ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 15 ਅਗਸਤ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤੀ ਤਕਰੀਰ ਨੂੰ ਕਈ ਪੱਖਾਂ ਤੋਂ ਵਿਚਾਰੇ ਜਾਣ ਦੀ ਜ਼ਰੂਰਤ ਹੈ। ਭਾਰਤ ਲਈ ਇਹ ਦਿਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਦੇਸ਼ ਨੇ ਆਜ਼ਾਦੀ ਦੇ 75 ਸਾਲ ਪੂਰੇ ਕਰ ਲਏ ਹਨ। ਇਸ ਤੋਂ ਪਹਿਲਾਂ ਇਹ 200 ਸਾਲ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ ਸੀ। ਪਿਛਲੇ ਹਜ਼ਾਰ ਸਾਲ ਤੋਂ ਵੀ ਵੱਧ ਸਮੇਂ ਤੱਕ ਇਸ ਨੂੰ ਵਿਦੇਸ਼ੀ ਜਰਵਾਣਿਆਂ ਨੇ ਲੁੱਟਿਆ ਤੇ ਬਰਬਾਦ ਕੀਤਾ ਅਤੇ ਇਸ ਦੀਆਂ ਚਿਰਾਂ ਪੁਰਾਣੀਆਂ ਪਰੰਪਰਾਵਾਂ ਨੂੰ ਰੋਲਣ ਵਿਚ ਕੋਈ ਕਸਰ ਨਹੀਂ ਛੱਡੀ। ਇਕ ਲੰਮੇ ਸੰਘਰਸ਼ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਨਾਲ ਹੀ ਇਸ ਨੂੰ ਵੰਡ ਦਾ ਸੰਤਾਪ ਵੀ ਸਹਿਣਾ ਪਿਆ। ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਲਈ ਪ੍ਰਬੰਧ ਕੀਤੇ ਗਏ ਸਨ।
ਇਨ੍ਹਾਂ ਪਿਛਲੇ ਦਹਾਕਿਆਂ ਦੌਰਾਨ ਕਈ ਪੱਖਾਂ ਤੋਂ ਦੇਸ਼ ਅੱਗੇ ਵਧਿਆ ਹੈ। ਇਸ ਦੀਆਂ ਪ੍ਰਾਪਤੀਆਂ ਗਿਣਾਏ ਜਾਣ ਯੋਗ ਹਨ। ਆਉਂਦੇ ਸਮੇਂ ਵਿਚ ਇਸ ਦੀ ਵਿਕਾਸ ਗਤੀ ਹੋਰ ਤੇਜ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਗਤੀ ਲਈ ਨਿਸ਼ਾਨੇ ਵੀ ਮਿੱਥੇ ਜਾਣੇ ਜ਼ਰੂਰੀ ਹਨ, ਜਿਸ ਵਿਚ ਸਭ ਨਾਗਰਿਕਾਂ ਦੀ ਸ਼ਮੂਲੀਅਤ ਵੀ ਹੋਣੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਆਉਂਦੇ 25 ਸਾਲਾਂ ਵਿਚ ਪ੍ਰਾਪਤੀਆਂ ਲਈ ਨਿਸ਼ਾਨੇ ਵੀ ਨਿਸਚਿਤ ਕੀਤੇ ਹਨ ਅਤੇ ਇਸ ਕਾਲ ਖੰਡ ਨੂੰ 'ਅੰਮ੍ਰਿਤ ਕਾਲ' ਕਿਹਾ ਹੈ। ਉਨ੍ਹਾਂ ਨੇ ਆਪਣੇ ਲੰਮੇ ਭਾਸ਼ਨ ਵਿਚ 5 ਅਹਿਮ ਨੁਕਤਿਆਂ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਦੇ ਆਧਾਰ 'ਤੇ ਭਾਰਤ ਦੇ ਹਰ ਪੱਖੋਂ ਵਿਕਾਸ ਕਰਨ ਦੀ ਗੱਲ ਆਖੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗੁਲਾਮੀ ਦੀ ਹਰ ਸੋਚ ਤੋਂ ਮੁਕਤ ਹੋਣ ਦਾ ਵੀ ਜ਼ਿਕਰ ਕੀਤਾ ਹੈ ਅਤੇ ਆਪਣੀ ਗੌਰਵਮਈ ਵਿਰਾਸਤ 'ਤੇ ਮਾਣ ਕੀਤੇ ਜਾਣ ਦੀ ਗੱਲ ਵੀ ਕਹੀ ਹੈ। ਅਜਿਹਾ ਦੇਸ਼ ਵਾਸੀਆਂ ਵਿਚ ਏਕਤਾ ਤੇ ਇਕਜੁਟਤਾ ਦਾ ਅਹਿਸਾਸ ਪੈਦਾ ਕਰਕੇ ਹੀ ਸੰਭਵ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣੇ ਕਰਤੱਵਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਵੀ ਕੀਤੀ ਹੈ। ਮੋਦੀ ਨੇ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ ਕਿ ਅੱਜ ਦੁਨੀਆ ਭਰ ਦੀਆਂ ਨਜ਼ਰਾਂ ਭਾਰਤ 'ਤੇ ਟਿਕੀਆਂ ਹੋਈਆਂ ਹਨ ਅਤੇ ਇਹ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ। ਇਸ ਦੀ ਮਿਸਾਲ ਉਨ੍ਹਾਂ ਕੋਵਿਡ ਮਹਾਂਮਾਰੀ ਵਿਰੁੱਧ ਲੜੀ ਗਈ ਜੰਗ ਦੀ ਦਿੱਤੀ ਹੈ ਅਤੇ ਇਹ ਵੀ ਕਿ ਦੇਸ਼ ਵਿਚ ਜਿਸ ਤਰ੍ਹਾਂ ਨਿਸਚਿਤ ਸਮੇਂ ਵਿਚ ਨਾਗਰਿਕਾਂ ਨੂੰ 200 ਕਰੋੜ ਟੀਕੇ ਲਗਾਏ ਹਨ, ਉਨ੍ਹਾਂ ਨੂੰ ਇਕ ਰਿਕਾਰਡ ਮੰਨਿਆ ਜਾ ਸਕਦਾ ਹੈ। ਕਿਸੇ ਹੋਰ ਦੇਸ਼ ਵਲੋਂ ਅਜਿਹਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਨਵੀਂ ਸਿੱਖਿਆ ਨੀਤੀ ਦਾ ਵੀ ਜ਼ਿਕਰ ਕੀਤਾ ਅਤੇ ਇਹ ਵੀ ਕਿਹਾ ਕਿ ਸਾਨੂੰ ਦੇਸ਼ ਦੀ ਹਰ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁਝ ਹੋਰ ਅਹਿਮ ਗੱਲਾਂ ਨੂੰ ਵੀ ਕੇਂਦਰ ਬਿੰਦੂ ਬਣਾਇਆ ਹੈ, ਜਿਸ ਵਿਚ ਪਹਿਲੀ ਚੁਣੌਤੀ ਭ੍ਰਿਸ਼ਟਾਚਾਰ ਅਤੇ ਦੂਜੀ ਪਰਿਵਾਰਵਾਦ ਨਾਲ ਨਿਪਟਣ ਦੀ ਹੈ। ਉਨ੍ਹਾਂ ਡਿਜੀਟਲ ਇੰਡੀਆ 'ਤੇ ਜ਼ੋਰ ਦਿੱਤਾ ਅਤੇ ਇਸ ਤੋਂ ਵੀ ਵਧੇਰੇ ਔਰਤ-ਮਰਦ ਦੀ ਬਰਾਬਰੀ ਦੀ ਭਾਵਨਾ ਨੂੰ ਸਾਕਾਰ ਕਰਨ ਲਈ ਯੋਜਨਾਬੰਦੀ ਦੀ ਜ਼ਰੂਰਤ ਦਾ ਅਹਿਸਾਸ ਕਰਵਾਇਆ ਹੈ। ਆਤਮ-ਨਿਰਭਰ ਭਾਰਤ ਬਣਾਉਣ ਲਈ ਊਰਜਾ ਖੇਤਰ ਨੂੰ ਉਤਸ਼ਾਹਿਤ ਕਰਨ, ਜਿਸ ਵਿਚ ਸੋਲਰ ਸ਼ਕਤੀ ਦੇ ਨਾਲ-ਨਾਲ ਉੱਚ ਪੱਧਰ ਦੀ ਤਕਨੀਕ ਅਪਣਾਉਣ ਲਈ ਵੀ ਕਿਹਾ ਹੈ।
