ਤਾਜਾ ਖ਼ਬਰਾਂ


ਦੋ ਸਕੂਲੀ ਬੱਸਾਂ ਦੀ ਆਪਸ ਵਿਚ ਟੱਕਰ, ਕੋਈ ਜਾਨੀ ਨੁਕਸਾਨ ਨਹੀਂ
. . .  5 minutes ago
ਨਵੀਂ ਦਿੱਲੀ, 30 ਜਨਵਰੀ- ਅੱਜ ਸਵੇਰੇ ਆਈ.ਜੀ.ਆਈ. ਸਟੇਡੀਅਮ ਨੇੜੇ ਦੋ ਸਕੂਲੀ ਬੱਸਾਂ ਦੀ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਚਾ ਲਿਆ...
ਸਰਬ ਪਾਰਟੀ ਮੀਟਿੰਗ ਵਿਚ ਨਹੀਂ ਪਹੁੰਚੇ ਕਾਂਗਰਸੀ ਮੈਂਬਰ
. . .  8 minutes ago
ਨਵੀਂ ਦਿੱਲੀ, 30 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਵਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਅੱਜ ਸਵੇਰੇ ਸ਼ੁਰੂ ਹੋ ਗਈ। ਸੰਸਦ ਭਵਨ ਕੰਪਲੈਕਸ ’ਚ ਹੋਈ ਬੈਠਕ ’ਚ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸਦਨ ਦੇ ਨੇਤਾ ਪੀਯੂਸ਼ ਗੋਇਲ, ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ...
ਰਾਹੁਲ ਗਾਂਧੀ ਜਿੱਥੇ ਵੀ ਗਏ ਲੋਕ ਉਨ੍ਹਾਂ ਲਈ ਬਾਹਰ ਆ ਗਏ- ਪਿ੍ਅੰਕਾ ਗਾਂਧੀ
. . .  13 minutes ago
ਸ੍ਰੀਨਗਰ, 30 ਜਨਵਰੀ- ‘ਭਾਰਤ ਜੋੜੋ ਯਾਤਰਾ’ ਦੇ ਸਮਾਪਤੀ ਸਮਾਗਮ ’ਤੇ ਬੋਲਦਿਆਂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਮੇਰਾ ਭਰਾ ਕੰਨਿਆਕੁਮਾਰੀ ਤੋਂ 4-5 ਮਹੀਨੇ ਤੁਰਿਆ। ਉਹ ਜਿੱਥੇ ਵੀ ਗਏ, ਲੋਕ ਉਨ੍ਹਾਂ ਲਈ ਬਾਹਰ ਆ ਗਏ। ਕਿਉਂਕਿ ਇਸ ਦੇਸ਼ ਵਿਚ ਅਜੇ ਵੀ ਇਕ ਜਨੂੰਨ ਹੈ, ਆਪਣੇ ਦੇਸ਼ ਲਈ,ਇਸ ਧਰਤੀ ਲਈ, ਇਸ ਦੀ ਵਿਭਿੰਨਤਾ...
ਭਾਰਤ ਜੋੜੋ ਯਾਤਰਾ ਦੀ ਸਮਾਪਤੀ ਮੌਕੇ ਕਈ ਪਾਰਟੀਆਂ ਨੇ ਕੀਤੀ ਸ਼ਮੂਲੀਅਤ
. . .  17 minutes ago
ਸ੍ਰੀਨਗਰ, 30 ਜਨਵਰੀ- ਭਾਰਤ ਜੋੜੋ ਯਾਤਰਾ ਦੀ ਸਮਾਪਤੀ ’ਤੇ ਰਾਹੁਲ ਅਤੇ ਪ੍ਰਿਅੰਕਾ ਦੇ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਡੀ.ਐਮ.ਕੇ., ਐਨ.ਸੀ., ਪੀ.ਡੀ.ਪੀ., ਸੀ.ਪੀ.ਆਈ., ਆਰ.ਐਸ.ਪੀ. ਅਤੇ ਆਈ.ਯੂ.ਐਮ.ਐਲ. ਦੇ ਨੇਤਾਵਾਂ ਨੇ ਰੈਲੀ ਵਿਚ ਸ਼ਿਰਕਤ..
ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਸਮੇਂ ਦੀ ਬਰਬਾਦੀ- ਕਿਰਨ ਰਿਜਿਜੂ
. . .  22 minutes ago
ਨਵੀਂ ਦਿੱਲੀ, 30 ਜਨਵਰੀ- ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੇ ਪੱਤਰਕਾਰ ਐਨ ਰਾਮ, ਐਡਵੋਕੇਟ ਪ੍ਰਸ਼ਾਂਤ ਭੂਸ਼ਣ ਅਤੇ ਟੀ.ਐਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਦੀ ਪਟੀਸ਼ਨ ’ਤੇ...
ਕੌਮ ਨੂੰ ਅਜਿਹੀ ਯਾਤਰਾ ਦੀ ਲੋੜ ਸੀ- ਉਮਰ ਅਬਦੁੱਲਾ
. . .  20 minutes ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ‘ਭਾਰਤ ਜੋੜੋ ਯਾਤਰਾ’ ਸੰਬੰਧੀ ਕਿਹਾ ਕਿ ਇਹ ਬਹੁਤ ਸਫ਼ਲ ਯਾਤਰਾ ਰਹੀ ਹੈ। ਕੌਮ ਨੂੰ ਇਸ ਦੀ ਲੋੜ ਸੀ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਪਸੰਦ ਕਰਦੇ ਹਨ ਅਤੇ ਅਜਿਹੇ ਲੋਕ ਹਨ ਜੋ ਭਾਜਪਾ ਨੂੰ ਛੱਡ ਕੇ ਨਵੀਂ ਸਰਕਾਰ...
ਦੇਸ਼ ਨੂੰ ਰਾਹੁਲ ਗਾਂਧੀ ਵਿਚ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ- ਮਹਿਬੂਬਾ ਮੁਫ਼ਤੀ
. . .  21 minutes ago
ਸ੍ਰੀਨਗਰ, 30 ਜਨਵਰੀ- ਮਹਿਬੂਬਾ ਮੁਫ਼ਤੀ ਨੇ ‘ਭਾਰਤ ਜੋੜੋ ਯਾਤਰਾ’ ਦੌਰਾਨ ਕਿਹਾ ਕਿ ਰਾਹੁਲ ਤੁਸੀਂ ਕਿਹਾ ਸੀ ਕਿ ਤੁਸੀਂ ਕਸ਼ਮੀਰ ਆਪਣੇ ਘਰ ਆਏ ਹੋ। ਇਹ ਤੁਹਾਡਾ ਘਰ ਹੈ। ਮੈਂ ਉਮੀਦ ਕਰਦੀ ਹਾਂ ਕਿ ਗੋਡਸੇ ਦੀ ਵਿਚਾਰਧਾਰਾ ਨੇ ਜੰਮੂ-ਕਸ਼ਮੀਰ ਤੋਂ ਜੋ ਖੋਹਿਆ ਸੀ, ਉਹ ਇਸ ਦੇਸ਼ ਤੋਂ ਬਹਾਲ ਕੀਤਾ ਜਾਵੇਗਾ। ਗਾਂਧੀ...
ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ- ਕਸਾਬਾ ਕੋਰੋਸੀ
. . .  59 minutes ago
ਨਵੀਂ ਦਿੱਲੀ, 30 ਜਨਵਰੀ- 77ਵੀਂ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਨੇ ਕਿਹਾ ਕਿ ਵਿਸ਼ਵ ਚੁਣੌਤੀਆਂ ’ਤੇ ਭਾਰਤ ਦੀ ਅਗਵਾਈ ਮਿਸਾਲੀ ਰਹੀ ਹੈ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਤੋਂ ਭਾਰਤ ਅਤੇ ਸੰਯੁਕਤ ਰਾਸ਼ਟਰ ਨੇ ਹੱਥ ਨਾਲ ਹੱਥ ਮਿਲ ਕੇ ਯਾਤਰਾ ਕੀਤੀ ਹੈ। ਭਾਰਤ ਸ਼ਾਂਤੀ...
ਕਸ਼ਮੀਰ ਵਿਚ ‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਤੇ ਪਿ੍ਅੰਕਾ ਦੀ ਮਸਤੀ ਦੀਆਂ ਤਸਵੀਰਾਂ ਆਈਆਂ ਸਾਹਮਣੇ
. . .  about 1 hour ago
ਸ੍ਰੀਨਗਰ, 30 ਜਨਵਰੀ- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ੍ਰੀਨਗਰ ਵਿਚ ਪਾਰਟੀ ਦਫ਼ਤਰ ਵਿਚ ਤਿਰੰਗਾ ਲਹਿਰਾਉਣ ਤੋਂ ਬਾਅਦ ਮਸਤੀ ਕਰਦੇ ਹੋਏ ਨਜ਼ਰ...
ਸੁਪਰੀਮ ਕੋਰਟ ਵਲੋਂ ਬੀ.ਬੀ.ਸੀ. ਡਾਕੂਮੈਂਟਰੀ ’ਤੇ ਪਾਬੰਦੀ ਦੀ ਪਟੀਸ਼ਨ ’ਤੇ ਸੁਣਵਾਈ 6 ਫ਼ਰਵਰੀ ਨੂੰ
. . .  about 1 hour ago
ਨਵੀਂ ਦਿੱਲੀ, 30 ਜਨਵਰੀ- ਸੁਪਰੀਮ ਕੋਰਟ ਵਲੋਂ 6 ਫਰਵਰੀ ਨੂੰ ਦੇਸ਼ ਵਿਚ 2002 ਦੇ ਗੁਜਰਾਤ ਦੰਗਿਆਂ ’ਤੇ ਬੀ.ਬੀ.ਸੀ. ਦਸਤਾਵੇਜ਼ੀ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਫ਼ੈਸਲੇ ਦੇ ਖ਼ਿਲਾਫ਼ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ। ਐਡਵੋਕੇਟ ਐਮ.ਐਲ. ਸ਼ਰਮਾ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ...
ਇਟਾਲੀਅਨ ਨੇਵੀ ਵਿਚ ਭਰਤੀ ਹੋਈ ਪੰਜਾਬ ਦੀ ਧੀ ਮਨਰੂਪ ਕੌਰ
. . .  about 1 hour ago
ਵੈਨਿਸ (ਇਟਲੀ), 30ਜਨਵਰੀ (ਹਰਦੀਪ ਸਿੰਘ ਕੰਗ)- ਇਟਲੀ ਤੋਂ ਇਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸੰਬੰਧਿਤ ਅਤੇ ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿਚ ਭਰਤੀ ਹੋ...
ਕਾਂਗਰਸ ਦਫ਼ਤਰ ’ਤੇ ਪਾਰਟੀ ਪ੍ਰਧਾਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਇੱਥੇ ਸਥਿਤ ਕਾਂਗਰਸ ਦਫ਼ਤਰ ’ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਦੱਸ ਦਈਏ ਕਿ ਅੱਜ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ...
ਕਰਨਾਟਕ: ਹੰਪੀ ਉਤਸਵ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਹਮਲਾ
. . .  about 2 hours ago
ਬੈਂਗਲੁਰੂ, 30 ਜਨਵਰੀ- ਬੀਤੇ ਦਿਨ ਹੰਪੀ ਵਿਜੇਨਗਰ ਵਿਖੇ ਹੰਪੀ ਉਤਸਵ ਦੇ ਸਮਾਪਤੀ ਸਮਾਰੋਹ ਦੌਰਾਨ ਗਾਇਕ ਕੈਲਾਸ਼ ਖ਼ੇਰ ’ਤੇ ਕੰਨੜ ਗਾਣੇ ਨਾ ਗਾਉਣ ਕਾਰਨ ਗੁੱਸੇ ਵਿਚ ਲੋਕਾਂ ਵਲੋਂ ਬੋਤਲ ਸੁੱਟੀ ਗਈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ 2 ਵਿਅਕਤੀਆਂ ਨੂੰ ਹਿਰਾਸਤ...
ਜਲਵਾਯੂ ਵਿਚ ਬਦਲਾਅ ਖ਼ੇਤੀਬਾੜੀ ਨੂੰ ਪ੍ਰਭਾਵਿਤ ਕਰਦਾ ਹੈ- ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ
. . .  about 2 hours ago
ਚੰਡੀਗੜ੍ਹ, 30 ਜਨਵਰੀ (ਮਨਜੋਤ ਸਿੰਘ) - ਇੱਥੇ ਜੀ-20 ਸੰਮੇਲਨ ਦਾ ਅੱਜ ਆਗਾਜ਼ ਹੋ ਗਿਆ ਹੈ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਜੀ-20 ਸੰਮੇਲਨ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਵਾਤਾਵਰਨ ਵਿਚ ਬਦਲਾਅ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਲਵਾਯੂ ਵਿਚ ਹੋਣ ਵਾਲਾ ਬਦਲਾਅ...
ਸਰਦੀ ਰੁੱਤ ਦਾ ਪਹਿਲਾ ਮੀਂਹ ਫ਼ਸਲਾਂ ਲਈ ਲਾਹੇਵੰਦ-ਖ਼ੇਤੀ ਮਾਹਿਰ
. . .  about 2 hours ago
ਹੰਡਿਆਇਆ,30ਜਨਵਰੀ (ਗੁਰਜੀਤ ਸਿੰਘ ਖੁੱਡੀ )-ਹੰਡਿਆਇਆ ਇਲਾਕੇ ਵਿਚ ਅੱਜ ਸਵੇਰ ਤੋਂ ਪੈ ਮੀਂਹ ਨਾਲ ਮੌਸਮ ’ਚ ਤਬਦੀਲੀ ਆਈ। ਇਹ ਸਰਦੀ ਰੁੱਤ ਦੀ ਪਹਿਲੀ ਬਰਸਾਤ ਹੈ। ਖ਼ੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਫ਼ਸਲਾਂ ਲਈ...
ਪ੍ਰਧਾਨ ਮੰਤਰੀ ਸਮੇਤ ਹੋਰ ਨੇਤਾਵਾਂ ਵਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ
. . .  about 2 hours ago
ਨਵੀਂ ਦਿੱਲੀ, 30 ਜਨਵਰੀ- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ..
ਸ੍ਰੀਨਗਰ ਵਿਚ ਹੋਈ ਤਾਜ਼ਾ ਬਰਫ਼ਬਾਰੀ
. . .  about 2 hours ago
ਸ੍ਰੀਨਗਰ, 30 ਜਨਵਰੀ- ਜੰਮੂ ਕਸ਼ਮੀਰ ਦੇ ਸ੍ਰੀਨਗਰ ’ਚ ਤਾਜ਼ਾ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਲੋਕ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਇਹ ਬਰਫ਼ ਕਸ਼ਮੀਰ ਦੀ ਪਛਾਣ ਹੈ। ਇਸ ਮਹੀਨੇ ਵਿਚ ਚੰਗੀ ਬਰਫ਼ਬਾਰੀ ਹੁੰਦੀ ਹੈ, ਜਿਸ ਕਾਰਨ...
ਪ੍ਰਧਾਨ ਮੰਤਰੀ ਨੇ ਜੋ ਮੰਤਰ ਦਿੱਤਾ ਉਸ ਨੂੰ ਹਰੇਕ ਤੱਕ ਪਹੁੰਚਾਇਆ ਜਾਵੇਗਾ- ਪੁਸ਼ਕਰ ਸਿੰਘ ਧਾਮੀ
. . .  about 2 hours ago
ਦੇਹਰਾਦੂਨ, 30 ਜਨਵਰੀ- ਭਾਜਪਾ ਦੀ ਸੂਬਾਈ ਕਾਰਜਕਾਰਨੀ ਦੀ ਦੋ ਦਿਨਾਂ ਹੋਈ ਮੀਟਿੰਗ ਤੋਂ ਬਾਅਦ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਕਾਰਜਕਾਰਨੀ ’ਚ ਜੋ ਮੰਤਰ ਦਿੱਤਾ ਹੈ ਉਸ ਨੂੰ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ’ਚ ਆਖ਼ਰੀ ਸਿਰੇ ’ਤੇ ਖੜ੍ਹੇ ਵਿਅਕਤੀ ਤੱਕ ਪਹੁੰਚਾਉਣ ਦਾ...
‘ਭਾਰਤ ਜੋੜੋ ਯਾਤਰਾ’ ਦਾ ਸਮਾਪਤੀ ਸਮਾਗਮ ਅੱਜ
. . .  about 3 hours ago
ਸ੍ਰੀਨਗਰ, 30 ਜਨਵਰੀ- 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਤੋਂ ਬਾਅਦ ਐਤਵਾਰ ਨੂੰ ਸਮਾਪਤ ਹੋਈ ਕਾਂਗਰਸ ਦੀ ਮੈਗਾ ‘ਭਾਰਤ ਜੋੜੋ ਯਾਤਰਾ’ ਅੱਜ ਸ਼੍ਰੀਨਗਰ ’ਚ ਸਮਾਪਤ ਹੋਵੇਗੀ। ਸਮਾਗਮ ਵਿਚ ਸ਼ਾਮਿਲ ਹੋਣ ਲਈ 21 ਪਾਰਟੀਆਂ ਨੂੰ ਸੱਦੇ ਭੇਜੇ ਗਏ ਹਨ, ਜਦੋਂ ਕਿ ਪੰਜ ਸਿਆਸੀ ਪਾਰਟੀਆਂ ਨੇ ਭਾਗ ਨਹੀਂ ਲਿਆ...
ਕੇਂਦਰੀ ਮਾਡਰਨ ਜੇਲ੍ਹ ’ਚੋਂ ਮਿਲੇ 14 ਮੋਬਾਈਲ ਫ਼ੋਨ
. . .  about 3 hours ago
ਫ਼ਰੀਦਕੋਟ , 30 ਜਨਵਰੀ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿਚੋਂ ਕੁੱਲ 14 ਮੋਬਾਈਲ ਫ਼ੋਨ, 2 ਸਿਮ, 1 ਚਾਰਜਰ ਅਤੇ 9 ਜਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਹਨ। ਜੇਲ੍ਹ...
ਮਨੋਹਰ ਲਾਲ ਖੱਟਰ ਪਹੁੰਚੇ ਸ਼ੈਫ਼ਾਲੀ ਵਰਮਾ ਦੇ ਘਰ
. . .  about 3 hours ago
ਚੰਡੀਗੜ੍ਹ, 30 ਜਨਵਰੀ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਰੋਹਤਕ ਵਿਚ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਚੈਂਪੀਅਨ ਟੀਮ ਦੀ ਕਪਤਾਨ ਸ਼ੈਫ਼ਾਲੀ ਵਰਮਾ ਦੇ ਘਰ ਜਾ ਕੇ ਮੁਲਾਕਾਤ ਕੀਤੀ। ਉਹ ਉੱੇਥੇ ਉਨ੍ਹਾਂ ਦੇ ਪਰਿਵਾਰ ਨੂੰ ਮਿਲੇ ਤੇ ਵਧਾਈਆਂ ਦਿੱਤੀਆਂ
ਜੀ-20 ਦੀ ਪ੍ਰਧਾਨਗੀ ਦੇਸ਼ ਲਈ ਮਾਣ ਵਾਲੀ ਗੱਲ- ਨਰਿੰਦਰ ਸਿੰਘ ਤੋਮਰ
. . .  about 3 hours ago
ਚੰਡੀਗੜ੍ਹ, 30 ਜਨਵਰੀ- ਅੰਤਰਰਾਸ਼ਟਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ’ਤੇ ਇੱਥੇ ਇਕ ਪ੍ਰੈਸ ਕਾਨਫ਼ਰੰਸ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ ਅਸੀਂ ਆਪਣੀ ਜੀ-20 ਪ੍ਰਧਾਨਗੀ ਦੇ ਅਧੀਨ ਦੇਸ਼ ਵਿਚ ਸਮਾਗਮਾਂ ਦਾ ਆਯੋਜਨ...
ਲਗਾਤਾਰ ਬਰਫ਼ਬਾਰੀ ਕਾਰਨ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣਾਂ ਵਿਚ ਦੇਰੀ- ਡਾਇਰੈਕਟਰ
. . .  about 3 hours ago
ਸ੍ਰੀਨਗਰ, 30 ਜਨਵਰੀ- ਸ੍ਰੀਨਗਰ ਹਵਾਈ ਅੱਡੇ ਦੇ ਡਾਇਰੈਕਟਰ ਕੁਲਦੀਪ ਸਿੰਘ ਰਿਸ਼ੀ ਨੇ ਲਗਾਤਾਰ ਹੋ ਰਹੀ ਬਰਫ਼ਬਾਰੀ ਦੇ ਚੱਲਦਿਆਂ ਲੋਕਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਸਾਡੀ ਦਿੱਖ ਸਿਰਫ਼ 200 ਮੀਟਰ ਹੈ ਅਤੇ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਅਸੀਂ ਇਕੋ ਸਮੇਂ ਬਰਫ਼ ਨੂੰ...
ਅਡਾਨੀ ਸਮੂਹ ਵਲੋਂ ਦੋਸ਼ਾਂ ਤੋਂ ਇਨਕਾਰ ਕਰਨ ਤੋਂ ਬਾਅਦ ਰਿਸਰਚ ਫ਼ਰਮ ਹਿੰਡਨਬਰਗ ਨੇ ਮੁੜ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 30 ਜਨਵਰੀ- ਅਮਰੀਕੀ ਰਿਸਰਚ ਫ਼ਰਮ ਹਿੰਡਨਬਰਗ ਨੇ ਅਡਾਨੀ ਗਰੁੱਪ ’ਤੇ ਲਗਾਏ ਗਏ ਦੋਸ਼ਾਂ ’ਤੇ ਗਰੁੱਪ ਤੋਂ ਜਵਾਬ ਮਿਲਣ ਤੋਂ ਬਾਅਦ ਮੁੜ ਆਪਣਾ ਜਵਾਬ ਦਿੱਤਾ ਹੈ। ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਸਮੂਹ ਨੇ ਗੌਤਮ ਅਡਾਨੀ ਦੀ ਦੌਲਤ ਦੇ ਵਾਧੇ ਨੂੰ ਭਾਰਤ ਦੀ ਸਫ਼ਲਤਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ...
ਪੁਲਿਸ ਮੁਲਾਜ਼ਮ ਬਣ ਲੜਕੀ ਨਾਲ ਕੀਤਾ ਜਬਰ ਜਨਾਹ, ਗਿ੍ਫ਼ਤਾਰ
. . .  about 4 hours ago
ਮਹਾਰਾਸ਼ਟਰ, 30 ਜਨਵਰੀ- ਠਾਣੇ ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਵਲੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਇਕ 17 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜ਼ਬਰ ਜਨਾਹ ਕੀਤਾ ਗਿਆ। ਮੁਲਜ਼ਮਾਂ ਵਿਚੋਂ ਇਕ ਨੇ ਕਥਿਤ ਤੌਰ ’ਤੇ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਵੀ ਦਿੱਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਕਿਤਾਬਾਂ

20-08-2022

ਲੋਕਧਾਰਾ : ਚਿੰਤਨ ਤੇ ਪੁਨਰ-ਚਿੰਤਨ
ਲੇਖਕ : ਡਾ. ਅਸ਼ਵਨੀ ਕੁਮਾਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 150
ਸੰਪਰਕ : 94179-68112.

ਰੀਵਿਊ ਅਧੀਨ ਕਿਤਾਬ ਲੇਖਕ ਦੀ (ਸ਼ਾਇਦ) ਪਹਿਲੀ ਪੁਸਤਕ ਹੈ। ਉਸ ਨੇ 'ਪੰਜਾਬੀ ਲੋਕ ਕਹਾਣੀਆਂ ਵਿਚਲੀਆਂ ਲੋਕ ਰੂੜ੍ਹੀਆਂ ਦਾ ਸੱਭਿਆਚਾਰਕ ਮਾਨਵ ਵਿਗਿਆਨਕ ਅਧਿਐਨ' ਵਿਸ਼ੇ 'ਤੇ ਪੀ.ਐੱਚ.ਡੀ. ਦਾ ਖੋਜ ਕਾਰਜ ਕੀਤਾ ਹੈ ਤੇ ਇਉਂ ਉਹ ਲੋਕਧਾਰਾ ਦਾ ਇਕ ਗੰਭੀਰ ਪਾਠਕ ਬਣ ਕੇ ਸਾਹਮਣੇ ਆਉਂਦਾ ਹੈ।
ਡਾ. ਅਸ਼ਵਨੀ ਕੁਮਾਰ ਨੇ ਇਸ ਕਿਤਾਬ ਦੇ ਅੱਠ ਅਧਿਆਏ ਬਣਾਏ ਹਨ, ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਉਸ ਨੇ 'ਲੋਕਧਾਰਕ ਸਿਰਜਣਾਵਾਂ ਦੇ ਸੱਭਿਆਚਾਰਕ ਮਾਨਵ ਵਿਗਿਆਨਕ ਅਧਿਐਨ ਦੀ ਵਿਧੀ' ਬਾਰੇ ਆਪਣਾ ਮਤ ਸਪੱਸ਼ਟ ਕੀਤਾ ਹੈ। ਦੂਜੇ ਅਤੇ ਤੀਜੇ ਅਧਿਆਇ ਵਿਚ ਉਸ ਨੇ ਕ੍ਰਮਵਾਰ ਈ. ਬੀ. ਟਾਇਲਰ ਅਤੇ ਜੇਮਜ਼ ਫਰੇਜ਼ਰ ਦੇ ਸਿਧਾਂਤ ਚਿੰਤਨਾਂ ਨੂੰ ਪੇਸ਼ ਕੀਤਾ ਹੈ। ਅਗਲੇ ਤਿੰਨ ਅਧਿਆਇ (ਚੌਥਾ, ਪੰਜਵਾਂ ਅਤੇ ਛੇਵਾਂ) ਕ੍ਰਮਵਾਰ ਡਾ. ਵਣਜਾਰਾ ਬੇਦੀ, ਡਾ. ਭੁਪਿੰਦਰ ਸਿੰਘ ਖਹਿਰਾ ਅਤੇ ਡਾ. ਨਾਹਰ ਸਿੰਘ ਦੀਆਂ ਪ੍ਰਮੁੱਖ ਲੋਕ ਬਿਰਤਾਂਤਕ ਧਾਰਨਾਵਾਂ ਬਾਰੇ ਹਨ। ਸੱਤਵੇਂ ਅਧਿਆਇ ਵਿਚ ਜਨਮ ਸਾਖੀਆਂ ਵਿਚ ਲੋਕ-ਰੂੜ੍ਹੀਆਂ ਦਾ ਲੋਕਧਾਰਾਈ ਅਧਿਐਨ ਕੀਤਾ ਹੈ। ਜਦਕਿ ਅੰਤਿਮ (ਅੱਠਵੇਂ) ਅਧਿਆਇ ਵਿਚ ਪੂਰਨ ਭਗਤ ਦੇ ਕਿੱਸੇ ਵਿਚਲੇ 'ਸੁੱਕੇ ਬਾਗ਼ ਦਾ ਹਰਾ ਹੋਣਾ' ਲੋਕ-ਰੂੜ੍ਹੀ ਦਾ ਸੱਭਿਆਚਾਰਕ ਮਾਨਵ ਵਿਗਿਆਨ ਅਧਿਐਨ ਕੀਤਾ ਗਿਆ ਹੈ। ਪੁਸਤਕ ਦੇ ਪਿਛਲੇਰੇ ਦੋਵੇਂ ਅਧਿਆਇ ਲੇਖਕ ਦੀ ਮੌਲਿਕਤਾ ਦੇ ਪਰਿਚਾਇਕ ਹਨ, ਜਦਕਿ ਇਨ੍ਹਾਂ ਤੋਂ ਪਹਿਲੇ ਅਧਿਆਇਆਂ ਵਿਚ ਸੰਬੰਧਿਤ ਲੇਖਕਾਂ ਦੀਆਂ ਧਾਰਨਾਵਾਂ ਦਾ ਹੀ ਵਰਨਣ ਮਿਲਦਾ ਹੈ। ਲੇਖਕ ਨੇ ਈ. ਬੀ. ਟਾਇਲਰ, ਫਰੇਜ਼ਰ, ਵਣਜਾਰਾ ਬੇਦੀ ਅਤੇ ਡਾ. ਖਹਿਰਾ ਦੇ ਸਿਧਾਂਤ ਨੂੰ ਕ੍ਰਮਵਾਰ ਸੱਭਿਆਚਾਰ ਸਿਧਾਂਤ, ਜਾਦੂ ਚਿੰਤਨ, ਲੋਕ ਬਿਰਤਾਂਤ ਅਤੇ ਲੋਕ ਕਥਾਵਾਂ ਵਜੋਂ ਅਧਿਐਨ ਨੂੰ ਵਿਸ਼ਾ ਬਣਾਇਆ ਹੈ। ਜਦ ਕਿ ਨਾਹਰ ਸਿੰਘ ਦੀ ਪੁਸਤਕ 'ਮਾਂ ਸੁਹਾਗਣ ਸ਼ਗਨ ਕਰੇ' ਦੀਆਂ ਪ੍ਰਮੁੱਖ ਧਾਰਨਾਵਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਗਈ ਹੈ।
ਡਾ. ਅਸ਼ਵਨੀ ਦਾ ਮੱਤ ਹੈ ਕਿ ਮਾਰਕਸਵਾਦੀ ਮਾਨਵ ਵਿਗਿਆਨੀ ਮਨੁੱਖ ਦਾ ਵਿਕਾਸ ਪਦਾਰਥ ਦੇ ਦਵੰਦਾਤਮਿਕ ਰਿਸ਼ਤੇ ਵਿਚੋਂ ਭਾਲਣ ਦੀ ਕੋਸ਼ਿਸ਼ ਕਰਦੇ ਹਨ। ਏਂਗਲਜ਼ ਦੀ ਪੁਸਤਕ 'ਟੱਬਰ, ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ' ਪਹਿਲੀ ਮਾਰਕਸਵਾਦੀ ਪੁਸਤਕ ਹੈ, ਜਿਸ ਵਿਚ ਮਾਨਵ ਵਿਗਿਆਨਕ ਸਮੱਗਰੀ ਨੂੰ ਮੁੱਖ ਰੱਖਿਆ ਗਿਆ ਹੈ। ਡਾ. ਅਸ਼ਵਨੀ ਦੀ ਇਸ ਪੁਸਤਕ ਰਾਹੀਂ ਪੰਜਾਬ ਦੀ ਲੋਕਧਾਰਾ ਦੇ ਸਿਧਾਂਤਕ ਅਤੇ ਵਿਹਾਰਕ ਕਾਰਜਾਂ ਨੂੰ ਸਮਝਿਆ ਅਤੇ ਜਾਣਿਆ ਜਾ ਸਕਦਾ ਹੈ। ਇਹ ਪੁਸਤਕ ਮਹਿਜ਼ ਸਤਹੀ ਕਿਸਮ ਦੀ ਜਾਣਕਾਰੀ ਪ੍ਰਦਾਨ ਨਹੀਂ ਕਰਦੀ, ਸਗੋਂ ਇਸ ਨੂੰ ਖੋਜ ਦੀ ਦ੍ਰਿਸ਼ਟੀ ਤੋਂ ਹਵਾਲੇ ਤੇ ਟਿੱਪਣੀਆਂ ਦੇ ਕੇ ਆਲੋਚਨਾਤਮਿਕ ਪੁਸਤਕ ਵਜੋਂ ਗ੍ਰਹਿਣ ਕੀਤਾ ਜਾ ਸਕਦਾ ਹੈ। ਲੋਕਧਾਰਾ ਬਾਰੇ ਪੰਜਾਬੀ ਵਿਚ ਲਿਖੀ ਇਸ ਬਹੁਤ ਗਹਿਰ-ਗੰਭੀਰ ਤੇ ਖੋਜ-ਪੁਸਤਕ ਦਾ ਸਵਾਗਤ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

ਪੀੜ ਦੀ ਉਡੀਕ
ਲੇਖਕ : ਕ੍ਰਿਸ਼ਨ ਸ਼ਰਮਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 210
ਇ.ਮੇਲ : krishansharma19@gmail.com


ਸ੍ਰੀ ਕ੍ਰਿਸ਼ਨ ਸ਼ਰਮਾ ਇਕ ਬਹੁਵਿਧਾਈ ਅਤੇ ਬਹੁਭਾਸ਼ੀ ਲੇਖਕ ਹੈ। ਉਹ ਕਵਿਤਾ, ਕਹਾਣੀ, ਨਾਵਲ, ਨਾਟਕ ਅਤੇ ਗੀਤ ਆਦਿ ਰੂਪਾਕਾਰਾਂ ਉੱਪਰ ਕਲਮ ਅਜ਼ਮਾਈ ਕਰਦਾ ਹੈ। ਪੰਜਾਬੀ ਤੋਂ ਬਿਨਾਂ ਉਹ ਹਿੰਦੀ, ਉਰਦੂ ਅਤੇ ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਵੀ ਲਿਖਦਾ ਰਿਹਾ ਹੈ। ਹਥਲਾ ਨਾਵਲ ਉੱਤਮ ਪੁਰਖ ਸ਼ੈਲੀ ਵਿਚ ਲਿਖਿਆ ਗਿਆ ਹੈ, ਜਿਸ ਵਿਚ ਲੇਖਕ ਅਜੋਕੇ ਦੌਰ ਵਿਚ ਮਰਦ-ਔਰਤ ਦੇ ਪ੍ਰੇਮ-ਸੰਬੰਧਾਂ ਨੂੰ ਬਿਆਨ ਕਰਦਾ ਹੈ। ਜਿਵੇਂ-ਜਿਵੇਂ ਆਧੁਨਿਕ ਵਿਅਕਤੀ ਇਕੱਲਾ ਅਤੇ ਖੰਡਿਤ ਹੁੰਦਾ ਗਿਆ ਹੈ, ਤਿਵੇਂ-ਤਿਵੇਂ ਪ੍ਰੇਮ ਦੇ ਮਾਧਿਅਮ ਨਾਲ, ਦੂਸਰਿਆਂ ਸੰਗ ਜੁੜਨ ਦੀ ਉਸ ਦੀ ਤਾਂਘ, ਪ੍ਰਬਲ ਹੁੰਦੀ ਗਈ ਹੈ।
ਇਹ ਨਾਵਲ ਬਿਰਤਾਂਤਕਰਤਾ ਏਕਮ ਸ਼ਰਮਾ ਦੀ ਚੜ੍ਹਦੀ ਜਵਾਨੀ ਦੇ ਸਮੇਂ ਤੋਂ ਸ਼ੁਰੂ ਹੋ ਜਾਂਦਾ ਹੈ। ਏਕਮ ਸ਼ਰਮਾ ਸਮਾਣੇ ਦੇ ਕਾਲਜ ਵਿਚ ਗਿਆਰ੍ਹਵੀਂ (ਨਾਨ-ਮੈਡੀਕਲ) ਦਾ ਵਿਦਿਆਰਥੀ ਸੀ, ਜੋ ਘਰੋਂ ਸਰਦਾ-ਪੁੱਜਦਾ ਹੋਣ ਕਰਕੇ ਬੇਪ੍ਰਵਾਹ ਕਿਸਮ ਦਾ ਨੌਜਵਾਨ ਸੀ। ਪਰ ਉਸ ਦੀ ਇਕ ਸੁੰਦਰ ਅਤੇ ਪ੍ਰਤਿਭਾਸ਼ੀਲ ਸਹਿਪਾਠਣ ਰਸ਼ਮੀ, ਉਸ ਨੂੰ ਇਕ ਮਿਹਨਤੀ ਅਤੇ ਸੰਵੇਦਨਸ਼ੀਲ ਵਿਅਕਤੀ ਬਣਾ ਦਿੰਦੀ ਹੈ। ਨੌਕਰੀ ਕਰਨ ਵਾਸਤੇ ਉਹ ਮੁੰਬਈ ਪਹੁੰਚ ਜਾਂਦਾ ਹੈ ਅਤੇ ਇਥੇ ਆਪਣੀ ਹੀ ਕੰਪਨੀ ਵਿਚ ਕੰਮ ਕਰਨ ਵਾਲੀ ਇਕ ਮੁਟਿਆਰ ਦੀਪਤੀ ਪਾਠਕ ਨਾਲ ਉਸ ਦੇ ਸੰਬੰਧ ਬਣ ਜਾਂਦੇ ਹਨ। ਦੀਪਤੀ ਤੋਂ ਬਾਅਦ ਨਿਧੀ ਗੋਇਲ, ਅਨੁਪ੍ਰਿਆ ਅਤੇ ਸ਼ਮਰੀਨ ਉਸ ਦੇ ਜੀਵਨ ਵਿਚ ਆਉਣ ਵਾਲੀਆਂ ਕੁਝ ਹੋਰ ਮੁਟਿਆਰਾਂ ਹਨ। ਆਖਿਰ ਸ਼ਮਰੀਨ ਨਾਲ ਉਹ ਸੈਟਲ ਹੋ ਜਾਂਦਾ ਹੈ। ਉਸ ਦਾ ਇਕਲਾਪਾ ਅਤੇ ਤਨਹਾਈ ਮਿਟ ਜਾਂਦੇ ਹਨ।
ਭਾਰਤ ਵਿਚ ਮੁੰਡੇ-ਕੁੜੀਆਂ ਦੇ ਮਾਪੇ ਮਰਨ ਤੱਕ ਉਨ੍ਹਾਂ ਦਾ ਖਹਿੜਾ ਨਹੀਂ ਛੱਡਦੇ, ਉਨ੍ਹਾਂ ਨੂੰ ਮਨਮਰਜ਼ੀ ਦਾ ਜੀਵਨ ਨਹੀਂ ਜੀਣ ਦਿੰਦੇ। ਕਿਧਰੇ ਜਾਤ-ਪਾਤ, ਕਿਧਰੇ ਦੇਸ਼-ਕੁਦੇਸ਼, ਕਿਧਰੇ ਸਮਾਜਿਕ ਰੁਤਬਾ ਅਤੇ ਕਿਧਰੇ ਕੋਈ ਹੋਰ ਅੜਿੱਕਾ ਡਾਹ ਕੇ ਉਨ੍ਹਾਂ ਦੇ ਜੀਵਨ ਵਿਚ ਕੰਡੇ ਬੀਜ ਦਿੰਦੇ ਹਨ। ਮੁੰਡੇ ਤਾਂ ਕਈ ਵਾਰ ਖਹਿੜਾ ਛੁਡਾ ਲੈਂਦੇ ਹਨ ਪਰ ਕੁੜੀਆਂ ਆਜ਼ਾਦ ਨਹੀਂ ਹੋ ਸਕਦੀਆਂ। ਲੇਖਕ ਨੇ ਨਾਵਲੀ ਪਾਠ ਨੂੰ ਬੜੀ ਕੁਸ਼ਲਤਾ ਨਾਲ ਤਿਆਰ ਕੀਤਾ ਹੈ। ਪਾਠ ਦੇ ਦਰਮਿਆਨ, ਵਿੱਥਾਂ ਪੂਰਨ ਲਈ ਲੇਖਕ ਨੇ ਕਾਵਿ-ਟੁਕੜੀਆਂ ਦਾ ਸੁੰਦਰ ਪ੍ਰਯੋਗ ਕੀਤਾ ਹੈ। ਅਜੋਕੀ ਪੀੜ੍ਹੀ ਲਈ ਇਹ ਇਕ ਬੜੀ ਰੌਚਕ ਅਤੇ ਦਿਲਚਸਪ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਗੁੱਸੇ-ਗ਼ਿਲੇ
ਲੇਖਕ : ਮੰਗਲ ਹਠੂਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98152-43917.

ਗੀਤਾਂ ਦੀ ਪੁਸਤਕ 'ਗੁੱਸੇ-ਗ਼ਿਲੇ' ਵਿਚ ਗੀਤਾਂ ਦੇ ਲੇਖਕ ਮੰਗਲ ਹਠੂਰ ਨੇ ਇਸ ਪੁਸਤਕ ਵਿਚ 70 ਗੀਤਾਂ ਦਾ ਜ਼ਿਕਰ ਆਪਣੀ ਲੇਖਣੀ ਨਾਲ ਕੀਤਾ ਹੈ ਅਤੇ ਇਨ੍ਹਾਂ ਦਾ ਸਮਰਪਣ ਪੰਜਾਬੀ ਸਾਹਿਤ ਨੂੰ ਚਾਹੁੰਣ ਵਾਲਿਆਂ ਦੇ ਨਾਂਅ ਕੀਤਾ ਹੈ। ਮੰਗਲ ਹਠੂਰ ਨੇ ਇਸ ਪੁਸਤਕ ਤੋਂ ਇਲਾਵਾ ਪੰਜਾਬੀ ਵਿਰਸਾ, ਸੱਜਣਾਂ ਦਾ ਖੂਹ, ਮੈਂ ਇਕ ਧੀ ਹਾਂ ਆਦਿ ਗੀਤਾਂ ਦੀਆਂ ਪੁਸਤਕਾਂ ਵੀ ਲਿਖੀਆਂ ਹਨ ਅਤੇ ਸਬਰ, ਜ਼ਖ਼ਮੀ ਪਲ, ਜੜ੍ਹਾਂ, ਰੰਗ ਬਦਲਦੇ ਰਿਸ਼ਤੇ ਅਤੇ ਪਰਛਾਵੇਂ ਆਦਿ ਨਾਵਲ ਵੀ ਲਿਖੇ ਹਨ। ਇਸੇ ਪੁਸਤਕ ਵਿਚ ਕਈ ਪੰਨਿਆਂ 'ਤੇ ਤਸਵੀਰਾਂ ਰਾਹੀਂ ਲੇਖਕ ਨੇ ਆਪਣੀਆਂ ਪ੍ਰਾਪਤੀਆਂ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਮੂੰਹੋਂ ਬੋਲਦੀਆਂ ਹਨ। ਪੁਸਤਕ ਵਿਚਲੇ ਕੁਝ ਗੀਤਾਂ ਨੂੰ ਗਾਇਕਾਂ ਨੇ ਗਾਇਆ ਵੀ ਹੈ। ਲੇਖਕ ਨੇ ਆਪਣੇ ਗੀਤਾਂ ਵਿਚ ਅਨੇਕਾਂ ਵਿਸ਼ਿਆਂ ਨੂੰ ਛੋਹ ਕੇ ਆਪਣੀ ਲਿਖਤ ਨੂੰ ਦਰਸਾ ਦਿੱਤਾ ਹੈ। ਦਿੱਲੀ ਦੇ ਆਸ-ਪਾਸ ਕਿਸਾਨੀ ਮੋਰਚੇ ਪ੍ਰਤੀ ਸਿੰਘਾਂ ਨੇ ਦਿੱਲੀ ਘੇਰ ਲਈ, ਕਿਸਾਨ ਮੋਰਚਾ, ਕਿਸਾਨ ਮੋਰਚਾ ਛੱਲਾ ਆਦਿ ਗੀਤ ਲਿਖ ਕੇ ਆਪ ਮਨ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਹੈ। ਕੋਰੋਨਾ ਦਾ ਕਰੋਪ ਗੀਤ ਵਿਚ ਇਸ ਬਿਮਾਰੀ ਪ੍ਰਤੀ ਦੁਹਾਈ ਪਾਈ ਹੈ ਅਤੇ ਰੱਬ ਤੋਂ ਦੁਆ ਮੰਗੀ ਹੈ ਕਿ ਇਸ ਕੋਰੋਨਾ ਤੋਂ ਸਭ ਨੂੰ ਬਚਾਈਂ। ਮਾਂ ਸਭ ਤੋਂ ਸੋਹਣੀ, ਮਾਂ ਦੀ ਗੋਦ ਗੀਤਾਂ ਦੇ ਵਿਚ ਮਾਂ ਦਾ ਪਿਆਰ ਤੇ ਨਿੱਘ ਦਾ ਚੰਗੀ ਸ਼ਬਦਾਵਲੀ ਦੇ ਰਾਹੀਂ ਕਲਾਮਈ ਢੰਗ ਨਾਲ ਕੀਤਾ ਹੈ। ਦੁਨੀਆ, ਰੰਗ ਦੁਨੀਆ ਦੇ ਗੀਤਾਂ ਵਿਚ ਦੁਨੀਆਦਾਰੀ ਦਾ ਆਪਣੇ ਢੰਗ ਨਾਲ ਜ਼ਿਕਰ ਕੀਤਾ ਹੈ। ਇਹ ਗੱਲ ਜ਼ਰੂਰ ਹੈ ਕਿ ਵੱਖ-ਵੱਖ ਵਿਸ਼ਿਆਂ ਪ੍ਰਤੀ ਲੇਖਕ ਦੀ ਚੰਗੀ ਪਕੜ ਹੈ ਅਤੇ ਉਨ੍ਹਾਂ ਨੂੰ ਕਿਵੇਂ ਪੇਸ਼ ਕਰਨਾ ਹੈ, ਇਸ ਦੀ ਵੀ ਲੇਖਕ ਕਾਫੀ ਸੂਝ ਹੈ। ਕਈ ਗੀਤਾਂ ਵਿਚ ਲੇਖਕ ਦੀ ਭਾਵੁਕਤਾ ਦੀ ਝਲਕ ਵੀ ਵਿਖਾਈ ਦਿੰਦੀ ਹੈ ਕਿਉਂਕਿ ਜਦੋਂ ਲੇਖਕ ਕੋਈ ਰਚਨਾ ਲਿਖਦਾ ਹੈ ਤਾਂ ਉਸ ਦਾ ਰੰਗ ਹੀ ਵੱਖਰਾ ਹੋ ਜਾਂਦਾ ਹੈ। ਗੀਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇਕ ਇਕ ਸ਼ਬਦ ਦਾ ਦਾਇਰਾ ਵੇਖਣਾ ਹੁੰਦਾ ਹੈ। ਇਨ੍ਹਾਂ ਸਾਰਿਆਂ ਪ੍ਰਤੀ ਲੇਖਕ ਆਪ ਭਲੀਭਾਂਤ ਜਾਗਰੂਕ ਹੈ। ਪੁਸਤਕ ਵਿਚਲੇ ਸਾਰੇ ਗੀਤ ਹੀ ਵਧੀਆ ਹਨ ਪਰ ਫਿਰ ਵੀ ਬਾਬੇ, ਸ਼ਹੀਦ ਫ਼ੌਜੀ ਜਵਾਨ, ਹਾਏ ਓ ਰੱਬਾ, ਯਾਦਾਂ, ਰਿਸ਼ਤਾ, ਜ਼ਿੰਦਗੀ, ਵਿਆਜ, ਮਿਰਜ਼ਾ ਦੀ ਮੌਤ, ਮਜ਼ਦੂਰ, ਅਸਲੀ ਯਾਰ ਆਦਿ ਗੀਤ ਦਿਲ ਨੂੰ ਟੁੰਬਦੇ ਹਨ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990

ਭਾਰਤ ਦਾ ਗੌਰਵ
ਸ਼ਹੀਦ ਊਧਮ ਸਿੰਘ
ਸੰਪਾਦਕ : ਪ੍ਰਿੰ. ਪਾਖਰ ਸਿੰਘ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 250 ਰੁਪਏ, 20, ਸਫ਼ੇ : 157
ਸੰਪਰਕ : 98729-91780.

'ਭਾਰਤ ਦਾ ਗੌਰਵ ਸ਼ਹੀਦ ਊਧਮ ਸਿੰਘ' ਪੁਸਤਕ ਪ੍ਰਿੰਸੀਪਲ ਪਾਖਰ ਸਿੰਘ ਵਲੋਂ ਸੰਪਾਦਿਤ ਕੀਤੀ ਗਈ ਹੈ। ਇਸ ਵਿਚ ਉਸ ਨੇ ਆਪਣੇ ਲੇਖ ਅਣਖੀ ਯੋਧਾ ਸ਼ਹੀਦ ਊਧਮ ਸਿੰਘ (ਨਿਬੰਧ) ਦੇ ਨਾਲ-ਨਾਲ ਗਿਆਨੀ ਅਜੀਤ ਸਿੰਘ ਫ਼ਤਹਿਪੁਰੀ, ਡਾ. ਸ਼ਰਨਜੀਤ ਕੌਰ ਚੰਡੀਗੜ੍ਹ, ਗੁਰਜੀਤ ਸਿੰਘ, ਹਰਜੀਤ ਬੇਦੀ ਕੈਨੇਡਾ, ਦਾਨ ਸਿੰਘ ਕੋਮਲ, ਕਿਰਪਾਲ ਸਿੰਘ ਦਰਦੀ, ਨਾਨਕ ਸਿੰਘ ਨਾਵਲਕਾਰ, ਸੁਖਚੈਨ ਸਿੰਘ, ਬਾਬਾ ਨਜ਼ਮੀ, ਸੁਰਿੰਦਰ ਕੋਛੜ, ਪ੍ਰਿੰਸੀਪਲ ਗਿਆਨ ਸਿੰਘ ਕੈਨੇਡਾ, ਪ੍ਰੋ. ਕਮਲਜੀਤ ਸਿੰਘ, ਡਾ. ਸੁਖਦੇਵ ਸਿੰਘ ਝੰਡ ਕੈਨੇਡਾ, ਡਾ. ਵਰਿੰਦਰ ਕੌਰ ਭਾਟੀਆ, ਗੁਰਦੇਵ ਸਿੰਘ ਮਾਨ ਕੈਨੇਡਾ, ਪ੍ਰੋ. ਮਦਨ ਸਿੰਘ ਬੰਗਾ, ਇਕਬਾਲ, ਮਨਜੀਤ ਸਿੰਘ ਝੱਮਟ ਕੈਨੇਡਾ, ਡਾ. ਗੁਰਚਰਨ ਸਿੰਘ ਦੇ ਨਿਬੰਧਾਂ, ਕਵਿਤਾਵਾਂ, ਬੈਂਤਾਂ ਨੂੰ ਵੀ ਸ਼ਾਮਿਲ ਕੀਤਾ ਹੈ। ਰੋਮਨ ਲਿੱਪੀ ਵਿਚ ਸੰਖੇਪ ਜੀਵਨੀ ਅਤੇ ਮਿਸਟਰ ਐਟਕਿਨਸਨ ਦੇ ਸਾਹਮਣੇ ਦਿੱਤਾ ਸ. ਊਧਮ ਸਿੰਘ ਦਾ ਬਿਆਨ ਵੀ ਦਰਜ ਹੈ। ਇਸ ਪੁਸਤਕ ਦਾ ਪ੍ਰਮੁੱਖ ਮਨੋਰਥ ਸ. ਊਧਮ ਸਿੰਘ ਦੀ ਸੁਤੰਤਰਤਾ ਸੰਗਰਾਮ ਵਿਚ ਦਿੱਤੀ ਲਾਸਾਨੀ ਕੁਰਬਾਨੀ ਦੇ ਨਾਲ-ਨਾਲ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾਉਣਾ ਹੈ। ਸਮੂਹ ਲੇਖਕਾਂ ਵਲੋਂ ਉਸ ਨੂੰ 'ਅਣਖੀ', 'ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲਾ', 'ਇਨਕਲਾਬੀ', 'ਕੌਮੀ ਅਣਖ ਦਾ ਪ੍ਰਤੀਕ', 'ਭਾਰਤ ਦਾ ਮਹਾਨ ਸਪੂਤ', 'ਭਾਰਤ ਦੀ ਅਣਖ ਦਾ ਰਾਖਾ' ਆਦਿ ਕਹਿ ਕੇ ਸਲਾਹਿਆ ਗਿਆ ਹੈ। ਅਜੋਕੇ ਪ੍ਰਬੰਧ ਵਲੋਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਨੂੰ ਨਾ ਸਿਰਜ ਸਕਣ ਦੇ ਮਸਲੇ ਨੂੰ ਵੀ ਉਭਾਰਿਆ ਗਿਆ ਹੈ। ਇਸ ਪ੍ਰਸੰਗ ਵਿਚ ਸ. ਊਧਮ ਸਿੰਘ ਦਾ ਜੱਜ ਐਟਕਿਨਸਨ ਦੇ ਸਾਹਮਣੇ ਦਿੱਤਾ ਬਿਆਨ ਮਹੱਤਵਪੂਰਨ ਹੈ : 'ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਮੇਰੇ ਵਾਸਤੇ ਕੁਝ ਵੀ ਨਹੀਂ ਹੈ। ਮੈਨੂੰ ਮਰ ਜਾਣ ਦੀ ਵੀ ਕੋਈ ਪਰਵਾਹ ਨਹੀਂ। ਇਸ ਬਾਰੇ ਮੈਨੂੰ ਕੋਈ ਫ਼ਿਕਰ ਨਹੀਂ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ। ਮੈਨੂੰ ਮਰਨ 'ਤੇ ਮਾਣ ਹੈ। ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮੈਨੂੰ ਮਰਨ 'ਤੇ ਵੀ ਮਾਣ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਗਿਆ ਤਾਂ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ ਅਤੇ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅੱਗੇ ਆਉਣਗੇ।'
ਇਸ ਪੁਸਤਕ ਰਾਹੀਂ ਅਜਿਹੇ ਦਸਤਾਵੇਜ਼ਾਂ ਦੀ ਆਮ ਪਾਠਕ ਤੱਕ ਪਹੁੰਚ ਸ. ਊਧਮ ਸਿੰਘ ਅਤੇ ਹੋਰਨਾਂ ਅਨੇਕਾਂ ਦੇਸ਼-ਭਗਤਾਂ ਦੇ ਦ੍ਰਿੜ੍ਹ ਇਰਾਦਿਆਂ ਤੇ ਉਨ੍ਹਾਂ ਦੇ ਮੰਤਵਾਂ ਦੀ ਸਹੀ ਜਾਣਕਾਰੀ ਦੇ ਕੇ ਕਰੋੜਾਂ ਭਾਰਤੀਆਂ ਅੰਦਰ ਸੁਤੰਤਰਤਾ, ਸਮਾਨਤਾ, ਭਾਈਚਾਰੇ ਅਤੇ ਸਵੈ-ਮਾਣ ਦੀਆਂ ਭਾਵਨਾਵਾਂ ਨੂੰ ਜਾਗਰਿਤ ਅਤੇ ਊਰਜਿਤ ਕਰੇਗੀ। ਪ੍ਰਿੰਸੀਪਲ ਪਾਖਰ ਸਿੰਘ (ਮੇਰੇ ਗੁਰੂ ਜੀ) ਵਧਾਈ ਦੇ ਪਾਤਰ ਹਨ, ਜਿਨ੍ਹਾਂ ਜਾਣਕਾਰੀ ਭਰਪੂਰ ਪੁਸਤਕ ਪੰਜਾਬੀ ਪਾਠਕਾਂ ਦੀ ਝੋਲੀ ਪਾਈ ਹੈ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

ਗੁਰਬਾਣੀ ਇਕ ਜੀਵਨ-ਜਾਂਚ
ਲੇਖਕ : ਸੁਖਦੇਵ ਸਿੰਘ ਸ਼ਾਂਤ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ, ਪਟਿਆਲਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 98149-01254.

ਹਥਲੀ ਕਿਤਾਬ ਗੁਰਬਾਣੀ ਇਕ ਜੀਵਨ ਜਾਂਚ ਵਿਚ ਲੇਖਕ ਨੇ ਕੁੱਲ 26 ਲੇਖ ਸ਼ਾਮਿਲ ਕੀਤੇ ਹਨ। ਪਹਿਲੇ ਭਾਗ ਵਿਚ 14 ਅਤੇ (ਅ) ਭਾਗ ਵਿਚ 12 ਲੇਖ ਸ਼ਾਮਿਲ ਹਨ।
ਪਹਿਲੇ 14 ਲੇਖਾਂ ਵਿਚ ਗੁਰਮਤਿ ਦੇ ਵੱਖ-ਵੱਖ ਸਿਧਾਂਤਾਂ ਅਤੇ ਸੰਕਲਪਾਂ ਦੇ ਵਿਸ਼ੇ ਲਏ ਗਏ ਹਨ। ਜਿਨ੍ਹਾਂ ਵਿਚ ਮਨੁੱਖ ਆਤਮਾ ਕਿ ਸਰੀਰ? 'ਆਪੁ ਪਛਾਣੈ ਸੋ ਸਭਿ ਗੁਣ ਜਾਣੈ॥, ਸੁਚਿ ਹੋਵੈ ਤਾ ਸਚੁ ਪਾਈਐ॥, ਸਚੁ ਸਭਨਾ ਹੋਇ ਦਾਰੂ, ਗੁਰਮਤਿ ਅਤੇ ਤਿਆਗ, ਸੰਗਤ ਅਤੇ ਮਨੁੱਖੀ ਵਿਕਾਸ, ਵਿੱਦਿਆ ਦਾ ਮਨੋਰਥ, ਭੈ ਕਾਹੂ ਕਉ ਦੇਤ ਨਹਿ, ਹਿੰਦੂ ਤੁਰਕ ਦੁਹੂੰ ਮਹਿ ਏਕੈ, ਸੋ ਕਿਉ ਮੰਦਾ ਆਖੀਐ, ਸਿੱਖ ਸੱਭਿਆਚਾਰ ਅਤੇ ਬਾਣੀ, ਗੁਰਬਾਣੀ ਅਤੇ ਵਿਸ਼ਵ ਭਾਈਚਾਰਾ, ਗੁਰਬਾਣੀ ਵਿਚ ਕਿਰਤ ਦੀ ਮਹੱਤਤਾ ਅਤੇ 'ਨਾਨਕ ਚਿੰਤਾ ਮਤਿ ਕਰਹੁ' ਇਸੇ ਤਰ੍ਹਾਂ (ਅ) ਭਾਗ ਵਿਚ 12 ਲੇਖ ਗੁਰਬਾਣੀ ਅਧਿਐਨ ਨਾਲ ਸੰਬੰਧਿਤ ਕਿਤਾਬ ਦਾ ਹਿੱਸਾ ਬਣੇ ਹਨ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਵੀਂ ਸਦੀ ਵਿਚ ਮਹੱਤਵ, ਗੁਰੂ ਨਾਨਕ ਦੇਵ ਜੀ ਦੀ ਅਦਭੁੱਤ ਰਚਨਾ ਮੂਲਮੰਤਰ, ਜਪੁ ਜੀ ਬਾਣੀ ਵਿਚ ਰੱਹਸਵਾਦ, ਜਪੁ ਜੀ ਵਿਚ ਪੰਜ ਖੰਡਾਂ ਦੀ ਅਧਿਆਤਮਿਕ ਯਾਤਰਾ, ਬਾਣੀ ਸਿਧ ਗੋਸਿਟ ਵਿਚ ਸੰਵਾਦ ਦੀ ਜਾਚ, ਅਨੰਦਬਾਣੀ ਵਿਚ ਅਨੰਦ ਦਾ ਸੰਕਲਪ, ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਪ੍ਰਭੂ ਪ੍ਰੀਤ ਦਾ ਰਹੱਸਵਾਦੀ ਵਰਨਣ, ਸ੍ਰੀ ਗੁਰੂ ਰਾਮਦਾਸ ਜੀ ਦੀ ਨਾਵਾਂ ਬਾਰੇ ਬਾਣੀ, ਸੁਖਮਨੀ ਸਾਹਿਬ ਦਾਰਸ਼ਨਿਕ ਦ੍ਰਿਸ਼ਟੀਕੋਣ, ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਵਿਚ ਮਨ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਜਗਤ ਪ੍ਰਤੀ ਦ੍ਰਿਸ਼ਟੀਕੋਣ, ਅਤੇ ਭੱਟ ਸਾਹਿਬਾਨ ਦੀ ਬਾਣੀ, ਸਵੱਈਏ। ਇਹ ਸਾਰੇ ਨਿਬੰਧ ਗੁਰਬਾਣੀ ਦੀ ਗੂੜ੍ਹ ਵਿਆਖਿਆ ਨਾਲ ਲਬਰੇਜ਼ ਹਨ।
ਪੁਸਤਕ ਲੇਖਕ ਗੁਰਬਾਣੀ ਦਾ ਗੋਹਝ ਗਿਆਨੀ ਹੈ ਵਿਸ਼ੇ ਬਹੁਤ ਸੂਝ ਨਾਲ ਚੋਣ ਕਰ ਕੇ ਪੁਸਤਕ ਨੂੰ ਮਿਆਰੀ ਬਣਾਇਆ ਹੈ। ਭਾਵੇਂ ਇਹ ਸਾਰੇ ਨਿਬੰਧ ਪਹਿਲਾਂ ਧਾਰਮਿਕ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਪਰ ਪੁਸਤਕ ਰੂਪ ਵਿਚ ਪਾਠਕਾਂ, ਧਰਮ ਖੋਜਾਰਥੀਆਂ ਲਈ ਬਹੁਤ ਲਾਭਦਾਇਕ ਹੈ। ਲੇਖਕ ਗੁਰਮਤਿ ਸਾਹਿਤ ਦੀਆਂ ਦੋ ਪੁਸਤਕਾਂ, ਪੰਜ ਬਾਲ ਸਾਹਿਤ ਉੱਪਰ, ਤਿੰਨ ਮਿੰਨੀ ਕਹਾਣੀ ਸੰਗ੍ਰਹਿ ਅਤੇ ਕੁਝ ਭੇਤ ਜ਼ਿੰਦਗੀ ਦੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

ਸੁਤੰਤਰਤਾ ਸੰਗਰਾਮੀ ਬੱਬਰ ਅਕਾਲੀ
ਲੇਖਿਕਾ : ਡਾ. ਹਰਵਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 86
ਸੰਪਰਕ : 94638-36591.

ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਪੰਜਾਬੀਆਂ ਦਾ ਬੇਸ਼ਕੀਮਤੀ ਯੋਗਦਾਨ ਹੈ। ਇਨ੍ਹਾਂ ਅਹਿਮ ਲਹਿਰਾਂ ਵਿਚ ਬੱਬਰ ਅਕਾਲੀ ਲਹਿਰ ਨੇ ਵੀ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਬੱਬਰਾਂ ਦੀਆਂ ਸਰਗਰਮੀਆਂ ਨੇ ਅੰਗਰੇਜ਼ ਹਕੂਮਤ ਦੇ ਨੱਕ ਵਿਚ ਦਮ ਕਰ ਦਿੱਤਾ ਸੀ। ਇਸ ਪੁਸਤਕ ਵਿਚ ਬੱਬਰਾਂ ਦੇ ਇਤਿਹਾਸ, ਵਿਰਾਸਤ ਅਤੇ ਵਿਲੱਖਣ ਕਾਰਨਾਮਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਆਜ਼ਾਦੀ ਲਈ ਸਿਰਧੜ ਦੀ ਬਾਜ਼ੀ ਲਾਉਣ ਵਾਲੇ 90 ਬੱਬਰਾਂ ਦਾ ਜੀਵਨ ਬਿਉਰਾ ਅਤੇ ਉਨ੍ਹਾਂ ਵਲੋਂ ਰਚੇ ਗਏ 28 ਕਾਵਿ-ਬੰਦਾਂ ਦੇ ਦਰਸ਼ਨ ਕਰਾਉਂਦੀ ਇਹ ਪੁਸਤਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ, ਗੜ੍ਹਸ਼ੰਕਰ ਦਾ ਉਪਰਾਲਾ ਹੈ। ਇਹ ਗੁਰਸਿੱਖ ਰੂਹਾਂ ਦੇ ਸਬਰ, ਸਿਰੜ, ਹੌਸਲੇ, ਤਿਆਗ ਅਤੇ ਕੁਰਬਾਨੀ ਨੂੰ ਸਮਰਪਿਤ ਹੈ। ਇਹ ਸਾਡੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣ ਦਾ ਸੁਚੱਜਾ ਯਤਨ ਹੈ। ਬੱਬਰਾਂ ਦੇ ਦੇਸ਼ ਪਿਆਰ ਦਾ ਜਜ਼ਬਾ, ਗੁਲਾਮੀ ਦੂਰ ਕਰਨ ਦਾ ਸੰਕਲਪ, ਕ੍ਰਾਂਤੀਕਾਰੀ ਵਿਚਾਰਧਾਰਾ ਅਤੇ ਇਨਕਲਾਬੀ ਸੁਰਾਂ ਨੇ ਸੁੱਤੇ ਹੋਏ ਦੇਸ਼ ਵਾਸੀਆਂ ਦੀ ਅਣਖ਼ ਨੂੰ ਹੁਲਾਰਾ ਦਿੱਤਾ। ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਜੋਸ਼ੀਲੀਆਂ ਤਕਰੀਰਾਂ ਨੇ ਜੰਮੇ ਹੋਏ ਖੂਨ ਨੂੰ ਉਬਾਲੇ ਲਿਆ ਦਿੱਤੇ। ਅਗਸਤ 1922 ਈ. ਨੂੰ ਗੁਰਮੁਖੀ ਅਖ਼ਬਾਰ 'ਬੱਬਰ ਅਕਾਲੀ ਦੁਆਬਾ' ਕੱਢਿਆ ਗਿਆ, ਜਿਸ ਦੇ ਮੁੱਖ ਪੰਨੇ 'ਤੇ ਇਹ ਸਲੋਕ ਸੁਸ਼ੋਭਿਤ ਹੁੰਦਾ ਸੀ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥
ਬਹੁਤ ਸਾਰੇ ਬੱਬਰ ਪਹਿਲਾਂ ਬ੍ਰਿਟਿਸ਼ ਫ਼ੌਜ ਵਿਚ ਭਰਤੀ ਸਨ ਪਰ ਅੰਗਰੇਜ਼ਾਂ ਦੀਆਂ ਪੰਥਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਫ਼ੌਜ ਨੂੰ ਛੱਡ ਆਏ ਸਨ। ਉਨ੍ਹਾਂ ਨੇ ਜ਼ੋਰਦਾਰ ਪ੍ਰਚਾਰ ਅਤੇ ਲੋਕਾਂ ਦੇ ਸਮਰਥਨ ਤੋਂ ਅੰਗਰੇਜ਼ ਹਕੂਮਤ ਵਿਚ ਦਹਿਸ਼ਤ ਫੈਲ ਗਈ ਸੀ। ਸਰਕਾਰ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇਨਾਮ ਰੱਖੇ ਹੋਏ ਸਨ। ਕੁਝ ਲਾਲਚੀ ਗ਼ੱਦਾਰਾਂ ਨੇ ਬੱਬਰਾਂ ਨੂੰ ਫੜਾਇਆ ਅਤੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਵਾਇਆ। ਕਈ ਬੱਬਰਾਂ ਨੂੰ ਉਮਰ ਕੈਦਾਂ ਹੋਈਆਂ ਅਤੇ ਕਈਆਂ ਨੂੰ ਫਾਂਸੀ ਦਿੱਤੀ ਗਈ। ਇਸ ਪੁਸਤਕ ਰਾਹੀਂ ਇਨ੍ਹਾਂ ਜਾਂਬਾਜ਼ ਯੋਧਿਆਂ ਨੂੰ ਜਿੱਥੇ ਯਾਦ ਕੀਤਾ ਗਿਆ ਹੈ, ਉਥੇ ਨਵੀਂ ਪੀੜ੍ਹੀ ਨੂੰ ਇਨ੍ਹਾਂ ਬਾਰੇ ਜਾਣੂ ਕਰਵਾਇਆ ਗਿਆ ਹੈ, ਜੋ ਇਕ ਸ਼ਲਾਘਾਯੋਗ ਕਾਰਜ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367. 

14-08-2022

ਸ਼ਹੀਦ-ਏ-ਆਜ਼ਮ
ਭਗਤ ਸਿੰਘ ਦੀ ਜੇਲ੍ਹ ਡਾਇਰੀ

ਅਨੁਵਾਦ : ਸੰਦੀਪ ਕੌਰ ਸੇਖੋਂ (ਡਾ.)
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 70871-64303


'ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ' ਅਸਲ ਵਿਚ ਭੁਪਿੰਦਰ ਹੂਜਾ ਰਚਿਤ 'ਏ ਮਾਰਟਰਜ਼ ਨੋਟ ਬੁੱਕ' ਦਾ ਪੰਜਾਬੀ ਅਨੁਵਾਦ ਹੈ ਜੋ ਡਾ. ਸੰਦੀਪ ਕੌਰ ਸੇਖੋਂ ਦੁਆਰਾ ਕੀਤਾ ਗਿਆ ਹੈ ਅਤੇ ਇਸ ਪੁਸਤਕ ਦੀ ਭੂਮਿਕਾ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਦੁਆਰਾ ਲਿਖੀ ਗਈ ਹੈ। ਭਗਤ ਸਿੰਘ ਇਕ ਅਜਿਹਾ ਵਿਚਾਰਕ ਸੀ ਜਿਸ ਨੇ ਸਮਾਜ ਸ਼ਾਸਤਰ ਦੇ ਖੇਤਰ ਵਿਚ ਰੂਸੀ ਇਨਕਲਾਬ ਅਤੇ ਰੂਸੀ ਇਤਿਹਾਸ ਦੇ ਪ੍ਰਭਾਵ ਹੇਠ ਸਮਾਜ ਦੀ ਬਣਤਰ ਬਾਰੇ ਵਿਗਿਆਨਕ ਢੰਗ ਨਾਲ ਵਿਚਾਰ ਕੀਤਾ ਸੀ।
ਭਗਤ ਸਿੰਘ ਦੀ ਇਸ ਸਮਾਜਵਾਦੀ ਸੂਝ ਨੂੰ ਵਿਕਸਿਤ ਹੋਣ ਦਾ ਮੌਕਾ ਜੇਲ੍ਹ ਵਿਚ ਮਿਲਿਆ। 23 ਸਾਲਾਂ ਦੀ ਉਮਰ ਵਿਚ ਹੀ ਇਸ ਵਿਸ਼ੇ 'ਤੇ ਕੀਤੇ ਡੂੰਘੇ ਚਿੰਤਨ ਦੀ ਗਵਾਹ ਭਗਤ ਸਿੰਘ ਦੀ ਡਾਇਰੀ ਹੈ ਜੋ ਉਸ ਨੇ ਆਪਣੇ ਜੇਲ੍ਹ ਜੀਵਨ ਦੌਰਾਨ ਲਿਖੀ। ਭਗਤ ਸਿੰਘ ਨੇ ਆਪਣੀ ਇਸ ਡਾਇਰੀ ਵਿਚ ਉਸ ਸਮੇਂ ਦੌਰਾਨ ਪੜ੍ਹੀਆਂ ਕਿਤਾਬਾਂ ਵਿਚੋਂ ਸੰਖੇਪ ਸਾਰ ਅਤੇ ਹਵਾਲੇ ਲਿਖੇ। ਇਨ੍ਹਾਂ ਟੂਕਾਂ ਤੋਂ ਭਗਤ ਸਿੰਘ ਦੀਆਂ ਰੁਚੀਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਤੇ ਪੂੰਜੀਵਾਦ, ਸਮਾਜਵਾਦ, ਰਾਜ ਦੀ ਉਤਪਤੀ, ਮਾਰਕਸਵਾਦ, ਕਮਿਊਨਿਜ਼ਮ, ਧਰਮ, ਦਰਸ਼ਨ, ਇਨਕਲਾਬਾਂ ਦੇ ਇਤਿਹਾਸ ਆਦਿ ਵਿਸ਼ਿਆਂ ਬਾਰੇ ਵਿਚਾਰ ਮਿਲਦੇ ਹਨ।
ਇਤਿਹਾਸ, ਫ਼ਿਲਾਸਫ਼ੀ, ਸਮਾਜ-ਸ਼ਾਸਤਰ ਅਤੇ ਅਰਥ-ਸ਼ਾਸਤਰ ਬਾਰੇ ਵਿਦਵਾਨਾਂ ਦੇ ਵਿਚਾਰ ਅਤੇ ਕਈ ਹੋਰ ਕਿਤਾਬਾਂ ਦੀਆਂ ਉਦਾਹਰਨਾਂ ਭਗਤ ਸਿੰਘ ਨੇ ਬੜੇ ਦਿਲਚਸਪ ਢੰਗ ਨਾਲ ਇਸ ਡਾਇਰੀ ਵਿਚ ਉਤਾਰੀਆਂ ਹਨ। ਇਹ ਇੰਦਰਾਜ ਸਪੱਸ਼ਟ ਕਰਦੇ ਹਨ ਕਿ ਭਗਤ ਸਿੰਘ ਦਾ ਮਨ ਕਿਵੇਂ ਆਜ਼ਾਦੀ ਲਈ ਤੜਫ਼ ਰਿਹਾ ਸੀ। 'ਬਾਇਰਨ', 'ਵਿਟਮੈਨ' ਅਤੇ 'ਵਰਡਸਵਰਥ' ਦੀਆਂ ਆਜ਼ਾਦੀ ਦੇ ਵਿਸ਼ਿਆਂ 'ਤੇ ਕਵਿਤਾਵਾਂ ਦੀਆਂ ਪੰਕਤੀਆਂ ਨੂੰ ਇਸ ਡਾਇਰੀ ਵਿਚ ਸ਼ਾਮਿਲ ਕਰਨਾ ਅਤੇ 'ਇਬਸਨ' ਦੇ ਨਾਟਕ ਅਤੇ 'ਦੋਸਤੋਵਸਕੀ' ਦੇ ਨਾਵਲ (ਅਪਰਾਧ ਤੇ ਦੰਡ) ਅਤੇ ਹਿਊਗੋ ਦਾ ਨਾਵਲ (ਪਦਦਲਿਤ) ਆਦਿ ਪੜ੍ਹਨਾ ਇਸੇ ਤੜਫ਼ ਨੂੰ ਸ਼ਾਂਤ ਕਰਨ ਦੀ ਇਕ ਕੋਸ਼ਿਸ਼ ਹੀ ਸੀ।
ਇਨ੍ਹਾਂ ਟੂਕਾਂ ਦੇ ਅਨੁਵਾਦ ਕਰਨ ਨਾਲ-ਨਾਲ ਅਨੁਵਾਦਕਾ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ ਕਿ ਅੱਜ ਲੋੜ ਹੈ ਸ਼ਹੀਦ ਭਗਤ ਸਿੰਘ ਦੀ ਇਸ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਇਆ ਜਾਵੇ। ਸਿਰਫ਼ ਸ਼ਹੀਦੀ ਦਿਵਸ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਹਾਰ ਪਾ ਕੇ, ਉਸ ਵਰਗੇ ਕੱਪੜੇ ਪਾ ਕੇ, ਪੱਗ ਬੰਨ੍ਹ ਕੇ, ਭਾਸ਼ਨ ਦੇ ਕੇ ਜਾਂ ਕਵਿਤਾਵਾਂ ਪੜ੍ਹ ਕੇ ਬਦਲਾਅ ਨਹੀਂ ਆ ਸਕਦਾ। ਬਲਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅੱਗੇ ਵਧਾਉਣ ਲਈ ਸਾਨੂੰ ਉਨ੍ਹਾਂ ਵਿਚਾਰਾਂ ਨੂੰ ਪੜ੍ਹ ਕੇ ਜ਼ਿੰਦਗੀ ਵਿਚ ਢਾਲਣਾ ਲਾਜ਼ਮੀ ਹੈ ਤਾਂ ਜੋ ਭਗਤ ਸਿੰਘ ਦੇ ਸੁਫ਼ਨਿਆਂ ਦਾ ਭਾਰਤ ਸਿਰਜ ਸਕੀਏ।


ਡਾ. ਸੰਦੀਪ ਰਾਣਾ
ਮੋ: 98728-87551
c c c


ਕਲੀਨ ਚਿਟ ਦੇ ਦਿਉ ਜੀ
ਲੇਖਕ : ਮੰਗਤ ਕੁਲਜਿੰਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 94177-53892.


ਮੰਗਤ ਕੁਲਜਿੰਦ ਪਿਆਰਾ ਸਿੰਘ ਦਾਤਾ ਪੁਰਸਕਾਰ ਜੇਤੂ ਪ੍ਰਪੱਕ ਤੇ ਰੜ੍ਹਿਆ ਹੋਇਆ ਹਾਸ-ਵਿਅੰਗ ਲਿਖਾਰੀ ਹੈ, ਜਿਸ ਨੇ ਨਾਵਲ, ਕਹਾਣੀ ਅਤੇ ਵਿਅੰਗ ਲੇਖ ਲਿਖ ਕੇ ਪੰਜਾਬੀ ਹਾਸ-ਵਿਅੰਗ ਵਿਧਾ ਦੇ ਖਜ਼ਾਨੇ ਭਰਪੂਰ ਕੀਤੇ ਹਨ। ਉਸ ਨੇ ਨਵੀਂ ਅਤੇ ਵੱਖਰੀ ਸ਼ੈਲੀ ਰਾਹੀਂ ਪੰਚਤੰਤਰ ਦੀਆਂ ਕਹਾਣੀਆਂ ਨੂੰ ਨਵੇਂ ਸੰਦਰਭ ਵਿਚ ਪੇਸ਼ ਕਰਨ ਦਾ ਚੋਖਾ ਯਤਨ ਕੀਤਾ ਹੈ।
'ਕਲੀਨ ਚਿਟ ਦੇ ਦਿਉ ਜੀ' ਉਸ ਦਾ ਹਾਲ ਹੀ ਵਿਚ ਛਪਿਆ ਵਿਅੰਗ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਉਸ ਨੇ ਕੁੱਲ 23 ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਸਮਾਂ ਬਦਲਣ ਨਾਲ ਸਾਡੀਆਂ ਸਮਾਜਿਕ, ਨੈਤਿਕ, ਧਾਰਮਿਕ, ਆਰਥਿਕ ਤੇ ਰਾਜਨੀਤਕ ਮਾਨਤਾਵਾਂ ਬਦਲਦੀਆਂ ਰਹਿੰਦੀਆਂ ਹਨ। ਵਿਅੰਗ ਲੇਖਕ ਨੇ ਉਨ੍ਹਾਂ ਬਦਲ ਰਹੀਆਂ ਮਾਨਤਾਵਾਂ ਵਿਚੋਂ ਵਿਸੰਗਤੀਆਂ ਲੱਭ ਕੇ ਵਿਅੰਗ ਦਾ ਨਿਸ਼ਾਨਾ ਵਿੰਨ੍ਹਣਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਅੰਗ ਲੇਖਕ ਨਵੇਂ ਵਿਸ਼ਿਆਂ ਦੀ ਭਾਲ ਕਰੇ। ਮੰਗਤ ਕੁਲਜਿੰਦ ਇਸ ਗੱਲੋਂ ਮੀਰੀ ਹੈ ਕਿ ਉਸ ਦੇ ਇਨ੍ਹਾਂ ਵਿਅੰਗ ਲੇਖਾਂ ਵਿਚ ਗ਼ਜ਼ਬ ਦੀ ਰੰਗਾ-ਰੰਗੀ ਹੈ। ਨਵੇਂ ਤੋਂ ਨਵੇਂ ਟਹਿਕਦੇ ਹੋਏ ਵਿਸ਼ੇ ਉਸ ਨੇ ਆਪਣੇ ਇਨ੍ਹਾਂ ਲੇਖਾਂ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਹੈ। ਹਾਸ-ਰਸੀ ਚਾਸ਼ਨੀ ਨਾਲ ਲਬਰੇਜ਼ ਇਹ ਲੇਖ ਮਨਪ੍ਰਚਾਵਾ ਤਾਂ ਕਰਦੇ ਹੀ ਹਨ, ਪਾਠਕਾਂ ਲਈ ਸੋਚਣ ਦਾ ਸਾਮਾਨ ਵੀ ਪੈਦਾ ਕਰਦੇ ਹਨ। ਇਹ ਵਿਸ਼ੇ ਏਨੇ ਨਿਵੇਕਲੇ ਹਨ ਕਿ ਕਿਸੇ ਹੋਰ ਵਿਅੰਗ ਲੇਖਕ ਨੇ ਇਨ੍ਹਾਂ ਨੂੰ ਛੋਹਿਆ ਤੱਕ ਨਹੀਂ।
ਡਾ. ਮੰਗੂ ਰਾਮ ਬਿਮਾਰੀ ਉਸ ਦਾ ਸਟਾਕ ਕਰੈਕਟਰ ਹੈ ਜੋ ਨਵੇਂ-ਨਵੇਂ ਬਸਤਰ ਪਹਿਨ ਕੇ, ਨਵੀਂ ਸੋਚ ਲੈ ਕੇ, ਵੱਖ-ਵੱਖ ਰੋਲ ਅਦਾ ਕਰਦਾ ਹੈ। ਉਹ ਸਮਝੋ ਲੇਖਕ ਦਾ ਹੀ ਪ੍ਰਤੀਰੂਪ ਹੈ ਜੋ ਲੇਖਕ ਦੀ ਸੋਚ ਨੂੰ ਸਾਕਾਰ ਕਰਦਾ ਦਿਖਾਈ ਦਿੰਦਾ ਹੈ। ਡਾ. ਮੰਗੂ ਰਾਮ ਬੋਦੀਆਂ ਤੇ ਗਲੀਆਂ-ਸੜੀਆਂ ਮਾਨਤਾਵਾਂ ਨੂੰ ਤਿਲਾਂਜਲੀ ਦੇ ਕੇ ਨਵਾਂ ਸਮਾਜ ਉਸਾਰਨ ਲਈ ਤਤਪਰ ਹੈ। ਇਹੋ ਸ਼ਾਇਦ ਵਿਅੰਗ ਲੇਖਕ ਦਾ ਵੀ ਟੀਚਾ ਹੁੰਦਾ ਹੈ। ਨਵੇਂ ਸਮਾਜ 'ਚ ਪੈਦਾ ਹੋ ਰਹੀਆਂ ਵਿਸੰਗਤੀਆਂ ਤੋਂ ਲੇਖਕ ਤੁਹਾਨੂੰ ਸੁਚੇਤ ਕਰਨ ਦਾ ਯਤਨ ਕਰਦਾ ਹੈ। ਇਹੋ ਵਿਅੰਗ ਦਾ ਪ੍ਰਯੋਜਨ ਤੇ ਤਰੀਕਾਕਾਰ ਹੁੰਦਾ ਹੈ।


ਕੇ.ਐਲ. ਗਰਗ
ਮੋ: 94635-37050


ਪੰਜਾਬਣਾਂ ਦੇ ਲੋਕ-ਨਾਚ ਵਿਰਸਾ ਅਤੇ ਵਰਤਮਾਨ
ਲੇਖਕ : ਡਾ. ਜਗੀਰ ਸਿੰਘ ਨੂਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 98551-09732.


ਡਾ. ਜਗੀਰ ਸਿੰਘ ਨੂਰ ਪੰਜਾਬੀ ਸੱਭਿਆਚਾਰ ਦਾ ਚਿਰ-ਪਰਿਚਿਤ ਚਿਤੇਰਾ ਹੈ। ਉਸ ਨੇ ਪੰਜਾਬੀ ਸੰਸਕ੍ਰਿਤੀ, ਜਨਜੀਵਨ, ਵਿਰਾਸਤ ਬਾਰੇ ਪੁਖਤਾ ਅਤੇ ਨਿੱਠ ਕੇ ਖੋਜ-ਕਾਰਜ ਕੀਤਾ ਹੈ। ਉਹ ਹੁਣ ਤੱਕ ਤੇਰਾਂ ਮੌਲਿਕ ਪੁਸਤਕਾਂ, ਦੋ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ, ਛੇ ਸੰਪਾਦਿਤ ਪੁਸਤਕਾਂ ਅਤੇ ਪੰਜ ਹਿੰਦੀ ਕਿਤਾਬਾਂ ਦੀ ਰਚਨਾ ਕਰ ਚੁੱਕਿਆ ਹੈ। ਇਉਂ ਉਸ ਦੀਆਂ ਕੁੱਲ ਕਿਤਾਬਾਂ ਦੀ ਗਿਣਤੀ 26 ਹੈ। ਇਨ੍ਹਾਂ ਵਿਚੋਂ ਕਈਆਂ ਦੀਆਂ ਤਿੰਨ-ਤਿੰਨ ਐਡੀਸ਼ਨਾਂ ਵੀ ਛਪ ਚੁੱਕੀਆਂ ਹਨ। ਉਸ ਦੀ ਇਕ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਅਤੇ ਇਕ ਨੂੰ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ ਹੈ।
ਸਮੀਖਿਆ ਅਧੀਨ ਪੁਸਤਕ ਵਿਚ ਨੂਰ ਨੇ ਜਿੱਥੇ ਪੰਜਾਬਣਾਂ ਦੇ ਪ੍ਰਮੁੱਖ ਲੋਕ ਨਾਚਾਂ ਗਿੱਧਾ, ਸੰਮੀ, ਕਿੱਕਲੀ, ਲੁੱਡੀ ਦਾ ਜ਼ਿਕਰ ਕੀਤਾ ਹੈ, ਉੱਥੇ ਕੁਝ ਅਲੋਪ ਹੋ ਰਹੇ ਨਾਚਾਂ-ਹੁੱਲੇ ਹੁਲਾਰੇ, ਟਿੱਪਣੀ ਜਾਂ ਡੰਡਾਸ, ਖਲਾ ਜਾਂ ਫੜੂਹਾ, ਜਾਗਰਨਾ, ਘੂਮਰ ਅਤੇ ਧਮਾਲ ਆਦਿ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਇਸ ਪੁਸਤਕ ਦੇ ਕੁੱਲ ਛੇ ਅਧਿਆਏ ਬਣਾਏ ਗਏ ਹਨ। ਮੁੱਖ ਬੰਦ ਵਜੋਂ ਗੁਰਭਜਨ ਗਿੱਲ ਨੇ ਨੂਰ ਨੂੰ 'ਲੋਕਧਾਰਾ ਅਤੇ ਸੱਭਿਆਚਾਰ ਦਾ ਖੋਜੀ' ਐਲਾਨਿਆ ਹੈ। ਲੇਖਕ ਨੇ ਇਸ ਪੁਸਤਕ ਦੀ ਵਿਉਂਤਬੰਦੀ ਬਾਰੇ (ਮੇਰੀ ਮੁਢਲੀ ਗੱਲ) ਭੂਮਿਕਾ ਲਿਖੀ ਹੈ ਅਤੇ ਅੰਤਿਕਾ ਵਜੋਂ ਸਹਾਇਕ ਪੁਸਤਕ ਸੂਚੀ (ਪੰਨੇ 154 ਤੋਂ 160) ਦਾ ਵੇਰਵਾ ਹੈ।
ਪੁਸਤਕ ਦੇ ਪਹਿਲੇ ਅਧਿਆਇ ਵਿਚ ਲੋਕ ਨਾਚ ਦੇ ਸਿਧਾਂਤ ਸਰੂਪ ਅਤੇ ਵਿਲੱਖਣਤਾ ਨੂੰ ਸਪੱਸ਼ਟ ਕੀਤਾ ਗਿਆ ਹੈ (ਪੰਨੇ 13 ਤੋਂ 46); ਦੂਜੇ ਅਧਿਆਇ ਵਿਚ ਪੰਜਾਬਣਾਂ ਦੇ ਲੋਕ ਨਾਚਾਂ ਦੀ ਸੱਭਿਆਚਾਰਕ ਤੇ ਇਤਿਹਾਸਿਕ ਪਿੱਠਭੂਮੀ ਨੂੰ ਰੇਖਾਂਕਿਤ ਕੀਤਾ ਗਿਆ ਹੈ (ਪੰਨੇ 47 ਤੋਂ 61); ਤੀਜਾ ਅਧਿਆਇ ਲੋਕ ਨਾਚ ਗਿੱਧਾ ਦੇ ਸੱਭਿਆਚਾਰਕ ਤੇ ਇਤਿਹਾਸਿਕ ਸਰੂਪ ਤੇ ਪ੍ਰਯੋਜਨ ਬਾਰੇ ਹੈ (ਪੰਨੇ 62 ਤੋਂ 104); ਚੌਥੇ ਅਧਿਆਇ ਵਿਚ ਲੋਕ ਨਾਚ ਸੰਮੀ ਦੇ ਸੱਭਿਆਚਾਰਕ ਇਤਿਹਾਸ, ਮਿਥਿਹਾਸ ਅਤੇ ਪ੍ਰਕਿਰਤੀ ਦਾ ਵੇਰਵਾ ਮਿਲਦਾ ਹੈ (ਪੰਨੇ 105 ਤੋਂ 117); ਪੰਜਵੇਂ ਅਧਿਆਇ ਵਿਚ ਕਿੱਕਲੀ, ਲੁੱਡੀ ਅਤੇ ਹੋਰ ਲੋਕ ਨਾਚਾਂ ਦਾ ਜ਼ਿਕਰ ਹੈ (ਪੰਨੇ 118 ਤੋਂ 132) ਅਤੇ ਅੰਤ ਵਿਚ ਪੰਜਾਬਣਾਂ ਦੇ ਲੋਕ ਨਾਚਾਂ ਦੇ ਬਦਲਦੇ ਰੁਝਾਨਾਂ ਨੂੰ ਵਿਸ਼ਲੇਸ਼ਿਤ ਕੀਤਾ ਗਿਆ ਹੈ (ਪੰਨੇ 133 ਤੋਂ 153)। ਪੁਸਤਕ ਸੂਚੀ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕੁੱਲ 122 (63+10+49) ਪੁਸਤਕਾਂ ਦਾ ਵੇਰਵਾ ਹੈ। ਸਭ ਤੋਂ ਅੰਤ ਵਿਚ ਚਾਰ ਪੰਨਿਆਂ ਉੱਤੇ ਕਿੱਕਲੀ, ਜਾਗੋ, ਲੁੱਡੀ, ਸੰਮੀ ਤੇ ਗਿੱਧਾ ਦੀਆਂ ਕੁੱਲ ਦਸ ਰੰਗੀਨ ਤਸਵੀਰਾਂ ਦੇ ਕੇ ਲੇਖਕ ਨੇ ਪੁਸਤਕ ਨੂੰ ਪੜ੍ਹਨਯੋਗ ਦੇ ਨਾਲ- ਨਾਲ ਵੇਖਣਯੋਗ ਵੀ ਬਣਾ ਦਿੱਤਾ ਹੈ।
ਸਰਵਰਕ 'ਤੇ ਬਲਵਿੰਦਰ ਬਾਲਮ ਦੀ ਉਲੇਖਯੋਗ ਟਿੱਪਣੀ ਹੈ। ਨੂਰ ਦੀ ਇਹ ਕਿਤਾਬ ਸਾਧਾਰਨ ਵਾਰਤਕ ਦੀ ਕਿਤਾਬ ਨਹੀਂ, ਸਗੋਂ ਇਕ ਆਲੋਚਨਾਤਮਿਕ ਤੇ ਖੋਜ ਭਰਪੂਰ ਪੁਸਤਕ ਹੈ। ਹਰ ਅਧਿਆਇ ਦੇ ਅੰਤ ਵਿਚ ਹਵਾਲੇ ਤੇ ਟਿੱਪਣੀਆਂ ਦੇ ਕੇ ਲੇਖਕ ਨੇ ਆਪਣੇ ਮੱਤ ਦੀ ਪੁਸ਼ਟੀ ਲਈ ਭਰਪੂਰ ਸੰਦਰਭ ਕਿਤਾਬਾਂ ਦੀ ਵਰਤੋਂ ਕੀਤੀ ਹੈ। ਫਗਵਾੜੇ ਰਹਿੰਦਾ ਇਹ ਖੋਜੀ ਵਿਦਵਾਨ ਲੋਕ ਸੱਭਿਆਚਾਰ ਦੇ ਸ਼ਗੂਫ਼ਿਆਂ ਦਾ ਖ਼ਜ਼ਾਨਾ ਹੈ। ਮੈਂ ਉਸ ਦੀ ਇਸ ਪੁਸਤਕ ਦਾ ਭਰਪੂਰ ਸਵਾਗਤ ਕਰਦਾ ਹਾਂ।


ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015
c c c


ਕਸ਼ਮਕਸ਼

ਲੇਖਿਕਾ : ਸੁਰਜੀਤ ਕੌਰ ਕਲਪਨਾ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 295 ਰੁਪਏ, ਸਫ਼ੇ : 126
ਸੰਪਰਕ : 98732-37223.


ਬਰਮਿੰਘਮ (ਯੂ.ਕੇ.) ਵਾਸੀ ਲੇਖਿਕਾ ਦੀ 16 ਰੌਚਿਕ ਕਹਾਣੀਆਂ ਦੀ ਇਹ ਪੁਸਤਕ 1992 ਵਿਚ ਛਪੇ ਉਸ ਦੇ ਕਹਾਣੀ ਸੰਗ੍ਰਹਿ ਦਾ ਦੂਸਰਾ ਸੋਧਿਆ ਸੰਸਕਰਨ ਹੈ। ਕੁਝ ਨਵੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਡਾ. ਮਹਿੰਦਰ ਸਿੰਘ ਡਡਵਾਲ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੇ ਪੁਸਤਕ ਦੇ ਪਿਛਲੇ ਸੰਸਕਰਨ ਵਾਲੇ ਸਾਰਥਕ ਵਿਚਾਰ ਹਨ। ਕੁਝ ਸਾਹਿਤਕ ਤੱਤਾਂ ਦੀ ਨਿਸ਼ਾਨਦੇਹੀ ਕੀਤੀ ਹੈ । ਅਦਬੀ ਸ਼ਖ਼ਸੀਅਤ ਹਰਮੀਤ ਅਟਵਾਲ ਨੇ ਕਹਾਣੀਆਂ ਬਾਰੇ ਬਲਦੇਵ ਸਿੰਘ ਧਾਲੀਵਾਲ ਤੇ ਹੋਰ ਵਿਦਵਾਨਾਂ ਦੇ ਹਵਾਲੇ ਨਾਲ ਪੁਸਤਕ ਦੀਆਂ ਕਹਾਣੀਆਂ ਦੀ ਅੰਦਰੂਨੀ ਤਹਿ ਤੱਕ ਜਾ ਕੇ ਲੇਖਿਕਾ ਨੂੰ ਕਮਾਲ ਦੀ ਕਹਾਣੀਕਾਰ ਤਸੱਵਰ ਕੀਤਾ ਹੈ। ਕਹਾਣੀਆਂ ਵਿਚ ਮਨੁੱਖੀ ਮਨੋਵਿਗਿਆਨ ਹੈ। ਪ੍ਰਦੇਸਾਂ ਵਿਚ ਜੀਵਨ ਜੀਅ ਰਹੇ ਪੰਜਾਬੀਆਂ ਦੀ ਜ਼ਿੰਦਗੀ ਦੇ ਕਈ ਅਨੁਭਵ ਕਹਾਣੀਆਂ ਵਿਚ ਹਨ। ਕਹਾਣੀਆਂ ਦੇ ਕਈ ਪਾਤਰ ਪੱਛਮੀ ਜ਼ਿੰਦਗੀ ਜਿਊਂਦੇ ਹਨ। ਵਿਰਾਸਤੀ ਪੰਜਾਬੀ ਸੱਭਿਆਚਾਰ, ਭਾਸ਼ਾ ਤੇ ਰਹਿਣ-ਸਹਿਣ, ਕਾਹਲ ਦੀ ਜ਼ਿੰਦਗੀ, ਤਿੜਕਦੇ ਰਿਸ਼ਤੇ, ਇਕੱਲਤਾ ਦਾ ਜੀਵਨ, ਮਾਤ ਭੂਮੀ ਦਾ ਹੇਰਵਾ, ਮਾਂ ਬੋਲੀ ਪੰਜਾਬੀ ਨਾਲ ਪਿਆਰ, ਗੋਰਿਆਂ ਦੇ ਜੀਵਨ ਦੀ ਖੁੱਲ੍ਹ ਵੇਖਣ ਮਾਣਨ ਦਾ ਓਪਰਾ ਜਿਹਾ ਅਹਿਸਾਸ ਪੁਸਤਕ ਦੀਆਂ ਕਹਾਣੀਆਂ ਵਿਚ ਹੈ। ਪਹਿਲੀ ਕਹਾਣੀ ਵਿਚ ਮਤਰੇਆ ਬਾਪ ਆਪਣੇ ਬੱਚੇ 'ਤੇ ਤਸ਼ੱਦਦ ਕਰਦਾ ਹੈ। ਮਾਂ ਦਾ ਦਿਲ ਤੜਪਦਾ ਹੈ। ਸੌਂਕਣਾਂ ਦਾ ਵਿਹਾਰ ਭੈਣਾਂ ਵਰਗਾ ਹੈ। ਇਕ ਔਰਤ ਦੂਸਰੀ ਨੂੰ ਕਹਿੰਦੀ ਹੈ-ਤੂੰ ਪ੍ਰੇਮ ਦਾ ਸਾਗਰ ਹੈਂ। ਮਾਂ ਮਿੱਠੇ ਬੋਲਾਂ ਨਾਲ ਬੱਚੇ ਨੂੰ ਪਿਆਰ ਕਰਦੀ ਹੈ। ਇੱਕੋ ਖੂਨ ਦੀ ਪਾਤਰ ਦਾ ਪੁੱਤਰ ਤੇ ਪਤੀ ਘਰੋਂ ਬਾਹਰ ਹਨ। ਲੋਕਾਂ ਦੇ ਸਹਿਯੋਗ ਨਾਲ ਉਹ ਧੀ ਦਾ ਵਿਆਹ ਕਰਦੀ ਹੈ। ਇਕੱਲੀ ਰਹਿੰਦੀ ਹੈ। ਇਕੱਲਤਾ ਅੱਗੇ ਜ਼ਿੰਦਗੀ ਹਾਰ ਜਾਂਦੀ ਹੈ। ਅਖੀਰ ਧੀ ਜਵਾਈ ਹੀ ਸਸਕਾਰ ਕਰਦੇ ਹਨ। ਕਹਾਣੀ ਵਿਚ ਆਪਣਿਆਂ ਦਾ ਖੂਨ ਚਿੱਟਾ ਹੁੰਦਾ ਹੈ। ਕਹਾਣੀ ਬੋਹੜ ਦੀ ਛਾਂ ਦਾ ਪਾਤਰ ਮਹਿਮਾ ਸਿੰਘ ਆਪਣੇ ਪੁੱਤਰ ਲੱਖੀ ਨੂੰ ਪੰਜਾਬੀ ਨਾਲ ਜੋੜਦਾ ਹੈ। ਪੰਜਾਬ ਵਿਖਾਉਂਦਾ ਹੈ। ਬੋਹੜ ਦੀਆਂ ਛਾਵਾਂ ਹੇਠ ਬੈਠਦਾ ਹੈ। ਆਪਣਾ ਡਿੱਗਾ ਢੱਠਾ ਘਰ ਵਿਖਾਉਂਦਾ ਹੈ। ਕਸ਼ਮਕਸ਼ ਦਾ ਸਾਧੂ ਸਿੰਘ ਪਤਨੀ ਦੀ ਮੌਤ ਪਿੱਛੋਂ ਇਕੱਲਤਾ ਵਿਚ ਰਹਿੰਦਾ ਹੈ ਪਰ ਬੈਚੈਨ ਹੈ। ਇਕ ਦਿਨ ਹੁਸੀਨ ਔਰਤ ਵੱਲ ਖਿੱਚਿਆ ਜਾਂਦਾ ਹੈ। ਨਾਮੀ ਵਿਚਾਰੀ ਵਿਧਵਾ ਤੀਵੀਂ ਹੈ। ਅਮਲੀ ਨਾਲ ਜਾਂਦੀ ਹੈ। ਪਰ ਉਹ ਨਸ਼ੇ ਪਿੱਛੇ ਅੱਗੇ ਉਸ ਨੂੰ ਵੇਚ ਦਿੰਦਾ ਹੈ। ਕਹਾਣੀ ਪੜ੍ਹ ਕੇ ਰੂਹ ਕੰਬ ਜਾਂਦੀ ਹੈ । ਉਹ ਦਲੀਪ ਕੌਰ ਟਿਵਾਣਾ ਦੇ ਨਾਵਲ (ਏਹੁ ਹਮਾਰਾ ਜੀਵਨਾ) ਦੀ ਪਾਤਰ ਭਾਨੋ ਜਾਪਦੀ ਹੈ। ਅਪਰਾਧੀ, ਹੁਕਮ, ਕਾਲੇ, ਰਾਜ, ਰੇਤ ਦਾ ਘਰ ਦਿਲਚਸਪ ਕਥਾ ਰਸ ਭਰਪੂਰ ਕਹਾਣੀਆਂ ਹਨ। ਪੁਸਤਕ ਦਾ ਸਵਾਗਤ ਹੈ।


ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋ: 98148-56160


ਤੜਫ਼ ਤੜਫ਼ ਕੇ ਜੀਣਾ

ਲੇਖਕ : ਹਰਦੇਵ ਸਿੰਘ ਲੱਖਣ ਕਲਾਂ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 94175-42032.


'ਤੜਫ਼ ਤੜਫ਼ ਕੇ ਜੀਣਾ' ਕਾਵਿ-ਸੰਗ੍ਰਹਿ ਹਰਦੇਵ ਸਿੰਘ ਲੱਖਣ ਕਲਾਂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਅਤੇ ਪਿਤਾ ਮਰਹੂਮ ਸ੍ਰੀ ਹਰੀ ਸਿੰਘ ਨੂੰ ਸਮਰਪਿਤ ਕਰਦਿਆਂ ਇਹ ਸੰਕੇਤ ਦਿੱਤਾ ਹੈ ਕਿ ਕੋਈ ਵੀ ਰੁੱਖ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਤੋਂ ਬਿਨਾਂ ਟਿਕਿਆ ਨਹੀਂ ਰਹਿ ਸਕਦਾ। ਇਸ ਕਾਵਿ-ਸੰਗ੍ਰਹਿ ਦੀਆਂ ਕੁਝ ਕਵਿਤਾਵਾਂ 'ਸਿਰਜਣਾ ਦੇ ਰੂ-ਬਰੂ', 'ਸ਼ਬਦਾਂ ਦੇ ਵਾਰਿਸ' ਅਤੇ 'ਸਿਰਜਣਾ ਦਾ ਸਫ਼ਰ' ਸਾਂਝੇ ਕਾਵਿ-ਸੰਗ੍ਰਹਿਆਂ ਵਿਚਲੀਆਂ 'ਬੇਲੋੜਾ ਜੀਣਾ' ਤੋਂ ਲੈ ਕੇ 'ਇਸ਼ਕ ਨਹੀਂ ਕੀਤਾ' ਤੱਕ ਦੀਆਂ ਕਵਿਤਾਵਾਂ 'ਚ ਨਜ਼ਮ, ਗੀਤ, ਗ਼ਜ਼ਲ ਅਤੇ ਰੁਬਾਈ ਦੇ ਰੰਗ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ 'ਜੋ ਕਵਿਤਾਵਾਂ ਪੂਰੀਆਂ ਨਾ ਹੋ ਸਕੀਆਂ' ਅਨੁਵਾਨ ਹੇਠ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦੇ ਸਮੇਂ ਪਾਠਕ ਮਹਿਸੂਸ ਕਰਦਾ ਹੈ ਕਿ ਇਸ ਧਰਤੀ, ਕੁਦਰਤ ਅਤੇ ਸਮੁੱਚੀ ਕਾਇਨਾਤ 'ਚ ਮਨੁੱਖ ਦੀ ਕੀ ਹੈਸੀਅਤ ਹੈ ਅਤੇ ਇਸ ਸਾਰੇ ਪਾਸਾਰੇ 'ਚ ਉਸ ਦੀ ਕੀ ਜ਼ਿੰਮੇਵਾਰੀ ਬਣ ਸਕਦੀ ਹੈ, ਕਿਉਂਕਿ ਲੇਖਕ ਦੀ ਸੋਚ ਵਿਚ ਅਧਿਆਤਮਿਕਤਾ ਅਤੇ ਪਦਾਰਥਕਤਾ ਦਾ ਸਮਾਵੇਸ਼ ਹੈ। ਉਸ ਅਨੁਸਾਰ ਇਹ ਸੋਚਾਂ ਦਰਅਸਲ ਮਨੁੱਖੀ ਵਿਕਾਸ ਦੀਆਂ ਲੋੜਾਂ ਅਨੁਸਾਰ ਇਕ-ਦੂਜੇ ਦੀਆਂ ਪੂਰਕ ਹਨ ਨਾ ਕਿ ਵਿਰੋਧੀ। ਇਸੇ ਲਈ ਇਨ੍ਹਾਂ ਕਵਿਤਾਵਾਂ ਦੀ ਸਿਰਜਣਾ ਦੇ ਸਰੋਤ ਵੀ ਕੁਦਰਤੀ ਅਤੇ ਸੁਭਾਵਿਕ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ 'ਚ ਇਨਕਲਾਬੀ ਸੁਰ ਦੇ ਗੁਣ ਵੀ ਹਨ ਅਤੇ ਮੁਹੱਬਤੀ ਪਲਾਂ ਦੀ ਦਾਸਤਾਨ ਵੀ। ਵਿਸ਼ਿਆਂ ਦੀ ਪੇਸ਼ਕਾਰੀ ਕਰਦਿਆਂ ਜਿਥੇ ਸਰਲਤਾ ਸਪੱਸ਼ਟਤਾ ਵਾਲੇ ਕਾਵਿ-ਬਿੰਬਾਂ ਦੀ ਸਿਰਜਣਾ ਕੀਤੀ ਹੈ, ਉਥੇ ਸੁਭਾਵਿਕਤਾ ਦੀ ਪ੍ਰਵਿਰਤੀ ਵੀ ਵਿਦਮਾਨ ਹੈ। ਇਸ ਪ੍ਰਸੰਗ ਵਿਚ 'ਇਸ਼ਕ ਨਹੀਂ ਕੀਤਾ' ਕਵਿਤਾ ਦੀਆਂ ਸਤਰਾਂ ਵਰਤਮਾਨ ਸਥਿਤੀ ਦੀ ਮਜਬੂਰੀ ਦਾ ਬਿਆਨ ਕਰਦੀਆਂ ਜਾਪਦੀਆਂ ਹਨ : 'ਅਸੀਂ ਜਿਨ੍ਹਾਂ/ਇਸ਼ਕ ਨਹੀਂ ਕੀਤਾ/ਅਸੀਂ ਜਿਨ੍ਹਾਂ/ਇਸ਼ਕ ਬਦਲੇ ਜੰਗ ਨਹੀਂ ਕੀਤਾ/ਡਰਦੇ ਰਹੇ/ਸਾਲਾਨਾ ਗੁਪਤ ਰਿਪੋਰਟਾਂ ਬਦਲੇ/ਸੁੰਗੜਿਆ ਰਿਹਾ ਸਾਡੇ/ਖ਼ਿਆਲਾਂ ਦਾ ਸਮੁੰਦਰ।
ਸਰਵਰਕ 'ਤੇ ਬਣੇ ਗ਼ਮਗੀਨ ਅਤੇ ਹੰਝੂ ਵਹਾਉਂਦੇ ਚਿਹਰੇ ਮੱਥੇ 'ਚ ਸੋਚਾਂ ਦੀਆਂ ਲਕੀਰਾਂ ਝਰੀਟਦੇ ਨਜ਼ਰੀਂ ਪੈਂਦੇ ਹਨ। ਉਮੀਦ ਕਰਦਾ ਹਾਂ ਕਿ ਪਾਠਕਾਂ ਦੇ ਮੱਥਿਆਂ 'ਚ ਵੀ ਅਜਿਹੀਆਂ ਸੋਚਾਂ ਦੀ ਲਕੀਰਾਂ ਉਕਰਨਗੀਆਂ। ਆਮੀਨ!


