ਅੱਜ ਸਮਾਜ, ਸਿਆਸਤ ਅਤੇ ਹੋਰ ਅਨੇਕਾਂ ਖੇਤਰਾਂ ਵਿਚ ਜਿਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ, ਉਸ ਨੂੰ ਵੇਖਦਿਆਂ ਬਹੁਤੀ ਵਾਰ ਨਿਰਾਸ਼ਾ ਹੁੰਦੀ ਹੈ। ਵੱਡੀ ਹੱਦ ਤੱਕ ਸਮਾਜਿਕ ਰਿਸ਼ਤੇ ਤਿੜਕਦੇ ਜਾ ਰਹੇ ਹਨ ਅਤੇ ਸਿਆਸਤ ਵਿਚ ਗੰਧਲਾਪਨ ਆਇਆ ਦਿਖਾਈ ਦਿੰਦਾ ਹੈ। ਭਾਵੇਂ ਕਿ ਅਜਿਹੇ ਸਮੇਂ ਵਿਚ ਵੀ ਬਹੁਤ ਸਾਰੀਆਂ ਉਤਸ਼ਾਹ ਦੇਣ ਵਾਲੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਇਹ ਹੌਸਲਾ ਵੀ ਪੈਦਾ ਕਰਦੀਆਂ ਹਨ ਪਰ ਵੱਡੀ ਹੱਦ ਤੱਕ ਮਨੁੱਖੀ ਕਦਰਾਂ-ਕੀਮਤਾਂ ਦੇ ਰਸਾਤਲ ਵੱਲ ਜਾਣ, ਰਿਸ਼ਤਿਆਂ ਵਿਚ ਤਿੜਕਣ ਪੈਦਾ ਹੋਣ ਅਤੇ ਸਮਾਜ ਵਿਚ ਅਨੇਕਾਂ ਤਰ੍ਹਾਂ ਦੀਆਂ ਵੰਡੀਆਂ ਦੇ ਉੱਭਰਨ ਨੇ ਸਾਡੇ ਸਾਹਮਣੇ ਛੋਟੇ-ਵੱਡੇ ਅਤੇ ਬੇਹੱਦ ਗੰਭੀਰ ਮਸਲੇ ਲਿਆ ਖੜ੍ਹੇ ਕੀਤੇ ਹਨ।
ਅੱਜ ਜਾਤ ਬਿਰਾਦਰੀਆਂ ਦਾ ਬੋਲਬਾਲਾ ਹੈ, ਜਿਨ੍ਹਾਂ ਵਿਚ ਮਨੁੱਖ ਆਪਣੀ ਪਛਾਣ ਭੁੱਲਦਾ ਜਾ ਰਿਹਾ ਹੈ। ਅਜਿਹੇ ਮਾਹੌਲ ਵਿਚ ਵਿਅਕਤੀ ਆਸਰਾ ਭਾਲਦਾ ਹੈ। ਅਖੀਰ ਉਸ ਦੀ ਟੇਕ ਅਦਾਲਤਾਂ 'ਤੇ ਆ ਟਿਕਦੀ ਹੈ। ਇਸ ਲਈ ਭਾਰਤੀ ਲੋਕਤੰਤਰ ਵਿਚ ਅਦਾਲਤਾਂ ਦਾ ਮਜ਼ਬੂਤ ਹੋਣਾ ਅਤੇ ਇਨ੍ਹਾਂ ਦੀ ਵਿਸ਼ਵਾਸਯੋਗਤਾ ਕਾਇਮ ਰਹਿਣੀ ਬੇਹੱਦ ਜ਼ਰੂਰੀ ਹੈ। ਵੱਡੇ-ਛੋਟੇ ਫ਼ੈਸਲਿਆਂ ਨੂੰ ਤਦੇ ਹੀ ਸਹੀ ਠਹਿਰਾਇਆ ਜਾ ਸਕਦਾ ਹੈ ਜੇ ਅਦਾਲਤਾਂ ਦੀ ਭਰੋਸੇਯੋਗਤਾ ਬਣੀ ਰਹੇਗੀ। ਜੇਕਰ ਰਿਸ਼ਤੇ ਤਿੜਕਦੇ ਹਨ, ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠਦਾ ਹੈ ਤਾਂ ਅਦਾਲਤਾਂ ਦਾ ਸਹਾਰਾ ਹੀ ਮਨੁੱਖ ਦੇ ਡਿਗਦੇ ਵਿਸ਼ਵਾਸ ਨੂੰ ਸਹਾਰਾ ਦੇਣ ਲਈ ਜ਼ਰੂਰੀ ਹੁੰਦਾ ਹੈ। ਸਮੇਂ ਦੇ ਬੀਤਣ ਨਾਲ ਭਾਰਤੀ ਨਿਆਂ ਪ੍ਰਣਾਲੀ ਮਜ਼ਬੂਤ ਹੋਈ ਹੈ। ਇਸ 'ਤੇ ਵਿਸ਼ਵਾਸ ਬੱਝਦਾ ਹੈ ਪਰ ਇਸ ਸਮੇਂ ਇਸ ਅੰਦਰਲੀਆਂ ਊਣਤਾਈਆਂ ਅਤੇ ਸੀਮਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਉਪਚਾਰ ਕਰਨਾ ਵੀ ਨਿਹਾਇਤ ਜ਼ਰੂਰੀ ਹੈ, ਤਾਂ ਜੋ ਲੋਕਤੰਤਰ ਦਾ ਇਹ ਮਜ਼ਬੂਤ ਥੰਮ੍ਹ ਇਸ ਪ੍ਰਬੰਧ ਲਈ ਇਕ ਵੱਡਾ ਸਹਾਰਾ ਬਣ ਸਕੇ। ਸਮੇਂ-ਸਮੇਂ ਉੱਚ ਅਦਾਲਤਾਂ ਦੇ ਫ਼ੈਸਲੇ ਦੇਸ਼ ਵਾਸੀਆਂ ਲਈ ਮਿਸਾਲੀ ਸਾਬਤ ਹੁੰਦੇ ਹਨ ਜੋ ਘਟਨਾਕ੍ਰਮ ਨੂੰ ਮੋੜ ਦੇਣ ਵਾਲੇ ਵੀ ਅਤੇ ਸਮਾਜ ਨੂੰ ਦਿਸ਼ਾ ਪ੍ਰਦਾਨ ਕਰਨ ਵਾਲੇ ਵੀ ਹੋ ਸਕਦੇ ਹਨ। ਅੱਜ ਸਾਰੀਆਂ ਅਦਾਲਤੀ ਸੀਮਾਵਾਂ ਦੇ ਬਾਵਜੂਦ ਲੋਕ ਸਮਾਜ ਹਿਤੂ ਫ਼ੈਸਲੇ ਸੁਣਨ ਲਈ ਤਤਪਰ ਰਹਿੰਦੇ ਹਨ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਐਨ. ਵੀ. ਰਾਮੰਨਾ ਨੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੂੰ ਨਮੂਨੇ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਅੱਜ ਦੀ ਸਿਆਸਤ ਨੂੰ ਵੇਖਦਿਆਂ ਹੀ ਜਸਟਿਸ ਰਾਮੰਨਾ ਨੇ ਇਹ ਟਿੱਪਣੀ ਕੀਤੀ ਹੈ ਕਿ ਪ੍ਰਸ਼ਾਸਕਾਂ ਨੂੰ ਹਰ ਦਿਨ ਆਤਮ-ਨਿਰੀਖਣ ਕਰਨਾ ਚਾਹੀਦਾ ਹੈ ਅਤੇ ਆਪਣੇ ਫ਼ੈਸਲਿਆਂ ਵਿਚੋਂ ਕਮੀਆਂ ਨੂੰ ਦੂਰ ਕਰਨ ਲਈ ਢੰਗ-ਤਰੀਕੇ ਅਪਣਾਉਣੇ ਚਾਹੀਦੇ ਹਨ, ਕਿਉਂਕਿ ਲੋਕਤੰਤਰ ਵਿਚ ਜਨਤਾ ਹੀ ਪਹਿਲੇ ਨੰਬਰ 'ਤੇ ਹੁੰਦੀ ਹੈ। ਪ੍ਰਸ਼ਾਸਨ ਲੋਕਾਂ ਵੱਲ ਹੀ ਰੁਚਿਤ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਦੇਸ਼ ਦਾ ਪੂਰਾ ਪ੍ਰਬੰਧ ਆਜ਼ਾਦ ਤੇ ਇਮਾਨਦਾਰ ਹੋਵੇ, ਜਿਸ ਦਾ ਮੰਤਵ ਲੋਕਾਂ ਦੀ ਸੇਵਾ ਕਰਨਾ ਹੋਵੇ। ਅੱਜ ਦੀ ਸਿੱਖਿਆ ਪ੍ਰਣਾਲੀ ਵੀ ਉਪਭੋਗਤਾਵਾਦੀ ਕਦਰਾਂ-ਕੀਮਤਾਂ ਨੂੰ ਪਹਿਲ ਦੇਣ ਵਾਲੀ ਨਾ ਹੋਵੇ, ਸਗੋਂ ਇਸ ਵਿਚ ਨੈਤਿਕ ਕੀਮਤਾਂ ਨੂੰ ਵੀ ਉੱਚਾ ਦਰਜਾ ਮਿਲੇ। ਅਜਿਹੀ ਸਿੱਖਿਆ ਵਿਦਿਆਰਥੀਆਂ ਦੇ ਕਿਰਦਾਰ ਨੂੰ ਵਧੀਆ ਬਣਾਉਣ ਵਿਚ ਸਹਾਈ ਹੋਣੀ ਚਾਹੀਦੀ ਹੈ।
ਇਕ ਹੋਰ ਸਮਾਗਮ ਵਿਚ ਬੋਲਦਿਆਂ ਜਸਟਿਸ ਰਾਮੰਨਾ ਨੇ ਕਿਹਾ ਹੈ ਕਿ ਲੋਕ-ਵਿਸ਼ਵਾਸ ਨੂੰ ਬਹਾਲ ਰੱਖਣ ਲਈ ਹਰ ਪੱਧਰ 'ਤੇ ਨਿਆਂਪਾਲਿਕਾ ਦੀ ਸੁਤੰਤਰਤਾ, ਸੁਰੱਖਿਆ ਅਤੇ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ। ਇਹ ਵੀ ਕਿ ਭਾਰਤੀ ਨਿਆਂਪਾਲਿਕਾ ਰਾਜ ਨੂੰ ਕਲਿਆਣਕਾਰੀ ਰੂਪ ਦੇਣ ਵਿਚ ਹਮੇਸ਼ਾ ਮੋਹਰੀ ਰਹੀ ਹੈ। ਦੇਸ਼ ਦੀਆਂ ਸੰਵਿਧਾਨਕ ਅਦਾਲਤਾਂ ਦੇ ਫ਼ੈਸਲਿਆਂ ਨੇ ਸਮਾਜਿਕ ਲੋਕਤੰਤਰ ਨੂੰ ਪ੍ਰਫੁੱਲਿਤ ਕਰਨ ਦੇ ਯੋਗ ਬਣਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਵੀ ਬਹੁਤੇ ਲੋਕ ਇਸ ਦੇ ਲਾਭ ਤੋਂ ਵਾਂਝੇ ਹਨ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਜੱਜ ਨੇ ਇਹ ਵੀ ਕਿਹਾ ਸੀ ਕਿ ਨਿਆਂਪਾਲਿਕਾ ਵਿਚ ਔਰਤਾਂ ਦੀ ਭਾਗੀਦਾਰੀ ਵਧਾਉਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਇਹ ਹਜ਼ਾਰਾਂ ਸਾਲਾਂ ਦੇ ਦਮਨ ਦਾ ਮੁੱਦਾ ਹੈ ਅਤੇ ਔਰਤਾਂ ਇਸ ਲਈ ਰਾਖਵੇਂਕਰਨ ਦੀਆਂ ਹੱਕਦਾਰ ਹਨ। ਅਜਿਹੀਆਂ ਟਿੱਪਣੀਆਂ ਜਿਥੇ ਅਦਾਲਤੀ ਵਿਸ਼ਵਾਸ ਨੂੰ ਵਧਾਉਣ ਵਿਚ ਸਹਾਈ ਹੁੰਦੀਆਂ ਹਨ, ਉਥੇ ਅਦਾਲਤਾਂ ਵਿਚ ਉੱਚ ਅਹੁਦਿਆਂ 'ਤੇ ਬਿਰਾਜਮਾਨ ਵਿਅਕਤੀਆਂ ਨੂੰ ਵੀ ਇਸ ਗੱਲ ਪ੍ਰਤੀ ਸੁਚੇਤ ਹੋਣਾ ਪਵੇਗਾ ਕਿ ਸਮੁੱਚਾ ਅਦਾਲਤੀ ਪ੍ਰਬੰਧ ਨਵਾਂ-ਨਰੋਆ ਰਹੇ। ਇਸ ਵਿਚ ਹੁਣ ਜੋ ਘਾਟਾਂ ਨਜ਼ਰ ਆਉਣ ਲੱਗੀਆਂ ਹਨ, ਉਨ੍ਹਾਂ ਨੂੰ ਕਿਵੇਂ ਪੂਰਨਾ ਹੈ, ਇਹ ਵੀ ਵੱਡੀਆਂ ਅਦਾਲਤਾਂ ਦਾ ਫ਼ਰਜ਼ ਹੋਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੀ ਵਿਸ਼ਵਾਸਯੋਗਤਾ ਪੂਰੀ ਤਰ੍ਹਾਂ ਬਣੀ ਰਹੇ।
-ਬਰਜਿੰਦਰ ਸਿੰਘ ਹਮਦਰਦ
ਅੱਜ ਹਰ ਪਾਸੇ ਖੇਤੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਥੋਂ ਤੱਕ ਕਿ 2008 ਵਿਚ ਵਿਸ਼ਵ ਬੈਂਕ ਨੇ ਇਕ ਚਿੱਠੀ ਵਿਚ ਕਿਹਾ ਕਿ ਜ਼ਮੀਨ ਇਕ ਪੈਦਾਵਾਰ ਦਾ ਸਰੋਤ ਹੈ, ਜਿਸ ਨੂੰ ਅਕੁਸ਼ਲ ਹੱਥਾਂ ਵਿਚ ਨਹੀਂ ਛੱਡਿਆ ਜਾ ਸਕਦਾ। ਇਹ ਗੱਲ ਨਹੀਂ ਸਮਝ ਆਉਂਦੀ ਕਿ ਕਿਸਾਨ ਜਿਨ੍ਹਾਂ ਨੇ ...
52ਵੇਂ ਸਥਾਪਨਾ ਦਿਵਸ 'ਤੇ ਵਿਸ਼ੇਸ਼
ਗੁਰੂ ਨਾਨਕ ਦੇਵ ਯੂਨਵਿਰਸਿਟੀ 24 ਨਵੰਬਰ, 2021 ਨੂੰ ਆਪਣਾ 52ਵਾਂ ਸ਼ਾਨਾਮੱਤਾ ਸਥਾਪਨਾ ਦਿਵਸ ਮਨਾਉਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀਆਂ ਦੂਰ ਅੰਦੇਸ਼ੀ ਸੋਚਾਂ ਸਦਕਾਂ ਪਿਛਲੇ ...
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਨੂੰ ਟੱਕਰ ਦੇਣ ਅਤੇ ਵਿਧਾਨ ਸਭਾ ਚੋਣਾਂ 'ਚ ਮਹੱਤਵਪੂਰਨ ਪ੍ਰਭਾਵ ਪਾਉਣ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਦਿੱਤਾ ਹੈ। ਕਾਂਗਰਸ 'ਚ ਇਕ ਅਹਿਸਾਸ ਇਹ ਹੈ ਕਿ ਪਾਰਟੀ ਨੂੰ ਚੰਗੀ ਗਿਣਤੀ 'ਚ ਭਾਵੇਂ ਸੀਟਾਂ ਨਾ ਮਿਲਣ ਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX