JALANDHAR WEATHER

ਗਿਆਨੀ ਰਘਬੀਰ ਸਿੰਘ ਵਲੋਂ ਅੰਮ੍ਰਿਤਾ ਵੜਿੰਗ ਨੂੰ ਤਾੜਨਾ, ਕਿਹਾ ਜਲਦ ਕਰੇ ਪਛਚਾਤਾਪ

ਅੰਮ੍ਰਿਤਸਰ, 30 ਅਪ੍ਰੈਲ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਕਹਿਣ ਦਾ ਸਖ਼ਤ ਨੋਟਿਸ ਲੈਂਦਿਆਂ ਤਾੜਨਾ ਕੀਤੀ ਹੈ ਕਿ ਸਿਆਸੀ ਆਗੂਆਂ ਵਲੋਂ ਰਾਜਨੀਤਕ ਹਿਤਾਂ ਲਈ ਗੁਰੂ ਸਾਹਿਬਾਨ ਦੇ ਨਾਵਾਂ ਅਤੇ ਧਾਰਮਿਕ ਚਿੰਨ੍ਹਾਂ ਦੀ ਵਰਤੋਂ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਅਕਾਲ ਤਖ਼ਤ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਹਨ ਕਿ ਕਾਂਗਰਸ ਆਗੂ ਅੰਮ੍ਰਿਤਾ ਵੜਿੰਗ ਵਲੋਂ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾ ਆਖ ਕੇ ਵੋਟਾਂ ਦੀ ਮੰਗ ਕੀਤੀ ਗਈ ਹੈ, ਜਿਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਸਿੱਖ ਇਹ ਕਦੇ ਵੀ ਨਹੀਂ ਭੁੱਲ ਸਕਦੇ ਕਿ ਪੰਜਾ ਉਸ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ਹੈ, ਜਿਸ ਨੇ ਅਬਦਾਲੀਆਂ ਤੋਂ ਬਾਅਦ ਸਿੱਖਾਂ ਦੀ ਭਗਤੀ-ਸ਼ਕਤੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਤੇ ਟੈਂਕਾਂ ਦੇ ਨਾਲ ਹਮਲਾ ਕੀਤਾ ਸੀ ਅਤੇ 1978 ਤੋਂ 1995 ਤੱਕ ਸਿੱਖ ਨਸਲਕੁਸ਼ੀ ਕਰਕੇ ਲੱਖਾਂ ਬੇਦੋਸ਼ੇ ਤੇ ਨਿਹੱਥੇ ਸਿੱਖ ਨੌਜਵਾਨਾਂ ਦੇ ਖੂਨ ਵਿਚ ਕਾਂਗਰਸ ਦਾ ਪੰਜਾ ਰੰਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਵਲੋੰ ਆਪਣੇ ਰਾਜਨੀਤਕ ਮਨੋਰਥ ਲਈ ਗੁਰੂ ਸਾਹਿਬਾਨ ਦੇ ਨਾਵਾਂ ਜਾਂ ਧਾਰਮਿਕ ਚਿੰਨ੍ਹਾਂ ਦੀ ਦੁਰਵਰਤੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅੰਮ੍ਰਿਤਾ ਵੜਿੰਗ ਤੁਰੰਤ ਆਪਣੀ ਗਲਤੀ ਲਈ ਪਛਚਾਤਾਪ ਕਰੇ ਅਤੇ ਸਿਆਸੀ ਪ੍ਰਚਾਰ ਲਈ ਅਜਿਹੇ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