ਸੰਧੂ ਵਰਿਆਣਵੀ
ਮੋ: 98786-14096


ਬੋਲ ਕਿਸਾਨੀ ਦੇ

ਕਵੀ : ਰਘਬੀਰ ਸਿੰਘ ਗਿੱਲਕੱਟੂ
ਪ੍ਰਕਾਸ਼ਕ : ਤਾਲਿਫ ਪ੍ਰਕਾਸ਼ਨ, ਬਰਨਾਲਾ
ਮੁੱਲ : 144 ਰੁਪਏ, ਸਫ਼ੇ : 170
ਸੰਪਰਕ : 94647-68421.


ਇਕ ਸਾਲ ਤੋਂ ਵੱਧ ਸ਼ਾਂਤਮਈ ਚੱਲੇ ਕਿਸਾਨ ਅੰਦੋਲਨ ਨੇ ਇਕ ਵੱਖਰਾ ਇਤਿਹਾਸ ਰਚਕੇ ਹਰ ਪੱਖੋਂ ਇਕ ਡੂੰਘਾ ਪ੍ਰਭਾਵ ਪਾਇਆ ਹੈ। ਚਲਦੇ ਅੰਦੋਲਨ ਸਮੇਂਵੱਖ-ਵੱਖ ਲੇਖਕਾਂ ਨੇ ਵੀ ਅੰਦੋਲਨ ਦੇ ਹਰ ਪੱਖ 'ਤੇ ਝਾਤ ਪਵਾਉਣ ਲਈ ਲਿਖਤਾਂ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਹਨ। ਰਘਬੀਰ ਸਿੰਘ ਗਿੱਲਕੱਟੂ ਨੇ ਵੀ 'ਬੋਲ ਕਿਸਾਨੀ ਦੇ' ਪੁਸਤਕ ਵਿਚ ਕਿਸਾਨ ਅੰਦੋਲਨ ਦੇ ਹਰ ਘਟਨਾਕ੍ਰਮ ਨੂੰ ਬੋਲੀਆਂ/ਗੀਤ ਦੇ ਰੂਪ ਵਿਚ ਪੇਸ਼ ਕਰਕੇ ਇਸ ਅੰਦੋਲਨ ਨੂੰ ਲੋਕਾਂ ਦੀ ਜ਼ਬਾਨ(ਜਨ ਅੰਦੋਲਨ ਬਣਾਉਣ) ਲਈ ਕਾਫੀ ਹੱਦ ਸਫਲ ਉਪਰਾਲਾ ਕੀਤਾ ਹੈ।
ਇਸ ਕਾਵਿ-ਸੰਗ੍ਰਹਿ ਵਿਚ ਪੰਜ ਦਰਜਨਾਂ ਤੋਂ ਵੱਧ ਰਚਨਾਵਾਂ (ਲੋਕ ਬੋਲੀਆਂ ਤੇ ਗੀਤ) ਹਨ। ਅੰਦੋਲਨ ਦੀ ਰੂਪ-ਰੇਖਾ,ਦੁਸ਼ਵਾਰੀਆਂ/ਤੰਗੀਆਂ ਤੁਰਸ਼ੀਆਂਝੱਲਦੇ ਅੰਦੋਲਨਕਾਰੀਆਂ ਦੀ ਸਿਦਕਦਿਲੀ, ਜੋਸ਼ ਤੇ ਹੋਸ਼, ਤਰਕ/ਦਲੀਲਨਾਲ ਆਪਣਾ ਪੱਖ ਰੱਖਣਾ, ਜਝਾਰੂ ਬਿਰਤੀ, ਸਬਰ-ਸੰਤੋਖ, ਵੰਡ ਛਕਣ ਦੀ ਰੀਤ (ਲੰਗਰ), ਜ਼ਮੀਨ ਨਹੀਂਪਰ ਜਾਗਦੀਆਂ ਜਮੀਰਾਂ ਵਾਲੇ ਅਣਖੀ ਲੋਕ, ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ, ਬੁਲੰਦ ਹੌਸਲੇ ਤੇ ਵੱਖ-ਵੱਖ ਸੂਬਿਆਂ ਦੇ ਬਣੀ ਭਾਈਚਾਰਕ ਸਾਂਝ (ਸਾਂਝੀ ਸੱਥ) ਨੂੰ ਸਿਜਦਾ ਕੀਤਾ ਗਿਆ ਹੈ।
'ਮਹਾਂਪੰਚਾਇਤਾਂ ਤੇ ਖਾਪ ਨੇ
ਮਿਲ ਕੇ ਹੱਥ ਮਿਲਾਏ।
ਆਪਸ ਦੇ ਵਿਚ ਪਾਈਆਂ ਜੱਫੀਆਂ,
ਸਾਰੇ ਰੋਸ ਭੁਲਾਏ।
ਸ਼ਾਂਤਮਈ ਕਰਨਾ ਅੰਦੋਲਨ,
ਸਭ ਨੇ ਮਨ ਬਣਾਏ।'
ਲੋਟੂਆਂ ਦੀ ਲੋਟੂ ਬਿਰਤੀ ਤਨਜ਼ ਕਸਦਿਆਂ ਇੰਜ ਬੰਬੀਹਾ ਬੋਲਾਇਆ ਗਿਆ ਹੈ :
'ਪਾਣੀਆਂ 'ਤੇ ਵੀ ਕਬਜ਼ਾ ਕਰਿਆ,
ਕਾਮਾ ਹੋਣ ਬੈਠਾ ਹੈ ਡਰਿਆ।
ਚੂਹੇ ਵਾਂਗੂੰ ਕੁਤਰੀ ਜਾਂਦੇ,
ਖ਼ਤਰਾ ਹਾਲੇ ਨਹੀਂ ਟਲਿਆ।
ਨੀਤੀ ਇਨ੍ਹਾਂ ਦੀ ਹੈ ਮਾਰਨ ਵਾਲੀ,
ਤੁਸੀਂ ਭਾਲਦੇ ਦੋਲੇ---ਨੀਂ ਬੰਬੀਹਾ ਬੋਲੇ।'
ਪੰਜਆਬ ਦੀ ਪਾਣੀ ਤੋਂ ਸੱਖਣੀ ਹੋ ਰਹੀ ਧਰਤੀ ਦੀ ਤ੍ਰਾਸਦੀ ਉਤੇ ਹਾਅ ਦੇ ਨਾਅਰੇ ਦਾ ਨਮੂਨਾ ਵੀ ਵੇਖੋ:
'ਮਾੜੇ ਦਿਨ ਆਉਣ ਵਾਲੇ ਨੇ,
ਮੇਰੀ ਗੱਲ ਦਾ ਝੂਠ ਨਾ ਜਾਣੀ।
ਸੋਲਾਂ ਆਨੇ ਸੱਚ ਬੋਲਦਾਂ,
ਜਾਵੇ ਮੁੱਕਦਾ ਧਰਤ 'ਚੋਂ ਪਾਣੀ।'
'ਹੁਣ ਜਾਗੋ ਆਈਐ' ਦਾ ਹੋਕਾ ਦਿੰਦਾ ਰਘਬੀਰ ਸਿੰਘ ਗਿੱਲਕੱਟੂ ਦਾ ਕਾਵਿ-ਸੰਗ੍ਰਹਿ 'ਬੋਲ ਕਿਸਾਨੀ ਦੇ' ਪੰਜਾਬੀ ਸਾਹਿਤ ਜਗਤ ਵਿਚ ਆਉਣ ਦਾ ਸਵਾਗਤ ਹੈ।


ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋ: 98764-74858


ਬੇਗਾਨੀਆਂ ਜੂਹਾਂ

ਲੇਖਕ : ਡਾ. ਸਰਬਜਿੰਦਰ ਸਿੰਘ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ੇ : 144


'ਬੇਗਾਨੀਆਂ ਜੂਹਾਂ' ਪੁਸਤਕ ਵਿਚ ਸਾਬਕਾ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਦੇ ਕਥਨ ਦੋ ਸ਼ਬਦ ਮੁੱਲਵਾਨ ਹਨ : 'ਇਹ ਪੁਸਤਕ ਮਨੁੱਖਤਾ ਵਿਰੋਧੀ ਸਿਆਸਤ ਦੀਆਂ ਮਹੀਨ ਪਰਤਾਂ ਨੂੰ ਬੇਪਰਤ ਕਰਕੇ ਇਨਸਾਨੀਅਤ ਤੇ ਉੱਚੇ ਮਿਆਰਾਂ ਦਾ ਬਿੰਬ ਸਥਾਪਤ ਕਰਦੀ ਹੈ।' 1947 ਦੀ ਵੰਡ ਦਾ ਦੁਖਾਂਤ ਤੇ ਕਹਿਰ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਹਿਜਰਤ ਬਾਰੇ ਜਿੰਨਾ ਲਿਖਿਆ ਜਾਵੇ ਥੋੜ੍ਹਾ ਹੈ।
ਸਮੇਂ-ਸਮੇਂ ਲੇਖਕਾਂ ਨੇ ਇਸ ਤ੍ਰਾਸਦੀ ਨੂੰ ਆਪਣੀਆਂ ਲਿਖਤਾਂ ਰਾਹੀਂ ਉਜਾਗਰ ਕੀਤਾ ਹੈ। ਪੰਜਾਬ ਦੇ ਉਹ ਵਲੂੰਧਰਿਆ ਹੋਇਆ ਖ਼ੂਨੀ ਇਤਿਹਾਸ ਬਹੁਤ ਹੀ ਕਰੁਣਾਮਈ ਹੈ, ਜਿਸ ਨੂੰ ਇਸ ਪੁਸਤਕਾਂ 'ਚੋਂ ਪੜ੍ਹਿਆ ਜਾ ਸਕਦਾ ਹੈ। ਲਹਿੰਦੇ ਪੰਜਾਬ ਦੇ ਇਲਾਕੇ ਕੈਮਲਪੁਰ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਜਿੱਥੋਂ ਦੇ ਸਿੱਖ ਪਾਤਰ ਪ੍ਰੀਤਮ (ਫ਼ੌਜੀ ਅਫਸਰ) ਨੂੰ ਜ਼ਖ਼ਮੀ ਰੂਪ ਵਿਚ ਮੁਸਲਮਾਨ ਭਰਾ ਫਤਹਿ ਖਾਂ ਤੇ ਖ਼ੁਸ਼ੀ ਰਾਮ ਚੜ੍ਹਦੇ ਪੰਜਾਬ ਸਹੀ ਹਾਲਤ ਵਿਚ ਅੰਮ੍ਰਿਤਸਰ ਪਹੁੰਚਾਉਣ ਲਈ ਕਿੰਜ ਜੂਝਦੇ ਹਨ, ਉਹ ਮਾਰਮਿਕ ਦ੍ਰਿਸ਼ ਪਾਠਕ ਨੂੰ ਝੰਜੋੜ ਦਿੰਦੇ ਹਨ। ਉਸ ਸਮੇਂ ਦੀ ਕਤਲੋਗਾਰਤ ਹਨੇਰੀ ਵਿਚ ਦੇਵਤਾ-ਪੁਰਖ ਇਨਸਾਨ ਕਿੰਜ ਸਹਾਈ ਹੁੰਦੇ ਹਨ ਇਹ ਕ੍ਰਿਸ਼ਮਾ ਵਾਪਰਨ ਵਾਲੀ ਗੱਲ ਹੈ। ਉਧਰੋਂ ਹਿਜਰਤ ਕਰਨ ਵਾਲੇ ਹਿੰਦੂ-ਸਿੱਖਾਂ ਨਾਲ ਕੀ-ਕੀ ਵਾਪਰਿਆ, ਅਤੀ ਮਨ ਨੂੰ ਸੁੰਨ ਕਰਨ ਵਾਲਾ ਅਤੇ ਅੱਥਰੂਆਂ ਦੇ ਦਰਿਆ ਵਗਣ ਵਾਲੀ ਗੱਲ ਹੈ। ਲੇਖਕ ਲਿਖਦਾ ਹੈ : ਲਗਦਾ ਸੀ ਧਰਮ ਸੱਚਮੁੱਚ ਹੀ ਖੰਭ ਲਾ ਕੇ ਉਡ ਗਿਆ ਸੀ, ਮਾਨਵਤਾ ਦਾ ਨਾਮੋ ਨਿਸ਼ਾਨ ਈ ਮਿਟ ਚੁੱਕਾ ਸੀ ਤੇ ਰੱਬ ਵੀ ਦੂਰ ਕਿਤੇ ਆਪਣੀ ਦਰਗਾਹ ਵਿਚ ਹੀ ਮਰ-ਮਰਾ ਗਿਆ ਸੀ। ਲਹਿੰਦੇ ਪੰਜਾਬ ਤੋਂ ਰੇਲ ਗੱਡੀ 'ਚ ਉੱਜੜ ਗਏ ਲੋਕਾਂ ਦੇ ਹਿਜਰਤ ਕਰਨ ਦੇ ਦ੍ਰਿਸ਼ ਲੇਖਕ ਨੇ ਬਹੁਤ ਭਾਵੁਕ-ਸ਼ੈਲੀ ਨਾਲ ਵਰਨਣ ਕੀਤੇ ਹਨ। ਅੱਥਰੂ ਸਨ, ਚੀਕਾਂ ਸਨ, ਭੁੱਬਾਂ ਸਨ, ਆਹਾਂ ਸਨ, ਤੇ ਇਨ੍ਹਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਬਚਿਆ, ਸਭ ਖ਼ਤਮ। ਪ੍ਰੀਤਮ ਜਦੋਂ ਆਪਣੇ ਹਮਜੋਲੀ ਮੋਹਣੇ, ਚਿਰਾਗੇ ਤੇ ਧਰਾਬੀ ਤੋਂ ਵਿਦਾ ਹੁੰਦਾ ਹੈ, ਉਹ ਸਮਾਂ ਅੰਬਰ ਦੀ ਹਿੱਕ ਪਾੜਨ ਵਾਲਾ ਸੀ। ਇਸ ਪੁਸਤਕ 'ਚੋਂ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਕੁਝ ਵਿਸ਼ੇਸ਼ ਇਲਾਕਿਆਂ ਦਾ ਉਦੋਂ ਦਾ ਜਨ-ਜੀਵਨ, ਖੇਤੀਬਾੜੀ, ਰਸਮ-ਰਿਵਾਜ, ਮਿੱਟੀ ਦੀ ਮਹਿਕ ਤੇ ਹੋਰ ਬਹੁਤ ਕੁਝ ਜਾਣ ਸਕਦੇ ਹੋ।
ਵਿਸ਼ੇਸ਼ ਤੌਰ 'ਤੇ ਕੱਲਰ ਕਹਾਰ ਬਾਰੇ। ਸਰਦਾਰਾਂ ਦੀ ਧਾਕ ਅਤੇ ਉਨ੍ਹਾਂ ਦਾ ਅਮੀਰ ਤੇ ਦਲੇਰ ਸੱਭਿਆਚਾਰ ਬਾਰੇ ਭਰਪੂਰ ਜਾਣਕਾਰੀ ਪਾਠਕ ਦੇ ਗਿਆਨ ਵਿਚ ਵਾਧਾ ਕਰਦੀ ਹੈ। ਪੁਸਤਕ ਦੇ ਵਿਸ਼ੇ ਨਾਲ ਸੰਬੰਧਿਤ ਤਸਵੀਰਾਂ ਦੀ ਪੇਸ਼ਕਾਰੀ ਬਹੁਤ ਯੋਜਨਾਬੱਧ ਢੰਗ ਨਾਲ ਅੰਕਿਤ ਕੀਤੀ ਗਈ ਹੈ। ਇਸ ਪੁਸਤਕ ਵਿਚ ਹੋਰ ਵੀ ਰੌਚਿਕ ਕਹਾਣੀ ਕੱਲਰ ਕਹਾਰ ਦੇ ਠੇਕੇਦਾਰ ਬੂਟਾ ਸਿਹੁੰ ਦੇ ਪਰਿਵਾਰ ਨਾਲ ਸੰਬੰਧਿਤ ਹੈ। ਵੰਡਨਾਮੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰ ਖੇਰੂੰ-ਖੇਰੂੰ ਕਰ ਦਿੱਤੇ। ਲੱਖਾਂ ਤੋਂ ਕੱਖਾਂ ਵਰਗੇ ਕਰ ਦਿੱਤੇ। ਇਕ ਹੋਰ ਰੁਮਾਂਟਿਕ ਕਹਾਣੀ ਵੀ ਇਸ ਲਿਖਤ ਨੂੰ ਮਾਨਵੀ ਸੰਵੇਦਨਾ ਦਾ ਰੂਪ ਦਿੰਦੀ ਹੈ ਜਦੋਂ ਗੁਪਾਲ ਸਿਹੁੰ ਆਪਣੇ ਪਰਿਵਾਰ ਦੇ ਮੈਂਬਰਾਂ ਵਾਂਗ ਨਿਸ਼ਾਨ ਅਤੇ ਬਾਨੋ ਦੀ ਪ੍ਰੀਤ ਕਹਾਣੀ ਨੂੰ ਨਵਾਂ ਮੋੜ ਦੇਂਦਾ ਹੈ। ਕੁਦਰਤ ਬਲਵਾਨ ਹੈ। ਮੁਹੱਬਤ ਤੋਂ ਉੱਪਰ ਹੋਰ ਕੋਈ ਰਿਸ਼ਤਾ ਨਹੀਂ। ਸੋ ਸਾਰੀ ਲਿਖਤ ਨੂੰ ਪੜ੍ਹਨਾ ਪਾਠਕ ਲਈ ਇਕ ਸੰਵੇਦਨਾ 'ਚੋਂ ਗੁਜ਼ਰਨ ਵਾਂਗ ਹੈ।


ਮਨਮੋਹਨ ਸਿੰਘ ਦਾਊਂ
ਮੋ. 98151-23900
c c c


ਅੱਜ ਦੀ ਵੱਡੀ ਖ਼ਬਰ

ਲੇਖਕ : ਡਾ. ਕਰਨੈਲ ਸਿੰਘ ਸੋਮਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 0172-5027427.


ਡਾ. ਕਰਨੈਲ ਸਿੰਘ ਸੋਮਲ ਦਾ ਪੰਜਾਬੀ ਸਾਹਿਤ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੂੰ ਪ੍ਰਸਿੱਧ ਪੁਰਸਕਾਰ/ਐਵਾਰਡ ਵੀ ਮਿਲੇ ਹਨ। ਹਰੀਸ਼ ਜੈਨ ਹੋਰਾਂ ਨੇ ਉਨ੍ਹਾਂ ਬਾਰੇ ਕਿਹਾ ਹੈ ਡਾ. ਸੋਮਲ ਦੀਆਂ ਸਾਰੀਆਂ ਲਿਖਤਾਂ ਚੰਗੇਰੇ ਜੀਵਨ, ਅੱਗੇ ਵਧਣ ਦਾ ਚਾਉ ਅਤੇ ਚੰਗਾ ਮਨੁੱਖ ਬਣਨ ਲਈ ਪ੍ਰੇਰਨਾ ਦਿੰਦੀਆਂ ਹਨ। 'ਸਟੀਲ ਜੰਗਮੈਨ' ਇਕ ਅਖ਼ਬਾਰ ਵੇਚਣ ਵਾਲੇ ਲੜਕੇ ਦੀ ਕਹਾਣੀ ਜਿਸ ਨੂੰ ਉਸ ਦੀ ਹੀਣਭਾਵਨਾ ਨੂੰ ਲੁਕਾਉਣ ਲਈ ਉਸ ਨੂੰ 'ਸਟੀਲ ਜੰਗਮੈਨ' ਬਣਾ ਦਿੱਤਾ ਜਾਂਦਾ ਹੈ। 'ਅੱਜ ਦੀ ਵੱਡੀ ਖ਼ਬਰ' ਵਿਚ ਰਾਤ ਨੂੰ ਪਏ ਭਾਰੀ ਮੀਂਹ 'ਚ ਤਾਜ਼ੀ ਸੂਈ ਕੁੱਤੀ ਦੇ ਕਤੂਰਿਆਂ ਦੀ ਦੁਰਦਸਾ ਬਿਆਨ ਕੀਤੀ ਹੈ। 'ਬਿਰਖ ਅਨੋਖਾ', 'ਪੱਤੇ ਅਦਭੁੱਤ' ਵਿਚ ਕਾਲਪਨਿਕ ਬਿਰਖ ਦੀ ਕਹਾਣੀ ਹੈ। 'ਕਿੰਨੀਆਂ ਦਾਤਾਂ ਵਿਚ ਪੋਤੀ ਨੂੰ ਦਾਤਾਂ ਦੀ ਬਖਸ਼ਿਸ਼ ਬਾਰੇ ਦੱਸਣਾ। 'ਕਾਇਆ ਕਲਪ' ਵਿਚ ਗਰਮੀ ਰੁੱਤੇ ਮੀਂਹ ਤੋਂ ਬਾਅਦ ਧਰਤੀ 'ਤੇ ਆਏ ਪਰਿਵਰਤਨ ਦਾ ਜ਼ਿਕਰ ਬੜੇ ਸੁਚੱਜੇ ਢੰਗ ਨਾਲ ਬੱਚਿਆਂ ਦੀ ਜੀਵਨਸ਼ੈਲੀ ਨਾਲ ਦਿਲਚਸਪ ਤਰੀਕੇ ਨਾਲ ਪੇਸ਼ ਕਰਨਾ ਚੰਗਾ ਲੱਗਾ ਹੈ। ਡਾ. ਸੋਮਲ ਦੀ ਇਹ 128 ਪੰਨਿਆਂ ਦੀ ਪੁਸਤਕ ਬੜੇ ਕੀਮਤੀ ਮੋਤੀਆਂ ਦਾ ਖਜ਼ਾਨਾ ਲਗਦੀ ਹੈ। ਹਰ ਕਹਾਣੀ 'ਚ ਕੋਈ ਨਾ ਕੋਈ ਸਿੱਖਿਅਕ ਗੱਲ ਛੁਪੀ ਹੋਈ ਹੈ, ਜੋ ਬਾਲ ਮਨਾਂ 'ਤੇ ਡੂੰਘੀ ਛਾਪ ਛੱਡੇਗੀ। ਇਸ ਪੁਸਤਕ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਘੱਟ ਹੈ। ਇਸ ਵਿਚਲੀਆਂ 46 ਰਚਨਾਵਾਂ ਬੜੀ ਸੁਆਦਲੀਆਂ ਲਗਦੀਆਂ ਹਨ।


ਡੀ.ਆਰ. ਬੰਦਨਾ
ਮੋ: 94173-89003
c c c


ਧੁੱਪ ਦੀ ਕਾਤਰ
ਕਵਿੱਤਰੀ : ਦੀਪ ਕੁਲਦੀਪ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 97818-00399


ਦੀਪ ਕੁਲਦੀਪ ਦਾ ਪਲੇਠਾ ਕਾਵਿ ਸੰਗ੍ਰਹਿ 'ਧੁੱਪ ਦੀ ਕਾਤਰ' ਵੰਨ-ਸੁਵੰਨੀਆਂ 49 ਛੰਦਮੁਕਤ ਕਵਿਤਾਵਾਂ ਦਾ ਸੰਗ੍ਰਹਿ ਹੈ। ਕਵਿਤਾ ਨੂੰ ਜਿਊਣ ਦਾ ਜ਼ਰੀਆ ਸਮਝਣ ਵਾਲੀ ਦੀਪ ਕੁਲਦੀਪ ਨੇ ਆਪਣੇ ਚੁੱਪ-ਚੁਪੀਤੇ ਪਲਾਂ ਅਤੇ ਜ਼ਿੰਦਗੀ ਦੇ ਸੰਘਰਸ਼ ਤੋਂ ਪ੍ਰਾਪਤ ਅਨੁਭਵਾਂ ਅਤੇ ਪ੍ਰਭਾਵਾਂ ਨੂੰ ਕਾਵਿਕ ਅੰਦਾਜ਼ ਵਿਚ ਪੇਸ਼ ਕੀਤਾ ਹੈ। ਵਿਸ਼ੇ ਬੇਸ਼ੱਕ ਰਵਾਇਤੀ ਹਨ, ਪਰ ਉਨ੍ਹਾਂ ਦੀ ਪੇਸ਼ਕਾਰੀ, ਕਵਿੱਤਰੀ ਦਾ ਦ੍ਰਿਸ਼ਟੀਕੋਣ ਅਤੇ ਜ਼ਿੰਦਗੀ ਜਿਊਣ ਦਾ ਫ਼ਲਸਫ਼ਾ ਉਸ ਨੂੰ ਨਵੀਂ ਰੰਗਤ ਦਿੰਦਾ ਹੈ ਤੇ ਨਵਾਂ ਕਾਵਿਕ ਮੁਹਾਂਦਰਾ ਸਿਰਜਦਾ ਹੈ। 'ਉਸ ਨੇ ਮੈਨੂੰ ਹਰ ਵਾਰੀ/ਕਿਸੇ ਦਫ਼ਤਰੀ ਫਾਈਲ ਵਾਂਗ/ਖੋਲ੍ਹਿਆ/ਉਲਟਾਇਆ/ਪੰਨਿਆਂ ਦੀ ਇਬਾਰਤ ਦੇਖੀ-ਪਰਖੀ/ਤੇ ਬਿਨਾਂ ਕੋਈ ਨੋਟ ਦਿੱਤੇ/ਰੱਖ ਦਿੱਤਾ ਕਿਸੇ ਲਾਕਰ ਵਿਚ (ਜ਼ਰੂਰੀ ਕਾਗਜ਼) ਔਰਤ ਦੀ ਸਮਾਜਿਕ ਹੋਂਦ ਨੂੰ ਪ੍ਰਗਟ ਕਰਦਾ ਹੈ। ਤੇ ਜਦੋਂ ਵੀ ਸੀਸ ਮੰਗਿਆ ਗਿਆ/ਕੋਈ ਔਰੰਗਜ਼ੇਬ/ਮਨੂ ਜਾਂ ਬਾਬਰ ਨਹੀਂ ਆਇਆ (ਸੀਸ ਕੌਣ ਦਿੰਦੇ) ਸਵਾਲ ਪੈਦਾ ਕਰਦਾ ਹੈ ਕਿ ਜਿਨ੍ਹਾਂ ਦੇ ਜ਼ੁਲਮ ਦੇ ਖ਼ਿਲਾਫ਼ ਸੀਸ ਮੰਗੇ ਜਾ ਰਹੇ ਹੋਣ, ਉਹ ਜਾਂ ਉਨ੍ਹਾਂ ਵਰਗੇ ਹੀ ਸੀਸ ਦੇਣ ਲਈ ਕਿਉਂ ਤੇ ਕਿਵੇਂ ਤਿਆਰ ਹੋਣਗੇ। ਨਾਲ ਹੀ ਮਨੂ, ਔਰੰਗਜ਼ੇਬ ਤੇ ਬਾਬਰ ਦੇ ਬਰਾਬਰ ਕਿਵੇਂ ਹਮਲਾਵਰ ਤੇ ਅੱਤਿਆਚਾਰੀ ਹੋ ਗਏ? 'ਨਦੀਆਂ ਦੇ ਵਹਿਣ ਨਾਲ/ਸਮੁੰਦਰਾਂ 'ਚ ਖੁਰ ਕੇ ਵੀ/ਕਾਇਮ ਰੱਖਣੀ/ਆਪਣੀ ਹੋਂਦ (ਤੁਪਕੇ) ਕੀ ਇੰਜ ਸੰਭਵ ਹੈ?
ਦੀਪ ਕੁਲਦੀਪ ਨੇ ਧੁੱਪ ਦੀ ਕਾਤਰ, ਕੀਮਤ, ਸਫ਼ਰ, ਜਵਾਰ ਭਾਟਾ, ਕਦਮ, ਦੁਪਹਿਰ ਖਿੜੀ, ਪੱਥਰ 'ਤੇ ਲੀਕ, ਬੇਤਰਤੀਬੀਆਂ ਆਦਿ ਕਵਿਤਾਵਾਂ ਰਾਹੀਂ ਮਨੁੱਖੀ ਹੋਂਦ, ਮਾਨਸਿਕ ਉਲਝਣਾਂ, ਮਨੁੱਖ ਦੇ ਬਾਹਰਲਾ ਤੇ ਅੰਦਰਲਾ ਬੇਤਰਤੀਬਾਪਨ, ਵਿਅਰਥ ਦੀ ਭੱਜ-ਦੌੜ ਤੇ ਸੰਵੇਦਨਹੀਨ ਹੁੰਦੀ ਜਾਂਦੀ ਲੋਕਾਈ ਦੇ ਨਾਜ਼ੁਕ ਪਲਾਂ ਨੂੰ ਸ਼ਬਦਾਂ ਰਾਹੀਂ ਸਫਲਤਾਪੂਰਵਕ ਬੰਨ੍ਹਿਆ ਹੈ। ਪ੍ਰਕਿਰਤੀ, ਬ੍ਰਹਿਮੰਡ, ਜੀਵਨ ਪੰਧ ਤੇ ਜੀਵਨ ਤੱਤਾਂ ਪ੍ਰਤੀ ਕਾਵਿਕ ਪਹੁੰਚ ਦੀਪ ਕੁਲਦੀਪ ਦੀ ਸਿਰਜਣਾਤਮਿਕ ਸਮਰੱਥਾ ਦੀ ਗਵਾਹੀ ਭਰਦੀਆਂ ਹਨ। 'ਧੁੱਪ ਦੀ ਕਾਤਰ' ਪਾਠਕਾਂ ਨੂੰ ਪ੍ਰਭਾਵਿਤ ਕਰਨ ਵਿਚ ਸਫਲ ਹੈ।


ਡਾ. ਧਰਮਪਾਲ ਸਾਹਿਲ
ਮੋ: 98761-56964


ਚੱਪਾ ਕੁ ਪੂਰਬ

ਲੇਖਕ : ਵਿਜੇ ਵਿਵੇਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 88
ਸੰਪਰਕ : 95017-00495.


ਵਿਜੇ ਵਿਵੇਕ ਪੰਜਾਬੀ ਗ਼ਜ਼ਲ ਦੇ ਬੇਤਾਜ ਬਾਦਸ਼ਾਹ ਹਨ। ਗ਼ਜ਼ਲ ਉਨ੍ਹਾਂ ਨੂੰ ਲਿਖਣੀ ਨਹੀਂ ਪੈਂਦੀ, ਕਿਉਂਕਿ ਇਹ ਤਾਂ ਉਨ੍ਹਾਂ ਦੀ ਧੜਕਣ ਵਿਚ ਧੜਕਦੀ ਹੈ। ਉਨ੍ਹਾਂ ਦੇ ਸਹਿਜਤਾ ਅਤੇ ਸੁਭਾਵਿਕਤਾ ਦੇ ਪ੍ਰਵਾਹ ਵਿਚ ਵਹਿੰਦੇ ਹੋਏ ਬੋਲ ਆਪ-ਮੁਹਾਰੇ ਹੀ ਗ਼ਜ਼ਲੀਅਤ ਦੇ ਸੰਚੇ ਵਿਚ ਢਲ ਜਾਂਦੇ ਹਨ। ਉਨ੍ਹਾਂ ਦੇ ਗ਼ਜ਼ਲ-ਸੰਗ੍ਰਹਿ 'ਚੱਪਾ ਕੁ ਪੂਰਬ' ਵਿਚਲਾ ਇਹ ਸ਼ਿਅਰ ਕੁਦਰਤ ਨਾਲ ਇੱਕ-ਮਿੱਕ ਹੋਈ ਉਨ੍ਹਾਂ ਦੀ ਵਿਸਮਾਦੀ ਸੁਰ ਦਾ ਖ਼ੂਬਸੂਰਤ ਚਿਤਰਨ ਹੈ:
ਭਲਾ ਹੈ ਪਾਣੀਆਂ ਹੇਠਾਂ ਹਮੇਸ਼ਾ ਰੇਤ ਰਹੀ
ਭਲਾ ਹੈ ਭੇਤ ਦੀ ਇਹ ਗੱਲ ਹਮੇਸ਼ਾ ਭੇਤ ਰਹੀ
ਕਿ ਤੇਰਾ ਜ਼ਿਕਰ ਜੇ ਲਫ਼ਜ਼ਾਂ ਦੇ ਵਿਚ ਸਮਾ ਸਕਦਾ
ਤਾਂ ਹੁਣ ਨੂੰ ਕਹਿ ਲਿਆ ਹੁੰਦਾ, ਸੁਣਾ ਲਿਆ ਹੁੰਦਾ
ਉਨ੍ਹਾਂ ਦਾ ਮੰਨਣਾ ਹੈ ਕਿ ਮਨੁੱਖ ਵਿਸ਼ਵ ਮੰਡੀ ਦੇ ਤਾਣੇ-ਬਾਣੇ ਵਿਚ ਏਨਾ ਉਲਝ ਚੁੱਕਿਆ ਹੈ ਕਿ ਉਹ ਆਪਣੇ ਹੀ ਵਿਰੋਧ ਵਿਚ ਖੜ੍ਹਾ ਹੋ ਗਿਆ ਹੈ। ਉਸ ਨੂੰ ਆਪਣੇ ਕੀਤੇ ਕਿਸੇ ਵੀ ਕੰਮ ਤੋਂ ਸੰਤੁਸ਼ਟੀ ਨਹੀਂ ਹੁੰਦੀ ਕਿਉਂਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਕਿ ਉਸ ਲਈ ਚੰਗਾ ਜਾਂ ਮਾੜਾ ਕੀ ਹੈ। ਆਪਣੇ ਆਪ ਨਾਲੋਂ ਟੁੱਟੇ ਅਜਿਹੇ ਮਨੁੱਖ ਕੋਲੋਂ ਕਿਸੇ ਮਦਦ ਜਾਂ ਹਮਦਰਦੀ ਦੀ ਉਮੀਦ ਰੱਖਣਾ ਤਾਂ ਕਿਸੇ ਦਰੱਖਤ ਦੇ ਗਲ ਲੱਗ ਕੇ ਰੋਣ ਵਾਂਗ ਹੀ ਹੈ:
ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ
ਨਹੀਂ ਸਮਝਣਗੇ ਤੇਰੀ ਪੀੜ ਬੰਦੇ
ਦਰੱਖਤਾਂ ਕੋਲ ਬਹਿ ਕੇ ਰੋ ਲਿਆ ਕਰ।
ਵਿਜੇ ਵਿਵੇਕ ਦੀ ਗ਼ਜ਼ਲਕਾਰੀ ਦਾ ਹੀ ਹਾਸਲ ਹੈ ਕਿ ਉਨ੍ਹਾਂ ਦੀ ਇਹ ਪੁਸਤਕ ਚੌਥੀ ਵਾਰ ਪ੍ਰਕਾਸ਼ਿਤ ਹੋ ਰਹੀ ਹੈ। ਬੇਹੱਦ ਸਰਲ ਪਰ ਸੁਹਜ ਭਰਪੂਰ ਸ਼ਬਦਾਵਲੀ ਕਾਰਨ ਵਾਰ-ਵਾਰ ਪੁਸਤਕ ਪੜ੍ਹਨ ਦਾ ਮਨ ਕਰਦਾ ਹੈ। ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਬੱਝੇ ਨਾ ਹੋਣ ਦਾ ਬਾਵਜੂਦ ਉਹ ਮਨੁੱਖੀ ਸਮਾਜ ਨੂੰ ਸੁੰਦਰ ਅਤੇ ਸਵੱਛ ਦੇਖਣਾ ਚਾਹੁੰਦੇ ਹਨ। ਉਨ੍ਹਾਂ ਦੀ ਇਸ ਸਦਾਬਹਾਰ ਕੋਸ਼ਿਸ਼ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਨੀ ਘੱਟ ਪ੍ਰਤੀਤ ਹੁੰਦੀ ਹੈ।


ਕਰਮ ਸਿੰਘ ਜ਼ਖ਼ਮੀ
ਮੋ: 98146-28027
c c c


ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲ੍ਹੇ

ਲੇਖਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 135
ਸੰਪਰਕ : 98148-03254


ਜਿੰਦਰ ਪੰਜਾਬੀ ਕਹਾਣੀ ਖੇਤਰ ਦਾ ਇਕ ਉੱਘਾ ਨਾਂਅ ਹੈ। ਜਦੋਂ ਅਸੀਂ ਉਸ ਦੀ ਨਵੀਂ ਪੁਸਤਕ 'ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲ੍ਹੇ' ਨੂੰ ਆਪਣੇ ਅਧਿਐਨ ਦੀ ਵਸਤੂ ਬਣਾਉਂਦੇ ਹਾਂ ਤਾਂ ਨਿਰਸੰਦੇਹ ਹੀ ਇਹ ਬਿਰਤਾਂਤਕ ਰਚਨਾਵਾਂ ਉਸ ਦੇ ਆਪਣੇ ਕਥਨ ਮੁਤਾਬਿਕ ਉਸ ਨੂੰ ਰੇਖਾ ਚਿੱਤਰ ਵੀ ਜਾਪਦੇ ਹਨ, ਜੱਗ ਬੀਤੀਆਂ ਵੀ ਅਤੇ ਕਹਾਣੀਆਂ ਵੀ। ਭਾਵੇਂ ਕਿ ਪਹਿਲੀ ਨਜ਼ਰੇ ਰੇਖਾ ਚਿੱਤਰ ਹੀ ਜਾਪਦੇ ਹਨ ਪਰ ਇਨ੍ਹਾਂ ਵਿਚਲਾ ਕਥਾ-ਅੰਸ਼ ਇਸ ਨੂੰ ਕਹਾਣੀ ਵਿਧਾ ਦੇ ਵੀ ਨਜ਼ਦੀਕ ਲੈ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਇਹ ਪਾਤਰ ਪ੍ਰਧਾਨ ਕਹਾਣੀਆਂ ਹੋਣ। ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਲੋਕਾਂ ਦੇ ਜੀਵਨ ਬਿਰਤਾਂਤਾਂ ਨੂੰ ਕਹਾਣੀ ਸ਼ੈਲੀ ਵਿਚ ਪੇਸ਼ ਕੀਤਾ ਹੈ ਜੋ ਸਾਧਾਰਨ ਜ਼ਿੰਦਗੀ ਜਿਊਂਦੇ ਹੋਏ ਵੀ ਵਿਸ਼ੇਸ਼ ਸਨ, ਕਿਉਂਕਿ ਜ਼ਿੰਦਾਦਿਲੀ, ਇਨਸਾਨੀਅਤ, ਭੋਲਾਪਨ ਅਤੇ ਆਪਣੇ ਹੀ ਢੰਗ ਨਾਲ ਜ਼ਿੰਦਗੀ ਜਿਊਣ ਅਤੇ ਮਾਣਨ ਕਈ ਪੱਖ ਇਨ੍ਹਾਂ ਦੇ ਸੁਭਾਅ ਵਿਚ ਸਮਾਏ ਹੋਏ ਸਨ। ਸੀਮਤ ਸਾਧਨਾਂ ਦੇ ਬਾਵਜੂਦ ਇਹ ਆਪਣੀ ਜ਼ਿੰਦਗੀ ਦੇ ਬਾਦਸ਼ਾਹ ਜਾਪਦੇ ਹਨ। ਇਨ੍ਹਾਂ ਦਾ ਕੌੜਾ ਜਾਂ ਮਿੱਠਾ ਸੁਭਾਅ ਜੋ ਵੀ ਹੋਵੇ ਪਰ ਸਮਾਜ ਵਿਚ ਪ੍ਰਵਾਨ ਹੋਏ ਇਹ ਮਨੁੱਖ ਸਨ। ਸੀਮਤ ਸਾਧਨਾਂ ਦੇ ਹੋਣ ਦੇ ਬਾਵਜੂਦ ਇਨ੍ਹਾਂ ਬਿਰਤਾਂਤਕ ਰਚਨਾਵਾਂ ਵਿਚ ਪੇਸ਼ ਹੋਏ ਮਨੁੱਖ ਕਿਰਤੀ ਬਿਰਤੀ ਵਾਲੇ ਹਨ। ਇਹ ਕਵਿਤਾ ਵਰਗੀ ਜ਼ਿੰਦਗੀ ਜਿਊਂਦੇ ਜਾਪਦੇ ਹਨ, ਜਿਨ੍ਹਾਂ ਦੇ ਸੁਭਾਅ ਵਿਚ ਅਤਿ ਦੀ ਸੰਵੇਦਨਸ਼ੀਲਤਾ ਆਈ ਹੋਈ ਹੈ। ਇਹ ਪਾਤਰ ਚਾਹੇ ਗਿਆਨ ਹੋਵੇ, ਚਾਹੇ ਜਗੀਰ ਚੰਦ ਹੋਵੇ, ਚਾਹੇ ਬਾਬਾ ਗੋਲੂ ਹੋਵੇ, ਗਾਮੀ ਮਾਸੀ ਜਾਂ ਫਿਰ ਫਿਨੋ ਸਾਰੇ ਆਪਣੇ ਸੁਭਾਅ ਦੀ ਜ਼ਰਖੇਜ਼ਤਾ ਨਾਲ ਇਕ ਪੂਰੀ ਭਾਈਚਾਰਕ ਇਕਾਈ ਨੂੰ ਪੇਸ਼ ਕਰ ਜਾਂਦੇ ਹਨ। ਕੁੱਲ ਸਤਾਰਾਂ ਬਿਰਤਾਂਤਕ ਰਚਨਾਵਾਂ ਇਸ ਪੁਸਤਕ ਵਿਚ ਪੇਸ਼ ਹੋਈਆਂ ਹਨ। ਪਾਠਕ ਬਗੈਰ ਵਿਧਾਗਤ ਸੰਵਾਦ ਵਿਚ ਪੈਣ ਤੋਂ ਇਨ੍ਹਾਂ ਵਿਚਲੀ ਕਥਾ ਇਸ ਤਰ੍ਹਾਂ ਮਾਣਦਾ ਹੈ ਜਿਵੇਂ ਕੋਈ ਬਾਤ ਸੁਣ ਰਿਹਾ ਹੋਵੇ। ਕਿਤੇ ਕਿਤੇ ਕਵਿਤਾ ਜਾਂ ਕਿੱਤਿਆਂ ਦੀਆਂ ਸਤਰਾਂ ਅਤੇ ਕਿਸੇ ਨੀਤੀ ਕਥਾ ਦਾ ਪੇਸ਼ ਹੋਇਆ ਅੰਸ਼ ਵੀ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਤਰਾਟਾਂ
ਲੇਖਕ : ਅਤੁਲ ਕੰਬੋਜ (ਚੰਨ)
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 107
ਸੰਪਰਕ : 94638-36591.


ਸ਼ਾਇਰ ਅਤੁਲ ਕੰਬੋਜ (ਚੰਨ) ਹਥਲੇ ਕਾਵਿ-ਸੰਗ੍ਰਹਿ 'ਤਰਾਟਾਂ' ਤੋਂ ਪਹਿਲਾਂ ਕਾਵਿ-ਸੰਗ੍ਰਹਿ 'ਹਮਸ਼ਾਇਰ' ਅਤੇ ਸੰਪਾਦਿਤ ਪੁਸਤਕ 'ਆਵਾਜ਼ ਦਿਲ ਦੀ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਨੂੰ ਸ਼ਾਇਰੀ ਦੀ ਪਿਉਂਦ ਪਿਤਾ ਸ੍ਰੀ ਕ੍ਰਿਸ਼ਨ ਚੰਦ ਤੋਂ ਲੱਗੀ ਹੈ। ਦੁਨੀਆ ਦਾ ਬਹੁਤਾ ਸ਼ਾਇਰ ਪਿਆਰ ਮੁਹਬੱਤ ਦੇ ਵਿਸ਼ੇ 'ਤੇ ਲਿਖਿਆ ਹੈ ਤੇ ਉਂਜ ਵੀ ਜਦੋਂ ਪਿਆਰ ਕਰੂੰਬਲਾਂ ਫੁੱਟਦੀਆਂ ਹਨ ਤਾਂ ਹਰੇਕ ਸਿਰਜਕ ਲਗਭਗ ਸ਼ਾਇਰੀ 'ਤੇ ਹੀ ਹੱਥ ਅਜ਼ਮਾਉਂਦਾ ਹੈ ਤੇ ਇੰਜ ਇਹ ਉੱਭਰਦਾ ਸ਼ਾਇਰ ਇਸ ਤਰੰਗਤੀ ਜਜ਼ਬੇ ਤੋਂ ਕਿਵੇਂ ਅਣਭਿੱਜ ਰਹਿ ਸਕਦਾ ਹੈ। ਸ਼ਾਇਰ ਪੇਸ਼ੇ ਵਜੋਂ ਇਕ ਸਫਲ ਜੱਜ ਹੈ। ਕਹਿੰਦੇ ਨੇ ਕਾਨੂੰਨ ਅੰਨ੍ਹਾ ਹੁੰਦਾ ਹੈ ਪਰ ਇਸ ਜੱਜ ਨੇ ਪਿਆਰ ਦੇ ਜਜ਼ਬੇ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ, ਬਲਕਿ ਪਿਆਰ ਦੇ ਕੇਸ ਨੂੰ ਉਲਝਾਇਆ ਨਹੀਂ ਸਗੋਂ ਸੁਲਝਾਇਆ ਹੈ। ਸਜ਼ਾ ਦੇਣਾ ਤਾਂ ਇਕ ਪਾਸੇ ਰਿਹਾ ਪਹਿਲੀ ਪੇਸ਼ੀ 'ਤੇ ਹੀ ਵਾ-ਇੱਜ਼ਤ ਬਰੀ ਕਰ ਦਿੰਦਾ ਹੈ। ਪਿਆਰ ਮੁਹੱਬਤ ਦੇ ਤਰੰਗਤੀ ਜੀਉੜਿਆਂ ਨੂੰ ਸਮਾਜਿਕ ਵਰਜਣਾਵਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ। ਬਕੌਲ ਮਿਰਜ਼ਾ ਗ਼ਾਲਿਬ 'ਗ਼ਾਲਿਬ ਯੇਹ ਆਤਿਸ਼ ਹੈ ਜੋ ਲਗਾਏ ਨਾ ਲਗੇ ਬੁਝਾਏ ਨਾ ਬਨੇ', ਤਰੰਗਤੀ ਮੁਹੱਬਤੀ ਛਿਣਾਂ ਤੋਂ ਇਲਾਵਾ ਹੋਰ ਵਿਭਿੰਨ ਸਰੋਕਾਰਾਂ ਨਾਲ ਵੀ ਸ਼ਾਇਰ ਨੇ ਦਸਤਪੰਜਾ ਲਿਆ ਹੈ। ਉਹ ਮਜ਼ਹਬ ਦੇ ਠੇਕੇਦਾਰਾਂ ਦੇ ਵੀ ਬਖੀਏ ਉਧੇੜਦਾ ਹੈ। ਸ਼ਾਇਰ-ਏ-ਮਸ਼ਰਕ ਡਾ. ਮੁਹੰਮਦ ਇਕਬਾਲ ਕਹਿੰਦਾ ਹੈ ਕਿ 'ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰਖਨਾ' ਦਰਅਸਲ ਮਜ਼ਹਬ ਹੀ ਮਜ਼ਹਬ ਨਾਲ ਆਢਾ ਲਾਉਂਦਾ ਹੈ। ਸ਼ਾਇਰ ਦੀ ਸ਼ਾਇਰੀ ਦੀ ਖੂਬਸੂਰਤੀ ਇਹ ਵੀ ਹੈ ਕਿ ਉਹ ਇਕਤਰਫ਼ਾ ਪਿਆਰ ਤੇ ਸੁਖਦ ਪਲਾਂ ਨੂੰ ਵੀ ਹੰਢਾਉਂਦਾ ਹੈ ਤੇ ਪਿਆਰ ਨੂੰ ਵਣਜ ਬਣਾਉਣ ਵਾਲਿਆਂ ਦੇ ਗਿਰਗਿਟੀ ਕਿਰਦਾਰ ਦੇ ਮਖੌਟੇ ਵੀ ਉਤਾਰਦਾ ਹੈ। ਸਮਾਜ ਵਿਚ ਮੁੰਡੇ-ਕੁੜੀ ਦੇ ਵਖਰੇਵੇਂ 'ਤੇ ਚਿੰਤਾ ਤੇ ਚਿੰਤਨ ਕਰਦਾ ਹੋਇਆ ਅਗਾਊਂ ਜਾਗਰੂਕ ਵੀ ਕਰਦਾ ਹੈ। ਕੁੜੀਆਂ ਨੇ ਤਾਂ ਹਰੇਕ ਖੇਤਰ ਵਿਚ ਮੁੰਡਿਆਂ ਵਾਗ ਮੱਲਾਂ ਮਾਰੀਆਂ ਹਨ। ਮਮਤਾ ਦੀ ਮੂਰਤ ਮਾਂ ਦੀ ਖੂਬਸੂਰਤ ਤਸਵੀਰਕਸ਼ੀ ਕਰਦਾ ਹੋਇਆ ਕੁਰਾਨ ਮਜੀਦ ਦੀ ਉਸ ਆਇਤ ਨੂੰ ਤਸਦੀਕ ਕਰਦਾ ਨਜ਼ਰ ਆਉਂਦਾ ਹੈ। ਉਸ ਵਿਚ ਲਿਖਿਆ ਹੈ ਕਿ ਮਾਂ ਦੇ ਪੈਰਾਂ ਹੇਠ ਜ਼ੰਨਤ ਹੁੰਦੀ ਹੈ। ਸ਼ਾਇਰ ਕਲਮ ਰਾਹੀਂ ਸ਼ਬਦਾਂ ਵਿਚ ਠਾਹਰ ਭਾਲਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਕਲਮ ਹਥਿਆਰ ਵੀ ਬਣਦੀ ਹੈ ਤੇ ਝੂਠ ਦੇ ਪਹਾੜ ਅੱਗੇ ਤਣ ਜਾਂਦੀ ਹੈ। ਪਿਆਰ ਮੁਹੱਬਤ ਵਿਚ ਭੋਗੀਆਂ ਤਰਾਟਾਂ ਨੂੰ ਜੇ ਸਮਝਣਾ ਹੋਵੇ ਤਾਂ ਇਸ ਪੁਸਤਕ ਦਾ ਪਾਠ ਜ਼ਰੂਰੀ ਹੋ ਜਾਂਦਾ ਹੈ। ਸ਼ਾਇਰ ਦੇ ਇਸ ਨਿਰਛਲ ਜਜ਼ਬਾਤਾਂ ਦੀ ਪ੍ਰਕਰਮਾ ਕਰਨ ਨੂੰ ਸਲਾਮ ਤਾਂ ਕਰਨਾ ਬਣਦਾ ਹੀ ਹੈ ਤੇ ਨੇੜ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਤਾਂ ਰਹੇਗੀ ਹੀ ਆਮੀਨ।


ਭਗਵਾਨ ਢਿੱਲੋਂ
ਮੋ: 98143-78254


ਧਾਰੀਦਾਰ ਪਜਾਮੇ ਵਾਲਾ ਮੁੰਡਾ
ਮੂਲ ਲੇਖਕ : ਜੋਨ ਬੁਆਏਨ
ਅਨੁਵਾਦਕ : ਗੁਰਚਰਨ ਸਿੰਘ ਜੈਤੋ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 164
ਸੰਪਰਕ : 97794-26698.


'ਧਾਰੀਦਾਰ ਪਜਾਮੇ ਵਾਲਾ ਮੁੰਡਾ' ("he bo਼ }n the Str}ped PY*1$1S) ਦੂਜੀ ਵਿਸ਼ਵ ਜੰਗ ਸਮੇਂ ਜਰਮਨੀ ਵਿਚ ਕੀ-ਕੀ ਘਟਨਾਵਾਂ ਵਾਪਰਦੀਆਂ ਸਨ ਅਤੇ ਉਸ ਦਾ ਲੋਕਾਂ ਦੀ ਆਰਥਿਕ, ਸਮਾਜਿਕ, ਸੱਭਿਆਚਾਰਕ ਅਵਸਥਾ 'ਤੇ ਕਿਵੇਂ ਅਤੇ ਕਿੰਨਾ ਮਾਰੂ ਪ੍ਰਭਾਵ ਪਿਆ, ਇਸ ਨਾਵਲ 'ਚ ਦੱਸਿਆ ਗਿਆ ਹੈ।
ਇਸ ਨਾਵਲ ਦਾ ਕਥਾਨਕ, ਬਰੋਨੋ ਨਾਂਅ ਦੇ ਜਰਮਨ ਬਾਲਕ ਦੇ ਪਰਿਵਾਰ ਨਾਲ ਆਰੰਭ ਹੁੰਦਾ ਹੈ। ਬਰੋਨੋ ਦੀ ਜਗਿਆਸੂ ਰੁਚੀ ਹੈ, ਉਹ ਆਪਣੀ ਭੈਣ ਗਰੇਟਲ ਨਾਲ ਵਾਦ-ਵਿਵਾਦ ਕਰਦਾ ਰਹਿੰਦਾ ਹੈ, ਉਨ੍ਹਾਂ ਦੀ ਮਾਂ ਘਰੇਲੂ ਔਰਤ ਹੈ। ਉਸ ਪਰਿਵਾਰ ਦੀ ਪੁਰਾਣੀ ਸੇਵਾਦਾਰ ਦਾ ਨਾਂਅ ਮਰੀਆ ਹੈ। ਇੰਜ ਇਸ ਪਰਿਵਾਰ ਨੂੰ ਆਪਣੇ ਬਦਲ ਕੇ ਕਿਸੇ ਹੋਰ ਸ਼ਹਿਰ, ਨਵੀਂ ਥਾਂ, ਨਵੇਂ ਮਕਾਨ ਵਿਚ ਰਹਿਣਾ ਪੈਂਦਾ ਹੈ, ਜਿਹੜਾ ਮੁਹੱਲੇ ਤੋਂ ਬਾਹਰ ਨਵੀਂ ਨਿਵੇਕਲੀ ਥਾਂ 'ਤੇ ਹੈ, ਜਿਸ ਨੂੰ ਆਊਟ-ਵਿਦ ਬੋਲਦੇ ਹਨ। ਇਥੇ ਹੀ ਨਾਜ਼ੀ ਜਰਮਨੀ ਦਾ ਸਭ ਤੋਂ ਵੱਡਾ ਇਕਾਗਰਤਾ ਕੈਂਪ ਹੈ।
ਐਸਵਿਟਜ ਵਿਚ ਕਿੰਨੇ ਲੋਕ ਮਾਰੇ ਗਏ ਸਨ? ਅੰਦਾਜ਼ਾ ਸੀ, ਦਸ ਲੱਖ ਲੋਕ, ਇਥੇ 1944 ਈ. ਵਿਚ ਇਕ ਵੱਡਾ ਵਿਦਰੋਹ ਹੋਇਆ ਸੀ। ਇਸ ਵਿਦਰੋਹ ਨੂੰ ਜਨਵਰੀ 1945 ਈ. ਵਿਚ ਆਈ ਰੂਸੀ ਫ਼ੌਜ ਨੇ ਸਮਾਪਤ ਕਰਵਾਇਆ ਸੀ। 1940 ਈ. ਤੋਂ ਲੈ ਕੇ 1943 ਈ. ਤੱਕ ਇਸ ਕੈਂਪ ਦੇ ਕੈਦੀ, ਕੀ ਧਾਰੀਦਾਰ ਪਜਾਮੇ ਪਾਇਆ ਕਰਦੇ ਸਨ? ਇਸ ਸਵਾਲ ਦਾ ਜਵਾਬ 'ਹਾਂ' ਹੈ ਪਰ ਕੈਦੀਆਂ ਨੂੰ ਇਕ ਪਜਾਮਾ, ਇਕ ਜੈਕਟ, ਇਕ ਬਨੈਣ ਤੇ ਟੋਪੀ ਦਿੱਤੀ ਜਾਂਦੀ ਸੀ। ਔਰਤ ਕੈਦਣਾਂ ਨੂੰ ਲੰਮਾ ਚੋਗਾ। ਉਨ੍ਹਾਂ ਸਿਪਾਹੀ ਕੈਦੀਆਂ ਉੱਪਰ ਬਹੁਤ ਜ਼ੁਲਮ ਕੀਤਾ ਜਾਂਦਾ ਸੀ। ਲੱਕੜ ਦੇ ਬੂਟ ਦਿੱਤੇ ਜਾਂਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਪੈਰਾਂ ਵਿਚ ਛਾਲੇ ਪੈ ਜਾਂਦੇ ਸਨ। ਉਨ੍ਹਾਂ ਦੀ ਸ਼ਨਾਖ਼ਤ ਲਈ ਲਾਲ ਤਿਕੋਣ ਗੁਲਾਬੀ ਤਿਕੋਣ ਆਦਿ ਸ਼ਨਾਖ਼ਤੀ ਚਿੰਨ੍ਹ ਲਾਏ ਜਾਂਦੇ ਸਨ।
ਲੇਖਕ ਜੋਨ ਬੁਆਏਨ ਨੇ ਹਕੀਕਤ ਪਸੰਦ ਅਤੇ ਦੂਜੇ ਮਹਾਂਯੁੱਧ ਸਮੇਂ ਜਰਮਨ ਦੇ ਤਾਨਾਸ਼ਾਹ ਹਿਟਲਰ ਵਲੋਂ ਕੀਤੇ ਜ਼ੁਲਮਾਂ ਨੂੰ ਦਰਸਾਉਣ ਲਈ ਇਸ ਨਾਵਲ ਦੀ ਰਚਨਾ ਕੀਤੀ ਹੈ। ਕੈਂਪਾਂ ਵਿਚ ਜਾ-ਜਾ ਕੇ ਅਸਲ ਹਾਲਾਤ ਦੀ ਸਹੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੰਸਾਰ ਨੂੰ ਭਿਆਨਕ ਜੰਗਾਂ ਦੀਆਂ ਤਬਾਹੀਆਂ ਤੋਂ ਬਚਾਉਣ ਲਈ ਇਸ ਨਾਵਲ ਦੀ ਸੰਰਚਨਾ ਕੀਤੀ ਹੈ। ਇਸ ਨਾਵਲ ਵਿਚ ਲੇਖਕ ਦਾ ਕਥਨ ਹੈ ਕਿ ਨਾਵਲ ਵਿਚ ਦਰਸਾਏ ਜੁਰਮ ਤੋਂ ਵੀ ਵੱਧ, ਜ਼ੁਲਮ ਕੀਤੇ ਗਏ ਸਨ। ਨੈਤਿਕਤਾ ਨਾਂਅ ਦੀ ਕੋਈ ਵੀ ਨਿਸ਼ਾਨੀ ਨਜ਼ਰ ਨਹੀਂ ਸੀ ਆਉਂਦੀ।
ਜਿਸ ਉਦੇਸ਼ ਨੂੰ ਲੈ ਕੇ ਇਹ ਨਾਵਲ ਲਿਖਿਆ ਗਿਆ ਹੈ, ਉਹ ਭਵਿੱਖ ਵਿਚ ਅਜਿਹੀਆਂ ਜੰਗਾਂ ਤੋਂ ਤੌਬਾ ਕਰਨੀ ਇਕ ਹਦਾਇਤ ਵੀ ਹੈ, ਗੁਜ਼ਾਰਿਸ਼ ਵੀ। ਗੁਰਬਚਨ ਸਿੰਘ ਦਾ ਪੰਜਾਬੀ ਵਿਚ ਕੀਤਾ ਸਫਲ ਅਨੁਵਾਦ, ਸਰਲ, ਸਾਫ਼ ਸਪੱਸ਼ਟ ਅਤੇ ਰੌਚਕ ਹੈ। ਉਸ ਦੀ ਮਿਹਨਤ ਨੂੰ ਸਲਾਮ!


ਡਾ. ਅਮਰ ਕੋਮਲ
ਮੋ: 084378-73565

13-08-2022

 ਸੰਦਲੀ ਬਾਗ਼
ਲੇਖਕ : ਪ੍ਰਭਜੋਤ ਸਿੰਘ ਸੋਹੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-34028.

ਪ੍ਰਭਜੋਤ ਸਿੰਘ ਸੋਹੀ ਪੰਜਾਬੀ ਕਾਵਿ-ਜਗਤ 'ਚ ਜਾਣਿਆ-ਪਛਾਣਿਆਂ ਨਾਂਅ ਹੈ। 'ਸੰਦਲੀ ਬਾਗ਼' ਉਸ ਦਾ ਪਲੇਠਾ ਗੀਤ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਕਿਵੇਂ ਕਹਾ' (ਕਾਵਿ-ਸੰਗ੍ਰਹਿ) 2005, ਰੂਹ-ਰਾਗ (ਕਾਵਿ ਸੰਗ੍ਰਹਿ) 2014 ਪਹਿਲਾਂ ਹੀ ਪ੍ਰਕਾਸ਼ਿਤ ਕਰਵਾ ਚੁੱਕਾ ਅਤੇ ਪੰਜਾਬੀ ਕਵਿਤਾ ਸੰਸਾਰ ਵਿਚ ਆਪਣੀ ਪੈਂਠ ਅਤੇ ਪਛਾਣ ਬਣਾ ਚੁੱਕਾ ਹੈ। ਇਹ ਗੀਤ-ਸੰਗ੍ਰਹਿ ਉਸ ਨੇ ਸ਼ਾਇਰ ਮਿੱਤਰਾਂ, ਰਾਜਦੀਪ ਸਿੰਘ ਤੂਰ ਅਤੇ ਮੀਤ-ਅਨਮੋਲ ਦੇ ਨਾਂਅ ਕਰਦਿਆਂ ਇਹ ਸੰਕੇਤ ਦਿੱਤਾ ਕਿ ਸ਼ਬਦਾਂ ਦੀ ਸਾਂਝ ਅਜ਼ਲੀ ਵੀ ਹੈ ਅਤੇ ਰੂਹਾਨੀ ਵੀ। ਇਹ ਸਾਂਝ ਪੱਕੀਆਂ-ਪੀਢੀਆਂ ਗੰਢਾਂ 'ਚ ਬੱਝਦੀ ਹੋਈ ਉਦਾਸੇ ਦਿਲਾਂ ਨੂੰ ਢਾਰਸ ਬੰਨ੍ਹਾਉਣ ਦਾ ਸਬੱਬ ਵੀ ਬਣਦੀ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਪਲਕਾਂ ਦੀਆਂ ਨੋਕਾਂ' ਤੋਂ ਲੈ ਕੇ 'ਪਿੰਡ ਚੁੱਪ ਹੋ ਗਿਆ' ਤੱਕ 48 ਗੀਤਾਂ ਨੂੰ ਸੰਕਲਿਤ ਕਰਦਿਆਂ ਸੰਦਲ ਦੇ ਬੂੁਟਿਆਂ ਦੀ ਖੁਸ਼ਬੂ ਨੂੰ ਮਾਨਵੀ ਚਿੱਤਰਣ 'ਚ ਪਰੋਂਦਿਆਂ ਸਮਾਜਿਕ ਰਿਸ਼ਤਿਆਂ ਦੀ ਸਾਰਥਕਤਾ ਦੀ ਬਾਤ ਛੂਹੀ ਹੈ। ਪੰਜਾਬੀਆਂ ਦਾ ਗੀਤਾਂ ਨਾਲ ਅਜ਼ਲੀ ਰਿਸ਼ਤਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਹਿਤਕ ਕਲਮਾਂ ਵਲੋਂ ਇਸ ਕਾਵਿ-ਰੂਪ ਨੂੰ ਅਣਡਿੱਠ ਕਰਨ ਸਦਕਾ ਹੀ ਘਟੀਆ ਮਾਨਸਿਕਤਾ ਦੇ ਲਖਾਇਕ ਅਖੌਤੀ ਗੀਤਕਾਰਾਂ ਵਲੋਂ ਪਿੜ ਮੱਲ੍ਹਣ ਸਦਕਾ, ਗੀਤਾਂ ਵਿਚ ਨੰਗੇਜ਼, ਰਿਸ਼ਤਿਆਂ ਦੀ ਪਾਕੀਜ਼ਗੀ 'ਤੇ ਸੰਦੇਹ, ਹਿੰਸਾ ਦਾ ਬੋਲਬਾਲਾ ਭਾਰੂ ਰਿਹਾ ਹੈ। ਖ਼ੈਰ 'ਸੋਹੀ' ਵਲੋਂ ਇਸ ਪਿੜ 'ਚ ਨਿਤਰਨਾ, ਸਾਹਸਿਕ ਕਦਮ ਕਿਹਾ ਜਾ ਸਕਦਾ ਹੈ। ਗੀਤ 'ਚ ਇਕਹਿਰੀ ਅਤੇ ਤੀਬਰਤਾ ਵਾਲੀ ਬਿਰਤੀ ਹੋਣ ਕਰਕੇ ਮਨੁੱਖੀ ਭਾਵਾਂ ਦੀ ਪੇਸ਼ਕਾਰੀ ਗੰਭੀਰਤਾ ਦੀ ਥਾਵੇਂ ਹਲਕੇ-ਫੁਲਕੇ ਮਨੋਰੰਜਨ ਦੀ ਰਹੀ ਹੈ। ਪਰ ਸੋਹੀ ਦੇ ਗੀਤਾਂ ਦੇ ਵਿਸ਼ਿਆਂ : ਪਰਿਵਾਰ, ਸਮਾਜ, ਅਰਥ, ਧਰਮ-ਕਰਮ ਨਾਲ ਸੰਬੰਧਿਤ ਹੋਣ ਸਦਕਾ ਮਨੋਰੰਜਨ ਦੇ ਨਾਲ ਸੋਚਾਂ ਦੇ ਸਫ਼ਰ 'ਤੇ ਵੀ ਤੋਰਦੀ ਹੈ। ਪੰਜਾਬੀ ਜਨਜੀਵਨ ਜ਼ਿਆਦਾਤਰ ਕਿਰਸਾਣੀ-ਕਸਬ ਨਾਲ ਜੁੜਿਆ ਹੋਣ ਕਰਕੇ ਕੁਦਰਤੀ ਕਰੋਪੀ ਅਤੇ ਸ਼ਾਹਾਂ ਦੀ ਕਰੋਪੀ ਦਾ ਸ਼ਿਕਾਰ ਰਿਹਾ ਹੈ। ਇਸ ਕਰਕੇ ਉਸ ਦੀ ਆਰਥਿਕਤਾ ਕਦੇ ਵੀ ਸਥਿਰ ਨਹੀਂ ਰਹਿੰਦੀ। ਇਨ੍ਹਾਂ ਗੀਤਾਂ 'ਚ ਇਨ੍ਹਾਂ ਮਸਲਿਆਂ ਦਾ ਬਾਖੂਬੀ ਚਿਤਰਨ ਕਰਦਾ ਹੈ ਅਤੇ ਜ਼ਿੰਮੇਵਾਰ ਧਿਰਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ :
ਪੰਡ ਕਰਜ਼ੇ ਦੀ ਭਾਰੀ
ਐਵੇਂ ਫੋਕੀ ਸਰਦਾਰੀ
ਕਦੇ ਇਹਦੇ ਲਈ ਨਾ ਬਹੁੜੀ
ਕੋਈ ਨੀਤੀ ਸਰਕਾਰੀ
ਅੰਨਦਾਤੇ ਦੀ ਰੱਖਣ ਲਾਈ ਰੱਟ ਮਿਤਰੋ!
ਫੋਕੇ ਰਸਮ ਰਿਵਾਜ ਡੋਡੇ, ਬੋਤਲਾਂ
ਨੇ ਇਹ ਦਿੱਤਾ ਪਟ ਮਿੱਤਰੋ!
ਸਰਲ, ਸਪੱਸ਼ਟ, ਵੇਗਮਈ, ਸਾਦਗੀ ਭਰੀ ਬੋਲੀ, ਅਲੰਕਾਰ ਅਤੇ ਸੰਗੀਤਾਤਮਕਾ ਇਨ੍ਹਾਂ ਗੀਤਾਂ ਨੂੰ 'ਗਾਣਾ' ਬਣਨ ਦੀ ਤੌਫ਼ੀਕ ਦਿੰਦੇ ਹਨ। ਆਸ ਕਰਦੇ ਹਾਂ ਸੰਗੀਤ ਜਗਤ ਨਾਲ ਜੁੜੇ ਲੋਕ ਆਪਣਾ ਸਾਰਥਕ ਹੁੰਗਾਰਾ ਭਰਨਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 098786-14096

1971 : ਕਹਾਣੀ ਇਕ ਜੰਗ ਦੀ
ਲੇਖਕ : ਕਰਨਲ ਬਲਬੀਰ ਸਿੰਘ ਸਰਾਂ
ਪ੍ਰਕਾਸ਼ਕ : ਪੀਪਲਜ਼ ਫੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 272
ਸੰਪਰਕ : 92165-50612.

ਇਹ ਪੁਸਤਕ ਭਾਰਤ ਅਤੇ ਪਾਕਿਸਤਾਨ ਦਰਮਿਆਨ 1971 ਵਿਚ ਲੜੀ ਗਈ ਜੰਗ ਦੇ ਇਤਿਹਾਸਿਕ ਵੇਰਵੇ ਪੇਸ਼ ਕਰਦੀ ਹੈ ਅਤੇ ਇਸ ਦੀ ਵੱਡੀ ਖੂਬੀ ਇਹ ਹੈ ਕਿ ਇਸ ਜੰਗ ਵਿਚ ਕਰਨਲ ਸਰਾਂ ਅਤੇ ਉਸ ਦਾ ਭਰਾ ਕਰਨਲ ਬਸੰਤ ਸਿੰਘ ਦੋਵੇਂ ਖ਼ੁਦ ਲੜੇ ਸਨ। ਲੇਖਕ ਉਸ ਵਕਤ 6-ਸਿੱਖ ਲਾਈਟ ਇਨਫੈਂਟਰੀ ਦਾ ਐਡਜੂਟੈਂਟ ਸੀ। ਉਹ ਪੂਰਬੀ ਮੁਹਾਜ਼ 'ਤੇ ਲੜਿਆ ਅਤੇ ਕਰਨਲ ਬਸੰਤ ਸਿੰਘ 10-ਸਿੱਖ ਲਾਈਟ ਇਨਫੈਂਟਰੀ ਦੀ ਕਮਾਂਡ ਕਰ ਰਿਹਾ ਸੀ ਜੋ ਪੱਛਮੀ ਮੁਹਾਜ਼ 'ਤੇ ਲੜਦੀ ਹੋਈ ਪਾਕਿਸਤਾਨੀ ਸਰਹੱਦ ਪਾਰ ਕਰਕੇ 75 ਕਿਲੋਮੀਟਰ ਅੰਦਰ ਜਾ ਕੇ ਸਿੰਧ-ਹੈਦਰਾਬਾਦ ਤੱਕ ਦੇ ਖੇਤਰ ਉੱਪਰ ਕਬਜ਼ਾ ਕਰਕੇ ਰੁਕੀ ਸੀ। ਭਾਰਤੀ ਯੋਧਿਆਂ ਨੇ ਪੂਰਬੀ ਪਾਕਿਸਤਾਨੀ ਫ਼ੌਜ ਨੂੰ ਹਾਰ ਮੰਨ ਕੇ ਆਤਮ-ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ ਅਤੇ ਏਨੀ ਗਹਿਰੀ ਨਮੋਸ਼ੀ ਭਰੀ ਸੱਟ ਨੂੰ ਪਾਕਿਸਤਾਨ ਅਜੇ ਤੱਕ ਵੀ ਬਰਦਾਸ਼ਤ ਨਹੀਂ ਕਰ ਪਾਇਆ। ਲੇਖਕ ਅਨੁਸਾਰ ਇਹ ਜਿੱਤ ਵੀਹਵੀਂ ਸਦੀ ਵਿਚ ਹੋਈਆਂ ਜੰਗਾਂ ਵਿਚੋਂ ਇਕ ਮਾਣਮੱਤੀ ਅਤੇ ਗੌਰਵਮਈ ਜਿੱਤ ਸੀ।
ਯੁੱਧ ਦੇ ਸਮਾਚਾਰ ਪੇਸ਼ ਕਰਨ ਸਮੇਂ ਲੇਖਕ ਉਪ-ਭਾਵੁਕ ਨਹੀਂ ਹੁੰਦਾ। ਉਹ ਜਾਣਦਾ ਹੈ ਕਿ ਲੜਨ ਵਾਲੀਆਂ ਫ਼ੌਜਾਂ ਦੇ ਦੋਵੇਂ ਪਾਸੇ ਬਹਾਦਰ ਅਤੇ ਨਿਪੁੰਨ ਜਰਨੈਲ ਹੁੰਦੇ ਹਨ। ਇਸ ਕਾਰਨ ਕਿਸੇ ਇਕ ਧਿਰ ਨੂੰ ਵਡਿਆਉਣਾ ਅਤੇ ਦੂਜੀ ਨੂੰ ਛੁਟਿਆਉਣਾ ਵਾਜਬ ਨਹੀਂ ਹੁੰਦਾ। ਉਸ ਨੇ ਦੋਵੇਂ ਫਰੰਟ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੇ ਪਹਿਲੇ ਭਾਗ ਵਿਚ ਭਾਰਤ ਅਤੇ ਪਾਕਿਸਤਾਨ ਵਿਚ ਹੋਈਆਂ ਲੜਾਈਆਂ ਦੇ ਸੰਖੇਪ ਵੇਰਵੇ ਦਿੱਤੇ ਗਏ ਹਨ। ਦੂਜੇ ਭਾਗ ਵਿਚ ਪੂਰਬੀ ਫਰੰਟ ਦੀਆਂ ਲੜਾਈਆਂ ਅਤੇ ਤੀਜੇ ਭਾਗ ਵਿਚ ਪੱਛਮੀ ਮੁਹਾਜ਼ ਦੇ ਵੇਰਵੇ ਪੇਸ਼ ਹੋਏ ਹਨ। ਚੌਥੇ ਭਾਗ ਵਿਚ ਜੰਮੂ-ਕਸ਼ਮੀਰ, ਪੰਜਵੇਂ ਵਿਚ ਪੰਜਾਬ ਅਤੇ ਰਾਜਸਥਾਨ ਵਿਚ ਕੀਤੇ ਜਾਣ ਵਾਲੇ ਹਮਲਿਆਂ ਦਾ ਵਰਨਣ ਕੀਤਾ ਗਿਆ ਹੈ। ਅੰਤ ਵਿਚ ਨਿਸ਼ਕਰਸ਼ ਪੇਸ਼ ਕੀਤਾ ਗਿਆ ਹੈ।
ਫ਼ੌਜੀ ਸੇਵਾਵਾਂ ਤੋਂ ਮੁਕਤ ਹੋ ਕੇ ਕਰਨਲ ਸਰਾਂ ਇਤਿਹਾਸਕਾਰੀ ਦੇ ਖੇਤਰ ਵਿਚ ਬੜਾ ਪ੍ਰਮਾਣਿਕ ਕੰਮ ਕਰ ਰਿਹਾ ਹੈ। ਉਸ ਦੇ ਮਨ ਵਿਚ ਫ਼ੌਜੀ ਅਫ਼ਸਰਾਂ ਵਾਲਾ ਜੋਸ਼ੋ-ਜਨੂੰਨ ਪੂਰੀ ਤਰ੍ਹਾਂ ਕਾਇਮ ਹੈ। ਇਹੀ ਕਾਰਨ ਹੈ ਕਿ ਉਹ ਹਰ ਦਸਤਾਵੇਜ਼ ਜਾਂ ਸਰੋਤ ਤੱਕ ਪਹੁੰਚ ਕੇ ਹੀ ਦਮ ਲੈਂਦਾ ਹੈ। ਉਸ ਦੇ ਮਨ ਵਿਚ ਕਿਸੇ ਵੀ ਧਿਰ ਲਈ ਰੰਜ ਜਾਂ ਮਲਾਲ ਨਹੀਂ ਹੈ। ਇਹੀ ਕਾਰਨ ਹੈ ਕਿ ਇਤਿਹਾਸਕਾਰੀ ਦੇ ਖੇਤਰ ਵਿਚ ਉਸ ਦੀ ਇਕ ਵੱਖਰੀ ਪਛਾਣ ਬਣ ਗਈ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਪੁੱਠੇ ਪੈਰੀਂ ਪੈਂਡਾ
ਲੇਖਕ : ਡਾ. ਜਸਬੀਰ ਸਿੰਘ ਚਾਵਲਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 88476-51213.

ਸ਼ਾਇਰ ਡਾ. ਜਸਬੀਰ ਸਿੰਘ ਚਾਵਲਾ ਹਥਲੀ ਕਾਵਿ-ਕਿਤਾਬ 'ਪੁੱਠੇ ਪੈਰੀਂ ਪੈਂਡਾ' ਤੋਂ ਪਹਿਲਾਂ ਇਕ ਕਿਤਾਬ 'ਧੁੱਪ ਨਿਕਲੇਗੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ ਤੇ ਮੂਲ ਰੂਪ ਵਿਚ ਉਹ ਹਿੰਦੀ ਦਾ ਪ੍ਰਬੁੱਧ ਲੇਖਕ ਹੈ। ਹਿੰਦੀ ਸਾਹਿਤ ਜਗਤ ਵਿਚ ਸ਼ਾਇਰ ਦੀਆਂ ਪ੍ਰਕਾਸ਼ਿਤ ਪੁਸਤਕਾਂ, ਵੱਖ-ਵੱਖ ਅਹੁਦਿਆਂ 'ਤੇ ਨਿਭਾਈਆਂ ਸੇਵਾਵਾਂ ਅਤੇ ਪ੍ਰਾਪਤ ਕੀਤੇ ਸਨਮਾਨਾਂ ਅਤੇ ਪੁਰਸਕਾਰਾਂ ਦੀ ਲੰਮੀ ਫਹਿਰਿਸਤ 158 ਤੇ 159 ਸਫ਼ਿਆਂ 'ਤੇ ਵਿਸਤ੍ਰਿਤ ਜਾਣਕਾਰੀ ਛਪੀ ਹੋਈ ਹੈ, ਜਿਸ ਤੋਂ ਉਸ ਦੇ ਸਾਹਿਤਕ ਆਭਾ ਮੰਡਲ ਦੇ ਚਿਤਰਪਟ ਅਸਾਡੇ ਸਾਹਮਣੇ ਆ ਜਾਂਦੇ ਹਨ। ਸ਼ਾਇਰ ਨੇ ਆਪਣੇ ਅਦਬੀ ਦੋਸਤਾਂ ਦੇ ਕਹਿਣ 'ਤੇ ਆਪਣੀ ਮਾਤ ਭਾਸ਼ਾ ਵਿਚ ਲਿਖਣ ਦੀ ਰੀਝ ਪੂਰੀ ਕੀਤੀ ਹੈ ਤੇ ਪੰਜਾਬੀ ਵਿਚ ਮੋੜ ਕੱਟਣ ਨੂੰ ਪੁੱਠੇ ਪੈਰੀਂ ਤੁਰਨਾ ਕਿਹਾ ਹੈ। ਉਸ ਨੇ ਆਪਣੇ ਸਵੈ: ਕਥਨ ਵਿਚ ਇਸ ਸੱਚ ਨੂੰ ਕਬੂਲਿਆ ਹੈ ਕਿ ਪੰਜਾਬੀ ਵਿਚ ਉਸ ਦਾ ਹੱਥ ਤੰਗ ਹੈ ਤੇ ਲਿਖਣ ਦੀ ਮੁਹਾਰਤ ਨਹੀਂ ਹੈ। ਕਿਤਾਬ ਵਿਚ ਥਾਂ-ਥਾਂ ਸ਼ਬਦ ਜੋੜਾਂ ਦੀ ਗ਼ਲਤੀ ਅਟਕਣ ਦੇ ਨਾਲ-ਨਾਲ ਸੰਚਾਰ ਵਿਚ ਵੀ ਰੁਕਾਵਟ ਬਣਦੀ ਹੈ ਪਰ ਸਾਹਿਤ ਨਾਲ ਜੁੜਿਆ ਪਾਠਕ ਸਮਝ ਜਾਂਦਾ ਹੈ ਕਿ ਉਸ ਦੇ ਸਹੀ ਸ਼ਬਦ ਜੋੜ ਕੀ ਹਨ ਤੇ ਸ਼ਾਇਰ ਦਾ ਕੀ ਭਾਵ ਹੈ। ਸ਼ਾਇਰ ਦਾ ਆਧੁਨਿਕ ਭਾਵ ਬੋਧ ਦਾ ਕਾਵਿ-ਪ੍ਰਵਚਨ ਸਿਖਰ ਦਾ ਹੈ ਤੇ ਇਸੇ ਕਾਵਿ-ਬੋਧ ਪ੍ਰਵਚਨ ਨੂੰ 143 ਨਜ਼ਮਾਂ ਵਿਚ ਕਵਿਤਾਇਆ ਹੈ। ਬਹੁਤੀਆਂ ਨਜ਼ਮਾਂ ਉਸ ਨੇ ਆਪਣੀਆਂ ਹਿੰਦੀ ਨਜ਼ਮਾਂ ਨੂੰ ਖ਼ੁਦ ਹੀ ਪੰਜਾਬੀ ਵਿਚ ਉਲਥਾਇਆ ਹੈ। ਸ਼ਾਇਰ ਦੀ ਸ਼ਾਇਰੀ ਦੇ ਤੱਥ-ਵੱਥ ਦੀ ਤੰਦ ਸੂਤਰ ਫੜਨ ਲਈ ਨਾਰੀਅਲ ਨੂੰ ਛਿਲ ਕੇ ਉਸ ਵਿਚੋਂ ਖੋਪੇ ਦੀ ਗੁੱਟੀ ਪ੍ਰਾਪਤ ਕਰਨੀ ਤੇ ਉਸ ਗੁੱਟੀ ਵਿਚ ਤਰਲ ਪਦਾਰਥ ਪ੍ਰਾਪਤ ਕਰਨ ਵਰਗੇ ਤਰੱਦਦ ਵਿਚੋਂ ਗੁਜ਼ਰਨਾ ਪੈਂਦਾ ਹੈ। ਜਿਵੇਂ ਬੋਹੜ ਦੇ ਨਿੱਕੇ ਜਿੰਨੇ ਬੀਜ ਵਿਚ ਖੁਰਦਬੀਨੀ ਅੱਖ ਨਾਲ ਘਣਛਾਵਾਂ ਬੋਹੜ ਨਜ਼ਰ ਆਉਂਦਾ ਹੈ। ਉਸੇ ਤਰ੍ਹਾਂ ਚਿਹਨ ਦੀ ਭਾਸ਼ਾ ਵਿਚ ਲਿਖੀਆਂ ਨਜ਼ਮਾਂ ਦੇ ਵੱਡੇ ਅਰਥ ਸਮਝ ਆ ਜਾਂਦੇ ਹਨ। ਸ਼ਾਇਰ ਨੇ ਇਤਿਹਾਸ ਮਿਥਿਹਾਸ ਨੂੰ ਪੁਣ ਕੇ ਸਮਕਾਲੀ ਪ੍ਰਸਥਿਤੀਆਂ ਲਈ ਮਿੱਥ ਦਾ ਪੁਨਰ ਸਿਰਜਣ ਕੀਤਾ ਹੈ। ਸ਼ਾਇਰ ਨੇ ਵਿਭਿੰਨ ਸਰੋਕਾਰਾਂ ਨਾਲ ਤਾਰਕਿਕ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਨਵਉਦਾਰਵਾਦੀ ਨੀਤੀਆਂ ਨਾਲ ਬਾਜ਼ਾਰ ਵਲੋਂ ਆਵਾਜ਼ਾਰ ਕੀਤੇ ਮਨੁੱਖ ਦੀ ਹੋਣੀ, ਦਰਬਾਰੀ ਕਵੀਆਂ ਵਲੋਂ ਸੱਤਾ ਦੇ ਗਲਿਆਰਿਆਂ ਵੱਲ ਕੀਤੀ ਝਾਕ, ਸ਼ਾਇਰ ਵਲੋਂ ਪੋਤਿਆਂ ਦੇ ਦੋਵਾਂ ਪਾਸਿਆਂ ਵਾਲੀ ਅਉਧ ਹੰਢਾਉਣੀ, ਗੋਦੀ ਮੀਡੀਆ ਦਾ ਹੀਜ ਪਿਆਜ਼, ਸਿੱਖ ਜਗਤ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸ਼ੱਕ ਦੀ ਨਜ਼ਰ ਨਾਲ ਵੇਖਣਾ ਤੇ 56 ਇੰਚੀ ਛਾਤੀ ਵਾਲੇ ਚੌਕੀਦਾਰ ਦੇ ਮਖੌਟੇ ਉਤਾਰਨੇ ਸ਼ਾਇਰ ਦੀ ਸ਼ਾਇਰੀ ਦੇ ਘੇਰੇ ਵਿਚ ਆਉਂਦੇ ਹਨ। ਸ਼ਾਇਰ ਦੀਆਂ ਹਿੰਦੀ ਵਿਚ ਲਿਖੀਆਂ ਕਿਤਾਬਾਂ ਪੜ੍ਹਨ ਦੀ ਉਤਸੁਕਤਾ ਵੀ ਜਾਗਦੀ ਹੈ। ਸ਼ਾਇਰ ਦੇ ਪੰਜਾਬੀ ਵੱਲ ਮੋੜ ਕੱਟਣ ਦੇ ਉਤਸ਼ਾਹ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।

ਭਗਵਾਨ ਢਿੱਲੋਂ
ਮੋ: 98143-78254

c c c

ਅਹਿਸਾਸ
ਲੇਖਕ : ਗੁਲਾਬ ਸਿੰਘ ਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 118
ਸੰਪਰਕ : 99151-33333.

'ਅਹਿਸਾਸ' ਨਾਮੀ ਕਾਵਿ-ਸੰਗ੍ਰਹਿ ਦੇ ਲੇਖਕ ਗੁਲਾਬ ਸਿੰਘ ਗਿੱਲ ਹਨ, ਜਿਨ੍ਹਾਂ ਨੇ ਇਹ ਪੁਸਤਕ ਆਪਣੀ ਸਵਰਗਵਾਸੀ ਮਾਤਾ ਸ੍ਰੀਮਤੀ ਕਰਤਾਰ ਕੌਰ ਗਿੱਲ ਨੂੰ ਸਮਰਪਣ ਕੀਤੀ ਹੈ, ਜਿਸ ਵਿਚ 90 ਕਵਿਤਾਵਾਂ ਹਨ ਜੋ ਕਿ ਵੱਖ-ਵੱਖ ਵਿਸ਼ਿਆਂ ਨੂੰ ਛੂੰਹਦੀਆਂ ਹਨ। ਇਨ੍ਹਾਂ ਕਵਿਤਾਵਾਂ ਦੀ ਵਿਲੱਖਣਤਾ ਕਾਬਲੇ-ਤਾਰੀਫ਼ ਹੈ ਅਤੇ ਜਿਸ ਵਿਸ਼ੇ ਨੂੰ ਲੇਖਕ ਨੇ ਲਿਆ ਹੈ, ਉਸ ਦੀਆਂ ਅੰਦਰੂਨੀ ਜੜ੍ਹਾਂ ਤੱਕ ਪੁੱਜਿਆ ਹੈ। ਲੇਖਕ ਉਹੀ ਚੰਗਾ ਹੁੰਦਾ ਹੈ, ਜਿਸ ਦੀਆਂ ਅੱਖਾਂ, ਕੰਨ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਅਤੇ ਉਹ ਵੱਖ-ਵੱਖ ਘਟਨਾਵਾਂ, ਦ੍ਰਿਸ਼ਾਂ ਅਤੇ ਹੋਰ ਗੱਲਾਂ ਨੂੰ ਦਿਲ ਦੀਆਂ ਗਹਿਰਾਈਆਂ ਤੱਕ ਲਿਜਾ ਕੇ ਆਪਣੀ ਕਲਪਨਾ ਦੇ ਕੇ ਵਿਉਂਤਬੰਦੀ ਨਾਲ ਪੇਸ਼ ਕਰਦਾ ਹੈ। ਇਨ੍ਹਾਂ ਗੱਲਾਂ 'ਤੇ ਲੇਖਕ ਆਪਣੀਆਂ ਕਵਿਤਾਵਾਂ ਰਾਹੀਂ ਪੂਰੀ ਤਰ੍ਹਾਂ ਉਤਰਦਾ ਹੈ। ਇਹ ਵੀ ਜ਼ਰੂਰ ਹੈ ਕਿ ਲੇਖਕ ਆਪਣੀ ਕਲਮ ਨੂੰ ਰਚਨਾਵਾਂ ਪ੍ਰਤੀ ਆਪਮੁਹਾਰੀ ਨਹੀਂ ਹੋਣ ਦਿੰਦਾ ਸਗੋਂ ਸਟੇਰਿੰਗ ਆਪਣੇ ਕਬਜ਼ੇ ਵਿਚ ਰੱਖਦਾ ਹੈ। ਵਿਸ਼ੇ ਤੋਂ ਬਾਹਰ ਹੋਰ ਕੋਸ਼ਿਸ਼ ਨਹੀਂ ਕੀਤੀ, ਸਗੋਂ ਉਸ ਨੂੰ ਉਸ ਦੇ ਰੰਗ ਵਿਚ ਰੰਗ ਕੇ ਵਧੀਆ ਸ਼ਬਦਾਵਲੀ 'ਚ ਪੇਸ਼ ਕੀਤਾ ਹੈ। ਵੱਖ-ਵੱਖ ਅਨੇਕਾਂ ਵਿਸ਼ਿਆਂ ਦੇ ਹੱਥ ਅਜ਼ਮਾਉਣਾ ਉਂਜ ਬਹੁਤ ਔਖਾ ਕੰਮ ਹੁੰਦਾ ਹੈ। ਇਸ ਕਾਰਜ ਪ੍ਰਤੀ ਲੇਖਕ ਨੂੰ ਹੱਲਾਸ਼ੇਰੀ ਦੇਣੀ ਵੀ ਬਣਦੀ ਹੈ। ਲੇਖਕ ਆਪ ਵੀ ਚੰਗੇ ਅਹੁਦੇ ਤੋਂ ਸੇਵਾ-ਮੁਕਤ ਹੋਇਆ ਹੈ ਅਤੇ ਇਸ ਨੇ ਦੁਨੀਆ ਨੂੰ ਆਪਣੇ ਢੰਗ ਨਾਲ ਵੇਖਿਆ ਹੈ। ਕਵਿਤਾਵਾਂ ਵਿਚ ਵੀ ਆਪਣੀ ਝਲਕ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਵਿਚ ਈਰਖਾ, ਸੋਚ, ਪਰਖ, ਦੀਨ ਈਮਾਨ, ਪਰਖਣ ਵਾਲੀ ਅੱਖ, ਦਰਦ ਵਿਛੋੜਾ ਦਾ, ਰਿਸ਼ਤੇ ਨਾਤੇ, ਇਖਲਾਕ, ਤਾਣਾ-ਬਾਣਾ, ਰੰਗ, ਵਿਛੋੜਾ ਪੜ੍ਹਨਯੋਗ ਹਨ। ਉਂਜ ਤਾਂ ਸਾਰੀਆਂ ਕਵਿਤਾਵਾਂ ਵੀ ਪੜ੍ਹਨਯੋਗ ਹਨ ਪਰ ਪੁਸਤਕ ਵਿਚਲੀਆਂ ਕਈ ਕਵਿਤਾਵਾਂ ਦਿਲ ਨੂੰ ਵਧੇਰੇ ਹੀ ਟੁੰਬਦੀਆਂ ਹਨ। ਪੁਸਤਕ ਵਿਚ ਕਈ ਅਜਿਹੀਆਂ ਕਵਿਤਾਵਾਂ ਵੀ ਦਰਜ ਹਨ ਜੋ ਸਾਨੂੰ ਆਪਣੇ ਪਿਛੋਕੜ ਬਾਰੇ ਵੀ ਚਾਨਣਾ ਪਾਉਂਦੀਆਂ ਹਨ। ਸਮੁੱਚੇ ਤੌਰ 'ਤੇ ਲੇਖਕ ਦਾ ਯਤਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਪੁਸਤਕ ਦਾ ਨਾਂਅ ਵੀ ਇਸ ਦੀਆਂ ਕਵਿਤਾਵਾਂ ਅਨੁਸਾਰ ਢੁਕਦਾ ਹੈ।

ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋ: 092105-88990

ਕਹੋ ਰੁਕਮਣੀ
ਲੇਖਕ : ਮਨਮੋਹਨ ਬਾਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 256
ਸੰਪਰਕ : 081307-82551.

ਮਨਮੋਹਨ ਬਾਵਾ ਦਾ ਲੰਮੀਆਂ ਕਹਾਣੀਆਂ ਦਾ ਇਹ ਸੰਗ੍ਰਹਿ 7 ਨਾਵਲੈਟਾਂ ਦਾ ਸੰਗ੍ਰਹਿ ਪ੍ਰਤੀਤ ਹੁੰਦਾ ਹੈ। ਇਹ ਸੰਗ੍ਰਹਿ ਯਾਤਰੀਆਂ ਦੇ ਨਾਂਅ ਸ਼ਾਇਦ ਇਸ ਲਈ ਸਮਰਪਿਤ ਕੀਤਾ ਹੈ, ਕਿਉਂਕਿ ਲੇਖਕ ਖ਼ੁਦ ਵੀ ਘੁਮੱਕੜ ਹੈ। ਉਹ ਅਨੋਖੀਆਂ ਥਾਵਾਂ ਅਤੇ ਔਕੜ ਭਰੇ ਰਾਹਾਂ 'ਤੇ ਯਾਤਰਾਵਾਂ ਕਰਨ ਦਾ ਸ਼ੌਕੀਨ ਹੈ। ਅਜਿਹੀਆਂ ਯਾਤਰਾਵਾਂ ਵਿਚੋਂ ਪ੍ਰਾਪਤ ਕੀਤੇ ਅਨੁਭਵ ਅਕਸਰ ਹੀ ਉਸ ਦੀਆਂ ਗਲਪ ਰਚਨਾਵਾਂ ਨੂੰ ਸਮੱਗਰੀ ਪ੍ਰਦਾਨ ਕਰਦੇ ਨੋਟ ਕੀਤੇ ਜਾ ਸਕਦੇ ਹਨ। ਉਹ ਦੂਰ-ਦੁਰੇਡੇ ਸਰੀਰਕ ਸਫ਼ਰ ਵੀ ਕਰਦਾ ਹੈ ਅਤੇ ਮਾਨਸਿਕ ਤੌਰ 'ਤੇ ਇਤਿਹਾਸਿਕ ਯਾਤਰਾਵਾਂ ਵੀ ਕਰਦਾ ਹੈ ਅਤੇ ਉਂਗਲ ਨਾਲ ਪਾਠਕ ਨੂੰ ਪਾਤਰਾਂ ਸਮੇਤ ਕਦੀ ਕਿਧਰੇ ਕਦੀ ਕਿਧਰੇ ਲਈ ਫਿਰਦਾ ਹੈ। ਇਨ੍ਹਾਂ 7 ਕਹਾਣੀਆਂ ਵਿਚ ਕਦੇ ਅਲੋਰਾ ਦੀਆਂ ਗੁਫ਼ਾਵਾਂ ਵੱਲ ਲੈ ਜਾਂਦਾ ਹੈ (ਅਲੋਰਾ ਦੀ ਮਹਾਂਮੇਧਾ), ਕਦੇ ਮੁਗ਼ਲ ਕਾਲ ਵਿਚ (ਬੇਗ਼ਮ ਸਮਰੂ), ਕਦੇ ਤੁਗ਼ਲਕ ਦੇ ਸਮੇਂ ਵਿਚ (ਕਹੋ ਰੁਕਮਣੀ), ਕਦੇ ਸ਼ਾਂਤੀ ਨਿਕੇਤਨ, ਕਦੇ ਛੱਤੀਸਗੜ੍ਹ ਦੇ ਜੰਗਲਾਂ ਵੱਲ (ਇਕ ਵੱਖਰਾ ਸ਼ਾਂਤੀ ਨਿਕੇਤਨ), ਕਦੇ ਹਿਮਾਲਾ ਦੀ ਦੁਰਗਮ ਵਾਦੀ ਵਾਲੇ ਸ਼ੂਦਰਾਂ ਦੇ ਜਨਪਦਾਂ ਵੱਲ (ਬੇਅਕਲਾਂ ਦਾ ਜਨਪਦ), ਕਦੇ ਪੱਛਮੀ ਮੁਲਕਾਂ ਵੱਲ, ਕਦੇ ਪੰਜਾਬ ਵੱਲ (ਉਹ ਲੋਕ ਜੋ ਹਵਾ 'ਚ ਗੁੰਮ ਹੋ ਗਏ) ਤੇ ਕਦੇ ਭਾਰਤੀ ਰਾਜਿਆਂ, ਮਹਾਰਾਜਿਆਂ, ਨਵਾਬਾਂ, ਫਰੰਗੀਆਂ ਵੱਲ (ਲੁਟੇਰੇ ਉਰਫ਼ ਅਮੀਰ ਅਲੀ) ਇਤਿਆਦਿ। ਉਸ ਦੇ ਇਨ੍ਹਾਂ ਕਹਾਣੀਆਂ ਦੇ ਕਥਾਨਕਾਂ ਨਾਲ ਜੂਝਦੇ ਪਾਤਰ ਕਠਪੁਤਲੀ ਨਹੀਂ ਹਨ। ਅਚਨਚੇਤ ਹੀ ਕਹਾਣੀਆਂ ਨੂੰ ਕਿੱਧਰੋਂ ਕਿੱਧਰ ਲੈ ਜਾਣ ਦੀ ਪੂਰਵ ਜਾਣਕਾਰੀ ਨਹੀਂ ਹੁੰਦੀ। ਇਸੇ ਲਈ ਉਸ ਦਾ ਬਿਰਤਾਂਤਕ ਫੋਕਸੀਕਰਨ ਮੋੜ ਕੱਟਦਾ ਰਹਿੰਦਾ ਹੈ। ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕੁ ਕੇਂਦਰੀ ਸੂਤਰ ਪਛਾਣੇ ਜਾ ਸਕਦੇ ਹਨ। ਮਸਲਨ : 'ਜੇ ਮੈਂ ਤੇਰੇ ਸਥਾਨ 'ਤੇ ਹੁੰਦਾ ਤਾਂ ਮੈਂ ਵੀ ਇਹੀ ਕੁਝ ਕਰਦਾ' ਪੰ. 31 'ਬਸ ਮਹਾਂਮੇਧਾ, ਮੈਂ ਇਹੀ ਕਹਿਨਾ ਸੀ। ਹੁਣ ਤਾਂ ਆਪ ਹੀ...।' ਪੰ. 32, 'ਆਦਮੀ ਲਈ ਕਿਸੇ ਔਰਤ ਦੀ ਹਕੂਮਤ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੁੰਦਾ ਹੈ।' ਪੰ. 51, 'ਜੀਵਨ 'ਚ ਕਿਵੇਂ ਛੋਟੀ ਜਿਹੀ ਘਟਨਾ ਵੱਡੀ ਘਟਨਾ ਦਾ ਆਧਾਰ ਬਣ ਜਾਂਦੀ ਹੈ ਪੰ. 65), 'ਇਹ ਦੱਸ ਕੇਤਕੀ ਡੀਅਰ ਐਨੇਂ ਦਿਨਾਂ ਤੱਕ ਤਾਂ ਤੂੰ ਦਲੀਜ੍ਹਾਂ ਨਹੀਂ ਟੱਪੀਆਂ ਅਤੇ ਅੱਜ?' ਹਰ ਘਟਨਾ ਦੇ ਵਾਪਰਨ ਦਾ ਇਕ ਸਮਾਂ ਹੁੰਦਾ ਹੈ' ਪੰ. 130. ਜੇ ਮਨ 'ਚ ਧਾਰ ਲਿਆ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਪੰ. 151, 'ਕੰਮ ਕਰਦੇ ਰਹਿਣ ਦਾ ਨਸ਼ਾ ਆਦਮੀ ਨੂੰ ਸ਼ਰਾਬ ਤੋਂ ਜ਼ਿਆਦਾ ਨਸ਼ਾ ਪਹੁੰਚਾਉਂਦਾ ਹੈ... ਖ਼ਾਸ ਕਰਕੇ ਪੈਸੇ ਕਮਾਉਣ ਲਈ ਕੰਮ ਕਰਦੇ ਰਹਿਣਾ' ਪੰ. 196. ਅਜਿਹੇ ਕੇਂਦਰੀ ਸੂਤਰਾਂ ਦੀ ਪੇਸ਼ਕਾਰੀ ਕਰਦਿਆਂ ਲੇਖਕ ਚਿੰਤਕ ਅਤੇ ਦਾਰਸ਼ਨਿਕ ਵਜੋਂ ਆਪਣਾ ਵਿਅਕਤਿਤਵ ਪੇਸ਼ ਕਰਦਾ ਜਾਪਦਾ ਹੈ। ਕੁੱਲ ਮਿਲ ਕੇ ਇਹ ਕਹਾਣੀ ਸੰਗ੍ਰਹਿ ਪੁਰਾਤਨ, ਮੱਧ ਕਾਲੀਨ ਅਤੇ ਵਰਤਮਾਨ ਦੀਆਂ ਸਮੱਸਿਆਵਾਂ ਨੂੰ ਰੂਪਮਾਨ ਕਰਨ ਵਾਲਾ ਦਸਤਾਵੇਜ਼ ਹੋ ਨਿੱਬੜਿਆ ਹੈ।

ਡਾ. ਧਰਮ ਚੰਦ ਵਾਤਿਸ਼
vat}sh.dharamchand0{ma}&.com

c c c

ਅਜਮੇਰ ਕੈਂਥ ਦੇ ਸਾਹਿਤਕ ਸਰੋਕਾਰ
ਲੇਖਿਕਾ : ਨਵਦੀਪ ਕੌਰ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 78376-04481

ਹਥਲੀ ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਉੱਘਾ ਯੋਗਦਾਨ ਪਾਉਣ ਵਾਲੇ ਲੇਖਕ ਦੀ ਰਚਨਾਤਮਿਕ ਸਮਰੱਥਾ ਦੇ ਸਰੂਪ ਨੂੰ ਪ੍ਰਗਟ ਕਰਦੀ ਹੈ। ਅਜਮੇਰ ਕੈਂਥ ਨੇ ਸਾਹਿਤਕ ਸੇਵਾ ਦੌਰਾਨ ਉੱਚ ਪੱਧਰੀ ਕਵਿਤਾ ਲਿਖੀ, ਗ਼ਜ਼ਲਾਂ ਵੀ ਲਿਖੀਆਂ, ਗੀਤ ਵੀ ਲਿਖੇ ਅਤੇ ਗਲਪ ਸਿਰਜਣਾ ਵਿਚ ਵੀ ਯੋਗਦਾਨ ਪਾਇਆ। ਲੇਖਿਕਾ ਨਵਦੀਪ ਕੌਰ ਨੇ ਇਸ ਅਣਗੌਲੇ ਸਾਹਿਤਕਾਰ ਦੀ ਪ੍ਰਤਿਭਾ ਨੂੰ ਪਛਾਣਦਿਆਂ ਹੋਇਆਂ ਖੋਜ ਕਾਰਜ ਕੀਤਾ ਅਤੇ ਇਸ ਪੁਸਤਕ ਵਿਚ ਗਿਆਰਾਂ ਅਧਿਆਇ ਬਣਾ ਕੇ ਅੰਕਿਤ ਕੀਤਾ ਹੈ। ਇਸ ਅਨੁਸਾਰ ਅਜਮੇਰ ਕੈਂਥ ਯੋਜਨਾਬੰਦੀ ਦਾ ਨਹੀਂ ਅਹਿਸਾਸਾਂ ਦਾ ਸ਼ਾਇਰ ਹੈ। ਉਸ ਦੀ ਬਹੁਪਰਤੀ ਸਿਰਜਣਾ ਵਿਲੱਖਣ ਹੈ। ਲੇਖਿਕਾ ਨੇ ਕੈਂਥ ਦੀਆਂ ਪੁਸਤਕਾਂ ਦਾ ਨਿਕਟ ਵਿਸ਼ਲੇਸ਼ਣ ਵੀ ਕੀਤਾ ਹੈ। 'ਸਮੁੰਦਰ ਸ਼ਾਂਤ ਕਦੋਂ ਸੀ', 'ਅਗੰਮ ਅਗੋਚਰ', 'ਅਨਹਦ ਨਾਦ' ਕਾਵਿ-ਸੰਗ੍ਰਹਿ, ਗ਼ਜ਼ਲ ਸੰਗ੍ਰਹਿ ਅਤੇ ਗੀਤ ਸੰਗ੍ਰਹਿ ਦਾ ਖੂਬ ਵਿਰੇਚਣ ਹੈ। ਇਸ ਤੋਂ ਇਲਾਵਾ 'ਇਬਾਦਤ' ਸੰਗ੍ਰਹਿ ਨੂੰ ਲੇਖਿਕਾ ਨੇ ਆਤਮ ਤੋਂ ਅਨਾਤਮ ਦਾ ਸਫ਼ਰ ਦਰਸਾਇਆ ਹੈ। ਅਜਮੇਰ ਕੈਂਥ ਦੀ ਕਹਾਣੀ ਕਲਾ ਬਾਰੇ ਲੇਖਿਕਾ ਦਾ ਬੜਾ ਸਪੱਸ਼ਟ ਨਿਰਣਾ ਹੈ ਕਿ ਉਹ ਨਿੱਜ ਤੋਂ ਸ਼ੁਰੂ ਹੋ ਕੇ ਸਮੂਹ ਦੀ ਲਾਚਾਰੀ ਦੀ ਗੱਲ ਕਰਦਿਆਂ ਯਥਾਰਥਵਾਦੀ ਹੋ ਨਿੱਬੜਦਾ ਹੈ ਅਤੇ ਜਦੋਂ ਉਹ ਪਰਵਾਸੀ ਕਹਾਣੀ ਦੀ ਸੰਪਾਦਨਾ ਕਰਦਾ ਹੋਇਆ 'ਦੂਰ ਦਿਸਦੇ ਤਾਰੇ' ਪੁਸਤਕ ਪਾਠਕਾਂ ਦੇ ਸਾਹਮਣੇ ਲਿਆਉਂਦਾ ਹੈ ਤਾਂ ਉਹ ਜਿਥੇ ਬਹੁਤ ਸਾਰੀਆਂ ਜੀਵਨ ਪਰਤਾਂ ਨੂੰ ਫਰੋਲਦਾ ਹੈ, ਉਥੇ ਆਪਣੀ ਸੂਝ-ਸਮਝ ਦਾ ਵੀ ਯਥਾਰਥਕ ਪ੍ਰਗਟਾਵਾ ਕਰ ਜਾਂਦਾ ਹੈ। ਲੇਖਿਕਾ ਨੇ ਪੁਸਤਕ 'ਜਿਨ ਕੇ ਚੋਲੇ ਰੱਤੜੇ' ਦਾ ਵੀ ਨੇੜਿਉਂ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਦੇ ਅੰਤਿਮ ਅਧਿਆਇ ਵਿਚ ਅਜਮੇਰ ਕੈਂਥ ਨਾਲ ਕੀਤੀ ਮੁਲਾਕਾਤ ਅੰਕਿਤ ਹੈ, ਜਿਸ ਵਿਚ ਕੈਂਥ ਦੇ ਜੀਵਨ ਵਿਚ ਆਏ ਉਤਰਾਵਾਂ-ਚੜ੍ਹਾਵਾਂ ਤੋਂ ਇਲਾਵਾ ਉਸ ਦੇ ਸਾਹਿਤ ਰਚਣ ਦੀਆਂ ਸੀਮਾਂ-ਸੰਭਾਵਨਾਵਾਂ ਦਾ ਵੀ ਭਾਵਪੂਰਤ ਉਲੇਖ ਪਾਠਕਾਂ ਦੇ ਸਨਮੁਖ ਕੀਤਾ ਹੈ।

ਡਾ. ਜਗੀਰ ਸਿੰਘ ਨੂਰ
ਮੋ: 98142-09732

07-08-2022

ਸਿੱਖ ਧਰਮ : ਮੁਢਲੀ ਜਾਣਕਾਰੀ
ਲੇਖਕ : ਡਾ. ਕਰਮਜੀਤ ਸਿੰਘ
ਪ੍ਰਕਾਸ਼ਕ : ਜਗਤ ਗੁਰੂ ਨਾਨਕ ਦੇਵ ਪੰਜਾਬ, ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ
ਮੁੱਲ : 290, ਸਫ਼ੇ : 208
ਸੰਪਰਕ : 98761-07837.


ਹਥਲੀ ਕਿਤਾਬ ਸਿੱਖ ਧਰਮ, ਮਰਯਾਦਾ, ਗੁਰੂ ਸਾਹਿਬਾਨ ਅਤੇ ਗੁਰੂ ਰੰਗ ਰੰਗੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਦੀ ਹੈ। ਸੰਬੰਧਿਤ ਪੁਸਤਕ ਵਿਚ ਸਮੁੱਚੇ ਤੌਰ 'ਤੇ ਸਿੱਖ ਧਰਮ ਦੇ ਬਾਨੀਆਂ, ਸ਼ਹੀਦਾਂ, ਮੁਰੀਦਾਂ ਦਾ ਇਤਿਹਾਸਿਕ ਬਖਿਆਨ ਸਮੋਇਆ ਹੋਇਆ ਹੈ। ਇਹ ਨਿਵੇਕਲਾ ਵੀ ਹੈ ਤੇ ਨਿਰਾਲਾ ਵੀ। ਧਰਮ ਸਮਾਜ ਨੂੰ ਵਿਧੀਵਤ ਢੰਗ ਨਾਲ ਚਲਾਉਣ ਲਈ ਅਤੇ ਸੱਭਿਅਕ ਬਣਾਉਣ ਲਈ ਕੇਂਦਰੀ ਭੂਮਿਕਾ ਨਿਭਾਉਂਦਾ ਹੈ। ਭਾਵੇਂ ਅਜੋਕੇ ਯੁੱਗ ਵਿਚ ਵਿਗਿਆਨ ਅਤੇ ਤਕਨੀਕ ਨੇ ਬਹੁਤ ਤਰੱਕੀ ਕੀਤੀ ਹੈ ਪਰ ਅੱਜ ਵੀ ਕੁੱਲ ਸੰਸਾਰ ਵਿਚ ਧਰਮ ਦਾ ਕੇਂਦਰੀ ਸਥਾਨ ਹੈ ਤੇ ਰਹੇਗਾ। ਦੁਨੀਆ ਵਿਚ ਜਿਹੜੇ ਅੱਠ ਵੱਡੇ ਧਰਮ ਪੈਦਾ ਹੋਏ, ਉਨ੍ਹਾਂ ਦੀ ਪ੍ਰਕਾਸ਼ ਭੂਮੀ ਏਸ਼ੀਆ ਹੈ। ਜਿਨ੍ਹਾਂ ਨੂੰ ਪੂਰਬੀ ਤੇ ਪੱਛਮੀ ਧਰਮਾਂ ਦਾ ਨਾਂਅ ਦਿੱਤਾ ਹੈ। ਪੂਰਬੀ ਧਰਮ ਲੜੀ ਵਿਚ ਹਿੰਦੂ ਧਰਮ, ਜੈਨ ਧਰਮ, ਬੁੱਧ ਧਰਮ ਤੇ ਸਿੱਖ ਧਰਮ ਆਉਂਦੇ ਹਨ, ਜਦਕਿ ਪੱਛਮੀ ਧਰਮਾਂ ਦੀ ਲੜੀ ਵਿਚ ਯਹੂਦੀ, ਯੁਰਾਸਾਟਰ, ਈਸਾਈ ਅਤੇ ਇਸਲਾਮ ਧਰਮ ਦੀ ਗਿਣਤੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਤਾਓਵਾਦ, ਕਨਫਿਊਸਿਸ ਅਤੇ ਚਾਰਵਾਕ ਦੀ ਗਿਣਤੀ ਦੁਨੀਆ ਦੇ ਵੱਡੇ ਦਰਸ਼ਨ ਦੇ ਤੌਰ 'ਤੇ ਕੀਤੀ ਜਾਂਦੀ ਹੈ।
ਇਨ੍ਹਾਂ ਸਾਰੇ ਧਰਮਾਂ ਦਾ ਆਪੋ-ਆਪਣਾ ਇਕ ਵੱਡਾ ਤੇ ਨਿਵੇਕਲਾ ਪ੍ਰਸੰਗ ਹੈ। ਇਨ੍ਹਾਂ ਧਰਮਾਂ ਦੇ ਧਰਮ ਗ੍ਰੰਥਾਂ ਵਿਚ ਅੰਕਿਤ ਸਿਧਾਂਤਕ ਪ੍ਰਸੰਗਾਂ ਦੇ ਆਧਾਰ 'ਤੇ ਵੱਡੀਆਂ-ਵੱਡੀਆਂ ਕੌਮੀਅਤਾਂ ਦੀ ਸਿਰਜਣਾ ਹੋਈ ਜੋ ਇਨ੍ਹਾਂ ਦੇ ਪ੍ਰਕਾਸ਼ ਵਰ੍ਹੇ ਤੋਂ ਲੈ ਕੇ ਅੱਜ ਤੱਕ ਆਪਣੇ ਧਰਮ ਬਾਨੀਆਂ ਅਤੇ ਪਵਿੱਤਰ ਗ੍ਰੰਥਾਂ ਨੂੰ ਨਤਮਸਤਕ ਹੋ ਜਿਉਂ ਦਾ ਤਿਉਂ ਨਵਾਂ ਨਰੋਆ ਰੱਖ ਰਹੀਆਂ ਹਨ। ਧਰਮ ਦੀ ਇਸ ਤਵਾਰੀਖ ਵਿਚ ਪੂਰਬੀ ਧਰਮ ਲੜੀ ਵਿਚ ਪੈਦਾ ਹੋਇਆ ਸਿੱਖ ਧਰਮ ਇਕ ਅਜਿਹਾ ਧਰਮ ਹੈ ਜੋ ਸੰਸਾਰ ਦੇ ਮਹੱਤਵਪੂਰਨ ਧਰਮਾਂ ਵਿਚੋਂ ਨਵਾਂ ਵੀ ਹੈ ਤੇ ਨਿਵੇਕਲਾ ਵੀ। ਨਵਾਂ ਇਸ ਕਰਕੇ ਕਿ ਕੁੱਲ ਧਰਮਾਂ ਵਿਚੋਂ ਬਾਅਦ ਵਿਚ ਪੈਦਾ ਹੋਇਆ ਹੈ ਅਤੇ ਨਿਵੇਕਲਾ ਇਸ ਕਰਕੇ ਕਿ ਆਪਣੇ ਵਿਲੱਖਣ ਅਲੌਕਿਕ ਅਤੇ ਸਰਬੱਤ ਦੇ ਭਲੇ ਦੇ ਲੋਕ ਹਿਤਕਾਰੀ ਸਿਧਾਂਤਾਂ ਕਰਕੇ ਇਹ ਆਪਣੀ ਵੱਖਰੀ ਪਛਾਣ ਰੱਖਦਾ ਹੈ। ਕਿਤਾਬ ਦੇ ਪਹਿਲੇ ਅਧਿਆਇ ਵਿਚ ਦਸ ਸਿੱਖ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸੰਖੇਪ ਜਾਣ-ਪਛਾਣ। ਦੂਜੇ ਅਧਿਆਇ ਵਿਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਚਾਲੀ ਮੁਕਤੇ, ਤੀਜੇ ਅਧਿਆਇ ਵਿਚ ਪ੍ਰਮੱਖ ਸਿੱਖ ਸ਼ਹੀਦ ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਸਤੀ ਦਾਸ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ ਸਿੰਘ, ਬਾਬਾ ਦੀਪ ਸਿੰਘ, ਚੌਥੇ ਅਧਿਆਇ ਵਿਚ ਪ੍ਰਮੁੱਖ ਸਿੱਖ ਬੀਬੀਆਂ : ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਪੰਜਵੇਂ ਅਧਿਆਇ ਵਿਚ ਸਿੱਖ ਧਰਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ: ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਭਾਈ ਘਨੱਈਆ ਜੀ ਅਤੇ ਛੇਵੇਂ-ਅਧਿਆਇ ਵਿਚ ਸਿੱਖ ਦਾ ਰੋਜ਼ਾਨਾ/ਨਿੱਤਨੇਮ, ਸਿਧਾਂਤ ਅਤੇ ਅਰਦਾਸ ਆਦਿ ਦਾ ਬਹੁਤ ਸੁੰਦਰ ਵਿਖਿਆਨ ਹੈ। ਪੁਸਤਕ ਵਿਚਲੀ ਸਮੱਗਰੀ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਿੱਖ ਧਰਮ ਦੇ ਚੇਤਨ ਪਾਠਕਾਂ ਲਈ ਲਾਹੇਵੰਦੀ ਹੈ।


-ਦਿਲਜੀਤ ਸਿੰਘ ਬੇਦੀ
ਮੋ: 98148-98570
c c c


ਸਵਰਗ ਤੇ ਉਸ ਦੇ ਵਾਰਸ

ਲੇਖਕ : ਨਾਨਕ ਸਿੰਘ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 98889-24664.


ਇਸ ਕਹਾਣੀ ਸੰਗ੍ਰਹਿ ਵਿਚ 14 ਕਹਾਣੀਆਂ ਹਨ, ਜਿਨ੍ਹਾਂ ਦੇ ਲੇਖਕ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਇਨ੍ਹਾਂ ਨੂੰ ਪੰਜਾਬੀ ਨਾਵਲ ਦੇ ਪਿਤਾਮਾ ਜਾਣਿਆ ਜਾਂਦਾ ਹੈ। ਇਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਅੱਗੇ ਤੱਕ ਪੁੱਜਦਾ ਕਰਕੇ ਇਕ ਬਹੁਤ ਹੀ ਵੱਡਾ ਆਪਣਾ ਯੋਗਦਾਨ ਪਾਇਆ ਹੈ, ਜਿਸ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਇਨ੍ਹਾਂ ਦੇ ਲਿਖੇ ਨਾਵਲਾਂ ਨੇ ਸੰਸਾਰ ਵਿਚ ਪ੍ਰਸਿੱਧੀ ਹਾਸਲ ਕੀਤੀ ਅਤੇ ਇਨ੍ਹਾਂ ਦੇ ਨਾਵਲ 'ਤੇ ਫ਼ਿਲਮਾਂ ਵੀ ਬਣੀਆਂ ਜੋ ਕਿ ਹਿੱਟ ਵੀ ਹੋਈਆਂ। ਲੇਖਕ ਜਿਥੇ ਨਾਵਲ ਲਿਖਣ ਵਿਚ ਮੁਹਾਰਤ ਰੱਖਦਾ ਹੈ, ਉਸੇ ਹੀ ਤਰ੍ਹਾਂ ਕਹਾਣੀ, ਨਾਟਕ, ਇਕਾਂਗੀ, ਕਵਿਤਾ ਤੇ ਲੇਖ ਲਿਖਣ ਪ੍ਰਤੀ ਵੀ ਅੱਗੇ ਹੈ।
ਪਾਠਕਾਂ 'ਤੇ ਨਾਨਕ ਸਿੰਘ ਦੀ ਅਜਿਹੀ ਛਾਪ ਲੱਗੀ ਹੋਈ ਹੈ ਕਿ ਇਨ੍ਹਾਂ ਦੀ ਹਰ ਰਚਨਾ ਪਾਠਕ ਬੜੇ ਗਹੁ ਨਾਲ ਪੜ੍ਹਦਾ ਤੇ ਵਿਚਾਰਦਾ ਹੈ। ਲੇਖਕ ਦੇ ਲਿਖਣ ਆਪਣਾ ਹੀ ਨਿਵੇਕਲਾ ਢੰਗ ਹੈ ਅਤੇ ਸ਼ਬਦਾਵਲੀ ਦਾ ਵੀ ਪੂਰੀ ਤਰ੍ਹਾਂ ਨਿਪੁੰਨ ਹੈ। ਢੁਕਵੀਂ ਸ਼ਬਦਾਵਲੀ ਇਨ੍ਹਾਂ ਦੀਆਂ ਰਚਨਾਵਾਂ ਹੋਰ ਚਾਰ-ਚੰਨ ਲਗਾ ਦਿੰਦੀ ਹੈ।
ਲੇਖਕ ਨੇ ਸਮਾਜ ਵਿਚ ਹੋ ਰਹੀਆਂ ਜ਼ਿਆਦਤੀਆਂ, ਅਨਿਆਂ, ਲੁੱਟ-ਖਸੁੱਟ ਨੂੰ ਆਪਣੇ ਅੱਖੀਂ ਵੇਖਿਆ ਅਤੇ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਵਿਚ ਦਰਸਾ ਕੇ ਆਪਣੇ ਅੰਦਰਲੀ ਪੀੜ ਨੂੰ ਜ਼ਾਹਰ ਕੀਤਾ। ਕਹਾਣੀ 'ਸਿਊਂਕ' ਵਿਚ ਲੇਖਕ ਨੇ ਆਪਣੇ ਦੋਸਤ ਅਨੰਦ ਸਰੂਪ ਸੇਠੀ ਦੀ ਦਾਸਤਾਨ ਨੂੰ ਜਿਸ ਤਰ੍ਹਾਂ ਬਿਆਨਿਆ ਹੈ, ਉਸ ਤੋਂ ਪਤਾ ਲਗਦਾ ਹੈ ਕਿ ਇਨਸਾਨ ਨੂੰ ਆਪਣਾ ਅੰਦਰਲਾ ਡਰ ਸਿਊਂਕ ਦੀ ਤਰ੍ਹਾਂ ਖਾ ਜਾਂਦਾ ਹੈ, ਜਿਸ ਨੂੰ ਉਹ ਹੋਰਾਂ ਨੂੰ ਦੱਸ ਵੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਸਵਰਗ ਤੇ ਉਸ ਦੇ ਵਾਰਸ, ਮੋਹ ਮਾਈ, ਗੁਪਤ ਦਾਨੀ, ਜ਼ਿੰਦਗੀ ਦੀ ਕਮਾਈ, ਨਾਮੁਰਾਦ ਆਦਿ ਕਹਾਣੀਆਂ ਵੀ ਸਾਡੇ 'ਤੇ ਇਕ ਵੱਖਰੀ ਛਾਪ ਛੱਡਦੀਆਂ ਹਨ। ਹਰ ਕਹਾਣੀ ਵਿਚਲੀ ਘਟਨਾ ਪਾਠਕ ਦੇ ਦਿਲ ਨੂੰ ਟੁੰਬਦੀ ਹੈ ਅਤੇ ਆਪਣੀ ਛਾਪ ਵੀ ਛੱਡਦੀ ਹੈ। ਹਰ ਕਹਾਣੀ ਨੂੰ ਪੜ੍ਹਦੇ-ਪੜ੍ਹਦੇ ਪੂਰੀ ਤਰ੍ਹਾਂ ਨਾਲ ਦਿਲਚਸਪੀ ਬਣੀ ਰਹਿੰਦੀ ਹੈ ਅਤੇ ਜਿੰਨੀ ਦੇਰ ਉਹ ਖ਼ਤਮ ਨਹੀਂ ਹੋ ਜਾਂਦੀ, ਓਨੀ ਦੇਰ ਉਤਸੁਕਤਾ ਬਣੀ ਰਹਿੰਦੀ ਹੈ।


ਬਲਵਿੰਦਰ ਸਿੰਘ ਸੋਢੀ (ਮੀਰਹੇੜ੍ਹੀ)
ਮੋ: 092105-88990


ਕਲਾਕਾਰੀਆਂ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 395 ਰੁਪਏ, ਸਫ਼ੇ : 358
ਸੰਪਰਕ : 95011-45039.


ਰਾਣਾ ਰਣਬੀਰ ਇਕ ਬਹੁਪੱਖੀ ਵਿਅਕਤੀਤਵ ਦਾ ਨਾਂਅ ਹੈ। ਉਹ ਕਲਾਕਾਰ ਹੈ, ਅਦਾਕਾਰ ਹੈ, ਸੋਚਸ਼ੀਲ ਇਨਸਾਨ ਹੈ ਅਤੇ ਇਕ ਲੇਖਕ ਵੀ ਹੈ। ਹਥਲੀ ਪੁਸਤਕ 'ਕਲਾਕਾਰੀਆਂ' ਤੋਂ ਪਹਿਲਾਂ ਉਸ ਦੀਆਂ ਤਿੰਨ ਪੁਸਤਕਾਂ ਪਾਠਕਾਂ ਦੇ ਰੂ-ਬਰੂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 'ਜ਼ਿੰਦਗੀ ਜ਼ਿੰਦਾਬਾਦ' ਪੁਸਤਕ ਪੰਜਾਬੀ ਭਾਸ਼ਾ ਤੋਂ ਹਿੰਦੀ ਅਤੇ ਅੰਗਰੇਜ਼ੀ ਵਿਚ ਅਨੁਵਾਦ ਵੀ ਹੋ ਚੁੱਕੀ ਹੈ। ਜਦੋਂ ਅਸੀਂ 'ਕਲਾਕਾਰੀਆਂ' ਪੁਸਤਕ ਦੀ ਗੱਲ ਕਰਦੇ ਹਾਂ ਤਾਂ ਇਹ ਪੁਸਤਕ ਇਕ ਵੱਖਰੀ ਸ਼ੈਲੀ ਵਿਚ ਲਿਖੀ ਪੁਸਤਕ ਹੈ। ਭਾਵੇਂ ਕਿ ਇਹ ਪੁਸਤਕ ਰਣਬੀਰ ਰਾਣਾ ਦੇ ਨਿੱਜੀ ਅਨੁਭਵ ਵਿਚੋਂ ਨਿਕਲੀ ਡਾਇਰੀ ਸ਼ੈਲੀ ਵਿਚੋਂ ਲਿਖੀ ਹੋਈ ਪੁਸਤਕ ਹੈ ਪਰ ਇਸ ਪੁਸਤਕ ਨੂੰ ਪੜ੍ਹਦਿਆਂ ਜ਼ਿੰਦਗੀ ਨਾਲ ਜੁੜੇ ਬਹੁਤ ਸਾਰੇ ਸੰਕਲਪਾਂ ਅਤੇ ਮਸਲਿਆਂ ਦੇ ਰੂ-ਬਰੂ ਹੋਣਾ ਪੈਂਦਾ ਹੈ।
ਕਈ ਵਾਰ ਇਹ ਪੁਸਤਕ 'ਮੇਰਾ ਦਾਗਿਸਤਾਨ' ਪੁਸਤਕ ਵਰਗਾ ਪ੍ਰਭਾਵ ਵੀ ਸਿਰਜਦੀ ਹੈ। ਰਾਣਾ ਰਣਬੀਰ ਨੇ ਆਪਣੀ ਗੱਲ ਕਹਿਣ ਲਈ ਦੋ ਕਾਲਪਨਿਕ ਅਤੇ ਚਿੰਨ੍ਹਾਤਮਕ ਪਾਤਰ ਸੁਰਤੀ ਅਤੇ ਆਲਮ ਵੀ ਸਿਰਜੇ ਹਨ ਜੋ ਆਪਸੀ ਗੱਲਬਾਤ ਰਾਹੀਂ ਨਾਟਕੀ ਪ੍ਰਭਾਵ ਤਾਂ ਸਿਰਜਦੇ ਹੀ ਹਨ ਪਰ ਸੰਵਾਦੀ ਬਹਿਸ ਨਾਲ ਇਕ ਦਾਰਸ਼ਨਿਕ ਵਾਤਾਵਰਨ ਵੀ ਪੇਸ਼ ਕਰਦੇ ਹਨ। ਰਾਣਾ ਰਣਬੀਰ ਨੇ ਕਿਉਂਕਿ ਇਹ ਪੁਸਤਕ ਡਾਇਰੀ ਸ਼ੈਲੀ ਵਿਚ ਲਿਖੀ ਹੈ, ਇਸ ਕਰਕੇ ਆਪਣੀ ਲਿਖਤ ਲਿਖਣ ਦਾ ਸਮਾਂ ਅਤੇ ਸਥਾਨ ਵੀ ਪੇਸ਼ ਕੀਤਾ ਹੈ। ਕਿਧਰੇ-ਕਿਧਰੇ ਤੁਲਸੀ ਵਰਗੇ ਪਾਤਰਾਂ ਰਾਹੀਂ ਜ਼ਿੰਦਗੀ ਦੇ ਵੱਡੇ ਸੱਚ ਨੂੰ ਵੀ ਸਹਿਜਮਈ ਸ਼ੈਲੀ ਵਿਚ ਪਾਠਕਾਂ ਦੇ ਸਾਹਮਣੇ ਪ੍ਰਸਤੁਤ ਕਰ ਦਿੱਤਾ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਨੂੰ ਇੰਜ ਜਾਪਦਾ ਹੈ ਜਿਵੇਂ ਰਾਣਾ ਰਣਬੀਰ ਉਸ ਨਾਲ ਆਹਮਣੇ-ਸਾਹਮਣੇ ਬੈਠ ਕੇ ਸੰਵਾਦ ਰਚਾ ਰਿਹਾ ਹੋਵੇ। ਕਿਉਂਕਿ ਜ਼ਿਆਦਾਤਰ ਘਟਨਾਕ੍ਰਮ ਵਰਤਮਾਨ ਕਾਲ ਵਿਚ ਹੀ ਵਾਪਰਦਾ ਹੈ, ਪਰ, ਕਲਾ, ਠਰ੍ਹੰਮੇ, ਨੈਤਿਕਤਾ ਮੋਹ, ਆਪਸੀ ਮੇਲਜੋਲ, ਉਡੀਕ, ਪਿਆਰ, ਖੁਸ਼ੀ ਅਤੇ ਹੋਰ ਕਿੰਨੇ ਭਾਵਵਾਦੀ ਸੰਕਲਪ ਜੋ ਜ਼ਿੰਦਗੀ ਨੂੰ ਧੜਕਦੀ ਰੱਖਣ ਲਈ ਜ਼ਰੂਰੀ ਹਨ, ਦੇ ਬਾਰੇ ਰਾਣਾ ਰਣਬੀਰ ਨੇ ਰੌਚਿਕ ਸ਼ੈਲੀ ਵਿਚ ਸੰਵਾਦ ਰਚਾਇਆ ਹੈ। ਪੁਸਤਕ ਕਾਵਿਕ ਰੰਗ ਵੀ ਇਸ ਦੀ ਬਹੁਰੰਗਤਾ ਅਤੇ ਬਹੁਪੱਖਤਾ ਵਿਚ ਵਾਧਾ ਕਰਦਾ ਹੈ। ਇਸ ਵਾਰਤਕ ਪੁਸਤਕ ਦਾ ਸਵਾਗਤ ਹੈ।


ਡਾ. ਸਰਦੂਲ ਸਿੰਘ ਔਜਲਾ
ਮੋ: 98141-68611


ਤਰੀ ਵਾਲੇ ਕਰੇਲੇ
ਲੇਖਕ : ਤ੍ਰਿਲੋਕ ਢਿੱਲੋਂ
ਪ੍ਰਕਾਸ਼ਕ : ਗੁਸਾਈਂ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 165 ਰੁਪਏ, ਸਫ਼ੇ : 104
ਸੰਪਰਕ : 98772-04006.


ਤ੍ਰਿਲੋਕ ਢਿੱਲੋਂ ਮੂਲ ਰੂਪ ਵਿਚ ਕਵੀ ਤੇ ਨਾਟਕਕਾਰ ਹੈ ਤੇ ਹੁਣ ਇਸ ਪੁਸਤਕ 'ਤਰੀ ਵਾਲੇ ਕਰੇਲੇ' ਰਾਹੀਂ ਵਿਅੰਗ ਦੇ ਮੈਦਾਨ ਵਿਚ ਵੀ ਅਚਾਨਕ ਆ ਕੁੱਦਿਆ ਹੈ। ਇਸ ਵਿਧਾ ਦੇ ਖਾਲੀ ਮੈਦਾਨ ਵਿਚ ਤਲਵਾਰ ਘੁਮਾਉਣੀ ਸੌਖੀ ਹੈ ਭਾਵੇਂ ਕਿ ਹਾਸ-ਵਿਅੰਗ ਦੀ ਪਗਡੰਡੀ ਡਾਢੀ ਔਖੀ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 20 ਹਾਸ-ਵਿਅੰਗ ਲੇਖ ਸ਼ਾਮਿਲ ਕੀਤੇ ਹਨ। ਤ੍ਰਿਲੋਕ ਭਾਵ ਤ੍ਰਿਲੋਕੀ ਦਾ ਗਿਆਤਾ। ਉਹ ਬ੍ਰਹਮਾ ਵਾਂਗ ਹਰ ਪਾਸੇ ਝਾਕ ਸਕਦਾ ਹੈ। ਤਿੰਨਾਂ ਲੋਕਾਂ ਦੀ ਖ਼ਬਰ-ਸਾਰ ਰੱਖ ਸਕਦਾ ਹੈ। ਆਮ ਲੋਕ ਬੰਦੇ ਨੂੰ ਬਾਹਰੋਂ-ਬਾਹਰੋਂ ਦੇਖ ਕੇ ਹੀ ਪਰਖਦੇ ਹਨ, ਪਰ ਵਿਅੰਗਕਾਰ ਬੰਦੇ ਅੰਦਰ ਲੁਕੇ ਬੰਦੇ ਤੇ ਉਸ ਦੇ ਧੁਰ ਅੰਦਰ ਲੁਕੇ ਇਕ ਹੋਰ ਬੰਦੇ ਦੀ ਸ਼ਨਾਖ਼ਤ ਵੀ ਕਰ ਸਕਦਾ ਹੈ। ਬੰਦੇ ਅੰਦਰਲਾ ਬੰਦਾ ਲੱਭਣਾ ਹੀ ਉੱਤਮ ਵਿਅੰਗਕਾਰੀ ਹੈ। ਅਸੀਂ ਅੱਜਕਲ੍ਹ ਮਖੌਟਿਆਂ ਓਹਲੇ ਜਿਊਂਦੇ ਹਾਂ। ਨਕਾਬ ਪਾ ਕੇ ਆਪਣੇ ਅਸਲ ਨੂੰ ਛੁਪਾ ਲੈਂਦੇ ਹਾਂ। ਜੀਵਨ ਵਿਸੰਗਤੀਆਂ ਨਾਲ ਭਰਿਆ ਪਿਆ ਹੈ। ਬੰਦਾ ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋਰ ਹੈ। ਜਾਂਦਾ ਪਟਿਆਲੇ ਤੇ ਦੱਸਦਾ ਸਮਰਾਲੇ ਹੈ। ਝੂਠ ਦਾ ਲਬਾਦਾ ਪਹਿਨ ਕੇ ਸਤਿਸੰਗ ਕਰਦਾ ਹੈ। ਨੇਤਾ ਲੋਕ ਤੇ ਸਾਡੇ ਰਹਿਬਰ ਸਾਨੂੰ ਤਰੀ ਵਾਲੇ ਕਰੇਲੇ ਖੁਆਉਣ 'ਚ ਹੀ ਰੁੱਝੇ ਹੋਏ ਹਨ। ਲਾਰਿਆਂ ਦੇ ਕਰੇਲਿਆਂ ਨਾਲ ਜਨਤਾ ਨੂੰ ਭਰਮਾਉਣ ਤੇ ਪਰਚਾਉਣ 'ਚ ਲੱਗੇ ਹੋਏ ਹਨ। ਨਵੀਆਂ ਕਾਢਾਂ ਮਨੁੱਖ ਨੂੰ ਸੁੱਖ ਦੇਣ ਦੀ ਥਾਂ ਬਿਮਾਰੀ ਬਣ ਗਈਆਂ ਹਨ, ਵੱਡੀ ਖੁਆਰੀ ਬਣ ਗਈਆਂ ਹਨ। ਤ੍ਰਿਲੋਕ ਢਿੱਲੋਂ ਆਪਣੇ ਲੇਖਾਂ ਰਾਹੀਂ ਅਜਿਹੇ ਸਮਾਜ ਅਤੇ ਬੰਦਿਆਂ ਦੇ ਪਾਜ ਉਘਾੜਦਾ ਹੈ, ਜਿਨ੍ਹਾਂ ਦੇ ਕਿਰਦਾਰ ਦੋਗਲੇ ਹਨ। ਉਹ ਮਨੁੱਖ ਦੇ ਚਿਹਰਿਆਂ 'ਤੇ ਚੜ੍ਹੇ ਮਖੌਟੇ ਤੇ ਨਕਾਬ ਆਪਣੇ ਵਿਅੰਗ ਲੇਖਾਂ ਰਾਹੀਂ ਲਾਹੁਣ ਦਾ ਯਤਨ ਕਰਦਾ ਹੈ। ਦਫ਼ਤਰੀ ਭ੍ਰਿਸ਼ਟਾਚਾਰ ਦੇ ਨਮੂਨੇ ਪੇਸ਼ ਕਰਦਾ ਹੈ। ਇਹ ਸਭ ਕਰਦਿਆਂ ਵੀ ਉਹ ਸਹਿਜ ਰਹਿੰਦਾ ਹੈ। ਵਿਅੰਗ ਲੇਖਕ ਲਈ ਸਹਿਜ ਰਹਿਣਾ ਔਖਾ ਕਾਰਜ ਹੈ, ਜੋ ਰਹਿ ਜਾਵੇ ਉਹ 'ਕਿੱਸਾ-ਏ-ਅਕਬਰ ਤੇ ਬੀਰਬਲ' ਹੋ ਜਾਂਦਾ ਹੈ। ਤਰੀ ਵਾਲੇ ਕਰੇਲੇ ਨਾ ਕਦੀ ਕਿਸੇ ਨੇ ਬਣਾਏ ਤੇ ਨਾ ਕਦੀ ਕਿਸੇ ਨੇ ਖਾਧੇ ਨੇ ਪਰ ਸਾਡੇ ਨੇਤਾਵਾਂ ਕੋਲ ਪਤਾ ਨਹੀਂ ਕਿਹੜੀ ਗਿੱਦੜਸਿੰਙੀ ਹੁੰਦੀ ਹੈ ਕਿ ਉਹ ਤਰੀ ਵਾਲੇ ਕਰੇਲੇ ਬਣਾ ਵੀ ਲੈਂਦੇ ਹਨ ਤੇ ਭੁਲੱਕੜ ਜਨਤਾ ਨੂੰ ਛਕਾ ਵੀ ਦਿੰਦੇ ਹਨ। ਤ੍ਰਿਲੋਕ ਢਿੱਲੋਂ ਤੁਹਾਨੂੰ ਇਹੋ ਜਿਹੇ ਫਰੇਬ ਨੇਤਾਵਾਂ ਤੋਂ ਸਾਵਧਾਨ ਕਰਦਾ ਹੈ। ਸਮਝ ਜਾਉਗੇ ਤਾਂ ਸੁਖੀ ਰਹੋਗੇ ਨਹੀਂ ਤਾਂ 'ਦੁਖੀਆ ਸਭ ਸੰਸਾਰ ਹੈ' ਦੀ ਸੂਚੀ ਵਿਚ ਦਰਜ ਹੋ ਜਾਉਗੇ। ਤਰੀ ਵਾਲੇ ਕਰੇਲੇ ਹਾਜ਼ਰ ਨੇ। ਆਪ ਵੀ ਛਕੋ ਤੇ ਆਪਣੇ ਚੰਦਰੇ ਗੁਆਂਢੀਆਂ ਨੂੰ ਵੀ ਛਕਾਉ, ਜੋ ਤੁਹਾਡੇ 'ਤੇ ਹਮੇਸ਼ਾ ਕਾਂ ਵਰਗੀ ਨਿਗ੍ਹਾ ਰੱਖਦੇ ਹਨ।


ਕੇ.ਐਲ. ਗਰਗ
ਮੋ: 94635-37050


ਪ੍ਰਨਵ ਮਧੁਰ

ਲੇਖਕ : ਪੂਰਨ ਚੰਦ ਜੋਸ਼ੀ (ਡਾ.)
ਪ੍ਰਕਾਸ਼ਕ: ਗੁਰਮਿਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98141-47405.


ਸਹਿਕਾਰਤਾ ਵਿਭਾਗ ਪੰਜਾਬ ਵਿਚੋਂ ਉੱਚ ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਪੂਰਨ ਚੰਦ ਜੋਸ਼ੀ ਸਾਹਿਤ ਦੀਆਂ ਕਈ ਵਿਧਾਵਾਂ ਵਿਚ ਲਿਖਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਇਕ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਤਸੱਲੀ ਵਾਲੀ ਗੱਲ ਹੈ ਕਿ ਉਹ ਜੋ ਕੁਝ ਵੀ ਕਹਿੰਦੇ ਹਨ, ਸਾਫ਼ ਅਤੇ ਸਪੱਸ਼ਟ ਸ਼ਬਦਾਵਲੀ ਵਿਚ ਠੋਕ-ਵਜਾ ਕੇ ਕਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਿੱਥੇ ਕਾਣੀ ਵੰਡ ਹੁੰਦੀ ਹੈ, ਉੱਥੇ ਕਦੇ ਵੀ ਇੱਕਜੁਟਤਾ ਨਹੀਂ ਰਹਿ ਸਕਦੀ :
ਇਕ ਤੌੜੀ ਦੇ ਦੋ ਢਿੱਡ ਨਾਹੀਂ
ਇਹ ਮਸਲੇ ਹੁੰਦੇ ਨੇ ਮਾੜੇ।
ਟੱਬਰਾਂ ਦੇ ਵਿਚ ਕਾਣੀ ਵੰਡ ਨਾਲ
ਪੈ ਜਾਂਦੇ ਨੇ ਪਾੜੇ।
ਪੂਰਨ ਚੰਦ ਜੋਸ਼ੀ ਇਕ ਆਸ਼ਾਵਾਦੀ ਇਨਸਾਨ ਹਨ। ਉਨ੍ਹਾਂ ਨੂੰ ਪਤਾ ਹੈ ਕਿ ਕਿਸੇ ਵੀ ਕਾਰਜ ਦੀ ਸਫਲਤਾ ਲਈ ਆਪਸੀ ਸਹਿਯੋਗ ਦਾ ਹੋਣਾ ਲਾਜ਼ਮੀ ਹੁੰਦਾ ਹੈ। ਮਹਾਂਮਾਨਵ ਦੇ ਮਹਾਂਬਲੀ ਹੋਣ ਦੇ ਬ੍ਰਹਿਮੰਡੀ ਬਿਰਤਾਂਤ ਤੋਂ ਵੀ ਉਹ ਭਲੀ-ਭਾਂਤ ਜਾਣੂ ਹਨ ਕਿ ਜੇਕਰ ਮਨੁੱਖ ਆਪਣੇ ਮਨ ਵਿਚ ਠਾਣ ਲਵੇ ਤਾਂ ਉਸ ਦੇ ਲਈ ਕੁਝ ਵੀ ਅਸੰਭਵ ਨਹੀਂ। ਆਪਣੀ ਇਕ ਗ਼ਜ਼ਲ ਦੇ ਇਸ ਸ਼ਿਅਰ ਵਿਚ ਉਹ ਆਪਣੀ ਇਸ ਧਾਰਨਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੇ ਹਨ:
ਕਹਿੰਦੇ, ਇਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਨੇ।
ਇਹ ਵੀ ਹੋ ਸਕਦਾ ਹੈ, ਇਕੱਲਾ ਹੀ ਗਿਆਰਾਂ ਬਣ ਜਾਵਾਂ।
ਪੁਸਤਕ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਵਿਸ਼ਾ ਪੱਖ ਤਾਂ ਬੜਾ ਮਜ਼ਬੂਤ ਹੈ ਪਰ ਉਨ੍ਹਾਂ ਦੀ ਪਿੰਗਲ ਜਾਂ ਅਰੂਜ਼ ਸੰਬੰਧੀ ਜਾਣਕਾਰੀ ਨਾਮਾਤਰ ਹੀ ਹੈ। ਕਾਫ਼ੀਆ-ਰਦੀਫ਼ ਜਾਂ ਬਹਿਰ-ਵਜ਼ਨ ਦੇ ਮਾਮਲੇ ਵਿਚ ਕਾਫ਼ੀ ਊਣਤਾਈਆਂ ਰੜਕਦੀਆਂ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅੰਤਰ-ਝਾਤ ਮਾਰਨ ਦੀ ਕੋਸ਼ਿਸ਼ ਕਰਨ ਕਿ ਉਹ ਕਿਹੜੀ ਵਿਧਾ ਨੂੰ ਵਧੀਆ ਢੰਗ ਨਾਲ ਨਿਭਾਅ ਸਕਦੇ ਹਨ, ਕਿਉਂਕਿ ਹਰ ਵਿਅਕਤੀ ਆਪਣੇ ਆਪ ਵਿਚ ਕੁਝ ਨਾ ਕੁਝ ਤਾਂ ਜ਼ਰੂਰ ਹੁੰਦਾ ਹੈ।


ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027


ਜਾਗਦੀ ਜ਼ਮੀਰ
ਕਵੀ : ਕੇਵਲ ਸਿੰਘ ਰੱਤੜਾ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 82838-30599.


'ਜਾਗਦੀ ਜ਼ਮੀਰ' ਕਵੀ ਕੇਵਲ ਸਿੰਘ ਰੱਤੜਾ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਕਵੀ ਨੇ ਸਮਾਜਿਕ ਸਮੱਸਿਆਵਾਂ ਅਤੇ ਨਿੱਜੀ ਵਲਵਲਿਆਂ ਨੂੰ ਇਸ ਕਾਵਿ ਸੰਗ੍ਰਹਿ ਰਾਹੀਂ ਉਭਾਰਿਆ ਹੈ। 63 ਕੁ ਕਵਿਤਾਵਾਂ ਦਾ ਇਹ ਸੰਗ੍ਰਹਿ ਕਵੀ ਦੀ ਸਮਾਜ ਅਤੇ ਰਿਸ਼ਤਿਆਂ ਪ੍ਰਤੀ ਸੋਚ ਦਾ ਪ੍ਰਤੀਕਰਮ ਹੈ। ਕੋਰੋਨਾ ਕਾਲ ਵਿਚ ਕਵੀ ਨੇ ਮਾਨਵੀ ਜੀਵਨ ਦੀਆਂ ਭੁੱਲਾਂ ਬਾਰੇ ਜੋ ਸੁਣਿਆ, ਉਹ ਲਿਖਿਆ।
ਰੁੱਖ ਕੱਟ ਕੇ ਪੱਥਰੀਂ ਘਰਾਂ 'ਚ ਪੱਥਰ ਬਣ ਗਏ ਆਂ
ਛਾਵਾ ਉੱਡੀਆਂ ਗਿਣਤੀਆਂ ਸਾਹਵਾਂ ਦੀ ਰਫ਼ਤਾਰ ਦੀਆਂ। (ਪੰਨਾ 65)
ਕਵੀ ਨੇ ਪਤੀ ਦੇ ਦੋਵਾਂ ਰਿਸ਼ਤਿਆਂ ਮਾਂ ਅਤੇ ਪਤਨੀ ਵਿਚੋਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਜ਼ਿਕਰ 'ਸੈਂਡਵਿਚ' ਕਵਿਤਾ ਵਿਚ ਬਾਖੂਬੀ ਕੀਤਾ ਹੈ। ਸੰਬੋਧਨੀ ਸੁਰ ਵਿਚ ਲਿਖੀ ਕਵਿਤਾ ਦੇ ਰਿਸ਼ਤਿਆਂ ਵਿਚ ਸੰਤੁਲਨ ਬਣਾਉਣ ਦੀ ਭਾਵਨਾ ਨਾਲ ਲਿਖੀ ਹੋਈ ਹੈ। ਕਵੀ ਆਪਣੀ ਮਾਤ ਭੂਮੀ ਪ੍ਰਤੀ ਵੀ ਆਪਣੇ ਫ਼ਰਜ਼ ਅਤੇ ਸੰਵੇਦਨਾ ਦਾ ਡੂੰਘਾ ਪ੍ਰਗਟਾਵਾ ਕਰ ਜਾਂਦਾ ਹੈ :
ਮੇਰੇ ਪਿੰਡ ਦੀ ਮਿੱਟੀ ਮੇਰੀ ਮਾਂ ਵਰਗੀ
ਬਾਬੇ ਬੁੱਢੜੇ ਜਿਹੇ ਬੋਹੜਾਂ ਵਾਲੀ ਛਾਂ ਵਰਗੀ (ਪੰਨਾ 48)
ਕਵੀ ਨੇ ਕੁਝ ਅਜਿਹੇ ਗੀਤ ਵੀ ਲਿਖੇ ਹਨ, ਜੋ ਇਸਤਰੀ ਮਨ ਦੀ ਵੇਦਨਾ ਪ੍ਰਗਟਾਉਂਦੇ ਹਨ ਜੋ ਆਪਣੇ ਪਤੀ ਤੋਂ ਦੂਰ ਹਿਜਰ ਵਿਚ ਦਿਨ ਕੱਟਦੀ ਹੈ:
ਆ ਜਾ ਸੋਹਣੇ ਪ੍ਰਦੇਸੀਆਂ ਯਾਰਾ
ਰਹਿੰਦੀਆਂ ਉਡੀਕਾਂ ਤੇਰੀਆਂ,
ਰੋਣ ਤੇਰੇ ਬਿਨਾਂ ਸਦਾ ਦਿਲਦਾਰਾ,
ਸੁੰਨੀਆਂ ਪ੍ਰੀਤਾਂ ਮੇਰੀਆਂ। (ਪੰਨਾ 50)
ਕਵੀ ਨੇ ਧਾਰਮਿਕ ਵਿਸ਼ਿਆਂ ਬਾਰੇ ਵੀ ਕਾਵਿ ਰਚਨਾ ਕੀਤੀ ਹੈ। ਉਹ ਸਿੱਖੀ ਦਾ ਸਤਿਕਾਰ ਕਰਦਾ ਇਸ ਵਿਚਲੀਆਂ ਚੰਗਿਆਈਆਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ।
ਗੁਰੂ ਨਾਨਕ ਨੇ ਹੱਥੀਂ ਇਹਦਾ ਬੀਜ ਬੀਜਿਆ
ਪਾਣੀ ਨਾਮ ਦੀ ਕਮਾਈ ਵਾਲੇ ਇਹਨੂੰ ਸੰਜਿਆ।
(ਪੰਨਾ 55)
ਮੇਰੀ ਮਾਂ ਫਰਿਸ਼ਤਾ, ਤਹਿਜ਼ੀਬ, ਸਾਡੀ ਤਾਂ ਸਬਰ ਨੀਤੀ, ਦਹਿਸ਼ਤ, ਜ਼ਿੰਦਗੀ ਦੇ ਰੰਗ, ਦਿਲ ਤੇ ਰੋਟੀ, ਉੱਡ ਵੇ ਕਾਵਾਂ, ਯਾਰੀ ਦੀ ਖੁਸ਼ਬੂ, ਪੱਖ ਅਤੇ ਵਾਦ, ਸਮਾਂ ਅਤੇ ਨਫ਼ਾ, ਲੋਆਂ ਦੀ ਉਡੀਕ, ਰੂਬਰੂ ਰਚਨਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਕਵੀ ਕੇਵਲ ਸਿੰਘ ਰੱਤੜਾ ਵਾਤਾਵਰਨ ਪ੍ਰਤੀ ਵੀ ਬਹੁਤ ਸੁਚੇਤ ਹੈ। ਇਸ ਲਈ ਰੁੱਖ ਅਤੇ ਮਨੁੱਖ ਰਾਹੀਂ ਉਹ ਪ੍ਰਕਿਰਤੀ ਨਾਲ ਮਨੁੱਖ ਦੀ ਸਾਂਝ ਦ੍ਰਿੜ੍ਹ ਕਰਦਾ ਹੈ :
ਕਦੇ ਕਦੇ ਮੈਨੂੰ ਰੁੱਖ ਮਨੁੱਖ ਇਕੋ ਜਿਹੇ ਲਗਦੇ ਨੇ
ਟਾਹਣੀਆਂ ਲਗਦੀਆਂ ਬਾਹਵਾਂ ਫੁੱਲ ਅੱਖਾਂ ਜਹੇ ਲਗਦੇ ਨੇ (ਪੰਨਾ 29)
ਉਹ ਪੰਜਾਬੀਅਤ ਦਾ ਕਦਰਦਾਨ ਹੈ। ਉਸ ਅਨੁਸਾਰ ਪੰਜਾਬੀ ਦੁਨੀਆ ਤੋਂ ਵੱਖਰੇ ਹਨ।
ਸਭ ਦੁਨੀਆ ਤੋਂ ਵੱਖਰੇ ਹਾਂ
ਅਖਵਾਉਣ ਪੰਜਾਬੀ ਬਈ
ਬੋਲੀ ਇਕੋ ਕਈ ਰੱਬਾਂ ਨੂੰ
ਧਿਆਉਣ ਪੰਜਾਬੀ ਬਈ। (ਪੰਨਾ 33)
ਬਚਪਨ ਦੀਆਂ ਮਿੱਠੀਆਂ ਯਾਦਾਂ ਬਾਰੇ ਵੀ ਕਵੀ ਭਾਵੁਕਤਾ ਨਾਲ ਮਹਿਸੂਸ ਕਰਦਾ ਹੈ। ਸਾਉਣ ਮਹੀਨੇ ਦੇ ਵੀ ਗੁਣਗਾਨ ਕਵੀ ਨੇ ਕੀਤੇ ਹਨ। 'ਔਰਤ ਨੂੰ ਸਮਝੋ' ਕਵਿਤਾ ਰਾਹੀਂ ਉਹ ਔਰਤ ਦਾ ਸਤਿਕਾਰ ਕਰਦਾ ਹੈ :
ਔਰਤ, ਸਿਰਜਣਹਾਰੀ, ਪਾਲਣਹਾਰੀ
ਜ਼ਿੰਦਗੀ ਦੀ ਫੁੱਲਾਂ ਨਾਲ ਲੱਦੀ ਚੰਗੇਰ
ਘਰ ਦੀ ਸੁਗੰਧਿਤ ਕਿਆਰੀ (ਪੰਨਾ 68)
ਇਸ ਤਰ੍ਹਾਂ ਇਹ ਕਵਿਤਾ ਪਾਠਕਾਂ ਦੇ ਸਮਝ ਆਉਣ ਵਾਲੀ ਤੇ ਰੌਚਕ ਹੈ।


ਪ੍ਰੋ. ਕੁਲਜੀਤ ਕੌਰ


ਅੰਗੂਠੇ ਦਾ ਨਿਸ਼ਾਨ

ਲੇਖਿਕਾ : ਬਲਵਿੰਦਰ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 199
ਸੰਪਰਕ : 98158-78652.


ਡਾ. ਬਲਵਿੰਦਰ ਕੌਰ ਬਰਾੜ ਸੰਵੇਦਨਾਸ਼ੀਲ ਲੇਖਿਕਾ ਹੈ। ਕਿਸੇ ਰਚਨਾ ਦੀ ਉਹ ਸੰਰਚਨਾ ਕਰ ਰਹੀ ਹੋਵੇ, ਉਸ ਦੇ ਨਵੇਂ-ਨਵੇਂ ਪੰਜਾਬੀ ਦੇ ਸ਼ਬਦ-ਸਮਾਸ, ਮੁਹਾਵਰੇ ਲੋਕੋਕਤੀਆਂ, ਉਸ ਦੀ ਲਿਖਤ ਦੀ ਮੂਲ ਆਕਰਸ਼ਕ-ਸ਼ਕਤੀ ਹੁੰਦੇ ਹਨ। ਆਪ ਨੇ 2008 ਈ. ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਵਿਭਾਗ ਤੋਂ ਸੇਵਾ ਮੁਕਤ ਹੋ ਕੇ ਕੈਨੇਡਾ ਦੇ ਸ਼ਹਿਰ ਕੈਲਗਰੀ ਜਾਣ ਦਾ ਫ਼ੈਸਲਾ ਕੀਤਾ, ਜਿਥੇ ਜਾ ਕੇ ਉਸ ਨੇ ਪਟਿਆਲਾ, ਪੰਜਾਬ ਪੰਜਾਬੀ ਸੰਸਕ੍ਰਿਤੀ ਅਤੇ ਹੋਰ ਮਾਹੌਲ ਵਿਚ ਚਿਤਵਿਆ 'ਅੰਗੂਠੇ ਦੇ ਨਿਸ਼ਾਨ' ਨਾਵਲ ਦਾ ਪਲਾਟ ਨਵੇਂ ਦੇਸ਼ ਵਿਚ ਨਵੇਂ ਮਾਹੌਲ ਵਿਚ ਗੁੰਮ ਹੋ ਗਿਆ। ਕਾਰਨ ਭਾਵੇਂ ਅਨੇਕਾਂ ਸਨ, ਫਿਰ ਵੀ ਉਸ ਦੇ ਚੇਤੇ ਵਿਚ ਪਨਪਨਦਾ, ਮਚਲਦਾ ਅਤੇ ਮਹਿਕਦਾ ਨਾਵਲ ਉਸ ਨੂੰ ਪੰਜਾਬੀ ਵਿਚ ਲਿਖਣ ਦੀ ਤੜਪਨਾ ਵਿਆਕਲਤਾ ਨੂੰ ਉਹ ਭੁਲਾ ਨਾ ਸਕੀ, ਆਖ਼ਰ ਇਸ ਨਾਵਲ ਦਾ ਪਲਾਟ ਪਾਤਰ, ਵਾਤਾਵਰਨ ਉਸ ਅੰਦਰ ਜਦ ਹੋਰ ਮਚਲਣ ਲੱਗੇ ਤਾਂ ਉਸ ਨੂੰ ਆਪਣੇ ਪੁਨਰ ਜਨਮ ਲੈ ਚੁੱਕੇ ਹੌਸਲੇ ਦਾ ਪੱਲੂ ਫੜਿਆ ਇਸ ਨਾਵਲ ਦੀ 2008 ਈ. ਵਿਚ ਸ਼ੁਰੂਆਤ ਤਾਂ ਹੋ ਗਈ ਪਰ ਲਿਖਤ ਰੂਪ ਵਿਚ ਇਹ ਨਾਵਲ 2015 ਈ. ਵਿਚ ਸੰਪੂਰਨ ਰੂਪ ਵਿਚ ਲਿਖ ਕੇ ਲੇਖਕ ਨੇ ਮਨ ਵਿਚ ਪਿਆ ਬੋਝ ਹਲਕਾ ਕਰ ਦਿੱਤਾ ਹੈ।
ਇਸ ਨਾਵਲ ਦਾ ਕਥਾਨਕ, ਵਾਤਾਵਰਨ, ਘਟਨਾਕ੍ਰਮ, ਪਾਤਰ ਦੀ ਮਨੋ ਅਵਸਥਾ ਅਤੇ ਹੋਰ ਵਸਤੂ, ਹੌਕਿਕ ਨਾਰੀਮਨ ਦੀ ਸੰਵੇਦਨਾਤਮਿਕ ਵੇਦਨਾਵਾਂ, ਏਨੀਆਂ ਰੌਚਿਕ ਹਨ ਕਿ ਪਾਠ ਅੰਦਰ ਅੱਗੋਂ ਕੀ ਹੋਇਆ ਦੀ ਰੌਚਿਕਤਾ ਨਿਰੰਤਰ ਸਥਾਪਤ ਰਹਿੰਦੀ ਹੈ। ਦੇਸ਼ ਦੀ ਧਰਤੀ ਤੋਂ ਦੂਰ ਬੈਠੇ ਇਕ ਆਪਣੇ ਦੇਸ਼ ਦੇ ਪ੍ਰਸਿੱਧ ਪ੍ਰਾਂਤ ਪੰਜਾਬ ਪ੍ਰਾਂਤ ਦੀ ਮਾਂ ਬੋਲੀ ਵਿਚ ਇਹ ਲਿਖਿਆ ਨਾਵਲ ਪੰਜਾਬੀ ਗਲਪ ਖੇਤਰ ਦੇ ਆਧੁਨਿਕ ਕਾਲ ਦੀ ਵੱਡੀ ਪ੍ਰਾਪਤੀ ਹੈ।


ਡਾ. ਅਮਰ ਕੋਮਲ
ਮੋ: 084378-73565

6-08-2022

 157 ਸ਼ਾਇਰਾਂ ਦਾ ਕਾਵਿ ਸਮੁੰਦਰ
ਸੰਪਾਦਕ : ਕੁਲਬੀਰ ਸਿੰਘ 'ਕੰਵਲ'
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 210
ਸੰਪਰਕ : 98151-43028.

'157 ਸ਼ਾਇਰਾਂ ਦਾ ਕਾਵਿ-ਸਮੁੰਦਰ' ਕਾਵਿ-ਸੰਗ੍ਰਹਿ 'ਸਾਂਝਾਂ ਪਿਆਰ ਦੀਆਂ' ਅੰਤਰਰਾਸ਼ਟਰੀ ਸਾਹਿਤਕ ਮੰਚ ਦੀ ਦੂਸਰੀ ਪ੍ਰਕਾਸ਼ਨਾ ਹੈ ਜਿਸ ਨੂੰ ਕੁਲਬੀਰ ਸਿੰਘ 'ਕੰਵਲ' ਵਲੋਂ ਸੰਪਾਦਿਤ ਕੀਤਾ ਗਿਆ ਹੈ। 'ਵਰਗਮੂਲ ਹੋਇਆ ਹੈ ਆਦਮੀ' ਅਤੇ 'ਹਜ਼ਾਰਾਂ ਧਰਤੀਆਂ ਨੇ ਹੋਰ' ਗ਼ਜ਼ਲ ਸੰਗ੍ਰਹਿ ਵੀ ਸੰਪਾਦਕ ਵਲੋਂ ਪਹਿਲਾਂ ਹੀ ਪੰਜਾਬੀ ਕਾਵਿ-ਜਗਤ ਦੀ ਝੋਲੀ ਪਾਏ ਜਾ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਤਮਾਮ ਸ਼ਖ਼ਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਨ੍ਹਾਂ ਸਾਰੀ-ਸਾਰੀ ਉਮਰ ਮਾਂ-ਬੋਲੀ ਪੰਜਾਬੀ ਦੀ ਬਿਹਤਰੀ ਅਤੇ ਉਸ ਦਾ ਬਣਦਾ ਮਾਣ-ਤਾਣ ਬਹਾਲ ਕਰਨ ਲਈ ਨਿਛਾਵਰ ਕਰ ਦਿੱਤੀ ਹੈ।
'ਸਾਂਝਾਂ ਪਿਆਰ ਦੀਆਂ' ਫੇਸਬੁੱਕ ਗਰੁੱਪ ਨਿਰੋਲ ਸਾਹਿਤਕ ਕਿਰਤਾਂ ਨੂੰ ਸਮਰਪਿਤ ਹੈ। ਸੰਨ 2018 ਈ. ਵਿਚ ਵੀ ਇਸ ਗਰੁੱਪ ਵਲੋਂ 'ਸਾਂਝਾਂ ਪਿਆਰ ਦੀਆਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ ਗਿਆ ਸੀ ਜਿਸ ਵਿਚ 52 ਕਵੀਆਂ ਦੀਆਂ ਕਾਵਿ-ਕਿਰਤਾਂ ਸ਼ਾਮਿਲ ਕੀਤੀਆਂ ਗਈਆਂ ਸਨ। ਇਸ ਕਾਵਿ-ਸੰਗ੍ਰਹਿ ਵਿਚ ਜਿਥੇ ਅਮਰ ਸੂਫ਼ੀ, ਅਮਰੀਕ ਡੋਗਰਾ, ਅਰਤਿੰਦਰ ਸੰਧੂ, ਆਤਮਾ ਰਾਮ ਰੰਜਨ, ਕਮਲ ਦੇਵ ਪਾਲ, ਕਮਲਜੀਤ ਕੰਵਰ, ਕੁਲਬੀਰ ਸਿੰਘ 'ਕੰਵਲ', ਕੁਲਵਿੰਦਰ ਕੰਵਲ, ਕ੍ਰਿਸ਼ਨ ਭਨੋਟ, ਗੁਰਸ਼ਰਨ ਸਿੰਘ ਅਜੀਬ, ਗੁਰਦਿਆਲ ਰੌਸ਼ਨ, ਜਮਾਲ ਜਲੰਧਰੀ, ਜਗਦੀਸ਼ ਰਾਣਾ, ਭਜਨ ਆਦੀ, ਭਜਨ ਵਿਰਕ, ਭੁਪਿੰਦਰ ਸਿੰਘ, ਭੁਪਿੰਦਰ ਸੱਗੂ, ਰਣਬੀਰ ਰਾਣਾ, ਰਾਜਦੀਪ ਤੂਰ ਆਦਿ ਪ੍ਰੋੜ੍ਹ ਗ਼ਜ਼ਲਕਾਰਾਂ, ਕਵੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਉਥੇ ਅਵਤਾਰ ਜੰਡੂ, ਸੁਰਿੰਦਰ ਕੌਰ ਸੈਣੀ, ਹਰਸ਼ਰਨ ਕੌਰ, ਹਰਜੀਤ ਸਿੰਘ, ਹਰਦੀਪ ਬਿਰਦੀ, ਹਰਿੰਦਰ ਕੌਰ ਸ਼ੇਖੂਪੁਰਾ, ਹਰਪ੍ਰੀਤ ਸਿੰਮੀ, ਗੁਰਦੀਪ ਲੋਪੋਂ, ਜਸਬੀਰ ਫੀਰ, ਜੀਵਨ ਸਿੰਘ ਹਾਣੀ, ਦਵਿੰਦਰ ਝਿੱਕਾ, ਦੀਪ ਰੱਤੀ ਅਤੇ ਹੋਰ ਅਨੇਕਾਂ ਸ਼ਾਇਰਾਂ ਦੇ ਕਲਾਮ ਨੂੰ ਯੋਗ ਥਾਂ ਦੇ ਕੇ ਨਿਵਾਜਿਆ ਗਿਆ ਹੈ। ਇਸ ਗਰੁੱਪ ਦੇ ਉਪਰਾਲੇ ਨੂੰ ਸਾਹਿਤ ਮਾਫ਼ੀਆ ਖਿਲਾਫ਼ ਵਿੱਢੇ ਸਮੂਹਿਕ ਸੰਘਰਸ਼ ਵਲੋਂ ਵੀ ਵਿਚਾਰਿਆ ਜਾ ਸਕਦਾ ਹੈ। ਇਨ੍ਹਾਂ ਸ਼ਾਇਰਾਂ ਦੀਆਂ ਰਚਨਾਵਾਂ ਜਿਥੇ ਮੋਹ, ਮੁਹੱਬਤ, ਪਿਆਰ, ਸਾਂਝ, ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ 'ਤੇ ਬਲ ਦਿੰਦੀਆਂ ਹਨ, ਉਥੇ ਨਕਾਰਾਤਮਿਕ ਰੁਚੀਆਂ ਅਧੀਨ ਊਚ-ਨੀਚ, ਅਮੀਰ-ਗ਼ਰੀਬ, ਨਾ-ਬਰਾਬਰੀ, ਮਨੁੱਖ ਨੂੰ ਮਨੁੱਖ ਨਾ ਸਮਝਣਾ ਆਦਿ ਕੁਰੀਤੀਆਂ ਵਿਰੁੱਧ ਆਵਾਜ਼ ਉਠਾਉਂਦੀਆਂ ਹਨ। ਦੂਸਰੀ ਵੱਡੀ ਗੱਲ ਇਹ ਕਿ ਇਸ ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਅਸਲੋਂ ਨਵੇਂ ਸ਼ਾਇਰ, ਪ੍ਰੌੜ ਸ਼ਾਇਰਾਂ ਨਾਲ ਪ੍ਰਕਾਸ਼ਿਤ ਹੋ ਕੇ ਜਿਥੇ ਮਾਣ ਮਹਿਸੂਸ ਕਰਨਗੇ, ਉਥੇ ਉਹ ਉਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਪੜ੍ਹਦਿਆਂ ਨਵੀਆਂ ਜੁਗਤਾਂ, ਨਵੇਂ ਵਿਚਾਰਾਂ ਨੂੰ ਵੀ ਗ੍ਰਹਿਣ ਕਰਨਗੇ। ਕੁਲਬੀਰ ਸਿੰਘ ਕੰਵਲ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਇਹ ਕਾਵਿ-ਸੰਗ੍ਰਹਿ 'ਗਰੁੱਪ' ਲਈ ਅਤੇ ਨਵੇਂ ਖੋਜਾਰਥੀਆਂ ਲਈ ਵੀ ਲਾਹੇਵੰਦ ਰਹੇਗਾ। ਉਮੀਦ ਕਰਦਾ ਹਾਂ ਕਿ ਕਾਵਿ-ਪਾਠਕ ਇਸ ਕਾਵਿ-ਸੰਗ੍ਰਹਿ ਨੂੰ ਜ਼ਰੂਰ ਖੁਸ਼-ਆਮਦੀਦ ਕਹਿਣਗੇ। ਆਮੀਨ!

ਸੰਧੂ ਵਰਿਆਣਵੀ (ਪ੍ਰੋ.)
ਮੋ: 98786-14096

ਖੇਤਾਂ ਤੋਂ ਦਿੱਲੀ ਤੱਕ
(ਕਿਸਾਨੀ ਸੰਘਰਸ਼ ਦਾ ਕਾਵਿਕ ਦਸਤਾਵੇਜ਼)
ਲੇਖਕ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 190 ਰੁਪਏ, ਸਫ਼ੇ : 224
ਸੰਪਰਕ : 99884-44002.

ਜਨਾਬ ਗੁਰਦਿਆਲ ਰੌਸ਼ਨ ਇਕ ਹੱਸਾਸ ਕਵੀ, ਉਸਤਾਦ ਗ਼ਜ਼ਲਗੋਅ ਅਤੇ ਇਕ ਸੁਹਿਰਦ ਮਿੱਤਰ ਹੋਣ ਦੇ ਨਾਲ-ਨਾਲ ਇਕ ਚੇਤੰਨ ਅਤੇ ਇਨਕਲਾਬੀ ਚਿੰਤਕ ਵੀ ਹੈ। ਨਵੰਬਰ 2020 ਤੋਂ ਦਸੰਬਰ 2021 ਈ. ਤੱਕ ਚੱਲੇ ਕਿਸਾਨ ਅੰਦੋਲਨ ਨੂੰ ਉਸ ਦੀ ਭਰਵੀਂ ਹਮਾਇਤ ਰਹੀ ਹੈ। ਇਹੀ ਕਾਰਨ ਹੈ ਕਿ ਉਹ ਇਸ ਅੰਦੋਲਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਇਕ ਡਾਇਰੀ ਵਾਂਗ ਨਿਤਾਪ੍ਰਤੀ ਦਰਜ ਕਰਦਾ ਰਿਹਾ ਹੈ। ਸਮਾਜ ਵਿਚ ਵਾਪਰਨ ਵਾਲੀ ਹਰ ਮਹੱਤਵਪੂਰਨ ਘਟਨਾ ਲਿਖਾਰੀਆਂ ਅਤੇ ਕਲਾਕਾਰਾਂ ਨੂੰ ਅੰਦੋਲਿਤ ਕਰਦੀ ਹੈ। 'ਖੇਤਾਂ ਤੋਂ ਦਿੱਲੀ ਤੱਕ' ਦੇ ਖੰਡ-ਕਾਵਿ ਵਿਚ ਸ੍ਰੀ ਗੁਰਦਿਆਲ ਰੌਸ਼ਨ ਨੇ ਨਾ ਕੇਵਲ ਇਹ ਸਿੱਧ ਕਰ ਦਿੱਤਾ ਹੈ ਸਗੋਂ ਇਹ ਵੀ ਦਰਸਾ ਦਿੱਤਾ ਹੈ ਕਿ ਪ੍ਰਮਾਣਿਕ ਲੇਖਕਾਂ ਨੂੰ ਕਦੇ ਵੀ ਵਿਸ਼ੇ-ਵਸਤੂ ਦੀ ਘਾਟ ਨਹੀਂ ਹੁੰਦੀ।
ਇਸ ਦਸਤਾਵੇਜ਼ ਦਾ ਆਰੰਭ 10 ਅਕਤੂਬਰ, 2020 ਤੋਂ ਹੁੰਦਾ ਹੈ, ਜਿਸ ਦੇ ਇੰਦਰਾਜ ਵਿਚ ਕਵੀ ਸਾਥੀ-ਲੇਖਕਾਂ ਨੂੰ ਹਿਲੂਣਾ ਦਿੰਦਾ ਹੋਇਆ ਲਿਖਦਾ ਹੈ : ਹਰ ਕਹਾਣੀਕਾਰ ਤੋਂ ਉੱਤਰ ਲਵੇਗਾ ਵਕਤ ਕੱਲ੍ਹ, ਕਿਉਂ ਕਲਮ ਆਲੇ 'ਚ ਸੀ, ਜਦ ਚਾਨਣੀ ਮਾਰੀ ਗਈ/ਗੀਤਕਾਰੋ, ਗਾਇਕੋ, ਸੰਗੀਤਕਾਰੋ ਵੱਡਿਓ, ਜਦ ਜ਼ਰੂਰਤ ਸੀ, ਤੁਹਾਥੋਂ ਚੀਕ ਨਾ ਮਾਰੀ ਗਈ/ਕੋਰਸਾਂ ਵਿਚ ਲੱਗਿਆਂ ਕਈਆਂ ਤੋਂ ਪੁੱਛੇਗਾ ਸਮਾਂ, ਲੋੜ ਸੀ ਜਦ ਬੋਲਣੇ ਦੀ ਚੁੱਪ ਕਿਉਂ ਧਾਰੀ ਗਈ? ...ਇਨ੍ਹਾਂ ਕਾਵਿ-ਪੰਕਤੀਆਂ ਵਿਚ ਬਹੁਤ ਸਾਰੇ ਵਕਫ਼ੇ ਅਤੇ ਚੁੱਪਾਂ ਛਿਪੀਆਂ ਹੋਈਆਂ ਹਨ, ਜਿਨ੍ਹਾਂ ਦੇ ਜਵਾਬ ਦੇਣੇ ਬਹੁਤ ਜ਼ਰੂਰੀ ਹਨ।
ਇਕ ਪ੍ਰਮਾਣਿਕ ਕਵੀ ਹੋਣ ਦੀ ਸੂਰਤ ਵਿਚ ਉਹ ਵਾਪਰੀਆਂ ਘਟਨਾਵਾਂ ਦਾ ਸਿੱਧ-ਪੱਧਰਾ ਵਰਨਣ ਨਹੀਂ ਕਰਦਾ। ਉਹ ਅਨੁਕਰਣਮੂਲਕ ਕਵੀ ਨਹੀਂ ਹੈ। ਇਸ ਲਈ ਉਹ ਘਟਨਾਵਾਂ ਵਿਚੋਂ ਪ੍ਰਾਪਤ ਹੋਣ ਵਾਲੇ ਭਾਵਾਂ, ਅਹਿਸਾਸਾਂ ਦੀ ਅਭਿਵਿਅਕਤੀ ਕਰਦਾ ਹੈ। ਇਸ ਸੂਰਤ ਵਿਚ ਉਸ ਦੀਆਂ ਇਹ ਗ਼ਜ਼ਲਾਂ (ਲਗਭਗ ਸਵਾ ਦੋ ਸੌ) ਉੱਤਮ ਕਾਵਿ ਦੀ ਸ਼੍ਰੇਣੀ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਮੈਂ ਇਸ ਅਲਬੇਲੇ ਕਵੀ ਦੇ ਅਨੂਠੇ ਕਾਵਿ ਸੰਗ੍ਰਹਿ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬੀ ਕਾਵਿ ਵਿਚ ਨਾਬਰੀ ਦੀ ਰਵਾਇਤ ਜ਼ਿੰਦਾ-ਜਾਵੇਦ ਹੈ ਅਤੇ ਰਹੇਗੀ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਨਾ ਵਜ਼ਨ ਨਾ ਬਹਿਰ
ਇਹ ਤਾਂ ਮਨ ਦੀ ਲਹਿਰ...
ਲੇਖਕ : ਜੰਗ ਐਸ. ਵਰਮਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 119
ਸੰਪਰਕ : 094192-10834.

ਹਥਲੀ ਪੁਸਤਕ ਵਿਚ ਵਰਮਨ ਦੀਆਂ 50 ਸ਼ਾਨਦਾਰ ਅਤੇ ਆਦਰਸ਼ਕ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਵਿਚ ਉਹ ਇਕ ਆਦਰਸ਼ਕ ਸਮਾਜ ਦੀ ਸਿਰਜਣਾ ਵੱਲ ਤੁਰਦਾ ਹੈ। ਜ਼ਿੰਦਗੀ ਪ੍ਰਤੀ ਜੀਵਨ ਸ਼ੈਲੀ ਨੂੰ ਘੜਨ ਵਾਲੀਆਂ ਸਮਾਜਿਕ, ਰਾਜਨੀਤਕ, ਧਾਰਮਿਕ ਤੇ ਸੱਭਿਆਚਾਰਕ ਸੰਸਥਾਵਾਂ ਪ੍ਰਤੀ ਉਹ ਚੇਤੰਨ ਹੈ ਤੇ ਉਨ੍ਹਾਂ ਵਿਚ ਆ ਰਹੇ ਨਿਘਾਰਾਂ ਪ੍ਰਤੀ ਚਿੰਤਤ ਹੈ।
ਇਨ੍ਹਾਂ ਭਾਵਪੂਰਤ ਕਵਿਤਾਵਾਂ ਵਿਚ ਵਰਮਨ ਆਪੇ ਨੂੰ ਸੰਬੋਧਿਤ ਹੈ ਅਤੇ ਆਪੇ ਦੀ ਭਾਲ ਵਿਚ ਵੀ ਹੈ। ਉਸ ਦੀ ਆਪੇ ਪ੍ਰਤੀ ਖੋਜ ਮਨੁੱਖੀ ਇਤਿਹਾਸ ਦੇ ਨਾਲ-ਨਾਲ ਤੁਰਦਿਆਂ ਆਧੁਨਿਕ ਸ਼ਹਿਰੀਕਰਨ ਵਿਚ ਉਹ ਹਿੰਦੁਸਤਾਨ ਨੂੰ ਮੁੜ ਪ੍ਰਦਰਸ਼ਿਤ ਕਰਦਾ ਨਜ਼ਰ ਆਉਂਦਾ ਹੈ। ਕੀ ਹਾਂ ਮੈਂ? ਤੋਂ ਲੈ ਕੇ 'ਕਲੀ' ਤੱਕ ਦਾ ਸਫ਼ਰ ਆਪਣੇ-ਆਪ ਨੂੰ ਅਤੇ ਆਪਣੇ ਅੰਦਰ ਬਾਹਰ ਨੂੰ ਸਮਝਣ ਤੇ ਸਮਝਾਉਣ ਵਾਸਤੇ ਇਹ ਕਾਵਿਕਾਰੀ ਹੈ। ਵਰਮਨ ਦੀਆਂ ਕਵਿਤਾਵਾਂ ਵਿਚ ਕਲਪਨਾ ਅਤੇ ਯਥਾਰਥ ਕਰਿੰਗੜੀ ਯੁਕਤ ਹਨ। ਤਰਕ ਅਤੇ ਸੁਝਾਉ ਇਨ੍ਹਾਂ ਕਵਿਤਾਵਾਂ ਦਾ ਮੂਲ ਮੰਤਰ ਹੈ :
-ਕੰਕਰ, ਪੱਥਰ, ਪਹਾੜ ਨਿਰਜੀਵ ਕਰਾਰੇ ਇਨ੍ਹਾਂ
ਕੋਈ ਆ ਇਨਸਾਨਾਂ ਨੂੰ ਜ਼ਿੰਦਗੀ ਦਾ ਸਬਕ ਪੜ੍ਹਾਵੇ....
ਦੇਵੇ ਜਨਮ ਅੰਨ-ਅਨਾਜ ਜੀਵ ਜੰਤ ਨੂੰ ਇਹ ਮਿੱਟੀ
ਮਿੱਟੀ ਦਾ ਮਾਧੋ ਕਹਾਵਤ ਮੈਨੂੰ ਆ ਆ ਸਤਾਉਂਦੀ ਹੈ...।
-'ਰੱਬ ਕੋਲੋਂ ਡਰ ਬੰਦਿਆ'
ਇਹ ਲੋਕੀਂ ਕਹਿੰਦੇ ਨੇ
ਕੀ ਪੇੜ ਪਰਿੰਦੇ ਵੀ
ਇਸ ਭੰਬਲਭੂਸੇ ਵਿਚ ਰਹਿੰਦੇ ਨੇ?
ਕੀ ਰੱਬ ਕੋਈ ਸ਼ੈ ਹੈ
ਜੋ ਦਹਿਸ਼ਤ ਫੈਲਾਉਂਦੀ ਹੈ?
ਜਾਂ ਮਾਨਸਿਕਤਾ ਬੰਦੇ ਦੀ,
ਬੰਦੇ ਨੂੰ ਡਰਾਉਂਦੀ ਹੈ।
ਵਰਮਨ ਦੀਆਂ ਕਵਿਤਾਵਾਂ ਸੈਲਾਨੀ ਛੰਦ ਵਿਚ ਵੀ ਹਨ ਪਰ ਉਸ ਨੇ ਅੱਧਿਉਂ ਵੱਧ ਕਵਿਤਾਵਾਂ ਤੇ ਗ਼ਜ਼ਲਾਂ ਬਾਕਾਇਦਾ ਛੰਦਾਂ ਵਿਚ ਰਚੀਆਂ ਹਨ। ਜੇ ਇਹ ਪੁਸਤਕ ਦੇ ਨਾਂਅ ਨਾਲੋਂ 'ਨਾ ਛੰਦ ਨਾ ਬਹਿਰ' ਵਾਕੰਸ਼ ਨਾ ਲਿਖਦਾ ਤਾਂ ਪੁਸਤਕ ਦਾ ਭਾਵਬੋਧ ਵਧੀਆ ਬਣਨਾ ਸੀ। ਪਰ ਇਹ ਤਾਂ ਕਵੀ ਦੀ ਮਾਨਸਿਕਤਾ ਹੈ। ਕੁਝ ਵੀ ਕਹੇ।

ਸੁਲੱਖਣ ਸਰਹੱਦੀ
ਮੋ: 94174-84337

ਗਿਆਨ ਦੇ ਪਾਂਧੀ
ਲੇਖਿਕਾ : ਸਰੋਜ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫੇ : 96
ਸੰਪਰਕ : 94642-36953.

ਸਰੋਜ ਨੇ ਬਾਲਾਂ ਲਈ 'ਗਿਆਨ ਦੇ ਪਾਂਧੀ' ਬਹੁਤ ਹੀ ਪਿਆਰਾ ਅਤੇ ਨਿਆਰਾ ਨਾਵਲ ਲਿਖਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਆਂ ਤਿੰਨ ਕਿਤਾਬਾਂ ਆ ਚੁੱਕੀਆਂ ਹਨ। ਲੇਖਿਕਾ ਖ਼ੁਦ ਅਧਿਆਪਕਾ ਹੋਣ ਦੇ ਕਾਰਨ ਅਜਿਹੇ ਵਿਸ਼ੇ 'ਤੇ ਨਾਵਲ ਲਿਖਣ ਵਿਚ ਸਫਲ ਹੋ ਗਈ ਹੈ। ਗਿਆਨ ਦੇ ਪਾਂਧੀ ਸ਼ਬਦ ਇਨ੍ਹਾਂ ਨੇ ਸਕੂਲ ਸਿੱਖਿਆ ਲੈਣ ਲਈ ਆਉਣ ਵਾਲ ਬੱਚਿਆਂ ਲਈ ਚੁਣਿਆ ਹੈ ਜੋ ਕਿ ਬਹੁਤ ਹੀ ਢੁੱਕਦਾ ਹੈ। ਇਸ ਨਾਵਲ ਦੇ ਪਾਤਰ ਵੀ ਸਕੂਲੀ ਬੱਚੇ ਹੀ ਹਨ ਜਿਵੇਂ ਸੁਨੀਤਾ, ਬਸ਼ੀਰਾ, ਰੋਹਿਤ, ਸੰਦੀਪ, ਵੰਸ਼, ਅਮਨ, ਰਵੀ ਅਤੇ ਨੂਰਾ ਆਦਿ।
ਨਾਵਾਂ ਤੋਂ ਸਾਫ਼ ਪਤਾ ਲਗਦਾ ਹੈ ਕਿ ਇਹ ਬੱਚੇ ਪੰਜਾਬ ਤੋਂ ਬਾਹਰ ਦੇ ਗ਼ਰੀਬ ਪਰਿਵਾਰਾਂ ਦੇ ਗ਼ਰੀਬ ਬੱਚੇ ਹਨ। ਸਕੂਲ ਦੇ ਵਾਤਾਵਰਨ ਦਾ ਦ੍ਰਿਸ਼ ਚਿਤਰਣ ਅਤੇ ਪਾਤਰ ਉਸਾਰੀ ਕਮਾਲ ਦੀ ਕੀਤੀ ਹੈ। ਲੇਖਿਕਾ ਨੂੰ ਮਨੋਵਿਗਿਆਨ ਦਾ ਖੂਬ ਗਿਆਨ ਹੈ ਇਹ ਗ਼ਰੀਬ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਮਜਬੂਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਹ ਵੀ ਦੱਸਿਆ ਕਿ ਮਜ਼ਦੂਰਾਂ ਅਤੇ ਗ਼ਰੀਬ ਗੁੱਜਰਾਂ ਦੇ ਬੱਚੇ ਜੋ ਮੋਟਰਾਂ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਹਨ ਉਹ ਆਮ ਚੰਗੇ ਘਰਾਂ ਦੇ ਬੱਚਿਆਂ ਤੋਂ ਆਪਣੀ ਗ਼ਰੀਬੀ ਅਤੇ ਮਾਪਿਆਂ ਦੀ ਮਜਬੂਰੀ ਨੂੰ ਸਮਝਦੇ ਹੋਏ ਮਿਹਨਤੀ ਅਤੇ ਹੁਸ਼ਿਆਰ ਹੁੰਦੇ ਹਨ। ਬਿਹਾਰ ਦੀ ਸੁਨੀਤਾ ਨੇ ਪੜ੍ਹਾਈ ਵਿਚ ਅਤੇ ਗੁੱਜਰਾਂ ਦੇ ਬਸ਼ੀਰੇ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਕਿਵੇਂ ਮਾਪਿਆਂ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਅਧਿਆਪਕਾਂ ਦਾ ਸਾਰੇ ਬੱਚਿਆਂ ਦੀਆਂ ਲੋੜਾਂ ਥੋੜ੍ਹਾਂ ਨੂੰ ਬਰੀਕੀ ਨਾਲ ਸਮਝਣਾ ਅਤੇ ਪਿਆਰ ਨਾਲ ਪੜ੍ਹਾਉਣਾ ਵੀ ਇਸ ਨਾਵਲ ਦਾ ਮੁੱਖ ਵਿਸ਼ਾ ਹੈ। ਭਾਸ਼ਾ ਸਰਲ ਠੇਠ ਅਤੇ ਆਮ ਬੋਲਚਾਲ ਵਾਲੀ ਵਰਤੀ ਹੈ ਪਾਠਕਾਂ ਨੂੰ ਨਾਲ ਤੋਰਨ ਦੇ ਸਮਰੱਥ ਹੈ।
ਤੇਜ਼ ਤਰਾਰ ਗਿਆਨ ਦੇ ਪਾਂਧੀ ਬੱਚੇ ਕਰੋਨੇ ਦੇ ਕਾਲੇ ਦੌਰ ਵਿਚ ਬਹੁਤ ਉਦਾਸ ਹੁੰਦੇ ਹਨ ਉਥੇ ਵੀ ਅਧਿਆਪਕ ਉਨ੍ਹਾਂ ਦੇ ਹੌਂਸਲੇ ਬੁਲੰਦ ਰੱਖਦੇ ਹਨ। ਗ਼ਰੀਬ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਸਿੱਖਿਆ ਵੀ ਇਹ ਨਾਵਲ ਦਿੰਦਾ ਹੈ। ਬੱਚੇ ਦੇ ਸਰਬਪੱਖੀ ਵਿਕਾਸ ਵੱਲ ਸਾਰੇ ਅਧਿਆਪਕ ਧਿਆਨ ਦਿੰਦੇ ਹਨ ਸਮਾਜਿਕ ਕਦਰਾਂ ਕੀਮਤਾਂ ਅਤੇ ਆਪਣੇ ਅਮੀਰ ਵਿਰਸੇ ਦੀਆਂ ਬਾਤਾਂ ਵੀ ਖ਼ੂਬ ਪਾਉਂਦੇ ਹਨ। ਨਾਵਲ 'ਤੇ ਅਮਲ ਕਰਨ ਵਾਲਾ ਹਰ ਅਧਿਆਪਕ ਸਫਲ ਅਧਿਆਪਕਾਂ ਵਿਚ ਸ਼ਾਮਿਲ ਹੋ ਸਕਦਾ ਹੈ ਅਤੇ ਅਮਲ ਕਰਨ ਵਾਲਾ ਬੱਚਾ ਭਵਿੱਖ ਦਾ ਬਹੁਤ ਹੀ ਵਧੀਆ ਇਨਸਾਨ ਬਣ ਸਕਦਾ ਹੈ। ਲੇਖਿਕਾ ਨੇ ਇਸ ਨਾਵਲ ਨੂੰ ਲਿਖਣ ਲਈ ਬਹੁਤ ਮਿਹਨਤ ਕੀਤੀ ਲਗਦੀ ਹੈ ਪਰ ਪਾਤਰ ਜ਼ਿਆਦਾ ਹੋਣ ਕਰਕੇ ਪਾਠਕ ਦੇ ਮਨ ਤੇ ਕਈ ਵਾਰ ਸਮਝਣ ਵਿਚ ਬੋਝ ਪੈਂਦਾ ਹੈ। ਨਾਵਲ ਵਿਚਲਾ ਲਮਕਾਅ ਵੀ ਹੋਰ ਘਟਾਇਆ ਜਾ ਸਕਦਾ ਸੀ ਕੁੱਲ ਮਿਲਾ ਕੇ ਮੈਂ ਲੇਖਕਾ ਨੂੰ ਬਾਲਾਂ ਦੀ ਝੋਲੀ ਬਹੁਤ ਪਿਆਰਾ ਨਾਵਲ ਪਾਉਣ ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹਾਂ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਯੁੱਧ ਦਾ ਗੀਤ
ਮੂਲ ਲੇਖਿਕਾ : ਮਹਾਸ਼ਵੇਤਾ ਦੇਵੀ
ਅਨੁ: ਬਲਬੀਰ ਪਰਵਾਨਾ
ਪ੍ਰਕਾਸ਼ਕ : ਗ੍ਰੈਵਿਟੀ ਪ੍ਰਕਾਸ਼ਨ, ਫ਼ਤਹਿਗੜ੍ਹ ਸਾਹਿਬ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 79739-56082.

ਵਿਚਾਰਾਧੀਨ ਰਚਨਾ ਲੇਖਿਕਾ ਦੇ 'ਮੂਲ ਬਾਂਗਲਾ' ਵਿਚ ਲਿਖੇ 1982 ਈ. ਵਿਚ ਪ੍ਰਕਾਸ਼ਿਤ ਹੋਏ 'ਅਕਲਾਂਤ ਕੌਰਵ' ਦਾ ਪੰਜਾਬੀ ਅਨੁਵਾਦ ਹੈ। ਇਸ ਨਾਵਲ ਦੀ ਤਥਾਤਮਕਤਾ (ਟੈਕਟੀਸਿਟੀ) ਬੰਗਾਲ ਦੇ ਜੰਗਲ-ਨਿਵਾਸੀ (ਆਦਿ ਵਾਸੀਆਂ) ਨਾਲ ਸੰਬੰਧਿਤ ਹੈ। ਇਸ ਦੀ ਆਂਚਲਿਕਤਾ ਹੋਰਨਾਂ ਅਵਿਕਸਿਤ ਪਿੰਡਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਦੋ ਪਿੰਡਾਂ ਜਾਗੁਲਾ ਅਤੇ ਚਰਸਾ 'ਤੇ ਕੇਂਦਰਿਤ ਰਹਿੰਦੀ ਹੈ। ਇਹ ਦੈਪਾਇਨ ਸਰਕਾਰ ਦੇ 60 ਸਾਲਾ ਯੁੱਗ ਦੀ ਗਾਥਾ ਹੈ। ਇਸ ਰਚਨਾ ਵਿਚ 'ਬਸਾਈ-ਟੁੱਡੂ ਆਪ੍ਰੇਸ਼ਨ' ਅਤੇ 'ਬਰਗਾਦਾਰ ਰਿਕਾਰਡ' ਦਾ ਵਾਰ-ਵਾਰ ਜ਼ਿਕਰ ਹੋਇਆ ਹੈ। ਇਸ ਨਾਵਲ ਦੀਆਂ ਘਟਨਾਵਾਂ ਪੂਰਵ 1977 ਨੂੰ ਮੂਰਤੀਮਾਨ ਕਰਦੀਆਂ ਹਨ। ਇਸ ਵਿਚ 'ਹੈਵ' (ਸਹੂਲਤਾਂ ਪ੍ਰਾਪਤ ਵਰਗ) ਅਤੇ 'ਹੈਵਨੌਟ' (ਨਿਰਧਨਾਂ) ਵਿਚਕਾਰ ਸਖ਼ਤ ਟੱਕਰ ਹੈ। ਜ਼ਿਮੀਂਦਾਰਾਂ ਅਤੇ ਮੁਜ਼ਾਰਿਆਂ ਵਿਚ ਤਣਾਅ ਹੈ। ਜ਼ਿਮੀਂਦਾਰਾਂ ਦੀ ਪੁਗਦੀ ਹੈ। ਕਾਸ਼ਤਕਾਰਾਂ ਨੂੰ ਜ਼ਮੀਨ ਦੇ ਹੱਕ ਨਹੀਂ ਮਿਲ ਰਹੇ। ਮਜ਼ਦੂਰਾਂ ਨੂੰ ਸਹੀ ਮਜ਼ਦੂਰੀ ਨਹੀਂ ਮਿਲਦੀ। ਸਰਕਾਰਾਂ ਵਲੋਂ ਸਮੇਂ-ਸਮੇਂ ਕਾਨੂੰਨ ਤਾਂ ਬਣਾਏ ਗਏ ਪਰ ਲਾਗੂ ਨਹੀਂ ਹੋ ਰਹੇ। ਫ਼ਰਜ਼ੀ ਮਜ਼ਦੂਰਾਂ ਦੀ ਦਿਹਾੜੀ ਚਲਾਕੀ ਨਾਲ ਧੱਕੜਸ਼ਾਹ ਖਾ ਰਹੇ ਹਨ। ਪੁਲਿਸ ਆਦਿ ਵਾਸੀਆਂ 'ਤੇ ਜਬਰ ਢਾਹੁੰਦੀ ਹੈ। ਈਮਾਨਦਾਰ ਅਫ਼ਸਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਜਾਂਦੇ ਹਨ। ਹੱਕ ਦੀ ਲੜਾਈ ਲੜਨ ਵਾਲੇ ਵਕੀਲਾਂ ਨਾਲ ਦੁਰਵਿਵਹਾਰ ਹੁੰਦਾ ਹੈ। ਅਦਾਲਤਾਂ ਵੀ ਨਿਆਂ ਦੇਣੋਂ ਬੇਵਸ ਹਨ। ਮਜ਼ਦੂਰ 24 ਘੰਟੇ ਸੀਰੀਆਂ ਵਾਲਾ ਜੀਵਨ ਬਤੀਤ ਕਰਦੇ ਪ੍ਰਸਤੁਤ ਕੀਤੇ ਗਏ ਹਨ। ਫ਼ਰਜ਼ੀ ਮਜ਼ਦੂਰਾਂ ਅਤੇ ਕੁੱਤਿਆਂ, ਬਿੱਲੀਆਂ ਦੇ ਨਾਂਅ ਸ਼ਾਮਲਾਟਾਂ ਜ਼ਮੀਨਾਂ ਅਲਾਟ ਕਰਵਾ ਕੇ ਧੱਕੜਸ਼ਾਹ ਜ਼ਿਮੀਂਦਾਰ ਹੀ ਕਾਬਜ਼ ਰਹਿੰਦੇ ਹਨ। ਪਾਰਟੀ ਨੇਤਾ ਵੀ ਖ਼ਰੀਦੇ ਜਾਂ ਧਮਕਾਏ ਜਾਂਦੇ ਹਨ। ਜੰਗਲੀ ਜੀਵਨ, ਪ੍ਰਕਿਰਤਕ ਦ੍ਰਿਸ਼ ਵੀ ਰੂਪਮਾਨ ਕੀਤੇ ਮਿਲਦੇ ਹਨ। ਆਦਿ ਵਾਸੀਆਂ ਦੇ ਸੱਭਿਆਚਾਰ, ਰਹਿਣ-ਸਹਿਣ, ਰਸਮੋ-ਰਿਵਾਜ, ਖਾਣ-ਪੀਣ ਦੇ ਯਥਾਰਕ ਚਿੱਤਰ ਵਿਖਾਏ ਗਏ ਹਨ। ਆਦਿਵਾਸੀਆਂ ਦੀ ਮੁੱਖ ਮੰਗ ਹੀ ਨਾਵਲ ਦਾ ਕੇਂਦਰੀ ਸੂਤਰ ਹੈ : 'ਪਹਿਲਾਂ ਸਾਰੀ ਜ਼ਮੀਨ ਸਰਕਾਰ ਲੈ ਲਏ ਅਤੇ ਫਿਰ ਉਸ ਨੂੰ ਵੰਡ ਦਏ। ਜਿਸ ਕੋਲ ਨੌਕਰੀ ਹੈ, ਵਪਾਰ-ਰੁਜ਼ਗਾਰ ਹੈ, ਦੁਕਾਨ, ਬਸ ਜਾਂ ਟਰੱਕ ਹੈ, ਉਸ ਨੂੰ ਜ਼ਮੀਨ ਨਾ ਦਿਓ।' ਪੰ. 75 ਦਰਅਸਲ ਇਸ ਨਾਵਲ ਦੇ ਪਾਤਰ 'ਕਾਰਪੋਰੇਟ ਵਿਕਾਸ ਮਾਡਲ' ਨੂੰ ਸਖ਼ਤ ਟੱਕਰ ਦਿੰਦੇ ਹਨ। ਅਜਿਹੀ ਗਾਲਪਨਿਕ ਰਚਨਾ ਲਈ ਲੇਖਿਕਾ ਅਤੇ ਅਨੁਵਾਦਕ ਪ੍ਰਸੰਸਾ ਦੇ ਅਧਿਕਾਰੀ ਹਨ।

ਡਾ. ਧਰਮ ਚੰਦ ਵਾਤਿਸ਼
vatish.dharamchand@gmail.com

ਕੁੜੀਆਂ ਚਿੜੀਆਂ ਨਹੀਂ
ਲੇਖਕ : ਡਾ. ਰਤਨ ਸਿੰਘ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 094682-93682

ਸ਼ਾਇਰ ਡਾ. ਰਤਨ ਸਿੰਘ ਢਿੱਲੋਂ ਪੰਜਾਬੀ ਅਦਬ ਦਾ ਪ੍ਰਬੁੱਧ ਚੌਮੁਖੀਆ ਦੀਵਾ ਹੈ। ਉਹ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ। ਸ਼ਾਇਰ ਹਥਲੇ ਕਾਵਿ-ਸੰਗ੍ਰਹਿ 'ਕੁੜੀਆਂ ਚਿੜੀਆਂ ਨਹੀਂ' ਤੋਂ ਪਹਿਲਾਂ ਵੀ ਬਾਰਾਂ ਕਿਤਾਬਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਵਿਭਿੰਨ ਸਮਾਜਿਕ ਰੰਗਾਂ ਨੂੰ ਚਿਤਰਪਟ 'ਤੇ ਲਿਆਉਂਦਾ ਹੈ ਤੇ ਜਦ ਉਨ੍ਹਾਂ ਰੰਗਾਂ ਨੂੰ ਪ੍ਰਿਜ਼ਮ ਵਿਚੋਂ ਲੰਘਾ ਕੇ ਜੋ ਰੰਗ ਨਜ਼ਰ ਆਉਂਦੇ ਹਨ ਤਾਂ ਉਨ੍ਹਾਂ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ ਤੇ ਸਾਇਰ ਦੇ ਕਾਵਿ-ਸ਼ਿਲਪ, ਕਾਵਿ-ਚਿੰਤਨ, ਕਾਵਿ-ਧਰਮ ਤੇ ਆਧੁਨਿਕ ਭਾਵ ਬੋਧ ਦੀ ਲੱਜ ਪਾਲਦਿਆਂ ਸੱਤਿਅਮ ਸ਼ਿਵਮ ਸੁੰਦਰਮ ਦੇ ਰਾਹ ਅਜਿਹਾ ਪੈਂਦਾ ਹੈ ਕਿਉਂਕਿ ਕਿਵੇਂ ਦੀ ਸਕੈਨਿੰਗ ਤਾਂ ਕਰਦਾ ਹੀ ਹੈ ਤੇ ਨਾਲ ਦੀ ਨਾਲ ਡਾਇਗਨੋਜ ਵੀ ਕਰਦਾ ਹੈ। ਸ਼ਾਇਰ ਕਹਿੰਦਾ ਹੈ ਕਿ ਸ਼ਾਇਰੀ ਕਿਸੇ ਨਾਜ਼ੁਕ ਸੁੰਦਰੀ ਦੇ ਪਹਿਨਣ ਵਾਲਾ ਗਹਿਣਾ ਨਹੀਂ ਹੁੰਦਾ ਤੇ ਨਾ ਹੀ ਸ਼ਬਦਾਂ ਦਾ ਜਿਮਨਾਸਟ ਹੁੰਦੀ ਹੈ ਤੇ ਨਾ ਹੀ ਦਰਬਾਰੀ ਕਵੀਆਂ ਦੀ ਸੱਤਾ ਦੇ ਗਲਿਆਰਿਆਂ ਵੱਲ ਰੱਖੀ ਝਾਕ ਦੀ ਜੁਗਤ। 'ਸ਼ਾਇਰੀ ਹਿੰਦੂ ਹੋਤੀ ਹੈ ਨਾ ਹੀ ਮੁਸਲਮਾਨ ਹੋਤੀ ਹੈ, ਸ਼ਾਇਰੀ ਤੋ ਸਾਹਿਬ-ਏ-ਈਮਾਨ ਹੋਤੀ ਹੈ'। ਇੰਝ ਸ਼ਾਇਰੀ ਈਮਾਨ 'ਤੇ ਚਲਦੀ ਹੈ ਤੇ ਜੇ ਕਾਫੁਰ ਵੀ ਬਣਦੀ ਹੈ ਤਾਂ ਨਾਬਰੀ ਦਾ ਰਾਹ ਚੁਣਦੀ ਹੈ। ਉਹ ਕਹਿੰਦਾ ਹੈ ਜਦ ਬੱਚਾ ਛੋਟਾ ਹੁੰਦਾ ਹੈ ਤਾਂ ਮਾਸੂਮ ਤੇ ਨਿਰਛਲ ਹੁੰਦਾ ਹੈ ਪਰ ਜਿਉਂ ਵੱਡਾ ਹੁੰਦਾ ਜਾਂਦਾ ਹੈ ਤਾਂ ਦੁਨਿਆਵੀ ਸ਼ਾਤਰੀ ਵਲਵਲੇਵਿਆਂ ਦੀ ਘੁੰਮਣਘੇਰੀ ਦੇ ਚੱਕਰਵਿਊ ਵਿਚ ਫਸ ਜਾਂਦਾ ਹੈ। ਸ਼ਾਇਰ ਕਹਿੰਦਾ ਹੈ ਕਿ ਭਗਤ ਸਿੰਘ ਵਰਗੀ ਪਗੜੀ ਬੰਨ੍ਹ ਕੇ ਕੋਈ ਭਗਤ ਸਿੰਘ ਤਾਂ ਨਹੀਂ ਬਣ ਜਾਂਦਾ। ਦੇਖਣਾ ਇਹ ਹੈ ਕਿ ਪਗੜੀ ਦੇ ਹੇਠਾਂ ਸਿਰ ਕਿੰਨੇ ਹਨ ਜੋ ਉਸ ਦੀ ਵਿਚਾਰਧਾਰਾ ਦੇ ਅਨੁਯਾਈ ਹਨ। ਭਗਤ ਸਿੰਘ ਦਾ ਜਨਮ ਦਿਨ ਤੇ ਸ਼ਹੀਦੀ ਦਿਨ ਮਨਾਉਣਾ ਇਕ ਰਸਮ ਬਣ ਕੇ ਰਹਿ ਗਿਆ ਹੈ ਤੇ ਇਨਕਲਾਬ ਦੇ ਔਝੜ ਰਾਹਾਂ ਦਾ ਪਾਂਧੀ ਬਣਨਾ ਤਾਂ ਦੂਰ ਦੀ ਗੱਲ ਹੈ, ਉਹ ਅਗਾਊਂ ਜਾਗਰੂਕ ਕਰਦਾ ਹੈ ਕਿ ਜੋ ਤੁਹਾਡੇ ਅੰਗ-ਸੰਗ ਰਹਿਣ ਦਾ ਦੰਭ ਕਰਦਾ ਹੈ, ਹੋ ਸਕਦਾ ਹੈ ਕਿ ਉਸ ਦੀ ਬੁੱਕਲ ਵਿਚ ਸੱਪ ਵੀ ਹੋਵੇ, ਖੰਜਰ ਵੀ। ਉਹ ਪੱਥਰ ਦੇ ਚਿਹਨਕੀ ਮੈਟਾਫਰ ਰਾਹੀਂ ਕਹਿੰਦਾ ਹੈ ਕਿ ਕੁਝ ਪੱਥਰ ਮੰਦਰ ਦੇ ਪੁਜਾਰੀ ਦੇ ਮਾਰਨ ਵਾਲੇ ਹੁੰਦੇ ਹਨ ਤੇ ਕੁਝ ਪਖੰਡੀ ਸਾਧਾਂ ਦੇ। ਉਹ ਸੋਚ ਨੂੰ ਤਿੱਖਿਆਂ ਕਰਨ ਲਈ ਪੱਥਰ ਯੁੱਗ ਦੀ ਪਾਲਤੂ ਜਿਹੀ ਅਉਧ ਤੋਂ ਨਿਕਲਣ ਲਈ ਪ੍ਰੇਰਦਾ ਹੈ ਤੇ ਜੰਗਬਾਜ਼ 'ਤੇ ਲਾਹਣਤਾਂ ਦੀ ਵਾਛੜ ਮਾਰਦਾ ਹੈ, ਜਿਥੇ ਮਾਵਾਂ ਦੇ ਪੁੱਤ ਤੋਪਾਂ ਦਾ ਚਾਰਾ ਬਣਦੇ ਹਨ। ਉਹ ਇਹ ਵੀ ਕਹਿੰਦਾ ਹੈ ਕਿ ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡੇ ਨਾਲ ਲਿਹਾਜ਼ ਨਹੀਂ ਕਰੇਗੀ। ਵਿਭਿੰਨ ਤਾਰਕਿਕ ਪਸਾਰਾਂ ਨਾਲ ਦਸਤਪੰਜਾ ਲੈਂਦੀ ਪੁਸਤਕ ਦਾ ਪੜ੍ਹੇ ਜਾਣਾ ਜ਼ਰੂਰੀ ਹੋ ਜਾਂਦਾ ਹੈ।

ਭਗਵਾਨ ਢਿੱਲੋਂ
ਮੋ: 98143-78254.

31-07-2022

ਮੇਰੀ ਅਨੋਖੀ ਦੁਨੀਆ 50
(ਸਵੈ-ਜੀਵਨੀ)
ਲੇਖਕ : ਠਾਕੁਰ ਦਾਸ ਚਾਵਲਾ
ਪ੍ਰਕਾਸ਼ਕ : ਚਾਵਲਾ ਪਬਲੀਕੇਸ਼ਨਜ਼, ਫਗਵਾੜਾ
ਮੁੱਲ : 220 ਰੁਪਏ, ਸਫ਼ੇ : 150
ਸੰਪਰਕ : 98726-70710.


ਸੰਵੇਦਨਸ਼ੀਲ ਮੱਧਵਰਗੀ ਲੋਕ, ਆਪਣੇ ਲੋਕਾਂ ਤੋਂ ਦੀ ਲੰਘੀ ਬਿਪਤਾ ਸੰਬੰਧੀ ਮਾਮਲਿਆਂ ਪ੍ਰਤੀ ਕਾਫੀ ਜਾਗਰੂਕ ਰਹਿੰਦੇ ਹਨ ਅਤੇ ਆਮ ਜਬਰੀ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹਨ, ਇਹੀ ਵਿਚਾਰ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਦੇ ਹਨ ਤੇ ਉਹ ਕਲਮ ਨੂੰ ਤਲਵਾਰ ਤੋਂ ਵੀ ਕਿਤੇ ਨੁਕੀਲਾ ਤੇ ਤੇਜ਼-ਧਾਰ ਵਾਲਾ ਬਣਾ ਦਿੰਦੇ ਹਨ। ਇਹੋ ਲੋਕ ਸੱਚ ਦੇ ਮਾਰਗ 'ਤੇ ਚਲਦਿਆਂ ਭੋਰਾ ਨਹੀਂ ਡੋਲ੍ਹਦੇ ਅਤੇ ਲੋਕ-ਪੱਖੀ ਉੱਘੜਵੀਆਂ-ਗੂੜ੍ਹੀਆਂ ਮਿਸਾਲਾਂ ਦੀ ਮਸ਼ਾਲ ਬਣ ਕੇ ਮਾਰਗ ਦਰਸ਼ਨ ਕਰਦੇ ਹਨ।
ਪੁਸਤਕ 'ਮੇਰੀ ਅਨੋਖੀ ਦੁਨੀਆ 50' ਰਚਿਤ ਠਾਕੁਰ ਦਾਸ ਚਾਵਲਾ, ਉਪਰੋਕਤ ਵਿਚਾਰਾਂ ਤੇ ਜੀਵਨ ਦਰਸ਼ਨ ਦੀ ਲਿਖਾਇਕ ਹੈ। ਠਾਕੁਰ ਦਾਸ ਚਾਵਲਾ ਨੇ ਜਿਥੇ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਇਸ ਪੁਸਤਕ 'ਚ ਪੇਸ਼ ਕੀਤਾ ਹੈ, ਉਥੇ ਉਨ੍ਹਾਂ ਆਪਣੇ ਨਾਲ ਵਾਪਰੀਆਂ ਘਟਨਾਵਾਂ ਨੂੰ ਵੀ ਅੰਕਿਤ ਕੀਤਾ ਹੈ। ਸਮਾਜਿਕ-ਆਰਥਿਕ ਬੇਇਨਸਾਫ਼ੀ ਦੇ ਖਿਲਾਫ਼ ਇਨਸਾਫ਼ ਵਾਸਤੇ ਆਵਾਜ਼ ਬੁਲੰਦ ਕਰਨ ਵਾਲੀ ਵਸ਼ਿਸ਼ਟ ਪੱਤਰਕਾਰ ਠਾਕੁਰ ਦਾਸ ਚਾਵਲਾ ਦੀ ਕਲਮ, ਮਨੁੱਖਤਾ ਦੀ ਪਹਿਰੇਦਾਰ ਬਣੀ ਦਿਖਾਈ ਦਿੰਦੀ ਹੈ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਦਿੰਦੀ ਮਾਰਟਿਨ ਲੂਥਰ ਦੇ ਆਖੇ ਸ਼ਬਦ ਚੇਤੇ ਕਰਾਉਂਦੀ ਹੈ, 'ਹਨੇਰਾ ਕਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ, ਸਿਰਫ਼ ਰੌਸ਼ਨੀ ਹੀ ਹਨੇਰੇ ਨੂੰ ਦੂਰ ਕਰ ਸਕਦੀ ਹੈ। ਸਿਰਫ਼ ਪਿਆਰ ਹੀ ਨਫ਼ਰਤ ਨੂੰ ਦੂਰ ਕਰ ਸਕਦਾ ਹੈ'।
ਠਾਕੁਰ ਦਾਸ ਚਾਵਲਾ 'ਚ ਮੁਸ਼ਕਿਲਾਂ ਸਰ ਕਰਨ ਦੀ ਸੱਚੀ ਦ੍ਰਿੜ੍ਹਤਾ ਹੈ। ਇਹ ਉਨ੍ਹਾਂ ਦੀ ਲੇਖਣੀ ਤੋਂ ਸਪੱਸ਼ਟ ਦਿਖਦਾ ਹੈ। ਸਮਾਜ ਸੰਸਥਾਵਾਂ ਨਾਲ ਜੁੜਨਾ, ਪਰਿਵਾਰ ਨਾਲੋਂ ਵੱਧ ਸਮਾਜ ਦੇ ਕੰਮ ਆਉਣਾ, ਉਸ ਦਾ ਜੀਵਨ ਦਰਸ਼ਨ ਹੈ। ਉਹ ਇਹ ਸਭ ਕੁਝ ਆਪਣੇ ਲੇਖਾਂ 'ਚ ਸਮਾਜਿਕ ਸੰਸਥਾਵਾਂ ਦੇ ਸਫ਼ਰ ਦੇ ਨਾਲ-ਨਾਲ ਵਰਨਣ ਵੀ ਕਰਦਾ ਹੈ। ਲੇਖਕ ਰਵਿੰਦਰ ਚੋਟ ਦੇ ਸ਼ਬਦਾਂ 'ਚ ਫਗਵਾੜਾ ਦੇ ਪੱਤਰਕਾਰਾਂ ਦਾ ਬਾਬਾ ਬੋਹੜ ਠਾਕੁਰ ਦਾਸ ਚਾਵਲਾ ਕੇਵਲ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਹੈ।
ਸਾਰਤਰ ਲਿਖਦਾ ਹੈ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਾਪ ਉਸ ਦੀ ਆਜ਼ਾਦੀ ਹੈ। ਪਰ ਉਸੇ ਆਜ਼ਾਦੀ ਸਦਕਾ ਮਨੁੱਖ ਬਹਾਦਰ ਬਣਦਾ ਹੈ। ਠਾਕੁਰ ਦਾਸ ਚਾਵਲਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰੀ ਦਾ ਹਥਿਆਰ ਹੱਥ 'ਚ ਥੰਮ੍ਹ ਕੇ ਸਦਾ ਆਵਾਜ਼ ਉੱਚੀ ਕੀਤੀ ਹੈ ਅਤੇ ਇਹ ਸਭ ਕੁਝ ਉਸ ਦੀ ਆਜ਼ਾਦ ਤਬੀਅਤ ਸਦਕਾ ਹੀ ਸੰਭਵ ਹੋ ਸਕਿਆ ਹੈ। ਲੇਖਕ ਡਾ. ਜਵਾਹਰ ਧੀਰ ਉਨ੍ਹਾਂ ਨੂੰ ਇਸੇ ਕਰਕੇ ਮਨੁੱਖੀ ਅਧਿਕਾਰਾਂ ਦਾ ਬਾਬਾ ਬੋਹੜ ਪੱਤਰਕਾਰ ਗਰਦਾਨਦਾ ਹੈ। ਠਾਕੁਰ ਦਾਸ ਚਾਵਲਾ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦਾ ਮੁਦੱਈ ਹੈ। ਉਸ ਨੇ ਆਪਣੀ ਸਵੈ-ਜੀਵਨੀ 'ਚ ਦਰਜ ਲੇਖਾਂ 'ਚ ਪੰਜਾਬ ਹਿਤੈਸ਼ੀ ਪੱਤਰਕਾਰ ਅਤੇ ਸਾਹਿਤਕਾਰ ਹੋਣ ਦਾ ਸਬੂਤ ਦਿੱਤਾ ਹੈ। ਸਾਫ਼-ਸੁਥਰੀ, ਵੇਗ ਵਾਲੀ ਸ਼ੈਲੀ 'ਚ ਲਿਖੀ ਠਾਕੁਰ ਦਾਸ ਚਾਵਲਾ ਨੇ ਆਪਣੀ ਇਸ ਪੁਸਤਕ ਬਾਰੇ ਲਿਖਿਆ ਹੈ, 'ਪਿਛਲੇ 75 ਸਾਲ ਤੋਂ ਅੱਜ ਤੱਕ ਮੈਂ ਹਰ ਪਲ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ'। ਸੱਚਮੁੱਚ 'ਮੇਰੀ ਅਨੋਖੀ ਦੁਨੀਆ 50' ਠਾਕੁਰ ਦਾਸ ਚਾਵਲਾ ਦੀ ਜ਼ਿੰਦਗੀ ਵਿਚ ਕੁਝ ਕਰਨ ਅਤੇ ਸਿੱਖਣ ਦੀਆਂ ਕੋਸ਼ਿਸ਼ਾਂ ਦਾ ਤਤਸਾਰ ਹੈ।
ਪੁਸਤਕ ਦਾ ਹਾਸਲ ਇਹ ਵੀ ਹੈ ਕਿ ਲੇਖਕ/ਕਾਲਮਨਵੀਸ ਠਾਕੁਰ ਦਾਸ ਚਾਵਲਾ ਨੇ ਆਪਣੇ ਚਲੰਤ ਮਾਮਲਿਆਂ ਸਬੰਧੀ 7 ਲੇਖ ਇਸ ਵਿਚ ਸ਼ਾਮਿਲ ਕੀਤੇ ਹਨ, ਜੋ ਪਾਠਕਾਂ ਦੇ ਗਿਆਨ ਵਿਚ ਭਰਪੂਰ ਵਾਧਾ ਕਰਨਗੇ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਘਟਨਾਵਾਂ, ਪ੍ਰਾਪਤੀਆਂ, ਸਮਾਜਿਕ ਸੰਸਥਾਵਾਂ ਦੀ ਕਾਰਗੁਜ਼ਾਰੀ ਅਤੇ ਮਿੱਤਰਾਂ, ਦੋਸਤਾਂ ਬਾਰੇ ਛੋਟੇ, ਵੱਡੇ 86 ਲੇਖ ਇਸ ਪੁਸਤਕ ਵਿਚ ਸ਼ਾਮਿਲ ਕੀਤੇ ਹਨ। ਪਾਕਿਸਤਾਨ ਬਣਨ ਵੇਲੇ ਦੀਆਂ ਘਟਨਾਵਾਂ ਤੋਂ ਲੈ ਕੇ ਆਪਣੇ ਵਪਾਰ, ਨੌਕਰੀ, ਪੱਤਰਕਾਰੀ, ਜੀਵਨ ਦੀਆਂ ਘਟਨਾਵਾਂ ਦਾ ਖ਼ਾਸ ਵਰਨਣ ਇਸ ਵਿਚ ਹੈ।
ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਸ੍ਰੋਤ ਬਣੇਗੀ, ਮੇਰਾ ਇਹ ਮੰਨਣਾ ਹੈ।


ਗੁਰਮੀਤ ਸਿੰਘ ਪਲਾਹੀ
ਮੋ: 98158-02070
c c c


ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ

ਅਨੁਵਾਦਕਾ : ਬਲਰਾਜ ਧਾਰੀਵਾਲ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ-ਚੰਡੀਗੜ੍ਹ
ਮੁੱਲ :150 ਸਫ਼ੇ 60
ਸੰਪਰਕ : 98783-17796


'ਬੱਚਿਆਂ ਲਈ ਦਸ ਵਿਸ਼ਵ ਕਹਾਣੀਆਂ' ਵਿਸ਼ਵ ਦੇ ਵੱਖ-ਵੱਖ ਪ੍ਰਸਿੱਧ ਬਾਲ ਕਹਾਣੀ ਲੇਖਕਾਂ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਨੂੰ ਬਲਰਾਜ ਧਾਰੀਵਾਲ ਨੇ ਪੰਜਾਬੀ ਵਿਚ ਸੁੰਦਰ ਢੰਗ ਨਾਲ ਅਨੁਵਾਦ ਕੀਤਾ ਹੈ।
ਇਸ ਪੁਸਤਕ ਵਿਚ ਅੰਕਿਤ ਕਹਾਣੀਆਂ 'ਨਿੱਕਾ ਪੰਛੀ', 'ਦਾਗ਼ਾਂ ਵਾਲਾ ਆਲੂ ਬੁਖ਼ਾਰਾ', 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ', 'ਤਿੰਨ ਪ੍ਰਸ਼ਨ' ਅਤੇ ਪਾਪਾ ਪਾਨੇਵ ਦੀ ਖ਼ਾਸ ਕ੍ਰਿਸਮਸ' ਕਹਾਣੀਆਂ ਦਾ ਮੂਲ ਲੇਖਕ ਲਿਓ ਟਾਲਸਟਾਏ ਹੈ। 'ਨਿੱਕਾ ਪੰਛੀ' ਕਹਾਣੀ ਵਿਚ ਨਿੱਕਾ ਮੁੰਡਾ ਸਈਉਜ਼ ਆਪਣੇ ਚਾਚੇ ਵਲੋਂ ਜਾਲ ਵਿਚ ਪੰਛੀ ਫੜ ਕੇ ਪਿੰਜਰੇ ਵਿਚ ਡੱਕਦਾ ਹੈ ਅਤੇ ਖ਼ੁਸ਼ ਹੁੰਦਾ ਹੈ ਪ੍ਰੰਤੂ ਜਦੋਂ ਗ਼ੁਲਾਮ ਜੀਵਨ ਜਿਊਣ ਵਾਲਾ ਉਹ ਪੰਛੀ ਪਿੰਜਰੇ ਵਿਚ ਹੀ ਮਰ ਜਾਂਦਾ ਹੈ ਤਾਂ ਸਈਉਜ਼ ਭਵਿੱਖ ਵਿਚ ਅਜਿਹਾ ਨਾ ਕਰਨ ਦਾ ਨਿਰਣਾ ਕਰਦਾ ਹੈ। ਹਸੌਣੀ ਕਹਾਣੀ 'ਦਾਗ਼ਾਂ ਵਾਲਾ ਆਲੂ ਬੁਖ਼ਾਰਾ' ਵਿਚ ਨਾਇਕਾ ਵਾਨਿਆ ਆਲੂ ਬੁਖ਼ਾਰਾ ਚੁਰਾ ਕੇ ਖਾ ਜਾਂਦੀ ਹੈ ਪ੍ਰੰਤੂ ਵਾਨਿਆ ਦੀ ਮਾਂ ਯੋਜਨਾ ਨਾਲ ਉਸ ਤੋਂ ਸੱਚ ਬੁਲਵਾ ਲੈਂਦੀ ਹੈ। 'ਸ਼ੈਤਾਨ ਅਤੇ ਬਰੈੱਡ ਦਾ ਸੁੱਕਾ ਟੁਕੜਾ' ਕਹਾਣੀ ਵਿਚ ਇਕ ਗ਼ਰੀਬ ਕਿਸਾਨ ਨੂੰ ਇਕ ਸ਼ੈਤਾਨ (ਦੁਸ਼ਟ-ਆਤਮਾ) ਸਾਵੀਂ ਪੱਧਰੀ ਜ਼ਿੰਦਗੀ ਦੇ ਅਸਲ ਮਾਰਗ ਤੋਂ ਭਟਕਾਉਣ ਦਾ ਯਤਨ ਕਰਦਾ ਹੈ। ਕਹਾਣੀ ਦਾ ਸੁਨੇਹਾ ਇਹ ਹੈ ਕਿ ਜੇਕਰ ਮਨੁੱਖ ਲੋਭ ਲਾਲਚ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬ ਕੇ ਮਾਨਵੀ ਜੀਵਨ ਮੁੱਲਾਂ ਨੂੰ ਭੁਲ ਜਾਵੇ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। 'ਤਿੰਨ ਪ੍ਰਸ਼ਨ' ਕਹਾਣੀ ਵਕਤ ਦੀ ਕਦਰ ਪਛਾਣ ਕੇ ਪਰਉਪਕਾਰੀ-ਭਾਵਨਾ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀ ਹੈ। ਆਸਕਰ ਵਾਈਲਡ ਦੀ ਜਗਤ ਪ੍ਰਸਿੱਧ ਕਹਾਣੀ 'ਸੁਆਰਥੀ ਰਾਕਸ਼' ਇਸ ਸੁਨੇਹੇ ਦਾ ਸੰਚਾਰ ਕਰਦੀ ਹੈ ਕਿ ਨਫ਼ਰਤ ਅਤੇ ਹਊਮੈ ਦਾ ਤਿਆਗ ਕਰ ਕੇ ਅਤੇ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਵਧਾਉਣ ਨਾਲ ਹੀ ਜੀਵਨ ਵਿਚ ਸਕੂਨ ਹਾਸਲ ਹੋ ਸਕਦਾ ਹੈ। ਇਸ ਪੁਸਤਕ ਵਿਚ ਅੰਕਿਤ ਬਾਕੀ ਕਹਾਣੀਆਂ ਵਿਚੋਂ 'ਏਡਾਲਫ਼ (ਛੋਟਾ ਖ਼ਰਗੋਸ਼)' (ਡੀ.ਐਚ.ਲਾਰੈਂਸ), 'ਰਿਕੀ ਟਿਕੀ ਤਵੀ' (ਰੁਦਯਾਰਡ ਕਿਪਲਿੰਗ), 'ਸਾਂਤਾ ਕਲਾਜ਼ ਦੀ ਆਪਣੀ ਧੀ ਸੂਸੀ' ਵੱਲ ਚਿੱਠੀ' (ਮਾਰਕ ਟਵੇਨ) ਅਤੇ 'ਉਡੀਕ ਦਾ ਇਕ ਦਿਨ' (ਅਰਨੈਸਟ ਹੈਮਿੰਗਵੇ) ਕਹਾਣੀਆਂ ਦੇ ਦਿਲਚਸਪ ਕਥਾਨਕ ਬਾਲ ਪਾਠਕਾਂ ਦੇ ਮਨਾਂ ਵਿਚ ਜੀਵਨ ਜੁਗਤਾਂ ਦੇ ਭੇਦ ਸਮਝਾਉਂਦੇ ਹਨ ਅਤੇ ਮੁਸ਼ਕਿਲਾਂ ਨਾਲ ਜੂਝਣਾ ਸਿਖਾ ਕੇ ਨਿੱਗਰ ਅਸੂਲਾਂ ਨਾਲ ਜੋੜਦੇ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦਾ ਕਹਾਣੀ ਵਿਚਲੇ ਘਟਨਾਕ੍ਰਮ ਨਾਲ ਸੁੰਦਰ ਸੰਤੁਲਨ ਨਿਰੰਤਰ ਬਣਿਆ ਰਹਿੰਦਾ ਹੈ। ਛੋਟੇ-ਛੋਟੇ ਤੇ ਦਿਲਚਸਪ ਵਾਕਾਂ ਨਾਲ ਸ਼ਿੰਗਾਰੀ ਇਹ ਰੰਗਦਾਰ ਪੁਸਤਕ ਬਾਲ ਮਨਾਂ ਵਿਚ ਜਿਗਿਆਸਾ ਪੈਦਾ ਕਰਦੀ ਹੈ। ਚੰਗਾ ਹੁੰਦਾ ਜੇਕਰ ਪੁਸਤਕ ਦੀ ਕੀਮਤ ਸੀਮਤ ਰੱਖੀ ਜਾਂਦੀੇ। ਖ਼ੈਰ, ਬੱਚਿਆਂ ਲਈ ਇਹ ਪੁਸਤਕ ਇਕ ਸੁੰਦਰ ਤੋਹਫ਼ਾ ਹੈ।


ਡਾ. ਦਰਸ਼ਨ ਸਿੰਘ 'ਆਸ਼ਟ'
ਮੋ. 98144-23703


ਸੂਲਾਂ ਦਾ ਸਾਲਣੁ
ਲੇਖਕ : ਖ਼ਾਲਿਦ ਹੁਸੈਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 149
ਸੰਪਰਕ : 094191-83485.


ਖ਼ਾਲਿਦ ਹੁਸੈਨ ਦਾ ਹਥਲਾ ਕਹਾਣੀ ਸੰਗ੍ਰਹਿ ਸਾਹਿਤ ਅਕਾਦਮੀ ਦੁਆਰਾ ਪੁਰਸਕ੍ਰਿਤ ਹੈ। ਇਸ ਵਿਚ 14 ਵੱਡੀਆਂ ਅਤੇ 10 ਮਿੰਨੀ ਕਹਾਣੀਆਂ ਸੰਕਲਿਤ ਕੀਤੀਆਂ ਗਈਆਂ ਹਨ। ਚੇਤੇ ਰਹੇ ਕਿ ਇਨ੍ਹਾਂ 'ਚੋਂ 6 ਵੱਡੀਆਂ ਪ੍ਰਸਿੱਧ ਕਹਾਣੀਆਂ (ਇਸ਼ਕ ਮਲੰਗੀ, ਲਕੀਰ, ਪ੍ਰੇਮ ਖੇਲਣ ਕਾ ਚਾਓ, ਜਿਨ੍ਹਾਂ ਖਾਧੀ ਚੋਪੜੀ, ਸ਼ਾਦਾਂ ਬਿੱਲੀ ਜੰਮੂ ਵਾਲੀ, ਰੂਹ ਤੇ ਕਲਬੂਤ) ਨੂੰ ਉਸ ਦੇ ਕਥਾ ਸੰਗ੍ਰਹਿ 'ਇਸ਼ਕ ਮਲੰਗੀ' ਵਿਚ ਸ਼ਾਮਿਲ ਕੀਤੇ ਜਾਣ ਦਾ ਅਵਸਰ ਮਿਲ ਚੁੱਕਾ ਹੈ। ਲੇਖਕ ਜੰਮੂ ਦਾ ਵਾਸੀ ਹੋਣ ਕਾਰਨ ਸੁਭਾਵਿਕ ਹੀ ਉਸ ਦੀਆਂ ਕਹਾਣੀਆਂ ਵਿਚ ਜੰਮੂ-ਕਸ਼ਮੀਰ ਦੀ ਆਂਚਲਿਕਤਾ ਪ੍ਰਵੇਸ਼ ਕਰ ਗਈ ਹੈ। ਉਸ ਦੀਆਂ ਕਹਾਣੀਆਂ ਦੇ ਪਾਤਰ ਉਸ ਦੇ ਜਾਣੇ-ਪਛਾਣੇ ਹਨ। ਉਸ ਨੇ ਅਣਛੂਹੇ ਵਿਸ਼ਿਆਂ ਦਾ ਗਲਪੀਕਰਨ ਕੀਤਾ ਹੈ।
ਕਿਹਾ ਜਾ ਸਕਦਾ ਹੈ ਕਿ ਉਸ ਦੇ ਸਵੈ-ਸੰਸਮਰਣ ਅਤੇ ਪਰ-ਸੰਸਮਰਣ (ਦੁੱਖਾਂ-ਸੁੱਖਾਂ ਦੀਆਂ ਯਾਦਾਂ) ਉਸ ਦੀ ਯਾਦ ਤਲ ਅਤੇ ਸਿਰਜਣ-ਪਲਾਂ ਵਿਚੋਂ ਹੀ ਇਹ ਕਹਾਣੀਆਂ ਹੋਂਦ ਗ੍ਰਹਿਣ ਕਰਦੀਆਂ ਹਨ। ਲੇਖਕ ਦਾ ਕਥਨ ਹੈ ਕਿ ਕਹਾਣੀ 'ਧਰਤੀ, ਸਮਾਜ ਤੇ ਜ਼ਿੰਦਗੀ 'ਚੋਂ ਕਸ਼ੀਦ ਕੀਤਾ ਹੋਇਆ ਇਕ ਰਚਨਾਤਮਿਕ ਸੱਚ ਹੁੰਦਾ ਹੈ' ਪੰ. 15. ਉਸ ਦੀਆਂ ਮਿੰਨੀ ਕਹਾਣੀਆਂ ਵੀ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੂੰਘਾ ਅਧਿਐਨ ਕਰਦਿਆਂ ਵੱਡੀਆਂ 14 ਕਹਾਣੀਆਂ ਦੇ 'ਕੇਂਦਰੀ ਸੂਤਰ' ਸਹਿਜੇ ਹੀ ਪਛਾਣੇ ਜਾ ਸਕਦੇ ਹਨ। ਮਸਲਨ : ਨਾਇਕ ਦੀ ਨਾਇਕਾ ਨਾਲ ਜਨੂੰਨ ਦੀ ਆਖ਼ਰੀ ਹੱਦ ਤੱਕ 'ਇਕ-ਤਰਫ਼ੇ' ਪਿਆਰ ਦੀ ਕਹਾਣੀ ਹੈ ਜੋ ਭਾਰਤ-ਵੰਡ ਕਾਰਨ ਅਧਵਾਟੇ ਹੀ ਦਮ ਤੋੜ ਗਿਆ (ਇਸ਼ਕ ਮਲੰਗੀ), ਭਾਰਤ-ਵੰਡ ਦੇ ਕਾਰਨ 'ਭਾਰਤ-ਪਾਕਿ' ਦੇ ਕਠੋਰ ਕਾਨੂੰਨਾਂ ਕਾਰਨ ਨਾਇਕ-ਨਾਇਕਾ ਦੇ ਪਿਆਰ ਦਾ ਹਿਰਦੇਵੇਧਕ ਅੰਤ ਹੈ (ਲਕੀਰ), ਨਾਇਕ ਦੀ ਆਰਥਿਕ ਤੇ ਸਮਾਜਿਕ ਚੜ੍ਹਤ ਉਪਰੰਤ ਵਿਹਲੜ ਨਾਲਾਇਕ ਪੁੱਤਰਾਂ ਕਾਰਨ ਨਿੱਘਰਦੀ ਅਵਸਥਾ ਦਾ ਬਿਰਤਾਂਤ ਹੈ (ਪ੍ਰੇਮ ਖੇਲਣ ਕਾ ਚਾਓ), ਨਾਇਕ ਮੁਜਾਹਿਦਾਂ ਨਾਲ ਨੇੜਤਾ ਰੱਖਦਾ ਹੋਇਆ ਇਕ ਹਿੰਦੂ ਦੀ ਜਾਨ ਬਖਸ਼ੀ ਲਈ ਲੜ ਰਿਹਾ ਹੈ (ਮਨੁੱਖ ਅੰਦਰ ਲੁਕਿਆ ਮਨੁੱਖ) ਇਕ ਅਜਿਹੀ ਬੇਬੇ ਦੀ ਦਾਸਤਾਂ ਹੈ ਜੋ ਫ਼ੌਜ ਦੇ ਮੇਜਰ ਅਤੇ ਮੌਲਵੀਆਂ ਦੌਰਾਨ ਸੁਲ੍ਹਾ ਦੀ ਪੇਸ਼ਕਸ਼ ਕਰਦੀ ਹੈ (ਸੂਲਾਂ ਭਰੇ ਪੈਂਡੇ), ਨਾਇਕ ਸਲਾਮ ਪੰਡਿਤ ਪਰਿਵਾਰ ਦੀ ਇੱਜ਼ਤ ਲਈ ਮਜਬੂਰੀ-ਵੱਸ ਖਾੜਕੂ ਬਣਦਾ ਹੈ ਪਰ ਦੋਵਾਂ ਮੁਲਕਾਂ ਦਾ ਵੈਰ ਸਹੇੜ ਲੈਂਦਾ ਹੈ (ਜਿੰਦ ਕੜਾਹੀ ਸਾੜ ਮੁਕਾਈ), ਵੱਖ-ਵੱਖ ਧਰਮਾਂ ਦੇ ਨਿਰਦੋਸ਼ ਮਾਰੇ ਗਏ ਬੰਦਿਆਂ ਦਾ ਦਿਲ-ਕੰਬਾਊ ਚਿਤਰਨ ਹੈ (ਜਿਊਂਦੀਆਂ ਅੱਖਾਂ ਦੀ ਦਾਸਤਾਨ), ਬੇਈਮਾਨੀ ਨਾਲ ਕਮਾਏ ਧਨ ਅਤੇ ਪ੍ਰਸਿੱਧੀ ਦੇ ਦੁਖਾਂਤਕ ਅੰਤ ਦੀ ਪ੍ਰਸਤੁਤੀ ਹੈ (ਜਿਨ੍ਹਾਂ ਖਾਧੀ ਚੋਪੜੀ) ਮਜਬੂਰੀ-ਵੱਸ ਖਾੜਕੂ ਬਣੇ ਬੰਦੇ ਵੀ ਇਨਸਾਨੀਅਤ ਦਾ ਕਤਲ ਨਹੀਂ ਹੋਣ ਦਿੰਦੇ (ਇਕ ਮਰੇ ਬੰਦੇ ਦੀ ਕਹਾਣੀ), (ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ ਦਰਮਿਆਨ ਤਣਾਅ ਦਾ ਗਲਪੀਕਰਨ ਹੈ (ਸ਼ਾਦਾਂ ਬਿੱਲੀ ਜੰਮੂ ਵਾਲੀ), ਸੁਪਨੇ ਦੇ ਆਧਾਰ 'ਤੇ ਲਿਆ ਹੈਮਲਟ-ਨੁਮਾ ਪੰਗਾ ਹੈ (ਰੂਹ ਤੇ ਕਲਬੂਤ), ਨਾਇਕ ਵਲੋਂ ਹਿੰਦੂ ਭੈਣ-ਭਰਾਵਾਂ ਦੀ ਸੁਰੱਖਿਆ ਦਾ ਮਸਲਾ ਹੈ (ਮੈਲੀ ਧੁੱਪ), ਸਰਕਸ ਦੇ ਹਾਥੀ ਦਾ ਪਾਕਿਸਤਾਨ ਵੱਲ ਜਾਣਾ, ਬਦਲੇ ਵਿਚ ਭਾਰਤੀ ਸਰਕਾਰ ਤੋਂ ਢਾਈ ਲੱਖ ਦੀ ਮੰਗ (ਢਾਈ ਲੱਖ ਦਾ ਹਾਥੀ), ਧਾਰਮਿਕ ਲੋਕਾਂ ਦੇ ਅਵੱਲੇ ਇਸ਼ਕ 'ਤੇ ਵਿਅੰਗ (ਇਸ਼ਕ ਦੀ ਨਵੀਓਂ ਨਵੀਂ ਬਹਾਰ) ਇਤਿਆਦਿ।
ਖ਼ਾਲਿਦ ਹੁਸੈਨ ਇਕ ਪ੍ਰਸਿੱਧ ਅਤੇ ਪ੍ਰਮਾਣਿਤ ਕਹਾਣੀਕਾਰ ਹੈ। ਉੱਤਮ ਪੁਰਖੀ ਸ਼ੈਲੀ ਦਾ ਅਧਿਕ ਪ੍ਰਯੋਗ ਕਰਦਾ ਹੈ। ਪਦ-ਲੋਪ ਦਾ ਪ੍ਰਯੋਗ ਹੈ। ਫੋਕਸੀਕਰਨ ਬਦਲਵਾਂ ਹੈ। ਭਾਸ਼ਾ ਵਿਚ ਰਵਾਨਗੀ ਹੈ। ਹਰ ਕਹਾਣੀ ਵਿਚ ਢੁਕਵੇਂ ਅਖਾਣਾਂ ਦਾ ਪ੍ਰਯੋਗ ਹੈ। ਉਸ ਦੀਆਂ ਕਹਾਣੀਆਂ 'ਚੋਂ ਅਨੇਕਾਂ ਅਟੱਲ ਸਚਾਈਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਮਨਮੋਹਨ ਵਰਗੇ ਵਿਦਵਾਨ ਵੀ ਉਸ ਦੀ ਕਹਾਣੀ ਕਲਾ ਤੋਂ ਪ੍ਰਭਾਵਿਤ ਹਨ। ਇਕ ਰਿਸਰਚ ਸਕਾਲਰ (ਕਮਲਦੀਪ ਸਿੰਘ) ਤੋਂ ਸੰਪਾਦਕੀ ਸ਼ਬਦ ਲਿਖਵਾਉਣਾ ਉਸ ਵਲੋਂ ਗਾਲਪਨਿਕ ਖੋਜ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਹੀ ਤਾਂ ਹੈ।


ਡਾ. ਧਰਮ ਚੰਦ ਵਾਤਿਸ਼
vatish.dharamchand@gmail.com


ਖੁਰਪਾ

ਲੇਖਕ : ਰਿਪੁਦਮਨ ਸਿੰਘ ਰੂਪ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 98767-68960.


ਰਿਪੁਦਮਨ ਸਿੰਘ ਰੂਪ ਜਾਣਿਆ-ਪਛਾਣਿਆ ਲੇਖਕ ਹੈ। 'ਖੁਰਪਾ' ਮਿੰਨੀ ਕਹਾਣੀ ਸੰਗ੍ਰਹਿ ਉਸ ਦਾ ਦੂਜਾ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ ਸਾਢੇ ਤਿੰਨ ਦਰਜਨ ਰਚਨਾਵਾਂ ਹਨ।
ਰਿਪੁਦਮਨ ਸਿੰਘ ਰੂਪ ਦੀਆਂ ਕਹਾਣੀਆਂ ਦਾ ਪਾਠ ਕਰਦਿਆਂ ਇਹ ਅਨੁਭਵ ਹੋਇਆ ਹੈ, ਉਸ ਦੀਆਂ ਕਹਾਣੀਆਂ ਦੇ ਬਹੁਚਰਚਿਤ ਵਿਸ਼ੇ, ਲੋਕ ਜੀਵਨ ਦੀਆਂ ਸਮੱਸਿਆਵਾਂ, ਮਾਨਸਿਕ ਦਵੰਦਾਂ ਵਿਚ ਜਕੜੇ ਲੋਕਾਂ, ਆਪਸੀ ਨਿੱਕੇ-ਮੋਟੇ ਝਗੜਿਆਂ, ਪ੍ਰਚੱਲਿਤ ਰਵਾਇਤਾਂ, ਸਮਾਜ ਵਿਚ ਦੂਹਰੇ ਮਾਪਦੰਡ ਅਪਣਾਉਣ ਵਾਲਿਆਂ ਦੰਭੀ ਕਿਰਦਾਰਾਂ ਦਾ ਜ਼ਿਕਰ ਇਸ ਗੱਲ ਦੀ ਪ੍ਰੋੜ੍ਹਤਾ ਹੈ ਕਿ ਰੂਪ ਦੀਆਂ ਇਨ੍ਹਾਂ ਮਿੰਨੀ ਕਹਾਣੀਆਂ ਸਮੇਂ ਦੇ ਯਥਾਰਥ ਨੂੰ ਪੇਸ਼ ਕਰਨ ਵਿਚ ਆਪਣੇ ਮਿੰਨੀ ਸੁਨੇਹੇ ਸੰਚਾਰ ਕੇ ਪਾਠਕਾਂ ਦੇ ਮਨਾਂ ਅੰਦਰ ਸਮੇਂ ਦਾ ਯਥਾਰਥ ਸੰਕਲਪ ਪੇਸ਼ ਕਰ ਸਕਣ ਵਿਚ ਸਫਲ ਹਨ।
ਇਨ੍ਹਾਂ ਕਹਾਣੀਆਂ ਦੇ ਵਿਸ਼ੇ ਜਦ ਕਿ ਬੀਤੇ ਅਥਵਾ ਬੀਤ ਰਹੇ ਸਮੇਂ ਦਾ ਚਿਤਰਨ ਕੀਤੇ ਕਹਾਣੀਆਂ ਦੇ ਵਿਸ਼ਿਆਂ ਵਿਚ ਹੈ, ਉਥੇ ਇਨ੍ਹਾਂ ਕਹਾਣੀਆਂ ਦਾ ਅਭਿਵਿਅਕਤੀ ਪੱਖ, ਵਿਅੰਗਾਤਮਕ, ਕਲਾਤਮਿਕ ਅਤੇ ਰਹੱਸਾਤਮਿਕ ਹੈ। ਅਨੇਕਾਂ ਕਹਾਣੀਆਂ ਦੇ ਵਿਸ਼ੇ ਅਰਥ-ਭਰਪੂਰ ਸਮੇਂ ਦੇ ਯਥਾਰਥ ਦੀਆਂ ਜਿਊਂਦੀਆਂ ਜਾਗਦੀਆਂ ਤਸਵੀਰਾਂ ਜਾਪਦੀਆਂ ਹਨ। ਰਿਪੁਦਮਨ ਸਿੰਘ ਰੂਪ ਦੇ ਲੰਮੇ ਜੀਵਨ ਤਜਰਬਿਆਂ ਦੇ ਸੱਚ ਦਾ ਇਨ੍ਹਾਂ ਵਿਚ ਪੇਸ਼ ਯਥਾਰਥ ਹਕੀਕਤ ਪਸੰਦ ਹੈ। ਮਿੰਨੀ ਰੂਪ 'ਚ ਸਫਲ ਕਹਾਣੀਆਂ ਲਿਖਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।


ਡਾ. ਅਮਰ ਕੋਮਲ
ਮੋ: 91-84378-73565


ਕਰੂੰਬਲਾਂ
ਲੇਖਕ : ਕੈਪਟਨ ਪੂਰਨ ਸਿੰਘ ਗਗੜਾ
ਪ੍ਰਕਾਸ਼ਕ : ਕੈਫੇ ਵਰਲਡ, ਜਲੰਧਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98553-10039


'ਕਰੂੰਬਲਾਂ' ਕਾਵਿ ਪੁਸਤਕ ਕੈਪਟਨ ਪੂਰਨ ਸਿੰਘ ਗਗੜਾ ਦੀ ਪਲੇਠੀ ਪੁਸਤਕ ਹੈ। ਇਸ ਕਾਵਿ ਸੰਗ੍ਰਹਿ ਵਿਚ ਉਨ੍ਹਾਂ ਦੀਆਂ 73 ਰਚਨਾਵਾਂ ਸ਼ਾਮਿਲ ਹਨ। 'ਮਾਂ ਬੋਲੀ ਪੰਜਾਬੀ' ਦੀ ਸਿਫ਼ਤ ਨਾਲ ਸ਼ੁਰੂ ਹੋਈ ਇਹ ਪੁਸਤਕ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ, ਰਿਸ਼ਤੇ, ਨਸ਼ਿਆਂ ਦੀ ਸਮੱਸਿਆ, ਲੋਕਾਂ ਦੇ ਅੰਧ-ਵਿਸ਼ਵਾਸ, ਦੇਸ਼ ਪਿਆਰ, ਸਿਆਸਤ ਅੰਦਰਲੀਆਂ ਕੂਟਨੀਤਕ ਚਾਲਾਂ, ਬਾਬੇ ਨਾਨਕ ਦਾ 550ਵਾਂ ਜਨਮ ਦਿਨ ਆਦਿ ਸਭ ਵਿਸ਼ਿਆਂ ਨੂੰ ਆਪਣੀ ਬੁੱਕਲ ਵਿਚ ਸਮਾਉਂਦੀ ਹੈ। ਕਿਸਾਨੀ ਹੱਕਾਂ ਬਾਰੇ ਵੀ ਉਹ ਬੇਬਾਕੀ ਨਾਲ ਲਿਖਦਾ ਹੈ :
ਅਜੇ ਨਾ ਮੰਨੀ ਦਿੱਲੀ,
ਸੰਘਰਸ਼ਾਂ ਨਾਲ ਮਨਾਵਾਂਗੇ,
ਵਾਰ ਕੇ ਜਾਨਾਂ ਦੇਸ਼ ਤੋਂ
ਕਿਰਸਾਨਾਂ ਨੂੰ ਬਚਾਵਾਂਗੇ। (ਪੰਨਾ 53)
ਨਾਰੀ ਸੰਵੇਦਨਾ ਬਾਰੇ ਵੀ ਉਨ੍ਹਾਂ ਨੇ ਭਾਵਪੂਰਤ ਰਚਨਾਵਾਂ ਕੀਤੀਆਂ ਹਨ। ਧੀ, ਭੈਣ, ਮਾਂ, ਪਤਨੀ ਆਦਿ ਰਿਸ਼ਤਿਆਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਵੀ ਕੀਤਾ ਹੈ। ਧਾਰਮਿਕ ਫ਼ਿਰਕਾਪ੍ਰਸਤੀ ਨਾਲ ਸਮਾਜ ਵਿਚ ਆਉਂਦੀ ਗਿਰਾਵਟ ਸੰਬੰਧੀ ਵੀ ਇਹ ਕਵੀ ਚਿੰਤਤ ਹੈ। ਮੰਦਰ ਬਨਾਮ ਮਸਜਿਦ ਕਵਿਤਾ ਇਸ ਸੰਬੰਧੀ ਵੇਖੀ ਜਾ ਸਕਦੀ ਹੈ। ਲੇਖਕ ਨੇ ਮਾਨਵੀ ਵਰਤਾਰਿਆਂ ਬਾਰੇ ਵੀ ਕੁਝ ਕਵਿਤਾਵਾਂ ਲਿਖੀਆਂ ਹਨ। ਮੁਫ਼ਤਖੋਰਾਂ ਦੇ ਨਾਂਅ, ਇਲੈਕਸ਼ਨ, ਬੇਦਰਦਾਂ ਦੇ ਨਾਂਅ ਕਵਿਤਾਵਾਂ ਵੇਖੀਆਂ ਜਾ ਸਕਦੀਆਂ ਹਨ। 'ਵਿਰਸੇ ਦੀਆਂ ਬਾਤਾਂ' ਬੜੀ ਪ੍ਰਸੰਸਾਯੋਗ ਰਚਨਾ ਹੈ, ਜਿਸ ਵਿਚ ਸੱਭਿਆਚਾਰ ਵਿਚ ਆਉਂਦੇ ਬਦਲਾਅ ਬਾਰੇ ਪੇਸ਼ਕਾਰੀ ਹੈ ਤੇ ਅਣਗਿਣਤ ਹੀ ਪੁਰਾਣੇ ਸ਼ਬਦ ਪਾਠਕਾਂ ਨੂੰ ਵੇਖਣ ਨੂੰ ਮਿਲਦੇ ਹਨ। ਕਵੀ ਨੇ ਕੁਝ ਸ਼ਖ਼ਸੀਅਤਾਂ ਲਈ ਸ਼ਰਧਾਂਜਲੀ ਰੂਪੀ ਰਚਨਾ ਕੀਤੀ ਹੈ ਜਗ ਜਿਉਂਦਿਆਂ ਦੇ ਮੇਲੇ (ਕਰਨਲ ਭਾਗ ਸਿੰਘ ਤਿਹਾੜਾ ਦੇ ਨਾਂਅ) ਸ. ਹਾਕਮ ਸਿੰਘ ਸਾਹਿਤਕਾਰ ਬਾਰੇ, ਪੂਰਨ ਕਾਉਂਕੇ ਦੇ ਨਾਂਅ ਆਦਿ ਰਚਨਾਵਾਂ ਵੇਖੀਆਂ ਜਾ ਸਕਦੀਆਂ ਹਨ। 'ਬਟਵਾਰੇ' ਦੇ ਦੁਖਾਂਤ ਬਾਰੇ ਬੜੀ ਭਾਵਪੂਰਤ ਰਚਨਾ ਕਵੀ ਨੇ ਕੀਤੀ ਹੈ :
ਮਾਵਾਂ ਪੁੱਤਾਂ ਤੋਂ ਵਿਛੜੀਆਂ
ਵਿਛੜੇ ਭੈਣਾਂ ਤੋਂ ਵੀਰ ਸਨ
ਰਾਮ ਰਹੀਮ ਦਾ ਪਿਆ ਵਿਛੋੜਾ
ਵਿਛੜੇ ਦਰਿਆਵਾਂ ਤੋਂ ਨੀਰ ਸਨ।
(ਪੰਨਾ 66)
ਫ਼ਲਸਫ਼ਾ ਏ ਜ਼ਿੰਦਗੀ, ਖੁਆਬਾਂ ਦੀ ਪਰਵਾਜ਼, ਮ੍ਰਿਗ ਤ੍ਰਿਸ਼ਨਾ, ਰੱਬ ਬਨਾਮ ਬੰਦਾ, ਦੂਰੀ, ਹਰਫ਼ਾਂ ਦੀ ਅੱਗ, ਇਨਸਾਨੀਅਤ ਲਈ ਦੁਆਵਾਂ, ਵਿਛੜੇ ਯਾਰਾਂ ਦੇ ਗ਼ਮ, ਸਿੰਘ ਸੂਰਮੇ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਇਸ ਤਰ੍ਹਾਂ ਸਮੁੱਚੀਆਂ ਕਾਵਿ ਰਚਨਾਵਾਂ ਪਾਠਕ ਨੂੰ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਕਰੂੰਬਲਾਂ ਕਾਵਿ ਸੰਗ੍ਰਹਿ ਦਾ ਰਚਣਹਾਰ ਕੈਪਟਨ ਪੂਰਨ ਸਿੰਘ ਗਗੜਾ ਮੁਬਾਰਕ ਦਾ ਹੱਕਦਾਰ ਹੈ, ਜਿਸ ਦਾ ਇਹ ਪਲੇਠਾ ਕਾਵਿ ਸੰਗ੍ਰਹਿ ਜੀਵਨ ਅਤੇ ਸਮਾਜ ਦੀਆਂ ਸਮੱਸਿਆਵਾਂ ਬਾਰੇ ਚਿੰਤਾ ਜ਼ਾਹਰ ਕਰਦਾ ਹੈ।


ਪ੍ਰੋ. ਕੁਲਜੀਤ ਕੌਰ
c c c


ਕਦੋਂ ਮਿਲੇਗੀ ਪਰਵਾਜ਼
ਸੰਪਾਦਕ : ਜਸਵੰਤ ਕੌਰ ਬੈਂਸ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ, ਹੁਸ਼ਿਆਰਪੁਰ
ਮੁੱਲ : 250 ਰੁਪਏ, ਸਫ਼ੇ : 91
ਸੰਪਰਕ : 98150-18947


ਹਥਲੇ ਕਾਵਿ-ਸੰਗ੍ਰਹਿ 'ਕਦੋਂ ਮਿਲੇਗੀ ਪਰਵਾਜ਼' ਦੀ ਸੰਪਾਦਕ ਜਸਵੰਤ ਕੌਰ ਬੈਂਸ ਪੰਜ ਕਾਵਿ-ਸੰਗ੍ਰਹਿਾਂ 'ਕਾਲੀ ਲੋਈ', 'ਸੰਧੂਰੀ ਮਿੱਟੀ ਦੀ ਖੁਸ਼ਬੋ', 'ਕਿੰਜ ਰਿਸ਼ਤੇ 'ਤੇ ਮਾਣ ਕਰਾਂ', 'ਵਸਦੀ ਤੇਰੇ ਸਾਹਾਂ ਵਿਚ', 'ਹਨੇਰੇ ਪੰਧ ਦੀ ਲੋਅ' ਤੋਂ ਇਲਾਵਾ ਸੰਪਾਦਕ ਕਹਾਣੀ ਤੇ ਲੇਖ ਸੰਗ੍ਰਹਿ 'ਜਾਣਾ ਏ ਉਸ ਪਾਰ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਇਸ ਪੁਸਤਕ ਨੂੰ ਸਪਾਂਸਰ ਕਰਕੇ ਪਾਠਕਾਂ ਤੱਕ ਪਹੁੰਚਾਉਣ ਲਈ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਅਤੇ ਸਹਿਯੋਗੀ ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ, ਰਾਜਪ੍ਰੀਤ ਕੌਰ, ਆਰ.ਕੇ. ਰਾਹੀ ਅਤੇ ਮਨਜਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।
ਲੈਸਟਰ (ਯੂ.ਕੇ.) ਰਹਿੰਦੇ ਜਸਵੰਤ ਕੌਰ ਬੈਂਸ ਤੇ ਲੈਸਟਰ (ਯੂ.ਕੇ.) ਰਹਿੰਦੇ ਜਸਪਾਲ ਸਿੰਘ ਮਾਨ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਪੰਜਾਬੀ ਅਦਬ ਦੀ ਧੂਣੀ ਧੁਖਾ ਰਹੇ ਹਨ। ਹਥਲਾ ਕਾਵਿ-ਸੰਗ੍ਰਹਿ 43 ਕਵੀਆਂ/ਕਵਿਤਰੀਆਂ ਦਾ ਸਾਂਝਾ ਕਾਵਿ-ਸੰਗ੍ਰਹਿ ਹੈ, ਜਿਸ ਵਿਚ ਸਾਰੇ ਅਦੀਬਾਂ ਨੇ ਕੋਰੋਨਾ ਮਹਾਂਮਾਰੀ ਨਾਲ ਜੂਝਦਿਆਂ ਜਿਸ ਤਰ੍ਹਾਂ ਆਮ ਬੰਦੇ ਨੇ ਦੁਸ਼ਵਾਰੀਆਂ ਸਹਾਰੀਆਂ ਅਤੇ ਤਾਲਾਬੰਦੀ ਹੋਣ ਕਰਕੇ ਜਿਸ ਤਰ੍ਹਾਂ ਆਪਣੇ ਹੀ ਦੇਸ਼ ਵਿਚ ਪਰਦੇਸੀਆਂ ਵਾਂਗ ਪੈਰਾਂ 'ਚ ਛਾਲਿਆਂ ਦੀ ਕਮਾਈ ਲੈ ਕੇ ਸੈਂਕੜੇ ਮੀਲਾਂ ਦਾ ਪੰਧ ਕਰਦਿਆਂ ਆਪਣੇ ਘਰਾਂ ਨੂੰ ਪਰਤੇ ਹਨ, ਦਾ ਵਿਵਰਨ ਸੰਮਿਲਤ ਅਦੀਬਾਂ ਨੇ ਆਪਣੀ ਕਲਮ ਦੀ ਨੋਕ ਹੇਠ ਲਿਆਂਦਾ ਹੈ। ਸੰਮਿਲਤ ਕਵੀ/ਕਵਿਤਰੀਆਂ ਸਿਖਾਂਦੜੂ ਪ੍ਰਯਤਨ ਦੇ ਆਭਾ ਮੰਡਲ ਦੇ ਸਿਤਾਰੇ ਹਨ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਨਿੱਗਰ ਆਸ ਬੱਝਦੀ ਦਿਖਾਈ ਦੇ ਰਹੀ ਹੈ। ਕੋਰੋਨਾ ਕਾਲ ਦੀ ਸਮੁੱਚਤਾ ਦਾ ਪ੍ਰਗਟਾਵਾ ਕਰਦੀ ਜਸਵਿੰਦਰ ਸਿੰਘ ਜੱਸੀ ਦੀ ਗ਼ਜ਼ਲ ਦਾ ਨਮੂਨਾ ਹਾਜ਼ਰ ਹੈ :
'ਪਤਾ ਨਹੀਂ ਸੀ ਮੇਰੇ ਮੌਲਾ ਐਸੇ ਦਿਨ ਵੀ ਆਵਣਗੇ
ਇਕ ਦੂਜੇ ਨੂੰ ਤੱਕ ਕੇ ਬੰਦੇ ਏਦਾਂ ਵੀ ਡਰ ਜਾਵਣਗੇ
ਦੁਨੀਆਦਾਰੀ ਰਿਸ਼ਤੇਦਾਰੀ ਮਨ ਨੂੰ ਮੂਲ ਨਾ ਭਾਏਗੀ
ਦੂਰ ਖਲੋ ਕੇ ਇਕ ਦੂਜੇ ਨੂੰ ਸਾਰੇ ਫ਼ਤਹਿ ਬੁਲਾਵਣਗੇ
ਆਪਣਿਆਂ ਦੀ ਲਾਸ਼ ਉਠਾਵਣ ਦਾ ਜੇਰਾ ਰਹਿਣਾ ਨਹੀਂ
ਆਪਣਿਆਂ ਦੀ ਲਾਸ਼ ਦੇਖ ਕੇ ਲੋਕੀ ਮੂੰਹ ਘੁਮਾਵਣਗੇ।'


ਭਗਵਾਨ ਢਿੱਲੋਂ
ਮੋ: 98143-78254


ਉੱਚੀਆਂ ਕੰਧਾਂ ਵਾਲਿਓ

ਨਾਵਲਕਾਰ : ਰਾਜਬੀਰ ਰੰਧਾਵਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 200 ਰੁਪਏ, ਸਫੇ : 76
ਸੰਪਰਕ : 0172-5027427.


ਰਾਜਬੀਰ ਰੰਧਾਵਾ ਦੇ ਸਾਹਿਤਕ ਯੋਗਦਾਨ 'ਤੇ ਨਜ਼ਰ ਪਾਇਆਂ, ਉਨ੍ਹਾਂ ਦੀ ਸਾਹਿਤਕ ਸੂਝ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਕਾਵਿ ਸੰਗ੍ਰਹਿ, ਸਫ਼ਰਨਾਮੇ, ਸਵੈ-ਜੀਵਨੀ, ਕਹਾਣੀ ਸੰਗ੍ਰਹਿ ਅਤੇ ਨਾਵਲਾਂ ਸਮੇਤ ਉਹ 18 ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾ ਚੁੱਕੀ ਹੈ। ਵਿਚਾਰ ਅਧੀਨ ਨਾਵਲ 'ਉੱਚੀਆਂ ਕੰਧਾਂ ਵਾਲਿਓ' ਦਾ ਬਿਰਤਾਂਤ ਸਰਦਾਰ ਜੀ ਅਤੇੇ ਅੰਮਾਂ ਦੀ ਆਪਸੀ ਜ਼ਿੰਦਗੀ ਵਿਚਲੇ ਤਨਾਅ, ਮਰਦ ਪ੍ਰਧਾਨ ਸਮਾਜ ਦੀ ਔਰਤ ਨੂੰ ਦਬਾਉਣ ਵਾਲੀ ਮਾਨਸਿਕਤਾ ਦੁਆਲੇ ਉਸਰਿਆ ਹੋਇਆ ਹੈ।
ਸਰਦਾਰ ਜੀ, ਸਾਡੇ ਸਮਾਜ-ਸੱਭਿਆਚਾਰ ਵਿਚ ਸਦੀਆਂ ਤੋਂ ਆਪਣੀ ਮਰਦਾਨਗੀ ਦੀ ਧੌਂਸ ਜਮਾਉਣ ਵਾਲੇ ਵਤੀਰੇ ਵਜੋਂ ਪ੍ਰਸਤੁਤ ਹੁੰਦਾ ਹੈ ਜਦੋਂ ਕਿ ਅੰਮੀ, ਮਰਦ ਦੀ ਹੈਂਕੜ ਅਤੇ ਜਬਰ ਨੂੰ ਝੱਲਣ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਕਰਨ, ਬੱਚਿਆਂ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਦੂਹਰੀ ਮਾਰ ਝੱਲਦੀ ਹੈ। ਨਾਵਲ ਦਾ ਵਿਸ਼ਾ ਮੁੱਖ ਤੌਰ 'ਤੇ ਔਰਤ ਨੂੰ ਸ਼ਰਮ-ਹਯਾ, ਅਬਲਾ, ਘਰ ਦੀ ਇੱਜ਼ਤ ਅਤੇ ਘਰ ਦੀ ਚਾਰਦੀਵਾਰੀ ਤੱਕ ਮਹਿਦੂਦ ਕਰਨ ਵਾਲੀ ਤਾਨਾਸ਼ਾਹੀ-ਮਰਦ ਸੋਚ ਨੂੰ ਪ੍ਰਸਤੁਤ ਕਰਨਾ ਹੈ। ਪਹਿਲੇ ਅੰਕ ਅੰਮਾਂ ਵਿਚਲੇ ਅੰਮਾਂ ਪਾਤਰ ਦੀ ਪੇਸ਼ਕਾਰੀ ਤੋਂ ਹੀ ਸਾਡੇ ਸਮਾਜ ਵਿਚ ਔਰਤ ਦੁਆਲੇ ਰਿਸ਼ਤਿਆਂ-ਨਾਤਿਆਂ ਦੀਆਂ ਵਲਗਣਾਂ ਵਿਚੋਂ ਪੈਦਾ ਹੁੰਦੀਆਂ ਤਲਖੀਆਂ, ਤਾਹਨੇ-ਮਿਹਣੇ, ਸ਼ੱਕ ਅਤੇ ਹੀਣ-ਭਾਵਨਾ ਦੀਆਂ ਉਸਰੀਆਂ ਕੰਧਾਂ ਦੀਆਂ ਤੰਦਾਂ ਤਲਾਸ਼ੀਆਂ ਜਾ ਸਕਦੀਆਂ ਹਨ। ਅੰਮਾਂ ਰੂਪੀ ਨਪੀੜੀ ਜਾ ਰਹੀ ਔਰਤ ਧਿਰ ਦਾ, ਸਮਰਪਣ ਵੀ ਉਸ ਨੂੰ ਮਾਨਸਿਕ ਅਤੇ ਸਰੀਰਕ ਗੁਲਾਮੀ ਤੋਂ ਮੁਕਤੀ ਨਹੀਂ ਦੁਆ ਸਕਦਾ।
ਔਰਤ ਘਰ ਤੋਂ ਬਾਹਰ ਹੱਸ-ਖੇਡ ਨਹੀਂ ਸਕਦੀ, ਮਰਦ-ਪ੍ਰਧਾਨ ਸਮਾਜ ਦੀਆਂ ਅਖੌਤੀ ਇੱਜ਼ਤ-ਮਾਣ ਦੀਆਂ ਖੋਖਲੀਆਂ ਕੰਧਾਂ ਉਸ ਨੂੰ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਖੁੱਲ੍ਹ ਕੇ ਜਿਊਣ ਦੀ ਸਪੇਸ ਨਹੀਂ ਦਿੰਦੀਆਂ। ਸਮਾਜ ਵਿਚਲੀ ਬਾਕੀਆਂ ਐਸ਼ੋ-ਇਸ਼ਰਤ ਦੀਆਂ ਚੀਜ਼ਾਂ ਵਾਂਗ ਉਸ ਨੂੰ ਵੀ ਵਸਤ ਅਤੇ ਜਾਇਦਾਦ ਸਮਝਿਆ ਜਾਂਦਾ ਹੈ। ਮਰਦ ਲਈ ਔਰਤ ਕਾਮ-ਤ੍ਰਿਪਤੀ ਦਾ ਸਾਧਨ ਹੈ, ਜਦੋਂ ਕਿ ਔਰਤ ਸਰੀਰਕ ਵਾਸਨਾ ਤੋਂ ਬਿਨਾਂ ਮਰਦ ਦਾ ਪਿਆਰ, ਇੱਜ਼ਤ, ਸਤਿਕਾਰ ਅਤੇ ਬਰਾਬਰ ਦਾ ਰੁਤਬਾ ਪਾਉਣ ਦੀ ਖ਼ਾਹਸ਼ ਰੱਖਦੀ ਹੈ, ਜਿਸ ਦੀ ਉਹ ਹੱਕਦਾਰ ਵੀ ਹੈ। ਅੰਮੀ ਦੇ ਰੂਪ ਵਿਚ ਔਰਤ ਧਿਰ ਘਰ ਦੇ ਸਾਰੇ ਕੰਮ ਕਰਦੀ, ਉਹ ਸਬਰ ਅਤੇ ਖੁਸ਼ੀ ਮਹਿਸੂਸ ਕਰਦੀ ਹੈ। ਘਰ ਤੋਂ ਬਾਹਰ ਵੀ ਮਰਦ ਦੇ ਬਰਾਬਰ ਕੰਮ ਕਰਨ ਦੀ ਸਮਰੱਥਾ ਰੱਖਦੀ ਹੈ। ਨਾਵਲ ਦੀ ਨਾਇਕ ਅੰਮਾਂ, ਦਲੇਰ ਅਤੇ ਗ਼ੈਰਤਮੰਦ ਪਾਤਰ ਹੈ, ਜਿਹੜੀ ਸਰਦਾਰ ਜੀ ਦੇ ਅਮਾਨਵੀ ਵਤੀਰੇ ਦੇ ਬਾਵਜੂਦ ਯਥਾਸ਼ਕਤੀ ਲੜਦੀ ਹੋਈ। ਚੁਫੇਰੇ ਉਸਰੀਆਂ ਕੰਧਾਂ ਨੂੰ ਪਾਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿੰਦੀ ਹੈ।


ਡਾ. ਪ੍ਰਦੀਪ ਕੌੜਾ
ਮੋ: 95011-15200


ਵਡਾਲੇ ਵਾਲੀ ਭੂਆ

ਸੰਪਾਦਕ : ਤਰਲੋਚਨ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-73236.


'ਵਡਾਲੇ ਵਾਲੀ ਭੂਆ' ਤਰਲੋਚਨ ਸਿੰਘ ਦੀ ਪੰਦ੍ਹਰਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 13 ਕਹਾਣੀਆਂ ਦੀ ਸੰਪਾਦਨਾ ਬਾਖੂਬੀ ਕੀਤੀ ਹੈ। ਪਹਿਲੀ ਕਹਾਣੀ 'ਪੌਂਡਾਂ ਦੀ ਚਮਕ' ਜਗਤਾਰ ਸਿੰਘ ਭੁੱਲਰ ਦੀ ਲਿਖੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਪੌਂਡਾਂ ਦੀ ਚਕਾਚੌਂਧ ਲਈ ਰਿਸ਼ਤਿਆਂ ਨੂੰ ਛਿੱਕੇ 'ਤੇ ਟੰਗ ਦਿੱਤਾ ਜਾਂਦਾ ਹੈ। ਸਾਰੀਆਂ ਕਹਾਣੀਆਂ ਵਿਚ ਹੀ ਸਮਾਜਿਕ ਤਾਣੇ-ਬਾਣੇ ਨੂੰ ਆਧਾਰ ਬਣਾਇਆ ਗਿਆ ਹੈ। ਟਾਈਟਲ ਕਹਾਣੀ 'ਵਡਾਲੇ ਵਾਲੀ ਭੂਆ' ਵਿਚ ਬਿਆਨ ਕੀਤਾ ਗਿਆ ਹੈ ਕਿ ਚੰਨਣ ਵਡਾਲੇ ਵਾਲੀ ਭੂਆ ਦੇ ਘਰ ਤੋਂ ਜਦੋਂ ਵਾਪਸ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਸ਼ਾਂਤੀ ਭੂਆ ਦਾ ਸਾਰੇ ਪਿੰਡ 'ਤੇ ਰੋਹਬ ਸੀ। ਜਦੋਂ ਚੰਨਣ ਨੇ ਆਪਣੀ ਪਤਨੀ ਨੂੰ ਕੁੱਟਿਆ ਸੀ ਤਾਂ ਉਹ ਰੋਂਦੀ ਹੋਈ ਭੂਆ ਕੋਲ ਚਲੀ ਗਈ ਸੀ ਤਾਂ ਭੂਆ ਨੇ ਚੰਨਣ ਦੇ ਚਪੇੜ ਮਾਰੀ ਸੀ ਤੇ ਕਿਹਾ ਸੀ ਕਿ ਉਸ ਦੀ ਵਹੁਟੀ ਓਨਾ ਚਿਰ ਮੇਰੇ ਕੋਲ ਰਹੇਗੀ ਜਿੰਨਾ ਚਿਰ ਉਹ ਨਹੀਂ ਸੁਧਰੇਗਾ ਪਰ ਸਮੇਂ ਦਾ ਏਨਾ ਫ਼ਰਕ ਆ ਗਿਆ ਕਿ ਵਡਾਲੇ ਵਾਲੀ ਭੂਆ ਦੀ ਆਪਣੇ ਪੜਪੋਤੇ ਅੱਗੇ ਉੱਕਾ ਹੀ ਨਹੀਂ ਚਲਦੀ ਤੇ ਉਹ ਲਾਚਾਰ ਹੋ ਕੇ ਰਹਿ ਜਾਂਦੀ ਹੈ। ਲੇਖਕ ਇਸ ਕਹਾਣੀ ਰਾਹੀਂ ਕਹਿਣਾ ਚਾਹੁੰਦਾ ਹੈ ਕਿ ਸਮੇਂ ਦੇ ਗੇੜ ਦਾ ਏਨਾ ਵੱਡਾ ਬਦਲਾਅ ਆ ਗਿਆ ਹੈ। 'ਮੇਰਾ ਕਸੂਰ ਕੀ ਹੈ?' ਹਰਜੀਤ ਕੌਰ ਬਾਜਵਾ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਇਕ ਖੁਸਰੇ ਦੇ ਆਪਣੇ ਹੱਕ ਲੈਣ ਸੰਬੰਧੀ ਕਹਾਣੀ ਹੈ, ਜਿਸ ਨੇ ਕਾਲਜ ਵਿਚ ਫ਼ੀਸ ਮੁਆਫ਼ ਕਰਵਾ ਲਈ ਹੈ ਤੇ ਵੋਟ ਅਤੇ ਆਧਾਰ ਕਾਰਡ ਬਣਾਉਣ ਦਾ ਅਧਿਕਾਰ ਵੀ ਲੈ ਲਿਆ ਹੈ। ਅਗਲੀ ਕਹਾਣੀ 'ਵਾਲੀਆਂ' ਹੈ ਜੋ ਕਿ ਸੰਤਵੀਰ ਦੀ ਲਿਖੀ ਹੋਈ ਹੈ, ਜਿਸ ਵਿਚ ਆਰਥਿਕ ਅਤੇ ਸਮਾਜਿਕ ਮਜਬੂਰੀਆਂ ਦੀ ਬਾਤ ਪਾਈ ਗਈ ਹੈ। 'ਬੇਰੀ ਵਾਲਾ ਘਰ' ਕੈਲਾਸ਼ ਰਾਣੀ ਦੀ ਲਿਖੀ ਹੋਈ ਕਹਾਣੀ ਹੈ, ਜਿਸ ਵਿਚ ਦਰੱਖਤਾਂ ਨਾਲ ਮੋਹ ਪਿਆਰ ਬਾਰੇ ਦੱਸਿਆ ਗਿਆ ਹੈ ਕਿ ਮਨੁੱਖ ਦਾ ਉਨ੍ਹਾਂ ਨਾਲ ਵੀ ਲਗਾਵ ਹੋ ਜਾਂਦਾ ਹੈ ਕਿ ਕਹਾਣੀ ਦੇ ਮੈਂ ਪਾਤਰ ਨੂੰ ਆਪਣੀ ਮਾਂ ਦੇ ਘਰ ਬੇਰੀ ਹੇਠ ਬੈਠ ਕੇ ਹੀ ਸਕੂਨ ਮਿਲਦਾ ਹੈ। 'ਨਾਜਾਇਜ਼ ਕਬਜ਼ੇ' ਬਲਦੇਵ ਪੋਹਲੋਪੁਰੀ ਦੀ ਕਹਾਣੀ ਹੈ, ਜਿਸ ਵਿਚ ਉਸ ਨੇ ਪਿੰਡਾਂ ਵਿਚ ਹੁੰਦੇ ਨਾਜਾਇਜ਼ ਕਬਜ਼ਿਆਂ ਅਤੇ ਚੁਗਲੀ ਕਰਨ ਵਾਲਿਆਂ ਨੂੰ ਵਰਜਿਆ ਹੈ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਨੇ ਸਾਰੀਆਂ ਕਹਾਣੀਆਂ ਨੂੰ ਹੀ ਬੜੀ ਸੰਜੀਦਗੀ ਨਾਲ ਪੇਸ਼ ਕੀਤਾ ਹੈ ਜੋ ਮਾਨਵਵਾਦ ਦੀਆਂ ਸਮੱਸਿਆਵਾਂ ਦੇ ਹੱਲ ਤਲਾਸ਼ ਕਰਨ ਵੱਲ ਰੁਚਿਤ ਹਨ।


ਡਾ. ਗੁਰਬਿੰਦਰ ਕੌਰ ਬਰਾੜ
ਮੋ. 098553-95161
c c c


ਹਰਫ਼ ਹਮੇਸ਼ਾ ਰਹਿਣਗੇ

ਲੇਖਕ : ਸਰਬਜੀਤ ਸੋਹੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 95011-45039.


ਲੰਮੇ ਸਮੇਂ ਤੋਂ ਆਸਟ੍ਰੇਲੀਆ ਵਿਚ ਰਹਿ ਰਹੇ ਸਰਬਜੀਤ ਸੋਹੀ ਸਥਾਪਤੀ ਦੇ ਖ਼ਿਲਾਫ਼ ਲਿਖਣ ਵਾਲੇ ਨਾਮਵਰ ਪ੍ਰਗਤੀਸ਼ੀਲ ਕਵੀ ਹਨ। ਉਨ੍ਹਾਂ ਦੀ ਜੁਝਾਰਵਾਦੀ ਕਵਿਤਾ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤਾਣੇ-ਬਾਣੇ ਦੀਆਂ ਪਰਤਾਂ ਨੂੰ ਫਰੋਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰੰਗ 'ਚ ਰੰਗੀ ਇਸ ਮਾਣਮੱਤੀ ਸ਼ਖ਼ਸੀਅਤ ਦਾ ਝੁਕਾਅ ਗ਼ਜ਼ਲ ਵੱਲ ਹੋਣਾ ਚੰਗਾ ਸ਼ਗਨ ਹੈ। 'ਹਰਫ਼ ਹਮੇਸ਼ਾ ਰਹਿਣਗੇ' ਦੇ ਇਸ ਸ਼ਿਅਰ ਵਿਚ ਉਹ ਆਪੇ ਸਹੇੜੀਆਂ ਅਲਾਮਤਾਂ ਵਿਚ ਉਲਝੇ ਮਨੁੱਖ ਦੀ ਮਨੋ-ਅਵਸਥਾ ਦਾ ਚਿੱਤਰਨ ਇਸ ਤਰ੍ਹਾਂ ਕਰਦੇ ਹਨ :
ਪਾਲ ਬੈਠੇ ਅਜਗਰਾਂ ਨੂੰ, ਬੁੱਕਲਾਂ ਅੰਦਰ ਅਸੀਂ,
ਸਾਵਧਾਨੀ ਵਰਤੀਏ ਕੀ, ਹੁਣ ਇਨ੍ਹਾਂ ਦੇ ਜ਼ਹਿਰ ਤੋਂ।
ਮਨੁੱਖ ਦਾ ਸਭ ਤੋਂ ਵੱਧ ਜ਼ੋਰ ਇਸੇ ਗੱਲ 'ਤੇ ਹੀ ਲੱਗਿਆ ਰਹਿੰਦਾ ਹੈ ਕਿ ਉਸ ਦਾ ਅਸਲੀ ਆਪਾ ਲੋਕਾਂ ਸਾਹਮਣੇ ਪ੍ਰਗਟ ਨਾ ਹੋਵੇ ਅਤੇ ਦੁਨੀਆ ਨੂੰ ਸਿਰਫ਼ ਉਹੀ ਕੁਝ ਦਿਖਾਈ ਦੇਵੇ, ਜਿਹੜਾ ਉਹ ਦੇਖਣਾ ਚਾਹੁੰਦੀ ਹੈ। ਇਸ ਤਰ੍ਹਾਂ ਲਗਭਗ ਹਰ ਵਿਅਕਤੀ ਹੀ ਦੂਹਰੀ ਜ਼ਿੰਦਗੀ ਜਿਊਂਦਾ ਪ੍ਰਤੀਤ ਹੁੰਦਾ ਹੈ ਪਰ ਉਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ, ਪਤਾ ਨਹੀਂ ਲਗਦਾ ਕਿ ਸਾਰੀਆਂ ਵਲਗਣਾਂ ਨੂੰ ਤੋੜਦਿਆਂ ਉਸ ਦੇ ਅੰਦਰਲਾ ਜਾਨਵਰ ਕਦੋਂ ਜਾਗ ਜਾਵੇ:
ਵਣਾਂ ਤੋਂ ਆਦਮੀ ਤਬਦੀਲ ਹੋਇਆ ਹੈ ਘਰਾਂ ਅੰਦਰ,
ਪਿਆ ਬੰਦੇ 'ਚ ਪਰ ਆਬਾਦ ਜੰਗਲ ਜਾਪਦਾ ਹਾਲੇ।
ਪਲੇਠਾ ਗ਼ਜ਼ਲ-ਸੰਗ੍ਰਹਿ ਹੋਣ ਦੇ ਬਾਵਜੂਦ ਉਨ੍ਹਾਂ ਦੀ ਗ਼ਜ਼ਲ ਅੱਜਕਲ੍ਹ ਦੀ ਬਹੁਤੀ ਗ਼ਜ਼ਲਕਾਰੀ ਵਾਂਗ ਕੇਵਲ ਕਾਫ਼ੀਏ-ਰਦੀਫ਼ ਜਾਂ ਤੁਕਬੰਦੀ ਦੇ ਪੈਮਾਨਿਆਂ ਤੱਕ ਹੀ ਸੀਮਤ ਨਹੀਂ, ਬਲਕਿ ਸੁਹਜ ਅਤੇ ਚਿੰਤਨ ਭਰਪੂਰ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ, ਤਿੰਨ ਸੰਪਾਦਿਤ ਪੁਸਤਕਾਂ ਅਤੇ ਦੋ ਅਨੁਵਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਦੋ ਪੁਸਤਕਾਂ ਉਨ੍ਹਾਂ ਦੀ ਕਵਿਤਾ ਸੰਬੰਧੀ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਮੀਦ ਕਰਨੀ ਬਣਦੀ ਹੈ ਕਿ ਪਾਠਕ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਭਰਪੂਰ ਸਮਰਥਨ ਕਰਨਗੇ।


ਕਰਮ ਸਿੰਘ ਜ਼ਖ਼ਮੀ
ਮੋ: 98146-28027


ਹੱਸਦੇ ਹੱਸਦੇ ਕਿਵੇਂ ਜਿਉਂਈਏ?

ਲੇਖਕ : ਸਵੇਟ ਮਾਰਡਨ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 80
ਸੰਪਰਕ : 01679-241744.


ਸਵੇਟ ਮਾਰਡਨ ਅਮਰੀਕਾ ਦਾ ਅਜਿਹਾ ਹਾਂ-ਪੱਖੀ ਅਤੇ ਉਸਾਰੂ ਸੋਚ ਵਾਲਾ ਲੇਖਕ ਹੈ ਜੋ ਵਰਤਮਾਨ ਮਨੁੱਖ ਨੂੰ ਦੁੱਖ, ਦਰਦ, ਨਾ-ਉਮੀਦੀ, ਭੈਅ, ਨਿਰਾਸਤਾ ਜਿਹੀਆਂ ਅਲਾਮਤਾਂ ਵਿਚ ਘਿਰ ਜਾਣ 'ਤੇ ਉਤਸ਼ਾਹ, ਖੁਸ਼ੀ, ਧੀਰਜ, ਹੰਸੌੜ ਜੀਵਨ ਜਿਊਣ ਦੇ ਗੁਰ ਦੱਸਦਾ ਹੈ। 'ਹੱਸਦੇ ਹੱਸਦੇ ਕਿਵੇਂ ਜਿਉਂਈਏ' ਪੁਸਤਕ ਤੋਂ ਇਲਾਵਾ ਵੀ ਇਸੇ ਸ਼ੈਲੀ ਵਿਚ ਲਿਖੀਆਂ ਉਸ ਦੀ ਅਨੇਕਾਂ ਪੁਸਤਕਾਂ ਉਪਲਬਧ ਹਨ ਜੋ ਸਮੇਂ-ਸਮੇਂ ਸਾਰੀ ਦੁਨੀਆ ਵਿਚ 'ਬੈਸਟ ਸੈਲਰ' ਸਿੱਧ ਹੋਈਆਂ ਹਨ। ਹਥਲੀ ਪੁਸਤਕ ਦਾ ਅਨੁਵਾਦ ਵੀ ਸੁਖਪ੍ਰੀਤ ਦਾ ਕੀਤਾ ਹੋਇਆ ਹੈ ਜੋ ਬਹੁਤ ਸਰਲ ਅਤੇ ਰਵਾਂ ਹੈ। ਲੇਖਕ ਖ਼ੁਦ ਵੀ ਸਰਲ, ਸ਼ਬਦਾਵਲੀ ਰਾਹੀਂ ਆਪਣੀ ਗੱਲ ਕਹਿੰਦਾ ਹੈ। ਲੇਖਕ ਆਪ ਹੀ ਨਹੀਂ ਬੋਲਦਾ, ਸਗੋਂ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਦਾਰਸ਼ਨਿਕਾਂ, ਪ੍ਰਸਿੱਧ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਦੇ ਕਥਨਾਂ ਦਾ ਵੀ ਜ਼ਿਕਰ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਸਾਰੇ ਕਥਨ ਸਮੱਸਿਆ ਜਾਂ ਲੇਖ ਲਈ ਬਹੁਤ ਢੁਕਵੇਂ ਪ੍ਰਤੀਤ ਹੁੰਦੇ ਹਨ। ਕਈ-ਕਈ ਕਥਨ ਤਾਂ ਸਿਆਣੀਆਂ ਟੂਕਾਂ ਜਾਂ ਮੁਹਾਵਰੇ ਹੀ ਬਣ ਗਏ ਹਨ, ਜਿਵੇਂ ਵਪਾਰ ਦਾ ਸੰਸਾਰ ਅੜਚਨਾਂ ਨਾਲ ਟੁੱਟ ਜਾਂਦਾ ਹੈ, ਪਿਆਰ ਦੇਣਾ ਅਤੇ ਪਿਆਰ ਪਾਉਣਾ ਜੀਵਨ ਦਾ ਉੱਤਮ ਖਜ਼ਾਨਾ ਹੈ, ਜੋ ਦੂਜਿਆਂ ਦੇ ਜੀਵਨ ਲਈ ਸਹਾਇਕ ਹੁੰਦਾ ਹੈ, ਉਹ ਜੀਵਨ ਦਾ ਸਰਬੋਤਮ ਫਲ ਇਕੱਠਾ ਕਰ ਰਿਹਾ ਹੁੰਦਾ ਹੈ। ਲੇਖ ਨੂੰ ਰੌਚਕ ਬਣਾਉਣ ਲਈ ਲੇਖਕ ਛੋਟੀਆਂ-ਛੋਟੀਆਂ ਕਹਾਣੀਆਂ, ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕਰਨਾ ਨਹੀਂ ਭੁੱਲਦਾ, ਜਿਸ ਨਾਲ ਉਸ ਦੀ ਸ਼ੈਲੀ ਰਸਦਾਰ ਬਣਦੀ ਪ੍ਰਤੀਤ ਹੁੰਦੀ ਹੈ। ਦੁੱਖਾਂ ਅਤੇ ਔਕੜਾਂ 'ਚ ਘਿਰੇ ਮਨੁੱਖਾਂ ਜਾਂ ਪਰਿਵਾਰਾਂ ਲਈ ਅਜਿਹੀ ਪੁਸਤਕ ਪੜ੍ਹਨੀ ਰਾਮਬਾਣ ਤੇ ਔਸ਼ਧੀ ਸਿੱਧ ਹੋ ਸਕਦੀ ਹੈ।


ਕੇ.ਐਲ. ਗਰਗ
ਮੋ: 94635-37050
c c c


ਬਹੁਤ ਮਜ਼ਾ ਆਇਆ

ਲੇਖਿਕਾ : ਧੀਰਜ ਸ਼ਰਮਾ
ਅਨੁਵਾਦਕ : ਮਨੋਮਹਨ ਸਿੰਘ ਦਾਊਂ
ਪ੍ਰਕਾਸ਼ਕ : ਯੂਨੀਸਟਾਰ ਬੁਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 40
ਸੰਪਰਕ : 98151-23900.


'ਬਹੁਤ ਮਜ਼ਾ ਆਇਆ' ਧੀਰਜ ਸ਼ਰਮਾ ਦਾ ਬਾਲਾਂ ਲਈ ਲਿਖਿਆ ਬਹੁਤ ਹੀ ਪਿਆਰਾ ਸਿੱਖਿਆਦਾਇਕ ਅਤੇ ਮਨੋਵਿਗਿਆਨਕ ਨਾਵਲ ਹੈ। ਰੋਹਿਤ ਅਤੇ ਉਨ੍ਹਾਂ ਦੀ ਧਰਮ ਪਤਨੀ ਆਪਣੇ ਬੱਚਿਆਂ ਸਮੇਤ ਦਿੱਲੀ ਸ਼ਹਿਰ ਵਿਚ ਰਹਿ ਰਹੇ ਹਨ ਜਦੋਂ ਕਿ ਉਨ੍ਹਾਂ ਦਾ ਪਿਛੋਕੜ ਹਿਮਾਚਲ ਪ੍ਰਦੇਸ਼ ਦੇ ਬਹੁਤ ਪਿਆਰੇ ਇਕ ਪਹਾੜੀ ਪਿੰਡ ਦਾ ਹੈ। ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਪਿੰਡ ਵਿਚ ਰਹਿੰਦੇ ਹਨ। ਪਰ ਇਸ ਵਾਰ ਰੋਹਿਤ ਨੇ ਛੁੱਟੀਆਂ ਵਿਚ ਆਪਣੇ ਪੁੱਤਰ ਕੁਸ਼ੂ ਅਤੇ ਬੇਟੀ ਕਾਸ਼ਨੀ ਨੂੰ ਪਿੰਡ ਲਿਜਾਣ ਦਾ ਪ੍ਰੋਗਰਾਮ ਬਣਾ ਲਿਆ ਸੀ। ਬੱਚੇ ਪਹਿਲਾਂ ਮੰਨ ਨਹੀਂ ਸਨ ਰਹੇ। ਰੋਹਿਤ ਨੇ ਦਾਦਾ-ਦਾਦੀ ਦੇ ਯਾਦ ਕਰਨ ਦੀ ਗੱਲ ਕਰਕੇ ਅਤੇ ਪਿੰਡਾਂ ਦੇ ਸ਼ੁੱਧ ਵਾਤਾਵਰਨ, ਹਰਿਆਲੀ, ਕਲ-ਕਲ ਕਰਦੇ ਝਰਨੇ, ਨਦੀਆਂ, ਪਹਾੜ, ਸੁੰਦਰ ਕੁਦਰਤੀ ਨਜ਼ਾਰੇ ਦੱਸ ਕੇ ਉਨ੍ਹਾਂ ਨੂੰ ਤਿਆਰ ਕਰ ਲਿਆ ਸੀ। ਜਦੋਂ ਉਹ ਪਿੰਡ ਗਏ ਤਾਂ ਦਾਦਾ-ਦਾਦੀ ਨੇ ਉਨ੍ਹਾਂ ਨੂੰ ਲੋਹੜੇ ਦਾ ਪਿਆਰ ਦਿੱਤਾ ਅਤੇ ਰਾਤ ਸਮੇਂ ਬਹੁਤ ਹੀ ਪਿਆਰੀਆਂ ਬਾਤਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦਾਦਾ ਜੀ ਨੇ ਸਵੇਰੇ ਸੈਰ ਕਰਨ ਉਨ੍ਹਾਂ ਨੂੰ ਨਾਲ ਲੈ ਜਾਣਾ, ਉਥੇ ਰੰਗ-ਬਰੰਗੇ ਫੁੱਲ ਬੂਟੇ, ਬਾਗ ਬਗੀਚੇ, ਝਰਨੇ ਅਤੇ ਨਦੀਆਂ ਆਦਿ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ, ਨਾਲੋ-ਨਾਲ ਪਹਾੜੀ ਲੋਕਾਂ ਦੇ ਜੀਵਨ ਅਤੇ ਰਸਮੋਂ ਰਿਵਾਜਾਂ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਸੀ। ਖਾਣ-ਪੀਣ ਲਈ ਤਰੋਤਾਜ਼ੇ ਫਲ, ਫਰੂਟ ਅਤੇ ਸਬਜ਼ੀਆਂ ਖੁਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੋਰ ਇਤਹਿਾਸਕ ਥਾਵਾਂ ਵਿਖਾਉਣੀਆਂ ਅਤੇ ਉਨ੍ਹਾਂ ਬਾਰੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹੀ ਬੱਚੇ ਜੋ ਆਉਣ ਤੋਂ ਪਹਿਲਾਂ ਉਦਾਸ ਸਨ, ਹੁਣ ਉਨ੍ਹਾਂ ਦਾ ਐਨਾ ਜੀਅ ਲੱਗ ਚੁੱਕਾ ਸੀ ਕਿ ਉਨ੍ਹਾਂ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ। ਉਥੇ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਵੀ ਬਣ ਗਏ ਸਨ। ਬਿਰਧ ਬਜ਼ੁਰਗ ਸਾਡੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਪਹਿਰੇਦਾਰ ਹੁੰਦੇ ਹਨ। ਉਹ ਨਵੀਂ ਪੀੜ੍ਹੀ ਨੂੰ ਆਪਣਾ ਗਿਆਨ ਦੇ ਕੇ ਸਾਡੇ ਅਮੀਰ ਵਿਰਸੇ ਨਾਲ ਜੋੜਦੇ ਹਨ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਦਾਦੀ ਜੋ ਪਿਛਲੇ ਕਈ ਮਹੀਨਿਆਂ ਤੋਂ ਮੰਜੇ 'ਤੇ ਪਈ ਸੀ, ਉਹ ਬੱਚਿਆਂ ਤੋਂ ਮਿਲੇ ਪਿਆਰ ਸਤਿਕਾਰ ਸਦਕਾ ਨੌਂ-ਬਰ-ਨੌਂ ਹੋ ਗਈ ਸੀ। ਜੇਕਰ ਸਾਰੇ ਬੱਚੇ ਆਪਣੇ ਬਜ਼ੁਰਗਾਂ ਨੂੰ ਇਸੇ ਤਰ੍ਹਾਂ ਹੀ ਮਾਣ-ਸਤਿਕਾਰ ਦੇਣ ਤਾਂ ਉਨ੍ਹਾਂ ਦੇ ਅਨੁਭਵ ਅਤੇ ਗਿਆਨ ਤੋਂ ਲਾਹਾ ਲੈ ਸਕਦੇ ਹਨ। ਮੈਂ ਲੇਖਿਕਾ ਧੀਰਜ ਸ਼ਰਮਾ ਅਤੇ ਮਨਮੋੋਹਨ ਦਾਊਂ ਨੂੰ ਬਾਲਾਂ ਲਈ ਲਿਖੇ ਬਹੁਤ ਹੀ ਸ਼ਾਨਦਾਰ ਨਾਵਲ ਲਈ ਮੁਬਾਰਕਬਾਦ ਦਿੰਦਾ ਹਾਂ।


ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.


...ਤੇ ਕਲਮ ਲਿਖਦੀ ਰਹੀ

ਲੇਖਿਕਾ : ਇੰਦਰਜੀਤ ਕੌਰ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 95011-45039.


ਇੰਦਰਜੀਤ ਕੌਰ ਸਿੱਧੂ ਨੇ ਅਨੇਕਾਂ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾਏ ਹਨ। ਉਸ ਦੀ ਜ਼ਿਕਰਯੋਗ ਪੁਸਤਕ ਵਾਰਤਕ ਦੀ ਪੁਸਤਕ ਹੈ, ਜਿਸ ਨੂੰ ਪੜ੍ਹ ਕੇ ਇਹ ਅੰਦਾਜ਼ਾ ਸੌਖਿਆਂ ਹੀ ਲੱਗ ਜਾਂਦਾ ਹੈ ਕਿ ਲੇਖਿਕਾ ਬੜੀ ਨਿਡਰ, ਨਿਧੜਕ ਤੇ ਬੁਲੰਦ ਹੌਸਲੇ ਵਾਲੀ ਲੇਖਿਕਾ ਹੈ। 'ਸੰਘਰਸ਼ ਦੇ ਵਰ੍ਹੇ' ਵਿਚ ਉਸ ਨੇ ਚੋਟੀ ਦੀਆਂ ਅਖ਼ਬਾਰਾਂ ਨੂੰ ਵੀ ਬੇਪਰਦ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ। ਉਸ ਨੇ ਨਿਡਰ ਹੋ ਕੇ ਪੱਤਰਕਾਰੀ ਬਾਰੇ ਵੀ ਖੂਬ ਲਿਖਿਆ ਹੈ, ਜੋ ਸੱਚ ਦੇ ਨੇੜੇ-ਤੇੜੇ ਹੈ। ਦਰਦਾਂ ਦੀ ਦਾਸਤਾਨ ਹਰ ਪਾਠਕ ਨੂੰ ਧੁਰ ਤੱਕ ਹਲੂਣਦੀ ਹੈ। ਬਦਲਦੇ ਮੌਸਮ ਵਿਚ ਉਹ ਇਹ ਮਹਿਸੂਸਦੀ ਹੋਈ ਲਿਖਦੀ ਹੈ ਕਿ ਸਮੇਂ ਦੀ ਹਿੱਕ 'ਤੇ ਨੀਲਾ ਤਾਰਾ ਸਾਕਾ ਉਕਰਿਆ ਗਿਆ। ...ਲੇਖਿਕਾ ਨੇ ਸਾਰੇ ਦਰਦ ਦਾ ਮੰਜਰ ਅੱਖੀਂ ਦੇਖਿਆ ਤੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ। ...ਪੱਤਰਕਾਰੀ ਅੱਥਰੇ ਘੋੜੇ ਦੀ ਸਵਾਰੀ ਨਹੀਂ, ਸਹੀ ਟਕੋਰ ਹੈ। ਕੈਨੇਡੀਅਨ ਪੰਜਾਬੀ ਬੱਚੇ ਵਿਚ ਬੱਚਿਆਂ ਦਾ ਕਲਚਰ ਲੇਖਿਕਾ ਦੀਆਂ ਪ੍ਰਧਾਨਗੀਆਂ ਦਾ ਜ਼ਿਕਰ, ਨੇਤਾਵਾਂ ਦੀਆਂ ਸਿਆਸੀ ਰੋਟੀਆਂ ਸੇਕਣ ਦੀਆਂ ਚਾਲਾਂ ਦਾ ਬਾਖੂਬੀ ਨਾਲ ਜ਼ਿਕਰ ਕੀਤਾ ਹੈ।
ਬਲਦੇਵ ਸੜਕਨਾਮਾ ਨੂੰ ਵਿਵਾਦਿਤ ਪੁਸਤਕ ਦੇ ਇਨਾਮ ਲਈ ਚੁਣਿਆ ਜਾਣਾ ਆਦਿ ਘਟਨਾ ਬਾਰੇ ਨਿਡਰ ਹੋ ਕੇ ਲਿਖਣਾ ਬੜੇ ਹੌਸਲੇ ਦੀ ਗੱਲ ਹੈ। ਪੁਸਤਕ ਦੇ ਦੂਜੇ ਭਾਗ ਵਿਚ ਲੇਖਿਕਾ ਨੇ ਅਲੱਗ ਵਿਸ਼ਿਆਂ ਨੂੰ ਛੋਹਿਆ ਹੈ ਜੋ ਬੜਾ ਦਿਲਚਸਪ ਹੈ। ਉਸ ਦੇ ਇਸ ਉੱਦਮ ਦੀ ਜਿੰਨੀ ਵੀ ਤਾਰੀਫ਼ ਕਰੋ ਘੱਟ ਹੈ, ਜਿਸ ਲਈ ਉਹ ਵਧਾਈ ਦੀ ਪਾਤਰ ਹੈ।


ਡੀ. ਆਰ. ਬੰਦਨਾ
ਮੋ: 94173-89003
c c c


ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਹੋਰ ਲੇਖ

ਲੇਖਕ : ਡਾ. ਜਾਗੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 147
ਸੰਪਰਕ : 98140-53630.


ਹਥਲੀ ਪੁਸਤਕ ਦੇ ਲੇਖਕ ਪੰਜ ਪੁਸਤਕਾਂ ਪਾਠਕਾਂ ਨੂੰ ਦੇ ਚੁੱਕੇ ਹਨ। ਅਰਬਦ ਨਰਬਦ ਤੋਂ ਪਹਿਲਾਂ ਵੀ ਸੰਗੀਤ ਸੁਜੀਵ ਹੋਂਦ ਵਿਚ ਕ੍ਰਿਆਸ਼ੀਲ ਸੀ। ਪਰਾਲੌਕਿਕ ਵਿਚ ਸੰਗੀਤ ਵਿਆਪਕ ਹੈ। ਲੌਕਿਕ ਪਸਾਰਾ ਵੀ ਲੈਆਤਮਕ ਹੈ। ਸੰਗੀਤ ਦਾ ਸ੍ਵਣ ਸੂਖਸ਼ਮ ਤੌਰ 'ਤੇ ਮਨੁੱਖੀ ਹਿਰਦੇ ਵਿਚ ਕੋਮਲਤਾ, ਨਿਰਮਲਤਾ, ਅਨੁਰਾਗ ਅਤੇ ਵੈਰਾਗ ਪੈਦਾ ਕਰਨ ਵਿਚ ਵਿਸ਼ੇਸ਼ ਤੌਰ 'ਤੇ ਸ਼ੁੱਧ ਉੱਚਤਮ ਹੈ।
ਸੰਗੀਤ ਵਾਹਿਗੁਰੂ ਦੀ ਅਗੰਮੀ ਅਤੇ ਅਦੁੱਤੀ ਦਾਤ ਹੈ। ਵਾਹਿਗੁਰੂ ਸੰਗੀਤ ਵਿਚ ਸਮਾਹਤ-ਵਿਲੀਨ ਹੈ। ਸੁਰ ਵਿਚ ਇਕਾਗਰ ਹਿਰਦਾ ਵਾਹਿਗੁਰੂ ਲਈ ਆਦੇਸ਼ ਹੈ। ਇਸ ਆਦੇਸ਼ ਸਦਕਾ ਵਾਹਿਗੁਰੂ ਗਾਇਨ ਕਰਤਾ ਤੇ ਰਹਿਮੋ-ਕਰਮ ਕਰਦਾ ਸੁਰ ਅਤੇ ਕੰਠ ਵਿਚ ਪ੍ਰਕਾਸ਼ ਦਾ ਸੰਚਾਰ ਕਰਦਾ ਹੈ। ਸੁਰੀਲੀ ਆਵਾਜ਼ ਰੱਬ ਦੀ ਬੰਦਗੀ ਹੈ। ਇਹ ਕਿਸੇ ਸੁਭਾਗੇ ਜੀਵ ਦਾ ਵਿਰਲਾ, ਟਾਵਾਂ-ਟਾਵਾਂ ਹਿੱਸਾ ਅਤੇ ਕਮਾਈ ਹੁੰਦੀ ਹੈ। ਸਭਨਾਂ ਲਲਿਤ ਕਲਾਵਾਂ ਵਿਚੋਂ ਸੰਗੀਤ ਪ੍ਰਥਮ ਸ਼੍ਰੋਮਣੀ ਅਤੇ ਸ੍ਰੇਸ਼ਠ ਹੈ। ਸੰਗੀਤ ਜਿਥੇ ਆਤਮਿਕ ਤਸਕੀਨ ਪ੍ਰਦਾਨ ਕਰਦਾ ਹੈ, ਉਥੇ ਮਨ ਅਤੇ ਸਰੀਰ ਵਿਚ ਊਰਜਾ ਵੀ ਪ੍ਰਵਲਤ ਕਰਦਾ ਹੈ। ਸੰਗੀਤ ਸੁਣਦਿਆਂ ਹੀ ਹਿਰਦਾ ਨਿਰਮਲ ਅਤੇ ਕੋਮਲ, ਸੂਖਸ਼ਮ ਹੋ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦੇ ਸੁਰੀਲੇ ਸਾਥ ਵਿਚ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਰਬਾਬ ਅਤੇ ਇਲਾਹੀ ਬਾਣੀ ਨਾਲ ਕੁਰਾਹ ਅਤੇ ਕੁਚੱਜ ਤੋਂ ਸ਼ੁਧ ਰਾਹਾਂ 'ਤੇ ਚੱਲਣ ਲਈ ਉਪਦੇਸ਼ ਭਰੀ ਆਤਮਿਕ ਘਾਲਣਾ ਘਾਲੀ। ਸੁੰਨ ਬੀਆਬਾਨਾਂ ਅਤੇ ਬਿਖ਼ਮ ਪੰਧ 'ਤੇ ਚਲਦਿਆਂ ਜੰਗਲਾਂ ਵਿਚ ਨਿਵਾਸ ਕਰਕੇ, ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਧੁਰ ਕੀ ਬਾਣੀ ਦਾ ਪ੍ਰਸਾਦਿ ਵੰਡਿਆ। ਭਾਈ ਮਰਦਾਨਾ ਰਬਾਬ ਦੇ ਅੰਗ-ਸੰਗ ਰਿਹਾ।
ਹਥਲੀ ਪੁਸਤਕ ਦੇ ਲੇਖਕ ਡਾ. ਜਾਗੀਰ ਸਿੰਘ ਵਲੋਂ ਵੱਖ-ਵੱਖ ਸਮੇਂ ਲਿਖੇ ਅਤੇ ਪ੍ਰਕਾਸ਼ਿਤ ਹੋਏ ਲੇਖਾਂ ਦਾ ਇਕ ਸੰਕਲਨ ਹੈ। ਇਸ ਵਿਚ ਦੱਸ ਲੇਖ, ਗੁਰਮਤਿ ਸੰਗੀਤ ਵਿਚ ਰਬਾਬੀ ਪਰੰਪਰਾ ਅਤੇ ਪੰਜ ਲੇਖ ਸਿੱਖ ਸਰੋਕਾਰਾਂ ਨਾਲ ਸੰਬੰਧਿਤ ਹਨ। ਪੁਸਤਕ ਵਿਚ ਕਿਵੇਂ ਹਜਰਤ ਮੁਹੰਮਦ ਤੋਂ ਰਬਾਬ ਸੰਗੀਤ ਦਾ ਅੰਗ ਬਣੀ ਅਤੇ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਰਾਹੀਂ ਇਹ ਸਾਜ ਨੂੰ ਸਿਖਰੇ ਪੁਚਾ ਦਿੱਤਾ ਦਾ ਬਖੂਬੀ ਵਰਨਣ ਹੈ। ਫਰੀਦ ਬਾਣੀ ਦੀ ਪਿੱਠਭੂਮੀ ਉਤੇ ਕੇਵਲ ਸੂਫੀ ਸੰਗੀਤ ਦੀ ਪਰੰਪਰਾ ਹੀ ਮੌਜੂਦ ਨਹੀਂ ਸਗੋਂ ਇਸ ਉਤੇ ਹਿੰਦੁਸਤਾਨੀ ਸੰਗੀਤ ਦੀ ਕੇਂਦਰੀ ਪਰੰਪਰਾ ਦਾ ਪ੍ਰਭਾਵ ਉਜਾਗਰ ਹੁੰਦਾ ਹੈ। ਬਾਣੀ ਦੀ ਵਿਸ਼ੇਸ਼ ਸੰਗੀਤਕ ਰਵਾਨਗੀ, ਸੰਗੀਤਕ ਕਾਇਆ, ਰਾਗ, ਗਾਇਨ ਸ਼ੈਲੀ ਆਦਿ ਅਜਿਹੇ ਮੌਲਿਕ ਤੇ ਵਿਲੱਖਣ ਤੱਤ ਹਨ। ਇਸ ਪੁਸਤਕ ਵਿਚ ਲੇਖਕ ਨੇ ਦਸਮ ਗੁਰੂ ਪਾਤਸ਼ਾਹ ਤੱਕ ਚੱਲੀ ਆਉਂਦੀ ਰਬਾਬ ਪਰੰਪਰਾ ਦਾ ਖੂਬਸੂਰਤੀ ਨਾਲ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇ ਨਾਲ ਗੁਰਬਾਣੀ ਦੀਆਂ ਪੋਥੀਆਂ ਤੇ ਕੀਰਤਨ ਲਈ ਰਬਾਬੀ ਭਾਈ ਬਲਵੰਡ ਦੀ ਸੌਂਪਣਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਗੁਰਆਈ ਕਾਲ ਵਿਚ ਗੋਇੰਦਵਾਲ ਵਿਖੇ ਰਬਾਬੀਆਂ ਦੇ ਕੀਰਤਨ ਕਰਨ ਦਾ ਜ਼ਿਕਰ ਹੈ। ਗੁਰੂ ਰਾਮਦਾਸ ਜੀ ਵੇਲੇ ਗੁਰੂ ਘਰ ਵਿਚ ਰਾਗਮਈ ਕੀਰਤਨ ਪਰੰਪਰਾ ਦਾ ਪ੍ਰਚਲਨ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਦਿ ਗ੍ਰੰਥ ਦੇ ਪ੍ਰਕਾਸ਼ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਬਦ ਕੀਰਤਨ ਦੀ ਮਰਯਾਦਾ ਦਾ ਅਰੰਭ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ ਦਰ<


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX