ਸਿੱਖ ਇਤਿਹਾਸਕਾਰ ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ, 'ਭਾਰਤ ਦੀ ਆਜ਼ਾਦੀ ਦੀ ਜ਼ਮੀਨ ਗ਼ਦਰੀ ਬਾਬਿਆਂ ਨੇ ਤਿਆਰ ਕੀਤੀ, ਨਕਸ਼ਾ ਜਲ੍ਹਿਆਂਵਾਲੇ ਬਾਗ਼ ਵਿਚ ਤਿਆਰ ਹੋਇਆ, ਨੀਂਹ ਗੁਰੂ ਕੇ ਬਾਗ਼ 'ਚ ਰੱਖੀ ਗਈ, ਦੀਵਾਰਾਂ ਰਾਵੀ ਦੇ ਕਿਨਾਰੇ 1930 ਨੂੰ ਤੇ ਛੱਤ ਆਜ਼ਾਦ ਹਿੰਦ ਫ਼ੌਜ ਨੇ ...
ਦੇਸ਼ ਦੀ ਆਰਥਿਕਤਾ ਕੋਵਿਡ ਦੀ ਮਾਰ ਵਿਚੋਂ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੀ ਵਿਕਾਸ ਦਰ ਉਸ ਪੱਧਰ 'ਤੇ ਨਹੀਂ ਪਹੁੰਚ ਰਹੀ, ਜਿਸ ਨਾਲ ਆਰਥਿਕਤਾ ਕੋਵਿਡ ਤੋਂ ਪਹਿਲਾਂ ਵਾਲੇ ਮੁਕਾਮ ਤੱਕ ਪਹੁੰਚ ਸਕੇ। ਭਾਵੇਂ ਸਰਕਾਰ ਇਸ ਦੇ ਉੱਪਰ ਜਾਣ ਦਾ ਦਾਅਵਾ ਕਰ ਰਹੀ ਹੈ ਪਰ ਵਧ ...
ਸ਼ਹੀਦ ਭਗਤ ਸਿੰਘ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਸ਼ ਭਗਤਾਂ, ਸਮਾਜ ਸੇਵਕਾਂ ਅਤੇ ਕੁਰਬਾਨੀਆਂ ਕਰਨ ਵਾਲੇ ਕ੍ਰਾਂਤੀਕਾਰੀਆਂ ਦਾ ਪਰਿਵਾਰ ਰਿਹਾ ਸੀ। ਉਨ੍ਹਾਂ ਦੇ ਪੜਦਾਦਾ ਸ: ਫ਼ਤਿਹ ਸਿੰਘ ਸੰਧੂੂ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਉੱਚੇ ਅਹੁਦੇ 'ਤੇ ਸਨ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈਆਂ ਵਿਚ ਅਦੁੱਤੀ ਬਹਾਦਰੀ ਦਿਖਾਈ ਸੀ। ਦਾਦਾ ਸ: ਅਰਜੁਨ ਸਿੰਘ ਪ੍ਰਸਿੱਧ ਦੇਸ਼ਭਗਤ ਅਤੇ ਸਮਾਜ ਸੇਵਕ ਰਹੇ ਸਨ ਜਿਨ੍ਹਾਂ ਛੂਤ-ਛਾਤ ਵਿਰੁੱਧ ਵਿਸ਼ੇਸ਼ ਯੋਗਦਾਨ ਪਾਇਆ ਸੀ। ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਚਾਚੇ ਅਜੀਤ ਸਿੰਘ ਅਤੇ ਸਵਰਨ ਸਿੰਘ ਨੇ ਸਮਾਜ ਸੇਵਾ ਅਤੇ ਦੇਸ਼ਭਗਤੀ ਦੇ ਖੇਤਰਾਂ ਵਿਚ ਵਿਲੱਖਣ ਕੰਮ ਕੀਤਾ ਸੀ। ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨੇ 1898-1900 ਦੇ ਕਾਲ ਸਮੇਂ ਮੱਧ ਪ੍ਰਦੇਸ਼ ਅਤੇ ਗੁਜਰਾਤ, ਹੜ੍ਹਾਂ ਸਮੇਂ ਜੰਮੂ-ਕਸ਼ਮੀਰ ਅਤੇ 1905 ਦੇ ਭੁਚਾਲ ਸਮੇਂ ਕਾਂਗੜੇ ਦੇ ਇਲਾਕੇ ਵਿਚ ਸ਼ਲਾਘਾਯੋਗ ਸੇਵਾ ਕੀਤੀ ਸੀ। 'ਪਗੜੀ ਸੰਭਾਲ ਜੱਟਾ' ਅੰਦੋਲਨ ਵਿਚ ਦੋਹਾਂ ਦੀ ਵਿਲੱਖਣ ਭੂਮਿਕਾ ਰਹੀ ਸੀ।
ਅਜੀਤ ਸਿੰਘ ਨੇ ਹਥਿਆਰਬੰਦ ਸੰਘਰਸ਼ ਰਾਹੀਂ ਆਜ਼ਾਦੀ ਲੈਣ ਅਤੇ ਸਮਾਜਵਾਦੀ, ਲੋਕਤੰਤਰੀ ਸਰਕਾਰ ਸਥਾਪਤ ਕਰਨ ਲਈ ਜੋ ਅਦੁੱਤੀ ਕੰਮ ਕੀਤੇ, ਉਹ ਕੁਝ ਅਣਗੌਲੇ ਰਹੇ ਹਨ। ਸ਼ਾਇਦ ਆਪਣੇ ਲੋਕ ਨਾਇਕ ਭਤੀਜੇ ਭਗਤ ਸਿੰਘ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪਰਛਾਵੇਂ ਹੇਠ ਆਉਣ ਕਾਰਨ ਅਜਿਹਾ ਹੋਇਆ ਹੋਵੇ। ਉਹ 23 ਫਰਵਰੀ, 1881 ਨੂੰ ਖਟਕੜ ਕਲਾਂ ਵਿਖੇ ਪੈਦਾ ਹੋਏ ਸਨ। ਉਨ੍ਹਾਂ ਨੇ ਬੰਗਾ, ਜਲੰਧਰ, ਬਰੇਲੀ ਅਤੇ ਲਾਹੌਰ ਵਿਚ ਸਿੱਖਿਆ ਪ੍ਰਾਪਤ ਕੀਤੀ। ਛੋਟੀ ਉਮਰ ਵਿਚ ਹੀ ਸਮਾਜ ਸੇਵਾ ਅਤੇ ਆਜ਼ਾਦੀ ਦੀ ਜੰਗ ਵਿਚ ਕੁੱਦ ਪਏ। ਉਨ੍ਹਾਂ ਨੇ 1906 ਵਿਚ ਕਲਕੱਤਾ ਵਿਖੇ ਹੋਏ ਕਾਂਗਰਸ ਦੇ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ, ਪਰ ਇਸ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ਼ ਹੋ ਗਏ। ਉਨ੍ਹਾਂ ਨੇ ਆਪਣੇ ਦੋਹਾਂ ਭਰਾਵਾਂ ਅਤੇ ਮਹਾਸ਼ਾ ਘਸੀਟਾ ਰਾਮ ਤੇ ਸੂਫ਼ੀ ਅੰਬਾ ਪ੍ਰਸਾਦ ਨਾਲ ਮਿਲ ਕੇ 'ਭਾਰਤ ਮਾਤਾ ਸੁਸਾਇਟੀ' ਬਣਾ ਲਈ ਜਿਸ ਨੂੰ 'ਮਹਿਬੂਬਾਨ-ਏ-ਵਤਨ' ਵੀ ਕਿਹਾ ਜਾਂਦਾ ਸੀ। ਇਸ ਦਾ ਉਦੇਸ਼ 1857 ਦੇ ਵਿਦਰੋਹ ਦੇ 50ਵੇਂ ਵਰ੍ਹੇ 1907 ਵਿਚ ਉਸੇ ਤਰ੍ਹਾਂ ਹਥਿਆਰਬੰਦ ਬਗ਼ਾਵਤ ਕਰ ਕੇ ਅਜ਼ਾਦੀ ਪ੍ਰਾਪਤ ਕਰਨਾ ਸੀ।
