JALANDHAR WEATHER

ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਨਿਆਰੀ ਕੌਮ ਹੈ- ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 29 ਮਾਰਚ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਯੂ.ਕੇ. ਵਿਚ ਕੁਝ ਸਕੂਲਾਂ ਦੇ ਧਾਰਮਿਕ ਸਿੱਖਿਆ ਦੇ ਪਾਠਕ੍ਰਮ ਵਿਚ ਤਾਲਿਬਾਨ ਅਤੇ ਕੂ ਕਲੱਕਸ ਕਲੈਨ ਵਰਗੇ ਕੱਟੜਵਾਦੀ ਸਮੂਹਾਂ ਦੇ ਨਾਲ ਸਿੱਖੀ ਸਰੂਪ ਵਾਲੀਆਂ ਤਸਵੀਰਾਂ ਲਾਏ ਜਾਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੀ ਪੂਰੀ ਦੁਨੀਆ ਤੋਂ ਵੱਖਰੀ ਅਤੇ ਨਿਆਰੀ ਕੌਮ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਯੂ.ਕੇ. ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖੀ ਸਰੂਪ ਨੂੰ ਤਾਲਿਬਾਨ ਦੇ ਨਾਲ ਜੋੜ ਕੇ ਵਿਖਾਏ ਜਾਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਬੁਰੀ ਤਰ੍ਹਾਂ ਵਲੂੰਧਰੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਬੇਸ਼ੱਕ ਯੂ.ਕੇ. ਦੇ ਸਿੱਖਾਂ ਵਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ ‘ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ’ ਵਲੋਂ ਆਪਣੀ ਗਲਤੀ ਲਈ ਮਾਫ਼ੀ ਮੰਗਦਿਆਂ ਇਤਰਾਜ਼ਯੋਗ ਤਰੀਕੇ ਨਾਲ ਲਾਈ ਤਸਵੀਰ ਨੂੰ ਹਟਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਕਿਸੇ ਭੁਲੇਖੇ ਜਾਂ ਗ਼ਲਤੀ ਨਾਲ ਵੀ ਕਿਸੇ ਸਿੱਖ ਦੀ ਤਸਵੀਰ ਨੂੰ ਉਨ੍ਹਾਂ ਸਮੂਹਾਂ ਦੇ ਨਾਲ ਦਿਖਾਇਆ ਜਾਣਾ, ਜਿਨ੍ਹਾਂ ਨੂੰ ਅੱਤਵਾਦ ਅਤੇ ਕਤਲੇਆਮ ਵਰਗੇ ਵਰਤਾਰਿਆਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਸਿਰਫ ਬੇਬੁਨਿਆਦ ਕਾਰਵਾਈ ਹੀ ਨਹੀਂ, ਬਲਕਿ ਇਹ ਸਿੱਖ ਵਿਰੋਧੀ ਕੱਟੜਤਾ ਦਾ ਖ਼ਤਰਨਾਕ ਰੂਪ ਹੈ, ਜੋ ਵਿਸ਼ਵ-ਵਿਆਪੀ ਸਿੱਖ ਕੌਮ ਦੇ ਭਵਿੱਖ ‘ਤੇ ਦੂਰਗਾਮੀ ਮਾੜੇ ਪ੍ਰਭਾਵ ਪਾਉਂਦੀ ਹੈ। ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਭਾਰਤ ਸਥਿਤ ਯੂ.ਕੇ. ਦੂਤਾਵਾਸ ਅਤੇ ਭਾਰਤੀ ਵਿਦੇਸ਼ ਮੰਤਰਾਲੇ ਰਾਹੀਂ ਯੂ.ਕੇ. ਸਰਕਾਰ ਨਾਲ ਸੰਪਰਕ ਕਰਕੇ ਉਸ ਤੱਕ ਸਿੱਖ ਭਾਵਨਾਵਾਂ ਪਹੁੰਚਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਰੂਪ ਵਿਚ ਸਿੱਖਾਂ ਨੂੰ ਕਿਸੇ ਵੀ ਇਹੋ ਜਿਹੀ ਕਾਰਵਾਈ ਦੇ ਨਾਲ ਨਾ ਜੋੜਿਆ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