ਖਮਾਣੋ : ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
ਖਮਾਣੋ, 5 ਮਈ (ਮਨਮੋਹਨ ਸਿੰਘ ਕਲੇਰ)-ਅੱਜ ਸ਼ਾਮ ਸਮੇਂ ਖਮਾਣੋ ਪੁਲਿਸ ਨੇ ਨਗਰ ਪੰਚਾਇਤ ਦੇ ਸ਼ਮਸ਼ਾਨਘਾਟ ਵਿਖੇ ਸਥਿਤ ਗੁਸਲਖਾਨਿਆਂ ਵਿਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਦੱਸਣ ਅਨੁਸਾਰ ਉਕਤ ਨੌਜਵਾਨ ਨੇ ਆਪਣੀ ਬਾਂਹ ਵਿਚ ਟੀਕਾ ਲਗਾਇਆ ਹੋਇਆ ਸੀ। ਇਸ ਬਾਰੇ ਪੁਲਿਸ ਨੂੰ ਕੁਝ ਨੌਜਵਾਨਾਂ ਨੇ ਜਦੋਂ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਗੁਸਲਖਾਨੇ ਦੇ ਦਰਵਾਜ਼ੇ ਦਾ ਕੁੰਡਾ ਜੋ ਅੰਦਰੋਂ ਲਗਾਇਆ ਹੋਇਆ ਸੀ, ਉਸ ਨੂੰ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ, ਜਿਸ ਦੀ ਪਛਾਣ ਲਈ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਰਖਵਾਇਆ ਗਿਆ ਹੈ। ਥਾਣਾ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਦੀ 5 ਤੋਂ 7 ਘੰਟੇ ਪਹਿਲਾਂ ਮੌਤ ਹੋਈ ਜਾਪਦੀ ਹੈ। ਮ੍ਰਿਤਕ ਦਾ ਇਕ ਮੋਟਰਸਾਈਕਲ ਵੀ ਮਿਲਿਆ ਹੈ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਰੂਪਨਗਰ ਦਾ ਹੈ। ਉਨ੍ਹਾਂ ਨਸ਼ੇ ਨਾਲ ਹੋਈ ਮੌਤ ਨੂੰ ਨਕਾਰਿਆ ਹੈ ਤੇ ਪੋਸਟਮਾਰਟਮ ਉਪਰੰਤ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗਣ ਬਾਰੇ ਕਿਹਾ ਹੈ।