1907 ਵਿਚ ਅੰਗਰੇਜ਼ ਸਰਕਾਰ ਦੇ 'ਕਾਲੋਨਾਈਜ਼ੇਸ਼ਨ ਐਕਟ' ਅਤੇ 'ਦੋਆਬ ਬਾਰੀ ਐਕਟ' ਵਿਰੁੱਧ 'ਪਗੜੀ ਸੰਭਾਲ ਜੱਟਾ' ਅੰਦੋਲਨ ਸ਼ੁਰੂ ਹੋ ਗਿਆ। ਕਿਸਾਨਾਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ। 3 ਮਾਰਚ 1907 ਨੂੰ ਲਾਇਲਪੁਰ 'ਚ ਬਾਂਕੇ ਦਿਆਲ ਦੁਆਰਾ ਲਿਖਿਆ ਅਤੇ ਗਾਇਆ ਗੀਤ 'ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਇ' ਇਸ ਅੰਦੋਲਨ ਦਾ ਨਾਮ ਹੀ ਬਣ ਗਿਆ। ਕਿਸਾਨਾਂ ਨੇ ਆਪਣੇ ਵਕੀਲ ਕਾਂਗਰਸੀ ਨੇਤਾ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਅਗਵਾਈ ਕਰਨ ਲਈ ਕਿਹਾ। ਇਕ ਸੰਮੇਲਨ ਵਿਚ ਉਹ ਜੋਸ਼ੀਲਾ ਭਾਸ਼ਣ ਤਾਂ ਦੇ ਗਏ, ਪਰ ਮੋਹਰੀ ਬਣਨ ਨੂੰ ਤਿਆਰ ਨਾ ਹੋਏ। ਫਿਰ ਇਹ ਜ਼ਿੰਮੇਵਾਰੀ ਅਜੀਤ ਸਿੰਘ ਨੇ ਸੰਭਾਲ ਲਈ। 'ਭਾਰਤ ਮਾਤਾ ਸੁਸਾਇਟੀ' ਨੇ ਸਰਕਾਰ ਵਿਰੋਧੀ ਲਿਖਤਾਂ ਛਾਪਣ ਲਈ 'ਭਾਰਤ ਮਾਤਾ ਪੁਸਤਕ ਏਜੰਸੀ' ਵੀ ਸਥਾਪਤ ਕਰ ਲਈ। ਭਾਸ਼ਣਾਂ ਅਤੇ ਲਿਖਤਾਂ ਰਾਹੀਂ ਉਨ੍ਹਾਂ ਨੇ ਇਸ ਨੂੰ ਜ਼ਬਰਦਸਤ ਜਨ ਅੰਦੋਲਨ ਬਣਾ ਦਿੱਤਾ। ਫ਼ੌਜ ਵਿਚ ਇਸ ਦੇ ਸਮਰਥਕ ਸਾਹਮਣੇ ਆਉਣ ਲੱਗੇ। 18 ਅਪ੍ਰੈਲ 1907 ਨੂੰ ਮੁਲਤਾਨ ਵਿਖੇ 200 ਫ਼ੌਜੀ ਇਕ ਸਮਾਗਮ ਵਿਚ ਸ਼ਾਮਲ ਹੋਏ। ਕਈ ਥਾਵਾਂ 'ਤੇ ਫ਼ੌਜੀਆਂ ਨੇ ਪ੍ਰਦਰਸ਼ਨਕਾਰੀਆਂ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੀ ਦਮਨਕਾਰੀ ਨੀਤੀ ਦੇ ਬਾਵਜੂਦ, ਕਈ ਥਾਵਾਂ 'ਤੇ ਸਰਕਾਰੀ ਜਾਇਦਾਦ ਦਾ ਭਾਰੀ ਨੁਕਸਾਨ ਕਰ ਦਿੱਤਾ ਗਿਆ। ਕਈ ਅੰਗਰੇਜ਼ਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਦੇ ਮੂੰਹ ਕਾਲੇ ਕਰ ਦਿੱਤੇ ਗਏ।