ਅਸੀਂ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਭਾਵਨਾਵਾਂ ਨਾਲ ਸਹਿਮਤ ਹੁੰਦੇ ਹੋਏ ਕੁਝ ਹੋਰ ਪਹਿਲੂਆਂ ਵੱਲ ਉਨ੍ਹਾਂ ਦਾ ਧਿਆਨ ਦਿਵਾਉਣਾ ਵੀ ਜ਼ਰੂਰੀ ਸਮਝਦੇ ਹਾਂ। ਇਨ੍ਹਾਂ ਵਿਚ ਬੇਰੁਜ਼ਗਾਰੀ ਅਤੇ ਦੇਸ਼ ਦੀ ਕਮਜ਼ੋਰ ਹੁੰਦੀ ਅਰਥਵਿਵਸਥਾ ਵੱਲ ਸਰਕਾਰ ਦਾ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਰਾਸ਼ਟਰੀ ਇਕਸੁਰਤਾ ਲਈ ਸਾਰੀਆਂ ਜਾਤੀਆਂ-ਬਰਾਦਰੀਆਂ ਅਤੇ ਧਰਮਾਂ ਵੱਲ ਸੰਤੁਲਿਤ ਪਹੁੰਚ ਰੱਖੇ ਜਾਣ ਦੀ ਬੇਹੱਦ ਜ਼ਰੂਰਤ ਹੈ। ਪਿਛਲੇ ਸਾਲਾਂ ਵਿਚ ਮੁਲਕ ਵਿਚ ਜੋ ਕੁੜੱਤਣ ਅਤੇ ਵੱਖ-ਵੱਖ ਫ਼ਿਰਕਿਆਂ ਵਿਚ ਕਸ਼ੀਦਗੀ ਵਧੀ ਹੈ, ਉਸ ਨੂੰ ਇਮਾਨਦਾਰੀ ਅਤੇ ਸਹੀ ਪਹੁੰਚ ਨਾਲ ਅਮਲ ਕਰਕੇ ਠੀਕ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਹਾਲਾਤ ਵਿਚ ਹੀ ਲੋਕਤੰਤਰ ਦੀ ਸਹੀ ਭਾਵਨਾ ਉਜਾਗਰ ਹੋ ਸਕਦੀ ਹੈ। ਅਜਿਹੀ ਸੰਤੁਲਿਤ ਪਹੁੰਚ ਹੀ ਦੇਸ਼ ਨੂੰ ਅੱਗੇ ਵਧਾਉਣ ਦੇ ਸਮਰੱਥ ਹੋ ਸਕੇਗੀ।
-ਬਰਜਿੰਦਰ ਸਿੰਘ ਹਮਦਰਦ
ਪਿਛਲੇ ਸਾਲ ਸਰਦੀਆਂ 'ਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਇਕ ਭਾਸ਼ਾ ਅਤੇ ਉਪਨਿਵੇਸ਼ਵਾਦ ਦੇ ਸੰਬੰਧਾਂ 'ਤੇ ਲੈਕਚਰ ਦੇਣ ਲਈ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਮੇਰਾ ਸਵਾਗਤ ਕਰਨ ਲਈ ਰਾਜਨੀਤੀ ਸ਼ਾਸਤਰ ਦੇ ਸੀਨੀਅਰ ਅਧਿਆਪਕ ਆਏ ਅਤੇ ਉਨ੍ਹਾਂ ਦੀ ਹੀ ਕਾਰ 'ਚ ਬੈਠ ਕੇ ...
ਅੱਜ ਲਈ ਵਿਸ਼ੇਸ਼
ਮਦਨ ਲਾਲ ਢੀਂਗਰਾ ਦਾ ਜਨਮ 18 ਫ਼ਰਵਰੀ 1883 ਈ: ਨੂੰ ਅੰਮ੍ਰਿਤਸਰ ਵਿਖੇ ਬੇਹੱਦ ਖ਼ੁਸ਼ਹਾਲ ਪਰਿਵਾਰ ਵਿਚ ਪਿਤਾ ਡਾ. ਦਿੱਤਾ ਮੱਲ ਢੀਂਗਰਾ ਅਤੇ ਮਾਤਾ ਮੰਤੋ ਦੇ ਘਰ ਹੋਇਆ। ਹੋਸ਼ ਸੰਭਾਲ ਦੇ ਸਾਰ ਹੀ ਉਸ ਨੇ ਘਰ ਦਾ ਉੱਚਾ ਮਾਹੌਲ ਠੁਕਰਾ ਕੇ ਖ਼ੁਦ ਨੂੰ ਗ਼ਰੀਬਾਂ, ...
ਪਾਕਿਸਤਾਨ ਨੂੰ ਹਿੰਦੁਸਤਾਨ ਤੋਂ ਵੱਖ ਹੋਇਆਂ 75 ਸਾਲ ਹੋ ਗਏ ਹਨ। ਉਦੋਂ ਤੋਂ ਹੀ ਦੋਵਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਹੀ ਰਹੀ ਹੈ। ਸਾਡੇ ਸੱਭਿਆਚਾਰ ਵਿਚ ਭਾਈ-ਭਾਈ ਵੱਖ ਹੁੰਦੇ ਹੀ ਰਹੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਵਿਚ ਭਰੱਪਣ ਨਾ ਰਹੇ ਅਤੇ ਉਹ ਸ਼ਰੀਕ ਹੀ ਬਣੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX