣੇ ਆਪ ਨੂੰ ਪਿਆਰ ਕਰਨ ਦਾ ਦਾਅਵਾ ਵੀ ਨਹੀਂ ਕਰ ਸਕਦਾ ਕਿਉਂਕਿ ਸਾਡੇ ਜੀਵਨ ਦੀ ਸਾਰਥਿਕਤਾ ਤਾਂ ਕੁਦਰਤ ਨਾਲ ਜੁੜਨ ਵਿਚ ਹੀ ਹੈ, ਜਿਸ ਨੂੰ ਹੁਕਮ ਵਿਚ ਰਹਿਣਾ ਵੀ ਕਿਹਾ ਜਾ ਸਕਦਾ ਹੈ। ਇਸੇ ਲਈ ਤਾਂ ਗੁਰੂ ਬਾਬੇ ਨੇ ਪੌਣ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਕਹਿ ਕੇ ਵਡਿਆਇਆ ਸੀ ਪਰ ਅਸੀਂ ਇਨ੍ਹਾਂ ਦੋਵਾਂ ਨੂੰ ਹੀ ਤਬਾਹ ਕਰ ਲਿਆ, ਪਲੀਤ ਕਰ ਲਿਆ ਅਤੇ ਖ਼ੁਦ ਹੀ ਆਪਣੇ ਆਪ ਦੇ ਦੁਸ਼ਮਣ ਬਣ ਬੈਠੇ :
ਮੈਂ ਧਰਤੀ ਦਾ ਪਾਣੀ ਲੋਕੋ
ਹਰ ਇਕ ਲੋੜ ਮੁਕਾਵਾਂ,
ਕੰਮ ਮੇਰਾ ਹੈ ਪਿਆਸ ਮਿਟਾਉਣਾ
ਪਰ ਗੰਧਲਾ ਹੁੰਦਾ ਜਾਵਾਂ
ਪੁਸਤਕ ਵਿਚਲਾ ਵਿਸ਼ਾ-ਵਸਤੂ ਮਨੁੱਖੀ ਮਨਾਂ ਦੇ ਧੁਰ ਅੰਦਰਲੀਆਂ ਪਰਤਾਂ ਨੂੰ ਫਰੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਮੁਰਦਾ ਹੋਏ ਦਿਲਾਂ ਵਿਚ ਮੁਹੱਬਤੀ ਖ਼ੁਸ਼ਬੂ ਭਰਨ ਦੀ ਸੁਚੱਜੀ ਅਤੇ ਸਫਲ ਕੋਸ਼ਿਸ਼ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਆਪਣੀਆਂ ਇਕਵੰਜਾ ਕਵਿਤਾਵਾਂ ਅਤੇ 21 ਸ਼ਿਅਰ ਸ਼ਾਮਿਲ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਕਵਿਤਾ ਨਾਲ ਕਵਿਤਾ ਹੋਇਆ ਮਹਿਸੂਸ ਕਰਦਾ ਹੈ। ਇਸ ਖ਼ੂਬਸੂਰਤ ਪ੍ਰਾਪਤੀ ਲਈ ਅਕਾਸ਼ਦੀਪ ਵਧਾਈ ਦੇ ਹੱਕਦਾਰ ਹਨ।

ਕਰਮ ਸਿੰਘ ਜ਼ਖ਼ਮੀ
ਮੋ: 98146-28027

ਮੈਂ ਬੋਲਾਂ ਪੰਜਾਬ
ਲੇਖਕ : ਬਲਦੇਵ ਸਿੰਘ ਸਹਿਦੇਵ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98146-13971.

'ਮੈਂ ਬੋਲਾਂ ਪੰਜਾਬ' ਹਥਲੇ ਕਾਵਿ ਸੰਗ੍ਰਹਿ 'ਚ ਲੇਖਕ ਬਲਦੇਵ ਸਿੰਘ ਸਹਿਦੇਵ ਦੀਆਂ ਕਰੀਬ 120 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਕਾਵਿ ਰਚਨਾਵਾਂ 'ਚ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੋ ਵੀ ਹੈ ਅਤੇ ਖੁਰ ਰਹੇ ਵਿਰਸੇ ਦਾ ਹੇਰਵਾ ਵੀ। ਲੇਖਕ ਧਰਮ ਅਤੇ ਮਜ਼੍ਹਬਾਂ ਦੇ ਨਾਂਅ 'ਤੇ ਸਿਆਸੀ ਰੋਟੀਆਂ ਸੇਕ ਰਹੇ ਸਿਆਸਤਦਾਨਾਂ ਤੋਂ ਡਾਢਾ ਖਫ਼ਾ ਹੈ। ਇਨ੍ਹਾਂ ਕਾਵਿ ਰਚਨਾਵਾਂ 'ਚ ਹੱਕ-ਸੱਚ ਅਤੇ ਇਨਸਾਫ਼ ਲਈ ਲੜਨ ਦਾ ਜਜ਼ਬਾ ਹੈ, ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਫ਼ਿਕਰ ਉਸ ਦਾ ਹਿਰਦਾ ਵਲੂੰਧਰਦਾ ਹੈ। ਅਜੋਕੇ ਸਮਾਜ 'ਚ ਧੀਆਂ ਅਤੇ ਪੁੱਤਰਾਂ 'ਚ ਸਮਾਨਤਾ ਦੀ ਦੁਹਾਈ ਪਾਉਂਦਾ ਕਵੀ ਭਰੂਣ ਹੱਤਿਆ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਆਖਦਾ ਹੈ :
ਕਿੱਥੋਂ ਬੱਝਣੇ ਸਿਹਰੇ ਪੁੱਤ ਦੇ, ਜੇ ਧੀਆਂ ਨਾ ਜੰਮ੍ਹਣ,
ਕਿੱਥੋਂ ਆਊ ਭੈਣ, ਵੀਰਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ
ਫੁੱਲਾਂ ਵਾਲੀ ਕਾਰ 'ਚ ਡੋਲੀ ਕਿੱਥੋ ਆਊ ਵਿਚਾਰੋ,
ਹੱਥ ਰੱਖੋ ਧੀਆਂ ਦੇ ਸਿਰ 'ਤੇ, ਧੀਆਂ ਤੋਂ ਜਿੰਦ ਵਾਰੋ। (ਪੰਨਾ : 41)
ਕਵੀ ਦੱਬੇ-ਕੁਚਲੇ ਕਿਰਤੀ ਕਾਮਿਆਂ ਦੇ ਹੱਕ 'ਚ ਹੁੰਕਾਰ ਭਰਦਾ, ਜਬਰ, ਜ਼ੁਲਮ ਦੇ ਨਾਲ ਲੜਨ ਲਈ ਤਿਆਰ-ਬਰ-ਤਿਆਰ ਹੋਣ ਦਾ ਸੰਕਲਪ ਕਰਦਾ ਹੈ। ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਕੁਦਰਤ ਦੀਆਂ ਮਾਰਾਂ ਦਾ ਕਹਿਰ ਅਤੇ ਸਮੇਂ ਦੀਆਂ ਸਰਕਾਰਾਂ ਦਾ ਫਰੇਬ ਉਸ ਨੂੰ ਡਾਢਾ ਬੇਚੈਨ ਕਰਦਾ ਹੈ :
ਮੁੜ੍ਹਕੇ ਦੇ ਮੋਤੀ ਜੀਹਦੇ ਡੁੱਲ੍ਹਦੇ ਸਿਆੜਾਂ ਵਿਚ
ਸੁਧਰੀ ਨਾ ਕਦੇ ਉਹਦੀ ਜੂਨ ਮਾਏ ਮੇਰੀਏ।
ਉਹਦਿਆਂ ਪਿੜਾਂ ਦੇ ਦਾਣੇ, ਹੂੰਝ ਕੇ ਲੁਟੇਰਾ ਲੈ ਜੇ,
ਰਹਿ ਜਾਂਦੀ ਪੱਲੇ ਰੂੂਣ-ਭੂਣ ਮਾਏ ਮੇਰੀਏ। (ਪੰਨਾ : 52)
ਅੱਜਕਲ੍ਹ ਦੇ ਬਹੁਗਿਣਤੀ ਗੀਤਾਂ 'ਚ ਪਰੋਸੀ ਜਾ ਰਹੀ ਫੋਕੀ ਸ਼ੋਸ਼ੇਬਾਜ਼ੀ, ਹਥਿਆਰਾਂ ਦੇ ਪ੍ਰਦਰਸ਼ਨ, ਲੱਚਰਤਾ ਆਦਿ ਤੋਂ ਉਸ ਨੂੰ ਸਖ਼ਤ ਘ੍ਰਿਣਾ ਹੈ। ਇਸ ਕਾਵਿ ਸੰਗ੍ਰਿਹ ਦੀਆਂ ਰਚਨਾਵਾਂ 'ਚ ਵੋਟ-ਵਟੋਰੂ ਪਾਰਟੀਆਂ ਦੀ ਝੂਠੇ ਲਾਰਿਆਂ ਦੀ ਰਾਜਨੀਤੀ ਖ਼ਿਲਾਫ਼ ਵਿਦਰੋਹ, ਗਿਰਗਟ ਵਾਂਗ ਰੰਗ ਬਦਲਦੇ ਲੋਕਾਂ ਖ਼ਿਲਾਫ਼ ਨਫ਼ਰਤ ਦਾ ਪ੍ਰਗਟਾਅ ਹੈ। ਲੇਖਕ ਕਿਰਤੀ, ਕਾਮਿਆਂ ਨੂੰ ਸੰਘਰਸ਼ਾਂ ਦੇ ਪਿੜ ਮਘਾਉਣ ਦਾ ਸੱਦਾ ਦਿੰਦਾ ਜਾਪਦਾ ਹੈ। ਕਵੀ ਜਾਤਾਂ-ਪਾਤਾਂ, ਧਰਮਾਂ, ਮਜ਼੍ਹਬਾਂ ਦੀ ਵੰਡ ਤੋਂ ਰਹਿਤ ਨਿਰੋਲ ਮਾਨਵਤਾ ਦਾ ਮੁੱਦਈ ਹੈ। ਇਸ ਸੰਗ੍ਰਹਿ ਦੀਆਂ ਕਾਵਿ ਰਚਨਾਵਾਂ ਜਿੱਥੇ ਵਿਸ਼ਾ-ਵਸਤੂ ਪੱਖ ਤੋਂ ਸਸ਼ਕਤ ਹਨ ਅਤੇ ਉਥੇ ਰਵਾਨਗੀ ਭਰਪੂਰ ਵੀ ਹਨ।

ਮਨਜੀਤ ਸਿੰਘ ਘੜੈਲੀ
ਮੋ: 98153-91625

ਇੰਤਖ਼ਾਬ
(ਅਮਰਜੀਤ ਸਿੰਘ ਸੰਧੂ ਦੀਆਂ ਚੋਣਵੀਆਂ ਗ਼ਜ਼ਲਾਂ)
ਸੰਪਾਦਕ : ਹਰਜਿੰਦਰ ਬੱਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 90410-22345.

ਪੰਜਾਬੀ ਗ਼ਜ਼ਲ ਦੀ ਮੌਜੂਦਾ ਸੰਤੁਸ਼ਟੀਜਨਕ ਸਥਿਤੀ ਵਿਚ ਗ਼ਜ਼ਲ ਸਕੂਲਾਂ ਦਾ ਬਿਨਾਂ ਸ਼ੱਕ ਬਹੁਤ ਵੱਡਾ ਯੋਗਦਾਨ ਹੈ। ਇਸ ਸੰਬੰਧੀ 'ਦੀਪਕ ਗ਼ਜ਼ਲ ਸਕੂਲ' ਨੇ ਹਮੇਸ਼ਾ ਅਗਵਾਈ ਵਾਲੀ ਭੂਮਿਕਾ ਨਿਭਾਈ ਹੈ। ਅਮਰਜੀਤ ਸਿੰਘ ਸੰਧੂ ਵੀ ਇਸੇ ਸਕੂਲ ਦੇ ਵਿਦਿਆਰਥੀਆਂ 'ਚੋਂ ਵੱਡਾ ਨਾਂਅ ਹੈ ਤੇ ਇਕ ਦਰਜਨ ਦੇ ਕਰੀਬ ਪੁਸਤਕਾਂ ਦਾ ਰਚੇਤਾ ਹੈ। ਸੰਧੂ ਨੂੰ ਗ਼ਜ਼ਲ ਲੇਖਣ ਤੇ ਸਾਹਿਤਕ ਪੱਤਰਕਾਰੀ ਦਾ ਚੋਖਾ ਤਜਰਬਾ ਹਾਸਲ ਹੈ, ਇਸੇ ਕਾਰਨ ਉਸ ਦੀਆਂ ਗ਼ਜ਼ਲਾਂ 'ਤੇ ਉਂਗਲ ਧਰਨੀ ਬੜੀ ਮੁਸ਼ਕਿਲ ਹੈ। ਸੰਧੂ ਦੀਆਂ ਚੋਣਵੀਆਂ ਗ਼ਜ਼ਲਾਂ 'ਇੰਤਖ਼ਾਬ' ਸਿਰਲੇਖ ਅਧੀਨ ਹਰਜਿੰਦਰ ਬੱਲ ਨੇ ਇਕੱਤਰ ਕੀਤੀਆਂ ਹਨ ਤੇ ਕਿਤਾਬੀ ਰੂਪ ਦਿੱਤਾ ਹੈ। ਇਹ ਗ਼ਜ਼ਲਾਂ ਅਰੂਜ਼, ਗ਼ਜ਼ਲ ਵਿਧਾਨ ਦੀ ਕਸੌਟੀ 'ਤੇ ਖ਼ਰੀਆਂ ਉਤਰਦੀਆਂ ਹਨ। 'ਇੰਤਖ਼ਾਬ' ਵਿਚ ਸ਼ਾਮਿਲ ਗ਼ਜ਼ਲਾਂ 'ਚੋਂ ਕਈਆਂ ਦੀ ਪੇਸ਼ਕਾਰੀ ਬਹੁਤ ਅਲਹਿਦਾ ਹੈ, ਉਦਾਹਰਨ ਦੇ ਤੌਰ 'ਤੇ ਪਹਿਲੀ ਗ਼ਜ਼ਲ ਦੀ ਰਦੀਫ਼ ਤੇ ਸ਼ਿਅਰਾਂ ਦੇ ਵਿਸ਼ੇ ਅਛੂਤੇ ਹਨ। ਦੂਸਰੀ ਗ਼ਜ਼ਲ ਬਿਨਾਂ ਰਦੀਫ਼ ਤੋਂ ਹੁੰਦੇ ਹੋਏ ਵੀ ਖਿੜੀ-ਖਿੜੀ ਤੇ ਚੁਸਤ ਮਹਿਸੂਸ ਹੁੰਦੀ ਹੈ। ਦੂਸਰੀ ਗ਼ਜ਼ਲ ਵਿਚ ਸ਼ਬਦੀ ਵਜ਼ਨ ਵਿਚ ਕੁਝ ਖੁੱਲ੍ਹ ਲਈ ਗਈ ਹੈ ਤੇ ਪਾਠਕ ਨੂੰ ਪ੍ਰਭਾਵਿਤ ਕਰਨ ਵਾਲੀ ਹੈ। ਇਨ੍ਹਾਂ ਤਿੰਨਾਂ ਗ਼ਜ਼ਲਾਂ ਅਤੇ ਕੁਝ ਹੋਰ ਗ਼ਜ਼ਲਾਂ 'ਤੇ ਇਨ੍ਹਾਂ ਦੀ ਸਿਰਜਣਾ ਬਾਰੇ ਸੰਪਾਦਕ ਵਲੋਂ ਨੋਟ ਵੀ ਲਿਖੇ ਹੋਏ ਹਨ। ਉਂਜ ਵੀ ਹਰ ਗ਼ਜ਼ਲ ਦੇ ਹੇਠਾਂ ਉਨ੍ਹਾਂ ਦੇ ਜਨਮ ਦੀ ਤਾਰੀਖ਼ ਪਾਈ ਗਈ ਹੈ, ਜਿਸ ਦਾ ਖੋਜ ਕਰਤਾਵਾਂ ਨੂੰ ਫ਼ਾਇਦਾ ਹੁੰਦਾ ਹੈ। ਸੰਧੂ ਦੀ ਗ਼ਜ਼ਲ ਕਹਿਣ ਦੀ ਆਪਣੀ ਸ਼ੈਲੀ ਹੈ ਤੇ ਉਸ ਦੀ ਸ਼ਬਦਾਬਲੀ ਵਿਚ ਜਟਕੇ ਚਟਖ਼ਾਰੇ ਵੀ ਹੁੰਦੇ ਹਨ। ਇਹ ਅੰਦਾਜ਼ ਸਿਰਫ਼ ਉਸ ਦੇ ਹਿੱਸੇ ਹੀ ਆਇਆ ਹੈ। ਉਦਾਹਰਨ ਦੇ ਤੌਰ 'ਤੇ ਸਫ਼ਾ ਵੀਹ 'ਤੇ, 'ਰੁੜ੍ਹ ਪੁੜ ਜਾਣੈਂ', ਸਫ਼ਾ ਪੰਜਤਾਲੀ 'ਤੇ 'ਨਾਲੇ ਖੇਚਲ', ਸਫ਼ਾ ਸਤਵੰਜਾ 'ਤੇ 'ਪੁਲਾੜ ਬਣ ਕੇ' ਤੇ ਸਫ਼ਾ ਪੈਂਹਠ 'ਤੇ 'ਕਿੱਥੇ ਗਿਆ' ਗ਼ਜ਼ਲਾਂ ਸੰਜੀਦਗੀ ਦੇ ਨਾਲ ਪਾਠਕ ਨੂੰ ਗੁਦਗਦਾਉਂਦੀਆਂ ਵੀ ਹਨ। ਇੰਝ 'ਇੰਤਖ਼ਾਬ' ਦੀਆਂ ਗ਼ਜ਼ਲਾਂ ਨੂੰ ਸੰਕਲਿਤ ਕਰਨ ਵੇਲੇ ਸੰਪਾਦਕ ਨੇ ਸੰਧੂ ਦੀ ਗ਼ਜ਼ਲਕਾਰੀ ਦਾ ਹਰ ਰੰਗ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਿਰਜ਼ੇ ਦੀ ਸੱਦ 'ਤੇ ਲਿਖੀ ਗਈ ਗ਼ਜ਼ਲ ਵੀ ਸੰਧੂ ਦੀ ਪਹਿਲ ਹੈ। ਇਹ ਗ਼ਜ਼ਲ ਸੰਗ੍ਰਹਿ ਨਵੇਂ ਗ਼ਜ਼ਲਕਾਰਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ ਤੇ ਆਮ ਪਾਠਕ ਲਈ ਵੀ ਓਨਾ ਹੀ ਮਹੱਤਵਪੂਰਨ ਹੈ।

ਗੁਰਦਿਆਲ ਰੌਸ਼ਨ
ਮੋ: 99884-44002

26-02-2022

 ਭਾਈ ਵੀਰ ਸਿੰਘ ਦੀ ਇਤਿਹਾਸਕਾਰੀ, ਵਿਆਖਿਆਕਾਰੀ ਤੇ ਕੋਸ਼ਕਾਰੀ
ਲੇਖਕ : ਗੁਰਪੁਰਵਾਸੀ ਡਾ. ਅਮਨਪ੍ਰੀਤ ਸਿੰਘ
ਪ੍ਰਕਾਸ਼ਕ : ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ਼ ਵੈੱਲਫੇਅਰ ਸੁਸਾਇਟੀ (ਲੁਧਿਆਣਾ)
ਸਫ਼ੇ : 136
ਸੰਪਰਕ : 98147-92013.

ਕੁਝ ਮਹੀਨੇ ਪਹਿਲਾਂ, ਸਦੀਵੀ ਵਿਛੋੜਾ ਦੇ ਗਏ ਕੌਮ ਦੇ ਉੱਭਰਦੇ ਅਤੇ ਹੋਣਹਾਰ ਵਿਦਵਾਨ ਡਾ. ਅਮਨਪ੍ਰੀਤ ਸਿੰਘ ਲੁਧਿਆਣਾ ਦੀ ਇਹ ਪੁਸਤਕ ਆਪਣੇ ਆਪ ਵਿਚ ਇਕ ਬਿਹਤਰੀਨ ਅਤੇ ਡੂੰਘੇਰੀ ਖੋਜ ਵਾਲੀ ਪੁਸਤਕ ਹੈ। ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਾਵਿ ਦੇ ਮੋਢੀ ਸੰਤ-ਕਵੀ ਅਤੇ ਬਹੁ-ਵਿਧਾਈ ਸਾਹਿਤਕਾਰ ਸਨ, ਜਿਨ੍ਹਾਂ ਦੀਆਂ ਤਮਾਮਤਰ ਰਚਨਾਵਾਂ, ਰੂਹਾਨੀ ਰੰਗਤ ਵਾਲੀਆਂ ਅਮਰ ਰਚਨਾਵਾਂ ਹਨ। ਵਿਚਾਰ-ਗੋਚਰੀ ਪੁਸਤਕ ਦੇ ਪਹਿਲੇ ਅਧਿਆਇ ਵਿਚ ਵਿਦਵਾਨ ਲੇਖਕ ਨੇ ਇਤਿਹਾਸ, ਇਤਿਹਾਸਕਾਰੀ ਤੇ ਇਤਿਹਾਸਕਾਰ ਨੂੰ ਪਰਿਭਾਸ਼ਤ ਕਰਦਿਆਂ ਸੁੰਦਰੀ, ਬਿਜੈ ਸਿੰਘ, ਸਤਵੰਤ ਕੌਰ ਤੇ ਬਾਬਾ ਨੌਧ ਸਿੰਘ ਨਾਵਲਾਂ ਵਿਚਲੀ ਇਤਿਹਾਸਕਾਰੀ ਦਾ ਤਜ਼ਕਰਾ ਕੀਤਾ ਹੈ। 152 ਹਵਾਲਿਆਂ ਵਾਲਾ ਇਹ ਅਧਿਆਇ, ਆਦਰਸ਼ਕ ਪਾਤਰਾਂ ਅਤੇ ਬਿਰਤਾਂਤਾਂ ਨੂੰ ਰੂਪਮਾਨ ਕਰਦਾ ਹੈ।
ਦੂਜਾ ਅਧਿਆਇ ਭਾਈ ਵੀਰ ਸਿੰਘ ਦੀ ਗੁਰਮਤਿ ਵਿਆਖਿਆਕਾਰੀ ਦਾ ਨਿਰੂਪਣ ਹੈ। 81 ਹਵਾਲਿਆਂ ਵਾਲੇ ਇਸ ਅਧਿਆਇ ਰਾਹੀਂ ਭਾਈ ਸਾਹਿਬ ਵਲੋਂ ਸਿੱਖਾਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਕੀਤੀਆਂ ਮਹਾਨ ਘਾਲਣਾਵਾਂ ਦਾ ਵਿਸਥਾਰਤ ਜ਼ਿਕਰ ਹੈ। ਪੱਛਮੀ ਵਿਚਾਰਧਾਰਾ 'ਤੇ ਆਧਾਰਿਤ ਸਾਹਿਤਕ ਵਿਧਾਵਾਂ ਦੇ ਸੰਦਰਭ ਵਿਚ ਸਰਲ ਢੰਗ ਨਾਲ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਕੀਤੀ ਗਈ ਹੈ, ਕਿਉਂਕਿ 'ਭਾਈ ਵੀਰ ਸਿੰਘ ਦਾ ਜੀਵਨ ਪੂਰਨ ਤੌਰ 'ਤੇ ਗੁਰੂ ਅਤੇ ਗੁਰਬਾਣੀ ਨੂੰ ਸਮਰਪਿਤ ਸੀ।' (ਡਾ. ਬਲਬੀਰ ਸਿੰਘ ਦਾ ਕਥਨ) ਭਾਈ ਸਾਹਿਬ ਨੇ ਜਿਸ ਵਿਧੀ ਨਾਲ ਗੁਰਬਾਣੀ ਦੀਆਂ ਰੂਹਾਨੀ ਰਮਜ਼ਾਂ ਦੀ ਵਿਆਖਿਆ ਕੀਤੀ ਹੈ, ਉਹ ਬੇਜੋੜ ਹੈ। ਉਹ ਗੁਰਬਾਣੀ ਵਿਚ ਆਏ ਰਹਾਉ, ਮਹਲਾ ਅਤੇ ਘਰ ਆਦਿ ਸ਼ਬਦਾਂ ਦੇ ਭੇਤ ਖੋਲ੍ਹਦੇ ਹਨ। (ਪੰਨਾ 97)। ਨਿਰਬਾਣ, ਜੀਵਾਤਮਾ, ਧਰਮ ਤੇ ਸਦਾਚਾਰ, ਪੰਜ ਖੰਡਾਂ ਦਾ ਵਰਨਣ ਅਤੇ ਪੰਜ ਖੰਡਾਂ ਦੀ ਵਿਆਖਿਆ ਪੜ੍ਹਨ ਤੇ ਵਿਚਾਰਨਯੋਗ ਹੈ। ਪੁਸਤਕ ਦਾ ਤੀਜਾ ਭਾਗ ਹੈ 'ਕੋਸ਼ਕਾਰ ਭਾਈ ਵੀਰ ਸਿੰਘ'। ਪੰਜਾਬੀ ਕੋਸ਼ਕਾਰੀ ਬਾਰੇ ਚਾਰ ਸਾਰਣੀਆਂ ਦਰਜ ਹਨ। ਪੰਜਾਬੀ ਭਾਸ਼ਾ ਵਿਚ ਕੋਸ਼ਕਾਰੀ ਦਾ ਸਥਾਨ ਧਾਰਮਿਕ ਰੰਗਤ ਰਾਹੀਂ ਪੇਸ਼ ਹੋਇਆ ਹੈ। ਪੰਜਾਬੀ ਕੋਸ਼ਾਂ ਤੇ ਕੋਸ਼ਕਾਰਾਂ ਦੀ ਸੂਚੀ ਵੀ ਦਿੱਤੀ ਗਈ ਹੈ। ਭਾਈ ਵੀਰ ਸਿੰਘ ਨੇ ਕੋਸ਼ਕਾਰੀ ਲਈ 'ਨਿਰੁਕਤ' ਦੇਣ ਦੀ ਵਿਧੀ ਦੀ ਵਰਤੋਂ ਕੀਤੀ ਹੈ। ਗਿਆਨੀ ਹਜ਼ਾਰਾ ਸਿੰਘ ਤੋਂ ਲੈ ਕੇ ਭਾਈ ਵੀਰ ਸਿੰਘ ਤੱਕ ਗੁਰੂ ਗ੍ਰੰਥ ਕੋਸ਼ ਦਾ ਸੰਪੂਰਨ ਵੇਰਵਾ ਇਸ ਅੰਤਿਮ ਅਧਿਆਇ ਵਿਚ ਦਿੱਤਾ ਗਿਆ ਹੈ। ਉਨ੍ਹਾਂ ਦੀ ਕੋਸ਼ਕਾਰੀ ਸਦਕਾ, ਖੋਜਾਰਥੀ, ਕਥਾ-ਵਾਚਕ ਅਤੇ ਗੁਰਮੁਖ ਅਭਿਲਾਖੀ ਗੁਰਬਾਣੀ ਨੂੰ ਸਰਲ ਰੂਪ ਵਿਚ ਸਮਝਣ ਲਾਇਕ ਹੋਏ ਹਨ। ਪੁਸਤਕ ਬਹੁਤ ਡੂੰਘੀ ਖੋਜ ਦਾ ਸਿੱਟਾ ਹੈ।

ਤੀਰਥ ਸਿੰਘ ਢਿੱਲੋਂ
ਮੋ: 98154-61710.

ਮੈਂ ਗਈ ਕਦੋਂ ਸੀ!
ਲੇਖਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 350 ਰੁਪਏ, ਸਫ਼ੇ : 175
ਸੰਪਰਕ : 080763-63058.

ਸ. ਗੁਰਬਚਨ ਸਿੰਘ ਭੁੱਲਰ ਇਕ ਸੁਹਿਰਦ, ਸਚਿਆਰਾ ਅਤੇ ਬਹੁਵਿਧਾਈ ਲੇਖਕ ਹੈ। ਕਹਾਣੀ-ਲੇਖਣ ਦਾ ਤਾਂ ਉਹ ਖ਼ੈਰ ਸ਼ਾਹ-ਸਵਾਰ ਹੈ ਹੀ, ਉਸ ਦੇ ਨਾਵਲਾਂ, ਸ਼ਬਦ-ਚਿੱਤਰਾਂ ਅਤੇ ਮੁਲਾਕਾਤਾਂ ਆਦਿ ਬਾਰੇ ਵੀ ਪੰਜਾਬੀ ਦੇ ਬਹੁਤੇ ਪਾਠਕ ਸੁਪਰਿਚਿਤ ਹਨ ਪਰ ਉਸ ਦੀ ਕਾਵਿ-ਰਚਨਾ ਬਾਰੇ ਮੇਰੇ ਸਮੇਤ ਬਹੁਤ ਘੱਟ ਪਾਠਕ ਜਾਣਦੇ ਹੋਣਗੇ। ਪਰ ਯਾਦ ਰਹੇ ਕਿ 50ਵਿਆਂ ਵਿਚ ਉਹ ਪੰਜਾਬੀ ਦਾ ਇਕ ਮਕਬੂਲ ਕਵੀ ਸੀ ਅਤੇ ਹਰ ਮਾਸਿਕ ਪੱਤਰ-ਪਤ੍ਰਿਕਾ ਉਸ ਦੀਆਂ ਕਵਿਤਾਵਾਂ ਨੂੰ ਬੜੇ ਮਾਣ ਨਾਲ ਪ੍ਰਕਾਸ਼ਿਤ ਕਰਦੀ ਸੀ। ਬਾਅਦ ਵਿਚ ਉਹ ਹੋਰ ਵਿਧਾਵਾਂ ਵੱਲ ਆਕਰਸ਼ਿਤ ਹੋ ਗਿਆ ਕਿਉਂਕਿ ਉਸ ਨੂੰ ਆਪਣੇ ਸਮਾਜ ਅਤੇ ਦੇਸ਼ ਦੀ ਵਸਤੂ-ਸਥਿਤੀ ਦਾ ਨਿਰੂਪਣ ਕਰਨਾ ਵਧੇਰੇ ਪ੍ਰਾਸੰਗਿਕ ਅਨੁਭਵ ਹੋਣ ਲੱਗਾ ਸੀ।
ਪਰ ਤਾਂ ਵੀ ਕਵਿਤਾ ਉਸ ਦੇ ਅਚੇਤ ਮਨ ਵਿਚ ਟਿਕੀ ਰਹੀ ਅਤੇ ਉਸ ਦੀਆਂ ਵਾਰਤਕ ਰਚਨਾਵਾਂ ਨੂੰ ਸੂਖਮ ਅਤੇ ਰਮਜ਼ ਭਰਪੂਰ ਬਣਾਉਣ ਵਿਚ ਯੋਗਦਾਨ ਦਿੰਦੀ ਰਹੀ। ਉਸ ਦੁਆਰਾ ਰਚੇ ਸਾਹਿਤ ਦੇ ਕੇਵਲ 'ਸਿਰਲੇਖ' ਵਾਚਿਆਂ ਹੀ ਇਹ ਗੱਲ ਸਮਝ ਵਿਚ ਆ ਜਾਂਦੀ ਹੈ ਕਿ ਕਵਿਤਾ ਮੈਂ ਗਈ ਕਦੋਂ ਸੀ? ਹਮੇਸ਼ਾ ਉਸ ਦੇ ਅੰਦਰ ਰਚੀ-ਬਸੀ ਰਹੀ ਸੀ। ਇਸ ਪੁਸਤਕ ਵਿਚ ਸੰਕਲਿਤ 24 ਕਵਿਤਾਵਾਂ ਹਾਲ ਹੀ ਵਿਚ ਰਚੀਆਂ ਗਈਆਂ ਹਨ। ਕੁਝ ਹੋਰ ਕਵਿਤਾਵਾਂ (ਦੂਜਾ ਭਾਗ) ਦੇਸੀ-ਵਿਦੇਸ਼ੀ ਕਵੀਆਂ ਦੀਆਂ ਰਚਨਾਵਾਂ ਦੇ ਖੁੱਲ੍ਹੇ ਅਨੁਵਾਦ ਹਨ, ਜਿਨ੍ਹਾਂ ਵਿਚ ਕਵੀ ਨੇ ਮੂਲ ਕਵਿਤਾ ਦੀ ਆਭਾ ਅਤੇ ਚਰਿੱਤਰ ਨੂੰ ਜਿਉਂ ਦਾ ਤਿਉਂ ਰੱਖਣ ਦਾ ਯਤਨ ਕੀਤਾ ਹੈ। ਤੀਜੇ ਅਤੇ ਅੰਤਿਮ ਭਾਗ ਵਿਚ 50ਵਿਆਂ ਵਿਚ ਲਿਖੀਆਂ ਚੋਣਵੀਆਂ 28 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦੀ ਖੁਸ਼ਬੂ ਮਾਣਨ ਲਈ ਇਕ ਕਵਿਤਾ ਦੇ ਕੁਝ ਅੰਸ਼ ਦੇਖੋ :
ਨਾ ਰੰਗ ਸੁਰਖ਼ ਸੰਧੂਰੀ ਖਿੰੰਡਿਆ
ਨਾ ਬੱਦਲਾਂ ਨੇ ਹੋਲੀ ਖੇਡੀ
ਸਮੇਂ ਨਾ ਅੱਜ ਗੁਲਾਲ ਉਡਾਇਆ
ਇਹ ਕੇਹੀ ਘਸਮੈਲੀ ਆਥਣ!
ਮੁੜ-ਮੁੜ ਕੇ ਤੂੰ ਚੇਤੇ ਆਵੇਂ
ਤੇਰੇ ਹੱਸਣੇ ਨਕਸ਼ਾਂ ਤੇ ਪਰ
ਗ਼ਮ ਨੇ ਸੁਆਲੀ ਚਿੰਨ੍ਹ ਬਣਾਇਆ। ਇਹ ਕੇਹੀ... (ਪੰਨਾ 147)
ਇਸ ਪੁਸਤਕ ਦਾ ਹਰ ਪੰਨਾ, ਹਰ ਅਧਿਆਇ ਪੜ੍ਹਨਯੋਗ ਹੈ। ਹਰ ਥਾਂ ਲੇਖਕ ਦਾ ਵਿਵੇਕ, ਸੰਵੇਦਨਾ ਅਤੇ ਸਿਰਜਣਾਤਮਕਤਾ ਛਲਕਦੀ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨੰਦ ਲਾਲ ਨੂਰਪੁਰੀ : ਜੀਵਨ ਤੇ ਰਚਨਾ
ਲੇਖਕ: ਡਾ. ਪ੍ਰੀਤੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99139-40050.

ਡਾ. ਪ੍ਰੀਤੀ ਨੇ ਪ੍ਰੋ. ਸੁਹਿੰਦਰਬੀਰ ਦੀ ਨਿਗਰਾਨੀ ਹੇਠ 'ਪੰਜਾਬੀ ਗੀਤ ਕਾਵਿ' 'ਤੇ ਡਾਕਟਰੇਟ ਕੀਤੀ ਹੈ। ਉਹ ਇਸ ਤੋਂ ਪਹਿਲਾਂ 'ਗੁਰਬਚਨ ਸਿੰਘ ਭੁੱਲਰ ਦੀਆਂ ਕਹਾਣੀਆਂ: ਮਹਾਂਨਗਰੀ ਸੱਭਿਆਚਾਰ' (2018) ਅਤੇ 'ਵਿਸ਼ਵ ਕਲਾਸਿਕੀ ਸਾਹਿਤ : ਸੰਵਾਦ ਤੇ ਸਮੀਖਿਆ' (2020) ਨਾਂਅ ਦੀਆਂ ਦੋ ਕਿਤਾਬਾਂ ਪੰਜਾਬੀ ਆਲੋਚਨਾ ਨੂੰ ਪ੍ਰਦਾਨ ਕਰ ਚੁੱਕੀ ਹੈ। ਰੀਵਿਊ ਅਧੀਨ ਪੁਸਤਕ ਵਿਚ ਲੋਕ-ਗੀਤਾਂ ਵਰਗੇ ਸ਼ਾਇਰ ਨੰਦ ਲਾਲ ਨੂਰਪੁਰੀ ਦੇ ਜੀਵਨ ਤੇ ਰਚਨਾ ਨੂੰ ਅਧਿਐਨ ਦਾ ਕੇਂਦਰ ਬਣਾਇਆ ਗਿਆ ਹੈ। ਪੁਸਤਕ ਦੇ ਨਾਂਅ ਵਿਚ ਤਾਂ ਭਾਵੇਂ 'ਜੀਵਨ ਤੇ ਰਚਨਾ' ਲਿਖਿਆ ਹੈ, ਪਰ ਵਾਸਤਵ ਵਿਚ ਇਹ ਪੁਸਤਕ ਨੂਰਪੁਰੀ ਦੇ ਗੀਤ-ਕਾਵਿ ਦਾ ਹੀ ਅਧਿਐਨ/ਮੁਲਾਂਕਣ ਕਰਦੀ ਹੈ। ਪੁਸਤਕ ਦੀ ਆਦਿਕਾ ਪ੍ਰੋ. ਸੁਹਿੰਦਰਬੀਰ ਨੇ ਲਿਖੀ ਹੈ, ਜਦ ਕਿ ਲੇਖਕਾ ਨੇ ਵੀ ਕਿਤਾਬ ਬਾਰੇ ਜਾਣਕਾਰੀ ਦਿੱਤੀ ਹੈ।
ਨੂਰਪੁਰੀ ਆਪਣੇ 60-ਸਾਲਾ ਜੀਵਨ ਕਾਲ (1906-1966) ਵਿਚ 41 ਸਾਲ (1925-1966) ਤੱਕ ਕਾਵਿ-ਰਚਨਾ ਵਿਚ ਪੂਰੀ ਤਰ੍ਹਾਂ ਸਰਗਰਮ ਰਿਹਾ। ਇਨ੍ਹਾਂ ਚਾਰ ਦਹਾਕਿਆਂ ਵਿਚ ਉਸ ਨੇ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਤੇ ਨਜ਼ਮਾਂ ਦੀ ਰਚਨਾ ਕੀਤੀ ਅਤੇ ਉਸ ਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਹ ਆਪਣੇ ਸਮੇਂ ਦੇ ਕਵੀ-ਦਰਬਾਰਾਂ ਦੀ ਜਿੰਦ-ਜਾਨ ਸੀ। ਸੰਵੇਦਨਸ਼ੀਲ ਹੋਣ ਕਰਕੇ ਉਸ ਨੇ ਰੁਜ਼ਗਾਰ ਵਜੋਂ ਮਿਲੇ ਤਿੰਨ ਮੌਕਿਆਂ (ਅਧਿਆਪਨ, ਥਾਣੇਦਾਰੀ, ਕਲਰਕ) ਦੀ ਅਣਦੇਖੀ ਕਰ ਦਿੱਤੀ ਤੇ ਫਿਰ ਪਰਿਵਾਰ ਦਾ ਠੀਕ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਣ ਅਤੇ ਸਰਕਾਰੀ ਅਣਦੇਖੀ ਕਾਰਨ ਆਪਣੇ ਘਰ ਦੇ ਨੇੜੇ ਖੂਹ ਵਿਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਪੰਜਾਬ ਦੇ ਸੱਭਿਆਚਾਰਕ/ਸੰਸਕ੍ਰਿਤਕ ਪਰਿਵੇਸ਼ ਨੂੰ ਉਸ ਨੇ ਆਪਣੇ ਗੀਤਾਂ ਵਿਚ ਬੜੀ ਸ਼ਾਨ ਨਾਲ ਪੇਸ਼ ਕੀਤਾ ਹੈ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕੋਈ ਵੀ ਪੱਖ ਅਜਿਹਾ ਨਹੀਂ, ਜਿਸ ਨੂੰ ਉਸ ਨੇ ਅਣਛੋਹਿਆ ਛੱਡਿਆ ਹੋਵੇ।
ਡਾ. ਪ੍ਰੀਤੀ ਨੇ ਨੂਰਪੁਰੀ-ਕਾਵਿ ਨਾਲ ਸੰਬੰਧਿਤ ਆਪਣੇ ਅਧਿਐਨ ਵਿਚ ਪੁਸਤਕ ਵਿਚ ਛੇ ਅਧਿਆਏ ਬਣਾਏ ਹਨ, ਜਿਨ੍ਹਾਂ ਵਿਚ ਨੂਰਪੁਰੀ ਦਾ ਜੀਵਨ ਤੇ ਰਚਨਾ, ਪੰਜਾਬੀਅਤ ਦਾ ਸੰਕਲਪ ਤੇ ਸਰੂਪ, ਨੂਰਪੁਰੀ ਦੇ ਗੀਤਾਂ ਵਿਚ ਪੰਜਾਬੀਅਤ, ਨੂਰਪੁਰੀ ਦੇ ਚੋਣਵੇਂ ਗੀਤ, ਨੂਰਪੁਰੀ ਦੇ ਗੀਤਾਂ ਦੀ ਵਿਆਖਿਆ ਤੇ ਪ੍ਰਸੰਗ, ਨੂਰਪੁਰੀ ਦੇ ਗੀਤਾਂ ਸੰਬੰਧੀ ਅਧਿਐਨ ਸਮੱਗਰੀ ਸ਼ਾਮਿਲ ਹੈ। ਅਸਲ ਵਿਚ ਆਖ਼ਰੀ ਅਧਿਆਇ 'ਅੰਤਿਕਾ' ਵਿਚ ਸ਼ਾਮਿਲ ਕਰਨਾ ਚਾਹੀਦਾ ਸੀ।
ਪੁਸਤਕ ਦਾ ਤੀਜਾ ਅਧਿਆਇ, ਜਿਸ ਵਿਚ ਨੂਰਪੁਰੀ ਦੇ ਗੀਤਾਂ ਵਿਚ ਪੰਜਾਬੀਅਤ ਦਾ ਅਧਿਐਨ ਮਿਲਦਾ ਹੈ, ਕਾਫੀ ਮਹੱਤਵਪੂਰਨ ਹੈ। ਇਸ ਦੇ ਅੰਤਰਗਤ ਨੂਰਪੁਰੀ ਦੇ ਕਾਵਿ ਵਿਚ ਪੰਜਾਬੀ ਭਾਸ਼ਾ, ਦੇਸ਼ ਭਗਤੀ, ਦੇਸ਼ ਪਿਆਰ, ਪੰਜਾਬ ਦਾ ਇਤਿਹਾਸ, ਪੰਜਾਬੀ ਸੁਭਾਅ, ਮੁਟਿਆਰਾਂ-ਗੱਭਰੂਆਂ, ਪਹਿਰਾਵਾ ਤੇ ਹਾਰ-ਸ਼ਿੰਗਾਰ, ਖਾਣ-ਪੀਣ, ਰੀਤੀ-ਰਿਵਾਜ, ਰਿਸ਼ਤੇ-ਨਾਤੇ, ਮੇਲੇ ਤੇ ਤਿਉਹਾਰ, ਰੁੱਤਾਂ-ਬਹਾਰਾਂ-ਫ਼ਸਲਾਂ, ਨਦੀਆਂ ਤੇ ਦਰਿਆ, ਭਰਮ ਤੇ ਵਿਸ਼ਵਾਸ, ਲੋਕ ਖੇਡਾਂ, ਲੋਕ ਸਾਹਿਤ ਬਾਰੇ ਵਿਸਤ੍ਰਿਤ ਚਰਚਾ ਕੀਤੀ ਗਈ ਹੈ। ਨਿੱਕੀਆਂ-ਮੋਟੀਆਂ ਗ਼ਲਤੀਆਂ (ਕਾਵਿਯ, ਗੁਰੂਸ਼ਬਦ, ਗਰੇਸ਼ੀਅਰ, ਜਿਨ੍ਹਾਂ ਲਈ ਕ੍ਰਮਵਾਰ ਕਾਵਯ, ਗੁਰੁਸ਼ਬਦ ਤੇ ਗਰੇਸ਼ੀਅਸ ਲਿਖਣਾ ਚਾਹੀਦਾ ਸੀ) ਤੋਂ ਬਿਨਾਂ ਡਾ. ਪ੍ਰੀਤੀ ਦੀ ਇਹ ਪੁਸਤਕ ਨੂਰਪੁਰੀ ਦੇ ਗੀਤ-ਕਾਵਿ ਨੂੰ ਸਮਝਣ ਤੇ ਸਮਝਾਉਣ ਦਾ ਇਕ ਚੰਗਾ ਉੱਦਮ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: ੯੪੧੭੬-੯੨੦੧੫.

c c c

ਨਸ਼ਿਆਂ ਦਾ ਸੰਤਾਪ
ਲੇਖਕ : ਮੋਹਨ ਸ਼ਰਮਾ
ਪ੍ਰਕਾਸ਼ਕ : ਰੈੱਡ ਕਰਾਸ, ਨਸ਼ਾ ਛੁਡਾਊ ਕੇਂਦਰ, ਸੰਗਰੂਰ
ਮੁੱਲ : 150 ਰੁਪਏ, ਸਫ਼ੇ : 106
ਸੰਪਰਕ : 94171-48866.

ਮੋਹਨ ਸ਼ਰਮਾ ਪੰਜਾਬੀ ਕਵੀ, ਕਹਾਣੀਕਾਰ, ਵਾਰਤਕਕਾਰ, ਇਕਾਂਗੀਕਾਰ ਹੀ ਨਹੀਂ, ਇਕ ਜਾਗ੍ਰਿਤ ਇਨਸਾਨ, ਸਮਾਜ ਸੁਧਾਰਕ, ਸੰਵੇਦਨਸ਼ੀਲ ਮਨੁੱਖ, ਅੱਗੇ ਹੋ ਕੇ ਆਪ ਹੱਥੀਂ ਕੰਮ ਕਰਨ ਵਾਲਾ ਕਿਰਤੀ ਇਨਸਾਨ ਹੈ। ਜ਼ਿੰਦਗੀ ਭਰ ਉਸ ਨੇ ਸ਼ਬਦ ਕਲਾ, ਸਿੱਖਿਆ ਸੁਧਾਰ, ਸਮਾਜਿਕ ਉਥਾਨ, ਲੋਕ ਕਲਿਆਣ ਅਤੇ ਹੋਸ਼ ਦੇ ਦੀਵੇ ਜਗਾਉਣ ਦੇ ਹੀ ਕਾਰਜ ਕੀਤੇ ਹਨ।
ਨਸ਼ਿਆਂ ਦੀ ਰੋਕਥਾਮ ਲਈ ਅੱਜਕਲ੍ਹ ਉਹ ਰੈੱਡ ਕਰਾਸ ਨਸ਼ਾ ਡਾਇਰੈਕਟਰ ਅਤੇ ਅਨੇਕਾਂ ਹੋਰ ਸੰਸਥਾਵਾਂ ਦਾ ਸੰਗਰੂਰ ਸ਼ਹਿਰ ਦਾ ਸੇਵਾਦਾਰ ਬਣ ਕੇ ਸਮਾਜ ਸੁਧਾਰਕ ਵਜੋਂ ਕਾਰਜਸ਼ੀਲ ਹੈ।
ਇਸ ਪੁਸਤਕ ਵਿਚ ਵੱਖ-ਵੱਖ ਵਿਸ਼ਿਆਂ ਦੇ 27 ਲੇਖ ਹਨ, ਜਿਨ੍ਹਾਂ ਦਾ ਸੰਬੰਧ ਸਮਾਜ ਸੁਧਾਰ, ਨਸ਼ਿਆਂ ਵਿਰੁੱਧ ਵਿਚਾਰ ਪ੍ਰਚਾਰ, ਨਸ਼ਿਆਂ ਕਾਰਨ ਘਰ-ਪਰਿਵਾਰ, ਬੱਚਿਆਂ, ਮਾਪਿਆਂ, ਔਰਤਾਂ ਦੀ ਦੁਰਦਸ਼ਾ, ਗਿਆਨ ਪਸਾਰ, ਸਰੀਰਕ, ਆਰਥਿਕ, ਮਾਨਸਿਕ ਅਤੇ ਬੌਧਿਕ ਗਿਆਨ ਪਸਾਰਨ, ਵਿਰਲਾਪ ਕਰ ਰਹੀ ਜਵਾਨੀ ਆਦਿ ਵਰਤਮਾਨ ਸਮੱਸਿਆਵਾਂ ਸੰਬੰਧੀ ਵਸਤੂ ਵੇਰਵੇ, ਰੌਚਿਕ ਪ੍ਰਸੰਗ, ਗਿਆਨ ਸੰਚਾਰਨ ਦੇ ਪ੍ਰਸੰਗ, ਹਾਲਾਤਿ ਹਾਜ਼ਰਾ ਦੀਆਂ ਹਕੀਕਤ ਪਸੰਦ ਕਹਾਣੀਆਂ ਲੇਖਕ ਦੇ ਸੁਧਾਰ ਪਸਾਰ ਦੀ ਦ੍ਰਿਸ਼ਟੀ ਤੋਂ ਪੇਸ਼ ਕੀਤੀਆਂ ਹਨ। ਲੇਖਕ ਜਾਗ੍ਰਿਤ ਹੋ ਕੇ ਕਿਸਾਨਾਂ, ਨੌਜਵਾਨਾਂ, ਨਸ਼ਿਆਂ ਨੇ ਬਰਬਾਦ ਕੀਤੇ ਪਰਿਵਾਰਾਂ, ਵਿਰਲਾਪ ਕਰ ਰਹੇ ਨੌਜਵਾਨਾਂ ਦੀਆਂ ਅੱਖੀਂ ਦੇਖੀਆਂ, ਸਮੱਸਿਆਵਾਂ ਗ੍ਰਸਤ ਹੋਏ ਪਰਿਵਾਰਾਂ, ਸ਼ਰਾਬੀਆਂ ਦੇ ਪਰਿਵਾਰਾਂ ਦੀਆਂ ਬਾਤਾਂ ਪਾ ਕੇ ਲੋਕ ਜਗ੍ਰਿਤੀ ਦਾ ਬਿਗਲ ਵਜਾ ਰਿਹਾ ਹੈ। ਭਾਈ ਘਨੱਈਆ ਦੇ ਵਾਰਸ ਨਸ਼ੱਈ ਕਾਕੇ, ਬੇਬੱਸ ਮਾਪੇ, ਕੰਗਾਲੀ ਭੋਗ ਰਹੇ ਮਾਪੇ ਆਦਿ ਦੋ ਦਰਜਨ ਤੋਂ ਉੱਪਰ ਇਨ੍ਹਾਂ ਲੇਖਾਂ ਰਾਹੀਂ ਲੋਕਾਂ ਦੀ ਹਕੀਕਤ ਬਿਆਨ ਕਰਦਾ ਹੈ। ਸ਼ੇਰਨੀ ਦੀ ਦਹਾੜ ਸੁਣਾਉਂਦਾ ਹੈ। ਵਰਤਮਾਨ ਸਿਆਸੀ ਨੇਤਾਵਾਂ ਦੀ ਹਕੀਕਤ ਨੰਗੀ ਕਰਦਾ ਹੈ। ਪ੍ਰਸ਼ਾਸਨਿਕ ਸੁਧਾਰਾਂ ਦੇ ਸੁਝਾਅ ਦਿੰਦਾ ਹੈ ਅਤੇ ਆਪਣੇ ਪਾਠਕਾਂ ਨੂੰ ਸੰਗਰੂਰ ਇਲਾਕੇ ਦੇ ਨਿਧੜਕ ਆਗੂ ਦੇਸ਼ ਭਗਤ ਸ. ਤੇਜਾ ਸਿੰਘ ਸੁਤੰਤਰ ਦੀ ਗਾਥਾ ਸੁਣਾ ਕੇ ਜਾਗ੍ਰਿਤ ਹੋਣ ਦੇ ਸੁਨੇਹੇ ਦਿੰਦਾ ਹੈ। ਇਹ ਪੁਸਤਕ ਘਰ-ਘਰ ਪੁੱਜਣੀ ਚਾਹੀਦੀ ਹੈ ਅਤੇ ਹਰ ਬਾਹੋਸ਼ ਵਿਅਕਤੀ ਨੂੰ ਪੜ੍ਹਨੀ ਚਾਹੀਦੀ ਹੈ।

ਡਾ. ਅਮਰ ਕੋਮਲ
ਮੋ: 84378-73565.

ਪੰਜਾਬੀ ਗਲਪਕਾਰ
ਸੰਵਾਦ ਤੇ ਸਮੀਖਿਆ
ਲੇਖਿਕਾ : ਵੀਰ ਕੌਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 184
ਸੰਪਰਕ : 81465-36967.

ਇਸ ਪੁਸਤਕ ਵਿਚ 14 ਉਨ੍ਹਾਂ ਗਲਪਕਾਰਾਂ ਨਾਲ ਉਨ੍ਹਾਂ ਦੀ ਸਾਹਿਤ ਸਿਰਜਣਾ ਸੰਬੰਧੀ ਜੋ ਮੁਲਾਕਾਤੀ ਰੂਪ ਵਿਚ ਸੰਵਾਦ ਰਚਾਇਆ ਗਿਆ ਹੈ, ਦਾ ਵਰਨਣ ਹੈ। ਇਹ ਗਲਪਕਾਰ ਅਜੋਕੇ ਕਾਲ-ਖੰਡ ਵਿਚ ਗਲਪ ਸਿਰਜਣਾ ਕਲਾ ਵਿਚ ਭਾਵੇਂ ਨਵੇਂ ਦਿਸਹਿਦੇ ਸਿਰਜ ਰਹੇ ਹਨ ਅਤੇ ਨਵੀਆਂ ਚੁਣੌਤੀਆਂ ਨੂੰ ਸਮਝਦੇ ਹੋਏ ਪਾਠਕਾਂ ਦੇ ਸਾਹਮਣੇ ਉਸਾਰੂ ਲੇਖਣੀ ਸਦਕਾ ਆਏ ਹਨ, ਪ੍ਰੰਤੂ ਇਨ੍ਹਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਵੀ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੇਖਕਾਂ ਅਤੇ ਲੇਖਿਕਾਵਾਂ ਦੀ ਸਾਹਿਤ ਸਾਧਨਾ ਬਾਰੇ ਪੁਸਤਕ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਉਹ ਸੁਰਿੰਦਰ ਸਿੰਘ ਨੇਕੀ, ਰਾਮ ਸਰੂਪ ਰਿਖੀ, ਬਲਦੇਵ ਸਿੰਘ, ਨਛੱਤਰ, ਬਲਜੀਤ ਸਿੰਘ ਪਪਨੇਜਾ, ਬਲਬੀਰ ਪਰਵਾਨਾ, ਧਰਮ ਸਿੰਘ ਕੰਮੇਆਣਾ, ਸਿਮਰਤ ਸੁਮੈਰਾ, ਜਸਵੀਰ ਰਾਣਾ, ਅਜਮੇਰ ਸਿੱਧੂ, ਹਰਪਿੰਦਰ ਰਾਣਾ, ਹਰਜੀਤ ਕੌਰ ਵਿਰਕ, ਸੁਖਵੀਰ ਅਤੇ ਪਰਗਟ ਸਤੌਜ ਹਨ। ਇਨ੍ਹਾਂ ਸਾਰਿਆਂ ਗਲਪਕਾਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਨੇ ਨਵਿਆਂ ਵਿਸ਼ਿਆਂ ਨੂੰ ਛੋਹਿਆ ਹੈ।
ਔਰਤ ਜਾਤੀ ਦੇ ਸੰਕਟ, ਸੰਤਾਪ, ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਵਿਗਠਨਕਾਰੀ ਸਰੋਕਾਰਾਂ, ਕਿੰਨਰਾਂ ਦੀਆਂ ਗੰਭੀਰ ਸਮੱਸਿਆਵਾਂ ਅਤੇ ਹੋਰ ਮਾਨਵੀ ਕਦਰਾਂ-ਕੀਮਤਾਂ ਦੇ ਤਹਿਸ-ਨਹਿਸ ਹੋਣ ਦੀਆਂ ਸਮੱਸਿਆਵਾਂ ਨੂੰ ਇਨ੍ਹਾਂ ਲੇਖਕਾਂ ਨੇ ਗੰਭੀਰਤਾ ਨਾਲ ਆਪਣੀਆਂ ਰਚਨਾਵਾਂ ਦੇ ਮਾਧਿਅਮ ਰਾਹੀਂ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ। ਅਜਿਹੀ ਜਾਣਕਾਰੀ ਪੁਸਤਕ ਰਚੇਤਾ ਵੀਰ ਕੌਰ ਦੁਆਰਾ ਕੀਤੇ ਗਏ ਪ੍ਰਸ਼ਨਾਂ ਤੋਂ ਅਤੇ ਲੇਖਕਾਂ ਦੇ ਦਿੱਤੇ ਉੱਤਰਾਂ ਤੋਂ ਸਾਡੇ ਸਾਹਮਣੇ ਆਉਂਦੀ ਹੈ। ਵੱਖ-ਵੱਖ ਖਿੱਤਿਆਂ ਦੇ ਲੇਖਕਾਂ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਫਿਰ ਮੂਲ ਲੇਖਕ ਦੀਆਂ ਕਲਾ ਸਿਰਜਕ ਪ੍ਰਵਿਰਤੀਆਂ ਨੂੰ ਪ੍ਰਸ਼ਨਾਂ ਰਾਹੀਂ ਉਭਾਰਨਾ ਅਤੇ ਵੱਖ-ਵੱਖ ਲੇਖਕਾਂ ਨੂੰ ਵੱਖਰੇ-ਵੱਖਰੇ ਪ੍ਰਸ਼ਨ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰਚਨਾ ਮਾਡਲਾਂ ਆਦਿ ਦੇ ਵਿਭਿੰਨ ਪੱਖਾਂ ਨੂੰ ਸਮਝਣਾ ਕੋਈ ਸੌਖਾ ਕਾਰਜ ਨਹੀਂ ਹੁੰਦਾ। ਵੀਰ ਕੌਰ ਨੇ ਮਿਹਨਤ, ਲਗਨ ਅਤੇ ਨਿਰਛਲ ਹੋ ਕੇ ਇਹ ਕਾਰਜ ਕਰ ਵਿਖਾਇਆ ਹੈ। ਇਸ ਕਾਰਜ ਤੋਂ ਸਾਧਾਰਨ ਪਾਠਕ ਅਤੇ ਯੂਨੀਵਰਸਿਟੀਆਂ ਵਿਚ ਨਵੇਂ ਨਿਵੇਕਲੇ ਸਾਹਿਤਕਾਰਾਂ ਬਾਰੇ ਖੋਜ ਕਾਰਜ ਕਰਨ ਵਾਲੇ ਸੁਖੈਨਤਾ ਪ੍ਰਾਪਤ ਕਰ ਸਕਣਗੇ, ਇਹ ਸਾਡਾ ਵਿਸ਼ਵਾਸ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

ਕਿੰਨਾ ਸੋਹਣਾ ਅੰਬਰ ਲਗਦੈ
ਲੇਖਕ : ਸੁਦਰਸ਼ਨ ਗਾਸੋ (ਡਾ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਪੰਨੇ : 60
ਸੰਪਰਕ : 098962-01036.

ਬਹੁਪੱਖੀ ਕਲਮਕਾਰ ਡਾ. ਸੁਦਰਸ਼ਨ ਗਾਸੋ ਪ੍ਰੋੜ੍ਹ ਸਾਹਿਤ ਦੇ ਨਾਲ-ਨਾਲ ਪੰਜਾਬੀ ਬਾਲ ਸਾਹਿਤ ਰਚਨਾ ਵਿਚ ਵੀ ਬਰਾਬਰ ਹਿੱਸਾ ਪਾ ਰਿਹਾ ਹੈ। 'ਕਿੰਨਾ ਸੋਹਣਾ ਅੰਬਰ ਲਗਦੈ' ਉਸ ਦਾ ਦੂਜਾ ਬਾਲ-ਕਾਵਿ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ ਬਾਲ ਕਾਵਿ ਸੰਗ੍ਰਹਿ 'ਜੀ ਕਰਦੈ ਬੱਦਲ ਬਣ ਜਾਵਾਂ' ਬਾਲ ਪਾਠਕਾਂ ਦੇ ਹੱਥਾਂ ਵਿਚ ਅੱਪੜ ਚੁੱਕਾ ਹੈ। ਇਸ ਬਾਲ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਵਿਚੋਂ ਬਾਲਕ ਇਕ ਅਜਿਹੇ ਨਿੱਗਰ ਸਮਾਜ ਦੇ ਸੰਕਲਪ ਦਾ ਸੁਪਨਾ ਸਿਰਜ ਰਿਹਾ ਹੈ, ਜਿੱਥੇ ਇਨਸਾਨੀਅਤ ਮੁਹੱਬਤ ਨਾਲ ਲਬਰੇਜ਼ ਹੋਵੇ, ਬਾਗ-ਬਗ਼ੀਚਿਆਂ ਦੀ ਰੌਣਕ ਹੋਵੇ, ਕਲਕਲ ਕਰਦੀਆਂ ਨਦੀਆਂ ਵਿਚੋਂ ਸੰਗੀਤਕ ਤਰੰਗਾਂ ਛਿੜਦੀਆਂ ਹੋਣ, ਮਾਂ-ਬੋਲੀ ਦਾ ਸਤਿਕਾਰ ਹੋਵੇ, ਹਵਾ, ਧਰਤੀ, ਪੌਣ ਪਾਣੀ, ਆਕਾਸ਼ ਸ਼ੁੱਧ ਹੋਣ ਅਤੇ ਪੰਛੀਆਂ ਦੇ ਗੀਤ ਫ਼ਿਜ਼ਾ ਵਿਚ ਗੂੰਜਦੇ ਹੋਣ। ਬਾਲਕ ਅਜਿਹਾ ਸੁਪਨਾ ਇਸ ਕਰਕੇ ਲੈ ਰਿਹਾ ਹੈ ਕਿਉਂਕਿ ਵਰਤਮਾਨ ਦੌਰ ਵਿਚ ਵਿਸ਼ਾਲ ਨਦੀਆਂ ਦਰਿਆ ਸਿਮਟਦੇ ਅਤੇ ਮਲੀਨ ਹੁੰਦੇ ਜਾ ਰਹੇ ਹਨ, ਨਵੀਂ ਪੀੜ੍ਹੀ ਡਾਲਰ ਪੌਂਡਾਂ ਦੀ ਚਕਾਚੌਂਧ ਵਿਚ ਵਿਦੇਸ਼ਾਂ ਨੂੰ ਦੌੜ ਰਹੀ ਹੈ, ਦਿਲਾਂ ਵਿਚ ਗੰਢਾਂ ਪੈ ਰਹੀਆਂ ਹਨ, ਅਭਿਮਾਨ ਅਤੇ ਧੜੇਬੰਦੀਆਂ ਦਾ ਬੋਲਬਾਲਾ ਪ੍ਰੇਸ਼ਾਨੀਆਂ ਵਧਾ ਰਿਹਾ ਹੈ ਅਤੇ ਪ੍ਰਕਿਰਤੀ ਮਨੁੱਖ ਨਾਲੋਂ ਰੁੱਸਦੀ ਜਾ ਰਹੀ ਹੈ। ਬਾਲਕ ਆਪਣੇ ਸਾਥੀਆਂ ਨਾਲ ਮਿਲ ਕੇ ਅਜਿਹੇ ਕਾਰਜ ਕਰਨ ਦਾ ਇੱਛੁਕ ਹੈ ਜਿਸ ਨਾਲ ਮਨੁੱਖੀ ਸਮਾਜ ਹੋਰ ਖ਼ੁਸ਼ਹਾਲ ਹੋ ਸਕੇ। ਅਜਿਹੀਆਂ ਪ੍ਰੇਰਨਾਤਮਿਕ ਕਵਿਤਾਵਾਂ ਵਿਚ 'ਆਓ ਬੱਚਿਓ ਬਾਗ਼ ਲਗਾਈਏ', 'ਆਓ ਬੱਚਿਓ ਸੈਰ ਨੂੰ ਜਾਈਏ', 'ਆਓ ਬੱਚਿਓ ਖੇਡਣ ਜਾਈਏ', 'ਆਓ ਬੱਚਿਓ ਦਰੱਖਤ ਲਗਾਈਏ', 'ਆਓ ਬੱਚਿਓ ਚੰਨ ਬਣ ਜਾਈਏ', 'ਆਓ ਬੱਚਿਓ ਸਿਹਤ ਬਣਾਈਏ', 'ਆਓ ਬੱਚਿਓ ਪਿਆਰ ਵਧਾਈਏ', 'ਆਓ ਬੱਚਿਓ ਨਵੇਂ ਰਾਹ ਬਣਾਈਏ' ਆਦਿ ਤੋਂ ਇਲਾਵਾ 'ਪੰਜਾਬ', 'ਜੀਅ ਕਰਦੈ ਖੰਡ ਬਣ ਜਾਵਾਂ', 'ਮਾਂ ਬੋਲੀ', 'ਰੰਗਾਂ ਦੀ ਦੁਨੀਆ', 'ਹਵਾ', 'ਝੀਲਾਂ', 'ਅਧਿਆਪਕ', 'ਲਾਓ ਦਰੱਖਤ', 'ਧੁੱਪਾਂ', 'ਕਿਸ਼ਤੀ', 'ਕਿਸਾਨ', 'ਸੁਪਨੇ' ਅਤੇ 'ਹਿੰਮਤ ਕਰ ਇਨਸਾਨ ਕਿਸਮਤ ਜਾਗੇਗੀ' ਆਦਿ ਸ਼ਾਮਿਲ ਹਨ। ਇਹ ਪੁਸਤਕ ਬੁਨਿਆਦੀ ਜੀਵਨ ਗੁਣਾਂ ਨੂੰ ਉਭਾਰਦੀ ਹੈ ਅਤੇ ਬਾਲ ਪਾਠਕਾਂ ਨੂੰ ਚੌਗਿਰਦੇ ਦੀ ਸਾਂਭ ਸੰਭਾਲ ਦੇ ਸਾਰਥਕ ਸੁਨੇਹੇ ਦਿੰਦੀ ਹੈ। ਰੰਗਦਾਰ ਪੰਨਿਆਂ ਅਤੇ ਚਿੱਤਰਾਂ ਨਾਲ ਸ਼ਿੰਗਾਰੀ ਇਹ ਪੁਸਤਕ ਬਾਲਾਂ ਲਈ ਬਹੁਤ ਉਪਯੋਗੀ ਹੈ ਅਤੇ ਮਾਣਨਯੋਗ ਵੀ।

ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703

20-02-2022

18ਵੀਂ ਸਦੀ ਦਾ ਪੰਜਾਬ
ਲੇਖਿਕਾ : ਡਾ. ਰਿਪਨਦੀਪ ਕੌਰ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 280 ਰੁਪਏ, ਸਫ਼ੇ : 152
ਸੰਪਰਕ : 94638-36591


ਡਾ. ਰਿਪਨਦੀਪ ਕੌਰ ਭੁੱਲਰ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਇਕ ਪੋਸਟ ਗਰੈਜੂਏਟ ਕਾਲਜ ਵਿਚ ਇਤਿਹਾਸ ਦੇ ਵਿਸ਼ੇ ਦਾ ਅਧਿਆਪਨ-ਕਾਰਜ ਕਰ ਰਹੀ ਹੈ। ਐਮ.ਏ. ਵਿਚ 'ਅਠਾਰ੍ਹਵੀਂ ਸਦੀ ਦੇ ਪੰਜਾਬ' ਨਾਲ ਸੰਬੰਧਿਤ ਇਕ ਪੇਪਰ ਸਿਲੇਬਸ ਦਾ ਅੰਗ ਰਿਹਾ ਹੈ। ਡਾ. ਭੁੱਲਰ ਨੇ ਇਹ ਵਿਸ਼ਾ ਕਈ ਵਰ੍ਹੇ ਪੜ੍ਹਾਇਆ ਪਰ ਉਸ ਨੂੰ ਇਹ ਗਿਲਾ ਜ਼ਰੂਰ ਰਿਹਾ ਕਿ ਇਸ ਪੀਰੀਅਡ (ਅਠਾਰ੍ਹਵੀਂ ਸਦੀ ਦਾ ਪੰਜਾਬ) ਬਾਰੇ ਕੋਈ ਪ੍ਰਮਾਣਿਕ ਪੁਸਤਕ ਉਪਲਬਧ ਨਹੀਂ ਸੀ। ਉਸ ਨੇ ਡਾ. ਗੰਡਾ ਸਿੰਘ, ਸ. ਖੁਸ਼ਵੰਤ ਸਿੰਘ, ਡਾ. ਹਰੀ ਰਾਮ ਗੁਪਤਾ, ਡਾ. ਜੇ.ਐਸ. ਗਰੇਵਾਲ, ਡਾ. ਇੰਦੂ ਬਾਂਗਾ ਅਤੇ ਕੁਝ ਹੋਰ ਅੰਗਰੇਜ਼ ਇਤਿਹਾਸਕਾਰਾਂ ਦੀਆਂ ਪੁਸਤਕਾਂ ਵਿਚੋਂ ਸ੍ਰੋਤ-ਸਮੱਗਰੀ ਦੀ ਤਲਾਸ਼ ਕਰਕੇ ਹਥਲੀ ਪਾਠ-ਪੁਸਤਕ ਤਿਆਰ ਕੀਤੀ ਹੈ, ਜੋ ਉਸ ਦੀ ਮਿਹਨਤ ਅਤੇ ਲਗਨ ਦਾ ਮੂੰਹ ਬੋਲਦਾ ਸਬੂਤ ਹੈ।
ਅਠਾਰ੍ਹਵੀਂ ਸਦੀ ਦੇ ਪਹਿਲੇ ਅੱਧ ਵਿਚ ਜਿਥੇ ਮੁਗ਼ਲ ਸੂਬੇਦਾਰਾਂ ਅਤੇ ਅਬਦਾਲੀ ਵਰਗੇ ਧਾੜਵੀਆਂ ਨੇ ਸਿੱਖਾਂ ਉੱਪਰ ਬਹੁਤ ਜ਼ੁਲਮ ਕੀਤੇ ਅਤੇ ਉਨ੍ਹਾਂ ਨੂੰ ਮਲੀਆਮੇਟ ਕਰਨ ਦੇ ਮਨਸੂਬੇ ਵੀ ਬਣਾਏ ਪਰ ਸਿੱਖਾਂ ਨੂੰ ਆਪਣੇ ਸਿਦਕ, ਉਤਸ਼ਾਹ ਅਤੇ ਚੜ੍ਹਦੀ ਕਲਾ ਉੱਪਰ ਬਹੁਤ ਆਤਮ-ਵਿਸ਼ਵਾਸ ਸੀ, ਜਿਸ ਕਾਰਨ ਅਠਾਰ੍ਹਵੀਂ ਸਦੀ ਦੇ ਦੂਜੇ ਅੱਧ ਤੱਕ ਪੰਜਾਬ ਦੇ ਇਕ ਵੱਡੇ ਭਾਗ ਉੱਪਰ ਸਿੰਘਾਂ ਸਰਦਾਰਾਂ ਦੀ ਹਕੂਮਤ ਕਾਇਮ ਹੋ ਗਈ ਸੀ। ਇਸ ਪੁਸਤਕ ਵਿਚ ਲੇਖਿਕਾ ਨੇ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਪੰਜਾਬ ਵਿਚ ਸਰਗਰਮ ਨਵੀਆਂ ਸ਼ਕਤੀਆਂ, ਰਾਜਨੀਤਕ ਸੰਸਥਾਵਾਂ, ਅਧਿਰਾਜ ਦਾ ਸੰਕਲਪ, ਖੇਤੀਬਾੜੀ ਪ੍ਰਬੰਧ, ਜਾਗੀਰਦਾਰੀ ਵਿਵਸਥਾ, ਸ਼ਹਿਰੀ ਕੇਂਦਰਾਂ ਅਤੇ ਵਣਜ-ਵਪਾਰ ਆਦਿ ਬਾਰੇ ਬੜੇ ਅਧਿਕਾਰ ਨਾਲ ਲਿਖਿਆ ਹੈ।
ਇਤਿਹਾਸਕਾਰੀ ਦੀ ਆਧੁਨਿਕ ਪਰੰਪਰਾ ਅਤੇ ਵਿਧੀਆਂ ਨੂੰ ਉਸ ਨੇ ਬੜੀ ਨਿਪੁੰਨਤਾ ਨਾਲ ਵਰਤਿਆ ਹੈ। ਅੰਤ ਵਿਚ ਦਿੱਤੀ ਗਈ 'ਪੁਸਤਕਾਵਲੀ' ਅਤੇ 'ਪਰਿਭਾਸ਼ਕ ਪਦਾਵਲੀ' ਇਸ ਪੁਸਤਕ ਦੇ ਮੁੱਲ ਅਤੇ ਮਹੱਤਵ ਬਾਰੇ ਮੁੱਲਪਰਕ ਵਾਧਾ ਕਰਨ ਵਾਲੇ ਪਾਠ ਹਨ। ਇਹ ਇਕ ਸ੍ਰੋਤ-ਪੁਸਤਕ ਦੀ ਭੂਮਿਕਾ ਨਿਭਾਉਣ ਵਾਲੀ ਪੋਥੀ ਹੈ।


ਬ੍ਰਹਮਜਗਦੀਸ਼ ਸਿੰਘ
ਮੋ: 98760-52136


ਪੰਜਾਬੀਆਂ ਦੇ ਅਣਖੀਲੇ ਸੁਭਾਅ ਦੀ ਪੇਸ਼ਕਾਰੀ ਹੈ ਪੁਸਤਕ


1. ਪੁਸਤਕ ਲਿਖਣ ਦਾ ਮੰਤਵ : ਅਠਾਰ੍ਹਵੀਂ ਸਦੀ ਮੁਗ਼ਲ ਰਾਜ ਦੀ ਅਧੋਗਤੀ ਦਾ ਸਮਾਂ ਸੀ, ਇਸ ਸਮੇਂ ਸਿੱਖ ਮਿਸਲਾਂ ਹੋਂਦ ਵਿਚ ਆ ਰਹੀਆਂ ਸਨ। ਸਾਰੇ ਪਾਸੇ ਜੁਗਗਰਦੀ ਫੈਲੀ ਹੋਈ ਸੀ। ਇਸ ਸਮੇਂ ਪੰਜਾਬ ਅਰਾਜਕਤਾ ਦਾ ਅਖਾੜਾ ਬਣ ਚੁੱਕਿਆ ਸੀ। ਇਸ ਸਮੇਂ ਦੀਆਂ ਘਟਨਾਵਾਂ ਨੇ ਪੰਜਾਬ ਦਾ ਭਵਿੱਖ ਸਿਰਜਿਆ। ਪੰਜਾਬ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੇ ਰਾਜਨੀਤਕ ਤੌਰ 'ਤੇ ਮਜ਼ਬੂਤ ਕੀਤਾ। ਇਸ ਪੁਸਤਕ ਦਾ ਪ੍ਰਮੁੱਖ ਉਦੇਸ਼ ਪੰਜਾਬ ਦੇ ਸੰਘਰਸ਼ਮਈ ਇਤਿਹਾਸ ਨੂੰ ਸੰਭਾਲ ਕੇ ਰੱਖਣਾ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸੇਧ ਲੈ ਸਕਣ। ਕਿਸੇ ਵੀ ਕੌਮ ਜਾਂ ਸਮਾਜ ਲਈ ਇਤਿਹਾਸ ਪ੍ਰੇਰਨਾ-ਸ੍ਰੋਤ ਹੁੰਦਾ ਹੈ। ਇਤਿਹਾਸ ਦੁਖਾਂਤਕ ਹੋਏ ਜਾਂ ਸੁਖਾਂਤਕ ਉਹ ਭਵਿੱਖ ਲਈ ਪ੍ਰੇਰਨਾ-ਸ੍ਰੋਤ ਬਣਦਾ ਹੈ। ਇਸ ਪੁਸਤਕ ਦਾ ਮੰਤਵ ਪੰਜਾਬੀਆਂ ਦੇ ਅਣਖੀਲੇ ਸੁਭਾਅ ਨੂੰ ਪੇਸ਼ ਕਰਨਾ ਹੈ ਕਿ ਕਿਵੇਂ ਸਾਡੇ ਪੂਰਵਜ ਸੰਕਟਕਾਲੀਨ ਸਥਿਤੀਆਂ ਵਿਚ ਹੌਸਲਾ ਰੱਖ ਕੇ ਜ਼ਿੰਦਗੀ ਜਿਊਣ ਲਈ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲੜਦੇ ਰਹੇ।
2. ਅੱਜ ਦੇ ਸਮੇਂ ਵਿਚ ਪੁਸਤਕ ਦੀ ਮਹੱਤਤਾ : ਇਸ ਪੁਸਤਕ ਦੀ ਆਧਾਰ ਭੂਮੀ ਮੱਧਕਾਲੀਨ ਪੰਜਾਬ ਦਾ ਸੰਘਰਸ਼ਮਈ ਜੀਵਨ ਹੈ। ਜੇਕਰ ਅਸੀਂ ਅੱਜ ਦੇ ਸਮੇਂ 'ਚ ਇਸ ਪੁਸਤਕ ਦੀ ਸਾਰਥਿਕਤਾ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਇਸ ਪੁਸਤਕ ਦੇ ਦੋ ਪੱਖ ਸਾਹਮਣੇ ਆਉਂਦੇ ਹਨ, ਨੰਬਰ ਇਕ ਸਾਡਾ ਅਠਾਰ੍ਹਵੀਂ ਸਦੀ ਦਾ ਇਤਿਹਾਸ ਬਹੁਤ ਗੌਰਵਸ਼ਾਲੀ ਤੇ ਸ਼ਾਨਾਮੱਤਾ ਹੈ। ਇਸ ਨੂੰ ਸਾਂਭ ਕੇ ਰੱਖਣਾ ਬਹੁਤ ਹੀ ਜ਼ਰੂਰੀ ਸੀ। ਇਸ ਸਮੇਂ ਕੇਵਲ ਰਾਜਨੀਤਕ ਪੱਖ ਨੂੰ ਸਾਹਮਣੇ ਲਿਆਉਣ ਦੇ ਨਾਲ-ਨਾਲ ਪੰਜਾਬ ਦੇ ਆਰਥਿਕ, ਸੱਭਿਆਚਾਰਕ, ਧਾਰਮਿਕ ਤੇ ਸਮਾਜਿਕ ਪੱਖਾਂ ਨੂੰ ਵੀ ਘੋਖਣ ਤੇ ਪਰਖਣ ਦੀ ਜ਼ਰੂਰਤ ਸੀ ਤਾਂ ਕਿ ਉਸ ਸਮੇਂ ਦੇ ਪੰਜਾਬ ਦੀ ਬੁਨਿਆਦ ਤੋਂ ਸਾਨੂੰ ਅਜੋਕੇ ਪੰਜਾਬ ਦੀ ਆਧਾਰ ਭੂਮੀ ਦੀ ਜਾਣਕਾਰੀ ਹੋ ਸਕੇ।
ਦੂਸਰਾ ਇਸ ਪੁਸਤਕ ਦੀ ਇਹ ਮਹੱਤਤਾ ਹੈ ਕਿ ਇਹ ਸਾਡੀਆਂ ਵਰਤਮਾਨ ਪੰਜਾਬ ਦੀਆਂ ਸਮੱਸਿਆਵਾਂ ਪ੍ਰਤੀ ਸਾਨੂੰ ਸੁਚੇਤ ਵੀ ਕਰਦੀ ਹੈ ਤੇ ਉਨ੍ਹਾਂ ਨੂੰ ਸੁਲਝਾਉਣ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਜੇਕਰ ਅਸੀਂ ਪੰਜਾਬ ਦੀਆਂ ਸਮਕਾਲੀ ਆਰਥਿਕ, ਰਾਜਨੀਤਕ, ਸੱਭਿਆਚਾਰਕ ਆਦਿ ਸਮੱਸਿਆਵਾਂ ਦਾ ਯੋਗ ਤੇ ਸਾਰਥਕ ਹੱਲ ਚਾਹੁੰਦੇ ਹਾਂ ਤਾਂ ਸਾਨੂੰ ਸਾਡੇ ਅਤੀਤ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਜੋ ਇਸ ਪੁਸਤਕ ਵਿਚ ਵਰਨਣ ਕੀਤਾ ਗਿਆ ਹੈ।
3. ਸਿੱਖ ਸਮਾਜ ਵਿਚ ਕੁਰਬਾਨੀਆਂ ਦੀ ਭਾਵਨਾ ਕਿਉਂ ਪੈਦਾ ਹੋਈ : ਪੰਜਾਬ ਪ੍ਰਾਂਤ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਹੈ। ਇਸ ਦੀ ਭੂਮੀ ਉਪਜਾਊ ਹੈ ਅਤੇ ਇਹ ਦਰਿਆਵਾਂ ਦੀ ਧਰਤੀ ਹੈ। ਵਿਦੇਸ਼ਾਂ ਤੋਂ ਜੋ ਵੀ ਹਮਲਾਵਰ ਭਾਰਤ ਵਿਚ ਆਏ, ਉਨ੍ਹਾਂ ਨੇ ਪੰਜਾਬ ਦਾ ਰਸਤਾ ਚੁਣਿਆ। ਪੰਜਾਬੀਆਂ ਨੂੰ ਆਦਿਕਾਲ ਤੋਂ ਹੀ ਧਾੜਵੀਆਂ ਨਾਲ ਲੋਹਾ ਲੈਣਾ ਪਿਆ। ਲੰਮਾ ਸਮਾਂ ਜੰਗਾਂ-ਯੁੱਧਾਂ ਵਿਚ ਆਪਣਾ ਖੂਨ ਡੋਲ੍ਹਦਿਆਂ ਪੰਜਾਬੀਆਂ ਦੇ ਅਵਚੇਤਨ ਵਿਚ ਸੰਘਰਸ਼ ਕਰਨ ਦਾ ਰੁਝਾਨ ਪੈਦਾ ਹੋ ਗਿਆ। ਪੰਜਾਬੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਸੰਘਰਸ਼ਾਂ ਦਾ ਟਾਕਰਾ ਕਰਨ ਲਈ ਸਮਰੱਥ ਹੋ ਗਏ, ਜਿਸ ਕਾਰਨ ਕੁਰਬਾਨੀ, ਸੰਘਰਸ਼ ਤੇ ਜੱਦੋ-ਜਹਿਦ ਉਨ੍ਹਾਂ ਦੇ ਖੂਨ ਵਿਚ ਰਚ-ਮਿਚ ਗਈ। ਪੰਜਾਬੀ ਮੌਤ ਨੂੰ ਮਖੌਲਾਂ ਕਰਨ ਵਾਲੀ ਕੌਮ ਹੈ। ਆਦਿਕਾਲ ਤੋਂ ਵਰਤਮਾਨ ਤੱਕ ਅਤੇ ਖ਼ਾਸ ਤੌਰ 'ਤੇ ਗੁਰੂ ਸਾਹਿਬ ਦਾ ਸਮਾਂ ਤੇ ਉਨ੍ਹਾਂ ਦੁਆਰਾ ਕੀਤੀਆਂ ਕੁਰਬਾਨੀਆਂ ਵਰਗੀਆਂ ਮਿਸਾਲਾਂ ਸੰਸਾਰ ਦੇ ਇਤਿਹਾਸ ਵਿਚ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਪੀਰੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਥਾਪ ਕੇ ਖ਼ਾਲਸੇ ਨੂੰ ਸੰਤ ਅਤੇ ਸਿਪਾਹੀ ਹੋਣ ਦਾ ਦਰਜਾ ਦਿੱਤਾ ਹੈ। ਸ਼ਾਂਤੀ ਦੇ ਸਮੇਂ ਖ਼ਾਲਸਾ ਸੰਤ ਬਣ ਕੇ ਸਮਾਜ ਦੀ ਸੇਵਾ ਕਰਦਾ ਹੈ ਤੇ ਸੰਕਟਕਾਲੀਨ ਸਥਿਤੀਆਂ ਵਿਚ ਸਿਪਾਹੀ ਬਣ ਕੇ ਜ਼ੁਲਮ ਵਿਰੁੱਧ ਲੜਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਲੰਮੇ ਸੰਘਰਸ਼ ਅਤੇ ਗੁਰਮਤਿ ਵਿਚਾਰਧਾਰਾ ਨੇ ਪੰਜਾਬੀਆਂ ਨੂੰ ਸੰਘਰਸ਼ ਅਤੇ ਕੁਰਬਾਨੀ ਦਾ ਪਾਠ ਪੜ੍ਹਾਇਆ। ਜੇਕਰ ਇਸ ਨੂੰ ਵਰਤਮਾਨ ਪ੍ਰਸੰਗ ਦੇ ਰੂਪ ਵਿਚ ਦੇਖੀਏ ਤਾਂ ਕਿਸਾਨੀ ਸੰਘਰਸ਼ ਵਿਚ ਪੰਜਾਬੀਆਂ ਦੀ ਅਗਵਾਈ ਤੇ ਜਿੱਤ ਦੀਆਂ ਜੜ੍ਹਾਂ ਮੱਧਕਾਲੀ ਪੰਜਾਬ ਦੇ ਸੰਘਰਸ਼ਮਈ ਜੀਵਨ ਦੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਤੇ ਕੁਰਬਾਨੀਆਂ ਵਿਚ ਪਈਆਂ ਹਨ।
4. 18ਵੀਂ ਸਦੀ ਦੇ ਪੰਜਾਬ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਪ੍ਰਬੰਧ ਦੀ 21ਵੀਂ ਸਦੀ ਦੇ ਪੰਜਾਬ ਨਾਲ ਤੁਲਨਾ : ਜੇਕਰ ਅਸੀਂ 18ਵੀਂ ਸਦੀ ਦੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪ੍ਰਬੰਧ ਦੀ ਤੁਲਨਾ ਵਰਤਮਾਨ ਹਾਲਾਤ ਨਾਲ ਕਰੀਏ ਤਾਂ ਤਕਨਾਲੋਜੀ ਦੇ ਤੌਰ 'ਤੇ ਬਹੁਤ ਤਬਦੀਲੀ ਆ ਚੁੱਕੀ ਹੈ ਪ੍ਰੰਤੂ ਰਾਜਨੀਤਕ ਤੌਰ 'ਤੇ ਉਸ ਸਮੇਂ ਵੀ ਪੰਜਾਬੀ ਇਕ ਚੰਗਾ ਰਾਜ ਸਥਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ ਅੱਜ ਵੀ ਕਰ ਰਹੇ ਹਨ। ਸੱਤਾ ਉੱਪਰ ਜਾਗੀਰਦਾਰੀ ਘਰਾਣੇ ਅੱਜ ਵੀ ਵਾਰ-ਵਾਰ ਕਾਬਜ਼ ਹੋ ਰਹੇ ਹਨ, ਨਿਮਨ ਵਰਗ ਸੰਘਰਸ਼ ਕਰ ਰਿਹਾ ਹੈ। ਉਸ ਸਮੇਂ ਕਿੱਤੇ ਜਾਤੀਗਤ ਆਧਾਰਿਤ ਹੋਣ ਕਰਕੇ ਬੇਰੁਜ਼ਗਾਰੀ ਘੱਟ ਸੀ ਪ੍ਰੰਤੂ ਅਜੋਕੇ ਪੂੰਜੀਵਾਦੀ ਦੌਰ ਵਿਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਰਕੇ ਬੇਰੁਜ਼ਗਾਰੀ, ਨਸ਼ਾ ਅਤੇ ਭ੍ਰਿਸ਼ਟਾਚਾਰ ਆਦਿ ਸਮੱਸਿਆਵਾਂ ਨੇ ਪੰਜਾਬੀਆਂ ਨੂੰ ਵਿਦੇਸ਼ਾਂ ਵੱਲ ਪਲਾਇਨ ਕਰਨ ਲਈ ਪ੍ਰੇਰਿਤ ਕੀਤਾ ਹੈ।
18ਵੀਂ ਸਦੀ ਸਮੇਂ ਵੀ ਪੰਜਾਬੀ ਜ਼ਾਲਮ ਤਤਕਾਲੀ ਸਰਕਾਰਾਂ ਨਾਲ ਸੰਘਰਸ਼ ਕਰਦੇ ਨਜ਼ਰ ਆਏ ਤੇ ਮੌਜੂਦਾ ਸਮੇਂ ਵੀ ਪੰਜਾਬੀ ਕਿਸੇ ਨਾ ਕਿਸੇ ਰੂਪ ਵਿਚ ਸਰਕਾਰਾਂ ਦੇ ਗ਼ਲਤ ਰਵੱਈਏ ਤੇ ਗ਼ਲਤ ਨੀਤੀਆਂ ਕਾਰਨ ਬੜੀ ਹੀ ਨਿਡਰਤਾ ਨਾਲ ਸੰਘਰਸ਼ ਕਰ ਰਹੇ ਹਨ।
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਉਸ ਸਮੇਂ ਵੀ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ਸ਼ੀਲ ਸਨ ਅਤੇ ਅੱਜ ਵੀ ਹਨ, ਸੰਘਰਸ਼ ਇਨ੍ਹਾਂ ਦੇ ਖੂਨ ਵਿਚ ਹੈ।


-ਮੋਬਾਈਲ : 98152-92455


ਕਿੱਸਾ ਰੌਕੀ ਰੇਸ਼ਮਾ
ਕ੍ਰਿਤ : ਪਾਲੀ ਭੁਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 428
ਸੰਪਰਕ : palibhupinder@gmail.com


ਨਿਰਸੰਦੇਹ ਪਾਲੀ ਭੁਪਿੰਦਰ ਸਿੰਘ ਪੰਜਾਬੀ ਸਾਹਿਤ ਵਿਚ ਨਾਟਕਕਾਰ ਅਤੇ ਨਾਟਕ-ਚਿੰਤਨ ਵਜੋਂ ਇਕ ਵਿਲੱਖਣ ਹਸਤਾਖਰ ਹੈ। ਇਸੇ ਕਲਮ ਤੋਂ ਵਿਚਾਰ ਅਧੀਨ ਨਾਵਲ 'ਕਿੱਸਾ ਰੌਕੀ ਰੇਸ਼ਮਾ' ਨਾਟਕੀ ਜੁਗਤ ਨਾਲ ਸਿਰਜਿਆ ਗਿਆ ਹੈ। ਇਸ ਵਿਚ ਮੁੱਖ ਕਥਾ ਅਤੇ ਗੌਣ ਕਥਾ ਨਾਲੋ-ਨਾਲ ਚਲਦੀਆਂ ਹਨ। ਇਸ ਨਾਵਲ ਦਾ ਕਲਪਿਤ ਮੁੱਦਾ ਇਹ ਹੈ ਕਿ ਉਹ ਇਨਸਾਨ ਜੋ 30,000 ਸਾਲ ਪਹਿਲਾਂ ਕੁੱਤਿਆਂ ਵਾਂਗ ਜੰਗਲਾਂ ਵਿਚ ਬੇਘਰਿਆਂ ਵਾਂਗ ਫਿਰਦਾ ਹੁੰਦਾ ਸੀ, ਸਾਰੀਆਂ ਭੌਤਿਕ ਪ੍ਰਾਪਤੀਆਂ ਕਰਨ ਉਪਰੰਤ ਬੇਘਰੇ (ਅਵਾਰਾ) ਕੁੱਤਿਆਂ ਦਾ ਵੈਰੀ ਬਣ ਬੈਠਾ ਹੈ। ਇਸੇ ਵਿਸ਼ੇ ਦੀ ਪ੍ਰਸਤੁਤੀ ਲਈ ਲੇਖਕ ਰੌਕੀ ਲੈਬਰਾ, ਨਹੀਂ ਸੱਚ ਅਵਾਰਾ ਕੁੱਤੇ ਨੂੰ ਨਾਇਕ ਅਤੇ ਰੇਸ਼ਮਾ ਨੂੰ ਉਸ ਦੀ ਪ੍ਰੇਮਿਕਾ ਵਜੋਂ ਪੇਸ਼ ਕਰਦਾ ਹੈ। ਉਨ੍ਹਾਂ ਦਰਮਿਆਨ 'ਪਹਿਲੀ ਨਜ਼ਰੇ ਪਿਆਰ' ਵਿਖਾਉਂਦਾ ਹੈ ਪਰ ਸ਼ੇਰੂ (ਕੁੱਤੇ) ਦੇ ਪ੍ਰਵੇਸ਼ ਨਾਲ ਇਹ ਪ੍ਰੀਤ ਤਿਕੋਨੀ (ਟਰੈਂਗੂਲਰ) ਹੋ ਨਿੱਬੜੀ ਹੈ ਤਾਂ ਵੀ ਨਾਵਲ ਦੇ ਅਖੀਰ ਤੱਕ ਰੇਸ਼ਮਾ ਦਾ ਵੱਧ ਸਨੇਹ ਰੌਕੀ ਨਾਲ ਹੀ ਹੈ। ਕਮਾਂਡਰ ਸ਼ੇਰੂ ਤੇ ਰੌਕੀ ਜੰਗੇ-ਹੱਕ' ਸੜਕੇ ਮਾਰੇ ਗਏ, ਰੇਸ਼ਮਾ ਦਾ ਕੀ ਬਣਿਆ?, ਕੋਈ ਨਹੀਂ ਜਾਣਦਾ, ਇੰਜ ਲੇਖਕ ਨੇ 'ਓਪਨ ਟੈਕਸਟ' ਦੀ ਟਵਿਸਟ ਦੇ ਦਿੱਤੀ ਹੈ। ਖੱਸੀ ਕਰਨ ਦੀ ਪ੍ਰਕਿਰਿਆ ਅਧੀਨ ਬੇਘਰੇ ਕੁੱਤਿਆਂ ਦਾ ਸੰਗਠਨ 'ਸੋਚਦਾ, ਸਮਝਦਾ ਯੋਜਨਾ ਬਣਾਉਂਦਾ' ਮਨੁੱਖ ਨਾਲ 'ਜੰਗੇ-ਹੱਕ' ਦਾ ਐਲਾਨ ਕਰਕੇ ਜੰਗ ਵਿਚ ਕੁੱਦਦਾ ਹੈ ਭਾਵੇਂ ਅੰਤ ਨੂੰ ਸੰਘਰਸ਼ ਦੇ ਬਾਵਜੂਦ ਸੰਗਠਨ ਦੀ ਹਾਰ ਹੁੰਦੀ ਹੈ। ਇਸ ਨਾਵਲ ਦੀ ਸਿਰਜਣਾ ਇਸ ਸਿਧਾਂਤ 'ਤੇ ਕੀਤੀ ਗਈ ਹੈ 'ਰਾਈਟਰਜ਼ ਹੈਵ ਰਾਈਟ ਟੂ ਰਾਈਟ ਐਨੀਥਿੰਗ'। ਲੇਖਕ ਮੰਨਦਾ ਹੈ 'ਕਿੰਨੀ ਚਲਾਕੀ ਨਾਲ ਮੈਂ ਮਨੁੱਖੀ ਜੀਵਨ ਦੀਆਂ ਘਟਨਾਵਾਂ ਚੁੱਕ-ਚੁੱਕ ਕੇ ਰੌਕੀ ਰੇਸ਼ਮਾ ਉੱਤੇ ਫਿੱਟ ਕਰ ਰਿਹਾ ਹਾਂ।' ਪੰ. 161. ਕਹਾਣੀ ਨੂੰ ਕਿੱਥੋਂ ਘੁੰਮਾ ਕੇ ਕਿੱਥੇ ਲੈ ਜਾਣਾ ਹੈ ਤੇ ਕਿਵੇਂ ਲੈ ਕੇ ਜਾਣਾ ਹੈ, ਇਹ ਵੀ ਕੋਈ ਲੇਖਕ ਤੋਂ ਸਿੱਖੇ। ਇਹ ਕਿੱਸਾ ਖ਼ਾਸ ਤੌਰ 'ਤੇ ਲਿਖਿਆ ਗਿਆ ਹੈ ਨਾ ਤਾਂ ਇਸ ਦਾ ਲੇਖਕ ਆਮ ਹੈ, ਨਾ ਇਸ ਦਾ ਕਥਾਨਕ ਪੰ. 61 ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ 'ਪਾਲੀ' ਦੇ ਪਾਤਰ ਆਈਸਬਰਗ ਵਾਂਗ ਜਿੰਨੇ ਉੱਤੋਂ ਵਿਖਾਈ ਦਿੰਦੇ ਨੇ, ਉਨ੍ਹਾਂ ਤੋਂ ਕਈ ਗੁਣਾ ਉਹ ਪਾਣੀ ਵਿਚ ਡੁੱਬੇ ਹੋਏ ਹਨ। ਇਸ ਨਾਵਲ ਨੂੰ ਸੰਪੰਨ ਕਰਨ ਲਈ ਲੇਖਕ ਨੇ ਅਨੇਕਾਂ ਬੰਦਿਆਂ ਅਤੇ ਕੁੱਤਿਆਂ ਦੇ ਪਾਤਰ ਨਾਵਾਂ ਸਹਿਤ ਸਿਰਜੇ ਹਨ।
ਨਾਵਲ ਦੀਆਂ ਬਿਰਤਾਂਤਕ ਜੁਗਤਾਂ ਵਿਚ 'ਅੱਗੇ ਜਾਣ ਤੋਂ ਪਹਿਲਾਂ ਥੋੜ੍ਹਾ ਪਿੱਛੇ ਚਲਦੇ ਹਾਂ', 'ਮੈਂ ਤੁਹਾਨੂੰ ਇਸ ਬਾਰੇ ਬਾਅਦ ਵਿਚ ਦੱਸਾਂਗਾ' ਦੇ ਵਾਕਾਂ ਨੂੰ ਵਾਰ-ਵਾਰ ਦੁਹਰਾਇਆ ਗਿਆ ਹੈ। ਇਵੇਂ 'ਅਨੁਮਾਨ ਵਿਦਵਾਨ' ਅਤੇ 'ਰਜਾਈ ਵਿਦਵਾਨਾਂ' ਦੇ ਹਵਾਲਿਆਂ ਵਿਚ ਬਾਰੰਬਾਰਤਾ ਹੈ। ਅਨੇਕਾਂ ਟਕਰਾਅ (ਕੌਨਫ਼ਲਿਕਟ) ਵੇਖੇ ਜਾ ਸਕਦੇ ਹਨ ਮਸਲਨ : ਇਨਸਾਨੀਅਤ/ਕੁਤਾਨੀਅਤ, ਕੁੱਤਿਆਂ ਦੀ ਇੰਪੋਰਟਡ (ਵਿਦੇਸ਼ੀ ਨਸਲਾਂ)/ਪਰਿਆਹ ਨਸਲਾਂ (ਬੇਘਰੇ ਦੇਸੀ ਕੁੱਤੇ), ਪਾਲਤੂ/ਅਵਾਰਾ ਕੁੱਤੇ, ਜੀਜਾ/ਸਾਲਾ, ਮੇਲ ਈਗੋ/ਫੀਮੇਲ ਈਗੋ, ਇੱਛਾ/ਸਮਰੱਥਾ, ਥਿਊਰੀ/ਪ੍ਰੈਕਟੀਕਲ ਇਤਿਆਦਿ। ਐਂਟੀ-ਲੌਜਿਕ ਵਿਧੀ ਦਾ ਪ੍ਰਯੋਗ ਮਿਲਦਾ ਹੈ। ਕਾਵਿਕ-ਭਾਸ਼ਾ ਦਾ ਨਮੂਨਾ ਵੇਖੋ : 'ਵਕੀਲ ਦਾ ਕੰਮ ਹੁੰਦਾ ਹੈ, ਦਲੀਲ ਦੀ ਰੀਲ੍ਹ ਬਣਾ ਕੇ, 'ਅਪੀਲ' ਨੂੰ ਏਨਾ ਉਲਝਾ ਦੇਣਾ ਕਿ ਮੁੱਦਾ ਜਲੀਲ ਹੋ ਕੇ 'ਰਿਪੀਲ' ਹੋ ਜਾਵੇ।' ਪੰ. 282 ਲੇਖਕ ਇਕੋ ਸਥਿਤੀ ਵਿਚ ਹਾਂ ਮੁਖੀ/ਨਾਂਹ ਮੁਖੀ ਵਿਚਾਰ ਦੇ ਜਾਂਦਾ ਹੈ ਜਿਵੇਂ ਕਿ 'ਸ਼ੱਕ ਮੁਹੱਬਤ ਦਾ ਪਹਿਲਾ ਹਿੱਸਾ ਹੈ.... ਸ਼ੱਕ ਮੁਹੱਬਤ ਦਾ ਦੂਜਾ ਹਿੱਸਾ ਹੈ।' ਪੰ. 319 ਲੇਖਕ ਨੇ ਸਿਰਜਣਾਤਮਿਕ ਲੇਖਕਾਂ ਲਈ ਕੁਝ ਮਾਅਨੀਖੇਜ਼ ਸੁਝਾਅ ਦਿੱਤੇ ਨੇ ਮਸਲਨ : 'ਲੇਖਕ ਨੇ ਪਾਠਕ ਨੂੰ ਕੁਝ ਵਿਖਾਉਣਾ ਨਹੀਂ ਹੁੰਦਾ। ਉਸ ਨੇ ਸਿਰਫ ਬੂਹਾ ਖੋਲ੍ਹਣਾ ਹੁੰਦਾ ਹੈ ਜਿਸ ਵਿਚ ਕੁਝ ਵਾਪਰ ਰਿਹਾ ਹੁੰਦਾ ਹੈ। ਅਗਾਂਹ ਸਭ ਕੁਝ ਪਾਠਕ ਨੇ ਆਪ ਜਾ ਕੇ ਵੇਖਣਾ ਹੁੰਦਾ ਹੈ।.... ਇਕ ਲੇਖਕ ਦਾ ਅਧਿਕਾਰ ਖੇਤਰ ਉਥੇ ਹੀ ਮੁੱਕ ਜਾਂਦਾ ਹੈ ਜਿਥੇ ਪਾਤਰ ਦਾ ਅਧਿਕਾਰ ਖੇਤਰ ਸ਼ੁਰੂ ਹੋ ਜਾਂਦਾ ਹੈ।' ਪੰ. 265.
ਸੰਖੇਪ ਇਹ ਕਿ ਨਾਵਲਕਾਰ ਉੱਤਮ-ਪੁਰਖੀ ਸ਼ੈਲੀ ਵਿਚ ਬੁਲਾਰੇ ਵਜੋਂ ਨਿਰੰਤਰ ਸਿੱਧਾ ਪ੍ਰਵੇਸ਼ ਕਰਨ ਤੋਂ ਸੰਕੋਚ ਨਹੀਂ ਕਰਦਾ। ਇਹ ਨਾਵਲ ਵਿਦਵਾਨਾਂ ਪਾਸੋਂ ਵਡੇਰੇ ਆਕਾਰ ਦੇ ਖੋਜ ਪੱਤਰ ਦੀ ਮੰਗ ਕਰਦਾ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਰੁੱਖਾਂ ਦੇ ਦਰਦ

ਸ਼ਾਇਰ : ਜਸਬੀਰ ਸਿੰਘ ਘੁਲਾਲ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 75290-70008.


ਜਸਬੀਰ ਸਿੰਘ ਘੁਲਾਲ ਲੇਖਕ ਹੋਣ ਦੇ ਨਾਲ-ਨਾਲ ਇਕ ਸਮਾਜ ਸੇਵੀ ਵੀ ਹੈ। ਉਸ ਦੇ ਵਾਤਾਵਰਨ ਤੇ ਖੇਤੀ ਸੁਧਾਰ ਸੰਬੰਧੀ ਕੀਤੇ ਕਾਰਜ ਚਰਚਾ ਵਿਚ ਰਹੇ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਉਸ ਨੇ ਸਿਰਫ਼ ਬੂਟਿਆਂ ਨੂੰ ਹੀ ਨਹੀਂ ਵੰਡਿਆਂ, ਸਗੋਂ ਆਪਣੀ ਕਲਮ ਰਾਹੀਂ ਵੀ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ। ਹੁਣ ਤੱਕ ਘੁਲਾਲ ਤਕਰੀਬਨ ਵੀਹ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕਾ ਹੈ। 'ਰੁੱਖਾਂ ਦੇ ਦਰਦ' ਪੁਸਤਕ ਰੁੱਖਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੋਈ ਪੁਸਤਕ ਹੈ, ਜਿਸ ਵਿਚ ਉਸ ਦੀਆਂ ਇਕ ਸੌ ਅੱਠ ਗ਼ਜ਼ਲ ਰੂਪ ਵਿਚ ਰਚਨਾਵਾਂ ਸ਼ਾਮਿਲ ਹਨ। ਇਹ ਪਹਿਲੀ ਵਾਰੀ ਹੈ ਕਿ ਰੁੱਖਾਂ ਦੇ ਵਿਸ਼ੇ 'ਤੇ ਏਨੀ ਗਿਣਤੀ ਵਿਚ ਸ਼ਿਅਰ ਕਿਸੇ ਪੁਸਤਕ ਵਿਚ ਛਪੇ ਹੋਣ। ਉਹ ਕਹਿੰਦਾ ਹੈ ਰੁੱਖਾਂ ਤੋਂ ਉੱਡ ਕੇ ਪੰਛੀ ਕਿੱਥੇ ਚਲੇ ਗਏ ਹਨ, ਉਨ੍ਹਾਂ ਨੂੰ ਮਿੰਨਤਾਂ ਕਰਕੇ ਮਨਾ ਕੇ ਲਿਆਓ। ਇਕ ਰਚਨਾ ਵਿਚ ਉਹ ਰੁੱਖਾਂ ਤੇ ਪੀਂਘਾਂ ਦਾ ਜ਼ਿਕਰ ਕਰਦਾ ਹੈ ਤੇ ਧੀਆਂ ਧਿਆਣੀਆਂ ਨੂੰ ਜ਼ਬਾਨ ਦਿੰਦਾ ਹੈ ਪਰ ਇਹ ਤਾਂ ਹੀ ਸੰਭਵ ਹੈ ਜੇ ਧਰਤੀ 'ਤੇ ਰੁੱਖ ਬਚੇ ਰਹੇ। ਵਿਕਾਸ ਦੇ ਨਾਂਅ 'ਤੇ ਅੰਨ੍ਹੇਵਾਹ ਕਟਾਈ ਮਨੁੱਖਤਾ ਨੂੰ ਅੰਨ੍ਹੇ ਖੂਹ ਵਿਚ ਸੁੱਟ ਦੇਵੇਗੀ, ਫਿਰ ਉਸ 'ਚੋਂ ਨਿਕਲਣਾ ਸੰਭਵ ਨਹੀਂ ਹੋਵੇਗਾ। ਸ਼ਾਇਰ ਆਪਣੀਆਂ ਰਚਨਾਵਾਂ ਵਿਚ ਕੁਦਰਤ ਤੋਂ ਬਲਿਹਾਰ ਜਾਂਦਾ ਹੈ, ਜਿਸ ਨੇ ਵੰਨ-ਸੁਵੰਨੇ ਰੁੱਖਾਂ ਨੂੰ ਜੜ੍ਹਾਂ ਦਿੱਤੀਆਂ ਤੇ ਫੁੱਲ, ਫਲ ਲਾਏ। ਇਹ ਬੂਟੇ ਤੇ ਰੁੱਖ ਮਨੁੱਖ ਨੂੰ ਬਿਨਾਂ ਕੁਝ ਲਏ ਮਹਿਕਾਂ ਤੇ ਸਾਹ ਵੰਡਦੇ ਹਨ। ਕਿਸੇ ਸ਼ਾਇਰ ਦਾ ਫ਼ਿਕਰਮੰਦੀ ਵਾਲੇ ਵਿਸ਼ਿਆਂ ਨੂੰ ਲੈ ਕੇ ਲੋਕਾਂ ਨੂੰ ਜਗਾਉਣਾ ਘੁਲਾਲ ਦਾ ਪ੍ਰਸੰਸਾਯੋਗ ਕਾਰਜ ਹੈ। ਪੁਸਤਕ ਵਿਚ ਸ਼ਾਮਿਲ ਰਚਨਾਵਾਂ ਗ਼ਜ਼ਲ ਰੂਪ ਵਿਚ ਹਨ ਪਰ ਇਨ੍ਹਾਂ ਦੀ ਬਣਤਰ ਤੇ ਨਿਭਾਅ ਗ਼ਜ਼ਲ ਦੇ ਤਕਾਜ਼ਿਆਂ 'ਤੇ ਭਾਵੇਂ ਪੂਰਾ ਨਹੀਂ ਉਤਰਦਾ ਪਰ ਸ਼ਿਅਰਾਂ ਦੇ ਵਿਸ਼ਿਆਂ ਕਾਰਨ 'ਰੁੱਖਾਂ ਦੇ ਦਰਦ' ਫਿਰ ਵੀ ਮਹੱਤਵਪੂਰਨ ਹੈ। ਸੁਰਿੰਦਰ ਸੇਠੀ ਵਲੋਂ ਮੁੱਖ ਬੰਦ ਵਿਚ ਸ਼ਾਇਰ ਨਾਲ ਸਾਂਝ ਪੁਆਈ ਗਈ ਹੈ ਤੇ ਇਸ ਖ਼ੇਤਰ ਵਿਚ ਪਾਏ ਸ਼ਾਇਰ ਦੇ ਯੋਗਦਾਨ ਨੂੰ ਉਸ ਨੇ ਵਡਿਆਇਆ ਵੀ ਹੈ।


ਗੁਰਦਿਆਲ ਰੌਸ਼ਨ
ਮੋ: 99884-44002

13-02-2022

ਪਾਣੀ ਤੋਂ ਪਿਆਸ ਤੱਕ
ਲੇਖਕ : ਡਾ. ਸਤੀਸ਼ ਠੁਕਰਾਲ ਸੋਨੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 260 ਰੁਪਏ, ਸਫ਼ੇ : 136
ਸੰਪਰਕ : 94173-58393.


'ਪਾਣੀ ਤੋਂ ਪਿਆਸ ਤੱਕ' ਕਾਵਿ-ਸੰਗ੍ਰਹਿ ਸਰਬਾਂਗੀ ਲੇਖਕ ਅਤੇ ਅਦਾਕਾਰ ਡਾ. ਸਤੀਸ਼ ਠੁਕਰਾਲ ਸੋਨੀ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਨਦੀ ਤਿਆਰ ਹੈ' (2007), 'ਝੀਲ ਵਿਚਲਾ ਸਮੁੰਦਰ' (2013), 'ਨਦੀਆਂ ਦੇ ਵਹਿਣ' (2016) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਦਾ ਸਮਰਪਣ ਉਨ੍ਹਾਂ ਪਿਆਸੀਆਂ ਰੂਹਾਂ ਨੂੰ ਕੀਤਾ ਗਿਆ ਹੈ, ਜਿਹੜੀਆਂ ਰੂਹਾਂ ਮਨੁੱਖ ਦੀ ਬਾਹਰੀ ਪਿਆਸ ਦੀ ਥਾਵੇਂ ਆਪਣੀ ਅੰਦਰਲੀ ਪਿਆਸ ਨੂੰ ਪਛਾਣਦੀਆਂ ਹਨ। ਸੋ, ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਨਾ ਰਮਜ਼ ਜਾਣੀ ਵਹਿੰਦੇ ਪਾਣੀਆਂ ਦੀ' ਤੋਂ ਲੈ ਕੇ 'ਯਾਤਰਾ' ਤੱਕ ਦੀਆਂ ਕੁੱਲ 75 ਕਵਿਤਾਵਾਂ ਬੀਜ, ਧੁਨੀ ਤੇ ਰੱਬ (ਤਿੰਨ ਕਾਵਿਕ ਥੀਮਜ਼) ਸ਼ਬਦਾਂ ਦੇ ਇਰਦ-ਗਿਰਦ ਪ੍ਰਕਰਮਾ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਖੋਜ ਮਨੁੱਖ ਦੀ ਅਜ਼ਲੀ ਹੈ। ਮਨੁੱਖ ਕੀ ਹੈ? ਕਿਉਂ ਹੈ? ਕਿਥੋਂ ਆਇਆ ਹੈ? ਕਿੱਥੇ ਜਾਣਾ ਹੈ? ਕੀਹਦੇ ਕੋਲ ਜਾਣਾ ਹੈ? ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਤਲਾਸ਼ਦਾ ਮਨੁੱਖ, ਮੁੱਢ-ਕਦੀਮੀਂ ਰਹੱਸਾਤਮਿਕਾ ਦਾ ਭੇਦ ਜਾਣਨ ਦੀ ਅਭਿਲਾਸ਼ਾ ਕਰਦਾ ਆ ਰਿਹਾ ਹੈ। ਸ਼ਾਇਦ ਇਹੀ ਉਸ ਦਾ ਪਾਣੀ ਤੋਂ ਪਿਆਸ ਤੱਕ ਅਪੜਣ ਦੀ ਯਾਤਰਾ ਦਾ ਸਬਬ ਹੈ। ਇਸ ਲਈ ਇਸ ਪੁਸਤਕ ਦਾ ਨਾਂਅ ਢੁਕਵਾਂ ਅਤੇ ਫੱਬਵਾਂ ਹੈ। ਧੁਨੀਆਂ ਦਾ ਮੇਲ ਸ਼ਬਦਾਂ ਨੂੰ ਜਨਮਦਾ ਹੈ, ਸ਼ਬਦਾਂ ਦਾ ਮੇਲ ਵਾਕਾਂ/ਸਤਰਾਂ ਬਣਾਉਂਦਾ ਹੈ। ਵਾਕ ਪੈਰ੍ਹਿਆਂ 'ਚ ਵਟਦੇ ਕਵਿਤਾ, ਨਿਬੰਧ, ਕਹਾਣੀ, ਨਾਵ, ਨਾਟਕ ਦਾ ਰੂਪ ਧਾਰਨ ਕਰਦੇ ਹਨ। ਇਸੇ ਲਈ ਇਸ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਬੌਧਿਕਤਾ, ਭਾਵੁਕਤਾ ਦਾ ਸੁਮੇਲ ਕਰਦੀਆਂ ਦਾਰਸ਼ਨਿਕਤਾ ਦਾ ਪ੍ਰਭਾਵ ਸਿਰਜਦੀਆਂ ਪ੍ਰਤੀਤ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਦੇ ਸਿਰਲੇਖਾਂ ਲਈ ਵਰਤੇ ਸ਼ਬਦ ਰਮਜ਼, ਵਹਿੰਦੇ ਪਾਣੀ, ਭੇਤ, ਖੋਜ, ਜ਼ਿੰਦਗੀ, ਤਖ਼ਤੀ, ਰੱਬ, ਸਾਹ, ਵਣਜਾਰੇ, ਨਜ਼ਰ, ਸਮੁੰਦਰ, ਜਿਸਮ, ਲਿਬਾਸ, ਯਕੀਨ, ਹਸ਼ਰ, ਯਾਦ, ਮਿੱਟੀ, ਇੰਤਜ਼ਾਰ, ਵਿਕਾਸ, ਪਰਲੋ, ਲੰਗਰ, ਪਿਆਸ, ਮੁਆਵਜ਼ਾ, ਕਵਿਤਾ ਅਤੇ ਹੋਰ ਅਨੇਕਾਂ ਸ਼ਬਦਾਂ ਦੀ ਧੁਨੀ ਆਂਤਰਿਕ ਅਤੇ ਬਾਹਰੀ ਸ਼ੋਰ ਦੀ ਪਛਾਣ ਕਰਵਾਉਂਦੀ ਹੈ। ਇਸ ਲਈ ਮਨੁੱਖ ਦੇ ਬਾਹਰੀ ਵਜੂਦ ਦੇ ਮਸਲੇ, ਸਿਹਤ, ਸਿੱਖਿਆ, ਸੁਰੱਖਿਆ, ਰੁਜ਼ਗਾਰ, ਭ੍ਰਿਸ਼ਟਾਚਾਰ, ਧਾਰਮਿਕ ਉਨਮਾਦ, ਮਨੁੱਖ ਦੀ ਪਛਾਣ ਨਾਲ ਜੁੜੇ ਮਸਲੇ ਗੌਣ ਰੂਪ 'ਚ ਸੰਕੇਤ ਮਾਤਰ ਹੀ ਉਜਾਗਰ ਹੁੰਦੇ ਹਨ ਜਦੋਂ ਕਿ ਅੰਦਰੂਨੀ ਖਲਾਅ 'ਚ ਭਟਕਦੇ ਮਸਲੇ ਉਪਰੋਕਤ ਵਾਰਤਾ 'ਚ ਵਰਸਾਏ ਪ੍ਰਸ਼ਨਾਂ ਨੂੰ ਪ੍ਰਬਲ ਰੂਪ 'ਚ ਪ੍ਰਗਟਾਉਂਦੇ ਹਨ। ਕੋਈ ਅਦਿੱਖ ਸ਼ਕਤੀ ਹੀ ਇਨ੍ਹਾਂ ਝਮੇਲਿਆਂ, ਮਸਲਿਆਂ ਨੂੰ ਹੀ ਦੂਰ ਕਰ ਸਕਦੀ ਹੈ :
ਲਿਖ ਅਹਿਦ ਸ਼ੇਖ਼ ਫ਼ਰੀਦ ਦਾ
ਤੇ ਹਮਦ ਬਾਹੂ ਸੁਲਤਾਨ ਦਾ
ਕਰ ਚੇਤੇ ਬੁੱਲ੍ਹਾ ਤੇ ਨਾਨਕ
'ਸੋਨੀ' ਕਬੀਰ ਦਾ ਤੂੰ ਬਚਨ ਲਿਖ।
ਅੰਦਰੂਨੀ ਪਿਆਸ ਦੀ ਸਾਰ ਜਾਣਨ ਵਾਲਿਆਂ ਕਾਵਿ-ਪਾਠਕਾਂ ਲਈ ਇਹ ਕਾਵਿ-ਸੰਗ੍ਰਹਿ ਮੁਫ਼ੀਦ ਰਹੇਗਾ। ਆਮੀਨ!


ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096.
c c c


ਔਰਤ ਦੀ ਮਹਿਕ

ਲੇਖਿਕਾ : ਮੀਨੂੰ ਮੁਸਕਾਨ
ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 87278-34850.


ਪੁਸਤਕ ਔਰਤ ਦੀ ਮਹਿਕ, ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ 22 ਕਹਾਣੀਆਂ ਮੌਜੂਦ ਹਨ। ਇਕ ਕਹਾਣੀ ਦੇ ਚਾਰ ਹਿੱਸੇ ਕੀਤੇ ਗਏ ਹਨ। ਉਹ ਕਹਾਣੀ ਹੈ 'ਰੀਝ'। ਇਸ ਦੇ ਪਹਿਲੇ ਭਾਗ ਵਿਚ ਬੱਸ ਵਿਚ ਅੰਟੀ ਦੀ ਉਦਾਸੀ ਤੇ ਅਧੂਰੀ ਰੀਝ, ਪੈਸੇ ਦੀ ਦੌੜ, ਮਾਂ-ਬਾਪ ਦਾ ਪਿਆਰ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਦੂਸਰੇ, ਤੀਜੇ ਅਤੇ ਚੌਥੇ ਭਾਗ ਵਿਚ ਹੋਰਨਾਂ ਦ੍ਰਿਸ਼ਾਂ, ਯਾਦਾਂ, ਭਾਵਨਾ ਨੂੰ ਦਰਸਾ ਕੇ ਉਨ੍ਹਾਂ ਨੂੰ ਸ਼ਬਦਾਂ ਵਿਚ ਪਰੋਇਆ ਗਿਆ ਹੈ। ਸਾਰੀਆਂ ਕਹਾਣੀਆਂ ਨੂੰ ਪੜ੍ਹ ਕੇ ਮਹਿਸੂਸ ਹੋ ਰਿਹਾ ਹੈ ਕਿ ਇਹ ਕਹਾਣੀਆਂ ਦੀ ਪਾਤਰਤਾ ਕਾਫੀ ਨੇੜੇ ਦੀ ਹੈ ਅਤੇ ਦਿਲ ਦੀਆਂ ਹੂਕਾਂ ਦੇ ਦਰਦਾਂ ਪਲ-ਪਲ ਦੇ ਨਾਲ ਜੋੜ ਕੇ ਜੋ ਪੇਸ਼ਕਾਰੀ ਕੀਤੀ ਹੈ, ਉਹ ਕਾਬਲੇ-ਤਾਰੀਫ਼ ਹੈ। ਕਿਤੇ-ਕਿਤੇ ਕਹਾਣੀ ਵਿਚ ਥੋੜ੍ਹੀ ਪਰਪੱਕਤਾ ਦੀ ਘਾਟ ਮਹਿਸੂਸ ਹੁੰਦੀ ਹੈ ਪ੍ਰੰਤੂ ਲੇਖਿਕਾ ਨੇ ਆਪਣੀਆਂ ਕਹਾਣੀਆਂ ਵਿਚ ਭਾਰੂ ਨਹੀਂ ਹੋਣ ਦਿੱਤਾ ਅਤੇ ਪਾਤਰਾਂ ਪ੍ਰਤੀ ਆਪਣਾਪਣ ਦਰਸਾ ਕੇ ਮਾਨਵਤਾ ਤੇ ਇਨਸਾਨੀਅਤ ਦਾ ਸਬੂਤ ਵੀ ਦਿੱਤਾ ਹੈ। ਇਸ ਪੁਸਤਕ ਦੀ ਲੇਖਿਕਾ ਖ਼ੁਦ ਔਰਤ ਹੈ, ਜਿਸ ਕਰਕੇ ਉਹ ਔਰਤ ਦੇ ਦੁੱਖ-ਦਰਦ, ਵਲਵਲਿਆਂ, ਭਾਵਨਾਵਾਂ, ਉਮੀਦਾਂ, ਇੱਛਾਵਾਂ, ਉਮੀਦਾਂ, ਫ਼ਰਜ਼ਾਂ ਨੂੰ ਖੂਬ ਚੰਗੀ ਤਰ੍ਹਾਂ ਸਮਝਦੀ ਹੈ, ਜਿਸ ਦਾ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਸਬੂਤ ਵੀ ਦਿੱਤਾ ਹੈ। ਪੁਸਤਕ ਦੀ ਲੇਖਿਕਾ ਨੇ ਇਸ ਪੁਸਤਕ ਤੋਂ ਪਹਿਲਾਂ ਧਰਮ ਦੇ ਪੁਜਾਰੀ ਨਾਵਲਿਟ ਵੀ ਲਿਖਿਆ ਹੈ। ਇਸ ਪੁਸਤਕ ਵਿਚ ਉਂਜ ਤਾਂ ਸਾਰੀਆਂ ਹੀ ਮਿੰਨੀ ਕਹਾਣੀਆਂ ਪੜ੍ਹਨਯੋਗ ਹਨ ਪ੍ਰੰਤੂ ਔਰਤ ਦੀ ਮਹਿਕ, ਮਾਂ ਦੀ ਡਾਇਰੀ, ਅਧੂਰੇ ਚਾਅ, ਅਸਲੀ ਰਿਸ਼ਤੇਦਾਰੀ, ਖੌਫ਼ਨਾਕ ਬਚਪਨ, ਬੇਔਲਾਦੇ, ਪੁਰਾਣਾ ਪਿਆਰ, ਵਾਰਿਸ ਕੌਣ, ਪਿਆਰ ਦੀ ਨੀਂਹ, ਅਸਲੀ ਰਿਸ਼ਤੇਦਾਰ ਆਦਿ ਕਹਾਣੀਆਂ ਕਾਫੀ ਭਾਵਪੂਰਤ ਹਨ। ਸਮੁੱਚੀਆਂ ਕਹਾਣੀਆਂ ਨੂੰ ਪੜ੍ਹ ਕੇ ਮਨ ਵਿਚ ਕਈ ਤਰ੍ਹਾਂ ਦੇ ਸ਼ਾਂਤ ਵਿਚਾਰ ਆਉਂਦੇ ਹਨ ਅਤੇ ਇਨ੍ਹਾਂ ਵਿਚੋਂ ਸਿੱਖਿਆ ਤੇ ਪ੍ਰੇਰਨਾ ਵੀ ਮਿਲਦੀ ਹੈ ਅਤੇ ਯਾਦ ਵੀ ਆਉਂਦੀ ਹੈ ਕਿ ਸਾਡੇ ਜੀਵਨ ਵਿਚ ਅਜਿਹਾ ਵੀ ਹੁੰਦਾ ਹੈ, ਜਿਸ ਨੂੰ ਜ਼ਿਆਦਾ ਕਰਕੇ ਲੋਕ ਆਪਣੇ ਪਿੰਡੇ 'ਤੇ ਹੰਢਾ ਕੇ ਹੋਰਨਾਂ ਨੂੰ ਦੱਸਣ ਵਿਚ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 092105-88990.


ਰੋਹ ਵਿਦਰੋਹ
ਨਾਵਲਕਾਰ : ਰਘਬੀਰ ਸਿੰਘ ਮਾਨ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 272
ਸੰਪਰਕ : 88728-54500.


ਰਘਬੀਰ ਸਿੰਘ ਮਾਨ ਹੁਣ ਤੱਕ ਦੋ ਕਹਾਣੀ ਸੰਗ੍ਰਹਿ 'ਅਚਿੰਤੇ ਬਾਜ਼ ਪਏ' ਅਤੇ 'ਕੋਈ ਤਾਂ ਹੈ' ਤੋਂ ਇਲਾਵਾ ਇਕ ਧਾਰਮਿਕ ਨਿਬੰਧ ਸੰਗ੍ਰਹਿ 'ਉਲਝ ਗਈ ਸਿੱਖ ਕੌਮ' ਪੰਜਾਬੀ ਪਾਠਕਾਂ ਦੀ ਨਜ਼ਰ ਕਰ ਚੁੱਕਾ ਹੈ।
ਰੀਵਿਊ ਅਧੀਨ ਨਾਵਲ ਵਿਚ ਲੇਖਕ ਨੇ ਪਿੰਡਾਂ ਵਿਚ ਜਾਤ-ਪਾਤ ਦੇ ਵਖਰੇਵਿਆਂ ਨੂੰ ਗਲਪੀ-ਬਿੰਬ ਤੋਂ ਉਸਾਰਨ ਦੀ ਵਧੀਆ ਕੋਸ਼ਿਸ਼ ਕੀਤੀ ਹੈ। ਆਮ ਤੌਰ 'ਤੇ ਜਾਤ-ਪਾਤ ਬਾਰੇ ਲਿਖਦੇ ਸਮੇਂ ਲੇਖਕ ਜਾਂ ਤਾਂ ਭਾਵੁਕ ਹੋ ਜਾਂਦੇ ਹਨ ਅਤੇ ਜਾਂ ਫਿਰ ਕੋਈ ਸੰਦੇਸ਼ ਦੇਣ ਲੱਗ ਪੈਂਦੇ ਹਨ, ਪਰ ਇਸ ਨਾਵਲ ਵਿਚ ਅਜਿਹਾ ਕੁਝ ਨਹੀਂ ਹੈ।
29 ਕਾਂਡਾਂ ਵਿਚ ਵਿਉਂਤਬੱਧ ਲੇਖਕ ਦੀ ਨਾਵਲ ਪੱਖੋਂ ਪਹਿਲੀ ਰਚਨਾ ਹੋਣ ਦੇ ਬਾਵਜੂਦ ਬਹੁਤ ਪਕਿਆਈ ਵਾਲੀ ਹੈ। ਲੇਖਕ ਨੇ ਜਾਤਪਾਤੀ ਵਖਰੇਵਿਆਂ ਨੂੰ ਅੰਤਰਜਾਤੀ ਵਿਆਹ ਦੀ ਕਹਾਣੀ ਨੂੰ ਪਿਛੋਕੜ ਵਿਚ ਰੱਖ ਕੇ ਵਿਉਂਤਬੱਧ ਕੀਤਾ ਹੈ। ਸ਼ਿੰਦਰਪਾਲ ਉਰਫ ਆਗੂ ਅਤੇ ਕਿੰਨਦੀਪ ਕ੍ਰਮਵਾਰ ਨਿਮਨ ਸ਼੍ਰੇਣੀ (ਚਮਾਰ) ਅਤੇ ਜੱਟ ਸ਼੍ਰੇਣੀ ਨਾਲ ਸੰਬੰਧਿਤ ਹਨ। ਦੋਵੇਂ ਇਕੋ ਕਾਲਜ ਵਿਚ ਪੜ੍ਹਾਉਂਦੇ ਹਨ ਤੇ ਉਥੇ ਹੀ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਵਿਆਹ-ਬੰਧਨ ਵਿਚ ਬੱਝ ਜਾਂਦੇ ਹਨ। ਲੜਕੀ ਕਿੰਨਦੀਪ ਦਾ ਪਿਤਾ ਗਿੰਦਰ ਪਤਨੀ ਵੀਰੋ 'ਤੇ ਬਹੁਤ ਜ਼ੁਲਮ ਕਰਦਾ ਹੈ ਤੇ ਪਹਿਲੀ ਲੜਕੀ ਪੈਦਾ ਹੋਣ 'ਤੇ ਨਿੱਤ ਸ਼ਰਾਬ ਪੀ ਕੇ ਖਰੂਦ ਕਰਦਾ ਹੈ, ਪਤਨੀ ਨੂੰ ਕੁੱਟਦਾ-ਮਾਰਦਾ ਹੈ। ਪਰ ਜਦੋਂ ਦੂਜੀ ਵਾਰ ਮੁੰਡਾ ਹੁੰਦਾ ਹੈ ਤਾਂ ਉਸ ਦੀ ਖੁਸ਼ੀ ਵਿਚ ਸ਼ਰਾਬ ਦਾ ਹੜ੍ਹ ਵਹਾਉਂਦਾ ਹੈ। ਕਿੰਨਦੀਪ ਆਪਣੇ ਬਲਬੂਤੇ ਉਚੇਰੀ ਪੜ੍ਹਾਈ ਕਰਕੇ ਕਾਲਜ ਵਿਚ ਅਧਿਆਪਕ ਲਗਦੀ ਹੈ, ਜਦਕਿ ਉਸ ਤੋਂ ਛੇ ਸਾਲ ਛੋਟਾ ਭਰਾ ਸੋਖਾ ਕਾਨਵੈਂਟ ਪੜ੍ਹਦਾ ਦਸਵੀਂ ਪਾਸ ਨਹੀਂ ਕਰ ਸਕਦਾ ਤੇ ਪਿਤਾ ਦੇ ਨਕਸ਼ੇ-ਕਦਮ 'ਤੇ ਚਲਦਾ ਹੋਇਆ ਨਸ਼ਿਆਂ ਵਿਚ ਜੀਵਨ ਬਰਬਾਦ ਕਰ ਲੈਂਦਾ ਹੈ। ਆਗੂ ਇਕ ਚਮਾਰ ਜਾਤੀ ਦਾ ਪੜ੍ਹਿਆ-ਲਿਖਿਆ ਮੁੰਡਾ ਹੈ, ਜੋ ਪਿੰਡ ਵਿਚ 'ਰਵਿਦਾਸ ਚੇਤਨਾ ਮੰਚ' ਦਾ ਕਰਤਾ-ਧਰਤਾ ਹੋਣ ਦੇ ਨਾਲ-ਨਾਲ ਕਾਲਜ ਵਿਚ ਪ੍ਰੋਫ਼ੈਸਰ ਵੀ ਹੈ। ਆਗੂ ਤੇ ਕਿੰਨਦੀਪ ਆਪਣੇ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਪਿਆਰ-ਵਿਆਹ ਕਰਦੇ ਹਨ ਰੂਬੀ (ਕਿੰਨਦੀਪ ਦੀ ਸਹੇਲੀ) ਦੇ ਪਰਿਵਾਰ ਦੀ ਮਦਦ ਨਾਲ। ਗਿੰਦਰ ਇਸ ਕੰਮ ਲਈ ਪਤਨੀ ਨੂੰ ਦੋਸ਼ੀ ਮੰਨਦਾ ਹੈ ਤੇ ਪੁਲਿਸ ਕੋਲ ਰਪਟ ਲਿਖਵਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ। ਆਗੂ ਦੀ ਮਾਂ ਪਾਸ਼ੋ ਵੀ ਪਹਿਲਾਂ-ਪਹਿਲ ਇਸ ਵਿਆਹ ਨੂੰ ਪ੍ਰਵਾਨ ਨਹੀਂ ਕਰਦੀ, ਪਰ ਕਿੰਨਦੀਪ ਦੀ ਸਹਿਣਸ਼ੀਲਤਾ, ਬੋਲਬਾਣੀ ਅਤੇ ਸਲੀਕੇ ਕਰਕੇ ਪਸੀਜ ਜਾਂਦੀ ਹੈ ਅਤੇ ਅੰਤ ਕਿੰਨਦੀਪ ਨੂੰ ਨੂੰਹ ਵਜੋਂ ਪ੍ਰਵਾਨ ਕਰ ਲੈਂਦੀ ਹੈ। ਇਨ੍ਹਾਂ ਦੋਵਾਂ ਦੇ ਵਿਆਹ ਵਿਚ ਰੂਬੀ ਦੇ ਨਾਲ-ਨਾਲ ਆਗੂ ਦੀ ਮਾਸੀ-ਮਾਸੜ ਤੇ ਭੈਣਾਂ ਨੇ ਵੀ ਭੂਮਿਕਾ ਨਿਭਾਈ ਹੈ।
ਨਾਵਲ ਵਿਚ ਜੱਟਾਂ ਤੇ ਆਦਿਧਰਮੀਆਂ ਵਿਚਲੇ ਪਾੜੇ, ਭਿੱਟ-ਸੁੱਚ, ਵੋਟ ਬੈਂਕ, ਬੇਰੁਜ਼ਗਾਰੀ, ਵਧਦੀ ਆਬਾਦੀ, ਸਿੱਖਿਆ ਨੀਤੀ, ਆਰਥਿਕ ਸ਼ੋਸ਼ਣ, ਨਸ਼ਿਆਂ ਦਾ ਪ੍ਰਕੋਪ, ਅੰਧਵਿਸ਼ਵਾਸ, ਗੁਰੂ ਘਰ ਦੇ ਪ੍ਰਧਾਨ/ਸਰਪੰਚ ਦਾ ਦਲਿਤਾਂ ਪ੍ਰਤੀ ਰਵੱਈਆ, ਖੇਤੀ ਨਾਲ ਸੰਬੰਧਿਤ ਨਿੱਕੇ-ਵੱਡੇ ਵੇਰਵੇ ਆਦਿ ਵਿਸ਼ਿਆਂ ਨੂੰ ਵੀ ਬਾਰੀਕੀ ਨਾਲ ਨਿਭਾਇਆ ਗਿਆ ਹੈ। ਸ਼ੂਦਰ ਸ਼੍ਰੇਣੀ ਨੂੰ ਪੜ੍ਹਨ-ਲਿਖਣ ਵਾਲੇ ਪਾਸੇ ਲਾਉਣ ਲਈ ਪਿੰਡ ਦੇ ਕੁਝ ਮੁੰਡੇ ਆਗੂ ਦੀ ਪ੍ਰੇਰਨਾ ਨਾਲ ਪਿੰਡ ਵਿਚ ਲੈਕਚਰ ਕਰਵਾਉਂਦੇ ਹਨ, ਕੁਝ ਨੇਕ ਦਿਲ ਬਾਣੀਏ ਸ਼ੂਦਰਾਂ ਪ੍ਰਤੀ ਹਮਦਰਦੀ ਕਰਦੇ ਹਨ ਤੇ ਅੱਗੇ ਵਧਣ ਲਈ ਮੌਕੇ ਦਿੰਦੇ ਹਨ। ਨਾਵਲ ਵਿਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਅਰਜਨ ਦੇਵ, ਡਾ. ਅੰਬੇਡਕਰ, ਮਹਾਤਮਾ ਬੁੱਧ, ਭਗਤ ਰਵਿਦਾਸ, ਮਾਰਕ ਟਵੇਨ ਆਦਿ ਦੇ ਕਥਨਾਂ ਤੇ ਵਿਚਾਰਾਂ ਨੂੰ ਵੀ ਸੁਚੱਜੇ ਢੰਗ ਨਾਲ ਵਰਤਿਆ ਗਿਆ ਹੈ। ਆਗੂ ਦੀਆਂ ਕੋਸ਼ਿਸ਼ਾਂ ਨਾਲ ਗੰਦੀਆਂ ਨਾਲੀਆਂ/ਸ਼ਮਸ਼ਾਨਘਾਟ ਦੀ ਸਫ਼ਾਈ, ਪਿੰਡਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਬੇੜਾ, ਗੁਰੂ ਘਰ ਵਿਚ ਸੇਵਾ ਦੀ ਭਾਵਨਾ, ਨੈਤਿਕ ਕਦਰਾਂ-ਕੀਮਤਾਂ, ਪੜ੍ਹਨ-ਜੁੜਨ ਤੇ ਸੰਘਰਸ਼ ਕਰਨ 'ਤੇ ਜ਼ੋਰ, ਮਹਾਨ ਲੋਕਾਂ ਦੀਆਂ ਜੀਵਨੀਆਂ 'ਚੋਂ ਸਿੱਖਿਆਵਾਂ ਬਾਰੇ ਵਿਚਾਰ ਵੀ ਨਾਵਲ ਦਾ ਹਾਸਲ ਹਨ।
'ਰੋਹ ਵਿਦਰੋਹ' ਨਾਵਲ ਸਿਰਫ਼ ਘਟਨਾਵਾਂ ਦਾ ਹੀ ਗਲਪੀ ਚਿਤਰਨ ਨਹੀਂ, ਸਗੋਂ ਇਸ ਰਾਹੀਂ ਸਮਾਜ ਨੂੰ ਜਾਣਨ, ਸਮਝਣ ਤੇ ਕਿਤਾਬਾਂ ਨਾਲ ਸਾਂਝ ਪਾਉਣ ਦਾ ਦਿਲਚਸਪ ਬਿਰਤਾਂਤ ਹੈ। ਰਘਬੀਰ ਸਿੰਘ ਮਾਨ ਇਸ ਵਧੀਆ ਨਾਵਲ ਲਈ ਵਧਾਈ ਦਾ ਪਾਤਰ ਹੈ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015.
c c c


ਮੇਰੀ ਕਿਤਾਬ
(ਸੰਪੂਰਨ ਸਵੈਜੀਵਨੀ)
ਭੂਸ਼ਨ ਧਿਆਨਪੁਰੀ
ਸੰ: ਬਲੀਜੀਤ, ਸੁਰਿੰਦਰ ਭੂਸ਼ਨ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ (ਪੰਜਾਬ)
ਮੁੱਲ : 300 ਰੁਪਏ, ਸਫ਼ੇ : 390
ਸੰਪਰਕ : 98155-50646.


ਮਰਹੂਮ ਪ੍ਰਸਿੱਧ ਸਾਹਿਤਕਾਰ ਭੂਸ਼ਨ ਧਿਆਨਪੁਰੀ ਦੀ ਇਹ ਸਵੈਜੀਵਨੀ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ। ਪਹਿਲਾ ਭਾਗ 2009 ਵਿਚ ਪ੍ਰਕਾਸ਼ਿਤ ਹੋ ਗਿਆ ਸੀ। ਦੂਸਰਾ ਅਤੇ ਤੀਸਰਾ ਭਾਗ ਜੋੜ ਕੇ 2021 ਵਿਚ ਸਵੈਜੀਵਨੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਭੂਸ਼ਨ ਨੇ ਪੰਜਾਬੀ ਲੈਕਚਰਾਰ ਵਜੋਂ ਆਪਣੀ ਸੇਵਾ-ਮੁਕਤੀ ਤੋਂ ਬਾਅਦ ਅਤੀਤ ਤਲ ਅਤੇ ਯਾਦ ਤਲ 'ਤੇ ਵਿਚਰ ਕੇ ਇਹ ਸਿਰਜਣਾ ਕੀਤੀ। ਉਹ ਜ਼ਿਆਦਾਤਰ ਆਪਣੇ ਬਚਪਨ 'ਤੇ ਫੋਕਸੀਕਰਨ ਕਰ ਰਿਹਾ ਹੈ। ਮਾਪਿਆਂ ਦੇ ਪ੍ਰਭਾਵ ਅਧੀਨ ਉਸ ਦੀਆਂ ਰੁਚੀਆਂ ਧਾਰਮਿਕ ਸਨ ਪਰ ਸ਼ਹੀਦ ਭਗਤ ਸਿੰਘ ਦੇ ਅਧਿਐਨ ਉਪਰੰਤ ਉਸ ਦੀ ਰੁਚੀ ਦੇਸ਼-ਭਗਤੀ ਵੱਲ ਮੋੜਾ ਖਾ ਗਈ। ਉਸ ਦੀ ਸਵੈਜੀਵਨੀ ਵਿਚ ਪਿੰਡ ਧਿਆਨਪੁਰ, ਸ਼ਹਿਰ ਰੋਪੜ ਅਤੇ ਚੰਡੀਗੜ੍ਹ ਤਿੰਨਾਂ ਦੇ ਝਲਕਾਰੇ ਉਪਲਬਧ ਹਨ। ਵਿਚਕਾਰਲੇ ਸਮੇਂ ਵਿਚ ਉਹ ਸਰਕਾਰੀ ਕਾਲਜ ਰੋਪੜ ਵਿਖੇ ਸੇਵਾ ਨਿਭਾਅ ਰਿਹਾ ਸੀ, ਜਿਥੇ ਉਸ ਦੀ ਅਹਿਮ ਮੁਲਾਕਾਤ 90 ਵਰ੍ਹਿਆਂ ਦੇ ਵਿਦਵਾਨ ਬ੍ਰਿਜ ਲਾਲ ਸ਼ਾਸਤਰੀ ਨਾਲ ਹੋਈ। ਚੰਡੀਗੜ੍ਹ ਵਿਚ ਪ੍ਰਸਿੱਧ ਲੇਖਕ ਸੂਬਾ ਸਿੰਘ, ਸ਼ਿਵ ਕੁਮਾਰ ਬਟਾਲਵੀ, ਸਿੱਧੂ ਦਮਦਮੀ ਅਤੇ ਗੁਲਜ਼ਾਰ ਸਿੰਘ ਸੰਧੂ ਨਾਲ ਯਾਰੀ ਰਹੀ। ਭੂਸ਼ਨ ਦੀ ਬਹੁਤੀ ਸਿਰਜਣਾ ਸਥਾਈ ਕਾਲਮਾਂ ਦੇ ਰੂਪ ਵਿਚ ਸਾਹਮਣੇ ਆਈ। ਮਸਲਨ: ਸਿੱਧੂ ਦਮਦਮੀ ਦੇ ਮੈਗਜ਼ੀਨ 'ਸੰਖ' ਵਿਚ, 'ਲੋਅ' ਮੈਗਜ਼ੀਨ ਵਿਚ ਸਥਾਈ ਕਾਲਮ ('ਅਦਬੀਆਂ-ਬੇਅਦਬੀਆਂ, ਸਾਹਿਤ-ਬਾਣੀ, ਹਾਜ਼ਰ ਹਾਂ ਦੋਸਤੋ') ਅਤੇ ਪੰਜਾਬੀ ਟ੍ਰਿਬਿਊਨ ਵਿਚ 'ਕਵੀਓਵਾਚ' ਇਤਿਆਦਿ। ਲੇਖਕ ਨੇ ਆਪਣੇ ਅਸਤਿਤਵ ਦਾ ਵਿਕਾਸ ਗ਼ਰੀਬੀ ਤੋਂ ਖੁਸ਼ਹਾਲੀ ਤੱਕ ਆਪਣੀ ਮਿਹਨਤ ਨਾਲ ਕੀਤਾ। ਮੈਟ੍ਰਿਕ ਪਾਸ ਕਰਕੇ ਸਕੱਤਰੇਤ ਵਿਚ ਟਾਈਪਿਸਟ ਵਜੋਂ ਕੰਮ ਕਰਦਿਆਂ ਪ੍ਰਭਾਕਰ/ਗਿਆਨੀ ਕਰਕੇ, ਵਾਇਆ ਬਠਿੰਡਾ ਬੀ.ਏ. ਕੀਤੀ। ਫਿਰ ਐਮ.ਏ. ਪੰਜਾਬੀ ਕਰਕੇ ਕਾਲਜ ਵਿਚ ਪੰਜਾਬੀ ਲੈਕਚਰਾਰ ਵਜੋਂ ਸੇਵਾ ਕੀਤੀ। ਸਵੈਜੀਵਨੀ ਵਿਚ ਇਤਿਹਾਸ, ਮਿਥਿਹਾਸ ਉਪਲਬਧ ਹੈ। ਆਪਣੇ ਬੱਚਿਆਂ ਨਾਲ ਸੰਵਾਦ, ਬਾਤਾਂ ਅਤੇ ਮਿੰਨੀ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਗੌਣ ਰੂਪ ਵਿਚ ਕਈ ਬੰਦਿਆਂ ਦੇ ਰੇਖਾ ਚਿੱਤਰ ਵੀ ਉਲੀਕੇ ਵੇਖੇ ਜਾ ਸਕਦੇ ਹਨ। ਅਸਿੱਧੇ ਰੂਪ ਵਿਚ ਸਵੈ ਪ੍ਰਸੰਸਾ ਤਾਂ ਹੋ ਹੀ ਜਾਂਦੀ ਹੈ। ਉਸ ਦੀ ਵਾਰਤਕ-ਸ਼ੈਲੀ ਕਾਵਿਮਈ ਹੈ। ਵਾਕਾਂ ਵਿਚ ਤੁਕਾਂਤ-ਮਿਲਾਣ ਵੇਖਿਆ ਜਾ ਸਕਦਾ ਹੈ। ਮਸਲਨ: 'ਬਹੁਤ ਸਾਰੇ ਪਿੰਡਾਂ ਨੂੰ ਪੱਧਰਾ ਕਰਕੇ ਵਲੈਤੀ ਨਕਸ਼ਾ 'ਵਾਹਿਆ' ਜਾ ਰਿਹਾ ਸੀ। ਪੁਰਾਣੇ ਲੋਕਾਂ ਲਈ ਨਵੀਂ ਤਰਜ਼ ਦਾ ਨਗਰ 'ਵਸਾਇਆ' ਜਾ ਰਿਹਾ ਸੀ। ਦਫ਼ਤਰ ਆਪਣਾ ਸੀ, ਸ਼ਹਿਰ 'ਬਿਗਾਨਾ' ਸੀ, ਇਕ ਨਹਿਰੂ ਤੇ ਕੈਰੋਂ ਦਾ ਜ਼ਮਾਨਾ ਸੀ। ਪੰ. 155


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਸਤਰੰਗੀ ਸੁਫ਼ਨੇ
ਲੇਖਕ : ਸੁਰਿੰਦਰਪਾਲ ਸਿੰਘ ਮੰਡ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ. ਲਿਮ. ਮੁਹਾਲੀ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 94173-24543.


ਸੁਰਿੰਦਰਪਾਲ ਸਿੰਘ ਮੰਡ ਪੰਜਾਬੀ ਦੇ ਜਾਣੇ-ਪਛਾਣੇ ਕਲਮਕਾਰਾਂ ਵਿਚੋਂ ਇਕ ਹੈ ਜੋ ਪ੍ਰੋੜ੍ਹ ਸਾਹਿਤ ਦੇ ਨਾਲ-ਨਾਲ ਬਾਲ ਸਾਹਿਤ ਦੀ ਸਿਰਜਣਾ ਪ੍ਰਤੀ ਵੀ ਰੁਚਿਤ ਹੈ। ਆਪਣੀ ਨਵ-ਪ੍ਰਕਾਸ਼ਿਤ ਬਾਲ ਕਾਵਿ ਪੁਸਤਕ 'ਸਤਰੰਗੀ ਸੁਫ਼ਨੇ' ਵਿਚ ਉਸ ਨੇ ਲੰਮੀਆਂ ਕਵਿਤਾਵਾਂ ਦੀ ਰਚਨਾ ਕੀਤੀ ਹੈ। ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਦਾ ਬੁਨਿਆਦੀ ਮਕਸਦ ਬਚਪਨ ਨੂੰ ਉਸਾਰੂ ਲੀਹਾਂ ਉੱਪਰ ਤੋਰ ਕੇ ਚੰਗੇ ਨਾਗਰਿਕ ਬਣਾਉਣਾ ਹੈ।
'ਮੰਡ' ਦੀਆਂ ਇਨ੍ਹਾਂ ਬਾਲ ਕਵਿਤਾਵਾਂ ਵਿਚ ਅੰਧਵਿਸ਼ਵਾਸੀ ਸੋਚ ਦਾ ਤਿਆਗ ਕਰਕੇ ਤਰਕਯੁਕਤ ਵਿਗਿਆਨਕ ਸੋਚ ਅਪਣਾਉਣ ਦੀ ਪ੍ਰੇਰਨਾ ਸਮੋਈ ਹੋਈ ਹੈ। ਕਵੀ ਨਵੀਂ ਪੀੜ੍ਹੀ ਨੂੰ ਕੁਦਰਤੀ ਸ੍ਰੋਤਾਂ ਨੂੰ ਮੁੱਕਣ ਤੋਂ ਬਚਾਉਣ ਲਈ ਸਾਵਧਾਨ ਕਰਦਾ ਹੈ ਅਤੇ ਸੂਝ ਸਿਆਣਪ, ਨੇਕੀ, ਉਪਕਾਰ, ਇਮਾਨਦਾਰੀ, ਮਿਹਨਤ, ਫ਼ਰਜ਼ਸਨਾਸ਼ੀ ਆਦਿ ਜੀਵਨ-ਮੁੱਲਾਂ ਦੇ ਬੀਜ ਬੀਜਣ ਲਈ ਆਖਦਾ ਹੈ ਤਾਂ ਜੋ ਸਮਾਜ ਅਤੇ ਪ੍ਰਕਿਰਤੀ ਇਕ-ਦੂਜੇ ਦੇ ਪੂਰਕ ਬਣੇ ਰਹਿਣ। ਇਸ ਪ੍ਰਸੰਗ ਵਿਚ ਉਸ ਦੀਆਂ ਕਝ ਵਿਸ਼ੇਸ਼ ਕਵਿਤਾਵਾਂ ਵਿਚੋਂ 'ਸਮੇਂ ਦੀ ਕਦਰ', 'ਧਰਤੀ ਹੇਠੋਂ ਪਾਣੀ ਨੇ ਮੁੱਕ ਜਾਣਾ', 'ਰੌਸ਼ਨ ਕਰਨ ਕਿਤਾਬਾਂ' ਅਤੇ 'ਮੇਰਾ ਜੀਅ ਕਰਦਾ' ਆਦਿ ਜ਼ਿਕਰਯੋਗ ਹਨ। ਕਵੀ ਨੇ ਇਸ ਪੁਸਤਕ ਵਿਚ ਪ੍ਰਚੱਲਿਤ ਬਾਲ ਲੋਕ ਕਹਾਣੀਆਂ ਨੂੰ 'ਕਾਵਿ-ਕਹਾਣੀ' ਵੰਨਗੀ ਦੇ ਰੂਪ ਵਿਚ ਸੁੰਦਰ ਢੰਗ ਨਾਲ ਬਿਆਨਿਆ ਹੈ ਜਿਵੇਂ 'ਚਲਾਕ ਲੂੰਬੜੀ', 'ਕਾਂ ਦੀ ਸਿਆਣਪ', 'ਚੂਹਾ ਚੈਂਪੀਅਨ', 'ਮੂਰਖਾਂ ਦੀ ਕਾਰੋਬਾਰੀ ਸ਼ੁਰੂਆਤ', 'ਬੇਮਿਸਾਲ ਆਗਿਆਕਾਰ ਪੁੱਤਰ' ਅਤੇ 'ਝੁੱਡੂ ਦੀ ਜ਼ਬਾਨ ਦਾ ਰਸ' ਆਦਿ। ਇਨ੍ਹਾਂ ਕਵਿਤਾਵਾਂ ਵਿਚੋਂ ਬਾਲ-ਪਾਠਕ ਕਹਾਣੀ ਵਾਲਾ ਰਸ ਮਾਣਦੇ ਹਨ ਅਤੇ ਅੰਤ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਗੁਣ ਪ੍ਰਾਪਤ ਕਰਦੇ ਹਨ। ਕਾਵਿ-ਕਹਾਣੀ 'ਕਾਂ ਦੀ ਸਿਆਣਪ' ਦੇ ਅੰਤ ਵਿਚ ਜੀਵਨ ਵਿਚ ਸੰਕਟ ਦੀ ਘੜੀ ਵਿਚ ਕਦੀ ਨਾ ਡੋਲਣ ਦਾ ਸੰਦੇਸ਼ ਦਿੱਤਾ ਗਿਆ ਹੈ ਅਤੇ ਸੂਝ-ਬੂਝ ਨਾਲ ਮਸਲਾ ਹੱਲ ਕਰਨ ਸੰਬੰਧੀ ਉਸਾਰੂ ਸਿੱਟਾ ਵੀ ਕੱਢਿਆ ਗਿਆ ਹੈ। ਮਿਸਾਲ ਵਜੋਂ:
ਮੁਸ਼ਕਿਲ ਵਿਚ ਜੋ ਕਦੀ ਨਾ ਡੋਲਣ,
ਸੂਝ ਬੂਝ ਨਾਲ ਚਲਦੇ ਜਾਵਣ।
ਆਪ ਵੀ ਮੰਜ਼ਿਲ ਪਾਉਣ ਹਮੇਸ਼ਾ
ਚਾਨਣ ਸਭ ਨੂੰ ਕਰਦੇ ਜਾਵਣ। (ਪੰਨਾ 13)
ਰੰਗਦਾਰ ਪੰਨਿਆਂ ਅਤੇ ਚਿੱਤਰਾਂ ਨਾਲ ਸ਼ਿੰਗਾਰੀ ਇਸ ਪੁਸਤਕ ਦੀ ਛਪਾਈ ਅਤੇ ਸਮੁੱਚੀ ਦਿੱਖ ਸੁੰਦਰ ਹੈ। ਗਿਆਨ ਵਿਚ ਵਾਧਾ ਕਰਨ ਅਤੇ ਮਾਂ ਬੋਲੀ ਪੰਜਾਬੀ ਨਾਲ ਜੋੜਨ ਵਾਲੀ ਇਹ ਪੁਸਤਕ ਬਾਲ ਪਾਠਕਾਂ ਲਈ ਇਕ ਸੁੰਦਰ ਤੋਹਫ਼ਾ ਹੈ।


ਦਰਸ਼ਨ ਸਿੰਘ 'ਆਸ਼ਟ' (ਡਾ.)
ਮੋ: 98144-23703
c c c


ਮੇਰੇ ਆਪਣੇ

ਲੇਖਕ : ਡਾ. ਮਨੋਹਰ ਸਿੰਗਲ
ਪ੍ਰਕਾਸ਼ਕ : ਸ਼ਾਂਤੀ ਪ੍ਰਕਾਸ਼ਨ, ਬਰੀਵਾਲਾ, ਸ੍ਰੀ ਮੁਕਤਸਰ ਸਾਹਿਬ
ਮੁੱਲ : 250 ਰੁਪਏ, ਸਫੇ : 96
ਸੰਪਰਕ : 94175-30266.


ਡਾ. ਮਨੋਹਰ ਸਿੰਗਲ ਦਾ 'ਮੇਰੇ ਆਪਣੇ' ਦੂਜਾ ਮਿੰਨੀ ਕਹਾਣੀ ਸੰਗ੍ਰਹਿ ਹੈ, ਜਿਸ ਤੋਂ ਪਹਿਲਾਂ ਉਸ ਨੇ ਇਕ ਹਾਇਕੂ ਪੁਸਤਕ ਤੇ ਇਕ ਬਾਲ ਕਿਰਨਾਂ ਪੁਸਤਕ ਵੀ ਲਿਖੀ ਹੈ। ਇਸ ਕਹਾਣੀ ਸੰਗ੍ਰਹਿ ਵਿਚ ਡਾ. ਮਨੋਹਰ ਸਿੰਗਲ ਨੇ ਆਮ ਜ਼ਿੰਦਗੀ ਦੇ ਰੁਝੇਵਿਆਂ ਵਿਚੋਂ ਹੀ ਕਹਾਣੀਆਂ ਦੇ ਵਿਸ਼ੇ ਲਏ ਹਨ ਤੇ 95 ਦੇ ਕਰੀਬ ਕਹਾਣੀਆਂ ਲਿਖੀਆਂ ਹਨ। ਜਿਵੇਂ ਕਿ ਪਹਿਲੀ ਕਹਾਣੀ 'ਤਲਾਸ਼' ਹੈ, ਜਿਸ ਵਿਚ ਆਪਣੇ ਪਿੱਛੇ ਨਾਲ ਮੋਹ ਦੀ ਤੰਦ ਦਰਸਾਈ ਗਈ ਹੈ। ਅਗਲੀ ਕਹਾਣੀ 'ਜਵਾਬ' ਵਿਚ ਇਕ ਬੱਚਾ ਆਪਣੀ ਮਾਂ ਨੂੰ ਬਿਨਾਂ ਦੱਸੇ ਘਰੋਂ ਚਲਾ ਜਾਂਦਾ ਹੈ। ਰਸਤੇ ਵਿਚ ਥੱਕ ਕੇ ਸੌਂ ਜਾਂਦਾ ਹੈ ਪਰ ਜਦੋਂ ਘਰ ਜਾਂਦਾ ਹੈ ਤਾਂ ਉਸ ਦੀ ਮਾਂ ਉਸ ਦਾ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦਿੰਦੀ ਹੈ ਪਰ ਬੱਚੇ ਕੋਲ ਕੋਈ ਜਵਾਬ ਨਹੀਂ ਹੁੰਦਾ। 'ਅਸ਼ੀਰਵਾਦ' ਕਹਾਣੀ ਵਿਚ ਦੱਸਿਆ ਗਿਆ ਹੈ ਕਿ ਜਦੋਂ ਮਾਪਿਆਂ ਦਾ ਅਸ਼ੀਰਵਾਦ ਸਿਰ 'ਤੇ ਨਾ ਹੋਵੇ ਤਾਂ 'ਸਿਰ 'ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ' ਮੁਹਾਵਰੇ ਵਰਗੀ ਹਾਲਤ ਹੁੰਦੀ ਹੈ ਕਿ ਨਵੀਂ ਵਿਆਹੀ ਕੁੜੀ ਆਪ ਮੱਤੀ ਮਾਪਿਆਂ ਨਾਲੋਂ ਅਲੱਗ ਹੋ ਕੇ ਇਕੱਲੀ ਦਿਸ਼ਾ ਰਹਿਤ ਹੋ ਕੇ ਆਪਣਾ ਘਰ ਨਹੀਂ ਵਸਾ ਸਕਦੀ। ਇਸੇ ਪ੍ਰਕਾਰ ਹੀ ਅਗਲੀ ਕਹਾਣੀ 'ਡਾਕਟਰ' ਵਿਚ ਇਹ ਦਰਸਾਇਆ ਗਿਆ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਰੋਂਦੇ ਹੋਏ ਨੂੰ ਗਲ ਲਗਾ ਕੇ ਹਸਪਤਾਲ 'ਚੋਂ ਲੈ ਜਾਂਦੀ ਹੈ ਜਦੋਂ ਪਰਚੀ ਕਟਾਉਣ ਤੋਂ ਬਾਅਦ ਵੀ ਡਾਕਟਰ ਉਸ ਦੇ ਬੱਚੇ ਨੂੰ ਸਮੇਂ ਸਿਰ ਆ ਕੇ ਨਹੀਂ ਦੇਖਦਾ। ਅਗਲੀ ਕਹਾਣੀ 'ਉਲਝਣ' ਵਿਚ ਔਰਤਾਂ ਦੀ ਲੜਾਈ ਦੀ ਊਲ-ਜਲੂਲ ਹੈ। 'ਮੇਰੇ ਆਪਣੇ' ਕਹਾਣੀ ਵੀ ਕਿਸੇ ਅਫ਼ਸਰ ਦੀ ਚਾਪਲੂਸੀ ਦੀ ਨਿਸ਼ਾਨਦੇਹੀ ਕਰਦੀ ਹੀ ਪ੍ਰਤੀਤ ਹੁੰਦੀ ਹੈ। ਇਸ ਪ੍ਰਕਾਰ ਮਨੋਹਰ ਸਿੰਗਲ ਦੀਆਂ ਸਾਰੀਆਂ ਕਹਾਣੀਆਂ ਹੀ ਉਸ ਦੇ ਨਿੱਜੀ ਤਜਰਬੇ ਵਿਚੋਂ ਉਪਜਦੀਆਂ ਪ੍ਰਤੀਤ ਹੁੰਦੀਆਂ ਹਨ। ਉਸ ਦੀ ਕਹਾਣੀ ਵਿਚ ਕਥਾ ਰਸ ਹੋਣ ਕਰਕੇ ਪਾਠਕ ਨੂੰ ਟੁੰਬਦੀ ਜ਼ਰੂਰ ਹੈ ਪਰ ਕਈ ਕਹਾਣੀਆਂ ਵਿਚ ਬਿਲਕੁਲ ਹੀ ਕਥਾ ਰਸ ਨਹੀਂ ਹੈ ਤੇ ਕਹਾਣੀ ਦੇ ਤੱਤ ਵੀ ਕਹਾਣੀ 'ਤੇ ਖਰੇ ਨਹੀਂ ਉਤਰਦੇ। ਲੇਖਕ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਮਨੋਹਰ ਸਿੰਗਲ ਦੀਆਂ ਮਿੰਨੀ ਕਹਾਣੀਆਂ ਕੁਝ ਅਜੀਬ ਕਿਸਮ ਦੀਆਂ ਹਨ, ਜਿਨ੍ਹਾਂ ਵਿਚ ਕੋਈ ਨਾ ਕੋਈ ਉਦੇਸ਼ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ।


ਡਾ. ਗੁਰਬਿੰਦਰ ਕੌਰ ਬਰਾੜ
ਮੋ: 098553-95161


ਫਰਸ਼ ਤੋਂ ਅਰਸ਼ ਤੱਕ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਸਨੇਹਦੀਪ ਪ੍ਰਕਾਸ਼ਨ ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 191
ਸੰਪਰਕ : 94656-56214.


ਕਹਾਣੀਕਾਰ ਦੀ ਇਹ ਪੁਸਤਕ ਉਸ ਦਾ ਪਹਿਲਾ ਜੀਵਨੀ ਮੂਲਕ ਨਾਵਲ ਹੈ। ਨਾਵਲ ਦਾ ਮੁੱਖ ਪਾਤਰ ਗੁਰਦਾਸਪੁਰ ਦਾ ਵਸਨੀਕ ਹੈ ਤੇ ਲੰਮੇ ਸਮੇਂ ਤੋਂ ਰਹਿ ਰਿਹਾ ਹੈ। ਮੁੱਖ ਪਾਤਰ ਨਾਵਲਕਾਰ ਦਾ ਨਿਕਟਵਰਤੀ ਜਾਪਦਾ ਹੈ। ਕਰਤਾਰ ਸਿੰਘ ਤਿਆਗੀ ਮੁੱਖ ਪਾਤਰ ਸੇਵਾ-ਮੁਕਤ ਕਾਲਜ ਅਧਿਆਪਕ ਹੈ। ਬਚਪਨ ਤੋਂ ਲੈ ਕੇ ਹੁਣ ਤੱਕ ਦਾ ਜੀਵਨ ਸੰਘਰਸ਼ ਪੇਸ਼ ਕਰਨਾ ਨਾਵਲਕਾਰ ਦਾ ਮੰਤਵ ਹੈ। ਨਾਵਲ ਦਾ ਸਮਰਪਣ ਵੀ ਸੰਘਰਸ਼ ਕਰਦੇ ਲੋਕਾਂ ਨੂੰ ਹੈ। ਜੀਵਨ 'ਚ ਸੰਘਰਸ਼ ਕਰਨ ਵਾਲਾ ਪਾਤਰ ਕਰਤਾਰ ਸਿੰਘ ਤਿਆਗੀ ਦਾ ਬਚਪਨ ਬਹੁਤ ਗਰੀਬੀ ਵਾਲਾ ਸੀ। ਮਾਂ ਵਿਧਵਾ ਹੈ। ਬਾਪ ਦੀ ਮੌਤ ਹੋ ਗਈ ਹੈ। ਘਰ 'ਚ ਪੰਜ ਬੱਚੇ ਹਨ। ਰਿਸ਼ਤੇਦਾਰ ਚੰਗੇ ਹਨ। ਸ