ਗਵਰਨਰ ਇੱਬਟਸਨ ਨੇ ਇਸ ਨੂੰ 'ਛੋਟਾ 1857' ਕਹਿ ਕੇ ਵਾਇਸਰਾਏ ਹਾਰਡਿੰਗ ਨੂੰ ਫ਼ੌਜ ਵਿਚ ਬਗ਼ਾਵਤ ਹੋਣ ਦੇ ਗੰਭੀਰ ਖ਼ਤਰੇ ਬਾਰੇ ਤਾਰ ਭੇਜ ਦਿੱਤੀ। ਸਾਰੇ ਕ੍ਰਾਂਤੀਕਾਰੀ ਪ੍ਰਕਾਸ਼ਨਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ। ਅਜੀਤ ਸਿੰਘ ਨੇ ਮਾਰਚ ਅਤੇ ਅਪ੍ਰੈਲ ਵਿਚ 28 ਥਾਵਾਂ 'ਤੇ ਸਮਾਗਮ ਕਰ ਕੇ ਬਗ਼ਾਵਤ ਦਾ ਬਿਗਲ ਵਜਾ ਦਿੱਤਾ। ਸਰਕਾਰ ਨੇ 4 ਮਈ, 1907 ਨੂੰ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਦੇ ਗ੍ਰਿਫ਼ਤਾਰੀ ਵਾਰੰਟ ਕੱਢ ਦਿੱਤੇ। ਕਿਸ਼ਨ ਸਿੰਘ ਅਤੇ ਸਵਰਨ ਸਿੰਘ ਸਮੇਤ ਛੇ ਸਿਰਕੱਢ ਆਗੂ ਗ੍ਰਿਫ਼ਤਾਰ ਕਰ ਲਏ ਗਏ। ਅਜੀਤ ਸਿੰਘ ਅਤੇ ਲਾਲਾ ਜੀ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਭੇਜ ਦਿੱਤਾ ਗਿਆ। ਰਿਹਾਈ ਤੋਂ ਬਾਅਦ ਪੰਜਾਬ ਵਾਪਸ ਆ ਕੇ ਉਹ ਫਿਰ 'ਭਾਰਤ ਮਾਤਾ ਸੁਸਾਇਟੀ' ਦਾ ਕੰਮ ਕਰਨ ਲੱਗੇ। ਉਹ ਆਪਣੇ ਉਰਦੂ ਅਖ਼ਬਾਰ 'ਪੇਸ਼ਵਾ' ਵਿਚ ਹਥਿਆਰਬੰਦ ਬਗ਼ਾਵਤ ਦੀ ਲੋੜ ਬਾਰੇ ਲਿਖਣ ਲੱਗੇ। ਸਰਕਾਰ ਉਨ੍ਹਾਂ ਦੇ ਪੈਂਫਲਟਾਂ, ਲੇਖਾਂ ਅਤੇ ਭਾਸ਼ਣਾਂ ਤੋਂ ਡਰ ਗਈ ਅਤੇ ਫਿਰ ਗ੍ਰਿਫ਼ਤਾਰੀ ਦੇ ਵਾਰੰਟ ਕੱਢ ਦਿੱਤੇ। ਉਨ੍ਹਾਂ ਦੀ ਜਾਨ ਨੂੰ ਖ਼ਤਰੇ ਦੀ ਸੂਹ ਮਿਲਣ 'ਤੇ 1908 ਦੇ ਅੰਤ ਵਿਚ ਉਹ ਕਰਾਚੀ ਤੋਂ ਇਕ ਕਿਸ਼ਤੀ 'ਤੇ ਚੜ੍ਹ ਕੇ ਇਰਾਨ ਪਹੁੰਚ ਗਏ ਅਤੇ ਆਪਣਾ ਨਾਮ 'ਮਿਰਜ਼ਾ ਹਸਨ ਖ਼ਾਨ' ਰੱਖ ਲਿਆ। ਉਹ ਭੇਸ ਬਦਲਣ ਦੇ ਮਾਹਿਰ ਸਨ।
1913 ਵਿਚ ਉਹ ਸਵਿਟਜ਼ਰਲੈਂਡ ਚਲੇ ਗਏ ਅਤੇ 'ਅੰਤਰਰਾਸ਼ਟਰੀ ਕ੍ਰਾਂਤੀਕਾਰੀ ਸੰਗਠਨ' ਵਿਚ ਸ਼ਾਮਿਲ ਹੋ ਗਏ। ਫਿਰ ਜਰਮਨੀ ਚਲੇ ਗਏ। ਯੂਰਪ ਵਿਚ ਉਹ ਲੈਨਿਨ, ਟਰਾਟਸਕੀ ਅਤੇ ਮਸੋਲੀਨੀ ਨੂੰ ਮਿਲੇ। ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਉਹ ਬਰਾਜ਼ੀਲ ਚਲੇ ਗਏ ਅਤੇ 'ਹਿੰਦੁਸਤਾਨ ਗ਼ਦਰ ਪਾਰਟੀ' ਨਾਲ ਸੰਬੰਧ ਬਣਾ ਕੇ ਤੇਜਾ ਸਿੰਘ ਸੁਤੰਤਰ, ਭਾਈ ਰਤਨ ਸਿੰਘ ਅਤੇ ਬਾਬਾ ਭਗਤ ਸਿੰਘ ਬਿਲਗਾ ਦੇ ਸੰਪਰਕ ਵਿਚ ਆਏ। ਅਜੀਤ ਸਿੰਘ ਨੇ ਇਟਲੀ ਜਾ ਕੇ 'ਫ਼ਰੈਂਡਜ਼ ਆਫ਼ ਇੰਡੀਆ ਸੁਸਾਇਟੀ' ਬਣਾ ਲਈ। ਉਹ ਰੋਮ ਰੇਡੀਓ ਸਟੇਸ਼ਨ ਤੋਂ ਹਿੰਦੁਸਤਾਨੀ ਅਤੇ ਫ਼ਾਰਸੀ ਭਾਸ਼ਾਵਾਂ ਵਿਚ ਭਾਸ਼ਣ ਦੇ ਕੇ ਬਰਤਾਨਵੀ ਫ਼ੌਜ ਦੇ ਭਾਰਤੀ ਫ਼ੌਜੀਆਂ ਨੂੰ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕਰਨ ਲਈ ਕਹਿੰਦੇ ਰਹੇ। ਉਨ੍ਹਾਂ ਨੇ ਮੁਹੰਮਦ ਸ਼ੈਦਾਈ ਨਾਲ ਮਿਲ ਕੇ ਇਟਲੀ ਦੁਆਰਾ ਗ੍ਰਿਫ਼ਤਾਰ ਕੀਤੇ ਗਏ 10,000 ਫ਼ੌਜੀਆਂ ਦਾ ਦਲ ਤਿਆਰ ਕੀਤਾ ਜੋ 'ਆਜ਼ਾਦ ਹਿੰਦ ਫ਼ੌਜ' ਦਾ ਹਿੱਸਾ ਬਣਨਾ ਸੀ। ਇਨ੍ਹਾਂ ਫ਼ੌਜੀਆਂ ਲਈ ਵੱਖਰੀ ਵਰਦੀ ਬਣਵਾਈ ਗਈ ਅਤੇ ਨਵੇਂ ਸਿਰਿਓਂ ਸਖ਼ਤ ਸਿਖਲਾਈ ਦਿੱਤੀ ਗਈ। 180 ਸਿਪਾਹੀਆਂ ਦਾ ਪੈਰਾਸ਼ੂਟ ਨਾਲ ਉਤਰਨ ਵਾਲਾ ਦਸਤਾ ਵੀ ਤਿਆਰ ਕੀਤਾ ਗਿਆ। ਇਸ ਤੋਂ ਪਹਿਲਾਂ ਇਟਲੀ ਨੇ ਅਫ਼ਰੀਕਾ ਵਿਚ ਗ੍ਰਿਫ਼ਤਾਰ ਕੀਤੇ ਗਏ ਬਰਤਾਨਵੀ ਫ਼ੌਜ ਦੇ ਭਾਰਤੀ ਸਿਪਾਹੀਆਂ ਦੀ ਇਕ ਯੂਨਿਟ ਤਿਆਰ ਕੀਤੀ ਸੀ। 1942 ਵਿਚ ਜਦ ਉਨ੍ਹਾਂ ਨੂੰ ਲੀਬੀਆ ਵਿਚ ਭਾਰਤੀ ਫ਼ੌਜੀਆਂ ਦੇ ਹੀ ਸਾਹਮਣੇ ਤਾਇਨਾਇਤ ਕਰ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੇ ਆਪਣੇ ਦੇਸ਼ਵਾਸੀਆਂ 'ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਹੀ ਨੇਤਾ ਜੀ ਦੀ 2,000 ਫ਼ੌਜੀਆਂ ਦੀ ਯੂਨਿਟ ਨੂੰ ਜਰਮਨੀ ਨੇ ਹਾਲੈਂਡ ਭੇਜ ਕੇ ਕੀਤਾ ਸੀ ਅਤੇ ਉਨ੍ਹਾਂ ਨੇ ਆਪਣੇ ਹਮਵਤਨਾਂ 'ਤੇ ਗੋਲੀ ਚਲਾਉਣ ਦੀ ਬਜਾਇ ਬਗ਼ਾਵਤ ਕਰ ਦਿੱਤੀ ਸੀ। ਇਨ੍ਹਾਂ ਘਟਨਾਵਾਂ ਤੋਂ ਸਬਕ ਲੈ ਕੇ ਸਰਦਾਰ ਅਜੀਤ ਸਿੰਘ ਨੇ ਇਟਲੀ ਨਾਲ ਇਹ ਸਮਝੌਤਾ ਕਰ ਲਿਆ ਸੀ ਕਿ ਇਹ ਭਾਰਤੀ ਫ਼ੌਜੀ ਭਾਰਤ ਦੀ ਜ਼ਮੀਨ 'ਤੇ ਹੀ ਲੜਨਗੇ ਅਤੇ ਉਹ ਵੀ ਸਿਰਫ਼ ਅੰਗਰੇਜ਼ਾਂ ਵਿਰੁੱਧ। ਪਰ ਰਣਖੇਤਰ ਵਿਚ ਪਹੁੰਚਣ ਤੋਂ ਪਹਿਲਾਂ ਹੀ ਜੰਗ ਖ਼ਤਮ ਹੋ ਗਈ।
ਅਮਰੀਕਾ-ਇੰਗਲੈਂਡ ਆਦਿ ਦੀਆਂ ਜੇਤੂ ਫ਼ੌਜਾਂ ਨੇ ਅਜੀਤ ਸਿੰਘ ਨੂੰ 2 ਮਈ 1945 ਨੂੰ ਗ੍ਰਿਫ਼ਤਾਰ ਕਰ ਲਿਆ। ਦਸੰਬਰ 1946 ਤੱਕ ਉਨ੍ਹਾਂ ਨੂੰ ਇਟਲੀ ਅਤੇ ਜਰਮਨੀ ਦੀਆਂ ਜੇਲ੍ਹਾਂ ਵਿਚ ਤਸੀਹੇ ਦਿੱਤੇ ਗਏ। ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਇਧਰ ਭਾਰਤ ਵਿਚ 2 ਸਤੰਬਰ, 1946 ਨੂੰ ਅੰਤ੍ਰਿਮ ਸਰਕਾਰ ਬਣ ਗਈ। ਭਾਰਤ ਦੇ ਲੋਕਾਂ ਨੇ ਅਜੀਤ ਸਿੰਘ ਦੀ ਰਿਹਾਈ ਕਰਵਾਉਣ ਲਈ ਪੰਡਿਤ ਜਵਾਹਰ ਲਾਲ ਨਹਿਰੂ 'ਤੇ ਦਬਾਅ ਪਾਇਆ। ਇਸ ਤਰ੍ਹਾਂ ਉਨ੍ਹਾਂ ਨੂੰ ਲੰਡਨ ਲਿਆ ਕੇ ਭਾਰਤੀ ਹਾਈ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਪੂਰੇ 38 ਸਾਲਾਂ ਬਾਅਦ ਉਹ ਕਰਾਚੀ ਵਾਪਸ ਆ ਗਏ ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦਿੱਲੀ ਆ ਕੇ ਉਹ ਪੰਡਿਤ ਨਹਿਰੂ ਨੂੰ ਮਿਲੇ ਅਤੇ ਫਿਰ ਲਾਹੌਰ ਚਲੇ ਗਏ। ਉੱਥੇ ਵੀ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਪਰ ਫੈਲੀ ਹੋਈ ਸੰਪ੍ਰਦਾਇਕ ਹਿੰਸਾ ਅਤੇ ਸਿਰ 'ਤੇ ਖਲੋਤੀ ਦੇਸ਼ ਦੀ ਵੰਡ ਨੇ ਉਨ੍ਹਾਂ ਦਾ ਦਿਲ ਤੋੜ ਦਿੱਤਾ। ਸਿਹਤ ਸੁਧਾਰਨ ਲਈ ਉਨ੍ਹਾਂ ਨੂੰ ਡਲਹੌਜ਼ੀ ਭੇਜ ਦਿੱਤਾ ਗਿਆ ਜਿਥੇ ਉਨ੍ਹਾਂ ਨੇ 14-15 ਅਗਸਤ ਦੀ ਅੱਧੀ ਰਾਤ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦਾ ਅਜ਼ਾਦੀ ਮਿਲਣ ਬਾਰੇ ਭਾਸ਼ਣ ਸੁਣ ਕੇ ਸੁਖ ਦਾ ਸਾਹ ਲਿਆ। 15 ਅਗਸਤ 1947 ਦੀ ਸਵੇਰ ਉਹ ਸਵਰਗਵਾਸ ਹੋ ਗਏ। ਡਲਹੌਜ਼ੀ ਵਿਚ ਸ਼ਹਿਰ ਤੋਂ 5-6 ਕਿਲੋਮੀਟਰ ਬਾਹਰ ਉਨ੍ਹਾਂ ਦਾ ਸ਼ਾਨਦਾਰ ਸਮਾਰਕ ਬਣਿਆ ਹੋਇਆ ਹੈ।
1 ਅਪ੍ਰੈਲ, 1947 ਨੂੰ ਉਨ੍ਹਾਂ ਦੁਆਰਾ ਭਾਰਤ ਦੇ ਨੌਜਵਾਨਾਂ ਨੂੰ ਦਿੱਤਾ ਸੰਦੇਸ਼ ਯਾਦ ਰੱਖਣ ਯੋਗ ਹੈ। ਉਨ੍ਹਾਂ ਨੇ ਕਿਹਾ ਸੀ, 'ਭਾਰਤ ਨੂੰ ਸਮਾਜਿਕ ਅਤੇ ਰਾਜਨੀਤਕ ਆਜ਼ਾਦੀ ਦੀ ਅਤਿਅੰਤ ਲੋੜ ਹੈ ਜਿਸ ਦੇ ਲਈ ਅਸੀਂ ਇਸ ਸਦੀ ਦੇ ਆਰੰਭ ਵਿਚ ਸੰਘਰਸ਼ ਸ਼ੁਰੂ ਕੀਤਾ ਸੀ। ਇਸ ਨੂੰ ਸਿੱਟੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੁਣ ਤੁਹਾਡੇ ਮੋਢਿਆਂ 'ਤੇ ਹੈ। ਮੇਰੀ ਇੱਛਾ ਹੈ ਕਿ ਭਾਰਤ ਦੇ ਨੌਜਵਾਨ ਸ਼ਹੀਦ ਭਗਤ ਸਿੰਘ ਦੁਆਰਾ ਵਿਖਾਏ ਰਾਹ 'ਤੇ ਚੱਲਣ ਅਤੇ ਬੁੱਲ੍ਹਾਂ ਉੱਤੇ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ ਲੈ ਕੇ ਕ੍ਰਾਂਤੀ ਦੇ ਉਦੇਸ਼ ਲਈ ਜਾਨਾਂ ਵਾਰਨ ਤੋਂ ਨਾ ਝਿਜਕਣ। ਦੇਸ਼ ਵਿਚ ਜਦ ਤੱਕ ਅਗਿਆਨਤਾ, ਬੇਇਨਸਾਫ਼ੀ ਅਤੇ ਭੁੱਖਮਰੀ ਹੈ, ਤੁਸੀਂ ਟਿਕ ਕੇ ਨਾ ਬੈਠਣਾ।'
-305, ਮਾਡਲ ਟਾਊਨ, ਫੇਜ਼-1, ਬਠਿੰਡਾ।
ਮੋਬਾਈਲ : 98149-41214
ਸਰਕਾਰ ਹੌਲੀ-ਹੌਲੀ ਦੇਸ਼ ਦੇ ਸਾਰੇ ਅਦਾਰੇ ਵੇਚ ਰਹੀ ਹੈ। ਇਸ ਦਾ ਮੁੱਖ ਕਾਰਨ ਇਨ੍ਹਾਂ ਦਾ ਘਾਟੇ ਵਿਚ ਚੱਲਣਾ ਹੈ। ਘਾਟੇ ਦੇ ਕਾਰਨਾਂ ਦੀ ਪੜਤਾਲ ਕਰ ਕੇ ਉਨ੍ਹਾਂ ਨੂੰ ਦੂਰ ਕਰਨ ਦੀ ਥਾਂ ਵਿਕਰੀ ਉੱਤੇ ਲਗਾ ਦੇਣਾ ਠੀਕ ਨਹੀਂ ਹੈ। ਇਸ ਵਿਕਰੀ ਦਾ ਇਕ ਹੋਰ ਕਾਰਨ ਸਰਕਾਰੀ ...
ਅਸੀਂ ਤੇਰੇ ਆਂ ਤੂੰ ਸਾਡਾ ਏਂ ਭਰਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ਵਾਰਸਾ।
ਅਸੀਂ ਆਪਣੀ ਹੀ ਮਾਂ ਦੇ ਕਰ ਦਿੱਤੇ ਟੋਟੇ ਟੋਟੇ।
ਸਾਡੇ ਆਪਣੇ ਹੀ ਖ਼ੂਨ ਨਾਲ ਲਿੱਬੜੇ ਨੇ ਪੋਟੇ।
ਅਸੀਂ ਆਪ ਬਣੇ ਆਪਣੀ ਬਲਾ ਵਾਰਸਾ।
ਸਾਨੂੰ ਰੋਂਦਿਆਂ ਨੂੰ ਆਣ ਕੇ ਵਰਾ ...
ਕਿਸੇ ਦੇਸ਼ ਦੇ ਇਤਿਹਾਸ ਵਿਚ ਆਜ਼ਾਦੀ ਤੋਂ ਬਾਅਦ 75 ਸਾਲਾਂ ਦਾ ਸਮਾਂ ਕੋਈ ਥੋੜ੍ਹਾ ਨਹੀਂ ਹੁੰਦਾ। ਮਹੱਤਵਪੂਰਨ ਗੱਲ ਇਹ ਹੈ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਕੇ ਅਸੀਂ ਆਪਣੀ ਹੋਣੀ ਦੇ ਆਪ ਮਾਲਕ ਬਣੇ। ਮਨੁੱਖੀ ਮਨ ਵਿਚ ਆਜ਼ਾਦੀ ਦੀ ਤਾਂਘ ਤੇ ਤੜਪ ਦੇ ਅਹਿਸਾਸ ਨੂੰ ...
ਤਿਰੰਗਾ : 'ਸੁਤੰਤਰਤਾ, ਬਰਾਬਰੀ ਅਤੇ ਭਾਈਚਾਰਾ' ਇਨ੍ਹਾਂ ਤਿੰਨਾਂ ਸਮਾਜਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ, ਜਿਸ ਦੇ ਚੱਲਣ ਨਾਲ ਸਮਾਜ ਆਜ਼ਾਦੀ ਵੱਲ ਹੋਰ ਅੱਗੇ ਵਧਦਾ ਹੈ।
21 ਅਗਸਤ, 1907 ਨੂੰ ਜਰਮਨੀ ਦੇ ਸ਼ਹਿਰ ਸਟੂਗਟ ਵਿਚ ਕੌਮਾਂਤਰੀ ਸਮਾਜਵਾਦੀ ਸੰਮੇਲਨ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX